ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

05.08.2024

ਰਵਨੀਤ ਬਿੱਟੂ ਨੂੰ ਰਾਜ ਸਭਾ ‘ਚ ਭੇਜਣ ਦੀਆਂ ਤਿਆਰੀਆਂ- ਇਕ ਖ਼ਬਰ                              

ਨਿੱਕਾ ਦਿਉਰ ਮੇਰਾ ਖੰਡ ਦਾ ਖਿਡਾਉਣਾ, ਨੀਂ ਮੈਂ ਚੁੰਮ ਚੁੰਮ ਰੱਖਦੀ ਫਿਰਾਂ।

ਬਰਤਾਨਵੀ ਸੰਸਦ ‘ਚ ਵਿਰੋਧੀ ਧਿਰ ਦੀ ਨੇਤਾ ਬਣਨ ਲਈ ਪ੍ਰੀਤੀ ਪਟੇਲ ਨੇ ਪੇਸ਼ ਕੀਤੀ ਦਾਅਵੇਦਾਰੀ- ਇਕ ਖ਼ਬਰ

ਕੰਢੇ ਉੱਤੇ ਮਹਿਰਮਾ ਵੇ, ਵੇ ਮੈਂ ਕਦੋਂ ਦੀ ਖੜ੍ਹੀ

ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਲਈ ਸਿੱਖ ਵਿਰੋਧੀ ਸ਼ਕਤੀਆਂ ਅਤੇ ਘਰ ਦੇ ਭੇਤੀ ਸਰਗਰਮ- ਪੀਰਮੁਹੰਮਦ

ਪੀਰ ਮੁਹੰਮਦ ਜੀ, ਜ਼ਰਾ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਘਰੋੜ ਕੇ ਫੇਰ ਲਉ।

ਸੁਰਮਈ ਤੇ ਬਸੰਤੀ ਰੰਗ ਬਾਰੇ ਕੀਤਾ ਜਥੇਦਾਰਾਂ ਦਾ ਫ਼ੈਸਲਾ ਸ਼ਲਾਘਾਯੋਗ- ਅਸ਼ੋਕ ਸਿੰਘ ਬਾਗੜੀਆਂ

ਨਾਲ਼ ਲਗਦਾ ਹੀ ਕੈਲੰਡਰ ਦਾ ਕੰਡਾ ਵੀ ਕੱਢ ਦਿੰਦੇ ਤਾਂ ਧੰਨ ਧੰਨ ਹੋ ਜਾਣੀ ਸੀ।

ਟਰੰਪ ਨੇ ਕਮਲਾ ਹੈਰਿਸ ‘ਤੇ ਕੀਤੀ ਨਸਲੀ ਟਿੱਪਣੀ, ਕਿਹਾ ਕਿ ਉਹ ਗ਼ੈਰ ਗੋਰੀ ਹੈ ਜਾਂ ਭਾਰਤੀ?-ਇਕ ਖ਼ਬਰ

ਲਗਦੈ ਟਰੰਪ ਵੀ ਜਿਵੇਂ ਅਨੁਰਾਗ ਠਾਕੁਰ ਦਾ ਹੀ ਰਿਸ਼ਤੇਦਾਰ ਹੈ।

ਵੋਟਾਂ ਖਾਤਰ ਸੌਦਾ ਸਾਧ ਕੋਲ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ- ਬੀਬੀ ਜਾਗੀਰ ਕੌਰ

ਬੀਬੀ ਜੀ, ਜਾਗਦੇ ਲੋਕਾਂ ਨੂੰ ਪੁਆਂਦੀ ਪਾਈ ਜਾਂਦੇ ਹੋ, ਹੁਣ ਨਹੀਂ ਚੱਲਣਾ ਇਹ ਕੰਮ।

ਸੁਖਬੀਰ ਬਾਦਲ ਦੇ ਅਸਤੀਫ਼ੇ ਬਿਨਾਂ ਸਿੱਖ ਪੰਥ ਦਾ ਅਕਾਲੀ ਦਲ ‘ਚ ਭਰੋਸਾ ਮੁਸ਼ਕਿਲ- ਚੰਦੂਮਾਜਰਾ

ਨਾਮ ਦਾਨ ਦੇ ਸਾਬਣ ਨਾਲ਼ ਧੋ ਲੈ, ਪਾਪਾਂ ਵਾਲ਼ੀ ਮੈਲ਼ੀ ਜ਼ਿੰਦੜੀ।

ਪ੍ਰਦੀਪ ਕਲੇਰ ਦੇ ਦਾਅਵਿਆਂ ਨੇ ਪੰਥਕ ਹਲਕਿਆਂ ‘ਚ ਮਚਾਈ ਤਰਥੱਲੀ- ਇਕ ਖ਼ਬਰ

ਬੰਤੋ ਦੇ ਯਾਰਾਂ ਨੇ, ਬੋਤਾ ਪਾ ਲਿਆ ਸ਼ਰੀਹ ਵਾਲੀ ਸੜਕੇ।

ਸੌਦਾ ਸਾਧ ਵਿਰੁੱਧ ਪੰਜਾਬ ਸਰਕਾਰ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਵੇ ਪੰਜਾਬ ਸਰਕਾਰ- ਇਕ ਖ਼ਬਰ

ਕਿਵੇ ਇਜਾਜ਼ਤ ਦੇਈਏ, ਸਿਰ ‘ਤੇ ਚੋਣ ਖੜ੍ਹੀ।

ਪ੍ਰਦੀਪ ਕਲੇਰ ਦੇ ਦਾਅਵਿਆਂ ਤੋਂ ਬਾਅਦ ਘਬਰਾਏ ਹੋਏ ਸੁਖਬੀਰ ਦੇ ‘ਚੇਲੇ’ ਕਰ ਰਹੇ ਗ਼ਲਤ ਇਲਜ਼ਾਮਬਾਜ਼ੀ-ਢੀਂਡਸਾ

ਤਾਲੋਂ ਘੁੱਥੀ ਡੂੰਮਣੀ, ਬੋਲੇ ਆਲ-ਪਤਾਲ।

ਅਕਾਲੀ ਦਲ ਵਾਲੇ ਹੋਰਾਂ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣਾ ਘਰ ਸੰਭਾਲਣ- ਭਾਜਪਾ

ਕੁਲਹਿਣੀਏਂ ਸੱਸੇ ਨੀਂ ਦੇਨੀਂ ਏਂ ਤਾਹਨੇ, ਆਪਣੇ ਤੂੰ ਦਿਨ ਭੁੱਲ ਗਈ।

ਪ੍ਰਦੀਪ ਕਲੇਰ ਦੇ ਦਾਅਵੇ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧੱਕਣ ਦੀ ਸਾਜ਼ਿਸ਼- ਭੂੰਦੜ, ਗਰੇਵਾਲ

ਮੋੜੀਂ ਮੋੜੀਂ ਵੇ ਸਿੰਘਾ ਸਰਦਾਰਾ ਕਿ ਰੰਨ ਚੱਲੀ ਬਸਰੇ ਨੂੰ।

ਮਾਹੌਲ ਕਾਂਗਰਸ ਦੇ ਪੱਖ ਵਿਚ, ਪਰ ਅਤਿ-ਆਤਮਵਿਸ਼ਵਾਸ ਨਾ ਪਾਲ਼ ਲੈਣਾ- ਸੋਨੀਆ ਗਾਂਧੀ

ਜਿਸ ਪੱਲੇ ਫੁੱਲ ਬੱਧੇ ਹੋਵਣ, ਆਵੇ ਬਾਸ ਰੁਮਾਲੋਂ।

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਈ.ਡੀ. ਵਲੋਂ ਗ੍ਰਿਫ਼ਤਾਰ- ਇਕ ਖ਼ਬਰ

ਜਦੋਂ ਜਾਲ਼ ਫਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।

ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿਤਾ- ਇਕ ਖ਼ਬਰ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

==============================================================