ਕੰਮੀਆਂ ਦੀ ਕੁੜੀ - ਬਲਵੰਤ ਸਿੰਘ ਗਿੱਲ
ਰਾਮ ਸਿੰਘ ਨੇ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੱਜੂ ਰਾਮ ਦੇ ਘਰ ਜਨਮ ਲਿਆ। ਰਵਦਾਸੀਆ ਸਮਾਜ ਵਿੱਚ ਜਨਮ ਲੈਣ ਕਰਕੇ ਇਸ ਪਰਿਵਾਰ ਪਾਸ ਮਜ਼ਦੂਰੀ ਕਰਨ ਤੋਂ ਬਿਨਾਂ ਹੋਰ ਰੋਟੀ ਰੋਜ਼ੀ ਦਾ ਕੋਈ ਸਾਧਨ ਨਹੀਂ ਸੀ। ਇਸ ਦਾ ਬਾਪ ਗੱਜੂ (ਗੱਜੂ ਰਾਮ) ਆਪਣੇ ਹੀ ਪਿੰਡ ਦੇ ਇੱਕ ਜ਼ਿੰਮੀਦਾਰ ਸਰਦਾਰ ਸ਼ਮਸ਼ੇਰ ਸਿੰਘ ਦੇ ਦਿਹਾੜੀ ਟੱਪਾ ਕਰ ਲੈਂਦਾ। ਸਰਦੀਆਂ ਦੀ ਰੁੱਤੇ ਕਮਾਦੀ ਪੀੜਦਿਆਂ ਇਸ ਨੂੰ ਚੁੱਭਾ ਝੋਕਣ ਦਾ ਕੰਮ ਦੇ ਦਿੱਤਾ ਜਾਂਦਾ। ਕਣਕ ਅਤੇ ਮੱਕੀ ਦੀ ਗੁੱਡਾਈ ਵੇਲੇ ਇਸ ਦੀਆਂ ਕੁੱਝ ਦਿਹਾੜੀਆਂ ਲੱਗ ਜਾਂਦੀਆਂ। ਉਵੇਂ ਵੀ ਸਰਦਾਰ ਸ਼ਮਸ਼ੇਰ ਸਿੰਘ ਗੱਜੂ ਰਾਮ ਨੂੰ ਲੋੜ ਪੈਣ ਤੇ ਦਾਣਾ ਫੱਕਾ ਅਤੇ ਥੋੜ੍ਹੇ ਬਹੁਤ ਪੈਸੇ ਦੇ ਕੇ ਇਸ ਦੀ ਸਕੀਰੀ ਕਾਇਮ ਰੱਖਦਾ।
ਜਦੋਂ ਰਾਮ ਸਿੰਘ ਜੁਆਨ ਹੋਇਆ ਤਾਂ ਮਿਡਲ ਸਕੂਲ ਦੀ ਪੜ੍ਹਾਈ ਮਸਾਂ ਹੀ ਮੁਕਾ ਸਕਿਆ। ਅੱਗੇ ਜਾ ਕੇ ਦਸਵੀਂ ਜਮਾਤ ਅਤੇ ਹੋਰ ਉਚੇਰੀ ਪੜ੍ਹਾਈ ਕਰਾਉਣ ਦੀ ਇਸ ਪਰਿਵਾਰ ਵਿੱਚ ਹਿੰਮਤ ਨਹੀਂ ਸੀ। ਸਕੂਲਾਂ, ਕਾਲਜਾਂ ਦੀਆਂ ਫ਼ੀਸਾਂ, ਕਿਤਾਬਾਂ ਦਾ ਖ਼ਰਚਾ ਅਤੇ ਹੋਰ ਖ਼ਰਚੇ ਇਸ ਗ਼ਰੀਬ ਪਰਿਵਾਰ ਦੀ ਵਿਤ ਤੋਂ ਬਾਹਰ ਸਨ। ਗੱਜੂ ਰਾਮ ਅਤੇ ਪੁੱਤਰ ਰਾਮ ਸਿੰਘ ਨੂੰ ਵੀ ਆਪਣੇ ਹੀ ਨਾਲ ਜ਼ਿੰਮੀਦਾਰਾਂ ਦੇ ਖੇਤਾਂ ਵਿੱਚ ਦਿਹਾੜੀ ਲਾਉਣ ਲੈ ਜਾਂਦਾ। ਦੋਵੇਂ ਪਿਓ ਪੁੱਤਰ ਬੜੀ ਮਿਹਨਤ ਨਾਲ ਆਪਣਾ ਗੁਜ਼ਾਰਾ ਕਰਦੇ। ਸਰਦਾਰ ਸ਼ਮਸ਼ੇਰ ਸਿੰਘ ਖੇਤੀ ਦਾ ਬਹੁਤਾ ਕੰਮ ਇਨ੍ਹਾਂ ਦੋਹਾਂ ਦੇ ਜ਼ਿੰਮੇ ਹੀ ਲਾ ਰੱਖਦਾ। ਰਾਮ ਸਿੰਘ ਫ਼ਸਲ ਬੀਜਣ ਤੋਂ ਲੈ ਕੇ ਫ਼ਸਲ ਵੱਢਣ ਤੱਕ ਦੇ ਸਾਰੇ ਕੰਮ ਸਿੱਖ ਗਿਆ। ਦੋਵੇਂ ਪਿਓ ਪੁੱਤਰ ਬੜੇ ਹੀ ਇਮਾਨਦਾਰ ਅਤੇ ਮਿੱਠ ਬੋਲੜੇ ਸੁਬਾੳੇ ਦੇ ਸਨ। ਭਾਵੇਂ ਇਨ੍ਹਾਂ ਦੋਹਾਂ ਪਰਿਵਾਰਾਂ ਵਿੱਚ ਸਮਾਜੀ ਜਾਤੀ ਦਾ ਵਖਰੇਵਾਂ ਸੀ, ਪਰ ਇਹ ਦੋਵੇਂ ਪਰਿਵਾਰ ਜਿਸੇ ਸ਼ਰੀਕੇਚਾਰੀ ਦੇ ਰਿਸ਼ਤੇ ਨਾਲੋਂ ਵੀ ਜ਼ਿਆਦਾ ਨੇੜਤਾ ਰੱਖਦੇ ਸਨ।
ਰਾਮ ਸਿੰਘ ਦਾ ਵਿਆਹ ਹੋ ਗਿਆ ਅਤੇ ਥੋੜ੍ਹੇ ਹੀ ਸਮੇਂ ਵਿੱਚ ਧੀ ਨੇ ਜਨਮ ਲਿਆ। ਧੀ ਦਾ ਨਾਂ ਕਰਮਜੀਤ ਰੱਖਿਆ। ਰਾਮ ਸਿੰਘ ਦੀ ਪਤਨੀ ਪਰਮੇਸਰੀ ਦਾ ਖ਼ਿਆਲ ਸੀ ਕਿ ਉਸ ਦੀ ਧੀ ਜ਼ਰੂਰ ਹੀ ਚੰਗੇ ਕਰਮ ਲੈ ਕੇ ਜਨਮੀ ਹੈ। ਇਸੇ ਕਰਕੇ ਇਸ ਦਾ ਨਾਂ ਕਰਮਜੀਤ ਸੀ। ਵੱਡੀ ਧੀ ਤੋਂ ਬਾਅਦ ਰਾਮ ਸਿੰਘ ਅਤੇ ਪਰਮੇਸਰੀ ਨੂੰ ਆਸ ਸੀ ਕਿ ਹੁਣ ਪ੍ਰਭੂ ਜਰੂਰ ਮੁੰਡਾ ਦੇਵੇਗਾ। ਪਰ ਇਸ ਤਰ੍ਹਾਂ ਹੋ ਨਾ ਸਕਿਆ। ਦੋਵੇਂ ਜੀਅ ਉਦਾਸ ਹੋ ਗਏ ਕਿ ਅਗਰ ਮੁੰਡਾ ਹੁੰਦਾ ਤਾਂ ਉਹ ਇਨ੍ਹਾਂ ਦਾ ਸਹਾਰਾ ਬਣਦਾ। ਧੀਆਂ ਦੇ ਵਿਆਹਾਂ ਦੇ ਖਰਚ ਨੇ ਘਰ ਵਿੱਚ ਹੋਰ ਗ਼ਰੀਬੀ ਲੈ ਆਉਣੀ ਹੈ। ਦੂਸਰੀ ਵਾਰ ਵੀ ਇੱਕ ਹੋਰ ਧੀ ਨੇ ਜਨਮ ਲਿਆ ਖ਼ੈਰ ਫਿਰ ਵੀ ਇਨ੍ਹਾਂ ਨੇ ਰੱਬ ਦੀ ਰਜ਼ਾ ਵਿੱਚ ਸਿਰ ਝੁਕਾਇਆ ਅਤੇ ਇਸ ਲੜਕੀ ਦਾ ਨਾਮ ਪ੍ਰਭਦੀਨ ਰੱਖਿਆ।
ਸਮਾਂ ਬੀਤਦਾ ਗਿਆ ਤੇ ਰਾਮ ਸਿੰਘ ਦੀਆਂ ਦੋਵੇਂ ਲੜਕੀਆਂ ਜੁਆਨ ਹੋ ਗਈਆਂ। ਪਰਮਾਤਮਾ ਨੇ ਦੇਰ ਤੱਕ ਸਬਰ ਕਰਨ ਤੋਂ ਬਾਅਦ ਵੀ ਰਾਮ ਸਿੰਘ ਦੇ ਘਰ ਪੁੱਤਰ ਦੀ ਦਾਤ ਨਾ ਬਖ਼ਸ਼ੀ। ਰਾਮ ਸਿੰਘ ਦਾ ਬਾਪ ਗੱਜੂ ਛੇਤੀ-ਛੇਤੀ ਬੁਢਾਪੇ ਵੱਲ ਕਦਮ ਪੁੱਟਣ ਲੱਗਾ ਅਤੇ ਸਿਹਤ ਜਵਾਬ ਦੇਣ ਲੱਗ ਪਈ। ਦਵਾਈਆਂ ਵਗੈਰਾ ਦਾ ਖ਼ਰਚਾ ਕਰਨਾ ਪੈ ਰਿਹਾ ਸੀ ਅਤੇ ਗੱਜੂ ਦੀ ਕੰਮ ਦੀ ਅਸਮਰਥਾ ਕਰਕੇ ਆਮਦਨ ਦੇ ਸਾਧਨ ਘੱਟ ਰਹੇ ਸਨ। ਉਵੇਂ ਵੀ ਖੇਤੀ ਵਿੱਚ ਨਵੀਨਤਾ ਆਉਣ ਕਰਕੇ ਸ਼ਮਸ਼ੇਰ ਸਿੰਘ ਨੇ ਕਮਾਦ ਦੀ ਫ਼ਸਲ ਘਟਾ ਲਈ। ਮੱਕੀ ਦੀ ਥਾਂ ਝੋਨੇ ਨੇ ਲੈ ਲਈ। ਜਿਹੜੀਆਂ ਚਾਰ ਦਿਹਾੜੀਆਂ ਕਣਕ ਅਤੇ ਮੱਕੀ ਦੀ ਗੁਡਾਈ ਦੀਆਂ ਲੱਗਦੀਆਂ ਸਨ ਉਨ੍ਹਾਂ ਦੀ ਥਾਂ ਸਪਰੇਆਂ ਨੇ ਲੈ ਲਈ। ਕਣਕ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਹੋਣੀ ਸ਼ੁਰੂ ਹੋ ਗਈ। ਰਾਮ ਸਿੰਘ ਕਣਕ ਦੀ ਚੁਕਾਈ ਵੇਲੇ ਮੰਡੀ ਵਿੱਚ ਵੀਹ ਪੰਝੀ ਦਿਹਾੜੀਆਂ ਲਾ ਆਉਂਦਾ। ਉਵੇਂ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਹੋ ਗਏ।
ਬਾਪੂ ਗੱਜੂ ਰਾਮ ਆਪਣੀ ਸਿਹਤ ਨਾਲ ਜੱਦੋ-ਜਹਿਦ ਕਰਦਾ ਇੱਕ ਦਿਨ ਚੜ੍ਹਾਈ ਕਰ ਗਿਆ। ਹੁਣ ਘਰ ਪਰਿਵਾਰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਰਾਮ ਸਿੰਘ ਅਤੇ ਪਰਮੇਸਰੀ ਸਿਰ ਪੈ ਗਈ। ਲੜਕੀਆਂ ਦੀ ਪੜ੍ਹਾਈ ਤੇ ਵੀ ਹੁਣ ਖ਼ਰਚਾ ਵੱਧ ਗਿਆ। ਰਾਮ ਸਿੰਘ ਅਤੇ ਪਰਮੇਸਰੀ ਦੋਵੇਂ ਜੀਅ ਦਿਨ ਰਾਤ ਰੋਟੀ ਰੋਜ਼ੀ ਦੇ ਸਾਧਨਾ ਦੀ ਚਿੰਤਾ ਕਰਦੇ ਰਹਿੰਦੇ। ਦੋਵੇਂ ਪਰਿਵਾਰਿਕ ਜੀਅ ਹਿੰਮਤੀ ਸਨ ਅਤੇ ਵਿਹਲੇ ਰਹਿਣ ਦੀ ਤਾਂ ਬਿਲਕੁੱਲ ਆਦਤ ਨਹੀਂ ਸੀ। ਇੱਕ ਦਿਨ ਦੋਵੇਂ ਜੀਅ ਸਲਾਹ ਕਰਨ ਲੱਗੇ ਕਿ ਕਿਉਂ ਨਾ ਉਹ ਕਿਸੇ ਜ਼ਿੰਮੀਦਾਰ ਪਾਸੋਂ ਜ਼ਮੀਨ ਹਾਲੇ 'ਤੇ ਲੈ ਕੇ ਖ਼ੁਦ ਖੇਤੀ ਕਰਨ ਲੱਗ ਪੈਣ। ਪਰ ਪੰਜਾਬ ਦੇ ਸਾਂਝੇ ਹਲਕੇ ਵਿੱਚ ਹਾਲ਼ਾ ਮਹਿੰਗਾ ਹੋਣ ਕਰਕੇ ਇਨ੍ਹਾਂ ਦੋਹਾਂ ਜੀਆਂ ਨੇ ਸਲਾਹ ਬਣਾਈ ਕਿ ਕਿਉਂ ਨਾ ਉਹ ਦੁਆਬੇ ਦੇ ਕਿਸੇ ਪਿੰਡ ਵਿੱਚ ਹਾਲ਼ੇ ਤੇ ਜ਼ਮੀਨ ਦੀ ਭਾਲ ਕਰਨ।
ਕਿਸੇ ਜਾਣਕੀਰ ਦੀ ਦੱਸ ਤੇ ਇਹ ਪਰਿਵਾਰ ਦੁਆਬੇ ਦੇ ਕਿਸੇ ਪਿੰਡ ਵਿੱਚ ਆ ਗਿਆ। ਇਸ ਪਿੰਡ ਵਿੱਚ ਬਖ਼ਸ਼ੀਸ਼ ਸਿੰਘ ਦਾ ਪਰਿਵਾਰ ਇੰਗਲੈਂਡ ਵਿੱਚ ਪੱਕਾ ਵਸੇਬਾ ਕਰ ਗਿਆ ਸੀ। ਹੁਣ ਤੱਕ ਇਸ ਪਰਵਾਸੀ ਪਰਿਵਾਰ ਦੀ ਜਮੀਨ ਉਸ ਪਰਵਾਸੀ ਦਾ ਭਰਾ ਕੈਲਾ ਹੀ ਵਾਹੁੰਦਾ ਬੀਜਦਾ ਸੀ। ਹਾਲ਼ਾ ਭੱਤਾ ਤਾਂ ਕੀ ਦੇਣਾ ਹੁੰਦਾ, ਸਗੋਂ ਹਾਲ਼ਾ ਮੰਗਣ ਤੇ ਭਰਾਵਾਂ ਵਾਲਾ ਰਿਸ਼ਤਾ ਵੀ ਤੋੜ ਗਿਆ। ਜਦੋਂ ਕਦੇ ਬਖ਼ਸ਼ੀਸ਼ ਸਿੰਘ ਨੇ ਪਿਛਲੇ ਸਾਲਾਂ ਦੇ ਹਾਲ਼ੇ ਦੀ ਮੰਗ ਕਰਨੀ ਤਾਂ ਸਗੋਂ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦੇਣੀਆਂ। ਵਿੱਚ ਵਿਚਾਲੇ ਪੈ ਕੇ ਪਿੰਡ ਦੇ ਸਰਪੰਚ ਨੇ ਸਮਝੌਤਾ ਕਰਾਇਆ ਅਤੇ ਕੈਲੇ ਨੂੰ ਆਖਿਆ ਕਿ ਪਿਛਲਾ ਸਾਰਾ ਹਾਲ਼ਾ ਮਾਫ਼ ਕਰ ਦਿੱਤਾ ਪਰ ਅੱਗੇ ਤੋਂ ਤੇਰਾ ਭਰਾ ਬਖ਼ਸ਼ੀਸ਼ ਸਿੰਘ ਆਪਣੀ ਮਰਜ਼ੀ ਨਾਲ ਜ਼ਮੀਨ ਹਾਲੇ ਤੇ ਦੇਵੇਗਾ।
ਆਪਣੇ ਭਰਾ ਕੈਲੇ ਦੇ ਅੱਖੜ ਸੁਭਾਓ ਤੋਂ ਛੁਟਕਾਰਾ ਪਾ ਕੇ ਬਖ਼ਸ਼ੀਸ਼ ਸਿੰਘ ਨੇ ਸੁੱਖ ਦਾ ਸਾਹ ਲਿਆ। ਇਸ ਨੇ ਸੋਚਿਆ ਕਿ ਕੋਈ ਗਰੀਬ ਪਰਿਵਾਰ ਭਾਵੇਂ ਥੋੜ੍ਹਾ ਵੀ ਹਾਲ਼ਾ ਦੇਵੇ ਪਰ ਘੱਟ ਤੋਂ ਘੱਟ ਇਨ੍ਹਾਂ ਦੀ ਪੰਜਾਬ ਫੇਰੀ ਵੇਲੇ ਮੱਥੇ ਤਿਉੜੀਆਂ ਤਾਂ ਨਾ ਪਾਉਣਗੇ। ਇਹ ਗੱਲ ਰਾਮ ਸਿੰਘ ਅਤੇ ਪਰਮੇਸਰੀ ਦੇ ਪਰਿਵਾਰ ਨੂੰ ਠੀਕ ਬੈਠ ਗਈ। ਇੰਗਲੈਂਡ ਵਾਸੀ ਬਖ਼ਸ਼ੀਸ਼ ਸਿੰਘ ਨੇ ਇਸ ਗਰੀਬ ਪਰਿਵਾਰ ਨੂੰ ਮਾਮੂਲੀ ਹਾਲ਼ੇ ਤੇ ਜ਼ਮੀਨ ਦੇ ਦਿੱਤੀ ਅਤੇ ਨਾਲ ਹੀ ਆਪਣੀ ਆਲੀਸ਼ਾਨ ਕੋਠੀ ਵੀ ਇਨ੍ਹਾਂ ਦੇ ਹਵਾਲੇ ਕਰ ਦਿੱਤੀ। ਸ਼ਰਤ ਇਹ ਹੀ ਰੱਖੀ ਕਿ ਜਦੋਂ ਇਨ੍ਹਾਂ ਦਾ ਪਰਿਵਾਰ ਬੱਚਿਆਂ ਸਮੇਤ ਪਿੰਡ ਆਵੇ ਤਾਂ ਕੋਠੀ ਸਾਫ਼ ਸੁਥਰੀ ਮਿਲਣੀ ਚਾਹੀਦੀ ਹੈ। "ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ।" ਰਾਮ ਸਿੰਘ ਅਤੇ ਪਰਮੇਸਰੀ ਨੂੰ ਹੋਰ ਕੀ ਚਾਹੀਦਾ ਸੀ। ਰੋਟੀ ਰੋਜ਼ੀ ਦਾ ਸਾਧਨ ਜ਼ਮੀਨ ਮਿਲ ਗਈ ਅਤੇ ਰਹਿਣ ਲਈ ਮੁਫ਼ਤ ਵਸੇਬਾ। ਦੋਵੇਂ ਜੀਆਂ ਨੇ ਹੱਸ ਕੇ ਬਖ਼ਸ਼ੀਸ਼ ਸਿੰਘ ਦੀ ਸ਼ਰਤ ਮੰਨ ਲਈ ਅਤੇ ਖੁਸ਼ੀ-ਖੁਸ਼ੀ ਇਹ ਦੋਵੇਂ ਜੀਅ ਆਪਣੀਆਂ ਦੋਵੇਂ ਲੜਕੀਆਂ ਸਮੇਤ ਬਖ਼ਸ਼ੀਸ਼ ਦੀ ਕੋਠੀ ਵਿੱਚ ਆ ਗਏ।
ਰਾਮ ਸਿੰਘ ਅਤੇ ਪਰਮੇਸਰੀ ਮਿਹਨਤੀ ਸੁਭਾਅ ਦੇ ਹੋਣ ਕਰਕੇ, ਇਨ੍ਹਾਂ ਨੇ ਖੂਬ ਮਿਹਨਤ ਕੀਤੀ। ਦੋਵੇਂ ਲੜਕੀਆਂ ਪਲੱਸ ਟੂ ਤੱਕ ਦੀ ਪੜ੍ਹਾਈ ਮੁਕੰਮਲ ਕਰ ਗਈਆਂ। ਕਰਮਜੀਤ ਆਈਲੈਟਸ ਦਾ ਕੋਰਸ ਕਰਨ ਲੱਗ ਪਈ, ਪਰ ਪ੍ਰਭਦੀਨ ਨੇ ਅੱਗੇ ਪੜ੍ਹਾਈ ਚਾਲੂ ਰੱਖੀ। ਕਰਮਜੀਤ ਦਾ ਖ਼ਿਆਲ ਸੀ ਕਿ ਕਿੰਨਾ ਕੁ ਚਿਰ ਇੱਕ ਗਰੀਬ ਪਰਿਵਾਰ ਦੂਸਰਿਆਂ ਦੀ ਜ਼ਮੀਨ ਤੇ ਪਲ਼ਦਾ ਰਹੇਗਾ। ਅਕਸਰ ਨੂੰ ਆਪਣੇ ਪੈਰਾਂ ਤੇ ਖੜ੍ਹਨਾ ਹੀ ਹੋਵੇਗਾ। ਹਾਲਾਂਕਿ ਬਖ਼ਸ਼ੀਸ਼ ਸਿੰਘ ਨੇ ਕਦੇ ਜ਼ਿਆਦਾ ਹਾਲ਼ੇ ਦੀ ਮੰਗ ਨਹੀਂ ਸੀ ਕੀਤੀ। ਸਗੋਂ ਘਰ ਦੀ ਬਿਜਲੀ ਦੇ ਬਿੱਲ ਅਤੇ ਹੋਰ ਟੁੱਟ ਭੱਜ ਦਾ ਖ਼ਰਚਾ ਆਪ ਖ਼ੁਦ ਕਰਦਾ ਰਹਿੰਦਾ।
ਬਖ਼ਸ਼ੀਸ਼ ਸਿੰਘ ਦੀ ਔਲਾਦ ਇੱਕ ਲੜਕਾ ਅਤੇ ਇੱਕ ਲੜਕੀ ਸੀ। ਇਹ ਦੋਵੇਂ ਇੰਗਲੈਂਡ ਵਿੱਚ ਜੰਮੇ ਪਲੇ ਸਨ। ਉੱਥੇ ਹੀ ਇਨ੍ਹਾਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਸੀ। ਇਸ ਸਾਲ ਜਦੋਂ ਬਖ਼ਸ਼ੀਸ਼ ਸਿੰਘ ਅਤੇ ਇਸ ਦੀ ਪਤਨੀ ਚਰਨੋ ਇੰਡੀਆ ਗਏ ਤਾਂ ਨਾਲ ਹੀ ਆਪਣੇ ਲੜਕੇ ਜੱਸੀ ਅਤੇ ਲੜਕੀ ਪਿੰਕੀ ਨੂੰ ਵੀ ਨਾਲ ਲੈ ਗਏ। ਇਹ ਪ੍ਰਵਾਸੀ ਪਰਿਵਾਰ ਪਹਿਲੋਂ ਵੀ ਆਪਣੇ ਬੱਚਿਆਂ ਨੂੰ ਵਾਰ-ਵਾਰ ਪੰਜਾਬ ਲੈ ਜਾਇਆ ਕਰਦੇ ਸਨ ਤਾਂ ਕਿ ਪੰਜਾਬੀ ਸੱਭਿਅਤਾ ਅਤੇ ਪੰਜਾਬੀ ਬੋਲੀ ਨਾਲ ਇਨ੍ਹਾਂ ਦਾ ਮੋਹ ਪਿਆਰ ਬਣਿਆ ਰਹੇ। ਉਵੇਂ ਵੀ ਬਖ਼ਸ਼ੀਸ਼ ਸਿੰਘ ਚਾਹੁੰਦਾ ਸੀ ਕਿ ਉਸ ਦਾ ਲੜਕਾ ਉਸ ਦੀ ਸਖ਼ਤ ਮਿਹਨਤ ਨਾਲ ਬਣਾਈ ਜ਼ਮੀਨ ਅਤੇ ਕੋਠੀ ਦੀ ਜਾਣਕਾਰੀ ਰੱਖੇ।ਜੱਸੀ ਇਸ ਪਰਿਵਾਰ ਦਾ ਇਕਲੋਤਾ ਵਾਰਸ ਸੀ।
ਰਾਮ ਸਿੰਘ ਦੀਆਂ ਲੜਕੀਆਂ ਅਤੇ ਬਖ਼ਸ਼ੀਸ਼ ਸਿੰਘ ਦੇ ਲੜਕਾ ਅਤੇ ਲੜਕੀ ਤਕਰੀਬਨ ਇੱਕੋ ਉਮਰ ਦੇ ਸਨ। ਜਦੋਂ ਜੱਸੀ ਅਤੇ ਪਿੰਕੀ ਆਪਣੇ ਪਿੰਡ ਆਏ ਤਾਂ ਉਨ੍ਹਾਂ ਨੂੰ ਖੁਸ਼ੀ ਸੀ ਕਿ ਘਰ ਵਿੱਚ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਨ ਲਈ ਕੋਈ ਤਾਂ ਹੈ। ਇੰਗਲੈਂਡ ਵਿੱਚ ਜੰਮੇ, ਪਲ਼ੇ ਅਤੇ ਪੜ੍ਹੇ ਹੋਣ ਕਰਕੇ ਬੋਲੀ ਦੇ ਲਹਿਜੇ ਵਿੱਚ ਇਨ੍ਹਾਂ ਨੌਜਵਾਨਾਂ ਵਿੱਚ ਬੜਾ ਫ਼ਰਕ ਸੀ, ਪਰ ਇੱਕੋ ਜਿਹੀਆਂ ਉਮਰਾਂ, ਵਿਚਾਰ ਵਟਾਂਦਰਾ ਕਰਨ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀਆਂ ਹਨ। ਜਦੋਂ ਕਰਮਜੀਤ ਅਤੇ ਪ੍ਰਭਦੀਨ ਨੇ ਇਸ ਪਰਿਵਾਰ ਲਈ ਦੁਪਹਿਰ ਦਾ ਖਾਣਾ ਬਣਾ ਕੇ ਪਰੋਸਿਆ ਤਾਂ ਜੱਸੀ ਨੇ ਇਨ੍ਹਾਂ ਦੋਹਾਂ ਭੈਣਾਂ ਦੀ ਕੀਤੀ ਮਿਹਨਤ ਨੂੰ ਵਡਿਆਉਂਦੇ ਹੋਏ ਆਖਿਆ, "ਕਰਮਜੀਤ ਯੂਅਰ ਖਾਣਾ ਇਜ਼ ਅੋਸੰਮ"। ਕਰਮਜੀਤ ਨੂੰ ਥੋੜ੍ਹੀ ਬਹੁਤੀ ਅੰਗਰੇਜ਼ੀ ਆਉਂਦੀ ਹੋਣ ਕਰਕੇ ਸਮਝ ਗਈ ਕਿ ਜੱਸੀ ਨੂੰ ਉਨ੍ਹਾਂ ਦਾ ਬਣਾਇਆ ਖਾਣਾ ਪਸੰਦ ਨਹੀਂ ਆਇਆ। ਕਰਮਜੀਤ ਪਛਤਾਵੇ ਵਾਲਾ ਚਿਹਰਾ ਲੈ ਕੇ ਰਸੋਈ ਵਿੱਚ ਆਪਣੀ ਮਾਤਾ ਪਾਸ ਚਲੇ ਗਈ। ਉਸ ਦੇ ਮਗਰ ਹੀ ਜੱਸੀ ਚਲਾ ਗਿਆ, ਇਹ ਜਾਨਣ ਲਈ ਕਿ ਕਰਮਜੀਤ ਨੇ ੳਾਪਣੇ ਚਿਹਰੇ ਤੇ ਇਹੋ ਜਿਹੇ ਹਾਵ ਭਾਵ ਕਿਉਂ ਦਿਖਾਏ। "ਕਰਮਜੀਤ ਗੁੱਸਾ ਨਾ ਕਰ ਤੁਹਾਡਾ ਖਾਣਾ ਬਿਲਕੁੱਲ ਟੇਸਟੀ ਹੈ।" "ਪਹਿਲੋਂ ਅੋਸੰਮ ਕਿਉਂ ਕਿਹਾ?" ਕਰਮਜੀਤ ਨੇ ਪੁੱਛ ਹੀ ਲ਼ਿਆ। "ਕਮਲੀਏ ਅੋਸੰਮ ਹੀ ਵਧੀਆ ਹੁੰਦਾ ਹੈ।" ਜੱਸੀ ਨੇ ਅੰਗਰੇਜ਼ੀ ਦੀ ਘੁੰਡੀ ਖੋਲ੍ਹੀ।
ਹੱਸਦਿਆਂ ਖੇਡਦਿਆਂ ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਦੇ ਤਿੰਨ ਹਫ਼ਤੇ ਲੰਘ ਗਏ। ਰਾਮ ਸਿੰਘ ਅਤੇ ਇਸ ਦੀਆਂ ਲੜਕੀਆਂ ਨੂੰ ਇਹ ਵਲੈਤੀ ਪਰਿਵਾਰ ਆਪਣਿਆਂ ਵਾਂਗ ਜਾਪਿਆ।ਆਪਣਿਆਂ ਵਾਲੀ ਅਪਣੱਤ ਅਤੇ ਭੇਦ ਭਾਵ ਉੱਕਾ ਹੀ ਨਹੀਂ। ਜੱਸੀ ਤਾਂ ਹੱਸਦਿਆਂ-ਹੱਸਦਿਆਂ ਰਾਮ ਸਿੰਘ ਅਤੇ ਪਰਮੇਸਰੀ ਸਾਹਮਣੇ ਵੀ ਉਨ੍ਹਾਂ ਦੀਆਂ ਲੜਕੀਆਂ ਦੀ ਸਿਫ਼ਤ ਕਰਨੋ ਨਾ ਸੰਗਦਾ। ਇੱਕ ਦਿਨ ਬੈਠਿਆਂ-ਬੈਠਿਆਂ ਆਖਣ ਲੱਗਾ, "ਅੰਕਲ ਤੁਹਾਡੀ ਵੱਡੀ ਕੁਰੀ ਕਰਮਜੀਟ ਦੀਆਂ ਅੱਖਾਂ ਹਿਰਨੀ ਵਰਗੀਆਂ ਹਨ। ਮੈਨੂੰ ਤਾਂ ਬਾਈ ਗੌਡ ਪਰੀ ਲਗਈ ਏ।" ਇਹ ਗੱਲ ਸੁਣ ਕੇ ਕਰਮਜੀਤ ਮੂੰਹ ਦੇ ਮੋਹਰੇ ਪੱਲਾ ਲੈ ਕੇ ਰਸੋਈ ਵੱਲ ਭੱਜ ਗਈ।ਕਰਮਜੀਤ ਸੋਚਣ ਲੱਗੀ ਕਿ ਅਜ਼ਾਦ ਮੁਲਕਾਂ ਵਿੱਚ ਜੰਮੇ ਪਲੇ ਬੱਚਿਆਂ ਵਿੱਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਪਹਿਚਾਣ ਹੈ ਪਰ ਆਪਣੇ ਮੁਲਕਾਂ ਵਿੱਚ ਜਾਤਾਂ ਬਰਾਦਰੀਆਂ ਅਤੇ ਧਰਮਾਂ ਨੇ ਪਤਾ ਨਹੀਂ ਕਿਉਂ ਵੰਡੀਆਂ ਪਾ ਰੱਖੀਆਂ ਹਨ?
ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਦੀਆਂ ਛੁੱਟੀਆਂ ਦੇ ਦਿਨ ਦੇਖਦਿਆਂ-ਦੇਖਦਿਆਂ ਬੀਤ ਗਏ ਅਤੇ ਪਰਿਵਾਰ ਇੰਗਲੈਂਡ ਵਾਪਸ ਪਰਤ ਗਿਆ। ਰਾਮ ਸਿੰਘ ਅਤੇ ਪਰਮੇਸਰੀ ਆਪਣੀ ਮਿਹਨਤ ਮੁਸ਼ੱਕਤ ਵਿੱਚ ਜੁੜ ਗਏ। ਕਰਮਜੀਤ ਨੇ ਚੰਗੇ ਗਰੇਡਾਂ ਵਿੱਚ ਆਈਲੈਟਸ ਦੀ ਪੜ੍ਹਾਈ ਕਰ ਲਈ ਅਤੇ ਪ੍ਰਭਦੀਨ ਅੱਗੇ ਉੱਚੀ ਵਿੱਦਿਆ ਕਰਦੀ ਰਹੀ।ਇੱਕ ਦਿਨ ਜੱਸੀ ਨੇ ਧੰਨਵਾਦ ਕਰਨ ਲਈ ਕਰਮਜੀਤ ਨੂੰ ਫ਼ੋਨ ਕੀਤਾ, "ਕਰਮਜੀਤ ਮੈਂ ਤੁਹਾਡਾ ਪ੍ਰਾਹੁਣਚਾਰੀ ਕਰਨ ਲਈ ਥੈਂਕ ਯੂ ਕਰਨਾ ਚਾਹੁੰਦਾ ਹਾਂ। ਤੇਰੇ ਹੱਥਾਂ ਦਾ ਬਣਾਇਆ ਖਾਣਾ ਹੀ ਅੋਸੰਮ ਨਹੀਂ, ਤੂੰ ਵੀ ਅੋਸੰਮ ਹੈਂ। ਨਿਰੀ ਬਿਊਟੀਫੁੱਲ।"
"ਮੈਨੂੰ ਇਵੇਂ ਕਹਿ ਕੇ ਕਿਉਂ ਸ਼ਰਮਿੰਦਾ ਕਰਦੇ ਹੋ? ਤੁਸੀਂ ਤਾਂ ਸਾਡੇ ਮਾਲਕ ਹੋ। ਸਾਡਾ ਤਾਂ ਫ਼ਰਜ਼ ਬਣਦਾ ਹੈ ਕਿ ਤੁਹਾਡੀ ਰੱਜ ਕੇ ਸੇਵਾ ਕਰੀਏ।" ਕਰਮਜੀਤ ਦੇ ਮੂੰਹੋਂ ਜੱਸੀ ਦੇ ਪਰਿਵਾਰ ਦੀਆਂ ਸਿਫ਼ਤਾਂ ਦੇ ਸ਼ਬਦ ਆਪ ਮੁਹਾਰੇ ਨਿਕਲਣ ਲੱਗੇ। ਇਸ ਤਰ੍ਹਾਂ ਜੱਸੀ ਅਤੇ ਕਰਮਜੀਤ ਕਦੇ ਕਦੇ ਆਪਸ ਵਿੱਚ ਇੱਕ ਦੂਸਰੇ ਦਾ ਹਾਲ ਚਾਲ ਪੁੱਛ ਲਿਆ ਕਰਦੇ। ਇੱਕ ਦਿਨ ਜੱਸੀ ਕਰਮਜੀਤ ਨੂੰ ਆਖਣ ਲੱਗਾ, "ਕਰਮ ਮੈਂ ਆਪਣੇ ਪਾਪਾ ਨੂੰ ਪੁੱਛਾਂ ਕੇ ਤੇਰੀ ਪੜ੍ਹਾਈ ਲਈ ਜੇ ਉਹ ਤੈਨੂੰ ਇੰਗਲੈਂਡ ਲਈ ਸਪੋਂਸਰ ਕਰ ਦੇਣ।" ਜੱਸੀ ਇਹ ਕੋਈ ਸੌਖਾ ਰਸਤਾ ਨਹੀਂ। ਲੱਖਾਂ ਰੁਪਏ ਹੈਧਰ ਪਹੁੰਚਣ ਅਤੇ ਪੜ੍ਹਾਈ ਤੇ ਲੱਗ ਜਾਣੇ ਹਨ। ਸਾਡੇ ਗਰੀਬਾਂ ਕੋਲ ਇੰਨੀ ਹਿੰਮਤ ਕਿੱਥੋਂ?" "ਡੋਂਟ ਵਰੀ ਆਈ ਹੈਵ ਟੈਨ ਥਾਊਜੈਂਡ ਪੌਂਡ ਇੰਨ ਮਾਈ ਬੈਂਕ ਅਕਾਉਂਟ ਐਂਡ ਰੈਸਟ ਡੈਡ ਵਿਲ ਡੂ।"
ਕਰਮਜੀਤ ਨੇ ਆਪਣੇ ਪਿਤਾ ਅਤੇ ਮਾਤਾ ਪਾਸ ਜੱਸੀ ਦੀ ਗੱਲ ਦਾ ਜ਼ਿਕਰ ਕੀਤਾ। ਪਰਮੇਸਰੀ ਇਕਦਮ ਬੋਲ ਪਈ, "ਧੀਏ ਇਨ੍ਹਾਂ ਜੱਟਾਂ ਦਿਆਂ ਮੁੰਡਿਆਂ ਦਾ ਕੀ ਭਰੋਸਾ। ਹੈਧਰ ਮੰਗਾ ਕੇ ਤੇਰੇ ਨਾਲ ਪਤਾ ਨਹੀਂ.........? ਤੂੰ ਇਨ੍ਹਾਂ ਗੱਲਾਂ ਵਿੱਚ ਨਾ ਆ। ਤੇਰਾ ਭਾਪਾ ਤੇਰੇ ਬਾਰੇ ਆਪੇ ਕੁੱਝ ਸੋਚੂ। ਐਵੇਂ ਉਡਦਿਆਂ ਦੇ ਮਗਰ ਨੀਂ ਲੱਗੀਦਾ। ਉਹ ਜੱਟ, ਜ਼ਿੰਮੀਦਾਰ ਅਤੇ ਸਰਮਾਏਦਾਰ ਅਤੇ ਅਸੀਂ ਇਨ੍ਹਾਂ ਦੇ ਕੰਮੀ।" "ਪਰਮੇਸਰੀਏ ਐਵੇਂ ਕਮਲੀ ਨਾ ਬਣ। ਕੁੜੀ ਜੇਕਰ ਬਾਹਰ ਚਲੀ ਜੂ, ਤਾਂ ਕੀ ਹਰਜ਼ ਆ। ਸਾਡੇ ਸਾਰਿਆਂ ਦੀ ਜ਼ਿੰਦਗੀ ਬਣ ਜੂ। ਨਹੀਂ ਤਾਂ ਸਾਰੀ ਉਮਰ ਐਵੇਂ ਭੱਸੜ ਭੰਨਾਉਂਦੇ ਫਿਰਾਂਗੇ।" ਅਗਲਿਆਂ ਨੇ ਮੇਰੀ ਧੀ ਨੂੰ ਗੁਲਾਮ ਬਣਾ ਕੇ ਰੱਖਣਾ ਅਤੇ ਪਤਾ ਨਹੀਂ ਉਹ ਇਸ ਨਾਲ ਕੀ-ਕੀ......।" "ਪਰਮੇਸਰੀਏ ਹੁਣ ਉਹ ਜ਼ਮਾਨਾ ਨਹੀਂ ਰਿਹਾ। ਨਾਲੇ ਵਲੈਤ ਦੇ ਨਿਆਣਿਆਂ ਅਤੇ ਰੱਬ ਵਿੱਚ ਬਹੁਤਾ ਫ਼ਰਕ ਨਹੀਂ। ਜੋ ਕਹਿੰਦੇ ਹਨ ਉਹ ਦਿਲੋਂ ਕਰਦੇ ਹਨ। ਨਿਰੇ ਇਮਾਨਦਾਰ ਹਨ। ਨਾਲੇ ਜੱਸੀ ਦੇ ਮਨ ਵਿੱਚ ਕਿਹੜਾ ਕੋਈ ਬਲ ਫਰੇਬ ਹੈ। ਇੰਗਲੈਂਡ ਦਾ ਜੰਮਿਆ ਪਲਿਆ ਮੁੰਡਾ, ਉਹ ਤਾਂ ਜਿਸ ਨੂੰ ਚਾਹੇ ਆਪਣੀ ਗਰਲ ਫਰੈਂਡ ਬਣਾ ਲਵੇ। ਐਵੇਂ ਖੰਭਾਂ ਦੀਆਂ ਡਾਰਾਂ ਨਹੀਂ ਬਣਾਈ ਦੀਆਂ। ਮੈਂ ਤਾਂ ਕੱਲ੍ਹ ਹੀ ਬਖ਼ਸ਼ੀਸ਼ ਸਿੰਘ ਨੂੰ ਫੋਨ ਕਰਕੇ ਮਿੰਨਤ ਕਰ ਲੈਣੀ ਆ ਪਈ ਜਿੰਨਾਂ ਖ਼ਰਚਾ ਮੇਰੀ ਕੁੜੀ ਦੇ ਹੈਧਰ ਮੰਗਵਾਉਣ ਤੇ ਲੱਗੂ, ਮੈਂ ਹੌਲੀ-ਹੌਲੀ ਕਿਸ਼ਤਾਂ ਵਿੱਚ ਮੋੜ ਦਊਂ। ਤੁਸੀ ਮੇਰੇ ਗਰੀਬ ਤੇ ਜ਼ਰੂਰ ਤਰਸ ਕਰੋ।" ਕਰਮਜੀਤ ਰਸੋਈ ਵਿੱਚ ਬੈਠੀ ਆਪਣੇ ਮਾਂ-ਪਿਓ ਦੀ ਵਾਰਤਾਲਾਪ ਸੁਣਦੀ ਗਈ ਅਤੇ ਖੁਸ਼ੀ ਦੇ ਹੰਝੂ ਰੋਕਿਆਂ ਵੀ ਨਾ ਰੁਕਦੇ।
ਜੱਸੀ ਨੇ ਆਪਣੇ ਬਾਪੂ ਨੂੰ ਮਨਾ ਕੇ ਉਸ ਤੋਂ ਕਰਮਜੀਤ ਦੀ ਸਪੌਂਸਰਸ਼ਿੱਪ ਪੁਆ ਦਿੱਤੀ। ਆਪ ਪਹੁੰਚ ਕਰਕੇ ਨਾਲ ਕਾਲਜ ਵਿੱਚ ਦਾਖਲੇ ਦਾ ਪ੍ਰਬੰਧ ਕਰਵਾ ਦਿੱਤਾ। ਜਦੋਂ ਇਸ ਸਭ ਕੁੱਝ ਦੀ ਖ਼ਬਰ ਕਰਮਜੀਤ ਨੂੰ ਦੱਸੀ ਤਾਂ ਇਸ ਨੇ ਖ਼ਬਰ ਸੁਣਦਿਆਂ ਸਾਰ ਹੀ ਫ਼ੋਨ ਨੂੰ ਮੂੰਹ ਨਾਲ ਚੁੰਮਿਆ ਅਤੇ ਨੀਵੀਂ ਹੋ ਕੇ ਧਰਤੀ ਨੂੰ ਨਮਸਕਾਰ ਕੀਤਾ। ਅੱਜ ਕੀੜੀ ਦੀ ਭਗਵਾਨ ਨੇ ਸੁਣ ਲਈ ਹੈ। "ਜੱਸੀ ਤੁਸੀਂ ਧੰਨ ਹੋ। ਸਾਡੇ ਪਰਿਵਾਰ ਨੂੰ ਤਾਂ ਤੁਸੀਂ ਪਹਿਲੋਂ ਹੀ ਰੋਟੀ ਖਾਂਦਿਆਂ ਕਰ ਦਿੱਤਾ ਸੀ ਅਤੇ ਹੁਣ ਮੇਰੇ ਤੇ ਇੰਨਾਂ ਉਪਕਾਰ ਕੀਤਾ ਹੈ। ਮੈਂ ਤੁਹਾਡਾ ਲੇਖਾ ਕਦੋਂ ਦੇਊਂਗੀ। ਰੱਬ ਤੁਹਾਨੂੰ ਤਰੱਕੀਆਂ ਦੇਵੇ ਜਿਹੜੇ ਤੁਸੀਂ ਸਾਡੇ ਗਰੀਬਾਂ ਦੀ ਵੀ ਦੇਖਭਾਲ ਕਰਦੇ ਹੋ।" "ਆਪਣੇ ਆਪ ਨੂੰ ਗਰੀਬ ਨਹੀਂ ਕਹੀਦਾ। ਤੂੰ ਇੱਥੇ ਆਏਂਗੀ, ਮਿਹਨਤ ਕਰੇਂਗੀ ਅਤੇ ਤੂੰ ਵੀ ਅਮੀਰ ਬਣ ਜਾਣਾ ਹੈ। ਡੌਂਟ ਵਰੀ, ਆਪਣੇ ਆਪ ਨੂੰ ਘਟੀਆ ਨਹੀਂ ਸਮਝੀਦਾ।"
ਜੱਸੀ ਨੇ ਆਪਣੇ ਪਿਓ ਨੂੰ ਆਖ ਕੇ ਕਰਮਜੀਤ ਦੀ ਸਪੌਂਸਰਸ਼ਿੱਪ ਪਾ ਦਿੱਤੀ ਅਤੇ ਕਾਲਜ ਦੇ ਲੋੜੀਂਦੇ ਪੇਪਰ ਭੇਜ ਦਿੱਤੇ। ਕਰਮਜੀਤ ਨੇ ਦਿਨਾਂ ਵਿੱਚ ਹੀ ਇੰਗਲੈਂਡ ਆਉਣ ਦੀ ਤਿਆਰੀ ਕਰ ਲਈ। "ਧੀਏ ਦੇਖੀਂ ਤੇਰੇ ਨਾਲ ਕਿਤੇ ਧੋਖਾ ਨਾ ਹੋ ਜਾਵੇ। ਖ਼ਿਆਲ ਰੱਖੀਂ, ਮੈਨੂੰ ਤਾਂ ਪਤਾ ਨਹੀਂ ਕਿਉਂ ਐਵੇਂ ਡਰ ਜਿਹਾ ਲੱਗੀ ਜਾ ਰਿਹਾ ਹੈ।" ਪਰਮੇਸਰੀ ਨੇ ਆਪਣੀ ਧੀ ਨੂੰ ਸਲਾਹ ਦੇ ਕੇ ਆਪਣਾ ਮਨ ਹੌਲਾ ਕੀਤਾ। ਦਿੱਲੀ ਏਅਰਪੋਰਟ ਤੇ ਚੜ੍ਹਾਉਣ ਗਿਆਂ ਧੀ ਆਪਣੇ ਮਾਂ ਬਾਪ ਦੇ ਗਲ ਲੱਗ ਰੋ ਰਹੀ ਸੀ ਅਤੇ ਮਾਪਿਆਂ ਦੇ ਅਤੇ ਉਸ ਦੀ ਛੋਟੀ ਭੈਣ ਪ੍ਰਭਦੀਨ ਦੇ ਵੀ ਹੰਝੂ ਰੋਕਿਆ ਨਹੀਂ ਰੁਕ ਰਹੇ ਸਨ।
ਕਰਮਜੀਤ ਇੰਗਲੈਂਡ ਪਹੁੰਚ ਗਈ। ਏਅਰ ਪੋਰਟ ਤੇ ਜੱਸੀ ਅਤੇ ਇਸ ਦਾ ਪਰਿਵਾਰ ਕਰਮਜੀਤ ਦੇ ਸੁਆਗਤ ਵਿੱਚ ਏਅਰ ਪੋਰਟ ਪਹੁੰਚੇ ਹੋਏ ਸਨ। ਜੱਸੀ ਨੇ ਜਦੋਂ ਕਰਮਜੀਤ ਨੂੰ ਦੇਖਿਆ ਅਤੇ ਕਰਮਜੀਤ ਨੇ ਜਦੋਂ ਜੱਸੀ ਨੂੰ, ਦੋਹਾਂ ਦੇ ਦੇਖਣ ਦੀ ਕੈਮਿਸਟਰੀ ਕੋਈ ਅਨੋਖਾ ਹੀ ਰਾਗ ਅਲਾਪ ਰਹੀ ਸੀ। ਇੱਕ ਦੂਸਰੇ ਤੇ ਟਿਕੀਆਂ ਹੋਈਆਂ ਅੱਖਾਂ ਝਮਕਣ ਦਾ ਨਾਂਅ ਹੀ ਨਹੀਂ ਸੀ ਲੈਂਦੀਆਂ। ਘਰ ਪਹੁੰਚ ਕੇ ਆਮ ਮਹਿਮਾਨਾਂ ਵਾਂਗ ਕਰਮਜੀਤ ਦਾ ਸੁਆਗਤ ਕੀਤਾ ਗਿਆ। ਅੱਜ ਇੱਕ ਗਰੀਬ ਘਰ ਦੀ ਕੁੜੀ ਇੱਕ ਅਮੀਰ ਘਰ ਵਿੱਚ ਆ ਕੇ ਆਪਣੇ ਆਪ ਨੂੰ ਉਹ ਵੀ ਅਮੀਰ ਸਮਝ ਰਹੀ ਸੀ।ਪਰ ਘਟੀਆਪਣ ਦਾ ਅਹਿਸਾਸ ਫਿਰ ਵੀ ਕਰਮਜੀਤ ਦੇ ਦਿਲ ਦੇ ਕਿਸੇ ਖੂੰਜੇ ਵਿੱਚ ਘਰ ਕਰੀ ਬੈਠਾ ਸੀ। ਕਰਮਜੀਤ ਨੂੰ ਜੱਸੀ ਨੇ ਆਪਣੇ ਹੀ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਅਤੇ ਆਖ ਦਿੱਤਾ ਕਿ ਜਿਸ ਚੀਜ਼ ਨੂੰ ਖਾਣ ਨੂੰ ਰੂਹ ਕਰਦੀ ਹੈ, ਮਰਜ਼ੀ ਨਾਲ ਬਣਾ ਕੇ ਖਾ ਲਵੀਂ। ਐਵੇਂ ਸੰਗਣ ਸ਼ਰਮਾਉਣ ਦੀ ਕੋਈ ਜ਼ਰੂਰਤ ਨਹੀਂ।ਕਿਚਨ ਵਿੱਚ ਕੰਮ ਕਰਨ ਦੇ ਸਾਰੇ ਤੌਰ ਤਰੀਕੇ ਸਮਝਾ ਦਿੱਤੇ।
ਕਰਮਜੀਤ ਆਪਣੇ ਕਾਲਜ ਵਿੱਚ ਪੜ੍ਹਾਈ ਕਰਨ ਲੱਗ ਪਈ। ਬਖ਼ਸ਼ੀਸ਼ ਸਿੰਘ ਨੇ ਆਪਣੇ ਹੀ ਕਿਸੇ ਦੋਸਤ ਦੀ ਦੁਕਾਨ ਤੇ ਕਰਮਜੀਤ ਨੂੰ ਕੁੱਝ ਘੰਟੇ ਕੰਮ ਦੁਆ ਦਿੱਤਾ ਤਾਂ ਕਿ ਉਹ ਆਪਣਾ ਜੇਬ ਖ਼ਰਚਾ ਚਲਾ ਸਕੇ। ਉਵੇਂ ਤਾਂ ਬਾਕੀ ਸਾਰੇ ਖ਼ਰਚੇ ਇਸ ਪਰਿਵਾਰ ਨੇ ਆਪਣੇ ਜ਼ਿੰਮੇ ਲੈ ਰੱਖੇ ਸਨ। ਬਖ਼ਸ਼ੀਸ਼ ਸਿੰਘ ਕਰਮਜੀਤ ਦੇ ਖ਼ਰਚਿਆਂ ਨੂੰ ਇਸ ਕਰਕੇ ਵੀ ਅਣਗੌਲ਼ਿਆਂ ਕਰ ਰਿਹਾ ਸੀ ਕਿ ਇਸ ਦਾ ਬਾਪ ਥੋੜ੍ਹਾ ਬਹੁਤ ਜੋ ਜ਼ਮੀਨ ਦਾ ਹਾਲ਼ਾ ਦਿੰਦਾ ਹੈ, ਉਸ ਨਾਲ ਇਸ ਦੀ ਪੜ੍ਹਾਈ ਦਾ ਖ਼ਰਚਾ ਚੱਲ ਜਾਏਗਾ। ਰਾਮ ਸਿੰਘ ਦੁਆਰਾ ਜ਼ਮੀਨ ਹਾਲ਼ੇ ਤੇ ਪਹਿਲੋਂ ਇਸ ਦਾ ਭਰਾ ਕੈਲਾ ਕਿਹੜਾ ਕੋਈ ਹਾਲ਼ਾ ਦਿੰਦਾ ਸੀ। ਇਹ ਪਰਿਵਾਰ ਨਾਲੇ ਤਾਂ ਹਾਲ਼ਾ ਦੇ ਰਿਹਾ ਹੈ ਅਤੇ ਨਾਲ ਹੀ ਇਸ ਨਾਲ ਇਸ ਦੀ ਕੋਈ ਮਾਨਸਿਕ ਚਿੰਤਾ ਨਹੀਂ। ਇਸ ਦਾ ਭਰਾ ਹਾਲਾ ਮੰਗਣ ਤੇ ਸੌ ਧਮਕੀਆਂ ਦਿੰਦਾ ਹੁੰਦਾ ਸੀ। ਇਸ ਪਰਿਵਾਰ ਨੇ ਕੋਠੀ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਹੋਈ ਹੈ। ਸਫ਼ਾਈ ਰੱਖਦੇ ਹਨ ਅਤੇ ਨਾ ਹੀ ਘਰ ਵਿੱਚ ਕੋਈ ਚੋਰੀ ਚਕਾਰੀ ਦਾ ਡਰ। ਬਖ਼ਸ਼ੀਸ਼ ਸਿੰਘ ਕਰਮਜੀਤ ਨੂੰ ਇੰਗਲੈਂਡ ਮੰਗਵਾ ਕੇ ਸਮਝਦਾ ਸੀ, ਕਿ ਉਸਨੇ ਇੱਕ ਪੁੰਨ ਦਾ ਕੰਮ ਕੀਤਾ ਹੈ। ਚਰਨੋ ਵੀ ਖੁਸ਼ ਸੀ ਕਿ ਕਰਮਜੀਤ ਉਸ ਨੂੰ ਰਸੋਈ ਵਿੱਚ ਪੂਰਾ ਹੱਥ ਵੰਡਾਉਂਦੀ ਸੀ।
"ਕਾਕਾ ਤੈਨੂੰ ਵੀਹ ਵਾਰ ਆਖਿਆ ਪਈ ਤੂੰ ਗੱਡੀ ਹੌਲੀ ਚਲਾਇਆ ਕਰ।ਕਾਰ ਹਾਦਸੇ ਵਿੱਚ ਤੂੰ ਅੱਜ ਬਾਂਹ ਤੁੜਵਾ ਕੇ ਵੱਖਰਾ ਹੀ ਚੰਦ ਚੜ੍ਹਾ ਲਿਆ।" ਕਰਮਜੀਤ ਮਾਂ-ਪੁੱਤ ਦੀ ਗੱਲਬਾਤ ਸੁਣ ਕੇ ਦੌੜੀ ਹੋਈ ਜੱਸੀ ਦੇ ਕਮਰੇ ਵਿੱਚ ਆਈ। "ਮਾਤਾ ਜੀ ਕੀ ਹੋਇਆ?" "ਜੱਸੀ ਨੇ ਆਪਣੀ ਬਾਂਹ ਤੇ ਸੱਟ ਲੁਆ ਲਈ।" "ਲਿਆ ਮਾਤਾ ਜੀ, ਮੈਂ ਮਲ਼ ਕੇ ਦੇਖਦੀ ਹਾਂ ਤੁਸੀਂ ਜਦੇ ਨੂੰ ਪਾਣੀ ਗਰਮ ਕਰਕੇ ਵਿੱਚ ਥੋੜ੍ਹਾ ਲੂਣ ਪਾ ਕੇ ਲਿਆਓ।" ਕਰਮਜੀਤ ਨੇ ਜੱਸੀ ਦੀ ਮਾਤਾ ਚਰਨੋ ਨੂੰ ਰਸੋਈ ਵਿੱਚੋਂ ਗਰਮ ਪਾਣੀ ਲਿਆਉਣ ਲਈ ਆਖਿਆ ਅਤੇ ਆਪ ਜੱਸੀ ਦੀ ਬਾਂਹ ਤੇ ਮਾਲਸ਼ ਕਰਨ ਲੱਗ ਪਈ। ਕਰਮਜੀਤ ਨੇ ਕੂਹਣੀ ਤੇ ਤੇਲ ਮਲਕੇ ਮਾਲਸ਼ ਕਰਨੀ ਸ਼ੁਰੂ ਕੀਤੀ ਅਤੇ ਇੱਕ ਹੱਥ ਨਾਲ ਉਸ ਦਾ ਹੱਥ ਫੜ ਕੇ ਬਾਂਹ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼ ਕੀਤੀ। ਜੱਸੀ ਦੇ ਹੱਥ ਵਿੱਚ ਜਦੋਂ ਕਰਮਜੀਤ ਦਾ ਕੋਮਲ ਹੱਥ ਆਇਆ ਤਾਂ ਜੱਸੀ ਦੀ ਹੂਕ ਜਿਹੀ ਨਿਕਲ ਗਈ। ਸੌਰੀ ਜੱਸੀ ਕੀ ਮੈਥੋਂ ਜ਼ੋਰ ਨਾਲ ਮਾਲਸ਼ ਹੋ ਗਈ?" ਨਹੀਂ ਕਰਮਜੀਤ ਤੇਰੇ ਦੂਸਰੇ ਹੱਥ ਨੇ ਮੇਰੇ ਹੱਥ ਵਿੱਚ ਇੱਕ ਹੋਰ ਸੱਟ ਮਾਰ ਦਿੱਤੀ। ਇਸ ਕੂਹਣੀ ਦੀ ਸੱਟ ਨੂੰ ਤਾਂ ਮੈਂ ਸਹਿਣ ਕਰ ਲਵਾਂਗਾ ਪਰ ਤੇਰੇ ਹੱਥਾਂ ਦੀ ਕੋਮਲਤਾ ਦੀ ਸੱਟ ਨੂੰ ਕਿਵੇਂ ਸਹਾਰਾਂਗਾ?" ਜਦੇ ਨੂੰ ਜੱਸੀ ਦੀ ਮਾਤਾ ਜੀ ਗਰਮ ਪਾਣੀ ਲੈ ਕੇ ਆ ਗਏ। ਕਰਮਜੀਤ ਨੇ ਹੌਲੀ-ਹੌਲੀ ਬਾਂਹ ਦੀ ਟਕੋਰ ਕੀਤੀ। ਜੱਸੀ ਹੁਣ ਸੱਟ ਦੀ ਪੀੜ ਹੋਣ ਦੇ ਬਾਵਜੂਦ ਵੀ ਕਿਸੇ ਅਨੋਖੇ ਤਰ੍ਹਾਂ ਦਾ ਸਕੂਨ ਮਹਿਸੂਸ ਕਰ ਰਿਹਾ ਸੀ।
ਦਿਨ ਬੀਤਦੇ ਗਏ। ਜੱਸੀ ਅਤੇ ਕਰਮਜੀਤ ਦੇ ਪਿਆਰ ਦੀਆਂ ਤੰਦਾਂ ਮਜਬੂਤ ਹੋਣ ਲੱਗੀਆਂ। ਕਿਸੇ ਵੀ ਗੱਲ ਤੋਂ ਅਣਭਿੱਜ ਜੱਸੀ ਦੇ ਮਾਤਾ ਪਿਤਾ ਕਰਮਜੀਤ ਦੀ ਪੜ੍ਹਾਈ ਦਾ ਖ਼ਰਚਾ ਕਰਦੇ ਰਹੇ ਅਤੇ ਕਰਮਜੀਤ ਉਨ੍ਹਾਂ ਨੂੰ ਆਪਣੇ ਮਾਂ ਬਾਪ ਵਾਂਗ ਪੂਰਾ ਪਿਆਰ ਅਤੇ ਸਤਿਕਾਰ ਦਿੰਦੀ ਰਹੀ। ਜੱਸੀ ਕਰਮਜੀਤ ਦੀ ਪੜ੍ਹਾਈ ਵਿੱਚ ਵੀ ਮਦਦ ਕਰਦਾ ਰਿਹਾ। ਇੱਕ ਦਿਨ ਜਦੋਂ ਜੱਸੀ ਦੇ ਮਾਤਾ ਪਿਤਾ ਗੁਰਦੁਆਰੇ ਮੱਥਾ ਟੇਕਣ ਗਏ ਹੋਏ ਸਨ ਤਾਂ ਕੰਮ ਤੋਂ ਛੁੱਟੀ ਹੋਣ ਕਰਕੇ ਕਰਮਜੀਤ ਵੀ ਘਰੋਂ ਹੀ ਪੜ੍ਹਾਈ ਕਰ ਰਹੀ ਸੀ। "ਕਰਮਜੀਤ ਅੱਜ ਕੰਮ ਤੇ ਨਹੀਂ ਗਈ?" "ਨਹੀਂ ਜੱਸੀ ਅੱਜ ਤਾਂ ਮੈਨੂੰ ਕੰਮ ਤੋਂ ਛੁੱਟੀ ਹੈ। ਕਿਉਂ ਤੂੰ ਕਿਉਂ ਪੁੱਛਿਆ ਕੰਮ ਬਾਰੇ?" "ਅੱਜ ਘਰ ਭਰਿਆ-ਭਰਿਆ ਲੱਗਦੈ। ਪਤਾ ਨਹੀਂ ਤੈਨੂੰ ਕੰਮ ਤੋਂ ਛੁੱਟੀ ਹੋਈ ਹੋਣ ਕਰਕੇ।" "ਤੈਨੂੰ ਤਾਂ ਘਰ ਖ਼ਾਲੀ ਖ਼ਾਲੀ ਲੱਗਣਾ ਚਾਹੀਦਾ, ਕਿਉਂਕਿ ਮੰਮੀ ਡੈਡੀ ਘਰ ਨਹੀਂ।" "ਉਨ੍ਹਾਂ ਦੀ ਘਾਟ ਤਾਂ ਕੋਈ ਪੂਰੀ ਨਹੀਂ ਕਰ ਸਕਦਾ, ਪਰ ਤੇਰੀ ਵੀ ਤਾਂ ਮੈਨੂੰ ਘਾਟ ਹੀ ਰਹਿੰਦੀ ਹੈ। ਤੇਰੀਆਂ ਖੂਬਸੂਰਤ ਅੱਖਾਂ, ਤੇਰੀ ਮਿੰਨੀ ਜਿਹੀ ਮੁਸਕਾਨ ਅਤੇ ਅਨੋਖਾ ਜਿਹਾ ਨਖ਼ਰਾ, ਬਾਈ ਗੌਡ ਮੈਨੂੰ ਤਾਂ ਕਿੱਲ ਕਰੀ ਜਾਂਦਾ।" ਕਰਮਜੀਤ ਦੇ ਰੋਕਦਿਆਂ ਰੋਕਦਿਆਂ ਫਿਰ ਬੁੱਲ੍ਹਾਂ ਤੇ ਮੁਸਕਾਨ ਆ ਗਈ ਅਤੇ ਪਤਾ ਨਹੀਂ ਕਿੰਨੀ ਦੇਰ ਦੋਵੇਂ ਪਿਆਰ ਭੁੱਖੀਆਂ ਰੂਹਾਂ ਇੱਕ ਦੂਜੇ ਦੀ ਗਲਵੱਕੜੀ ਵਿੱਚ ਰਹੀਆਂ।ਇਸ ਤਰਾਂ ਲੱਗ ਰਿਹਾ ਸੀ ਜਿਵੇਂ ਦੋ ਪਿਆਰ ਭੁੱਖੀਆਂ ਰੂਹਾਂ ਮੁੱਦਤਾਂ ਬਾਅਦ ਮਿਲੀਆਂ ਹੋਣ।ਕਰਮਜੀਤ ਮੈਂ ਤਾਂ ਆਪਣੇ ਮਾਂ ਬਾਪ ਨੂੰ ਆਖ ਦੇਣਾ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਅਤੇ ਮੈਂ ਤੇਰਾ ਹੱਥ ਮੰਗ ਲੈਣਾ ਹੈ।" "ਜੱਸੀ, ਚੁਬਾਰੇ ਦੀ ਇੱਟ ਕਦੇ ਮੋਰੀ ਨੂੰ ਨਹੀਂ ਲੱਗਦੀ। ਨਾਲੇ ਤੂੰ ਜੱਟਾਂ ਜ਼ਿੰਮੀਦਾਰਾਂ ਦੇ ਘਰ ਦਾ ਅਮੀਰ ਮੁੰਡਾ ਅਤੇ ਮੈਂ ਗਰੀਬ ਪਰਿਵਾਰ ਦੀ ਲੜਕੀ।ਸਾਡਾ ਮੇਲ਼ ਕਿੱਥੋਂ?ਤੂੰ ਇਹ ਗੱਲ ਮਨ 'ਚੋਂ ਕੱਢ ਦੇ।" "ਕਰਮਜੀਤ ਇਹ ਈਸ਼ੂ ਮੇਰੇ ਤੇ ਛੱਡ ਦੇ। ਮੈਂ ਆਪੇ ਆਪਣੇ ਮਾਂ ਬਾਪ ਨਾਲ ਗੱਲ ਕਰੂੰ।"
ਕਰਮਜੀਤ ਨੇ ਇਹ ਖੁਸ਼ੀ ਦੀ ਖ਼ਬਰ ਦੱਸਣ ਲਈ ਆਪਣੀ ਮਾਤਾ ਜੀ ਨੂੰ ਫ਼ੋਨ ਲਾ ਲਿਆ, " ਮਾਤਾ ਜੀ ਮੈਂ ਜੱਸੀ ਨਾਲ ਵਿਆਹ ਕਰਾਉਣ ਲੱਗੀ ਹਾਂ। ਅੱਜ ਹੀ ਜੱਸੀ ਨੇ ਮੈਨੂੰ ਵਿਆਹ ਕਰਾਉਣ ਵਾਰੇ ਪੁੱਛਿਆ ਹੈ।ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਵੀ ਉਸ ਤੋਂ ਵਗੈਰ ਬੱਚਦੀ ਨਹੀਂ।" "ਧੀਏ ਫਿਰ ਕੀਤੀ ਉਹੀ ਕਮਲੀਆਂ ਵਾਲੀ ਗੱਲ। ਕੱਲ ਤੂੰ ਵਲੈਤ ਗਈ ਅਤੇ ਅੱਜ ਮੁੰਡਾ ਤੈਨੂੰ ਪਿਆਰ ਕਰਨ ਲੱਗ ਪਿਆ।ਮੈਨੂੰ ਤਾਂ ਦਾਲ ਵਿੱਚ ਕੁੱਝ ਕਾਲਾ ਜਾਪ ਰਿਹਾ ਹੈ। ਤੂੰ ਆਪਣੀ ਇੱਜਤ ਗੁਆ ਕੇ ਕੱਲ ਨੂੰ ਅੱਖਾਂ ਮੂਹਰੇ ਹੱਥ ਦੇ ਕੇ ਰੋਣਾ ਹੈ। ਅਜੇ ਵੀ ਸੋਚ ਵਿਚਾਰ ਲੈ, ਕੱਲ ਨੂੰ ਪਛਤਾਉਣ ਨਾਲੋਂ।" "ਮਾਤਾ ਜੀ ਜਮਾਨਾ ਬਦਲ ਗਿਆ ਹੈ ਅਤੇ ਜੱਸੀ ਦਿਲ ਦਾ ਸਾਫ਼ ਲੜਕਾ ਹੈ। ਮੈਂ ਤਾਂ ਉਸ ਉਤੇ ਰੱਬ ਜਿੰਨਾ ਵਿਸ਼ਵਾਸ਼ ਕਰਦੀ ਹਾਂ।ਵਹਿਮਾਂ ਵਿੱਚ ਨਾ ਪੈ ਅਤੇ ਪਰਮਾਤਮਾ ਦਾ ਨਾਂਅ ਲੈ ਕੇ ਮੈਨੂੰ ਅਸ਼ੀਰਵਾਦ ਦੇ।" ਜਦੇ ਨੂੰ ਕਰਮਜੀਤ ਦੇ ਭਾਪਾ ਜੀ ਨੇ ਪਰਮੇਸਰੀ ਪਾਸੋਂ ਫ਼ੋਨ ਫੜ ਕੇ ਧੀ ਨੂੰ ਬਿਨਾਂ ਪੁੱਛੇ ਅਸ਼ੀਰਵਾਦ ਦੇ ਦਿੱਤਾ।" ਧੀਏ ਅਸੀਂ ਤਾਂ ਪਰਮਾਤਮਾ ਦਾਂ ਲੱਖ ਲੱਖ ਸ਼ੁਕਰ ਕਰਦੇ ਹਾਂ ਜਿਸ਼ ਨੇ ਜੱਸੀ ਵਰਗਾ ਫ਼ਰਾਖ਼ਦਿੱਲ ਮੁੰਡਾ ਅਤੇ ਖੁੱਲੇ ਦਿਲ ਵਾਲੇ ਮਾਪੇ ਸਾਡੇ ਗਰੀਬਾਂ ਦੀ ਕੁੜੀ ਲਈ ਦਿੱਤੇ ਹਨ। ਅਸੀਂ ਇਸ ਖੁਸ਼ੀ ਦੇ ਮੌਕੇ ਤੁਹਾਡੇ ਪਾਸ ਤਾਂ ਨਹੀਂ ਆ ਸਕਦੇ, ਪਰ ਵਾਹਿਗੁਰੂ ਤੁਹਾਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਬਖਸ਼ਣ।" ਨਾਲ ਹੀ ਰਾਮ ਸਿੰਘ ਨੇ ਆਪਣੇ ਪਿੰਡ ਦੇ ਜਿੰਮੀਦਾਰ ਸਰਦਾਰ ਸ਼ਮਸ਼ੇਰ ਸਿੰਘ ਨਾਲ ਇਹ ਖੁਸ਼ੀ ਦੀ ਖ਼ਬਰ ਸਾਂਝੀ ਕੀਤੀ ਤਾਂ ਉਹ ਬੇਹੱਦ ਖੁਸ਼ ਹੋਇਆ ਅਤੇ ਸਰਦਾਰ ਬਖਸ਼ੀਸ਼ ਸਿੰਘ ਦੇ ਦਰਿਆ ਦਿਲ ਦੀ ਰੱਜ ਕੇ ਸਿਫ਼ਤ ਕੀਤੀ।
ਦੂਸਰੇ ਦਿਨ ਜੱਸੀ ਨੇ ਆਪਣੇ ਮਾਂ ਬਾਪ ਨਾਲ ਕਰਮਜੀਤ ਨਾਲ ਵਿਆਹ ਕਰਾਉਣ ਦੀ ਗੱਲ ਤੋਰੀ। "ਡੈਡ ਆਈ ਲਾਈਕ ਕਰਮਜੀਤ, ਆਈ ਲਵ ਕਰਮਜੀਤ ਐਂਡ ਆਈ ਲਵ ਟੂ ਮੈਰੀ ਹਰ।" ਬਖ਼ਸ਼ੀਸ਼ ਸਿੰਘ ਤੇ ਅਜੇ ਸੋਚ ਹੀ ਰਿਹਾ ਸੀ ਜਦੇ ਨੂੰ ਜੱਸੀ ਦੀ ਮੰਮੀ ਚਰਨੋ ਇਕਦਮ ਬੋਲ ਉੱਠੀ, "ਤੈਨੂੰ ਸ਼ਰਮ ਨਹੀਂ ਆਉਂਦੀ। ਕਿੱਥੇ ਅਸੀਂ ਜੱਟ ਜ਼ਿੰਮੀਦਾਰ ਅਤੇ ਕਿੱਥੇ ਇਹ ਕੰਮੀਆਂ ਦੀ ਕੁੜੀ। ਕੁੱਝ ਤਾਂ ਹੋਸ਼ ਸੰਭਾਲ।" "ਮੰਮੀ ਕੰਮੀ ਕੌਣ ਹੁੰਦੇ ਹਨ?" ਕਾਕਾ ਜਿਹੜੇ ਇਨਸਾਨ ਜੱਟਾਂ ਜ਼ਿੰਮੀਦਾਰਾਂ ਅਤੇ ਹੋਰ ਉੱਚੀਆਂ ਜਾਤਾਂ ਦੇ ਘਰਾਂ ਵਿੱਚ ਕੰਮ ਕਰਦੇ ਹੁੰਦੇ ਹਨ।" "ਤਦ ਤਾਂ ਅਸੀਂ ਸਾਰੇ ਇੰਗਲੈਂਡ ਵਿੱਚ ਕੰਮੀ ਹੋਏ। ਕੋਈ ਕਿਸੇ ਦੇ ਹੋਟਲ ਵਿੱਚ ਭਾਂਡੇ ਮਾਂਜਦਾ ਹੈ ਅਤੇ ਕੋਈ ਕਿਸੇ ਦੇ ਘਰ ਦੀ ਸਫ਼ਾਈ ਕਰਦਾ ਹੈ।" "ਨਹੀਂ ਕਾਕਾ ਜੀ ਅਸੀਂ ਸਾਰੇ ਕਾਮੇ ਅਖਵਾਉਂਦੇ ਹਾਂ ਪਰ ਇੰਡੀਆ ਵਿੱਚ ਦੂਸਰੇ ਦੇ ਘਰ ਕੰਮ ਕਰਨ ਵਾਲਿਆਂ ਨੂੰ ਕੰਮੀ ਕਿਹਾ ਜਾਂਦਾ ਹੈ।" ਜੇ ਇਹ ਗੱਲ ਹੈ ਤਾਂ ਮੰਮੀ ਤਾਂ ਫਿਰ ਜ਼ਰੂਰ ਮੈਂ ਕੰਮੀਆਂ ਦੀ ਕੁੜੀ ਨਾਲ ਵਿਆਹ ਕਰਾਊਂਗਾ।ਆਪਣੇ ਪੁੱਤਰ ਦਾ ਕਰਮਜੀਤ ਲਈ ਡੁੱਲ ਡੁੱਲ ਪੈਂਦਾ ਪਿਆਰ ਅਤੇ ਇਰਾਦੇ ਦੀ ਦਰਿੜਤਾ ਦੇਖ ਕੇ ਮਾਤਾ ਚਰਨੋਂ ਮੋਮ ਵਾਂਗ ਢੱਲ ਗਈ। "ਅੱਛਾ ਪੁੱਤਰਾ, ਜੇ ਤੈਨੂੰ ਇਸ ਗੱਲ ਦਾ ਫ਼ਰਕ ਨਹੀਂ ਤਾਂ ਅਸੀਂ ਤਾਂ ਪਹਿਲੋਂ ਹੀ ਇਸ ਕੰਮੀਆਂ ਦੀ ਕੁੜੀ ਨੂੰ ਦਿਲੋਂ ਪਿਆਰ ਕਰਦੇ ਹਾਂ।ਐਵੇਂ ਜਾਤ ਬਰਾਦਰੀ ਦਾ ਥੋੜਾ ਜਿਹਾ ਪੜਦਾ ਸੀ, ਉਹ ਵੀ ਚੁੱਕਿਆ ਗਿਆ।ਜੱਸੀ ਦੇ ਭਾਪਾ ਤੇਰਾ ਕੀ ਖਿਆਲ ਹੈ, ਜੱਸੀ ਦਾ ਕਰਮਜੀਤ ਨਾਲ ਵਿਆਹ ਕਰਾਉਣ ਵਾਰੇ? "ਕਰਮਾਂ ਵਾਲੀਏ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ। ਲਿਆ ਜੱਸੀ, ਕਰਮਜੀਤ ਦੇ ਮਾਤਾ ਪਿਤਾ ਨੂੰ ਫ਼ੋਨ ਲਾ ਅਤੇ ਉਨ੍ਹਾਂ ਨੂੰ ਵੀ ਵਧਾਈਆਂ ਦੇਈਏ।"
ਬਲਵੰਤ ਸਿੰਘ ਗਿੱਲ
ਬੈਡਫ਼ੋਰਡ
ਕਿਤੇ ਪੰਜਾਬੀਆਂ ਨਾਲ ਧੋਖਾ ਨਾ ਕਰ ਬੈਠਿਓ! - ਬਲਵੰਤ ਸਿੰਘ ਗਿੱਲ
75 ਸਾਲਾਂ ਬਾਅਦ ਪੰਜਾਬੀਆਂ ਨੇ ਰਾਜਨੀਤਿਕ ਇਨਕਲਾਬ ਲਿਆ ਦਿੱਤਾ। ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਅਜਾਰੇਦਾਰੀ ਨੂੰ ਸਿਰਿਓਂ ਨਿਕਾਰ ਕੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਜਿਸ ਰਾਜਨੀਤਿਕ ਪਾਰਟੀ ਨੂੰ ਐਵੇਂ ਨਿਗੁਣੀ ਜਾਂ ਪਰਾਈ ਪਾਰਟੀ ਆਖਿਆ ਜਾਂਦਾ ਸੀ ਉਸ ਆਮ ਪਾਰਟੀ ਨੂੰ ਧੜੱਲੇਦਾਰ ਜਿੱਤ ਦੁਆ ਕੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਪੰਜਾਬੀ ਗੋਰਿਆਂ ਤੋਂ ਇੱਕ ਮੁਲਕ ਨੂੰ ਆਜ਼ਾਦ ਕਰਵਾ ਸਕਦੇ ਹਨ, ਉਹਨਾਂ ਸਾਹਮਣੇ ਦੇਸੀ ਪਾਰਟੀਆਂ ਕਿਸ ਦੀਆਂ ਪਾਣੀਹਾਰ ਹਨ। ਆਮ ਆਦਮੀ ਪਾਰਟੀ ਦੇ ਹੱਕ ਵਿੱਚ ਐਗਜ਼ਿਟ ਪੋਲ ਨੇ ਜਿਹੜੀ ਹਾਮੀ ਭਰੀ ਸੀ ਉਸ ਨੂੰ ਅਸੀਂ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਵੀ ਬਹੁਤਾ ਯਕੀਨ ਨਹੀਂ ਸੀ ਕਰ ਰਹੇ। ਹਰ ਇੱਕ ਸੋਚ ਰਿਹਾ ਸੀ ਕਿ ਐਤਕੀਂ ਪੰਜਾਬ ਦੀ ਸਰਕਾਰ ਐਵੇਂ ਖਿਚੜੀ ਜਹੀ ਹੀ ਬਣੇਗੀ। ਕੁਝ ਲੋਕੀਂ ਆਮ ਪਾਰਟੀ ਨੂੰ ਮਸਾਂ ਸਰਕਾਰ ਬਣਾਉਣ ਜੋਗੀ ਬਹਮੱਤ ਦਿੰਦੇ ਸਨ। ਬਹੁਤੇ ਲੋਕਾਂ ਦਾ ਖ਼ਿਆਲ ਸੀ ਕਿ ਆਮ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਛੱਡ ਕੇ ਆਏ ਮੌਕਾ ਪ੍ਰਸਤ ਟਿਕਟਾਂ ਦੇ ਚਾਹਵਾਨ ਝੱਟ ਛੜੱਪਾ ਮਾਰ ਕੇ ਆਪਣੀਆਂ ਰਵਾਇਤੀ ਪਾਰਟੀਆਂ ਵਿੱਚ ਜਾ ਰਲਣਗੇ ਜਾਂ ਫਿਰ ਬੀਜੇਪੀ ਦੀ ਕੇਂਦਰੀ ਸਰਕਾਰ ਪਿਛਲੀਆਂ ਗੋਆ ਸੂਬੇ ਦੀਆਂ ਚੋਣਾਂ ਵਾਂਗ ਕਾਂਗਰਸ ਨੂੰ ਬਹੁ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਠਿੱਬੀ ਲਾ ਕੇ ਆਪਣੀ ਸਰਕਾਰ ਬਣਾ ਲੈਣਗੇ।
ਪੰਜਾਬੀਆਂ ਦਾ ਸੁਭਾਅ ਹਮੇਸ਼ਾ ਇਨਕਲਾਬੀ ਕਰਕੇ ਜਾਣਿਆ ਜਾਂਦਾ ਹੈ। ਸੁਭਾਅ ਦੀ ਦੂਸਰੀ ਸਿਫ਼ਤ ਇਹ ਹੈ ਕਿ ਜਿਸ ਲੋੜਵੰਦ ਦੀ ਬਾਂਹ ਪਕੜਦੇ ਹਨ, ਥੋੜ੍ਹੇ ਕੀਤੇ ਛੱਡਦੇ ਨਹੀਂ। ਅਗਰ ਕੋਈ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬੀ ਥੋੜ ਚਿਰੀ ਧੋਖਾ ਤਾਂ ਖਾ ਲੈਣਗੇ ਪਰ ਮੌਕਾ ਪੈਣ ਤੇ ਗਲੋਂ ਫੜ ਕੇ ਥੱਲੇ ਵੀ ਸੁੱਟਣਾ ਵੀ ਜਾਣਦੇ ਹਨ। ਪੰਜਾਬੀ ਕੌਮ 2012 ਤੋਂ ਲੈ ਕੇ ਅਗਲੀਆਂ ਦੋ ਚੋਣਾਂ ਵਿੱਚ ਕਿਸੇ ਸੁਚੱਜੇ ਬਦਲਾਅ ਲਿਆਉਣ ਦੀ ਤਾਂਘ ਵਿੱਚ ਸੀ। ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪਿਊਪਲ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਪੰਜਾਬੀਆਂ ਨੇ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੇ ਕਿਹੜਾ ਯੋਗਦਾਨ ਨਹੀਂ ਪਾਇਆ। ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਜਹਾਜ਼ ਭਰ ਕੇ ਪੰਜਾਬੀ ਆਪਣੇ ਸੂਬੇ ਵਿੱਚ ਪਹੁੰਚੇ। ਪੀ.ਪੀ.ਪੀ. ਨੂੰ ਜਿਤਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ। ਪਾਰਟੀ ਜਿੱਤ ਨਾ ਸਕੀ ਅਤੇ ਮਨਪ੍ਰੀਤ ਜੀ ਸੁਆਰਥੀ ਨਿਕਲੇ। ਆਪਣੀ ਪਾਰਟੀ ਵਿੱਚੇ ਛੱਡ ਕੇ ਕਾਂਗਰਸ 'ਚ ਜਾ ਰਲੇ। 2017 ਦੀਆਂ ਚੋਣਾਂ ਵਿੱਚ ਆਮ ਪਾਰਟੀ ਦੀ ਖੁੱਲ੍ਹ ਕੇ ਮਦਦ ਕੀਤੀ। ਇਸ ਵਾਰ ਕਾਂਗਰਸ ਅਤੇ ਅਕਾਲੀ ਰਲ ਗਏ ਅਤੇ ਆਮ ਆਦਮੀ ਪਾਰਟੀ ਨੂੰ ਜਿੱਤਣ ਨਹੀਂ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀਆਂ ਦੀਆਂ ਕੁਝ ਕਮਜ਼ੋਰੀਆਂ ਸਨ, ਜਿਨ੍ਹਾਂ ਕਰਕੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਚੋਣ ਵਿਚ ਆਮ ਆਦਮੀ ਪਾਰਟੀ ਨੇ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਪੰਜਾਬ ਨੂੰ ਇੱਕ ਸਵੱਛ ਅਤੇ ਵਧੀਆ ਸਰਕਾਰ ਦੇਣ ਦੀਆਂ ਗਰੰਟੀਆਂ ਦਿੱਤੀਆਂ। ਪੰਜਾਬੀ ਤਾਂ ਪਹਿਲੋਂ ਹੀ ਕਿਸੇ ਬਦਲਾਵ ਦੀ ਭਾਲ ਵਿੱਚ ਸਨ। ਉਪਰੋਂ ਅਕਾਲੀਆਂ ਦੇ ਪਰਿਵਾਰਵਾਦ, ਭਰਿਸ਼ਟ ਪ੍ਰਸ਼ਾਸਨ, ਧਾਰਮਿਕ ਬੇਅਦਬੀਆਂ, ਬੇਰੁਜ਼ਗਾਰੀ, ਨਸ਼ੇਪੱਤੀ ਦੀ ਮਾਰ ਅਤੇ ਕਿਰਸਾਨਾਂ ਦੇ ਕਰਜ਼ਿਆਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਢਾਹ ਲਾ ਕੇ ਖ਼ਾਲੀ ਕਰਨ ਵਰਗੀਆਂ ਅਲਾਮਤਾਂ ਸਨ। ਕਾਂਗਰਸ ਨੂੰ ਆਗੂਆਂ ਦੀ ਫੁੱਟ ਅਤੇ ਪਿਛਲੀਆਂ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਪਰ੍ਹੇ ਰਹਿਣ ਦਾ ਇਤਿਹਾਸ ਢਾਹ ਲਾ ਗਿਆ, ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਤਰਾਂ ਰਾਸ ਆਇਆ। ਦਿੱਲੀ ਵਿੱਚ ਕੀਤੇ ਕੁੱਝ ਚੰਗੇ ਕੰਮਾਂ ਦੀ ਕਾਰਗੁਜ਼ਾਰੀ ਜਿਵੇਂ ਕਿ ਮੁਫ਼ਤ ਬਿਜਲੀ, ਚੰਗੀ ਸਿਹਤ , ਚੰਗੀ ਵਿਦਿਆ ਅਤੇ ਨਾਲ ਹੀ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਤੇ ਨੱਥ ਪਾਉਣੀ ਆਦਿ ਕੁੱਝ ਉਸਾਰੂ ਕੰਮ ਸਨ। ਪ੍ਰਸ਼ਾਸਨ ਨੂੰ ਆਮ ਜਨਤਾ ਦੇ ਲਾਗੇ ਲਿਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਨਣਾ ਅਤੇ ਉਨ੍ਹਾਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਲੱਭਣਾ, ਦਿੱਲੀ ਸਰਕਾਰ ਦੀਆਂ ਕੁੱਝ ਕਾਮਯਾਬੀਆਂ ਵਿੱਚੋਂ ਹਨ।
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ 2022 ਨੂੰ ਸਹੁੰ ਚੁੱਕਣ ਜਾ ਰਹੀ ਹੈ। ਸੂਬੇ ਦੀਆਂ 117 ਵਿਧਾਨ ਸਭਾ ਹਲਕਿਆਂ ਵਿੱਚੋਂ 92 ਹਲਕਿਆਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਕੱਲੀ ਜਿੱਤ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਬਾਦਲ ਵਰਗੇ ਪਰਿਵਾਰ ਦੀ ਪੰਜਾਬ ਸਰਕਾਰ ਵਾਲੀ ਅਜਾਰੇਦਾਰੀ ਖ਼ਤਮ ਕਰ ਦਿੱਤੀ ਹੈ। ਬਾਦਲਾਂ ਦੇ ਨਾਲ-ਨਾਲ ਪੁਰਾਣੇ ਥੰਮ ਕੈਪਟਨ ਅਮਰਿੰਦਰ ਸਿੰਘ, ਸ: ਸੁਖਦੇਵ ਸਿੰਘ ਢੀਂਡਸਾ, ਡਾਕਟਰ ਦਲਜੀਤ ਸਿੰਘ ਚੀਮਾ, ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਰਗਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਮਾਝੇ ਦੇ ਜਰਨੈਲ ਸਰਕਾਰ ਮਜੀਠਿਆ ਵਰਗਿਆਂ ਨੂੰ ਆਪਣੀ ਹਾਰ ਦਾ ਅਜੇ ਵੀ ਯਕੀਨ ਨਹੀਂ ਆ ਰਿਹਾ। ਪੰਜਾਬ ਦੇ ਲੋਕ ਰਵਾਇਤੀ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਸਤਾਏ ਹੋਏ ਸਨ। ਜਦੋਂ ਅਸੀਂ ਆਮ ਆਦਮੀ ਦੇ ਜੇਤੂ ਵਿਧਾਇਕਾਂ ਦੇ ਰਾਜਨੀਤਿਕ ਇਤਿਹਾਸ ਜਾਂ ਤਜ਼ਰਬੇ ਤੇ ਨਿਗਾਹ ਮਾਰਦੇ ਹਾਂ ਤਾਂ ਇਨ੍ਹਾਂ 92 ਵਿਧਾਇਕਾਂ ਵਿੱਚੋਂ ਤਕਰੀਬਨ 90% ਰਾਜਨੀਤਿਕ ਤਜ਼ਰਬੇ ਤੋਂ ਕੋਰੇ ਹਨ। ਪੰਜਾਬੀ ਵੋਟਰਾਂ ਨੇ ਇਨ੍ਹਾਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਕੇ ਫੇਰ ਵੀ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇ ਦਿੱਤਾ। ਕਾਰਨ ਇਹ ਸੀ ਕਿ ਪੰਜਾਬ ਹਰ ਹਾਲਤ ਵਿੱਚ ਇਨ੍ਹਾਂ ਰਵਾਇਤਾਂ ਆਗੂਆਂ ਤੋਂ ਪਿੱਛਾ ਛਡਵਾਇਆ ਚਾਹੁੰਦੇ ਸਨ। ਪੰਜਾਬੀਆਂ ਨੇ ਵਾਰ-ਵਾਰ ਮੌਕੇ ਦੇ ਕੇ ਦੇਖ ਲਿਆ ਸੀ ਕਿ ਜੇਕਰ ਇਹ ਪੁਰਾਣੀਆਂ ਪਾਰਟੀਆਂ ਪਿਛਲੇ 75 ਸਾਲਾਂ ਵਿੱਚ ਪੰਜਾਬ ਦਾ ਲੋੜੀਂਦਾ ਵਿਕਾਸ ਨਹੀਂ ਕਰ ਸਕੀਆਂ, ਤਾਂ ਇਹ ਹੁਣ ਅੱਗੇ ਹੋਰ ਕੀ ਕਰਨਗੇ?
ਆਮ ਆਦਮੀ ਪਾਰਟੀਆਂ ਵਾਲਿਓ! ਪੰਜਾਬੀਆਂ ਨੇ ਤੁਹਾਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ। ਅਗਰ ਤੁਸੀਂ ਇਹ ਮੌਕਾ ਆਪਣੇ ਨਿੱਜਵਾਦ ਜਾਂ ਪਰਿਵਾਰਵਾਦ ਲਈ ਹੀ ਵਰਤਣਾ ਹੈ ਤਾਂ ਭੁੱਲ ਜਾਇਓ ਕਿ ਪੰਜਾਬੀ ਤੁਹਾਨੂੰ ਹੋਰ ਮੌਕਾ ਦੇਣਗੇ। ਪੰਜਾਬੀ ਵੋਟਰ ਹੁਣ ਸਿਆਣਾ ਹੋ ਗਿਆ ਹੈ। ਕਿਸ ਨੂੰ ਪਤਾ ਸੀ ਕਿ ਪੰਜਾਬੀ ਬਾਕੀ ਮੁਲਕ ਦੇ ਵੋਟਰਾਂ ਤੋਂ ਵੱਖਰਾ ਇੱਕ ਨਵਾਂ ਇਤਿਹਾਸ ਸਿਰਜਣਗੇ। ਪੰਜਾਬੀਆਂ ਦੀ ਫਰਾਖ਼ਦਿਲੀ ਦਾ ਨਜ਼ਾਇਜ ਫ਼ਾਇਦਾ ਚੁੱਕਣ ਦੀ ਭੁੱਲ ਨਾ ਕਰ ਬੈਠਿਓ। ਪੰਜਾਬ ਅਗਰ ਰਵਾਇਤੀ ਪਾਰਟੀਆਂ ਦੀ ਕਈ ਦਹਾਕਿਆਂ ਦੀ ਅਜਾਰੇਦਾਰੀ ਤੋੜ ਸਕਦੇ ਹਨ ਤਾਂ ਤੁਹਾਡੀ ਕੁਰਸੀ ਦੇ ਪਾਵੇ ਵੀ ਇੰਨੇ ਮਜ਼ਬੂਤ ਨਹੀਂ ਕਿ ਬਹੁਤੀ ਦੇਰ ਟਿਕਣਗੇ। ਪੰਜਾਬੀਆਂ ਨੇ ਜੇਕਰ ਆਪਣੀ ਤਕਦੀਰ ਤੁਹਾਡੀ ਝੋਲੀ ਵਿੱਚ ਪਾਈ ਹੈ ਤਾਂ ਪੂਰੀ ਨੀਤ ਅਤੇ ਨੀਅਤ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਵੱਲ ਵਹੀਰਾਂ ਘੱਤ ਲਵੋ।
ਪੰਜਾਬੀ ਤੁਹਾਡੇ ਤੋਂ ਕੀ ਮੰਗਾਂ ਕਰਦੇ ਹਨ? ਇਨ੍ਹਾਂ ਮੰਗਾਂ ਬਾਰੇ ਤੁਹਾਨੂੰ ਭਲੀ ਭਾਂਤ ਪਤਾ ਹੈ ਅਤੇ ਤੁਸੀਂ ਆਪਣੇ ਚੋਣ ਮਨੋਰਥ ਵਿੱਚ ਪੂਰੀ ਤਰ੍ਹਾਂ ਕਬੂਲਿਆ ਵੀ ਹੈ। ਪੰਜਾਬ ਦੀ ਸਿਆਸੀ ਅਤੇ ਆਰਥਿਕ ਹਾਲਤ ਦਾ ਤਾਂ ਤਾਣਾ ਹੀ ਉਲਝਿਆ ਪਿਆ ਹੈ।ਪੰਜਾਬ ਦਾ ਖਜਾਨਾ ਸਿਰਫ਼ ਖਾਲੀ ਹੀ ਨਹੀਂ ਬਲਕਿ 3 ਲੱਖ ਕਰੋੜ ਤੋਂ ਵੀ ਜਿਆਦਾ ਕਰਜੇ ਥੱਲੇ ਹੈ। ਪੰਜਾਬ ਦੀ ਜੁਆਨੀ ਬੇਰੁਜਗਾਰੀ ਦੀ ਮਾਰ ਝੱਲ ਰਹੀ ਹੈ। ਵੱਢੀ ਅਤੇ ਭਰਿਸ਼ਟਾਚਾਰ ਦਾ ਸੱਪ ਫ਼ੰਨ ਖਿਲਾਰੀ ਖੜਾ ਹੈ। ਬੇਰੁਜਗਾਰ ਅਤੇ ਦਿਸ਼ਾਹੀਨ ਨੌਜਵਾਨ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਣ ਦਾ ਨਾ ਨਹੀਂ ਲੈ ਰਹੀ। ਪੰਜਾਬ ਦਾ ਪਾਣੀ ਅਤੇ ਵਾਤਾਵਰਣ ਪਰਦੂਸ਼ਤ ਹੋ ਰਿਹਾ ਹੈ ਅਤੇ ਮੁੱਕਣ ਕੰਢੇ ਹੈ। ਫਸਲਾਂ, ਸਬਜੀਆਂ ਅਤੇ ਫ਼ਲ਼ਾ ਨੂੰ ਮਿਲਣ ਵਾਲੀ ਘੱਟੋ ਘੱਟ ਕੀਮਤ ਨਾ ਮਿਲਣ ਦਾ ਮਸਲਾ ਹੈ। ਗੱਲ ਕੀ ਪੰਜਾਬ ਦੇ ਅਨੇਕਾਂ ਮਸਲੇ ਹੱਲ ਹੋਣੇ ਬਾਕੀ ਹਨ। ਮੈਂ ਮੰਨਦਾ ਹਾਂ ਕਿ ਜਿਹੜਾ ਗੰਦ ਪਿਛਲੇ ਕਈ ਦਹਾਕਿਆਂ ਤੋਂ ਪਿਆ ਹੋਇਆ ਹੈ, ਉਸਨੂੰ ਪੰਜਾਂ ਸਾਲਾਂ ਵਿੱਚ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਤਰਤੀਬ ਵਿੱਚ ਲਿਆਉਣਾ ਪਵੇਗਾ। ਮੇਰੀ ਜਾਚੇ ਜੇਕਰ ਤੁਸੀਂ ਮੇਰੇ ਦੱਸੇ ਕੁੱਝ ਸੁਝਾਵਾਂ ਤੇ ਅਮਲ ਕਰੋ ਤਾਂ ਤੁਹਾਡੀ ਸਰਕਾਰ ਦੀ ਇੱਕ ਚੰਗੀ ਸ਼ੁਰੂਆਤ ਮੰਨੀ ਜਾ ਸਕਦੀ ਹੈ।
ਪਹਿਲੀ ਸਮੱਸਿਆ ਜਿਹੜੀ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੀ ਹ,ੈ ਉਹ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ, ਵੱਢੀਖ਼ੋਰੀ ਅਤੇ ਬੇਈਮਾਨੀ ਵਰਗੀਆਂ ਬੀਮਾਰੀਆਂ ਹਨ। ਲੋਕੀਂ ਸਰਕਾਰੀ ਅਦਾਰਿਆਂ ਜਿਵੇਂ ਕਿ ਤਹਿਸੀਲਾਂ, ਥਾਣਿਆਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਹਰ ਰੋਜ਼ ਪ੍ਰੇਸ਼ਾਨ ਹੁੰਦੇ ਹਨ। ਬਿਨਾਂ ਪੈਸਾ ਦਿੱਤਿਆਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਵੱਢੀ ਮੰਤਰੀਆਂ ਤੋਂ ਲੈ ਕੇ ਛੋਟੇ ਅਫ਼ਸਰਾਂ ਤੱਕ ਫੈਲੀ ਹੋਈ ਹੈ। ਵੱਢੀਆਂ ਦੇ ਕੇ ਨੌਕਰੀਆਂ ਲੈ ਕੇ ਬਣੇ ਅਫ਼ਸਰ ਆਪਣੇ ਪੱਲਿਓਂ ਲਾਏ ਪੈਸੇ ਪਹਿਲੋਂ ਪੂਰੇ ਕਰਦੇ ਹਨ ਅਤੇ ਫੇਰ ਆਪਣੇ ਭਵਿੱਖ ਦਾ ਸੋਚਦੇ ਹਨ।ਪਿਛਲੀਆਂ ਸਰਕਾਰਾਂ ਦੇ ਵਿਧਾਇਕ ਅਤੇ ਮੰਤਰੀ ਸਰਕਾਰੀ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਤਾਂ ਪਾ ਰਿਹਾ ਸਨ, ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਖ਼ਜ਼ਾਨਾ ਖਾਲੀ ਵੀ ਤਾਂ ਤੁਸੀਂ ਹੀ ਕੀਤਾ ਸੀ। ਖ਼ਜ਼ਾਨੇ ਵਿੱਚ ਇੰਨੀਆਂ ਮੋਰੀਆਂ ਕਰ ਦਿੱਤੀਆਂ ਹਨ ਕਿ ਜਿੰਨਾਂ ਪੈਸਾ ਖ਼ਜ਼ਾਨੇ ਦੇ ਭਾਂਡੇ ਵਿੱਚ ਜਾਂਦਾ ਉੰਨਾਂ ਹੀ ਭਾਂਡੇ ਦਾ ਥੱਲਾ ਨਾ ਹੋਣ ਕਰਕੇ ਭਰਿਸ਼ਟ ਵਿਧਾਇਕਾਂ, ਮੰਤਰੀਆਂ ਅਤੇ ਅਫ਼ਸਰਾਂ ਦੀਆਂ ਜੇਬਾਂ ਵਿੱਚ ਚਲਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡਣ ਤੋਂ ਬਾਅਦ ਆਪ ਖ਼ੁਦ ਮੰਨਿਆ ਕਿ ਉਸ ਦੀ ਆਪਣੀ ਸਰਕਾਰ ਦੇ ਕਈ ਪ੍ਰਮੁੱਖ ਮੰਤਰੀ ਰੇਤਾਂ ਦੀਆਂ ਖੱਡਾਂ, ਸ਼ਰਾਬ ਅਤੇ ਹੋਰ ਮਾਫ਼ੀਆ ਵਿੱਚ ਗ੍ਰਸੇ ਹੋਏ ਹਨ। ਭਗਵੰਤ ਜੀ! ਤੁਹਾਡੀ ਪਹਿਲ ਇਸ ਭ੍ਰਿਸ਼ਟ ਪ੍ਰਸ਼ਾਸਨ ਤੇ ਨੱਥ ਪਾਉਣੀ ਹੋਏਗੀ। ਜਿਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਨੇ ਪਿਛਲੇ ਦਹਾਕਿਆਂ ਵਿੱਚ ਆਪਣੇ ਨਿੱਜੀ ਘਰ ਭਰੇ ਹਨ, ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਹੋਏਗਾ।ਤੁਸੀਂ ਸਾਰੀ ਫਸਲ ਬਚਾਉਣ ਲਈ ਇੱਕ ਕਾਂ ਮਾਰ ਕੇ ਟੰਗਣ ਦੀ ਉਦਾਹਰਣ ਤੇ ਅਮਲ ਕਰੋ। ਕੰਮ ਹੈ ਤਾਂ ਔਖਾ ਪਰ ਹੁਣ ਤੁਹਾਡੇ ਕੋਲ ਸਿਆਸੀ ਤਾਕਤ ਹੈ।ਤੁਸੀਂ ਜ਼ਰੂਰ ਹੀ ਇਸ ਵਿੱਚ ਸੁਧਾਰ ਲਿਆ ਸਕਦੇ ਹੋ। ਆਮ ਜਨਤਾ ਦੀ ਦਿਨ-ਪ੍ਰਤੀ-ਦਿਨ ਦੀ ਇਹ ਪ੍ਰੇਸ਼ਾਨੀ ਦੂਰ ਕਰਨੀ ਤੁਹਾਡੀ ਪਹਿਲ ਹੋਣੀ ਚਾਹੀਦੀ ਹੈ।ਹਰ ਇੱਕ ਕੰਮ ਸਮਾਂ ਬੰਦ ਹੋਣਾ ਚਾਹੀਦਾ ਹੈ।ਇਹ ਨਾ ਹੋਵੇ ਤੁਸੀਂ ਵੀ ਸਾਢੇ ਚਾਰ ਸਾਲਾਂ ਬਾਅਦ ਕੰਮਾਂ ਦੀ ਸ਼ੁਰੂਆਤ ਕਰਿਓ।
ਦੂਸਰਾ ਸੁਧਾਰ ਤੁਹਾਡੀ ਪੁਲੀਸ ਮਹਿਕਮੇ ਨੂੰ ਤਾਕਤ ਦੇ ਕੇ ਅਤੇ ਉਨ੍ਹਾਂ ਦਾ ਦਿਲ ਜਿੱਤ ਕੇ ਆਮ ਜਨਤਾ ਦੇ ਰਾਖੇ ਬਣਾਉਣਾ ਹੋਏਗਾ। ਲੋਕ ਪੱਛਮੀ ਦੇਸ਼ਾਂ ਵਾਂਗ ਪੁਲੀਸ ਨੂੰ ਆਪਣੇ ਰਾਖੇ ਸਮਝਣ ਨਾ ਕਿ ਖੌਫ਼ ਦੇ ਪ੍ਰਤੀਕ।ਪੁਲੀਸ ਨੂੰ ਵੀ ਆਪਣਾ ਕੁਰੱਪਟ ਅਤੇ ਬੁੱਚੜਾਂ ਵਾਲਾ ਅੱਕਸ ਸੁਧਾਰਨਾ ਹੋਏਗਾ। ਇਨ੍ਹਾਂ ਤੋਂ ਹੀ ਤੁਸੀਂ ਭ੍ਰਿਸ਼ਟ ਅਫ਼ਸਰਾਂ ਤੇ ਨੱਥ ਪਾਉਣ ਦਾ ਕੰਮ ਲੈਣਾ ਹੈ। ਇਮਾਨਦਾਰ ਅਫ਼ਸਰਾਂ ਦੀ ਇੱਜ਼ਤ ਕਰੋ ਅਤੇ ਤਰੱਕੀਆਂ ਦੇਵੋ। ਭ੍ਰਿਸ਼ਟ ਪੁਲੀਸ ਕਰਮਚਾਰੀਆਂ ਨੂੰ ਬੇਈਮਾਨੀ ਕਰਨ ਤੋਂ ਰੋਕੋ। ਅਗਰ ਖੇਤ ਦੀ ਵਾੜ ਹੀ ਖੇਤ ਨੂੰ ਖਾਈ ਜਾਵੇ ਤਾਂ ਖੇਤ ਮਾਲਕ ਦਾ ਕੀ ਬਣੇਗਾ? ਭਗਵੰਤ ਜੀ! ਤੁਸੀਂ ਖ਼ੁਦ ਅਤੇ ਤੁਹਾਡੇ ਵਿਧਾਇਕ ਅਤੇ ਵਜ਼ੀਰ ਆਮ ਜਨਤਾ ਵਿੱਚ ਵਿਚਰਨ। ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੇੜੇ ਹੋ ਕੇ ਸੁਨਣ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਲੱਭਣ। ਦਿੱਲੀ ਸੂਬੇ ਵਾਂਗ ਹਰ ਹਲਕੇ ਵਿੱਚ ਡਿਊਟੀ ਅਫ਼ਸਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਨਣ ਲਈ ਫ਼ੋਨ ਦੀ ਦੂਰੀ ਤੇ ਹੀ ਹੋਣ। ਅਗਰ ਫੋਨ ਰਾਹੀਂ ਸਮੱਸਿਆ ਹੱਲ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਆਪ ਖ਼ੁਦ ਆ ਕੇ ਉਸ ਲੋੜਵੰਦ ਇਨਸਾਨ ਦੀ ਮਦਦ ਕੀਤੀ ਜਾਵੇ। ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢ ਕੇ ਪ੍ਰੇਸ਼ਾਨ ਨਾ ਹੋਣਾ ਪਵੇ। ਤਹਿਸੀਲਾਂ ਵਿੱਚ ਛੋਟੇ ਮੋਟੇ ਕੰਮਾਂ ਲਈ ਸਵੇਰ ਤੋਂ ਬੈਠੇ ਕਿਸੇ ਆਮ ਇਨਸਾਨ ਨੂੰ ਸ਼ਾਮ ਨੂੰ ਇਹ ਨਾ ਸੁਨਣਾ ਪਵੇ ਕਿ ਅੱਜ ਤਾਂ ਤਹਿਸੀਲਦਾਰ ਦਾ ਸਮਾਂ ਖ਼ਤਮ ਹੋ ਗਿਆ ਹੈ, ਕੱਲ੍ਹ ਨੂੰ ਦੁਬਾਰਾ ਫੇਰ ਆਇਓ। ਜਾਂ ਫਿਰ ਥਾਣੇ ਵਿੱਚ ਕਿਸੇ ਸਰਪੰਚ ਦੀ ਆਮਦ ਤੋਂ ਬਿਨਾਂ ਕੋਈ ਕੰਮ ਸਿਰੇ ਨਾ ਚੜ੍ਹੇ। ਆਮ ਜਨਤਾ ਨੂੰ ਵੀ ਟੈਕਸਾਂ ਦੀ ਚੋਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਗਰ ਤੁਹਾਡੀ ਕਾਰ ਜਾਂ ਵਾਹਣ ਵਿੱਚ ਕੋਈ ਕਮੀ ਹੈ ਤਾਂ ਪੁਲੀਸ ਜਾਂ ਟ੍ਰੈਫ਼ਿਕ ਵਾਲੇ ਦੀ ਜੇਬ ਗਰਮ ਕਰਨ ਨਾਲੋਂ ਚਲਾਨ ਕਟਾਉਣਾ ਬਹਿਤਰ ਹੋਏਗਾ ਤਾਂ ਕਿ ਸਰਕਾਰੀ ਖ਼ਜ਼ਾਨੇ ਵਿੱਚ ਚਾਰ ਪੈਸੇ ਜਾਣ।
ਇਹਨਾਂ ਫੌਰੀ ਕੰਮਾਂ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਨੂੰ ਵਿੱਦਿਆ ਖੇਤਰ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ। ਅੱਜ ਤੋਂ ਵੀਹ ਤੀਹ ਸਾਲ ਪਹਿਲਾਂ ਜਦੋਂ ਨਿੱਜੀ ਜਾਂ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਨਹੀਂ ਪਈ ਸੀ ਉਦੋਂ ਆਮ ਵਿਦਿਆਰਥੀ ਸਰਕਾਰੀ ਸਕੂਲੋਂ ਅਤੇ ਕਾਲਜਾਂ ਤੋਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਆਈ. ਏ. ਐੱਸ., ਆਈ. ਪੀ. ਐੱਸ. ਅਤੇ ਸਿਵਲ ਸਰਵਿਸ ਵਿੱਚ ਸਲੈਕ ਹੁੰਦੇ ਸਨ। ਹੁਣ ਦੀਆਂ ਵੱਡੀਆਂ ਫ਼ੀਸਾਂ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹਨ। ਇਸੇ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵੱਡੇ ਅਫ਼ਸਰ ਸਿਲੈਕਟ ਨਹੀਂ ਹੋ ਰਹੇ। ਵਿਦਿਆਰਥੀ ਮੁਲਕ ਦੀ ਬੇਰੁਜ਼ਗਾਰੀ ਨੂੰ ਦੇਖ ਕੇ ਪਲੱਸ ਟੂ ਦੀ ਪੜ੍ਹਾਈ ਕਰਨ ਤੋਂ ਬਾਅਦ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਭੱਜਣ ਦੀ ਪਹਿਲ ਦੇ ਰਹੇ ਹਨ। ਇਸ ਨਾਲ ਪੰਜਾਬ ਦੀ ਜੁਆਨੀ ਅਤੇ ਪੈਸੇ ਦੋਹਾਂ ਦੀ ਬਰਬਾਦੀ ਹੁੰਦੀ ਹੈ। ਬੱਚੇ ਬਾਹਰ ਜਾਣ ਤੋਂ ਬਾਅਦ ਮਾਪਿਆਂ ਨੂੰ ਵਿਦੇਸ਼ਾਂ ਵਿੱਚ ਮੰਗਵਾ ਲੈਂਦੇ ਹਨ ਜਿਸ ਨਾਲ ਪੰਜਾਬ ਦੇ ਘੁੱਗ ਵੱਸਦੇ ਪਿੰਡਾਂ ਦੀਆਂ ਕੋਠੀਆਂ ਨੂੰ ਜਿੰਦਰੇ ਲੱਗ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਸੁਧਾਰ ਕਰਕੇ ਅਧਿਆਪਕਾਂ ਅਤੇ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਭਰੀਆਂ ਜਾਣ। ਯੋਗ ਅਤੇ ਗੁਜ਼ਾਰੇ ਜੋਗੀ ਤਨਖਾਹ ਮਿਲੇ। ਵਿੱਦਿਆ ਦੇ ਇਤਿਹਾਸ ਦੇ ਵਿਸ਼ੇ ਵਿੱਚ ਸਰਕਾਰੀ ਰਿਲਾਵਟ ਬੰਦ ਕੀਤੀ ਜਾਏ। ਸਹੀ ਇਤਿਹਾਸ ਪੜ੍ਹਾਇਆ ਜਾਵੇ। ਅਧਿਆਪਕਾਂ ਤੋਂ ਅਧਿਆਪਕਾਂ ਵਾਲਾ ਹੀ ਕੰਮ ਲਿਆ ਜਾਵੇ, ਨਾਂ ਕਿ ਗ਼ੈਰ ਵਿਦਿਅਕ ਜ਼ਿੰਮੇਵਾਰੀਆਂ ਲਾਈਆਂ ਜਾਣ।ਪੰਜਾਬੀ ਮਾਂ ਬੋਲੀ ਨੂੰ ਦਫ਼ਤਰਾਂ ਵਿੱਚ ਨਿੱਠ ਕੇ ਲਾਗੂ ਕੀਤਾ ਜਾਵੇ ਅਤੇ ਨਿੱਜੀ ਸਕੂਲਾਂ ਵਿੱਚ ਵੀ ਪੰਜਾਬੀ ਜਬਾਨ ਨੂੰ ਬਣਦਾ ਥਾਂ ਮਿਲੇ।
ਸਿਹਰ ਵਿਭਾਗ ਵਿੱਚ ਇਨਕਲਾਬੀ ਤਬਦੀਲੀਆਂ ਦੀ ਜ਼ਰੂਰਤ ਹੈ। ਵਿੱਦਿਆ ਵਾਂਗ ਹੀ ਅੱਜਕੱਲ੍ਹ ਨਿੱਜੀ ਜਾਂ ਪ੍ਰਾਈਵੇਟ ਹਸਪਤਾਲ ਧੜਾ ਧੜ ਖੁੱਲ੍ਹ ਰਹੇ ਹਨ, ਜਿਹੜੇ ਆਮ ਜਨਤਾ ਦੀਆਂ ਸਿਹਤ ਪੱਖੀ ਪਹੁੰਚ ਤੋਂ ਪਰ੍ਹੇ ਹਨ। ਪਿੰਡਾਂ ਦਾ ਗ਼ਰੀਬ ਕਿਰਸਾਨ ਅਤੇ ਮਜ਼ਦੂਰ ਜਿਸ ਪਾਸ ਮਸਾਂ ਦੋ ਡੰਗ ਦੀ ਰੋਟੀ ਪਕਾਉਣ ਲਈ ਚੁੱਲ੍ਹਾ ਨਹੀਂ ਗਰਮ ਹੁੰਦਾ, ਉਹ ਕਿਵੇਂ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਵੇ? ਹਸਪਤਾਲਾਂ ਵਿੱਚ ਵਿਕਣ ਵਾਲੀ ਦਵਾਈ ਮੰਤਰੀਆਂ ਜਾਂ ਉਨ੍ਹਾਂ ਦੇ ਚਹੇਤਿਆਂ ਦੀਆਂ ਫ਼ੈਕਟਰੀਆਂ ਵਿੱਚ ਬਣਦੀ ਹੈ। ਜਿਸ ਦਵਾਈ ਦੀ ਵਿਕਰੀ ਵਿੱਚ ਡਾਕਟਰਾਂ ਤੋਂ ਲੈ ਕੇ ਮੰਤਰੀਆਂ ਤੱਕ ਹਿੱਸੇ ਪਤੀ ਚਲਦੀ ਹੈ। ਭਗਵੰਤ ਜੀ! ਸਿਹਤ ਵਿਭਾਗ ਨੂੰ ਆਮ ਜਨਤਾ ਦੀ ਪਹੁੰਚ ਵਿੱਚ ਲਿਆਉ। ਗ਼ਰੀਬ ਜਨਤਾ ਨੂੰ ਇਲਾਜ਼ ਮੁਫ਼ਤ ਮਿਲੇ।
ਇਨ੍ਹਾਂ ਮਸਲਿਆਂ ਦੇ ਨਾਲ-ਨਾਲ ਆਮ ਆਦਮੀ ਦੀ ਸਰਕਾਰ ਨੂੰ ਪੰਜਾਬ ਦੇ ਕਾਫ਼ੀ ਸਮੇਂ ਦੇ ਲਟਕਦੇ ਮਸਲੇ ਹੱਲ ਕਰਨੇ ਹੋਣਗੇ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਬਰਗਾੜੀ ਵਿੱਚ ਹੋਏ ਦੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼, ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਵਿੱਚ ਹੋ ਰਿਹਾ ਘਾਣ, ਕਿਰਸਾਨਾਂ ਦੇ ਸਿਰ ਚੜ੍ਹੇ ਲੱਖਾਂ ਰੁਪਇਆਂ ਦੇ ਕਰਜ਼ੇ ਨੂੰ ਭਰਨ ਦੀ ਕੋਈ ਤਰਤੀਬ, ਜਿਵੇਂ ਕਿ ਟੈਕਸ ਚੋਰੀ ਨੁੰ ਰੋਕਣਾ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਸਹੀ ਇਸਤੇਮਾਲ, ਪੰਜਾਬ ਦੇ ਖੇਤੀ ਨਾਲ ਸਬੰਧਿਤ ਮਸਲੇ ਜਿਵੇਂ ਕਿ ਕਣਕ ਅਤੇ ਝੋਨੇ ਤੋਂ ਬਿਨਾਂ ਫ਼ਸਲਾਂ, ਸਬਜੀਆਂ ਅਤੇ ਫਲਾਂ ਲਈ ਐਮ ਐਸ ਪੀ, ਪੰਜਾਬ ਦਾ ਮੁੱਕਦਾ ਜਾਂਦਾ ਪਾਣੀ ਅਤੇ ਇਸ ਦੀ ਪ੍ਰਦੂਸ਼ਿਤਾ। ਪੰਜਾਬ ਦੇ ਖਾਧ ਪਦਾਰਥਾਂ ਵਿੱਚ ਦਿਨ-ਪ੍ਰਤੀ-ਦਿਨ ਹੁੰਦੀ ਮਿਲਾਵਟ ਅਤੇ ਪੰਜਾਬ ਦਾ ਪ੍ਰਦੂਸ਼ਿਤ ਵਾਤਾਵਰਣ। ਬੇਰੁਜਗਾਰੀ ਨੂੰ ਦੂਰ ਕਰਨ ਲਈ ਉਦਯੋਗ ਚਾਲੂ ਕਰਨੇ, ਕਰਮਚਾਰੀਆਂ ਦੀਆਂ ਪੱਕੀਆਂ ਨੌਕਰੀਆਂ ਦੀ ਭਰਤੀ ਅਤੇ ਹੋਰ ਰੁਜ਼ਗਾਰ ਪੈਦਾ ਕਰਨਾ। ਪੰਜਾਬ ਦਾ ਬਾਹਰਲੇ ਸੂਬੇ ਵਿੱਚ ਜਾ ਚੁੱਕੇ ਉਦਯੋਗ ਨੂੰ ਪੰਜਾਬ ਵਿੱਚ ਹੀ ਲੋੜੀਂਦੀਆਂ ਸਹੂਲਤਾਂ ਦੇ ਕੇ ਵਾਪਸ ਪੰਜਾਬ ਵਿੱਚ ਲੈ ਕੇ ਆਉਣਾ।ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਪੀੜਤ ਨਸ਼ੇੜੀਆਂ ਨੂੰ ਮਰੀਜ ਸਮਝ ਕੇ ਉਨਾਂ ਦਾ ਇਲਾਜ ਕਰਨਾ।ਖੇਡਾਂ ਵਾਸਤੇ ਯੋਗ ਸਟੇਡੀਅਮਾਂ ਅਤੇ ਕੋਚਾਂ ਦਾ ਪ੍ਰਬੰਧ ਕਰਨਾ। ਪੰਜਾਂ ਛੇਆਂ ਪਿੰਡਾਂ ਵਿੱਚ ਸਮੇਂ-ਸਮੇਂ ਬਾਅਦ ਵਿੱਦਿਅਕ ਕੋਚਾਂ ਦਾ ਪ੍ਰਬੰਧ ਕਰਨਾ ਜਿਸ ਨਾਲ ਆਮ ਵਿਦਿਆਰਥੀ ਉਚੇਰੀ ਵਿੱਦਿਆ ਕਰਨ ਲਈ ਯੋਗ ਵਿਸ਼ੇ ਚੁਣ ਸਕਣ। ਪਿੰਡਾਂ ਵਿੱਚ ਲਾਇਬ੍ਰੇਰੀਆਂ ਬਨਣ ਅਤੇ ਢੁੱਕਵੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ।
ਪੰਜਾਬ ਦੇ ਅਨੇਕਾਂ ਮਸਲੇ ਹਨ। ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮਾਂ ਅਤੇ ਪੈਸਾ ਚਾਹੀਦਾ ਹੈ। ਜੇਕਰ ਤੁਹਾਡੇ ਪਾਸ ਚੰਗੀ ਨੀਅਤ ਅਤੇ ਯੋਗ ਨੀਤੀਆਂ ਹਨ ਤਾਂ ਤੁਹਾਨੂੰ ਪੰਜਾਬ ਦੀ ਤਰੱਕੀ ਕਰਾਉਣ ਵਿੱਚ ਕੋਈ ਅੜਚਣ ਨਹੀਂ ਹੋਣੀ ਚਾਹੀਦੀ। ਤੁਹਾਡੇ ਪਾਸ ਦਿੱਲੀ ਵਿੱਚ ਹੋਈਆਂ ਤਰੱਕੀ ਦੀਆਂ ਉਦਾਹਰਣਾਂ ਹਨ। ਦਿੱਲੀ ਤਾਂ ਇੱਕ ਯੂਨੀਅਨ ਟੈਰੇਟਰੀ (ਕੇਂਦਰੀ ਪ੍ਰਸ਼ਾਸਿਤ ਸੂਬਾ) ਹੈ। ਪਰ ਪੰਜਾਬ ਤਾਂ ਇੱਕ ਪੂਰਾ ਸੂਬਾ ਤੁਹਾਡੇ ਵਾਸਤੇ ਹਾਜ਼ਰ ਕੀਤਾ ਹੈ। ਤੁਹਾਨੂੰ ਦਿੱਲੀ ਵਾਂਗ ਕਿਸੇ ਲੈਫ਼ਟੀਨੈਂਟ ਗਵਰਨਰ ਜਾਂ ਰਾਜਪਾਲ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ। ਤੁਹਾਡੇ ਪਾਸ ਅਸੈਂਬਲੀ ਵਿੱਚ ਭਰਪੂਰ ਬਹੁ-ਮੱਤ ਹੈ। ਨਵੇਂ ਕਾਨੂੰਨ ਬਣਾਓ, ਪੁਰਾਣਿਆਂ ਕਾਨੂੰਨਾਂ ਵਿੱਚ ਸੋਧ ਕਰਕੇ ਪੰਜਾਬ ਨੂੰ ਮੁੜ ਫੇਰ ਲੀਹਾਂ ਤੇ ਖੜ੍ਹਾ ਕਰੋ। ਪੰਜਾਬੀ ਲੋਕ ਮੋਹਰਲੇ ਪੰਜਾਂ ਸਾਲਾਂ ਵਿੱਚ ਵਿਕਾਸ ਦੀ ਆਸ ਕਰਨਗੇ। ਤੁਸੀਂ ਇੱਕ ਦਿਨ ਵੀ ਅਵੇਸਲੇ ਨਹੀਂ ਹੋ ਸਕਦੇ। ਜਿਵੇਂ ਤੁਸੀਂ ਚੋਣਾਂ ਵੇਲੇ ਗਰੰਟੀਆਂ ਅਤੇ ਵਾਇਦੇ ਦਿੱਤੇ ਹਨ, ਉਨ੍ਹਾਂ ਤੇ ਹੁਣ ਅਮਲ ਕਰਨਾ ਹੋਏਗਾ। ਮੈਂ ਮੰਨਦਾ ਹਾਂ ਕਿ ਨਵੇਂ ਬਣੇ ਵਿਧਾਇਕਾਂ ਪਾਸ ਸਿਆਸੀ ਤਜ਼ਰਬਾ ਨਹੀਂ। ਪਰ ਤੁਸੀਂ ਯੋਗ ਸਲਾਹਕਾਰ ਨਿਰਧਾਰਿਤ ਕਰਕੇ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਮੇਂ ਸਮੇਂ ਪੰਜਾਬ ਪੱਖੀ ਸਲਾਹ ਦੇ ਸਕਦੇ ਹੋ।ਵਿਧਾਇਕਾਂ ਨੂੰ ਵੀ ਆਪਣੀ ਮਸਾਂ ਮਿਲੀ ਸਿਆਸੀ ਤਾਕਤ ਦਾ ਨਜਾਇਜ ਫ਼ਾਇਦਾ ਨਹੀਂ ਲੈਣਾ ਚਾਹੀਦਾ।ਮਨ ਵਿੱਚ ਬਿਠ ਲੈਣਾ ਚਾਹੀਦਾ ਹੈ ਕਿ ਉਹ ਜਨਤਾ ਦੇ ਸੇਵਕ ਹਨ, ਮਾਲਕ ਨਹੀਂ। ਪੰਜਾਬ ਦੇ ਚਿਰਾਂ ਤੋਂ ਰਾਜਧਾਨੀ ਦਾ ਮਸਲਾ, ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਅਤੇ ਆਪਣੀਆਂ ਪੂਰੀਆਂ ਸਜਾਵਾਂ ਭੁੱਕਤ ਚੁੱਕੇ ਸਿੰਘਾ ਨੂੰ ਰਿਹਾ ਕਰਾਉਣਾ ਆਦਿ ਕਈ ਮਸਲੇ ਲਟਕਦੇ ਆ ਰਹੇ ਹਨ। ਕੇਜਰੀਵਾਲ ਜੀ ਲਈ ਇਹ ਮਸਲੇ ਕਾਫ਼ੀ ਪੇਚੀਦਾ ਹਨ। ਪਰ ਇਹੋ ਜਿਹਾ ਵਿਚੋਲਾ ਵਿੱਚ ਪੈ ਕੇ ਇਹ ਮਸਲੇ ਹੱਲ ਕਰਵਾ ਸਕਦਾ ਹੈ। ਭਗਵੰਤ ਜੀ ਨੂੰ ਕੇਂਦਰ ਨਾਲ ਵੀ ਬਣਾ ਕੇ ਰੱਖਣੀ ਹੋਏਗੀ। ਪੰਜਾਬ ਨੂੰ ਮੁੜ ਵਿਕਾਸ ਲੀਹਾਂ ਤੇ ਲਿਆਉਣ ਲਈ ਬਹੁਤੀ ਮਾਇਕ ਸਹਾਇਤਾਂ ਕੇਂਦਰ ਤੋਂ ਆਉਣੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਲੋੜਾਂ ਲਈ ਕੇਂਦਰ ਦੇ ਗ਼ੁਲਾਮ ਬਣ ਜਾਇਓ। ਪਰ ਇੱਕ ਸਮਝਦਾਰ ਅਤੇ ਸੂਝਵਾਨ ਨੇਤਾ ਦੋਵੇਂ ਕੰਮ ਕਰ ਸਕਦਾ ਹੈ। ਸੱਪ ਵੀ ਮਾਰ ਦਿੰਦਾ ਹੈ ਅਤੇ ਸੋਟੀ ਵੀ ਟੁੱਟਣ ਨਹੀਂ ਦਿੰਦਾ। ਭਗਵੰਤ ਮਾਨ ਅਤੇ ਕੇਜਰੀਵਾਲ ਜੀ! ਪੰਜਾਬੀਆਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਹੈ। ਹੁਣ ਤੁਹਾਡੀ ਵਾਰੀ ਹੈ, ਉਸ ਭਰੋਸੇ ਤੇ ਪੂਰਾ ਉਤਰਨ ਦੀ। ਅਗਰ ਐਸਾ ਨਹੀਂ ਹੋ ਸਕਿਆ ਤਾਂ ਪੰਜਾਬੀ ਤੁਹਾਨੂੰ ਬਖਸ਼ਣਗੇ ਨਹੀਂ।ਅਸੀਂ ਵਿਦੇਸ਼ਾਂ ਵਿੱਚ ਬੈਠੇ ਲੱਖਾਂ ਪੰਜਾਬੀ ਆਪਣਾ ਸੂਬਾ ਫਿਰ ਖੁਸ਼ਹਾਲ ਅਤੇ ਘੁੱਗ ਵਸਦਾ ਦੇਖਣਾ ਚਾਹੁੰਦੇ ਹਾਂ।ਮੇਰੀਆ ਸ਼ੁੱਭ ਇਛਾਵਾਂ ਤੁਹਾਡੇ ਨਾਲ ਹਨ।
ਬਲਵੰਤ ਸਿੰਘ ਗਿੱਲ
ਬੈਡਫ਼ੋਰਡ
ਬਚਾ ਲਓ ਪੰਜਾਬੀਓ, ਜੇ ਤੁਹਾਥੋਂ ਬਚਾ ਹੁੰਦਾ ਪੰਜਾਬ! - ਬਲਵੰਤ ਸਿੰਘ ਗਿੱਲ
8 ਜਨਵਰੀ 2022 ਨੂੰ ਚੋਣ ਕਮਿਸ਼ਨਰ ਨੇ ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ, ਜਿਨ੍ਹਾਂ ਸੂਬਿਆਂ ਵਿੱਚ ਪੰਜਾਬ ਵੀ ਇੱਕ ਸੂਬਾ ਹੈ। ਇਸ ਚੋਣ ਦੀਆਂ ਕਿਆਸਰਾਈਆਂ ਕਾਫ਼ੀ ਸਮੇਂ ਤੋਂ ਲਗਾਈਆਂ ਜਾ ਰਹੀਆਂ ਸਨ। ਪੰਜਾਬ ਦੇ ਨਾਲ-ਨਾਲ ਯੂ. ਪੀ., ਗੋਆ, ਮਨੀਪੁਰ ਅਤੇ ਉਤਰਾਖੰਡ ਵਿੱਚ ਵੀ ਚੋਣਾਂ ਹੋਣਗੀਆਂ।ਪੰਜਾਬ ਵਿੱਚ ਚੋਣਾਂ 14 ਫਰਵਰੀ ਨੂੰ ਹੋਣਗੀਆਂ ਅਤੇ ਨਤੀਜੇ 10 ਮਾਰਚ ਨੂੰ ਆ ਜਾਣਗੇ। 21 ਜਨਵਰੀ ਤੋਂ ਚੋਣ ਨਾਮਜਦਗੀਆਂ ਦੀਆਂ ਅਰਜ਼ੀਆਂ ਲਈਆਂ ਜਾਣਗੀਆਂ ਜਿਹੜੀਆਂ 28 ਜਨਵਰੀ ਤੱਕ ਜਾਰੀ ਰਹਿਣਗੀਆਂ। 29 ਜਨਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਤੇ 31 ਜਨਵਰੀ ਨੂੰ ਕੈਂਡੀਡੇਟਾਂ ਦੀ ਨਾਮਜ਼ਦੀ ਤੇ ਮੋਹਰ ਲੱਗ ਜਾਏਗੀ।
ਇੱਥੇ ਇਹ ਵਰਣਨਯੋਗ ਹੈ ਕਿ ਇਸ ਵਾਰ ਪੰਜਾਬ ਦੀਆਂ ਚੋਣਾਂ ਪਿਛਲੀਆਂ ਚੋਣਾਂ ਤੋਂ ਕਿਤੇ ਹੱਟ ਕੇ ਹਨ ਅਤੇ ਹੈਨ ਵੀ ਬਹੁਤ ਮਹੱਤਵਪੂਰਨ। 2017 ਦੀਆਂ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਤਿਕੋਣਾ ਮੁਕਾਬਲਾ ਸੀ। ਕਾਂਗਰਸ, ਅਕਾਲੀਦਲ/ਭਾਜਪਾ ਅਤੇ ਤੀਸਰੀ ਧਿਰ ਆਮ ਪਾਰਟੀ ਸੀ। ਇਸ ਵਾਰ ਤਾਂ ਪੰਜਾਬ ਦੀਆਂ 10 ਪਾਰਟੀਆਂ ਤੋਂ ਵੱਧ ਧਿਰਾਂ ਸ਼ਾਮਲ ਹਨ ਅਤੇ ਮੁਕਾਬਲਾ ਤਿਕੋਣਾ ਹੋਣ ਦੀ ਬਜਾਏ ਪੰਜ ਕੋਨਾ ਹੋਣ ਦੀ ਸੰਭਾਵਨਾ ਹੈ। ਅਕਾਲੀ ਦਲ ਨਾਲੋਂ ਟੁੱਟ ਕੇ ਭਾਜਪਾ, ਢੀਂਡਸਾ ਅਤੇ ਕੈਪਟਨ ਨਾਲ ਗੰਢ ਤੁੱਪ ਕਰਕੇ ਇੱਕ ਧਿਰ ਬਣ ਗਈ ਹੈ, ਅਕਾਲੀ ਦਲ ਬਸਪਾ ਨਾਲ ਰਲ ਕੇ ਦੂਸਰੀ ਧਿਰ, ਕਾਂਗਰਸ ਤੀਸਰੀ ਧਿਰ, ਆਮ ਪਾਰਟੀ ਚੌਥੀ ਧਿਰ ਅਤੇ ਸੰਯੁਕਤ ਸਮਾਜ ਮੋਰਚਾ ਪੰਜਵੀਂ ਧਿਰ। ਬਾਕੀ ਲੋਕ ਇਨਸਾਫ਼ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਛੋਟੀਆਂ ਪਾਰਟੀਆਂ ਦੀ ਤਾਂ ਕੀ ਗੱਲ ਕਰਨੀ। ਪੰਜਾਬ ਦੇ ਤਕਰੀਬਨ ਦੋ ਕਰੋੜ ਵੋਟਰ ਕਿਸ ਨੂੰ ਵੋਟ ਪਾਉਣ ਅਤੇ ਕਿਸ ਨੂੰ ਵੋਟ ਨਾ ਪਾਉਣ, ਇੱਕ ਵੱਡਾ ਵਿਸ਼ਾ ਬਣਿਆ ਹੋਇਆ ਹੈ।
ਇਹ ਗੱਲ ਤਾਂ ਸਾਫ਼ ਹੈ ਕਿ ਪੰਜਾਬ ਦੇ ਲੋਕ ਰਾਜਨੀਤੀ ਵਿੱਚ ਬਦਲਾਓ ਚਾਹੁੰਦੇ ਹਨ। ਪੰਜਾਬ ਦੇ ਵੋਟਰਾਂ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਦੋ ਪਾਰਲੀਮੈਂਟ ਚੋਣਾਂ ਵਿੱਚ ਬਦਲਾਓ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪਰ ਵੋਟਰਾਂ ਵਿੱਚ ਰਾਜਨੀਤਿਕ ਸੂਝ ਦੀ, ਕੁੱਝ ਲਾਲਚੀ ਬਿਰਤੀ ਕਾਰਨ ਅਤੇ ਕੁਝ ਕੁ ਅਕਾਲੀਆਂ ਵਲੋਂ ਆਪਣੀ ਹਾਰ ਨੂੰ ਸਾਹਮਣੇ ਦੇਖ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਕਰਕੇ ਬਦਲਾਓ ਲਿਆਉਣ ਵਿੱਚ ਅਸਫ਼ਲ ਰਹੇ। ਨਤੀਜਾ ਇਹ ਹੋਇਆ ਕਿ ਫਿਰ ਕਾਂਗਰਸ ਸੱਤਾ ਹਾਸਲ ਕਰਨ ਵਿੱਚ ਸਫ਼ਲ ਰਹੀ। ਸਭ ਪੰਜਾਬੀਆਂ ਨੂੰ ਪਤਾ ਹੈ ਕਿ ਕਾਂਗਰਸ ਨੇ ਅਨੇਕਾਂ ਲੁਭਾਉਣੇ ਵਾਅਦੇ ਕਰਕੇ ਸੱਤਾ ਦੀ ਤਾਕਤ ਤਾਂ ਸੰਭਾਲ ਲਈ ਪਰ ਪੰਜਾਬੀਆਂ ਨੂੰ ਧੋਖਾ ਦੇ ਕੇ ਅੱਜ ਫਿਰ ਕਾਂਗਰਸੀ ਲੀਡਰ ਸੱਤਾ ਲਈ ਲਾਲ਼ਾਂ ਸੁੱਟ ਰਹੇ ਹਨ। ਦੂਸਰੇ ਪਾਸੇ ਭਾਜਪਾ ਤੋਂ ਟੁੱਟੇ ਅਕਾਲੀ ਆਪਣੀ ਸ਼ਾਖਾ ਬਚਾਉਣ ਲਈ ਬਸਪਾ ਦੇ ਵੋਟਰਾਂ ਦਾ ਪੱਤਾ ਖੇਡ ਰਹੇ ਹਨ। ਹਾਲਾਂਕਿ ਪਹਿਲਾਂ ਵੀ ਇੱਕ ਵਾਰ ਬਸਪਾ ਨਾਲ ਗੱਠਜੋੜ ਕਰਕੇ ਬਾਦਲ ਅਕਾਲੀ ਦਲ ਬਸਪਾ ਨੂੰ ਧੋਖਾ ਦੇ ਚੁੱਕਾ ਹੈ। ਹੁਣ ਵੀ ਅਕਾਲੀ ਦਲ ਦੀ ਬਸਪਾ ਦੇ ਉਮੀਦਵਾਰਾਂ ਨਾਲ ਨੀਅਤ ਸਾਫ਼ ਨਹੀਂ ਨਜ਼ਰ ਆ ਰਹੀ। ਕਿਉਂਕਿ ਬਸਪਾ ਨੂੰ ਪੰਜਾਬ ਵਿੱਚ ਉਹ ਸੀਟਾਂ ਤੇ ਲੜਾਇਆ ਜਾ ਰਿਹਾ ਹੈ ਜਿਹੜੀਆਂ ਕਿ ਅਕਾਲੀ ਦਲ ਲਈ ਅਜਿੱਤ ਹਨ।
ਅਗਰ ਆਮ ਪਾਰਟੀ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਹ ਪਾਰਟੀ ਵਿਰੋਧੀ ਪਾਰਟੀ ਦੀ ਧਿਰ ਵਜੋਂ ਵਿਚਰੀ ਹੈ। ਵਿਰੋਧੀ ਪਾਰਟੀ ਵਿੱਚ ਹੁੰਦਿਆਂ ਆਮ ਪਾਰਟੀ ਨੇ ਕਈ ਮੁੱਦਿਆਂ ਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਾਂਗਰਸ ਦਾ ਵਿਰੋਧ ਕੀਤਾ ਪਰ ਕੋਈ ਸਾਰਥਿਕ ਸਫ਼ਲਤਾ ਪ੍ਰਾਪਤ ਨਹੀਂ ਕੀਤੀ। ਕੈਪਟਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਤਾਂ ਉਂਗਲੀ ਉੱਤੇ ਨਚਾਉਂਦਾ ਰਿਹਾ ਪਰ ਨਾਲ ਹੀ ਆਮ ਪਾਰਟੀ ਦੇ ਵਿਧਾਇਕਾਂ ਦੀ ਵੀ ਇੱਕ ਨਹੀਂ ਚੱਲਣ ਦਿੱਤੀ। ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, ਕਿਰਸਾਨਾਂ ਦੇ ਕੁੱਲ ਕਰਜ਼ਿਆਂ ਦੀ ਮੁਆਫ਼ੀ, ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ, ਨਸ਼ਿਆਂ ਦਾ ਲੱਕ ਤੋੜਨ ਦੀ ਗੱਲ, ਵਿਦਿਆਰਥੀਆਂ ਨੂੰ ਮੋਬਾਇਲ ਦੇਣ ਦਾ ਵਾਅਦਾ ਅਤੇ ਬਿਜਲੀ ਸਮਝੌਤੇ ਤੋੜਨ ਵਰਗੇ ਅਨੇਕਾਂ ਵਾਅਦੇ ਆਦਿ। ਵੱਡੀ ਗੱਲ ਤਾਂ ਇਹ ਹੈ ਕਿ ਆਮ ਪਾਰਟੀ ਵਿੱਚ ਚੁਣੇ ਅੱਠ ਦੱਸ ਵਿਧਾਇਕ ਇੱਕ-ਇੱਕ ਕਰਕੇ ਖਿਸਕਦੇ ਗਏ। ਉਹ ਵਿਧਾਇਕ ਪੰਜਾਬ ਦੇ ਅਤੇ ਆਮ ਪਾਰਟੀ ਦੇ ਉੱਘੇ ਚਿਹਰੇ ਸਨ। ਆਮ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਭਾਵੇਂ ਕਿ ਆਪਣੇ ਕੇਂਦਰ ਸਾਸ਼ਿਤ ਸੂਬੇ ਦਿੱਲੀ ਵਿੱਚ ਵਿੱਦਿਆ, ਸਿਹਤ ਅਤੇ ਬਿਜਲੀ ਵਰਗੇ ਕਈ ਖੇਤਰਾਂ ਵਿੱਚ ਸ਼ਲਾਘਾਯੋਗ ਤਰੱਕੀ ਕਰ ਗਏ ਹਨ ਪਰ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਕੋਈ ਤਸੱਲੀਬਖ਼ਸ਼ ਨਹੀਂ ਰਹੀ। ਮੰਨਦੇ ਹਾਂ ਕਿ ਉਨ੍ਹਾਂ ਪਾਸ ਪੰਜਾਬ ਦੀ ਸੱਤਾ ਨਹੀਂ ਸੀ ਪਰ ਵਿਰੋਧੀ ਪਾਰਟੀ ਵਜੋਂ ਵੀ ਕੋਈ ਮਾਰਕੇ ਦਾ ਕੰਮ ਨਹੀਂ ਕਰ ਸਕੇ।
ਹੁਣ ਗੱਲ ਕਰਦੇ ਹਾਂ ਸੰਯੁਕਤ ਸਮਾਜ ਮੋਰਚਾ ਪਾਰਟੀ ਦੀ, ਜਿਹੜੀ ਕਿਸਾਨ ਸੰਯੁਕਤ ਮੋਰਚੇ ਦੀ ਸਾਢੇ ਬਾਰਾਂ ਮਹੀਨਿਆਂ ਦੇ ਅੰਦੋਲਨ ਵਿੱਚੋਂ ਮਿਲੀ ਇਤਿਹਾਸਕ ਜਿੱਤ ਵਿੱਚੋਂ ਉੱਪਜੀ ਬਿਲਕੁਲ ਨਵੀਂ ਨਕੋਰ ਪਾਰਟੀ ਹੈ। ਇਸ ਪਾਰਟੀ ਦੀ ਅਗਵਾਈ ਦੇਸ਼ ਦੇ ਸੰਯੁਕਤ ਮੋਰਚੇ ਦੇ ਮੋਢੀ ਆਗੂ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਕਰ ਰਹੇ ਹਨ। ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਵਿੱਚੋਂ ਤਕਰੀਬਨ 22 ਯੂਨੀਅਨਾਂ ਦੀ ਪ੍ਰਤੀਨਿਧਤਾ ਕਰਦੀ ਹੈ।ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦੀ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਦੀ ਰਾਜੇਵਾਲ ਨੂੰ ਹਮਾਇਤ ਹਾਸਲ ਨਹੀਂ। ਮਾਲਵੇ ਵਿੱਚੋਂ ਸਰਦਾਰ ਕਾਦੀਆਂ ਸਾਹਿਬ ਦੀ ਪਾਰਟੀ ਨੇ ਵੀ ਆਪਣੀ ਹਮਾਇਤ ਵਾਪਸ ਕਰ ਲਈ। ਚੋਣ ਐਲਾਨ ਤੋਂ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਰਾਜੇਵਾਲ ਸਾਹਿਬ ਆਮ ਪਾਰਟੀ ਨਾਲ ਗੰਢ ਤੁੱਪ ਕਰ ਲੈਣਗੇ। ਆਮ ਪਾਰਟੀ ਵੀ ਚਾਹਵਾਨ ਸੀ ਕਿ ਜੇਕਰ ਰਾਜੇਵਾਲ ਉਨ੍ਹਾਂ ਦੀ ਹਮਾਇਤ ਕਰਨ ਤਾਂ ਯਕੀਨਨ ਆਮ ਪਾਰਟੀ ਦੀ ਪੰਜਾਬ ਵਿੱਚ ਜਿੱਤ ਪ੍ਰਾਪਤ ਹੋਵੇਗੀ। ਅੰਦਰੋਂ ਅੰਦਰੀਂ ਰਾਜੇਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਵੀ ਦੇਖਿਆ ਜਾ ਰਿਹਾ ਸੀ। ਪਰ ਸਮਾਂ ਪੈਂਦਿਆਂ ਜਦੋਂ ਕੇਜਰੀਵਾਲ ਨੇ ਦੇਖਿਆ ਕਿ ਰਾਜੇਵਾਲ ਦੀ ਤਾਂ ਆਪਣੀਆਂ 32 ਕਿਸਾਨ ਯੂਨੀਅਨਾਂ ਵਿੱਚ ਵੀ ਪੁੱਛ ਪ੍ਰਤੀਤ ਘੱਟਦੀ ਜਾਂਦੀ ਹੈ।ਇੱਕ ਕਾਰਨ ਹੋਰ ਕਿ ਸਰਦਾਰ ਰਾਜੇਵਾਲ ਵਲੋਂ 60 ਸੀਟਾਂ ਦੀ ਮੰਗ ਤੇ ਵੀ ਕੋਈ ਸਮਝੋਤਾ ਨਾ ਹੋ ਸਕਿਆ।ਰਾਜੇਵਾਲ ਸਾਹਿਬ ਨੇ ਇਹ ਬਹਾਨਾ ਬਣਾ ਲਿਆ ਕਿ ਆਮ ਪਾਰਟੀ ਵਿੱਚ ਕੁਰੱਪਟ ਕੈਂਡੀਡੇਟਾਂ ਨੂੰ ਸੀਟਾਂ ਵੰਡੀਆਂ ਗਈਆਂ ਹਨ। ਸੋਈ ਹੁਣ ਬਲਵੀਰ ਸਿੰਘ ਰਾਜੇਵਾਲ ਹਰਿਆਣੇ ਦੇ ਕਿਸਾਨ ਆਗੂ ਸ: ਗੁਰਨਾਮ ਸਿੰਘ ਚੜੂਨੀ ਸਾਹਿਬ ਨਾਲ ਨੇੜਤਾ ਵਧਾ ਰਹੇ ਹਨ ਕਿ ਉਹ ਆਪਣਾ 117 ਸੀਟਾਂ ਤੋਂ ਚੋਣ ਲੜਨ ਦਾ ਇਰਾਦਾ ਛੱਡ ਕੇ ਇਸ ਨਾਲ ਭਾਈਵਾਲੀ ਪਾਲ ਲਵੇ, ਜਿਸ ਦੇ ਸਫਲ ਹੋਣ ਦੀ ਪੂਰੀ ਉਮੀਦ ਹੈ।
ਸਰਦਾਰ ਰਾਜੇਵਾਲ ਦੀ ਕਿਸਾਨ ਪਾਰਟੀ (ਸੰਯੁਕਤ ਸਮਾਜ ਮੋਰਚਾ), ਰਾਜਨੀਤਿਕ ਤੌਰ 'ਤੇ ਬਿਲਕੁੱਲ ਨਵੀਂ ਪਾਰਟੀ ਹੈ। ਰਾਜੇਵਾਲ ਸਾਹਿਬ ਭਾਵੇਂ ਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹਨ ਪਰ ਉਸਨੂੰ ਆਪਣੇ ਤੋਂ ਬਿਨਾਂ 116 ਹੋਰ ਨੁਮਾਇੰਦੇ ਚਾਹੀਦੇ ਹਨ। ਜਿਨ੍ਹਾਂ ਪਾਸ ਰਾਜਨੀਤਿਕ ਤਜ਼ਰਬੇ ਦੀ ਘਾਟ ਹੋਵੇਗੀ। ਦੂਸਰਾ ਮਸਲਾ ਚੋਣ ੱਿਵਚ ਖ਼ਰਚੇ ਜਾਣ ਵਾਲੇ ਫ਼ੰਡ ਦਾ ਹੋਏਗਾ। ਅਗਰ ਆਮ ਪਾਰਟੀ ਵਾਂਗ ਜੇ ਉਸਨੇ ਟਿਕਟਾਂ ਦੀ ਵਿਕਰੀ ਲਾ ਦਿੱਤੀ ਤਾਂ ਉਸਦਾ ਨਤੀਜਾ ਆਮ ਪਾਰਟੀ ਵਰਗਾ ਹੋਵੇਗਾ। ਅਗਰ ਮਨੀ ਮੱਸਲ ਤੋਂ ਬਿਨਾਂ ਲੋਕ ਮੱਸਲ ਸਹਾਰੇ ਹੀ ਚੋਣਾਂ ਲੜਨ ਦਾ ਤਹੱਈਆ ਕਰ ਲਿਆ ਤਾਂ ਵਾਹਿਗੁਰੂ ਹੀ ਰਾਖਾ ਹੈ, ਕਿਉਂਕਿ ਪੰਜਾਬ ਦੇ ਵੋਟਰਾਂ ਦੀ ਨੈਤਿਕਤਾ ਅਜੇ ਏਨੀ ਇਮਾਨਦਾਰ ਨਹੀਂ ਹੋਈ ਕਿ ਬਿਨਾਂ ਲਾਲਚ ਤੋਂ ਆਪਣਾ ਵਿਧਾਇਕ ਚੁਣ ਸਕਣ।
ਕੁਝ ਪਾਠਕ ਸ਼ਾਇਦ ਮੇਰੀ ਇਸ ਰਾਇ ਨਾਲ ਸਹਿਮਤ ਨਾ ਹੋਣ ਪਰ ਮੇਰੀ ਨਿੱਜੀ ਰਾਏ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਆਮ ਪਾਰਟੀ ਨਾਲ ਅਲਾਂਇਸ ਕਰ ਲੈਣਾ ਚਾਹੀਦਾ ਹੈ। ਅਗਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਕਿਸਾਨ ਵੋਟਾਂ ਅਕਾਲੀਆਂ, ਆਮ ਪਾਰਟੀ ਅਤੇ ਸੰਯੁਕਤ ਸਮਾਜ ਮੋਰਚੇ ਵਿੱਚ ਵੰਡੀਆਂ ਜਾਣਗੀਆਂ ਤੇ ਇਸ ਦਾ ਫ਼ਾਇਦਾ ਕਾਂਗਰਸ ਪਾਰਟੀ ਲੈ ਸਕਦੀ ਹੈ। ਪਾਠਕ ਜ਼ਰੂਰ ਤਰਕ ਦੇਣਗੇ ਕਿ ਆਮ ਪਾਰਟੀ ਦੀ ਨੀਤੀ ਪੰਜਾਬ ਦੇ ਪਾਣੀਆਂ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਪੱਖੀ ਨਹੀਂ ਹੈ। ਸੋਚਣਾ ਤਾਂ ਇਹ ਹੈ ਕਿ ਪਿਛਲੀਆਂ ਕਿਹੜੀਆਂ ਸਰਕਾਰਾਂ ਨੇ ਉਪਰੋਕਤ ਮਸਲੇ ਹੱਲ ਕਰਵਾਏ ਹਨ। ਕੇਜਰੀਵਾਲ ਦਾ ਦਿੱਲੀ ਵਿੱਚ ਹੋਇਆ ਥੋੜ੍ਹਾ ਬਹੁਤ ਵਿਕਾਸ ਲੋਕਾਂ ਨੂੰ ਦਿਸ ਰਿਹਾ ਹੈ। ਅੰਨ੍ਹਿਆਂ ਵਿੱਚੋਂ ਕਾਣਾ ਰਾਜਾ ਬਣਾਉਣ ਨਾਲੋਂ ਇੱਕ ਨਵੀਂ ਧਿਰ ਨੂੰ ਮੌਕਾ ਦੇ ਕੇ ਦੇਖ ਲਵੋ, ਅਗਰ ਥੋੜ੍ਹਾ ਬਹੁਤ ਵੀ ਸੁਧਾਰ ਹੋ ਗਿਆ, ਸ਼ਾਇਦ ਗੱਡੀ ਲੀਹੇ ਪੈ ਜਾਵੇ।
ਰਵਾਇਤੀ ਤਿੰਨੇ ਪਾਰਟੀਆਂ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਪੰਜਾਬ ਦੇ ਵੋਟਰਾਂ ਨੇ ਬਥੇਰੀ ਵਾਰ ਪਰਖ ਕੇ ਦੇਖ ਲਿਆ। ਜੁੰਮਲੇਵਾਜ਼ੀਆਂ ਅਤੇ ਫ਼ੋਕੇ ਲਾਰਿਆਂ ਤੋਂ ਬਿਨਾਂ ਇਨ੍ਹਾਂ ਪਾਸ ਪੰਜਾਬ ਨੂੰ ਦੇਣ ਲਈ ਕੁਝ ਨਹੀਂ। ਲਾਰੇ ਕਈ ਹਜ਼ਾਰਾਂ ਕਰੋੜਾਂ ਦੇ ਲਾਈ ਜਾ ਰਹੇ ਹਨ ਪਰ ਪੰਜਾਬ ਦੇ ਖ਼ਜ਼ਾਨੇ ਵਿੱਚ ਪੈਸਾ ਕਿੱਥੋਂ ਆਏਗਾ, ਕੋਈ ਚੱਜ ਨਾਲ ਨਹੀਂ ਦੱਸਦਾ। ਅੱਜ ਨਵਜੋਤ ਸਿੰਘ ਸਿੱਧੂ ਵੀ ਕਾਫ਼ੀ ਲੌਲੀ ਪੌਪ ਦਿਖਾ ਰਿਹਾ ਹੈ। ਉਸਦੇ ਲੱਛੇਦਾਰ ਭਾਸ਼ਣਾਂ ਤੋਂ ਇਵੇਂ ਲੱਗਦਾ ਹੈ ਕਿ ਇਹ ਇਨਸਾਨ ਜ਼ਰੂਰ ਹੀ ਪੰਜਾਬ ਦੀ ਤਕਦੀਰ ਬਦਲੇਗਾ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਪੰਜਾਬ ਦੀ ਸੱਤਾ ਧਿਰ ਪਾਰਟੀ ਵਿੱਚ ਕੈਪਟਨ ਦਾ ਇੱਕ ਮੰਤਰੀ ਰਿਹਾ ਹੈ। ਇਸ ਨੇ ਉਦੋਂ ਕੈਪਟਨ ਸਾਹਿਬ ਨੂੰ ਕਿਉਂ ਨਹੀਂ ਸਲਾਹ ਦਿੱਤੀ ਕਿ ਇਵੇਂ ਪੰਜਾਬ ਦੀ ਤਕਦੀਰ ਬਦਲੀ ਜਾ ਸਕਦੀ ਹੈ। ਪੰਜਾਬ ਦੇ ਖ਼ਜ਼ਾਨਾ ਖ਼ਾਲੀ ਹੋਣ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਰਾਜਨੀਤਿਕ ਕੁਰੱਪਸ਼ਨ ਅਤੇ ਪ੍ਰਸ਼ਾਸ਼ਨਿਕ ਕੁਰੱਪਸ਼ਨ ਅਸਮਾਨੇ ਪਹੁੰਚ ਚੁੱਕੀ ਹੈ। ਪੰਜਾਬ ਦੀ ਆਮਦਨ ਦਾ ਕੁਦਰਤੀ ਸਰੋਤ ਰੇਤਾ/ਬਜਰੀ ਰਾਜਨੀਤਿਕ ਆਗੂਆਂ ਦੇ ਕਬਜ਼ੇ ਥੱਲੇ ਹੈ। ਪੰਜਾਬ ਵਿੱਚ ਸੱਤਾ ਭੋਗ ਰਹੇ ਮੰਤਰੀ ਅਤੇ ਵਿਧਾਇਕ ਰੇਤ ਖੱਡਾਂ ਤੇ ਮਾਲਕੀ ਜਮਾਈ ਬੈਠੇ ਹਨ।ਵਿਧਾਇਕ, ਮੰਤਰੀ ਅਤੇ ਅਫ਼ਸਰ ਟੈਕਸ ਦਾ ਪੈਸਾ ਖ਼ਜ਼ਾਨੇ ਵਿੱਚ ਜਾਣ ਹੀ ਨਹੀਂ ਦਿੰਦੇ । ਅਗਰ ਪੈਸਾ ਵਿਚਾਲੇ ਵੰਡ ਹੋ ਗਿਆ ਤਾਂ ਟੈਕਸ ਵਾਲਾ ਭਾਂਡਾ ਤਾਂ ਖ਼ਾਲੀ ਰਹੇਗਾ ਹੀ। ਇਹੀ ਹਾਲ ਕੇਬਲ ਮੀਡੀਆ ਅਤੇ ਟਰਾਂਸਪੋਰਟ ਮਹਿਕਮਿਆਂ ਦਾ ਹੈ। ਇਨਾਂ ਸਰੋਤਾਂ ਦੀ ਅਜਾਰੇਦਾਰੀ ਕੁਝ ਪਰਿਵਾਰਾਂ ਪਾਸ ਹੈ। ਟਰਾਂਸਪੋਰਟ ਇਨ੍ਹਾਂ ਰਾਜਨੀਤਿਕ ਆਗੂਆਂ ਨੇ ਸੰਭਾਲੀ ਹੋਈ ਹੈ। ਪੰਜਾਬ ਵਿੱਚ ਦੇਸ਼ ਨਾਲੋਂ ਵੱਧ ਸ਼ਰਾਬ ਦੀ ਵਰਤੋਂ ਹੁੰਦੀ ਹੈ ਪਰ ਮਾਲੀਆ ਸਿਰਫ਼ 5/6 ਹਜ਼ਾਰ ਕਰੋੜ ਦਾ ਆਉਂਦਾ ਹੈ। ਤਾਮਿਲਨਾਡੂ ਸੂਬੇ ਵਿੱਚ ਨਿੱਜੀ ਅਦਾਰਿਆਂ ਤੋਂ ਲੈ ਕੇ ਜਦੋਂ ਸਰਕਾਰੀ ਕੰਟਰੋਲ ਥੱਲੇ ਸ਼ਰਾਬ ਦਾ ਕਾਰੋਬਾਰ ਆਇਆ ਤਾਂ ਸੂਬੇ ਦਾ ਮਾਲੀਆ 10 ਗੁਣਾਂ ਵੱਧ ਗਿਆ। ਕੀ ਇਹ ਪੰਜਾਬ ਵਿੱਚ ਨਹੀਂ ਹੋ ਸਕਦਾ? ਆਰਥਿਕ ਮਾਹਿਰਾਂ ਦਾਂ ਵਿਚਾਰ ਹੈ ਕਿ ਜੇਕਰ ਉਪਰੋਕਤ ਕੁਝ ਕੁ ਹੀ ਸਰੋਤਾਂ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਪੰਜਾਬ ਦੇ ਖਜ਼ਾਨੇ ਵਿੱਚ ਹਰ ਸਾਲ ਇੱਕ ਲੱਖ ਕਰੋੜ ਤੋਂ ਵੀ ਵੱਧ ਰੈਵੀਨੀਊ ਜਮਾ੍ਹਂ ਹੋ ਸਕਦਾ ਹੈ।
ਪੰਜਾਬ ਦੇ ਕੁੱਝ ਸਰੋਤ ਜਿਵੇਂ ਰੇਤ ਖੱਡਾਂ, ਟਰਾਂਸਪੋਰਟ, ਸਹਿਤ ਵਿਭਾਗ, ਸ਼ਰਾਬ ਵਿਕਰੀ ਅਤੇ ਕੇਬਲ ਵਿਭਾਗ ਸਰਕਾਰ ਆਪਣੇ ਅਧਿਕਾਰ ਥੱਲੇ ਲਵੇ ਤਾਂ ਪਹਿਲੇ ਸਾਲ ਹੀ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਉਤਰਨਾ ਸ਼ੁਰੂ ਹੋ ਜਾਏਗਾ।ਪੰਜਾਬ ਸਿਰ ਚੜ੍ਹੇ ਕਰਜ਼ਾ ਉਤਰਨ ਦੀ ਸੰਭਾਵਨਾ ਉਦੋਂ ਤੱਕ ਕਦੇ ਵੀ ਸੰਭਵ ਨਹੀਂ ਹੋਵੇਗੀ ਜਦੋਂ ਤੱਕ ਅਸੀਂ ਰਵਾਇਤੀ ਪਾਰਟੀਆਂ ਦੀ ਚੁੰਗਲ ਵਿੱਚੋਂ ਨਹੀਂ ਨਿਕਲਦੇ। ਕਿਉਂਕਿ ਇਨ੍ਹਾਂ ਪਾਰਟੀਆਂ ਦੇ ਲੀਡਰ, ਰਿਸ਼ਤੇਦਾਰ ਅਤੇ ਮਿੱਤਰ ਦੋਸਤ ਇਨ੍ਹਾਂ ਸਰੋਤਾਂ ਤੋਂ ਆਪਣਾ ਕਬਜ਼ਾ ਕਰੀ ਬੈਠੇ ਹਨ। ਅਗਰ ਕੋਈ ਨਵੀ ਧਿਰ ਤਾਕਤ ਵਿੱਚ ਆਏ ਜਿਹੜੀ ਇਸ ਗੰਦਗੀ ਵਿੱਚ ਲਵਰੇਜ਼ ਨਾ ਹੋਵੇ ਤਾਂ ਸੰਭਵ ਹੈ ਕਿ ਉਨ੍ਹਾਂ ਦੀ ਇਨ੍ਹਾਂ ਸਰੋਤਾਂ ਵਿੱਚ ਭਾਗੇਦਾਰੀ ਨਾ ਹੋਣ ਕਰਕੇ, ਸ਼ਾਇਦ ਸੂਬੇ ਦਾ ਭਲਾ ਸੋਚਣ।
ਪੰਜਾਬ ਦੇ ਵੋਟਰੋ! ਜਾਗੋ ਅਤੇ ਪੰਜਾਬ ਦੀ ਭਲਾਈ ਸੋਚੋ। ਇਸ ਵਿੱਚ ਹੀ ਤੁਹਾਡੀ ਅਤੇ ਸੂਬੇ ਦੋਹਾਂ ਦੀ ਭਲਾਈ ਹੈ। ਚੋਣ ਦਾ ਬਿਗਲ ਵੱਜ ਗਿਆ ਹੈ। ਹੁਣ ਆਪਣੇ ਲਾਲਚ, ਨਿੱਜੀ ਹਿੱਤ, ਨਿੱਜੀ ਖ਼ਹਿ ਬਾਜ਼ੀਆਂ ਅਤੇ ਪੁਰਾਤਨ ਇੱਕ ਪਾਰਟੀ ਨਾਲ ਜੁੜੇ ਰਹਿਣ ਦੀ ਨਿਰਸੁਆਰਥ ਵਫ਼ਾਦਾਰੀ ਛੱਡੋ। ਆਟਾ, ਦਾਲਾਂ ਅਤੇ ਹੁਣ ਦਿੱਤੀਆਂ ਜਾ ਰਹੀਆਂ ਲਾਲਚੀ ਕੁਲਫ਼ੀਆਂ ਨੂੰ ਦਿਨ ਕਿਨਾਰ ਕਰੋ।ਰਵਾਇਤੀ ਪਾਰਟੀਆਂ ਤੁਹਾਨੂੰ ਜਾਤਾਂ, ਧਰਮਾਂ ਅਤੇ ਫਿਰਕਿਆਂ ਵਿੱਚ ਵੰਡ ਕੇ ਤੁਹਡੀਆਂ ਵੋਟਾਂ ਦਾ ਧਰੁਵੀਕਰਣ ਕਰਨਗੀਆਂ।ਆਪਣੇ ਪਿੰਡਾਂ ਸ਼ਹਿਰਾਂ ਦੇ ਸਥਾਨਿਕ ਮਸਲੇ ਜਿਵੇਂ ਗਲ਼ੀਆਂ ਨਾਲੀਆਂ ਅਤੇ ਸੜਕਾਂ ਦਾ ਪੱਕਾ ਕਰਾਉਣਾ ਜ਼ਰੂਰੀ ਹੈ ਪਰ ਕੌਮੀ ਮਸਲੇ ਜਿਵੇਂ ਕਿ ਵਿੱਦਿਆ, ਸਿਹਤ ਅਤੇ ਹੋਰ ਜ਼ਰੂਰੀ ਅਦਾਰਿਆਂ ਦਾ ਨਿੱਜੀਕਰਣ ਕੀਤਾ ਗਿਆ ਹੈ। ਉਸ ਤੇ ਝਾਤ ਮਾਰੋ ਕਿ ਤੁਹਾਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਅਧਿਆਪਕਾਂ ਅਤੇ ਨਰਸਾਂ ਡਾਕਟਰਾਂ ਦੀ ਘਾਟ ਕਾਰਨ ਜਨ ਸਧਾਰਨ ਪਰਾਈਵੇਟ ਅਦਾਰਿਆਂ ਵੱਲ ਭੱਜ ਰਿਹਾ ਹੈ ਜਿਹੜੇ ਕਿ ਮੰਨ ਮਰਜ਼ੀ ਨਾਲ ਗਰੀਬਾਂ ਦੀ ਛਿੱਲ ਲਾਹੁੰਦੇ ਹਨ ਜਾਂ ਫਿਰ ਆਖ ਲਵੋ ਕਿ ਇਹ ਆਮ ਜਨਤਾ ਦੀ ਪਹੁੰਚ ਵਿੱਚ ਹੀ ਨਹੀਂ। ਬੇਰੁਜ਼ਗਾਰੀ ਕਰਕੇ ਸਕੂਲ ਆਧਿਆਪਕ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਨ ਲਈ ਮਜ਼ਬੂਰ ਹਨ। ਅੱਜ ਹਰ ਇੱਕ ਰਾਜਨੀਤਕ ਪਾਰਟੀ ਇੱਕ ਦੂਸਰੇ ਤੋਂ ਉੱਪਰ ਚੜ੍ਹ ਕੇ ਖਾਲੀ ਖਜ਼ਾਨੇ ਵਿੱਚੋਂ ਖਿਆਲੀ ਮੁਫਤ ਦੇ ਪੈਸੇ ਵੰਡ ਰਹੇ ਹਨ, ਖਜ਼ਾਨਾ ਭਰਨ ਲਈ ਕੋਈ ਵੀ ਸਾਰਥਿਕ ਰੋਡ ਮੈਪ ਨਹੀਂ ਦੱਸ ਰਿਹਾ। ਪੰਜਾਬ ਦੇ ਨੌਜਵਾਨਾਂ ਦੀ ਕਦੇ ਆਈ ਏ ਐਸ, ਆਈ ਪੀ ਐਸ ਅਤੇ ਅਈ ਐਫ਼ ਐਸ ਅਹੁਦਿਆਂ ਤੇ ਅਜ਼ਾਰਦਿਾਰੀ ਹੋਇਆ ਕਰਦੀ ਸੀ, ਉਹ ਨੌਜਵਾਨ ਅੱਜ ਜਹਾਜਾਂ ਦੇ ਜਹਾਜ਼ ਭਰੀ ਵਿਦੇਸ਼ਾਂ ਵਲ ਭੱਜ ਰਹੇ ਹਨ। ਕੋਈ ਵੀ ਪਾਰਟੀ ਰੁਜ਼ਗਾਰ ਪੈਦਾ ਕਰਨ ਦੀ ਕੋਈ ਗੱਲ ਨਹੀਂ ਕਰ ਰਿਹਾ ਜਿਸ ਨਾਲ ਆਮ ਵੋਟਰ ਨੂੰ ਆਪਣਾ ਠੂਠਾ ਇਨਾਂ ਸਾਹਮਣੇ ਨਾ ਅੱਡਣਾ ਪਵੇ ਅਤੇ ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਧੜਾ ਧੜ ਹੋ ਰਿਹਾ ਬੌਧਿਕ ਅਤੇ ਪੂੰਜੀ ਦਾ ਹੂੰਝਾ ਰੋਕਿਆ ਜਾ ਸਕੇ।
ਚੋਣ ਕਮਿਸ਼ਨਰ ਨੇ ਕਰੋਨਾ ਬੀਮਾਰੀ ਨੂੰ ਧਿਆਨ ਗੋਚਰੇ ਰੱਖਦਿਆਂ ਹਦਾਇਤਾਂ ਦਿੱਤੀਆਂ ਹਨ ਕਿ 15 ਜਨਵਰੀ ਤੱਕ ਸਿਰਫ਼ ਪੰਜ ਮੈਂਬਰ ਹੀ ਪ੍ਰਚਾਰ ਕਰ ਸਕਣਗੇ। ਪਿੰਡਾਂ ਸ਼ਹਿਰਾਂ ਵਿੱਚ ਜਦੋਂ ਉਹ ਪੰਜ ਇਨਸਾਨ ਤੁਹਾਡੇ ਪਾਸ ਪਹੁੰਚਣ ਤਾਂ ਜ਼ਰੂਰ ਹੀ ਮੇਰੇ ਦੱਸੇ ਇਹ ਸਵਾਲ ਉਨ੍ਹਾਂ ਪਾਸ ਕਰੋ ਕਿ ਇਨ੍ਹਾਂ ਸਵਾਲਾਂ ਦੇ ਉਨ੍ਹਾਂ ਪਾਸ ਕੀ ਜਵਾਬ ਹਨ। ਪੰਜਾਬ ਦੇ ਮੁੱਕਦੇ ਜਾਂਦੇ ਪਾਣੀ ਅਤੇ ਪ੍ਰਦੂਸ਼ਿਤ ਵਾਤਾਵਰਣ ਬਾਰੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਕੀ ਪ੍ਰੋਗਰਾਮ ਲਿਆ ਰਹੀ ਹੈ। ਵੱਧਦੀ ਬੇਰੁਜ਼ਗਾਰੀ ਨੂੰ ਰੋਕਣ ਲਈ ਕਿਹੜੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਪਾਸ ਉਪਰੋਕਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹੜਾ ਰੋਡ ਮੈਪ (ਵਿਧੀ) ਹੈ। ਪੰਜਾਬੀਓ! ਇਸ ਵਾਰ ਰਵਾਇਤੀ ਢੰਗਾਂ ਜਾਂ ਲਾਲਚਾਂ ਅਧੀਨ ਵੋਟਾਂ ਪਾਉਣ ਤੋਂ ਪਰਹੇਜ਼ ਕਰੋ। ਇਹ ਤੁਹਾਡਾ ਭਵਿੱਖ ਹੈ, ਤੁਸੀਂ ਪੰਜ ਸਾਲ ਲਈ ਆਪਣੀ ਕਿਸਮਤ ਇਨ੍ਹਾਂ ਰਾਜਨੀਤਿਕ ਆਗੂਆਂ ਪਾਸ ਗਿਰਵੀ ਰੱਖ ਰਹੇ ਹੋ।ਇਤਹਾਸ ਗਵਾਹ ਹੈ ਕਿ ਇੱਕ ਵਾਰ ਸੱਤਾ ਹਾਸਲ ਕਰਨ ਤੋਂ ਬਾਅਦ ਇਹ ਨੇਤਾ ਸਾਢੇ ਚਾਰ ਸਾਲ ਤੁਹਾਡੇ ਹਲਕੇ ਵਿੱਚ ਨਹੀਂ ਵੜਦੇ।
ਵੋਟ ਜ਼ਰੂਰ ਪਾਓ, ਪਰ ਇਹ ਸੋਚ ਕੇ ਕਿ ਤੁਸੀਂ ਆਪਣਾ ਭਵਿੱਖ ਬਣਾ ਰਹੇ ਹੋ ਜਾਂ ਵਿਗਾੜ ਰਹੇ ਹੋ। ਵੋਟ ਆਪਣੀ ਮਰਜ਼ੀ ਨਾਲ ਪਾਓ। ਕਿਸੇ ਵੀ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਦਾ ਪ੍ਰਭਾਵ ਨਾ ਕਬੂਲੋ। ਇਹ ਤੁਹਾਡਾ ਮੌਲਿਕ ਅਧਿਕਾਰ ਹੈ। ਪਰ ਚੇਤੇ ਰੱਖਿਓ, ਤੁਸੀਂ ਪਿਛਲੇ 74 ਸਾਲ ਆਪਣੀ ਕਿਸਮਤ ਉਨ੍ਹਾਂ ਆਗੂਆਂ ਨੂੰ ਵੇਚਦੇ ਰਹੇ ਹੋ ਜਿਨ੍ਹਾਂ ਨੇ ਪੰਜਾਬ ਦਾ ਉੰਨਾਂ ਨਹੀਂ ਬਣਾਇਆ, ਜਿੰਨਾਂ ਆਪਣਾ ਖ਼ੁਦ ਦਾ। ਅਗਰ ਆਮ ਜਨਤਾ ਦਾ ਭਲਾ ਸੋਚਿਆ ਹੁੰਦਾ ਤਾਂ ਅੱਜ ਪੰਜਾਬ ਵਿੱਚੋਂ ਲੱਖਾਂ ਨੌਜਵਾਨ ਆਪਣਾ ਦਿਮਾਗ਼ ਅਤੇ ਪੈਸਾ ਲੈ ਕੇ ਵਿਦੇਸ਼ਾਂ ਵਿੱਚ ਨਾ ਜਾਂਦੇ, ਨੌਜਵਾਨ ਕੱਚੀਆਂ ਪੱਕੀਆਂ ਨੌਕਰੀਆਂ ਲਈ ਨਿੱਤ ਧਰਨੇ ਨਾ ਲਾਉਂਦੇ, ਕਿਰਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਨਾ ਪੈਂਦੇ। ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਨਾ ਗਰਕਦੀ। ਲੀਡਰ ਤਾਂ ਕੱਖਾਂ ਤੋਂ ਕਰੋੜਾਂ ਅਤੇ ਅਰਬਾਂ ਦੇ ਹੋ ਗਏ ਪਰ ਤੁਹਾਡੇ ਪੱਲੇ ਵਿਦੇਸ਼ਾਂ ਵਲ ਮੂੰਹ ਕਰਨ ਜਾਂ ਨੇਤਾਵਾਂ ਦੇ ਤਲ਼ਵੇ ਚੱਟਣ ਤੋਂ ਬਿਨਾਂ ਹੋਰ ਰਾਹ ਵੀ ਕੀ ਹੈ? ਤੁਸੀਂ ਹਾਕਮਾਂ ਤੋਂ ਆਪਣੀ ਰੋਜ਼ੀ ਰੋਟੀ ਦੀ ਭੀਖ ਨਾ ਮੰਗੋ, ਇਹ ਤੁਹਾਡਾ ਮੌਲਿਕ ਅਧਿਕਾਰ ਹੈ ਕਿ ਮੌਕੇ ਦੀ ਸਰਕਾਰ ਰੋਟੀ, ਕੱਪੜਾ, ਮਕਾਨ, ਚੰਗੀ ਵਿੱਦਿਆ, ਚੰਗੀ ਸਿਹਤ, ਸ਼ੁੱਧ ਵਾਤਾਵਰਣ ਅਤੇ ਬਣਦੀ ਸਮਾਜਿਕ ਸੁਰੱਖਿਆ ਪ੍ਰਦਾਨ ਕਰੇ।
ਵੋਟ ਹੀ ਇੱਕੋ ਇੱਕ ਸਾਧਨ ਹੈ, ਜਿਸ ਨਾਲ ਤੁਸੀਂ ਆਪਣੀ ਕਿਸਮਤ ਦਾ ਫੈਸਲਾ ਮੋਹਰਲੇ ਪੰਜਾਂ ਸਾਲਾਂ ਲਈ ਆਪ ਹੀ ਕਰਨਾ ਹੈ। ਇਸ ਵਾਰ ਜ਼ਰੂਰ ਦਿਮਾਗ ਤੋਂ ਕੰਮ ਲੈ ਕੇ ਵੋਟ ਪਾਇਓ। ਵੋਟ ਜਿਸ ਨੂੰ ਵੀ ਚਾਹੋ ਮਰਜ਼ੀ ਨਾਲ ਪਾਇਓ। ਪਰ ਖ਼ਿਆਲ ਰੱਖਿਓ ਕਿ ਉਹ ਨੁਮਾਇੰਦਾ ਤੁਹਾਡੇ ਲਈ, ਤੁਹਾਡੇ ਪਿੰਡ ਲਈ, ਤੁਹਾਡੇ ਇਲਾਕੇ ਲਈ ਅਤੇ ਸਮੁੱਚੇ ਪੰਜਾਬ ਲਈ ਕਿੰਨੀ ਕੇ ਸੁਹਿਰਦਤਾ ਰੱਖਦਾ ਹੈ।ਸਮੁੱਚੇ ਪਰਵਾਸੀ ਤੁਹਾਡੇ ਭਲੇ ਅਤੇ ਤਰੱਕੀ ਦੀ ਆਸ ਅਤੇ ਅਰਦਾਸ ਕਰਦੇ ਹਨ।
ਬਲਵੰਤ ਸਿੰਘ ਗਿੱਲ
ਬੈਡਫ਼ੋਰਡ
ਕਿਰਸਾਨਾਂ ਦੀ ਸ਼ਾਨਦਾਰ ਜਿੱਤ, ਜਿੱਤ ਦੇ ਜਸ਼ਨ ਕਿਵੇਂ ਮਨਾਏ ਜਾਣ - ਬਲਵੰਤ ਸਿੰਘ ਗਿੱਲ ਬੈਡਫ਼ੋਰਡ
ਖੇਤੀ ਦੇ ਤਿੰਨ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਅਤੇ ਘੱਟੋ-ਘੱਟ ਕੀਮਤ ਦੇ ਕਾਨੂੰਨ ਬਣਾਏ ਜਾਣ ਬਾਰੇ ਪੰਜਾਬ ਵਿੱਚ ਤਕਰੀਬਨ ਇੱਕ ਸਾਲ ਅਤੇ ਢਾਈ ਮਹੀਨਿਆਂ ਤੋਂ ਚੱਲਦੇ ਅਤੇ ਦਿੱਲੀ ਬਾਰਡਰ ਤੇ 378 ਦਿਨਾਂ ਦੇ ਚੱਲਦੇ ਕਿਰਸਾਨ ਅੰਦੋਲਨ ਨੂੰ ਆਖਿਰ ਸ਼ਾਨਦਾਰ ਸਫ਼ਲਤਾ ਮਿਲੀ। ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਬਾਰੇ ਚਰਚਾ ਚੱਲਦੀ ਰਹੀ ਹੈ ਕਿ ਜੋ ਕੁੱਝ ਮੋਦੀ ਕਹਿੰਦਾ ਹੈ, ਕਰਵਾ ਕੇ ਸਾਹ ਲੈਂਦਾ ਹੈ। ਉਸ ਚੇਲੇ ਬਾਲਕੇ ਅਕਸਰ ਕਿਹਾ ਕਰਦੇ ਹਨ ਕਿ 'ਜੇ ਮੋਦੀ ਹੈ ਤਾਂ ਮੁਮਕਿਨ ਹੈ', ਜਾਂ ਫਿਰ 'ਹਰ ਹਰ ਮੋਦੀ ਘਰ ਘਰ ਮੋਦੀ'। ਉਹ ਮੋਦੀ ਜਿਸ ਦੇ ਫ਼ੈਸਲਿਆਂ ਤੇ ਸ਼ੋਸਲ ਮੀਡੀਆ ਤੇ 15 ਲੱਖ ਤੱਕ ਹਾਮੀ ਭਰਨ ਵਾਲੇ ਉਸ ਦੇ ਭਗਤ ਹਨ, ਉਹ ਮੋਦੀ ਅੱਜ ਕਿਰਸਾਨਾਂ ਦੇ ਸਿਰੜ ਅਤੇ ਸਬਰ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋ ਗਿਆ। ਉਹ ਮੋਦੀ ਜਿਹੜਾ ਦੇਸ਼ ਦੇ ਕਰੋੜਾਂ ਕਿਰਸਾਨਾਂ ਦੀਆਂ ਮੰਗਾਂ ਬਾਰੇ ਜਨਵਰੀ 2021 ਤੋਂ ਨਵੰਬਰ 2021 ਤੱਕ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ, ਅਚਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਰ ਹੋ ਗਿਆ। ਮੋਦੀ ਅਤੇ ਉਸ ਦੀ ਸਰਕਾਰ ਦੇ ਮੰਤਰੀ ਸੰਤਰੀ ਦੇਸ਼ ਦੇ ਅੰਨਦਾਤਾ ਨੂੰ ਖਾਲੀਸਤਾਨੀ, ਮਾਊਵਾਦੀ, ਨਕਸਲਵਾਦੀ, ਵੱਖਵਾਦੀ, ਅੰਦੋਲਨ ਜੀਵੀ, ਪਰਜੀਵੀ ਅਤੇ ਪਤਾ ਨਹੀਂ ਕਿੰਨੇ ਹੋਰ ਭੈੜੇ ਸ਼ਬਦਾਂ ਨਾਲ ਭੰਡਦੇ ਸਨ। ਆਖ਼ੀਰ ਨੂੰ ਉਨ੍ਹਾਂ ਹੀ ਵੱਖਵਾਦੀਆਂ ਦੇ ਕਾਨੂੰਨ ਰੱਦ ਕਰਕੇ ਆਖਦਾ ਹੈ ਕਿ ਉਸ ਦੀ ਸਰਕਾਰ ਕਿਰਸਾਨਾਂ ਨੂੰ ਕਾਨੂੰਨ ਦੇ ਫ਼ਾਇਦਿਆਂ ਬਾਰੇ ਚੰਗੀ ਤਰ੍ਹਾਂ ਸਮਝਾ ਨਹੀਂ ਸਕੀ। ਕਿਰਸਾਨਾਂ ਪਾਸੋਂ ਮੁਆਫ਼ੀ ਤਾਂ ਮੰਗੀ ਪਰ ਕਾਨੂੰਨਾਂ ਨੂੰ ਅਜੇ ਤੱਕ ਵੀ ਮਾੜਾ ਕਹਿਣ ਤੋਂ ਸੰਗਦਾ ਹੈ।
ਮੋਦੀ ਨੂੰ ਇਹ ਕਾਨੂੰਨ ਵਾਪਸ ਕਰਨ ਦਾ ਅਚਾਨਕ ਸੁਪਨਾ ਨਹੀਂ ਸੀ ਆਇਆ। ਪੰਜਾਬ, ਹਰਿਆਣਾ, ਪੱਛਮੀ ਯੂ.ਪੀ., ਉਤਰਾਂਚਲ, ਮਹਾਂਰਾਸ਼ਟਰ, ਰਾਜਸਥਾਨ ਅਤੇ ਦੇਸ਼ ਦੇ ਬਾਕੀ ਸੂਬਿਆਂ ਦੇ ਕਿਰਸਾਨਾਂ, ਮਜ਼ਦੂਰਾਂ, ਛੋਟੇ ਕਾਰੀਗਰਾਂ, ਆੜਤੀਆਂ, ਛੋਟੇ ਦੁਕਾਨਦਾਰਾਂ ਅਤੇ ਛੋਟੇ ਵਿਉਪਾਰੀਆਂ ਦੇ ਕਰੜੇ ਸਿਰੜ ਅਤੇ ਸਬਰ ਅੱਗੇ ਉਸਦਾ ਹੰਕਾਰ ਟਿਕ ਨਹੀਂ ਸਕਿਆ। ਕੜਕਦੀਆਂ ਧੁੱਪਾਂ ਵਿੱਚ ਮੱਛਰਾਂ ਅਤੇ ਕੀੜੇ ਮਕੌੜਿਆਂ ਦੇ ਡੰਗਾਂ ਦੀ ਪਰਵਾਹ ਨਾ ਕਰਦਿਆਂ, ਸਖ਼ਤ ਸਰਦੀਆਂ, ਮੀਂਹਾਂ, ਹਨ੍ਹੇਰੀਆਂ, ਦੰਗਾਕਾਰੀਆਂ ਦਿਆਂ ਇੱਟਾਂ ਵੱਟਿਆਂ ਦੀ ਪਰਵਾਹ ਨਾ ਕਰਦਿਆਂ, ਪੁਲਿਸ ਦੀਆਂ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਵਿੱਚ ਪਲਿਆ ਇਨ੍ਹਾਂ ਯੋਧਿਆਂ ਦਾ ਸਬਰ ਅਤੇ ਸਿਰੜ ਦੇਸ਼ ਦੀ ਹੰਕਾਰੀ ਹਕੂਮਤ ਜਬਰ ਤੇ ਜਿੱਤ ਪ੍ਰਾਪਤ ਕਰ ਗਿਆ। ਭਾਵੇਂ ਕਿ ਇਸ ਅੰਦੋਲਨ ਨੇ ਦੇਸ਼ ਦੇ 700 ਤੋਂ ਵੀ ਉੱਪਰ ਸਿਦਕੀ ਯੋਧਿਆਂ ਦੀਆਂ ਜਾਨਾਂ ਲੈ ਲਈਆਂ ਪਰ ਫਿਰ ਵੀ ਉਹ ਆਪਣੇ ਨਿਸ਼ਾਨੇ ਤੋਂ ਡੋਲੇ ਨਹੀਂ। ਇਸ ਜਿੱਤ ਦਾ ਸਿਹਰਾ ਜਿਹੜਾ ਸਿਰੜੀ ਕਿਰਸਾਨਾਂ, ਮਜ਼ਦੂਰਾਂ, ਛੋਟੇ ਵਿਉਪਾਰੀਆਂ ਅਤੇ ਹੋਰ ਵਰਗਾ ਨੂੰ ਜਾਂਦਾ ਹੈ, ਇਸ ਤੋਂ ਵੀ ਵੱਧ ਸੰਯੁਕਤ ਮੋਰਚੇ ਦੇ ਕਿਰਸਾਨ ਨੇਤਾਵਾਂ ਅਤੇ ਐਨ. ਆਰ. ਆਈ. ਸੰਗਤ ਨੂੰ ਵੀ ਜਾਂਦਾ ਹੈ। ਸੰਯੁਕਤ ਮੋਰਚੇ ਦੇ ਇੱਕੜ ਦੁੱਕੜ ਨੇਤਾਵਾਂ ਦੇ ਕੁੱਝ ਮੱਤਭੇਦ ਹੋਣ ਦੇ ਬਾਵਜੂਦ ਵੀ ਉਹ ਇੱਕ ਧਾਗੇ ਵਿੱਚ ਪਰੋਏ ਰਹੇ। ਚੜੂਨੀ ਅਤੇ ਜੋਗਿੰਦਰ ਯਾਦਵ ਨੂੰ ਆਪਣੇ ਬਿਆਨਾਂ ਕਰਕੇ ਮੁਅੱਤਲ ਵੀ ਹੋਣਾ ਪਿਆ ਪਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਬਾਕੀ ਸੂਝਵਾਨਾਂ ਕਿਰਸਾਨ ਨੇਤਾਵਾਂ ਦੀ ਅਗਵਾਈ ਮੋਰਚੇ ਦੀ ਸਫ਼ਲਤਾ ਨੂੰ ਇੱਕ-ਇੱਕ ਦਿਨ ਕਰਕੇ ਅੱਗੇ ਵਧਾਉਂਦੀ ਗਈ। ਰਿਕੇਸ਼ ਟਕੈਤ ਦੇ 26 ਜਨਵਰੀ ਦੀ ਘਟਨਾ ਤੋਂ ਬਾਅਦ ਡੋਲ੍ਹੇ ਗਏ ਹੰਝੂ ਇਸ ਮੋਰਚੇ ਦੇ ਕਾਰਵਾਂ ਨੂੰ ਅੱਗੇ ਲੈ ਤੁਰੇ।
ਜੇ ਕੋਈ ਇਹ ਆਖੇ ਕਿ ਮੋਦੀ ਨੇ ਤਰਸ ਕਰਕੇ ਕਿਰਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਕਹਿਣਾ ਗ਼ਲਤ ਹੋਵੇਗਾ। ਕੋਈ ਵੀ ਸਿਆਸਤਦਾਨ ਉਨਾਂ ਚਿਰ ਆਪਣੀ ਪਕੜ ਜਾਰੀ ਰੱਖਦਾ ਹੈ ਜਿੰਨਾ ਚਿਰ ਉਸ ਦੀ ਕੁਰਸੀ ਦੇ ਪਾਵੇ ਨਹੀਂ ਹਿੱਲਦੇ। ਕਿਰਸਾਨ ਨੇਤਾਵਾਂ ਨੇ ਬੰਗਾਲ ਦੀਆਂ ਚੋਣਾਂ ਵੇਲੇ ਆਪਣੀ ਏਕਤਾ ਅਤੇ ਤਾਕਤ ਦੀ ਇੱਕ ਛੋਟੀ ਜਿਹੀ ਝਾਕੀ ਦਿਖਾ ਦਿੱਤੀ ਸੀ ਜਦੋਂ ਬੰਗਾਲ ਦੀ ਖੇਤਰੀ ਪਾਰਟੀ ਟੀ.ਐਸ.ਸੀ. ਨੂੰ ਹਰਾ ਨਾ ਸਕੀ। ਭਾਵੇਂ ਮੋਦੀ ਨੇ ਅੱਡੀਆਂ ਚੁੱਕ ਕੇ ਜ਼ੋਰ ਲਾ ਲਿਆ ਸੀ। ਅੱਗੇ 2022 ਵਿੱਚ ਪੰਜਾਬ ਸਮੇਤ 5 ਸੂਬਿਆਂ ਵਿੱਚ ਚੋਣ ਹੋਣ ਜਾ ਰਹੀ ਹੈ ਜਿਨ੍ਹਾਂ ਵਿੱਚ ਯੂ.ਪੀ. ਇੱਕ ਐਸਾ ਸੂਬਾ ਹੈ ਜਿਸ ਦੀ ਸਿਆਸਤ ਦੇਸ਼ ਵਿੱਚ ਬਨਣ ਵਾਲੀ ਕੇਂਦਰੀ ਸਰਕਾਰ ਦਾ ਵੋਟ ਬੈਲੇਂਸ ਬਦਲ ਸਕਦੀ ਹੈ। ਸੂਬੇ ਦੀਆਂ 80 ਪਾਰਲੀਮੈਂਟ ਦੀਆਂ ਸੀਟਾਂ ਕਿਸੇ ਵੀ ਪਾਰਟੀ ਨੂੰ ਜਿੱਤ ਹਾਰ ਦਾ ਕਾਰਨ ਬਣ ਸਕਦੀਆਂ ਹਨ। 2022 ਦੀਆਂ ਚੋਣਾਂ ਦੀ ਭਵਿੱਖ-ਬਾਣੀ ਕਰਦੇ ਕਈ ਮਾਹਰ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਐਕਲੇਸ਼ ਯਾਦਵ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਦਰਸਾ ਰਹੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਗੋਚਰੇ ਰੱਖਦੇ ਭਾਜਪਾ ਦੇ ਮਾਹਿਰਾਂ ਨੂੰ ਜ਼ਰੂਰ ਹੀ ਮੋਦੀ ਨੂੰ ਸਲਾਹ ਦਿੱਤੀ ਹੋਵੇਗੀ ਕਿ ਪੰਜਾਬ ਵਿੱਚ ਤਾਂ ਬੀ.ਜੇ.ਪੀ. ਤਾਂ ਪੈਰ ਨਹੀਂ ਲੱਗਣੇ ਪਰ ਯੂ.ਪੀ. ਦਾ ਗੜ੍ਹ ਵੀ ਇਸ ਦੇ ਹੱਥੋਂ ਜਾ ਰਿਹਾ ਹੈ। ਲੱਗਦਾ ਹੈ ਕਿ ਮੋਦੀ ਨੂੰ ਮਰਦੇ ਨੂੰ ਅੱਕ ਚੱਬਣਾ ਪੈ ਗਿਆ।
ਅੱਜ ਹੀ ਮੈਂ ਭਾਰਤ ਦੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਸੀਤਾਰਮਨ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਸੁਣਿਆ ਕਿ ਕਾਨੂੰਨ ਤਾਂ ਬਹੁਤ ਚੰਗੇ ਹਨ ਪਰ ਉਸ ਦੀ ਪਾਰਟੀ ਕਿਰਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਗੁਣਾਂ ਬਾਰੇ ਸਮਝਾ ਨਹੀਂ ਸੀ। ਉਹ ਅਜੇ ਵੀ ਦੇਸ਼ ਵਿੱਚ ਨਿਜੀਕਰਣ ਦੀ ਹਾਮੀ ਭਰ ਰਹੀ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਿਰਸਾਨ ਆਗੂਆਂ ਨੂੰ ਬੀ.ਜੇ.ਪੀ. ਦੀ ਕਿਰਸਾਨੀ ਬਾਰੇ ਪਾਲਸੀਆਂ ਨੂੰ ਬਰੀਕੀ ਨਾਲ ਘੌਖਣਾ ਹੋਵੇਗਾ। ਘੱਟੋ ਘੱਟ ਫ਼ਸਲ ਮੁੱਲ ਤੇ ਭਾਵੇਂ ਸਰਕਾਰ ਕਮੇਟੀ ਬਣਾਉਣ ਨੂੰ ਹਾਮੀ ਭਰ ਗਈ ਹੈ, ਪਰ ਦੇਖਣਾ ਹੋਵੇਗਾ ਕਿ ਦੇਸ਼ ਦੇ ਬਾਕੀ ਸੂਬਿਆਂ ਦੀਆਂ ਫ਼ਸਲਾਂ ਨੂੰ ਨਾ ਮਿਲਣ ਵਾਲੀ ਵਾਜਬ ਫ਼ਸਲੀ ਕੀਮਤ ਦਾ ਧਿਆਨ ਰੱਖਿਆ ਜਾਵੇ। ਪੰਜਾਬ, ਹਰਿਆਣਾ ਅਤੇ ਪੱਛਮੀ ਯੂ ਪੀ ਨੂੰ ਮਿਲਣ ਕਣਕ ਅਤੇ ਝੋਨੇ ਦੀ ਫ਼ਸਲੀ ਲਾਗਤ ਨੂੰ ਠੀਕ ਤਰੀਕੇ ਨਾਲ ਅੰਕਿਤ ਨਹੀਂ ਕੀਤਾ ਗਿਆ। ਕਿਰਸਾਨਾਂ ਦੇ ਹਰ ਪਰਿਵਾਰ ਦੇ ਜੀਆਂ ਦੀ ਮਿਹਨਤ/ਮਜ਼ਦੂਰੀ ਨੂੰ ਅਧੂਰਾ ਅੰਕਿਤ ਕੀਤਾ ਗਿਆ ਹੈ। ਮੱਕੀ ਦੀ ਅੱਜੇ ਤੱਕ ਵੀ ਘੱਟੋ-ਘੱਟ ਕੀਮਤ ਨਹੀਂ ਮਿਲ ਰਹੀ ਹੈ। ਕਿਰਸਾਨਾਂ ਨੂੰ 900/1000 ਪ੍ਰਤੀ ਕੁਇੰਟਲ ਦੇ ਕੇ ਜਿਹੜਾ ਕਿ ਘੱਟੋ-ਘੱਟ ਕੀਮਤ ਦੇ ਹਿਸਾਬ ਨਾਲ 1800 ਰੁਪਏ ਪ੍ਰਤੀ ਕੁਇੰਟਲ ਚਾਹੀਦਾ ਹੈ ਤਾਂ ਲੁੱਟ ਕਸੁੱਟ ਹੋ ਰਹੀ ਹੈ।
ਅੱਜ ਜਦੋਂ ਮੈਂ ਇਹ ਆਰਟੀਕਲ ਲਿਖ ਰਿਹਾ ਹਾਂ ਤਾਂ ਦੇਸ਼ ਦੇ ਕਿਰਸਾਨ ਦਿੱਲੀ ਬਾਰਡਰਾਂ ਤੋਂ ਆਪਣਾ ਸਾਲ ਭਰ ਦਾ ਇਕੱਠਾ ਕੀਤਾ ਹੋਇਆ ਸਮਾਨ ਟਰਾਲੀਆਂ ਤੇ ਲੱਦ ਕੇ ਖ਼ੁਸ਼ੀ ਵਿੱਚ ਭੰਗੜੇ ਪਾਉਂਦੇ ਘਰਾਂ ਨੂੰ ਪਰਤ ਰਹੇ ਹਨ। ਦੇਖ ਕੇ ਦਿਲ ਭਾਵੁਕ ਹੁੰਦਾ ਹੈ ਕਿ ਇਹ ਮਿਹਨਤਕਸ਼ ਇਨਸਾਨ ਕਿਵੇਂ ਸਿਰਫ਼ ਆਪਣੇ ਹੀ ਲਈ ਨਹੀਂ ਸਗੋਂ ਸੂਬੇ ਦੇ ਸਭ ਵਰਗਾਂ ਦੇ ਹਿੱਤਾਂ ਅਤੇ ਆਪਣੀਆਂ ਅਗਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੰਨੀਆਂ ਤਕਲੀਫ਼ਾਂ ਝੱਲਦੇ ਰਹੇ ਹਨ। ਉਹ ਅੱਸੀਆਂ ਵਰ੍ਹਿਆਂ ਦੀ ਉਮਰ ਦੇ ਬਜ਼ੁਰਗ ਜਿਨ੍ਹਾਂ ਨੂੰ ਸਖ਼ਤ ਸਰਦੀਆਂ ਵਿੱਚ ਨਿੱਘੇ ਘਰਾਂ ਵਿੱਚ ਅਰਾਮ ਕਰਨ ਦੀ ਜ਼ਰੂਰਤ ਹੈ ਉਹ ਸਾਡੇ ਤੁਹਾਡੇ ਸਭ ਲਈ ਸੜਕਾਂ ਤੇ ਰੁੱਲ ਰਹੇ ਹਨ।
ਪੰਜਾਬ ਵਾਸੀਆਂ ਨੇ ਆਪਣਾ ਪੁਰਾਣਾ ਜੁਝਾਰੂ ਅਤੇ ਮਾਣਮੱਤਾ ਵਿਰਸਾ ਫੇਰ ਇੱਕ ਵਾਰ ਸਾਕਾਰ ਕਰ ਦਿੱਤਾ ਹੈ। ਦੇਸ਼ ਦੇ ਬਾਕੀ ਸੂਬਿਆਂ ਦੇ ਬਸ਼ਿੰਦਿਆਂ ਨੂੰ ਨਾਲ ਲੈ ਕੇ ਸਾਂਝੇ ਕਾਰਜ ਲਈ ਕਿਵੇਂ ਜੂਝਣਾ ਹੈ, 1947 ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਫਿਰ ਇੱਕ ਪਿਰਤ ਪਾ ਦਿੱਤੀ ਹੈ। ਦੇਸ਼ ਦੀ 2.5% ਆਬਾਦੀ ਵਾਲਾ ਸੂਬਾ ਇੱਕ ਵਾਰ ਫੇਰ ਆਗੂ ਬਣ ਕੇ ਉਭਰਿਆ ਹੈ। ਸੂਬੇ ਦੇ ਆਗੂਆਂ ਨੇ ਦਿਖਾ ਦਿੱਤਾ ਹੈ ਕਿ ਜਬਰ ਵਿੱਚ ਕਿਵੇਂ ਸਬਰ ਦਾ ਲੜ ਫੜ ਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਦੇ ਉਹ ਮਿਹਣੇ ਕੇ ਪੰਜਾਬੀਆਂ ਵਿੱਚ ਹੁਣ ਗੈਰਤ ਮਰ ਗਈ ਹੈ, ਉਸ ਨੂੰ ਫੇਰ ਮੁੜ ਸੁਰਜੀਤ ਕਰ ਦਿੱਤਾ ਹੈ। ਦੇਸ਼ ਦੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਜਾਤੀ, ਧਰਮਾਂ ਅਤੇ ਊਚ-ਨੀਚ ਦੇ ਵਖਰੇਵੇਂ ਪਾ ਕੇ ਕੌਮ ਨੂੰ ਬਹੁਤੀ ਦੇਰ ਮੂਰਖ ਨਹੀਂ ਬਣਾਇਆ ਜਾ ਸਕਦਾ। ਦੇਸ਼ ਦੇ ਖੱਖੜੀ-ਖੱਖੜੀ ਹੋਏ ਕਿਰਸਾਨਾਂ ਨੂੰ ਮੁੜ ਫੇਰ ਇੱਕ ਧਾਗੇ ਵਿੱਚ ਪਰੋ ਦਿੱਤਾ ਹੈ ਤੇ ਦੇਸ਼ ਦੀ ਭਾਰੀ ਬਹੁਮੱਤ ਵਾਲੀ ਪਾਰਟੀ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਕਿ ਮੋਹਰਲੀਆਂ ਚੋਣਾਂ ਵਿੱਚ ਕੀ ਬਣੂੰ।
ਦੇਸ਼ ਦੇ ਖ਼ਾਸ ਕਰਕੇ ਪੰਜਾਬ ਦੇ ਕਿਰਸਾਨਾਂ ਅਤੇ ਕਿਰਸਾਨ ਆਗੂਆਂ ਨੂੰ ਜਿੱਤ ਹਾਸਲ ਕਰਕੇ ਜਸ਼ਨ ਮਨਾਉਣੇ ਵਾਜਬ ਬਣਦੇ ਹਨ। ਖੁਸ਼ੀ ਹੋਵੇ ਵੀ ਕਿਉਂ ਨਾ ਲੋਕੀਂ ਤਾਂ ਪਿੰਡ ਦਾ ਸਰਪੰਚ ਬਣ ਕੇ ਜਾਂ ਛੋਟੀ ਮੋਟੀ ਹੋਰ ਪ੍ਰਾਪਤੀ ਕਰਕੇ ਫੁੱਲੇ ਨਹੀਂ ਸਮਾਉਂਦੇ, ਕਿਰਸਾਨ ਤਾਂ ਉਸ ਮੋਰਚੇ ਨੂੰ ਫ਼ਤਿਹ ਕਰਕੇ ਆਏ ਹਨ ਜਿਸਦੀ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਰੱਤੀ ਭਰ ਵੀ ਆਸ ਨਹੀਂ ਸੀ। ਕਿਰਸਾਨੋ ਅਤੇ ਮਜ਼ਦੂਰ ਭਾਈਓ! ਖੁਸ਼ੀਆਂ ਜ਼ਰੂਰ ਮਨਾਓ ਪਰ ਇਸ ਅੰਦੋਲਨ ਤੋਂ ਮਿਲੇ ਕਈ ਕੀਮਤੀ ਗੁਣਾਂ ਨੂੰ ਅੱਖੋਂ ਪ੍ਰੋਖੇ ਨਾ ਕਰਿਓ। ਇਹ ਜਿੱਤ ਤੁਹਾਡੇ ਸਭ ਵਰਗਾਂ ਦੇ ਏਕੇ ਅਤੇ ਇਤਫ਼ਾਕ ਨਾਲ ਹੋਈ ਹੈ। ਤੁਸੀਂ ਆਪਣੀਆਂ ਪੁਰਾਣੀਆਂ ਸਾਂਝਾਂ ਨੂੰ ਮੁੜ ਸੁਰਜੀਤ ਕੀਤਾ ਹੈ। ਤੁਸੀਂ ਸੂਬਾਈ ਝਗੜਿਆਂ ਜਿਵੇਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦਿਆਂ ਮਸਲਿਆਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਕੌਮੀ ਨਿਸ਼ਾਨੇ ਵੱਲ ਹੰਭਲਾ ਮਾਰਿਆ ਹੈ। ਤੁਸੀਂ ਧਰਮਾਂ, ਜਾਤਾਂ ਅਤੇ ਵਰਗਾਂ ਦਿਆਂ ਵਖਰੇਵਿਆਂ ਦੀ ਪਰਵਾਹ ਨਹੀਂ ਕੀਤੀ। ਤੁਸੀਂ ਆਪਸੀ ਛੋਟੇ ਮੋਟੇ ਆੜਾ ਬੰਨਿਆਂ ਦੀਆਂ ਖੁੰਦਕਾਂ ਤੋਂ ਉੱਪਰ ਉੱਠੇ ਹੋ। ਤੁਸੀਂ ਬਿਨਾਂ ਕਿਸੇ ਭੁਲੇਖੇ ਤੋਂ ਆਪਸੀ ਏਕੇ ਦਾ ਸਬੂਤ ਦਿੱਤਾ ਹੈ। ਇਹ ਗੁਣ ਤੁਹਾਨੂੰ ਅੱਗੇ ਵੀ ਅਪਨਾਉਣੇ ਹੋਣਗੇ। ਪਿੰਡ ਦੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਚੋਣਾਂ ਤੱਕ ਕਿਸੇ ਪਾਰਟੀ ਦੇ ਛੋਟੇ ਮੋਟੇ ਲਾਲਚਾਂ ਨੂੰ ਦਰਕਿਨਾਰ ਕਰਕੇ ਸੂਬੇ ਅਤੇ ਦੇਸ਼ ਦੇ ਮੁੱਦਿਆਂ ਦਾ ਹੋਕਾ ਦੇਣਾ ਹੋਏਗਾ।
ਲੱਗਦਾ ਹੈ ਕਿ ਪੰਜਾਬ ਵਿੱਚ ਫ਼ਰਵਰੀ 2022 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਆਪਣੀਆਂ ਵੋਟਾਂ ਬੋਤਲਾਂ ਵੱਟੇ ਨਾ ਵੇਚਿਉ। ਸਗੋਂ ਪਾਰਟੀ ਦੇ ਕੈਂਡੀਡੇਟਾਂ ਨੂੰ ਪਿੰਡ ਦੀਆਂ ਨਾਲੀਆਂ-ਗਲ਼ੀਆਂ ਪੱਕੀਆਂ ਕਰਾਉਣ ਤੋਂ ਹੱਟ ਕੇ ਜਾਂ ਫਿਰ ਆਟਾ, ਦਾਲਾਂ ਜਾਂ ਛੋਟੀਆਂ ਮੋਟੀਆਂ ਪੈਨਸ਼ਨਾਂ ਦੇ ਲਾਲਚ ਵਿੱਚ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਨਾ ਵੇਚ ਦਿਓ। ਚੋਣ ਪ੍ਰਚਾਰ ਕਰਨ ਆਏ ਨੇਤਾਵਾਂ ਨੂੰ ਹਲੀਮੀ ਨਾਲ ਸਵਾਲ ਕਰੋ ਕਿ ਪਿੰਡ ਦੇ ਸਕੂਲਾਂ ਦੀ ਬਿਲਡਿੰਗ, ਅਧਿਆਪਕਾਂ ਦੀ ਭਰਤੀ ਅਤੇ ਉਨ੍ਹਾਂ ਦੀ ਵਾਜਬ ਤਨਖ਼ਾਹ ਬਾਰੇ ਕੀ ਸੋਚ ਰਹੇ ਹੋ। ਨਾਲ ਹੀ ਸਿਹਤ ਨਾਲ ਸੰਬੰਧਿਤ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੇ ਘਾਟ ਦਾ ਸਵਾਲ ਉਠਾਓ। ਨਿੱਜੀਕਰਣ ਨੂੰ ਠੱਲ ਪਾ ਕੇ ਸਰਕਾਰੀ ਅਦਾਰਿਆਂ ਬਾਰੇ ਉਨ੍ਹਾਂ ਨੇਤਾਵਾਂ ਦੇ ਕੀ ਵੀਚਾਰ ਹਨ? ਰੇਤਾ, ਬੱਜਰੀ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਬਾਰੇ ਕੀ ਪਾਲਿਸੀ ਹੈ। ਕਿਰਸਾਨ ਅਤੇ ਮਜ਼ਦੂਰਾਂ ਦੇ ਕਰਜ਼ਿਆਂ ਬਾਰੇ ਉਨ੍ਹਾਂ ਦੀ ਸਰਕਾਰ ਦਾ ਕੀ ਸਟੈਂਡ ਹੋਏਗਾ। ਬੇਅਦਬੀ ਦੇ ਮਸਲਿਆਂ ਨੂੰ ਕਿਵੇਂ ਨਜਿੱਠ ਰਹੇ ਹੋ।
ਸਭ ਤੋਂ ਵੱਡਾ ਸਵਾਲ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਸਨੀਕਾਂ ਸਿਰ ਚੜ੍ਹੇ ਤਿੰਨ ਲੱਖ ਕਰੋੜ ਤੋਂ ਵੱਧ ਚੜ੍ਹੇ ਕਰਜ਼ੇ ਨੂੰ ਕਿਵੇਂ ਲਾਹਿਆ ਜਾਏਗਾ। ਸੂਬੇ ਵਿੱਚ ਖ਼ਜ਼ਾਨਾ ਭਰਨ ਬਾਰੇ ਉਨ੍ਹਾਂ ਦੀ ਸਰਕਾਰ ਦੇ ਕੀ ਉਪਰਾਲੇ ਹੋਣਗੇ। ਸੂਬੇ ਦੇ ਨੌਜਵਾਨ ਧੜਾ-ਧੜ ਜਹਾਜ਼ ਭਰੀ ਵਿਦੇਸ਼ਾਂ ਨੂੰ ਰੋਜ਼ੀ-ਰੋਟੀ ਖ਼ਾਤਿਰ ਆਪਣੀਆਂ ਜ਼ਮੀਨਾਂ ਵੇਚ ਕੇ ਧੰਨ ਅਤੇ ਨੌਜਵਾਨੀ ਖ਼ਜ਼ਾਨਾ ਵਿਦੇਸ਼ਾਂ ਵਿੱਚ ਲਿਜਾ ਰਹੇ ਹਨ। ਇਸ ਨਿਕਾਸ ਨੂੰ ਨਵੀਂ ਸਰਕਾਰ ਕਿਵੇਂ ਠੱਲ੍ਹ ਪਾਏਗੀ। ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਗਰ ਪੂਰੇ ਨਹੀਂ ਹੁੰਦੇ ਤਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਉਸ ਪਾਰਟੀ ਨੂੰ ਕੀ ਸਜ਼ਾ ਮਿਲੇਗੀ। ਪੰਜਾਬ ਵਾਸੀਓ! ਤੁਹਾਨੂੰ ਸੂਬਾਈ ਨੇਤਾਵਾਂ ਦੀਆਂ ਲੂੰਬੜ ਚਾਲਾਂ ਨੂੰ ਪਹਿਚਾਨਣਾ ਹੋਏਗਾ। ਜਿਵੇਂ ਤੁਸੀਂ ਦਿੱਲੀ ਬਾਰਡਰਾਂ ਤੇ ਏਕਾ ਦਿਖਾਇਆ, ਇਹੋ ਜਿਹਾ ਏਕਾ ਪਿੰਡਾਂ ਵਿੱਚ ਵੀ ਦਿਖਾਉਣਾ ਹੋਏਗਾ। ਭੁੱਲ ਜਾਓ ਪਿਛਲੀਆਂ ਜਿੱਦ ਬਾਜ਼ੀਆਂ। ਪਿੰਡ ਦੀਆਂ ਲੰਬੜਦਾਰੀਆਂ, ਸਰਪੰਚੀਆਂ ਜਾਂ ਹੋਰ ਚੌਧਰਾਂ ਖਾਰਤ ਸਿਆਸਤੀ ਪਾਰਟੀਆਂ ਦਾ ਇਕਾਈ ਸੈਲ ਨਾ ਬਣੋ। ਆਪਣਾ ਆਜ਼ਾਦ ਨਿਆਰਪਨ ਮੁੜ ਸੁਰਜੀਤ ਕਰੋ। ਵਿਕਸਿਤ ਦੇਸ਼ਾਂ ਦੀ ਤਰਜ਼ ਤੇ ਵੋਟਾਂ ਮੰਗਣ ਆਏ ਕਿਸੇ ਵੀ ਸੰਭਾਵੀ ਨੇਤਾ ਨੂੰ ਆਖੋ ਕਿ ਵੋਟ ਮੇਰਾ ਹੱਕ ਹੈ, ਮੈਂ ਆਪਣੀ ਮਰਜ਼ੀ ਨਾਲ ਯੋਗ ਨੁਮਾਇੰਦੇ ਨੂੰ ਵੋਟ ਪਾਵਾਂਗਾ ਜਾਂ ਪਾਵਾਂਗੀ।
ਵੱਡਾ ਸਵਾਲ ਹਰ ਇੱਕ ਦੇ ਮਨ ਵਿੱਚ ਇਹ ਹੋਏਗਾ ਕਿ ਕਿਰਸਾਨ ਆਗੂ ਕਿਉਂ ਨਹੀਂ ਆਪਣੀ ਸਿਆਸੀ ਪਾਰਟੀ ਬਣਾ ਲੈਂਦੇ। ਮੇਰੀ ਨਿੱਜੀ ਰਾਏ ਹੈ ਕਿ ਕਿਰਸਾਨ ਆਗੂਆਂ ਨੂੰ ਇੱਕ ਮਜ਼ਬੂਤ ਸਮੂਹ ਦਬਾਅ ਗਰੁੱਪ ਹੀ ਬਣੇ ਰਹਿਣਾ ਚਾਹੀਦਾ ਹੈ। ਅਗਰ ਆਪ ਖ਼ੁਦ ਸਿਆਸਤ ਵਿੱਚ ਪੈਰ ਪਾ ਲਿਆ ਤਾਂ ਰਵਾਇਤੀ ਪਾਰਟੀਆਂ ਨੇ ਇਨ੍ਹਾਂ ਆਗੂਆਂ ਨੂੰ ਆਪਸ ਵਿੱਚ ਹੀ ਲੜਾ ਦੇਣਾ ਹੈ। ਇੱਕ ਦੂਸਰੇ ਦੇ ਪੋਤੜੇ ਫੋਲਣ ਤੇ ਜ਼ੋਰ ਲੱਗ ਜਾਏਗਾ। ਅਗਰ ਸਮੂਹ ਦਬਾਅ ਗੁਰੱਪ ਬਣੇ ਰਹਿਣਗੇ ਤਾਂ ਇਹ ਕੌਮ ਦਾ ਕੋਈ ਵੀ ਮਸਲਾ ਹੱਲ ਕਰਵਾ ਸਕਣਗੇ। ਵਿਦੇਸ਼ਾਂ ਵਿੱਚ ਸਰਕਾਰਾਂ ਨੂੰ ਸਮੂਹ ਦਬਾਅ ਗਰੁੱਪਾਂ ਦੇ ਅਸਰ ਅਧੀਨ ਕੋਈ ਮਾੜੀ ਪਾਲਿਸੀ ਬਣਾਉਣ ਤੋਂ ਸੰਕੋਚ ਕਰਦੇ ਹਨ। ਮੌਕੇ ਦੀਆਂ ਸਰਕਾਰਾਂ ਹਮੇਸ਼ਾ ਪ੍ਰਭਾਵ ਰੱਖਣ ਵਾਲੇ ਵਿਅਕਤੀ ਨੂੰ ਲਾਲਚ ਦੇ ਕੇ ਖ਼ਰੀਦ ਲੈਂਦੇ ਹਨ। ਕਿਰਸਾਨ ਆਗੂਆਂ ਨੂੰ ਬੇਨਤੀ ਹੈ ਕਿ ਕੌਮ ਖ਼ਾਤਿਰ ਇਨ੍ਹਾਂ ਸੌੜੇ ਹਿੱਤਾਂ ਨੂੰ ਪਰੇ ਰੱਖਿਓ। ਅਗਰ ਤੁਸੀਂ ਅੰਦੋਲਨ ਵਿੱਚ ਕੀਤੀ ਅਗਵਾਈ ਵਾਂਗ ਪਿੰਡਾਂ ਦੀ ਵੀ ਅਗਵਾਈ ਕੀਤੀ ਤਾਂ ਜ਼ਰੂਰ ਹੀ ਪੰਜਾਬ ਦੀ ਨੁਹਾਰ ਬਦਲ ਜਾਏਗੀ। ਪੰਜਾਬ ਫਿਰ ਦੇਸ਼ ਦਾ ਨੰਬਰ ਇੱਕ ਸੂਬਾ ਹੋ ਕੇ ਉਭਰੇਗਾ। ਮੈਂ ਫਿਰ ਇੱਕ ਵਾਰ ਦੇਸ਼ ਦੇ ਕਿਰਸਾਨਾਂ ਅਤੇ ਕਿਰਸਾਨ ਆਗੂਆਂ ਨੂੰ ਇਸ ਇਤਿਹਾਸਕ ਜਿੱਤ ਲਈ ਲੱਖ-ਲੱਖ ਵਧਾਈ ਦਿੰਦਾ ਹਾਂ। ਪਰਮਾਤਮਾ ਕਰੇ ਕਿ ਫੇਰ ਕਦੇ ਵੀ ਦੇਸ਼ ਵਾਸੀਆਂ ਨੂੰ ਇਹੋ ਜਿਹੀ ਲੰਬੀ ਜੱਦੋ-ਜਹਿਦ ਵਿੱਚ ਨਾ ਪੈਣਾ ਪਵੇ।
ਬਲਵੰਤ ਸਿੰਘ ਗਿੱਲ,
ਬੈਡਫ਼ੋਰਡ।
ਕੀ ਮੈਂ ਲਾਵਾਰਸ ਹਾਂ ? - ਬਲਵੰਤ ਸਿੰਘ ਗਿੱਲ
ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਬੱਲੀ ਦੀ ਧਰਮ ਪਤਨੀ ਸਰਬਜੋਤ ਨੇ ਸਲਾਹ ਦਿੱਤੀ ਕਿ ਇਸ ਸਾਲ ਗਰਮੀਆਂ ਦੀਆ ਛੁੱਟੀਆਂ ਕਨੇਡਾ ਬੀਤਾਈਆਂ ਜਾਣ। ਇੱਕ ਤਾਂ ਉਨਾਂ ਦੇ ਮਸੇਰ ਭਾਈ ਨੂੰ ਮਿਲ ਹੋ ਜਾਵੇਗਾ ਅਤੇ ਦੂਸਰਾ ਬੱਚਿਆਂ ਦਾ ਮਨਪ੍ਰਚਾਵਾ ਹੋ ਜਾਵੇਗਾ।ਬੱਲੀ ਨੂੰ ਵੀ ਆਪਣੀ ਧਰਮ ਪਤਨੀ ਦਾ ਸੁਝਾਉ ਪਸੰਦ ਆਇਆ ਅਤੇ ਇਨਾਂ ਨੇ ਆਪਣੇ ਦੋ ਬੱਚਿਆਂ ਸਮੇਤ ਪਿਛਲੇ ਸਾਲ ਗਰਮੀਆਂ ਵਿੱਚ ਟੋਰੰਟੋ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਬੱਲੀ ਨੇ ਆਪਣੇ ਮਸੇਰ ਭਾਈ ਗੁਰਭਜਨ ਨੂੰ ਜਦੋਂ ਆਪਣੀ ਕਨੇਡਾ ਜਾਣ ਦੀ ਸੂਚਨਾ ਦਿੱਤੀ, ਉਹ ਬਹੁਤ ਖੁਸ਼ ਹੋਇਆ ਅਤੇ ਹੈਰਾਨ ਹੋਇਆ ਆਖਣ ਲੱਗਾ, '' ਉਏ ਬੱਲੀ ਇੱਥੇ ਆਉਣ ਦੇ ਲਾਰੇ ਤਾਂ ਤੂੰ ਪਿਛਲੇ ਕਈ ਸਾਲਾਂ ਦੇ ਲਾ ਰਿਹਾ ਹੈਂ, ਐਂਵੇਂ ਨਾ ਜੱਬਲੀਆਂ ਮਾਰੀ ਜਾਇਆ ਕਰ। ਤੇਰੇ 'ਤੇ ਮੈਨੂੰ ਹੁਣ ਰੱਤੀ ਇਤਬਾਰ ਨਹੀਂ।'' '' ਨਹੀਂ ਗੁਰਭਜਨ ਇਸ ਵਾਰ ਤਾਂ ਇੱਟ ਵਰਗਾ ਸੱਚ ਹੈ, ਸਾਡੇ ਤਾਂ ਬੱਚੇ ਵੀ ਕਨੇਡਾ ਜਾਣ ਨੂੰ ਰੱਸੇ ਤੁੱੜਵਾ ਰਹੇ ਕਹੀ ਜਾ ਰਹੇ ਹਨ , ਡੈਡ ਇਸ ਸਾਲ ਛੁੱਟੀਆਂ ਵਿੱਚ ਸਾਨੂੰ ਕਨੇਡਾ ਜਰੂਰ ਲੈ ਕੇ ਜਾਓ।'' ਬੱਲੀ ਦੇ ਬੱਚੇ ਅਤੇ ਗੁਰਭਜਨ ਦੇ ਬੱਚੇ ਤਕਰੀਬਨ ਹਮ-ਉਮਰ ਹਨ।ਬੱਲੀ ਨੂੰ ਆਪਣੇ ਮਸੇਰ ਭਾਈ ਨੂੰ ਮਿਲਣ ਦੀ ਅਤੇ ਕਨੇਡਾ ਘੁੰਮਣ ਫਿਰਨ ਦੀ ਖੁਸ਼ੀ ਅਤੇ ਬੱਚਿਆਂ ਨੂੰ ਮਸੇਰ ਭਾਈ ਦੇ ਬੱਚਿਆਂ ਨੂੰ ਮਿਲਣ ਦੀ ਤਾਂਘ ਅਤੇ ਚਾਅ, ਦੇਖਿਆਂ ਹੀ ਬਣਦਾ ਸੀ
ਬੱਲੀ ਅਤੇ ਸਰਬਜੋਤ ਨੇ ਦਿਨਾਂ ਵਿੱਚ ਹੀ ਤਿਆਰੀ ਕੀਤੀ ਅਤੇ ਪਰਿਵਾਰ ਸਮੇਤ ਗੁਰਭਜਨ ਦੇ ਘਰ ਕਨੇਡਾ ਪਹੁੰਚ ਗਏ। ਮਸੇਰ ਭਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਸਿਮਰਨ ਨੇ ਬੱਲੀ ਪਰਿਵਾਰ ਦਾ ਰੱਜ ਕੇ ਸੁਆਗਤ ਕੀਤਾ। ਬੱਚੇ ਘਰ ਵੜਦਿਆਂ ਸਾਰ ਹੀ ਗੁਰਭਜਨ ਦੇ ਬੱਚਿਆਂ ਨਾਲ ਇੱਕ-ਮਿੱਕ ਹੋ ਗਏ ਅਤੇ ਬੱਲੀ ਹੋਰੀਂ ਗੁਰਭਜਨ ਅਤੇ ਸਿਮਰਨ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਣ ਲੱਗੇ।ਚਾਹ ਪਾਣੀ ਪੀਦਿਆਂ ਦੋਹਾਂ ਪਰਿਵਾਰਾਂ ਨੇ ਸਲਾਹ ਬਣਾਈ ਕਿ ਇਨਾਂ ਪਾਸ ਗਿਣਤੀ ਦੀਆਂ ਹੀ ਛੁੱਟੀਆਂ ਦੇ ਹਨ, ਕਿਉਂ ਨਾ ਕੱਲ੍ਹ ਸਵੇਰ ਤੋਂ ਹੀ ਟਰੰਟੋ ਦੀਆਂ ਵੱਖ-ਵੱਖ ਥਾਂਵਾਂ 'ਤੇ ਘੁੰਮਣਾ ਫਿਰਨਾ ਸ਼ੁਰੂ ਕਰੀਏ। ਮਸੇਰ ਭਾਈ ਅਤੇ ਸਿਮਰਨ ਨੂੰ ਬੱਲੀ ਦੀ ਸਲਾਹ ਚੰਗੀ ਲੱਗੀ ਅਤੇ ਦੋਹਾਂ ਪਰਿਵਾਰਾਂ ਨੇ ਦੂਸਰੇ ਹੀ ਦਿਨ ਟੋਰੰਟੋ ਦਾ ਨਿਆਗਰਾ ਫ਼ਾਲ ਅਤੇ ਸੀ ਐਨ ਟਾਵਰ ਦੇਖਣ ਦਾ ਪ੍ਰੋਗਰਾਮ ਬਣਾ ਲਿਆ।
ਯਾਤਰਾ ਦੀ ਥਕਾਵਟ ਅਤੇ ਇੰਗਲੈਂਡ ਅਤੇ ਕਨੇਡਾ ਦੇ ਸਮਾਂ-ਅੰਤਰ ਹੋਣ ਦੇ ਬਾਵਜੂਦ ਵੀ ਬੱਚੇ ਸਵੇਰੇ ਸੁਵੱਖਤੇ ਹੀ ਉਠ ਖੜ੍ਹੇ ਹੋਏ। ਸਾਰੇ ਪਰਿਵਾਰ ਨੇ ਨਾਸ਼ਤਾ ਕੀਤਾ ਅਤੇ ਗੁਰਭਜਨ ਨੇ ਰਸਤੇ ਵਿੱਚ ਕੁੱਝ ਖਾਣ ਪੀਣ ਦਾ ਸਮਾਨ ਕਾਰ ਦੀ ਡਿੱਘੀ ਵਿੱਚ ਰੱਖ ਕੇ ਸਾਰਿਆਂ ਨੇ ਨਿਆਗਰਾ ਫ਼ਾਲ ਨੂੰ ਦੇਖਣ ਲਈ ਚਾਲੇ ਪਾ ਲਏ। ਰਸਤੇ ਵਿੱਚ ਬੱਚੇ ਆਪਣੀਆਂ ਗੱਲਾਂ ਮਾਰਦੇ ਗਏ ਅਤੇ ਵੱਡਿਆਂ ਨੇ ਆਪਣੀਆਂ ਪਰਿਵਾਰਿਕ ਗੱਲਾਂ ਅਤੇ ਵਿੱਚ ਵਿੱਚ ਪੰਜਾਬ ਦੀ ਰਾਜਨੀਤੀ ਦੀ ਲੜੀ ਜਾਰੀ ਰੱਖੀ। ਗੁਰਭਜਨ ਆਖਣ ਲੱਗਾ, ''ਬਈ ਬੱਲੀ ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਤਾਂ ਸਿੱਖਾਂ ਵਾਲੀ ਪਾਰਟੀ ਨੇ ਹੀ ਕਰਨਾ ਹੈ, ਬਾਕੀ ਤਾਂ ਸਾਰੇ ਠੱਗ ਹੀ ਹਨ।'' ਬੱਲੀ ਦੇ ਮਨ ਨੂੰ ਇਹ ਗੱਲ ਕੁੱਝ ਚੰਗੀ ਨਾ ਲੱਗੀ ਤਾਂ ਇਹ ਵਿੱਚੇ ਬੋਲ ਪਿਆ, ''ਭਾਈ ਸਾਹਿਬ ਇਹ ਸਭ ਠੱਗ ਹਨ, ਦੁੱਧ ਧੋਤਾ ਕੋਈ ਵੀ ਨਹੀਂ।'' ਸਿਆਸਤ ਦੀ ਬਹਿਸ ਚੱਲਦੀ ਗਈ ਜਦੇ ਨੂੰ ਨਿਆਗਰਾ ਫ਼ਾਲ ਆ ਗਿਆ।
ਦੋਹਾਂ ਪਰਿਵਾਰਾਂ ਨੇ ਅਮਰੀਕਾ ਅਤੇ ਕਨੇਡਾ ਦੀ ਸਰਹੱਦ ਤੇ ਨਿਆਗਰਾ ਫ਼ਾਲ ਦੇ ਕੁਦਰਤੀ ਨਜ਼ਾਰੇ ਦਾ ਭਰਪੂਰ ਆਨੰਦ ਮਾਣਿਆ। ਲੱਖਾਂ ਟਨ ਬੇਰੋਕ ਡਿੱਗਦੇ ਬੜੀ ਹੀ ਉੱਚਾਈ ਤੋਂ ਪਾਣੀ ਦਾ ਕੁਦਰਤੀ ਨਜ਼ਾਰਾ ਬੜਾ ਹੀ ਮੰਨ ਮੋਹਣ ਵਾਲਾ ਸੀ। ਪਾਣੀ ਡਿੱਗਣ ਤੋਂ ਬਣਦੀ ਭਾਫ਼ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ, ਜਿਵੇਂ ਪ੍ਰਮਾਤਮਾ ਨੇ ਧਰਤੀ ਤੇ ਸਵਰਗ ਉਤਾਰ ਦਿੱਤਾ ਹੋਵੇ।ਦੋਹਾਂ ਪਰਿਵਾਰਾਂ ਨੇ ਪਾਣੀ ਵਿੱਚ ਤੈਰਦੀਆਂ ਬੋਟਾਂ ਦੀ ਵੀ ਸੈਰ ਕੀਤੀ ਅਤੇ ਇਸ ਸਾਰੇ ਨਜ਼ਾਰੇ ਦਾ ਖ਼ੂਬ ਆਨੰਦ ਮਾਣਿਆ।ਇਸ ਤੋਂ ਬਾਅਦ ਰੱਬ ਜੇਡਾ ਉੱਚਾ ਸੀ ਐਨ ਟਾਵਰ ਦੇਖਿਆ ਜਿਸ 'ਤੇ ਚੜ੍ਹ ਕੇ ਸੜਕਾਂ 'ਤੇ ਦੌੜਦੀਆਂ ਕਾਰਾਂ ਨਿਰੀਆਂ ਤੀਲਾਂ ਦੀਆਂ ਡੱਬੀਆਂ ਲੱਗਦੀਆਂ ਸਨ।
ਘੁੰਮਦਿਆਂ ਫਿਰਦਿਆਂ ਹੁਣ ਸ਼ਾਮਾਂ ਢੱਲਣ ਲੱਗੀਆਂ ਤਾਂ ਗੁਰਭਜਨ ਅਤੇ ਸਿਮਰਨ ਆਖਣ ਲੱਗੇ ਕਿ ਹੁਣ ਕਾਫ਼ੀ ਭੁੱਖ ਲੱਗ ਗਈ ਹੈ, ਚੱਲੋ ਘਰ ਜਾਣ ਤੋਂ ਪਹਿਲਾਂ ਕਿਸੇ ਰੈਸਟੋਰੈਂਟ ਵਿੱਚ ਕੁੱਝ ਖਾ ਪੀ ਲਈਏ। ਘੁੰਮਣ ਫਿਰਨ ਉਪਰੰਤ ਸਭ ਨਿਆਗਰਾ ਫ਼ਾਲ ਦੇ ਲਾਗੇ ਹੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਰੁਕ ਗਏ।
ਰੈਸਟੋਰੈਂਟ ਅੰਦਰ ਵੜਦਿਆਂ ਹੀ ਇੱਕ ਸੋਹਣੀ ਸੁਨੱਖੀ ਮੁਟਿਆਰ ਜਿਹੜੀ ਮੁਹਾਂਦਰੇ ਤੋਂ ਨਾ ਤਾਂ ਗੋਰੀ ਜਾਪਦੀ ਸੀ ਅਤੇ ਨਾ ਹੀ ਏਸ਼ੀਅਨ, ਨੇ ਗਾਹਕਾਂ ਦਾ ਨਿੱਘਾ ਸੁਆਗਤ ਕੀਤਾ। ਇਸ ਦੇ ਸਲੀਕੇ ਨਾਲ ਸੰਵਾਰੇ ਹੋਏ ਵਾਲ, ਹਲਕੀ ਫੁਲਕੀ ਕੀਤੀ ਮੇਕ ਅੱਪ ਅਤੇ ਰੈਸਟੋਰੈਂਟ ਦੇ ਦਿਲ ਖਿੱਚਵੇਂ ਪਹਿਰਾਵੇ ਵਿੱਚ, ਇਹ ਮੁਟਿਆਰ ਸੱਚਮੁੱਚ ਹੀ ਇੱਕ ਅਕਾਸ਼ 'ਤੋਂ ਉਤਰੀ ਪਰੀ ਜਾਪਦੀ ਸੀ। ਉਸਨੇ ਗੁੱਡ ਆਫ਼ਟਰਨੂਨ ਆਖ ਕੇ ਬੱਲੀ ਹੋਰਾਂ ਦਾ ਸੁਆਗਤ ਕੀਤਾ ਅਤੇ ਪਹਿਲਾਂ ਹੀ ਸਾਫ਼ ਟੇਬਲ ਤੇ ਦੁਬਾਰਾ ਫਿਰ ਸੈਨੇਟਾਈਜ਼ਰ ਸਪਰੇਅ ਕਰਕੇ ਕੱਪੜਾ ਮਾਰਦੀ ਹੋਈ ਪੁੱਛਣ ਲੱਗੀ, ''ਸਰ ਵੱਟ ਯੂ ਲਾਈਕ ਟੂ ਡਰਿੰਕ ਔਰ ਈਟ?'' ਸਭਨਾਂ ਨੂੰ ਉਸ ਦੀ ਆਵਾਜ਼ ਬੜੀ ਪਿਆਰੀ ਲੱਗੀ। ਜਿਵੇਂ ਉਸਦੀ ਆਵਾਜ਼ ਵਿੱਚ ਕੋਈ ਛੁੱਪਿਆ ਦਰਦ ਅਤੇ ਅਪਣੱਤ ਹੋਵੇ। ਬੱਲੀ ਨੇ ਗੁਰਭਜਨ ਨੂੰ ਪੁੱਛਿਆ ਕਿ ਇਹ ਕੁੜੀ ਆਪਣੀ ਪੰਜਾਬਣ ਜਾਂ ਭਾਰਤੀ ਲੱਗਦੀ ਹੈ। ਉਹ ਆਖਣ ਲੱਗਾ ਕਿ ''ਤੂੰ ਐਵੇਂ ਸਭ ਨੂੰ ਆਪਣਾ ਸਮਝਦਾ ਰਹਿੰਦਾ ਹੈਂ। ਤੂੰ ਉਸਦੀ ਨਾਮ ਵਾਲੀ ਪਲੇਟ 'ਤੇ 'ਸੈਂਡੀ' ਲਿਖਿਆ ਨਹੀਂ ਪੜ੍ਹਿਆ, ਉਹ ਕਿਵੇਂ ਆਪਣੀ ਪੰਜਾਬਣ ਕੁੜੀ ਹੋਈ?''
ਦਿੱਤੇ ਹੋਏ ਖਾਣੇ ਦੇ ਆਰਡਰ ਮੁਤਾਬਿਕ ਸੈਂਡੀ ਨੇ ਟੇਬਲ ਤੇ ਖਾਣਾ ਪਰੋਸ ਦਿੱਤਾ ਤੇ ਸੈਂਡੀ ਦੂਸਰੇ ਗਾਹਕਾਂ ਵਲ ਚਲੀ ਗਈ। ਇਸ ਸਵਾਦਿਸ਼ਟ ਖਾਣੇ ਦਾ ਸਭਨਾਂ ਨੇ ਭਰਪੂਰ ਆਨੰਦ ਮਾਣਿਆ।ਖਾਣਾ ਤਾਂ ਬੇਸ਼ੱਕ ਸੁਆਦ ਹੈ ਹੀ ਸੀ ਪਰ ਇਸ ਤੋਂ ਵੀ ਵੱਧ ਸੈਂਡੀ ਦਾ ਮੇਜ਼ਵਾਨਾ ਸਲੀਕਾ।ਖਾਣਾ ਖਾਂਦਿਆਂ ਪਤਾ ਨਹੀਂ ਕਿਉਂ ਬੱਲੀ ਦਾ ਧਿਆਨ ਇਸ ਕੁੜੀ ਦੀ ਪਿਆਰੀ ਸੂਰਤ ਅਤੇ ਮਸੂਮੀਅਤ ਵੱਲ ਕੇਂਦਰਿਤ ਰਿਹਾ। ਇਸ ਨੇ ਗੁਰਭਜਨ ਨੂੰ ਫੇਰ ਪੁੱਛਿਆ, ''ਮੈਨੂੰ ਤਾਂ ਇਹ ਕੁੜੀ ਆਪਣੀ ਹੀ ਲੱਗਦੀ ਹੈ, ਤੂੰ ਭਾਵੇਂ ਮੰਨ ਜਾ ਨਾ ਮੰਨ!''
ਰੈਸਟੋਰੈਂਟ ਬਹੁਤਾ ਰੁੱਝਿਆ ਜਾ ਬਿੱਜ਼ੀ ਨਹੀਂ ਸੀ, ਸਿਰਫ਼ ਕੁਝ ਗਿਣਤੀ ਦੇ ਹੀ ਗਾਹਕ ਸਨ। ਗੁਰਭਜਨ ਨੇ ਸਲਾਹ ਦਿੱਤੀ ਕਿ ਜਦੋਂ ਇਹ ਕੁੜੀ ਬਿੱਲ ਦੇ ਪੈਸੇ ਲੈਣ ਆਈ ਤਾਂ ਤੇਰਾ ਮੱਬ੍ਹੜਾ ਦੂਰ ਕਰ ਹੀ ਲਵਾਂਗੇ ਕਿ ਉਹ ਕੌਣ ਹੈ। ਜਦੇ ਨੂੰ ਸੈਂਡੀ ਖਾਣੇ ਦਾ ਬਿੱਲ ਲੈ ਕੇ ਇਨਾਂ ਦੇ ਟੇਬਲ ਪਾਸ ਆ ਗਈ। ਬੱਲੀ ਨੇ ਹੌਂਸਲਾ ਕਰਕੇ ਸੈਂਡੀ ਨੂੰ ਪੁੱਛ ਹੀ ਲਿਆ, ''ਆਰ ਯੂ ਇੰਡੀਅਨ?'' ਉਸਨੇ ਸਿਰਫ਼ ਸੰਖੇਪ ਜਵਾਬ ਦਿੱਤਾ, ''ਯੈਸ ਸਰ।'' ਬੱਲੀ ਦੀ ਜਦੋਂ ਪੂਰੀ ਤਸੱਲੀ ਨਾ ਹੋਈ ਤਾਂ ਇਸ ਨੇ ਦੂਸਰਾ ਸਵਾਲ ਕਰ ਦਿੱਤਾ, ''ਆਰ ਯੂ ਪੰਜਾਬੀ?'' ਹੁਣ ਸੈਂਡੀ ਇਨਾਂ ਦੀ ਉਤਸੁਕਤਾ ਭਾਂਪ ਗਈ ਸੀ। ਉਸਨੇ ਹੁਣ ਸੰਖੇਪ ਦੀ ਬਿਜਾਏ ਖੁੱਲ੍ਹ ਕੇ ਜਾਣਕਾਈ ਦੇਣੀ ਮੁਨਾਸਬ ਸਮਝੀ।''ਹਾਂ ਜੀ, ਅੰਕਲ ਜੀ ਮੈਂ ਪੰਜਾਬ ਤੋਂ ਹੀ ਹਾਂ ਤੇ ਮੇਰਾ ਪੂਰਾ ਨਾਂ 'ਸੰਨਜੀਤ' ਹੈ।
ਬੱਲੀ ਨੂੰ ਸੰਨਜੀਤ (ਸੈਂਡੀ) ਦੇ ਬੋਲਾਂ ਵਿੱਚੋਂ ਕੋਈ ਅਪਣੱਤ ਅਤੇ ਭੋਲਾਪਣ ਦਿਸਿਆ।ਬੱਲੀ ਨੂੰ ਉਸ ਤੋਂ ਉਸ ਦਾ ਪਿਛੋਕੜ ਜਾਨਣ ਦੀ ਉਤਸੁਕਤਾ ਹੋਰ ਜਾਗੀ। ''ਬੇਟਾ ਤੈਨੂੰ ਕਨੇਡਾ ਆਈ ਨੂੰ ਕਿੰਨਾ ਕੁ ਚਿਰ ਹੋ ਗਿਆ? ਕੀ ਤੇਰਾ ਪਰਿਵਾਰ ਜਾਂ ਰਿਸ਼ਤੇਦਾਰਾਂ 'ਚੋਂ ਕੋਈ ਕਨੇਡਾ ਰਹਿੰਦਾ ਹੈ?'' ਬੱਲੀ ਨੇ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਲੁੱਕੇ ਸਵਾਲਾਂ ਦੀ ਝੜੀ ਲਾ ਦਿੱਤੀ। ''ਸਰ ਮੈਂ ਪਿਛਲੇ ਸਾਲ ਤੋਂ ਇੱਥੇ ਪੜ੍ਹਨ ਲਈ ਆਈ ਹੋਈ ਹਾਂ, ਮੇਰਾ ਪਰਿਵਾਰ ਤਾਂ।'' ਸੰਨਜੀਤ ਦੀਆਂ ਅੱਖਾਂ ਭਰ ਆਈਆਂ ਤੇ ਪੂਰਾ ਜਵਾਬ ਨਾ ਦੇ ਸਕੀ।
ਬੱਲੀ ਨੇ ਉੱਠ ਕੇ ਸੈਂਡੀ ਦਾ ਸਿਰ ਪਲੋਸਿਆ ਅਤੇ ਹੌਂਸਲਾ ਦਿੱਤਾ। '' ਸਰ ਜੀ ਮੈਂ ਅਜੇ ਬੱਚੀ ਹੀ ਸਾਂ, ਜਦੋਂ ਮੇਰੀ ਮਾਤਾ ਸਾਡੇ ਪਿੰਡ ਦੇ ਜ਼ਿੰਮੀਦਾਰ ਸਰਦਾਰ ਭਰਪੂਰ ਸਿੰਘ ਦੀ ਰੋਟੀ ਟੁੱਕ ਅਤੇ ਘਰ ਦੀ ਸਫਾਈ ਬਗੈਰਾ ਦਾ ਕੰਮ ਕਰਕੇ ਗੁਜ਼ਾਰਾ ਕਰਿਆ ਕਰਦੀ ਸੀ। ਮੇਰਾ ਬਾਪ ਅਮਲੀ ਸੀ ਅਤੇ ਜਿਹੜੇ ਚਾਰ ਰੁਪਏ ਮੇਰੀ ਮਾਤਾ ਕਮਾਉਂਦੀ ਉਸਦਾ ਉਹ ਨਸ਼ਾ-ਪੱਤਾ ਕਰ ਛੱਡਦਾ। ਮੈਨੂੰ ਛੋਟੀ ਹੁੰਦੀ ਨੂੰ ਮਾਤਾ ਸਰਦਾਰ ਸਾਹਿਬ ਦੇ ਘਰ ਕੰਮ ਤੇ ਲੈ ਜਾਂਦੀ, 'ਤੇ ਮੈਂ ਵੀ ਆਪਣੀ ਮਾਤਾ ਦਾ ਕੰਮ ਵਿੱਚ ਹੱਥ ਵੰਡਾਂਉੇਂਦੀ।''
ਸੰਨਜੀਤ ਦੀ ਬਚਪਨ ਵਿੱਚ ਹੀ ਕੰਮ ਕਰਨ ਦੀ ਅਤੇ ਪਰਿਵਾਰਿਕ ਗ਼ਰੀਬੀ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਦਿਲ ਭਰ ਆਏ। ਪਰ ਵਿਰਾਗ ਦਾ ਹੜ੍ਹ ਉਦੋਂ ਆਇਆ ਜਦੋਂ ਸੈਂਡੀ ਦੱਸਣ ਲੱਗੀ, '' ਸਰ ਜੀ, ਮੇਰੀ ਮਾਤਾ ਦੀ ਕਮਾਈ ਨਾਲ ਸਾਡਾ ਰੋਟੀ ਟੁੱਕ ਚੱਲਦਾ ਸੀ ਅਤੇ ਨਾਲ ਹੀ ਬਾਪੂ ਦਾ ਨਸ਼ਾ। ਅਸੀਂ ਕੰਮੀਂ ਹੋਣ ਕਰਕੇ ਸਾਡੀ ਜਮੀਨ ਦਾ ਤਾਂ ਕੋਈ ਮਰਲਾ ਵੀ ਨਹੀਂ ਸੀ। ਕਈ ਵਾਰ ਤਾਂ ਹਾਲਾਤ ਇਸ ਤਰਾਂ ਦੇ ਬਣ ਜਾਂਦੇ ਕਿ ਬਾਪੂ ਦਾ ਨਸ਼ਾ ਖਰੀਦਣ ਬਾਅਦ ਸਾਡੇ ਪਾਸ ਦੋ ਡੰਗ ਦੀ ਰੋਟੀ ਵੀ ਨਸੀਬ ਨਾ ਹੁੰਦੀ।ਬਾਪੂ ਦੇ ਦਿਮਾਗ਼ ਤੇ ਨਸ਼ੇ ਦਾ ਅਤੇ ਘਰ ਦੀ ਗ਼ਰੀਬੀ ਦਾ ਭੈੜਾ ਅਸਰ ਹੋਣਾ ਸ਼ੁਰੂ ਹੋ ਗਿਆ।ਇੱਕ ਦਿਨ ਨਸ਼ਾ ਨਾ ਮਿਲਣ ਦੀ ਘਾਟ ਕਰਕੇ ਬਾਪੂ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਮੇਰੇ ਸਿਰ ਤੋਂ ਬਾਪ ਦਾ ਸਾਇਆ ਚੁੱਕਿਆ ਗਿਆ।'' ਹੁਣ ਸੰਨਜੀਤ ਦੀਆਂ ਅੱਖਾਂ ਦੇ ਹੰਝੂ ਬੇਮੁਹਾਰੇ ਵੱਗ ਰਹੇ ਸਨ ਅਤੇ ਬੱਲੀ ਹੋਰਾਂ ਦਾ ਵਿਰਾਗ ਵੀ ਰੋਕਿਆਂ ਨਹੀ ਸੀ ਰੁੱਕ ਰਿਹਾ।
ਏਨੀ ਹਮਦਰਦੀ ਨਾਲ ਬੱਲੀ ਹੋਰਾਂ ਨੂੰ ਸੁਣਦਿਆਂ ਦੇਖ ਕੇ ਸ਼ੈਂਡੀ ਬੇਮੁਹਾਰੇ ਆਪਣੀ ਹੱਡ ਬੀਤੀ ਸੁਣਾ ਰਹੀ ਸੀ। ''ਸਰ ਜੀ ਬਾਪੂ ਦੇ ਗੁਜ਼ਰਨ ਤੋਂ ਬਾਅਦ ਮੈਂ ਅਤੇ ਮੇਰੀ ਮਾਤਾ ਜੀ ਦੋਵੇਂ ਸਰਦਾਰ ਭਰਪੂਰ ਸਿੰਘ ਦੇ ਘਰ ਦੇ ਘਰ ਵਿੱਚ ਕੰਮ ਕਰਦੇ ਰਹੇ। ਸਰਦਾਰ ਭਰਪੂਰ ਸਿੰਘ ਜੀ ਸਾਡੇ ਮਾਵਾਂ-ਧੀਆਂ ਲਈ ਇੱਕ ਫ਼ਰਿਸ਼ਤਾ ਵਾਂਗ ਵਿਚਰੇ। ਮੇਰਾ ਭੈਣ ਭਰਾ ਤਾਂ ਕੋਈ ਹੈ ਹੀ ਨਹੀਂ ਅਤੇ ਸਾਡੀਆਂ ਦੋਹਾਂ ਮਾਵਾਂ-ਧੀਆਂ ਦਾ ਗੁਜ਼ਾਰਾ ਤਾਂ ਸਰਦਾਰ ਸਾਹਿਬ ਦੇ ਘਰ ਦੀਆਂ ਬੁੱਤੀਆਂ ਕਰ ਕੇ ਹੀ ਚੱਲਦਾ ਸੀ। ਸਰਦਾਰ ਜੀ ਦੇ ਘਰ ਕੰਮ ਕਰਕੇ ਅਸੀਂ ਦੋਵੇਂ ਰੋਟੀ ਉਥੇ ਹੀ ਖਾ ਲੈਂਦੇ ਅਤੇ ਮਜ਼ਦੂਰੀ ਦੇ ਪੈਸਿਆਂ ਨਾਲ ਆਪਣਾ ਕੱਪੜਾ ਲੀੜਾ ਅਤੇ ਘਰ ਦੇ ਹੋਰ ਖਰਚ ਕਰਦੇ।
''ਸਰ ਜੀ ਬਾਪੂ ਦੀ ਮੌਤ ਦੇ ਅੱਲੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ ਇੱਕ ਵਾਰ ਫਿਰ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਮੇਰੀ ਮਾਤਾ ਜੀ ਮੇਰੇ ਪਿਤਾ ਜੀ ਦੀ ਮੌਤ ਤੋਂ ਸਾਲ ਕੁ ਬਾਅਦ ਹੀ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੀ ਹੋ ਗਈ । ਉਦੋਂ ਤਾਂ ਮੈਂ ਬਿਲਕੱਲ ਹੀ ਅਨਾਥ ਅਤੇ ਬੇ-ਸਹਾਰਾ ਹੋ ਗਈ ਸਾਂ।ਮੈਂ ਡਾਢੇ ਫ਼ਿਕਰਾਂ ਵਿੱਚ ਮਜ਼ੂਸ ਰਹਿਣ ਲੱਗ ਪਈ ਸੀ ਕਿ ਹੁਣ ਮੇਰਾ ਕੌਣ ਸਹਾਈ ਹੋਏਗਾ? ਸਰ ਜੀ ਮਾਂ ਬਾਪ ਦੀ ਮੌਤ ਦੀ ਸੱਟ ਤਾਂ ਕਿਸੇ ਲਈ ਵੀ ਅਸਹਿ ਹੁੰਦੀ ਹੈ। ਪਰ ਮੈਨੂੰ ਤਾਂ ਕੋਈ ਸਹਾਰਾ ਦੇਣ ਵਾਲਾ ਇਸ ਦੁਨੀਆਂ ਤੇ ਹੈ ਹੀ ਨਹੀਂ ਸੀ ।
ਮਾਪਿਆਂ ਦੀ ਅਣਹੋਂਦ ਕਰਕੇ ਮੈਨੂੰ ਆਪਣਾ ਭਵਿੱਖ ਧੁੰਦਲਾ ਜਾਪਣ ਲੱਗ ਪਿਆ ਸੀ।ਪਰ ਇਹੋ ਜਿਹੇ ਹਾਲਾਤਾਂ ਵਿੱਚ ਮੇਰੇ ਰੱਬ ਵਰਗੇ ਅੰਕਲ ਸਰਦਾਰ ਭਰਪੂਰ ਸਿੰਘ ਨੇ ਮੈਨੂੰ ਮਾਲੂਮ ਨਹੀਂ ਹੋਣ ਦਿੱਤਾ ਕਿ ਮੈਂ ਲਵਾਰਿਸ ਹਾਂ ਅਤੇ ਉਹ ਮੈਨੂੰ ਮੇਰੇ ਮਾਂ ਬਾਪ ਵਾਂਗ ਹੋ ਕੇ ਵਿਚਰੇ॥ਮੇਰਾ ਪਾਲਣ ਪੋਸ਼ਣ ਅਤੇ ਪੜਾਈ ਆਪਣੇ ਪੁੱਤਰਾਂ ਧੀਆਂ ਵਾਂਗ ਕੀਤੀ।'' ਸੰਨਜੀਤ ਦੇ ਮੂੰਹੋਂ ਦਰਦਨਾਕ ਕਹਾਣੀ ਦੀ ਤਸਵੀਰ ਇੱਕ ਫ਼ਿਲਮੀ ਰੀਲ਼ ਵਾਂਗ ਘੁੰਮ ਰਹੀ ਸੀ ਅਤੇ ਸਾਡੇ ਸਾਰਿਆਂ ਦੀਆਂ ਅਖਾਂ ਵਿੱਚੌਂ ਬੇਰੋਕ ਹੰਝੂ।
'' ਫੇਰ ਭਰਪੂਰ ਸਿੰਘ ਦੇ ਸ਼ਰੀਕੇਚਾਰੇ 'ਚ ਗੱਲਾਂ ਨਹੀਂ ਹੋਣ ਲੱਗੀਆਂ ਪਈ ਸਰਦਾਰ ਕੰਮੀਆਂ ਦੀ ਇੱਕ ਕੁੜੀ 'ਤੇ ਏਨਾ ਖਰਚਾ ਕਰੀ ਜਾ ਰਿਹਾ ਹੈ ਅਤੇ ਘਰ ਵਿੱਚ ਇਕ ਜੁਆਨ ਕੁੜੀ?'' ''ਲੋਕੀਂ ਤਰਾਂ ਤਰਾਂ ਦੀਆਂ ਵਥੇਰੀਆਂ ਤੂਤੀਆਂ ਬੋਲਦੇ ਸਨ, ਪਰ ਮੇਰੇ ਅੰਕਲ ਨੇ ਪਰਵਾਹ ਨਹੀਂ ਕੀਤੀ 'ਤੇ ਹਿੱਕ ਤਾਣ ਕੇ ਮੇਰੀ ਮੱਦਦ ਕਰਦਾ ਰਿਹਾ।''
''ਬੇਟਾ ਫਿਰ ਤੇਰਾ ਕਨੇਡਾ ਦਾ ਸਬੱਬ ਕਿਵੇਂ ਬਣਿਆ ?'' ਬੱਲੀ ਹੋਰਾਂ ਦੀ ਉਤਸੁਕਤਾ ਹੋਰ ਪ੍ਰਬਲ ਹੋ ਗਈ, ਕਿਉਂਕਿ ਇੰਨੀ ਗ਼ਰੀਬੀ ਅਤੇ ਬਿਨਾਂ ਹੋਰ ਸਾਧਨਾਂ ਤੋਂ ਇੱਕ ਗ਼ਰੀਬ ਪਰਿਵਾਰ ਆਪਣੀ ਬੱਚੀ ਨੂੰ ਕਨੇਡਾ ਕਿਵੇਂ ਭੇਜ ਸਕਦਾ ਹੈ? ''ਅੰਕਲ ਜੀ ਦੇ ਦੋਵੇਂ ਲੜਕਾ ਅਤੇ ਲੜਕੀ ਪਹਿਲੋਂ ਹੀ ਕਨੇਡਾ ਸੈੱਟ ਸਨ।ਕੁਝ ਸਮਾਂ ਪਹਿਲਾਂ ਅੰਕਲ ਜੀ ਵੀ ਆਪਣੇ ਬੱਚਿਆਂ ਪਾਸ ਪੱਕੇ ਤੌਰ ਤੇ ਕਨੇਡਾ ਰਹਿਣ ਗਏ ਸਨ, ਪਰ ਅੰਕਲ ਜੀ ਦਾ ਕੈਨੇਡਾ ਦਿਲ ਨਾ ਲੱਗਣ ਕਰਕੇ ਵਾਪਸ ਪਿੰਡ ਆ ਗਏ। ਪਤਾ ਨਹੀਂ ਰੱਬ ਨੇ ਸਾਡੇ ਗਰੀਬਾਂ ਦੀ ਉਸ ਰਾਹੀਂ ਮੱਦਦ ਕਰਾਉਣੀ ਹੋਵੇਗੀ ਅਤੇ ਇਸੇ ਕਰਕੇ ਅੰਕਲ ਜੀ ਨੂੰ ਮੈਂ ਉਨਾਂ ਦੀ ਧੀ ਨਜ਼ਰ ਆਉਂਦੀ ਹੋਵਾਂ।''
ਸੰਨਜੀਤ ਆਪਣੇ ਦੁੱਖਾਂ ਦੀ ਦਾਸਤਾਨ ਬੇਰੋਕ ਸੁਣਾਉਂਦੀ ਗਈ ਅਤੇ ਸਾਡੇ ਕੰਨ ਸੈਂਡੀ ਦੇ ਬੋਲਾਂ ਅਤੇ ਨਜ਼ਰਾਂ ਉਸ ਦੇ ਮਸੂਮ ਚਿਹਰੇ ਤੇ ਕੇਂਦਰਿਤ ਰਹੀਆਂ। ''ਅੰਕਲ ਜੀ ਨੇ ਆਪਣੀ ਖਾਹਿਸ਼ ਮੁਤਾਬਿਕ ਮੈਨੂੰ ਆਈਲੈੱਟਸ ਤੱਕ ਦੀ ਪੜ੍ਹਾਈ ਵਿੱਚ ਪਾ ਦਿੱਤਾ ਤਾਂ ਕਿ ਮੈਂ ਕਨੇਡਾ ਜਾਂ ਕਿਸੇ ਹੋਰ ਵਿਕਸਿਤ ਮੁਲਕ ਵਿੱਚ ਆਪਣਾ ਚੰਗਾ ਗੁਜ਼ਾਰਾ ਕਰ ਸਕਾਂ।ਪੜ੍ਹਨ ਵਿੱਚ ਪ੍ਰਮਾਤਮਾ ਦੀ ਮੇਰੇ ਤੇ ਮਿਹਰ ਸੀ 'ਤੇ ਮੈਂ ਸਹਿਜੇ ਹੀ ਆਈਲੈੱਟਸ ਵਿੱਚ 6 ਗਰੇਡ ਲੈ ਲਏ। ਮੈਂ ਤਾਂ ਕਨੇਡਾ ਆਉਣਾ ਨਹੀਂ ਚਾਹੁੰਦੀ ਸੀ ਤਾਂ ਕਿ ਮੈਂ ਭਾਰਤ ਵਿਚ ਰਹਿ ਕੇ ਹੀ ਆਪਣੇ ਅੰਕਲ ਜੀ ਦੀ ਸੇਵਾ ਕਰਕੇ ਉਨਾਂ ਦੀ ਕੁਰਬਾਨੀ ਦਾ ਤੁਸ਼ ਮੁਲ ਮੋੜ ਸਕਾਂ। ਅੰਕਲ ਜੀ ਨੂੰ ਇਕੱਲਿਆਂ ਇੰਡੀਆ ਛੱਡ ਕੇ ਆਉਣ ਨੂੰ ਜਮੋਂ ਹੀ ਮੇਰੀ ਰੂਹ ਮੰਨਦੀ ਨਹੀਂ ਸੀ, ਪਰ ਉਨ੍ਹਾਂ ਨੇ ਮੈਨੂੰ ਬਹੁਤ ਹੀ ਪ੍ਰੇਰ ਕੇ ਕਨੇਡਾ ਭੇਜ ਦਿੱਤਾ।
''ਮੈਂ ਹੁਣ ਪੰਜ ਦਿਨ ਕਾਲਜ ਜਾਂਦੀ ਹਾਂ, ਸ਼ਨਿਚਰਵਾਰ ਅਤੇ ਐਤਵਾਰ ਇਸ ਰੈਸਟੋਰੈਂਟ ਵਿੱਚ ਕੰਮ ਕਰਦੀ ਹਾਂ।'' ''ਸੰਨਜੀਤ ਤੁਹਾਡਾ ਕਾਲਜ ਦੀ ਪੜ੍ਹਾਈ ਅਤੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਇਸ ਰੈਸਟੋਰੈਂਟ ਦੀ ਕਮਾਈ ਨਾਲ ਹੋ ਜਾਂਦਾ ਹੈ?'' ''ਕਿੱਥੋਂ ਸਰ ਜੀ! ਵੀਕ ਐਂਡ ਦੇ ਦੋ ਦਿਨ ਕੰਮ ਕੀਤਿਆਂ ਮੇਰੇ ਕਾਲਿਜ ਦਾ ਖਰਚਾ ਕਿੱਥੋਂ ਪੂਰਾ ਹੋਣਾਂ ਸੀ। ਮੇਰੇ ਅੰਕਲ ਜੀ ਇੰਡੀਆ 'ਚੋਂ ਅਜੇ ਵੀ ਆਪਣੀ ਪੈਨਸ਼ਨ ਵਿੱਚੋਂ ਬਚਾ ਕੇ ਕੁਝ ਪੈਸੇ ਹਰ ਮਹੀਨੇ ਭੇਜਦੇ ਹਨ।''
''ਸੰਨਜੀਤ ਕੀ ਤੁਹਾਡੇ ਅੰਕਲ ਜੀ ਦੇ ਕਨੇਡਾ ਵਸਦੇ ਮੁੰਡੇ, ਬੇਗਾਨੀ ਕੁੜੀ 'ਤੇ ਹੁੰਦੇ ਖਰਚੇ ਦਾ ਇਤਰਾਜ਼ ਨਹੀਂ ਕਰਦੇ?'' ''ਕਦੇ ਵੀ ਨਹੀਂ, ਉਹ ਤਾਂ ਸਗੋਂ ਆਖਦੇ ਹਨ ਕਿ ਬਾਪੂ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਸਰ ਜੀ ਮੈਂ ਤਾਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਨਾਂ ਦੀ ਉਮਰ ਲੰਬੀ ਕਰੇ ਅਤੇ ਮੇਰੇ ਅੰਕਲ ਵਰਗੇ ਦੇਵਤੇ ਸਭ ਨੂੰ ਨਸੀਬ ਹੋਣ।ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦੀ ਹਾਂ ਕਿ ਜਦੋਂ ਮੈਂ ਕਨੇਡਾ ਪੱਕੀ ਹੋ ਗਈ, ਵਹਿਗੁਰੂ ਦੀ ਸੌਂਹ, ਮਿੰਨਤਾਂ ਤਰਲੇ ਕਰਕੇ ਅਤੇ ਪੈਰੀਂ ਹੱਥ ਲਾ ਕੇ ਵੀ ਮੈਂ ਉਨਾਂ ਨੂੰ ਕਨੇਡਾ ਸੱਦਾਂਗੀ ਅਤੇ ਆਪਣੇ ਪਾਸ ਰੱਖਾਂਗੀ।ਕਿਸੇ ਕਾਰਨ ਉਹ ਕਨੇਡਾ ਆਉਣ ਨੂੰ ਨਾ ਮੰਨੇ ਤਾਂ ਮੈਂ ਕਨੇਡਾ ਕਨੂਡਾ ਦੀ ਪਰਵਾਹ ਨਹੀਂ ਕਰਨੀ, ਪੰਜਾਬ ਜਾਕੇ ਜਿੰਦਗੀ ਭਰ ਉਨਾਂ ਦੀ ਸੇਵਾ ਕਰਦੀ ਰਵਾਂਗੀ। ਸਾਡੇ ਪਿੰਡ ਦੇ ਅਤੇ ਇੱਥੇ ਕਨੇਡਾ ਵਿੱਚ ਵੀ ਮੇਰੇ ਸੰਪਰਕ ਵਾਲੇ ਲੋਕ, ਮੈਨੂੰ ਹੁਣ ਤੱਕ ਲਾਵਾਰਸ ਕੁੜੀ ਹੀ ਸਮਝਦੇ ਹਨ।ਸਰ ਜੀ, ਹੁਣ ਤੁਸੀਂ ਹੀ ਦੱਸੋ, ਤੁਹਾਨੂੰ ਕੀ ਮੈਂ ਲਾਵਾਰਸ ਕੁੜੀ ਲੱਗਦੀ ਹਾਂ?'' ਸੈਂਡੀ ਦੀ ਦਰਦ ਅਤੇ ਦਲੇਰੀ ਭਰੀ ਦਾਸਤਾਨ ਸੁਣ ਕੇ ਬੱਲੀ ਅਤੇ ਗੁਰਭਜਨ ਦੇ ਪਰਿਵਾਰਾਂ ਦੀਆਂ ਅੱਖਾਂ ਪਤਾ ਨਹੀਂ ਕਿੰਨੀ ਵਾਰ ਸੇਜਲ ਹੋਈਆਂ ਅਤੇ ਭਰਪੂਰ ਸਿੰਘ ਦੀ ਫ਼ਰਾਖ਼ਦਿਲੀ ਨੂੰ ਸਿੱਜਦਾ ਕਰਨ ਨੂੰ ਜੀਅ ਕੀਤਾ। ਇਸ ਦੇ ਨਾਲ ਹੀ ਪੰਜਾਬ ਤੋਂ ਤੁਰੀਆਂ ਹਜ਼ਾਰਾਂ ਸੈਂਡੀਆਂ ਦੀ ਯਾਦ ਆਈ, ਜਿਹੜੀਆਂ ਇਹੋ ਜਿਹੇ ਪਿਆਰ ਦੇ ਰਿਸ਼ਤਿਆਂ ਨੂੰ ਤਰਸਦੀਆਂ ਹਨ।
ਚਾਬੀਆਂ (ਕਹਾਣੀ) - ਅਵਤਾਰ ਐਸ. ਸੰਘਾ
ਉਦੋਂ ਅਸੀਂ ਛੇਵੀਂ ਜਮਾਤ ਵਿੱਚ ਦਾਖਲ ਹੋਏ ਸਾਂ। ਚਾਰ ਕੁ ਮਹੀਨੇ ਬਾਅਦ ਦੋ ਲੜਕੇ ਪਿਸ਼ੌਰਾ ਤੇ ਦੀਪੀ ਸਕੂਲ ਆਉਣੋ ਹਟ ਗਏ। ਪਤਾ ਲੱਗਾ ਕਿ ਉਹ ਆਪਣੇ ਪਿਓ ਪਾਸ ਵਲਾਇਤ ਜਾ ਰਹੇ ਸਨ। ਉਹਨਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ਼ ਜਾ ਰਹੀ ਸੀ। ਪਿਓ ਕਈ ਸਾਲ ਪਹਿਲਾਂ ਵੌਊਚਰਾਂ ਦੇ ਅਧਾਰ ਤੇ ਡਰਬੀ ਚਲਾ ਗਿਆ ਸੀ। ਉਦੋਂ ਇੰਗਲੈਂਡ ਵਿੱਚ ਲੋਹੇ ਦੀਆਂ ਭੱਠੀਆਂ ਤੇ ਕੰਮ ਕਰਨ ਲਈ ਮਜਦੂਰਾਂ ਦੀ ਲੋੜ ਸੀ। ਇੰਗਲੈਂਡ ਦੀ ਸਰਕਾਰ ਨੇ ਸੰਖੇਪ ਜਿਹਾ ਢੰਗ ਅਪਣਾ ਕੇ ਪੰਜਾਬ ਵਿੱਚੋਂ ਵੌਊਚਰਾਂ ਦੇ ਅਧਾਰ ਤੇ ਬਹੁਤ ਸਾਰੇ ਅਨਪੜ੍ਹ ਜਾਂ ਅਰਧ ਪੜ੍ਹੇ ਲਿਖੇ ਬੰਦੇ ਇੰਗਲੈਂਡ ਸੱਦ ਲਏ ਸਨ। ਪੰਜਾਬ ਵਿੱਚ ਇਹ ਲੋਕ ਖੇਤੀ ਕਰਿਆ ਕਰਦੇ ਸਨ। ਖੇਤੀ ਵੀ ਪੁਰਾਣੀ ਕਿਸਮ ਦੀ ਜਦ ਨਾ ਟਿਊਬਵੈੱਲ ਸਨ ਤੇ ਨਾ ਟਰੈਕਟਰ। ਰਹਿਣ ਸਹਿਣ ਦਾ ਮਿਆਰ ਕਾਫੀ ਨੀਵਾਂ ਹੋਇਆ ਕਰਦਾ ਸੀ। ਪਿੰਡਾਂ ਵਿੱਚ ਅੱਧ ਪਚੱਧੇ ਘਰ ਕੱਚੇ ਹੂੰਦੇ ਸਨ। ਹਲਵਾਹਕਾਂ ਤੇ ਚਮਿਆਰ ਮਜਦੂਰਾਂ ਦਾ ਰਿਸ਼ਤਾ ਨਾਤਾ ਗੂੜ੍ਹਾ ਵੀ ਸੀ ਤੇ ਛੂਤਛਾਤ ਵਾਲ਼ਾ ਵੀ। ਅਚਾਨਕ ਇੰਗਲੈਂਡ ਵਰਗੇ ਵਿਕਸਿਤ ਦੇਸ਼ ਚਲੇ ਜਾਣ ਨਾਲ ਉਹਨਾਂ ਬੰਦਿਆਂ ਦੇ ਪਹਿਰਾਵੇ ਅਤੇ ਰਹਿਣ ਸਹਿਣ ਵਿੱਚ ਇਨਕਲਾਬੀ ਤਬਦੀਲੀ ਆ ਗਈ ਸੀ।
ਸਾਡੇ ਪਿੰਡ ਦਾ ਆਤੂ ਇੱਧਰੋਂ ਪੰਜਾਬ ਚੋਂ ਹਲਟ ਹੱਕਦਾ ਤੇ ਬਲਦਾਂ ਨਾਲ਼ ਹਲ ਵਾਹੁੰਦਾ ਹੋਇਆ ਚੰਦ ਮਹੀਨਿਆਂ ਵਿੱਚ ਵਲਾਇਤ ਦੇ ਸ਼ਹਿਰ ਡਰਬੀ ਪਹੁੰਚ ਗਿਆ ਸੀ। ਜਦ ਉਹ ਕਈ ਸਾਲ ਲਗਾਕੇ ਪਿੰਡ ਵਾਪਿਸ ਆਇਆ ਤਾਂ ਉਹ ਪਹਿਚਾਣ ਹੀ ਨਾ ਹੋਵੇ। ਕ੍ਰਿਸਮਿਸ ਦੇ ਦਿਨ ਸਨ। ਆਤੂ ਵਾਲ਼ ਕਟਾ ਕੇ ਮੋਨਾ ਹੋ ਗਿਆ ਸੀ। ਰੰਗ ਉਹਦਾ ਗੋਰਾ ਹੈ ਹੀ ਸੀ। ਨੀਲਾ ਗਰਮ ਸੂਟ, ਨਾਲ ਮੈਚ ਕਰਦੀ ਪਿੰਨ ਵਾਲੀ ਨੈਕਟਾਈ , ਗੁੱਟ ਤੇ ਸੁਨਹਿਰੀ ਚੇਨ ਵਾਲੀ ਘੜ੍ਹੀ, ਸੱਜੇ ਹੱਥ ਵਿੱਚ ਸੋਨੇ ਦਾ ਭਾਰਾ ਕੜਾ ਤੇ ਸੂਟ ਨਾਲ਼ ਮੈਚ ਕਰਦੇ ਬੂਟ ਸਮੇਤ ਜਦ ਉਹ ਏਅਰਪੋਰਟ ਤੇ ਉੱਤਰਿਆ ਤਾਂ ਉਹ ਆਪਣੇ ਸਾਲੇ ਮੇਲੂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੋਇਆ ਨਾਲ਼ ਹੀ 'ਮੈਰੀ ਕ੍ਰਿਸਮਸ' ਵੀ ਕਹਿ ਗਿਆ ਕਿਉਂਕਿ ਉੱਧਰੋਂ ਉਹ ਲਬਰੇਜ਼ ਕ੍ਰਿਸ਼ਚੀਅਨ ਮਾਹੌਲ ਵਿੱਚੋਂ ਆਇਆ ਸੀ। ਮੇਲੂ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦੇ ਦਿੱਤਾ ਪਰ ਬਾਕੀ ਉਹਨੂੰ ਬਹੁਤਾ ਸਮਝ ਨਹੀਂ ਆਇਆ ਉਹ ਕੀ ਕਹੇ। ਆਤੂ ਦੇ ਘਰ ਦੀਆਂ ਚਾਬੀਆਂ ਮੇਲੂ ਪਾਸ ਸਨ। ਮੇਲੂ ਤਿੰਨ ਕੁ ਮਹੀਨਿਆਂ ਬਾਅਦ ਆਤੂ ਹੋਰਾਂ ਦੇ ਘਰ ਗੇੜਾ ਮਾਰਦਾ ਤੇ ਘਰ ਖੋਲ ਕੇ ਦੇਖ ਆਉਂਦਾ ਸੀ। ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਉਹ ਖਾਸ ਕਰਕੇ ਜਾਂਦਾ ਸੀ ਤਾਂ ਕਿ ਮਕਾਨ ਦੀਆਂ ਛੱਤਾਂ ਚੈੱਕ ਕਰ ਸਕੇ। ਛੱਤਾਂ ਕੱਚੀਆਂ ਸਨ। ਦੇਖਣਾ ਪੈਂਦਾ ਸੀ ਕਿ ਕਿੱਥੇ ਮਿੱਟੀ ਪਾਉਣ ਵਾਲੀ ਏ। ਪਿੰਡ ਦੇ ਨੇੜੇ ਕੱਲਰ ਵਾਲ਼ੀ ਮਿੱਟੀ ਸੀ। ਜਗੀਰੂ ਭਾੜੇ ਵਾਲ਼ੇ ਤੋਂ ਇੱਕ ਦੋ ਗੱਡੇ ਚੁੱਕਵਾ ਕੇ ਉਹ ਕੋਠਿਆਂ ਉੱਪਰ ਪੁਆ ਆਉਂਦਾ ਹੂੰਦਾ ਸੀ। ਬਰਸਾਤਾਂ ਖਤਮ ਹੋਣ ਤੋਂ ਬਾਅਦ ਉਹ ਫਿਰ ਜਾਂਦਾ ਸੀ ਤੇ ਦੇਖ ਆਉਂਦਾ ਸੀ ਕਿ ਮਕਾਨ ਕਿਤਿਓਂ ਜ਼ਿਆਦਾ ਤਾਂ ਨਹੀਂ ਚੋਇਆ।
ਚਾਰ ਕੁ ਸਾਲ ਬਾਅਦ ਹੁਣ ਆਤੂ ਤੇ ਉਹਦੀ ਘਰਵਾਲ਼ੀ ਮੀਤੋ ਆਏ। ਇਨ੍ਹਾਂ ਆ ਕੇ ਕੱਚੇ ਕੋਠੇ ਢੁਆ ਦਿੱਤੇ ਸੀ। ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿਸਤਰੀ ਤੇ ਮਜਦੂਰ ਕੰਮ ਤੇ ਲੁਆ ਦਿੱਤੇ ਸੀ। ਮੀਤੋ ਆਤੂ ਨੂੰ ਆਪਣੇ ਨਾਲ਼ ਲੈ ਕੇ ਬਹੁਤਾ ਸਮਾਂ ਆਪਣੇ ਪਿੰਡ ਹੀ ਰਹੀ ਸੀ। ਆਤੂ ਨਵੇਂ ਕਢਾਏ ਬਾਈਸਾਈਕਲ ਤੇ ਤਕਰੀਬਨ ਰੋਜ ਪਿੰਡ ਆ ਜਾਂਦਾ ਸੀ। ਤਾਲਾ ਖੋਲ੍ਹਦਾ ਸੀ। ਮਿਸਤਰੀ ਕੰਮ ਕਰਨ ਲੱਗ ਪੈਂਦੇ ਸਨ। ਸ਼ਾਮ ਤੱਕ ਆਤੂ ਉਹਨਾਂ ਦੀ ਨਿਗਰਾਨੀ ਕਰਦਾ ਸੀ। ਜਗੀਰੂ ਰੇਤਾ ਤੇ ਸੀਮਿੰਟ ਲਿਆ ਕੇ ਸੁੱਟ ਦਿੰਦਾ ਸੀ। ਉਦੋਂ ਵਧੀਆ ਰੇਤਾ ਵੀ ਨੇੜਲੇ ਪਿੰਡ ਦੀ ਖੱਡ ਵਿੱਚੋਂ ਮਿਲਦਾ ਹੁੰਦਾ ਸੀ। ਇੰਝ ਆਤੂ ਨੇ ਦੋ ਕਮਰੇ, ਇੱਕ ਰਸੋਈ ਤੇ ਟਾਇਲਟ ਬਣਵਾ ਲਏ ਸੀ। ਚਾਰਦਿਵਾਰੀ ਵੀ ਕਰ ਲਈ ਸੀ। ਇੰਨੇ ਨੂੰ ਉਨ੍ਹਾਂ ਦੀ ਛੁੱਟੀ ਪੂਰੀ ਹੋ ਗਈ ਸੀ। ਉਹ ਵਾਪਿਸ ਡਰਬੀ ਚਲੇ ਗਏ ਸੀ। ਚਾਬੀਆਂ ਉਹ ਫਿਰ ਮੇਲੂ ਨੂੰ ਹੀ ਦੇ ਗਏ ਸੀ। ਮੇਲੂ ਹੁਣ ਫਿਰ ਕਦੀ ਕਦਾਈਂ ਆਪਣੀ ਭੈਣ ਮੀਤੋ ਦੇ ਪਿੰਡ ਗੇੜਾ ਮਾਰਦਾ ਸੀ। ਹੁਣ ਉਸਨੂੰ ਬਰਸਾਤ ਦੇ ਹੀ ਦਿਨਾਂ ਵਿੱਚ ਆਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਮਕਾਨ ਪੱਕਾ ਸੀ।
......................................
ਆਤੂ ਅਤੇ ਮੀਤੋ ਦੇ ਬੱਚੇ ਹੁਣ ਜਵਾਨ ਹੋ ਗਏ ਸਨ। ਪਿਸ਼ੌਰਾ ਇੱਕ ਸਟੋਰ ਤੇ ਕੰਮ ਕਰਦਾ ਸੀ ਤੇ ਦੀਪੀ ਟੈਕਸੀ ਚਲਾਉਂਦਾ ਸੀ। ਉਹ ਇੰਨੇ ਵੱਡੇ ਹੋ ਕੇ ਵੀ ਇੰਗਲੈਂਡ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਇੱਕ ਮਿੱਕ ਨਹੀਂ ਸਨ ਹੋ ਸਕੇ। ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਹ ਪੂਰੇ ਇੱਕ ਮਿੱਕ ਨਾ ਹੋਣ। ਉਹ ਚਾਹੁੰਦੇ ਸਨ ਕਿ ਉਹ ਰਿਸ਼ਤੇ ਪੰਜਾਬ ਵਿੱਚ ਜਾ ਕੇ ਕਰਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਪੰਜਾਬ ਵਿੱਚ ਜਾਕੇ ਰਿਸ਼ਤੇ ਕਰਵਾਉਣਗੇ ਤਾਂ ਉਨ੍ਹਾਂ ਵਾਸਤੇ ਚਲਦੇ ਪੁਰਜੇ ਘਰਾਂ ਦੀਆਂ ਲੜਕੀਆਂ ਦੀਆਂ ਲਾਈਨਾ ਲੱਗ ਜਾਣਗੀਆਂ। ਨਾਲ਼ੇ ਉਹ ਫਿਰ ਵੀ ਪੰਜਾਬ ਜਾਂਦੇ ਆਉਂਦੇ ਰਿਹਾ ਕਰਨਗੇ। ਨਾਤਾ ਬਣਿਆ ਰਹੂ। ਉਦੋਂ ਇੰਗਲੈਂਡ ਜਾਣ ਦਾ ਹੀ ਜਿਆਦਾ ਰਿਵਾਜ ਸੀ। ਕੈਨੇਡਾ ਅਤੇ ਅਮਰੀਕਾ ਦਾ ਰਿਵਾਜ ਇੰਨਾ ਜਿਆਦਾ ਨਹੀਂ ਸੀ।
ਮੁੰਡਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਆਤੂ ਅਤੇ ਮੀਤੋ ਨੇ ਮਕਾਨ ਨੂੰ ਹੋਰ ਵੱਡਾ ਕਰਨਾ ਚਾਹਿਆ। ਉਨ੍ਹਾਂ ਨੇ ਮੇਲੂ ਨੂੰ ਸੁਨੇਹਾ ਭੇਜਿਆ ਕਿ ਉਹ ਉਹਨਾਂ ਦੇ ਮਕਾਨ ਨੂੰ ਦੋ ਮੰਜਲਾ ਕਰਵਾ ਦੇਵੇ ਤੇ ਮੂਹਰੇ ਵਰਾਂਡਾ ਵੀ ਪੁਆ ਦੇਵੇ। ਰਸੋਈ ਤੇ ਟਾਇਲਟਸ ਨਾਲ਼ ਲਗਦੀਆਂ ਬਣਵਾਈਆਂ ਜਾਣ। ਉਨ੍ਹਾਂ ਨੇ ਮੇਲੂ ਨੂੰ ਇਵੇਂ ਚਿੱਠੀ ਲਿਖਵਾਈ। ਮੀਤੋ ਨੇ ਇਹ ਚਿੱਠੀ ਪਿਸ਼ੌਰੇ ਤੋਂ ਲਿਖਵਾਈ ਕਿਉਂਕਿ ਉਹ ਆਪ ਅਨਪੜ੍ਹ ਹੀ ਸੀ। ਪਿਸ਼ੌਰਾ ਪੰਜਾਬੀ ਲਿਖ ਲੈਂਦਾ ਸੀ।
ਭਰਾ ਮੇਲੂ,
ਸਤਿ ਸ਼੍ਰੀ ਅਕਾਲ!
ਅਸੀਂ ਇੱਥੇ ਇੰਗਲੈਂਡ ਵਿੱਚ ਰਾਜੀ ਖੁਸ਼ੀ ਹਾਂ ਤੇ ਆਪ ਸਭ ਦੀ ਰਾਜੀ ਖੁਸ਼ੀ ਵਾਹਿਗੁਰੂ ਪਾਸੋਂ ਭਲੀ ਲੋੜਦੇ ਹਾਂ। ਸਮਾਚਾਰ ਇਹ ਹੈ ਕਿ ਮੈਂ ਤੇ ਤੇਰਾ ਜੀਜਾ ਆਤੂ ਦੋ ਮਹੀਨਿਆਂ ਤੱਕ ਪੰਜਾਬ ਆ ਰਹੇ ਹਾਂ। ਆ ਕੇ ਸਭ ਤੋਂ ਪਹਿਲਾਂ ਅਖੰਡ ਪਾਠ ਕਰਾਵਾਂਗੇ।ਸਾਰੇ ਰਿਸ਼ਤੇਦਾਰਾਂ ਨੂੰ ਸੱਦਾਂਗੇ। ਰੱਜਕੇ ਲੈਣ ਦੇਣ ਕਰਾਂਗੇ। ਸ਼ਰੀਕਾਂ ਦੇ ਨੱਕ ਤੇ ਦੀਵਾ ਬਾਲ਼ਾਂਗੇ। ਫਿਰ ਮੁੰਡਿਆਂ ਲਈ ਕੁੜੀਆਂ ਦੀ ਚੋਣ ਕਰਾਂਗੇ। ਤੁਸੀਂ ਸਾਨੂੰ ਕਿੰਨੇ ਸਾਰੇ ਰਿਸ਼ਤੇ ਦੱਸੇ ਹਨ। ਤੁਹਾਡੇ ਨਾਲ ਹੋਰ ਸਲਾਹ ਕਰਾਂਗੇ ਕਿ ਸਭ ਤੋਂ ਵਧੀਆ ਰਿਸ਼ਤਾ ਕਿਹੜਾ ਏ। ਮਕਾਨ ਤੁਸੀਂ ਵਧੀਆ ਬਣਾ ਹੀ ਦਿੱਤਾ ਹੈ। ਹੁਣ ਕਿਸੇ ਚੀਜ ਦੀ ਵੀ ਘਾਟ ਨਹੀਂ।ਗਹਿਣਾ ਗੱਟਾ ਪਹਿਲਾਂ ਆਪਾਂ ਬਣਾ ਹੀ ਚੁੱਕੇ ਹਾਂ। ਕੱਪੜੇ ਰੈਣਕ ਬਜਾਰ ਚੋਂ ਖਰੀਦਾਂਗੇ। ਚੰਦ ਦਿਨਾਂ ਵਾਸਤੇ ਆਪਣੇ ਪਿੰਡ ਵਾਲ਼ੇ ਦੇਵ ਦੀ ਕਾਰ ਸਾਲਮ ਕਰ ਲਵਾਂਗੇ। ਚੋਣ ਕਰਨ ਤੋਂ ਬਾਅਦ ਹੋਣ ਵਾਲੀਆਂ ਬਹੂਆਂ ਦੇ ਪਿੰਡ ਵੀ ਜਾਵਾਂਗੇ। ਫਿਰ ਉਹ ਮੁੰਡਿਆਂ ਨੂੰ ਸ਼ਗਨ ਪਾਉਣ ਸਾਡੇ ਪਿੰਡ ਆਉਣਗੇ। ਤੁਸੀਂ ਸਾਰਾ ਕੰਮ ਮੂਹਰੇ ਹੋ ਕੇ ਸੰਪੂਰਨ ਕਰਾਓਂਗੇ। ਵਾਜਾ ਤੇ ਸਪੀਕਰ ਵੀ ਵਿਆਹ ਵੇਲ਼ੇ ਤੁਸੀਂ ਹੀ ਕਰੋਗੇ। ਗਾਉਣ ਵਜਾਉਣ ਖੂਬ ਹੋਊ!! ਗਾਉਣ ਵਾਲੀ ਪਾਰਟੀ ਨੂੰ ਸਾਈ ਦੇ ਦਿਓ।
ਤੇਰੀ ਭੈਣ
ਮੀਤੋ (ਡਰਬੀ)
......................................
ਮੇਲੂ ਕੁੱਝ ਦਿਨ ਆਪਣੀ ਭੈਣ ਮੀਤੋ ਦੇ ਪਿੰਡ ਮਿਸਤਰੀਆਂ ਦੀ ਦੇਖ ਭਾਲ ਕਰਦਾ ਰਿਹਾ। ਕੰਮੀਆਂ ਦੀ ਪ੍ਰੀਤੋ ਉਹਦੀ ਰੋਟੀ ਪਕਾ ਦਿੰਦੀ। ਜਦ ਮਕਾਨ ਪੂਰਾ ਹੋ ਗਿਆ ਤਾਂ ਮੇਲੂ ਉਸਨੂੰ ਜਿੰਦਰਾ ਲਗਾ ਕੇ ਆਪਣੇ ਪਿੰਡ ਆ ਗਿਆ। ਉਹ ਆ ਕੇ ਆਤੂ, ਮੀਤੋ, ਪਿਸ਼ੌਰੇ ਅਤੇ ਦੀਪੀ ਦਾ ਇੰਤਜ਼ਾਰ ਕਰਨ ਲਗ ਪਿਆ।
ਕੁਝ ਦਿਨ ਬਾਅਦ ਆਤੂ, ਮੀਤੋ, ਪਿਸ਼ੌਰਾ ਤੇ ਦੀਪੀ ਦਿੱਲੀ ਆ ਉੱਤਰੇ। ਮੇਲੂ ਆਪਣੇ ਪਿੰਡੋਂ ਨੀਟੇ ਦੀ ਕਾਰ ਲੈ ਕੇ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਿਆ। ਜਦ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਮੁੰਡੇ ਪਹਿਚਾਣ ਹੀ ਨਾ ਹੋਣ। ਪਿਸ਼ੌਰਾ 6 ਫੁੱਟ ਤੋਂ ਵੀ ਕੁੱਝ ਉੱਪਰ। ਦੀਪੀ ਵੀ 6 ਫੁੱਟ ਦੇ ਨੇੜੇ ਤੇੜੇ। ਸਾਰੇ ਜਣੇ ਵਿਲਾਇਤੀ ਕੱਪੜਿਆਂ ਵਿੱਚ ਕੱਜੇ ਹੋਏ ਕਿਉਂਕਿ ਸਿਆਲ ਸੀ। ਵੀਹ ਗਜ ਦਾ ਘੱਗਰਾ ਸੱਠ ਗਜ ਦੀ ਗੇੜੀ ਦੇਣ ਲਗ ਪਿਆ। ਪਿਸ਼ੌਰੇ ਨੂੰ ਪੀਟਰ ਤੇ ਦੀਪੀ ਨੂੰ ਡਿੰਪਾ ਕਹਿ ਕੇ ਬੁਲਾਉਣ। ਮੇਲੂ ਨੇ ਬੈਂਕ ਵਿੱਚ ਲਾਕਰ ਦਾ ਪ੍ਰਬੰਧ ਕਰ ਰੱਖਿਆ ਸੀ। ਮੀਤੋ ਨੇ ਪਿੰਡ ਪਹੁੰਚਦੇ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਗਹਿਣੇ ਤੇ ਵਾਧੂ ਸੋਨਾ ਲਾਕਰ ਵਿੱਚ ਰੱਖਿਆ। ਲਾਕਰ ਉੱਪਰ ਇੱਕ ਆਪਣਾ ਤਾਲ਼ਾ ਲਗਾ ਕੇ ਚਾਬੀ ਆਪਣੇ ਪਾਸ ਸੰਭਾਲੀ। ਰੋਜ ਪਾਉਣ ਜੋਗੇ ਗਹਿਣੇ ਆਪਣੇ ਪਾਸ ਰੱਖ ਲਏ। ਰੋਜ ਪਾਉਣ ਵਾਲੇ ਹੀ ਇੰਨੇ ਸਨ ਕਿ ਉਹ ਇਨ੍ਹਾਂ ਨਾਲ਼ ਕੱਜੀ ਹੋਈ ਬਣਾਉਟੀ ਵਲਾਇਤੀ ਤੀਵੀਂ ਲਗਦੀ ਸੀ। ਉਦੋਂ ਪੰਜਾਬ ਵਿੱਚ ਏਨੀਆਂ ਚੋਰੀਆਂ ਨਹੀਂ ਹੁੰਦੀਆਂ ਸਨ। ਨਾਲ਼ੇ ਮੀਤੋ ਨੇ ਕਿਹੜੀ ਕਿਤੇ ਇਕੱਲੀ ਜਾਣਾ ਸੀ। ਉਸਦੇ ਨਾਲ਼ ਤਾਂ ਹਰ ਵੇਲ਼ੇ ਆਤੂ ਤੇ ਮੇਲੂ ਹੋਰੀਂ ਹੋਇਆ ਹੀ ਕਰਦੇ ਸਨ। ਪਿਸ਼ੌਰੇ ਦਾ ਰਿਸ਼ਤਾ ਪਹਿਲਾਂ ਪੱਕਾ ਹੋ ਹੀ ਚੁੱਕਾ ਸੀ। ਆ ਕੇ ਅਖੰਡ ਪਾਠ ਰਖਵਾ ਦਿੱਤਾ। ਰਸਮੀ ਤੌਰ ਤੇ ਕੁੜਮਾਈ ਕੀਤੀ। ਰਸੂਲਪੁਰੀਆ ਸਰਪੰਚ ਗੁਰਮੇਜ ਸਿੰਹੁ ਪਿਸ਼ੌਰੇ ਨੂੰ ਸ਼ਗਨ ਵਿੱਚ ਬਜਾਜ ਸਕੂਟਰ ਤੇ 10000 ਰੁਪਏ ਪਾ ਗਿਆ। ਉਦੋਂ ਬਜਾਜ ਸਕੂਟਰ ਕਿਸੇ ਟਾਂਵੇ ਬੰਦੇ ਪਾਸ ਹੋਇਆ ਕਰਦਾ ਸੀ। ਉਹ ਵੀ ਬਾਹਰਲੀ ਕਰੰਸੀ ਨਾਲ ਮਿਲਦਾ ਹੁੰਦਾ ਸੀ। ਬਹੁਤੇ ਵਿਆਹਾਂ ਵਿੱਚ ਬਾਈਸਾਈਕਲ ਦੇਣ ਦਾ ਰਿਵਾਜ ਹੀ ਸੀ। ਮੀਤੋ ਅਤੇ ਆਤੂ ਦੀਆਂ ਮੰਨ ਮਨੌਤਾਂ ਵੀ ਪੂਰੀਆਂ ਕਰ ਗਏ।
ਚੰਦ ਦਿਨਾਂ ਬਾਅਦ ਵਿਆਹ ਗੱਜ ਵੱਜ ਕੇ ਹੋ ਗਿਆ। ਇਲਾਕੇ ਵਿੱਚ ਬੱਲੇ ਬੱਲੇ ਹੋ ਗਈ। ਗੁਰਮੇਜ ਦੀ ਕੁੜੀ ਜੀਤਾਂ ਦੇ ਕਾਗਜ਼ ਤਿਆਰ ਹੋਣ ਲਗ ਪਏ। ਕਾਗਜੀ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਆਤੂ ਤੇ ਮੀਤੋ ਨੇ ਘਰ ਦੀਆਂ ਚਾਬੀਆਂ ਮੇਲੂ ਨੂੰ ਦੇ ਹੀ ਦਿੱਤੀਆਂ ਸਨ। ਦਸ ਪੁੱਛ ਪੈਣ ਤੇ ਝੱਟ ਮੰਗਣੀ ਪੱਟ ਵਿਆਹ ਦੀਪੀ ਦਾ ਵੀ ਰੱਖ ਲਿਆ। ਰਿਸ਼ਤਾ ਉਦੋਂ ਹੋਇਆ ਜਦ ਮੀਤੋ ਆਪਣੇ ਪਿੰਡ ਚਾਬੀਆਂ ਦੇਣ ਗਈ। ਉੱਥੇ ਇਕ ਪਰਿਵਾਰ ਦੀਪੀ ਨੂੰ ਸ਼ਗਨ ਪਾਉਣ ਲਈ ਕਾਹਲ਼ਾ ਪੈ ਗਿਆ। ਨਾਲ਼ ਦੇ ਪਿੰਡ ਦਬੁਰਜੀ ਦਾ ਚੰਗਾ ਅਲਾਟੀ ਗੁਰਨਾਮ ਸਿੰਹੁ ਆਤੂ ਦੇ ਖਹਿੜੇ ਹੀ ਪੈ ਗਿਆ। ਕਹਿੰਦਾ-'ਦੀਪੀ ਅੱਜ ਤੋਂ ਸਾਡਾ ਹੋ ਗਿਆ, ਤੁਸੀਂ 15 ਦਿਨ ਛੁੱਟੀ ਹੋਰ ਵਧਾ ਲਓ।' ਝੱਟ ਮੰਗਣੀ ਪੱਟ ਵਿਆਹ! ਗੁਰਨਾਮ ਸਿੰਹੁ ਨੇ ਗੁਰਦੁਆਰੇ ਲਿਜਾ ਕੇ 10000 ਰੁਪਏ ਆਤੂ ਨੂੰ ਫੜਾ ਦਿੱਤੇ, ਦੀਪੀ ਤੇ ਆਤੂ ਦੇ ਕੜੇ ਪਾਤੇ ਅਤੇ ਮੀਤੋ ਨੂੰ ਵੀ ਤਿੰਨ ਗਹਿਣੇ ਪਾਤੇ। ਕੁੜਮਾਈ ਹੋ ਗਈ। ਦੋ ਹਫਤੇ ਬਾਅਦ ਵਿਆਹ ਰੱਖ ਲਿਆ। ਆਤੂ ਤੇ ਮੀਤੋ ਆਪਣੇ ਨਵੇਂ ਘਰ 'ਚ ਬੈਠ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ।ਨਿਸ਼ਚਿਤ ਸਮੇਂ ਤੇ ਵਿਆਹ ਕਰਕੇ ਆਤੂ ਦਾ ਸਾਰਾ ਟੱਬਰ ਮੇਲੂ ਨੂੰ ਘਰ ਦੀਆਂ ਚਾਬੀਆਂ ਦੇ ਕੇ ਵਾਪਿਸ ਇੰਗਲੈਂਡ ਚਲਾ ਗਿਆ। ਕੁੱਝ ਮਹੀਨਿਆਂ ਬਾਅਦ ਪਿਸ਼ੌਰੇ ਤੇ ਦੀਪੀ ਦੀਆਂ ਘਰ ਵਾਲੀਆਂ ਵੀ ਉਨ੍ਹਾਂ ਪਾਸ ਇੰਗਲੈਂਡ ਪਹੁੰਚ ਗਈਆਂ। ਮੇਲੂ ਆਪਣੀ ਭੈਣ ਮੀਤੋ ਮਗਰ ਪੈ ਕੇ ਹਮੇਸ਼ਾ ਹੀ ਜੋਰ ਪਾਉਂਦਾ ਰਹਿੰਦਾ ਸੀ ਕਿ ਉਸਦਾ ਵੀ ਕੁੱਝ ਕੀਤਾ ਜਾਵੇ। ਉਸਦੀਆਂ ਦੋ ਕੁੜੀਆਂ ਸਨ ਤਾਰੋ ਤੇ ਗੇਜੋ। ਆਖਰ ਮੇਲੂ ਨੇ ਇਨ੍ਹਾਂ ਦੇ ਰਿਸ਼ਤੇ ਵੀ ਇੰਗਲੈਂਡ ਵਿੱਚ ਹੀ ਕਰਵਾ ਲਏ। ਕੁੱਝ ਦੇਰ ਬਾਅਦ ਮੇਲੂ ਤੇ ਉਹਦੀ ਘਰਵਾਲੀ ਵੀ ਇੰਗਲੈਂਡ ਜਾ ਪਹੁੰਚੇ। ਹੁਣ ਦੋ ਘਰ ਬਸ਼ਿੰਦਿਆਂ ਤੋਂ ਖਾਲੀ ਹੋ ਗਏ। ਆਤੂ ਨੇ ਘਰ ਸੰਭਾਲਣ ਲਈ ਝਿਉਰਾਂ ਦੀ ਚਿੰਤੀ ਲੱਭ ਲਈ ਕਿਉਂਕਿ ਉਹ ਅਕਸਰ ਇਨ੍ਹਾਂ ਦੇ ਘਰ ਕੰਮ ਕਰਦੀ ਹੁੰਦੀ ਸੀ। ਉਸਨੇ ਉਸਨੂੰ ਸਿਰਫ ਚਾਬੀਆਂ ਹੀ ਨਹੀਂ ਦਿੱਤੀਆਂ, ਸਗੋਂ ਘਰ ਹੀ ਉਹਨੂੰ ਸੰਭਾਲ ਦਿੱਤਾ। ਮੇਲੂ ਨੇ ਆਪਣਾ ਘਰ ਭੀਲੇ ਦਰਜੀ ਨੂੰ ਸੰਭਾਲ ਦਿੱਤਾ ਜਿਹੜਾ ਉਹਦੇ ਨਾਲ਼ ਅਕਸਰ ਕੰਮ ਕਰਾਇਆ ਕਰਦਾ ਸੀ। ਉਹਨਾਂ ਦੇ ਕੱਪੜੇ ਵੀ ਸੇਪੀ ਤੇ ਉਹੀ ਸਿਉਂਦਾ ਹੁੰਦਾ ਸੀ।
......................................
ਆਤੂ ਤੇ ਮੇਲੂ ਇੰਗਲੈਂਡ ਵਿੱਚ ਬੁੱਢੇ ਹੋ ਕੇ ਅਜੇ 10 ਕੁ ਸਾਲ ਪਹਿਲਾਂ ਹੀ ਪੂਰੇ ਹੋਏ ਹਨ। ਜਦ ਮੈਂ ਇੰਗਲੈਂਡ ਘੁੰਮਣ ਫਿਰਨ ਗਿਆ ਤਾਂ ਮੈਂ ਆਤੂ ਅਤੇ ਮੇਲੂ ਨੂੰ ਵੀ ਮਿਲਿਆ ਸਾਂ। ਆਤੂ ਤਾਂ ਪੂਰਾ ਅੰਨ੍ਹਾਂ ਹੋ ਚੁਕਾ ਸੀ ਤੇ ਮੇਲੂ ਦੇ ਗੋਡੇ ਕੰਮ ਨਹੀਂ ਸਨ ਕਰਦੇ। ਉਮਰਾਂ ਉਨ੍ਹਾਂ ਦੀਆਂ 80 ਕੁ ਸਾਲ ਦੀਆਂ ਸਨ। ਜਦ ਮੈਂ ਆਤੂ ਨੂੰ ਮਿਲਿਆ ਤਾਂ ਉਹ ਖੁਸ਼ ਤਾਂ ਹੋਇਆ ਹੀ, ਲੇਕਿਨ ਉਦਾਸ ਵੀ ਬਹੁਤ ਸੀ। ਕਹਿਣ ਲੱਗਾ, ''ਬਾਈ ਸਿਹਾਂ, ਤੂੰ ਮੈਨੂੰ ਮਿਲਣ ਆਇਆ ਏਂ। ਮੈਥੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ। ਮੈਨੂੰ ਤੇਰੇ ਕੋਲੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ ਰਹੀ ਏ। ਖੁਸ਼ੀ ਦੇ ਨਾਲ ਨਾਲ ਇੱਕ ਦੁੱਖ ਵੀ ਏ। ਉੱਥੇ ਵੱਡੇ ਵੱਡੇ ਘਰ ਬਣਾਉਂਦੇ ਰਹੇ। ਸੋਚਦੇ ਸੀ ਕਿ ਔਲਾਦ ਉੱਥੇ ਜਾਇਆ ਕਰੂ। ਸਾਡੇ ਲੜਕੇ ਤਾਂ ਇੱਕ ਦੋ ਵਾਰ ਜਾ ਆਏ। ਸਾਡੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਤਾਂ ਉੱਧਰ ਨੂੰ ਮੂੰਹ ਵੀ ਨਹੀਂ ਕਰਦੇ।ਉਹ ਇੱਥੋਂ ਕੈਨੇਡਾ ਅਮਰੀਕਾ ਤਾਂ ਗੇੜੇ ਮਾਰ ਆਉਂਦੇ ਹਨ ਪਰ ਪੰਜਾਬ ਵਲ ਜਾ ਕੇ ਰਾਜੀ ਨਹੀਂ। ਜਮੀਨਾਂ ਠੇਕੇ ਤੇ ਦੇ ਦਿੱਤੀਆਂ ਸੀ। ਠੇਕੇ ਤੇ ਲੈਣ ਵਾਲ਼ੇ ਅੱਧਾ ਪਚੱਧਾ ਠੇਕਾ ਮਾਰਨ ਲਗ ਪਏ। ਕਹਿਣ ਲੱਗੇ ਪਏ-'ਫਸਲ ਹੀ ਨਹੀਂ ਹੋਈ। ਸੋਕਾ ਪੈ ਗਿਆ। ਹੜ੍ਹ ਆ ਗਏ। ਖੜ੍ਹੀ ਫਸਲ ਤਬਾਹ ਹੋ ਗਈ।' ਪਹਿਲਾਂ ਇੱਕ ਆਇਆ ਤਾਂ ਚਾਬੀਆਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਦੇ ਆਇਆ। ਫਿਰ ਉਹ ਰਿਸ਼ਤੇਦਾਰ ਵੀ ਇੱਧਰ ਨੂੰ ਆ ਗਿਆ। ਉਹ ਚਾਬੀਆਂ ਕਿਸੇ ਕੰਮੀ ਨੂੰ ਦੇ ਆਇਆ। ਕੰਮੀਆਂ ਨੇ ਬਿਜਲੀ ਦੇ ਬਿੱਲਾਂ ਦੇ ਪੈਸੇ ਮੰਗੇ ਉਹ ਵੀ ਅਸੀਂ ਭੇਜਦੇ ਰਹੇ। ਕੰਮੀਆਂ ਦੇ ਬੱਚਿਆਂ ਦੇ ਵਿਆਹਾਂ ਤੇ ਵੀ ਅਸੀਂ ਉਹਨਾਂ ਨੂੰ ਪੈਸੇ ਭੇਜਦੇ ਰਹੇ ਕਿਉਂਕਿ ਉਨ੍ਹਾਂ ਨੇ ਸਾਡੇ ਘਰ ਸੰਭਾਲੇ ਹੋਏ ਸਨ। ਹੁਣ ਤਾਂ ਇਹ ਹਾਲ ਏ ਕਿ ਕੰਮੀ ਵੀ ਪੰਜਾਬ ਤੋਂ ਬਾਹਰ ਨੂੰ ਦੌੜਨ ਲੱਗ ਪਏ ਹਨ। ਉਹ ਚਾਬੀਆਂ ਕਿਹਨੂੰ ਸੰਭਾਲ ਕੇ ਆਉਣਗੇ? ਯੂ.ਪੀ, ਬਿਹਾਰ ਦੇ ਭਈਆਂ ਨੂੰ? ਬਾਈ ਸਿਹਾਂ, ਮੈਂ ਚਾਬੀਆਂ ਸੰਭਾਲਣ ਲਈ ਕਿਹਨੂੰ ਲੱਭਾਂ? ਮੈਂ ਜਮੀਨ ਜਾਇਦਾਦ ਦੀ ਰਖਵਾਲੀ ਤੇ ਸੌਦੇ ਲਈ ਮੁਖਤਿਆਰਨਾਮਾ ਕਿਹਨੂੰ ਦੇਵਾਂ? ਉੱਥੇ ਕੋਈ ਸਾਡੀ ਬੁੱਕਲ ਦਾ ਬੰਦਾ ਬਚਿਆ ਹੀ ਨਹੀਂ। ਬਾਈ ਸਿਹਾਂ, ਮੈਂ ਮੰਨਦਾ ਹਾਂ ਕਿ ਪਰਦੇਸ ਵਿੱਚ ਸੋਨੇ ਦਾ ਮੀਂਹ ਪੈਂਦਾ ਏ ਤੇ ਆਪਣੇ ਦੇਸ ਵਿੱਚ ਪੱਥਰਾਂ ਦਾ, ਫਿਰ ਵੀ ਆਪਣਾ ਦੇਸ ਚੰਗਾ ਹੁੰਦਾ ਏ।''
''ਆਪਣਾ ਦੇਸ਼ ਚੰਗਾ ਉਦੋਂ ਹੁੰਦਾ ਏ ਜਦੋਂ ਉੱਥੇ ਸਿਸਟਮ ਵਧੀਆ ਹੋਵੇ। ਗੋਰਿਆਂ ਨੇ ਆਪਣੇ ਦੇਸ਼ ਦਾ ਸਿਸਟਮ ਇੰਨਾ ਵਧੀਆ ਬਣਾਇਆ ਹੋਇਆ ਏ ਕਿ ਲੋਕ ਉੱਥੇ ਨੂੰ ਦੌੜੇ ਆਉਂਦੇ ਹਨ। ਉੱਥੇ ਪਹੁੰਚਣ ਲਈ ਅੰਤਾਂ ਦੇ ਪੈਸੇ ਖਰਚਣ ਲਈ ਵੀ ਤਿਆਰ ਹਨ। ਗੋਰਿਆਂ ਨੂੰ ਪਤਾ ਏ ਕਿ ਜਿਹੜੇ ਇੱਕ ਵਾਰ ਉਨ੍ਹਾਂ ਦੇ ਦੇਸ਼ ਵਿੱਚ ਆ ਗਏ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵਾਪਿਸ ਨਹੀਂ ਜਾਣਗੀਆਂ। ਇਹ ਪੁਸ਼ਤਾਂ ਤਾਂ ਪਿੱਛੇ ਦਾ ਸਭ ਕੁਝ ਵੇਚ ਵੱਟ ਕੇ, ਇੱਕ ਦਿਨ ਇਧਰ ਨੂੰ ਹੀ ਲੈ ਆਉਣਗੀਆਂ। ਇਹਨੂੰ ਕਹਿੰਦੇ ਆ ਕੂਟਨੀਤੀ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੁੰ ਆਪਣੇ ਦੇਸ਼ਾਂ ਵਿੱਚ ਪੱਕੇ ਤਾਲ਼ੇ ਲਗਾਉਣੇ! ਲੋਕ ਦੌੜੇ ਵੀ ਆਉਣ, ਪੈਸਾ ਵੀ ਖਰਚ ਕਰਨ ਤੇ ਆਉਣ ਵਾਲੀਆਂ ਪੁਸ਼ਤਾਂ ਪੱਕੀਆਂ ਗੁਲਾਮ ਵੀ ਬਣ ਜਾਣ ਤੇ ਉੱਧਰਲਾ ਸਭ ਕੁਝ ਵੇਚ ਵੱਟ ਕੇ ਇੱਧਰ ਨੂੰ ਲੈ ਆਉਣ।''
ਆਪ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਤੇ ਮੈਨੂੰ ਬੋਲਦੇ ਨੂੰ ਸੁਣਦਾ ਹੋਇਆ ਆਤੂ ਅੰਤਾਂ ਦਾ ਭਾਵੁਕ ਹੋ ਗਿਆ। ਉਸਦੀਆਂ ਅੱਖਾਂ ਨਮ ਹੋ ਗਈਆਂ। ਪਿਸ਼ੌਰਾ ਉਸਨੂੰ ਢਾਰਸ ਦਿੰਦਾ ਹੋਇਆ ਮੈਨੂੰ ਉਸ ਪਾਸੋਂ ਉਠਾ ਕੇ ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਉਹ ਤਾਂ ਮੇਰੇ ਹਾਣ ਦਾ ਹੀ ਸੀ। ਉਹ ਮੇਰੀ ਜਮਾਤ ਵਿੱਚੋਂ ਨਾਮਾ ਕਟਵਾ ਕੇ ਉਦੋਂ ਸੰਨ 64 ਵਿੱਚ ਇੰਗਲੈਂਡ ਨੂੰ ਆਇਆ ਸੀ। ਫਿਰ ਮੈਂ ਉਸ ਨਾਲ਼ ਇੰਗਲੈਂਡ ਅਤੇ ਪੰਜਾਬ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ।
ਮੋਹਣ ਸਿਆਂ ਇੱਕ ਬੂਟਾ ਲਿਖ ਦੇ - ਬਲਵੰਤ ਸਿੰਘ ਗਿੱਲ
ਦੁੱਧਾਂ ਚੂਰੀਆਂ ਨਾਲ ਪਾਲ੍ਹ ਪੋਸ ਕੇ,
ਜਿਨਾਂ ਵੱਡਿਆਂ ਕੀਤਾ ਮਾਵਾਂ ਦਾ,
ਸਫ਼ਲਤਾ ਦੀਆਂ ਮੰਜ਼ਿਲਾਂ ਪਾਉਣ ਦੀਆਂ,
ਦਿੱਤੀਆਂ ਦਿਲੋਂ ਦੁਆਵਾਂ ਦਾ,
ਪੁੱਤਾਂ ਨੂੰ ਸੁੱਕੇ ਥਾਂ 'ਤੇ ਪਾ ਕੇ,
ਆਪ ਸੌਂਦੀਆਂ ਗਿੱਲੀਆਂ ਥਾਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ
ਮਾਵਾਂ ਘਣੀਆਂ ਛਾਂਵਾਂ ਦਾ।
ਕਰਜ਼ੇ ਚੁੱਕ ਚੁੱਕ ਤੈਨੂੰ ਵਿੱਦਿਆ ਦਿੱਤੀ,
ਤੈਨੂੰ ਵੱਡਿਆਂ ਕੀਤਾ ਪਾਲ੍ਹ ਪੋਸ ਕੇ,
ਆਪੂੰ ਤੰਗੀਆਂ ਤੁਰਸ਼ੀਆਂ ਝੱਲੀਆਂ,
ਤੇਰਾ ਖਰਚਾ ਕੀਤਾ ਦਿਲ ਖੋਹਲ ਕੇ,
ਤੈਨੂੰ ਘਿਓ ਅਤੇ ਦੁੱਧਾਂ ਨਾਲ ਪਾਲ੍ਹ ਕੇ,
ਅੱਜ ਪਾਣੀ ਨੂੰ ਤਰਸਦੀਆਂ ਮਾਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।
ਜਾ ਪਰਦੇਸ ਤੂੰ ਫ਼ੋਨ ਨਹੀਂ ਕਰਦਾ,
ਪੁੱਛਿਆ ਕਦੇ ਮਾਂਏ ਕਿੱਦਾਂ ਝੱਟ ਸਰਦਾ?
ਬੈਂਕਾਂ ਦੀਆਂ ਚੱੜ੍ਹੀਆ ਕਿਸ਼ਤਾਂ ਲਾਹੁੰਦਾ,
ਬਾਪ ਤੇਰਾ ਹਰ ਪੱਲ ਪੱਲ ਮਰਦਾ,
ਕੀ ਬਣਿਆ ਬੱਚਪਨ ਵਿੱਚ ਦਿੱਤੀਆਂ,
ਉਨਾਂ ਚੰਗੀਆਂ ਨੇਕ ਸਲਾਹਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।
ਮਾਂ ਹੁੰਦੀ ਏ ਮਾਂ ਵੇ ਲੋਕੋ,
ਚਾਚੀਆਂ ਮਾਸੀਆਂ ਵੀਹ ਵਾਰੀ ਹੋਵਣ,
ਮਾਂ ਵਰਗੀ ਕੋਈ ਨਾ ਥਾਂ ਵੇ ਲੋਕੋ,
ਢੂੰਡੀ ਸਾਰੀ ਦੇਸ 'ਤੇ ਦੁਨੀਆਂ,
ਸ਼ਹਿਰ ਅਤੇ ਗਰਾਂ ਵੇ ਲੋਕੋ,
'ਗਿੱਲਾ' ਦੱਸ ਤੂੰ ਕਦ ਲੇਖ਼ਾ ਦੇਊਂ?
ਮਾਂ ਦੀਆਂ ਅਨੇਕ ਦੁਆਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।
ਬਲਵੰਤ ਸਿੰਘ ਗਿੱਲ
ਬੈਡਫ਼ੋਰਡ
ਧੁਆਂਖ਼ੀ ਬੱਤੀ - ਬਲਵੰਤ ਸਿੰਘ ਗਿੱਲ (ਬੈਡਫੋਰਡ)
ਹੀਰਾ ਵਲੈਤ ਆਉਂਦਿਆਂ ਹੀ ਇੰਗਲੈਂਡ ਦੇ ਇੱਕ ਸ਼ਹਿਰ ਵਿੱਚ ਉੱਨ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਿਆ। ਉਸ ਸਮੇਂ ਕੋਈ ਵਿਰਲਾ ਹੀ ਪੰਜਾਬੀ ਜਾਂ ਪਾਕਿਸਤਾਨੀ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦਾ ਸੀ। ਲੋਕੀਂ ਇਕੱਲੇ ਇਕੱਹਰੇ ਹੀ ਇੰਗਲੈਂਡ ਆਏ ਸਨ ਤੇ ਟੱਬਰ ਪਿੱਛੇ ਆਪਣੇ ਮੁਲਕ ਵਿੱਚ ਸਨ। ਫੈਕਟਰੀ ਦੇ ਲਾਗੇ ਹੀ ਇੱਕ ਘਰ ਵਿੱਚ ਹੀਰਾ ਸਿੰਘ ਕਿਰਾਏ 'ਤੇ ਰਹਿਣ ਲੱਗ ਪਿਆ। ਇਸੇ ਤਿੰਨ ਬੈਡਰੂਮ ਵਾਲੇ ਘਰ ਵਿੱਚ ਸੱਤ ਬੰਦੇ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਵੀ ਸਨ। ਹੀਰਾ ਅਤੇ ਇਸ ਦੇ ਦੋ ਹੋਰ ਸਾਥੀ ਰਾਤਾਂ ਦੀ ਸ਼ਿਫ਼ਟ ਤੇ ਕੰਮ ਕਰਦੇ ਸਨ 'ਤੇ ਬਾਕੀ ਚਾਰ ਦਿਨਾਂ ਦੀ ਸ਼ਿਫ਼ਟ 'ਤੇ। ਆਪਸ ਵਿੱਚ ਬੈਡਾਂ/ਮੰਜੇ ਸਾਂਝੇ ਵਰਤ ਕੇ ਦਿਨ ਕੱਟੀ ਕਰਦੇ ਸਨ। ਰੋਟੀ ਟੁੱਕ ਵੀ ਇਨ੍ਹਾਂ ਸੱਜਣਾਂ ਨੂੰ ਆਪ ਜੀ ਕਰਨਾ ਪੈਂਦਾ ਸੀ।
ਸਾਲ ਬੀਤਦੇ ਗਏ। ਹੀਰੇ ਨੇ ਸੰਗ ਸਰਫਾ ਕਰਕੇ ਚਾਰ ਪੈਸੇ ਜੋੜ ਲਏ ਅਤੇ ਪੰਜਾਬ ਵਿੱਚ ਕੁੱਝ ਸਿਆੜ ਵੀ ਬਣਾ ਲਏ। ਹੀਰੇ ਨੇ ਕੰਮ ਕਰਕੇ ਆਪਣਾ ਪਿਛਲਾ ਕਰਜ਼ਾ ਵੀ ਮੋੜ ਦਿੱਤਾ। ਦੋ ਪੌਂਡਾਂ ਦੇ ਰਾਸ਼ਣ ਨਾਲ ਸਾਰਾ ਹਫ਼ਤਾ ਲੰਘਾ ਲੈਂਦਾ। ਪੱਬ ਵਿੱਚ ਬੀਅਰ ਪੀਣ ਜਾਂਦਾ ਤਾਂ ਇੱਕ ਪੌਂਡ ਵਿੱਚੋਂ ਵੀ ਭਾਨ ਮੋੜ ਲਿਉਂਦਾ।
ਹੀਰੇ ਦਾ ਵਿਆਹ ਉਮਰ ਚੜ੍ਹ ਕੇ ਹੀ ਹੋਇਆ ਸੀ। ਵਿਆਹ ਹੁੰਦਿਆਂ ਸਾਰ ਹੀ ਇੰਗਲੈਂਡ ਆਉਣ ਦਾ ਸਬੱਬ ਬਣ ਗਿਆ। ਇੱਥੇ ਆ ਕੇ ਕਈ ਸਾਲ ਆਪਣੀ ਗ਼ਰੀਬੀ ਲਾਹੁੰਦਿਆਂ ਲੰਘ ਗਏ। ਇਸੇ ਕਰਕੇ ਇਸ ਦੀ ਘਰਵਾਲੀ ਸਿਮਰੋ ਦੀ ਕੁੱਖ ਬਾਲ ਬੱਚੇ ਵੱਲੋਂ ਸੱਖਣੀ ਹੀ ਸੀ। ਹੀਰੇ ਨੇ ਇੰਗਲੈਂਡ ਵਿੱਚ ਅੱਠ ਦੱਸ ਸਾਲ ਲਾ ਕੇ ਆਪਣੇ ਪੈਰ ਜਮ੍ਹਾ ਲਏ। ਕੁੱਝ ਬੈਂਕ ਤੋਂ ਕਰਜ਼ਾ ਚੁੱਕ ਕੇ ਅਤੇ ਕੁੱਝ ਐਡਵਾਂਸ ਪੈਸੇ ਰੱਖ ਕੇ ਘਰ ਲੈ ਲਿਆ। ਹੁਣ ਇਸ ਨੇ ਆਪਣੇ ਘਰਵਾਲੀ ਸਿਮਰੋ ਨੂੰ ਵਲਾਇਤ ਆਉਣ ਦੀ ਪਰਮਿਟ ਪਾ ਦਿੱਤੀ। ਸਿਮਰੋ ਜਹਾਜ਼ (ਪਾਣੀ ਵਾਲਾ ਜਹਾਜ਼) ਦਾ ਕਿਰਾਇਆ ਤਾਰ ਕੇ ਵਲਾਇਤ ਆ ਗਈ। ਵਲਾਇਤ ਆਉਂਦਿਆਂ ਇਸ ਨੂੰ ਮਹੀਨਾ ਲੱਗ ਗਿਆ। ਸਿਮਰੋ ਨੇ ਮਹੀਨੇ ਭਰ ਦੀਆਂ ਪਿੰਨੀਆਂ ਬਣਾ ਕੇ ਪਹਿਲੋਂ ਹੀ ਆਪਣੀ ਗੱਠੜੀ ਵਿੱਚ ਰੱਖ ਲਈਆਂ ਸਨ। ਸਿਮਰੋ ਨੂੰ ਜਹਾਜ਼ ਦੇ ਡੱਕੇ ਡੋਲੇ ਖਾਂਦਿਆਂ ਕਈ ਵਾਰ ਉਲਟੀਆਂ ਲੱਗ ਜਾਂਦੀਆਂ, ਪਰ ਫਿਰ ਵੀ ਵਾਹਿਗੂਰੂ ਦਾ ਸ਼ੁਕਰ ਕਰਦੀ ਕਿ ਉਹ ਅਮੀਰ ਮੁਲਕ ਵਿੱਚ ਆਪਣੇ ਘਰ ਵਾਲੇ ਪਾਸ ਜਾ ਰਹੀ ਹੈ। ਕਦੇ-ਕਦੇ ਜਹਾਜ਼ ਜਦੋਂ ਝੱਖੜਾਂ ਝੋਲਿਆਂ ਦੇ ਠੇਡੇ ਖਾਂਦਾ ਅਤੇ ਚੱਟਾਨਾਂ ਨਾਲ ਖਹਿ ਜਾਂਦਾ ਤਾਂ ਮੱਲੋ-ਮੱਲੀ ਸਿਮਰੋ ਦੇ ਮੂੰਹ ਵਿੱਚੋਂ ਵਾਗੁਰੂ-ਵਾਗੁਰੂ ਨਿਕਲ ਜਾਂਦਾ।
ਸਿਮਰੋ ਦੇ ਇੰਗਲੈਂਡ ਪਹੁੰਚਣ ਤੇ ਹੀਰਾ ਆਪਣਾ ਕਿਰਾਏ ਵਾਲਾ ਮਕਾਨ ਛੱਡ ਕੇ ਆਪਣੇ ਖ਼ੁਦ ਦੇ ਮਕਾਨ ਵਿੱਚ ਆ ਗਿਆ। ਇੱਕ ਕਮਰਾ ਇਨ੍ਹਾਂ ਦੋਨਾਂ ਨੇ ਰੱਖ ਲਿਆ ਅਤੇ ਬਾਕੀ ਦੋ ਕਮਰਿਆਂ ਵਿੱਚ ਕਿਰਾਏਦਾਰ ਰੱਖ ਲਏ, ਤਾਂ ਕੇ ਬੈਂਕ ਦਾ ਕਰਜ਼ਾ ਉੱਤਰ ਸਕੇ । ਕੁੱਝ ਸਮਾਂ ਪਾ ਕੇ ਹੀਰੇ ਦੇ ਘਰ ਇੱਕ ਲੜਕੀ ਨੇ ਜਨਮ ਲਿਆ।ਸਿਮਰੋ ਫ਼ਿਕਰ ਕਰਨ ਲੱਗੀ ਕਿ ਖਰਚੇ ਨੂੰ ਥਾਂ ਹੋ ਗਿਆ। ਆਸ ਲਾ ਲਈ ਕਿ ਅਗਲੀ ਵਾਰ ਪਰਮਾਤਮਾ ਜਰੂਰ ਸੁਣੇਗਾ ਅਤੇ ਉਹ ਮੁੰਡੇ ਦੀ ਲੋਹੜੀ ਪਾਉਣਗੇ। ਪਰ ਹੋਇਆ ਇਸ ਦੇ ਉੱਲਟ, ਇਸ ਵਾਰ ਫਿਰ ਇੱਕ ਹੋਰ ਲੜਕੀ ਨੇ ਜਨਮ ਲੈ ਲਿਆ।ਸਿਮਰੋ ਆਪਣੇ ਕਰਮਾਂ ਅਤੇ ਪਰਮਾਤਮਾ ਨੂੰ ਕੋਸਣ ਲੱਗੀ। ਹਰ ਰੋਜ਼ ਪਰਮਾਤਮਾ ਮੂਹਰੇ ਅਰਦਾਸ ਕਰਦੀ ਅਤੇ ਗੁਰਦੁਆਰੇ ਮੱਥਾ ਟੇਕਣਾ ਨਾ ਭੁੱਲਦੀ ਕਿ ਹੁਣ ਤਾਂ ਵਾਹਿਗੁਰੂ ਇੱਕ ਮੁੰਡੇ ਦੀ ਦਾਤ ਇਸ ਦੀ ਝੋਲੀ ਵਿੱਚ ਪਾਵੇ।
ਕਈਆਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਵਾਹਿਗੁਰੂ ਨੇ ਸਿਮਰੋ ਦੀ ਨੇੜੇ ਹੋ ਕੇ ਸੁਣ ਲਈ । ਇਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ। ਮੁੰਡਾ ਹੋਣ ਦੀ ਖ਼ੁਸ਼ੀ ਵਿੱਚ ਦੋਨਾਂ ਨੇ ਬੜੀ ਖੁਸ਼ੀ ਮਨਾਈ। ਅਕਸਰ ਦੋ ਲੜਕੀਆਂ ਬਾਅਦ ਤਰਸਦਿਆਂ ਨੂੰ ਮੁੰਡੇ ਦੀ ਦਾਤ ਮਿਲੀ ਸੀ। ਮੁੰਡੇ ਦੀ ਧੂਮ ਧਾਮ ਨਾਲ ਲੋਹੜੀ ਪਾਈ ਅਤੇ ਮਿੱਤਰਾਂ-ਦੋਸਤਾਂ ਨੂੰ ਘਰ ਮੁਰਗੇ ਰਿੰਨ੍ਹ ਕੇ ਬੋਤਲਾਂ ਦਾ ਦੌਰ ਚਲਾਇਆ ਗਿਆ।ਆਂਢ-ਘੁਆਂਢ ਕੀ, ਇੱਥੌਂ ਤੱਕ ਗੋਰਿਆਂ ਦੇ ਘਰ ਵੀ ਲੱਡੂ ਵੰਡਣ ਗਏ।
ਹੀਰਾ ਫੈਕਟਰੀ ਵਿੱਚ ਸੱਤੇ ਰਾਤਾਂ ਕੰਮ ਤੇ ਜਾਂਦਾ।ਜਿੰਨਾ ਵੀ ਓਵਰਟਾਇਮ ਮਿਲੇ ਤਾਂ ਉਹ ਕਦੇ ਨਾ ਛੱਡਦਾ। ਜਦੋਂ ਕਦੇ ਕਿਸੇ ਰਿਸ਼ਤੇਦਾਰ ਨੇ ਇਸ ਨੂੰ ਇਸਦੇ ਕੰਮਕਾਰ ਦਾ ਹਾਲ ਪੁੱਛਣਾ ਤਾਂ ਇਸ ਨੇ ਹੱਸ ਕੇ ਮਖ਼ੌਲ ਕਰਨਾ ''ਭਾਈ ਹਫ਼ਤੇ ਦੀਆਂ ਸੱਤੇ ਰਾਤਾਂ ਲੱਗਦੀਆਂ, ਰੱਬ ਨੂੰ ਬਥੇਰਾ ਆਖੀਦਾ ਕਿ ਅੱਠਵੀਂ ਰਾਤ ਬਣਾਏ, ਪਰ ਸੁਣਦਾ ਹੀ ਨਹੀਂ।'' ਹੀਰੇ ਨੇ ਆਪਣੀ ਘਰ ਵਾਲੀ ਸਿਮਰੋ ਨੂੰ ਕੰਮ ਤੇ ਨਾ ਲਗਵਾਇਆ ਤਾਂ ਕਿ ਲੋਕੀਂ ਮਿਹਣੇ ਨਾ ਦੇਣ ਕਿ ਇਹ ਤੀਂਵੀਂ ਤੋਂ ਕੰਮ ਕਰਵਾਉਂਦਾ ਹੈ।
ਕੁੱਝ ਸਮਾਂ ਪਾ ਕੇ ਹੀਰਾ ੳਾਪਣਾ ਸ਼ਹਿਰ ਛੱਡ ਕੇ ਇੱਕ ਭੱਠਿਆਂ ਵਾਲੇ ਸ਼ਹਿਰ ਵਿੱਚ ਆ ਗਿਆ, ਤਾਂ ਕਿ ਭੱਠੇ ਦਾ ਕੰਮ ਕਰਕੇ ਜ਼ਿਆਦਾ ਪੈਸੇ ਕਮਾ ਸਕੇ। ਹੀਰੇ ਨੂੰ ਭੱਠੇ ਤੇ ਕੰਮ ਸੌਖਿਆਂ ਹੀ ਮਿਲ ਗਿਆ।ਹੀਰੇ ਨੂੰ ਇਸ ਦੇ ਰਿਸ਼ਤੇਦਾਰ ਨੇ ਭੱਠੇ 'ਤੇ ਕੰਮ ਲੁਆਉਣ ਲੱਗਿਆਂ ਦੱਸ ਦਿੱਤਾ ਸੀ ਕਿ ਗੋਰੇ ਲੋਕ ਬਹੁਤ ਹੀ ਘੱਟ ਇਹੋ ਜਿਹੇ ਭਾਰੇ ਅਤੇ ਗੰਦੇ ਕੰਮ ਨੂੰ ਕਰਦੇ ਸਨ। ਇਸੇ ਕਰਕੇ ਬਾਕੀ ਫੈਕਟਰੀਆਂ ਨਾਲੋਂ ਭੱਠੇ ਦੇ ਕੰਮ ਦੇ ਪੈਸੇ ਜ਼ਿਆਦਾ ਹਨ।
ਸਿਮਰੋ ਵੀ ਹੁਣ ਇਸ ਸ਼ਹਿਰ ਦੀ ਇੱਕ ਖ਼ੁਰਾਕ ਬਣਾਉਣ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਈ, ਜਿੱਥੇ ਆਮ ਹੀ ਪੰਜਾਬ ਤੋਂ ਆਈਆਂ ਜ਼ਨਾਨੀਆਂ ਕੰਮ ਕਰ ਰਹੀਆਂ ਸਨ।ਦੋਨੋਂ ਜਣੇ ਮਿਹਨਤੀ ਸੁਭਾਅ ਦੇ ਹੋਣ ਕਰਕੇ ਰੱਜ ਕੇ ਕਮਾਈ ਕਰਦੇ ਰਹੇ। ਪੰਜਾਬ ਵਿੱਚ ਜਾਇਦਾਦਾਂ ਖ੍ਰੀਦ ਲਈਆਂ, ਕੋਠੀ ਬਣਾ ਲਈ, ਪਲਾਟ ਲੈ ਲਏ ਅਤੇ ਨਾਲ ਹੀ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰ ਲਏ।ਹੀਰੇ ਅਤੇ ਸਿਮਰੋ ਨੇ ਦਿਨ ਰਾਤ ਕਰਕੇ ਆਪਣੀ ਪੈਸੇ ਧੇਲੇ ਵਲੋਂ ਹਾਲਤ ਤਾਂ ਸੁਧਾਰ ਲਈ ਪਰ ਆਪਣੇ ਬੱਚਿਆਂ ਦੀ ਪਰਵਰਿਸ਼ ਵੱਲ ਲੋੜੀਂਦਾ ਧਿਆਨ ਨਾ ਦਿੱਤਾ।ਕਿਉਂਕਿ ਲੰਬੇ ਘੰਟੇ ਓਵਰਟਾਇਮ ਲਾ ਕੇ ਕੰਮ ਤੋਂ ਤਨਖ਼ਾਹ ਦੇ ਵੱਡੇ ਵੱਡੇ ਲਫ਼ਾਫ਼ੇ, ਪੈਸੇ ਦੀ ਦੌੜ ਹੋਰ ਤੇਜ਼ ਕਰੀ ਜਾ ਰਹੇ ਸਨ।
ਦੋਨੋਂ ਲੜਕੀਆਂ ਦਾ ਵਿਆਹ ਕਰਕੇ ਉਸ ਨੇ ਉਨ੍ਹਾਂ ਨੂੰ ਆਪੋ ਆਪਣੇ ਘਰੀਂ ਤੋਰ ਦਿੱਤਾ ਤੇ ਘਰ ਨੂੰਹ ਲੈ ਆਂਦੀ। ਹੀਰੇ ਅਤੇ ਸਿਮਰੋ ਦਾ ਪੁਰਾਤਨ ਅਤੇ ਕੁੱਝ ਕੰਜੂਸੀ ਦਾ ਸੁਭਾਅ ਹੋਣ ਕਰਕੇ ਨੂੰਹ ਦੇ ਨਾਲ ਦਾਲ ਨਾ ਗਲਣੀ। ਮੁੰਡੇ ਨੂੰ ਆਪਣੀ ਪਤਨੀ ਦੀ ਗੱਲ ਮੰਨਣੀ ਪੈਂਦੀ। ਮਾਂ-ਬਾਪ ਆਪਣੇ ਸਿਆਣੇ ਹੋਣ ਦਾ ਰੋਹਬ ਪਾਉਣ । ਨੂੰਹ ਕੁੱਝ ਆਧੁਨਿੱਕ ਖ਼ਿਆਲਾਂ ਦੀ, ਖੁੱਲ੍ਹੇ ਸੁਭਾਅ ਦੀ ਮਾਲਕਣ ਸੀ।ਉਸਨੂੰ ਹਰ ਰੋਜ਼ ਦਾਲ ਰੋਟੀ ਖਾਣੀ ਪਸੰਦ ਨਹੀਂ ਸੀ। ਕਦੇ ਕਦਾਈਂ ਬਾਹਰੋਂ ਖਾਣਾ ਲਿਆ ਕੇ ਖਾ ਲੈਣਾ ਅਤੇ ਵੀਕ ਐਂਡ ਤੇ ਕਲੱਬ ਵਿੱਚ ਗੇੜ੍ਹਾ ਮਾਰ ਆਉਣਾ। ਰਾਤ ਨੂੰ ਦੇਰ ਤੱਕ ਟੈਲੀਵਿਯਨ ਦੇਖਣਾ ਆਦਿ ਹੀਰੇ ਅਤੇ ਸਿਮਰੋ ਨੂੰ ਘੱਟ ਹੀ ਰਾਸ ਆਉਂਦਾ। ਨੂੰਹ ਦੇ ਪੱਛਮੀ ਪਹਿਰਾਵੇ ਤੇ ਵੀ ਸਿਮਰੋ ਟੋਕਾ ਟਕਾਈ ਕਰਦੀ ਰਹਿੰਦੀ। ਕਦੇ-ਕਦੇ ਸਿਮਰੋ ਨੇ ਨੂੰਹ ਨੂੰ ਆਖ ਹੀ ਦੇਣਾ ''ਆਹ ਕੀ ਘੱਘਰੀ ਜਿਹੀ (ਸਕੱਰਟ) ਪਾਈ ਫਿਰਦੀ ਆਂ, ਅੱਧੀਆਂ ਲੱਤਾਂ ਨੰਗੀਆਂ ਹਨ।'' ਇਹ ਸਮਾਜੀ ਅਤੇ ਸੱਭਿਆਚਾਰਕ ਧਾਰਨਾਵਾਂ ਇਨ੍ਹਾਂ ਦੋਹਾਂ ਪੀੜ੍ਹੀਆਂ ਵਿੱਚ ਇੱਕ ਦੀਵਾਰ ਬਣੀਆਂ ਖੜ੍ਹੀਆਂ ਸਨ। ਹੀਰਾ ਅਤੇ ਸਿਮਰੋ ਇਸ ਨਵੇਂ ਜ਼ਮਾਨੇ ਦੀ ਤਬਦੀਲੀ ਨੂੰ ਸਵੀਕਾਰਨਾ ਆਪਣੀ ਬੇਇੱਜ਼ਤੀ ਸਮਝਦੇ ਸਨ। ਉਨ੍ਹਾਂ ਦੀ ਹਮੇਸ਼ਾ ਇਹ ਦਲੀਲ ਹੁੰਦੀ ਕਿ ਸਿਆਣੇ ਹਮੇਸ਼ਾ ਸਿਆਣੀ ਹੀ ਗੱਲ ਕਰਦੇ ਹੁੰਦੇ ਹਨ।
ਨੂੰਹ ਪੁੱਤ ਦੀ ਆਪਣੀ ਮਾਂ-ਬਾਪ ਨਾਲ ਇੱਕ ਸਮਾਜਿਕ ਅਤੇ ਘਰੇਲੂ ਜੰਗ ਰੋਜ਼ ਛਿੜੀ ਰਹਿੰਦੀ। ਆਮ ਕਰਕੇ ਨੂੰਹ-ਪੁੱਤ ਇਸ ਸਥਿੱਤੀ ਤੋਂ ਆਪਣੇ ਆਪ ਨੂੰ ਪਰ੍ਹੇ ਰੱਖਣ ਦੀ ਕੋਸ਼ਿਸ਼ ਕਰਦੇ ਤਾਂ ਕਿ ਘਰ ਵਿੱਚ ਸ਼ਾਤੀ ਰਹੇ।ਪਰ ਫਿਰ ਵੀ ਇੱਕ ਘਰ ਵਿੱਚ ਰਹਿੰਦੇ ਸਨ, ਦੋ ਭਾਂਡੇ ਆਪਸ ਵਿੱਚ ਖੜਕ ਹੀ ਪੈਂਦੇ ਹਨ। ਇਹੋ ਜਿਹੇ ਵਾਤਾਵਰਣ ਵਿੱਚ ਨੂੰਹ-ਪੁੱਤ ਦਾ ਦੱਮ ਘੁੱਟਦਾ। ਅੱਕ ਕੇ ਨੂੰਹ ਨੇ ਫ਼ੈਸਲਾ ਕਰ ਲਿਆ ਕਿ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਜਾਵੇਗੀ। ਰੋਜ਼ ਦੀ ਟਿੱਕ ਟਿੱਕ ਤੋਂ ਤੰਗ ਹੋਏ ਪੁੱਤ ਨੇ ਵੀ ਆਪਣੀ ਪਤਨੀ ਦੇ ਫ਼ੈਸਲੇ ਦੀ ਵਿਰੋਧਤਾ ਨਾ ਕੀਤੀ। ਅਗਲੇ ਹੀ ਦਿਨ ਵਹੁਟੀ ਆਪਣੇ ਪਤੀ ਨਾਲ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਆਪਣੇ ਪੇਕੇ ਘਰ ਚਲੀ ਗਈ।
ਮਹੀਨੇ ਲੰਘ ਗਏ ਅਤੇ ਫੇਰ ਸਾਲ। ਹੀਰਾ ਅਤੇ ਸਿਮਰੋ ਆਪਣੇ ਨੂੰਹ-ਪੁੱਤ ਦੀ ਉਡੀਕ ਵਿੱਚ ਰਾਹ ਤਕੱਦੇ ਰਹਿੰਦੇ। ਅਕਸਰ ਮਾਪੇ ਸਨ, ਕਦੇ ਨਾ ਕਦੇ ਤਾਂ ਇਕੱਲਤਾ ਦਾ ਅਹਿਸਾਸ ਭਾਰੂ ਹੋ ਹੀ ਜਾਂਦਾ ਹੈ ਅਤੇ ਮਾਂ ਦੀ ਮਮਤਾ ਜਾਗ ਹੀ ਉੱਠਦੀ ਹੈ। ਪਰ ਇਨ੍ਹਾਂ ਦੇ ਨੂੰਹ ਪੁੱਤ ਮਾਂਪਿਆਂ ਦੀ ਪੁਰਾਣੀਆਂ ਅਤੇ ਰੂੜੀਵਾਦੀ ਆਦਤਾਂ ਦੇ ਸਿਤਾਏ, ਮੋੜਾ ਪਾਉਣ ਦੀ ਗੱਲ ਹੀ ਨਾ ਕਰਨ।ਮਾਪਿਆਂ ਨੇ ਰਿਸ਼ਤੇਦਾਰ ਅਤੇ ਸਾਕ ਸੰਬੰਧੀਆਂ ਰਾਹੀਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਨੂੰਹ ਪੁੱਤ ਨੇ ਹੁਣ ਇਨ੍ਹਾਂ ਵੱਲੋਂ ਪੱਕੀ ਲੱਛਮਣ ਰੇਖਾ ਵਾਹ ਰੱਖੀ ਸੀ ਕਿ ਮਾਂ-ਬਾਪ ਦਾ ਮੂੰਹ ਹੀ ਨਹੀਂ ਦੇਖਣਾ।ਕੁਝ ਸਿਆਣੇ ਸੱਜਣਾਂ ਨੇ ਹੀਰਾ ਸਿੰਘ ਨੂੰ ਵੀ ਆਪਣਾ ਵਤੀਰਾ ਬਦਲਣ ਲਈ ਵੀ ਆਖਿਆ।ਹੁਣ ਮਾਪੇ ਤਾਂ ਕਿਸੇ ਵੀ ਸ਼ਰਤ ਤੇ ਆਪਣਾ ਪੁੱਤ ਵਾਪਸ ਆਇਆ ਦੇਖਣਾ ਚਾਂਹੁਦੇ ਸਨ।ਉੱਧਰ ਨੂੰਹ ਪੁੱਤ ਪੈਰਾਂ ਤੇ ਪਾਣੀ ਨਾ ਪੈਣ ਦੇਣ।
ਮੁਸੀਵਤਾਂ ਦੀ ਲੜੀ ਅੱਗੇ ਤੁਰਦੀ ਗਈ।ਬੈਂਕਾਂ ਵਾਲਿਆਂ ਨੇ ਪੁੱਤਰ ਵੱਲੋਂ ਘਰ ਦੀ ਕਿਸ਼ਤ ਨਾ ਭਰੇ ਜਾਣ ਕਰਕ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ। ਹੀਰਾ ਸਿੰਘ ਪਾਸ ਘਰ ਦੀ ਪੂਰੀ ਕਿਸ਼ਤ ਤਾਰਨ ਜੋਗੇ ਪੈਸੇ ਨਹੀਂ ਸਨ, ਕਿੳੇਂਕਿ ਘਰ ਖਰੀਦਣ ਸਮੇਂ ਸਾਰਾ ਐਡਵਾਂਸ ਪੈਸਾ ਇਸ ਨੇ ਹੀ ਤਾਰਿਆ ਸੀ।ਬਹੁਤੀਆਂ ਕਿਸ਼ਤਾਂ ਜਮਾਂ ਹੋ ਜਾਣ ਕਰਕੇ, ਬੈਂਕ ਨੇ ਘਰ ਕਬਜ਼ੇ ਵਿੱਚ (REPOSSESS) ਕਰ ਲਿਆ। ਘਰੋਂ ਬੇਘਰ ਹੋਏ ਮਾਪੇ ਨੂੰਹ-ਪੁੱਤ ਤੋਂ ਤਾਂ ਸੱਖਣੇ ਹੋਏ ਹੀ ਸਨ, ਪਰ ਘਰੋਂ ਵੀ ਬੇਘਰ ਹੋ ਗਏ।
ਇਨ੍ਹਾਂ ਨੇ ਖੜ੍ਹੇ ਪੈਰ ਕੋਈ ਘਰ ਕਿਰਾਏ ਤੇ ਲਿਆ ਅਤੇ ਆਪਣਾ ਵਸੇਬਾ ਕੀਤਾ। ਹੁਣ ਇਹ ਕੰਮ ਤੋਂ ਵੀ ਰੀਟਾਇਰ ਹੋ ਚੁੱਕੇ ਸਨ। ਅੱਗੇ ਤਾਂ ਇਨ੍ਹਾਂ ਦਾ ਕੁੱਝ ਸਮਾਂ ਕੰਮ ਤੇ ਆਪਣੇ ਸਾਥੀਆਂ ਨਾਲ ਨਿੱਬੜ ਜਾਂਦਾ ਸੀ, ਪਰ ਹੁਣ ਘਰ ਇਕੱਲਿਆਂ ਨੂੰ ਖਾਣ ਨੂੰ ਪੈਂਦਾ। ਜਿਹੜੇ ਮਾਂ-ਬਾਪ ਨੇ ਪਰਮਾਤਮਾ ਪਾਸੋਂ ਆਪਣੇ ਪੁੱਤਰ ਦੀ ਦਾਤ ਇਸ ਕਰਕੇ ਮੰਗੀ ਸੀ ਕਿ ਉਹ ਉਨ੍ਹਾਂ ਦਾ ਬੁਢਾਪੇ ਵਿੱਚ ਸਹਾਰਾ ਬਣੇਗਾ, ਅੱਜ ਉਹ ਮਾਂ-ਬਾਪ ਆਪਣੇ ਪੁੱਤਰ ਦਾ ਮੂੰਹ ਦੇਖਣ ਨੂੰ ਵੀ ਤਰਸਦੇ ਸਨ। ਦਿਨ ਰਾਤ ਉਸਦੇ ਵਾਪਸ ਆਉਣ ਦੇ ਰਸਤੇ ਦੇਖਦੇ ਸਨ। ਪਰ ਦੂਸਰੇ ਪਾਸੇ ਨੂੰਹ ਪੁੱਤ ਆਪਣੀ ਅੜਵਾਈ ਵਿੱਚ ਜ਼ਿੱਦ ਫ਼ੜੀ ਬੈਠੇ ਸਨ, ਇਸ ਦਰਦ ਤੋਂ ਬੇਖ਼ਬਰ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਵਿੱਚ ਕਿੰਨੇ ਤੜਫਦੇ ਹੋਣਗੇ। ਇਨ੍ਹਾਂ ਦੋ ਪੀੜ੍ਹੀਆਂ ਦੇ ਪਾੜੇ ਨੇ ਘਰ ਜੰਮੇ ਪੁੱਤਰ ਦੇ ਖ਼ੂਨ ਵਿੱਚ ਪਾਣੀ ਭਰ ਦਿੱਤਾ।
ਪੁੱਤਰ ਦੇ ਵਿਛੋੜੇ ਵਿੱਚ ਤੜਫਦੀ ਸਿਮਰੋ ਹਰ ਰੋਜ਼ ਆਪਣੇ ਪੁੱਤਰ ਨੂੰਹ ਨੂੰ ਘਰ ਲਿਆਉਣ ਬਾਰੇ ਆਪਣੀਆਂ ਸਹੇਲੀਆਂ ਅਤੇ ਸਾਥਣਾਂ ਤੋਂ ਸਲਾਹ ਲੈਂਦੀ ਰਹਿੰਦੀ ਕਿ ਕੋਈ ਐਸਾ ਉਪਾਅ ਦੱਸ ਦੇਵੇ ਜਿਸ ਨਾਲ ਉਸ ਦਾ ਪੁੱਤਰ ਘਰ ਆ ਜਾਵੇ।ਰੋਟੀ ਪਕਾਉਂਦੀ ਸਿਮਰੋ ਦੇ ਦਿਮਾਗ ਵਿੱਚ ਆਪਣੇ ਸ਼ਹਿਰ ਵਿੱਚ ਬੀਤੀਆਂ ਕਈ ਘਟਨਾਵਾਂ ਗੇੜੇ ਕੱਢਣ ਲੱਗ ਪਈਆ।ਖ਼ਿਆਲਾਂ ਵਿੱਚ ਡੁੱਬੀ ਨੂੰ ਚੇਤੇ ਆਇਆ ਜਦੋਂ ਸਾਲ ਕੁ ਪਹਿਲਾਂ ਧੰਤੌਂ ਦੀ ਕੁੜੀ ਗੁਆਚ ਗਈ ਸੀ ਤਾਂ ਇੱਕ ਜਮੀਕੇ ਫ਼ਕੀਰ ਦੀ ਕਿਰਪਾ ਨਾਲ ਘਰ ਵਾਪਸ ਆ ਗਈ ਸੀ। ਇਸੇ ਤਰਾਂ ਮੋਗੇ ਵਾਲੇ ਬੰਸੇ ਦੇ ਮੁੰਡੇ ਦੇ ਵਾਲਾਂ ਦੀਆਂ ਜਟਾਂ ਬਣ ਪਈਆਂ ਸਨ ਅਤੇ ਉਹ ਪੁੱਛਾਂ ਦੇਣ ਲੱਗ ਪਿਆ ਸੀ। ਉਸ ਦੀ ਪੁੱਛ ਰਾਹੀਂ ਕਰਮੇ ਦੀ ਪਿੰਕੀ ਘਰ ਵਾਪਸ ਆਈ ਸੀ।
ਇੱਕ ਦਿਨ ਸਿਮਰੋ ਕਰਤਾਰੀ ਪਾਸ ਆਪਣਾ ਦਿਲ ਫੋਲਣ ਗਈ। ਅੱਗਿਓਂ ਕਰਤਾਰੀ ਬੋਲੀ, ''ਸਿਮਰੋ, ਦੋ ਚਾਰ ਮਹੀਨੇ ਹੋਣ ਤਾਂ ਮੰਨ ਲਈਏ, ਹੁਣ ਤਾਂ ਪੂਰੇ ਚਾਰ ਸਾਲ ਹੋ ਗਏ ਤੇਰੇ ਮੂੰਡੇ ਨੂੰ ਘਰ ਛੱਡਿਆਂ। ਤੈਨੂੰ ਮੈਂ ਸੱਚੀ ਗੱਲ ਦੱਸਾਂ, ਤੇਰੇ ਪੁੱਤ ਨੂੰਹ ਨੂੰ ਕਿਸੇ ਚੰਦਰੇ ਨੇ ਕੁੱਝ ਕੀਤਾ ਹੋਇਆ ਹੈ।'' ਉਸ ਦੀ ਗੱਲ ਵਿੱਚ ਇੱਕਦਮ ਹੁੰਗਾਰਾ ਭਰਦੀ ਹੋਈ ਸਿਮਰੋ ਬੋਲੀ, ''ਹਾਂ, ਭੈਣ ਮੈਨੂੰ ਵੀ ਇਵੇਂ ਹੀ ਜਾਪਦਾ ਹੈ ਕਿ ਮੇਰੇ ਪੁੱਤ ਤੇ ਕਿਸੇ ਜਿੰਨ-ਭੂਤ ਦਾ ਸਾਇਆ ਹੈ। ਹੁਣ ਤੂੰ ਹੀ ਦੱਸ ਅਸੀਂ ਇਸਦਾ ਕੀ ਉਪਾਅ ਕਰੀਏ?'' ਕਰਤਾਰੀ ਇੱਕ ਡਾਕਟਰ ਵਾਂਗ ਉਪਾਅ ਦੱਸਦੀ ਹੋਈ ਬੋਲੀ, ''ਸਿਮਰੋ ਮਿਡਲੈਂਡ ਵਿੱਚ ਇੱਕ ਪੰਡਿਤ ਰਹਿੰਦਾ ਹੈ, ਉਹ ਇੱਕ ਅੰਗੂਠੀ ਅਤੇ ਗੁੱਟ 'ਤੇ ਬੰਨ੍ਹਣ ਨੂੰ ਇੱਕ ਧਾਗਾ ਦਿੰਦਾ ਹੈ। ਇਸ ਦੇ ਨਾਲ ਪੰਜ ਵੀਰਵਾਰ ਮਾਂਹਾਂ ਦੀ ਦਾਲ ਕਿਸੇ ਧਾਰਮਿਕ ਜਗ੍ਹਾ 'ਤੇ ਚੜ੍ਹਾ ਆਵੀਂ। ਇਹ ਅੰਗੂਠੀ ਅਤੇ ਧਾਗਾ ਚਾਲੀ ਦਿਨ ਪਾਈ ਰੱਖਣਾ ਹੈ, ਲੈ ਦੇਖ ਤੇਰੇ ਭਾਗ ਖੁੱਲ੍ਹ ਜਾਣਗੇ।''
ਨਾਲ ਹੀ ਬੈਠੀ ਬਿੱਸੀ ਨੇ ਸਿਮਰੋ ਨੂੰ ਆਪਣੇ ਵੱਲੋਂ ਸੌਖਾ ਉਪਾਅ ਦੱਸਦੇ ਹੋਏ ਆਖਿਆ, ''ਸਿਮਰੋ ਕਰਤਾਰੀ ਦਾ ਇਹ ਉਪਾਅ ਮਹਿੰਗਾ ਹੈ, ਉਹ ਪੰਡਿਤ ਤਾਂ ਇਸ ਉਪਾਅ ਦੇ ਹਜ਼ਾਰਾਂ ਪੌਂਡ ਲੈ ਲੈਂਦਾ ਹੈ। ਤੂੰ ਇਸ ਤਰ੍ਹਾਂ ਕਰ, ਆਪਣੇ ਨੂੰਹ-ਪੁੱਤ ਦਾ ਨਾਂਅ ਲੈ ਕੇ ਅੱਜ ਤੋਂ ਦੀਵਾ ਜਗਾਉਣਾ ਸ਼ੁਰੂ ਕਰ ਦੇ, ਬੜੀ ਛੇਤੀ ਤੇਰਾ ਪੁੱਤ ਮੋੜਾ ਪਾ ਲਏਗਾ'' ਸਿਮਰੋ ਨੂੰ ਇਹ ਉਪਾਅ ਸਾਦਾ ਅਤੇ ਸਸਤਾ ਲੱਗਾ ਅਤੇ ਉਸ ਦਿਨ ਤੋਂ ਹੀ ਤੋਂ ਆਪਣੇ ਪੁੱਤ ਨੂੰਹ ਦੀ ਵਾਪਸੀ ਲਈ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ। ਦੀਵਾ ਕਦੇ ਵੀ ਬੁੱਝਣ ਨਾ ਦਿੰਦੀ, ਤੇਲ ਨਾਲ ਦੇ ਨਾਲ ਹੀ ਪਾਈ ਜਾਂਦੀ।
ਹੀਰੇ ਅਤੇ ਸਿਮਰੋ ਦੀ ਬਿੱਰਧ ਅਵਸਥਾ ਹੋ ਗਈ। ਇੰਨੇ ਉਪਾਅ ਕਰਨ ਤੋਂ ਬਾਅਦ ਵੀ ਪੁੱਤ ਵਾਪਸ ਨਾ ਆਇਆ। ਇਨ੍ਹਾਂ ਦੀਆਂ ਦੋਨਾਂ ਲੜਕੀਆਂ ਵਾਰੋ ਵਾਰੀ ਮਾਂ-ਬਾਪ ਦੀ ਦੇਖਭਾਲ ਕਰਦੀਆਂ ਰਹੀਆਂ। ਭਾਵੇਂ ਕਿ ਉਨ੍ਹਾਂ ਨੂੰ ਆਪਣੇ ਘਰ, ਪਤੀ ਅਤੇ ਬੱਚਿਆਂ ਦੀ ਵੀ ਦੇਖ ਭਾਲ ਵੀ ਕਰਨੀ ਪੈਂਦੀ ਸੀ।ਅਕਸਰ ਮਾਂ ਬਾਪ ਸ਼ਨ, ਅੱਖਾਂ ਮੂਹਰੇ ਤੜਫ਼ਦਿਆਂ ਨੂੰ ਦੇਖ ਕੇ ਕਿਵੇਂ ਝੱਲ ਸਕਦੀਆਂ ਸਨ। ਹੀਰਾ ਸਿੰਘ ਨੇ ਆਪਣੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਜ਼ਮੀਨ ਜਾਇਦਾਦ ਪਹਿਲੋਂ ਹੀ ਆਪਣੇ ਪੁੱਤਰ ਦੇ ਨਾਂਅ ਲਾ ਰੱਖੀ ਸੀ।
ਮਾਂ-ਬਾਪ ਦੀ ਸਰੀਰਕ ਹਾਲਤ ਦਿਨ-ਪ੍ਰਤੀ-ਦਿਨ ਵਿਗੜਦੀ ਗਈ।ਪੁੱਤਰ ਪਿਆਰ ਵਿੱਚ ਭਿੱਜੀ ਸਿਮਰੋ ਹਰ ਰੋਜ਼ ਆਪਣੇ ਪੁੱਤ ਦਾ ਰਾਹ ਤੱਕਦੀ ਰਹਿੰਦੀ। ਜਦੋਂ ਦੀਵੇ ਦੀ ਲੋਅ ਜ਼ਰਾ ਮੱਧਮ ਪੈਂਦੀ ਤਾਂ ਵੱਤੀ ਉਪਰ ਕਰਕੇ ਬਿਨਾਂ ਬੁੱਝਣ ਦਿੱਤਿਆਂ ਹੋਰ ਤੇਲ ਪਾ ਦਿੰਦੀ। ਪਰ ਪੁੱਤ ਦਿਲ ਤੇ ਪੱਥਰ ਧਰੀ ਬੈਠਾ ਸੀ।ਨੂੰਹ ਵੀ ਆਪਣੀ ਬੇਰਹਿਮੀ ਦਾ ਪੂਰਾ ਸਬੂਤ ਦੇ ਰਹੀ ਸੀ।ਧੀਆਂ ਆਪਣੇ ਮਾਂ-ਬਾਪ ਦੇ ਇਲਾਜ ਕਰਾਉਂਦੇ, ਹਰ ਰੋਜ਼ ਡਾਕਟਰਾਂ ਅਤੇ ਹਸਪਤਾਲ ਦੀਆਂ ਗੇੜ੍ਹੀਆਂ ਮਾਰਦੀਆਂ ਰਹਿੰਦੀਆਂ। ਧੀਆਂ ਤੋਂ ਮਾਪਿਆਂ ਦਾ ਦੁੱਖ ਦੇਖਿਆ ਨਾ ਜਾਂਦਾ।ਪੁੱਤਰ ਪਿਆਰ ਅਤੇ ਸਹਾਰੇ ਤੋਂ ਸੱਖਣੇ ਹੀਰਾ ਸਿੰਘ ਨੂੰ ਇੱਕ ਦਿਨ ਐਸਾ ਦਿਲ ਦਾ ਦੌਰਾ ਪਿਆ, ਜਿਹੜਾ ਕਿ ਉਸਦੀ ਜਾਨਲੇਵਾ ਸਾਬਤ ਹੋਇਆ।
ਬਾਪੂ ਦੀ ਮੌਤ ਤੋਂ ਬਾਅਦ ਧੀਆਂ ਮਾਂ ਨੂੰ ਆਪਣੇ ਘਰ ਲੈ ਗਈਆਂ, ਅਤੇ ਉੱਥੇ ਲਿਜਾ ਕੇ ਸੇਵਾ ਕਰਨ ਲੱਗੀਆਂ। ਪਰ ਸਿਮਰੋ ਅਜੇ ਵੀ ਆਪਣੇ ਪੁੱਤਰ ਦਾ ਰਾਹ ਦਿਨ ਰਾਤ ਤੱਕਦੀ ਰਹਿੰਦੀ ਕਿ ਉਸਦਾ ਪੁੱਤਰ ਦੇ ਨਾਂਅ ਦਾ ਬਾਲਿਆ ਦੀਵਾ ਇੱਕ ਦਿਨ ਪੁੱਤਰ ਨੂੰ ਘਰ ਵਾਪਸ ਜ਼ਰੂਰ ਲਿਆਏਗਾ। ਬਲਦੇ ਦੀਵੇ ਵਿੱਚ ਬਿਨਾਂ ਨਾਗਾ ਤੇਲ ਪਾਉਂਦੀ ਰਹਿੰਦੀ। ਉਸ ਨੂੰ ਸ਼ਾਇਦ ਉਸ ਬਲਦੇ ਦੀਵੇ ਦੀ ਲਾਟ ਵਿੱਚੋਂ ਪੁੱਤਰ ਦੀ ਸ਼ਕਲ ਨਜ਼ਰ ਆਉਂਦੀ ਹੋਵੇ। ਮਾਂ ਦੇ ਆਪਣੇ ਪੁੱਤਰ ਨਾਲ ਮਿਲਾਪ ਦੇ ਹਰ ਹੀਲੇ ਫੇਲ੍ਹ ਹੋ ਗਏ। ਮਾਂ ਪੁੱਤਰ ਦਾ ਰਾਹ ਦੇਖਦੀ ਦਿਨ ਰਾਤ ਤੜਫਦੀ ਸੁੱਕ ਕੇ ਤੀਲਾ ਹੋ ਗਈ।ਅੱਖਾਂ ਦੀ ਲੋਅ ਵੀ ਕਮਜ਼ੋਰ ਹੋ ਗਈ। ਇਹੋ ਜਿਹੇ ਵਿਛੋੜਾ ਸਹਿੰਦੀ ਸਿਮਰੋ ਪਲ ਪਲ ਮਰ ਰਹੀ ਸੀ।ਹਰ ਰੋਜ਼ ਪੁੱਤ ਦੇ ਪਿਆਰ ਦੀ ਸਿੱਕ ਵਿੱਚ ਤੜਫ਼ਦੀ ਸਿਮਰੋ ਨੂੰ ਐਸਾ ਛਾਤੀ ਵਿੱਚ ਦਰਦ ਹੋਇਆ, ਜਿਸ ਨਾਲ ਉਹ ਪਲਾਂ ਵਿੱਚ ਹੀ ਦੱਮ ਤੋੜ ਗਈ।
ਦੋਨੋਂ ਧੀਆਂ ਆਪਣੀ ਮਾਤਾ ਦੇ ਵਿਛੋੜੇ ਵਿੱਚ ਰੋ-ਰੋ ਕੇ ਹੰਭ ਗਈਆਂ। ਸਿਮਰੋ ਦੀਆਂ ਆਂਢ੍ਹਣਾਂ-ਗੁਆਂਢਣਾਂ ਨੂੰ ਜਦੋਂ ਆਪਣੀ ਪਿਆਰੀ ਸਾਥਣ ਦੇ ਇਸ ਦੁਨੀਆਂ ਤੋਂ ਜਾਣ ਦਾ ਪਤਾ ਲੱਗਾ ਤਾਂ ਉਹ ਸਿਮਰੋ ਦੀਆਂ ਧੀਆਂ ਪਾਸ ਅਫ਼ਸੋਸ ਕਰਨ ਆਈਆਂ। ਸਾਰੀਆਂ ਜ਼ਨਾਨੀਆਂ ਆਪੋ ਆਪਣੇ ਅੰਦਾਜ਼ ਵਿੱਚ ਸਿਮਰੋ ਦੀ ਮੌਤ ਦੀ ਹਮਦਰਦੀ ਪੇਸ਼ ਕਰਦੀਆਂ। ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਦਾ ਸਾਰਾ ਦਿਨ ਆਉਣਾ ਜਾਣਾ ਜਾਰੀ ਰਿਹਾ। ਸਿਮਰੋ ਦੇ ਕਮਰੇ ਵਿੱਚ ਪੁੱਤਰ ਦੀ ਘਰ ਵਾਪਸੀ ਦੀ ਆਸ ਵਿੱਚ ਜਗਾਇਆ ਦੀਵਾ ਹੁਣ ਬੁੱਝ ਚੁੱਕਿਆ ਸੀ। ਛੋਟੀ ਭੈਣ ਆਪਣੀ ਵੱਡੀ ਭੈਣ ਨੂੰ ਆਖਣ ਲੱਗੀ ਕਿ ਤੇਲ ਤਾਂ ਅਜੇ ਵੀ ਦੀਵੇ ਵਿੱਚ ਹੈ, ਪਰ ਪਤਾ ਨਹੀਂ ਇਹ ਬੁੱਝ ਕਿਉਂ ਗਿਆ? ਵੱਡੀ ਭੈਣ ਛੋਟੀ ਨੂੰ ਆਖਣ ਲੱਗੀ, ''ਭੈਣੇਂ, ਰਾਤੀਂ ਮਾਤਾ ਦੇ ਵਿਛੋੜੇ ਦੀ ਡਾਢੀ ਨੇਰ੍ਹੀ ਆਈ ਜਿਸਨੇ ਇੱਕੋ ਝਟਕੇ ਵਿੱਚ ਦੀਵਾ ਗੁੱਲ ਕਰ ਦਿੱਤਾ।'' ਦੋਵੇਂ ਭੈਣਾਂ ਬੁੱਝੇ ਹੋਏ ਦੀਵੇ ਦੀ ਧੁਆਂਖ਼ੀ ਬੱਤੀ ਵੱਲ ਦੇਖ ਕੇ ਭੁੱਬਾਂ ਮਾਰ-ਮਾਰ ਰੋ ਰਹੀਆਂ ਸਨ।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਮੋ: 7400717165
ਇੱਕ ਵਾਰੀ ਕਹਿ ਦੇ ਟੁੱਟ ਗਈ, ਕਾਹਨੂੰ ਜਾਨ ਤੂੰ ਦੁੱਖਾਂ ਵਿੱਚ ਪਾਈ - ਬਲਵੰਤ ਸਿੰਘ ਗਿੱਲ (ਬੈਡਫੋਰਡ)
26 ਜੂਨ 2021 ਨੂੰ ਸੱਤ ਮਹੀਨੇ ਹੋ ਜਾਣੇ ਹਨ, ਜਦੋਂ ਦਾ ਤਿੰਨੇ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦਾ ਐਮ. ਐਸ. ਪੀ. ਤੇ ਕਾਨੂੰਨ ਬਣਾਏ ਜਾਣ ਬਾਰੇ ਭਾਰਤ ਵਿੱਚ ਖ਼ਾਸ ਕਰਕੇ ਉੱਤਰੀ ਭਾਰਤ ਵਿੱਚ ਦਿੱਲੀ ਦੇ ਬਾਰਡਰਾਂ 'ਤੇ ਮੋਰਚਾ ਚੱਲ ਰਿਹਾ ਹੈ। ਪਰ ਅਜੇ ਤੱਕ ਮਸਲਾ ਹੱਲ ਹੋ ਜਾਣ ਦੀ ਕੋਈ ਆਸ ਨਹੀਂ ਬੱਝ ਰਹੀ। ਬਥੇਰੀਆਂ ਮੀਟਿੰਗਾਂ ਤੋਂ ਬਾਅਦ ਵੀ ਕੋਈ ਧਿਰ ਟੱਸ ਤੋਂ ਮੱਸ ਨਹੀਂ ਹੋ ਰਹੀ। ਜਿਹੜੀ ਊਰਜਾ ਦੇਸ਼ ਦੀ ਤਰੱਕੀ ਵਿੱਚ ਲੱਗਣੀ ਚਾਹੀਦੀ ਹੈ, ਉਹ ਮੰਗਾਂ ਨੂੰ ਜਾਇਜ਼ ਅਤੇ ਨਜਾਇਜ਼ ਸਾਬਤ ਕਰਨ ਵਿੱਚ ਲੱਗ ਰਹੀ ਹੈ। ਇਸ ਤੋਂ ਉੱਪਰ ਦਰਨਾ ਕਾਰੀਆਂ ੳਤੇ ਆਮ ਜਨਤਾ ਨੂੰ ਲੋਹੜੇ ਦੀਆਂ ਦੁੱਖਾਂ ਅਤੇ ਤਕਲੀਫ਼ਾਂ। ਕਿਹੜਾ ਸੂਝਵਾਨ ਨਾਗਰਿਕ ਚਾਹੇਗਾ ਕਿ ਉਹ ਕੜਾਕੇ ਦੀਆਂ ਸਰਦੀਆਂ, ਗਰਮੀਆਂ, ਝੱਖੜਾਂ ਅਤੇ ਮੀਂਹ ਹਨ੍ਹੇਰੀਆਂ ਵਿੱਚ ਆਪਣਾ ਘਰ ਘਾਟ ਅਤੇ ਪਰਿਵਾਰ ਛੱਡ ਕੇ ਕਿਸੇ ਮਸਲੇ ਨੂੰ ਹੱਲ ਕਰਾਉਣ ਲਈ ਘਰਾਂ ਤੋਂ ਤਿੰਨ ਚਾਰ ਸੌ ਕਿਲੋਮੀਟਰ ਤੇ ਬੈਠਾ ਰਹੇ। ਕੋਈ ਤੇ ਕਾਰਨ ਹੋਵੇਗਾ। ਜਿਸ ਕਾਰਨ ਨੂੰ ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ।
ਇਹ ਕਿਸਾਨ ਕਾਨੂੰਨ ਖੇਤੀ ਪੱਖੀ ਤਾਂ ਹੈ ਹੀ ਨਹੀਂ ਹਨ, ਪਰ ਇਹ ਖੱਪਤਕਾਰਾਂ, ਉਦਯੋਗਪਤੀਆਂ (ਚੰਦ ਕੁ ਨੂੰ ਛੱਡ ਕੇ), ਮੁਲਾਜ਼ਮਾਂ ਅਤੇ ਵਿਉਪਾਰੀਆਂ ਪੱਖੀ ਵੀ ਨਹੀਂ ਹਨ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੀ ਤਕਰੀਬਨ 55% ਆਬਾਦੀ ਸਿੱਧੇ ਤੌਰ 'ਤੇ ਅਤੇ ਤਕਰੀਬਨ 80% ਆਬਾਦੀ ਅਸਿੱਧੇ ਤੌਰ 'ਤੇ ਖੇਤੀ ਤੇ ਨਿਰਭਰ ਹੈ। ਮੁਲਾਜ਼ਮ ਵਰਗ ਦੀ ਉਦਾਹਰਣ ਲੈ ਲਓ, ਜੇਕਰ ਉਹ ਖੇਤੀ ਤੋਂ ਆਪਣੀ ਤਨਖ਼ਾਹ ਨਹੀਂ ਵੀ ਲੈਂਦੇ, ਪਰ ਖੇਤੀ ਉਤਪਾਦ ਤਾਂ ਖਾਦੇ ਹੀ ਹਨ। ਇਹ ਉਦਾਹਰਣ ਵਿਉਪਾਰੀ ਜਾਂ ਦੁਕਾਨਦਾਰੀ ਵਰਗ ਤੇ ਵੀ ਲਾਗੂ ਹੁੰਦੀ ਹੈ। ਸ਼ਹਿਰੀ ਦੁਕਾਨਾਂ ਤਾਂ ਬਹੁਤਾਤ ਵਿੱਚ ਖੇਤੀ ਆਮਦਨ ਤੇ ਹੀ ਚੱਲਦੀਆਂ ਹਨ।
ਸਰਕਾਰ ਦਾਅਵਾ ਕਰਦੀ ਹੈ ਕਿ ਇਹ ਕਾਨੂੰਨ ਕਦਾਚਿੱਤ ਵੀ ਖੇਤੀ ਵਿਰੋਧੀ ਨਹੀਂ ਹਨ। ਜਦੋਂ ਕਿਸਾਨ ਦਾ ਇਹ ਦਾਅਵਾ ਕਿ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਹੱਥਿਆ ਲੈਣੀਆਂ ਹਨ, ਸਰਕਾਰ ਇਸ ਨੂੰ ਨਿਰਾਧਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਭਾਵੇਂ ਕਿ ਮੰਨਿਆ ਜਾਂਦਾ ਹੈ ਕਿ ਕਾਰਪੋਰੇਟਾਂ ਨੇ ਜ਼ਮੀਨਾਂ ਤੇ ਸਿੱਧੇ ਤੌਰ 'ਤੇ ਕਬਜ਼ਾ ਨਹੀਂ ਕਰਨਾ, ਪਰ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਜਾਣਗੇ ਕਿ ਕਿਸਾਨ ਮੱਲੋਮੱਲੀ ਇਨ੍ਹਾਂ ਕਾਰਪੋਰੇਟਾਂ ਅੱਗੇ ਜ਼ਮੀਨਾਂ ਵੇਚਣ ਲਈ ਗੋਡੇ ਟੇਕ ਦੇਣਗੇ। ਕਾਨੂੰਨ ਲਾਗੂ ਹੁੰਦਿਆਂ ਸ਼ੁਰੂਆਤੀ ਸਾਲਾਂ ਵਿੱਚ ਆਮ ਨਾਲੋਂ ਜ਼ਿਆਦਾ ਹਾਲਾ (ਠੇਕਾ) ਦੇ ਕੇ ਕਿਸਾਨਾਂ ਨੂੰ ਲਾਲਚ ਵਿੱਚ ਲਿਆ ਜਾਵੇਗਾ। ਫੇਰ ਫ਼ਸਲਾਂ ਨੂੰ ਆਪਣੇ ਢੰਗ ਨਾਲ ਉਗਾਏ ਜਾਣ ਵਾਲੀਆਂ ਸ਼ਰਤਾਂ ਲਗਾਈਆਂ ਜਾਣਗੀਆਂ। ਉਸ ਤੋਂ ਬਾਅਦ ਜਦੋਂ ਕਿਸਾਨ ਬੇਵੱਸ ਹੋ ਕੇ ਆਪਣੀ ਕਿਸਾਨੀ ਛੱਡ ਗਏ ਤਾਂ ਉਨ੍ਹਾਂ ਵਹਿਲੇ ਕਿਸਾਨਾਂ ਲਈ ਨਾ ਤਾਂ ਸਰਕਾਰਾਂ ਪਾਸ ਕੋਈ ਨੌਕਰੀਆਂ ਜਾਂ ਰੁਜ਼ਗਾਰ ਹੋਣਗੇ ਅਤੇ ਨਾ ਹੀ ਵਿਦੇਸ਼ਾਂ ਵਾਂਗ ਬੇਕਾਰ ਹੋਏ ਬੇਰੁਜ਼ਗਾਰਾਂ ਨੂੰ ਕੋਈ ਬੇਰੁਜ਼ਗਾਰੀ ਭੱਤਾ ਜਾਂ ਕੋਈ ਇੰਨਸ਼ੋਰੈਂਸ ਸਕੀਮ। ਕਿਸਾਨ ਕਾਰਪੋਰੇਟਾਂ ਨੂੰ ਜ਼ਮੀਨਾਂ ਨਾ ਵੇਚਣਗੇ ਤਾਂ ਹੋਰ ਫਿਰ ਕੀ ਕਰਨਗੇ? ਇਸ ਤੋਂ ਇਲਾਵਾ ਜਮਾਂ ਖ਼ੋਰੀ, ਫ਼ਸਲੀ ਕੀਮਤਾਂ ਦਾ ਵੱਧਣਾ, ਕਿਸਾਨਾਂ ਅਤੇ ਮਜਦੂਰਾਂ ਦੀਆਂ ਖ਼ੁਦਕੁਸ਼ੀਆਂ, ਪੇਂਡੂ ਭਾਈਚਾਰੇ ਦਾ ਟੁੱਟਣਾ ਅਤੇ ਗਰੀਬੀ ਲਾਜ਼ਮੀ।
ਸਰਕਾਰ ਪੱਖੀ ਮੀਡੀਆ ਅਤੇ ਸਰਕਾਰੀ ਬੁੱਧੀਜੀਵੀ ਵਰਗ ਇਹ ਤਰਕ ਦਿੰਦਾ ਹੈ ਕਿ ਇਹ ਕਾਨੂੰਨ ਅਮਰੀਕਾ, ਕੈਨੇਡਾ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿੱਚ ਲਾਗੂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਵਿਕਸਤ ਦੇਸ਼ਾਂ ਵਿੱਚ ਤਕਰੀਬਨ 2-5% ਆਬਾਦੀ ਖੇਤੀ ਤੇ ਨਿਰਭਰ ਹੈ। ਇਨ੍ਹਾਂ ਦੇਸ਼ਾਂ ਵਿੱਚ ਵੀ ਸੀਮਾਂਤ ਕਿਸਾਨ ਥੋੜ੍ਹੀ ਆਮਦਨ ਤੋਂ ਦੁੱਖੀ ਹਨ। ਹਾਲਾਂਕਿ ਇਨ੍ਹਾਂ ਮੁਲਕਾਂ ਵਿੱਚ ਖੇਤੀ ਬੀਮਾ, ਬੇਰੁਜ਼ਗਾਰੀ ਭੱਤੇ ਅਤੇ ਕਈ ਹੋਰ ਲੋਕ ਭਲਾਈ ਸਕੀਮਾਂ ਹਨ, ਜਿਨ੍ਹਾਂ ਦੀ ਭਾਰਤ ਵਿੱਚ ਘਾਟ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ 1980 ਵਿਆਂ ਤੋਂ ਬਾਅਦ ਹੁਣ ਤੱਕ ਕਿਸਾਨ, ਖੇਤੀ ਮਜ਼ਦੂਰ ਅਤੇ ਖੇਤੀ ਨਾਲ ਸੰਬੰਧਤ ਕਾਰੀਗਰ ਗੁਜ਼ਾਰੇ ਜੋਗੀ ਆਮਦਨ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨਾਲ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸ਼ੁੱਧ ਵਾਤਾਵਰਨ, ਪੜ੍ਹਾਈ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋ ਸਕਣ। 1966 ਦੀ ਹਰੀ ਕ੍ਰਾਂਤੀ ਤੋਂ ਲੈ ਕੇ 1980 ਤੱਕ ਕਿਸਾਨਾਂ ਦੀ ਆਮਦਨ ਵਧੀ ਸੀ, ਪਰ ਇੰਨੀ ਨਹੀਂ ਕਿ ਉਪਰੋਕਤ ਬੁਨਿਆਦੀ ਲੋੜਾਂ ਪੂਰੀਆਂ ਹੋ ਸਕਣ। ਦੇਸ਼ ਵਿੱਚ ਧੰਨ ਦੀ ਅਸਮਾਨਤਾ ਘੱਟ ਸੀ। ਜਦੋਂ ਦਾ ਦੇਸ਼ ਨਿੱਜੀਕਰਣ ਅਤੇ ਵਿਸ਼ਵੀਕਰਣ ਵੱਲ ਵਧਿਆ, ਦੇਸ਼ ਦੀ ਕੁੱਲ ਆਮਦਨ ਦਾ ਤਕਰੀਬਨ 75% ਹਿੱਸਾ ਤਕਰੀਬਨ 3% ਕਾਰਪੋਰੇਟਾਂ ਪਾਸ ਜਮ੍ਹਾਂ ਹੋ ਗਿਆ।
ਖੇਤੀ 'ਤੇ ਨਿਰਭਰ 55% ਆਬਾਦੀ ਨੂੰ ਦੇਸ਼ ਦੀ ਕੁੱਲ ਆਮਦਨ ਦਾ 16% ਹਿੱਸਾ ਮਿਲਦਾ ਹੈ। ਅਗਰ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਦਿਆਂ, ਖੇਤੀ ਦੀ ਲਾਗਤ ਤੋਂ ਡੇਢੀ ਆਮਦਨ ਦੇ ਦਿੱਤੀ ਜਾਵੇ ਤਾਂ ਕਿਸਾਨਾਂ ਨੂੰ ਕੁੱਝ ਰਾਹਤ ਤਾਂ ਮਿਲੇਗੀ, ਉਹ ਵੀ ਦਰਮਿਆਨੇ ਅਤੇ ਵੱਡੇ ਕਿਸਾਨਾਂ ਨੂੰ। ਪਰ ਛੋਟੇ ਅਤੇ ਸੀਮਾਂਤ ਕਿਸਾਨ ਆਪਣੀਆਂ ਮੁੱਢਲੀਆਂ ਲੋੜਾਂ ਫਿਰ ਵੀ ਪੂਰੀਆਂ ਨਹੀਂ ਕਰ ਸਕਣਗੇ। ਇਸ ਲਈ ਜ਼ਰੂਰਤ ਹੈ ਕਿ ਦੇਸ਼ ਦੀ ਸਰਕਾਰ ਖੇਤੀ ਹਿੱਤ ਨੀਤੀਆਂ ਬਣਾਵੇ ਅਤੇ ਕੁੱਲ ਆਮਦਨ ਵਿੱਚੋਂ 16% ਦੀ ਬਿਜਾਏ ਇੰਨਾਂ ਕੁ ਹਿੱਸਾ ਹੋਰ ਵਧਾਇਆ ਜਾਵੇ ਤਾਂ ਕਿ ਆਮ ਕਿਸਾਨ, ਖੇਤ ਮਜ਼ਦੂਰ ਅਤੇ ਖੇਤੀ ਕਾਰੀਗਰ ਮਾਣ ਨਾਲ ਜੀਅ ਸਕਣ। ਇਨ੍ਹਾਂ ਨੀਤੀਆਂ ਬਾਰੇ ਕੁੱਝ ਸਲਾਹ ਦੇ ਦੇਵਾਂ ਕਿ ਕੋਆਪਰੇਟਿਵ ਖੇਤੀ ਨੂੰ ਪ੍ਰੋਸਾਹਿਤ ਕੀਤਾ ਜਾਵੇ। ਕਿਸਾਨ ਕੋਆਪਰੇਟਿਵ ਸੰਸਥਾਵਾਂ ਰਾਹੀਂ ਖੇਤੀ ਨਾਲ ਸੰਬੰਧਤ ਸਮਾਨ ਖ੍ਰੀਦਣ ਅਤੇ ਇਨ੍ਹਾਂ ਰਾਹੀਂ ਹੀ ਵੇਚਣ। ਇਸ ਏਕੇ ਨਾਲ ਉਨ੍ਹਾਂ ਦੀ ਸੌਦੇਬਾਜ਼ੀ ਦੀ ਤਾਕਤ ਵਧੇਗੀ ਅਤੇ ਲਾਗਤ ਦਾ ਸਸਤਾ ਸਮਾਨ ਅਤੇ ਉਨ੍ਹਾਂ ਦੀ ਉੱਪਜ ਵਾਜ਼ਬ ਕੀਮਤ ਤੇ ਵਿਕੇਗੀ।ਖੇਤੀ ਵਿੱਚ ਵਰਤੇ ਜਾਣ ਵਾਲੀ ਮਸ਼ਿਨਰੀ ਅਤੇ ਅੋਜ਼ਾਰਾਂ ਦੀ ਖਰੀਦ ਅਤੇ ਘਸਾਈ ਵਚੇਗੀ। ਸਮਾਜਿਕ ਸਾਝਾਂ ਵੱਧਣਗੀਆਂ।ਖੇਤੀ ਤੋਂ ਵਧੀ ਵਸੋਂ ਨੂੰ ਪਿੰਡਾਂ ਵਿੱਚ ਹੀ ਖੇਤੀ ਨਾਲ ਸਬੰਧਤ ਕਾਰਖ਼ਾਨੇ ਅਤੇ ਵਰਕਸ਼ਾਪਾਂ ਖੋਲ ਕੇ ਰੁਜ਼ਗਾਰ ਦੇਵੇ। ਨਿੱਜੀਕਰਣ ਨੂੰ ਸਰਕਾਰ ਕੰਟਰੋਲ ਅਧੀਨ ਚਲਾਵੇ ਅਤੇ ਪੱਬਲਕ ਸੈਕਟਰ ਨੂੰ ਵੜੋਤਰੀ ਦਿੱਤੀ ਜਾਵੇ। ਡੀਜ਼ਲ ਜਿਹੜਾ ਕਿ ਕਿਸਾਨੀ ਦੀ ਲਾਗਤ ਦਾ ਵੱਡਾ ਹਿੱਸਾ ਹੈ, ਸਰਕਾਰ ਇਸ ਨੂੰ ਕੰਟਰੋਲ ਕਰਕੇ ਕਿਸਾਨਾਂ ਨੂੰ ਵਾਜਬ ਭਾਅ ਤੇ ਵੇਚੇ, ਨਾ ਕਿ ਹੁਣ ਵਾਂਗ ਜਿਹੜਾ ਪਿਛਲੇ ਛੇਆਂ ਸਾਲਾਂ ਤੋਂ 35 ਰੁਪਏ ਤੋਂ ਵੱਧ ਕੇ 100 ਰੁਪਏ ਨੂੰ ਪਹੁੰਚ ਗਿਆ ਹੈ।
ਕਿਸਾਨ ਕੁਦਰਤ ਪੱਖੀ ਖੇਤੀ ਵੱਲ ਧਿਆਨ ਦੇਣ, ਜਿਵੇਂ ਕਿ ਉਹ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕਰਦੇ ਸਨ। ਮੰਨਦੇ ਹਾਂ ਕਿ ਆਮਦਨ ਘੱਟ ਹੋਏਗੀ, ਪਰ ਇਸ ਵਿੱਚ ਸਰਕਾਰ ਨੂੰ ਆਪਣੀਆਂ ਲੋਕ ਭਲਾਈ ਨੀਤੀਆਂ ਲਾਗੂ ਕਰਕੇ ਕਿਸਾਨ ਅਤੇ ਮਜ਼ਦੂਰ ਵਰਗ ਦੀ ਵਾਂਹ ਫਵਨੀ ਹੋਏਗੀ। ਝੋਨੇ ਨੂੰ ਘਟਾ ਕੇ ਦਾਲਾਂ, ਫਲਾਂ ਵਾਲੀ ਖੇਤੀ ਵੱਲ ਧਿਆਨ ਦੇਣਾ ਪਵੇਗਾ। ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਨਾਲ ਲੱਗਦੇ ਅਰਬ ਦੇਸ਼ਾਂ ਨਾਲ ਚੰਗੇ ਸਬੰਧ ਬਣਾ ਕੇ ਖੇਤੀ ਉਤਪਾਦ ਦੀ ਖੱਪਤ ਇਨ੍ਹਾਂ ਦੇਸ਼ਾਂ ਵਿੱਚ ਹੋ ਸਕਦੀ ਹੈ। ਪਰ ਇਸ ਵਿੱਚ ਦੇਸ਼ ਦੀ ਸਰਕਾਰ ਨੂੰ ਆਪਣੀ ਸੌੜੀ ਸਿਆਸਤ ਛੱਡ ਕੇ ਲੋਕ ਪੱਖੀ ਸੋਚ ਅਪਨਾਉਣੀ ਪਵੇਗੀ। ਖੇਤੀ ਨਾਲ ਸਬੰਧਤ, ਸੂਰ ਪਾਲਣ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ ਆਦਿ ਨੂੰ ਸੁਹਿਰਦਤਾ ਨਾਲ ਅਪਣਾਇਆ ਜਾ ਸਕਦਾ ਹੈ।ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣਾ ਬੱਣਦਾ ਵਿੱਤੀ ਅਤੇ ਤਕਨੀਕੀ ਯੋਗਦਾਨ ਪਾਉਣ।
ਮੌਕੇ ਦੀ ਲੋੜ ਹੈ ਕਿ ਦੇਸ਼ ਦੀ ਸਰਕਾਰ ਜਿਹੜੀ ਭਾਰਤ ਨੂੰ ਦੁਨੀਆਂ ਦਾ ਵੱਡਾ ਲੋਕਤੰਤਰੀ ਦੇਸ਼ ਦਾ ਢੰਡੋਰਾ ਪਿੱਟਦੀ ਹੈ, ਭਾਰਤ ਨੂੰ ਅਸਲੀ ਅਰਥਾਂ ਵਿੱਚ ਲੋਕਤੰਤਰ ਬਣਾਵੇ। ਲੋਕਤੰਤਰ ਨੂੰ ਸਿਰਫ਼ ਕਾਰਪੋਰੇਟ ਤੰਤਰ ਨਾ ਬਣਾਵੇ, ਬਲਕਿ ਲੋਕਾਂ ਵੱਲੋਂ, ਲੋਕਾਂ ਰਾਹੀਂ ਅਤੇ ਲੋਕਾਂ ਲਈ ਤੰਤਰ ਬਣਾਵੇ। ਕੀ ਅਰਥ ਨਿਕਲਦੇ ਹਨ ਦੇਸ਼ ਨੂੰ ਦੁਨੀਆਂ ਦੀ ਉੱਭਰਦੀ ਆਰਥਿਕਤਾ ਦੱਸਣ ਦੇ, ਜਦੋਂ ਦੇਸ਼ ਦਾ 98% ਧੰਨ 3% ਕਾਰਪੋਰੇਟਾਂ ਪਾਸ ਇਕੱਠਾ ਹੋ ਰਿਹਾ ਹੈ 'ਤੇ ਦੇਸ਼ ਦਾ ਆਮ ਨਾਗਰਿਕ ਭੁੱਖ-ਮਰੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਜਾਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਬੈਠਾ ਹੈ।
ਕਿਸਾਨ ਵੀ ਦੇਸ਼ ਦੇ ਵੋਟਰ ਹਨ, ਕਿਉਂ ਇਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਵੇ। ਅਗਰ ਤੰਗੀ ਤੁਰਸ਼ੀਆਂ ਦੇ ਸ਼ਿਕਾਰ ਕਿਸਾਨ 6/7 ਮਹੀਨਿਆਂ ਦੇ ਬਾਰਡਰਾਂ ਤੇ ਬੈਠੇ ਹਨ, ਤਾਂ ਜ਼ਰੂਰ ਹੀ ਉਨ੍ਹਾਂ ਦਾ ਦਰਦ ਹਿਰਦਿਆਂ ਵਿੱਚੋਂ ਨਿਕਲਿਆ ਦਰਦ ਹੋਵੇਗਾ। ਪੰਜਾਬ ਦੇ ਪ੍ਰਮੁੱਖ ਬੀ. ਜੇ. ਪੀ. ਨੇਤਾਵਾਂ ਦਾ ਇਹ ਆਖਣਾ ਕਿ ਆਮ ਕਿਸਾਨ ਤਾਂ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਹਨ, ਪਰ ਕੁੱਝ ਕੁ ਕਿਸਾਨ ਲੀਡਰ ਆਪਣੇ ਨਿੱਜੀ ਹਿੱਤਾਂ ਲਈ, ਇਨ੍ਹਾਂ ਨੂੰ ਗੁੰਮਰਾਹ ਕਰ ਰਹੇ, ਸਰਾਸਰ ਗ਼ਲਤ ਹੈ। ਕਦੇ ਮੁਲਾਜ਼ਮਾਂ, ਵਿਉਪਾਰੀਆਂ, ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਆਮ ਮਜ਼ਦੂਰਾਂ ਦੇਸ਼ ਦੇ ਬੱਧੀਜੀਵੀਆਂ ਦੀ ਵੀ, ਸਲਾਹ ਲਵੋ ਕਿ ਉਹ ਇਸ ਬਾਰੇ ਕੀ ਸੋਚਦੇ ਹਨ। ਐਵੇਂ ਆਪਣੀ ਨਿੱਜੀ ਕੁਰਸੀ ਕਾਇਮ ਕਰਨ ਲਈ ਕੌਮ ਵਿਰੋਧੀ ਬਿਆਨ ਦਾਗ ਦੇਣੇ, ਸ਼ੋਭਾ ਨਹੀਂ ਦਿੰਦੇ। ਕਿਉਂ ਨਹੀਂ ਇੱਕ ਵਾਰੀ ਇਹ ਕਹਿ ਕੇ ਕਾਨੂੰਨ ਵਾਪਸ ਲੈ ਲੈਂਦੇ, '' ਅਸੀਂ ਤਾਂ ਕਿਸਾਨੋ ਤੁਹਾਡਾ ਭਲਾ ਕਰਨਾ ਚਾਹੁੰਦੇ ਸੀ, ਪਰ ਜੇ ਤੁਸੀਂ ਭਲਾ ਨਹੀਂ ਕਰਾਉਣਾ ਚਾਹੁੰਦੇ ਤਾਂ ਅਸੀਂ ਕਾਨੂੰਨ ਵਾਪਸ ਲੈ ਲੈਂਦੇ ਹਾਂ!'' ਇਸ ਨਾਲ ਤੁਹਾਡੀ ਵੀ ਰਹਿ ਜਾਊ ਅਤੇ ਕਿਸਾਨਾਂ ਦੀ ਵੀ। ਮੋਹਰਲੇ ਸਾਲ ਅਤੇ 2024 ਦੀਆਂ ਚੋਣਾਂ ਦਾ ਹੀ ਖ਼ਿਆਲ ਕਰ ਲਵੋ, ਕਿਉਂਕਿ ਇਨ੍ਹਾਂ ਪਾਸ ਵੀ ਵੋਟ ਦਾ ਅਧਿਕਾਰ ਹੈ।ਮੇਰੀ ਤਾਂ ਤੁਹਨੂੰ ਇਹੀ ਸਲਾਹ ਹੈ, ' ਇੱਕ ਵਾਰੀ ਕਹਿ ਦੇ ਟੁੱਟ ਗਈ, ਕਾਹਨੂੰ ਜਾਨ ਤੂੰ ਦੁੱਖਾਂ ਵਿੱਚ ਪਾਈ '।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਐਮ.ਏ., ਬੀ.ਐਡ., ਡੀ.ਐਮ.ਐਸ
ਮੋ: 7400717165
ਭੁੱਲੀਆਂ ਜਾਂਦੀਆਂ ਯਾਦਾਂ ਲੋਕੋ - ਬਲਵੰਤ ਸਿੰਘ ਗਿੱਲ
ਛਿਟੀ ਨਾਲ ਸਾਇਕਲ ਦਾ ਪੜੂਆ ਦੁੜਾਉਣ ਦੀਆਂ,
ਲੰਗੋਜੇ, ਪੀਪਨੀਆਂ ਅਤੇ ਵਾਜੇ ਵਜਾਉਣ ਦੀਆਂ,
ਬਾਰਾਂ ਟਾਹਣੀ, ਅੱਡਾ ਖੱਡਾ ਅਤੇ ਵਾਂਟੇ ਖਿਡਾਉਣ ਦੀਆਂ,
ਕੋਟਲ੍ਹਾ ਛਪਾਕੀ ਜੁੱਮੇਂ, ਪਿੱਛੇ ਮੁੱੜ ਕੇ ਅੱਖ ਘੁੰਮਾਉਣ ਦੀਆਂ,
ਗੋਟਲੇ ਨਾਲ ਡੂਹੀ 'ਤੇ ਪੈਂਦੀਆਂ ਲਾਸ਼ਾਂ ਦੀਆਂ,
ਅੱਡੀ ਨਾ ਖੜਕਾ ਕੇ, ਦੌੜ ਕੇ ਵੰਟਾ ਚੁੱਡਣ ਦੀਆਂ,
ਗੱਲਾਂ ਚੇਤੇ ਆਉਦੀਆਂ, ਮੇਰੇ ਰੋਲ੍ਹੀ ਯਾਰ ਦੀਆਂ,
ਕਿਉਂ ਭੁੱਲੀਆਂ ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।
ਪੀੜ੍ਹੀ, ਛਿੱਕੂ, ਦਵਾਖੜੀ, ਮੂੜਾ ਅਤੇ ਸਲਾਈ ਦੀਆਂ,
ਚਰਖ਼ੇ, ਪੂਣੀਆਂ ਅਤੇ ਕਾਹੜਨੀ ਦੇ ਦੁੱਧ ਦੀ ਮਲ੍ਹਾਈ ਦੀਆਂ,
ਖ਼ੁਰਚਣਾ, ਭੁਕਨਾਂ, ਚਿੱਮਟਾ, ਤੱਸਲਾ ਅਤੇ ਧੰਦਿਆਈ ਦੀਆਂ,
ਕੈਂਹੇ ਦਾ ਛੰਨਾ, ਦੁੱਧੂਨਾ, ਕਮੰਡਣ, ਗੱੜਵੀ ਅਤੇ ਕੜਾਹੀ ਦੀਆਂ,
ਊਟਣਾਂ, ਜੁੰਗਲਾ, ਤੰਗਲ੍ਹੀ, ਮੁੰਨਾ ਅਤੇ ਸਰਸਾਹੀ ਦੀਆਂ,
ਦੌਣ, ਪੌਂਦੀ, ਸੱਣ, ਸਨੁੱਕੜਾ, ਬਾਥੂ ਅਤੇ ਚਲਾਈ ਦੀਆਂ,
ਡੀਲਾ, ਖੱਬਲ, ਇਟਸਿਟ, ਕਾਹੀ, ਬਰੂ ਦੇ ਸੁਭਾਅ ਖ਼ੂੰ ਖ਼ਾਰ ਦੀਆਂ,
ਕਿਉਂ ਭੁੱਲੀਆਂ ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।
ਕਾਂਡੀ, ਤੇਸੀ, ਸਾਲ੍ਹ, ਸੂਤ ਅਤੇ ਸੀਂਮਟ ਰੇਤੇ ਦਾ ਮਸਾਲਾ,
ਨਾ ਕੋਈ ਸਕੀਰੀ ਅਤੇ ਨਾ ਹੀ ਆਵਤਾਂ, ਰਿਹਾ ਨਾ ਕੋਈ ਕਬੀਲਾ,
ਕੁੱੜਮਾਂਚਾਰੀ, ਭਣੋਈਆ, ਪਤਿਓਰਾ, ਫ਼ਫ਼ੇਸ ਅਤੇ ਦਦਿਓਰਾ,
ਦਰਾਣੀਆਂ, ਜੇਠਣੀਆਂ, ਨਣਾਨਾਂ ਜੇਠ ਅਤੇ ਨੰਨਿਓਰਾ,
ਔੜਾਂ, ਵੱਤਾਂ, ਟਿੱਬੇ, ਟੋਭੇ, ਟਿੰਡਾਂ, ਪੈੜੀ ਦਾ ਘੁੰਮਣ ਘੇਰਾ,
ਅੰਮ੍ਰਿਤ ਵੇਲੇ ਕੁੱਕੜ ਦੀ ਵਾਂਗ 'ਤੇ ਕਦੇ ਪਿੰਡ ਉਠੱਦਾ ਸੀ ਸਾਰਾ,
ਕੁਵੇਲੇ ਉੱਠਦਿਆਂ ਡਾਕਟਰਾਂ ਪਾਸ ਲਾਇਨਾਂ ਲੱਗਣ ਬੀਮਾਰ ਦੀਆਂ,
ਕਿਉਂ ਭੁੱਲੀਆਂ ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।
ਸਰੋਂ, ਕਾਸਣੀ, ਤਾਰਾਮੀਰਾ ਅਤੇ ਚੰਮੇਲੀ ਦੇ ਅਤਰ ਫ਼ਲੇਲ ਦੀਆਂ,
ਛਿੱਛਾ, ਪੂੜੇ, ਮੁਰਮੁਰੇ, ਖਿੱਲਾਂ, ਹੋਲ੍ਹਾਂ ਅਤੇ ਮੱਲ੍ਹਿਆਂ ਦੇ ਬੇਰ ਦੀਆਂ,
ਤੱਪੜ, ਫੱਟੀਆ, ਸਲੇਟਾਂ, ਦਵਾਤਾਂ, ਨਿੱਬਾਂ, ਮਣਾਂ ਅਤੇ ਸੇਰ ਦੀਆਂ,
ਤੋਕੜ ਮੱਝਾਂ, ਖੋਲ੍ਹੇ, ਨਿਆਈਆਂ, ਮੁੜਾਸੇ ਅਤੇ ਮਧੇੜ ਦੀਆਂ,
ਸੱਰਘੀ ਵੇਲਾ, ਸ਼ਾਹ ਵੇਲਾ, ਲੌਢਾ ਵੇਲਾ, ਸਾਢੂੰਆਂ ਅਤੇ ਮਸੇਰ ਦੀਆਂ,
ਡੂੰਮਣੇ, ਮਧੋੜੀਆਂ, ਭਰਿੰਡਾਂ, ਭੂੰਡਾਂ ਤੋਂ ਡਰਦੇ ਨਾਢੂ ਖ਼ਾਂ ਦਲੇਰ ਦੀਆਂ,
ਸਾਝਾਂ, ਸਕੀਰੀਆਂ, ਭਾਈਚਾਰੇ ਗਏ, ਮਾੜੀਆਂ ਨੀਤਾਂ ਤੇਰ ਮੇਰ ਦੀਆਂ,
ਖੁਸ਼ਹਾਲ ਪੁਰੀਏ 'ਗਿੱਲ' ਨੂੰ ਵੀ ਭੁੱਲਦੀਆਂ ਜਾਂਦੀਆਂ ਲੋਕੋ,
ਯਾਦਾਂ ਮਾਂ ਬੋਲੀ ਦੇ ਅਨਮੋਲ ਭੰਡਾਰ ਦੀਆਂ।
ਬਲਵੰਤ ਸਿੰਘ ਗਿੱਲ
ਬੈਡਫ਼ੋਰਡ