MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਚਾਰ ਪੁਲਾੜ ਯਾਤਰੀ ਧਰਤੀ ’ਤੇ ਪਰਤੇ


 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਅੱਠ ਮਹੀਨੇ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਚਾਰ ਪੁਲਾੜ ਯਾਤਰੀ ਧਰਤੀ ’ਤੇ ਵਾਪਸ ਪਰਤ ਆਏ। ਉਹ ਦੋ ਮਹੀਨੇ ਪਹਿਲਾਂ ਹੀ ਪਰਤਣ ਵਾਲੇ ਸਨ। ਹਾਲਾਂਕਿ, ਬੋਇੰਗ ਸਟਾਰਲਾਈਨਰ ’ਚ ਸਮੱਸਿਆ ਤੇ ਤੂਫ਼ਾਨ ਮਿਲਟਨ ਕਾਰਨ ਉਨ੍ਹਾਂ ਨੂੰ ਪਰਤਣ ’ਚ ਦੇਰੀ ਹੋਈ। ਕਰੂ ਮੈਂਬਰਾਂ ਨੂੰ ਲੈ ਕੇ ਸਪੇਸ ਐਕਸ ਨੂੰ ਕੈਪਸੂਲ ਮੈਕਸੀਕੋ ਦੀ ਖਾੜੀ ’ਚ ਉਤਰਿਆ। ਇਸ ਵਿਚ ਤਿੰਨਅਮਰੀਕੀ ਤੇ ਇਕ ਰੂਸੀ ਪੁਲਾੜ ਯਾਤਰੀ ਸ਼ਾਮਲ ਸਨ। ਸਪੇਸਐਕਸ ਨੇ ਮਾਰਚ ’ਚ ਚਾਰ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ’ਤੇ ਭੇਜਿਆ ਸੀ। ਇਨ੍ਹਾਂ ’ਚ ਨਾਸਾ ਦੇ ਮੈਥਿਊ ਡੋਮਿਨਿਕ, ਮਾਈਕਲ ਬੈਰੇਟ ਤੇ ਜੈਨੇਟ ਐਪਸ ਤੇ ਰੂਸ ਦੇ ਐਲਗਜ਼ੈਂਡਰ ਗ੍ਰੀਬੇਨਕਿਨ ਸ਼ਾਮਲ ਸਨ। ਬੋਇੰਗ ਸਟਾਰਲਾਈਨ ਤੋਂ ਆਈਐੱਸਐੱਸ ’ਤੇ ਗਈ ਸੁਨੀਤਾ ਵਿਲੀਅਮਸ ਤੇ ਉਨ੍ਹਾਂ ਦੇ ਸਹਿਯੋਗੀ ਬੁੱਚ ਵਿਲਮੋਰ ਅਗਲੇ ਸਾਲ ਧਰਤੀ ’ਤੇ ਵਾਪਸੀ ਕਰਨਗੇ। ਉਹ ਅੱਠ ਦਿਨਾਂ ਲਈ ਇਸ ਮਿਸ਼ਨ ’ਤੇ ਰਵਾਨਾ ਹੋਏ ਸਨ, ਪਰ ਤਕਨੀਕੀ ਸਮੱਸਿਆ ਦੇ ਕਾਰਨ ਹਾਲੇ ਤੱਕ ਵਾਪਸ ਨਹੀਂ ਪਰਤ ਸਕੇ। ਪੁਲਾੜ ਸਟੇਸ਼ਨ ਹੁਣ ਆਪਣੇ ਸਾਧਾਰਨ ਚਾਲਕ ਦਲ ਵਾਲੇ ਆਕਾਰ ’ਚ ਵਾਪਸ ਆ ਗਿਆ ਹੈ। ਇਸ ਸਮੇਂ ਉੱਤੇ ਸੱਤ ਪੁਲਾੜ ਯਾਤਰੀ ਰਹਿ ਗਏ ਹਨ। ਇਨ੍ਹਾਂ ’ਚ ਚਾਰ ਅਮਰੀਕੀ ਤੇ ਤਿੰਨ ਰੂਸੀ ਪੁਲਾੜ ਯਾਤਰੀ ਸਾਮਲ ਹਨ।