ਕੂੰਡੇ ਵਾਲੀ ਚਟਣੀ - ਗੁਰਚਰਨ ਸਿੰਘ ਜਿਉਣ ਵਾਲਾ
ਨਾ ਕੋਈ ਮੈਕਸੀ ਸੀ ਨਾ ਕੋਈ ਗਰਾਈਂਡਰ, ਨਾ ਕੋਈ ਜੂਸਰ ਅਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ। ਇਹ ਕਿੱਥੋਂ ਹੋਣੇ ਸਨ ਜਦੋਂ ਹਾਲੇ ਸਾਡੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਆਈ। ਸੱਤਰਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ। ਸਰਦੀਆਂ ਵਿਚ ਚੁੱਲੇ ਤੇ ਤਵੇ ਦੀ ਰੋਟੀ ਅਤੇ ਗਰਮੀਆਂ ਵਿਚ ਤੰਦੂਰੀ ਰੋਟੀ ਹਾਲੇ ਪੱਕਣੀ ਸ਼ੁਰੂ ਹੀ ਹੁੰਦੀ ਸੀ ਤਾਂ ਮਾਂ ਬਾਪੂ ਨੂੰ ਅਵਾਜ ਮਾਰਦੀ ਕਿ ਕੂੰਡੇ ਵਿਚ ਮਿਰਚਾਂ ਰਗੜ ਲਓ ਰੋਟੀ ਤਿਆਰ ਹੈ। ਬਸ ਫਿਰ ਕੀ ਸੀ ਬਾਪੂ ਹੱਥ ਵਿਚ ਗੰਡੇ ਨੂੰ ਮਲਦਾ ਤੇ ਛਿਲੜ ਨੂੰ ਦੂਰ ਕਰਦਾ, ਜੜਾਂ ਤੇ ਭੂਕਾਂ ਵਾਲੇ ਪਾਸਿਓ ਜੇਕਰ ਚਾਕੂ ਲੱਭ ਜਾਂਦਾ ਤਾਂ ਠੀਕ ਨਹੀਂ ਤਾਂ ਮੂੰਹ ਨਾਲ ਹੀ ਕੰਮ ਸਾਰ ਲੈਂਦਾ। ਦੋ ਕੁ ਮਿੰਟਾਂ ‘ਚ ਗੰਡਾ, ਮਿਰਚਾਂ, ਲੂਣ ਅਤੇ ਲਸਣ ਨੂੰ ਦਰੜ-ਫਰੜ ਕੇ ਬਾਪੂ ਕੁੰਡੇ ਨੂੰ ਮਾਂ ਕੋਲ ਧਰ ਦਿੰਦਾ। ਗਰਮੀਆਂ ਵਿਚ ਖੱਖੜੀਆਂ ਦੇ ਬੀਜ ਤੇ ਸਰਦੀਆਂ ਵਿਚ ਕਪਾਹ ਦੀ ਫਸਲ ਵਿਚੋਂ ਇਕੱਠੇ ਕੀਤੇ ਚਿੱਬੜ ਵੀ ਚਟਣੀ ‘ਚ ਮਿਲਾ ਕੇ ਖਾਣ ਦਾ ਸਵਾਦ ਲੈਂਦੇ। ਥੋੜੀ ਕੁ ਚਟਣੀ ਅਤੇ ਮੱਖਣ ਦੋ ਰੋਟੀਆਂ ਤੇ ਰੱਖ ਕੇ ਮਾਂ ਕਹਿੰਦੀ ‘ਆਹ ਲੈ ਪੁੱਤ ਖਾ ਤੇ ਸਕੂਲ ਨੂੰ ਤੁਰਦਾ ਬਣ’। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਫਿਰ ਘਰ ਰੋਟੀ ਖਾਣ ਆਉਣਾ ਤਾਂ ਸਵੇਰ ਵਾਲੀ ਪੱਕੀ ਹੋਈ ਰੋਟੀ ਅਚਾਰ ਨਾਲ ਖਾ ਕੇ ਫਿਰ ਸਕੂਲ ਨੂੰ ਭੱਜ ਜਾਣਾ। ਨਾ ਮਾਂ ਨੂੰ ਫਿਕਰ ਕੇ ਭਾਂਡੇ ਮਾਂਜਣੇ ਹਨ ਤੇ ਨਾ ਹੀ ਆਮ ਘਰਾਂ ਵਿਚ ਐਨੀਆਂ ਕੌਲੀਆਂ, ਚਮਚੇ ਅਤੇ ਥਾਲੀਆਂ ਹੁੰਦੀਆਂ ਸਨ ਕੇ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਪਰ ਹੁੰਦੇ ਉਹ ਇਕੱਠੇ ਹੀ। ਇੱਥੇ ਮੈਨੂੰ ਇਕ ਢੁੱਕਵਾਂ ਚੁੱਟਕਲਾ ਯਾਦ ਆਇਆ। ਇਕ ਵਾਰੀ ਕੋਈ ਬੰਦਾ ਆਪਣੇ ਬਾਪੂ ਨੂੰ ਡਾਕਟਰ ਕੋਲ ਕਿਸੇ ਬਿਮਾਰੀ ਕਰਕੇ ਲੈ ਗਿਆ। ਮਰੀਜ਼ ਨੂੰ ਦੇਖਣ ਤੋਂ ਬਾਅਦ ਡਾਕਟਰ ਕਹਿੰਦਾ, “ ਬਾਬਾ ਜੀ ਆਹ ਲਓ ਦਵਾਈ ਦੀ ਸ਼ੀਸ਼ੀ। ਦੋ ਚਮਚੇ ਸਵੇਰੇ, ਦੋ ਚਮਚੇ ਦੁਪਿਹਰੇ ਅਤੇ ਦੋ ਚਮਚੇ ਸ਼ਾਮ ਨੂੰ ਦਵਾਈ ਦੇ ਲੈਣੇ ਹਨ”। ਅੱਗੋ ਬਾਪੂ ਜੀ ਕਹਿੰਦੇ, “ ਡਾਕਟਰ ਸਾਹਿਬ ਆਹ ਫੜੋ ਆਪਣੀ ਦਵਾਈ ਵਾਲੀ ਸ਼ੀਸ਼ੀ ਸਾਡੇ ਘਰੇ ਤਾਂ ਐਨੇ ਚਮਚੇ ਹੀ ਨਹੀਂ”।
ਇਹ ਸੀ ਓਹ ਵੇਲਾ ਜਦੋਂ ਕਿਸੇ ਵਿਰਲੇ ਤਕੜੇ ਜਿਮੀਂਦਾਰ ਦੇ ਘਰ ਦੋ ਵੇਲੇ ਦਾਲ ਸਬਜ਼ੀ ਬਣਦੀ। ਆਮ ਜਿਮੀਂਦਾਰਾਂ ਦੇ ਘਰ ਸਰਦੀਆਂ ਵਿਚ ਲਵੇਰਾ ਹੁੰਦਾ ਤਾਂ ਸਵੇਰੇ ਦਹੀਂ ਦੀ ਕੌਲੀ ਅਤੇ ਮੱਖਣੀ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤੇ ਸਾਰੀ ਦਿਹਾੜੀ ਕੰਮ ਕਰਦੇ ਰਹਿਣਾ। ਸਿਰਫ ਸ਼ਾਮ ਦੇ ਵੇਲੇ ਹੀ ਤੌੜੀ ਵਿਚ ਰਿੰਨੀ ਦਾਲ ਖਾਣ ਨੂੰ ਮਿਲਦੀ। ਨਾ ਕਿਸੇ ਨੂੰ ਸਰਦੀ-ਜ਼ੁਕਾਮ, ਤਾਪ ਅਤੇ ਮਲੇਰੀਆ ਹੁੰਦਾ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈਣ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਜਿਮੀਂਦਾਰ ਦਾ ਲਮਕਮਾ ਢਿੱਡ ਹੀ ਨਹੀਂ ਸੀ ਹੁੰਦਾ। ਜਦੋਂ ਬੰਦਾ ਵਾਧੂ ਭਾਰ ਹੀ ਨਹੀਂ ਚੱਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ। ਜਦੋਂ ਵਾਧੂ ਭਾਰ ਹੀ ਨਹੀਂ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀ ਸੀ ਪੈਂਦੀ। ਇਸ ਕਰਕੇ ਨਾ ਹਰਟ-ਅਟੈਕ ਤੇ ਨਾ ਬਲੱਡ-ਪਰੈਸ਼ਰ। ਹੋ ਸਕਦਾ ਐ ਕਿ ਕੁੱਝ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦੇ ਹੋਣ। ਪਰ ਜਦੋਂ ਪਤਾ ਹੀ ਨਹੀਂ ਤੇ ਇਲਾਜ ਕਰਾਉਣ ਵਾਸਤੇ ਕੋਈ ਸਹੂਲਤ ਵੀ ਨਹੀਂ, ਪੈਸਾ ਵੀ ਨਹੀਂ ਤਾਂ ਫਿਰ ਇਹੀ ਕਿਹਾ ਜਾਂਦਾ ਕਿ ‘ ਫਲਾਣਿਆਂ ਦਾ ਬੁੜਾ ਤਾਂ ਚੰਗੇ- ਕਰਮਾਂ ਵਾਲਾ ਸੀ। ਵੇਖੋ ਕਿਵੇਂ ਬੈਠਾ-ਬੈਠਾ ਹੀ ਚਲਿਆ ਗਿਆ’। ਇਸ ਨੂੰ ਅਸੀਂ ਅਗਿਆਨਤਾ ਤਾਂ ਕਹਿ ਸਕਦੇ ਹਾਂ ਪਰ ਅੱਜ ਵਾਲਾ ਅੰਧਵਿਸ਼ਵਾਸ਼ ਨਹੀਂ।
1960ਵਿਆਂ ਵਿਚ ਕਈ ਗਰੀਬ ਕ੍ਰਿਸਾਨਾਂ ਦੇ ਘਰੀਂ ਸਰਦੀਆਂ ਵਿਚ ਦਾਣੇ ਮੁੱਕ ਜਾਂਦੇ ਤੇ ਇਕੱਲਾ ਸਾਗ ਖਾ ਕੇ ਹੀ ਰਾਤ ਲੰਘਾਉਣ ਪੈਂਦੀ ਤੇ ਕਈ ਹੋਰ ਗਰੀਬ ਪ੍ਰੀਵਾਰ ਭੁੱਖੇ ਹੀ ਸੌਂਦੇ। ਫਿਰ ਹਰੀ ਕਰਾਂਤੀ ਸ਼ੁਰੂ ਹੋਈ। ਪਹਲੇ ਪਹਿਲ ਮੈਕਸੀਕਨ ਕਣਕ ਤੇ ਅਗਲੇ ਸਾਲ ਕਲਿਆਣ ਤੇ ਥੋੜਾ ਚਿਰ ਬਾਅਦ ਤਾਂ ਪਤਾ ਹੀ ਨਹੀਂ ਕਿਨੇ ਕੁ ਹੋਰ ਨਮੂੰਨੇ ਬਜਾਰ ਵਿਚ ਵਿਕਣ ਲਈ ਤਿਆਰ ਬੈਠੇ ਸਨ। ਮੈਕਸੀਕਨ ਕਣਕ ਦੀ ਰੋਟੀ ਥੋੜੀ ਕਾਲੀ ਅਤੇ ਲਾਲ ਜਿਹੇ ਰੰਗ ਦੀ ਹੁੰਦੀ ਸੀ। ਜੇਕਰ ਆਟਾ ਗੁੰਨ ਕੇ ਥੋੜੀ ਦੇਰ ਪਰਾਂਤ ਵਿਚ ਰੱਖ ਦਿੱਤਾ ਤਾਂ ਆਟਾ ਵਗ ਤੁਰਦਾ। ਜੇ ਰੋਟੀ ਠੰਡੀ ਹੋ ਗਈ ਤਾਂ ਖਿੱਚਿਆਂ ਟੁੱਟਦੀ ਨਹੀਂ ਸੀ, ਜੇ ਖਾ ਲਈ ਤਾਂ, ਲੋੜੀਂਦੇ ਤੱਤਾਂ ਦੀ ਘਾਟ ਕਰਕੇ, ਫਿਰ ਦੋ ਘੰਟਿਆਂ ਬਾਅਦ ਭੁੱਖੇ ਦੇ ਭੁੱਖੇ। ਜਿਨ੍ਹਾਂ ਸੱਜਣਾਂ ਨੇ ਇਹ ਵਕਤ ਆਪਣੇ ਹੱਡਾਂ ਤੇ ਹੰਢਾਇਆ ਹੈ ਉਹ ਇਹ ਸਭ ਜਾਣਦੇ ਹਨ।
1972’ਚ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਬਿਜਲੀ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਤੇ ਇਸੇ ਹੀ ਦੌਰ ‘ਚ ਲੋਕ ਬਾਹਰ ਨੂੰ ਭੱਜਣੇ ਸ਼ੁਰੂ ਹੋਏ। ਬਸ ਫਿਰ ਕੀ ਸੀ ਹਰ ਇਕ ਨੇ, ਜਿਨ੍ਹਾਂ ਜ਼ੋਰ ਲੱਗ ਸਕਦਾ ਸੀ ਲਾਇਆ, ਆਪਣੇ-ਆਪਣੇ ਘਰ ਨੂੰ ਸਵਾਰਿਆ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬਾਹਰ ਖਿੱਚਿਆ। ਮਣਾਂ-ਮੂੰਹੀਂ ਪੈਸਾ ਪੰਜਾਬ ਵਿਚ ਭੇਜਿਆ। ਇਸੇ ਦੌਰ ਵਿਚ ਅਸੀਂ ਕੂੰਡੇ ਵਾਲੀ ਚਟਣੀ ਦਾ ਭੋਗ ਪਾ ਦਿੱਤਾ। ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੇ ਸਮੇਂ ਵਿਚ ਘੁਮਿਆਰਾਂ ਦੇ ਆਵੇ ਠੰਡੇ ਹੋਣੇ ਸ਼ੁਰੂ ਹੋਏ ਤੇ ਕਈ ਵੀਚਾਰੇ ਗਰੀਬੀ ਨਾਲ ਲੜਦੇ-ਘੁਲਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕਾਰਖਾਨਿਆਂ ਵਾਲੀ ਤਰੱਕੀ ਦੇ ਰਾਹ ਪੈਣ ਤੇ ਅਸੀਂ ਸਰੀਰਕ ਕਸਰਤ ਤੋਂ ਛੁਟਕਾਰਾ ਪਾ ਕੇ ਬਿਮਾਰੀਆਂ ਵਾਲੇ ਰਸਤੇ ਪੈ ਗਏ ਜਿਸਦਾ ਪਤਾ ਸਾਨੂੰ ਹੁਣ 60 ਸਾਲਾਂ ਬਾਅਦ ਲੱਗ ਰਿਹਾ ਹੈ।
ਅੱਜ ਸਾਨੂੰ ਫਰਿੱਜ ਵਿਚੋਂ ਕੱਢਕੇ ਠੰਡੇ ਪਾਣੀ ਪੀਣ ਦੇ ਨੁਕਸਾਨਾਂ ਦਾ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਤੇ ਆਮ ਜਨਤਾ ਘੁਮਿਆਰਾਂ ਦੇ ਆਵੇ ਦੇ ਪਕਾਏ ਘੜੇ ਮੁੜ ਤੋਂ ਖਰੀਦਣੇ ਸ਼ੁਰੂ ਕਰ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਕਾਢਾਂ ਆਪਣੇ ਬਚਾਓ ਲਈ ਨਹੀਂ ਸਗੋਂ ਨੁਕਸਾਨ ਵਾਸਤੇ ਵੀ ਕੱਢ ਲਈਆਂ ਹਨ ਜਾਂ ਫਿਰ ਇੰਞ ਕਹਿ ਲਈਏ ਕਿ ਸਾਨੂੰ ਉਸਦੇ ਵਰਤਣ ਦਾ ਪਤਾ ਨਹੀਂ। ਮੈਂ ਆਪ ਕਦੀ-ਕਦੀ ਰੋਪੜ ਵਾਲੇ ਵੈਦਾਂ, ਜੋ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹਕੀਮੀ ਕਰਦੇ ਆ ਰਹੇ ਹਨ, ਨੂੰ ਫੂੰਨ ਕਰਕੇ ਕੁੱਝ ਨਾ ਕੁੱਝ ਪੁੱਛਦਾ ਰਹਿੰਦਾ ਹਾਂ। ਉਨ੍ਹਾਂ ਤੋਂ ਇਹ ਪਤਾ ਚੱਲਿਆ ਕਿ ਲਸਣ ਨੂੰ ਚਾਕੂ ਨਾਲ ਬਿਲਕੁੱਲ ਨਹੀਂ ਕੱਟਣਾ ਤੇ ਤੇਲ ਵਿਚ ਭੁੰਨ ਕੇ ਖਾਣ ਨਾਲ 90% ਤੱਤ ਖਤਮ ਹੋ ਜਾਂਦੇ ਹਨ ਪਰ ਸਾਨੂੰ ਤਾਂ ਕੋਈ ਵੀ ਸਬਜ਼ੀ ਜਾਂ ਦਾਲ ਤੜਕੇ ਤੋਂ ਬਗੈਰ ਸਵਾਦ ਹੀ ਨਹੀਂ ਲੱਗਦੀ। ਮਿੱਟੀ ਦਾ ਕੂੰਡਾ, ਵਿਚ ਪੱਥਰ ਦੇ ਰੋੜ ਅਤੇ ਨਿੰਮ ਦਾ ਘੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰਿਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਪਰ ਮੈਕਸੀ ਵਿਚ ਚਟਣੀ ਬਣਾਉਣ ਨਾਲ ਅਸੀਂ ਇਨ੍ਹਾਂ ਤਿੰਨਾਂ ਚੀਜਾਂ ਦੇ ਫਾਈਦੇ ਉਠਾਉਣ ਤੋਂ ਵਾਂਝੇ ਰਹਿ ਗਏ ਤੇ ਅਸੀਂ ਬਿਮਾਰੀਆਂ ਵੱਲ ਨੂੰ ਆਪ ਹੀ ਤੁਰ ਗਏ। ਕੱਚਾ ਲਸਣ ਸਾਡੇ ਖੂੰਨ ਨੂੰ ਪਤਲਾ ਕਰਦਾ ਹੈ ਅਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ। ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋ ਬਚ ਗਈਆਂ ਤਾਂ ਅਸੀਂ ਵੀ ਬਲੱਡ-ਪਰੈਸ਼ਰ ਅਤੇ ਹਰਟ-ਅਟੈਕ ਦੀ ਬਿਮਾਰੀ ਤੋਂ ਬਚ ਗਏ। ਮੈਕਸੀ ਵਿਚ ਤਿਆਰ ਕੀਤੀ ਚਟਣੀ ਦਾ ਇਕ ਚਮਚ ਪਾਣੀ ਦੇ ਗਿਲਾਸ ਵਿਚ ਪਾ ਕੇ ਦੇਖੋ ਤੁਹਾਨੂੰ ਪੁਦੀਨੇ ਦੇ ਪੱਤੇ ਬਰੀਕ-ਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਘੁਟੇ ਹੋਏ ਨਹੀਂ ਦਿਸਣਗੇ। ਅਸੀਂ ਆਪਣਾ ਕੰਮ ਤਾਂ ਸੌਖਾ ਕਰ ਲਿਆ ਪਰ ਉਸਦੇ ਫਾਇਦੇ ਤੋਂ ਵੀ ਵਾਂਝੇ ਹੋ ਗਏ। ਹਾੜੀ ਵੱਡਦਿਆਂ ਦੇ ਜਦੋਂ ਉਂਗਲ ਤੇ ਦਾਤਰੀ ਵੱਜਦੀ ਤਾਂ ਬਾਪੂ ਕਹਿੰਦਾ ਮੁੰਡਿਆ ਜ਼ਖਮ ਤੇ ਪਿਸ਼ਾਬ ਕਰਕੇ ਫਿਰ ਥੋੜੀ ਮਿੱਟੀ ਲਾ ਕੇ ਉਪਰ ਟਾਕੀ ਬੰਨ ਲੈ ਕੱਲ੍ਹ ਤਕ ਅਰਾਮ ਆ ਜਾਊ। ਪਰ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਿਸ਼ਾਬ ਐਂਟੀਸੈਪਟਿਕ ਹੈ। ਅੱਜ ਦੇ ਬੱਚੇ ਤਾਂ ਇਹ ਜਾਣਦੇ ਹਨ ਕਿ ਪਿਸ਼ਾਬ ਕਰਨ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਬਹੁਤ ਜ਼ਰੂਰੀ ਹਨ।
ਛੇ ਕੁ ਮਹੀਨੇ ਪਹਿਲਾਂ ਮੈਂ ਇਕ ਲੇਖ, “ਕੁੱਝ ਬਿਮਾਰੀਆਂ ਦੇ ਇਲਾਜ਼ ਤੁਹਾਡੇ ਹੱਥ ਵਿਚ” ਲਿਖਿਆ ਸੀ ਜਿਸਨੂੰ ਪਾਠਕ ਅੱਜ ਤਕ ਸਾਂਭੀ ਬੈਠੇ ਹਨ। ਕੱਲ ਕਿਸੇ ਸੱਜਣ ਨੇ ਫੂੰਨ ਕੀਤਾ ਕਿ “ਗਠੀਏ ਦੇ ਇਲਾਜ਼ ਬਾਰੇ ਦੱਸੋ”। ਫੂੰਨ ਜੀ ਸਦਕੇ ਕਰੋ! ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਹੈ ਕਿ ਮੈਂ ਕੋਈ ਵੈਦ ਜਾਂ ਦਵਾਖਾਨਾ ਨਹੀਂ ਖੋਲਿਆ ਹੋਇਆ। ਜਿਸ ਕਿਸੇ ਨੁਸਖੇ ਬਾਰੇ ਮੈਨੂੰ ਪਤਾ ਚੱਲਦਾ ਹੈ ਉਹ ਮੈਂ ਪੰਜਾਬੀ ਭੈਣਾਂ-ਭਰਾਵਾਂ ਦੇ ਪੇਸ਼ ਕਰ ਦਿੰਦਾ ਹਾਂ। ਲਸਣ, ਅਧਰਕ ਜਿਤਨਾ ਹੋ ਸਕੇ ਕੱਚਾ ਖਾਇਆ ਜਾਵੇ ਜਾਂ ਫਿਰ ਸ਼ਹਿਦ ਵਿਚ ਮਿਲਾ ਕੇ। ਫਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ। ਮਸਾਲਿਆਂ ਨੂੰ ਰਿੱਝਦੇ ਸਾਗ, ਦਾਲ ਜਾਂ ਮੀਟ ਵਿਚ ਪਾ ਦਿਓ। ਹੌਲੀ ਹੌਲੀ ਆਦਤ ਬਦਲ ਜਾਵੇਗੀ ਤੇ ਇਹੋ ਬਗੈਰ ਤੜਕੇ-ਫੜਕੇ ਦੇ ਹੀ ਸਵਾਦ ਲੱਗਣ ਲੱਗ ਪਵੇਗਾ। ਜੇਕਰ ਤੜਕਾ ਲਾਉਣਾ ਹੀ ਹੈ ਤਾਂ ਸਿਰਫ ਪਿਆਜ ਨੂੰ ਤੇਲ ਵਿਚ ਭੂੰਨ ਲਓ ਤੇ ਅਖੀਰਲੇ ਮਿੰਟ ਹਲਦੀ ਤੇ ਹੋਰ ਗਰਮ ਮਸਾਲੇ ਜਲਦੀ-ਜਲਦੀ ਪਾ ਕੇ ਥੋੜਾ ਬਹੁਤ ਹਲਾ ਕੇ ਥੱਲੇ ਲਾਹ ਲਓ। ਬਸ ਇਤਨਾ ਹੀ ਕਾਫੀ ਹੈ। ਗੁਰਬਾਣੀ ਦਾ ਫੁਰਮਾਣ ਹੈ:
ਸਿਰੀਰਾਗੁ ਮਹਲਾ ੫ ॥ ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜਿਨ੍ਹਾ ਜ਼ਿਆਦਾ ਮਿੱਠਾ ਅਸੀਂ ਖਾਦੇ ਹਾਂ ਉਤਨਾ ਹੀ ਉਸਦਾ ਸਾਡੇ ਸ਼ਰੀਰ ਤੇ ਭੈੜਾ ਅਸਰ ਪੈਂਦਾ ਹੈ ਜਿਵੇਂ ਤਿਜ਼ਾਬੀ ਮਾਦਾ ਦਾ ਹੋਣਾ ਜਾਂ ਸ਼ੂਗਰ ਰੋਗ ਦਾ ਉਤਪੰਨ ਹੋਣਾ। ਜਿਨ੍ਹੇ ਜ਼ਿਆਦਾ ਦੋਸਤ ਮਿੱਤਰ ਬਣਾਏ ਉੱਤਨੇ ਹੀ ਵਾਧੂ ਝਗੜੇ ਸਹੇੜੇ ਜਾਂਦੇ ਹਨ। ਇਹ ਸਾਰੀਆਂ ਚੀਜਾਂ, ਧਨ-ਦੌਲਤ ਆਦਿ ਦਾ ਜਾਂਦਿਆਂ ਦਾ ਪਤਾ ਵੀ ਨਹੀਂ ਲੱਗਦਾ। ਐ ਬੰਦੇ! ਆਪਣੀ ਮੱਤ ਛੱਡ ਤੇ ਗਿਆਨ ਲੈ ਕੇ ਸੱਚ ਨਾਲ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ। ਇਹੀ ਇਕ ਵਧੀਆ, ਸੌਖਾ ਤੇ ਸਰਲ ਤਰੀਕਾ ਹੈ ਅਨੰਦ ਮਾਨਣ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132
ਕੁੱਝ ਬਿਆਰੀਆਂ ਦੇ ਇਲਾਜ਼ ਤੁਹਾਡੇ ਹੱਥ ਵਿਚ
ਹਰ ਦੁਨੀਆਂ ਨੂੰ ਜਿਤਣ ਵਾਲਾ ਇਕ ਦਿਨ ਬਾਜ਼ੀ ਹਾਰ ਗਿਆ। ਠੱਗੀਆਂ ਕਰ ਕਰ ਠੱਗਣ ਵਾਲਾ ਠੱਗਿਆ ਆਖਰਕਾਰ ਗਿਆ। ਝੂਠੇ ਦਾਅਵੇ ਬੰਨਣ ਵਾਲਾ ਰੋਂਦਾ ਛੱਡ ਪ੍ਰੀਵਾਰ ਗਿਆ। ਜਿਨਾਂ ਬਾਝੋਂ ਪਲ ਨਹੀਂ ਸਰਦਾ ਛੱਡ ਜੁੰਡੀ ਯਾਰ ਗਿਆ। ਆਪਣੇ ਹੱਥੀ ਅੱਗ ਲਗਾਕੇ ਆਖਣਗੇ ਦਿਲਦਾਰ ਗਿਆ। ਵਿਚ ਸਿਵਿਆਂ ਦੇ ਵਾਸਾ ਕਰ ਲਿਆ ਉੱਚੇ ਮਹਿਲ ਉਸਾਰ ਗਿਆ। ਇਕ ਦਿਨ ਸੇਖੋਂ ਇਹ ਆਖੂਗਾ ਕਿਧਰ ਤੁਰ ਕਰਤਾਰ ਗਿਆ। ਤੁਰ ਤਾਂ ਆਪਾਂ ਸਾਰਿਆਂ ਹੀ ਜਾਣਾ ਹੈ ਅੱਜ ਜਾਂ ਕੱਲ੍ਹ। ਪਰ ਜੇਕਰ ਸੌਖਿਆਂ ਜਿੰਦਗੀ ਬਤੀਤ ਹੋ ਜਾਏ ਤਾਂ ਵਧੀਆ ਨਹੀਂ ਹੱਡ-ਗੋਡੇ ਰਗੜ ਕੇ ਤਾਂ ਲੰਘਾਉਣੀ ਹੀ ਪੈਣੀ ਹੈ। ਜਦੋਂ ਅਸੀਂ ਬੇਧਿਆਨੇ ਤੁਰਦੇ ਹਾਂ ਤਾਂ ਠੇਡੇ ਵੱਜਦੇ ਹੀ ਵੱਜਦੇ ਹਨ। ਥੋੜਾ ਜਿਹਾ ਧਿਆਨ ਕਰਕੇ ਚੱਲਣ ਨਾਲ ਬਹੁਤੀ ਵਾਰੀ ਆਪਾਂ ਕੱਸੀਆਂ-ਸੂਏ ਵੀ ਟੱਪ ਜਾਂਦੇ ਹਾਂ ਜਾਂ ਪਾਰ ਕਰ ਜਾਂਦੇ ਹਾਂ ਨਹੀਂ ਤਾਂ ਧੜੰਮ ਕਰਕੇ ਵਿਚ ਡਿਗਣਾ ਲਾਜ਼ਮੀ ਹੁੰਦਾ ਹੈ। ਐਸੀਆਂ ਬਹੁਤੀਆਂ ਗਲਤੀਆਂ ਦੇ ਪਿੱਛੇ ਲਾਪਰਵਾਹੀ ਕੰਮ ਕਰ ਰਹੀ ਹੁੰਦੀ ਹੈ। ਭੋਰਾ ਕੁ ਲਾਪਰਵਾਹੀ ਨੇ ਕਈਆਂ ਦੇ ਘਰ ਉਜਾੜੇ, ਰਾਜ-ਭਾਗ ਉਜਾੜੇ। ਫੋਕੀ ਸ਼ੌਹਰਤ ਅਤੇ ਜਿੰਦਗੀ ਦੇ ਕਾਮੁਕ ਚਸਕਿਆਂ ਨੇ ਰਾਜਿਆਂ ਮਹਾਂ ਰਾਜਿਆਂ ਨੂੰ ਵੀ ਨਹੀਂ ਬਖਸ਼ਿਆ। ਇੰਗਲੈਂਡ ਦੀ ਰਾਣੀ ਦੇ ਪੁਤਰ ਅਤੇ ਨੂੰਹ ਤੇ ਇਹ ਗੱਲ ਬਿਲਕੁਲ ਸਉਅ ਪਰਸੈਂਟ ਢੁੱਕਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ:
ਮਤੁ ਜਾਣ ਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਪੰਨਾ 24॥ ਪੈਸੇ ਅਤੇ ਰੂਪ ਦੀ ਸੋਭਾ ਕਰਕੇ ਲੇਡੀ ਡਿਆਨਾ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੀ। ਮਿਲਿਆ ਕੀ? ਕਬਰ ਤੇ ਫੁਲਾਂ ਦਾ ਗੁਲਦਸਤਾ। ਓਹ ਵੀ ਅਗਲੇ ਕੁੱਝ ਸਾਲ ਤੇ ਫਿਰ ਬੱਸ ਚੁਪ-ਚਾਪ। ਨਾ ਕੋਈ ਪੁੱਤ ਨਾ ਧੀ।
1960-62 ਵਿਚ ਜਦੋਂ ਸਕੂਲ ਪੜ੍ਹਦੇ ਸੀ ਤਾਂ ਇਸ ਤਰ੍ਹਾਂ ਦੀ ਇਕ ਵਕਿਤਾ ਹੁੰਦੀ ਸੀ: ਅੱਖਾਂ ਗਈਆਂ ਤਾਂ ਜਹਾਨ ਗਿਆ। ਜੀਭ ਗਈ ਤਾਂ ਸੁਆਦ ਗਿਆ। ਦੰਦ ਗਏ ਤਾਂ...। ਅੱਗੇ ਯਾਦ ਨਹੀਂ। ਪਰ ਇਸ ਗੱਲ ਦੀ ਸੋਝੀ ਹੁਣ 60 ਸਾਲਾਂ ਬਾਅਦ ਆਈ ਹੈ ਕਿ ਚੌਥੀ ਪੰਜਵੀਂ ਜਮਾਤ ਵਿਚ ਪੜ੍ਹਾਈ ਜਾਣ ਵਾਲੀ ਕਵਿਤਾ ਦਾ ਮਤਲਬ ਕੀ ਸੀ। ਅੱਜ ਜਦੋਂ ਮੈਂ ਆਪ ਇਸ ਕਨਾਰੇ ਪਹੁੰਚ ਗਿਆ ਹਾਂ ਤਾਂ ਇਸ ਵਿਸ਼ੇ ਤੇ ਵੀਚਾਰ ਕਰਨ ਦੀ ਸੋਝੀ ਆਈ ਹੈ।
ਪਿਛਲੇ ਕੁੱਝ ਸਾਲਾਂ ਤੋਂ ਮੇਰਾ ਫੈਮਲੀ ਡਾਕਟਰ ਕਹਿ ਰਿਹਾ ਸੀ; “ ਤੇਰਾ ਖੂੰਨ ਗਾੜਾ ਹੈ, ਬਲੱਡ ਕੋਲਿਸਟਰੋਲ ਕਾਫੀ ਜ਼ਿਆਦਾ ਹੈ, 6.59 ਹੈ, ਤੁੰ ਗੋਲੀਆਂ ਲੈਣੀਆਂ ਸ਼ੁਰੂ ਕਰ ਦੇ”। ਪਰ ਮੈਂ ਮਨਾਹ ਹੀ ਕਰਦਾ ਰਿਹਾ। ਕਿਉਂਕਿ ਉਨ੍ਹਾਂ ਗੋਲੀਆਂ ਦੇ ਹੋਰ ਕਈ ਨੁਕਸਾਨ ਵੀ ਹੁੰਦੇ ਹਨ ਤੇ ਮੈਂ ਦੇਸੀ ਘਰੇਲੂ ਨੁਸਖੇ ਲੱਭਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਜੇਕਰ ਫਾਇਦੇ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ। ਕਈ ਕੁੱਝ ਬਣਾਇਆ ਤੇ ਖਾਦਾ ਪਰ ਜਿਸ ਨਾਲ ਸਫਲਤਾ ਪ੍ਰਾਪਤ ਹੋਈ ਉਹ ਕੁੱਝ ਅੱਜ ਤੁਹਾਡੇ ਨਾਲ ਤੁਹਾਡੇ ਭਲੇ ਲਈ ਸਾਂਝਾ ਕਰਨ ਲੱਗਿਆ ਹਾਂ।
ਲਸਣ ਕਿਵੇਂ ਖਾਈਏ ਤੇ ਫਾਇਦੇ।
ਖੂੰਨ ਦੇ ਗਾੜੇਪਨ (ਬਲੱਡ ਕਲਿਸਟਰੋਲ ਦਾ ਹੋਣਾ) ਨੂੰ ਘੱਟ ਕਰਨ ਕਰਨ ਦੇ ਹੋਰ ਵੀ ਕਈ ਤਰੀਕੇ ਹੋ ਸਕਦੇ ਹਨ, ਲਸਣ ਨੂੰ ਖਾਣ ਦੇ ਹੋਰ ਵੀ ਬਹੁਤ ਢੰਗ ਹੋ ਸਕਦੇ ਹਨ ਪਰ ਜੋ ਮੈਂ ਆਪਣੇ ਤੇ ਅਜਮਾਇਸ਼ ਕਰਕੇ ਦੱਸਣ ਲੱਗਿਆ ਹਾਂ। ਓਹ ਇਹ ਹੈ ਕਿ ਸਵੇਰੇ ਸਵੇਰ ਦੋ ਪੋਥੀਆਂ ਛਿਲ ਕੇ ਕਿਸੇ ਛੋਟੇ ਮਾਮਦਸਤੇ ਵਿਚ ਰਗੜ ਲਓ (ਸਾਡੇ ਇਲਾਕੇ ਵਿਚ ਲਸਣ ਦੇ ਗੰਡੇ ਦੇ ਛੋਟੇ ਛੋਟੇ ਹਿਸਿਆਂ ਨੂੰ ਪੋਥੀਆਂ ਕਹਿੰਦੇ ਹਨ)। ਲਸਣ ਨੂੰ ਚਾਕੂ ਨਾਲ ਕਿਸੇ ਵੀ ਹਾਲਤ ਵਿਚ ਕੱਟਣਾ ਨਹੀਂ। ਮਾਮਦਸਤੇ ਵਿਚੋਂ ਰਗੜੇ ਹੋਏ ਲਸਣ ਨੂੰ ਕਿਸੇ ਵੀ ਕੌਲੀ ਵਿਚ ਕੱਢ ਲਓ ਤੇ ਵਿਚ ਇਕ ਚਮਚਾ ਸ਼ਹਿਦ ਦਾ ਮਿਲਾ ਕੇ ਖਾ ਲਓ। ਫਿਰ ਗਰਮ ਪਾਣੀ ਦਾ ਇਕ ਵੱਡਾ ਗਲਾਸ ਲੈ ਕੇ, ਬੇਸ਼ੱਕ ਇਸ ਨਾਲ ਮਾਮਦਸਤਾ ਵੀ ਧੋ ਕੇ ਵਿਚ ਮਿਲਾ ਲਓ, ਪੀ ਜਾਓ। ਸਿਰਫ ਤਿੰਨ ਕੁ ਹਫਤੇ ਸਵੇਰੇ ਸਵੇਰੇ ਲਸਣ ਖਾਣ ਨਾਲ ਤੁਹਾਡਾ ਬਲੱਡ ਕਲਿਸਟਰੋਲ 5.19 ਜਾਣੀ ਕੇ ਨਾਰਮਲ ਹੋ ਜਾਵੇਗਾ। ਜੋ ਸੱਜਣ ਹਫਤਾ ਹਫਤਾ ਭਰ ਘਰੋਂ ਬਾਹਰ ਰਹਿੰਦੇ ਹਨ ਉਹ ਲਸਣ ਦੀਆਂ 10-12 ਪੋਥੀਆਂ ਛਿਲ ਕੇ ਕੱਚ ਦੀ ਸ਼ੀਸ਼ੀ ਵਿਚ ਪਾ ਲੈਣ ਅਤੇ ਪੰਜ ਸੱਤ ਚਮਚ ਸ਼ਹਿਦ ਦੇ ਮਿਲਾ ਲੈਣ। ਹਰ ਰੋਜ ਸਵੇਰੇ ਉੱਠ ਕੇ ਸ਼ਹਿਦ ਨਾਲ ਲਿਬੜੀਆਂ ਹੋਈਆਂ ਦੋ ਪੋਥੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਅੰਦਰ ਲੰਘਾ ਲੈਣ ਅਤੇ ਉਪਰੋਂ ਗਰਮ ਪਾਣੀ ਦਾ ਇਕ ਵੱਡਾ ਗਲਾਸ ਪੀਣ। 3-4 ਹਫਤਿਆਂ ਵਿਚ ਬਲੱਡ ਕਲਿਸਟਰੋਲ ਨਾਰਮਲ ਹੋ ਜਾਵੇਗਾ। ਛੇ ਕੁ ਮਹੀਨਿਆਂ ਬਾਅਦ ਹੁਣ ਮੈਂ ਫਿਰ ਲਸਣ ਖਾਣ ਦਾ ਇਹੀ ਤਰੀਕਾ ਵਰਤ ਕੇ ਦੋਬਾਰਾ ਆਪਣਾ ਖੂਨ ਟੈਸਟ ਕਰਾਵਾਂਗਾ। ਮੈਨੂੰ ਪੂਰਨ ਉਮੀਦ ਅਤੇ ਯਕੀਨ ਹੈ ਕਿ ਕੋਈ ਅਸਧਾਰਣ ਨਤੀਜਾ ਨਹੀਂ ਨਿਕਲੇਗਾ।
ਅੰਤੜੀਆਂ ਨੂੰ ਖੋਲ੍ਹਣ ਦਾ ਤਰੀਕਾ:
ਦੋ ਪਾਨ ਪੱਤੇ ਬੰਗਾਲੀ ਡੰਡਲ ਸਮੇਤ, ਉਂਗਲੀ ਦੇ ਪੋਟੇ ਜਿਤਨਾ ਅਧਰਕ ਅਤੇ ਦੋ ਪੋਥੀਆਂ ਲਸਣ ਦੀਆਂ ਲੈ ਕੇ ਪੱਥਰ ਦੇ ਕੂੰਡੇ-ਘੋਟਣੇ ਨਾਲ 15 ਕੁ ਮਿੰਟ ਰਗੜੋ। ਜਦੋਂ ਇਹ ਸਾਰਾ ਕੁੱਝ ਬਿਲਕੁਲ ਮਹੀਨ ਹੋ ਜਾਵੇ ਤਾਂ ਦੋ ਚਮਚ ਸ਼ਹਿਦ ਦੇ ਮਿਲਾ ਕੇ ਹੌਲੀ ਹੌਲੀ 40-45 ਮਿੰਟਾਂ ਵਿਚ ਇਸ ਨੂੰ ਉਂਗਲੀ ਨਾਲ ਚੱਟ ਕੇ ਅੰਦਰ ਲੰਘਾਓ। ਇਹ ਕੰਮ ਸਿਰਫ ਦਸ ਦਿਨ ਕਰਨ ਨਾਲ ਅੰਤੜੀਆਂ ਬਿਲਕੁੱਲ ਖੁਲ੍ਹ ਜਾਣਗੀਆਂ। ਸਾਹ ਦਾ ਚੜਨਾ ਵੀ ਬੰਦ ਹੋ ਜਾਵੇਗਾ, ਜਾਣੀਕੇ ਨਾਰਮਲ। ਇਸ ਨਾਲ ਟਰਿਗਲਿਸਰਾਈਡ ਵੀ ਨਾਰਮਲ ਹੁੰਦਾ ਹੈ। ਇਹ ਤਰੀਕਾ ਮੇਰੇ ਹੀ ਕਿਸੇ ਸੱਜਣ-ਮਿਤਰ ਨੇ ਅਜਮਾ ਕੇ ਦੇਖਿਆ ਹੈ।
ਇਕ ਹੋਰ ਵੀ ਤਰੀਕਾ ਹੈ ਅੰਤੜੀਆਂ ਨੂੰ ਖੋਲਣ ਦਾ: ਅਧਰਕ, ਲਸਣ, ਨਿੰਬੂ (ਪੀਲੇ ਵਾਲੇ) ਇਨ੍ਹਾਂ ਦਾ ਰਸ ਇਕੋ ਜਿਨੀ ਮਾਤਰਾ ਵਿਚ ਕੱਢਕੇ ਅਤੇ ਓਨੀ ਹੀ ਮਾਤਰਾ, ਮਤਲਬ ਅਧਰਕ ਜਾਂ ਨਿਬੂੰ ਜਾਂ ਲਸਣ ਦੇ ਰਸ, ਜਿਤਨਾ ਹੀ ਐਪਲ ਸਾਈਡਰ ਵੈਨੀਗਰ ਆਗਾਨਿਕ ਮਿਲਾ ਕੇ ਮੱਠੀ ਮੱਠੀ ਅੱਗ ਤੇ ਓਬਾਲੋ ਜਦੋਂ ਇਕ ਤਿਹਾਈ ਉੱਡ ਜਾਵੇ ਜਾਂ ਜਦੋਂ ਦੋ ਤਿਹਾਈ ਬਾਕੀ ਬੱਚ ਜਾਵੇ ਤਾਂ ਅੱਗ ਬੰਦ ਕਰ ਦਿਓ। ਠੰਡਾ ਹੋਣ ਉਪਰੰਤ ਆਪਣੀ ਮਰਜ਼ੀ ਅਨੁਸਾਰ ਸ਼ਹਿਦ ਮਿਲਾ ਕੇ ਕੱਚ ਦੀ ਬੋਤਲ ਵਿਚ ਪਾ ਲਓ। ਹਰ ਰੋਜ਼ ਸਵੇਰੇ ਸਵੇਰੇ ਨਿਰਣੇ ਕਾਲਜੇ ਦੋ- ਤਿੰਨ ਵੱਡੇ ਚਮਚ ਜਾਂ ਇਕ ਘੁੱਟ ਭਰ ਲਓ। ਇਕ ਜਾਂ ਦੋ ਮਹੀਨਿਆਂ ਬਾਅਦ ਖੂੰਨ ਚੈਕ ਕਰਵਾਓ। ਨਤੀਜਾ ਪਹਿਲੇ ਨਾਲੋਂ ਵਧੀਆ ਹੋਵੇਗਾ।
ਭਾਰ ਘੱਟ ਕਰਨ ਦਾ ਤਰੀਕਾ:
ਜ਼ੀਰਾ, ਅਜਵੈਣ ਅਤੇ ਅਲਸੀ ਦੇ ਬੀਜ਼, ਲਾਲ ਵਾਲੇ। ਜ਼ੀਰਾ ਤੇ ਅਜਵੈਣ ਇਕ ਇਕ ਚਮਚ ਅਤੇ ਅਲਸੀ ਦੇ ਬੀਜ਼ ਡੇਢ ਚਮਚ। ਮਤਲਬ ਅਲਸੀ ਦੀ ਮਾਤਰਾ ਦੂਜੀਆਂ ਦੋ ਚੀਜ਼ਾਂ ਨਾਲੋਂ ਡੇਢੀ ਰੱਖਣੀ ਹੈ। ਜੇਕਰ ਸਾਰੇ ਪ੍ਰੀਵਾਰ ਵਾਸਤੇ ਇਹ ਚੂਰਣ ਬਣਾਉਣਾ ਹੋਵੇ ਤਾਂ ਭਾਂਵੇਂ ਜਿਤਨਾ ਮਰਜ਼ੀ ਬਣਾਓ ਨਹੀਂ ਤਾਂ ਜ਼ੀਰਾ ਅਜਵੈਣ ਦੋ ਵੱਡੇ ਚਮਚ ਅਤੇ ਅਲਸੀ ਤੇ ਤਿੰਨ ਚਮਚ ਫਰਾਈਪੈਨ ਵਿਚ ਪਾ ਕੇ ਗਰਮ ਕਰੋ। ਇਸ ਸਾਰੇ ਕਾਸੇ ਨੂੰ ਭੁੰਨਣਾ ਨਹੀਂ। ਗਰਮ ਕਰਨ ਤੋਂ ਬਾਅਦ ਠੰਡਾ ਹੋਣ ਦਿਓ। ਫਿਰ ਗਰਾਈਂਡਰ ਵਿਚ ਪਾ ਕੇ ਜਿਤਨਾ ਮਹੀਨ ਹੋ ਸਕੇ ਕਰੋ। ਜਾਣੀ ਕੇ ਆਟੇ ਵਰਗਾ ਬਰੀਕ ਕਰ ਲਓ। ਇਸ ਨੂੰ ਕੱਚ ਦੀ ਸ਼ੀਸ਼ੀ ਵਿਚ ਪਾ ਕੇ ਰੱਖੋ। ਕਦੇ ਵੀ ਪਲਾਸਟਿਕ ਦੀ ਸ਼ੀਸ਼ੀ ਵਿਚ ਨਹੀਂ ਪਾਉਣਾ। ਸਵੇਰੇ ਸਵੇਰੇ ਨਿਰਣੇ ਕਾਲਜੇ ਇਕ ਛੋਟਾ ਚਮਚ (ਟੀ ਸਪੂਨ) ਗਰਮ ਗਰਮ ਪਾਣੀ ਦੇ ਵੱਡੇ ਗਲਾਸ ਨਾਲ ਅੰਦਰ ਲੰਘਾ ਲਓ। ਇਸ ਤਰ੍ਹਾਂ ਕੋਈ ਚਾਰ ਕੁ ਹਫਤੇ ਕਰੋ। ਫਿਰ ਦੋ ਹਫਤੇ ਨਹੀਂ ਲੈਣਾ। ਇਹੀ ਪ੍ਰਕ੍ਰਿਆ ਅਗਲੇ ਚਾਰ ਪੰਜ ਮਹੀਨੇ ਕਰੋ। ਪੰਜ ਛੇ ਮਹੀਨਆਂ ਬਾਅਦ 20-25 ਪੌਂਡ ਭਾਰ ਘੱਟ ਜਾਵੇਗਾ। ਸਿਰਫ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਠੰਡਾ ਪਾਣੀ ਅਤੇ ਕੋਲਡ ਡਰਿੰਕਸ ਨਹੀਂ ਲੈਣੀਆਂ। ਕੋਸ਼ਿਸ ਇਹ ਕਰੋ ਕਿ ਫਰਿਜ਼ ਵਿਚੋਂ ਕੱਢ ਕੇ ਕੁੱਝ ਵੀ ਨਹੀਂ ਖਾਣਾ ਪੀਣਾ।
ਜੋੜਾਂ ਦੇ ਦਰਦਾਂ ਇਲਾਜ:
ਜੈਤੂਨ ਦਾ ਤੇਲ (ਆਲੀਵ ਓਇਲ) ਰੀਫਾਇਨਡ ਨਹੀਂ ਲੈਣਾ। 250-300 ਗਰਾਮ ਜੈਤੂਨ ਦਾ ਤੇਲ ਇਕ ਕੱਚ ਦੀ ਸ਼ੀਸੀ ਵਿਚ ਪਾ ਲਓ। ਇਸ ਵਿਚ ਪੀਲੇ ਵਾਲੇ ਤਿੰਨ-ਚਾਰ ਨਿਬੂੰਆਂ ਦੀਆਂ ਸਿਰਫ ਛਿਲਾਂ ਕੱਟ ਕੇ ਪਾਓ। ਨਿਬੂੰਆਂ ਦਾ ਰਸ ਕੱਢ ਕੇ ਵਰਤ ਲਓ। ਮਤਲਬ ਰਸ ਤੇਲ ਵਿਚ ਨਹੀਂ ਪਾਉਣਾ। ਇਸ ਨੂੰ ਤਿੰਨ ਕੁ ਹਫਤੇ ਰਸੋਈ ਵਿਚ ਪਿਆ ਰਹਿਣ ਦਿਓ। ਫਿਰ ਛਾਨਣੀ ਨਾਲ ਛਾਂਣ ਲਓ। ਹੁਣ ਤੇਲ ਵਰਤਣ ਲਈ ਤਿਆਰ ਹੈ। ਤੇਲ ਵਿਚੋਂ ਕੱਢੀਆਂ ਛਿਲਾਂ ਸੁੱਟਣੀਆਂ ਨਹੀਂ। ਪਹਿਲਾਂ ਛਿਲਾਂ ਨੂੰ ਆਪਣੇ ਜੋੜਾਂ ਤੇ ਮਲ ਲਓ ਤੇ ਫਿਰ ਤੇਲ ਦੀ ਵਰਤੋਂ ਕਰੋ। ਹਫਤੇ ਕੁ ਦੇ ਅੰਦਰ ਅੰਦਰ ਇਸ ਦੇ ਨਤੀਜੇ ਤੁਹਾਨੂੰ ਮਹਿਸੂਸ ਹੋਣ ਲੱਗ ਪੈਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079
ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਪ੍ਰਾਪਤੀਆਂ/ਬਾਬੇ ਦੇ ਸਿਧਾਂਤ ਦਾ ਖੰਡਨ - ਗੁਰਚਰਨ ਸਿੰਘ ਜਿਉਣ ਵਾਲਾ
ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬ ਇਤਿਹਾਸ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਆਪਣੀ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਵਿਚ ਜੋ ਕੜੀ ਘੋਲੀ ਹੈ ਉਸ ਵਿਚੋਂ ਵੰਨਗੀ ਮਾਤਰ ਕੁੱਝ ਅੰਸ਼ ਸਾਰੀ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਸੰਪਾਦਕ ਆਪਣੀ ਕਿਤਾਬ ਵਿਚਲੀਆਂ ਸਾਰੀਆਂ ਲਿਖਤਾਂ ਦੇ ਠੀਕ ਨਾ ਠੀਕ ਹੋਣ ਦਾ ਜ਼ੁਮੇਵਾਰ ਹੁੰਦਾ ਹੈ। ਸਾਨੁੰ ਇਹ ਵੀ ਪਤਾ ਹੈ ਕਿ ਅੱਜ ਦੇ ਸਾਰਕਾਰੀ ਮਹੌਲ ਵਿਚ ਇਹੀ ਵਾਪਰਦਾ ਹੈ ਕਿ “ ਤੂੰ ਮੈਨੂੰ ਮੁੱਲਾ ਕਹੋ ਮੈਂ ਤੈਨੂੰ ਕਾਜ਼ੀ ਕਹਾਂ”। ਇਸ ਕਿਤਾਬ ਅੰਦਰਲੀਆਂ ਲਿਖਤਾਂ ਵਿਚੋਂ ਵੀ ਇਹੀ ਸਾਬਤ ਹੁੰਦਾ ਹੈ।
ਸਿਰਦਾਰ ਦਲਜੀਤ ਸਿੰਘ ਵਾਲੀਆ ਜੀ 16 ਜੂਨ 2019 ਨੂੰ ਗੁਰੂ ਨਾਨਕ ਪ੍ਰਕਾਸ਼ ਉਤਸਵ ਬਾਰੇ ਬੁਲਾਈ ਗਈ ਕਾਂਨਫ੍ਰੰਸ ਵਿਚ ਹਿਸਾ ਲੈਣ ਲਈ ਬਰੈਂਪਟਨ, ਕੈਨੇਡਾ, ਆਏ ਤੇ ਜੋ ਪੇਪਰ ਉਨ੍ਹਾਂ ਪੜ੍ਹਿਆ ਉਹ ਮੁੱਖ ਤੌਰ ਤੇ ਇਸ ਕਿਤਾਬ ਦੇ ਮੁੱਖ ਬੰਦ ਦਾ ਹਿਸਾ ਹੀ ਸੀ। ਜਿਵੇਂ ਦਸਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਾਠ ਸੁਣਾ ਰਿਹਾ ਹੁੰਦਾ ਹੈ ਇਵੇਂ ਉਹ 15-20 ਮਿੰਟ ਵਿਚ ਆਪਣਾ ਪਰਚਾ ਪੜ੍ਹ ਕੇ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਜਾ ਬਿਰਾਜੇ। ਮੇਰੇ ਵਲੋਂ ਪਾਏ ਗਏ ਸਵਾਲ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ। ਸਵਾਲ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ ਕਿਹੜੀ ਤਾਰੀਕ ਠੀਕ ਹੈ? ਬਾਅਦ ਵਿਚ ਪੁੱਛਣ ਦੇ ਜਵਾਬ ਦਿੱਤਾ ਕਿ ਇਹ ਵਿਵਾਦੀ ਵਿਸ਼ਾ ਹੈ। ਮੇਰਾ ਜਵਾਬ ਸੀ ਕਿ ਤੁਸੀਂ ਪੰਜਾਬ ਇਤਿਹਾਸ ਅਧਿਅਨ ਵਿਭਾਗ ਨੂੰ ਵਲਗਣਾ ਮਾਰ ਕੇ ਬੈਠੇ ਹੋ ਤੇ ਇਸਦਾ ਹੱਲ ਕੋਈ ਹੋਰ ਲੱਭੇਗਾ? ਹੁਣ ਇਸ ਚਿੱਠੀ ਰਾਹੀਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਇਸ ਕਿਤਾਬ ਦੀਆਂ ਸਿਰਫ 150 ਕਾਪੀਆਂ ਹੀ ਛਾਪੀਆਂ ਗਈਆਂ ਹਨ ਇਸਦਾ ਭੇਦ ਕੀ ਹੈ? ਜੇਕਰ ਇਹ ਕਿਤਾਬ ਵਾਕਿਆ ਹੀ ਪਾਏਦਾਰ ਹੈ ਤਾਂ ਇਹ ਆਮ ਜਨਤਾ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਪਰ 150 ਕਿਤਾਬਾਂ ਤਾਂ ਪੰਜ ਦਸ ਥਾਂਵਾਂ ਤੇ ਰਲੀਜ਼ ਕਰਨ ਨਾਲ ਹੀ ਮੁੱਕ ਜਾਣੀਆਂ ਹਨ ਤੇ ਇਹ ਕਿਤਾਬ ਫਿਰ ਉਨ੍ਹਾਂ ਦੇ ਹੱਥਾਂ ਤਕ ਹੀ ਸੀਮਤ ਹੋ ਜਵੇਗੀ ਜੋ ਇਨ੍ਹਾਂ ਨੂੰ ਮੁੱਲਾ ਕਹਿਣਗੇ ਤੇ ਇਹ ਉਨ੍ਹਾਂ ਨੂੰ ਕਾਜ਼ੀ।
ਭੂਮਿਕਾ ਦੇ ਦੂਜੇ ਪਹਿਰੇ ਦੀ ਦੂਜੀ ਸਤਰ; “ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਅਤੇ ਨਾਮ ਸਿਮਰਨ ਤੇ ਸ਼ਬਦ ਦੀ ਸ਼ਕਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ 1498 ਤੋਂ 1509 ਈ. ਤਕ ਚਾਰੋਂ ਦਿਸ਼ਾਵਾਂ ਵਿਚ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ”। ਮਤਲਬ ਗੁਰੂ ਨਾਨਕ ਪਿਤਾ ਜੀ ਨੇ ਸਿਰਫ 11 ਸਾਲ ਯਾਤਰਾਵਾਂ ਕੀਤੀਆਂ। ਪਰ ਇਸੇ ਕਿਤਾਬ ਦਾ ਪੰਨਾ 196 ਇਨ੍ਹਾਂ ਦੀ ਉਪਰਲੀ ਮਨੌਤ ਨੂੰ ਕੱਟਦਾ ਹੈ। ਭਾਰਤਬੀਰ ਕੌਰ ਸੰਧੂ , ਅਸਿਸਟੈਂਟ ਪ੍ਰੋ., ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਆਪਣੇ ਲੇਖ ਵਿਚ ਲਿਖਦੇ ਹਨ; “ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1520-21 ਈਸਵੀ ਤਕ ਦੇਸ਼ ਵਿਦੇਸ਼ ਦੇ ਕਈਆਂ ਹਿਸਿਆਂ ਵਿਚ ਯਾਤਰਾਵਾਂ/ਉਦਾਸੀਆਂ ਕੀਤੀਆਂ ਸਨ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਅਸਿਸਟੈਂਟ ਪ੍ਰੋਫੈਸਰਾਂ ਵਿਚੋਂ ਕਿਹੜਾ ਠੀਕ ਤੇ ਕਿਹੜਾ ਗਲਤ ਹੈ? ਠੀਕ ਜਿਹੜਾ ਵੀ ਹੋਵੇ ਓਹ ਗੱਲ ਨਹੀਂ ਸਵਾਲ ਇਹ ਹੈ ਕਿ ਸੰਪਾਦਕ ਨੇ ਦੂਸਰਿਆਂ ਲਿਖਾਰੀਆਂ ਦੇ ਸਾਰੇ ਲੇਖ ਪੜ੍ਹ ਕੇ ਚੰਗੀ ਤਰ੍ਹਾਂ ਘੋਖ ਕੇ ਆਪਣੀ ਕਿਤਾਬ ਵਿਚ ਛਾਪੇ ਹਨ ਜਾਂ ਫਿਰ ਅੱਖਾਂ ਮੀਚ ਕੇ? ਮੈਨੂੰ ਤਾਂ ਮੇਰੀ ਆਪਣੀ ਦਲੀਲ “ਅੱਖਾਂ ਮੀਚ ਕੇ” ਵਾਲੀ ਠੀਕ ਲੱਗਦੀ ਹੈ। ਇਸੇ ਪਹਿਰੇ ਦੀ ਪਹਿਲੀ ਪੰਗਤੀ ਵੱਲ ਨਜ਼ਰ ਮਾਰੋ। “ਸ਼ਬਦ ਦੀ ਸ਼ਕਤੀ” ਪ੍ਰੋਫੈਸਰ ਵਾਲੀਆ ਜੀ ਤੁਸੀਂ ਕਿਸੇ ਨੂੰ ਸਿੱਖੀ ਬਾਰੇ ਕੀ ਦੱਸੋਓਗੇ ਤੁਹਾਡੀ ਤਾਂ ਸੋਚ ਹੀ ਪੰਡਿਤ ਵਾਲੀ ਹੈ। ਸ਼ਬਦ/ਮੰਤਰ ਵਿਚ ਸ਼ਕਤੀ ਤਾਂ ਪੰਡਿਤ ਜੀ ਦੀ ਬੋਲੀ ਹੈ। ਇਹ ਤਾਂ ਓਹ ਕਹਿੰਦਾ ਹੈ ਕਿ ਮੰਤਰ ਮੇਰੇ ਕੋਲ ਹੈ ਇਸਦਾ ਰਟਨ ਕਰਨ ਨਾਲ ਦੇਵੀ, ਦੇਵਤੇ, ਬੀਰ ਵਗੈਰਾ ਸੱਭ ਵੱਸ ਹੋ ਜਾਂਦੇ ਹਨ। ਕੀ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਹਨ; ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਬਦ ਵਿਚ ਸ਼ਕਤੀ ਨਹੀਂ ਹੁੰਦੀ ਸਗੋਂ ਸ਼ਬਦ ਨੂੰ ਸਮਝਣ ਵਾਲੇ ਵਿਚ ਸ਼ਕਤੀ ਪੈਦਾ ਹੁੰਦੀ ਹੈ। ਸ਼ਬਦ ਤਾਂ ਇਕ ਕਿਸਮ ਦਾ ਸਿਧਾਂਤ ਹੈ/ਗਿਆਨ ਹੈ। ਇਸ ਨੇ ਤਾਂ ਮੂਰਖ ਨੂੰ ਇਨਸਾਨ ਬਣਾਉਣਾ ਹੈ। ਤੁਸੀਂ ਤਾਂ ਉਹ ਗੱਲ ਕਰਤੀ ਜਿਵੇਂ ਕਿਸੇ ਨੇ ਬੰਬ ਬਣਾੳਣ ਵਾਲੇ ਫਾਰਮੂਲੇ ਵਿਚ ਸ਼ਕਤੀ ਦੇਖ ਲਈ ਹੋਵੇ ਤੇ ਫਾਰਮੂਲੇ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦੇਵੇ। ਜੇਕਰ ਫਾਰਮੂਲੇ ਵਿਚ ਸ਼ਕਤੀ ਹੈ ਤਾਂ ਬੰਬ ਬਣਾਉਣ ਦੀ ਕੀ ਜ਼ਰੂਰਤ? ਸਿਧਾਂਤ ਵਿਚ ਸ਼ਕਤੀ ਪੈਦਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਤੇ ਸ਼ਕਤੀ ਬੰਬ/ਬੰਦਿਆਂ ਵਿਚ ਪੈਦਾ ਹੋਣੀ ਹੈ। ਇਸੇ ਹੀ ਪਹਿਰੇ ਦੀਆਂ ਆਖਰੀ ਸਤਰਾਂ; ਪਰਮਾਤਮਾ ਨੂੰ ਮਿਲਣ ਲਈ ਜਾਂ ਉਸ ਤਕ ਪਹੁੰਚਣ ਲਈ ਨਾਮ ਸਿਮਰਨ, ਨਿਮਰਤਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਹੈ ਕੀ ਪ੍ਰਮਾਤਮਾ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਹੈ ਜਾਂ ਫਿਰ ਗਿਆਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਤਮਾ ਕਿਹਾ ਗਿਆ। ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਪੰਨਾ 1226॥
ਸੱਭ ਤੋਂ ਪਹਿਲਾ ਲੇਖ, “ ਸਤਿਗੁਰ ਨਾਨਕ ਪ੍ਰਗਟਿਆ” ਡੀ. ਲਿਟ ਡਾ. ਰਤਨ ਸਿੰਘ ਜੱਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਹੈ। ਡਾ. ਰਤਨ ਸਿੰਘ ਜੱਗੀ ਜੀ ਅਖਬਾਰ ਦਾ ਨਾਮ ਅਤੇ ਤਰੀਕ ਦੱਸਣ ਤੋਂ ਬਗੈਰ ਹੀ ਹਵਾਲਾ ਦੇ ਕੇ ਕਹਿੰਦੇ ਹਨ; “ ਇਕ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਜਨਮ ਉਤਸਵ ਤੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਅਤੇ ਗੁਰੂ-ਧਾਮ ਦੇ ਦੁਆਰ ਤੋਂ ਮਿੱਟੀ ਇਕੱਠੀ ਕਰਕੇ ਇਕ ਡੱਬੇ ਵਿਚ ਪਾ ਰਿਹਾ ਸੀ। ਵੇਖਣ ਵਾਲਿਆਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਰਾਵਲਪਿੰਡੀ ਵਿਚ ਹਿਕਮਤ ਕਰਦਾ ਹੈ। ਇਸ ਚਰਣ-ਧੂੜ ਦਾ ਕਿਣਕਾ ਉਹ ਆਪਣੇ ਮਰੀਜ਼ਾਂ ਦੀ ਦਵਾਈ ਵਿਚ ਪਾ ਦਿੰਦਾ ਹੈ। ਇਸ ਤਰ੍ਹਾਂ ਉਹ ਦਵਾ ਅਕਸੀਰ ਬਣ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਸ਼ਫਾ ਪਾ ਲੈਂਦਾ ਹੈ। ਇਸ ਘਟਨਾ ਦੇ ਨਸ਼ਰ ਹੋਣ ਨਾਲ ਗੁਰੂ ਸਾਹਿਬ ਪ੍ਰਤੀ ਸਭ ਦੇ ਮਸਤਕ ਝੁੱਕ ਗਏ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਚਰਣ-ਧੂੜ ਕਿਸ ਨੂੰ ਕਿਹਾ ਗਿਆ ਹੈ? ਕੀ ਡਾ. ਰਤਨ ਸਿੰਘ ਜੱਗੀ ਜੀ ਇਸ ਤੋਂ ਨਾਵਾਕਿਫ ਹਨ? ਡਾ. ਰਤਨ ਸਿੰਘ ਜੱਗੀ ਜੀ ਹੋਰਾਂ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕੀਤਾ ਹੈ। ਨਹੀਂ ਨਹੀਂ ਡਾ. ਰਤਨ ਸਿੰਘ ਜੱਗੀ ਜੀ ਤਾਂ ਸੱਭ ਕੁੱਝ ਜਾਣਦੇ ਹਨ। ਇਹ ਤਾਂ ਗੁਰਬਾਣੀ ਨਾਲੋਂ ਤੋੜਣ ਦਾ ਕੋਝਾ ਉਪਰਾਲਾ ਕੀਤਾ ਗਿਆ ਹੈ। ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ {ਪੰਨਾ 749}॥ ਚਰਣ-ਧੂੜ ਮੰਗਣ ਦੀ ਕੀ ਜ਼ਰੂਰਤ ਉਹ ਤਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਚੁੱਕ ਕੇ ਡੱਬੇ ਵਿਚ ਪਾ ਕੇ ਨਾਲ ਨਾਲ ਲਿਜ਼ਾਈ ਜਾ ਸਕਦੀ ਹੈ। ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ {ਪੰਨਾ 749}॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥
ਡਾ. ਰਤਨ ਸਿੰਘ ਜੱਗੀ ਜੀਓ! ਜੇ ਚਰਣ-ਧੂੜ ਦਾ ਮਤਲਬ ਮਿੱਟੀ ਹੈ ਤੇ ਮਨੁੱਖ ਮਿੱਟੀ ਹੋਣਾ ਚਾਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਪਾਇਆ ਉਹ ਕਿਵੇਂ ਸਮਝੇਗਾ? ਚਰਣ-ਧੂੜ ਦਾ ਮਤਲਬ ਨਿਮਰਤਾ ਵੀ ਨਹੀਂ ਸਗੋਂ ਪ੍ਰਮਾਤਮਾ ਦਾ ਉਪਦੇਸ਼ ਹੈ ਜੋ ਤੀਜੀ ਉਦਾਹਰਣ ਦੀ ਅਖੀਰਲੀ ਪੰਗਤੀ ਬਿਲਕੁੱਲ ਸਾਫ ਕਰ ਦਿੰਦੀ ਹੈ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥ ਜਦੋਂ ਗੁਰੂ ਦਾ ਉਪਦੇਸ਼ “ਰਿਦੈ ਉਰਿ ਧਾਰੀ” ਹਿਰਦੇ ਵਿਚ ਵਸਾ ਲਿਆ ਤਾਂ ਇਸ ਉਪਦੇਸ਼ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋ ਗਿਆ। ਇਸੇ ਹੀ ਲੇਖ ਵਿਚ ਡਾ. ਰਤਨ ਸਿੰਘ ਜੱਗੀ ਜੀ ਹਸਨ ਨਾਮ ਦੇ ਵਿਆਕਤੀ ਵਲੋਂ ਖਿਝ ਕੇ ਇਕ ਵੱਡੇ ਅਕਾਰ ਵਾਲਾ ਪੱਥਰ ਰੋੜਨ ਦਾ ਜ਼ਿਕਰ ਕਰਦੇ ਹਨ ਗੁਰੂ ਜੀ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਲੈਂਦੇ ਹਨ। ਜਿਸ ਕਰਕੇ ਪੱਥਰ ਉਪਰ ਹੱਥ ਦਾ ਨਿਸ਼ਾਨ ਬਣ ਗਿਆ। ਡਾ. ਰਤਨ ਸਿੰਘ ਜੀਓ! ਹੁਣ ਉਹ ਜ਼ਮਾਨਾ ਗਿਆ ਜਦੋਂ ਕੋਈ ਕੁੱਝ ਕਹੀ ਜਾਂਦਾ ਸੀ ਤੇ ਅਸੀਂ ਚੁਪ-ਚਾਪ ਲਿਖਤਾਂ ਜਾਂ ਭਾਸ਼ਣਾਂ ਨੂੰ ਪੜ੍ਹੀ/ਸੁਣੀ ਜਾਂਦੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜਨਮ ਸਾਖੀ ਵਿਚ ਪੰਜੇ ਵਾਲੀ ਸਾਖੀ ਦਾ ਕੋਈ ਜ਼ਿਕਰ ਨਹੀਂ। ਤੁਹਾਡੀ ਹੀ ਯੂਨੀਵਰਸਿਟੀ ਦਾ ਛਾਪੀ ਹੋਈ ਪੁਸਤਕ, “ ਜਨਮਸਾਖੀ ਪ੍ਰੰਪਰਾ” ਡਾ. ਕਿਰਪਾਲ ਸਿੰਘ, ਵਿਚ ਇਸਦਾ ਕੋਈ ਜ਼ਿਕਰ ਨਹੀਂ। ਸਗੋਂ ਹਸਨ ਨਾਮੀ ਗੁਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਦੁੱਧ ਪਿਆਉਣ ਦਾ ਜ਼ਿਕਰ ਹੈ। ਪੰਨਾ 110। ਕਨਿੰਗਮ, ਬਾਈਰਨ ਹੂਗਲ ਇਸ ਥਾਂ ਤੇ ਬੋਧੀ ਮੱਠ ਹੋਣ ਦਾ ਜ਼ਿਕਰ ਕਰਦੇ ਹਨ। ਜਰਮਨ ਯਾਤਰੀ ਬਾਇਰਨ ਹੂਗਲ ਤਾਂ ਇਹ ਵੀ ਲਿਖਦਾ ਹੈ ਕਿ ਗੁਰੂ ਜੀ ਵਲੀ ਕੰਧਾਰੀ ਦੇ ਕਿਸੇ ਚੇਲੇ ਨੂੰ ਮਿਲੇ ਸਨ ਤੇ ਪਾਣੀ ਦਾ ਚਸ਼ਮਾ ਬੋਧੀਆਂ ਦੇ ਸਮੇਂ ਤੋਂ ਹੋਣ ਦਾ ਵਰਨਣ ਕਰਦਾ ਹੈ। ਪੰਨਾ 111। ਡਾ. ਰਤਨ ਸਿੰਘ ਜੱਗੀ ਜੀ ਇਹ ਪੰਜਾ ਖੁਦਿਆ ਹੋਇਆ ਹੈ ਧਸਿਆ ਹੋਇਆ ਨਹੀਂ। ਮੈਂ ਆਪਣੀ ਯਾਰਤਾ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਸੀ: ਕੀ ਇਸ ਪਹਾੜੀ ਤੇ ਪੰਜੇ ਵਾਲੇ ਪੱਥਰ ਦੀ ਕਿਸਮ ਦਾ ਕੋਈ ਹੋਰ ਪੱਥਰ ਹੈ? ਨਹੀਂ? ਕੀ ਇੱਥੋਂ ਰੋੜਿਆ ਹੋਇਆ ਪੱਥਰ ਇਸ ਤਰ੍ਹਾਂ ਦੀ ਸ਼ਕਲ ਦਾ ਹੀ ਹੋਵੇਗਾ? ਨਹੀਂ ਸਗੋਂ ਗੋਲ ਹੋ ਜਾਣਾ ਚਾਹੀਦਾ ਸੀ। ਕੀ ਇਸ ਪਹਾੜੀ ਦੀ ਢਾਲ ਉਧਰ ਨੂੰ ਹੈ ਜਿਧਰ ਇਹ ਪੰਜੇ ਵਾਲਾ ਪੱਥਰ ਪਿਆ ਹੈ? ਨਹੀਂ। ਕੀ ਪੱਥਰ ਵਿਚ ਕਿਸੇ ਦਾ ਹੱਥ, ਚਾਹੇ ਉਹ ਗੁਰੂ ਜੀ ਦਾ ਹੀ ਕਿਉਂ ਨਾ ਹੋਵੇ, ਧੱਸ ਸਕਦਾ ਹੈ? ਨਹੀਂ। ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਸਫਰਾਂ ਦਾ ਵਿਸਥਾਰ ਲਿਖਦੇ ਪੰਜੇ ਸਾਹਿਬ ਵਾਲੀ ਸਾਖੀ ਦਾ ਜ਼ਿਕਰ ਬਿਲਕੁੱਲ ਨਹੀਂ ਕਰਦੇ। ਇਸੇ ਹੀ ਲੇਖ ਵਿਚ ਜੱਗੀ ਜੀ ਲਿਖਦੇ ਹਨ: “ ਉਨ੍ਹਾਂ ਨੇ ਪਰਮਾਤਮਾ ਨੂੰ ਸੰਬੰਧਨ ਕਰਦਿਆ ਕਿਹਾ, “ ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ’ ਇਤਨਾ ਜ਼ੁਲਮ ਹੋ ਰਿਹਾ ਹੈ। ਹੇ ਪਰਮਾਤਮਾ! ਤੂੰ ਸਾਰਿਆਂ ਦਾ ਮਾਲਕ ਹੈਂ, ; ਵਾਰਿਸ ਹੈਂ, ; ਇਨ੍ਹਾਂ ਨੂੰ ਪੈਦਾ ਕਰਨ ਵਾਲਾ ਹੈਂ, ਫਿਰ ਕੀ ਤੈਨੂੰ ਇਨ੍ਹਾਂ ਤੇ ਤਰਸ ਨਹੀਂ ਆਇਆ? ਜੱਗੀ ਜੀ ਇਹ ਅਰਥ ਕਰਦਿਆਂ ਤੁਹਾਨੂੰ ਅੱਗੇ ਲਿਖੀ ਪੰਗਤੀ ਯਾਦ ਨਹੀਂ ਆਈ: ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਗੁਰੂ ਜੀ ਤਾਂ ਪਰਮਾਤਮਾ ਨੂੰ ਤਾਹਨਾ ਮਾਰ ਹੀ ਨਹੀਂ ਸਕਦੇ ਕਿਉਂਕਿ ਇਸ ਵਿਚ ਰੱਬ ਜੀ ਦਾ ਕੀ ਦੋਸ਼। ਦੋਸ਼ ਤਾ ਹੁਕਮਰਾਨਾ ਅਤੇ ਉਸਦੇ ਕਰਿੰਦਿਆਂ ਦਾ ਹੈ। ਇਸੇ ਕਰਕੇ ਗੁਰੂ ਜੀ ਲਿਖਦੇ ਹਨ: ਕਿ ਲੋਕ ਆਪਣੇ ਆਪ ਨੂੰ ਦੋਸ਼ ਨਾ ਦੇ ਕੇ ਕਰਤੇ ਨੂੰ ਦੋਸ਼ ਦੇ ਰਹੇ ਹਨ ਕਿ ਤੂੰ ਮੁਗਲਾਂ ਨੂੰ ਸਾਡੇ ਉਪਰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਲੈ ਆਇਆ ਹੈਂ ਤੇ ਸਾਨੂੰ ਇਤਨੀ ਮਾਰ ਪਈ ਹੈ ਕਿ ਤੈਨੂੰ ਤਰਸ ਹੀ ਨਹੀਂ ਆਇਆ। ਇਸ ਤਰ੍ਹਾਂ ਕਾਮਾ ਲਾ ਕੇ ਪੜ੍ਹਨ ਨਾਲ ਅਰਥ ਬਿਲਕੁਲ ਸਹੀ ਬਣਦੇ ਹਨ।
ਆਪੈ ਦੋਸੁ ਨ, ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ
360॥ ਇਸੇ ਹੀ ਲੇਖ ਵਿਚ ਅੱਗੇ ਜਾ ਕੇ ਜੱਗੀ ਜੀ ਲਿਖਦੇ ਹਨ: “ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਵਿਸ਼ੇਸਤਾ ਸੀ ਕਿ ਉਨ੍ਹਾ ਨੇ ਆਪਣੀ ਬਾਣੀ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਵਾਸਤੇ ਕੀਰਤਨ ਦਾ ਸਿੱਖ ਧਰਮ ਵਿਚ ਉਹੀ ਸਥਾਨ ਹੈ ਜਿਹੜਾ ਕਿਸੇ ਸਰੀਰ ਵਿਚ ਰੀੜ ਦੀ ਹੱਡੀ ਦਾ ਹੁੰਦਾ ਹੈ”। ਜੱਗੀ ਜੀ ਤੁਹਾਡਾ ਇਹ ਵੀਚਾਰ ਵੀ ਗਲਤ ਹੈ। ਬਾਣੀ ਨੂੰ ਸੰਗੀਤ ਨਾਲ ਇਕਸੁਰ ਤਾਂ ਜ਼ਰੂਰ ਕੀਤਾ ਹੈ ਪਰ ਰੀੜ ਦੀ ਹੱਡੀ ਸਿਰਫ ਤੇ ਸਿਰਫ ਬਾਣੀ ਹੈ, ਬਾਣੀ ਵਿਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਬਾਣੀ ਨੂੰ ਰਾਗਾਂ ਵਿਚ ਗਾਉਣ ਦਾ ਹੁਕਮ ਜ਼ਰੂਰ ਹੈ ਪਰ ਕੀਰਤਨ ਬਾਰੇ ਖੁਦ ਗੁਰੂ ਜੀ ਦੀ ਬਣੀ ਦਾ ਕੀ ਫੁਰਮਾਣ ਹੈ:
1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}
2. ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}॥
3. ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ 1075॥ ਉਪਰਲੀਆਂ ਦੋ ਉਦਾਹਰਣਾਂ ਤੋਂ ਤਾਂ ਬਿਲਕੁਲ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਰਾਗਾਂ ਵਿਚ ਗਾਉਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਗੁਰ ਉਪਦੇਸ਼ ਨੂੰ ਦ੍ਰਿੜ ਕਰਨ ਨਾਲ ਹੀ ਜਨਮ ਜਨਮ ਦੀ ਮਲ ਲੱਥ ਦੀ ਹੈ। ਇਸ ਉਦਾਹਰਣ ਵਿਚ ਵੀ ਇਹੋ ਉਪਦੇਸ਼ ਹੈ। ਜਪਣਾ ਵੀ ਦ੍ਰਿੜ ਕਰਨਾ ਹੁੰਦਾ ਹੈ ਨਾ ਕਿ ਗਾਉਣਾ ਜਾਂ ਰਾਗਾਂ ਵਿਚ ਗਾਉਣਾ।
4. ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਗੁਰਬਣੀ ਵਿਚ ਸੱਭ ਤੋਂ ਸ੍ਰੇਸ਼ਟ ਬਾਣੀ ਨੂੰ ਵਿਚਾਰਨ ਦੀ ਤਾਗੀਦ ਕੀਤੀ ਗਈ ਹੈ। ਜਿਵੇਂ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935}
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ ਪੰਨਾ 904॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਪੰਨਾ 20॥
ਡਾ. ਰਤਨ ਸਿੰਘ ਜੱਗੀ ਜੀਓ! ਮੈਂ ਆਪਣੀ ਪਹਿਚਾਣ ਕਰਾਵਾਂ। ਫਰਵਰੀ 2016 ਵਿਚ ਮੈਂ ਤੁਹਾਨੂੰ ਦਸਮ ਗ੍ਰੰਥ ਬਾਰੇ ਇੰਟਰਵਿਊ ਕਰਨ ਲਈ ਫੂਨ ਕੀਤਾ ਸੀ ਪਰ ਤੁਸੀਂ ਇਨਕਾਰ ਕਰ ਦਿੱਤਾ ਤੇ ਸਧਾਰਣ ਤੌਰ ਤੇ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ। ਜਦੋਂ ਹੀ ਇੰਦਰਜੀਤ ਸਿੰਘ ਘੱਗਾ ਜੀ ਤੇ ਮੈਂ ਤੁਹਾਡੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਮੇਰੀ ਨਜ਼ਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਟੀਕੇ ਤੇ ਪਈ ਤਾਂ ਮੈਂ ਪੁੱਛ ਲਿਆ। ਜੀ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨਾਲੋਂ ਤੁਹਾਡੇ ਅਰਥਾਂ ਦਾ ਕਿਤਨਾ ਕੁ ਫਰਕ ਹੈ। ਤੁਹਾਡਾ ਜਵਾਬ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਨੂੰ ਸਾਹਿਤ ਦਾ ਕੀ ਪਤਾ ਉਹ ਤਾਂ ਸਿਰਫ ਬੀ.ਏ. ਸੀ। ਫਿਰ ਮੈਂ ਕਿਹਾ ਚਲੋ ਛੱਡੋ ਤੇ ਇਉਂ ਕਰੋ ਪੰਨਾ 315 ਤੇ ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}॥ ਅਰਥ ਵਿਖਾਓ। ਤੁਹਾਡੇ ਅਰਥ ਬਿਲਕੁੱਲ ਓਹੀ ਜੋ ਪ੍ਰੋ. ਸਾਹਿਬ ਸਿੰਘ ਵਾਲੇ ਹਨ ਦੇਖ ਕਿ ਮੈਂ ਕਿਹਾ “ਜੀ ਤੁਹਾਡੇ ਅਰਥ ਅਤੇ ਪ੍ਰੋਫੈਸਰ ਸਾਹਿਬ ਦੇ ਅਰਥ ਹੂ-ਬਹੂ ਇਕੋ ਹਨ। ਤੁਹਾਡੇ ਅਰਥ ਵੀ ਗਲਤ ਹਨ ਤੇ ਉਨ੍ਹਾਂ ਦੇ ਵੀ”। ਜੋ ਇਸ ਤਰ੍ਹਾਂ ਹਨ:
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2। ਗੁਰਬਾਣੀ ਦਾ ਰੱਬ ਕਿਸੇ ਨੂੰ ਮਾਰਦਾ ਨਹੀਂ ਸਗੋਂ ਆਪਣੇ ਵੱਲ ਨੂੰ ਖਿਚਦਾ ਹੈ। ਠੀਕ ਅਰਥ ਇਹ ਬਣਦੇ ਹਨ ਕਿ ਜਿਹੜੇ ਮਨੁੱਖ ਰੱਬ ਜੀ ਨਾਲੋਂ ਟੁੱਟੇ ਹੋਏ ਹਨ ਉਹ ਕੀ ਕਰਨ ਕਿ ਉਨ੍ਹਾਂ ਨੂੰ ਰੱਬ ਜੀ ਦਾ ਮੇਲ ਪ੍ਰਾਪਤ ਹੋ ਜਾਵੇ। ਹੁਣ ਜਵਾਬ ਹੋਣਾ ਚਾਹਿਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਤੂੰ ਰੱਬ ਜੀ ਨਾਲੋਂ ਟੁੱਟਿਆ ਹੋਇਆ ਹੈਂ ਉਨ੍ਹਾਂ ਨੂੰ ਮਾਰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈਂ ਤਾਂ। ਤੁਸੀਂ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ , “ਤਿੰਨੈ ਮਾਰੇ” ਦੇ ਅਰਥ ਨਹੀਂ ਸਮਝ ਸਕੇ। ਇਸ ਤੋਂ ਅੱਗੇ ਅਸੀਂ ਹੋਰ ਗੱਲ-ਬਾਤ ਕਰਨੀ ਮੁਨਾਸਬ ਨਹੀਂ ਸਮਝੀ ਤੇ ਫਤਿਹ ਬੁਲਾ ਕੇ ਛੁੱਟੀ ਲੈ ਕੇ ਰਵਾਨਾ ਹੋ ਗਏ।
ਦੂਸਰਾ ਲੇਖ ਹੈ ਡਾ. ਰਤਨ ਸਿੰਘ ਜੱਗੀ ਜੀ ਦੇ ਧਰਮ ਪਤਨੀ ਗੁਰਸ਼ਰਨ ਕੌਰ ਜੱਗੀ ਜੀ ਦਾ: ਪਹਿਲੀ ਸਤਰ: “ਗੁਰੂ ਨਾਨਕ ਦੇਵ ਜੀ ਦਾ ਮੱਧ-ਯੁੱਗ ਦੀ ਪ੍ਰੇਮ-ਭਗਤੀ ਦੇ ਸਾਧਕਾਂ ਵਿਚ ਪ੍ਰਮੁੱਖ ਅਤੇ ਮਹੱਤਵਪੂਰਨ ਸਥਾਨ ਹੈ”। ਗੁਰੂ ਨਾਨਕ ਪਾਤਸ਼ਾਹ ਤਾਂ ਸੁਤਿਆਂ ਲੋਕਾਂ ਨੂੰ ਗਫਲਤਾ ਦੀ ਨੀਂਦ ਵਿਚੋਂ ਕੱਢ ਕੇ ਆਪਣੇ ਹੱਕ-ਹਕੂਕਾਂ ਲਈ ਲੜਨ ਵਾਸਤੇ ਤਿਆਰ ਕਰਦੇ ਹਨ ਪਰ ਸਾਡੇ ਯੂਨੀਵਰਸਿਟੀਜ਼ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਪਤਾ ਨਹੀਂ ਕਿਹੜੀ ਪ੍ਰੇਮਾ-ਭਗਤੀ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਿਤਾ ਜੀ ਦੀ ਆਪਣੀ ਬਾਣੀ:1. ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ। ਰਤੁ ਪਿਤੁ ਕੁਤਿਹੋ ਚਟਿ ਜਾਹੁ॥ 2. ਜਿਸ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 3. ਨਾਵਹੁ ਧੋਵਹੁ ਤੋਲਕੁ ਚੜਾਵਹੁ ਸੁਚ ਵਿਣ ਸੋਚ ਨ ਹੋਈ॥ 4. ਉਡਿ ਨ ਜਹੀ ਸਿਧ ਨ ਹੋਹਿ॥ 5. ਜਉ ਤਉ ਪ੍ਰੇਮ ਖੈਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਗੁਰਸ਼ਰਨ ਕੌਰ ਜੱਗੀ ਜੀਓ! ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਅਤੇ ਇਸੇ ਦੀ ਬਦੌਲਤ ਹੀ ਬੰਦਾ ਸਿੰਘ ਬਹਾਦਰ ਨੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ, ਮਿਸਲਾਂ ਵਾਲੇ ਸਿਰਦਾਰਾਂ ਖਲਾਸਾ ਰਾਜ ਦੀ ਨੀਂਹ ਰੱਖੀ ਅਤੇ ਸਿਰਦਾਰ ਰਣਜੀਤ ਨੇ ਸਿੰਘ ਖਾਲਸਾ ਰਾਜ ਸਥਾਪੱਤ ਕੀਤਾ ਅਤੇ ਓਸ ਵੇਲੇ ਦੁਨੀਆਂ ਦੀ ਸਿਰਮੌਰ ਸ਼ਕਤੀ ਬਣ ਕੇ ਆਪਣੇ ਲੋਕਾਂ ਨੂੰ ਪੱਛਮੀ ਧਾੜਵੀਆਂ ਤੋਂ ਬਚਾਇਆ। ਕੀ ਤੁਸੀਂ ਆਪਣੇ ਲਫਜ਼ਾਂ ਵਿਚ ਇਸ ਨੂੰ ਪ੍ਰੇਮਾ ਭਗਤੀ ਕਹਿੰਦੇ ਹੋ? ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ, ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ ਦੇ ਸਿਰਦਾਰਾਂ ਅਤੇ ਖਾਲਸਾ ਰਾਜ ਦੇ ਫੌਜੀਆਂ ਨੇ ਖੜਕਾਈ ਉਸਦਾ ਫੌਲਾਦ ਗੁਰੂ ਨਾਨਕ ਸਾਗਿਬ ਤਿਆਰ ਕਰਦੇ ਹਨ।
ਗੁਰਸ਼ਰਨ ਕੌਰ ਜੱਗੀ ਜੀ ਪ੍ਰਚੱਲਤ ਕਹਾਵਤ ਅਨੁਸਾਰ ਲਿਖਦੇ ਹਨ, “ਸਗੋਂ ਲੋਕਾਂ ਦੇ ਦਰਦ ਨੂੰ ਵੰਡਾਂਦੇ ਹੋਏ ਬਾਬਰ ਦੀ ਕੈਦ ਕੱਟਦੇ ਹਨ”। ਭੈਣ ਜੀਓ! ਪ੍ਰੋ. ਐਸ. ਐਸ ਪਦਮ ਜੀ ਨੇ ਆਪਣੇ ਖੋਜ ਕੰਮ ਦੇ ਅਧਾਰਤ ਦੋ ਕਿਤਾਬਾਂ ਲਿਖੀਆਂ ਹਨ; ਸਿੱਖਾਂ ਦੀ ਭਗਤਮਾਲਾ ਕਰਤਾ ਸੂਰਤ ਸਿੰਘ ਅਤੇ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਂਹਾ ਉਪਲ। ਇਨ੍ਹਾਂ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਗੁਰੂ ਜੀ ਐਮਨਾਬਾਦ ਵਾਲੇ ਸਾਕੇ ਤੋਂ ਕੋਈ ਤਕਰੀਬਨ 1-2 ਮਹੀਨੇ ਬਾਦ ਹੀ ਇਸ ਸ਼ਹਿਰ ਵਿਚ ਪਹੁੰਚਦੇ ਹਨ। ਹੋ ਸਕਦਾ ਹੈ ਕਿ ਡਾ. ਕਿਰਪਾਲ ਸਿੰਘ ਜੀ ਨੇ ਵੀ “ਜਨਮਸਾਖੀ ਪ੍ਰੰਪਰਾ ਵਿਚ ਇਹੀ ਸਾਬਤ ਕੀਤਾ ਹੋਵੇ ਪਰ ਹੁਣ ਮੈਨੂੰ ਪੱਕਾ ਯਾਦ ਨਹੀਂ। ਇਹ ਗੱਲ ਕਿਉਂ ਚਲਾਈ ਗਈ ਕਿ ਗੁਰੂ ਜੀ ਨੂੰ ਬਾਬਰ ਨੇ ਕੈਦ ਕੀਤਾ? ਸੱਭ ਤੋਂ ਪਹਿਲਾਂ ਗੁਰੂ ਜੀ ਕੋਲ ਕੋਈ ਗੈਬੀ ਸ਼ਕਤੀਆਂ ਦਿਖਾਉਣੀਆਂ ਹਨ, ਫਿਰ ਚੱਕੀਆਂ ਨੂੰ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ, ਫਿਰ ਬਾਬਰ ਗੁਰੂ ਜੀ ਨੂੰ ਦੁਆ ਸਲਾਮ ਕਰਦਾ ਹੈ, ਫਿਰ ਗੁਰੂ ਜੀ ਨੂੰ ਭੰਗ ਪੀਂਦਾ ਦਿਖਾਉਣਾ ਹੈ, ਤੇ ਬਾਅਦ ਵਿਚ ਬਾਬਰ ਨੂੰ ਸੱਤ-ਮੁੱਠਾਂ ਭੰਗ ਦੀਆਂ ਬਦਲੇ ਸੱਤ-ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਹੈ ਜੋ ਸਾਡੇ ਹੁਣ ਵਾਲੇ ਸਾਧਾਂ ਦੇ ਬਿਲਕੁੱਲ ਫਿਟ ਬੈਠਦਾ ਹੈ। ਇਹ ਵਿਹਲੜ ਤੇ ਢਿਢਲ ਸਾਧ-ਲਾਣੇ ਦੀ ਚਲਾਈ ਹੋਈ ਕਹਾਣੀ ਹੈ ਨਾ ਕਿ ਇਹ ਇਤਹਾਸ ਹੈ। ਅੱਗੇ ਜਾ ਕੇ ਤੁਸੀਂ ਆਪ ਹੀ ਲਿਖ ਦਿੱਤਾ “ ਸਗੋਂ ਰਾਜਨੈਤਿਕ ਅਵਸਥਾ ਪ੍ਰਤੀ ਵੀ ਅਸੰਤੁਸ਼ਟ ਸਨ” ਜੋ ਅਸਲੀਅਤ ਹੈ। ਇਸੇ ਲੇਖ ਵਿਚ ਤੁਸੀਂ ਲਿਖਦੇ ਹੋ ਕਿ ਗੁਰੂ ਨਾਨਕ ਪਿਤਾ ‘ਅਧਿਆਤਮਿਕ ਸਾਧਨਾਂ ਵਿਚ ਪ੍ਰਬੀਨ ਹੀ ਨਹੀਂ ਸਨ ਸਗੋਂ ਪ੍ਰਮਾਤਮਾ ਨੂੰ ਜਾਨਣ ਵਾਲੇ ਵੀ ਸਨ’। ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਪੰਨਾ 1028॥ ਇਨ੍ਹਾਂ ਪੰਗਤੀਆਂ ਵਿਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਹਨ ਕਿ ਪ੍ਰਮਾਤਮਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਓਹ ਪ੍ਰਮਾਤਮਾ ਨੂੰ ਜਾਨਣ ਵਾਲੇ ਕਿਵੇਂ ਹੋਏ? ਗੁਰਬਾਣੀ ਵਿਚ ਅਨੇਕਾਂ ਵਾਰ ਲਿਖਿਆ ਮਿਲਦਾ ਹੈ, “ ਅਲਖ ਨ ਜਾਈ ਲਖਿਆ”। ਗੁਰਬਾਣੀ ਵਿਚ ‘ਅਧਿਆਤਮ” ਲਫਜ ਤਿੰਨ ਵਾਰ ਆਉਂਦਾ ਹੈ ਤੇ ਤਿੰਨੇ ਵਾਰ ਅਧਿਆਤਮ ਕਰਮਾਂ ਦਾ ਖੰਡਨ ਕਰਦਾ ਹੈ। ਜਿਵੇਂ: ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ ਪੰਨਾ 33॥ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਪੰਨਾ 223॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਪੰਨਾ 1039॥ ਅਗਲੇ ਪੰਨੇ ਤੇ ਤੁਸੀਂ ਜਨਮ ਸਾਖੀਆਂ ਦੇ ਹਵਾਲੇ ਅਨੁਸਾਰ ਲਿਖਦੇ ਹੋ: “ ਆਗਿਆ ਪਰਮੇਸਰ ਕੀ ਹੋਈ ਜੋ ਨਾਨਕ ਭਗਤੁ ਹਾਜ਼ਰ ਹੋਆ, ਤਾਂ ਅੰਮ੍ਰਤਿ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ- ਨਾਨਕੁ ਇਹ ਅੰਮ੍ਰਿਤ ਨਾਹੀ, ਇਹ ਮੇਰੇ ਨਾਮ ਦਾ ਪਿਆਲਾ ਹੈ, ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ।....... ਤਦਿ ਗੁਰੂ ਨਾਨਕ ਪੈਰੀ ਪਇਆ”। ਸਤਿਕਾਰ ਯੋਗ ਭੈਣ ਜੀਓ! ਸਾਖੀਕਾਰ ਨੂੰ ਆਪ ਹੀ ਪਤਾ ਨਹੀਂ ਕਿ ਉਹ ਕੀ ਲਿਖ ਰਿਹਾ ਹੈ। ਪਹਿਲੀ ਪੰਗਤੀ ਵਿਚ ਕਟੋਰੇ ਵਿਚ “ਅੰਮ੍ਰਤ” ਤੇ ਅਗਲੀ ਪੰਗਤੀ ਵਿਚ ਉਸੇ ਪਿਆਲੇ ਵਾਲੇ ਅੰਮ੍ਰਤਿ ਨੂੰ ਪਰਮਾਤਮਾ ਦੇ ਨਾਮ ਵਾਲਾ ਪਿਆਲਾ ਬਣਾ ਧਰਿਆ ਹੈ। ਕੀ ਥੁੜਿਆ ਪਿਆ ਹੈ ਐਸੀਆਂ ਸਾਖੀਆਂ ਵੱਲੋਂ? ਗੁਰਬਾਣੀ ਸਾਨੂੰ ਗਿਆਨ ਨਾਲ ਜੋੜਦੀ ਹੈ ਪਰ ਸਾਖੀਆਂ ਸਾਨੂੰ ਕਿਸੇ ਰੱਬ ਦੇ ਨਾਮ ਦਾ ਪਿਆਲਾ ਪਿਲਾ ਕੇ ਗਿਆਨਵਾਨ ਬਣਾਉਦੀਆਂ ਹਨ। ਇਹ ਵੀਚਾਰ ਤਾਂ ਇਕ ਦੂਜੇ ਦੇ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਣ ਹੈ: “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ ਗੁਰੂ ਨਾਨਕ ਪਾਤਸ਼ਾਹ ਜਦੋਂ ਪੂਰਾ ਮੰਗਲਾਚਰਣ ਲਿਖਦੇ ਹਨ ਤਾਂ ਪਰਮਾਤਮਾ ਦਾ ਸਰੂਪ ਬਿਆਨ ਕਰਦੇ “ਅਜੂਨੀ” ਲਿਖਦੇ ਹਨ। ਫਿਰ ਪਰਮਾਤਮਾ ਦੀ ਦਰਗਾਹ ਕਿੱਥੇ? ਫਿਰ ਕਿਹੜੇ ਪਰਮਾਤਮਾ ਨਾਲ ਗੱਲਾਂ? ਕਿਹੜਾ ਸਵਰਗ ਤੇ ਕਿਹੜਾ ਨਰਕ? ਗੁਰਬਾਣੀ ਤਾਂ ਇਨ੍ਹਾਂ ਗੱਲਾਂ ਨੂੰ ਮੰਨਦੀ ਹੀ ਨਹੀਂ। ਪਰ ਤੁਸੀਂ ਆਪਣੇ ਇਸ ਸਾਰੇ ਲੇਖ ਵਿਚ ਬਾਰ ਬਾਰ ਸਾਖੀਆਂ ਦਾ ਹਵਾਲਾ ਦਿਤਾ ਹੈ ਜੋ ਸੱਚੀਆਂ ਨਹੀਂ ਹਨ। ਕੀ ਅਸੀਂ ਲੋਕਾਂ ਦੀਆਂ ਮਨ-ਕਲਪਤ ਗਪੌੜਾਂ ਤੇ ਵਿਸ਼ਵਾਸ ਕਰੀਏ ਜਾਂ ਫਿਰ ਗੁਰਬਾਣੀ ਤੇ? ਰਾਜਨੈਤਿਕ ਦ੍ਰਿਸ਼ਟੀ ਤੋਂ; ਵਾਲੇ ਹਿਸੇ ਵਿਚ ਮੱਧ-ਯੁੱਗ ਦੇ ਭਗਤ ਜਨਾਂ ਦੀਆਂ ਰਚਨਾਵਾਂ ਵਿਚ ਰਾਜਨੈਤਿਕ ਘਟਨਾਵਾਂ ਦਾ ਅਭਾਵ ਹੈ। ਭਗਤ ਕਬੀਰ, ਰਵੀਦਾਸ, ਤ੍ਰਲੋਚਨ, ਨਾਮਦੇਵ ਆਦਿ ਸਾਰੇ ਕ੍ਰਾਂਤੀਕਾਰੀ ਹੋਏ ਹਨ ਤੇ ਇਨ੍ਹਾਂ ਦੇ ਹਵਾਲੇ ਗੁਰਬਾਣੀ ਵਿਚੋਂ ਇਉਂ ਮਿਲਦੇ ਹਨ: ਬ੍ਰਾਹਮਣ ਨੂੰ ਨਿੰਦਣਾ ਉਸ ਵਕਤ ਕਤਲ ਦੇ ਬਰਾਬਰ ਸੀ, “ ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਜਿਸ ਰਸਤੇ ਅਸੀਂ ਇਸ ਸੰਸਾਰ ਵਿਚ ਆਏ ਉਸੇ ਰਸਤੇ ਰਾਹੀਂ ਹੀ ਤੂੰ ਇਸ ਸੰਸਾਰ ਵਿਚ ਆਇਆ। ਤੇਰੀਆ ਨਾੜਾਂ ਵਿਚ ਕਿਹੜਾ ਦੁੱਧ ਹੈ ਤੇ ਸਾਡੇ ਲਹੂ। ਫਿਰ ਤੁੰ ਪੰਡਿਤ ਕਿਵੇਂ ਹੋਇਆ ਤੇ ਅਸੀਂ ਨੀਵੇ ਕਿਵੇਂ ਹੋਏ? ਇਹ ਲੋਕਾਂ ਨੂੰ ਜਗਾਉਣ ਵਾਲਾ ਸਿਧਾਂਤ ਨਹੀਂ ਤਾਂ ਹੋਰ ਕੀ ਹੈ? ਭਗਤ ਰਵਿਦਾਸ; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345} ਕੀ ਇਹ ਰਾਜਨੈਤਿਕ ਅਵਸਥਾ ਦਾ ਜ਼ਿਕਰ ਨਹੀਂ? ਭਗਤ ਨਾਮਦੇਵ : ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਪੰਨਾ 1292॥ ਬ੍ਰਾਹਮਣ ਦੇ ਸਿਧਾਂਤ ਨੂੰ ਕੱਟਣਾ ਉਸ ਵਕਤ ਦਾ ਭਾਰੀ ਤੋਂ ਭਾਰੀ ਜ਼ੁਰਮ ਸੀ। ਕੀ ਭਗਤ ਨਾਮਦੇਵ ਜੀ ਜਾਗਰਤੀ ਲਿਆਉਣ ਵਾਸਤੇ ਕੋਈ ਕੰਮ ਕਰ ਰਹੇ ਹਨ ਜਾਂ ਨਹੀਂ? ਜੇਕਰ ਗੁਰੂ ਜੀ ਦੇ ਵਿਚਾਰ ਦੂਸਰੇ ਬਾਣੀਕਾਰਾਂ ਨਾਲ ਮੇਲ ਨਾ ਖਾਂਦੇ ਹੁੰਦੇ ਤਾਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿਚ ਦਰਜ਼ ਹੀ ਨਹੀਂ ਸੀ ਹੋਣੀ। ਡਾ. ਗੁਰਸ਼ਰਨ ਕੌਰ ਜੱਗੀ ਜੀ ਸਾਨੂੰ ਸਾਖੀਆਂ ਤੋਂ ਸੇਧ ਲੈ ਕੇ ਇਹ ਮੰਨਣ ਦੀ ਲੋੜ ਨਹੀਂ ਕਿ ਗੁਰੂ ਜੀ ਨੂੰ ਬਾਣੀ ਉਚਾਰਣ ਕਰਨ ਲਈ ਕੋਈ ਉਚੇਚ ਨਹੀਂ ਕਰਨੀ ਪਈ ਸਗੋਂ ਬਾਣੀ ਆਪ ਬੋਲ ਕੇ ਸਾਨੂੰ ਦੱਸ ਰਹੀ ਹੈ ਕਿ ਗੁਰੂ ਜੀ ਉੱਚ-ਕੋਟੀ ਦੇ ਕਵੀ, ਢਾਡੀ, ਨਵੀਂ ਕਿਸਮ ਦੀ ਮਨੁੱਖਤਾ ਦੇ ਘਾੜੇ ਅਤੇ ਸਿਧਾਂਤ-ਘਾੜੇ ਵੀ ਸਨ। ਉਹ ਪੂਰਨ ਮਨੁੱਖ ਸਨ।
ਗੁਰਬਚਨ ਸਿੰਘ ‘ਰਾਹੀ’ ਆਪਣੇ ਲੇਖ, “ ਜਪੁ ਜੀ-ਗੁਰਮਤਿ ਦਾ ਅਧਾਰ” ਵਿਚ ਲਿਖਦੇ ਹਨ; ‘ ਵੇਦਾਂਤ ਵਾਂਗ ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਕਰਮ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ।......। ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦਾ ਨਿਬੇੜਾ ਜਾਂ ਲੇਖਾ-ਜੋਖਾ ਪਰਮਾਤਮਾ ਦੀ ਦਰਗਾਹ ਵਿੱਚ ਜਰੂਰ ਦੇਣਾ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ, ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ। ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੁੰਦੇ ਹਨ, ਉਹ ਉਸ ਤੋਂ ਦੂਰ ਚਲੇ ਜਾਂਦੇ ਹਨ ਤੇ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ- ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ”॥ ਗੁਰਬਚਨ ਸਿੰਘ ਰਾਹੀ ਜੀ ਜਦੋਂ ਪਰਮਾਤਮਾ ਹਰ ਇਕ ਦੇ ਦਿਲ ਵਿਚ ਜਾਂ ਹਰ ਥਾਂ ਵੱਸਦਾ ਹੈ ਤਾਂ ਪਰਮਾਤਮਾ ਦੀ ਦਰਗਾਹ ਕਿਧਰੇ ਸੱਤਵੇਂ ਅਸਮਾਨ ਵਿਚ ਨਹੀਂ ਹੋ ਸਕਦੀ? ਪਰਮਾਤਮਾ ਦੀ ਦਰਗਾਹ ਵੀ ਅੱਜ ਹੈ ਅਤੇ ਇਸੇ ਜਨਮ ਵਿਚ ਅਤੇ ਇਹ ਦੁਨੀਆਂ ਹੀ ਪਰਮਾਤਮਾ ਦੀ ਦਰਗਾਹ ਹੈ। ਕਰਮਾਂ ਦੇ ਸਿਧਾਂਤ ਨੂੰ ਗੁਰਬਾਣੀ ਕੱਟਦੀ ਹੈ ਜਿਵੇਂ: ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਪੰਨਾ 748॥ ਭਗਤ ਕਬੀਰ ਜੀ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਜਦੋਂ ਇਸ ਸੰਸਾਰ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਪਹਿਲਾ ਮਨੁੱਖੀ ਜੀਵ ਕਿਹੜੇ ਕਰਮ ਕਰਕੇ ਇੱਥੇ ਆਇਆ? ॥ ਇਹ ਬ੍ਰਾਹਮਣ ਦੇ ਕਰਮ ਕਾਂਢ ਦੇ ਸਿਧਾਂਤ ਨੂੰ ਕੱਟਣਾ ਹੈ। ਖੰਡਨਾ ਹੈ ਮੰਡਨਾ ਨਹੀਂ। ਗੁਰੂ ਨਾਨਕ ਪਾਤਸਾਹ ਜਾਂ ਕਿਸੇ ਹੋਰ ਭਗਤ ਜਨ ਦਾ ਕਿਸੇ ਵੇਦਾਂਤ ਨਾਲ ਕੋਈ ਸੰਬੰਧ ਨਹੀਂ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਵੇਦਾਂਤ ਮੱਤ ਬਾਰੇ: ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920}
ਗੁਰਬਚਨ ਸਿੰਘ ਰਾਹੀ ਜੀ ਜੇਕਰ ਤੁਸੀਂ ਹਾਲੇ ਵੀ “ਵੇਦਾਂਤ ਵਾਂਗ ਗੁਰੂ ਨਾਨਕ ਵੀ ਕਰਮ ਸਿਧਾਂਤ ਵਿਚ ਵਿਸ਼ਵਾਸ਼ ਰੱਖਦੇ ਹਨ” ਲਿਖਣਾ ਹੈ ਤਾਂ ਇਸ ਸਵਾਲ ਦਾ ਜਵਾਬ ਦਿਓ ਜੀ : ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। ਵਾਰ 1, ਪਉੜੀ 45। ਰਾਹੀ ਜੀ ਤੁਹਾਡੇ ਲੇਖ ਦਾ ਨਾਮ ਹੀ ਬ੍ਰਾਹਮਣੀ-ਸੋਚ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਸਿਧਾਂਤ ਹਨ ਜੋ ਗੁਰੂ ਜੀ ਦੀ ਬਾਣੀ ‘ਜਪੁ’ ਵਿਚ ਨਹੀਂ ਹਨ। ਫਿਰ ‘ਜਪੁ’ ਗੁਰਮਤਿ ਦਾ ਅਧਾਰ ਕਿਵੇਂ ਹੋਇਆ?
ਇਸ ਤੋਂ ਅਗਲਾ ਲੇਖ “ ਆਸਾ ਦੀ ਵਾਰ: ਸੰਦੇਸ਼ ਤੇ ਸੰਚਾਰ” ਹੈ ਅੰਮ੍ਰਿਤਪਾਲ ਕੌਰ ਜੀ ਦਾ। ਇਸ ਵੀਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਆਸਾ ਵਿਚ ਦਰਜ਼ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਸਿਰਲੇਖ ਕੀ ਹੈ? ਜਦੋਂ ਅਸੀਂ ਇਸ ਵਾਰ ਨੂੰ “ ਆਸਾ ਦੀ ਵਾਰ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਵਾਰ ਦਾ ਕਰਤਾ ਕੋਈ ‘ਆਸਾ’ ਬਣ ਜਾਂਦਾ ਹੈ। ਆਸਾ ਕੋਈ ਲਿਖਾਰੀ ਨਹੀਂ। ਆਸਾ ਤਾਂ ਰਾਗ ਦਾ ਨਾਮ ਹੈ ਤੇ ਇਸ ਵਾਰ ਦਾ ਕਰਤਾ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਦਰਜ਼ ਹੈ: ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}॥ ਜਿਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਕਰਤਾ ਹੀ ਕਿਸੇ ਆਸੇ ਨੂੰ ਬਣਾ ਧਰਿਆ ਹੈ ਤਾਂ ਉਸਦੀ ਬਾਕੀ ਲਿਖਤ ਨੂੰ ਪੜ੍ਹਨ ਦਾ ਕੀ ਫਾਇਦਾ? ਬਾਕੀ ਦੇ ਲਿਖਾਰੀਆਂ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕੀਤਾ ਹੋਊ, ਪਤਾ ਨਹੀਂ, ਪਰ ਹੋਊ ਜ਼ਰੂਰ ਇਸੇ ਤਰ੍ਹਾਂ ਦਾ। ਇਸ ਕਰਕੇ ਇਸ ਕਿਤਾਬ, “ਸ੍ਰੀ ਗੁਰੂ ਨਾਨਕ ਦੇਵ ਜੀ (1469- 1539 ਈ.)” ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਤੇ ਹੋਰ ਸਮਾਂ ਬਰਬਾਦ ਕਰਨ ਦਾ ਕੀ ਮਕਸਦ?
ਸਿੱਖ ਭਰਾਵੋ! ਜੇਕਰ ਬਾਬਾ ਜੀ ਬਾਰੇ ਕੁੱਝ ਸੱਚਾ-ਸੁੱਚਾ ਜਾਨਣਾ ਚਾਹੁੰਦੇ ਹੋ ਤਾਂ ਬਾਬਾ ਜੀ ਦੀ ਲਿਖਤ ਨੂੰ ਕਲਾਵੇ ਵਿਚ ਲਓ, ਜੱਫੀ ਪਾਓ ਮਤਲਬ ਪੜ੍ਹੋ, ਸਮਝੋ ਅਤੇ ਅਮਲੀ ਜਾਮਾ ਪਹਿਨਾਵੋ। ਛੱਡੋ ਸਾਖੀਆਂ, ਜਨਮ ਸਾਖੀਆਂ ਤੇ ਲੋਕਾਂ ਦੀਆਂ ਲਿਖੀਆਂ ਮਨ- ਘੜਤ ਗੱਪਾਂ ਨੂੰ ਜੋ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਨੂੰ ਕਲੰਤ ਹੀ ਨਹੀਂ ਕਰਦੀਆਂ ਸਗੋਂ ਸਿੱਖੀ ਦਾ ਵੀ ਭੋਗ ਪਾ ਰਹੀਆਂ ਹਨ ਅਤੇ ਬਚੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਜੋ ਪੈਸੇ ਪਿੱਛੇ ਬਰਾਛਾਂ ਵਿਚੋਂ ਲਾਅਲਾਂ ਵਗਾ ਕੇ ਆਪਣੀਆਂ ਕਮੀਜ਼ਾਂ ਗਿਲੀਆਂ ਕਰੀ ਜਾ ਰਹੇ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079
ਮਰੀ ਹੋਈ ਸਿੱਖ ਕੌਮ ਦੀਆਂ ਨਿਸ਼ਾਨੀਆਂ - ਗੁਰਚਰਨ ਸਿੰਘ ਜਿਉਣ ਵਾਲਾ
28-29 ਸਤੰਬਰ 2019 ਜਾਣੀ ਕੇ ਸਤੰਬਰ ਦੇ ਅਖੀਰਲੇ ਹਫਤੇ ਓਨਟੈਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦਵਾਰਾ ਮਿਸੀਸਾਉਗਾ ਵਿਖੇ, ਵਰਲਡ ਸਿੱਖ ਓਰਗਾਨਾਈਜ਼ੇਸ਼ਨ ਵਲੋਂ, ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਨੂੰ ਸਮ੍ਰਪਤ ਦੋ ਰੋਜ਼ਾ ਕਾਂਨਫ੍ਰੰਸ ਅਜੋਯਤ ਕੀਤੀ ਗਈ। ਦੂਰੋਂ ਦੂਰੋਂ ਬੁਲਾਰੇ ਬੁਲਾਏ ਗਏ ਪਰ ਸੁਣਨ ਲਈ ਨੇੜਿਓ ਉਠ ਕੇ ਵੀ ਸਰੋਤੇ ਨਹੀਂ ਆਏ। ਸੁਭਾ 10 ਵਜੇ ਸਮਾਗਮ ਦੀ ਸ਼ੁਰੂਆਤ ਸੀ ਪਰ ਗਿਆਰਾਂ ਵਜੇ ਤਕ, ਜ਼ਿਮਹਾਲ ਜੋ ਬਹੁਤ ਹੀ ਸੁੰਦਰ ਤਰੀਕੇ ਨਾਲ ਸ਼ਿਗਾਰਿਆ ਹੋਇਆ ਸੀ, ਨਕੋ ਨੱਕ ਭਰਿਆ ਨਹੀਂ ਸਗੋਂ ਬਿਲਕੁੱਲ ਖਾਲੀ ਸੀ। ਧੰਨਵਾਦੀ ਹਾਂ ਪ੍ਰਬੰਧਕੀ ਕਮੇਟੀ ਦਾ ਜਿਸਨੇ ਨੇ ਇਸ ਸਾਰੇ ਸਮਾਗਮ ਨੂੰ ਟੈਲੀਕਾਸਟ ਕਰਨ ਲਈ ਵਿਸ਼ੇਸੇ ਪ੍ਰਬੰਧ ਕੀਤਾ। ਵੱਖਰੀ ਵੱਖਰੀ ਨੁਕਰੇ ਚਾਰ-ਪੰਜ ਕੈਮਰੇ ਫਿਟ ਕੀਤੇ ਗਏ ਅਤੇ ਚਾਰ ਪੰਜ ਕੈਮਰਾ ਮੈਨ ਦੀ ਟੀਮ ਬਾਰ ਬਾਰ ਸਾਉਂਡ ਸਿਸਟਮ ਦੀ ਚੈਕਿੰਗ ਕਰ ਰਹੀ ਸੀ ਪਰ ਵੱਡੇ ਹਾਲ ਵਿਚ ਲੱਗੀਆਂ ਕੁਰਸੀਆਂ ਵਿਚੋਂ ਸਿਰਫ 60-70 ਕੁਰਸੀਆਂ ਤੇ ਲੋਕ ਬੈਠੇ ਸਨ ਬਾਕੀ ਖਾਲੀ ਪਈਆਂ ਕੁਰਸੀਆਂ ਸਿੱਖ ਕੌਮ ਨੂੰ ਮਿਹਣੇ ਮਾਰ ਰਹੀਆਂ ਸਨ। ਲੰਗਰ ਹਾਲ ਵਿਚ 12 ਵਜੇ ਤੋਂ ਲੈ ਕੇ 2 ਵਜੇ ਤਕ 200ਦੇ ਕਰੀਬ ਲੋਕ ਪ੍ਰਸ਼ਾਦਾ ਛੱਕਣ ਲਈ ਚੌਂਕੜੇ ਮਾਰੀ ਬੈਠੇ ਸਨ ਤੇ ਜਲਦੀ ਨਾਲ ਲੰਗਰ ਛੱਕ ਕੇ ਵਾਹ ਗੁਰੂ ਵਾਹ ਗੁਰੂ ਕਰਦੇ ਲੋਕ ਘਰਾਂ ਨੂੰ ਜਾ ਰਹੇ ਸਨ ਪਰ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਕੇ ਜ਼ਿਮਹਾਲ ਵਿਚ ਜਾ ਕੇ ਗੁਰੂ ਬਾਬੇ ਦੇ ਬਾਰੇ ਵੀ ਕੁੱਝ ਸੁਣ ਲਈਏ। ਪ੍ਰਬੰਧਕੀ ਕਮੇਟੀ ਦੇ ਸ਼ਲਾਘਾ ਯੋਗ ਉਦਮ ਦੇ ਬਾਵਜੂਦ, ਅਖਬਾਰਾਂ ਅਤੇ ਰੈਡੀਓ ਰਾਹੀਂ ਬਾਰ ਬਾਰ ਗੁਰੂ ਨਾਨਕ ਪਿਤਾ ਜੀ ਦੇ 550ਵੇਂ ਪੁਰਬ ਨੂੰ ਸਮ੍ਰਪਤ ਪ੍ਰੋਗਰਾਮ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਸਿੱਖ ਕੌਮ ਗਿਆਨ ਪ੍ਰਾਪਤ ਕਰਨ ਲਈ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਆਈ।
ਇਸੇ ਤਰ੍ਹਾਂ ਜਦੋਂ ਮੈਂ ਆਪਣੀ ਗੱਡੀ ਪਾਰਕ ਕਰਕੇ ਆਪਣੇ ਸੱਦੇ ਤੇ ਆਏ ਦੋਸਤਾਂ ਨੂੰ ਮਨ ਭਾਉਂਦੀਆਂ ਅਤੇ ਇੱਛਾ ਮੁਤਾਬਕ ਕਿਤਾਬਾਂ ਦੇ ਰਿਹਾ ਸਾਂ ਤਾਂ ਇਕ 50-55 ਕੁ ਸਾਲ ਦੀ ਔਰਤ ਆਪਣੀ ਨੂੰਹ ਨਾਲ ਗੱਡੀ ਵਿਚੋਂ ਉਤਰੀ ਤੇ ਮੈਨੂੰ ਕਹਿਣ ਲਗੀ ਕਿ ਵੀਰ ਜੀ ਕੀ ਵੰਡ ਰਹੇ ਹੋ। ਮੈਂ ਉਸ ਔਰਤ ਦੀ ਕਹੀ ਗੱਲ ਵਿਚੋਂ ‘ਵੰਡ’ ਲਫਜ਼ ਦੀ ਪਕੜ ਕਰਕੇ ਸਮਝ ਗਿਆ ਕਿ ਇਹ ਕਿਤਾਬਾਂ ਮੁਫਤ ਵਿਚ ਭਾਲਦੀ ਹੈ। ਮੈਂ ਫਟਾ ਫੱਟ ਜ਼ਵਾਬ ਦਿੱਤਾ ਕਿ ਭੈਣ ਜੀ ਇਹ ਕਿਤਾਬਾਂ ਸਿੱਖ ਧਰਮ ਬਾਰੇ ਹਨ ਤੇ ਇਕ ਇਕ ਕਿਤਾਬ ਪੰਜ ਪੰਜ ਡਾਲਰ ਦੀ ਹੈ। ਬੱਸ ਫਿਰ ਬਹੁਤੀ ਸਿੱਖ ਕੌਮ ਦੀ ਮਾਨਸਿਕਤਾ ਵਾਲੀ ਗੱਲ ਵਾਪਰੀ ਤੇ ਉਹ ਨੂੰਹ-ਸੱਸ ਦਬਾ ਦੱਬ ਚੱਲਦੀਆਂ ਬਣੀਆਂ। ਮੈਂ ਜ਼ਿਮਹਾਲ ਵਿਚੋਂ 12.15 ਤੇ ਬਾਹਰ ਆਇਆ ਕਿਉਂਕਿ 12.30 ਤੇ ਮੈਂ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿਚ ਭਾਈ ਬਾਲੇ ਵਾਲੀ ਸਾਖੀ ਤੇ ਚਰਚਾ ਕਰਨ ਵਿਚ ਭਾਗ ਲੈਣਾ ਸੀ। ਮੈਂ ਹਾਲੇ ਆਪਣੀ ਗੱਡੀ ਵਿਚ ਬੈਠ ਕੇ ਸਿਰਦਾਰ ਕੁਲਦੀਪ ਸਿੰਘ ਵੈਨਕੂਵਰ ਨੂੰ ਫੂੰਨ ਮਿਲਾ ਹੀ ਰਿਹਾ ਸੀ ਕਿ ਉਹ ਨੂੰਹ-ਸੱਸ ਲੰਗਰ ਵਿਚੋਂ ਪ੍ਰਸ਼ਾਦਿਆਂ ਨੂੰ ਰਗੜਾ ਲਾ ਕੇ ਆਪਣੀ ਗੱਡੀ ਵਿਚ ਬੈਠ ਕੇ ਚੱਲਦੀਆਂ ਬਣੀਆਂ।
ਇਕ ਨੌਜਵਾਨ ਬੁਲਾਰੇ, ਮਨਪ੍ਰੀਤ ਸਿੰਘ ਨੇ ਸਲਾਈਡਜ਼ ਸ਼ੋ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਿਆਨ ਤੋਂ ਸੇਧ ਲੈ ਕੇ ਰਾਜ-ਭਾਗ ਪ੍ਰਾਪਤ ਕਰਨ ਦੀਆਂ ਬਹੁਤ ਸਾਰੀਆਂ ਪੰਗਤੀਆਂ ਗੁਰੂ ਜੀ ਦੀ ਬਾਣੀ ਵਿਚੋਂ ਲੈ ਕੇ ਆਪਣਾ ਪਰਚਾ ਪੜਿਆ। ਜਿਵੇਂ: ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਪੰਨਾ 74॥ ਇਸ ਰਾਜ ਨੂੰ ਪਾਉਣ ਵਾਸਤੇ ਸਲੋਕ ਵਾਰਾਂ ਤੇ ਵਧੀਕ ਵਿਚੋਂ ਅਗਲਾ ਸਲੋਕ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412} ਲਿਆ ਗਿਆ। ਇਸ ਵਕਤਾ ਦਾ ਹੋਰ ਸਾਰਾ ਪਰਚਾ ਦਰੁਸਤ ਸੀ ਸਿਰਫ ਇਕ ਦੋ ਗਲਤੀਆਂ ਨੂੰ ਛੱਡ ਕੇ। ਜਿਵੇਂ: ਭਾਈ ਗੁਰਦਾਸ ਜੀ ਦੀਆ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਕੁੰਜੀ ਦੱਸਣਾ ਜਦੋਂ ਕਿ ਪਹਿਲੀ ਵਾਰ ਦੀ 48ਵੀਂ ਪਉੜੀ ਹੀ ਗੁਰੂ ਅਰਜਨ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਤੇ ਛੇਵੇਂ ਪਾਤਸ਼ਾਹ ਦੇ ਗੁਰ ਗੱਦੀ ਤੇ ਬੈਠਣ ਦਾ ਜ਼ਿਕਰ ਕਰਦੀ ਹੈ। ਜਿਵੇ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿਚੋਂ ਘੱਟ ਤੋਂ ਘੱਟ 16 ਇਤਲਾਹਾਂ ਹੋਰ ਮਿਲ ਜਾਂਦੀਆਂ ਹਨ ਜਿੱਥੇ ਹਰਿਗੋਬਿੰਦ ਜੀ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ। ਇਸਦਾ ਮਤਲਬ ਇਹ ਕੇ ਵਾਰਾਂ ਗੁਰੂ ਅਰਜਨ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਲਿਖੀਆਂ ਗਈਆਂ। ਸੈਦਪੁਰ ਜਾਂ ਐਮਨਾਬਾਅਦ ਵਿਚ ਗੁਰੂ ਨਾਨਕ ਪਿਤਾ ਦਾ ਬਾਬਰ ਨਾਲ ਮੇਲ, ਬਾਬਰ ਨੂੰ ਜਾਬਰ ਕਹਿਣਾ, ਅਤੇ ਬਾਬਰ ਦੀ ਜੇਲ੍ਹ ਵਿਚ ਜਾਣਾ, ਚੱਕੀਆਂ ਦਾ ਆਪੇ ਚੱਲੀ ਜਾਣਾ, ਗੁਰੂ ਨਾਨਕ ਪਾਤਸ਼ਾਹ ਦਾ ਸੱਤ ਮੁੱਠਾਂ ਭੰਗ ਦੀਆਂ ਬਦਲੇ ਬਾਬਰ ਨੂੰ ਸੱਤ ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਇਹ ਸੱਭ ਕੂੜ-ਕਬਾੜ ਹੈ, ਗਲਤ ਹੈ। ਜਦੋਂ ਕੇ ਗੁਰਬਾਣੀ ਵਰ ਤੇ ਸਰਾਪ ਨੂੰ ਮੰਨਦੀ ਹੀ ਨਹੀਂ ਅਤੇ ਗੁਰੂ ਬਾਬਾ ਜੀ ਆਪਣੇ ਸਲੋਕ ਰਾਹੀਂ ਭੰਗ ਬਾਰੇ ਕੀ ਫੁਰਮਾਉਂਦੇ ਹਨ: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਪੰਨਾ 721॥ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਰਾਜਵਿੰਦਰ ਸਿੰਘ ਰਾਹੀ ਹੋਰਾਂ ਬੜੇ ਸੁਚੱਜੇ ਢੰਗ ਨਾਲ ਸੰਤਾਂ ਮਹਾਂਪੁਰਖਾਂ ਤੇ ਟਿਪਣੀਆਂ ਕੀਤੀਆਂ। ਇਹ ਵੀ ਦੱਸਿਆ ਕਿ ਸਿੱਖਾਂ ਦੀਆਂ ਕੁਬਾਨੀਆਂ ਨੂੰ ਕਿਵੇਂ ਲਕੋ ਕੇ ਪੇਸ਼ ਕੀਤਾ ਜਾਂਦਾ ਹੈ। ਸਿੱਖ ਇਨਕਲਾਬ ਕੁਰਾਹੇ ਕਿਵੇਂ ਪਿਆ ਦੀ ਗੱਲ ਵੀ ਕੀਤੀ ਅਤੇ ‘ਸਿੱਖ ਇਨਕਕਲਾਬ ਦੇ ਮੋਢੀ ਗੁਰੂ ਨਾਨਕ’ ਪ੍ਰੋ. ਕਿਸ਼ਨ ਸਿੰਘ ਦੀ ਕਿਤਾਬ ਦਾ ਜ਼ਿਕਰ ਵੀ ਕੀਤਾ ‘ਸਿੱਖਾਂ’ ਲਫਜ਼ ਨੂੰ ਛੱਡ ਕੇ ਭਾਰਤੀ ਇਨਕਲਾਬੀ ਕਹਿ ਕੇ ਗੱਲ ਕਰਨੀ ਜਾਂ ਭਾਰਤੀ ਅਜ਼ਾਦੀ ਦੇ ਯੋਧੇ ਕਹਿਣਾ ਠੀਕ ਨਹੀਂ ਕਿਉਂਕਿ 114-115 ਫਾਸੀ ਦੇ ਰੱਸੇ ਚੁੰਮਣ ਵਾਲਿਆਂ ਵਿਚੋਂ 82 ਸਿੱਖ ਸਨ ਤੇ ਬਾਕੀ ਦੂਜੀਆਂ ਕੌਮਾਂ ਦੇ। ਰਾਹੀ ਜੀ ਨੇ ਇਹ ਵੀ ਦੱਸਿਆ ਕਿ ਇਲਿਮੀਨੇਸ਼ਨ ਅਤੇ ਅਸਿਮੀਲੇਸਨ ਕਿਵੇਂ ਕੀਤਾ ਜਾਂਦਾ ਹੈ। ਅਗਲੇ ਦਿਨ ਭਾਰਤ ਦੀ ਅਜ਼ਾਦੀ ਦਾ ਜ਼ਿਕਰ ਇਨ੍ਹਾਂ ਨੇ ਬੜੇ ਵਿਸਥਾਰ ਵਿਚ ਕੀਤਾ ਜਿਸਦੀ ਸ਼ਲਾਘਾ ਓਟੈਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਲ ਨੇ ਕੀਤੀ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੈਨਕੂਵਰ ਤੋਂ ਵਰਲਡ ਸਿੱਖ ਓਰਗਾਨਾਈਜੇਸ਼ਨ ਦੇ ਸੱਦੇ ਤੇ ਦਰਸ਼ਨ ਦੇਣ ਆਏ ਅਤੇ ਬੜੀਆਂ ਜੋਸ਼ੀਲੀਆਂ ਤਕਰੀਰਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦਾ ਵਿਸਥਾਰ ਪੂਰਵਕ ਵਰਨਣ ਕੀਤਾ। ਇਹ ਵੀ ਜ਼ਿਕਰ ਕਰਨਾ ਬਣਾਦਾ ਹੈ ਕਿ ਇਨ੍ਹਾਂ ਨੇ ਇੰਦੂ ਭੂਸ਼ਨ ਬੈਨਰਜੀ ਦੀ ਕਿਤਾਬ “ਖਾਲਸੇ ਦੀ ਉਤਪਤੀ, ਹਰੀ ਰਾਮ ਗੁਪਤਾ ਅਤੇ ਗੋਕਲ ਚੰਦ ਨਾਰੰਗ ਦੀਆਂ ਲਿਖਤਾਂ ਦਾ ਜ਼ਿਕਰ ਵੀ ਕੀਤਾ। ਹਰੀਰਾਮ ਗੁਪਤਾ ਤਾਂ ਆਪਣੀਆਂ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਦਾਸ ਹੀ ਲਿਖਦਾ ਹੈ। ਲਾਲਾ ਦੌਲਤ ਰਾਇ, ਜੋ ਆਰੀਆਸਮਾਜੀ ਹੈ, ਦੀ ਕਿਤਾਬ ਸਾਹਿਬੇ ਕਮਾਲ ਦਾ ਵੀ ਵਿਸਥਾਰ ਵਿਚ ਜਾ ਕੇ ਜ਼ਿਕਰ ਕੀਤਾ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਟਿਪਣੀਆਂ ਦਾ ਵੀ ਪੋਲ ਖੋਲਿਆ ਗਿਆ। ਅੰਤ ਵਿਚ ਬਲਦੇਵ ਸਿੰਘ ਸੜਕਨਾਮੇ ਦੀ ਨਵੀ ਕਿਤਾਬ, “ ਸੂਰਜ ਦੀ ਅੱਖ” ਜਿਸ ਨੂੰ ਵੈਨਕੂਵਰ ਦੇ ਇਕ ਗਰੁਪ ਨੇ 25 ਹਜ਼ਾਰ ਡਾਲਰ ਦੇ ਇਨਾਮ ਨਾਲ ਨਿਵਾਜਿਆ, ਦੇ ਬਹੁਤ ਸਾਰੇ ਪੰਨਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਕਿਤਾਬ ਵਿਚ ਖਾਲਸਾ ਰਾਜ ਬਾਰੇ ਕੀ ਕੂੜ-ਕਬਾੜ ਲਿਖਿਆ ਗਿਆ ਹੈ। ਅੰਤ ਵਿਚ ਸਰੋਤਾ ਜਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਫਤਿਹ ਬੁਲਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਕਿਸੇ ਗੁਰਦਵਾਰਾ ਦੀ ਕਮੇਟੀ ਨੇ ਦੋ ਦਿਨ ਪੂਰਾ ਪ੍ਰੋਗਰਾਮ ਸੁਣਿਆ ਹੋਵੇ ਇਹ ਮੈਂ ਆਪਣੀਆਂ ਅੱਖਾਂ ਨਾਲ ਪਹਿਲੀ ਵਾਰ ਦੇਖਿਆ ਹੈ ਅਤੇ ਸ਼ਲਾਘਾ ਕਰਨੀ ਬਣਦੀ ਹੈ।
ਮੈਂ ਫਿਰ ਇਕਵਾਰ ਸਿੱਖ ਸੰਗਤਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਹਾਂ ਕਿ ਜਦੋਂ ਕਦੇ ਵੀ ਐਸੇ ਮੌਕੇ ਆਉਂਦੇ ਹਨ ਜਿੱਥੇ ਕੁੱਝ ਸਿੱਖਣ ਨੂੰ ਮਿਲੇ ਜਰੂਰ ਜਾਓ। ਜੇਕਰ ਆਪਾਂ ਕੁੱਝ ਸਿੱਖਾਂਗੇ ਨਹੀਂ ਤਾਂ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079.
ਮਾੜਾ ਬਤਨੀ ਅੱਜ ਹਿਥੋਂ ਲੰਘਸੀ - ਗੁਰਚਰਨ ਸਿੰਘ ਜਿਉਣ ਵਾਲਾ
ਤਕਰੀਬਨ 84 ਸਾਲ ਪਹਿਲਾਂ, ਪ੍ਰਿੰ. ਤੇਜਾ ਸਿੰਘ, ਦੀ ਲਿਖੀ ਪੁਸਤਕ,”ਆਰਸੀ” ਵਿਚੋਂ ਹੂ-ਬਹੂ ਇਕ ਝਾਕੀ ਪਾਠਕਾਂ ਦੇ ਰੂ-ਬਰੂ ਕਰ ਰਿਹਾ ਹਾਂ। ਮੈਂ ਇਸ ਕਿਤਾਬ ਨੂੰ ਘੱਟ ਤੋਂ ਘੱਟ ਦੋ ਵਾਰ ਪੜ੍ਹ ਚੁਕਿਆ ਹਾਂ ਅਤੇ ਇਸ ਵਿਚੋਂ ਪ੍ਰੀਵਾਰਕ ਜੀਵਨ ਅਤੇ ਦੇਸ਼ ਪਿਆਰ ਦੇ ਕਈ ਦ੍ਰਿਸ਼ ਮਨ ਨੂੰ ਬਹੁਤ ਹੀ ਟੁੰਬਣ ਵਾਲੇ ਹਨ। ਸਰੀਰ ਥਕਾਵਟ ਨਾਲ ਟੁੱਟਿਆ ਹੋਣ ਦੇ ਬਾਵਜ਼ੂਦ ਵੀ ਇਸ ਲੇਖ ਨੂੰ ਪੂਰਾ ਕਰਕੇ ਸੌਣ ਦਾ ਯਤਨ ਕਰਾਂਗਾ। ਜੇਕਰ ਤੁਸੀਂ ਇਹ ਕਿਤਾਬ ਆਪ ਪੜ੍ਹੋ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਇਹ ਲੇਖ ਪੜ੍ਹ ਕੇ ਜ਼ਰੂਰ ਦੱਸਣਾ ਕਿ ਕਿਵੇਂ ਲੱਗਿਆ।
ਜਿਥੋਂ-ਜਿਥੋਂ ਮੇਰੀ ਗੱਡੀ ਲੰਘਦੀ, ਸਿੱਖ ਸੰਗਤਾਂ ਪਲੇਟ-ਫਾਰਮ ਤੇ ਸੁਆਗਤ ਲਈ ਫੁੱਲ ਤੇ ਫਲ ਲੈ ਕੇ ਪੁੱਜੀਆਂ ਹੁੰਦੀਆਂ। ਛੋਟੀਆਂ ਛੋਟੀਆਂ ਥਾਵਾਂ ਦੇ ਸਿੱਖ ਵੀ ਆ ਕੇ ਜ਼ੋਰ ਦਿੰਦੇ ਕਿ ਸਾਡੇ ਆਸਥਾਨ ਤੇ ਵੀ ਆ ਕੇ ਫੇਰਾ ਪਾ ਜਾਓ!
ਇਕ ਵਾਰੀ ਗੱਡੀ ਪੀਨਾਂਗ ਤੋਂ ਚੱਲ ਕੇ ਬੰਬੋਕ ਵੱਲ ਜਾ ਰਹੀ ਸੀ। ਰਸਤਾ ਬਹੁਤ ਬਿਖੜਾ ਸੀ। ਰਾਹ ਵਿਚ ਜੰਗਲ ਆਉਂਦੇ ਸਨ। ਇਕ ਸਟੇਸ਼ਨ ਤੇ ਗੱਡੀ ਸਵੇਰੇ ਛੇ ਕੁ ਵਜੇ ਜਾ ਖੜੀ ਹੋਈ। ਇਕ ਮੁਸਲਮਾਨ ਸਿਪਾਹੀ ਭੱਜਦਾ ਭੱਜਦਾ ਆਇਆ ਤੇ ਮੇਰੀ ਗੱਡੀ ਦੀ ਬਾਰੀ ਦੇ ਸਾਹਮਣੇ ਆ ਖੜੋਤਾ। ਉਸ ਹੱਥ ਵਿਚ ਸੰਤਰੇ ਦੇ ਰਸ ਦੀਆਂ ਦੋ ਬੋਤਲਾਂ ਸਨ। ਹਫਦਾ ਹੋਇਆ ਕਹਿਣ ਲੱਗਾ, “ ਮੈਂ ਇੱਥੋ 20 ਕੋਹ ਦੀ ਵਿਥ ਤੇ ਰਹਿੰਦਾ ਹਾਂ। ਪੁਲਿਸ ਵਿਚ ਨੌਕਰ ਹਾਂ। ਮਾੜਾ ਪਿਛਲਾ ਬਤਨ ਜਿਹਲਮ ਨਾ ਹੈ। ਮੈਂ ਕੱਲ੍ਹ ਅਖਬਾਰ ਵਿਚ ਪੜ੍ਹਿਆ ਕਿ ਮਾੜਾ ਬਤਨੀ ਅੱਜ ਹਿਥੋਂ ਲੰਘਸੀ। ਮੈਂ ਅੱਧੀ ਰਾਤ ਟੁਰ ਕਿ ਦੌੜਨਾ-ਦੌੜਨਾ ਹਿੱਥੈ ਅਪੜਿਆ ਹਾਂ। ਹੇ ਦੋ ਬੱਤੇ ਘਿਨੀ ਅਛਿਆ ਵਾਂ। ਹਿਕ ਤੂੰ ਪੀ ਤੇ ਹਿੱਕ ਮੈਂ ਪੀਸਾਂ”।
ਇਹ ਸੁਣ ਕੇ ਜੋ ਮੇਰੇ ਦਿਲ ਤੇ ਗੁਜ਼ਰੀ ਉਹ ਮੈਂ ਹੀ ਜਾਣਦਾ ਹਾਂ। ਇਹ ਵਤਨ ਦੇ ਪਿਆਰ ਦੀ ਇਕ ਦੁਰਲੱਭ ਝਾਕੀ ਸੀ। ਇਕ ਤਾਂ ਮੁਸਲਮਾਨ ਤੇ ਦੂਜਾ ਪੁਲਸੀਆ। ਫਿਰ ਇਕ ਸਿੱਖ ਨਾਲ ਏਨਾ ਪਿਆਰ। ਮੈਨੂੰ ਖਿਆਲ ਆਇਆ ਕਿ ਆਪਣੇ ਦੇਸ਼ ਵਾਲਿਆਂ ਦੀ ਕਦਰ ਦੇਸ਼ ਤੋਂ ਬਾਹਰ ਜਾ ਕੇ ਹੀ ਉਗਮਦੀ ਹੈ। ਇਥੇ ਇਕ ਸਿੱਖ ਦੇ ਦੂਜਾ ਮੁਸਲਮਾਨ ਨਹੀਂ ਸੀ, ਸਗੋਂ ਪ੍ਰਦੇਸ਼ ਵਿਚ ਇਕ ਹਿੰਦੁਸਤਾਨੀ ਨੂੰ ਇਕ ਹੋਰ ਹਿੰਦੁਸਤਾਨੀ ਮਿਲ ਰਿਹਾ ਸੀ। ਹਿੰਦ ਦੀ ਮਿੱਟੀ ਦੇ ਬਣੇ ਹੋਏ ਦੋ ਪੁਤਲੇ ਮਿਲ ਰਹੇ ਸਨ, ਜਿਨ੍ਹਾਂ ਵਿਚ ਇਕੋ ਹਿੰਦ ਦਾ ਦਿਲ ਧੜਕ ਰਿਹਾ ਸੀ। ਇਕ ਬੱਤਾ ਮੈਂ ਉਸ ਦੇ ਹੱਥੋਂ ਲੈ ਕੇ ਪੀਤਾ, ਤੇ ਦੂਜਾ ਉਸ ਨੇ ਮੇਰੇ ਮੂੰਹ ਵੱਲ ਵੇਖ ਵੇਖ ਕੇ ਪੀਤਾ ਤੇ ਗੱਡੀ ਤੁਰ ਪਈ।
ਅੱਜ ਮੈਂ ਆਪ ਇਸ ਪਿਆਰ ਦਾ ਭੁੱਖਾ ਪਤਾ ਨਹੀਂ ਕਿਤਨੀ ਵਾਰ ਉਪਰਲੀਆਂ ਸਤਰਾਂ ਲਿਖਦਾ ਲਿਖਦਾ ਆਪਣੀਆਂ ਅੱਖਾਂ ਤੇ ਐਨਕਾਂ ਸਾਫ ਕਰਨ ਗਿਆ। ਅੱਜ ਅਸੀਂ ਉਸ ਵਕਤ ਨਾਲੋਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਾਂ, ਪੈਸੇ ਬਹੁਤ ਜ਼ਿਆਦਾ ਕਮਾ ਰਹੇ ਹਾਂ, ਜੀਵਨ ਵੀ ਬਹੁਤ ਸੌਖਾ ਹੈ ਪਰ ਸਾਡੀ ਸਕੂਲੀ ਪੜ੍ਹਾਈ ਨੇ ਸਾਡੀ ਸੰਸਕ੍ਰਿਤੀ ਦਾ ਭੋਗ ਪਾ ਛੱਡਿਆ ਹੈ। ਅਸੀਂ ਇਕ ਦੂਜੇ ਨਾਲੋਂ ਟੱਟ ਚੁੱਕੇ ਹਾਂ। ਪੈਸੇ ਦੀ ਭੁੱਖ ਨੇ ਪਿਆਰ ਨਾਮ ਦੀ ਚੀਜ਼ ਨੂੰ ਸੱਤਵੇ ਅਕਾਸ ਚੜ੍ਹਾ ਦਿੱਤਾ ਹੈ। ਹੁਣ ਮੈਨੂੰ ਬਾਬੇ ਨਾਨਕ ਜੀ ਦੀਆਂ ਕੁੱਝ ਪੰਗਤੀਆਂ ਯਾਦ ਆ ਰਹੀਆਂ ਹਨ ਜੋ ਅੱਜ ਦੀ ਇਸ ਸਮਾਜਕ ਝਾਕੀ ਨੂੰ ਹੂ-ਬਹੂ ਬਿਆਨ ਕਰਦੀਆਂ ਹਨ। ਕਾਸ਼ ਕਿਤੇ ਗੁਰਦਵਾਰੇ ਸਾਨੂੰ ਐਸੀਆਂ ਪੰਗਤੀਆਂ ਦਾ ਪਾਠ ਪੜ੍ਹਾ ਸਮਝਾ ਕੇ ਬੰਦੇ ਬਣਾਉਣ ਦਾ ਕੰਮ ਕਰਦੇ ਹੁੰਦੇ।
“ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”। ਪੈਸੇ ਦੀ ਖਾਤਰ ਅਸੀਂ ਹੈਵਾਨ ਬਣ ਚੁੱਕੇ ਹਾਂ। ਨਾ ਸਾਡਾ ਕੋਈ ਸਾਕ ਸੰਬੰਧੀ ਹੈ ਨਾ ਰਿਸ਼ਤੇਦਾਰ ਨਾ ਭੈਣ ਨਾ ਭਰਾ।
ਜਦੋਂ ਮੈਂ ਅੱਜ-ਕੱਲ੍ਹ ਅਖਬਾਰਾਂ ਵਿਚ ਇਹ ਪੜ੍ਹਦਾ ਹਾਂ ਕਿ ਫਲਾਣੇ ਪਿੰਡ ਜਾਂ ਸ਼ਹਿਰ ਵਿਚ ਫਲਾਣੇ ਨੇ ਆਪਣੇ ਸਕੇ ਭਰਾ ਜਾਂ ਆਪਣੇ ਬਾਪ ਨੂੰ ਗੰਡਾਸਿਆਂ ਨਾਲ ਵੱਡ ਸੁਟਿਆ ਹੈ, ਕਿਸੇ ਜਵਾਈ ਨੇ ਆਪਣੇ ਸੱਸ, ਸਹੁਰੇ ਅਤੇ ਇਕ ਸਾਲੀ ਦਾ ਕਤਲ ਕਰ ਦਿੱਤਾ ਹੈ ਤਾਂ ਮੈਨੂੰ ਹੀ ਪਤਾ ਹੈ ਕਿ ਮੇਰੇ ਦਿੱਲ ਤੇ ਕੀ ਗੁਜ਼ਰਦੀ ਹੈ। ਫਿਰ ਇਸੇ ਕਿਤਾਬ ਦੇ ਪੰਨਾ 23 ਤੇ ਪ੍ਰਿੰ. ਤੇਜਾ ਸਿੰਘ ਦੀ ਲਿਖੀ ਇਕ ਟੂਕ ਸਾਹਮਣੇ ਆਉਂਦੀ ਹੈ।“ ਮੇਰੇ ਨਾਨਕੇ ਮੋਨੇ ਸਨ। ਪਰ ਮੇਰੀ ਇਕ ਮਾਮੀ (ਦਿਵਾਨ ਦਈ) ਸਿੱਖਾਂ ਦੀ ਧੀ ਸੀ। ਉਹ ਮੈਨੂੰ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ, ਮੈਨੂੰ ਰੋਟੀ ਖੁਆਂਦੀ ਤੇ ਗਰਮ ਗਰਮ ਫੁਲਕੇ ਉਤੇ ਘਿਉ ਪਾ ਕੇ ਕਹਿੰਦੀ, “ਲੂਠਿਆ! ਛੇਤੀ ਛੇਤੀ ਖਾ ਲੈ, ਆਈ ਊ ਨਾਨੀ!” ਮੈਂ ਸੜਦੇ ਸੜਦੇ ਘਿਓ ਵਾਲੀ ਬੁਰਕੀ ਮੂੰਹ ਵਿਚ ਪਾਉਂਦਾ ਅਤੇ ਅੰਦਰ ਲੰਘਾਣ ਦੀ ਕਰਦਾ। ਮੇਰੀ ਨਾਨੀ ਮੈਥੋਂ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੱਥੇ ਹਨ ਐਸੇ ਨਾਨਕੇ?, ਕਿੱਥੇ ਹਨ ਐਸੇ ਦੋਹਤੇ? ਕਿੱਥੇ ਹਨ ਐਸੇ ਭਰਾ, ਭਰਜਾਈਆਂ ਅਤੇ ਭੈਣਾਂ? ਕਿੱਥੇ ਹਨ ਐਸੇ ਮਾਂ ਅਤੇ ਬਾਪ ਜੋ ਆਪਣੀ ਸੰਤਾਨ ਨੂੰ ਬੰਦੇ ਬਣਾਉਣ ਦੀ ਪ੍ਰੇਰਣਾ ਕਰਦੇ ਹੋਣ। ਜਦੋਂ ਮਾਂ-ਬਾਪ ਨੂੰ ਆਪ ਹੀ ਪਤਾ ਨਹੀਂ ਕਿ ਬੰਦਗੀ/ਇਨਸਾਨੀਅਤ ਕੀ ਹੈ ਤਾਂ ਉਹ ਆਪ ਆਪਣੀ ਉਲਾਦ ਨੂੰ ਕੀ ਦੱਸਣਗੇ। ਕਿਸੇ ਵਿਦਵਾਨ ਦੀ ਕਹੀ ਗੱਲ ਮੈਨੂੰ ਯਾਦ ਆਉਂਦੀ ਹੈ। ਕੋਈ ਵਿਆਹਿਆ ਹੋਇਆ ਜੋੜਾ ਕਿਸੇ ਫਕੀਰ ਕੋਲ ਗਿਆ ਅਤੇ ਉਸ ਨੂੰ ਪੁੱਛਦਾ ਹੈ ਕਿ ਅਸੀਂ ਸੰਤਾਨ ਪੈਦਾ ਕਰਨੀ ਚਾਹੁੰਦੇ ਹਾਂ। ਸਾਨੂੰ ਦੱਸੋ ਕਿ ਅਸੀਂ ਉਸ ਨੂੰ ਧਾਰਮਿਕ ਵਿਦਿਆ ਕਦੋਂ ਦੇਣੀ ਸ਼ੁਰੂ ਕਰੀਏ? ਫਕੀਰ ਜੀ ਕਹਿਣ ਲੱਗੇ, “ਭਾਈ! ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ”। ਉਹ ਜੋੜਾ ਬੜੀ ਪਰੇਸ਼ਾਨੀ ਵਿਚ ਫਸ ਗਿਆ ਕਿ ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ ਉਸ ਨੂੰ ਸਿਖਿਆ ਕਿਵੇਂ ਦਿੱਤੀ ਜਾ ਸਕਦੀ ਹੈ? ਪੁੱਛਣ ਤੇ ਫਕੀਰ ਜੀ ਨੇ ਦੱਸਿਆ ਕਿ ਭਾਈ ਜਦੋਂ ਤੁਹਾਨੂੰ ਕੁੱਛ ਆਉਂਦਾ ਹੋਊ ਤਾਂ ਹੀ ਤਾਂ ਤੁਸੀਂ ਆਪਣੇ ਬੱਚੇ ਨੂੰ ਕੁੱਝ ਦੱਸੋਗੇ। ਇਸ ਕਰਕੇ ਬੱਚਾ ਪੈਦਾ ਕਰਨ ਤੋਂ ਪਹਿਲਾਂ ਆਪ ਧਾਰਮਿਕ ਸਿਖਿਆ ਗ੍ਰਿਹਣ ਕਰੋ ਫਿਰ ਬੱਚੇ ਪੈਦਾ ਕਰਨਾ ਜੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079
ਗੁਰਬਾਣੀ ਤੋਂ ਸੱਖਣੇ ਬਾਬੇ ਇਕਬਾਲ ਸਿੰਘ ਦੇ ਮਨਘੜਤ ਗੱਪ - ਗੁਰਚਰਨ ਸਿੰਘ ਜਿਉਣਵਾਲਾ
ਅਸਲ ਵਿਚ ਰੰਗ ਦੀ ਤਾਂ ਕੋਈ ਗੱਲ ਹੀ ਨਹੀਂ। ਬਾਣੀ ਵਿਚ ਤਾਂ ਸਾਰਿਆਂ ਰੰਗਾਂ ਨੂੰ ਹੀ ਪ੍ਰਮਾਤਮਾ ਦੇ ਰੰਗ ਮੰਨਿਆ ਗਿਆ ਹੈ ਤਾਂ ਫਿਰ ਲਾਲ ਰੰਗ ਕਿਉਂ ਮਾੜਾ ਹੋਇਆ? ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਪੰਨਾ 134। ਬਾਬਿਆਂ ਦੀ ਬਿਰਤੀ ਨੂੰ ਸਮਝਣ ਲਈ ਸਾਨੂੰ ਥੋੜਾ ਇਤਹਾਸ ਨੂੰ ਫਰੋਲਣਾ ਪਏਗਾ। ਜਿਵੇਂ ਟਕਸਾਲੀਆਂ ਨੇ ਡੇਢ ਇੰਚ ਦਾ ਚੌੜਾ ਗਾਤਰਾ ਅਤੇ ਛਿਕੂ ਜਿਹਾ ਬਣਾ ਕੇ ਗੋਲ ਪੱਗ ਬੰਨੀ ਤੇ ਟਕੇਸਾਲੀ ਬਣ ਗਏ, ਕੰਨਾਂ ਵਿਚੋਂ ਮੈਲ ਕੱਢਣ ਵਾਲਿਆਂ ਵਰਗੀ ਪੱਗ ਬੰਨੀ ਤੇ ਰਾਮ ਸਿੰਘ ਕੂਕੇ ਦੇ ਚੇਲੇ ਨਾਮਧਾਰੀਏ ਬਣ ਗਏ ਇਵੇਂ ਹੀ ਸਰਬ ਲੋਹ ਦੇ ਬਰਤਨ ਵਰਤਣ ਲੱਗ ਪਏ ਤਾਂ ਅਖੰਡ-ਕੀਰਤਨਈਏ ਬਣ ਗਏ। ਦੇਖੋ! ਪੜਾਈ ਲਿਖਾਈ ਤੋਂ ਬਿਲਕੁਲ ਕੋਰੇ ਕਿਵੇਂ ਵੱਖਰੇ ਵੱਖਰੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਨ। ਠੀਕ ਇਸੇ ਤਰ੍ਹਾਂ ਹੀ ਇਹ ਬਾਬਾ ਜਿਹੜਾ ਆਪ ਗੁਰਮਤਿ ਤੋਂ ਕੋਰਾ ਹੈ ਬਾਕੀ ਬਚਿਆਂ ਨੂੰ ਰੰਗਾਂ ਦੀ ਮਾਰ ‘ਚ ਮਾਰ ਕੇ ਵੰਡਣ ਦਾ ਕੰਮ ਕਰ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀ ਕਿ ਮੇਰੀ ਲਾਲ ਪੱਗ ਤੇ ਕੋਈ ਇਸਤ੍ਰੀ ਮੋਹਤ ਹੋ ਸਕਦੀ ਹੈ? ਕੀ ਗੁਰੂ ਜੀ ਗੁਰਬਾਣੀ ਸਿਧਾਂਤ ਤੋਂ ਨਾਵਾਕਿਫ ਸਨ?
ਇਕਬਾਲ ਸਿੰਘ (ਬਾਬਾ), ਬਰੈਕਟ ਵਿਚ ਬਾਬਾ ਮੈਂ ਇਨ੍ਹਾਂ ਦੀ ਕਿਤਾਬ ਤੋਂ ਨਕਲ ਕੀਤਾ ਹੈ ਵੈਸੇ ਹੈ ਇਹ ਗਲਤ, ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਸ ਵਿਚ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਇਕ ਕਹਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਖ ਰਹੇ ਹਨ ਕਿ ਇਕ ਦਿਨ ਇਕ ਬੀਬੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਲਾਲ ਰੰਗ ਦੀ ਪੱਗ ਬੰਨੀ ਵੇਖ ਕੇ ਮੋਹਿਤ ਹੋ ਗਈ। ਇਸ ਕਰਕੇ ਗੁਰੂ ਜੀ ਨੇ ਉਸ ਦਿਨ ਤੋਂ ਸਿੱਖਾਂ ਨੂੰ ਲਾਲ ਰੰਗ ਦੀ ਪੱਗ ਬੰਨਣ ਦੀ ਮਨਾਹੀ ਕਰ ਦਿੱਤੀ। ਬੋਲੋ ਜੀ! ਵਾਖਰੂ । ਮੈਨੂੰ ਇੰਞ ਲੱਗਦਾ ਹੈ ਕਿ ਬਾਬਾ ਇਕਬਾਲ ਸਿੰਘ ਜੀ ਨੇ ਦਸਮ ਗ੍ਰੰਥ ਵਾਲੀ ਅਨੂਪ ਕੁਆਰਿ ਵਾਲੀ ਕਹਾਣੀ ਤੋਂ ਕੋਈ ਉਪਦੇਸ਼ ਲਿਆ ਲੱਗਦਾ ਹੈ।
ਬਾਬਾ ਜੀ ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿਚ ਕਿਹੜੇ ਰੰਗ ਨੂੰ ਪੱਕਾ ਜਾਂ ਸਦਾ ਰਹਿਣ ਵਾਲਾ ਕਿਹਾ ਗਿਆ ਹੈ ਤੇ ਕਿਹੜੇ ਰੰਗ ਨੂੰ “ਥੋੜੜਿਆ ਦਿਨ ਚਾਰਿ ਜੀਉ” ਕਿਹਾ ਗਿਆ ਹੈ। ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਪੰਨਾ 54॥ ਬਾਬਾ ਜੀ! ਮਜੀਠ ਦਾ ਰੰਗ ਪੱਕਾ ਹੁੰਦਾ ਹੈ ਤੇ ਗਾੜਾ ਲਾਲ ਅਤੇ ਇਸ ਦੇ ਉਲਟ, “ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ” ਕਸੁੰਭ ਦੇ ਫੁੱਲ ਨੂੰ ਛੇਤੀ ਖਤਮ ਹੋਣ ਵਾਲਾ ਲਿਖਿਆ ਹੈ। ਅੱਗੇ ਚੱਲ ਕੇ ਗੁਰਬਾਣੀ ਮੁਤਾਬਕ ਦੇਖਾਂਗੇ ਕੇ ਜਿਸ ਨੂੰ ਗੁਰਬਾਣੀ ਦੀ ਵੀਚਾਰਧਾਰਾ ਦਾ ਰੰਗ ਚੜ੍ਹ ਗਿਆ ਉਸ ਨੂੰ ਲਾਲੋ ਲਾਲ ਹੀ ਕਿਹਾ ਗਿਆ ਹੈ ਅਤੇ ਗੁਰਬਾਣੀ ਦੇ ਰੱਬ ਦਾ ਰੰਗ ਵੀ ਲਾਲੋ ਲਾਲ ਹੈ। ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥੧॥ {ਪੰਨਾ 786} ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਪੰਨਾ 977। ਜਿੱਥੇ ਪ੍ਰਮਾਤਮਾ ਵੱਸਦਾ ਹੈ ਉਸ ਨੂੰ ਉਹ ਆਪ ਸਵਾਰ ਲੈਂਦਾ ਹੈ। ਉਸਦਾ ਆਪਣਾ ਅਤੇ ਵਸੇਬੇ ਵਾਲੇ ਮਹਿਲ ਦਾ ਰੰਗ ਲਾਲ ਹੀ ਲਾਲ ਹੈ।
ਸਲੋਕੁ ਮਃ ੧ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ ਪੰਨਾ 1089। ਇਨ੍ਹਾਂ ਪੰਗਤੀ ਵਿਚ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਗੁਰੂ ਨਾਨਕ ਪਿਤਾ ਕਹਿੰਦੇ ਹਨ ਕਿ ‘ਸਚੁ’ ਬਨਾਰਸੀ ਦਾਸਾਂ ਵਾਂਗ ਭਗਵਾਂ ਵੀ ਨਹੀਂ ਤੇ ਨਾ ਹੀ ਉਹ ਮੈਲਾ ਅਤੇ ਨਾ ਹੀ ਕੱਚਾ ਹੁੰਦਾ ਹੈ। ਬਸ ਉਹ ਲਾਲ ਹੀ ਲਾਲ ਹੈ।
ਸਾਰਗ ਮਹਲਾ ੫ ॥ ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ {ਪੰਨਾ 1231}
ਮਨ ਨੂੰ ਮੋਹਨ ਵਾਲਾ ਮੋਹਨ/ ਗੋਪਾਲ ਤੂੰ ਲਾਲ ਹੈਂ। ਤੂੰ ਹੀ ਕੀੜੇ ਮਕੌੜਿਆਂ ਅਤੇ ਹਾਥੀਆਂ ਨੂੰ, ਪੱਥਰਾਂ ਵਿਚ ਪਏ ਜੀਵਾਂ ਜੰਤਾਂ ਨੂੰ ਅਤੇ ਬਾਕੀ ਹੋਰ ਸਾਰੇ ਜੀਵਾਂ ਨੂੰ ਪਾਲਦਾ ਹੈ॥ ਰਹਾਉ॥ ਤੂੰ ਦੂਰ ਵੀ ਨਹੀਂ ਬਿਲਕੁਲ ਸਾਥ ਹੀ ਹੈਂ, ਅਤੀ ਸੁੰਦਰ ਹੈਂ, ਤੈਨੂੰ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਕੋਈ ਜਾਤੀ ਜਾਂ ਕੁਲ ਨਹੀਂ ਪਰ ਹੈਂ ਤੂੰ ਕਿਰਪਾਲੂ।
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥ ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥{ਪੰਨਾ 1323}।
ਪ੍ਰਮਾਤਮਾ ਨੂੰ ਲਾਲਨ ਕਰਕੇ ਸੰਬੋਧਨ ਕੀਤਾ ਹੈ ਤੇ ਉਸਦਾ ਰੰਗ ਵੀ ਲਾਲ ਹੈ। ਹੁਣ ਆਪਾਂ ਆਪਣੇ ਪ੍ਰਮਾਤਮਾ ਨੂੰ ਆਪਣਾ ਮਨ ਰੰਗਣ ਵਾਸਤੇ ਦੇਣਾ ਹੈ। ਜਦੋ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ ਤਾਂ ਉਸ ਨੂੰ ਆਪਾਂ ਚੁਸਕੀਆਂ ਲੈ ਲੈ ਕੇ ਪੀ ਸਕਦੇ ਹਾਂ।
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}
ਐ ਬੰਦੇ! ਜਦੋਂ ਤੂੰ ਆਪਣੇ ਆਪੇ ਵਿਚੋਂ ਮੇਰੀ ਮੇਰੀ ਨੂੰ ਮਾਰ ਕੇ ਸੱਭ ਦਾ ਬਣ ਗਿਆ ਤਾਂ ਸਮਝ ਕੇ ਪ੍ਰਮਾਤਮਾ ਨੂੰ ਪਾਉਣ ਲਈ ਤੇਰੀ ਤਕਦੀਰ ਜਾਗ ਪਈ ਹੈ। ਜਦੋਂ ਤੇਰੇ ਵਿਚ ਇਹ ਇੱਛਾ ਪੈਦਾ ਹੋ ਗਈ ਤਾਂ ਫਿਰ ਪ੍ਰਮਾਤਮਾ ਨੇ ਤੇਰੇ ਗੁਣ ਅਤੇ ਅਗੁਣ ਨਹੀਂ ਵੀਚਾਰਨੇ ਬਸ ਸਮਝ ਕੇ ਤੇਰੀ ਬਾਂਹ ਪਕੜ ਕੇ ਠਾਕੁਰ ਨੇ ਤੈਨੂੰ ਆਪਣਾ ਬਣ ਲਿਆ ਹੈ। ਜਦੋਂ ਤੂੰ ਗੁਣਾਂ ਦਾ ਹਾਰ ਪਰੋ ਲਿਆ ਤਾਂ ਸਮਝ ਕੇ ਤੇਰੇ ਤੇ ਪ੍ਰਮਾਤਮਾ ਵਾਲਾ ਲਾਲ ਰੰਗ ਚੜ੍ਹ ਗਿਆ ਹੈ ਅਤੇ ਸਾਰਾ ਕੁਛ ਸੋਹਣਾ ਲੱਗਣ ਲੱਗ ਪਿਆ ਹੈ। ਓਹੋ ਇਸਤ੍ਰੀ ਹੀ ਸੋਹਾਗਣ ਹੈ ਜਿਸ ਨੇ ਆਪਣੇ ਪਤੀ ਪ੍ਰਮਾਤਮਾ ਨੂੰ ਮਨ ਵਿਚ ਵਸਾ ਲਿਆ ਹੈ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ {ਪੰਨਾ 767}
ਪਰ ਬਾਬਾ ਜੀ ਤੁਹਾਡੀ ਹਾਲਤ ਤਾਂ ਉਪਰ ਵਾਲੀਆਂ ਪੰਗਤੀਆ ਵਾਲੀ ਹੈ। ਤੁਸੀਂ ਆਪ ਅੰਧੇ ਹੋ ਤੇ ਅਸਲ ਰਸਤੇ ਨੂੰ ਕਿਵੇਂ ਪਛਾਂਣੋਗੇ? ਤੁਸੀਂ ਤਾਂ ਆਪ ਦਿੱਲੀ ਵਾਲੇ ਗੈਂਗ ਤੋਂ ਠੱਗੇ ਗਏ ਹੋ ਅਤੇ ਮੱਤ ਹੋਛੀ ਹੋ ਗਈ ਹੈ ਇਸ ਕਰਕੇ ਤੁਹਾਨੂੰ ਅਸਲੀ ਰਸਤੇ ਦੀ ਪਛਾਣ ਹੀ ਨਹੀਂ। ਕਿਉਂਕਿ ਤੁਹਾਡੀ ਮੱਤ ਹੀ ਅੰਨੀ ਹੋ ਗਈ ਹੈ ਇਸ ਕਰਕੇ ਨਾ ਤੁਸੀਂ ਅਸਲੀ ਰਸਤੇ ਤੇ ਤੁਰ ਸਕਦੇ ਹੋ ਤੇ ਨਾ ਹੀ ਅਸਲ ਠਿਕਾਣਾ ਪਾ ਸਕਦੇ ਹੋ। ਕਿਉਂਕਿ ਤੁਸੀਂ ਸੱਚ ਨਾਲੋ ਟੁੱਟੇ ਹੋਏ ਹੋ ਇਸ ਕਰਕੇ ਅੱਗੇ ਦੀ ਅੱਗੇ ਠੱਗੀਦੇ ਹੀ ਜਾਓਗੇ।
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ {ਪੰਨਾ 766}
ਬਾਬਾ ਜੀ ਜੇਕਰ ਤੁਸੀਂ ਆਪ ਗੁਰੂ ਵਾਲੇ ਬਣੇ ਹੋਏ ਹੁੰਦੇ ਤਾਂ ਤੁਹਾਨੂੰ ਸਰਕਾਰੇ ਦਰਬਾਰੇ { ਪਰ ਘਰ ਜਾਹੀ} ਸ਼ਿਫਰਸ਼ਾਂ ਲਾ ਕੇ ਕੰਮ ਕਰਵਾਉਣ ਦੀ ਲੋੜ ਹੀ ਨਾ ਪੈਂਦੀ। ਜਿਹੜੇ ਸੱਚ ਵਿਚ ਰੰਗੇ ਜਾਂਦੇ ਹਨ ਉਹ ਕਿਸੇ ਹੋਰ ਰੰਗ ਵਿਚ ਰੰਗੇ ਜਾਣ ਤੋਂ ਸੰਗਦੇ ਹਨ। ਮਤਲਬ ਕਿਸੇ ਹੋਰ ਦੇ ਨੇੜੇ ਵੀ ਨਹੀਂ ਜਾਂਦੇ।
ਪੰਜਾਬੀ ਭਰਾਵੋ! ਇਹ ਨਾ ਸੋਚੋ ਕਿ ਇਹ ਚਿੱਟ-ਕਪੜੀਏ ਤੁਹਾਡਾ ਕੁੱਝ ਸਵਾਰਨਗੇ। ਇਹ ਲੋਕ ਤਾਂ ਨਿਰੇ ਕੂੜ-ਕਪਟ ਨਾਲ ਭਰੇ ਹੋਏ ਸੁਧੇ ਠੱਗ ਹਨ। ਬਸ ਬਾਬਾ ਫਰੀਦ ਜੀ ਫਰਮਾਉਂਦੇ ਹਨ “ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ {ਪੰਨਾ 1382}” ਆਪਾਂ ਆਪਣਾ ਆਪ ਸਵਾਰ ਲਈਏ ਤਾਂ ਸਮਝੋ ਰੱਬ ਪਾ ਲਿਆ ਹੈ ਤੇ ਸਾਰਾ ਸੰਸਾਰ ਵੀ ਤੁਹਾਡਾ ਆਪਣਾ ਹੋ ਗਿਆ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# 647 966 3132, 810 449 1079
ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਸਵੇਰੇ ਆਖਰ ਓਹ ਘੜੀ ਆ ਹੀ ਗਈ ਜਦੋਂ ਇਸ ਮਨੁੱਖੀ ਮਸ਼ੀਨਰੀ ਨੇ ਰੁਕ ਹੀ ਜਾਣਾ ਹੁੰਦਾ ਹੈ। ਤਕਰੀਬਨ 98 ਸਾਲ ਦੀ ਲੰਬੀ ਉਮਰ ਭੋਗ ਕੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਆਪਣੀਆਂ ਬੇਸ਼-ਕੀਮਤੀ ਕਿਤਾਬਾਂ, ਜਿਨ੍ਹਾ ਦੀ ਗਿਣਤੀ 13 ਹੈ, ਸਿੱਖ ਕੌਮ ਦੇ ਪੱਲੇ ਪਾ ਨਾਮਣਾ ਖੱਟ ਗਏ। ਮਾਰਚ 2018 ਵਿਚ ਗੁਰਬਖਸ਼ ਸਿੰਘ ਜੀ ਨਾਲ ਆਖਰੀ ਮੁਲਾਕਾਤ ਹੋਈ ਤੇ ਉਨ੍ਹਾ ਇਤਰਾਜ਼ ਜਤਾਇਆ ਕਿ ਮੈਂ ਜਲਦੀ ਜਲਦੀ ਮਿਲਣ ਕਿਉਂ ਨਹੀਂ ਆਉਂਦਾ। 97 ਸਾਲ ਦੀ ਉਮਰ ਵਿਚ ਵੀ ਉਨ੍ਹਾ ਨੂੰ ਸੱਭ ਕੁੱਝ ਯਾਦ ਸੀ ਕਿ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਣਾਉਣ ਅਤੇ ਸਿੱਖੀ ਦੇ ਪ੍ਰਚਾਰ ਵਿਚ ਜੁਟ ਜਾਣ ਦੀਆ ਗੱਲਾਂ ਜਾਂ ਸਕੀਮਾਂ ਅਸੀਂ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਦੇ ਰੋਜ਼ਵਿਲ ਗੁਰਦਵਾਰੇ ਵਿਚ ਬਣਾਈਆਂ ਅਤੇ ਸਿਰੇ ਚਾੜੀਆਂ। ਉਹ ਇਹ ਸੁਣ ਕੇ ਬਹੁਤ ਹੀ ਖੁਸ਼ ਹੋਏ ਕਿ ਹੁਣ ਤਕ ਸਿੰਘ ਸਭਾ ਨੇ ਦਸਮ ਗ੍ਰੰਥ ਬਾਰੇ ਸਿੱਖ ਜਨਤਾ ਨੂੰ ਸੁਚੇਤ ਕਰਨ ਲਈ 58 ਹਜ਼ਾਰ ਮੈਗਜ਼ੀਨ, 50 ਹਜ਼ਾਰ ਅਖਬਾਰ ਪੰਜਾਬੀ ਵਿਚ ਅਤੇ 50 ਹਜ਼ਾਰ ਹਿੰਦੀ ਵਿਚ ਛਾਪ ਕੇ ਵੰਡਿਆ ਹੈ। ਜਦੋਂ ਮੈਂ ਛਾਪਾਈ ਦਾ ਸਾਰਾ ਹਾਲ ਬਿਆਨ ਕੀਤਾ ਕਿ ਵੱਖਰੇ ਵੱਖਰੇ ਮਜ਼ਬੂਨ ਲੈ ਕੇ ਹੁਣ ਤਕ ਸਿੰਘ ਸਭਾ ਤਕਰੀਬਨ ਸੱਤ ਲੱਖ ਅਖਬਾਰ/ਮੈਗਜ਼ੀਨ ਅਤੇ ਪੰਜ ਲੱਖ ਡੀ.ਵੀ.ਡੀ.& ਸੀਡੀਜ਼ ਵੰਡ ਚੁੱਕੀ ਹੈ ਤਾਂ ਮੰਜੇ ਵਿਚ ਲੰਮੇ ਪਏ ਸਿਰਦਾਰ ਜੀ ਨੂੰ ਇਤਨਾ ਜੋਸ਼ ਅਇਆ ਕਿ ਇਕ ਦਮ ਖੜਾ ਹੋ ਕੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਗਦ-ਗਦ ਹੋ ਗਏ। ਕਹਿਣ ਲੱਗੇ ਕਿ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸੱਚ ਉਜਾਗਰ ਹੋ ਕੇ ਹੀ ਰਹੇਗਾ। ਸਿੱਖੀ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ 1872 ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਸੌੜ ਵਾਲੇ ਪੰਚ ਖਾਲਸਾ ਦੀਵਾਨ ਵਾਲਿਆਂ ਅਤੇ ਹੋਰ ਗੁਰਮੁੱਖ ਪਿਆਰਿਆਂ ਨੇ ਤਨ ਦੇਹੀ ਨਾਲ ਜ਼ੋਰ ਲਾ ਕੇ ਪੁਜਾਰੀ ਜਮਾਤ ਦੇ ਸਿੱਖੀ ਵਿਚ ਪਾਏ ਹੋਏ ਢੇਰ ਸਾਰੇ ਗੰਦ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। 1962 ਵਿਚ ਮਿਸ਼ਨਰੀ ਕਾਲਜ਼ ਖੁਲਣੇ ਸੁਰੂ ਹੋਏ ਤੇ ਉਸ ਚਲਾਈ ਹੋਈ ਲਹਿਰ ਨੂੰ ਹੋਰ ਹੁੰਘਾਰਾ ਮਿਲਿਆ ਅਤੇ ਹੁਣ ਪੰਜਾਬ ਦੇ ਲੱਗ-ਭਗ 110 ਪਿੰਡਾਂ ਵਿਚ ਪ੍ਰਚਾਰ ਸੈਂਟਰ ਖੁਲ੍ਹ ਚੁੱਕੇ ਹਨ। ਇਹ ਸਾਰਾ ਹਾਲ ਸੁਣ ਕੇ ਬੁੱਢੇ ਸ਼ੇਰ ਦੀਆਂ ਗੱਲਾਂ ਤੇ ਲਾਲੀ ਚਮਕਣ ਲੱਗ ਪਈ ਅਤੇ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਅਵਾਜਾ ਮਾਰਿਆ ਕਿ ਇਨ੍ਹਾ ਸਿੱਖਾਂ ਵਾਸਤੇ ਚਾਹ-ਪਾਣੀ ਅਤੇ ਬਰਫੀ ਲੈ ਕੇ ਆਓ।
ਪ੍ਰੋ. ਗੁਰਮੁਖ ਸਿੰਘ ਕਲਕੱਤੇ ਤੋਂ ਖਾਲਸਾ ਕਾਲਜ਼ ਵਾਸਤੇ ਉਗਰਾਹੀ ਕਰਕੇ ਜਦੋਂ ਵਾਪਸ ਆਉਂਦੇ ਅੰਬਾਲੇ ਸਟੇਸ਼ਨ ਤੇ ਉਤਰੇ ਤਾਂ ਹਮ ਖਿਆਲੀ ਸੱਜਣਾਂ ਨੇ ਉਨ੍ਹਾਂ ਨੂੰ ਅਖਬਾਰ ਦਾ ਪਹਿਲਾ ਪੰਨਾ ਦਿਖਾਇਆ ਕਿ ਤੁਹਾਨੂੰ ਤਾਂ ਪੁਜਾਰੀਆਂ ਨੇ ਪੰਥ ਵਿਚੋਂ ਛੇਕ ਦਿਤਾ ਹੈ। ਪ੍ਰੋ. ਗੁਰਮੁੱਖ ਸਿੰਘ ਜੀ ਹੋਰਾਂ ਦਾ ਜਵਾਬ ਸੀ ਕਿ ਉਹ ਆਪਣਾ ਕੰਮ ਕਰੀ ਜਾਣ ਤੇ ਮੈਂ ਆਪਣਾ ਕਰੀ ਜਾਣਾ ਹੈ। ਇਨ੍ਹਾ ਪੁਜਾਰੀਆਂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤਕ ਕਿਸੇ ਸੂਝਵਾਨ ਸਿੱਖ ਨੂੰ ਮੋਢੀਆਂ ਦੇ ਰੂਪ ਵਿਚ ਅੱਗੇ ਨਹੀਂ ਆਉਣ ਦਿੱਤਾ ਗਿਆ। ਜਿਸ ਕਰਕੇ ਸਿੱਖ ਧਰਮ ਅੱਜ ‘ਤੇਜ-ਧਾਰਕ ਨਾ ਹੋ ਕੇ ਤੇਜ-ਪੂਜਕ’ ਬਣਾ ਦਿੱਤਾ ਗਿਆ ਹੈ। ਪੁਜਾਰੀਆਂ ਨੂੰ ਫਿਰ ਥੁੱਕ ਕੇ ਚੱਟਣਾ ਪਿਆ ਤੇ ਪ੍ਰੋ. ਗੁਰਮੁੱਖ ਸਿੰਘ ਜੀ ਨੂੰ 108 ਸਾਲਾਂ ਬਾਅਦ ਫਿਰ ਆਪਣੇ ਪੰਥ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਗਲਤੀ ਵੀ ਮੰਨ ਲਈ ਗਈ। ਇਹ ਕੰਮ ਤਾਂ ਕਰਿਸਚੀਅਨ ਕੌਮ ਦਾ ਪੋਪ ਵੀ ਕਰਦਾ ਹੈ ਤਾਂ ਫਿਰ ਤੁਸੀਂ ਕਿਹੜੇ ‘ਨਿਰਮਲ ਪੰਥ’ ਦੇ ਪੋਪ ਹੋ? ਓ ਪੁਜਾਰੀਓ! ਤੁਸੀਂ ਮਰ ਚੁੱਕੇ ਇਨਸਾਨ ਦਾ ਆਪਣੇ ਪੰਥ ਵਿਚ ਕੀ ਸ਼ਾਮਲ ਕਰ ਰਹੇ ਹੋ। ਤੁਹਾਨੂੰ ਪਤਾ ਨਹੀਂ ਕਿ ਜਿਉਂਦੇ ਜੀਅ ਉਸ ਇਨਸਾਨ ਨਾਲ ਕੀ ਵਾਪਰੀ ਹੋਵੇਗੀ ਜਦੋਂ ਤੁਸੀਂ ਆਪਣਾ ਫਤਵਾ ਸੁਣਾਇਆ ਸੀ? ਤੁਸੀਂ ਅੱਜ ਸਪੁਰਦ-ਏ-ਖਾਕ ਦਾ ਸਨਮਾਨ ਕਰਕੇ ਸਗੋਂ ਉਸ ਇਨਸਾਨ ਦਾ ਨਿਰਾਦਰ ਕਰ ਰਹੇ ਹੋ। ਵਕਤ ਆਉਣ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਵੀ ਇਹ ਕੁੱਝ ਹੋਵੇਗਾ।
2003 ‘ਚ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਪਹਿਲੀ ਵਾਰ ਚਾਰ ਪੰਜ ਦਿਨ ਲਗਾਤਾਰ ਵੀਚਾਰ ਵਿਟਾਂਦਰਾ ਕਰਨ ਦਾ ਮੌਕਾ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੇ ਰੋਜ਼ਵਿਲ ਗੁਰਦਵਾਰੇ ਵਿਚ ਮਿਲਿਆ। ਇਸ ਤੋਂ ਸਾਲ ਜਾਂ ਦੋ ਸਾਲ ਪਹਿਲਾਂ ਉਨ੍ਹਾਂ ਦੀਆਂ ਪਹਿਲੀਆਂ ਦੋ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਚੁਕਿਆ ਸੀ ਜਿਸ ਕਰਕੇ ਮੈਂ ਉਨ੍ਹਾਂ ਦੇ ਵੀਚਾਰਾਂ ਤੋਂ ਜਾਣੂ ਸਾਂ। ਜਾਣ-ਪਹਿਚਾਣ ਦੀ ਹੀ ਦੇਰ ਸੀ ਕਿ ਗੁਰਬਖਸ਼ ਸਿੰਘ ਜੀ ਹੋਰਾਂ ਨਾਲ ਵੈਨਕੂਵਰ ਵਿਚ ਫੂਨ ਤੇ ਹਰ ਰੋਜ਼ ਗੱਲਬਾਤ ਹੋਣੀ ਸ਼ੁਰੂ ਹੋ ਗਈ। ਇਸੇ ਮਿਲਣੀ ਵਿਚ ਹੀ ਡਾ. ਮੱਖਣ ਸਿੰਘ, ਚਮਕੌਰ ਸਿੰਘ ਫਰਿਜ਼ਨੋ, ਸਿਰਦਾਰ ਅਵਤਾਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ ਸੈਕਰਾਮਿੰਟੋ, ਅਤੇ ਡਾ. ਮੋਹਨ ਸਿੰਘ ਸਰਾਂ ਅਤੇ ਇਕ ਸਰਕਾਰੀ ਡਾ. ਸੁਰਜੀਤ ਸਿੰਘ ਜੋ ਆਪ ਕੈਮਿਸਟਰੀ ਦੀ ਪੀ.ਐਚ.ਡੀ ਹੋਣ ਦੇ ਬਾਵਜੂਦ ਵੀ ਨਿਅਗਰਾਫਾਲ ਗੁਰਦਵਾਰੇ ਦੀ ਸਟੇਜ਼ ਤੋਂ ਇਹ ਪ੍ਰਚਾਰ ਕਰਦਾ ਸੀ, “ ਇਕ ਮਦਾਰੀ ਜੀਸਿਸ ਦੇ ਬੁਤ ਅੱਗੇ ਆਪਣੇ ਕਰਤਵ ਦਿਖਾ ਰਿਹਾ ਸੀ ਅਤੇ ਮਾਤਾ ਮਰੀਅਮ ਦੇ ਬੁਤ ਨੂੰ ਪਸੀਨਾ ਆ ਗਿਆ ” ਨਾਲ ਜਾਣ-ਪਹਿਚਾਣ ਹੋਈ।
ਸਿਰਦਾਰ ਗੁਰਬਖਸ਼ ਸਿੰਘ ਦੀ ਬੇਬਾਕ ਲਿਖਤ ਦੀਆਂ ਧੁੰਮਾਂ ਹਾਲੇ ਪੈਣੀਆਂ ਹੀ ਸ਼ੁਰੂ ਹੋਈਆਂ ਸਨ ਕਿ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਾਲਾ ਅਫਗਾਨਾ ਜੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ। ਪੰਥ ਚੋਂ ਛੇਕੇ ਜਾਣ ਦਾ ਅਸਲ ਕਾਰਣ ਸੀ ਟਕੇਸਾਲੀ ਜੋਗਿਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਪਟਿਆਲਾ ਵਾਲਿਆਂ ਵਲੋਂ ਪੁਨਰ-ਸੰਪਾਦਨ ਕੀਤੀ ਗਈ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਲੋਂ ਟੀਕਾ-ਟਿਪਣੀ ਕਰਕੇ ਆਪਣੀ ਕਿਤਾਬ ਰਾਹੀਂ ਸਚਾਈ ਲੋਕਾਂ ਦੇ ਸਾਹਮਣੇ ਲਿਆਉਣੀ। ਜਿਸ ਕਰਕੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਪੁਨਰ ਸੰਪਾਦਨ ਕੀਤੀ ਕਿਤਾਬ ਦੀ ਸ਼੍ਰੋ. ਕਮੇਟੀ ਵਲੋਂ ਵਿਕਰੀ ਤੇ ਪਾਬੰਦੀ ਲਗਾਈ ਗਈ ਪਰ ਝੱਟ ਹੀ ਪਹਿਲੇ ਪੰਨੇ ਨੂੰ ਬਦਲ ਕੇ ਇਹੋ ਕਿਤਾਬ ਮਾਰਕਿਟ ਵਿਚ ਫਿਰ ਉਪਲੱਬਧ ਕਰਵਾ ਦਿੱਤੀ ਗਈ। ਡਾ. ਅਮਰਜੀਤ ਸਿੰਘ ਤੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਕਿਤਾਬ ਲਿਖਣ ਬਦਲੇ ਛੇ ਨੋਜ਼ਲਾਂ ਵਾਲਾ ਇਕ ਪੰਪ ਪਟਿਆਲੇ ਵਿਚ ਦਿੱਤਾ ਗਿਆ ਸੀ।
2004 ਦੀ ਗੱਲ ਹੈ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਸਬਜ਼ੀਆਂ ਦੇ ਜੂਸ ਪੀ ਕੇ ਹੀ ਆਪਣਾ ਜੀਵਨ ਨਿਰਬਾਹ ਕਰ ਰਹੇ ਸਨ। ਗੁਰਿੰਦਰ ਸਿੰਘ ਬਰਾੜ, ਵਾਟਰਲੂ, ਓਨਟੈਰੀਓ, ਕੈਨੇਡਾ ਵਾਲਿਆਂ ਵਲੋਂ ਹਵਾਈ ਟਿਕਟਾਂ ਭੇਜ ਕੇ ਕਾਲਾ ਅਫਗਾਨਾ ਜੀ ਦੀ ਦੋ ਕੁ ਹਫਤੇ ਟਹਿਲ ਸੇਵਾ ਕੀਤੀ ਗਈ। ਇਕ ਦਿਨ ਮੈਨੂੰ ਫੂਨ ਆਇਆ ਕਿ ਗੁਰਬਖਸ਼ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਬਹੁਤ ਭਾਰੀ ਬਰਫਾਨੀ ਤੁਫਾਨ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਬਰੈਂਪਟਨ ਵੱਲ ਨੂੰ ਤਿਆਰ ਹੋ ਕੇ ਚੱਲ ਪਏ। ਸਿਹਤ ਪੱਖੋਂ ਉਹ ਇਤਨੇ ਕਮਜ਼ੋਰ ਸਨ ਕਿ ਰਸਤੇ ਵਿਚ ਹਾਜ਼ਤ ਹੋਣ ਕਰਕੇ ਮੈਂ ਉਨ੍ਹਾ ਨੂੰ ਗੱਡੀ ਵਿਚੋਂ ਚੱਕ ਕੇ ਉਤਾਰਿਆ, ਪਿਸ਼ਾਬ ਕਰਵਾਇਆ, ਤੇ ਫਿਰ ਆਪਣੇ ਘਰ ਵੱਲ ਚੱਲ ਪਏ। ਬਰੈਂਪਟਨ ਪਹੁੰਚਦਿਆਂ ਸਾਰ ਹੀ ਜਾਣ-ਪਹਿਚਾਣ ਵਾਲਿਆਂ ਨੂੰ ਮਿਲਣ ਲਈ ਫੂਨ ਕਰਕੇ ਸੱਦ ਲਿਆ ਗਿਆ। ਬਸ ਫਿਰ ਕੀ ਸੀ ਕਿ ਦੋ ਘੰਟਿਆਂ ਦੇ ਲੰਮੇ ਸਮੇਂ ਤਕ ਸੱਜਣਾਂ ਦੇ ਸਵਾਲਾਂ ਦੇ ਉਤਰ ਦਿੰਦੇ ਰਹੇ ਅਤੇ ਅਗਲੇ ਕਈ ਦਿਨ ਮੇਰੇ ਕੋਲ ਸਿਰਦਾਰ ਕਾਲਾ ਅਫਗਾਨਾ ਜੀ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਹ ਹਨ ਨਿਸ਼ਾਨੀਆਂ ਕਿਸੇ ਦੇ ਦਿਲੋਂ ਸਿੱਖ ਹੋਣ ਦੀਆਂ। ਸਾਡਾ ਮਾੜਾ ਜਿਹਾ ਸਿਰ ਵੀ ਦੁੱਖਦਾ ਹੋਵੇ ਤਾਂ ਅਸੀਂ ਸਾਰੀਆਂ ਮਿਲਣੀਆਂ ਕੈਂਸਲ ਕਰਕੇ ਅਰਾਮ ਨਾਲ ਬਿਸਤਰ ਵਿਚ ਲੇਟੇ ਰਹਿੰਦੇ ਹਾਂ ਸਗੋਂ ਰੈਡੀਓ ਵਾਲਿਆਂ ਨੂੰ ਫੂਨ ਕਰਕੇ ਦੱਸਦੇ ਹਾਂ ਕਿ ਅੱਜ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਮੇਰਾ ਸਿਰ ਦੁਖਦਾ ਹੈ।
ਵੈਨਕੂਵਰ ਵਿਚ ਰਹਿੰਦਿਆਂ ਇਨ੍ਹਾਂ ਦੇ ਦੋਸਤ ਅਮਰਜੀਤ ਸਿੰਘ ਖੋਸਾ ਹੋਰਾਂ ਵੀ ਇਨ੍ਹਾ ਨੂੰ ਡਰਾਇਆ ਧਮਕਾਇਆ ਕਿ ਤੁਸੀਂ ਦਸਮ ਗ੍ਰੰਥ ਦੇ ਵਿਰੁਧ ਨਾ ਬੋਲੋ, ਨਾ ਲਿਖੋ। ਪਰ ਸ਼ੇਰ ਦਿਲ ਗੁਰਬਖਸ਼ ਸਿੰਘ ਨੇ ਆਪਣੀ ਦੋਸਤੀ ਨੂੰ ਪਾਸੇ ਕਰਕੇ ‘ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਬਚਿੱਤ੍ਰ ਨਾਟਕ ਗੁਰਬਾਣੀ ਦੀ ਕਸਵੱਟੀ ਤੇ’ ਲਿਖ ਕੇ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ/ ਆਤਮ ਕਥਾ ਸਵੀਕਾਰੀ ਬੈਠੇ ਹਾਂ, ਸੱਚ ਦਾ ਸੱਚ, ਝੂਠ ਦਾ ਝੂਠ ਤੇ ਪਾਣੀ ਦਾ ਪਾਣੀ ਨਿਤਾਰ ਕੇ ਲੋਕਾਂ ਨੂੰ ਸਚਾਈ ਨਾਲ ਜੁੜਨ ਦਾ ਉਪਦੇਸ਼ ਦੇਣ ਲਈ ਉਪਰ ਵਰਣਤ ਕਿਤਾਬ ਛਾਪ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਾਲਾ ਅਫਗਾਨਾ ਜੀ ਕਿਨ੍ਹੇ ਦਰਿੜ ਇਰਾਦੇ ਅਤੇ ਵਿਸ਼ਵਾਸ਼ ਦੇ ਪੱਕੇ ਸਨ। 2014 ਵਿਚ ਸਿਰਦਾਰ ਗੁਰਬਖਸ਼ ਸਿੰਘ ਜੀ ਨੂੰ ਸਿੰਘ ਸਭਾ ਵਲੋਂ ਗੋਲਡ ਮੈਡਲ ਨਾਲ ਸਨਮਾਨਿਆ ਗਿਆ ਪਰ ਉਹ ਸਟੇਜ਼ ਤੇ ਦੋ ਅੱਖਰ ਵੀ ਨਾ ਬੋਲ ਸਕੇ। ਇਸੇ ਸਾਲ ਉਹ ਗੁਸਲਖਾਨੇ ਵਿਚ ਡਿੱਗ ਕੇ ਦਿਮਾਗੀ ਸੰਤੁਲਨ ਗਵਾ ਚੁੱਕੇ ਸਨ। ਕਦੇ ਉਹ ਚੰਗੀ ਹਾਲਤ ਵਿਚ ਹੁੰਦੇ ਤਾਂ ਸਾਰਾ ਕੁੱਝ ਯਾਦ ਨਹੀਂ ਤਾਂ ਯਾਦ ਸ਼ਕਤੀ ਗੁੰਮ।
2017 ਦੀਆਂ ਗਰਮੀਆਂ ਦੀ ਗੱਲ ਹੈ ਕਿ ਟਕੇਸਾਲੀਆਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਕਰਕੇ ਕਾਲਾ ਅਫਗਾਨਾ ਦੇ ਜ਼ਬਾਨ ਵਿਚ ਕੀੜੇ ਪੈ ਗਏ ਹਨ। ਜੋ ਸੱਚ ਨਹੀਂ ਸੀ। ਹੁਣ ਗੁਰਬਖਸ਼ ਸਿੰਘ ਜੀ ਆਪਣੇ ਪ੍ਰੀਵਾਰ ਨਾਲ ਬਰੈਂਪਟਨ ਵਿਚ ਹੀ ਰਹਿੰਦੇ ਸਨ ਤੇ ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆ ਕੇ ਵੀਡੀਓ ਰੀਕਾਰਡਿੰਗ ਕਰਕੇ ਯੂ ਟਿਊਬ ਤੇ ਪਾ ਕੇ ਇਹ ਸਿੱਧ ਕੀਤਾ ਕਿ ਸਿਰਦਾਰ ਗੁਰਬਖਸ਼ ਸਿੰਘ ਜੀ ਹੋਰੀਂ 96-97 ਸਾਲ ਦੀ ਉਮਰ ਵਿਚ ਵੀ ਬਿਲਕੁੱਲ ਨੌਂਬਰ ਨੌਂ ਹਨ ਸਗੋਂ ਤੁਹਾਡਾ ਸੱਤ ਵਿਸ਼ੇਸ਼ਣਾਂ ਵਾਲਾ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਗੁਰਬਚਨ ਸਿੰਘ ਭਿੰਡਰਾਂ ਵਾਲਾ (ਅਖਾੜੇ ਵਾਲਾ) ਪੰਦਰਾਂ ਸਾਲ ਅੰਗਰੇਜੀ ਦਵਾਈਆਂ ਖਾ ਕੇ ਜਿਉਂਦਾ ਰਿਹਾ ਅਤੇ ਦਸਮ ਗ੍ਰੰਥ ਪੱਖੀ ਰਾਤ ਨੂੰ ਹਰਟ ਅਟੈਕ ਨਾਲ ਮਰਿਆ ਸੀ ਜਿਹੜਾ ਆਪਣੀ ਉਮਰ ਦੇ ਸੱਤਰ ਸਾਲ ਵੀ ਪੂਰੇ ਨਹੀਂ ਕਰ ਸਕਿਆ। ਚਲੋ ਜਿਉਣਾ ਮਰਨਾ ਤਾਂ ਆਪਣੇ ਵੱਸ ਵਿਚ ਨਹੀਂ ਪਰ ਸਿਧਾਂਤ ਪੱਖੋਂ ਤਾਂ ਮਾਰ ਨਾ ਖਾਈਏ। ਅਖਵਾਉਣਾ ਸੰਤ ਤੇ ਕਰਨਾ ਲੋਕਾਂ ਦਾ ਭਗਵਾਂਕਰਨ। ਇਹ ਗੱਲ ਜੱਚਦੀ ਨਹੀਂ।
ਯਾਦਾਂ ਤਾਂ ਬਹੁਤ ਹਨ ਪਰ ਬਹੁਤਾ ਲੰਮਾ ਲੇਖ ਪੜ੍ਹਨ ਵਾਲਿਆਂ ਵਾਸਤੇ ਦਿਲਚਸਪ ਨਹੀਂ ਰਹਿੰਦਾ। ਇਸ ਕਰਕੇ ਯਾਦਾਂ ਦੀ ਪਟਾਰੀ ਇੱਥੇ ਹੀ ਬੰਦ ਕਰਦਾ ਹਾਂ।
ਸਲੋਕ ਡਖਣੇ ਮਃ ੫ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ {ਪੰਨਾ 1102}। ਸਿਰਦਾਰ ਗੁਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਆਪਣੇ ਗੁਣਾਂ ਨੂੰ ਸੱਜਣ ਬਣਾਇਆ ਅਤੇ ਆਪਣੀਆਂ ਕਿਤਾਬਾਂ ਦੇ ਰੂਪ ਵਿਚ ਹਮੇਸ਼ਾ ਵਾਸਤੇ ਸਿੱਖ ਕੌਮ ਨਾਲ ਸਾਂਝ ਪਾ ਗਏ। ਹਰ ਇਨਸਾਨ ਵਿਚ ਗੁਣ ਅਤੇ ਅੳਗੁਣ ਹੁੰਦੇ ਹਨ। ਪਰ ਜੋ ਵੀ ਆਦਮੀ ਆਪਣੇ ਅੳਗੁਣਾਂ ਨੂੰ ਪਰੇ ਰੱਖ ਕੇ ਆਪਣੇ ਗੁਣਾਂ ਦੀ ਸਾਂਝ ਆਪਣੀ ਕੌਮ ਨਾਲ ਕਰਦੇ ਹਨ ਉਹ ਸਲਾਹੁਤਾ ਦੇ ਹੱਕਦਾਰ ਹਨ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079