Budh Singh Neellon

ਮੰਡੀ - ਬੁੱਧ ਸਿੰਘ ਨੀਲੋਂ

ਇਹ ਦੁਨੀਆਂ  ਮੰਡੀ  ਬਣ ਗਈ ਹੈ
ਜਾ ਮੰਡੀ  ਬਣਾ ਦਿੱਤੀ  ਹੈ
ਗੱਲ  ਇੱਕੋ ਹੀ ਹੈ ।

ਹੁਣ ਕੋਈ  ਖਰੀਦਣ ਵਾਲਾ
ਨਹੀਂ ਰਿਹਾ
ਸਭ ਵਿਕਣ ਵਾਲੇ ਹਨ,
ਹਰ ਕੋਈ  ਆਪਣੇ  ਮਾਲ ਜਾ
ਆਪਣੇ  ਆਪ ਨੂੰ
ਸ਼ਿੰਗਾਰ ਕੇ ਲਿਆ  ਰਿਹਾ ਹੈ
ਹੁਣ ਤਾਂ  ਹੀ
ਮੰਡੀ  ਦੇ ਭਾਅ
ਨਿਰੰਤਰ ਮੁਦਰਾ ਵਾਂਗੂੰ
ਡਿੱਗਦੇ ਹਨ
ਹੁਣ ਵਸਤੂਆਂ ਨਹੀਂ
ਕਿਰਦਾਰ  ਵਿਕਦੇ ਹਨ ।

ਝੂਠ  ਦੀ ਪੰਡ ਦਾ
ਹੋ ਰਿਹਾ ਗਰਾਫ ਵੱਡਾ
ਝੂਠ  ਵਧਦਾ ਜਾ ਰਿਹਾ  
ਸੱਚ ਡੁੱਬ  ਰਿਹਾ
ਜਾ
ਸੱਚ ਕਿਧਰੇ ਛੁਪ ਗਿਆ  ਹੈ ।

ਝੂਠ  ਵਿਕ ਰਿਹਾ ਹੈ
ਬਜ਼ਾਰ  ਵਿੱਚ
ਤੂੰ  ਕਿਵੇਂ  ਬਚ ਗਿਆ  ?
ਬੁੱਧ  ਨਾਥ ??

ਤੂੰ  ਵੱਟ ਲੈ ਚਾਰ ਦਮੜੇ
ਹੁਣ ਦਮੜੀ ਦਾ ਬੋਲਬਾਲਾ  ਹੈ,
ਚਮੜੀ, ਅਕਲ ਤੇ ਸ਼ਕਲ ਨੂੰ
ਕੌਣ ਪੁੱਛਦਾ ਇੱਥੇ ?

ਨਾ ਬਾਪ ਨਾ ਬਈਆ
ਸਭ  ਸੇ ਬੜਾ  ਰੁਪਈਆ ।  

ਪਰ ਰੁਪਈਆ  ਸਭ ਕੁੱਝ
ਸਭ ਕੁੱਝ  ਰੁਪਈਆ  ਨਹੀਂ
ਜੇ ਹੈ ਤਾਂ  ਵਿਚਾਰ  ਵੱਡਾ  ਹੈ
ਤੂੰ  ਆਪਣੇ  ਵਿਚਾਰ  ਵੇਚ
ਤੇ ਧੁੱਪ  ਸੇਕ !
ਮੰਡੀ  ਦੀਆਂ  ਚੀਕਾਂ ਨਾ ਸੁਣ
ਕੋਈ  ਨਵਾਂ  ਰਸਤਾ ਚੁਣ
ਸੁਣ ਸਾਹਿਬਾਂ  ਸੁਣ
ਸੁਣ ਸੁਣ
ਸਾਹਿਬ  ਦੀ ਗੱਲ ਸੁਣ
ਸ਼ਬਦ ਦੀ ਆਵਾਜ਼  ਸੁਣ
ਮੰਡੀ  ਦਾ ਸ਼ੋਰ ਨਾ ਸੁਣ
ਇਹ ਵਪਾਰੀ
ਇਹ ਅਧਿਕਾਰੀ
ਇਹ ਲਿਖਾਰੀ
ਸਭ ਬਣੇ ਵਪਾਰੀ
ਤੂੰ  ਨਾ ਇਹਨਾਂ  ਦਾ
ਮਾਲ ਬਣ
ਨਾ ਰੁਮਾਲ ਬਣ
ਬਨਣਾ  ਹੈ ਤਾਂ
ਸ਼ਬਦ ਵੀਚਾਰੁ ਬਣ !
ਵਿਚਾਰ ਕੇ ਝੂਠ
ਅੱਗੇ ਤਣ
ਨਾ ਬਣ ਸਣ
ਨਾ ਰੱਸਾ ਬਣ
ਕਲਮ ਬਣ
ਸਾਜ਼ ਬਣ
ਆਵਾਜ਼  ਬਣ
ਸੁਰ-ਤਾਲ ਤੇ ਸ਼ਬਦ ਗਾ
ਨਾ ਮੰਡੀ  ਬਣ
ਸੂਰਜ  ਬਣ
 ਜੋ ਬਨਣਾ  ਹੈ, ਬਣ
ਪਰ ਕਿਸੇ ਹਥਿਆਰ ਦਾ
ਦਸਤਾ ਨਾ ਬਣੀ
ਸਸਤਾ ਨਾ ਬਣੀ ।

ਰੱਖ ਧੌਣ ਸਿੱਧੀ
ਜਿਹੜੀ  ਜਾਵੇ  ਨਾ ਮਿੱਧੀ
ਹੁਣ ਧੌਣ ਕਟਵਾਉਣ ਲਈ ਨਹੀਂ
ਸਗੋਂ  ਜਿਉਂਦੇ  ਹੋਣ ਦਾ
ਉਚੀ ਤੇ ਸੁੱਚੀ ਰੱਖ
ਇਹ ਜਿਉਂਦੇ ਹੋਣ ਦਾ
ਪ੍ਰਤੀਕ  ਹੈ  !

ਮੰਡੀ  ਵਿੱਚ  ਸਭ ਕੁੱਝ
ਵੇਚਿਆ  ਨਹੀਂ  ਜਾਂਦਾ
ਕੁੱਝ  ਖਰੀਦਿਆ ਵੀ ਨਹੀਂ  ਜਾਂਦਾ
ਪਰ ਮੰਡੀ  ਦਾ, ਕਦੇ ਬਜ਼ਾਰ  ਦਾ ਗੇੜਾ
ਮਾਰਿਆ  ਕਰ,
ਜਿਉਂਦੇ  ਹੋਣ ਦਾ ਪਤਾ ਲੱਗਦਾ ਹੈ
ਮੰਡੀ  ਦੇ ਭਾਅ ਵੀ ਪਤਾ ਲੱਗਦਾ ਹੈ ।
ਮੰਡੀ ਦੀ ਕਿਉਂ, ਕਿਵੇਂ, ਕਿਸ ਲਈ
ਕਿਸ ਨੇ ਕੀਮਤ ਘਟਾਈ ?
 ਸੋਚ, ਵਾਰ ਵਾਰ ਸੋਚ !!
 ਬੁੱਧ  ਸਿੰਘ  ਨੀਲੋਂ
ਸੰਪਰਕ : 94643 70823

ਅਸੀਂ ਰਹਿਗੇ ਭਾਅ ਪੁੱਛਦੇ ....... !  - ਬੁੱਧ ਸਿੰਘ ਨੀਲੋੰ

ਪੰਜਾਬੀ ਦੇ ਗਾਇਕ ਦੀਦਾਰ ਸੰਧੂ ਦੇ ਗੀਤ ਜ਼ਿੰਦਗੀ ਦੇ ਤੱਤ ਸਾਰ ਦੀ ਬਾਤ ਪਾਉਂਦੇ ਹਨ । ਉਸਦੇ ਇੱਕ ਮਸ਼ਹੂਰ ਗੀਤ ਦੀਆਂ ਸਤਰਾਂ ਹਨ :
"ਖੱਟੀ ਖੱਟਗੇ ਮੁਰੱਬਿਆਂ ਵਾਲ਼ੇ
ਨੀ ਅਸੀਂ ਰਹਿ ਗੇ ਭਾਅ ਪੁੱਛਦੇ !"
ਰਜਵਾੜਾਸ਼ਾਹੀ ਅਤੇ ਬਸਤੀਵਾਦੀ ਹਕੂਮਤਾਂ ਦੇ ਦੌਰ ਵਿੱਚ ਮੁਰੱਬੇ ਹਾਸਲ ਕਰਨ ਵਾਲ਼ਿਆਂ ਦਾ ਕਾਰੋਬਾਰ ਕੀ ਸੀ ? ਬਹੁਤੀ ਸਿਰ ਖਪਾਈ ਦੀ ਲੋੜ ਨਹੀਂ, ਉਹਨਾਂ ਦਾ ਓਹੀ ਕਾਰੋਬਾਰ ਸੀ ਜੋ ਅੱਜ ਦੇ ਗੱਦਾਰਾਂ ਦਾ ਹੈ। ਉਹਨਾਂ ਭਲਿਆਂ ਸਮਿਆਂ ਵਿੱਚ ਵੀ ਉਹ ਇਹੀ ਕਾਰੋਬਾਰ ਕਰਦੇ ਸਨ । ਉਹ ਪਹਿਲਾਂ ਮੁਗਲਾਂ ਦੇ ਸੇਵਕ ਰਹੇ, ਫੇਰ ਅੰਗਰੇਜ਼ਾਂ ਦੇ ਬਣ ਗਏ। ਪਰ ਹੁਣ ਲੋਕਤੰਤਰ ਦੇ ਦੌਰ ਵਿੱਚ ਉਹ ਸਮੇਂ ਦੇ ਹਾਕਮਾਂ ਦੇ ਦਿੱਤੇ ਲਾਲਚ ਕਾਰਨ ਨਹੀਂ, ਸਗੋਂ ਆਪ ਹੀ ਨਿਸ਼ਕਾਮ ਸੇਵਾ ਕਰਨ ਲੱਗ ਪਏ ਹਨ । ਹੁਣ ਹਰ ਸ਼ੈਅ ਦੇ ਭਾਅ ਵਧ੍ਹੇ ਹਨ । ਉਂਜ ਹਰ ਸ਼ੈਅ ਵਿਕਾਊ ਹੈ ਪਰ ਖਰੀਦਦਾਰ ਕੋਈ ਨਹੀਂ । ਇਹ ਵੀ ਨਹੀਂ ਕਿ ਤੁਸੀਂ ਕਿਸੇ ਨੂੰ ਖਰੀਦ ਸਕੋ । ਸਭ ਦਾ ਆਪੋ ਆਪਣਾ ਸੁਭਾਅ ਤੇ ਕਿਰਦਾਰ ਹੈ । ਹੁਣ ਭਾਵੇਂ ਪੈਸਾ ਹੀ ਕਿਰਦਾਰ ਬਣ ਗਿਆ ਹੈ ਪਰ ਪੈਸੇ ਨਾਲ਼ ਮੋਹ, ਮੁਹੱਬਤ, ਪਿਆਰ ਵੇਚਿਆ ਖਰੀਦਿਆ ਨਹੀਂ ਜਾ ਸਕਦਾ। ਭਾਂਵੇਂ ਮੌਜੂਦਾ ਸਮੇਂ ਮਨੁੱਖ ਦੀ ਜ਼ਿੰਦਗੀ ਮੰਡੀ ਦੀ ਵਸਤੂ ਨਹੀਂ ਰਹੀ ਪਰ ਕੁਝ ਲੋਕ ਆਪਣੀ ਬੋਲੀ ਲਵਾਉਣ ਲਈ ਤਿਆਰ ਰਹਿੰਦੇ ਹਨ, ਇਸੇ ਕਰਕੇ ਲੋਕ ਭਾਅ ਪੁੱਛਦੇ ਹਨ !
        ਭਾਅ ਉਹੀ ਪੁੱਛ ਸਕਦੈ, ਜਿਸ ਦੀ ਜੇਬ੍ਹ ਵਿੱਚ ਨਗਦ ਨਾਂਵਾਂ ਹੋਵੇ ਤੇ ਜਿਸ ਨੂੰ ਕੀਮਤ ਦਾ ਪਤਾ ਹੋਵੇ। ਕੀਮਤ ਉਸ ਦੀ ਪੈਂਦੀ ਹੈ, ਜਿਸ ਦੀ ਕਿਸੇ ਨੂੰ ਲੋੜ ਹੋਵੇ। ਖਰੀਦਦਾ ਉਹੀ ਹੈ, ਜਿਸ ਕੋਲ਼ ਖਰੀਦਣ ਦੀ ਤਾਕਤ ਹੋਵੇ।
       ਖਰੀਦ ਵੇਚ ਦੀ ਰਵਾਇਤ ਬੜੀ ਪੁਰਾਣੀ ਹੈ ਤੇ ਇਸ ਦੀ ਬਹੁਤ ਲੰਮੀ ਅੰਤਹੀਨ ਕਹਾਣੀ ਹੈ। ਕਹਾਣੀ ਦਾ ਮੁੱਢ ਵੀ ਬੰਦਾ ਜਾਤ ਦੇ ਇਸ ਧਰਤੀ ਤੇ ਆਉਣ ਨਾਲ਼ ਹੀ ਸ਼ੁਰੂ ਹੋ ਗਿਆ ਸੀ। ਪਹਿਲਾਂ ਖਰੀਦ-ਵੇਚ 'ਚ ਦਮੜਿਆਂ ਦਾ ਨਹੀਂ, ਵਸਤਾਂ, ਪਸ਼ੂਆਂ, ਇਲਾਕਿਆਂ, ਆਦਮੀਆਂ ਤੇ ਔਰਤਾਂ ਦਾ ਵਟਾਂਦਰਾ ਹੁੰਦਾ ਸੀ। ਜਿਸ ਕੋਲ ਤਾਕਤ ਤੇ ਵਸਤੂਆਂ ਦੀ ਭਰਮਾਰ ਹੁੰਦੀ ਸੀ, ਉਸ ਦੀ ਇਲਾਕੇ ਵਿੱਚ ਪੂਰੀ ਇਜਾਰੇਦਾਰੀ ਹੁੰਦੀ ਸੀ। ਇਹ ਗੁਲਾਮੀ ਦੇ ਦੌਰ ਦੀਆਂ ਬਾਤਾਂ ਨੇ, ਉਹ ਬਾਤਾਂ ਜਿਹੜੀਆਂ ਹੁਣ ਕਿਤਾਬਾਂ ਵਿੱਚ ਸਿਮਟ ਕੇ ਰਹਿ ਗਈਆਂ ਹਨ। ਗੱਲ ਵਿੱਚੋਂ ਗੱਲ ਨਿਕਲ਼ਦੀ ਹੈ। ਬਾਤਾਂ ਸੁਣਾਉਣ ਵਾਲ਼ੀਆਂ ਨਾਨੀਆਂ ਦਾਦੀਆਂ ਤਾਂ ਭਾਵੇਂ ਹੁਣ ਵੀ ਹੈਗੀਆਂ ਨੇ, ਪਰ ਬਾਤਾਂ ਸੁਨਣ ਵਾਲਿਆਂ ਕੋਲ਼ ਈ ਵਿਹਲ ਨਹੀਂ। ਹੁਣ ਘਰ ਤੇ ਬਜ਼ਾਰ ਦਾ ਫਾਸਲਾ ਮੁੱਕ ਗਿਆ ਹੈ। ਇਸੇ ਕਰਕੇ ਜਿੰਨ੍ਹਾਂ ਕੋਲ਼ ਗਾਂਧੀ ਦੇ ਨੋਟਾਂ ਦੀ ਭਰਮਾਰ ਹੈ, ਉਨਾਂ ਨੇ ਘਰ ਨੂੰ ਹੀ ਬਜ਼ਾਰ ਬਣਾ ਦਿੱਤਾ ਹੈ।
     ਪਰ ਜਿਹੜੇ ਅਜੇ ਭਾਅ ਹੀ ਪੁੱਛਦੇ ਫਿਰਦੇ ਹਨ, ਉਨਾਂ ਕੋਲ਼ ਰੋਟੀ, ਕੱਪੜਾ ਤੇ ਮਕਾਨ ਦੀ ਵੀ ਸਹੂਲਤ ਨਹੀਂ ਹੈ। ਜੇ ਉਹਨਾਂ ਨੂੰ ਮਕਾਨ ਮਿਲ਼ ਜਾਵੇ ਤਾਂ ਉਹ ਦੁਕਾਨ ਖੋਲ੍ਹਣ ਬਾਰੇ ਜਰੂਰ ਸੋਚਣਗੇ। ਅੱਜਕੱਲ੍ਹ ਦੁਕਾਨਦਾਰੀ ਵਿੱਚ ਬੜਾ ਮੁਨਾਫ਼ਾ ਹੈ। ਕਿਸਾਨਾਂ ਕੋਲ਼ੋਂ ਇੱਕ ਰੁਪਏ ਕਿੱਲੋ ਦੇ ਭਾਅ ਖਰੀਦੇ ਗਏ ਆਲੂ ਵਪਾਰੀ ਦੇ ਕਾਰਖਾਨੇ ਵਿੱਚੋਂ ਦੀ ਗੇੜਾ ਦੇਕੇ ਬਾਜਾਰ ਵਿਚ ਪੰਜ ਸੌ ਰੁਪਏ ਕਿੱਲੋ ਦੇ ਹਿਸਾਬ ਨਾਲ਼ ਵਿਕਣ ਲਗਦੇ ਹਨ ਤੇ ਖਰੀਦਣ ਵਾਲ਼ੇ ਹੱਸਕੇ ਖਰੀਦਦੇ ਹਨ।
      ਕੁਦਰਤ ਦੀਆਂ ਮਾਰਾਂ ਝੱਲਦੇ ਤੇ ਫਾਕੇ ਕੱਟਦੇ ਕਿਸਾਨ ਖੁਦਕੁਸ਼ੀਆਂ ਕਰਨ ਤੱਕ ਪੁੱਜ ਗਏ ਹਨ ਜਦੋਂ ਕਿ ਉਹਨਾਂ ਦੀਆਂ ਫਸਲਾਂ ਖਰੀਦਣ ਵਾਲ਼ਿਆਂ ਦੇ ਭੜੋਲੇ ਨੋਟਾਂ ਨਾਲ਼ ਨੱਕੋ ਨੱਕ ਭਰ ਗਏ ਹਨ, ਉਹਨਾਂ ਕੋਲ਼ ਦੁਨੀਆਂ ਦੀ ਹਰ ਸੁਖ ਸਹੂਲਤ ਮੌਜੂਦ ਹੈ । ਉਹਨਾਂ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਉਹਨਾਂ ਇਸ ਧਰਤੀ ਤੋਂ ਕਦੇ ਵੀ ਨਹੀਂ ਜਾਣਾ ਇਸੇ ਕਰਕੇ ਉਹ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੋੜ 'ਚ ਲੱਗੇ ਹੋਏ ਹਨ।
       ਇਹ ਹੋੜ ਹੁਣ ਅੰਨ੍ਹੀਂ ਦੌੜ 'ਚ ਬਦਲ ਚੁੱਕੀ ਹੈ। ਅੰਨ੍ਹੀਂ ਦੌੜ ਉਹੀ ਲੋਕ ਦੌੜ ਸਕਦੇ ਹਨ ਜਿਹਨਾਂ ਦੇ ਭਾਈਵਾਲ਼ ਭ੍ਰਿਸ਼ਟ ਸਿਆਸਤਦਾਨ ਹੁੰਦੇ ਹਨ। ਸੱਤਾ, ਕਾਨੂੰਨ, ਪੁਲਿਸ ਤੇ ਬਜ਼ਾਰ ਸਭ ਕੁਝ ਉਹਨਾਂ ਦੀ ਜੇਬ੍ਹ ਵਿੱਚ ਹੁੰਦਾ ਹੈ। ਜੇ ਕੁਝ ਨਹੀਂ ਹੁੰਦਾ ਤਾਂ ਸਿਰ ਅੰਦਰ ਅਕਲ ਦਾ ਖਾਨਾ। ਜੇ ਹੋਵੇ ਤਾਂ ਉਹ ਹਉਮੈ, ਲਾਲਚ ਤੇ ਵਿਸ਼ੇ ਵਿਕਾਰਾਂ ਦੀ ਦਲਦਲ ਨਾਲ਼ ਭਰਿਆ ਹੁੰਦਾ ਹੈ ਪਰ ਜਿਸਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਨ੍ਹਾਂ ਅੰਦਰ ਕੁਝ ਕਰ ਗੁਜ਼ਰਨ ਦਾ ਜੋਸ਼ ਤਾਂ ਹੁੰਦਾ ਹੈ, ਪਰ ਚੰਗੇ ਮਾੜੇ ਕੰਮ ਦੀ ਹੋਸ਼ ਨਹੀਂ ਹੁੰਦੀ। ਹੋਸ਼ ਵਾਲਿਆਂ ਨੂੰ ਇਹ ਜੋਸ਼ ਵਾਲ਼ੇ ਤਾਕਤ ਦੇ ਸਹਾਰੇ ਵਰਤ ਜਾਂਦੇ ਹਨ। ਵਰਤੇ ਜਾਣ ਵਾਲਿਆਂ ਨੂੰ ਵਰਤੇ ਜਾਣ ਦਾ ਉਦੋਂ ਤੀਕ ਪਤਾ ਨਹੀਂ ਲੱਗਦਾ, ਜਦੋਂ ਤੱਕ ਉਹ ਮੱਛੀ ਵਾਂਙੂ ਪੱਥਰ ਚੱਟਕੇ ਵਾਪਸ ਨਹੀਂ ਮੁੜ ਆਉਂਦੇ।
      ਜਦੋਂ ਦੋ ਚੀਜ਼ਾਂ ਆਪਸ ਵਿੱਚ ਘਿਸਰਦੀਆਂ ਨੇ, ਤਾਂ ਨਵੀਂ ਊਰਜਾ ਪੈਦਾ ਹੁੰਦੀ ਹੈ। ਇਸ ਮੌਕੇ ਵਰਤੀਦੀਆਂ ਤਾਂ ਦੋਵੇਂ ਹੀ ਹਨ, ਕੋਈ ਵੱਧ ਤੇ ਕੋਈ ਘੱਟ। ਵੱਧ ਵਾਲ਼ਿਆਂ ਦਾ ਹੱਥ ਹਮੇਸ਼ਾ ਉੱਤੇ ਰਹਿੰਦਾ ਹੈ ਤੇ ਜਿਹੜਾ ਉੱਤੇ ਹੁੰਦਾ ਹੈ, ਉਹੀ ਜੇਤੂ ਹੁੰਦਾ ਹੈ। ਕਦੇ ਕਦੇ ਕਿਸੇ ਨੂੰ ਨੂਰਾ-ਕੁਸ਼ਤੀ ਵੀ ਲੜਨੀ ਪੈਂਦੀ ਹੈ ਕਿਉਂਕਿ ਕਿਸੇ ਖ਼ਾਸ ਨੂੰ ਸਦਾ ਜਿਤਾਉਣਾ ਮਜ਼ਬੂਰੀ ਹੁੰਦੀ ਹੈ, ਹਾਰਨ ਵਾਲਾ਼ ਭਾਂਵੇਂ ਜਿੰਨਾਂ ਮਰਜ਼ੀ ਤਾਕਤਵਰ ਹੋਵੇ।
       ਪਰ ਦੁੱਖ ਤਾਂ ਉਦੋਂ ਲਗਦਾ ਹੈ ਜਦੋਂ ਕੋਈ ਚਿੱਟੇ ਬਸਤਰ ਪਾ ਕੇ ਮਨੋਕਲਪਤ ਪਾਤਰਾਂ ਦਾ ਰੂਪ ਧਾਰ ਕੇ ਚੰਗੇ ਭਲਿਆਂ ਨੂੰ ਲੁੱਟ ਲਵੇ। ਪਰ ਲੁੱਟਣ ਵਾਲਿਆਂ ਦਾ ਤਾਂ ਇੱਕ ਨੁਕਾਤੀ ਪ੍ਰੋਗਰਾਮ ਲੁੱਟਣਾ ਹੀ ਹੁੰਦਾ ਹੈ। ਉਹ ਚੋਲ਼ਾ ਤੇ ਮਖੌਟਾ ਜਿਹੜਾ ਮਰਜ਼ੀ ਪਾ ਲੈਣ ਪਰ ਜਦੋਂ ਤੀਕ ਉਹਨਾਂ ਦਾ ਮਖੌਟਾ ਉਤਰਦਾ ਹੈ, ਉਦੋਂ ਤੱਕ ਸਮਾਂ ਲੰਘ ਚੁੱਕਾ ਹੁੰਦਾ ਹੈ।
       ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਜਦੋਂ ਚੇਤਿਆਂ ਦੀ ਤਖ਼ਤੀ ਉੱਤੇ ਯਾਦਾਂ ਦਸਤਕ ਦੇਂਦੀਆਂ ਹਨ ਤਾਂ ਮਨ ਵਿੱਚ ਵਿਚਾਰਾਂ ਦਾ ਜਵਾਰਭਾਟਾ ਆਉਂਦਾ ਹੈ । ਕਦੇ ਕਦੇ ਤਾਂ ਸੁਨਾਮੀ ਵਾਂਗੂੰ ਤਬਾਹੀ ਵੀ ਹੋ ਜਾਂਦੀ ਹੈ। ਮਨ ਆਪਣੇ ਆਪ ਨੂੰ ਸਵਾਲ ਕਰਦਾ ਕਰਦਾ ਖੁਦ ਹੀ ਸਵਾਲ ਬਣ ਕੇ ਰਹਿ ਜਾਂਦਾ ਹੈ। ਉਦੋਂ ਸਮਾਂ, ਸਥਿਤੀ ਤੇ ਹਾਲਾਤ ਬਦਲ ਜਾਂਦੇ ਹਨ। ਬਦਲੇ ਹਾਲਾਤ ਦੇ ਕਾਰਨ ਬੰਦੇ ਦੀ ਸੋਚ, ਸਮਝ ਤੇ ਸ਼ਕਤੀ ਵੀ ਘਟ ਜਾਂਦੀ ਹੈ।
      ਪਰ ਯਾਦਾਂ ਦੇ ਵਰਕੇ, ਝੀਥਾਂ ਥਾਣੀਂ ਵੀ ਰੋਸ਼ਨੀ ਦੀਆਂ ਕਿਰਨਾਂ ਬਣ ਬਣ ਆਉਂਦੇ ਹਨ, ਉਹ ਸੁੱਤਿਆਂ ਨੂੰ ਜਗਾਉਂਦੇ ਹਨ, ਪਰ ਜਿਹੜੇ ਫਿਰ ਵੀ ਸੁੱਤੇ ਰਹਿੰਦੇ ਹਨ ਉਹ ਤਲ਼ੀਆਂ 'ਤੇ ਸਰ੍ਹੋਂ ਉਗਾਉਂਦੇ ਹਨ। ਹੱਥਾਂ ਦੀਆਂ ਤਲ਼ੀਆਂ ਉੱਤੇ ਸਰ੍ਹੋਂ ਜਮਾਉਣ ਦਾ ਫ਼ਾਇਦਾ ਉਹਨਾਂ ਨੂੰ ਹੀ ਹੁੰਦਾ ਹੈ ਜਿਹਨਾਂ ਨੂੰ ਤੇਲ ਦੇ ਮੁੱਲ ਦਾ ਪਤਾ ਹੋਵੇ। ਹੁਣ ਤਾਂ ਤੇਲ ਪਿੱਛੇ ਸਾਮਰਾਜੀ ਤਾਕਤਾਂ ਵੀ ਹੱਥ ਧੋ ਕੇ ਪੈ ਗਈਆਂ ਹਨ, ਭਾਂਵੇਂ ਕਿ ਉਹ ਤੇਲ ਮਗਰ ਬਹੁਤ ਪਹਿਲਾਂ ਤੋਂ ਹੀ ਲੱਗੀਆਂ ਹੋਈਆਂ ਸਨ।
       ਕਾਲ਼ੇ ਦਿਨਾਂ ਵਿੱਚ ਜਦੋਂ ਕੋਈ ਰੋਸ਼ਨੀ ਬਣਦਾ ਹੈ ਤਾਂ ਉਸ ਦੇ ਆਲ਼ੇ ਦੁਆਲ਼ੇ ਚਾਨਣ ਹੀ ਚਾਨਣ ਹੋ ਜਾਂਦਾ ਹੈ। ਉਦੋਂ ਹੀ ਚਾਨਣ ਦੇ ਵਣਜਾਰਿਆਂ ਨੇ ਪੁਸਤਕ ਸੱਭਿਆਚਾਰ ਤੇ ਨਸ਼ਿਆਂ ਵਿਰੁੱਧ ਕਾਫਲਾ ਤੋਰਿਆ ਸੀ। ਇਸ ਨੇ ਸਭ ਦਾ ਧਿਆਨ ਖਿੱਚਿਆ ਸੀ। ਨੰਗੇ ਧੜ, ਨੰਗੀਆਂ ਸੜਕਾਂ, ਗੋਲੀਆਂ ਤੇ ਧਮਾਕਿਆਂ ਦੀ ਗੜਗੜਾਹਟ ਕਾਰਨ ਚਾਰ ਚੁਫੇਰੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਸੀ। ਉਦੋਂ ਤਾਂ ਇੰਜ ਲਗਦਾ ਸੀ ਕਿ ਹਨ੍ਹੇਰੇ ਦੇ ਖ਼ਿਲਾਫ਼ ਚਾਨਣ ਨਾਲ਼ ਹੱਸਦਾ ਵੱਸਦਾ ਖੇੜਾ ਮੁੜ ਆਵੇਗਾ। ਪੁਸਤਕ ਸੱਭਿਆਚਾਰ ਪੈਦਾ ਕਰਨ ਦੇ ਮਕਸਦ ਨਾਲ ਕੁਝ ਰੋਸ਼ਨ ਦਿਮਾਗ ਸਿਰਜਕਾਂ ਦਾ ਕਾਫ਼ਲਾ ਤੁਰਿਆ। ਤੁਰਦਿਆਂ ਤੁਰਦਿਆਂ ਉਨਾਂ ਨੇ ਧਰਤੀ ਦੇ ਕੁਝ ਹਿੱਸਿਆਂ ਅੰਦਰ ਚਾਨਣ ਦੇ ਬੀਜ ਬੀਜੇ ਸਨ। ਚਾਨਣ ਦਾ ਛਿੱਟਾ ਦਿੰਦਿਆਂ ਦੁੱਖ ਤਕਲੀਫਾਂ ਤੇ ਹਨੇਰੇ ਦੇ ਵਣਜਾਰਿਆਂ ਵੱਲੋਂ ਸੋਧਣ ਦੀਆਂ ਧਮਕੀਆਂ ਵੀ ਮਿਲੀਆਂ। ਉਹ ਧਮਕੀਆਂ ਵੀ ਚਾਨਣ ਬਣ ਗਈਆਂ। ਉਦੋਂ ਦੇ ਬੀਜੇ ਬੀਜ ਹੁਣ ਫੁੱਲ ਬੂਟੇ ਬਣ ਗਏ, ਪਰ ਉਹ ਅਜੇ ਵੀ ਤਰਸਦੇ ਨੇ, ਉਸ ਸ਼ਬਦ ਰੂਪੀ ਖੁਰਾਕ ਨੂੰ ਜਿਹੜੀ ਉਨਾਂ ਨੂੰ ਇਹਨਾਂ ਸਿਰਜਕਾਂ ਵੱਲੋਂ ਸ਼ੁਰੂ 'ਚ ਦਿੱਤੀ ਗਈ ਸੀ।
       ਕੋਈ ਸੰਕਲਪ, ਮਿਸ਼ਨ ਲੈ ਕੇ ਤੁਰੇ ਲੋਕ ਕਾਫ਼ਲਾ ਬਣ ਜਾਂਦੇ ਹਨ, ਉਸ ਕਾਫ਼ਲੇ ਅੱਗੇ ਕੋਈ ਖੜ੍ਹਦਾ ਨਹੀਂ। ਜਿਹੜੇ ਖੜ੍ਹ ਜਾਂਦੇ ਹਨ, ਉਹ ਝੀਲ ਬਣ ਜਾਂਦੇ ਹਨ ਪਰ ਜਦੋਂ 'ਝੀਲ' ਬਨਣ ਲਈ ਤੁਰਿਆ ਜਲ, ਧਰਤੀ ਦੇ ਇੱਕ ਟੁਕੜੇ ਵਿਚ ਅਟਕ ਜਾਵੇ ਤਾਂ ਬੜਾ ਕੁਝ ਟੁੱਟਦਾ ਹੈ। ਉਨਾਂ ਦਿਨਾਂ 'ਚ ਸਾਡੇ ਮਨਾਂ ਅੰਦਰ ਆਦਰਸ਼ਵਾਦੀ ਰੇਤ ਦਾ ਭਰਤ ਪੈ ਗਿਆ ਸੀ। ਇਸ ਭਰਤ ਨੇ ਸਾਡੇ ਅੰਦਰੋਂ ਉਹ ਚੇਤਨਾ ਖਤਮ ਕਰ ਦਿੱਤੀ, ਜਿਸ ਨਾਲ਼ ਮਨੁੱਖ ਮੰਥਨ ਕਰਿਆ ਕਰਦਾ ਹੈ, ਸੰਵਾਦ ਰਚਾਉਂਦਾ ਹੈ। ਜਦੋਂ ਕਦੇ ਸਾਡੇ ਮਨਾਂ ਅੰਦਰ ਸ਼ੱਕ ਦੇ ਵਾ ਵਰੋਲ਼ੇ ਉੱਠਣੇ ਤਾਂ ਰੇਤ ਨੇ ਉਡ ਕੇ ਸਾਡੀਆਂ ਅੱਖਾਂ ਅੰਦਰ ਕਿਰਚਾਂ ਵਾਂਗ ਧਸ ਜਾਣਾ। ਅਸੀਂ ਸ਼ਰਧਾ ਦੇ ਧੌਲ਼ੇ ਬਲ਼ਦ ਬਣ ਕੇ ਕੰਮ ਕਰਦੇ ਰਹੇ। ਉਦੋਂ ਸਵਾਲ ਕਰਨ ਨਾਲ਼ੋਂ ਅਸੀਂ ਮਿਸ਼ਨ ਨੂੰ ਕਾਮਯਾਬ ਕਰਨ ਲਈ ਮਸ਼ੱਕਤ ਕਰਦੇ ਰਹੇ।
        ਸਵਾਲ ਵੀ ਕੁਝ ਸੋਚਣ ਸਮਝਣ ਵਾਲ਼ਾ ਮਨੁੱਖ ਹੀ ਕਰਦਾ ਹੈ। ਪਰ ਜਦੋਂ ਅੱਖਾਂ ਤੇ ਸ਼ਰਧਾ ਅਤੇ ਆਦਰਸ਼ ਦੀ ਪੱਟੀ ਬੰਨ੍ਹੀ ਹੋਵੇ ਫਿਰ ਬੰਦਾ ਵੀ ਕੋਹਲੂ ਦਾ ਬਲ਼ਦ ਬਣ ਜਾਂਦਾ ਹੈ। ਜਦੋਂ ਤਕ ਉਹ ਸੋਚਣ, ਸਮਝਣ ਦੇ ਕਾਬਲ ਹੁੰਦਾ ਹੈ, ਉਦੋਂ ਤਕ ਦਿੱਲੀ ਦੂਰ ਹੋ ਜਾਂਦੀ ਹੈ, ਦਿਨ ਰਾਤ ਵਿੱਚ ਬਦਲ ਜਾਂਦਾ ਹੈ। ਸਾਂਝੇ ਕਾਜ ਲਈ ਦਮੜੀਆਂ ਤੇ ਚਮੜੀਆਂ ਦੀ ਕੋਈ ਘਾਟ ਨਹੀਂ ਹੁੰਦੀ। ਜਦੋਂ ਪਰਵਾਹ ਹੋਵੇ ਨਾ ਦਮੜੀਆਂ ਦੀ ਨਾ ਬੰਦਿਆਂ ਦੀ, ਫਿਰ ਤਾਂ ਪੰਜੇ ਉਂਗਲ਼ਾਂ ਘਿਉ ਵਿੱਚ ਹੁੰਦੀਆਂ ਹਨ। ਅਸੀਂ ਤਾਂ ਬਾਲਣ ਸੀ, ਬਲ਼ਦੇ ਰਹੇ, ਸੜਦੇ ਰਹੇ ਤੇ ਖੜ੍ਹੇ ਪਾਣੀਆਂ ਵਿੱਚ ਹਲਚਲ ਪੈਦਾ ਕਰਦੇ ਰਹੇ। ਉਦੋਂ ਨਾ ਮੌਤ ਦਾ ਭੈਅ ਸੀ, ਨਾ ਦਮੜੀਆਂ ਦਾ ਕੋਈ ਲਾਲਚ ਸੀ।
        ਧਰਮ ਦੇ ਨਾਂਅ ਹੇਠ ਪੈਸੇ ਤੇ ਲੋਕਾਂ ਦੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ, ਪਰ ਚੇਤਨਾ ਪੈਦਾ ਕਰਨ ਵਾਲ਼ਿਆਂ ਦੀ ਭੀੜ ਨਹੀਂ ਹੁੰਦੀ ਤੇ ਨਾ ਹੀ ਭੀੜ ਦੀ ਕੋਈ ਸੋਚ ਹੁੰਦੀ ਹੈ। ਸੋਚ ਤਾਂ ਕੁਝ ਜਣਿਆਂ ਦੀ ਹੁੰਦੀ ਹੈ, ਲਹਿਰ ਉਸ ਨੂੰ ਲੋਕ ਬਣਾਉਂਦੇ ਹਨ। ਲਹਿਰ ਵਿਚਾਰ ਬਣ ਕੇ ਵਿਚਾਰਧਾਰਾ ਬਣਦੀ ਹੈ। ਉਸਾਰੂ ਸੋਚ ਤੇ ਵਿਚਾਰਧਾਰਾ ਬੜਾ ਕੁਝ ਨਵਾਂ ਬੀਜ ਦੇਂਦੀ ਹੈ। ਉਸਾਰੂ ਸੋਚ ਵਾਲ਼ੇ ਚਾਨਣ ਦਾ ਛਿੱਟਾ ਦਿੰਦੇ ਦਿੰਦੇ ਜਦੋਂ ਖੁਦ 'ਚਾਨਣ-ਚਾਨਣ' ਹੋ ਜਾਂਦੇ ਹਨ ਤਾਂ ਦੂਰ ਖੜ੍ਹੇ ਲੋਕ ਡਰ ਜਾਂਦੇ ਹਨ। ਉਹ ਲੁੱਟੇ ਹੋਏ ਜੁਆਰੀਏ ਵਾਂਗੂੰ ਹੱਥ ਮਲ਼ਦੇ ਰਹਿ ਜਾਂਦੇ ਹਨ।
       ਚਾਨਣ ਦਾ ਛੱਟਾ ਦੇਣ ਵਾਲ਼ੀ ਸੋਚ ਜਦੋਂ ਆਪਣੀ ਕਾਮਯਾਬੀ ਦਾ ਜਸ਼ਨ ਮਨਾਉਂਦੀ ਹੈ ਤਾਂ ਉਸ ਸੋਚ ਨਾਲ਼ ਤੁਰੇ ਪੈਰ ਬੁੱਤ ਬਣ ਜਾਂਦੇ ਹਨ। ਬੁੱਤ ਬਣਾਉਣ ਵਾਲ਼ੇ ਜਦੋਂ ਤੁਰ ਜਾਂਦੇ ਹਨ, ਤਾਂ ਦੋ ਗਜ਼ ਜ਼ਮੀਨ, ਹਜ਼ਾਰ ਗਜ਼ ਬਣਕੇ ਆਸ਼ਰਮ ਨਹੀਂ ਸਗੋਂ ਕਬਰ ਬਣ ਜਾਂਦੀ ਹੈ। ਜਦੋਂ ਪਤਾ ਲਗਦਾ ਹੈ ਕਿ ਕੋਈ ਚੇਤਨਾ ਦੇ ਬੀਜ ਬੀਜ ਕੇ ਆਪਣਾ ਕਰਜ਼ ਵਸੂਲ ਰਿਹਾ ਹੈ ਤੇ ਕੋਈ ਕਰਜ਼ ਉਤਾਰ ਰਿਹਾ ਹੈ। ਕੋਈ ਚੇਤਨਾ ਦੇ ਨਾਂ ਧਰਤੀ ਇਕੱਠੀ ਕਰ ਰਿਹਾ ਹੈ ਤਾਂ ਇਹ ਸਭ ਕੁਝ ਦੇਖ ਕੇ ਡਾਢਾ ਦੁੱਖ ਹੁੰਦਾ ਹੈ, ਭੁੱਲ ਜਾਣਾ, ਵਿਸਰ ਜਾਣਾ, ਡਿੱਗ ਕੇ ਉਠ ਪੈਣਾ, ਸੰਭਲ ਜਾਣਾ ਤਾਂ ਕਿਸੇ ਕਿਸੇ ਨੂੰ ਆਉਂਦਾ ਹੈ।
        ਜਦੋਂ ਕਦੇ ਅਤੀਤ ਦੇ ਵਰਕੇ ਯਾਦਾਂ ਦੀ ਪਿਟਾਰੀ ਵਿੱਚੋਂ ਖੁਲ੍ਹਦੇ ਹਨ ਤਾਂ ਬੜਾ ਕੁਝ ਨਸ਼ਤਰ ਬਣ ਕੇ ਚੁਭਦਾ ਹੈ। ਚੀਸ ਦਿੰਦਾ ਹੈ। ਇਹ ਚੀਸ ਜਦੋਂ ਤੁਹਾਡੇ ਮੱਥੇ ਵਿੱਚੋਂ ਹੁੰਦੀ ਹੋਈ ਹਿੱਕ ਵਿੱਚੋਂ ਦੀ ਲੰਘਦੀ ਹੈ ਤਾਂ ਵਿਸਫੋਟ ਹੁੰਦਾ ਹੈ। ਹੁਣ ਜਦੋਂ ਮੌਤ ਵਰਗੇ ਦਿਨਾਂ ਦੀ ਯਾਦ ਆਉਂਦੀ ਹੈ ਤਾਂ ਮੱਥੇ ਉੱਤੇ ਤਰੇਲ਼ੀਆਂ ਆਉਣ ਲੱਗਦੀਆਂ ਹਨ। ਪ੍ਰੀਤ ਨਗਰ ਚੇਤੇ ਆਉਂਦਾ ਹੈ। ਧਮਕੀਆਂ, ਡਰ ਦੇ ਸਾਏ ਹੇਠ ਕੱਟੀਆਂ ਰਾਤਾਂ ਚੇਤੇ ਆਉਂਦੀਆਂ ਹਨ।
      ਚੇਤੇ ਆਉਂਦੇ ਹਨ ਉਹ ਬੋਲ, ਜਿਹੜੇ ਮੁਹੱਬਤ ਵਿੱਚ ਬਦਲ ਜਾਂਦੇ ਹਨ ਤੇ ਦੁਸ਼ਮਣ ਮਿੱਤਰ ਬਣ ਨਾਲ਼ ਤੁਰ ਪੈਂਦੇ ਹਨ। ਪਰ ਜਦੋਂ ਨਾਲ਼ ਤੁਰੇ ਖੁਦ ਦੁਸ਼ਮਣ ਬਣ ਖੜ੍ਹਦੇ ਹਨ ਤਾਂ ਸੋਚ ਤੇ ਸਮਝ ਬੁੱਤ ਬਣ ਜਾਂਦੀ ਹੈ।
        ਤੁਸੀਂ ਆਪੇ ਹੋਸ਼ ਤੇ ਜੋਸ਼ ਦੀ ਸੁਨਾਮੀ ਦੀ ਉਡੀਕ ਵਿੱਚ ਧਰਤੀ ਦਾ ਭਾਅ ਪੁੱਛਦੇ ਹੋ ਤਾਂ ਸਮਝਦਾਰ ਹੋ ਕੇ ਵੀ ਤੁਸੀਂ ਮੂਰਖ ਬਣ ਜਾਂਦੇ ਹੋ। ਜਦੋਂ ਚੇਤਨ ਸੋਚ ਤੁਹਾਨੂੰ ਤੇ ਤੁਹਾਡੀਆਂ ਭਾਵਨਾਵਾਂ ਨੂੰ ਵੇਚ ਦੇਵੇ ਤਾਂ ਤੁਸੀ ਇਹੋ ਹੀ ਆਖੋਗੇ ਕਿ
''ਭੋਇੰ ਦੱਬ ਗਏ ਚੋਲ਼ਿਆਂ ਵਾਲ਼ੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ।''
 ਚਿੱਟੀ ਸਿਉਂਕ ਖਾ ਗਈ ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ !
ਸੰਪਰਕ : 9464370823

ਸਾਹਿਤ ਦੀਆਂ ਮੱਛੀਆਂ - ਬੁੱਧ ਸਿੰਘ ਨੀਲੋਂ

ਸੰਸਾਰ ਇੱਕ ਸਮੁੰਦਰ ਹੈ, ਇੱਕ ਪਿੰਡ ਹੈ। ਸਮੁੰਦਰ ਦਾ ਆਪਣਾ ਇੱਕ ਸਮਾਜ ਹੈ। ਸਮਾਜ ਦੇ ਅੰਦਰ ਕਈ ਸਮਾਜ ਹਨ। ਹਰ ਸਮਾਜ ਦਾ ਆਪੋ ਆਪਣਾ ਇਤਿਹਾਸ, ਮਿਥਿਹਾਸ ਹੈ। ਇਸ ਸਮੁੰਦਰ ਵਿੱਚ ਇੱਕ ਪਿੰਡ ਪੰਜਾਬ ਹੈ। ਪੰਜਾਂ ਦਰਿਆਵਾਂ ਦੀ ਧਰਤੀ। ਮਨੁੱਖੀ ਸੱਭਿਅਤਾ ਦਾ ਪੰਘੂੜਾ, ਸੋਨੇ ਦੀ ਚਿੜੀ ਦਾ ਦਿਲ। ਸ਼ਹੀਦ ਕੌਮ ਦੀ ਧਰਤੀ। ਇਹ ਕਦੇ ਵਗਦਾ ਦਰਿਆ ਸੀ। ਵੈਰੀ ਲਈ ਪਰਬਤ, ਆਪਣਿਆਂ ਲਈ ਧਰਤੀ। ਇਸ ਵਿੱਚ ਦਰਿਆ ਵਰਗੀ ਦਰਿਆਦਿਲੀ, ਨਦੀ ਵਰਗਾ ਅੱਥਰਾ ਸੁਭਾਅ, ਝਰਨੇ ਵਰਗਾ ਸੰਗੀਤ, ਦਿਨ ਚੜ੍ਹਦੇ ਦੀ ਲਾਲੀ ਵਰਗਾ ਰੰਗ ਹੈ। ਗੁਰੀਲਿਆਂ ਦੀ ਕੌਮ, ਕਦੇ ਨਕਸਲਬਾੜੀ, ਕਦੇ ਅੱਤਵਾਦੀ, ਕਦੇ ਵੱਖਵਾਦੀ, ਕਦੇ ਕੁੜੀਮਾਰ, ਵੈਲੀਆਂ, ਨੜੀਮਾਰ ਤੇ ਨਸ਼ਈਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਰਹੀ ਹੈ। ਪਰ ਆਪਾਂ ਇਸ ਸਮੁੰਦਰ ਵਿਚਲੇ ਪੰਜਾਬ ਵਿੱਚ ਪਾਈਆਂ ਜਾਂਦੀਆਂ ਉਨ੍ਹਾਂ ਮੱਛੀਆਂ ਦੀ ਚਰਚਾ ਕਰ ਰਹੇ ਹਾਂ, ਜਿਹੜੀਆਂ ਅਕਸਰ ਸਾਹਿਤ ਵਿੱਚ ਪਾਈਆਂ ਜਾਂਦੀਆਂ ਹਨ। ਸਾਹਿਤ ਅੰਦਰ ਵੀ ਇੱਕ ਸਾਹਿਤ ਹੈ, ਕੁਝ ਸਾਹਿਤ ਲਿਖਤ ਵਿੱਚ ਅਉਂਦਾ ਹੈ। ਕੁੱਝ ਅਣਲਿਖਿਆ ਵੀ ਰਹਿ ਜਾਂਦਾ ਹੈ। ਅਣਲਿਖਿਆ ਹੀ ਉਹ ਸਾਹਿਤ ਹੁੰਦਾ ਹੈ, ਜਿਸ ਵਿੱਚ ਜ਼ਿੰਦਗੀ ਧੜਕਦੀ ਹੈ। ਪਰ ਹੁਣ ਅੱਜਕਲ੍ਹ ਜ਼ਿੰਦਗੀ ਧੜਕਦੀ ਨਹੀਂ, ਰੀਂਗਦੀ ਹੈ। ਹੁਣ ਕੁੜੀਮਾਰਾਂ, ਵੈਲੀਆਂ, ਨੜੀਮਾਰਾਂ ਤੇ ਨਸ਼ੱਈਆਂ ਦੀ ਧਰਤੀ ਦੇ ਸਮੁੰਦਰ ਵਿੱਚ ਵਿਚਰਦੀਆਂ ਉਨ੍ਹਾਂ ਸਾਹਿਤ ਦੀਆਂ ਮੱਛੀਆਂ ਦੀ ਗੱਲ ਕਰਦੇ ਹਾਂ, ਜਿਹੜੀਆਂ ਕਦੇ ਕਿਸੇ ਦਾ ਭੋਜਨ ਬਣੀਆਂ ਹਨ ਤੇ ਕਦੇ ਕਿਸੇ ਨੂੰ ਭੋਜਨ ਬਣਾਉਂਦੀਆਂ ਹਨ।
      ਜਿਵੇਂ ਧਰਤੀ-ਪਰੇ-ਧਰਤੀ ਹੈ, ਇਵੇਂ ਸਾਹਿਤ ਵਿੱਚ ਮੱਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ, ਨਸਲਾਂ ਮਿਲਦੀਆਂ ਹਨ। ਜਿਹੋ ਜਿਹੀ ਮੱਛੀ ਦੇ ਪਾਲਣ ਦੀ ਥਾਂ, ਉਹੋ ਜਿਹਾ ਉਸ ਦਾ ਜਾਇਕਾ ਅਤੇ ਸੁਆਦ ਹੁੰਦਾ ਹੈ। ਉਂਝ ਮੱਛੀਆਂ ਕਿੰਨੇ ਹੀ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ : ਖੂਹ, ਟੋਬਾ, ਤਲਾਬ, ਨਾਲਾ, ਨਦੀ, ਦਰਿਆ ਅਤੇ ਸਮੁੰਦਰ ਦੀਆਂ ਮੱਛੀਆਂ।
       ਖੂਹ ਵਿਚਲੀਆਂ ਮੱਛੀਆਂ ਦਾ ਆਪਣਾ ਹੀ ਇੱਕ ਸੰਸਾਰ ਹੁੰਦਾ ਹੈ। ਉਨ੍ਹਾਂ ਦੀ ਡੱਡੂ ਦੌੜ-ਮੁੱਲਾਂ ਦੀ ਦੌੜ ਵਰਗੀ ਹੁੰਦੀ ਹੈ। ਜੋ ਪੜ੍ਹਿਆ-ਦੇਖਿਆ ਹੁੰਦਾ ਹੈ, ਉਹ ਉਹੀ ਸਿਰਜਦੀਆਂ ਹਨ। ਉਨ੍ਹਾਂ ਨੂੰ ਅਕਸਰ ਇੰਝ ਲਗਦਾ ਹੈ ਕਿ ਧਰਤੀ ਉਨ੍ਹਾਂ ਦੇ ਮੋਢਿਆਂ ਉੱਤੇ ਖੜ੍ਹੀ ਹੈ। ਉਹ ਇਸੇ ਭਰਮ ਵਿੱਚ ਖੂਹ ਵਿੱਚ ਗੇੜੇ ਕੱਢਦੀਆਂ ਤੇ ਟਪੂਸੀਆਂ ਮਾਰਦੀਆਂ ਰਹਿੰਦੀਆਂ ਹਨ।
       ਟੋਭੇ ਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿੰਨ੍ਹਾਂ ਸਾਰੇ ਪਿੰਡ ਦਾ ਗੰਦਾ ਪਾਣੀ ਪੀਤਾ ਹੁੰਦਾ ਹੈ। ਇਨ੍ਹਾਂ ਦਾ ਰੰਗ ਲਾਖਾ ਹੁੰਦਾ ਹੈ। ਇਹ ਖੁਲ੍ਹੀ ਮੂਹਰੀ ਦੀ ਸਲਵਾਰ ਵਰਗਾ ਸਾਹਿਤ ਸਿਰਜਦੀਆਂ ਹਨ, ਕਦੇ ਕਦੇ ਕੋਈ ਚੰਗੀ ਗੱਲ ਕਰਕੇ ਇਹ ਸਾਰੀ ਉਮਰ ਜਿਉਂਦੇ ਰਹਿਣ ਜੋਗੀਆਂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸਭ ਤੋਂ ਵੱਡੀ ਬਿਮਾਰੀ ਇਹ ਹੁੰਦੀ ਹੈ ਕਿ ਇਹ ਖਾਣ ਦੇ ਕੰਮ ਨਹੀਂ ਆਉਂਦੀਆਂ ਕਿਉਂਕਿ ਇਨ੍ਹਾਂ ਅੰਦਰ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ।
      ਤਲਾਅ ਦੀਆਂ ਮੱਛੀਆਂ ਬਹੁਤ ਹੀ ਆਕਰਸ਼ਿਤ ਤੇ ਸੁੰਦਰ ਹੁੰਦੀਆਂ ਹਨ। ਇਹ ਰੰਗ ਦੀਆਂ ਸੋਹਣੀਆਂ ਪਰ ਸੁਭਾਅ ਦੀਆਂ ਜ਼ਹਿਰੀਲੀਆਂ ਹੁੰਦੀਆਂ ਹਨ। ਇਹ ਮੰਡੀ ਵਿੱਚ ਅਉਂਦੀਆਂ ਹੀ ਧੜਾਧੜ ਵਿਕਦੀਆਂ ਹਨ। ਇਨ੍ਹਾਂ ਨੂੰ ਵੇਚਣ ਵਾਲੇ ਇਨ੍ਹਾਂ ਨੂੰ ਹੋਰਨਾਂ ਮੱਛੀਆਂ ਦੇ ਉੱਪਰ ਰੱਖਦੇ ਹਨ। ਇਹ ਕਰੰਟ ਵੀ ਮਾਰਦੀਆਂ ਹਨ ਅਤੇ ਉਤੇਜਨਾ ਵੀ ਜਗਾਉਂਦੀਆਂ ਹਨ। ਇਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ। ਇਨ੍ਹਾਂ ਮੱਛੀਆਂ ਨੂੰ ਨੌਜਵਾਨ ਪੀੜ੍ਹੀ ਬੜੇ ਹੀ ਸੁਆਦ ਨਾਲ ਖਾਂਦੀ ਹੈ ਤੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ।
       ਝੀਲ ਦੀਆਂ ਮੱਛੀਆਂ ਦਾ ਮਾਸ ਵੀ ਚੰਗਾ ਹੁੰਦਾ ਹੈ ਕਿਉਂਕਿ ਝੀਲ ਕਿਸੇ ਦਰਿਆ ਤੋਂ ਬਣੀ ਹੁੰਦੀ ਹੈ। ਝੀਲ ਦੀਆਂ ਮੱਛੀਆਂ ਦਾ ਸੁਭਾਅ ਬੜਾ ਸਾਊ ਕਿਸਮ ਦਾ ਹੁੰਦਾ ਹੈ, ਇਨ੍ਹਾਂ ਮੱਛੀਆਂ ਦਾ ਸ਼ਿਕਾਰ ਉਹ ਸ਼ਿਕਾਰੀ ਹੀ ਕਰਦੇ ਹਨ, ਜਿਹੜੇ ਝੀਲ ਤੱਕ ਪੁੱਜਣ ਦੇ ਮਾਹਿਰ ਹੁੰਦੇ ਹਨ। ਉੱਥੇ ਉੰਨ੍ਹਾਂ ਨੂੰ ਮਿਲਣ ਦੇ ਬਹਾਨੇ ਨਾਲ ਸੈਰ ਕਰ ਆਉਂਦੇ ਹਨ। ਆਪਣੀ ਝੋਲੀ ਭਰ ਲਿਆਉਦੇ ਹਨ।
      ਨਹਿਰ ਦੀਆਂ ਮੱਛੀਆਂ ਗੁਲਗਲੇ ਵਰਗੀਆਂ ਹੁੰਦੀਆਂ ਹਨ। ਇਨ੍ਹਾਂ ਦੀ ਬਜ਼ਾਰ ਵਿੱਚ ਖ਼ੂਬ ਚਰਚਾ ਹੁੰਦੀ ਹੈ। ਇਹ ਢਿੱਡ ਨੂੰ ਝੁਲਕਾ ਦੇਣ ਲਈ ਕਈ-ਕਈ ਕਿਲੋਮੀਟਰ ਨਹਿਰ ਵਿੱਚ ਇੱਧਰ-ਉੱਧਰ ਫਿਰਦੀਆਂ ਹਨ। ਇਹ ਮੌਕੇ-ਬੇ-ਮੌਕੇ ਆਪਣੇ ਤੋਂ ਛੋਟੀ ਨੂੰ ਨਿਗਲਣ ਜਾਂ ਫੇਰ ਠਿੱਬੀ ਲਾਉਣ ਵਿੱਚ ਮਾਹਿਰ ਹੁੰਦੀਆਂ ਹਨ। ਇਹ ਨਹਿਰ ਕਿਨਾਰੇ ਅਕਸਰ ਹੀ ਚਰਚਾ ਕਰਦੀਆਂ ਤੁਹਾਨੂੰ ਮਿਲ ਸਕਦੀਆਂ ਹਨ। ਝੀਲ, ਤਲਾਅ, ਟੋਬੇ ਦੀਆਂ ਮੱਛੀਆਂ ਅਕਸਰ ਵੱਡੀਆਂ ਵੋਟਾਂ ਵੇਲੇ ਨਿਕਲਦੀਆਂ ਹਨ।
      ਦਰਿਆਈ ਮੱਛੀਆਂ ਬਹੁਤ ਘੱਟ ਮਿਲਦੀਆਂ ਹਨ। ਇਨ੍ਹਾਂ ਦੀ ਸ਼ਬਦਾਵਲੀ ਜ਼ਾਇਕੇਦਾਰ, ਛੱਲਿਆਂ ਵਰਗੀ ਹੁੰਦੀ ਹੈ। ਇਹ ਮਾਰਕੀਟ ਵਿੱਚ ਬਹੁਤ ਘੁੰਮ ਫਿਰ ਕੇ ਲੱਭਣੀਆਂ ਪੈਂਦੀਆਂ ਹਨ। ਕਿਉਂਕਿ ਇਹ ਉਹ ਮੱਛੀਆਂ ਹਨ, ਜਿੰਨ੍ਹਾਂ ਜ਼ਿੰਦਗੀ ਦੀਆਂ ਕਈ ਰੁੱਤਾਂ ਦੇਖੀਆਂ ਤੇ ਝੱਖੜ ਝੁੱਲੇ ਹੁੰਦੇ ਹਨ। ਇਨ੍ਹਾਂ ਦੀ ਹਰ ਚੀਜ਼ ਕਿਸੇ ਨਾ ਕਿਸੇ ਦੇ ਕੰਮ ਆਉਂਦੀ ਹੈ।
       ਉੱਡਣ-ਖਟੋਲਿਆਂ ਉੱਤੇ ਉਧਰੋ-ਇਧਰ ਆਉਂਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿਹੜੀਆਂ ਹੁੰਦੀਆਂ ਤਾਂ ਪਿੰਡਾਂ ਦੇ ਟੋਬਿਆਂ, ਤਲਾਅ ਦੀਆਂ ਮੱਛੀਆਂ ਹੀ, ਪਰ ਉਹ ਆਪਣੀ ਸ਼ਕਤੀ ਨਾਲ ਉੱਡਣ-ਖਟੋਲਿਆਂ ਉੱਤੇ ਉੱਡ ਕੇ ਦੂਰ-ਦੁਰਾਡੇ ਚਲੇ ਜਾਂਦੀਆਂ ਹਨ। ਇਹ ਮੱਛੀਆਂ ਜਦੋਂ ਬਰਫ਼ ਪੈਂਦੀ ਹੈ ਤਾਂ ਕੂੰਜਾਂ ਵਾਂਗ ਗਰਮ ਇਲਾਕਿਆਂ ਵਿੱਚ ਚਲੀਆਂ ਜਾਂਦੀਆਂ ਹਨ। ਇਹ ਆਲੋਚਕਾਂ ਤੇ ਪ੍ਰਕਾਸ਼ਕਾਂ ਦੀਆਂ ਰੋਸਈਆਂ ਵਿੱਚ ਤਲੀਆਂ ਜਾਂਦੀਆਂ ਹਨ। ਬਜ਼ਾਰ ਵਿੱਚ ਇਨ੍ਹਾਂ ਨੂੰ ਸੁਨਹਿਰੀ ਵਰਕ ਲਾ ਕੇ ਵੇਚਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕੁੱਝ ਮੱਛੀਆਂ ਦਾ ‘ਮਾਸ’ ਸਚਮੁੱਚ ‘ਚੰਗਾ’ ਹੈ। ਪਰ ਬਹੁਤੀਆਂ ਚਾਂਦੀ ਦੇ ਵਰਕ ਵਿੱਚ ਲਿਪਟ ਕੇ ਵਿਕਣ ਦੀ ਅਸਫ਼ਲ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਪਰ ਮਾਰਕੀਟ ਵਿੱਚ ਉਨ੍ਹਾਂ ਦਾ ਕੋਈ ਖ਼ਰੀਦਦਾਰ ਨਹੀਂ ਹੁੰਦਾ। ਇਹ ਮੱਛੀਆਂ ਅਕਸਰ ਹੀ ਗਿਫ਼ਟ ਦੇ ਰੂਪ ਵਿੱਚ ਇੱਧਰ-ਉੱਧਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਮੱਛੀਆਂ ਦੀ ਚਰਚਾ ਕਰਨ ਤੇ ਕਰਵਾਉਣ ਵਾਲਿਆਂ ਦੀ ਇੱਕ ਕੰਪਨੀ ਹੈ। ਇਸ ਕੰਪਨੀ ਵਿੱਚ ਹਰ ਵਰਗ ਸ਼ਾਮਿਲ ਹੈ। ਉਹ ਪਿੰਡਾਂ, ਸ਼ਹਿਰਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਇਨ੍ਹਾਂ ਮੱਛੀਆਂ ਉੱਪਰ ਚਰਚਾ ਕਰਵਾਉਣ ਦਾ ਪ੍ਰਬੰਧ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਮਾਨ-ਸਨਮਾਨ ਵੀ ਬਖ਼ਸ਼ਦੇ ਹਨ। ਇਨ੍ਹਾਂ ਮੱਛੀਆਂ ਨੇ ਆਪੋ-ਆਪਣੇ ਅੱਡੇ ਬਣਾਏ ਹੋਏ ਹਨ। ਅੱਡਿਆਂ ਵਾਲੇ ਹੀ ਉਨ੍ਹਾਂ ਦੀ ਆਓ-ਭਗਤ ਕਰਦੇ ਤੇ ਵੇਚ-ਵਟਕ ਕਰਵਾਉਂਦੇ ਹਨ।
       ਕੁੱਝ ਮੱਛੀਆਂ ਉਹ ਹਨ, ਜਿਹੜੀਆਂ ਜੁਗਾੜਬੰਦੀ ਦੇ ਸਿਰ ’ਤੇ ਚਾਰੇ ਪਾਸੇ ਚਰਚਾ ਵਿੱਚ ਹਨ। ਇਨ੍ਹਾਂ ਦੀ ਇੱਥੇ ਵੀ ਕਿਧਰੇ ਘੁੰਡੀ ਅੜਕਦੀ ਹੈ-ਫਸਾਉਣ ਦਾ ਯਤਨ ਕਰਦੀਆਂ ਹਨ। ਇਨ੍ਹਾਂ ਮੱਛੀਆਂ ਦੀ ਸਰਕਾਰੇ-ਦਰਬਾਰੇ ਪੂਰੀ ਚੜ੍ਹਾਈ ਹੁੰਦੀ ਹੈ। ਜੇ ਇਨ੍ਹਾਂ ਮੱਛੀਆਂ ਦੇ ਢਿੱਡ ਫਰੋਲ ਕੇ ਦੇਖੋ ਤਾਂ ਦੁਨੀਆਂ ਭਰ ਦਾ ਹਰ ਤਰ੍ਹਾਂ ਦਾ ਮੁਸ਼ਕ ਉਥੋਂ ਮਿਲ ਸਕਦਾ ਹੈ।
      ਸਮੁੰਦਰ ਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿੰਨ੍ਹਾਂ ਵਿੱਚ ਸਮੁੰਦਰ ਵਰਗੀ ਡੂੰਘਾਈ ਹੁੰਦੀ ਹੈ ਤੇ ਵਿਸ਼ਾਲ ਅਨੁਭਵ ਹੁੰਦਾ ਹੈ। ਸੂਰਜ ਵਾਂਗ ਚੌਵੀ ਘੰਟੇ ਲਿਸ਼ਕ ਮਾਰਨ ਦੀ ਸਮਰੱਥਾ ਰੱਖਦੀਆਂ ਹਨ। ਇਨ੍ਹਾਂ ਮੱਛੀਆਂ ਨੂੰ ਹਰ ਥਾਂ ਬੜੇ ਮਾਣ ਤੇ ਸਤਿਕਾਰ ਨਾਲ ਪਰੋਸਿਆ ਜਾਂਦਾ ਹੈ। ਇਨ੍ਹਾਂ ਮੱਛੀਆਂ ਦੀ ਹਾਲਤ ਉਹ ਬੁੱਢੇ ਮਛੇਰੇ ਵਰਗੀ ਹੋ ਜਾਂਦੀ ਹੈ ਜੋ ਮੱਛੀਆਂ ਦੀ ਤਲਾਸ਼ ਵਿੱਚ ਖੁਦ ਮੱਛੀ ਹੋ ਜਾਂਦਾ ਹੈ। ਇਨ੍ਹਾਂ ਮੱਛੀਆਂ ਦੀ ਸਦਾ ਹੀ ਮੰਗ ਰਹਿੰਦੀ ਹੈ। ਇਹ ਹਰ ਥਾਂ ’ਤੇ ਮਿਲ ਸਕਦੀਆਂ ਹਨ।
       ਝੀਲ ਦੀਆਂ ਮੱਛੀਆਂ ਤਾਂ ਕਿਸੇ ਕਾਲਜ ਵਿੱਚ ਫੈਕਲਟੀ ਜਾਂ ਐਡਹਾਕ  ਲੱਗੇ ਕਿਸੇ ਅਸਿਸਟੈੰਟ ਵਰਗੀਆਂ ਹੁੰਦੀਆਂ ਹਨ। ਜਿਹੜੀਆਂ ਆਪਣੇ ਨਾਂ ਅੱਗੇ ਪ੍ਰੋਫੈਸਰ ਲਿਖਣਾ ਕਦੇ ਨਹੀਂ ਭੁੱਲਦੀਆਂ। ਪਰ ਉਨ੍ਹਾਂ  ਦੇ ਪੱਲੇ ਕੁੱਝ ਨਹੀਂ ਹੁੰਦਾ  ਤੇ ਨਾ ਪੈਂਦਾ । ਉਨ੍ਹਾਂ ਦੀ ਗਿਣਤੀ ਨਾ ਤਿੰਨਾਂ ਵਿੱਚ, ਨਾ ਤੇਰਾਂ ਵਿੱਚ ਹੁੰਦੀ ਹੈ। ਇਹ ਝੁੰਡ ਬਣਾ ਕੇ, ਸਮੁੰਦਰੀ ਮੱਛੀ ਦੇ ਨਾਂ ਹੇਠ ਝੀਲ ਦੁਆਲੇ ਮੀਟਿੰਗਾਂ ਕਰਦੀਆਂ ਹਨ। ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਭੜਾਸ ਕੱਢਦੀਆਂ ਹਨ। ਇਹੋ ਜਿਹੀਆਂ ਮੱਛੀਆਂ ਹਰ ਸ਼ਹਿਰ ਵਿੱਚ ਮਿਲਦੀਆਂ ਹਨ। ਵੱਡੇ ਸ਼ਹਿਰਾਂ ਵਿੱਚ ਇਨ੍ਹਾਂ ਦੀ ਗਿਣਤੀ ’ਚ ਨਿਰੰਤਰ ਵਾਧਾ ਹੋ ਰਿਹਾ ਹੈ।
      ਕੁੱਝ ਮੱਛੀਆਂ ਦੇ ਗਲ ਵਿੱਚ ਲਾਲ ਰੰਗ ਦੀ ਗਾਨੀ ਹੁੰਦੀ ਹੈ। ਉਹ ਗਾਨੀ ਕਿਸੇ ਮਿੱਤਰ ਵੱਲੋਂ ਦਿੱਤੀ ਨਿਸ਼ਾਨੀ ਨਹੀਂ, ਪਾਰਟੀ ਵੱਲੋਂ ਪਾਇਆ ਕੜਾ ਹੁੰਦਾ ਹੈ। ਕੜੇ ਦੀ ਡੋਰ ਪਾਰਟੀ ਦਫ਼ਤਰ ਹੁੰਦੀ ਹੈ। ਉਹ ਡੋਰ ਜਦੋਂ ਹਿੱਲਦੀ ਹੈ, ਮੱਛੀ ਉਹੀ ਕੁੱਝ ਕਰਦੀ ਹੈ। ਇਹ ਗਾਨੀ ਗਰਮ ਤਾਰ ਕਰਕੇ ਲਾਲ ਰੰਗ ਵਿੱਚ ਲਬੇੜ ਕੇ ਮੱਛੀ ਦੇ ਗਲ ਵਿੱਚ ਪਾਈ ਜਾਂਦੀ ਹੈ, ਜਿਹੜੀ ਕਿ ਮੱਛੀ ਦੇ ਗਲ ਵਿੱਚ ਖੁੱਭ ਜਾਂਦੀ ਹੈ, ਇਹ ਇਸ ਕਰਕੇ ਪਾਈ ਜਾਂਦੀ ਹੈ ਕਿ ਮੱਛੀ ਹੋਰ ਕੁੱਝ ਨਾ ਗਲ ਥਾਣੀ ਲੰਘਾ ਸਕੇ। ਇਹ ਮੱਛੀਆਂ ‘ਕੈਮਲੂਪਸ ਦੀਆਂ ਮੱਛੀਆਂ’ ਵਾਂਗ ਪਾਰਟੀ ਦਫ਼ਤਰ ਵਿੱਚ ਹੀ ਜੰਮਦੀਆਂ ਤੇ ਉੱਥੇ ਹੀ ਮਰ ਜਾਂਦੀਆਂ ਹਨ। ਵੱਡੀ ਮੱਛੀ ਕਿਸੇ ਵੀ ਛੋਟੀ ਮੱਛੀ ਨੂੰ ਕੜਾਹੀ ਜਾਂ ਤੰਦੂਰ ਵਿੱਚ ਭੁੰਨਣ ਦੀ ਸ਼ਕਤੀ ਆਪਣੀ ਕੋਲ ਰਾਖਵੀਂ ਰੱਖਦੀ ਹੈ। ਅੱਜਕਲ੍ਹ ਇਨ੍ਹਾਂ ਮੱਛੀਆਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ ਕਿਉਂਕਿ ਬਹੁਤੀਆਂ ਮੱਛੀਆਂ ਨੇ ਗਾਨੀ ਤਾਂ ਲਾਲ ਪਾਈ ਹੁੰਦੀ ਹੈ, ਪਰ ਉਹ ਕੰਮ ਕਿਸੇ ਹੋਰ ਪਾਰਟੀ ਲਈ ਕਰਦੀਆਂ ਹਨ। ਇਹ ਕਿਸੇ ਨੂੰ ਬਲੀ ਚਾੜ੍ਹ ਸਕਦੀਆਂ ਹਨ, ਕਿਸੇ ਦੀ ਬਲੀ ਲੈ ਸਕਦੀਆਂ ਹਨ।
       ਬਜ਼ਾਰ ਵਿੱਚ ਪਿੰਡਾਂ, ਸ਼ਹਿਰਾਂ ਤੇ ਟੋਭਿਆਂ ਤੇ ਤਲਾਅ ਦੀਆਂ ਮੱਛੀਆਂ ਦੀ ਗਿਣਤੀ ਵੱਧ ਰਹੀ ਹੈ। ਇਨ੍ਹਾਂ ਮੱਛੀਆਂ ਵਿੱਚੋਂ ਇੱਕ ਅਜੀਬ ਤਰ੍ਹਾਂ ਦੀ ਬੋਅ ਆਉਂਦੀ ਹੈ, ਜਿਹੜੀ ਗ੍ਰਾਹਕ ਨੂੰ ਆਪਣੇ ਵੱਲ ਆਉਣ ਤੋਂ ਰੋਕਦੀ ਹੈ। ਪਰ ਮੱਛੀਆਂ ਦੇ ‘ਵਪਾਰੀ’ ਅਕਸਰ ਹੀ ਰੌਲਾ ਪਾਉਂਦੇ ਹਨ, ਮੱਛੀਆਂ ਦਾ ਕੋਈ ਖ਼ਰੀਦਦਾਰ ਨਹੀਂ ਪਰ ਮੱਛੀਆਂ ਦਾ ਵਪਾਰ ਕਰਨੋਂ ਨਹੀਂ ਹਟਦੇ।
       ਉਂਝ ਅਕਸਰ ਹੀ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਵੱਡੀਆਂ ਮੱਛੀਆਂ ਵਿੱਚ ਇੱਕ ਨੀਲੇ ਰੰਗ ਦੀਆਂ ਮੱਛੀਆਂ ਹੁੰਦੀਆਂ ਹਨ। ਜਿਹੜੀਆਂ ਇੱਕ ਖ਼ਾਸ ਕਾਜ ਲਈ ਮਾਰਕੀਟ ਵਿੱਚ ਮੁਫ਼ਤ ਵੰਡੀਆਂ ਜਾਂਦੀਆਂ ਹਨ। ਇਹ ਅਕਸਰ ਹੀ ਕਈ ਕਈ ਟਨ ਮੱਛੀਆਂ ਮੁਫ਼ਤ ਵੰਡਣ ਦਾ ਪ੍ਰਚਾਰ ਵੀ ਕਰਦੀਆਂ ਹਨ। ਇਨ੍ਹਾਂ ਮੱਛੀਆਂ ਦੇ ਵਿਚੋਂ ਉਹੀ ਮੁਸ਼ਕ ਆਉਂਦਾ ਹੈ, ਜੋ ਹੋਰਨਾਂ ਮੱਛੀਆਂ ਵਿਚੋਂ ਆਉਂਦਾ ਹੈ ਪਰ ਇਨ੍ਹਾਂ ਦਾ ਰੰਗ ਨੀਲਾ-ਪੀਲਾ ਹੋਣ ਕਰਕੇ ਕਈ ਵਾਰ ਸੰਸਕਾਰਾਂ ਵਿੱਚ ਉਲਝ ਕੇ ਚੁੱਕ ਲੈਂਦਾ ਹੈ। ਇਹ ਮੱਛੀਆਂ ਅਕਸਰ ਹੀ ਆਖਦੀਆਂ ਹਨ ਕਿ ਮਾਇਆ ਤੋਂ ਬਚੋ, ਨਸ਼ਿਆਂ ਤੋਂ ਬਚੋ, ਕਿਸੇ ਦਾ ਦਿਲ ਦੁਖੀ ਨਾ ਕਰੋ, ਨਾਮ ਦਾ ਸਿਮਰਨ ਕਰੋ, ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰੋ। ਪਰ ਆਪ ਇਹ ਸਭ ਕੁੱਝ ਨਹੀਂ ਕਰਦੀਆਂ ਹਨ। ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਜਿੰਨਾਂ ਅੰਤਰ ਹੁੰਦਾ ਹੈ। ਇਹ ਮੱਛੀਆਂ ਅਕਸਰ ਹੀ ਵੱਡੀ ਭੀੜ ਇਕੱਠੀ ਕਰਕੇ, ਆਪਣੇ ਰਹਿਬਰਾਂ ਦਾ ਸਤਿਕਾਰ ਕਰਦੀਆਂ ਰਹਿੰਦੀਆਂ ਤੇ ਆਪਣੀਆਂ ਝੋਲੀਆਂ ਭਰਦੀਆਂ ਹਨ। ਵਿਦੇਸ਼ਾਂ ਵਿੱਚ ਚੱਕਰ ਲਾਉਂਦੀਆਂ ਹਨ। ਇਨ੍ਹਾਂ ਨੂੰ ਖੁਸ਼ਫਹਿਮੀ ਹੁੰਦੀ ਹੈ ਕਿ ਉਨ੍ਹਾਂ ਦੇ ਕੰਮ ਤੋਂ ਦੁਨੀਆ ਵਾਕਿਫ਼ ਨਹੀਂ, ਅਸਲ ਵਿੱਚ ਉਨ੍ਹਾਂ ਦੀਆਂ ਅੱਖਾਂ ਉੱਤੇ ਮਾਇਆ ਦੀ ਅਜਿਹੀ ਪਰਤ ਜੰਮੀ ਹੁੰਦੀ ਹੈ। ਉਨ੍ਹਾਂ ਨੂੰ ਉਸ ਤੋਂ ਬਿਨਾਂ ਕੁੱਝ ਦਿਖਦਾ ਹੀ ਨਹੀਂ। ਇਹ ਮੱਛੀਆਂ ਸਮਾਜ ਨੂੰ ਪੁੱਠਾ ਗੇੜਾ ਦੇਣ ਵਿੱਚ ਲੱਗੀਆਂ ਰਹਿੰਦੀਆਂ ਹਨ। ਭਲਾ ਉਨ੍ਹਾਂ ਨੂੰ ਕੋਈ ਪੁੱਛੇ, ਇਤਿਹਾਸ ਦਾ ਚੱਕਰ ਕਦੇ ਪਿੱਛੇ ਘੁੰਮਦਾ ਹੈ?
        ਕੁੱਝ ਮੱਛੀਆਂ ਲਿਸ਼ਕ ਮਾਰਨ ਦੀ ਸ਼ਕਤੀ ਰੱਖਦੀਆਂ ਹਨ। ਉਹ ਮੱਛੀਆਂ ਹੀ ਅਕਸਰ ਕਿਸੇ ਟੋਬੇ, ਤਲਾਅ ਜਾਂ ਫਿਰ ਝੀਲ ਵਿਚੋਂ ‘ਹੜ੍ਹ’ ਦੌਰਾਨ ਦਰਿਆ ਵਿੱਚ ਚਲੇ ਜਾਂਦੀਆਂ ਹਨ। ਅਸਲ ਵਿੱਚ ਇਹ ਮੱਛੀਆਂ ‘ਵਰਜਨਾ ਪਾਰ ਕਰਕੇ’ ਅੱਗੇ ਨਿਕਲਣ ਦੀ ਤਾਂਘ ’ਚ ਰਹਿੰਦੀਆਂ ਹਨ। ਪਰ ਕਲਾ ਦੇ ਵਪਾਰੀਆਂ ਕੋਲ ਉਹ ਅਕਸਰ ਹੀ ਫਸ ਜਾਂਦੀਆਂ ਹਨ। ਫੇਰ ਇਹੋ ਜਿਹੀਆਂ ਮੱਛੀਆਂ ਦੇ ਮਾਨ-ਸਨਮਾਨ ਲਈ ਵੱਡੇ ਵੱਡੇ ਇਕੱਠ ਕੀਤੇ ਜਾਂਦੇ ਹਨ। ਇਹੋ ਜਿਹੀਆਂ ਮੱਛੀਆਂ ਦਰਿਆ ਤੋਂ ਅੱਗੇ ਲੰਘਣ ਜਾਂ ਫਿਰ ਚਰਚਾ ਵਿੱਚ ਰਹਿਣ ਦੀ ਤਾਂਘ ਹੁੰਦੀ ਹੈ, ਇਸ ਕਰਕੇ ਇਹ ਹਰ ਅਨੈਤਿਕ ਕੰਮ ਕਰਨ ਵਿੱਚ ਘੋਲ ਨਹੀਂ ਕਰਦੀਆਂ। ਇਨ੍ਹਾਂ ਦੇ ਕੋਲ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਤਾਂ ਵਸਤੂਆਂ ਵਾਂਗ ਅਦਾਨ-ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ।
        ਜਿਹੜੀਆਂ ਮੱਛੀਆਂ ਮਾਨ-ਸਨਮਾਨ ਕਰਨ ਜਾਂ ਕਿਸੇ ਨੂੰ ਉੱਚਾ ਚੁੱਕਣ ਦੀ ਸ਼ਕਤੀ ਰੱਖਦੀਆਂ ਹਨ, ਉਨ੍ਹਾਂ ਮੱਛੀਆਂ ਦੁਆਲੇ ਮੰਡੀ ਲੱਗੀ ਰਹਿੰਦੀ ਹੈ। ਉਹ ਮੰਡੀ ਵਿਚੋਂ ਕੰਮ ਦੀਆਂ ਵਸਤੂਆਂ ਚੁਣ ਕੇ, ਫੇਰ ਆਪਣੀ ਮਰਜ਼ੀ ਨਾਲ ‘ਮਨ ਮਰਜ਼ੀਆਂ’ ਕਰਦੀਆਂ ਹਨ।
      ਹਰ ਮੱਛੀ ਦਾ ਆਪਣਾ ਸੁਆਦ , ਆਪਣਾ ਰੰਗ ਰੂਪ, ਨਸਲ ਹੁੰਦੀ ਹੈ। ਬਜ਼ਾਰ ਉਨ੍ਹਾਂ ਦਾ ਵੱਧ ਮੁੱਲ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਯਥਾਰਥਵਾਦ, ਮਾਰਕਸਵਾਦ, ਰੋਮਾਂਸਵਾਦ, ਸਮਾਜਵਾਦ, ਪ੍ਰਗਤੀਵਾਦ, ਉੱਤਰ ਆਧੁਨਿਕਵਾਦ, ਨਾਰੀਵਾਦ, ਦਲਿਤਵਾਦ ਆਦਿ ਮਸਾਲਿਆਂ ਦਾ ਤੜਕਾ ਲਾ ਕੇ ਵੇਚਦਾ ਹੈ। ਇਨ੍ਹਾਂ ਮੱਛੀਆਂ ਨੂੰ ਖਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਉਸ ਨੇ ਮੱਛੀ ਦੀ ਸ਼ਕਲ ਵਿੱਚ ਜੋ ਕੁੱਝ ਖਾਧਾ ਉਹ ਆਲੂਆਂ ਦਾ ਬੇਹਾ ਕੜਾਹ ਸੀ। ਭਾਵੇਂ ਇਹ ਕੰਮ ਮੁੱਠੀ ਭਰ ਆਲੋਚਕਾਂ ਦਾ ਹੈ। ਪਰ ਹੁਣ ਇਸ ਕੰਮ ਵਿੱਚ ਕਈ ਅਦਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਭਾਵੇਂ ਉਨ੍ਹਾਂ ਦਾ ਇਹ ਕੰਮ, ਕੰਮ ਨਹੀਂ ਹੁੰਦਾ ਹੈ। ਉਨ੍ਹਾਂ ਕੁੱਝ ਹੋਰ ਕਰਨਾ ਹੁੰਦਾ ਹੈ ਪਰ ਅਦਾਰਿਆਂ ਦੀ ਚੌਧਰ ਲੈਣ ਲਈ ਉਨ੍ਹਾਂ ਨੂੰ ਅਜਿਹੇ ਅੱਕ ਚੱਬਣੇ ਪੈਂਦੇ ਹਨ, ਜਿਹੜੇ ਬਾਅਦ ਵਿੱਚ ਸੰਘ ਵਿੱਚ ਹੱਥ ਪਾ ਕੇ ਕੱਢਣੇ ਪੈਂਦੇ ਹਨ। ਕਈ ਵਾਰ ਗੋਸ਼ਟੀਆਂ, ਸਨਮਾਨ ਵੀ ਕਰਨੇ ਪੈ ਜਾਂਦੇ ਹਨ।
      ਕੁੱਝ ਮੱਛੀਆਂ ਆਪਣਾ ਮਾਲ ਇੱਧਰ-ਉੱਧਰ ਕਰਨ ਦਾ ਕਾਰੋਬਾਰ ਵੀ ਕਰਦੀਆਂ ਹਨ। ਇਹ ਝੀਲ ਦੀਆਂ ਮੱਛੀਆਂ ਹੁੰਦੀਆਂ ਹਨ। ਇਨ੍ਹਾਂ ਕਈ ਆਲੋਚਕ ਪਾਲੇ ਹੁੰਦੇ ਹਨ। ਜਿੰਨ੍ਹਾਂ ਦੀ ਬਦੌਲਤ ਇਨ੍ਹਾਂ ਦਾ ਕਾਰੋਬਾਰ ਚਲਦਾ ਹੈ। ਇਨ੍ਹਾਂ ਮੱਛੀਆਂ ਨੂੰ ਖਾਣ ਲਈ ਬਗਲਾ ਅਕਸਰ ਹੀ ਇੱਕ ਲੱਤ ਉੱਤੇ ਖੜ੍ਹ ਕੇ ਤਪੱਸਿਆ ਕਰਦਾ ਹੈ। ਇਹ ਮੱਛੀਆਂ ਕਿਸੇ ਕਿਸੇ ਬਜ਼ਾਰ ਵਿੱਚ ਹੀ ਮਿਲਦੀਆਂ ਹਨ।
        ਕੁੱਝ ਮੱਛੀਆਂ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਦੀ ਨਸਲ ਤਾਂ ਮੱਛੀਆਂ ਵਿਚੋਂ ਹੁੰਦੀ ਹੈ ਪਰ ਉਨ੍ਹਾਂ ਦਾ ਵੀ ਮੁੱਲ ਨਹੀਂ ਪੈਂਦਾ, ਕੁੱਝ ਅਜਿਹੀਆਂ ਜੁਗਾੜਬੰਦੀ ਵਾਲੀਆਂ ਹੁੰਦੀਆਂ ਹਨ, ਜਿਹੜੀਆਂ ਟੀਸੀ ਤੋਂ ਬੇਰ ਵੀ ਤੋੜ ਲਿਆਉਂਦੀਆਂ ਹਨ। ਇਹ ਮੱਛੀਆਂ ਦੂਜਿਆਂ ਦੇ ਵਿਚਾਰ, ਪੂਰੀ ਦੀ ਪੂਰੀ ਕਾਪੀ ਕਰਨ ਵਿੱਚ ਏਨੀਆਂ ਮਾਹਰ ਹੁੰਦੀਆਂ ਹਨ, ਇਹ ਅੱਜਕਲ੍ਹ ਦੇ ਡਾਕਟਰਾਂ ਵਾਂਗ ਅਪੈਂਡਕਸ ਦਾ ਆਪ੍ਰੇਸ਼ਨ ਕਰਣ ਦੇ ਬਹਾਨੇ ਗੁਰਦਾ ਚੁਰਾ ਲੈਣ ਵਰਗਾ ਕੰਮ ਕਰਦੀਆਂ ਹਨ। ਇਨ੍ਹਾਂ ਮੱਛੀਆਂ ਕੋਲੋਂ ਅਕਸਰ ਹੀ ਦੂਜੀਆਂ ਮੱਛੀਆਂ ਬਚ ਕੇ ਲੰਘਦੀਆਂ ਹਨ।
 ਸਾਹਿਤ ਦੀਆਂ ਮੱਛੀਆਂ ਦੀਆਂ ਹੋਰ ਕਿੰਨੀਆਂ ਕਿਸਮਾਂ ਹਨ, ਇਹ ਤੁਸੀ ਆਪਣੇ ਆਲੇ-ਦੁਆਲੇ ਫਿਰਦੀਆਂ ਮੱਛੀਆਂ ਵਿਚੋਂ ਤਲਾਸ਼ ਕਰੋਗੇ? ਸ਼ਨਾਖਤ ਕਰੋ! ਕਿਹੜੀ-ਕਿਹੜੀ ‘ਮੱਛੀ’ ਕਿੱਥੇ-ਕਿੱਥੇ ਕੜ੍ਹੀ ਘੋਲ੍ਹਦੀ ਹੈ ਤੇ ਖ਼ੁਦ ਕੜ੍ਹੀ ਬਣਦੀ ਹੈ?
ਸੰਪਰਕ :94643-70823
budhsinghneelon0gmail.com

ਮਸਲਾ-ਏ-ਸ਼ਬਦ ਗੁਰੂ  :  ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ ਮਨਾ ਰਿਹਾ ਪ੍ਰਕਾਸ਼ ਦਿਹਾੜਾ ! - ਬੁੱਧ ਸਿੰਘ ਨੀਲੋਂ

ਮਨੁੱਖ  ਜਦ ਤੁਰਦਾ ਹੈ ਤਾਂ  ਉਸਦੇ ਨਾਲ.ਨਾਲ  ਸ਼ਬਦ ਤੁਰਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ।  ਸ਼ਬਦ ਵੀ ਸਫਰ ਕਰਦੇ ਹਨ ਪਰ ਸ਼ਬਦਾਂ ਦਾ ਕੋਈ  ਸਫਰਨਾਮਾ ਨਹੀਂ  ਲਿਖਦਾ ।  ਮਨੁੱਖ  ਨੇ ਜਦ ਵੀ ਸਫਰਨਾਮਾ ਲਿਖਿਆ ਹੈ ਤਾਂ ਉਸਨੇ ਆਪਣੇ  ਝੂਠ ਨੂੰ ਹੀ ਸਦਾ ਸੱਚ ਬਣਾਇਆ ਹੈ। ਪਰ ਸ਼ਬਦ ਕਦੇ ਵੀ ਝੂਠ ਨਹੀਂ ਬੋਲਦੇ। ਮਨੁੱਖ ਬੋਲ ਬਾਣੀ ਤੋਂ ਪਰਖਿਆ ਜਾਂਦਾ ਹੈ। ਮਾਹਿਰ  ਸ਼ਬਦਾਂ ਦੇ ਪੈਰ ਨੱਪਦੇ ਸੱਚ ਤੱਕ ਪੁਜ ਜਾਂਦੇ  ਹਨ।  ਗੁਰੂ  ਨਾਨਕ ਨੇ ਸਾਨੂੰ  ਸ਼ਬਦ ਦੇ ਨਾਲ ਜੋੜਿਆ । ਸ਼ਬਦ ਤੇ ਸੰਗੀਤ ਮਨੁੱਖਤਾ ਦਾ ਬਿਰਤਾਂਤ ਸਿਰਜਦੇ ਹਨ। ਗੁਰੂ  ਗੋਬਿੰਦ ਸਿੰਘ  ਨੇ ਸਾਨੂੰ  ਸ਼ਬਦ ਦੇ ਲੜ ਲਾਇਆ ।  ਸ਼ਬਦ ਨੂੰ  ਗੁਰੂ ਬਣਾਇਆ ਸੀ।
        ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਫੇਰ ਉਹ ਸ਼ਬਦ ਨਹੀਂ ਰਹਿੰਦਾ  ਸਗੋਂ  ਉਹ ਗਰੂ ਹੋ ਜਾਂਦਾ ਹੈ। ਪਰ ਅਸੀਂ  ਸ਼ਬਦ ਨੂੰ ਕਦੇ ਵੀ ਗੁਰੂ ਨਹੀਂ ਮੰਨਿਆ ਤਾਂ ਹੀ ਅਸੀਂ  ਸੰਤਾਪ ਭੋਗ ਰਹੇ ਹਾਂ ।
      ਗੁਰੂ ਜਦੋਂ ਸ਼ਬਦ ਰਾਹੀਂ  ਸਾਡੇ ਅੰਦਰ ਵਾਸ ਕਰਦਾ ਹੈ ਤਾਂ ਸਾਡਾ ਅੰਦਰ ਨਿਰਮਲ, ਨਿਰਛਲ ਤੇ ਭੈਅ-ਰਹਿਤ ਹੋ ਜਾਂਦਾ ਹੈ। ਫਿਰ ਮਨ ਅੰਦਰ ਨਾ ਡਰ ਹੁੰਦਾ ਹੈ, ਨਿਰਵੈਰ ਹੁੰਦਾ । ਉਸ ਸਮੇਂ 'ਤੂੰ ਹੀ ਤੂੰ' ਹੁੰਦਾ ਹੈ, ਪਰ ਇਹ ਦੌਰ ਮਨੁੱਖ  ਦੇ ਹਿੱਸੇ ਬਹੁਤ ਘੱਟ ਆਉਂਦਾ ਹੈ।
       ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਸ਼ਬਦ-ਗੁਰੂ ਤੱਕ ਪੁੱਜਦਾ ਹੈ ਤਾਂ  ਸੰਸਾਰਿਕ ਬੰਧਨਾਂ ਤੋਂ  ਮੁਕਤ ਹੋ ਜਾਂਦਾ  ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਪਿੱਛੇ ਰਹਿ ਜਾਂਦਾ ਹੈ। ਸ਼ਬਦ ਅੱਗੇ ਲੰਘ ਜਾਂਦਾ  ਹੈ।
       ਸ਼ਬਦ ਸਾਨੂੰ ਗਿਆਨ ਨਾਲ ਜੋੜ ਕੇ ਧਿਆਨ ਵੱਲ ਲੈ ਕੇ ਜਾਂਦਾ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਸੁਪਨਿਆਂ ਦੀ ਤਾਕੀ ਖੁੱਲ੍ਹ ਜਾਂਦੀ ਹੈ। ਉਹ ਤਾਕੀ ਜਿਹੜੀ ਧਿਆਨ ਤੋਂ ਸਮਾਧੀ ਤੱਕ ਦੇ ਸਫ਼ਰ ਵਿੱਚ ਰੁਕਾਵਟ ਬਣਦੀ ਹੈ। ਅਸੀਂ ਅੰਦਰ ਵੱਲ ਝਾਕਣ ਦੀ ਵਜਾਏ ਬਾਹਰ ਵੱਲ ਦੇਖਦੇ ਹਾਂ। ਪਰ ਸਾਨੂੰ ਧਿਆਨ ਨਹੀਂ  ਰਹਿੰਦਾ  ।
    ਅਸੀਂ ਧਿਆਨ ਕਰਦੇ ਹੋਏ, ਉਸ ਤਾਕੀ ਰਾਹੀਂ ਸੰਸਾਰ ਨੂੰ ਵੇਖਦੇ ਹਾਂ। ਤਾਂ ਸੰਸਾਰ ਖੂਬਸੂਰਤ ਨਜ਼ਰ ਆਉਂਦਾ  ਹੈ ਪਰ ਉਹ ਸੰਸਾਰ ਜਿਹੜਾ ਸੁਪਨਾ ਹੈ ਤੇ ਅਸੀਂ ਸੁਪਨਿਆਂ ਦੇ ਵਿੱਚ ਜਿਉਣ ਦੇ ਆਦੀ ਹੋ ਜਾਂਦੇ ਹਾਂ। ਫੇਰ ਅਸੀਂ ਇਸ ਸੁਪਨਮਈ ਸੰਸਾਰ ਵਿਚ ਹੀ ਜੀਦੇਂ ਤੇ ਮਰਦੇ ਹਾਂ। ਤੇ ਅਸੀਂ ਸ਼ਬਦ ਗੁਰੂ ਨੂੰ  ਭੁੱਲ ਜਾਂਦੇ ਹਾਂ। ਸੰਸਾਰ ਨਾਲ ਜੁੜ ਜਾਂਦੇ  ਹਾਂ ।
      ਸੰਸਾਰ ਨਾਲ ਜੁੜਿਆ ਮਨੁੱਖ ਕਦੇ ਵੀ ਧਿਆਨ ਨਹੀਂ ਲਗਾ ਸਕਦਾ। ਪਦਾਰਥਾਂ ਦਾ ਮੋਹ, ਲਾਲਚ, ਤ੍ਰਿਸ਼ਨਾ, ਦੁੱਖ, ਹਊਮੈ ਤੇ ਲਾਲਸਾ ਉਸ ਨੂੰ ਆਪਣੀ ਗ੍ਰਿਫਤ 'ਚੋਂ ਮੁਕਤ ਨਹੀਂ ਹੋਣ ਦਿੰਦੀ। ਮੁਕਤੀ ਲਈ ਸਾਨੂੰ ਖ਼ੁਦ 'ਮੁਕਤ' ਹੋਣਾ ਪੈਂਦਾ ਹੈ। ਬਿਨ ਮੁਕਤ ਹੋਇਆਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕੁੱਝ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਦੇਣਾ ਅਤੇ ਛੱਡਣਾ ਤਾਂ ਪਵੇਗਾ।
          ਇਹ ਲੈਣ-ਦੇਣ ਦਾ ਰਿਸ਼ਤਾ ਸੰਸਾਰੀ ਵੀ ਤੇ ਕਰਤਾਰੀ ਵੀ ਹੈ। ਇਹ ਸਾਨੂੰ ਚੱਕਰ ਵਿੱਚ ਘੁੰਮਾਈ ਰੱਖਦਾ ਹੈ। ਚੱਕਰ ਵਿੱਚ ਪਿਆ ਮਨੁੱਖ ਕਦੇ ਵੀ ਬਾਹਰ ਨਹੀਂ ਆਉਂਦਾ। ਉਹ ਉਥੇ ਦਾ ਹੋ ਕੇ ਰਹਿ ਜਾਂਦਾ  ਹੈ।
      ਫਿਰ  ਉਸਦਾ ਆਪਣਾ ਹੀ ਇੱਕ ਸੰਸਾਰ ਬਣ ਜਾਂਦਾ ਹੈ। ਉਹ ਸੰਸਾਰ ਜਿਸ ਵਿੱਚ ਉਹ ਜਿਉਂਦਾ ਹੈ। ਜਿਉਂਦੇ ਰਹਿਣ ਲਈ ਸਾਨੂੰ ਪੌਣ-ਪਾਣੀ, ਕਿਰਤ ਤੇ ਅੰਨ ਦੀ ਲੋੜ ਹੈ। ਜਿਹੜੇ ਜ਼ਿੰਦਗੀ ਨੂੰ  ਕਰਤਾਰੀ ਬਣਾਉਦੇ ਹਨ, ਉਹ ਗੁਰੂ ਨੂੰ ਮਿਲਦੇ ਹਨ।
      ਜ਼ਿੰਦਗੀ ਤੇ ਸੰਸਾਰ ਇੱਕ ਹਨ, ਪਰ ਜਦੋਂ ਮਨੁੱਖ ਸ਼ਬਦ ਦੀ ਓਟ ਵਿੱਚ ਆਉਂਦਾ ਹੈ ਤਾਂ ਉਹ ਸ਼ਬਦ ਨਾਲ ਖੇਡਣ ਲੱਗ ਲੈਂਦਾ ਹੈ। ਸ਼ਬਦਾਂ ਨਾਲ ਖੇਡਣ ਵਾਲਾ ਵਿਅਕਤੀ ਬਹੁਤ ਛੇਤੀ ਹੋਰਨਾਂ ਉੱਤੇ ਕਾਬਜ਼ ਹੋ ਜਾਂਦਾ ਹੈ। ਜਦੋਂ ਤੁਸੀਂ ਕਬਜ਼ਾ ਕਰਦੇ ਹੋ, ਉਸ ਸਮੇਂ ਤੁਸੀ ਸ਼ਬਦ ਨਾਲੋਂ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੇ ਹੋ।
       ਸੰਸਾਰ ਨਾਲ ਜੁੜਿਆ ਮਨੁੱਖ ਜਦੋਂ ਵੀ ਕੁੱਝ ਕਰਦਾ ਹੈ ਤਾਂ ਉਸ ਦੇ ਕੀਤੇ ਦਾ ਕੋਈ ਅਸਰ ਸੰਸਾਰ ਤੇ ਨਹੀਂ ਪੈਂਦਾ ਹੈ। ਪਰ ਇਹ ਉਸਨੂੰ ਸੰਸਾਰ ਦੇ ਧੁਰ ਅੰਦਰ ਤੀਕ ਲੈ ਜਾਂਦਾ ਹੈ। ਸੰਸਾਰ ਵਿੱਚ ਰਹਿੰਦਾ ਮਨੁੱਖ ਸ਼ਬਦ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਉਹ ਸ਼ਬਦ ਨਾਲੋਂ ਟੁੱਟਦਾ ਹੈ ਤਾਂ ਉਹ ਵਕਾਰਾਂ ਵੱਲ ਤੁਰਦਾ ਹੈ।
     ਉਹ ਵਕਾਰ ਦੀ ਬਦੌਲਤ ਆਪਣੇ ਆਲ਼ੇ-ਦੁਆਲ਼ੇ ਅਜਿਹਾ ਜੰਗਲ ਉਗਾਉਂਦਾ ਹੈ, ਉਹ ਜੰਗਲ ਉਸ ਦੁਆਲ਼ੇ ਕੰਡਿਆਲੀ ਤਾਰ ਬਣ ਜਾਂਦਾ ਹੈ। ਉਸ ਦੀ ਹਾਲਤ ਮੱਕੜੀ ਦੇ ਜਾਲ ਵਰਗੀ ਹੁੰਦੀ ਹੈ। ਉਹ ਖ਼ੁਦ ਜਾਲ ਵਿੱਚ ਫਸ ਜਾਂਦਾ ਹੈ।
      ਜਦੋਂ ਕੋਈ ਵਿਅਕਤੀ ਕਿਸੇ ਭਵ-ਸਾਗਰ ਵਿੱਚ ਫਸ ਜਾਂਦਾ ਹੈ। ਫੇਰ ਉਸ ਦੇ ਮਿੱਤਰ ਹੀ ਦੁਸ਼ਮਣ ਬਣ ਜਾਂਦੇ ਹਨ। ਫੇਰ ਉਹ ਉਸਦੀ ਮਜਬੂਰੀ ਦਾ ਲਾਭ ਤਾਂ ਉਠਾਉਂਦੇ ਹਨ। ਉਸ ਦਾ ਜਾਇਦਾਦ  ਤੇ ਦੌਲਤ ਨੂੰ ਲੁੱਟਦੇ ਹਨ। ਉਹ ਲੁੱਟ ਕਈ ਰੂਪਾਂ ਦੀ ਹੁੰਦੀ ਹੈ। ਕਈ ਵਾਰ ਇਸ ਦਾ ਬਾਹਰੀ ਰੂਪ ਕੋਈ ਹੋਰ ਵੀ ਹੋ ਸਕਦਾ ਹੈ। ਤੇ ਅੰਦਰਲਾ  ਰੂਪ ਕੁੱਝ ਹੋਰ ਹੁੰਦਾ ਹੈ।
     ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ ਤੇ ਸਮਝਾਇਆ ਸੀ ਕਿ ਹੁਣ ਦੇਹ ਨਹੀਂ ਸਗੋਂ  ਤੁਹਾਡਾ ਸ਼ਬਦ ਗੁਰੂ ਹੈ ਪਰ ਅਸੀਂ ਗੁਰੂ ਦਾ ਹੁਕਮ ਭੁੱਲ ਗਏ ਹਾਂ । ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਮਨੁੱਖ ਸ਼ਬਦ ਗੁਰੂ ਨਾਲੋਂ ਟੁੱਟ ਕੇ 'ਪ੍ਰੇਮੀ' ਕਦੋਂ ਬਣ ਗਿਆ ? ਅਸੀਂ ਸ਼ਬਦ ਨੂੰ, ਦੇਹ ਨੂੰ  ਪ੍ਰੇਮ ਕਰਦੇ ਹਾਂ ।
   ਇਹ ਸਫਰ ਬਹੁਤਾ  ਲੰਮਾ ਨਹੀਂ ਥੋੜ੍ਹਾ ਹੀ ਹੈ ਪਰ ਅਸੀਂ ਸ਼ਬਦ ਗੁਰੂ ਤੋਂ ਬਹੁਤ  ਦੂਰ ਹੋ ਗਏ ਹਾਂ। ਅਸੀਂ  ਸ਼ਬਦ ਕੋਲੋਂ  ਦੂਰ ਕਿਉਂ ਹੋਏ ਜਾਂ ਸਾਨੂੰ ਕਿਸੇ ਨੇ ਕੀਤਾ ਹੈ? ਅਸੀਂ  ਕਦੇ ਆਪਣੇ ਆਪ ਨੂੰ ਸਵਾਲ ਹੀ ਨਹੀਂ ਕੀਤਾ ।  ਸਾਡੇ ਹੰਕਾਰ ਤੇ ਹਾਉਮੈਂ ਨੇ ਸਾਨੂੰ ਇਸ ਰਸਤੇ ਤੋਰਿਆ ਤੇ ਦੇਹ ਦੇ ਨਾਲ ਜੋੜਿਆ ਹੈ। ਸ਼ਬਦ ਗੁਰੂ ਨਾਲ ਤੋੜਿਆ ਹੈ ।
       ਇਸ ਵਿੱਚ 'ਸ਼ਬਦ ਗੁਰੂ' ਵਾਲੇ ਵੀ ਓਨੇ ਹੀ ਕਸੂਰਵਾਰ ਹਨ, ਜਿਨਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਬਜਾਏ ਉਹਨਾਂ ਨੂੰ ਸਦਾ ਹੀ ਆਪਣੇ ਨਾਲੋਂ ਤੋੜਿਆ। ਇਸੇ ਤੋੜ-ਵਿਛੋੜੇ ਕਰਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖੋ-ਵੱਖ ਨਾਵਾਂ ਹੇਠ ਬਹੁਤ ਕੁੱਝ ਉੱਗ ਆਇਆ ਹੈ। ਜਿਨਾਂ ਵਿੱਚੋਂ ਜਾਤ-ਪਾਤ ਦੀ ਬੋਅ ਆਉਂਦੀ ਹੈ।
     'ਗੁਰੂ ਸ਼ਬਦ' ਨੇ ਤਾਂ ਨਿਮਾਣਿਆਂ-ਨਿਤਾਣਿਆਂ ਨੂੰ ਸ਼ਕਤੀ ਪ੍ਰਦਾਨ ਕਰਕੇ ਗੁਰੂ ਸ਼ਬਦ ਦੇ ਮੋਹਰੀ ਬਣਾਇਆ ਸੀ। ਉਨਾਂ ਤਾਂ ਜਾਤ-ਪਾਤ ਤੇ ਊਜ-ਨੀਚ ਦਾ ਵਰਕਾ ਹੀ ਪਾੜ ਦਿੱਤਾ ਸੀ। ਉਹ ਵਰਕਾ ਜਿਹੜਾ ਅੱਜ ਪਿੰਡ-ਪਿੰਡ ਥੋਹਰ ਬਣ ਕੇ ਉੱਗ ਆਇਆ ਹੈ।  ਇਹਨਾਂ ਥੋਹਰਾਂ ਦੇ ਕੰਡੇ ਸਾਡੇ  ਚੁੱਭਦੇ ਹਨ ਪਰ ਅਸੀਂ ਇਸ ਕੰਡਿਆਲੀ  ਥੋਹਰ ਨੂੰ ਗਲੇ ਲਾ ਲਿਆ ਹੈ।
      ਹੁਣ ਇਸ ਥੋਹਰ ਨੂੰ ਪਾਣੀ ਵੀ ਉਨ੍ਹਾਂ ਨੇ ਦਿੱਤਾ ਹੈ, ਜਿਹੜੇ ਅੱਜ ਪ੍ਰੇਮੀਆਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਹਨ, ਅੱਜ ਉਹੀ ਲੋਕ ਆਪਣੀ ਬਚਾਉਣ ਦੇ ਲਈ ਉਹਨਾਂ ਦਾ ਸਹਾਰਾ ਲੈ ਰਹੇ ਹਨ। ਕੱਲ੍ਹ ਜਿਹੜੇ ਹਾਕਮ ਸਨ ,ਅੱਜ ਕਟਹਿਰੇ 'ਚ ਖੜ੍ਹੇ ਹਨ। ਜਿਹਨਾਂ ਨੇ ਗੁਰੂ ਸ਼ਬਦ ਨੂੰ ਭਾਰੀ ਠੇਸ ਪਹੁੰਚਾਈ ਹੈ।
       ਇਹ ਠੇਸ ਹੁਣ ਮਨਾਂ ਅੰਦਰ ਹੁੰਦੀ ਹੋਈ ਮੜੀਆਂ ਤੱਕ ਵੀ ਪੁੱਜ ਗਈ ਹੈ। ਹੁਣ ਪਿੰਡਾਂ ਵਿੱਚ ਪ੍ਰੇਮੀਆਂ  ਤੇ ਹੋਰ ਥੋਹਰਾਂ ਦੀ ਭਰਮਾਰ ਹੈ। ਡਰ ਤੇ ਲਾਲਚ ਨਾਲ ਕੋਈ ਸ਼ਬਦ ਗੁਰੂ ਨਾਲ ਨਹੀਂ ਜੁੜ ਸਕਦਾ। ਨਾ ਹੀ ਸਿਰੋਪਾ ਪਾਉਣ ਨਾਲ ਕੋਈ ਗੁਰੂ ਦੇ ਮਾਰਗ ਦਾ ਪਾਂਧੀ ਨਹੀਂ ਬਣ ਸਕਦਾ ਹੈ। ਸ਼ਬਦ ਗੁਰੂ ਨੇ ਸਾਨੂੰ ਜਾਤਪਾਤ ਵਿੱਚੋ ਬਾਹਰ ਕੱਢਿਆ ਸੀ ਪਰ ਅਸੀਂ  ਨਿਕਲ ਨਹੀਂ  ਸਕੇ।
     ਇਸ  ਸਦੀਵੀ ਦਰਦ ਉੱਤੇ ਬੜੀ ਦੇਰ ਪਹਿਲਾਂ ਲਾਲ ਸਿੰਘ ਦਿਲ ਦੀ ਲਿਖੀ ਇੱਕ ਕਵਿਤਾ 'ਜਾਤ' ਯਾਦ ਆਉਂਦੀ ਹੈ, ਜਿਸਦੇ ਬੋਲ ਹਨ :
ਮੈਨੂੰ ਪਿਆਰ ਕਰਦੀਏ
ਪਰ-ਜਾਤ   ਕੁੜੀਏ
ਸਾਡੇ ਸਕੇ ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ ।
 ਜਾਤੀਆਂ ਦੀਆਂ  ਥੋਹਰਾਂ ਸਾਡੇ  ਸਿਰਾਂ ਵਿੱਚ  ਉਗ ਆਈਆਂ  ਹਨ ਜੋ ਹੁਣ ਨਾਸੂਰ ਬਣ ਗਈਆਂ  ਹਨ ।   ਜਿਸ ਤਰ੍ਹਾਂ  ਨੀਵੀਆਂ ਜਾਤੀਆਂ ਤੇ ਪ੍ਰੇਮੀਆਂ ਨੂੰ ਡਾਂਗ ਦੇ ਜ਼ੋਰ ਨਾਲ ਸ਼ਬਦ ਗੁਰੂ ਨਾਲ ਜੋੜਿਆ ਜਾ ਰਿਹਾ ਹੈ, ਇਹ  ਡਰਾਮਾ ਤੇ ਡਰਾਵਾ ਹੈ। ਉਂਝ ਤਾਂ 'ਸ਼ਬਦ ਗੁਰੂ' ਵਾਲੇ ਵੀ ਨਹੀਂ ਚਾਹੁੰਦੇ ਕਿ ਇਹ ਪ੍ਰੇਮੀ  ਨੀਵੀਆਂ ਜਾਤਾਂ ਵਾਲੇ ਸਾਡੇ ਨਾਲ ਆ ਰਲਣ।
        ਜੇ ਇਹ ਨਿੱਕੀਆਂ-ਨਿੱਕੀਆਂ ਜਾਤਾਂ 'ਸ਼ਬਦ ਗੁਰੂ' ਦੇ ਲੜ ਲੱਗ ਗਈਆਂ ਤਾਂ ਇੱਕ ਦਿਨ ਇਹ ਆਪਣਾ ਹਿੱਸਾ ਵੀ ਮੰਗਣਗੀਆਂ। ਜਿਵੇਂ ਪਿੰਡ ਤੱਲਣ ਵਿੱਚ 'ਸ਼ਬਦ ਗੁਰੂ' ਵਾਲੇ ਆਪਣਾ ਹਿੱਸਾ ਮੰਗਣ ਚੱਲੇ ਸੀ।  ਹੁਣ ਇਸ ਜਾਤ ਦੀ ਥੋਹਰ ਨੂੰ  ਉਤਸ਼ਾਹਿਤ  ਕੀਤਾ  ਜਾ ਰਿਹਾ ਹੈ।  ਮਨੁੱਖ  ਫੇਰ ਜਾਤਾਂ ਤੇ ਨਸਲਾਂ ਵਿੱਚ  ਵੰਡਿਆ  ਜਾ ਰਿਹਾ ਹੈ।  ਹੁਣ ਤੁਹਾਡੀ ਲਿਆਕਤ ਨਹੀਂ ਜਾਤ ਪਰਖੀ ਜਾਂਦੀ ਹੈ। ਤੁਹਾਡੇ ਉਤੇ ਠੱਪਾ ਲਾਇਆ ਜਾਂਦਾ ਹੈ ਊਚ ਤੇ ਨੀਚ ਦਾ।
       ਹੁਣ ਅਸੀਂ ਆਧੁਨਿਕ ਦੌਰ ਵਿੱਚੋਂ ਦੀ ਲੰਘ ਰਹੇ ਹਾਂ,  ਹੁਣ ਫੇਰ ਜਾਤ ਦੇ ਬੀਜ ਫੇਰ ਬੀਜੇ ਜਾ ਰਹੇ ਹਨ। ਭਾਵੇਂ  ਮਨੁੱਖ ਇਕ ਹੈ ਪਰ ਜਾਤ-ਪਾਤ ਨੇ ਮਨੁੱਖ  ਬਹੁਤ ਟੁੱਕੜਿਆਂ ਦੇ ਵਿੱਚ  ਵੰਡ ਦਿੱਤਾ ਹੈ। ਸਾਇੰਸ ਨੇ ਮਨੁੱਖ ਦੀਆਂ  ਬਾਹਰੀ  ਦੂਰੀਆਂ ਘੱਟ  ਕਰ ਦਿੱਤੀਆਂ  ਪਰ ਅੰਦਰਲੀਆਂ  ਵੱਧ ਗਈਆਂ  ਹਨ।
      ਉਝ ਸਾਇੰਸ ਨੇ ਤਰੱਕੀ ਦੀਆਂ ਬੁਲੰਦੀਆਂ ਛੋਹ ਲਈਆਂ ਹਨ, ਭਾਵੇਂ ਸਾਰੇ ਪਾਸੇ ਤਕਨੀਕ ਨੇ ਦੁਨੀਆਂ ਨੂੰ ਇੱਕ-ਦੂਜੇ ਦੇ ਨੇੜੇ ਲੈ ਆਂਦਾ ਹੈ । ਪਰ ਅਸੀਂ ਅਜੇ ਵੀ ਆਪਣੇ ਆਪ ਨੂੰ ਸਤਾਰਵੀਂ ਸਦੀ ਵੱਲ ਖਿੱਚੀ ਜਾ ਰਹੇ ਹਾਂ।  ਰੂੜ੍ਹੀਆਂ ਦੇ ਨਾਲ ਜੁੜਦੇ ਜਾ ਰਹੇ ਹਾਂ ।
       ਬਾਬਰਸ਼ਾਹੀ , ਜਹਾਂਗੀਰੀ ਤੇ ਔਰੰਗਜ਼ੇਬੀ ਦਾ ਦੌਰ ਫਿਰ ਪਾਸਾ ਬਦਲ ਗਿਆ ਹੈ। ਉਦੋਂ ਜ਼ਬਰਨ ਮੁਸਲਮਾਨ ਬਣਾਇਆ ਜਾਂਦਾ ਸੀ। ਹੁਣ ਰਾਸ਼ਟਰਵਾਦੀ  ਹਿੰਦੂ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਤੇ ਅਸੀਂ  ਬਣ ਰਹੇ ਹਾਂ ।  ਬਾਬਿਆਂ ਨੇ ਤੇ ਆਖਿਆ  ਸੀ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
    ਪਰ ਅਸੀਂ 'ਏਕ ਨੂਰ' ਵਾਲੀ ਵਿਚਾਰਧਾਰਾ ਦਾ ਸ਼ਰੇਆਮ ਆਪਣੇ ਆਪ ਹੀ ਕਤਲ ਕਰ ਰਹੇ ਹਾਂ। ਪਰ ਫੇਰ ਕਾਤਲ ਨਹੀਂ ਅਖਵਾਉਂਦੇ ਕੇਹੀ ਵਿਡੰਬਨਾ ਹੈ ?
       ਹੁਣ ਨਾ ਤਾਂ ਕੋਈ ਅਬਦਾਲੀ ਹੈ, ਨਾ ਜ਼ਕਰੀਆ ਖ਼ਾਂ ਹੈ। ਹੁਣ ਤਾਂ ਆਪਣਿਆਂ ਦੀ ਆਪਣਿਆਂ ਨਾਲ ਜੰਗ ਹੈ। ਇਹ ਉਹ ਜੰਗ ਹੈ, ਜਿਸ ਵਿੱਚ ਬਾਲਣ ਆਮ ਲੋਕ ਬਣ ਰਹੇ ਹਨ ਜਿਨ੍ਹਾਂ ਨੂੰ ਅਜੇ ਵੀ ਰੋਜ਼ੀ ਰੋਟੀ ਦਾ ਚੌਵੀ ਘੰਟੇ ਫਿਕਰ ਵੱਢ-ਵੱਢ ਕੇ ਖਾ ਰਿਹਾ ਹੈ। ਇਹ ਫਿਕਰ ਦੀ ਪੰਡ ਉਨਾਂ ਦੇ ਸਿਰ ਉੱਤੋਂ ਕਿਸੇ ਨੇ ਵੀ ਧਰਮ ਨੇ ਉਤਾਰਨੀ ਨਹੀਂ, ਉਹ ਤਾਂ ਉਨ੍ਹਾਂ ਅੰਦਰ ਦਬਾਈ ਗਈ ਉਸਸ਼ਕਤੀ ਨੇ ਉਤਾਰਨੀ ਹੈ ਜਿਸਨੂੰ ਮਨੁੱਖ ਭੁੱਲ ਗਿਆ ਹੈ।
      ਹੁਣ ਚਿੜੀਆਂ ਨੂੰ ਬਾਜ਼ਾਂ ਤੋਂ ਡਰ ਲਗਦੇ  ਹੈ, ਜਿਹੜੀਆਂ  ਚਿੜੀਆਂ ਤਾਂ ਸਦਾ ਬਾਜ਼ਾਂ ਦਾ ਭੋਜਨ ਬਣਦੀਆਂ ਰਹੀਆਂ  ਹਨ ਤੇ ਬਣ ਰਹੀਆਂ ਹਨ, ਪਰ ਜਦੋਂ ਮਨੁੱਖ ਹੀ ਭੋਜਨ ਜਾਂ ਬਾਲਣ ਬਣ ਜਾਵੇ ਤਾਂ ਸ਼ਬਦ ਗੁਰੂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਹ ਸਦਾ ਜਿਉਂਦਾ ਰਹਿੰਦਾ ਹੈ ਤੇ ਇਹ ਕਿਤਾਬਾਂ ਦੇ ਵਿੱਚ ਤੇ ਜਜ਼ਬਾਤਾਂ ਵਿੱਚ ਜਿਉਂਦਾ  ਰਹਿੰਦਾ  ਹੈ ਤੇ ਰਹੇਗਾ  ਭਾਵੇਂ  ਆਖਦੇ ਹਨ ਕਿ ਸਿਆਸਤ, ਜੰਗ ਤੇ ਪਿਆਰ ਵਿੱਚ ਸਭ  ਕੁੱਝ ਜਾਇਜ਼  ਹੁੰਦਾ ਹੈ।
ਹਰ ਜਾਇਜ਼ ਗੱਲ ਕਿਸੇ ਵਾਸਤੇ  ਨਜਾਇਜ਼ ਵੀ ਹੋ ਸਕਦੀ ਹੈ।
      ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ ਤਾਂ ਇਨਾਂ ਨੇ ਤਹਿ ਕਰ ਲਿਆ ਹੈ। ਹੁਣ ਇਹ ਉੱਡਦੇ ਬਾਜ਼ਾਂ ਮਗਰ ਕਦੋਂ ਜਾਣਗੇ? ਜਿਨ੍ਹਾਂ ਨੇ ਇਨ੍ਹਾਂ ਦਾ ਖੋਹ ਲਿਆ ਹੈ ਮਨ ਦਾ ਚੈਨ। ਸ਼ਬਦ ਦੇ ਲੜ ਲੱਗ ਕੇ ਗਿਆਨ ਤਾਂ ਮਿਲਦਾ ਹੈ, ਪਰ ਸ਼ਬਦ ਜਦੋਂ ਤਲਵਾਰ ਬਣ ਕੇ ਸੀਨੇ ਅੰਦਰ ਧਸਦਾ ਹੈ, ਤਾਂ ਬਹੁਤ ਕੁੱਝ ਮਰ ਜਾਂਦਾ ਹੈ। ਜੋ ਅਣਕਿਹਾ ਹੁੰਦਾ ਹੈ।
      ਇਸ ਅਣਕਹੇ ਅੰਦਰ ਬੜਾ ਕੁੱਝ ਕਹਿਣ ਜੋਗਾ ਵੀ ਨਹੀਂ ਕਿ ਸ਼ਬਦ ਦੀ ਤਲਾਸ਼ ਵਿੱਚ ਭਟਕਿਆ ਮਨੁੱਖ ਕਿੱਧਰੇ ਮਾਰੂਥਲ ਵਿੱਚ ਹੀ ਨਾ ਗਵਾਚ ਜਾਵੇ।
      ਸ਼ਬਦ ਗੁਰੂ ਤੋਂ ਪ੍ਰੇਮੀਂ ਤੱਕ ਦਾ ਸਫ਼ਰ ਸਾਡੇ ਸਮਿਆਂ ਦਾ ਉਹ ਸੱਚ ਹੈ, ਜਿਹੜਾ ਪਹਿਲਾਂ ਕਦੇ ਵੀ ਨਹੀਂ ਵਾਪਰਿਆ। ਸ਼ਬਦ ਮਨੁੱਖ ਨੂੰ ਜੋੜਦਾ ਹੈ, ਆਪਣੇ ਆਪ ਨਾਲ, ਉਸ ਅਦਿੱਖ ਸ਼ਕਤੀ ਦੇ ਨਾਲ।
      ਮਨੁੱਖ ਨੂੰ ਕਦੋਂ ਸਮਝ ਆਵੇਗੀ, ਜਿਹੜਾ ਹਉਮੈ ਤੇ ਹੰਕਾਰ ਦੀ ਪੰਡ ਚੁੱਕੀ, ਤੇ ਨਫ਼ਰਤ ਦੀ ਤਲਵਾਰ ਫੜੀ ਹਰ ਥਾਂ ਖੜ੍ਹਾ ਹੈ, ਉਸਦਾ ਆਪਣਾ ਸ਼ਰੀਰ ਵੀ ਉਸਦਾ ਆਪਣਾ ਨਹੀਂ ਹੈ, ਇਹ ਵੀ ਉਧਾਰਾ ਹੈ ਮਾਂ-ਬਾਪ ਪਾਸੋਂ ਲਿਆ, ਪਰ ਮਨੁੱਖ ਨੂੰ ਕਦ ਅਰਥ ਸਮਝ ਲੱਗਣਗੇ? ਮਨੁੱਖ ਤੋਂ ਵੱਡਾ ਕੋਈ ਨਹੀਂ। ਧਰਮ, ਜਾਤ, ਗੋਤ ਤਾਂ ਸ਼ੈਤਾਨ ਦੀ ਸੰਤਾਨ ਹਨ।
        ਆਓ ਇਨ੍ਹਾਂ ਤੋਂ ਮੁਕਤ ਹੋਈਏ। ਆਪਣੇ ਅੰਦਰ ਝਾਤੀ ਮਾਰੀਏ। ਆਪਣੇ ਆਪ ਨੂੰ ਪਛਾਣਿਆ ਜਾਵੇ ਕਿ ਅਸੀਂ  ਕੌਣ ਹਾਂ ? ਸ਼ਬਦ ਗੁਰੂ ਤੋਂ ਪ੍ਰੇਮ ਦੇ ਅਰਥ ਜਾਣੀਏ। ਸ਼ਬਦ ਦੇ ਨਾਲ ਜੁੜੀਏ ਤੇ ਉਸ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਵਸਾਈਏ।
       ਸ਼ਬਦ ਬਿਨਾਂ ਇਹ ਸੰਸਾਰ 'ਚ ਹਨੇਰਾ ਹੈ। ਸ਼ਬਦ ਸਾਨੂੰ ਚਾਨਣ ਵੱਲ ਲੈ ਕੇ ਜਾਂਦਾ ਹੈ। ਸ਼ਬਦ ਵੱਲ ਕੀਤੀ ਪਿੱਠ ਸਾਨੂੰ ਹਨੇਰ ਵੱਲ ਲੈ ਕੇ ਜਾ ਰਹੀ ਹੈ ਹੁਣ ਅਸੀਂ ਚੋਣ ਕਰਨੀ ਹੈ ਕਿ ਅਸੀਂ ਕਿਹੜੇ ਰਸਤੇ ਤੁਰਨਾ ਹੈ ?
        ਸਾਡੀ  ਮੁਕਤੀ ਸ਼ਬਦ ਨਾਲ ਜੁੜਆਂ ਹੀ ਹੋਣੀ ਹੈ। ਸ਼ਬਦ ਨਾਲੋਂ  ਟੁੱਟਿਆ  ਮਨੁੱਖ  ਨਾ ਘਰਦਾ ਨਾ ਘਾਟ ਦਾ
 ਰਹਿੰਦਾ ਹੈ। ਮਨੁੱਖਤਾ ਦੀ ਗਲਵੱਕੜੀ ਹੀ ਸਾਨੂੰ ਬਚਾ ਸਕਦੀ ਹੈ...ਦੂਰੀ ਸਾਨੂੰ ਖਤਮ ਕਰ ਦੇਵੇਗੀ।
ਸੰਪਰਕ : 94643-70823

ਤੇਰੀ ਫੀਅਟ ਨੂੰ ਕੋਈ ਹੋਰ ਭਜਾਈ ਫਿਰਦਾ !  - ਬੁੱਧ  ਸਿੰਘ  ਨੀਲੋਂ

ਜਦੋਂ ਆਪਣਾ ਪੈਸਾ ਈ ਖੋਟਾ ਹੋਵੇ, ਬਾਣੀਏ ਦਾ ਕੀ ਦੋਸ਼ । ਫੇਰ ਬਾਣੀਏ ਨਾਲ਼ ਝਗੜਾ ਨਹੀਂ ਕਰਨਾ ਚਾਹੀਦਾ। ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜਰੂਰਤ ਹੁੰਦੀ ਹੈ । ਅਸੀਂ ਅਕਸਰ ਪਸ਼ੂਆਂ ਵਾਂਗੂੰ ਬੇਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਦੇ ਰਹਿੰਦੇ ਹਾਂ । ਆਪਣੇ ਮੂਹਰੇ ਪਾਏ ਪੱਠਿਆਂ ਨੂੰ ਸਦਾ ਹੀ ਨਜ਼ਰ ਅੰਦਾਜ਼ ਕਰਦੇ ਹਾਂ । ਮਨੁੱਖੀ ਬਿਰਤੀ ਤਿਤਲੀਆਂ ਵਰਗੀ ਹੁੰਦੀ ਹੈ । ਤਿਤਲੀ ਦਾ ਢਿੱਡ ਭਾਂਵੇਂ ਛੋਟਾ ਹੁੰਦਾ ਪਰ ਹਾਜ਼ਮਾ ਵੱਡਾ ਹੁੰਦਾ ਹੈ, ਤਾਂ ਹੀ ਉਹ ਇਕ ਫੁੱਲ ਤੋਂ ਦੂਜੇ ਤੇ ਦੂਜੇ ਤੋਂ ਤੀਜੇ 'ਤੇ ਮੰਡਰਾਉਂਦੀ ਰਹਿੰਦੀ ਹੈ । ਉਸਦੇ ਜੀਵਨ ਦਾ ਸਫ਼ਰ ਵੀ ਥੋੜ੍ਹਾ ਹੁੰਦਾ ਹੈ ਪਰ ਉਹ ਹਰ ਤਰਾਂ ਦਾ ਰਸ ਤੇ ਰੰਗ ਮਾਣਦੀ ਹੈ । ਉਹ ਕਿਸੇ ਇੱਕ ਫੁੱਲ ਉਪਰ ਕਬਜ਼ਾ ਕਰਕੇ ਨਹੀਂ ਬੈਠ ਜਾਂਦੀ ਸਗੋਂ ਰਸ ਚੂਸ ਕੇ ਅਗਾਂਹ ਕਿਸੇ ਹੋਰ ਵਾਦੀ ਵੱਲ ਉਡਾਰੀ ਮਾਰ ਜਾਂਦੀ ਹੈ । ਪਰ ਮਨੁੱਖੀ ਸੁਭਾਅ ਹਮੇਸ਼ਾ ਹੀ ਕਬਜ਼ਾ ਕਰਨ ਦਾ ਆਦੀ ਹੈ । ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਕਥਨ ਹੈ- "ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ !"  ਪ੍ਰੰਤੂ ਮਨੁੱਖ ਜਾਣ-ਪਹਿਚਾਣ ਕੱਢ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ । ਬੇਗਾਨੀ ਜ਼ਮੀਨ ਜਾਂ ਜ਼ਮੀਰ 'ਤੇ ਕਬਜ਼ਾ ਕਰਨਾ ਤੇ ਕਬਜ਼ੇ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ ਹੁੰਦਾ। ਇਹ ਬਹੁਤ ਮੁਸ਼ਕਿਲਾਂ ਭਰਿਆ ਕੰਮ ਹੈ । ਜਿਵੇਂ ਕੰਮ ਕੋਈ ਵੀ ਚੰਗਾ ਤੇ ਮਾੜਾ ਨਹੀਂ ਹੁੰਦਾ ਪਰ ਮਨੁੱਖ ਦੀ ਸੋਚ ਸਮਝ ਚੰਗੀ ਤੇ ਮਾੜੀ ਹੋ ਸਕਦੀ ਹੈ । ਸ਼ਲੀਲ/ਅਸ਼ਲੀਲ ਕੁਝ ਨਹੀਂ ਹੁੰਦਾ, ਇਹ ਤਾਂ ਮਨੁੱਖ ਦੀ ਸੋਚ 'ਤੇ ਨਿਰਭਰ ਕਰਦਾ ਹੈ ।
      ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸੋਨਾ ਨਾ ਚਮਕਦਾ ਤੇ ਨਾ ਹੀ ਲਿਸ਼ਕਦਾ ਹੈ । ਸੁਰਮਾ ਹਰ ਕੋਈ ਪਾਉਂਦਾ ਹੈ ਪਰ ਮਟਕਾਉਣਾ ਕੋਈ ਕੋਈ ਜਾਣਦਾ ਹੈ। ਜਿਵੇਂ ਗਿਆਨ ਤੇ ਸਮਾਜ ਪ੍ਰਤੀ ਸਮਝ ਡਿਗਰੀਆਂ ਹਾਸਲ ਕਰਕੇ ਨਹੀਂ ਆਉਦੀ । ਇਹ ਤਾਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ਼ ਮੱਥਾ ਲਾਉਣ ਨਾਲ ਆਉਂਦੀ ਹੈ । ਕਿਤਾਬ ਕੋਈ ਚੰਗੀ ਜਾਂ ਮਾੜੀ ਨਹੀਂ ਹੁੰਦੀ । ਕਿਤਾਬ ਪੜ੍ਹਨ ਵਾਲ਼ੇ ਦੀ ਸੋਚ ਚੰਗੀ ਮਾੜੀ ਹੋ ਸਕਦੀ ਹੈ। ਮਨੁੱਖ ਹੀ ਕਿਤਾਬਾਂ ਨਹੀਂ ਪੜ੍ਹਦਾ ਸਗੋਂ ਕਿਤਾਬਾਂ ਵੀ ਮਨੁੱਖਾਂ ਨੂੰ ਪੜ੍ਹਦੀਆਂ ਹਨ । ਤੁਰਨ ਨਾਲ਼ ਸਫ਼ਰ ਮੁੱਕਦਾ ਹੈ। ਕਿਸੇ ਦੇ ਨਾਲ਼ ਜੁੜ ਕੇ ਨਵੀਂ ਸਿਰਜਣਾ ਹੋ ਸਕਦੀ ਹੈ। ਬਿਜਲੀ ਦੀ ਇੱਕਲੀ ਤਾਰ ਵਿੱਚ ਕਰੰਟ ਹੋਣ 'ਤੇ ਵੀ ਉਹ ਓਦੋਂ ਤੱਕ ਨਕਾਰਾ ਹੁੰਦੀ ਹੈ ਜਦ ਤੱਕ ਉਸਨੂੰ ਅਰਥ ਨਹੀਂ ਮਿਲ਼ਦਾ, ਉਹ ਨਿਕੰਮੀ ਤਾਰ ਹੀ ਰਹਿ ਜਾਂਦੀ ਹੈ। ਰੋਸ਼ਨੀ ਪੈਦਾ ਕਰਨ ਲਈ ਠੰਡੀ ਤੇ ਗਰਮ, ਦੋ ਤਾਰਾਂ ਦਾ ਹੋਣਾ ਲਾਜ਼ਮੀ ਹੈ। ਦੀਵਾ ਇਕੱਲਾ ਹੀ ਰੋਸ਼ਨੀ ਪੈਦਾ ਕਰ ਸਕਦਾ ਹੈ । ਪਰ ਉਸ ਵਿੱਚ ਤੇਲ, ਬੱਤੀ ਤੇ ਅੱਗ ਦਾ ਹੋਣਾ ਜਰੂਰੀ ਹੁੰਦਾ ਹੈ । ਬਹੁਗਿਣਤੀ ਲੋਕਾਂ ਕੋਲ਼ ਭਾਂਵੇਂ ਸਭ ਕੁਝ ਹੁੰਦਾ ਹੈ ਪਰ ਉਨ੍ਹਾਂ ਕੋਲ਼ ਚਾਨਣ ਕਰਨ ਵਾਲ਼ੀ ਸੋਚ ਨਹੀਂ ਹੁੰਦੀ ਜਿਸ ਨਾਲ਼ ਲੋਕਾਈ ਅਤੇ ਸਮਾਜ ਦਾ ਹਨੇਰਾ ਦੂਰ ਕੀਤਾ ਜਾ ਸਕੇ । ਦੀਵੇ ਦੇ ਤੇਲ ਅਤੇ ਬੱਤੀ ਦੇ ਨਾਲ਼ ਨਾਲ਼ ਬੰਦੇ ਦੀ ਸੋਚ ਵੀ ਜਲੇ ਤਾਂ ਗਿਆਨ ਦੀ ਰੋਸ਼ਨੀ ਹੁੰਦੀ ਹੈ । ਜਿਵੇਂ ਨੀਂਦ ਮਖ਼ਮਲੀ ਬਿਸਤਰਿਆਂ 'ਤੇ ਹੀ ਨਹੀਂ, ਸੂਲ਼ਾਂ ਉਤੇ ਵੀ ਆ ਸਕਦੀ ਹੈ। ਮਾਛੀਵਾੜੇ ਦੇ ਜੰਗਲ਼ਾਂ ਵਿੱਚ ਸੂਲ਼ਾਂ ਉੱਤੇ ਛਵੀਆਂ ਦੀ ਛਾਂ ਹੇਠਾਂ ਕੋਈ ਵਿਰਲਾ ਮਹਾਂ ਮਾਨਵ ਹੀ ਸੌਂ ਸਕਦਾ ਹੈ । 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...' ਗਾਉਣ ਵਾਲ਼ਾ ਕੋਈ ਸ਼ਹਿਨਸ਼ਾਹ ਹੀ ਹੋ ਸਕਦਾ ਹੈ ।
          ਆਪਣੇ ਨੈਣ ਮੈਨੂੰ ਤੂੰ ਦੇ ਦੇ ਤੇ ਅੱਖ ਮਟਕਾਉਂਦੀ ਫਿਰ ... ਬੇਅਕਲ ਬੰਦਾ ਦੂਜਿਆਂ ਨੂੰ ਨੈਣ ਹੀ ਨਹੀਂ, ਸੋਚ ਵੀ ਦੇਂਦਾ ਹੈ। ਇਸੇ ਕਰਕੇ ਸਮਾਜ ਉੱਪਰ ਅਕਲਹੀਣ ਬੰਦੇ ਰਾਜ ਕਰਦੇ ਹਨ। ਅਕਲਾਂ ਤੇ ਸ਼ਕਲਾਂ ਵਾਲ਼ੇ ਭੁੱਖ ਨੰਗ ਨਾਲ਼ ਘੁਲ਼ਦੇ ਹਨ । ਹੁਣ ਸਾਡੀ ਤੇ ਪੰਜਾਬ ਦੀ ਹਾਲਤ ਵੀ ਇਹੋ ਜਿਹੀ ਹੀ ਬਣ ਗਈ ਹੈ । ਵਿਆਹ ਕਿਸੇ ਹੋਰ ਦਾ ਹੋਇਆ ਹੁੰਦਾ ਹੈ ਤੇ ਨਜ਼ਾਰੇ ਕੋਈ ਹੋਰ ਲੈਂਦਾ ਹੈ :-
    "ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ" !
     ਲੋਕਾਂ ਨੇ ਆਪਣੇ ਦੁੱਖ ਦਰਦ ਦੂਰ ਕਰਨ ਲਈ ਇਮਾਨਦਾਰ ਬੰਦਾ ਜਾਣ ਕੇ ਭਗਵੰਤ ਸਿੰਘ ਮਾਨ ਨੂੰ ਮੁਖਮੰਤਰੀ ਚੁਣਿਆ ਸੀ, ਪਰ ਉਹਦੀ ਹਾਲਤ ਇਸ ਗੀਤ ਵਰਗੀ ਹੋ ਗਈ :-
      ਤੇਰੀ ਫੀਅਟ ਤੇ ਜੇਠ ਨਜ਼ਾਰੇ  ਲੈਂਦਾ !
ਪੈਸਾ ਲੋਕਾਂ ਦਾ, ਹੈਲੀਕਾਪਟਰ ਪੰਜਾਬ ਸਰਕਾਰ ਦਾ ਪਰ ਨਜ਼ਾਰੇ  ਹਰਿਆਣੇ ਤੇ ਦਿੱਲੀ ਦੇ ਮੁੱਖ  ਮੰਤਰੀ ਲੈਂਦੇ ਫਿਰਦੇ ਹਨ ।  ਭਗਵੰਤ ਸਿੰਘ 'ਝੰਡਾ' ਬਣ ਕੇ ਤਲੀਆਂ ਝੱਸਣ ਜੋਗਾ ਰਹਿ ਗਿਆ।
"ਨੀ ਸਹੁਰੀਂ ਜਾ ਕੇ ਭੁੱਲ ਜਾਵੇਂਗੀ
 ਜਿਹੜੀ ਤਲੀਆਂ 'ਤੇ ਚੋਗ ਚੁਗਾਈ !"
       ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇਕ ਕਰਕੇ ਰਿਵਾਇਤੀ ਸਿਆਸੀ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ਼ ਕੀਤਾ ਤੇ ਭਗਵੰਤ ਸਿੰਘ ਮਾਨ ਬਹੁਗਿਣਤੀ ਨਾਲ਼ ਜਿਤਾਇਆ। ਭਗਵੰਤ ਸਿੰਘ ਮਾਨ ਨੇ ਤਾਂ ਸ਼ਹੀਦ ਭਗਤ ਸਿੰਘ ਦੀ ਖਾਧੀ ਸਹੁੰ ਦਾ ਲਿਹਾਜ਼ ਵੀ ਨਾ ਰੱਖਿਆ। ਆਪਣੇ ਹੱਥੀਂ ਆਪਣੀ ਇੱਜ਼ਤ ਬੇਗਾਨਿਆਂ ਹੱਥ ਫੜਾ ਦਿੱਤੀ। ਹੁਣ ਭਗਵੰਤ ਸਿੰਘ ਮਾਨ ਨਹੀਂ ਬੋਲਦਾ ਇਹਦੇ ਵਿੱਚੋਂ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਬੋਲਦਾ ਹੈ :
   "ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚੋਂ ਤੇਰਾ ਯਾਰ ਬੋਲਦਾ !"
   "ਕੀ ਜ਼ੋਰ ਵੋਟਰਾਂ ਦਾ ਉਹ ਤਾਂ ਵੋਟਾਂ ਪਾਉਂਦੇ ਰਹਿ ਗਏ, ਸੋਨੇ ਦੇ ਮਹਿਲ ਤੇਰੇ, 'ਝੰਡਾ ਸਿਆਂ' ਖੋਹ ਬੇਗਾਨੇ ਲੈ ਗਏ ..."
      ਲੋਕਾਂ ਭਾਣੇ ਉਸਦੀ ਹਾਲਤ ਸ਼ਰਾਬੀ ਵਰਗੀ ਹੋ ਗਈ ਹੈ । ਉਹਨਾਂ ਨੂੰ ਪਤਾ ਨਹੀਂ  ਲਗਦਾ ਕਿ ਉਹ ਕਰਦਾ ਕੀ ਹੈ ? ਉਹ ਹਾਲਤ ਭਗਵੰਤ ਸਿੰਘ ਮਾਨ ਦੀ ਹੈ । ਤਾਂ ਹੀ ਵਿਰੋਧੀ ਧਿਰ ਵਾਲ਼ੇ ਸ਼ਰੀਕੇ ਵਾਲ਼ਿਆਂ ਵਾਂਗੂੰ ਮੂੰਹ ਆਈਆਂ ਗੱਲਾਂ ਚਿੱਥ ਚਿੱਥ ਕੇ ਕਰਦੇ ਨੇ । ਉਹ ਮੂੰਹ ਆਇਆ ਬੋਲਦੇ ਹਨ। ਅਖੇ : "ਤੇਰੀ ਫੀਅਟ ਤੇ ਜੇਠ ਨਜ਼ਾਰੇ  ਲੈਂਦਾ  !"
     ਸਿਆਣੇ ਬੰਦੇ ਉਸਨੂੰ ਸਮਝਾ ਰਹੇ ਹਨ ਕਿ, "ਭਾਈ ਤੂੰ ਆਪਣਾ ਘਰ ਬਾਰ ਸਾਂਭ, ਕਿਉਂ ਬੇਗਾਨੇ ਹੱਥੀਂ ਜਿੰਦਾ ਕੁੰਜੀ ਫੜਾ ਦਿੱਤੀ ਊ।" ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਭਗਵੰਤ ਸਿੰਘ ਨੂੰ ਕੀ ਘੋਲ਼ ਕੇ ਪਿਆਇਆ ਗਿਆ ਹੈ । ਉਹ ਰੰਗਲੇ ਪੰਜਾਬ ਨੂੰ ਭੁੱਲ ਹੀ ਗਿਆ ਹੈ । ਹੁਣ ਉਸ ਵਿੱਚ ਪਹਿਲਾਂ ਵਾਲ਼ੀ ਗੱਲ ਨਹੀਂ ਰਹੀ । ਉਸਦਾ ਹਰਾ ਪੈਨ ਤੇ ਇਨਕਲਾਬੀ ਸੋਚ ਪਤਾ ਨਹੀਂ ਕਿੱਧਰ ਗੁੰਮ ਗਏ । ਬਿਜਲੀ ਦੀਆਂ ਤਿੰਨ ਸੌ ਯੂਨਿਟਾਂ ਮੁਆਫ਼ ਕੀਤੀਆਂ ਸੀ, ਲੋਕਾਂ ਘਰ ਚਾਰ ਗੁਣਾ ਬਿੱਲ ਆ ਗਏ । ਲੋਕ ਸਰੇ ਬਜ਼ਾਰ ਲੁੱਟੇ ਗਏ ਜੁਆਰੀਏ ਵਾਂਗੂੰ ਦੋਵੇਂ ਹੱਥੀਂ ਪਿੱਟ ਸਿਆਪਾ ਕਰਦੇ ਹਨ । ਉਹ ਪਿਛਲੇ ਸੱਤ ਦਹਾਕਿਆਂ ਤੋਂ ਇਹੋ ਕੁਝ ਕਰਦੇ ਆਏ ਹਨ ਤੇ ਅੱਗੋਂ ਵੀ ਕਰਦੇ ਰਹਿਣਗੇ ਜਦੋਂ ਤੱਕ ਮੁਫ਼ਤ ਦੀਆਂ ਜਲੇਬੀਆਂ ਖਾਣੋਂ ਤੇ ਮੁਫਤ ਦੀ ਸ਼ਰਾਬ ਪੀਣੋਂ ਨਹੀਂ ਹਟਦੇ । ਪਰ ਕੌਣ ਸਮਝਾਵੇ ਲੋਕਾਂ ਨੂੰ ਕਿ ਲਹੂ ਪੀਣੀਆਂ ਜੋਕਾਂ ਤੋਂ ਬਚੋ ਤੇ ਆਪਣੀ ਰਾਖੀ ਆਪ ਕਰੋ । ਗੀਤ ਸੁਣੋ  ...
"ਤੇਰੀ ਫੀਅਟ 'ਤੇ ਜੇਠ...!"

...ਤੇ ਜਦੋਂ ਸੰਵੇਦਨਾ ਬੰਜਰ ਹੁੰਦੀ ਹੈ ...! - ਬੁੱਧ ਸਿੰਘ  ਨੀਲੋਂ

ਰੋੜ ਰੋੜ ਰੋੜ .. ਇਸ ਜ਼ਹਿਰ ਦਾ ਲੱਭ ਕੋਈ ਤੋੜ,
 ਰੁਸ ਗਏ ਪੰਜਾਬ  ਨੂੰ ਘਰ ਵੱਲ ਮੋੜ, ਤੇਰੀ ਸਾਨੂੰ ਬੜੀ ਲੋੜ
ਤੇਰੀ ਸੰਵੇਦਨਾ ਕਿਉਂ ਮਰ ਗਈ.? ਤੇਰੀ ਸੋਚ ਕੀਹਨੇ ਚਰ ਲਈ  ?
ਪਛਾਣ ਉਹ  ਹੱਥ ਜੀਹਨੇ ਹੈ ਦਿੱਤਾ ਹੈ ਤੈਨੂੰ ਨਿਚੋੜ ..
ਬਣ ਗਿਆ ਤੂੰ  ਰੋੜ … ਪੰਜਾਬੀਓ  ਜਾਗੋ, ਉਠੋ, ਤੁਰੋ, ਜੁੜੋ ਤੇ ਲੜੋ
ਮਰਨਾ ਤਾਂ ਇਕ ਦਿਨ ਹੈ ਤੇ ਕੁਝ ਕਰਕੇ ਮਰੋ, ਜਿਉਣ ਲਈ  ਲੜੋ
 ਪਰ ਭਗੌੜੇ ਤੇ ਦੋਸ਼ੀ  ਨਾ ਬਣੋ, ਤੁਸੀ  ਆਪਣੀ  ਮੌਤ ਆਪ ਮਰੋ ।
     ਧਰਮ ਤੇ ਸਿਆਸਤ ਦੀ ਨਿੱਜੀ ਫਸਲ ਨਾ ਬਣੋ। ਭਗੌੜੇ ਵਿਅਕਤੀ ਦੀ ਮੌਤ ਵੀ ਐ ਤੇ ਸੰਘਰਸ਼  ਦੇ ਵਿਚ  ਲੜਦੇ  ਵੀ ਐ ਪਰ ਮੌਤ ਦਾ  ਫਰਕ ਐ।
     ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ ਪਰਵਾਸ ਕਰ ਰਹੀ ਹੈ ।
    ਅਸੀਂ  ਵਿਰਸੇ  ਦੀਆਂ ਵਾਰਾਂ  ਸੁਣ ਕੇ ਮਹਿਸੂਸ  ਨੀ  ਕਰਦੇ  ਕਿ ਅਸੀਂ  ਕਿੱਥੇ  ਖੜ੍ਹੇ ਆਂ? ਕੀ ਪੰਜਾਬ ਦਾ ਖਾਸਾ  ਭਗੌੜੇ ਵਿਅਕਤੀ  ਦਾ ਐ ? ਕੀ ਪਰਾਪਤੀ ਐ?  ਲੁਟੇਰੇ  ਲੁੱਟ ਰਹੇ ਹਨ। ਪੰਜਾਬੀ ਵਿਦੇਸ਼ ਵਲ ਦੌੜਦੇ ਹਨ ਤੇ ਸਰਕਾਰ ਖੁਸ਼ ਹੈ । ਸਿਆਸੀ ਲੋਕ ਜਾਗਦੇ ਹਨ। ਵੋਟਰ  ਕਾਰਡ ਸੁਤੇ  ਹਨ। ਕੀ ਪੰਜਾਬ ਦਾ ਇਹ ਇਤਿਹਾਸ ਹੈ , ਜਿਸ ਦੇ ਸੋਹਿਲੇ ਗਾਉਂਦੇ ਓਂ?
      ਪੰਜਾਬ  ਨਾਮੁਰਾਦ ਬੀਮਾਰੀ ਦੇ ਨਾਲ ਹੌਲੀ ਹੌਲੀ ਇਲਾਜ ਖੁਣੋ ਮਰਨ ਲਈ ਘਰ-ਘਰ ਮਰ ਰਿਹਾ ਹੈ,  ਨਿੱਜੀ ਹਸਪਤਾਲਾਂ ਵਿਚ ਬੀਮਾਰ ਲੋਕ ਵਖ-ਵਖ ਤਰਾਂ ਦੇ ਟੈਸਟਾਂ ਤੇ ਮਹਿੰਗੀ ਦਵਾਈ ਨਾਲ ਮਰਦੇ ਰਹੇ ਹਨ। ਪੜੇ-ਲਿਖੇ ਲੋਕ ਵੀ ਲੁਟੇ ਜਾ ਰਹੇ ਹਨ । ਡਰਦਾ ਕੋਈ  ਨਿੱਜੀ  ਹਸਪਤਾਲ ਦੀ ਇਸ ਲੁੱਟ ਦੇ ਮਾਮਲੇ ਵਿਚ ਬੋਲਦਾ  ਨਹੀ । ਪਰ ਵਖ-ਵਖ ਤਰ੍ਹਾਂ ਦੇ ਟੈਸਟਾਂ 'ਚ ਕਿਵੇਂ ਬੀਮਾਰੀ ਦਾ ਪੱਧਰ  ਵਧਾ ਕੇ ਆਮ ਜਨਤਾ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ?  ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਹਰ ਪਲ ਲੋਕ ਬੀਮਾਰੀ ਨਾਲ ਇਲਾਜ ਕਰਵਾਉਣ ਲਈ ਇਸ ਚੱਕਰ ਵਿਚ ਫਸ ਕੇ ਮਰ  ਰਹੇ ਹਨ ਤੇ  ਜਿਹੜੇ ਲੋਕ ਇਲਾਜ  ਨਹੀਂ ਕਰਵਾ ਸਕਦੇ ਉਹ ਵੀ  ਮਰ  ਰਹੇ ਹਨ ।
     ਵਖ-ਵਖ  ਤਰ੍ਹਾਂ ਦੀ ਟੈਸਟਿੰਗ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਉਹ ਗੰਭੀਰ ਰੂਪ ਵਿਚ ਬੀਮਾਰ ਐ ਤੇ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ  ਫਿਰ ਦਵਾਈ ਦੇ ਨਾਂ ਤੇ ਟੈਸਟ ਦੇ ਨਾਂਅ ਲੁੱਟ ਸ਼ੁਰੂ ਹੁੰਦੀ ਐ।
      ਲੋਕ ਚੁੱਪਚਾਪ ਤਮਾਸ਼ਾ ਦੇਖ ਰਹੇ ਹਨ ਜਾਂ ਮਜਬੂਰ ਹਨ। ਕੋਈ  ਕਿਸੇ ਦੀ ਵੀ  ਸ਼ਿਕਾਇਤ  ਨੀ ਕਰਦਾ ਇਹ ਸਿਹਤ ਮਾਫੀਆ ਆਮ ਆਦਮੀ ਦੀ ਲੁੱਟ ਖਸੁੱਟ ਕਰਦਾ ਹੈ।

ਉਸ ਦੇ ਧਨ ਦੀ ਤੇ ਆਪਣੇ ਆਪ ਦੀ ਪਲ ਪਲ ਮੌਤ  ਹੁੰਦੀ ਹੈ ।
        ਪਰ ਮੇਰਾ ਪੰਜਾਬ  ਏਨਾ ਬੇਵੱਸ ਕਿਉ  ਹੋ ਗਿਆ ?
       ਪੰਜਾਬ, ਜਿਸਨੂੰ ਸੱਭਿਅਤਾ ਦਾ ਪੰਘੂੜਾ ਕਿਹਾ ਜਾਂਦਾ ਹੈ, ਜਿੱਥੇ ਧਰਤੀ ਸੋਨਾ ਉਗਲਦੀ ਸੀ, ਵਾਤਾਵਰਨ ਵਿੱਚ ਮਿਠਾਸ ਸੀ, ਪਾਣੀ ਇਸ ਦਾ ਅੰਮ੍ਰਿਤ ਸੀ। ਜਿਹੜਾ ਵੀ ਕੋਈ ਪ੍ਰਾਣੀ ਇਸ ਧਰਤੀ ਦੀ ਗੋਦ ਵਿੱਚ ਆਉਂਦਾ, ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਇੱਥੋਂ ਦੇ ਵਾਸੀ ਇੱਕ-ਦੂਜੇ ਲਈ ਜਾਨਾਂ ਵਾਰਦੇ ਸੀ, ਮੁਹੱਬਤ ਦੀ ਨਦੀ ਵਗਦੀ ਸੀ, ਸੰਗੀਤ ਦਾ ਝਰਨਾ ਸੀ।
      ਅਣਖ਼ੀਲੇ ਸੁਭਾਅ ਦੇ ਮਾਲਕ ਪੰਜਾਬ ਨੇ ਕਦੇ ਵੀ ਦੁਸ਼ਮਨ ਵੱਲ ਕੰਡ ਨਹੀਂ ਕੀਤੀ। ਸਗੋਂ ਸਦਾ ਹਰ ਹਮਲੇ ਨੂੰ ਹਿੱਕ ਦੇ ਜ਼ੋਰ ਨਾਲ ਪਛਾੜਿਆ।
     ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵਧੇਰੇ ਯੋਗਦਾਨ ਪਾਉਣ ਵਾਲਾ ਪੰਜਾਬ ਹੀ ਹੈ, ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਨਿਜਾਤ ਦਿਵਾਈ।
       ਆਜ਼ਾਦੀ ਤੋਂ ਬਾਅਦ ਭੁੱਖੇ ਮਰ ਰਹੇ ਦੇਸ਼ ਨੂੰ ਅੰਨ ਨਾਲ ਮਾਲਾਮਾਲ ਕਰਨ ਵਾਲਾ ਪੰਜਾਬ ਹੀ ਤਾਂ ਹੈ, ਜਿਸਨੇ ਭਿਖਾਰੀ ਬਣੇ ਦੇਸ਼ ਨੂੰ ਅੰਨਦਾਤਾ ਬਣਾਇਆ।
       ਦੁੱਧ ਦੀਆਂ ਨਦੀਆਂ ਵਗਾਈਆਂ ਭਾਵੇਂ ਇਹ ਗੱਲਾਂ ਹੋਈਆਂ-ਬੀਤੀਆਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਅਜੇ ਗਿਣਤੀ ਦੇ ਵਰੇ ਹੀ ਹੋਏ ਹਨ। ਪਰ ਇੰਨੇ ਸਮਿਆਂ ਵਿੱਚ ਪੰਜਾਬ ਦੇ ਉਹ ਨਕਸ਼ਾ ਤੇ ਹੁਣ ਦਾ ਨਕਸ਼ਾ ਇਸ ਕਦਰ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ ਕਿ ਪਛਾਨਣਾ ਔਖਾ ਹੋ ਗਿਆ ਹੈ ।
       ਪਰ  ਇਸਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਨੂੰ ਜਿਸਨੂੰ ਸਾਜਿਸ਼ ਅਧੀਨ ਲਤਾੜਿਆ ਜਾ ਰਿਹਾ ਹੈ, ਉਸ ਪਿੱਛੇ ਕਿਹੜੀਆਂ ਤਾਕਤਾਂ ਦੇ ਪਿੱਠੂ ਸਾਡੀਆਂ ਰਾਜਨੀਤਿਕ ਪਾਰਟੀਆਂ ਵਿੱਚੋਂ ਕਿਹੜੇ ਆਗੂ ਹਨ? ਇਸ ਬਾਰੇ ਹੁਣ  ਖੋਜ ਕਰਨ ਦੀ ਲੋੜ ਨਹੀਂ ਇਹ ਕੁਝ ਕੁ ਸਿਆਸੀ ਪਾਰਟੀਆਂ ਦੇ ਪ੍ਰਧਾਨ ਤੇ ਉਸ ਦੇ ਝੋਲੀ ਚੁੱਕ ਹਨ । ਜਿਹਨਾਂ ਦੀ ਕਿਰਪਾ ਨਾਲ ਹਰਿਆ-ਭਰਿਆ, ਚਹਿਕਦਾ-ਮਹਿਕਦਾ, ਟਹਿਕਦਾ ਪੰਜਾਬ, ਅੱਜ ਕਿਉਂ ਚਾਰੇ ਪਾਸਿਓਂ ਮੁਰਝਾ ਰਿਹਾ ਹੈ?
      ਇਸ ਦੇ ਖੇਤਾਂ ਵਿੱਚ ਫਸਲਾਂ ਦੀ ਥਾਂ ਕਦੇ ਬੰਦੂਕਾਂ ਉਗਦੀਆਂ ਰਹੀਆਂ, ਹੁਣ ਖੁਦਕਸ਼ੀਆਂ ਉੱਗਣ ਲੱਗ ਪਈਆਂ। ਹੁਣ ਭੁਖਮਰੀ, ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਲਾਲਚਾਰੀ, ਨਸ਼ੇੜੀ, ਭਿਖਾਰੀ, ਕੁੜੀਮਾਰ, ਨਿਪੁੰਸਕ, ਭਗੌੜੇ, ਬਲਾਤਕਾਰੀ, ਧੋਖੇਬਾਜ਼, ਭੁਖੜ, ਗਦਾਰ, ਤੇ ਰਿਸ਼ਤਿਆਂ ਦੇ ਕਾਤਲ  ਤੇ ਹੋਰ ਪਤਾ ਨਹੀ ਕੀ ਲਕਬ ਦੇ ਨਾਂ ਜੁੜਿਆ ਹੋਇਆ ਹੈ
       ਪੰਜਾਬ ਦੀ ਧਰਤੀ 'ਤੇ ਕਦੇ  ਫ਼ਸਲਾਂ ਤੋਂ ਬੰਦੂਕਾਂ ਉੱਗਣ ਦੇ ਸਫ਼ਰ ਵੱਲ ਜੇ ਪੰਛੀ-ਝਾਤ ਮਾਰੀਏ ਤਾਂ ਬਿਨਾਂ ਨਿਰਾਸ਼ਾ ਦੇ ਕੁੱਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਕੁੱਝ ਮੌਕਾਪ੍ਰਸਤ ਲੀਡਰਾਂ ਨੇ ਆਪਣੀ ਚੌਧਰ ਕਾਇਮ ਰੱਖਣ ਲਈ ਪੰਜਾਬ ਨੂੰ ਗਹਿਣੇ ਪਾਉਣ ਲਈ ਹਰ ਤਰਾਂ ਦੀ ਸਾਜਿਸ਼ ਵਿੱਚ ਆਪਣੀ ਭਾਈਵਾਲੀ ਰੱਖੀ ਕਿਉਂਕਿ ਉਨਾਂ ਨੇ ਤਾਂ ਸਿਰਫ਼ ਮੌਕੇ ਦਾ ਹੀ ਲਾਭ ਉਠਾਇਆ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਕੀ ਹੋਵੇਗੀ? ਇਸ ਬਾਰੇ ਉਨਾਂ ਨਹੀਂ ਸੋਚਿਆ। ਹਜ਼ਾਰਾਂ ਦੀ ਗਿਣਤੀ ਵਿੱਚ ਗੱਭਰੂ ਮਾਰੇ ਗਏ, ਹਜ਼ਾਰਾਂ ਲੱਖਾਂ ਘਰ ਬਰਬਾਦ ਹੋ ਗਏ, ਨਮੋਸ਼ੀ ਤੋਂ ਬਿਨਾਂ ਪੱਲੇ ਕੁਝ ਨਹੀਂ ਪਿਆ।
      ਹੁਣ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ ਪਹੁੰਚ ਤੋਂ ਦੂਰ ਹੋ ਰਿਹਾ ਹੈ। ਜੋ ਪਾਣੀ ਮਿਲਦਾ ਵੀ ਹੈ, ਉਹ ਜ਼ਹਿਰੀਲਾ ਹੋ ਗਿਆ ਹੈ। ਪੀਣ ਯੋਗ ਪਾਣੀ ਨਹੀਂ ਰਿਹਾ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਜ਼ਹਿਰੀਆਂ ਦਵਾਈਆਂ ਦੇ ਅੰਸ਼ ਆਉਣ ਕਾਰਣ ਉਹ ਪੰਜਾਬ ਦੇ ਜਿਸਮ ਵਿੱਚ ਵੜ ਗਏ ਹਨ। ਸਿੱਟੇ ਵਜੋਂ ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਬਿਮਾਰੀ ਦੀ ਲਪੇਟ ਵਿੱਚ ਹੈ। ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਨੇ ਹਰ ਰੋਜ਼ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
       ਸਾਡੀ ਧਰਤੀ, ਪਾਣੀ ਵਾਤਾਵਰਨ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਜ਼ਹਿਰੀਲੀਆਂ ਕਰਨ ਵਾਲੀਆਂ ਉਹ ਕਿਹੜੀਆਂ ਧਿਰਾਂ ਹਨ? ਇਨਾਂ ਦੀ ਨਿਸ਼ਾਨਦੇਹੀ ਕੌਣ ਕਰੇਗਾ?
      ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਕਾਰਨ ਦੁਖੀ ਹੈ। ਵਿਸ਼ਵੀਕਰਨ ਤੇ ਸੰਸਾਰੀਕਰਨ ਦੇ ਰੌਲੇ ਨੇ ਉਸਨੂੰ ਹੋਰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਹੈ।
       ਹੁਣ ਉਹ ਚੌਰਾਹੇ 'ਚ ਖੜ੍ਹਾ ਸੋਚ ਰਿਹਾ ਹੈ ਕਿ ਜੇ ਸਾਰਾ ਸੰਸਾਰ ਇੱਕ ਪਿੰਡ ਹੈ ਤਾਂ ਉਸ ਦਾ ਦੇਸ਼ ਕਿਹੜਾ ਹੈ? ਜੇ ਉਸ ਦਾ ਦੇਸ਼ ਭਾਰਤ ਹੈ ਤਾਂ ਉਸ ਦਾ ਭਾਰਤ ਕਿਹੜਾ ਹੈ? ਜੇ ਉਹ ਪੰਜਾਬ ਦਾ ਵਾਸੀ ਹੈ ਤਾਂ ਉਸ ਦਾ ਪੰਜਾਬ ਕਿਹੜਾ ਹੈ? ਤੇ ਉਸ ਦਾ ਪਿੰਡ ਕਿਹੜਾ ਹੈ? ਇਸ ਤਰਾਂ ਦੇ ਬਹੁਤ ਸਾਰੇ ਸਵਾਲ ਹਨ, ਜਿਨਾਂ ਦਾ ਜਵਾਬ ਇਸ ਵਿਸ਼ਵੀਕਰਨ ਨੇ ਕਦੀ ਵੀ ਨਹੀਂ ਦੇਣਾ।
       ਉਹ  ਸਿਆਸੀ  ਆਗੂਆਂ ਨੇ ਤਾਂ ਵਿਕਾਸ ਦੇ ਨਾਂ ਤੇ ਪੰਜਾਬ ਦਾ ਵਿਨਾਸ਼  ਕਰ ਦਿੱਤਾ  ਤੇ ਲੱਖਾਂ  ਕਰੋੜਾ  ਦਾ ਕਰਜਾ ਹੋ ਗਿਐ। ਪੰਜਾਬ ਦੀ ਕਿਸਾਨੀ ਅੱਜ ਖ਼ੁਦਕਸ਼ੀਆਂ ਤੱਕ ਪੁੱਜ ਗਈ ਹੈ।
      ਪੰਜਾਬ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਪੰਜਾਬ ਨੂੰ ਚੁਫੇਰਿਉਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਅਸੀਂ ਤਮਾਸ਼ਬੀਨ ਬਣੇ ਖੜੇ ਦੇਖ ਰਹੇ ਹਾਂ।
      ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਸਿਉਂਕ ਲੱਗ ਗਈ ਹੈ। ਪੰਜਾਬ ਵਿੱਚੋਂ ਕਿਰਤ ਦਾ ਸੰਕਲਪ ਖ਼ਤਮ ਹੋ ਰਿਹਾ ਹੈ। ਪੰਜਾਬ ਵਿਚ ਗ਼ੈਰ ਪੰਜਾਬੀਆਂ ਦੀ ਆਮਦ  ਸਾਜਿਸ਼ ਆਧੀਨ ਵਧਾਈ ਜਾ ਰਹੀ ਹੈ ਤੇ ਜਿਸ ਨੇ ਜੋ ਮਾਹੌਲ ਪੈਦਾ ਕਰ ਦਿੱਤਾ ਹੈ, ਇਸਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ।
      ਪੰਜਾਬੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਨੂੰ ਦੌੜ ਰਹੇ ਹਨ। ਆਈਲੈਟਸ ਕੰਪਨੀਆਂ ਦਾ ਹੜ੍ਹ  ਆਪਣੀ ਗਿਐ। ਹਰ ਸਾਲ ਦੋ ਲੱਖ ਨੌਜਵਾਨ ਬੌਧਿਕ ਤੇ ਪੂੰਜੀ ਦੀ ਸ਼ਕਤੀ ਪਰਵਾਸ ਹੋ ਰਹੀ ਹੈ । ਇਥੇ ਬੇਰੁਜ਼ਗਾਰੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
       ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਰੋਜ਼ਾਨਾ ਧਰਨੇ ਦੇਣੇ ਪੈਂਦੇ ਹਨ। ਜਿਹੜੇ ਆਪਣੇ-ਆਪ ਨੂੰ 'ਸਰਕਾਰ ਦਾ ਜਵਾਈ' ਸਮਝਦੇ ਸਨ, ਅੱਜ ਉਨਾਂ ਦੇ ਲਈ ਵਿਭਾਗ ਬਚਾਉਣੇ ਔਖੇ ਹੋ ਗਏ ਹਨ,  ਵਿਸ਼ਵੀਕਰਨ ਨੇ ਪ੍ਰਾਈਵੇਟ ਸੈਕਟਰ ਨੂੰ ਮਾਨਤਾ ਦੇਣੀ ਹੀ ਦੇਣੀ ਹੈ ਜਿਹੜੇ ਕਰਮਚਾਰੀਆਂ ਨੇ ਨੌਕਰੀ ਦੌਰਾਨ, ਤਨਖ਼ਾਹ ਲੈਣ ਤੋਂ ਬਿਨਾਂ ਕੰਮ ਨਹੀਂ ਕੀਤਾ, ਉਨਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆਚ ਗਿਆ ਹੈ।ਆਪਣੀਆ ਅਗਲੀਆ ਨਸਲਾਂ ਦਾ ਭਵਿਖ ਤਬਾਹ ਕਰ ਦਿੱਤਾ  ਹੈ, ਹੁਣ ਜ਼ਮੀਨ ਤੇ ਜ਼ਮੀਰ ਵੇਚ ਵਿਦੇਸ਼ ਨੂੰ ਭੱਜ ਰਹੇ ਹਨ । ਕੀ ਯੋਧੇ / ਸੂਰਮੇ ਹੁਣ ਡਰ ਗਏ ਹਨ?.
       ਮੱਧਵਰਗੀ ਲੋਕ ਤਾਂ ਪੈਸੇ ਦੀ ਦੌੜ ਦੇ ਚੱਕਰ ਵਿੱਚ ਇੱਕ-ਦੂਜੇ ਦੀਆਂ ਜੇਬਾਂ ਕੱਟਦੇ ਭੱਜੇ ਜਾ ਰਹੇ ਹਨ। ਘਰਾਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਏ ਹਨ, ਤੇ ਬਾਹਰ ਨੂੰ ਭੱਜ ਰਹੇ ਹਨ.
      ਸਿਹਤ, ਸਿੱਖਿਆ ਤੇ ਰੁਜ਼ਗਾਰ  ਦਾ ਨਿਜੀਕਰਨ  ਹੋ ਗਿਆ ਤੇ ਆਮ ਇਨਸਾਨ ਇਸ ਦਾ ਸ਼ਿਕਾਰ  ਹੋ ਗਿਆ ਹੈ । ਉਹ ਨਾ ਪੜ੍ਹ ਸਕਦਾ ਹੈ ਤੇ ਜਾਨ ਬਚਾ ਸਕਦਾ ਹੈ, ਉਹ ਪਲ ਪਲ ਮਰ ਰਿਹਾ ਹੈ।
      ਪੰਜਾਬ ਵਿੱਚ ਫ਼ਸਲਾਂ ਦੀ ਥਾਂ ਹੁਣ ਵੱਡੀਆਂ-ਵੱਡੀਆਂ ਇਮਾਰਤਾਂ ਦਾ ਜੰਗਲ ਉੱਗ ਆਇਆ ਹੈ। ਇਨਾਂ ਜੰਗਲਾਂ ਨੇ ਪ੍ਰੋ: ਪੂਰਨ ਸਿੰਘ ਦਾ ਪੰਜਾਬ ਖੋਹ ਲਿਆ ਹੈ। ਇਸ ਸਮੇਂ ਅਮੀਰ ਲੋਕ ਅਮੀਰ ਹੋ ਰਹੇ ਹਨ, ਗ਼ਰੀਬ ਦਾ ਜਿਉਣਾ ਦੁੱਭਰ ਹੋ ਰਿਹਾ ਹੈ ਕਿਉਂਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਵਿੱਚ ਕਈ ਗੁਣਾਂ ਨਿਰੰਤਰ ਵਾਧਾ ਹੋ ਰਿਹਾ ਹੈ। ਘਰੇਲੂ ਜੀਵਨ ਦੀਆਂ ਵਸਤਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਹਾਸ਼ੀਏ 'ਤੇ ਬੈਠ ਲੋਕ ਚੁੱਪ ਤੇ ਖਾਮੋਸ਼ ਹਨ। ਉਹ ਅਜੇ ਦੇਖ ਰਹੇ ਹਨ ਕਿ ਇਹ ਵਿਕਾਸ ਉਨਾਂ ਨੂੰ ਕਿੱਥੇ ਤੱਕ ਲੈ ਕੇ ਜਾਵੇਗਾ?
      ਬਹੁ-ਕੌਮੀ ਕੰਪਨੀਆਂ ਲਈ ਰਾਜਨੀਤਿਕ ਪਾਰਟੀਆਂ ਤਾਂ ਦਲਾਲ ਬਣ ਕੇ ਰਹਿ ਗਈਆਂ ਹਨ। ਇਨਾਂ ਕੋਲੋਂ ਦੇਸ਼ ਨੂੰ ਬਚਾਈ ਰੱਖਣ ਦੀ ਆਸ ਕਰਨੀ ਬੜੀ ਵੱਡੀ ਭੁੱਲ ਹੋਵੇਗੀ ਕਿਉਂਕਿ ਇਹ ਤਾਂ ਦੇਸ਼ ਨੂੰ ਗਹਿਣੇ ਧਰੀ ਜਾ ਰਹੇ ਹਨ।
    ਇੱਥੋਂ ਜੋ ਕੁੱਝ ਲੁੱਟਿਆ ਜਾ ਸਕਦਾ ਹੈ, ਲੁੱਟੀ ਜਾ ਰਹੇ ਹਨ। ਜਿਹੜੇ ਲੋਕ ਇਨਾਂ ਦੀ ਲੁੱਟ ਦਾ ਪਰਦਾਫ਼ਾਸ਼ ਕਰਦੇ ਹਨ, ਉਨਾਂ ਨੂੰ ਅਮਨ-ਕਾਨੂੰਨ ਦੀ ਆੜ ਹੇਠ ਜੇਲਾਂ ਵਿੱਚ ਤੁੰਨਿਆ ਜਾ ਰਿਹਾ ਹੈ। ਦਿਨ ਦਿਹਾੜੇ ਕਤਲ ਕੀਤਾ ਜਾ ਰਿਹਾ ਹੈ।
        ਲੁਟੇਰੇ ਤੇ ਸਿਆਸਤਦਾਨ  ਵਧ ਫੁਲ  ਰਹੇ ਹਨ ਤੇ ਲੋਕ ਮਰ ਤੇ ਮਾਰੇ ਜਾ ਰਹੇ ਹਨ ।ਸਿਆਸੀ  ਆਗੂਆਂ ਦੇ ਕਾਰੋਬਾਰ ਵਧੀਆ ਚਲ ਰਹੇ ਹਨ। ਪਰ ਹੱਸਦਾ-ਵੱਸਦਾ ਪੰਜਾਬ ਅੱਜ ਰੋ ਕਿਉਂ ਰਿਹਾ ਹੈ? ਇਸ ਦੀਆਂ ਅੱਖਾਂ ਵਿਚਲੇ ਅੱਥਰੂ ਕੌਣ ਸਾਫ਼ ਕਰੇਗਾ?
       ਕੌਣ ਹੈ ਜੋ ਇਸ ਦੇ ਮੂੰਹ ਉੱਤੇ ਚਪੇੜਾਂ ਮਾਰ ਰਿਹਾ ਹੈ? ਉਨਾਂ ਹੱਥਾਂ ਨੂੰ ਪਛਾਨਣ ਦੀ ਲੋੜ ਹੈ।
       ਲੋੜ ਤਾਂ ਪੰਜਾਬ ਨੂੰ ਇਸ ਸਮੇਂ ਬਹੁਤ ਕੁੱਝ ਦੀ ਹੈ ਕਿਉਂਕਿ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ।
  ਸੱਭਿਆਚਾਰ ਪ੍ਰਦੁਸ਼ਿਤ ਕਰ ਦਿੱਤਾ ਗਿਆ ਹੈ। ਸਾਡੇ ਗੀਤਕਾਰ ਤੇ ਗਾਇਕ ਦਮੜੀਆਂ ਦੇ ਲਾਲਚ ਵੱਸ ਹੋ ਕੇ ਆਪਦੀ ਅਣਖ਼ ਵੇਚੀ ਜਾ ਰਹੇ ਹਨ। ਸਾਡੀਆਂ ਧੀਆਂ-ਧਿਆਣੀਆਂ ਨੇ ਅੱਧ ਨੰਗੇ ਜਿਸਮਾਂ ਦੀ ਨੁਮਾਇਸ਼ ਲਗਾ ਰੱਖੀ ਹੈ।
    ਟੀ. ਵੀ. ਉੱਪਰ ਆਉਂਦੇ ਸੀਰੀਅਲ ਸਾਡੇ ਪਰਿਵਾਰਿਕ ਰਿਸ਼ਤਿਆਂ ਨਾਲ ਖਿਲਵਾੜ ਕਰ ਰਹੇ ਹਨ।  ਇਲੈਕਟ੍ਰਾਨਿਕ ਮੀਡੀਆ ਅਤੇ ਮੋਬਾਇਲ ਫ਼ੋਨ ਪੰਜਾਬ ਨੂੰ ਨਸ਼ਿਆਂ ਅਤੇ 'ਦੇਹ' ਦੀ ਮੰਡੀ ਵਿੱਚ ਤਬਦੀਲ ਕਰ ਰਹੇ ਹਨ। ਪੰਜਾਬ ਦਾ ਅਣਖੀਲਾ ਤੇ ਗੁਰੀਲਾ ਸੁਭਾਅ ਖੰਭ ਲਾ ਕੇ ਉੱਡ ਗਿਆ ਹੈ।
     ਹੱਥਾਂ ਵਿੱਚੋਂ ਕਿਰਤ ਦਾ ਖ਼ਤਮ ਹੋਣਾ ਹੀ ਸਾਡੀ ਮੌਤ ਦੀ ਨਿਸ਼ਾਨੀ ਹੈ ਅਤੇ ਉਹ ਖ਼ਤਮ ਹੋ ਰਹੀ ਹੈ। ਅਸੀਂ ਨਸ਼ਿਆਂ ਦੇ ਗੁਲਾਮ ਬਣਾ ਦਿੱਤੇ ਗਏ ਹਾਂ ਤਾਂ ਕਿ ਅਸੀਂ ਆਪਣੇ ਹੱਕ ਨਾ ਮੰਗ ਸਕੀਏ । ਹੱਕ ਮੰਗਿਆਂ ਵੀ ਨਹੀਂ ਮਿਲਦੇ, ਇਹ ਤਾਂ ਖੋਹਣੇ ਪੈਂਦੇ ਹਨ ਪਰ ਹੱਕ ਖੋਹੀਏ ਕਿਸ ਕੋਲੋਂ? ਜਦੋਂ ਸਾਡੇ ਆਪਣੇ ਹੀ ਲੁੱਟੀ ਜਾ ਰਹੇ ਹਨ।
      ਹੁਣ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਅੱਗੇ ਵਾਂਗ 'ਸੋਨੇ ਦੀ ਚਿੜੀ' ਨੂੰ ਇਸ ਕਦਰ ਖ਼ਤਮ ਕਰ ਜਾਣਗੀਆਂ ਕਿ ਇਹ ਮੁੜ ਕੇ ਨਾ ਉੱਠ ਸਕੇ। ਅੱਜ ਸਾਨੂੰ ਸਭ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਕਿ ਕੌਣ ਹੈ ਜੋ ਪੰਜਾਬ ਨੂੰ ਖੋਖਲਾ ਕਰੀ ਜਾ ਰਿਹਾ ਹੈ? ਪੰਜਾਬ ਨੂੰ ਕਿਉਂ ਕੁੜੀਮਾਰ-ਨੜੀਮਾਰ ਤੱਕ ਪੁੱਜਦਾ ਕਰ ਦਿੱਤਾ ਹੈ।
     ਅੱਜ ਅਸੀਂ ਆਪਦੇ ਵਾਰਸ ਦੀ ਤਲਾਸ਼ ਵਿੱਚ ਉਨਾਂ ਤਾਕਤਾਂ ਦੀ ਜੰਗ ਲੜ ਰਹੇ ਹਾਂ, ਜਿਹੜੇ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਪੰਜਾਬੀਆਂ ਦੀ ਨਸਲ ਖ਼ਤਮ ਹੋਵੇ। ਭਾਵੇਂ ਇਹ ਨਸਲ ਇੱਕ ਖਾਸ ਵਰਗ ਦੀ ਖ਼ਤਮ ਹੋ ਰਹੀ ਹੈ ਪਰ ਸੋਚਣਾ ਪਵੇਗਾ ਕਿ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ।
 
      ਦੋਸਤੋ ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ  ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ , ਨਾਨਕ ਤੇ ਗੋਬਿੰਦ  ਬਨਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ।
      ਜਿਸ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ  ਓਹਨਾ  ਸਿਆਸੀ ਆਗੂਆਂ  ਦੇ ਹਥ ਵਤੀਰਾ ਜਿਹਨਾ  ਨੇ ਪੰਜਾਬ ਦੀ ਇਹ  ਹਾਲਤ  ਬਣਾਈ ਐ ।
     ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ  ਤਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ ਨੂੰ  ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ।
       ਉਠੋ ਤੁਰੋ ਜੁੜੇ ਤੇ ਸਾਂਝੀ  ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਗਲਾਂ  ਚੋ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ । ਜਿੱਤ ਤੇ ਜਿਤਾਉਣ  ਦੀ ਤਾਕਤ  ਲੋਕਾਂ ਦੇ ਸਾਹਮਣੇ ਹੈ ਅਤੇ ਰਹੇਗੀ ਵੀ । ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ ।
      ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ ।
     ਆਓ ਆਪਣੀ ਮਰਨ ਗਈ ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ ।
    ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼  ਕਰੀਏ ।
   ਹੁਣ  ਲੜਣ ਦੇ  ਬਿਨਾਂ ਸਰਨਾ ਨਹੀਂ। ਹੁਣ ਲੜਣ ਦੀ ਲੋੜ ਐ। ਜੰਗ  ਹੁਣ ਕਰੋ ਜਾਂ ਮਰੋ ਦੀ ਹੀ ਹੋਵੇ ।
ਸੰਪਰਕ : 9464370823

ਦਿੱਲੀ  ਦੀ ਪੰਜਾਬ ' ਚ ਛਲੇਡਾ ਸਿਆਸਤ   - ਬੁੱਧ ਸਿੰਘ ਨੀਲੋਂ

ਪੰਜਾਬ ਤੇ ਪੰਜਾਬੀਆਂ ਨੂੰ ਅਜੇ ਤੱਕ ਦਿੱਲੀ  ਦੀ ਛਲੇਡਾ ਸਿਆਸਤ ਦੀ ਪਛਾਣ ਨਹੀਂ ਆਈ। ਇਸੇ ਕਰਕੇ ਹਰ ਵਾਰ ਪੰਜਾਬ ਧੋਖਾ ਖਾ ਲੈਂਦਾ ਹੈ। ਆਪਣਾ ਆਪ ਵਢਾ ਲੈਂਦਾ ਹੈ। ਦੇਸ਼ ਦੀ ਸਿਆਸੀ ਵੰਡ ਤੋਂ ਪਹਿਲਾਂ ਤੇ ਅੱਜ ਤੱਕ ਪੰਜਾਬ  ਨੂੰ ਦਿੱਲੀ ਵਾਲਿਆਂ ਨੇ ਹਮੇਸ਼ਾ ਹੀ ਵਰਤਿਆ ਹੈ। ਹਰ ਤਰ੍ਹਾਂ ਦਾ ਤਜਰਬਾ ਵੀ ਦਿੱਲੀ ਦੀ ਸਿਆਸਤ ਨੇ ਪੰਜਾਬ ਦੇ ਵਿੱਚ ਕੀਤਾ ਹੈ । ਭਾਵੇਂ ਪੰਜਾਬ ਦੇ ਸਿਆਸੀ, ਧਾਰਮਿਕ ਤੇ ਵਿਦਵਾਨਾਂ ਨੂੰ ਦਿੱਲੀ  ਦੇ ਬਹੁਰੰਗੇ ਚਿਹਰੇ ਸਮਝ ਆਉਦੇ ਰਹੇ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦਾ ਕਦੇ ਦਿਲ ਨਹੀਂ ਦਿਖਾਇਆ ਪਰ ਆਪ ਹਰ ਵੇਲੇ ਉਹ ਮਲਾਈਆਂ ਛਕਦੇ ਰਹੇ ਤੇ ਦਿੱਲੀ ਦੇ ਪੈਰ ਚੱਟਦੇ ਰਹੇ ।
     ਇਹੋ ਹੀ ਪੰਜਾਬ ਦੀ ਹੋਣੀ ਦਾ ਇਹ ਅੰਦਰਲਾ ਸੱਚ ਹੈ ਕਿ ਪੰਜਾਬ ਦੇ ਆਗੂਆਂ ਨੇ ਦਿੱਲੀ ਦੇ ਨਾਲ ਆਪ ਯਰਾਨੇ ਪਾ ਕੇ ਰੱਖੇ ਤੇ ਪੰਜਾਬ  ਦਾ ਉਹ ਸਦਾ ਖੁਦ ਮੁੱਲ ਵੱਟਦੇ ਰਹੇ ਤੇ ਵਟ ਰਹੇ ਹਨ। ਸਿਆਸੀ ਆਗੂਆਂ ਨੇ ਕਦੇ ਪੰਜਾਬ ਦੀਆਂ ਸਰਹੱਦਾਂ, ਕਦੇ ਪੰਜਾਬ  ਦੇ ਪਾਣੀਆਂ ਨੂੰ ਤੇ ਕਦੇ ਪੰਜਾਬ ਦੀ ਜੁਆਨੀ ਦਾ ਮੁੱਲ ਵੱਟਿਆ ਤੇ ਆਪਣੀ  ਸੱਤਾ ਕਾਇਮ ਰੱਖੀ।  ਇਹੀ ਕਾਰਨ ਹੈ ਕਿ ਪੰਜਾਬ  ਦੇ ਲੋਕ ਆਪਣੇ  ਸਿਆਸੀ, ਧਾਰਮਿਕ ਤੇ ਵਿਦਵਾਨਾਂ ਦੀਆਂ  ਚਿਕਨੀਆਂ ਤੇ ਚੋਪੜੀਆਂ ਗੱਲਾਂ  ਦੇ ਵਿੱਚ ਆ ਕੇ, ਉਨ੍ਹਾਂ ਦੇ ਮਗਰ ਲੱਗ ਕੇ ਆਪਣੇ ਹੱਥੀਂ ਪੰਜਾਬ ਨੂੰ ਬਰਬਾਦ  ਕਰਦੇ ਰਹੇ। ਜਿਹੜੀ ਪੀੜ੍ਹੀ ਦੇ ਸਿਆਣੇ ਲੋਕਾਂ ਨੂੰ  ਇਨ੍ਹਾਂ ਅਖੌਤੀ ਆਗੂਆਂ ਦੀ ਗੱਲ ਸਮਝ ਲੱਗੀ, ਉਹ ਆਪਣੀ  ਸੁਰੱਖਿਆ ਦੇ ਲਈ ਵਿਦੇਸ਼ਾਂ ਵੱਲ ਨੂੰ ਇਕ ਇਕ ਕਰਕੇ  ਉਡਾਰੀ ਮਾਰਦੇ ਰਹੇ।  ਗੱਲ  ਪੰਜਾਬੀ  ਸੂਬੇ ਦੀ ਹੋਵੇ  ਜਾਂ ਗੁਆਂਢੀ  ਰਾਜਾਂ  ਨੂੰ  ਪਾਣੀ ਦੇਣ ਦੀ ਹੋਵੇ । ਹਰ ਵਾਰ ਦਿੱਲੀ  ਵਾਲੇ ਹਾਕਮਾਂ  ਨੇ ਕਦੇ ਪਿਆਰ  ਨਾਲ, ਕਦੇ ਹੰਕਾਰ ਨਾਲ ,ਕਦੇ ਲਾਲਚ ਨਾਲ ਤੇ ਕਦੇ ਬਾਂਹ ਮਰੋੜ ਕੇ ਆਪਣੀ  ਗੱਲ ਮਨਾਈ । ਪੰਜਾਬ  ਦੇ ਸਿਆਸੀ  ਆਗੂਆਂ  ਨੇ ਆਪਣੀ  ਕੁਰਸੀ ਕਾਇਮ ਰੱਖਣ ਦੇ ਲਈ ਸਭ ਕੁੱਝ  ਕੀਤਾ।  ਇਹੋ ਹੀ ਕਾਰਨ ਹੈ ਕਿ ਅੱਜ ਪੰਜਾਬ  ਹਰ ਖੇਤਰ  ਦੇ ਵਿੱਚ  ਪਛੜ ਗਿਆ। ਸੱਤਾ ਦੇ ਲਾਲਚ ਲਈ ਸ੍ਰੋਮਣੀ ਅਕਾਲੀ  ਦਲ ਨੇ ਪੰਜਾਬੀ  ਸੂਬਾ  ਮੋਰਚਾ ਲਗਾ ਕੇ ਮਹਾਂ  ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪੇ ਕਟਵਾਇਆ।  ਜਿਹੜੀ ਦਿੱਲੀ ਕਦੇ ਮਹਾਂ ਪੰਜਾਬ  ਦਾ ਸੂਬਾ ਹੁੰਦੀ  ਸੀ ਤੇ ਦੇਸ਼  ਦੀ ਵੰਡ ਤੋਂ ਬਾਅਦ ਪੰਜਾਬੀ ਸੂਬਾ  ਬਨਣ ਵੇਲੇ  ਉਹੀ ਦਿੱਲੀ ਹਾਕਮ ਬਣ ਗਈ। ਪੰਜਾਬ  ਦੇ ਸਿਆਸੀ  ਆਗੂਆਂ  ਨੇ ਪੰਜਾਬ ਦੇ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਸਦਾ ਪਹਿਲ ਦਿੱਤੀ। ਪੰਜਾਬ ਦੀਆਂ ਸਿਆਸੀ ਪਾਰਟੀਆਂ  ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਸੀਪੀਆਈ ਨੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ  ਕੀਤੀ।  ਇਹਨਾਂ ਸਿਆਸੀ ਪਾਰਟੀਆਂ  ਦੇ ਆਗੂਆਂ ਨੇ ਦਿੱਲੀ ਵਾਲਿਆਂ ਨਾਲ ਆਪਣੀ ਗੰਢ ਤੁਪ ਰੱਖੀ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਢੰਗ ਦੇ ਨਾਲ ਵਰਤਿਆ। ਪੰਜਾਬ ਦੇ ਪਾਣੀਆਂ ਨੂੰ ਕਦੇ ਕਾਂਗਰਸੀਆਂ ਨੇ ਤੇ ਕਦੇ ਸ੍ਰੋਮਣੀ ਅਕਾਲੀ  ਦਲ ਦੇ ਆਗੂਆਂ ਨੇ ਵੇਚਿਆ ।  ਪੰਜਾਬ  ਦੇ ਅੰਦਰ ਹਰੀ, ਚਿੱਟੀ ਤੇ ਨੀਲੀ ਕ੍ਰਾਂਤੀ ਦਾ ਦੁਨੀਆਂ ਦੇ ਵਿੱਚ ਫੇਲ ਹੋਇਆ ਤਜਰਬਾ ਕਰਵਾਇਆ ।  ਇਸ ਹਰੀ ਕ੍ਰਾਂਤੀ ਦੇ ਅਧੀਨ ਦੁਨੀਆਂ ਦੇ ਵਿੱਚ ਬੰਦ ਕੀਤੀਆਂ ਮਨੁੱਖ ਤੇ ਕੁਦਰਤ ਵਿਰੋਧੀ  ਜ਼ਹਿਰੀਲੀਆਂ ਦਵਾਈਆਂ ਨੂੰ  ਵਰਤਣ ਦੀ ਖੁਲ੍ਹ  ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ  ਤੇ ਖੇਤੀਬਾੜੀ ਵਿਭਾਗ ਪੰਜਾਬ  ਦੇ ਰਾਹੀ ਉਨ੍ਹਾਂ  ਦਵਾਈਆਂ ਦੀ ਸਿਫਾਰਸ਼ਾਂ ਕਰਵਾ ਕੇ ਪੰਜਾਬ ਦੀ ਧਰਤੀ ਤੇ ਮਨੁੱਖ  ਨੂੰ ਨਸ਼ੇੜੀ ਬਣਾਇਆ। ਪੰਜਾਬ ਦੇ ਵਿੱਚ ਅਨਾਜ ਤਾਂ ਵੱਧਦਾ ਗਿਆ ਤੇ ਦੇਸ਼ ਦੇ ਗੁਦਾਮ ਭਰਦੇ ਰਹੇ।

      ਪੰਜਾਬ  ਨੂੰ  ਸਰੀਰਕ ਤੇ ਮਾਨਸਿਕ ਤੌਰ ਤੇ ਬੀਮਾਰ ਕਰਨ ਲਈ ਹਰ ਤਰ੍ਹਾਂ ਤਜਰਬਾ ਕੀਤਾ ਗਿਆ । ਪੰਜਾਬ ਦੀ ਆਬਾਦੀ ਕੰਟਰੋਲ ਕਰਨ ਲਈ "ਦੋ ਹੀ ਕਾਫੀ ਹੋਰ ਤੋ ਮਾਫੀ" ਦਾ ਨਾਹਰਾ ਲਗਾ ਕੇ ਬੱਚਿਆਂ ਦੀ ਗਿਣਤੀ  ਘਟਾਉਣ ਦਾ ਛੜਯੰਤਰ ਰਚਿਆ। ਇਹ ਮੁਹਿੰਮ ਪੰਜਾਬ ਦੇ ਵਿੱਚ ਕਾਮਯਾਬ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੇ ਅਸੀਂ ਲਾਲਚ ਫਸੇ । ਪੰਜਾਬੀਆਂ ਨੂੰ  ਇਹ ਸਮਝ ਹੀ ਨਹੀਂ  ਲੱਗੀ ਕਿ ਇਹ ਮੁਹਿੰਮ ਪੰਜਾਬ  ਦੇ ਵਿੱਚ  ਹੀ ਕਿਉਂ ਚਲਾਈ ਗਈ ? ਪੰਜਾਬ  ਦੇ ਵਿੱਚ ਹਰ ਤਰ੍ਹਾਂ  ਦੀਆਂ  ਕੀਟ ਤੇ ਨਦੀਨ ਨਾਸਿਕ ਦਵਾਈਆਂ ਜੋ ਦੁਨੀਆਂ  ਦੇ ਵਿੱਚ ਬੰਦ ਸਨ ਦੀ ਇਥੇ ਉਨ੍ਹਾਂ ਦੀ ਅੰਨ੍ਹੇ ਵਾਹ ਵਰਤੋਂ ਨਹੀਂ ਦੁਰਵਰਤੋੰ ਕਰਵਾਈ। ਨਕਲੀ ਦਵਾਈਆਂ ਦੇ ਵਪਾਰੀਆਂ ਨੇ ਆਪਣੇ ਡੀਲਰਾਂ ਦੇ ਰਾਹੀ ਖੂਬ ਹੱਥ ਰੰਗੇ। ਇਹ ਨਕਲੀ ਦਵਾਈਆਂ ਦੀ ਸਿਫਾਰਸ਼ ਖੇਤੀਬਾੜੀ  ਵਿਗਿਆਨੀਆਂ  ਦੇ ਰਾਹੀ ਕਰਵਾਉਂਦੇ ਰਹੇ ਤੇ ਉਨ੍ਹਾਂ ਵਿਗਿਆਨੀਆਂ ਦੇ ਮੂੰਹ ਨੂੰ ਲਹੂ ਲਾ ਕੇ ਕਾਣੇ ਕਰਦੇ ਰਹੇ।
     ਰਾਜ ਕਰਦੀਆਂ ਪਾਰਟੀਆਂ ਦੇ ਆਗੂ ਕਮਿਸ਼ਨ  ਛਕਦੇ ਰਹੇ। ਪੰਜਾਬ  ਦੇ ਲੋਕ ਖੁਸ਼ਹਾਲੀ ਦੇ ਚੱਕਰ ਦੇ ਵਿੱਚ  ਕਦੇ ਬੈਂਕਾਂ ਦੇ ਵਸਾਏ ਜਾਲ ਵਿੱਚ ਫਸ ਕੇ ਉਲਝਣ ਲੱਗੇ। ਜ਼ਮੀਨਾਂ  ਦੀਆਂ ਲਿਮਟਾਂ ਨੇ ਪੰਜਾਬ  ਦੇ ਕਿਸਾਨਾਂ  ਦੇ ਗਲ ਫਾਹੀਆਂ ਪਾ ਲਈਆ ਤੇ ਖੇਤੀਬਾੜੀ ਨਾਲ ਜੁੜੀ ਮਸ਼ੀਨਰੀ ਤੇ ਗੱਡੀਆਂ ਦੀ ਲਾਲਸਾ ਕਿਸਾਨਾਂ  ਦੇ ਅੰਦਰ ਪੈਦਾ ਕੀਤੀ ਗਈ ਤੇ ਕਿਸਾਨੀ ਇਸ ਜਾਲ ਵਿੱਚ ਖੁਦ ਫਸਦੀ ਰਹੀ ।
      ਗੱਲ ਖੁਦਕਸ਼ੀਆਂ ਤੱਕ ਪੁਜ ਗਈ। ਇਸੇ ਦੌਰਾਨ ਜੀਵਨ  ਦੀ ਸ਼ੈਲੀ ਬਦਲਣ ਦੇ ਲਈ ਪੱਛਮੀ ਸੱਭਿਆਚਾਰ  ਦੇ ਗਲੋਬਲੀ ਹਮਲਾ ਹੋਇਆ। ਲੱਚਰ ਗਾਇਕੀ ਤੇ ਪੈਲਸ ਸੱਭਿਆਚਾਰ ਨੇ ਪੰਜਾਬ ਨੂੰ ਸਧਾਰਨ ਤੋਂ ਫੁਕਰਾ ਬਣਾਇਆ। ਪੰਜਾਬ ਦੀਆਂ ਨਬਜ਼ਾਂ ਕਸਣ ਦੇ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੱਤਾ ਦੇ ਲਾਲਚ ਵਿੱਚ  ਪੰਜਾਬ ਨੂੰ ਸਦਾ ਵੇਚਣ ਲਈ ਮੰਡੀ  ਵਿੱਚ  ਰੱਖਿਆ। ਪੱਛਮੀ  ਸੱਭਿਆਚਾਰ ਦੇ ਹਮਲੇ ਨੇ ਪੰਜਾਬ  ਦੀ ਜੁਆਨੀ ਦੀ ਹੀ ਨਹੀਂ ਬਲਕਿ ਬੁੱਢਿਆਂ ਦੀ ਵੀ ਮੱਤ ਮਾਰ ਦਿੱਤੀ  ।
      ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਨਕਸਲਬਾੜੀ ਤੇ ਅੱਤਵਾਦੀ ਬਣਾ ਕੇ ਪੰਜਾਬ ਦੀ ਜੁਆਨੀ ਦਾ ਪੰਜਾਬੀਆਂ  ਰਾਹੀ ਹੀ ਸ਼ਿਕਾਰ ਖੇਡਿਆ। ਪੰਜਾਬ ਆਰਥਿਕ, ਧਾਰਮਿਕ  ਸਮਾਜਿਕ ਤੇ ਸਰੀਰਕ ਤੌਰ ਤੇ ਤਬਾਹ ਕਰਨ ਦੇ ਲਈ ਹਰ ਤਰ੍ਹਾਂ  ਦਾ ਤਜਰਬਾ ਕੀਤਾ । ਅਸੀਂ  ਸਭ ਕੁੱਝ  ਖੁਦ ਕਰਦੇ ਰਹੇ । ਪੰਜਾਬੀ ਕਦੇ ਲਾਲਚਵਸ ਕਦੇ ਡਰ ਵਸ ਦਿੱਲੀ  ਦੇ ਹਾਕਮਾਂ ਦਾ ਤਸ਼ੱਦਤ ਝੱਲਦੇ ਰਹੇ ।
     ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਤੇ ਬੁੱਧੀਜੀਵੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਦਿੱਲੀ  ਦੀਆਂ  ਚਾਲਾਂ  ਨੂੰ  ਸਮਝਦੇ ਹੋਇਆ ਵੀ ਚੁਪ ਧਾਰੀ ਰੱਖੀ। ਪੰਜਾਬ ਦੇ ਵਿੱਚ ਰੁਜ਼ਗਾਰ ਦੇ ਸਾਧਨਾਂ ਨੂੰ ਤਬਾਹ ਕਰਕੇ  ਤੇ ਪੁਲਿਸ  ਦਾ ਡਰ ਪੈਦਾ ਕਰਕੇ ਪੰਜਾਬ  ਦੀ ਜੁਆਨੀ ਵਿਦੇਸ਼ਾਂ ਦੇ ਵੱਲ ਭੱਜਣ ਲਈ ਮਜਬੂਰ  ਕੀਤਾ। ਪੰਜਾਬ ਦੇ ਅੰਦਰ ਬਾਹਰੀ ਰਾਜਾਂ ਦੇ ਲੋਕਾਂ ਨੂੰ ਵਸਣ ਤੇ ਅਬਾਦ ਹੋਣ ਦੇ ਲਈ ਮੌਕੇ ਪ੍ਰਦਾਨ ਕੀਤੇ। ਕਦੇ ਕਿਸੇ ਸਿਆਸੀ ਆਗੂ ਨੇ ਇਹ ਨਹੀਂ  ਸੋਚਿਆ ਕਿ ਪੰਜਾਬੀ ਕਿਧਰੇ ਦੂਜੇ ਸੂਬੇ ਵਿੱਚ ਜ਼ਮੀਨਾਂ ਨਹੀਂ ਖਰੀਦ ਸਕਦਾ ਫੇਰ ਬਾਹਰਲੇ ਰਾਜਾਂ ਦੇ ਲੋਕ ਪੰਜਾਬ ਕਿਵੇਂ ਜ਼ਮੀਨਾਂ ਖਰੀਦ ਰਹੇ ਹਨ।  ਦੇਸ਼ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਸਿਰਫ਼ ਪੰਜਾਬ ਦੇ ਵਿੱਚ ਲਾਗੂ ਹੋਇਆ। ਪੰਜਾਬ  ਨੂੰ  ਗੁਲਾਮ ਬਣਾ ਕੇ ਰੱਖਣ ਦੇ ਲਈ ਇਥੋਂ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਲੀ ਦੇ ਹਾਕਮਾਂ  ਨੇ ਆਪਣੇ ਕਬਜ਼ੇ  ਦੇ ਵਿੱਚ ਰੱਖਿਆ  ।
     ਇਸ ਸਮੇਂ  ਤੱਕ ਪੰਜਾਬ  ਹਰ ਪੱਖ ਤੋਂ ਤਬਾਹ ਹੋ ਗਿਆ ਸੀ ਤੇ ਹੁਣ ਦਿੱਲੀ ਦੇ ਹਾਕਮਾਂ ਨੇ ਬਦਲਾਅ ਦੇ ਨਵੇਂ  ਤਜਰਬੇ  ਦਾ ਆਗਾਜ਼ ਕੀਤਾ ਹੈ। ਦਲਦਲ ਬਣੇ ਪੰਜਾਬ ਦੇ ਨਾਸੂਰ ਬਣੇ ਸਰੀਰ ਤੇ ਮਰ ਚੁੱਕੀ ਆਤਮਾ ਨੂੰ  ਹਲੂਣਾ ਦੇ ਕੇ ਜਗਾਣ ਦਾ ਨਵਾਂ ਤਜਰਬਾ ਸ਼ੁਰੂ ਹੋਇਆ ਹੈ ।
      ਪੰਜਾਬ ਦੀ ਮਰ ਚੁੱਕੀ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਾਲੀ ਚਿੱਟੀ ਸਿਊੰਕ ਰਾਹੀ ਅਰਦਾਸਾਂ ਕਰਵਾਈਆਂ। ਇਸ ਸਮੇਂ ਪੰਜਾਬ ਦੀ ਆਤਮਾ ਮਰ ਚੁੱਕੀ  ਹੈ ਜਿਹਨਾਂ ਦੀ ਜਿਉਦੀ ਹੈ ਉਹ ਬਿਨ ਪਾਣੀਆਂ ਦੇ ਮੱਛੀ ਵਾਂਗੂੰ ਤੜਪ ਰਹੇ ਰਹੇ। ਉਹ ਵੱਖੋ ਵੱਖੋ ਹੋ ਕੇ ਚੀਕ ਰਹੇ ਹਨ। ਅੱਠ ਗਧੇ ਵੀਹ ਦਰੋਗੇ ਵਾਂਗੂੰ  ਆਪਸ ਵਿੱਚ ਗਧੇ ਦੀ ਸਵਾਰੀ ਕਰਨ ਲਈ ਆਪਸ ਵਿੱਚ  ਲੜ ਰਹੇ ਹਨ।
      ਪੰਜਾਬ  ਦੇ ਪੈਰਾਂ ਹੇਠਾਂ ਅੱਗ ਬਲਦੀ ਹੈ ਜੋ ਉਸਨੂੰ ਹੀ ਬਚੇ ਖੁਚੇ ਨੂੰ ਸਾੜ ਰਹੀ ਹੈ। ਸੜੀ ਲਾਸ਼ ਵਰਗੀ ਹਾਲਤ ਹੁਣ ਪੰਜਾਬ  ਬਦਲਣ ਦੇ ਚੱਕਰ ਵਿੱਚ ਫਿਰ ਫਸਿਆ ਜਾਂ ਫਸਾਇਆ ਹੈ ਤੇ ਅਗਲਾ ਤਜਰਬਾ ਕੀ ਹੋਣਾ  ਹੈ ? ਇਹ ਛਲੇਡਾ ਸਿਆਸਤ ਵਾਲੇ ਜਾਣਦੇ ਹਨ? ਕੀ ਹੋਣਾ ਤੇ ਕਿਵੇਂ ਪੰਜਾਬ ਤੇ ਬਚੇ ਪੰਜਾਬੀਆਂ ਨੇ ਜਿਉਣਾ ਹੈ ?
 ਇਹ ਤਾਂ  ਹੁਣ ਉਹ ਜਾਣਦੇ ਹਨ ਜਿਹੜੇ ਬਦਲਾਅ ਦਾ ਬੁਰਕਾ ਪਾ ਕੇ ਆਏ ਹਨ ?
 ਪੰਜਾਬ ਨੂੰ ਇਸ ਸਿਆਸਤ ਦੀ ਛਲੇਡਾ ਰਾਜਨੀਤੀ ਕੀ ਕੀ ਰੰਗ ਦਿਖਾਏਗੀ ਤੇ ਆਪਣੇ ਰੰਗ ਦੇ ਵਿੱਚ ਰੰਗੇਗੀ।
ਬੁੱਧ  ਸਿੰਘ  ਨੀਲੋੰ

ਸੱਚ ਬੋਲਿਆਂ ਭਾਂਬੜ ਮੱਚਦਾ  -  ਬੁੱਧ  ਸਿੰਘ  ਨੀਲੋਂ

ਸੱਚ ਬੋਲਣਾ, ਸੱਚ ਲਿਖਣਾ, ਸੱਚ ਸੁਣਨਾ, ਸੱਚ ਲਈ ਕੁਰਬਾਨ  ਹੋਣਾ ਬੜਾ ਔਖਾ ਮਾਰਗ ਹੈ। ਅਸੀਂ ਝੂਠ ਬੋਲਣਾ ਤੇ ਸੁਣਨਾ ਹੀ ਪਸੰਦ ਕਰਦੇ ਹਾਂ। ਅਸੀਂ ਕਦੇ ਵੀ ਚਾਹੁੰਦੇ ਨਹੀਂ ਕਿ ਅਸੀਂ ਸੱਚ ਆਖੀਏ।
     ਸੱਚ ਨੂੰ ਤਲੀ ਉੱਤੇ ਰੱਖਕੇ ਤੁਰਨਾ ਬੜਾ ਔਖਾ ਕੰਮ ਹੈ। ਤੁਰਨ ਤੇ ਰੀਂਗਣ ਵਿੱਚ ਫ਼ਰਕ ਹੁੰਦਾ ਹੈ, ਪਰ ਅਸੀਂ ਇਹ ਫ਼ਰਕ ਨਹੀਂ ਸਮਝਦੇ। ਅਸੀਂ ਬਹੁਤਾ ਸਮਾਂ ਭਰਮ-ਭੁਲੇਖਿਆਂ ਵਿੱਚ ਹੀ ਗੁਜ਼ਾਰ ਦਿੰਦੇ ਹਾਂ।
     ਅਸੀਂ ਬਹੁਤੇ ਧਰਤੀ ਉੱਤੇ ਰੀਂਗਦੇ ਹੀ ਹਾਂ, ਪਰ ਅਸੀਂ ਤੁਰਨ ਦਾ ਭਰਮ ਪਾਲੀ ਰੱਖਦੇ ਹਾਂ। ਤੁਰਨ ਲਈ ਸਾਨੂੰ ਲੱਤਾਂ ਦੀ ਨਹੀਂ, ਸੋਚ ਦੀ ਲੋੜ ਹੁੰਦੀ ਹੈ। ਸੋਚ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ। ਸੋਚ ਪੈਦਾ ਕਰਨ ਲਈ ਸਾਧਨਾ ਕਰਨੀ ਪੈਂਦੀ ਹੈ।
      ਅਸੀਂ ਸਾਧਨਾ ਕਰਨੀ ਭੁੱਲਦੇ ਜਾ ਰਹੇ ਹਾਂ। ਅਸੀਂ ਕਿਰਤ ਨਹੀਂ ਕਰਦੇ। ਇੱਕ ਦਿਨ ਵਿੱਚ ਹੀ ਅਮੀਰ ਹੋਣ ਦੀ ਉਡੀਕ ਵਿੱਚ ਭੱਜੇ ਰਹਿੰਦੇ ਹਾਂ।
     ਸੱਚ ਜਾਣਨ ਦੀ ਸਾਡੇ ਅੰਦਰ ਹਿੰਮਤ ਮਰ ਗਈ ਹੈ। ਇਸ ਮਰਨ ਦੇ ਚੱਕਰ ਵਿੱਚ ਅਸੀਂ ਉਲਝ ਗਏ ਹਾਂ। ਅਸੀਂ ਆਪਣੀ ਉਲਝਣ ਹੱਲ ਕਰਨ ਦੇ ਲਈ ਨਰਕ ਭਰੀ ਜ਼ਿੰਦਗੀ ਬਸਰ ਕਰਨ ਲੱਗਦੇ ਹਾਂ।
      ਸੱਚ ਲਿਖਣਾ ਤੇ ਬੋਲਣਾ, ਸੀਸ ਤਲੀ ਉੱਤੇ ਧਰਨਾ ਹੁੰਦਾ ਹੈ। ਸੀਸ ਤਲੀ ਉੱਤੇ ਧਰ ਕੇ ਲਿਖਣ ਦੀ ਸ਼ਕਤੀ ਹਰ ਕਿਸੇ ਹਿੱਸੇ ਨਹੀਂ ਆਉਂਦੀ। ਸੀਸ ਤਲੀ ਉੱਤੇ ਉਹੀ ਰੱਖ ਸਕਦਾ ਹੈ, ਜਿਸਨੂੰ ਜ਼ਿੰਦਗੀ ਨਾਲ ਇਸ਼ਕ ਹੋਵੇ। ਇਸ਼ਕ ਉਹੀ ਵਿਅਕਤੀ ਕਰਦਾ ਹੈ, ਜਿਸਨੂੰ ਸੀਸ ਤਲੀ ਤੇ ਰੱਖਣ ਦਾ ਵਲ ਹੋਵੇ।
      ਅਸੀਂ ਬਹੁਤੇ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣ ਦੇ ਭਰਮ ਵਿੱਚ ਸਿਰ ਉੱਚਾ ਕਰਕੇ ਤੁਰਦੇ ਹਾਂ। ਅਸੀਂ ਮਰਨਾ ਨਹੀਂ, ਮਾਰਨ ਵਿੱਚ ਵਿਸ਼ਵਾਸ ਰੱਖਦੇ ਹਾਂ।
     ਅਸੀਂ ਸੁਪਨੇ ਬਹੁਤ ਵੇਖਦੇ ਹਾਂ, ਪਰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਕਾਰਜ ਨਹੀਂ ਕਰਦੇ। ਅਸੀਂ ਭਗਤ ਸਿੰਘ ਦੀ ਨਕਲ ਤਾਂ ਕਰਦੇ ਹਾਂ, ਪਰ ਭਗਤ ਸਿੰਘ ਵਰਗਾ ਬਨਣ ਦੀ ਕੋਸ਼ਿਸ਼ ਨਹੀਂ ਕਰਦੇ।
     ਅਸੀਂ ਉਸਦੀ ਵਿਚਾਰਧਾਰਾ ਨੂੰ ਵੀ ਨਹੀਂ ਮੰਨਦੇ। ਅਸੀਂ ਭਗਤ ਸਿੰਘ ਹੋਣ ਦਾ ਦੰਭ ਰਚਦੇ ਹਾਂ, ਪਰ ਉਸ ਵਾਂਗ ਸੀਸ ਤਲੀ ਉੱਤੇ ਰੱਖ ਕੇ ਨਹੀਂ ਤੁਰਦੇ। ਮੌਤ ਮਨੁੱਖ ਦੀ ਜ਼ਿੰਦਗੀ ਦਾ ਅੰਤਮ ਸਿਰਨਾਵਾਂ ਨਹੀਂ ਹੁੰਦੀ।
    ਅਸੀਂ ਉਸ ਮੌਤ ਦਾ ਦੁੱਖ ਮਨਾਉਂਦੇ ਹਾਂ, ਜਿਹੜੀ ਮੌਤ ਅਚਾਨਕ ਆਉਂਦੀ ਹੈ। ਮੌਤ ਕਦੇ ਵੀ ਅਚਾਨਕ ਨਹੀਂ ਆਉਂਦੀ। ਮੌਤ ਆਉਣ ਦੇ ਕਾਰਨ ਬਣਦੇ ਹਨ। ਅਸੀਂ ਕਾਰਨਾਂ ਦੀ ਜਾਚ ਨਹੀਂ ਕਰਦੇ। ਸਗੋਂ ਮੌਤ ਦਾ ਸੋਗ ਮਨਾਉਂਦੇ ਹਾਂ।
      ਅਸੀਂ ਨਿੱਤ ਮਰਦੇ ਹਾ। ਪਲ-ਪਲ ਮਰਦੇ ਹਾਂ। ਹਰ ਸਾਹ ਮਰਦੇ ਹਾਂ, ਪਰ ਇਸਨੂੰ ਅਸੀਂ ਮੌਤ ਨਹੀਂ ਸਮਝਦੇ, ਜਿਹੜੇ ਮੌਤ ਨੂੰ ਅੰਤਮ ਜੰਗ ਮੰਨਦੇ ਹਨ। ਅਸਲ ਵਿੱਚ ਉਹ ਜ਼ਿੰਦਗੀ ਦੀ ਜੰਗ ਦੇ ਹਾਰ ਚੁੱਕੇ ਘੋੜੇ ਹੁੰਦੇ ਹਨ।
       ਮੌਤ ਦਾ ਸਿਰਨਾਵਾਂ ਆਪਣੇ ਮੱਥੇ ਉੱਤੇ ਲਿਖਣ ਵਾਲੇ ਕਦੇ ਵੀ ਮਰਦੇ ਨਹੀਂ, ਉਹ ਤਾਂ ਸਦੀਆਂ ਤੱਕ ਮਨੁੱਖਾਂ ਦੇ ਚੇਤਿਆਂ ਦੀ ਸਰਦਲ ਉੱਤੇ ਉਕੇਰ ਜਾਂਦੇ ਹਨ।
      ਹਰ ਕੋਈ ਆਪਣੇ ਲਈ ਕਮਾਉਂਦਾ ਤੇ ਮਰਦਾ ਹੈ। ਉਸਦੀ ਮੌਤ ਜਾਂ ਕਮਾਈ ਨੂੰ ਕੋਈ ਯਾਦ ਨਹੀਂ ਕਰਦਾ। ਜਿਹੜੇ ਕਿਸੇ ਕੌਮ ਤੇ ਲੋਕਾਂ ਲਈ ਮਰਦੇ ਹਨ। ਉਨਾਂ ਦੀ ਮੌਤ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ। ਕਈ ਮਰਕੇ ਜ਼ਿੰਦਗੀ ਜਿਉਂਦੇ ਹਨ। ਕਈ ਜਿਉਂਦੇ ਹੀ ਮਰ ਜਾਂਦੇ ਹਨ। ਅਸੀਂ ਜਿਉਂਦੇ ਮਰੇ ਹੋਏ ਆ! ਉਨਾਂ ਨੂੰ ਕੋਈ ਯਾਦ ਨਹੀਂ ਕਰਦਾ। ਯਾਦ ਅਸੀਂ ਉਨਾਂ ਨੂੰ ਹੀ ਕਰਦੇ ਹਾਂ, ਜੋ ਯਾਦ ਕਰਨ ਦੀ ਉਡੀਕ ਦਿੰਦਾ ਹੈ। ਉਡੀਕ ਕਰਨੀ ਬੜੀ ਔਖੀ ਹੈ।
     ਅਸੀਂ ਉਡੀਕ ਵਿੱਚ ਭਟਕ ਜਾਂਦੇ ਹਾਂ, ਜਾਂ ਫਿਰ ਮਰ ਜਾਂਦੇ ਹਾਂ। ਸੱਚ ਦੀ ਸਰਦਲ ਉੱਤੇ ਕੋਈ ਹੀ ਦਸਤਕ ਦਿੰਦਾ ਹੈ। ਪਿਆਰ ਅਸੀਂ ਦੂਸਰੇ ਨੂੰ ਨਹੀਂ ਕਰਦੇ। ਖ਼ੁਦ ਨੂੰ ਪਿਆਰ ਕਰਦੇ ਹਾਂ। ਦੂਸਰੇ ਨੂੰ ਪਿਆਰ ਕਰਕੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ। ਪਿਆਰ ਕਰਨਾ ਤੇ ਪਿਆਰ ਵਿੱਚ ਜਿਉਣਾ ਸੌਖਾ ਕੰਮ ਨਹੀਂ।
     ਸੱਚ ਦੇ ਬੂਹੇ ਅਤੇ ਬਾਰੀਆਂ ਦੇ ਮੂਹਰੇ ਝੂਠ ਦਾ ਢੇਰ ਰਹਿੰਦਾ ਹੈ। ਉਹ ਸੱਚ ਨੂੰ ਜਾਨਣ ਵਾਲਿਆਂ ਦਾ ਵੈਰੀ ਹੁੰਦਾ ਹੈ। ਸੱਚ ਨੂੰ ਸਦਾ ਜ਼ਹਿਰ ਮਿਲਦੀ ਹੈ। ਜ਼ਹਿਰ ਇਹ ਹਰ ਕਿਸੇ ਨੂੰ ਨਹੀਂ ਨਸੀਬ ਹੁੰਦੀ। ਜ਼ਹਿਰ ਪੀਣ ਲਈ ਸੱਚ ਦੇ ਮਾਰਗ ਤੇ ਤੁਰਨਾ ਪੈਂਦਾ ਹੈ। ਇਹ ਮਾਰਗ ਸੁੱਖਾਂ ਦੀ ਤਲਾਸ਼ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ।
      ਜਦੋਂ ਅਸੀਂ ਆਪਣੀ 'ਮੈਂ' ਵਿੱਚ ਹੁੰਦੇ ਹਾਂ, ਉਦੋਂ ਅਸੀਂ ਨਫ਼ਰਤ ਦੀ ਪੰਡ ਨੂੰ ਭਾਰੀ ਕਰਦੇ ਹਾਂ। ਇਹ ਨਫ਼ਰਤ ਦੀ ਪੰਡ ਸਾਨੂੰ ਬ੍ਰਿਹੋਂ ਦਾ ਸੇਕ ਲਗਾਉਂਦੀ ਹੈ।
       ਬ੍ਰਿਹੋਂ ਦੇ ਸੇਕ ਵਿੱਚ ਸੜਨਾ ਸੌਖਾ ਨਹੀਂ ਹੁੰਦਾ। ਦੂਸਰੇ ਦੇ ਮੋਢਿਆਂ ਉੱਤੇ ਚੜ ਕੇ ਅਸੀਂ ਦਰਿਆ ਤਾਂ ਪਾਰ ਕਰ ਸਕਦੇ ਹਾਂ ਪਰ ਅਸੀਂ ਬ੍ਰਿਹੋਂ ਦਾ ਸੇਕ ਨਹੀਂ ਜਰ ਸਕਦੇ।
       ਸੱਚ ਜਾਨਣ ਦੀ ਇੱਛਾ ਤਾਂ ਹੁੰਦੀ ਹੈ, ਪਰ ਅਸੀਂ ਸੱਚ ਦੇ ਵਪਾਰੀ ਨਹੀਂ ਬਣਦੇ। ਸੱਚ ਤੇ ਮੁਹੱਬਤ ਬਹੁਤ ਪਾਕਿ ਹੁੰਦੀ ਹੈ। ਅਸੀਂ ਇਸ ਪਾਕਿ ਤੇ ਪਵਿੱਤਰ ਸੋਚ ਨੂੰ ਮਹਿਜ਼ ਦੇਹ ਨਾਲ ਜੋੜ ਲਿਆ ਹੈ।
      ਦੇਹ ਦੇ ਨਾਲ ਜੁੜਨਾ ਵੀ ਸੋਚ ਨੂੰ ਪਾਉਣਾ ਹੁੰਦਾ ਹੈ। ਪਰ ਅਸੀਂ ਜਦੋਂ ਪਿਆਰ ਨੂੰ ਵਪਾਰ ਸਮਝਣ ਲੱਗਦੇ ਹਾਂ ਉਹ ਪਿਆਰ ਨਹੀਂ ਰਹਿੰਦਾ। ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੁੰਦਾ ਹੈ।
       ਵਪਾਰੀ ਬੰਦੇ ਪਿਆਰ ਵਿੱਚੋਂ ਖਟਦੇ ਹਨ। ਭੋਲੇ-ਭਾਲੇ ਬੰਦੇ ਪਿਆਰ ਵਿੱਚ ਜਾਨ ਕੁਰਬਾਨ ਕਰ ਦਿੰਦੇ ਹਨ। ਬੁੱਲੇ ਨੇ ਜਦ ਸੱਚ ਬੋਲਿਆ ਸੀ, ਉਸਨੂੰ ਸਜ਼ਾ ਮਿਲੀ ਸੀ।
         ਸੁਕਰਾਤ ਨੇ ਸੱਚ ਬੋਲਿਆ ਸੀ ਤਾਂ ਜ਼ਹਿਰ ਦਾ ਪਿਆਲਾ ਮਿਲਿਆ ਸੀ। ਜ਼ਹਿਰ ਦਾ ਪਿਆਲਾ ਨਸੀਬ ਕਰਨ ਲਈ ਸੱਚ ਦੇ ਲੜ ਲੱਗਣਾ ਪੈਂਦਾ ਹੈ।
       ਹੁਣ ਜਦੋਂ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੈ। ਝੂਠ ਦੇ ਢੋਲ ਵੱਜ ਰਹੇ ਹਨ। ਅਸੀਂ ਹਰ ਪਾਸੇ ਝੂਠ ਦਾ ਮੰਦਰ ਉਸਾਰ ਲਿਆ ਹੈ।
        ਅਸੀਂ ਧਰਮ ਨੂੰ ਝੂਠ ਦੇ ਲੜ ਲਾ ਦਿੱਤਾ ਹੈ। ਧਰਮ ਨੂੰ ਹਨੇਰੇ ਵੱਲ ਤੌਰ ਲਿਆ ਹੈ। ਧਰਮ ਨੂੰ ਵਪਾਰ ਬਣਾ ਲਿਆ ਹੈ। ਸੱਚ ਦੇ ਨਾਂਅ ਹੇਠ ਅਸੀਂ ਸੱਚਾ ਸੌਦਾ ਵੇਚਣ ਦਾ ਦੰਭ ਕਰਦੇ ਹਾਂ, ਪਰ ਅਸੀਂ ਖੁਦ ਝੂਠ ਬੋਲਦੇ ਹਾਂ ਤੇ ਦੂਸਰੇ ਨੂੰ ਸੱਚ ਬੋਲਣ ਦੀ ਨਸੀਹਤ ਦਿੰਦੇ ਹਾਂ।
      ਸੱਚ ਬੋਲਣ ਲਈ ਜੁਰਅਤ ਦੀ ਲੋੜ ਹੈ। ਸ਼ਕਤੀ ਦੀ ਲੋੜ ਹੁੰਦੀ ਹੈ। ਪਰ ਸਾਡੇ ਅੰਦਰੋਂ ਸੱਚ ਬੋਲਣ ਦੀ ਤਾਕਤ ਖ਼ਤਮ ਹੋ ਗਈ ਹੈ। ਅਸੀਂ ਝੂਠ ਬੋਲਣ ਤੇ ਸੁਣਨ ਦੇ ਆਦੀ ਹੋ ਗਏ ਹਾਂ। ਸੱਚ ਬੋਲਣ ਨਾਲ ਹੁਣ ਭਾਂਬੜ ਮੱਚਦੇ ਹਨ।
     ਸਾਡੇ ਅੰਦਰ ਸੱਚ ਲਿਖਣ ਦੀ ਦਲੇਰੀ ਕਦੋਂ ਆਵੇਗੀ? ਇਹ ਦਲੇਰੀ ਕਦੇ ਆਵੇਗੀ ਵੀ ਜਾਂ ਫਿਰ ਨਹੀਂ? ਜਿਸ  ਦੀ ਹੁਣ ਬਹੁਤ ਜਰੂਰਤ ਹੈ। ਇਸ ਸਮੇਂ ਜਾਗਣ ਤੇ ਸੱਚ ਬੋਲ਼ਣ ਤੇ ਝੂਠ ਦੇ ਖਿਲਾਫ  ਜੰਗ ਲੜਨ ਦੀ ਲੋੜ ਹੈ! ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ  ਮੁਆਫ਼  ਨਹੀਂ  ਕਰਨਗੀਆਂ! ਜਾਗੋ ਵੀਰੋ ਜਾਗੋ, ਲਾਉ ਮਨ ਦੀਆਂ ਮੰਮਟੀਆਂ ਭਰਮ ਦੀ ਗਰਦ, ਪਛਾਣੀਏ  ਜ਼ਿੰਦਗੀ ਦੇ ਫਰਜ਼, ਜਗਾਓ ਸੁੱਤੀਆਂ ਜ਼ਮੀਰਾਂ ਨੂੰ, ਉਤਾਰੋ ਝੂਠ ਦੀ ਬੁਕਲ ਨੂੰ।
    ਹੁਣ  ਹੱਕਾਂ ਦੀ ਰਾਖੀ ਲਈ ਆਰ ਪਾਰ ਦੀ ਲੜਾਈ ਲੜਨੀ  ਪੈਣੀ ਐ। ਜਦੋਂ ਪੰਜਾਬ  ਨੂੰ ਲੁੱਟਣ ਵਾਲੀਆਂ ਸਿਆਸੀ ਪਾਰਟੀਆਂ ਇਕਮੁੱਠ ਹੋ ਸਕਦੀਆਂ ਹਨ ਤਾਂ ਹਰ ਵੇਲੇ ਲੁਟੇ ਜਾਣ ਵਾਲੇ ਲੋਕ, ਮੁਲਾਜ਼ਮ, ਕਿਰਤੀ ਕਿਸਾਨ ਯੂਨੀਅਨਾਂ ਕਿਉਂ ਨੀ ਇਕੱਠੇ ਹੋ ਕੇ  ਸਾਂਝਾ ਸੰਘਰਸ਼ ਜਾਰੀ ਕਰਦੇ ?
     ਇਹ ਸਵਾਲ ਅੱਜ ਸਾਰੀਆਂ ਹੀ ਸਮਾਜਿਕ ਸੁਰੱਖਿਆ ਦੀ ਜੰਗ ਲੜ ਰਹੀਆਂ ਜਥੇਬੰਦੀਆਂ ਤੇ ਯੂਨੀਅਨਾਂ ਦੇ ਆਗੂਆਂ ਤੋਂ ਜਵਾਬ ਮੰਗਦਾ ਹੈ? ਸਵਾਲ ਤਾਂ ਹੋਰ ਵੀ ਹਨ ਜੋ ਜਵਾਬ ਮੰਗਦੇ ਹਨ .. ਜੇ ਸਰਕਾਰੀ ਅਦਾਰੇ ਬੰਦ ਹੋਏ ਨੇ ਮੁਲਾਜ਼ਮ ਵਰਗ ਦਾ ਕੋਈ ਕਸੂਰ ਨਹੀਂ? ਜਿਹੜੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਦੇ ਰਹੇ ! ਕਦੇ ਆਪਣੇ ਆਪ ਨੂੰ "ਲੋਕ ਸੇਵਕ" ਨਾ ਮੰਨਿਆ ਸਗੋਂ .. ਸਰ .. ਨਵਾਬ  ਬਣੇ ਰਹੇ! ਹੁਣ ਹਾਲਤ ਕਰੇ ਕੋਈ ਭਰੇ ਕੋਈ .. ਹੁਣ ਲੋਕ  ਰੋਂਦੇ ਹਨ!
ਸੰਪਰਕ : 94643-70823
budhsinghneelon @gmail.com

ਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ   -  ਬੁੱਧ ਸਿੰਘ ਨੀਲੋਂ

ਵਿੱਦਿਅਕ ਖੇਤਰ ਵਿਚ ਉਚ ਸਿੱਖਿਆ ਦੀਆਂ ਡਿਗਰੀਆਂ ਵਿਚੋਂ ਐਮ. ਫਿਲ . ਪੀਐਚ . ਡੀ.ਅਤੇ ਡੀ. ਲਿੱਟ ਦੀ ਡਿਗਰੀ ਹੈ। ਇਹ ਡਿਗਰੀਆਂ ਤਾਂ ਨੌਕਰੀ ਤੇ ਛੋਕਰੀ ਹਾਸਲ ਕਰਨ ਦੇ ਲਈ ਹਨ ਪਰ ਜੇ ਮਨੁੱਖ ਨੇ ਗਿਆਨ ਹਾਸਲ ਕਰਨਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘੱਟ ਹੈ । ਜੇ ਉਹ ਚਾਹੇ ਵੀ ਤਾਂ ਇੱਕ ਹੀ ਵਿਸ਼ੇ  ਉੱਪਰ ਮੁਕੰਮਲ ਜਾਣਕਾਰੀ ਹਾਸਲ  ਨਹੀਂ ਕਰ ਸਕਦਾ ਕਿਉਂਕਿ ਵਿਸ਼ੇ ਦੀ ਆਪਣੀ ਦੁਨੀਆਂ ਹੈ । ਉਸ ਦੁਨੀਆਂ ਨੂੰ ਜਾਨਣ ਲਈ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚੀਂ ਲੰਘ ਕੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
    ਸਾਡੀਆਂ ਯੂਨੀਵਰਸਿਟੀਆਂ ਵਿਚ ਹਰ ਵਿਸ਼ੇ ਉੱਪਰ ਇਸ ਤਰ੍ਹਾਂ  ਦੀਆਂ ਡਿਗਰੀਆਂ ਪਰਾਪਤ ਕਰਨ ਲਈ ਪ੍ਰਬੰਧ ਹਨ ਪਰ ਅਸੀਂ ਇਥੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਕਰਵਾਈ ਜਾ ਰਹੀ 'ਖੋਜ' ਤੱਕ ਸੀਮਤ ਰਹਾਂਗੇ ਕਿਉਂਕਿ ਅੱਜ ਇਹ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ ਹੈ।
     ਜਿਸ 'ਤੇ ਕਲਮ ਚੁੱਕਦਿਆਂ ਹਰ ਕੋਈ ਡਰਦਾ ਹੈ। ਉਹ ਇਸ ਲਈ ਕਿ ਯੂਨੀਵਰਸਟੀਆਂ ਵਿਚ ਬੈਠੇ   "ਵਿਦਵਾਨ" ਉਹਨਾਂ ਵੱਲ ਪਿੱਠ ਨਾ ਮੋੜ ਲੈਣ ਪਰ ਹਨੇਰ ਗਰਦੀ ਫੈਲਾਉਣ ਵਿਚ ਜਿਹੜੀ ਭੂਮਿਕਾ ਇਹਨਾਂ ਯੂਨੀਵਰਸਟੀਆਂ ਵਿਚ ਇਹਨਾਂ ਦੇ ਵਿਭਾਗ ਨਾਲ ਸੰਬੰਧਤ ਕੁਰਸੀਆਂ ਉੱਪਰ ਬੈਠੇ ਸਾਡੇ ਵਿਦਵਾਨ ਨਿਭਾ ਰਹੇ ਹਨ, ਇਹਨਾਂ ਵਾਰੇ ਦੱਸਣ ਲੱਗਿਆ ਜਿੱਥੇ ਡਰ ਲੱਗਦਾ ਹੈ ਤੇ ਕਲਮ ਕੰਬਦੀ ਹੈ। ਪਰ ਜਦੋਂ ਅਸੀ ਇਹਨਾਂ ਡਿਗਰੀਆਂ ਲਈ ਪੇਸ਼ ਕੀਤੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਨੂੰ ਅਪਣੀ ਤੀਸਰੀ ਅੱਖ ਨਾਲ ਵਾਚਦੇ ਹਾਂ ਤਾਂ ਆਪ ਮੁਹਾਰੇ ਇਹ ਗੱਲ ਸਾਹਮਣੇ ਆਉਂਦੀ  ਹੈ।
       "ਤੂੰ ਇੱਕ ਨੂੰ ਰੋਨੀ ਏ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ।"
       ਇਹ ਵਿਭਾਗ ਡਿਗਰੀਆਂ ਰਾਹੀ ਸਾਡੇ ਸਮਾਜ ਦੇ ਵਿਚ ਅਜਿਹੇ  ਪੜ੍ਹੇ ਲਿਖੇ ਅਨਪੜਾਂ ਦਾ ਵੱਗ ਇੱਕਠਾ ਕਰ ਰਹੇ ਹਨ ਜਿਹੜੇ ਹੱਥਾਂ ਵਿਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਨਾਂ ਕੋਲ ਗਿਆਨ ਵਰਗਾ ਖਜ਼ਾਨਾ ਨਹੀਂ ਹੁੰਦਾ ਉਹ ਇਨਾਂ ਡਿਗਰੀਆਂ ਦੇ ਸਹਾਰੇ ਅਤੇ ਅਪਣੇ ਨਿਗਰਾਨਾਂ ਦੀ ਕ੍ਰਿਪਾ ਦ੍ਰਿਸ਼ਟੀ ਦੇ ਨਾਲ ਨੌਕਰੀਆਂ ਪਾਪ੍ਰਤ ਕਰ ਲੈਂਦੇ ਹਨ ਤੇ ਜਦੋ ਉਹ ਕਲਾਸ ਵਿਚ ਜਾ ਕੇ ਵਿਦਆਰਥੀਆਂ ਨੂੰ ਸੋਨੀਆਂ ਗਾਇਡ  ਵਿੱਚੋ ਸਵਾਲਾਂ ਦੇ ਜੁਆਬ ਦੱਸਦੇ ਹਨ। ਤੇ ਜਾਂ ਫਿਰ ਬਣੇ ਬਣਾਏ ਨੋਟਿਸਾਂ ਤੋਂ ਲਿਖਵਾ ਕੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ  ਲਈ ਵਿਦਿਆਰਥੀਆਂ ਨੂੰ ਪੜ੍ਹਾਉਣਾ ਜਾਂ  ਕੁਝ ਸਿਖਾਉਣਾ ਨਹੀ ਹੁੰਦਾ ਸਗੋਂ ਅਪਣੀ ਤਨਖਾਹ ਹਾਸਲ ਕਰਨ ਲਈ ਇੱਕ ਜ਼ਾਬਤਾ ਪੂਰਾ ਕਰਨਾ ਹੁੰਦਾ ਹੈ।
     ਕਈ ਵਰੇ ਪਹਿਲਾਂ ਇੱਕ ਡਾਕਟਰ ਸੁਤਿੰਦਰ ਸਿੰਘ  ਨੂਰ ਨੇ ਆਖਿਆ ਸੀ "ਪੰਜਾਬ, ਪੰਜਾਬੀ, ਜੰਮੂ, ਕੁਰੂਕੁਸ਼ੇਤਰ, ਦਿੱਲੀ ਤੇ ਅੰਮਿ੍ਤਸਰ  ਯੂਨੀਵਰਸਿਟੀਆਂ ਵਿਚ ਦੋ ਹਜ਼ਾਰ ਦੇ ਕਰੀਬ ਖੋਜਾਰਥੀ ਪੀਐਚ. ਡੀ. ਡਿਗਰੀ ਹਾਸਲ ਕਰ ਚੁੱਕੇ ਹਨ। ਇਹਨਾਂ ਵਿਚੋਂ ਦੋ ਸੌ ਖੋਜ ਕਾਰਜ ਹੈ ਬਾਕੀ ਬੋਗਸ ਹੈ.।"
      ਐਮ.ਫਿਲ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਤੋਂ ਉੱਤੇ ਲੰਘ ਗਈ ਹੈ।  ਇਨਾਂ ਪੀਐਚ. ਡੀ. ਕਰ ਚੁਕੇ ਅਖੌਤੀ "ਡਾਕਟਰੇਟ ਆਫ਼ ਫ਼ਿਲਾਸਫੀ" ਵਿਦਵਾਨਾਂ ਵਿਚੋਂ ਕੋਈ ਸਵਾ ਕੁ ਸੌ ਵਿਦਵਾਨ ਹਨ ਜਿਹੜੇ ਸਰਗਰਮ ਰੂਪ ਵਿਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਜਦ ਕਿ ਬਾਕੀ ਦੇ 'ਵਿਦਵਾਨ ਡਾਕਟਰ' ਆਪਣੀ ਡਿਗਰੀ ਨੂੰ ਨੌਕਰੀ ਵੱਟੇ ਪਾ ਕੇ ਸਿਰਫ਼ ਤੇ ਸਿਫ਼ਰ ਤਨਖ਼ਾਹ ਲੈ ਰਹੇ ਹਨ ਤੇ ਬੱਚੇ ਪਾਲ ਰਹੇ ਹਨ। ਇਨ੍ਹਾਂ  ਸਵਾ ਸੌ ਵਿਚੋਂ ਮਸਾਂ 30 ਦੇ ਕਰੀਬ ਵਿਦਵਾਨ ਹਨ ਜਿਹੜੇ ਖੋਜ ਤੇ ਅਲੋਚਨਾ ਵਿਚ ਪੂਰੀ ਸੁਹਿਰਦਾ ਨਾਲ ਕੰਮ ਕਰ ਰਹੇ ਹਨ ਤੇ ਕਰਵਾ ਰਹੇ ਹਨ। ਬਾਕੀ ਦੇ 'ਵਿਦਵਾਨ'  ਰੀਵਿਊਕਾਰੀ ਤੋਂ ਵਧੇਰੇ ਕੁਝ ਵੀ ਨੀ ਕਰ ਰਹੇ।
  ਇਕ ਖੋਜ ਅਨੁਸਾਰ 1980 ਤੱਕ ਦੇ ਖੋਜਾਰਥੀਆਂ ਜਿਨਾਂ ਨੇ ਪੀਐਚ. ਡੀ. ਦੀ ਡਿਗਰੀ ਹਾਸਲ ਕਰਨ ਲਈ ਆਪਣਾ ਖੋਜ ਕਾਰਜ ਅਜਿਹਾ ਕੀਤਾ ਹੈ ਕਿ ਉਨਾਂ ਦੁਆਰਾ ਕੀਤੀ ਗਈ ਖੋਜ ਅੱਜ ਦੇ ਖੋਜਾਰਥੀਆਂ ਲਈ ਮਾਰਗ ਦਰਸ਼ਨ ਦਾ ਰੂਪ ਹੀ ਨਹੀਂ ਸਗੋਂ ਉਨਾਂ ਲਈ ਡਿਗਰੀ ਹਾਸਲ ਕਰਨ ਲਈ ਬੜਾ ਹੀ 'ਕੰਮ' ਆਉਂਦੀ ਹੈ। ਇਹ ਖੋਜ ਕਿਵੇਂ ਕੰਮ ਆਉਂਦੀ ਹੈ ਇਹ ਆਪਾਂ ਫੇਰ ਤੁਹਾਨੂੰ ਦੱਸਾਂਗੇ ਪਰ ਇਥੇ ਇਕ ਗੱਲ ਯਾਦ ਆ ਗਈ ਕਹਿੰਦੇ ਨੇ ਜੇ ਗਧੇ ਨੂੰ ਖੂਹ ਵਿਚ ਸੁਟਣਾ ਹੋਵੇ ਤਾਂ ਉਹਨੂੰ ਕੰਨੋਂ ਫੜਕੇ ਮੂਹਰੇ ਨੂੰ ਖਿਚਣਾ ਪੈਂਦਾ । ਚਲੋ ਆਪਾਂ ਕੀ ਲੈਣਾ ਗਧਿਆਂ ਤੋਂ ?
     ਆਪਾਂ ਤਾਂ ਗੱਲ ਕਰਦੇ ਹਾਂ ਡਾਕਟਰਾਂ ਵਿਦਵਾਨਾਂ ਦੀ ਜਿਹੜੇ ਇਹ ਡਿਗਰੀ ਹਾਸਲ ਕਰਨ ਕੀ ਕੀ ਪਾਪੜ ਵੇਲਦੇ ਹਨ। ਫੇਰ ਅੱਗੇ ਉਹ ਕੀ ਕਰਦੇ ਹਨ। ਅਜੇ ਤੁਸੀਂ ਇਹਦੇ ਨਾਲ ਹੀ ਕੰਮ ਸਾਰੋ, ਬਾਕੀ ਕਦੇ ਫੇਰ।
      ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਪੀਐਚ. ਡੀ ਕਰਨ ਦੇ ਲਈ ਖੋਜਾਰਥੀ ਨੂੰ ਆਪਣਾ ਨਿਗਰਾਨ ਲੱਭਣ ਲਈ ਯੂਨੀਵਰਸਿਟੀਆਂ ਵਿਚ ਗੇੜੇ ਮਾਰਨੇ ਪੈਂਦੇ ਹਨ । ਉਸਦੇ ਗੇੜੇ ਏਨੇ ਮਰਵਾਏ ਜਾਂਦੇ ਹਨ ਕਿ ਕਈ ਵਾਰ ਤਾਂ ਖੋਜਾਰਥੀ ਥੱਕ ਹਾਰ ਕੇ ਘਰ ਹੀ ਬੈਠ ਜਾਂਦਾ ਹੈ। ਫੇਰ ਉਸਨੂੰ ਕਈ ਵਾਰ ਸਿਫਾਰਸ਼ਾਂ ਵੀ ਕਰਵਾਉਣੀਆਂ ਪੈਂਦੀਆਂ ਨੇ  ਗਾਈਡ ਨਾਲ ਰਿਸ਼ਤੇਦਾਰੀਆਂ ਕੱਢੀਆਂ ਪੈਂਦੀਆਂ ਨੇ, ਮਿੰਨਤਾਂ ਤਰਲੇ ਕਰਨੇ ਪੈਂਦੇ ਨੇ ਤਾਂ ਕਿਤੇ ਜਾ ਕੇ ਗਾਈਡ ਦੇ ਮਨ 'ਚ ਮਿਹਰ ਪੈਂਦੀ ਹੈ ।
      ਫੇਰ ਉਸਨੂੰ ਦਾਖਲਾ ਲੈਣ ਤੇ ਅਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ। ਵਿਸ਼ੇ ਦੀ ਚੋਣ ਤੋਂ ਬਾਅਦ ਫੇਰ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਇਹ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉਪਰ ਕੰਮ ਕਰਨਾ ਚਾਹੁੰਦਾ ਹੈ ਕੀ ਇਸ ਵਿਸ਼ੇ ਉਪਰ ਪਹਿਲਾਂ ਤਾਂ ਨਹੀਂ ਖੋਜ ਹੋ ਚੁਕੀ ? ਇਸ ਦਾ ਪਤਾ ਖੋਜਾਰਥੀ ਨੂੰ ਖੁਦ ਹੀ ਕਰਨਾ ਪੈਂਦਾ ਹੈ। ਜਦਕਿ ਇਹ ਕੰਮ ਯੂਨੀਵਰਸਿਟੀਆਂ  ਦਾ ਹੁੰਦਾ ਕਿ ਉਹ ਆਪਸ 'ਚ ਰਾਬਤਾ ਰੱਖਣ ਤੇ ਖੋਜ ਲਈ ਇਕ ਦੂਜੀ ਨੂੰ ਜਾਣਕਾਰੀ ਦੇਣ ਤੇ ਹਰ ਨਵੇਂ ਵਿਸ਼ੇ 'ਤੇ ਖੋਜ ਕਰਵਾਉਣ ਤਾਂ ਕਿਤੇ ਦੁਹਰਾਉ ਨਾ ਹੋਵੇ ਪਰ ਉਹ ਇਹ ਸਭ ਕੁਝ ਖੋਜਾਰਥੀ ਨੂੰ ਆਪ ਕਰਨੀ ਪੈਂਦੀ ਹੈ।
      ਜਿਹੜੇ ਤਾਂ ਸਿਰੜੀ ਖੋਜਾਰਥੀ ਹੁੰਦੇ ਹਨ, ਉਹ ਤਾਂ ਸਿਰ ਮੱਥੇ ਹੁਕਮ ਮੰਨਦੇ ਹਨ। ਜਿਹੜੇ ਖੋਜਾਰਥੀ ਖੋਜ ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮਹਿਦੂਦ ਹੁੰਦੇ ਹਨ ਉਹਹ ਸਾਰਾ ਕੁਝ ਜੈਕ ਤੇ ਚੈਕ ਨਾਲ ਹਾਸਲ ਕਰ ਲੈਂਦੇ ਹਨ ।
     ਕੁੜੀਆਂ ਲਈ ਇਸ ਮਾਰਗ ਨੂੰ ਥੋੜਾ ਜਿਹਾ ਇਸ ਲਈ ਮੁਸ਼ਕਿਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹ ਉਨਾਂ ਦੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਸਕਣ। ਇਸੇ ਲਈ ਉਨਾਂ ਦੇ ਵੱਧ ਤੋਂ ਵੱਧ ਚੱਕਰ ਯੂਨੀਵਰਸਿਟੀਆਂ ਦੇ ਲਵਾਏ ਜਾਂਦੇ ਹਨ ਤਾਂ ਕਿ ਉਹ ਭੱਜ ਨੱਠ ਕੇ ਉਨਾਂ ਦੀ ਛੱਤਰ ਛਾਇਆ ਹੇਠ ਆ ਜਾਣ।
     ਅਜੋਕੇ ਸਮੇਂ ਦੀਆਂ ਕੁੜੀਆਂ ਲਈ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਵੁਕਤ ਨਹੀਂ। ਉਨਾਂ ਨੂੰ ਤਾਂ ਆਪਣੇ ਨਾਂ ਦੇ ਨਾਲ 'ਡਾਕਟਰ' ਲੱਗਿਆ ਵੇਖਣ ਲਈ ਹਰ ਪੁਲ ਦੇ ਹੇਠ ਦੀ ਲੰਘਣ ਲਈ ਖੁੱਦ ਉਤਾਵਲੀਆਂ ਹਨ ਜਾਂ ਫਿਰ ਉਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਜਿਹੜੀਆਂ 'ਚ  ਅਣਖ਼ ਇੱਜ਼ਤ ਦੀ ਕੋਈ ਚਿਣਗ ਹੁੰਦੀ ਹੈ ਉਹ ਤਾਂ ਆਪ ਹੀ ਆਪਣੀ ਅੱਗ ਵਿਚ ਸੜਕੇ ਬੁਝ ਜਾਂਦੀਆਂ ਹਨ।
     ਇਹ ਸਭ ਕੁਝ ਕਿਸੇ ਇਕ ਯੂਨੀਵਰਸਿਟੀ ਵਿਚ ਨਹੀਂ ਹੁੰਦਾ ਇਹ ਲਗਪਗ ਸਭ ਯੂਨੀਵਰਸਿਟੀਆਂ ਵਿਚ ਹੋ ਰਿਹਾ ਹੈ ਪਰ ਇਸ ਡਿੱਗ ਰਹੀ ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ਼ ਦੀ ਕੋਈ ਲਾਟ ਉਠਦੀ ਹੈ। ਜਿਵੇਂ ਪਿਛਲੇ ਸਮੇਂ ਵਿਚ ਪੰਜਾਬੀ ਯੂਨੀਗਰਸਿਟੀ ਪਟਿਆਲਾ ਵਿਚ ਉਠੀ ਸੀ ।
     ਇਹ ਤਾਂ ਸਿਰਫ਼ ਇਕ ਹੀ ਲਾਟ ਸੀ ਪਰ ਅਜਿਹੀਆਂ ਬਹੁਤ ਸਾਰੀਆਂ ਲਾਟਾਂ ਹਨ, ਜਿਹੜੀਆਂ ਆਪਣੇ ਨਿਗਰਾਨਾਂ ਦੀਆਂ ਕੋਠੀਆਂ ਦੇ ਬੈੱਡ ਰੂਮਾਂ ਜਾਂ ਫਿਰ ਹੋਰ ਸੁਰੱਖਿਅਤ ਥਾਵਾਂ ਉਪਰ ਜਗਦੀਆਂ ਹਨ । ਉਨਾਂ 'ਲਾਟਾਂ' ਦੇ ਸਨਾਂਪਿਜ਼, ਖੋਜ ਪੱਤਰ, ਥੀਸਿਸ ਨਿਗਰਾਨ ਖੁਦ ਲਿਖਣ ਤੇ ਫੇਰ ਬਾਈਵਾ ਕਰਵਾਉਣ ਤੱਕ ਹਰ ਤਰਾਂ ਦਾ "ਪਰਉਪਕਾਰ" ਕਰਨ ਤੱਕ ਜਾਂਦੇ ਹਨ। ਜਿਹਨਾਂ ਨੇ ਇਹ ਪਰਉਪਕਾਰ ਕੀਤਾ ਇਹਦੇ ਬਾਰੇ ਕਦੇ ਜਰੂਰ ਗੱਲ ਕਰਾਂਗੇ।
      ਇਸ ਸੱਚ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਨਿਗਰਾਨ ਲਈ 'ਲਾਟ' ਬਣ ਰੌਸ਼ਨੀ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ 'ਮਾਇਆ' ਦੇ ਰਾਹੀਂ ਇਹ ਕੰਮ ਕਰਵਾ ਸਕਦੇ ਹੋ। ਫੇਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ 'ਮਹਾਨ' ਖੋਜ ਬਣ ਜਾਂਦਾ ਹੈ। ਉਹ ਇਸ ਲਈ ਕਿ ਤੁਹਾਡੀ ਹੁਸਨ ਦੀ ਜਾਂ ਫਿਰ ਮਾਇਆ ਦੀ 'ਰੌਸ਼ਨੀ' ਨੇ ਸਾਡੀਆਂ ਯੂਨੀਵਰਸਿਟੀਆਂ ਵਿਚ ਬੈਠੇ 'ਵਿਦਵਾਨਾਂ' ਦੇ ਹਨੇਰੇ ਘਰਾਂ ਅੰਦਰ  ਚਾਨਣ ਕੀਤਾ ਹੁੰਦਾ ਹੈ।
     ਹੁੰਦਾ ਉਹੀ ਕੁਝ ਹੈ ਜੋ ਨਿਗਰਾਨ ਚਾਹੁੰਦਾ ਹੈ। ਜਦੋਂ ਨਿਗਰਾਨ ਦੇ ਇਸ਼ਾਰਿਆਂ ਉਪਰ ਖੋਜਾਰਥੀ ਨੱਚਦਾ ਹੈ, ਫੇਰ ਉਸ ਦੇ ਪੇਸ਼ ਕੀਤੇ ਥੀਸਿਸ ਉਪਰ ਸਾਡੇ ਪ੍ਰੀਖਿਅਕ ਵੀ ਅੱਖਾਂ ਮੀਟ ਕੇ 'ਮਹਾਨ ਖੋਜ' ਦਾ ਤਸਦੀਕ ਸ਼ੁਦਾ ਸਰਟੀਫ਼ਕੇਟ ਯੂਨੀਵਰਸਿਟੀ ਨੂੰ ਭੇਜ ਦੇਂਦੇ ਹਨ। ਕਿਉਕਿ ਇਹ ਸਭ 'ਕਾਰੋਬਾਰ' ਸਾਰਾ ਰਲ ਮਿਲ ਕੇ ਹੀ ਚੱਲਦਾ ਹੈ। ਥੀਸਿਸ ਵਿਚ ਜੋ ਕੁਝ ਵੀ ਲਿਖਿਆ ਹੁੰਦਾ ਹੈ ਉਹ ਸਾਰਾ ਇਧਰ ਉਧਰ ਤੋਂ ਚੁਕ ਕੇ ਤਿਆਰ ਕੀਤਾ ਹੁੰਦਾ ਹੈ। ਜੇਕਰ ਤੁਸੀਂ ਪ੍ਰੀਖਿਅਕ ਨੂੰ ਦਿੱਤੇ ਥੀਸਿਸ ਉਪਰ ਪੰਛੀ ਜਿਹੀ ਝਾਤ ਮਾਰੋ ਤਾਂ ਤੁਹਾਨੂੰ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਵੇਗਾ ਜਿਥੇ ਉਨਾਂ ਨੇ ਕੋਈ ਨਿਸ਼ਾਨੀ ਲਾਈ ਹੋਵੇ।
      ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣੀ ਔਖੀ ਨਹੀਂ ਹੁੰਦੀ, ਔਖ ਉਨਾਂ ਲਈ ਇਹ ਹੁੰਦੀ ਹੈ ਕਿ ਉਹ ਥੀਸਿਸ ਉਨਾਂ ਵਰਗੇ 'ਮਹਾਨ ਵਿਦਵਾਨ' ਦੇ ਨਿਗਰਾਨੀ ਹੇਠ ਹੋਇਆ ਹੁੰਦਾ ਹੈ ਫ਼ੇਰ ਕੱਲ ਨੂੰ ਇਹੋ ਜਿਹਾ 'ਮਹਾਨ ਕੰਮ' ਉਨਾਂ ਨੇ ਵੀ ਕਰਵਾਉਣਾ ਹੁੰਦਾ ਹੈ।
       ਜਿਵੇਂ ਕਿ ਕਹਿੰਦੇ ਹੁੰਦੇ ਨੇ 'ਚੋਰ ਚੋਰ ਮਸੇਰੇ ਭਾਈ 'ਤੇ ਈਸਬਗੋਲ ਕੁਝ ਨਾ ਬੋਲ।
     ਪਰ ਇਕੋ ਵਿਸ਼ੇ 'ਤੇ ਖੋਜ ਕਰਨੀ ਕਿੰਨੀ ਕੁ ਜਾਇਜ਼ ਹੈ ? ਇਹ ਤਾਂ ਯੂਨੀਵਰਸਿਟੀਆਂ ਦੇ ਇਹ 'ਮਹਾਨ ਵਿਦਵਾਨ ' ਹੀ ਦੱਸ ਸਕਦੇ ਹਨ ਕਿ ਇਸ 'ਕਾਰੋਬਾਰ' 'ਚ ਕੀ ਕੀ ਹੁੰਦਾ ਹੈ ?
       ਪੀਐਚ  ਡੀ ਦੇ ਕਿੰਨੇ ਹੀ ਅਜਿਹੇ 'ਮਹਾਨ ਥੀਸਿਸ ' ਹਨ , ਜਿਨਾਂ ਦਾ ਵਿਸ਼ਾ ਇਕੋ ਹੀ ਹੈ ਜਾਂ ਫਿਰ ਉਸ ਵਿਚ ਸ਼ਬਦਾਂ ਦੀ ਹੇਰ ਫੇਰ ਹੈ। ਇਹੀ ਹੇਰ ਫੇਰ ਉਨਾਂ ਅਧਿਆਏ ਵੰਡ ਵਿਚ ਕੀਤੀ ਹੈ ।
      ਇਹ ਸ਼ਬਦਾਂ ਦੀ ਚਰਸ ਖੇਡ 'ਚ ਕਿਵੇਂ ਸਿਧਾਂਤਕ ਅਧਿਆਏ ਨੂੰ ਅੱਗੇ ਪਿੱਛੇ ਕਰ ਕੇ ਆਪਣੇ ਥੀਸਿਸ ਵਿਚ ਚੇਪਿਆ ਜਾਂਦਾ ਹੈ ਇਸ ਬਾਰੇ ਕਦੇ ਫਿਰ ਪਰਦੇ ਚਾਕ ਕਰਾਂਗੇ , ਅਜੇ ਤਾਂ ਆਪਾਂ ਇਹਨਾਂ ਯੂਨੀਵਰਸਿਟੀਆਂ ਵਿਚ ਬੈਠੇ ਇਨਾਂ 'ਮਹਾਨ ਵਿਦਵਾਨਾਂ' ਵਲੋਂ ਫੈਲਾਏ ਜਾ ਰਹੇ ਹਨੇਰ ਬਾਰੇ ਹੀ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦਿੱਤੀ ਹੈ ।
      ਦੁਖ ਦੀ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀਆਂ ਆਏ ਸਾਲ ਅਜਿਹੇ ਥੀਸਿਸ ਪੇਸ਼ ਕਰ ਰਹੀਆਂ ਨੇ ਜੇ ਇਨਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਚ ਕਰਵਾਈ ਜਾਵੇ ਤਾਂ ਬਹੁਤ ਕੁਝ ਅਜਿਹਾ ਸਾਹਮਣੇ ਆਵੇਗਾ ਜਿਸ ਵਾਰੇ ਅਸੀਂ ਸੋਚ ਵੀ ਨਹੀਂ ਸਕਦੇ ।
      ਇਕ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਸਾਰੇ 'ਮਹਾਨ ਵਿਦਵਾਨਾਂ ' ਦੀ ਰੋਜ਼ੀ ਰੋਟੀ ਤਾਂ ਜਾਵੇਗੀ ਤੇ ਨਾਲ ਹੀ ਉਨਾਂ ਦੇ ਨਾਂਅ ਦੇ ਨਾਲ ਲੱਗਿਆ 'ਡਾਕਟਰ ' ਸ਼ਬਦ ਵੀ ਉਨਾਂ ਨੂੰ ਬਿੱਛੂ ਵਾਂਗ ਲੱਗੇਗਾ ਪਰ ਇਨਾਂ ਦੀ ਪੜਤਾਲ ਕੌਣ ਕਰਵਾਏਗਾ ਤੇ ਕਰੇਗਾ ? ਪਰ ਹੁਣ ਦੇ ਕੇਂਦਰੀ ਮੰਤਰੀ ਵਲੋਂ ਪੀਐਚ. ਡੀ.ਦੇ ਥੀਸਿਸਾਂ ਦੀ ਪੜਤਾਲ ਕਰਨ ਦਾ ਹੁਕਮ ਹੋਇਆ ਹੈ, ਦੇਖੋ ਊਠ ਕਿਸ ਕਰਵਟ ਬੈਠਦਾ ਹੈ ?
      ਇਹ ਸੱਚ ਹੈ ਕਿ ਇਸ ਹਮਾਮ ਵਿਚ ਸਭ ਨੰਗੇ ਹਨ। ਇਹ ਨੈਤਿਕਤਾ ਪੱਖੋਂ ਨੰਗੇ 'ਮਹਾਨ ਵਿਦਵਾਨ' ਦਿਨੋਂ ਦਿਨ ਹਨੇਰ ਫੈਲਾਅ ਰਹੇ ਹਨ ਤੇ ਉਹ ਅਜਿਹੇ 'ਡਾਕਟਰ' ਸਿੱਖਿਆ ਵਰਗੇ  ਖੇਤਰ ਵਿਚ ਭੇਜ ਰਹੇ ਹਨ, ਜਿਹੜੇ ਅੱਗੇ ਹਨੇਰ ਫੈਲਾਉਣ ਵਿਚ ਆਪਣੀ ਕਿਵੇਂ ਭੂਮਿਕਾ ਨਿਭਾਅ ਰਹੇ ਹਨ ਤੇ ਕਿਵੇਂ ਸਿਲੇਬਸ 'ਚ ਆਪਣੀਆਂ ਕਿਤਾਬਾਂ ਲਵਾਉਂਦੇ ਹਨ ਤੇ ਉਨਾਂ ਦਾ ਪ੍ਰਕਾਸ਼ਕਾਂ ਦੇ ਨਾਲ ਕਿਵੇਂ ਗੰਢਤੁਪ ਹੈ ਇਸ ਬਾਰੇ ਕਦੇ ਫੇਰ ਸਹੀ।
     ਇਹ ਅਖੌਤੀ ਵਿਦਵਾਨ ਕੀ ਕੀ ਕਰਦੇ ਹਨ ਇਸ ਦਾ ਅੰਦਰਲਾ ਸੱਚ ਹੁਣ ਸਾਹਮਣੇ ਆਉਣ ਲੱਗ ਪਿਆ ਹੈ। ਭਾਵੇਂ ਸਾਰੇ ਹੀ ਨਿਗਰਾਨ ਤੇ ਖੋਜਾਰਥੀ ਗ਼ਲਤ ਨਹੀਂ ਪਰ ਜੋ ਕੁੱਝ ਹੋ ਰਿਹਾ ਹੈ ਉਹ ਗ਼ਲਤ ਹੈ। ਹੁਣ ਤੱਕ ਢਕੀ ਰਿੱਝਦੀ ਰਹੀ ਹੈ। ਕਈ ਮਹਾਨ ਵਿਦਵਾਨਾਂ ਨੇ ਕਈਆਂ ਨੂੰ ਨਾ ਤਾਂ ਪੀਐਚ. ਡੀ ਕਰਵਾਈ ਤੇ ਨਾ ਹੀ ਉਹਨਾਂ ਦਾ ਕਿੱਧਰੇ ਵਿਆਹ ਹੋਣ ਦਿੱਤਾ। ਬਹੁਤ ਨੇ ਵਿਚਕਾਰ ਹੀ ਖੋਜ ਦਾ ਕੰਮ ਛੱਡਿਆ। ਇਸ ਦੇ ਵਿਚ ਕਈ ਵਿਦਵਾਨ ਤਾਂ ਬਹੁਤ ਹੀ ਮਸ਼ਹੂਰ ਹੋਏ, ਕਦੇ ਉਹਨਾਂ ਦੇ ਨਾਂ ਵੀ ਆ ਜਾਣਗੇ ਸਾਹਮਣੇ।  ਪਰ ਕੁੱਝ  ਵਿਦਵਾਨ  ਹਨ ਜੋ ਖੋਜ ਕਾਰਜ ਦੇ ਲਈ  ਸੁਹਿਰਦ ਹਨ ਤੇ ਉਹ ਚੁਪਚਾਪ ਕੰਮ ਕਰਵਾ ਰਹੇ ਹਨ ..ਪਰ ਉਹਨਾਂ ਦਾ ਕੋਈ ਨਾ ਨੀ ਲੈਂਦਾ।
      ਇਹ ਸਿਲਸਿਲਾ ਕੌਣ ਰੋਕੇਗਾ ? ਨਿੱਜੀ ਯੂਨੀਵਰਸਿਟੀਆਂ ਨੇ ਤਾਂ ਠੇਕਾ ਕਰ ਲਿਆ ਹੈ ਕਿ ਮਾਇਆ ਦਵੋ ਤੇ ਡਿਗਰੀ ਲਵੋ।

ਬੁੱਧ ਸਿੰਘ ਨੀਲੋਂ
ਸੰਪਰਕ : 9464370823

ਤਾਇਆ ਬਿਸ਼ਨਾ ਖੜਾ ਚੌਰਾਹੇ 'ਚ ! - ਬੁੱਧ ਸਿੰਘ ਨੀਲੋਂ

ਬਿਸ਼ਨੇ ਨੇ ਜਦੋਂ ਦਾ ਜੈਤੋਂ ਦਾ ਖਹਿੜਾ ਛੱਡਿਆ, ਉਦੋਂ ਦਾ ਹੀ ਅਜਿਹੀ ਥਾਂ ਦੀ ਭਾਲ 'ਚ ਹੈ, ਜਿਥੇ ਜ਼ਿੰਦਗੀ ਨੂੰ ਅਰਾਮ ਨਾਲ ਬਹਿ ਕੇ ਕੱਟ ਸਕੇ ਪਰ ਉਸਦੇ ਮੱਥੇ ਦੀ ਸੋਚ ਉਸਨੂੰ ਇੱਕ ਪਲ ਵੀ ਮੀਲ ਪੱਥਰ ਨੀਂ ਬਣਨ ਦੇਂਦੀ। ਉਹ ਆਪਣੇ ਹਿੱਸੇ ਦੀ ਰੋਸ਼ਨੀ ਵੰਡ ਦੇਣੀ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਚੁੱਪ ਕਰਕੇ ਬੈਠ ਜਾਵੇ।
       ਇੱਕ ਦਿਨ ਮਹਾਂਨਗਰ ਦੇ ਇੱਕ ਚੌਕ ਨੂੰ ਪਾਰ ਕਰਨ ਲੱਗਿਆਂ, ਟ੍ਰੈਫਿਕ 'ਚ ਫਸ ਗਿਆ। ਉਸ ਨੇ ਜਦੋਂ ਚੁਫੇਰੇ ਨਿਗਾ ਘੁੰਮਾਈ ਤਾਂ ਚੌਕ ਦੇ ਚਾਰੇ ਪਾਸੇ ਵੱਡੇ ਛੋਟੇ ਵਾਹਨ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਦੌੜਦੇ ਹਨ ਜਿਵੇਂ ਪੂਛ ਨੂੰ ਅੱਗ ਲੱਗੀ ਹੋਵੇ। ਉਹ ਤਾਂ ਫ਼ਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵਾਂਗ ਇਉਂ ਭੱਜੇ ਜਾਂਦੇ ਹਨ, ਜਿਵੇਂ ਕਿਤੇ ਅੱਗ ਬੁਝਾਉਣੀ ਹੋਵੇ। ਉਹ ਸੋਚਦਾ ਅੱਗ ਤਾਂ ਇੱਕ ਪਾਸੇ ਲੱਗੀ ਹੋ ਸਕਦੀ ਹੈ ਪਰ ਇਹ ਤਾਂ ਚਾਰੇ ਦਿਸ਼ਾਵਾਂ ਨੂੰ ਭੱਜੀ ਜਾ ਰਹੇ ਹਨ, ਜਿਵੇਂ ਸਾਰੇ ਹੀ ਸ਼ਹਿਰ ਨੂੰ ਅੱਗ ਲੱਗੀ ਹੋਵੇ?
     ਅੱਗ ਤਾਂ ਕਿਤੇ ਵੀ ਲੱਗੀ  ਦਿਸਦੀ ਨੀ  ਪਰ ਹਰ ਗੱਡੀ ਦੇ ਪਿੱਛਿਉਂ ਧੂੰਆਂ ਜ਼ਰੂਰ ਨਿਕਲਦਾ ਦਿਸਦਾ ਹੈ। ਉਹ ਸੋਚਦਾ ਸੜਕਾਂ 'ਤੇ ਭੱਜੇ ਜਾਂਦੇ ਇਹ ਵਾਹਨ ਕਿਤੇ ਰੁਕਦੇ ਹੋਣਗੇ? ਉਸਨੂੰ ਇੰਝ ਲਗਦਾ ਹੈ  ਜਿਵੇਂ ਮਨੁੱਖ ਖੜ ਗਿਆ ਹੋਵੇ ਤੇ ਮੋਟਰ ਗੱਡੀਆਂ ਦੇ ਘੜਮੱਸ ਤੋਂ ਠਿੱਠ ਹੋਇਆ ਉਹ ਸੜਕ ਦੇ ਕਿਨਾਰੇ ਉੱਚੀ ਥਾਂ ਉਪਰ ਬੈਠਾ ਆਉਂਦੀਆਂ ਜਾਂਦੀਆਂ ਮੋਟਰ ਗੱਡੀਆਂ ਨੂੰ ਤੱਕਣ ਲੱਗਿਆ।
      ਸਾਹਮਣੇ ਤੋਂ ਘੋੜੀ ਉੱਤੇ ਸਮਾਨ ਲੱਦੀ ਆਉੁਂਦਾ ਉਸਨੂੰ 'ਅਜਾਤ ਸੁੰਦਰੀ' ਵਾਲਾ ਮਨਮੋਹਨ ਬਾਵਾ ਦਿਖਿਆ। ਜਦੋਂ ਉਸ ਨੇ ਉਸ ਵੱਲ ਵੇਖਿਆ ਤਾਂ ਉਦੋਂ ਤੀਕ 'ਯੁੱਧ ਨਾਦ' ਦਾ ਬਿਗਲ ਵੱਜ ਚੁੱਕਿਆ ਸੀ। ਦਿੱਲੀ ਦੇ ਕਿਸਾਨ  ਅੰਦੋਲਨ  ਸ਼ੁਰੂ ਹੋ ਗਿਆ  ਸੀ। ਐਨੇ ਨੂੰ ' ਤਫ਼ਤੀਸ਼' ਕਰਕੇ 'ਕਟਹਿਰੇ' ਤੋਂ ਮੁੜਿਆ ਮਿੱਤਰ ਸੈਨ ਮੀਤ 'ਕੌਰਵ ਸਭਾ' ਦੇ ਇਸ਼ਤਿਹਾਰ ਵੰਡਦਾ ਉਹਦੇ ਕੋਲ ਆ ਗਿਆ। ਕਹਿੰਦਾ ''ਬਿਸ਼ਨਿਆ ਐਵੇ ਨਾ ਝੂਰ ਇਹ ਜ਼ਿੰਦਗੀ 'ਕੌਰਵ ਸਭਾ' ਹੈ, ਇਸਨੂੰ ਹੁਣ 'ਸੁਧਾਰ ਘਰ' ਲੈ ਕੇ ਜਾਣ ਦੀ ਜ਼ਰੂਰਤ ਐ, ਤੂੰ ਸੁਣਾ ਕਿਵੇਂ ਬੈਠੈ?''
       ਉਹ ਮੀਤ ਨਾਲ ਗੱਲਾਂ ਕਰਨ ਲੱਗਿਆ ਤਾਂ ਐਨੇ ਨੂੰ ਕਨੇਡੋਂ ਪਰਤਿਆ ਮੋਗੇ ਵਾਲਾ ਬਾਣੀਆ ਕੇ. ਐਲ. ਗਰਗ ਆਪਣਾ 'ਆਖਰੀ ਪੱਤਾ' ਸੁੱਟ ਕੇ ਬੋਲਿਆ '' ਇਸ ਭੀੜ 'ਚ ਖੇਡਣਾ ਤਾਂ ਗਿੱਟੇ ਗੋਡੇ ਤੁੜਵਾਉਣ ਦੇ ਤੁੱਲ ਏ।'' ਜਦ ਨੂੰ ਬੁੱਕ ਸਟਾਲ ਉੱਤੇ ' ਕਹਾਣੀ ਪੰਜਾਬ' ਫੜਾ ' ਕੋਠੇ ਖੜਕ ਸਿੰਘ' ਵਾਲਾ ਰਾਮ ਸਰੂਪ ਅਣਖੀ ਆ ਕੇ ਬੋਲਿਆ, ''ਬਿਸ਼ਨ ਸਿਆਂ, ਸਰਦਾਰੋ, ਪਰਤਾਪੀ ਤੇ ਜੱਸੀ ਸਰਪੰਚ ਤਾਂ ਸਲਫ਼ਾਸ ਖਾ ਕੇ ਮਰ ਗਏ, ਉਨਾਂ ਦੇ ਬੱਚਿਆਂ ਦੀ ਹਾਲਤ ਵੇਖ ਕੇ ' ਬਸ ਹੋਰ ਨਹੀਂ' ਲਿਖਿਆ ਜਾਂਦਾ।''
      ਉਦੋਂ ਹੀ ਸਪੀਕਰ ਵਾਲੇ ਆਟੋ ਰਿਕਸ਼ੇ ਤੋਂ ਆਵਾਜ਼ ਆਈ। '' ਸੁਣੋ ਸੁਣੋ ਜੀ . . ' ਹਵਾ 'ਚ ਲਿਖੇ ਹਰਫ਼ ' ਵਾਲਾ ਸੁਰਜੀਤ ਪਾਤਰ ' ਬਿਰਖਾਂ ਦੀ ਅਰਜ਼' ਕਰਦਾ ਹੋਇਆ ' ਹੁਕਮੀ ਦੀ ਹਵੇਲੀ' ਦਾ ਮਾਲਕ ਬਣ ਗਿਆ ਏ, ਜਿੱਥੇ ਅੱਜ ਰਾਤ ਸੁਰਮਈ ਸ਼ਾਮ ਹੋਣੀ ਐ।'' ਏਨੇ ਨੂੰ ' ਸੂਰਜ ਦੀ ਦਹਿਲੀਜ਼ ' ਵਾਲੀ 'ਧੁੱਪ ਦੀ ਚੁੰਨੀ' ਲਈਂ ਸੁਖਵਿੰਦਰ ਅੰਮ੍ਰਿਤ ਆ ਕੇ ਤਾਏ ਬਿਸ਼ਨੇ ਕੋਲ ਬੈਠ ਗਈ।
      ਸਪੀਕਰ ਦਾ ਅਜੇ ਸਾਹ ਨਹੀਂ ਸੀ ਸੁਕਿਆ। ਉਦੋਂ ਹੀ 'ਹਾਰੇ ਦੀ ਅੱਗ' ਵਾਲਾ ਬਲਜਿੰਦਰ ਨਸਰਾਲੀ ' ਡਾਕਖਾਨਾ ਖਾਸ' ਮੋਢੇ ਉੱਤੇ ਚੁੱਕੀ ਆਉੁਂਦਾ ਬੋਲਿਆ, ''ਇਹ 'ਵੀਹਵੀਂ ਸਦੀ ਦੀ ਆਖਰੀ ਕਥਾ' ਆਪ ਪੜੋ ਤੇ ਅਪਣੇ ਬੱਚਿਆਂ ਨੂੰ ਪੜਾਉਂ।'' ਪਰ ਇਸ ਮਹਾਂਨਗਰ ਦੇ ਚੌਕ ਵਿੱਚ 'ਨੀਰੋ ਦੀ ਬੰਸਰੀ' ਦੀ ਆਵਾਜ਼ ਕੌਣ ਸੁਣੇ ਤਾਂ ਭਗਵਾਨ ਢਿਲੋਂ ਕਹਿੰਦਾ ''ਹੁਣ ਤਾਂ ਚਾਰ ਚੁਫੇਰਾ ''ਕਲਿੰਗਾ'' ਬਣ ਗਿਆ ਏ ''ਉਦਾਸੀ ਹੀਰੇ ਹਰਨ ਦੀ '' ਕੌਣ ਸਮਝੇ।'' ਜਦ ਨੂੰ ਉੱਚੀਆਂ ਇਮਾਰਤਾਂ ਨੂੰ ਵੇਖਦਾ ਭੋਲਾ ਸਿੰਘ ਸੰਘੇੜਾ ਬੋਲਿਆ, ''ਬਾਈ ਜੀ, ਇਹ ਤਾਂ ਸਭ 'ਰੇਤ ਦੀਆਂ ਕੰਧਾਂ' ਨੇ, ਤੁਸੀਂ ਜ਼ਿੰਦਗੀ ਦੀਆਂ ਗੱਲਾਂ ਕਰਦੇ ਹੋ।'' ਮਾਲ ਰੋਡ 'ਤੇ ਬਣੇ ਸਾਈਬਰ ਕੈਫਿਆਂ 'ਚੋਂ ਜ਼ਿੰਦਗੀ ਭਾਲਦੀਆਂ ਦੇਹਾਂ ਨੂੰ ਵੇਖ ਹਰਜੀਤ ਅਟਵਾਲ ਆਖਣ ਲੱਗਾ, ''ਇਹ ਤਾਂ ਨਿਰਾ 'ਰੇਤ ਛਲ' ਹੈ।'' ਜਦ ਨੂੰ 'ਸ਼ਬਦ' ਦੇ ਅੰਕ ਫੜਾਉਂਦਾ ਜਿੰਦਰ ਬੋਲਿਆ ''ਪਰ, 'ਤੁਸੀਂ ਨਹੀਂ ਸਮਝ ਸਕਦੇ', ਕਿ 'ਕਤਲ' ਕਿਸ ਦਾ ਹੋਇਆ ਏ।''
       ਤਾਇਆ ਵੇਖ ਰਿਹਾ ਸੀ, ਉਸ ਦੇ ਆਲੇ ਦੁਆਲੇ ਗੱਡੀਆਂ ਮੋਟਰਾਂ ਦੀ ਬਜਾਏ, ਲੇਖਕਾਂ ਦਾ ਝੁੰਡ ਵਧ ਰਿਹਾ ਸੀ। ਉਹ ਵੇਖਦਾ ਹੈ ਕਿ ਇੱਥੇ ਕੋਈ ਵੀ ਕਿਸੇ ਦੀ ਗੱਲ ਸੁਣਦਾ ਨਹੀਂ। ਸਭ ਆਪੋ ਆਪਣੀ ਟਿੰਡ 'ਚ ਕਾਨਾ  ਪਾ ਕੇ ਖੜਕਾਈ ਜਾਂਦੇ ਹਨ।
       ਬੱਸ 'ਚੋਂ ਉਤਰ ਸਿੱਧੀ ਹੀ ਬਿਸ਼ਨੇ ਵੱਲ ਆਉਂਦੀ 'ਇੱਕ ਚੁੱਪ ਜਿਹੀ ਕੁੜੀ' ਨਿਰਮਲ ਜਸਵਾਲ ਨੇ ਆਖਿਆ '' ਇਨਾਂ ਨੂੰ ਹੱਥ ਨਾ ਲਾਇਓ, ਇਹ ਤਾਂ 'ਕੱਚ ਦੀਆਂ ਮੱਛੀਆ' ਨੇ।'' ਫੇਰ ਤਾਏ ਦੇ ਕੋਲ ਹੋ ਕੇ ਬਹਿੰਦੀ ਬੋਲੀ ,''ਆ ਜਦੋਂ ਦੀ ਬੁਢਲਾਡੇ ਵਾਲੇ ਵੀਨਾ ਵਰਮਾ 'ਫਰੰਗੀਆਂ ਦੀ ਨੂੰਹ' ਬਣੀ ਐ ਪੰਜਾਬ ਵਿਚ ' ਮੁੱਲ ਦੀ ਤੀਵੀਂ ' ਦਾ ਮੁੱਲ ਵੱਧ ਗਿਆ ਏ? ਹੁਣ ਉਹ ''ਜੋਗੀਆਂ ਦੀ ਧੀ'' ਬਣ ਕੇ ਦਰ ਦਰ ਅਲਖ ਜਗਾਉਂਦੀ ਫਿਰਦੀ ਹੈ।'' ਜਦ ਨੂੰ 'ਗੈਰ ਹਾਜ਼ਿਰ ਆਦਮੀ 'ਹਾਜ਼ਰ ਹੁੰਦਾ ਪ੍ਰੇਮ ਗੋਰਖੀ ਕਹਿੰਦਾ ''ਕੋਈ ਨਾ ਪੰਜਾਬੀ ਟ੍ਰਿਬਿਊਨ  'ਚ ਆਪਾਂ ਖਬਰ ਲਾ ਦੇਵਾਂਗੇ ਤੂੰ ਫਿਕਰ ਨਾ ਕਰ ।''
     ''ਤਾਇਆ ਜੀ ਸਵੀਡਨ ਵਿਚ ਹੀ ਨਹੀਂ ਪੰਜਾਬ ਵਿਚ ਵੀ ਔਰਤ ਦਾ 'ਗਿਰ ਰਿਹਾ ਗਰਾਫ਼ ' ਹੈ। ਨਿੰਦਰ ਗਿੱਲ ਅਪਣਾ ਸਾਈਕਲ ਸਟੈਂਡ 'ਤੇ ਲਾਉਂਦਿਆਂ ਬੋਲਿਆ। ਜਦ ਤਾਏ ਨੇ ਉਹਦੇ ਵੱਲ ਵੇਖਿਆ ਤਾਂ ਪਰਲੇ ਪਾਸੇ ਬਲਦੇਵ ਸਿੰਘ 'ਗਿੱਲੀਆਂ ਛਿੱਟੀਆਂ' ਦੀ ਅੱਗ ਬਾਲੀ 'ਲਾਲ ਬੱਤੀ' ਥੱਲੇ 'ਅੰਨਦਾਤਿਆਂ' ਨਾਲ ਧਰਨਾ ਲਾਈ ਬੈਠਾ ਸੀ । ਕਹਿੰਦਾ ''ਸਤਲੁਜ ਵਹਿੰਦਾ ਰਿਹਾ 'ਪਰ ਕਿਸੇ ਸਰਕਾਰ ਨੇ ਪਾਣੀ ਨਹੀਂ ਸਾਂਭਿਆ ਹੁਣ ਸਮਰੀਬਲ ਲਾਉਂਦੇ ਫਿਰਦੇ ਨੇ। ਉਧਰ 'ਪੰਜਵਾਂ ਸਾਹਿਬਜਾਦਾ' ਆਪਣੇ ਟੱਬਰ ਸਮੇਤ ਅਲੱਗ ਹੋ ਗਿਆ ਕਹਿੰਦਾ ਸਾਨੂੰ ਤਾਂ ਕੋਈ ਗੁਰਦੁਆਰੇ ਨੀਂ ਵੜਨ ਦੇਂਦਾ ਚੌਧਰੀ ਬੇਦਾਵਾ ਲਿਖਣ ਵਾਲੇ ਬਣੇ ਬੈਠੇ ਨੇ ਤੇ ਕੁਰਬਾਨੀਆਂ ਕਰਨ ਨੂੰ ਅਸੀਂ ਹੀ ਬਚੇ ਆ, ਤੇ ਹੁਣ ' ਢਾਹਾਂ ਦਿੱਲੀ ਦੇ ਕਿੰਗਰੇ' ਦੀ ਕਥਾ ਕੀਹਨੂੰ ਸੁਣਾਵਾਂ।''
      ਇੰਨੇ ਨੂੰ ਲੇਖਕ ਤੋਂ ਪ੍ਰਕਾਸ਼ਕ ਬਣਿਆ ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਜਿਹੜਾ 'ਚੁੱਪ ਦੇ ਖਿਲਾਫ਼' ਸੀ ਹੁਣ ਉਹ ਵੀ 'ਚੁੱਪ ਦੇ ਅੰਦਰ ਬਾਹਰ' ਹੋਇਆ ਆਪਣੀਆਂ ਕਿਤਾਬਾਂ ਦੀ ਫੜੀ ਲੈ ਕੇ ਆ ਗਿਆ। ਚੌਕ ਵਿਚ ਲੇਖਕਾਂ ਦਾ 'ਕੱਠ ਪਲ ਪਲ ਵੱਧ ਰਿਹਾ ਸੀ। ਤਾਇਆ ਬਿਸ਼ਨਾ ਚੁੱਪ ਚਾਪ ਬੈਠਾ ਦੇਖੀ ਜਾ ਰਿਹਾ। ਉਸ ਨੇ ਜਦ ਉਪਰ ਨੂੰ ਮੂੰਹ ਚੁੱਕ ਕੇ ਦੇਖਿਆ ਤਾਂ ਪੰਜਾਬ ਦੇ ਸਭਿਆਚਾਰ ਦੇ ਬਚੇ ਖੁਚੇ ਕਾਗਜ਼ ਪੱਤਰ ਚੁੱਕੀ ਆਉਂਦਾ ਨਵਾਂ ਸ਼ਹਿਰ ਵਾਲਾ ਅਜਮੇਰ ਸਿੱਧੂ ਦਿਖਿਆ ਆਉਂਦਾ ਹੀ ਬੋਲਿਆ ''ਤਾਇਆ ਜੀ, ਅਜੇ ਪੰਜਾਬੀ ਸੱਭਿਆਚਾਰ ਖ਼ਤਮ ਨਹੀਂ ਹੋਇਆ ਆ ਦੇਖੋ 'ਖੂਹ ਗਿੜਦਾ ਐ' ਨਾਲੇ 'ਨਚੀਕੇਤਾ ਦੀ ਮੌਤ' ਨਹੀਂ ਹੋਈ ਇਹ ਤਾਂ ਅਫਵਾਹ ਐ।'' ਜਦ ਨੂੰ ਜਤਿੰਦਰ ਹਾਂਸ ਬੋਲਿਆ ''ਤਾਇਆ ਜੀ ਏਹਦੇ 'ਤੇ ਇਤਬਾਰ ਨਾ ਕਰਿਓ, ਸਾਡੇ ਪਿੰਡ 'ਈਸ਼ਵਰ ਦਾ ਜਨਮ' ਹੋ ਗਿਆ ਤੇ ਨਾਲੇ ਅਸੀਂ ਉਥੇ 'ਪਾਵੇ ਨਾਲ ਬੰਨਿਆ ਕਾਲ' ਰੱਖਿਆ ਏ, ਤੁਸੀਂ ਮੇਰੇ ਨਾਲ ਚੱਲੋ।'' ਏਨੇ ਨੂੰ 'ਚੂੜੇ ਵਾਲੀ ਬਾਂਹ ' ਵਾਲਾ ਜਸਵੀਰ ਰਾਣਾ ਆ ਕੇ ਬੋਲਿਆ 'ਦਿਨ ਢਲਿਆ ਨਹੀਂ ਅਜੇ ਤਾਂ 'ਸਿਖ਼ਰ ਦੁਪਹਿਰਾ' ਐ।'' ਮੱਖਣ ਮਾਨ ਆ ਕੇ ਬੋਲਿਆ, '' ਤਾਇਆ ਜੀ, ਮਹਾਂਨਗਰ ਦੇ 'ਪ੍ਰਵੇਸ਼ ਦੁਆਰ' ਮੂਹਰੇ ਬਾਬਾ ਜਗਤਾਰ ਧੂਣੀ ਲਾਹੀ ਬੈਠਾ ਏ। ਕਹਿੰਦਾ 'ਬਿਰਛਾਂ ਅੰਦਰ ਉਗੇ ਖੰਡਰ 'ਵਾਲਾ ਕੁਲਵਿੰਦਰ ਆਉੁਂਦਾ ਹੈ। ਉਹ ਨੂੰ ਇਹ ਆਸ ਹੈ ਕਿ 'ਮੁਰੰਡੀਆਂ ਡਾਲਾ' ਵਾਲਾ ਰਾਮ ਸਿੰਘ ਤਸੀਲਦਾਰ ਆ ਜਾਵੇ ਤੇ ਪਰਦਿਆਂ ਦੀ ਓਟ ' 'ਚ ਇਸ ਚੌਰਾਹੇ ਦੀ ਨਿਸ਼ਾਨਦੇਹੀ  ਕਰਕੇ ਪ੍ਰੇਮ ਪਕਾਸ਼ ਦੀਆਂ ਪਾਈਆਂ 'ਗੰਢਾ' ਨੂੰ ਖੋਲ੍ਹ ਦੇਵੇਗਾ। ਜਦ ਨੂੰ ਹਰਮੀਤ ਵਿਦਿਆਰਥੀ ਆ ਕੇ ਆਖਣ ਲੱਗਾ ''ਤਸੀਲਦਾਰ ਸਾਹਿਬ ਤੁਹਾਨੂੰ 'ਸਮੁੰਦਰ ਬੁਲਾਉਂਦਾ' ਐ।''
     ਜਰਨੈਲ ਸਿੰਘ ਆ ਕੇ ਬੋਲਿਆ,''ਬਈ ਇਹ ਤਾਂ  'ਦੋ ਟਾਪੂ' ਨੇ ਕੋਈ ਕਾਰੋਬਾਰ ਕਰਦੇ ਆ।'' ਵਿਜੇ ਵਿਵੇਕ ਵੀ ਲੋਰ 'ਚ ਬੋਲਿਆ ''ਇਹਨੂੰ ਦੇ ਟਾਪੂ ਨਾ ਜਾਇਓ, ਇਹ ਤਾਂ 'ਚੱਪਾ ਕੁ ਪੂਰਬ' ਆ, ਰੂਹ ਪੰਜਾਬ ਦੀ ਕਿੱਥੇ ਐ।''
     ਦੇਸ ਰਾਜ ਕਾਲੀ ਬੋਲਿਆ, ''ਬਾਬਿਓ ਜਦੋਂ ਦੀਆਂ ਸ਼ੇਖਰ ਨੇ 'ਮੁੰਦਰਾਂ' ਪਵਾਈਆਂ ਨੇ, ਉਹ ਜਨਮੀਤ ਦੀਆਂ ' ਦੇ ਅੱਖਾਂ' ਲੇ ਕੇ ਬਲਬੀਰ ਸਿੰਘ ਸ਼ਾਹ ਦੇ ਨਾਲ 'ਬੇਵਸ ਪਰਿੰਦੇ' ਲੱਭਦਾ ਫਿਰਦਾ ਐ।''
      'ਅੱਖਰ' ਦਾ ਵਾਸਤਾ ਪਾਉਂਦਾ ਭਾਊ ਪ੍ਰਮਿੰਦਰਜੀਤ ਬੋਲਿਆ ''ਬਈ ਜੇ ਸ਼ਾਹ ਚਮਨ ਦਾ ' ਹਨੇਰੇ 'ਚ ਘਿਰਿਆ  ਮਨੁੱਖ ' ਦੇਖਣਾ ਹੈ ਤਾਂ  ' ਮੇਰੀ ਮਾਰਫ਼ਤ ' ਮਿਲੋ। ਨਾਲੇ ਜੇ ' ਰਾਗ ਇਸ਼ਕ ' ਪੜਨਾ ਤਾਂ ਗੁਰਭਜਨ ਗਿੱਲ ਤੋਂ 'ਫੁੱਲਾਂ ਦੀ ਝਾਂਜਰ' ਲੈ ਜਾਓ ਐਂਤਕੀਂ ਪ੍ਰਧਾਨਗੀ ਦੀ ਚੋਣ ਲੜਨੀ ਐ। ਵੋਟਾਂ ਜਰੂਰ ਪਾਇਓ।'' ਦਿੱਲੀ ਵਾਲਾ ਗੁਰਬਚਨ ਭੁੱਲਰ ਬੋਲਿਆ ''ਜੇ ਤੁਸੀਂ 'ਤਿੰਨ ਮੂਰਤੀਆਂ ਵਾਲਾ ਮੰਦਰ ' ਦੇਖਣਾ ਤਾਂ ਬਲਵੀਰ ਪਰਵਾਨਾ ਦੇ ਨਾਲ ' ਵਰਜਣਾ ਤੋਂ ਪਾਰ' ਜਾਣਾ ਪਊ, ਨਾਲ ਹੀ ਜੀ. ਐੋਸ. ਰਿਆਲ ਦੀ 'ਸ਼ਬਦਾਂ ਦੀਆ ਲਿਖਤਾਂ' ਵਾਚਣੀ ਪਊ।'' 'ਲੀਹੋਂ ਲੱਥੇ' ਵਾਲਾ ਅਮਰੀਕ ਕੰਡਾ ਬੋਲਿਆ '' ਬਾਈ ਜੀ, ਤੁਸੀਂ ਉਥੇ ਜਾਣ ਦੀਆਂ ਗੱਲਾਂ ਕਰਦੇ ਹੋ। ਬਲਦੇਵ ਸਿੰਘ ਨੇ ਵਰਿਆਮ ਸੰਧੂ ਦੀ ' ਚੌਥੀ ਕੂਟ' ਨੂੰ 'ਨਾਗਵਲ ' ਪਾ ਕੇ ਬੈਠਾ।'' ਕਲਕੱਤੇ ਤੋਂ ਆਇਆ ਮੋਹਨ ਕਾਹਲੋਂ ਆਪਣਾ ਬੈਗ, ਅਟੈਚੀ ਮੋਢੇ ਤੋਂ ਉਤਾਰਦਾ ਬੋਲਿਆ ''ਇਹ ਤਾਂ ਸਭ 'ਵਹਿ ਗਏ ਪਾਣੀ' ਨੇ 'ਕਾਲੀ ਮਿੱਟੀ' ਤਾਂ ਹੁਣ ਦੇਖਣ ਨੂੰ ਨਹੀਂ ਮਿਲਦੀ, ਤੁਸੀਂ ਕੀਹਦੀ ਗੱਲ ਕਰਦੇ ਹੋਉਂ ।''
       ਬਿਸ਼ਨਾ ਤਾਇਆ ਦੇਖਦਾ ਹੈ ਕਿ ਮਨਜੀਤ ਮੀਤ 'ਲੱਕੜ ਦੇ ਘੋੜੇ' ਲਈ ਆਉਂਦਾ ਏ। ਉਸਦੇ ਪਿੱਛੇ ਪਿੱਛੇ 'ਸਲਾਬੀ ਹਵਾ' 'ਚੋਂ ' ਸ਼ਬਦ, ਸ਼ਹਿਰ ਤੇ ਰੇਤ' ਲੱਭਣ ਲਈ ਪੈਰੀਂ 'ਖੜਾਵਾਂ' ਪਾਈ ਆਉਂਦਾ ਦਰਸ਼ਨ ਬੁੱਟਰ ਵੀ ਦਿਖਿਆ, ਉਸਨੂੰ 'ਮਹਾਂਕੰਬਣੀ' ਲੱਗੀ ਹੋਈ ਸੀ। ਆਉਂਦਾ ਹੀ ਬੋਲਿਆ ''ਤਸੀਂ ਏਥੇ ਮਜ਼ਮਾਂ ਲਾਈ ਬੈਠੇ ਹੋ। ਮੈਂ ਨਾਭੇ ਉਡਕੀਦਾ 'ਕਵਿਤਾ ਉਸਤਵ' ਮਨਾਉਣਾ। ਤਰਲੋਚਨ ਲੋਚੀ ਦਰ ਦਰਵਾਜ਼ੇ ਖੋਲੀ ਬੈਠਾ ਕਹਿੰਦਾ ਗਿੱਲ ਸਾਬ ਤੇ ਮਨਜਿੱਦਰ ਧਨੋਆ ਦੇ ਨਾਲ ਜਾਣਾ ਡੀ ਡੀ ਪੰਜਾਬੀ ਤੇ ਕਵੀ ਦਰਬਾਰ ਐ ਤੇ ਨਾਲੇ ਰਸਤੇ ਚ ਹੋਰ ਸਮਾਗਮ ਹੈ. ਅਸੀ ਤੇ ਚੱਲੇ ਆਂ!
      ਜੰਮੂ ਤੋਂ ਵਿਦੇਸ਼ ਗਈ ਸੁਰਜੀਤ ਸਖੀ ਨੇ ਡਰਦਿਆਂ ਤਾਏ ਬਿਸ਼ਨੇ ਨੂੰ ਕਿਹਾ, ''ਮੈਂ ਸਿਕੰਦਰ ਨਹੀਂ, ਤੁਹਾਨੂੰ ਭਲੇਖਾ ਪਿਆ ਹੋਣਾ।'' ਜੱਗਬਾਣੀ ਵਾਲਾ ਕੁਲਦੀਪ ਸਿੰਘ ਬੇਦੀ 'ਕਿੰਨੇ ਹੀ ਵਰਿਆਂ ' ਬਾਅਦ ਬੋਲਿਆ ''ਤਾਇਆ ਜੀ ! ਢੁਡੀਕੇ ਵਾਲੇ ਜਸਵੰਤ ਸਿੰਘ ਕੰਵਲ ਨੂੰ ' ਇੱਕ ਹੋਰ ਹੈਲਨ' ਤੋਂ ਬਾਅਦ 'ਸੁੰਦਰਾਂ' ਮਿਲੀ ਐ। ਓਧਰ ਮੋਹਨ ਭੰਡਾਰੀ ' ਕਾਠ ਦੀ ਲੱਤ' ਲਵਾਈ ਹੱਥ 'ਚ 'ਨੱਥ ' ਚੁੱਕੀ ਫਿਰਦਾ ਏ।''
      ਦੂਰ ਪਰੇ 'ਛਾਂਗਿਆਂ ਹੋਇਆ ਰੁੱਖ' ਦੇ ਥੱਲੇ ਬਲਵੀਰ ਮਾਧੋਪੁਰੀ ਬੈਠਾ ਆਪ ਮੁਹਾਰੇ ਬੋਲੀ ਜਾ ਰਿਹਾ ਏ। ਜੇ ਤੁਸੀਂ ਓਮ ਬਾਲਮੀਕੀ ਦੀ 'ਜੂਠ' ਨਹੀਂ ਖਾ ਸਕਦੇ ਤਾਂ ਲਾਲ ਸਿੰਘ ਦਿਲ ਦੀ 'ਦਾਸਤਾਨ' ਦਾ ਹੀ ਪਾਠ ਕਰ ਲਓ।
       ਉਦੋਂ ਹੀ ਗੱਡੀ ਖੜਾਅ ਹੱਥ 'ਚ 'ਇਹ ਬੰਦਾ ਕੀ ਹੁੰਦਾ' ਕਿਤਾਬ ਚੁਕੀ ਆਉੁਂਦਾ ਜਸਵੰਤ ਜ਼ਫ਼ਰ ਤਾਏ ਦੇ ਗੋਡੀ ਹੱਥ ਲਾਉਂਦਾ ਬੋਲਿਆ ''ਅਸੀਂ ਨਾਨਕ ਦੇ ਕੀ ਲਗਦੇ ਆਂ।' ਤਾਇਆ ਬਿਸ਼ਨਾ ਕੁਝ ਬੋਲਦਾ ਹਰ ਮਹੀਨੇ ਨਾਵਲ ਲਿਖਣ ਵਾਲਾ ਅਮਰਜੀਤ ਗੋਰਕੀ ਬੋਲਿਆ 'ਅਣਜਿੱਤੀ ਲੰਕਾ ਦੇ ਰਾਮ' ਤੇ ਵਿਚੋਂ ਹੀ ਲਾਲ ਸਿੰਘ ਦਿਲ ਬੋਲ ਪਿਆ… ' ਨਾਗ ਲੋਕ, ਨਾਗ ਲੋਕ ।''
      ਲਾਲ ਬੱਤੀ ਵਾਲਾ ਗੱਡੀ 'ਚੋਂ ਉਤਰ ਕੇ ਆਉਂਦਾ ਡਾ. ਸਵਰਾਜਬੀਰ ਆਖਣ ਲੱਗਾ ''ਤਾਇਆ ਜੀ, ਕੋਈ ਉਪਾਅ ਦੱਸੋ, ਜਿਸ ਦਿਨ ਦੀ 'ਮੇਦਨੀ', ਧਰਮ ਗੁਰੂ' ਬਣੀ ਐ, ਉਹਨੇ ' ਸ਼ਾਇਰੀ' ਦਾ ਕਤਲ ਕਰਵਾ ਦਿੱਤਾ ਏ ਤੇ ' ਕ੍ਰਿਸ਼ਨ' ਦੀ ਪੇਂਟਿੰਗ ਉਸ ਨੇ ਡਰਾਇੰਗ ਰੂਮ ਵਿਚ ਲਾ ਦਿੱਤੀ ਏ, ਦੱਸੋ ਹੁਣ '23 ਮਾਰਚ' ਕਿਵੇਂ ਮਨਾਈਏ ?''
     ''ਭਰਾਵੋ !  ਮੈਂ ਤਾਂ ' ਚਾਰੇ ਕੁੰਢਾਂ ਢੂੰਡੀਆਂ' ਮੈਨੂੰ ਤਾਂ ਲੇਖਕ ਦੇ ਮਨ ਦਾ ਧਰਾਤਲ ਨੀਂ ਲੱਭਿਆ।'' ਸਤਵਿੰਦਰ ਕੁੱਸਾ ਨੇ ਤਾਏ ਨੂੰ ਆਖਿਆ।
        ਜਦ ਨੂੰ ਭਾਊ ਤਲਵਿੰਦਰ 'ਯੋਧੇ' ਲੈ ਕੇ ਆ ਗਿਆ। ਆਖਣ ਲੱਗਾ ''ਬਲਵੀਰ ਪਰਵਾਨਾ ਆਪਣੇ ਆਲੇ ਦੁਆਲੇ ਐਨਾ ' ਧੂੰਆਂ' ਕਰੀ ਬੈਠਾ ਸਰਹੱਦ 'ਤੇ ਚੱਲਣਾ ਮੋਮਬੱਤੀਆਂ ਜਗਾਉਂਣ ਜਾਣਾ ਐ । 'ਕੋਈ ਇੱਕ ਸਵਾਰ', ' ਮੇਰਾ ਉਜੜਿਆ ਗੁਆਂਢੀ' ਦੇ ਘਰ ਤੀਕ ਜਾਣਾ ।'' ਤਾਏ ਨੇ ਸੜਕ ਪਾਰ ਦੇਖਿਆ ਸਾਧੂ ਬਿਨਿੰਗ ' ਜੁਗਤੂ' ਨਾਲ ਮਿਖਾਇਲ ਬਲਗਾਕੋਵ ਦਾ 'ਕੁੱਤਾ ਆਦਮੀ' ਲਈ ਸੜਕ ਪਾਰ ਕਰਨ ਲਈ  ਟ੍ਰੈਫਿਕ ਬੰਦ ਹੋਣ ਦੀ ਉਡੀਕ ' ਚ ਖੜਾ ਏ।
        ਪਰੇ ਪਾਰਕ 'ਚ ਸਵਿਤੋਜ ' ਸ਼ਬਦਾਂ ਦੀ ਸ਼ਤਰੰਜ' ਵਿਛਾਈ ਬੈਠਾ ਵਰਿੰਦਰ ਪਰਿਹਾਰ ਨਾਲ ' ਕੁਦਰਤ' ਦਾ ਨਜ਼ਾਰਾ ਲੈ ਰਿਹਾ ਏ। ਉਧਰ ਜਗਤਾਰ ਢਾਅ 'ਗੁਆਚੇ ਘਰ ਦੀ ਤਲਾਸ਼' 'ਚ ਅਜਾਇਬ ਕਮਲ ਦੇ ' ਬੀਜ ਤੋਂ ਬ੍ਰਹਿਮੰਡ' ਤੀਕ ਚੱਕਰ ਲਾ ਆਇਆ ਏ ਪਰ ਉਸ ਨੂੰ ਸੁਖਚੈਨ ਮਿਸਤਰੀ ਦੇ 'ਘਰ' ਨਹੀਂ ਲੱਭਿਆ।
     ਪਾਲੀ ਭੁਪਿੰਦਰ ਕਹਿੰਦਾ, ''ਭਾਅ ਜੀ ਨੇ ਐਨੇ 'ਲਾਰੇ' ਲਾਏ, 'ਧਮਕ ਨਗਾਰੇ ਦੀ' ਸੁਣਾਈ ਪਰ ਇਨਕਲਾਬ ਨਹੀਂ ਆਇਆ। ਆਤਮਜੀਤ ਕਹਿੰਦਾ 'ਮੰਗੂ ਕਾਮਰੇਡ' ਤਾਂ ਹੈ ਪਰ 'ਮੈਂ ਤਾਂ ਇੱਕ ਸਾਰੰਗੀ' ਆਂ। ਕਹਿ ਕੇ ਨਾਟਕ ਕਰਨ ਚਲੇ ਗਿਆ । ਕਹਿੰਦਾ 'ਉਸਨੂੰ ਕਹੀਂ' ਕਿ ਉਹ ' ਮਿੱਟੀ ਦਾ ਬਾਵਾ' ਲਿਆ ਕੇ ਕੋਈ 'ਸਿਰਜਣਾ' ਕਰੇ ਤਾਂ ਕਿ ਘਰ ਬਣ ਸਕੇ।''
       ਜਪਾਨ ਵਾਲਾ ਪਰਮਿੰਦਰ ਸੋਢੀ ਆਖਣ ਲੱਗਾ ' ਤੇਰੇ ਜਾਣ' ਤੋਂ ਮੇਰੀ ਹਾਲਤ ਤਾਂ ਜੋਗਾ ਸਿੰਘ ਦੀ 'ਸਬੂਤੀ ਅਲਵਿਦਾ' ਵਰਗੀ ਹੋ ਗਈ ਹੈ।
       ਰੋਪੜ ਵਾਲਾ ਜਸਵਿੰਦਰ 'ਕੱਕੀ ਰੇਤ ਦੇ ਵਰਕੇ' ਇੱਕਠੇ ਕਰਕੇ ਮਾਛੀਵਾੜੇ ਦੇ ਜੰਗਲਾਂ ਵੱਲ ਤੁਰ ਗਿਆ ਏ, ਕਹਿੰਦਾ ''ਹਰਬੰਸ ਮਾਛੀਵਾੜਾ ਤੋਂ 'ਸਵੈ ਦੀ ਤਲਾਸ਼' ਕਰਨੀ ਸਿੱਖਣੀ ਐ, ਉਹ ਕਹਿੰਦਾ  ਨਾਲੇ ਉਥੇ ਸਵਾਮੀ ਸੂਰੀਆ ਪ੍ਰਤਾਪ ਸਿੰਘ ਨੂੰ ਮਿਲਣਾ ਤੇ ਸੁਖਜੀਤ ਦੀ 'ਅੰਤਰਾ' ਦੇਖਣੀ ਏ ਜਿਹੜੀ ਕਹਿੰਦੀ ਏ  ਮੈਂ ਇੰਨਜੁਆਏ ਕਰਦੀ ਆਂ । ''ਉਹ  ਕਹਿੰਦੈ "ਮੈ ਜੈਸਾ ਵੈਸਾ ਕਿਉਂ ਹੂੰ?" ਹੁਣ ਵਾਲਾ ਸੁਸ਼ੀਲ ਦੁਸਾਂਝ ਵੀ ਆਇਆ ਹੈ !
      ਦਿੱਲੀ ਵਾਲਾ ਨਛੱਤਰ ਆ ਕੇ ਕਹਿੰਦਾ, ''ਤਾਇਆ ਜੀ, ਤੁਸੀਂ ਏਥੇ ਚੌਕ 'ਚ ਹੀ ਬੈਠੇ ਹੋ। ਮੈਂ ਤਾਂ ' ਨਿੱਕੇ ਨਿੱਕੇ ਅਸਮਾਨ' ਕਈ ਲੱਭ ਲਿਆਇਆ ਹਾਂ । ਪੰਜਾਬ  ਨੂੰ  ਕੈਸਰ ਹੋ ਗਿਆ. ''ਚੌਰਾਹੇ 'ਚ ਵਧ ਰਹੀ ਭੀੜ ਨੂੰ ਦੇਖਦੇ ਅਜਾਇਬ ਕਮਲ 'ਅਗਿਆਤ ਵਾਸੀ' ਹੋ ਗਿਆ ਹੈ ਪਰ ਗੁਰਪਾਲ ਲਿੱਟ ਕਹਿੰਦਾ 'ਇਹ ਅੰਤ ਨਹੀਂ।'' ਕਿਰਪਾਲ ਕਜ਼ਾਕ ਕਹਿੰਦਾ ਅਜੇ 'ਹੁੰਮਸ' ਜ਼ਰੂਰ ਏ। ਕਦੇ ਤਾਂ ਸਾਡੇ ਵੀ ਦਿਨ ਅਉਂਣਗੇ। ਇਹ  ਅੰਤਹੀਣ ਨਹੀ।"
     ਡਾਕਟਰ ਜਗਤਾਰ ਕਹਿੰਦਾ 'ਹਰ ਮੋੜ 'ਤੇ ਸਲੀਬਾਂ' ਨੇ। ਟਿੱਬੇ ਵਾਲਾ ਮਹਾਂਵੀਰ ਸਿੰਘ ਦਰਦੀ ਬੋਲਿਆ ਨਹੀਂ ' ਸਵੇਰ ਆਵੇਗੀ। 'ਤਾਇਆ ਬਿਸ਼ਨਾ ਸੋਚੀ ਪਿਆ ਹੋਇਆ ਸੀ। ਉਹ ਸੋਚਦਾ ਸੀ ਕਿ ਉਹ ਤਾਂ ਚੌਕ ਪਾਰ ਕਰਨ ਲਈ ਰੁਕਿਆ ਸੀ ਪਰ ਏਥੇ ਮੋਟਰ ਗੱਡੀਆਂ ਦੀ ਬਜਾਏ 'ਨਰਬਲੀ ' ਆ ਗਏ।
       ਇਨਾਂ ਨੂੰ 'ਮੋਹ ਮਿੱਟੀ' ਦਾ 'ਰੂਪ ਅਰੂਪ' ਕਦੋਂ ਯਾਦ ਆਵੇਗਾ, ਦਰਸ਼ਨ ਗਿੱਲ ਦੀ 'ਨਜ਼ਮ' ਕੌਣ ਸੁਣੇਗਾ।''
ਲੇਖਕਾਂ ਦੀ ਏਨੀ ਭੀੜ ਦੇਖ ਕੇ ਉਸ ਦਾ ਦਿਲ ਪੈ ਗਿਆ ਹੈ। ਉਹ ਸੋਚਣ ਲੱਗਿਆ, ਮਹਾਂਨਗਰ ਵਿਚ ਗੱਡੀਆਂ ਦੀ ਤਾਂ ਏਨੀ ਭੀੜ ਤਾਂ ਦੇਖੀ ਸੁਣੀ ਸੀ ਪਰ ਆ ਲੇਖਕਾਂ ਦੀ ਏਨੀ
    ਭੀੜ ਤੱਕ ਕੇ ਬੜੀ ਹੈਰਾਨੀ ਹੋਈ ਹੈ ਕਿ ਸਾਹਿਤਕ ਪਾਠਕਾਂ ਦੀ ਕਿਉਂ ਘੱਟ ਰਹੀ ਹੈ?
   ਉਹ ਸੋਚਦਾ ਹੈ ਸਾਹਮਣੇ ਚੌਕ 'ਚ ਲੇਖਕਾਂ ਦੀ ਭੀੜ ਇਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹੈ ਪਰੇ ਇਨਾਮਾਂ ਤੇ ਪੁਰਸਕਾਰਾਂ ਦੀ ਵੰਡ ਹੋ ਰਈ ਸੀ ਲੇਖਕ ਇੱਕ ਦੂਜੇ ਅੱਗੇ ਹੋ ਇਨਾਮ ਚੱਕਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ ਪਰ ਅਜੇ ਲਾਲ ਬੱਤੀ ਹੋਈ . . .।
      ਸਾਰੇ ਚੀਕਾਂ ਮਾਰਦੇ ਹਨ। ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਜੇ ਤੁਹਾਨੂੰ ਕੁਝ ਸੁਣਦਾ ਏ, ਤਾਂ ਦੱਸਿਓ ! ''ਬਿਸ਼ਨਾ ਚੌਕ 'ਚ ਖੜਾ ਪੁੱਛ ਰਿਹਾ ਪਰ ਕੋਈ ਉੋਸ ਦੀ ਗੱਲ ਨਹੀਂ ਸੁਣਦਾ। ਉਹ ਡੋਰ ਭੋਰ ਹੋਇਆ ਭੀੜ ਵੱਲ ਦੇਖ ਰਿਹਾ।