ਕਾਰਪੋਰੇਟਾਂ ਦੇ ਵਿਰੁੱਧ ਲੜਨ ਵਾਲਾ ਪੰਜਾਬ ਅੱਜ ਖੁਦ ਕਾਰਪੋਰੇਟੀ ਸੋਚ ਤੇ ਚੱਲ ਰਿਹਾ ਹੈ, - ਹਰਲਾਜ ਸਿੰਘ ਬਹਾਦਰਪੁਰ
ਚੋਣਾ ਚਾਹੇ ਕੋਈ ਵੀ ਹੋਣ ਉਹ ਮੱਤ ਦਾਨ ਹੁੰਦਾ ਹੈ, ਜਿਸ ਵਿੱਚ ਸਾਰੇ ਵੋਟਰ ਦਾਤੇ ਹੁੰਦੇ ਹਨ, ਦਾਨ ਲੈਣ ਵਾਲਾ ਉਮੀਦਵਾਰ ਹੁੰਦਾ ਹੈ, ਹੱਕਦਾਰ ਨਹੀਂ ਹੁੰਦਾ, ਹੱਕ ਸਿਰਫ ਵੋਟਰ ਕੋਲ ਹੁੰਦਾ ਹੈ, ਵੋਟਰ ਨੂੰ ਹੱਕ ਹੈ ਕਿ ਉਹ ਆਪਣੀ ਮੱਤ ਜਿਸ ਨੂੰ ਚਾਹੇ ਦਾਨ ਕਰ ਸਕਦਾ ਹੈ, ਉਮੀਦਵਾਰ ਆਪਣੇ ਵਿਚਾਰ ਦੱਸ ਕੇ ਸਿਰਫ ਉਮੀਦ ਹੀ ਕਰ ਸਕਦਾ ਹੈ, ਦਾਨ ਖਰੀਦਿਆ ਵੇਚਿਆ ਨਹੀਂ ਜਾ ਸਕਦਾ ਹੁੰਦਾ, ਕਿਉਂਕਿ ਦਾਨ ਕਰਨ ਵਾਲਾ ਦਾਤਾ ਹੁੰਦਾ ਹੈ, ਦਾਤੇ ਨੂੰ ਦਾਨ ਦੀ ਕੀਮਤ ਦੇਣਾ ਦਾਨ ਦੇਣ ਵਾਲੇ ਦੀ ਬੇਇੱਜ਼ਤੀ ਕਰਨਾ ਹੁੰਦਾ ਹੈ, ਅਫਸੋਸ ਕਿ ਅਸੀਂ ਇਹ ਬੇਇੱਜ਼ਤੀ ਖੁਸ਼ ਹੋ ਕੇ ਬੜੇ ਮਾਣ ਨਾਲ ਕਰਵਾ ਰਹੇ ਹਾਂ ਅਤੇ ਕਰ ਰਹੇ ਹਾਂ, ਵੋਟ ਖਰੀਦੀ ਜਾ ਵੇਚੀ ਨਹੀਂ ਜਾ ਸਕਦੀ ਹੁੰਦੀ, ਵੋਟ ਖਰੀਦਣਾ ਜਾ ਵੇਚਣਾ ਜੁਰਮ ਹੈ, ਵੋਟ ਖਰੀਦਣ ਜਾ ਵੇਚਣ ਵਾਲੇ ਦੋਸ਼ੀ ਹਨ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜਾ ਮਿਲਣੀ ਚਾਹੀਂਦੀ ਹੈ, ਪਰ ਸਜਾ ਦੇਵੇ ਕੌਣ ? ਕਿਉਂਕਿ ਸਾਡੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾ ਸਮੇਂ ਮੱਤ ਦਾਤੇ ਨੂੰ ਅਸਿੱਧੇ ਰੂਪ ਵਿੱਚ ਜਨਤਕ ਤੌਰ ਤੇ ਲਾਲਚ ਦੇ ਕੇ ਮੱਤ ਦਾਨ ਨੂੰ ਖਰੀਦ ਦੀਆਂ ਹਨ, ਪੰਚਾਇਤੀ ਚੋਣਾ ਵਿੱਚ ਵੀ ਉਵੇਂ ਹੀ ਸ਼ਰੇਆਮ ਮੱਤ ਦਾਤੇ ਨੂੰ ਨਿੱਜੀ ਤੌਰ ਤੇ ਖਰੀਦਿਆ ਜਾਂਦਾ ਹੈ, ਪੰਚਾਇਤੀ ਚੋਣਾ ਵਿੱਚ ਸ਼ਰੇਆਮ ਸ਼ਰਾਬ ਅਤੇ ਪੈਸਾ ਚਲਦਾ ਹੈ ਜੋ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ, ਭਗਵੰਤ ਮਾਨ ਸਰਕਾਰ ਬਿਆਨ ਬਾਜੀ ਕਰ ਰਹੀ ਹੈ ਕਿ ਚੋਣਾ ਤੇ ਪੈਸਾ ਨਾ ਲਾਇਓ, ਇਸ ਬਾਰ ਅਸੀਂ ਕਿਸੇ ਸਰਪੰਚ ਨੂੰ ਪੰਚਾਇਤਾਂ ਦਾ ਪੈਸਾ ਨਹੀਂ ਖਾਣ ਦੇਵਾਂਗੇ, ਭਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਕਹਿ ਰਹੀ ਹੁੰਦੀ ਹੈ ਕਿ ਜੇ ਕਿਤੇ ਭਰਿਸ਼ਟਾਚਾਰ ਹੁੰਦਾ ਹੈ ਤਾਂ ਸਾਨੂੰ ਉਸ ਦੀ ਵੀਡੀਓ ਬਣਾ ਕੇ ਭੇਜੋ, ਅਸੀਂ ਕਾਰਵਾਈ ਕਰਾਂਗੇ, ਆਹ ਹੁਣ ਪੰਚਾਇਤੀ ਚੋਣਾ ਵਿੱਚ ਸਰਪੰਚੀਆਂ ਦੀਆਂ ਬੋਲੀਆਂ ਕਰ ਕੇ ਸ਼ਰੇਆਮ ਭਰਿਸ਼ਟਾਚਾਰ ਕੀਤਾ ਰਿਹਾ ਹੈ, ਜਿਸ ਦੀਆਂ ਮੀਡੀਏ ਵਿੱਚ ਵੀਡੀਓ ਆ ਰਹੀਆਂ ਹਨ, ਕੀ ਹੁਣ ਸਰਕਾਰ ਇਹਨਾ ਉਤੇ ਕੋਈ ਕਾਰਵਾਈ ਕਰੇਗੀ ? ਸਰਕਾਰ ਨੂੰ ਚਾਹੀਂਦਾ ਹੈ ਕਿ ਉਹ ਚੋਣਾ ਵਿੱਚ ਪੈਸੇ ਦਾ ਪ੍ਰਦਰਸ਼ਨ ਕਰਨ ਵਾਲੇ ਦੋਸ਼ੀਆਂ ਉਤੇ ਬਣਦੀ ਕਾਰਵਾਈ ਕਰਕੇ ਉਹਨਾ ਨੂੰ ਸਜਾ ਦੇਵੇ, ਪਰ ਬਹੁਤ ਮੁਸ਼ਕਿਲ ਹੈ, ਕਿਉਂਕਿ ਅਜਿਹੀ ਕਾਰਵਾਈ ਕੋਈ ਸੱਚਾ ਇਮਾਨਦਾਰ ਇਨਸਾਨ ਹੀ ਇਹ ਕਰ ਸਕਦਾ ਹੈ, ਸਾਡੀ ਪੇਂਡੂ ਜਨਤਾ ਅਤੇ ਕਿਸਾਨ ਜਥੇਬੰਦੀਆਂ ਜੋ ਕਾਰਪੋਰੇਟੀ ਕਾਨੂੰਨਾ ਦੇ ਵਿਰੁੱਧ ਦਿੱਲੀ ਦੇ ਵਾਡਰਾਂ ਉਤੇ ਲੰਮਾ ਸਮਾਂ ਧਰਨਾ ਲਾ ਕੇ ਬੈਠੇ ਸਨ, ਅੱਜ ਪਿੰਡਾਂ ਵਿੱਚ ਲਲਕਾਰੇ ਮਾਰ ਰਹੇ ਕਾਰਪੋਰੇਟਾਂ ਅੱਗੇ ਕਿਉਂ ਚੁੱਪ ਹਨ ? ਕੀ ਸਰਪੰਚੀ ਦੀ ਚੋਣ ਨੂੰ ਪੈਸਿਆਂ ਦੀ ਖੀਰ (ਮੁੱਲ ਦੀ ਚੋਣ) ਬਣਾਉਣਾ ਕਾਰਪੋਰੇਟੀ ਸੋਚ ਨਹੀਂ ਹੈ ? ਕੇਂਦਰ ਦੇ ਕਾਰਪੋਰੇਟਾਂ ਦੇ ਵਿਰੁੱਧ ਲੜਨ ਵਾਲਿਓ ਪਿੰਡ ਦੇ ਕਾਰਪੋਰੇਟਾਂ ਦੇ ਖਿਲਾਫ ਕੌਣ ਲੜੇਗਾ ? ਮੈਂ ਨਹੀਂ ਕਹਿੰਦਾ ਕਿ ਪਿੰਡਾਂ ਵਿੱਚ ਜਮੀਨਾ ਵੇਚ ਕੇ ਚੋਣਾ ਲੜਨ ਵਾਲੇ ਕਾਰਪੋਰੇਟ ਹਨ, ਨਹੀਂ ਇਹ ਕਾਰਪੋਰੇਟ ਤਾਂ ਨਹੀਂ ਹਨ ਪਰ ਇਹਨਾ ਦੀ ਸੋਚ ਕਾਰਪੋਰੇਟੀ ਹੈ, ਜੋ ਵੋਟਰਾਂ ਨੂੰ ਖਰੀਦਣਾ ਚਾਹੁੰਦੀ ਹੈ, ਕਾਰਪੋਰੇਟੀ ਸੋਚ ਸੱਭ ਕੁੱਝ ਪੈਸੇ ਨਾਲ ਖਰੀਦਣਾ ਚਾਹੁੰਦੀ ਹੁੰਦੀ ਹੈ, ਅੱਜ ਪਿੰਡਾਂ ਵਿੱਚ ਕਾਰਪੋਰੇਟੀ ਸੋਚ ਲਲਕਾਰੇ ਮਾਰ ਰਹੀ ਹੈ, ਕਿਸਾਨ ਜਥੇਬੰਦੀਆਂ ਚੁੱਪ ਹਨ, ਲੋਕਾਂ ਦੇ ਹੱਕਾਂ ਲਈ ਲੜਨ ਵਾਲਿਓ ਅੱਜ ਤੁਹਾਡੇ ਸਾਹਮਣੇ ਲੋਕ ਖਰੀਦੇ ਜਾ ਰਹੇ ਹਨ, ਜਦੋਂ ਸਰਕਾਰੀ ਕਾਰਪੋਰੇਟ ਤੁਹਾਡੇ ਹੱਕ ਖਰੀਦਣਗੇ ਫਿਰ ਤੁਸੀਂ ਇਹਨਾ ਅੱਜ ਦੇ ਕਾਰਪੋਰੇਟੀ ਸੋਚ ਵਾਲਿਆਂ ਦੇ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਸਰਕਾਰੀ ਕਾਰਪੋਰੇਟਾਂ ਦੇ ਵਿਰੁੱਧ ਧਰਨੇ ਲਾਉਣ ਜਾਉਂਗੇ ? ਕੁੱਝ ਸੋਚੋ ! ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਹੈ, ਸਾਡੀ ਲੜਾਈ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਹੈ, ਜੋ ਅੱਜ ਪੰਚਾਇਤੀ ਚੋਣਾ ਵਿੱਚ ਹੋ ਰਿਹਾ ਹੈ ਇਹ ਲੋਕ ਭਲਾਈ ਨਹੀਂ ਹੈ, ਇਹ ਲੋਕਾਂ ਦੀ ਅਤੇ ਲੋਕ ਰਾਜ ਦੀ ਹੱਤਿਆ ਹੈ, ਕੀ ਸਿਰਫ ਪੈਸੇ ਦੇ ਜੋਰ ਨਾਲ ਹੀ ਪੰਚ ਸਰਪੰਚ ਚੁਣੇ ਜਾਣੇ ਚਾਹੀਂਦੇ ? ਕੀ ਜਿਸ ਕੋਲ ਪੈਸਾ ਨਹੀਂ ਉਹ ਚੋਣ ਨਹੀਂ ਲੜ ਸਕਦਾ ? ਜਾਂ ਕੀ ਜਿਸ ਕੋਲ ਪੈਸਾ ਨਹੀਂ ਉਹ ਚੰਗਾ ਇਮਾਨਦਾਰ ਪੰਚ ਸਰਪੰਚ ਨਹੀਂ ਹੋ ਸਕਦਾ ? ਲੋਕ ਹੱਕਾਂ ਲਈ ਦਿੱਲੀ ਜਾ ਕੇ ਲੜਨ ਵਾਲਿਓ ਅੱਜ ਆਪਣੇ ਪਿੰਡਾਂ ਵਿੱਚ ਵੀ ਇਹ ਲੜਾਈ ਲੜੋ, ਪਿੰਡ ਪਿੰਡ ਧਰਨੇ-ਪ੍ਰਦਰਸ਼ਨ ਕਰੋ ਕਿ ਪੰਚੀਆਂ ਸਰਪੰਚੀਆਂ ਵਿਕਣ ਨਹੀਂ ਦੇਵਾਂਗਾ, ਤੁਹਾਡੀਆਂ ਜੜਾਂ ਪਿੰਡਾਂ ਵਿੱਚ ਹੀ ਹਨ, ਇਹਨਾ ਨੂੰ ਮਜ਼ਬੂਤ ਕਰੋ, ਜੇ ਤੁਸੀਂ ਪਿੰਡ ਬਚਾ ਲਵੋਂਗੇ ਤਾਂ ਹੀ ਪੰਜਾਬ ਬਚੇਗਾ, ਜੇ ਪਿੰਡ ਹੀ ਨਾ ਬਚੇ ਫਿਰ ਬਚਣਾ ਪੰਜਾਬ ਵੀ ਨਹੀਂ, ਇਸ ਲਈ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲ ਕੇ ਪੰਚੀਆਂ ਸਰਪੰਚੀਆਂ ਨੂੰ ਖ੍ਰੀਦਣ ਵਾਲੀ ਕਾਰਪੋਰੇਟੀ ਸੋਚ ਦਾ ਵਿਰੋਧ ਕਰੀਏ ਅਤੇ ਇਮਾਨਦਾਰ ਲੋਕਾਂ ਦਾ ਸਹਿਯੋਗ ਦੇਈਏ, ਇਸ ਵਿੱਚ ਹੀ ਸਰਬੱਤ ਦਾ ਭਲਾ ਹੈ।