MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

Big News : ਬਠਿੰਡਾ 'ਚ 'ਦ ਬਰਨਿੰਗ ਟ੍ਰੇਨ' ਬਣੀ ਮਾਲ ਗੱਡੀ, ਤੇਲ ਨਾਲ ਭਰੇ ਸੱਤ ਟੈਂਕਰਾਂ ਨੂੰ ਲੱਗੀ ਭਿਆਨਕ ਅੱਗ

ਹਿਸਾਰ ਤੋਂ ਕੱਚਾ ਤੇਲ ਲੈ ਕੇ ਬਠਿੰਡਾ ਰਿਫਾਇਨਰੀ ਵੱਲ ਜਾ ਰਹੀ ਮਾਲ ਗੱਡੀ ’ਚ ਸ਼ੁੱਕਰਵਾਰ ਰਾਤ ਅਚਾਨਕ ਅੱਗ ਲੱਗ ਗਈ। ਤੇਲ ਲੀਕ ਹੋਣ ਕਾਰਨ ਮਾਲ ਗੱਡੀ ’ਤੇ ਲੱਦੇ ਤੇਲ ਦੇ ਸੱਤ ਟੈਂਕਰ ਅੱਗ ਦੀ ਲਪੇਟ ’ਚ ਆ ਗਏ। ਖ਼ੁਸ਼ਕਿਸਮਤੀ ਇਹ ਰਹੀ ਕਿ ਮਾਲ ਗੱਡੀ ਨੇੜੇ ਕੋਈ ਯਾਤਰੀ ਟ੍ਰੇਨ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਮਾਲ ਗੱਡੀ ਨੂੰ ਅੱਗ ਬਠਿੰਡਾ ਸਟੇਸ਼ਨ ’ਤੇ ਪੁੱਜਣ ਤੋਂ ਪਹਿਲਾਂ ਲੱਗੀ ਪਰ ਪਤਾ ਬਠਿੰਡਾ ਪਹੁੰਚਣ ’ਤੇ ਲੱਗਾ। ਥਾਣਾ ਕੈਨਾਲ ਇੰਚਾਰਜ ਐੱਸਆਈ ਹਰਜੀਵਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਪਗ ਸਾਢੇ 10 ਵਜੇ ਪੰਜਾਬ ਪੁਲਿਸ ਦੀ ਪੀਸੀਆਰ ਦੇ ਕਰਮਚਾਰੀ ਪਟਿਆਲਾ ਰੇਲਵੇ ਫਾਟਕ ਕੋਲ ਖੜ੍ਹੇ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਕਿ ਮਾਲ ਗੱਡੀ ‘ਬਰਨਿੰਗ ਟ੍ਰੇਨ’ ਬਣ ਕੇ ਪਟੜੀ ’ਤੇ ਦੌੜ ਰਹੀ ਸੀ। ਤੁਰੰਤ ਕੰਟਰੋਲ ਰੂਮ ਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀਆਂ ਫਾਇਰ ਵਿਭਾਗ ਦੀਆਂ ਗੱਡੀਆਂ ਨੇ ਕੁਝ ਦੇਰ ’ਚ ਅੱਗ ’ਤੇ ਕਾਬੂ ਪਾ ਲਿਆ। ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਵੇਂ ਲੱਗੀ, ਇਸ ਦੀ ਜਾਂਚ ਕੀਤੀ ਜਾਵੇਗੀ ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।