'ਟੀਕਾਕਰਨ ਨੇ ਬਚਾਈ ਲੋਕਾਂ ਦੀ ਜਾਨ', ਸਾਈਡ ਇਫੈਕਟ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਕੇਂਦਰ ਨੇ ਸੁਪਰੀਮ ਕੋਰਟ 'ਚ ਦਿੱਤਾ ਇਹ ਜਵਾਬ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਬੇਮਿਸਾਲ ਆਫ਼ਤ ਸੀ ਤੇ ਅਜਿਹੀ ਕੋਈ ਦੂਜੀ ਨਹੀਂ ਹੋਈ। ਟੀਕਾਕਰਨ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਕੇਂਦਰ ਦਾ ਇਹ ਬਿਆਨ ਤਦ ਆਇਆ ਹੈ ਜਦ ਜਸਟਿਸ ਵਿਕਰਮ ਨਾਥ ਤੇ ਪੀਬੀ ਵਰਾਲੇ ਦਾ ਬੈਂਚ ਦੋ ਔਰਤਾਂ ਦੀ ਟੀਕਾਕਰਨ ਕਾਰਨ ਹੋਈ ਕਥਿਤ ਮੌਤ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਦੋ ਔਰਤਾਂ ਦੇ ਮਾਤਾ-ਪਿਤਾ ਵੱਲੋਂ ਦਾਇਰ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖ਼ੁਰਾਕ ਤੋਂ ਬਾਅਦ ਔਰਤਾਂ ਨੂੰ ਟੀਕਾਕਰਨ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। ਅਗਸਤ 2022 ’ਚ ਸੁਪਰੀਮ ਕੋਰਟ ਨੇ ਇਸ ਦਲੀਲ ’ਤੇ ਧਿਆਨ ਦਿੱਤਾ ਸੀ ਕਿ 29 ਮਈ 2021 ਨੂੰ ਇਕ ਪਟੀਸ਼ਨਰ ਦੀ 18 ਸਾਲਾ ਧੀ ਨੂੰ ਕੋਵੀਸ਼ੀਲਡ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਤੇ 19 ਜੂਨ 2021 ਨੂੰ ਉਸ ਦੀ ਮੌਤ ਹੋ ਗਈ ਜਦਕਿ ਦੂਜੇ ਪਟੀਸ਼ਨਰ ਦੀ 20 ਸਾਲਾ ਧੀ ਨੂੰ ਜੂਨ 2021 ’ਚ ਹੀ ਇਸ ਟੀਕੇ ਦੀ ਪਹਿਲੀ ਖ਼ੁਰਾਕ ਮਿਲੀ ਤੇ ਇਕ ਮਹੀਨੇ ਅੰਦਰ ਹੀ ਉਸ ਦੀ ਮੌਤ ਹੋ ਗਈ। ਪਟੀਸ਼ਨਰਾਂ ਨੇ ਰਾਹਤ ਖੰਡ ’ਚ ਸੋਧ ਦੀ ਮੰਗ ਕਰਦੇ ਹੋਏ ਇਕ ਅਰਜ਼ੀ ਦਾਖ਼ਲ ਕੀਤੀ ਸੀ। ਇਸ ’ਚ ਸਰਕਾਰ ਤੋਂ ਟੀਕੇ ਦੇ ਸੰਭਾਵਿਤ ਉਲਟੇ ਅਸਰਾਂ ਤੇ ਇਸ ਦੇ ਇਲਾਜ ਨੂੰ ਸ਼ਾਮਲ ਕਰਨਾ ਸ਼ਾਮਲ ਸੀ। ਅਦਾਲਤ ਨੇ ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਚਾਰ ਹਫ਼ਤੇ ਅੰਦਰ ਅਰਜ਼ੀ ਦਾ ਜਵਾਬ ਦੇਣ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਵੇਗੀ।