ਹੇਮਕੁੰਟ ਸਾਹਿਬ ਆਏ 15 ਪਾਕਿਸਤਾਨੀ ਸ਼ਰਧਾਲੂਆਂ ਦੀ ਤਬੀਅਤ ਵਿਗੜੀ, ਹੈਲੀਕਾਪਟਰ ’ਚ ਪਹੁੰਚਿਆ ਗੋਬਿੰਦਘਾਟ
ਚਮੋਲੀ : ਪਾਕਿਸਤਾਨ ਤੋਂ ਗੁਰਦੁਆਰਾ ਹੇਮਕੁੰਟਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ 15 ਸ਼ਰਧਾਲੂਆਂ ਦੀ ਘਾਂਘਰੀਆ ’ਚ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਹੈਲੀਕਾਪਟਰ ’ਚ ਗੋਬਿੰਦਘਾਟ ਪਹੁੰਚਾਇਆ ਗਿਆ। ਇੱਥੇ ਉਨ੍ਹਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਇਹ ਸ਼ਰਧਾਲੂ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦੇ ਉਸ 87 ਮੈਂਬਰੀ ਜੱਥੇ ’ਚ ਸ਼ਾਮਲ ਸਨ, ਜਿਹੜਾ ਛੇ ਅਕਤੂਬਰ ਨੂੰ ਦਰਸ਼ਨਾਂ ਲਈ ਹੇਮਕੁੰਟ ਸਾਹਿਬ ਪਹੁੰਚਿਆ ਸੀ। ਸੱਤ ਅਕਤੂਬਰ ਨੂੰ ਇਨ੍ਹਾਂ ਨੂੰ ਘਾਂਘਰੀਆ ਤੋਂ ਗੋਬਿੰਦਘਾਟ ਪਰਤਣਾ ਸੀ। ਪਰ ਠੰਢ ਲੱਗਣ ਦੇ ਕਾਰਨ ਇਨ੍ਹਾਂ ਦੀ ਤਬੀਅਤ ਵਿਗੜ ਗਈ।
ਪਾਕਿਸਤਾਨੀ ਸ਼ਰਧਾਲੂਆਂ ਦਾ ਜੱਥਾ ਪੰਜ ਅਕਤੂਬਰ ਨੂੰ ਗੋਬਿੰਦਘਾਟ ਤੋਂ ਰਵਾਨਾ ਹੋਇਆ ਸੀ ਤੇ ਛੇ ਅਕਤੂਬਰ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ’ਚ ਮੱਥਾ ਟੇਕਿਆ। ਦੱਸਿਆ ਗਿਆ ਸੀ ਪਰਤਦੇ ਹੋਏ ਹੇਮਕੁੰਟ ਸਾਹਿਬ ਦੇ ਬੇਸ ਕੈਂਪ ਘਾਘਰੀਆ ’ਚ 15 ਸ਼ਰਧਾਲੂਆਂ ਨੂੰ ਸਿਰਦਰਦ, ਸਰੀਰ ਤੇ ਹੱਥ ਪੈਰ ’ਚ ਦਰਦ ਤੇ ਉਲਟੀ ਦੀ ਸ਼ਿਕਾਇਤ ਹੋਣ ਲੱਗੀ। ਘਾਂਘਰੀਆ ਚੌਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਤਤਕਾਲ ਹੈਲੀਕਾਪਟਰ ਤੋਂ ਗੋਬਿੰਦਘਾਟ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਦਾ ਕਹਿਣਾ ਸੀ ਕਿ ਉੱਚ ਹਿਮਾਲਈ ਖੇਤਰ ’ਚ ਇਸ ਤਰ੍ਹਾਂ ਦੀ ਦਿੱਕਤ ਹੋਣਾ ਆਮ ਗੱਲ ਹੈ।