Gurcharan Singh Jiwanwala

ਸਿੱਖਾਂ ਦੇ ਧਾਰਮਿਕ ਗ੍ਰੰਥਾਂ ਵਿਚ ਵਰਣਤ ਰੱਬਾਂ ਦਾ ਆਪਸੀ ਟਕਰਾਓ - ਗੁਰਚਰਨ ਸਿੰਘ ਜਿਉਣ ਵਾਲਾ

ਦੁਨੀਆਂ ਦੇ ਵੱਡੇ ਪੰਜ-ਸੱਤ ਧਰਮਾਂ ਦੇ ਭਗਵਾਨਾਂ ਨੂੰ ਜੇਕਰ ਇਕ ਪਾਸੇ ਰੱਖ ਕੇ ਬਾਕੀ ਦਿਆਂ ਦੀ ਗੱਲ ਕਰੀਏ ਤਾਂ ਦੁਨੀਆਂ ਵਿਚ ਜਿਤਨੇ ਵੱਡੇ ਵੱਡੇ ਖੇਤਰ ਹਨ ਉਤਨੇ ਹੀ ਵੱਖਰੇ ਵੱਖਰੇ ਰੱਬ/ਪ੍ਰਮਾਤਮਾ/ਭਗਵਾਨ ਹਨ। ਸਾਰੇ ਅਫਰੀਕਾ ਵਿਚ ਹੀ ਕਈ ਸੌ ਕੁ ਦੇ ਕਰੀਬ ਜਾਂ ਹਜ਼ਾਰਾਂ ਦੀ ਗਿਣਤੀ ‘ਚ ਰੱਬ ਹੋਣਗੇ ਕਿਉਂਕਿ ਮੇਰੇ ਆਪਣੇ ਪਿੰਡ ਵਿਚ ਹੀ ਇਕ ਰੱਬ ਤੇ ਦੋ ਕੁ ਰੱਬਣੀਆਂ ਬਣੀਆਂ ਬੈਠੀਆਂ ਹਨ। ਜਿਨ੍ਹੀਆਂ ਬੋਲੀਆਂ ਇਸ ਦੁਨੀਆਂ ਵਿਚ ਅੱਜ ਮੌਜ਼ੂਦ ਹਨ ਤਕਰੀਬਨ ਉਸ ਤੋਂ ਕਈ ਗੁਣਾਂ ਜ਼ਿਆਦਾ ਰੱਬਾਂ ਦੀ ਗਿਣਤੀ ਹੋ ਸਕਦੀ ਹੈ। ਕਿਸੇ ਨੇ ਰੱਬ ਸੱਤਵੇਂ ਅਕਾਸ਼ ਤੇ ਮਿੱਥ ਲਿਆ, ਕਿਸੇ ਨੇ ਸਮੁੰਦਰ ਵਿਚ ਸ਼ੇਸ਼ਨਾਗ ਦੇ ਸਿਰ ਤੇ ਸਮਾਧੀ ਲਾਈ ਬੈਠਾ ਮੰਨ ਲਿਆ, ਕਿਸੇ ਨੇ ਕਿਤੇ ਤੇ ਕਿਸੇ ਨੇ ਕਿਤੇ।
ਹੁਣ ਆਪਾਂ ਗੱਲ ਕਰੀਏ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਿਆਂ ਦੇ ਰੱਬ ਦੀ। ਇਸਲਾਮ ਦੇ ਸੂਫੀ ਕਵੀਆਂ ਨੇ ਇਸਲਾਮ ਦੇ ਰੱਬ ਨੂੰ ਅਕਾਸ਼ ਤੋਂ ਥੱਲੇ ਲਾਹ ਕੇ ਰੱਬ ਦਿਲਾਂ ਵਿਚ ਵੱਸਦੇ ਹੋਣ ਦਾ ਹੋਕਾ ਦਿੱਤਾ ਤੇ ਸੂਲੀ ਚਾੜ੍ਹ ਦਿੱਤੇ ਗਏ। ਇਕ ਸੂਫੀ ਕਵੀ ਦੇ ਬੋਲ:
ਮੰਦਰ ਢਾਹ ਦੇ ਮਸਜ਼ਦ ਢਾਹ ਦੇ ਢਾਹ ਦੇ ਜੋ ਕੁੱਝ ਢਹਿੰਦਾ।
ਇਕ ਬੰਦੇ ਦਾ ਦਿਲ ਨਾ ਢਾਹੀਂ ਰੱਬ ਦਿਲਾਂ ਵਿਚ ਰਹਿੰਦਾ।
ਬਾਬਾ ਫਰੀਦ ਜੀ ਵੀ ਏਹੋ ਹੀ ਫਰਮਾਣ ਕਰਦੇ ਹਨ:
ਆਸਾ ਸੇਖ ਫਰੀਦ ਜੀਉ ਕੀ ਬਾਣੀ॥ ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥ ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਬਾਬਾ ਫਰੀਦ ਜੀ ਨੇ ਵੀ ਰੱਬ ਨੂੰ ਜੰਗਲਾਂ ਬੇਲਿਆਂ ਵਿਚੋਂ ਬਾਹਰ ਕੱਢ ਕੇ ਮਨੁੱਖਤਾ ਦੇ ਦਿਲਾਂ ਵਿਚ ਵੱਸਣ ਦਾ ਹੋਕਾ ਦਿੱਤਾ
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥{ਪੰਨਾ 1378}
ਤੇ ਬਾਬੇ ਨਾਨਕ ਜੀ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਰੱਬ ਤੁਹਾਡੇ ਦਿਲਾਂ ਵਿਚ ਹੀ ਵੱਸਦਾ ਹੈ ਉਸਦੀ ਪਹਿਚਾਣ ਕਰੋ।
ਗੁਪਤੁ ਪਰਗਟੁ ਤੂੰ ਸਭਨੀ ਥਾਈ॥ ਗੁਰ ਪਰਸਾਦੀ ਮਿਲਿ ਸੋਝੀ ਪਾਈ॥ ਨਾਨਕ ਨਾਮੁ ਸਲਾਹਿ ਸਦਾ ਤੂੰ, ਗੁਰਮੁਖਿ ਮੰਨਿ ਵਸਾਵਣਿਆ॥8॥24॥25॥ {ਪੰਨਾ 124}
ਬਾਬੇ ਨਾਨਕ ਤੇ ਫਰੀਦ ਜੀ ਦੇ ਇਨ੍ਹਾਂ ਫੁਰਮਾਣਾਂ ਦੇ ਬਾਵਜੂਦ ਵੀ ਮਾਤਾ ਕੌਲਾਂ ਵਾਲੇ ਕੀਰਤਨੀਏ ਗੁਰ ਇਕਬਾਲ ਸਿੰਘ ਨੇ ਬਾਬਾ ਫਰੀਦ ਜੀ ਨੂੰ ਬਾਰਾਂ ਸਾਲਾਂ ਲਈ ਜੰਗਲ ਵਿਚ ਪੁੱਠੇ ਲਟਕਾ ਦਿੱਤਾ ਤੇ ਅਸੀਂ ਨਾਸਮਝੀ ਕਾਰਣ ਉਸ ਨੂੰ ਮਾਲੋ ਮਾਲ ਕਰ ਦਿੱਤਾ।
ਦਸਮ ਗ੍ਰੰਥ/ ਬਚਿੱਤ੍ਰ ਨਾਟਿਕ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਸਿਧਾਂਤਕ ਰੂਪ ਵਿਚ ਬਿਲਕੁਲ ਵੱਖਰੇ-ਵੱਖਰੇ, ਇਕ ਦੂਜੇ ਦੇ ਉਲਟ ਹਨ।
ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ॥  {ਪੰਨਾ784}
ਗੁਰਬਾਣੀ ਦਾ ਰੱਬ ਸਰਬ ਵਿਆਪਕ ਹੈ ਤੇ ਹੈ ਵੀ ਮਿੱਠ ਬੋਲੜਾ। ਗੁਰੂ ਅਰਜਨ ਪਾਤਸਾਹ ਜੀ ਫੁਰਮਾਉਂਦੇ ਹਨ ਕਿ ਮੈਂ ਭਾਲ ਕੇ ਥੱਕ ਗਿਆ ਹਾਂ ਪਰ ਉਹ ਕਦੇ ਵੀ ਕੌੜਾ ਬੋਲ ਬੋਲਦਾ ਨਹੀਂ ਸੁਣਿਆ ਅਤੇ ਉਹ ਕਦੇ ਵੀ ਕਿਸੇ ਦੇ ਔਗਣ ਨਹੀਂ ਚਿਤਾਰਦਾ, ਉਹ ਪੂਰਨ ਭਗਵਾਨ ਹੈ।
ਇਸ ਤੋਂ ਅੱਗੇ ਆਪਾਂ ਕੁੱਝ ਵੰਨਗੀਆਂ ਦਸਮ ਗ੍ਰੰਥ/ਬਚਿੱਤ੍ਰ ਨਾਟਿਕ ਗ੍ਰੰਥ ਦੇ ਰੱਬ ਦੀਆਂ ਵੇਖਦੇ ਹਾਂ।
ਦਸਮ ਗ੍ਰੰਥ ਦਾ ਲਿਖਾਰੀ ਇਕ ਅੱਧ ਪੰਗਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮਿਲਦੀ ਲਿੱਖ ਕੇ:
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ॥ ਦ.ਗ੍ਰੰ.ਪੰਨਾ 39॥
ਕਿ ਉਸ ਦਾ ਕੋਈ ਰੂਪ ਨਹੀਂ, ਰੰਗ ਨਹੀਂ,ਰੇਖ ਨਹੀਂ ਅਤੇ ਨਾ ਹੀ ਸਨੇਹ (ਰਾਗੰ) ਹੈ ਪਰ ਨਾਲ ਹੀ:
ਚਤੁਰ ਬਾਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ ਬਜੀ ਬੰਬ ਸੰਖੰ॥ ਉਠੇ ਨਾਦ ਬੰਖੰ॥33॥ ਦ.ਗ੍ਰੰ. ਪੰਨਾ 41॥ ਇਹ ਵੀ ਦੱਸਣ ਦੀ ਢਿੱਲ ਨਹੀਂ ਕਰਦਾ ਕਿ ਉਸ ਦੀਆਂ ਚਾਰ ਸੁੰਦਰ ਬਾਹਾਂ ਹਨ, ਸਿਰ ਤੇ ਜੂੜਾ ਵੀ ਕੀਤਾ ਹੋਇਆ ਹੈ, ਉਸ ਕੋਲ ਗਦਾ ਵੀ ਹੈ ਜੋ ਜਮਾਂ ਦੇ ਮਨ ਨੂੰ ਮੋਹ ਰਹੀ ਹੈ। ਜੀਭ ਵਿਚੋਂ ਜੁਆਲਾ ਨਿਕਲ ਰਹੀ ਹੈ ਜਾਂ ਅੱਗ ਵਰਗੀ ਜੀਭ ਹੈ, ਦਾੜ੍ਹਾਂ ਬਹੁਤ ਭਿਆਨਕ ਹਨ, ਧੌਂਸੇ ਤੇ ਸੰਖ ਵੱਜ ਰਹੇ ਹਨ ਅਤੇ ਉਸ ਵਿਚੋਂ ਸਮੁੰਦਰ ਦੀ ਗਰਜ ਵਰਗਾ ਨਾਦ ਨਿਕਲ ਰਿਹਾ ਹੈ।
ਜੇਕਰ ਉੱਪਰ ਵਰਨਤ ਨਿੱਕੜ-ਸੁੱਕੜ ਮੁਮਕਨ ਹੈ ਤਾਂ ਉਹ ਰੱਬ ਜ਼ਰੂਰ ਦੇਹਧਾਰੀ ਹੈ ਤੇ ਜਵਾਲਾਮੁੱਖੀ ਦੇਵੀ ਵਰਗਾ, ਨੈਣਾਂ ਦੇਵੀ ਵਰਗਾ ਹੋਵੇਗਾ ਜਾਂ ਦੁਰਗਾ ਦੇਵੀ ਵਰਗਾ। ਜੇਕਰ ਉਸ ਦੇ ਜੀਭ ਹੈ, ਸਿਰ ਤੇ ਜੂੜਾ ਹੈ ਅਤੇ ਮੂੰਹ ਵਿਚ ਦਾੜ੍ਹਾਂ ਤੇ ਉਹ ਵੀ ਭਿਆਨਕ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਆਦਮੀ ਦੀ ਸ਼ਕਲ ਵਿਚ ਦਿਸਿਆ ਹੋਵੇਗਾ ਤੇ ਉਹ ਮਰ ਵੀ ਗਿਆ ਹੋਵੇਗਾ ਕਿਉਂਕਿ ਗੁਰਬਾਣੀ ਦਾ ਫੁਰਮਾਣ ਹੈ:
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ (ਪੰਨਾ 50, ਮ:5)
ਮੇਰੇ ਮਨ ਆਪਣੀ ਮੱਤ ਛੱਡ ਕੇ ਗਿਆਨ ਦੀ ਗੱਲ ਸਮਝ ਕਿ ਜੋ ਵੀ ਦਿਸਦਾ ਹੈ ਉਸ ਨੇ ਮਰਨਾ ਹੈ। ਪਰ ਗੁਰਬਾਣੀ ਦਾ ਰੱਬ ਤਾਂ ਅਬਨਾਸੀ ਹੈ ਤੇ ਅਜੂਨੀ ਵੀ:
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥ {ਪੰਨਾ 759}
ਗੁਰਬਾਣੀ ਤਾਂ ਕਿਸੇ ਰੱਬ ਕੋਲ ਸੰਖ, ਗਦਾ, ਚੱਕ੍ਰ ਹੋਣ ਨੂੰ ਕੱਟਦੀ ਹੋਈ ਰੱਬ ਦੇ ਪੈਦਾ ਹੋਣ ਨੂੰ ਵੀ ਕੱਟਦੀ ਹੈ। ਉਸ ਵਰਗਾ ਹੋਰ ਕੋਈ ਨਹੀਂ, ਉਹ ਅਸਚਰਜ ਰੂਪ ਹੈ, ਉਹ ਗੁਰਮੁੱਖਾਂ/ਸਾਧੇ ਹੋਏ ਭਗਤ ਜਨਾਂ ਦੇ ਮਨਾਂ ਵਿਚ ਵੱਸਦਾ ਹੈ ਤੇ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ ॥ ਅਸਚਰਜ ਰੂਪੰ, ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ, ਬੁਝੰਤਿ ਨਾਨਕ ਬਡਭਾਗੀਅਹ ॥57॥ (ਗੁ. ਗ੍ਰ.ਪੰਨਾ 1359)
ਨਵ ਨੇਵਰ ਨਾਦ ਸੁਰੰ ਨ੍ਰਿਮਲੰ॥ ਮੁਖ ਬਿੱਜੁਲ ਜਵਾਲ ਘਣੰ ਪ੍ਰਜੁਲੰ॥
ਮਦਰਾ ਕਰ ਮੱਤ ਮਹਾ ਭਭਕੰ॥ਬਨ ਮੈ ਮਨੋ ਬਾਘ ਬਚਾ ਬਬਕੰ॥ ਦ. ਗੰ. ਪੰਨਾ 42॥
ਦਸਮ ਗ੍ਰੰਥ ਦਾ ਲਿਖਾਰੀ ਤਾਂ ਆਪਣੇ ਰੱਬ ਦੇ ਪੈਰੀਂ ਝਾਂਜਰਾਂ ਪੁਆ ਕੇ ਕਹਿੰਦਾ ਹੈ ਕਿ ਉਸ ਦੀਆਂ ਝਾਂਜਰਾਂ ਵਿਚੋਂ ਨਿਰਮਲ ਨਾਦ ਨਿਕਲਦਾ ਹੈ, ਮੁੱਖ ਬਿਜਲੀ ਦੀ ਅੱਗ ਵਾਂਗ ਲਿਸ਼ਕਦਾ ਹੈ। ਉਹ ਸ਼ਰਾਬ ਪੀ ਕੇ ਹਾਥੀ ਵਾਂਗ ਭੱਬਕਦਾ ਹੈ ਮਾਨੋ ਜਿਵੇਂ ਜੰਗਲ ਵਿਚ ਸ਼ੇਰ ਦਾ ਬੱਚਾ ਦਾਹੜ ਰਿਹਾ ਹੋਵੇ। ਇਹ ਸਾਰਾ ਕੁੱਝ ਸਾਨੂੰ ਕੀ ਸਮਝਾ ਰਿਹਾ ਹੈ? ਦਸਮ ਗ੍ਰੰਥ ਦਾ ਰੱਬ ਜੂਨਾਂ ਵਿਚ ਆਉਂਦਾ ਹੈ। ਪਰ ਇਹ ਤਾਂ ਤਾਂਤ੍ਰਕ ਮੱਤ ਹੈ ਤੇ ਵੱਡੇ ਢਿੱਡਾਂ ਵਾਲੇ, ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲੇ, ਵਿਹਲੜ ਤੇ ਲਫੰਗੇ ਸਾਧੜੇ ਵੀ ਤਾਂ ਏਹੀ ਪ੍ਰਚਾਰ ਕਰਦੇ ਹਨ ਕਿ ਸਾਡਾ ਫਲਾਣਾ ਪਰਮ ਮਨੁੱਖ, ਬ੍ਰਿਹਮਗਿਆਨੀ ,ਪੂਰਨ ਬ੍ਰਿਹਮਗਿਆਨੀ, ਗੁਰਮਤਿ ਮਾਰਤੰਡ ਆਦਿ।
ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਬੰਦੇ ਨੂੰ ਖਾਲਸਾ ਰੂਪ ਦੇਣ ਲਈ ਖੰਡੇ ਦੀ ਪਾਹੁਲ ਛਕਾਉਂਦੇ ਹਨ ਤੇ ਦੂਸਰੇ ਪਾਸੇ ਉਹ ਇਹ ਕਿਵੇਂ ਲਿਖ ਸਕਦੇ ਹਨ ਕਿ ਜੇ ਤੂੰ ਦਸਮ ਗ੍ਰੰਥ ਦੇ ਇਸ਼ਟ, ਮਹਾਂਕਾਲ ਦਾ ਸਿੱਖ/ਸ਼ਿਸ਼ ਬਣਨਾ ਹੈ ਤਾਂ ਸ਼ਰਾਬ ਭੰਗ ਦਾ ਸੇਵਨ ਕਰ:
ਦਿਜ ਹਮ ਮਹਾ ਕਾਲਕੋ ਮਾਨੈ। ਪਾਹਨ ਮੈ ਮਨ ਕੋ ਨਹਿ ਆਨੈ॥ ਪਾਹਨ ਕੋ ਪਾਹਨ ਕਰਿ ਜਾਨਤ॥ ਤਾ ਤੇ ਬੁਰੋ ਲੋਗ ਏ ਮਾਨਤ।91।ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਿਵਾਇ॥ 125॥ ਚਰਿਤ੍ਰ 266, ਪੰਨਾ 1210॥ ਅਖਰੀਲਾ ਬੰਦ॥
ਪਰ ਗੁਰਬਾਣੀ ਤਾਂ ਮਹਾਂਕਾਲ ਨੂੰ ਵੀ ਰੱਦ ਕਰਦੀ ਹੈ:
ਰਾਮਕਲੀ ਮਹਲਾ 5 ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥1॥ ਰਹਾਉ ॥ {ਪੰਨਾ 885-886}
ਸਲੋਕ ਮਃ ੨ ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ {ਪੰਨਾ 954}
ਗੁਰ ਸਿੱਖ ਭਰਾਵੋ! ਮੈਂ ਤਾਂ ਤੁਹਾਨੂੰ ਅਪੀਲ ਹੀ ਕਰ ਸਕਦਾ ਹਾਂ, ਅੰਧੇ ਲੋਕਾਂ ਦੇ ਦੱਸੇ ਰਾਹ ਤੇ ਤਾਂ ਅੰਧੇ ਲੋਕ ਹੀ ਚੱਲਣਗੇ ਪਰ ਜੇ ਕੋਈ ਸੁਜਾਖਾ ਹੋਵੇਗਾ ਤਾਂ ਉਹ ਔਝੜੇ ਨਹੀਂ ਪਏਗਾ, ਕਿ ਆਪਾਂ ਸੁਜਾਖੇ ਬਣੀਏ, ਲੰਮੇ ਚੋਲਿਆਂ ਵਾਲੇ ਤੇ ਗੋਢਿਆਂ ਤਕ ਲਮਕਦੇ ਢਿੱਡਾਂ ਵਾਲਿਆਂ ਤੋਂ ਕਿਨਾਰਾ ਕਰੀਏ, ਬੰਟੀ ਬਈਏ ਵਾਰਗਿਆਂ ਨੂੰ ਧਾਰਮਿਕ-ਇਤਹਾਸਕ ਅਸਥਾਨਾਂ ਤੇ ਬੋਲਣ ਤੋ ਰੋਕਿਆ ਜਾਵੇ। ਜੇਕਰ ਸਾਰੇ ਦਾ ਸਾਰਾ ਸਾਧ ਲਾਣਾ ਸਿੱਖੀ ਦਾ ਪ੍ਰਚਾਰ ਕਰਦਾ ਹੈ ਤਾਂ ਸਾਰਿਆਂ ਸਿੱਖ ਧਰਮ ਦੇ ਪ੍ਰੇਮੀਆਂ ਨੂੰ ਸਵਾਲ ਹੈ ਕਿ ਸਿੱਖੀ ਕਿੱਥੇ ਹੈ? ਆਓ ਸਾਰੇ ਰਮ-ਮਿਲ ਕੇ ਬਾਬੇ ਦੇ ਉਪਦੇਸ਼ ਨੂੰ ਪ੍ਰਚਾਰਣ ਦਾ ਕੰਮ ਕਰੀਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

 ਦਸਮ ਗ੍ਰੰਥ ਵਿਚ ਇਸਤਰੀ ਨਿੰਦਾ - ਗੁਰਚਰਨ ਸਿੰਘ ਜਿਉਣ ਵਾਲਾ


ਕੋਈ ਵੀ ਗ੍ਰੰਥ ਜਿਹੜਾ ਸਮਾਜ ਦੀ ਅੱਧ ਗਿਣਤੀ ਲੋਕਾਂ ਨੂੰ ਨਿਕਾਰਦਾ ਹੈ, ਉਨ੍ਹਾਂ ਦੀ ਤੌਹੀਨ ਕਰਦਾ ਹੈ ਜਾਂ ਮੰਦਾ ਬੋਲਦਾ ਹੈ ਉਹ ਕਿਸੇ ਵੀ ਹਾਲਤ ਵਿਚ ਕਿਸੇ ਵੀ ਕੌਮ ਦਾ ਧਾਰਮਿਕ ਗ੍ਰੰਥ ਕਹਾ ਹੀ ਨਹੀਂ ਸਕਦਾ, ਬਣਾਇਆ ਹੀ ਨਹੀਂ ਜਾ ਸਕਦਾ। ਏਹੋ ਸ਼ਰਤ ਏਸ ਅਖੌਤੀ ‘ਗੰਗਾਧਰ, ਵਿਦਿਆਧਰ, ਬਚਿਤ੍ਰ ਨਾਟਿਕ,ਦਸਮ ਗ੍ਰੰਥ/ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੇ ਲਾਗੂ ਹੁੰਦੀ ਹੈ। ਅੱਗੇ ਚੱਲ ਕੇ ਆਪਾਂ ਇਸਤ੍ਰੀਆਂ ਦੀ ਨਿੰਦਾ ਦੀ ਗੱਲ ਕਰਾਂਗੇ। ਇਸ ਗ੍ਰੰਥ ਦੇ ਸਿਰਲੇਖ ਵੀ ਗਲਤ ਹਨ ਜਿਵੇਂ ਤ੍ਰੀਆ ਚਰਿਤ੍ਰ। ਇਸ ਸਿਰਲੇਖ ਹੇਠ ਸਿਰਫ ਇਸਤਰੀਆਂ ਦੇ ਵਲ ਫਰੇਬ ਹੀ ਆਉਣੇ ਚਾਹੀਦੇ ਸਨ ਪਰ ਇਨ੍ਹਾਂ 404 ਚਰਿਤ੍ਰਾਂ ਵਿਚੋਂ ਘੱਟ ਤੋਂ ਘੱਟ ਦਸ ਚਰਿਤ੍ਰ ਆਦਮੀਆਂ ਦੇ ਵੀ ਹਨ ਜਿਵੇਂ ਠੱਗ ਠੱਗੀਆਂ ਕਿਵੇਂ ਮਾਰਦੇ ਹਨ ਦਸਮ ਗ੍ਰੰਥ ਪੰਨਾ 953 ਚਰਿਤ੍ਰ ਨੰਬਰ 106 ‘ਚ ਚਾਰ ਠੱਗ ਕਿਸੇ ਬੰਦੇ ਨੂੰ, ਜਿਸ ਨੇ ਬੱਕਰਾ ਮੋਢਿਆਂ ਤੇ ਚੁਕਿਆ ਹੋਇਆ ਹੁੰਦਾ ਹੈ, ਕਹਿੰਦੇ ਹਨ ਕਿ ਤੂੰ ਕੁੱਤਾ ਕਿਉਂ ਚੁੱਕੀ ਜਾ ਰਿਹਾ ਹੈਂ ਤੇ ਉਹ ਆਖਰ ਨੂੰ ਆਪਣੇ ਬੱਕਰੇ ਨੂੰ ਠੱਗਾਂ ਦੇ ਬਾਰ ਬਾਰ ਕੁੱਤਾ ਕਹਿਣ ਤੇ ਕੁੱਤਾ ਸਮਝ ਕੇ ਉਨ੍ਹਾਂ ਨੂੰ ਦੇ ਦਿੰਦਾ ਹੈ। ‘ਬਚਿਤ੍ਰ ਨਾਟਿਕ’ ਜਿਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਗਾਥਾ ਕਿਹਾ ਜਾਂਦਾ ਹੈ, ਇਸੇ ਗ੍ਰੰਥ ਦੇ ਪੰਨਾ 71 ਤੇ ਸਿਰਲੇਖ ਹੈ “ ਸ਼ਹਿਜਾਦੇ ਕੋ ਆਗਮਨ ਮਦ੍ਰ ਦੇਸ” । ਇਸ ਸਿਰਲੇਖ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਲਿਖਾਰੀ ਗੁਰੂ ਜੀ ਨਾ ਹੋ ਕਿ ਕੋਈ ਹੋਰ ਹੈ। ਜੇਕਰ ਲਿਖਾਰੀ ਗੁਰੂ ਜੀ ਨੂੰ ਮੰਨ ਲਿਆ ਜਾਵੇ ਤਾਂ ਉਹ ਇਸ ਸਿਰਲੇਖ ਨੂੰ ਇਸ ਤਰ੍ਹਾਂ ਨਹੀਂ ਲਿਖ ਸਕਦੇ। ਕਿਉਂਕਿ ਗੁਰੂ ਘਰ ਦੇ ਸਿਧਾਂਤ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ “ਨੀਚੀ ਹੂ ਅਤਿ ਨੀਚੁ” ਲਿਖਦੇ ਹਨ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਸੇ ਜੋਤ ਦੇ ਪਾਂਧੀ ਹਨ ਤਾਂ ਆਪਣੇ ਆਪ ਨੂੰ ਸ਼ਹਿਜਾਦਾ ਲਿਖਣਗੇ?
ਹੁਣ ਆਪਾਂ ਇਸ ਲਿਖਾਰੀ ਦੀ ਬੌਧਿਕ ਅਵਸਥਾ ਵੇਖਾਂਗੇ ਕਿ ਉਹ ਸਮਾਜ ਦੇ ਤਕਰੀਬਨ ਅੱਧ ਬਾਰੇ ਆਪਣੇ ਦਿਮਾਗ ਵਿਚ ਕੀ ਸਮੋਈ ਬੈਠਾ ਹੈ।  
ਕੈਸੋ ਹੀ ਬੁਧਿਜਨ ਕੋਊ ਚਤੁਰ ਕੈਸਉ ਹੋਇ। ਚਰਿਤ ਚਤੁਰਿਯਾ ਤ੍ਰਿਯਨ ਕੋ ਪਾਇ ਸਕਤ ਨਹਿ ਕੋਇ।8॥
ਜੋ ਨਰ ਆਪੁਨੇ ਚਿੱਤ ਕੌ ਤ੍ਰਿਯ ਕਰ ਦੇਤ ਬਨਾਇ॥ ਜਰਾ ਤਾਂਹਿ ਜੋਬਨ ਹਰੈ ਪ੍ਰਾਨ ਹਰਤ ਹਮ ਜਾਇ॥9॥ ਪੰਨਾ 828॥
ਕੋਈ ਭਾਵੇਂ ਕਿਤਨਾ ਹੀ ਬੁੱਧੀਮਾਨ ਅਤੇ ਸਿਆਣਾ ਕਿਉਂ ਨਾ ਹੋਏ, ਚਤਰ ਇਸਤ੍ਰੀਆਂ ਦੇ ਚਰਿਤ੍ਰ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ।8॥ ਜੋ ਵਿਆਕਤੀ ਆਪਣੇ ਮਨ (ਦਾ ਭੇਦ) ਇਸਤਰੀ ਨੂੰ ਦੱਸ ਦਿੰਦਾ ਹੈ, ਤਾਂ ਬੁਢਾਪਾ ਉਸ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਅਤੇ ਜਮ ਉਸ ਦੇ ਪ੍ਰਾਣ ਹਰ ਲੈਂਦਾ ਹੈ।
ਤ੍ਰਿਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ॥ ਕਹਤ ਸਿੰਮ੍ਰਿਤਿ ਅਰੁ ਬੇਦ ਕੋਕ ਸਾਰਊ ਯੌ ਕਹਤ॥10॥ਪੰਨਾ 828॥
ਸਿਮ੍ਰਤੀਆਂ, ਵੇਦ ਅਤੇ ਕੋਕ-ਸ਼ਾਸ਼ਤ੍ਰ ਸਾਰੇ ਇਸ ਤਰ੍ਹਾਂ ਕਹਿੰਦੇ ਹਨ ਕਿ ਇਸਤਰੀ ਨੂੰ ਕਦੇ ਭੇਦ ਨਹੀਂ ਦੇਣ ਚਾਹੀਦਾ(ਸਗੋਂ) ਉਸਦਾ ਭੇਦ ਸਦਾ ਲੈਂਦੇ ਰਹਿਣਾ ਚਾਹੀਦਾ ਹੈ।10॥
ਏਥੇ ਸੋਚਣ ਵਾਲੀ ਗੱਲ ਸਿਰਫ ਇਹ ਹੈ ਕਿ ਕੀ ਇਸ ਤਰ੍ਹਾਂ ਘਰ ਦਾ ਮਹੌਲ ਠੀਕ ਰਹੇਗਾ ਜਾਂ ਵਿਗੜ ਜਾਵੇਗਾ? ਕੀ ਇਸ ਤਰ੍ਹਾਂ ਕਰਨ ਨਾਲ ਘਰ ਵਿਚ ਸੁੱਖ ਸ਼ਾਂਤੀ ਆਵੇਗੀ ਜਾਂ ਕਲੇਸ਼? ਗੁਰੂ ਨਾਨਕ ਸਾਹਿਬ ਤਾਂ, “ਨਾਨਕ ਦੁਖੀਆ ਸਭੁ ਸੰਸਾਰੁ” ਬੋਲ ਕਿ ਉਸ ਦਾ ਹੱਲ ਦੱਸਦੇ ਹਨ; ਮੰਨੇ ਨਾਉ ਸੋਈ ਜਿਣਿ ਜਾਇ॥ ਅੳਰੀ ਕਰਮ ਨ ਲੇਖੈ ਲਾਇ॥1॥
ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸਵਾਸ। ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥॥11॥
ਜੋ ਨਰ ਕਾਹੂ ਤਿਯਾ ਕੋ ਦੇਤ ਆਪਨੋ ਚਿਤ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ॥12॥ ਪੰਨਾ 829॥
ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ ਜਾਂਦਾ ਹੈ।11॥ ਜੇ ਕੋਈ ਪੁਰਸ਼ ਆਪਣੇ ਚਿੱਤ ਦੀ ਗੱਲ ਇਸਤਰੀ ਨੂੰ ਦੱਸ ਦਿੰਦਾ ਹੈ, ਉਸ ਬੰਦੇ ਦੀ ਇਸ ਜਗਤ ਵਿਚ ਨਿੱਤ ਖੁਆਰੀ ਹੁੰਦੀ ਹੈ।12॥
ਅੰਤ ਤਿਯ੍ਰਨ ਕੇ ਕਿਨੂੰ ਨ ਪਾਯੋ। ਬਿਧਨਾ ਸਿਰਜਿ ਬਹੁਰਿ ਪਛੁਤਾਯੋ॥ ਜਿਨ ਇਹ ਕੀਯੋ ਸਕਲ ਸੰਸਾਰੋ॥ ਵਹੈ ਪਛਾਨਿ ਭੇਦ ਤ੍ਰਿਯਾ ਹਾਰੋ॥13॥ ਪੰਨਾ 1267॥
ਔਰਤਾਂ ਦੇ ਭੇਦਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਸਗੋਂ ਰੱਬ ਵੀ ਇਨ੍ਹਾਂ ਨੂੰ ਬਣਾ ਕੇ ਪਛਤਾ ਰਿਹਾ ਹੈ। ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ਉਹ ਵੀ ਔਰਤਾਂ ਦੇ ਭੇਦ ਪਛਾਣ ਕੇ ਹਾਰ ਗਿਆ ਹੈ ॥13॥ ਪਤਾ ਨਹੀਂ ਇਸ ਲੁੱਚੇ-ਲੰਡੇ ਗ੍ਰੰਥ ਦਾ ਰੱਬ ਵੀ ਕੇਹੋ ਜਿਹਾ ਹੈ ਜਿਹੜਾ ਆਪਣੀ ਹੀ ਕਿਰਤ ਦੇ ਸਾਹਮਣੇ ਹੀ ਗੋਡਿਆਂ ਭਾਰ ਹੋ ਗਿਆ ਹੈ?
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੁਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥312॥ 5949॥ ਅਫਜੂੰ॥
ਹੁਣ ਆਪਾਂ ਵੀਚਾਰ ਕਰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਔਰਤਾਂ ਪ੍ਰਤੀ ਕੀ ਫੈਸਲਾ ਹੈ, ਕੀ ਉਸ ਵਿਚ ਔਰਤ ਜਾਤੀ ਨੂੰ ਸਲਾਹਿਆ ਗਿਆ ਹੈ ਜਾਂ ਨਿਦਿਆ, ਕੀ ਉਸ ਨੂੰ ਚੰਗਾ ਕਿਹਾ ਗਿਆ ਹੈ ਜਾਂ ਮਾੜਾ? ਔਰਤਾਂ ਪ੍ਰਤੀ ਗੁਰੂ ਮਹਾਂਰਾਜ ਜੀ ਦਾ ਕੀ ਫੁਰਮਾਣ ਹੈ;
ਪਵੜੀ ॥ ਕਕਾ ਕਾਰਨ ਕਰਤਾ ਸੋਊ ॥ ਲਿਖਿਓ ਲੇਖੁ ਨ ਮੇਟਤ ਕੋਊ ॥ ਨਹੀ ਹੋਤ ਕਛੁ ਦੋਊ ਬਾਰਾ ॥ ਕਰਨੈਹਾਰੁ ਨ ਭੂਲਨਹਾਰਾ ॥ {ਪੰਨਾ 253}
ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬੱਬ ਬਣਾਣ ਵਾਲਾ ਹੈ। ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ। ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ, ਇਸ ਵਾਸਤੇ) ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।
ਮਃ 1 ॥॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ {ਪੰਨਾ 473}
ਜੇਕਰ ਕਿਸੇ ਦੀ ਔਰਤ ਚਲਾਣਾ ਕਰ ਜਾਵੇ ਤਾਂ ਉਹ ਹੋਰ ਔਰਤ ਭਾਲਦਾ ਹੈ ਅਤੇ ਔਰਤਾਂ ਨਾਲ ਹੀ ਰਿਸ਼ਤੇ-ਨਾਤੇ ਜੁੜਦੇ ਹਨ। ਪੰਡਿਤ ਲੋਕ ਜਿਹੜੇ ਆਪਣੇ ਆਪ ਨੂੰ ਪਵਿਤਰ ਸਮਝਦੇ ਹਨ ਉਨ੍ਹਾਂ ਨੂੰ ਵੀ ਏਹੋ ਔਰਤ ਜਨਮ ਦੇਂਦੀ ਐ ਫਿਰ ਔਰਤ ਮਾੜੀ ਕਿਵੇਂ ਹੋਈ? ਮਹੀਨਾਵਾਰੀ ਇਕ ਕੁਦਰਤ ਦਾ ਨਿਯਮ ਹੈ ਜਿਸ ਕਰਕੇ ਮਨੁੱਖੀ ਜੀਵ ਦਾ ਇਸ ਸੰਸਾਰ ਵਿਚ ਆਉਣਾ-ਜਾਣਾ ਲੱਗਾ ਹੈ ਤੇ ਕੁਦਰਤ ਦਾ ਕੋਈ ਵੀ ਬਣਾਇਆ ਹੋਇਆ ਨਿਯਮ ਗਲਤ ਨਹੀਂ ਜਿਸ ਨੂੰ ਦਰੁਸਤ ਕਰਨਾ ਪਵੇ।
ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ {ਪੰਨਾ 788}
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਗੋਂ ਇਸ ਫੁਰਮਾਉਂਦੀ ਹੈ ਕਿ  ਜੇਕਰ ਆਦਮੀ ਅਤੇ ਔਰਤ ਇਕੱਠੇ ਬੈਠੇ ਹੋਣ ਤਾਂ ਉਨ੍ਹਾਂ ਨੂੰ  ਇਕ ਦੂਜੇ ਦੇ ਸਾਥੀ ਨਹੀਂ ਕਿਹਾ ਜਾ ਸਕਦਾ, ਪਤੀ-ਪਤਨੀ ਨਹੀਂ ਕਿਹਾ ਜਾ ਸਕਦਾ ਜਿਤਨੀ ਦੇਰ ਤਕ ਉਨ੍ਹਾਂ ਦੀ ਸੋਚ ਇਕ ਨਹੀਂ ਹੋ ਜਾਂਦੀ।
“ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਅਤੇ “ਗੁਰੂ ਗ੍ਰੰਥ ਸਾਹਿਬ” ਵਿਚੋਂ ਲਈਆਂ ਇਨ੍ਹਾਂ ਉਦਾਹਰਣਾਂ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਦੋਵੇਂ ਗ੍ਰੰਥ ਇਕ ਵੀਚਾਰਧਾਰਾ ਦੇ ਨਹੀਂ ਸਗੋਂ ਇਕ ਦੂਜੇ ਤੋਂ ਉਲਟ ਸਿਧਾਂਤ ਦੇ ਹਾਮੀ ਹਨ। ਪਰ ਦੂਸਰੇ ਪਾਸੇ ਤੋਂ ਅਸੀਂ ਇਹ ਵੀ ਮੰਨੀ ਬੈਠੇ ਹਾਂ ਕਿ ਦਸੇ ਪਾਤਸ਼ਾਹੀਆਂ ,” ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ ਪੰਨਾ966॥ ਇਕ ਜੋਤ ਸਨ ਤੇ ਹਨ ਵੀ। ਹੁਣ ਫੈਸਲਾ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਕਰਨ ਕਿ ਕੀ ਠੀਕ ਹੈ ਤੇ ਕੀ ਗਲਤ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

ਦਸਮ ਗ੍ਰੰਥ ਦੇ ਅੰਦਰਲੇ ਪ੍ਰਮਾਣ ਕੀ ਸਾਬਤ ਕਰਦੇ ਹਨ - ਗੁਰਚਰਨ ਸਿੰਘ ਜਿਉਣ ਵਾਲਾ

ਬਚਿਤ੍ਰ ਨਾਟਕ-ਆਪਨੀ ਕਥਾ:- ਤਹ ਹਮ ਅਧਿਕ ਤਪਸਿਆ ਸਾਧੀ ਮਹਾਕਾਲ ਕਾਲਕਾ ਅਰਾਧੀ॥2॥(ਦ.ਗ੍ਰੰ.ਪੰਨਾ 55) ਕੀ ਪੂਰਬ ਜਨਮ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਅਤੇ ਕਾਲਕਾ ਦੇ ਉਪਾਸਕ ਸਨ?
ਅਤੇ ਚੌਦਵੇਂ ਅਧਿਆਇ ਅੰਦਰ ਵਰਤਮਾਨ ਇਸ਼ਟ ਦੇਵ/ਦੇਵੀ ਵੀ ਉਹੀ ਦੱਸੇ ਹਨ। ਜਿਵੇਂ:-
ਸਰਬਕਾਲ ਹੈ ਪਿਤਾ ਅਪਾਰਾ। ਦੇਵੀ ਕਾਲਕਾ ਮਾਤ ਹਮਾਰਾ॥5॥ (ਦ.ਗ੍ਰੰ.ਪੰਨਾ 73)
ਚਰਿਤ੍ਰੌਪਾਖਿਆਨ ਦੇ ਚਰਿਤ੍ਰ 266 ਨੇ ਬਿਲਕੁਲ ਸਾਫ ਕਰ ਦਿੱਤਾ ਹੈ ਕਿ ਮਹਾਕਾਲ, ਸਰਬਕਾਲ ਅਤੇ  ਦੇਵੀ ਕਾਲਕਾ ਕੌਣ ਹੈ? ਇਸ ਪ੍ਰਸੰਗ ਵਿਚ ਸ੍ਰੀ ਰਨ ਖੰਭਕਲਾ ਆਪਣੇ ਸਿਖਿਆਦਾਇਕ, ਸਾਲਗ੍ਰਾਮ-ਮੂਰਤੀ ਦੇ ਉਪਾਸਕ ਬ੍ਰਾਹਮਣ ਨੂੰ ਅਨੇਕ ਉਕਤੀਆਂ ਯੁਕਤੀਆਂ ਦੁਆਰਾ ਮੂਰਤੀ ਪੂਜਾ ਛੱਡਣ ਅਤੇ ਮਹਾਕਾਲ ਦਾ ਉਪਾਸਕ ਬਣਨ ਲਈ ਕਹਿੰਦੀ ਹੈ।
1.    ਭਾਂਗ ਪੀਏ ਬੁਧਿ ਜਾਤ ਨ ਹਰੀ। ਬਿਨ ਪੀਏ ਤਵ ਕਹ ਪਰੀ॥37॥
2.    ਤੁਮ ਆਪਨ ਸਿਆਨੇ ਕਹਿਲਾਵਤ। ਕਬ ਹੀਂ ਭੂਲਿ ਨ ਭਾਂਗ ਚੜਾਵਤ॥…॥38॥
3.    ਪਾਹਨ ਕੀ ਪੂਜਾ ਕਰੈ ਜੇ ਹੈ ਅਧਿਕ ਅਚੇਤ। ਭਾਂਗ ਨ ਏਤੋ ਪਰ ਭਖੈ ਜਾਨਤ ਆਪੁ ਸੁਚੇਤ॥58॥
4.    ਕਹਾ ਭਯੋ ਜੌ ਭਾਂਗ ਭੂਲਿ ਭੌਦੂ ਨਹਿ ਖਾਈ॥80॥
ਇਸ ਤਰ੍ਹਾਂ ਮਿਸਰ ਜੀ ਨੂੰ ਭਰਮਾ ਕੇ ਰਨ ਖੰਭਕਲਾ ਮਹਾਕਾਲ ਦਾ ਉਪਾਸਕ ਬਣਾ ਲੈਂਦੀ ਹੈ ਅਤੇ ਕਰਦੀ ਕੀ ਹੈ?
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ॥125॥ (ਦ.ਗ੍ਰੰ.ਪੰਨਾ 1210)
ਅਧਿਆਇ ਅੱਠਵਾਂ:- ਬਚਿਤ੍ਰ ਨਾਟਕ ਸਿਰਲੇਖ ਅਧੀਨ ਸੰਕਿਲਤ ਜਿਨ੍ਹਾਂ ਕ੍ਰਿਤੀਆਂ ਦੀ ਰਚਨਾ ਪਉਟਾ ਸਾਹਿਬ ਹੋਈ ਮੰਨੀ ਗਈ ਹੈ ਜੇ ਉਹ ਗੁਰੂ ਜੀ ਦੀਆਂ ਹੁੰਦੀਆਂ ਤਾਂ ‘ਆਪਨੀ ਕਥਾ ਬਖਾਨੂ’ ਵਿਚ ਗੁਰੂ ਸਾਹਿਬ ਆਪਣੇ ਹਰ ਰੋਜ ਦੇ ਕੰਮ ਕਾਰ ਦਾ ਵਰਨਣ ਕਰਦੇ ਹਨ ਉਥੇ ਉਨ੍ਹਾਂ ਨੇ ਆਪਣੀਆਂ ਲਿਖਤਾਂ ਦਾ ਵਰਨਣ ਵੀ ਕਰਨਾ ਸੀ ਜੇ ਨਹੀਂ ਕੀਤਾ ਤਾਂ ਇਹ ਆਪਣੇ ਆਪ ਵਿਚ ਇਕ ਪ੍ਰਮਾਣ ਹੈ ਕਿ ਗੁਰੂ ਜੀ ਨੇ ਇਹ ਗ੍ਰੰਥ ਨਹੀਂ ਲਿਖਿਆ।

ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ॥ ਸ੍ਰੀ ਭਗਾਉਤੀ ਜੀ ਸਹਾਇ॥ਪਾਤਿਸ਼ਾਹੀ 10॥
ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਣ॥21॥ਇਤਿ ਸ੍ਰੀ ਨਾਮ ਮਾਲਾ ਪੁਰਾਣੇ ਭਗਾਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ॥
ਗਿਆਨੀ ਹਰਨਾਮ ਸਿੰਘ ‘ਬੱਲਭ’ ਨੇ ‘ਪ੍ਰਿਥਵੀ ਰਾਜ ਰਾਸੋ ਅਤੇ ਦਸਮ ਗ੍ਰੰਥ’ ਨਾਮੀ ਇਕ ਲੇਖ ਵਿਚ ‘ਆਪਨੀ ਕਥਾ’ ਦੇ ‘ਭੰਗਾਣੀ ਯੁੱਧ’ ਪ੍ਰਸੰਗ ਦੀ ਲੜਾਈ ਦੀ ਤੁਲਨਾ ‘ਰਾਸੋ’ ਵਿਚ ਵਰਣਿਤ ਪ੍ਰਿਥੀ ਰਾਜ ਅਤੇ ਮੁਹੰਮਦ ਗੌਰੀ ਦੀ ਇਕ ਯੁੱਧ ਘਟਨਾ ਬਿਆਨ ਕਰਦੇ ਹੋਇਆ ਦੱਸਿਆ ਹੈ ਕਿ ਦੋਹਾਂ ਪ੍ਰਸੰਗਾਂ ਦੀ ਭਾਸ਼ਾ, ਸ਼ੈਲੀ, ਛੰਦ ਵਸਤੂ ਅਤੇ ਵਾਤਾਵਰਣ ਸਮਾਨ ਹਨ। ਦੋਹਾਂ ਵਿਚ ਬੋਲੀ ਰਾਜਸਥਾਨੀ, ਛੰਦ ‘ਭੁਜੰਗ ਪ੍ਰਯਾਤ’ ਯੁੱਧ ਦੀ ਅਵਸਥਾ ਭਿਆਨਕ, ਮਰੇ ਹੋਇਆਂ ਦੀ ਗਿਣਤੀ ਵੀ ਸਮਾਨ ਹੈ ਅਤੇ ਛੰਦ ਸੰਖਿਆ ਬਰਾਬਰ ਹੈ। ਇੰਞ ਲਗਦਾ ਹੈ ਕਿ ‘ਆਪਨੀ ਕਥਾ’ ਦੇ ਲੇਖਕ ਦੇ ਸਹਮਣੇ ‘ਪ੍ਰਿਥੀ ਰਾਜ ਰਾਸੋ’ ਜ਼ਰੂਰ ਰਿਹਾ ਹੋਵੇਗਾ, ਜਿਸਦਾ ਅਨੁਕਰਨ ‘ਭੰਗਾਣੀ ਯੁੱਧ’ ਦੇ ਪ੍ਰਸੰਗ ਵਿਚ ਹੋਇਆ ਹੈ।
ਪੂਰਬ- ਜਨਮ:- ਪਿਛਲੇ ਜਨਮ ਦੀਆਂ ਘਟਨਾਵਾਂ ਦਾ ਵਰਨਣ ਕਰਨ ਨਾਲ ਗੁਰੂ ਜੀ ਇਸ ਲਿਖਤ ਦੇ ਕਰਤਾ ਨਹੀਂ ਬਣ ਜਾਂਦੇ ਕਿਉਂਕਿ ਪੁਰਾਣੇ ਭਾਰਤੀ ਸਾਹਿਤ ਵਿਚ ਇਹ ਪ੍ਰੰਪਰਾ ਰਹੀ ਹੈ। ‘ਕਥਾਸਾਰਿਤਸਾਗਰ’ ਗ੍ਰੰਥ ਵਿਚ ਵੀ ਕਈ ਐੇਸੇ ਪਾਤਰ ਆਏ ਹਨ ਜੋ ਆਪਣੇ ਪੂਰਬ ਜਨਮ ਦੀਆਂ ਘਟਨਾਵਾਂ ਦਾ ਵਰਨਣ ਕਰਦੇ ਹਨ। ‘ਪ੍ਰਿਥੀ ਰਾਜ ਰਾਸੋ’ ਅਤੇ ਕੁਝਕੁ ਅਪ੍ਰਭੰਰਸ਼ ਗ੍ਰੰਥਾਂ ਵਿਚ ਵੀ ਪੂਰਬ-ਜਨਮ ਦੇ ਬ੍ਰਿਤਾਂਤ ਉਪਲੱਬਧ ਹਨ।। ਕਵੀ ਨੇ ਗੁਰੂ ਜੀ ਨੂੰ ਬ੍ਰਾਹਮਣ ਦਾ ਸਿਖਯ ਅਤੇ ਦੇਵੀ ਦਾ ਉਪਾਸ਼ਕ ਬਣਾਉਣ ਲਈ ਹੀ ਇੰਞ ਕੀਤਾ ਹੈ।ਇਸ਼ਟ ਭਾਵਨਾਂ ਸੰਬੰਧੀ ਗੱਲ ਕਰਦਿਆਂ ਇੰਞ ਮਹਿਸੂਸ ਹੁੰਦਾ ਹੈ ਕਿ ਪਿਛਲੇ ਜਨਮ ਵਿਚ ਗੁਰੂ ਜੀ ਮਹਾਕਾਲ ਅਤੇ ਕਾਲਕਾ ਦਾ ਉਪਾਸ਼ਕ ਸਿੱਧ ਹੁੰਦੇ ਹਨ। ਜੇ ਇਹ ਕ੍ਰਿਤਾਂ ਗੁਰੂ ਜੀ ਦੀਆਂ ਹੁੰਦੀਆਂ ਤਾਂ ਇੰਞ ਨਾ ਹੁੰਦਾ।
ਚੰਡੀ ਚਰਿਤ੍ਰ (ਉਕਤਿ ਬਿਲਾਸ) ਅਤੇ ਕ੍ਰਿਸਨਾਵਤਾਰ ਨਾਮਕ ਦੋਵੇਂ ਰਚਨਾਵਾਂ ਸਮਾਨ ਪ੍ਰਕਾਰ ਦੀ ਸ਼ੈਲੀ ਵਿਚ ਲਿਖੀਆਂ ਗਈਆਂ ਹਨ ਅਤੇ ਲਿਖਾਰੀ ਵਲੋਂ ‘ਕਵੀ ਕਹੇ’ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਪਰ ਕ੍ਰਿਨਾਵਤਾਰ ਵਿਚ ‘ਕਵੀ ਕਹੇ’ ਦੇ ਨਾਲ ਨਾਲ ‘ਸ਼ਿਆਮ’(ਪਾਠਾਂਤਰ-ਰਾਮ) ਕਵੀ ਛਾਪ ਵਰਤੀ ਗਈ ਹੈ। ਜਦੋਂ ਕਿ ਚੰਡੀ ਚਰਿਤ੍ਰ ਵਿਚ ਕਵੀ ਛਾਪ ਬਿਲਕੁਲ ਨਹੀਂ ਵਰਤੀ ਗਈ। ਜੇ ਇਹ ਦੋਵੇਂ ਕ੍ਰਿਤੀਆਂ ਇਕੋ ਕਵੀ ਦੀਆ ਹੁੰਦੀਆਂ ਤਾਂ ਐਸਾ ਨਹੀਂ ਸੀ ਹੋਣਾ। ਸੱਭ ਤੋਂ ਜ਼ਿਆਦਾ ਕਵੀ ਛਾਪ ਕ੍ਰਿਸ਼ਨਾਵਤਾਰ ਵਿਚ ਹੀ ਵਰਤੀ ਗਈ ਹੈ ਜਦੋਂ ਕਿ ਚੰਡੀ ਚਰਿਤ੍ਰ ਵਿਚ ਇਸਦਾ ਬਿਲਕੁਲ ਅਭਾਵ ਹੈ ਅਤੇ ਇਹ ਸਿੱਧ ਕਰਦਾ ਹੈ ਕਿ ਇਹ ਦੋਵੇਂ ਰਚਨਾ ਇਕੋ ਕਵੀ ਦੀਆਂ ਨਹੀਂ।
ਸ਼ਿਵਾ:-  ਕਈ ਗਿਆਨੀ ਜਾਂ ਅਗਿਆਨੀ ਲੋਕ ਸਿਵਾ ਦਾ ਅਰਥ ਵਾਹਿਗੁਰੂ ਕਰਦੇ ਹਨ ਪਰ ਇਹ ਸਬਦ ਨਿਰਵਿਵਾਦ ਰੂਪ ਵਿਚ ਦੇਵੀ ਦੁਰਗਾ, ਕਾਲੀ ਜਾਂ ਕਲਿਕਾ ਦਾ ਪ੍ਰਯਾਯ ਹੈ।ਜਿਵੇਂ:-
ਚਰਿਤ੍ਰੋਪਾਖਿਆਨ ਦੇ ਪਹਿਲੇ ਮੰਗਲ ਵਿਚ ਹੀ ਇਹ ਸਾਫ ਹੋ ਜਾਂਦੀ ਹੈ॥
ਦੁਰਗਾ ਤੂ ਛਿਮਾ ਤੂ ਸਿਵਾ ਰੂਪ ਤੇਰੋ। ਤੂ ਧਾਤ੍ਰੀ ਸਵਾਹਾ ਨਮਸਕਾਰ ਮੇਰੋ॥12॥ ਦ.ਗ੍ਰੰ. ਪੰਨਾ 810
    ਚੰਡੀ ਚਰਿਤ੍ਰ (2) ਵਿਚ ਦੇਵੀ ਦੀ ਉਸਤਤਿ ਕਰਨ ਵੇਲੇ ਉਸਦਾ ਨਾਮ ਸ਼ਿਵਾ ਵੀ ਗਿਣਿਆ ਗਿਆ ਹੈ।ਜਿਵੇਂ:-
     ਨਮੋ ਹਿੰਗੁਲਾ ਪਿੰਗੁਲਾ ਤੋਤਲਾਯੋ। ਨਮੋ ਕਰਤਿਕਯਾਨੀ ਸਿਵਾ ਸੀਤਲਾਯੰ॥229॥ (ਦ.ਗ੍ਰੰ. ਪੰਨਾ 116)
ਸਾਰੇ ਗੁਰੂ ਗਰੰਥ ਸਾਹਿਬ ਜੀ ਵਿਚ’ਸਿਵਾ’ ਲਫਜ਼ ਸਿਰਫ ਇਕ ਵਾਰ ਹੀ ਆਉਂਦਾ ਹੈ ਤੇ ਉੱਥੇ ਵੀ ਸਿਵਾ ਦਾ ਮਤਲਬ ਸਿਵ ਦੀ ਘਰਵਾਲੀ ਪਾਰਬਤੀ ਦੇ ਰੂਪ ਵਿਚ। ਮਹਾਨ ਕੋਸ਼ ਦੇ ਪੰਨਾ 201 ਅਤੇ ਪ੍ਰੋ ਸਾਹਿਬ ਸਿੰਘ ਦੇ ‘ਗੁਰੂ ਗ੍ਰੰਥ ਦਰਪਣ’ ਟੀਕੇ ਵਿਚ ਵੀ ‘ਸਿਵਾ’ ਦੇ ਘਰਵਾਲੀ ਪਾਰਬਤੀ ਵਾਲੇ ਅਰਥ ਹੀ ਕੀਤੈ ਹੋਏ ਹਨ; ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥ ਸਿਮਰਿ ਸਿਮਰਿ ਗੋਬਿਦੰ॥ ਭਜ ਨਾਮਾ ਤਰਸਿ ਭਵ ਸਿਧੰ॥ ਗੁ.ਗ੍ਰੰ.ਪੰਨਾ 873॥ ਐ ਮੇਰੇ ਮਨ ਜਿਹੜੀਆਂ ਕਹਾਣੀਆਂ ਸਿਵ ਨੇ ਆਪਣੀ ਘਰਵਾਲੀ ਪਾਰਬਤੀ ਨੂੰ ਸੁਣਾਈਆਂ ਉਹ ਤੈਨੂੰ ਸੱਚ ਨਾਲੋਂ ਦੂਰ ਲੈ ਕੇ ਜਾਣ ਵਾਲੀਆਂ ਹਨ। ਤੂੰ ਉਹਨਾਂ ਦਾ ਖਹਿੜਾ ਛੱਡ ਦੇ ਅਤੇ ਪ੍ਰਮਾਤਮਾ/ਸੱਚ ਨਾਲ ਜੁੜ ਜਾਹ।
ਸਿੱਖ:-   ਸਿੱਖ ਸ਼ਬਦ ਦਾ ਭਾਵ ਗੁਰੂ ਨਾਨਕ ਦਾ ਸਿੱਖ ਜਾਂ ਕੇਸ਼ਧਾਰੀ ਸਿੱਖ ਸਮਝ ਕੇ ਕਈ ਵਾਰ ਗਿਆਨੀ ਪੁਰਸ਼ ਇਸਦੇ ਕਰਤ੍ਰਿਤਵ ਦਾ ਸੰਬੰਧ ਦਸਮ ਪਿਤਾ ਨਾਲ ਜੋੜਨ ਦਾ ਯਤਨ ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ। ਕਿਉਂਕਿ ਦਸਮ ਗ੍ਰੰਥ ਵਿਚ ਇਹ ਸ਼ਬਦ ਰੂੜ ਅਰਥਾਂ ਵਿਚ ਸਿੱਖ ਸੰਪ੍ਰਦਾਇ ਦੇ ਸਿੱਖਾਂ ਲਈ ਨਹੀਂ ਵਰਤਿਆ ਗਿਆ ਸਗੋ ਸਮਾਨਾਯ ਅਰਥ ‘ਸ਼ਿਸ਼ਯ’ ਲਈ ਆਇਆ ਹੈ। ਜਿਵੇਂ:- ਮਹਾਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ॥ (ਦ.ਗ੍ਰੰ.ਪੰਨਾ 1210)
              ਮੰਤ੍ਰ ਦੇਤ ਸਿਖ ਅਪਨ ਕਰਨ ਹਿਤ। ਜਯੋਂ ਤਯੋਂ ਭੇਟ ਲੈਤ ਤਾਤੇ ਬਿਤ।
               ਸਤਿ ਬਾਤ ਤਾਕਹ ਨ ਸਿਖਾਵਹੁ। ਤਾਹਿ ਲੋਕ ਪਰਲੋਕ ਗਵਾਵਹ॥28॥ ਦ.ਗ੍ਰੰ.ਪੰਨਾ 1202॥
              ਸੁਨਤ ਰਾਵ ਕੇ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ।
              ਚੋਰ ਚੋਰ ਕਹਿ ਕੈ ਉਠੀ ਸਿਖਯਨ ਦਿਯੋ ਜਗਾਇ॥59॥ ਦ.ਗ੍ਰੰ.ਪੰਨਾ 842॥
ਬੜਵਾਨਲ/ ਦਾਵਾਨਲ:-  ਇਸ ਚਰਿਤ੍ਰ ਪ੍ਰਸੰਗ ਵਿਚ ਕਈ ਇਤਹਾਸਕ ਅਤੇ ਕਾਵ ਦੋਸ਼ ਹਨ ਜੋ ਇਸਦੇ ਰਚਨਹਾਰੇ ਨੂੰ ਇਕ ਸੁਲਝਿਆ ਹੋਇਆ ਕਵੀ ਨਾ ਸਾਬਤ ਕਰਕੇ ਇਕ ਘਟੀਆ ਕਿਸਮ ਦਾ ਕਵੀ ਸਾਬਤ ਕਰਦੇ ਹਨ। ਜਿਵੇਂ ਬਨ ਦੀ ਅੱਗ ਲਈ ‘ਦਾਵਾਨਲ’ ਦੀ ਥਾਂ ਤੇ ‘ਬੜਵਾਨਲ’ ਵਰਤਿਆ ਹੋਇਆ ਹੈ।
ਕਰਵਾਰ ਲੈ ਲਾਲ ਕੀਏ ਅਰਿ ਖੇਤ ਲਗੀ ਬੜਵਾਨਲ ਜਿਉ ਬਨ ਮੈ॥48॥
ਕ੍ਰਿਸ਼ਨਾਵਤਾਰ ਦੇ ਛੰਦ 587 ਵਿਚ ਕ੍ਰਿਸ਼ਨ ਦੇ ਬੜਵਾਨਲ ਦੇ ਲੀਲਣ ਦਾ ਜ਼ਿਕਰ ਹੈ। ਦਰਅਸਲ ਕ੍ਰਿਸ਼ਨ ਨੇ ਦਾਵਾਨਲ ਪੀਤੀ ਸੀ ਬੜਵਾਨਲ ਨਹੀਂ। ਇਸੇ ਪ੍ਰਸੰਗ ਦੀ ਤਰ੍ਹਾਂ 805 ਛੰਦ ਵਿਚ ਕਵੀ ਨੇ ਕ੍ਰਿਸ਼ਨ-ਵਿਜੋਗਨੀ ਗੋਪੀਆਂ ਤੋਂ ਨਾਥ ਜੋਗੀਆਂ ਦਾ ਪਹਿਰਾਵਾ ਧਾਰਣ ਕਰ ਲੈਣ ਦਾ ਭਾਵ ਪ੍ਰਗਟਾਇਆ ਹੈ, ਇਹ ਸਪੱਸ਼ਟ ਰੂਪ ਵਿਚ ਇਤਹਾਸਕ ਦੋਸ਼ ਹੈ ਕਿਉਂਕਿ ਕ੍ਰਿਸ਼ਨ-ਗੋਪੀ ਪ੍ਰੇਮ ਪਹਿਲਾਂ ਦੀ ਘਟਨਾ ਹੈ ਅਤੇ ਨਾਥਾਂ ਦਾ ਯੁਗ ਬਾਅਦ ਵਿਚ ਆਉਂਦਾ ਹੈ।

ਚੰਡੀ ਚਿਰਤ੍ਰ (2):- ਇਹ ਚੰਡੀ ਚਰਿਤ੍ਰ ਤੇ ਪਹਿਲਾ ਦੋਵੇਂ ਭਿੰਨ ਭਿੰਨ ਸ਼ੈਲੀ ਵਿਚ ਹਨ। ਜੇ ਇਹ ਇਕੋ ਹੀ ਕਵੀ ਦੇ ਲਿਖੇ ਹੁੰਦੇ ਤਾਂ ਉਸਨੂੰ ਇਸ ਤਰ੍ਹਾਂ ਕਰਨ ਦੀ ਜਰੂਰਤ ਨਹੀਂ ਸੀ। ਉਸੇ ਹੀ ਗੱਲ ਨੂੰ ਹੋਰ ਅੱਖਰਾਂ ਵਿਚ ਵਰਨਣ ਕਰਨ ਦੀ ਕੀ ਲੋੜ ਸੀ? ਇਸ ਰਚਨਾ ਦੇ 34 ਛੰਦ ( 223-256)  ਸੰਗਰੂਰ ਅਤੇ ਪਟਨੇ ਵਾਲੀ ਬੀੜ ਵਿਚ  ਕ੍ਰਿਸ਼ਨਾਵਤਾਰ ਤੋਂ ਪਹਿਲਾਂ ਲਿਖੇ ਹੋਏ ਮਿਲਦੇ ਹਨ। ਇਸ ਗੜਬੜ ਨਾਲ ਇਸ ਰਚਨਾ ਦਾ ਵਰਤਮਾਨ ਸਰੂਪ ਦੋਸ਼ ਭਰਪੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ 34 ਛੰਦਾ ਵਿਚ ‘ਦੇਵੀ ਜੂ ਕੀ  ਉਸਤਤਿ’ ਅੰਕਿਤ ਹੈ। ਇਸਦਾ ਅੰਤਿਮ ਛੰਦ ਕਵੀ ਦੀ ਦੇਵੀ ਪ੍ਰਤੀ ਇਸ਼ਟ-ਬੁੱਧੀ ਨੂੰ ਬਿਲਕੁਲ ਸਪੱਸ਼ਟ ਕਰ ਦਿੰਦਾ ਹੇ। ਜਿਵੇਂ:-
ਸਬੈ ਸੰਤ ਉਬਾਰੀ ਬਰੰ ਬਯੂਹ ਦਾਤਾ। ਨਮੋ ਤਾਰਣੀ ਕਾਰਣੀ ਲੋਕ ਮਾਤਾ।
ਨਮਸਤੰਯ ਨਮਸਤੰਯ ਨਮਸਤੰਯ ਭਵਾਨੀ। ਸਦਾ ਰਾਖ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ॥256॥ ਦ.ਗ੍ਰੰ. ਪੰਨਾ 118॥
ਇਸ ਇਸ਼ਟ-ਕਲਪਨਾ ਦਾ ਸੰਬੰਧ ਦਸਮ ਪਿਤਾ ਦੇ ਨਿਰਗੁਣੀ ‘ਅਕਾਲ ਪੁਰਖ’ ਨਾਲ ਇਕਦਮ ਮੇਲ ਨਹੀਂ ਖਾਂਦਾ।
ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਆਹੈਂ ਸੰਤ। ਅੰਤ ਲਹੈਗੇ ਮੁਕਤ ਫਲੁ ਪਾਵਹਿਗੇ ਭਗਵੰਤ॥262॥ਦ.ਗ੍ਰੰ. ਪੰਨਾ 119॥
ਚੌਬੀਸ ਅਵਤਾਰ:-  ਚੌਬੀਸ ਅਵਤਾਰ ਦੇ ਅਰੰਭ ਵਿਚ ਹੀ ਕਵੀ ਨੇ ਆਪਣਾ ਨਾਂ ‘ਸਿਆਮ’ ਦੇ ਕੇ ਇਸ ਰਚਨਾ ਦੇ ਕਰਤਾ ਹੋਣ ਦਾ ਸੰਕੇਤ ਦੇ ਕੇ ਕਿਸੇ ਕਿਸਮ ਦੀ ਸ਼ੱਕ ਦੀ ਗੁਜਾਇਸ਼ ਹੀ ਨਹੀਂ ਛੱਡੀ।ਜਿਵੇਂ:-
               ਸੁਨੀਅਹੁ ਸੰਤ ਸਬੈ ਚਿਤ ਲਾਈ।
               ਬਰਨਤ ਸਿਆਮ ਜਥਾ ਮਤ ਭਾਈ।1॥ ਦ. ਗ੍ਰੰ. ਪੰਨਾ 155॥
ਸ਼ਿਆਮ ਕਵੀ ਆਪਣੇ ਆਸਰਾ ਦਾਤਿਆਂ ਅਤੇ ਦਰਬਾਰੀ ਕਵੀਆਂ ਨੂੰ ਪ੍ਰਸੰਨ ਕਰਨ ਵਾਲਾ ਕੋਈ ਕਵੀ ਪ੍ਰਤੀਤ ਹੁੰਦਾ ਹੈ ਅਤੇ ਲਾਲਚੀ ਵੀ॥
(ੳ)    ਬਾਤ ਪੁਰਾਤਨ ਭਾਖ ਸੁਨਾਊਂ। ਜਾ ਤੇ ਕਬ ਕੁਲ ਸਰਬ ਰਿਝਾਊਂ।1॥ (ਚੰਦਰ ਅਵਾਤਰ)
(ਅ)    ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਈ ਰਿਝੈ ਹੈ।
ਜੋ ਬਲ ਪੈ ਕਹਿ ਹੈ ਕਬ ਪੰਡਿਤ ਰੀਝ ਘਨੋ ਤਿਹ ਕੋ ਧਨ ਦੇ ਹੈ॥1177॥ (ਕ੍ਰਿਸ਼ਨ ਅਵਤਾਰ)
(ੲ) ਤਾ ਕੋ ਕਬਿਤਨ ਮੈਂ ਕਬਿ ਸਯਾਮ ਕਹਯੋ ਕਹਿ ਕੈ ਕਹਿ ਕਉਨ ਰਿਝਾਵੈ॥1902॥ (ਕ੍ਰਿਨਾਵਤਾਰ)
(ਸ) ਜੋ ਬਲਭਦ੍ਰ ਕੇ ਸੰਗ ਭਿਰੇ ਤਿਨ ਕਉ ਕਥ ਕੈ ਪ੍ਰਭੁ ਲੋਕ ਰਿਝੈਹਉ॥1037॥ (ਕ੍ਰਿਸਨਾਵਤਾਰ)
ਕਬਿ ਸਿਯਾਮ ਕਵਿਤਾ ਸੁਣਾ ਕੇ ਲੋਕਾਂ ਨੂੰ ਪ੍ਰਸੰਨ ਕਰਨ ਵਾਲਾ ਅਤੇ ਬਦਲੇ ਵਿਚ ਧਨ ਪ੍ਰਾਪਤ ਕਰਨ ਵਾਲਾ ਲਾਲਚੀ ਕਵੀ ਪ੍ਰਤੀਤ ਹੁੰਦਾ ਹੈ।ਜਿਵੇਂ:-
(ਅ)    ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਈ ਰਿਝੈ ਹੈ।
ਜੋ ਬਲ ਪੈ ਕਹਿ ਹੈ ਕਬ ਪੰਡਿਤ ਰੀਝ ਘਨੋ ਤਿਹ ਕੋ ਧਨ ਦੇ ਹੈ॥1177॥ (ਕ੍ਰਿਸ਼ਨ ਅਵਤਾਰ)


ਦਸਮ ਗ੍ਰੰਥ ਦਾ ਲਿਖਾਰੀ ਸਾਧਾਰਣ ਕਿਸਮ ਦਾ ਕਵੀ:-
ਧਨਖ ਤੇਜ ਮੈ ਬਰਨਿਯੋ ਕਿਸਨ ਕਥਾ ਕੇ ਕਾਜ। ਅਤਿ ਹੀ ਚੂਕ ਮੋ ਤੇ ਭਈ ਛਿਮੀਯੌ ਸੋ ਮਹਾਰਾਜ॥834॥ (ਕ੍ਰਿਸ਼ਨਾਵਤਾਰ)
ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ। ਮੋ ਸਮਤਕ ਤਵੈ ਪਗ ਸਦਾ ਰਹੈ ਦਾਸ ਕੇ ਭਾਇ॥756॥ (ਕਿਸ਼੍ਰਨਾਵਤਾਰ)
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਧਿ ਬੁਧਵਾਰ। ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ॥983॥ (ਕਿਸ਼ਨਾਵਤਾਰ)

ਇਸੀ ਭਾਂਤ ਸੋ ਕ੍ਰਿਸ਼ਨ ਜੀ ਖੇਲ ਕਰੇ ਬ੍ਰਿਜ ਮਾਹਿ।
ਅਬ ਪਗ ਚਲਤਯੋ ਕੀ ਕਥਾ ਕਹੋ ਸੁਨੌ ਨਰ ਨਾਹਿ॥117॥ (ਕ੍ਰਿਸ਼ਨਾਵਤਾਰ)
ਭੁੱਲਾਂ ਲਈ ਮੁਆਫੀ ਮੰਗਣੀ:-
ਜਹ ਭੁਲ ਭਈ ਹਮ ਤੇ ਲਹੀਯੋ। ਸੇ ਕਬੋ ਤਹ ਅਛ੍ਰ ਬਨਾ ਕਹੀਯੋ॥6॥ (ਰਾਮਾਵਤਾਰ)
ਤਾਂਤੇ ਥੋਰੀਯੈ ਕਥਾ ਕਹਾਈ। ਭੁਲਿ ਦੇਖਿ ਕਬ ਲੇਹੁ ਬਨਾਈ॥6॥  (ਨਰ ਅਵਤਾਰ)
                        
ਸਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ।ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ॥755॥(ਕ੍ਰਿਸ਼ਨਾਵਤਾਰ)
ਖੜਗਪਾਨ ਦੀ ਕ੍ਰਿਪਾ ਤੇ ਪੋਥੀ ਰਚੀ ਵਿਚਾਰ। ਭੁਲਿ ਹੋਈ ਜਹਂ ਤਹਿਂ ਸੁ ਕਬਿ ਪੜੀਅਹੁ ਸਬੈ ਸੁਧਾਰ॥984॥ (ਕ੍ਰਿਸ਼ਨਾਵਤਾਰ)
ਕਵੀ ਆਪਣੀਆਂ ਭੁੱਲਾਂ ਤੋਂ ਜਾਣੂ ਹੈ:- ਤਾਤੇ ਕਥਾ ਥੋਰ ਹੀ ਬਾਸੀ। ਨਿਰਖ ਭੁਲਿ ਕਬਿ ਕਰੋਂ ਨ ਹੀਸੀ॥28॥ (ਜਲੰਧਰ ਅਵਤਾਰ)॥
ਸਬ ਨਾਮ ਜਥਾ ਮਤ ਸਿਯਾਮ ਧਰੋ। ਘਟ ਜਾਨ ਕਵਿ ਜਿਨ ਨਿੰਦ ਕਰੋ॥8॥ (ਖੀਰ-ਸਮੁਦ੍ਰ ਮੰਥਨ)
ਕਵੀ ਅਵਤਾਰ ਪਰੰਪਰਾ ਤੋਂ ਨਾਵਾਕਿਫ:- ਬ੍ਰਹਮਾ, ਸਿਵ ਚੰਦ੍ਰ, ਸੂਰਜ, ਜਲੰਧਰ ਆਦਿ ਭਾਰਤ ਦੀ ਅਵਤਾਰਵਾਦੀ ਪਰੰਪਰਾ ਅਤੇ ਪੁਰਾਣਾਂ ਅਨੁਸਾਰ ਵਿਸ਼ਨੂੰ ਦੇ ਅਵਤਾਰ ਨਹੀਂ। ਪਰ ਇਸ ਪ੍ਰਸੰਗ ਵਿਚ ਕਵੀ ਨੇ ਵਿਸ਼ਨੂੰ ਦੇ 24 ਅਵਤਾਰਾਂ ਵਿਚ ਇਨ੍ਹਾਂ ਦੀ ਗਿਣਤੀ ਕੀਤੀ ਹੈ। ਕਵੀ ਆਪ ਇੰਞ ਮੰਨਦਾ ਹੈ ਕਿ ਮੈਨੂੰ ਇਸਦਾ ਬਹੁਤਾ ਗਿਆਨ ਨਹੀਂ ਸ਼ਾਸ਼ਤ੍ਰਾਂ ਦੇ ਅਧਾਰ ਤੇ ਜਾਂ ਕਵੀਆਂ ਦੇ ਮੁੱਖ ਤੋਂ ਸੁਣ ਕੇ ਸੁਧਾਰ ਕਰ ਲਿਆ ਜਾਵੇ।
ਗਾਇ ਰਖੀਸਨ ਕਉ ਦਈ ਕਹਲਾਉ ਕਰੋਂ ਬਿਚਾਰ।ਸ਼ਾਂਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛ ਸੁਧਾਰ।7॥ (ਮਹਾ-ਮੋਹਨੀ)
ਸੋ ਕਬਿ ਸਯਾਮ ਪੁਰਾਯਨ ਤੇ ਸੁਨ, ਭੇਦ ਕਹਯੋ ਸਭ ਸੰਤ ਸੁਨੈਕੈ॥2145॥ (ਕ੍ਰਿਸ਼ਨਾਵਤਾਰ)
ਕਈ ਹੋਰ ਭੁੱਲਾਂ:- ਨਰ-ਨਾਰਾਇਣ ਅਤੇ ਮੋਹਿਨੀ ਅਵਤਾਰ ਪਰਸਪਰ ਸੰਬੰਧਿਤ ਹਨ।
ਕ੍ਰਿਸ਼ਨਾਵਤਾਰ ਦੇ ਛੰਦ 5 ਤੋਂ 8 ਤਕ ਦੇਵੀ ਉਸਤਤਿ:-
ਬਿਨ ਚੰਡ ਕ੍ਰਿਪਾ ਤੁਮਾਰੀ ਕਬਹੂੰ ਮੁਖ ਤੇ ਨਹੀਂ ਅਚਰ ਹਉ ਕਰਿ ਹੌਂ।
ਤੁਮਰੇ ਕਰ ਨਾਮ ਕਿਦੋ ਤੁਲਹਾ ਜਿਮ ਬਾਕ ਸਮੁੰਦ੍ਰ ਬਿਖੈ ਤਰਿ ਹੌਂ॥5॥
ਰੇ ਮਨ ਭਜ ਤੂ ਸਾਰਦਾ ਅਨਗਨ ਗੁਨ ਹੈ ਜਾਹਿ।
ਰਚੌਂ ਗ੍ਰੰਥ ਇਹ ਭਾਗਵਤ ਜਹ ਵੈਂ ਕ੍ਰਿਪਾ ਕਰਾਹਿ॥6॥ ਦ. ਗ੍ਰੰ.ਪੰਨਾ 255॥
ਵਿਸ਼ਨੂੰ ਦਾ ਕ੍ਰਮ ਅਨੁਸਾਰ 20ਵਾਂ ਅਵਤਾਰ ਰਾਮ ਅਵਤਾਰ ਹੈ ਤੇ ਇਸਦੀ ਰਚਨਾ ਸੰਮਤ 1755 ਵਿਚ ਹੋਈ ਹੈ। ਦਿੱਤੇ ਹੋਏ ਸੰਮਤ ਮੁਤਾਬਕ ਕ੍ਰਿਸ਼ਨਾਵਤਾਰ ਨੂੰ 1744-45 ਵਿਚ ਲਿਖਿਆ ਗਿਆ ਹੈ ਤੇ ਕ੍ਰਮ ਮੁਤਾਬਕ ਇਹ ਵਿਸ਼ਨੂੰ ਦਾ 21ਵਾਂ ਅਵਤਾਰ ਹੈ। ਜੇ ਇਹ ਸਾਰੀ ਚੌਬੀਸ ਅਵਤਾਰ ਦੀ ਰਚਨਾ ਇਕ ਸਮੇਂ ਹੋਈ ਹੁੰਦੀ ਤਾਂ ਰਾਮ ਅਵਤਾਰ ਕ੍ਰਿਸ਼ਨਾਵਤਾਰ ਤੋਂ ਬਾਅਦ ਵਿਚ ਲਿਖਿਆ ਜਾਣਾ ਸੀ ਪਰ ਇੰਞ ਨਹੀਂ ਹੈ। ਇਸ ਤੋਂ ਇਹ ਮਾਲੂਮ ਹੁੰਦਾ ਹੈ ਕਿ ਵੱਖ ਵੱਖ ਸਮੇਂ ਅਤੇ ਵੱਖ ਵੱਖ ਲਿਖਾਰੀਆਂ ਦੀਆਂ ਲਿਖੀਆਂ ਅਵਤਾਰਵਾਦ ਦੀਆਂ ਘਟਨਾਵਾਂ ਨੂੰ ਇਕੱਠਾ ਕਰਕੇ ਇਕ ਗ੍ਰੰਥ ਬਣਾ ਦਿੱਤਾ।
ਚਰਿਤ੍ਰੋਪਾਖਿਆਨ:-  16ਵੇਂ ਚਰਿਤ੍ਰ  ਵਿਚ ਛੱਜੀਆਂ ਨਾਮ ਦੀ ਵੇਸਵਾ ਦਾ ਅਨੰਦਪੁਰ ਦੇ ਰਾਇ ਕੋਲ ਜਾਣਾ ਲਿਖਿਆ ਹੈ ਅਤੇ ਇਹੀ ਪ੍ਰਸੰਗ 21 ਚਰਿਤ੍ਰ ਵਿਚ ਹੈ। ਫਰਕ ਸਿਰਫ ਇਨ੍ਹਾਂ ਕੁ ਹੈ ਕਿ ਛੱਜੀਆ ਦਾ ਨਾਮ ਬਦਲ ਕੇ  ਨੂਪ ਕੌਰ/ਨੂਪ ਕੁਆਰ ਲਿਖਿਆ ਹੈ ਬਾਕੀ ਸਾਰੀ ਕਹਾਣੀ ਹੂ-ਬਾਹੂ ਓਹੀ ਹੈ। ਇਥੋਂ ਤਕ ਕਿ ਛੰਦਾਂ ਵਿਚ ਸਮਾਨਤਾ ਵੀ ਮਿਲ ਜਾਂਦੀ ਹੈ। ਜਿਵੇਂ:-
ਕਾਮਾਤੁਰ ਹਵੈ ਜੋ ਤੁਰਨਿ ਆਵੇ ਪਿਯ ਕੈ ਪਾਸ।
ਮਹਾ ਨਰਕ ਸੋ ਡਾਰਿਯਤ ਦੈ ਜੋ ਜਾਨ ਨਿਰਾਸ॥23॥ ਚਰਿਤ੍ਰ 16॥
ਕਾਮਾਤੁਰ ਹਵੈ ਜੋ ਤ੍ਰਿਯਾ ਆਵੇ ਪ੍ਰਿਯਾ ਕੇ ਪਾਸ।
ਮਹਾ ਨਰਕ ਸੇ ਡਾਰਿਯੈ ਦੈ ਜੋ ਜਾਨ ਨਿਰਾਸ॥18॥ ਚਰਿਤ੍ਰ 21॥
ਚਰਿਤ੍ਰ 95 ਦਾ ਲਿਖਾਰੀ/ਕਵੀ ਤੇ ਅਨੰਦਪੁਰ ਦਾ ਰਾਇ ਦੋਵੇਂ ਵੱਖ ਵੱਖ ਵਿਆਕਤੀ ਹਨ। ਬਿੰਦੋ ਨਾਮ ਦੀ ਜਾਟ ਪੁੱਤਰੀ ਭਿਖਾਰਣ ਪਿੰਡ ਵਿਚ ਆਉਂਦੀ ਹੈ ਤੇ ਉਸਦੇ ਟੂਣਾ ਕਰਨ ਤੇ ਨੌਕਰਾਨੀ ਨੂੰ ਸਜਾ ਅਨੰਦਪੁਰ ਦੇ ਰਾਇ ਕੋਲੋਂ ਦਵਾਈ ਗਈ। ਮਤਲਬ ਲਿਖਾਰੀ ਤੇ ਰਾਇ ਦੋ ਵੱਖ ਵੱਖ ਸ਼ਖਸ਼ੀਅਤਾਂ ਹਨ। ਜੇ ਲਿਖਾਰੀ ਨੂੰ ਦਸਮ ਪਿਤਾ ਮੰਨ ਲਿਆ ਜਾਇ ਤਾਂ ਅਨੰਪੁਰ ਦਾ ਰਾਇ ਕੋਈ ਹੋਰ ਹੈ ਜਿਸ ਨੂੰ ਇਤਹਾਸ ਸਵੀਕਾਰ ਨਹੀਂ ਕਰਦਾ। ਸਿਟਾ ਇਹ ਨਿਕਲਦਾ ਹੈ ਕਿ ਕਵੀ ਅਨੰਦਪੁਰ ਦਾ ਵਾਸੀ ਨਾ ਹੋ ਕੇ ਕਿਸੇ ਹੋਰ ਨਗਰ ਦੇ ਰਹਿਣ ਵਾਲਾ ਹੈ।
ਚਰਿਤ੍ਰ 71 ਪੱਗਾਂ ਲਾਹੁਣੀਆਂ, ਧੋਣੀਆਂ, ਵੇਚਣੀਆਂ ਅਤੇ ਬਾਕੀ ਦੀਆਂ ਨੂੰ ਸਿਪਾਹੀਆਂ ਨੂੰ ਦੇਣੀਆਂ ਵੀ ਦਸਮ ਪਿਤਾ ਦੇ ਕਰਤਿਤਵ ਨਾਲ ਮੇਲ ਨਹੀਂ ਖਾਂਦਾ। 800 ਪੱਗਾਂ ਲਾਹੀਆਂ।ਦੋ ਦਿਨਾਂ ਵਿਚ ਸਿਪਾਹੀਆਂ ਨੇ ਗੁਰੂ ਜੀ ਨੂੰ 800 ਪੱਗਾਂ ਲਾਹ ਕੇ ਦਿੱਤੀਆਂ। ਪਰ ਕਵੀ ਨੂੰ ਇਹ ਨਹੀਂ ਪਤਾ ਕਿ ਕਪਾਲ ਮੋਚਨ ਤਾਂ ਸਰਸਵਤੀ ਨਦੀ ਦੇ ਕੰਢੇ ਸਾਢੌਰੇ ਕੋਲ (ਦਿੱਲੀ-ਲੁਧਿਆਣੇ ਸੜਕ ਤੇ ਪਿਪਲੀ ਕੋਲ) ਹੈ ਤੇ ਪਾਉਂਟਾ ਸਾਹਿਬ ਤੋਂ 60-70 ਕਿਲੋਮੀਟਰ ਹੈ। ਪਰ ਲਿਖਾਰ ਦਸਮ ਗ੍ਰੰਥ ਵਿਚ ਪਾਉਂਟੇ ਦੇ ਕੋਲ ਜਮਨਾ ਕਿਨਾਰੇ ਲਿਖੀ ਜਾ ਰਿਹਾ ਹੈ। ਮਤਲਬ ਲਿਖਾਰੀ ਗੁਰੂ ਜੀ ਨਾ ਹੋ ਕੇ ਕੋਈ ਹੋਰ ਹੈ ਜਿਸ ਨੂੰ ਭੂਗੋਲਕ ਵਾਕਫੀਅਤ ਨਹੀਂ। ਗੁਰੂ ਜੀ ਦੇ ਵੇਲੇ ਤਾਂ ਇਹ ਸਫਰ, ਜਾਣਾ ਤੇ ਆਉਣਾ, ਕੋਈ 5-6 ਦਿਨਾਂ ਦਾ ਹੈ। ਦੋ ਦਿਨਾਂ ਵਿਚ ਸਿਪਾਹੀਆਂ ਨੇ ਗੁਰੂ ਜੀ ਨੂੰ 800 ਪੱਗਾਂ ਲਿਆ ਕੇ ਕਿਵੇਂ ਦਿੱਤੀਆਂ?
ਚਰਿਤ੍ਰ 4 ਦਾ ਕਵੀ ਵੀ ਅਜਿਹੇ ਇਲਾਕੇ ਜਾਂ ਨਗਰ ਦਾ ਹੈ ਜਿਥੋਂ ਦੇ ਰਹਿਣ ਵਾਲੇ ਮਹਾਂਨੰਦ ਦੀ ਪਤਨੀ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਰਤੀ ਮਨਾਉਂਦੇ ਸਨ (ਛੰਦ2)। ਕਵੀ ਦੇ ਘਰ ਅਜਿਹੇ ਆਚਰਣ ਵਾਲੇ ਵਿਆਕਤੀ ਸਦਾ ਪਏ ਰਹਿੰਦੇ ਸਨ।(ਛੰਦ 8)। ਅਜਿਹੇ ਵਾਤਾਵਰਣ ਅਤੇ ਸੰਬੰਧਾਂ ਵਾਲਾ ਵਿਆਕਤੀ ਦਸਮ ਗੁਰੂ ਤੋਂ ਕੋਈ ਵੱਖਰਾ ਹੀ ਹੋ ਸਕਦਾ ਹੈ ਦਸਮ ਪਿਤਾ ਨਹੀਂ।
ਚਰਿਤ੍ਰ 49 ਦਾ ਕਵੀ ਅਨੰਦਪੁਰ ਦੇ ਰਹਿਣ ਵਾਲਾ ਹੈ। ਇਸ ਚਰਿਤ੍ਰ ਦੀ ਨਾਇਕਾ ਵੇਸਵਾ ਰੁਚੀਆਂ ਵਾਲੀ ਨੰਦਮਤੀ ਨਾਇਣ ਦੇ ਪਤੀ ਦਾ ਕਵੀ ਦੇ ਘਰ ਪਿਆ ਰਹਿਣਾ ਲਿਖਿਆ ਹੈ।
ਤਾਕੇ ਧਾਮ ਬਹੁਤ ਜਨ ਆਵੈ। ਨਿਸਦਿਨ ਤਾਸੌ ਭੋਗ ਕਮਾਵੈ॥2॥ ਦ. ਗ੍ਰੰ. ਪੰਨਾ 872॥
ਹੁਣ ਜੇ ਲਿਖਾਰੀ ਗੁਰੂ ਜੀ ਨੂੰ ਮੰਨ ਲਾਈਏ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗੁਰੂ ਜੀ ਦੇ ਆਪਣੇ ਘਰ ਦਾ ਵਾਤਾਵਰਣ ਐਸਾ ਹੋ ਸਕਦਾ ਹੈ?
ਚਰਿਤ੍ਰ 125 ਵਿਚ ਇੰਦ੍ਰਮਤੀ ਦਾ ਰਾਵਣ ਨੂੰ ਛਲ ਕੇ ਮਾਰਨ ਦਾ ਜੋ ਵਰਨਣ ਕੀਤਾ ਗਿਆ ਹੈ ਉਹ ਰਾਮਾ ਅਵਤਾਰ ਵਿਚ ਆਏ ਪ੍ਰਸੰਗ ਨਾਲੋਂ ਬਿਲਕੁਲ ਵੱਖਰਾ ਹੈ। ਇਸ ਕਰਕੇ ਵੀ ਚੌਬੀਸ ਅਵਤਾਰ ਤੇ ਚਰਿਤੋਪਾਖਿਆਨ ਇਕੋ ਲਿਖਾਰੀ ਦੇ ਨਹੀਂ ਹੋ ਸਕਦੇ।
ਚਰਿਤ੍ਰ 320 ਵਿਚ ਛੰਦ 3 ਤੋਂ 9 ਤਕ ਕ੍ਰਿਸ਼ਨ ਦੇ ਸਾਰਿਆਂ ਯੁੱਧਾਂ ਦਾ ਜ਼ਿਕਰ ਹੈ ਪਰ ਕ੍ਰਿਸ਼ਨਾਵਤਾਰ ਵਿਚ ਆਏ ‘ਯੁੱਧ ਪ੍ਰਬੰਧ’ ਵਿਚ ਖੜਗ ਸਿੰਘ, ਧਨ ਸਿੰਘ ਆਦਿ ਜਿਨ੍ਹਾਂ ਯੋਧਿਆਂ ਨਾਲ ਕ੍ਰਿਸ਼ਨ ਯੁੱਧ ਹੋਇਆ ਹੈ ਉਨ੍ਹਾਂ ਦਾ ਉਲੇਖ ਨਹੀਂ। ਜੇ ਦੋਹਾਂ ਕ੍ਰਿਤੀਆਂ ਦਾ ਕਵੀ ਇਕੋ ਹੈ ਤਾਂ ਇਹ ਫਰਕ ਨਹੀਂ ਹੋਣਾ ਚਾਹੀਦਾ ਸੀ।
ਚਰਿਤ੍ਰ ਅੰਕ 203 ਨਰਕਾਸੁਰ-ਰਾਨੀ ਕ੍ਰਿਸ਼ਨ ਪਰ ਕ੍ਰਿਸ਼ਨ ਅਵਤਾਰ ਵਿਚ ਆਈ ਅਜਿਹੀ ਕਥਾ ਪ੍ਰਸੰਗ 2116-2145 ਸਮਾਨ ਨਹੀਂ ਹਨ ਉਥੇ ਭੋਮਾਸੁਰ ਲਿਖਿਆ ਹੈ ਜੋ ਇਨ੍ਹਾਂ ਦੋਹਾਂ ਕ੍ਰਿਤੀਆਂ ਦੇ ਇਕ ਲਿਖਾਰੀ ਹੋਣ ਦੀ ਮਨੌਤ ਨੂੰ ਨਿਕਾਰਦਾ ਹੈ।
ਚਰਿਤ੍ਰ 217 ਵਿਚ ਸਿਕੰਦਰ ਦਾ ਵਰਨਣ ਕੀਤਾ ਗਿਆ ਹੈ ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਜਿਵੇ ਤਿਬਤ ਚੀਨ ਮਚੀਨ ਰੂਸ ਆਦਿ।  ਸਿਕੰਦਰ ਤਾਂ ਇਨ੍ਹਾਂ ਮੁਲਕਾਂ ਵਿਚ ਗਿਆ ਹੀ ਨਹੀਂ। ਇਸਦਾ ਕਵੀ ‘ਕਾਲ’ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ ਜਾਪਦਾ।
ਮਹਾਂਕਾਲ ਜਾਂ ਕਾਲਿਕਾ ਵਾਲੇ ਅੰਤਲੇ ਚਰਿਤ੍ਰ ਵਿਚ ਸਤਿਯੁਗੀ ਕਥਾ ਨਾਲ ਮੁਸਲਮਾਨਾਂ ਦਾ ਸੰਬੰਧ ਜੋੜਨਾ ਵੀ ‘ਕਾਲ ਦੋਸ਼’ ਤੋਂ ਮੁਕਤ ਨਹੀਂ ਕਿਉਂਕਿ ਇਸਲਾਮ ਦੀ ਹੋਂਦ ਤਾਂ ਸਤਿਯੁੱਗ ਹੈ ਹੀ ਨਹੀਂ। ਇਸਲਾਮ ਤਾਂ ਅੱਜ ਤੋਂ ਕੋਈ ਸਾਡੇ ਪੰਦਰਾਂ ਸੌ ਸਾਲ ਪਹਿਲਾਂ ਹੀ ਹੋਂਦ ਵਿਚ ਆਇਆ ਹੈ। ਕਿੱਤੇ ਸੱਤਿਯੁੱਗ ਤੇ ਕਿੱਥੇ ਕਲਯੁੱਗ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ + 1 647 966 3132

ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾਲ - ਗੁਰਚਰਨ ਸਿੰਘ ਜਿਉਣ ਵਾਲਾ

ਜਦੋਂ ਤੋਂ ਹੀ ਸੁਰਤ ਸੰਭਲੀ ਅਤੇ ਪੜ੍ਹਨ ਲਿਖਣ ਦਾ ਸ਼ੌਕ ਪਿਆ ਹੈ ਇਹ ਸਵਾਲ ਕਈ ਵਾਰ ਮਨ ਵਿਚ ਆਇਆ ਕਿ ਦੇਵੀ ਡਾਂਨਸਰ ਕੁੜੀਆਂ ਵਾਂਗਰ ਕਪੜੇ ਕਿਉਂ ਪਾਉਂਦੀ ਹੈ? ਥੋੜਾ ਜਿਹਾ ਕਪੜਾ ਛਾਤੀਆਂ ਤੇ ਅਤੇ ਥੋੜਾ ਜਿਹਾ ਕਪੜਾ ਨੀਚੇ। ਅਸਲ ਵਿਚ ਇਹੀ ਸਚਾਈ ਸੀ ਅਤੇ ਹੈ। ਜਿਸ ਜ਼ਮਾਨੇ ਵਿਚ ਕਿਸੇ ਵਹਿਸ਼ਿਆ ਨੂੰ ਦੁਰਗਾ ਦੇਵੀ ਕਰਕੇ ਪ੍ਰਚਾਰਿਆ ਗਿਆ ਉਸ ਜ਼ਮਾਨੇ ਵਿਚ ਲਿਖਾਰੀ ਜਾਂ ਮੂਰਤੀਘਾੜਾ ਆਪਣੇ ਬਚਾਓ ਲਈ ਅਤੇ ਸਚਾਈ ਪੇਸ਼ ਕਰਨ ਲਈ ਇਹ ਕੰਮ ਕਰ ਗਿਆ ਹੋਵੇਗਾ ਜਿਵੇਂ ਚੌਟਾਲੇ ਦੇ ਮੁੱਖ ਮੰਤਰੀ ਹੁੰਦਿਆਂ, ਮਾਸਟਰਾਂ ਦੀ ਭਰਤੀ ਕਰਦਿਆਂ, ਵਿਦਿਆ ਮਹਿਕਮੇ ਦੇ ਕਿਸੇ ਅਧਿਕਾਰੀ ਨੇ u .p.(under Pressure) ਲਿਖ ਕੇ ਆਪਣੇ ਦਸਤਖਤ ਕਰ ਦਿੱਤੇ ਅਤੇ ਚੌਟਾਲੇ ਵਰਗਿਆਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਵਿਦਿਆ ਮਹਿਕਮੇ ਦਾ ਅਫਸਰ ਆਪਣਾ ਬਚਾਓ ਕਿਵੇਂ ਕਰ ਰਿਹਾ ਹੈ।
ਇਕ ਵਾਰ ਕਿਸੇ ਅੰਧਵਿਸ਼ਵਾਸ਼ੀ ਭਗਤ ਨੇ ਕਿਸੇ ਪ੍ਰਚਾਰਕ ਦੀਆਂ ਗੱਲਾਂ ਤੋਂ ਪ੍ਰਭਾਵਤ ਹੋ ਕਿ ਕਥਾ ਤੋਂ ਬਾਅਦ ਮੱਲੋ ਮੱਲੀ ਕਥਾ-ਵਾਚਕ ਨੂੰ ਘਰ ਲਿਜਾ ਕੇ ਖਾਣਾ ਖੁਆਉਣਾ ਚਾਹਿਆ। ਕਥਾ ਵਾਚਕ ਨੇ ਬਥੇਰਾ ਕਿਹਾ ਭਾਈ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ ਤਾਂ ਆਪਾਂ ਗੱਲਾਂ ਹੀ ਹੋਰ ਕਰ ਲੈਂਦੇ ਹਾਂ ਤੇ ਖਾਣਾ ਮੈਂ ਲੰਗਰ ਵਿਚ ਹੀ ਛੱਕ ਲੈਂਦਾ ਹਾਂ ਪਰ ਉਹ ਅੰਧ ਵਿਸ਼ਵਾਸ਼ੀ ਨਾ ਮੰਨਿਆ। ਹਾਲੇ ਬੈਠਣ ਵਾਲੇ ਕਮਰੇ ਵਿਚ ਬੈਠੇ ਹੀ ਸੀ ਕਿ ਭਗਤ ਜੀ ਅਵਾਜ਼ ਦੇ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਗਿਆਨੀ ਜੀ ਆਏ ਹਨ ਪ੍ਰਸ਼ਾਦਾ ਤਿਆਰ ਕਰੋ ਤੇ ਉਹ ਆਪ ਗਿਆਨੀ ਜੀ ਵਾਸਤੇ ਪਾਣੀ ਲੈਣ ਚਲਾ ਗਿਆ। ਭਗਤ ਜੀ ਦੇ ਵਾਪਸ ਪਰਤਦਿਆਂ ਨੂੰ ਗਿਆਨੀ ਜੀ ਨੇ ਕਮਰੇ ਵਿਚ ਲੱਗੀਆਂ ਤਸਵੀਰਾਂ ਤੇ ਨਜ਼ਰ ਮਾਰ ਲਈ। ਗਿਆਨੀ ਜੀ ਨੇ ਪਾਣੀ ਦਾ ਗਲਾਸ ਖਾਲੀ ਕਰਦਿਆਂ ਸਾਰ ਹੀ ਅੰਧ-ਵਿਸ਼ਵਾਸ਼ੀ ਭਗਤ ਜੀ ਨੂੰ ਸਵਾਲ ਕੱਢ ਮਾਰਿਆ ਕਿ ਕੰਧ ਤੇ ਆਹ ਦੋ ਤਸਵੀਰਾਂ ਕੀਹਦੀਆਂ ਹਨ? ਭਗਤ ਜੀ ਬੜੇ ਉਤਸ਼ਾਹ ਨਾਲ ਦੱਸਣ ਲੱਗੇ ਕਿ ਆਹ ਤਸਵੀਰ ਬਾਬਾ ਬਾਲਕ ਨਾਥ ਜੀ ਦੀ ਹੈ ਅਤੇ ਆਹ ਦੁਰਗਾ ਦੇਵੀ ਜੀ ਦੀ ਹੈ। ਗਿਆਨੀ ਜੀ ਕਹਿਣ ਲੱਗੇ ਕਿ ਬਾਬਾ ਬਾਲਕ ਨਾਥ ਜੀ ਨੇ ਸਿਰਫ ਇਕ ਲੰਗੋਟੀ ਹੀ ਪਾਈ ਹੈ ਤੇ ਤੁਹਾਡੀ ਦੇਵੀ ਨੇ ਵੀ ਕੋਈ ਖਾਸ ਕਪੜਾ ਨਹੀਂ ਪਾਇਆ। ਭਾਈ ਜੇ ਤੁਹਾਡੇ ਬਾਬੇ ਨੇ ਦੇਵੀ ਦਾ ਬਲਾਤਕਾਰ ਕਰ ਦਿੱਤਾ ਤਾਂ ਕੀ ਹੋਵੇਗਾ? ਬਸ ਫਿਰ ਕੀ ਸੀ ਭਗਤ ਜੀ ਨੂੰ ਸੱਤੀਂ ਕਪੜੀਂ ਅੱਗ ਲੱਗ ਗਈ ਤੇ ਪਤਨੀ ਨੂੰ ਅਵਾਜ਼ ਮਾਰ ਕੇ ਕਹਿਣ ਲੱਗਾ,“ ਪ੍ਰਸ਼ਾਦੇ ਦੀ ਲੋੜ ਨਹੀਂ, ਨਾ ਪਕਾਈਂ” ਤੇ ਗਿਆਨੀ ਜੀ ਨੂੰ ਝੱਟ ਦੇਣੇ ਗੁਰਦੁਆਰੇ ਛੱਡ ਆਇਆ।
ਤੁਹਾਨੂੰ ਸੱਭ ਨੂੰ ਇਸ ਘਟਨਾ ਦੀ ਜਾਣਕਾਰੀ ਹੈ ਪਰ ਅਸਲੀਅਤ ਤੋਂ ਨਾਵਕਫ ਜ਼ਰੂਰ ਹੋ। 1971 ਦੀ ਭਾਰਤ ਪਾਕਿਸਤਾਨ ਦੀ ਲੜਾਈ ਅਤੇ ਬੰਗਲਾ ਦੇਸ਼ ਬਣਨ ਤੋਂ ਬਾਅਦ ਜਦੋਂ ਪਾਰਲੀਆਮਿੰਟ ਦਾ ਸ਼ੈਸ਼ਨ ਬੁਲਾਇਆ ਗਿਆ ਤਾਂ ਉਸ ਵਕਤ ਜਨ ਸੰਗ ਦੇ ਲੀਡਰ, ਅਟਲ ਬਿਹਾਰੀ ਬਾਜ਼ਪਾਈ, ਨੇ ਇੰਦਰਾ ਗਾਂਧੀ ਨੂੰ ਸੰਬੋਧਨ ਕਰਕੇ ਕਿਹਾ ਕਿ  ਇਹ ਸਾਡੀ ਨਵੀਂ ਦੁਰਗਾ(ਅਭੀਨਵ ਚੰਡੀ ਦੁਰਗਾ) ਹੈ। ਕਮਿਊਨਿਸਟ ਪਾਰਟੀ ਦੇ ਬਹੁਤ ਤਕੜੇ ਲੀਡਰ ਸੱਤਪਾਲ ਡਾਂਗ ਜੀ ਨੇ ਇਸ ਗੱਲ ਦਾ ਬਹੁਤ ਕਰੜੇ ਲਫਜ਼ਾਂ ਵਿਚ ਵਿਰੋਧ ਕੀਤਾ ਤੇ ਕਿਹਾ ਕਿ “ ਅਟਲ ਬਿਹਾਰੀ ਬਾਜ਼ਪਾਈ ਜੀ ਨੂੰ ਤਾਂ ਇਹ ਸਮਝ ਹੀ ਨਹੀਂ ਕਿ ਉਹ ਕੀ ਕਹਿ ਰਿਹਾ ਹੈ ਅਤੇ ਇੰਦਰਾ ਨੂੰ ਇਹ ਸਮਝ ਨਹੀਂ ਪਈ ਕਿ ਉਹ ਕੀ ਸੁਣ ਰਹੀ ਹੈ”। ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਸੱਤਪਾਲ ਡਾਂਗ ਜੀ ਤੋਂ ਦੁਰਗਾ ਬਾਰੇ ਪੁੱਛ-ਤਾਛ ਕਰਕੇ, ਸਾਰੀ ਜਾਣਕਾਰੀ ਪ੍ਰਾਪਤ ਕਰਕੇ, ਪਾਰਲੀਆਮਿੰਟ ਵਿਚ ਕਿਹਾ ਕਿ ਮੈਂ ਇੰਦਰਾ ਹਾਂ ਤੇ ਇੰਦਰਾ ਹੀ ਰਹਿਣਾ ਚਾਹੁੰਦੀ ਹਾਂ, ਹੋਰ ਕੁੱਝ ਨਹੀਂ ਬਣਨਾ ਚਾਹੁੰਦੀ।
ਤੁਹਾਨੂੰ ਸੱਭ ਨੂੰ ਪਤਾ ਹੈ ਕਿ ਦੋ ਕੁ ਸਾਲ ਪਹਿਲਾਂ ਜੇ.ਐਨ.ਯੂ. (ਜਵਾਹਰ ਲਾਲ ਯੂਨੀਵਰਸਿਟੀ) ਦੇ ਵਿਹੜੇ ਵਿਚ ਕੋਈ ਰੌਲਾ-ਰੱਪਾ ਪਿਆ ਸੀ। ਕੁੱਝ ਵਿਦਿਆਰਥੀਆਂ ਨੁੰ ਕੁਟਿਆ-ਮਾਰਿਆ ਗਿਆ, ਕੁੱਝ ਕੁ ਤੇ ਦੇਸ਼ ਧਰੋਹੀ ਦੇ ਪਰਚੇ ਦਾਇਰ ਕੀਤੇ ਗਏ। ਵਿਦਿਆਰਥੀਆਂ ਅਤੇ ਦਿੱਲੀ ਦੀ ਆਮ ਆਦਮੀ ਸਰਕਾਰ ਨੇ ਵੀ ਰੌਲਾ ਪਾਇਆ ਕਿ ਅਸਲੀ ਰੀਕਾਰਡਿੰਗ ਪੇਸ਼ ਕੀਤੀ ਜਾਵੇ। ਪਰ ਇਹ ਨਹੀਂ ਹੋਇਆ ਕਿਉਂਕਿ ਇਹ ਮਾਮਲਾ ਕਿਸੇ ਸਾਜਿਸ਼ ਤੇ ਤਹਿਤ ਕੀਤਾ ਗਿਆ ਸੀ। ਅਸਲ ਵਿਚ ਉਹ ਕਹਾਣੀ ਕੀ ਸੀ? ਜੇ. ਐਨ.ਯੂ ਦੇ ਕੁੱਝ ਵਿਦਿਆਰਥੀਆਂ ਨੇ ਇਕ ਕਿਤਾਬ “WHAT IS THE MAHISHASUR AND DURGA MYTH”? ਲਿਖੀ। ਇਹ ਕਹਾਣੀ ਗੀਤਾ ਵਿਚ ਵੀ ਹੈ ਅਤੇ ਮਾਰਕੰਡੇ ਪੁਰਾਣ ਵਿਚ ਵੀ। MAHISH ਦਾ ਮਤਲਬ ਹੈ ਮੱਝ, ਬਹਿਸ ਤੇ ASUR ਦਾ ਮਤਲਬ ਹੈ ਦਲਿਤ, ਜਿਹੜੇ ਸ਼ਰਾਬ ਨਹੀਂ ਪੀਂਦੇ। SUR ਸੁਰ ਹੈ ਦੇਵਤੇ, ਪੰਡਿਤ ਲੋਕ ਅਤੇ ਉਹ ਜੋ ਸੁਰਾ/ਸ਼ਰਾਬ ਦਾ ਸੇਵਨ ਕਰਦੇ ਹਨ। ਲੋਕਾਂ ਸਾਹਮਣੇ ਪੰਡਿਤ ਦੇਵਤਾ ਹੈ ਪਰ ਅੰਦਰ ਵੜਕੇ ਉਹ ਸਾਰੇ ਐਬ ਕਰਦਾ ਹੈ ਜੋ ਬਦਮਾਸ਼ ਲੋਕ ਕਰਦੇ ਹਨ।  ਇਨ੍ਹਾ ਵਿਦਿਆਰਥੀਆਂ ਨੇ ਬੰਗਾਲ ਬਿਹਾਰ ਵਿਚ ਲੋਕਾਂ ਨੁੰ ਜਾਗਰਤ ਕਰਨ ਲਈ ਬਹੁਤ ਵੱਡੀਆਂ ਵੱਡੀਆਂ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਜਿਵੇਂ ਇਨ੍ਹਾਂ ਸਭਾਵਾਂ ਦੀ ਪ੍ਰਸੰਸਾ ਹੋਣ ਲੱਗੀ ਅਤੇ ਇਕੱਠ ਹਜ਼ਾਰਾਂ ਦੀ ਤੈਦਾਦ ਦਾ ਹੋਣ ਲੱਗਾ ਤਾਂ ਭਾਰਤ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਸਾਡੇ ਹਿੰਦੂਤਵਾ ਦਾ ਕੀ ਹੋਵੇਗਾ? ਇਸ ਕਰਕੇ ਸਰਕਾਰ ਨੇ ਆਪਣੇ ਵਿਦਿਆਰਥੀਆਂ ਕੋਲੋਂ ਨਾਹਰੇਬਾਜ਼ੀ ਕਰਵਾਈ, ਰੀਕਾਰਡਿੰਗ ਐਡਿਟ ਕਰਕੇ ਪਬਲਿਕ ਵਿਚ ਪੇਸ਼ ਕੀਤੀ ਗਈ, ਘਨੱਈਆ ਕੁਮਾਰ ਅਤੇ ਉਸਦੇ ਨਜ਼ਦੀਕੀ ਸਾਥੀਆਂ ਤੇ ਨਜ਼ਾਇਜ ਕੇਸ ਦਰਜ਼ ਕੀਤੇ ਗਏ ਅਤੇ ਇਸ ਲਹਿਰ ਨੂੰ ਦਬਾਇਆ ਗਿਆ। ਇਸ ਕਿਤਾਬ ਦਾ ਸਾਰ ਅੰਸ਼ ਇਹ ਹੈ ਕਿ ਦਰਵੜਾਂ ਦਾ ਬਹੁਤ ਹੀ ਤਕੜਾ ਜਰਨੈਲ, ਮਹਿਖਾਸੁਰ, ਜਿਸ ਨੂੰ ਆਰੀਅਨ ਲੋਕ ਹਰਾ ਨਹੀਂ ਸਨ ਪਾ ਰਹੇ, ਉਨ੍ਹਾਂ ਨੇ ਕਿਸੇ ਵਹਿਸ਼ਿਆ ਨਾਲ ਗੱਲ-ਬਾਤ ਕਰਕੇ ਮਹਿਖਾਸੁਰ (ਮਹਿਸ਼ਾਸੁਰ ਉਨ੍ਹਾ ਦੀ ਬੋਲੀ) ਦੇ ਦੁਆਲੇ ਚੱਕਰ ਪਾਇਆ। ਉਸ ਦੁਰਗਾ ਨਾਮੀ ਵਹਿਸ਼ਿਆ ਨੇ ਨੌਂ ਦਿਨਾਂ ਬਾਅਦ ਇਸ ਮਹਿਖਾਸੁਰ ਜਰਨੈਲ ਦਾ ਸਿਰ ਵੱਡ ਕੇ ਆਰੀਆਨ ਲੋਕਾਂ ਦੇ ਆਹਮਣੇ ਪੇਸ਼ ਕਰ ਦਿੱਤਾ ਅਤੇ ਆਰੀਅਨ ਲੋਕਾਂ ਦੇ ਉਸ ਵੇਲੇ ਜਿਹੜੇ ਵੀ ਦਰਾਵੜ ਲੋਕ ਹੱਥ ਆਏ ਉਨ੍ਹਾ ਨੇ ਉਨ੍ਹਾ ਦੇ ਸਿਰ ਵੱਡ ਕੇ ਮਾਲਾ ਦੇ ਰੂਪ ਵਿਚ ਇਸ ਵਹਿਸ਼ਿਆ ਦੇ ਗੱਲ ਵਿਚ ਪਾ ਦਿੱਤੇ। ਇਸ ਤੋਂ ਬਾਅਦ ਹੀ ਉਸ ਨੂੰ ਦੁਰਗਾ ਦੇਵੀ/ ਚੰਡੀ ਦੇਵੀ ਦੇ ਰੂਪ ਵਿਚ ਪੂਜਣਾ ਸ਼ੁਰ ਕਰ ਦਿੱਤਾ ਅਤੇ ਨਵਰਾਤਰੇ ਵੀ ਇਸ ਖੇਡ ਦੀ ਕਾਢ ਹੈ। ਮਾਰਕੰਡੇ ਪੁਰਾਣ ਵਿਚ ਵੀ ਦੇਵੀ ਦੀ ਦੈਤਾਂ ਨਾਲ ਲੜਾਈ ਦਰਜ਼ ਹੈ ਅਤੇ ਦਸਮ ਗ੍ਰੰਥ ਵਿਚ ਪੰਨਾ 74 ਤੇ ਚੰਡੀ ਦੀ ਵਾਰ ਸ਼ੁਰੂ ਹੁੰਦੀ ਹੈ ਅਤੇ ਪਹਿਲਾ ਅਧਿਆਇ ਹੀ ਮਹਿਖਾਸੁਰ ਨਾਲ ਦੁਰਗਾ ਦੀ ਲੜਾਈ ਦਾ ਹੈ। ਪਹਿਲੀ ਚੰਡੀ ਦੀ ਵਾਰ ਆਪ ਬੋਲ ਬੋਲ ਕੇ ਦੱਸ ਰਹੀ ਹੈ ਕਿ ਮੈਂ ਮਾਰਕੰਡੇ ਪੁਰਾਣ ਵਿਚੋਂ ਨਿਕਲੀ ਹਾਂ ਤੇ ਦੂਜੀ ਚੰਡੀ ਦੀ ਵਾਰ ਇਹ ਦੱਸਦੀ ਹੈ ਕਿ ਮੈਂ ਬਚਿੱਤ੍ਰ ਨਾਟਕ ਵਿਚੋਂ ਆਈ ਹਾਂ ਅਤੇ ਦਸਮ ਗ੍ਰੰਥ ਦੇ ਪੰਨਾ 119 ਤੋਂ 127 ਤਕ ਜਿਹੜੀ ਭਗਉਤੀ ਦੀ ਵਾਰ (ਅਸਲ ਨਾਮ ‘ਵਾਰ ਦੁਰਗਾ ਕੀ’) ਦਰਜ਼ ਹੈ ਤੇ ਇਸ ਦੀ ਪਹਿਲੀ ਪਉੜੀ, ਜਿਸ ਨੂੰ ਅਸੀਂ ਆਪਣੀ ਅਰਦਾਸ ਦਾ ਮੁਢਲਾ ਹਿਸਾ ਬਣਾ ਕੇ ਇਸ ਵਹਿਸ਼ਿਆ ਨਾਮੀ ਦੁਰਗਾ ਦੀ ਪੂਜਾ ਕਰੀ ਜਾ ਰਹੇ ਹਾਂ, ਇਹ ਸਾਰਾ ਕੁੱਝ ਉਨ੍ਹਾ ਦਾ ਹੈ ਸਾਡਾ ਨਹੀਂ।  ਇਹ ਅਸਲੀਅਤ ਹੈ ਕਿ ਇਹ ਸਾਰਾ ਕੁੱਝ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਪਰ ਸਾਨੂੰ ਤਾਂ ਸੰਤਾਂ ਮਹਾਂਪੁਰਸ਼ਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਜਿਉਣ ਦਾ ਉਪਦੇਸ਼ ਦਿੱਤਾ ਹੈ। ਇਸ ਕਰਕੇ ਅਸੀਂ ਅੱਖਾਂ ਖੋਲ੍ਹ ਕੇ ਸਿਆਣੇ ਅਤੇ ਸੂਝਵਾਨ ਬਣਨਾ ਹੀ ਨਹੀਂ ।
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਭਾਈ ਸੰਤੋਖ ਸਿੰਘ ਨੇ ਤਾਂ ਬਹੁਤ ਵਿਸਥਾਰ ਪੂਰਬਕ ਬਿਆਨ ਕੀਤਾ ਹੈ ਕਿ ਜਦੋਂ ਦੈਂਤ ਦੇਵੀ ਦੇ ਪਿੱਛੇ ਭੱਜੇ ਆ ਰਹੇ ਸਨ ਤਾਂ ਅੱਜ-ਕੱਲ੍ਹ ਦੇ ਹੇਮਕੁੰਟ ਦੇ ਸਥਾਨ ਤੇ ਇਕ ਬ੍ਰਾਹਮਣ ਤਪੱਸਵੀ ਤਪ ਕਰ ਰਿਹਾ ਸੀ। ਜੋ ਸ਼ੇਰ ਦੀ ਖੱਲ, ਉਸ ਨੇ ਆਸਨ ਰੂਪ ਵਿਚ ਹੇਠ ਵਿਛਾਈ ਹੋਈ ਸੀ, ਨੂੰ ਝਾੜਿਆ ਤਾਂ ਦੁਸ਼ਟ ਦਮਨ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਪਿਛਲਾ ਜਨਮ ਮੰਨੀ ਬੈਠੇ ਹਾਂ, ਪੈਦਾ ਹੋਇਆ। ਉਸ ਨੇ ਦੈਂਤਾਂ ਨੂੰ ਮਾਰ ਮੁਕਾਇਆ ਤੇ ਦੇਵੀ ਨੇ ਪ੍ਰਸੰਨ ਹੋ ਕੇ ਦੁਸ਼ਟ ਦਮਨ ਨੂੰ ਇਉਂ ਚੱਟਿਆਂ ਜਿਵੇਂ ਨਵੇਂ ਪੈਦਾ ਹੋਏ ਵੱਛੇ ਨੂੰ ਗਊ ਮਾਤਾ ਚੱਟਦੀ ਹੈ। ਦੇਵੀ ਨੇ ਪ੍ਰਸੰਨ ਹੋ ਕਿ ਗੁਰੂ ਜੀ(ਪਿਛਲੇ ਜਨਮ ਵਿਚ ਦੁਸ਼ਟ ਦਮਨ) ਨੂੰ ਇਕ ਖੰਡਾ ਦਿੱਤਾ ਅਤੇ ਕਿਹਾ ਕਿ ਜਦੋਂ ਤੁਸੀਂ ਮਾਤ ਲੋਕ ਵਿਚ ਜਾ ਕੇ ਆਪਣਾ ਖਾਲਸਾ ਪੰਥ ਦੀ ਸਾਜਨਾ ਕਰੋਗੇ ਤਾਂ ਮੈਂ ਆ ਕੇ ਤੁਹਾਡੀ ਮੱਦਦ ਕਰੂੰਗੀ। ਕੋਈ ਪੁੱਛਣ ਵਾਲਾ ਹੋਵੇ ਬਈ ਤੂੰ ਅੱਜ ਤਾਂ ਆਪਣੀ ਰੱਖਿਆ ਆਪ ਕਰ ਨਹੀਂ ਸਕੀ ਕੱਲ੍ਹ ਨੂੰ ਕਿਸੇ ਦੀ ਮੱਦਦ ਖਾਕ ਕਰੇਂਗੀ? ਪੁੱਛੀਏ ਤਾਂ ਅਸੀਂ ਕਿਸੇ ਨੂੰ ਤਾਂ ਜੇ ਸਾਡੇ ਕੋਲ ਬਬੇਕ ਬੁੱਧ ਹੋਵੇ। ਪਿਛਲੇ 200 ਸਾਲਾਂ ਦੀਆਂ ਸਰਕਾਰਾਂ ਨੇ ਤਾਂ ਸਾਨੂੰ ਮਿੱਟੀ ਦੇ ਮਾਧੋ ਬਣਾ ਧਰਿਆ ਹੈ ਤੇ ਅਸੀਂ ਅੱਜ ਮਿੱਟੀ ਦੇ ਮਾਧੋ ਬਣੇ ਰਹਿਣਾ ਹੀ ਪਸੰਦ ਕਰਦੇ ਹਾਂ। ਜਾਣੀਕੇ ਸਾਡੇ ਵਿਚ ਕੋਈ ਤੰਤ ਬਾਕੀ ਬਚਿਆ ਹੀ ਨਹੀਂ। ਮੈਂ ਕਈ ਵਾਰ ਇਹ ਸਵਾਲ ਪੈਦਾ ਕਰ ਚੁਕਿਆ ਹਾਂ ਕਿ ਜਦੋਂ ਗੁਰੂ ਜੀ ਨੇ ਮਾਤ ਲੋਕ ਵਿਚ ਗੋਬਿੰਦ ਰਾਇ ਦੇ ਰੂਪ ਵਿਚ ਜਨਮ ਲਿਆ ਤਾਂ ਉਸੇ ਖੰਡੇ ਨੂੰ, ਜੋ ਦੇਵੀ ਨੇ ਗੁਰੂ/ਦੁਸ਼ਟ ਦਮਨ ਨੂੰ ਪਿਛਲੇ ਜਨਮ ਵਿਚ ਦਿੱਤਾ ਸੀ, ਆਪਣੀ ਮਾਤਾ ਦੇ ਪੇਟ ਵਿਚੋਂ ਪੈਦਾ ਹੁੰਦੇ ਹੋਏ ਉਹ ਨਾਲ ਕਿਵੇਂ ਲੈ ਕੇ ਆਏ? ਦੂਸਰਾ ਇਹੀ ਦੇਵੀ ਹੈ ਜਿਸ ਨੂੰ ਅਸੀਂ ਮਾਤਾ ਸਾਹਿਬ ਕੌਰਾਂ ਕਰਕੇ ਮੰਨਦੇ ਹਾਂ। ਇਹੀ ਆ ਕੇ ਖੰਡੇ- ਬਾਟੇ ਦੀ ਪਾਹੁਲ ਵਿਚ ਪਤਾਸੇ ਪਾਉਂਦੀ ਹੈ ਨਹੀਂ ਤਾਂ ਇਹ ਪਾਹੁਲ ਨੇ ਅਧੂਰੀ ਰਹਿ ਜਾਣਾ ਸੀ। ਭਲਿਓ ਸਿੱਖ ਭਰਾਵੋ! ਕੁੱਝ ਤਾਂ ਸੋਚੋ ਕਿ ਜਿਸ ਗੁਰੂ ਨੇ ਸਾਰੀ ਵਿਉਂਤ ਬਣਾਈ ਕਿ 1699 ਦੀ ਵੈਸਾਖੀ ਨੂੰ ਖਾਲਸਾ ਫੌਜ ਬਣਾਉਣੀ ਹੈ ਉਸ ਨੂੰ ਨਹੀਂ ਪਤਾ ਕਿ ਖੰਡੇ-ਬਾਟੇ ਦੀ ਪਾਹੁਲ ਕਿਵੇਂ ਤਿਆਰ ਕਰਨੀ ਹੈ। 20000 (ਵੀਹ ਹਜ਼ਾਰ) ਨੂੰ ਚਲੋ ਇਕ ਇਕ ਪੱਗ, ਦੋ ਦੋ ਚੋਲੇ, ਦੋ ਦੋ ਕਛਿਹਰੇ, ਇਕ ਕੰਘਾ, ਇਕ ਕੜਾ ਅਤੇ ਇਕ ਕ੍ਰਿਪਾਨ ਅਤੇ ਇਕ ਜੁੱਤੀ ਤਾਂ ਜ਼ਰੂਰ ਹੀ ਦਿੱਤੀ ਹੋਵੇਗੀ। ਇਤਨਾ ਸਮਾਨ ਰਾਤੋ ਰਾਤ ਨਹੀਂ ਬਣ ਜਾਂਦਾ। ਉਸ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇਸ ਵਿਉਂਤਬੰਦੀ ਨੂੰ ਪੂਰਾ ਕਰਨ ਲਈ ਇਕ ਜਾਂ ਦੋ ਸਾਲ ਪਹਿਲਾਂ ਹੀ ਅਰੰਭਿਆ ਗਿਆ ਹੋਵੇਗਾ। ਇਹ ਸਾਰਾ ਸਮਾਨ ਕਈ ਸੈਂਕੜੇ ਗੱਡਿਆਂ ਤੇ ਲੱਦ ਕੇ ਲਿਆਂਦਾ ਗਿਆ ਹੋਵੇਗਾ ਤੇ ਕਈ ਮਹੀਨੇ ਇਸ ਨੂੰ ਤਿਆਰ ਕਰਨ ਤੇ ਲੱਗੇ ਹੋਣਗੇ। ਆਪਾਂ ਗੁਰੂ ਜੀ ਨੂੰ ਕਿਉਂ ਭੁੱਲੜ ਸਾਬਤ ਕਰਨ ਤੇ ਤੁਲੇ ਹੋਏ ਹਾਂ।
ਆਓ ਹੁਣ ਆਪਾਂ 16ਵੇਂ ਚਰਿਤ੍ਰ ਅਤੇ ਦਸਮ ਗ੍ਰੰਥ ਦੇ ਪੰਨਾ 831 ਤੇ 25ਵੇਂ ਬੰਦ ਵੱਲ ਨਜ਼ਰ ਮਾਰਦੇ ਹਾਂ। “ਰਾਮਜਨੀ ਗ੍ਰਹਿ ਜਨਮ ਬਿਧਾਤੈ ਮੁਹਿ ਜਨਮ ਦਿਯਾ। ਰਾਮਜਨੀ ਉਪਰ 10 ਲਿਖ ਕੇ ਇਸਦਾ ਮਤਲਬ ਇਸੇ ਪੰਨੇ ਤੇ ਲਿਖਿਆ ਹੋਇਆ ਹੈ ਵੇਸਵਾ। ਤਵ ਮਿਲਬੇ ਹਿਤ ਭੇਖ ਜੋਗ ਕੋ ਮੈਂ ਲਿਯਾ॥ ਤੁਰਤ ਸੇਜ ਹਮਰੀ ਅਬ ਆਨਿ ਸੁਹਾਇਯੈ॥ ਹੋ ਹਵੈ ਦਾਸੀ ਤਵ ਰਹੋਂ ਨ ਮੁਹਿ ਤਰਸਾਇਯੈ॥25॥ ਇਸ ਵੇਸਵਾ ਨੇ ਆਪਣੀ ਕਾਮ ਪੂਰਤੀ ਦੀ ਇੱਛਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰੱਖ ਦਿੱਤੀ। ਪਿਆਰਾ ਸਿੰਘ ਪਦਮ, ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ, ਡਾ. ਹਰਪਾਲ ਸਿੰਘ ਪੰਨੂੰ, ਡਾ. ਅਨੁਰਾਗ ਸਿੰਘ, ਡਾ. ਜੋਧ ਸਿੰਘ, ਨਿਹੰਗ ਸ਼ੇਰ ਸਿੰਘ, ਨਿਹੰਗ ਧਰਮ ਸਿੰਘ, ਗੁਰਸ਼ਰਨਜੀਤ ਸਿੰਘ ਲਾਂਬਾ ਅਤੇ ਹੋਰ ਕਈ ਸਾਰੇ ਜੋ ਇਸ 16ਵੇਂ ਚਰਿਤ੍ਰ ਅਤੇ 22, 23, 24ਵੇਂ ਚਰਿਤ੍ਰ ਨੂੰ ਗੁਰੂ ਜੀ ਦੀ ਹੱਡ-ਬੀਤੀ ਦੱਸਦੇ ਹਨ, ਨੂੰ ਪੁੱਛੋ ਕਿ ਗੁਰੂ ਜੀ ਯੋਧਿਆਂ ਦੀ ਛਾਉਣੀ, ਅਨੰਦਪੁਰ ਸਾਹਿਬ, ਵਿਚ ਜ਼ੁਲਮ ਵਿਰੁਧ ਲੋਹਾ ਲੈਣ ਲਈ ਸੈਨਾ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਹਨ ਕਿ ਵੇਸਵਾ ਗਮਨੀ ਵਿਚ? ਇਸੇ ਚਰਿਤ੍ਰ ਵਿਚ ਅੱਗੇ ਗੁਰੂ ਜੀ ਦੀ ਬੇਵੱਸੀ ਦਿਖਾਈ ਗਈ ਹੈ ਕਿ ਜੇ ਮੈਂ ਤੇਰੇ ਨਾਲ ਕਾਮ ਕਰਦਾ ਹਾਂ ਤਾਂ ਮੇਰਾ ਧਰਮ ਭੰਗ ਹੋ ਜਾਵੇਗਾ ਨਾਲੇ ਜੇ ਪੁੱਤ ਜੰਮਿਆ ਤਾਂ ਭੰਡ ਪੈਦਾ ਹੋਵੇਗਾ ਜੇ ਕੁੜੀ ਪੈਦਾ ਹੋਈ ਤਾਂ ਵੇਸਵਾ। “ ਪੂਤ ਹੋਇ ਤੌ ਭਾਂਡਵਹ ਸੁਤਾ ਤੌ ਬੇਸਯਾ ਹੋਇ॥ ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ॥35॥ ਪੰਨਾ 832॥ ਮਾਂ ਨਾ ਤਾਂ ਭੰਡ ਪੈਦਾ ਕਰਦੀ ਹੈ ਤੇ ਨਾ ਹੀ ਵੇਸਵਾ। ਇਸ ਸਾਰੇ ਕੁੱਝ ਦਾ ਜ਼ਿਮੇਵਾਰ ਸਾਡਾ ਸਮਾਜ ਹੈ। 16ਵੇਂ ਚਰਿਤ੍ਰ ਵਿਚ ਔਰਤ ਦਾ ਨਾਮ ਰਾਮਜਨੀ ਅਤੇ 22, 23 24ਵੇਂ ਚਰਿਤ੍ਰ ਵਿਚ ਨਾਮ ਅਨੂਪ ਕੁਆਰਿ ਇਕ ਧਨਾਢ ਔਰਤ। ਫਰਕ ਸਿਰਫ ਨਾਮਾਂ ਦਾ ਹੈ ਬਾਕੀ ਕਹਾਣੀ ਓਹੀ ਹੈ। ਚੰਡੀ ਦੀ ਵਾਰ ਵਿਚ ਬੰਦਾ ਮਹਿਖਾਸੁਰ ਹੈ ਔਰਤ ਇਕ ਵੇਸਵਾ ਜੋ ਬਾਅਦ ਵਿਚ ਦੁਰਗਾ ਦੇਵੀ ਬਣਾ ਕੇ ਪੂਜੀ ਜਾਂਦੀ ਹੈ ਤੇ ਨਵਰਾਤਰਿਆਂ ਦੀ ਜਨਮ ਦਾਤੀ ਹੈ। ਚਰਿਰੋਪਾਖਿਯਾਨ ਵਿਚ ਵੀ ਕਹਾਣੀ ਓਹੀ ਹੈ। ਹੁਣ ਮਹਿਖਾਸਰੁ ਦਾ ਨਾਮ ਬਦਲ ਕੇ ਗੋਬਿੰਦ ਰਾਇ ਕਰ ਦਿੱਤਾ ਗਿਆ ਹੈ। ਮਹਿਖਾਸੁਰ ਨਾਲ ਦੇਵੀ ਦੀ ਲੜਾਈ ਰਾਤ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਪਰ ਲਿਖੇ ਚਰਿਤ੍ਰਾਂ ਵਿਚ  ਵੇਸਵਾ ਕੋਲ ਜਾਂ ਧਨਾਢ ਔਰਤ, ਅਨੂਪ ਕੁਆਰਿ, ਕੋਲ ਰਾਤ ਨੂੰ ਹੀ ਮੰਤਰ ਸਿੱਖਣ ਅਤੇ ਕਾਮ ਪੂਰਤੀ ਕਰਨ ਲਈ ਭੇਜਿਆ ਜਾ ਰਿਹਾ ਹੈ। ਹੁਣ ਤੁਸੀਂ ਸਾਰੇ ਹੀ ਸਮਝ ਗਏ ਹੋਵੋਗੇ ਕਿ ਕਿਹੜੀ ਲੜਾਈ ਰਾਤ ਨੂੰ ਲੜੀ ਜਾਂਦੀ ਹੈ ਤੇ ਕਿਹੜੀ ਦਿਨੇ? ਮਹਿਖਾਸੁਰ ਸ਼ਰਾਬ ਦੇ ਨਸੇ ਵਿਚ ਮਾਰਿਆ ਜਾਂਦਾ ਹੈ। ਪਰ ਗੁਰੂ ਜੀ ਇਹ ਸੱਭ ਕੁੱਝ ਸੇਵਨ ਕਰਨ ਤੋਂ ਮਨਾਹ ਕਰ ਦਿੰਦੇ ਹਨ ਇਸ ਕਰਕੇ ਜਾਨ ਬਚ ਜਾਂਦੀ ਹੈ। ਕਹਾਣੀ ਵਿਚ ਫਰਕ ਸਿਰਫ ਇਤਨਾ ਕੁ ਹੈ।
ਗੁਰੂ ਪਿਆਰਿਓ ਜਾਗੋ ਹਾਲੇ ਵੀ ਵੇਲਾ ਹੈ ਸੰਭਲਣ ਦਾ ਨਹੀਂ ਤਾਂ ਗੁਰੂ ਗ੍ਰੰਥ ਨੂੰ ਲੱਭਦੇ ਹੀ ਰਹਿ ਜਾਓਗੇ। ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖਾਂ ਦੀਆਂ ਕੁਬਾਨੀਆਂ ਦਾ ਮੁੱਲ ਤਾਂ ਆਪਾਂ ਆਪਣਾ ਆਪ ਵਾਰਕੇ ਵੀ ਨਹੀਂ ਤਾਰ ਸਕਦੇ। ਕਿਉਂ ਸੌਂ ਕੇ ਉਮਰ ਵਿਹਾਜੀ ਜਾ ਰਹੇ ਹੋ। ਜਾਗੋ!  ਜਾਗਣਾ ਸਿੱਖ ਕੌਮ ਦਾ ਖਾਸਾ ਹੈ ਤੇ ਆਪਣੇ ਵਿਰਸੇ ਨੂੰ ਯਾਦ ਕਰੋ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, brar_jiwanwala@hotmail.com

ਲਾਂਬੂ ਲਾਉਣ ਵਾਲੇ ਲਾਂਬੇ ਦੇ ਝੂਠਾਂ ਤੋਂ ਝਾੜੀ ਧੂੜ - ਗੁਰਚਰਨ ਸਿੰਘ ਜਿਉਣ ਵਾਲਾ

ਗੁਰਚਰਨਜੀਤ ਸਿੰਘ ਲਾਂਬਾ ਜੀਓ! ਜਿਸ ਤਰ੍ਹਾਂ ਤੁਸੀਂ ਡਾ. ਗੁਰਦਰਸ਼ਨ ਸਿੰਘ ਢਿਲੋਂ ਨੂੰ ‘ ਟੀ. ਵੀ. ਗਲੋਬਲ ਪੰਜਾਬ’ ਤੇ ਨਿੰਦ ਰਹੇ ਹੋ ਕਿ, “ਜਿਹੜਾ ਸਿੱਖ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਝ ਨਹੀਂ ਲਿਖਿਆ ਉਹ ਸਿੱਖ ਹੀ ਨਹੀਂ ਹੋ ਸਕਦਾ, ਉਸ ਨੇ ਸ੍ਰੀ (ਸਿਰੀ) ਦਸਮ ਗਰੰਥ ਸਾਹਿਬ ਵੇਖਿਆ ਹੀ ਨਹੀਂ, ਬੜੀ ਬੇਹੂਦਾ ਜਿਹੀ ਦਲੀਲ ਹੈ”। ਦਰਅਸਲ ਤੁਸੀਂ ਖੁਦ ਹੀ ਕਦੀ ਦਸਮ ਗ੍ਰੰਥ ਦੇ ਨੇੜ-ਤੇੜ ਨਹੀਂ ਗਏ। ਅਸਲ ‘ਚ ਤੁਸੀਂ ਸਰੂਪ ਦਾਸ ਭੱਲਾ ਦਾ ‘ਮਹਿਮਾ ਪ੍ਰਕਾਸ਼’ ਪੜ੍ਹਿਆ ਤੇ ਕੁੱਝ ਹੋਰ ਇਧਰੋਂ-ਉਧਰੋਂ ਮਸਾਲਾ ਇਕੱਠਾ ਕੀਤਾ ਹੋਇਆ ਹੈ। ਨਾ ਤੁਹਾਨੂੰ ਇਸ ਗ੍ਰੰਥ ਦੇ ਇਤਿਹਾਸ ਬਾਰੇ ਵਾਕਫੀ ਹੈ ਤੇ ਨਾ ਹੀ ਇਸ ਵਿਚਲੀਆਂ ਗਵਾਹੀਆਂ ਦਾ ਹੀ ਪਤਾ ਹੈ। ਆਓ ਤੁਹਾਡੀ ਇਸ ਗੱਲ-ਬਾਤ ਦਾ ਚੀਰ-ਫਾੜ ਕਰੀਏ।
ਦਸਮ ਗੁਰੂ ਦੇ ਸਮਕਾਲੀਆਂ ਦੇ ਨਾਮ ਗਿਣਦੇ ਤੁਸੀਂ ਕੇਸਰ ਸਿੰਘ ਛਿੱਬਰ, ਕੰਕਣ ਕਵੀ ਅਤੇ ਕਵੀ ਸੈਨਾਪਤੀ ਦਾ ਨਾਮ ਲੈਂਦੇ ਹੋ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਕੇਸਰ ਸਿੰਘ ਛਿੱਬਰ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਅੱਠ ਸਾਲ ਬਾਅਦ 1715 ਈ: ਨੂੰ ਪੈਦਾ ਹੋਇਆ ਹੈ। ਜੇਕਰ ਤੁਸੀਂ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਕ੍ਰਿਤ ਕੇਸਰ ਸਿੰਘ ਛਿੱਬਰ, ਪਿਆਰਾ ਸਿੰਘ ਪਦਮ ਦੁਆਰਾ ਛਾਪਿਆ, ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੇਸਰ ਸਿੰਘ ਛਿੱਬਰ ਪੈਦਾ ਕਦੋਂ ਹੋਇਆ? ਕਵੀ ਸੈਨਾਪਤਿ ਦਾ ਗ੍ਰੰਥ ‘ ਸਿਰੀ ਗੁਰ ਸੋਭਾ’ ਮੇਰੇ ਕੋਲ ਹੈ ਤੇ ਉਸ ਵਿਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਗ੍ਰੰਥ ਜਾਂ ਕਿਸੇ ਬਾਣੀ ਦੇ ਲਿਖੇ ਹੋਣ ਦਾ ਜ਼ਿਕਰ ਨਹੀਂ। ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ;
“  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
     ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ”॥ 14॥
ਹੁਣ ਗੱਲ ਕਰੀਏ ਕਵੀ ਕੰਕਣ ਦੀ; ਸੰਤ ਸਿਪਾਹੀ ਦਾ ਹੀ ਪੋਸਟ ਕੀਤਾ ਇਸ ਕਵੀ ਦਾ ਗ੍ਰੰਥ, “ਦਸ ਗੁਰ ਕਥਾ” ਜਿਸਦੇ 52 ਪੰਨੇ ਹਨ ਅੱਜ ਮੈਂ ਉਹ ਸਾਰਾ ਪੜ੍ਹ ਕੇ ਤੁਹਾਨੂੰ ਜਵਾਬ ਲਿਖਣ ਲੱਗਾ ਹਾਂ। ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣਾ ਬਾਰੇ ਲਿਖ ਕੇ ਉਹ ਇਸ ਗ੍ਰੰਥ ਨੂੰ ਸਮਾਪਤ ਕਰ ਦਿੰਦੇ ਹਨ ਪਰ ਕਿਤੇ ਵੀ ਇਕ ਅੱਖਰ ਵੀ ਦਸਮ ਗੁਰੂ ਜੀ ਦੀਆਂ ਲਿਖਤਾਂ ਹੋਣ ਬਾਰੇ ਜਾਂ ‘ਸਿਰੀ ਦਸਮ ਗ੍ਰੰਥ’ ਜਾਂ ਗੁਰੂ ਜੀ ਦੀ ਹੋਰ ਕਿਸੇ ਲਿਖਤ ਹੋਣ ਦਾ ਜ਼ਿਕਰ ਨਹੀਂ ਕਰਦੇ। ਸਗੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਸੇ ਮਜ਼ਬੀ ਸਿੱਖ ਨੂੰ ਦਿੱਲੀ ਘੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਨੂੰ ਅੰਮ੍ਰਿਤਸਰ ਮੰਗਵਾ ਕੇ , ਚੰਦਨ ਦੀ ਚਿਖਾ ਚਿਣ ਕੇ, ਆਪ ਦਾਗ ਦੇਣ ਦਾ ਵਰਨਣ ਹੈ ਜੋ ਵਿਸ਼ਵਾਸ ਕਰਨ ਦੇ ਯੋਗ ਨਹੀਂ ਸਗੋਂ ਸਰਾ-ਸਰ ਝੂਠ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਜੀਵਨ ਕਾਲ ਵਿਚ ਕਦੀ ਵੀ ਅੰਮ੍ਰਿਤਸਰ ਨਹੀਂ ਗਏ। ਇਹ ਗੱਲ ਵੀ ਕੰਕਣ ਕਵੀ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜਾ ਕਰਦੀ ਹੈ ਕਿ ਕੀ ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ? ਕਿਸੇ ਵੀ ਮੁਰਦਾ ਸਰੀਰ ਨੂੰ ਚੰਦਨ ਦੀ ਚਿਖਾ ਵਿਚ ਅਗਨ ਭੇਟ ਕਰਨਾ, ਗੁਰਬਾਣੀ ਰਚੇਤਿਆਂ ਦੇ ਸਿਧਾਂਤ ਦੇ ਪ੍ਰਤੀਕੂਲ ਹੈ, ਪਰ ਇਹ ਕੰਮ ਲਾਂਬੂ ਲਾਉਣ ਵਾਲੇ ਲਾਂਬਿਆਂ ਦੇ ਅਨਕੂਲ ਹੈ। ਗੁਰਬਾਣੀ ਦਾ ਫੁਰਮਾਣ ਹੈ; ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ {ਪੰਨਾ 1160}
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਨੂੰ ਅੰਮ੍ਰਿਤਸਰ ਮੰਗਵਾਉਣ ਬਾਰੇ ਕਵੀ ਕੰਕਣ ਕੀ ਕਹਿੰਦੇ ਹਨ;
“ਹੋਵੈ ਐਸਾ ਸਿੱਖ ਮਮ” ਸਤਿਗੁਰ ਕਹਿਆ ਸੁਨਾਇ॥ ਲੋਥ ਹਮਾਰੇ ਪਿਤਾ ਕੀ ਤਹਿ ਤੇ ਲਯਾਵੈ ਜਾਇ।181॥....॥ ਮਜ਼ਬੀ ਊਪਰ ਸਤਿਗੁਰੂ ਐਸੀ ਕ੍ਰਿਪਾ ਕੀਨ॥ ਅੰਮ੍ਰਿਤਸਰ ਤਾਲ ਕੀ ਬਾਹੀ ਚਉਥੀ ਦੀਨ॥187॥ ਇਕਠਾ ਕਰ ਚੰਦਨ ਅਧਿਕ ਲੀਨੀ ਚਿਤਾ ਬਨਾਇ॥187॥ ਸਤਿਗੁਰ ਦੀਨਾ ਦਾਗ ਨਿਜ ਊਪਰ ਲੋਥ ਧਰਾਇ॥188॥
ਇਸ ਗ੍ਰੰਥ ਦੇ ਕੁੱਲ ਪੰਨੇ 52 ਹਨ। ਇਸ ਗ੍ਰੰਥ ਵਿਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਕਵੀ ਕੰਕਣ ਗੁਰੂ ਜੀ ਦਾ ਸਮਕਾਲੀ ਸੀ। ਭਾਈ ਵੀਰ ਸਿੰਘ ਦੇ ਅਟਕਲ ਪੱਚੂ ਹੀ ਕਵੀ ਕੰਕਣ ਨੂੰ ਗੁਰੂ ਜੀ ਦਾ ਸਮਕਾਲੀ ਸਾਬਤ ਕਰਦੇ ਹਨ। ਹਾਂ! ਜਿਸ ਦਾ ਜ਼ਿਕਰ ਕਰਨਾ ਬਣਦਾ ਸੀ ਉਸ ਦਾ ਤੁਸੀਂ ਕੀਤਾ ਹੀ ਨਹੀਂ ਉਹ ਹਨ ਭਾਈ ਨੰਦ ਲਾਲ (ਸਿੰਘ) ਗੋਯਾ ਜਿਸ ਦੀਆਂ ਦੋ ਲਿਖਤਾਂ ਵਰਨਣ ਕਰਨ ਯੋਗ ਹਨ; ਰਹਿਤਨਾਮਾ ਅਤੇ ਤਨਖਾਹਨਾਮਾ। ਰਹਿਤਨਾਮਾ ਸੰਮਤ 1752 ਦਾ ਲਿਖਿਆ ਹੋਇਆ ਹੋਣ ਕਰਕੇ ਲਿਖਾਰੀ ਗੁਰੂ ਜੀ ਨੂੰ ਗੁਰਦੇਵ ਕਰਕੇ ਸੰਬੋਧਨ ਕਰਦਾ ਹੈ ਅਤੇ ਤਨਖਾਹਨਾਮਾ 1699 ਈ: ਤੋਂ ਬਾਅਦ ਦਾ ਲਿਖਿਆ ਹੋਣ ਕਰਕੇ ਗੁਰੂ ਜੀ ਦਾ ਪੂਰਾ ਨਾਮ,” ਕਹੈ ਗੋਬਿੰਦ ਸਿੰਘ ਲਾਲ ਜੀ” ਲਿਖਦਾ ਹੈ। ਭਾਈ ਨੰਦ ਲਾਲ (ਸਿੰਘ) ਕਿਤੇ ਵੀ ਗੁਰੂ ਜੀ ਦੀ ਕਿਸੇ ਲਿਖਤ ਦਾ ਜ਼ਿਕਰ ਨਹੀਂ ਕਰਦੇ। ਇਸੇ ਹੀ ਤਰ੍ਹਾਂ ‘ਪਰਚੀਆਂ ਗੁਰੂ ਕੀਆਂ” ਲਿਖਾਰੀ ਭਾਈ ਸੇਵਾ ਦਾਸ, ਜੋ ਗੁਰੂ ਜੀ ਤੇ ਅਕਾਲ ਚਾਲਾਣਾ ਕਰਨ ਤੋਂ ਸਿਰਫ 31-35 ਸਾਲ ਬਾਅਦ ‘ਚ ਲਿਖੀਆਂ ਗਈਆਂ ਹਨ, ਵਿਚ ਵੀ ਗੁਰੂ ਜੀ ਦੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਕੇਸਰ ਸਿੰਘ ਛਿੱਬਰ ਬਾਰੇ ਕੁੱਝ ਹੋਰ: ਛੋਟਾ ਗ੍ਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ॥ ਅੱਗੇ ਜਾ ਕੇ ਲਿਖਦੇ ਹਨ; ਸਿਖਾਂ ਕੀਤੀ ਅਰਦਾਸ ਜੀ ਨਾਲ ਚਾਹੀਏ ਮਿਲਾਯਾ॥ ਬਚਨ ਕੀਤਾ ਗ੍ਰੰਥ ਹੈ ਉਹ ਇਹ ਅਸਾਡੀ ਖੇਡ। ਨਾਲ ਨਾ ਮਿਲਾਇਆ ਆਹਾ ਪਿਆਰਾ ਕਉਨ ਜਾਨੈ ਭੇਦ॥ ਜੇਕਰ ਛਿੱਬਰ ਦਾ ਦਿੱਤਾ ਸੰਮਤ 1755 ਦਸਮ ਗ੍ਰੰਥ ਨੂੰ ਸੰਪੂਰਨ ਕਰਨ ਦਾ ਮੰਨ ਲਿਆ ਜਾਵੇ ਤਾਂ ਜ਼ਫਰਨਾਮਾ ਦਸਮ ਗ੍ਰੰਥ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲਿਖਤ ਸੰਮਤ 1763 ਦੇ ਨੇੜ-ਤੇੜ ਦੀ ਹੈ। ਬਹੁਤ ਖਿਡਾਵੇ ਲਿਖਾਰੇ ਨਾਮ ਦਾ ਮਤਲਬ ਇਹ ਬਣਦਾ ਹੈ ਕਿ ਲਿਖਣ ਵਾਲੇ ਕਵੀ ਇਕ ਨਹੀਂ ਬਹੁਤ ਸਾਰੇ ਹਨ। ਜਿਵੇਂ;
                                                ਗੁਰੂ ਅਰਜਨ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ॥
                                                ਦਾਯਾ ਸੀ ਭਾਈ ਗੁਰਦਾਸ ਲਿਖਾਰਾ ਖਿਡਾਵਣ ਹਾਰਾ॥266॥ ਬੰਸਵਲੀਨਾਮਾ ਪੱਤਰਾ 298॥ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਗੁਰੂ ਅਰਜਨ ਪਾਤਸਾਹ ਜੀ ਨੇ ਹੈ ਪਰ ਇਸ ਵਿਚ ਬਾਣੀ ਬਹੁਤੇ ਲਿਖਾਰੀਆਂ ਦੀ ਹੈ ਨਾ ਕੇ ਸਿਰਫ ਗੁਰੂ ਅਰਜਨ ਜੀ ਦੀ। ਛੋਟੇ ਗ੍ਰੰਥ ਦਾ ਮਤਲਬ ਦਸਮ ਗ੍ਰੰਥ ਨਹੀਂ ਬਣਦਾ ਜੇ ਬਣਦਾ ਹੈ ਤਾਂ ਵੀ ਲਿਖਾਰੀ ਇਕ ਨਾ ਹੋ ਕੇ ਬਹੁਤੇ ਲਿਖਾਰੀ ਹਨ। ਤਾਂ ਵੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨਿਆ ਜਾ ਸਕਦਾ।
ਸਰੂਪ ਦਾਸ ਭੱਲਾ ਕ੍ਰਿਤ ‘ਮਹਿਮਾ ਪ੍ਰਕਾਸ਼’ “ਬੇਦ ਬਿਦਿਆ ਪ੍ਰਕਾਸ ਕੋ ਸੰਕਲਪ ਧਰਿਓ ਮਨ ਦਿਆਲ। ਪੰਡਤ ਪੁਰਾਨ ਇਕਤ੍ਰ ਕਰ ਭਾਖਾ ਰਚੀ ਬਿਸਾਲ॥1॥......॥ ਗੁਰਮੁਖੀ ਲਿਖਾਰੀ ਨਿਕਟ ਬੁਲਾਏ। ਤਾਕੋ ਸਭ ਬਿਧ ਦਈ ਬੁਝਾਏ। ਕਰ ਭਾਖਾ ਲਿਖੋ ਗੁਰਮੁਖੀ ਭਾਈ। ਮੁਨਿ ਮੋਕੋ ਦੇਹੁ ਕਥਾ ਸੁਨਾਈ॥5॥ ਗੁਰਚਰਨਜੀਤ ਸਿੰਘ ਲਾਂਬਾ ਜੀਓ! ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ। ਪੰਡਤਾਂ ਨਾਲ ਗੁਰਮੁਖੀ ਲਿਖਾਰੀ ਲਾ ਕੇ ਸੰਸਕ੍ਰਿਤ ਦੇ ਗ੍ਰੰਥਾਂ ਦਾ ਉਲੱਥਾ ਕਰਵਾਇਆ। ਇਸੇ ਉਲੱਥੇ ਨੂੰ ਇਕੱਠਾ ਕਰਕੇ ਹੀ ‘ਵਿੱਦਿਆ ਸਾਗਰ’ ਨਾਮ ਦਾ ਗ੍ਰੰਥ ਬਣਾਇਆ ਗਿਆ। ਇਹੀ ਗ੍ਰੰਥ ਕਦੀ ਵਿੱਦਿਆਧਰ, ਕਦੀ ਬਚਿਤ੍ਰ ਨਾਟਿਕ, ਕਦੀ ਦਸਵੇਂ ਪਾਤਸ਼ਾਹ ਕਾ ਗ੍ਰੰਥ,  ਕਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੱਲ੍ਹ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਬਣ ਜਾਵੇਗਾ।
ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿਜੈ॥ ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 405॥ ਤੁਹਾਨੂੰ ਤਾਂ ਇਹ ਵੀ ਪੜ੍ਹਨਾ ਨਹੀਂ ਆਇਆ। ਤੁਹਾਨੂੰ ਤਾਂ ਇਸ ਗ੍ਰੰਥ ਵਿਚ ਆਈਆਂ ਤਰੀਕਾਂ ਦਾ ਵੀ ਨਹੀਂ ਪਤਾ ।  ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਇਸ ਗ੍ਰੰਥ ਨੂੰ ਮੁਕੰਮਲ ਕਰਨ ਦੀਆਂ ਘੱਟੋ ਘੱਟ 10 ਤਰੀਕਾਂ ਹਨ। ਜੇਕਰ ਤੁਸੀਂ ਨੌਂ ਵੀ ਸਾਬਤ ਕਰ ਦਿਓ ਤਾਂ ਮੈਂ ਤੁਹਾਨੂੰ ਦਸ ਹਜ਼ਾਰ ਅਮਰੀਕਨ ਡਾਲਰ ਦਿਆਗਾਂ ਨਹੀਂ ਤਾਂ ਤੁਸੀਂ ਮੈਨੂੰ ਦੇਓਗੇ। ਇਹ ਮੇਰਾ ਤੁਹਾਨੂੰ ਚੈਲਿੰਜ਼ ਹੈ। ਪੰਨਾ 254, 354, 386, 570 ਅਤੇ 1388 ਤੇ ਇਹ ਪੰਜ ਤਰੀਕਾਂ ਆਈਆਂ ਹਨ ਇਸ ਤੋਂ ਵੱਧ ਕੁੱਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਣ ਹੋਣ ਦੀ ਇਕ ਤਰੀਕ ਹੈ। ਦਸਮ ਗ੍ਰੰਥ ਦੇ ਲਿਖਾਰੀ ਨੂੰ ਪੰਜ ਤਰੀਕਾਂ ਦੇਣ ਦੀ ਕੀ ਲੋੜ ਪਈ ਸੀ?
ਗਿਆਨੀ ਗਿਆਨ ਸਿੰਘ ਜੀ ਦਸਮ ਗ੍ਰੰਥ ਬਾਰੇ ਕੀ ਲਿਖਦੇ ਹਨ;
ਜੋ ਅਬ ਗ੍ਰੰਥ ਦਸਮ ਗੁਰ ਕੇਰਾ। ਕਹਿਲਾਵਤ ਮਧ ਪੰਥ ਅਛੇਰਾ। ਗੁਰ ਕੇ ਸਮੇ ਬੀੜ ਨਹਿ ਤਾਂਕੀ। ਭਈ ਬਾਣੀਆਂ ਰਹੀ ਇਕਾਂਕੀ। ਅਨਕੈ ਠੌਰ ਪੋਥੀਆਂ ਮਾਹਿ। ਬਾਣੀ ਰਹੀ ਦਸਮ ਗੁਰ ਵਾਹਿ। ਪੰਥ ਪ੍ਰ. ਪੰਨਾ 305। ਸੰ: 1931 ਬਿ:।
ਸਾਡਾ ਨਿੱਤਨੇਮ ਗੁਰੂ ਗ੍ਰੰਥ ਸਾਹਿਬ ਜੀ  ਮੁਢਲੇ 13 ਪੰਨੇ ਹਨ। ਕੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅੱਜ ਵਾਲਾ ਨਿੱਤਨੇਮ ਗੁਰੂ ਗੋਬਿੰਦ ਸਿੰਘ ਜੀ ਹੀ ਲਾਗੂ ਕਰਕੇ ਗਏ ਹਨ? ਸਿੱਖ ਰਹਿਤ ਮਰਯਾਦਾ ਤਾਂ ਬਣਾਈ ਹੀ ਵੀਹਵੀਂ ਸਦੀ ਦੇ ਪਹਿਲੇ ਚੌਥੇ ਹਿੱਸੇ ਵਿਚ ਹੈ ਅਤੇ ਇਹ ਬਦਲਦੀ ਆਈ ਹੈ। ਅੱਜ ਤੋਂ ਕੋਈ 200 ਸਾਲ ਪਹਿਲਾਂ ਦਾ ਸਬੂਤ ਤੁਹਾਡੇ ਕੋਲ ਹੋਵੇ ਜੋ ਤੁਹਾਡੀ ਇਸ ਰਾਇ ਦੀ ਪ੍ਰੋੜਤਾ ਕਰਦਾ ਹੋਵੇ ਤਾਂ ਦੱਸਣਾ ਜੀਓ? ਸਿੱਖ ਰਹਿਤ ਮਰਯਾਦਾ ਦੀ ਇਹ ਗੱਲ ਵੀ ਗਲਤ ਸਾਬਤ ਹੁੰਦੀ ਹੈ ਕਿ ਸਿੱਖ ਓਹ ਹੈ ਜੋ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸਚਾ ਰੱਖਦਾ ਹੋਵੇ। ਜੇਕਰ ਦਸਮ ਗ੍ਰੰਥ ਨੁੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨ ਵੀ ਲਿਆ ਜਾਵੇ ਤਾਂ ਵੀ ਸਾਨੂੰ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦਾ ਲਿਖਿਆ ਹੋਇਆ ਕੁੱਝ ਵੀ ਨਹੀਂ ਮਿਲਦਾ। ਸਿਰਫ ਸੱਤ ਗੁਰੂ ਸਾਹਿਬਾਨ ਦੀ ਬਾਣੀ ਹੈ। ਹੁਣ ਤੁਸੀਂ ਪੁੱਛੋ ਜਾ ਕੇ ਸਿੱਖ ਰਹਿਤ ਮਰਯਾਦਾ ਛਾਪਣ ਵਾਲਿਆਂ ਨੂੰ ਕਿ ਤਿੰਨ ਗੁਰੂ ਸਹਿਬਾਨ ਦੀ ਬਾਣੀ ਕਿੱਥੋ ਪੜ੍ਹੀਏ? ਕੀ ਬਾਣੀ ਲਿਖਣ ਵਾਲਿਆਂ ਨੂੰ ਹੀ ਅਸੀਂ ਆਪਣਾ ਗੁਰੂ ਮੰਨਣਾ ਹੈ?
ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਸਨ; ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਿ ਤਹਿ ਸੁ ਕਬਿ ਲੀਜਹੁ ਸਕਲ ਸੁਧਾਰ॥755॥ਪੰਨਾ 354॥ ਇਸ ਤਰ੍ਹਾਂ ਦੀਆਂ ਪੰਗਤੀਆਂ ਇਸ ਗ੍ਰੰਥ ਵਿਚ ਕਈ ਵਾਰ ਆਉਦੀਆਂ ਹਨ।
ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ। ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥125॥
ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ 5॥ਪੰਨਾ 73॥ ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥ ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦੀ ਪੂਜਾ ਕਰਨ ਤੋਂ ਝੱਟ ਹੀ ਬਾਅਦ ਦੇਵੀ ਪੂਜਣ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ ਜੋ ਤਾਂਤਰਕ ਮੱਤ ਦਾ ਸਿਧਾਂਤ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ਪੰਨਾ 54-55॥ ਕ੍ਰਿਪ ਕਰੀ ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸੁਭਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥402॥ ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥55॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥ ਪੰਨਾ 127॥ ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ ਦਸਮ ਗ੍ਰੰਥ ਦੇ ਪੰਨਾ 119 ਤੋਂ ਸ਼ੁਰੂ ਹੁੰਦੀ ਹੈ॥।
ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?
ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ 33॥  ਪੰਨਾ 41॥ ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ ਸਲੋਕ ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ॥ ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥ ਅਸਚ੍ਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬੰਦਹ॥
ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ। ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਪੰਨਾ 42॥
ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਪਰੀਤ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਬ ਤਨ ਧਾਰਾ॥ ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥13॥ ਪੰਨਾ 47॥ ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿਥੇ ਰੱਖੇ? ‘ਜਪੁ’ ਬਾਣੀ ਸ੍ਰਿਸ਼ਟੀ ਸਾਜਣ ਬਾਰੇ ਕੀ ਫੁਰਮਾਣ ਕਰਦੀ ਹੈ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਸੇ ਵੀ ਗ੍ਰੰਥ ਨੂੰ ਤੋਲਣ ਵਾਸਤੇ ਸਾਡੇ ਕੋਲ ਤੱਕੜ ‘ਗੁਰੂ ਗਰੰਥ ਸਾਹਿਬ ਜੀ’ ਦਾ ਹੈ। ਜੋ ਇਸ ਤੱਕੜ ਤੇ ਪੂਰਾ ਨਹੀਂ ਤੁਲਦਾ, ਭਾਂਵੇ ਉਹ ਕਿਸੇ ਦਾ ਵੀ ਲਿਖਿਆ ਹੋਵੇ, ਉਸ ਗ੍ਰੰਥ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਲਾਂਬਾ ਜੀਓ! ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ, ਡਾ. ਹਰਪਾਲ ਸਿੰਘ ਪੰਨੂੰ ਘੱਗੇ ਵਾਲਾ, ਡਾ. ਜੋਧ ਵਿਚ ਦਸਮ ਗ੍ਰੰਥ ਵਾਲਾ, ਤੁਸੀਂ ਅਤੇ ਤੁਹਾਡਾ ਸਾਰਾ ‘ਲੁੰਗ-ਲਾਣਾ’, ਜੋ ਆਰ. ਐਸ. ਐਸ, ਦੀ ਮੈਂਬਰਸ਼ਿਪ ਲਿਸਟ ਵਿਚ ਹਨ, ਦੋ ਚਾਰ ਪੰਗਤੀਆਂ ਹੀ ਦਸਮ ਗ੍ਰੰਥ ਵਿਚੋਂ ਸਟੇਜਾਂ ਤੇ ਬੋਲਦੇ ਹਨ। ਜਿਵੇ: ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ॥2491॥ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥ ਆਦਿ। ਕਿਸੇ ਵੀ ਗ੍ਰੰਥ ਨੂੰ ਮਾਪਣ ਦਾ ਇਹ ਤਰੀਕਾ ਗਲਤ ਹੈ। ਕਿਸੇ ਵੀ ਗ੍ਰੰਥ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਪੂਰੇ ਦਾ ਪੂਰਾ ਗ੍ਰੰਥ ਤੋਲਣਾ ਪਵੇਗਾ। ਕਿਸੇ ਵੀ ਮਾੜੇ ਤੋਂ ਮਾੜੇ ਗ੍ਰੰਥ ਵਿਚ ਕੁੱਝ ਨਾ ਕੁੱਝ ਚੰਗਾ ਜਰੂਰ ਮਿਲ ਜਵੇਗਾ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਗ੍ਰੰਥ ਚੰਗਾ ਹੈ।
ਹਾਲੇ ਮੈਂ ਕੋਕ-ਸਾਸ਼ਤ੍ਰ ਵਾਲੇ ਹਿੱਸੇ ਅਤੇ ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢਣ ਵਾਲੇ ਅਤੇ ਰੋਮਨਾਸਕ ਵਾਲੇ ਹਿੱਸੇ ਨੂੰ ਛੇੜਿਆ ਨਹੀਂ। ਜੇਕਰ ਤੁਸੀਂ ਦਸਮ ਗ੍ਰੰਥ ਦੇ ਅੰਦਰੂਨੀ ਹਵਾਲਿਆਂ ਬਾਰੇ ਟੀ.ਵੀ. ਤੇ ਚਰਚਾ-ਵਾਰਤਾ ਕਰਨਾ ਚਾਹੋ ਤਾਂ ਮੈਂ ਤਿਆਰ ਹਾਂ ਜੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

ਸਿੱਖਾਂ ਦੀ ਅਰਦਾਸ ਦਾ ਮੂਲ-ਮੁੱਢ ਕਿੱਥੋਂ ਆਇਆ - ਗੁਰਚਰਨ ਸਿੰਘ ਜਿਉਣਵਾਲਾ

ਸਿੱਖਾਂ ਦੀ ਅਰਦਾਸ ‘ਦਸਮ ਗ੍ਰੰਥ’ ਦੇ ਪੰਨਾ 119 ਤੇ ਲਿਖੀ ਵਾਰ ਸ੍ਰੀ ਭਗਾਉਤੀ ਜੀ ਕੀ ਦੀ ਪਹਿਲੀ ਪਉੜੀ ਨਾਲ ਸ਼ੁਰੂ ਹੁੰਦੀ ਹੈ। ਅਸਲ ਵਿਚ ਇਹ ‘ਦਸਮ ਗ੍ਰੰਥ’ ਬਣਾਇਆ ਜਾਂ ਲਿਖਿਆ ਹੀ ‘ਬਚਿਤ੍ਰ ਨਾਟਿਕ ਗ੍ਰੰਥ’ ਨੂੰ ਸਾਹਮਣੇ ਰੱਖ ਕੇ ਹੈ। ਸਾਰੇ ‘ਦਸਮ ਗ੍ਰੰਥ’ ਵਿਚ ‘ਬਚਿਤ੍ਰ ਨਾਟਿਕ ਗ੍ਰੰਥ’ ਦਾ 144 ਵਾਰ ਵਰਨਣ ਮਿਲਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਇਹ-ਇਹ ਹਿੱਸਾ “ਬਚਿਤ੍ਰ ਨਾਟਿਕ ਗ੍ਰੰਥ’ ਵਿਚੋਂ ਲਿਆ ਹੈ। ਤਕਰੀਬਨ 70-75 % ਦਸਮ ਗ੍ਰੰਥ ਦਾ ਹਿਸਾ ਹੂ-ਬ-ਹੂ ਬਚਿਤ੍ਰ ਨਾਟਿਕ ਹੀ ਹੈ। ਜਿਸ ਨੂੰ 1892 ਵਿਚ ਬਣੀ ਸੋਧਕ ਕਮੇਟੀ ਨੇ ਬਦਲ ਕੇ 1897 ਵਿਚ ‘ਦਸਮ ਸ੍ਰੀ ਗੁਰੂ ਗ੍ਰੰਥ” ਬਣਾ ਧਰਿਆ। 1902 ਵਿਚ ਇਸ ਨਵੇਂ ਛੱਪੇ ‘ਦਸਮ ਗ੍ਰੰਥ’ ਵਿਚ ‘ਵਾਰ ਸ੍ਰੀ ਦੁਰਗਾ ਜੀ ਕੀ’ ਦਾ ਨਾਮ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਾਣੇ ਹੱਥ ਲਿਖਤ ਗ੍ਰੰਥਾਂ ਵਿਚ ਇਸ ਦਾ ਨਾਮ ‘ਵਾਰ ਸ੍ਰੀ ਦੁਰਗਾ ਜੀ ਕੀ” ਹੀ ਹੈ। ਹਵਾਲਾ ਪੀ.ਐਚ.ਡੀ ਦਾ ਥੀਸਿਜ਼ ਪੰਨਾ 210 ਡਾ. ਰਤਨ ਸਿੰਘ ਜੱਗੀ ਡੀ.ਲਿਟ.।
ਬੜੇ ਚਿਰਾਂ ਤੋਂ ਮੈਂ ਇਹ ਸੋਚਦਾ ਸੀ ਕਿ ਹੋਰ ਪੁੱਛ-ਪੜਤਾਲ ਕੀਤੀ ਜਾਵੇ ਤੇ ਇਸ ਤੋਂ ਵੀ ਕੋਈ ਹੋਰ ਪੁਰਾਣੇ ਗ੍ਰੰਥ ਦਾ ਹਵਾਲਾ ਮਿਲ ਜਾਵੇ ਜਿਸ ਨਾਲ ਸਾਨੂੰ ਹੋਰ ਸੌਖ ਹੋ ਜਾਵੇ, ਇਹ ਕਹਿਣ ਵਿਚ, ਕਿ ਸਾਡੀ ਅਰਦਾਸ ਦੀ ਪਹਿਲੀ ਪਉੜੀ ਹੀ ਸਾਡੀ ਨਹੀਂ ਬਲਕਿ ਨਿਰਮਲਿਆਂ ਨੇ ਸਾਨੂੰ “ਗੁਰੂ ਗ੍ਰੰਥ ਸਾਹਿਬ ਜੀ” ਨਾਲੋਂ ਤੋੜਨ ਲਈ ਇਹ ਸਾਜਿਸ਼ ਫਲਾਣੇ ਗ੍ਰੰਥ ਦੇ ਅਧਾਰ ਤੇ ਰਚੀ ਸੀ । ਜੁਲਾਈ ਦੇ ਦੂਜੇ ਹਫਤੇ ਜਦੋਂ ਮੈਨੂੰ “ਸਿੱਖ ਬੁਲਿਟਨ” ਦੀ ਡਿਜੀਟਲ ਕਾਪੀ ਮਿਲੀ ਤਾਂ ਡਾ. ਕਰਮਿੰਦਰ ਸਿੰਘ ਜੀ ਦਾ ਅੰਗਰੇਜ਼ੀ ਵਿਚ ਲਿਖਿਆ ਲੇਖ ਪੜ੍ਹ ਕੇ ਮਨ ਗਦ-ਗਦ ਹੋ ਗਿਆ। ਉਨ੍ਹਾਂ ਨੇ ਰਮਾਇਣ ਤੁਸਲੀ ਦਾਸ ਅਤੇ ਰਮਾਇਣ ਬਾਲਮੀਕ ਦਾ ਹਵਾਲਾ ਦੇ ਕੇ ਇਹ ਸਾਬਤ ਕੀਤਾ ਹੈ ਕਿ ‘ਦਸਮ ਗ੍ਰੰਥ’ ਵਿਚਲੀ ਚੰਡੀ ਚਰਿਤ੍ਰ ਤੀਜਾ ਦੀ ਇਹ ਪਹਿਲੀ ਪਉੜੀ ਵੀ ਹੇਠਾਂ ਵਰਣਤ ਦੋਹਾਂ ਰਮਾਇਣਾਂ ਦੇ ਅਧਾਰ ਤੇ ਹੀ ਲਿਖੀ ਗਈ ਹੈ।
ਆਓ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਰਮਾਇਣਾਂ ਕੀ ਬੋਲਦੀਆਂ ਨੇ। ਰਮਾਇਣ ਤੁਲਸੀ ਦਾਸ ਵਿਚ ਇਉਂ ਲਿਖਿਆ ਮਿਲਦਾ ਹੈ;
ਪਾਰਬ੍ਰਹਮ ਸਿਮਰ ਕੈ ਸ੍ਰੀ ਵਿਸ਼ਨੂੰ ਲਈਂ ਧਿਆਇ ।

ਸ੍ਰੀ ਰਾਮ ਕਰਿਸ਼ਨ ਅਵਤਾਰ ਹਰੀ ਸੰਕਰ ਹੋਇ ਸਹਾਇ ।

ਮਾਤ ਭਗਵਤੀ ਸਿਮਰੀਐ ਨਵ ਨਿਧ ਆਵੈ ਕਰ ਧਾਇ ।

ਸ੍ਰੀ ਪਰਭੂ ਪਰਮਾਤਮਾ ਸਭ ਥਾਂਈ ਹੋਇ ਸਹਾਇ ।






ਬਾਲਮੀਕ ਜੀ ਦੀ ਰਮਾਇਣ ਵਿਚ ਵੀ ਇਸ ਤਰ੍ਹਾਂ ਦੇ ਅਰਦਾਸ ਦੇ ਪ੍ਰਸੰਗ ਮਿਲਦੇ ਹਨ।
 ਪਰਿਥਮ ਭਗਵਾਨ ਕੋ ਸਿਮਰੀਐ ਵਰਾਹ ਜੀ ਕਰੇ ਸਹਾਇ ।

ਯੱਗ ਪੁਰਸ਼ ਨਰ ਨਰਾਇਣ ਕੋ ਧਿਆਇ, ਜਿਸ ਡਿਠਿਆਂ ਸਭ ਦੁਖ ਜਾਇ ।
ਮੱਛ ਕੱਛ ਕੋ ਸਿਮਰੀਐ ਨਰ ਸੰਗ ਰੂਪ ਬਸਾਇ ।

ਸ੍ਰੀ ਬਾਵਨ ਹਰ ਕਾ ਨਾਮ ਲੇ ਘਰ ਆਵੈ ਨਵ ਨਿਧ ਧਾਇ ।
ਸ੍ਰੀ ਰਾਮਚੰਦਰ ਕੋ ਸਿਮਰੀਐ ਜੋ ਪਰਗਟ ਕਰੇ ਸਹਾਇ ।

ਦਸਮ ਅਵਤਾਰ ਸ੍ਰੀ ਕਰਿਸ਼ਨ ਚੰਦਰ ਭਗਵਾਨ ਤਿਰਲੋਕੀ ਆਤਮਾਇ ।
ਸਭ ਥਾਂਈ ਹੋਤ ਸਹਾਇ ।


‘ਦਸਮ ਗ੍ਰੰਥ’ ਪੰਨਾ 119॥ ੴ ਸ੍ਰੀ ਵਾਹਿ ਗੁਰੂ ਜੀ ਕੀ ਫਤਹ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10॥ ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ਅਰਜਨ ਹਰਿਗੋਬਿੰਦ ਨੂੰ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥ ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੇ ਧਾਇ॥ ਸਭ ਥਾਈਂ ਹੋਇ ਸਹਾਇ ॥1॥
ਸਭ ਤੋਂ ਪਹਿਲਾਂ ਆਪਾਂ ਲਿਖਣ ਤਰੀਕੇ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ‘ਦਸਮ ਗ੍ਰੰਥ’ ਦੇ ਲਿਖਾਰੀ ਨੇ ਇਨ੍ਹਾਂ ਰਮਾਇਣਾਂ ਨੂੰ ‘ਚੰਡੀ ਦੀ ਵਾਰ’ ਜਾਂ ‘ਵਾਰ ਭਗਉਤੀ ਜੀ ਕੀ’ ਜਾਂ ‘ਵਾਰ ਦੁਰਗਾ ਕੀ’, ਇਹ ਸਾਰੇ ਨਾਮ ਇਕੋ ਹੀ ਦੇਵੀ ਦੇ ਹਨ, ਲਿਖਣ ਲਈ ਵਰਤਿਆ ਹੈ। “ਮਾਤ ਭਗਵਤੀ” ਨੂੰ ਸਿਮਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ “ਨਰ ਨਾਰਾਇਣ” ਨੂੰ ਸਿਮਰਨ ਨਾਲ ਡਿਠਿਆਂ ਸਭ ਦੁਖ ਜਾਇ, ਦੁੱਖ ਚਲੇ ਜਾਂਦੇ ਹਨ, ਭਾਵ ਦੁੱਖ ਦੂਰ ਹੋ ਜਾਂਦੇ ਹਨ। ਇਹੋ ਕੁੱਝ ਹੀ ਤਾਂ ‘ਦਸਮ ਗ੍ਰੰਥ’ ਵਾਲੀ “ਵਾਰ ਸ੍ਰੀ ਦੁਰਗਾ ਜੀ ਕੀ” ਦੀ ਪਹਿਲੀ ਪਉੜੀ ਸਾਨੂੰ ਸਿਖਾਉਂਦੀ ਹੈ ਕਿ ਜੇ ਹਰਿਕ੍ਰਿਸ਼ਨ ਜੀ ਨੂੰ ਧਿਆਓਗੇ ਤਾਂ ਸਭ ਦੁਖ ਜਾਇ, ਦੁੱਖ ਚਲੇ ਜਾਣਗੇ ਅਤੇ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਸਿਮਰੋਗੇ ਤਾਂ ਤੁਹਾਨੂੰ ਨਉਨਿਧਿ, ਸਾਰੇ ਧਨ ਦੌਲਤ, ਪ੍ਰਾਪਤ ਹੋ ਜਾਣਗੇ। ਪਰ ਇਹ ਤਾਂ ਸਿੱਖੀ ਸਿਧਾਂਤਾਂ ਦੇ ਹੈ ਹੀ ਉਲਟ। ਸਿੱਖੀ ਦੇ ਸਿਧਾਂਤ ਜੋ “ਗੁਰੂ ਗ੍ਰੰਥ ਸਾਹਿਬ” ਵਿਚ ਦਰਜ ਹਨ ਉਹ ਤਾਂ ਸਾਨੂੰ “ਇਕ” ਦੇ ਲੜ ਲਾਉਂਦੇ ਹਨ। ਜਿਵੇ; ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ॥ ਪੰਨਾ 521॥ਮ:5॥, ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ਪੰਨਾ 679॥ ਮ:5॥ , ਏਕੰਕਾਰ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ॥20॥ ਪੰਨਾ 916॥ ਮ:5॥ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਮਾਣ “ਗੁਰੂ ਗ੍ਰੰਥ ਸਾਹਿਬ” ਵਿਚ ਦਰਜ ਹਨ। ਸਾਨੂੰ ਤਾਂ ਸਿਖਿਆ ਹੀ ਇਕ ਨਾਲ ਇੱਕ-ਮਿੱਕ ਹੋਣ ਦੀ ਦਿੱਤੀ ਗਈ ਹੈ। ਜਿਵੇਂ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ”॥1॥ ਰਹਾਉ॥ ਪੰਨਾ 350॥ ਮ:1॥ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਾਪਤੀ ਲਈ “ਇਕੁ” ਨੂੰ ਛੱਡ ਕੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਅਤੇ ਅਸੀਂ ਜੁੜਨਾ ਹੀ “ਏਕੋ” ਨਾਲ ਹੈ।
‘ਦਸਮ ਗ੍ਰੰਥ’ ਪੰਨਾ 119 ਤੋਂ 127 ਤਕ ਇਸ ਵਾਰ ਵਿਚ, ਤੈਂ ਹੀ ਦੁਰਗਾ ਸਾਜਿ ਕੈ, ਨ੍ਹਾਵਣ ਆਈ ਦੁਰਗਸ਼ਾਹ,  23 ਵਾਰੀਂ ‘ਦੁਰਗਾ’  6 ਵਾਰੀ ਦੁਰਗਸ਼ਾਹ, ਜਗਮਾਤ, ਕਾਲਕਾ ਅਤੇ ਦੇਵੀ ਲਫਜ਼ ਦੁਰਗਾ ਦੀ ਉਸਤੱਤ ਲਈ ਆਇਆ ਹੈ ਅਤੇ ਅਖੀਰਲੀ ਪਉੜੀ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੰਦੀ ਕਿ ਇਹ ਵਾਰ ਦੁਰਗਾ ਕੀ ਨਹੀਂ ਹੈ। “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ”॥55॥ ਜਿਹੜੇ ਵੀਰ ਭਗਉਤੀ ਦਾ ਅਰਥ ਕਿਰਪਾਨ, ਕ੍ਰਿਪਾਨ, ਜਾਂ ਸ਼ਕਤੀ ਜਾਂ ਪ੍ਰਮਾਤਮਾ ਕਰਦੇ ਹਨ ਉਨ੍ਹਾਂ ਵਾਸਤੇ “ਸ੍ਰੀ ਸ਼ੱਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ” ਜੋ ‘ਦਸਮ ਗ੍ਰੰਥ’ ਦੇ ਪੰਨਾ 717 ਤੋਂ ਸ਼ੁਰੂ ਹੁੰਦੀ ਹੈ ਅਤੇ ਇਸੇ ਪੰਨੇ ਦੇ ਹੇਠ ਭਗਉਤੀ ਦੇ ਮਤਲਬ ‘ਤਲਵਾਰ’ ਕੀਤੇ ਹਨ ਉਨ੍ਹਾਂ ਅਕਲ ਦੇ ਅੰਨਿਆਂ ਨੂੰ ਇਸੇ ਗ੍ਰੰਥ ਦਾ ਪੰਨਾ 718, ਮਤਲਬ ਸ਼ੱਸਤ੍ਰ ਨਾਮ ਮਾਲਾ ਦਾ ਦੂਜਾ ਪੰਨਾ, ਪੜ੍ਹਨਾ ਚਾਹੀਦਾ ਹੈ ਜਿਸਦਾ ਬੰਦ ਨੰਬਰ 21 ਸਾਫ ਕਰਦਾ ਹੈ ਕਿ ਭਗਉਤੀ ਦਾ ਮਤਲਬ ਤਲਵਾਰ ਜਾਂ ਕ੍ਰਿਪਾਨ ਨਹੀਂ ਸਗੋਂ ਕ੍ਰਿਪਾਨ ਵਾਸਤੇ ਕ੍ਰਿਪਾਨ ਹੀ ਆਇਆ ਹੈ। ਜਿਵੇਂ; ਤੁਮ ਬੈਰਣ ਪ੍ਰਥਮੈ ਹਨੋ ਬਹੁਰ ਬਜੈ ਕ੍ਰਿਪਾਨ॥21॥ ਤੁਮ ਭਗਉਤੀ ਵਾਸਤੇ ਅਤੇ ਭਗਉਤੀ ਦਾ ਮਤਲਬ ਦੇਵੀ ਹੀ ਹੈ। ਸਾਰੇ ‘ਦਸਮ ਗ੍ਰੰਥ’ ਵਿਚ ਭਗਉਤੀ ਦੀ ਹੀ ਉਸਤੱਤ ਕੀਤੀ ਗਈ ਹੈ। ਜੇ ਅਸਪਾਨ,ਅਸਕੇਤ,ਅਸਧੁਜਿ,ਖੜਗਕੇਤ, ਕਾਲ ਅਤੇ ਮਹਾਂਕਾਲ ਦੀ ਉਸਤੱਤ ਕੀਤੀ ਗਈ ਹੈ ਤਾਂ ਲਾਜ਼ਮੀ ਹੀ ਇਕ ਦੋ ਬੰਦਾਂ ਬਾਅਦ ਕਾਲ ਜਾਂ ਮਹਾਂਕਲ ਅਤੇ ਦੇਵੀ, ਦੋਹਾਂ ਇਕੱਠਿਆਂ ਦੀ ਉਸਤੱਤ ਕੀਤੀ ਗਈ ਹੈ, ਜੋ ਹਿੰਦੂ ਸਿਧਾਂਤ ਹੈ ਜਿਵੇਂ ਸੀਤਾ-ਰਾਮ, ਰਾਧੇ ਸ਼ਿਆਮ, ਵਿਸ਼ਨੂੰ ਤੇ ਲੱਛਮੀ, ਸ਼ਿਵ ਜੀ ਤੇ ਪਾਰਬਤੀ ਆਦਿ, ਜੋ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਨਾਲ ਟਕਰਾਉਂਦਾ ਹੈ।
ਪਰ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਸਲੋਕ ਦਰਜ ਹਨ ਜੋ ਅਰਦਾਸ ਲਈ ਵਰਤੇ ਜਾ ਸਕਦੇ ਹਨ। ਜਿਵੇ;
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ {ਪੰਨਾ 383}
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥ ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥ {ਪੰਨਾ 103}
ਅਰਦਾਸ ਸਮੇਂ ਸਮੇਂ ਸਿਰ ਬਦਲਦੀ ਰਹੀ ਹੈ। 1947 ਤੋਂ ਬਾਅਦ ਅਰਦਾਸ ਵਿਚ ਸ਼ਾਮਲ ਕੀਤਾ ਗਿਆ; ਜਿਨ੍ਹਾਂ ਗੁਰਦਿਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਇਸੇ ਹੀ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਵੰਡ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਦਮ-ਦਮਾ, ਗੁਰੂ ਕੀ ਕਾਸ਼ੀ ਨੂੰ ਪੰਜਵਾਂ ਤਖਤ ਬਣਾ ਦਿੱਤਾ ਨਹੀਂ ਤਾਂ ਪਹਿਲੇ ਪੁਰਾਣੇ ਗੁਟਕਿਆਂ, ਜੋ 1964 ਤੋਂ ਪਹਿਲਾਂ ਛਪੇ ਹਨ, ਵਿਚ ‘ਚੌਹਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ’ ਲਿਖਿਆ ਹੀ ਮਿਲਦਾ ਹੈ।
ਸਿੱਖ ਸੰਗਤ ਜੀ ਜਾਗੋ! ਹੰਭਲਾ ਮਾਰੋ ਆਪਣੇ ਗੁਰਦਵਾਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲਓ, ਠੱਗਾਂ ਨੂੰ ਲਾਂਭੇ ਕਰੋ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾਓ। ਇਹੀ ਬੇਨਤੀ ਪ੍ਰੀਵਾਨ ਕਰਨਾ ਜੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ + 1 647 966 3132

ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ ? - ਗੁਰਚਰਨ ਸਿੰਘ ਜਿਉਣ ਵਾਲਾ

ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਆਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਪ੍ਰਦੂਸ਼ਤ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ’ ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ।
        ਜਸਵੰਤ ਜਫਰ ਜੀ ਲਿਖਦੇ ਹਨ, “ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸ਼ਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ।
      ਅਸਲੀ ਨਾਨਕ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਸਾਡੇ ਘਰ ਢੁਆ ਸਕਦਾ ਹੈ ਤੇ ਨਾਲੇ ਪੁੱਤ ਮਰਵਾ ਸਕਦਾ ਹੈ” । ਕਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਲਿਖੀ ਗਈ ਭਾਈ ਬਾਲੇ ਵਾਲੀ ਸਾਖੀ, ਜਿਸ ਨੂੰ ਪ੍ਰੋ. ਐਸ.ਐਸ. ਪਦਮ ਜੀ ‘ਬਾਲਾ ਬਲੱਫ’ ਦਾ ਨਾਮ ਦਿੰਦੇ ਹਨ, ਵਿਚ ਫਸੇ ਹੋਏ ਹੀ ਅਸੀਂ ਧੰਦਾ ਪਿਟ ਰਹੇ ਹਾਂ। ਗੁਰੂ ਨਾਨਕ ਵਾਕ : “ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜ ਕਮਾਵਹੁ”॥ ‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਉਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ‘ਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਤੇ ਹਮਸਫਰੀ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਹੈ ਗੋਰਖ ਦਾਸ ਤੇ ਸਲਾਹਕਾਰ ਹੈ ਲਾਲਾ ਪੰਨੂੰ ਜਿਨ੍ਹਾਂ ਨੇ ਰੜੇ ਲਹੌਰ ਵਿਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਓਸ ਵੇਲੇ ਕਰੋੜਾਂ ਰੁਪੈ ਦੀ ਲਾਗਤ ਨਾਲ ਸਾਰੇ ਮਹੱਤਵ ਪੂਰਨ ਸਿੱਖ ਧਰਮ ਅਸਥਾਨਾਂ ’ਤੇ 28-28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ “ਜਨਮ ਸਾਖੀ ਭਾਈ ਬਾਲਾ” ਭੇਜੀ ਗਈ ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ, ਉਪਲੱਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ।
       ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ : ਸਮੰਤੁ॥ 1715 ॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥ ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨੇ 151 ਤੇ 463 । ਅਤੇ, ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਕਰ ਸਕਦਾ ਹੈ। ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਕਿਉਂਕਿ ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ, ਤਾਂ ਕਈ ਮੂੜ੍ਹ ਮੱਤੀਏ ਗਲ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ : ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ। ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ, ਚੌਬੀਸ ਅਵਤਾਰ ਅਤੇ ਦਸ ਅਵਤਾਰ, “ ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤ॥ ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋਲੀ ਬਦਲਣ ਦੀ ਲੋੜ ਹੈ। ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ : 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕੇ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1930 ਵਿਚ ਛਪੀ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ।
       ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ  3 ਦਰਜ ਹੈ ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਾਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਬੰਸਜ ਸਰੂਪ ਦਾਸ ਭੱਲਾ ਨੇ 1776 ਈ: ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕਾਲਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ। ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ॥ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ ਗਇਆ॥……….॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ਇਕ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਨੂੰ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ (ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28- 28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ।
       ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ, ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ, ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ। “ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ।
ਜਿਸ ਵਿਚ ਸਪੱਸ਼ਟ ਲਿਖਿਆ ਹੈ: ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3ਦਾ ਦੱਸਿਆ ਹੈ: ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ (ਵੈਸਾਖ) ਪ੍ਰਗਟੇ ਈਸ॥ ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
      ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜ ਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ: “ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ। ਲਈ ਮਹੰਤੀ ਸਿਖ ਬਣਾਏ। ਤੁਰਕਨ ਕੀ ਗਨਕਾ ਇਕ ਗਾਇ। ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ। ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ। ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ। ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ। ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ। ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”। ਜੋ ਕੂੜ ਰਾਜ ਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ।

       ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
ਸੰਪਰਕ +1 647 966 1332

ਸਿੱਖਾਂ ਦੇ ਰਾਸ਼ਟਰੀ ਗੀਤ ਦੀ ਅਸਲੀਅਤ  - ਗੁਰਚਰਨ ਸਿੰਘ ਜਿਉਣ ਵਾਲਾ

ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਜਾਂ ਆਹ ਨਿੱਕੜ-ਸੁੱਕੜ ਜੱਥੇਦਾਰਾਂ ਦੀ ਤਾਂ ਗੱਲ ਛੱਡੋ ਸਾਡੇ ਵੱਡੇ ਵੱਡੇ ਪ੍ਰੋਫੈਸਰਾਂ ਨੇ ਵੀ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰੀ ਜਾ ਰਹੇ ਹਾਂ। 1967 ਵਿਚ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਲਈ ਦਾਖਲ ਹੋਇਆ ਤਾਂ ਸਿਰਦਾਰ ਬਿਸ਼ਨ ਸਿੰਘ ਸਮੁੰਦਰੀ ਪ੍ਰਿੰਸੀਪਲ ਸਨ। ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, “ਦੇਹਿ ਸ਼ਿਵਾ ਬਰ ਮੋਹਿ ਇਹੈ” ਹਰ ਕਮਰੇ ਵਿਚ ਸਪੀਕਰ ਰਾਹੀਂ ਸੁਣਨ ਲਈ ਸਾਰੇ ਵਿਦਿਆਰਥੀ ਸਾਵਧਾਨ ਖੜੇ ਹੋ ਜਾਂਦੇ। ਮੈਂ ਵੀ ਇਹੀ ਸੋਚਦਾ ਸੀ ਕਿ ਇਹ ਕੋਈ ‘ਸ਼ਬਦ’ ਹੋਵੇਗਾ। ਨਾ ਸਾਨੂੰ ਕਿਸੇ ਸਮਝਾਇਆ ਤੇ ਨਾ ਹੀ ਅਸੀਂ ਕਿਸੇ ਨੂੰ ਪੁੱਛਿਆ। ਫਿਰ ਰੇਡੀਓ ਦਾ ਜ਼ਮਾਨਾ ਆਇਆ, 1971 ਦੀ ਜੰਗ ਹੋਈ, ਕੁੱਝ ਫਿਲਮਾਂ ਵੀ ਬਣੀਆਂ, ਫੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, “ਦੇਹਿ ਸ਼ਿਵਾ ਬਰ ਮੋਹਿ ਇਹੈ” ਗੀਤ ਹਮੇਸ਼ਾਂ ਸੁਣਿਆ। ਨਾ ਵਿਚਾਰੇ ਫੌਜੀ ਕਮਾਂਡਰਾਂ ਨੂੰ ਪਤਾ ਤੇ ਨਾ ਹੀ ਸਿਪਾਹੀਆਂ ਨੂੰ ਕਿ ਉਹ ਕੀ ਗਾ ਰਹੇ ਹਨ। ਫੌਜੀਆਂ ਨੂੰ ਤਾਂ ਸਿਖਾਇਆ ਵੀ ਇਹੋ ਹੀ ਜਾਂਦਾ ਹੈ ਕਿ , “ ਨ ਡਰੋਂ ਅਰਿ ਸੋਂ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥ ਅਰੁ ਸਿੱਖ ਹੋਂ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ ਹਰ ਦੇਸ਼ ਦੇ ਫੌਜੀ ਨੂੰ ਜੰਗ ਜਿੱਤਣ ਅਤੇ ਮਰਨ ਤੋਂ ਸਿਵਾ ਹੋਰ ਕੁੱਝ ਨਹੀਂ ਸਿਖਾਇਆ ਜਾਂਦਾ ਹੈ ਅਤੇ ਪੰਜਾਬ ਪੁਲੀਸ ਦਾ ਮੋਟੋ ਵੀ, “ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ” ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਕੀ ਕਰਦੇ ਹਨ। ਕੈਨੇਡਾ ਵਿਚ ਆਪਣੇ ਆਪ ਸਿੱਖਾਂ ਦੀਆਂ ਮੋਢੀ ਸੰਸਥਾਵਾਂ ਅਖਵਾਉਣ ਵਾਲਿਆਂ ਵਿਚੋਂ; ਜਿਵੇਂ ਡਬਲਯੂ.ਐਸ.ਓ ਹੈ ਵੀ, “ਦੇਹਿ ਸ਼ਿਵਾ ਬਰ ਮੋਹਿ ਇਹੈ” ਨੂੰ ਸਿੱਖਾਂ ਦਾ ਰਾਸ਼ਟਰੀ ਗੀਤ ਹੀ ਮੰਨਦੀਆਂ ਹਨ। ਇਹੋ ਹੀ ਕਾਰਣ ਹੈ ਕਿ ਉਹ ‘ਲਕੀਰ ਦੇ ਫਕੀਰ’ ਬਣੇ ਓਹੀ ਕੁੱਝ ਕਰ ਰਹੇ ਹਨ ਜੋ ਕਿਸੇ ਨੇ ਦੱਸਿਆ ਸੀ। ਸਾਡਾ ਸੋਚਣ ਦਾ ਖਾਨਾ ਬੰਦ ਹੋ ਚੁੱਕਿਆ ਹੈ ਤੇ ਅਸੀਂ ਖੋਲ੍ਹਣਾ ਵੀ ਨਹੀਂ ਚਾਹੁੰਦੇ। ਇਸੇ ਕਰਕੇ ਅਸੀਂ ਪੜ੍ਹਾਈ-ਲਿਖਾਈ ਵਿਚ ਪਿੱਛੇ ਰਹਿ ਚੁੱਕੇ ਹਾਂ।
“ਦੇਹਿ ਸ਼ਿਵਾ ਬਰ ਮੋਹਿ ਇਹੈ” ਵਾਲਾ ਸਲੋਕ ਦਸਮ ਗ੍ਰੰਥ ਦੇ ਪੰਨਾ 99 ਤੇ ਮਾਰਕੰਡੇ ਪੁਰਾਣ ਤੇ ਅਧਾਰਤ ਲਿਖੀ “ ਅਥਿਚੰਡੀਚਰਿਤ੍ਰ ਉਕਤਿਬਿਲਾਸ” ਦਾ 231ਵਾਂ ਸਲੋਕ ਹੈ। ਇਸ ਤੋਂ ਅਗਲੇ ਸਲੋਕ ਵਿਚ ਕਵੀ ਆਪ ਹੀ ਲਿਖ ਰਿਹਾ ਹੈ, “ ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ॥ ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ॥ ॥232॥ ਦੋਹਰਾ॥ ਗ੍ਰੰਥ ਸਤਿਸਯ ਕੋ ਕਰਿਓ ਜਾ ਸਮ ਅਵਰਿ ਨ ਕੋਇ॥ ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ॥233॥ ਚੰਡੀ ਅਤੇ ਚੰਡਕਾ ਇਕੋ ਹੀ ਦੇਵੀ ਦੇ ਨਾਮ ਹਨ। ਸਨਾਤਨ ਧਰਮ ਦੇ ਗ੍ਰੰਥਾਂ ਮੁਤਾਬਕ ਦੁਰਗਾ ਦੇਵੀ ਦੇ 14 ਕੁ ਖਾਸ ਨਾਮ ਹਨ ਪਰ ਜੇਕਰ ਸਾਰੇ ਸਧਾਰਣ ਅਤੇ ਖਾਸ ਨਾਵਾਂ ਨੂੰ ਜੋੜ ਲਿਆ ਜਾਵੇ ਤਾਂ ਇਹ 141 ਦੇ ਕਰੀਬ ਬਣਦੇ ਹਨ। ਜਿਹੜੀ ਗੀਤਾ ਸਭ ਤੋਂ ਪਹਿਲਾਂ ਲਿਖੀ ਗਈ ਉਸ ਦੇ ਸਿਰਫ 700 ਸਲੋਕ ਹੀ ਸਨ ਬਾਅਦ ਵਿਚ ਹਜ਼ਾਰਾਂ ਹੋਰ ਸਲੋਕ ਨਾਲ ਜੋੜ ਦਿੱਤੇ ਗਏ। ਜਿਵੇਂ; ਪਿਆਰਾ ਸਿੰਘ ਪਦਮ ਦੀ ਐਡਿਟ ਕੀਤੀ ‘ਹੀਰ ਵਾਰਿਸ ਸ਼ਾਹ” ਦੇ ਪੰਨਾ 11 ਤੇ ਲਿਖਿਆ ਹੈ ਕਿ 1860 ਤਕ ‘ਹੀਰ ਵਾਰਿਸ ਸ਼ਾਹ’ ਦੀਆਂ 4000 ਤੋਂ ਕੁੱਝ ਵਧੇਰੇ ਤੁਕਾਂ ਸਨ ਜੋ 1887 ਵਿਚ ਵੱਧ ਕੇ 8000 ਹੋ ਗਈਆਂ। ਕਿਸੇ ਵੀ ਗੁਰਬਾਣੀ ਰਚੇਤਾ ਨੇ ਕੁੱਝ ਵੀ ਕੌਤਕ (ਕਉਤਕ) ਹੇਤ ਕੁੱਝ ਨਹੀਂ ਲਿਖਿਆ। ਕਉਤਕ ਲਫਜ਼ ਹੀ ਸਾਨੂੰ ਇਹ ਸਮਝਾ ਦਿੰਦਾ ਹੈ ਕਿ ਇਹ ਲਿਖਤ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ।
ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ {ਗੁ.ਗ੍ਰੰਥ ਪੰਨਾ 873}। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ ਇਕ ਵਾਰ ਸ਼ਬਦ “ਸਿਵਾ” ਪੜ੍ਹਨ ਨੂੰ ਮਿਲਦਾ ਹੈ ਅਤੇ ਇਸ ਦਾ ਮਤਲਬ ਮਹਾਨ ਕੋਸ਼ ਦੇ ਪੰਨਾ 201 “ਸ਼ਿਵ ਦੀ ਇਸਤ੍ਰੀ ਦੁਰਗਾ/ਪਾਰਵਤੀ” ਅਤੇ ਇਸੇ ਸਲੋਕ ਦੀ ਵਿਆਖਿਆ ਕਰਦੇ ਪ੍ਰੋ. ਸਾਹਿਬ ਸਿੰਘ ਜੀ ਵੀ ਸ਼ਿਵ ਦੀ ਪਤਨੀ ਦੁਰਗਾ/ਪਾਰਵਤੀ ਹੀ ਕਰਦੇ ਹਨ ਅਤੇ ਜਦੋਂ ਅਸੀਂ ਇਸ ਸਲੋਕ ਦੇ ਅਰਥਾਂ ਵੱਲ ਧਿਆਨ ਧਰਦੇ ਹਾਂ ਤਾਂ; “ਸਿਵਜੀ ਨੇ ਜਿਹੜੀਆਂ ਕਹਾਣੀਆਂ ਆਪਣੀ ਪਤਨੀ ਦੁਰਗਾ/ਪਾਰਵਤੀ ਨੂੰ ਸੁਣਾਈਆਂ ਹਨ ਉਹ ਪ੍ਰਮਾਤਮਾ ਨਾਲ ਭੇਦ ਪਾਉਣ ਵਾਲੀਆਂ ਹਨ। ਹੇ ਮੇਰੇ ਮਨਾ! ਤੂੰ ਉਨ੍ਹਾਂ ਦਾ ਖਹਿੜਾ ਛੱਡ” ਫਿਰ ‘ਸਿਵਾ’ ਦੇ ਮਤਲਬ ਸ਼ਿਵ ਦੀ ਪਤਨੀ ਦੁਰਗਾ ਹੀ ਬਣਦੇ ਹਨ। ਬੋਲੀ ਦੇ ਇਕ ਹੋਰ ਨੁਕਤੇ ਮੁਤਾਬਕ; ਜਿਵੇਂ ਬਿਮਲ ਤੋਂ ਬਿਮਲਾ, ਕਮਲ ਤੋਂ ਕਮਲਾ, ਨਿਰਮਲ ਤੋਂ ਨਿਰਮਲਾ ਆਦਿ ਅੱਖਰ ਬਣਦੇ ਹਨ ਇਸੇ ਹੀ ਤਰ੍ਹਾਂ ਸਿਵ ਤੋਂ ਸਿਵਾ ਬਣਿਆ ਹੈ। ਬਿਮਲ, ਕਮਲ, ਨਿਰਮਲ, ਸਿਵ ਇਹ ਸਾਰੇ ਲਫਜ਼ ਪੁਰਸ਼ ਵਾਚਿਕ ਹਨ ਅਤੇ ਬਿਮਲਾ, ਕਮਲਾ, ਨਿਰਮਲਾ ਅਤੇ ਸਿਵਾ ਇਸਤ੍ਰੀ ਵਾਚਿਕ ਹਨ।
ਬਹੁਤ ਸਾਰੇ ਗੁਰਦਵਾਰਿਆਂ ਦੇ ਗ੍ਰੰਥੀ ਅਤੇ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਉਹ ਜਾਣਕਾਰੀ ਦੇ ਹੁੰਦਿਆਂ-ਸੁੰਦਿਆਂ ਵੀ ਪ੍ਰਬੰਧਕੀ ਕਮੇਟੀ ਦੇ ਡਰੋਂ ਅਨਭੋਲ ਬਣੇ ਰਹਿਣਾ ਹੀ ਪਸੰਦ ਕਰਦੇ ਹਨ। ਉਹ ਇਹ ਕਹਿੰਦੇ; ‘ਸਾਨੂੰ ਕੀ ਜੀ ਕਮੇਟੀ ਜੋ ਚਾਹੁੰਦੀ ਹੈ ਜੀ ਅਸੀਂ ਕਰੀ ਜਾਂਦੇ ਹਾਂ’ ਮੈਂ ਕਈ ਵਾਰ ਆਪ ਸੁਣ ਚੁੱਕਿਆਂ ਹਾਂ। ਅਸਲ ਵਿਚ ਸਾਨੂੰ ਇਹ ਵੀ ਪਤਾ ਨਹੀਂ ਕਿ ਗੁਰਦਵਾਰੇ ਅਸੀਂ ਕੀ ਲੈਣ ਜਾਣਾ ਹੈ? ਅਸੀਂ ਤਾਂ ਗੁਰਦਵਾਰੇ ਦਾ ਮਤਲਬ ਇਹੀ ਕੱਢਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ-ਚਾਰ ਡਾਲਰ ਮੱਥਾ ਟੇਕ ਕੇ ਮਾੜੀ-ਮੋਟੀ ਅਰਦਾਸ ਕਰਕੇ ਆਪਣੀ ਮੰਨਤ ਮਨੌਣੀ ਹੈ ਅਤੇ ਬਾਹਰ ਨਿਲਕਣ ਤੋਂ ਪਹਿਲਾਂ ਲੰਗਰ ਵਿਚ ਗੇੜਾ ਮਾਰਨਾ ਵੀ ਨਹੀਂ ਭੁੱਲਣਾ। ਕਾਸ਼! ਕਿਤੇ ਸਾਨੂੰ ‘ਗੁਰਦਵਾਰੇ’ ਦੇ ਅਸਲੀ ਮਤਲਬ ਦਾ ਪਤਾ ਲੱਗ ਜਾਂਦਾ।
ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ {ਪੰਨਾ 730}
ਜੇ ਮੱਤ ਮਲੀਣ ਜਾਂ ਭੈੜੀ ਹੋਵੇ ਤਾਂ ਉਹ ਨਹਾਉਣ-ਧੋਣ ਨਾਲ ਚੰਗੀ ਨਹੀਂ ਬਣ ਜਾਂਦੀ ਸਗੋਂ ਸੋਝੀ ਪਾਉਣ ਨਾਲ ਵਧੀਆ ਬਣਨੀ ਹੈ। ਸੋਝੀ ਸਾਨੂੰ ਗੁਰਦਵਾਰਿਓ ਮਿਲਣੀ ਸੀ। ਕਰੋੜਾਂ ਰੁਪਿਆ ਗੁਰਦਵਾਰਿਆਂ ਦੀ ਉਸਾਰੀ ਤੇ ਲਾ ਕੇ ਗ੍ਰੰਥੀ ਅਸੀਂ ਭਾਲਦੇ ਹਾਂ 1500 ਵਾਲਾ। ਸਕੂਲ ਦੀ ਇਮਾਰਤ ਵਧੀਆ ਬਨਾਉਣ ਨਾਲ ਸਕੂਲ ਵਧੀਆ ਨਹੀਂ ਬਣਦਾ? ਜੇਕਰ ਮਾਸਟਰ ਹੀ ਮਾੜਾ ਹੈ ਤਾਂ ਪੜ੍ਹਾਈ ਵੀ ਮਾੜੀ ਹੀ ਹੋਵੇਗੀ। ਮਾਸਟਰ ਦੇ ਚੰਗੇ ਹੋਣ ਨਾਲ ਹੀ ਪੜ੍ਹਾਈ ਚੰਗੀ ਹੋਣੀ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ। ਇਹ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ; ਪੁਰਾਣੇ ਜ਼ਮਾਨਿਆਂ ਵਿਚ ਗੁਰਦਵਾਰੇ ਕੱਚੇ ਪਰ ਸਿੱਖੀ ਪੱਕੀ ਹੁੰਦੀ ਸੀ ਅਤੇ ਅੱਜ-ਕੱਲ੍ਹ ਗੁਰਦਵਾਰੇ ਪੱਕੇ ਅਤੇ ਸਿੱਖੀ ਕੱਚੀ ਹੈ।
ਜੇਕਰ ਅਸੀਂ ਰਾਸ਼ਟਵਾਦ ਦੇ ਸੰਗੀਤ ਹੀ ਗਾਉਣੇ ਹਨ ਤਾਂ ਸਾਡੇ ਕੋਲ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਬਹੁਤ ਸਾਰੇ ਐਸੇ ਸਲੋਕ ਹਨ। ਜਿਵੇਂ ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ {ਪੰਨਾ 1102} ਸਲੋਕ ਕਬੀਰ ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ {ਪੰਨਾ 1105}
ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਪੰਨਾ 1096}
ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ {ਪੰਨਾ 1096}
ਸਿੱਖ ਸਿਧਾਂਤ ਵਿਚ ਵਿਸ਼ਵਾਸ਼ ਕਰਨ ਵਾਲੇ ਸੱਜਣੋ! ਆਓ ਰਲ-ਮਿਲ ਕੇ ਪਹਿਚਾਣੀਏ ਕਿ ਜੋ ਅਸੀਂ ਕਰੀ ਜਾ ਰਹੇ ਹਾਂ ਕੀ ਓਹ ਗੁਰੂ ਦੀ ਸਿੱਖਿਆ ਮੁਤਾਬਕ ਹੈ ਜਾਂ ਨਹੀਂ। ਬਸ ਇਹੀ ਪਹਿਚਾਨਣ ਦੀ ਲੋੜ ਹੈ ਕਿ ਗੁਰੂ ਜੀ ਕੀ ਕਰਨ ਲਈ ਕਹਿੰਦੇ ਹਨ ਤੇ ਅਸੀਂ ਕੀ ਕਰੀ ਜਾ ਰਹੇ ਹਾਂ। ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥ ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥ {ਪੰਨਾ 933}
ਜੋ ਗੁਰੂ ਜੀ ਕਹਿ ਰਹੇ ਹਨ ਤੇ ਉਨ੍ਹਾਂ ਆਪ ਕਰਕੇ ਦਿਖਾਇਆ ਹੈ ਸਾਨੂੰ ਓਹੀ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਗੁਰੂ ਦੀ ਮੱਤ ਲੈ ਕੇ ਸੱਚ ਵਿਚ ਸਮਾ ਜਾਣਾ ਚਾਹੀਦਾ ਹੈ। ਗੁਰੂ ਪਿਆਰਿਓ! ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੀ ਕਰਨਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132

ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਪ੍ਰਾਪਤੀਆਂ/ਬਾਬੇ ਦੇ ਸਿਧਾਂਤ ਦਾ ਖੰਡਨ - ਗੁਰਚਰਨ ਸਿੰਘ ਜਿਉਣ ਵਾਲਾ

ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬ ਇਤਿਹਾਸ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਆਪਣੀ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਵਿਚ ਜੋ ਕੜੀ ਘੋਲੀ ਹੈ ਉਸ ਵਿਚੋਂ ਵੰਨਗੀ ਮਾਤਰ ਕੁੱਝ ਅੰਸ਼ ਸਾਰੀ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਸੰਪਾਦਕ ਆਪਣੀ ਕਿਤਾਬ ਵਿਚਲੀਆਂ ਸਾਰੀਆਂ ਲਿਖਤਾਂ ਦੇ ਠੀਕ ਨਾ ਠੀਕ ਹੋਣ ਦਾ ਜ਼ੁਮੇਵਾਰ ਹੁੰਦਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਅੱਜ ਦੇ ਸਾਰਕਾਰੀ ਮਹੌਲ ਵਿਚ ਇਹੀ ਵਾਪਰਦਾ ਹੈ ਕਿ “ ਤੂੰ ਮੈਨੂੰ ਮੁੱਲਾ ਕਹੋ ਮੈਂ ਤੈਨੂੰ ਕਾਜ਼ੀ ਕਹਾਂ”। ਇਸ ਕਿਤਾਬ ਅੰਦਰਲੀਆਂ ਲਿਖਤਾਂ ਵਿਚੋਂ ਵੀ ਇਹੀ ਸਾਬਤ ਹੁੰਦਾ ਹੈ।
ਸਿਰਦਾਰ ਦਲਜੀਤ ਸਿੰਘ ਵਾਲੀਆ ਜੀ 16 ਜੂਨ 2019 ਨੂੰ ਗੁਰੂ ਨਾਨਕ ਪ੍ਰਕਾਸ਼ ਉਤਸਵ ਬਾਰੇ ਬੁਲਾਈ ਗਈ ਕਾਂਨਫ੍ਰੰਸ ਵਿਚ ਹਿਸਾ ਲੈਣ ਲਈ ਬਰੈਂਪਟਨ, ਕੈਨੇਡਾ, ਆਏ ਤੇ ਜੋ ਪੇਪਰ ਉਨ੍ਹਾਂ ਪੜ੍ਹਿਆ ਉਹ ਮੁੱਖ ਤੌਰ ਤੇ ਇਸ ਕਿਤਾਬ ਦੇ ਮੁੱਖ ਬੰਦ ਦਾ ਹਿਸਾ ਹੀ ਸੀ। ਜਿਵੇਂ ਦਸਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਾਠ ਸੁਣਾ ਰਿਹਾ ਹੁੰਦਾ ਹੈ ਇਵੇਂ ਉਹ 15-20 ਮਿੰਟ ਵਿਚ ਆਪਣਾ ਪਰਚਾ ਪੜ੍ਹ ਕੇ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਜਾ ਬਿਰਾਜੇ। ਮੇਰੇ ਵਲੋਂ ਪਾਏ ਗਏ ਸਵਾਲ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ। ਸਵਾਲ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ ਕਿਹੜੀ ਤਾਰੀਕ ਠੀਕ ਹੈ? ਬਾਅਦ ਵਿਚ ਪੁੱਛਣ ਦੇ ਜਵਾਬ ਦਿੱਤਾ ਕਿ ਇਹ ਵਿਵਾਦੀ ਵਿਸ਼ਾ ਹੈ। ਮੇਰਾ ਜਵਾਬ ਸੀ ਕਿ ਤੁਸੀਂ ਪੰਜਾਬ ਇਤਿਹਾਸ ਅਧਿਅਨ ਵਿਭਾਗ ਨੂੰ ਵਲਗਣਾ ਮਾਰ ਕੇ ਬੈਠੇ ਹੋ ਤੇ ਇਸਦਾ ਹੱਲ ਕੋਈ ਹੋਰ ਲੱਭੇਗਾ? ਹੁਣ ਇਸ ਚਿੱਠੀ ਰਾਹੀਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਇਸ ਕਿਤਾਬ ਦੀਆਂ ਸਿਰਫ 150 ਕਾਪੀਆਂ ਹੀ ਛਾਪੀਆਂ ਗਈਆਂ ਹਨ ਇਸਦਾ ਭੇਦ ਕੀ ਹੈ? ਜੇਕਰ ਇਹ ਕਿਤਾਬ ਵਾਕਿਆ ਹੀ ਪਾਏਦਾਰ ਹੈ ਤਾਂ ਇਹ ਆਮ ਜਨਤਾ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਪਰ 150 ਕਿਤਾਬਾਂ ਤਾਂ ਪੰਜ ਦਸ ਥਾਂਵਾਂ ਤੇ ਰਲੀਜ਼ ਕਰਨ ਨਾਲ ਹੀ ਮੁੱਕ ਜਾਣੀਆਂ ਹਨ ਤੇ ਇਹ ਕਿਤਾਬ ਫਿਰ ਉਨ੍ਹਾਂ ਦੇ ਹੱਥਾਂ ਤਕ ਹੀ ਸੀਮਤ ਹੋ ਜਵੇਗੀ ਜੋ ਇਨ੍ਹਾਂ ਨੂੰ ਮੁੱਲਾ ਕਹਿਣਗੇ ਤੇ ਇਹ ਉਨ੍ਹਾਂ ਨੂੰ ਕਾਜ਼ੀ।
ਭੂਮਿਕਾ ਦੇ ਦੂਜੇ ਪਹਿਰੇ ਦੀ ਦੂਜੀ ਸਤਰ; “ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਅਤੇ ਨਾਮ ਸਿਮਰਨ ਤੇ ਸ਼ਬਦ ਦੀ ਸ਼ਕਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ 1498 ਤੋਂ 1509 ਈ. ਤਕ ਚਾਰੋਂ ਦਿਸ਼ਾਵਾਂ ਵਿਚ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ”। ਮਤਲਬ ਗੁਰੂ ਨਾਨਕ ਪਿਤਾ ਜੀ ਨੇ ਸਿਰਫ 11 ਸਾਲ ਯਾਤਰਾਵਾਂ ਕੀਤੀਆਂ। ਪਰ ਇਸੇ ਕਿਤਾਬ ਦਾ ਪੰਨਾ 196 ਇਨ੍ਹਾਂ ਦੀ ਉਪਰਲੀ ਮਨੌਤ ਨੂੰ ਕੱਟਦਾ ਹੈ। ਭਾਰਤਬੀਰ ਕੌਰ ਸੰਧੂ , ਅਸਿਸਟੈਂਟ ਪ੍ਰੋ., ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਆਪਣੇ ਲੇਖ ਵਿਚ ਲਿਖਦੇ ਹਨ; “ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1520-21 ਈਸਵੀ ਤਕ ਦੇਸ਼ ਵਿਦੇਸ਼ ਦੇ ਕਈਆਂ ਹਿਸਿਆਂ ਵਿਚ ਯਾਤਰਾਵਾਂ/ਉਦਾਸੀਆਂ ਕੀਤੀਆਂ ਸਨ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਅਸਿਸਟੈਂਟ ਪ੍ਰੋਫੈਸਰਾਂ ਵਿਚੋਂ ਕਿਹੜਾ ਠੀਕ ਤੇ ਕਿਹੜਾ ਗਲਤ ਹੈ? ਠੀਕ ਜਿਹੜਾ ਵੀ ਹੋਵੇ ਓਹ ਗੱਲ ਨਹੀਂ ਸਵਾਲ ਇਹ ਹੈ ਕਿ ਸੰਪਾਦਕ ਨੇ ਦੂਸਰਿਆਂ ਲਿਖਾਰੀਆਂ ਦੇ ਸਾਰੇ ਲੇਖ ਪੜ੍ਹ ਕੇ ਚੰਗੀ ਤਰ੍ਹਾਂ ਘੋਖ ਕੇ ਆਪਣੀ ਕਿਤਾਬ ਵਿਚ ਛਾਪੇ ਹਨ ਜਾਂ ਫਿਰ ਅੱਖਾਂ ਮੀਚ ਕੇ? ਮੈਨੂੰ ਤਾਂ ਮੇਰੀ ਆਪਣੀ ਦਲੀਲ “ਅੱਖਾਂ ਮੀਚ ਕੇ” ਵਾਲੀ ਠੀਕ ਲੱਗਦੀ ਹੈ। ਇਸੇ ਪਹਿਰੇ ਦੀ ਪਹਿਲੀ ਪੰਗਤੀ ਵੱਲ ਨਜ਼ਰ ਮਾਰੋ। “ਸ਼ਬਦ ਦੀ ਸ਼ਕਤੀ” ਪ੍ਰੋਫੈਸਰ ਵਾਲੀਆ ਜੀ ਤੁਸੀਂ ਕਿਸੇ ਨੂੰ ਸਿੱਖੀ ਬਾਰੇ ਕੀ ਦੱਸੋਓਗੇ ਤੁਹਾਡੀ ਤਾਂ ਸੋਚ ਹੀ ਪੰਡਿਤ ਵਾਲੀ ਹੈ। ਸ਼ਬਦ/ਮੰਤਰ ਵਿਚ ਸ਼ਕਤੀ ਤਾਂ ਪੰਡਿਤ ਜੀ ਦੀ ਬੋਲੀ ਹੈ। ਇਹ ਤਾਂ ਓਹ ਕਹਿੰਦਾ ਹੈ ਕਿ ਮੰਤਰ ਮੇਰੇ ਕੋਲ ਹੈ ਇਸਦਾ ਰਟਨ ਕਰਨ ਨਾਲ ਦੇਵੀ, ਦੇਵਤੇ, ਬੀਰ ਵਗੈਰਾ ਸੱਭ ਵੱਸ ਹੋ ਜਾਂਦੇ ਹਨ। ਕੀ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਹਨ; ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਬਦ ਵਿਚ ਸ਼ਕਤੀ ਨਹੀਂ ਹੁੰਦੀ ਸਗੋਂ ਸ਼ਬਦ ਨੂੰ ਸਮਝਣ ਵਾਲੇ ਵਿਚ ਸ਼ਕਤੀ ਪੈਦਾ ਹੁੰਦੀ ਹੈ। ਸ਼ਬਦ ਤਾਂ ਇਕ ਕਿਸਮ ਦਾ ਸਿਧਾਂਤ ਹੈ/ਗਿਆਨ ਹੈ। ਇਸ ਨੇ ਤਾਂ ਮੂਰਖ ਨੂੰ ਇਨਸਾਨ ਬਣਾਉਣਾ ਹੈ। ਤੁਸੀਂ ਤਾਂ ਉਹ ਗੱਲ ਕਰਤੀ ਜਿਵੇਂ ਕਿਸੇ ਨੇ ਬੰਬ ਬਣਾੳਣ ਵਾਲੇ ਫਾਰਮੂਲੇ ਵਿਚ ਸ਼ਕਤੀ ਦੇਖ ਲਈ ਹੋਵੇ ਤੇ ਫਾਰਮੂਲੇ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦੇਵੇ। ਜੇਕਰ ਫਾਰਮੂਲੇ ਵਿਚ ਸ਼ਕਤੀ ਹੈ ਤਾਂ ਬੰਬ ਬਣਾਉਣ ਦੀ ਕੀ ਜ਼ਰੂਰਤ? ਸਿਧਾਂਤ ਵਿਚ ਸ਼ਕਤੀ ਪੈਦਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਤੇ ਸ਼ਕਤੀ ਬੰਬ/ਬੰਦਿਆਂ ਵਿਚ ਪੈਦਾ ਹੋਣੀ ਹੈ। ਇਸੇ ਹੀ ਪਹਿਰੇ ਦੀਆਂ ਆਖਰੀ ਸਤਰਾਂ; ਪਰਮਾਤਮਾ ਨੂੰ ਮਿਲਣ ਲਈ ਜਾਂ ਉਸ ਤਕ ਪਹੁੰਚਣ ਲਈ ਨਾਮ ਸਿਮਰਨ, ਨਿਮਰਤਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਹੈ ਕੀ ਪ੍ਰਮਾਤਮਾ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਹੈ ਜਾਂ ਫਿਰ ਗਿਆਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਤਮਾ ਕਿਹਾ ਗਿਆ। ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਪੰਨਾ 1226॥
ਸੱਭ ਤੋਂ ਪਹਿਲਾ ਲੇਖ, “ ਸਤਿਗੁਰ ਨਾਨਕ ਪ੍ਰਗਟਿਆ” ਡੀ. ਲਿਟ ਡਾ. ਰਤਨ ਸਿੰਘ ਜੱਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਹੈ। ਡਾ. ਰਤਨ ਸਿੰਘ ਜੱਗੀ ਜੀ ਅਖਬਾਰ ਦਾ ਨਾਮ ਅਤੇ ਤਰੀਕ ਦੱਸਣ ਤੋਂ ਬਗੈਰ ਹੀ ਹਵਾਲਾ ਦੇ ਕੇ ਕਹਿੰਦੇ ਹਨ; “ ਇਕ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਜਨਮ ਉਤਸਵ ਤੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਅਤੇ ਗੁਰੂ-ਧਾਮ ਦੇ ਦੁਆਰ ਤੋਂ ਮਿੱਟੀ ਇਕੱਠੀ ਕਰਕੇ ਇਕ ਡੱਬੇ ਵਿਚ ਪਾ ਰਿਹਾ ਸੀ। ਵੇਖਣ ਵਾਲਿਆਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਰਾਵਲਪਿੰਡੀ ਵਿਚ ਹਿਕਮਤ ਕਰਦਾ ਹੈ। ਇਸ ਚਰਣ-ਧੂੜ ਦਾ ਕਿਣਕਾ ਉਹ ਆਪਣੇ ਮਰੀਜ਼ਾਂ ਦੀ ਦਵਾਈ ਵਿਚ ਪਾ ਦਿੰਦਾ ਹੈ। ਇਸ ਤਰ੍ਹਾਂ ਉਹ ਦਵਾ ਅਕਸੀਰ ਬਣ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਸ਼ਫਾ ਪਾ ਲੈਂਦਾ ਹੈ। ਇਸ ਘਟਨਾ ਦੇ ਨਸ਼ਰ ਹੋਣ ਨਾਲ ਗੁਰੂ ਸਾਹਿਬ ਪ੍ਰਤੀ ਸਭ ਦੇ ਮਸਤਕ ਝੁੱਕ ਗਏ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਚਰਣ-ਧੂੜ ਕਿਸ ਨੂੰ ਕਿਹਾ ਗਿਆ ਹੈ? ਕੀ ਡਾ. ਰਤਨ ਸਿੰਘ ਜੱਗੀ ਜੀ ਇਸ ਤੋਂ ਨਾਵਾਕਿਫ ਹਨ? ਡਾ. ਰਤਨ ਸਿੰਘ ਜੱਗੀ ਜੀ ਹੋਰਾਂ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕੀਤਾ ਹੈ। ਨਹੀਂ ਨਹੀਂ ਡਾ. ਰਤਨ ਸਿੰਘ ਜੱਗੀ ਜੀ ਤਾਂ ਸੱਭ ਕੁੱਝ ਜਾਣਦੇ ਹਨ। ਇਹ ਤਾਂ ਗੁਰਬਾਣੀ ਨਾਲੋਂ ਤੋੜਣ ਦਾ ਕੋਝਾ ਉਪਰਾਲਾ ਕੀਤਾ ਗਿਆ ਹੈ। ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ {ਪੰਨਾ 749}॥ ਚਰਣ-ਧੂੜ ਮੰਗਣ ਦੀ ਕੀ ਜ਼ਰੂਰਤ ਉਹ ਤਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਚੁੱਕ ਕੇ ਡੱਬੇ ਵਿਚ ਪਾ ਕੇ ਨਾਲ ਨਾਲ ਲਿਜ਼ਾਈ ਜਾ ਸਕਦੀ ਹੈ।  ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ {ਪੰਨਾ 749}॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥
ਡਾ. ਰਤਨ ਸਿੰਘ ਜੱਗੀ ਜੀਓ! ਜੇ ਚਰਣ-ਧੂੜ ਦਾ ਮਤਲਬ ਮਿੱਟੀ ਹੈ ਤੇ ਮਨੁੱਖ ਮਿੱਟੀ ਹੋਣਾ ਚਾਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਪਾਇਆ ਉਹ ਕਿਵੇਂ ਸਮਝੇਗਾ? ਚਰਣ-ਧੂੜ ਦਾ ਮਤਲਬ ਨਿਮਰਤਾ ਵੀ ਨਹੀਂ ਸਗੋਂ ਪ੍ਰਮਾਤਮਾ ਦਾ ਉਪਦੇਸ਼ ਹੈ ਜੋ ਤੀਜੀ ਉਦਾਹਰਣ ਦੀ ਅਖੀਰਲੀ ਪੰਗਤੀ ਬਿਲਕੁੱਲ ਸਾਫ ਕਰ ਦਿੰਦੀ ਹੈ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥ ਜਦੋਂ ਗੁਰੂ ਦਾ ਉਪਦੇਸ਼ “ਰਿਦੈ ਉਰਿ ਧਾਰੀ” ਹਿਰਦੇ ਵਿਚ ਵਸਾ ਲਿਆ ਤਾਂ ਇਸ ਉਪਦੇਸ਼ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋ ਗਿਆ। ਇਸੇ ਹੀ ਲੇਖ ਵਿਚ ਡਾ. ਰਤਨ ਸਿੰਘ ਜੱਗੀ ਜੀ ਹਸਨ ਨਾਮ ਦੇ ਵਿਆਕਤੀ ਵਲੋਂ ਖਿਝ ਕੇ ਇਕ ਵੱਡੇ ਅਕਾਰ ਵਾਲਾ ਪੱਥਰ ਰੋੜਨ ਦਾ ਜ਼ਿਕਰ ਕਰਦੇ ਹਨ ਗੁਰੂ ਜੀ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਲੈਂਦੇ ਹਨ। ਜਿਸ ਕਰਕੇ ਪੱਥਰ ਉਪਰ ਹੱਥ ਦਾ ਨਿਸ਼ਾਨ ਬਣ ਗਿਆ। ਡਾ. ਰਤਨ ਸਿੰਘ ਜੀਓ! ਹੁਣ ਉਹ ਜ਼ਮਾਨਾ ਗਿਆ ਜਦੋਂ ਕੋਈ ਕੁੱਝ ਕਹੀ ਜਾਂਦਾ ਸੀ ਤੇ ਅਸੀਂ ਚੁਪ-ਚਾਪ ਲਿਖਤਾਂ ਜਾਂ ਭਾਸ਼ਣਾਂ ਨੂੰ ਪੜ੍ਹੀ/ਸੁਣੀ ਜਾਂਦੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜਨਮ ਸਾਖੀ ਵਿਚ ਪੰਜੇ ਵਾਲੀ ਸਾਖੀ ਦਾ ਕੋਈ ਜ਼ਿਕਰ ਨਹੀਂ। ਤੁਹਾਡੀ ਹੀ ਯੂਨੀਵਰਸਿਟੀ ਦਾ ਛਾਪੀ ਹੋਈ ਪੁਸਤਕ,  “ ਜਨਮਸਾਖੀ ਪ੍ਰੰਪਰਾ” ਡਾ. ਕਿਰਪਾਲ ਸਿੰਘ, ਵਿਚ ਇਸਦਾ ਕੋਈ ਜ਼ਿਕਰ ਨਹੀਂ। ਸਗੋਂ ਹਸਨ ਨਾਮੀ ਗੁਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਦੁੱਧ ਪਿਆਉਣ ਦਾ ਜ਼ਿਕਰ ਹੈ। ਪੰਨਾ 110 । ਕਨਿੰਗਮ, ਬਾਈਰਨ ਹੂਗਲ ਇਸ ਥਾਂ ਤੇ ਬੋਧੀ ਮੱਠ ਹੋਣ ਦਾ ਜ਼ਿਕਰ ਕਰਦੇ ਹਨ। ਜਰਮਨ ਯਾਤਰੀ ਬਾਇਰਨ ਹੂਗਲ ਤਾਂ ਇਹ ਵੀ ਲਿਖਦਾ ਹੈ ਕਿ ਗੁਰੂ ਜੀ ਵਲੀ ਕੰਧਾਰੀ ਦੇ ਕਿਸੇ ਚੇਲੇ ਨੂੰ ਮਿਲੇ ਸਨ ਤੇ ਪਾਣੀ ਦਾ ਚਸ਼ਮਾ ਬੋਧੀਆਂ ਦੇ ਸਮੇਂ ਤੋਂ ਹੋਣ ਦਾ ਵਰਨਣ ਕਰਦਾ ਹੈ। ਪੰਨਾ 111 । ਡਾ. ਰਤਨ ਸਿੰਘ ਜੱਗੀ ਜੀ ਇਹ ਪੰਜਾ ਖੁਦਿਆ ਹੋਇਆ ਹੈ ਧਸਿਆ ਹੋਇਆ ਨਹੀਂ। ਮੈਂ ਆਪਣੀ ਯਾਰਤਾ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਸੀ: ਕੀ ਇਸ ਪਹਾੜੀ ਤੇ ਪੰਜੇ ਵਾਲੇ ਪੱਥਰ ਦੀ ਕਿਸਮ ਦਾ ਕੋਈ ਹੋਰ ਪੱਥਰ ਹੈ? ਨਹੀਂ? ਕੀ ਇੱਥੋਂ ਰੋੜਿਆ ਹੋਇਆ ਪੱਥਰ ਇਸ ਤਰ੍ਹਾਂ ਦੀ ਸ਼ਕਲ ਦਾ ਹੀ ਹੋਵੇਗਾ? ਨਹੀਂ ਸਗੋਂ ਗੋਲ ਹੋ ਜਾਣਾ ਚਾਹੀਦਾ ਸੀ। ਕੀ ਇਸ ਪਹਾੜੀ ਦੀ ਢਾਲ ਉਧਰ ਨੂੰ ਹੈ ਜਿਧਰ ਇਹ ਪੰਜੇ ਵਾਲਾ ਪੱਥਰ ਪਿਆ ਹੈ? ਨਹੀਂ। ਕੀ ਪੱਥਰ ਵਿਚ ਕਿਸੇ ਦਾ ਹੱਥ, ਚਾਹੇ ਉਹ ਗੁਰੂ ਜੀ ਦਾ ਹੀ ਕਿਉਂ ਨਾ ਹੋਵੇ, ਧੱਸ ਸਕਦਾ ਹੈ? ਨਹੀਂ। ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਸਫਰਾਂ ਦਾ ਵਿਸਥਾਰ ਲਿਖਦੇ ਪੰਜੇ ਸਾਹਿਬ ਵਾਲੀ ਸਾਖੀ ਦਾ ਜ਼ਿਕਰ ਬਿਲਕੁੱਲ ਨਹੀਂ ਕਰਦੇ। ਇਸੇ ਹੀ ਲੇਖ ਵਿਚ ਜੱਗੀ ਜੀ ਲਿਖਦੇ ਹਨ: “ ਉਨ੍ਹਾਂ ਨੇ ਪਰਮਾਤਮਾ ਨੂੰ ਸੰਬੰਧਨ ਕਰਦਿਆ ਕਿਹਾ, “ ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ’ ਇਤਨਾ ਜ਼ੁਲਮ ਹੋ ਰਿਹਾ ਹੈ। ਹੇ ਪਰਮਾਤਮਾ! ਤੂੰ ਸਾਰਿਆਂ ਦਾ ਮਾਲਕ ਹੈਂ, ; ਵਾਰਿਸ ਹੈਂ, ; ਇਨ੍ਹਾਂ ਨੂੰ ਪੈਦਾ ਕਰਨ ਵਾਲਾ ਹੈਂ, ਫਿਰ ਕੀ ਤੈਨੂੰ ਇਨ੍ਹਾਂ ਤੇ ਤਰਸ ਨਹੀਂ ਆਇਆ? ਜੱਗੀ ਜੀ ਇਹ ਅਰਥ ਕਰਦਿਆਂ ਤੁਹਾਨੂੰ ਅੱਗੇ ਲਿਖੀ ਪੰਗਤੀ ਯਾਦ ਨਹੀਂ ਆਈ:  ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਗੁਰੂ ਜੀ ਤਾਂ ਪਰਮਾਤਮਾ ਨੂੰ ਤਾਹਨਾ ਮਾਰ ਹੀ ਨਹੀਂ ਸਕਦੇ ਕਿਉਂਕਿ ਇਸ ਵਿਚ ਰੱਬ ਜੀ ਦਾ ਕੀ ਦੋਸ਼। ਦੋਸ਼ ਤਾ ਹੁਕਮਰਾਨਾ ਅਤੇ ਉਸਦੇ ਕਰਿੰਦਿਆਂ ਦਾ ਹੈ। ਇਸੇ ਕਰਕੇ ਗੁਰੂ ਜੀ ਲਿਖਦੇ ਹਨ: ਕਿ ਲੋਕ ਆਪਣੇ ਆਪ ਨੂੰ ਦੋਸ਼ ਨਾ ਦੇ ਕੇ ਕਰਤੇ ਨੂੰ ਦੋਸ਼ ਦੇ ਰਹੇ ਹਨ ਕਿ ਤੂੰ ਮੁਗਲਾਂ ਨੂੰ ਸਾਡੇ ਉਪਰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਲੈ ਆਇਆ ਹੈਂ ਤੇ ਸਾਨੂੰ ਇਤਨੀ ਮਾਰ ਪਈ ਹੈ ਕਿ ਤੈਨੂੰ ਤਰਸ ਹੀ ਨਹੀਂ ਆਇਆ। ਇਸ ਤਰ੍ਹਾਂ ਕਾਮਾ ਲਾ ਕੇ ਪੜ੍ਹਨ ਨਾਲ ਅਰਥ ਬਿਲਕੁਲ ਸਹੀ ਬਣਦੇ ਹਨ।
ਆਪੈ ਦੋਸੁ ਨ, ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ
360॥ ਇਸੇ ਹੀ ਲੇਖ ਵਿਚ ਅੱਗੇ ਜਾ ਕੇ ਜੱਗੀ ਜੀ ਲਿਖਦੇ ਹਨ: “ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਵਿਸ਼ੇਸਤਾ ਸੀ ਕਿ ਉਨ੍ਹਾ ਨੇ ਆਪਣੀ ਬਾਣੀ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਵਾਸਤੇ ਕੀਰਤਨ ਦਾ ਸਿੱਖ ਧਰਮ ਵਿਚ ਉਹੀ ਸਥਾਨ ਹੈ ਜਿਹੜਾ ਕਿਸੇ ਸਰੀਰ ਵਿਚ ਰੀੜ ਦੀ ਹੱਡੀ ਦਾ ਹੁੰਦਾ ਹੈ”। ਜੱਗੀ ਜੀ ਤੁਹਾਡਾ ਇਹ ਵੀਚਾਰ ਵੀ ਗਲਤ ਹੈ। ਬਾਣੀ ਨੂੰ ਸੰਗੀਤ ਨਾਲ ਇਕਸੁਰ ਤਾਂ ਜ਼ਰੂਰ ਕੀਤਾ ਹੈ ਪਰ ਰੀੜ ਦੀ ਹੱਡੀ ਸਿਰਫ ਤੇ ਸਿਰਫ ਬਾਣੀ ਹੈ, ਬਾਣੀ ਵਿਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਬਾਣੀ ਨੂੰ ਰਾਗਾਂ ਵਿਚ ਗਾਉਣ ਦਾ ਹੁਕਮ ਜ਼ਰੂਰ ਹੈ ਪਰ ਕੀਰਤਨ ਬਾਰੇ ਖੁਦ ਗੁਰੂ ਜੀ ਦੀ ਬਣੀ ਦਾ ਕੀ ਫੁਰਮਾਣ ਹੈ:
1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}
2. ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}॥
3.  ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ 1075॥ ਉਪਰਲੀਆਂ ਦੋ ਉਦਾਹਰਣਾਂ ਤੋਂ ਤਾਂ ਬਿਲਕੁਲ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਰਾਗਾਂ ਵਿਚ ਗਾਉਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਗੁਰ ਉਪਦੇਸ਼ ਨੂੰ ਦ੍ਰਿੜ ਕਰਨ ਨਾਲ ਹੀ ਜਨਮ ਜਨਮ ਦੀ ਮਲ ਲੱਥ ਦੀ ਹੈ। ਇਸ ਉਦਾਹਰਣ ਵਿਚ ਵੀ ਇਹੋ ਉਪਦੇਸ਼ ਹੈ। ਜਪਣਾ ਵੀ ਦ੍ਰਿੜ ਕਰਨਾ ਹੁੰਦਾ ਹੈ ਨਾ ਕਿ ਗਾਉਣਾ ਜਾਂ ਰਾਗਾਂ ਵਿਚ ਗਾਉਣਾ।
4.  ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਗੁਰਬਣੀ ਵਿਚ ਸੱਭ ਤੋਂ ਸ੍ਰੇਸ਼ਟ ਬਾਣੀ ਨੂੰ ਵਿਚਾਰਨ ਦੀ ਤਾਗੀਦ ਕੀਤੀ ਗਈ ਹੈ। ਜਿਵੇਂ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935}
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ ਪੰਨਾ 904॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਪੰਨਾ 20॥
ਡਾ. ਰਤਨ ਸਿੰਘ ਜੱਗੀ ਜੀਓ! ਮੈਂ ਆਪਣੀ ਪਹਿਚਾਣ ਕਰਾਵਾਂ।  ਫਰਵਰੀ 2016 ਵਿਚ ਮੈਂ ਤੁਹਾਨੂੰ ਦਸਮ ਗ੍ਰੰਥ ਬਾਰੇ ਇੰਟਰਵਿਊ ਕਰਨ ਲਈ ਫੂਨ ਕੀਤਾ ਸੀ ਪਰ ਤੁਸੀਂ ਇਨਕਾਰ ਕਰ ਦਿੱਤਾ ਤੇ ਸਧਾਰਣ ਤੌਰ ਤੇ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ। ਜਦੋਂ ਹੀ ਇੰਦਰਜੀਤ ਸਿੰਘ ਘੱਗਾ ਜੀ ਤੇ ਮੈਂ ਤੁਹਾਡੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਮੇਰੀ ਨਜ਼ਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਟੀਕੇ ਤੇ ਪਈ ਤਾਂ ਮੈਂ ਪੁੱਛ ਲਿਆ। ਜੀ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨਾਲੋਂ ਤੁਹਾਡੇ ਅਰਥਾਂ ਦਾ ਕਿਤਨਾ ਕੁ ਫਰਕ ਹੈ। ਤੁਹਾਡਾ ਜਵਾਬ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਨੂੰ ਸਾਹਿਤ ਦਾ ਕੀ ਪਤਾ ਉਹ ਤਾਂ ਸਿਰਫ ਬੀ.ਏ. ਸੀ। ਫਿਰ ਮੈਂ ਕਿਹਾ ਚਲੋ ਛੱਡੋ ਤੇ ਇਉਂ ਕਰੋ ਪੰਨਾ 315 ਤੇ ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}॥ ਅਰਥ ਵਿਖਾਓ। ਤੁਹਾਡੇ ਅਰਥ ਬਿਲਕੁੱਲ ਓਹੀ ਜੋ ਪ੍ਰੋ. ਸਾਹਿਬ ਸਿੰਘ ਵਾਲੇ ਹਨ ਦੇਖ ਕਿ ਮੈਂ ਕਿਹਾ “ਜੀ ਤੁਹਾਡੇ ਅਰਥ ਅਤੇ ਪ੍ਰੋਫੈਸਰ ਸਾਹਿਬ ਦੇ ਅਰਥ ਹੂ-ਬਹੂ ਇਕੋ ਹਨ। ਤੁਹਾਡੇ ਅਰਥ ਵੀ ਗਲਤ ਹਨ ਤੇ ਉਨ੍ਹਾਂ ਦੇ ਵੀ”। ਜੋ ਇਸ ਤਰ੍ਹਾਂ ਹਨ:
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2। ਗੁਰਬਾਣੀ ਦਾ ਰੱਬ ਕਿਸੇ ਨੂੰ ਮਾਰਦਾ ਨਹੀਂ ਸਗੋਂ ਆਪਣੇ ਵੱਲ ਨੂੰ ਖਿਚਦਾ ਹੈ। ਠੀਕ ਅਰਥ ਇਹ ਬਣਦੇ ਹਨ ਕਿ ਜਿਹੜੇ ਮਨੁੱਖ ਰੱਬ ਜੀ ਨਾਲੋਂ ਟੁੱਟੇ ਹੋਏ ਹਨ ਉਹ ਕੀ ਕਰਨ ਕਿ ਉਨ੍ਹਾਂ ਨੂੰ ਰੱਬ ਜੀ ਦਾ ਮੇਲ ਪ੍ਰਾਪਤ ਹੋ ਜਾਵੇ। ਹੁਣ ਜਵਾਬ ਹੋਣਾ ਚਾਹਿਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਤੂੰ ਰੱਬ ਜੀ ਨਾਲੋਂ ਟੁੱਟਿਆ ਹੋਇਆ ਹੈਂ ਉਨ੍ਹਾਂ ਨੂੰ ਮਾਰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈਂ ਤਾਂ। ਤੁਸੀਂ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ , “ਤਿੰਨੈ ਮਾਰੇ” ਦੇ ਅਰਥ ਨਹੀਂ ਸਮਝ ਸਕੇ। ਇਸ ਤੋਂ ਅੱਗੇ ਅਸੀਂ ਹੋਰ ਗੱਲ-ਬਾਤ ਕਰਨੀ ਮੁਨਾਸਬ ਨਹੀਂ ਸਮਝੀ ਤੇ ਫਤਿਹ ਬੁਲਾ ਕੇ ਛੁੱਟੀ ਲੈ ਕੇ ਰਵਾਨਾ ਹੋ ਗਏ।
ਦੂਸਰਾ ਲੇਖ ਹੈ ਡਾ. ਰਤਨ ਸਿੰਘ ਜੱਗੀ ਜੀ ਦੇ ਧਰਮ ਪਤਨੀ ਗੁਰਸ਼ਰਨ ਕੌਰ ਜੱਗੀ ਜੀ ਦਾ: ਪਹਿਲੀ ਸਤਰ: “ਗੁਰੂ ਨਾਨਕ ਦੇਵ ਜੀ ਦਾ ਮੱਧ-ਯੁੱਗ ਦੀ ਪ੍ਰੇਮ-ਭਗਤੀ ਦੇ ਸਾਧਕਾਂ ਵਿਚ ਪ੍ਰਮੁੱਖ ਅਤੇ ਮਹੱਤਵਪੂਰਨ ਸਥਾਨ ਹੈ”। ਗੁਰੂ ਨਾਨਕ ਪਾਤਸ਼ਾਹ ਤਾਂ ਸੁਤਿਆਂ ਲੋਕਾਂ ਨੂੰ ਗਫਲਤਾ ਦੀ ਨੀਂਦ ਵਿਚੋਂ ਕੱਢ ਕੇ ਆਪਣੇ ਹੱਕ-ਹਕੂਕਾਂ ਲਈ ਲੜਨ ਵਾਸਤੇ ਤਿਆਰ ਕਰਦੇ ਹਨ ਪਰ ਸਾਡੇ ਯੂਨੀਵਰਸਿਟੀਜ਼ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਪਤਾ ਨਹੀਂ ਕਿਹੜੀ ਪ੍ਰੇਮਾ-ਭਗਤੀ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਿਤਾ ਜੀ ਦੀ ਆਪਣੀ ਬਾਣੀ:1. ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ। ਰਤੁ ਪਿਤੁ ਕੁਤਿਹੋ ਚਟਿ ਜਾਹੁ॥ 2. ਜਿਸ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 3. ਨਾਵਹੁ ਧੋਵਹੁ ਤੋਲਕੁ ਚੜਾਵਹੁ ਸੁਚ ਵਿਣ ਸੋਚ ਨ ਹੋਈ॥ 4. ਉਡਿ ਨ ਜਹੀ ਸਿਧ ਨ ਹੋਹਿ॥ 5. ਜਉ ਤਉ ਪ੍ਰੇਮ ਖੈਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਗੁਰਸ਼ਰਨ ਕੌਰ ਜੱਗੀ ਜੀਓ! ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਅਤੇ ਇਸੇ ਦੀ ਬਦੌਲਤ ਹੀ ਬੰਦਾ ਸਿੰਘ ਬਹਾਦਰ ਨੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ, ਮਿਸਲਾਂ ਵਾਲੇ ਸਿਰਦਾਰਾਂ ਖਲਾਸਾ ਰਾਜ ਦੀ ਨੀਂਹ ਰੱਖੀ ਅਤੇ ਸਿਰਦਾਰ ਰਣਜੀਤ ਨੇ ਸਿੰਘ ਖਾਲਸਾ ਰਾਜ ਸਥਾਪੱਤ ਕੀਤਾ ਅਤੇ ਓਸ ਵੇਲੇ ਦੁਨੀਆਂ ਦੀ ਸਿਰਮੌਰ ਸ਼ਕਤੀ ਬਣ ਕੇ ਆਪਣੇ ਲੋਕਾਂ ਨੂੰ ਪੱਛਮੀ ਧਾੜਵੀਆਂ ਤੋਂ ਬਚਾਇਆ। ਕੀ ਤੁਸੀਂ ਆਪਣੇ ਲਫਜ਼ਾਂ ਵਿਚ ਇਸ ਨੂੰ ਪ੍ਰੇਮਾ ਭਗਤੀ ਕਹਿੰਦੇ ਹੋ? ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ, ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ ਦੇ ਸਿਰਦਾਰਾਂ ਅਤੇ ਖਾਲਸਾ ਰਾਜ ਦੇ ਫੌਜੀਆਂ ਨੇ ਖੜਕਾਈ ਉਸਦਾ ਫੌਲਾਦ ਗੁਰੂ ਨਾਨਕ ਸਾਗਿਬ ਤਿਆਰ ਕਰਦੇ ਹਨ।
ਗੁਰਸ਼ਰਨ ਕੌਰ ਜੱਗੀ ਜੀ ਪ੍ਰਚੱਲਤ ਕਹਾਵਤ ਅਨੁਸਾਰ ਲਿਖਦੇ ਹਨ, “ਸਗੋਂ ਲੋਕਾਂ ਦੇ ਦਰਦ ਨੂੰ ਵੰਡਾਂਦੇ ਹੋਏ ਬਾਬਰ ਦੀ ਕੈਦ ਕੱਟਦੇ ਹਨ”। ਭੈਣ ਜੀਓ! ਪ੍ਰੋ. ਐਸ. ਐਸ ਪਦਮ ਜੀ ਨੇ ਆਪਣੇ ਖੋਜ ਕੰਮ ਦੇ ਅਧਾਰਤ ਦੋ ਕਿਤਾਬਾਂ ਲਿਖੀਆਂ ਹਨ; ਸਿੱਖਾਂ ਦੀ ਭਗਤਮਾਲਾ ਕਰਤਾ ਸੂਰਤ ਸਿੰਘ ਅਤੇ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਂਹਾ ਉਪਲ। ਇਨ੍ਹਾਂ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਗੁਰੂ ਜੀ ਐਮਨਾਬਾਦ ਵਾਲੇ ਸਾਕੇ ਤੋਂ ਕੋਈ ਤਕਰੀਬਨ 1-2 ਮਹੀਨੇ ਬਾਦ ਹੀ ਇਸ ਸ਼ਹਿਰ ਵਿਚ ਪਹੁੰਚਦੇ ਹਨ। ਹੋ ਸਕਦਾ ਹੈ ਕਿ ਡਾ. ਕਿਰਪਾਲ ਸਿੰਘ ਜੀ ਨੇ ਵੀ “ਜਨਮਸਾਖੀ ਪ੍ਰੰਪਰਾ ਵਿਚ ਇਹੀ ਸਾਬਤ ਕੀਤਾ ਹੋਵੇ ਪਰ ਹੁਣ ਮੈਨੂੰ ਪੱਕਾ ਯਾਦ ਨਹੀਂ। ਇਹ ਗੱਲ ਕਿਉਂ ਚਲਾਈ ਗਈ ਕਿ ਗੁਰੂ ਜੀ ਨੂੰ ਬਾਬਰ ਨੇ ਕੈਦ ਕੀਤਾ? ਸੱਭ ਤੋਂ ਪਹਿਲਾਂ ਗੁਰੂ ਜੀ ਕੋਲ ਕੋਈ ਗੈਬੀ ਸ਼ਕਤੀਆਂ ਦਿਖਾਉਣੀਆਂ ਹਨ, ਫਿਰ ਚੱਕੀਆਂ ਨੂੰ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ, ਫਿਰ ਬਾਬਰ ਗੁਰੂ ਜੀ ਨੂੰ ਦੁਆ ਸਲਾਮ ਕਰਦਾ ਹੈ, ਫਿਰ ਗੁਰੂ ਜੀ ਨੂੰ ਭੰਗ ਪੀਂਦਾ ਦਿਖਾਉਣਾ ਹੈ, ਤੇ ਬਾਅਦ ਵਿਚ ਬਾਬਰ ਨੂੰ ਸੱਤ-ਮੁੱਠਾਂ ਭੰਗ ਦੀਆਂ ਬਦਲੇ ਸੱਤ-ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਹੈ ਜੋ ਸਾਡੇ ਹੁਣ ਵਾਲੇ ਸਾਧਾਂ ਦੇ ਬਿਲਕੁੱਲ ਫਿਟ ਬੈਠਦਾ ਹੈ। ਇਹ ਵਿਹਲੜ ਤੇ ਢਿਢਲ ਸਾਧ-ਲਾਣੇ ਦੀ ਚਲਾਈ ਹੋਈ ਕਹਾਣੀ ਹੈ ਨਾ ਕਿ ਇਹ ਇਤਹਾਸ ਹੈ। ਅੱਗੇ ਜਾ ਕੇ ਤੁਸੀਂ ਆਪ ਹੀ ਲਿਖ ਦਿੱਤਾ “ ਸਗੋਂ ਰਾਜਨੈਤਿਕ ਅਵਸਥਾ ਪ੍ਰਤੀ ਵੀ ਅਸੰਤੁਸ਼ਟ ਸਨ” ਜੋ ਅਸਲੀਅਤ ਹੈ। ਇਸੇ ਲੇਖ ਵਿਚ ਤੁਸੀਂ ਲਿਖਦੇ ਹੋ ਕਿ ਗੁਰੂ ਨਾਨਕ ਪਿਤਾ ‘ਅਧਿਆਤਮਿਕ ਸਾਧਨਾਂ ਵਿਚ ਪ੍ਰਬੀਨ ਹੀ ਨਹੀਂ ਸਨ ਸਗੋਂ ਪ੍ਰਮਾਤਮਾ ਨੂੰ ਜਾਨਣ ਵਾਲੇ ਵੀ ਸਨ’।  ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਪੰਨਾ 1028॥ ਇਨ੍ਹਾਂ ਪੰਗਤੀਆਂ ਵਿਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਹਨ ਕਿ ਪ੍ਰਮਾਤਮਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਓਹ ਪ੍ਰਮਾਤਮਾ ਨੂੰ ਜਾਨਣ ਵਾਲੇ ਕਿਵੇਂ ਹੋਏ? ਗੁਰਬਾਣੀ ਵਿਚ ਅਨੇਕਾਂ ਵਾਰ ਲਿਖਿਆ ਮਿਲਦਾ ਹੈ, “ ਅਲਖ ਨ ਜਾਈ ਲਖਿਆ”। ਗੁਰਬਾਣੀ ਵਿਚ ‘ਅਧਿਆਤਮ” ਲਫਜ ਤਿੰਨ ਵਾਰ ਆਉਂਦਾ ਹੈ ਤੇ ਤਿੰਨੇ ਵਾਰ ਅਧਿਆਤਮ ਕਰਮਾਂ ਦਾ ਖੰਡਨ ਕਰਦਾ ਹੈ। ਜਿਵੇਂ: ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ ਪੰਨਾ 33॥ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਪੰਨਾ 223॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਪੰਨਾ 1039॥ ਅਗਲੇ ਪੰਨੇ ਤੇ ਤੁਸੀਂ ਜਨਮ ਸਾਖੀਆਂ ਦੇ ਹਵਾਲੇ ਅਨੁਸਾਰ ਲਿਖਦੇ ਹੋ: “ ਆਗਿਆ ਪਰਮੇਸਰ ਕੀ ਹੋਈ ਜੋ ਨਾਨਕ ਭਗਤੁ ਹਾਜ਼ਰ ਹੋਆ, ਤਾਂ ਅੰਮ੍ਰਤਿ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ- ਨਾਨਕੁ ਇਹ ਅੰਮ੍ਰਿਤ ਨਾਹੀ, ਇਹ ਮੇਰੇ ਨਾਮ ਦਾ ਪਿਆਲਾ ਹੈ, ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ।....... ਤਦਿ ਗੁਰੂ ਨਾਨਕ ਪੈਰੀ ਪਇਆ”। ਸਤਿਕਾਰ ਯੋਗ ਭੈਣ ਜੀਓ! ਸਾਖੀਕਾਰ ਨੂੰ ਆਪ ਹੀ ਪਤਾ ਨਹੀਂ ਕਿ ਉਹ ਕੀ ਲਿਖ ਰਿਹਾ ਹੈ। ਪਹਿਲੀ ਪੰਗਤੀ ਵਿਚ ਕਟੋਰੇ ਵਿਚ “ਅੰਮ੍ਰਤ” ਤੇ ਅਗਲੀ ਪੰਗਤੀ ਵਿਚ ਉਸੇ ਪਿਆਲੇ ਵਾਲੇ ਅੰਮ੍ਰਤਿ ਨੂੰ ਪਰਮਾਤਮਾ ਦੇ ਨਾਮ ਵਾਲਾ ਪਿਆਲਾ ਬਣਾ ਧਰਿਆ ਹੈ। ਕੀ ਥੁੜਿਆ ਪਿਆ ਹੈ ਐਸੀਆਂ ਸਾਖੀਆਂ ਵੱਲੋਂ? ਗੁਰਬਾਣੀ ਸਾਨੂੰ ਗਿਆਨ ਨਾਲ ਜੋੜਦੀ ਹੈ ਪਰ ਸਾਖੀਆਂ ਸਾਨੂੰ ਕਿਸੇ ਰੱਬ ਦੇ ਨਾਮ ਦਾ ਪਿਆਲਾ ਪਿਲਾ ਕੇ ਗਿਆਨਵਾਨ ਬਣਾਉਦੀਆਂ ਹਨ। ਇਹ ਵੀਚਾਰ ਤਾਂ ਇਕ ਦੂਜੇ ਦੇ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਣ ਹੈ: “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ ਗੁਰੂ ਨਾਨਕ ਪਾਤਸ਼ਾਹ ਜਦੋਂ ਪੂਰਾ ਮੰਗਲਾਚਰਣ ਲਿਖਦੇ ਹਨ ਤਾਂ ਪਰਮਾਤਮਾ ਦਾ ਸਰੂਪ ਬਿਆਨ ਕਰਦੇ “ਅਜੂਨੀ” ਲਿਖਦੇ ਹਨ। ਫਿਰ ਪਰਮਾਤਮਾ ਦੀ ਦਰਗਾਹ ਕਿੱਥੇ? ਫਿਰ ਕਿਹੜੇ ਪਰਮਾਤਮਾ ਨਾਲ ਗੱਲਾਂ? ਕਿਹੜਾ ਸਵਰਗ ਤੇ ਕਿਹੜਾ ਨਰਕ? ਗੁਰਬਾਣੀ ਤਾਂ ਇਨ੍ਹਾਂ ਗੱਲਾਂ ਨੂੰ ਮੰਨਦੀ ਹੀ ਨਹੀਂ। ਪਰ ਤੁਸੀਂ ਆਪਣੇ ਇਸ ਸਾਰੇ ਲੇਖ ਵਿਚ ਬਾਰ ਬਾਰ ਸਾਖੀਆਂ ਦਾ ਹਵਾਲਾ ਦਿਤਾ ਹੈ ਜੋ ਸੱਚੀਆਂ ਨਹੀਂ ਹਨ। ਕੀ ਅਸੀਂ ਲੋਕਾਂ ਦੀਆਂ ਮਨ-ਕਲਪਤ ਗਪੌੜਾਂ ਤੇ ਵਿਸ਼ਵਾਸ ਕਰੀਏ ਜਾਂ ਫਿਰ ਗੁਰਬਾਣੀ ਤੇ? ਰਾਜਨੈਤਿਕ ਦ੍ਰਿਸ਼ਟੀ ਤੋਂ; ਵਾਲੇ ਹਿਸੇ ਵਿਚ ਮੱਧ-ਯੁੱਗ ਦੇ ਭਗਤ ਜਨਾਂ ਦੀਆਂ ਰਚਨਾਵਾਂ ਵਿਚ ਰਾਜਨੈਤਿਕ ਘਟਨਾਵਾਂ ਦਾ ਅਭਾਵ ਹੈ। ਭਗਤ ਕਬੀਰ, ਰਵੀਦਾਸ, ਤ੍ਰਲੋਚਨ, ਨਾਮਦੇਵ ਆਦਿ ਸਾਰੇ ਕ੍ਰਾਂਤੀਕਾਰੀ ਹੋਏ ਹਨ ਤੇ ਇਨ੍ਹਾਂ ਦੇ ਹਵਾਲੇ ਗੁਰਬਾਣੀ ਵਿਚੋਂ ਇਉਂ ਮਿਲਦੇ ਹਨ: ਬ੍ਰਾਹਮਣ ਨੂੰ ਨਿੰਦਣਾ ਉਸ ਵਕਤ ਕਤਲ ਦੇ ਬਰਾਬਰ ਸੀ, “ ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਜਿਸ ਰਸਤੇ ਅਸੀਂ ਇਸ ਸੰਸਾਰ ਵਿਚ ਆਏ ਉਸੇ ਰਸਤੇ ਰਾਹੀਂ ਹੀ ਤੂੰ ਇਸ ਸੰਸਾਰ ਵਿਚ ਆਇਆ। ਤੇਰੀਆ ਨਾੜਾਂ ਵਿਚ ਕਿਹੜਾ ਦੁੱਧ ਹੈ ਤੇ ਸਾਡੇ ਲਹੂ। ਫਿਰ ਤੁੰ ਪੰਡਿਤ ਕਿਵੇਂ ਹੋਇਆ ਤੇ ਅਸੀਂ ਨੀਵੇ ਕਿਵੇਂ ਹੋਏ? ਇਹ ਲੋਕਾਂ ਨੂੰ ਜਗਾਉਣ ਵਾਲਾ ਸਿਧਾਂਤ ਨਹੀਂ ਤਾਂ ਹੋਰ ਕੀ ਹੈ?  ਭਗਤ ਰਵਿਦਾਸ; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345} ਕੀ ਇਹ ਰਾਜਨੈਤਿਕ ਅਵਸਥਾ ਦਾ ਜ਼ਿਕਰ ਨਹੀਂ? ਭਗਤ ਨਾਮਦੇਵ : ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਪੰਨਾ 1292॥ ਬ੍ਰਾਹਮਣ ਦੇ ਸਿਧਾਂਤ ਨੂੰ ਕੱਟਣਾ ਉਸ ਵਕਤ ਦਾ ਭਾਰੀ ਤੋਂ ਭਾਰੀ ਜ਼ੁਰਮ ਸੀ। ਕੀ ਭਗਤ ਨਾਮਦੇਵ ਜੀ ਜਾਗਰਤੀ ਲਿਆਉਣ ਵਾਸਤੇ ਕੋਈ ਕੰਮ ਕਰ ਰਹੇ ਹਨ ਜਾਂ ਨਹੀਂ? ਜੇਕਰ ਗੁਰੂ ਜੀ ਦੇ ਵਿਚਾਰ ਦੂਸਰੇ ਬਾਣੀਕਾਰਾਂ ਨਾਲ ਮੇਲ ਨਾ ਖਾਂਦੇ ਹੁੰਦੇ ਤਾਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿਚ ਦਰਜ਼ ਹੀ ਨਹੀਂ ਸੀ ਹੋਣੀ। ਡਾ. ਗੁਰਸ਼ਰਨ ਕੌਰ ਜੱਗੀ ਜੀ ਸਾਨੂੰ ਸਾਖੀਆਂ ਤੋਂ ਸੇਧ ਲੈ ਕੇ ਇਹ ਮੰਨਣ ਦੀ ਲੋੜ ਨਹੀਂ ਕਿ ਗੁਰੂ ਜੀ ਨੂੰ ਬਾਣੀ ਉਚਾਰਣ ਕਰਨ ਲਈ ਕੋਈ ਉਚੇਚ ਨਹੀਂ ਕਰਨੀ ਪਈ ਸਗੋਂ ਬਾਣੀ ਆਪ ਬੋਲ ਕੇ ਸਾਨੂੰ ਦੱਸ ਰਹੀ ਹੈ ਕਿ ਗੁਰੂ ਜੀ ਉੱਚ-ਕੋਟੀ ਦੇ ਕਵੀ, ਢਾਡੀ, ਨਵੀਂ ਕਿਸਮ ਦੀ ਮਨੁੱਖਤਾ ਦੇ ਘਾੜੇ ਅਤੇ ਸਿਧਾਂਤ-ਘਾੜੇ ਵੀ ਸਨ। ਉਹ ਪੂਰਨ ਮਨੁੱਖ ਸਨ।
ਗੁਰਬਚਨ ਸਿੰਘ ‘ਰਾਹੀ’ ਆਪਣੇ ਲੇਖ, “ ਜਪੁ ਜੀ-ਗੁਰਮਤਿ ਦਾ ਅਧਾਰ” ਵਿਚ ਲਿਖਦੇ ਹਨ; ‘ ਵੇਦਾਂਤ ਵਾਂਗ ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਕਰਮ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ।......। ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦਾ ਨਿਬੇੜਾ ਜਾਂ ਲੇਖਾ-ਜੋਖਾ ਪਰਮਾਤਮਾ ਦੀ ਦਰਗਾਹ ਵਿੱਚ ਜਰੂਰ ਦੇਣਾ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ, ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ। ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੁੰਦੇ ਹਨ, ਉਹ ਉਸ ਤੋਂ ਦੂਰ ਚਲੇ ਜਾਂਦੇ ਹਨ ਤੇ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ- ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ”॥ ਗੁਰਬਚਨ ਸਿੰਘ ਰਾਹੀ ਜੀ ਜਦੋਂ ਪਰਮਾਤਮਾ ਹਰ ਇਕ ਦੇ ਦਿਲ ਵਿਚ ਜਾਂ ਹਰ ਥਾਂ ਵੱਸਦਾ ਹੈ ਤਾਂ ਪਰਮਾਤਮਾ ਦੀ ਦਰਗਾਹ ਕਿਧਰੇ ਸੱਤਵੇਂ ਅਸਮਾਨ ਵਿਚ ਨਹੀਂ ਹੋ ਸਕਦੀ? ਪਰਮਾਤਮਾ ਦੀ ਦਰਗਾਹ ਵੀ ਅੱਜ ਹੈ ਅਤੇ ਇਸੇ ਜਨਮ ਵਿਚ ਅਤੇ ਇਹ ਦੁਨੀਆਂ ਹੀ ਪਰਮਾਤਮਾ ਦੀ ਦਰਗਾਹ ਹੈ। ਕਰਮਾਂ ਦੇ ਸਿਧਾਂਤ ਨੂੰ ਗੁਰਬਾਣੀ ਕੱਟਦੀ ਹੈ ਜਿਵੇਂ: ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਪੰਨਾ 748॥ ਭਗਤ ਕਬੀਰ ਜੀ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਜਦੋਂ ਇਸ ਸੰਸਾਰ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਪਹਿਲਾ ਮਨੁੱਖੀ ਜੀਵ ਕਿਹੜੇ ਕਰਮ ਕਰਕੇ ਇੱਥੇ ਆਇਆ? ॥ ਇਹ ਬ੍ਰਾਹਮਣ ਦੇ ਕਰਮ ਕਾਂਢ ਦੇ ਸਿਧਾਂਤ ਨੂੰ ਕੱਟਣਾ ਹੈ। ਖੰਡਨਾ ਹੈ ਮੰਡਨਾ ਨਹੀਂ। ਗੁਰੂ ਨਾਨਕ ਪਾਤਸਾਹ ਜਾਂ ਕਿਸੇ ਹੋਰ ਭਗਤ ਜਨ ਦਾ ਕਿਸੇ ਵੇਦਾਂਤ ਨਾਲ ਕੋਈ ਸੰਬੰਧ ਨਹੀਂ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਵੇਦਾਂਤ ਮੱਤ ਬਾਰੇ: ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920}
ਗੁਰਬਚਨ ਸਿੰਘ ਰਾਹੀ ਜੀ ਜੇਕਰ ਤੁਸੀਂ ਹਾਲੇ ਵੀ “ਵੇਦਾਂਤ ਵਾਂਗ ਗੁਰੂ ਨਾਨਕ ਵੀ ਕਰਮ ਸਿਧਾਂਤ ਵਿਚ ਵਿਸ਼ਵਾਸ਼ ਰੱਖਦੇ ਹਨ” ਲਿਖਣਾ ਹੈ ਤਾਂ ਇਸ ਸਵਾਲ ਦਾ ਜਵਾਬ ਦਿਓ ਜੀ : ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। ਵਾਰ 1, ਪਉੜੀ 45। ਰਾਹੀ ਜੀ ਤੁਹਾਡੇ ਲੇਖ ਦਾ ਨਾਮ ਹੀ ਬ੍ਰਾਹਮਣੀ-ਸੋਚ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਸਿਧਾਂਤ ਹਨ ਜੋ ਗੁਰੂ ਜੀ ਦੀ ਬਾਣੀ ‘ਜਪੁ’ ਵਿਚ ਨਹੀਂ ਹਨ। ਫਿਰ ‘ਜਪੁ’ ਗੁਰਮਤਿ ਦਾ ਅਧਾਰ ਕਿਵੇਂ ਹੋਇਆ?
ਇਸ ਤੋਂ ਅਗਲਾ ਲੇਖ “ ਆਸਾ ਦੀ ਵਾਰ: ਸੰਦੇਸ਼ ਤੇ ਸੰਚਾਰ” ਹੈ ਅੰਮ੍ਰਿਤਪਾਲ ਕੌਰ ਜੀ ਦਾ। ਇਸ ਵੀਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਆਸਾ ਵਿਚ ਦਰਜ਼ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਸਿਰਲੇਖ ਕੀ ਹੈ? ਜਦੋਂ ਅਸੀਂ ਇਸ ਵਾਰ ਨੂੰ “ ਆਸਾ ਦੀ ਵਾਰ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਵਾਰ ਦਾ ਕਰਤਾ ਕੋਈ ‘ਆਸਾ’ ਬਣ ਜਾਂਦਾ ਹੈ। ਆਸਾ ਕੋਈ ਲਿਖਾਰੀ ਨਹੀਂ। ਆਸਾ ਤਾਂ ਰਾਗ ਦਾ ਨਾਮ ਹੈ ਤੇ ਇਸ ਵਾਰ ਦਾ ਕਰਤਾ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਦਰਜ਼ ਹੈ: ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}॥ ਜਿਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਕਰਤਾ ਹੀ ਕਿਸੇ ਆਸੇ ਨੂੰ ਬਣਾ ਧਰਿਆ ਹੈ ਤਾਂ ਉਸਦੀ ਬਾਕੀ ਲਿਖਤ ਨੂੰ ਪੜ੍ਹਨ ਦਾ ਕੀ ਫਾਇਦਾ? ਬਾਕੀ ਦੇ ਲਿਖਾਰੀਆਂ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕੀਤਾ ਹੋਊ, ਪਤਾ ਨਹੀਂ, ਪਰ ਹੋਊ ਜ਼ਰੂਰ ਇਸੇ ਤਰ੍ਹਾਂ ਦਾ। ਇਸ ਕਰਕੇ ਇਸ ਕਿਤਾਬ, “ਸ੍ਰੀ ਗੁਰੂ ਨਾਨਕ ਦੇਵ ਜੀ (1469- 1539 ਈ.)” ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਤੇ ਹੋਰ ਸਮਾਂ ਬਰਬਾਦ ਕਰਨ ਦਾ ਕੀ ਮਕਸਦ?
ਸਿੱਖ ਭਰਾਵੋ! ਜੇਕਰ ਬਾਬਾ ਜੀ ਬਾਰੇ ਕੁੱਝ ਸੱਚਾ-ਸੁੱਚਾ ਜਾਨਣਾ ਚਾਹੁੰਦੇ ਹੋ ਤਾਂ ਬਾਬਾ ਜੀ ਦੀ ਲਿਖਤ ਨੂੰ ਕਲਾਵੇ ਵਿਚ ਲਓ, ਜੱਫੀ ਪਾਓ ਮਤਲਬ ਪੜ੍ਹੋ, ਸਮਝੋ ਅਤੇ ਅਮਲੀ ਜਾਮਾ ਪਹਿਨਾਵੋ। ਛੱਡੋ ਸਾਖੀਆਂ, ਜਨਮ ਸਾਖੀਆਂ ਤੇ ਲੋਕਾਂ ਦੀਆਂ ਲਿਖੀਆਂ ਮਨ- ਘੜਤ ਗੱਪਾਂ ਨੂੰ ਜੋ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਨੂੰ ਕਲੰਤ ਹੀ ਨਹੀਂ ਕਰਦੀਆਂ ਸਗੋਂ ਸਿੱਖੀ ਦਾ ਵੀ ਭੋਗ ਪਾ ਰਹੀਆਂ ਹਨ ਅਤੇ ਬਚੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਜੋ ਪੈਸੇ ਪਿੱਛੇ ਬਰਾਛਾਂ ਵਿਚੋਂ ਲਾਅਲਾਂ ਵਗਾ ਕੇ ਆਪਣੀਆਂ ਕਮੀਜ਼ਾਂ ਗਿਲੀਆਂ ਕਰੀ ਜਾ ਰਹੇ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132

ਭਾਈ ਵੀਰ ਸਿੰਘ ਦੀ ਅਸਲੀਅਤ - ਗੁਰਚਰਨ ਸਿੰਘ (ਜਿਉਣ ਵਾਲਾ)

ਸੰਤ ਕਵੀ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਵੀਰ ਸਿੰਘ ਦੀ ਅਸਲੀਅਤ ਤਾਂ ਕੁੱਝ ਹੋਰ ਹੀ ਹੈ। 1987 ਵਿਚ ਜਦੋਂ ਮੈਂ ਦਿੱਲੀ ਰਹਿਣਾ ਸ਼ੁਰੂ ਕੀਤਾ ਤਾਂ ਬੰਗਲਾ ਸਾਹਿਬ ਗੁਰਦੁਆਰਾ ਵਿਚੋਂ ਬਾਹਰ ਆਉਂਦੇ ਸਮੇਂ ਮੇਰੀ ਨਜ਼ਰ ‘ਭਾਈ ਵੀਰ ਸਿੰਘ ਰੋਡ’ ਦੇ ਬੋਰਡ ਤੇ ਪਈ। ਮੇਰਾ ਦਫਤਰ ਭਾਈ ਵੀਰ ਸਿੰਘ ਸਦਨ ਦੇ ਬਿਲਕੁਲ ਨਜ਼ਦੀਕ ਸੀ ਇਸ ਕਰਕੇ ਇਹ ਫੁਰਨਾ ਮਨ ਵਿਚ ਆਇਆ ਕਿ ਪਤਾ ਕਰੀਏ ਕਿ ਭਾਈ ਵੀਰ ਸਿੰਘ ਜੀ ਕੌਣ ਸਨ?
ਇਕ ਦਿਨ ਬੰਗਲਾ ਸਾਹਿਬ ਗੁਰਦੁਆਰੇ ਗਿਆ ਤਾਂ ਸਿੱਖ ਰਹਿਤ ਮਰਯਾਦਾ ਹੱਥ ਲੱਗੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਲਾਗੂ ਕਰਨ ਹਿੱਤ, ਸਿੱਖ ਰਹਿਤ ਮਰਯਾਦਾ ਦਾ ਇਕ ਖਰੜਾ ਤਿਆਰ ਕਰਨ ਲਈ, ਇਕ ਸਬ-ਕਮੇਟੀ ਬਣਾਈ ਸੀ ਜਿਸਦੇ ਮੈਂਬਰਾਂ  ਦੀ ਲਿਸਟ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਗਿਆਰਵੇਂ ਸਥਾਨ ਤੇ ਦਰਜ ਵੇਖ ਕੇ ਮੇਰੇ ਮਨ ਵਿਚ ਹੋਰ ਉੱਤਸੁਕਤਾ ਜਾਗ ਪਈ ਕਿ ਭਾਈ ਵੀਰ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਬਾਰੇ ਪਤਾ ਕੀਤਾ ਜਾਵੇ? ਸਿੱਖੀ ਨੂੰ ਸਮਰਪਤ ਸਿੱਖਾਂ ਨਾਲ ਗੱਲਬਾਤ ਕਰਨ ਉਪਰੰਤ ਅਤੇ ਘੋਖ ਪੜਤਾਲ ਕਰਨ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਸਾਫ-ਸੁਥਰੀ ਨਹੀਂ ਸੀ, ਸਗੋਂ ਉਹ ਸਿੱਖਾਂ ਵਿਚ ਘੁਸਪੈਠੀਏ ਸਨ।ਕਿਵੇਂ?
 1. ਸਿੱਖ ਦੀ ਤਾਰੀਫ ਵਿਚ “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸ਼ਚਾ ਰੱਖਦਾ ਹੋਵੇ ਉਹ ਸਿੱਖ ਹੈ” ਦਰਜ ਕਰਾਉਣ ਵਾਲਾ ਭਾਈ ਵੀਰ ਸਿੰਘ ਹੈ। ਜਦੋਂ ਸਾਨੂੰ ਸਪੱਸ਼ਟ ਰੂਪ ਵਿਚ ਇਹ ਪਤਾ ਹੈ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦੀ ਕੋਈ ਬਾਣੀ ਨਹੀਂ ਮਿਲਦੀ ਤਾਂ ਫਿਰ ਇਹ ਲਿਖ ਦੇਣਾ ਕਿ ਦਸ ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣ ਵਾਲਾ ਸਿੱਖ ਹੈ, ਠੀਕ ਨਹੀਂ ਸਗੋਂ ਗਲਤ ਹੈ। ਦਸਮ ਗ੍ਰੰਥ (ਜੋ ਅੱਜ ਸਿੱਖਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਹੱਥ ਦੇ ਨਸੂਰ ਵਾਂਗੂ ਤੇ ਕਣਕ ਦੇ ਘੁਣ ਵਾਂਗੂ ਸਿੱਖੀ ਨੂੰ ਖਾਈ ਜਾ ਰਿਹਾ ਹੈ) ਨੂੰ ਸਾਡੇ ਗਲ ਮੜਨ ਵਾਲਾ ਹੋਰ ਕੋਈ ਨਹੀਂ, ਸਗੋਂ ਇਹ ਕਰਾਮਾਤ ਭਾਈ ਵੀਰ ਸਿੰਘ ਤੋਂ ਬਗੈਰ ਹੋਰ ਕੋਈ ਕਰ ਹੀ ਨਹੀਂ ਸਕਦਾ।
 2. ਨਿੱਤਨੇਮ ਦੀਆਂ ਪੰਜ ਬਾਣੀਆਂ, ਗੁਰੂ ਗ੍ਰੰਥ ਸਾਹਿਬ ਵਿਚੋਂ ਜਪੁ ਜੀ ਅਤੇ ਅਨੰਦ ਸਾਹਿਬ ਪਰ ਦਸਮ ਗ੍ਰੰਥ, ਜਿਸ ਦੇ ਕਰਤੇ ਦਾ ਕੋਈ ਪਤਾ ਨਹੀਂ, ਵਿਚੋਂ ਤਿੰਨ ਬਾਣੀਆਂ ਜਾਪੁ, ਸਵੱਯਏ ਅਤੇ ਚੌਪਈ ਨਿਸਚਤ ਕਰਨ ਵਾਲਾ ਵੀ ਭਾਈ ਵੀਰ ਸਿੰਘ ਹੀ ਹਨ। ਸਿੱਖ ਰਹਿਤ ਮਰਯਾਦਾ, ਜੋ 1942-45 ਵਿਚ ਲਾਗੂ ਹੋਈ ਸੀ, ਤੋਂ ਪਹਿਲਾਂ ਦਾ ਕੋਈ ਵੀ ਸਬੂਤ ਨਹੀਂ ਮਿਲਦਾ, ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ ਅਤੇ ਨਿਤਨੇਮ ਕੀ ਸੀ? ਪਹਿਲੋ-ਪਹਿਲ ਕੇਸਰ ਸਿੰਘ ਛਿਬਰ ਨੇ ਜਪੁ ਅਤੇ ਅਨੰਦ ਬਾਣੀ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਮੁਨਸ਼ੀ ਖੁਸ਼ਵਕਤ ਰਾਇ ਨੇ ਪੰਜ ਸਵੈਯੀਆਂ ਦਾ ਜ਼ਿਕਰ ਕੀਤਾ(ਪਰ ਕਿਹੜੇ)। ਰਾਜ ਕਵੀ ਭਾਈ ਸੰਤੋਖ ਸਿੰਘ ਨੇ ਇਨ੍ਹਾਂ ਦੋਹਾਂ ਲਿਖਾਰੀਆਂ ਦੀਆਂ ਲਿਖਤਾਂ ਮੁਤਾਬਕ ਆਪਣੇ ਗ੍ਰੰਥ “ਗੁਰ ਪ੍ਰਤਾਪ ਸੂਰਜ” ਵਿਚ ਜਪੁ ਜੀ, ਅਨੰਦ ਸਾਹਿਬ, ਅਤੇ ਪੰਜ ਸਵੈਯੀਆਂ ਨੂੰ ਜੋੜ ਦਿੱਤਾ, ਜੋ ਬਾਅਦ ਵਿਚ ਨਿਰਮਲੇ ਸੰਤ ਭੂਪ ਸਿੰਘ ਮੁਤਾਬਕ ਅੱਜ ਵਾਲੀਆਂ ਪੰਜ ਬਾਣੀਆਂ ਬਣ ਗਈਆਂ (ਹਵਾਲਾ ਪ੍ਰੇਮ ਸੁਮਾਰਗ ਗ੍ਰੰਥ ਰੀਸਰਚ ਸਕਾਲਰ ਭਾਈ ਰਣਧੀਰ ਸਿੰਘ)। ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ 13 ਪੰਨੇ ਹੀ ਸਿੱਖ ਦੀ ਨਿੱਤਨੇਮ ਦੀ ਬਾਣੀ ਹੈ। ਸਿੱਖੋ ਕੁੱਝ ਹੋਸ਼ ਕਰੋ! ਪੰਜਾਂ ਬਾਣੀਆਂ ਵਿਚੋਂ ਤਿੰਨ ਬਾਣੀਆਂ ਤਾਂ ਦਸਮ ਗ੍ਰੰਥ ਵਿਚੋਂ ਹਨ ਜਿਨ੍ਹਾਂ ਦੇ ਲਿਖਾਰੀਆਂ ਦੇ ਨਾਮ ਹਨ: ਰਾਮ, ਸ਼ਾਮ, ਸਿਯਾਮ, ਕਲ, ਆਤਮਾ ਰਾਮ ਅਤੇ ਬੁੱਧ। ਇਹ ਸਿਰਫ ਅਖੌਤੀ ਨਾਮ ਹਨ ਅਸਲ ਲਿਖਾਰੀ ਕੋਈ ਹੋਰ ਹਨ। ‘ਨਿਤਨੇਮ’ ਦਾ ਮਤਲਬ ਇਹ ਨਹੀਂ ਕਿ ਇਹੋ ਪੰਜ ਬਾਣੀਆਂ ਹੀ ਹਰ ਰੋਜ਼ ਪੜ੍ਹਨੀਆਂ ਹਨ ਸਗੋਂ ‘ਨਿਤਨੇਮ’ ਦਾ ਮਤਲਬ ਹੈ ਹਰ ਰੋਜ਼ ਬਾਣੀ ਪੜ੍ਹਨੀ, ਗੁਰਬਾਣੀ ਭਾਂਵੇਂ ਕੋਈ ਵੀ ਹੋਵੇ। ਇਸੇ ਕਰਕੇ ਹੀ ਤਾਂ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਚੁੱਕੇ ਹਾਂ, ਕਿਉਂਕਿ ਪੰਜ ਬਾਣੀਆਂ ਪੜ੍ਹਨ ਵਾਸਤੇ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਪੜ੍ਹਨਾ ਹੋਇਆ?
3. ਭੋਗ ਦੇ ਸਿਰਲੇਖ ਹੇਠਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ ਇਹ ਮਤਾ ਸ਼੍ਰੋ. ਗੁ. ਪ੍ਰ. ਕਮੇਟੀ ਨੇ 1936 ਵਿਚ ਪਾਸ ਕੀਤਾ ਅਤੇ ਰਾਗਮਾਲਾ ਦਾ ਟੈਂਟਾ ਵੱਢਿਆ। ਅੱਜ ਵੀ ਅਕਾਲ-ਤਖਤ ਸਾਹਿਬ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਪਰ ਦਰਬਾਰ ਸਾਹਿਬ ਦੇ ਕੰਟਰੋਲ ਹੇਠਾਂ ਚੱਲ ਰਹੇ ਅਖੰਡ-ਪਾਠਾਂ ਦੇ ਭੋਗ ਤੇ ਰਾਗਮਾਲਾ ਪੜ੍ਹੀ ਜਾਂਦੀ ਹੈ। ਸਿੱਖ ਸਿਧਾਂਤ ਇਕ ਹੈ ਤੇ ਦੋਗਲੀ ਨੀਤੀ ਨੂੰ ਕੋਈ ਥਾਂ ਨਹੀਂ। ਪਰ ਭਾਈ ਵੀਰ ਸਿੰਘ ਜੀ ਆਪਣੀ ਵਜ਼ੀਰ ਹਿੰਦ ਪ੍ਰੈਸ ਵਿਚ 250 ਕੁ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪ ਕੇ ਬੈਠੇ ਹੋਏ ਸਨ ਇਸ ਕਰਕੇ 1945 ਵਿਚ ਰਾਜਸੀ ਦਬਾਓ ਪੈਣ ਕਰਕੇ ਪਹਿਲਾ ਫੈਸਲਾ ਬਦਲ ਕੇ ਇਹ ਲਿਖ ਦਿੱਤਾ ਗਿਆ ਕਿ ਭੋਗ ਪ੍ਰਚੱਲਤ ਸਥਿੱਤੀ (ਰਾਗਮਾਲ ਪੜ੍ਹਕੇ ਜਾਂ ਰਾਗਮਾਲਾ ਪੜ੍ਹਨ ਤੋਂ ਬਗੈਰ) ਮੁਤਾਬਕ ਪਾਇਆ ਜਾਵੇ। ਇਸ ਗੱਲ ਬਾਬਤ ਪੰਥ ਵਿਚ ਅਜੇ ਤਕ ਮੱਤਭੇਦ ਹੈ ਅਤੇ ਇਸ ਕਰਕੇ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਕੋਈ ਹੀਆ ਨਾ ਕਰੇ। ਭਾਈ ਵੀਰ ਸਿੰਘ ਸਿੱਖ ਰਹਿਤ ਮਰਯਾਦਾ ਵਿਚ ਇਹ ਸਤਰਾਂ ਪਾਉਣ ਵਿਚ ਸਫਲ ਹੋ ਗਏ। ਆਪ ਇਸ ਸੰਸਾਰ ਤੋਂ ਕੂਚ ਕਰ ਗਏ ਪਰ ਰਾਗਮਾਲਾ ਨੂੰ ਪੰਥ ਦੇ ਗਲੇ ਦੀ ਹੱਡੀ ਬਣਾ ਗਏ ਜਿਹੜੀ ਸ਼ਾਇਦ ਹੀ ਕਦੇ ਨਿਕਲੇ।
 4. ਅਰਦਾਸ ਵਾਰ ਦੁਰਗਾ ਦੀ ਪਹਿਲੀ ਪਉੜੀ ਨਾਲ ਸ਼ੁਰੂਆਤ ਕਰਨ ਵਿਚ ਵੀ ਪੜ੍ਹੇ-ਲਿਖੇ ਭਾਈ ਵੀਰ ਸਿੰਘ ਜੀ ਦਾ ਹੱਥ ਹੈ ਜੋ ਗੁਰਮਤਿ ਮੁਤਾਬਕ ਨਹੀਂ, ਸਗੋਂ ਵਿਪਰੀਤ ਹੈ।
 5. ਭਾਈ ਵੀਰ ਸਿੰਘ ਜੀ ਦੇ ਚਲਾਣਾ ਕਰਨ ਉਪਰੰਤ ਇਨ੍ਹਾਂ ਦੀ ਵਜ਼ੀਰ ਹਿੰਦ ਪ੍ਰੈਸ ਵਿਚੋਂ 155 ਹੱਥ ਲਿਖਤ ਖਰੜੇ ਮਿਲੇ ਹਨ, ਜੋ ਭਾਈ ਜੀ ਨੇ ਨਾ ਤਾਂ ਛਾਪੇ ਅਤੇ ਨਾ ਹੀ ਇਨ੍ਹਾਂ ਲਿਖਤਾਂ ਦੇ ਲਿਖਾਰੀਆਂ ਨੂੰ ਇਹ ਖਰੜੇ ਵਾਪਸ ਕੀਤੇ। ਇਸ ਬਾਰੇ ਕੁੱਝ ਕਹਿਣ ਤੋਂ ਪਹਿਲਾਂ ਸਾਨੂੰ ਭਾਈ ਜੀ ਦੇ ਨਾਮ ਨਾਲੋਂ ਸੰਤ ਕਵੀ ਵਿਸ਼ੇਸ਼ਣ ਨੂੰ ਜ਼ਰੂਰ ਹਟਾ ਲੈਣਾ ਚਾਹੀਦਾ ਹੈ।
 6. ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ਚੋਰੀ ਕਰਨ ਵਾਲੇ ਭਾਈ ਵੀਰ ਸਿੰਘ, ਚੋਰ/ਸਾਧ/ ਸੰਤ ਕਵੀ ਹੋ ਸਕਦੇ ਹਨ, ਬਾਰੇ ਤਾਂ ਆਪਾਂ ਗਿਆਨੀ ਜੀ ਦੀ ਹੱਥ ਲਿਖਤ ਰਾਹੀਂ ਹੀ ਸਮਝ ਗਏ ਹਾਂ।
 7. ਧਨੀ ਰਾਮ ਚਾਤ੍ਰਿਕ ਜੀ ਪਹਿਲਾਂ ਵਜ਼ੀਰ ਹਿੰਦ ਪ੍ਰੈਸ ਤੇ ਹੀ ਕੰਮ ਕਰਦੇ ਸਨ। ਜਦੋਂ ਭਾਈ ਵੀਰ ਸਿੰਘ ਜੀ ਨੇ ਧਨੀਰਾਮ ਜੀ ਦੀਆਂ ਕਵਿਤਾਵਾਂ ਆਪਣੇ ਨਾਮ ਥੱਲੇ ਹੀ ਛਾਪ ਦਿੱਤੀਆਂ ਤਾਂ ਧਨੀ ਰਾਮ ਚਾਤ੍ਰਿਕ ਜੀ ਇਨ੍ਹਾਂ ਨੂੰ ਛੱਡ ਕੇ ਵੱਖ ਹੋ ਗਏ ਤੇ ਉਨ੍ਹਾਂ ਨੇ ਆਪਣੀ ਪ੍ਰੈਸ ਅਲੱਗ ਲਗਾ ਲਈ।
 8. ਹੇਮਕੁੰਟ ਨੂੰ ਸਿੱਖਾਂ ਦੇ ਗਲ ਮੜ੍ਹਨ ਵਾਲੇ ਵੀ ਇਹੀ ਭਾਈ ਵੀਰ ਸਿੰਘ ਹਨ। ਆਪਣੀਆਂ ਲਿਖਤਾਂ ਵਿਚ ਇਹ ਲਿਖਦੇ ਹਨ ਕਿ ਹੇਮਕੁੰਟ ਦਾ ਰਿਕਾਰਡ ਇਨ੍ਹਾਂ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲਿਆ, ਜਦੋਂ ਕਿ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇਕ ਵੀ ਸਿੱਖ ਨੂੰ ਕਦੀ ਵੀ ਹੇਮਕੁੰਟ ਬਾਰੇ ਕੁੱਝ ਨਹੀਂ ਦੱਸਿਆ। ਆਪਣੇ ਪਿਛਲੇ ਜਨਮ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਉਹ ਕੀ ਸੀ, ਜਾਂ ਕਿੱਥੇ ਸੀ, ਜਾਂ ਕੀ ਕਰਦਾ ਸੀ। ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਪੰਨਾ 156॥ ਇਹ ਵੀ ਹਿੰਦੂ ਮੱਤ ਦਾ ਹੀ ਅੰਗ ਹੈ। ਕਥਾ-ਸਰਿਤਸਾਗਰ ਸਨਾਤਨੀਆਂ ਦਾ ਗ੍ਰੰਥ ਹੈ ਤੇ ਰਾਜੇ –ਮਹਾਂਰਾਜਿਆਂ ਬਾਰੇ, ਜੋ ਆਪ ਲਿਖਾਰੀ ਨਹੀਂ ਸਨ, ਹੋਰ ਲੋਕ ਉਨ੍ਹਾਂ ਬਾਰੇ ਕਹਾਣੀਆਂ ਬਣਾ-ਬਣਾ ਲਿਖਦੇ ਸਨ ਅਤੇ ਮਨ ਭਾਉਂਦੇ ਇਨਾਮ ਪ੍ਰਾਪਤ ਕਰਦੇ ਸਨ। 1925 ‘ਚ ਸੱਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਰਵਾਲਸਰ, ਮੰਡੀ ਸੁਕੇਤ, ਹਿਮਾਚਲ ਪ੍ਰਦੇਸ ਵਿਚ ਸੁੰਦਰ ਨਗਰ ਡੈਮ ਦੇ ਕੋਲ ਇਕ ਹੇਮਕੁੰਟ ਬਣਾਇਆ ਸੀ, ਪਰ ਉਹ ਸਫਲ ਨਾ ਹੋ ਸਕਿਆ। ਇਸ ਕਰਕੇ 1930 ਤੋਂ ਬਾਅਦ ਹੀ ਭਾਈ ਵੀਰ ਸਿੰਘ ਜੀ ਨੇ ਅੱਜ ਵਾਲਾ ਹੇਮਕੁੰਟ ਜ਼ਾਹਰ ਕੀਤਾ, ਜੋ ਸਨਾਤਨ-ਧਰਮ ਦੇ ਚਾਰੋ-ਧਾਮਾਂ ਦੇ ਰਸਤੇ ਵਿਚ ਪੈਂਦਾ ਹੈ। 1925 ਵਾਲੇ ਹੇਮਕੁੰਟ ਬਾਰੇ ਸੂਚਨਾ ਭਾਈ ਵੀਰ ਸਿੰਘ ਜੀ ਨੂੰ ਆਪਣੀ ਨਾਨੀ ਦੇ ਬਸਤੇ ਵਿਚੋਂ ਅਤੇ ਅੱਜ ਵਾਲੇ ਹੇਮਕੁੰਟ ਬਾਰੇ ਜਾਣਕਾਰੀ ਭਾਈ ਜੀ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲੀ?
9. ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਜੋ ਸ਼ਟਮ ਚਮਤਕਾਰ ਅਤੇ ਦਸਮ ਚਮਤਕਾਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ, ਉਹ ਭਾਈ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਜ਼ਿਆਦਾਤਰ ਨਕਲ ਕਰਕੇ ਤਿਆਰ ਕੀਤੀਆਂ ਹਨ ਅਤੇ ਜ੍ਹਿਨਾਂ ਦਾ ਵੀ ਸਿੱਖੀ ਨਾਲ ਦੂਰ ਦਾ ਸਬੰਧ ਨਹੀਂ। ਉਨ੍ਹਾਂ ਵਿਚ ਸਿੱਖੀ ਵਾਲੀ ਤਾਂ ਕੋਈ ਗੱਲ ਨਹੀਂ, ਪਰ ਚਮਤਕਾਰ ਜ਼ਰੂਰ ਲੱਭ ਪੈਣਗੇ। ਭਾਈ ਵੀਰ ਸਿੰਘ ਜੀ ਚਮਤਕਾਰਾਂ ਦੀ ਗੱਲ ਕਰਦੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਾਦੀ-ਹਾਥੀ ਅਤੇ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਸਿੱਖ ਭੁੱਖ ਦੇ ਦੁੱਖ ਨਾਲ ਅਨੰਦਪੁਰੀ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਗੁਰੂ ਜੀ ਨੇ ਕਿਸੇ ਚਮਤਕਾਰ ਨਾਲ ਨਾਂ ਤਾਂ ਪ੍ਰਸਾਦੀ ਹਾਥੀ ਵਾਸਤੇ ਦੋ ਪੰਡਾਂ ਘਾਹ ਦੀਆਂ ਤਿਆਰ ਕੀਤੀਆਂ ਅਤੇ ਨਾਂ ਹੀ ਆਪਣੇ ਸਿੱਖਾਂ ਦੇ ਖਾਣ ਵਾਸਤੇ ਮਣ ਦੋ ਮਣ ਛੋਲੇ ਪੈਦਾ ਕੀਤੇ।
10. ਭਾਈ ਵੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਆਰਟਿਸਟ ਸੋਭਾ ਸਿੰਘ ਨੇ ਦਸ ਗੁਰੂ ਸਹਿਬਾਨ ਦੀਆਂ ਤਸਵੀਰਾਂ, ਜੋ ਗੁਰਮਿਤ ਅਨਕੂਲ ਨਹੀਂ ਹਨ, ਸਿੱਖਾਂ ਦੇ ਗਲ ਮੜੀਆਂ। ਗੁਰੂ ਸਹਿਬਾਨ ਦੇ ਗਲਾਂ ਵਿਚ ਮਾਲਾ, ਹੱਥਾਂ ਵਿਚ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਅਨਕੂਲ ਨਹੀਂ। ਲੰਮੇ ਪੈਂਡਿਆਂ ਤੇ ਹਰ ਰੋਜ਼ ਦੇ ਸਫਰ ਕਰਕੇ ਗੁਰੂ ਜੀ ਦੀ ਦਾਹੜੀ ਕਰੜ-ਬਰੜੀ, ਖੁਸ਼ਕ ਤੇ ਬਿਖੜੀ ਜਿਹੀ ਹੋਣੀ ਚਾਹੀਦੀ ਸੀ, ਪਰ ਸੋਭਾ ਸਿੰਘ ਨੇ ਮਖਮਲੀ ਤੇ ਮਲਾਇਮ ਦਾਹੜੀ ਵਿਖਾਈ ਹੈ ਇਹ ਵੀ ਹਾਲਾਤ ਮੁਤਾਬਕ ਠੀਕ ਨਹੀਂ। ਹਰ ਰੋਜ਼ ਦੀ ਮੁਸੱਕਤ ਤੇ ਕਈ ਕਈ ਮੀਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਚੇਹਰੇ ਦੀ ਸੁੱਕੀ ਹੋਈ ਚਮੜੀ ਨਾ ਦਿਖਾ ਕੇ ਸਗੋਂ ਸ਼ੇਰਾਂ ਵਾਲੀ ਮਾਤਾ ਵਰਗੇ ਲਾਲ-ਗੁਲਾਬੀ ਹੋਠ ਤੇ ਗੱਲ੍ਹਾਂ, ਫਟੇ ਪੁਰਾਣੇ ਜਾਂ ਖੱਦਰ ਦੇ ਮਿਹਨਤਕਸ਼ ਲੋਕਾਂ ਵਾਲੇ ਬਸਤਰ ਨਾ ਪਹਿਨਾ ਕੇ ਦੁਰਗਾ ਮਾਤਾ ਵਰਗੇ ਰੇਸ਼ਮੀ ਬਸਤਰ, ਵਿਆਈਆਂ ਨਾਲ ਫਟੀਆਂ ਅੱਡੀਆਂ ਨਾ ਦਿਖਾ ਕੇ ਕਿਸੇ ਰਾਜੇ ਦੀ ਰਾਣੀ ਦੀਆਂ ਅੱਡੀਆਂ ਵਰਗੀਆਂ ਅੱਡੀਆਂ। ਜਿਸ ਗੁਰੂ ਨੂੰ ਚਮਕੌਰ ਦੀ ਲੜਾਈ ਦੇ ਦਿਨ ਤੋਂ ਪਹਿਲੇ ਸੱਤ ਦਿਨ ਸੌਣ ਦਾ ਮੌਕਾ ਵੀ ਨਾ ਮਿਲਿਆ ਹੋਵੇ, ਕੀ ਉਸਦੀ ਦਾਹੜੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਜਿਸ ਤਰ੍ਹਾਂ ਦੀ ਅਸੀਂ ਅੱਜ ਦੇਖਦੇ ਹਾਂ? ਇਹ ਸਾਰਾ ਕੁੱਝ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਤੇ ਇਸ ਦੇ ਜ਼ੁਮੇਵਾਰ ਭਾਈ ਵੀਰ ਸਿੰਘ ਹਨ।
ਹੋਰ ਵੀ ਬਹੁਤ ਸਾਰੇ ਕਾਰਣ ਲੱਭੇ ਜਾ ਸਕਦੇ ਹਨ। ਇਸੇ ਹੀ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ (ਡੀ.ਲਿਟ) ਆਪਣੀ ਜੀਵਨੀ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਲਇਆਂ ਬਗੈਰ, ਪਰ ਅੰਮ੍ਰਿਤਸਰ ਦਾ ਪ੍ਰਸਿੱਧ ਲਿਖਾਰੀ ਕਰਕੇ ਸਾਨੂੰ ਇਸ਼ਾਰਾ ਕਰਦੇ ਹਨ, ਕਿ ਜੇ ਕਰ ਡਾ. ਰਣ ਸਿੰਘ ਮੈਨੂੰ ਇਸ਼ਾਰਾ ਨਾ ਕਰਦੇ ਤਾਂ ਮੈਂ ਵੀ ਆਪਣੀ ਗੁਰਬਾਣੀ ਵਿਆਕਰਣ ਵਾਲੀ ਪੁਸਤਕ ਭਾਈ ਵੀਰ ਸਿੰਘ ਜੀ ਨੂੰ ਦੇ ਬਹਿਣੀ ਸੀ। ਜਦੋਂ ਮੈਂ ਦਿੱਲੀ ਰਹਿੰਦਾ ਸੀ ਤਾਂ ਕੋਈ 1993-94 ‘ਚ ਪੰਜਾਬੀ ਟਰੀਬਿਊਨ ਵਿਚ ‘ਭਾਈ ਵੀਰ ਸਿੰਘ ਦਾ ਦੂਜਾ ਪਾਸਾ’ ਲੇਖ ਪੜ੍ਹਨ ਨੂੰ ਮਿਲਿਆ ਤੇ ਇਸ ਦੇ ਸਕੇ ਸਬੰਧੀਆਂ ਦੀ ਜ਼ਬਾਨੀ, “ਭਾਈ ਵੀਰ ਸਿੰਘ ਦਾ ਸਰਕਾਰੇ ਦਰਬਾਰੇ ਬੈਠਣ ਉੱਠਣ ਸੀ ਤੇ ਅਸੀਂ ਅਣਪੜ੍ਹ ਲੋਕ ਕੁੱਝ ਜਾਣਦੇ ਬੁੱਝਦੇ ਵੀ ਨਹੀਂ ਸੀ, ਇਸ ਕਰਕੇ ਉਹ ਤਾਂ ਸਾਡੀਆਂ ਜ਼ਮੀਨਾਂ ਵੀ ਆਪਣੇ ਹੀ ਨਾਮ ਲਵਾ ਗਿਆ”। ਗੁਰੂ ਪਿਆਰੇ ਸਿੱਖ ਭਰਾਵੋ! ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਭਾਈ ਵੀਰ ਸਿੰਘ ਜੀ ਕੌਣ ਸਨ?

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। + 647 966 3132