Dr-Shiam-Sunder-Deepti

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ  - ਡਾ. ਸ਼ਿਆਮ ਸੁੰਦਰ ਦੀਪਤੀ

ਸਿਹਤ ਅਤੇ ਬਿਮਾਰੀ ਦੇ ਪੱਖ ਤੋਂ ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੱਲ ਨਜ਼ਰ ਮਾਰਦੇ ਹਾਂ ਤਾਂ ਲਗਦਾ ਹੈ ਜਿਵੇਂ ਹਰ ਘਰ ਬਿਮਾਰ ਹੈ, ਮਤਲਬ ਘਰ ਦੇ ਸਾਰੇ ਜੀਅ ਭਾਵੇਂ ਬਿਮਾਰ ਨਾ ਵੀ ਹੋਣ, ਇੱਕ ਦੋ ਅਜਿਹੇ ਮੈਂਬਰ ਹੋਣਗੇ ਜੋ ਦਵਾਈਆਂ ਨਾਲ ਆਪਣਾ ਜੀਵਨ ਲੰਘਾ ਰਹੇ ਹਨ ਜਾਂ ਕੋਈ ਥੋੜ੍ਹੀ-ਬਹੁਤ ਦਵਾਈ ਰੋਜ਼ਾਨਾ ਖਾ ਹੀ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੋ ਸਕਦੀ ਹੈ ਕਿ ਹਰ ਗਲੀ-ਬਾਜ਼ਾਰ ਵਿਚ ਦਵਾਈਆਂ ਦੀ ਦੁਕਾਨ ਹੈ ਤੇ ਉਨ੍ਹਾਂ ਤੇ ਵੀ ਪੂਰੀ ਭੀੜ ਹੁੰਦੀ ਹੈ, ਜਿਵੇਂ ਰਾਸ਼ਨ ਦੀਆਂ ਦੁਕਾਨਾਂ ਤੇ ਹੁੰਦੀ ਹੈ। ਇੱਕ ਸਰਵੇਖਣ ਮੁਤਾਬਕ ਪਿੰਡਾਂ ਵਿਚ ਛੋਟੇ ਤੋਂ ਛੋਟੇ ਚਾਰ ਤੋਂ ਪੰਜ ਕੈਮਸਿਟ ਬੈਠੇ ਹਨ। ਇਸ ਦਾ ਇੱਕ ਪੱਖ ਭਾਵੇਂ ਇਹ ਵੀ ਹੈ ਕਿ ਉਹ ਕੈਮਿਸਟ ਦੀ ਦੁਕਾਨ ਦੀ ਆੜ ਵਿਚ ਕਿਹੜਾ ਧੰਦਾ ਕਰ ਰਹੇ ਹਨ!

         ਸਵਾਲ ਹੈ ਕਿ ਅਜੋਕੇ ਸਮੇਂ ਵਿਚ ਬਿਮਾਰੀ ਦੀ ਸਰਦਾਰੀ ਕਿਉਂ ਹੈ? ਚਾਲੀ-ਪੰਜਾਹ ਸਾਲ ਪਹਿਲੋਂ ਦੇ ਸਮੇਂ ਵਿਚ ਵਿਚਰਦੇ ਲੋਕ ਇਹ ਕਹਿੰਦੇ ਮਿਲ ਜਾਣਗੇ ਕਿ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂ, ਮਤਲਬ ਇਹ ਸਿੱਟਾ ਕੱਢਿਆ ਜਾਵੇ ਕਿ ਬਿਮਾਰੀਆਂ ਵਧ ਗਈਆਂ ਹਨ ਤੇ ਨਾਲ ਇਹ ਵੀ ਕਿ ਬਿਮਾਰੀਆਂ ਪੈਦਾ ਹੋ ਗਈਆਂ ਹਨ। ਜੇਕਰ ਇਹ ਸੱਚ ਹੈ ਤਾਂ ਬਿਮਾਰੀਆਂ ਪੈਦਾ ਹੋਣ ਪਿੱਛੇ ਵੀ ਤਾਂ ਕੋਈ ਕਾਰਨ ਹੋਵੇਗਾ। ਉਹ ਕੀ ਤਬਦੀਲੀ ਹੈ, ਜਦੋਂਕਿ ਅਸੀਂ ਵਿਗਿਆਨਕ ਸਮਝ ਤਹਿਤ ਸਾਫ਼ ਪਾਣੀ, ਸਾਫ਼-ਸਫ਼ਾਈ, ਸਿਹਤ ਪ੍ਰਤੀ ਚੇਤਨਾ ਆਦਿ ਅਨੇਕਾਂ ਅਜਿਹੇ ਉਪਰਾਲਿਆਂ ਨੂੰ ਸਲਾਹੁੰਦੇ ਹਾਂ ਤੇ ਉਨ੍ਹਾਂ ਦੇ ਸਿਰ ਸਿਹਰਾ ਬੰਨ੍ਹਦੇ ਹਾਂ। ਔਸਤਨ ਉਮਰ ਵਿਚ ਵਾਧੇ ਨੂੰ ਲੈ ਕੇ ਵੀ ਇਹੀ ਗੱਲ ਹੁੰਦੀ ਹੈ ਕਿ ਸਿਹਤ ਬਾਰੇ ਕਾਫ਼ੀ ਖੋਜ ਹੋਈ ਹੈ ਤੇ ਬਿਮਾਰੀਆਂ ਦੇ ਕਾਰਗਰ ਇਲਾਜ ਸੰਭਵ ਹੋਏ ਹਨ।

ਸਿਹਤ ਦਾ ਦ੍ਰਿਸ਼ ਬਦਲਿਆ ਹੈ, ਬਿਲਕੁੱਲ ਸਹੀ ਹੈ ਪਰ ਬਿਮਾਰੀਆਂ ਵੀ ਵਧੀਆਂ ਹਨ, ਇਹ ਵੀ ਸੱਚ ਹੈ।

       ਸਿਹਤ ਅਤੇ ਬਿਮਾਰੀ ਦੇ ਦ੍ਰਿਸ਼ ਨੂੰ ਸਮਝਣ ਲਈ ਪਿੱਛੇ ਝਾਤ ਮਾਰਾਂਗੇ ਤਾਂ ਮਨੁੱਖ ਸਭ ਤੋਂ ਪਹਿਲਾਂ ਮੌਤ ਬਾਰੇ ਉਦੋਂ ਸੁਚੇਤ ਹੋਇਆ, ਜਦੋਂ ਉਸ ਨੇ ਦੇਖਿਆ ਕਿ ਕੋਈ ਚੰਗਾ-ਭਲਾ ਤੁਰਦਾ-ਫਿਰਦਾ ਬੰਦਾ ਇਕਦਮ ਬੇਹਰਕਤ ਹੋ ਜਾਂਦਾ ਹੈ। ਦੂਸਰੇ ਪੜਾਅ ਦੌਰਾਨ ਮਨੁੱਖ ਨੇ ਮਹਿਸੂਸ ਕੀਤਾ ਕਿ ਮੌਤ ਤੋਂ ਪਹਿਲਾਂ ਜਾਂ ਵੈਸੇ ਵੀ ਬੰਦਾ ਕੁਝ ਢਿੱਲਾ ਜਿਹਾ ਮਹਿਸੂਸ ਕਰਦਾ ਹੈ। ਉਹ ਕੁਝ ਦਿਨ ਇਸ ਹਾਲਤ ਵਿਚ ਰਹਿ ਕੇ ਵੀ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਆਪਣੀ ਸਹਿਜ ਹਾਲਤ ਵਿਚ ਵਾਪਸ ਨਹੀਂ ਪਰਤਦਾ। ਉਸ ਨੇ ਕੁਝ ਅਹੁੜ-ਪਹੁੜ ਕਰਕੇ ਉਸ ਹਾਲਤ ਵਿਚੋਂ ਬਾਹਰ ਆਉਣ ਦੇ ਢੰਗ ਤਰੀਕੇ ਵੀ ਲੱਭੇ।

        ਅੱਜ ਅਸੀਂ ਤੀਸਰੇ ਪੜਾਅ ਵਿਚ ਕਹੇ ਜਾਂਦੇ ਹਾਂ, ਇਹ ਹੈ ਸਿਹਤ ਬਾਰੇ ਸੁਚੇਤ ਹੋਣਾ। ਇਸ ਦਾ ਇਹ ਅਰਥ ਨਹੀਂ ਕਿ ਬਿਮਾਰ ਨਹੀਂ ਹੁੰਦੇ ਜਾਂ ਬਿਮਾਰੀ ਨੇੜੇ ਨਹੀਂ ਆਉਂਦੀ, ਇਸ ਹਾਲਤ ਦਾ ਅਰਥ ਹੈ ਕਿ ਸਾਨੂੰ ਵਿਗਿਆਨ ਨੇ ਬਿਮਾਰੀ ਦੇ ਕਾਰਨਾਂ ਬਾਰੇ ਸੁਚੇਤ ਕਰ ਦਿੱਤਾ ਹੈ। ਇਹ ਹੁਣ ਸਾਡੇ ਗਿਆਨ ਦਾ ਹਿੱਸਾ ਹੈ ਕਿ ਕੋਈ ਬਿਮਾਰ ਕਿਵੇਂ ਹੁੰਦਾ ਹੈ ਤੇ ਅਸੀਂ ਉਸ ਬਾਰੇ ਸਮਝਦਾਰੀ ਨਾਲ ਵਿਹਾਰ ਕਰਦੇ ਹੋਏ ਬਿਮਾਰ ਹੋਣ ਤੋਂ ਬਚ ਸਕਦੇ ਹਾਂ, ਭਾਵ ਅਸੀਂ ਸਿਹਤਮੰਦ ਰਹਿਣ ਦੇ ਤਰੀਕੇ ਜਾਣ ਲਏ ਹਨ। ਤੁਸੀਂ ਅਜੋਕੇ ਸਮੇਂ ਵਿਚ ਸਿਹਤਮੰਦ, ਪ੍ਰੀਮੀਅਮ ਖਾਣੇ, ਨਮਕੀਨ, ਬਿਸਕੁਟ, ਜੂਸ ਬਾਰੇ ਅਜਿਹੀ ਸਮਝਦਾਰੀ ਸੁਣ ਸਕਦੇ ਹੋ।

       ਸਿਹਤ ਬਾਰੇ ਸਮਝ, ਲੰਮੀ ਉਮਰ ਅਤੇ ਹਰ ਘਰ ਵਿਚ ਵਿਸ਼ੇਸ ਦਵਾਈਆਂ ਲਈ ਬਜਟ ਅਤੇ ਅਲਮਾਰੀ ਵਿਚ ਇੱਕ ਥਾਂ ਜਿੱਥੇ ਦਵਾਈਆਂ ਮੌਜੂਦ ਨੇ। ਜਿੱਥੇ ਕਿਤੇ ਵੀ ਬੈਠੋ, ਤੁਸੀਂ ਕਿਸੇ ਨੂੰ ਮਿਲਣ ਜਾਵੋ, ਕੋਈ ਤਹਾਨੂੰ ਮਿਲਣ ਆਵੇ, ਬਿਮਾਰੀਆਂ ਬਾਰੇ ਚਰਚਾ ਜ਼ਰੂਰ ਹੁੰਦੀ ਹੈ, ਸਿਹਤ ਬਾਰੇ ਹੋਵੇ ਨਾ ਹੋਵੇ।

     ਸਿਹਤ ਅਤੇ ਬਿਮਾਰੀ ਬਾਰੇ ਸਮਝ ਵਿਚ ਆਈ ਤਬਦੀਲੀ ਨੂੰ ਇਸ ਪੱਖ ਤੋਂ ਸਮਝੀਏ ਕਿ ਇਨ੍ਹਾਂ ਦੋਹਾਂ ਪਹਿਲੂਆਂ ਵਿਚ ਤੀਸਰਾ ਪੱਖ ਹੈ, ਡਾਕਟਰ। ਨਿਸ਼ਚਿਤ ਹੀ ਉਹ ਵਿਧੀਵਤ ਜਾਣਕਾਰ ਹੈ। ਉਹ ਭਾਵੇਂ ਸਾਡੇ ਪੁਰਾਤਨ ਵੈਦ ਵਿਵਸਥਾ ਤੋਂ ਹੈ ਤੇ ਭਾਵੇਂ ਹੁਣ ਵਿਗਿਆਨਕ, ਮੈਡੀਕਲ ਪੜ੍ਹਾਈ ਨਾਲ ਲੈਸ। ਉਹ ਬਿਮਾਰੀ ਬੁੱਝਦਾ ਹੈ, ਫਿਰ ਦਵਾਈ ਦਿੰਦਾ ਹੈ। ਦਵਾਈ ਜੋ ਕਿਸੇ ਵੇਲੇ ਡਾਕਟਰ ਆਪਣੀ ਸਮਝ ਨਾਲ ਘਰੇ ਹੀ ਤਿਆਰ ਕਰਕੇ ਦਿੰਦਾ ਸੀ, ਹੁਣ ਉਹ ਵਿਸ਼ੇਸ਼ ਖੇਤਰ ਹੈ। ਇਸ ਤਰਤੀਬ ਵਿਚ ਹੁਣ ਬਿਮਾਰੀ ਅਤੇ ਸਿਹਤ ਦੇ ਖੇਤਰ ਵਿਚ ਡਾਕਟਰ ਦੇ ਨਾਲ ਦਵਾ ਕੰਪਨੀ ਅਤੇ ਦਵਾਈਆਂ ਦੀ ਖਰੀਦ-ਵੇਚ ਦਾ ਬਾਜ਼ਾਰ ਹੈ। ਡਾਕਟਰ ਕੋਲ ਸਿਖਲਾਈ ਹੈ ਕਿ ਰੋਗ ਵੀ ਲੱਭੇ ਤੇ ਦਾਰੂ ਵੀ। ਪੜ੍ਹਾਈ ਰੋਗ ਲੱਭਣ ਦੀ ਤਕਨੀਕ ਹੀ ਸਿਖਾਉਂਦੀ ਹੈ। ਮਰੀਜ਼ ਆਪਣੀ ਤਕਲੀਫ਼ ਦੱਸਦਾ ਹੈ, ਡਾਕਟਰ ਨਬਜ਼ ਦੇਖਦਾ ਹੈ ਜਾਂ ਕੁਝ ਹੋਰ ਸਰੀਰ ਦੇ ਹਿੱਸੇ ਤੇ ਫਿਰ ਬਿਮਾਰੀ ਬੁੱਝ ਲੈਂਦਾ ਹੈ। ਨਹੀਂ ਤਾਂ ਇੱਕ ਅੱਧਾ ਟੈਸਟ ਕਰਵਾ ਲੈਂਦਾ ਹੈ ਜੋ ਨਵਾਂ ਪਹਿਲੂ ਹੈ, ਵੱਖਰੀ ਸਨਅਤ। ਬਿਮਾਰੀ, ਸਿਹਤ, ਡਾਕਟਰ, ਦਵਾਈਆਂ, ਟੈਸਟ।

      ਜੇਕਰ ਇਸ ਸਮਝ ਨੂੰ ਕੁਝ ਸੀਮਤ ਕਰਕੇ ਦੇਖੀਏ ਤਾਂ ਇਹ ਹੈ ਮਰੀਜ਼, ਡਾਕਟਰ ਅਤੇ ਬਾਜ਼ਾਰ ਪਰ ਇਹ ਸਮਝ ਸਗੋਂ ਬਹੁਤ ਜਿ਼ਆਦਾ ਫੈਲ ਗਈ ਹੈ। ਇਹ ਫੈਲਾਅ ਹੈ ਜੋ ਘਰ ਘਰ ਪਹੁੰਚ ਗਿਆ ਹੈ ਜਾਂ ਹਰ ਘਰ ਬਾਜ਼ਾਰ ਵਿਚ ਨਜ਼ਰ ਆਉਂਦਾ ਹੈ।

       ਸਿਹਤ ਅਤੇ ਬਿਮਾਰੀ ਦੇ ਖੇਤਰ ਨਾਲ ਜੁੜੇ ਕੁਝ ਤਰਕਸ਼ੀਲ ਡਾਕਟਰ/ਵਿਗਿਆਨੀ, ਬਿਮਾਰੀਆਂ ਦੇ ਵਿਧੀਵਤ ਨਾਮਾਂ ਤੋਂ ਇਨਕਾਰੀ ਹਨ। ਉਦਾਹਰਨ ਦੇ ਤੌਰ ਤੇ ਦਿਲ ਦੀਆਂ ਬਿਮਾਰੀਆਂ ਜਾਂ ਬਲੱਡ ਪ੍ਰੈਸ਼ਰ ਨੂੰ ਉਹ ਬਿਮਾਰੀ ਨਹੀਂ ਮੰਨਦੇ। ਸੱਚਮੁੱਚ ਹੈ ਵੀ ਨਹੀਂ। ਜੇਕਰ ਇਸ ਦਾ ਫੌਰੀ ਕਾਰਨ ਸਮਝਣਾ ਹੋਵੇ ਤਾਂ ਉਹ ਹੈ ਮੋਟਾਪਾ ਜਾਂ ਲੋੜ ਤੋਂ ਵੱਧ ਭਾਰ। ਮੋਟਾਪਾ ਵੀ ਆਪਣੇ ਆਪ ਵਿਚ ਬਿਮਾਰੀ ਨਹੀਂ ਹੈ। ਇਸ ਤਰ੍ਹਾਂ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਕਿਸੇ ਹੋਰ ਲੁਕਵੀਂ ਅਵਸਥਾ ਦੇ ਲੱਛਣ ਹਨ, ਤਾਂ ਹੀ ਬਲੱਡ ਪ੍ਰਸ਼ੈਰ ਲਈ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ ਕਿਉਂਕਿ ਬਿਮਾਰੀ ਲੱਭੀ ਹੀ ਨਹੀਂ। ਇਸ ਹਾਲਤ ਵਿਚ ਬਿਮਾਰ ਕਰਨ ਵਾਲੀ ਹਾਲਤ ਹੈ, ਖੁਰਾਕ ਬਾਰੇ ਬੇਸਮਝੀ, ਉਸ ਦੀ ਬੇਤਰਤੀਬੀ। ਉਹ ਬੇਤਰਤੀਬੀ ਭਾਵੇਂ ਖੁਰਾਕ ਪਦਾਰਥਾਂ ਦੀ ਚੋਣ ਵਿਚ ਹੈ ਜਾਂ ਖੁਰਾਕੀ ਪਦਾਰਥਾਂ ਦੀ ਵਰਤੋਂ ਵਿਚ, ਉਸ ਵਿਚ ਸੰਤੁਲਨ ਨਹੀਂ ਹੈ।

      ਇਸੇ ਤਰ੍ਹਾਂ ਕਿਸੇ ਵੀ ਬਿਮਾਰੀ ਲਈ ਜੋ ਡਾਕਟਰ/ਵੈਦ ਪਰਚੀ ਤੇ ਲਿਖਦਾ ਹੈ, ਉਹ ਬਹੁਤੀ ਵਾਰੀ ਬਿਮਾਰੀ ਦੇ ਲੱਛਣ ਹਨ। ਇੱਥੋਂ ਤੱਕ ਕਿ ਮਲੇਰੀਆਂ ਬੁਖਾਰ ਭਾਵੇਂ ਖੂਨ ਦੇ ਟੈਸਟ ਨੇ ਪੱਕਾ ਕਰ ਦਿੱਤਾ ਹੈ, ਫਿਰ ਵੀ ਉਹ ਕਿਸੇ ਖਾਸ ਵਾਤਾਵਰਨ ਦੀ ਪੈਦਾਵਾਰ ਹੈ। ਅਸੀਂ ਮੱਛਰ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਬਿਮਾਰ ਬੰਦੇ ਨੂੰ ਖੁੱਲ੍ਹੇ ਵਿਹੜੇ ਵਿਚ ਸੌਣ ਕਰਕੇ ਜਾਂ ਬੁਨੈਣ ਵਿਚ ਫਿਰਦੇ ਰਹਿਣ ਲਈ ਝਿੜਕ ਸਕਦੇ ਹਾਂ ਪਰ ਅਸਲੀ ਕਾਰਨ ਗੰਦੇ ਪਾਣੀ ਵਾਲਾ ਉਹ ਟੋਭਾ ਹੈ ਜਿੱਥੇ ਮੱਛਰ ਪਨਪਦਾ ਹੈ। ਉਸ ਕਾਰਨ ਨੂੰ ਪਛਾਣਨਾ ਹੀ ਬਿਮਾਰੀ ਨੂੰ ਬੁੱਝਣਾ ਹੈ।

       ਇਹ ਵਿਗਿਆਨਕ ਸਮਝ ਹੈ ਕਿ ਜਦੋਂ ਤੱਕ ਸਹੀ ਕਾਰਨ ਤੇ ਉਂਗਲ ਨਹੀਂ ਧਰੀ ਜਾਵੇਗੀ, ਇਲਾਜ ਵੀ ਸਹੀ ਦਿਸ਼ਾ ਵਿਚ ਨਹੀਂ ਹੋਵੇਗਾ। ਲੱਛਣਾਂ ਦੇ ਇਲਾਜ ਕਰ ਕਰ ਕੇ, ਡਾਕਟਰ ਵੀ ਹੰਭ ਜਾਵੇਗਾ ਤੇ ਮਰੀਜ਼ ਵੀ ਨਿਰਾਸ਼ਾ ਦੇ ਘੇਰੇ ਵਿਚ ਚਲਾ ਜਾਵੇਗਾ। ਡਾਕਟਰਾਂ ਦਾ ਇੱਥੇ ਕੋਈ ਮੁਫ਼ਾਦ ਹੋ ਸਕਦਾ ਹੈ ਜੋ ‘ਦੁਕਾਨ’ ਖੋਲ੍ਹ ਕੇ ਬੈਠਾ ਹੈ ਅਤੇ ਬਾਜ਼ਾਰ ਦਾ ਹਿੱਸਾ ਹੈ। ਜਦੋਂ ਗੱਲ ਇਹ ਚੱਲ ਰਹੀ ਹੈ ਕਿ ਬਿਮਾਰੀ ਦੀ ਸਰਦਾਰੀ ਹੈ ਤਾਂ ਉਸ ਪਿੱਛੇ ਇਸ ਪਹਿਲੂ ਤੇ ਵੀ ਗੱਲ ਕਰਨੀ ਬਣਦੀ ਹੈ ਕਿ ਮੈਡੀਕਲ ਅਮਲਾ ਵੀ ਬਹੁਤ ਹੱਦ ਤੱਕ ਬਿਮਾਰੀ ਤੇ ਹੀ ਖੋਜ ਕਰਦਾ ਹੈ। ਜ਼ਰੂਰੀ ਹੈ ਕਿ ਬਿਮਾਰੀ ਦੇ ਕਾਰਨ ਬੁੱਝੇ ਜਾਣ ਤੇ ਉਨ੍ਹਾਂ ਲਈ ਇਲਾਜ ਹੋਵੇ, ਤਕਲੀਫ਼ ਵਿਚੋਂ ਲੰਘ ਰਹੇ ਬੰਦੇ ਨੂੰ ਰਾਹਤ ਮਿਲੇ ਪਰ ਜਦੋਂ ਅਸੀਂ ਆਪਣੇ ਆਪ ਨੂੰ ‘ਸਿਹਤ ਬਾਰੇ ਜਾਗਰੂਕਤਾ’ ਦੇ ਪੜਾਅ ਵਿਚੋਂ ਲੰਘ ਰਹੇ ਮੰਨਦੇ ਹਾਂ ਤਾਂ ਕੀ ਇਹ ਪਹਿਲੂ ਵਿਚਾਰਨ ਵਾਲਾ ਨਹੀਂ ਕਿ ਸਿਹਤ ਨੂੰ ਲੈ ਕੇ ਖੋਜ ਹੋਵੇ? ਕਿਤੇ ਹੀ ਇਸ ਤਰ੍ਹਾਂ ਦੀ ਖੋਜ ਦੇਖਣ ਨੂੰ ਮਿਲਦੀ ਹੈ ਕਿ ਪੰਜ-ਚਾਰ ਸੌ ਬਜ਼ੁਰਗ ਜੋ 60-70 ਸਾਲ ਦੀ ਉਮਰ ਦੇ ਹੋਣ ਤੇ ਉਹ ਕੋਈ ਵੀ ਦਵਾਈ ਨਾ ਖਾ ਰਹੇ ਹੋਣ, ਭਾਵ ਸਿਹਤਮੰਦ ਹੋਣ। ਉਨ੍ਹਾਂ ਨਾਲ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਕਰਕੇ ਉਹ ਨੁਕਤੇ ਉਭਾਰੇ ਜਾਣ ਤਾਂ ਕਿ ਇਹ ਢੰਗ-ਤਰੀਕੇ ਹਨ ਜੋ ਸਿਹਤਮੰਦ ਰੱਖ ਸਕਦੇ ਹਨ।

      ਗੱਲ ਇਹ ਨਹੀਂ ਕਿ ਸਾਡੇ ਕੋਲ ਸਿਹਤਮੰਦ ਰਹਿਣ ਅਤੇ ਸਰੀਰ ਵਿਗਿਆਨ ਦੇ ਪਹਿਲੂ ਤੋਂ ਅਧਿਐਨ ਦੀ ਸਮਝ ਨਾ ਹੋਵੇ ਪਰ ਉਹ ਵਿਹਾਰਕ ਘੱਟ ਹੈ ਤੇ ਬਾਜ਼ਾਰ ਨਾਲ ਵੱਧ ਜੁੜੀ ਹੈ। ਕਾਰਪੋਰੇਟ ਕੰਪਨੀਆਂ ਕਦੇ ਰਿਫਾਈਂਡ ਤੇਲ, ਕਦੇ ਦੇਸੀ ਘਿਓ, ਕਦੇ ਨਮਕ ਵਿਚ ਪੋਟਾਸ਼ੀਅਮ ਦੀ ਮਾਤਰਾ ਦੀ ਘੱਟ ਵੱਧ ਵਰਤੋਂ ਨੂੰ ਲੈ ਕੇ, ਕਦੇ ਕੋਲੈਸਟਰਲ ਅਤੇ ਕਦੇ ਟਰਾਂਸ ਫੈਟ ਬਾਰੇ ਖੋਜਾਂ ਕਰਵਾਉਂਦੀਆਂ ਹਨ ਪਰ ਸਮੁੱਚਤਾ ਅਤੇ ਸੰਤੁਲਨ ਵਾਲਾ, ਜੀਵਨ ਦੇ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਸਿਹਤਮੰਦ ਰਹਿਣ ਦਾ ਅਧਿਐਨ ਲੋੜੀਂਦਾ ਹੈ ਜੋ ਸਾਡੇ ਆਲੇ-ਦੁਆਲੇ ਹੈ। ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ਪੜਾਅ ਸ਼ੁਰੂ ਕੀਤਾ ਜਾਵੇ।

ਸੰਪਰਕ : 98158-08506

 ਕਰੋਨਾ ਤੋਂ ਬਲੈਕ ਫੰਗਸ ਦਾ ਭੈਅ -  ਡਾ. ਸ਼ਿਆਮ ਸੁੰਦਰ ਦੀਪਤੀ

ਕਰੋਨਾ ਨੂੰ ਲੈ ਕੇ ਸਥਿਤੀ ਅਜੇ ਪੂਰੀ ਤਰ੍ਹਾਂ ਸੰਭਲੀ ਨਹੀਂ ਤੇ ਹੁਣ ਹੌਲੀ ਹੌਲੀ ਬਲੈਕ ਫੰਗਸ ਨੇ ਇੱਕ ਤੋਂ ਬਾਅਦ ਇੱਕ ਸੂਬੇ ਨੂੰ ਆਪਣੇ ਘੇਰੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਦਹਿਸ਼ਤ ਕਰੋਨਾ ਤੋਂ ਵੀ ਵੱਧ ਹੈ, ਜਦੋਂ ਕੋਈ ਉਹ ਖ਼ਬਰਾਂ ਸੁਣਦਾ ਹੈ ਕਿ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ ਪੈ ਰਹੀਆਂ ਹਨ, ਕਿਸੇ ਦੀ ਇੱਕ ਕਿਸੇ ਦੀਆਂ ਦੋਵੇਂ। ਇਸ ਬਿਮਾਰੀ ਨੂੰ ਕਰੋਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਡਰ ਹਰ ਇਕ ਦੇ ਮਨ ਵਿਚ ਫੈਲ ਗਿਆ ਹੈ। ਮਾੜੀ ਮੋਟੀ ਅੱਖ ਦੀ ਤਕਲੀਫ਼, ਲਾਲੀ ਜਾਂ ਪਾਣੀ ਆਉਣ ’ਤੇ ਵੀ, ਸਭ ਤੋਂ ਪਹਿਲਾਂ ਬਲੈਕ ਫੰਗਸ ਦੀ ਦਿਮਾਗ ਵਿਚ ਦਸਤਕ ਹੁੰਦੀ ਹੈ। ਇਸ ਦੀ ਸੱਚਾਈ ਕੀ ਹੈ, ਕਿੰਨੇ ਕੁ ਭਰਮ-ਭੁਲੇਖੇ ਹਨ ਤੇ ਅਸਲੀਅਤ ਕੀ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਬਚਾਅ ਹੋ ਸਕੇ ਤੇ ਗੰਭੀਰ ਹਾਲਤ ਹੋਣ ਤੋਂ ਬਚਿਆ ਜਾ ਸਕੇ।

• ਇਹ ਬਲੈਕ ਫੰਗਸ ਹੈ ਕੀ ?
    ਫੰਗਸ ਜੇਕਰ ਆਮ ਭਾਸ਼ਾ ਵਿਚ ਸਮਝੀਏ ਤਾਂ ਇਹ ਉੱਲੀ ਹੈ। ਉੱਲੀ ਜੋ ਅਸੀਂ ਆਪਣੇ ਆਲੇ ਦੁਆਲੇ ਫੈਲੀ ਦੇਖਦੇ ਹਾਂ। ਇਹ ਮਿੱਟੀ ਵਿਚ ਹੁੰਦੀ ਹੈ। ਸਲਾਬੇ ਵਾਲੀ ਥਾਂ, ਜਿਥੇ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਉੱਥੇ ਇਹ ਉਗਦੀ ਹੈ। ਬਲੈਕ ਫੰਗਸ ਵੀ ਉਸੇ ਕਿਸਮ ਦੀ ਹੈ। ਇਹ ਪਹਿਲੀ ਵਾਰੀ ਸਾਹਮਣੇ ਨਹੀਂ ਆਈ ਹੈ। ਇਹ ਬਹੁਤ ਹੀ ਘੱਟ ਮਰੀਜ਼ਾਂ ਵਾਲੀ ਬਿਮਾਰੀ ਹੈ। ਇਹ ਅਕਸਰ ਉਨ੍ਹਾਂ ਮਰੀਜ਼ਾਂ ਵਿਚ ਦੇਖੀ ਗਈ ਹੈ, ਜਿਸ ਵਿਅਕਤੀ ਦੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਦੂਸਰੇ, ਉਨ੍ਹਾਂ ਮਰੀਜ਼ਾਂ ਵਿਚ ਜੋ ਆਈ.ਸੀ.ਯੂ. ਵਿਚ ਲੰਮਾਂ ਸਮਾਂ ਪਏ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਸਾਹ ਦੀਆਂ ਨਲੀਆਂ, ਜੋ ਆਕਸੀਜਨ ਦੇਣ ਲਈ ਵਰਤੀਆਂ ਜਾਂਦੀਆਂ ਹਨ, ਲੋੜ ਮੁਤਾਬਕ, ਸਮੇਂ ਸਿਰ ਬਦਲੀਆਂ ਨਹੀਂ ਜਾਂਦੀਆਂ। ਇਹ ਮਰੀਜ਼ ਅਕਸਰ ਸ਼ੂਗਰ ਕਾਬੂ ਨਾ ਹੋਣ ਵਾਲੇ ਮਰੀਜ਼, ਕੈਂਸਰ ਜਾਂ ਸਾਹ ਛਾਤੀ ਦੀ ਕਿਸੇ ਲੰਮੀ ਬਿਮਾਰੀ ਵਾਲੇ ਹੁੰਦੇ ਹਨ।

• ਇਸ ਬਿਮਾਰੀ ਦਾ ਕਰੋਨਾ ਨਾਲ ਸਬੰਧ ਜੋੜਿਆ ਜਾ ਰਿਹਾ ਹੈ। ਉਸ ਦੀ ਕੀ ਵਜ੍ਹਾ ਹੈ ?
     ਕਰੋਨਾ ਨਾਲ ਬਲੈਕ ਫੰਗਸ ਦਾ ਸਬੰਧ ਜੁੜ ਗਿਆ ਹੈ, ਕਿਉਂ ਜੋ ਹੁਣ ਦੇਸ਼ ਵਿਚ ਕਰੋਨਾ ਮਹਾਮਾਰੀ ਦੀ ਮਾਰ ਹੈ। ਸਾਰੇ ਹਸਪਤਾਲ ਹੀ ਕਰੋਨਾ ਪੀੜਤਾਂ ਨਾਲ ਭਰੇ ਪਏ ਹਨ ਤੇ ਬਲੈਕ ਫੰਗਸ ਦਾ ਹਮਲਾ ਹੁਣ ਉਨ੍ਹਾਂ ਉੱਪਰ ਵੱਧ ਹੈ। ਉਂਝ ਕਰੋਨਾ ਵੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਕਰਦਾ ਹੀ ਹੈ। ਸਾਹ-ਨਲੀਆਂ ਦੀ ਸਾਫ਼ ਸਫ਼ਾਈ ਵੀ ਇਕ ਕਾਰਨ ਹੈ ਪਰ ਦੂਸਰਾ ਅਹਿਮ ਕਾਰਨ ਕਰੋਨਾ ਮਰੀਜ਼ਾਂ ਲਈ ਵਰਤੀ ਜਾ ਰਹੀ ਦਵਾਈ ਕੋਰਟੀਕੋਸਈਰਾਇਡ ਦੀ ਵੱਡੀ ਭੂਮਿਕਾ ਹੈ।
      ਕੋਰਟੀਕੋਸਟੀਰਾਇਡ ਦਾ ਸਿੱਧਾ ਹਮਲਾ ਸਰੀਰ ਦੀ ਸੁਰੱਖਿਆ ਪ੍ਰਣਾਲੀ ’ਤੇ ਹੁੰਦਾ ਹੈ ਤੇ ਨਾਲੇ ਹੀ ਇਹ ਸਰੀਰ ਵਿਚ ਸ਼ੂਗਰ ਦੀ ਮਾਤਰਾ ਨੂੰ ਇਕੋਦਮ ਵਧਾ ਦਿੰਦੀ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਉ ਕਿ ਇਕ ਆਮ ਆਦਮੀ ਨੂੰ ਜੇ ਇਹ ਦਵਾਈ ਦਿੱਤੀ ਜਾਂਦੀ ਹੈ ਤਾਂ ਉਸ ਦੀ ਬਲੱਡ ਸ਼ੁਗਰ 250 ਤਕ ਪਹੁੰਚ ਜਾਂਦੀ ਹੈ ਤੇ ਜੇਕਰ ਉਹ ਪਹਿਲੋਂ ਹੀ ਸ਼ੁਗਰ ਰੋਗੀ ਹੋਵੇ ਤਾਂ ਉਹ ਚਾਰ-ਪੰਜ ਸੌ ਤਕ ਪਹੁੰਚ ਜਾਂਦੀ ਹੈ। ਉਸ ਤਰ੍ਹਾਂ ਕੋਰਟੀਕੋਸਟੀਰਾਇਡ, ਸ਼ੂਗਰ ਦਾ ਵੱਧਣਾ ਤੇ ਫੰਗਸ ਦਾ ਹਮਲਾ ਆਪਸ ਵਿਚ ਜੁੜੇ ਹੋਏ ਹਨ।

• ਕੀ ਇਹ ਕਰੋਨਾ ਦੀ ਤਰ੍ਹਾਂ ਇਕ ਦੂਸਰੇ ਤੋਂ ਫੈਲਦੀ ਹੈ ?
    ਬਲੈਕ ਫੰਗਸ ਦੇ ਫੈਲਣ ਦੀ ਗੱਲ, ਉਸ ਨੂੰ ਮੌਕਾ ਮਿਲਣ ਨਾਲ ਜੁੜੀ ਹੈ। ਫੰਗਸ ਸਾਡੇ ਆਲੇ ਦੁਆਲੇ ਰਹਿੰਦੀ ਹੈ। ਸਾਡੇ ਸਰੀਰ ਦੀ ਚਮੜੀ ’ਤੇ ਇਹ ਹਮੇਸ਼ਾ ਹੁੰਦੀ ਹੈ। ਗਰਮੀ ਵਿਚ ਪਾਊਡਰ ਦਾ ਇਸਤੇਮਾਲ ਇਸੇ ਲਈ ਹੁੰਦਾ ਹੈ ਕਿ ਫੰਗਸ ਨੂੰ ਪਨਪਨ ਦਾ ਮੌਕਾ ਨਾ ਮਿਲੇ। ਪਸੀਨਾ ਅਤੇ ਤਾਪਮਾਨ ਇਕ ਵਧੀਆ ਵਾਤਾਵਰਨ ਬਣਾਉਂਦੇ ਹਨ ਤੇ ਫੰਗਸ ਵਧਦੀ ਫੁਲਦੀ ਹੈ। ਕਰੋਨਾ ਦੀ ਬਿਮਾਰੀ ਦਾ ਵਾਇਰਸ ਇਕ ਦੂਸਰੇ ਦੇ ਨੇੜੇ ਆਉਣ ’ਤੇ ਖਾਂਸੀ ਜ਼ੁਕਾਮ ਵੇਲੇ ਖੰਘ, ਨਿੱਛ ਰਾਹੀਂ ਫੈਲਦਾ ਹੈ। ਜਦੋਂ ਕਿ ਫੰਗਸ ਨੂੰ ਵਧਣ ਫੁਲਣ ਲਈ ਜਿਥੇ ਤਾਪਮਾਨ, ਨਮੀ ਮਦਦ ਕਰਦੀ ਹੈ, ਉਥੇ ਉਸ ਨੂੰ ਖੁਰਾਕ ਦੀ ਵੀ ਲੋੜ ਹੈ। ਸਰੀਰ ਵਿਚ ਵਧੀ ਹੋਈ ਸ਼ੂਗਰ ਇਹ ਮੌਕਾ ਦਿੰਦੀ ਹੈ। ਪਿਛਲੇ ਸਾਲ ਵੀ ਜੋ ਲੋਕ ਮਰੇ ਹਨ, ਉਨ੍ਹਾਂ ਵਿਚੋਂ ਬਹੁ ਗਿਣਤੀ ਉਹ ਰਹੇ ਹਨ ਜਿਨ੍ਹਾਂ ਨੂੰ ਪਹਿਲੋਂ ਸ਼ੂਗਰ ਸੀ ਤੇ ਉਤੋਂ ਕਰੋਨਾ ਦਾ ਹਮਲਾ ਹੋ ਗਿਆ। ਬਲੈਕ ਫੰਗਸ ਇਸ ਤਰ੍ਹਾਂ ਸਾਹ ਰਾਹੀਂ, ਇਕ ਦੂਸਰੇ ਦੇ ਨੇੜੇ ਆਉਣ ’ਤੇ ਨਹੀਂ ਫੈਲਦੀ।

• ਕਰੋਟੀਕੋਸਟੀਰਾਇਡ ਨੇ ਕਈਆਂ ਦੀ ਜਾਨ ਬਚਾਈ ਹੈ, ਫਿਰ ਇਹ ਫੰਗਸ ਦਾ ਡਰ, ਇਹ ਹਾਲਤ ਕਿਵੇਂ ਹੈ ?
    ਕੋਰਟੀਕੋਸਟੀਰਾਇਡ ਨੂੰ ‘ਜੀਵਨ-ਦਾਤੀ’ ਦਵਾ ਕਿਹਾ ਜਾਂਦਾ ਹੈ ਤੇ ਇਹ ਹੈ ਵੀ। ਇਹ ਦਵਾ, ਵੈਸੇ ਤਾਂ ਕੋਈ ਵੀ, ਖਾਸ ਕਰ ਦੋ ਧਾਰੀ ਤਲਵਾਰ ਹੈ। ਜਿਥੇ ਇਹ ਜਾਨ ਬਚਾਉਂਦੀ ਹੈ। ਉਥੇ ਇਹ ਮਾਰ ਵੀ ਦਿੰਦੀ ਹੈ। ਇਸ ਨੂੰ ਦਰਅਸਲ ਕਿਸੇ ਮੈਡੀਕਲ ਮਾਹਿਰ ਦੀ ਨਿਗਰਾਨੀ ਵਿਚ ਦੇਣਾ ਚਾਹੀਦਾ ਹੈ। ਜਦੋਂ ਕਿ ਹੋ ਕੀ ਰਿਹਾ ਹੈ। ਦੇਸ਼ ਦੇ ਮਾਹਿਰਾਂ ਨੇ ਮਿਲਕੇ, ਇਕ ਸਟੈਂਡਰਡ ਦਵਾ ਸੂਚੀ ਤਿਆਰ ਕੀਤੀ ਹੈ ਜੋ ਹਰ ਪਾਜ਼ੇਟਿਵ ਮਰੀਜ਼ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਵਿਚ ਵੰਡੀ ਜਾ ਰਹੀ ਫਤਹਿ ਕਿੱਟ ਵਿਚ ਵੀ ਉਹੀ ਦਵਾਈਆਂ ਹਨ। ਇਸ ਚਰਚਾ ਵਿਚ ਨਾ ਪੈਂਦੇ ਹੋਏ ਕਿ ਉਸ ਸੂਚੀ ਵਿਚ ਵੀ ਜੋ ਐਂਟੀਬਾਓਟਿਕ ਵਰਤੇ ਜਾ ਰਹੇ ਹਨ, ਉਹ ਪ੍ਰਭਾਵੀ ਹਨ ਜਾਂ ਨਹੀਂ, ਪਰ ਜੋ ਮੁਸ਼ਕਿਲ ਖੜ੍ਹੀ ਹੋ ਰਹੀ ਤੇ ਠੀਕ ਕਰਨ ਦੀ ਥਾਂ ਨੁਕਸਾਨ ਪਹੁੰਚਾ ਰਹੀ ਹੈ ਕਿ ਇਸ ਦਵਾ ਸੂਚੀ ਇਕ ਦੂਸਰੇ ਤੋਂ ਵਰਲਡ ਸੈਪ ਰਾਹੀਂ ਖੁਦ ਹੀ ਭੇਜੀ ਅਤੇ ਵਰਤਣ ਲਈ ਸੁਝਾਈ ਜਾ ਰਹੀ ਹੈ। ਜਦੋਂ ਵੀ ਕਿਸੇ ਨੂੰ ਮਾੜਾ ਮੋਟਾ ਸ਼ੱਕ ਹੰਦਾ ਹੈ, ਬੁਖਾਰ, ਖਰਾਸ਼, ਜੁਕਾਮ, ਕਿਸੇ ਵੀ ਕਾਰਨ ਹੁੰਦਾ ਹੈ। ਉਹ ਇਹ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦਾ ਹੈ। ਸਾਡੇ ਪੇਂਡੂ ਅਤੇ ਸ਼ਹਿਰੀ ਆਰ ਐਮ.ਪੀ. (ਕਹਿਣ ਨੂੰ ਰਜਿਸਟਰਡ, ਪਰ ਗੈਰ ਸਿਖਲਾਈ ਵਾਲੇ) ਜੋ ਪਹਿਲਾਂ ਹੀ ਕਰੋਟੀਕੋਸਟੀਰਾਇਡ ਵਰਤਦੇ ਰਹਿੰਦੇ ਹਨ, ਹੁਣ ਜਦੋਂ ਕੋਵਿਡ ਅਤੇ ਸਟੀਰਾਈਡ ਦਾ ਸਬੰਧ ਸਾਹਮਣੇ ਆਇਆ ਹੈ ਤਾਂ ਉਨ੍ਹਾਂ ਨੇ ਇਸ ਤੈਅ ਸੂਚੀ ਵਿਚ ਕੋਰਟੀਕੋਟੀਰਾਇਡ (ਵਾਇਸੋਲੋਨ ਜਾਂ ਪਰੈਡਨੀਸੁਲੋਨ) ਵੀ ਜੋੜ ਦਿੱਤੀ ਹੈ ਤੇ ਇਹ ਵਰਲਡ ਸੈਪ ਯੂਨੀਵਰਸਿਟੀ ਵਿਚ ਘੁੰਮ ਰਹੀ ਹੈ। ਇਹ ਸਭ ਤੋਂ ਵੱਧ ਨੂਕਸਾਨ ਪਹੰਚਾ ਰਹੀ ਹੈ।

• ਇਸ ਹਾਲਾਤ ਦਾ ਸੁਧਾਰ ਕਿਵੇਂ ਹੋਵੇ?
     ਇਸ ਸਥਿਤੀ ਬਾਰੇ ਆਪਾਂ ਪੂਰੀ ਤਰ੍ਹਾਂ ਜਾਣੂ ਹੋ ਗਏ ਹਾਂ। ਸਥਿਤੀ ਸਮਝ ਆ ਰਹੀ ਹੈ। ਦਰਅਸਲ ਕਰੋਟੀਕੋਸਟੀਰਾਇਡ ਦੀ ਭੂਮਿਕਾ ਦੇ ਦੋ ਪਹਿਲੂ, ਮਾਰੂ ਤੇ ਸਥਿਤੀ ਸੰਭਾਲਣ ਵਾਲੀ, ਕੁਝ ਇਸ ਤਰ੍ਹਾਂ ਹਨ। ਕਰੋਨਾ ਬਿਮਾਰੀ ਦੇ ਤਿੰਨ ਪੜਾਅ ਸਭ ਜਾਣ ਗਏ ਹਨ, ਮਾਮੂਲੀ, ਮੱਧਮ ਅਤੇ ਗੰਭੀਰ। ਮਾਮੂਲੀ ਹਾਲਤ ਵਿਚ ਇਸ ਨੂੰ ਸ਼ੁਰੂ ਕਰਨਾ ਨੁਕਸਾਨ ਪਹੁੰਚਾਉਣ ਵਾਲਾ ਹੈ ਕਿਉਂਕਿ 80-85% ਕੇਸਾਂ ਵਿਚ ਵਾਇਰਸ ਆਪਣੀ ਉਮਰ ਭੋਗ ਕੇ ਮੁੱਕ ਜਾਂਦਾ ਹੈ ਤੇ ਸਟੀਰਾਇਡ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਸਗੋਂ ਵਾਇਰਸ ਨੂੰ ਮੌਕਾ ਦਿੰਦਾ ਹੈ ਕਿ ਉਹ ਵਧ ਜਾਣ।
       ਬਿਮਾਰੀ ਦੇ ਪੰਜ-ਸੱਤ ਦਿਨਾਂ ਤੋਂ ਬਾਅਦ ਜਦੋਂ ਸਥਿਤੀ ਠੀਕ ਹੋਣ ਤੋਂ ਬਾਅਦ ਖਰਾਬ ਹੁੰਦੀ ਜਾਪੇ ਤਾਂ ਡਾਕਟਰ ਨਾਲ ਸੰਪਰਕ ਕਰਕੇ ਉਸ ਦੀ ਸਲਾਹ ਲਈ ਜਾਵੇ। ਉਸ ਹਾਲਤ ਦੇ ਮੁੱਖ ਲੱਛਣ ਹਨ, ਬੁਖਾਰ ਦਾ ਬਣੇ ਰਹਿਣਾ ਤੇ 102 ਤਕ ਪਹੁੰਚ ਜਾਣਾ, ਬੈਠੇ ਬੈਠੇ ਸਾਹ ਚੜਣਾ ਤੇ ਖਾਂਸੀ ਖਿੱਚਵੀਂ ਆਉਣੀ। ਜੇਕਰ ਆਕਸੀਮੀਟਰ ਹੈ ਤਾਂ ਉਸ ਵਿਚ ਆਕਸੀਜਨ ਮਾਤਰਾ 90 ਦੇ ਨੇੜੇ ਤੇੜੇ ਪਹੁੰਚਣਾ। ਅਸਲ ਵਿਚ ਇਹ ਸਮਾਂ ਹੈ ਕੋਰਟੀਕੋਸਟੀਰਾਇਡ ਸ਼ੁਰੂ ਕਰਨ ਦਾ ਤੇ ਉਹ ਵੀ ਡਾਕਟਰ ਦੀ ਸਲਾਹ ਨਾਲ। ਇਸੇ ਤਰ੍ਹਾਂ ਤੀਸਰੇ, ਗੰਭੀਰ ਪੜਾਅ ਵਿਚ ਵੀ ਇਸ ਦਵਾ ਦੀ ਕੋਈ ਵੱਡੀ ਭੂਮਿਕਾ ਨਹੀਂ ਹੈ।

• ਕੀ ਇਸ ਹਾਲਤ ਦਾ ਇਲਾਜ ਸੰਭਵ ਹੈ?
      ਵੈਸੇ ਤਾਂ ਹਰ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਇਲਾਜ ਸਿਹਤ ਵਿਗਿਆਨ ਕੋਲ ਹੈ, ਪਰ ਉਹ ਲੰਮਾਂ ਵੀ ਹੈ ਤੇ ਮਹਿੰਗਾ ਵੀ । ਇਸ ਬਲੈਕ ਫੰਗਸ ਦਾ ਵੀ ਇਲਾਜ ਮੌਜੂਦ ਹੈ। ਪਰ ਸਥਿਤੀ ਨੱਕ ਤੋਂ ਸ਼ੁਰੂ ਹੁੰਦੀ ਹੈ, ਜਦੋਂ ਖੂਨ ਵਗਦਾ ਹੈ, ਫਿਰ ਇਹ ਨੱਕ ਦੇ ਨੇੜੇ ਮੌਜੂਦ ਸਾਈਨਸ ਤਕ ਪਹੁੰਚਦੀ ਹੈ ਤੇ ਅੱਖਾਂ ਵੀ ਬਿਲਕੁਲ ਨੇੜੇ ਹੁੰਦੀਆਂ ਹਨ। ਨੱਕ ਅਤੇ ਦਿਮਾਗ ਦਾ ਵੀ ਆਪਸੀ ਸਬੰਧ ਹੈ। ਇਸ ਲਈ ਜਿੰਨਾ ਛੇਤੀ ਪਤਾ ਚੱਲੇ, ਉਨਾ ਛੇਤੀ ਦਵਾ ਸ਼ੁਰੂ ਕਰ ਬਚਾਇਆ ਜਾ ਸਕਦਾ ਹੈ, ਅੱਖ ਤੱਕ ਪਹੁੰਚਣ ਦੇ ਸਮੇਂ, ਅੱਖਾਂ ਕੱਢਣ ਨਾਲ ਜਾਨ ਬਚਾਈ ਜਾ ਸਕਦੀ ਹੈ ਪਰ ਦਿਮਾਗ ’ਤੇ ਪਹੁੰਚਣ ਮਗਰੋਂ ਇਸ ਹਾਲਤ ਤੋਂ ਬਾਹਰ ਨਿਕਲਣਾ ਕਾਫ਼ੀ ਔਖਾ ਹੈ।

• ਕਈ ਸਰਕਾਰਾਂ ਇਸ ਨੂੰ ਮਹਾਮਾਰੀ ਘੋਸ਼ਿਤ ਕਰਨ ਦੀ ਗੱਲ ਕਰ ਰਹੀਆਂ ਹਨ, ਇਸ ਨਾਲ ਕੁਝ ਹੋਵੇਗਾ ?
    ਦੇਖੋ, ਮਹਾਮਾਰੀ ਘੋਸ਼ਿਤ ਕਰਨਾ, ਇਕ ਅਲਰਟ ਹੈ, ਚਿਤਾਵਨੀ ਹੈ ਤੇ ਇਸ ਦੇ ਲਈ ਮੁਸ਼ਤੈਦੀ ਨਾਲ ਤਿਆਰੀ ਕਰਨ ਦੀ ਲੋੜ ਹੈ। ਉਹ ਤਿਆਰੀ ਸਾਨੂੰ ਦਿਸ ਰਹੀ ਹੈ, ਜੋ ਕਰੋਨਾ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਹੈ। ਦਰਅਸਲ ਤਿੰਨ ਹੀ ਮੁੱਖ ਮੁੱਦੇ ਹਨ। ਬਲੱਡ ਸ਼ੂਗਰ ਨੂੰ ਕਾਬੂ ਵਿਚ ਰੱਖਣਾ, ਉਸ ਦੇ ਲਈ ਹਸਪਤਾਲ ਵਿਚ ਪੂਰਾ ਸਟਾਫ, ਡਾਕਟਰ ਅਤੇ ਨਰਸਾਂ ਚਾਹੀਦੇ ਹਨ। ਸਟੀਰਾਇਡ ਨੂੰ ਡਾਕਟਰ ਦੀ ਸਲਾਹ ਨਾਲ, ਹਸਪਤਾਲ ਵਿਚ ਸ਼ੁਰੂ ਕਰਨਾ, ਉਸ ਲਈ ਬੈੱਡ ਚਾਹੀਦੇ ਹਨ ਤੇ ਮਰੀਜ਼ ਦੀਆਂ ਨਲੀਆਂ, ਆਕਸੀਜਨ ਫਿਲਟਰ ਕਰਨ ਵਾਲੇ ਪਾਣੀ ਦੀ ਬੋਤਲ ਨੂੰ ਬਦਲਣ ਲਈ ਵੀ ਅਮਲੇ ਦੀ ਲੋੜ ਹੈ। ਇਸ ਤੋਂ ਇਲਾਵਾ ਵਾਰਡ ਦੀ ਸਾਫ਼ ਸਫ਼ਾਈ, ਵਾਰਡ ਦੀ ਨਿਯਮ ਤੌਰ ਤੇ ਫਿਊਮੀਗੇਸ਼ਨ, ਮਤਲਬ ਨਿਰੰਤਰ ਕੀਟਾਣੂ ਰਹਿਤ ਬਣਾਉਣਾ ਵੀ ਇਕ ਅਹਿਮ ਹਿੱਸਾ ਹੈ। ਫੰਗਸ ਵਾਰਡ ਵਿਚ ਹੋਵੇਗੀ ਤੇ ਮੌਕਾ ਮਿਲਦੇ ਹੀ ਆਪਣੇ ਆਪ ਨੂੰ ਵਧਾਏਗੀ।
      ਇਸ ਮੁੱਢਲੀ ਤਿਆਰੀ ਦੇ ਨਾਲ, ਜੇਕਰ ਬਲੈਕ ਫੰਗਸ ਦਾ ਹਮਲਾ ਹੋ ਜਾਵੇ ਤਾਂ ਦਵਾਈਆਂ ਮੁਹੱਈਆ ਕਰਵਾਉਣਾ। ਅੱਜ ਇਕ ਆਪਾਤ ਹਾਲਤ ਬਣੀ ਹੈ ਤਾਂ ਦਵਾਈਆਂ ਦੀ ਜਮਾਂਖੋਰੀ ਦੀਆਂ ਖ਼ਬਰਾਂ ਆ ਰਹੀਆਂ ਹਨ। ਬਲੈਕ ਮੇਲਿੰਗ ਸ਼ੁਰੂ ਹੋ ਗਈ ਹੈ। ਪੰਜ ਹਜ਼ਾਰ ਵਾਲੀ ਦਵਾਈ ਸੱਤਰ ਹਜ਼ਾਰ ਵਿਚ ਮਿਲਣ ਦੀਆਂ ਖਬਰਾਂ ਹਨ।

ਸੰਪਰਕ : 9815808506

ਕਰੋਨਾ ਵੈਕਸੀਨ : ਵਿਗਿਆਨਕ ਸਮਝ ਅਤੇ ਬੇਭਰੋਸਗੀ - ਡਾ. ਸ਼ਿਆਮ ਸੁੰਦਰ ਦੀਪਤੀ

ਆਧੁਨਿਕ ਮੈਡੀਕਲ ਵਿਗਿਆਨ (ਐਲੋਪੈਥੀ) ਕੋਲ ਜੇਕਰ ਇਕ ਚੀਜ਼ ਮਾਣ ਕਰਨ ਯੋਗ ਹੈ ਤਾਂ ਉਹ ਹੈ ਵੈਕਸੀਨ। ਇਹ ਮਾਣ ਇਸ ਲਈ ਦਿੱਤਾ ਜਾਣਾ ਬਣਦਾ ਹੈ ਕਿ ਇਹ ਲੋਕਾਂ ਲਈ ਅਜਿਹੀ ਵਸਤੂ ਹੈ ਜੋ ਬਿਮਾਰੀ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਬਚਾਅ ਲਈ ਦਿੱਤੀ ਜਾਂਦੀ ਹੈ। ਇਸ ਲਈ ਐਡਵਰਡ ਜੈਨਰ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਨੇ ਆਪਣੀ ਸੂਝ ਨਾਲ ਇਕ ਮਾਮੂਲੀ ਆਮ ਬਿਮਾਰੀ ਕਾਓਪਾਕਸ ਜ਼ਰੀਏ ਸੁਰੱਖਿਆ ਪ੍ਰਣਾਲੀ (ਇਮੀਊਨ ਸਿਸਟਮ) ਨੂੰ ਪਛਾਣਿਆ ਤੇ ਚੇਚਕ ਵਰਗੀ ਮਹਾਂਮਾਰੀ ਲਈ ਵੈਕਸੀਨ ਬਣਾਈ, ਜਿਸ ਨਾਲ ਅਸੀਂ ਇਸ ਘਾਤਕ ਬਿਮਾਰੀ ਨੂੰ ਦੁਨੀਆਂ ਵਿਚੋਂ ਖ਼ਤਮ ਕਰਨ ਵਿਚ ਕਾਮਯਾਬ ਹੋਏ। ਇਸੇ ਸਮਝ ਅਤੇ ਤਕਨੀਕ ਸਦਕਾ ਅਸੀਂ ਪੋਲੀਓ ਵਰਗੀ ਨਾ ਮੁਰਾਦ ਅਤੇ ਹਲਕਾਅ ਵਰਗੀਆਂ ਮਾਰੂ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਰਾਹ ਪਏ ਤੇ ਅੱਜ ਸੌ ਦੇ ਕਰੀਬ ਵੈਕਸੀਨ, ਅੱਡ ਅੱਡ ਬਿਮਾਰੀਆਂ ਲਈ ਉਪਲੱਬਧ ਹਨ।
       ਅਜੋਕੇ ਸੰਦਰਭ ਵਿਚ ਵੈਕਸੀਨ ਜੋ ਕਿ ਸਿਹਤ ਵਿਗਿਆਨ ਦੀ ਇਕ ਚਮਤਕਾਰੀ ਕਾਢ ਹੈ, ਕਾਰਪੋਰੇਟ ਜਗਤ ਨੇ ਇਸ ਨੂੰ ਵੱਡੇ ਪੱਧਰ ’ਤੇ ਮੁਨਾਫ਼ੇ ਦਾ ਜ਼ਰੀਆ ਬਣਾਇਆ ਹੈ। ਬਿਮਾਰੀ ਨੂੰ ਲੈ ਕੇ ਸਾਡੇ ਸਾਹਮਣੇ ਦੋ ਤਸਵੀਰਾਂ ਨੇ ਕਿ ਜਦੋਂ ਵੀ ਮਹਾਂਮਾਰੀ ਫੈਲਦੀ ਹੈ ਤਾਂ ਕੁਝ ਕੁ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਕਾਫ਼ੀ ਵੱਡੀ ਗਿਣਤੀ ਸਲਾਮਤ ਰਹਿੰਦੀ ਹੈ। ਠੀਕ ਹੈ ਕਿ ਉਹ ਇਕ ਪੀੜਾ ਦਾ ਮਾਹੌਲ ਹੁੰਦਾ ਹੈ। ਟੀਕਾਕਰਨ ਨਾਲ ਉਸ ਸਥਿਤੀ ਤੋਂ ਬਚਾਅ ਹੁੰਦਾ ਹੈ, ਪਰ ਬਿਮਾਰੀ ਦੇ ਫੈਲਾਅ ਵਿਚ ਸਿਹਤ ਸਹੂਲਤਾਂ ਦੀ ਲੋੜ ਪੈਂਦੀ ਹੈ। ਦੋਹਾਂ ਦੀ ਤੁਲਨਾ ਕਰੀਏ ਤਾਂ ਟੀਕਾਕਰਨ, ਜੋ ਕਿ ਸਭ ਲਈ ਹੁੰਦਾ ਹੈ, ਹੋਣਾ ਚਾਹੀਦਾ ਹੈ, ਵੱਧ ਖ਼ਰਚੇ ਵਾਲਾ ਹੁੰਦਾ ਹੈ, ਪਰ ਉਸ ਨਾਲ ਪੀੜਾ ਦਾ ਦੌਰ ਨਹੀਂ ਆਉਂਦਾ। ਕਾਰਪੋਰੇਟ ਜਾਂ ਦਵਾ ਸੈਕਟਰ ਦੀ ਖਾਹਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਵੇਂ ਟੀਕਾਕਰਨ ਦੇ ਘੇਰੇ ਵਿਚ ਲਿਆਇਆ ਜਾਵੇ। ਕਰੋਨਾ ਦੇ ਮਾਮਲੇ ਵਿਚ ਵੀ ਇਕ ਸੱਚ ਇਹੀ ਹੈ। ਬਿਮਾਰ ਜਾਂ ਪਾਜ਼ੇਟਿਵ ਕੇਸ ਡੇਢ ਕਰੋੜ ਹਨ, ਗੰਭੀਰ ਕੇਸ ਕੋਈ ਪੰਜ ਛੇ ਲੱਖ ਸੀ ਤੇ ਕੋਈ ਡੇਢ ਪੋਣੇ ਦੋ ਲੱਖ ਮੌਤਾਂ ਹੋਈਆਂ ਹਨ ਤੇ ਹੁਣ ਟੀਕਾਕਰਨ ਦੀ ਤਿਆਰੀ ਸੌ ਕਰੋੜ ਲੋਕਾਂ ਲਈ ਹੈ ਤੇ ਜਦੋਂ ਸਭ ਲਈ ਹੋ ਜਾਵੇਗੀ ਤਾਂ ਇਹ ਗਿਣਤੀ ਇਕ ਸੌ ਚਾਲੀ ਕਰੋੜ ਬਣੇਗੀ।
ਇਸ ਮਿਆਰੀ ਕਾਢ ਬਾਰੇ ਕੁਝ ਕੁ ਹੋਰ ਵਿਗਿਆਨਕ ਪੱਖਾਂ ਬਾਰੇ ਸਮਝਦੇ ਹਾਂ : ਵੈਕਸੀਨ ਹੈ ਕੀ ?
-ਇਹ ਦਵਾ ਕੰਪਨੀਆਂ ਵੱਲੋਂ ਬਣਾਈ ਗਈ ਉਹ ਵਸਤੂ ਹੈ ਜੋ ਅਸਲ ਵਿਚ ਦਵਾਈ ਨਹੀਂ ਹੈ। ਦਵਾਈ, ਅਸਲ ਵਿਚ ਬਿਮਾਰੀ ਤੋਂ ਬਾਅਦ ਦਿੱਤੀ ਜਾਂਦੀ ਹੈ ਜਦੋਂ ਕਿ ਵੈਕਸੀਨ, ਬਿਮਾਰੀ ਦੇ ਖਦਸ਼ੇ ਨੂੰ ਭਾਂਪਦੇ ਹੋਏ, ਬਿਮਾਰੀ ਤੋਂ ਬਚਾਅ ਲਈ ਪਹਿਲਾਂ ਦਿੱਤੀ ਜਾਂਦੀ ਹੈ। ਜਿਵੇਂ ਬੱਚਿਆਂ ਵਿਚ ਖਸਰੇ, ਕਾਲੀ ਖਾਂਸੀ, ਪੋਲੀਓ, ਹੈਪੇਟਾਈਟਸ ਬੀ ਆਦਿ ਅਤੇ ਵੱਡਿਆਂ ਵਿਚ ਵੀ ਹੈਪੇਟਾਈਟਸ ਏ, ਟਾਈਫਾਈਡ ਤੇ ਕਿਸ਼ੋਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਲਈ।
ਵੈਕਸੀਨ ਕੰਮ ਕਿਵੇਂ ਕਰਦੀ ਹੈ ?
- ਜਿਸ ਤਰ੍ਹਾਂ ਐਡਵਰਡ ਜੈਨਰ ਨੇ ਗੱਲ ਕੀਤੀ, ਉਸੇ ਸੰਦਰਭ ਵਿਚ ਜੇਕਰ ਸਮਝੀਏ ਕਿ ਸਾਡੇ ਸਰੀਰ ਵਿਚ ਇਕ ਬਹੁਤ ਹੀ ਸ਼ਾਨਦਾਰ ਪ੍ਰਣਾਲੀ ਹੈ, ਸੁਰੱਖਿਆ ਪ੍ਰਣਾਲੀ। ਉਸ ਦਾ ਆਪਣਾ ਕਾਰਜ ਦਿਨ ਪ੍ਰਤੀ ਦਿਨ ਦੇ ਬੈਕਟੀਰੀਆ/ਵਾਇਰਸ ਦੇ ਹੋਣ ਵਾਲੇ ਹਮਲਿਆਂ ਤੋਂ ਸਰੀਰ ਨੂੰ ਬਚਾ ਕੇ ਰੱਖਣਾ ਹੈ। ਜਦੋਂ ਵੀ ਕਿਸੇ ਜ਼ਰਮ ਦਾ ਹਮਲਾ ਹੁੰਦਾ ਹੈ, ਉਦੋਂ ਸਾਡਾ ਸਰੀਰ ਉਨ੍ਹਾਂ ਵਿਰੁੱਧ ਐਂਟੀਬਾਡੀਜ਼ (ਸੁਰੱਖਿਆ ਫ਼ੌਜਾਂ) ਤਿਆਰ ਕਰਕੇ ਭੇਜਦਾ ਹੈ। ਵੈਕਸੀਨ ਰਾਹੀਂ ਅਸੀਂ ਇਕ ਖ਼ਾਸ ਬਿਮਾਰੀ, ਜਿਸ ਤੋਂ ਬਚਾਅ ਚਾਹੁੰਦੇ ਹਾਂ, ਦੇ ਜ਼ਰਮ, ਜੋ ਕਿ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਹਨ ਕਿ ਬਿਮਾਰੀ ਨਹੀਂ ਕਰਦੇ, ਸਿਰਫ਼ ਐਂਟੀਬਾਡੀਜ਼ ਪੈਦਾ ਕਰਦੇ ਹਨ, ਉਹ ਭੇਜਦੇ ਹਾਂ। ਉਹ ਸਰੀਰ ਵਿਚ ਇਕ ਤਾਂ ਇਹ ਫ਼ੌਜ ਤਿਆਰ ਰੱਖਦੇ ਹਨ ਤੇ ਦੂਸਰੇ ਸੁਰੱਖਿਆ ਪ੍ਰਣਾਲੀ ਉਨ੍ਹਾਂ ਜ਼ਰਮਾਂ ਦੀ ਸ਼ਕਲ ਪਛਾਣ ਲੈਂਦੀ ਹੈ ਤੇ ਹਮਲੇ ਸਮੇਂ ਫੌਰੀ ਹਰਕਤ ਵਿਚ ਆ ਜਾਂਦੀ ਹੈ ਤੇ ਇਸ ਤਰ੍ਹਾਂ ਵਿਅਕਤੀ ਬਿਮਾਰੀ ਦੇ ਹਮਲੇ ਤੋਂ ਬਚ ਜਾਂਦਾ ਹੈ।
ਵੈਕਸੀਨ ਕਿਵੇਂ ਬਣਦੀ ਹੈ ?
- ਵੈਕਸੀਨ ਲਈ, ਉਸੇ ਬਿਮਾਰੀ ਦੇ ਜ਼ਰਮ ਇਸਤੇਮਾਲ ਹੁੰਦੇ ਹਨ, ਜਿਸ ਤੋਂ ਅਸੀਂ ਬਚਾਅ ਕਰਨਾ ਹੈ, ਚਾਹੇ ਹੈਪੇਟਾਈਟਸ, ਚਾਹੇ ਖਸਰਾ ਤੇ ਚਾਹੇ ਪਹਿਲਾਂ ਚੇਚਕ। ਇਸ ਲਈ ਮਹੱਤਵਪੂਰਨ ਹੈ ਕਿ ਉਹ ਜ਼ਰਮ ਸਰੀਰ ਵਿਚ ਜਾਣ, ਪਰ ਬਿਮਾਰੀ ਪੈਦਾ ਨਾ ਕਰਨ ਤੇ ਨਾਲ ਹੀ ਉਹ ਆਪਣਾ ਐਂਟੀਬਾਡੀਜ਼ ਪੈਦਾ ਕਰਨ ਵਾਲਾ ਗੁਣ ਕਾਇਮ ਰੱਖਣ। ਇਸ ਲਈ ਤਿੰਨ ਤਰੀਕੇ ਇਸਤੇਮਾਲ ਹੁੰਦੇ ਹਨ। ਦੋ ਤਰੀਕੇ ਤਾਂ ਸ਼ੁਰੂ ਤੋਂ ਇਸਤੇਮਾਲ ਹੁੰਦੇ ਆਏ ਹਨ ਤੇ ਇਕ ਤਰੀਕਾ ਨਵਾਂ ਹੈ ਜੋ ਵੈਕਸੀਨ ਲਈ ਕਰੋਨਾ ਵਿਚ ਇਸਤੇਮਾਲ ਕੀਤਾ ਹੈ।
* ਇਕ ਤਰੀਕਾ ਹੈ ਕਿ ਕਿਸੇ ਰਸਾਣਿਕ ਤੱਤ ਨਾਲ ਜ਼ਰਮਾਂ/ਵਾਇਰਸਾਂ ਨੂੰ ਬਿਮਾਰੀ ਦੇ ਪੱਖ ਤੋਂ ਨਕਾਰਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਮਰੇ ਹੋਏ (ਕਿੱਲਡ ਵਾਇਰਸ) ਕਿਹਾ ਜਾਂਦਾ ਹੈ ਜਿਵੇਂ ਕਾਲੀ ਖਾਂਸੀ, ਟਾਇਫਾਈਡ ਆਦਿ। ਇਹ ਵੈਕਸੀਨ ਮਰੇ ਹੋਏ ਵਾਇਰਸਾਂ ਤੋਂ ਬਣਾਈ ਜਾਂਦੀ ਹੈ।
* ਦੂਸਰੀ ਕਿਸਮ ਦੀ ਵੈਕਸੀਨ ਵਿਚ ਵਾਇਰਸਾਂ ਨੂੰ ਵਾਰ ਵਾਰ ਲੈਬਾਰਟਰੀ ਵਿਚ ਵਧਾਇਆ-ਪੈਦਾ ਕੀਤਾ ਜਾਂਦਾ ਹੈ। ਜਦੋਂ ਤਕ ਉਨ੍ਹਾਂ ਦੀ ਮਾਰਕ ਸਮਰੱਥਾ ਮੁੱਕ ਨਹੀਂ ਜਾਂਦੀ। ਇਨ੍ਹਾਂ ਨੂੰ ਜਿਉਂਦੇ (ਲਾਈਵ) ਵਾਇਰਸ ਕਹਿੰਦੇ ਹਾਂ, ਜਿਵੇਂ ਖਸਰਾ ਆਦਿ। ਦੂਸਰੀ ਤਰ੍ਹਾਂ ਦੀ ਵੈਕਸੀਨ ਅਜਿਹੇ ਕਮਜ਼ੋਰ ਵਾਇਰਸਾਂ ਤੋਂ ਬਣਾਈ ਜਾਂਦੀ ਹੈ।
* ਹੁਣ ਜੋ ਤੀਸਰੀ ਕਿਸਮ ਦੀ ਵੈਕਸੀਨ ਹੈ ਉਸ ਵਿਚ ਇਕ ਆਮ ਵਾਇਰਸ ਲੈ ਕੇ ਉਸ ਵਿਚੋਂ ਲੋੜੀਂਦਾ ਜੀਨ (ਡੀ.ਐੱਨ.ਏ.) ਕੱਢ ਕੇ ਵੈਕਸੀਨ ਬਣਾਈ ਜਾਂਦੀ ਹੈ। ਇਹ ਵੈਕਸੀਨ ਸਰੀਰ ਵਿਚ ਇਕ ਤਰ੍ਹਾਂ ਦੀ ਸੰਦੇਸ਼ ਵਾਹਕ ਹੁੰਦੀ ਹੈ। ਜੋ ਸਰੀਰ ਵਿਚ ਜਾ ਕੇ ਐਂਟੀਬਾਡੀਜ਼ ਲਈ ਇਸਤੇਮਾਲ ਹੁੰਦੇ ਪ੍ਰੋਟੀਨ ਨੂੰ ਇਸ ਕੰਮ ਲਈ ਸੁਨੇਹਾ ਦਿੰਦੀ ਹੈ ਤੇ ਇਹ ਕੰਮ ਕਰਵਾਉਂਦੀ ਹੈ।
ਕਰੋਨਾ ਲਈ ਇਸਤੇਮਾਲ ਹੋ ਰਹੇ ਵੈਕਸੀਨ ?
- ਉਂਜ ਤਾਂ ਦੁਨੀਆਂ ਭਰ ਵਿਚ ਕਈ ਦਰਜਨ ਕੰਪਨੀਆਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਅਜੇ ਵੀ ਕਰ ਰਹੀਆਂ ਹਨ। ਪਰ ਹੁਣ ਤਕ ਜਿਨ੍ਹਾਂ ਨੂੰ ਕਾਮਯਾਬੀ ਮਿਲੀ ਹੈ ਉਹ ਹਨ :
- ਭਾਰਤ ਬਾਇਓਟੈਕ ਕੰਪਨੀ ਦੀ ‘ਕੋਵੈਕਸਿਨ’।
- ਐਸਟਰਾਜੈਨਿਕਾ ਕੰਪਨੀ, ਔਕਸਫੋਰਡ ਯੂਨੀਵਰਸਿਟੀ, ਯੂ.ਕੇ, ਜਿਸ ਦੀ ਸਾਂਝੀਦਾਰੀ ਨਾਲ ਭਾਰਤ ਵਿਚ ‘ਕੋਵੀਸ਼ੀਲਡ’ ਵੈਕਸੀਨ ਮਿਲ ਰਹੀ ਹੈ।
- ਮੋਡਰੇਨਾ, ਫਾਈਜ਼ਰ ਅਤੇ ਜੋਹਨਸਨ, ਅਮਰੀਕਾ ਦੀਆਂ ਕੰਪਨੀਆਂ ਹਨ, ਜਿਨ੍ਹਾਂ ਨੂੰ ਇਸ ਵਿਚ ਕਾਮਯਾਬੀ ਮਿਲੀ ਹੈ ਤੇ ਉਹ ਅਮਰੀਕਾ ਵਿਚ ਲੱਗ ਰਹੀਆਂ ਹਨ।
‘ਸਾਈਕੋਵੈਕ’ ਚੀਨ ਦੀ ਤੇ ‘ਸਪੂਤਨਿਕ’ ਰੂਸ ਦੀਆਂ ਕੰਪਨੀਆਂ ਹਨ। ਭਾਰਤ ਵਿਚ ਇਸ ਵੇਲੇ ਦੋ ਵੈਕਸੀਨ ਵੱਡੇ ਪੱਧਰ ’ਤੇ ਇਸਤੇਮਾਲ ਹੋ ਰਹੀਆਂ ਹਨ। ਇਕ ਕਿੱਲਡ ਵੈਕਸੀਨ ਹੈ (ਕੋਵੈਕਸੀਨ) ਅਤੇ ਦੂਸਰੀ ਜੀਨ ਤਕਨੀਕ ਨਾਲ ਤਿਆਰ ਬਿਲਕੁਲ ਨਵੀਂ ਕਿਸਮ ਨਾਲ ਬਣੀ, ਪਹਿਲੀ ਵਾਰੀ ਵਰਤੀ ਜਾ ਰਹੀ ਵੈਕਸੀਨ ਹੈ ‘ਕੋਵੀਸ਼ੀਲਡ’।
ਵੈਕਸੀਨ ਨੂੰ ਆਮ ਲੋਕਾਂ ਤਕ ਪਹੁੰਚਾਉਣ, ਇਸਤੇਮਾਲ ਕਰਨ ਦੇ ਕਿਹੜੇ ਕਿਹੜੇ ਪੜਾਅ ਹਨ ?
- ਜਿਸ ਤਰ੍ਹਾਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਵਿਚ ਬਿਮਾਰੀ ਦੇ ਜ਼ਰਮ ਇਸਤੇਮਾਲ ਹੁੰਦੇ ਹਨ ਤੇ ਉਨ੍ਹਾਂ ਦੀ ਮਾਰੂ ਸਮਰੱਥਾ (ਨੁਕਸਾਨ ਪਹੁੰਚਾਉਣਾ) ਨੂੰ ਖ਼ਤਮ ਕੀਤਾ ਜਾਂਦਾ ਹੈ। ਕੀ ਦੂਸਰਾ ਲੋੜੀਂਦਾ ਗੁਣ ਮੌਜੂਦਾ ਹੈ ਜਾਂ ਉਹ ਕਿੰਨਾ ਕੁ ਚਾਹੀਦਾ ਹੈ ਕਿ ਬਿਮਾਰੀ ਨਾਲ ਲੜ ਸਕੇ, ਆਦਿ ਲਈ ਪਰਖ ਕੀਤੀ ਜਾਂਦੀ ਹੈ, ਇਸ ਲਈ ਆਮ ਲੋਕਾਂ ਨੂੰ ਵਾਲੰਟੀਅਰ ਦੇ ਤੌਰ ’ਤੇ ਭਰਤੀ ਕੀਤਾ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਦੋ ਪਰਖ ਪੜਾਅ ਜਾਨਵਰਾਂ ਵਿਚ ਹੁੰਦੇ ਹਨ, ਜਿਨ੍ਹਾਂ ਦੀ ਬਣਤਰ ਮਨੁੱਖਾਂ ਨਾਲ ਮੇਲ ਖਾਂਦੀ ਹੈ ਜਿਵੇਂ ਚੂਹੇ, ਗਿੰਨੀ ਪਿਗ, ਹੈਮਸਟਰ ਆਦਿ। ਫਿਰ ਮਨੁੱਖਾਂ ਵਿਚ ਚਾਰ ਪਰਖ ਪੜਾਅ ਪਾਰ ਕਰਕੇ ਹੀ ਵੈਕਸੀਨ ਮਾਰਕੀਟ ਵਿਚ ਆਉਂਦੀ ਹੈ। ਇਨ੍ਹਾਂ ਵੱਖ ਵੱਖ ਪਰਖ ਪੜਾਆਂ ਦੌਰਾਨ ਵੈਕਸੀਨ ਦੀ ਬਚਾਅ ਸਮਰੱਥਾ, ਉਸ ਦੇ ਬੁਰੇ ਪ੍ਰਭਾਵ, ਉਸ ਦੇ ਕਾਰਗਰ ਰਹਿਣ ਦਾ ਸਮਾਂ, ਵੈਕਸੀਨ ਦੀ ਮਾਤਰਾ ਆਦਿ ਕਈ ਪੱਖ ਪਰਖੇ ਜਾਂਦੇ ਹਨ।
ਕਰੋਨਾ ਵੈਕਸੀਨ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਤਿਆਰ ਹੋ ਗਈ ਹੈ, ਜਦੋਂ ਕਿ ਸੁਣਿਆ ਹੈ ਕਿ ਇਨ੍ਹਾਂ ਨੂੰ ਬਣਾਉਣ ਵਿਚ ਕਈ ਕਈ ਸਾਲ ਲੱਗ ਜਾਂਦੇ ਹਨ। ਕੀ ਸਾਰੇ ਪਰਖ ਪੜਾਅ ਹੋਏ ਹਨ ?
- ਇਹ ਠੀਕ ਹੈ ਕਿ ਵੈਕਸੀਨ ਦੇ ਪਿਛੋਕੜ ਵਿਚ ਜਾਈਏ ਤਾਂ ਦਸ ਦਸ ਸਾਲ ਲੱਗਦੇ ਰਹੇ ਹਨ, ਪਰ ਹੁਣ ਸਾਡੇ ਕੋਲ ਤਜਰਬਾ ਵੀ ਹੈ ਤੇ ਕਈ ਨਵੀਆਂ ਤਕਨੀਕਾਂ ਵੀ ਵਿਕਸਤ ਹੋਈਆਂ ਹਨ। ਇਸ ਵਾਰੀ ਰਾਜਨੀਤਕ ਇੱਛਾ ਸ਼ਕਤੀ ਵੀ ਮੌਜੂਦ ਸੀ। ਪਰ ਫਿਰ ਵੀ ਲੋੜੀਂਦੇ ਚਾਰ ਪਰਖ ਪੜਾਅ ਕਿਸੇ ਵੀ ਵੈਕਸੀਨ ਨੇ ਪਾਰ ਨਹੀਂ ਕੀਤੇ ਹਨ। ਇਸੇ ਲਈ ‘ਕੋਵੈਕਸੀਨ’ ਦੇ ਦੋ ਪੜਾਆਂ ਅਤੇ ‘ਕੋਵੀਸ਼ੀਲਡ’ ਦੇ ਤਿੰਨ ਪੜਾਆਂ ਤੋਂ ਬਾਅਦ ਹੀ ਇਨ੍ਹਾਂ ਨੂੰ ‘ਐਮਰਜੈਂਸੀ ਇਸਤੇਮਾਲ’ ਦੇ ਨਾਂ ਹੇਠ ਮਨਜ਼ੂਰੀ ਦਿੱਤੀ ਗਈ ਭਾਵੇਂ ਕਿ ਅਸੀਂ ਹੁਣ ਇਸ ਨੂੰ 18 ਸਾਲ ਤੋਂ ਉੱਪਰ ਸਭ ਲਈ ਖੋਲ੍ਹ ਦਿੱਤਾ ਹੈ।
ਵੈਕਸੀਨ ਦੇ ਅਸਰ, ਇਸ ਦੇ ਭੈੜੇ ਚੰਗੇ ਪ੍ਰਭਾਵ ਅਤੇ ਬਦਲ ਰਹੇ ਸਟ੍ਰੇਨ ਦੇ ਮੱਦੇਨਜ਼ਰ ਕਈ ਸ਼ੰਕੇ ਹਨ, ਉਹ ਸ਼ੰਕੇ ਕਿੰਨੇ ਕੁ ਵਾਜਬ ਹਨ ?
- ਜਦੋਂ ਤਕ ਪਰਖ ਪੜਾਅ ਪੂਰੇ ਨਹੀਂ ਹੋ ਜਾਂਦੇ ਇਨ੍ਹਾਂ ਦੇ ਜਵਾਬ ਮਿਲਣੇ ਮੁਸ਼ਕਿਲ ਹਨ। ਅਜੇ ਤਕ ਸਾਨੂੰ ਪਤਾ ਨਹੀਂ ਕਿ ਇਹ ਕਿੰਨਾ ਕੁ ਅਸਰ ਕਰੇਗੀ ਤੇ ਇਸ ਦਾ ਅਸਰ ਕਿੰਨਾ ਕੁ ਚਿਰ ਰਹੇਗਾ। ਇੱਥੋਂ ਤਕ ਕਿ ਇਨ੍ਹਾਂ ਨਾਲ ਹੋਣ ਵਾਲੇ ਬਹੁਤੇ ਪ੍ਰਭਾਵ ਵੀ ਪੂਰੀ ਤਰ੍ਹਾਂ ਪਤਾ ਨਹੀਂ ਹਨ ਜੋ ਕਿ ਚੌਥੇ ਪੜਾਅ ਵਿਚ ਲੰਮੇ ਸਮੇਂ ਦੇ ਬਾਅਦ ਪਤਾ ਚੱਲਦੇ ਹਨ। ਇਕ ਗੱਲ ਜੋ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਇਨ੍ਹਾਂ ਦੇ ਇਸਤੇਮਾਲ ਮਗਰੋਂ ਜੇਕਰ ਕਰੋਨਾ ਹੋ ਜਾਂਦਾ ਹੈ ਤਾਂ ਲੱਛਣ ਬਹੁਤ ਘੱਟ ਹੋਣ ਤੇ ਘਾਤਕ ਪਰਿਣਾਮ (ਮੌਤ) ਨਹੀਂ ਹੋਣਗੇ। ਜਦੋਂ ਕਿ ਸਾਡੇ ਕੋਲ ਇਸ ਦਾ ਵੀ ਕੋਈ ਆਂਕੜਾ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਕਿ ਸਾਰੇ ਟੀਕਾਕਰਨ ਵਾਲੇ ਭਾਗੀਦਾਰ ਪਰਖ ਪੜਾਅ ਦੇ ਵਾਲੰਟੀਅਰ ਹੀ ਹਨ। ਇਕ ਵੱਡਾ ਸਵਾਲ, ਜੋ ਹਮੇਸ਼ਾਂ ਵੈਕਸੀਨ ਦੇ ਸੰਦਰਭ ਵਿਚ ਮੈਡੀਕਲ ਵਿਗਿਆਨ ਖਾਸਕਰ, ਪਬਲਿਕ ਹੈਲਥ ਵਾਲੇ ਸਮਝਦੇ ਅਤੇ ਸਮਝਾਉਂਦੇ ਰਹੇ ਹਨ ਕਿ ਵੈਕਸੀਨ ਕੀ ਇਹ ਸ਼ਰਤ ਪੂਰੀ ਕਰਦੀ ਹੈ ਕਿ ਵੈਕਸੀਨ ਤੋਂ ਬਿਨਾਂ ਜੋ ਸਥਿਤੀ ਪੈਦਾ ਹੋਈ ਹੈ, ਇਸ ਦੇ ਪਾਜ਼ੇਟਿਵ ਕੇਸ, ਹਸਪਤਾਲ ਦਾਖਲ ਕੇਸ ਅਤੇ ਮੌਤਾਂ ਆਦਿ ਤੇ ਦੂਸਰੇ ਪਾਸੇ ਵੈਕਸੀਨ ਲਗਵਾ ਕੇ ਜੇਕਰ ਕਰੋਨਾ ਫੈਲਦਾ ਹੈ ਤਾਂ ਕੀ ਕੋਈ ਵੱਡਾ ਜ਼ਿਕਰਯੋਗ ਫ਼ਰਕ ਪਵੇਗਾ। ਕਈ ਮਾਹਿਰਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਹੀਂ। ਇਸ ਤਰ੍ਹਾਂ ਦਾ ਵੱਡਾ ਫ਼ਰਕ ਨਹੀਂ ਪੈਣ ਵਾਲਾ। ਇਸ ਲਈ ਕਿਤੇ ਨਾ ਕਿਤੇ ਰਾਜਨੀਤੀ ’ਤੇ ਵੀ ਉਂਗਲ ਉੱਠਦੀ ਹੈ।

ਸੰਪਰਕ : 98158-08506

ਨਵੇਂ ਸਾਲ ਦੀ ਹਲਚਲ : ਕਰੋਨਾ ਵੈਕਸੀਨ - ਡਾ. ਸ਼ਿਆਮ ਸੁੰਦਰ ਦੀਪਤੀ

ਸਾਲ 2020 ਦਾ ਪੂਰਾ ਸਾਲ, ਸਾਲ ਦੇ ਪਹਿਲੇ ਮਹੀਨੇ ਜਨਵਰੀ ਤੋਂ ਕੋਵਿਡ-19 ਦੀ ਬਿਮਾਰੀ ’ਤੇ ਕੇਂਦਰਿਤ ਰਿਹਾ। ਪਹਿਲਾ ਕੇਸ ਭਾਵੇਂ ਦਸੰਬਰ 2019 ਵਿਚ ਚੀਨ ਵਿਚ ਰਿਪੋਰਟ ਹੋਇਆ ਤੇ ਸਾਡੇ ਮੁਲਕ ਦੇ ਕੇਰਲ ਵਿਚ ਪਹਿਲਾ ਕੇਸ 30 ਜਨਵਰੀ ਨੂੰ ਮਿਲਿਆ। ਸਾਰਾ ਸਾਲ ਹੀ ਕਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਇਨ੍ਹਾਂ ਦੇ ਇਲਾਜ ਬਾਰੇ ਸੂਚਨਾਵਾਂ/ਤਜਰਬੇ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਕਦੇ ਦੋ-ਤਿੰਨ ਪ੍ਰਚਲਿਤ ਦਵਾਈਆਂ ਦਾ ਤਜਰਬਾ ਹੋਇਆ ਤੇ ਕਦੇ ਪਲਾਜ਼ਾ ਥੈਰੇਪੀ ਨੇ ਲੋਕਾਂ ਵਿਚ ਕਰੋਨਾ ਬਿਮਾਰ ਦੇ ਇਲਾਜ ਪ੍ਰਤੀ ਵਿਸ਼ਵਾਸ ਜਗਾਇਆ ਪਰ ਕਿਸੇ ’ਤੇ ਵੀ ਠੋਸ ਮੋਹਰ ਨਾ ਲੱਗੀ।
        ਕਰੋਨਾ ਨੂੰ ਸ਼ੁਰੂ ਤੋਂ, ਜਿਸ ਗੱਲ ਦੀ ਪ੍ਰਵਾਨਗੀ ਮਿਲੀ, ਉਹ ਸੀ ਇਹ ਲਾਇਲਾਜ ਬਿਮਾਰੀ ਹੈ। ਬਚਾਅ ਹੀ ਇਲਾਜ ਹੈ ਤੇ ਨਾਲ ਹੀ ਇਸ ਦੇ ਪੱਕੇ ਤੌਰ ’ਤੇ ਇਲਾਜ ਨੂੰ ਲੈ ਕੇ ਵੈਕਸੀਨ ਨੂੰ ਪ੍ਰਚਾਰਿਆ ਗਿਆ। ਸਾਡੇ ਮੁਲਕ ਵਿਚ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਵੈਕਸੀਨ ’ਤੇ ਕੰਮ ਸ਼ੁਰੂ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੌਲੀ-ਹੌਲੀ ਵੈਕਸੀਨ ਨੂੰ ਕਰੋਨਾ ਜਿੰਨੀ ਹੀ ਅਹਿਮੀਅਤ ਮਿਲੀ ਤੇ ਕਿਹਾ ਗਿਆ, ਜਦੋਂ ਤਕ ਵੈਕਸੀਨ ਨਹੀਂ, ਉਦੋਂ ਤਕ ਸਕੂਲ ਨਹੀਂ ਜਾਂ ਹੋਰ ਰੋਜ਼ਮਰਾ ਦੇ ਕਾਰਜਾਂ ਨੂੰ ਪੂਰੀ ਖੁੱਲ੍ਹ ਨਹੀਂ ਮਿਲ ਸਕਦੀ। ਉਸ ਸਮੇਂ ਦੌਰਾਨ ਤੇ ਹੁਣ ਵੀ ਮਾਸਕ, ਛੇ ਫੁੱਟ ਦੀ ਸਮਾਜਿਕ ਦੂਰੀ ਅਤੇ ਸੈਨੇਟਾਈਜ਼ਰ ਹੀ ਜੀਵਨ-ਜਾਚ ਦਾ ਹਿੱਸਾ ਬਣ ਗੲੇ ਜਾਪਦੇ ਹਨ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਵੈਕਸੀਨ ਦੀ ਕਾਢ ਮੈਡੀਕਲ ਵਿਗਿਆਨ ਦੀ ਬੇਮਿਸਾਲ ਪ੍ਰਾਪਤੀ ਹੈ। ਉਹ ਤਰੀਕਾ, ਜਿਸ ਨਾਲ ਵਿਅਕਤੀ ਨੂੰ ਕਿਸੇ ਵੀ ਬਿਮਾਰੀ ਦੇ ਹੋਣ ਤੋਂ ਪਹਿਲਾਂ ਉਸ ਨੂੰ ਬਚਾਇਆ ਜਾ ਸਕਦਾ ਹੈ। ਇਹੀ ਆਸ ਹੁਣ ਕਰੋਨਾ ਵੈਕਸੀਨ ਤੋਂ ਲਗਾਈ ਜਾ ਰਹੀ ਹੈ।
         ਡਰਾਈ-ਰਨ, ਟੀਕਾਕਰਨ ਦੀ ਸ਼ੁਰੂਆਤ ਨੂੰ ਹਰੀ ਝੰਡੀ ਮਿਲਣ ਜਾ ਰਹੀ ਹੈ ਤੇ ਕਈ ਮੈਡੀਕਲ ਮਾਹਿਰਾਂ ਦਾ ਅਜੇ ਵੀ ਮੱਤ ਹੈ ਜਾਂ ਕੁਝ ਸ਼ੰਕੇ ਹਨ ਕਿ ਵੈਕਸੀਨ ਲਗਾਉਣਾ ਕਿੰਨਾ ਕੁ ਠੀਕ ਹੈ। ਖ਼ਾਸ ਤੌਰ ’ਤੇ ਕਿ ਕੀ ਇਹ ਸਹੀ ਸਮਾਂ ਹੈ ਜਾਂ ਇਹ ਜੋ ਵੈਕਸੀਨ ਬਣੀ ਹੈ, ਉਹ ਸੁਰੱਖਿਅਤ ਅਤੇ ਅਸਰਦਾਰ ਹੈ ਵੀ। ਜੇਕਰ ਹਾਂ ਤਾਂ ਕਿੰਨੀ? ਇਸ ਪੱਖ ਤੋਂ ਵੀ ਕਈ ਸਵਾਲ-ਸ਼ੰਕੇ ਅਜੇ ਵੀ ਜਵਾਬ ਮੰਗਦੇ ਹਨ ਤੇ ਆਮ ਲੋਕਾਂ ਦੇ ਮਨਾਂ ਵਿਚ ਆਉਣੇ ਸ਼ੁਰੂ ਹੋਏ ਹਨ।
     ਦੇਸ਼ ਅੰਦਰ ਪਹਿਲੇ ਪੜਾਅ ’ਤੇ ਤਿੰਨ ਕਰੋੜ ਲੋਕਾਂ ਨੂੰ ਇਹ ਵੈਕਸੀਨ ਲਗਣੀ ਹੈ, ਜਿਸ ਵਿਚੋਂ ਇਕ ਕਰੋੜ ਮੈਡੀਕਲ ਦਾ ਅਮਲਾ ਹੈ ਤੇ ਦੋ ਕਰੋੜ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ (ਫਰੰਟਲਾਈਨ ਵਰਕਰ) ਹਨ। ਸਭ ਤੋਂ ਪਹਿਲਾਂ ਮੈਡੀਕਲ ਵਾਲਿਆਂ ਨੂੰ ਸਹੂਲਤ ਮਿਲਦੀ ਹੈ ਤੇ ਉਨ੍ਹਾਂ ਵਿਚ ਹੀ ਖੁਸਰ-ਮੁਸਰ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੇ ਇਹ ਵੈਕਸੀਨ ਨਹੀਂ ਲਗਵਾਉਣੀ। ਕਈ ਡਾਕਟਰਾਂ ਨੇ ਵੀ ਇਸ ਤਰ੍ਹਾਂ ਦਾ ਇਜ਼ਹਾਰ ਕੀਤਾ ਹੈ।


ਇਸ ਦੇ ਕਈ ਪੱਖਾਂ ਤੋਂ ਵਿਚਾਰਨ ਦੀ ਗੱਲ ਹੈ:
• ਵੈਕਸੀਨ ਬਣਾਉਣ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਹ ਦਸ-ਬਾਰ੍ਹਾਂ ਸਾਲਾਂ ਵਿਚ ਬਣਦੇ ਰਹੇ ਹਨ ਤੇ ਹੁਣ ਇਹ ਇਕ ਸਾਲ ਵਿਚ ਹੀ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੀ ਮੁੱਢਲੀ ਤਕਨੀਕ ਸਾਨੂੰ ਪਤਾ ਹੈ, ਇਸ ਲਈ ਹੁਣ ਉਹ ਸਮਾਂ ਬਚ ਜਾਂਦਾ ਹੈ ਤੇ ਦੂਸਰਾ ਸਰਕਾਰਾਂ ਤੋਂ ਮਨਜ਼ੂਰੀ ਲੈਣ ਵਿਚ ਜੋ ਸਮਾਂ ਬਰਬਾਦ ਹੋ ਜਾਂਦਾ ਸੀ, ਹੁਣ ਸਰਕਾਰ ਸਾਥ ਦੇ ਰਹੀਆਂ ਹਨ, ਸਗੋਂ ਉਹ ਉਤਾਵਲੀਆਂ ਨਜ਼ਰ ਆ ਰਹੀਆਂ ਹਨ।
• ਦੂਸਰਾ ਪੱਖ ਹੈ ਕਿ ਵੈਕਸੀਨ ਦੇ ਦੋ ਪ੍ਰਮੁੱਖ ਪਹਿਲੂ ਕਿ ਕੀ ਇਸ ਦੇ ਲਗਵਾ ਲੈਣ ਨਾਲ ਵਿਅਕਤੀ ਸੁਰੱਖਿਅਤ ਹੋ ਜਾਵੇਗਾ ਤੇ ਨਾਲ ਹੀ ਕੀ ਇਹ ਟੀਕਾ ਆਪਣੇ ਆਪ ਵਿਚ ਸੁਰੱਖਿਅਤ ਹੈ। ਇਨ੍ਹਾਂ ਦੋਹਾਂ ਪਹਿਲੂਆਂ ਦੀ ਪਰਖ ਹੋ ਗਈ ਹੈ? ਕੀ ਸਾਡੀ ਤਸੱਲੀ ਹੋ ਗਈ ਹੈ ਕਿ ਵੈਕਸੀਨ ਪ੍ਰਭਾਵੀ ਵੀ ਹੈ ਤੇ ਸੁਰੱਖਿਅਤ ਵੀ। ਡਰਾਈ-ਰਨ ਤੋਂ ਹੀ ਇਕ ਪ੍ਰਭਾਵ ਜਾਂਦਾ ਹੈ ਕਿ ਵੈਕਸੀਨ ਨੂੰ ਸਟੋਰ ਕਰਨਾ, ਫਿਰ ਇਸ ਨੂੰ ਸੁਰੱਖਿਅਤ ਢੰਗ ਨਾਲ ਕਿਸੇ ਵਾਹਨ ਵਿਚ ਲੈ ਕੇ ਜਾਣਾ ਤੇ ਅੱਗੋਂ ਟੀਕਾ ਲਗਾ ਕੇ ਅੱਧਾ ਘੰਟਾ ਇੰਤਜ਼ਾਰ ਕਰਨ ਲਈ ਕਹਿਣਾ, ਆਦਿ ਕੀ ਦਰਸਾਉਂਦੇ ਹਨ ਕਿ ਲੈਣ-ਲਿਜਾਣ ਵੇਲੇ ਵਾਧੂ ਅਹਿਤਿਆਤ ਅਤੇ ਟੀਕਾ ਲਗਾ ਕੇ ਉਸ ਦੇ ਮਾੜੇ ਅਸਰ ਦੇਖੇ ਜਾ ਸਕਣ। ਇਥੇ ਹੀ ਸਵਾਲ ਪੈਦਾ ਹੁੰਦਾ ਹੈ ਕਿ ਟੀਕੇ ਦੀ ਪੂਰੀ ਪਰਖ ਨਹੀਂ ਹੋਈ ਹੈ? ਜਾਂ ਇਹ ਵੈਕਸੀਨ ਦਾ ਦੌਰ ਇਕ ਪਰਖ ਦਾ ਹਿੱਸਾ ਹੀ ਹੈ?
• ਇਕ ਹੋਰ ਅਹਿਮ ਸਵਾਲ ਹੈ ਕਿ ਵੈਕਸੀਨ ਦਾ ਕੰਮ ਹੈ ਸਰੀਰ ਵਿਚ ਜਾ ਕੇ ਐਂਟੀਬਾਡੀਜ਼ ਪੈਦਾ ਕਰਨਾ ਤਾਂ ਜੋ ਵਾਇਰਸ ਦੇ ਹਮਲੇ ਦੌਰਾਨ ਉਹ ਐਂਟੀਬਾਡੀਜ਼ ਲੜ ਸਕਣ। ਹੁਣ ਜਦੋਂ ਤਕਰੀਬਨ 80 ਫੀਸਦੀ ਤੋਂ ਵੱਧ ਲੋਕਾਂ ਦੇ ਸਰੀਰ ਵਿਚ ਐਂਟੀਬਾਡੀਜ਼ ਪੈਦਾ ਹੋਏ ਦੱਸੇ ਜਾ ਰਹੇ ਹਨ (ਐਂਟੀਬਾਡੀ ਟੈਸਟ ਰਾਹੀਂ) ਤਾਂ ਫਿਰ ਵੈਕਸੀਨ ਦੀ ਲੋੜ ਬਣਦੀ ਹੈ? ਇਹ ਵੈਕਸੀਨ ਹੁਣ ਕੀ ਕਰੇਗੀ। ਭਾਵੇਂ ਕਿ ਕਿਹਾ ਜਾ ਰਿਹਾ ਹੈ ਕੁਦਰਤੀ ਤੌਰ ’ਤੇ ਵਾਇਰਸ ਦਾ ਹਮਲਾ ਸਭ ’ਤੇ ਇਕਸਾਰ ਨਹੀਂ ਹੁੰਦਾ।
• ਇਸੇ ਨਾਲ ਹੀ ਜੁੜਦਾ ਸਵਾਲ ਹੈ ਕਿ ਅਜੇ ਤਕ ਸਾਨੂੰ ਇਹ ਨਹੀਂ ਪਤਾ ਕਿ ਵੈਕਸੀਨ ਦਾ ਅਸਰ ਕਿੰਨਾ ਸਮਾਂ ਰਹੇਗਾ। ਤਿੰਨ ਮਹੀਨੇ, ਛੇ ਮਹੀਨੇ ਜਾਂ ਸਾਲ।
• ਵੈਕਸੀਨ ਦੀ ਆਮਦ ਦੇ ਨਾਲ ਕਰੋਨਾ ਵਾਇਰਸ ਦਾ ਇਕ ਨਵਾਂ ਰੂਪ (ਸਟ੍ਰੇਨ) ਵੀ ਆ ਗਿਆ। ਉਹ ਬ੍ਰਿਟੇਨ ਵਿਚ ਪਹਿਲਾਂ ਆਇਆ ਤੇ ਹੁਣ ਸਾਡੇ ਮੁਲਕ ਵਿਚ ਆ ਗਿਆ ਹੈ। ਕਿਹਾ ਜਾ ਰਿਹਾ ਹੈ, ਕੋਈ ਠੋਸ ਦਾਅਵਾ ਨਹੀਂ ਹੈ ਕਿ ਇਹ ਵੈਕਸੀਨ ਉਸ ਤੋਂ ਵੀ ਬਚਾਵੇਗਾ।
       ਵੈਕਸੀਨ ਨਾਲ ਜੁੜਿਆ ਇਕ ਸਵਾਲ ਹਮੇਸ਼ਾ ਧਿਆਨ ਮੰਗਦਾ ਰਿਹਾ ਹੈ ਕਿ ਮੰਨ ਲਈਏ ਸਾਰੇ ਦੇਸ਼ ਨੂੰ ਟੀਕਾਕਰਨ ਕਰ ਦਿੱਤਾ ਜਾਵੇ ਤੇ ਅ ਗਲੇ ਸਾਲ ਫਿਰ ਇਹ ਕਰੋਨਾਵਾਇਰਸ ਹਮਲਾ ਕਰੇ ਤਾਂ ਕਿ ਉਦੋਂ ਇਹ ਜੋ ਹੁਣ ਡੇਢ ਲੱਖ ਮੌਤਾਂ ਹੋਈਆਂ ਹਨ ਜਾਂ ਇਕ ਕਰੋੜ ਕੇਸ, ਕੀ ਉਹ ਘੱਟ ਹੋਣਗੇ, ਜਿਸ ਦੀ ਕੀ ਆਸ ਕਰਨੀ ਬਣਦੀ ਹੈ। ਇਸ ਬਾਰੇ ਵੀ ਸਾਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ, ਜੋ ਕਿ ਪਰਖ ਦਾ ਹਿੱਸਾ ਹੁੰਦੇ ਹਨ ਤੇ ਹੋਣੇ ਚਾਹੀਦੇ ਹਨ।


ਕੀ ਇਸ ਸਾਰੀ ਪ੍ਰਕਿਰਿਆ ਨੂੰ ਰਾਜਨੀਤੀ ਨਾਲ ਜੋੜਣਾ ਬਣਦਾ ਹੈ?
        ਜਦੋਂ ਸਾਰੇ ਫੈਸਲੇ ਹੀ ਰਾਜਨੀਤੀ ਰਾਹੀਂ ਹੁੰਦੇ ਹਨ ਤਾਂ ਇਸ ਦਾ ਰਾਜਨੀਤੀ ਨਾਲ ਸਬੰਧ ਜੋੜ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਬਿਹਾਰ ਦੀਆਂ ਚੋਣਾਂ ਵੇਲੇ ਸਭ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਗਿਆ। ਦੂਸਰਾ ਪ੍ਰੈਸ ਕਾਨਫਰੰਸਾਂ ਜਾਂ ਰਾਜਾਂ ਨਾਲ ਮੀਟਿੰਗਾਂ ਵਿਚ ਇਸ ਨੂੰ ਵਿਚਾਰਿਆ ਗਿਆ ਤੇ ਇਕ ਸਲੋਗਨ ਵੀ ਆਇਆ। ‘ਜਬ ਤਕ ਦਵਾਈ ਨਹੀਂ, ਤਬ ਤਕ ਢਿਲਾਈ ਨਹੀਂ’ ਇਥੇ ਵੀ ਦਵਾਈ ਤੋਂ ਮਤਲਬ ਵੈਕਸੀਨ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਉਚੇਚੇ ਤੌਰ ’ਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦਾ ਜਾਇਜ਼ਾ ਲੈਣ ਗਏ।
ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਕੁੱਲ ਕੇਸ ਹੋਏ ਇਕ ਕਰੋੜ, ਜਿਸ ਵਿਚੋਂ 80% (80 ਲੱਖ) ਮਾਮੂਲੀ ਸੀ, ਜਿਸ ਨੂੰ ਦਵਾਈ ਦੀ ਲੋੜ ਹੀ ਨਹੀਂ ਪਈ। ਇਨ੍ਹਾਂ ਵਿਚ 14-15 ਲੱਖ ਮਾਮੂਲੀ ਖਾਂਸੀ-ਬੁਖ਼ਾਰ ਸੀ ਤੇ ਉਹ ਖਾਂਸੀ-ਜ਼ੁਕਾਮ-ਬੁਖ਼ਾਰ ਦੀ ਗੋਲੀ ਨਾਲ ਠੀਕ ਹੋ ਗਏ, ਭਾਵੇਂ ਹਸਪਤਾਲ ਰੱਖੇ ਗਏ। ਤਕਰੀਬਨ 5-6 ਲੱਖ ਲੋਕ ਕੁਝ ਗੰਭੀਰ ਹੋਏ, ਸਾਹ ਚੜ੍ਹਿਆ ਤੇ ਆਕਸੀਜਨ, ਆਈ.ਸੀ.ਯੂ. ਦੀ ਲੋੜ ਪਈ ਤੇ ਉਨ੍ਹਾਂ ਵਿਚੋਂ ਵੀ 3.5 ਲੱਖ ਠੀਕ-ਠਾਕ ਹੋ ਗਏ। ਕਹਿਣ ਤੋਂ ਭਾਵ ਇਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਪਈ। ਅਸੀਂ ਕਾਫ਼ੀ ਸਾਮਾਨ ਜੁਟਾਇਆ, ਜਿਸ ਦੀ ਕਿ ਵੈਸੇ ਵੀ ਲੋੜ ਹੁੰਦੀ ਹੈ, ਜਿਵੇਂ ਵੈਂਟੀਲੇਟਰ ਅਤੇ ਹੋਰ ਸਾਮਾਨ। ਇਸ ’ਤੇ ਜੋ ਖਰਚ ਆਇਆ, ਉਹ ਹਸਪਤਾਲਾਂ ਦਾ ਹਿੱਸਾ ਬਣਿਆ ਤੇ ਹੁਣ ਸੋਚੋ, ਇਕ ਵਿਅਕਤੀ ਨੂੰ 1000 ਰੁਪਏ ਦੀਆਂ ਦੋ ਖੁ਼ਰਾਕਾਂ ਲੱਗਣਗੀਆਂ ਤੇ ਜੇਕਰ ਸਾਰੇ ਦੇਸ਼ ਦੀ 135 ਕਰੋੜ ਦੀ ਆਬਾਦੀ ਟੀਚਾ ਹੋਵੇ ਤਾਂ ਇਸ ਨੂੰ ਹਜ਼ਾਰ ਨਾਲ ਗੁਣਾਂ ਕਰਕੇ ਦੇਖ ਲਵੋ।
         ਵੈਸੇ ਇਹ ਗੱਲ ਜਚਦੀ ਹੈ ਕਿ ਸਿਹਤ-ਸਹੂਲਤਾਂ ਹੋਣ, ਪਰ ਉਹ ਫ਼ਾਇਦਾ ਵੀ ਤਾਂ ਪਹੁੰਚਾਉਣ। ਫਾਇਦੇ ਬਾਰੇ ਸਾਨੂੰ ਪੂਰਾ ਯਕੀਨ ਨਹੀਂ ਹੈ ਪਰ ਇਹ ਪੂਰਾ ਯਕੀਨ ਹੈ, ਇਸ ਨਾਲ ਦਵਾਈ ਸਨਅਤ ਨਾਲ ਜੁੜੇ ਪੂੰਜੀਪਤੀਆਂ ਨਾਲ ਜ਼ਰੂਰ ਫ਼ਾਇਦਾ ਹੋਵੇਗਾ ਤੇ ਰਾਜਨੀਤੀਵਾਨ ਵੀ ਇਸ ਦਾ ਫ਼ਾਇਦਾ ਲੈਣਗੇ ਕਿ ਕਿਵੇਂ ਮੁਸ਼ਤੈਦੀ ਨਾਲ ਉਨ੍ਹਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਿਆ।

ਸੰਪਰਕ : 98158-08506