ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦੇ ਅਸਲ ਕਾਰਣ - ਗੁਰਚਰਨ ਸਿੰਘ ਜਿਉਣ ਵਾਲਾ
ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ” ਦਾ ਸੁਨੇਹਾ ਦੇਣ ਵਾਲੀ ਇਹ ਸਿੱਖ ਲਹਿਰ, ਜੋ ਗਰੀਬ ਲੋਕਾਂ ਨੂੰ ਅੰਧ-ਵਿਸ਼ਵਾਸ਼ ਵਿਚੋਂ ਕੱਢਣ ਦਾ ਕੰਮ ਰਹੀ ਸੀ ਅਤੇ ਨਾਲ ਦੀ ਨਾਲ ਆਮ ਜਨਤਾ ਨੂੰ ਆਪਣੇ ਹੱਕ-ਹਕੂਕਾਂ ਦੀ ਰਾਖੀ ਲਈ ਜੂਝ ਕੇ ਮਰਨ ਲਈ ਤਿਆਰ ਕਰ ਰਹੀ ਸੀ, ਗੁਰੂ ਨਾਨਕ ਪਿਤਾ ਤੋਂ ਗੁਰੂ ਅਮਰ ਦਾਸ ਜੀ ਤਕ ਬਗੈਰ ਸਰਕਾਰੀ ਵੈਰ-ਵਿਰੋਧ ਦੇ ਚੱਲਦੀ ਰਹੀ। ਭਾਂਵੇ ਤੀਸਰੇ ਅਤੇ ਚੌਥੇ ਪਾਤਸ਼ਾਹ ਨੂੰ ਗੁਰਬਾਣੀ ਦੀ ਵਿਆਖਿਆ ਕਰਕੇ ਬਾਦਸ਼ਾਹ ਅਕਬਰ ਨੂੰ ਸੰਤੁਸ਼ਟ ਕਰਨਾ ਪਿਆ ਪਰ ਫਿਰ ਵੀ ਗੁਰੂ ਘਰ ਲਈ ਜਾਗੀਰਾਂ ਮਿਲੀਆਂ। ਗੁਰੂ ਅਰਜਨ ਪਾਤਸ਼ਾਹ ਵੇਲੇ ਤਾਂ ਇਹ ਲਹਿਰ ਹੋਰ ਵੀ ਬਹੁਤ ਜ਼ੋਰ ਫੜ ਗਈ। ਲੋਕ ਸੇਵਾ ਦੇ ਹੋਰ ਕਈ ਸਾਰੇ ਉਪਰਾਲਿਆਂ ਦੇ ਨਾਲ-ਨਾਲ ਸਨ 1595 ਵਿਚ ‘ਨੱਕੇ’ ਦੇ ਇਲਾਕੇ ਵਿਚ (ਝਨਾਂ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ) ਕਾਲ ਪਿਆ ਤਾਂ ਗੁਰੂ ਜੀ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦਾ ਕੰਮ ਵਿੱਚੇ ਛੱਡ ਕੇ ਅਤੇ ਸੰਗਤਾਂ ਨੂੰ ਦਸਵੰਧ ਦੀ ਮਾਇਆ ਭੁੱਖਿਆਂ ਅਤੇ ਕਾਲ ਪੀੜਤ ਲੋਕਾਂ ਦੀ ਮੱਦਦ ਲਈ ਲਾਹੌਰ ਲਿਆਉਣ ਦਾ ਹੋਕਾ ਦੇ ਕੇ ਆਪ ਉੱਥੇ ਚਲੇ ਗਏ। ਗੁਰੂ ਜੀ ਨੇ ਅੱਠ ਮਹੀਨੇ ਇੱਥੇ ਰਹਿ ਕੇ ਪੀੜਤ ਲੋਕਾਂ ਦੀ ਆਪਣੇ ਹੱਥੀਂ ਮੱਦਦ ਕੀਤੀ। ਇਸ ਸਮੇਂ ਅਕਬਰ ਵੀ ਲਾਹੌਰ ਆਇਆ ਹੋਇਆ ਸੀ। ਇਸ ਉਪਰਾਲੇ ਨੂੰ ਵੇਖ ਕੇ ਉਸ ਨੇ ਗੁਰੂ ਜੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਸਾਨਾਂ ਦਾ ਕੁੱਝ ਮਾਲੀਆ ਵੀ ਮੁਆਫ ਕੀਤਾ। ਐਸੇ ਪਰਉਪਕਾਰਾਂ ਕਰਕੇ ਇਸ ਇਲਾਕੇ ਦੇ ਲੋਕ ਸਖੀ-ਸਰਵਰ ਨੂੰ ਛੱਡ ਕੇ ਸਿੱਖ ਲਹਿਰ ਨਾਲ ਆ ਜੁੜੇ। ਗੁਰੂਆਂ ਦੀ ਚਲਾਈ ਹੋਈ ਇਸ ਲਹਿਰ ਦੀ ਚੜ੍ਹਦੀ ਕਲਾਂ ਦੇ ਹੁੰਦਿਆਂ ਹੋਇਆਂ ਵੀ ਅਕਬਰ ਨੇ ਇਸ ਵੱਲ ਕਹਿਰੀ ਅੱਖ ਨਾਲ ਨਹੀਂ ਸੀ ਦੇਖਿਆ।
ਪਰ ਸ਼ੇਖ ਅਹਿਮਦ ਸਰਹੰਦੀ ਜੋ ਨਕਸ਼ਬੰਦੀ ਇਸਲਾਮਕ ਸੈਂਟਰ ਦਾ ਮੋਢੀ ਸੀ ਉਸ ਨੂੰ ਸਿੱਖ ਲਹਿਰ ਦੀ ਚੜ੍ਹਦੀ ਕਲਾ ਦੇ ਵਜਦੇ ਨਗਾਰੇ ਇਸਲਾਮਕ ਰਾਜ ਲਈ ਖਤਰਨਾਕ ਭਾਸ ਰਹੇ ਸਨ ਜੋ 19ਵੀਂ ਸਦੀ ਦੇ ਅਖੀਰਲੇ ਸਾਲ 1899 ਵਿਚ, ਜਦੋਂ ਮਹਾਂਰਾਜੇ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਹੈਦਰੀ ਝੰਡੇ ਦੀ ਥਾਂ ਖਾਲਸਾ ਰਾਜ ਦਾ ਝੰਡਾ ਝੁਲਾਇਆ ਤਾਂ, ਸ਼ੇਖ ਅਹਿਮਦ ਸਰਹੰਦੀ ਦਾ ਸ਼ੱਕ ਸੱਚ ਸਾਬਤ ਹੋਇਆ। ਇਸੇ ਕਰਕੇ ਬਾਦਸ਼ਾਹ ਅਕਬਰ ਦੀ ਮੌਤ ਤੋਂ ਪਹਿਲਾਂ ਹੀ ਸ਼ੇਖ ਸਰਹੰਦੀ ਨੇ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਲਈ ਇਕ ਸ਼ਰਤ ਰੱਖੀ ਸੀ ਕਿ ਉਹ ਇਸ ਲਹਿਰ ਨੂੰ ਖਤਮ ਕਰੇਗਾ ਜੋ ਉਸ ਦੀ ਆਪਣੀ ਲਿਖਤ ,” ਮਕਤੂਬਾਤਿ ਅਮਾਮਿ ਰੱਬਾਨੀ ਵਿਚ ਦਰਜ ਹੈ। “ਇਹਨਾਂ ਦਿਨਾਂ ਵਿਚ ਹੀ ਜੋ ਗੋਇੰਦਵਾਲ ਦੇ ਭ੍ਰਸ਼ਟੇ ਹੋਏ ਕਾਫਰ ਨੂੰ ਕਤਲ ਕਰ ਦਿੱਤਾ ਗਿਆ ਹੈ, ਇਹ ਬੜੀ ਸ਼ੁਭ ਘਟਨਾ ਹੋਈ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਇਕ ਵੱਡੀ ਸਿਕਸ਼ਤ ਹੋਈ ਹੈ। ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਭੀ ਮਾਰ ਮਕਾਉਣ ਨਾਲ ਕਾਫਰਾਂ ਦੀ ਵੱਡੀ ਹਾਨੀ ਹੋਈ ਹੈ ਅਤੇ ਮੁਸਲਮਾਨਾਂ ਲਈ ਇਹ ਸ਼ੁਭ ਤੇ ਮਹਾਨ ਲਾਭ ਦੀ ਗੱਲ ਬਣੀ ਹੈ। ਇਸ ਬੇਈਮਾਨ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇਕ ਦਿੱਬ ਸੁਪਨਾ ਆਇਆ ਸੀ ਕਿ ਪਾਤਸ਼ਾਹ (ਜਹਾਂਗੀਰ) ਨੇ ਭ੍ਰਸ਼ਟ ਅਧਰਮ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿਚ ਸੰਸ਼ਾ ਨਹੀਂ ਕਿ ਉਹ (ਗੁਰੂ ਅਰਜਨ) ਕਾਫਰ ਹਿੰਦੂਆਂ ਦਾ ਜਗਤ-ਗੁਰੂ ਸੀ ਤੇ ਅਧਾਰਮਿਕ ਰੁਚੀਆਂ ਰੱਖਣ ਵਾਲਿਆਂ ਦਾ ਸ਼ਹਿਨਸ਼ਾਹ ਸੀ... ਆਦਿ ”। ਜਹਾਂਗੀਰ ਦੇ ਆਪਣੇ ਹੁਕਮ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਸੰਕੇਤ ਸਾਨੂੰ ‘ਤੌਜ਼ਿਕ-ਏ- ਜਹਾਂਗੀਰ, ਜਿਲਦ ਪਹਿਲੀ, ਸਫਾ 72’ ਤੇ ਦਰਜ ਮਿਲਦਾ ਹੈ। ਇਹ ਜਾਣਕਾਰੀ ਸਾਨੂੰ ਹਿਸਟੋਰੀਅਨ ਡਾ. ਗੰਡਾ ਸਿੰਘ ਨੇ 1945-46 ਵਿਚ ਤਹਿਰਾਨ (ਈਰਾਨ) ਵਿਚ ਰੀਸਰਚ ਕਰਦਿਆਂ ਲੱਭ ਕੇ ਦਿੱਤੀ ਜੋ ਇੰਞ ਹੈ: “ ਬੜੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਬਿਆਸਾ ਦੇ ਕੰਢੇ, ਇਸ ਝੂਠ ਦੀ ਦੁਕਾਨ (ਸਿੱਖ ਮੱਤ) ਨੂੰ ਢਾ ਢੇਰੀ ਕਰਾਂ ਜੋ ਪਿਛਲੀਆਂ ਤਿੰਨ-ਚਾਰ ਪੀੜ੍ਹੀਆਂ ਤੋਂ ਚੱਲ ਰਹੀ ਹੈ, ਯਾ ਗੁਰੂ ਨੂੰ ਇਸਲਾਮੀਆਂ ਦੇ ਟੋਲੇ ਵਿਚ ਸ਼ਾਮਲ ਕਰ ਲਵਾਂ ....”। ਜਹਾਂਗੀਰ ਦੇ ਹੁਕਮ ਨਾਲ ਯਾਸਾ ਕਾਨੂੰਨ, ਮੁਜ਼ਰਮ ਦਾ ਖੂੰਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਦੇ ਤਹਿਤ ਗੁਰੂ ਅਰਜਨ ਪਿਤਾ ਜੀ ਨੂੰ ਲਾਹੌਰ ਰਾਵੀ ਦਰਿਆ ਦੇ ਕੰਢੇ ਹੱਥ ਪਿੱਛੇ ਬੰਨ੍ਹ ਕੇ ਤੱਤੀ ਬਰੇਤੀ ਤੇ ਸੁੱਟ ਦਿੱਤਾ ਗਿਆ। ਤਿੰਨ ਕੁ ਦਿਨਾਂ ਦੇ ਅਸਿਹ ਕਸ਼ਟ ਸਹਾਰਦੇ ਹੋਏ ਗੁਰੂ ਪਿਤਾ ਜੀ ਸ਼ਹੀਦੀ ਪਾ ਗਏ ਪਰ ਈਨ ਨਹੀਂ ਮੰਨੀ। ਸਰਕਾਰੀ ਕਰਿੰਦਿਆਂ ਨੇ ਗੁਰੂ ਜੀ ਦੇ ਸ਼ਰੀਰ ਨਾਲ ਕੋਈ ਵਜ਼ਨ ਬੰਨ ਕੇ ਰਾਵੀ ਦਰਿਆ ਵਿਚ ਰੋੜ ਦਿੱਤਾ ਤਾਂ ਕਿ ਮੌਤ ਉਪਰੰਤ ਲਾਸ਼ ਦਰਿਆ ਵਿਚੋਂ ਬਾਹਰ ਨਾ ਆਵੇ।
ਦਿੱਲੀ ਤੋਂ ਇਕ ਰੇਲ ਜੰਮੂ ਨੂੰ ਚੱਲਦੀ ਹੈ ਜਿਸਦਾ ਨਾਮ ਹੈ ‘ਜੰਮੂ ਤਵੀ’। ਜੰਮੂ ਨਗਰ ਪਾਸ ਵਹਿਣ ਵਾਲੀ ਇਕ ਨਦੀ ਦਾ ਨਾਮ ‘ਤਵੀ’ ਹੈ, ‘ਮਹਾਨ ਕੋਸ਼ ਪੰਨਾ 581’। ਜਲੰਧਰ ਸ਼ਹਿਰ ‘ਚੋਂ ਜਿਥੋਂ ਜੰਮੂ ਨੂੰ ਸੜਕ ਨਿਕਲਦੀ ਹੈ ਉਸਦਾ ਨਾਮ ਵੀ ‘ਤਵੀ ਵਾਲਾ ਮੋੜ’ ਬਹੁਤ ਮਸ਼ਹੂਰ ਹੈ। ਜਲੰਧਰ ਵਿਚ ਜੰਮੂ ਵਾਲੇ ਮੋੜ/ਤਵੀ ਵਾਲਾ ਮੋੜ ਤੇ ਵੀ ਬਹੁਤ ਰੇਤਾ ਪਈ ਹੈ ਅਤੇ ਜੰਮੂ ਰੇਲਵੇ ਸਟੇਸ਼ਨ ਤੇ ਵੀ। ਇਸੇ ਹੀ ਤਰ੍ਹਾਂ ਲਾਹੌਰ ਸ਼ਹਿਰ ਰਾਵੀ ਦੇ ਕੰਢੇ ਵੀ ਰੇਤਾ ਬਹੁਤ ਸੀ। ਇਸ ਤਰ੍ਹਾਂ ਦਰਿਆਈ ਬਰੇਤੀ ਨੂੰ ਹੀ ਤਵੀ ਅਤੇ ਤੱਤੀ ਰੇਤਾ ਨੂੰ ਹੀ ਤੱਤੀ ਤਵੀ ਕਹਾ ਗਿਆ ਹੈ ਅਤੇ ਇਹੋ ਤੱਤੀ ਰੇਤਾ ਹੀ ਗੁਰੂ ਜੀ ਦੇ ਸਾਰੇ ਸ਼ਰੀਰ ਤੇ ਪਾਈ ਗਈ ਜਿਸ ਨਾਲ ਜਿਸਮ ਤੇ ਛਾਲੇ ਹੋ ਗਏ। ਤੱਤੀ ਤਵੀ ਤੇ ਬਠਾਉਣਾ ਅਤੇ ਦੇਗ ਵਿਚ ਉਬਾਲਣ ਦੀ ਗੱਲ ਵੀ ਝੂਠੀ ਹੈ। ਚੰਦੂ ਜੋ ਕਲਾਨੌਰ ਦੇ ਰਹਿਣ ਵਾਲਾ ਹੈ, ਕੋਲੋਂ ਹਵੇਲੀ ਵਿਚ ਗੁਰੂ ਜੀ ਨੂੰ ਤਸੀਹੇ ਦੁਆਉਣੇ ਅਤੇ ਮਾਰ ਮਕਾਉਣ ਵਾਲੀ ਗੱਲ ਵੀ ਝੂਠੀ ਹੈ ਕਿਉਂਕਿ ਕਿਸੇ ਐਸੇ ਮਹਾਨ ਆਗੂ ਨੂੰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਮਾਰਨ ਨਾਲ ਜਨਤਾ ਵਿਚ ਸਹਿਮ ਦਾ ਮਹੌਲ ਪੈਦਾ ਕਰਨਾ ਹੁੰਦਾ ਹੈ। ਇਸ ਕਰਕੇ ਗੁਰੂ ਜੀ ਨੂੰ ਰੜੇ ਮੈਦਾਨ, ਰਾਵੀ ਦੇ ਕੰਢੇ, ਅਸਹਿ ਤਸੀਹੇ ਅਤੇ ਕਸ਼ਟ ਦੇ ਕੇ ਮਾਰਿਆ ਗਿਆ। ਸਰਕਾਰ ਨੇ ਗੁਰੂ ਜੀ ਦੀ ਸ਼ਹਾਦਤ ਦਾ ਜ਼ੁਰਮ ਆਪਣੇ ਗਲੋਂ ਲਾਹ ਕੇ ਕਿਸੇ ਹਿੰਦੂ ਦੇ ਸਿਰ ਮੜਨ ਵਾਲੀ ਕਹਾਣੀ ਘੜੀ ਜਾਪਦੀ ਹੈ। ਕਿਉਂਕਿ ਐਸੀਆਂ ਘਾੜਤਾਂ ਸਰਕਾਰਾਂ ਅਕਸਰ ਘੜਦੀਆਂ ਹੀ ਹੁੰਦੀਆਂ ਹਨ। ਇਕ ਹੋਰ ਤੱਥ “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਮੁਤਾਬਕ ਤਾਂ ਚੰਦੂ ਲਹੌਰ ਦਰਬਾਰ ਦਾ ਕਰਿੰਦਾ ਨਾ ਹੋ ਕੇ ਦਿੱਲੀ ਦਰਬਾਰ ਦਾ ਇਕ ਅਹਿਲਕਾਰ ਹੈ। ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਗੱਲਬਾਤ, ਰਿਸ਼ਤੇ ਨੂੰ ਨਾ ਮਨਜ਼ੂਰ ਕਰਨਾ ਅਤੇ ਦਿੱਲੀ ਦੀ ਸੰਗਤ ਦੀ ਚਿੱਠੀ ਦਿੱਲੀਓ ਆਉਣੀ ਵੀ ਇਹ ਸਾਬਤ ਕਰਦੀ ਹੈ ਕਿ ਚੰਦੂ ਦਿੱਲੀ ਦਰਬਾਰ ਦਾ ਕਰਮਚਾਰੀ ਹੈ। ਚੰਦੂ ਨੂੰ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਨਾ ਅਤੇ ਨੱਕ ਵਿਚ ਨਕੇਲ ਪਾ ਕੇ ਲਹੌਰ ਸ਼ਹਿਰ ਵਿਚ ਘੁਮਾਉਣਾ ਅਤੇ ਅੰਤ ਵਿਚ ਮਾਰ ਮੁਕਾਉਣਾ ਵੀ ਸਹੀ ਨਹੀਂ ਜਾਪਦਾ। ਕੋਈ ਸਰਕਾਰ ਆਪਣੇ ਕਰਿੰਦਿਆਂ ਨੂੰ ਕਦੀ ਵੀ ਦੁਸ਼ਮਣ ਦੇ ਹਵਾਲੇ ਨਹੀਂ ਕਰਦੀ ਸਗੋਂ ਆਪਣੇ ਮਤਲਬ ਲਈ ਵਰਤਦੀ ਹੈ।
ਦੁਨੀਆਂ ਦੇ ਇਤਹਾਸ ਵਿਚ ਐਸੀ ਮਿਸਾਲ ਕਿਧਰੇ ਨਹੀਂ ਮਿਲਦੀ ਕਿ ਕੌਮ ਦਾ ਸਵਿਧਾਨ ਪਹਿਲਾਂ ਤਿਆਰ ਕਰ ਲਿਆ ਗਿਆ ਹੋਵੇ ਅਤੇ ਕੌਮ ਹਾਲੇ ਮੁਕੰਮਲ ਰੂਪ ਵਿਚ ਘੜੀ ਵੀ ਨਾ ਗਈ ਹੋਵੇ। ਇਹ ਸਿਹਰਾ ਸਿਰਫ ਤੇ ਸਿਰਫ ਸਿੱਖ ਕੌਮ ਦੇ ਘਾੜਿਆਂ ਦੇ ਸਿਰ ਹੀ ਬੱਝਦਾ ਹੈ। 1604 ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੁੰਦਾ ਹੈ। 1605 ਵਿਚ ਜਹਾਂਗੀਰ ਦਿੱਲੀ ਦੇ ਤਖਤ ਤੇ ਬੈਠਦਾ ਹੈ ਅਤੇ 30 ਮਈ 1606 ਨੂੰ ਪੰਚਮ ਪਾਤਸ਼ਾਹ ਸ਼ਹੀਦੀ ਦਾ ਜਾਮ ਪੀ ਜਾਂਦੇ ਹਨ। ਕੁੱਝ ਇਤਿਹਾਸਕ ਹਵਾਲਿਆਂ ਮੁਤਾਬਕ ਲਾਹੌਰ ਦੇ ਕਵੀ, ਕਾਹਨਾ, ਛੱਜੂ, ਪੀਹਲੂ ਅਤੇ ਸ਼ਾਹ ਹੁਸੈਨ ਆਦਿ ਦੀਆਂ ਰਚਨਾਵਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦਰਜ ਕਰਣ ਕਰਕੇ ਗੁਰੂ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਨਾ ਕਿਸੇ ਨੂੰ ਸੱਦਿਆ ਗਿਆ ਅਤੇ ਨਾ ਹੀ ਕਿਸੇ ਨੂੰ ਖਾਲੀ ਮੋੜਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਲਕੁੱਲ ਚੁੱਪ ਚਪੀਤੇ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹਿ ਤਿਆਰ ਕੀਤਾ ਗਿਆ ਅਤੇ ਤਿਆਂਰ ਹੋਣ ਤਕ ਭਾਫ ਵੀ ਨਹੀਂ ਨਿਕਲਣ ਦਿੱਤੀ ਗਈ, ਨਹੀਂ ਤਾਂ ਸਰਕਾਰ ਨੇ ਇਹ ਕੰਮ ਹੋਣ ਹੀ ਨਹੀਂ ਸੀ ਦੇਣਾ। ਕੁੱਝ ਵੀ ਹੋਵੇ ਨਵੀਂ ਉੱਠ ਰਹੀ ਕੌਮ ਨੂੰ ਅਗਵਾਈ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਤਿਆਰ ਹੋਣਾ, ਜੋ ਸਰਕਾਰੀ ਅੱਖਾਂ ਵਿਚ ਕੱਖ ਨਹੀਂ ਲਟੈਣ ਵਾਂਗਰ ਰੜਕਦਾ ਸੀ, ਗੁਰੂ ਜੀ ਦੀ ਸ਼ਹਾਦਤ ਦਾ ਅਸਲ ਕਾਰਣ ਹੈ।
ਐਸੀ ਅਦੁੱਤੀ ਸ਼ਹਾਦਤ ਏਸ਼ੀਆ ਵਿਚ ਪਹਿਲਾਂ ਕਦੀ ਨਹੀਂ ਹੋਈ। ਇਸੇ ਕਰਕੇ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ ਕਿ ਜਿਸ ਤਲਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੇ ਮੈਦਾਨ ਵਿਚ ਚਲਾਇਆ ਉਸ ਲਈ ਫੌਲਾਦ ਗੁਰੂ ਨਾਨਕ ਪਾਤਸ਼ਾਹ ਹੀ ਤਿਆਰ ਕਰ ਗਏ ਸਨ। ਇਸੇ ਹੀ ਤਰ੍ਹਾਂ ਗੁਰਬਾਣੀ ਨੂੰ ਜਿਸ ਤਰਤੀਬ ਨਾਲ ਲਿਖ ਕੇ ਗ੍ਰੰਥ ਤਿਆਰ ਕਰਨਾ ਸੀ ਉਸ ਦਾ ਮੁੱਢ ਵੀ ਗੁਰੂ ਨਾਨਕ ਪਿਤਾ ਜੀ ਆਪ ਹੀ ਬੰਨਦੇ ਹਨ। “ਫੇਰਿ ਅੰਗਦ ਸਿਖ ਨੋ ਆਗਿਆ ਕੀਤੀੳਨੁ॥ ਜਿ ਪੁਰਖਾ ਜਿ ਤੂੰ ਹੈ ਸਿ ਅਸੀਂ ਹਾਂ॥ ਜਿਥੈ ਜਿਥੈ ਮੇਰੈ ਅਖਰ ਦੀਆਂ ਪਉੜੀਆਂ ਸਲੋਕ ਹੈਨਿ ਤੂੰ ਓਹ ਸਲੋਕ ਸਬਦ ਲੈ ਕੇ ਸੋਦਰਹੁ ਸਭਿ ਏਸ ਜਪੁ ਵਿਚ ਆਂਣਿ ਆਂਣਿ ਬਣਾਇ ਅਤੈ ਮੈਨੂ ਸੁਣਾਇਦਾ ਜਾਇ..........। ਤਾਂ ਬਾਬੇ ਨਾਨਕ ਆਪਣਾ ਖਜ਼ਾਨਾ ਅੰਗਦ ਸਿਖ ਦੇ ਹਵਾਲੇ ਕੀਤਾ”। ਇਹ ਗਵਾਹੀ ਗੁਰੂ ਰਾਮ ਦਾਸ ਜੀ ਦੇ ਪੋਤਰੇ ਮਿਹਰਵਾਨ (1581-1640 ਈ.) ਦੇ ਨਾਂ ਨਾਲ ਸਬੰਧਤ ‘ਜਪੁ ‘ ਦੇ ਪ੍ਰਮਾਰਥ ਵਿਚੋਂ ਹਨ, ਸਿੱਕੇਬੰਦ ਗਵਾਹੀ ਹੈ, ਭਰੋਸੇਯੋਗ ਹੈ: ਇਸ ਮਨੌਤ ਦੀ ਪ੍ਰੋੜਤਾ ‘ਪੁਰਾਤਨ ਜਨਮ ਸਾਖੀ’ ਵੀ ਕਰਦੀ ਹੈ: ਤਿਤ ਮਹਿਲ ਜੋ ਸਬਦੁ ਹੋਇਆ ਸੋ ਪੋਥੀ ਜੁਬਾਨਿ ਗੁਰੂ ਅਗਦ ਜੋਗ ਮਿਲੀ”
ਆਖਰ ਵਿਚ ਆਪਣੇ ਖਿੱਤੇ ਦੇ ਸਭ ਪੰਜਾਬੀਆਂ ਨੂੰ ਇਕ ਸਵਾਲ ਹੈ ਕਿ ਜੇ ਪੰਜਾਬ ਨੂੰ ਘੁੱਗ ਵੱਸਦਾ ਦੇਖਣਾ ਚਾਹੁੰਦੇ ਹੋ ਤਾਂ ਗੁਰਮੁਖੀ ਲਿੱਪੀ ਵਿਚ ਸਾਡੇ ਗੁਰੂ ਸਾਹਿਬਾਨ ਦਾ ਸੰਪਾਦਨ ਕੀਤਾ ਹੋਇਆ ‘ਗੁਰੂ ਗ੍ਰੰਥ’ ਜ਼ਰੂਰ ਆਪ ਪੜ੍ਹੋ, ਅਮਲ ਕਰੋ, ਆਪ ਇਸ ਨੂੰ ਸਮਝੋ ਅਤੇ ਬੱਚਿਆਂ ਨੂੰ ਸਮਝਾਓ। ਫਿਰ ਦੇਖਣਾ ਪੰਜਾਬ ਦਾ ਰੰਗ ਜੋ ‘ਵੱਸਦਾ ਗੁਰਾਂ ਦੇ ਨਾਂ ਤੇ’।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132