ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ - ਉਜਾਗਰ ਸਿੰਘ
ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਜ਼ਿੰਦਗੀ ਪਰਮਾਤਮਾ ਦਾ ਇਨਸਾਨ ਨੂੰ ਦਿੱਤਾ ਇਕ ਵਾਰ ਬਿਹਤਰੀਨ ਤੋਹਫਾ ਹੈ। ਇਸ ਤੋਹਫੇ ਨੂੰ ਉਸਨੇ ਕਿਸ ਤਰ੍ਹਾਂ ਵਰਤਣਾ ਹੈ, ਇਹ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ। ਆਮ ਤੌਰ ਤੇ ਇਨਸਾਨ ਆਪਣੀ ਸਾਰੀ ਉਮਰ ਹੀ ਝਗੜਿਆਂ ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਕੁਦਰਤ ਦੀ ਇਸ ਦਾਤ ਦਾ ਸਦਉਪਯੋਗ ਕੀਤਾ ਜਾਵੇ। ਦੋਸਤੀਆਂ ਬਣਾਈਆਂ ਜਾਣ ਅਤੇ ਭਾਈਚਾਰਕ ਸੰਬੰਧਾਂ ਨੂੰ ਵਧਾਇਆ ਜਾਵੇ। ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਵਿਆ ਜਾਵੇ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸਦਾ ਸ਼ੌਕ ਸੀ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸਨੇ ਹਰ ਦੁਖ ਸੁਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਉਸਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰ੍ਹਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ।
ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਦਿੱਤਾ ਹੈ। ਪੈਪਸੂ ਦੀ ਵਿਰਾਸਤ ਸਮੁੱਚੇ ਦੇਸ ਦੀ ਵਿਰਾਸਤ ਤੋਂ ਵੱਖਰੀ, ਅਮੀਰ ਅਤੇ ਵਿਲੱਖਣ ਹੈ। ਇਸ ਵਿਰਾਸਤ ਨੂੰ ਬਣਾਉਣ ਅਤੇ ਪ੍ਰਫੁਲਤ ਕਰਨ ਵਿਚ ਸ਼ਾਹੀ ਘਰਾਣੇ ਦੇ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਸੰਸਾਰ ਵਿਚ ਪਟਿਆਲਾ ਸ਼ਾਹੀ ਰਵਾਇਤਾਂ ਅਤੇ ਪ੍ਰਾਹੁਣਚਾਰੀ ਦੀ ਵਿਲੱਖਣ ਪਹਿਚਾਣ ਹੈ। ਪਟਿਆਲਾ ਸ਼ਾਹੀ ਪਰਿਵਾਰ ਦਾ ਨਜ਼ਦੀਕੀ ਰਿਹਾ ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ। ਵਿਰਾਸਤੀ ਪੂੰਜੀ ਦੇ ਨਾਲ ਅਮਰੀਕ ਸਿੰਘ ਛੀਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਐਸਾ ਇਤਫਾਕ ਹੋਇਆ ਕਿ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। ਅਮਰੀਕ ਸਿੰਘ ਛੀਨਾ ਸਾਰੀ ਉਮਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਰਹੇ। ਇਸ ਕਰਕੇ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ।
ਜਦੋਂ 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਏ ਗਏ ਅਤੇ ਅਮਰੀਕ ਸਿੰਘ ਛੀਨਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਸ਼ ਪਾਤਰ ਸਨ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜਿ੍ਹਆ ਲਿਖਿਆ ਅਤੇ ਗੁੜਿ੍ਹਆ ਹੋਇਆ ਵਿਅਕਤੀ ਸਨ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ ਆਪਣੇ ਘਰ ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਏ ਸਨ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਸੰਗੀਤ ਦੇ ਉਹ ਸ਼ੈਦਾਈ ਸਨ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਗੀਤ ਅਤੇ ਸੰਗੀਤ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ।
ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ। ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਵੰਤ ਕੌਰ ਛੀਨਾ, ਸਪੁੱਤਰ ਕਰਨਵੀਰ ਸਿੰਘ ਛੀਨਾ, ਨੂੰਹ ਪੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ - ਉਜਾਗਰ ਸਿੰਘ
ਕਦੀ ਸੁਣਿਆਂ ਜਾਂ ਵੇਖਿਆ ਹੈ ਕਿ ਕਿਸੇ ਵਿਅਕਤੀ ਨੇ ਰੇਤਲੇ ਟਿਬਿਆਂ, ਉਡਦੀਆਂ ਗਰਦਾਂ, ਉਘੜ ਦੁਘੜੇ ਕੱਚੇ ਕਾਹੀਂ ਵਾਲੇ ਪੈਂਡਿਆਂ ਵਿਚੋਂ ਲੰਘਕੇ ਅਤੇ ਬਿਨਾ ਬਿਜਲੀ ਦੇ ਪਿੰਡ ਵਿਚੋਂ ਪੜ੍ਹਕੇ ਮਿਹਨਤ ਨਾਲ ਗਿਆਨ ਪ੍ਰਾਪਤ ਕੀਤਾ ਹੋਵੇ ਅਤੇ ਫਿਰ ਆਪਣੇ ਗਿਆਨ ਦੀ ਰੌਸ਼ਨੀ ਨਾਲ ਚਾਨਣ ਦੀਆਂ ਰਿਸ਼ਮਾਂ ਖਿਲਾਰਕੇ ਵਿਦਿਅਕ ਖੇਤਰ ਵਿਚ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ ਹੋਵੇ। ਮੋਤੀ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ, ਉਸਦੀ ਚਮਕ ਦਮਕ ਆਪਣੇ ਆਪ ਆਪਣੀ ਅਹਿਮੀਅਤ ਦਰਸਾ ਦਿੰਦੀ ਹੈ। ਅਜਿਹਾ ਹੀ ਇਕ ਮੋਤੀ ਰੇਤਲਿਆਂ ਟਿਬਿਆਂ ਤੇ ਉੜਦੀਆਂ ਧੂੜਾਂ ਅਤੇ ਵਿਦਿਆ ਦੇ ਹਨ੍ਹੇਰਿਆਂ ਵਿਚੋਂ ਆਪਣਾ ਰਸਤਾ ਬਣਾਕੇ ਆਪ ਤਾਂ ਚਮਕਿਆ ਹੀ ਸਗੋਂ ਆਪਣੇ ਅਣਗਿਣਤ ਵਿਦਿਆਰਥੀਆਂ ਵਿਚ ਜ਼ਿੰਦਗੀ ਜਿਓਣ ਦੇ ਗੁਣ ਪੈਦਾ ਕਰਕੇ, ਉਨ੍ਹਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਮਹਾਨ ਵਿਦਵਾਨ ਪ੍ਰੋ ਅਛਰੂ ਸਿੰਘ ਹੈ, ਜਿਹੜਾ ਪੰਜਾਬ ਦੇ ਕਿਸੇ ਸਮੇਂ ਸਭ ਤੋਂ ਪਛੜੇ ਇਲਾਕੇ ਬਠਿੰਡਾ ਜਿਲ੍ਹੇ ਦੇ ਪਹਾੜਾਂ ਜਿਤਨੇ ਰੇਤਲੇ ਟਿਬਿਆਂ ਵਿਚ ਘਿਰੇ ਪਿੰਡ ਉਭਾ ਵਿਚ ਜਨਮ ਲੈ ਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਤੋਂ ਸੇਵਾ ਮੁਕਤ ਹੋਏ ਹਨ। ਹੁਣ ਇਹ ਪਿੰਡ ਮਾਨਸਾ ਜਿਲ੍ਹੇ ਵਿਚ ਪੈਂਦਾ ਹੈ। ਉਹ 36 ਸਾਲ ਦਿਹਾਤੀ ਇਲਾਕੇ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਇਲਾਕੇ ਬਾਰੇ ਕਿਹਾ ਜਾਂਦਾ ਸੀ ਕਿ ਇਥੋਂ ਦੇ ਲੋਕਾਂ ਨੂੰ ਸਮਾਜਿਕ ਤਾਣੇ ਬਾਣੇ ਵਿਚ ਵਿਵਹਾਰ ਕਰਨਾ ਹੀ ਨਹੀਂ ਆਉਂਦਾ, ਉਥੋਂ ਦਾ ਜੰਮਿਆ ਪਲਿਆਂ ਅਛਰੂ ਸਿੰਘ ਅੰਗਰੇਜ਼ੀ ਦਾ ਪ੍ਰੋਫੈਸਰ ਬਣਿਆਂ। ਇਥੇ ਹੀ ਬਸ ਨਹੀਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਮਾਨਸਾ ਕਾਲਜ ਵਿਚ ਸੂਤਰਧਾਰ ਦਾ ਕੰਮ ਕਰਦਾ ਰਿਹਾ। ਉਹ ਕਾਲਜ ਵਿਚ ਹਰਫਨ ਮੌਲਾ ਅਧਿਆਪਕ ਦੇ ਤੌਰ ਤੇ ਵਿਰਦੇ ਰਹੇ। ਯੁਵਕ ਭਲਾਈ, ਸਭਿਆਚਾਰ ਪ੍ਰੋਗਰਾਮਾ, ਐਨ ਐਸ ਐਸ ਅਤੇ ਭੰਗੜੇ ਦੀ ਟੀਮ ਦੇ ਇਨਚਾਰਜ ਸਨ। ਇਸ ਤੋਂ ਇਲਾਵਾ ਕਾਲਜ ਮੈਗਜ਼ੀਨ ਦੇ ਅੰਗਰੇਜ਼ੀ ਸ਼ੈਕਸ਼ਨ ਦੇ ਸਟਾਫ ਇਨਚਾਰਜ ਰਹੇ। ਖ਼ੂਨ ਦਾਨ ਦੇ ਕੈਂਪ ਆਯੋਜਤ ਕਰਦੇ ਸਨ। ਇਲਾਕੇ ਵਿਚ ਬਾਲਗ ਵਿਦਿਆ ਦਾ ਪ੍ਰੰਬੰਧ ਵੀ ਕਰਦੇ ਸਨ। ਕਹਿਣ ਤੋਂ ਭਾਵ ਕਾਲਜ ਦੇ ਹਰ ਪ੍ਰੋਗਰਾਮ ਨੂੰ ਉਹ ਅਯੋਜਤ ਕਰਦੇ ਸਨ। ਅਸਲ ਵਿਚ ਉਨ੍ਹਾਂ ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਜਿਸ ਇਲਾਕੇ ਦੇ ਲੋਕਾਂ ਬਾਰੇ ਪੰਜਾਬੀਆਂ ਨੂੰ ਹੰਦੇਸ਼ਾ ਸੀ ਕਿ ਉਨ੍ਹਾਂ ਦਾ ਵਿਵਹਾਰ ਉਚ ਪੱਧਰ ਦਾ ਨਹੀਂ, ਉਸ ਇਲਾਕੇ ਦੇ ਵਿਦਵਾਨ ਪ੍ਰੋ ਅਛਰੂ ਸਿੰਘ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਸੇਵਾ ਮੁਕਤੀ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਹਿਊਮੈਨਟੀਜ਼ ਦੇ ਪ੍ਰੋਫੈਸਰ ਲੱਗ ਗਏ ਅਤੇ ਸਤ ਸਾਲ ਵਿਦਿਆਰਥੀਆਂ ਨੂੰ ਮਨੁਖੀ ਕਦਰਾਂ ਕੀਮਤਾਂ ਬਾਰੇ ਪੜ੍ਹਾਉਂਦੇ ਰਹੇ। ਭਾਵ ਉਨ੍ਹਾਂ ਨੇ ਆਪਣੇ ਜੀਵਨ ਦੇ 43 ਸਾਲ ਸਾਲ ਵਿਦਿਆ ਵਿਭਾਗ ਨੂੰ ਸਮਰਪਤ ਕੀਤੇ। ਅਛਰੂ ਸਿੰਘ ਦਾ ਜਨਮ ਮੱਧ ਵਰਗੀ ਪਰਿਵਾਰ ਵਿਚ ਸਰਟੀਫੀਕਟਾਂ ਅਨੁਸਾਰ 3 ਮਈ 1948 ਨੂੰ ਹੋਇਆ ਪ੍ਰੰਤੂ ਪਰਿਵਾਰ ਉਨ੍ਹਾਂ ਦੇ ਜਨਮ ਦੀ ਮਿਤੀ 1 ਜਨਵਰੀ 1949 ਦਸ ਰਿਹਾ ਹੈ। ਉਨ੍ਹਾਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਖਾਲਸਾ ਹਾਇਰ ਸੈਕੰਡਰੀ ਸਕੂਲ ਮਾਨਸਾ ਤੋਂ ਪ੍ਰਾਪਤ ਕੀਤੀ। ਹਰ ਇਮਤਿਹਾਨ ਵਿਚ ਉਹ ਪਹਿਲੇ ਨੰਬਰ ਤੇ ਆਉਂਦੇ ਰਹੇ। ਉਨ੍ਹਾਂ ਦੇ ਜੀਵਨ ਦੀਆਂ ਕਈ ਗੱਲਾਂ ਵੱਖਰੀਆਂ ਅਤੇ ਵਿਲੱਖਣ ਹਨ। ਉਨ੍ਹਾਂ ਨੇ 1970 ਵਿਚ ਐਮ ਏ ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਨਤੀਜੇ ਤੋਂ ਤੁਰੰਤ ਬਾਅਦ 1970 ਵਿਚ ਹੀ ਨਹਿਰੂ ਮੈਮੋਰੀਅਲ ਕਾਲਜ ਵਿਚ ਲੈਕਚਰਾਰ ਅੰਗਰੇਜ਼ੀ ਨੌਕਰੀ ਜਾਇਨ ਕਰ ਲਈ। ਉਨ੍ਹਾਂ ਦੀ ਕਾਬਲੀਅਤ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਥੇ ਵੀ ਉਹ ਹੋਰ ਕਈ ਥਾਵਾਂ ਤੇ ਇੰਟਰਵਿਊ ਲਈ ਗਏ ਹਰ ਥਾਂ ਤੇ ਚੁਣੇ ਗਏ। ਉਨ੍ਹਾਂ ਨੇ ਅਖ਼ੀਰ ਆਪਣੇ ਜੱਦੀ ਇਲਾਕੇ ਵਿਚ ਨੌਕਰੀ ਕਰਕੇ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦਾ ਫੈਸਲਾ ਕਰਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਕਰ ਲਈ।
ਪ੍ਰੋ ਅਛਰੂ ਸਿੰਘ ਨੇ ਲਗਪਗ 70 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਇਨ੍ਹਾਂ ਵਿਚ ਤਿੰਨ ਦਰਜਨ ਅੰਗਰੇਜ਼ੀ ਦੇ ਮਹਾਨ ਵਿਦਵਾਨਾ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ, ਤਿੰਨ ਪੰਜਾਬੀ ਦੀਆਂ ਪੁਸਤਕਾਂ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ, ਇਕ ਦਰਜਨ ਅੰਗਰੇਜ਼ੀ ਦੀਆਂ ਪੁਸਤਕਾਂ ਸੰਪਾਦਤ ਕੀਤੀਆਂ, 10 ਪੰਜਾਬੀ ਦੀਆਂ ਮੌਲਿਕ ਪੁਸਤਕਾਂ ਅਤੇ ਦੋ ਹੋਰ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਜਿਨ੍ਹਾਂ ਵਿਚ ਪੰਚਤੰਤਰ ਦੀਆਂ 50 ਚੋਣਵੀਆਂ ਕਹਾਣੀਆਂ ਅਤੇ ਪੁਰਾਤਨ ਭਾਰਤੀ ਕਥਾ ਕਹਾਣੀਆਂ ਸ਼ਾਮਲ ਹਨ। ਪ੍ਰੋ ਅਛਰੂ ਸਿੰਘ ਦੀਆਂ ਮੌਲਿਕ ਪੁਸਤਕਾਂ ਕੀਟਾ ਆਈ ਰੀਸ ਜੀਵਨੀ, ਜੀਵਨ ਦੇ ਰੰਗ ਵਿਰਸਾ ਅਤੇ ਸਭਿਆਚਾਰ, ਦੇਖਿਆ ਸੁਣਿਆਂ ਅਤੇ ਹੰਢਾਇਆ, ਸਿੱਖ ਧਰਮ ਅਤੇ ਜੀਵਨ ਦਰਸ਼ਨ, ਜੀਵਨ ਬਾਤਾਂ, ਸ਼ਖਸੀਅਤ ਵਿਕਾਸ, ਕੋਮਲ ਹੁਨਰ, ਮਾਨਵੀ ਕਦਰਾਂ ਕੀਮਤਾਂ ਅਤੇ ਚਾਨਣ ਭਰੀ ਚੰਗੇਰ ਹਨ। 20 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ 30 ਖ਼ੂਨ ਦਾਨ, ਯੂਥ ਲੀਡਰਸ਼ਿਪ, ਰਾਸ਼ਟਰੀ ਏਕਤਾ ਅਤੇ ਸਮਾਗਮ ਸ਼ਖਸੀਅਤ ਵਿਕਾਸ ਕੈਂਪਾਂ ਦਾ ਆਯੋਜਨ ਕੀਤਾ। 1976 ਵਿਚ ਭਾਰਤ ਸਰਕਾਰ ਦੇ ਯੁਵਕ ਅਤੇ ਸਭਿਆਚਾਰ ਮੰਤਰਾਲੇ ਦੇ ਵੱਖ-ਵੱਖ ਕਲਾਵਾਂ ਅਤੇ ਸਭਿਆਚਾਰਾਂ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਵਿਖੇ ਇਕ ਮਹੀਨੇ ਦੇ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਐਨ ਐਸ ਐਸ ਕੌਂਸਲ ਦੇ ਮੈਂਬਰ, ਲੈਂਗੂਏਜ਼ ਫੈਕਲਟੀ ਅਤੇ ਬੋਰਡ ਆਫ ਅੰਡਰ ਗ੍ਰੈਜੂਏਟ ਸਟੱਡੀਜ਼ ਇਨ ਇੰਗਲਿਸ਼ ਦੇ ਮੈਂਬਰ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਮਾਨ ਸਨਮਾਨ ਵੀ ਮਿਲੇ ਹੋਏ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਦਾ ਗਿਆਨ ਸਾਹਿਤ ਦਾ ਸ਼ਰੋਮਣੀ ਸਾਹਿਤਕਾਰ ਸਨਮਾਨ 2014 ਸਿੱਖ ਧਰਮ ਜੀਵਨ ਅਤੇ ਦਰਸਸ਼ਨ ਪੁਸਤਕ ਲਈ ਐਮ ਐਸ ਰੰਧਾਵਾ ਗਿਆਨ ਸਾਹਿਤ ਪੁਰਸਕਾਰ ਅਤੇ ਆਪਣੀ ਲੜਕੀ ਕਰਾਂਤੀ ਨਾਲ ਸਾਂਝੀ ਪੁਸਤਕ ‘ਕਥਨ ਕੋਸ਼’ ਲਈ ਪਿ੍ਰੰਸੀਪਲ ਤੇਜਾ ਪੁਰਸਕਾਰ ਮਹੱਤਵਪੂਰਨ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੇ ਅਨੁਵਾਦ ਲਈ ਵੀ ਕਈ ਸੰਸਥਾਵਾਂ ਨੇ ਸਨਮਾਨ ਕੀਤਾ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਨੇ ਗ਼ਰੀਬ ਲੜਕੀਆਂ ਦੇ ਵਿਆਹਾਂ ਵਿਚ ਵੱਡਾ ਯੋਗਦਾਨ ਪਾਇਆ ਜਿਸ ਕਰਕੇ ਵੀ ਸਨਮਾਨ ਕੀਤੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ ਨੇ ਉਨ੍ਹਾਂ ਦੇ ਪਿੰਡ ਉਭਾ ਦਾ ਨਾਮ ਰੌਸ਼ਨ ਕਰਨ ਕਰਕੇ ਸਨਮਾਨ ਕੀਤਾ। ਆਜ਼ਾਦ ਸ਼ੋਸਲ ਵੈਲਫੇਅਰ ਕਲਬ ਮਾਨਸਾ ਨੇ ਪੰਜਾਬ ਰਤਨ ਪੁਰਸਕਾਰ , ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਾਈਡ ਆਫ ਦਾ ਆਲਮਾ ਮਾਟੇ ਅਵਾਰਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨੇ ਸਰਟੀਫੀਕੇਟ ਆਫ ਆਨਰ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਬਠਿੰਡਾ ਨੇ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਵਿਭਾਗ ਨੇ ਜੀਵਨ ਗੌਰਵ ਪੁਰਸਕਾਰ, ਪੰਜਾਬ ਮੀਡੀਆ ਅਕਾਡਮੀ ਨੇ ਪੰਜਾਬ ਸੇਵਾ ਰਤਨ ਅਵਾਰਡ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਨੇ ਸਨਮਾਨ, ਆਰਟ ਕਲੱਬ ਮੰਡੀ ਗੋਬਿੰਦਗੜ੍ਹ ਨੇ ਕਲਮ ਅਵਾਰਡ ਅਤੇ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਵੇਂ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਤੇ ਸਨਮਾਨਤ ਕੀਤਾ। ਉਨ੍ਹਾਂ ਨੇ ਇਕ ਦਰਜਨ ਦੇਸਾਂ ਦਾ ਸੈਰ ਸਪਾਟਾ ਵੀ ਕੀਤਾ, ਜਿਸ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਇਆ। ਉਨ੍ਹਾਂ ਦੇ ਅਖਬਾਰਾਂ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਨੈਤਿਕਤਾ ਦੇ ਵਿਸ਼ਿਆਂ ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਪ੍ਰੋ ਅਛਰੂ ਸਿੰਘ ਦੇ ਵਿਅਕਤਤਿਵ ਦਾ ਉਨ੍ਹਾਂ ਦੇ ਪੂਰੇ ਪਰਿਵਾਰ ਤੇ ਗਹਿਰਾ ਪ੍ਰਭਾਵ ਪਿਆ ਜਿਸ ਕਰਕੇ ਉਨ੍ਹਾਂ ਲੜਕਾ ਪਿ੍ਰਸੀਪਲ ਧਰਮਿੰਦਰ ਸਿੰਘ ਉਭਾ ਨੂੰਹ ਪੋਤਰੀ ਸਾਰੇ ਹੀ ਆਪੋ ਆਪਣੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ ਅਤੇ ਪੰਜਾਬੀ ਤੇ ਅੰਗਰੇਜ਼ੀ ਦੇ ਲਿਖਾਰੀ ਹਨ। ਪ੍ਰੋ ਅਛਰੂ ਸਿੰਘ ਦੀਆਂ ਰਚਨਾਵਾਂ ਤੇ ਸਾਂਝੇ ਤੌਰ ਪੀ ਐਚ ਡੀ ਅਤੇ ਐਮ ਫਿਲ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਤੇ ਇਕ ਪੁਸਤਕ ਵੀ ਲਿਖੀ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ - ਉਜਾਗਰ ਸਿੰਘ
ਪੰਜਾਬੀ ਵਿਚ ਸਾਹਿਤ ਦੇ ਸਾਰੇ ਰੂਪਾਂ ਵਿਚ ਵੱਡੀ ਮਾਤਰਾ ਵਿਚ ਲਿਖਿਆ ਜਾ ਰਿਹਾ ਹੈ। ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ। ਕਵਿਤਾ ਲਿਖਣ ਵਾਲੀਆਂ ਕਵਿਤਰੀਆਂ ਜ਼ਿਆਦਾ ਹਨ। ਕਵਿਤਾ ਮੁਢਲੇ ਤੌਰ ਤੇ ਭਾਵਨਾਵਾਂ ਵਿਚ ਵਹਿਣ ਵਾਲੇ ਇਨਸਾਨ ਹੀ ਲਿਖ ਸਕਦੇ ਹਨ। ਇਸਤਰੀਆਂ ਮਰਦਾਂ ਨਾਲੋਂ ਜ਼ਿਆਦਾ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦੀਆਂ ਹਨ। ਇਸਤਰੀਆਂ ਇਸ ਕਰਕੇ ਹੀ ਕਵਿਤਾ ਦੇ ਖੇਤਰ ਵਿਚ ਮੋਹਰੀ ਹਨ। ਸ਼ੋਸ਼ਲ ਮੀਡੀਆ ਦੇ ਆਉਣ ਨਾਲ ਕਵੀਆਂ ਅਤੇ ਕਵਿਤਰੀਆਂ ਨੂੰ ਆਪਣੀਆਂ ਭਾਵਨਾਵਾਂ ਪਾਠਕਾਂ ਤੱਕ ਪਹੁੰਚਾਉਣਾ ਸੌਖਾ ਹੋ ਗਿਆ, ਜਿਸ ਕਰਕੇ ਵੱਡੀ ਮਾਤਰਾ ਵਿਚ ਪੰਜਾਬੀ ਵਿਚ ਕਵਿਤਾ ਲਿਖੀ ਜਾ ਰਹੀ ਹੈ। ਆਮ ਤੌਰ ਤੇ ਕਵਿਤਰੀਆਂ ਰੁਮਾਂਟਿਕ ਕਵਿਤਾਵਾਂ ਜ਼ਿਆਦਾ ਲਿਖਦੀਆਂ ਹਨ ਪ੍ਰੰਤੂ ਡਾ ਰੰਜੂ ਇਕ ਅਜਿਹੀ ਕਵਿਤਰੀ ਹੈ, ਜਿਹੜੀ ਕੁਦਰਤ ਦੇ ਕਾਦਰ ਦੀਆਂ ਰਹਿਮਤਾਂ ਨੂੰ ਕਵਿਤਾ ਦਾ ਰੂਪ ਦੇ ਰਹੀ ਹੈ। ਉਹ ਕੁਦਰਤ ਨਾਲ ਇਕ ਮਿਕ ਹੈ। ਉਨ੍ਹਾਂ ਦੀ ਇਹੋ ਵਿਲੱਖਣਤਾ ਹੈ। ਡਾ ਰੰਜੂ ਕਵਿਤਾ ਵਿਚ ਨਵੇਂ ਤਜ਼ਰਬੇ ਕਰ ਰਹੇ ਹਨ। ਉਹ ਕਵਿਤਾ ਭਾਵੇਂ ਕੁਦਰਤ ਦੇ ਕਾਦਰ ਦੀਆਂ ਇਨਸਾਨੀਅਤ ਨੂੰ ਦਿੱਤੀਆਂ ਦਾਤਾਂ ਬਾਰੇ ਲਿਖਦੇ ਹਨ ਪ੍ਰੰਤੂ ਉਨ੍ਹਾਂ ਦੀ ਕਮਾਲ ਇਹ ਹੈ ਕਿ ਉਹ ਇਸ ਢੰਗ ਨਾਲ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਇਸਤਰੀਆਂ ਦੀ ਮਾਨਸਿਕਤਾ ਦਾ ਵੀ ਪ੍ਰਗਟਾਵਾ ਕਰਦੀਆਂ ਹਨ। ਭਾਵ ਉਨ੍ਹਾਂ ਦੀਆਂ ਕਵਿਤਾਵਾਂ ਕੁਦਰਤ, ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ, ਰੁਮਾਂਸਵਾਦ, ਬਿਰਹਾ, ਮਨੁੱਖੀ ਰਿਸ਼ਤਿਆਂ ਵਿਚ ਤ੍ਰੇੜਾਂ, ਜਾਇਦਾਦਾਂ ਦੇ ਝਗੜੇ ਅਤੇ ਪਦਾਰਥਵਾਦ ਦੇ ਸਮਾਜਿਕ ਤਾਣੇ ਬਾਣੇ ਉਪਰ ਗਹਿਰੇ ਪ੍ਰਭਾਵ ਦੇ ਦਰਦ ਦੀ ਤਰਜ਼ਮਾਨੀ ਕਰਦੀਆਂ ਹਨ। ਉਨ੍ਹਾਂ ਨੂੰ ਕਵਿਤਾ ਦੀ ਗੁੜ੍ਹਤੀ ਆਪਣੀ ਵਿਰਾਸਤ ਵਿਚੋਂ ਹੀ ਮਿਲੀ ਕਿਉਂਕਿ ਨਾਨਕੇ ਅਤੇ ਦਾਦਕੇ ਪਰਿਵਾਰ ਪੜ੍ਹੇ ਲਿਖੇ ਸਨ। ਪ੍ਰੀਤਲੜੀ ਮਾਸਕ ਰਸਾਲਾ ਉਨ੍ਹਾਂ ਦੇ ਘਰ ਆਉਂਦਾ ਸੀ। ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਬਲਜਿੰਦਰ ਕੌਰ ਵੀ ਪੰਜਾਬੀ ਦੇ ਪ੍ਰੋਫ਼ੈਸਰ ਸਨ, ਜਿਸ ਕਰਕੇ ਪੰਜਾਬੀ ਦੀਆਂ ਪੁਸਤਕਾਂ ਪੜ੍ਹਦੇ ਸਨ। ਪਹਿਲੀ ਕਵਿਤਾ ਉਨ੍ਹਾਂ ਮਰਦ ਔਰਤ ਦੇ ਸੰਬੰਧਾਂ ਦੀ ਖਟਾਸ ਬਾਰੇ ਐਮ ਬੀ ਬੀ ਐਸ ਕਰਦਿਆਂ ਹੀ ਲਿਖੀ ਸੀ। 1987 ਤੋਂ ਬਾਅਦ ਉਨ੍ਹਾਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਜਿਥੋਂ ਉਨ੍ਹਾਂ ਨੂੰ ਗ਼ਰੀਬ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਇਸਤਰੀ ਦੀ ਦੁੱਖਾਂ ਭਰੀ ਜ਼ਿੰਦਗੀ ਨੂੰ ਨੇੜਿਓਂ ਜਾਨਣ ਦਾ ਇਤਫਾਕ ਹੋਇਆ। 2004 ਤੋਂ ਲਗਾਤਾਰ ਉਨ੍ਹਾਂ ਦੀਆਂ ਕਵਿਤਾਵਾਂ ਪੰਜਾਬੀ ਦੇ ਰਸਾਲਿਆਂ ਅਤੇ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਲੱਗ ਗਈਆਂ। ਉਨ੍ਹਾਂ ਦੀ ਇਕ ਕਵਿਤਾ ਹੈ, ‘‘ ਅੱਧਾ ਹਰਿਆ ਪੱਤਾ’’ ਜਿਸਨੂੰ ਪੜ੍ਹਕੇ ਆਮ ਪਾਠਕ ਸਹਿਜੇ ਹੀ ਮਹਿਸੂਸ ਕਰੇਗਾ ਕਿ ਇਹ ਕਵਿਤਾ ਕੁਦਰਤ ਨਾਲ ਹੋ ਰਹੇ ਖਿਲਵਾੜ ਬਾਰੇ ਹੈ ਪ੍ਰੰਤੂ ਇਹ ਬਹੁ ਅਰਥੀ ਅਤੇ ਬਹੁਰੰਗੀ ਕਵਿਤਾ ਹੈ। ਜਿਸ ਵਿਚੋਂ ਬਿਰਹਾ ਦਾ ਦਰਦ ਝਲਕਦਾ ਹੈ। ਰੁਮਾਂਸਵਾਦ ਦੀ ਚੀਸ ਪੈਂਦੀ ਹੈ। ਇਨਸਾਨ ਦੇ ਸੰਬੰਧਾਂ ਵਿਚ ਗਿਰਾਵਟ ਦੇ ਆਉਣ ਨਾਲ ਇਨਸਾਨ ਦਾ ਖ਼ੂਨ ਸਫੈਦ ਹੋਣ ਦਾ ਮਹਿਸੂਸ ਹੁੰਦਾ ਹੈ। ਇਸ ਕਵਿਤਾ ਦਾ ਇਕ-ਇਕ ਸ਼ਬਦ ਅਤੇ ਇਕ-ਇਕ ਫਿਕਰਾ ਬਹੁ ਅਰਥਾਂ ਦਾ ਲਖਾਇਕ ਹੈ। ਕਵਿਤਾ ਇਸ ਤਰ੍ਹਾਂ ਹੈ-
ਮੈਂ ਇਕ ਅੱਧ ਹਰਿਆ ਪੱਤਾ, ਪੀਲਾ ਜ਼ਰਦ ਹੋਇਆ ਮੇਰਾ ਖ਼ੂਨ,
ਅਜੇ ਸ਼ਾਖ਼ ਨਾਲ ਲਮਕਦਾ ਫਿਰਾਂ, ਪੂਰਾ ਟੁੱਟਿਆ ਨਹੀ ਮੇਰਾ ਸੰਬੰਧ,
ਜਦੋਂ ਵੀ ਹਵਾ ਦਾ ਬੁੱਲ੍ਹਾ ਆਵੇ, ਮੇਰੀ ਜਿੰਦ ਵੀ ਕੰਬਦੀ ਜਾਵੇ,
ਜੇ ਟੁੱਟਿਆ ਤਾਂ ਕਿਥੇ ਜਾਵਾਂ, ਹਵਾ-ਹਨੇਰੀ ਨੂੰ ਕੀ ਸਮਝਾਵਾਂ,
ਇਸੇ ਆਸ ‘ਚ ਅਜੇ ਹਾਂ ਜੁੜਿਆ, ਮਤੇ ਫੇਰ ਹਰਾ ਹੋ ਜਾਵਾਂ,
ਸੁਕਣ ਤੋਂ ਪਹਿਲਾਂ, ਟੁੱਟਣ ਤੋਂ ਪਹਿਲਾਂ , ਮੈਂ ਵੀ ਆਪਣੀ ਜਿੰਦ ਜੀਅ ਜਾਵਾਂ।
ਡਾ ਰੰਜੂ ਆਪਣੀਆਂ ਕਵਿਤਾਵਾਂ ਵਿਚ ਸਮਾਜਿਕ ਸਰੋਕਾਰਾਂ ਦੇ ਦਰਦ ਨੂੰ ਵੀ ਪ੍ਰਗਟਾਉਂਦੇ ਹਨ। ਪਦਾਰਥਵਾਦੀ ਯੁਗ ਦੇ ਪ੍ਰਭਾਵਾਂ ਨੂੰ ਵੀ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦੇ ਹਨ। ਕਦੇ ਮਾਂ ਦੇ ਮਾਧਿਅਮ ਰਾਹੀਂ ਸਮਾਜ ਵਿਚ ਵਾਪਰ ਰਹੇ ਦੁਖਾਂਤ ਬਾਰੇ ਲਿਖਦੇ ਹਨ। ਮਾਂ ਰਾਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦਿੰਦੇ ਹਨ। ਲੜਕੀਆਂ ਨੂੰ ਮਾਵਾਂ ਅਤੇ ਬਾਬੁਲ ਫੁੱਲਾਂ ਦੀ ਤਰ੍ਹਾਂ ਟਹਿਕਦੇ ਰੱਖਦੇ ਹੋਏ ਆਸ ਕਰਦੇ ਹਨ ਕਿ ਇਹ ਲਾਲ ਫੁੱਲ ਸਮਾਜ ਵਿਚ ਖ਼ੁਸ਼ਬੋਆਂ ਖਿਲਾਰਦੇ ਹੋਏ ਹਰ ਇਕ ਇਨਸਾਨ ਨੂੰ ਮਹਿਕਾਂ ਵੰਡਦੇ ਰਹਿਣ ਪ੍ਰੰਤੂ ਅਜੋਕੇ ਸਮੇਂ ਵਿਚ ਸਾਰਾ ਕੁਝ ਮਾਪਿਆਂ ਦੀਆਂ ਆਸਾਂ ਦੇ ਉਲਟ ਹੋ ਰਿਹਾ ਹੈ। ਤੇਰੇ ਬਿਨ ਮਾਂ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ-
ਤੇਰੇ ਬਿਨਾ ਮਾਂ, ਮੇਰਾ ਹੋਰ ਕੋਈ ਨਾ, ਤੂੰ ਲਵੇਂ ਭਾਵੇਂ ਮੇਰੀ ਸਾਰ ਕੋਈ ਨਾ,
ਜੇ ਮੈਂ ਕਲੀ ਤਾਂ ਮੇਰਾ ਦੋਸ਼ ਕੋਈ ਨਾ, ਫ਼ਰਜ਼ ਨਿਭਾਉਣੇ ਆਪਣੇ, ਕਸੂਰ ਕੋਈ ਨਾ,
ਭੈੜੇ ਰਿਸ਼ਤਿਆਂ ਦੀ ਮਾਂ ਮੈਨੂੰ ਲੋੜ ਕੋਈ ਨਾ, ਤੂੰ ਫੇਰ ਹੱਥ ਸਿਰ ਤੇ ਅਰਮਾਨ ਕੋਈ ਨਾ,
ਬਾਬਲ ਕਹਿੰਦਾ ਸੀ ਫੁੱਲ, ਮੈਂ ਫੁੱਲ ਕੋਈ ਨਾ,
ਉਹ ਕਹਿੰਦਾ ਸੀ ਲਾਲ, ਪਰ ਮੈਂ ਲਾਲ ਕੋਈ ਨਾ,
ਖਲਾਅ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਸਮਾਜ ਦੀ ਤਸਵੀਰ ਖਿਚਕੇ ਰੱਖ ਦਿੱਤੀ ਹੈ। ਇਨਸਾਨ ਦਾ ਦੂਜੇ ਇਨਸਾਨ ਨਾਲ ਜਿਵੇਂ ਕੋਈ ਸੰਬੰਧ ਹੀ ਨਹੀਂ ਹੁੰਦਾ, ਜ਼ਿੰਦਗੀ ਵਿਚ ਖਲਾਅ ਪੈਦਾ ਹੋਇਆ ਪਿਆ ਹੈ। ਇਨਸਾਨ ਸਭ ਕੁਝ ਕੋਲ ਹੁੰਦਿਆਂ ਵੀ ਆਪਣੇ ਆਪ ਨੂੰ ਖਾਲੀ ਖਾਲੀ ਸਮਝਦਾ ਹੈ। ਦੋਸਤਾਂ ਵਿਚ ਦੋਸਤੀ ਦਾ ਨਿੱਘ ਨਹੀਂ ਰਿਹਾ। ਜਿਵੇਂ ਇਨਸਾਨੀਅਤ ‘ਤੇ ਬਿਜਲੀ ਗਿਰਨ ਦੇ ਆਸਾਰ ਬਣੇ ਹੋਏ ਹੋਣ।
ਜਿਵੇਂ ਸਭ ਹੋਕੇ ਵੀ ਕੁਝ ਨਾ ਰਹਿ ਗਿਆ ਹੋਵੇ, ਜਿਵੇਂ ਦੂਰ ਤੱਕ ਆਵਾਜ਼ ਨਾ ਹੋਵੇ,
ਜਿਵੇਂ ਸਿਰਫ ਰਾਤ ਹੀ ਰਾਤ ਹੋਵੇ, ਜਿਵੇਂ ਰਸਤਾ ਕੋਈ ਬਿਨ ਰਾਹਗੀਰ ਦੇ ਹੋਵੇ,
ਜਿਵੇਂ ਘਰ ਹੋਵੇ ਪਰ ਮਕਾਨ ਨਾ ਹੋਵੇ, ਜਿਵੇਂ ਸਿਰ ਮੇਰੇ ਤੇ ਕੋਈ ਛਾਂ ਨਾ ਹੋਵੇ,
ਜਿਵੇਂ ਔਰਤ ਦੀ ਕੋਈ ਹੋਂਦ ਨਾ ਹੋਵੇ, ਜਿਵੇਂ ਮੁਕ ਗਈ ਦਿਲਾਂ ‘ਚੋਂ ਮੁਹੱਬਤ ਹੋਵੇ,
ਡਾ ਰੰਜੂ ਭਾਵਨਾਵਾਂ ਦੇ ਸਮੁੰਦਰ ਵਿਚ ਗੋਤੇ ਲਾਉਣ ਵਾਲੀ ਕਵਿਤਰੀ ਹਨ। ਪ੍ਰੰਤੂ ਇਨ੍ਹਾਂ ਗੋਤਿਆਂ ਸਮੇਂ ਸਮੁੰਦਰ ਦੀਆਂ ਲਹਿਰਾਂ ਨੂੰ ਗਿਣਦੇ ਨਹੀਂ ਪ੍ਰੰਤੂ ਉਨ੍ਹਾਂ ਦਾ ਟਾਕਰਾ ਕਰਦਿਆਂ, ਉਨ੍ਹਾਂ ਦੀਆਂ ਕਵਿਤਾਵਾਂ ਹਵਾਵਾਂ ਦੇ ਰੁੱਖ ਅਤੇ ਦਰਿਆਵਾਂ ਦੇ ਵਹਿਣ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਸਤਰੀਆਂ ਨੂੰ ਸਵੈ ਵਿਸ਼ਵਾਸ਼ ਪੈਦਾ ਕਰਕੇ ਆਰਥਿਕ ਅਤੇ ਮਾਨਸਿਕ ਤੌਰ ‘ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਕਵਿਤਰੀ ਸਮਾਜ ਨੂੰ ਜਾਇਦਾਦਾਂ ਦੇ ਝਗੜਿਆਂ ਤੋਂ ਉਪਰ ਉਠਕੇ ਇਨਸਾਨੀਅਤ ਦੇ ਹਿਤਾਂ ਤੇ ਪਹਿਰਾ ਦੇਣ ਦੀ ਨਸੀਅਤ ਦੇਵ ਵਾਲੀਆਂ ਕਵਿਤਾਵਾਂ ਲਿਖਦੇ ਹਨ।
ਮੇਰੀ ਹਰ ਕਵਿਤਾ ਲੱਗੇ ਮੈਨੂੰ ਤੀਰਥ ਵਰਗੀ, ਇਹਦਾ ਹਰ ਅੱਖਰ ਮੈਂ ਦੁੱਧ ਨਾਲ ਧੋਇਆ।
ਹਾਂ ਮੈਂ ਉਹੀ ਬਿਰਖ, ਜੀਹਦੀ ਛਾਂ ਲੱਗੇ ਠੰਡੀ, ਇਸਦੇ ਬੀਜ ਨੂੰ ਤੂੰ ਆਪ ਕਦੇ ਸੀ ਬੋਇਆ,
ਮੇਰਿਆਂ ਪੱਤਿਆਂ ਨੇ ਕਿੰਨੀ ਖੜਖੜ ਵੀ ਲਾਈ,
ਵੇਖ ਲੜਦੀ ਹਾਂ ਕਿਵੇਂ ਇਕੱਲੀ ਹਾਲਾਤਾਂ ਦੇ ਨਾਲ,
ਡਾ ਰੰਜੂ ਅਜਿਹੀਆਂ ਭਾਵਨਾਤਮਿਕ ਕਵਿਤਾਵਾਂ ਲਿਖਕੇ ਆਪ ਕਵਿਤਾ ਬਣ ਗਈ ਹੈ। ਉਹ ਸੰਸਾਰ ਦੀਆਂ ਸਾਰੀਆਂ ਮਾਂਵਾਂ ਨੂੰ ਨਿਹੋਰੇ ਮਾਰਦੀ ਹੈ ਕਿ ਉਨ੍ਹਾਂ ਦੀਆਂ ਧੀਆਂ ਅਤਿ ਨਾਜ਼ੁਕ ਹਾਲਾਤ ਵਿਚੋਂ ਗੁਜਰਦੀਆਂ ਹੋਈਆਂ ਬੁਲੰਦੀਆਂ ‘ਤੇ ਪਹੁੰਚ ਰਹੀਆਂ ਹਨ ਪ੍ਰੰਤੂ ਮਾਵਾਂ ਸਮਾਜ ਦੀਆਂ ਕੋਝੀਆਂ ਹਰਕਤਾਂ ਅੱਗੇ ਬੇਬਸ ਹੋ ਕੇ ਆਪਣੀਆਂ ਜਾਈਆਂ ‘ਤੇ ਫ਼ਖ਼ਰ ਵੀ ਮਹਿਸੂਸ ਨਹੀਂ ਕਰਦੀਆਂ। ਮਾਨਵਤਾ ਦੇ ਰਿਸ਼ਤੇ ਦਾਗ਼ਦਾਰ ਅਤੇ ਖੋਖਲੇ ਹੋ ਗਏ ਹਨ। ਉਨ੍ਹਾਂ ਵਿਚੋਂ ਇਨਸਾਨੀਅਤ ਗਾਇਬ ਹੋ ਗਈ ਹੈ। ਔਰਤਾਂ ਜਦੋਜਹਿਦ ਕਰਕੇ ਆਪਣਾ ਜੀਵਨ ਸੁਨਹਿਰੀ ਯਾਦਾਂ ਦੇ ਪੰਘੂੜਿਆਂ ਦਾ ਆਨੰਦ ਮਾਣ ਰਹੀਆਂ ਹਨ।
ਸੱਚ ਦੱਸ ਤੈਨੂੰ ਕੀ ਮੇਰੇ ਤੇ ਕਦੇ ਫ਼ਖ਼ਰ ਨਾ ਹੋਇਆ? ਕਿੰਨੇ ਸੁੰਨ ਸਾਨ ਹਨ ਇਹ ਘਰ,
ਕਿੰਨੇ ਖੋਖਲੇ ਹਨ ਸਭ ਰਿਸ਼ਤੇ, ਕਿੰਨੇ ਹਨ੍ਹੇਰੇ ਹਨ ਇਹ ਮਹਿਲ,
ਜਿਧਰੋਂ ਵੀ ਮੇਰਾ ਸੂਰਜ ਲੰਘਿਆ, ਓਧਰੋਂ ਇੱਕ ਇੱਕ ਕਿਰਨ ਫੜੀ ਹੈ।
ਪਿਰੋ ਮੈਂ ਸੂਰਜ ਦੀਆਂ ਕਿਰਨਾ, ਬਣਾਈ ਰਾਤ ਤਾਰਿਆਂ ਦੀ ਲੜੀ ਹੈ।
ਅੱਧੇ ਹਿਜਰ ਦੇ, ਅੱਧੇ ਵਸਲ ਦੇ, ਲੀੜੇ ਪਾ ਕੇ ਲੈ ਲਾਵਾਂ,
ਸੁੰਝਮ-ਸੁੰਝੀ ਦੇਹ ਦੀ ਚਾਦਰ, ਯਾਦਾਂ ਦੀਆਂ ਮੈਂ ਪਾਵਾਂ ਬਾਹਵਾਂ।
ਮਨੁੱਖਤਾ ਦੀਆਂ ਕਰਤੂਤਾਂ ਉਪਰ ਵਿਅੰਗ ਕਰਦੀ ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸ ਜਹਾਨ ਵਿਚ ਲੋਕ ਮਖੌਟੇ ਪਾਈ ਫਿਰਦੇ ਹਨ। ਹਾਥੀ ਦੇ ਦੰਦ ਖਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹਨ। ਇਨਸਾਨ ਦੀਆਂ ਮਾੜੀਆਂ ਹਰਕਤਾਂ ਕਰਕੇ ਧਰਤੀ ਲਹੂ ਲੁਹਾਨ ਹੋਈ ਪਈ ਹੈ। ਖ਼ੂਨ ਖ਼ਰਾਬਾ ਹੋ ਰਿਹਾ ਹੈ। ਜਿਤਨੀ ਦੇਰ ਕਿਸੇ ਨੂੰ ਇਸ ਦਹਿਸ਼ਤਗਰਦੀ ਦਾ ਸੇਕ ਨਹੀਂ ਲੱਗਦਾ ਉਤਨੀ ਦੇਰ ਇਨਸਾਨ ਸਿੱਧੇ ਰਸਤੇ ਨਹੀਂ ਪੈ ਸਕਦਾ। ਮੈਨੂੰ ਕੀ ਦੀ ਸੋਚ ਨੇ ਇਨਸਾਨੀਅਤ ਸ਼ਰਮਸਾਰ ਕੀਤੀ ਹੋਈ ਹੈ। ਫ਼ੋਕੇ ਦਿਲਾਸੇ ਅਤੇ ਭਰਵਾਸੇ ਸਮਾਜ ਵਿਚ ਤਬਦੀਲੀ ਨਹੀਂ ਲਿਆ ਸਕਣਗੇ। ਅਜਿਹੇ ਹਾਲਾਤ ਵਿਚ ਕਵਿਤਰੀ ਸਿਰਫ ਪਰਮਾਤਮਾ ਹੀ ਕੁਝ ਕਰਨ ਦੇ ਸਮਰੱਥ ਹੇ। ਉਸਤੇ ਆਸਾਂ ਨਾਲ ਜ਼ਿੰਦਗੀ ਬਸਰ ਹੋ ਰਹੀ ਹੈ।
ਕੀ ਇਹ ਮੇਰਾ ਜਹਾਨ ਹੈ? ਕੀ ਇਹ ਤੇਰਾ ਜਹਾਨ ਹੈ?
ਜਿਥੇ ਸੋਹਣੇ ਚੇਹਰੇ ਪਿਛੇ, ਲੁਕਿਆ ਕੋਈ ਸ਼ੈਤਾਨ ਹੈ।
ਜਿਸਦੀ ਮਾੜੀ ਹਰਕਤ ਹੱਥੋਂ, ਸਾਰੀ ਧਰਤੀ ਲਹੂ-ਲੁਹਾਨ ਹੈ।
ਜੋਗ ਮੇਰੇ ਜਗ ਸਾਰਾ ਰੰਗਿਆ, ਨਸ਼ਰ ਹੋਵੇ, ਮੈਂ ਲੱਖ ਲੁਕਾਵਾਂ।
ਅਨਹਦ-ਨਾਦ ਮੇਰੇ ਹਿਰਦੇ ਬੋਲਣ, ਤੇ ਮੈਂ ਕਿਵੇਂ ਨਾ ਨੱਚਾਂ ਗਾਵਾਂ।
ਜਿਕਰ ਤੇਰਾ ਮੈਨੂੰ ਅਲਾਹ ਵਰਗਾ, ਤੇ ਮੈਂ ਅਲਾਹ ਕਿਵੇਂ ਭੁਲਾਵਾਂ?
ਇਹ ਖ਼ੂਨ-ਖ਼ਰਾਬਾ, ਇਹ ਦਹਿਸ਼ਤ ਦਾ ਨਾਚ,
ਖ਼ੂਨ ਵਿਚ ਲਿਬੜੇ ਜਿਸਮ ਤੇ ਟੁੱਟੇ ਅੰਗਾਂ ਦਾ ਅੰਬਾਰ।
ਜਦੋਂ ਤੱਕ ਸੇਕ ਨਾ ਲੱਗੇ ਸਭ ਰਹਿਣਗੇ ਪਾਸੇ,
ਤੇ ਸਾਨੂੰ ਦੇਣਗੇ ਫੋਕੇ ਦਿਲਾਸੇ ਤੇ ਝੂਠੇ ਭਰਵਾਸੇ।
ਕੁਦਰਤ ਵੀ ਅੱਜ ਹੈਰਾਨ ਬੜੀ ਹੈ, ਕੀ ਇਨਸਾਨੀਅਤ ਵੀ ਸ਼ਰਮਸ਼ਾਰ ਖੜ੍ਹੀ ਹੈ?
ਉਮੀਦ ਕੀਤੀ ਜਾ ਸਕਦੀ ਹੈ ਕਿ ਡਾ ਰੰਜੂ ਭਵਿਖ ਵਿਚ ਹੋਰ ਸੁਚਾਰੂ ਅਤੇ ਪਾਏਦਾਰ ਕਵਿਤਾਵਾਂ ਲਿਖਕੇ ਸਮਾਜ ਵਿਚ ਤਬਦੀਲੀ ਲਿਆਉਣ ਦਾ ਯੋਗਦਾਨ ਪਾ ਸਕਣਗੇ। ਉਨ੍ਹਾਂ ਦੀਆਂ ਕਵਿਤਾਵਾਂ ਦੀ ਪੁਸਤਕ ਜਲਦੀ ਹੀ ਸਾਹਿਤਕ ਖੇਤਰ ਵਿਚ ਦਸਤਕ ਦੇਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com
ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ - ਉਜਾਗਰ ਸਿੰਘ
ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅੰਮਿ੍ਰਤਸਰ ਵਿਖੇ ਇਕ ਪ੍ਰਾਈਵੇਟ ਹਸਤਪਤਾਲ ਵਿਚ ਸਵਰਗਵਾਸ ਹੋ ਗਏ। ਉੲ ਅੰਮਿ੍ਰਤਸਰ ਦੇ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਪਸੰਦੀਦਾ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ੂ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਿਹਾ ਜਾਂਦਾ ਸੀ। ਪੰਜਾਬ ਦੇ ਅਤਿ ਨਾਜ਼ੁਕ ਦਿਨਾਂ ਵਿਚ ਵੀ ਉਨ੍ਹਾਂ ਦਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਸੀ। ਰਘੂਨੰਦਨ ਲਾਲ ਭਾਟੀਆ 6 ਵਾਰ ਅੰਮਿ੍ਰਤਸਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਵਜਾਰਤ ਵਿਚ ਕੇਂਦਰੀ ਵਿਦੇਸ਼ ਵਿਭਾਗ ਦੇ ਰਾਜ ਮੰਤਰੀ ਰਹੇ ਹਨ। ਉਨ੍ਹਾਂ ਦਾ ਜਨਮ 3 ਜੁਲਾਈ 1921 ਨੂੰ ਅਰੂਰਾ ਮੱਲ ਭਾਟੀਆ ਅਤੇ ਮਾਤਾ ਲਾਲ ਦੇਵੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਵਿਦਿਆ ਅੰਮ੍ਰਿਤਸਰ ਤੋਂ ਅਤੇ ਬੀ.ਏ.ਦੀ ਡਿਗਰੀ ਐਚ.ਐਸ.ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਐਲ.ਐਲ.ਬੀ ਦੀ ਡਿਗਰੀ 1940 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਸਰਲਾ ਦੇਵੀ ਨਾਲ 7 ਮਾਰਚ 1943 ਨੂੰ ਹੋਇਆ। ਉਨ੍ਹਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ। ਉਹ ਬਚਪਨ ਤੋਂ ਹੀ ਸਿਆਸਤ ਅਤੇ ਅਜ਼ਾਦੀ ਦੀ ਲੜਾਈ ਵਿਚ ਦਿਲਚਸਪੀ ਲੈਣ ਲੱਗ ਪਏ ਸਨ। ਕਾਲਜ ਦੇ ਦਿਨਾਂ ਵਿਚ ਉਹ ਅਜ਼ਾਦੀ ਦੀ ਲੜਾਈ ਵਿਚ ਕਾਫੀ ਸਰਗਰਮ ਰਹੇ। ਵਿਦਿਆਰਥੀ ਯੂਨੀਅਨ ਦੇ ਉਹ ਸਰਗਰਮ ਨੇਤਾ ਸਨ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਮੁਹਿੰਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਜਿਲ੍ਹੇ ਦੀ ਕਾਂਗਰਸ ਪਾਰਟੀ ਦੇ ਸਰਗਰਮ ਲੀਡਰਾਂ ਵਿਚ ਗਿਣਿਆਂ ਜਾਂਦਾ ਸੀ। ਉਹ ਸ਼ਾਂਤ ਸੁਭਾਅ ਦੇ ਸਬਰ ਸੰਤੋਖ ਵਾਲੇ ਲੀਡਰ ਸਨ। ਕਾਂਗਰਸ ਦੀ ਸਿਆਸਤ ਵਿਚ ਉਹ ਪੌੜੀ ਦਰ ਪੌੜੀ ਚੜ੍ਹਦੇ ਰਹੇ ਤੇ ਅਖੀਰ 1982 ਤੋਂ 84 ਤੱਕ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣ ਗਏ। ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲਗਾਤਾਰ 6 ਵਾਰ 1972, 80, 85, 91,96 ਅਤੇ ਲੋਕਸਭਾ ਦੇ ਕਾਂਗਰਸ ਪਾਰਟੀ ਦੇ ਮੈਂਬਰ ਰਹੇ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਹੁੰਦਿਆਂ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਤਿਕਾਰ ਤੇ ਮਾਣ ਨਾਲ ਮਿਲਦੇ ਹੀ ਨਹੀਂ ਸਨ ਸਗੋਂ ਚੋਣਾਂ ਸਮੇ ਪਾਰਟੀ ਪੱਧਰ ਤੋਂ ਉਪਰ ਉਠਕੇ ਉਨ੍ਹਾਂ ਦੀ ਮੱਦਦ ਵੀ ਕਰ ਦਿੰਦੇ ਸਨ। ਕਹਿਣ ਤੋਂ ਭਾਵ ਕਿ ਉਹ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਸਰਵ ਪ੍ਰਵਾਣਤ ਸਨ। ਇਥੋਂ ਤੱਕ ਕਿ ਪੰਜਾਬ ਦੇ ਕਾਲੇ ਦਿਨਾ ਵਿਚ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਤੇ ਮਾਣ ਹੁੰਦਾ ਰਿਹਾ। ਉਨ੍ਹਾਂ ਦਿਨਾ ਵਿਚ ਵੀ ਦੋਹਾਂ ਸਮੁਦਾਏ ਵਿਚ ਤਾਲਮੇਲ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਹ ਨਰਮ ਦਿਲ ਨੇਕ ਇਨਸਾਨ ਹੋਣ ਕਰਕੇ ਹਿੰਦੂਆਂ ਅਤੇ ਸਿਖਾਂ ਵਿਚ ਇੱਕੋ ਜਿੰਨੇ ਹਰਮਨ ਪਿਆਰੇ ਸਨ। ਰਘੂਨੰਦਨ ਲਾਲ ਭਾਟੀਆ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਕੇਂਦਰੀ ਸਿਆਸਤ ਵਿਚ ਹੀ ਵਧੇਰੇ ਸਿਆਸਤ ਕਰਦੇ ਰਹੇ ਭਾਵੇਂ ਪੰਜਾਬ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਉਨ੍ਹਾਂ ਨੂੰ 1991 ਵਿਚ ਸਰਵ ਭਾਰਤੀ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਉਹ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਦੀ ਕਾਰਜਕਾਰਨੀ ਦੇ 1975 ਤੋਂ 77 ਤੱਕ ਮੈਂਬਰ ਰਹੇ ਸਨ। ਸੰਵਿਧਾਨ ਵਿਚ ਤਰਮੀਮ ਕਰਨ ਵਾਲੀ ਕਮੇਟੀ ਦੇ ਵੀ ਮੈਂਬਰ ਸਨ। ਉਹ 1983 ਵਿਚ ਲੋਕ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਵੀ ਰਹੇ ਸਨ। ਉਹ ਬਹੁਤ ਸਾਰੀਆਂ ਰਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁੱਖੀ ਅਤੇ ਮੈਂਬਰ ਰਹੇ ਹਨ। ਉਹ ਕਾਂਗਰਸ ਵਿਚ ਰਹਿੰਦਿਆਂ ਵੀ ਖੱਬੇ ਪੱਖੀ ਲਹਿਰ ਦੇ ਸਮਰਥਕ ਗਿਣੇ ਜਾਂਦੇ ਸਨ। ਇਸ ਤੋ ਇਲਾਵਾ ਫੂਡ ਤੇ ਸਿਵਲ ਸਪਲਾਈ ਦੀ ਲੋਕ ਸਭਾ ਦੀ ਕਮੇਟੀ ਦੇ ਚੇਅਰਮੈਨ ਵੀ ਸਨ। ਉਹ ਪੀ.ਵੀ.ਨਰਮਿਹਾ ਰਾਓ ਪ੍ਰਧਾਨ ਮੰਤਰੀ ਦੀ ਵਜਾਰਤ ਵਿੱਚ 1992 ਤੋਂ 97 ਤੱਕ ਵਿਦੇਸ਼ ਰਾਜ ਮੰਤਰੀ ਰਹੇ। ਇਸ ਅਹੁਦੇ ਰਹਿੰਦਿਆਂ ਉਨ੍ਹਾਂ ਨੇ ਯੂਨਾਈਟਡਨੇਸ਼ਨ ਵਿਚ ਭਾਰਤ ਦੇ ਡੈਲੀਗੇਟ ਵਜੋਂ ਪ੍ਰਤੀਨਿਧਤਾ ਕੀਤੀ, 7ਵੀਂ ਨਾਮ ਸਮਿਟ ਵਿਚ ਵੀ ਦਿੱਲੀ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ, ਕਾਮਨਵੈਲਥ ਹੈਡਜ਼ ਮੀਟਿੰਗ ਵਿਚ ਦਿੱਲੀ ਵਿਖੇ ਨਵੰਬਰ 1983 ਵਿਚ ਹਿੱਸਾ ਲਿਆ, 6ਵੀਂ ਸਾਰਕ ਸਮਿਟ ਕੋਲੰਬੋ ਵਿਖੇ 1991, ਨਾਨ ਅਲਾਈਂਡ ਦੇਸ਼ਾਂ ਦੀ ਇਕਨਾਮਿਕ ਸਹਿਯੋਗ ਲਈ 5ਵੀਂ ਕੋਆਰਡੀਨੇਸ਼ਨ ਮੀਟਿੰਗ 1986 ਵਿਚ ਹਿੱਸਾ ਲਿਆ, ਇੰਡੀਅਨ ਕੌਂਸਲ ਫਾਰ ਕਲਚਰਲ ਰੀਲੇਸ਼ਨਜ ਦੇ ਮੈਂਬਰ 1983 ਤਂੋ 84, ਇੰਡੀਆ ਬਲਗਾਰੀ ਆਫ ਰੈਡਜ਼ ਸੋਸਾਇਟੀ ਦੇ ਚੇਅਰਮੈਨ 1982 ਤੋਂ 90, ਕੋ ਚੇਅਰਮੈਨ ਆਲ ਇੰਡੀਆ ਪੀਸ ਅਤੇ ਸਾਲੀਡਰਟੀ ਆਰਗੇਨਾਈਜੇਸ਼ਨ 1981-83, ਉਪ ਪ੍ਰਧਾਨ ਫਰੈਂਡਜ਼ ਸੋਵੀਅਤ ਯੂਨੀਅਨ 83-84 ਰਹੇ। 23 ਜੂਨ 2004 ਤੋਂ 10 ਜੁਲਾਈ 2008 ਤੱਕ ਕੇਰਲਾ ਅਤੇ ਉਸਤੋਂ ਬਾਅਦ 10 ਜੁਲਾਈ 2008 ਤੋਂ ਬਿਹਾਰ ਦੇ ਰਾਜਪਾਲ ਰਹੇ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com
ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ ਬੀ ਜੇ ਪੀ ਦੇ ਨੇਤਾਵਾਂ ਦੀ ਸਾਜ਼ਸ਼ ਹੈ? - ਉਜਾਗਰ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਫ਼ੈਸਲੇ ਬਾਰੇ ਬੀ ਜੇ ਪੀ ਦੇ ਸੀਨੀਅਰ ਨੇਤਾਵਾਂ ਦਾ ਵਿਰੋਧ ਵਿਚ ਕੋਈ ਪ੍ਰਤੀਕਰਮ ਨਾ ਆਉਣਾ, ਕਿਤੇ ਉਨ੍ਹਾਂ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਫ਼ੇਲ੍ਹ ਕਰਨ ਦੀ ਸ਼ਾਜ਼ਸ਼ ਤਾਂ ਨਹੀਂ? ਆਰ ਐਸ ਐਸ ਦੀ ਚੁੱਪ ਦੇ ਵੀ ਕੋਈ ਮਾਇਨੇ ਹੋ ਸਕਦੇ ਹਨ ਕਿਉਂਕਿ ਆਰ ਐਸ ਐਸ ਨੇ ਹੀ ਨਰਿੰਦਰ ਮੋਦੀ ਦੀ ਐਲ ਕੇ ਅਡਵਾਨੀ ਦੇ ਬਦਲ ਵਜੋਂ ਚੋਣ ਕੀਤੀ ਸੀ। ਉਹ ਆਪਣੀ ਚੋਣ ਨੂੰ ਗ਼ਲਤ ਕਹਿਣ ਤੋਂ ਝਿਜਕਦੀ ਹੈ। ਪੜਚੋਲਕਾਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਸਿਆਸੀ ਤਾਕਤ ਦੇ ਨਸ਼ੇ ਵਿਚ ਆਰ ਐਸ ਐਸ ਦੀਆਂ ਨਸੀਹਤਾਂ ਨੂੰ ਵੀ ਅਣਡਿਠ ਕਰ ਰਹੇ ਹਨ। ਖਾਸ ਤੌਰ ਤੇ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਗੱਲਬਾਤ ਕਰਕੇ ਹਲ ਕਰਨ ਲਈ ਆਰ ਐਸ ਐਸ ਨੇ ਕਿਹਾ ਸੀ। ਆਮ ਤੌਰ ਤੇ ਜਦੋਂ ਕੋਈ ਪਾਰਟੀ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਹੁੰਦੀ ਹੈ ਤਾਂ ਉਸ ਕੋਲੋਂ ਸਿਆਸੀ ਤਾਕਤ ਦੇ ਨਸ਼ੇੇ ਵਿਚ ਜਾਣੇ ਅਣਜਾਣੇ ਕਈ ਗ਼ਲਤ ਫ਼ੈਸਲੇ ਹੋ ਜਾਂਦੇ ਹਨ। ਅਜਿਹੇ ਮੌਕਿਆਂ ‘ਤੇ ਪਾਰਟੀ ਵਿਚਲੇ ਸਿਆਣੇ ਨੇਤਾ ਪਾਰਟੀ ਪਲੇਟ ਫਾਰਮ ਜਾਂ ਕਈ ਵਾਰ ਪਬਲਿਕ ਵਿਚ ਵੀ ਗ਼ਲਤ ਫ਼ੈਸਲੇ ਵਿਰੁਧ ਆਵਾਜ਼ ਉਠਾਉਂਦੇ ਹਨ ਤਾਂ ਜੋ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਅਣਡਿਠ ਕਰਕੇ ਮਨਮਰਜ਼ੀ ਦੇ ਨਾਲ ਪਿਛਲੇ 6 ਸਾਲ ਤੋਂ ਫ਼ੈਸਲੇ ਲੈ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਸੀਨੀਅਰ ਤਾਂ ਕੀ ਜੂਨੀਅਰ ਨੇਤਾ ਵੀ ਕੁਸਕਦਾ ਨਹੀਂ। ਇਸ ਜੋੜੀ ਨੇ ਕੋਈ ਇੱਕ ਫ਼ੈਸਲਾ ਨਹੀਂ ਸਗੋਂ ਅਨੇਕਾਂ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਬਾਰੇ ਪਾਰਟੀ ਕੇਡਰ ਭਾਵੇਂ ਬੋਲਦਾ ਤਾਂ ਨਹੀਂ ਪ੍ਰੰਤੂ ਨਿਰਾਸ਼ਾ ਵਿਚ ਹੈ। ਪਬਲਿਕ ਵਿਚ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਹੀ ਬਸ ਨਹੀਂ ਜਿਹੜੇ ਵਿਭਾਗ ਸੰਬੰਧੀ ਫ਼ੈਸਲਾ ਹੁੰਦਾ ਹੈ, ਉਸ ਵਿਭਾਗ ਦੇ ਮੰਤਰੀ ਕੋਲ ਤਾਂ ਫ਼ਾਈਲ ਸਿਰਫ਼ ਦਸਤਖ਼ਤ ਕਰਨ ਲਈ ਭੇਜੀ ਜਾਂਦੀ ਹੈ। ਫ਼ਾਈਲ ਭੇਜਣ ਸਮੇਂ ਉਨ੍ਹਾਂ ਨੂੰ ਸਿਰਫ਼ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਤਾਂ ਉਸ ਤੋਂ ਪਹਿਲਾਂ ਪਤਾ ਵੀ ਨਹੀਂ ਹੁੰਦਾ ਕਿ ਜਿਹੜਾ ਫ਼ੈਸਲਾ ਕਰਨਾ ਹੈ, ਇਸਦੇ ਲੋਕਾਂ ਨੂੰ ਕੀ ਲਾਭ ਅਤੇ ਹਾਨੀ ਹੋ ਸਕਦੀ ਹੈ? ਵਿਭਾਗ ਦੇ ਅਧਿਕਾਰੀਆਂ ਤੋਂ ਗ੍ਰਹਿ ਵਿਭਾਗ ਸਾਰੀ ਕਾਗ਼ਜ਼ੀ ਕਾਰਵਾਈ ਕਰਵਾ ਲੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਇਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਰਹੇ ਸਾਬਕਾ ਰਾਜ ਮੰਤਰੀ ਸੋਮਪਾਲ ਸ਼ਾਸ਼ਤਰੀ ਨੇ ਟੀ ਵੀ ‘ਤੇ ਇਕ ਇੰਟਵਿਊ ਵਿਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਰਕਾਰ ਦੇ ਬਹੁਤੇ ਮੰਤਰੀ ਉਨ੍ਹਾਂ ਨਾਲ ਸੰਪਰਕ ਵਿਚ ਹਨ, ਇਹ ਗੱਲ ਉਨ੍ਹਾਂ ਤੋਂ ਹੀ ਪਤਾ ਲੱਗੀ ਹੈ। ਸੀਨੀਅਰ ਨੇਤਾਵਾਂ ਦੀ ਚੁੱਪ ਕਿਸੇ ਮੌਕੇ ਵੀ ਪਾਣੀ ਦੇ ਉਬਾਲ ਵਾਂਗੂੰ ਵਿਸਫੋਟਕ ਬਣ ਸਕਦੀ ਹੈ। ਸਭ ਤੋਂ ਪਹਿਲਾ ਫ਼ੈਸਲਾ ਨੋਟ ਬੰਦੀ ਦਾ ਕੀਤਾ ਸੀ। ਉਸ ਫ਼ੈਸਲੇ ਬਾਰੇ ਵੀ ਸਿਰਫ਼ ਦੋ ਵਿਅਕਤੀਆਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹੀ ਪਤਾ ਸੀ, ਅਰੁਣ ਜੇਤਲੀ ਨੂੰ ਤਾਂ ਮੌਕੇ ਤੇ ਫ਼ੈਸਲੇ ਬਾਰੇ ਬੁਲਾਕੇ ਦਸ ਦਿੱਤਾ ਸੀ। ਸਾਰੇ ਫ਼ੈਸਲੇ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਬਣਾਏ ਜਾਂਦੇ ਹਨ, ਵਿਸ਼ਵਾਸ਼ ਪਾਤਰਾਂ ਦਾ ਥਿੰਕ ਟੈਂਕ ਕਰਦਾ ਹੈ। ਆਮ ਤੌਰ ਤੇ ਅਜਿਹੇ ਕੇਸਾਂ ਵਿਚ ਜਦੋਂ ਕਾਨੂੰਨ ਬਣਨ ਲਈ ਲੋਕ ਸਭਾ ਤੇ ਰਾਜ ਸਭਾ ਵਿਚ ਇਹ ਬਿਲ ਆਉਂਦੇ ਹਨ ਤਾਂ ਵਿਰੋਧੀ ਪਾਰਟੀਆਂ ਜਾਂ ਰਾਜ ਕਰ ਰਹੀ ਪਾਰਟੀ ਦੇ ਦਿੱਤੇ ਸੁਝਾਵਾਂ ਅਨੁਸਾਰ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਰਾਜ ਕਰ ਰਹੀ ਪਾਰਟੀ ਦੇ ਨੇਤਾ ਤਾਂ ਸੋਧ ਕਰਨ ਲਈ ਕਹਿਣ ਦੀ ਹਿੰਮਤ ਹੀ ਨਹੀਂ ਰੱਖਦੇ ਵਿਰੋਧੀ ਪਾਰਟੀਆਂ ਦੀ ਤਾਂ ਕੋਈ ਸੁਣਦਾ ਹੀ ਨਹੀਂ ਕਿਉਂਕਿ ਕਿਸੇ ਪਾਰਟੀ ਕੋਲ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਲੋਕ ਸਭਾ ਮੈਂਬਰਾਂ ਦੀ ਗਿਣਤੀ ਹੈ ਹੀ ਨਹੀਂ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਨਮਾਨੀਆਂ ਕਰਦੀ ਹੈ। ਦੋ ਤਿਹਾਈ ਬਹੁਮਤ ਦਾ ਘੁਮੰਡ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਉਪਰਲੀਆਂ ਹਵਾਵਾਂ ਵਿਚ ਉਡਾਈ ਫਿਰਦਾ ਹੈ।
2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ ਸੀ। ਉਦੋਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ। ਰਾਜਨਾਥ ਸਿੰਘ ਨੂੰ ਭਾਵੇਂ ਆਪਣੀ ਪਾਰਟੀ ਵਿਚ ਸੀਨੀਅਰਿਟੀ ਕਰਕੇ ਗ੍ਰਹਿ ਮੰਤਰੀ ਬਣਾ ਦਿੱਤਾ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਧੜੇਬੰਦੀ ਵਿਚ ਉਹ ਐਲ ਕੇ ਅਡਵਾਨੀ ਧੜੇ ਦੇ ਗਿਣੇ ਜਾਂਦੇ ਹਨ। ਉਨ੍ਹਾਂ ਨੂੰ ਸੰਜੀਦਾ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਜੋ ਫ਼ੈਸਲੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਰਨਾ ਚਾਹੁੰਦੇ ਸਨ, ਉਹ ਕਰ ਨਹੀਂ ਸਕੇ। 2019 ਵਿਚ ਜਦੋਂ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਨਰਿੰਦਰ ਮੋਦੀ ਪਾਰਟੀ ਵਿਚ ਆਪਣਾ ਦਬਦਬਾ ਬਣਾ ਚੁੱਕੇ ਸਨ। ਇਸ ਲਈ ਉਨ੍ਹਾਂ ਆਪਣੇ ਸਭ ਤੋਂ ਵਿਸ਼ਵਾਸ਼ ਪਾਤਰ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਅਤੇ ਰਾਜਨਾਥ ਸਿੰਘ ਨੂੰ ਡਿਫ਼ੈਸ ਮੰਤਰੀ ਬਣਾ ਦਿੱਤਾ। ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਅਮਿਤ ਸ਼ਾਹ ਉਦੋਂ ਵੀ ਉਨ੍ਹਾਂ ਦੇ ਗ੍ਰਹਿ ਰਾਜ ਮੰਤਰੀ ਸਨ। ਹਾਲਾਂ ਕਿ ਰਾਜ ਸਰਕਾਰਾਂ ਵਿਚ ਆਮ ਤੌਰ ਤੇ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਆਪਣੇ ਕੋਲ ਰੱਖਦੇ ਹਨ। ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ 5 ਬਹੁਤ ਹੀ ਵਾਦ ਵਿਵਾਦ ਵਾਲੇ ਫ਼ੈਸਲੇ ਕੀਤੇ ਹਨ, ਜਿਨ੍ਹਾਂ ਕਰਕੇ ਭਾਰਤੀ ਜਨਤਾ ਪਾਰਟੀ ਦਾ ਅਕਸ ਖ਼ਰਾਾਬ ਹੋਇਆ ਹੈ। ਲੋਕਾਂ ਵਿਚ ਸਰਕਾਰ ਵਿਰੋਧੀ ਭਾਵਨਾ ਪੈਦਾ ਹੋ ਗਈ ਹੈ। ਨੋਟਬੰਦੀ ਤੋਂ ਬਾਅਦ ਨਾਗਰਿਕ ਸੋਧ ਕਾਨੂੰਨ ਬਣਾਇਆ, ਜਿਸ ਨਾਲ ਮੁਸਲਮਾਨ ਸਮੁਦਾਏ ਅਰਥਾਤ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਤੇ ਇਕ ਕਿਸਮ ਨਾਲ ਡਾਕਾ ਹੀ ਪੈ ਗਿਆ। ਨਾਗਰਿਕ ਸੋਧ ਬਿਲ ਦੀ ਤਰ੍ਹਾਂ ਹੀ ਕੌਮੀ ਪਾਪੂਲੇਸ਼ਨ ਰਜਿਸਟਰ ਕਾਨੂੰਨ ਬਣਾ ਦਿੱਤਾ। ਇਹ ਕਾਨੂੰਨ ਵੀ ਘੱਟ ਗਿਣਤੀਆਂ ਦੇ ਮਨੁੱਖ਼ੀ ਹੱਕਾਂ ‘ਤੇ ਸਿੱਧਾ ਹਮਲਾ ਹੈ। ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਕੇ ਇਤਨੀ ਵੱਡੇ ਰਾਜ ਦੇ ਦੋ ਹਿੱਸੇ ਕਰ ਦਿੱਤੇ। ਲਦਾਖ਼ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਫ਼ੈਸਲੇ ਨਾਲ ਵੀ ਰਾਜਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਗਿਆ। ਮੁਸਲਮਾਨ ਸਮੁਦਾਏ ਦੇ ਧਾਰਮਿਕ ਅਕੀਦਿਆਂ ਵਿਚ ਦਖ਼ਲ ਅੰਦਾਜ਼ੀ ਕਰਕੇ ਤਿੰਨ ਤਲਾਕ ਨੂੰ ਕਾਨੂੰਨ ਬਣਾਕੇ ਖ਼ਤਮ ਕਰ ਦਿੱਤਾ ਹੈ। ਅੱਤਵਾਦ ਦੀ ਆੜ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਲਈ ਕਾਨੂੰਨ ਬਣਾਇਆ, ਜਿਹੜਾ ਮੁਨੱਖੀ ਹੱਕਾਂ ਦੇ ਵਿਰੁਧ ਹੈ। ਇਸ ਕਾਨੂੰਨ ਅਧੀਨ ਪੁਲਿਸ ਕਿਸੇ ਵੀ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਸਕਦੀ ਹੈ। ਉਸਦੀ ਕਚਹਿਰੀ ਵਿਚ ਸੁਣਵਾਈ ਵੀ ਤਿੰਨ ਸਾਲ ਨਹੀਂ ਹੋ ਸਕਦੀ। ਇਨ੍ਹਾਂ ਤੋਂ ਇਲਾਵਾ ਹੋਰ ਵਾਦ ਵਿਵਾਦ ਵਾਲੇ ਕਾਨੂੰਨਾ ਵਿਚ ਚੀਫ਼ ਆਫ਼ ਆਰਮੀ ਸਟਾਫ਼ ਬਣਾਉਣਾ, ਜਿਸ ਨਾਲ ਫ਼ੌਜ ਦੇ ਅਧਿਕਾਰੀਆਂ ਵਿਚ ਘਬਰਾਹਟ ਪੈਦਾ ਹੋ ਗਈ ਕਿਉਂਕਿ ਆਰਮੀ, ਏਅਰ ਫ਼ੋਰਸ ਅਤੇ ਸਮੁੰਦਰੀ ਫ਼ੌਜ ਦੇ ਮੁੱਖੀ ਆਜ਼ਾਦ ਤੌਰ ਤੇ ਆਪਣੇ ਫ਼ਰਜ਼ ਨਹੀਂ ਨਿਭਾ ਸਕਣਗੇ। ਉਨ੍ਹਾਂ ਉਪਰ ਇਕ ਚੀਫ ਆਫ਼ ਆਰਮੀ ਸਟਾਫ਼ ਬਿਠਾ ਦਿੱਤਾ ਗਿਆ ਹੈ। ਜਾਣੀ ਕਿ ਸਾਰੀ ਤਾਕਤ ਸਰਕਾਰ ਨੇ ਆਪਣੇ ਕੋਲ ਲੈ ਲਈ ਹੈ। ਮੋਟਰ ਵਹੀਕਲ ਕਾਨੂੰਨ ਬਣਾਕੇ ਜੁਰਮਾਨੇ ਬਹੁਤ ਜ਼ਿਆਦਾ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਆਮ ਨਾਗਰਿਕ ਲਈ ਭਰਨਾ ਅਸੰਭਵ ਹੋ ਗਿਆ ਹੈ। ਬਾਲਕੋਟ ਏਅਰ ਸਟਰਾਈਕ ਫ਼ੋਕੀ ਵਾਹਵਾ ਸ਼ਾਹਵਾ ਲੈਣ ਲਈ ਕੀਤਾ ਗਿਆ, ਜਿਸਦਾ ਮਾੜਾ ਪ੍ਰਭਾਵ ਪਿਆ ਕਿਉਂਕਿ ਪਾਕਿਸਤਾਨ ਫ਼ੌਜ ਨੇ ਤਸਵੀਰਾਂ ਜਾਰੀ ਕਰਕੇ ਇਸ ਸਟਰਾਈਕ ਦਾ ਖ਼ੰਡਨ ਕਰ ਦਿੱਤਾ ਸੀ। ਹੁਣ ਤੱਕ ਦਾ ਸਭ ਤੋਂ ਵੱਡਾ ਵਾਦ ਵਿਵਾਦ ਤਿੰਨ ਖੇਤੀਬਾੜੀ ਕਾਨੂੰਨਾ ਦੇ ਬਣਨ ਨਾਲ ਹੋਇਆ ਹੈ। ਜਿਨ੍ਹਾਂ ਕਿਸਾਨਾ ਵਾਸਤੇ ਇਹ ਕਾਨੂੰਨ ਬਣਾਏ ਗਏ ਹਨ, ਉਹ ਕਿਸਾਨਾਂ ਨੂੰ ਪ੍ਰਵਾਨ ਨਹੀਂ। ਜਦੋਂ ਜਿਨ੍ਹਾਂ ਨੂੰ ਸਰਕਾਰ ਲਾਭ ਦੇਣਾ ਚਾਹੁੰਦੀ ਹੈ, ਉਹ ਇਨ੍ਹਾਂ ਕਾਨੂੰਨਾ ਨੂੰ ਆਪਣੇ ਲਈ ਨੁਕਸਾਨਦਾਇਕ ਕਹਿ ਰਹੇ ਹਨ, ਫਿਰ ਇਹ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਰਹੇ। ਖੇਤੀਬਾੜੀ ਰਾਜ ਦਾ ਵਿਸ਼ਾ ਹੈ, ਕੇਂਦਰ ਸਰਕਾਰ ਖੇਤੀ ਨਾਲ ਸੰਬੰਧਤ ਕਾਨੂੰਨ ਬਣਾ ਹੀ ਨਹੀਂ ਸਕਦੀ। ਕੇਂਦਰ ਸਰਕਾਰ ਨੇ ਕਮਰਸ ਵਿਭਾਗ ਰਾਹੀਂ ਕਾਨੂੰਨ ਬਣਾ ਦਿੱਤੇ ਜੋ ਬਿਲਕੁਲ ਹੀ ਗ਼ੈਰਕਾਨੂੰਨੀ ਹਨ। ਕਾਮਰਸ ਵਿਭਾਗ ਵਿਓਪਾਰੀਆਂ ਲਈ ਕਾਨੂੰਨ ਬਣਾ ਸਕਦਾ ਹੈ ਪ੍ਰੰਤੂ ਸਰਕਾਰ ਕਹਿ ਰਹੀ ਹੈ ਕਿ ਕਿਸਾਨਾ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਕਾਨੂੰਨ ਬਣਾਏ ਹਨ। ਸਰਕਾਰ ਨੇ ਕਾਨੂੰਨਾ ਦੇ ਨਾਮ ਵੀ ਖੇਤੀਬਾੜੀ ਨਾਲ ਸੰਬੰਧਤ ਰੱਖੇ ਹਨ। ਇਸ ਲਈ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਇਹ ਕਾਨੂੰਨ ਵਿਓਪਾਰੀਆਂ ਲਈ ਹਨ। ਵੈਸੇ ਅਸਲ ਵਿਚ ਸਰਕਾਰ ਨੇ ਵਿਓਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਕਾਨੂੰਨ ਬਣਾਏ ਹਨ, ਜਿਨ੍ਹਾਂ ਨੇ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਭਾਰ ਝੱਲਿਆ ਹੈ। ਖੇਤੀਬਾੜੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਤਿੰਨ ਮਹੀਨੇ ਤੋਂ ਵੱਧ ਸਮੇਂ ਬੈਠੇ ਹਨ। ਸਾਰੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਰੁਧ ਲੋਕ ਲਾਮਬੰਦ ਹੋ ਗਏ ਹਨ। ਜਿਤਨੇ ਹੁਣ ਤੱਕ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਬਣਾਏ ਹਨ, ਖੇਤੀਬਾੜੀ ਕਾਨੂੰਨਾਂ ਜਿਤਨਾ ਵਿਰੋਧ ਨਹੀਂ ਹੋਇਆ। ਇਸ ਅੰਦੋਲਨ ਨੂੰ ਭਾਰਤ ਦੇ ਲੋਕਾਂ ਵਿਚ ਸਰਕਾਰ ਵਿਰੁਧ ਜਾਗ੍ਰਤੀ ਪੈਦਾ ਕਰਨ ਵਾਲਾ ਅੰਦੋਲਨ ਗਿਣਿਆਂ ਜਾਂਦਾ ਹੈ। ਇਹ ਸਾਰੇ ਕਾਨੂੰਨ ਵਾਦ ਵਿਵਾਦ ਵਾਲੇ ਹਨ। ਇਨ੍ਹਾਂ ਕਾਨੂੰਨਾ ਦੇ ਹੱਕ ਵਿਚ ਸਿਰਫ ਉਸ ਵਿਭਾਗ ਦਾ ਮੰਤਰੀ ਹੀ ਉਨ੍ਹਾਂ ਨੂੰ ਜ਼ਾਇਜ਼ ਠਹਿਰਾ ਰਹੇ ਹਨ। ਹੋਰ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਐਲ ਕੇ ਅਡਵਾਨੀ ਵਰਗੇ ਸੀਨੀਅਰ ਨੇਤਾ ਚੁਪ ਕਰਕੇ ਤਮਾਸ਼ਾ ਵੇਖ ਰਹੇ ਹਨ। ਉਹ ਅੰਦਰਖਾਤੇ ਸਰਕਾਰ ਦੀ ਬਦਨਾਮੀ ਤੋਂ ਖ਼ੁਸ਼ ਹਨ ਤਾਂ ਜੋ ਪ੍ਰਧਾਨ ਮੰਤਰੀ ਵਿਰੁਧ ਆਵਾਜ਼ ਉਠ ਖੜ੍ਹੇ। ਹੁਣ ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ, ਊਂਟ ਕਿਸ ਕਰਵਟ ਬੈਠਦਾ ਹੈ। ਸੀਨੀਅਰ ਨੇਤਾਵਾਂ ਦੀ ਕਥਿਤ ਸ਼ਾਜ਼ਸ਼ ਸਿਰੇ ਚੜ੍ਹਦੀ ਹੈ ਜਾਂ ਇਸੇ ਤਰ੍ਹਾ ਸਰਕਾਰ ਡਿਕ ਡੋਲੇ ਖਾਂਦੀ ਪੰਜ ਸਾਲ ਕੱਢ ਜਾਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com
ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ - ਉਜਾਗਰ ਸਿੰਘ
ਬੇਅਦਬੀ ਦੇ ਵਿਰੋਧ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਅਤੇ ਜ਼ਖ਼ਮੀ ਹੋਏ ਸ਼ਰਧਾਲੂਆਂ ਦੇ ਕੇਸਾਂ ਦੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੜਤਾਲ ਨੂੰ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਵਿਚ ਜਿਹੜੀ ਅੱਗ ਧੁਖਣ ਲੱਗੀ ਸੀ, ਉਹ ਹੁਣ ਭਾਂਬੜ ਬਣਨ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹਰ ਰੋਜ਼ ਸਰਕਾਰ ਨੂੰ ਆਪਣੇ ਟਵੀਟਾਂ ਨਾਲ ਕਟਹਿਰੇ ਵਿਚ ਖੜ੍ਹਾ ਕਰੀ ਜਾ ਰਿਹਾ ਹੈ। ਇਸ ਸਮੇਂ ਮੰਤਰੀਆਂ, ਸੰਸਦਾਂ ਅਤੇ ਵਿਧਾਨਕਾਰਾਂ ਦੀ ਅਸੰਤੁਸ਼ਟਤਾ ਗੁਰਪ ਮੀਟਿੰਗਾਂ ਦੇ ਸਿਲਸਿਲੇ ਤੋਂ ਸਾਫ਼ ਵਿਖਾਈ ਦੇ ਰਹੀ ਹੈ। ਕੈਪਟਨ ਵਿਰੋਧੀ ਅਤੇ ਸਮਰਥਕ ਦੋ ਧੜੇ ਆਹਮੋ ਸਾਹਮਣੇ ਆ ਗਏ ਹਨ। ਕਾਂਗਰਸ ਹਾਈ ਕਮਾਂਡ ਆਪਣੀ ਚੌਧਰ ਬਣਾਈ ਰੱਖਣ ਲਈ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਹੱਲਾ ਸ਼ੇਰੀ ਦੇ ਕੇ ਇਕ ਦੂਜੇ ਨਾਲ ਸਿੰਗ ਫਸਾਉਣ ਦੀਆਂ ਚਾਲਾਂ ਚਲਦੀ ਰਹੀ ਹੈ, ਤਾਂ ਜੋ ਪੰਜਾਬ ਦੇ ਸਾਰੇ ਧੜਿਆਂ ਦੇ ਨੇਤਾ ਉਨ੍ਹਾਂ ਦੀ ਚਮਚਾਗਿਰੀ ਕਰਦੇ ਰਹਿਣ। ਹੁਣ ਇਹ ਲੜਾਈ ਉਨ੍ਹਾਂ ਲਈ ਗਲੇ ਦੀ ਹੱਡੀ ਬਣ ਗਈ ਹੈ। ਕਾਂਗਰਸ ਦੇਸ਼ ਵਿਚੋਂ ਬਹੁਤ ਕਮਜ਼ੋਰ ਹੋ ਗਈ ਹੈ। ਅਜਿਹੀ ਸਥਿਤੀ ਵਿਚ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ 8 ਮਹੀਨੇ ਬਾਕੀ ਹਨ ਤਾਂ ਘੋੜੇ ਬਦਲਣੇ ਬਹੁਤੇ ਵਾਜਬ ਨਹੀਂ ਰਹਿਣਗੇ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਵਿਰੋਧੀ ਸੁਰਾਂ ਨੂੰ ਕਿਸ ਫਾਰਮੂਲੇ ਤਹਿਤ ਸੰਤੁਸ਼ਟ ਕਰੇਗੀ। ਨਵਾਂ ਨੇਤਾ 8 ਮਹੀਨੇ ਦੇ ਸਮੇਂ ਵਿਚ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਲਿਆ ਸਕੇਗਾ। 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।
ਪੰਜਾਬ ਦੇ ਕਾਂਗਰਸੀਆਂ ਦੀ ਬਦਕਿਸਮਤੀ ਰਹੀ ਹੈ ਕਿ ਹਰ ਕਾਂਗਰਸੀ, ਵਰਕਰ ਬਣਕੇ ਪਾਰਟੀ ਵਿਚ ਕੰਮ ਕਰਨ ਦੀ ਥਾਂ ਨੇਤਾ ਬਣਨਾ ਚਾਹੁੰਦਾ ਹੈ। ਹੁਣ ਤਾਂ ਸ਼ਾਰਟ ਕੱਟ ਮਾਰਕੇ ਨੇਤਾ ਬਣਨ ਦੀ ਕੋਸ਼ਿਸ ਵਿਚ ਰਹਿੰਦੇ ਹਨ। ਜਿਸ ਕਰਕੇ ਪਾਰਟੀ ਦੀ ਹਾਲਤ ਦਿਨ-ਬਦਿਨ ਨਿਘਰਦੀ ਜਾ ਰਹੀ ਹੈ। ਪਾਰਟੀ ਅਤੇ ਪਾਰਟੀ ਦੀ ਵਿਚਾਧਾਰਾ ਦੀ ਵਫ਼ਦਾਰੀ ਤਾਂ ਪਰ ਲਾ ਕੇ ਉਡ ਗਈ ਹੈ। ਹੁਣ ਤਾਂ ਜਿਥੋਂ ਸਿਆਸੀ ਤਾਕਤ ਮਿਲਦੀ ਹੈ, ਓਧਰ ਨੂੰ ਹੀ ਝੁਕ ਜਾਂਦੇ ਹਨ। ਜੇ ਵਫ਼ਾਦਾਰੀ ਹੈ ਤਾਂ ਧੜੇਬੰਦੀ ਦੀ ਵਫ਼ਦਾਰੀ ਰਹਿ ਗਈ। ਛੋਟੇ-ਛੋਟੇ ਧੜੇ ਬਣ ਗਏ ਹਨ ਜੋ ਇਕ ਦੂਜੇ ਦੀਆਂ ਲੱਤਾਂ ਖਿਚਕੇ ਅੱਗੇ ਆਉਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਪਾਰਟੀ ਜਾਵੇ ਢੱਠੇ ਖੂਹ ਵਿਚ। ਸਿਆਸੀ ਤਾਕਤ ਲਈ ਬਹੁਤੇ ਤਾਂ ਪਾਰਟੀਆਂ ਬਦਲਣ ਨੂੰ ਵੀ ਮਾੜਾ ਨਹੀਂ ਸਮਝਦੇ। ਉਹ ਤਾਂ ਗਿਰਗਟ ਦੇ ਰੰਗ ਬਦਲਣ ਨਾਲੋਂ ਛੇਤੀ ਰੰਗ ਬਦਲ ਜਾਂਦੇ ਹਨ।
ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਖ਼ਹਿਬਾਜ਼ੀ ਜਗ ਜ਼ਾਹਰ ਹੈ, ਪ੍ਰੰਤੂ ਕਾਂਗਰਸ ਹਾਈ ਕਮਾਂਡ ਜਿਵੇਂ ਬਿੱਲੀ ਨੂੰ ਵੇਖਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ, ਉਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਸਭ ਕੁਝ ਜਾਣਦੀ ਹੋਈ ਚੁੱਪ ਕਰਕੇ ਪਾਸਾ ਵੱਟ ਕੇ ਬੈਠੀ ਹੈ। 2017 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਲੜੀ ਗਈ ਸੀ। ਲੋਕਾਂ ਨੇ ਵੋਟਾਂ ਕਾਂਗਰਸ ਨੂੰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਈਆਂ ਸਨ। ਇਸ ਕਰਕੇ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਕੁਦਰਤੀ ਸੀ। ਕੁਝ ਨੇਤਾ ਉਦੋਂ ਦੇ ਹੀ ਮੁੱਖ ਮੰਤਰੀ ਦੇ ਵਿਰੁਧ ਝੰਡਾ ਚੁਕੀ ਫਿਰਦੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਉਦੋਂ ਤੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਹਜ਼ਮ ਨਹੀਂ ਹੋ ਰਿਹਾ। ਵਾਰੋ ਵਾਰੀ ਸੀਨੀਅਰ ਨੇਤਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਿਆ ਕਰਦੇ ਰਹਿੰਦੇ ਹਨ। ਇਹ ਉਨ੍ਹਾਂ ਦਾ ਹੱਕ ਵੀ ਹੈ ਪ੍ਰੰਤੂ ਪਾਰਟੀ ਪੱਧਰ ਤੇ ਅਜਿਹੀ ਨਿੰਦਿਆ ਜਾਇਜ਼ ਹੈ। ਅਖ਼ਬਾਰਾਂ ਵਿਚ ਖ਼ਬਰਾਂ ਲਗਾਉਣ ਲਈ ਬਿਆਨਬਾਜ਼ੀ ਕਰਨੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨ ਵਿਚ ਸਹਾਈ ਹੁੰਦੀ ਹੈ। ਇਸ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਮੁੱਦਾ ਮਿਲ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਦੀਆਂ ਉਮੀਦਾਂ ‘ਤੇ ਪੂਰੇ ਨਹੀਂ ਉਤਰ ਸਕੇ। ਇਸ ਵਾਰੀ ਉਹ ਨਤੀਜੇ ਨਹੀਂ ਵਿਖਾ ਸਕੇ ਜਿਹੜੇ 2002 ਵਾਲੀ ਸਰਕਾਰ ਵਿਚ ਵਿਖਾਏ ਸਨ। ਚਾਪਲੂਸੀ ਨੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦਿੱਤਾ ਹੈ। ਕਾਂਗਰਸ ਪਾਰਟੀ ਵਿਚ ਅਜਿਹੇ ਹਾਲਾਤ ਪੈਦਾ ਕਰਨ ਦੀ ਜ਼ਿੰਮੇਵਾਰ ਕੇਂਦਰੀ ਲੀਡਰਸ਼ਿਪ ਹੈ, ਜਿਹੜੀ ਉਨ੍ਹਾਂ ਨੂੰ ਆਪਸ ਵਿਚ ਬਿਠਾਕੇ ਮਸਲੇ ਦਾ ਹਲ ਕਰਵਾਉਣਾ ਨਹੀਂ ਚਾਹੁੰਦੀ। ਕਾਂਗਰਸ ਪਾਰਟੀ ਵਿਚ ਅਨੁਸ਼ਾਸ਼ਨ ਨਾ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਨੇਤਾ ਲੋਕ ਇਸੇ ਤਰ੍ਹਾਂ ਲੜਦੇ ਰਹੇ ਤਾਂ ਪੰਜਾਬ ਦਾ ਹਾਲ 2022 ਵਿਚ ਦੂਜੇ ਰਾਜਾਂ ਵਾਲਾ ਹੋਵੇਗਾ, ਜਿਥੇ ਸਰਕਾਰ ਬਣਾਉਣੀ ਤਾਂ ਵੱਖਰੀ ਗੱਲ ਹੈ, ਪਾਰਟੀ ਦੀ ਹੋਂਦ ਵੀ ਨਜ਼ਰ ਨਹੀਂ ਆ ਰਹੀ।
ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਸਿਰਜਕੇ ਭਾਰਤੀ ਜਨਤਾ ਪਾਰਟੀ ਨੂੰ ਪਲਟੀ ਮਾਰਕੇ ਕਾਂਗਰਸ ਪਾਰਟੀ ਵਿਚ ਪ੍ਰਿਅੰਕਾ ਗਾਂਧੀ ਦਾ ਸਹਾਰਾ ਲੈ ਕੇ ਸ਼ਾਮਲ ਹੋਏ ਸਨ। ਉਸੇ ਦਿਨ ਤੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚ ਖੁਸਰ ਮੁਸਰ ਸ਼ੁਰੂ ਹੋ ਗਈ ਸੀ। ਕਾਂਗਰਸ ਵਿਚਲੀ ਹਲਚਲ ਇਸ ਕਰਕੇ ਸੀ ਕਿਉਂਕਿ ਮੁੱਖ ਮੰਤਰੀ ਦੇ ਪਹਿਲਾਂ ਹੀ ਬਹੁਤ ਉਮੀਦਵਾਰ ਲਾਈਨ ਵਿਚ ਲੱਗੇ ਹੋਏ ਸਨ। ਦੱਬੀ ਜ਼ੁਬਾਨ ਨਾਲ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਸਨ, ਪ੍ਰੰਤੂ ਖੁਲ੍ਹਕੇ ਬੋਲਦੇ ਨਹੀਂ ਸਨ। ਨਵਜੋਤ ਸਿੰਘ ਸਿੱਧੂ ਨੂੰ ਉਸ ਦਿਨ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਪ੍ਰਨਾਬ ਮੁਕਰਜੀ ਰਾਹੀਂ ਇਹੋ ਸਬਜ਼ ਬਾਗ ਵੇਖਣ ਦੇ ਸਪਨੇ ਸਿਰਜਕੇ ਆਏ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਹੀ ਲਾਈਨ ਵਿਚ ਲੱਗੇ ਹੋਏ ਹਨ। 100 ਸਾਲ ਪੁਰਾਣੀ ਆਜ਼ਾਦੀ ਸੰਗਰਾਮੀਆਂ ਦੇ ਵਾਰਸਾਂ ਦੀ ਕਾਂਗਰਸ ਪਾਰਟੀ ਦੇ ਪੁਸ਼ਤਾਨੀ ਪਰਿਵਾਰਾਂ ਦੇ ਫਰਜੰਦ ਕਿਵੇਂ ਉਨ੍ਹਾਂ ਦੇ ਪੈਰ ਲੱਗਣ ਦੇਣਗੇ? ਸ਼ਾਰਟ ਕੱਟ ਰਾਹੀਂ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਪਾਰਟੀ ਦੇ ਕੌਮੀ ਪੱਧਰ ਤੇ ਕਮਜ਼ੋਰ ਹੁੰਦਿਆਂ ਹੱਥਿਆਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਾਂਗਰਸ ਵਿਚ ਉਨ੍ਹਾਂ ਤੋਂ ਬਹੁਤ ਸੀਨੀਅਰ ਨੇਤਾ ਬੈਠੇ ਹਨ, ਜਿਨ੍ਹਾਂ ਦਾ ਮੁੱਖ ਮੰਤਰੀ ਦੀ ਕੁਰਸੀ ‘ਤੇ ਦਾਅਵਾ ਕਰਨ ਦਾ ਹੱਕ ਬਣਦਾ ਹੈ। ਉਨ੍ਹਾਂ ਨੇਤਾਵਾਂ ਵਿਚ ਪ੍ਰਤਾਪ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਸੁਨੀਲ ਕੁਮਾਰ ਜਾਖੜ, ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ ਪੀ, ਰਵਨੀਤ ਸਿੰਘ ਬਿੱਟੂ ਅਤੇ ਮਨੀਸ਼ ਤਿਵਾੜੀ ਆਦਿ ਦੀ ਲੰਬੀ ਸੂਚੀ ਹੈ। ਨਵਜੋਤ ਸਿੰਘ ਸਿੱਧੂ ਤਾਂ ਅਜੇ ਪੰਜਾਬੀ ਦੀ ਕਹਾਵਤ ਦੀ ਤਰ੍ਹਾਂ, ਕਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਗੱਲ ਹੈ। ਉਨ੍ਹਾਂ ਨੂੰ ਪੌੜੀ ਦਰ ਪੌੜੀ ਚੜ੍ਹਨ ਨੂੰ ਹੀ ਤਰਜ਼ੀਹ ਦੇਣੀ ਬਣਦੀ ਸੀ। ਸਿਆਸਤ ਵਿਚ ਲਚਕੀਲਾਪਣ ਹੋਣਾ ਜ਼ਰੂਰੀ , ਲੱਕੜ ਬਣਕੇ ਕੁਝ ਖੱਟਣਾ ਅਸੰਭਵ ਹੁੰਦਾ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਕੇ ਨਵੇਂ ਮਿਲੇ ਵਿਭਾਗ ਰਾਹੀਂ ਆਪਣੀ ਭੱਲ ਬਣਾਉਂਦੇ, ਬਿਜਲੀ ਵਿਭਾਗ ਦਾ ਸੰਬੰਧ ਪੰਜਾਬ ਦੇ ਹਰ ਘਰ ਨਾਲ ਹੈ। ਅਕਾਲੀ ਦਲ ਦੇ ਬਿਜਲੀ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਵਾਕੇ ਪੰਜਾਬ ਦੇ ਲੋਕਾਂ ਦੇ ਮਸੀਹਾ ਬਣ ਸਕਦੇ ਸਨ। ਕਾਂਗਰਸ ਪਾਰਟੀ ਵਿਚ ਥੋੜ੍ਹਾ ਸਮਾਂ ਪਹਿਲਾਂ ਸਰਗਰਮ ਹੋਏ ਪ੍ਰਿਅੰਕਾ ਗਾਂਧੀ, ਸੀਨੀਅਰ ਘਾਗ ਕਾਂਗਰਸੀਆਂ ਤੋਂ ਉਨ੍ਹਾਂ ਨੂੰ ਕਿਵੇਂ ਉਪ ਮੁੱਖ ਮੰਤਰੀ ਦੀ ਕੁਰਸੀ ਦਿਵਾ ਸਕਣਗੇ। ਭਾਵੇਂ ਪ੍ਰਿਅੰਕਾ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਧੀ ਹਨ ਪ੍ਰੰਤੂ ਉਹ ਸੀਨੀਅਰ ਨੇਤਾਵਾਂ ਨੂੰ ਨਰਾਜ਼ ਕਰਕੇ ਕਾਂਗਰਸ ਪਾਰਟੀ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁਣਗੇ। ਕਿਉਂਕਿ ਉਨ੍ਹਾਂ ਨੂੰ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਗਿਆ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਪਰਿਵਾਰਿਕ ਵਿਰਸੇ ਵਿਚੋਂ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਮਰਹੂਮ ਭਗਵੰਤ ਸਿੰਘ ਸਿੱਧੂ ਬੜਾ ਲੰਬਾ ਸਮਾਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਦੇ ਪ੍ਰਧਾਨ ਅਤੇ ਦਰਬਾਰਾ ਸਿੰਘ ਦੀ ਵਜਾਰਤ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ ਪ੍ਰੰਤੂ ਇਉਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਤੋਂ ਸਿਆਸਤ ਦੇ ਗੁਰ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਦੋਂ ਉਹ ਕ੍ਰਿਕਟ ਖੇਡਣ ਵਲ ਹੀ ਧਿਆਨ ਲਾਉਂਦੇ ਰਹੇ।
ਨਵਜੋਤ ਸਿੰਘ ਸਿੱਧੂ ਵਿਚ ਦੋ ਗੁਣ ਅਜਿਹੇ ਹਨ, ਜਿਹੜੇ ਹਰ ਸਿਆਸਤਦਾਨ ਵਿਚ ਬਹੁਤ ਘੱਟ ਮਿਲਦੇ ਹਨ। ਉਹ ਇਮਾਨਦਾਰ ਅਤੇ ਬਿਹਤਰੀਨ ਬੁਲਾਰੇ ਹਨ ਪ੍ਰੰਤੂ ਉਹ ਜ਼ਿਆਦਾ ਬਿਆਨਬਾਜ਼ੀ ਕਰਕੇ ਕਿਸੇ ਵੀ ਪਾਰਟੀ ਵਿਚ ਉਨ੍ਹਾਂ ਗੁਣਾ ਦਾ ਲਾਭ ਨਹੀਂ ਲੈ ਸਕੇ, ਜਿਤਨਾ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਸਿਆਸਤ ਵਿਚ ਸੰਜੀਦਗੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸਦੀ ਨਵਜੋਤ ਸਿੰਘ ਸਿੱਧੂ ਵਿਚ ਘਾਟ ਹੈ। ਕੁਰਸੀ ਮਿਲਣਾ ਤਾਂ ਵੱਖਰੀ ਗੱਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਕੇਂਦਰੀ ਹਾਈ ਕਮਾਂਡ ਦੇ ਨੇੜੇ ਹਨ। ਪਿਛਲੇ ਸਵਾ ਚਾਰ ਸਾਲ ਤੋਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਤੂ ਪ੍ਰੰਤੂ ਕੀਤਾ ਹੈ। ਉਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਨਵਜੋਤ ਸਿੰਘ ਸਿੱਧੂ ਵਰਨਣਯੋਗ ਹਨ। ਬੇਅਦਬੀ ਦੇ ਮੁੱਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਵੇਖਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਹੜੀ ਗਿਦੜਸਿੰਗੀ ਨਾਲ ਅਰਥਾਤ ਦਾਅ ਪੇਚ ਨਾਲ ਆਪਣਾ ਅਕਸ ਮੁੜ ਸਥਾਪਤ ਕਰਨਗੇ। ਜੇਕਰ ਬੇਅਦਬੀ ਦੇ ਮੁੱਦੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਦਾ ਭਵਿਖ ਖ਼ਤਰੇ ਵਿਚ ਪੈ ਜਾਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ - 9417913072
ਸਿੱਖ ਵਿਰਾਸਤ ਦਾ ਪਹਿਰੇਦਾਰ : ਨਰਪਾਲ ਸਿੰਘ ਸ਼ੇਰਗਿਲ - ਉਜਾਗਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਿੱਖ ਕੌਮ ਦੀ 550 ਸਾਲ ਦੀ ਵਿਰਾਸਤ ਬਾਰੇ ਨਰਪਾਲ ਸਿੰਘ ਸ਼ੇਗਰਗਿਲ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਇਹ ਵਿਰਾਸਤੀ ਅੰਕ-2020 ਪ੍ਰਕਾਸ਼ਤ ਕੀਤਾ ਹੈ। ਉਹ ਹਮੇਸ਼ਾ ਹੀ ਗੁਰੂ ਸਾਹਿਬਾਨ, ਖਾਲਸਾ ਦੇ ਸਿਰਜਨਾ ਦਿਵਸ ਅਤੇ ਸਿੱਖ ਧਰਮ ਨਾਲ ਸੰਬੰਧਤ ਹੋਰ ਧਾਰਮਿਕ ਅਤੇ ਇਤਿਹਾਸਕ ਸ਼ਤਾਬਦੀਆਂ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਦੇ ਰਹਿੰਦੇ ਹਨ। ਉਹ ਸਿੱਖ ਸੋਚ, ਕਿਰਦਾਰ ਅਤੇ ਦਸਤਾਰ ਦੀ ਪਵਿਤਰਤਾ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਨ੍ਹਾਂ ਸ਼ਤਾਬਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਪੁਸਤਕ ਪ੍ਰਕਾਸ਼ਤ ਕਰ ਦਿੰਦੇ ਹਨ। ਸਿੱਖ ਅਤੇ ਸਿੱਖੀ ਨਾਲ ਸੰਬੰਧਤ ਕੋਈ ਵੀ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਘਟਨਾਵਾਂ ਦੇ ਵਾਪਰਨ ਦੇ ਹੰਦੇਸ਼ੇ ਸੰਬੰਧੀ ਉਹ ਅਗਾਊਂ ਆਪਣੀ ਦੂਰਅੰਦੇਸ਼ੀ ਪ੍ਰਵਿਰਤੀ ਹੋਣ ਕਰਕੇ ਸਿੱਖਾਂ ਨੂੰ ਜਾਗ੍ਰਤ ਕਰਨ ਦੇ ਇਰਾਦੇ ਨਾਲ ਸੋਵੀਨੀਅਰ ਪ੍ਰਕਾਸ਼ਤ ਕਰ ਦਿੰਦੇ ਹਨ। ਪਟਿਆਲਾ ਜਿਲ੍ਹੇ ਦੇ ਮਜਾਲ ਖੁਰਦ ਵਿਚ ਜਨਮ ਲੈਣ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਵਿਰਾਸਤ ਦੀ ਮਿੱਟੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਇੰਗਲੈਂਡ ਉਨ੍ਹਾਂ ਦੀ ਕਰਮ ਭੂਮੀ ਹੈ ਇਸ ਲਈ ਇੰਗਲੈਂਡ ਵਿਚ ਪਿਛਲੇ 55 ਸਾਲ ਤੋਂ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਦੇਸ਼ ਪਿਆਰ ਦੀ ਭਾਵਨਾ ਵਿਚ ਲਬਰੇਜ਼ ਹੋਣ ਕਰਕੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ। ਹੱਕ ਅਤੇ ਸੱਚ ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ ਦੇ ਵਿਰਾਸਤੀ ਅੰਕ 2020 ਰਾਹੀਂ ਸੰਸਾਰ ਵਿਚ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਵੱਲੋਂ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਦੇ ਗੱਡੇ ਝੰਡਿਆਂ ਦੇ ਦਰਸ਼ਨ ਕਰਵਾ ਦਿੱਤੇ ਹਨ। ਇਸ ਪੁਸਤਕ ਨੂੰ ਪੜ੍ਹਕੇ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੀਆਂ ਬੁਲੰਦੀਆਂ ਤੇ ਨਜ਼ਰਾਂ ਪੈਣ ਨਾਲ ਉਨ੍ਹਾਂ ਦੇ ਸਿਰ ਮਾਣ ਨਾਲ ਉਚੇ ਹੋ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਆਪਣੀ ਇਸ ਪੁਸਤਕ ਵਿਚ ਵੀ ਨਵੇਕਲਾ ਕੰਮ ਕੀਤਾ ਹੈ। ਨਰਪਾਲ ਸਿੰਘ ਸ਼ੇਰਗਿੱਲ ਹਮੇਸ਼ਾ ਪੁਰਾਣੀਆਂ ਪਗਡੰਡੀਆਂ ‘ਤੇ ਚਲਣ ਦੀ ਥਾਂ ਨਵੇਂ ਰਾਹ ਬਣਾਕੇ ਚਲਣ ਦਾ ਆਦੀ ਹੈ। ਇਸ ਵਾਰ ਇਸ ਪੁਸਤਕ ਵਿਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਜਿਹੜੇ ਲੇਖ ਪ੍ਰਕਾਸ਼ਤ ਕੀਤੇ ਹਨ, ਉਨ੍ਹਾਂ ਵਿਚ ਪੰਜਾਬ ਦੀ ਵਿਰਾਸਤ ਦੀਆਂ ਧਰੋਹਰਾਂ ਬਾਰੇ ਅਜਿਹੀ ਜਾਣਕਾਰੀ ਦਿੱਤੀ ਹੈ, ਜਿਹੜੀ ਪਹਿਲਾਂ ਛੁਪੀ ਰਹੀ ਹੈ। ਦਸਤਾਰ ਦੀ ਆਨ ਅਤੇ ਸ਼ਾਨ, ਸਿੱਖੀ ਸਰੂਪ ਕਿਉਂ ਜ਼ਰੂਰੀ, ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣਾ ਅਜੋਕੇ ਸਮੇਂ ਲੋੜ ਅਤੇ ਪਵਾਸ ਵਿਚ ਗੁਰੂ ਘਰ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹੋਏ ਸਿੱਖਾਂ ਦੀ ਸਰਦਾਰੀ ਦੀ ਪਹਿਚਾਣ ਬਣਾਉਂਦੇ ਹਨ। ਸਿੱਖ ਧਰਮ ਦੇ ਵਿਕਾਸ ਦੀ ਜਦੋਜਹਿਦ ਦਾ ਦਰਸਾਉਣ ਵਾਲਾ ਲੇਖ ਸਾਡੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਪ੍ਰਤੀਕ ਵਜੋਂ ਮਹਿਸੂਸ ਕਰਨ ਵਾਲਾ ਹੈ। ਜਿਸ ਕੌਮ ਦਾ ਇਤਿਹਾਸ ਇਤਨੀਆਂ ਕੁਰਬਾਨੀਆਂ ਵਾਲਾ ਹੋਵੇ ਉਸ ਕੌਮ ਨੂੰ ਵਿਰਾਸਤ ‘ਤੇ ਪਹਿਰਾ ਹੀ ਨਹੀਂ ਦੇਣਾ ਚਾਹੀਦਾ ਸਗੋਂ ਹੋਰ ਉਤਸ਼ਾਹ ਨਾਲ ਅਕੀਦਤ ਦੇ ਫੁਲ ਭੇਂਟ ਕਰਨੇ ਚਾਹੀਦੇ ਹਨ। ਇਹ ਸੋਚ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਜੋ ਇਸ ਪੁਸਤਕ ਵਿਚੋਂ ਸ਼ਪਸ਼ਟ ਹੁੰਦੀ ਹੈ। ਇਸ ਵਿਰਾਸਤੀ ਅੰਕ ਨੂੰ ਆਮ ਪੁਸਤਕ ਨਾ ਸਮਝਿਆ ਜਾਵੇ, ਸਗੋਂ ਇਸ ਦੀ ਸੋਚ ਨੂੰ ਸਮਝਿਆ ਜਾਵੇ। ਸਲਾਮ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਤੀਖਣ ਬੁੱਧੀ ਵਾਲੀ ਸੋਚ ਨੂੰ। ਅਜਿਹੇ ਕੁਝ ਨੁਕਤੇ ਹਨ ਜਿਨ੍ਹਾਂ ਨੂੰ ਇਸ ਪੁਸਤਕ ਦੇ ਅਹਿਮ ਹਿੱਸੇ ਵਜੋਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਉਚ ਕੋਟੀ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨੂੰ ਸਾਂਭਣ ਲਈ ਸੁਚੇਤ ਕੀਤਾ ਹੈ। ਪੁਸਤਕ ਦਾ ਬਹੁਰੰਗੀ ਸਚਿਤਰ ਦਿਲਕਸ਼ ਮੁੱਖ ਕਵਰ ਹੀ ਸੂਝਵਾਨ ਪਾਠਕ ਨੂੰ ਇਸ ਵਿਚਲੀ ਸਮਗਰੀ ਬਾਰੇ ਇਸ਼ਾਰੇ ਕਰ ਜਾਂਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਦਾ ਸੁਭਾਅ ਹੀ ਨਵੀਆਂ ਪਿ੍ਰਤਾਂ ਪਾਉਣ ਨੂੰ ਤਰਜ਼ੀਹ ਦਿੰਦਾ ਹੈ। ਉਹ ਲਕੀਰ ਦਾ ਫ਼ਕੀਰ ਨਹੀਂ ਬਣਦਾ। ਉਹ ਸਥਾਪਤ ਪਰੰਪਰਾਵਾਂ ਦਾ ਵਿਰੋਧੀ ਵੀ ਨਹੀਂ ਪ੍ਰੰਤੂ ਉਨ੍ਹਾਂ ਨੂੰ ਨਵੇਂ ਢੰਗ ਨਾਲ ਆਧੁਨਿਕਤਾ ਦੇ ਗਿਲਾਫ਼ ਵਿਚ ਲਪੇਟ ਕੇ ਪ੍ਰਗਟਾਉਣ ਵਾਲਾ ਦੂਰ ਅੰਦੇਸ਼ ਵਿਅਕਤੀ ਹੈ। ਉਨ੍ਹਾਂ ਨੇ ਇਸ ਪੁਸਤਕ ਦੇ ਮੁੱਖ ਕਵਰ ‘ਤੇ ਆਜ਼ਾਦੀ ਸੰਗਰਾਮ ਦਾ ਕੈਨੇਡਾ ਅਤੇ ਅਮਰੀਕਾ ਵਿਚ ਮੁੱਢ ਬੰਨ੍ਹਣ ਵਾਲੇ ਮੁਹਿੰਮਕਾਰੀ ਗ਼ਦਰ ਅਖ਼ਬਾਰ ਦੇ ਪਹਿਲੇ ਪੰਨੇ ਦੀ ਤਸਵੀਰ ਲਗਾਕੇ ਪਰਵਾਸ ਵਿਚ ਪੰਜਾਬੀਆਂ ਵੱਲੋਂ ਆਜ਼ਾਦੀ ਸੰਗਰਾਮ ਦੇ ਯੋਗਦਾਨ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰੀ ਬਾਬਿਆਂ ਦੀ ਤਸਵੀਰ ਲਗਾਈ ਹੈ ਤਾਂ ਜੋ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਗ਼ਦਰ ਮੈਮੋਰੀਅਲ ਦਾ ਦੌਰਾ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸਦੀ ਤਸਵੀਰ ਵੀ ਮੁੱਖ ਕਵਰ ਤੇ ਲੱਗੀ ਹੋਈ ਹੈ। ਇੰਡੀਅਨ ਬਿ੍ਰਟਿਸ਼ ਸਮੇਂ ਸਿੱਖਾਂ ਵੱਲੋਂ ਫ਼ੌਜ ਵਿਚ ਨੌਕਰੀ ਕਰਦਿਆਂ ਮਾਰੇ ਗਏ ਮਾਅਰਕਿਆਂ ਨੂੰ ਦਰਸਾਉਂਦੀਆਂ ਫ਼ੌਜੀ ਜਵਾਨਾ ਦੀਆਂ ਤਸਵੀਰਾਂ ਵੀ ਉਨ੍ਹਾਂ ਦੀ ਬਹਾਦਰੀ ਦੀਆਂ ਬਾਤਾਂ ਪਾ ਰਹੀਆਂ ਹਨ। ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਵਿਚ ਲਗਾਏ ਬੁੱਤ ਦੀ ਤਸਵੀਰ ਪੰਜਾਬੀਆਂ ਨੂੰ ਝੰਜੋੜਨ ਦਾ ਕੰਮ ਕਰੇਗੀ ਤਾਂ ਜੋ ਅੱਗੋਂ ਤੋਂ ਪੰਜਾਬੀ ਉਸ ਗ਼ਲਤੀ ਨੂੰ ਮੁੜ ਦੁਹਰਾਉਣ ਦੀ ਹਿੰਮਤ ਨਾ ਕਰਨ। ਭੁਪਿੰਦਰ ਸਿੰਘ ਹਾਲੈਂਡ ਸਿੱਖ ਇਤਿਹਾਸਕਾਰ ਆਪਣੀ ਅੰਗਰੇਜ਼ੀ ਵਿਚ ਪੁਸਤਕ ਕੈਪਟਨ ਅਮਰਿੰਦਰ ਸਿੰਘ ਤੋਂ ਜਾਰੀ ਕਰਵਾਉਂਦੇ ਹੋਏ ਵੀ ਮੁੱਖ ਕਵਰ ਦਾ ਹਿੱਸਾ ਹਨ। ਮਹਾਰਾਜਾ ਭੁਪਿੰਦਰ ਸਿੰਘ ਜਦੋਂ ਪ੍ਰੀਵੀ ਕੌਂਸਲ ਦੀ ਮੀਟਿੰਗ ਕਰਨ ਇੰਗਲੈਂਡ ਗਏ ਸਨ, ਉਦੋਂ ਦੀ ਤਸਵੀਰ ਵੀ ਲਗਾਈ ਗਈ ਹੈ ਕਿਉਂਕਿ ਉਹ ਵੀ ਇਤਿਹਾਸਕ ਘਟਨਾ ਸੀ। ਉਹ ਸਾਰੀਆਂ ਰਿਆਸਤਾਂ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਸੰਬੰਧੀ ਲੇਖ ਪੁਸਤਕ ਦੇ ਪੰਨਾ ਨੰਬਰ 164-67 ‘ਤੇ ਹੈ। ਉਨ੍ਹਾ ਦੇ ਨਾਲ ਹੀ ਸਿੱਖ ਫ਼ੌਜੀ ਦਾ ਬੁੱਤ ਜੋ ਪਰਵਾਸ ਵਿਚ ਲਗਿਆ ਹੋਇਆ ਹੈ, ਉਹ ਸਿੱਖਾਂ ਦੇ ਯੋਗਦਾਨ ਦੀ ਮੂੰਹ ਬੋਲਦੀ ਤਸਵੀਰ ਦਾ ਸਬੂਤ ਹੈ। ਸਿੱਖ ਧਰਮ ਦੇ ਪੰਜੇ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਪੰਜਾਬੀ ਵਿਰਾਸਤ ਦੀਆਂ ਅਨਮੋਲ ਧਰੋਹਰਾਂ ਹਨ। ਇਹ ਤਸਵੀਰਾਂ ਇਸ ਕਰਕੇ ਲਗਾਈਆਂ ਗਈਆਂ ਹਨ ਤਾਂ ਜੋ ਸਿੱਖ ਆਪਣੀ ਬੇਸ਼ਕੀਮਤੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਹੱਕਾਂ ਅਤੇ ਸਰਬਤ ਦੇ ਭਲੇ ਉਪਰ ਪਹਿਰਾ ਦਿੰਦੇ ਰਹਿਣ। ਸਿੱਖ ਧਰਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੜਚਿੜ੍ਹੀ ਵਿਖੇ ਲੱਗਿਆ ਬੁੱਤ ਸਿੱਖਾਂ ਨੂੰ ਆਪਣੀ ਅਣਖ਼ ਨਾਲ ਜ਼ਿੰਦਗੀ ਜਿਓਣ ਦਾ ਸੰਦੇਸ਼ ਦਿੰਦਾ ਹੋਇਆ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰੇਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਘੋੜ ਸਵਾਰੀ ਵਾਲਾ ਬੁੱਤ ਪੰਜਾਬੀਆਂ ਨੂੰ ਪਰਜਾ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਰਾਜ ਸਥਾਪਤ ਕਰਨ ਦੀ ਪ੍ਰੇਰਨਾ ਦੇਣ ਦੇ ਮਕਸਦ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ 550 ਪੰਜਾਬੀਆਂ ਦੀਆਂ ਰੰਗਦਾਰ ਤਸਵੀਰਾਂ ਪੁਸਤਕ ਦੇ ਵਿਚ ਲਗਾਈਆਂ ਹਨ, ਜਿਹੜੇ ਆਪੋ ਆਪਣੇ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ। ਇਹ ਤਸਵੀਰਾਂ ਵੀ ਨੌਜਵਾਨ ਪੀੜ੍ਹੀ ਲਈ ਉਤਸ਼ਾਹ ਜਨਕ ਸਾਬਤ ਹੋਣਗੀਆਂ। ਇਹੋ ਜਿਹਾ ਉਦਮ ਚੇਤਨ ਅਤੇ ਤੀਖਣ ਬੁਧੀ ਵਾਲਾ ਨਰਪਾਲ ਸਿੰਘ ਸ਼ੇਰਗਿੱਲ ਵਰਗਾ ਦਲੇਰ ਅਤੇ ਉਤਸ਼ਾਹੀ ਵਿਅਕਤੀ ਹੀ ਕਰ ਸਕਦਾ ਹੈ। ਉਹ ਵੀ ਆਪਣੇ ਖ਼ਰਚੇ ‘ਤੇ 384 ਪੰਨਿਆਂ ਵਾਲੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਕੇ ਆਪਣੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦੇਣ ਦੇ ਇਰਾਦੇ ਨਾਲ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਦਾ ਹੈ। ਇਸ ਪੁਸਤਕ ਵਿਚ ਪੰਜਾਬੀ ਉਦਮੀਆਂ, ਜਿਨ੍ਹਾਂ ਨੇ ਪ੍ਰਵਾਸ ਵਿਚ ਆਪਣੇ ਕਾਰੋਬਾਰਾਂ ਵਿਚ ਸਫਲਤਾ ਪ੍ਰਾਪਤ ਕਰਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਬਾਰੇ ਵੀ ਦਿੱਤਾ ਗਿਆ ਹੈ। ਉਨ੍ਹਾਂ ਦੇ ਟੈਲੀਫੋਨ ਨੰਬਰ ਅਤੇ ਅਡਰੈਸ ਦਿੱਤੇ ਗਏ ਹਨ। ਸੰਸਾਰ ਵਿਚ ਜਿਤਨੇ ਗੁਰੂ ਘਰ ਹਨ, ਉਨ੍ਹਾਂ ਸਾਰਿਆਂ ਦੇ ਐਡਰੈਸ ਅਤੇ ਟੈਲੀਫੋਨ ਵੀ ਦਿੱਤੇ ਗਏ ਹਨ। ਸਾਰੇ ਦੇਸ਼ਾਂ ਦੇ ਹਾਈ ਕਮਿਸ਼ਨਰਜ਼ ਦੇ ਦਫ਼ਤਰਾਂ ਦੇ ਪਤੇ ਅਤੇ ਟੈਲੀਫੋਨ ਵੀ ਦਿੱਤੇ ਗਏ। ਇਨ੍ਹਾਂ ਦਾ ਭਾਵ ਪੰਜਾਬੀਆਂ ਨੂੰ ਪਰਵਾਸ ਵਿਚ ਕਿਸੇ ਵੀ ਕੰਮ ਲਈ ਕੋਈ ਮੁਸ਼ਕਲ ਪੇਸ਼ ਨਾ ਹੋਵੇ। ਪੰਜਾਬੀ ਦੇ ਸਾਹਿਤਕਾਰਾਂ, ਖਿਡਾਰੀਆਂ, ਆਰਟਿਸਟਾਂ, ਪ੍ਰਵਾਸ ਦੇ ਸਿਆਸਤਦਾਨਾ, ਸਿੱਖ ਧਰਮ ਦੀ ਅਮੀਰ ਵਿਰਾਸਤ ਅਤੇ ਕੁਰਬਾਨੀਆਂ ਬਾਰੇ ਲੇਖ ਦਿੱਤੇ ਗਏ ਹਨ। ਭਵਿਖ ਵਿਚ ਨਰਪਾਲ ਸਿੰਘ ਸ਼ੇਰਗਿਲ ਤੋਂ ਹੋਰ ਵਧੇਰੇ ਉਦਮ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com
ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ - ਉਜਾਗਰ ਸਿੰਘ
ਸਿਆਸਤਦਾਨ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਅਨੁਸਾਰ ਫੈਸਲੇ ਕਰਦੇ ਹਨ। ਆਪਣੇ ਫੈਸਲਿਆਂ ਨੂੰ ਬਦਲਣ ਲੱਗੇ ਮਿੰਟ ਸਕਿੰਟ ਹੀ ਲਾਉਂਦੇ ਹਨ। ਕਹਿਣ ਤੋਂ ਭਾਵ ਅਜੋਕੀ ਸਿਆਸਤ ਖ਼ੁਦਗਰਜ਼ੀ ਦੇ ਰਾਹ ਪੈ ਗਈ ਹੈ। ਸਿਆਸਤਦਾਨ ਅਸੂਲਾਂ ਦੀ ਸਿਆਸਤ ਨੂੰ ਤਿਲਾਂਜ਼ਲੀ ਦੇ ਰਹੇ ਹਨ। ਸਿਆਸੀ ਲਾਭ ਲਈ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਜੇਕਰ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸਰਬਸਾਂਝੀਵਾਲਤਾ, ਸ਼ਹਿਨਸ਼ੀਲਤਾ, ਸਹਿਹੋਂਦ, ਸਦਭਾਵਨਾ ਅਤੇ ਭਰਾਤਰੀ ਭਾਵ ਦੀ ਪ੍ਰੇਰਨਾ ਦਿੰਦੀ ਹੈ। ਭਾਵ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ। ਪ੍ਰੰਤੂ ਸਿੱਖ ਸਿਆਸਤਦਾਨਾ ਨੇ ਸਿੱਖ ਵਿਚਾਰਧਾਰਾ ਨੂੰ ਆਪੋ ਆਪਣੇ ਨਿੱਜੀ ਲਾਭਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸ਼ਰੋਮਣੀ ਅਕਾਲੀ ਦਲ ਨੇ ਆਪਣਾ ਸਿਆਸੀ ਆਧਾਰ ਬਣਾਉਣ ਅਤੇ ਬਚਾਉਣ ਲਈ ਸਿੱਖ ਧਰਮ ਨੂੰ ਵਰਤਿਆ ਹੈ। ਉਨ੍ਹਾਂ ਜਦੋਂ ਵੀ ਪੰਜਾਬ ਵਿਚ ਸਰਕਾਰ ਬਣਾਈ ਤਾਂ ਹਮੇਸ਼ਾ ਅਸੂਲਾਂ ਨੂੰ ਛਿਕੇ ‘ਤੇ ਟੰਗ ਕੇ ਸਾਂਝੀ ਸਰਕਾਰ ਬਣਾਈ ਹੈ, ਜਿਸ ਵਿਚ ਪਹਿਲਾਂ ਜਨ ਸੰਘ ਅਤੇ ਹੁਣ ਨਵੇਂ ਨਾਂ ਨਾਲ ਭਾਰਤੀ ਜਨਤਾ ਪਾਰਟੀ ਸ਼ਾਮਲ ਰਹੀ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ 10 ਸਾਲ ਲਗਾਤਾਰ ਸਾਂਝੀ ਸਰਕਾਰ ਦਾ ਆਨੰਦ ਮਾਣਿਆਂ ਹੈ। ਦੋਵੇਂ ਪਾਰਟੀਆਂ ਘਿਓ ਖਿਚੜੀ ਸਨ। ਇਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੀਆਂ ਸਨ ਕਿਉਂਕਿ ਸਿਆਸੀ ਤਾਕਤ ਦਾ ਆਨੰਦ ਲੈਣ ਲਈ ਜ਼ਰੂਰੀ ਸੀ। ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੁੰ ਮਾਸ ਦਾ ਸੰਬੰਧ ਸੀ ਪ੍ਰੰਤੂ ਹੁਣ ਨਹੁੰ ਮਾਸ ਨਾਲੋਂ ਵੱਖਰਾ ਹੋ ਗਿਆ ਹੈ। ਇਸ ਵਿਚ ਵੀ ਕੋਈ ਮਾੜੀ ਗੱਲ ਨਹੀਂ ਕਿ ਜੇਕਰ ਕਿਸੇ ਨੁਕਤੇ ‘ਤੇ ਵਿਚਾਰ ਨਾ ਮਿਲਦੇ ਹੋਣ ਤਾਂ ਵੱਖਰੇ ਹੋ ਜਾਓ। ਪ੍ਰੰਤੂ ਵਖਰੇ ਹੋਣ ਦਾ ਭਾਵ ਇਹ ਨਹੀਂ ਕਿ ਤੁਹਾਡੀ ਵਿਚਾਰਧਾਰਾ ਬਦਲ ਗਈ ਹੈ। ਵੱਖਰੇ ਹੋਣ ਨਾਲ ਭਾਈਚਾਰਕ ਸੰਬੰਧਾਂ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਨੈਤਿਕਤਾ ਬਰਕਰਾਰ ਰਹਿਣੀ ਚਾਹੀਦੀ ਹੈ। ਇਕ ਦੂਜੇ ਉਪਰ ਚਿਕੜ ਨਹੀਂ ਸੁੱਟਣਾ ਚਾਹੀਦਾ। ਇਕ ਦੂਜੇ ਦੀ ਨਿੰਦਿਆ ਕਰਨੀ ਆਪਣੇ ਨਿੱਜੀ ਵਿਅਤਿਤਵ ਦਾ ਪ੍ਰਗਟਾਵਾ ਕਰਦੀ ਹੈ। ਵੱਖਰੇ ਹੋਣ ਤੋਂ ਪਹਿਲਾਂ ਅਕਾਲੀ ਦਲ ਆਰ ਐਸ ਐਸ ਦੀ ਪ੍ਰਸੰਸਾ ਕਰਦਾ ਥੱਕਦਾ ਨਹੀਂ ਸੀ। ਇਥੋਂ ਤੱਕ ਕਿ ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਆਰ ਐਸ ਐਸ ਮੁੱਖੀ ਦੇ ਪੈਰਾਂ ਨੂੰ ਹੱਥ ਲਾਉਂਦਾ ਰਿਹਾ ਸੀ। ਕੀ ਉਸ ਸਮੇਂ ਉਨ੍ਹਾਂ ਨੂੰ ਆਰ ਐਸ ਐਸ ਦੀਆਂ ਚਾਲਾਂ ਬਾਰੇ ਪਤਾ ਨਹੀਂ ਸੀ ? ਜਦੋਂ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ÇÎਸੰਘ ਬਡੂੰਗਰ ਨੇ ਆਰ ਐਸ ਐਸ ਨੂੰ ਸਿੱਖ ਧਰਮ ਲਈ ਖ਼ਤਰਾ ਕਿਹਾ ਸੀ ਤਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਤੇ ਪ੍ਰੋ ਕਿਰਪਾਲ ÇÎਸੰਘ ਬਡੂੰਗਰ ਨੂੰ ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ। ਵਰਤਮਾਨ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਆਰ ਐਸ ਐਸ ਨੂੰ ਸਿੱਖ ਧਰਮ ਲਈ ਖ਼ਤਰਾ ਕਿਹਾ ਤਾਂ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਅਕਾਲੀ ਦਲ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚੋਂ ਬਾਹਰ ਆ ਚੁੱਕਾ ਹੈ, ਭਾਵ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸਾਂਝੀ ਸਰਕਾਰ ਦਾ ਆਨੰਦ ਮਾਣ ਰਿਹਾ ਹੁੰਦਾ, ਉਸ ਸਮੇਂ ਉਸਨੂੰ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਵਿਚ ਕੋਈ ਮਾੜੀ ਗੱਲ ਨਹੀਂ ਦਿਸਦੀ। ਜਾਂ ਇਉਂ ਕਹਿ ਲਓ ਕਿ ਉਸ ਸਮੇਂ ਉਹ ਬਿੱਲੀ ਦੀ ਤਰ੍ਹਾਂ ਅੱਖਾਂ ਮੀਚ ਲੈਂਦਾ ਹੈ। ਹੁਣ ਜਦੋਂ ਸਿਆਸੀ ਤਾਕਤ ਵਿਚ ਨਹੀਂ ਤਾਂ ਇਤਿਹਾਸ ਵਿਚ ਪਹਿਲੀ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਹਾਊਸ ਦੀ ਮੀਟਿੰਗ ਵਿਚ ਆਰ ਐਸ ਐਸ ਨੂੰ ਸਿੱਖ ਧਰਮ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਕਿਹਾ ਹੈ। ਹਾਲਾਂ ਕਿ ਅਜੇ ਤੱਕ ਆਰ ਐਸ ਐਸ ਨੇ ਸਿੱਖਾਂ ਨਾਲ ਸਿੱਧਾ ਪੰਗਾ ਨਹੀਂ ਲਿਆ। ਉਹ ਸਿੱਧਾ ਪੰਗਾ ਲੈ ਵੀ ਨਹੀਂ ਸਕਦੇ ਕਿਉਂਕਿ ਸਿੱਖਾਂ ਦੀ ਪਛਾਣ ਵੱਖਰੀ ਹੈ। ਇਸਤੋਂ ਉਹ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਬਹੁਤ ਸਾਰੇ ਹਿੰਦੂ ਅਤੇ ਖਾਸ ਤੌਰ ਤੇ ਸਿੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਦਈ ਹਨ। ਸ੍ਰੀ ਗੁਰੂ ਤੇਗ ਬਹਾਦਰ ਦੀ ਹਿੰਦੂਆਂ ਲਈ ਦਿੱਤੀ ਗਈ ਕੁਰਬਾਨੀ ਨੂੰ ਉਹ ਭੁੱਲ ਨਹੀਂ ਸਕਦੇ, ਜਿਸ ਕਰਕੇ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੀ ਵਿਚਾਰਧਾਰਾ ਕੋਈ ਨਾ ਦਿਸੇ ਬਾਹਰਾ ਜੀਓ ‘ਤੇ ਅਧਾਰਤ ਹੈ। ਸਿੱਖ ਧਰਮ ਦੀ ਵਿਚਾਰਧਾਰਾ ਅਨੁਸਾਰ ਸਾਰੇ ਇਨਸਾਨ ਬਰਾਬਰ ਹਨ। ਸਿੱਖ ਧਰਮ ਸਰਬਤ ਦਾ ਭਲਾ ਮੰਗਦਾ ਹੈ।
ਇਕ ਵਾਰ ਜਦੋਂ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਆਰ ਐਸ ਐਸ ਮੁੱਖੀ ਨੂੰ ਤਲਬ ਕੀਤਾ ਸੀ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਆਰ ਐਸ ਐਸ ਸਿੱਖਾਂ ਦੇ ਵਿਰੁੱਧ ਹੈ। ਉਨ੍ਹਾਂ ਦੀ ਸਿੱਖ ਪ੍ਰਤੀਨਿਧਾਂ ਨਾਲ ਘੱਟ ਗਿਣਤੀ ਕਮਿਸ਼ਨ ਦੇ ਦਫਤਰ ਵਿਚ ਲੰਬੀ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਲਿਖਕੇ ਦਿੱਤਾ ਸੀ ਕਿ ਆਰ ਐਸ ਐਸ ਸਿੱਖ ਧਰਮ ਦੇ ਵਿਰੁਧ ਨਹੀਂ, ਸਗੋਂ ਉਨ੍ਹਾਂ ਦੇ ਮੁੱਖ ਦਫਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਗਾਈ ਹੋਈ ਹੈ। ਭਾਵ ਹਿੰਦੂ ਸਿੱਖਾਂ ਵਿਚ ਭਰਾਤਰੀ ਭਾਵ ਬਰਕਰਾਰ ਹੈ। ਉਨ੍ਹਾਂ ਦੀ ਭਾਈਚਾਰਕ ਸਾਂਝ ਅਟੁੱਟ ਹੈ। ਆਰ ਐਸ ਐਸ ਦੀ ਥਿਊਰੀ ਵਿਚ ਵੀ ਸਿੱਖ ਧਰਮ ਨੂੰ ਵੱਖਰੀ ਮਾਣਤਾ ਦਿੱਤੀ ਹੋਈ ਹੈ। ਭਾਵੇਂ ਆਰ ਐਸ ਐਸ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਹ ਕਹਿੰਦੇ ਕੁਝ ਹਨ ਪ੍ਰੰਤੂ ਕਰਦੇ ਉਸਦੇ ਉਲਟ ਹਨ। ਸਾਡੇ ਸਿੱਖ ਸਿਆਸਤਦਾਨ ਵੀ ਘੱਟ ਮੌਕਾ ਪ੍ਰਸਤ ਨਹੀਂ ਹਨ। ਉਹ ਅਸੂਲਾਂ ਦੀ ਗੱਲ ਨਹੀਂ ਕਰਦੇ ਸਗੋਂ ਆਪਣੀ ਸਿਆਸਤ ਦੇ ਲਾਭ ਨੂੰ ਮੁੱਖ ਰਖਕੇ ਫੈਸਲੇ ਕਰਦੇ ਹਨ। ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਘਾਣ ਕਰ ਰਹੇ ਹਨ। ਸਿਆਸੀ ਮੰਤਵ ਲਈ ਸਿੱਖ ਧਰਮ ਨੂੰ ਵਰਤਣਾ ਬਹੁਤ ਮਾੜੀ ਗੱਲ ਹੈ। ਹੁਣੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜ਼ਲਾਸ ਹੋਇਆ ਹੈ। ਉਸ ਇਜ਼ਲਾਸ ਵਿਚ ਆਰ ਐਸ ਐਸ ਦੇ ਵਿਰੁਧ ਮਤਾ ਪਾਸ ਕੀਤਾ ਗਿਆ ਹੈ। ਜਨਰਲ ਹਾਊਸ ਵਿਚ ਅਜਿਹਾ ਮਤਾ ਪਹਿਲੀ ਵਾਰ ਪਾਸ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਅਕਾਲੀ ਦਲ ਦੇ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਪਾਸ ਨਹੀਂ ਹੋ ਸਕਦਾ। ਮੇਰਾ ਭਾਵ ਇਹ ਵੀ ਨਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਆਰ ਐਸ ਐਸ ਦੇ ਵਿਰੁਧ ਕਿਉਂ ਪਾਇਆ ਹੈ। ਮੇਰਾ ਭਾਵ ਤਾਂ ਇਹ ਹੈ ਕਿ ਅਸੂਲਾਂ ਤੇ ਅਧਾਰਤ ਸਿੱਖ ਸਿਅਸਤਦਾਨਾ ਨੂੰ ਸਿਆਸਤ ਕਰਨੀ ਚਾਹਦੀ ਹੈ। ਗਿਰਗਟ ਵਾਂਗੂੰ ਰੰਗ ਨਹੀਂ ਬਦਲਣੇ ਚਾਹੀਦੇ। ਕਲ੍ਹ ਆਰ ਐਸ ਐਸ ਬਹੁਤ ਚੰਗੀ ਸੀ ਤੇ ਫਿਰ ਅੱਜ ਕਿਵੇਂ ਮਾੜੀ ਹੋ ਗਈ ਹਿੰਦੂ ਸਿੱਖ ਭਾਈਚਾਰਕ ਸੰਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਆਰ ਐਸ ਐਸ ਹਮੇਸ਼ਾ ਅੰਦਰਖਾਤੇ ਘੱਟ ਗਿਣਤੀਆਂ, ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਹਨ ਦੇ ਵਿਰੁਧ ਵਿਓਂਤਾਂ ਬੁਣਦਾ ਰਹਿੰਦਾ ਹੈ। ਮੇਰਾ ਲਿਖਣ ਦਾ ਭਾਵ ਹੈ ਕਿ ਸਿਆਸੀ ਲਾਭਾਂ ਦੀ ਖ਼ਾਤਰ ਸਿੱਖ ਧਰਮ ਨੂੰ ਹੁਣ ਤੱਕ ਨੁਕਸਾਨ ਅਕਾਲੀ ਦਲ ਪਹੁੰਚਾਉਂਦਾ ਰਿਹਾ ਹੈ। ਰਾਜ ਭਾਗ ਤਾਂ ਵਕਤੀ ਹੁੰਦਾ ਹੈ। ਧਰਮ ਤਾਂ ਸਥਾਈ ਹੈ। ਧਰਮ ਨੂੰ ਪਹੁੰਚਾਇਆ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰੇਗਾ। ਅਕਾਲੀ ਦਲ ਨੂੰ ਆਪਣੀ ਪੰਜਾਬੀ ਪਾਰਟੀ ਵਾਲੀ ਨੀਤੀ ਬਦਲਣੀ ਪਵੇਗੀ। ਜੇਕਰ ਅਕਾਲੀ ਦਲ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਸਿੱਖ ਜਗਤ ਉਸਤੋਂ ਮੂੰਹ ਮੋੜ ਲਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ - ਉਜਾਗਰ ਸਿੰਘ
ਦੇਸ਼ ਦੀ ਨਿਆਇਕ ਪ੍ਰਣਾਲੀ ਦੀਆਂ ਤਰੁਟੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਰਾਹ ਵਿਚ ਰੋੜਾ ਬਣਦੀਆਂ ਵਿਖਾਈ ਦੇ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਿਚ ਫਰੀਦਕੋਟ ਜਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਬੇਅਦਬੀ ਹੋਈ ਸੀ। ਉਸਦੇ ਵਿਰੋਧ ਵਿਚ ਸੰਗਤਾਂ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸ਼ਾਂਤਮਈ ਧਰਨੇ ਦਿੱਤੇ ਗਏ ਸਨ। ਉਨ੍ਹਾਂ ਸ਼ਾਂਤਮਈ ਧਰਨਿਆਂ ‘ਤੇ ਬੈਠੀਆਂ ਨਾਮ ਜਪ ਰਹੀਆਂ ਸੰਗਤਾਂ ਨੂੰ ਉਠਾਉਣ ਲਈ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੁਲਿਸ ਨੇ ਗੋਲੀਆਂ ਚਲਾਈਆਂ ਸਨ, ਜਿਸ ਕਰਕੇ ਦੋ ਨੌਜਵਾਨ ਸ਼ਹੀਦ ਅਤੇ ਅਨੇਕਾਂ ਜ਼ਖ਼ਮੀ ਹੋ ਗਏ ਸਨ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਪਹਿਲਾਂ ਤਾਂ ਪੁਲਿਸ ਨੇ ਧਰਨਾਕਾਰੀਆਂ ਤੇ ਹੀ ਕੇਸ ਦਰਜ ਕਰ ਦਿੱਤੇ ਸਨ ਪ੍ਰੰਤੂ ਜਦੋਂ ਲੋਕਾਂ ਦਾ ਗੁੱਸਾ ਵਧ ਗਿਆ ਫਿਰ ਪੜਤਾਲ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਾਦਲ ਸਰਕਾਰ ਨੇ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿਚ ਕਮਿਸ਼ਨ ਬਣਾਕੇ ਪੜਤਾਲ ਕਰਵਾਈ ਪ੍ਰੰਤੂ ਉਸ ਪੜਤਾਲ ਨੂੰ ਸਰਕਾਰ ਨੇ ਆਪ ਹੀ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਪੜਤਾਲ ਕਮਿਸ਼ਨ ਬਣਾਇਆ। ਇਸ ਕਮਿਸ਼ਨ ਦੀ ਰਿਪੋਰਟ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ ਅਤੇ ਚਲਾਣ ਪੇਸ਼ ਕਰਨ ਲਈ ਪੁਲਿਸ ਦੀ ਵਿਸ਼ੇਸ਼ ਪੜਤਾਲ ਟੀਮ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਬਣਾ ਦਿੱਤੀ। ਅਕਾਲੀ ਦਲ ਕੇਂਦਰ ਦੀ ਸਰਕਾਰ ਵਿਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ। ਸੀ ਬੀ ਆਈ ਨੇ ਜਿਲ੍ਹਾ ਕਚਹਿਰੀ ਵਿਚ ਇਹ ਪੜਤਾਲ ਬੰਦ ਕਰਨ ਦੀ ਅਰਜੀ ਦੇ ਕੇ ਕੇਸ ਨੂੰ ਲਮਕਾ ਦਿੱਤੀ। ਪੰਜਾਬ ਪੁਲਿਸ ਦੇ ਇਨਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਸੀ, ਉਨ੍ਹਾਂ ਵੱਲੋਂ ਪੜਤਾਲ ਕਰਕੇ ਕਚਹਿਰੀ ਵਿਚ ਚਲਾਣ ਪੇਸ਼ ਕੀਤਾ ਗਿਆ ਸੀ। ਕਥਿਤ ਦੋਸ਼ੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੜਤਾਲ ਰੱਦ ਕਰਨ ਲਈ ਕੇਸ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪੜਤਾਲ ਨੂੰ ਰੱਦ ਕਰਕੇ ਇਨਸਾਫ ਦੇ ਰਸਤੇ ਬੰਦ ਕਰ ਦਿੱਤੇ ਹਨ। ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਹੋਏ ਗੋਲੀ ਕਾਂਡ ਦੀ ਇਹ ਪੜਤਾਲ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸੀ। ਇਨ੍ਹਾਂ ਘਟਨਾਵਾਂ ਤੇ 6 ਸਾਲ ਪੜਤਾਲ ਹੁੰਦੀ ਰਹੀ। ਬਾਦਲ ਸਰਕਾਰ ਨੇ ਸੀ ਆਈ ਦੀ ਪੜਤਾਲ ਲਈ ਕੇਂਦਰ ਨੂੰ ਲਿਖ ਦਿੱਤਾ ਸੀ ਤਾਂ ਜੋ ਇਸ ਕੇਸ ਨੂੰ ਲਮਕਾਇਆ ਜਾ ਸਕੇ। ਸੀ ਬੀ ਆਈ ਕਈ ਸਾਲ ਫਾਈਲ ਨੂੰ ਦੱਬਕੇ ਬੈਠੀ ਰਹੀ। ਕੈਪਟਨ ਸਰਕਾਰ ਨੇ ਇਹ ਪੜਤਾਲ ਵਾਪਸ ਮੰਗਵਾਉਣ ਲਈ ਵਿਧਾਨ ਸਭਾ ਤੋਂ ਮਤਾ ਪਾਸ ਕਰਵਾਕੇ ਪੜਤਾਲ ਮੁਸ਼ਕਲ ਨਾਲ ਵਾਪਸ ਕਰਵਾਈ ਸੀ। ਪੰਜਾਬ ਸਰਕਾਰ ਦੀ ਜਦੋਜਹਿਦ ਤੋਂ ਬਾਅਦ ਹਾਈ ਕੋਰਟ ਦੇ ਹੁਕਮਾ ਤੇ ਦੁਬਾਰਾ ਪੰਜਾਬ ਸਰਕਾਰ ਨੂੰ ਪੜਤਾਲ ਕਰਨ ਦੀ ਇਜ਼ਾਜ਼ਤ ਦਿੱਤੀ ਸੀ। ਕਹਿਣ ਤੋਂ ਭਾਵ ਕੇਂਦਰ ਸਰਕਾਰ ਸੀ ਬੀ ਆਈ ਰਾਹੀਂ ਪੜਤਾਲ ਨੂੰ ਲਟਕਾਉਂਦੀ ਰਹੀ। ਜਦੋਂ ਪੜਤਾਲ ਹੋ ਰਹੀ ਸੀ ਤਾਂ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਨੂੰ ਪੜਤਾਲ ਵਿਚ ਸ਼ਾਮਲ ਕੀਤਾ ਗਿਆ ਤਾਂ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਦਬਾਅ ਪਾਉਣ ਦੀ ਕੋਸਿਸ਼ ਵੀ ਹੋਈ ਪ੍ਰੰਤੂ ਉਹ ਟਸ ਤੋਂ ਮਸ ਨਾ ਹੋਏ ਕਿਉਂਕਿ ਉਹ ਜਾਗਦੀ ਜ਼ਮੀਰ ਵਾਲੇ ਅਧਿਕਾਰੀ ਹਨ। ਅਖ਼ੀਰ ਦੋ ਸਾਲ ਦੀ ਜਦੋਜਹਿਦ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਟੀਮ ਨੇ 450 ਪੰਨਿਆਂ ਦਾ ਚਲਾਣ ਪੇਸ਼ ਕੀਤਾ । ਹੁਣ ਜਦੋਂ ਟਰਾਇਲ ਚਲ ਰਿਹਾ ਸੀ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਰੀ ਪੜਤਾਲ ਹੀ ਰੱਦ ਕਰ ਦਿੱਤੀ ਅਤੇ ਇਹ ਵੀ ਹੁਕਮ ਕਰ ਦਿੱਤਾ ਕਿ ਪੜਤਾਲ ਕਰਨ ਲਈ ਨਵੀਂ ਟੀਮ ਬਣਾਈ ਜਾਵੇ ਪ੍ਰੰਤੂ ਉਸ ਟੀਮ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸ਼ਾਮਲ ਨਾ ਕੀਤਾ ਜਾਵੇ। 6 ਸਾਲ ਵਿਚ ਕੀਤੀ ਪੜਤਾਲ ਖੂਹ ਖਾਤੇ ਪਾ ਦਿੱਤੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦੇਰੀ ਇਨਸਾਫ ਦੇ ਰਾਹ ਬੰਦ ਕਰ ਦਿੰਦੀ ਹੈ। ਜਸਟਿਸ ਰਣਜੀਤ ਸਿੰਘ ਜਿਨ੍ਹਾਂ ਇਸ ਕੇਸ ਦੀ ਪੜਤਾਲ ਕੀਤੀ ਸੀ ਉਹ ਕਹਿ ਰਹੇ ਹਨ ਕਿ ਜਦੋਂ ਚਲਾਣ ਪੇਸ਼ ਹੋ ਜਾਵੇ ਉਸਤੋਂ ਬਾਅਦ ਪੜਤਾਲ ਰੱਦ ਨਹੀਂ ਹੋ ਸਕਦੀ। ਜੇ ਪੜਤਾਲ ਨਿਰਪੱਖ ਨਹੀਂ ਤਾਂ ਇਸ ਦਾ ਫੈਸਲਾ ਟਰਾਇਲ ਕੋਰਟ ਨੇ ਕਰਨਾ ਹੁੰਦਾ ਹੈ। ਇਹ ਹਾਈ ਕੋਰਟ ਦਾ ਅਧਿਕਾਰ ਖੇਤਰ ਹੀ ਨਹੀਂ। ਹਾਈ ਕੋਰਟ ਟਰਾਇਲ ਕੋਰਟ ਵੱਲੋਂ ਦਿੱਤੀ ਸਜਾ ਨੂੰ ਮੁਆਫ ਜਾਂ ਘਟਾ-ਵਧਾ ਸਕਦੀ ਹੈ। ਹਾਈ ਕੋਰਟ ਦਾ ਇਹ ਫ਼ੈਸਲਾ ਪਹਿਲਾ ਆਪਣੀ ਕਿਸਮ ਦਾ ਫ਼ੈਸਲਾ ਹੈ ਜਿਸ ਨਾਲ ਇਹ ਇਕ ਨਵਾਂ ਵਾਦਵਿਵਾਦ ਖੜ੍ਹਾ ਹੋ ਗਿਆ ਹੈ। ਸ਼ੋਸ਼ਲ ਮੀਡੀਆ ਉਪਰ ਨਿਆਇਕ ਪ੍ਰਣਾਲੀ ‘ਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗਾ ਹੈ। ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਅਪੀਲ ਕਰਨ ਜਾ ਰਹੀ ਹੈ। ਜੇਕਰ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲੀ ਤਾਂ ਪਹਿਲਾਂ ਇਸ ਪੜਤਾਲ ਨੂੰ ਮੁਕੰਮਲ ਕਰਨ ਵਿਚ 6 ਸਾਲ ਲੱਗ ਗਏ ਸਨ, ਹੁਣ ਦੁਬਾਰਾ ਵੀ ਇਤਨਾ ਹੀ ਸਮਾਂ ਲੱਗੇਗਾ ਕਿਉਂਕਿ ਕਥਿਤ ਦੋਸ਼ੀ ਤਰੁਟੀਆਂ ਵਾਲੀ ਨਿਆਇਕ ਪ੍ਰਣਾਲੀ ਦਾ ਲਾਭ ਉਠਾਕੇ ਰੋੜੇ ਅਟਕਾਉਣਗੇ। ਇਨਸਾਫ ਦੇ ਰਸਤੇ ਬੰਦ ਹੁੰਦੇ ਵਿਖਾਈ ਦੇ ਰਹੇ ਹਨ। ਜੇਕਰ ਅਕਾਲੀ ਦਲ ਮੁੜ ਤਾਕਤ ਵਿਚ ਆ ਗਿਆ ਤਾਂ ਇਨਸਾਫ ਮਿਲਣਾ ਅਸੰਭਵ ਹੋ ਜਾਵੇਗਾ ਕਿਉਂਕਿ ਚਲਾਣ ਵਿਚ ਉਨ੍ਹਾਂ ਦੀ ਸਰਕਾਰ ਨੂੰ ਦੇਰੀ ਕਰਨ ਦਾ ਦੋਸ਼ੀ ਮੰਨਿਆਂ ਗਿਆ ਹੈ।
ਕੁੰਵਰ ਵਿਜੈ ਪ੍ਰਤਾਪ ਸਿੰਘ 1996 ਬੈਚ ਦੇ ਆਈ ਪੀ ਐਸ ਅਧਿਕਾਰੀ ਹਨ। ਉਹ ਬਿਹਾਰ ਦੇ ਪਟਨਾ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ ਵੀ ਪਟਨਾ ਵਿਖੇ ਹੀ ਹੋਇਆ ਸੀ। ਉਨ੍ਹਾਂ ਦਾ ਹੁਣ ਤੱਕ ਦੀ ਸਰਵਿਸ ਦਾ ਅਕਸ ਸਾਫ ਸੁਥਰਾ ਹੈ। ਉਨ੍ਹਾਂ ਨੂੰ ਕੁਸ਼ਲ, ਇਮਾਨਦਾਰ ਅਤੇ ਦਲੇਰ ਅਧਿਕਾਰੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਸੀਨੀਅਰ ਅਧਿਕਾਰੀ ਅਤੇ ਰਾਜਨੀਤਕ ਲੋਕਾਂ ਦੀ ਸਿਫਾਰਸ਼ ਨਹੀਂ ਮੰਨਦੇ। ਉਹ ਪੜਤਾਲ ਵਿਚ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਆਪਣੀ ਆਈ ਪੀ ਐਸ ਦੀ ਸਰਕਾਰੀ ਨੌਕਰੀ ਤੋਂ ਅਗਾਊਂ ਸੇਵਾ ਮੁਕਤੀ ਲਈ ਕੇਂਦਰੀ ਗ੍ਰਹਿ ਵਿਭਾਗ ਨੂੰ ਆਪਣੀ ਬੇਨਤੀ ਭੇਜ ਦਿੱਤੀ ਹੈ। ਉਸਦੀ ਕਾਪੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਕੇ ਅਤੇ ਡੀ ਜੀ ਪੀ ਨੂੰ ਦੇ ਦਿੱਤੀ ਹੈ। ਅਗਾਊਂ ਸੇਵਾ ਮੁਕਤੀ ਲੈਣ ਦਾ ਦਿਨ ਵੀ ਉਨ੍ਹਾਂ ਖਾਲਸਾ ਦਾ ਸਾਜਨਾ ਦਿਵਸ 13 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਹੀ ਚੁਣਿਆਂ ਹੈ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਬੜੀ ਹੀ ਭਾਵਨਾਤਮਿਕ ਸ਼ਬਦਾਵਲੀ ਵਿਚ ਕਿਹਾ ਹੈ ਕਿ ‘‘ ਮੈਂ ਉਸ ਸ਼ਹਿਰ ਵਿਚ ਜੰਮਿਆ ਜਿਥੇ ਦਸਮ ਪਿਤਾ ਨੇ ਜਨਮ ਲਿਆ ਫਿਰ ਸਾਡੀ ਜਨਮ ਜਨਮਾਂਤਰਾਂ ਦੀ ਸਾਂਝ ਹੈ। ਉਨ੍ਹਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ ਹੁਣ ਉਸੇ ਗੁਰੂ ਦੀ ਬੇਅਦਬੀ ਕੀਤੀ ਕਿਦਾਂ ਬਰਦਾਸ਼ਤ ਕਰ ਲੈਂਦਾ’’। ਇਉਂ ਲੱਗਦਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਅਗਾਊਂ ਸੇਵਾ ਮੁਕਤੀ ਲਈ ਬਜਿਦ ਹਨ ਕਿਉਂਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਅਸਤੀਫੇ ਨੂੰ ਅਪ੍ਰਵਾਨ ਕਰਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਲੋਕ ਸੇਵਾ ਕਰਦੇ ਰਹਿਣਗੇ ਪ੍ਰੰਤੂ ਆਈ ਪੀ ਐਸ ਦੇ ਤੌਰ ਤੇ ਨਹੀਂ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਪੜਤਾਲ ਬਹੁਤ ਹੀ ਸੰਜੀਦਗੀ ਨਾਲ ਨਿਰਪੱਖ ਕੀਤੀ ਹੈ। ਪੜਤਾਲ ਦਾ ਇਕ ਇਕ ਸ਼ਬਦ ਸਹੀ ਅਤੇ ਸਬੂਤਾਂ ਸਮੇਤ ਹੈ। ਇਕ ਗੱਲ ਤਾਂ ਸਾਫ ਹੈ ਕਿ ਹਾਈ ਕੋਰਟ ਦੇ ਫੈਸਲੇ ਨੇ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਉਪਰ ਸਿਆਸਤ ਨਾ ਕੀਤੀ ਜਾਵੇ ਪ੍ਰੰਤੂ ਉਨ੍ਹਾਂ ਦੇ ਬਿਆਨ ਤੋਂ ਇੰਝ ਵੀ ਭਾਸਦਾ ਹੈ ਕਿ ਉਹ ਸਿਆਸਤ ਵਿਚ ਕੁਦਣਗੇ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੜਤਾਲ ਨਹੀਂ ਕਰ ਰਹੇ ਸਨ। ਹਾਈ ਕੋਰਟ ਨੇ ਵੀ ਬੇਅਦਬੀ ਵਾਲੀ ਪੜਤਾਲ ਰੱਦ ਨਹੀਂ ਕੀਤੀ। ਬੇਅਦਬੀ ਦੀ ਪੜਤਾਲ ਤਾਂ ਇਨਸਪੈਕਟਰ ਜਨਰਲ ਪਰਮਾਰ ਕਰ ਰਹੇ ਹਨ। ਹਾਈ ਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਪੜਤਾਲ ਰੱਦ ਕੀਤੀ ਹੈ, ਜਿਹੜੀ ਪੜਤਾਲ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੀਤੀ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਆਪਣੇ ਬਿਆਨ ਵਿਚ ਬੇਅਦਬੀ ਦੀ ਪੜਤਾਲ ਰੱਦ ਕਰਨ ਦੀ ਗੱਲ ਕਹਿ ਰਹੇ ਹਨ ਜੋ ਕਿ ਤੱਥਾਂ ਤੇ ਅਧਾਰਤ ਨਹੀਂ ਹਨ। ਪੰਜਾਬ ਦੇ ਲੋਕਾਂ ਨੂੰ ਵੀ ਗ਼ਲਤ ਸੂਚਨਾ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ। ਸਿਆਸਤਦਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫੇ ਅਤੇ ਬਿਆਨਾ ਤੇ ਸਿਆਸਤ ਕਰ ਰਹੇ ਹਨ। ਇਕ ਗੱਲ ਤਾਂ ਸਾਫ ਹੈ ਕਿ ਅਕਾਲੀ ਦਲ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਟਹਿਰੇ ਵਿਚ ਖੜ੍ਹਾ ਹੋ ਗਿਆ ਹੈ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਵੀ ਇਸ ਕੇਸ ਨੂੰ ਸੁਚੱਜੇ ਢੰਗ ਨਾਲ ਪਲੀਡ ਨਾ ਕਰਨ ਕਰਕੇ ਸਰਕਾਰ ਦੀ ਨਿੰਦਿਆ ਹੋ ਰਹੀ ਹੈ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸ ਨੂੰ ਤਾਂ ਅਤੁਲ ਨੰਦਾ ਪਲੀਡ ਹੀ ਨਹੀਂ ਕਰ ਰਹੇ ਪ੍ਰੰਤੂ ਵਿਭਾਗ ਦਾ ਮੁੱਖੀ ਹੋਣ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਨਹੀਂ ਕਰ ਸਕਦੇ। ਸ਼ੋਸ਼ਲ ਮੀਡੀਆ ਤੇ ਗੁਮਰਾਹਕੁਨ ਪ੍ਰਚਾਰ ਹੋ ਰਿਹਾ ਹੈ। ਕੋਈ ਵੀ ਤੱਥਾਂ ਦੀ ਪੜਤਾਲ ਕਰਨ ਦੀ ਕੋਸਿਸ਼ ਨਹਂੀਂ ਕਰਦਾ। ਕੁੰਵਰ ਵਿਜੈ ਪ੍ਰਤਾਪ ਸਿੰਘ ਭਾਵਨਾ ਵਿਚ ਵਹਿਣ ਵਾਲੀਆਂ ਗੱਲਾਂ ਕਰਕੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦਾ ਲਾਹਾ ਲੈਣ ਦੀ ਕੋਸਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਮੰਨਿਆਂ ਹੈ ਕਿ ਪੜਤਾਲ ਕਰਦਿਆਂ ਉਨ੍ਹਾਂ ਨੂੰ ਬੜੀਆਂ ਮੁਸ਼ਕਲਾਂ ਆਈਆਂਹਨ। ਉਹ ਕਹਿੰਦੇ ਹਨ ਕਿ ‘‘ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।’’ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਉਹ ਭਾਵਨਾਵਾਂ ਵਿਚ ਵਹਿਣ ਵਾਲੀ ਬਿਆਨਬਾਜ਼ੀ ਕਰ ਰਹੇ ਹਨ ਉਹ ਸਿਆਸਤ ਵਿਚ ਆਉਣਗੇ। ਜੇਕਰ ਉਹ ਸਿਆਸਤ ਵਿਚ ਆ ਗਏ ਤਾਂ ਚੰਗੀ ਗੱਲ ਨਹੀਂ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ - ਉਜਾਗਰ ਸਿੰਘ
ਮੈਂ ਅਤੇ ਮੇਰੀ ਪਤਨੀ 17 ਸਾਲ ਤੋਂ ਲਗਪਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ। ਇਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ ਟੀ ਵਿਚ ਕੰਮ ਕਰਦੇ ਹਨ। ਪਹਿਲੀ ਵਾਰ ਦਸੰਬਰ 2004 ਵਿਚ ਅਸੀਂ ਆਪਣੇ ਬੇਟੇ ਦੀ ਗਰੈਜੂਏਸ਼ਨ ਸੈਰੇਮਨੀ ਸਮੇਂ ਮਿਲਵਾਕੀ ਆਏ ਸੀ। ਹਰ ਦੇਸ਼ ਦਾ ਆਪੋ ਆਪਣਾ ਸਭਿਆਚਾਰ ਹੁੰਦਾ ਹੈ। ਹੋਰ ਦੇਸ਼ਾਂ ਵਿਚੋਂ ਆਏ ਲੋਕਾਂ ਤੇ ਵੀ ਇਥੋਂ ਦੇ ਸਭਿਆਚਾਰ ਦਾ ਅਸਰ ਪੈਣਾ ਕੁਦਰਤੀ ਹੈ। ਇਥੋਂ ਦੀ ਬੋਲ ਚਾਲ ਦਾ ਮਾਧਿਅਮ ਅੰਗਰੇਜ਼ੀ ਹੈ। ਅਸੀਂ ਆਮ ਤੌਰ ਤੇ ਤਿੰਨ ਚਾਰ ਮਹੀਨੇ ਤੋਂ ਵੱਧ ਕਦੀਂ ਵੀ ਨਹੀਂ ਠਹਿਰੇ ਸੀ ਕਿਉਂਕਿ ਸਰਕਾਰੀ ਨੌਕਰੀ ਸੀ, ਐਕਸ ਇੰਡੀਆ ਛੁੱਟੀ ਲੈਣ ਦੀ ਸਮੱਸਿਆ ਖੜ੍ਹੀ ਰਹਿੰਦੀ ਸੀ। ਉਦੋਂ ਇਕ ਡੇਢ ਮਹੀਨਾ ਹੀ ਠਹਿਰਦੇ ਸੀ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਸੈਰ ਸਪਾਟਾ ਕਰਵਾ ਕੇ ਖ਼ੁਸ਼ ਰੱਖੀਏ। ਉਹ ਸਾਨੂੰ ਸਾਡੇ ਸੰਬੰਧੀਆਂ ਅਤੇ ਹੋਰ ਦੋਸਤਾਂ ਮਿਤਰਾਂ ਕੋਲ ਕਈ ਵਾਰ ਹਵਾਈ ਅਤੇ ਕਈ ਵਾਰ ਸੜਕੀ ਰਸਤੇ ਹਜ਼ਾਰਾਂ ਮੀਲ ਦਾ ਸਫਰ ਕਰਵਾਕੇ ਲੈ ਜਾਂਦੇ ਰਹੇ ਹਨ ਤਾਂ ਜੋ ਅਸੀਂ ਘਰ ਬੈਠੇ ਉਕਤਾ ਨਾ ਜਾਈਏ। ਇਸ ਵਾਰ ਦਾ ਸਾਡਾ ਇਥੇ ਇਤਨਾ ਲੰਬਾ ਸਮਾਂ ਠਹਿਰਨ ਦੇ ਦੋ ਸਬੱਬ ਬਣੇ ਹਨ। ਪਹਿਲਾ ਕਰੋਨਾ ਦੀ ਮਿਹਰਬਾਨੀ ਦੂਜਾ ਆਪਣੀ ਨਵ ਜਨਮੀ ਪੋਤਰੀ ਕੋਲ ਰਹਿਣ ਦਾ ਆਨੰਦ। ਅਸੀਂ 22 ਨਵੰਬਰ 2019 ਨੂੰ ਕੈਲੇਫੋਰਨੀਆਂ ਰਾਜ ਦੇ ਝੀਲਾਂ ਦੇ ਸ਼ਹਿਰ ਸੈਂਡੀਅਗੋ ਵਿਖੇ ਆਪਣੀ ਪੋਤਰੀ ਨੂੰ ਵੇਖਣ ਲਈ ਪਹੁੰਚੇ ਸੀ। ਵਾਪਸੀ 26 ਮਾਰਚ 2020 ਦੀ ਬੇਟੇ ਨੇ ਟਿਕਟ ਲਈ ਹੋਈ ਸੀ। ਅਚਾਨਕ ਕੋਵਿਡ-19 ਦੀਆਂ ਪਾਬੰਦੀਆਂ ਲੱਗਣ ਕਰਕੇ ਫਲਾਈਟਾਂ ਰੱਦ ਹੋ ਗਈਆਂ, ਜਿਸ ਕਰਕੇ ਵਾਪਸ ਭਾਰਤ ਜਾਣਾ ਸੰਭਵ ਨਹੀਂ ਸੀ। ਭਾਵੇਂ ਕੋਵਿਡ ਨੂੰ ਸਾਰਾ ਸੰਸਾਰ ਘਾਤਕ ਬਿਮਾਰੀ ਦੇ ਤੌਰ ਤੇ ਜਾਣਦਾ ਹੈ। ਇਸ ਵਿਚ ਤਾਂ ਕੋਈ ਸ਼ੱਕ ਵੀ ਨਹੀਂ ਪ੍ਰੰਤੂ ਸਾਡੇ ਲਈ ਪੋਤਰੀ ਨਾਲ ਸਮਾਂ ਬਿਤਾਉਣਾ ਵਰਦਾਨ ਸਾਬਤ ਹੋਇਆ, ਭਾਵੇਂ ਇਸ ਸਮੇਂ ਦੌਰਾਨ ਸਾਨੂੰ ਦੋਹਾਂ ਪਤੀ ਪਤਨੀ ਨੂੰ ਅਣਕਿਆਸੀਆਂ ਬਿਮਾਰੀਆਂ ਨੇ ਘੇਰੀ ਰੱਖਿਆ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਹੋ ਰਹੇ ਹਨ। ਉਹ ਤਾਂ ਮਸ਼ੀਨ ਬਣਕੇ ਰੋਜ਼ੀ ਰੋਟੀ ਦੇ ਚਕਰ ਵਿਚ ਹੀ ਫਸੇ ਰਹਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਉਪਰ ਜਲਦੀ ਹੀ ਪਰਵਾਸ ਦੀ ਪਾਣ ਚੜ੍ਹ ਜਾਂਦੀ ਹੈ। ਉਹ ਘਰਾਂ ਵਿਚ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਹੀ ਤਰਜ਼ੀਹ ਦਿੰਦੇ ਹਨ। ਘਰਾਂ ਵਿਚ ਅੰਗਰੇਜ਼ੀ ਬੋਲਣ ਦੀ ਪਰੰਪਰਾ ਤਾਂ ਪੰਜਾਬ ਵਿਚ ਵੀ ਹੈ, ਜਿਹੜੇ ਪਰਿਵਾਰ ਆਪਣੇ ਆਪ ਨੂੰ ਹਾਈ ਫਾਈ ਅਤੇ ਖੱਬੀ ਖ਼ਾਨ ਸਮਝਦੇ ਹਨ, ਉਹ ਤਾਂ ਪੰਜਾਬ ਵਿਚ ਵੀ ਅੰਗਰੇਜ਼ੀ ਦੀ ਹੀ ਵਰਤੋਂ ਕਰਦੇ ਹਨ। ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ, ਇਸਨੂੰ ਬੋਲਣ ਵਿਚ ਕੋਈ ਹਰਜ਼ ਨਹੀਂ ਪ੍ਰੰਤੂ ਪੰਜਾਬੀ ਦੀ ਕੀਮਤ ਤੇ ਅੰਗਰੇਜ਼ੀ ਨਹੀਂ ਬੋਲਣੀ ਚਾਹੀਦੀ। ਸਾਡੇ ਬੇਟੇ ਨੂੰ ਅਮਰੀਕਾ ਆਇਆਂ ਨੂੰ 20 ਸਾਲ ਹੋ ਗਏ ਹਨ, ਪੰਜਾਬ ਵਿਚ ਵੀ ਕਾਨਵੈਂਟ ਸਕੂਲ ਵਿਚ ਪੜਿ੍ਹਆ ਹੈ, ਪ੍ਰੰਤੂ ਘਰ ਵਿਚ ਉਹ ਪੰਜਾਬੀ ਵਿਚ ਹੀ ਗੱਲਾਂ ਕਰਦੇ ਹਨ। ਸਾਡੀ ਪੋਤਰੀ 10 ਅਪ੍ਰੈਲ ਨੂੰ ਦੋ ਸਾਲ ਦੀ ਹੋ ਗਈ ਹੈ, ਉਹ ਵੀ ਪੰਜਾਬੀ ਹੀ ਬੋਲਦੀ ਹੈ। ਅੰਗਰੇਜ਼ੀ ਸਮਝਦੀ ਤਾਂ ਹੈ ਪ੍ਰੰਤੂ ਬੋਲਦੀ ਘੱਟ ਹੈ। ਸਾਡੀ ਇਹ ਮਿਥ ਟੁੱਟ ਗਈ ਹੈ ਕਿ ਸਾਰੇ ਪੰਜਾਬੀ ਪਰਿਵਾਰ ਪਰਵਾਸ ਵਿਚ ਘਰਾਂ ਵਿਚ ਅੰਗਰੇਜ਼ੀ ਵਿਚ ਹੀ ਗੱਲਾਂ ਕਰਦੇ ਹਨ ਅਤੇ ਮਾਪਿਆਂ ਨੂੰ ਸਮਾਂ ਨਹੀਂ ਦਿੰਦੇ। ਹਾਲਾਂ ਕਿ ਜਿਸ ਇਲਾਕੇ ਵਿਚ ਸਾਡਾ ਬੇਟਾ ਰਹਿੰਦਾ ਹੈ, ਉਥੇ ਇਕ ਵੀ ਭਾਰਤੀ ਪਰਿਵਾਰ ਨਹੀਂ ਰਹਿੰਦਾ। ਆਮ ਤੌਰ ਤੇ ਪੰਜਾਬੀ ਬਾਹਰ ਜਾ ਕੇ ਆਪਣੇ ਨਾਮ ਵੀ ਅੰਗਰੇਜ਼ਾਂ ਵਰਗੇ ਹੀ ਰੱਖ ਲੈਂਦੇ ਹਨ। ਸਾਡੀ ਪੋਤਰੀ ਦਾ ਨਾਮ ਜੀਨਾ ਕੌਰ ਮੁੰਡੀ ਹੈ। ਇਹ ਕਹਾਵਤ ਹੈ ਕਿ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ। ਇਸ ਲਈ ਸਾਡਾ ਇਥੇ ਸਾਰਾ ਸਮਾਂ ਉਸ ਨਾਲ ਆਨੰਦਮਈ ਨਿਕਲਿਆ ਹੈ। ਸਾਡਾ ਬੇਟਾ ਅਤੇ ਨੂੰਹ ਵੀ ਘਰੋਂ ਹੀ ਕੰਮ ਕਰਦੇ ਹਨ ਪ੍ਰੰਤੂ ਜੀਨਾ ਕੌਰ ਤਾਂ ਸਾਡੇ ਕੋਲ ਹੀ ਰਹਿੰਦੀ ਸੀ। ਸਾਨੂੰ ਪਹਿਲੀ ਵਾਰ ਇਤਨਾ ਲੰਬਾ ਸਮਾਂ ਆਪਣੀ ਪੋਤਰੀ ਨਾਲ ਗੁਜ਼ਰਾਨ ਦਾ ਮੌਕਾ ਮਿਲਿਆ ਹੈ। ਵੱਡੇ ਬੇਟੇ ਦੇ ਜਦੋਂ ਦੋਵੇਂ ਬੱਚੇ ਛੋਟੇ ਸਨ, ਉਦੋਂ ਅਸੀਂ ਦੋਵੇਂ ਨੌਕਰੀ ਕਰਦੇ ਸੀ, ਇਸ ਕਰਕੇ ਉਨ੍ਹਾਂ ਨਾਲ ਖੁਲ੍ਹਕੇ ਆਨੰਦ ਮਾਨਣ ਦਾ ਸਮਾਂ ਘੱਟ ਹੀ ਮਿਲਿਆ ਹੈ ਕਿਉਂਕਿ ਮੇਰੀ ਲੋਕ ਸੰਪਰਕ ਵਿਭਾਗ ਦੀ ਨੌਕਰੀ ਬਹੁਤ ਰੁਝੇਵਿਆਂ ਵਾਲੀ ਸੀ, ਮੈਨੂੰ ਤਾਂ ਇਹ ਵੀ ਮਹਿਸੂਸ ਹੋਇਆ ਹੈ ਕਿ ਮੈਂ ਕਦੀਂ ਵੀ ਇਤਨਾ ਖੁਲ੍ਹਕੇ ਹਸਿਆ ਹੀ ਨਹੀਂ ਸੀ। ਜਿਵੇਂ ਜੀਨਾ ਕੌਰ ਮੁੰਡੀ ਹਾਸੇ ਵਾਪਸ ਲੈ ਆਈ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਕ ਜਿਥੇ ਵੀ ਜਾਂਦੇ ਹਨ, ਉਥੇ ਜੰਗਲ ਵਿਚ ਮੰਗਲ ਕਰ ਦਿੰਦੇ ਹਨ। ਪੰਜਾਬੀ ਪਰਵਾਸ ਵਿਚ ਪੰਜਾਬ ਦੀ ਤਰ੍ਹਾਂ ਉਥੋਂ ਦੇ ਸਥਾਨਕ ਅਤੇ ਪੰਜਾਬੀਆਂ ਦੇ ਤਿਓਹਾਰ ਮਨਾਉਂਦੇ ਰਹਿੰਦੇ ਹਨ। ਸਾਡੇ ਇਥੇ ਪਹੁੰਚਣ ਤੋਂ ਹਫਤਾ ਬਾਅਦ ਥੈਂਕਸ ਗਿਵਿੰਗ ਡੇ ਸੀ। ਮੇਰਾ ਬੇਟਾ ਅਤੇ ਨੂੰਹ ਸਾਨੂੰ ਲੈ ਕੇ ਰਾਜ ਦੇ ਫੀਨਿਕਸ ਸ਼ਹਿਰ ਵਿਚ 7 ਘੰਟੇ ਕਾਰ ਡਰਾਈਵ ਕਰਕੇ ਥੈਂਕਸ ਗਿਵਿੰਗ ਡੇ ਦਾ ਤਿਓਹਾਰ ਮਨਾਉਣ ਲਈ ਸਾਡੀ ਨੂੰਹ ਦੇ ਮਾਸੀ ਦੇ ਲੜਕੇ ਗੁਰਸ਼ਰਨ ਸਿੰਘ ਸੋਹੀ ਦੇ ਘਰ ਲੈ ਗਏ। ਭਾਰਤ ਵਿਚ 7 ਘੰਟੇ ਦਾ ਸਫਰ ਬਹੁਤ ਦੁਸ਼ਾਵਰੀਆਂ ਭਰਿਆ ਹੁੰਦਾ ਹੈ। ਪ੍ਰੰਤੂ ਇਹ ਸਫਰ ਪਿਕਨਿਕ ਦੀ ਤਰ੍ਹਾਂ ਲੰਘਿਆ। ਹੈਰਾਨੀ ਇਹ ਵੀ ਹੈ ਕਿ ਸਾਡੀ ਪੋਤਰੀ ਉਸ ਸਮੇਂ ਅਜੇ ਸਿਰਫ 8 ਮਹੀਨੇ ਦੀ ਸੀ। ਉਹ ਆਪਣੀ ਵੱਖਰੀ ਸੀਟ ਤੇ ਸਫਰ ਕਰਦੀ ਰਹੀ। ਸਾਡੇ ਪੰਜਾਬ ਵਿਚ ਰਹਿੰਦੇ ਬੱਚਿਆਂ ਦੀ ਤਰ੍ਹਾਂ ਕੋਈ ਚੀਕ ਚਿਹਾੜਾ ਨਹੀਂ, ਸਗੋਂ ਬਾਹਰ ਵੇਖਕੇ ਆਨੰਦ ਮਾਣਦੀ ਰਹੀ। ਫੀਨਿਕਸ ਉਨ੍ਹਾਂ ਨੇ ਆਪਣੇ ਦੂਰੋਂ ਨੇੜਿਓਂ ਸੰਬੰਧੀ ਬੁਲਾਏ ਹੋਏ ਸਨ। ਮੇਰੇ ਵੱਡੇ ਭਰਾ ਦੀ ਦੋਹਤੀ ਵੀ ਉਸੇ ਸ਼ਹਿਰ ਵਿਚ ਰਹਿੰਦੀ ਹੈ। ਉਹ ਆਪਣੇ ਪਤੀ ਦੇ ਨਾਲ ਆਈ ਹੋਈ ਸੀ। ਗੋਰੇ ਪਰਿਵਾਰ ਵੀ ਪਹੁੰਚੇ ਹੋਏ ਸਨ। ਸਾਰਿਆਂ ਰਲਕੇ ਖ਼ੂਬ ਆਨੰਦ ਮਾਣਿਆਂ। ਇਉਂ ਲੱਗ ਰਿਹਾ ਸੀ ਜਿਵੇਂ ਪੰਜਾਬ ਵਿਚ ਹੀ ਬੈਠੇ ਹੋਈਏ। ਇਥੋਂ ਦਾ ਥੈਂਕਸ ਗਿਵਿੰਗ ਡੇ ਸਾਡੇ ਵਿਸਾਖੀ ਦੇ ਤਿਓਹਾਰ ਦੀ ਤਰ੍ਹਾਂ ਫਸਲਾਂ ਦੇ ਪੱਕਣ ਤੇ ਮਨਾਇਆ ਜਾਣ ਵਾਲਾ ਤਿਓਹਾਰ ਹੈ। ਥੈਂਕਸ ਡੇ ਦਿਨ ਦੇ ਨਾਲ ਹੀ ਇਥੇ ਬਲੈਕ ਫਰਾਈਡੇ ਮਨਾਇਆ ਜਾਂਦਾ ਹੈ। ਇਸ ਦਿਨ ਦੁਕਾਨਦਾਰ ਅਤੇ ਮਾਲਜ਼ ਵਿਚ ਵਿਸ਼ੇਸ ਰਿਆਇਤਾਂ ਨਾਲ ਵਿਕਰੀ ਕੀਤੀ ਜਾਂਦੀ ਹੈ। ਰਿਆਇਤਾਂ ਦੀਆਂ ਦਰਾਂ ਦਾ ਪਹਿਲਾਂ ਐਲਾਨ ਹੋ ਜਾਂਦੇ ਹਨ। ਲੋਕ ਲਾਈਨਾ ਬਣਾਕੇ ਖ੍ਰੀਦੋ ਫਰੋਖ਼ਤ ਕਰਦੇ ਹਨ। ਜਿਥੇ ਬਹੁਤ ਲੁਭਾਉਣੀਆਂ ਰਿਆਇਤਾਂ ਹੁੰਦੀਆਂ ਹਨ। ਲੋਕ ਉਸ ਥਾਂ ਤੇ ਇਕ ਦੋ ਦਿਨ ਪਹਿਲਾਂ ਹੀ ਆਪਣੀਆਂ ਕੁਰਸੀਆਂ ਲਿਜਾ ਕੇ ਲਾਈਨਾ ਵਿਚ ਬੈਠ ਜਾਂਦੇ ਹਨ। ਪਰਿਵਾਰਾਂ ਦੇ ਮੈਂਬਰ ਬਦਲ ਬਦਲ ਕੇ ਲਾਈਨ ਵਿਚ ਬੈਠਦੇ ਹਨ। ਹਫਤੇ ਬਾਅਦ ਵਾਪਸ ਸੈਂਡੀਆਗੋ ਆ ਗਏ।
ਦਸੰਬਰ ਵਿਚ ਕਰਿਸਮਸ ਦਾ ਤਿਓਹਾਰ ਆਉਂਦਾ ਹੈ। ਇਸ ਤਿਓਹਾਰ ਦੇ ਮੌਕੇ ਤੇ ਲਗਪਗ 10 ਦਿਨ ਦੀਆਂ ਸਾਰੇ ਦਫਤਰਾਂ ਵਿਚ ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਦਿਨਾ ਵਿਚ ਬਹੁਤੇ ਪਰਵਾਸੀ ਆਪੋ ਆਪਣੇ ਵਤਨਾ ਦੇ ਗੇੜੇ ਮਾਰਦੇ ਹਨ ਪ੍ਰੰਤੂ ਜਿਹੜੇ ਉਥੇ ਰਹਿੰਦੇ ਹਨ ਉਹ ਅਮਰੀਕਾ ਵਿਚ ਹੀ ਸੈਰ ਸਪਾਟਾ ਕਰਦੇ ਹਨ ਅਤੇ ਕਰਿਸਮਸ ਦਾ ਤਿਓਹਾਰ ਆਪਸੀ ਮੇਲ ਮਿਲਾਪ ਦੇ ਤੌਰ ਤੇ ਪੰਜਾਬੀ ਪਰਿਵਾਰ ਇਕੱਠੇ ਹੋ ਕੇ ਆਨੰਦ ਮਾਣਦੇ ਹਨ। ਘਰਾਂ ਤੇ ਰੌਸ਼ਨੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਘਰ ਦੇ ਅੰਦਰ ਕਰਿਸਮਸ ਦੇ ਟਰੀ ਵਿਚ ਰੌਸ਼ਨੀਆਂ ਕੀਤੀਆਂ ਜਾਂਦੀਆਂ ਹਨ। ਭਾਰਤ ਵਿਚ ਕਿਸੇ ਹੋਰ ਦੇ ਧਰਮ ਨੂੰ ਆਮ ਤੌਰ ਤੇ ਮਨਾਇਆ ਨਹੀਂ ਜਾਂਦਾ। ਇਥੋਂ ਦੇ ਲੋਕ ਫਰਾਕ ਦਿਲ ਹਨ, ਉਹ ਜਿਥੇ ਰਹਿੰਦੇ ਹਨ, ਉਥੋਂ ਦੇ ਤਿਓਹਾਰ ਜ਼ਰੂਰ ਮਨਾਉਂਦੇ ਹਨ। ਜਨਵਰੀ ਦੇ ਮਹੀਨੇ ਲੋਹੜੀ ਦਾ ਤਿਓਹਾਰ ਸੀ। ਸਾਡੀ ਪੋਤਰੀ ਜੀਨਾ ਕੌਰ ਦੀ ਪਹਿਲੀ ਲੋਹੜੀ ਸੀ। ਸਾਡੇ ਬੇਟੇ ਅਤੇ ਨੂੰਹ ਨੇ ਵੀ ਇਸ ਤਿਓਹਾਰ ਨੂੰ ਵਧੀਆ ਢੰਗ ਨਾਲ ਮਨਾਇਆ। ਆਪਣੇ ਅਮਰੀਕਾ ਵਿਚ ਰਹਿੰਦੇ ਸੰਬੰਧੀਆਂ ਅਤੇ ਦੋਸਤਾਂ ਮਿਤਰਾਂ ਨੂੰ ਬੁਲਾਕੇ ਘਰ ਵਿਚ ਹੀ ਇਹ ਲੋਹੜੀ ਮਨਾਈ। ਬਿਲਕੁਲ ਪੰਜਾਬ ਦੀ ਤਰ੍ਹਾਂ ਲੋਹੜੀ ਬਾਲੀ ਗਈ। ਨਾਨਕੇ ਅਤੇ ਦਾਦਕਿਆਂ ਨੇ ਸ਼ਗਨਾ ਨਾਲ ਬਲਦੀ ਲੋਹੜੀ ਤੇ ਤਿਲ ਪਾ ਕੇ ਸੁੰਦਰੀਏ ਮੁੰਦਰੀਏ ਨੂੰ ਸੁਰ ਤਾਲ ਵਿਚ ਗਾਇਆ। ਗੋਰੇ ਵੀ ਇਸ ਤਿਓਹਾਰ ਦਾ ਆਨੰਦ ਮਾਣਦੇ ਰਹੇ। ਉਸ ਤੋਂ ਬਾਅਦ ਪੰਜਾਬ ਦੇ ਗਿੱਧੇ ਨੇ ਰੰਗ ਬੰਨ੍ਹ ਦਿੱਤੇ। ਮੇਰਾ ਜਮਾਤੀ ਮੇਰੇ ਪਿੰਡ ਕੱਦੋਂ ਤੋਂ ਮੇਵਾ ਸਿੰਘ ਮੁੰਡੀ ਸ਼ਾਰਲਾਟ ਤੋਂ ਆਪਣੇ ਪਰਿਵਾਰ ਨਾਲ ਆਇਆ ਹੋਇਆ ਸੀ। ਮੇਵਾ ਸਿੰਘ ਮੁੰਡੀ ਦੀ ਲੜਕੀ ਰਾਸ਼ੀ ਅਤੇ ਬੱਚੇ ਵੀ ਆਏ ਹੋਏ ਸਨ। ਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਪਿੰਡ ਕੱਦੋਂ ਵਿਚ ਹੀ ਬੈਠੇ ਹੋਈਏ। ਲਗਪਗ ਅੱਧੀ ਰਾਤ ਤੱਕ ਗੀਤ ਸੰਗੀਤ ਅਤੇ ਗਿੱਧਾ ਪੈਂਦਾ ਰਿਹਾ। ਆਮ ਤੌਰ ਤੇ ਇਥੇ ਪਰੰਪਰਾ ਹੈ ਕਿ ਖਾਣੇ ਦਾ ਸਮਾਂ ਨਿਸਚਤ ਕਰ ਦਿੱਤਾ ਜਾਂਦਾ ਹੈ। ਮਹਿਮਾਨ ਨਾਲੇ ਖਾਣਾ ਖਾਂਦੇ ਰਹੇ ਅਤੇ ਨਾਲ ਆਨੰਦ ਮਾਣਦੇ ਰਹੇ। ਖਾਣਾ ਖਾਣ ਤੋਂ ਬਾਅਦ ਪ੍ਰੋਗਰਾਮ ਖ਼ਤਮ ਨਹੀਂ ਹੁੰਦਾ। ਪ੍ਰੋਗਰਾਮ ਚਲਦਾ ਰਹਿੰਦਾ ਹੈ। ਗਲਾਸੀ ਵਾਲਿਆਂ ਦੀ ਗਲਾਸੀ ਖੜਕਦੀ ਰਹਿੰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਥੇ ਕੋਈ ਆਪਣੇ ਆਪ ਨੂੰ ਮਹਿਮਾਨ ਨਹੀਂ ਸਮਝਦਾ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸਾਰੇ ਦੋਸਤਾਂ ਮਿਤਰਾਂ ਨੇ ਸਾਰਾ ਸਾਮਾਨ ਰਲ ਮਿਲਕੇ ਸੈਟ ਕੀਤਾ ਅਤੇ ਫਿਰ ਸਾਰੇ ਵਿਦਾ ਹੋਏ। ਜਿਥੇ ਮੇਰਾ ਬੇਟਾ ਰਹਿੰਦਾ ਹੈ ਇਥੇ ਆਲੇ ਦੁਆਲੇ ਸਾਰੇ ਹੀ ਗੋਰੇ ਪਰਿਵਾਰ ਹਨ। ਉਹ ਵੀ ਢੋਲ ਢਮੱਕੇ ਦਾ ਆਨੰਦ ਮਾਣਦੇ ਰਹੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com