ਰਾਹੁਲ ਨੇ ਵਧੀ ਬੇਰੁਜ਼ਗਾਰੀ, ਅਪਰਾਧ ਅਤੇ ਨਸ਼ਿਆਂ ਲਈ ਭਾਜਪਾ 'ਤੇ ਕੱਸਿਆ ਤੰਜ਼
ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਹਰਿਆਣਾ 'ਚ ਵਧਦੀ ਬੇਰੁਜ਼ਗਾਰੀ, ਅਪਰਾਧ ਅਤੇ ਨਸ਼ਿਆਂ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸੋਸ਼ਲ ਮੀਡੀਆ 'ਐਕਸ' 'ਤੇ ਕਾਂਗਰਸੀ ਆਗੂ ਨੇ 'ਵਿਜੇ ਸੰਕਲਪ ਯਾਤਰਾ' ਦੌਰਾਨ ਲੋਕਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਆਪਣਾ ਤਜਰਬਾ ਵੀ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਨਸ਼ੇ ਅਤੇ ਅਪਰਾਧ ਕਿਉਂ ਵੱਧ ਰਹੇ ਹਨ? ਭਾਜਪਾ ਵੱਲੋਂ ਫੈਲਾਈ ਬੇਰੁਜ਼ਗਾਰੀ ਦੀ ਬੀਮਾਰੀ ਨੇ ਹਰਿਆਣਾ ਦੀਆਂ ਜੜ੍ਹਾਂ, ਨੌਜਵਾਨਾਂ ਦਾ ਭਵਿੱਖ ਅਤੇ ਸੂਬੇ ਦੀ ਸੁਰੱਖਿਆ ਨੂੰ ਡੂੰਘੇ ਖਤਰੇ 'ਚ ਪਾ ਦਿੱਤਾ ਹੈ। ਹਰਿਆਣਾ ਦੀਆਂ ਕੁਝ ਭੈਣਾਂ ਨੇ ਵਿਜੇ ਸੰਕਲਪ ਯਾਤਰਾ ਦੌਰਾਨ ਸ਼ਰਨ ਦਿੱਤੀ, ਬਹੁਤ ਪਿਆਰ ਨਾਲ ਸਾਨੂੰ ਘਰ ਦੀ ਰੋਟੀ ਖੁਆਈ ਅਤੇ ਰਾਜ ਦੀਆਂ ਗੁੰਝਲਦਾਰ ਸਮੱਸਿਆਵਾਂ ਬਾਰੇ ਵੀ ਦੱਸਿਆ। ਆਪਣੀ ਪੋਸਟ ਵਿਚ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਸੂਬੇ ਵਿਚ ਹਰ ਸਿਸਟਮ ਦੀ ਰੀੜ੍ਹ ਦੀ ਹੱਡੀ ਤੋੜ ਰਹੀ ਹੈ। ਇਸ ਵਿਚ ਲਿਖਿਆ ਹੈ:- ਅੱਜ ਹਰਿਆਣਾ 'ਚ ਭਾਰਤ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਇਸ ਦਾ ਕਾਰਨ ਇਹ ਹੈ ਕਿ ਇਕ ਦਹਾਕੇ ਵਿਚ ਭਾਜਪਾ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੀ ਹਰ ਸਿਸਟਮ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਗਲਤ GST ਅਤੇ ਨੋਟਬੰਦੀ ਨੇ ਛੋਟੇ ਕਾਰੋਬਾਰੀਆਂ ਦੀ ਕਮਰ ਤੋੜੀ। ਇਸ ਦੇ ਨਾਲ ਹੀ ਅਗਨੀਵੀਰ ਜ਼ਰੀਏ ਫੌਜ ਦੀ ਤਿਆਰੀ ਕਰ ਰਹੇ ਨੌਜਵਾਨਾਂ ਦੇ ਹੌਂਸਲੇ ਤੋੜੇ, ਕਾਲੇ ਕਾਨੂੰਨਾਂ ਨਾਲ ਖੇਤੀਬਾੜੀ ਦਾ ਕਾਰੋਬਾਰ ਕਰਨ ਵਾਲਿਆਂ ਦੇ ਹੌਂਸਲੇ ਟੁੱਟੇ। ਖਿਡਾਰੀਆਂ ਦਾ ਸਹਾਰਾ ਖੋਹ ਕੇ ਉਨ੍ਹਾਂ ਸੁਪਨੇ ਤੋੜੇ। ਰਾਹੁਲ ਨੇ ਅੱਗੇ ਕਿਹਾ ਕਿ ਕਾਂਗਰਸ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦਾ ਵਾਅਦਾ ਕਰਦੀ ਹੈ। ਸੂਬੇ ਵਿਚ ਸੱਤਾ 'ਚ ਆਉਣ 'ਤੇ ਕਾਂਗਰਸ ਸਰਕਾਰ 2 ਲੱਖ ਪੱਕੀਆਂ ਨੌਕਰੀਆਂ ਦੀ ਭਰਤੀ ਕਰੇਗੀ ਅਤੇ ਹਰਿਆਣਾ ਨੂੰ ਨਸ਼ਾ ਮੁਕਤ ਕਰੇਗੀ। ਮੈਂ ਹਰਿਆਣਾ ਦੀਆਂ ਭੈਣਾਂ ਨਾਲ ਵਾਅਦਾ ਕੀਤਾ ਹੈ ਕਿ ਮੈਂ ਨਸ਼ੇ ਕਾਰਨ ਹੋ ਰਹੀ ਤਬਾਹੀ ਨੂੰ ਰੋਕਾਂਗਾ, ਉਨ੍ਹਾਂ ਦੇ ਬੱਚਿਆਂ ਦੀ ਰੱਖਿਆ ਕਰਾਂਗਾ-ਰੋਜ਼ਗਾਰ ਵਾਪਸ ਆਵੇਗਾ ਅਤੇ ਹਰ ਪਰਿਵਾਰ ਖੁਸ਼ ਰਹੇਗਾ। ਦੱਸ ਦੇਈਏ ਕਿ ਹਰਿਆਣਾ 'ਚ ਸ਼ਨੀਵਾਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।