ਅਮਰੀਕਾ ਹੀ ਨਹੀਂ, ਕਿਸੇ ਵੀ ਦੇਸ਼ ’ਚ ਨਾਜਾਇਜ਼ ਰੂਪ ਨਾਲ ਰਹਿਣ ਵਾਲੀ ਭਾਰਤੀਆਂ ਨੂੰ ਵਾਪਸ ਲਵਾਂਗੇ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ : ਅਮਰੀਕਾ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਨੂੰ ਲੈ ਕੇ ਬਣ ਰਹੇ ਦਬਾਅ ਵਿਚਾਲੇ ਭਾਰਤ ਨੇ ਸਾਫ਼ ਕੀਤਾ ਹੈ ਕਿ ਉਹ ਅਮਰੀਕਾ ਵਿਚ ਹੀ ਨਹੀਂ ਦੁਨੀਆ ਵਿਚ ਕਿਤੇ ਵੀ ਬਗ਼ੈਰ ਕਾਗਜ਼ ਦੇ ਰਹਿਣ ਵਾਲੇ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ। ਇਸ ਲਈ ਭਾਰਤ ਦੀ ਇਕੋ-ਇਕ ਸ਼ਰਤ ਇਹੀ ਹੈ ਕਿ ਵਿਦੇਸ਼ੀ ਸਰਕਾਰਾਂ ਨੂੰ ਇਸ ਗੱਲ ਦਾ ਕਾਗਜ਼ ਦੇਣਾ ਹੋਵੇਗਾ ਕਿ ਉਕਤ ਵਿਅਕਤੀ ਭਾਰਤ ਦਾ ਹੀ ਨਾਗਰਿਕ ਹੈ। ਅਮਰੀਕਾ ਦੀ ਨਵੀਂ ਟਰੰਪ ਸਰਕਾਰ ਨੇ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਨੂੰ ਆਪਣੀਆਂ ਤਰਜੀਹਾਂ ਦੇ ਰੂਪ ਵਿਚ ਗਿਣਾਇਆ ਹੈ। ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਦੋ ਦਿਨ ਪਹਿਲਾਂ ਜਦੋਂ ਵਾਸ਼ਿੰਗਟਨ ਵਿਚ ਮੁਲਾਕਾਤ ਕੀਤੀ ਸੀ, ਤਾਂ ਵੀ ਇਹੀ ਮੁੱਦਾ ਚੁੱਕਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਭਾਰਤ ਕਿਸੇ ਵੀ ਦੇਸ਼ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲੇ ਪਰਵਾਸੀ ਲੋਕਾਂ ਦੇ ਖ਼ਿਲਾਫ਼ ਹੈ ਕਿਉਂਕਿ ਇਹ ਮੁੱਖ ਤੌਰ ’ਤੇ ਸੰਗਠਿਤ ਅਪਰਾਧ ਨਾਲ ਜੁੜਿਆ ਹੁੰਦਾ ਹੈ। ਜੇਕਰ ਕੋਈ ਭਾਰਤੀ ਅਮਰੀਕਾ ਜਾਂ ਕਿਸੇ ਵੀ ਦੂਜੇ ਦੇਸ਼ ਵਿਚ ਬਗ਼ੈਰ ਕਾਨੂੰਨੀ ਕਾਗਜ਼ਾਂ ਦੇ ਰਹਿ ਰਿਹਾ ਹੈ ਤਾਂ ਅਸੀਂ ਉਸਨੂੰ ਵਾਪਸ ਲਿਆਉਣ ਲਈ ਤਿਆਰ ਹਾਂ ਪਰ ਉਕਤ ਦੇਸ਼ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਭਾਰਤ ਦਾ ਹੀ ਨਾਗਰਿਕ ਹੈ। ਇਸਦੇ ਲਈ ਸਹੀ ਕਾਗਜ਼ ਦਿਖਾਉਣਾ ਹੋਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹਾਲੇ ਅਮਰੀਕਾ ਵਿਚ ਕਿੰਨੇ ਭਾਰਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿੰਦੇ ਹੋ ਸਕਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਗਿਣਤੀ ’ਤੇ ਗੱਲ ਕਰਨਾ ਹਾਲੇ ਸਹੀ ਨਹੀਂ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਇਸ ਜਵਾਬ ਤੋਂ ਦੋ ਦਿਨ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕਿਹਾ ਸੀ ਕਿ ਭਾਰਤ ਸਰਕਾਰ ਕੌਮਾਂਤਰੀ ਪੱਧਰ ’ਤੇ ਭਾਰਤੀ ਪ੍ਰਤਿਭਾਵਾਂ ਨੂੰ ਵੱਧ ਤੋਂ ਵੱਧ ਮੌਕੇ ਦਿਵਾਉਣ ਦੇ ਪੱਖ ਵਿਚ ਹੈ ਪਰ ਇਸ ਦੇ ਨਾਲ ਹੀ ਅਸੀਂ ਗ਼ੈਰ-ਕਾਨੂੰਨ ਤੌਰ ’ਤੇ ਆਉਣ-ਜਾਣ ਜਾਂ ਦੂਜੇ ਦੇਸ਼ਾਂ ਵਿਚ ਰਹਿਣ ਦੇ ਖ਼ਿਲਾਫ਼ ਹਾਂ। ਜ਼ਿਕਰਯੋਗ ਹੈ ਕਿ ਅਮਰੀਕੀ ਮੀਡੀਆ ਵਿਚ ਇਹ ਖ਼ਬਰ ਪ੍ਰਕਾਸ਼ਿਤ ਹੋਈ ਹੈ ਕਿ ਉੱਥੇ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲੇ 18 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜਣ ਨੂੰ ਲੈ ਕੇ ਭਾਰਤ ਤੇ ਅਮਰੀਕਾ ਸਰਕਾਰ ਵਿਚਾਲੇ ਗੱਲਬਾਤ ਹੋ ਰਹੀ ਹੈ। ਉੱਧਰ, ਡੋਨਾਲਡ ਟਰੰਪ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਅਮਰੀਕਾ ਦੇ ਕਈ ਹਿੱਸਿਾਂ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਅਮਰੀਕੀ ਏਜੰਸੀਆਂ ਦੀ ਸਰਗਰਮੀ ਵਧਣ ਦੀ ਤਪਸ਼ ਉੱਥੇ ਰਹਿਣ ਵਾਲੇ ਭਾਰਤੀ ਵਿਦਿਆਰਥੀ ਵੀ ਮਹਿਸੂਸ ਕਰ ਰਹੇ ਹਨ। ਉੱਥੇ ਦੀਆਂ ਯੂਨੀਵਰਸਿਟੀਆਂ ਵਿਚ ਕੰਮ ਕਰਨ ਵਾਲੇ ਭਾਰਤੀ ਤੇ ਦੂਜੇ ਦੇਸ਼ਾਂ ਦੇ ਵਿਦਿਆਰਥੀ ਆਲੇ-ਦੁਆਲੇ ਦੀਆਂ ਦੁਕਾਨਾਂ ਤੇ ਪੈਟਰੋਲ ਪੰਪਾਂ ’ਤੇ ਪ੍ਰਤੀ ਘੰਟੇ ਦੀ ਦਿਹਾੜੀ ’ਤੇ ਕੰਮ ਕਰਦੇ ਹਨ। ਵੈਸੇ ਇਨ੍ਹਾਂ ਕੋਲ ਕੰਮ ਕਰਨ ਦਾ ਲਾਇਸੈਂਸ ਨਹੀਂ ਹੁੰਦਾ ਪਰ ਇਸ ਤਰ੍ਹਾਂ ਨਾਲ ਕੰਮ ਕਰਨਾ ਕਈ ਵਾਰ ਇਨ੍ਹਾਂ ਦੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਨੂੰ ਆਰਥਿਕ ਲਾਭ ਹੁੰਦਾ ਹੈ। ਹੁਣ ਇਨ੍ਹਾਂ ਵਿਦਿਆਰਥੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੀ ਇਸ ਨਾਲ ਭਾਰਤ ਤੇ ਅਮਰੀਕਾ ਵਿਚਾਲੇ ਕਾਰੋਬਾਰੀ ਜਾਂ ਸਿਆਸੀ ਸਬੰਧਾਂ ’ਤੇ ਕੋਈ ਅਸਰ ਹੋਵੇਗਾ ਤਾਂ ਜਾਇਸਵਾਲ ਦਾ ਜਵਾਬ ਸੀ ਕਿ ਭਾਰਤ ਤੇ ਅਮਰੀਕਾ ਵਿਚਾਲੇ ਕਾਫੀ ਮਜ਼ਬੂਤ ਤੇ ਸਥਿਰ ਰਿਸ਼ਤੇ ਹਨ। ਰਾਸ਼ਟਰਪਤੀ ਟਰੰਪ ਦੇ ਸਹੁੰ ਚੁੱਕਣ ਦੇ ਦਿਨ ਹੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਜੈਸ਼ੰਕਰ ਨਾਲ ਮੁਲਾਕਾਤ ਇਸ ਰਿਸ਼ਤੇ ਨੂੰ ਦਰਸਾਉਂਦੀ ਹੈ। ਜਾਇਸਵਾਲ ਨੇ ਇਹ ਵੀ ਦੱਸਿਆ ਕਿ ਅਸੀਂ ਵੀਜ਼ਾ ਜਾਰੀ ਕਰਨ ਵਿਚ ਦੇਰੀ ਦਾ ਮੁੱਦਾ ਲਗਾਤਾਰ ਸਬੰਧਤ ਦੇਸ਼ਾਂ ਦੇ ਸਾਹਮਣੇ ਚੁੱਕਦੇ ਰਹੇ ਹਾਂ। ਇਹ ਵੀਜ਼ੇ ਸਹੂਲਤੀਅਤ ਨਾਲ ਜਾਰੀ ਕੀਤੇ ਜਾਣ ਤਾਂ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਸਬੰਧ ਤੇ ਆਰਥਿਕ ਸਬੰਧ ਬਿਹਤਰ ਹੋਣਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਬੀਓ ਕੋਲ ਇਹ ਵੀ ਮਾਮਲਾ ਚੁੱਕਿਆ ਸੀ।