MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਿਹੈ ਚੋਣ ਕਮਿਸ਼ਨ, ਖੜਗੇ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ : ਕਾਂਗਰਸ


ਨਵੀਂ ਦਿੱਲੀ - ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਵਿਰੋਧੀ ਨੇਤਾਵਾਂ ਨੂੰ ਚੋਣ ਅਧਿਕਾਰੀ ਨਿਸ਼ਾਨਾ ਬਣਾ ਰਹੇ ਹਨ ਅਤੇ ਦਾਅਵਾ ਕੀਤਾ ਕਿ ਬਿਹਾਰ ਦੇ ਸਮਸਤੀਪੁਰ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਨੇਤਾਵਾਂ ਨੂੰ 'ਆਜ਼ਾਦ ਰੂਪ' ਨਾਲ ਘੁੰਮਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਖੜਗੇ ਨੇ ਸ਼ਨੀਵਾਰ ਨੂੰ ਬਿਹਾਰ ਦੇ ਸਮਸਤੀਪੁਰ ਅਤੇ ਮੁਜ਼ੱਫਰਪੁਰ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਨੇਤਾ ਰਾਜੇਸ਼ ਰਾਠੌੜ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਵੀਡੀਓ ਸੰਦੇਸ਼ 'ਚ ਦਾਅਵਾ ਕੀਤਾ,''ਕੇਰਲ 'ਚ ਰਾਹੁਲ ਗਾਂਧੀ  ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਅਤੇ ਹੁਣ ਬਿਹਾਰ ਦੇ ਸਮਸਤੀਪੁਰ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਹੈ।'' ਪਾਰਟੀ ਦੀ ਬਿਹਾਰ ਇਕਾਈ ਦੇ ਮੁੱਖ ਬੁਲਾਰੇ ਰਾਠੌੜ ਨੇ ਕਿਹਾ ਕਿ ਬਿਹਾਰ ਦੀ ਮੁੱਖ ਚੋਣ ਅਧਿਕਾਰੀ ਨੇ ਖੁਦ ਸਮਸਤੀਪੁਰ 'ਚ ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ। ਵੀਡੀਓ 'ਚ ਇਕ ਹੈਲੀਕਾਪਟਰ ਦੇ ਚਾਰੇ ਪਾਸੇ ਪੁਲਸ ਕਰਮੀ ਅਤੇ ਅਧਿਕਾਰੀ ਦਿਖਾਈ ਦਿੰਦੇ ਹਨ। ਰਾਠੌੜ ਨੇ ਆਪਣੇ ਵੀਡੀਓ ਸੰਦੇਸ਼ 'ਚ ਕਿਹਾ,''ਚੋਣ ਕਮਿਸ਼ਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਕਾਂਗਰਸ ਨੇਤਾਵਾਂ ਦੇ ਹੈਲੀਕਾਪਟਰਾਂ ਦੀ ਅਜਿਹੀ ਜਾਂਚ ਨਿਯਮਿਤ ਹੈ ਅਤੇ ਜੇਕਰ ਨਿਯਮਿਤ ਹੈ ਤਾਂ ਕੀ ਰਾਜਗ ਦੇ ਸੀਨੀਅਰ ਨੇਤਾਵਾਂ ਦੀ ਵੀ ਇਸੇ ਤਰ੍ਹਾਂ ਦੀ ਜਾਂਚ ਕੀਤੀ ਗਈ ਹੈ।'' ਉਨ੍ਹਾਂ ਕਿਹਾ,''ਚੋਣ ਕਮਿਸ਼ਨ ਨੂੰ ਅਜਿਹੀ ਸਾਰੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਚੋਣ ਬਾਡੀ ਸਿਰਫ਼ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਰਾਜਗ ਦੇ ਨੇਤਾਵਾਂ ਨੂੰ ਖੁੱਲ੍ਹਾ ਘੁੰਮਣ ਦੇ ਰਹੀ ਹੈ।'' ਕਾਂਗਰਸ ਬੁਲਾਰੇ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਉਨ੍ਹਾਂ ਸਾਰੇ ਨੇਤਾਵਾਂ ਦੇ ਵੀਡੀਓ ਸਾਹਮਣੇ ਲਿਆਉਣੇ ਚਾਹੀਦੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ।