Ujagar Singh

ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ 'ਸ਼ੀਸ਼ੇ ਦੇ ਅੱਖਰ' ਲੋਕਾਈ ਦੇ ਦਰਦ ਦੀ ਦਾਸਤਾਂ - ਉਜਾਗਰ ਸਿੰਘ

ਹਰਦਮ ਮਾਨ ਦਾ 'ਸ਼ੀਸ਼ੇ ਦੇ ਅੱਖਰ' ਦੂਜਾ ਗ਼ਜ਼ਲ ਸੰਗ੍ਰਹਿ ਅਤੇ ਤੀਜੀ ਪੁਸਤਕ ਹੈ। ਮੁੱਢਲੇ ਤੌਰ 'ਤੇ ਹਰਦਮ ਮਾਨ ਗ਼ਜ਼ਲਕਾਰ ਹੈ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ ਭਾਲ ਵਿੱਚ' 2013 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਦੀ ਵਾਰਤਕ ਦੀ ਸੰਪਾਦਿਤ  'ਪ੍ਰੋ.ਰੁਪਿੰਦਰ ਮਾਨ : ਜੀਵਨ ਅਤੇ ਚੋਣਵੀਂ ਰਚਨਾ' ਪੁਸਤਕ ਹੈ। ਪਹਿਲਾ ਗ਼ਜ਼ਲ ਸੰਗ੍ਰਹਿ ਪੰਜਾਬ ਵਿੱਚ ਰਹਿੰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਸੀ। 'ਸ਼ੀਸ਼ੇ ਦੇ ਅੱਖਰ' ਗ਼ਜ਼ਲ ਸੰਗ੍ਰਹਿ ਉਸਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ 9 ਸਾਲ ਦੇ ਪ੍ਰਵਾਸ ਦੇ ਤਜ਼ਰਬਿਆਂ ਅਤੇ ਪੰਜਾਬ ਦੀ ਤ੍ਰਾਸਦੀ ਦਾ ਪੁਲੰਦਾ ਹੈ। ਇਹ ਗ਼ਜ਼ਲ ਸੰਗ੍ਰਹਿ ਪ੍ਰਵਾਸ ਵਿੱਚ ਵਸ ਰਹੇ ਪੰਜਾਬੀਆਂ ਦੇ ਮਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਪੰਜਾਬ ਦੇ ਹੇਰਵੇ ਦੀ ਦਾਸਤਾਂ ਹੈ। ਗ਼ਜ਼ਲਕਾਰ ਭਾਵੇਂ ਕੈਨੇਡਾ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈ ਪ੍ਰੰਤੂ ਪੰਜਾਬ ਨਾਲ ਉਹ ਬਾਵਾਸਤਾ ਹੈ ਕਿਉਂਕਿ ਉਸ ਦੀਆਂ ਪ੍ਰਵਾਸ ਦੀ ਬਾਤ ਪਾਉਂਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਹਿਕ ਬਰਕਰਾਰ ਹੈ। ਬਹੁਤੀਆਂ ਗ਼ਜ਼ਲਾਂ ਪੰਜਾਬ ਦੀ ਦੁਖਦੀ ਰਗ ਦੀ ਤਰਜਮਾਨੀ ਕਰਦੀਆਂ ਹਨ। ਗ਼ਜ਼ਲਾਂ ਦੇ ਹਰ ਸ਼ੇਅਰ ਵਿੱਚ ਇਕ ਮੁਕੰਮਲ ਵਿਸ਼ਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹਰਦਮ ਮਾਨ ਦੀ ਹਰੇਕ ਗ਼ਜ਼ਲ ਵਿੱਚ ਵੀ ਜਿਤਨੇ ਸ਼ਿਅਰ ਉਤਨੇ ਹੀ ਵਿਸ਼ੇ ਹੁੰਦੇ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਪ੍ਰਵਾਸੀ ਜੀਵਨ ਦੇ ਝਮੇਲੇ, ਮਸਲੇ, ਸਮੱਸਿਆਵਾਂ ਅਤੇ ਪ੍ਰਾਪਤੀਆਂ ਨੂੰ ਵਿਸ਼ੇ ਬਣਾਇਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਵਿੱਚ ਲੋਕਾਈ ਦੇ ਦਰਦ ਦੀ ਚੀਸ ਵਿਖਾਈ ਦਿੰਦੀ ਹੈ। ਮਾਨਵਤਾ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਦੁੱਖ-ਦਰਦ ਅਤੇ ਉਨ੍ਹਾਂ ਦੇ ਮਨਾਂ ਵਿੱਚ ਉਠਦੇ ਵਲਵਲਿਆਂ ਦੀ ਉਥਲ ਪੁਥਲ ਥਾਂ-ਪਰ-ਥਾਂ ਵਿਖਾਈ ਦਿੰਦੀ ਹੈ। ਪ੍ਰਵਾਸ ਦੀ ਜ਼ਿੰਦਗੀ ਦੀਆਂ ਤਸਵੀਰਾਂ ਸ਼ਬਦਾਂ ਰਾਹੀਂ ਖਿਚਕੇ ਮਨੁੱਖੀ ਮਨਾ ਦੇ ਚਿਤਰਪੱਟ ਤੇ ਪਹੁੰਚਾ ਕੇ ਪ੍ਰਵਾਸ ਦੀ ਜ਼ਿੰਦਗੀ ਦੇ ਦਰਸ਼ਨ ਕਰਵਾ ਦਿੱਤੇ ਹਨ। ਪ੍ਰਵਾਸ ਵਿਚ ਹਰ ਇਨਸਾਨ ਆਪੋ ਆਪਣੇ ਕੰਮਾ ਕਾਰਾਂ ਵਿੱਚ ਰੁਝਿਆ ਰਹਿਣ ਕਰਕੇ ਸੁੰਨ ਸਾਨ ਚੁਰੱਸਤੇ ਖ਼ੌਫ ਦਾ ਮਾਹੌਲ ਪੈਦਾ ਕਰਦੇ ਹਨ। ਇਨਸਾਨ ਦਾ ਆਪਣੇ ਕਾਰੋਬਾਰ ਵਿੱਚ ਮਸ਼ਰੂਫ਼ ਰਹਿਣ ਬਾਰੇ ਵੀ ਦਰਸਾਇਆ ਗਿਆ ਹੈ। ਬਾਜ਼ਾਰਾਂ ਦੀ ਭੀੜ ਦੀ ਚੁੱਪ ਦੀ ਚੀਸ, ਪੰਜਾਬ ਦੀ ਯਾਦ ਦੇ ਤੂਫ਼ਾਨ, ਧੀਆਂ ਦੇ ਦੁਖੜੇ ਅਤੇ ਥੱਕ ਟੁੱਟ ਕੇ ਰੋਜ਼ੀ ਰੋਟੀ ਕਮਾਉਣ ਤੋਂ ਬਾਅਦ ਘਰ ਮੁੜਨ ਦੀ ਤ੍ਰਾਸਦੀ ਗ਼ਜ਼ਲਾਂ ਨੂੰ ਰਹੱਸਮਈ ਬਣਾਉਂਦੀ ਹੈ। ਪੱਥਰਾਂ ਦੇ ਉਕਰੇ ਸ਼ਬਦਾਂ ਦੀ ਥਾਂ ਹੁਣ ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਹੋਂਦ ਦੇ ਝਉਲੇ ਨੂੰ ਵੇਖਣ ਜੋਗਾ ਰਹਿ ਗਿਆ ਹੈ। ਸਾਰੀ ਦਿਹਾੜੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਵੀ ਘਰ ਬਣਾਉਣ ਦੇ ਲਾਲੇ ਪਏ ਰਹਿੰਦੇ ਹਨ। ਏਥੇ ਮਾਨਸਿਕ ਪਿਆਸ ਅਧੂਰੀ ਰਹਿੰਦੀ ਹੈ। ਸਾਰਾ ਸਮਾਂ ਕੰਮ ਹੀ ਕੰਮ ਕਰੋ ਅਤੇ ਪੈਸੇ ਕਮਾਓ ਪ੍ਰੰਤੂ ਹੋਰ ਕਮਾਉਣ ਅਤੇ ਕਾਰੋਬਾਰ ਵਧਾਉਣ ਤੇ ਹੋਰ ਵਸੀਲੇ ਪੈਦਾ ਕਰਨ ਦੀ ਤਮਾ ਫਿਰ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ।
ਪੰਜਾਬ ਵਿੱਚ ਤੂਫ਼ਾਨਾ ਦਾ ਮੁਕਾਬਲਾ ਕਰਨਾ ਸੌਖਾ ਹੈ ਪ੍ਰੰਤੂ ਘਰਾਂ ਦਾ ਕਲੇਸ਼ ਇਨਸਾਨ ਨੂੰ ਝੰਬ ਕੇ ਰੱਖ ਦਿੰਦਾ ਹੈ। ਘੁਮੰਡ ਕਰਕੇ ਇਨਸਾਨ ਆਪਣੇ ਭਾਰ ਨਾਲ ਹੀ ਗਿਰ ਜਾਂਦਾ ਹੈ। ਇਸ ਮੰਤਵ ਲਈ ਹਿੰਮਤ, ਮਿਹਨਤ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਮਨ ਸਥਿਰ ਨਹੀਂ ਰਹਿੰਦਾ ਕਿਉਂਕਿ ਹੇਰਾ ਫੇਰੀ ਵਾਲਾ ਇਨਸਾਨ ਹੀ ਸਫਲਤਾ ਪ੍ਰਾਪਤ ਕਰਦਾ ਹੈ। ਇਨਸਾਨ ਦੀਆਂ ਪ੍ਰਾਪਤੀਆਂ ਦੇ ਮਹਿਲ ਮੁਨਾਰੇ ਤਾਂ ਵਿਖਾਈ ਦਿੰਦੇ ਹਨ ਪ੍ਰੰਤੂ ਜਿਹੜਾ ਅੰਦਰੋਂ ਟੁੱਟਦਾ ਹੈ, ਉਹ ਬਾਹਰ ਨਹੀਂ ਵਿਖਾਈ ਦਿੰਦਾ। ਹਾਸਿਆਂ ਨਾਲ ਦਰਦਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਦਾ ਹੈ। ਨਰਤਕੀਆਂ ਦੀ ਬੇਬਸੀ ਘੁੰਗਰੂਆਂ ਦੇ ਸ਼ੋਰ ਵਿੱਚ ਸੁਣਾਈ ਨਹੀਂ ਦਿੰਦੀ। ਇਨਸਾਨ ਅੰਦਰੋ ਅੰਦਰੀ ਧੁਖੀ ਜਾਂਦਾ ਹੈ। ਇਨਸਾਨ ਦਾ ਸਫਲਤਾ ਪ੍ਰਾਪਤੀ ਲਈ ਚੇਤੰਨ ਹੋਣਾ ਜ਼ਰੂਰੀ ਹੈ। ਜਦੋਂ ਜ਼ੁਲਮ ਹੱਦਾਂ ਟੱਪ ਜਾਂਦਾ ਹੈ ਤਾਂ ਉਸਦਾ ਮੁਕਾਬਲਾ ਕਰਨਾ ਜ਼ਰੂਰੀ ਹੈ। ਬਦਲਾਖ਼ੋਰੀ ਅਤੇ ਘਿਰਣਾ ਹਰ ਘਰ ਵਿੱਚ ਪਹੁੰਚ ਗਈ ਹੈ। ਮਾਨਵਤਾ ਦਾ ਕਲਿਆਣ ਹੋਣਾ ਅਸੰਭਵ ਜਾਪਦਾ ਹੈ। ਆਦਮੀ ਨੂੰ ਸਮਾਜ ਵਿੱਚ ਰੁਤਬਾ ਵੱਧਣ ਨਾਲ ਤਸੱਲੀ ਹੁੰਦੀ ਹੈ ਪ੍ਰੰਤੂ ਜਦੋਂ ਆਪਣੀਆਂ ਨਜ਼ਰਾਂ ਵਿੱਚੋਂ ਗਿਰ ਗਿਆ ਫਿਰ ਉਹ ਖ਼ਤਮ ਹੋ ਜਾਵੇਗਾ। ਇਨਸਾਨੀਅਤ ਦਾ ਮਦਦਗਾਰ ਬਣਨਾ ਸਮੇਂ ਦੀ ਲੋੜ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਭਾਵੇਂ ਵਿਸ਼ੇ ਦਾ ਦੁਹਰਾਓ ਹੈ ਪ੍ਰੰਤੂ ਇਹ ਦੁਹਰਾਓ ਗ਼ਜ਼ਲਗੋ ਦੀ ਲੋਕਾਈ ਪ੍ਰਤੀ ਸੰਜੀਦਗੀ ਦਾ ਪ੍ਰਤੀਕ ਹੈ। ਮੁਸ਼ਕਲਾਂ ਦਾ ਅਧਮੋਇਆ ਮਨੁੱਖ ਆਸ ਦੀ ਕਿਰਨ ਦੇ ਕੰਧਾੜੇ ਚੜ੍ਹਿਆ ਹੋਇਆ ਹੈ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਤਬਦੀਲੀ ਦਾ ਸੰਕੇਤ ਹੁੰਦੇ ਹਨ। ਪ੍ਰੰਤੂ ਹਓਮੈ ਦਾ ਕਿਲਾ ਇਕ ਨਾ ਇਕ ਦਿਨ ਢਹਿ ਹੀ ਜਾਂਦਾ ਹੈ।  ਲੋਕ ਬੇਸਬਰੇ ਹੋ ਕੇ ਜ਼ਿਆਦਤੀਆਂ ਕਰ ਰਹੇ ਹਨ। ਮਰਿਆਦਾ ਵਿੱਚ ਰਹਿਣ ਨਾਲ ਹੀ ਸਮਾਜ ਵਿੱਚ ਸਹਿਚਾਰ ਵਧੇਗਾ। ਸੱਚੇ ਸੁੱਚੇ ਲੋਕ ਅਖ਼ੀਰ ਜਿੱਤ ਪ੍ਰਾਪਤ ਕਰਦੇ ਹਨ। ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਗੁਨਾਹਾਂ ਨੂੰ ਮਿਲਦੀ ਸਜਾ ਦਾ ਖ਼ਾਤਮਾ ਕਰਨ ਲਈ ਸਮਾਜ ਨੂੰ ਏਕੇ ਦਾ ਸਬੂਤ ਦਿੰਦਿਆਂ ਲਾਮਬੰਦ ਹੋਣਾ ਪਵੇਗਾ। ਇਹ ਸਾਰਾ ਕੁਝ ਹਰਦਮ ਮਾਨ ਦੀਆਂ ਗ਼ਜ਼ਲਾਂ ਕਹਿ ਰਹੀਆਂ ਹਨ। ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਆਪਸੀ ਪਿਆਰ, ਸਹਿਯੋਗ, ਸ਼ਹਿਨਸ਼ੀਲਤਾ ਦਾ ਪੱਲਾ ਫੜਨ, ਗਿਆਨ ਲੈਣ, ਕੁਦਰਤ ਦੇ ਕਹਿਰ ਸਮੇਂ ਹਿੰਮਤ ਨਾ ਹਾਰਨ ਦੀ ਤਾਕੀਦ ਕਰਦਾ ਹੈ। ਕਿਸੇ ਵੀ ਸਮੱਸਿਆ ਸਮੇਂ ਤੁਰੰਤ ਫ਼ੈਸਲਾ ਕਰਕੇ ਉਸ 'ਤੇ ਕਾਬੂ ਪਾ ਸਕਦੇ ਹੋ। ਮਨੁੱਖ ਨੂੰ ਸਮਾਜ ਦੀ ਪਛਾਣ ਕਰਕੇ ਵਿਚਰਨਾ ਚਾਹੀਦਾ ਹੈ। ਹਰਦਮ ਮਾਨ ਇਨਸਾਨ ਨੂੰ ਆਪਣੀ ਸਫਲਤਾ ਲਈ ਆਪਣੀ ਸੋਚ ਦੀ ਵਰਤੋਂ ਕਰਕੇ ਰਸਤਾ ਅਪਨਾਉਣਾ ਦੀ ਤਾਕੀਦਾ ਹੈ। ਉਹ ਲਿਖਦਾ ਹੈ-
ਬੇਸ਼ਕ ਹੁਣ ਤੱਕ ਪੂਰੇ ਚੰਨ ਦੇ ਨਾਲ ਰਿਹਾ ਹਾਂ।
ਫਿਰ ਵੀ ਆਪਣਾ ਵੱਖਰਾ ਦੀਵਾ ਬਾਲ ਰਿਹਾ ਹਾਂ।
ਫ਼ਸਲੀ ਬਟੇਰਿਆਂ ਅਤੇ ਸਿਆਸਤਦਾਨਾ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਚਾਲਾਕ ਸਿਆਸਤਦਾਨ ਸਾਧਾਰਨ ਲੋਕਾਂ ਨੂੰ ਰਿਸ਼ਤਿਆਂ, ਧਰਮਾਂ, ਜ਼ਾਤ ਪਾਤ, ਰੋਜ਼ਗਾਰ ਅਤੇ ਕੁੱਲੀ ਗੁੱਲੀ ਦੇ ਮਕੜਜਾਲ ਵਿੱਚ ਫਸਾਕੇ ਵੋਟਾਂ ਵਟੋਰਦਾ ਹੈ। ਲੋਕ ਭੋਲੇ ਭਾਲੇ ਹਨ ਜੋ ਵਾਅਦਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਲੋਕਾਈ ਰੂਹਾਂ ਦੀ ਥਾਂ ਜਿਸਮਾ ਦੀ ਖਿੱਚ ਕਰਕੇ ਗ਼ਲਤ ਰਸਤੇ ਪੈ ਰਹੀ ਹੈ। ਸਿਆਸਤਦਾਨਾ ਤੋਂ ਆਸ ਸੀ ਕਿ ਕੁਝ ਸੰਵਾਰਨਗੇ ਪ੍ਰੰਤੂ ਅਜੇ ਤਾਂ ਸੂਰਜ ਕਲ੍ਹ ਵਰਗਾ ਹੀ ਹੈ, ਭਾਵ ਕੋਈ ਤਬਦੀਲੀ ਆਉਣ ਦੀ ਉਮੀਦ ਨਹੀਂ ਹੈ। ਅਜੇ ਵੀ ਚਾਰੇ ਪਾਸੇ ਹਨ੍ਹੇਰਾ ਹੈ। ਆਪਣਾ ਬਣਾਕੇ ਲੋਕ ਮਾਰਦੇ ਹਨ। ਦੋਹਰੇ ਕਿਰਦਾਰ ਵਾਲੇ ਲੋਕਾਂ ਤੋਂ ਬਚਕੇ ਰਹੋ। ਦੋਸਤਾਂ ਨਾਲ ਵਿਸ਼ਵਾਸਘਾਤ ਨਾ ਕਰੋ। ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰਾ ਦੋਸਤ ਮੇਰੀ ਮੁਖ਼ਾਲਫ਼ਤ ਕਰੇਗਾ।  ਇਨਸਾਨ ਆਪਣੀ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਫਿਰ ਬਚਣਾ ਹੀ ਕੀ ਹੈ?
ਸਾਡੇ ਦਿਲ ਵਿੱਚ ਦਰਦ ਬੜੇ ਨੇ, ਲੋਕੀਂ ਪਰ ਬੇ-ਦਰਦ ਬੜੇ ਨੇ।
ਪਿਆਰ-ਮੁਹੱਬਤ ਦਾ ਨਿੱਘ ਕਿੱਥੇ, ਹਉਕੇ ਸਾਡੇ ਸਰਦ ਬੜੇ ਨੇ।
ਲੂਣ ਲਗਾ ਕੇ ਜ਼ਖ਼ਮ ਪਲੋਸਣ, ਸਾਡੇ ਤਾਂ ਹਮਦਰਦ ਬੜੇ ਨੇ।
ਹਾਸਿਆਂ ਨੂੰ ਹੌਕਿਆਂ ਦੀ ਹਿੱਕ ਉੱਤੇ ਧਰ ਲਿਆ,
ਮੈਂ ਵੀ ਹੁਣ ਜ਼ਿੰਦਗੀ ਨੂੰ ਜਿਓਣ ਜੋਗੀ ਕਰ ਲਿਆ।
ਮੈਂ ਤਾਂ ਇਹਦੇ ਨਾਲ ਵੀ ਕਰਦਾ ਰਿਹਾਂ ਹਰਦਮ ਕਲੋਲ,
ਦਰਦ ਦੇ ਕੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲਿਆ।
ਗ਼ਜ਼ਲਗੋ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ ਪ੍ਰੰਤੂ ਕੁਝ ਗ਼ਜ਼ਲਾਂ ਪਿਆਰ ਮੁਹੱਬਤ ਨਾਲ ਸੰਬੰਧਤ ਵੀ ਹਨ।  ਵੈਸੇ ਸਮਾਜ ਵਿੱਚ ਗ਼ਰੀਬ ਅਮੀਰ ਦਾ ਪਾੜਾ, ਜ਼ਿੰਦਗੀ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਫ਼ਰੇਬ, ਧੋਖ਼ੇ ਅਤੇ ਸਮਾਜਿਕ  ਬਰਾਬਰਤਾ ਦੀ ਅਣਹੋਂਦ ਦੀ ਝਲਕ ਆਉਂਦੀ ਹੈ। ਜ਼ਿੰਦਗੀ ਨੂੰ ਕੰਡਿਆਂ ਦੀ ਸੇਜ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਈ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਸੁਪਨੇ ਵੀ ਵੇਖਣੇ ਚਾਹੀਦੇ ਹਨ। ਅਰਥਾਤ ਨਿਸ਼ਾਨੇ ਨਿਸਚਤ ਕਰਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਇਨਸਾਨ ਵਿੱਚੋਂ ਮੁਹੱਬਤ ਪੰਖ ਲਾ ਕੇ ਉਡ ਗਈ ਹੈ। ਲੋਕ ਖ਼ੁਦਗਰਜ਼ ਹੋ ਗਏ ਹਨ। ਚਾਰੇ ਪਾਸੇ ਅੰਧਕਾਰ ਹੈ। ਧੋਖੇਬਾਜਾਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜੰਗਲ ਜ਼ਰੂਰੀ ਹਨ। ਜੰਗਲਾਂ ਨੂੰ ਵੱਢ ਕੇ ਖ਼ਤਮ ਕੀਤਾ ਜਾ ਰਿਹਾ ਹੈ। ਅੱਗਾਂ ਲਗਾ ਕੇ ਪੌਣਾਂ ਦੂਸ਼ਿਤ ਕੀਤੀਆਂ ਜਾ ਰਹੀਆਂ ਹਨ। ਇਕ ਗ਼ਜ਼ਲ ਵਿੱਚ ਗ਼ਜ਼ਲਗੋ ਲਿਖਦੈ-
ਵਗਦੀਆਂ ਪੌਣਾਂ ਨੂੰ ਹੋਈ ਕੈਦ ਤੇ ਅੱਗਾਂ ਬਰੀ,
ਫ਼ੈਸਲੇ ਹੁਣ ਇਸ ਤਰ੍ਹਾਂ ਏਥੇ ਸੁਣਾਏ ਜਾਣਗੇ।
ਕੀ ਪਤਾ ਕਿੰਨੇ ਵਸੇਬੇ ਜਾਣਗੇ ਉੱਜੜ ਉਦੋਂ,
ਬਸਤੀਆਂ ਖ਼ਾਤਰ ਜਦੋਂ ਜੰਗਲ ਕਟਾਏ ਜਾਣਗੇ।
ਸਮਾਜ ਨੇ ਵੰਡੀਆਂ ਪਾ ਲਈਆਂ ਹਨ, ਉਹ ਪੰਛੀਆਂ ਤੋਂ ਵੀ ਸਿੱਖਣ ਨੂੰ ਤਿਆਰ ਨਹੀਂ। ਇਨਸਾਨ ਮਸ਼ੀਨ ਬਣ ਗਿਆ ਹੈ, ਇਥੋਂ ਤੱਕ ਕਿ ਉਸਦਾ ਵਿਵਹਾਰ ਵੀ ਮਸ਼ੀਨੀ ਹੀ ਹੋ ਗਿਆ ਹੈ। ਪ੍ਰਵਾਸ ਵਿੱਚ ਗਏ ਪੰਜਾਬੀਆਂ ਦੇ ਪੰਜਾਬ ਨਾਲ ਲਗਾਓ ਬਾਰੇ ਹਰਦਮ ਮਾਨ ਲਿਖਦਾ ਹੈ ਕਿ-
ਯਾਦਾਂ ਦੀ ਧਰਤੀ ਨੇ ਤਾਂ ਹੁਣ ਸੜਦੇ ਹੀ ਰਹਿਣਾ,
ਡਾਲਰ ਦੇ ਜੰਗਲ 'ਚੋਂ ਕਿੱਥੋਂ ਛਾਵਾਂ ਲੱਭਦੇ ਨੇ।
ਸੜਕਾਂ ਉਤੇ ਤੁਰਦੇ ਤੁਰਦੇ ਪੈਰ ਗੁਆਚ ਗਏ,
ਮਖ਼ਮਲ ਵਰਗੀ ਰੇਤ ਵਾਲੀਆਂ ਰਾਹਵਾਂ ਲੱਭਦੇ ਨੇ।
ਹਾਲੇ ਵੀ ਇਸ ਸ਼ਹਿਰ 'ਚ ਵਸਦੇ ਭੋਲੇ ਲੋਕ ਬੜੇ।
ਜੋ ਗਲਵੱਕੜੀ ਪਾਉਣ ਵਾਸਤੇ ਬਾਹਵਾਂ ਲੱਭਦੇ ਨੇ।
ਯਾਦ ਰੱਖ ਓਨੇ ਹੀ ਕੰਡੇ ਪੈਣਗੇ ਚੁਗਣੇ ਕਦੇ,
ਤੇਰਿਆਂ ਰਾਹਾਂ 'ਚ ਜਿੰਨੇ ਫੁੱਲ ਵਿਛਾਏ ਜਾਣਗੇ।
ਪ੍ਰਦੇਸਾਂ ਵਿੱਚ ਵਸ ਰਹੇ ਪੰਜਾਬੀ ਭਾਵੇਂ ਸਰੀਰਕ ਤੌਰ 'ਤੇ ਉਥੇ ਵਸ ਰਹੇ ਹਨ ਪ੍ਰੰਤੂ ਉਨ੍ਹਾਂ ਦੀਆਂ ਰੂਹਾਂ ਅਜੇ ਵੀ ਪੰਜਾਬ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ, ਜਿਸ ਬਾਰੇ ਇਕ ਹੋਰ ਗ਼ਜ਼ਲ ਵਿੱਚ ਹਰਦਮ ਮਾਨ ਲਿਖਦਾ ਹੈ-
ਮਹਿਲ ਵਿੱਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿੱਚ,
ਹੋ ਰਿਹਾ ਸੁਪਨੇ 'ਚ ਸੀ ਕੱਚੇ ਘਰਾਂ ਦੇ ਰੂਬਰੂ।
ਡਾਲਰ ਦੇ ਸਾਗਰਾਂ ਵਿੱਚ ਰੂਹਾਂ ਪਿਆਸੀਆਂ ਨੇ,
ਯਾਦਾਂ ਦੇ ਟਿੱਬਿਆਂ 'ਚੋਂ ਲੱਭਦੀ ਨਾ ਢਾਬ ਯਾਰੋ।
ਰੱਖਦੇ ਨੇ ਪੌਂਡ, ਡਾਲਰ ਜੁੱਤੀ ਦੀ ਨੋਕ ਉੱਤੇ,
ਵਿਰਲੇ ਨੇ 'ਮਾਨ' ਵਰਗੇ ਦਿਲ ਦੇ ਨਵਾਬ ਯਾਰੋ।
ਜਦੋਂ ਬੱਚੇ ਪ੍ਰਵਾਸ ਵਿੱਚ ਚਲੇ ਜਾਂਦੇ ਹਨ ਤਾਂ ਮਾਪੇ ਬੱਚਿਆਂ ਨੂੰ ਮਿਲਣ ਨੂੰ ਤਰਸਦੇ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਮਾਪਿਆਂ ਦੇ ਵਿਛੋੜੇ ਬਾਰੇ ਸ਼ਾਇਰ ਲਿਖਦਾ ਹੈ-
ਪਿਆਰ-ਮੁਹੱਬਤ, ਰਿਸ਼ਤੇ-ਨਾਤੇ, ਪੈਸਾ ਧੇਲਾ 'ਮਾਨ',
ਸਿਵਿਆਂ ਦੇ ਵਿੱਚ ਲੱਭਦੇ ਲੋਕੀਂ, ਰਾਖ ਫਰੋਲ ਰਹੇ।
ਵਿਰਾਸਤ ਦੀ ਹੂਕ ਦਿਲ ਵਿੱਚ ਕਹਿਰ ਮਚਾ ਦਿੰਦੀ ਹੈ। ਪ੍ਰਦੇਸਾਂ ਵਿੱਚ ਬੇੈਠੇ ਆਪਣੇ ਪਿੰਡ ਦੀ ਸੈਰ ਕਰ ਆਉਂਦੇ ਲੋਕਾਂ ਬਾਰੇ ਹਰਦਮ ਮਾਨ ਲਿਖਦੇ ਹਨ-
ਮਹਾਂਦੀਪਾਂ ਤੋਂ ਹੋ ਕੇ ਪਾਰ ਵਿੱਛੜ ਕੇ ਜੜ੍ਹਾਂ ਨਾਲੋਂ,
ਸਫ਼ਰ ਅੰਦਰ ਉਹ ਪਹਿਲੇ ਮੀਲ-ਪੱਥਰ ਯਾਦ ਆਉਂਦੇ ਨੇ।
ਨਹਾਉਣਾ ਛੱਪੜਾਂ ਵਿੱਚ ਗਾਰ ਮਲਣੀ ਪਿੰਡਿਆਂ ਉੱਤੇ,
ਚਰਾਂਦਾਂ ਖੁੱਲ੍ਹੀਆਂ ਵਿੱਚ ਮਾਲ ਡੰਗਰ ਯਾਦ ਆਉਂਦੇ ਨੇ।
ਕਦੇ ਗੰਨੇ, ਕਦੇ ਛੱਲੀਆਂ, ਕਦੇ ਤਰਬੂਜ ਚੋਰੀ ਦੇ,
ਕਦੇ ਪੈਂਦੇ ਸੀ ਜੋ ਬਾਪੂ ਦੇ ਛਿੱਤਰ ਯਾਦ ਆਉਂਦੇ ਨੇ।
ਹਰਦਮ ਮਾਨ ਦੀਆਂ ਗ਼ਜ਼ਲਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਵਾਲੀਆਂ ਹਨ। ਭਵਿਖ ਵਿੱਚ ਇਸ ਸ਼ਾਇਰ ਤੋਂ ਹੋਰ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ। 76 ਪੰਨਿਆਂ, 59 ਗ਼ਜ਼ਲਾਂ ਅਤੇ 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
ਮੋਬਾਈਲ-94178 13072   
ujagarsingh48@yahoo.com

13 ਅਗਸਤ ਨੂੰ ਬਰਸੀ 'ਤੇ ਵਿਸ਼ੇਸ਼ : ਸਿੱਖ ਪੰਥ ਦੇ ਮਾਰਗ ਦਰਸ਼ਕ : ਸਿਰਦਾਰ ਕਪੂਰ ਸਿੰਘ - ਉਜਾਗਰ ਸਿੰਘ

ਸਿੱਖ ਧਰਮ ਦੇ ਵਿਦਵਾਨਾ ਅਤੇ ਬੁੱਧੀਜੀਵੀਆਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ, ਸਿੱਖ ਧਰਮ ਦੇ ਅਨੁਆਈਆਂ ਨੂੰ ਰੌਸ਼ਨੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੀ ਵਿਦਵਤਾ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਦੀ ਪ੍ਰਵਿਰਤੀ ਦਾ ਸੰਸਾਰ ਵਿੱਚ ਕੋਈ ਵੀ ਸਾਨੀ ਨਹੀਂ ਪੈਦਾ ਹੋ ਸਕਿਆ। ਵਿਦਵਾਨਾ ਅਤੇ ਸਿਆਸਤਦਾਨਾ ਦੇ ਉਹ ਮਾਰਗ ਦਰਸ਼ਕ ਹਨ ਕਿਉਂਕਿ ਉਹ ਹਵਾਈ ਗੱਲਾਂ ਦੀ ਥਾਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੇ ਮੁੱਦਈ ਸਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਵਿਲੱਖਣ ਧਰਮ ਹੈ। ਇਹ ਸੰਸਾਰ ਦਾ ਇਕੋ ਇਕ ਅਜਿਹਾ ਧਰਮ ਹੈ, ਜਿਹੜਾ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵੇਂ ਹੋਰ ਵੀ ਧਰਮ ਇਨਸਾਨੀਅਤ ਦੀ ਗੱਲ ਕਰਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਧਰਮ ਮਾਨਵਤਾ ਦੇ ਹਿੱਤਾਂ ਤੇ ਪਹਿਰਾ ਦੇਣ, ਸਰਬਸਾਂਝੀਵਾਲਤਾ, ਬਰਾਬਰੀ, ਨਿਆਏ, ਜਾਤ ਪਾਤ ਦਾ ਖੰਡਨ ਅਤੇ ਇਸਤਰੀ ਜਾਤੀ ਨੂੰ ਬਰਾਬਰ ਦੇ ਅਧਿਕਾਰ ਅਤੇ ਗਊ ਗ਼ਰੀਬ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ। ਸਿੱਖ ਧਰਮ ਦੇ ਪਵਿਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਜਾਤੀ, ਵਰਗ, ਭਗਤਾਂ ਅਤੇ ਮਹਾਤਮਾਵਾਂ ਦੀ ਬਾਣੀ ਦਰਜ ਹੈ। ਸਿੱਖ ਧਰਮ ਦੀ ਵਿਚਾਰਧਾਰਾ ਇਨਸਾਨੀਅਤ ਦੀ ਵਿਚਾਰਧਾਰਾ ਹੈ। ਇਸ ਬਾਣੀ ਨੂੰ ਸਮਝਣਾ ਅਤੇ ਇਸ ਦੀ ਵਿਆਖਿਆ ਕਰਨੀ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਜਿਸ ਪੱਧਰ ਤੇ ਪਹੁੰਚਕੇ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਇਸ ਪਵਿਤਰ ਬਾਣੀ ਦੀ ਰਚਨਾ ਕੀਤੀ ਹੈ, ਇਸ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਨੂੰ ਉਸ ਪੱਧਰ ਤੇ ਪਹੁੰਚਣਾ ਪੈਂਦਾ ਹੈ। ਉਸ ਪੱਧਰ ਤੱਕ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਪੰਜਾਬ ਵਿਚ ਸਿੱਖ ਧਰਮ ਦੇ ਬਹੁਤ ਸਾਰੇ ਵਿਦਵਾਨ ਅਨੁਆਈ ਹੋਏ ਹਨ। ਉਨ੍ਹਾਂ ਸਾਰਿਆਂ ਵਿਚੋਂ ਸਰਵੋਤਮ ਪ੍ਰਬੀਨ ਵਿਦਵਾਨ ਜਿਸਨੇ ਦ੍ਰਿੜ੍ਹਤਾ, ਲਗਨ, ਦਲੇਰੀ ਅਤੇ ਸੁਜੱਗਤਾ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਅਤੇ ਉਸਦੀ ਸੋਚ ਨੂੰ ਪਹਿਚਾਣਿਆਂ ਹੈ, ਉਹ ਸਨ ਸਿਰਦਾਰ ਕਪੂਰ ਸਿੰਘ। ਸਿਰਦਾਰ ਕਪੂਰ ਸਿੰਘ ਵਿਦਵਤਾ ਅਤੇ ਮੌਲਿਕ ਬੌਧਿਕਤਾ ਦਾ ਮੁਜੱਸਮਾ ਸਨ। ਉਨ੍ਹਾਂ ਦੇ ਵਿਅਕਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾਏ ਜਾਣ ਉਤਨੇ ਹੀ ਥੋੜ੍ਹੇ ਹਨ। ਉਹ ਸਿੱਖ ਜਗਤ ਵਿਚੋਂ ਇਕੋ ਇਕ ਅਜਿਹੇ ਵਿਦਵਾਨ ਸਨ, ਜਿਨ੍ਹਾਂ ਨੂੰ 13 ਅਕਤੂਬਰ 1973 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ'' ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਿਖਜ਼ਮ'' ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਜੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਰਵੋਤਮ ਚਿੰਤਕ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਦੂਰ ਦ੍ਰਿਸ਼ਟੀ ਵਾਲੇ ਪੰਥ ਦੇ ਰੌਸ਼ਨ ਦਿਮਾਗ ਅਜ਼ੀਮ ਸ਼ਖ਼ਸ਼ੀਅਤ ਵਾਲੇ ਵਿਦਵਾਨ ਸਨ, ਜਿਹੜੇ ਜ਼ਬਰ ਜ਼ੁਲਮ, ਲੁੱਟ ਖਸੁੱਟ, ਸਮਾਜਿਕ ਕੁਰੀਤੀਆਂ, ਅਣਮਨੁੱਖੀ ਵਿਵਹਾਰ ਅਤੇ ਤਲਖ਼ ਹਕੀਕਤਾਂ ਬਾਰੇ ਬੇਬਾਕ ਹੋ ਕੇ ਦਲੇਰੀ ਨਾਲ ਲਿਖਦੇ ਸਨ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਦੇ ਅਸੂਲਾਂ ਤੇ ਪਹਿਰਾ ਦਿੱਤਾ ਭਾਵੇਂ ਉਨ੍ਹਾਂ ਨੂੰ ਇਸ ਬਦਲੇ ਕਿਤਨੀ ਵੀ ਕੁਰਬਾਨੀ ਦੇਣੀ ਪਈ। ਉਹ ਹਮੇਸ਼ਾ ਨਿੱਜੀਅਤ ਤੋਂ ਉਪਰ ਉਠਕੇ ਸਿਰਫ ਤੇ ਸਿਰਫ ਸਿੱਖੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿੰਦੇ ਸਨ। ਸਿੱਖੀ ਅਤੇ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ਨਿੱਡਰ, ਨਿਰਭੈ, ਬੇਬਾਕ, ਨਿਝੱਕ ਅਤੇ ਦਲੇਰ ਵਿਦਵਾਨ ਸਨ, ਜਿਹੜੇ ਸੱਚੀ ਗੱਲ ਕਿਸੇ ਦੇ ਵੀ ਮੂੰਹ ਤੇ ਕਹਿਣ ਦੀ ਸਮਰੱਥਾ ਰੱਖਦੇ ਸਨ।  ਉਨ੍ਹਾਂ ਦੀ ਵਿਦਵਤਾ ਸਾਹਮਣੇ ਕੋਈ ਵੀ ਵਿਦਵਾਨ ਕੁਸਕਦਾ ਨਹੀਂ ਸੀ। ਉਨ੍ਹਾਂ ਦੀ ਲਿਖਤ ਅਤੇ ਭਾਸ਼ਣ ਵਿਚ ਵਿਵੇਕੀ, ਪ੍ਰਤਿਭਾਵਾਨ ਤੇ ਪ੍ਰਭਾਵਸ਼ਾਲੀ ਪਹੁੰਚ ਹੁੰਦੀ ਸੀ। ਹਰ ਗੱਲ ਦਲੀਲ ਅਤੇ ਸਿੱਖੀ ਸੰਕਲਪ ਦੇ ਸੰਦਰਭ ਨਾਲ ਕਰਦੇ ਸਨ। ਸਿਦਕ ਅਤੇ ਸਿਰੜ੍ਹ ਦੀ ਮੂਰਤ, ਸਮਰਪਤ ਭਾਵਨਾ ਵਾਲੇ, ਸਿੱਖੀ ਵਿਚ ਪਰਪੱਕ, ਸੂਖ਼ਮ ਜ਼ਜਬੇ ਵਾਲੇ ਫ਼ਖ਼ਰੇ ਕੌਮ ਸਨ।  ਪ੍ਰਬੁੱਧ ਸਕਾਲਰ, ਨਿਆਰੀ ਵਿਚਾਰਧਾਰਾ ਦੇ ਮਾਲਕ, ਸਾਰੇ ਧਰਮਾ ਦੇ ਵਿਦਵਾਨ, ਅੱਧੀ ਦਰਜਨ ਭਾਸ਼ਾਵਾਂ ਦੇ ਗਿਆਤਾ, ਮਹਾਨ ਤਿਆਗੀ, ਸਿੱਖੀ ਦੀ ਚਾਸ਼ਣੀ ਵਿਚ ਰਸਾਏ ਹੋਏ ਅਤੇ ਸਿੱਖੀ ਦੇ ਸੰਦਰਵ ਵਿਚ ਹਰ ਪੜ੍ਹਾਈ ਅਤੇ ਲਿਖਾਈ ਕਰਨ ਵਾਲੇ ਗਿਆਨ ਦਾ ਵਗਦਾ ਦਰਿਆ ਸਨ। ਉਨ੍ਹਾਂ ਦੀ ਕਾਬਲੀਅਤ ਇਤਨੀ ਸੀ ਕਿ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਆਪਣੀ ਵਿਦਵਤਾ ਨਾਲ ਉਹ ਸਿੱਖ ਧਰਮ ਨਾਲ ਜੋੜ ਲੈਂਦੇ ਸਨ। ਇਸਦੀ ਮਿਸਾਲ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਦੋਸਤ ਆਰਟ ਕਾਲਜ ਦੇ ਪ੍ਰਿੰਸੀਪਲ ਸਰਦਾਰੀ ਲਾਲ ਪ੍ਰਾਸ਼ਰ ਨਾਲ ਸੰਬਾਦ ਕਰਕੇ ਉਸਨੂੰ ਆਪਣੀ ਈਨ ਮੰਨਵਾ ਲਈ। ਦੋਹਾਂ ਵਿਦਵਾਨਾ ਦੇ ਸੰਬਾਦ ਨੂੰ ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਭਾਸ਼ਾ  ਦੀ '' ਪ੍ਰਾਸ਼ਰ ਪ੍ਰਸ਼ਨ'' ਦੇ ਨਾਂ ਹੇਠ ਪੁਸਤਕ ਪ੍ਰਕਾਸ਼ਤ ਕਰਵਾ ਦਿੱਤੀ, ਜਿਹੜੀ ਉਨ੍ਹਾਂ ਦੀ ਸੁਜੱਗ ਵਿਦਵਤਾ ਦਾ ਵਿਲੱਖਣ ਨਮੂਨਾ ਹੈ। ਉਨ੍ਹਾਂ ਦੀ ਸੰਸਾਰ ਦੇ ਪ੍ਰਮੁੱਖ ਧਰਮਾਂ ਬਾਰੇ ਜਾਣਕਾਰੀ ਇਤਨੀ ਸੀ ਕਿ ਉਹ ਜਦੋਂ ਤੁਲਨਾਤਮਕ ਅਧਿਐਨ ਵਾਲੇ ਵਿਚਾਰ ਪ੍ਰਗਟ ਕਰਦੇ ਸਨ ਤਾਂ ਪਾਠਕ ਦੰਗ ਰਹਿ ਜਾਂਦੇ ਸਨ।  ਉਹ ਕੌਮਾਂਤਰੀ ਪ੍ਰਤਿਭਾ ਅਤੇ ਵਿਸ਼ਾਲ ਅਨੁਭਵ ਵਾਲੇ ਕਰਮਯੋਗੀ, ਯੁਗ ਪੁਰਸ਼ ਸਨ। ਉਨ੍ਹਾਂ ਲਗਪਗ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਅਤੇ ਅਨੇਕਾਂ ਖੋਜੀ ਲੇਖ ਲਿਖੇ, ਪੁਸਤਕਾਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪੁੰਦ੍ਰੀਕ, ਸਾਚੀ ਸਾਖੀ, ਬਹੁ-ਵਿਸਤਾਰ, ਸਪਤ ਸ੍ਰਿੰਗ, ਪ੍ਰਾਸ਼ਰ-ਪ੍ਰਸ਼ਨ, (ਵੈਸਾਖੀ ਆਫ਼ ਗੁਰੂ ਗੋਬਿੰਦ ਸਿੰਘ, ਦੀ ਪੋਲੀਟੀਕਲ ਸਟੱਡੀ ਆਫ਼ ਗੋਲਡਨ ਟੈਂਪਲ) ਪੰਚਨਦ, ਹਸ਼ੀਸ਼ ਅਤੇ ਕਿਸਾ ਬੀਬੀ ਰੂਪ ਕੌਰ ਹਨ।
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕੀਤੀ ਜਿਥੇ ਮਾਸਟਰ ਤਾਰਾ ਸਿੰਘ ਹੈਡਮਾਸਟਰ ਸਨ। ਦਸਵੀਂ ਵਿਚੋਂ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਏ। ਫਿਰ ਉਨ੍ਹਾਂ ਨੂੰ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਪਹਿਲਾਂ ਐਫ.ਏ.ਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਜਿਥੋਂ ਉਨ੍ਹਾਂ ਨੇ ਦੋਹਰੀ ਐਮ.ਏ.1933 ਵਿਚ ਫਿਲਾਸਫੀ ਅਤੇ ਮਾਰਲ ਸਾਇੰਸਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਲੈਕਚਰਾਰ ਦੀ ਆਫਰ ਕੀਤੀ ਸੀ ਪ੍ਰੰਤੂ ਉਨ੍ਹਾਂ ਨੇ ਵਾਪਸ ਭਾਰਤ ਆ ਕੇ ਸੇਵਾ ਕਰਨ ਨੂੰ ਪਹਿਲ ਦਿੱਤੀ। ਉਥੇ ਰਹਿੰਦਿਆਂ ਹੀ ਉਹ 1933 ਵਿਚ ਆਈ.ਸੀ.ਐਸ.ਲਈ ਚੁਣੇ ਗਏ। ਵਾਪਸ ਆ ਕੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ। ਜਦੋਂ ਉਹ ਡਿਪਟੀ ਕਮਿਸ਼ਨਰ ਸਨ ਤਾਂ ਇਕ ਸਰਕਾਰੀ ਗੁਪਤ ਪੱਤਰ ਉਦੋਂ ਦੇ ਪੰਜਾਬ ਦੇ ਰਾਜਪਾਲ ਚੰਦੂ ਲਾਲ ਤ੍ਰਿਵੇਦੀ ਵੱਲੋਂ ਆ ਗਿਆ, ਜਿਸ ਵਿਚ ਲਿਖਿਆ ਗਿਆ ਸੀ ਕਿ ਸਿੱਖਾਂ ਤੇ ਨਜ਼ਰ ਰੱਖੀ ਜਾਵੇ ਕਿਉਂਕਿ ਉਹ ਜ਼ਰਾਇਮ ਪੇਸ਼ਾ ਕੌਮ ਹਨ। ਇਸ ਪੱਤਰ ਨੇ ਉਨ੍ਹਾਂ ਦੀਆਂ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਤੁਰੰਤ ਉਨ੍ਹਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਦਿੱਤੀ ਕਿ ਜ਼ਰਾਇਮ ਪੇਸ਼ਾ ਸ਼ਬਦ ਗੁਪਤ ਪੱਤਰ ਵਿਚੋਂ ਕੱਢਿਆ ਜਾਵੇ। ਸਰਕਾਰ ਨੇ ਉਨ੍ਹਾਂ ਦੇ ਇਸ ਪੱਤਰ ਨੂੰ ਸਰਕਾਰ ਦੇ ਭੇਦ ਗੁਪਤ ਨਾ ਰੱਖਣ ਦਾ ਬਹਾਨਾ ਬਣਾਕੇ ਉਨ੍ਹਾਂ ਨੂੰ ਆਈ.ਸੀ.ਐਸ.ਦੀ ਨੌਕਰੀ ਵਿਚੋਂ 2 ਸਤੰਬਰ 1950 ਨੂੰ ਬਰਖ਼ਾਸਤ ਕਰ ਦਿੱਤਾ।
ਸਿਰਦਾਰ ਕਪੂਰ ਸਿੰਘ ਨੂੰ ਅਕਾਲੀ ਦਲ ਨੇ 1962 ਵਿਚ ਲੋਕ ਸਭਾ ਦਾ ਲੁਧਿਆਣਾ ਤੋਂ ਟਿਕਟ ਦਿੱਤਾ ਅਤੇ ਉਹ ਚੋਣ ਜਿੱਤ ਗਏ। ਲੋਕ ਸਭਾ ਵਿਚ ਉਨ੍ਹਾਂ ਦੀ 6 ਸਤੰਬਰ 1966 ਨੂੰ ਦਿੱਤੀ ਤਕਰੀਰ ਮੀਲ ਪੱਥਰ ਸਾਬਤ ਹੋਈ, ਜਿਸ ਵਿਚ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਅਏ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਸੀ। ਫਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਹਲਕੇ ਤੋਂ ਟਿਕਟ ਦਿੱਤੀ ਅਤੇ ਉਹ ਵਿਧਾਨਕਾਰ ਚੁਣੇ ਗਏ।  ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਵਿਦਵਤਾ ਦੀ ਕਦਰ ਤਾਂ ਕਰਦਾ ਰਿਹਾ ਪ੍ਰੰਤੂ ਅਕਾਲੀ ਲੀਡਰਸ਼ਿਪ ਉਨ੍ਹਾਂ ਤੋਂ ਖ਼ਾਰ ਖਾਂਦੀ ਰਹੀ ਤਾਂ ਜੋ ਉਹ ਸਥਾਪਤ ਅਕਾਲੀ ਨੇਤਾਵਾਂ ਤੋਂ ਅੱਗੇ ਨਾ ਨਿਕਲ ਜਾਣ । ਇਸ ਲਈ ਉਨ੍ਹਾਂ ਨੂੰ ਕਦੀਂ ਮੰਤਰੀ ਨਾ ਬਣਾਇਆ। ਸਿਰਦਾਰ ਕਪੂਰ ਸਿੰਘ ਰਾਜਨੀਤੀ ਕੁਰਸੀ ਲਈ ਨਹੀਂ ਸਗੋਂ ਸਿੱਖ ਧਰਮ ਦੀ ਪ੍ਰਫੁਲਤਾ ਲਈ ਕਰਦੇ ਸਨ। ਜਦੋਂ ਉਨ੍ਹਾਂ ਚੋਣਾਂ ਲੜੀਆਂ ਤਾਂ ਉਹ ਚੋਣਾਂ ਦੀ ਹਰ ਮੀਟਿੰਗ ਅਤੇ ਜਲਸੇ ਵਿਚ ਸਾਫ ਕਹਿ ਦਿੰਦੇ ਸਨ ਕਿ 'ਹੁੱਕੀ ਤੇ ਸਿਗਰਟ ਬੀੜੀ ਪੀਣ ਵਾਲਾ, ਜ਼ਰਦਾ ਪਾਨ ਖਾਣ ਵਾਲਾ, ਸਿਰ ਉਤੋਂ ਕੇਸ ਕਟਵਾਉਣ ਵਾਲਾ ਸਿੱਖ ਮੈਨੂੰ ਵੋਟ ਨਾ ਪਾਵੇ। ਮੈਨੂੰ ਅਜਿਹੇ ਪਤਿਤ ਸਿੱਖ ਦੀ ਵੋਟ ਨਹੀਂ ਚਾਹੀਦੀ'। ਉਨ੍ਹਾਂ ਦੀ ਸਾਫਗੋਈ ਸਿੱਖੀ ਦਾ ਅਨਿਖੜਵਾਂ ਅੰਗ ਸੀ। ਕੋਈ ਗੱਲ ਲੁਕੋਂਦੇ ਨਹੀਂ ਸਨ। ਉਨ੍ਹਾਂ ਦਾ ਹਰ ਵਰਤਾਰਾ ਗੁਰਵਾਕ ਦੀ ਕਸਵੱਟੀ ਤੇ ਪਰਖਕੇ ਹੁੰਦਾ ਸੀ। ' ਉਹ ਅਕਾਲੀਆਂ ਬਾਰੇ ਕਹਿੰਦੇ ਸਨ ਕਿ ਉਨ੍ਹਾਂ ਦੀ ਧੜੇਬੰਦੀ ਅਕਾਲੀ ਦਲ ਨੂੰ ਲੈ ਡੁਬੇਗੀ। ਜੋ ਅਕਾਲੀ ਸਿਆਸਤਦਾਨ ਦੀਨ ਧਰਮ, ਸਿਧਾਂਤ ਦੀ ਪਾਲਣਾ ਨਹੀਂ ਕਰਦੇ ਅਤੇ ਥਾਲੀ ਦੇ ਬੇਰ ਵਾਂਗ ਇੱਧਰ ਉਧਰ ਯਾਰੀਆਂ ਪਾਲਦੇ ਹਨ, ਮੇਰੀ ਉਨ੍ਹਾਂ ਨਾਲ ਸਾਂਝ ਨਹੀਂ ਹੋ ਸਕਦੀ।' ਅਕਾਲੀ ਦਲ ਦੀ ਧੜੇਬੰਦੀ ਤੋਂ ਵੀ ਸਿਰਦਾਰ ਕਪੂਰ ਸਿੰਘ ਦੁੱਖੀ ਸੀ। ਉਹ ਕਹਿੰਦੇ ਸਨ ਜਦੋਂ ਸਿੱਖ ਰਾਜਨੀਤੀ ਸਿਧਾਂਤਹੀਣ ਹੋ ਜਾਵੇ ਤਾਂ ਭਰਾ ਮਾਰੂ ਜ਼ੰਗ ਸ਼ੁਰੂ ਹੋ ਜਾਂਦੀ ਹੈ। ਅਕਾਲੀ ਦਲ ਦੇ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਰਹੇ। ਅਕਾਲੀਆਂ ਨੇ ਉਨ੍ਹਾਂ ਤੋਂ ਪੜ੍ਹਨ ਲਿਖਣ ਵਾਲਾ ਕੰਮ ਤਾਂ ਕਰਵਾਇਆ ਪ੍ਰੰਤੂ ਸਿਆਸੀ ਕੱਦ ਬੁੱਤ ਵੱਧਣ ਨਹੀਂ ਦਿੱਤਾ। ਭਾਵੇਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਪ੍ਰੰਤੂ ਫਿਰ ਵੀ ਉਹ ਦੇਸ਼ ਦੇ ਵਿਰੁਧ ਬਗ਼ਾਬਤ ਕਰਨ ਦੇ ਹਮਾਇਤੀ ਨਹੀਂ ਸਨ। ਉਨ੍ਹਾਂ ਸਿੱਖ ਹੋਮ ਲੈਂਡ ਦਾ ਸਿਧਾਂਤ ਦਿੱਤਾ ਪ੍ਰੰਤੂ ਵਰਤਮਾਨ ਸੰਵਿਧਾਨ ਦੇ ਅੰਦਰ ਹੀ। ਆਨੰਦਪੁਰ ਸਾਹਿਬ ਦਾ ਮਤਾ ਵੀ ਵਰਤਮਾਨ ਸੰਵਿਧਾਨ ਅਧੀਨ ਹੀ ਅਜ਼ਾਦੀ ਦੀ ਮੰਗ ਸੀ। ਨੌਜਵਾਨਾ ਨੂੰ ਹਮੇਸ਼ਾ ਉਹ ਉਤਸ਼ਾਹਤ ਕਰਦਾ ਰਿਹਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਦਾਰ ਕਪੂਰ ਸਿੰਘ ਦੀ ਕੁਰਬਾਨੀ ਅਤੇ ਲਿਆਕਤ ਦਾ ਮੁੱਲ ਨਹੀਂ ਪਾਇਆ। ਜੇ ਇਹ ਕਿਹਾ ਜਾਵੇ ਕਿ ਸਿੱਖ ਜਗਤ ਅਤੇ ਅਕਾਲੀ ਲੀਡਰਸ਼ਿਪ ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਦਾ ਲਾਭ ਨਹੀਂ ਉਠਾ ਸਕੀ ਕੋਈ ਅਤਕਥਨੀ ਨਹੀਂ। ਸਿੱਖ ਜਗਤ ਵਿਚ ਸਿਰਦਾਰ ਕਪੂਰ ਸਿੰਘ ਜਿਤਨਾ ਪ੍ਰਬੀਨ ਤੀਖਣ ਬੁੱਧੀ ਵਾਲਾ ਵਿਦਵਾਨ ਅਜੇ ਤੱਕ ਵੀ ਮੌਜੂਦ ਨਹੀਂ। ਨੌਕਰੀ ਵਿੱਚੋਂ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪਿਆ। ਸਿਰਦਾਰ ਕਪੂਰ ਸਿੰਘ ਕਿਸੇ ਅੱਗ ਹੱਥ ਨਹੀਂ ਅੱਡਦੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾ ਕਿਸੇ ਅਕਾਲੀ ਲੀਡਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬਿਮਾਰੀ ਦੇ ਸਮੇਂ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਪਿੰਡ ਵਿਚ ਕਦੇ ਕਦਾਈਂ ਮਿਲਣ ਆਉਂਦੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਇਤਿਹਾਸ ਲਿਖਣ ਲਈ ਪ੍ਰਾਜੈਕਟ ਦਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਲੈਂਦੇ ਤਾਂ ਜੋ ਸੰਸਾਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਸਕਦੀ ਅਤੇ ਸਿੱਖ ਧਰਮ ਦਾ ਪ੍ਰਚਾਰ ਹੁੰਦਾ। ਇਸ ਨਾਲ ਦੋ ਕੰਮ ਹੋਣੇ ਸੀ, ਇਕ ਸਿਰਦਾਰ ਕਪੂਰ ਸਿੰਘ ਨੂੰ ਆਰਥਿਕ ਸਹਾਇਤਾ ਮਿਲ ਜਾਣੀ ਸੀ, ਜਿਸ ਨਾਲ ਉਸ ਦੀ ਜ਼ਿੰਦਗੀ ਸੌਖੀ ਨਿਕਲ ਜਾਂਦੀ। ਦੂਜੇ ਸਿੱਖ ਇਤਿਹਾਸ ਨੂੰ ਸਾਂਭਿਆ ਜਾ ਸਕਦਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੇ ਜਾਣ ਬੁਝਕੇ ਸਿਰਦਾਰ ਕਪੂਰ ਸਿੰਘ ਨੂੰ ਅਣਗੌਲਿਆਂ ਕੀਤਾ ਸੀ। ਇਹ ਪ੍ਰਵਿਰਤੀ ਸਿੱਖਾਂ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰਦੀ ਹੈ। ਅੱਜ ਦੀ ਅਕਾਲੀ ਲੀਡਰਸ਼ਿਪ ਵਿੱਚ ਆਈ ਗਿਰਾਵਟ ਸਿਰਦਾਰ ਕਪੂਰ ਸਿੰਘ ਦੀਆਂ ਸੱਚੀਆਂ ਗੱਲਾਂ ਨੂੰ ਯਾਦ ਕਰਵਾ ਰਹੀ ਹੈ।
ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਹੋਇਆ ਸੀ। ਉਹ 77 ਸਾਲ ਦੀ ਉਮਰ ਵਿੱਚ 13 ਅਗਸਤ 1986 ਨੂੰ ਸਵਰਗਵਾਸ ਹੋ ਗਏ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com   

ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ.ਰਾਜ ਬਹਾਦਰ ਦਾ ਅਸਤੀਫ਼ਾ - ਉਜਾਗਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ.ਰਾਜ ਬਹਾਦਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਰਾਜ ਬਹਾਦਰ ਤੋਂ ਮੁਆਫ਼ੀ ਮੰਗ ਕੇ ਸਿਆਣਪ ਦਾ ਪ੍ਰਗਟਾਵਾ ਕੀਤਾ ਹੈ। ਮੁਆਫ਼ੀ ਮੰਗਣ ਨਾਲ ਡਾ.ਰਾਜ ਬਹਾਦਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਹੁੰਚੀ ਠੇਸ ਦੀ ਭਰਪਾਈ ਤਾਂ ਨਹੀਂ ਹੋ ਸਕਦੀ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਇਆਂ ਨੇ ਪੰਜਾਬ ਦੇ ਸੁਨਹਿਰੇ ਭਵਿਖ ਦੀ ਆਸ ਕਰਦਿਆਂ ਬਦਲਾਵ ਲਿਆਂਦਾ ਸੀ। ਇਸ ਬਦਲਾਵ ਦੇ ਸਾਰਥਿਕ ਨਤੀਜਿਆਂ ਦੀ ਉਡੀਕ ਕਰਦਿਆਂ ਪੰਜਾਬ ਦੇ ਲੋਕਾਂ ਨੇ ਨਵੀਂ ਕਿਸਮ ਦੇ ਬਦਲਾਵ ਦੇ ਦਰਸ਼ਨ ਕਰ ਲਏ, ਜਦੋਂ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਕਾਰਕੁਨ ਨਿੱਤ ਨਵੇਂ ਵਾਦ-ਵਿਵਾਦ ਪੈਦਾ ਕਰਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਰਹੇ ਹਨ। ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸੋਚ ਮਾੜੀ ਨਹੀਂ, ਉਹ ਪੰਜਾਬ ਵਿੱਚ ਭਰਿਸ਼ਟਾਚਾਰ ਖ਼ਤਮ ਕਰਕੇ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਾ ਚਾਹੁੰਦੀ ਹੈ ਪ੍ਰੰਤੂ ਉਨ੍ਹਾਂ ਦੇ ਮੰਤਰੀ ਅਤੇ ਵਿਧਾਨਕਾਰ ਤਜ਼ਰਬੇ ਦੀ ਘਾਟ ਹੋਣ ਕਰਕੇ ਆਪਹੁਦਰੀਆਂ ਕਰ ਰਹੇ ਹਨ, ਜਿਹੜੀਆਂ ਸਰਕਾਰ ਦੇ ਰਾਹ ਵਿੱਚ ਰੋੜੇ ਅਟਕਾਉਂਦੀਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਰਾਜ ਭਾਗ ਸੰਭਾਲਿਆਂ ਅਜੇ ਮਹਿਜ 4 ਮਹੀਨੇ ਦਾ ਸਮਾਂ ਹੋਇਆ ਹੈ ਪ੍ਰੰਤੂ ਹੁਣ ਤੱਕ ਦਰਜਨ ਤੋਂ ਵੱਧ ਮੰਦਭਾਗੇ ਵਾਦ-ਵਿਵਾਦਾਂ ਵਿੱਚ ਪੈ ਚੁੱਕੀ ਹੈ। ਇਨ੍ਹਾਂ ਵਾਦ-ਵਿਵਾਦਾਂ ਦਾ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਤਜਰਬੇ ਦੀ ਘਾਟ ਹੋਣਾ ਸਮਝਿਆ ਜਾ ਰਿਹਾ ਹੈ। ਸਰਕਾਰ ਦੇ ਕਾਰਕੁਨਾ ਨੂੰ ਸਿਆਸੀ ਤਾਕਤ ਹਜ਼ਮ ਕਰਨੀ ਔਖੀ ਹੋ ਰਹੀ ਹੈ। ਹੌਲਾ ਭਾਂਡਾ ਛਲਕਦਾ ਜ਼ਿਆਦਾ ਹੈ। ਇਹੋ ਕੁਝ ਹੋ ਬਿਹਾ ਹੈ। ਬਦਲਾਵ ਦੇ ਨਾਮ ‘ਤੇ ਸਿਆਸੀ ਤਾਕਤ ਵਿੱਚ ਆਈ ਸਰਕਾਰ ਹਰ ਦੂਜੇ ਦਿਨ ਨਵਾਂ ਵਾਦ-ਵਿਵਾਦ ਖੜ੍ਹਾ ਕਰਕੇ ਬੈਠ ਜਾਂਦੀ ਹੈ। ਤਾਜ਼ਾ ਵਾਦ-ਵਿਵਾਦ ਅੰਤਰਾਸ਼ਟਰੀ ਪੱਧਰ ਦੇ ਹੱਡੀਆਂ ਦੇ ਮਾਹਿਰ ਬਾਬਾ ਫਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਰਾਜ ਬਹਾਦਰ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕੀਤੇ ਸ਼ਰੇਆਮ ਦੁਰਵਿਵਹਾਰ ਕਾਰਨ ਪੈਦਾ ਹੋਇਆ ਹੈ।
    ਪਿਛੇ ਜਹੇ ਗੁਰਦਿੱਤ ਸਿੰਘ ਵਿਧਾਨਕਾਰ ਫਰੀਦਕੋਟ ਅਤੇ ਅਮੋਲਕ ਸਿੰਘ ਵਿਧਾਨਕਾਰ ਜੈਤੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ ਸੀ। ਉਸ ਸਮੇਂ ਮੁੱਖ ਮੰਤਰੀ ਨੇ ਸਿਹਤ ਮੰਤਰੀ ਦੀ ਹਸਪਤਾਲ ਦਾ ਸੁਧਾਰ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਲਗਾਈ ਸੀ। ਇਸ ਲਈ ਚੇਤਨ ਸਿੰਘ ਜੌੜੇਮਾਜਰਾ ਇਸ ਹਸਪਤਾਲ ਦਾ ਮੁਆਇਨਾ ਕਰਨ ਗਏ ਸਨ। ਸਿਹਤ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਦੀ ਚੈਕਿੰਗ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ। ਇਸ ਅਧਿਕਾਰ ਨੂੰ ਵੰਗਾਰਿਆ ਨਹੀਂ ਜਾ ਸਕਦਾ ਪ੍ਰੰਤੂ ਇਸ ਮੰਤਵ ਲਈ ਸਰਕਾਰੀ ਪ੍ਰਣਾਲੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਹਸਪਤਾਲ ਦਾ ਮੁਆਇਨਾ ਕਰ ਰਹੇ ਸਨ। ਉਸ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੇ ਮੈਡੀਕਲ ਸੁਪਰਇਨਟੈਂਡੈਂਟ ਹਨ। ਉਪ ਕੁਲਪਤੀ ਸਮੁੱਚੇ ਤੌਰ ‘ਤੇ ਯੂਨੀਵਰਸਿਟੀ ਅਤੇ ਉਸ ਅਧੀਨ ਸੰਸਥਾਵਾਂ ਦੇ ਮੁੱਖੀ ਹਨ। ਉਨ੍ਹਾਂ ਦਾ ਕੰਮ ਮੁੱਖ ਤੌਰ ‘ਤੇ ਐਮ.ਬੀ.ਬੀ.ਐਸ. ਅਤੇ ਐਮ.ਐਸ. ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਿਹਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਦੇ ਕੰਮ ਨੂੰ ਸਹੀ ਲੀਹਾਂ ‘ਤੇ ਲਿਆਉਣ ਲਈ ਕਿਸ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਵੈਸੇ ਮੰਤਰੀ ਸਾਹਿਬ ਨੇ ਜਦੋਂ ਚੈਕਿੰਗ ਕਰਨ ਜਾਣਾ ਹੁੰਦਾ ਹੈ, ਉਦੋਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਆਪਣੇ ਨਾਲ ਲਿਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਵੀ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਨੂੰ ਪੁਛ ਸਕਦੇ ਸਨ ਜਾਂ ਉਨ੍ਹਾਂ ਨੂੰ ਹੁਕਮ ਕਰ ਸਕਦੇ ਸਨ। ਚੈਕਿੰਗ ਦੌਰਾਨ ਜੋ ਉਨ੍ਹਾਂ ਨੂੰ ਖਾਮੀਆਂ ਨਜ਼ਰ ਆਈਆਂ ਸਨ, ਉਨ੍ਹਾਂ ਬਾਰੇ ਦਫ਼ਤਰ ਵਿੱਚ ਬੈਠਕੇ ਸੁਧਾਰਨ ਦੇ ਹੁਕਮ ਦੇਣੇ ਚਾਹੀਦੇ ਸਨ। ਜਿਲ੍ਹੇ ਦਾ ਮੁੱਖੀ ਡਿਪਟੀ ਕਮਿਸ਼ਨਰ ਹੁੰਦਾ ਹੈ, ਉਨ੍ਹਾਂ ਨੂੰ ਪ੍ਰਾਗਰੈਸ ਬਾਰੇ ਨਿਗਰਾਨੀ ਰੱਖਣ ਲਈ ਕਹਿਣਾ ਚਾਹੀਦਾ ਸੀ। ਲੋਕਾਂ ਦੀ ਹਾਜ਼ਰੀ ਵਿੱਚ ਕਿਸੇ ਅਧਿਕਾਰੀ ਨੂੰ ਖ਼ਬਰਾਂ ਲਗਵਾਉਣ ਲਈ ਮੀਡੀਆ ਟੀਮ ਨਾਲ ਲਿਜਾ ਕੇ ਜ਼ਲੀਲ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਡਾ.ਰਾਜ ਬਹਾਦਰ ਤਾਂ ਸਤਿਕਾਰ ਵਜੋਂ ਉਨ੍ਹਾਂ ਦੇ ਨਾਲ ਸਨ ਕਿਉਂਕਿ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਮੁਆਇਨਾ ਕਰਨ ਆਏ ਸਨ। ਸਿਹਤ ਮੰਤਰੀ ਦਾ ਗੱਦਿਆਂ ਦੀ ਸਫਾਈ ਲਈ ਡਾ.ਰਾਜ ਬਹਾਦਰ ਨੂੰ ਮੋਢੇ ਤੋਂ ਫੜ੍ਹਕੇ ਇਹ ਕਹਿਣਾ ਕਿ ਤੁਸੀਂ ਖੁਦ ਗੱਦੇ ‘ਤੇ ਪੈ ਜਾਓ। ਡਾ.ਰਾਜ ਬਹਾਦਰ ਸ਼ਰੀਫ਼ ਅਤੇ ਨੇਕ ਇਨਸਾਨ ਹਨ, ਜਿਨ੍ਹਾਂ ਸਿਹਤ ਮੰਤਰੀ ਨੂੰ ਜਵਾਬ ਨਹੀਂ ਦਿੱਤਾ। ਉਹ ਜਵਾਬ ਵੀ ਦੇ ਸਕਦੇ ਸਨ ਕਿ ਸਰਕਾਰ ਗ੍ਰਾਂਟ ਦੇਵੇ ਫਿਰ ਸਭ ਕੁਝ ਠੀਕ ਕਰਵਾ ਦਿੱਤਾ ਜਾਵੇਗਾ। ਹਾਲਾਂ ਕਿ ਗ੍ਰਾਂਟ ਦੇਣ ਤੋਂ ਬਾਅਦ ਵੀ ਸਰਕਾਰ ਦੀ ਖ਼੍ਰੀਦੋ ਫਰੋਕਤ ਦੀ ਪ੍ਰਣਾਲੀ ਲੰਬੀ ਹੈ। ਸਿਹਤ ਮੰਤਰੀ ਦੀ ਇਹ ਹਰਕਤ ਬਿਲਕੁਲ ਹੀ ਜ਼ਾਇਜ ਨਹੀਂ ਅਤੇ ਇਤਨੇ ਵੱਡੇ ਸੰਸਾਰ ਪੱਧਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਨਾਲ ਦੁਰਵਿਵਹਾਰ ਕਰਨਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਨਾ ਹੈ ਅਤੇ ਸਲੀਕੇ ਦੀ ਘਾਟ ਹੈ। ਹੱਡੀਆਂ ਦੇ ਰੋਗਾਂ ਦੇ ਮਰੀਜ਼ ਤਾਂ ਡਾ.ਰਾਜ ਬਹਾਦਰ ਨੂੰ ਮਿਲਣ ਲਈ ਤਰਸਦੇ ਹਨ। ਡਾ.ਰਾਜ ਬਹਾਦਰ ਆਪਣੇ ਇਤਨੇ ਵੱਡੇ ਅਹੁਦੇ ‘ਤੇ ਹੁੰਦਿਆਂ ਵਾਧੂ ਕਾਰਜ ਮੋਹਾਲੀ ਵਿਖੇ ਸਰਕਾਰੀ ਸੰਸਥਾਨ ਵਿੱਚ ਮਰੀਜਾਂ ਨੂੰ ਵੇਖਦੇ ਹੀ ਨਹੀਂ ਉਨ੍ਹਾਂ ਦੇ ਇਲਾਜ ਕਰਨ ਲਈ ਅਪ੍ਰੇਸ਼ਨ ਵੀ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਦੁਰਵਿਵਹਾਰ ਤੋਂ ਬਾਅਦ ਵੀ ਪਹਿਲਾਂ ਨਿਸਚਤ ਕੀਤੇ ਅਪ੍ਰੇਸ਼ਨ ਕਰਨ ਲਈ ਉਹ ਮੋਹਾਲੀ ਹਸਪਤਾਲ ਵਿੱਚ ਅਪ੍ਰੇਸ਼ਨ ਕਰ ਰਹੇ ਹਨ। ਉਹ 13 ਵੱਡੇ ਹਸਪਤਾਲਾਂ ਵਿੱਚ ਕੰਮ ਕਰ ਚੁੱਕੇ ਹਨ, ਜਿਥੇ ਕਦੀਂ ਵੀ ਕਿਸੇ ਨੇ ਉਂਗਲ ਨਹੀਂ ਚੁੱਕੀ। ਉਨ੍ਹਾਂ ਦਾ 40 ਸਾਲ ਦਾ ਤਜ਼ਰਬਾ ਹੈ। ਉਹ ਪੀ.ਜੀ.ਆਈ.ਚੰਡੀਗੜ੍ਹ ਦੇ ਹੱਡੀਆਂ ਦੇ ਵਿਭਾਗ ਦੇ ਮੁੱਖੀ, 32 ਸੈਕਟਰ ਸਰਕਾਰੀ ਹਸਪਤਾਲ ਚੰਡੀਗੜ੍ਹ ਦੇ ਪਿ੍ਰੰਸੀਪਲ ਅਤੇ ਹੁਣ 2014 ਤੋਂ ਲਗਾਤਾਰ ਤਿੰਨ ਵਾਰੀ ਬਾਬਾ ਫਰੀਦ ਸਿਹਤ ਯੂਨੀਵਰਸਿਟੀ ਦੇ ਉਪ ਕੁਲਪਤੀ ਹਨ। ਉਹ ਨਿਹਾਇਤ ਇਮਾਨਦਾਰ, ਮਿਹਨਤੀ, ਆਪਣੇ ਫ਼ਰਜ਼ ਪ੍ਰਤੀ ਵਫ਼ਾਦਾਰ ਅਤੇ ਨਿਸ਼ਠਾਵਾਨ ਹਨ। ਆਨੰਦਪੁਰ ਸਾਹਿਬ ਵਰਗੇ ਪਛੜੇ ਪਹਾੜੀ ਇਲਾਕੇ ਵਿੱਚੋਂ ਸਹੂਲਤਾਂ ਨਾ ਹੋਣ ਤੇ ਬਾਵਜੂਦ ਪੜ੍ਹਕੇ ਆਏ ਹਨ। ਉਨ੍ਹਾਂ ਦਾ ਆਤਮ ਸਨਮਾਨ ਵੀ ਹੈ, ਜਿਸਨੂੰ ਠੇਸ ਪਹੁੰਚੀ ਹੈ। ਮੰਤਰੀ ਜੀ ਉਨ੍ਹਾਂ ਦਾ ਟ੍ਰੈਕ ਰਿਕਾਰਡ ਹੀ ਚੈਕ ਕਰ ਲੈਂਦੇ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਨਿਯੁਕਤ ਕੀਤਾ ਸੀ। ਜੇਕਰ ਉਹ ਸਹੀ ਨਾ ਹੁੰਦੇ ਤਾਂ ਤੀਜੀ ਵਾਰ ਕਿਵੇਂ ਉਪ ਕੁਲਪਤੀ ਬਣ ਜਾਂਦੇ। ਸਿਹਤ ਮੰਤਰੀ ਜੀ ਜੇਕਰ ਤੁਸੀਂ ਉਨ੍ਹਾਂ ਨੂੰ ਦਬਾਅ ਪਾ ਕੇ ਹਟਾਉਣਾ ਚਾਹੁੰਦੇ ਤਾਂ ਸੰਭਵ ਨਹੀਂ ਹੁੰਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਜਸਬੀਰ ਸਿੰਘ ਆਹਲੂਵਾਲੀਆ ਨੂੰ ਕੇਸ ਬਣਾ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਹ ਅਧਿਕਾਰੀ ਜਿਨ੍ਹਾਂ ਨੇ ਕੇਸ ਬਣਾਏ ਸਨ, ਉਹ ਖੁਦ ਅਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਡਾ.ਜੋਗਿੰਦਰ ਸਿੰਘ ਪੁਆਰ ਨੂੰ ਹਟਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ ਸੀ। ਸਿਹਤ ਮੰਤਰੀ ਨੂੰ ਉਨ੍ਹਾਂ ਦੇ ਸਟੇਟਸ ਨੂੰ ਮੁੱਖ ਰੱਖ ਕੇ ਗੱਲ ਕਰਨੀ ਚਾਹੀਦੀ ਸੀ। ਸਗੋਂ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇੱਕ ਹੋਰ ਵੀ ਮਹੱਤਵਪੂਰਨ ਨੁਕਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਹੁਦੇ ‘ਤੇ ਲਾਉਣ ਲਈ ਸਿਫ਼ਰਸ਼ ਤਾਂ ਕਰ ਸਕਦੀ ਹੈ ਪ੍ਰੰਤੂ ਅਹੁਦੇ ਤੋਂ ਹਟਾ ਨਹੀਂ ਸਕਦੀ। ਉਹ ਸਿੱਧੇ ਰਾਜਪਾਲ ਪੰਜਾਬ ਦੇ ਅਧੀਨ ਹਨ।
  ਸਰਕਾਰ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਹਸਪਤਾਲਾਂ ਵਿੱਚ ਦਵਾਈਆਂ ਅਤੇ ਗੱਦਿਆਂ ਲਈ ਪੈਸੇ ਭੇਜਣ। ਮੰਤਰੀ ਜੀ ਨੂੰ ਹੋਮ ਵਰਕ ਕਰਨਾ ਚਾਹੀਦਾ। ਪੰਜਾਬ ਦੇ ਹਸਤਪਤਾਲ ਅਤੇ ਡਿਸਪੈਂਸਰੀਆਂ ਤਾਂ ਦਵਾਈਆਂ, ਮੈਡੀਕਲ ਸਾਮਾਨ ਅਤੇ ਅਮਲੇ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਫਿਰ ਚੈਕਿੰਗ ਕੀਤੀ ਜਾਵੇ ਕਿ ਸਰਕਾਰ ਦਾ ਪੈਸਾ ਠੀਕ ਵਰਤਿਆ ਜਾ ਰਿਹਾ ਹੈ। ਉਹ ਤਾਂ ਉਲਟਾ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਗ੍ਰਹਿਣ ਲਾ ਰਹੇ ਹਨ। ਸਰਕਾਰ ਦੀ ਕੀਤੀ ਕਰਾਈ ਤੇ ਮਿੱਟੀ ਪਾ ਰਹੇ ਹਨ। ਭਗਵੰਤ ਸਿੰਘ ਮਾਨ ਨੂੰ ਆਪਣੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਚੋਣਾ ਜਿੱਤਣ ਦਾ ਭਾਵ ਇਹ ਨਹੀਂ ਕਿ ਹਰ ਜਣੇ ਖਣੇ ਦੇ ਗਲ੍ਹ ਪੈ ਜਾਵੋ ਅਤੇ ਅਧਿਕਾਰੀਆਂ ਦੀ ਬੇਇਜ਼ਤੀ ਕਰੋ। ਵੈਸੇ ਤਾਂ ਮੰਤਰੀ ਮੰਡਲ ਦੇ ਗਠਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਹੁੰਦਾ ਹੈ ਪ੍ਰੰਤੂ ਮੁੱਖ ਮੰਤਰੀ ਨੂੰ ਮੰਤਰੀਆਂ ਦੀ ਚੋਣ ਕਰਨ ਲੱਗਿਆਂ ਉਨ੍ਹਾਂ ਦੀ ਪ੍ਰਬੰਧਕੀ ਕਾਬਲੀਅਤ ਦਾ ਵੀ ਧਿਆਨ ਰੱਖਣਾ ਚਾਹੀਦਾ। ਬਹੁਤੇ ਮੰਤਰੀ ਨਵੇਂ ਹੋਣ ਕਰਕੇ ਪ੍ਰਬੰਧਕੀ ਪ੍ਰਣਾਲੀ ਦੇ ਨਿਯਮਾ ਨੂੰ ਜਾਣਦੇ ਨਹੀਂ ਪ੍ਰੰਤੂ ਮੁੱਖ ਮੰਤਰੀ ਘੱਟੋ ਘੱਟ ਮੰਤਰੀਆਂ ਦੇ ਵਿਭਾਗ ਵੰਡਣ ਸਮੇਂ ਤਾਂ ਖਿਆਲ ਰੱਖਦੇ ਕਿ ਪੜ੍ਹੇ ਲਿਖੇ ਅਮਲੇ ਵਾਲੇ ਵਿਭਾਗ ਕਿਹੜੇ ਮੰਤਰੀ ਨੂੰ ਦੇਣੇ ਹਨ। ਅਸੀਂ ਚੇਤਨ ਸਿੰਘ ਜੌੜੇਮਾਜਰਾ ਦੀ ਵਿਦਿਅਕ ਯੋਗਤਾ, ਕਾਬਲੀਅਤ ਅਤੇ ਵਿਦਵਤਾ ਬਾਰੇ ਕੁਝ ਨਹੀਂ ਕਹਿ ਰਹੇ ਪ੍ਰੰਤੂ ਸਿਹਤ ਵਿਭਾਗ ਦਾ ਲਗਪਗ ਸਾਰਾ ਅਮਲਾ ਪ੍ਰੋਫ਼ੈਸ਼ਨਲ ਹੁੰਦਾ ਹੈ।  ਆਮ ਆਦਮੀ ਪਾਰਟੀ ਦਾ ਇਕ ਮੰਤਰੀ ਰਿਸ਼ਵਤ ਦੇ ਕੇਸ ਵਿੱਚ ਬਰਖਾਸਤ ਕੀਤਾ, ਦੂਜਾ ਸੀਨੀਅਰ ਡਾਕਟਰ ਨੂੰ ਜਲੀਲ ਕਰਦਾ ਵਾਦ-ਵਿਵਾਦ ਵਿੱਚ ਪੈ ਗਿਆ, ਲਗਪਗ ਇਕ ਦਰਜਨ ਵਿਧਾਨਕਾਰ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਦੇ ਚਰਚਾ ਵਿੱਚ ਰਹੇ, ਜਿਨ੍ਹਾਂ ਵਿੱਚ ਜਲੰਧਰ ਦੇ ਏ.ਡੀ.ਸਂੀ ਨਾਲ ਬਦਸਲੂਕੀ, ਲੁਧਿਆਣਾ ਵਿਖੇ ਆਈ.ਪੀ.ਐਸ. ਅਧਿਕਾਰੀ ਨਾਲ ਵਾਦ-ਵਿਵਾਦ, ਪਾਇਲ ਵਿਖੇ ਪੁਲਿਸ ਅਧਿਕਾਰੀ ਨਾਲ ਝਗੜਾ, ਫਰੀਦਕੋਟ ਵਿੱਚ ਸਸਤੀ ਸ਼ਰਾਬ ਲਈ ਢਾਬਿਆਂ ਤੇ ਸ਼ਰਾਬੀਆਂ ਨੂੰ ਮਿਲਣ ਦੀ ਚਰਚਾ, ਭਦੌੜ ਵਿੱਚ ਸਕੂਲਾਂ ਦੀ ਚੈਕਿੰਗ ਆਦਿ ਵਰਨਣਯੋਗ ਹਨ। ਵਿਧਾਨਕਾਰ ਦਫ਼ਤਰਾਂ ਦੀ ਚੈਕਿੰਗ ਕਰਦੇ ਹਨ ਅਤੇ ਅਧਿਕਾਰੀਆਂ ਦੀਆਂ ਕੁਰਸੀਆਂ ‘ਤੇ ਬੈਠ ਜਾਂਦੇ ਹਨ। ਵਿਧਾਨਕਾਰ ਦਾ ਸਟੇਟਸ ਉਚਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਸਟੇਟਸ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸਿਹਤ ਮੰਤਰੀ ਦੇ ਜ਼ਲੀਲ ਕਰਨ ਤੋਂ ਬਾਅਦ ਡਾ.ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਮੁੱਚੇ ਦੇਸ਼ ਦਾ ਮੈਡੀਕਲ ਭਾਈਚਾਰਾ ਸਿਹਤ ਮੰਤਰੀ ਦੇ ਵਿਵਹਾਰ ਤੋਂ ਗੁੱਸੇ ਵਿੱਚ ਹੈ ਅਤੇ ਨਿੰਦਿਆ ਕਰ ਰਿਹਾ ਹੈ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਪਿ੍ਰੰਸੀਪਲ ਡਾ.ਰਾਜੀਵ ਦੇਵਗਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਮੈਡੀਕਲ ਸੁਪਰਇਨਟੈਂਡੈਂਟ ਡਾ ਕੇ.ਡੀ.ਸਿੰਘ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ। ਵਿਰੋਧੀ ਸਿਆਸੀ ਪਾਰਟੀਆਂ ਲਈ ਖਾਮਖ਼ਾਹ ਮੁੱਦਾ ਬਣ ਗਿਆ ਹੈ। ਸ੍ਰ. ਭਗਵੰਤ ਸਿੰਘ ਮਾਨ ਨੂੰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਤਾਂ ਜੋ ਲੋਕ ਬਦਲਾਓ ਦਾ ਆਨੰਦ ਮਾਣ ਸਕਣ। ਸਿਆਸੀ ਲੋਕ ਰਾਜ ਬਹਾਦਰ ਨਾਲ ਹੋਈ ਬਦਸਲੂਕੀ ਤੇ ਸਿਆਸਤ ਕਰ ਰਹੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਵੈਸੇ ਇਸ ਸਮੇਂ ਸਮੁਚਾ ਪੰਜਾਬ ਡਾ.ਰਾਜ ਬਹਾਦਰ ਨਾਲ ਖੜ੍ਹਾ ਹੈ।  
                                                
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
 ujagarsingh48@yahoo.com   

ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਹਿਜਤਾ ਤੇ ਵਿਸਮਾਦ ਦਾ ਸੁਮੇਲ - ਉਜਾਗਰ ਸਿੰਘ

ਡਾ ਸਤਿੰਦਰ ਪਾਲ ਸਿੰਘ ਸਿੱਖ ਵਿਦਵਾਨ ਹਨ ਜੋ ਕਿ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਹਨ। ਉਨ੍ਹਾਂ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਿੱਖ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਸਿੱਖੀ ਸੋਚ ਨੂੰ ਪ੍ਰਫੁਲਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਹੈ। ਡਾ ਸਤਿੰਦਰ ਪਾਲ ਸਿੰਘ ਦੀ ਇਸ ਪੁਸਤਕ 'ਸਿੱਖੀ ਸੁੱਖ ਸਾਗਰ' ਵਿੱਚ 7 ਲੇਖ ਹਨ। ਇਹ ਸਾਰੇ ਲੇਖ ਹੀ ਇਕ ਦੂਜੇ ਦੇ ਪੂਰਕ ਹਨ। ਭਾਵ ਪਹਿਲੇ ਲੇਖ ਦਾ ਮੰਤਵ ਉਸਤੋਂ ਅਗਲੇ ਲੇਖ ਦੇ ਅਮਲ ਤੋਂ ਬਿਨਾਂ ਅਸੰਭਵ ਹੈ। ਜਿਵੇਂ 'ਇੱਕੋ ਸੁੱਖ ਦਾਤਾ' ਲੇਖ ਵਿੱਚ ਪਰਮਾਤਮਾ ਸੁੱਖ ਦਾਤਾ ਹੈ। ਇਸ ਸੁੱਖ ਨੂੰ ਪ੍ਰਾਪਤ ਕਰਨ ਲਈ 'ਅ੍ਰੰਮਿਤ ਵੇਲਾ' ਫਿਰ 'ਅੰਮ੍ਰਿਤ ਇਸ਼ਨਾਨ' ਤੋਂ ਬਾਅਦ 'ਅੰਮ੍ਰਿਤ ਬਾਣੀ' ਤੇ ਫਿਰ 'ਦੁੱਖ ਕੀ ਹੈ' ਉਸ ਤੋਂ ਪਿਛੋਂ 'ਸੁੱਖ' ਅਤੇ ਅਖ਼ੀਰ 'ਪਰਮ ਸੁੱਖ' ਮਿਲਦਾ ਹੈ। ਇਹ ਸਾਰੇ ਲੇਖ ਸਿੱਖ ਵਿਚਾਰਧਾਰਾ ਦੇ ਪ੍ਰਤੀਕ ਹਨ। ਇਹ ਲੇਖ ਜ਼ਿੰਦਗੀ ਜਿਓਣ, ਸਮਾਜ ਵਿੱਚ ਵਿਚਰਨ ਅਤੇ ਦੁੱਖਾਂ ਅਤੇ ਭਟਕਣਾ 'ਤੇ ਕਾਬੂ ਪਾ ਕੇ ਸਹਿਜਤਾ ਨਾਲ ਜੀਵਨ ਬਸਰ ਕਰਦਿਆਂ ਮਾਰਗ ਦਰਸ਼ਨ ਕਰਦੇ ਹਨ। ਸਮਾਜਿਕ ਤਾਣਾ ਬਾਣਾ ਅਨੇਕਾਂ ਦੁਸ਼ਾਵਰੀਆਂ, ਅਲਾਮਤਾਂ, ਖਾਹਿਸ਼ਾਂ ਅਤੇ ਬੇਬਸੀਆਂ ਨਾਲ ਉਲਝਿਆ ਪਿਆ ਹੈ। ਇਨਸਾਨ ਚਤੋ ਪਹਿਰ ਖਾਹਿਸ਼ਾਂ ਅਤੇ ਪ੍ਰਾਪਤੀਆਂ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ। ਉਹ ਇਹ ਸਮਝ ਰਿਹਾ ਹੈ ਕਿ ਉਸ ਨਾਲੋਂ ਸਮਝਦਾਰ ਇਸ ਦੁਨੀਆਂ ਤੇ ਕੋਈ ਨਹੀਂ, ਇਸ ਲਈ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਰਥਾਤ ਹਓਮੈ ਦਾ ਸ਼ਿਕਾਰ ਹੋਇਆ ਫਿਰਦਾ ਹੈ। ਇਸ ਪੁਸਤਕ ਦੇ ਸਾਰੇ ਲੇਖ ਇਨਸਾਨ ਨੂੰ ਆਪਣੇ ਆਪ ਸਹੇੜੀ ਹਓਮੈ ਦੀ ਉਲਝਣ ਵਿੱਚੋਂ ਬਾਹਰ ਕੱਢਣ ਦੀਆਂ ਤਰਕੀਬਾਂ ਦਾ ਮੁਜੱਸਮਾ ਹਨ। ਜ਼ਿੰਦਗੀ ਆਪਣੇ ਆਪ ਵਿੱਚ ਵਾਹਿਗੁਰੂ ਦਾ ਸਰਵੋਤਮ ਤੋਹਫ਼ਾ ਹੈ। ਇਸ ਤੋਹਫ਼ੇ ਦਾ ਮੁੱਖ ਮੰਤਵ ਇਨਸਾਨ ਨੇ ਇਸ ਦਾ ਸਦਉਪਯੋਗ ਕਿਸੇ ਹੋਰ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਕਿਵੇਂ ਕਰਨਾ ਹੈ? ਇਹ ਸਾਰੇ ਗੁਰ 'ਸਿੱਖੀ ਸੁੱਖ ਸਾਗਰ' ਪੁਸਤਕ  ਦੱਸਦੀ ਹੈ। ਪੁਸਤਕ ਦਾ ਪਹਿਲਾ ਲੇਖ 'ਇੱਕੋ ਸੁੱਖ ਦਾਤਾ' ਲੋਕਾਈ ਨੂੰ ਸਮਝਾਉਂਦਾ ਹੈ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਨੂੰ ਕੋਈ ਮਾਰਗ ਦਰਸ਼ਕ ਅਰਥਾਤ ਗੁਰੂ ਲੱਭਣਾ ਪਵੇਗਾ। ਉਹ ਗੁਰੂ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਵਾਹਿਗੁਰੂ ਦੀ ਮਿਹਰ ਹੋਵੇਗੀ। ਮਨ ਤੇ ਕਾਬੂ ਪਾ ਕੇ ਇਕਾਗਰ ਚਿਤ ਹੋਣਾ ਪਵੇਗਾ। ਦੁਨਿਆਵੀ ਪ੍ਰਾਪਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ। ਜਿਸਨੇ ਸਿੱਖੀ ਸੋਚ ਨੂੰ ਪਹਿਚਾਣ ਕੇ ਅਪਣਾ ਲਿਆ, ਉਸਦੀ ਰੂਹ ਰੌਸ਼ਨ ਹੋ ਗਈ। ਸੱਚੇ ਗੁਰੂ ਨਾਲ ਮੇਲ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮਨ ਬਹੁਤ ਚੰਚਲ ਹੁੰਦਾ ਹੈ। ਇਸ 'ਤੇ ਕਾਬੂ ਰੱਖਕੇ ਪਰਮਾਤਮਾ ਦੇ ਅੰਗ ਸੰਗ ਹੋਵੋ ਫਿਰ ਕਾਮ, ਕ੍ਰੋਧ, ਮੋਹ ਅਤੇ ਹੰਕਾਰ ਵਸ 'ਚ ਆ ਜਾਂਦੇ ਹਨ। ਸਹਿਜ, ਸੰਜਮ, ਸੰਤੋਖ, ਪ੍ਰੇਮ ਦਇਆ ਵਰਗੇ ਗੁਣ ਨਿਰਮਲ ਅੰਤਰ ਅਵਸਥਾ ਬਣਾਉਂਦੇ ਹਨ। ਪਰਮਾਤਮਾ ਸੁੱਖ ਦੇ ਕੇ ਮਨੁੱਖ ਦੇ ਜੀਵਨ ਵਿੱਚ ਅਨੰਦ ਭਰਦਾ ਹੈ। 'ਅੰਮ੍ਰਿਤ ਵੇਲਾ' ਲੇਖ ਵੀ ਸਿੱਖੀ ਵਿਚਾਰਧਾਰਾ ਅਨੁਸਾਰ ਅੰਮ੍ਰਿਤ ਵੇਲੇ ਦਾ ਸਦਉਪਯੋਗ ਕਰਨ ਦੀ ਸਲਾਹ ਦਿੰਦਾ ਹੈ। ਅੰਮ੍ਰਿਤ ਵੇਲਾ ਰਾਤ ਦੇ ਹਨ੍ਹੇਰੇ ਦੀ ਸਮਾਪਤੀ ਅਰਥਾਤ ਇਨਸਾਨ ਦੇ ਮਨ ਦੇ ਹਨ੍ਹੇਰੇ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਸਿੱਖ ਵਿਚਾਰਧਾਰਾ ਅਨੁਸਾਰ ਇਸ ਵੇਲੇ ਦਾ ਲਾਭ ਉਠਾਕੇ ਪਰਮਾਤਮਾ ਨਾਲ ਜੁੜਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਨਣ ਦਾ ਸਭ ਤੋਂ ਉਤਮ ਸਮਾਂ ਹੈ। ਅੰਮ੍ਰਿਤ ਵੇਲੇ ਸਿਮਰਨ ਕਰਨ ਨਾਲ ਤਨ ਦੇ ਨਾਲ ਮਨ ਦੇ ਅੰਦਰ ਚਲਣ ਵਾਲੇ ਵਿਕਾਰਾਂ ਦਾ ਖ਼ਤਮਾ ਹੁੰਦਾ ਹੈ। ਜਿਵੇਂ ਇਹ ਭਾਵਨਾ ਦ੍ਰਿੜ੍ਹ ਹੁੰਦੀ ਹੈ, ਤਿਵਂੇ ਮਨ ਪਰਮਤਮਾ ਦੀ ਪ੍ਰੀਤ ਵਿੱਚ ਰੰਗਿਆ ਜਾਂਦਾ ਹੈ।  ਫਿਰ ਇਨਸਾਨ ਨੂੰ ਲੋੜ ਤੋਂ ਵੱਧ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ। ਇਨਸਾਨ ਆਲਸ ਤਿਆਗ ਕੇ ਕਿਰਿਆਸ਼ੀਲ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਜਾਗਣ ਦੀ ਪਹਿਲਾਂ ਆਪਣੀ ਮਿਸਾਲ ਦਿੱਤੀ, ਬਾਅਦ ਵਿੱਚ ਗੁਰਸਿੱਖਾਂ ਨੂੰ ਪ੍ਰੇਰਿਆ। 'ਅੰਮ੍ਰਿਤ ਇਸ਼ਨਾਨ' ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਸਿੱਖ ਦਾ ਇਸ਼ਨਾਨ ਕਰਨਾ ਪਰਮਾਤਮਾ ਦਾ ਸਿਮਰਨ ਕਰਨ ਦੀ ਤਿਆਰੀ ਹੈ। ਇਸ਼ਨਾਨ ਤੋਂ ਬਾਅਦ ਕੀਤੀ ਜਾਣ ਵਾਲੀ ਪਰਮਾਤਮਾ ਦੀ ਭਗਤੀ ਮਨ ਤੇ ਤਨ ਨੂੰ ਅਰੋਗ ਕਰਨ ਵਾਲੀ ਹੋਵੇ ਤਾਂ ਇਸ਼ਨਾਨ ਕਿਰਿਆ ਵੀ ਆਨੰਦ ਕਿਰਿਆ ਬਣ ਜਾਂਦੀ ਹੈ। ਇਸ਼ਨਾਨ ਭਾਵਨਾ ਕਾਰਨ ਅੰਮ੍ਰਿਤ ਇਸ਼ਨਾਨ ਬਣ ਜਾਂਦਾ ਹੈ। ਭਾਵਨਾ ਨਾਲ ਇਸ਼ਨਾਨ ਕੀਤਾ ਹੋਵੇ ਤਾਂ ਮਨ ਨਿਰਮਲ ਹੋ ਜਾਂਦਾ ਹੈ, ਜੋ ਪਰਮਾਤਮਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰਦੀ ਹੈ। ਇਹ ਭਾਵਨਾ ਸ਼੍ਰੇਸ਼ਟ ਗੁਣਾਂ ਦਾ ਪ੍ਰਤੀਕ ਹੈ। ਗੁਰਸਿੱਖ ਭਾਵੇਂ ਜਲ ਇਸ਼ਨਾਨ ਕਰਦਾ ਹੈ ਪਰ ਉਸਦੀ ਭਾਵਨਾ ਅੰਮ੍ਰਿਤ ਫਲ ਦੇਣ ਵਾਲੀ ਬਣ ਜਾਂਦੀ ਹੈ। ਗੁਰਬਾਣੀ ਮਨ ਅੰਦਰ ਵਸਾਉਣ ਦਾ ਫਲ ਹੁੰਦਾ ਹੈ, ਜਿਸ ਕਰਕੇ ਸਹਿਜ, ਸੰਤੋਖ, ਨਿਮ੍ਰਤਾ, ਸੰਜਮ ਅਤੇ ਸੇਵਾ ਆਦਿ ਦਾ ਗੁਣ ਪੈਦਾ ਹੋ ਜਾਂਦਾ ਹੈ। ਜਦੋਂ ਮਨ ਅੰਦਰ ਨਾਮ ਦਾ ਜਾਪ ਚਲ ਰਿਹਾ ਹੋਵੇ ਤਾਂ ਮਨ ਦੀਆਂ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀਆਂ ਤਰੰਗਾਂ ਬਾਹਰ ਦੇ ਜਲ ਨੂੰ ਨਿਰਮਲ ਤੇ ਗੁਣੀ ਬਣਾ ਦਿੰਦੀਆਂ ਹਨ। ਇਸ਼ਨਾਨ ਮਨ ਦੇ ਅੰਦਰਲੀ ਤੇ ਬਾਹਰਲੀ ਮੈਲ ਲਾਹ ਦਿੰਦਾ ਹੈ। ਸੱਚਾ ਇਸ਼ਨਾਨ ਤਾਂ ਸਾਧ ਸੰਗਤ ਵਿੱਚ ਤਨ, ਮਨ ਦੀ ਮੈਲ ਉਤਾਰਨਾ ਹੈ। ਤਨ ਦਾ ਇਸ਼ਨਾਨ ਤਾਂ ਮਨ ਦੇ ਇਸ਼ਨਾਨ ਵਲ ਵੱਧਣਾ ਹੈ। 'ਅੰਮ੍ਰਿਤ ਬਾਣੀ' ਲੇਖ ਵਿੱਚ ਲਿਖਿਆ ਹੈ ਕਿ 'ਅੰਮ੍ਰਿਤ ਬਾਣੀ' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂਆਂ, ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੰਕਲਨ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਲਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਆਦਿ ਗ੍ਰੰਥ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਸ਼ਬਦ ਸ਼ਕਤੀ ਹੈ। ਗੁਰਸਿੱਖ ਉਹ ਹੈ ਜੋ ਗੁਰੂ ਤੇ ਗੁਰਸ਼ਬਦ ਵਿੱਚ ਕੋਈ ਭੇਦ ਨਾ ਕਰੇ। ਗੁਰੂ ਨਾਲ ਮੇਲ ਲਈ ਗੁਰਸਿੱਖ, ਗੁਰ ਸ਼ਬਦ ਨਾਲ ਮਨ ਜੋੜਦਾ ਹੈ। ਸ਼ਬਦ ਤੇ ਸੁਰਤ ਦੋਵੇਂ ਨਾਲ ਨਾਲ ਚਲਣੇ ਚਾਹੀਦੇ ਹਨ। ਗੁਰਬਾਣੀ ਸਤ, ਸੰਤੋਖ ਆਦਿ ਸਾਰੇ ਉਤਮ ਗੁਣਾਂ ਨਾਲ ਜੋੜਦੀ ਹੈ। ਭਗਤੀ ਦਾ ਮਨੋਰਥ ਵੰਦਨਾ ਕਰਨਾ ਹੈ। ਇਨਸਾਨ ਨੂੰ ਚਾਕਰੀ ਇਕੋ ਇਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ। ਗੁਰਬਾਣੀ ਅਜਿਹਾ ਅੰਮ੍ਰਿਤ ਹੈ, ਜਿਸ ਦਾ ਪਾਠ ਕਰਨ ਨਾਲ ਸੁਚੱਜ ਤੇ ਕੁਚੱਜ ਦਾ ਫਰਕ ਪਤਾ ਲੱਗ ਜਾਂਦਾ ਹੈ। ਭਾਵ ਅੰਮ੍ਰਿਤ ਪ੍ਰਾਪਤ ਕਰਨ ਲਈ ਅੰਮ੍ਰਿਤ ਦ੍ਰਿਸ਼ਟੀ ਚਾਹੀਦੀ ਹੈ। ਵਿਕਾਰਾਂ ਤੇ ਮਾਇਆ ਜ਼ਰੀਏ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸੁੱਖ ਥੋੜ੍ਹੇ ਸਮੇਂ ਲਈ ਹੁੰਦਾ ਹੈ। ਗੁਰਬਾਣੀ ਸੱਚ ਦਾ ਗਿਆਨ ਹੈ।  ਜੇ ਮਨ ਵੇਚ ਕੇ ਪਰਮਾਤਮਾ ਮਿਲ ਜਾਏ ਤਾਂ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਗੁਰਬਾਣੀ ਦੇ ਅੰਮ੍ਰਿਤ ਫਲ ਦੀ ਮਿਠਾਸ ਤ੍ਰਿਪਤ ਕਰਦੀ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ। ਗੁਰਬਾਣੀ ਮਨ ਅੰਦਰ ਜਲ ਰਹੀ ਤ੍ਰਿਸ਼ਨਾ ਦੀ ਅਗਨੀ ਨੂੰ ਬਝਾਉਂਦੀ ਹੈ। ਜਦੋਂ ਗੁਰਬਾਣੀ ਅੰਮ੍ਰਿਤ ਹੈ ਤਾਂ ਉਸ 'ਚੋਂ ਪ੍ਰਾਪਤ ਨਾਮ ਦੀ ਦਾਤ ਅੰਮ੍ਰਿਤ ਹੀ ਹੋਵੇਗੀ। ਗੁਰਬਾਣੀ ਸੁੱਖਾਂ ਦਾ ਅਨੰਤ ਸ੍ਰੋਤ ਹੈ। ਗੁਰਬਾਣੀ ਦਾ ਅੰਮ੍ਰਿਤ ਗੁਰਸਿੱਖ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈ। 'ਦੁੱਖ ਕੀ ਹੈ' ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇਨਸਾਨ ਨੂੰ ਸੁੱਖ ਤੇ ਦੁੱਖ ਦੇ ਅੰਤਰ ਦਾ ਪਤਾ ਹੋਵੇ। ਮਨੁੱਖ ਦਾ ਆਚਰਣ ਹੀ ਦੁੱਖਾਂ ਦੀ ਪੰਡ ਭਾਰੀ ਕਰਨ ਵਾਲਾ ਹੋ ਗਿਆ ਹੈ। ਦੁੱਖ ਦੀ ਖੇਡ ਬਹੁਤ ਰਹੱਸਮਈ ਹੈ। ਦੁੱਖਾਂ ਦੇ ਕਾਰਨਾ ਦਾ ਅਸਰ ਵਿਆਪਕ ਹੈ। ਮੋਹ ਵੀ ਦੁੱਖ ਦਾ ਕਾਰਨ ਬਣਦਾ ਹੈ। ਗੁਰਸਿੱਖ ਤਾਂ ਗ੍ਰਹਿਸਤ ਜੀਵਨ ਦਾ ਪਾਲਨ ਕਰਨ ਵਾਲਾ ਹੈ ਪ੍ਰੰਤੂ ਉਸਦਾ ਜੀਵਨ ਜਲ ਵਿੱਚ ਕਮਲ ਦੇ ਫੁੱਲ ਵਰਗਾ ਨਿਰਲੇਪ ਹੋਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਸੰਸਰਿਕ ਭੋਗ ਵਿਲਾਸ ਲਈ ਸ਼ੈਦਾਈ ਹੈ। ਇਹ ਸੁੱਖ ਦੀ ਥਾਂ ਦੁੱਖ ਦਾ ਕਾਰਨ ਬਣਦੇ ਹਨ। ਮਨੁੱਖ ਸੁੱਖ ਭੋਗਣ ਲਈ ਠੱਗੀ ਮਾਰਦਾ ਹੈ। ਪਰਮਾਤਮਾ ਨੂੰ ਚੇਤੇ ਨਾ ਕਰਨਾ ਦੁੱਖਾਂ ਦੀ ਖੇਤੀ ਹੈ। ਧਰਮ ਦੇ ਨਾਂ ਤੇ ਪਾਣੀ ਰਿੜਕਿਆ ਜਾ ਰਿਹਾ ਹੈ। ਜਿਨ੍ਹਾਂ ਦੇ ਮਨ ਮੈਲੇ ਅਤੇ ਆਚਾਰ ਮੰਦੇ ਹਨ, ਉਹ ਵੀ ਧਰਮ ਕਰਮ ਦੇ ਠੇਕੇਦਾਰ ਬਣੇ ਫਿਰਦੇ ਹਨ। ਆਵਾਗਮਨ ਦਾ ਚਕ੍ਰ ਦੁੱਖ ਹੈ। ਜਨਮ ਤੇ ਮਰਨ ਦੋਵੇਂ ਹੀ ਦੁੱਖ ਹਨ। ਜਿਸ ਨੇ ਜਨਮ ਲਿਆ ਹੈ, ਉਸ ਦੀ ਮੌਤ ਤੈਅ ਹੈ। ਮਨੁੱਖ ਕਿਤਨੇ ਵੱਡੇ ਘਰ ਬਣਾ ਲਵੇ, ਰਾਤ ਤਾਂ ਬਸ ਇਕ ਕਮਰੇ ਵਿੱਚ ਹੀ ਗੁਜਰਦੀ ਹੈ। ਦੁੱਖ ਨੂੰ ਦੁੱਖ ਸਮਝਣਾ ਤੇ ਸਵੀਕਾਰ ਕਰਨਾ ਮਨੁੱਖ ਦੇ ਹੱਥ ਵਿੱਚ ਹੈ। ਰਸਨਾ ਦਾ ਰਸ ਮਨੁੱਖ ਨੂੰ ਬਹੁਤ ਦੁੱਖ ਦਿੰਦਾ ਹੈ। ਕਲਪਨਾਂ ਤੇ ਭੁਲੇਖਾ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ। ਪਰਮਾਤਮਾ ਤੋਂ ਵੇਮੁੱਖ ਮਨੁੱਖ ਦਾ ਚਿਤ ਸਦਾ ਵਾਸ਼ਨਵਾਂ ਵਿੱਚ ਲਗਦਾ ਹੈ। ਕਾਮ ਦਾ ਫਲ ਦੁੱਖ ਹੈ। ਸੇਵਾ ਦਾ ਫਲ ਸੁੱਖ ਹੈ। ਮੂਰਖ ਵਿਅਕਤੀ ਸੁੱਖ ਦੇ ਜੋ ਉਪਾਏ ਕਰਦਾ ਹੈ, ਉਨ੍ਹਾਂ ਤੋਂ ਹੀ ਰੋਗ ਤੇ ਦੁੱਖ ਉਪਜਦੇ ਹਨ। ਸੰਜਮ ਭਰਿਆ ਜੀਵਨ ਹੋਵੇ ਤਾਂ ਲੋੜਾਂ ਪੂਰੀਆਂ ਹੋਣ ਤੇ ਮਨ 'ਚ ਆਨੰਦ ਪੈਦਾ ਹੁੰਦਾ ਹੈ। ਜੋ ਸਮਝ ਨਾ ਆ ਸਕੇ ਉਹ ਮਾਇਆ ਹੈ। ਵਿਕਾਰ ਮਨੁੱਖ 'ਤੇ ਸੁਹਾਗੇ ਦਾ ਕੰਮ ਕਰਦੇ ਹਨ। 'ਸੁੱਖ' ਅਗਿਆਨਤਾ ਕਰਕੇ ਮਨੁੱਖ ਜਿਸ ਨੂੰ ਸੁੱਖ ਮੰਨ ਕੇ ਜੀਵਨ ਬਤੀਤ ਕਰਦਾ ਹੈ, ਅਸਲ ਵਿੱਚ ਉਹ ਸੁੱਖ ਦੇ ਭੇਖ ਵਿੱਚ ਦੁੱਖ ਸੀ। ਮਨੁੱਖ ਸੁੱਖ ਚਾਹੁੰਦਾ ਹੈ ਪ੍ਰੰਤੂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਸੰਸਾਰ ਦੇ ਰਸ ਵਿੱਚ ਰਚਿਆ ਹੋਇਆ ਹੈ। ਮਨੁੱਖ ਨੂੰ ਭੁਲੇਖਾ ਹੈ ਕਿ ਉਸ ਕੋਲ ਜੋ ਹੈ, ਉਸ ਨੇ ਆਪ ਕਮਾਇਆ ਹੈ ਪ੍ਰੰਤੂ ਇਹ ਪਰਮਾਤਮਾ ਦੀ ਦੇਣ ਹੈ। ਜੇ ਉਹ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਭਗਤੀ ਕਰੇ। ਪਰਮਾਤਮਾ ਗੁਣਾਂ ਦਾ ਸਾਗਰ ਹੈ। ਇਹ ਨਹੀਂ ਹੋ ਸਕਦਾ ਕਿ ਮਨੁੱਖ ਦੁੱਖਾਂ ਦੇ ਰਾਹ 'ਤੇ ਚਲਦਾ ਵੀ ਰਹੇ ਤੇ ਸੁੱਖਾਂ ਦੀ ਆਸ ਵੀ ਕਰੇ। ਸੁੱਖ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਹਨ। ਸੁੱਖ ਤੇ ਦੁੱਖ ਦਾ ਅੰਤਰ ਜਾਨਣ ਲਈ ਦੋਹਾਂ ਨੂੰ ਸਮਝਣਾ ਪਵੇਗਾ। ਨਿੰਦਾ ਦੁੱਖ ਹੈ, ਲੋਭ, ਮੋਹ, ਹੰਕਾਰ, ਕਾਮ, ਕ੍ਰੋਧ ਆਦਿਕ ਦੁੱਖ ਹਨ। ਸੰਸਾਰੀ ਸੁੱਖਾਂ ਦਾ ਮੋਹ ਤਿਆਗਣਾ ਔਖਾ ਹੈ। ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸੁੱਖ ਹੈ। ਪਰਮਾਤਮਾ ਸੁੱਖ ਨਿਧਾਨ ਹੈ। ਜੇ ਉਹ ਮਨ ਅੰਦਰ ਵਸ ਗਿਆ ਤਾਂ ਸੁੱਖ ਹੀ ਸੁੱਖ ਹਨ। 'ਪਰਮ ਸੁੱਖ' ਸਾਰੀ ਪੁਸਤਕ ਦਾ ਸਾਰੰਸ਼ ਹੈ। ਮਾਇਆ ਤੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋ ਜਾਣਾ ਸੁੱਖ ਦਾ ਸ਼ਿਖ਼ਰ ਹੈ। ਆਵਾਗਵਨ ਤੋਂ ਮੁਕਤ ਹੋ ਜਾਣਾ 'ਪਰਮ ਸੁੱਖ' ਹੈ। ਮਨ ਕਿਸਾਨ ਹੈ, ਜਿਸ ਨੇ ਖੇਤ ਤਿਆਰ ਕਰਨਾ ਹੈ, ਬੀਜ ਬੀਜਣੇ ਹਨ ਤੇ ਫ਼ਸਲ ਦੀ ਪੈਦਾਵਾਰ ਕਰਨੀ ਹੈ। ਮਨ ਸੁੱਖਾਂ ਦੀ ਖੇਤੀ ਕਰਨ ਜੋਗ ਬਣਦਾ ਹੈ। ਨਿਰਬਾਨ ਪਦ ਜਾਂ ਜੀਵਨ ਮੁਕਤ ਹੋਣ ਵਿੱਚ ਹੀ ਪਰਮ ਸੁੱਖ ਹੈ। ਗੁਰਸਿੱਖ ਨੇ ਜੋ ਕਰਨਾਂ ਹੈ, ਉਹ ਸਹਿਜ ਹੈ। ਉਹ ਹੀ ਸੰਪੂਰਨ ਮਨੁੱਖ ਹੈ, ਜਿਸਨੇ ਉਸਦੀ ਰਜਾ ਵਿੱਚ ਰਹਿ ਕੇ ਸਹਿਜਤਾ ਪ੍ਰਾਪਤ ਕਰ ਲਈ ਹੈ। ਡਾ ਸਤਿੰਦਰ ਸਿੰਘ ਨੇ ਸਿੱਖੀ ਸੋਚ ਤੇ ਵਿਚਾਰਧਾਰਾਂ ਨੂੰ ਸੰਖੇਪ ਵਿੱਚ ਪਾਠਕਾਂ ਨੂੰ ਪ੍ਰੋਸਕੇ ਦਿੱਤੀ ਹੈ। ਪਾਠਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
200 ਪੰਨਿਆਂ ਅਤੇ 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ : ਦਰੋਪਦੀ ਮੁਰਮੂ -   ਉਜਾਗਰ ਸਿੰਘ

ਦੇਸ਼ ਦੇ ਸਰਬਉਚ ਅਹੁਦੇ ‘ਤੇ ਪਹੁੰਚਣ ਵਾਲੀ ਸ਼੍ਰੀਮਤੀ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਹੋਵੇਗੀ। ਉਹ ਭਾਰਤ ਦੀ 15ਵੀਂ ਰਾਸ਼ਟਰਪਤੀ ਹੈ। ਉਸਨੇ ਯੂ ਪੀ ਏ ਦੇ ਉਮੀਦਵਾਰ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ 2 ਲੱਖ 96 ਹਜ਼ਾਰ 626 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਉਹ ਐਨ ਡੀ ਏ ਦੇ ਸਾਂਝੇ ਉਮੀਦਵਾਰ ਸਨ। ਸ਼੍ਰੀਮਤੀ ਦਰੋਪਦੀ ਮੁਰਮੂ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਰਹੇ ਹਨ।  ਰਾਸ਼ਟਰਪਤੀ ਦੀ ਚੋਣ ਲਈ ਵੋਟਾਂ18 ਜੁਲਾੲਂੀ 2022 ਨੂੰ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋਈ ਹੈ। ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ  ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਦੀ ਉਹ ਪਹਿਲੀ ਇਸਤਰੀ ਰਾਸ਼ਟਰਪਤੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਆਪਣੇ ਗ੍ਰਹਿ ਜਨਪਦ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ  ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਹਾਸਲ ਕੀਤੀ।  ਉਨ੍ਹਾਂ ਨੇ ਸਿੰਜਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਦੀ ਨੌਕਰੀ ਵੀ ਕੀਤੀ। 1994 ਤੋਂ 1997 ਤੱਕ ਉਨ੍ਹਾਂ ਨੈ ਰਾਏਰੰਗਪੁਰ ਦੇ ਸ੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਸੈਂਟਰ ‘ਚ ਆਨਰੇਰੀ ਐਸਿਸਟੈਂਟ ਅਧਿਆਪਕ ਦੇ ਤੋ+ ‘ਤੇ ਸੇਵਾਵਾਂ ਵੀ ਦਿੱਤੀਆਂ ਸਨ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ‘‘ਨੀਲਕੰਠ ਪੁਰਸਕਾਰ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ।  64 ਸਾਲਾ ਸ਼੍ਰੀਮਤੀ ਦਰੋਪਦੀ ਮੁਰਮੂ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਣ ਵਾਲੀ ਦੂਜੀ ਇਸਤਰੀ ਹਨ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਦਾ ਆਖ਼ਰੀ ਦਿਨ 24 ਜੁਲਾਈ 2022 ਹੈ।  ਸ਼੍ਰੀਮਤੀ ਦਰੋਪਦੀ ਮੁਰਮੂ 25 ਜੁਲਾਈ ਨੂੰ ਆਪਣੇ ਅਹੁਦੇ ਦੀ ਸੌਂਹ ਚੁੱਕਣਗੇ।
   ਉਹ ਬੇਹੱਦ ਮੁਸ਼ਕਲਾਂ ਵਿੱਚੋਂ ਲੰਘ ਕੇ ਰਾਏਸਿਨਾ ਹਿਲਜ਼ ਤੱਕ ਪਹੁੰਚੇ ਹਨ। ਉਨ੍ਹਾਂ ਦੇ ਪਤੀ ਸ਼ਿਆਮ ਚਰਣ ਮਰਮੂ ਦਾ 2014 ਵਿੱਚ ਦੇਹਾਂਤ ਹੋ ਗਿਆ ਸੀ। ਉਹ ਆਦੀਵਾਸੀ ਜਾਤੀ ਸਮੂਹ ਸੰਥਾਲ ਨਾਲ ਸੰਬੰਧ ਰੱਖਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਡੀਟੇਸ਼ਨ ਕਰਨ ਲੱਗ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਦੀ ਚੋਣ ਕਰਕੇ ਆਦੀਵਾਸੀ ਸ਼ਖ਼ਸੀਅਤ ਨੂੰ ਵੱਡਾ ਮਾਣ ਦਿੱਤਾ ਹੈ। ਇਸ ਸਿਆਣਪ ਦਾ ਅਸਰ ਭਾਰਤੀ ਜਨਤਾ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਦਿਖਣ ਨੂੰ ਮਿਲੇਗਾ।  ਦੇਸ਼ ਵਿੱਚ ਵੱਖ-ਵੱਖ ਕਬੀਲਿਆਂ  ਨਾਲ ਸੰਬੰਧਤ 10 ਕਰੋੜ ਤੋਂ ਵਧੇਰੇ ਵਸੋਂ ਹੈ। ਇਹ ਚੋਣ ਦੂਰ ਦਰਾਜ ਇਲਾਕਿਆਂ  ਦੇ ਕਬੀਲਿਆਂ ਨੂੰ ਦੇਸ਼ ਨਾਲ ਜੋੜਨ ਦੇ ਸਮਰੱਥ ਹੋਵੇਗੀ। ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ,  ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਈ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ।  ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਕੇ ਆਪਣੇ ਹੱਥ ਮਜ਼ਬੂਤ ਕੀਤੇ ਹਨ ਕਿਉਂਕਿ ਉਹ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ -  ਉਜਾਗਰ ਸਿੰਘ

ਸਤਿੰਦਰ ਸਿੰਘ ਨੰਦਾ ਆਪਣੇ ਜ਼ਮਾਨੇ ਦਾ ਜਾਣਿਆਂ ਪਹਿਚਾਣਿਆਂ ਰੰਗ ਕਰਮੀ ਹੈ। ਉਸਨੇ ਆਪਣਾ ਸਾਰਾ ਜੀਵਨ ਰੰਗ ਮੰਚ ਨੂੰ ਸਮਰਪਤ ਕੀਤਾ ਹੈ। ਨਾਟਕ ਹੀ ਉਸਦੀ ਜ਼ਿੰਦ ਜਾਨ ਹਨ। ਉਨ੍ਹਾਂ ਦੇ ਨਾਟਕਾਂ ਨੂੰ ਵੇਖਕੇ ਜਿਉਂਦੀ ਜਾਗਦੀ ਜ਼ਿੰਦਗੀ ਦੇ ਦਰਸ਼ਨ ਹੋ ਜਾਂਦੇ ਹਨ। ਹੁਣ ਤੱਕ ਉਨ੍ਹਾਂ ਦੀਆਂ ਇਕ ਦਰਜਨ ਦੇ ਕਰੀਬ ਨਾਟਕ, ਅੱਧੀ ਦਰਜਨ ਇਕਾਂਗੀ, ਦੋ ਨਾਵਲ ਅਤੇ ਦੋ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਬਹੁਪੱਖੀ ਅਤੇ ਬਹੁਪਰਤੀ ਲੇਖਕ ਤੇ ਰੰਗ ਕਰਮੀ ਹੈ। ਰੰਗ ਤਮਾਸ਼ੇ ਪੁਸਤਕ ਵਿੱਚ ਉਨ੍ਹਾਂ ਦੇ 9 ਨਾਟਕ ਹਨ। ਇਹ ਨਾਟਕ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚਲੇ ਕੁਝ ਪਾਤਰ ਇਤਿਹਾਸਿਕ ਹਨ। ਕਈ ਨਾਟਕ ਵੀ ਇਤਿਹਾਸਕ ਅਤੇ ਧਾਰਮਿਕ ਘਟਨਾਵਾਂ ਨਾਲ ਸੰਬੰਧਤ ਹਨ। ਅਜਿਹੇ ਨਾਟਕ ਲਿਖਣ ਲਈ ਇਤਿਹਾਸ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਸਤਿੰਦਰ ਸਿੰਘ ਨੰਦਾ ਨੇ ਇਤਿਹਾਸਿਕ ਪ੍ਰਸਿਥਿਤੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਸਨੂੰ ਇਤਿਹਾਸ ਬਾਰੇ ਵੀ ਪੂਰੀ ਜਾਣਕਾਰੀ ਹੈ। ਭਾਵ ਉਸਨੇ ਇਤਿਹਾਸ ਪੜ੍ਹਿਆ ਹੋਇਆ ਹੈ। ਭਾਸ਼ਾ ਵਿਭਾਗ ਪੰਜਾਬ ਵਿੱਚ ਜ਼ਿੰਮੇਵਾਰੀ ਨਿਭਾਉਣ ਕਰਕੇ ਸਾਹਿਤ ਅਤੇ ਇਤਿਹਾਸ ਨਾਲ ਉਹ ਬਾਵਾਸਤਾ ਰਹੇ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਸਦੇ ਨਾਟਕਾਂ ਵਿੱਚ ਸਮਾਜਿਕ, ਆਰਥਿਕ, ਧਾਰਮਿਕ ਅਤੇ ਇਤਿਹਾਸਿਕਤਾ ਦਾ ਸੁਮੇਲ ਹੈ ਤਾਂ ਕੋਈ ਅਤਕਥਨੀ ਨਹੀਂ। ਇਨ੍ਹਾਂ ਸਾਰੇ ਨਾਟਕਾਂ ਦੀ ਬੋਲੀ ਅਤੇ ਸ਼ੈਲੀ ਆਮ ਘਰਾਂ ਵਿੱਚ ਬੋਲਚਾਲ ਵਾਲੀ ਬੋਲੀ ਹੈ। ਪਾਤਰਾਂ ਦੀ ਬੋਲੀ ਦਰਸ਼ਕਾਂ ਦੇ ਮਨਾਂ ਨੂੰ ਮੋਂਹਦੀ ਹੋਈ ਆਪਣੇ ਨਾਲ ਜੋੜ ਲੈਂਦੀ ਹੈ। ਸਮੇਂ, ਸਥਾਨ, ਹਾਲਾਤ ਅਤੇ ਪਾਤਰ ਅਨੁਸਾਰ ਬੋਲੀ ਬੁਲਾਈ ਗਈ ਹੈ। ਉਦਾਹਰਣ ਦੇ ਤੌਰ ‘ਤੇ ਧੂੰਏ ਦੇ ਬੱਦਲ’ ਨਾਟਕ ਵਿੱਚ ਲਤਾ ਦੀ ਆਵਾਜ ਆਉਂਦੀ ਹੈ, ‘ਗੋਡੇ ਗੋਡੇ ਦਿਨ ਉਤਰ ਆਇਐ ਤੇ ਇਥੇ ਸਾਰੇ ਲੰਮੀਆਂ ਤਾਣ ਕੇ ਸੁਤੇ ਹੋਏ ਨੇ। ਵੇ ਕੋਈ ਸੁਣਦਾ ਏ ਮੇਰੀ ਵਾਜ’? ਅਰਵਿੰਦ ਕਹਿੰਦਾ, ‘ਇਸ ਕਲਮੂੰਹੀ ਨੂੰ ਆਪਾਂ ਚੰਗਾ ਸਮਝਦੇ ਸੀ, ਪਰ ਇਹੀ ਨੱਕ ਡਬੋਣ ਲੱਗੀ ਏ ਆਪਣਾ।’ ‘ਪੂਰਨ ਖਸਮ ਹਮਾਰੇ’ ਨਾਟਕ ਵਿੱਚ ਚੰਦੂ ਕਹਿੰਦਾ ‘ਬਹੁਤ ਬਕੜਵਾਹ ਕਰ ਰਿਹਾ ਹੈ। ਹਨੇਰ ਕੋਠੜੀ ਵਿਚ ਲਿਜਾ ਕੇ  ਭੁਗਤ ਸਵਾਰੋ ਤਾਂ ਜੋ ਇਸ ਦੀ ਟੈਂ ਟੈਂ ਨੂੰ ਕੋਈ ਹੋਰ ਨਾ ਸੁਣ ਲਵੇ।’ ਕਿਰਾਏਦਾਰ ਵਿਚ ਕੁਲਦੀਪ ਕਹਿੰਦਾ ‘ਸਿਵਾਏ ਫ਼ਜ਼ੂਲ ਦੀਆਂ ਗੱਲਾਂ ਤੋਂ ਤੁਹਾਨੂੰ ਕੁਝ ਹੋਰ ਵੀ ਆਉਂਦਾ ਏ?’ ਸੁਆਹ ਤੇ ਖੇਹ ਆਉਂਦਾ ਏ। ਦਫ਼ਤਰ ਵਿਚ ਅਫ਼ਸਰਾਂ ਦੀ ਚਪਲੂਸੀ ਤੇ ਘਰ ਵਿੱਚ। ‘ਕਰਮਯੋਗੀ’ ਵਿਚ ਦਸੌਂਧੀ ਰਾਮ ਕਹਿੰਦਾ ‘ਪਿਉ ਮਰ ਗਿਆ। ਭਰਾਵਾਂ ਜਾਇਦਾਦ ਹੜੱਪ ਲੲਂੀ ਤੇ ਅੱਧ ਮਰਿਆ ਕਰਕੇ ਘਰੋਂ ਕੱਢ ਦਿੱਤਾ’। ‘ਥਿੜਕਦੇ ਕਦਮ’ ਵਿਚ ਅਮਰ ਨਾਂ ਦਾ ਪਾਤਰ ਕਹਿੰਦਾ ‘ ਕਿਤਨੀ ਵਾਰ ਕਹਿ ਚੁੱਕੇ ਹਾਂ ਚੋਂਦੇ ਚੋਂਦੇ ਗਾਣੇ ਲਾਇਆ ਕਰ, ਪਰ ਕੀ ਮਜ਼ਾਲ ਕਿ ਕੰਨਾਂ ਉਤੇ ਜੂੰ ਸਰਕ ਜਾਵੇ’। ‘ਸਿੱਖੀ ਸਿਦਕ’ ਵਿੱਚ ਹੀਰਾ ਸਿੰਘ ਪਾਤਰ ਕਹਿੰਦਾ ਹੈ ‘ ਮੇਰੇ ਗੁਰੂ ਦੇ ਸਿੰਘੋ, ਜੋ ਕੰਮ ਕਰਨ ਦਾ ਮੈਨੂੰ ਹੁਕਮ ਸੀ, ਸੋ ਹੋ  ਚੁਕਾ ਹੈ। ਅੱਗੇ ਕਹਿੰਦਾ ਹੈ, ਜਿਨ੍ਹਾਂ ਨੇ ਸੀਸ ਤਲੀ ਉਤੇ ਰੱਖਿਆ ਹੋਇਆ ਹੈ, ਉਹ ਇਥੇ ਠਹਿਰ ਜਾਣ’। ‘ਭਲਕ ਅਜੇ ਦੂਰ ਹੈ’ ਵਿੱਚ ਥਾਣੇਦਾਰ ਕਹਿੰਦਾ ਹੈ ‘ ਜਾਹ ਬੰਦ ਕਰ ਓਏ ਬੰਤਿਆ ਏਸ ਢਕਵੰਜ ਨੂੰ’। ਮਹੰਤ ਥਾਣੇਦਾਰ ਨੂੰ ਕਹਿੰਦਾ ‘ਜਨਤਾ ਨੂੰ ਬੇਫ਼ਜ਼ੂਲ ਤੰਗ ਕਰਨਾ ਤਾਂ ਥੋਡਾ ਕਿੱਤੈ।’ ‘ਨਿਰੰਜਨੀ ਜੋਤ’ ਵਿੱਚ ਗੁਰਸੇਵਕ ਕਹਿੰਦਾ ‘ ਹਨੇਰੇ ਵਿੱਚ ਰੱਖਣ ਵਾਲੀ ਕੋਈ ਗੱਲ ਨਹੀਂ, ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਇਰਾਦਾ ਹੈ।’ ਜਹਾਂਗੀਰ ਕਹਿੰਦਾ ‘ਇਹ ਤਾਂ ਬਚਪਨ ਦਾ ਭੂਤ ਹੈ, ਜੋ ਹੌਲੀ ਹੌਲੀ ਉਤਰ ਜਾਵੇਗਾ।’ ‘ਕਉਣੁ ਜਾਣੈ ਪੀਰ ਪਰਾਈ’ ਵਿੱਚ ‘ਸੁਲੀਨਾ : ਮੱਥਾ ਟੇਕਦੀ ਆਂ ਮਾਤਾ! ਮਾਤਾ: ਜਾਹ, ਜਾ ਕੇ ਕੰਮ ਕਰ ਆਪਣਾ ’ ਆਦਿ। ਵਿਸ਼ਿਆਂ ਦੀ ਚੋਣ ਵੀ ਕਮਾਲ ਦੀ ਹੈ। ‘ਧੂੰਏਂ ਦੇ ਬੱਦਲ’ ਦੇ ਵਿਸ਼ੇ ਦੋਵੇਂ ਨੌਕਰੀ ਰਹੇ ਪਤਨੀ ਦੀਆਂ ਸਮੱਸਿਆਵਾਂ, ਮਹਿੰਗਾਈ, ਬੱਚਿਆਂ ਦੇ ਪਿਆਰ ਸੰਬੰਧ, ਟੈਲੀਵਿਜਨ ਦੇ ਪ੍ਰੋਗਰਾਮਾ ਦਾ ਬੱਚਿਆਂ ‘ਤੇ ਪ੍ਰਭਾਵ, ਸ਼ਹਿਰਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ, ਮਾਪਿਆਂ ਦੀ ਅਣਗਹਿਲੀ ਆਦਿ ਹਨ, ਜਿਨ੍ਹਾਂ ਦਾ ਪ੍ਰਭਾਵ ਆਮ ਲੋਕਾਂ ਦੇ ਜੀਵਨ ‘ਤੇ ਪੈ ਰਿਹਾ ਹੈ। ‘ਪੂਰਨ ਖਸਮ ਹਮਾਰੇ’ ਦਾ ਵਿਸ਼ਾ ਮੁਗਲ ਸ਼ਾਸ਼ਕਾਂ ਦੇ ਸਿੱਖਾਂ ਉਤੇ ਕੀਤੇ ਜ਼ੁਲਮ ਖਾਸ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਿਖਾਂ ਵੱਲੋਂ ਵਿਰੋਧ ਤੇ ਇਨਸਾਫ ਲਈ ਜਦੋਜਹਿਦ ਬਾਰੇ ਹੈ। ਸ਼ਹਿਨਸ਼ਾਹਾਂ ਦੇ ਚੋਚਲੇ ਅਤੇ ਐਸ਼ ਪ੍ਰਸਤੀ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਇਹ ਨਾਟਕ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ‘ਕਿਰਾਏਦਾਰ’ ਵਿੱਚ ਨਾਟਕਕਾਰ ਨੇ ਕਈ ਵਿਸ਼ੇ ਲਏ ਹਨ। ਤਾਈ ਰਾਮਭਜਨੀ ਫਫੇਕੁਟਣੀ ਜਿਹੜੀ ਲਾਈ ਲੂਤੀ ਲਾ ਕੇ ਲੜਾਈ ਕਰਵਾਉਂਦੀ ਹੈ। ਬਜ਼ੁਰਗਾਂ ਦੀ ਬੇਕਦਰੀ ਅਤੇ ਹਮ ਉਮਰਾਂ ਦਾ ਮੋਹ, ਇਕ ਦੂਜੇ ਦਾ ਨੁਕਸਾਨ ਕਰਨ ਦਾ ਸੋਚਣਾ, ਆਂਢ ਗੁਆਂਢ ਦੇ ਝਗੜੇ, ਮਾਲਕ ਮਕਾਨ ਤੇ ਕਿਰਾਏਦਾਰਾਂ ਦੀ ਖਹਿਬਾਜ਼ੀ, ਜਨਾਨੀਆਂ ਦੀ ਸ਼ਰੀਕੇਬਾਜ਼ੀ, ਇਕ ਦੂਜੀ ਜਨਾਨੀ ਤੇ ਸ਼ੱਕ ਕਰਨਾ ਆਦਿ ਆਮ ਜਿਹੀ ਗੱਲ ਹੈ, ਜਿਸਨੂੰ ਇਸ ਨਾਟਕ ਵਿੱਚ ਦਰਸਾਇਆ ਗਿਆ ਹੈ। ‘ਕਰਮਯੋਗੀ’ ਪਟਿਆਲਾ ਦੇ ਇਕ ਸਿਰਮੌਰ ਸਮਾਜ ਸੇਵਕ ਜਿਹੜਾ ਲਾਵਾਰਸ਼ ਲਾਸ਼ਾਂ ਦੇ ਸਸਕਾਰ ਕਰਦਾ ਸੀ ਅਤੇ ਅਜਿਹੇ ਲੂਲੇ ਲੰਗੜੇ, ਮੰਦਬੁੱਧੀ ਬਸਹਾਰਾ ਲੋਕਾਂ ਦੀ ਖੁਦ ਵੇਖ  ਭਾਲ ਕਰਦਾ ਸੀ, ਉਸਦਾ ਨਾਂ ਸੀ ਵੀਰ ਜੀ ਦਸੌਂਧੀ ਰਾਮ। ਇਹ ਨਾਟਕ ਉਸ ਮਹਾਨ ਵਿਅਕਤੀ ਦੀ ਜ਼ਿੰਦਗੀ ‘ਤੇ ਲਿਖਿਆ ਗਿਆ ਨਾਟਕ ਸੀ, ਜਿਸਦੀ ਪ੍ਰੇਰਨਾ ਸਦਕਾ ਅੱਜ ਪਟਿਆਲਾ ਨੂੰ ਸਮਾਜ ਸੇਵਕਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ‘ਥਿੜਕਦੇ ਕਦਮ’ ਸਮਾਜਿਕ ਤਾਣੇ ਬਾਣੇ ‘ਤੇ ਆਧੁਨਿਕਤਾ ਦੀ ਚੜ੍ਹੀ ਪਾਣ ਦਾ ਸਬੂਤ ਹੈ। ਬਦਲਦੇ ਹਾਲਾਤ ਵਿੱਚ ਮਰਦ ਔਰਤ ਦੇ ਸੰਬੰਧਾਂ ਦੀ ਤਰਜਮਾਨੀ ਹੁੰਦੀ ਹੈ। ਮਰਦ ਔਰਤ ਹੁਣ ਪੁਰਾਤਨ ਘਸੇ ਪਿਟੇ ਵਿਚਾਰਾਂ ਦੀ ਗ਼ੁਲਾਮ ਨਹੀਂ ਹਨ। ਉਹ ਤਾਂ ਖੁਲ੍ਹ ਦਿਲੀ ਨਾਲ ਵਿਚਰਦੇ ਹਨ। ‘ਸਿੱਖੀ ਸਿਦਕ’ ਮਾਲੇਰਕੋਟਲਾ ਵਿਖੇ ਨਾਮਧਾਰੀ ਕੂਕਿਆਂ ਨੂੰ ਅੰਗਰੇਜ਼ਾ ਵੱਲੋਂ ਤੋਪਾਂ ਨਾਲ ਉੜਾਉਣ ਦੀ ਗਾਥਾ ਹੈ, ਕਿਸ ਤਰ੍ਹਾਂ ਨਾਮਧਾਰੀ ਸਿੱਖੀ ਸਿਦਕ ਦਾ ਸਬੂਤ ਦਿੰਦੇ ਹੋਏ ਜਾਨਾ ਵਾਰ ਜਾਂਦੇ ਹਨ। ਇਥੇ ਹੀ ਬਰਕਤ ਖ਼ਾਂ ਵਰਗੇ ਹਾਅਦਾ ਨਾਅਰਾ ਵੀ ਮਾਰਦੇ ਹਨ। ਉਨ੍ਹਾਂ ਦੇ ਸਿਦਕ ਦੀ ਵੀ ਕਮਾਲ ਹੈ। ਛੋਟੇ ਬਿਸ਼ਨ ਸਿੰਘ ਵਰਗੇ ਬੱਚੇ ਵੀ ਦਲੇਰੀ ਨਾਲ ਕੁਰਬਾਨੀ ਦਿੰਦੇ ਹਨ ਪ੍ਰੰਤੂ ਸਿੱਖੀ ਤੋਂ ਮੂੰਹ ਮੋੜਨ ਤੋਂ Çੲਨਕਾਰ ਕਰਦੇ ਹਨ। ‘ਭਲਕ ਅਜੇ ਦੂਰ ਹੈ’ ਨਾਟਕ ਵਿੱਚ ਰਾਜਨੀਤੀ ਵਿੱਚ ਭਰਿਸ਼ਟਾਚਾਰ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਰਾਜਨੀਤਕ ਲੋਕ ਚੋਣਾ ਜਿੱਤਣ ਲਈ ਜਿਹੜੇ ਹੱਥਕੰਡੇ ਵਰਤਦੇ ਹਨ। ਨਸ਼ੇ ਅਫੀਮ ਅਤੇ ਪੈਸੇ ਆਦਿ ਵੰਡਦੇ ਹਨ। ਚੋਣਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਅੱਖੋਂ ਪ੍ਰੋਖੇ ਕਰਦੇ ਹਨ। ਕਾਰਜਕਾਰੀ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰਦੇ ਹਨ। ਵਿਭਚਾਰੀ ਵੀ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪ੍ਰੰਤੂ ਹੁਣ ਨੌਜਵਾਨਾ ਵਿੱਚ ਜਾਗ੍ਰਤੀ ਆਉਣ ਨਾਲ ਹਾਲਾਤ ਬਦਲ ਰਹੇ ਹਨ। ਇਸ ਪੁਸਤਕ ਦਾ ਨੌਵਾਂ ਅਤੇ ਆਖ਼ਰੀ ਨਾਟਕ ‘ਕਉਣ ਜਾਣੈ ਪੀਰ ਪਰਾਈ’ ਵੀ ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਹੈ। ਇਸ ਵਿੱਚ ਦੁਹਰਾਓ ਵੀ ਹੈ। ਮੁਗਲਾਂ ਦੇ ਜ਼ੁਲਮਾ ਦੀ ਦਾਸਤਾਂ ਹੈ। ਖਾਲਸਾ ਸਿਰਜਣਾ ਦਾ ਬਿਰਤਾਂਤ ਹੈ। ਸਤਿੰਦਰ ਸਿੰਘ ਨੰਦਾ ਦੇ ਨਾਟਕ ਖੇਡਣ ਲਈ ਵਧੇਰੇ ਪਾਤਰਾਂ, ਸਾਜੋ ਸਾਮਾਨ ਅਤੇ ਢਾਂਚੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਅਜੋਕੇ ਸਮੇਂ ਮਹਿੰਗੀ ਪੈ ਸਕਦੀ ਹੈ। ਜਿਸ ਸਮੇਂ ਇਹ ਨਾਟਕ ਲਿਖੇ ਗਏ ਹਨ, ਸ਼ਾਇਦ ਉਸ ਸਮੇਂ ਬਹੁਤੀ ਮੁਸ਼ਕਲ ਨਾ ਹੁੰਦੀ ਹੋਵੇਗੀ।
    436 ਪੰਨਿਆਂ, 375 ਰੁਪਏ ਕੀਮਤ ਵਾਲੀ ਇਹ ਪੁਸਤਕ ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ, ਦਿੱਲੀ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦੇ ਮੁੱਖ ਕਵਰ ‘ਤੇ ਰੰਗਦਾਰ ਸੰਸਾਰ ਦੀ ਪ੍ਰਾਚੀਨਤਮ ਰੰਗਸ਼ਾਲਾ ਕਲੋਸ਼ੀਅਮ ਇਟਲੀ ਦੀ ਰਾਜਧਾਨੀ ਰੋਮ ਦੀ ਤਸਵੀਰ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072
ujagarsingh48@yahoo.com

ਡਾ ਮੇਘਾ ਸਿੰਘ ਦੀ ‘ਸਮਕਾਲੀ ਮਸਲੇ 2011’ ਪੁਸਤਕ ਲੋਕ ਪੱਖੀ ਸਰੋਕਾਰਾਂ ਦੀ ਗਵਾਹੀ - ਉਜਾਗਰ ਸਿੰਘ

ਡਾ ਮੇਘਾ ਸਿੰਘ ਇਕ ਪ੍ਰਬੁੱਧ ਲੋਕ ਪੱਖੀ ਸਰੋਕਾਰਾਂ ਦਾ ਹਮਾਇਤੀ ਲੇਖਕ ਹੈ। ਹੁਣ ਤੱਕ ਉਨ੍ਹਾਂ ਦੀਆਂ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਪੁਸਤਕਾਂ ਗਹਿਰ ਗੰਭੀਰ ਪਾਠਕਾਂ ਦੀ ਮਾਨਸਿਕ ਖੁਰਾਕ ਹਨ ਕਿਉਂਕਿ ਉਹ ਮਨ ਪ੍ਰਚਾਵੇ ਲਈ ਇਸ਼ਕ ਮੁਸ਼ਕ ਵਾਲੀਆਂ ਪੁਸਤਕਾਂ ਲਿਖਣ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਉਹ ਚਲੰਤ ਮਸਲਿਆਂ ਬਾਰੇ ਸੰਪਾਦਕੀ ਵਿੱਚ ਲਿਖਦੇ ਰਹੇ ਹਨ। ਭਾਵੇਂ ਉਨ੍ਹਾਂ ਨੇ ਇਕ ਬਾਲ ਉਡਾਰੀ ਕਾਵਿ ਸੰਗ੍ਰਹਿ ਵੀ ਲਿਖਿਆ ਹੈ ਪ੍ਰੰਤੂ ਉਹ ਵੀ ਗਿਆਨਦਾਇਕ ਪ੍ਰੇਰਨਾ ਦੇਣ ਵਾਲਾ ਹੈ। ਉਨ੍ਹਾਂ ਦੀਆਂ ਬਾਕੀ ਪੁਸਤਕਾਂ ਪੱਤਰਕਾਰੀ ਅਤੇ ਕਾਨੂੰਨਾਂ ਦੀ ਵਿਆਖਿਆ ਦੇ ਸਿਧਾਂਤਾਂ ਬਾਰੇ ਹਨ। ਇਕ ਪੁਸਤਕ ਕਿਸਾਨੀ ਦਰਦ ਬਾਰੇ ਹੈ। ਲਗਪਗ ਸਾਰੀਆਂ ਹੀ ਪੁਸਤਕਾਂ ਲੋਕ ਹਿਤਾਂ ਤੇ ਪਹਿਰਾ ਦਿੰਦੀਆਂ ਹਨ। ‘ਸਮਕਾਲੀ ਮਸਲੇ 2011’ ਵੀ ਉਸੇ ਤਰ੍ਹਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਸਾਲ 2011 ਵਿੱਚ ਪੰਜਾਬੀ ਟਿ੍ਰਬਿਊਨ ਵਿੱਚ ਸਹਾਇਕ ਸੰਪਾਦਕ ਹੁੰਦਿਆਂ, ਜਿਹੜੇ 155 ਆਲੋਚਨਾਤਮਿਕ ਅਤੇ ਸਮਤੁਲ ਸੰਪਾਦਕੀ ਲੇਖ ਲਿਖੇ ਸਨ, ਉਹ ਹੀ ਸ਼ਾਮਲ ਕੀਤੇ ਗਏ ਹਨ। ਇਸਦਾ ਭਾਵ ਹੈ ਕਿ ਲਗਪਗ ਹਰ ਦੂਜੇ ਦਿਨ ਉਹ ਸੰਪਾਦਕੀ ਲਿਖਦੇ ਰਹੇ ਹਨ, ਜੋ ਕਿ ਬਹੁਤ ਹੀ ਕਠਨ ਕੰਮ ਹੈ। ਸੰਪਾਦਕੀ ਲਿਖਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਲੇਖਕ ਨੂੰ ਵਰਤਮਾਨ ਸਥਿਤੀ ਦੀ ਸੰਪੂਰਨ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਇਸ ਮੰਤਵ ਲਈ ਸੁਚੇਤ ਹੋ ਕੇ ਚਲੰਤ ਮਸਲਿਆਂ ਨਾਲ ਬਾਵਾਸਤਾ ਹੋਣਾ ਚਾਹੀਦਾ ਹੈ। ਚਲੰਤ ਮਸਲੇ ਬਾਰੇ ਲਿਖਣ ਲਈ ਸਮਾਂ ਵੀ ਨਿਸਚਤ ਹੁੰਦਾ ਹੈ। ਉਸੇ ਸਮੇਂ ਵਿੱਚ ਸੰਪਾਦਕੀ ਲਿਖਣੀ ਹੁੰਦੀ ਹੈ, ਜਿਹੜੀ ਅਗਲੇ ਦਿਨ ਦੇ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਣੀ ਹੁੰਦੀ ਹੈ। ਇਸ ਲਈ ਅਜਿਹੇ ਵਿਸ਼ਿਆਂ ਤੇ ਲਿਖਣ ਲਈ ਚੇਤੰਨ, ਚਿੰਤਨਸ਼ੀਲ ਅਤੇ ਕਰਮਯੋਗੀ ਹੋਣਾ ਜ਼ਰੂਰੀ ਹੁੰਦਾ ਹੈ। ਡਾ ਮੇਘਾ ਸਿੰਘ ਸਹੀ ਅਰਥਾਂ ਵਿੱਚ ਕਰਮਯੋਗੀ ਹਨ। ਡਾ ਮੇਘਾ ਸਿੰਘ ਦੇ ਇਨ੍ਹਾ ਲੇਖਾਂ ਵਿੱਚ ਬੜੀ ਦਲੇਰੀ ਨਾਲ ਨਿਰਪੱਖ ਹੋ ਕੇ ਕੀਤੀਆਂ ਹੋਈਆਂ ਟਿਪਣੀਆਂ, ਉਨ੍ਹਾਂ ਦੇ ਸੰਜੀਦਾ ਵਿਅਕਤਿਵ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਅਜਿਹੇ ਲੇਖ ਪੜ੍ਹਨ ਵਿੱਚ ਦਿਲਚਸਪ ਨਹੀਂ ਹੁੰਦੇ ਪ੍ਰੰਤੂ ਡਾ ਮੇਘਾ ਸਿੰਘ ਦੇ ਲੇਖ ਪੜ੍ਹਨ ਲਈ ਉਤੇਜਨਾ ਮਿਲਦੀ ਹੈ ਕਿਉਂਕਿ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ। ਮੈਂ ਇਹ ਸੰਪਾਦਕੀ ਭਾਵੇਂ ਅਖ਼ਬਾਰ ਵਿੱਚ ਵੀ ਪੜ੍ਹਦਾ ਰਿਹਾ ਹਾਂ ਪ੍ਰੰਤੂ ਦੁਬਾਬਾ ਪੜ੍ਹਨ ਨਾਲ ਮਾਨਸਿਕ ਤਸੱਲੀ ਹੋਈ ਹੈ ਕਿਉਂਕਿ ਇਹ ਲੇਖ ਇਨਸਾਨ ਦੀ ਜਦੋਜਹਿਦ ਦੀ ਕਹਾਣੀ ਦੀ ਪ੍ਰੋੜ੍ਹਤਾ ਕਰਦੇ ਹਨ। ਡਾ ਮੇਘਾ ਸਿੰਘ ਦਾ ਬਚਪਨ ਤੋਂ ਲੈ ਕੇ ਜੀਵਨ ਕਠਨ ਸਮੱਸਿਆਵਾਂ ਦਾ ਮੁਕਾਬਲਾ ਕਰਦਾ ਰਿਹਾ ਹੈ। ਇਸ ਲਈ ਉਨ੍ਹਾਂ ਵਾਸਤੇ ਅਜਿਹੇ ਕਠਨ ਅਤੇ ਜੋਖ਼ਮ ਭਰੇ ਕੰਮ ਕਰਨ ਵਿੱਚ ਕੋਈ ਔਖਿਆਈ ਨਹੀਂ ਆਈ। ਜਿਸ ਕਰਕੇ ਉਹ ਆਪਣੇ ਕੰਮ ਵਿੱਚ ਹਮੇਸ਼ਾ ਸਫਲ ਹੋਏ ਹਨ। ਉਨ੍ਹਾਂ ਦੇ ਇਸ ਪੁਸਤਕ ਦੇ ਲੇਖ ਬਹੁਤ ਹੀ ਗੰਭੀਰ ਚਲੰਤ ਮਸਲਿਆਂ ਬਾਰੇ ਲਿਖੇ ਗਏ ਹਨ। ਇਹ ਲੇਖ ਲਿਖਣ ਲੱਗਿਆਂ ਉਨ੍ਹਾਂ ਬੇਬਾਕ ਹੋ ਕੇ ਧੜੱਲੇਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਵਿਸ਼ਿਆਂ ਦੀ ਚੋਣ ਕਰਨ ਸਮੇਂ ਵੀ ਕਮਾਲ ਕੀਤੀ ਹੈ। ਵਿਸ਼ੇ ਗਹਿਰ ਗੰਭੀਰ ਸਮਸਿਆਵਾਂ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕਾਂ ਦੀ ਬਿਹਤਰੀ ਨਾਲ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਭਿ੍ਰਸ਼ਟਾਚਾਰ ਖਿਲਾਫ਼ ਅੰਦੋਲਨ, ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ, ਵਧ ਰਹੇ ਸੜਕ ਹਾਦਸੇ, ਔਰਤਾਂ ਉਤੇ ਵਧੀਕੀਆਂ, ਸੁਧਾਰ ਘਰ ਜਾਂ ਆਰਾਮ ਘਰ, ਜ਼ਮੀਨ ਲਈ ਜੰਗ, ਸਿਖਿਆ ਦਾ ਅਧਿਕਾਰ, ਨਸ਼ੀਲੇ ਪਦਾਰਥਾਂ ਦਾ ਤੰਦੂਆਜਾਲ, ਕਿਸਾਨਾ ਦਾ ਉਜਾੜਾ, ਮਹਿੰਗਾਈ ਬੇਲਗਾਮ ਸਰਕਾਰ ਰਹੀ ਨਾਕਾਮ, ਸੜਕਾਂ ਬਣੀਆਂ ਮੌਤ ਦੀਆਂ ਸੌਦਾਗਰ, ਹੜ੍ਹਾਂ ਦੀ ਸਮੱਸਿਆ, ਰੇਤਾ-ਬਜਰੀ ਮਾਫੀਏ ਦੀ ਸੀਨਾਜ਼ੋਰੀ, ਮੌਤ ਦੇ ਫਰਿਸ਼ਤੇ ਬਣੇ ਮਾਰੂ ਹਥਿਆਰ, ਵਿਦਿਆਰਥੀਆਂ ਵਿੱਚ ਆਤਮ ਹੱਤਿਆਵਾਂ ਦਾ ਰੁਝਾਨ, ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਠੇਡੇ, ਵੋਟਾਂ ਲਈ ਰਿਆਇਤਾਂ ਅਤੇ ਹਵਾ ਵਿੱਚ ਲਟਕਿਆ ਲੋਕਪਾਲ ਆਦਿ ਮਹੱਤਵਪੂਰਨ ਹਨ। ਇਨ੍ਹਾਂ ਵਿਸ਼ਿਆਂ ਦੀ ਚੋਣ ਤੋਂ ਹੀ ਡਾ ਮੇਘਾ ਸਿੰਘ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਪੁਸਤਕ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਪੰਜਾਬ ਨਾਲ ਸੰਬੰਧਤ ਮਸਲੇ, ਕੌਮੀ ਮਸਲੇ, ਅੰਤਰਰਾਸ਼ਟਰੀ ਘਟਨਾਵਾਂ ਅਤੇ ਫੁਟਕਲ। ਪੰਜਾਬ ਨਾਲ ਸੰਬੰਧਤ ਉਨ੍ਹਾਂ ਵੱਲੋਂ ਲਿਖੀਆਂ ਸੰਪਾਦਕੀਆਂ ਤੋਂ ਪਤਾ ਲਗਦਾ ਹੈ ਕਿ ਉਹ ਪੰਜਾਬ ਪ੍ਰਤੀ ਕਿਤਨੇ ਸੰਜੀਦਾ ਅਤੇ ਸੁਚੇਤ ਹਨ। ਇਨ੍ਹਾਂ ਲੇਖਾਂ ਵਿੱਚ ਉਹ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿਤਾਂ ‘ਤੇ ਪਹਿਰਾ ਦਿੰਦੇ ਵਿਖਾਈ ਦੇ ਰਹੇ ਹਨ। ਪੰਜਾਬੀਆਂ ਅਤੇ ਖਾਸ ਤੌਰ ਤੇ ਸਮਾਜ ਦੇ ਗ਼ਰੀਬ ਵਰਗਾਂ ਬਾਰੇ ਉਨ੍ਹਾਂ ਦੀ ਵਚਨਬੱਧਤਾ ਉਨ੍ਹਾਂ ਦੇ ਲੇਖਾਂ ਵਿੱਚੋਂ ਸਾਫ਼ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਕਦੇ ਵੀ ਕੋਈ ਸੰਪਾਦਕੀ ਉਲਾਰ ਹੋ ਕੇ ਨਹੀਂ ਲਿਖੀ। ਉਨ੍ਹਾਂ ਕਿਸੇ ਦਾ ਕਦੀਂ ਵੀ ਪੱਖਪਾਤ ਨਹੀਂ ਕੀਤਾ ਪ੍ਰੰਤੂ ਉਨ੍ਹਾਂ ਦੇ ਲੇਖਾਂ ਵਿੱਚੋਂ ਇਨਸਾਨੀਅਤ ਦੀ ਝਲਕ ਜ਼ਰੂਰ ਮਿਲਦੀ ਹੈ। ਪੰਜਾਬ ਵਿੱਚ ਗ਼ਰੀਬਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਦੇ ਵਿਰੁੱਧ ਠੋਸ ਦਲੀਲਾਂ ਨਾਲ ਉਨ੍ਹਾਂ ਲੇਖ ਲਿਖੇ ਹਨ। ਕਿਸਾਨਾ, ਮਜ਼ਦੂਰਾਂ, ਨਸ਼ਿਆਂ, ਆਤਮ ਹੱਤਿਆਵਾਂ, ਬੇਰੋਜ਼ਗਾਰੀ, ਵਿਦਿਆਰਥੀਆਂ ਦਾ ਪਰਵਾਸ ਵਿੱਚ ਬਰੇਨ ਡਰੇਨ ਹੋਣਾ ਆਦਿ ਭਖਵੇਂ ਮਸਲਿਆਂ ਬਾਰੇ ਉਨ੍ਹਾਂ ਬਾਖ਼ੂਬੀ ਲਿਖਿਆ ਹੈ। ਕਿਸਾਨਾ ਦੀ ਤ੍ਰਾਸਦੀ ਅਤੇ ਮਜ਼ਦੂਰਾਂ ਦੀ ਲੁੱਟ ਦੇ ਵਿਰੁੱਧ ਵੀ ਉਨ੍ਹਾਂ ਡੱਟਕੇ ਲਿਖਿਆ ਹੈ। ਇਨ੍ਹਾਂ ਲੇਖਾਂ ਵਿੱਚੋਂ ਉਨ੍ਹਾਂ ਦੀ ਖੱਬੇ ਪੱਖੀ ਉਸਾਰੂ ਸੋਚ ਦਾ ਝਲਕਾਰਾ ਵੀ ਮਿਲਦਾ ਹੈ। ਉਨ੍ਹਾਂ ਦੀ ਖੋਜੀ ਪ੍ਰਵਿਰਤੀ ਨੇ ਕੌਮੀ ਮਸਲਿਆਂ ਬਾਰੇ ਲਿਖਦਿਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਤੱਥਾਂ ‘ਤੇ ਅਧਾਰਤ ਲੇਖ ਲਿਖਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਕੌਮੀ ਮਸਲਿਆਂ ਵਿੱਚ ਸਲੱਮ ਮੁਕਤ ਭਾਰਤ, ਚੁਰਾਸੀ ਦੀ ਕਸਕ, ਪੈਟਰੋਲੀਅਮ ਕੀਮਤਾਂ ਵਿੱਚ ਵਾਧਾ, ਜੰਮੂ ਕਸ਼ਮੀਰ ਦੇ ਨੌਜਵਾਨਾ ਲਈ ਪੈਕੇਜ਼, ਵਧ ਰਹੇ ਰੇਲ ਹਾਦਸੇ, ਮੁੰਬਈ ਵਿੱਚ ਬੰਬ ਧਮਾਕੇ, ਕਾਲੇ ਧਨ ਸੰਬੰਧੀ ਵਿਸ਼ੇਸ਼ ਜਾਂਚ ਕਮੇਟੀ, ਸਰਕਾਰ ਅਤੇ ਅੰਨਾ ਹਜ਼ਾਰੇ ‘ਚ ਟਕਰਾਅ,  ਫ਼ਿਰਕੂ ਹਿੰਸਾ ਬਿਲ ਦਾ ਵਿਰੋਧ, ਪਿਆਜ਼ ਤੇ ਸਿਆਸਤ, ਕੌਮੀ ਅਤੇ ਕੌਮਾਂਤਰੀ ਚੁਣੌਤੀਆਂ, ਸ਼ੋਸ਼ਲ ਨੈਟਵਰਕਿੰਗ ਸਾਈਟਸ ਤੇ ਪਾਬੰਦੀ, ਕਾਲੇ ਧਨ ਤੇ ਵਾਈਟ ਪੇਪਰ ਅਤੇ ਆਨੰਦ ਮੈਰਿਜ ਐਕਟ ਨੂੰ ਹਰੀ ਝੰਡੀ ਆਦਿ ਸ਼ਾਮਲ ਹਨ। ਉਨ੍ਹਾਂ ਦੇ ਕੌਮੀ ਮਸਲਿਆਂ ਬਾਰੇ ਲਿਖੇ ਲੇਖਾਂ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਲ ਵਿਤਕਰਾ ਕਰਦੀ ਆਈ ਹੈ। ਇਨ੍ਹਾਂ ਲੇਖਾਂ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ, ਉਨ੍ਹਾਂ ਦਾ ਡਟਕੇ ਵਿਰੋਧ ਕੀਤਾ ਹੈ। ਕੇਂਦਰ ਬਾਰੇ ਉਨ੍ਹਾਂ ਦੀ ਸ਼ਬਦਾਵਲੀ ਆਮ ਲੇਖਾਂ ਨਾਲੋਂ ਥੋੜ੍ਹੀ ਸਖਤ ਵਿਖਾਈ ਦਿੰਦੀ ਹੈ। ਡਾ ਮੇਘਾ ਸਿੰਘ ਦੀ ਸਿਆਣਪ, ਸੂਝ ਅਤੇ ਵਿਦਵਤਾ ਦਾ ਇਥੋਂ ਵੀ ਪਤਾ ਲਗਦਾ ਹੈ ਕਿ ਉਨ੍ਹਾਂ ਅੰਤਰਰਾਸ਼ਟਰੀ ਮਸਲਿਆਂ ਅਤੇ ਚਲੰਤ ਘਟਨਾਵਾਂ ਬਾਰੇ ਵੀ ਨਿਠ ਕੇ ਲਿਖਿਆ ਹੈ। ਅੰਤਰਰਾਸ਼ਟਰੀ ਸੰਬੰਧਾਂ ਅਤੇ ਮਸਲਿਆਂ ਤੇ ਲਿਖਣ ਲਈ ਲੇਖਕ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। ਡਾ ਮੇਘਾ ਸਿੰਘ ਇਨ੍ਹਾਂ ਮਸਲਿਆਂ ਤੇ ਵੀ ਸਾਰਥਕ ਦਲੀਲਾਂ ਸਹਿਤ ਲੇਖ ਲਿਖਦੇ ਰਹੇ ਹਨ। ਅੰਤਰਰਾਸ਼ਟਰੀ ਲੇਖਾਂ ਦੇ ਵਿਸ਼ਿਆਂ ਵਿੱਚ ਪਾਕਿ ਦੀ ਮਦਦ ਵਿੱਚ ਕਟੌਤੀ, ਅਮਰੀਕਾ ਮੰਦਵਾੜੇ ਦੀ ਕਗਾਰ ‘ਤੇ,  ਤਾਲਿਬਾਨ ਦੀ ਅਮਰੀਕਾ ਨੂੰ ਚੁਣੌਤੀ, ਸੀਰੀਆ ਦਾ ਸੰਕਟ, ਲਿਬੀਆ ਵਿੱਚ ਤਾਨਾਸ਼ਾਹੀ ਦਾ ਅੰਤ, ਨਿਊਯਾਰਕ ਵਿੱਚ ਧਾਰਮਿਕ ਆਜ਼ਾਦੀ ਬਿਲ, ਅਮਰੀਕਾ ਪਾਕਿ ਸੰਬੰਧਾਂ ਵਿੱਚ ਤਰੇੜਾਂ, ਇਬਸਾ ਸਿਖਰ ਸਮੇਲਨ, ਅਫਗਾਨਿਸਤਾਨ ਲਈ ਕੌਮਾਂਤਰੀ ਪੁਲਾਂਗ, ਪੁਤਿਨ ਨੂੰ ਚੋਣ ਝਟਕਾ ਅਤੇ ਪ੍ਰਚੂਨ ਵਪਾਰ ‘ਚ ਵਿਦੇਸ਼ੀ ਨਿਵੇਸ਼ ਆਦਿ ਮਹੱਤਵਪੂਰਨ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਡਾ ਮੇਘਾ ਸਿੰਘ ਦੀ ਸੰਪਾਦਕੀਆਂ ਲਿਖਣ ਲਈ ਕੀਤੀ ਮਿਹਨਤ ਜਿਥੇ ਉਸ ਸਮੇਂ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਰਹੀ ਹੈ, ਉਥੇ ਭਵਿਖ ਵਿੱਚ ਇਹ ਇਤਿਹਾਸ ਦਾ ਹਿੱਸਾ ਬਣਕੇ ਖੋਜਾਰਥੀਆਂ ਲਈ ਲਾਹੇਬੰਦ ਸਾਬਤ ਹੋਵੇਗੀ।
  ‘ਸਮਕਾਲੀ ਮਸਲੇ 2011’ 282 ਪੰਨਿਆਂ, 450 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਪੁਸਤਕ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
 ਮੋਬਾਈਲ-94178 13072
ujagarsingh48@yahoo.com

ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ -  ਉਜਾਗਰ ਸਿੰਘ

ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ  ਹੈ। ਇਸ ਕਾਵਿ ਸੰਗ੍ਰਹਿ ਵਿੱਚ 91 ਕਵਿਤਾਵਾਂ ਹਨ, ਜਿਨ੍ਹਾਂ ਵਿੱਚੋਂ 62 ਪਿਆਰ-ਮੁਹੱਬਤ, ਇਸ਼ਕ ਅਤੇ ਬਿ੍ਰਹਾ ਨਾਲ ਸੰਬੰਧਤ ਹਨ। ਬਾਕੀ ਦੀਆਂ  ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਮੁੱਢਲੇ ਤੌਰ ਤੇ ਅਰਜ਼ਪ੍ਰੀਤ ਨੂੰ ਮੁਹੱਬਤ ਦਾ ਕਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਵਿੱਚ ਵੀ ਇਸ਼ਕ ਦੇ ਤੁਣਕੇ ਲਾਏ ਹੋਏ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ ਦਾਜ਼-ਦਹੇਜ, ਭਰੂਣ ਹੱਤਿਆ, ਬਲਾਤਕਾਰ, ਸਭਿਅਚਾਰ ਤੋਂ ਬੇਮੁੱਖ ਹੋਣਾ, ਆਰਥਿਕ ਨਾ ਬਰਾਬਰੀ, ਧੋਖ਼ੇ, ਫ਼ਰੇਬ, ਖੁਦਕਸ਼ੀਆਂ, ਨਸ਼ੇ, ਰਾਜਨੀਤੀ, ਕਿਸਾਨੀ, ਧਰਮ ਅਤੇ ਦੇਸ਼ ਭਗਤੀ ਨੂੰ ਵਿਸ਼ਾ ਬਣਾਇਆ ਹੈ। ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵਿੱਚ ਬਿ੍ਰਹਾ ਦੇ ਦਰਦ ਦੀ ਅਤਿਅੰਤ ਚੀਸ ਵਿਖਾਈ ਦਿੰਦੀ ਹੈ। ਇੰਜ ਵੀ ਲਗਦਾ ਹੈ ਕਿ ਕਵੀ ਲੋਕਾਈ ਦੇ ਪਿਆਰ ਮੁਹੱਬਤ ਵਿੱਚ ਅਸਫਲ ਰਹਿਣ ਨੂੰ ਮਹਿਸੂਸ ਕਰਨ ਦੀ ਸਮਰੱਥਾ ਰਖਦਾ ਹੈ ਜਾਂ ਫਿਰ ਉਹ ਖੁਦ ਮੁਹੱਬਤ ਦਾ ਤਜ਼ਰਬਾ ਹਾਸਲ ਕਰ ਚੁੱਕਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਮਹਿਸੂਸ ਹੋ ਰਿਹਾ ਹੈ ਕਿ ਬਹੁਤੀਆਂ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੇ ਦਰਦ ਦੀ ਕਸਕ ਕਾਫੀ ਡੂੰਘੀ ਹੈ। ਜਿੰਦ ਦਾ ਸਰਮਾਇਆ ਕਵਿਤਾ ਵਿੱਚ ਲਿਖਿਆ ਹੈ-
                        ਆਜਾ ਮੇਰਿਆ ਸੱਜਣਾ ਵੇ, ਸ਼ਾਮਾ ਪੈ ਗਈਆਂ।
                        ਯਾਦਾਂ ਤੇਰੀ ਕੁਲਹਿਣੀਆਂ, ਦਰ ਤੇ ਬਹਿ ਗਈਆਂ।
                        ਸੂਰਜ ਢੱਲਦਾ ਢੱਲਦਾ ਮੈਨੂੰ ਟਿੱਚਰਾਂ ਕਰ ਜਾਂਦਾ।
                       ਉਸ ਨੇ ਘਰ ਮੁੜਨਾ, ਮੈਨੂੰ ਧੁੱਪਾਂ ਕਹਿ ਗਈਆਂ।
  Êਪ੍ਰੇਮੀਆਂ ਨੂੰ ਬਿ੍ਰਹਾ ਦੀ ਅੱਗ ਦਾ ਸੇਕ ਅਜੀਬ ਸਥਿਤੀ ਵਿੱਚ ਪਾ ਦਿੰਦਾ ਹੈ। ਉਹ ਖਾਣਾ, ਪੀਣਾ, ਪਹਿਨਣਾ ਅਤੇ ਸਮਾਜ ਵਿੱਚ ਸਲੀਕੇ ਨਾਲ ਵਿਚਰਣਾ ਹੀ ਭੁੱਲ ਜਾਂਦੇ ਹਨ। ਹਰ ਵਕਤ ਬੇਗਾਨਿਆਂ ਦੀ ਤਰ੍ਹਾਂ ਓਪਰੀਆਂ ਗੱਲਾਂ ਕਰਦੇ ਸਮਾਜਿਕ ਤਾਣੇ ਬਾਣੇ ਵਿੱਚੋਂ ਪ੍ਰੇਮੀ ਨੂੰ ਲੱਭਦੇ ਹੋਏ ਪਾਗਲਾਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਅਜਿਹੇ ਹਾਲਾਤ ਵਿੱਚ ਪ੍ਰੇਮੀਆਂ ਦੇ ਰੰਗ ਰੂਪ ਬਦਲ ਜਾਂਦੇ ਹਨ। ਇਸ਼ਕ ਵਿੱਚੋਂ ਉਪਜੇ ਗ਼ਮ ਦੇ ਦਰਦ ਦੀ ਦਾਸਤਾਂ ‘ਮੁੱਖ ਤੇ                    ਵਾਛੜ’ ਕਵਿਤਾ ਵਿੱਚ ਕਵੀ ਪ੍ਰਗਟਾਉਂਦੇ ਹਨ-
                    ਗ਼ਮ ਤੇਰੇ ਨੇ ਨੂਰ ਉਡਾਇਆ, ਆਖੇਂ ਧੁੱਪੇ ਕਾਲਾ ਹੋ ਗਿਆ।
                    ਡਰਿਆ ਰਾਤੀ ਕੰਬਣ ਲੱਗਾ, ਆਖੇਂ ਪਾਲਾ ਹੋ ਗਿਆ ਹੈ।
    ਪ੍ਰੇਮੀਆਂ ਲਈ ਪਿਆਰੇ ਜਿੰਦ ਜਾਨ ਹੁੰਦੇ ਹਨ। ਆਪਣੇ ਪਿਆਰੇ ਬਾਰੇ ਕੋਈ ਮੰਦਾ ਸ਼ਬਦ ਨਾ ਬੋਲਦੇ ਹਨ ਅਤੇ ਨਾ ਹੀ ਬੋਲਣ ਵਾਲੇ ਨੂੰ ਬਰਦਾਸ਼ਤ ਕਰਦੇ ਹਨ ਕਿਉਂਕਿ ਮੋਹ ਦਾ ਜਾਦੂ ਸਿਰ ਚੜ੍ਹਕੇ ਬੋਲਦਾ ਹੁੰਦਾ ਹੈ। ਸੁਪਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹੋਏ ਦਿਨ ਨੂੰ ਵੀ ਯਾਰ ਨੂੰ ਮਿਲਣ ਦੇ ਸੁਪਨੇ ਵੇਖਦੇ ਰਹਿੰਦੇ ਹਨ। ਇਸ ਲਈ ‘ਸੁਰਮੇ ਵਾਲੇ ਦਾਗ਼’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਿਆ ਹੈ-
                        ਯਾਰ ਦੀ ਗੱਲ ਕਰੇ ਜੇ ਕੋਈ, ਨਫ਼ਾ ਕਰੋ।
                       ਯਾਰ ਨੂੰ ਜੇ ਮੰਦਾ ਬੋਲੇ, ਉਸਨੂੰ ਖ਼ਫ਼ਾ ਕਰੋ।
                      ਜਿਹੜੀ ਨੀਂਦ ‘ਚ ਯਾਰ ਦਾ ਸੁਫ਼ਨਾ ਨਾ ਆਵੇ।
                      ਅਰਜਾ ਐਸੀ ਨੀਂਦ ਨੂੰ ਵੀ ਦਫ਼ਾ ਕਰੋ।
  ਅਰਜ਼ਪ੍ਰੀਤ ਦੀਆਂ ਭਾਵੇਂ ਬਹੁਤੀਆਂ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਹਨ ਪ੍ਰੰਤੂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਕਵਿਤਾਵਾਂ ਵਿੱਚ ਵੀ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਰਹੇ। ਕਵੀ ਲਗਪਗ ਹਰ ਕਵਿਤਾ ਵਿੱਚ ਲੋਕਾਈ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦਾ ਜ਼ਿਕਰ ਕਰਨਾ ਨਹੀਂ ਭੁਲਦਾ। ਗ਼ਰੀਬ ਨਾਲ ਹੋ ਰਹੀਆਂ ਜ਼ਿਆਦਤੀਆਂ, ਧੱਕੇਸ਼ਾਹੀ ਨਾ ਬਰਾਬਰਤਾ ਬਾਰੇ ਆਪਣੀਆਂ ਕਵਿਤਾਵਾਂ ਲਿਖਦਾ ਰਹਿੰਦਾ ਹੈ। ਬੱਚਿਆਂ ਦਾ ਬਚਪਨ ਰੁਲ ਜਾਣ ਦਾ ਹੰਦੇਸ਼ਾ ਆਪਣੀ ਕਵਿਤਾ ‘ਬੱਚੇ’ ਵਿੱਚ ਕਰਦਾ ਹੋਇਆ, ਉਹ ਸਮਾਜ ਨੂੰ ਚੇਤੰਨ ਕਰਦਾ ਹੈ ਕਿ ਜੇਕਰ ਅਸੀਂ ਬੱਚਿਆਂ ਦੇ ਭਵਿਖ ਨੂੰ ਧਿਆਨ ਵਿੱਚ ਨਾ ਰੱਖਿਆ ਤਾਂ ਆਉਣ ਵਾਲਾ ਸਮਾਂ ਖ਼ਤਰਨਾਕ ਸਾਬਤ ਹੋਵੇਗਾ। ਸਮਾਜ ਦਾ ਭਵਿਖ ਧੁੰਧਲਾ ਹੋ ਜਾਵੇਗਾ। ਬੱਚੇ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਦੁਰਕਾਰਨ ਦੀ ਥਾਂ ਪਿਆਰ ਕਰੋ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਨ੍ਹਾਂ ਵਿੱਚ ਰੱਬ ਵਸਦਾ ਹੈ। ਕਵੀ ਲਿਖਦਾ ਹੈ-
            ਇਹ ਜੋ ਕੂੜਾ ਚੁੱਕਦੇ ਫ਼ਿਰਦੇ ਨੇ, ਜੋ ਨਿਤ ਕੁੱਤਿਆਂ ਨਾਲ ਘਿਰਦੇ ਨੇ।
            ਇਹ ਕਿੰਨੇ ਸੋਹਣੇ ਬੱਚੇ ਨੇ, ਪਰ ਉਮਰ ਤੋਂ ਹਾਲੇ ਕੱਚੇ ਨੇ।
            ਇਹ ਤੇਰੀ ਆਦਤ ਗੰਦਿਆ ਵੇ, ਤੂੰ ਸੁਣ ਲੈ ਸ਼ਹਿਰੀ ਬੰਦਿਆ ਵੇ।
            ਤੂੰ ਖਾ ਕੇ ਕੂੜਾ ਸੁੱਟਦਾ ਐਂ, ਇਹ ਚੁੱਕਦੇ ਨੇ ਤੂੰ ਕੁੱਟਦਾ ਐਂ।
            ਤੁਹਾਨੂੰ ਰੱਬ ਦਿਖ ਜਾਂਦੈ, ਜੋ ਬਣੀ ਪੱਥਰ ਦੀ ਮੂਰਤ,
            ਪਰ ਇਹ ਰੱਬ ਜਿਹੇ ਵਿਲਕਦੇ, ਬਾਲ ਨਹੀਂ ਦਿਖਦੇ।
    ਧਰਤੀ ਦੀ ਮਹੱਤਤਾ ਦਾ ਜ਼ਿਕਰ ਕਰਦਾ ‘ਮਿੱਟੀ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮਿੱਟੀ ਦਾ ਦਰਜਾ ਸਰਵੋਤਮ ਹੈ। ਮਿੱਟੀ ਰੱਬ ਤੋਂ ਵੀ ਉਤਮ ਹੈ। ਇਹ ਇਨਸਾਨੀਅਤ ਦੀ ਜਿਸਮਾਨੀ ਭੁੱਖ ਦੀ ਤਿ੍ਰਪਤੀ ਕਰਦੀ ਹੈ। ਸਮੁੱਚਾ ਸਮਾਜ ਮਿੱਟੀ ‘ਤੇ ਨਿਰਭਰ ਹੈ। ਮਿੱਟੀ ‘ਚੋਂ ਅਨਾਜ ਦਾ ਉਤਪਾਦਨ ਕਰਨ ਵਾਲਾ ਮਿਹਨਤੀ ਕਿਸਾਨ ਵੀ ਜ਼ਿੰਦਗੀ ਦਾ ਧੁਰਾ ਹੈ। ਉਹ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਮਿੱਟੀ ਖ਼ਜਾਨਾ ਹੈ। ਰਾਸ਼ਨ ਦੇ ਨਾਂ ‘ਤੇ ਠੱਗੀ ਮਾਰਨ ਵਾਲਿਆਂ ਅਤੇ ਦਾਨ ਵਿੱਚ ਅਨਾਜ ਮੰਗਣ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਮਿੱਟੀ ਵਿਚੋਂ ਹੀ ਮਜ਼ਦੂਰਾਂ ਨੂੰ ਪੇਟ ਪਾਲਣ ਲਈ ਮਜ਼ਦੂਰੀ ਮਿਲਦੀ ਹੈ। ਮਿੱਟੀ ਕਵਿਤਾ ਵਿੱਚ ਲਿਖਿਆ ਹੈ-
         ਜਦ ਕਿਸਾਨ ਦੀ ਫਸਲ ਸੜੇ, ਜਦ ਜੱਟ ਮੰਡੀਆਂ ‘ਚ ਲੜੇ।
         ਉਦੋਂ ਕਿਥੇ ਤੁਸੀਂ ਲੁਕ ਜਾਂਦੇ ਓ, ਐਡੀ ਗਿਣਤੀ ਮੁਕ ਜਾਂਦੇ ਓ।
  ਸਮਾਜ ਵਿੱਚ ਆਪੋ ਧਾਪੀ ਪਈ ਹੋਈ ਹੈ। ਹਰ ਪਾਸੇ ਲਾਲਚ ਅਧੀਨ ਪੈਸਾ ਕਮਾਉਣ ਦੀ ਲਾਲਸਾ ਵਧੀ ਹੋਈ ਹੈ। ਭਰਿਸ਼ਟ ਲੋਕ ਗਿਰਝਾਂ ਦੀ ਤਰ੍ਹਾਂ ਚਾਰ ਚੁਫ਼ੇਰੇ ਘੁੰਮ ਰਹੇ ਹਨ। ਧੋਖ਼ੇਬਾਜਾਂ ਦਾ ਬੋਲਬਾਲਾ ਹੈ। ਇਸ ਹਾਲਾਤ ਬਾਰੇ ‘ਜੂਠੀ ਚਾਹ’ ਕਵਿਤਾ ਵਿੱਚ ਕਵੀ ਵਿਅੰਗ ਨਾਲ ਲਿਖਦੈ-
               ਧੋਖੇ ਸਾਜਿਸ਼ ਮਹਿਕਾਂ ਆਵਣ, ਸ਼ਹਿਰ ਤੇਰੇ ਦੀ ਹਵਾ ‘ਤੇ ਨਈਂ ਐ?
               ਗਿਰਝਾਂ ਘੁੰਮਣ ਚਾਰ ਚੁਫ਼ੇਰੇ, ਤੇਰਾ ਲੱਗਿਆ ਦਾਅ ‘ਤੇ ਨਹਂੀਂ ਐ?
     ਧਾਰਮਿਕ ਸਥਾਨਾ ਵਿੱਚ ਵਾਪਰ ਰਹੀਆਂ ਅਪਮਾਨਜਨਕ ਘਟਨਾਵਾਂ ਨੇ ਸਮਾਜ ਨੂੰ ਸ਼ਰਮਸ਼ਾਰ ਕੀਤਾ ਹੋਇਆ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਭਾਈਚਾਰਕ ਸਾਂਝ ਤਾਰ ਤਾਰ ਹੋਈ ਪਈ ਹੈ। ਇਨਸਾਨ ਇਕ ਦੂਜੇ ਤੋਂ ਡਰ ਰਿਹਾ ਹੈ। ਇਹ ਸਾਰਾ ਕੁਝ ਵੇਖਦਿਆਂ ਵੀ ਜੇ ਸ਼ਾਇਰ ਸਚਾਈ ਨਹੀਂ ਲਿਖਦੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਵਿਅੰਗਮਈ ਕਵਿਤਾ ‘ਤੂੰ ਖ਼ੁਸ਼ਨਸੀਬ ਐਂ ਦੋਸਤ’ ਵਿੱਚ ਅਰਜ਼ਪ੍ਰੀਤ ਲਿਖਦੈ-
                   ਜੇ ਤੇਰੇ ਸ਼ਹਿਰ ਦੇ ਮੰਦਿਰਾਂ ‘ਚ ਬਲਾਤਕਾਰ ਨਈਂ ਹੁੰਦੇ,
                   ਜੇ ਸਾਧਾਂ ਦੇ ਮਗਰ ਲੋਕ ਮਰਨ ਨੂੰ ਤਿਆਰ ਨਈਂ ਹੁੰਦੇ,
                   ਤੂੰ ਖ਼ੁਸ਼ਨਸੀਬ ਐਂ ਦੋਸਤ……………   …..।
                    ਜੇ ਤੇਰੇ ਸ਼ਹਿਰੇ ਗੰਗਾ ਨ੍ਹਹਾ ਕੇ ਪਾਪ ਨੀਂ ਧੁਲਦੇ,
                    ਜੇ ਤੇਰੇ ਸ਼ਹਿਰ ਦੇ ਬੱਚੇ ਸੜਕਾਂ ‘ਤੇ ਨਹੀਂ ਰੁਲਦੇ
                    ਤੂੰ ਖ਼ੁਸ਼ਨਸੀਬ ਹੈਂ।
  ਸਾਰਾ ਸੰਸਾਰ ਇਸਤਰੀ ਨੂੰ ਪਵਿਤਰ ਕਹਿੰਦਾ ਹੈ। ਇਥੋਂ ਤੱਕ ਕਿ ਜਨਮਦਾਤੀ ਹੋਣ ਕਰਕੇ ਰੱਬ ਦਾ ਰੂਪ ਕਹਿੰਦਾ ਹੈ। ਪ੍ਰੰਤੂ ਅਮਲੀ ਰੂਪ ਵਿੱਚ ਇਨਸਾਨ ਖੁਦਦਾਰ ਹੈ। ਔਰਤ ਦੀ ਪ੍ਰਸੰਸਾ ਕਰਨ ਦਾ ਢੌਂਗ ਰਚਦਾ ਹੈ। ਕਵੀ ਨੇ ਮਰਦ ਦੀ ਮਾਨਸਿਕਤਾ ਨੂੰ ਬੜੇ ਸੋਹਣੇ ਢੰਗ ਨਾਲ ਆਪਣੀ ‘ਦੇਸ਼ ਦੀ ਲੜਕੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਕੇ ਪਰਦਾ ਫ਼ਾਸ਼ ਕੀਤਾ ਹੈ-
               ਮੇਰੇ ਜਨਮ ਤੋਂ ਬਾਪੂ ਡਰ ਗਿਆ, ਮੇਰਾ ਦਾਜ ਉਸ ਬਣਵਾਣਾ।
               ਮੇਰੀ ਮਾਂ ਵੀ ਦਰੀਆਂ ਬੁਣਨੀਆਂ, ਮੈਨੂੰ ਇੱਜ਼ਤਾਂ ਨਾਲ ਵਿਆਹੁਣਾ।
               ਕੰਜਕ ਵਾਂਗ ਬਿਠਾ ਕੇ, ਸਾਰਾ ਜੱਗ ਪੂਜੀ ਜਾਂਵਦਾ।
               ਪਰ ‘ਕੱਲੀ ਕਹਿਰੀ ਦੇਖ ਕੇ, ਮੇਰਾ ਫਾਇਦਾ ਫਿਰ ਉਠਾਂਵਦਾ।
               ਤੇਜ਼ਾਬ ਨਾਲ ਮੈਨੂੰ ਸਾੜ ਗਿਆ, ਜੋ ਸੀ ਗੀਤ ਪਿਆਰ ਦੇ ਗਾਂਵਦਾ।
               ਆਹ ਕੈਸੀ ਦੋਗਲੀ ਦੁਨੀਆ, ਮੈਨੂੰ ਰੱਤੀ ਸਮਝ ਨਾ ਆਂਵਦਾ।
                ਅੱਬਾ ਇਹ ਨਾ ਕਹਿਰ ਕਮਾਵੀਂ, ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ।
                ਤੇਰਾ ਤੇ ਮਾਂ ਦਾ ਮੈਂ ਹਿੱਸਾ, ਦੋਹਾਂ ਦਾ ਇੱਕ ਸਾਂਝਾ ਕਿੱਸਾ।
  ਪੁਰਾਤਨ ਪਰੰਪਰਾਵਾਂ ਤੋਂ ਮੂੰਹ ਮੋੜਨ ਦਾ ਹੰਦੇਸ਼ਾ ਪ੍ਰਗਟਾਉਂਦਾ ਕਵੀ ਲਿਖਦਾ ਹੈ-
               ਦਾਤੀ ਤੇ ਰੰਬੀ ਤੇ ਹਲ ਪੰਜਾਲ਼ੀ, ਮਰ ਗਏ ਹਾਂ ਲੋਕੋ ਗਈ ਨਾ ਸੰਭਾਲੀ।
             ਹਵੇਲੀ ਤੇ ਫਿਰਨੀ ਝਲਾਨੀ ਬਰਾਂਡੇ, ਗੁੜ ਦੀ ਕੁਲਹਾੜੀ ਤੇ ਪਿਤਲ ਦੇ ਭਾਂਡੇ।
ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਭਾਵਨਾਤਮਿਕ ਹੈ, ਜਿਸ ਵਿੱਚ ਉਹ ਸਿੱਟਾ ਕੱਢਦਾ ਹੈ ਕਿ ਦੁੱਖ ਸੁੱਖ ਇਸੇ ਤਰ੍ਹਾਂ ਸੰਸਾਰ ਵਿੱਚ ਬਰਕਰਾਰ ਰਹਿਣਗੇ ਇਹ ਬਰਦਾਸ਼ਤ ਵੀ ਕਰਨੇ ਪੈਣਗੇ ਤੇ ਇਨ੍ਹਾਂ ਦਾ ਹੱਲ ਵੀ ਕੱਢਣਾ ਪਵੇਗਾ। ਕਵਿਤਾ ਦਾ ਸ਼ੇਅਰ ਹੈ:
                       ਆ ਬਹਿ ਜਾ ਕੋਲੇ, ਕਿਉਂ ਰੋਂਦਾ ਐਂ ਰੋਣੇਂ।
                       ਚਲਦੇ ਈ ਰਹਿਣੇਂ ਕੀ  ਪਾਉਣੇ ਤੇ ਖੋਣੇਂ।
                       ਇਹ ਸੁਰਮੇ ਦੇ ਦਾਗ਼, ਸਿਰਹਾਣੇ ਦੇ ਉਤੇ,।
                        ਨਾ ਚਾਹੁੰਦੇ ਹੋਏ ਵੀ, ਇਹ ਪੈਣੇ ਨੇ ਧੋਣੇ।
 ਅਰਜ਼ਪ੍ਰੀਤ ਦੀ ਇਹ ਤੀਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ’ਅਰਜ਼ੋਈਆਂ’ ਮੌਲਿਕ ਕਾਵਿ ਸੰਗ੍ਰਹਿ ਅਤੇ ‘ਅਜੋਕਾ ਕਾਵਿ’ ਸੰਗ੍ਰਹਿ ਸੰਪਾਦਿਤ ਪ੍ਰਕਾਸ਼ਤ ਹੋ ਚੁੱਕੀਆਂ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਰਜ਼ਪ੍ਰੀਤ ਭਵਿਖ ਵਿੱਚ ਹੋਰ ਵਧੀਆ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਵਿੱਚ ਸਫਲ ਹੋ ਸਕਦਾ ਹੈ। 127 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ‘ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਪਿੰਡ ਭੁੰਦੜ ਜਿਲ੍ਹਾ ਬਠਿੰਡਾ’ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072                                                                                          
ujagarsingh48@yahoo.com

  ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ ਦਿ੍ਰਸ਼ਟੀ’ ਖੋਜੀ ਪੁਸਤਕ  - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਸਰਬਾਂਗੀ ਲੇਖਕ ਹੈ। ਉਨ੍ਹਾਂ ਦੀਆਂ ਹੁਣ ਤੱਕ ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ ਅਤੇ ਮਿੰਨੀ ਕਹਾਣੀ ਦੀਆਂ ਲਗਪਗ ਇਕ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗੁਰਮਤਿ ਦਿ੍ਰਸ਼ਟੀ ਚਰਚਾ ਅਧੀਨ ਪੁਸਤਕ ਸਿੱਖ ਧਰਮ ਦੀ ਵਿਚਾਰਧਾਰਾ ਦੇ ਪੰਜ ਰੰਗਾਂ ਨੂੰ ਦਰਸਾਉਂਦੀ ਹੈ। ਭਾਵ ਇਸ ਪੁਸਤਕ ਵਿੱਚ 5 ਖੋਜ ਪੱਤਰ ‘ਗੁਰਮਤਿ-ਸੰਪੂਰਨ ਜੀਵਨ ਮਾਰਗ, ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ, ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ), 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਸ਼ਾਮਲ ਹਨ। ਲੇਖਕ ਨੇ ਮਨੁੱਖ ਦੀ ਹੋਂਦ ਸੰਬੰਧੀ, ਮਨੁੱਖ ਦੀ ਉਮਰ ਸੰਬੰਧੀ ਅਤੇ ਮਨੁੱਖ ਦੇ ਵਿਹਾਰਿਕ ਜੀਵਨ ਸੰਬੰਧੀ ਲਿਖਦੇ ਹੋਏ ਗੁਰਮਤਿ-ਸੰਪੂਰਨ ਜੀਵਨ ਮਾਰਗ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਤਨ ਮਨ ਵਿੱਚ ਵਸਦਾ ਹੈ। ਮਨ ਵਿੱਚ ਜੀਵਨ ਹੈ। ਜਦੋਂ ਸਰੀਰ ਵਿੱਚ ਜੀਵਾਤਮਾ ਮਿਲ ਜਾਂਦੀ ਹੈ ਤਾਂ ਉਹ ਇਕਮਿਕ ਹੋ ਜਾਂਦੀ ਹੈ। ਗੁਰਮਤਿ ਰਾਹੀਂ ਹੀ ਸੰਪੂਰਨ ਜੀਵਨ ਮਾਰਗ ਬਣਦਾ ਹੈ। ਇਨਸਾਨ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਹੁੰਦੀਆਂ ਹਨ। ਨੈਤਿਕ ਕਦਰਾਂ ਕੀਮਤਾਂ ਦਾ ਸਿੱਧਾ ਸੰਬੰਧ ਮਨ ਨਾਲ ਹੈ। ਮਨੁੱਖੀ ਜੀਵਨ ਦੇ ਅਨੇਕ ਪੱਖ ਹਨ। ਵਿਅਕਤੀਗਤ, ਪਰਿਵਾਰਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਆਦਿ। ਸੁਖਦੇਵ ਸਿੰਘ ਸ਼ਾਂਤ ਨੇ ਅੱਗੇ ਇਸ ਲੇਖ ਨੂੰ 7 ਭਾਗਾਂ ਵਿੱਚ ਵੰਡਿਆ ਹੈ। ਇਨਸਾਨ ਦਾ ਵਿਅਕਤੀਗਤ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਸ ਵਿੱਚ ਇਕੱਲ, ਇਕਾਂਤ ਅਤੇ ਇਕਾਗਰਤ ਦਾ ਗੂੜ੍ਹਾ ਸੰਬੰਧ ਕਿਹਾ ਹੈ। ਪਰਿਵਾਰਿਕ ਜੀਵਨ ਗ੍ਰਹਿਸਤ ਦਾ ਜੀਵਨ ਹੈ। ਇਸ ਵਿੱਚ ਇਨਸਾਨ ਨੂੰ ਆਪਣੇ ਸਾਰੇ ਰਿਸ਼ਤੇ ਸਹੀ ਢੰਗ ਨਾਲ ਨਿਭਾਉਣੇ ਚਾਹੀਦੇ ਹਨ। ਸਮਾਜਿਕ ਜੀਵਨ ਵਿੱਚ ਦੱਸਿਆ ਹੈ ਕਿ ਮਨੁੱਖ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਸਗੋਂ ਉਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ, ਜਿਨ੍ਹਾਂ ਨੂੰ ਨਿਭਾਉਣਾ ਵੀ ਜ਼ਰੂਰੀ ਹੁੰਦਾ ਹੈ। ਆਰਥਿਕ ਜੀਵਨ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਮਨੁੱਖ ਆਰਥਿਕ ਤੌਰ ਤੇ ਆਜ਼ਾਦ ਨਹੀਂ ਤਾਂ ਉਸ ਦੀਆਂ ਬਾਕੀ ਆਜ਼ਾਦੀਆਂ ਵੀ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਭਾਵ ਆਪਣੀ ਰੋਜ਼ੀ ਰੋਟੀ ਲਈ ਦਸਾਂ ਨਹੁੰਾਂ ਦੀ ਕਿਰਤ ਕਰਨੀ ਚਾਹੀਦੀ ਹੈ। ਧਾਰਮਿਕ ਜੀਵਨ ਨੂੰ ਗੁਰਮਤਿ ਵਿੱਚ ਅਸਲ ਜੀਵਨ ਮੰਨਿਆਂ ਹੈ। ਇਸ ਲਈ ਮਨੁੱਖ ਨੂੰ ਗੁਰਬਾਣੀ ਅਨੁਸਾਰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰਮਤਿ ਵਾਲੇ ਸਮਾਜ ਵਿੱਚ ਰਾਜਸੀ ਸ਼ਕਤੀ ਵੀ ਅਧਿਆਤਮਿਕ ਸ਼ਕਤੀ ਦਾ ਹੀ ਪ੍ਰਗਟਾਵਾ ਹੁੰਦੀ ਹੈ। ਇਸ ਵਿੱਚ ਬਰਾਬਰਤਾ ਦਾ ਸੰਦੇਸ਼ ਹੈ। ਰੋਜ਼ਾਨਾ ਜੀਵਨ ਨਾਲ ਸੰਬੰਧਤ ਕਿਰਿਆਵਾਂ ਖਾਣਾ, ਪੀਣਾ, ਪਹਿਨਣਾ, ਖੇਡਣਾ, ਪੜ੍ਹਨਾ ਆਦਿ ਬਾਰੇ ਬਾਕਾਇਦਾ ਗੁਰਬਾਣਂੀ ਵਿੱਚ ਸਿਖਿਆ ਦਿੱਤੀ ਗਈ ਹੈ। ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ ਬਾਰੇ ਲਿਖਦੇ ਹਨ ਕਿ ਪਸ਼ੂ-ਪੰਛੀ ਵੀ ਆਪਣੇ ਜੀਵਨ ਵਿੱਚ ਕਾਰਜ ਕਰਦੇ ਹਨ। ਪ੍ਰੰਤੂ ਸਮਾਜਿਕ ਰੂਪ ਵਿੱਚ ਉਨ੍ਹਾਂ ਦੇ ਕਾਰਜਾਂ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਉਂਦਾ। ਗੁਰਮਤਿ ਅਨੁਸਾਰ ਮਨੁੱਖ ਦੇ ਕਰਮ-ਕਾਂਡ ਜਾਂ ਕਰੜੀ ਤਪੱਸਿਆ ਦੇ ਬੰਧਨਾ ਤੋਂ ਮੁਕਤ ਹਨ।  ਗ੍ਰਹਿਸਤ ਮਾਣਨ ਦੀ ਸੁਤੰਤਰਤਾ ਨੇ ਮਨੁੱਖ ਦੇ ਜੀਵਨ ਵਿੱਚ ਉਤਸ਼ਾਹ-ਜਨਕ ਵਾਧਾ ਕੀਤਾ ਹੈ। ਗੁਰਮਤਿ ਅਨੁਸਾਰ ਸਵਰਗ-ਨਰਕ ਜਾਂ ਜਨਤ-ਦੋਜਖ਼ ਦੇ ਵਿਚਾਰ ਨਾਲੋਂ ਵਧੇਰੇ ਜ਼ੋਰ ਵਰਤਮਾਨ ਜੀਵਨ ਦੇ ਕਾਰਜਾਂ ਨੂੰ ਚੰਗਾ ਬਣਾਉਣ ਵਲ ਦਿੱਤਾ ਗਿਆ ਹੈ। ਅਧਿਆਤਮਿਕ ਖੇਤਰ ਵਿੱਚ ਸੁਤੰਤਰਤਾ ਪਰਮਾਤਮਾ ਦੀ ਭਗਤੀ ਅਤੇ ਉਸਦੀ ਮਿਹਰ ਰਾਹੀਂ ਜਨਮਾ-ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ। ਇਸ ਲਈ ਭਗਤੀ ਕਰਨੀ ਤੇ ਚੰਗੇ ਕਾਰਜ ਕਰਨੇ ਜ਼ਰੂਰੀ ਹਨ। ਦੁਨਿਆਵੀ ਖੇਤਰ ਵਿੱਚ ਸੁਤੰਤਰਤਾ ਗੁਰਬਾਣੀ ਵਿੱਚ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੀ ਮਨੁੱਖ ਨੂੰ ਅਧਿਆਤਮਿਕ ਜੀਵਨ ਜੀਣ ਦੀ ਸਿਖਿਆ ਦਿੱਤੀ ਗਈ ਹੈ। ਲੇਖਕ ਨੇ ਬਾਕੀ ਧਰਮਾ ਦੀਆਂ ਉਦਾਹਰਨਾ ਦੇ ਕੇ ਸਾਰੀ ਜਾਣਕਾਰੀ ਦਿੱਤੀ ਹੈ। ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ) ਵਿੱਚ ਮਨ ਆਤਮਾ ਨਾਲ ਇੱਕਮਿਕ ਤਾਂ ਹੀ ਹੋ ਸਕਦਾ ਹੈ ਜੇਕਰ ਉਸਦਾ ਰੂਪ ਵੀ ਆਤਮਾ ਵਾਂਗ ਸੂਖ਼ਮ ਹੋਵੇ। ਜਦੋਂ ਇਹ ਸੂਖ਼ਮ ਵਸਤਾਂ ਮਿਲ ਜਾਂਦੀਆਂ ਹਨ ਤਾਂ ਸ਼ਾਂਤੀ ਮਿਲ ਜਾਂਦੀ ਹੈ। ਮਨ ‘ਤੇ ਕਾਬੂ ਪਾ ਕੇ ਗਿਆਨ ਇੰਦਰੀਆਂ ‘ਤੇ ਕਾਬੂ ਪੈ ਜਾਂਦਾ ਹੈ। ਜਦੋਂ ਇਨ੍ਹਾਂ ਤੇ ਕਾਬੂ ਹੋ ਗਿਆ ਤਾਂ ਮਨ ਜਿੱਤਿਆ ਜਾਂਦਾ ਹੈ। ਮਨ ਜਿੱਤਕੇ ਸੰਸਾਰ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣ ਨਾਲ ਸਬਰ, ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਮਨ ਨੂੰ ਜਿੱਤ ਲੈਣਾ ਹੀ ਇਨਸਾਨ ਦੀ ਸਭ ਤੋਂ ਵੱਡੀ ਉਪਲਭਦੀ ਹੈ। ਫਿਰ ਜਨਮ-ਜਨਮਾਂਤਰਾਂ ਦੀ ਭੁੱਖ ਖ਼ਤਮ ਹੋ ਜਾਂਦੀ ਹੈ। ਭਟਕਣਾ ਦੂਰ ਹੋ ਜਾਂਦੀ ਹੈ। ਇਹੋ ਗੁਰਬਾਣੀ ਸਿਖਿਆ ਦਿੰਦੀ ਹੈ। ਇਨਸਾਨ ਗਿਆਨੀ ਹੋ ਜਾਂਦਾ ਹੈ। ਉਸ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਹੈ। ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਖੁਦ ਕੀ ਹੈ ਅਤੇ ਉਸਦੇ ਜੀਵਨ ਦਾ ਮਨੋਰਥ ਕੀ ਹੈ? ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੇ ਨਾਮ ਦੀ ਬਖ਼ਸ਼ਿਸ਼ ਨਾਲ ਹੀ ਮਨ ਪਵਿਤਰ ਹੋ ਕੇ ਜਿੱਤਿਆ ਜਾ ਸਕਦਾ ਹੈ। ਮਨ ਜਿੱਤਣ ਨਾਲ ਇਨਸਾਨ ਅਧਿਆਤਮਿਕ ਜਿੱਤ ਪ੍ਰਾਪਤ ਕਰਦਾ ਹੈ। 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਵੈਸਾਖ ਮਹੀਨੇ ਵਿੱਚ ਫਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਵਿਸਾਖੀ ਦਾ ਦਿਨ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।  ਇਸ ਪ੍ਰਕਾਰ ਵਿਸਾਖੀ ਦਾ ਦਿਨ ਧਾਰਮਿਕ ਅਤੇ ਆਰਥਿਕ ਤੌਰ ‘ਤੇ ਪਵਿਤਰ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਨ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਅਤੇ ਆਪ ਉਨ੍ਹਾਂ ਤੋਂ ਅੰਮਿ੍ਰਤ ਛਕਿਆ ਸੀ। ਉਨ੍ਹਾਂ ਖਾਲਸਾ ਪੰਥ ਸਾਜਕੇ ਖਾਲਸੇ ਦੀ ਰਹਿਤ ਮਰਿਆਦਾ ਸੰਬੰਧੀ ਫੁਰਮਾਨ ਜਾਰੀ ਕੀਤਾ ਸੀ। ਗੁਰ-ਦੀਖਿਆ ਪ੍ਰਾਪਤ ਕਰਕੇ ਹੀ ਇਨਸਾਨ ਗੁਰੂ ਵਾਲਾ ਬਣ ਕੇ ਗਿਆਨ ਪ੍ਰਾਪਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ’ ਦੇਣ ਦਾ ਜਿਹੜਾ ਫੈਸਲਾ ਕੀਤਾ, ਉਹ ਗੁਰਬਾਣੀ ਵਿੱਚ ਦਰਸਾਏ ‘ਅੰਮਿ੍ਰਤ’ ਸ਼ਬਦ ਦੀ ਪਾਲਣਾ ਹੀ ਸੀ। ਗੁਰੂ ਜੀ ਨੇ ਪੰਜ ਸਿੱਖਾਂ ਦੁਆਰਾ ਗੁਰ-ਦੀਖਿਆ ਦੇਣ ਦਾ ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੇਸ਼ ਕੀਤਾ। 1699 ਦੀ ਵਿਸਾਖੀ ਨੇ ਕੁਝ ਸਿਧਾਂਤਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ, ਲੋਕ-ਤੰਤਰੀ ਢਾਂਚੇ ਦੀ ਸਥਾਪਨਾ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਸਭਿਆਚਾਰਿਕ ਸੁਤੰਤਰਤਾ ਦਾ ਆਦਰਸ਼ ਅਤੇ ਨੈਤਿਕਤਾ ‘ਤੇ ਜ਼ੋਰ ਸ਼ਾਮਲ ਹਨ। ਲੇਖਕ ਨੇ ਵਿਸਾਖੀ ਦੇ ਪ੍ਰਸੰਗ ਵਿੱਚ ਸਿਰਲੇਖ ਹੇਠ ਕੁਝ ਚਿੰਤਾਵਾਂ ਵੀ ਕੀਤੀਆਂ ਹਨ। ਡ੍ਰਗਜ਼ ਅਤੇ ਨਸ਼ੇ ਪੰਜਾਬ ਵਿੱਚ ਆਮ ਹੋ ਗਏ ਹਨ, ਜਦੋਂ ਕਿ ਗੁਰੂ ਸਾਹਿਬਾਨ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਇਸੇ ਤਰ੍ਹਾਂ ਗੁਰੂ ਜੀ ਨੇ ‘ਏਕਾ ਨਾਰੀ ਜਤੀ’ ਦਾ ਸੰਦੇਸ਼ ਦਿੱਤਾ ਸੀ ਪ੍ਰੰਤੂ ਏਡਜ਼ ਦੀ ਬਿਮਾਰੀ ਇਸਦੀ ਉਲੰਘਣਾ ਦਾ ਸਬੂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਰਵੋਤਮ ਮੰਨਿਆਂ ਪ੍ਰੰਤੂ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ। ਨੈਤਿਕ ਗਿਰਾਵਟ ਤੇ ਵੀ ਲੇਖਕ ਨੇ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਫੈਸ਼ਨ, ਮਾਡÇਲੰਗ ਦੇ ਨਾਂ ਤੇ ਅਸ਼ਲੀਲਤਾ ਪੇਸ਼ ਕੀਤੀ ਜਾਂਦੀ ਹੈ। ਇਹ ਵੀ ਸਿੱਖ ਵਿਚਾਰਧਾਰਾ ਦੇ ਵਿਰੁੱਧ ਹੈ। ਏਸੇ ਤਰ੍ਹਾਂ ਭਿ੍ਰਸ਼ਟਾਚਾਰ ਗੁਰੂ ਨਾਨਕ ਦੇਵ ਜੀ ਨੇ ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਕਿਹਾ ਸੀ ਪ੍ਰੰਤੂ ਇਸ ਸਮੇਂ ਸਮਾਜ ਵਿੱਚ ਭਰਿਸ਼ਟਾਚਾਰ ਭਾਰੂ ਹੈ। ਗੁਰਬਾਣੀ ਦਾ ਫਰਮਾਨ ਹੈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਭਾਵ ਵਿਸ਼ਵ ਸ਼ਾਂਤੀ ਦੀ ਲੋੜ ਤੇ ਜ਼ੋਰ ਦਿੱਤਾ ਸੀ ਪ੍ਰੰਤੂ ਵਰਮਾਨ ਸਥਿਤੀ ਵਿੱਚ ਇਸਦੇ ਉਲਟ ਕੰਮ ਹੋ ਰਿਹਾ ਹੈ। ਪ੍ਰਦੂਸ਼ਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਗੁਰਦੁਆਰਾ-ਇਕ ਸੰਸਥਾ  (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਖੋਜ ਪੱਤਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਧਰਮਸਾਲ ਦੇ ਰੂਪ ਵਿੱਚ ਗੁਰਦੁਆਰਾ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪ੍ਰਚਾਰ ਹਿੱਤ 22 ਮੰਜੀਆਂ ਸਥਾਪਤ ਕਰਨ ਬਾਰੇ ਬਚਨ ਕੀਤੇ ਸਨ। ਪ੍ਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਾਮਜਦ ਕਰਕੇ ਗੁਰਦੁਆਰਾ ਸਹਿਬ ਦਾ ਮੁੱਢ ਬੰਨਿਆਂ ਸੀ। ਭਾਵੇਂ ਗੁਰਬਾਣੀ ਵਿੱਚ ਧਰਮਸਾਲਾ ਜਾਂ ਗੁਰਦੁਆਰੇ ਦੀ ਨਿਸ਼ਚਿਤ ਸਥਾਨ ਵਜੋਂ ਅਹਿਮੀਅਤ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ਸੰਸਥਾਗਤ ਪੱਖ ਤੋਂ ਗੁਰਦੁਆਰੇ ਨੂੰ ਇਕ ਸੰਸਥਾ ਵਜੋਂ ਮਾਣਤਾ ਦਿੱਤੀ ਗਈ ਸੀ। ਗੁਰਦੁਆਰੇ ਦੀ ਸੰਸਥਾ ਵਜੋਂ ਲੋੜ ਵਾਲੇ ਭਾਗ ਵਿੱਚ ਲੇਖਕ ਨੇ ਲਿਖਿਆ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਿਸੰਗਤ ਅਤੇ ਸੇਵਾ ਤਿੰਨ ਅਜਿਹੇ ਸੰਕਲਪ ਹਨ, ਜਿਨ੍ਹਾਂ ਦੀ ਪੂਰਤੀ ਲਈ ਸੰਸਥਾ ਵਜੋਂ ਗੁਰਦੁਆਰੇ ਦੀ ਹੋਂਦ ਜ਼ਰੂਰੀ ਹੈ। ਘਰ ਵਿੱਚ ਇਨਸਾਨ ਅੰਮਿ੍ਰਤ ਵੇਲੇ ਉਠ ਕੇ ਨਿਤਨੇਮ ਤਾਂ ਕਰ ਸਕਦਾ ਹੈ ਪ੍ਰੰਤੂ ਉਥੇ ਸਤਿਗੁਰ ਦੇ ਦਰਸ਼ਨ, ਸੰਤਿਸੰਗਤ ਦਾ ਮਿਲਾਪ ਅਤੇ ਗੁਰਸਿੱਖਾਂ ਦੀ ਸੇਵਾ ਨਸੀਬ ਨਹੀਂ ਹੋ ਸਕਦੀ। ਇਸ ਲਈ ਗੁਰਦੁਆਰੇ ਦੀ ਲੋੜ ਹੈ। ਗੁਰਦੁਆਰੇ ਦੀ ਸੰਸਥਾ ਵਜੋਂ ਮਰਿਯਾਦਾ: ਸਿੱਖ ਧਰਮ ਵਿੱਚ ‘ਸਿੱਖ ਰਹਿਤ ਮਰਯਾਦਾ’ ਗੁਰਦੁਆਰੇ ਵਿੱਚ ਹੋਣੀ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਿਸ਼ਾਨ ਸਾਹਿਬ ਅਤੇ ਨਗਾਰਾ ਤਿੰਨ ਗੱਲਾਂ ਜ਼ਰੂਰੀ ਹਨ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉਥੇ ਸ਼ਰਧਾਲੂ ਅਨੁਸ਼ਾਸ਼ਨ ਵਿੱਚ ਰਹਿਣਗੇ। ਨੈਤਿਕ ਜ਼ਿੰਮੇਵਾਰੀ ਮਹਿਸੂਸ ਕਰਨਗੇ। ਸਿਰ ਢੱਕੇ ਹੋਣਗੇ, ਪਾਠ, ਕੀਰਤਨ ਹੁੰਦਾ ਹੋਵੇਗਾ। ਕੁਦਰਤੀ ਹੈ ਕਿ ਸੰਗਤ ਗੁਰਦੁਆਰੇ ਦੀ ਸਿੱਖ ਰਹਿਤ ਮਰਿਯਾਦਾ ਵਿੱਚ ਰਹਿੰਦੇ ਹੋਏ ਵਿਚਰਣਗੇ। ਗੁਰਦੁਆਰੇ ਦੀ ਸੰਸਥਾ ਵਜੋਂ ਪ੍ਰਬੰਧ: ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ, ਕਰਮਚਾਰੀ, ਪਾਠੀ, ਰਾਗੀ ਅਤੇ ਕੀਰਤਨੀਏ ਹੋਣਗੇ। ਇਨ੍ਹਾਂ ਸਾਰਿਆਂ ਦਾ ਨਿਗਰਾਨ ਮੈਨੇਜਰ ਹੋਵੇਗਾ। ਇਹ ਸਾਰੇ ਕਰਮਚਾਰੀ ਅਧਆਤਮਿਕ ਸੋਚ ਅਨੁਸਾਰ ਕੰਮ ਕਰਨਗੇ। ਇਹ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਦਿੱਤੇ ਵਿਚਾਰ ਵੱਖ-ਵੱਖ ਵਿਦਵਾਨਾ ਦੇ ਵਿਚਾਰਾਂ ਦਾ ਨਿਚੋੜ ਹੈ। ਅਖ਼ੀਰ ਵਿੱਚ ਲੇਖਕ ਨੇ ਸਾਰੇ ਗੁਰਦੁਆਰਿਆਂ ਵਿੱਚ ਇਕਸੁਰਤਾ ਦੀ ਲੋੜ ਤੇ ਜ਼ੋਰ ਦਿੰਦੇ ਹੋਏ 10 ਸੁਝਾਆ ਦਿੱਤੇ ਹਨ। 135 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ :  ਆਮ ਆਦਮੀ ਪਾਰਟੀ ਨੂੰ ਝਟਕਾ -  ਉਜਾਗਰ ਸਿੰਘ

ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਹਲਕੇ ਸੰਗਰੂਰ ਵਿੱਚ ਸਨ੍ਹ ਲਗਾ ਦਿੱਤੀ ਹੈ। ਇਹ ਉਪ ਚੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਹੋਈ ਹੈ। ਉਨ੍ਹਾਂ ਆਪਣੀ ਪਸੰਦ ਦਾ ਉਮੀਦਵਾਰ ਚੁਣਿਆਂ ਸੀ ਪ੍ਰੰਤੂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨਕਾਰ ਦਿੱਤਾ ਹੈ। ਸੰਗਰੂਰ ਉਪ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਪੰਜਾਬ ਦੀਆਂ ਹੌਸਲੇ ਛੱਡੀ ਬੈਠੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀਆਂ ਵਿੱਚ ਮੁੜ ਜਾਨ ਪੈ ਗਈ ਹੈ। ਉਨ੍ਹਾਂ ਦੇ ਭਾਵੇਂ ਉਮੀਦਵਾਰ ਜਿੱਤ ਤਾਂ ਨਹੀਂ ਸਕੇ ਪ੍ਰੰਤੂ ਵਿਧਾਨ ਸਭਾ ਵਿੱਚ ਪਈਆਂ ਵੋਟਾਂ ਦੇ ਮੁਕਾਬਲੇ ਆਪਣੀ ਪੋਜ਼ੀਸ਼ਨ ਕਨਸੌਲੀਡੇਟ ਕਰਨ ਵਿੱਚ ਸਫਲ ਹੋਏ ਹਨ। ਦੂਜਾ ਸਥਾਪਤ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਲਾਭ ਹੋਵੇਗਾ ਕਿਉਂਕਿ ਹੁਣ ਉਹ ਆਉਂਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਣਗੀਆਂ। ਆਮ ਆਦਮੀ ਪਾਰਟੀ ਦਾ ਗ੍ਰਾਫ ਜਿਵੇਂ ਯਕਲਖਤ ਅਸਮਾਨ ‘ਤੇ ਚੜ੍ਹ ਗਿਆ ਸੀ, ਉਸੇ ਤਰ੍ਹਾਂ ਸੰਗਰੂਰ ਉਪ ਚੋਣ ਹਾਰਨ ਨਾਲ ਮਿੰਟਾਂ ਸਕਿੰਟਾਂ ਵਿੱਚ ਹੀ ਨੀਚੇ ਗਿਰ ਗਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵਾਂ ਨੂੰ ਬਰਾਬਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵੇਂ ਪਾਰਟੀਆਂ ਹਾਸ਼ੀਏ ਤੇ ਪਹੁੰਚ ਗਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਨੀਮੂਨ ਪੀਰੀਅਡ ਵਿੱਚ ਅਨੇਕਾਂ ਦਾਅਵਿਆਂ ਦੇ ਬਾਵਜੂਦ ਵੀ ਉਨ੍ਹਾਂ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਗਿਆ। ਸਰਕਾਰ ਦੇ ਭਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਆਪਣੇ ਹੀ ਸਿਹਤ ਮੰਤਰੀ ਦੀ ਦਿੱਤੀ ਬਲੀ ਵੀ ਕਾਰਗਰ ਸਾਬਤ ਨਹੀਂ ਹੋਈ। ਹੈਰਾਨੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੂੰ 2014 ਦੀ ਲੋਕ ਸਭਾ ਦੀ ਚੋਣ ਸਮੇਂ 48 ਫ਼ੀ ਸਦੀ ਵੋਟਾਂ ਪਈਆਂ ਸਨ। 2019 ਵਿੱਚ ਇਹ ਲੀਡ ਘਟਕੇ 37 ਫ਼ੀ ਸਦੀ ਰਹਿ ਗਈ ਸੀ। ਇਸ ਵਾਰ 34 ਫ਼ੀ ਸਦੀ ਰਹਿ ਗਈ ਹੈ। ਮੁੱਖ ਮੰਤਰੀ ਦੀ ਆਪਣੀ ਸੀਟ ਤੋਂ ਹਾਰਨ ਨਾਲ ਭਗਵੰਤ ਸਿੰਘ ਮਾਨ ਦੀ ਸ਼ਾਖ਼ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਉਨ੍ਹਾਂ ਦੀ ਖਾਲੀ ਕੀਤੀ ਸੀਟ ‘ਤੇ ਚੋਣ ਹੋਈ ਹੈ। ਇਹ ਵੀ ਅਚੰਭੇ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਦੇ ਆਪਣੇ ਜੱਦੀ ਪਿੰਡ ਸਤੌਜ ਵਿਚੋਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਿਆ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ 3 ਮਹੀਨੇ ਹੀ ਹੋਏ ਹਨ। ਅਜੇ ਉਨ੍ਹਾਂ ਦਾ ਹਨੀਮੂਨ ਪੀਰੀਅਡ ਖ਼ਤਮ ਨਹੀਂ ਹੋਇਆ ਸੀ ਪ੍ਰੰਤੂ ਸਰਕਾਰ ਦੀ ਕਾਰਗੁਜ਼ਾਰੀ ਕਟਹਿਰੇ ਵਿੱਚ ਖੜੀ ਹੋ ਗਈ ਹੈ। ਵੱਡੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਗਈ ਹੈ। ਇਸ ਉਪ ਚੋਣ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਅਕਸ ਦਾਅ ਤੇ ਲੱਗਿਆ ਹੋਇਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੇ 8 ਮੰਤਰੀ, ਦੋ ਦਰਜਨ ਤੋਂ ਵੱਧ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਰਾਜ ਅਤੇ ਜਿਲਿ੍ਹਆਂ ਦੇ ਅਹੁਦੇਦਾਰ ਪਿਛਲੇ 15 ਦਿਨ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਅੱਡੀ ਤੋਂ ਚੋਟੀ ਦਾ ਜ਼ੋਰ ਲਗਾ ਰਹੇ ਸਨ। ਪ੍ਰੰਤੂ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਉਹ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਸੁਨਾਮ ਹਲਕੇ ਤੋਂ ਅਮਨ ਅਰੋੜਾ 76 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਿਆ ਸੀ। ਸੁਨਾਮ, ਸੰਗਰੂਰ ਅਤੇ ਲਹਿਰਾਗਾਗਾ ਵਿਧਾਂਨ ਸਭਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਮਰਨਜੀਤ ਸਿੰਘ ਮਾਨ ਤੋਂ ਵੱਧ ਵੋਟਾਂ ਮਿਲੀਆਂ ਹਨ। ਭਗਵੰਤ ਸਿੰਘ ਮਾਨ ਦੀ ਵਜ਼ਾਰਤ ਦੇ ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਦੋਵੇਂ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਵੱਡੇ ਫਰਕ ਨਾਲ ਹਾਰ ਗਿਆ ਹੈ। ਮੰਤਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਸ ਉਪ ਚੋਣ ਤੇ ਨਤੀਜੇ ਨਾਲ ਆਮ ਆਦਮੀ ਪਾਰਟੀ ਦਾ ਭਵਿਖ਼ ਖ਼ਤਰੇ ਵਿੱਚ ਪੈ ਗਿਆ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਦਮਗਜ਼ੇ ਮਾਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਸਪਨੇ ਚਕਨਾਚੂਰ ਹੋ ਗਏ ਹਨ। ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਵੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਈ ਹੈ। ਪੰਜਾਬ ਸਰਕਾਰ ਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਅਤੇ ਇਨ੍ਹਾਂ ਹੁਕਮਾਂ ਨੂੰ ਸ਼ੋਸ਼ਲ ਮੀਡੀਆ ‘ਤੇ ਪਾਉਣ ਨਾਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸੱਦਾ ਦੇਣ ਦੇ ਬਰਾਬਰ ਗਿਣਿਆਂ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਦਾ ਜਿਉਂਦਾ ਜਾਗਦਾ ਸਬੂਤ ਸਾਬਤ ਹੋਇਆ ਹੈ, ਜਿਸਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਬਦਲਾ ਲੈ ਲਿਆ ਹੈ। ਪੰਜਾਬ ਦੇ ਪਾਣੀਆਂ ਬਾਰੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾ ਗਿਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਸਤਲੁਜ ਯਮੁਨਾ ਨਹਿਰ ਬਾਰੇ ਦੋਹਰਾ ਮਾਪ ਦੰਡ ਲੋਕਾਂ ਨੇ ਚੰਗਾ ਨਹੀਂ ਸਮਝਿਆ।
   Êਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਇਹ ਚੋਣ ਪਹਿਲਾ ਇਮਤਿਹਾਨ ਸੀ। ਉਹ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਖੁਦ ਚਲਾਉਂਦਾ ਰਿਹਾ, ਜਿਸ ਕਰਕੇ ਕਾਂਗਰਸ ਪਾਰਟੀ ਭਾਵੇਂ ਆਪਣੀ ਜ਼ਮਾਨਤ ਤਾਂ ਨਹੀਂ ਬਚਾ ਸਕੀ ਪ੍ਰੰਤੂ ਤੀਜੇ ਨੰਬਰ ਤੇ ਆ ਗਈ ਹੈ। ਪੰਜਾਬ ਕਾਂਗਰਸ ਪਾਰਟੀ ਦੇ ਲੈਜਿਸਲੇਚਰ ਪਾਰਟੀ ਦੇ ਮੁੱਖੀ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵਿਧਾਨਕਾਰ ਵੀ ਚੋਣ ਮੁਹਿੰਮ ਵਿੱਚ ਲੱਗੇ ਰਹੇ ਸਨ ਪ੍ਰੰਤੂ ਕਾਂਗਰਸ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਗਈ ਹੈ। ਸਭ ਤੋਂ ਜ਼ਿਆਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਹੋਇਆ ਹੈ, ਉਨ੍ਹਾਂ ਦਾ ਉਮੀਦਵਾਰ ਕੇਵਲ ਸਿੰਘ ਢਿਲੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਜੀਤ ਕੌਰ ਤੋਂ ਵੀ ਵੱਧ ਵੋਟਾਂ ਲੈ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਭਾਈਵਾਲੀ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਵੱਡਾ ਭਰਾ ਕਹਿੰਦੀ ਸੀ। ਇਸ ਚੋਣ ਵਿੱਚ ਅਕਾਲੀ ਦਲ ਨੇ ਆਪਣਾ ਅਕਸ ਬਚਾਉਣ ਲਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਕੇ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਅਕਾਲੀ ਦਲ ਦੀ ਹੋਰ ਕਿਰਕਰੀ ਹੋ ਗਈ ਹੈ। ਸਿਮਰਨਜੀਤ ਸਿੰਘ ਮਾਨ 5822 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ।  ਉਨ੍ਹਾਂ ਨੂੰ 253154, ਆਮ ਆਦਮੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ 247332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿਲੋਂ ਨੂੰ 66298 ਅਤੇ ਪੰਜਵੇਂ ਨੰਬਰ ਤੇ ਅਕਾਲੀ ਦਲ ਦੀ ਬੀਬੀ ਕਮਲਜੀਤ ਕੌਰ ਨੂੰ 44428 ਵੋਟਾਂ ਮਿਲੀਆਂ ਹਨ। ਸਿਮਰਨਜੀਤ ਸਿੰਘ ਮਾਨ ਨੂੰ ਸਭ ਤੋਂ ਵੱਧ ਵੋਟਾਂ ਮਾਲੇਰਕੋਟਲਾ ਤੋਂ ਪਈਆਂ ਹਨ। ਇਸ ਚੋਣ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਾਇਦ ਆਪਣੀ ਸਰਕਾਰ ਚਲਾਉਣ ਦੀ ਕਾਰਜਸ਼ੈਲੀ ਵਿੱਚ ਤਬਦੀਲੀ ਕਰਨ ਲਈ ਮਜ਼ਬੂਰ ਹੋ ਜਾਵੇਗੀ। 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੂੰ 3 ਲੱਖ , ਅਕਾਲੀ ਦਲ ਦੇ ਉਮੀਦਵਾਰ ਨੂੰ 2 ਲੱਖ 6000 ਵੋਟਾਂ ਪੋਲ ਹੋਈਆਂ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
   ਮੋਬਾਈਲ-94178 13072
     ujagarsingh48@yahoo.com