ਗੁਰੂ ਗੋਬਿੰਦ ਸਿੰਘ ਦਾ ਸਿੰਘ ਤੇ ਘਰ ਰੱਖੇ ਚੋਰਾਂ ਨੂੰ? - ਗੁਰਚਰਨ ਸਿੰਘ ਜਿਉਣਵਾਲਾ

ਮੈਂ ਤਾਂ ਅੱਜ ਤਕ ਇਹੀ ਸੁਣਿਆ ਸੀ ਕਿ ਮੁਗਲ ਹਕੂਮਤ, ਜੋ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਤੁਲੀ ਹੋਈ ਸੀ, ਉਹ ਵੀ ਸਿੱਖ ਦੀ ਗਵਾਹੀ ਤੇ ਵਿਸ਼ਵਾਸ਼ ਕਰਕੇ ਹੀ ਫੈਸਲਾ ਸੁਣਾਉਂਦੀ ਸੀ। ਗੁਰੂ ਗੋਬਿੰਦ ਸਿੰਘ ਜੀ! ਤੁਸੀਂ ਇਹ ਇਕ ਅਜੀਬ ਚਰਿਤ੍ਰ ਲਿਖਿਆ ਹੈ ਕਿ ਤੁਹਾਡੇ ਸਿੱਖ ਹੀ ਚੋਰਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦੇ ਸਨ। ਇਕ ਸਿੱਖ ਦੀ ਘਾੜਤ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਘੜੀ ਜਾ ਰਹੀ ਹੈ ਇਹ ਓਹ ਤੇ ਹੈ ਨਹੀਂ? ਮੇਰੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ “ਮਾਰਿਆ ਸਿਕਾ ਜਗਤੁ ਵਿਚਿ ਨਾਨਕ ਨਿਰਮਲ ਪੰਥ ਚਲਾਇਆ” ਦੇ ਨਿਰਮਲ ਸਿਧਾਂਤ ਨੂੰ ਦਸਮੇ ਪਿਤਾ ਆਪ ਤਿਲਾਂਜਲੀ ਦੇ ਗਏ ਜਾਂ ਕਿਸੇ ਸਾਜ਼ਿਸ਼ ਅਧੀਨ ਤੁਹਾਨੂੰ  ਇਸ ਤਰ੍ਹਾਂ ਦੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗੁਰੂ ਪਿਤਾ ਜੀ ਕੁੱਝ ਖੋੜਸ ਦਿਮਾਗ, ਜੋ ਆਪਣੇ ਆਪ ਨੂੰ ਪ੍ਰੰਪਰਾਵਾਦੀ ਸਿੱਖ ਅਖਵਾਉਂਦੇ ਹਨ, ਜਿਵੇ:- ਹਰਨਾਮ ਸਿੰਘ ਧੂੰਮਾ ਤੇ ਦੂਜਾ ਭਾਈ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ, ਭਾਈ ਰਣਧੀਰ ਸਿੰਘ ਦੇ ਜੱਥੇਵਾਲੇ ਜੋ ਰਾਗਮਾਲਾ ਨੂੰ ਤੇ ਨਹੀਂ ਮੰਨਦੇ ਪਰ ਜਿਸ ਗ੍ਰੰਥ ਵਿਚ ਇਹ ਦਰਜ ਹੈ ਉਸ ਦਸਮ ਗ੍ਰੰਥ ਨੂੰ ਜ਼ਰੂਰ ਮੰਨਦੇ ਹਨ, ਪਟਿਆਲਾ ਯੂਨੀਵਰਸਿਟੀ ਦੇ ਡਾ. ਹਰਪਾਲ ਸਿੰਘ ਪੰਨੂੰ, ਡਾ. ਯੋਧ ਸਿੰਘ. ਡਾ. ਅਨੁਰਾਗ ਸਿੰਘ, ਵਕੀਲ ਗੁਰਚਰਨ-ਜੀਤ ਸਿੰਘ ਲਾਂਬਾ, ਸ਼ੇਰ ਸਿੰਘ ਨਿਹੰਗ ਅੰਬਾਲਾ ਅਤੇ ਤਖਤਾਂ ਦੇ ਜੱਥੇਦਾਰ ਜਿਵੇਂ ਇਕਬਾਲ ਸਿੰਘ ਪਟਨੇ ਵਾਲਾ ਤੇ ਕੁੱਝ ਹੋਰ, ਕੀ ਇਹ ਸਿੱਖ ਅਖਵਾਉਣ ਦੇ ਵੀ ਹੱਕਦਾਰ ਹਨ? ਦਸਮ ਗ੍ਰੰਥ ਦੇ ਪੰਨਾ 891 ਅਤੇ 893 ਤੇ ਕ੍ਰਮ ਅਨੁਸਾਰ 62ਵੇਂ ਅਤੇ 64ਵੇਂ ਚਰਿਤ੍ਰ ‘ਚ ਮਹਾਂ ਸਿੰਘ ਅਤੇ ਮੈਂਗਲ ਸਿੰਘ ਦਾ ਜੋ ਚਾਲ-ਚੱਲਣ ਬਿਆਨ ਕੀਤਾ ਗਿਆ ਹੈ ਕੀ ਇਹ ਗੁਰਬਾਣੀ ਦੀ ‘ਸਚੀ ਟਕਸਾਲੁ’ ਦੀ ਘਾੜਤ ਅਨੁਸਾਰ ਹੈ? ਆਓ ਵੇਖੀਏ ਕਿ ਦਸਮ ਗ੍ਰੰਥ ਦਾ 62ਵਾਂ ਚਰਿਤ੍ਰ ਦਸਮ ਗ੍ਰੰਥ ਪੰਨਾ 891 ਕੀ ਸਿੱਖਿਆ ਦਿੰਦਾ ਹੈ।
ਦੋਹਰਾ॥ ਮਹਾ ਸਿੰਘ ਕੇ ਘਰ ਬਿਖੈ ਤਸਕਰ ਰਹੈ ਅਪਾਰ ॥ ਨਿਤਿਪ੍ਰਤਿ ਤਾ ਕੇ ਲ੍ਯਾਵਹੀ ਅਧਿਕ ਖਜਾਨੋ ਮਾਰਿ ॥੧॥
ਮਹਾਂ ਸਿੰਘ ਦੇ ਘਰ ਵਿਚ ਬਹੁਤ ਚੋਰ ਰਹਿੰਦੇ ਹਨ। ਨਿੱਤ ਪ੍ਰਤਿ ਬਹੁਤ ਖਜ਼ਾਨੇ (ਧਨ ਦੌਲਤ) ਲੁੱਟ ਕੇ ਉਸ ਨੂੰ ਲਿਆ ਕੇ ਦਿੰਦੇ।1।
ਚੌਪਈ।
ਹਰਨ ਦਰਬੁ ਤਸਕਰ ਚਲਿ ਆਯੋ ॥ ਸੋ ਗਹਿ ਲਯੋ ਜਾਨ ਨਹਿ ਪਾਯੋ ॥ ਮਹਾ ਸਿੰਘ ਤਾ ਕੋ ਯੌ ਕਹਿਯੋ ॥ ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ ॥੨॥ ਇਕ ਚੋਰ ਧਨ ਚੁਰਾਉਣ ਲਈ (ਉਥੇ) ਆ ਗਿਆ। ਉਸ (ਮਹਾਂ ਸਿੰਘ ਨੇ) ਪਕੜ ਲਿਆ ਅਤੇ ਜਾਣ ਨਾ ਦਿੱਤਾ। ਮਹਾਂ ਸਿੰਘ ਨੇ ਉਸ ਨੂੰ ਇਸ ਤਰ੍ਹਾਂ ਕਿਹਾ- ਤੂੰ ਆਪਣੇ ਚਿਤ ਵਿਚ ਪੱਕਾ ਰਹੀਂ।2।
ਦੋਹਰਾ ॥ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹ੍ਵੈ ਤਰਵਾਰਿ ॥ ਤੁਮ ਡਰਿ ਕਛੁ ਨ ਉਚਾਰਿਯੋ ਲੈ ਹੋ ਜਿਯਤ ਉਬਾਰਿ ॥੩॥
ਚੌਪਈ ॥ ਤੇਰੇ ਸਿਰ ਉਤੇ (ਸਿਪਾਹੀ) ਤਲਵਾਰ ਕੱਢ ਕੇ ਖੜੋਤੇ ਹੋਣਗੇ ਪਰ ਤੂੰ ਡਰ ਕੇ ਕੁੱਝ ਨ ਬੋਲੀਂ, ਮੈਂ ਤੈਨੂੰ ਜੀਉਂਦਾ ਬਚਾ ਲਵਾਂਗਾ।3।
ਚੌਪਈ। ਤੁਮ ਕੋ ਮਾਰਨ ਕੌ ਲੈ ਜੈਹੈ ॥ ਕਾਢਿ ਭਗਵੌਤੀ ਠਾਢੇ ਹ੍ਵੈ ਹੈ ॥ ਢੀਠਤੁ ਆਪਨ ਚਿਤ ਮੈ ਗਹਿਯਹੁ ॥ ਤ੍ਰਾਸ ਮਾਨਿ ਕਛੁ ਤਿਨੈ ਨ ਕਹਿਯਹੁ ॥੪॥ ਤੈਨੂੰ ਮਾਰਨ ਲਈ ਲੈ ਜਾਣਗੇ। ਤਲਵਾਰਾਂ ਕੱਢ ਕੇ ਖਲੋਤੇ ਹੋਣਗੇ। (ਤੂੰ) ਆਪਣੇ ਚਿਤ ਵਿਚ ਦ੍ਰਿੜ੍ਹ ਰਹੀਂ ਅਤੇ ਡਰ ਮੰਨ ਕੇ ਉਨ੍ਹਾ ਨੂੰ ਕੁੱਝ ਨ ਕਹੀਂ।4।
ਦੋਹਰਾ ॥
ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ ॥ ਤੁਰਤ ਘਾਵ ਤਾ ਕੋ ਕਿਯੋ ਹਨਤ ਨ ਲਾਗੀ ਬਾਰਿ ॥੫॥
ਉਸ ਤੋਂ ਬਹੁਤ ਢੀਠਾਈ ਕਰਵਾ ਕੇ ਤਲਵਾਰ ਕੱਢ ਲਈ ਅਤੇ ਉਸ ਉਤੇ ਤੁਰਤ ਵਾਰ ਕਰ ਦਿੱਤਾ ਅਤੇ ਮਾਰਨ ਵਿਚ ਜ਼ਰਾ ਦੇਰ ਨ ਲਗੀ।5।
ਤਾ ਕੋ ਹਨਿ ਡਾਰਤ ਭਯੋ ਕਛੂ ਨ ਪਾਯੋ ਖੇਦ ॥ ਗਾਵ ਸੁਖੀ ਅਪਨੇ ਬਸਿਯੋ ਕਿਨੂੰ ਨ ਜਾਨ੍ਯੋ ਭੇਦ ॥੬॥
ਉਸ ਨੂੰ ਮਰਵਾ ਕੇ ਜ਼ਰਾ ਜਿੰਨ੍ਹਾ ਵੀ ਦੁੱਖੀ ਨਾ ਹੋਇਆ। (ਉਹ) ਆਪਣੇ ਪਿੰਡ ਵਿਚ ਸੁਖੀ ਵਸਣ ਲੱਗਾ ਅਤੇ ਉਸ ਦਾ ਭੇਦ ਕਿਸੇ ਨੇ ਵੀ ਨਾ ਪਾਇਆ।6।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥ ਅਰਥਕਾਰ ਡਾ. ਰਤਨ ਸਿੰਘ ਜੱਗੀ।
ਗੁਰੂ ਜੀ ਪਹਿਲੇ ਜਾਮਿਆਂ ‘ਚ ਤੁਸੀਂ ਚੋਰਾਂ ਨੂੰ ਸਿੱਖ/ਚੰਗੇ ਇਨਸਾਨ ਬਣਾਇਆ। ਪਰ ਹੁਣ ਤੁਸੀਂ ਆਪ ਹੀ ਸਿੱਖਾਂ ਦੇ ਚਾਲ-ਚੱਲਣ ਬਾਰੇ ਐਸਾ ਮੰਦਾ ਲਿਖ ਰਹੇ ਹੋ। ਵਿਸ਼ਵਾਸ ਹੀ ਨਹੀਂ ਹੁੰਦਾ ਕਿ ਪਹਿਲੇ ਨੌਂ ਜਾਮਿਆਂ ‘ਚ ਤੁਸੀਂ ਸਿੱਖ ਵੀ ਬਣਾਏ ਸਨ? ਗੁਰੂ ਜੀ! ਕੀ ਤੁਸੀਂ ਵਿਸਾਹਘਾਤੀ ਸਿੱਖ ਪੈਦਾ ਕਰਕੇ ਗਏ ਸੀ?
ਦਸਮ ਗ੍ਰੰਥ ਪੰਨਾ 893॥
ਚੌਪਈ ॥ ਮੈਂਗਲ ਸਿੰਘ ਰਾਵ ਇਕ ਰਹਈ ॥ ਰਘੁ ਬੰਸੀ ਜਾ ਕੋ ਜਗ ਕਹਈ ॥ ਤਾ ਕੇ ਭਵਨ ਏਕ ਬਰ ਨਾਰੀ ॥ ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥ ਇਕ ਮੈਂਗਲ ਸਿੰਘ ਰਾਜਾ ਹੁੰਦਾ ਸੀ। ਉਸ ਨੂੰ ਲੋਕੀਂ ਰਘੂਬੰਸੀ ਕਹਿੰਦੇ ਸਨ। ਉਸ ਦੇ ਘਰ ਇਕ ਸੁੰਦਰ ਇਸਤਰੀ ਸੀ। ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਘੜ ਕੇ ਬਣਾਈ ਹੋਵੇ।1।
ਸੋਰਠਾ ॥ ਦੰਤ ਪ੍ਰਭਾ ਤਿਹ ਨਾਮ ਜਾ ਕੋ ਜਗ ਜਾਨਤ ਸਭੈ ॥ ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ ॥੨॥ਉਸ (ਇਸਤਰੀ) ਦਾ ਨਾਂ ਦੰਤ ਪ੍ਰਭਾ ਸੀ। ਜੋ ਸਾਰਾ ਜਗਤ ਜਾਣਦਾ ਸੀ। ਉਸ ਦੀ ਸੁੰਦਰ ਸ਼ੌਭਾ ਨੂੰ ਵੇਖ ਵੇਖ ਕੇ ਦੇਵਤੇ ਅਤੇ ਇੰਦਰ ਥੱਕ ਜਾਂਦੇ ਸਨ।2।
ਦੋਹਰਾ। ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ ॥ ਬੇਦ ਬ੍ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥
ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ ॥ ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥
ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁੰਨ ਇਕ ਦਾਸੀ ਸੀ।(ਉਹ) ਵੇਦ ਵਿਆਕਰਣ, ਛੇ ਸ਼ਾਸ਼ਤ੍ਰ ਅਤੇ ਕੋਕ ਸ਼ਾਸ਼ਤ੍ਰ ਤੇ ਸੰਗੀਤ ਪੜ੍ਹੀ ਹੋਈ ਸੀ।3।ਉਸ ਦਾ ਰੂਪ ਵੇਖ ਕੇ ਰਾਜਾ ਉਸ ਨਾਲ ਅਟਕ ਗਿਆ। ਪਰ (ਆਪਣੀ) ਇਸਤਰੀ ਤੋਂ ਸੰਗਦਿਆਂ (ਅਰਥਾਤ-ਡਰਦਿਆਂ) ਉਸ ਨੂੰ ਕੁੱਝ ਦੇ ਨਹੀਂ ਸਕਦਾ ਸੀ।4।
ਚੌਪਈ ॥ ਏਕ ਅੰਗੂਠੀ ਨ੍ਰਿਪ ਕਰ ਲਈ ॥ ਲੈ ਤਵਨੈ ਚੇਰੀ ਕੌ ਦਈ ॥ ਤਾਹਿ ਕਥਾ ਇਹ ਭਾਤਿ ਸਿਖਾਈ ॥ ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥ ਇਕ ਅੰਗੂਠੀ ਰਾਜੇ ਨੇ ਹੱਥ ਵਿਚ ਲਈ ਅਤੇ ਲੈ ਕੇ ਉਸ ਦਾਸੀ ਨੂੰ ਦੇ ਦਿੱਤੀ। ਉਸ ਨੂੰ ਇਹ ਗੱਲ ਸਮਝਾ ਦਿੱਤੀ ਕਿ ਕਹਿਣਾ, ਮੈਨੂੰ ਡਿੱਗੀ ਹੋਈ ਮਿਲੀ ਹੈ।5।
ਏਕ ਦਿਵਸ ਨ੍ਰਿਪ ਸਭਾ ਬਨਾਈ ॥ ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ ॥ ਨ੍ਰਿਪਤਿ ਕਹੀ ਮੁੰਦ੍ਰੀ ਮਮ ਗਈ ॥ ਵਹੁ ਕਹਿ ਉਠੀ ਚੀਨਿ ਮੈ ਲਈ ॥੬॥ ਇਕ ਦਿਨ ਰਾਜੇ ਨੇ ਸਭਾ ਬੁਲਾ ਲਈ ਅਤੇ ਸਾਰੀਆਂ ਇਸਤਰੀਆਂ ਨੂੰ ਘਰੋਂ ਬੁਲਾ ਲਿਆ। ਰਾਜੇ ਨੇ ਕਿਹਾ-ਮੇਰੀ ਮੁੰਦਰੀ (ਗੁੰਮ ਹੋ) ਗਈ ਹੈ। ਉਹ ਦਾਸੀ ਉਠ ਕੇ ਕਹਿਣ ਲੱਗੀ- ਮੈਨੂੰ ਮਿਲੀ ਹੈ, ਪਛਾਣ ਲਵੋ।6।
ਯਹ ਮੁੰਦ੍ਰਿਕਾ ਕਹਾ ਤੇ ਪਾਈ ॥ ਡਾਰੀ ਹੁਤੀ ਦ੍ਰਿਸਟਿ ਮਮ ਆਈ ॥ ਸੋ ਮੈ ਕਰਿ ਉਠਾਇ ਕਰ ਲਈ ॥ ਲੈ ਰਾਜਾ ਜੀ ਤੁਮ ਕੌ ਦਈ ॥੭॥(ਰਾਜੇ ਨੇ ਪੁਛਿਆ) ਇਹ ਮੁੰਦਰੀ (ਤੈਨੂੰ) ਕਿਥੋਂ ਮਿਲੀ ਹੈ? (ਰਸਤੇ ਵਿਚ) ਪਈ ਸੀ, ਮੇਰੇ ਨਜ਼ਰ ਚੜ੍ਹ ਗਈ। ਉਹ ਮੈਂ ਹੱਥ ਨਾਲ ਉਠਾ ਲਈ। ਹੇ ਰਾਜਨ! ਹੁਣ ਮੈਂ ਤੁਹਾਨੂੰ ਦਿੰਦੀ ਹਾਂ।7।
ਦੋਹਰਾ ॥ ਜਾ ਕੋ ਪਰਮੇਸੁਰ ਦਈ ਮੈ ਤਾਹੂ ਕੋ ਦੀਨ ॥ ਭੇਦ ਨ ਕਾਹੂ ਤ੍ਰਿਯ ਲਹਿਯੋ ਨ੍ਰਿਪ ਛਲ ਗਯੋ ਪ੍ਰਬੀਨ ॥੮॥
(ਰਾਜੇ ਨੇ ਕਿਹਾ-) ਜਿਸ ਨੂੰ ਪਰਮੇਸ਼ਰ ਨੇ ਦਿੱਤੀ ਹੈ, ਮੈਂ ਉਸੇ ਨੂੰ ਦਿੰਦਾ ਹਾਂ। ਉਸ ਦੀ ਇਸਤਰੀ ਨੇ ਭੇਦ ਨੂੰ ਬਿਲਕੁਲ ਨਾ ਸਮਝਿਆ। ਇਸ ਤਰ੍ਹਾਂ ਪ੍ਰਬੀਨ ਰਾਜੇ ਨੇ ਉਸ ਨੂੰ ਛਲ ਲਿਆ।8।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥
ਗੁਰੂ ਜੀ ਤੁਹਾਡੇ ਸਿੱਖ ਦਾ ਨਾਮ ਮੈਂਗਲ ਸਿੰਘ ਤੇ ਉਸ ਦੀ ਔਰਤ ਦਾ ਨਾਮ ਦੰਤ ਪ੍ਰਭਾ। ਇਹ ਕੈਸਾ ਜੋੜ ਹੈ। ਔਰਤਾਂ ਨੂੰ ਤੇ ਤੁਸੀਂ ‘ਕੌਰ’ ਨਾਮ ਦਿੱਤਾ ਸੀ। ਇਹ ਤੇ ਕਿਸੇ ਪਹਾੜੀ ਔਰਤ ਦਾ ਨਾਮ ਹੈ। ਤੁਹਾਡੇ ਨਾਮ ਨਾਲ ਮੜ੍ਹੇ ਜਾ ਰਹੇ ‘ਦਸਮ ਗ੍ਰੰਥ’ ਵਿਚ ਸਾਰੀਆਂ ਔਰਤਾਂ ਦੇ ਨਾਮ ਪਹਾੜਨਾਂ ਵਾਲੇ ਹਨ। ਕੀ ਤੁਸੀਂ ਕਦੀ ਪੰਜਾਬ ਵਿਚ ਵੀ ਵਿਚਰੇ ਸੀ? ਤੁਹਾਡੇ ਬਚਪਨ ਦੇ 7-8 ਸਾਲਾਂ ਨੂੰ ਛੱਡ ਕੇ, ਜੋ  ਤੁਸੀਂ ਪਟਨੇ ਵਿਚ ਬਿਤਾਏ, ਬਾਕੀ ਸਾਰੀ ਉਮਰ ਪੰਜਾਬੀ ਬੋਲਦੇ ਇਲਾਕਿਆਂ ਵਿਚ ਹੀ ਰਹੇ। ਪਰ ਚਰਿਤ੍ਰਾਂ ਵਿਚ ਤਾਂ ਤੁਸੀਂ ਸਿਰਫ ਪਹਾੜਨਾਂ ਨੂੰ ਹੀ ਬਦਨਾਮ ਕਰ ਰਹੇ ਹੋ। ਤੁਹਾਡੇ ਨੇੜੇ ਰਹਿੰਦੀਆਂ ਪੰਜਾਬਣਾਂ ਵਿਚ ਤੁਹਾਨੂੰ ਕੋਈ ਐਬ ਨਹੀਂ ਦਿਸਿਆ? ਰਘੁ ਬੰਸੀ ਤੇ ਮੈਂਗਲ ਸਿੰਘ ਤਾਂ ਲਿਖ ਦਿੱਤਾ ਪਰ ਉਹ ਹੋਇਆ ਕਿਹੜੇ ਸ਼ਹਿਰ ਵਿਚ? ਕੀ ਤੁਸੀਂ ਭੁੱਲੜ ਲਿਖਾਰੀ ਹੋ? ਤੁਹਾਡੇ ‘ਦਸਮ ਗ੍ਰੰਥ’ ਮੁਤਾਬਕ ਤਾਂ ਤੁਸੀਂ ਭੁੱਲੜ ਹੀ ਨਹੀਂ ਸਗੋਂ ਲੋਕਾਂ ਨੂੰ ਖੁਸ਼ ਕਰਕੇ ਪੈਸਾ-ਧੇਲਾ ਕਮਾਉਣ ਦੇ ਲਾਲਚੀ ਵੀ ਹੋ।
ਜਿਵੇਂ:- ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਈ ਰਿਝੈ ਹੈ।
ਜੋ ਬਲ ਪੈ ਕਹਿ ਹੈ ਕਬ ਪੰਡਿਤ ਰੀਝ ਘਨੋ ਤਿਹ ਕੋ ਧਨ ਦੇ ਹੈ॥1177॥ (ਕ੍ਰਿਸ਼ਨ ਅਵਤਾਰ)
ਸਾਧਾਰਣ ਕਿਸਮ ਦਾ ਕਵੀ:-
ਧਨਖ ਤੇਜ ਮੈ ਬਰਨਿਯੋ ਕਿਸਨ ਕਥਾ ਕੇ ਕਾਜ।ਅਤਿ ਹੀ ਚੂਕ ਮੋ ਤੇ ਭਈ ਛਿਮੀਯੌ ਸੋ ਮਹਾਰਾਜ॥834॥ (ਕ੍ਰਿਸ਼ਨਾਵਤਾਰ)
ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ। ਮੋ ਸਮਤਕ ਤਵੈ ਪਗ ਸਦਾ ਰਹੈ ਦਾਸ ਕੇ ਭਾਇ॥756॥ (ਕਿਸ਼੍ਰਨਾਵਤਾਰ)
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਧਿ ਬੁਧਵਾਰ। ਨਗਤ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ॥983॥ (ਕਿਸ਼ਨਾਵਤਾਰ)
ਭੁੱਲਾਂ ਲਈ ਮੁਆਫੀ ਮੰਗਣੀ:-
ਜਹ ਭੁਲ ਭਈ ਹਮ ਤੇ ਲਹੀਯੋ। ਸੇ ਕਬੋ ਤਹ ਅਛ੍ਰ ਬਨਾ ਕਹੀਯੋ॥6॥ (ਰਾਮਾਵਤਾਰ)
ਤਾਂਤੇ ਥੋਰੀਯੈ ਕਥਾ ਕਹਾਈ। ਭੁਲਿ ਦੇਖਿ ਕਬ ਲੇਹੁ ਬਨਾਈ॥6॥  (ਨਰ ਅਵਤਾਰ)
ਟਕਸਾਲੀ ਸਿੰਘ ਤਾਂ ਤੁਹਾਡੀ ਕਲਮ ਦੀ ਰਫਤਾਰ ਹਵਾ ਨਾਲੋਂ ਵੀ ਜ਼ਿਆਦਾ ਤੇਜ਼ ਬਿਆਨ ਕਰਦੇ ਥੱਕਦੇ ਨਹੀਂ। ਪਰ ਦਸਮ ਗ੍ਰੰਥ ਲਿਖਦੇ ਸਮੇਂ ਤੁਸੀਂ ਬਾਰ ਬਾਰ ਇਹੀ ਰੱਟ ਲਾਈ ਹੋਈ ਹੈ ਕਿ ‘ਗ੍ਰੰਥ ਬਢਿਨ ਤੇ ਅਧਿਕ ਡਰ ਪਾਊਂ’। ਗੁਰੂ ਜੀ ਕ੍ਰਿਪਾ ਕਰਕੇ ਇਹ ਦੱਸੋ ਕਿ ਟਕਸਾਲੀ ਸਿੰਘ ਠੀਕ ਹਨ ਜਾਂ ਤੁਸੀਂ? ਗੁਰੂ ਗ੍ਰੰਥ ਨੂੰ ਮੰਨਣ ਵਾਲਿਆਂ ਨੂੰ ਤਾਂ ਕੋਈ ਸ਼ੱਕ ਨਹੀਂ ਕਿ ‘ਦਸਮ ਗ੍ਰੰਥ’ ਤੁਹਾਡੀ ਲਿਖਤ ਨਹੀਂ ਹੈ ਤੇ ਨਾ ਹੀ ਉਸ ਸਮੇਂ ਦੇ ਸਿੱਖਾਂ ਦਾ ਚਾਲ-ਚੱਲਣ ਐਸਾ ਹੋ ਸਕਦਾ ਹੈ। ਪਰ ‘ਦਸਮ ਗ੍ਰੰਥ’ ਲਿਖਣ ਤੇ ਲਿਖਵਾਉਣ ਵਾਲਿਆਂ ਨੇ ਜੋ ਵੀ ਸੋਚ ਸਮਝ ਕੇ ਕੀਤਾ ਹੈ ਉਸ ਚਾਲ ਵਿਚ ਉਹ ਕਾਮਯਾਬ ਹੋਏ ਹਨ। ਸਿੱਖ ਅੱਜ ਵਿਸਾਹਘਾਤੀ ਵੀ ਹਨ, ਸ਼ਰਾਬੀ ਤੇ ਕਬਾਬੀ ਵੀ, ਧੋਖੇਬਾਜ਼ , ਕੌਮ-ਘਾਤਕ ਤੇ ਅੱਤ ਦਰਜ਼ੇ ਦੇ ਲਾਲਚੀ ਵੀ। ਇਹ ਸਾਰਾ ਕੁੱਝ ‘ਗੁਰੂ ਗ੍ਰੰਥ’ ਨਾਲੋਂ ਤੋੜਨ ਤੇ “ਦਸਮ ਗ੍ਰੰਥ” ਤੇ ਹੋਰ ਐਰਾ-ਵਗੈਰਾ ਗ੍ਰੰਥਾਂ ਨਾਲ ਜੁੜਨ ਕਰਕੇ ਹੀ ਹੋਇਆ ਹੈ। ਸਿੱਖੋ! ਸਮਾ ਅਵਾਜ਼ਾਂ ਦੇ ਰਿਹਾ ਹੈ ਤੇ ਗੁਰੂ ਦਾ ਅਵਾਜ਼ਾ ਇਹੋ ਹੀ ਹੈ ‘ਗੁਰੂ ਗ੍ਰੰਥ’ ਨਾਲ ਜੁੜਨਾ । “ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ”॥ ਪੰਨਾ 1326॥ ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ) ਕੈਨੇਡਾ # +1 647 966 3132,brar_jiwanwala@hotmail.com