
ਐਸ.ਡੀ.ਐਮ ਨੇ ਸਰਹਿੰਦ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਈ
ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫਸਲ ਹੀ ਲੈਕੇ ਆਉਣ ਦੀ ਅਪੀਲ 
ਫਤਹਿਗੜ੍ਹ ਸਾਹਿਬ, 12 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਪੰਜਾਬ 'ਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਕਣਕ ਮੰਡੀਆਂ ਵਿੱਚ ਪੁੱਜਣ ਲੱਗ ਪਈ ਹੈ ਅਤੇ ਅੱਜ ਅਨਾਜ ਮੰਡੀ, ਸਰਹਿੰਦ ਵਿੱਚ ਐਸ.ਡੀ.ਐਮ. ਫਤਹਿਗੜ੍ਹ ਸਾਹਿਬ, ਸ਼੍ਰੀਮਤੀ ਇਸਮਤ ਵਿਜੈ ਸਿੰਘ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਐੱਸ.ਡੀ.ਐਮ. ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ, ਜਿਸ ਲਈ ਜ਼ਿਲ੍ਹੇ ਵਿੱਚ 32 ਖਰੀਦ ਕੇਂਦਰ ਹਨ। ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ, ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਲਈ ਪੀਣ ਵਾਲੇ ਪਾਣੀ, ਬੈਠਣ ਅਤੇ ਬਾਰਦਾਨੇ, ਬਿਜਲੀ ਦੇ ਪ੍ਰਬੰਧ ਪੁਖ਼ਤਾ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੁੱਕੀ ਫਸਲ ਦੀ ਨਾਲੋ ਨਾਲ ਖਰੀਦ ਕਰ ਕੇ ਤੈਅ ਸਮੇਂ ਦੇ ਵਿੱਚ ਵਿਚ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਸੁੱਕੀ ਫਸਲ ਹੀ ਲੈਕੇ ਆਉਣ ਤਾਂ ਜੋ ਫਸਲ ਦੀ ਖਰੀਦ ਨਾਲੋ ਨਾਲ ਹੋ ਸਕੇ। ਇਸ ਮੌਕੇ ਏ.ਐਫ.ਐਸ.ਓ. ਕੇਵਲ ਸਿੰਘ, ਜ਼ਿਲ੍ਹਾ ਮੰਡੀ ਅਫਸਰ ਗੌਰਵ ਗਰਗ, ਸਕੱਤਰ ਮਾਰਕੀਟ ਕਮੇਟੀ ਸਰਹਿੰਦ ਕੰਵਲਪ੍ਰੀਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ,ਉਪ ਪ੍ਰਧਾਨ ਤਰਸੇਮ ਉੱਪਲ, ਰਾਜੇਸ਼ ਉੱਪਲ, ਰਾਜੇਸ਼ ਸ਼ਰਮਾ, ਪਨਗਰੇਨ ਦੇ ਇੰਸਪੈਕਟਰ ਭਵਨਜੀਤ ਤੇ ਜਸਵੀਰ ਸਿੰਘ, ਪਨਸਪ ਦੇ ਗੁਰਪ੍ਰੀਤ ਸਿੰਘ ਸਮੇਤ ਵੱਖੋ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।