ਢਾਂਚਾ ਨਹੀਂ ਸਿਰਜ ਸਕਿਆ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉੱਚਿਤ ਮਾਹੌਲ - ਗੁਰਪ੍ਰੀਤ ਸਿੰਘ ਰੰਗੀਲਪੁਰ
ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਤਰਸਦੇ ਅਤੇ ਮਜ਼ਦੂਰੀ ਕਰਨ ਲਈ ਮਜ਼ਬੂਰ ਨੇ ਭਾਈ ਲਾਲੋਆਂ ਦੇ ਬਾਲ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਵਾਲੇ ਦਿਨ ਭਾਵ ਹਰ ਸਾਲ ੧੪ ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ । ਇਸ ਦਿਨ ਬੱਚਿਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਉੱਪਰ ਵਿਸ਼ੇਸ਼ ਚਿੰਤਾ ਦਰਸਾਈ ਜਾਂਦੀ ਹੈ । ਇਸ ਦਿਨ ਵਿਸ਼ੇਸ਼ ਤੌਰ ਉੱਤੇ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕਈ ਮਾਨਸਿਕ ਅਤੇ ਸਰੀਰਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ । ਪਰ ਸੱਚ ਇਹ ਹੈ ਕਿ ਇਸ ਬਾਲ ਦਿਵਸ ਉਪਰੰਤ ਵੀ ਦੇਸ਼ ਦਾ ਭਵਿੱਖ ਕਹੇ ਜਾਂਦੇ ਇਹਨਾਂ ਬਾਲਾਂ ਦੀ ਹਾਲਤ ਤਰਸਯੋਗ ਹੈ । ਢਾਂਚਾ ਇਹਨਾਂ ਬਾਲਾਂ ਦੇ ਸਰਵਪੱਖੀ ਵਿਕਾਸ ਲਈ ਉਹ ਮਾਹੌਲ ਸਿਰਜ ਕੇ ਨਹੀਂ ਦੇ ਸਕਿਆ ਜਿਸ ਦੇ ਇਹ ਹੱਕਦਾਰ ਹਨ । ਦੇਸ਼ ਦੇ ਬਹੁ-ਗਿਣਤੀ ਲੋਕ ਗੁਰਬਤ ਦੀ ਚੱਕੀ ਵਿੱਚ ਪਿਸਣ ਕਰਕੇ ਲੱਖਾਂ ਭਾਈ ਲਾਲੋਆਂ ਦੇ ਬਾਲ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਤਰਸ ਰਹੇ ਹਨ । ਲੱਖਾਂ ਬੱਚੇ ਬਾਲ-ਮਜ਼ਦੂਰੀ ਕਰਨ ਲਈ ਮਜ਼ਬੂਰ ਹਨ । ਸੱਚ ਹੋਰ ਵੀ ਕੌੜਾ ਹੋ ਸਕਦਾ ਹੈ । ਆਪ ਖੋਜ ਕਰਕੇ ਵੇਖੋਗੇ ਤਾਂ ਲੱਖਾਂ ਬੱਚੇ ਅੱਜ ਦੇ ਦਿਨ ਵੀ 'ਬਾਲ ਦਿਵਸ' ਤੋਂ ਵੀ ਅਣਜਾਨ ਹੋਣਗੇ ।
ਦੇਸ਼ ਦੀ ਧੰਨ-ਦੌਲਤ ਦੀ ਹੋ ਰਹੀ ਕਾਣੀ ਵੰਡ ਕਰਕੇ ਵੱਧ ਰਹੇ ਅਮੀਰੀ-ਗਰੀਬੀ ਦੇ ਪਾੜੇ ਨੇ ਗੁਰਬਤ ਦੇ ਵਿੱਚ ਦਿਨੋਂ-ਦਿਨ ਹੋਰ ਵਾਧਾ ਕੀਤਾ ਹੈ । ਬੇਰੁਜ਼ਗਾਰੀ ਨੇ ਵੀ ਕਰੋੜਾਂ ਚੁੱਲ੍ਹੇ ਠੰਢੇ ਕੀਤੇ ਹਨ । ਠੇਕੇਦਾਰੀ ਅਤੇ ਆਊਟਸੌਰਸਿੰਗ ਪ੍ਰਥਾ ਨੇ ਕਿਰਤ ਦੀ ਸ਼ਰੇਆਮ ਲੁੱਟ ਵਧਾਈ ਹੈ । ਮਹਿੰਗਾਈ ਨੇ ਵੀ ਕਚੂੰਮਰ ਕੱਢ ਕੇ ਰੱਖਿਆ ਹੋਇਆ ਹੈ । ਰੌਜ਼ਾਨਾ ਜੀਵਨ ਦੀ ਵਰਤੋਂ ਦੀਆਂ ਵਸਤੂਆਂ ਵੀ ਆਮ ਮਨੁੱਖ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਈਆਂ ਹਨ । ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਲੱਖਾਂ ਬੱਚੇ ਮਾਪਿਆਂ ਨਾਲ ਹੀ ਲੋਕਾਂ ਦੇ ਘਰਾਂ ਵਿੱਚ, ਖੇਤਾਂ ਵਿੱਚ, ਫੈਕਟਰੀਆਂ ਵਿੱਚ, ਹੋਟਲਾਂ ਵਿੱਚ ਬਾਲ-ਮਜ਼ਦੂਰੀ ਕਰਨ ਲਈ ਮਜ਼ਬੂਰ ਹਨ । ਨਿੱਜੀਕਰਨ ਅਤੇ ਵਪਾਰੀਕਰਨ ਵੱਲ ਵੱਧਦੀ ਸਿੱਖਿਆ ਨੇ ਲੱਖਾਂ ਬਾਲਾਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਹੈ । ਸੱਚਮੁੱਚ ਹੀ ਇਹ 'ਤੀਜੀ ਅੱਖ' ਕਹੀ ਜਾਣ ਵਾਲੀ ਵਿੱਦਿਆ ਕਾਣੀ ਕਰ ਦਿੱਤੀ ਗਈ ਹੈ । ਕੋਈ ਠੋਸ ਸਿੱਖਿਆ ਨੀਤੀ ਨਾ ਹੋਣ ਕਰਕੇ ਤਜ਼ੱਰਬਿਆਂ ਦਾ ਅਖਾੜਾ ਬਣੀ ਜਨਤਕ ਸਿੱਖਿਆ ਦਾ ਵੀ ਭੋਗ ਪਾਇਆ ਜਾ ਰਿਹਾ ਹੈ । ਕੇਂਦਰ ਅਤੇ ਰਾਜ ਸਰਕਾਰਾਂ ਦਾ ਜਨਤਕ ਸਿੱਖਿਆ ਲਈ ਬਜ਼ਟ ਵੱਧਣ ਦੀ ਥਾਂ ਘੱਟਦਾ ਜਾ ਰਿਹਾ ਹੈ । ਨਿੱਜੀ ਸਿੱਖਿਆ ਅਦਾਰੇ ਦੁਕਾਨਦਾਰ ਬਣ ਕੇ ਸ਼ਰੇਆਮ ਲੋਕਾਂ ਦੀ ਲੁੱਟ ਕਰ ਰਹੇ ਹਨ । ਇਹੀ ਹਾਲ ਸਿਹਤ ਸੇਵਾਵਾਂ ਦਾ ਹੈ । ਜਨਤਕ ਸਿਹਤ ਸੇਵਾਵਾਂ ਠੱਪ ਕਰਕੇ ਉਹਨਾਂ ਦਾ ਵੀ ਨਿੱਜੀਕਰਨ ਪੂਰੇ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ । ਜਨਤਕ ਸਿਹਤ ਸਹੂਲਤਾਂ ਦੀ ਘਾਟ ਕਰਕੇ ਬਹੁਤ ਸਾਰੀਆਂ ਗਰਭਵਤੀ ਮਹਿਲਾਵਾਂ ਕੁਪੌਸ਼ਿਤ ਬੱਚਿਆਂ ਨੂੰ ਹੀ ਜਨਮ ਦੇ ਰਹੀਆਂ ਹਨ । ਬਹੁਤ ਸਾਰੇ ਬੱਚੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹਨ । ਪੀਣ ਵਾਲਾ ਸਾਫ ਪਾਣੀ ਮੁਹੱਈਆ ਨਾ ਹੋਣ ਕਰਕੇ ਅਤੇ ਗੰਦਗੀ ਵਾਲੇ ਮਾਹੌਲ ਵਿੱਚ ਰਹਿਣ ਕਰਕੇ ਵੀ ਹਜ਼ਾਰਾਂ ਬੱਚੇ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਰਹੇ ਹਨ ਜਾਂ ਮੌਤ ਨਾਲੋਂ ਵੀ ਭੈੜੀ ਜ਼ਿੰਦਗੀ ਹੰਢਾ ਰਹੇ ਹਨ । ਨਿੱਜੀ ਹਸਪਤਾਲਾਂ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਹਜ਼ਾਰਾਂ ਬੇ-ਇਲਾਜੇ ਹੀ ਮਰ ਜਾਂਦੇ ਹਨ ਅਤੇ ਮਰ ਰਹੇ ਹਨ । ਪੜ੍ਹਿਆਂ-ਲਿਖਿਆਂ ਕੋਲੋਂ ਹੀ ਬਾਲੜੀਆਂ ਕੁੱਖ ਵਿੱਚ ਸਰੁੱਖਿਅਤ ਨਹੀਂ ਹਨ । ਮਾਦਾ ਭਰੂਣ ਰੂਪ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ । ਨਸ਼ੇੜੀ, ਕੱਟੜ-ਧਰਮੀ ਅਤੇ ਅਪਰਾਧਿਕ ਮਾਨਸਿਕਤਾ ਵਾਲਿਆਂ ਵੱਲੋਂ ਆਏ ਦਿਨ ਛੋਟੀਆਂ-ਛੋਟੀਆਂ ਬੱਚੀਆਂ ਦੇ ਜਿਸਮਾਂ ਨੂੰ ਹੈਵਾਨ ਬਣ ਕੇ ਨੋਚਿਆ ਜਾਂਦਾ ਹੈ । ਲੋਕਾਂ ਦੇ ਘਰਾਂ ਵਿੱਚ, ਖੇਤਾਂ ਵਿੱਚ, ਫੈਕਟਰੀਆ ਵਿੱਚ ਕੰਮ ਕਰਨ ਵਾਲੀਆਂ ਬਾਲੜੀਆਂ ਵੀ ਸੁਰੱਖਿਅਤ ਨਹੀਂ ਹਨ । ਅੱਜਕੱਲ੍ਹ ਬੱਚੀਆਂ ਨੂੰ ਮੰਗਦੇ ਵੀ ਆਮ ਹੀ ਵੇਖਿਆ ਜਾ ਸਕਦਾ ਹੈ । ਨਿੱਕੀਆਂ-ਨਿੱਕੀਆਂ ਬਾਲੜੀਆਂ ਨੂੰ ਕੁੱਛੜ ਛੋਟੇ-ਛੋਟੇ ਬੱਚੇ ਚੁਕਵਾ ਕੇ ਗੁੰਡਾ ਅਨਸਰਾਂ ਵੱਲੋਂ ਮੰਗਣ ਲਾਇਆ ਜਾਂਦਾ ਹੈ । ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਮੰਗਤਿਆਂ ਦੇ ਵੀ ਗੈਂਗ ਬਣੇ ਹੋਏ ਹਨ । ਹਮੇਸ਼ਾਂ ਇਹ ਸੋਚ-ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕੀ ਇਹ ਕੰਜਕਾਂ ਪੂਜਣ ਵਾਲਿਆਂ ਦਾ ਹੀ ਦੇਸ਼ ਹੈ ? ਕੀ ਇੱਥੇ ਔਰਤ ਨੂੰ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ? ਇਹ ਸਵਾਲ ਢਾਂਚੇ ਕੋਲੋਂ ਜਵਾਬ ਮੰਗਦੇ ਹਨ ।
ਮੌਜ਼ੂਦਾ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਾਡਾ ਢਾਂਚਾ ਉਹ ਮਾਹੌਲ ਸਿਰਜਣ ਵਿੱਚ ਨਾਕਾਮ ਰਿਹਾ ਹੈ ਜਿਸ ਮਾਹੌਲ ਦੀ ਦੇਸ਼ ਦਾ ਭਵਿੱਖ ਕਹੇ ਜਾਂਦੇ ਇਹਨਾਂ ਬੱਚਿਆਂ ਨੂੰ ਬਾਲ-ਵਰੇਸ ਵਿੱਚ ਵਿਸ਼ੇਸ਼ ਲੋੜ ਹੁੰਦੀ ਹੈ । ਇਹਨਾਂ ਬੱਚਿਆਂ ਕੋਲ ਸਾਧਨ ਨਹੀਂ ਹੁੰਦੇ । ਇਹਨਾਂ ਨੂੰ ਸਾਧਨ ਮੁਹੱਈਆ ਕਰਵਾਉਣਾ ਹੀ ਸਾਡੇ ਢਾਂਚੇ ਦਾ ਮੁੱਖ ਕੰਮ ਹੋਣਾ ਚਾਹੀਦਾ ਹੈ । ਢਾਂਚੇ ਨੂੰ ਇਹਨਾਂ ਦੇ ਮਾਪਿਆਂ ਨੂੰ ਪੱਕਾ ਰੁਜ਼ਗਾਰ ਦੇਣ ਲਈ, ਰੌਜ਼ਾਨਾ ਜੀਵਨ ਦੀਆਂ ਵਸਤਾਂ ਵਿਸ਼ੇਸ਼ ਰਿਆਇਤਾਂ ਉੱਤੇ ਦੇਣ ਲਈ, ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ, ਗਰਭਵਤੀ ਇਸਤਰੀਆਂ ਨੂੰ ਮੁਫਤ ਵਿਸ਼ੇਸ਼ ਸਿਹਤ ਸਹੂਲਤਾਂ ਦੇਣ ਲਈ, ਜਨਮ ਸਮੇਂ ਅਤੇ ਜਨਮ ਤੋਂ ਬਾਦ ਵਿਸ਼ੇਸ਼ ਸਿਹਤ ਸਹੂਲਤਾਂ ਦੇਣ ਲਈ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਿੱਖਿਆ ਦੇਣ ਲਈ ਜਨਤਕ ਅਦਾਰਿਆਂ ਨੂੰ ਅਮਲੀ ਰੂਪ ਵਿੱਚ ਮਿਆਰੀ ਬਣਾਉਣਾ ਪਵੇਗਾ । ਅਪਰਾਧ-ਰਹਿਤ ਸਮਾਜਿਕ ਮਾਹੌਲ ਵੀ ਸਿਰਜਣਾ ਪਵੇਗਾ ।ਸਾਫ-ਸੁਥਰੇ ਵਾਤਾਵਰਨ ਲਈ ਵੀ ਯਤਨ ਕਰਨੇ ਪੈਣਗੇ ।
ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਦੇਸ਼-ਵਾਸੀਆਂ ਨੂੰ ਜਨਤਕ ਸਹੂਲਤਾਂ ਦੇਣ ਲਈ ਨਿੱਜੀ ਅਦਾਰੇ ਬੰਦ ਕਰਕੇ ਜਨਤਕ ਅਦਾਰਿਆਂ ਦਾ ਵਿਸਥਾਰ ਕਰਨ ਅਤੇ ਇਹਨਾਂ ਨੂੰ ਮਜ਼ਬੂਤ ਕਰਨ । ਸਭ ਨੂੰ ਕੰਮ ਦੇ ਬਰਾਬਰ ਮੋਕੇ ਪ੍ਰਦਾਨ ਕਰਕੇ ਪੱਕਾ ਰੁਜ਼ਗਾਰ ਦੇ ਕੇ ਬੇਰੁਜ਼ਗਾਰੀ ਨੂੰ ਨੱਥ ਪਾਉਣ । ਮਹਿੰਗਾਈ ਉੱਤੇ ਕਾਬੂ ਪਾਉਣ । ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਨ ਦੇ ਪੁਖਤਾ ਇੰਤਜਾਮ ਕਰਨ । ਕੂੜਾ-ਕਰਕਟ ਦਾ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਹੀ ਜਗ੍ਹਾ ਨਿਪਟਾਰਾ ਕਰਨ । ਕਿਰਤ ਦਾ ਪੂਰਾ ਮੁੱਲ ਦੇਣ ਦੇ ਪੁਖਤਾ ਇੰਤਜਾਮ ਕਰਨ । ਬਾਲ-ਮਜ਼ਦੂਰੀ ਕਰਨ ਲਈ ਮਜ਼ਬੂਰ ਬੱਚਿਆਂ ਦੀ ਮਜ਼ਬੂਰੀ ਜੜੋਂ ਖਤਮ ਕਰਨ । ਮਾਦਾ ਭਰੂਣ ਹੱਤਿਆ ਅਮਲੀ ਰੂਪ ਵਿੱਚ ਬੰਦ ਕਰਵਾਉਣ । ਬਾਲੜੀਆਂ ਦੇ ਜਿਣਸੀ ਸ਼ੋਸ਼ਣ ਨੂੰ ਰੋਕਣ ਲਈ ਨਸ਼ੇ ਅਮਲੀ ਰੂਪ ਵਿੱਚ ਬੰਦ ਕਰਵਾਉਣ । ਅਪਰਾਧ ਵੀ ਅਮਲੀ ਰੂਪ ਵਿੱਚ ਖਤਮ ਕਰਨ । ਮੰਗਣਾ ਅਮਲੀ ਰੂਪ ਵਿੱਚ ਬੰਦ ਕਰਵਾਉਣ । ਇਸ ਤਰ੍ਹਾਂ ਨਾਲ ਬੱਚਿਆਂ ਨੂੰ ਬਰਾਬਰ ਸਿੱਖਿਆ, ਬਰਾਬਰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਅਤੇ ਬਾਲ-ਮਜ਼ਦੂਰੀ ਅਮਲੀ ਰੂਪ ਵਿੱਚ ਜੜੋਂ ਖਤਮ ਕਰਕੇ ਇਸ ਬਾਲ ਦਿਵਸ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ । ਢਾਂਚਾ ਮਾਹੌਲ ਸਿਰਜ ਕੇ ਦਏਗਾ ਤਾਂ ਬਾਲਾਂ ਦੀਆਂ ਪ੍ਰਤਿਭਾਵਾਂ ਆਪ-ਮੁਹਾਰੇ ਵੀ ਨਿਖਰ ਕੇ ਸਾਹਮਣੇ ਆਉਣਗੀਆਂ ।ਫਿਰ ਉਹਨਾਂ ਪ੍ਰਤਿਭਾਵਾਂ ਨੂੰ ਤਰਾਸ਼ ਕੇ ਦੇਸ਼ ਚੰਗੇ ਅਧਿਆਪਕ, ਚੰਗੇ ਰਾਜਨੀਤੀਵਾਨ, ਚੰਗੇ ਸਾਇੰਸਦਾਨ, ਚੰਗੇ ਫਿਲਾਸਫਰ, ਚੰਗੇ ਵਿਗਿਆਨਿਕ, ਚੰਗੇ ਅਰਥ-ਸ਼ਾਸ਼ਤਰੀ, ਚੰਗੇ ਗਣਿਤਵਾਨ, ਚੰਗੇ ਸਾਹਿਤਕਾਰ ਅਤੇ ਚੰਗੇ ਖਿਡਾਰੀ ਪੈਦਾ ਕਰ ਸਕੇਗਾ ਜੋ ਸਾਡੇ ਦੇਸ਼ ਦਾ ਪੂਰੀ ਦੁਨੀਆਂ ਵਿੱਚ ਨਾਮ ਕਰਨਗੇ । ਸਾਰੇ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੋਵੇਗਾ ।
ਗੁਰਪ੍ਰੀਤ ਸਿੰਘ ਰੰਗੀਲਪੁਰ ਮੋ.੯੮੫੫੨੦੭੦੭੧
12 Nov. 2018