ਪ੍ਰੀਖਿਆ ਵਿੱਚ ਚੰਗੇ ਅੰਕਾਂ ਲਈ ਕੁੱਝ ਨੁਕਤੇ ਵਿਚਾਰਨ ਦੀ ਲੋੜ - ਚਮਨਦੀਪ ਸ਼ਰਮਾ
ਸਲਾਨਾ ਪ੍ਰੀਖਿਆਵਾਂ ਨਜ਼ਦੀਕ ਆ ਰਹੀਆਂ ਹਨ।ਇਹਨਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦਾ ਮਕਸਦ ਕੇਵਲ ਪਾਸ ਹੋਣਾ ਹੀ ਨਹੀਂ ਬਲਕਿ ਵਧੀਆਂ ਅੰਕ ਪ੍ਰਾਪਤ ਕਰਨ ਦਾ ਹੋਣਾ ਚਾਹੀਦਾ ਹੈ ਤਾਂ ਜੋ ਅਗਲੀਆਂ ਕਲਾਸਾਂ ਦੇ ਲਈ ਲਾਹੇਵੰਦ ਹੋ ਸਕੇ।ਚੰਗੇ ਅੰਕ ਪ੍ਰਾਪਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।ਇਸਦੀ ਪ੍ਰਾਪਤੀ ਦੇ ਲਈ ਬੱਚਿਆਂ ਨੂੰ ਇੱਕ ਵਿਸ਼ੇਸ ਯੋਜਨਾਬੰਦੀ ਦਾ ਨਿਰਮਾਣ ਕਰਨਾ ਪੈਂਦਾ ਹੈ।ਇਸ ਮੁਤਾਬਿਕ ਪੜ੍ਹਾਈ ਕਰਨ ਨਾਲ ਹੀ ਸਫ਼ਲਤਾ ਦੀ ਪੌੜੀ ਤੇ ਚੜਿਆ ਜਾ ਸਕਦਾ ਹੈ।ਬੋਰਡ ਦੀਆਂ ਪ੍ਰੀਖਿਆਵਾਂ ਜਿਵੇਂ ਮੈਟ੍ਰਿਕ ਅਤੇ ਬਾਰਵੀਂ ਆਦਿ ਜਮਾਤਾਂ ਤਾਂ ਵਿਦਿਆਰਥੀਆਂ ਦੇ ਕਰੀਅਰ ਨਾਲ ਸਬੰਧਿਤ ਹਨ।ਸੋ ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਇਹਨਾਂ ਦੇ ਮਹੱਤਵ ਤੋਂ ਭਲੀ ਭਾਂਤ ਜਾਣੂ ਕਰਵਾਉਣਾ ਜਰੂਰੀ ਹੈ।ਅਸੀਂ ਅਕਸਰ ਦੇਖਦੇ ਹਾਂ ਕਿ ਕਈ ਬੱਚਿਆਂ ਦਾ ਕੱਦ ਕਾਠ ਵਧੀਆ ਹੁੰਦਾ ਹੈ ਪਰ ਉਹ ਦਸਵੀਂ ਸ੍ਰੇਣੀ ਨੂੰ ਪਾਸ ਨਾ ਕਰਨ ਸਦਕਾ ਪੁਲਿਸ, ਫੌਜ਼ ਆਦਿ ਹੋਰ ਕਾਫ਼ੀ ਨੌਕਰੀਆਂ ਵਿੱਚ ਅਪਲਾਈ ਹੀ ਨਹੀਂ ਕਰ ਸਕਦੇ।ਕਈ ਬੱਚਿਆਂ ਦੀ ਰੁਚੀ ਹੱਥੀ ਕਿਰਤ ਵਾਲੇ ਕੰਮ, ਰਿਪੇਅਰ ਆਦਿ ਵਿੱਚ ਹੁੰਦੀ ਹੈ ਪਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਨਾ ਕਰਨ ਸਦਕਾ ਉਹ ਅਜਿਹੇ ਸਰਕਾਰੀ ਕੋਰਸਾਂ ਵਿੱਚ ਦਾਖਲਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।ਇਸ ਦੇ ਉਲਟ ਵਧੀਆ ਅੰਕਾਂ ਵਾਲੇ ਬੱਚੇ ਕਿਸੇ ਵੀ ਖੇਤਰ ਵਿੱਚ ਜਾ ਸਕਦੇ ਹਨ।ਸੋ ਵਿਦਿਆਰਥੀ ਉਦੇਸ਼ ਤਹਿਤ ਤਿਆਰੀ ਕਰਨ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਹੋ ਸਕੇ।
ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਮਾਂ ਸਾਰਣੀ ਭਾਵ ਪੜਨ ਵਾਲੇ ਘੰਟੇ ਨਿਰਧਾਰਿਤ ਕਰਨੇ ਪੈਣਗੇ।ਹਰੇਕ ਵਿਸ਼ੇ ਦੇ ਲਈ ਘੱਟੋ ਘੱਟ ਇੱਕ ਘੰਟਾ ਜਰੂਰ ਰੱਖਿਆ ਜਾਣਾ ਜਰੂਰੀ ਹੈ।ਔਖੇ ਵਿਸ਼ਿਆਂ ਦੇ ਲਈ ਇਹ ਸਮਾਂ ਵਧਾਇਆ ਜਾ ਸਕਦਾ ਹੈ।ਮੈਟ੍ਰਿਕ ਕਲਾਸ ਦੀ ਜੇ ਗੱਲ ਕਰੀਏ ਤਾਂ ਅੱਠ ਘੰਟੇ ਦੀ ਸਮਾਂ ਸਾਰਨੀ ਬਣਾਉਣ ਦੀ ਲੋੜ ਹੈ।ਜਿਸ ਵਿੱਚ ਬੱਚਿਆਂ ਨੂੰ ਚਾਰ ਘੰਟੇ ਸਵੇਰ ਦੇ ਸਮੇਂ ਵਿੱਚ ਔਖੇ ਵਿਸ਼ਿਆ ਦਾ ਅਧਿਐਨ ਅਤੇ ਬਾਕੀ ਚਾਰ ਘੰਟੇ ਸਕੂਲ ਸਮੇਂ ਤੋਂ ਬਾਅਦ ਸੌਖੇ ਵਿਸ਼ਿਆਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ।ਟਾਈਮ ਟੇਬਲ ਵਿੱਚ ਦੁਹਰਾਈ ਦਾ ਸਮਾਂ ਜਰੂਰ ਨਿਰਧਾਰਿਤ ਹੋਵੇ ਤਾਂ ਜੋ ਹਫਤੇ ਵਿੱਚ ਕੀਤੇ ਗਏ ਕੰਮ ਦੀ ਪੜਤਾਲ ਕੀਤੀ ਜਾ ਸਕੇ ਕਿ ਕਿਤੇ ਯਾਦ ਕੀਤਾ ਹੋਇਆ ਕੰਮ ਭੁੱਲ ਤਾਂ ਨਹੀਂ ਚੁੱਕੇ।ਬੱਚਿਆਂ ਨੂੰ ਰਾਤ ਵੇਲੇ ਜਲਦ ਸੌਣ ਦੀ ਜਰੂਰਤ ਹੈ।
ਪੜ੍ਹਾਈ ਵਾਲੇ ਸਥਾਨ ਦੀ ਚੋਣ ਕਰਦੇ ਹੋਏ ਉਸ ਕਮਰੇ ਵਿੱਚ ਪੜ੍ਹਨ ਨੂੰ ਤਰਜੀਹ ਦਿੱਤੀ ਜਾਵੇ ਜਿੱਥੇ ਘਰ ਦੇ ਮੈਂਬਰਾਂ ਦਾ ਸ਼ੋਰ ਨਾ ਹੋਵੇ।ਪ੍ਰਸ਼ਨਾਂ ਨੂੰ ਯਾਦ ਕਰਨ ਵੇਲੇ ਜੇਕਰ ਕਿਸੇ ਪ੍ਰਕਾਰ ਦੀ ਸ਼ੰਕਾ ਹੈ ਤਾਂ ਉੱਤਰ ਨੂੰ ਅੰਡਰਲਾਈਨ ਕਰਕੇ ਆਪਣੇ ਅਧਿਆਪਕ ਨਾਲ ਚਰਚਾ ਕਰੋ।ਪਰ ਜੇਕਰ ਬਿਨ੍ਹਾਂ ਸਮਝੇ ਹੀ ਰੱਟਾ ਲਗਾਇਆ ਜਾ ਰਿਹਾ ਹੈ ਤਾਂ ਯਕੀਨਨ ਹੀ ਪ੍ਰੀਖਿਆਂ ਵਿੱਚ ਨੰਬਰ ਘੱਟ ਆਉਣ ਦੀ ਪੂਰੀ ਸੰਭਾਵਨਾ ਹੈ।ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੀ ਤਿਆਰੀ ਲਿਖਕੇ ਕਰਨਾ ਹੀ ਵਧੇਰੇ ਚੰਗਾ ਹੈ ਕਿਉਂ ਜੋ ਇਸ ਨਾਲ ਗਲਤੀਆਂ ਦਾ ਪਤਾ ਲੱਗਦਾ ਹੈ।ਸਮਾਜਿਕ ਸਿੱਖਿਆ ਵਿਸ਼ੇ ਵਿੱਚ ਨਕਸ਼ਿਆਂ ਅਤੇ ਸਾਇੰਸ ਦੇ ਚਿੱਤਰ ਵੀ ਬਣਾਕੇ ਵੇਖਣੇ ਜਰੂਰੀ ਹਨ।ਕੁੱਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਕਿ ਪ੍ਰਸ਼ਨ ਨੂੰ ਬਿਨਾਂ ਪੜ੍ਹੇ ਹੀ ਉੱਤਰ ਰੱਟ ਦਿੰਦੇ ਹਨ ਜੋ ਕਿ ਸਰਾਂਸਰ ਗਲਤ ਹੈ।ਅਧਿਆਪਕਾਂ ਨੂੰ ਪ੍ਰਸ਼ਨ ਸੁਣਾਉਣ ਵੇਲੇ ਉਹ ਪ੍ਰਸ਼ਨ ਨੰਬਰ ਪੁੱਛਦੇ ਹਨ।ਪ੍ਰਸ਼ਨ ਨੰਬਰ ਨਾ ਦੱਸਣ ਤੇ ਉਹ ਉੱਤਰ ਸੁਣਾਉਣ ਤੋਂ ਅਸਮਰੱਥ ਹੁੰਦੇ ਹਨ।ਇਹ ਆਦਤ ਨੂੰ ਫੌਰੀ ਬਦਲਣ ਦੀ ਲੋੜ ਹੈ।ਇਹ ਕੋਸ਼ਿਸ ਕੀਤੀ ਜਾਵੇ ਕਿ ਯਾਦ ਕੀਤੇ ਜਾਣ ਵਾਲੇ ਪ੍ਰਸ਼ਨਾਂ ਦੇ ਸਬੰਧ ਵਿੱਚ ਹੋਰਨਾਂ ਕਿਤਾਬਾਂ ਰਾਹੀਂ ਅਲੱਗ ਤੋਂ ਜਾਣਕਾਰੀ ਇਕੱਠੀ ਕੀਤੀ ਜਾਵੇ।
ਪ੍ਰੀਖਿਆ ਵਿੱਚ ਸੁੰਦਰ ਲਿਖਾਈ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਪ੍ਰੀਖਿਆਰਥੀ ਨੇ ਜੋ ਕੁੱਝ ਵੀ ਲਿਖਿਆ ਹੈ ਉਹ ਪੜ੍ਹਨਯੋਗ ਹੋਣਾ ਜਰੂਰੀ ਹੈ।ਗੰਦੀ ਲਿਖਾਈ ਦਾ ਖਾਮਿਆਜ਼ਾ ਲਾਜ਼ਮੀ ਤੌਰ ਤੇ ਨੰਬਰ ਕੱਟਵਾ ਕੇ ਭੁਗਤਣਾ ਹੀ ਪੈਂਦਾ ਹੈ।ਹਰੇਕ ਬੱਚੇ ਨੂੰ ਆਪਣੀ ਸਮਰੱਥਾ ਦੇ ਮੁਤਾਬਿਕ ਆਪਣੀ ਤਿਆਰੀ ਕਰਨੀ ਚਾਹੀਦੀ ਹੈ।ਮੈਰਿਟ ਵਿੱਚ ਆਉਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਾਰੇ ਸਿਲੇਬਸ ਦਾ ਅਧਿਐਨ ਕਰਨਾ ਜਰੂਰੀ ਹੈ ਜਦਕਿ ਪੜ੍ਹਾਈ ਵਿੱਚ ਕਮਜੋਰ ਬੱਚੇ ਛੋਟੇ ਅਤੇ ਦਰਮਿਆਨੇ ਪ੍ਰਸ਼ਨਾਂ ਉੱਪਰ ਅਧਿਕ ਜੋਰ ਦੇਣਾ ਲਾਹੇਵੰਦ ਹੋਵੇਗਾ।ਵੱਡੇ ਪ੍ਰਸ਼ਨਾਂ ਨੂੰ ਯਾਦ ਰੱਖਣ ਦੇ ਲਈ ਪੁਆਇੰਟ ਬਣਾਉਣਾ ਉੱਚਿਤ ਹੁੰਦਾ ਹੈ।ਪੇਪਰ ਵਿੱਚ ਨਕਲ ਦੀ ਆਸ ਨੂੰ ਭੁੱਲ ਕੇ ਆਪਣੀ ਪੂਰੀ ਤਿਆਰੀ ਦੇ ਨਾਲ ਪ੍ਰੀਖਿਆ ਕੇਂਦਰ ਜਾਣਾ ਹੀ ਸਹੀ ਬੁੱਧੀਮਾਨੀ ਹੈ।ਇਹ ਗੱਲ ਵਿਦਿਆਰਥੀਆਂ ਨੂੰ ਦੱਸਣਯੋਗ ਹੈ ਕਿ ਨਕਲ ਕਰਦੇ ਫੜ੍ਹੇ ਜਾਣ ਤੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਹੈ।
ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਨੂੰ ਮਾਨਸਿਕ ਬੋਝ ਨਾ ਸਮਝਦੇ ਹੋਏ ਵਿਸ਼ਿਆ ਦੀ ਤਿਆਰੀ ਕਰਨ ਤਾਂ ਜੋ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ।ਸਾਰੇ ਬੱਚਿਆਂ ਨੂੰ ਲੰਘ ਗਏ ਸਮੇਂ ਨੂੰ ਭੁੱਲ ਕੇ ਇੱਕ ਨਵੀਂ ਸੁਰੂਆਤ ਕਰਨ ਦੀ ਲੋੜ ਹੈ।ਇੱਥੇ ਵਿਦਿਆਰਥੀਆਂ ਨੂੰ ਦੱਸਣਾ ਬਣਦਾ ਹੈ ਕਿ ਜਿਹੜੇ ਵਿਦਿਆਰਥੀ ਪ੍ਰੀਖਿਆਂ ਦੇ ਸੁਰੂ ਹੋਣ ਤੋਂ ਦੋ ਮਹੀਨੇ ਵਧੀਆ ਤਿਆਰੀ ਕਰਦੇ ਹਨ ਉਹ ਕਲਾਸ ਵਿੱਚ ਸਾਰਾ ਸਾਲ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਕੁੱਝ ਬੱਚਿਆਂ ਤੋਂ ਅੱਗੇ ਲੰਘ ਜਾਂਦੇ ਹਨ।ਪ੍ਰੀਖਿਆਂ ਦੇ ਦਿਨਾਂ ਤੋਂ ਪਹਿਲਾ ਅਧਿਆਪਕਾਂ ਦੁਆਰਾ ਸਕੂਲਾਂ ਵਿੱਚ ਵਾਧੂ ਸਮਾਂ, ਜੀਰੋ ਪੀਰੀਅਡ ਲਗਾਕੇ ਤਿਆਰੀ ਕਰਵਾਈ ਜਾਂਦੀ ਹੈ।ਸੋ ਵਿਦਿਆਰਥੀਆਂ ਨੇ ਇਹ ਸਮਾਂ ਕਿਸੇ ਵੀ ਕੀਮਤ ਤੇ ਮਿਸ ਨਹੀਂ ਕਰਨਾ ਹੈ।ਅਧਿਆਪਕਾਂ ਦੀ ਹਰ ਗੱਲ ਤੇ ਗੌਰ ਕਰਨਾ ਬਣਦਾ ਹੈ ਕਿਉਂ ਜੋ ਦੁਹਰਾਈ ਦੌਰਾਨ ਮਹੱਤਵਪੂਰਨ ਪ੍ਰਸ਼ਨਾਂ ਦੀ ਚਰਚਾ ਵਾਰ ਵਾਰ ਕੀਤੀ ਜਾਂਦੀ ਹੈ।ਵਿਭਾਗ ਵੱਲੋਂ ਭੇਜੇ ਜਾਂਦੇ ਮਾਡਲ ਟੈੱਸਟ ਪੇਪਰਾਂ ਨੂੰ ਹੱਲ ਕਰਵਾਇਆ ਜਾਂਦਾ ਹੈ ਜੋ ਕਿ ਸਲਾਨਾ ਪ੍ਰੀਖਿਆ ਦੇ ਲਾਭਦਾਇਕ ਸਿੱਧ ਹੁੰਦੇ ਹਨ।ਬੱਚਿਆਂ ਨੂੰ ਮੋਬਾਈਲ ਫੋਨ, ਖੇਡ, ਵਿਆਹ ਸ਼ਾਦੀ ਆਦਿ ਤੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਹੈ।
ਪ੍ਰਸ਼ਨ ਪੱਤਰਾਂ ਨੂੰ ਧਿਆਨ ਨਾਲ ਪੜ੍ਹਕੇ ਉੱਤਰ ਲਿਖਣੇ ਚਾਹੀਦੇ ਹਨ।ਕਈ ਵਾਰ ਕਾਹਲ ਵਿੱਚ ਗਲਤ ਉੱਤਰ ਲਿਖੇ ਜਾਣ ਦੀ ਸੰਭਾਵਨਾ ਹੁੰਦੀ ਹੈ।ਪ੍ਰੀਖਿਆ ਵਿੱਚ ਪੂਰਾ ਸਮਾਂ ਬੈਠਣਾ ਚਾਹੀਦਾ ਹੈ।ਜੇਕਰ ਕੋਈ ਪ੍ਰਸ਼ਨ ਨਹੀਂ ਆਉਂਦਾ ਤਾਂ ਉਸਨੂ਼ੰ ਉੱਤਰ ਪੁਸਤਿਕਾ ਵਿੱਚ ਜਰੂਰ ਲਿਖੋ ਕਿਉਂਕਿ ਹੋ ਸਕਦਾ ਹੈ ਕਿ ਉਹ ਪ੍ਰਸ਼ਨ ਸਿਲੇਬਸ ਤੋਂ ਬਾਹਰ ਹੋਵੇ।ਪ੍ਰਸ਼ਨ ਲਿਖਣ ਦੀ ਸੂਰਤ ਵਿੱਚ ਤੁਸੀ ਗਰੇਸ ਨੰਬਰ ਦੇ ਹੱਕਦਾਰ ਬਣ ਜਾਂਦੇ ਹੋ।ਪਿਛਲੇ ਸਾਲਾਂ ਦੇ ਆਏ ਹੋਏ ਪ੍ਰਸ਼ਨਾਂ ਨੂੰ ਵਾਰ ਵਾਰ ਪੜਿਆ ਜਾਵੇ।ਆਪਣੀ ਸਿਹਤ ਪ੍ਰਤਿ ਧਿਆਨ ਦਿੱਤਾ ਜਾਵੇ।ਮੈਨੂੰ ਉਮੀਦ ਹੈ ਕਿ ਵਿਦਿਆਰਥੀ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਛੋਟੇ ਛੋਟੇ ਨੁਕਤਿਆਂ ਨੂ਼ੰ ਅਪਣਾ ਕੇ ਜਿੱਥੇ ਚੰਗੇ ਅੰਗ ਹਾਂਸਲ ਕਰਨਗੇ ਉੱਥੇ ਹੀ ਆਪਣੇ ਮਾਤਾ ਪਿਤਾ ਦਾ ਨਾ ਵੀ ਜਰੂਰ ਰੌਸ਼ਨ ਕਰਨਗੇ।
ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ- 95010 33005