MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰੀਤ ਲੱਧੜ ਦੀ ਪਲੇਠੀ ਕਾਵਿ-ਕਿਤਾਬ ‘ਕਲਮ ਨਾਦ’ 'ਤੇ ਹੋਈ ਗੋਸ਼ਟੀ

ਸ਼ਾਹਕੋਟ,20 ਅਪ੍ਰੈਲ (ਹਰਦੀਪ ਸਿੰਘ)  - ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ - ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ - ਭੰਗਾਲਾ, ਯੂਰਪੀ ਪੰਜਾਬੀ ਸੱਥ - ਵਾਲਸਾਲ ਅਤੇ ਸ਼ਮ੍ਹਾਂਦਾਨ ਅਦਾਰੇ ਸਹਿਯੋਗ ਨਾਲ ਵਾਲਸਾਲ ਅਤੇ ਸ਼ਮ੍ਹਾਂਦਾਨ ਅਦਾਰੇ ਸਹਿਯੋਗ ਨਾਲ ਪ੍ਰੀਤ ਲੱਧੜ ਦੀ ਪਲੇਠੀ ਕਾਵਿ-ਕਿਤਾਬ ਕਲਮ ਨਾਦ 'ਤੇ ਗੋਸ਼ਟੀ / ਵਿਚਾਰ ਚਰਚਾ ਕਰਵਾਈ ਗਈ। ਜਿਸ ਵਿੱਚ ਕਿਤਾਬ ਵਿੱਚਲੇ ਵਿਸ਼ਿਆਂ ਅਤੇ ਕਾਵਿ-ਰੂਪਾ ਬਾਰੇ ਵਿਚਾਰ ਸਾਂਝੇ ਕੀਤੇ ਗਏ।

         ਆਨ-ਲਾਈਨ ਕਿਤਾਬ ਗੋਸ਼ਟੀ ਸਮਾਰੋਹ ਵਿੱਚ ਸਾਹਿਤਕ ਏਕਮ ਦੀ ਨਾਮਵਰ ਸੰਪਾਦਕ ਅਰਤਿੰਦਰ ਸੰਧੂ, ਦੋਆਬਾ ਸਾਹਿਤ ਸਭਾ-ਗੜ੍ਹਸ਼ੰਕਰ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ, ਸਾਹਿਤ ਸਭਾ-ਲੁਧਿਆਣਾ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਮਾਂਗਟ, ਮਹਿਕ ਪੰਜਾਬ ਦੀ ਗਰੁੱਪ ਦੇ ਪ੍ਰਬੰਧਕ ਪ੍ਰੋ. ਰਾਮ ਲਾਲ ਭਗਤ,ਸਾਹਿਤ ਸਭਿ ਗੁਰਦਾਸਪੁਰ ਦੇ ਪ੍ਰਧਾਨ ਜੇ.ਪੀ.ਸਿੰਘ ਖਰਲਾਂਵਾਲਾ, ਕਲਮ ਨਾਦ ਦੇ ਲੇਖਕ ਪ੍ਰੀਤ ਲੱਧੜ ਤੋਂ ਇਲਾਵਾ ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ. ਜਸਵੀਰ ਸਿੰਘ ਸ਼ਾਮਲ ਹੋਏ।

               ਕਲਮ ਨਾਦ ਬਾਰੇ ਵਿਚਾਰ ਕਰਦਿਆਂ ਮੈਡਮ ਅਰਤਿੰਦਰ ਸੰਧੂ ਹੁਰਾਂ ਕਿਹਾ ਕਿ ਪ੍ਰੀਤ ਲੱਧੜ ਕੋਲ ਕਵਿਤਾ ਲਿਖਣ ਦੀ ਸੂਝ ਵੀ ਹੈ ਤੇ ਵਿਸ਼ੇ ਵੀ ਨੇ। ਇਸ ਉਪਰੰਤ ਪ੍ਰੋ. ਸੰਧੂ ਵਰਿਆਣਵੀ ਹੋਰਾਂ ਕਿਹਾ ਕਿ ਪ੍ਰੀਤ ਕੋਲ ਪ੍ਰਬੰਧ ਨੂੰ ਸਮਝਣ ਤੇ ਲਿਖਣ ਦੀ ਬੜੀ ਸਮਰੱਥਾ ਜਾਪਦੀ ਹੈ। ਕਲਮ ਨਾਦ ਦਾ ਮੁੱਖ ਬੰਦ ਲਿਖਣ ਵਾਲੇ ਸਹਿਜਪ੍ਰੀਤ ਮਾਂਗਟ ਹੋਰਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਪ੍ਰੀਤ ਲੱਧੜ ਦੀ ਪਹਿਲੀ ਕਿਤਾਬ ਹੈ ਪਰ ਉਸ ਨੂੰ ਗ਼ਜ਼ਲ ਦੀ ਚੰਗੀ ਜਾਣਕਾਰੀ ਹੈ। ਪ੍ਰੋ. ਰਾਮ ਲਾਲ ਭਗਤ ਹੋਰਾਂ ਦੱਸਿਆ ਕਿ ਕਲਮ ਨਾਦ ਨਾਲ ਪ੍ਰੀਤ ਲੱਧੜ ਪੰਜਾਬੀ ਸਾਹਿਤ ਜਗਤ ਵਿੱਚ ਮੁਬਾਰਕ ਕਦਮ ਪੁੱਟ ਰਿਹਾ ਹੈ। ਇਉਂ ਹੀ ਜੇ.ਪੀ.ਸਿੰਘ ਖਰਲਾਂਵਾਲਾ ਹੋਰਾਂ ਕਲਮ ਨਾਦ ਵਿਚੋਂ ਕੁੱਝ ਬੋਲ ਸਾਂਝੇ ਕੀਤੇ।

        ਆਖ਼ਰ ਵਿੱਚ ਪ੍ਰੀਤ ਲੱਧੜ ਵੱਲੋਂ ਆਪਣੀ ਕਿਤਾਬ ਦੇ ਛਪਣ ਤੇ ਲਿਖਣ ਪ੍ਰਤੀ ਘਾਲੀ ਘਾਲਣਾ ਦਾ ਜ਼ਿਕਰ ਕੀਤਾ ਗਿਆ। ਜਿਸ ਉਪਰੰਤ ਮੌਜੂਦ ਕਵੀਆਂ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਲਾਈਵ ਪ੍ਰੋਗਰਾਮ ਦੀ ਸਮਾਪਤੀ ਵੇਲੇ ਪ੍ਰੋ.ਜਸਵੀਰ ਸਿੰਘ ਨੇ ਸਾਰੇ ਵਿਦਵਾਨਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ। ਪ੍ਰੀਤ ਲੱਧੜ ਨੂੰ ਉਸ ਦੀ ਸਾਹਿਤਕ ਕਿਤਾਬ ਦੀ ਮੁਬਾਰਕਾਂ ਦਿੱਤੀਆਂ। ਇਸ ਕਿਤਾਬ ਗੋਸ਼ਟੀ ਤੱਕ ਕਰੀਬ ਇੱਕ ਹਜ਼ਾਰ ਲੋਕਾਂ/ਦਰਸ਼ਕਾਂ ਵੱਲੋਂ ਰੀਚ/ਪਹੁੰਚ ਕੀਤੀ ਗਈ।