ਅਮਰੀਕੀ ਚੋਣਾਂ 'ਚ ਚੱਲੇਗਾ ਟਰੰਪ ਦਾ ਹਿੰਦੂ ਕਾਰਡ? ਦੀਵਾਲੀ ਦੇ ਸੰਦੇਸ਼ 'ਤੇ ਵੋਟਰਾਂ ਨੂੰ ਲੁਭਾਉਣ ਲਈ ਚੁੱਕਿਆ ਇਕ ਹੋਰ ਕਦਮਅਮਰੀਕੀ ਚੋਣਾਂ 'ਚ ਚੱਲੇਗਾ ਟਰੰਪ ਦਾ ਹਿੰਦੂ ਕਾਰਡ? ਦੀਵਾਲੀ ਦੇ ਸੰਦੇਸ਼ 'ਤੇ ਵੋਟਰਾਂ ਨੂੰ ਲੁਭਾਉਣ ਲਈ ਚੁੱਕਿਆ ਇਕ ਹੋਰ ਕਦਮ
ਅਮਰੀਕਾ : ਅਗਲੇ ਹਫਤੇ ਮੰਗਲਵਰਾ ਨੂੰ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹਨ ਅਤੇ ਹੁਣ ਉੱਥੇ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਵਿਰੋਧੀ ਧਿਰ ਰਿਪਬਲੀਕਨ ਪਾਰਟੀ ਵਿਚਾਲੇ ਭਾਰਤੀ ਮੂਲ ਦੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਤੇਜ਼ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਦੀਵਾਲੀ ਪਾਰਟੀ ਜ਼ਰੀਏ ਭਾਰਤੀ ਮੂਲ ਦੇ ਵੋਟਰਾਂ ਵਿਚਾਲੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਦੀਵਾਲੀ ਦੇ ਦਿਨ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਅਤੇ ਬੰਗਲਾਦੇਸ਼ ਸਮੇਤ ਦੁਨੀਆ ਭਰ ’ਚ ਹਿੰਦੂਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਵਾਅਦਾ ਕੀਤਾ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਦੀਵਾਲੀ ’ਤੇ ਦਿੱਤੇ ਆਪਣੇ ਸੁਨੇਹੇ ’ਚ ਨਾ ਸਿਰਫ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਕਹੀ ਹੈ ਬਲਕਿ ਬਾਇਡਨ ਪ੍ਰਸ਼ਾਸਨ ’ਤੇ ਹਿੰਦੂਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਨਾਲ ਹੀ ਬੰਗਲਾਦੇਸ਼ ’ਚ ਹਿੰਦੂਆਂ ਅਤੇ ਦੂਸਰੀਆਂ ਘੱਟ-ਗਿਣਤੀਆਂ ’ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕ ਕੇ ਇਹ ਸੰਕੇਤ ਵੀ ਦਿੱਤਾ ਕਿ ਜੇ ਉਹ ਸੱਤਾ ’ਚ ਦੁਬਾਰਾ ਪਰਤਦੇ ਹਨ ਤਾਂ ਇਸ ਬਾਰੇ ’ਚ ਅਮਰੀਕਾ ਦੀ ਮੌਜੂਦਾ ਨੀਤੀ ’ਚ ਬਦਲਾਅ ਵੀ ਕਰਨਗੇ। ਵੈਸੇ ਜੋ ਸੰਕੇਤ ਅਮਰੀਕਾ ’ਚ ਫਿਲਹਾਲ ਮਿਲ ਰਹੇ ਹਨ ਉਨ੍ਹਾਂ ਮੁਤਾਬਕ ਉੱਥੇ ਭਾਰਤੀ ਮੂਲ ਦੇ 19 ਲੱਖ ਵੋਟਰ ਦੋ ਖੇਮਿਆਂ ’ਚ ਵੰਡੇ ਹਨ।
ਟਰੰਪ ਨੇ ਸੁਨੇਹੇ ਦੀ ਸ਼ੁਰੂਆਤ ਹੀ ਬੰਗਲਾਦੇਸ਼ ’ਚ ਘੱਟ-ਗਿਣਤੀਆਂ ’ਤੇ ਹੋ ਰਹੇ ਹਮਲਿਆਂ ਨਾਲ ਕੀਤੀ। ਉਨ੍ਹਾਂ ਲਿਖਿਆ, ‘ਮੈਂ ਅਰਾਜਕਤਾ ਦੀ ਸਥਿਤੀ ’ਚ ਬੰਗਲਾਦੇਸ਼ ’ਚ ਹਿੰਦੂਆਂ, ਈਸਾਈਆਂ ਤੇ ਦੂਸਰੀਆਂ ਘੱਟ-ਗਿਣਤੀਆਂ ’ਤੇ ਹੋ ਰਹੇ ਭਿਆਨਕ ਹਮਲਿਆਂ ਅਤੇ ਉਨ੍ਹਾਂ ਨੂੰ ਲੁੱਟੇ ਜਾਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ। ਕਮਲਾ ਅਤੇ ਬਾਇਡਨ ਨੇ ਅਮਰੀਕਾ ਤੇ ਦੁਨੀਆ ’ਚ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਹ ਯੂਕ੍ਰੇਨ ਤੋਂ ਲੈ ਕੇ ਇਜ਼ਰਾਈਲ ਤਕ ਅਤੇ ਸਾਡੀਆਂ ਦੱਖਣੀ ਸਰਹੱਦਾਂ ਤੱਕ ਉਨ੍ਹਾਂ ਦੀਆਂ ਨੀਤੀਆਂ ਮੁਸੀਬਤਾਂ ਵਾਲੀਆਂ ਰਹੀਆਂ ਹਨ, ਪਰ ਅਸੀਂ ਅਮਰੀਕਾ ਨੂੰ ਇਕ ਵਾਰ ਮੁੜ ਤੋਂ ਮਜ਼ਬੂਤ ਬਣਾਵਾਂਗੇ ਅਤੇ ਤਾਕਤ ਦੇ ਜ਼ਰੀਏ ਅਮਨ ਸਥਾਪਿਤ ਕਰਾਂਗੇ। ਅਸੀਂ ਕੱਟੜ ਖੱਬੇ-ਪੱਖੀਆਂ ਦੇ ਧਰਮ ਵਿਰੋਧੀ ਏਜੰਡੇ ਨਾਲ ਹਿੰਦੂ ਅਮਰੀਕੀਆਂ ਨੂੰ ਬਚਾਵਾਂਗੇ। ਅਸੀਂ ਉਨ੍ਹਾਂ ਦੀ ਆਜ਼ਾਦੀ ਲਈ ਲੜਾਂਗੇ। ਮੇਰਾ ਪ੍ਰਸ਼ਾਸਨ ਭਾਰਤ ਅਤੇ ਮੇਰੇ ਪਿਆਰੇ ਦੋਸਤ ਨਰਿੰਦਰ ਮੋਦੀ ਨਾਲ ਸਾਡੀ ਜ਼ਬਰਦਸਤ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।’
ਟਰੰਪ ਨੇ ਦੀਵਾਲੀ ਦੇ ਵਧਾਈ ਸੰਦੇਸ਼ ਤੋਂ ਪਹਿਲਾਂ ਚੋਣਾਂ ’ਚ ਆਪਣੇ ਮੁਕਾਬਲੇ ’ਚ ਖੜ੍ਹੀ ਕਮਲਾ ਹੈਰਿਸ ਦੀਆਂ ਨੀਤੀਆਂ ਦੀ ਜ਼ੋਰਦਾਰ ਅਲੋਚਨਾ ਕੀਤੀ। ਖਾਸ ਤੌਰ ’ਤੇ ਉਨ੍ਹਾਂ ਦੀਆਂ ਉਨ੍ਹਾਂ ਨੀਤੀਆਂ ਦੀ ਜੋ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਗੱਲ ਵੀ ਭਾਰਤੀ ਵੋਟਰਾਂ ਨੂੰ ਧਿਆਨ ’ਚ ਰੱਖ ਕੇ ਕਹੀ ਗਈ ਹੈ ਕਿਉਂਕਿ ਵੱਡੀ ਗਿਣਤੀ ’ਚ ਪਰਵਾਸੀ ਭਾਰਤੀ ਅਮਰੀਕਾ ’ਚ ਡਿਪਾਰਟਮੈਂਟਲ ਸਟੋਰ ਆਦਿ ਸਥਾਪਿਤ ਕਰ ਰਹੇ ਹਨ। ਟਰੰਪ ਕੁਝ ਹਫ਼ਤਿਆਂ ਤੋਂ ਆਪਣੇ ਭਾਸ਼ਣਾਂ ’ਚ ਪੀਐੱਮ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਦੱਸ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਕ ਸਰਵੇ ’ਚ ਭਾਰਤ ਮੂਲ ਦੇ 69 ਫ਼ੀਸਦੀ ਵੋਟਰ ਹੈਰਿਸ ਦੇ ਸਮਰਥਕ ਹਨ।