'ਗੁਰੂਆਂ ਦੀ ਚਰਨ ਛੋਹ ਧਰਤੀ'- ਮੇਜਰ ਸਿੰਘ ਬੁਢਲਾਡਾ
'ਗੁਰੂਆਂ' ਦੀ ਚਰਨ ਛੋਹ ਧਰਤੀ ਨੂੰ,
ਕਿਉਂ ਇਥੋਂ ਦੇ ਜਾਏ ਛੱਡ ਰਹੇ ਨੇ ?
ਛੱਡ ਮਾਪੇ ਭੈਣ ਭਰਾ ਰਿਸ਼ਤੇਦਾਰਾਂ ਨੂੰ,
ਇਹ ਵਿਦੇਸ਼ਾਂ ਦੇ ਵੱਲ ਭੱਜ ਰਹੇ ਨੇ।
ਇਹ ਧਰਤੀ ਛੱਡਣ ਲਈ ਜਾਇਦਾਦਾਂ ਵੇਚ ਰਹੇ,
ਕੁਝ ਕਿਸੇ ਅੱਗੇ ਝੋਲੀਆਂ ਅੱਡ ਰਹੇ ਨੇ।
ਕੁਝ ਸਮਰੱਥ ਨੇ ਆਪਣੇ ਸਿਰ ਤੇ,
ਜਾ ਵਿਦੇਸ਼ ਦੇ ਵਿੱਚ ਸਜ ਰਹੇ ਨੇ।
ਜਿਹਨਾਂ ਤੇ ਦੋਸ਼ ਗੁਲਾਮ ਬਣਾਕੇ ਰੱਖਣ ਦਾ,
ਗੋਰੇ ਉਥੇ ਨਾ ਕਿਸੇ ਨੂੰ ਗੁਲਾਮ ਬਣਾਉਂਦੇ ਨੇ।
ਉਹ ਲੋਕ ਆਪਣਿਆਂ ਤੋਂ ਚੰਗੇ ਲਗਦੇ ਨੇ,
'ਮੇਜਰ' ਲੋਕ ਤਾਹੀਂ ਉਹਨਾਂ ਨੂੰ ਚਾਹੁੰਦੇ ਨੇ।
ਮੇਜਰ ਸਿੰਘ ਬੁਢਲਾਡਾ
94176 42327
'ਹੁਕਮ ਵਜਾਉਂਦੇ ਸੀ ਜਥੇਦਾਰ' - ਮੇਜਰ ਸਿੰਘ ਬੁਢਲਾਡਾ
'ਅਕਾਲੀ ਦਲ' 105 ਸਾਲ ਪੁਰਾਣੀ ਪਾਰਟੀ,
ਡੁੱਬਕੀਆਂ ਲਾਉਂਦੀ ਫਿਰੇ ਮੱਝਧਾਰ ਯਾਰੋ।
ਕਿਉਂਕਿ ਪ੍ਰਕਾਸ਼ ਬਾਦਲ ਨੇ ਨਾਲ ਦੇ ਛੱਡ ਸਾਥੀ,
ਸਿਰਫ਼ ਆਪਣੇ ਫਰਜ਼ੰਦ ਨੂੰ ਕੀਤਾ ਸੀ ਤਿਆਰ ਯਾਰੋ।
ਜਿਸਨੇ ਸਤਾ ਦੇ ਨਸ਼ੇ 'ਚ ਗੁਰੂ ਨੂੰ ਟਿੱਚ ਜਾਣਿਆ,
ਜਿਸਦਾ ਹਰ ਹੁਕਮ ਵਜਾਉਂਦੇ ਸੀ ਜਥੇਦਾਰ ਯਾਰੋ।
ਅੱਜ ਉਹਨਾਂ ਹੀ ਜਥੇਦਾਰਾਂ ਸੁਖਬੀਰ ਬਾਦਲ,
ਦੇ ਦਿੱਤਾ ਹੈ 'ਤਨਖਾਹੀਆ' ਕਰਾਰ ਯਾਰੋ।
ਇਸ ਜਰਨੈਲ ਬਿਨਾਂ ਨਾ ਪਾਰਟੀ ਅੰਦਰ,
ਹੈ ਨਹੀਂ ਕੋਈ ਲੀਡਰ ਤਾਕਤਵਰ ਯਾਰੋ।
ਜੋ ਆਈ ਵੱਡੀ ਪੱਤਝੜ੍ਹ ਪਾਰਟੀ 'ਤੇ,
ਮੁੜਕੇ ਲੈ ਆਵੇ ਫੇਰ ਬਹਾਰ ਯਾਰੋ।
ਅੱਜ ਬੁਰੀ ਤਰਾਂ ਫਸ ਗਈ ਪਾਰਟੀ ਨੂੰ,
ਕੋਈ ਲਾਉਂਦਾ ਦਿਸੇ ਨਾ ਪਾਰ ਯਾਰੋ?
ਜੋ ਵੀ ਕਰਦੇ ਪੁੱਠੀ ਪੈ ਜਾਵੇ,
ਐਸੀ ਕੁਦਰਤ ਦੀ ਪਈ ਹੈ ਮਾਰ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327
5 ਅਕਤੂਬਰ 1968 ਸ਼ਰਧਾਂਜਲੀ ਤੇ ਵਿਸ਼ੇਸ਼:- 'ਜੁਗਿੰਦਰ ਨਾਥ ਮੰਡਲ'- ਮੇਜਰ ਸਿੰਘ 'ਬੁਢਲਾਡਾ'
'ਕੰਮ' ਚੰਗੇ ਨੂੰ ਕੀਤਾ ਵੀ ਕਈ ਵਾਰੀ,
ਦੇਵੇ ਮੁਸੀਬਤਾਂ ਦੇ ਵਿੱਚ ਪਾ ਯਾਰੋ।
ਇਵੇਂ ਜੁਗਿੰਦਰ ਨਾਥ 'ਮੰਡਲ' ਨਾਲ ਹੋਈ,
ਜਿਸ ਨੂੰ ਆਪਣਿਆਂ ਵੀ ਦਿੱਤਾ ਭੁਲਾ ਯਾਰੋ।
ਜਿਸ ਨੇ ਡਾ. ਅੰਬੇਡਕਰ ਲਈ ਕੀਤੀ ਕੁਰਬਾਨੀ,
ਜਿੱਤੀ ਸੀਟ ਆਪਣੀ ਗਵਾ ਯਾਰੋ।
ਚੋਣ ਹਾਰ ਗਏ ਡਾ.ਅੰਬੇਡਕਰ ਤਾਈਂ,
ਆਪਣੀ ਸੀਟ ਤੋਂ ਦਿੱਤਾ ਸੀ ਜਿਤਾ ਯਾਰੋ।
ਜੋ ਕਹਿੰਦੇ ਸੀ "ਪਾਰਲੀਮੈਂਟ ਵਿੱਚ ਨੀਂ ਵੜਨ ਦੇਣਾ,
ਕਰ ਦਿੱਤੀਆਂ ਸਭ ਬੂਹੇ ਬਾਰੀਆਂ ਬੰਦ ਯਾਰੋ।"
ਵੇਖ ਪਾਰਲੀਮੈਂਟ ਵਿੱਚ ਟਹਿਲਦੇ 'ਅੰਬੇਡਕਰ' ਨੂੰ,
ਦੁਸ਼ਮਣ ਪੀਹਕੇ ਰਹਿ ਗਏ ਦੰਦ ਯਾਰੋ।
ਪਾਕਿਸਤਾਨ ਜਾਣ ਦਾ ਫੈਸਲਾ ਭਾਵੇਂ ਸੀ ਦਰੁਸਤ ਉਹਦਾ,
ਉਹ 'ਛੂਆ ਛਾਤ' ਤੋਂ ਸੀ ਬੜਾ ਤੰਗ ਯਾਰੋ।
ਸੋਚ ਪਾਕਿਸਤਾਨ ਵਿੱਚ ਨਾ 'ਅਛੂਤ' ਵਾਲਾ ਰੋਗ ਰਹਿਣਾ,
ਇਸ ਲਈ ਚਲ ਗਿਆ ਸੀ 'ਜਿਨਾਹ' ਦੇ ਸੰਗ ਯਾਰੋ।
ਉਥੇ ਬਣਿਆ ਜਾ ਪਹਿਲਾਂ 'ਕਾਨੂੰਨ ਮੰਤਰੀ',
ਬੜਾ ਮਨ ਵਿੱਚ ਚੜ੍ਹਿਆ ਸੀ ਚਾਅ ਯਾਰੋ।
ਸਮਾਜ ਦੇ ਲੋਕਾਂ ਦੀ ਜ਼ਾਤ ਪਾਤ ਕਰਕੇ,
ਕਿਤੇ ਹੋਊ ਨਾ ਹੁਣ ਲਾਹ-ਪਾਹ ਯਾਰੋ।
'ਮੁਹੰਮਦ ਅਲੀ ਜਿਨਾਹ' ਦੇ ਤੁਰ ਜਾਣ ਮਗਰੋਂ,
ਜਦ ਆਪਣੇ ਸਮਾਜ ਨੂੰ ਮਿਲਿਆ ਨਾ ਨਿਆਂ ਯਾਰੋ।
'ਮੰਡਲ' ਅਸਤੀਫ਼ਾ ਦੇਕੇ 'ਕਾਨੂੰਨ ਮੰਤਰੀ' ਤੋਂ,
ਮੁੜਕੇ ਭਾਰਤ ਗਿਆ ਸੀ ਫਿਰ ਆ ਯਾਰੋ।
ਬੜੀ ਕੋਸ਼ਿਸ਼ ਕੀਤੀ ਮੁੜ ਨਾ ਉਠ ਸਕਿਆ,
ਗਏ ਆਪਣੇ ਵੀ ਮੂੰਹ ਭਵਾਂ ਯਾਰੋ।
ਕਦਰਦਾਨ ਦੀ ਕਿਸੇ ਨਾ ਕਦਰ ਕੀਤੀ,
ਚੰਗਾ ਕੰਮ ਵੀ ਹੋਇਆ ਗੁਨਾਹ ਯਾਰੋ।
ਮੇਜਰ ਸਿੰਘ 'ਬੁਢਲਾਡਾ'
94176 42327
'ਚੋਣ ਪ੍ਰਣਾਲੀ ਬਨਾਮ ਸਰਬਸੰਮਤੀ' - ਮੇਜਰ ਸਿੰਘ ਬੁਢਲਾਡਾ
ਪੰਜਾਬ ਵਿੱਚ ਪੰਚਾਇਤੀ ਚੋਣਾਂ ਇੱਕ ਗਹਿਰੀ ਸਮਾਜਕ ਅਤੇ ਰਾਜਨੀਤਿਕ ਚਰਚਾ ਦਾ ਵਿਸ਼ਾ ਰਹੀਆਂ ਹਨ। ਇਹ ਚੋਣਾਂ ਲੋਕਤੰਤਰ ਦੀ ਜੜ੍ਹੀਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮਿਆਂ ਤੋਂ ਇਨ੍ਹਾਂ ਚੋਣਾਂ ਵਿੱਚ ਪੈਸੇ ਦਾ ਬੇਹਦ ਦਖਲ ਵੱਧ ਗਿਆ ਹੈ। ਸਰਪੰਚ ਦੀ ਸੀਟ ਲਈ ਅਮੀਰ ਲੋਕਾਂ ਵੱਲੋਂ ਲੱਖਾਂ ਰੁਪਏ ਦੀ ਬੋਲੀ ਲਗਾਕੇ ਦਾਅਵੇਦਾਰੀ ਪੱਕੀ ਕੀਤੀ ਜਾ ਰਹੀ ਹੈ।
ਕੁਝ ਪਿੰਡਾਂ ਵਿੱਚ ਇਹ ਬੋਲੀ 50-60 ਲੱਖ ਤੋਂ ਕਰੋੜ ਤੱਕ ਪਹੁੰਚ ਗਈ ਹੈ, ਜਿਸ ਨਾਲ ਇਹ ਚੋਣ ਪ੍ਰਕਿਰਿਆ ਇਕ ਆਮ ਲੋਕਾਂ ਤੇ ਗਰੀਬ ਵਿਅਕਤੀ ਦੇ ਹੱਥੋਂ ਬਾਹਰ ਨਿਕਲ ਰਹੀ ਹੈ।
ਲੱਖਾਂ ਰੁਪਏ ਬੋਲੀ ਲਗਾਕੇ ਬਣਾਈ ਜਾ ਰਹੀ ਸਰਬਸੰਮਤੀ, ਆਮ ਲੋਕਾਂ ਲਈ ਚੋਣ ਪ੍ਰਣਾਲੀ ਰਾਹੀਂ ਚੁਨਣ ਦੇ ਮਿਲੇ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਨੂੰ ਸਰਕਾਰਾਂ ਵੀ ਲੱਖਾਂ ਰੁਪਏ ਦੀ ਗ੍ਰਾਂਟ ਦਾ ਲਾਲਚ ਦੇਕੇ ਉਕਸਾਇਆ ਜਾ ਰਿਹਾ ਹੈ।
ਜਿਥੇ ਇਹ ਵੱਧ ਬੋਲੀ ਦੇਣ ਵਾਲੇ ਦੇ 'ਗੁਮਾਨ' ਵਿੱਚ ਵਾਧਾ ਕਰਦੀ ਹੈ ਉਥੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਦੀ ਹੈ ਕਿਉਂਕਿ ਕਈ ਲੋਕਾਂ ਦੀ ਸਰਪੰਚ ਬਣਨ ਇੱਛਾ ਹੁੰਦੀ ਹੈ ਜਿਸ ਦੇ ਅਮੀਰ ਲੋਕ ਪੈਰ ਨਹੀਂ ਲੱਗਣ ਦਿੰਦੇ, ਜਿਸ ਕਰਕੇ ਉਹਨਾਂ ਲੋਕਾਂ ਨੂੰ ਆਪਣੀ ਇੱਛਾ ਮਾਰਨੀ ਪੈਂਦੀ ਹੈ।
ਪੰਚਾਇਤੀ ਚੋਣ ਪ੍ਰਣਾਲੀ ਦਾ ਮਕਸਦ ਇਹ ਹੈ ਪਿੰਡ ਦੇ ਸਰਪੰਚ ਬਣਨ ਵਾਲੇ ਨੂੰ ਘਰ ਘਰ ਜਾਣਾ ਚਾਹੀਦਾ ਹੈ ਤਾਂ ਜ਼ੋ ਉਹ ਪਿੰਡ ਦੇ ਲੋਕਾਂ ਦੇ ਹਲਾਤਾਂ ਤੋਂ ਜਾਣੂ ਹੋ ਸਕੇ ਅਤੇ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲਿਆਂ ਦੀ ਪੂਰੀ ਜਾਣਕਾਰੀ ਹੋ ਸਕੇ ਅਤੇ ਵਿਤਕਰੇ ਦੇ ਸ਼ਿਕਾਰ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾ ਸਕੇ। ਬਹੁਤ ਥਾਵੇਂ ਹੋ ਉਲਟ ਰਿਹਾ ਹੈ।
ਇਸ ਸਮੱਸਿਆ ਦੀ ਜੜ੍ਹ ਚੋਣ ਪ੍ਰਕਿਰਿਆ ਦੀ ਬੇਹਿਸਾਬ ਮੋਨਿਟਰੀ ਰਾਜਨੀਤੀ ਵਿੱਚ ਹੈ। ਸਰਪੰਚੀ ਦੀ ਸੀਟ ਨੂੰ ਕੁਝ ਲੋਕ ਸਿਰਫ ਇਕ ਆਦਰਸ਼ਕ ਆਹੁਦਾ ਨਹੀਂ ਸਮਝਦੇ, ਬਲਕਿ ਇਸਨੂੰ ਨਿੱਜੀ ਮਾਲੀ ਫਾਇਦੇ ਲਈ ਵਰਤਿਆ ਜਾਂਦਾ ਹੈ। ਕਈ ਅਮੀਰ ਉਮੀਦਵਾਰ ਸਰਪੰਚ ਬਣਨ ਲਈ ਕਈ ਲੱਖਾਂ ਕਰੋੜਾਂ ਰੁਪਏ ਲਗਾਉਣ ਲਈ ਤਿਆਰ ਹਨ, ਕੁਝ ਇਕ ਦਾ ਸ਼ੌਕ ਹੈ ਗੱਡੀ ਤੇ ਘਰ ਅੱਗੇ ਸਰਪੰਚ ਨੇਮ ਲਗਾਉਣ ਦਾ ਕਈਆ ਦਾ ਹੋਰ ਮਕਸਦ (ਹੋ ਸਕਦਾ) ਹੈ।ਜਦੋਂ ਪੈਸਾ ਇਸ ਹੱਦ ਤੱਕ ਦਾਖਲ ਹੋਵੇ ਤਾਂ ਚੋਣਾਂ ਲੋਕਤੰਤਰ ਦੀ ਥਾਂ ਇਕ ਵਪਾਰਿਕ ਕਾਰੋਬਾਰ ਜਾਪਦੀਆਂ ਹਨ।
ਪੰਜਾਬ ਦੇ ਪਿੰਡਾਂ ਵਿੱਚ ਸਰਪੰਚ ਦੀ ਸਥਿਤੀ ਮਹੱਤਵਪੂਰਨ ਹੈ। ਇਹ ਆਹੁਦਾ ਪਿੰਡ ਦੀ ਪ੍ਰਗਤੀ, ਵਿਕਾਸੀ ਕੰਮਾਂ ਅਤੇ ਅਦਾਲਤੀ ਪ੍ਰਬੰਧ ਵਿੱਚ ਮਦਦਗਾਰ ਹੁੰਦਾ ਹੈ। ਪਰ, ਜਦੋਂ ਪੈਸਾ ਚੋਣਾਂ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਪ੍ਰਕਿਰਿਆ ਖਤਰਨਾਕ ਹੋ ਜਾਂਦੀ ਹੈ। ਪੈਸੇ ਵਾਲੇ ਲੋਕ ਅਕਸਰ ਗਰੀਬਾਂ ਦਾ ਸੌਦਾ ਕਰਦੇ ਹਨ, ਜਿਸ ਨਾਲ ਉਹਨਾਂ ਦੀ ਅਸਲ ਆਵਾਜ਼ ਦੱਬ ਜਾਂਦੀ ਹੈ।
ਇਸ ਤਰ੍ਹਾਂ ਦੀ ਰਾਜਨੀਤਿਕ ਪ੍ਰਕਿਰਿਆ ਨਾਲ ਬਹੁਤ ਸਾਰੀਆਂ ਮੁੱਖ ਸਮੱਸਿਆਵਾਂ ਉਭਰਦੀਆਂ ਹਨ:
ਜਿਵੇਂ ਕਿ ਜੋ ਵਿਅਕਤੀ ਪੈਸਾ ਲਗਾ ਕੇ ਸਰਪੰਚ ਬਣਦਾ ਹੈ, ਉਹ ਅਕਸਰ ਪਿੰਡ ਦੇ ਹਿੱਤਾਂ ਦੀ ਥਾਂ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੰਦਾ ਹੈ।
ਜਦੋਂ ਚੋਣਾਂ ਦੇ ਖਰਚ ਵਧਦੇ ਹਨ, ਤਾਂ ਵਿਕਾਸ ਦੇ ਪ੍ਰੋਜੈਕਟਾਂ ਲਈ ਪੈਸਾ ਘੱਟ ਰਹਿ ਜਾਂਦਾ ਹੈ। ਇਸ ਨਾਲ ਪਿੰਡ ਦੇ ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ।
ਜਨਤਾ ਦੇ ਮਨ ਵਿੱਚ ਰਾਜਨੀਤੀ ਪ੍ਰਤਿ ਨਿਰਾਸ਼ਾ ਪੈਦਾ ਹੁੰਦੀ ਹੈ, ਜਿਸ ਨਾਲ ਉਹ ਪਿੰਡ ਦੀਆਂ ਸਮੱਸਿਆਵਾਂ ਨਾਲ ਜੁੜਨ ਦੀ ਬਜਾਏ ਅਪਨੇ ਕੰਮਾਂ ਵਿੱਚ ਲਗੇ ਰਹਿੰਦੇ ਹਨ।
ਇਸ ਸਮੱਸਿਆ ਦਾ ਹੱਲ ਕੀ ਹੋ ਸਕਦਾ ਹੈ?
ਇਸ ਮਸਲੇ ਲਈ ਸਖ਼ਤ ਨਿਯਮਾਂ ਦੀ ਲਾਗੂ ਕਰਨ ਦੀ ਲੋੜ ਹੈ, ਸਰਕਾਰ ਨੂੰ ਚੋਣ ਪ੍ਰਕਿਰਿਆ ਵਿੱਚ ਪੈਸੇ ਦੇ ਬੇਜਾ ਇਸਤੇਮਾਲ ਨੂੰ ਰੋਕਣ ਲਈ ਕੜੇ ਨਿਯਮ ਲਗਾਉਣੇ ਚਾਹੀਦੇ ਹਨ।
ਲੋਕਾਂ ਨੂੰ ਚੋਣਾਂ ਵਿੱਚ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਪੈਸੇ ਦੀ ਲਾਲਚ ਨੂੰ ਨਕਾਰ ਸਕਣ।
ਇਹ ਸਮੱਸਿਆ ਇਕ ਪੈਂਡੂ ਜਨਤਾ ਲਈ ਬਹੁਤ ਵੱਡਾ ਚੁਣੌਤੀ ਹੈ ਅਤੇ ਇਸਦੇ ਹੱਲ ਲਈ ਸਿਰਫ ਸਰਕਾਰ ਹੀ ਨਹੀਂ, ਸਾਰੇ ਸਮਾਜ ਨੂੰ ਭਾਗੀਦਾਰ ਬਣਨ ਦੀ ਲੋੜ ਹੈ।
ਮੇਜਰ ਸਿੰਘ ਬੁਢਲਾਡਾ
9417642327
'ਬੋਲੀ ਸਰਪੰਚੀ ਲਈ' - ਮੇਜਰ ਸਿੰਘ ਬੁਢਲਾਡਾ
ਸਰਕਾਰ 'ਸਰਬਸੰਮਤੀ' ਨੂੰ ਬੜਾ ਉਤਸ਼ਾਹਿਤ ਕਰਦੀ,
ਅੱਜ ਕੱਲ੍ਹ 'ਪੰਜ ਲੱਖ' ਦਾ ਦੇਵੇ ਇਨਾਮ ਯਾਰੋ।
ਇਕ ਹੋਰ ਨਵਾਂ ਰੁਝਾਨ ਚੱਲ ਪਿਆ,
'ਸਰਬਸੰਮਤੀ' ਕਰਨ ਲੱਗ ਪਏ ਨਿਲਾਮ ਯਾਰੋ।
ਬੋਲੀ ਸਰਪੰਚੀ ਲਈ ਲੱਖਾਂ ਤੋਂ ਕਰੋੜਾਂ ਤੱਕ ਪਹੁੰਚੀ,
ਮੂੰਹ ਤੱਕਦੇ ਰਹਿ ਜਾਂਦੇ ਨੇ ਲੋਕ ਆਮ ਯਾਰੋ।
ਦਿਲ ਤਾਂ ਗਰੀਬ ਦਾ ਵੀ ਕਰੇ ਬਣਾ 'ਮੁਖੀ',
ਪਰ ਕਿਥੋਂ ਕਰਨ ਨੋਟਾਂ ਦਾ ਇੰਤਜ਼ਾਮ ਯਾਰੋ।
ਅਮੀਰਾਂ ਚੋਣ ਪ੍ਰਣਾਲੀ ਦੱਬ ਲਈ ਕਰ ਮਹਿੰਗੀ,
ਆਪਣੇ ਬਣੇ ਕਾਨੂੰਨਾਂ ਨੂੰ ਕਰਕੇ ਜ਼ਾਮ ਯਾਰੋ।
ਮੇਜਰ ਸਿੰਘ ਬੁਢਲਾਡਾ
9417642327
'ਝੂਠ ਦੀ ਬੱਲੇ ਬੱਲੇ' - ਮੇਜਰ ਸਿੰਘ ਬੁਢਲਾਡਾ
ਸੱਚ ਨੂੰ ਸਮਝਣ ਤੇ ਮੰਨਣ ਵਾਲੇ,
ਲੋਕੋ! ਇਥੇ ਨੇ ਟਾਂਵੇ ਟੱਲੇ।
ਝੂਠ ਦੇ ਸਾਥੀ ਬੜੇ ਨੇ ਇਥੇ,
ਤਦੇ ਝੂਠ ਦੀ ਬੱਲੇ ਬੱਲੇ!
ਸੱਚ ਬੋਲਣ ਤੇ ਭਾਂਬੜ ਮੱਚਦੇ,
ਨਾ ਝੂਠਿਆਂ ਤੋਂ ਜਾਂਦੇ ਝੱਲੇ।
'ਮੇਜਰ' ਬੇ-ਦਲੀਲੇ ਲੋਕੀ,
ਤਾਹੀਂ ਕਰਦੇ ਪਏ ਨੇ ਹੱਲੇ।
ਮੇਜਰ ਸਿੰਘ ਬੁਢਲਾਡਾ
94176 42327
'ਮੇਰਾ ਦੇਸ਼ ਮਹਾਨ'- ਮੇਜਰ ਸਿੰਘ 'ਬੁਢਲਾਡਾ'
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ 'ਭਾਰਤ' ਦੇਸ਼ ਮਹਾਨ।
ਜਿਥੇ 'ਸੱਚ' ਬੋਲਣ ਉੱਤੇ,
ਹੱਥਕੜੀਆਂ ਵੀ ਲੱਗ ਜਾਣ।
ਕਈਆਂ ਤੋਂ ਸੱਚ ਬੋਲ ਨੀਂ ਹੁੰਦਾ,
ਕਈਆਂ ਤੋਂ ਸੱਚ ਜ਼ਰ ਨੀਂ ਹੁੰਦਾ।
ਕਈ ਹਿੱਕ ਤਾਣ ਖੜ ਜਾਂਦੇ,
ਕੁਝ ਤੋਂ ਇਥੇ ਖੜ੍ਹ ਨੀਂ ਹੁੰਦਾ।
ਅਜ਼ਾਦ ਦੇਸ਼ ਦੇ ਅੰਦਰ,
ਤੁਸੀਂ ਵੇਖੋ ਨਾਲ ਧਿਆਨ।
ਮਾਲਕ ਦੀ ਮਰਜ਼ੀ ਮੁਤਾਬਿਕ
'ਮੇਜਰ' ਚਲਦਾ ਹੈ 'ਸੰਵਿਧਾਨ'।
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ 'ਭਾਰਤ' ਦੇਸ਼ ਮਹਾਨ।
ਮੇਜਰ ਸਿੰਘ 'ਬੁਢਲਾਡਾ'
94176 42327
'ਵਰਣ ਵੰਡ' ਦਾ ਨਵਾਂ ਵਰਜਨ' - ਮੇਜਰ ਸਿੰਘ 'ਬੁਢਲਾਡਾ'
'ਵਰਣ ਵੰਡ' ਦਾ ਹੈ ਨਵਾਂ ਵਰਜਨ,
'ਜਨਰਲ, ਬੀਸੀ, ਐੱਸਸੀ, ਐੱਸਟੀ'।
ਉਹਨਾਂ 'ਰਿਜ਼ਰਵੇਸ਼ਨ' ਦਾ ਪਾਕੇ ਚੋਗਾ,
ਪੱਕੀ ਲਾ ਦਿੱਤੀ 'ਜ਼ਾਤ' ਦੀ ਫੀਤੀ।
ਕੋਟੇ ਵਾਲੀ ਗੋਲੀ ਨੇ,
ਕੁਝ ਨੂੰ ਸਵਾਦ ਚਖਾਇਆ।
ਐਪਰ ਇਸ ਗੋਲੀ ਨੇ ਮਿੱਤਰੋ!
ਸਭ ਨੂੰ "ਜ਼ਾਤ ਕਰਕੇ" ਹੈ ਸਤਾਇਆ।
ਹੁਣ ਜ਼ਾਤ ਮਿਟਾਉਣ ਲਈ ਸੰਘਰਸ਼ ਕਰੋ,
ਦਲਿਤੋ! ਸੰਵਿਧਾਨ ਵਿੱਚ ਸੋਧ ਕਰਵਾਓ।
ਸਾਰੇ ਜ਼ਾਤ ਵਿਰੋਧੀਆਂ ਨੂੰ ਨਾਲ ਲੈਕੇ,
'ਮੇਜਰ' ਊਚ ਨੀਚ ਦਾ ਫ਼ਰਕ ਮਿਟਵਾਉ।
ਮੇਜਰ ਸਿੰਘ 'ਬੁਢਲਾਡਾ'
94176 42327
' ਤੱਕੜੀ ਨੂੰ ਨਿਕਾਰਤਾ ' - ਮੇਜਰ ਸਿੰਘ ਬੁਢਲਾਡਾ
ਜੋ ਚੋਣ ਨਿਸ਼ਾਨ ਤੱਕੜੀ ਨੂੰ, 'ਬਾਬੇ' ਦੀ ਤੱਕੜੀ ਤੋਂ ਉਤੇ ਦਸਦੇ ਸੀ,
ਅੱਜ ਉਸੇ 'ਤੱਕੜੀ' ਨੂੰ ਉਹਨਾਂ 'ਬਾਦਲਾਂ' ਨੇ ਨਿਕਾਰਤਾ।
ਸੈਂਕੜੇ ਸਾਲ ਪੁਰਾਣੀ ਪਾਰਟੀ ਤੇ ਕਾਬਜ਼ ਲੀਡਰਾਂ ਨੇ,
ਇਤਿਹਾਸ ਵਿੱਚ ਨਿਵੇਕਲਾ ਨਵਾਂ ਹੀ ਚੰਦ ਚਾੜਤਾ।
ਇਕ ਕੁਰਸੀ ਦੇ ਲਈ ਇਹਨਾਂ ਲੀਡਰਾਂ ਨੇ,
ਸਿੱਖੀ ਸਿਧਾਂਤਾਂ ਤਾਈਂ ਸੀ ਸੂਲੀ ਉੱਤੇ ਚਾੜਤਾ।
ਮੇਜਰ 'ਪੰਥ' ਲਈ ਅਨੇਕਾਂ ਜਿੰਦ ਜਾਨ ਵਾਰ ਗਏ,
ਹੁਣ ਦੇ ਲੀਡਰਾਂ ਨੇ 'ਪੰਥ' ਨਿੱਜੀ ਹਿੱਤਾਂ ਤੋਂ ਵਾਰਤਾ।
83 ਵੀਂ ਬਰਸੀ ਤੇ ਸ਼ਰਧਾਂਜਲੀ - ਮੇਜਰ ਸਿੰਘ ਬੁਢਲਾਡਾ
'ਆਇਨਕਾਲੀ'
'ਆਇਨਕਾਲੀ 'ਪਲਿਆਰ' ਵਿੱਚ ਕੇਰਲਾ ਦੇ,
ਯੋਧਾ ਹੋਇਆ ਬੜਾ ਮਹਾਨ ਲੋਕੋ।
ਛੈਲ ਗੱਭਰੂ ਦੇ ਗੁੰਦਵੇਂ ਸਰੀਰ ਅੰਦਰ,
ਹੱਦੋਂ ਵੱਧ ਸੀ ਕਹਿੰਦੇ ਜਾਨ ਲੋਕੋ।
ਜਿਸਨੇ ਜ਼ੁਲਮ ਸਹਿ ਰਹੇ ਸਮਾਜ ਖ਼ਾਤਰ,
ਪਾਇਆ ਦੁਸ਼ਮਣਾਂ ਵਿੱਚ ਘਮਸਾਨ ਲੋਕੋ।
ਜੋ ਮੇਨ ਰਾਹਾਂ ਤੋਂ ਲੰਘਣੋਂ ਰੋਕਦੇ ਸੀ,
ਨਾ ਚੰਗਾ ਦਿੰਦੇ ਸੀ ਪਹਿਨਣ ਖਾਣ ਲੋਕੋ।
ਔਰਤਾਂ ਨੂੰ ਛਾਤੀਆਂ ਢਕਣ ਖ਼ਾਤਰ,
ਟੈਕਸ ਦੇਣ ਦਾ ਸੀ ਫੁਰਮਾਨ ਲੋਕੋ।
ਚੰਗੀ ਵਸਤ, ਪਸ਼ੂ ਨਾ ਰੱਖਣ ਦਿੰਦੇ,
ਅਪਮਾਨ ਸਮਝਕੇ ਕਰਦੇ ਨੁਕਸਾਨ ਲੋਕੋ।
'ਆਇਨਕਾਲੀ' ਨੇ ਲੈ ਬਲਦ ਗੱਡਾ,
ਵਰਜਿਤ ਰਾਹਾਂ ਤੇ ਪਿਆ ਚੱਲ ਲੋਕੋ।
ਖਪਰਾ ਧਰ ਲਿਆ ਵੱਡਾ ਮੋਢੇ ਉਤੇ,
ਪਾਉਣ ਲਈ ਜ਼ੁਲਮ ਨੂੰ ਠੱਲ੍ਹ ਲੋਕੋ।
ਹੰਕਾਰੀ ਲੋਕ ਰਹਿ ਗਏ ਦੰਦ ਪੀਂਹਦੇ,
ਵਧਿਆ ਕੋਈ ਨਾ ਇਹਦੇ ਵੱਲ ਲੋਕੋ।
ਸਮਾਜ ਦੇ ਨੌਜਵਾਨ ਨਿਕਲ ਬਾਹਰ ਆਏ,
ਜੋ ਧਸੇ ਗੁਲਾਮੀ ਦੀ ਵਿੱਚ ਦਲ਼ ਦਲ਼ ਲੋਕੋ।
ਖ਼ਾਤਰ ਹੱਕਾਂ ਦੀ ਚੁੱਕੇ ਹਥਿਆਰ ਇਹਨਾਂ,
ਮਰਨ ਮਾਰਨ ਦਾ ਸਿੱਖਕੇ ਵਲ਼ ਲੋਕੋ।
ਮੋਛੇ ਪਾ ਦਿੱਤੇ ਜ਼ਾਤ ਅਭਿਮਾਨੀਆਂ ਦੇ।
ਜੋ ਧੱਕੇ ਨਾਲ ਮਨਾਉਂਦੇ ਸੀ ਹਰ ਗੱਲ ਲੋਕੋ।
ਆਖਿਰ ਜਿੱਤ ਦਾ ਝੰਡਾ ਝੁਲਾ ਦਿੱਤਾ,
ਸਿਰੇ ਲਾਕੇ ਆਪਣੀ ਗੱਲ ਲੋਕੋ।
ਮੇਜਰ ਸਿੰਘ 'ਬੁਢਲਾਡਾ'
94176 42327