ਅਪਾਹਜ ਆਸ਼ਰਮ ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਭਾਈ ਘਨ੍ਹਈਆ ਅਵਾਰਡ ਨਾਲ ਸਨਮਾਨਤ

     ਪਿਛਲੇ ਦਿਨੀ ''ਭਾਈ ਘਨ੍ਹਈਆ ਮਿਸ਼ਨ ਸੋਸਾਇਟੀ'' (ਰਜਿ.)  ਅਮ੍ਰਿਤਸਰ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ  ਦੇ  ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ ''ਭਾਈ ਘਨ੍ਹਈਆ ਸੇਵਾ ਅਵਾਰਡ'' ਨਾਲ ਸਨਮਾਨਤ ਕੀਤਾ ਗਿਆ। ਡਾ. ਮਾਂਗਟ ਨੂੰ ਇਹ ਸਨਮਾਨ ਅਮ੍ਰਿਤਸਰ ਸਥਿੱਤ ਗੁਰੂ ਤੇਗ ਬਹਾਦਰ ਸਿੰਘ ਸਭਾ ਗੁਰਦੁਵਾਰਾ ਵਿਖੇ ਹੋਏ ਸੋਸਾਇਟੀ ਦੇ ਸਾਲਾਨਾ ਸਮਾਗਮ ਵਿੱਚ ਉਹਨਾਂ ਵੱਲੋਂ ਪਿਛਲੇ 14 ਸਾਲਾਂ ਤੋਂ ਲਾਵਾਰਸਾਂ-ਅਪਾਹਜਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਸ ਮੌਕੇ ਡਾ. ਮਾਂਗਟ ਦੀ ਪਤਨੀ ਪਰਮਜੀਤ ਕੌਰ, ਭਾਈ ਘਨ੍ਹਈਆ ਮਿਸ਼ਨ ਸੋਸਾਇਟੀ ਦੇ ਚੇਅਰਮੈਨ ਮਨਜੀਤ ਸਿੰਘ, ਪ੍ਰਧਾਨ ਡਾ. ਬਲਜਿੰਦਰ ਸਿੰਘ, ਸੈਕਟਰੀ ਧਰਮਬੀਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ ।

     ਇਸ ਤੋਂ ਪਹਿਲਾਂ ਵੀ ਨਵੰਬਰ 2016 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਕਮੇਟੀ ਵੱਲੋਂ ''ਮਦਰ ਟਰੇਸਾ ਯਾਦਗਾਰੀ ਪੁਰਸਕਾਰ'' ਨਾਲ ਅਤੇ 31 ਮਾਰਚ 2018 ਨੂੰ ਸੀਨੀਅਰ ਸਿਟੀਜ਼ਨਜ਼ ਐਸ਼ੋਸੀਏਸ਼ਨ ਲੁਧਿਆਣਾ ਵੱਲੋਂ ''ਐਵਾਰਡ ਆਫ਼ ਆਨਰ'' ਨਾਲ ਡਾ. ਨੌਰੰਗ ਸਿੰਘ ਮਾਂਗਟ ਨੂੰ ਨਿਵਾਜਿਆ ਜਾ ਚੁੱਕਾ ਹੈ ।

     ਡਾ. ਮਾਂਗਟ ਨੇ ਕਈ ਸਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਅਜਿਹੇ ਬੇਘਰ, ਲਾਵਾਰਸਾਂ, ਅਪਾਹਜਾਂ ਅਤੇ ਬਿਮਾਰ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ ਜਿਹਨਾਂ ਤੋਂ ਬਦਬੂ ਆਉਣ ਕਾਰਨ ਕੋਈ ਵੀ ਸਹਾਇਤਾ ਕਰਨ ਲਈ ਉਹਨਾਂ ਦੇ ਨੇੜੇ ਨਹੀਂ ਢੁਕਦਾ । ਅਜਿਹੇ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਦੋ ਮੰਜ਼ਲਾ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ। ਆਪ ਨੇ ਚੈਰੀਟੇਬਲ (ਰਜ਼ਿ.) ਟਰਸਟ ਬਣਾ ਕੇ ਆਸ਼ਰਮ ਲਈ ਖ਼ਰੀਦੀ ਸਾਰੀ ਜਾਇਦਾਦ ਆਸ਼ਰਮ ਦੇ ਨਾਉਂ ਲਗਵਾਈ ਅਤੇ ਆਪ ਇੱਕ ਨਿਸ਼ਕਾਮ ਸੇਵਾਦਾਰ ਵਜੋਂ ਅਜਿਹੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
     ਇਸ ਆਸ਼ਰਮ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਤਕਰੀਬਨ 75-80  ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ । ਇਹਨਾਂ ਵਿੱਚੋਂ  20-22 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੇ ਵਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ । ਇਹ ਲੋੜਵੰਦ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਆਦਿ ਕੱਪੜਿਆਂ ਵਿੱਚ ਹੀ ਕਰਦੇ ਹਨ । ਅਜਿਹੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ । ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਡਾ. ਮਾਂਗਟ ਨਾਲ ਕੈਨੇਡਾ ਵਿੱਚ ਸੈੱਲ 403-401-8787 ਤੇ, ਇੰਡੀਆ ਵਿੱਚ ਮੋਬਾਇਲ 95018-42505 ਤੇ ਜਾਂ  ਈ-ਮੇਲ nsmangat14@hotmail.com  ਤੇ ਸੰਪਰਕ ਕੀਤਾ ਜਾ ਸਕਦਾ ਹੈ ।
 
ਸਨਮਾਨ ਲੈਣ ਸਮੇਂ ਡਾ. ਮਾਂਗਟ ਆਪਣੀ ਪਤਨੀ ਪਰਮਜੀਤ ਕੌਰ ਨਾਲ