ਪੜ੍ਹਾਈ - ਬਲਜਿੰਦਰ ਕੌਰ ਸ਼ੇਰਗਿੱਲ
ਮੈਂ ਕਰਨੀ ਹੈ ਪੜ੍ਹਾਈ ਨੀਂ ਅੰਮੀਏ,
ਅਜੇ ਨਾ ਵਿਆਹੀ ਮੈਨੂੰ ਨੀਂ ਅੰਮੀਏ।
ਬਾਪੂ ਦਾ ਮੈਂ ਨਾਂ ਚਮਕਾਉਗੀ,
ਆਪਣੇ ਪੈਰਾਂ ਤੇ ਜਦ ਖੜੀ ਹੋ ਜਾਉਂਗੀ।
ਇੱਜ਼ਤ ਦਾ ਗਹਿਣਾ ਮੈਂ ਅਪਨਾਉਗੀ,
ਭੁੱਲ ਕੇ ਕਿਸੇ ਨਾਲ ਦਿਲ ਨਾ ਲਗਾਉਗੀ।
ਦੁਨੀਆਂ ਤੇ ਤੁਹਾਡੀ ਸ਼ਾਨ ਵਧਾਉਗੀ,
ਪੜ੍ਹ ਲਿਖ ਕੇ ਵੱਡੇ ਅਹੁਦੇ ਲਗ ਜਾਉਗੀ।
ਵਿੱਦਿਆ ਦਾ ਸਾਗਰ ਵੰਡ ਦੀ ਜਾਉਂਗੀ,
ਜਦ ਮੈਂ ਕਿਤੇ ਟੀਚਰ ਕਹਿਲਾਉਗੀ।
ਬੁਢਾਪੇ 'ਚ ਤੁਹਾਡਾ ਸਹਾਰਾ ਬਣ ਜਾਉਗੀ,
ਸੱਜੀ ਬਾਂਹ ਆਖਿਰ ਕਹਿਲਾਉਗੀ।
"ਬਲਜਿੰਦਰ" ਤਾਂ ਜ਼ਿੰਦਗੀ ਭਰ ਸਿੱਖਦੀ ਜਾਉਂਗੀ,
ਮਾਪਿਆਂ ਦੇ ਹੱਕਾਂ ਵਿੱਚ ਲਿਖਦੀ ਜਾਉਂਗੀ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਫ਼ਾਇਦੇ - ਬਲਜਿੰਦਰ ਕੌਰ ਸ਼ੇਰਗਿੱਲ
ਕਈ ਫਿਰਦੇ ਦੌਲਤ ਦੀ ਭੁੱਖ ਵਿਚ,
ਕਈ ਫਿਰਦੇ ਆਪਣੇ ਹੀ ਦੁੱਖ ਵਿਚ |
ਕਈ ਲੱਗੇ ਜਿਸਮਾਂ ਦੇ ਵਪਾਰ ਵਿਚ,
ਕਈ ਦੇਖੇ ਤੜਫਦੇ ਨਸ਼ਿਆਂ ਦੇ ਬਾਜ਼ਾਰ ਵਿਚ |
ਕਈ ਲੱਗੇ ਇਟਰਨੈੱਟ ਦੀ ਲਤ (ਆਦਤ) ਵਿਚ,
ਕਈ ਫਸੇ ਗਏ ਗਰੀਬੀ ਅੱਤ ਵਿਚ |
ਕਈ ਮੈਂ- ਮੈਂ ਦੀ ਹਰ ਵੇਲੇ ਭੁੱਖ ਵਿਚ,
ਕਈ ਤੇਰਾਂ ਤੇਰਾਂ ਕਰਦੇ ਦੇਖੇ ਮੁੱਖ ਵਿਚ |
ਕਈ ਬੈਠੇ ਉੱਚੇ ਮੁਨਾਰ ਦੇ ਵਿਚ,
ਕਈ ਤੜਫਦੇ ਦੇਖੇ ਸੱਚੇ ਪਿਆਰ ਵਿਚ |
ਨਾ ਕੋਈ ਮਿਲਿਆ ਨਾਮ ਦੀ ਭੁੱਖ ਵਿਚ |
ਪੁੱਠੇ ਲਟਕੇ ਭਾਵੇਂ ਸਾਰੇ ਕੁੱਖ ਵਿਚ |
ਕਈ ਰਹਿੰਦੇ ਹਮੇਸ਼ਾਂ ਆਪਣੇ ਫ਼ਾਇਦੇ ਵਿਚ,
ਕਈ ਕਰਦੇ ਕੰਮ ''ਬਲਜਿੰਦਰ'' ਕਾਇਦੇ ਵਿਚ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਜੇ ਮੈਂ ਬੱਚਾ ਹੋਵਾਂ - ਬਲਜਿੰਦਰ ਕੌਰ ਸ਼ੇਰਗਿੱਲ
ਕਾਸ਼; ਜੇ ਮੈਂ ਬੱਚਾ ਹੋਵਾਂ,
ਅੰਬੀਆਂ ਵਾਂਗ ਕੱਚਾ ਹੋਵਾਂ |
ਕਦੇ ਹੱਸਾਂ ਤੇ ਕਦੇ ਰੋਵਾਂ,
ਕਦੇ ਮਾਂ ਦੇ ਸੀਨੇ ਲੱਗ ਸੋਵਾਂ |
ਮਿੱਟੀ ਵਿਚ ਖੇਡਦਾ ਹੋਵਾਂ,
ਕਹੇ ਤੇ ਵੀ ਹੱਥ ਨਾ ਧੋਵਾਂ |
ਘਰ ਦੇ ਵਿਹੜੇ ਦੀ ਰੌਣਕ ਹੋਵਾਂ,
ਭੈਣ ਦਾ ਜੇ ਮੈਂ ਵੀਰ ਹੋਵਾਂ |
ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,
ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ,
ਪਾਪਾ ਘਰ ਆਉਣ ਵਾਲੇ ਨੇ,
ਚਾਕਲੇਟ ਦੀ ਉਡੀਕ 'ਚ ਹੋਵਾਂ |
ਬੇਬੇ ਬਾਪੂ ਜਦ ਮੋਢੇ ਚੁੱਕਦੇ ਦੋਵਾਂ,
''ਬਲਜਿੰਦਰ'' ਕਾਸ਼; ਜੇ ਮੈਂ ਬੱਚਾ ਹੀ ਹੋਵਾਂ,
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਕਿਤਾਬਾਂ - ਬਲਜਿੰਦਰ ਕੌਰ ਸ਼ੇਰਗਿੱਲ
ਬੱਚਿਓ ਕਹਿਣਾ ਜੇ ਮੰਨ ਜਾਓ,
ਫੋਨਾਂ ਦਾ ਰੁਝਾਨ ਘਟਾਓ |
ਕਿਤਾਬਾਂ ਨਾਲ ਮਨ ਲਗਾਓ,
ਐਵੇਂ ਨਾ ਸਮਾਂ ਅਨਮੋਲ ਗਵਾਓ |
ਲਾਇਬ੍ਰੇਰੀ ਵਿੱਚ ਵੀ ਜਾਓ,
ਮਨ ਪਸੰਦ ਕਿਤਾਬ ਪੜ੍ਹ ਆਓ |
ਸੱਚ ਨੂੰ ਪੜ੍ਹਨ ਦੀ ਆਦਤ ਪਾਓ,
ਸ਼ੋਸ਼ਲ ਮੀਡੀਆ ਤੋਂ ਦੂਰ ਬਣਾਓ |
ਹਰ ਵੇਲੇ ਫੋਨ ਨੂੰ ਹੱਥ ਨਾ ਲਾਓ,
ਅੱਖਾਂ ਨੂੰ ਵੀ ਅਰਾਮ ਦਬਾਓ |
ਬੀਬਾ ਬੱਚੇ ਤੁਸੀਂ ਬਣ ਜਾਓ,
ਮਾਂ ਬੋਲੀ ਦੀ ਸ਼ਾਨ ਵਧਾਓ |
ਸਰਸਵਤੀ ਅੱਗੇ ਸੀਸ ਚੁਕਾਓ,
ਉੱਚੀਆਂ ਪਦਵੀਆਂ ਤੁਸੀਂ ਪਾਓ |
''ਬਲਜਿੰਦਰ'' ਕਵਿਤਾਵਾਂ ਲਿਖਦੇ ਜਾਓ,
ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਸਿਖਾਓ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ 9878519278
ਮੇਰੀਏ ਨੀਂ ਮਾਏ -ਬਲਜਿੰਦਰ ਕੌਰ ਸ਼ੇਰਗਿੱਲ
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ
ਬੁਕੱਲ ਤੇਰੀ ਵਿਚ ਸਿਰ ਰੱਖਦੇ ਹੀ,
ਦੁੱਖਾਂ ਦੇ ਮਿਟ ਗਏ ਸਾਏ |
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਨਿੱਕਿਆਂ ਹੁੰਦੇ ਤੋਂ ਤੈਨੂੰ,
ਦੇਖਦੇ ਹਾਂ ਆਏ,
ਕੁੜੀਆਂ ਦੇ ਤਾਅਨੇ ਸੁਣ-ਸੁਣ,
ਤੂੰ ਬੜੇ ਦੁੱਖ ਹੰਢਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਜਿਗਰ ਦੇ ਟੋਟੇ,
ਤੂੰ ਰੱਖੇ ਗਲ ਨਾਲ ਲਾਏ,
ਕਿਸੇ ਨੂੰ ਤੇਰੇ 'ਤੇ,
ਰਤਾ ਤਰਸ ਨਾ ਆਏ |
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਮਾਂ ਦੀ ਇਬਾਦਤ ਜੋ ਕਰਦੇ,
ਬਿਨ ਮੰਗੇ ਉਹਨੂੰ ਸੱਭ ਮਿਲ ਜਾਏ,
ਜੰਨਤ ਦੀਆਂ ਰਾਹਾਂ ਤੱਕ ਉਹੀ ਜਾਏ,
ਮਾਂ ਦੇ ਚਰਨੀਂ ਜੋ ਸੀਸ ਨਿਭਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਗਿੱਲੀ ਥਾਂ 'ਤੇ ਕੋਈ,
ਰਾਤਾਂ ਨੂੰ ਸੋ ਕੇ ਦਿਖਾਏ,
ਬਜ਼ੁਰਗ ਮਾਂ ਨੂੰ ''ਬਲਜਿੰਦਰ'',
ਬੱਚਿਆਂ ਵਾਂਗ ਤਾਂ ਸੁਵਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਮਿਲਾਵਟ - ਬਲਜਿੰਦਰ ਕੌਰ ਸ਼ੇਰਗਿੱਲ
ਦੁੱਧ ਦਾ ਤਾਂ, ਪਾਣੀ ਹੋ ਗਿਆ,
ਬੰਦਾ ਪਾਣੀ ਦਾ, ਹਾਣੀ ਹੋ ਗਿਆ |
ਡਰੰਮਾਂ ਦਾ ਵੱਧਦਾ, ਭਾਰ ਹੋ ਗਿਆ,
ਮਿਲਾਵਟ ਦਾ ਵੱਧਦਾ, ਬਾਜ਼ਾਰ ਹੋ ਗਿਆ |
ਵੱਧਦਾ ਮੁੱਲ, ਆਸਮਾਨ ਛੋਹ ਗਿਆ,
ਕਮਾਈਆਂ 'ਚ, ਇਨਸਾਨ ਖੋਹ ਗਿਆ |
ਮੱਖਣ ਮਿਲਾਈਆਂ ਦਾ, ਘਾਣ ਹੋ ਗਿਆ,
ਸਿਹਤ ਤੋਂ ਬੰਦਾ, ਅਣਜਾਣ ਹੋ ਗਿਆ |
ਖੁਰਾਕਾਂ ਬਿਨ ਸਰੀਰ, ਬੇਕਾਰ ਹੋ ਗਿਆ,
ਡਾਕਟਰਾਂ ਦਾ ਬੰਦਾ, ਦੇਣਦਾਰ ਹੋ ਗਿਆ |
ਆਪਣੇ ਫ਼ਾਇਦੇ ਖ਼ਾਤਿਰ ''ਬਲਜਿੰਦਰ'',
ਬੰਦਾ ਅੱਜ ਕਿੰਨਾ, ਬੇਈਮਾਨ ਹੋ ਗਿਆ |
ਬਲਜਿੰਦਰ ਕੌਰ ਸ਼ੇਰਗਿੱਲ
ਬਰਫ਼ੀ ਦਾ ਟੁਕੜਾ - ਬਲਜਿੰਦਰ ਕੌਰ ਸ਼ੇਰਗਿੱਲ
ਸੰਨ 1984 ਦੀ ਗੱਲ ਹੈ, ਦਿੱਲੀ ਵਿਚ ਦੰਗੇ ਫ਼ਸਾਦ ਹੋ ਰਹੇ ਸੀ | ਜਿਸ ਦੀ ਅੱਗ ਦੀਆਂ ਲਪਟਾਂ ਪੰਜਾਬ ਤੱਕ ਪਹੁੰਚ ਰਹੀਆਂ ਸੀ | ਅਜਿਹੇ ਵਿਚ ਲੋਕ ਡਰਦੇ ਮਾਰੇ ਜਿਥੇ ਥਾਂ ਮਿਲ ਰਹੀ ਸੀ ਲੁਕ ਛੁਪ ਰਹੇ ਸੀ |
ਇੱਕ ਬੁਜ਼ਰਗ ਮਾਤਾ ਜੋ ਇਸ ਦੁਨੀਆਂ ਤੋਂ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ | ਮਾਤਾ ਕਦੇ ਕਦਾਈ ਗੁਰਦੁਆਰਿਆਂ ਵਿਚ ਆ ਕੇ ਸੇਵਾ ਕਰਦੀ ਅਤੇ ਕੁਝ ਦਿਨ ਰਹਿ ਕੇ ਫੇਰ ਆਪਣੀ ਧੀ ਦੇ ਘਰ ਚਲੇ ਜਾਂਦੀ |
ਇੱਕ ਦਿਨ ਦੀ ਗੱਲ ਹੈ | ਬੁਜ਼ਰਗ ਮਾਤਾ ਆਪਣੇ ਔਖੇ ਹਾਲਤ ਬਿਆਨ ਕਰਨ ਲੱਗੀ। ਬੁਜ਼ਰਗ ਮਾਤਾ ਨੇ ਦੱਸਿਆ ਕਿ 1984 ਵਿਚ ਦਿੱਲੀ ਵਿਚ ਦੰਗੇ ਫ਼ਸਾਦ ਹੋ ਰਹੇ ਸੀ। ਲੋਕ ਆਪੋਂ ਆਪਣੀਆਂ ਜਾਨਾਂ ਬਚਾਉਣ ਲਈ ਜਿਥੇ ਥਾਂ ਮਿਲਦੀ ਉਥੇ ਹੀ ਛੁਪ ਰਹੇ ਸਨ। ਇਹ ਸਮਾਂ ਇਨ੍ਹਾਂ ਡਰਾਵਣਾਂ ਸੀ ਕਿ ਮੌਤ ਦਾ ਸਾਇਆ ਹਰ ਸਮੇਂ ਸਿਰ ਉਤੇ ਮੰਡਰਾ ਰਿਹਾ ਸੀ। ਮਾਤਾ ਆਪਣੀ ਧੀ ਨਾਲ ਉਥੇ ਹੀ ਕਈਆਂ ਜਾਣਿਆਂ ਨਾਲ ਇੱਕ ਕਮਰੇ ਵਿਚ ਛੁਪੀ ਹੋਈ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਸਾਨੂੰ ਵੀ, ਮਾਰ ਨਾ ਦਿੱਤਾ ਜਾਵੇ। ਹੁਣ ਦੋ ਤਿੰਨ ਦਿਨ ਛੁਪੇ ਨੂੰ ਹੋ ਗਏ ਸੀ। ਕਿਸੇ ਨੇ ਵੀ, ਕਈ ਦਿਨਾਂ ਤੋਂ ਕੁਝ ਨਹੀਂ ਸੀ ਖਾਇਆ। ਇੱਕ ਦਿਨ ਜਦੋਂ ਇੱਕ ਮਿਠਾਈ ਦੀ ਦੁਕਾਨ ਖੁੱਲੀ ਤਾਂ ਉਨ੍ਹਾਂ ਵਿਚੋਂ ਇੱਕ ਜਾਣਾ ਕਮਰੇ ਵਿਚ ਨਿਕਲਿਆ ਤੇ ਭੱਜ ਕੇ ਜਾ ਕੇ ਮਿਠਾਈ ਦੀ ਦੁਕਾਨ ਖੁੱਲੀ ਦੇਖ ਕੇ ਉਥੋਂ ਬਰਫ਼ੀ ਲੈ ਆਇਆ। ਦੁਕਾਨਦਾਰ ਨੇ ਅਖ਼ਬਾਰ ਦੇ ਕਾਗਜ਼ 'ਤੇ ਰੱਖ ਕੇ ਕੁਝ ਪੀਸ ਬਰਫ਼ੀ ਦੇ ਦਿੱਤੇ। ਇਹਨਾਂ ਬਰਫ਼ੀ ਦੇ ਟੁਕੜੇ ਨਾਲ ਭਾਵੇਂ ਢਿੱਠ ਤਾਂ ਨਹੀਂ ਭਰਿਆ ਪਰ ਕੁਝ ਖਾਣ ਨੂੰ ਜ਼ਰੂਰ ਮਿਲ ਗਿਆ ਸੀ। ਬਰਫ਼ੀ ਦੇ ਟੁਕੜਿਆਂ ਨੇ ਸਾਰਿਆਂ ਦੇ ਢਿੱਠ ਵਿੱਚ ਸਹਾਰਾ ਤਾਂ ਬਣਾ ਹੀ ਦਿੱਤਾ ਸੀ।
ਆਖਿਰਕਾਰ ਕੁਝ ਦਿਨਾਂ ਬਆਦ ਬੁਜ਼ਰਗ ਮਾਤਾ ਤੇ, ਉਨ੍ਹਾਂ ਦੇ ਸਾਥੀ ਕਿਵੇਂ ਨਾ ਕਿਵੇਂ ਕਰਕੇ ਪੰਜਾਬ ਪਹੁੰਚਣ ਵਿਚ ਕਾਮਯਾਬ ਹੋ ਗਏ ।ਕਠਿਨਾਈਆਂ ਵਿਚੋਂ ਨਿਕਲ ਕੇ ਬੁਜ਼ਰਗ ਮਾਤਾ ਆਪਣੀ ਧੀ ਨਾਲ ਪੰਜਾਬ ਵਿਚ ਆਪਣੇ ਪੁਰਾਣੇ ਘਰ ਪਿੰਡ ਵਿਚ ਜੀਵਨ ਬਸਰ ਕਰਨ ਲੱਗੀ। ਹੁਣ ਮਾਤਾ ਨੇ ਆਪਣੀ ਜਵਾਨ ਧੀ ਦਾ ਵਿਆਹ ਲੋਕਾਂ ਦੀ ਸਹਾਇਤਾ ਨਾਲ ਕਰ ਦਿੱਤਾ। ਮਾਤਾ ਹੁਣ ਆਪਣੀ ਧੀ ਦੇ ਨਾਲ ਉਸ ਦੇ ਘਰ ਵਿਚ ਰਹਿੰਦੀ ਸੀ। ਕਦੇ ਕਦਾਈ ਮਾਤਾ ਗੁਰਦੁਆਰਿਆਂ ਵਿਚ ਸੇਵਾ ਵੀ ਕਰਦੀ ਤੇ ਕੁਝ ਕੁ ਦਿਨ ਕੱਟ ਕੇ ਫੇਰ ਆਪਣੀ ਧੀ ਘਰ ਚਲੇ ਜਾਂਦੀ ਸੀ। ਇੱਕ ਦਿਨ ਕਿਸੇ ਤੋਂ ਪਤਾ ਚੱਲਿਆ ਕੇ ਮਾਤਾ ਇਸ ਦੁਨੀਆਂ ਰੁਸਤਖ਼ ਹੋ ਗਏ ਹਨ। ਉਨ੍ਹਾਂ ਦਾ ਅੰਤ ਵੇਲਾ ਆਪਣੀ ਧੀ ਘਰ ਹੀ ਗੁਜਰਿਆ ।
ਅੰਤ ਔਖਾਂ ਵੇਲਾ ਬਹੁਤਾ ਸਮਾਂ ਨਹੀਂ ਰੁਕਦਾ, ਛੇਤੀ ਹੀ ਖ਼ਤਮ ਹੋ ਜਾਂਦਾ ਹੈ। ਸੋ ਸਾਨੂੰ ਹਮੇਸ਼ਾਂ ਹਲਾਤਾਂ ਦਾ ਸਾਹਮਣਾ ਕਰਨਾਂ ਤੇ ਉਨ੍ਹਾਂ ਤੋਂ ਨਿਕਲਣਾ ਦਾ ਯਤਨ ਕਰਨਾ ਚਾਹੀਦਾ ਹੈ। ਦਾਣਾ ਪਾਣੀ ਸਭ ਦਾ ਲਿਖਿਆ ਪਿਆ ਹੈ। ਨਹੀਂ ਤਾਂ ਦੰਗਿਆਂ ਵਰਗੇ ਸਮੇਂ ਵਿਚ ਦੁਕਾਨ ਖੁੱਲਣਾ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ। ਪ੍ਰਮਾਤਮਾ ਨੂੰ ਆਪਣੇ ਬੰਦਿਆਂ ਫ਼ਿਕਰ ਹੈ । ਸੋ ਪ੍ਰਮਾਤਮਾ ਤੇ ਹਮੇਸ਼ਾਂ ਭੋਰਸਾ ਰੱਖੋ।
ਸਿੱਖਿਆ- ਦਾਣੇ -ਦਾਣੇ 'ਤੇ ਲਿਖਿਆ ਖਾਣੇ ਵਾਲੇ ਦਾ ਨਾਂ, ਔਖੇ ਵੇਲੇ ਹਿੰਮਤ ਨਾ ਹਾਰੋਂ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਹੈਪੀ ਬਰਥ-ਡੇਅ - ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ
ਹਰ ਸਾਲ ਦੀ ਤਰ੍ਹਾਂ ਭਤੀਜੇ ਦਾ ਫੋਨ ਆਇਆ,'ਭੂਆ ਤੁਸੀਂ ਮੇਰੇ ਬਡ-ਡੇਅ 'ਤੇ ਆਉਗੇ?
ਹਾਂ ਫ਼ਤਿਹ ਆਵਾਂਗੀ | ਦੱਸ ਕੀ ਲੈ ਕੇ ਆਵਾਂ?
ਭੂਆ ਮੇਰੇ ਲਈ ਰਿਮੋਟ ਵਾਲੀ ਜੇਬੀਸੀ ਲਿਆ ਦੋ ਪਲੀਜ਼ |'
'ਅੱਛਾ ਕਿੰਨੀਆਂ ਜੇਬੀਸੀਆਂ ਚਾਹੀਦੀਆਂ ਤੈਨੂੰ? ਕੋਈ ਹੋਰ ਚੀਜ਼ ਦੱਸ, ਜੇਬੀਸੀਆਂ ਤਾਂ ਤੇਰੇ ਕੋਲ ਬਹੁਤ ਨੇ |'
'ਨਹੀਂ ਭੂਆਂ ਮੈਨੂੰ ਜੇਬੀਸੀ ਹੀ ਚਾਹੀਦੀ ਹੈ ਰਿਮੋਟ ਵਾਲੀ |'
'ਚੰਗਾ ਲੈ ਆਵਾਂਗੀ | ਹੋਰ ਕੁਝ ਵੀ ਦੱਸ ਕੀ ਲੈ ਕੇ ਆਵਾਂ?
'ਚਾਕਲੇਟ ਵਾਲਾ ਕੇਕ ਚਾਕਲੇਟ ਲੈ ਆਣਾ |''
ਚੰਗਾ ਪੁੱਤ ਮੈਂ ਲੈ ਕੇ ਆਵਾਂਗੀ | ਪੱਕਾ ਲੈ ਕੇ ਆਵਾਂਗੀ |'
ਭੂਆ ਕੇ ਕਰੇ | ਹਰ ਸਾਲ ਦੀ ਤਰ੍ਹਾਂ ਫੋਨ ਉਡੀਕਦੀ ਰਹੀ ਕਿ ਕੋਈ ਫੋਨ ਕਰਕੇ ਕਹੇਗਾ ਕਿ ਫ਼ਤਿਹ ਦਾ ਜਨਮ-ਦਿਨ ਮੁਨਾਉਣਾ ਹੈ ਭਾਈ ਜ਼ਰੂਰ ਆਉਣਾ | ਪਰ ਨਹੀਂ ਇਹ ਸਾਲ ਵੀ ਕੋਈ ਫੋਨ ਨਹੀਂ ਆਇਆ | ਫੇਰ ਸੋਚਿਆ ਮਨਾਂ ਬੱਚੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸਦੀ ਗਿਫ਼ਟ ਤਾਂ ਜ਼ਰੂਰ ਦੇਣੀ ਕੋਈ ਨਾ ਅੱਗੇ ਪਿੱਛੇ ਦੇ ਆਵਾਂਗੀ |
'ਅੱਜ ਖੁਸ਼ ਦੇ ਹੰਝੂਆਂ ਨਾਲ ਮੇਰੇ ਪੁੱਤ ਫ਼ਤਿਹ ਨੂੰ ਬਹੁਤ ਸਾਰੀਆਂ ਮੁਬਾਰਕਾਂ ਹੋਣ | ਰੱਬ ਕਰੇ ਤੈਨੂੰ ਪੁੱਤਾਂ ਸਾਰੀਆਂ ਖੁਸ਼ੀਆਂ ਮਿਲਣ | ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ | ਇੱਦਾਂ ਦਾ ਭੂਆਂ ਨਾਲ ਮੋਹ ਬਣਿਆ ਰਹੇ |
ਹੈਪੀ ਬਰਥ-ਡੇਅ ਫ਼ਤਿਹਵੀਰ ਸਿੰਘ ਤੇਰੀ ਭੂਆ |
ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ
9878519278
8 ਮਾਰਚ ਬਾਰੇ ਵਿਸ਼ੇਸ ਲੇਖ
ਬੀਬੀਆਂ ਦੇ ਕੌਮਾਂਤਰੀ ਦਿਹਾੜੇ ’ਤੇ - ਬਲਜਿੰਦਰ ਕੌਰ ਸ਼ੇਰਗਿੱਲ
ਦੇਸ਼ ਭਰ ਵਿਚ ਹਰ ਸਾਲ ਦੀ ਤਰ੍ਹਾਂ 8 ਮਾਰਚ ਨੂੰ ਔਰਤਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ| ਇਹ ਦਿਨ ਬੀਬੀਆਂ ਲਈ ਖਾਸ ਮੰਨਿਆ ਗਿਆ ਹੈ| ਇਸ ਦਿਨ ਦੀ ਖਾਸੀਅਤ ਇਹ ਹੈ ਕਿ ਔਰਤਾਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ| ਇਹ ਦਿਨ ਇਹ ਸਾਬਿਤ ਕਰ ਦਿੰਦਾ ਹੈ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ ਉਹ ਸਮਾਜ ਵਿਚ ਆਪਣੀ ਪਹਿਚਾਣ ਬਣਾ ਕੇ ਸਮਾਜ ਨੂੰ ਸਾਰਥਿਕ ਜਾਂ ਵਿਕਾਸਯੋਗ ਬਣਾਉਣ ਦਾ ਉੱਦਮ ਕਰਦੀਆਂ ਹਨ|
ਕੁਝ ਦਹਾਕੇ ਪਿਛੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਡਾ ਇਤਿਹਾਸ ਕਿੰਨਾ ਮਹਾਨ ਸੀ ਅਤੇ ਇਸ ਇਤਿਹਾਸ ਵਿਚ ਵੀ ਬੀਬੀਆਂ ਦਾ ਕਿੰਨਾ ਯੋਗਦਾਨ ਰਿਹਾ ਹੈ| ਦਹਾਕੇ ਪਹਿਲਾ ਭਾਵੇਂ ਔਰਤ ਨੂੰ ਸਮਾਨਤਾ ਦਾ ਅਧਿਕਾਰ ਬਹੁਤ ਘੱਟ ਸੀ ਪਰ ਫਿਰ ਵੀ ਔਰਤ ਆਪਣੇ ਆਪ ਨੂੰ ਬਹਾਦਰ ਅਤੇ ਕੌਮ ਤੋਂ ਜਾਨ ਵਾਰਨ ਦਾ ਜ਼ਜ਼ਬਾ ਰੱਖਦੀ ਸੀ| ਅੱਜ ਅਸੀਂ ਦਹਾਕੇ ਪਹਿਲਾਂ ਦੀਆਂ ਮਹਾਨ ਰਹਿ ਚੁੱਕੀਆਂ ਸ਼ਖਸੀਅਤਾਂ/ਔਰਤਾਂ ਦੀ ਗੱਲ ਕਰਨ ਲੱਗੇ ਹਾਂ|
ਗੁਰੂ ਮਾਂ
ਅੱਜ ਅਸੀਂ ਆਪਣੀ ਗੁਰੂ ਮਾਂ ਬਾਰੇ ਗੱਲ ਕਰਨ ਲੱਗੇ ਹਾਂ ਇਹ ਗੁਰੂ ਮਾਂ, ਮਾਤਾ ਗੁਜਰੀ ਜੀ ਹਨ| ਜਿਹਨਾਂ ਨੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਵਾਰ ਦਿੱਤਾ| ਇਹਨਾਂ ਦੇ ਸਹਿਣਸ਼ੀਲਤਾ ਤੇ ਕੁਰਬਾਨੀ ਵਾਲੇ ਜਜ਼ਬੇ ਤੋਂ ਸਮਾਜ ਭਲੀਭਾਂਤ ਜਾਣੂੰ ਹੈ| ਮਾਤਾ ਗੁਜਰੀ ਉਹ ਸਖਸ਼ੀਅਤ ਰਹੇ ਹਨ ਜਿਹਨਾਂ ਨੇ ਪਰਿਵਾਰ ਨੂੰ ਇੱਕ ਮੁੱਠ ਕਰ ਪੂਰੇ ਸੰਸਾਰ ਨੂੰ ਸੁਨੇਹਾ ਦਿੱਤਾ ਹੈ| ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਉਤਾਰ ਚੜਾਅ ਦੇਖੇ ਅਤੇ ਅਤਪਣੇ ਸਰੀਰ ’ਤੇ ਸਾਹੇ ਹਨ| ਜਿਹਨਾਂ ਨੂੰ ਉਹਨਾਂ ਬੜੀ ਸਹਿਜਤਾ ਨਾਲ ਸਵੀਕਾਰ ਕੀਤਾ| ਇਸ ਤਰ੍ਹਾਂ ਇਤਿਹਾਸ ਵਿਚ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਮਾਈ ਭਾਗੋ ਜੀ, ਮਾਤਾ ਜੀਤੋ ਜੀ ਆਦਿ ਪੂਜਨੀਕ ਮਾਤਾਵਾਂ ਨੇ ਸਮਾਜ ਨਾਲ ਕਿਵੇਂ ਡੱਟ ਕੇ ਸਾਹਮਣਾ ਕੀਤਾ ਹੈ| ਜਿਹਨਾਂ ਨੂੰ ਸਾਰਾ ਸਮਾਜ ਅੱਜ ਸਜਦਾ ਕਰਦਾ ਹੈ|
ਔਰਤ ਕੀ ਹੈ ?
ਔਰਤ ਧੀ ਹੈ, ਮਾਂ ਹੈ, ਪਤਨੀ ਹੈ, ਭੈਣ ਹੈ ਅਤੇ ਯੋਧਿਆ ਨੂੰ ਜਨਮ ਦੇਣ ਵਾਲੀ ਜਨਨੀ ਹੈ| ਔਰਤ ਉਹ ਮਹਾਨ ਜਗਜਨਨੀ ਹੈ ਜਿਸ ਨੇ ਸੂਰਬੀਰਾਂ ਨੂੰ ਜਨਮ ਦਿੱਤਾ ਹੈ| ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ| ਸਮਾਜ ਦੀ ਹਰ ਬੁਰਾਈ ਨਾਲ ਲੜਨ ਦਾ ਜ਼ਜਬਾ ਰੱਖਣ ਵਾਲੀ ਰਾਣੀ ਝਾਂਸੀ ਨੇ ਕਿੰਝ ਮੈਦਾਨੇ ਯੰਗ ਵਿੱਚ ਮੁਗਲਾਂ ਨਾਲ ਟਾਕਰਾ ਕਰ ਮੈਦਾਨ ਫਤਿਹ ਕੀਤਾ| ਇਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਮਹਾਨ ਤੇ ਪੂਜਣਯੋਗ ਹਨ| ਔਰਤ ਮਮਤਾ ਦੀ ਮੂਰਤ ਹੈ ਇਹ ਜਗਜਨਨੀ ਅਨੇਕਾਂ ਕਸ਼ਟਾਂ ਨੂੰ ਸਹਾਰਦੀ ਹੋਈ ਇੱਕ ਔਰਤ ਦੇ ਫਰਜ਼ਾਂ ਨੂੰ ਬਾਖੂਬੀ ਨਿਭਾਉਣਾ ਜਾਣਦੀ ਹੈ|
ਮਾਂ ਦੇ ਫਰਜ਼
ਔਜਕੇ ਦੌਰ ’ਚ ਔਰਤ ਇੱਕ ਮਾਂ ਹੋਣ ਦੇ ਨਾਤੇ ਆਪਣੇ ਫ਼ਰਜ਼ਾਂ ਨੂੰ ਭਾਵੇਂ ਬਾਖੂਬੀ ਨਿਭਾ ਰਹੀ ਹੈ| ਪਰ ਉਸ ਮਾਂ ਦੇ ਕੀ -ਕੀ ਫਰਜ਼ ਹਨ, ਔਰਤ ਦੇ ਜੀਵਨ ਵਿਚ ਅਨੇਕਾਂ ਹੀ ਫਰਜ਼ ਹੁੰਦੇ ਹਨ ਪਰੰਤੂ ਔਰਤ ਦੇ ਫ਼ਰਜ਼ਾਂ ਦੀ ਬੜੋਤਰੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਉਸ ਦੇ ਉਦਰ ਵਿਚ ਪਲ ਰਹੇ ਬੱਚੇ ਨਾਲ ਉਸ ਦੀ ਲਿਵ ਲੱਗ ਜਾਂਦੀ ਹੈ| ਉਹ ਹਰ ਸਮੇਂ ਬੱਚੇ ਦੀ ਧੜਕਣ ਨੂੰ ਮਹਿਸੂਸ ਕਰਦੀ ਹੈ| ਕੁੱਖ ਵਿਚ ਪਲ ਰਹੇ ਬੱਚੇ ਲਈ ਭਾਵੇਂ ਉਸ ਅੰਦਰ ਬਹੁਤ ਸਾਰੇ ਚਾਅ ਹੁੰਦੇ ਹਨ ਪਰ ਸਭ ਤੋਂ ਵੱਡਾ ਫ਼ਰਜ਼ ਔਰਤ ਉਸਦੇ ਪੈਦਾ ਹੋਣ ਤੋਂ ਪਹਿਲਾ ਹੀ ਨਿਭਾਉਣੇ ਸ਼ੁਰੂ ਕਰ ਦਿੰਦੀ ਹੈ| ਹਰ ਔਰਤ ਆਪਣੇ ਬੱਚੇ ਨੂੰ ਪ੍ਰਮਾਤਮਾ ਦੇ ਨਾਮ ਗਿਆਨ ਕਰਵਾਉਣਾ ਚਾਹੁੰਦੀ ਹੈ| ਜਿਸ ਦੀ ਕਿਰਪਾ ਸਦਕਾ ਉਹ ਇਸ ਜਹਾਨ ’ਤੇ ਆਉਣ ਵਾਲਾ ਹੈ। ਇਹ ਅਹਿਸਾਸ ਇੱਕ ਔਰਤ ਮਾਂ ਬਨਣ ਲੱਗੇ ਹੀ ਨਿਭਾਉਣੇ ਸ਼ੁਰੂ ਕਰ ਦਿੰਦੀ ਹੈ| ਔਰਤ ਕੁੱਖ ’ਚ ਪਲ ਰਹੇ ਬੱਚੇ ਲਈ ਚੰਗੇ ਪ੍ਰਭਾਵਾਂ ਦਾ ਅਸਰ ਪਾਉਣਾ ਚਾਹੁੰਦੀ ਹੈ। ਹਰ ਔਰਤ ਆਪਣੇ ਬੱਚੇ ਨੂੰ ਉਸ ਨਿਰੰਕਾਰ ਨਾਲ ਜੋੜੀ ਰੱਖਦੀ ਹੈ| ਇਹੀ ਔਰਤ ਤੜਕੇ ਜਾਂ ਦਿਨ ਦੇ ਰੁਝੇਵਿਆਂ ਵਿਚੋਂ ਨਿਕਲ ਕਿ ਪ੍ਰਮਾਤਮਾ ਦਾ ਨਾਂਅ ਜਪਦੀ ਹੈ ਜਿਸ ਦੀ ਅਸੀ ਉਪਜ ਹਾਂ। ਉਹ ਹਮੇਸ਼ਾਂ ਹੀ ਬਾਣੀ ਨਾਲ ਜਾਂ ਨਾਮ ਸਿਮਰਨ ਕਰਨ ਦਾ ਯਤਨ ਕਰਦੀ ਹੈ। ਇਹ ਇੱਕ ਔਰਤ ਦਾ ਸਭ ਤੋਂ ਵੱਡਾ ਫ਼ਰਜ਼ ਹੈ ਕਿ ਜਿਸ ਨੇ ਉਸ ਬੱਚੇ ਨੂੰ ਦੇਖਿਆ ਤੱਕ ਨਹੀਂ ਪਰ ਫਿਰ ਵੀ ਉਸਦੀ ਭਲਾਈ ਲਈ ਸਿਮਰਨ ਕਰ ਇੱਕ ਵੱਡਮੁੱਲਾ ਗਿਆਨ ਉਸ ਨੂੰ ਉਦਰ ਵਿਚ ਹੀ ਕਰਵਾਉਣਾ ਸ਼ੁਰੂ ਕਰ ਦਿੰਦੀ ਹੈ| ਇਹੀ ਇੱਕ ਔਰਤ ਦੇ ਅਸਲੀ ਫ਼ਰਜ਼ ਹਨ|
ਪਰਿਵਾਰ ਦਾ ਪਾਲਣ ਪੋਸ਼ਣ
ਔਰਤ ਲਈ ਪਰਿਵਾਰ ਦੇ ਪਾਲਣ ਪੋਸ਼ਣ ਤੋਂ ਇਲਾਵਾ ਆਪਣੇ ਬੱਚਿਆਂ ਦੇ ਹਰ ਇਕ ਕੰਮ ਤੋਂ ਵਾਕਿਫ਼ ਹੁੰਦੀ ਹੈ। ਉਸ ਨੂੰ ਪਰਿਵਾਰ ਦੇ ਇਲਾਵਾ ਆਪਣੇ ਬੱਚਿਆਂ ਪ੍ਰਤੀ ਸਾਰੇ ਕੰਮਾਂ ਕਾਰਾਂ ਦਾ ਫਿਕਰ ਹੁੰਦਾ ਹੈ। ਕਈ ਵਾਰ ਪਿਤਾ ਕੰਮ ਦੇ ਰੁਝੇਵੇ ’ਚ ਇੰਨਾ ਰੁਝਿਆ ਹੁੰਦਾ ਹੈ ਕਿ ਉਸ ਕੋਲ ਆਪਣੇ ਬੱਚੇ ਦੇ ਨਾਲ ਰਹਿਣ ਦਾ ਮੌਕਾ ਘੱਟ ਮਿਲਦਾ ਹੈ। ਉਹ ਆਪਣੀ ਨੌਕਰੀ ਜਾਂ ਵਿਦੇਸ਼ ਵਿਚ ਰਹਿਣ ਕਰਕੇ ਆਪਣੇ ਬੱਚੇ ਦੇ ਖਾਸ ਮੌਕਿਆ ਜਾਂ ਬੱਚਿਆਂ ਦੇ ਖਾਸ ਮਕਸਦਾਂ ਵਿਚ ਮਦਦ ਨਹੀਂ ਕਰ ਪਾਉਂਦਾ ਇਹ ਰੋਲ ਪਲੇਅ ਸਭ ਮਾਂ ਦੇ ਹਿੱਸੇ ਹੀ ਆਉਂਦੇ ਹਨ।
ਨੌਕਰੀ ਪੇਸ਼ਾ ਔਰਤ
ਅੱਜ ਦੇ ਦੌਰ ਵਿਚ ਦੁਨੀਆਂ ਇੰਨੀ ਤਕਨੀਕੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਆਪਣੀ ਕਾਬਲੀਅਤ ਅਨੁਸਾਰ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਦੌਰ ਵਿਚ ਅੱਜ ਦੀ ਔਰਤ ਦਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਔਰਤ ਅੱਜ ਮੋਢੇ ਨਾਲ ਨਾਲ ਮੋਢਾ ਜੋੜ ਕਿ ਕੰਮ ਕਰ ਰਹੀ ਹੈ । ਔਰਤ ਨੇ ਮਰਦਾਂ ਦੇ ਬਰਾਬਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ| ਅੱਜ ਉਹ ਯੁੱਗ ਆ ਗਿਆ ਹੈ ਜਿੱਥੇ ਔਰਤ ਦੇ ਕੰਮ ਕਰਨ ਉੱਤੇ ਇਤਰਾਜ਼ ਨਹੀਂ ਕੀਤਾ ਜਾਂਦਾ।
ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਕਲਪਨਾ ਚਾਵਲਾ, ਅੰਬਰਾਂ ਨੂੰ ਛੂਹਣ ਵਾਲੀ ਸੁਨੀਤਾ ਵਿਲੀਅਮ ਵਰਗੀਆਂ ਔਰਤਾਂ ਨੇ ਜਿੱਥੇ ਆਪਣੇ ਦੇਸ਼ ਦਾ ਨਾਮ ਚਮਕਾਇਆ ਹੈ ਉਸੇ ਦੇਸ਼ ਅੰਦਰ ਕੁੱਝ ਨਾ ਮੁਰਾਦਾਂ ਦੀ ਵਜ੍ਹਾ ਕਰਕੇ ਗੰਦਗੀ ਦੇ ਢੇਰਾਂ, ਨਾਲਿਆਂ ’ਤੇ ਭਰੂਣਾਂ ਦਾ ਮਿਲਣਾ ਬੜਾ ਸ਼ਰਮਨਾਕ ਹੈ| ਜੋ ਸਮਾਜ ਨੂੰ ਸ਼ਰਮਸਾਰ ਕਰਦਾ ਹੈ। ਕੀ ਇਹ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ? ‘ਪਰਨਾਲਾ ਉਥੇ ਦਾ ਉੱਥੇ ਹੀ ਵਗਦਾ ਰਹੇਗਾ’ ਅੱਜ ਹਰ ਔਰਤ ਇਸ ਸਮਾਜ ਤੋਂ ਸਵਾਲ ਪੁੱਛਦੀ ਹੈ ਕਿ ਆਖਿਰ ਕਦੋਂ ਤੱਕ?
ਬਲਜਿੰਦਰ ਕੌਰ ਸ਼ੇਰਗਿੱਲ
ਸੰਪਰਕ : 9878519278
ਕਹਾਣੀ : ਜਲਜਲੇ 'ਚ ਆਈ ਅਯਾ - ਬਲਜਿੰਦਰ ਕੌਰ ਸ਼ੇਰਗਿੱਲ
ਜਿਵੇਂ ਸਾਰੀ ਦੁਨੀਆਂ ਜਾਣਦੀ ਹੈ ਕਿ ਤੁਰਕੀ ਤੇ ਸੀਰੀਆ 'ਚ ਆਏ ਜਲਜਲੇ ਕਾਰਣ ਤਬਾਹੀ ਹੀ ਤਬਾਹੀ ਦਾ ਖੌਫ਼ਨਾਕ ਮੰਜਰ ਦੇਖਣ ਨੂੰ ਮਿਲ ਰਿਹਾ ਹੈ | ਇਸ ਤਬਾਹੀ ਨੇ ਲੋਕਾਂ ਦਾ ਸਭ ਕੁਝ ਤਬਾਹ ਕਰ ਦਿੱਤਾ | ਕੁਦਰਤ ਦਾ ਕਹਿਰ ਅਜਿਹਾ ਢਾਹ ਗਿਆ ਕਿ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ | ਪਰ ਇਨਸਾਨ ਅਜੇ ਵੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ | ਜਿਸ ਦੀ ਕੀਮਤ ਇੱਕ ਨਾ ਇੱਕ ਦਿਨ ਜ਼ਰੂਰ ਚੁਕਾਉਣੀ ਪੈਂਦੀ ਹੈ | ਇਸ ਭੂਚਾਲ ਨੇ ਦੁਨੀਆਂ ਅੱਗੇ ਅਜਿਹੀ ਤਸਵੀਰ ਪੇਸ਼ ਕੀਤੀ ਹੈ ਜਿਸ ਅੰਦਾਜਾ ਵੀ ਨਹੀਂ ਸੀ | ਅਜਿਹੇ 'ਚ ਸਿਵਾਏ ਪ੍ਰਮਾਤਮਾ ਕੋਲ ਦੁਆ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ | ਕੁਝ ਲੋਕ ਅੱਲਾ ਤਾਲਾ ਅੱਗੇ ਫਰਿਆਦ ਕਰਦੇ ਨਜ਼ਰ ਆਏ | ਕਿਉਂਕਿ ਬਿਲਡਿੰਗਾਂ ਦਾ ਇੱਕ ਮਿੰਟ ਵਿਚ ਤਾਸ਼ ਦੇ ਪੱਤਿਆਂ ਵਾਂਗ ਡਿੱਗਦਿਆਂ ਦੇਖ ਕੇ ਰੂਹਾਂ ਕੰਬ ਉੱਠੀਆਂ | ਉਹ ਪਰਬਤਦਿਗਾਰ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਦੋਂ ਤੇ ਕਿਥੇ ਕੀ ਭਾਣਾ ਵਰਤ ਜਾਣਾ ਹੈ | ਇਹ ਤਾਂ ਸਭ ਰੱਬ ਦੀ ਖੇਡ ਹੈ | ਪਰ ਪਰਮਾਤਮਾ ਨੇ ਜਿਸ ਦਾ ਦਾਣਾ ਪਾਣੀ ਅਜੇ ਧਰਤੀ 'ਤੇ ਲਿਖਿਆ ਹੋਇਆ ਹੈ | ਉਸ ਨੂੰ ਹਰ ਹਾਲ ਵਿਚ ਬਚਾਉਣਾ ਤੇ ਮੌਤ ਦੇ ਮੰੂਹ 'ਚ ਕੱਢਣਾ ਕਰਾਮਾਤ ਤੋਂ ਘੱਟ ਨਹੀਂ ਹੈ |
ਅਜਿਹਾ ਹੀ ਇੱਕ ਕਿਰਸ਼ਮਾ ਹੋਇਆ | ਅਖ਼ਬਾਰ ਤੇ ਨਿਊਜ਼ ਚੈਨਲ ਤੇ ਸ਼ੋਸ਼ਲ ਮੀਡੀਆ ਤੇ ਆ ਰਹੇ ਤੁਰਕੀ ਤੇ ਸੀਰੀਆ ਦਾ ਮੰਜਰ ਦੇਖਦੇ ਰੌਂਗਟੇ ਖੜ੍ਹੇ ਹੋ ਰਹੇ ਸੀ | ਜਿਥੇ ਰੈਸਕਿਊ ਟੀਮਾਂ ਬਹੁ ਮੰਜ਼ਿਲਾਂ ਬਿਲਡਿੰਗਾਂ ਥੱਲ੍ਹੇ ਦੱਬੇ ਲੋਕਾਂ ਤੇ ਬੱਚਿਆਂ ਨੂੰ ਬਚਾਉਣ ਦਾ ਯਤਨ ਕਰ ਰਹੀਆਂ ਸੀ | ਕਈ ਛੋਟੇ-ਛੋਟੇ ਬੱਚਿਆਂ ਨੂੰ ਜਿੰਦ ਤੇ ਸਹੀ ਸਲਾਮਤ ਦੇਖ ਕੇ ਮਨ ਨੂੰ ਤਸੱਲੀ ਜਿਹੀ ਮਿਲ ਰਹੀ ਸੀ | ਇਹਨਾਂ ਬੱਚਿਆਂ ਦੀ ਉਮਰ 1ਸਾਲ, 2ਸਾਲ 3 ਸਾਲ ਜਾਂ ਫਿਰ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਨੂੰ ਜਿੰਦ ਮਲਬੇ ਦੇ ਢੇਰ ਜੋ ਕੱਢਿਆ ਗਿਆ |
ਇਸ ਤਰ੍ਹਾਂ ਇੱਕ ਥਾਂ 'ਤੇ ਰੈਸਕਿਊ ਟੀਮ ਬਿਲਡਿੰਗ ਵਿਚੋਂ ਲੋਕਾਂ ਕੱਢਣ ਤੇ ਬਚਾਉਣ ਲਈ ਕੰਮ ਕਰ ਰਹੀ ਸੀ, ਕਿ ਇੱਕ ਔਰਤ ਦੀ ਜ਼ੋਰ -ਜ਼ੋਰ ਨਾਲ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ | ਰੈਸਕਿਊ ਟੀਮ ਨੇ ਉਸ ਔਰਤ ਨੂੰ ਕਿਹਾ ਕਿ ਉਹ ਘਬਰਾਏ ਨਾ ਉਹ ਉਸ ਨੂੰ ਜਲ਼ਦ ਜਿੰਦ ਕੱਢ ਲੈਣਗੇ, ਬਸ ਹਿੰਮਤ ਰੱਖੇ | ਪਰ ਉਸ ਔਰਤ ਦੀਆਂ ਚੀਕਾਂ ਬੰਦ ਨਹੀਂ ਹੋਈਆਂ | ਉਹ ਕਾਫ਼ੀ ਸਮਾਂ ਚੀਕਦੀ ਰਹੀ | ਪਰ ਟੀਮਾਂ ਵੀ ਉਸ ਨੂੰ ਬਚਾਉਣ ਲਈ ਆਪਣੀ ਵਾਹ ਲਾ ਰਹੀਆਂ ਸੀ | ਤਦ ਅਚਾਨਕ ਹੀ ਉਸ ਔਰਤ ਦੀਆਂ ਚੀਕਣ ਦੀ ਆਵਾਜ਼ ਬੰਦ ਹੋ ਗਈ | ਪਰ ਰੈਸਕਿਊ ਟੀਮ ਉਸ ਕੋਲ ਜਲਦੀ ਨਹੀਂ ਪਹੁੰਚ ਸਕਦੀ ਸੀ | ਕਿਉਂਕਿ ਮਲਬਾ ਹਟਾਉਣ 'ਚ ਸਮਾਂ ਲੱਗ ਰਿਹਾ ਸੀ | ਫਿਰ ਜਦ ਤੱਕ ਰੈਸਕਿਊ ਟੀਮ ਉਸ ਔਰਤ ਕੋਲ ਪਹੁੰਚੀ ਤਦ ਤੱਕ ਉਹ ਆਪਣੇ ਫੌਤ ਹੋ ਚੁੱਕੀ ਸੀ (ਭਾਵ ਕਿ ਮਰ ਚੁੱਕੀ ਸੀ) | ਪਰ ਮਰਨ ਤੋਂ ਪਹਿਲਾਂ ਵੁਹ ਇੱਕ ਨੰਨੀਂ ਜਾਨ ਨੂੰ ਕੁਝ ਕੁ ਸਮਾਂ ਪਹਿਲਾ ਜਨਮ ਦੇ ਚੁੱਕੀ ਸੀ | ਬੱਚੀ ਦਾ ਨਾੜੂਆਂ ਅਜੇ ਆਪਣੀ ਮਾਂ ਨਾਲ ਜੁੜਿਆ ਹੋਇਆ ਸੀ | ਚੀਕਾਂ ਤਾਂ ਇੱਕ ਇਸ਼ਾਰਾ ਸੀ, ਪਰਮਾਤਮਾ ਨੇ ਜਿਸ ਦਾ ਜਨਮ ਤੈਅ ਕੀਤਾ ਹੈ ਉਸ ਨੂੰ ਸੁਰੱਖਿਅਤ ਰੱਖਣਾ ਵੀ ਉਸ ਦੀ ਕਰਾਮਾਤ ਤੋਂ ਘੱਟ ਨਹੀਂ ਸੀ | ਇਸ ਭੂਚਾਲ ਦੇ ਮਲਬੇ ਦੇ ਢੇਰ ਵਿਚ ਇੱਕ ਨੰਨੇ ਮਹਿਮਾਨ ਦਾ ਜਨਮ ਹੋ ਚੁੱਕਾ ਸੀ | ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ | ਇਸ ਕ੍ਰਿਸ਼ਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਉਸ ਬੱਚੀ ਦਾ ਨਾਂ ਵੀ ਕ੍ਰਿਸ਼ਮਾ ਰੱਖ ਦਿੱਤਾ | (ਅਰਬੀ ਭਾਸ਼ਾ 'ਚ ਅਯਾ ਦਾ ਸ਼ਬਦ ਦਾ ਅਰਥ ਕ੍ਰਿਸ਼ਮਾ ਹੁੰਦਾ ਹੈ) | ਉਸ ਔਰਤ ਨੂੰ ਕੱਪੜੇ ਨਾਲ ਢੱਕ ਕੇ ਉਸਦੀ ਲਾਸ਼ ਵੀ ਬਾਹਰ ਕੱਢੀ ਤੇ ਬੱਚੇ ਨੂੰ ਡਾਕਟਰੀ ਮੁਆਇਨੇ ਲਈ ਭੇਜਿਆ ਗਿਆ | ਜੋ ਸਹੀ ਸਲਾਮਤ ਸੀ |
ਭਾਵੇਂ ਕਿ ਇਸ ਭੂਚਾਲ ਦੇ ਨਿਸ਼ਾਨ ਕਦੇ ਨਹੀਂ ਭੁੱਲਣੇ | ਜਿਥੇ ਅਣਗਣਿਤ ਜਾਨਾਂ ਚਲੇ ਗਈਆਂ | ਕੁਝ ਇਹਨਾਂ ਮਲਬੇ ਹੇਠਾਂ ਦਫ਼ਨ ਹੋ ਗਏ | ਅਜਿਹੇ ਮੰਜਰ ਨੂੰ ਦੇਖ ਲੋਕ ਉਥੇ ਅੱਲਾ ਅੱਲਾ ਨੂੰ ਪੁਕਾਰਦੇ ਨਜ਼ਰ ਆਏ | ਇਹ ਦਰਦ ਬਿਆਨ ਕਰਨਾ ਵੀ ਉਨ੍ਹਾਂ ਹੀ ਔਖਾ ਹੈ, ਜਿਨ੍ਹਾਂ ਸਹਿਣ ਵਾਲਿਆਂ ਨਾਲ ਹੋਇਆ ਹੈ |
ਸਬਕ
ਇਹ ਤਬਾਹੀ ਸਬਕ ਸਿਖਾ ਕੇ ਗਈ ਹੈ | ਜੇਕਰ ਅਜੇ ਵੀ ਇਨਸਾਨ ਨੇ ਸਬਕ ਨਾ ਸਿੱਖਿਆ ਤਾਂ ਮੰਜਰ ਇਸ ਤੋਂ ਵੀ ਭਿਆਨਕ ਸਾਬਤ ਹੋ ਸਕਦੇ ਹਨ |
ਅੱਜ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਨ ਦਾ ਹਰ ਇੱਕ ਬੰਦੇ ਕਰਤੱਵ ਬਣਦਾ ਹੈ | ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੁਦਰਤ ਦਾ ਕਹਿਰ ਹਰ ਇੱਕ ਨੂੰ ਆਪਣੀ ਲਪੇਟ 'ਚ ਲੈ ਲਵੇਗਾ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278