Ujagar Singh

18 ਅਗਸਤ ਦੇ ਅੰਕ ਲਈ ਕੋਤਰ ਸੌਵੇਂ ਜਨਮ ਦਿਵਸ ਤੇ ਵਿਸ਼ੇਸ਼ : ਅਦਬ ਦਾ ਵਗਦਾ ਦਰਿਆ - ਡਾ ਹਰਿਭਜਨ ਸਿੰਘ - ਉਜਾਗਰ ਸਿੰਘ

ਡਾ ਹਰਿਭਜਨ ਸਿੰਘ ਦਿੱਲੀ ਅਦਬ ਦਾ ਵਗਦਾ ਦਰਿਆ ਸਨ। ਉਨ੍ਹਾਂ ਦਾ ਹਰ ਸ਼ਬਦ ਅਦਬ ਦੀ ਖ਼ੁਸ਼ਬੂ ਨਾਲ ਲਬਰੇਜ਼ ਹੁੰਦਾ ਸੀ। ਉਹ ਸਾਹਿਤਕ ਪ੍ਰਤਿਭਾ ਦੇ ਮਾਲਕ ਸਨ। ਪ੍ਰਤਿਭਾ ਕੁਦਰਤ ਦੀ ਦੇਣ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ , ਨਾ ਹੀ ਕਦੀਂ ਲੁਕ ਛਿਪਕੇ ਰਹਿੰਦੀ  ਹੈ। ਇਨਸਾਨ ਭਾਵੇਂ ਕਿਹੋ ਜਹੇ ਹਾਲਾਤ ਵਿਚੋਂ ਲੰਘ ਰਿਹਾ ਹੋਵੇ, ਪ੍ਰਤਿਭਾ ਆਪਣੇ ਰੰਗ ਵਿਖਾ ਦਿੰਦੀ ਹੈ ਪ੍ਰੰਤੂ ਪ੍ਰਤਿਭਾ ਨੂੰ ਉਸਾਰੂ ਕੰਮਾ ਲਈ ਵਰਤਣਾ ਹੈ ਜਾਂ ਨਾਂਹਪੱਖੀ, ਇਹ ਇਹ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਸਿਰਮੌਰ ਚਿੰਤਕ,  ਖੋਜੀ ਵਿਦਵਾਨ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਸਫਲ ਅਧਿਆਪਕ,  ਨਿਮਰਤਾ ਦੇ ਪੁੰਜ ਅਤੇ ਸਾਹਿਤ ਵਿਚ ਸੰਵਾਦ ਅਤੇ ਵਿਵਾਦ ਦੀ ਪਰੰਪਰਾ ਸ਼ੁਰੂ ਕਰਨ ਵਾਲੇ ਡਾ ਹਰਿਭਜਨ ਸਿੰਘ ਵਿਲੱਖਣ ਪ੍ਰਤਿਭਾ ਅਤੇ ਸ਼ਖਸ਼ੀਅਤ ਦੇ ਮਾਲਕ ਰਹੱਸਵਾਦੀ ਕਵੀ ਅਤੇ ਆਲੋਚਕ ਸਨ। ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਹੈ। ਡਾ ਹਰਿਭਜਨ ਸਿੰਘ ਦੀ ਵਿਦਵਤਾ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਬਾਰੇ ਲਿਖਣ ਲਈ ਉਨ੍ਹਾਂ ਦੇ ਬਰਾਬਰ ਦਾ ਵਿਦਵਾਨ ਹੋਣਾ ਚਾਹੀਦਾ ਹੈ। ਮੈਂ ਇਸਦੇ ਕਾਬਲ ਨਹੀਂ ਪ੍ਰੰਤੂ ਉਨ੍ਹਾਂ ਦੇ ਕੋਤਰ ਸੌ ਵੇਂ (101ਵੇਂ) ਜਨਮ ਦਿਨ ਤੇ ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਾ ਚਾਹੁੰਦਾ ਹਾਂ। ਇਸ ਲਈ ਲਿਖਣ ਦੀ ਕੋਸਿਸ਼ ਕਰਾਂਗਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਵੇਖਦਿਆਂ ਜ਼ਿਦੰਗੀ ਦੇ ਸਾਰੇ ਰੰਗ ਮਾਣੇ ਸਨ। ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ, ਗ਼ਰੀਬੀ ਦਾਵੇ ਵਿਚ ਪਾਲਣ ਪੋਸਣ ਹੋਇਆ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ  ਸਾਹਿਤ ਦੀ ਝੋਲੀ ਨੂੰ ਆਪਣੀ ਪ੍ਰਤਿਭਾ ਦੇ ਰੰਗ ਨਾਲ ਬਹੁਰੰਗਾ ਅਤੇ ਮਾਲੋਮਾਲ ਕੀਤਾ। ਉਹ ਆਧੁਨਿਕ ਪੰਜਾਬੀ ਕਵਿਤਾ ਅਤੇ ਚਿੰਤਨ 'ਤੇ ਲਗਪਗ ਅੱਧੀ ਸਦੀ ਤੱਕ ਛਾਏ ਰਹੇ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਪੰਜਾਬੀ ਸਾਹਿਤ ਨੂੰ ਬੜੇ ਸਲੀਕੇ, ਤਰਤੀਬ, ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਲਿਖਿਆ, ਜਿਹੜਾ ਪੰਜਾਬੀ ਦੇ ਇਤਿਹਾਸ ਦਾ ਹਿੱਸਾ ਬਣ ਗਿਆ। ਡਾ ਹਰਿਭਜਨ ਸਿੰਘ ਨੇ 82 ਸਾਲ ਦੀ ਜ਼ਿੰਦਗੀ ਵਿਚ 89 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਉਹ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਸੰਸਥਾ ਸਨ ਕਿਉਂਕਿ ਉਨ੍ਹਾਂ ਦਾ ਸਾਹਿਤਕ ਕੰਮ ਇਸਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਵਿਚ ਪੰਜਾਬੀ ਦੇ 15 ਕਾਵਿ ਸੰਗ੍ਰਹਿ, 18 ਸਮੀਖਿਆ, 10 ਪਾਠ ਪੁਸਤਕਾਂ, 22 ਅਨੁਵਾਦ, 4 ਚੋਣਵੇਂ ਸੰਗ੍ਰਹਿ, 2 ਬਾਲ ਸਾਹਿਤ, 3 ਗਦ ਰਚਨਾ, ਇੱਕ ਰੇਡੀਓ ਫੀਚਰ, 17 ਸੰਪਾਦਿਤ, 4 ਹਿੰਦੀ, 3 ਅੰਗਰੇਜ਼ੀ ਅਤੇ ਇੱਕ ਫੁਟਕਲ ਪੁਸਤਕਾਂ ਸ਼ਾਮਲ ਹਨ। ਉਹ ਫਕੀਰ ਕਿਸਮ ਦਾ ਮਸਤ ਮੌਲਾ ਕਵੀ ਸੀ, ਜਿਹੜਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਦਾ ਰਿਹਾ। ਉਸਦੀ ਹਰ ਕਵਿਤਾ ਕਿਸੇ ਖਾਸ ਉਦੇਸ ਨੂੰ ਮੁੱਖ ਰੱਖਕੇ ਲਿਖੀ ਹੋਈ ਹੁੰਦੀ ਸੀ। ਜਾਣੀ ਕਿ ਉਸ ਦੀਆਂ ਕਵਿਤਾਵਾਂ ਸਮਾਜਿਕ ਲਹਿਰਾਂ ਅਤੇ ਸਥਾਨਕ ਕੌਮੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਵਿਚੋਂ ਪੈਦਾ ਹੋਈਆਂ ਹੁੰਦੀਆਂ ਸਨ। ਪੰਜਾਬੀ ਦਾ ਉਹ ਇਕੋ ਇਕ ਸਿਰਮੌਰ ਕਵੀ ਹੈ, ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਡੀ ਆਈ ਜੀ ਅਟਵਾਲ ਦੇ ਕਤਲ ਨੂੰ ਸਿੱਖ ਵਿਚਾਰਧਾਰਾ ਦੇ ਵਿਰੁੱਧ ਕਿਹਾ। ਬਲਿਊ ਸਟਾਰ ਅਪ੍ਰੇਸ਼ਨ ਨੂੰ ਹਰ ਪੰਜਾਬੀ ਖਾਸ ਤੌਰ ਤੇ ਸਿੱਖ ਨੇ ਬਹੁਤ ਹੀ ਗਲਤ ਕਿਹਾ ਅਤੇ ਉਨ੍ਹਾਂ ਦੇ ਦਿਲ ਵਲੂੰਧਰੇ ਗਏ। ਡਾ ਹਰਿਭਜਨ ੋਿਸੰਘ ਨੇ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ਰੇਸ਼ਨ, ਚੌਰਾਸੀ ਦਾ ਦਿੱਲੀ ਅਤੇ ਦੇਸ ਦੇ ਹੋਰ ਹਿਸਿਆਂ ਵਿਚ ਹੋਏ ਕਤਲੇਆਮ ਬਾਰੇ ਅਤਿ ਦਰਦਨਾਇਕ ਕਵਿਤਾਵਾਂ ਲਿਖੀਆਂ ਜਿਹੜੀਆਂ ਪਾਠਕਾਂ ਦੇ ਦਿਲਾਂ ਨੂੰ ਵਲੂੰਧਰ ਗਈਆਂ ਸਨ। ਉਨ੍ਹਾਂ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ-
ਹਰਿਮੰਦਰ ਨੂੰ ਤੁਰਦੀ ਜਾਵਾਂ, ਮਨ ਵਿਚ ਸੰਸਾ ਭਾਰਾ।
ਹਿੰਦੂ ਪੇਕੇ ਮੇਰੇ ਸਿੱਖ ਸਹੁਰੇ, ਮੇਰਾ ਕਿਥੇ ਸ਼ੁਮਾਰਾ।
ਤੈਂ ਦਰ ਛੱਡ ਕੇ, ਮੈਂ ਕੈਂ ਦਰ ਜਾਵਾਂ।
ਫੌਜਾਂ ਕੌਣ ਦੇਸ ਤੋਂ ਆਈਆਂ, ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਨੇ, ਜਿਸਨੇ ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡੱਸਿਆ ਅੱਗਾਂ ਪੱਥਰ ਦੇ ਵਿਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ।
  ਇਕ ਹੋਰ ਕਵਿਤਾ ਵਿਚ ਉਨ੍ਹਾਂ ਲਿਖਿਆ-
ਹਰਿਮੰਦਰ ਦੀ ਕਰਨ ਜੁਹਾਰੀ ਤੂੰ ਆਈ ਕਰ ਟੈਂਕ ਸਵਾਰੀ।
ਸਤਿ ਸਿੰਘਾਸਣ ਹੱਥੀਂ ਢਾਹਿਆ, ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੋਹੋ ਖੋਹੀ ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇਂ, ਆਪੇ ਤੂੰ ਸੰਕਟ ਉਪਜਾਵੇਂ।
ਨਿਕਟੀ ਹੋ ਕੇ ਆਪ ਬਚਾਵੇਂ ਨਿਤ ਨਿਰਮੋਹੀ ਸਦਾ ਸਨੇਹੀ।
ਪਰਕਰਮਾ ਤਕ ਆ ਪੁਜੀਆਂ ਨੇ ਆਂਦਰ ਆਂਦਰ ਮਾਵਾਂ।
ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਿਰਨਾਵਾਂ।
ਉਹ ਜਿਹੜੇ ਵਿਚ ਪਰਦਖਣਾ ਡੁਲ੍ਹ ਗਏ ਲੈ ਕੇ ਤੇਰਾ ਨਾਵਾਂ।
  ਦਿੱਲੀ ਵਿਚ ਹੋਏ ਕਤਲੇਆਮ ਬਾਰੇ ਉਨ੍ਹਾਂ ਦੀ ਇਕ ਕਵਿਤਾ ਹੈ-
ਕਲ੍ਹ ਅਸੀਂ ਯਾਰ ਸਾਂ, ਕਲ੍ਹ ਹੋਵਾਂਗੇ ਅੱਜ ਅਸੀਂ ਯਾਰ ਨਹੀਂ।
ਕਲ੍ਹ ਤੋਂ ਤੁਰੇ ਤੇ ਕਲ੍ਹ ਤਕ ਪਹੁੰਚੇ  ਅਜ ਵਿਚਕਾਰ ਨਹੀਂ।
ਇਕ ਇਤਬਾਰ ਸੀ ਜੋ ਟੁੱਟ ਚੁੱਕਾ  ਜੁੜ ਜਾਵੇਗਾ।
ਜੁੜ ਕੇ ਫੇਰ ਨਹੀਂ ਟੁੱਟੇਗਾ ਇਹ ਇਤਬਾਰ ਨਹੀਂ।
      ਡਾ ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਆਸਾਮ ਰਾਜ ਦੇ ਲਮਡਿੰਗ ਸ਼ਹਿਰ ਵਿਚ ਪਿਤਾ ਗੰਡਾ ਸਿੰਘ ਅਤੇ ਮਾਤਾ ਗੰਗਾ ਦੇਈ (ਕਰਮ ਕੌਰ) ਦੇ ਘਰ ਹੋਇਆ। ਆਪਦੀਆਂ ਤਿੰਨ ਵੱਡੀਆਂ ਭੈਣਾ ਸਨ। ਆਪਦਾ ਜੱਦੀ ਪਿੰਡ ਭੁੱਲਰ ਅੰਮ੍ਰਿਤਸਰ ਜਿਲ੍ਹੇ ਵਿਚ ਸੀ। ਆਪਦੇ ਪਿਤਾ ਰੇਲਵੇ ਵਿਚ ਫੋਰਮੈਨ ਸਨ। ਚੰਗੀ ਜਾਇਦਾਦ ਵਾਲਾ ਖੁਸ਼ਹਾਲ ਪਰਿਵਾਰ ਸੀ ਪ੍ਰੰਤੂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਅਜੇ ਹਰਿਭਜਰਨ ਸਿੰਘ ਇਕ ਸਾਲ ਦਾ ਹੀ ਸੀ ਤਾਂ ਆਪਦੇ ਪਿਤਾ ਟੀ ਵੀ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਆਪਦੀ ਮਾਂ ਚਾਰੇ ਬੱਚਿਆਂ ਨੂੰ ਲੈ ਕੇ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਭੁਲਰ ਅਤੇ ਬਾਅਦ ਵਿਚ ਲਾਹੌਰ ਚਲੀ ਗਈ। ਤਿੰਨ ਸਾਲ ਪਿਤਾ ਦੀ ਜਾਇਦਾਦ ਦੇ ਸਹਾਰੇ ਚੰਗੇ ਨਿਕਲੇ ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾ ਵੀ ਸਵਰਗਵਾਸ ਹੋ ਗਈਆਂ। ਦੋਵੇਂ ਬੱਚੇ ਯਤੀਮ ਹੋ ਗਏ। ਬੱਚਿਆਂ ਦੀ ਵੇਖ ਭਾਲ ਕਰਨ ਵਾਲਾ ਕੋਈ ਨਾ ਰਿਹਾ। ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਲਮਡਿੰਗ ਵਾਲੀਆਂ ਪਿਤਾ ਪੁਰਖੀ ਜਾਇਦਾਦਾਂ ਤੇ ਕਬਜ਼ੇ ਕਰ ਲਏ, ਜਿਨ੍ਹਾਂ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਫਿਰ ਆਪਦੀ ਇਕ ਵਿਧਵਾ ਮਾਸੀ ਜਿਹੜੀ ਲਾਹੌਰ ਦੇ ਵਿਚ ਹੀ ਇਛਰਾਂ ਇਲਾਕੇ ਵਿਚ ਹੀ ਰਹਿੰਦੀ ਸੀ, ਉਸਨੇ ਬੱਚਿਆਂ ਦੀ ਜ਼ਿੰਮੇਵਰੀ ਲਈ ਅਤੇ ਉਨ੍ਹਾਂ ਨੂੰ ਪਾਲਿਆ। ਹਰਿਭਜਨ ਸਿੰਘ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਮਾਸੀ ਦੇ ਘਰ ਵਿਚ ਇਕੋ ਲਾਲਟੈਣ ਹੁੰਦੀ ਸੀ, ਜਦੋਂ ਘਰ ਦੇ ਕੰਮਾ ਤੋਂ ਵਿਹਲੀ ਹੁੰਦੀ ਤਾਂ ਫਿਰ ਮਾਸੀ ਉਹ ਲਾਲਟੈਣ ਹਰਿਭਜਨ ਸਿੰਘ ਦਿੰਦੀ ਤੇ ਫਿਰ ਉਹ ਉਸੇ ਦੀ ਰੌਸ਼ਨੀ ਵਿਚ ਪੜ੍ਹਾਈ ਕਰਦੇ ਸਨ। ਪੜ੍ਹਾਈ ਵਿਚ ਉਹ ਅਵਲ ਆਉਂਦਾ ਸੀ। ਦਸਵੀਂ ਡੀ ਏ ਵੀ ਸਕੂਲ ਲਾਹੌਰ ਵਿਚੋਂ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਨਾਲ ਪਾਸ ਕੀਤੀ। ਦਸਵੀਂ ਵਿਚੋਂ ਬੋਰਡ ਦੇ ਇਮਤਿਹਾਨ ਵਿਚੋਂ ਤੀਜੇ ਨੰਬਰ ਤੇ ਆਏ ਪ੍ਰੰਤੂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਹੋਮੋਪੈਥਿਕ ਕੈਮਿਸਟ ਦੀ ਦੁਕਾਨ ਤੇ ਸੇਲਜ਼ੈਨ ਦੀ ਨੌਕਰੀ ਕਰ ਲਈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੇਸ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਏ ਤੇ ਉਥੇ ਪਹਿਲਾਂ ਰੇਲਵੇ ਵਿਚ  ਕਲਰਕ ਦੀ ਨੌਕਰੀ ਕੀਤੀ। ਉਸਤੋਂ ਬਾਅਦ ਭਾਰਤ ਸਰਕਾਰ ਵਿਚ ਅਪਰ ਡਵੀਜਨ ਕਲਰਕ ਭਰਤੀ ਹੋ ਗਏ। ਉਨ੍ਹਾਂ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਵਿਚ ਹੋਇਆ। ਆਪਦੇ ਤਿੰਨ ਲੜਕੇ ਹਨ। ਹਰਿਭਜਨ ਸਿੰਘ ਨੂੰ ਪੜ੍ਹਾਈ ਕਰਨ ਵਿਚ ਦਿਲਚਸਪੀ ਸੀ, ਇਸ ਕਰਕੇ ਕਲਰਕ ਦੀ  ਨੌਕਰੀ ਛੱਡਕੇ ਉਸਨੇ ਖਾਲਸਾ ਸਕੂਲ ਦਿੱਲੀ ਵਿਖੇ ਸਹਾਇਕ ਲਾਇਬਰੇਰੀਅਨ ਦੀ ਨੌਕਰੀ ਕਰ ਲਈ। ਦਸਵੀਂ ਤੋਂ ਬਾਅਦ ਉਸਨੇ ਸਾਰੀ ਪੜ੍ਹਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਨੌਕਰੀ ਕਰਦਿਆਂ ਹੀ ਕੀਤੀ। ਸਭ ਤੋਂ ਪਹਿਲਾਂ 1940 ਵਿਚ ਪ੍ਰਭਾਕਰ, 1941 ਵਿਚ ਸਾਹਿਤਯ ਰਤਨ ਅਤੇ ਗਿਆਨੀ ਪਾਸ ਕੀਤੀ। ਉਸਤੋਂ ਬਾਅਦ ਮੁਨਸ਼ੀ ਫਾਜ਼ਲ, ਬੀ ਏ, ਐਮ ਏ ਹਿੰਦੀ ਅਤੇ ਐਮ ਏ ਅੰਗਰੇਜ਼ੀ ਲਿਟਰੇਚਰ ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਪੀ ਐਚ ਡੀ ਆਪਨੇ ''ਗੁਰਮੁਖੀ ਲਿਪੀ ਮੇਂ ਹਿੰਦੀ ਕਾਵਯ'' ਵਿਸ਼ੇ ਉਪਰ ਕੀਤੀ। ਪਹਿਲਾਂ ਆਪ 1958 ਵਿਚ ਖਾਲਸਾ ਕਾਲਜ ਦਿੱਲੀ ਅਤੇ ਬਾਅਦ ਵਿਚ ਹਿੰਦੀ ਦੇ ਲੈਕਚਰਾਰ ਲੱਗ ਗਏ। ਉਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਦੇ ਲੈਕਚਰਾਰ ਰਹੇ। ਦਿੱਲੀ ਯੂਨੀਵਰਸਿਟੀ ਵਿਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗੇ ਉਸਤੋਂ ਬਾਅਦ ਉਥੇ ਹੀ1968 ਵਿਚ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। 1984 ਵਿਚ ਸੇਵਾ ਮੁਕਤੀ ਤੋਂ ਬਾਅਦ ਆਖਰੀ ਸਮੇਂ ਤੱਕ ਉਹ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਮਰੈਟਿਸ ਰਹੇ। ਇਕ ਵਾਰ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਦੀ ਹੋ ਗਈ ਪ੍ਰੰਤੂ ਆਪਨੂੰ ਨੌਕਰੀ ਜਾਇਨ ਨਾ ਕਰਨ ਦਿੱਤੀ ਗਈ ਕਿਉਂਕਿ ਆਪ ਪੰਜਾਬੀ ਦੀ ਐਮ ਏ ਨਹੀਂ ਸਨ। ਹੈਰਾਨੀ ਦੀ ਗੱਲ ਹੈ, ਜਿਸ ਯੂਨੀਵਰਸਿਟੀ ਨੇ ਜਾਇਨ ਨਹੀਂ ਕਰਨ ਦਿੱਤਾ ਸੀ, ਉਸੇ ਯੂਨੀਵਰਸਿਟੀ ਨੇ ਆਪਨੂੰ 1996 ਵਿਚ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ। ਆਪਨੇ ਵੱਖ-ਵੱਖ ਵਿਸ਼ਿਆਂ ਕਵਿਤਾ, ਆਲੋਚਨਾ ਸਾਹਿਤਕ ਇਤਿਹਾਸ, ਜੀਵਨੀਆਂ ਅਤੇ ਅਨੁਵਾਦ ਦੀਆਂ ਪੰਜਾਬੀ ਭਾਸ਼ਾ ਵਿਚ 80 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਕੇ ਪੰਜਾਬੀ ਭਾਸ਼ਾ ਨੂੰ ਮਾਲੋਮਾਲ ਕੀਤਾ।
   ਡਾ ਹਰਿਭਜਨ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਸਨ। ਉਨ੍ਹਾਂ ਨੇ ਦੋ ਮੌਕਿਆਂ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਆਯੋਜਤ ਸਮਾਗਮ ਜਿਸ ਵਿਚ ਸਮੁੱਚੇ ਸੰਸਾਰ ਤੋਂ ਪ੍ਰਤੀਨਿਧ ਆਏ ਹੋਏ ਸਨ ਵਿਚ ਭਾਰਤੀ ਪਰੰਪਰਾ ਤੇ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਚ ਸੂਫੀ ਮਤ ਤੇ ਭਾਰਤ ਵਿਸ਼ੇ ਤੇ ਭਾਸ਼ਣ ਦਿੱਤੇ ਜਿਨ੍ਹਾਂ ਨੇ ਡਾ ਹਰਿਭਜਨ ਸਿੰਘ ਦੀ ਵਿਲੱਖਣ ਵਿਦਵਤਾ ਦਾ ਸਿੱਕਾ ਜਮ੍ਹਾ ਦਿੱਤਾ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਸੀ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਹ ਸਮਰਪਤ ਭਾਵਨਾ ਵਾਲੇ ਬੁੱਧੀਜੀਵੀ ਸਨ। ਉਨ੍ਹਾਂ ਦੀ ਵਿਦਵਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਜਿਹੜੇ ਵਿਦਵਾਨਾ ਨੇ ਉਨ੍ਹਾਂ ਅਧੀਨ ਪੀ ਐਚ ਡੀ ਕੀਤੀ ਹੈ ਉਨ੍ਹਾਂ ਵਿਚ ਡਾ ਅਤਰ ਸਿੰਘ, ਡਾ ਸੁਤਿੰਦਰ ਸਿੰਘ ਨੂਰ, ਡਾ ਜਸਪਾਲ ਸਿੰਘ ਸਾਬਕਾ ਉਪਕੁਲਪਤੀ ਅਤੇ ਡਾ ਮਨਜੀਤ ਸਿੰਘ ਵਰਨਣਯੋਗ ਹਨ। ਡਾ ਹਰਿਭਜਨ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਦੇ ਲਗਪਗ 35 ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਸਨਮਾਨਿਆ। ਉਨ੍ਹਾਂ ਸਨਮਾਨਾ ਵਿਚੋਂ ਮੁੱਖ ਤੌਰ ਤੇ  ਸਾਹਿਤ ਅਕਾਦਮੀ ਪੁਰਸਕਾਰ, ਬਿਰਲਾ ਫਾਊਂਡੇਸ਼ਨ ਸਰਸਵਤੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਅੰਤਰਰਾਸ਼ਟਰੀ ਸ਼ਰੋਮਣੀ ਸਾਹਿਤਕਾਰ ਸਨਮਾਨ, ਗਿਆਨੀ ਗੁਰਮੁੱਖ ਸਿੰਘ ਪੁਰਸਕਾਰ, ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਨਮਾਨ, ਸਾਹਿਤ ਕਲਾ ਪੁਰਸਕਾਰ, ਪੰਜਾਬ ਲਿਟਰੇਰੀ ਫੋਰਮ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਨੇ ਕਬੀਰ ਪੁਰਸਕਾਰ, ਉਤਰ ਪ੍ਰਦੇਸ ਸਰਕਾਰ ਦਾ ਸਨਮਾਨ ਅਤੇ ਵਾਰਿਸ ਸ਼ਾਹ ਪੁਰਸਕਾਰ ਵਰਨਣਯੋਗ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕੀ ਰੰਗ ਲਿਆਵੇਗਾ ? - ਉਜਾਗਰ ਸਿੰਘ

ਸਿਆਸਤ ਵਿਚੋਂ ਸੰਜੀਦਗੀ ਅਤੇ ਸਿਧਾਂਤ ਦੋਵੇਂ ਪਰ ਲਾ ਕੇ ਗਾਇਬ ਹੋ ਗਏ ਹਨ। ਖਾਸ ਤੌਰ ਤੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤਾਂ ਸੰਜੀਦਗੀ ਦੇ ਸਾਰੇ ਹੱਦ ਬੰਨੇ ਹੀ ਟੱਪ ਗਈ ਹੈ। ਸੰਜੀਦਾ ਮੁਦਿਆਂ ਉਪਰ ਵੀ ਹਲਕੀਆਂ ਤੂਹਮਤਾਂ ਦਾ ਦੌਰ ਚਲ ਰਿਹਾ ਹੈ। ਸਮਝ ਨਹੀਂ ਆ ਰਹੀ ਇਹ ਨੇਤਾ ਨੌਜਵਾਨ ਸਿਆਸਤਦਾਨਾ ਨੂੰ ਕਿਹੜੀ ਪ੍ਰੇਰਨਾ ਦੇਣੀ ਚਾਹੁੰਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣ। ਤਾਜ਼ਾ ਉਦਾਹਰਣ ਪੰਜਾਬ ਵਿਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ 119 ਇਨਸਾਨਾ ਦੀ ਮੌਤ ਦਾ ਮੁੱਦਾ ਹੈ। ਸਿਆਸਤਦਾਨਾ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਜਾਨੀ ਨੁਕਸਾਨ ਦੀ ਪੜਤਾਲ ਕਰਨ ਲਈ ਆਪਸ ਵਿਚ ਮਿਲ ਬੈਠਕੇ ਵਿਚਾਰ ਵਟਾਂਦਰਾ ਕਰਕੇ ਘਟਨਾ ਦੀ ਤਹਿ ਤੱਕ ਜਾ ਕੇ ਪੜਤਾਲ ਕਰਨ ਦੀ ਗੱਲ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀਆਂ ਤਜ਼ਵੀਜਾਂ ਦਾ ਮੁਲਾਂਕਣ ਕਰਦੇ ਸਗੋਂ ਉਹ ਤਾਂ ਆਪਸ ਵਿਚ ਹੀ ਉਲਝ ਗਏ। ਇਨਸਾਨੀਅਤ ਦੀਆਂ ਮੌਤਾਂ ਨੂੰ ਢਾਲ ਬਣਾਕੇ ਨਿੱਜੀ ਰੰਜ਼ਸ਼ਾਂ ਕੱਢਣਾ ਸਿਆਸਤਦਾਨਾ ਦਾ ਮੁੱਖ ਕੰਮ ਨਹੀਂ। ਇਤਨਾ ਸੰਜੀਦਾ ਮਸਲਾ ਉਥੇ ਦਾ ਉਥੇ ਹੀ ਖੜ੍ਹਾ ਰਹਿ ਗਿਆ। ਸਰਕਾਰ ਇਹ ਕਹਿਕੇ ਕਿ ਪੜਤਾਲ ਕਰਵਾਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਵਾਵਾਂਗੇ ਪੱਲਾ ਝਾੜਕੇ ਦੋਸ਼ ਮੁਕਤ ਨਹੀਂ ਹੋ ਸਕਦੀ। ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਿਸ ਕਰਵਟ ਬੈਠੇਗਾ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸਿਆਸਤ ਦੇ ਅਨਾੜੀ ਖਿਡਾਰੀਆਂ ਵਾਂਗ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ ਦੋਵੇਂ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ, ਤਿੰਨੋ ਇਕ ਦੂਜੇ ਤੇ ਹਲਕੇ ਪੱਧਰ ਦੇ ਦੋਸ਼ ਲਗਾ ਰਹੇ ਹਨ, ਜੋ ਉਨ੍ਹਾਂ ਦੇ ਸਟੇਟਸ ਅਨੁਸਾਰ ਸ਼ੋਭਾ ਨਹੀਂ ਦਿੰਦੇ। ਇਨ੍ਹਾਂ ਨੇਤਾਵਾਂ ਨੂੰ ਤਾਂ ਨੌਜਵਾਨ ਪੀੜ੍ਹੀ ਦੇ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਉਪਰ ਸੀਨੀਅਰ ਨੇਤਾਵਾਂ ਦੀ ਦੂਸ਼ਣਬਾਜ਼ੀ ਬੰਦ ਨਹੀਂ ਹੋ ਰਹੀ ਪਤਾ ਨਹੀਂ ਉਨ੍ਹਾਂ ਦੀ ਇਹ ਲੜਾਈ ਕੀ ਗੁਲ ਖਿਲਾਏਗੀ ਪ੍ਰੰਤੂ ਇਕ ਗੱਲ ਤਾਂ ਸਾਫ ਹੈ ਕਿ ਇਸ ਦੂਸ਼ਣਬਾਜ਼ੀ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਅਕਸ ਨੂੰ ਗਹਿਰਾ ਧੱਕਾ ਲੱਗੇਗਾ। ਦੋਵੇਂ ਧਿਰਾਂ ਆਪੋ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਵਿਚ ਲੱਗੀਆਂ ਹੋਈਆਂ ਹਨ। ਦੋਹਾਂ ਵਿਚੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ। ਇਸ ਦੂਸ਼ਣਬਾਜ਼ੀ ਨੂੰ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਰੋਕਣ ਦੀ ਕੋਸਿਸ਼ ਨਹੀਂ ਕਰ ਰਹੀ। ਅਸਲ ਵਿਚ ਇਹ ਬਿਆਨਬਾਜ਼ੀ ਕਮਜ਼ੋਰ ਕੇਂਦਰੀ ਲੀਡਰਸ਼ਿਪ ਦਾ ਨਤੀਜਾ ਹੈ। ਪੰਜਾਬ ਕਾਂਗਰਸ ਦੇ ਕੇਂਦਰੀ ਇਨਚਾਰਜ ਆਸ਼ਾ ਕੁਮਾਰੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋਈ ਹੈ। ਕੇਂਦਰ ਦੇ ਇਨਚਾਰਜ ਦਾ ਫਰਜ ਬਣਦਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨਾਲ ਬਿਹਤਰ ਤਾਲਮੇਲ ਰੱਖੇ। ਉਸਨੂੰ ਕਿਸੇ ਇਕ ਧੜੇ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਸ਼ਮਸ਼ੇਰ ਸਿੰਘ ਦੂਲੋ ਦੇ ਬਿਆਨ ਤੋਂ ਸਾਬਤ ਹੋ ਰਿਹਾ ਹੈ ਕਿ ਆਸ਼ਾ ਕੁਮਾਰੀ ਇਕ ਪਾਸੜ ਯੋਗਦਾਨ ਪਾ ਰਹੀ ਹੈ। ਇਹ ਬਿਲਕੁਲ ਸੱਚ ਹੈ ਕਿ ਸਿਆਸਤ ਵਿਚ ਹਰ ਵਿਅਕਤੀ ਕਿਸੇ ਅਹੁਦੇ ਦੀ ਪ੍ਰਾਪਤੀ ਦਾ ਨਿਸ਼ਾਨਾ ਲੈ ਕੇ ਆਉਂਦਾ ਹੈ। ਇਸਦਾ ਅਰਥ ਇਹ ਨਹੀਂ ਕਿ ਉਹ ਗ਼ਲਤ ਢੰਗ ਅਪਣਾਕੇ ਇਸਦੀ ਪ੍ਰਾਪਤੀ ਕਰੇ। ਸਿਆਸਤ ਵਿਚ ਲੋਕ ਸੇਵਾ ਦਾ ਸੰਕਲਪ ਖ਼ਤਮ ਹੁੰਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਿਚ ਇਸ ਸਮੇਂ ਹਰ ਸਿਆਸਤਦਾਨ ਵਰਕਰ ਬਣਕੇ ਕੰਮ ਕਰਨ ਨੂੰ ਤਿਆਰ ਨਹੀਂ, ਹਰ ਕੋਈ ਨੇਤਾ ਬਣਨਾ ਪਸੰਦ ਕਰਦਾ ਹੈ। ਸਿਆਸਤਦਾਨਾਂ ਵਿਚੋਂ ਦਰੀਆਂ ਵਿਛਾਕੇ, ਹੇਠਲੇ ਪੱਧਰ ਤੋਂ ਲੋਕ ਸੇਵਾ ਅਤੇ ਮਿਹਨਤ ਨਾਲ ਸਿਆਸਤ ਦੀ ਪੌੜੀ ਚੜ੍ਹਨਾ ਇਕ ਸਪਨਾ ਬਣਕੇ ਹੀ ਰਹਿ ਗਿਆ। ਲੋਕ ਸੇਵਾ ਦਾ ਸਭਿਆਚਾਰ ਸਿਆਸਤ ਵਿਚੋਂ ਮਨਫੀ ਹੋ ਗਿਆ ਹੈ। ਕਾਂਗਰਸ ਦਾ ਹਰ ਸਿਆਸਤਦਾਨ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ ਜਾਂ ਕੋਈ ਹੋਰ ਅਹੁਦੇ ਤੋਂ ਬਿਨਾ ਆਪਣੇ ਆਪਨੂੰ ਅਧੂਰਾ ਸਮਝਦਾ ਹੈ। ਇਸ ਲਈ ਇਨ੍ਹਾਂ ਅਹੁਦਿਆਂ ਦੀ ਪ੍ਰਾਪਤੀ ਲਈ ਸ਼ਾਰਟ ਕਟ ਮਾਰਕੇ ਸਿਖਰਲੀ ਪੌੜੀ ਚੜ੍ਹਨ ਦੀ ਕੋਸਿਸ਼ ਕਰ ਰਿਹਾ ਹੈ। ਜਿਸ ਕਰਕੇ ਪਾਰਟੀ ਵਿਚ ਨਿਘਾਰ ਆ ਰਿਹਾ ਹੈ। ਤਾਜਾ ਘਟਨਾਵਾਂ ਵਿਜੇਦਿਤਿਆ ਰਾਜੇ ਸਿੰਧੀਆ ਅਤੇ ਰਾਜੇਸ਼ ਪਾਇਲਟ ਦੀਆਂ ਹਨ, ਜਿਹੜੇ ਆਪਣੀ ਕਾਬਲੀਅਤ ਕਰਕੇ ਨਹੀਂ ਸਗੋਂ ਪਰਿਵਾਰਵਾਦ ਕਰਕੇ ਭਰ ਜਵਾਨੀ ਵਿਚ ਵੱਡੇ ਅਹੁਦੇ ਲੈ ਕੇ ਵੀ ਸੰਤੁਸ਼ਟ ਨਹੀਂ ਹੋਏ ਸਨ। ਇਨ੍ਹਾਂ ਦੋਹਾਂ ਨੌਜਵਾਨ ਨੇਤਾਵਾਂ ਦੇ ਵਿਵਹਾਰ ਦਾ ਸਾਰੇ ਰਾਜਾਂ ਦੀ ਕਾਂਗਰਸ ਤੇ ਪ੍ਰਭਾਵ ਪੈ ਰਿਹਾ ਹੈ। ਸਮੁੱਚੇ ਦੇਸ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਦਿਨ ਬਦਿਨ ਪਤਲੀ ਹੁੰਦੀ ਜਾ ਰਹੀ ਸੀ ਪ੍ਰੰਤੂ ਇਸਦੇ ਮੁਕਾਬਲੇ ਪੰਜਾਬ ਕਾਂਗਰਸ ਦੀ ਸਥਿਤੀ ਮਜ਼ਬੂਤ ਰਹੀ ਹੈ। 2009 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੇ ਦੇਸ ਵਿਚ ਕਾਂਗਰਸ ਪਾਰਟੀ ਨਿਘਾਰ ਵਲ ਨੂੰ ਜਾ ਰਹੀ ਹੈ।  2009 ਅਤੇ 2014 ਦੀਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਨੇਤਾ ਬਣਨ ਜੋਗੀਆਂ ਸੀਟਾਂ ਵੀ ਜਿੱਤ ਨਹੀਂ ਸਕੀ ਪ੍ਰੰਤੂ ਪੰਜਾਬ ਵਿਚ 2014 ਦੀਆਂ ਲੋਕ ਸਭਾ ਦੀਆਂ 13 ਸੀਟਾਂ ਵਿਚੋਂ 3 ਅਤੇ 2019 ਵਿਚ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿਚ ਕਾਂਗਰਸ ਪਾਰਟੀ ਦਾ ਆਧਾਰ ਅਜੇ ਬਰਕਰਾਰ ਹੈ ਪ੍ਰੰਤੂ ਪੰਜਾਬ ਸਰਕਾਰ ਦੀ ਕਮਜ਼ੋਰ ਕਾਰਗੁਜ਼ਾਰੀ ਅਤੇ ਨੇਤਾਵਾਂ ਦੀਆਂ ਖ਼ੁਦਗਰਜ਼ੀਆਂ ਵਾਲੀਆਂ ਹਰਕਤਾਂ ਪੰਜਾਬ ਕਾਂਗਰਸ ਨੂੰ ਵੀ ਲੈ ਡੁਬਣਗੀਆਂ। ਪੰਜਾਬ ਵਿਚ 2017 ਵਿਚ ਭਾਰੀ ਬਹੁਮਤ ਨਾਲ ਪੰਜਾਬ ਵਿਧਾਨ ਸਭਾ ਦੀ ਚੋਣ ਜਿਤਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਵੀ ਬਣਾ ਲਈ ਸੀ। ਪੰਜਾਬ ਦੇ ਕਾਂਗਰਸੀਆਂ ਨੂੰ ਸਰਕਾਰ ਰਾਸ ਨਹੀਂ ਆ ਰਹੀ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਾਂਗਰਸੀ ਨੇਤਾ ਸਰਕਾਰ ਦਾ ਅਕਸ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਨਿਤ ਦਿਨ ਨਵਾਂ ਵਾਦਵਿਵਾਦ ਛਿੜਿਆ ਰਹਿੰਦਾ ਹੈ। ਹਰ ਨੇਤਾ ਮੁੱਖ ਮੰਤਰੀ ਅਤੇ ਮੰਤਰੀ ਦੀਆਂ ਕੁਰਸੀਆਂ ਉਪਰ ਨਿਗਾਹ ਟਿਕਾਈ ਬੈਠਾ ਹੈ। ਇਸ ਕਰਕੇ ਹਰ ਤੀਜੇ ਦਿਨ ਕੋਈ ਨਾ ਕੋਈ ਅਜਿਹਾ ਬਿਆਨ ਦਾਗ ਦਿੰਦੇ ਹਨ, ਜਿਸ ਨਾਲ ਸਰਕਾਰ ਦੀ ਬਦਨਾਮੀ ਹੋਵੇ। ਇਹ ਨੇਤਾ ਕੇਂਦਰ ਵਿਚ ਬੈਠੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਸ਼ਹਿ ਉਪਰ ਢੋਲ ਵਜਾ ਰਹੇ ਹਨ। ਦਿੱਲੀ ਬੈਠੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੀ ਕਾਂਗਰਸ ਦੀਆਂ ਜੜਾਂ ਵਿਚ ਤੇਲ ਦੇ ਰਹੀ ਹੈ। ਇਕ ਕਹਾਵਤ ਹੈ, 'ਚੁੱਕੀ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ' ਇਹੋ ਪੰਜਾਬ ਦੇ ਕਾਂਗਰਸੀ ਕਰ ਰਹੇ ਹਨ। ਕੇਂਦਰ ਵਿਚ ਕਾਂਗਰਸ ਪਾਰਟੀ ਅਤਿਅੰਤ ਕਮਜ਼ੋਰ ਹੋਣ ਕਰਕੇ ਨਾ ਤਾਂ ਅਨੁਸ਼ਾਸਨ ਭੰਗ ਕਰਨ ਵਾਲਿਆਂ ਅਤੇ ਨਾ ਹੀ ਮੁੱਖ ਮੰਤਰੀ ਨੂੰ ਸਮਝਾਉਣ ਦੇ ਸਮਰੱਥ ਹੈ। ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਭਾਵੇਂ ਇਮਾਨਦਾਰ ਅਤੇ ਲੋਕਾਂ ਵਿਚ ਹਰਮਨ ਪਿਆਰਾ ਹੈ ਪ੍ਰੰਤੂ ਉਸਦੇ ਬਿਆਨਾ ਕਰਕੇ ਸਰਕਾਰ ਦੀਆਂ ਜੜ੍ਹਾਂ ਵਿਚ ਸੇਹ ਦਾ ਤਕਲਾ ਗੱਡਿਆ ਰਿਹਾ। ਚਲੋ ਉਹ ਤਾਂ ਅਜੇ ਸਿਆਸਤ ਵਿਚ ਬਹੁਤਾ ਤਜ਼ਰਬੇਕਾਰ ਵੀ ਨਹੀਂ ਸੀ, ਇਸ ਕਰਕੇ  ਬਿਆਨਬਾਜ਼ੀ ਕਰਦਾ ਰਿਹਾ। ਉਹ ਤਾਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ  ਦੀ ਦਖ਼ਲਅੰਦਾਜ਼ੀ ਨਾਲ ਸਿਧਾਂਤਾਂ ਨੂੰ ਮੁੱਖ ਰਖਕੇ ਨਹੀਂ ਸਗੋਂ ਇਕ ਨਿਸ਼ਾਨੇ ਨੂੰ ਆਧਾਰ ਬਣਾਕੇ ਕਾਂਗਰਸ ਵਿਚ ਆਇਆ ਸੀ, ਜਦੋਂ ਉਸਦਾ ਨਿਸ਼ਾਨਾ ਪੂਰਾ ਹੁੰਦਾ ਨਾ ਦਿਖਿਆ ਤਾਂ ਉਹ ਅਖ਼ੀਰ ਅਸਤੀਫਾ ਦੇ ਕੇ ਮੰਤਰੀ ਮੰਡਲ ਵਿਚੋਂ ਬਾਹਰ ਚਲਾ ਗਿਆ। ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਮੰਤਰੀ ਦੇ ਅਹੁਦੇ ਦੇ ਕੇ ਨਿਵਾਜਣ ਨਾਲ ਵੀ ਪੁਰਾਣੇ ਕਾਂਗਰਸੀਆਂ ਵਿਚ ਖੁਸਰਮੁਸਰ ਹੁੰਦੀ ਰਹੀ। ਪੰਜਾਬ ਦਾ ਤਾਜ਼ਾ ਘਟਨਾਕਰਮ ਬੜਾ ਹੀ ਅਜ਼ੀਬ ਕਿਸਮ ਦਾ ਹੋਇਆ ਹੈ। ਦੋ ਬਹੁਤ ਹੀ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ, ਦੋਵੇਂ ਸਾਬਕਾ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ, ਸਾਬਕਾ ਪੰਜਾਬ ਦੇ ਮੰਤਰੀ ਅਤੇ ਵਰਤਮਾਨ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਪਿਛਲੇ ਦਿਨੀ ਆਪਣੇ ਹੀ ਮੁੱਖ ਮੰਤਰੀ ਦੇ ਵਿਰੁੱਧ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਪੜਤਾਲ ਸੀ ਬੀ ਆਈ ਤੋਂ ਕਰਵਾਉਣ ਲਈ ਰਾਜਪਾਲ ਕੋਲ ਪਹੁੰਚ ਗਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਪੜਤਾਲ ਉਪਰ ਯਕੀਨ ਹੀ ਨਹੀਂ। ਚਾਹੀਦਾ ਤਾਂ ਇਹ ਸੀ ਕਿ ਉਹ ਪਹਿਲਾਂ ਮੁੱਖ ਮੰਤਰੀ ਨੂੰ ਸੀ ਬੀ ਆਈ ਪੜਤਾਲ ਕਰਵਾਉਣ ਲਈ ਕਹਿੰਦੇ, ਜੇ ਉਹ ਨਾ ਸੁਣਦੇ ਤਾਂ ਪਾਰਟੀ ਪੱਧਰ ਤੇ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਆਪਣੀ ਗੱਲ ਦੱਸਦੇ।  ਪ੍ਰੰਤੂ ਉਨ੍ਹਾਂ ਤਾਂ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਤਰ੍ਹਾਂ ਜਿਵੇਂ ਉਸਨੇ ਆਪਣੇ ਹੀ ਮੁੱਖ ਮੰਤਰੀ ਦੇ ਭਰਿਸ਼ਟਾਚਾਰ ਵਿਰੁਧ ਰਾਜਪਾਲ ਨੂੰ ਯਾਦ ਪੱਤਰ ਦਿੱਤਾ ਸੀ, ਉਸੇ ਤਰ੍ਹਾਂ ਕੀਤਾ। ਇਹ ਦੋਵੇਂ ਨੇਤਾ ਪੜ੍ਹੇ ਲਿਖੇ, ਕਾਬਲ ਅਤੇ ਤਜ਼ਰਬੇਕਾਰ ਸਿਆਸਤਦਾਨ ਹਨ। ਉਹ ਆਪ ਉਚ ਅਹੁਦਿਆਂ ਤੇ ਰਹੇ ਹਨ। ਇਸ ਤਰ੍ਹਾਂ ਰਾਜਪਾਲ ਕੋਲ ਜਾਣ ਦੇ ਅਰਥ ਵੀ ਸਮਝਦੇ ਹਨ। ਉਨ੍ਹਾਂ ਨੂੰ ਇਸ ਯਾਦ ਪੱਤਰ ਦੇ ਲਾਭ ਨੁਕਸਾਨ ਬਾਰੇ ਸਭ ਕੁਝ ਪਤਾ ਹੈ। ਇਹ ਜਗਦੇਵ ਸਿੰਘ ਤਲਵੰਡੀ ਵਰਗੇ ਸਿਆਸਤਦਾਨ ਨਹੀਂ। ਏਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮੁੱਖ ਮੰਤਰੀ ਨੂੰ ਵੀ ਸੀਨੀਅਰ ਨੇਤਾਵਾਂ ਦੇ ਖਤਾਂ ਉਪਰ ਕਾਰਵਾਈ ਕਰਕੇ ਉਨ੍ਹਾਂ ਨੂੰ ਜਾਣਕਾਰੀ ਦੇਣੀ ਬਣਦੀ ਸੀ। ਦੋਹਾਂ ਨੇਤਾਵਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਪਹਿਲਾਂ ਬਹੁਤ ਸਾਰੇ ਮਸਲਿਆਂ ਬਾਰੇ ਖਤ ਲਿਖੇ ਹਨ ਪ੍ਰੰਤੂ ਮੁੱਖ ਮੰਤਰੀ ਦਫਤਰ ਨਾ ਤਾਂ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਕੋਈ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਰਾਜਪਾਲ ਕੋਲ ਉਨ੍ਹਾਂ ਦਾ ਜਾਣਾ ਜਾਇਜ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੂੰ ਸੰਜੀਦਾ ਕਿਸਮ ਦਾ ਸਿਆਸਤਦਾਨ ਸਮਝਿਆ ਜਾਂਦਾ ਸੀ ਉਸਨੇ ਤਾਂ ਪੈਂਦੀ ਸੱਟੇ ਜਲਦਬਾਜ਼ੀ ਵਿਚ ਇਨ੍ਹਾਂ ਦੋਹਾਂ ਸੀਨੀਅਰ ਨੇਤਾਵਾਂ ਵਿਰੁਧ ਕੌਮੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਅਨੁਸ਼ਾਸਨ ਭੰਗ ਕਰਨ ਕਰਕੇ  ਅਨੁਸ਼ਾਸਨੀ ਕਾਰਵਾਈ ਕਰਨ ਲਈ ਲਿਖ ਦਿੱਤਾ। ਕਾਂਗਰਸ ਪਾਰਟੀ ਰਾਜ ਸਭਾ ਦੇ ਮੈਂਬਰਾਂ ਵਿਰੁਧ ਕਾਰਵਾਈ ਕਰਨ ਦੀ ਸਥਿਤੀ ਵਿਚ ਨਹੀਂ ਕਿਉਂਕਿ ਕਈ ਮਹੱਤਵਪੂਰਨ ਬਿਲ ਸੰਸਦ ਦੇ ਮੌਨਸੂਨ ਸੈਸਨ ਵਿਚ ਪੇਸ ਹੋਣੇ ਹਨ। ਏਥੇ ਹੀ ਬਸ ਨਹੀਂ ਪੰਜਾਬ ਦੇ ਮੰਤਰੀਆਂ ਨੇ ਵੀ ਦੋਹਾਂ ਨੇਤਾਵਾਂ ਵਿਰੁਧ ਕਾਰਵਾਈ ਕਰਨ ਲਈ ਬਿਆਨ ਦਾਗ ਦਿੱਤੇ ਹਨ। ਦੋਹਾਂ ਧਿਰਾਂ ਦੀਆਂ ਨਿੱਜੀ ਰੰਜ਼ਸਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਦੋਵੇਂ ਧਿਰਾਂ ਪੁਰਾਣੀਆਂ ਕਿੜਾਂ ਕੱਢ ਰਹੇ ਹਨ। ਕੋਈ ਵੀ ਕਾਂਗਰਸ ਪਾਰਟੀ ਹਿਤਾਂ ਨੂੰ ਮੁੱਖ ਰਖਕੇ ਸੰਜੀਦਗੀ ਤੋਂ ਕੰਮ ਨਹੀਂ ਲੈ ਰਿਹਾ। ਸ਼ਮਸ਼ੇਰ ਸਿੰਘ ਦੂਲੋ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਵੀ ਉਨ੍ਹਾਂ ਦਾ ਛੱਤੀ ਦਾ ਅੰਕੜਾ ਰਿਹਾ ਹੈ। ਉਸਨੇ ਤਾਂ ਇਕ ਹੋਰ ਬਿਆਨ ਦਿੱਤਾ ਹੈ ਜਿਸ ਵਿਚ ਸਾਰੇ ਮੰਤਰੀ ਮੰਡਲ ਅਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਤਾਜ਼ਾ ਬਿਆਨਬਾਜ਼ੀ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਦੇਵੇਗੀ। ਅਸਲ ਵਿਚ ਕਾਂਗਰਸੀਆਂ ਦੇ ਸਿਆਸੀ ਤਾਕਤ ਵੀ ਹਜ਼ਮ ਨਹੀਂ ਹੁੰਦੀ। ਕਾਂਗਰਸੀ ਹੀ ਵਿਰੋਧੀ ਪਾਰਟੀ ਦਾ ਰੋਲ ਅਦਾ ਕਰ ਰਹੇ ਹਨ। ਉਦੋਂ ਵੀ 2007 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਨੂੰ ਦੋਹਾਂ ਦੀ ਲੜਾਈ ਦਾ ਨੁਕਸਾਨ ਹੋਇਆ ਸੀ। ਹੁਣ ਵੀ ਪਾਰਟੀ ਘਾਟੇ ਵਿਚ ਰਹੇਗੀ ਜੇਕਰ ਕੇਂਦਰੀ ਕਾਂਗਰਸ ਨੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ - ਉਜਾਗਰ ਸਿੰਘ

ਪੰਜਾਬ ਦਾ ਸਭ ਤੋਂ ਜ਼ਿਅਦਾ ਨੁਕਸਾਨ ਕਈ ਤਰ੍ਹਾਂ ਦੇ ਮਾਫੀਆਂ ਨੇ ਕੀਤਾ ਹੈ। ਹਰ ਖੇਤਰ ਵਿਚ ਮਾਫੀਏ ਕੰਮ ਕਰ ਰਹੇ ਹਨ। ਨਸ਼ਿਆਂ ਦੇ ਮਾਫੀਏ ਨੇ ਤਾਂ ਪੰਜਾਬ ਦੀ ਜਵਾਨੀ ਹੀ ਖ਼ਤਮ ਕਰਨ ਦੇ ਕਿਨਾਰੇ ਲਿਆ ਕੇ ਖੜ੍ਹੀ ਕਰ ਦਿੱਤੀ। ਮੌਤ ਦੇ ਸੱਥਰਾਂ ਨੇ ਪੰਜਾਬ ਨੂੰ ਡਾਵਾਂਡੋਲ ਕਰ ਦਿੱਤਾ ਹੈ। ਪੰਜਾਬ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਗ਼ਲਤੀਆਂ ਕਰਕੇ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ। ਚਿੱਟੇ ਦਾ ਨਸ਼ਾ ਅਤੇ ਕਰੋਨਾ ਦਾ ਕਹਿਰ ਅਜੇ ਕਾਬੂ ਹੇਠ ਨਹੀਂ ਆ ਰਿਹਾ ਸੀ ਉਪਰੋਂ ਘਰ ਦੀ ਕੱਢੀ ਦੇਸੀ ਸ਼ਰਾਬ ਨੇ ਲਗਪਗ ਸਵਾ ਸੌ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਕਰੋਨਾਂ ਨਾਲ ਤਾਂ ਪੰਜਾਬ ਵਿਚ ਚਾਰ ਮਹੀਨਿਆਂ ਵਿਚ 4000 ਜਾਨਾ ਗਈਆਂ ਹਨ। ਜ਼ਹਿਰੀਲੀ ਸ਼ਰਾਬ ਨਾਲ ਤਾਂ ਇਕ ਦਿਨ ਵਿਚ ਹੀ 119 ਮੌਤਾਂ ਹੋ ਗਈਆਂ ਹਨ। ਗ਼ਰੀਬ ਘਰਾਂ ਦੇ ਰੋਜ਼ੀ ਰੋਟੀ ਕਮਾਉਣ ਵਾਲੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਦੇ ਪਰਿਵਾਰ ਰੁਲ ਜਾਣਗੇ। ਕੈਮੀਕਲ ਨਸ਼ਿਆਂ ਦੇ ਆਉਣ ਨਾਲ ਮਾਨਵਤਾ ਦਾ ਘਾਣ ਹੋ ਰਿਹਾ ਹੈ। ਹੁਣ ਤੱਕ ਚਿੱਟੇ ਦੇ ਨਸ਼ੇ ਨੂੰ ਹੀ ਸਭ ਤੋਂ ਘਾਤਕ ਸਮਝਿਆ ਜਾ ਰਿਹਾ ਸੀ ਪ੍ਰੰਤੂ ਘਰ ਦੀ ਕੱਢੀ ਦੇਸੀ ਸ਼ਰਾਬ ਵਿਚ ਕੈਮੀਕਲ ਪਾਉਣਾ, ਗ਼ਰੀਬ ਲੋਕਾਂ ਲਈ ਮੌਤ ਦਾ ਸੌਦਾਗਰ ਬਣਕੇ ਆਇਆ  ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਅਤੇ ਗੁਰਦਾਸਪੁਰ ਦੇ ਜਿਲ੍ਹਿਆਂ ਵਿਚ ਸ਼ਰਾਬ ਪੀਣ ਨਾਲ 119 ਵਿਅਕਤੀਆਂ ਦੇ ਮਾਰੇ ਜਾਣ ਨਾਲ ਪੰਜਾਬ  ਵਿਚ ਇਕ ਵਾਰ ਫਿਰ ਤੋਂ ਸ਼ਰਾਬ ਮਾਫੀਆ ਚਰਚਾ ਵਿਚ ਆ ਗਿਆ ਹੈ। ਪੰਜਾਬ ਦਾ ਨੁਕਸਾਨ ਕਰਨ ਵਿਚ ਪਿਛਲੇ ਪੰਦਰਾਂ ਸਾਲਾਂ ਤੋਂ ਕਈ ਤਰ੍ਹਾਂ ਦੇ ਮਾਫੀਏ, ਜਿਨ੍ਹਾਂ ਵਿਚ ਮਾਈਨਿੰਗ, ਟਰਾਂਸਪੋਰਟ, ਗੈਂਗਸਟਰ, ਕੇਬਲ, ਲੈਂਡ, ਪ੍ਰਾਪਰਟੀ, ਟਰੈਵਲ ਏਜੰਟ ਅਤੇ ਮਨੁੱਖੀ ਤਸਕਰੀ  ਬਹੁਤ ਜ਼ਿਆਦਾ ਹੀ ਸਰਗਰਮ ਹੋ ਗਏ ਹਨ। ਕਿਸੇ ਸਮੇਂ ਬਿਹਾਰ ਨੂੰ ਮਾਫੀਏ ਦਾ ਕੇਂਦਰ ਕਿਹਾ ਜਾਂਦਾ ਸੀ ਪ੍ਰੰਤੂ ਚੋਣਾ ਉਪਰ ਵਧੇਰੇ ਖਰਚੇ ਹੋਣ ਨਾਲ ਇਹ ਮਾਫੀਏ ਪੰਜਾਬ ਵਿਚ ਵੀ ਪੁਲਿਸ, ਅਫ਼ਸਰਸ਼ਾਹੀ  ਅਤੇ ਰਾਜਨੀਤਕ ਲੋਕਾਂ ਦੀ ਸ਼ਰਨ ਵਿਚ ਆ ਕੇ ਪੈਰ ਜਮਾ ਗਏ ਹਨ। ਕਿਸੇ ਸਮੇਂ ਸ਼ਰਾਬ ਪੰਜਾਬ ਦੇ ਲਗਪਗ ਸਾਰੇ ਪਿੰਡਾਂ ਵਿਚ ਹੀ ਕੱਢੀ ਜਾਂਦੀ ਸੀ। ਉਹ ਸਿਰਫ ਲੋਕ ਆਪਣੇ ਪੀਣ ਜੋਗੀ ਹੀ ਕੱਢਦੇ ਸਨ। ਉਹ ਜ਼ਹਿਰੀਲੀ ਨਹੀਂ ਹੁੰਦੀ ਸੀ ਕਿਉਂਕਿ ਉਸ ਵਿਚ ਅੰਗੂਰ, ਸੌਂਫ, ਦਾਖਾਂ ਅਤੇ ਅਤੇ ਹੋਰ ਫਲ ਫਰੂਟ ਪਾ ਕੇ ਸੁਆਦਲੀ ਬਣਾਈ ਜਾਂਦੀ ਸੀ ਪ੍ਰੰਤੂ ਆਬਕਾਰੀ ਤੇ ਕਰ ਵਿਭਾਗ  ਦੇ ਸਿਕੰਜਾ ਕਸਣ ਨਾਲ ਹੁਣ ਪੰਜਾਬ ਵਿਚ ਆਮ ਤੌਰ ਤੇ ਹੁਣ ਸ਼ਰਾਬ ਕੱਢੀ ਨਹੀਂ ਜਾਂਦੀ। ਹੁਣ ਤਾਂ ਸਿਰਫ ਅਜਿਹੇ ਇਲਾਕਿਆਂ ਵਿਚ ਸ਼ਰਾਬ ਕੱਢੀ ਜਾਂਦੀ ਹੈ, ਜਿਥੇ ਜਾਂ ਤਾਂ ਪੁਲਿਸ ਦੀ ਸਹਿ ਹੋਵੇ ਜਾਂ ਪੁਲਿਸ ਤੋਂ ਬਚਣ ਲਈ ਲੁਕਣ ਛਿਪਣ ਲਈ ਵਧੀਆ ਠਾਹਰ ਹੋਵੇ, ਭਾਵ ਦਰਿਆਵਾਂ ਦੇ ਕੰਢਿਆਂ, ਮੰਡ ਦਾ ਇਲਾਕਾ ਜਾਂ ਜੰਗਲ ਆਦਿ ਦੇ ਨੇੜੇ ਤੇੜੇ ਜਿਥੇ ਪੁਲਿਸ ਦਾ ਪਹੁੰਚਣਾ ਛੇਤੀ ਕੀਤਿਆਂ ਅਸੰਭਵ ਹੁੰਦਾ ਹੈ। ਹੁਣ ਪੰਜਾਬ ਦਾ ਮਾਲਵਾ ਅਤੇ ਦੁਆਬੇ ਦਾ ਇਲਾਕੇ ਇਹ ਕੰਮ ਥੋੜ੍ਹੇ ਲੋਕ ਕਰਦੇ ਹਨ। ਸਿਰਫ ਮਾਝੇ ਦੇ ਇਲਾਕੇ ਵਿਚ ਇਹ ਕੰਮ ਵੱਡੀ ਮਾਤਰਾ ਵਿਚ ਹੁੰਦਾ ਹੈ ਕਿਉਂਕਿ ਇਹ ਸਰਹੱਦੀ ਇਲਾਕਾ ਹੈ। ਸਭ ਤੋਂ ਖ਼ਤਨਾਕ ਰੁਝਾਨ ਇਹ ਪੈਦਾ ਹੋ ਗਿਆ ਕਿ ਹੁਣ ਘਰ ਦੀ ਕੱਢੀ ਦੇਸੀ ਸ਼ਰਾਬ ਦਾ ਵਿਓਪਾਰੀਕਰਨ ਹੋ ਗਿਆ। ਪਹਿਲਾਂ ਆਪੋ ਆਪਣੀ ਵਰਤੋਂ ਲਈ ਲੋਕ ਸ਼ਰਾਬ ਕੱਢਦੇ ਸਨ। ਹੁਣ ਵੇਚਣ ਦੇ ਕੰਮ ਦੇ ਸ਼ੁਰੂ ਹੋਣ ਨਾਲ ਇਸ ਨੂੰ ਬਣਾਉਣ ਲਈ ਕੈਮੀਕਲ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਜ਼ਿਆਦਾ ਮਾਤਰਾ ਵਿਚ ਵੇਚਣ ਲਈ ਸ਼ਰਾਬ ਬਣਾਉਣ ਲਈ ਜੇਕਰ ਪੁਰਾਣਾ ਤਰੀਕਾ ਅਪਣਾਇਆ ਜਾਵੇ ਤਾਂ ਘੱਟੋ ਘੱਟ ਪੰਦਰਾਂ ਦਿਨ ਦਾ ਪ੍ਰਾਸੈਸ ਹੁੰਦਾ ਹੈ। ਜਦੋਂ ਪੈਸਾ ਕਮਾਉਣ, ਛੇਤੀ ਅਮੀਰ ਬਣਨ ਅਤੇ ਵਿਓਪਾਰੀ ਰੁਚੀ ਹੁੰਦੀ ਹੈ, ਉਦੋਂ ਪਾਣੀ ਵਿਚ ਕੈਮੀਕਲ ਪਾ ਕੇ ਮਿੰਟਾਂ ਸਕਿੰਟਾਂ ਵਿਚ ਹੀ ਸਸ਼ ਤਿਆਰ ਹੋ ਜਾਂਦੀ ਹੈ। ਇਸਨੂੰ ਬਣਾਉਣ ਲਈ ਕੋਈ ਮਾਪ ਦੰਡ ਨਹੀਂ ਅਪਣਾਇਆ ਜਾਂਦਾ। ਇਸ ਕਰਕੇ ਉਹ ਅਤਿਅੰਤ ਜ਼ਹਿਰੀਲੀ ਹੁੰਦੀ ਹੈ। ਮਾਝੇ ਦੇ ਲੋਕ ਦਲੇਰ ਵੀ ਹੁੰਦੇ ਹਨ, ਇਨ੍ਹਾਂ ਵਿਚ ਪੁਲਿਸ ਅਤੇ ਆਬਕਾਰੀ ਵਿਭਾਗ ਦਾ ਬਹੁਤਾ ਡਰ ਨਹੀਂ ਮੰਨਦੇ ਪ੍ਰੰਤੂ ਫਿਰ ਵੀ ਪੁਲਿਸ, ਆਬਕਾਰੀ ਵਿਭਾਗ ਅਤੇ ਸਥਾਨਕ ਸਿਆਸਤਦਾਨਾ ਦੀ ਮਿਲੀਭੁਗਤ ਤੋਂ ਬਿਨਾ ਇਹ ਸੰਭਵ ਹੀ ਨਹੀਂ ਹੋ ਸਕਦਾ ਕਿਉਂਕਿ ਇਹ ਧੰਧਾ ਗ਼ੈਰ ਕਾਨੂੰਨੀ ਹੈ। ਪਿਛਲੀ ਸਰਕਾਰ ਦੇ ਮੌਕੇ ਹਲਕਾ ਇਨਚਾਰਜ ਦੀ ਜਿਹੜੀ ਪਰੰਪਰਾ ਸ਼ੁਰੂ ਹੋ ਗਈ, ਉਸਨੇ ਪ੍ਰਬੰਧਕੀ ਢਾਂਚੇ ਦਾ ਸਤਿਆਨਾਸ ਕਰ ਦਿੱਤਾ ਹੈ ਕਿਉਂਕਿ ਉਸ ਹਲਕੇ ਵਿਚ ਸੰਬੰਧਤ ਹਲਕਾ ਇਨਚਾਰਜ ਤੋਂ ਬਿਨਾ ਕੋਈ ਕਰਮਚਾਰੀ ਅਤੇ ਅਧਿਕਾਰੀ ਤਾਇਨਾਤ ਹੀ ਨਹੀਂ ਕੀਤਾ ਜਾਂਦਾ। ਇਹ ਕਰਮਚਾਰੀ ਅਤੇ ਅਧਿਕਾਰੀ ਹਲਕਾ ਇਨਚਾਰਜ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਕੰਮ ਹੀ ਨਹੀਂ ਕਰਦੇ। ਫਿਰ ਉਹ ਲੋਕਾਂ ਨਾਲ ਇਨਸਾਫ ਕਿਵੇਂ ਕਰ ਸਕਦੇ ਹਨ। ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਲੋਕ ਗ਼ਲਤ ਰਸਤੇ ਅਪਣਾਉਂਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਹੁਣ ਤੱਕ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਵਿਚ ਚਾਰ ਇਸਤਰੀਆਂ ਵੀ ਸ਼ਾਮਲ ਹਨ। ਮਾਫੀਆ ਵਾਲੇ ਇਸਤਰੀਆਂ ਨੂੰ ਢਾਲ ਬਣਾਕੇ ਵਰਤਦੇ ਹਨ ਕਿਉਂਕਿ ਇਸਤਰੀਆਂ ਤੇ ਛੇਤੀ ਕੀਤਿਆਂ ਸ਼ੱਕ ਨਹੀਂ ਕੀਤੀ ਜਾਂਦੀ। ਇਕ ਕੇਸ ਵਿਚ ਇਸ ਧੰਧੇ ਵਿਚ ਸ਼ਾਮਲ ਇਸਤਰੀ ਦੇ ਪਤੀ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਉਸ ਇਸਤਰੀ ਨੇ ਕੀ ਖੱਟਿਆ ਅਜਿਹਾ ਗ਼ੈਰਕਾਨੂੰਨੀ ਧੰਧਾ ਕਰਕੇ। ਆਪਣਾ ਪਤੀ ਗੁਆ ਲਿਆ ਅਤੇ ਆਪ ਜੇਲ੍ਹ ਵਿਚ ਚਲੀ ਗਈ। ਪਿਛੇ ਬੱਚੇ ਰੁਲਦੇ ਰਹਿਣਗੇ, ਮਾਸੂਮ ਬੱਚਿਆਂ ਦਾ ਕੀ ਕਸੂਰ ਹੈ।  ਕਰੋਨਾ ਸਮੇਂ ਲਾਕ ਡਾਊਨ ਵਿਚ ਜਦੋਂ ਸਰਕਾਰੀ ਠੇਕੇ ਬੰਦ ਸਨ, ਉਦੋਂ ਇਹ ਕਾਰੋਬਾਰ ਵੱਧ ਗਿਆ। ਮਰਨ ਵਾਲੇ ਬਹੁਤੇ ਗ਼ਰੀਬ ਲੋਕ ਹਨ। ਗ਼ਰੀਬ ਲੋਕ ਮਹਿੰਗੀ ਸ਼ਰਾਬ ਖ੍ਰੀਦ ਨਹੀਂ ਸਕਦੇ । ਗੈਰਕਾਨੂੰਨੀ ਕੰਮ ਕਰਨ ਵਾਲਾ ਇਹ ਮਾਫੀਆ ਸਸਤੀ ਸ਼ਰਾਬ ਵੇਚਦਾ ਹੈ। ਸਸਤੀ ਸ਼ਰਾਬ ਦੇ ਲਾਲਚ ਅਤੇ ਵਧੇਰੇ ਪੈਸਾ ਕਮਾਉਣ ਦੀ ਲਾਲਸਾ ਨੇ ਮਨੁੱਖੀ ਜਾਨਾ ਦੀ ਪ੍ਰਵਾਹ ਨਹੀਂ ਕੀਤੀ।
    ਇੱਕ ਗੱਲ ਤਾਂ ਸਾਫ ਜ਼ਾਹਰ ਹੈ ਕਿ ਇਹ ਕਾਰੋਬਾਰ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾ ਹੋ ਸੰਭਵ ਹੀ ਨਹੀਂ ਹੋ ਸਕਦਾ ਕਿਉਂਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਕੈਮੀਕਲਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੈਮੀਕਲ ਹਰ ਥਾਂ ਤੇ ਨਹੀਂ ਮਿਲਦੇ। ਇਹ ਦੋਵੇਂ ਵਿਭਾਗ ਸਿਆਸੀ ਅਸ਼ੀਰਵਾਦ ਤੋਂ ਬਿਨਾ ਅਜਿਹਾ ਕੰਮ ਕਰਨ ਦੀ ਪ੍ਰਵਾਨਗੀ ਨਹੀਂ ਦੇਣਗੇ। ਅਜਿਹੇ ਮਾਫੀਏ ਵਾਲੇ ਲੋਕ ਹਰ ਸਰਕਾਰ ਵਿਚ ਇਹ ਕੰਮ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਿਸ ਪਿੰਡ ਜਾਂ ਇਲਾਕੇ ਵਿਚ ਇਹ ਕਾਰੋਬਾਰ ਹੋ ਰਿਹਾ ਹੈ ਉਥੋਂ ਦੇ ਲੋਕ ਅਤੇ ਸਮਾਜ ਸੇਵਕ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਨੂੰ ਐਨੇ ਵੱਡੇ ਪੱਧਰ ਤੇ ਹੋ ਰਹੇ ਕਾਰੋਬਾਰ ਬਾਰੇ ਪਤਾ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰੀ ਪ੍ਰਣਾਲੀ ਕਸੂਰਵਾਰ ਹੈ ਪ੍ਰੰਤੂ ਇਕੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਸਮਾਜ ਦੀ ਵੀ ਕੋਈ ਜ਼ਿੰਮੇਵਾਰੀ ਹੈ। ਸਮਾਜ ਵੀ ਬਰਾਬਰ ਦਾ ਦੋਸ਼ੀ ਹੈ। ਪੰਚਾਇਤਾਂ ਕੀ ਕੰਮ ਕਰ ਰਹੀਆਂ ਹਨ। ਉਹ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੰਦੀਆਂ। ਜੇਕਰ ਪੁਲਿਸ ਫਿਰ ਵੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਅੱਜ ਕਲ੍ਹ ਮੀਡੀਆ ਬੜਾ ਸਰਗਰਮ ਹੈ। ਅਖ਼ਬਾਰਾਂ ਅਤੇ ਚੈਨਲਾਂ ਵਾਲਿਆਂ ਨੂੰ ਕਿਉਂ ਸੂਚਿਤ ਨਹੀਂ ਕੀਤਾ। ਉਹ ਆਪੇ ਹੀ ਪੜਤਾਲ ਕਰਕੇ ਖ਼ਬਰਾਂ ਪ੍ਰਕਾਸ਼ਤ ਕਰਦੇ। ਸ਼ੋਸਲ ਮੀਡੀਆ ਤੇ ਸਾਰੀ ਗੱਲ ਨਸਰ ਹੋ ਸਕਦੀ ਹੈ। ਬਹੁਤ ਦੁੱਖ ਦੀ ਗੱਲ ਹੈ ਇਤਨੀ ਵੱਡੀ ਤਾਦਾਦ ਵਿਚ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਜੇ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ। ਕਈਆਂ ਦੀ ਅੱਖਾਂ ਦੀ ਨਿਗਾਹ ਖ਼ਤਮ ਹੋ ਗਈ ਅਤੇ ਕਈਆਂ ਤੇ ਬੁਰਾ ਅਸਰ ਪਿਆ ਹੈ। ਸਰਕਾਰ ਮਰਨ ਵਾਲਿਆਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਿਆ ਦੇ ਕੇ ਪੱਲਾ ਝਾੜ ਰਹੀ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਮਗਰਮੱਛ ਦੇ ਹੰਝੂ ਵਹਾ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਕਈ ਰਾਜਨੀਤਕ ਪਾਰਟੀਆਂ ਤਾਂ ਇਤਨੇ ਵੱਡੇ ਦੁਖਾਂਤ ਤੇ ਮਰਨ ਵਾਲਿਆਂ ਦੇ ਵਾਰਸਾਂ ਨੂੰ 15- 15 ਲੱਖ ਰੁਪਏ ਮਦਦ ਦੇਣ ਅਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਰ ਰਹੀਆਂ ਹਨ। ਨੌਕਰੀਆਂ ਤਾਂ ਪੜ੍ਹੇ ਲਿਖੇ ਕਾਬਲ ਵਿਅਕਤੀਆਂ ਨੂੰ ਨਹੀਂ ਮਿਲ ਰਹੀਆਂ। ਨੌਜਵਾਨ ਬੇਰੋਜ਼ਗਾਰ ਫਿਰਦੇ ਹਨ। ਉਨ੍ਹਾਂ ਦੀ ਮੈਰਿਟ ਕਿਥੇ ਜਾਵੇਗੀ। ਸਿਆਸਤਦਾਨਾਂ ਨੂੰ ਅਜਿਹੀਆਂ ਮੰਗਾਂ ਕਰਨ ਤੋਂ ਪਹਿਲਾਂ ਆਪੋ ਆਪਣੀਆਂ ਪੀੜ੍ਹੀਆਂ ਥੱਲੇ ਸੋਟੇ ਫੇਰਨੇ ਚਾਹੀਦੇ ਕਿ ਕੀ ਉਨ੍ਹਾਂ ਆਪਣੀ ਸਿਆਸੀ ਜ਼ਿੰਮੇਵਾਰੀ ਨਿਭਾਈ ਹੈ।  ਪੁਲਿਸ ਨੇ ਦੋ ਮਹੀਨੇ ਪਹਿਲਾਂ ਗ਼ੈਰ ਕਾਨੂੰਨੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਫੜੀਆਂ ਸਨ। ਉਸ ਤੋਂ ਬਾਅਦ ਤਾਂ ਸਰਕਾਰ ਨੂੰ ਕੰਨ ਹੋ ਜਾਣੇ ਚਾਹੀਦੇ ਸਨ ਕਿ ਇਹ ਧੰਧਾ ਹੋਰ ਥਾਵਾਂ ਤੇ ਵੀ ਚਲ ਰਿਹਾ ਹੋਵੇਗਾ। ਕੋਈ ਸਾਰਥਿਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹੁਣ ਗ੍ਰਿਫਤਾਰੀਆਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਬੰਧਕੀ ਢਾਂਚੇ ਨੂੰ ਘਟਨਾ ਹੋਣ ਤੋਂ ਬਾਅਦ ਜਾਗ ਆਉਂਦੀ ਹੈ। ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅਜਿਹੀਆਂ ਪੜਤਾਲਾਂ ਦੀਆਂ ਫਾਈਲਾਂ ਦਫਤਰਾਂ ਵਿਚ ਲਾਲਫੀਤਾਸ਼ਾਹੀ ਦੇ ਹੱਥਾਂ ਵਿਚ ਰੁਲਦੀਆਂ ਰਹਿੰਦੀਆਂ ਹਨ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਰੇ ਕਿਸਮ ਦੇ ਮਾਫੀਏ ਨੂੰ ਨੱਥ ਪਾਉਣ ਲਈ ਕਰੜੇ ਹੱਥੀਂ ਕਦਮ ਚੁਕ ਜਾਣ ਤਾਂ ਜੋ ਮਾਨਵਤਾ ਦਾ ਹੋਰ ਨੁਕਸਾਨ ਨਾ ਹੋ ਸਕੇ। ਜੇਕਰ ਸਰਕਾਰ ਨੇ ਸਾਰਥਿਕ ਉਪਾਅ ਨਾ ਕੀਤੇ ਗਏ ਤਾਂ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ujagarsingh48@yahoo.com

ਕੀ ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ 'ਤੇ ਕੋਈ ਪ੍ਰਭਾਵ ਪੈ ਸਕਦਾ ? - ਉਜਾਗਰ ਸਿੰਘ

ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਹੋਈ ਬਗ਼ਾਬਤ ਦਾ ਪੰਜਾਬ ਸਰਕਾਰ ਤੇ ਕੋਈ ਪ੍ਰਭਾਵ ਪੈ ਸਕਦਾ ਹੈ ? ਇਸ ਬਾਰੇ ਅੱਜ ਕਲ੍ਹ ਖੁੰਡ ਚਰਚਾਵਾਂ ਅਤੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਵਿਚ ਬੱਧੀਜੀਵੀਆਂ ਦੀਆਂ ਚੁੰਝ ਚਰਚਾਵਾਂ, ਦਫ਼ਤਰਾਂ ਵਿਚ ਬਾਬੂਆਂ ਦੀਆਂ ਵਾਰਤਾਵਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਲੈਕਟਰਾਨਿਕ ਮੀਡੀਆ ਵਿਚ ਪੈਨਲ ਵਿਚਾਰ ਚਰਚਾਵਾਂ ਵਿਚ ਹਰ ਥਾਂ ਤੇ ਇਹੋ ਵਿਚਾਰ ਵਟਾਂਦਰੇ ਹੋ ਰਹੇ ਹਨ ਕਿ ਕੀ ਗੁਆਂਢੀ ਰਾਜ ਰਾਜਸਥਾਨ ਦੀ ਸਿਆਸੀ ਉਥਲ ਪੁਥਲ ਦਾ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਸਰ ਪੈ ਸਕਦਾ ਹੈ ? ਸਭ ਤੋਂ ਜ਼ਿਆਦਾ ਇਨ੍ਹਾਂ ਕਿਆਸ ਅਰਾਈਆਂ ਨੂੰ ਤੂਲ ਇਲੈਕਟ੍ਰਾਨਿਕ ਮੀਡੀਆ ਅਤੇ ਸ਼ੋਸ਼ਲ ਮੀਡੀਆ ਜਿਸ ਵਿਚ ਵਟਸ ਅਪ, ਇੰਸਟਾਗ੍ਰਾਮ ਅਤੇ ਫੇਸ ਬੁੱਕ  ਸ਼ਾਮਲ ਹਨ, ਉਨ੍ਹਾਂ ਰਾਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਥਾਵਾਂ ਤੇ ਜਿਹੜੀਆਂ ਖ਼ਬਰਾਂ ਦਿੱਤੀਆਂ ਜਾਂ ਟੈਲੀਕਾਸਟ ਬਰਾਡਕਾਸਟ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਰਾਜਨੀਤਕ ਧਮਾਕਾ ਹੋਣ ਦੀ ਸੰਭਾਵਨਾ ਕਿਹਾ ਜਾਂਦਾ ਹੈ। ਇਨ੍ਹਾਂ ਖ਼ਬਰਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰੌਨਿਕ ਮੀਡੀਆ ਨੇ ਤਾਂ ਪਾਣੀ ਵਿਚ ਮਧਾਣੀ ਪਾਈ ਹੋਈ ਹੈ, ਜਿਸਦੇ ਰਿੜਕਣ ਨਾਲ ਕੁਝ ਵੀ ਨਹੀਂ ਨਿਕਲਣਾ ਨਹੀਂ, ਭਾਵ ਕੋਈ ਵੀ ਤਬਦੀਲੀ ਹੋਣ ਦੀ ਸੰਭਾਵਨਾ ਹੈ ਹੀ ਨਹੀਂ। ਗੱਲ ਨਵਜੋਤ ਸਿੰਘ ਸਿੱਧੂ ਤੋਂ ਤੁਰਦੀ ਹੈ ਤੇ ਉਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਵਾਲੇ ਬਿਨਾਂ ਵਜਾਹ ਹੀ ਭੰਬਲਭੂਸੇ ਵਿਚ ਪਏ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆਂ ਲਗਪਗ ਸਾਢੇ ਤਿੰਨ ਸਾਲ ਹੋ ਗਏ ਹਨ। ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਵਿਚ ਮੰਤਰੀਆਂ ਦੀ ਰੱਦੋ ਬਦਲ, ਉਨ੍ਹਾਂ ਦੀ ਆਪਸੀ ਖਹਿਬਾਜ਼ੀ ਅਤੇ ਵਿਧਾਨਕਾਰਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਦੀਆਂ ਖ਼ਬਰਾਂ ਮੀਡੀਆ ਵਿਚ ਚਟਕਾਰਿਆਂ ਨਾਲ ਆਉਂਦੀਆਂ ਰਹੀਆਂ ਹਨ। ਭਾਵੇਂ ਅਜੇ ਤੱਕ ਕੋਈ ਸਾਰਥਿਕ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ, ਉਦੋਂ ਤੋਂ ਹੀ ਮੀਡੀਆ ਬੜੀ ਸਰਗਰਮੀ ਨਾਲ ਇਹ ਕਹਿ ਰਿਹਾ ਸੀ ਕਿ ਉਹ ਪੰਜਾਬ ਸਰਕਾਰ ਵਿਚ ਉਪ ਮੁੱਖ ਮੰਤਰੀ ਬਣੇਗਾ ਪ੍ਰੰਤੂ ਕਦੀਂ ਵੀ ਕਿਸੇ ਪੱਤਰਕਾਰ ਨੇ ਸੰਜੀਦਗੀ ਨਾਲ ਨਹੀਂ ਸੋਚਿਆ ਸੀ ਕਿ ਜੇਕਰ ਪੰਜਾਬ ਵਿਚ ਇਕ ਸਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇਗਾ ਤਾਂ ਦੂਜੇ ਨੰਬਰ ਤੇ ਹਮੇਸ਼ਾ ਹਿੰਦੂ ਮੰਤਰੀ ਹੀ ਹੁੰਦਾ ਹੈ। ਕਿਉਂਕਿ ਪੰਜਾਬ ਵਿਚ ਹਿੰਦੂ ਵਰਗ ਨੂੰ ਕਿਸੇ ਕੀਮਤ ਤੇ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਸਦੀ ਬਦੌਲਤ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਉਪ ਮੁੱਖ ਮੰਤਰੀ ਬਣ ਸਕਦਾ ਹੈ। ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਵੀ ਤੀਜੇ ਨੰਬਰ ਤੇ ਬਣਾਇਆ ਗਿਆ ਸੀ ਪ੍ਰੰਤੂ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲੇ  ਦੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪਾਰਟੀ ਵਿਚ ਸੀਨੀਅਰ ਅਤੇ ਆਪਣੇ ਰੋਹਬ ਦਾਬ ਵਾਲਾ ਸਿਆਸੀ ਨੇਤਾ ਹੈ। ਸ਼ਾਹੀ  ਪਰਿਵਾਰ ਨਾਲ ਸੰਬੰਧਤ ਹੈ, ਜਿਸਦੇ ਪੁਰਖੇ ਵੀ ਗਾਂਧੀ ਪਰਿਵਾਰ ਦੇ ਨਜ਼ਦੀਕ ਰਹੇ ਹਨ। ਉਸਦੀ ਕਾਰਜ਼ਸ਼ੈਲੀ ਵੀ ਵੱਖਰੀ ਕਿਸਮ ਦੀ ਹੈ।  ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰ ਚਲਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵਿਚ ਗੁਣ ਆਮ ਸਿਆਸਤਦਾਨਾ ਨਾਲੋਂ ਵਧੇਰੇ ਕਹੇ ਜਾ ਸਕਦੇ ਹਨ। ਉਹ ਬੁਲਾਰਾ ਕਮਾਲ ਦਾ ਹੈ। ਇਮਾਨਦਾਰ ਹੈ ਪ੍ਰੰਤੂ ਮੁੱਖ ਮੰਤਰੀ ਬਣਨ ਲਈ ਬਹੁਤਾ ਕਾਹਲਾ ਹੈ। ਸਿਆਸਤ ਵਿਚ ਸਹਿਜ ਪੱਕੇ ਸੋ ਮੀਠਾ ਹੋਏ ਦੀ ਨੀਤੀ ਸਫਲ ਰਹਿੰਦੀ ਹੈ। ਲੋਕਾਂ ਦੀ ਨਿਗਾਹ ਵਿਚ ਉਹ ਮੁੱਖ ਮੰਤਰੀ ਦੇ ਯੋਗ ਵੀ ਗਿਣਿਆਂ ਜਾਂਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਵਿਚ ਉਹ ਬਿਲਕੁਲ ਨਵਾਂ ਅਤੇ ਅਨਾੜੀ ਹੈ। ਕਾਂਗਰਸ ਹਾਈ ਕਮਾਂਡ ਵਿਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਜ਼ਦੀਕ ਹੈ। ਇਹ ਸਾਰੇ ਗੁਣਾਂ ਦੇ ਬਾਵਜ਼ੂਦ ਵੀ ਉਹ ਹਮੇਸ਼ਾ ਵਾਦਵਿਵਾਦ ਵਿਚ ਰਹਿੰਦਾ ਹੈ। ਬੋਲਣ ਲੱਗਿਆਂ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ। ਆਮ ਕਰਕੇ ਸਾਰੇ ਵਾਦ ਵਿਵਾਦ ਉਸਦੇ ਬਿਆਨਾ ਨਾਲ ਹੀ ਪੈਦਾ ਹੁੰਦੇ ਰਹੇ ਹਨ। ਸਿਆਸਤ ਦਾ ਖਿਲਾੜੀ ਨਹੀਂ ਅਤੇ ਸਿਆਸਤ ਦੀਆਂ ਤਿਗੜਮਬਾਜ਼ੀਆਂ ਵਿਚ ਵੀ ਅਨਾੜੀ ਹੈ। ਸਿਆਸਤਦਾਨ ਲਚਕਦਾਰ ਵੀ ਹੋਣਾ ਚਾਹੀਦਾ ਹੈ । ਕਾਠ ਦੀ ਹੱਡੀ ਬਣਕੇ ਸਿਆਸਤ ਵਿਚ ਵਿਚਰਨਾ ਅਸੰਭਵ ਹੁੰਦਾ ਹੈ। ਸਿਆਸਤ ਵਿਚ ਬਗ਼ਾਬਤ ਭਾਵੇਂ ਆਮ ਜਹੀ ਗੱਲ ਹੈ। ਵਿਚਾਰਾਂ ਵਿਚ ਵਖਰੇਵਾਂ ਹੋਣਾ ਪਰਜਾਤੰਤਰ ਦੇ ਸ਼ੁਭ ਸੰਕੇਤ ਹੁੰਦੇ ਹਨ। ਬਗ਼ਾਬਤਾਂ ਸਾਰੀਆਂ ਪਾਰਟੀਆਂ ਵਿਚ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸਮੁੰਦਰ ਵਿਚ ਰਹਿੰਦਿਆਂ ਮਗਰ ਮੱਛ ਨਾਲ ਵੈਰ ਰੱਖਣਾ ਮਹਿੰਗਾ ਪੈ ਜਾਂਦਾ ਹੈ। ਇਹੋ ਗੱਲ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ। ਮੰਤਰੀ ਮੰਡਲ ਵਿਚ ਹੁੰਦਿਆਂ ਕਿਸੇ ਵੀ ਮੰਤਰੀ ਨੂੰ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਰੱਖਣੇ ਜ਼ਰੂਰੀ ਹੁੰਦੇ ਹਨ। ਹਾਈ ਕਮਾਂਡ ਤਾਂ ਦੂਰ ਹੁੰਦੀ ਹੈ, ਹਰ ਰੋਜ ਤਾਂ ਮੁੱਖ ਮੰਤਰੀਂ ਨਾਲ ਹੀ ਵਿਚਰਨਾ ਹੁੰਦਾ ਹੈ। ਕਹਿਣ ਤੋਂ ਭਾਵ ਰੱਬ ਨੇੜੇ ਕਿ ਘਸੁੰਨ। ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਿਨਾ ਨਹੀਂ ਚਲ ਸਕਦੀ। ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਪਗ ਇਕ ਸਾਲ ਤੋਂ ਸਿਆਸਤ ਵਿਚ ਸਰਗਰਮ ਨਹੀਂ ਹੈ। ਸਿਆਸਤ ਵਿਚ ਤਾਂ ਹਰ ਵਕਤ ਲੋਕਾਂ ਨਾਲ ਜੁੜੇ ਰਹਿਣ ਵਿਚ ਹੀ ਭਲਾ ਹੁੰਦਾ ਹੈ। ਜਿਹੜਾ ਨੇਤਾ ਲੋਕਾਂ ਨਾਲ ਬਾਵਾਸਤਾ ਰਹਿੰਦਾ ਹੈ, ਉਹ ਹੀ ਹਮੇਸ਼ਾ ਸਫਲ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿਕੇ ਸਿਆਸਤ ਨਹੀਂ ਹੁੰਦੀ। ਲੋਕਾਂ ਦੇ ਵਿਚ ਵੜਕੇ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਕਰਕੇ ਇਕ ਦਿਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਿਲੀ ਇਛਾ ਵੀ ਹੈ ਪ੍ਰੰਤੂ ਅਜੇ ਉਸ ਲਈ ਦਿੱਲੀ ਦੂਰ ਹੈ। ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਪਗ ਡੇਢ ਸਾਲ ਵਿਚ ਹੋਣ ਵਾਲੀਆਂ ਹਨ। ਇਸ ਲਈ ਕਿਸੇ ਕਿਸਮ ਦੇ ਬਦਲਾਆ ਦੀ ਸੰਭਾਵਨਾ ਨਹੀਂ। ਇਸਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਕੋਲ ਠੋਸ ਬਹੁਮਤ ਹੈ, ਜਦੋਂ ਕਿ ਮੱਧ ਪ੍ਰਦੇਸ ਅਤੇ ਰਾਜਸਥਾਨ ਵਿਚ ਬਹੁਮਤ ਬਹੁਤਾ ਵੱਡਾ ਨਹੀਂ ਸੀ। ਉਥੇ ਅਸਥਿਰਤਾ ਦਾ ਮਾਹੌਲ ਸੀ। ਪੰਜਾਬ ਵਿਚ ਅਜਿਹਾ ਨਹੀਂ ਕਿਉਂਕਿ ਵਿਧਾਨਕਾਰ ਤਾਂ ਹੁਣ ਅਗਲੀਆਂ ਚੋਣਾਂ ਲਈ ਆਪੋ ਆਪਣੀਆਂ ਟਿਕਟਾਂ ਲੈਣ ਦੀ ਕੋਸਿਸ਼ ਵਿਚ ਰੁਝ ਜਾਣਗੇ। ਉਹ ਅਜਿਹੇ ਹਾਲਾਤ ਪੈਦਾ ਕਰਨ ਦੇ ਸਮਰੱਥ ਹੀ ਨਹੀਂ। ਉਨ੍ਹਾਂ ਨੇ ਤਾਂ ਆਪੋ ਆਪਣੇ ਹਲਕਿਆਂ ਲਈ ਸਰਕਾਰ ਤੋਂ ਗ੍ਰਾਂਟਾਂ ਲੈਣੀਆਂ ਹਨ। ਜੇਕਰ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਸੰਬੰਧ ਸੁਹਾਵਣੇ ਹੋਣਗੇ ਤਾਂ ਹੀ ਗ੍ਰਾਂਟਾਂ ਦੇ ਗੱਫੇ ਮਿਲਣਗੇ। ਸਿਆਸੀ ਕਿਆਸ ਅਰਾਈਆਂ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਲਈ ਚਲਾਈਆਂ ਜਾਂਦੀਆਂ ਹਨ। ਇਹ ਕਿਆਸ ਅਰਾਈਆਂ ਪਾਰਟੀ ਦਾ ਨੁਕਸਾਨ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਕੋਲ ਵਿਧਾਨਕਾਰਾਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਦਾ ਅਕਸ ਵੀ ਲੋਕਾਂ ਵਿਚ ਬਹੁਤਾ ਪ੍ਰਭਾਵਸ਼ਾਲੀ ਨਹੀਂ। ਅਕਾਲੀ ਦਲ ਤਾਂ ਦਲ-ਦਲ ਵਿਚ ਫਸਿਆ ਹੋਇਆ ਹੈ। ਉਸਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਹੀ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਗਲਤੀ ਤੇ ਗਲਤੀ ਕਰੀ ਜਾਂਦਾ ਹੈ। ਹੁਣ ਸੀ ਬੀ ਆਈ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਉਸਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰੇਗੀ। ਭਾਰਤੀ ਜਨਤਾ ਪਾਰਟੀ ਨੂੰ ਤਿੰਨ ਖੇਤੀ ਆਰਡੀਨੈਂਸਾਂ ਨੇ ਘੁੰਮਣਘੇਰੀ ਵਿਚ ਪਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿਧਾਨਕਾਰਾਂ ਤੇ ਪਕੜ ਵੀ ਮਜ਼ਬੂਤ ਹੈ। ਕੇਂਦਰੀ ਕਾਂਗਰਸ ਇਤਨੀ ਕਮਜ਼ੋਰ ਹੈ ਕਿ ਉਹ ਅਜਿਹਾ ਫੈਸਲਾ ਲੈਣ ਦੇ ਸਮਰੱਥ ਹੀ ਨਹੀਂ। ਕਰੋਨਾ ਨਾਲ ਨਿਪਟਣ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ ਪ੍ਰਸੰਸਾ ਨੇ ਸਰਕਾਰ ਦੀਆਂ ਅਸਫਲਤਾਵਾਂ ਉਪਰ ਪਰਦਾ ਪਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪੁਰਾਣੇ ਕਾਂਗਰਸੀ ਜਿਹੜੇ ਆਪਣੇ ਆਪਨੂੰ ਕੈਪਟਨ ਅਮਰਿੰਦਰ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਸਮਝਦੇ ਸਨ, ਉਹ ਹਰ ਹਾਲਤ ਵਿਚ ਉਸਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਕੋਸਿਸ਼ ਕਰਨਗੇ। ਕਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਕਹਾਵਤ ਵੀ ਸਿੱਧੂ ਤੇ ਢੁਕਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੀ ਪਾਰੀ ਵੀ ਖੇਡੇਗਾ। ਪ੍ਰਤਾਪ ਸਿੰਘ ਬਾਜਵਾ ਜੋ ਦਿੱਲੀ ਦਰਬਾਰ ਵਿਚ ਸੁਣੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਵੱਡਾ ਦਾਅਵੇਦਾਰ ਸਮਝਦਾ ਹੈ, ਉਹ ਵੀ ਆਪਣੇ ਪੱਤੇ ਚਲਾਏਗਾ। ਇਸੇ ਤਰ੍ਹਾਂ ਹਿੰਦੂ ਨੇਤਾਵਾਂ ਵਿਚੋਂ ਬ੍ਰਹਮ ਮਹਿੰਦਰਾ ਜਿਹੜਾ ਵਰਤਮਾਨ ਮੰਤਰੀ ਮੰਡਲ ਵਿਚ ਦੂਜੇ ਨੰਬਰ ਤੇ ਹੈ ਅਤੇ ਸੁਨੀਲ ਕੁਮਾਰ ਜਾਖੜ ਜਿਹੜਾ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹੈ ਅਤੇ ਸਰਵ ਪ੍ਰਵਾਨ ਜੱਟ /ਹਿੰਦੂ ਸਿਆਸੀ ਨੇਤਾ ਹੈ, ਉਸਦਾ ਅਕਸ ਵੀ ਸਾਫ ਸੁਥਰਾ ਅਤੇ ਬ੍ਰਹਮ ਮਹਿੰਦਰਾ ਤੇ ਜਾਖੜ ਦੋਹਾਂ ਦੀ ਦਿੱਲੀ ਦਰਬਾਰ ਵਿਚ ਚੰਗੀ ਪਹੁੰਚ ਹੈ। ਰਾਜਿੰਦਰ ਕੌਰ ਭੱਠਲ ਜਿਹੜੀ ਸਭ ਤੋਂ ਜ਼ਿਆਦਾ ਸੀਨੀਅਰ ਨੇਤਾ ਹੈ ਅਤੇ ਮੁੱਖ ਮੰਤਰੀ ਰਹਿ ਚੁੱਕੀ ਹੈ ਪ੍ਰੰਤੂ ਅਜੇ ਚੁੱਪ ਬੈਠੀ ਤੇਲ ਅਤੇ ਤੇਲ ਦੀ ਧਾਰ ਵੇਖ ਰਹੀ ਹੈ, ਉਹ ਵੀ ਕੋਸਿਸ਼ ਕਰੇਗੀ। ਸਿਆਸਤਦਾਨ ਦਾ ਚੁੱਪ ਬੈਠਣਾ ਵੀ ਖ਼ਤਰੇ ਦੀ ਘੰਟੀ ਹੁੰਦਾ ਹੈ। ਅਨੁਸੂਚਿਤ ਜਾਤੀਆਂ ਵਿਚੋਂ ਸ਼ਮਸ਼ੇਰ ਸਿੰਘ ਦੂਲੋ ਵੀ ਤਾਕ ਵਿਚ ਬੈਠਾ ਹੈ ਜੋ ਕਿਸੇ ਸਮੇਂ  ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦਾ ਨਜ਼ਦੀਕੀ ਰਿਹਾ ਹੈ ਪ੍ਰੰਤੂ ਉਸਦੀ ਬੇੜੀ ਵਿਚ ਉਸਦੇ ਪਰਿਵਾਰ ਨੇ ਹੀ ਵੱਟੇ ਪਾ ਦਿੱਤੇ ਹਨ ਕਿਉਂਕਿ ਉਸਦੀ ਪਤਨੀ ਹਰਬੰਸ ਕੌਰ ਦੂਲੋ ਅਤੇ ਲੜਕਾ ਬੰਨੀ ਦੂਲੋ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਬੈਠੇ ਹਨ। ਪਛੜੀਆਂ ਸ਼ਰੇਣੀਆਂ ਵਿਚੋਂ ਸਭ ਤੋਂ ਸੀਨੀਅਰ ਅਤੇ ਮਜ਼ਬੂਤ ਦਾਅਵੇਦਾਰ ਉਮੀਦਵਾਰ ਲਾਲ ਸਿੰਘ ਹੈ, ਜਿਸਦੀ ਕਾਂਗਰਸ ਹਾਈ ਕਮਾਂਡ ਵਿਚ ਰਸਾਈ ਹੈ। ਉਹ ਪੰਜਾਬ ਦੇ ਹਰ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇਕ ਹੈ, ਉਹ ਵੀ ਅਜੇ ਖਾਲੀ ਨਹੀਂ ਪ੍ਰੰਤੂ ਦਾਅਵੇਦਾਰਾਂ ਦੀ ਸੂਚੀ ਲੰਬੀ ਹੈ। ਇਸ ਤੋਂ ਇਲਾਵਾ ਨੌਜਵਾਨ ਜਿਹੜੇ ਰਾਹੁਲ ਗਾਂਧੀ ਦੀ ਮੁਛ ਦਾ ਵਾਲ ਕਹਾਉਂਦੇ ਹਨ, ਉਹ ਵੀ ਆਪਣੀਆਂ ਚਾਲਾਂ ਚਲਣਗੇ। ਪੰਜਾਬ ਦੇ ਸਿਆਸਤਦਾਨ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹਨ। ਬਹੁਤੀ ਚਰਚਾ ਨਵਜੋਤ ਸਿੰਘ ਸਿੱਧੂ ਬਾਰੇ ਹੀ ਹੋ ਰਹੀ ਹੈ ਪ੍ਰੰਤੂ ਉਸਨੇ ਮੰਤਰੀ ਹੁੰਦਿਆਂ ਵੀ ਵਿਧਾਨਕਾਰਾਂ ਨਾਲ ਸੁਖਾਵੇਂ ਸੰਬੰਧ ਨਹੀਂ ਰੱਖੇ। ਸਾਫ ਕਿਰਦਾਰ ਵਾਲੇ ਵਿਧਾਨਕਾਰ ਪ੍ਰਗਟ ਸਿੰਘ ਤੋਂ ਬਿਨਾ ਹੋਰ ਕੋਈ ਵਿਧਾਨਕਾਰ ਕਦੀਂ ਵੀ ਉਸਦੀ ਮਦਦ ਤੇ ਅੱਗੇ ਨਹੀਂ ਆਇਆ। ਭਾਵੇਂ ਸਿਆਸਤ ਵਿਚ ਅਸੰਭਵ ਵੀ ਸੰਭਵ ਹੋ ਸਕਦਾ ਹੈ ਪ੍ਰੰਤੂ ਪੰਜਾਬ ਦੀ ਸਰਕਾਰ ਵਿਚ ਤਬਦੀਲੀ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com                                              
                                                                  

ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ - ਉਜਾਗਰ ਸਿੰਘ

ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਹੀ ਢਾਹੁਣ ਵਿਚ ਲੱਗੇ ਹੋਏ ਹਨ। ਕਾਂਗਰਸ ਪਾਰਟੀ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਖਮਿਆਜ਼ਾ ਆਪ ਭੁਗਤ ਰਹੀ ਹੈ। ਵਿਧਾਨਕਾਰਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਬਗਾਬਤ ਕਰਵਾਕੇ ਆਪਣੀ ਪਾਰਟੀ ਵਿਚ  ਸ਼ਾਮਲ ਕਰਨ ਦੀ ਪਹਿਲ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਹੀ ਕੀਤੀ ਸੀ। 1967 ਵਿਚ ਜਦੋਂ ਹਰਿਆਣਾ ਅਜੇ ਬਣਿਆਂ ਹੀ ਸੀ ਤਾਂ ਹਰਿਅਣਾ ਵਿਧਾਨ ਸਭਾ ਦੇ ਪਟੌਦੀ ਵਿਧਾਨ ਸਭਾ ਹਲਕੇ ਤੋਂ ਆਇਆ ਰਾਮ ਆਜ਼ਾਦ ਉਮੀਦਵਾਰ ਜਿੱਤਿਆ ਸੀ। ਕਾਂਗਰਸ ਪਾਰਟੀ ਨੇ ਉਸਨੂੰ ਸਵੇਰੇ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉਸੇ ਸ਼ਾਮ ਨੂੰ ਉਹ ਯੂਨਾਇੀਟਡ ਫਰੰਟ ਵਿਚ ਸ਼ਾਮਲ ਹੋ ਗਿਆ। ਅਗਲੇ ਦਿਨ ਗਿਆ ਰਾਮ ਕਾਂਗਰਸ ਪਾਰਟੀ ਵਿਚ ਫਿਰ ਆ ਗਿਆ। ਉਸ ਸਮੇਂ ਹਰਿਆਣਾ ਦੇ ਕਾਂਗਰਸ ਪਾਰਟੀ ਦੇ ਨੇਤਾ ਰਾਓ ਵਰਿੰਦਰ ਸਿੰਘ ਜਿਸਨੇ ਉਸਨੂੰ ਕਾਂਗਰਸ ਵਿਚ ਲਿਆਉਣ ਦਾ ਪ੍ਰਬੰਧ ਕੀਤਾ ਸੀ ਨੇ ਪ੍ਰੈਸ ਨੂੰ ਕਿਹਾ ਸੀ ਕਿ ਹੁਣ ਉਹ ਗਿਆ ਰਾਮ ਨਹੀਂ ਹੁਣ ਉਹ ਆਇਆ ਰਾਮ ਹੈ ਕਿਉਂਕਿ ਉਹ ਵਾਪਸ ਆ ਗਿਆ ਹੈ। ਉਸ ਤੋਂ ਬਾਅਦ ਹੀ ਆਇਆ ਰਾਮ ਤੇ ਗਿਆ ਰਾਮ ਦਾ ਚੁਟਕਲਾ ਬਣਿਆਂ ਸੀ। ਮੱਧ ਪ੍ਰਦੇਸ ਵਿਚ ਜਿਓਤੀਰਾਦਿਤਿਆ ਸਿੰਧੀਆ ਦੇ ਧੜੇ ਨੂੰ ਭਾਰਤੀ ਜਨਤਾ ਪਾਰਟੀ ਨੇ ਬਗਾਬਤ ਕਰਵਾਕੇ ਆਪਣੇ ਵਿਚ ਸ਼ਾਮਲ ਕਰ ਲਿਆ ਸੀ।  ਜਦੋਂ ਸਿੰਧੀਆ ਦੀ ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ ਕਨਸੋਅ ਮਿਲੀ ਸੀ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸੀ ਸਗੋਂ ਉਸਦੇ ਵਿਧਾਨਕਾਰਾਂ ਨੂੰ ਹੀ ਸਿੰਧੀਆ ਨਾਲੋਂ ਤੋੜਨ ਦੇ ਚਕਰ ਵਿਚ ਲੱਗੇ ਰਹੇ ਸਨ ਪ੍ਰੰਤੂ ਸਚਿਨ ਪਾਇਲਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਰਬ ਭਾਰਤੀ ਕਾਂਗਰਸ ਪਾਰਟੀ ਦੀ ਨੀਂਦ ਤੁਰੰਤ ਖੁਲ੍ਹ ਗਈ । ਚਲੋ ਕਾਰਵਾਈ ਤਾਂ ਕੀਤੀ, ਦੇਰ ਆਏ ਦਰੁਸਤ ਆਏ, ਸਚਿਨ ਪਾਇਲਟ ਨੂੰ ਆਪਣੇ ਸਹੀ ਸਥਾਨ ਤੇ ਪਹੁੰਚਾ ਦਿੱਤਾ ਹੈ। ਸ਼ਾਰਟ ਕੱਟ ਮਾਰਕੇ ਸਿਆਸਤ ਦੀ ਸਿਖਰਲੀ ਪੌੜੀ ਤੇ ਪਹੁੰਚਣ ਦੀ ਲਾਲਸਾ ਨੂੰ ਨੱਥ ਤਾਂ ਪਵੇਗੀ। ਨੇਤਾਵਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਥਾਂ ਅਹੁਦੇ ਮਿਲ ਜਾਂਦੇ ਹਨ, ਫਿਰ ਉਨ੍ਹਾਂ ਦੀ ਲਾਲਸਾ ਹੋਰ ਮ੍ਰਿਗ ਤ੍ਰਿਸਨਾ ਵਾਂਗੂੰ ਵੱਧਦੀ ਜਾਂਦੀ ਹੈ। ਫਿਰ ਉਹ ਘਰ ਦੇ ਭੇਤੀ ਹੀ ਲੰਕਾ ਢਾਹੁਣ ਲੱਗ ਜਾਂਦੇ ਹਨ। ਹੁਣ ਕਾਂਗਰਸ ਵਿਚ ਪਰਿਵਾਰਵਾਦ ਵੀ ਘਟਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਥਾਪੀ ਦਿੱਤੀ ਉਹੀ ਉਸਦੇ ਚਹੇਤੇ ਹੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਲੱਗੇ ਹਨ। ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀਆਂ ਨੌਜਵਾਨਾ ਨੂੰ ਅੱਗੇ ਲਿਆਉਣ ਦੀ ਆੜ ਵਿਚ ਕੀਤੀਆਂ ਗ਼ਲਤੀਆਂ ਦੇ ਨਤੀਜੇ ਭੁਗਤ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਸੀਨੀਅਰ ਲੀਡਰਸ਼ਿਪ ਨੂੰ ਅਣਡਿਠ ਕਰਕੇ ਨੌਜਵਾਨਾ ਨੂੰ ਅੱਗੇ ਲਿਆਉਣ ਦੀ ਕੋਸਿਸ਼ ਕੀਤੀ ਸੀ। ਕਿਸੇ ਵੀ ਪਾਰਟੀ ਲਈ ਨਵੀਂ ਲੀਡਰਸ਼ਿਪ ਪੈਦਾ ਕਰਨੀ ਕੋਈ ਮਾੜੀ ਗੱਲ ਨਹੀਂ ਸਗੋਂ ਇਹ ਤਾਂ ਚੰਗਾ ਫੈਸਲਾ ਹੁੰਦਾ ਹੈ ਤਾਂ ਜੋ ਪਾਰਟੀ ਵਿਚ ਲਗਾਤਾਰਤਾ ਬਣੀ ਰਹੇ। ਬਜ਼ੁਰਗ ਨੇਤਾ ਰਿਟਾਇਰ ਹੁੰਦੇ ਰਹਿਣ ਅਤੇ ਦੂਜੀ ਪੱਧਰ ਦੀ ਨੌਜਵਾਨ ਲੀਡਰਸ਼ਿਪ ਪਾਰਟੀ ਦੀ ਵਾਗ ਡੋਰ ਸੰਭਾਲਦੀ ਰਹੇ। ਨੌਜਵਾਨ ਸੀਨੀਅਰ ਲੀਡਰਾਂ ਤੋਂ ਸਿਆਸਤ ਦੀ ਗੁੜ੍ਹਤੀ ਲੈਂਦੈ ਰਹਿਣ ਕਿਉਂਕਿ ਭਵਿਖ ਤਾਂ ਉਨ੍ਹਾਂ ਨੇ ਹੀ ਸਾਂਭਣਾ ਹੁੰਦਾ ਹੈ। ਪ੍ਰੰਤੂ ਰਾਹੁਲ ਗਾਂਧੀ ਦੀ ਸ਼ਹਿ ਤੇ ਨੌਜਵਾਨਾ ਨੇ ਸੀਨੀਅਰ ਲੀਡਰਾਂ ਤੋਂ ਸਿੱਖਿਆ ਤਾਂ ਕੀ ਲੈਣੀ ਸੀ ਸਗੋਂ ਉਹ ਤਾਂ ਉਨ੍ਹਾਂ ਨੂੰ ਟਿੱਚ ਸਮਝਣਦੇ ਸਨ। ਸੀਨੀਅਰ ਲੀਡਰਸ਼ਿਪ ਰਾਹੁਲ ਗਾਂਧੀ ਨੂੰ ਕੁਝ ਕਹਿ ਤਾਂ ਨਹੀਂ ਸਕਦੀ ਸੀ ਪ੍ਰੰਤੂ ਉਹ ਨਿਰਾਸ਼ ਹੋ ਕੇ ਚੁਪ ਕਰ ਗਏ ਸਨ।
                 ਸੀਨੀਅਰ ਨੇਤਾਵਾਂ ਦੀ ਬੇਰੁਖੀ ਦਾ ਇਵਜਾਨਾ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਵਿਚ ਭੁਗਤਿਆ ਹੈ। ਇਸ ਤੋਂ ਪਹਿਲਾਂ ਸਿੰਧੀਆ ਨੇ ਸ਼ਾਰਟ ਕੱਟ ਰਾਹੀਂ ਕਾਂਗਰਸ ਪਾਰਟੀ ਵਿਚ ਸੀਨੀਅਰ ਲੀਡਰਾਂ ਨੂੰ ਪਛਾੜਕੇ ਆਪ ਅੱਗੇ ਆਕੇ ਉਨ੍ਹਾਂ ਨੂੰ ਠੁਠ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਸੀਨੀਅਰ ਲੀਡਰਸ਼ਿਪ ਬਥੇਰੇ ਹੱਥ ਪੈਰ ਮਾਰਦੀ ਰਹੀ ਪ੍ਰੰਤੂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇਕ ਨਾ ਸੁਣੀ। ਯੂਥ ਕਾਂਗਰਸ ਦੀਆਂ ਵਿਦੇਸ਼ੀ ਤਰਜ ਤੇ ਚੋਣਾ ਕਰਵਾਕੇ ਸੀਨੀਅਰ ਅਤੇ ਜੂਨੀਅਰ ਲੀਡਰਸ਼ਿਪ ਵਿਚ ਬਖੇੜਾ ਖੜ੍ਹਾ ਕਰਵਾ ਦਿੱਤਾ, ਜਿਸਦਾ ਪਾਰਟੀ ਨੂੰ ਹੋ ਰਿਹਾ ਨੁਕਸਾਨ ਹੁਣ ਪਾਰਟੀ ਵਿਰੁਧ ਬਗਾਬਤ ਰਾਹੀਂ ਸਾਹਮਣੇ ਆ ਰਿਹਾ ਹੈ। ਜਦੋਂ ਰਾਹੁਲ ਗਾਂਧੀ ਯੂਥ ਕਾਂਗਰਸ ਦੀਆਂ ਚੋਣਾ ਕਰਵਾਉਣ ਲੱਗਿਆ ਸੀ ਤਾਂ ਉਸ ਸਮੇਂ ਬਹੁਤ ਸਾਰੇ ਸੀਨੀਅਰ ਨੇਤਾਵਾਂ ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀ ਨੇ ਉਸਨੂੰ ਇਹ ਚੋਣਾ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਕਿਉਂਕਿ ਕਾਂਗਰਸ ਵਿਚ ਧੜੇਬੰਦੀ ਹੋਰ ਵਧੇਗੀ। ਹੁਣ ਜਦੋਂ ਸਿੰਧੀਆ ਰਾਹੁਲ ਗਾਂਧੀ ਨੂੰ ਹੀ ਬੇਦਾਵਾ ਦੇ ਗਿਆ ਤਾਂ ਸਚਿਨ ਪਾਇਲਟ ਦਾ ਹੌਸਲਾ ਬਗਾਬਤ ਕਰਨ ਲਈ ਅਸਮਾਨ ਛੂਹ ਰਿਹਾ ਸੀ। ਉਸਨੂੰ ਸਪਨੇ ਵਿਚ ਵੀ ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਨਜ਼ਰ ਆਉਣ ਲੱਗ ਪਈ ਸੀ। ਉਹ ਤਾਂ ਅਸ਼ੋਕ ਗਹਿਲੋਟ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਬਜ਼ੁਰਗ ਨੇਤਾ ਤੇ ਰਾਸਜਥਾਨ ਦਾ ਮੁੱਖ ਮੰਤਰੀ ਹੈ, ਉਸਦੀਆਂ ਅੰਦਰਖਾਤੇ ਲੱਤਾਂ ਖਿਚ ਰਿਹਾ ਸੀ। ਜਿਸ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਢਿਲੀ ਪੈ ਗਈ ਸੀ। ਮੁੱਖ ਮੰਤਰੀ ਵੀ ਰਾਹੁਲ ਗਾਂਧੀ ਤੋਂ ਝਿਪਕਦਾ ਬੇਬਸ ਸੀ। ਕਾਂਗਰਸ ਪਾਰਟੀ ਨੇ ਸਚਿਨ ਪਾਇਲਟ ਅਤੇ ਉਸਦੇ ਦੋ ਸਾਥੀ ਮੰਤਰੀਆਂ ਨੂੰ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਸਚਿਨ ਪਾਇਲਟ ਨੂੰ ਰਾਜਸਥਾਨ ਪ੍ਰਦੇਸ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈ। ਸਪੀਕਰ ਨੇ 19 ਹੋਰ ਵਿਧਾਨਕਾਰਾਂ ਨੂੰ ਸ਼ੋ ਕਾਜ਼ ਨੋਟਿਸ ਦੇ ਦਿੱਤੇ ਹਨ। ਇਹ ਕਾਰਵਾਈ ਸਿੰਧੀਆ ਦੀ ਬਗਾਬਤ ਕਰਕੇ ਮਧ ਪ੍ਰਦੇਸ ਦੀ ਸਰਕਾਰ ਟੁੱਟਣ ਦੇ ਨਤੀਜੇ ਕਰਕੇ ਕੀਤੀ ਹੈ ਤਾਂ ਜੋ ਰਾਜਸਥਾਨ ਸਰਕਾਰ ਦਾ ਵੀ ਭੋਗ ਨਾ ਪੈ ਜਾਵੇ। । ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾਂ ਮਾਰਕੇ ਠੰਡੀ ਕਰਨ ਵਿਚ ਜੁੱਟ ਗਿਆ ਹੈ। ਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਅਜਿਹੇ ਮੌਕਿਆਂ ਤੇ ਸੁਲਾਹ ਸਫਾਈ ਦੇ ਫਾਰਮੂਲੇ ਬਣਾਉਣ ਵਿਚ ਜੁਟ ਜਾਂਦੀ ਸੀ। ਇਸ ਤਰ੍ਹਾਂ ਜਿਵੇਂ ਸਚਿਨ ਪਾਇਲਟ ਵਿਰੁਧ ਕਾਰਵਾਈ ਕੀਤੀ ਹੈ, ਕਦੀਂ ਵੀ ਇਤਨੀ ਛੇਤੀ ਕੋਈ ਫੈਸਲਾ ਹੀ ਨਹੀਂ ਕੀਤਾ। ਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਸਰਕਾਰੀ ਦਫਤਰਾਂ ਦੀ ਤਰ੍ਹਾਂ ਫਾਈਲਾਂ ਬਣਾਕੇ ਤਜ਼ਵੀਜਾਂ ਬਣਾਉਂਦੀ ਰਹਿੰਦੀ ਸੀ।
          ਜਿਵੇਂ ਕਾਂਗਰਸ ਪਾਰਟੀ ਨੂੰ ਖੋਰਾ ਲੱਗ ਰਿਹਾ ਹੈ ਉਸ ਤੋਂ ਸਾਫ ਜ਼ਾਹਰ ਹੈ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਖ਼ਤਮ ਹੋਣ ਦੇ ਕਿਨਾਰੇ ਖੜ੍ਹੀ ਹੈ। ਕਾਂਗਰਸ ਪਾਰਟੀ ਤਾਂ ਹੀ ਬਚ ਸਕਦੀ ਹੈ ਜੇਕਰ ਅਨੁਸ਼ਾਸਨ ਭੰਗ ਕਰਨ ਵਾਲੇ, ਭਰਿਸ਼ਟ ਅਤੇ ਫੌਜਦਾਰੀ ਕੇਸਾਂ ਵਿਚ ਸ਼ਾਮਲ ਨੇਤਾਵਾਂ ਨੂੰ ਵੀ ਬਾਹਰ ਦਾ ਰਸਤਾ ਵਿਖਾਕੇ ਪਾਰਟੀ ਵਿਚ ਅਨੁਸ਼ਾਸਨ ਬਣਾਈ ਰੱਖੇ ਪ੍ਰੰਤੂ ਇਸਦੇ ਨਾਲ ਹੀ ਪਾਰਟੀ ਨੂੰ ਅੰਦਰੂਨੀ ਪਰਜਾਤੰਤਰ ਵੀ ਬਹਾਲ ਕਰਨਾ ਪਵੇਗਾ ਤਾਂ ਹੀ ਨੇਤਾਵਾਂ ਅਤੇ ਵਰਕਰਾਂ ਵਿਚ ਪਾਰਟੀ ਦੀ ਭਰੋਸੇਯੋਗਤਾ ਪੈਦਾ ਹੋਵੇਗੀ। ਚੋਣਾਂ ਮੌਕੇ ਦੂਜੀਆਂ ਪਾਰਟੀਆਂ ਵਿਚੋਂ ਸਿਆਸਤਦਾਨ ਆਉਂਦੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਕੋਈ ਅਸੂਲ ਨਹੀਂ ਹੁੰਦਾ। ਇਸਤੋਂ ਇਲਾਵਾ ਜਿਹੜੇ ਚੋਣਾ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਮੁਖਾਲਫਤ ਕਰਨ ਜਾਂ ਬਾਗੀ ਹੋ ਕੇ ਚੋਣ ਲੜਨ, ਉਨ੍ਹਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਨਾ ਕੀਤਾ ਜਾਵੇ।  ਫਿਰ ਕਾਂਗਰਸ ਮੁੜ ਜੀਵਤ ਹੋ ਸਕਦੀ ਹੈ ਵਰਨਾ ਤਾਂ ਪਾਰਟੀ ਦਾ ਭੋਗ ਪੈਣ ਵਾਲਾ ਹੈ। ਜੇਕਰ ਕਾਂਗਰਸ ਪਾਰਟੀ ਨੇ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਬਗਾਬਤ ਕਰਨ ਵਾਲਿਆਂ ਨੂੰ ਠੱਲ ਨਾ ਪਾਈ ਤਾਂ ਪਾਰਟੀ ਪਤਨ ਵਲ ਹੋਰ ਵਧੇਗੀ।  ਇਸ ਫੈਸਲੇ ਨਾਲ ਦੇਸ ਦੇ ਬਾਕੀ ਰਾਜਾਂ ਦੇ ਕਾਂਗਰਸੀਆਂ ਨੂੰ ਵੀ ਕੰਨ ਹੋ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਅਜਿਹੀਆਂ ਆਪਹੁਦਰੀਆਂ ਕਰਨ ਤੋਂ ਬਾਜ ਨਹੀਂ ਆਉਣਾ।
     ਜੇਕਰ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਬਗਾਬਤ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੀ ਪਾਰਟੀ ਦੇ ਰਾਸਟਰਪਤੀ ਦੇ ਉਮੀਦਵਾਰ ਨੀਲਮ ਸੰਜੀਵਾ ਰੈਡੀ ਦੇ ਵਿਰੁਧ ਵੀ ਵੀ ਗਿਰੀ ਨੂੰ ਆਜ਼ਾਦ ਉਮੀਦਵਾਰ ਖੜ੍ਹਾ ਕਰਕੇ ਜਿਤਾਇਆ ਸੀ। ਕਾਂਗਰਸ ਪਾਰਟੀ ਦੇ ਉਸ ਸਮੇਂ ਪ੍ਰਧਾਨ ਕੇ ਕਾਮਰਾਜ ਸਨ ਜਿਨ੍ਹਾਂ ਨੇ 12 ਨਵੰਬਰ 1969 ਨੂੰ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਪਾਰਟੀ ਵਿਚ ਬਰਖਾਸਤ ਕਰ ਦਿੱਤਾ ਸੀ। ਉਦੋਂ ਇੰਦਰਾ ਗਾਂਧੀ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ  (ਆਰ) ਰੱਖਿਆ ਸੀ। ਕੇ ਕਾਮਰਾਜ ਅਤੇ ਮੋਰਾਰਜੀ ਡਿਸਾਈ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ (ਓ) ਰੱਖਿਆ ਸੀ। ਬਾਅਦ ਵਿਚ ਕਾਂਗਰਸ (ਓ) ਖ਼ਤਮ ਹੋ ਗਈ ਅਤੇ ਕਾਂਗਰਸ (ਆਰ) ਸਰਬ ਭਾਰਤੀ ਕਾਂਗਰਸ ਬਣ ਗਈ। ਕਹਿਣ ਤੋਂ
ਭਾਵ ਕਾਂਗਰਸ ਵਿਚ ਬਗਾਬਤ ਦੀ ਪਰੰਪਰਾ ਇੰਦਰਾ ਗਾਂਧੀ ਨੇ ਪਾਈ ਸੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਹਰਿਆਣਾ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਲਈ ਜਨਤਾ ਪਾਰਟੀ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਅਤੇ ਉਸਦੇ ਸਾਥੀ ਵਿਧਾਨਕਾਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਕੇ ਦਲ ਬਦਲੀ ਨੂੰ ਸ਼ਹਿ ਦਿੱਤੀ ਸੀ। ਚੌਧਰੀ ਭਜਨ ਲਾਲ 1980 ਜਨਤਾ ਪਾਰਟੀ ਦਾ ਹਰਿਆਣਾ ਦਾ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਨੇ ਚੌਧਰੀ ਭਜਨ ਲਾਲ ਅਤੇ ਜਨਤਾ ਪਾਰਟੀ ਦੇ ਸਾਰੇ ਮੈਂਬਰਾਂ ਤੋਂ ਬਗਾਬਤ ਕਰਵਾਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ ਸੀ। ਹੁਣ ਉਸਦਾ ਨਤੀਜਾ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਭੁਗਤ ਰਹੀ ਹੈ। ਨੌਜਵਾਨ ਆਪਣੀ ਪਾਰਟੀ ਦੇ ਪਦ ਚਿੰਨਾ ਤੇ ਚਲਕੇ ਹੀ ਪਾਰਟੀ ਨੂੰ ਖੋਰਾ ਲਾ ਰਹੇ ਹਨ। ਉਸ ਤੋਂ ਬਾਅਦ ਪਾਰਟੀਆਂ ਬਦਲਕੇ ਸਰਕਾਰਾਂ ਬਣਾਉਣ ਦਾ ਸਿਲਸਿਲਾ ਚਲਦਾ ਰਿਹਾ ਜਿਸ ਨੂੰ ਰੋਕਣ ਲਈ ਰਾਜੀਵ ਗਾਂਧੀ ਨੇ 1985 ਵਿਚ ਦਲ ਬਦਲੀ ਦੇ ਵਿਰੁਧ ਕਾਨੂੰਨ ਬਣਾਇਆ ਸੀ ਪ੍ਰੰਤੂ ਕਾਂਗਰਸ ਦੀ ਸ਼ੁਰੂ ਕੀਤੀ ਇਹ ਪਰੰਪਰਾ ਫਿਰ ਵੀ ਅਜੇ ਤੱਕ ਜ਼ਾਰੀ ਹੈ। ਭਾਰਤੀ ਜਨਤਾ ਪਾਰਟੀ ਤਾਂ ਕਾਂਗਰਸ ਪਾਰਟੀ ਦੀਆਂ ਪਾਈਆਂ ਲੀਹਾਂ ਤੈ ਹੀ ਚਲ ਰਹੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

 ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ ? - ਉਜਾਗਰ ਸਿੰਘ

ਪੰਜਾਬੀ ਦੀ ਇਕ ਕਹਾਵਤ ਹੈ ਕਿ ''ਘਰ ਦਾ ਭੇਤੀ ਲੰਕਾ ਢਾਏ''। ਸੁਖਦੇਵ ਸਿੰਘ ਢੀਂਡਸਾ ਪਰਕਾਸ ਸਿੰਘ ਬਾਦਲ ਦੇ ਅਕਾਲੀ ਪਰਿਵਾਰ ਦੇ ਘਰ ਦੇ ਅੰਦਰੂਨੀ ਘੇਰੇ ਦਾ ਮੈਂਬਰ ਰਿਹਾ ਹੈ। ਕਹਿਣ ਤੋਂ ਭਾਵ ਉਹ ਬਾਦਲ ਦੇ ਘਰ ਦਾ ਭੇਤੀ ਹੈ। ਇਹ ਕਹਾਵਤ ਜੇਕਰ ਸੱਚੀ ਹੋ ਗਈ ਤਾਂ ਬਾਦਲ ਅਕਾਲੀ ਦਲ ਨੂੰ ਦਰਕਿਨਾਰ ਕਰ ਸਕਦਾ ਹੈ ਕਿਉਂਕਿ ਘਰ ਦੇ ਭੇਤੀ ਨੂੰ ਘਰ ਦੀਆਂ ਸਾਰੀਆਂ ਚੋਰ ਮੋਰੀਆਂ ਦੀ ਜਾਣਕਾਰੀ ਹੁੰਦੀ ਹੈ। ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਪਗ100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿਚ ਧੜੇਬੰਦੀ ਲਗਾਤਾਰ ਜ਼ਾਰੀ ਹੈ। ਪਾਰਟੀ ਵਿਚ ਉਤਰਾਅ ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੁਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ਵਿਚ ਇਤਨਾ ਨਿਘਾਰ ਕਦੀਂ ਵੀ ਨਹੀਂ ਆਇਆ ਜਿਤਨਾ ਇਸ ਵਕਤ ਆਇਆ ਹੋਇਆ ਹੈ। ਹਾਲਾਂ ਕਿ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਹੀਂ ਉਦੋਂ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਕਥਿਤ ਭਰਿਸਟਾਚਾਰ ਵਿਰੁਧ ਰਾਜਪਾਲ ਨੂੰ ਲਿਖ ਕੇ ਦੇ ਦਿੱਤਾ ਸੀ। ਅਕਾਲੀ ਪਾਰਟੀ ਦਾ ਆਧਾਰ ਮੁੱਖ ਤੌਰ ਤੇ ਧਾਰਮਿਕ ਹੈ ਕਿਉਂਕਿ ਇਹ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਉਦੋਂ ਇਸਦਾ ਮੁੱਖ ਕੰਮ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨਾ ਸੀ। ਇਥੋਂ ਤੱਕ ਕਿ ਅਕਾਲੀ ਦਲ ਨੂੰ ਬਣਾਉਣ ਲਈ ਸਲਾਹ ਮਸ਼ਵਰਾ ਕਰਨ ਲਈ ਸਾਰੀਆਂ ਮੀਟਿੰਗਾਂ ਅਕਾਲ ਤਖ਼ਤ ਉਪਰ ਹੀ ਹੁੰਦੀਆਂ ਰਹੀਆਂ। ਪਹਿਲੀ ਵਿਧਾਨ ਸਭਾ ਚੋਣ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ ਕਿਉਂਕਿ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰ ਹੀ ਨਹੀਂ ਸੀ। ਪਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਦਾ ਮੈਂਬਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜਿਆ ਸੀ। ਉਦੋਂ ਕਾਂਗਰਸ ਨਾਲ ਅਕਾਲੀ ਦਲ ਦਾ ਸਮਝੌਤਾ ਸੀ। ਉਸ ਸਮਝੌਤੇ ਦੇ ਵਿਰੋਧ ਵਿਚ ਵੀ ਅਕਾਲੀ ਦਲ ਦੋਫਾੜ ਹੋਇਆ ਸੀ। ਪਰਕਾਸ ਸਿੰਘ ਬਾਦਲ ਨੇ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੂੰ ਮੋਗਾ ਵਿਖੇ 1998 ਵਿਚ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਉਣ ਦਾ ਵਿਖਾਵਾ ਕੀਤਾ। ਚਲੋ ਇਹ ਵੀ ਕੋਈ ਮਾੜੀ ਗੱਲ ਨਹੀਂ ਜੇਕਰ ਪਾਰਟੀ ਆਪਣਾ ਅਕਸ ਧਰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਪ੍ਰੰਤੂ ਇਸ ਸਮੇਂ ਅਕਾਲੀ ਦਲ ਆਪਣੇ ਮੁੱਖ ਅਸੂਲ ਤੋਂ ਹੀ ਪਿਛੇ ਖਿਸਕ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਨਵਾਂ ਅਕਾਲੀ ਦਲ ਡੈਮੋਕਰੈਟਿਕ ਬਣਾਉਣ ਨਾਲ ਅਕਾਲੀ ਦਲ ਦੇ ਸਿਆਸੀ ਹਲਕਿਆਂ ਵਿਚ ਇਹ ਕਿਆਸ ਅਰਾਈਆਂ ਸ਼ੁ{ਰੂ ਹੋ ਗਈਆਂ ਹਨ ਕਿ ਕੀ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਦੀ ਲਲੰਕ ਢਾਹੁਣ ਵਿਚ ਸਫਲ ਹੋਵੇਗਾ ? ਸ਼ਰੋਮਣੀ ਅਕਾਲੀ ਦਲ ਜਿਸ ਉਪਰ ਇਸ ਸਮੇਂ ਬਾਦਲ ਪਰਿਵਾਰ ਦਾ ਕਬਜ਼ਾ ਹੈ, ਉਸ ਵਿਚੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਨੇਤਾ ਵਖਰੇ ਹੋ ਚੁੱਕੇ ਹਨ ਅਤੇ ਕੁਝ ਸੀਨੀਅਰ ਨੇਤਾਵਾਂ ਨੇ ਹੁਣੇ ਜਿਹੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਕ ਗੱਲ ਤਾਂ ਸ਼ਪਸ਼ਟ ਹੈ ਕਿ ਬਾਦਲ ਦਲ ਨੂੰ ਖੋਰਾ ਲੱਗ ਚੁੱਕਿਆ ਹੈ। ਇਸ ਖੋਰੇ ਦੇ ਮੁਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣਾ, ਬੇਅਦਬੀ ਦੀ ਅਕਾਲੀ ਰਾਜ ਵਿਚ ਸਹੀ ਪੜਤਾਲ ਨਾ ਹੋਣਾ, ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੁਆਉਣਾ, ਗੈਂਗਸਟਰਾਂ ਨੂੰ ਸ਼ਹਿ ਦੇਣਾ,  ਪਰਿਵਾਰਵਾਦ ਦਾ ਪਾਰਟੀ ਤੇ ਭਾਰੂ ਪੈਣਾ ਅਤੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਨਾ ਆਦਿ ਹਨ। ਇਸ ਕਰਕੇ ਅਕਾਲੀ ਦਲ ਵਿਚ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਘੁਸਰ ਮੁਸਰ ਹੋ ਰਹੀ ਸੀ।
      ਇਹ ਦੂਜੀ ਵਾਰ ਹੋਇਆ ਹੈ  ਕਿ ਬਾਦਲ ਵਾਲੇ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਨੇਤਾ ਜਿਹੜਾ ਲੰਮਾ ਸਮਾਂ ਬਾਦਲ ਦਾ ਖਾਸਮ ਖਾਸ ਅਤੇ ਕਈ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ ਪੰਜਾਬ ਅਤੇ ਕੇਂਦਰ ਵਿਚ ਮੰਤਰੀ ਰਿਹਾ ਹੋਵੇ, ਬਾਦਲ ਪਰਿਵਾਰ ਤੋਂ ਵੱਖ ਹੋਇਆ ਹੋਵੇ। ਇਸ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲ ਨਾਲ ਅਣਬਣ ਹੋਣ ਕਰਕੇ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਫਿਰ ਟੌਹੜਾ ਸਾਹਿਬ ਨੇ ਵੱਖਰੇ ਹੋ ਕੇ ਆਪਣਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ। ਪ੍ਰੰਤੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਕਾਸ ਸਿੰਘ ਬਾਦਲ ਦੇ ਕਦੀਂ ਵੀ ਢੀਂਡਸਾ ਜਿਤਨਾ ਨਜ਼ਦੀਕ ਨਹੀਂ ਰਿਹਾ ਸੀ। ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਿਆਸੀ ਕੱਦ ਬੁੱਤ ਬਹੁਤ ਉਚਾ, ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਾਲਾ ਵੀ ਸੀ ਤਾਂ ਵੀ ਪੰਜਾਬ ਦੇ ਲੋਕਾਂ ਨੇ ਉਸਦਾ ਸਾਥ ਨਹੀਂ ਦਿੱਤਾ ਸੀ। ਪ੍ਰੰਤੂ ਜਥੇਦਾਰ ਟੌਹੜਾ ਅਕਾਲੀ ਦਲ ਨੂੰ ਹਰਾਉਣ ਵਿਚ ਸਫਲ ਹੋ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕਰੈਟਿਕ ਤੋਂ ਪਹਿਲਾਂ ਹੀ ਅਨੇਕ ਅਕਾਲੀ ਦਲ ਬਣੇ ਹੋਏ ਹਨ, ਜਿਨ੍ਹਾਂ ਵਿਚ ਯੂਨਾਈਟਡ ਅਕਾਲੀ ਦਲ, ਰਵੀਇੰਦਰ ਸਿੰਘ ਦਾ ਅਕਾਲੀ ਦਲ 1920, ਸਿਮਰਨਜੀਤ ਸਿੰਘ ਦਾ ਅਕਾਲੀ ਦਲ ਅੰਮ੍ਰਿਤਸਰ , ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ, ਦਲਜੀਤ ਸਿੰਘ ਬਿੱਟੂ ਦਾ ਅਕਾਲੀ ਦਲ ਅਤੇ ਪੰਥਕ ਅਕਾਲੀ ਦਲ ਆਦਿ ਬਣੇ ਹੋਏ ਹਨ। ਪ੍ਰੰਤੂ ਪੰਜਾਬ ਦੀਆਂ ਹੁਣ ਤੱਕ ਦੀਆਂ ਚੋਣਾਂ ਦੀ ਪਰੰਪਰਾ ਹੈ ਕਿ ਇਨ੍ਹਾਂ ਸਾਰੇ ਅਕਾਲੀ ਦਲਾਂ ਵਿਚੋਂ ਪੰਜਾਬ ਦਾ ਵੋਟਰ ਸਿਰਫ ਇਕ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦਾ ਹੈ।  ਲਗਪਗ ਪਿਛਲੇ ਪੰਦਰਾਂ ਸਾਲਾਂ ਤੋਂ ਅਕਾਲੀ ਦਲ ਬਾਦਲ ਨੂੰ ਹੀ ਵੋਟਰ ਵੋਟਾਂ ਪਾਉਂਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਧੜਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ ਅਤੇ ਉਹ ਆਪਣੇ ਅਕਾਲੀ ਦਲ ਦਾ ਨਾਮ ਸ਼ਰੋਮਣੀ ਅਕਾਲੀ ਦਲ ਹੀ ਰਜਿਸਟਰ ਕਰਵਾਉਣਗੇ ਪ੍ਰੰਤੂ ਜੇਕਰ ਰਜਿਸਟਰੇਸ਼ਨ ਵਿਚ ਕੋਈ ਦਿਕਤ ਆਈ ਤਾਂ ਫਿਰ ਡੈਮੋਕਰੈਟਿਕ ਸ਼ਬਦ ਜੋੜਿਆ ਜਾਵੇਗਾ। ਜੇਕਰ ਢੀਂਡਸਾ ਦਾ ਅਕਾਲੀ ਦਲ ਇਸੇ ਨਾਮ ਤੇ ਰਜਿਸਟਰ ਹੋ ਗਿਆ ਤਾਂ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਵੱਜ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦਾ ਅਕਸ ਵੀ ਸਾਫ ਸੁਥਰਾ ਹੈ। ਉਹ ਨਮਰਤਾ, ਸੰਜੀਦਗੀ, ਧਰਮ ਨਿਰਪੱਖ ਅਕਸ ਵਾਲਾ, ਵਰਕਰਾਂ ਵਿਚ ਸਰਬ ਪ੍ਰਵਾਨ ਅਤੇ ਸਿਆਸੀ ਤੌਰ ਤੇ ਸਾਊ ਤੇ ਸੂਝਵਾਨ ਗਿਣਿਆਂ ਜਾਂਦਾ ਹੈ। ਉਸਨੇ ਕਦੀ ਵੀ ਟਕਰਾਓ ਦੀ ਸਿਆਸਤ ਨਹੀਂ ਕੀਤੀ ਇਹ ਪਹਿਲੀ ਵਾਰ ਹੈ ਕਿ ਉਸਨੇ ਬਗਾਬਤ ਦਾ ਕਦਮ ਚੁੱਕਿਆ ਹੈ। ਸੰਜੀਦਗੀ ਨਾਲ ਸਿਆਸੀ ਨੁਕਤਾਚੀਨੀ ਕਰਦਾ ਹੈ। ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਤੋਂ ਵੱਖ ਹੋਇਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਕਾਨਫਰੰਸ ਕੀਤੀ ਸੀ ਜਿਸ ਵਿਚ ਉਸਨੇ ਬੜੀ ਗਲਤ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਅੱਜ ਢੀਂਡਸਾ ਦਾ ਭੋਗ ਪੈ ਗਿਆ ਹੈ। ਜਿਸਦਾ ਉਸਦੀ ਪਾਰਟੀ ਦੇ ਵਰਕਰਾਂ ਨੇ ਵੀ ਬੁਰਾ ਮਨਾਇਆ ਸੀ । ਸੁਖਦੇਵ ਸਿੰਘ ਢੀਂਡਸਾ ਨੇ ਉਦੋਂ ਵੀ ਸੁਖਬੀਰ ਬਾਦਲ ਨੂੰ ਕੋਈ ਅਸਭਿਅਕ ਸ਼ਬਦ ਨਹੀਂ ਬੋਲਿਆ ਸੀ। ਅਕਾਲੀ ਦਲ ਵਿਚ ਪੁਰਾਣਾ ਅਤੇ ਸੀਨੀਅਰ ਹੋਣ ਕਰਕੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਰਗ ਰਗ ਦਾ ਭੇਤੀ ਹੈ। ਢੀਂਡਸਾ ਦਾ ਪਲੜਾ ਭਾਰੀ ਹੁੰਦਾ ਲਗਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਨੇਤਾ ਢੀਂਡਸਾ ਦਾ ਸਾਥ ਦੇਣ ਲਈ ਅੱਗੇ ਆਉਣਗੇ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਵਿਚ ਵੱਡੇ ਪੱਧਰ ਤੇ ਬਗਾਬਤ ਕਰਵਾਉਣ ਵਿਚ ਸਫਲ ਹੋ ਗਿਆ ਫਿਰ ਤਾਂ ਬਾਦਲ ਪਰਿਵਾਰ  ਦੇ ਕਬਜ਼ੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾ ਸਕਦਾ ਹੈ, ਵਰਨਾ ਤਾਂ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਦਾ ਮੁਕਾਬਲਾ ਨਹੀਂ ਕਰ ਸਕਦਾ ਪ੍ਰੰਤੂ ਉਸਨੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਸਪੁਤਰਾਂ ਨੂੰ ਅਹੁਦੇ ਨਿਵਾਜ਼ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਕਰਕੇ ਅਕਾਲੀ ਦਲ ਦੀ ਨੌਜਵਾਨ ਲੀਡਰਸ਼ਿਪ ਦਾ ਸੁਖਬੀਰ ਬਾਦਲ ਦਾ ਸਾਥ ਦੇਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਜਿਸ ਧੜੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋਵੇ ਉਹ ਹੀ ਅਕਾਲੀ ਦਲ ਤੇ ਕਾਬਜ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ।
     ਸੁਖਦੇਵ ਸਿੰਘ ਢੀਂਡਸਾ ਲਈ ਆਉਣ ਵਾਲਾ ਡੇਢ ਸਾਲ ਚੁਣੌਤੀਆਂ ਭਰਪੂਰ ਹੋਵੇਗਾ ਕਿਉਂਕਿ ਇਤਨੇ ਥੋੜ੍ਹੇ ਸਮੇਂ ਵਿਚ ਸਿਆਸੀ ਪਾਰਟੀ ਖੜ੍ਹੀ ਕਰਕੇ ਸਥਾਪਤ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਤੀਜਾ ਫਰੰਟ ਬਣਾਕੇ ਸ਼ਾਮਲ ਕਰਨ ਵਿਚ ਸਫਲ ਹੋ ਜਾਵੇ ਫਿਰ ਤਾਂ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਸਿਆਸਤਦਾਨਾਂ ਦੇ ਧੜਿਆਂ ਦੇ ਡੱਡੂਆਂ ਦੀ ਪੰਸੇਰੀ ਨੂੰ ਇਕੱਠਾ ਕਰਨਾ ਵੀ ਅਸੰਭਵ ਹੀ ਜਾਪਦਾ ਹੈ ਕਿਉਂਕਿ ਹਰ ਪਾਰਟੀ ਤੇ ਧੜੇ ਦੇ ਨੇਤਾ ਟਿਕਟਾਂ ਦੀ ਅਡਜਸਟਮੈਂਟ ਨਹੀਂ ਕਰਨਗੇ। ਸਿਆਸਤਦਾਨ ਸਿਆਸਤ ਵਿਚ ਆਉਂਦੇ ਹੀ ਰਾਜ ਭਾਗ ਦਾ ਆਨੰਦ ਮਾਨਣ ਲਈ ਹਨ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਵੀ ਟੁੱਟਣ ਦੇ ਆਸਾਰ ਬਣ ਰਹੇ ਹਨ। ਬ੍ਰਹਮਪੁਰਾ ਦੀ ਪ੍ਰੈਸ ਕਾਨਫਰੰਸ ਤੋਂ ਉਸਦੀ ਘਬਰਾਹਟ ਦਾ ਪਤਾ ਲਗਦਾ ਹੈ। ਰਵੀਇੰਦਰ ਸਿੰਘ ਨੇ ਵੀ ਸੁਖਦੇਵ ਸਿੰਘ ਢੀਂਡਸਾ ਦੀ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦਸੰਬਰ 2016 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਥਾਂ ਤੀਜੇ ਬਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਅਰਵਿੰਦ ਕੇਜਰੀਵਾਲ ਦੀ ਹਠਧਰਮੀ ਅਤੇ ਸਥਾਪਤ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਹਥਕੰਡਿਆਂ ਕਰਕੇ ਲੋਕ ਸਫਲ ਨਹੀਂ ਹੋ ਸਕੇ। ਸਿਆਸਤ ਵਿਚ ਸਫਲ ਉਹੀ ਹੁੰਦਾ ਹੈ, ਜਿਹੜਾ ਤਿਗੜਮਬਾਜ ਹੋਵੇ। ਸੁਖਦੇਵ ਸਿੰਘ ਢੀਂਡਸਾ ਭਾਵੇਂ ਹੰਢਿਆ ਵਰਤਿਆ ਤਜ਼ਰਬੇਕਾਰ ਸਿਆਸਤਦਾਨ ਹੈ ਪ੍ਰੰਤੂ ਉਹ ਤਿਗੜਮਬਾਜ ਨਹੀਂ ਹੈ ਜੋ ਅੱਜ ਦੇ ਸਿਆਸਤਦਾਨਾ ਦੇ ਡਿਗੇ ਮਿਆਰ ਕਰਕੇ ਬਹੁਤ ਜ਼ਰੂਰੀ ਹੈ। ਇਕ ਗੱਲ ਤਾਂ ਪੱਕੀ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਬੇੜੀਆਂ ਵਿਚ ਵੱਟੇ ਜ਼ਰੂਰ ਪਾ ਦੇਵੇਗਾ। ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਸਿਧਾਂਤ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਹਰ ਗਲਤ ਫੈਸਲੇ ਦੀ ਤਾਈਦ ਕਰਦਾ ਹੈ। ਖਾਸ ਤੌਰ ਧਾਰਾ 370, ਨਾਗਰਿਕ ਸੋਧ ਐਕਟ ਅਤੇ ਤਾਜਾ ਖੇਤੀਬਾੜੀ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਦੀ ਸਪੋਰਟ ਕਰਕੇ ਪੰਜਾਬ ਦੇ ਕਿਸਾਨਾ ਦੇ ਮਨਾ ਤੋਂ ਲਹਿ ਗਿਆ ਹੈ। ਜਿਸ ਵਜਾਹ ਕਰਕੇ ਢੀਂਡਸਾ ਦੇ ਅਕਾਲੀ ਦਲ ਦੀ ਲੋਕਾਂ ਵੱਲੋਂ ਸਪੋਰਟ ਹੋਣ ਦੀ ਆਸ ਬੱਝ ਗਈ ਹੈ। ਇਨ੍ਹਾਂ ਤਿੰਨਾ ਅਰਡੀਨੈਂਸਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੁਧ ਬੁਲਾਈ ਸਰਬ ਪਾਰਟੀ ਮੀਟਿੰਗ ਵਿਚ ਢੀਂਡਸਾ ਕੇਂਦਰ ਦੇ ਫੈਸਲੇ ਦੇ ਵਿਰੁਧ ਖੜ੍ਹਾ ਹੋਇਆ ਹੈ। ਜਦੋਂ ਕਿ ਸੁਖਬੀਰ ਬਾਦਲ ਆਰਡੀਨੈਂਸਾਂ ਦੇ ਹੱਕ ਵਿਚ ਰਿਹਾ। ਇਸ ਦੇ ਨਾਲ ਹੀ ਲੋਕ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜੇਕਰ ਢੀਂਡਸਾ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਲਵੇਗਾ ਤਾਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ। ਪ੍ਰੰਤੂ ਇਕ ਗੱਲ ਤਾਂ ਪੱਕੀ ਹੈ ਕਿ ਢੀਂਡਸਾ ਦਾ ਅਕਾਲੀ ਦਲ ਬਾਦਲਾਂ ਦਾ ਨੁਕਸਾਨ ਕਰਨ ਵਿਚ ਸਫਲ ਹੋਵੇਗਾ।  ਵੈਸੈ ਅਕਾਲੀ  ਦਲ ਆਪਣੇ ਆਪ ਨੂੰ ਕਿਸਾਨਾ ਦੀ ਪਾਰਟੀ ਕਹਾਉਂਦੀ ਹੈ ਪ੍ਰੰਤੂ ਕਿਸਾਨਾ ਨੇ ਉਨ੍ਹਾਂ ਤੋਂ ਕਿਨਾਰਾ ਕਰ ਲੈਣਾ ਹੈ ਕਿਉਂਕਿ ਇਹ ਤਿੰਨ ਆਰਡੀਨੈਂਸ ਕਿਸਾਨਾ ਨੂੰ ਤਬਾਹ ਕਰ ਦੇਣਗੇ। ਅਕਾਲੀ ਦਲ ਦਾ ਇਹ ਫੈਸਲਾ ਢੀਂਡਸਾ ਦੇ ਪੱਖ ਵਿਚ ਲੋਕ ਰਾਏ ਪੈਦਾ ਕਰੇਗਾ। ਤੇਲ ਵੋਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਕਾਲੀ ਦਲ ਦੀ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ।
                                                      
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com 

ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ-ਰਣਦੀਪ ਸਿੰਘ ਆਹਲੂਵਾਲੀਆ - ਉਜਾਗਰ ਸਿੰਘ

ਮਾਨਸਾ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਜ਼ਰਖੇਜ ਧਰਤੀ ਗਿਣੀ ਜਾਂਦੀ ਹੈ। ਭਾਵੇਂ ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਪਛੜਿਆ ਹੋਇਆ ਇਲਾਕਾ ਗਿਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਥੋਂ ਦੇ ਜੰਮਪਲ ਸਾਹਿਤਕਾਰਾਂ, ਪੱਤਰਕਾਰਾਂ, ਸਮਾਜਿਕ ਕਾਰਕੁਨਾ, ਇਥੋਂ
ਤੱਕ ਕਿ ਖੱਬੇ ਪੱਖੀ ਸਿਆਸਤਦਾਨਾ ਨੇ ਵੀ ਇਨਸਾਨੀਅਤ ਦਾ ਪੱਲਾ ਫੜਕੇ ਅਜਿਹੀ ਰਹਿਨੁਮਾਈ ਦਿੱਤੀ, ਜਿਸਨੇ ਸਮਾਜ ਵਿਚ ਜਾਗ੍ਰਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਥੋਂ ਦੇ ਸਾਹਿਤਕਾਰ ਜ਼ਮੀਨ ਨਾਲ ਜੁੜੇ ਲੋਕਾਂ ਦੇ ਦੁੱਖਾਂ, ਦਰਦਾਂ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਰਹੇ ਹਨ, ਜੋ ਅਜੇ ਵੀ ਬਾਦਸਤੂਰ ਜ਼ਾਰੀ ਹੈ। ਵਰਤਮਾਨ ਪਦਾਰਥਵਾਦੀ ਸਮੇਂ ਦੇ ਦੌਰ ਵਿਚ ਇੱਕ ਅਜਿਹਾ ਉਭਰਦਾ ਕਵੀ ਹੈ, ਜਿਹੜਾ ਪੰਜਾਬ ਸਰਕਾਰ ਦੀ ਰੁਝੇਵਿਆਂ ਅਤੇ ਮਾਨਸਿਕ ਤਣਾਓ ਵਾਲੀ ਨੌਕਰੀ ਤੇ ਦੇ ਫਰਜ ਨਿਭਾਉਂਦਿਆਂ ਹੋਇਆਂ ਕੁਝ ਸਮਾਂ ਕੱਢਕੇ ਪੰਜਾਬੀ ਮਾਂ ਬੋਲੀ ਦੀ ਆਪਣੀਆਂ ਤਿੜਕ ਰਹੇ ਮਨੁੱਖੀ ਰਿਸ਼ਤਿਆਂ, ਚਲੰਤ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਸੰਜੀਦਾ ਕਵਿਤਾਵਾਂ ਲਿਖਕੇ ਇਨਸਾਨੀ ਹਿੱਤਾਂ ਤੇ ਪਹਿਰਾ ਦੇ ਰਿਹਾ ਹੈ। ਉਹ ਕਵੀ ਹੈ ਰਣਦੀਪ ਸਿੰਘ ਆਹਲੂਵਾਲੀਆ, ਜਿਹੜਾ ਸੂਚਨਾ ਤੇ ਪ੍ਰਸਾਰ ਵਿਭਾਗ ਵਿਚ ਸੰਯੁਕਤ ਸੰਚਾਲਕ ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਿਹਾ ਹੈ। ਉਸਦੀ ਪਰਿਵਾਰਿਕ ਵਿਰਾਸਤ ਵੀ ਪੜ੍ਹੀ ਲਿਖੀ ਹੋਣ ਕਰਕੇ ਸਮਾਜ ਵਿਚ ਮਹਿਕ ਖਿਲਾਰ ਰਹੀ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚੋਂ ਇਨਸਾਨੀ ਮੋਹ ਦੀਆਂ ਤੰਦਾਂ ਦੀ ਖ਼ੁਸ਼ਬੋ ਆਉਂਦੀ ਹੈ, ਜਿਹੜੀ ਉਸ ਦੀਆਂ ਕਵਿਤਾਵਾਂ ਦਾ ਗਹਿਣਾ ਬਣ ਨਿਬੜਦੀ ਹੈ। ਇਹ ਕਵਿਤਾਵਾਂ ਸਮਾਜਿਕ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਉਹ ਭਾਵੇਂ ਕਿਸੇ ਵੀ ਵਿਸ਼ੇ ਤੇ ਕਵਿਤਾ ਲਿਖੇ ਪ੍ਰੰਤੂ ਉਸ ਵਿਚੋਂ ਆਪਸੀ ਪਿਆਰ ਅਤੇ ਸਹਿਹੋਂਦ ਦੀ ਸਾਂਝ ਦੀ ਕਨਸੋਅ ਆਉਂਦੀ ਹੈ। ਬਾਗ, ਨਾਨਕੇ, ਪੈਂਡੇ, ਜ਼ਿੰਦਗੀ ਬਨਾਮ ਚਣੌਤੀਆਂ, ਨਵਾਂ ਰਿਸ਼ਤਾ, ਪੱਤ ਜੋ ਹਨ੍ਹੇਰੇ ਸੰਗ ਲੜੇ, ਸਾਂਝ ਲੰਮੇਰੀ, ਘਰ, ਖ਼ੁਦ, ਵਹਿੰਦੇ ਪਾਣੀ, ਜੰਗਲ ਬਨਾਮ ਜ਼ਿੰਦਗੀ, ਸੱਚ ਅਤੇ ਨਿਰਾਸ਼ਾ ਦਾ ਸਫ਼ਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਦੀ ਸੁਗੰਧ ਦੀ ਹੂਕ ਪੈਦਾ ਕਰਦੀਆਂ ਹੋਈਆਂ ਇਨਸਾਨ ਦੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਸਮੇਂ ਦੀ ਆਧੁਨਿਕਤਾ ਅਤੇ ਪਦਾਰਥਵਾਦੀ ਰੁਚੀ ਦੇ ਪ੍ਰਫੁਲਤ ਹੋਣ ਨਾਲ ਸਮਾਜਿਕ ਰਿਸ਼ਤਿਆਂ, ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤਿਆਂ ਵਿਚ ਵੀ ਅਣਕਿਆਸੀ ਗਿਰਾਵਟ ਆ ਗਈ ਹੈ। ਸਾਂਝੇ ਪਰਿਵਾਰ ਬਿਖਰ ਗਏ ਹਨ। ਆਈ ਟੀ ਯੁਗ ਦੇ ਆਉਣ ਨਾਲ ਇਹ ਗਿਰਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਣ ਦੀ ਥਾਂ ਆਪੋ ਆਪਣੇ ਕਮਰਿਆਂ ਵਿਚ ਬੈਠਣ ਨੂੰ ਤਰਜ਼ੀਹ  ਦਿੰਦੇ ਹਨ। ਕਿਸੇ ਸਮੇਂ ਪੰਜਾਬੀ ਪਰਿਵਾਰ ਇਕ ਕਮਰੇ ਦੀ ਦਲਾਣ ਵਿਚ ਹੀ ਜੀਵਨ ਗੁਜ਼ਾਰਦੇ ਸਨ। ਇਨਸਾਨ ਵਿਚ ਖੁਦਗਰਜ਼ੀ ਦਾ ਬੋਲਬਾਲਾ ਇਤਨਾ ਹੋ ਗਿਆ ਹੈ ਕਿ ਅੱਜ ਕਲ੍ਹ ਲੋੜ ਤੋਂ ਬਿਨਾ ਰਿਸ਼ਤੇ ਰੱਖੇ ਹੀ ਨਹੀਂ ਜਾਂਦੇ। ਲੋੜ ਰਿਸ਼ਤਿਆਂ ਦਾ ਦੂਜਾ ਨਾਮ ਬਣ ਗਈ ਹੈ। ਅਪਣਤ ਪਰ ਲਾ ਕੇ ਉਡਾਰੀ ਮਾਰ ਗਈ ਹੈ। ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਝੰਜੋੜਕੇ ਰੱਖ ਦਿੰਦੀਆਂ ਹਨ, ਜਦੋਂ ਇਹ ਪੜ੍ਹੀਦਾ ਹੈ ਕਿ ਪੁੱਤਰ ਨੇ ਮਾਂ-ਬਾਪ, ਮਾਂ ਨੇ ਪੁੱਤਰ, ਪਤਨੀ ਨੇ ਪਤੀ ਅਤੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਕੁਝ ਵਧੇਰੇ ਹੀ ਸਾਰਥਕ ਜਾਪਣ ਲੱਗਦੀਆਂ ਹੋਈਆਂ ਅਤੇ ਥੋੜ੍ਹਾ ਢਾਰਸ ਵੀ ਦਿੰਦੀਆਂ ਹਨ। ਉਹ ਇਨ੍ਹਾਂ ਪਰਿਵਾਰਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਦਾ, ਆਪਣੇ ਪੜਦਾਦੇ ਦੀ ਵਿਰਾਸਤ ਉਪਰ ਪਹਿਰਾ ਦੇਣ ਨੂੰ ਤਰਜ਼ੀਹ ਦਿੰਦਾ ਹੋਇਆ 'ਬਾਗ' ਸਿਰਲੇਖ ਵਾਲੀ ਕਵਿਤਾ ਅਜਿਹੇ ਢੰਗ ਨਾਲ ਲਿਖ ਗਿਆ ਹੈ ਕਿ ਜੋ ਨਿੱਜ ਦੀ ਥਾਂ ਲੋਕਾਈ ਦਾ ਦਰਦ ਜਾਪਦੀ ਹੈ। ਇਹੋ ਉਸਦੀ ਕਲਮ ਦੀ ਕਰਾਮਾਤ ਹੈ-
ਪੜਦਾਦੇ ਦੀ ਯਾਦ ਵਿਚ ਰੀਝ ਹੈ, ਇਕ ਬਾਗ ਮੁੜ ਲਾਉਣ ਦੀ।
 ਉਸ ਦੂਰ ਅੰਦੇਸ਼ੀ ਦਾ ਕਰਜ਼ਾ ਲਾਹੁਣ ਦੀ।
ਮਿਹਨਤ ਚੜ੍ਹੀ ਪ੍ਰਵਾਨ ਮਿਲਿਆ ਮਾਣ ਸਨਮਾਨ, ਵੱਡਾ ਅਹਿਸਾਨ ਕਰ ਗਏ।
ਖ਼ੂਬਸੂਰਤ ਬਾਗ ਸਾਡੇ ਹੱਥੀਂ ਧਰ ਗਏ।
ਵਕਤ ਨੇ ਲਈ ਅੰਗੜਾਈ ਫਸਲ ਕੰਕਰੀਟ ਦੀ ਬਾਗ ਅੰਦਰ ਉਗ ਆਈ
ਨਵਾਂ ਇੱਕ ਬਾਗ ਲਾਵਾਂਗੇ, ਨੇਕ ਰੂਹ ਦਾ ਕਰਜ਼ ਲਾਹਾਂਗੇ।
ਹੁਣ ਬਾਬੇ ਦੇ ਬਾਗ ਦੇ ਬੂਟੇ, ਭਾਵੇਂ ਦੂਰ ਦੂਰ ਨੇ ।
ਹੈ ਯਕੀਨ ਮੈਨੂੰ ਪੂਰਾ ਬਾਗ ਮੁੜ ਉਹੀ ਲਾਉਣਾ ਸੋਚਦੇ ਹੋਣੇ ਜ਼ਰੂਰ ਨੇ।
  ਇਹ ਕਵਿਤਾ ਸੰਕੇਤਕ ਹੈ ਕਿ ਪਰਿਵਾਰਿਕ ਰਿਸ਼ਤੇ ਬਿਖਰ ਗਏ ਹਨ। ਪਰਿਵਾਰ ਅਤੇ ਪਰਿਵਾਰਾਂ ਦੇ ਮੈਂਬਰ ਆਧੁਨਿਕਤਾ ਦੇ ਦੌਰ ਅਤੇ ਰੋਜ਼ਗਾਰ ਕਰਕੇ ਦੂਰ-ਦੂਰ ਚਲੇ ਗਏ ਹਨ। ਉਨ੍ਹਾਂ ਨੂੰ ਮੁੜ ਸੰਭਾਲਣ ਦੀ ਲੋੜ ਹੈ, ਜਿਵੇਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੇ ਸੀ। ਸਮਾਜ ਆਪਣੀ ਵਿਰਾਸਤ ਨਾਲੋਂ ਟੁੱਟ ਕੇ ਅਕਿਰਤਘਣ ਬਣ ਗਿਆ ਹੈ। ਰਣਦੀਪ ਸਿੰਘ ਆਹਲੂਵਾਲਆ ਦੀ ਨਾਨਕੇ ਸਿਰਲੇਖ ਵਾਲੀ ਕਵਿਤਾ ਵੀ ਇਸੇ ਭਾਵਨਾ ਦਾ ਪ੍ਰਤੀਕ ਹੈ-
ਮਾਂ ਨੂੰ ਗਿਆਂ ਗਏ ਬੀਤ ਬਾਈ ਸਾਲ ਜੀ, ਨਾਨਕੇ ਸਾਡੇ ਅੱਜ ਵੀ ਨਿਭਣ ਪੂਰੇ ਨਾਲ ਜੀ।
ਫਗਵਾੜੇ 'ਚੋਂ ਜਦ ਲੰਘਾਂ ਰਾਣੀਪੁਰ ਨੂੰ ਜਾਵਾਂ ਮੁੜ ਜੀ, ਨਾਨਕਿਆਂ ਤੋਂ ਹਰ ਸਾਲ ਪਹੁੰਚੇ ਗੁੜ ਜੀ।
ਮਾਮੀ ਫੋਨ ਕਰ ਕਹੇ ਕਰ ਫੋਟੋ ਵਾਲੀ ਕਾਲ ਪੁੱਤ, ਤੈਨੂੰ ਦੇਖਾਂ ਨਾਲੇ ਦੱਸ ਆਪਣਾ ਹਾਲ ਪੁੱਤ।
   ਏਸੇ ਤਰ੍ਹਾਂ ਇਕ ਹੋਰ 'ਜ਼ਿੰਦਗੀ ਬਨਾਮ ਚਣੌਤੀਆਂ' ਸਿਰਲੇਖ ਵਾਲੀ ਕਵਿਤਾ ਵਿਚ ਉਹ ਸਮਾਜਿਕ ਰਿਸ਼ਤਿਆਂ ਦੀ ਗਿਰਾਵਟ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਜ਼ਿੰਦਗੀ 'ਚ ਵਧ ਰਹੀਆਂ ਚਣੌਤੀਆਂ ਰਿਸ਼ਤਿਆਂ ਦਾ ਅਧਾਰ ਬਣੀਆਂ ।
ਚਾਹੁੰਦੇ-ਨਾ ਚਾਹੁੰਦੇ ਕਈ ਮੰਨ-ਮਨੌਤੀਆਂ।
ਕਦੇ-ਕਦੇ ਤਾਂ ਜਾਪੇ ਜਾ ਰਹੇ ਹਾਂ ਵਜੂਦ ਗੁਆਉਂਦੇ।
ਵੱਡਾ ਅਰਸਾ ਬੀਤ ਗਿਆ ਜ਼ਿੰਦਗੀ ਸਥਿਰ ਬਣਾਉਂਦੇ ਕਿੰਝ ਰਹੀਏ ਖ਼ਦੁ ਨੂੰ ਮਨਾਉਂਦੇ।
ਜ਼ਿੰਦਗੀ 'ਚ ਨਵੀਆਂ ਉਲਝਣਾ ਨੇ ਆ ਰਹੀਆਂ ਦਿਨ-ਰਾਤ ਸਤਾ ਰਹੀਆਂ।
 ਦਵੰਧ ਨਿਤ-ਨਵੇਂ ਮਨ ਅੰਦਰ ਨੇ ਪਾ ਰਹੀਆਂ।
ਰੀਝਾਂ ਨੂੰ ਜਾਪੇ ਲੱਗ ਰਿਹੈ ਗ੍ਰਹਿਣ ਗੱਲਾਂ ਢਹਿੰਦੀ ਕਲਾ ਦੀਆਂ ਆਪਣੇ ਹੀ ਕਹਿਣ।
ਰੁਕਦਾ ਜਾਪੇ ਜ਼ਿੰਦਗੀ ਦਾ ਵਹਿਣ।
   ਇਕ ਹੋਰ ਪੈਂਡੇ ਸਿਰਲੇਖ ਵਾਲੀ ਕਵਿਤਾ ਵਿਚ ਰਿਸ਼ਤਿਆਂ ਨੂੰ ਬਣਾਉਣ, ਨਿਭਾਉਣ ਅਤੇ ਬਰਕਰਾਰ ਰੱਖਣ ਵਿਚ ਦੋਹਾਂ ਪੱਖਾਂ ਦੇ ਹੁੰਘਾਰੇ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਹਰ ਰਿਸ਼ਤਾ ਮੁਹਤਾਜ਼ ਏ ਦੋਵੇਂ ਪਾਸਿਉਂ ਹੀ ਨਿਭਣ ਦੇ ਚਾਅ ਦਾ।
ਬੇਨਾਮ ਮੋੜ ਵੀ ਰਹਿ ਜਾਂਦੈ ਜ਼ਿੰਦਗੀ ਦੇ ਰਾਹ ਦਾ।
 ਇਰਾਦਾ ਮਜ਼ਬੂਤ ਹੋਵੇ ਤਾਂ ਛੋਟ-ਛੋਟੇ ਕਦਮ ਵੀ ਮੰਜ਼ਿਲ ਪਾ ਲੈਂਦੇ।
 ਔਖੇ ਪੈਂਡਿਆਂ ਦੇ ਰਾਹੀ ਹੀ ਅਕਸਰ ਯਾਦ ਰਹਿੰਦੇ।
  ਮਾਨਵਤਾ ਨੂੰ ਮੁਹੱਬਤ, ਆਪਸੀ ਸਾਂਝ, ਰਿਸ਼ਤਿਆਂ ਅਤੇ ਆਪਸੀ ਸਹਿਹੋਂਦ ਦਾ ਅਹਿਸਾਸ ਕਰਵਾਉਣ ਲਈ ਕਵੀ ਰੁੱਖਾਂ ਅਤੇ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾਉਣਾ ਚਾਹੁੰਦਾ ਹੈ ਕਿ ਇਕੱਲਤਾ ਰੁੱਖਾਂ ਅਤੇ ਪੰਛੀਆਂ ਨੂੰ ਵੀ ਪ੍ਰਵਾਨ ਨਹੀਂ, ਉਹ ਵੀ ਇਕੱਲੇ ਮੁਰਝਾ ਜਾਂਦੇ ਹਨ। ਇਸੇ ਲਈ ਉਹ ਲਿਖਦਾ ਹੈ ਕਿ-
ਮੌਸਮ ਦੇ ਝੰਬੇ ਰੁੱਖ 'ਤੇ ਕੱਲੇ ਦਿਲ ਨੂੰ ਨਾ ਟਿਕਾਆ,
ਇਕਲਾਪਾઠਖਾ ਜਾਂਦੈ ਪੰਖੇਰੂਆਂ ਦੇ ਵੀ ਚਾਅ।
   ਇਸੇ ਤਰ੍ਹਾਂ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਇਨਸਾਨੀਅਤ ਦੇ ਰਾਹ ਵਿਚ ਆ ਰਹੀਆਂ ਉਲਝਣਾ, ਸਮੱਸਿਆਵਾਂ, ਕੁਦਰਤ ਦੀਆਂ ਦਾਤਾਂ ਨਾਲ ਹੋ ਰਹੇ ਖਿਲਵਾੜ ਅਤੇ ਔਕੜਾਂ ਦੇ ਦਰਦ ਨੂੰ ਪ੍ਰਗਟਾਉਂਦੀਆਂ ਹੋਈਆਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ। ਵਰਤਮਾਨ ਸਮੇਂ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਸਿਟਿਆਂ ਵਜੋਂ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ  ਪਹੁੰਚਣ ਦੇ ਹੇਰਵੇ ਦੇ ਦਰਦਨਾਕ ਸਫਰ ਬਾਰੇ ਉਨ੍ਹਾਂ ਦੀ ਬੇਬਸੀ ਦਾ ਜ਼ਿਕਰ ਆਪਣੀ 'ਨਿਰਾਸ਼ਾ ਦਾ ਸਫ਼ਰ' ਕਵਿਤਾ ਵਿਚ ਕਰਦਾ ਹੈ-
ਨਿਰਾਸ਼ਾ ਦੇ ਸਫ਼ਰ'ਚ ਥੱਕੇ-ਟੁੱਟੇ ਜਿਸਮਾਂ ਤੇ  ਹਾਲੋਂ-ਬੇਹਾਲ,
 ਮਾਸੂਮ ਅੱਖਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਪੈ ਰਿਹਾ।
ਸ਼ਾਇਦ ਹਰ ਚਿਹਰਾ ਹੀ ਸੰਵਿਧਾਨ 'ਚ ਸਭਨਾ ਲਈ,
 ਬਰਾਬਰੀ ਦੇ ਹੱਕ ਦੇ ਜ਼ੋਰ-ਸ਼ੋਰ ਨਾਲ ਗੁਣਗਾਨ 'ਤੇ ਭਾਰੂ ਪੈ ਰਿਹੈ।
ਵੱਡਿਆਂ ਦੀ ਬੇਪਰਵਾਹੀ ਅਣਕਿਆਸੇ ਰੋਗ ਦਾ ਭੈਅ ਤੇ ਗੁਰਬਤ ਦੀ ਮਾਰ,
ਪਤਾ ਨਹੀਂ ਇੱਕ ਗ਼ਰੀਬ ਕੀ-ਕੀ ਸਹਿ ਰਿਹੈ।
ਕੁਝ ਮਹੀਨੇ ਜਾਂ ਕੁਝ ਸਾਲ ਇਹੋ ਰੁਤ ਰਹਿਣੀ ਨਾਲ ,
ਨੈਣਾ 'ਚੋਂ ਜੋ ਨੀਰ ਵਹਿ ਰਿਹੈ  ਸਮਾਜ ਦੀ ਉਪਰਾਮਤਾ ਦੀ ਕਹਾਣੀ ਕਹਿ ਰਿਹੈ।
      ਰਣਦੀਪ ਸਿੰਘ ਆਹਲੂਵਾਲੀਆ ਸਮਾਜਿਕ ਸਰੋਕਾਰਾਂ ਅਤੇ ਹਰ ਰੋਜ਼ ਵਾਪਰਣ ਵਾਲੀਆਂ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਘਟਨਾਵਾਂ ਅਤੇ ਇਨਸਾਨੀਅਤ ਨਾਲ ਹੋ ਰਹੇ ਦੁਰਾਚਾਰਾਂ ਬਾਰੇ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਰਿਹਾ ਹੈ। ਉਸ ਦੀਆਂ ਕਵਿਤਾਵਾਂ ਉਸਦੀ ਇਨਸਾਨੀਅਤ ਦੀ ਤਰਸਯੋਗ ਹਾਲਤ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸਮੇਂ ਦੀ ਕਰਵਟ ਤੋਂ ਬੇਮੁੱਖ ਨਹੀਂ ਹੁੰਦੀਆਂ ਸਗੋਂ ਸਮਾਜਿਕ ਤਾਣੇਬਾਣੇ ਤੇ ਵਿਅੰਗ ਕਸਦੀਆਂ ਹਨ। ਸ਼ਾਲਾ ਇਹ ਉਭਰਤਾ ਕਵੀ ਏਸੇ ਤਰ੍ਹਾਂ ਆਪਣੀ ਕਲਮ ਦਾ ਕਿਰਦਾਰ ਕਾਇਮ ਰੱਖਦਾ ਹੋਇਆ ਇਨਸਾਨੀਅਤ ਦਾ ਪਹਿਰੇਦਾਰ ਬਣਿਆਂ ਰਹੇ।
ਤਸਵੀਰਾਂ- ਰਣਦੀਪ ਸਿੰਘ ਆਹਲੂਵਾਲੀਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com  

ਕੇਂਦਰ ਸਰਕਾਰ ਵੱਲੋਂ ਕਿਸਾਨਾ ਦੇ ਹੱਥ ਠੂਠਾ ਫੜਾਉਣ ਦੀ ਤਿਆਰੀ - ਉਜਾਗਰ ਸਿੰਘ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਦਸ ਸਾਲਾਂ ਵਿਚ ਕਿਸਾਨਾ ਦੀ ਆਮਦਨ ਦੁਗਣੀ ਕਰਨ ਦੇ ਲਾਰਿਆਂ ਦਾ ਉਨ੍ਹਾਂ ਦੇ ਰਾਜ ਦੇ ਛੇਵੇਂ ਸਾਲ ਵਿਚ ਹੀ ਪਰਦਾ ਫਾਸ਼ ਹੋ ਗਿਆ ਹੈ। ਕਿਸਾਨਾ ਨੂੰ ਲਾਰੇ ਲਾ ਕੇ ਦੋ ਵਾਰ ਭਾਰਤੀ ਜਨਤਾ ਪਾਰਟੀ ਨੇ ਵੋਟਾਂ ਵਟੋਰ ਲਈਆਂ ਅਤੇ ਦੂਜੀ ਵਾਰ ਸਰਕਾਰ ਬਣਾਕੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਆਰਡੀਨੈਂਸ ਜਾਰੀ ਕਰਕੇ ਕਿਸਾਨਾ ਦੇ ਹੱਥ ਲਾਲੀ ਪਾਪ ਫੜਾ ਦਿੱਤਾ ਹੈ। ਇਹ ਆਰਡੀਨੈਂਸ ਜ਼ਾਰੀ ਕਰਕੇ ਕੇਂਦਰ ਸਰਕਾਰ ਨੇ ਸਟੇਟਾਂ ਦੇ ਅਧਿਕਾਰਾਂ ਵਿਚ ਦਖ਼ਲਅਦਾੰਜ਼ੀ ਕੀਤੀ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਵਿਓਪਾਰੀਆਂ ਦੀ ਪਾਰਟੀ ਹੈ। ਉਨ੍ਹਾਂ ਦੀ ਕੇਂਦਰ ਸਰਕਾਰ ਹਰ ਫੈਸਲਾ ਵਿਓਪਾਰੀਆਂ ਦੇ ਹੱਕ ਵਿਚ ਕਰਦੀ ਹੈ, ਭਾਵੇਂ ਕੁਝ ਭਾਈਵਾਲ ਪਾਰਟੀਆਂ ਵੀ ਸਰਕਾਰ ਵਿਚ ਸ਼ਾਮਲ ਹਨ।  ਖੇਤੀਬਾੜੀ ਨਾਲ ਸੰਬੰਧਤ ਆਰਡੀਨੈਂਸ ਜ਼ਾ{ਰੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਓਪਾਰੀਆਂ ਦੀ ਸਰਕਾਰ ਹੋਣ ਦਾ ਸਬੂਤ ਦੇ ਦਿੱਤਾ ਹੈ ਕਿਉਂਕਿ ਇਹ ਆਰਡੀਨੈਂਸ ਕਿਸਾਨਾਂ ਦੇ ਹੱਕਾਂ ਤੇ ਡਾਕਾ ਅਤੇ ਵਿਓਪਾਰੀਆਂ ਦੇ ਹਿਤਾਂ ਵਿਚ ਹਨ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਹ ਆਰਡੀਨੈਂਸ ਕਿਸਾਨਾ ਦੀ ਬਿਹਤਰੀ ਲਈ ਜਾਰੀ ਕੀਤੇ ਗਏ ਹਨ ਪ੍ਰੰਤੂ ਅਸਲੀਅਤ ਵਿਚ ਇਹ ਕਿਸਾਨੀ ਵਿਰੋਧੀ ਹਨ। ਕਿਸਾਨਾ ਦੀ ਆਮਦਨ ਦੁਗਣੀ ਕਰਨ ਦਾ ਲਾਰਾ ਮੰਗੇਰੀ ਲਾਲ ਦੇ ਸਪਨੇ ਦੇ ਬਰਾਬਰ ਹੋ ਨਿਬੜਿਆ ਹੈ। ਪਹਿਲਾ ਆਰਡੀਨੈਂਸ ''ਜਰੂਰੀ ਵਸਤਾਂ ਸੋਧ ਆਰਡੀਨੈਂਸ 2020'' ਜਿਸ ਵਿਚ ਕਿਹਾ ਗਿਆ ਹੈ ਕਿ ਮੁਕਾਬਲੇਬਾਜ਼ੀ ਪੈਦਾ ਕਰਕੇ ਕਿਸਾਨਾ ਦੀ ਆਮਦਨ ਵਿਚ ਵਾਧਾ ਕਰਨਾ ਅਤੇ ਖ਼ਪਤਕਾਰਾਂ ਦੇ ਹਿਤਾਂ ਨਾਲ ਰੈਗੂਲੇਟਰੀ ਪ੍ਰਣਾਲੀ ਦਾ  ਉਦਾਰੀਕਰਨ ਕਰਨਾ ਹੈ। ਅਮਲੀ ਤੌਰ ਤੇ ਇਸ ਆਰਡੀਨੈਂਸ ਦੇ ਲਾਗੂ ਹੋਣ ਤੇ ਜ਼ਖੀਰੇਬਾਜ਼ੀ ਵਧੇਗੀ ਅਤੇ ਖ਼ਪਤਕਾਰਾਂ ਨੂੰ ਵਸਤਾਂ ਮਹਿੰਗੀਆਂ ਮਿਲਣਗੀਆਂ ਪ੍ਰੰਤੂ ਵਿਓਪਾਰੀਆਂ ਨੂੰ ਲਾਭ ਹੋਵੇਗਾ। ਵਿਓਪਾਰੀ ਜਿਹੜਾ ਵੀ ਕੰਮ ਕਰਦਾ ਹੈ, ਉਹ ਹਮੇਸ਼ਾ ਮੁਨਾਫੇ ਦੇ ਇਰਾਦੇ ਨਾਲ ਕਰਦਾ ਹੈ ਜਦੋਂ ਉਨ੍ਹਾਂ ਨੂੰ ਆਪਣੀਆਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਤਾਂ ਉਨ੍ਹਾਂ ਦੇ ਵਾਰੇ ਨਿਆਰੇ ਹਨ। ਦੂਜਾ ਆਰਡੀਨੈਂਸ ''ਕਿਸਾਨੀ ਉਪਜ ਵਿਓਪਾਰ ਅਤੇ ਵਣਜ (ਪ੍ਰਤੋਸਾਹਨ ਅਤੇ ਸਹਾਇਕ) ਆਰਡੀਨੈਂਸ 2020'' ਜਿਸ ਅਨੁਸਾਰ ਕਿਸਾਨ ਆਪਣੀ ਫਸਲ ਦੇਸ ਵਿਚ ਕਿਸੇ ਵੀ ਥਾਂ ਤੇ ਵੇਚਣ ਲਈ ਸੁਤੰਤਰ ਹੋਵੇਗਾ, ਭਾਵ ਖੁਲੀ੍ਹ ਮੰਡੀ ਦੀ ਪ੍ਰਣਾਲੀ ਲਾਗੂ ਹੋਵੇਗੀ, ਜਿਸ ਕਰਕੇ ਉਸਨੂੰ ਭਾਅ ਜ਼ਿਆਦਾ ਮਿਲੇਗਾ ਪ੍ਰੰਤੂ ਅਸਲੀਅਤ ਇਹ ਹੈ ਕਿ ਯੋਜਨਾਬੱਧ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਵਿਓਪਾਰੀ ਆਪਣੇ ਹਿਸਾਬ ਨਾਲ ਖ੍ਰੀਦ ਕਰਨਗੇ, ਕਿਸਾਨ ਫਸਲ ਵੇਚਣ ਲਈ ਵਿਓਪਾਰੀਆਂ ਦੇ ਰਹਿਮੋਕਰਮ ਤੇ ਨਿਰਭਰ ਹੋ ਜਾਵੇਗਾ। ਆਰਡੀਨੈਂਸ ਵਿਚ ਕਿਹਾ ਤਾਂ ਇਹ ਗਿਆ ਹੈ ਕਿ ਵਿਓਪਾਰੀ ਨਿਸਚਤ ਸਰਕਾਰੀ ਕੀਮਤ ਤੋਂ ਵੱਧ ਕੀਮਤ ਦੇਣਗੇ ਪ੍ਰੰਤੂ ਸੋਚਣ ਵਾਲੀ ਗੱਲ ਹੈ ਕਿ ਵਿਓਪਾਰੀ ਵੱਧ ਕੀਮਤ ਕਿਉਂ ਦੇਣਗੇ ? ਉਹ ਤਾਂ ਵਿਓਪਾਰ ਕਰ ਰਹੇ ਹਨ, ਉਨ੍ਹਾਂ ਨੇ ਘਾਟੇ ਦਾ ਸੌਦਾ ਥੋੜ੍ਹਾ ਕਰਨਾ, ਉਨ੍ਹਾਂ ਨੇ ਤਾਂ ਮੁਨਾਫਾ ਕਮਾਉਣਾ ਹੈ। ਪੰਜਾਬ ਮੰਡੀ ਬੋਰਡ, ਭਾਰਤੀ ਖੁਰਾਕ ਨਿਗਮ ਅਤੇ ਖੇਤੀਬਾੜੀ ਦੀਆਂ ਕੀਮਤਾਂ ਨਿਸਚਤ ਕਰਨ ਵਾਲਾ ਕਮਿਸ਼ਨ ਖ਼ਤਮ ਹੋ ਜਾਣਗੇ, ਜਿਸ ਨਾਲ ਬੇਰੋਜ਼ਗਾਰੀ ਵਧੇਗੀ। ਜ਼ਰੂਰੀ ਵਸਤਾਂ ਦਾ ਐਕਟ ਹੁਣ ਲਾਗੂ ਨਹੀਂ ਹੋਵੇਗਾ। ਭਾਵ ਵਿਓਪਾਰੀ ਜ਼ਖ਼ੀੇਰੇਬਾਜ਼ੀ ਕਰਨਗੇ ਅਤੇ ਮਹਿੰਗੇ ਭਾਅ ਤੇ ਵੇਚਣਗੇ। ਵਿਓਪਾਰੀਆਂ ਦੀਆਂ ਪੰਜੇ ਉਂਗਲਾਂ ਘਿਓ ਵਿਚ ਹਨ। ਬਿਹਾਰ ਸਰਕਾਰ ਨੇ ਮੰਡੀਆਂ ਖ਼ਤਮ ਕੀਤੀਆਂ ਸਨ, ਉਥੇ ਬਦਲਵੀ ਪ੍ਰਣਾਲੀ ਫੇਲ੍ਹ ਹੋ ਗਈ।   

       ਸਵਾਮੀਨਾਥਨ ਕਮਿਸ਼ਨ ਦੀઠਤਜਵੀਜ ਅਨੁਸਾਰ ਦੇਸ ਵਿਚ 80 ਵਰਗ ਕਿਲੋਮੀਟਰ ਦੇ ਘੇਰੇ ਵਿਚ ਇੱਕ ਮੰਡੀ ਹੋਣੀ ਜ਼ਰੂਰੀ ਹੈ, ਜਿਸ ਦਾ ਅਰਥ ਹੈ ਕਿ ਦੇਸ ਵਿਚ 41000 ਮੰਡੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਕਿ ਦੇਸ ਵਿਚ ਲਗਪਗ 7500 ਮੰਡੀਆਂ ਹੀ ਹਨ। ਵਿਓਪਾਰੀ ਕਿਸਾਨਾ ਦਾ ਸ਼ੋਸ਼ਣ ਕਰਨਗੇ। ਮੰਡੀਆਂ ਦੇ ਕੰਮ ਘਟਣ ਨਾਲ ਬਹੁਤ ਸਾਰੀ ਲੇਬਰ ਬੇਰੋਜ਼ਗਾਰ ਹੋ ਜਾਵੇਗੀ। ਫਸਲਾਂ ਦੀ ਢੋਅ ਢੁਆਈ ਕਰਨ ਵਾਲੇ ਵੀ ਵਿਹਲੇ ਹੋ ਜਾਣਗੇ।  ਤੀਜਾ ਆਰਡੀਨੈਂਸ ''ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ  ਅਤੇ ਸੁਰੱਖਿਆ)  ਆਰਡੀਨੈਂਸ 2020'' ਬਾਰੇ ਕਿਹਾ ਗਿਆ ਹੈ ਕਿ ਖੇਤੀ ਪ੍ਰਣਾਲੀ ਵਿਚ  ਰਾਸ਼ਟਰੀ ਪੱਧਰ ਦੀ ਪ੍ਰਣਾਲੀ  ਪ੍ਰਦਾਨ ਕਰਵਾਉਣੀ ਅਤੇ ਕਿਸਾਨਾ ਨੂੰ ਤਾਕਤਵਰ ਬਣਾਉਣਾ ਹੈ ਤਾਂ ਜੋ ਉਹ ਕਾਰੋਬਾਰੀ ਫਰਮਾ, ਪ੍ਰੋਸੈਸਰਾਂ, ਥੋਕ ਵਿਓਪਾਰੀਆਂ, ਬਰਾਮਦਕਾਰਾਂ  ਅਤੇ ਖੇਤੀ ਸੇਵਾਵਾਂ ਨਾਲ ਮੁਕਾਬਲਾ ਕਰ ਸਕਣ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਵਾ ਵਿਚ ਤੀਰ ਮਾਰ ਰਹੀ ਹੈ। ਭਾਰਤ ਦਾ ਕਿਸਾਨ ਕਰਜ਼ਈ ਹੈ, ਖੁਦਕੁਸ਼ੀਆਂ ਕਰ ਰਿਹਾ ਹੈ। ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ, ਲੇਬਰ ਅਤੇ ਖੇਤੀਬਾੜੀ ਦੇ ਸੰਦ ਮਹਿੰਗੇ ਹੋ ਗਏ ਹਨ, ਭਾਵ ਖੇਤੀ ਤੇ ਲਾਗਤ ਵੱਧ ਗਈ ਹੈ। ਉਹ ਵਿਓਪਾਰੀਆਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਸਗੋਂ ਇਹ ਤੀਜਾ ਆਰਡੀਨੈਂਸ ਉਨ੍ਹਾਂ ਨੂੰ ਵਿਓਪਾਰੀਆਂ ਦਾ ਗੁਲਾਮ ਬਣਾ ਦੇਵੇਗਾ। 1992 ਵਿਚ ਵੀ ਵਿਸ਼ਵ ਵਪਾਰ ਸੰਸਥਾ ਵੱਲੋਂ ਵਿਸ਼ਵੀਕਰਨ  ਅਤੇ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਸੁਤੰਤਰ ਵਿਓਪਾਰ ਤੇ ਜ਼ੋਰ ਦਿੱਤਾ ਗਿਆ ਸੀ। ਉਹ ਵੀ ਕਿਸਾਨਾ ਲਈ ਲਾਹੇਬੰਦ ਨਹੀਂ ਸੀ। ਅਸਲ ਵਿਚ ਅਮਰੀਕਾ ਦੀ ਤਰ੍ਹਾਂ ਬਹੁ ਕੌਮੀ ਕੰਪਨੀਆਂ ਦੇ ਹੱਥ ਕਿਸਾਨਾ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨਾ ਤੋਂ ਜ਼ਮੀਨ ਠੇਕੇ ਤੇ ਲੈ ਕੇ ਇਹ ਕੰਪਨੀਆਂ ਫਸਲਾਂ ਬੀਜਿਆ ਕਰਨਗੀਆਂ। ਆਰਡੀਨੈਂਸ ਵਿਚ ਇਹ ਤਾਂ ਲਿਖਿਆ ਗਿਆ ਹੈ ਕਿ ਕਿਰਾਏ ਤੇ ਜ਼ਮੀਨ ਲੈਣ ਵਾਲਾ ਮਾਲਕ ਨਹੀਂ ਬਣ ਸਕਦਾ। ਜਾਣੀਕਿ ਜ਼ਮੀਨ ਦੱਬ ਨਹੀਂ ਸਕਦਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਕਿ ਫਸਲਾਂ ਦੇ ਸਮਰਥਨ ਮੁਲ ਦੇਣ ਨਾਲ ਦੇਸ ਦੀ ਆਰਥਿਕਤਾ ਨੂੰ ਧੱਕਾ ਲੱਗ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਕੋਲ ਤਿੰਨ ਸਾਲਾਂ ਲਈ ਵਾਧੂ ਅਨਾਜ ਪਿਆ ਹੈ ਪ੍ਰੰਤੂ ਸਟੋਰੇਜ ਦੀ ਸਮੱਸਿਆ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਿਸਾਨ ਕਣਕ ਤੇ ਜੀਰੀ ਬੀਜਣੀ ਬੰਦ ਕਰ ਦੇਣ ਤਾਂ ਤਿੰਨ ਸਾਲ ਬਾਅਦ ਭਾਰਤ ਫਿਰ ਮੰਗਤਾ ਬਣਕੇ ਵਿਦੇਸਾਂ ਵਿਚੋਂ ਮਹਿੰਗੇ ਭਾਅ ਤੇ ਅਨਾਜ ਖ੍ਰੀਦੇਗਾ। ਪੀ ਐਲ 480 ਅਧੀਨ ਅਮਰੀਕਾ ਤੋਂ ਕਣਕ ਮੰਗਵਾਉਂਦਾ ਰਿਹਾ ਹੈ। ਜਦੋਂ ਪੰਜਾਬ ਦੇ ਕਿਸਾਨਾ ਨੇ ਦੇਸ ਨੂੰ ਆਤਮ ਨਿਰਭਰ ਕੀਤਾ ਸੀ,  ਉਦੋਂ ਤਾਂ ਕਿਸਾਨਾ ਦੇ ਸੋਹਲੇ ਗਾਏ ਜਾਂਦੇ ਸਨ। ਅੱਜ ਕਰਜ਼ਈ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾਂਦਾ ਜਦੋਂ ਕਿ ਸਨਅਤਕਾਰਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਂਦੇ ਹਨ। ਨਿਤਿਨ ਗਡਕਰੀ ਦੇ ਬਿਆਨ ਦਾ ਅਰਥ ਇਹ ਹੈ ਕਿ ਸਮਰਥਨ ਮੁੱਲ ਬੰਦ ਕਰ ਦਿੱਤਾ ਜਾਵੇਗਾ ਜਦੋਂ ਕਿ ਦੇਸ ਦੇ ਕਿਸਾਨ ਕਰਜ਼ੇ ਦੇ ਭਾਰ ਹੇਠ ਪਹਿਲਾਂ ਹੀ ਦੱਬੇ ਪਏ ਹਨ। ਸਮਰਥਨ ਮੁੱਲ ਬੰਦ ਹੋਣ ਨਾਲ ਕਿਸਾਨੀ ਦਾ ਬੇੜਾ ਗਰਕ ਹੋ ਜਾਵੇਗਾ। ਪੰਜਾਬ ਬਰਬਾਦ ਹੋ ਜਾਵੇਗਾ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਉਸ ਰਿਪੋਰਟ ਦੇ ਵਿਰੁੱਧ ਫੈਸਲੇ ਕਰਨ ਤੇ  ਤੁਲੀ ਹੋਈ ਹੈ। ਕਿਸਾਨ ਬਦਲਵੀਆਂ ਫਸਲਾਂ ਬੀਜਣ ਲਈ ਤਿਆਰ ਹਨ, ਬਸ਼ਰਤੇ ਕਿ ਉਨ੍ਹਾਂ ਦਾ ਵੀ ਸਮਰਥਨ ਮੁੱਲ ਦਿੱਤਾ ਜਾਵੇ। ਖੇਤੀਬਾੜੀ ਨਾਲ ਤਿੰਨ ਆਰਡੀਨੈਂਸਾਂ ਦੇ ਝਟਕੇ ਦੇ ਸਦਮੇ ਵਿਚੋਂ ਕਿਸਾਨ ਅਜੇ ਨਿਕਲੇ ਨਹੀਂ ਸਨ ਨਿਤਿਨ ਗਡਕਰੀ ਦਾ ਬਿਆਨ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਗਿਆ। ਭਾਰਤੀ ਜਨਤਾ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਸਮੇਂ ਭਾਰਤ ਵਿਚ ਅਨਾਜ ਦੀ ਕਮੀ ਪੂਰੀ ਕਰਨ ਲਈ ਬਾਹਰਲੇ ਦੇਸਾਂ ਤੋਂ ਮਿੰਨਤਾਂ ਕਰਕੇ ਅਨਾਜ ਖ੍ਰੀਦਿਆ ਜਾਂਦਾ ਸੀ। ਭਾਰਤ ਦੀ ਕਰੰਸੀ ਬਾਹਰ ਜਾਂਦੀ ਸੀ ਜਿਸ ਨਾਲ ਰੁਪਏ ਦੀ ਕੀਮਤ ਘਟਦੀ ਸੀ। ਦੇਸ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਕਿਸਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਔਖੇ ਮੌਕੇ ਦੇਸ ਨੂੰ ਅਨਾਜ ਦੇ ਖੇਤਰ ਵਿਚ ਆਤਮ  ਨਿਰਭਰ ਕਰਨ ਲਈਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਅੱਗੇ ਆਏ ਸਨ। ਇਕੱਲਾ ਪੰਜਾਬ ਦੇਸ ਦੇ ਅਨਾਜ ਭੰਡਾਰ ਵਿਚ ਅੱਸੀ ਫੀ ਸਦੀ ਹਿੱਸਾ ਪਾਉਂਦਾ ਹੈ। ਉਦੋਂ ਪੰਜਾਬ ਦੇ ਕਿਸਾਨਾ ਦੀ ਤਾਰੀਫ ਦੇ ਪੁਲ ਬੰਨ੍ਹੇ ਜਾਂਦੇ ਸਨ। ਅੱਜ ਦਿਨ ਉਨ੍ਹਾਂ ਦੀ ਕਮਰ ਤੋ ਤੋੜੀ ਜਾ ਰਹੀ ਹੈ। ਆਰਡੀਨੈਂਸ ਅਨੁਸਾਰ ਕਿਸਾਨ ਕਣਕ ਕਿਸੇ ਵੀ ਥਾਂ ਤੇ ਵੇਚ ਸਕਦੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਘਰਾਂ ਦੇ ਨੇੜੇ ਮੰਡੀਆਂ ਵਿਚ ਵੇਚ ਸਕਦੇ ਸਨ। ਉਨ੍ਹਾਂ ਨੂੰ ਸਮਰਥਨ ਮੁੱਲ ਮਿਲ ਜਾਂਦਾ ਸੀ। ਭਾਵ ਉਹ ਆਪਣੀ ਕਣਕ ਲੈ ਕੇ ਵਿਓਪਾਰੀਆਂ ਦੇ ਮਗਰ ਭੱਜੇ ਫਿਰਨਗੇ। ਵਿਓਪਾਰੀ ਕਿਸਾਨ ਕੋਲੋਂ ਆਪ ਆ ਕੇ ਜੇਕਰ ਕਣਕ ਖ੍ਰੀਦੇਗਾ ਤਾਂ ਸਮਰਥਨ ਮੁੱਲ ਨਾ ਹੋਣ ਕਰਕੇ ਆਪਣੀ ਮਰਜੀ ਦਾ ਮੁੱਲ ਦੇਣਗੇ ਕਿਉਂਕਿ ਕਿਸਾਨ ਫਸਲ ਨੂੰ ਆਪਣੇ ਕੋਲ ਰੱਖ ਨਹੀਂ ਸਕਦਾ। ਉਸਨੇ ਤਾਂ ਆਪਣਾ ਕਰਜ਼ਾ ਲਾਹੁਣਾ ਹੁੰਦਾ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਵੀ ਤੋਰਨਾ ਹੁੰਦਾ। ਇਸ ਲਈ ਵਿਓਪਾਰੀ ਮਨਮਾਨੀਆਂ ਕਰਨਗੇ। ਵਿਓਪਾਰੀ ਅਨਾਜ ਦੇ ਜਖੀਰੇ ਕਰਨਗੇ ਤੇ ਫੇਰ ਲੋਕਾਂ ਨੂੰ ਮਹਿੰਗੇ ਭਾਅ ਤੇ ਵੇਚਣਗੇ। ਇਕੱਲਾ ਕਿਸਾਨ ਹੀ ਬਰਬਾਦ ਨਹੀਂ ਹੋਵੇਗਾ ਸਗੋਂ ਖਪਤਕਾਰ ਦਾ ਦੀਵਾਲਾ ਨਿਕਲ ਜਾਵੇਗਾ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਧੱਕਾ ਲਗੇਗਾ। ਆੜ੍ਹਤੀਆਂ ਦਾ ਕੰਮ ਖ਼ਤਮ ਹੋ ਜਾਵੇਗਾ। ਆੜ੍ਹਤੀ ਅਤੇ ਕਿਸਾਨ ਦਾ ਸਦੀਆਂ ਪੁਰਾਣਾ ਰਿਸ਼ਤਾ ਤਾਰ ਤਾਰ ਹੋ ਜਾਵੇਗਾ। ਕਿਸਾਨ ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਛੇ ਮਹੀਨੇ ਆੜ੍ਹਤੀਆਂ ਤੇ ਨਿਰਭਰ ਰਹਿੰਦਾ ਹੈ, ਦੁੱਖ ਸੁੱਖ ਵਿਚ ਆੜ੍ਹਤੀ ਹੀ ਕਿਸਾਨ ਦਾ ਸਹਾਈ ਹੁੰਦਾ ਹੈ। ਪੰਜਾਬ ਸਰਕਾਰ ਨੂੰ ਆਰਥਿਕ ਤੌਰ ਤੇ ਨੁਕਸਾਨ ਹੋਵੇਗਾ ਕਿਉਂਕਿ ਮਾਰਕੀਟ ਕਮੇਟੀਆਂ ਨੂੰ ਆਮਦਨ ਨਹੀਂ ਹੋਵੇਗੀ। ਮਾਰਕੀਟ ਕਮੇਟੀਆਂ ਦੀ ਆਮਦਨ ਨਾਲ ਹੀ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਬਣਦੀਆਂ ਅਤੇ ਮੁਰੰਮਤ ਹੁੰਦੀਆਂ ਹਨ। ਇਹ ਨੁਕਸਾਨ ਵੀ ਕਿਸਾਨਾ ਨੂੰ ਹੀ ਹੋਵੇਗਾ ਕਿਉਂਕਿ ਕਿਸਾਨ ਹੀ ਪਿੰਡਾਂ ਵਿਚ ਰਹਿੰਦੇ ਹਨ। ਕੇਂਦਰ ਸਰਕਾਰ ਦਾ ਆਰਡੀਨੈਂਸ ਕਹਿ ਰਿਹਾ ਹੈ ਕਿ ਮੰਡੀਕਰਨ ਅਤੇ ਕੰਟੈਕਟ ਫਾਰਮਿੰਗ ਅਧੀਨ ਕਰਜ਼ੇ ਦਿੱਤੇ ਜਾਣਗੇ। ਇਹ ਕਰਜ਼ੇ ਕਿਸਾਨਾ ਨੂੰ ਨਹੀਂ ਸਗੋਂ ਹੁਣ ਤੱਕ ਇਹ ਕਰਜ਼ੇ ਖੇਤੀ ਨਾਲ ਸੰਬੰਧਤ ਵਿਓਪਾਰਕ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ। ਕਿਸਾਨ ਭੋਲੇ ਉਨ੍ਹਾਂ ਦੇ ਲਾਰਿਆਂ ਵਿਚ ਆ ਕੇ ਨੁਕਸਾਨ ਉਠਾ ਲੈਂਦੇ ਹਨ।

     ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆਪਣੇ ਆਪਨੂੰ ਕਿਸਾਨਾ ਦੀ ਪਾਰਟੀ ਕਹਾਉਂਦਾ ਹੈ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹੈ। ਇਸ ਲਈ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉਪਰ ਨਿਰਭਰ ਕਰਦੀ ਹੈ। ਹੁਣ ਅਕਾਲੀ ਦਲ ਕਹਿ ਰਿਹਾ ਹੈ ਕਿ ਉਹ ਆਰਡੀਨੈਂਸਾਂ ਵਿਰੁਧ ਮੋਰਚਾ ਲਗਾਏਗਾ। ਇਹ ਮਗਰਮੱਛ ਦੇ ਹੰਝੂ ਹਨ, ਜਦੋਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੁਰਸੀ ਖੁਸਣ ਦੇ ਡਰ ਕਰਕੇ ਵਿਰੋਧ ਨਹੀਂ ਕੀਤਾ, ਹੁਣ ਅਜਿਹੀਆਂ ਬੇਤੁਕੀਆਂ ਗਿਦੜ ਧਮਕੀਆਂ ਨਾਲ ਕੁਝ ਨਹੀਂ ਹੋਣ ਵਾਲਾ। ਪੰਜਾਬ ਦੇ ਮੁੱਖ ਮੰਤਰੀ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਉਸ ਵਿਚ ਸਾਂਝੇ ਤੌਰ ਕੇਂਦਰ ਨਾਲ ਲੋਹਾ ਲੈਣ ਦਾ ਫੈਸਲਾ ਕਰਨਾ ਚਾਹੀਦਾ ਹੈ। ਜੇਕਰ ਹੁਣ ਵੀ ਸਿਆਸੀ ਪਾਰਟੀਆਂ ਇਕਮਤ ਨਾ ਹੋਈਆਂ ਤਾਂ ਸਾਬਤ ਹੋ ਜਾਵੇਗਾ ਕਿ ਉਹ ਸਿਰਫ ਕੁਰਸੀ ਪਿਛੇ ਸਿਆਸਤ ਕਰਦੀਆਂ ਹਨ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਚਾਹੁੰਦੀਆਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ - ਉਜਾਗਰ ਸਿੰਘ

ਹਾਕੀ ਦਾ ਧਰੂ ਤਾਰਾ ਯੁਗ ਪੁਰਸ਼ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ 95 ਸਾਲ ਦੀ ਉਮਰ ਵਿਚ ਮੋਹਾਲੀ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੂੰ ਅਲਵਿਦਾ ਕਹਿ ਗਿਆ। ਉਹ ਲਗਪਗ ਇਕ ਮਹੀਨੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਬਲਬੀਰ ਸਿੰਘ ਦੇ ਜਾਣ ਨਾਲ ਸੰਸਾਰ ਵਿਚ ਭਾਰਤ ਦਾ ਵਕਾਰ ਵਧਾਉਣ ਵਾਲਾ ਧਰੂ ਤਾਰਾ ਅਸਤ ਹੋ ਗਿਆ ਹੈ। ਪੰਜਾਬઠਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਪੰਜਾਬ ਹਰ ਖੇਤਰ ਵਿਚ ਦੇਸ ਦੀ ਖੜਗਭੁਜਾ ਰਿਹਾ ਹੈ। ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਖੇਡਾਂ ਖਾਸ ਤੌਰ ਤੇ ਹਾਕੀ ਦੇ ਖੇਤਰ ਵਿਚ ਪੰਜਾਬ ਨੇ ਅਨੇਕਾਂ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਕਰਕੇ ਦੇਸ ਦਾ ਮਾਣ ਵਧਿਆ ਹੈ। ਇਨ੍ਹਾਂ ਖਿਡਾਰੀਆਂ ਵਿਚੋਂ ਬਲਬੀਰ ਸਿੰਘ ਸੀਨੀਅਰ ਦਾ ਨਾਮ ਹਾਕੀ ਦੀ ਖੇਡ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਸੰਸਾਰ ਦੇ ਹਾਕੀ ਦੇ ਇਤਿਹਾਸ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਦੋਹਾਂ ਦੀ ਖੇਡ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ। ਭਾਰਤ ਨੂੰ ਸੋਨ ਤਮਗੇ ਦਿਵਾਉਣ ਅਤੇ ਭਾਰਤੀ ਝੰਡਾ ਸੰਸਾਰ ਦੀਆਂ ਖੇਡਾਂ ਵਿਚ ਲਹਿਰਾਉਣ ਦਾ ਮਾਣ ਦੋਹਾਂ ਖਿਡਾਰੀਆਂ ਨੇ ਬਖ਼ਸ਼ਿਆ ਹੈ। ਬਲਬੀਰ ਸਿੰਘ ਨੇ ਉਲੰਪਿਕ ਖੇਡਾਂ ਦੇ ਫਾਈਨਲ ਮੈਚਾਂ ਵਿਚ ਸਭ ਤੋਂ ਵੱਧ ਗੋਲ ਕਰਕੇ ਨਵੇਂ ਰਿਕਾਰਡ ਸਥਾਪਤ ਕੀਤੇ ਸਨ, ਜਿਹੜੇ ਅਜੇ ਤੱਕ ਵੀ ਬਰਕਰਾਰ ਹਨ। ਇਸ ਕਰਕੇ ਹੀ ਉਸਨੂੰ ਗੋਲ ਕਿੰਗ ਅਤੇ ਹਾਕੀ ਦਾ ਯੁਗ ਪੁਰਸ਼ ਕਿਹਾ ਜਾਂਦਾ ਹੈ। ਉਸਨੂੰ ਉਲੰਪਿਕ ਰਤਨ ਵੀ ਕਿਹਾ ਜਾਂਦਾ ਹੈ। ਲੰਡਨ ਵਿਚ 2012 ਵਿਚ ਜਿਹੜੀਆਂ ਉਲੰਪਿਕ ਖੇਡਾਂ ਹੋਈਆਂ ਸਨ, ਉਦੋਂ ਉਲੰਪਿਕ ਖੇਡਾਂ ਦੇ ਸਫਰ ਵਿਚੋਂ ਜਿਹੜੇ '16 ਆਈਕੌਨਿਕ ਉਲੰਪੀਅਨ' ਚੁਣੇ ਗਏ ਸਨ, ਉਨ੍ਹਾਂ ਵਿਚ ਹਿੰਦ ਮਹਾਂਦੀਪ ਵਿਚੋਂ ਇਕੱਲਾ ਬਲਬੀਰ ਸਿੰਘ ਹੀ ਚੁਣਿਆਂ ਗਿਆ ਸੀ। ਉਲੰਪਿਕ ਖੇਡਾਂ ਵਿਚ 3 ਗੋਲਡ ਮੈਡਲ, ਏਸ਼ੀਆਈ ਖੇਡਾਂ ਵਿਚੋਂ ਇੱਕ ਗੋਲਡ ਮੈਡਲ ਅਤੇ ਭਾਰਤੀ ਹਾਕੀ ਦੀਆਂ ਟੀਮਾਂ ਦਾ ਕੋਚ ਮੈਨੇਜਰ ਬਣਕੇ ਭਾਰਤ ਨੂੰ 7 ਤਮਗ਼ੇ ਜਿਤਾਉਣ ਦਾ ਮਾਣ ਬਲਬੀਰ ਸਿੰਘ ਨੂੰ ਹੀ ਜਾਂਦਾ ਹੈ। ਉਹ ਨਮਰਤਾ ਅਤੇ ਸਾਦਗੀ ਦਾ ਪ੍ਰਤੀਕ ਸੀ, ਜਿਸਨੇ ਕਦੀਂ ਵੀ ਆਪਣੀ ਕਾਬਲੀਅਤ ਦਾ ਘੁਮੰਡ ਨਹੀਂ ਕੀਤਾ ਸਗੋਂ ਜ਼ਮੀਨ ਨਾਲ ਜੁੜਿਆ ਰਿਹਾ ਹੈ। ਆਮ ਤੌਰ ਤੇ ਹਰ ਖਿਡਾਰੀ ਇਨ੍ਹਾਂ ਮਿਲੇ ਮਾਨ ਸਨਮਾਨਾ ਨੂੰ ਆਪਣੇ ਘਰਾਂ ਵਿਚ ਸਜਾਕੇ ਰੱਖਦਾ ਹੈ ਅਤੇ ਮੈਡਲ ਸ਼ੁਭ ਅਵਸਰਾਂ ਤੇ ਗਲਾਂ ਵਿਚ ਪਾ ਕੇ ਰੱਖਦੇ ਹਨ। ਬਲਬੀਰ ਸਿੰਘ ਨੂੰ ਜਿੰਨੇ ਮੈਡਲ ਅਤੇ ਮਾਣ ਸਨਮਾਨ ਜਿਹੜੇ ਮਿਲੇ ਸਨ, ਉਹ ਸਾਰੇ ਹੀ ਸਪੋਰਟਸ ਅਥਾਰਿਟੀ ਆਫ ਇੰਡੀਆ ਨੂੰ ਦੇ ਦਿੱਤੇ ਸਨ ਤਾਂ ਜੋ ਉਭਰਦੇ ਖਿਡਾਰੀ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਰਹਿਣ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਪੋਰਟਸ ਅਥਾਰਟੀ ਨੇ ਉਹ ਅਨਮੋਲ ਨਿਸ਼ਾਨੀਆਂ ਗੁਆ ਹੀ ਦਿੱਤੀਆਂ। ਇਹ ਜੇਤੂ ਨਿਸ਼ਾਨੀਆਂ ਨੇ ਖੇਡ ਅਜਾਇਬ ਘਰ ਦੀ ਸ਼ਾਨ ਵਧਾਉਂਦਿਆਂ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਸੀ। ਬਲਬੀਰ ਸਿੰਘ ਦੀ ਸਾਦਗੀ ਵੇਖਣ ਵਾਲੀ ਸੀ ਕਿ ਉਨ੍ਹਾਂ ਸਪੋਰਟਸ ਅਥਾਰਟੀ ਨਾਲ ਬਹੁਤਾ ਗਿਲਾ ਵੀ ਨਹੀਂ ਕੀਤਾ। ਉਹ ਆਪਣੀਆਂ ਪ੍ਰਾਪਤੀਆਂ ਨੂੰ ਭਾਰਤ ਦੀਆਂ ਪ੍ਰਾਪਤੀਆਂ ਸਮਝਦਾ ਸੀ ਕਿਉਂਕਿ ਉਹ ਇਕ ਸੱਚਾ ਸੁੱਚਾ ਦੇਸ਼ ਭਗਤ ਸੀ। ਇਸੇ ਤਰ੍ਹਾਂ 1962 ਦੀ ਭਾਰਤ ਚੀਨ ਲੜਾਈ ਸਮੇਂ 3 ਉਲੰਪਿਕ ਸੋਨੇ ਦੇ ਤਮਗ਼ੇ ਪ੍ਰਧਾਨ ਮੰਤਰੀ ਰੀਲੀਫ ਫੰਡ ਲਈ ਦੇ ਦਿੱਤੇ ਸਨ। 1952 ਵਿਚ ਹੈਲਸਿੰਕੀ ਵਿਖੇ ਹੋਈਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁਧ ਬਲਬੀਰ ਸਿੰਘ ਨੇ 5 ਗੋਲ ਕੀਤੇ ਅਤੇ ਭਾਰਤ ਨੇ 6-1 ਨਾਲ ਮੈਚ ਜਿੱਤਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ । ਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਰਿਕਾਰਡ ਅਜੇ ਤੱਕ ਬਰਕਰਾਰ ਹੈ। ਇਸੇ ਤਰ੍ਹਾਂ 1948 ਵਿਚ ਹੋਈਆਂ ਉਲੰਪਿਕਸ ਵਿਚ ਅਰਜਨਟਾਈਨਾ ਵਿਰੁਧ ਭਾਰਤ ਨੇ 9 ਗੋਲ ਕੀਤੇ ਇਨ੍ਹਾਂ ਵਿਚੋਂ 6 ਅਤੇ ਇੰਗਲੈਂਡ ਵਿਰੁਧ 4 ਵਿਚੋਂ 2 ਗੋਲ ਬਲਬੀਰ ਸਿੰਘ ਨੇ ਕੀਤੇ। ਹੈਲਸਿੰਕੀ ਵਿਚ ਭਾਰਤ ਨੇ ਸਾਰੇ ਮੈਚਾਂ ਵਿਚ 13 ਗੋਲ ਕੀਤੇ, ਇਨ੍ਹਾਂ ਵਿਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਆਪ ਹਮੇਸ਼ਾ ਸੈਂਟਰ ਫਾਰਵਰਡ ਦੇ ਤੌਰ ਤੇ ਖੇਡਦੇ ਸਨ। ਇਕ ਵਾਰ ਗੇਂਦ ਜਦੋਂ ਆਪ ਦੇ ਕੋਲ ਆ ਜਾਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਹ ਹਰ ਹਾਲਤ ਵਿਚ ਗੋਲ ਕਰਕੇ ਹੀ ਗੇਂਦ ਨੂੰ ਛੱਡੇਗਾ। ਭੰਬੀਰੀ ਦੀ ਤਰ੍ਹਾਂ ਗੇਂਦ ਨੂੰ ਲੈ ਕੇ ਗੋਲ ਵਿਚ ਪਹੁੰਚ ਜਾਂਦਾ ਸੀ। ਉਨ੍ਹਾਂ 1956 ਵਿਚ ਮੈਲਬੌਰਨ ਵਿਚ ਹੋਈਆਂ ਉਲੰਪਿਕਸ ਖੇਡਾਂ ਵਿਚ ਅਫਗਾਨਿਸਤਾਨ ਵਿਰੁਧ 5 ਗੋਲ ਕੀਤੇ। ਬਲਬੀਰ ਸਿੰਘ ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਉਸਨੇ 2 ਪੁਸਤਕਾਂ ਗੋਲਡਨ ਹੈਟ ਟ੍ਰਿਕ ਅਤੇ ਗੋਲਡਨ ਯਾਰਡ ਸਟਿਕ ਵੀ ਲਿਖੀਆਂ। 2006 ਵਿਚ ਆਪਨੂੰ ਬੈਸਟ ਸਿੱਖ ਪਲੇਅਰ ਲਈ ਚੁਣਿਆਂ ਗਿਆ। ਇਸੇ ਤਰ੍ਹਾਂ 2015 ਵਿਚ ਆਪਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਆਪ 1952 ਵਿਚ ਹੈਲਸਿੰਕੀ ਉਲੰਪਿਕਸ ਵਿਚ ਭਾਰਤੀ ਟੀਮ ਦੇ ਉਪ ਕਪਤਾਨ ਵੱਜੋਂ ਸ਼ਾਮਲ ਹੋਏ ਸਨ। 1956 ਦੀਆਂ ਮੈਲਬੌਰਨ ਵਿਖੇ ਹੋਈਆਂ ਉਲੰਪਿਕਸ ਵਿਚ ਭਾਰਤੀ ਟੀਮ ਦੇ ਕੈਪਟਨ ਸਨ। ਆਪ 1971 ਵਿਚ ਭਾਰਤੀ ਟੀਮ ਦੇ ਮੈਨੇਜਰ ਅਤੇ 1975 ਵਿਚ ਮੁੱਖ ਕੋਚ ਸਨ।
       ਸਰਕਾਰੀ ਰਿਕਾਰਡ ਅਨੁਸਾਰ ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਉਸਦੇ ਨਾਨਕੇ ਪਿੰਡ  ਹਰੀਪੁਰ ਖਾਲਸਾ ਵਿਚ ਪਿਤਾ ਦਲੀਪ ਸਿੰਘ ਅਤੇ ਮਾਤਾ ਕਰਮ ਕੌਰ ਦੀ ਕੁਖੋਂ ਹੋਇਆ। ਖੇਡਾਂ ਦੇ ਖੇਤਰ ਦੇ ਮਾਹਿਰ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਬਲਬੀਰ ਸਿੰਘ ਦੀ ਲਿਖੀ ਜੀਵਨੀ 'ਗੋਲਡਨ ਗੋਲ' ਵਿਚ ਜਨਮ ਤਾਰੀਖ 31 ਦਸੰਬਰ 1923 ਲਿਖੀ ਗਈ ਹੈ। ਉਸਦਾ ਜੱਦੀ ਪਿੰਡ ਜਲੰਧਰ ਜਿਲ੍ਹੇ ਵਿਚ ਪੁਆਦੜਾ ਹੈ। ਉਸਦੇ ਨਾਨਕੇ ਅਤੇ ਦਾਦਕੇ ਦੋਵੇਂ ਪਿੰਡ ਫਿਲੌਰ ਤਹਿਸੀਲ ਜਿਲ੍ਹਾ ਜਲੰਧਰ ਵਿਚ ਪੈਂਦੇ ਹਨ। ਉਸਦਾ ਪਿਤਾ ਦਲੀਪ ਸਿੰਘ ਸੁਤੰਤਰਤਾ ਸੰਗਰਾਮੀਆਂ ਸੀ ਅਤੇ ਦੁਸਾਂਝ ਗੋਤ ਦਾ ਸੀ ਪ੍ਰੰਤੂ ਬਲਬੀਰ ਸਿੰਘ ਨੇ ਆਪਣੇ ਨਾਮ ਨਾਲ ਦੁਸਾਂਝ ਕਦੀਂ ਵੀ ਨਹੀਂ ਲਿਖਿਆ। ਉਸਦੇ ਨਾਨਕੇ ਧਨੋਆ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੀ ਸ਼ਾਦੀ ਸ਼੍ਰੀਮਤੀ ਸ਼ੁਸ਼ੀਲ ਕੌਰ ਨਾਲ 1946 ਵਿਚ ਹੋਈ ਸੀ, ਜਿਸਦੀ ਕੁਖੋਂ 3 ਸਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ, ਗੁਰਬੀਰ ਸਿੰਘ ਅਤੇ ਇੱਕ ਧੀ ਸ਼ੁਸ਼ਬੀਰ ਕੌਰ ਨੇ ਜਨਮ ਲਿਆ। ਆਪਦੀਆਂ ਤਿੰਨੋ ਨੂੰਹਾਂ ਕਰਮਵਾਰ ਚੀਨ, ਸਿੰਘਾਪੁਰ ਅਤੇ ਯੂਕਰੇਨ ਤੋਂ ਹਨ। ਬਲਬੀਰ ਸਿੰਘ ਦੀ ਪਤਨੀ ਸ਼ੁਸ਼ੀਲ ਕੌਰ ਦਾ ਪਰਿਵਾਰ ਲਾਹੌਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਸੀ। ਬਲਬੀਰ ਸਿੰਘ ਦੀ ਪਤਨੀ 1983 ਵਿਚ ਸਵਰਗ ਸਿਧਾਰ ਗਏ ਸਨ। ਸਕੂਲ ਵਿਚ ਪੜ੍ਹਦਿਆਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀ। ਆਪ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਦੇ ਸਨ ਤਾਂ ਹਾਕੀ ਦੇ ਕੋਚ ਹਰਬੇਲ ਸਿੰਘ ਨੇ ਆਪਨੂੰ ਹਾਕੀ ਖੇਡਦਿਆਂ ਵੇਖਿਆ ਤਾਂ ਉਨ੍ਹਾਂ ਨੂੰ ਬਲਬੀਰ ਸਿੰਘ ਵਿਚਲੀ ਪ੍ਰਤਿਭਾ ਨੇ ਕਾਇਲ ਕਰ ਦਿੱਤਾ। ਉਹ ਅੰਮ੍ਰਿਤਸਰ ਵਿਖੇ ਹਾਕੀ ਕੋਚ ਸਨ। ਹਰਬੇਲ ਸਿੰਘ ਨੇ ਬਲਬੀਰ ਸਿੰਘ ਨੂੰ 1942 ਵਿਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਤਬਦੀਲ ਕਰਵਾ ਲਿਆ ਅਤੇ ਆਪ ਕੋਚਿੰਗ ਦੇ ਕੇ ਤਿਆਰ ਕੀਤਾ। ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਅਤੇ ਆਪਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਹਾਕੀ ਮੈਚ ਲਗਾਤਾਰ 1943, 44 ਅਤੇ 45 ਜਿੱਤਿਆ। ਫਿਰ ਆਪ ਲੁਧਿਆਣਾ ਆ ਕੇ ਵਸ ਗਏ। ਆਪਨੇ ਪੰਜਾਬ ਪੁਲਿਸ ਵਿਚ ਨੌਕਰੀ ਕਰ ਲਈ ਅਤੇ 1941 ਤੋਂ 1961 ਤੱਕ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਕੈਪਟਨ ਰਹੇ। ਆਪਨੂੰ ਸਪੋਰਟਸ ਦੇ ਕੋਟੇ ਵਿਚੋਂ 1957 ਵਿਚ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆ। ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦੇਣਾ ਚਾਹੀਦਾ ਸੀ ਪ੍ਰੰਤੂ ਭਾਰਤ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਅਣਡਿਠ ਕੀਤਾ ਹੈ ਕਿਉਂਕਿ ਕੁਝ ਹੋਰ ਅਜਿਹੇ ਖਿਡਾਰੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਜਿਨ੍ਹਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਬਲਬੀਰ ਸਿੰਘ ਤੋਂ ਬਹੁਤ ਘੱਟ ਸੀ। ਪੰਜਾਬ ਸਰਕਾਰ ਨੇ 2014 ਵਿਚ ਬਲਬੀਰ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਸੀ ਪ੍ਰੰਤੂ ਕੇਂਦਰ ਸਰਕਾਰ ਦੇ ਕੰਨਾ 'ਤੇ ਜੂੰ ਨਹੀਂ ਸਰਕੀ। ਬਲਬੀਰ ਸਿੰਘ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਰਹੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072   
 ujagarsingh48@yahoo.com

ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਸੰਸਾਰ ਅਣਡਿਠ ਨਹੀਂ ਕਰ ਸਕਦਾ - ਉਜਾਗਰ ਸਿੰਘ

ਸੰਸਾਰ ਵਿਚ ਕਰੋਨਾ ਮਹਾਂਮਾਰੀ ਦਾ ਕੋਹਰਾਮ ਮੱਚਿਆ ਹੋਇਆ ਹੈ। ਹਰ ਇਨਸਾਨ ਚਿੰਤਾ ਵਿਚ ਡੁੱਬਿਆ ਹੋਇਆ ਹੈ। ਸੰਸਾਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਵੈਸੇ ਤਾਂ ਲਾਕਡਾਊਨ ਦਾ ਹਰ ਵਿਅਕਤੀ ਦੀ ਆਰਥਿਕਤਾ ਤੇ ਅਸਰ ਪਿਆ ਹੈ ਪ੍ਰੰਤੂ ਗ਼ਰੀਬ ਵਰਗ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਉਨ੍ਹਾਂ ਨੂੰ ਤਾਂ ਰੋਟੀ ਰੋਜ਼ ਦੇ ਲਾਲੇ ਪੈ ਗਏ ਹਨ। ਅਜਿਹੇ ਬਿਪਤਾ ਦੇ ਸਮੇਂ ਵਿਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਨੇ ਸੰਸਾਰ ਦੇ ਪ੍ਰਭਾਵਤ ਇਲਾਕਿਆਂ ਵਿਚ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਖਿਲਾਇਆ। ਸੰਸਾਰ ਦਾ ਅਜਿਹਾ ਕੋਈ ਗੁਰਦੁਆਰਾ ਨਹੀਂ ਜਿਥੋਂ ਲੰਗਰ ਬਣਾਕੇ ਲੋਕਾਂ ਨੂੰ ਨਾ ਦਿੱਤਾ ਹੋਵੇ। ਗੁਰੂ ਘਰਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਅਤੇ ਸਿੱਖਾਂ ਨੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਲੋੜਮੰਦਾਂ ਨੂੰ ਤਕਸੀਮ ਕੀਤਾ। ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਕਰਵਾਕੇ ਸੱਚਾ ਸੌਦਾ ਕੀਤਾ ਸੀ, ਜਿਸ ਉਪਰ ਸਿੱਖ ਧਰਮ ਦੇ ਅਨੁਆਈ ਪਿਛਲੇ 550 ਸਾਲਾਂ ਤੋਂ ਪਹਿਰਾ ਦੇ ਰਹੇ ਹਨ। ਕਿਰਤ ਕਰੋ ਤੇ ਵੰਡ ਛਕੋ ਸਿੱਖ ਧਰਮ ਦੀ ਵਿਚਾਰਧਾਰਾ ਦਾ ਧੁਰਾ ਹੈ। ਜਿਸ ਕਰਕੇ ਲੰਗਰ ਦੀ ਪ੍ਰਥਾ ਲਗਾਤਾਰ ਜਾਰੀ ਹੈ। ਸੰਸਾਰ ਵਿਚ ਬਹੁਤ ਸਾਰੇ ਧਰਮ ਹਨ। ਸਾਰੇ ਧਰਮ ਸਰਬਸਾਂਝੀਵਾਲਤਾ ਦਾ ਸੰਦੇਸ ਦਿੰਦੇ ਹੋਏ ਸਦਭਾਵਨਾ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਆਮ ਤੌਰ ਤੇ ਹਰ ਧਰਮ  ਦੇ ਅਨੁਆਈ ਆਪੋ ਆਪਣੇ ਧਰਮਾ ਦੇ ਲੋਕਾਂ ਦੀ ਬਿਹਤਰੀ ਅਤੇ ਸੁਖ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਆਪੋ ਆਪਣੇ ਧਰਮਾ ਨੂੰ ਸਰਵਉਚ ਸਮਝਦੇ ਹਨ। ਜੇਕਰ ਉਨ੍ਹਾਂ ਨੇ ਕੋਈ ਭਲਾਈ ਦਾ ਕੰਮ ਕਰਨਾ ਹੋਵੇ ਤਾਂ ਸਿਰਫ ਆਪਣੇ ਲੋਕਾਂ ਦਾ ਹੀ ਧਿਆਨ ਰੱਖਦੇ ਹਨ। ਸਿੱਖ ਧਰਮ ਸਾਰੇ ਧਰਮਾ ਤੋਂ ਨਵਾਂ, ਨਵੇਕਲਾ, ਵਿਲੱਖਣ ਅਤੇ ਆਧੁਨਿਕ ਹੈ। ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਇਹ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵ ਸਿਰਫ ਸਿੱਖਾਂ ਦੇ ਭਲੇ ਦੀ ਨਹੀਂ ਸਗੋਂ ਹੋਰ ਧਰਮਾਂ ਦੇ ਅਨੁਆਈਆਂ ਦਾ ਭਲਾ ਵੀ ਚਾਹੁੰਦਾ ਹੈ। ਅਰਥਾਤ ਇਨਸਾਨੀਅਤ ਦਾ ਮੁਦਈ ਹੈ। ਇਥੇ ਹੀ ਬਸ ਨਹੀਂ ਸਗੋਂ ਆਪਣੀ ਦਸਾਂ ਨੌਂਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਭਾਵ ਦਸਵਾਂ ਹਿੱਸਾ ਸ਼ੁਭ ਕੰਮਾ ਤੇ ਖਰਚਣ ਦੀ ਤਾਕੀਦ ਕਰਦਾ ਹੈ। ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਜਾਂਦਾ ਹੈ। ਸ਼ੁਭ ਕੰਮ ਤੋਂ ਭਾਵ ਮਾਨਵਤਾ ਦੀ ਸੇਵਾ ਲਈ ਖਰਚਣ ਲਈ ਕਹਿੰਦਾ ਹੈ।
       ਅਸਲ ਵਿਚ ਰੈਡ ਕਰਾਸ ਦੀ ਸ਼ੁਰੂਆਤ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਉਨ੍ਹਾਂ ਭਾਈ ਘਨਈਆ ਨੂੰ ਮੁਗਲਾਂ ਵੱਲੋਂ 1704 ਵਿਚ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਹਮਲੇ ਦੌਰਾਨ ਲੜਾਈ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਸੀ ਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਸੀ ਕਿ ਸਾਰੇ ਜ਼ਖ਼ਮੀਆਂ ਨੂੰ ਪਾਣੀ ਪਿਲਾਇਆ ਜਾਵੇ, ਭਾਵੇਂ ਉਹ ਦੁਸ਼ਮਣ ਫੌਜਾਂ ਦੇ ਹੀ ਕਿਉਂ ਨਾ ਹੋਣ। ਗੁਰੂ ਸਾਹਿਬ ਦਾ ਹੁਕਮ ਸੀ ਕਿ ਪਾਣੀ ਪਿਲਾਉਣ ਸਮੇਂ ਰੰਗ, ਜ਼ਾਤ, ਧਰਮ ਅਤੇ ਕੌਮੀਅਤ ਨਾ ਵੇਖੀ ਜਾਵੇ, ਅਰਥਾਤ ਕੋਈ ਭੇਦ ਭਾਵ ਨਾ ਕੀਤਾ ਜਾਵੇ। ਇਸੇ ਕਰਕੇ ਸਿੱਖ ਧਰਮ ਬਿਨਾ ਕਿਸੇ ਵੀ ਭੇਦ ਭਾਵ ਤੇ ਹਰ  ਲੋੜਮੰਦ ਦੀ ਮਦਦ ਕਰਦਾ ਹੈ। । ਭਾਈ ਘਨਈਆ ਸਿੱਖ ਧਰਮ ਦਾ ਪਹਿਲਾ ਵਿਅਕਤੀ ਹੋਇਆ ਹੈ, ਜਿਸਨੇ ਆਨੰਦਪੁਰ ਸਾਹਿਬ ਵਿਖੇ ਜੰਗ ਦੇ ਮੈਦਾਨ ਵਿਚ ਜਖ਼ਮੀਆਂ ਨੂੰ ਪਾਣੀ ਪਿਲਾਉਂਦਿਆਂ ਦੁਸ਼ਮਣਾਂ ਦੇ ਜ਼ਖਮੀਆਂ ਨੂੰ ਪਾਣੀ ਪਿਲਾਕੇ ਸਰਬਤ ਦੇ ਭਲੇ ਦਾ ਉਪਰਾਲਾ ਕੀਤਾ ਸੀ।  ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਇਹ ਸ਼ਿਕਾਇਤ ਕੀਤੀ ਗਈ ਕਿ ਉਹ ਤਾਂ ਜ਼ਖ਼ਮੀ ਦੁਸ਼ਮਣਾ ਨੂੰ ਵੀ ਪਾਣੀ ਪਿਲਾ ਰਿਹਾ ਹੈ ਤਾਂ ਭਾਈ ਘਨਈਆ ਨੇ ਕਿਹਾ ਸੀ ਕਿ ਉਸਨੂੰ ਤਾਂ ਹਰ ਜ਼ਖਮੀ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਜ਼ਰ ਆਉਂਦੀ ਹੈ। ਭਾਵ ਇਹ ਸੀ ਕਿ ਉਸਨੂੰ ਸਾਰੇ ਇਨਸਾਨ ਇਕੋ ਜਹੇ ਲੱਗਦੇ ਹਨ। ਇਹ ਹੈ ਸਿੱਖੀ ਵਿਚਾਰਧਾਰਾ ਦੀ ਸੋਚ, ਜਿਸ ਵਿਚ ਹਰ ਇਨਸਾਨ ਨੂੰ ਇਕੋ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿੱਖ ਗੁਰਦੁਆਰਾ ਸਾਹਿਬਾਨ ਵਿਚ ਹਮੇਸ਼ਾ ਲੰਗਰ ਚਲਦਾ ਰੱਖਦੇ ਹਨ। ਲੰਗਰ ਵਿਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਹੈ। ਵਰਤਮਾਨ ਰੈਡ ਕਰਾਸ ਤਾਂ ਸਿੱਖ ਸੋਚ ਵਿਚੋਂ ਲਈ ਗਈ ਧਾਰਨਾ ਹੈ। ਰੈਡ ਕਰਾਸ ਬਣਾਉਣ ਦਾ ਵਿਚਾਰ ਸਵਿਟਜ਼ਲੈਂਡ ਦੇ ਨੌਜਵਾਨ ਵਿਓਪਾਰੀ ਹੈਨਰੀ ਦੁਨੰਤ ਨੂੰ 1859 ਵਿਚ ਆਸਟਰੀਆ ਅਤੇ ਫਰੈਂਕੋ ਸਾਰਡੀਅਨ ਗਠਜੋੜ ਦਰਮਿਆਨ ਇਟਲੀ ਦੇ ਸੋਲਫਰੀਨੋ ਸ਼ਹਿਰ ਵਿਚ ਹੋਈ ਲੜਾਈ ਸਮੇਂ ਜ਼ਖ਼ਮੀਆਂ ਦੀ ਦੁਰਦਸ਼ਾ ਵੇਖਕੇ ਹੋਇਆ ਸੀ। ਵਰਤਮਾਨ ਅੰਤਰਰਾਸ਼ਟਰੀ ਰੈਡ ਕਰਾਸ ਦੀ ਸਥਾਪਨਾ 1863 ਵਿਚ ਹੋਈ ਸੀ। ਸਿੱਖ ਧਰਮ ਦੇ ਅਨੁਆਈ ਹਰ ਕੁਦਰਤੀ ਆਫਤ ਦੌਰਾਨ ਸਮੁੱਚੇ ਸੰਸਾਰ ਵਿਚ ਸਿੱਖ ਜਗਤ ਵੱਲੋਂ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇ ਕੇ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਹੁੰਦੀ ਰਹੀ ਹੈ। ਭਾਈ ਰਵੀ ਸਿੰਘ ਵੱਲੋਂ ਸ਼ੁਰੂ ਕੀਤੀ ਗਈ ''ਖਾਲਸਾ ਏਡ ਸੰਸਥਾ'' ਸੰਸਾਰ ਵਿਚ ਹਰ ਕੁਦਰਤੀ ਆਫ਼ਤ ਦੇ ਮੌਕੇ ਤੇ ਪਹੁੰਚਕੇ ਲੋੜਮੰਦਾਂ ਦੀ ਮਦਦ ਕਰਦੀ ਹੈ। ਭੁੱਖਿਆਂ ਨੂੰ ਰੋਟੀ ਅਤੇ ਕਪੜਿਆਂ ਦਾ ਪ੍ਰਬੰਧ ਕਰਦੀ ਹੈ। ਖਾਲਸਾ ਏਡ ਨੇ ਸਿੱਖ ਧਰਮ ਦੀ ਪਛਾਣ ਤਾਂ ਬਣਾਈ ਹੀ ਹੈ ਪ੍ਰੰਤੂ ਸਾਰੇ ਸਿੱਖ ਜਗਤ ਨੂੰ ਵੀ ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦੇਣ ਲਈ ਪ੍ਰੇਰਨਾ ਦਿੱਤੀ ਹੈ। ਕਰੋਨਾ ਮਹਾਂਮਾਰੀ ਦੌਰਾਨ ਸੰਸਾਰ ਵਿਚ ਲਾਕਡਾਊਨ ਹੋਇਆ। ਲੋਕ ਘਰਾਂ ਵਿਚ ਬੈਠੇ ਹਨ ਪ੍ਰੰਤੂ ਸਿੱਖ ਧਰਮ ਦੇ ਅਨੁਆਈ ਸੰਸਾਰ ਦੇ 165 ਦੇਸਾਂ ਵਿਚ ਗੁਰਦੁਆਰਾ ਸਾਹਿਬਾਨ ਵਿਚ ਅਤੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਆਪਦੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ਲੋਕਾਂ ਨੂੰ ਘਰੋ ਘਰੀ ਪਹੁੰਚਾ ਰਹੇ ਹਨ। ਦੁਨੀਆਂ ਦਾ ਅਜਿਹਾ ਕੋਈ ਸ਼ਹਰਿ ਅਤੇ ਪਿੰਡ ਨਹੀਂ ਜਿਥੇ ਸਿੱਖ ਲੰਗਰ ਨਹੀਂ ਪਹੁੰਚਾ ਰਹੇ। ਸਮੁੱਚੇ ਸੰਸਾਰ ਵਿਚ ਇਸ ਕਰਕੇ ਸਿੱਖ ਧਰਮ ਅਤੇ ਸਿੱਖਾਂ ਦੀ ਪ੍ਰਸੰਸਾ ਹੋ ਰਹੀ ਹੈ।  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਕਿਹਾ ਹੈ ਕਿ ਹਰ ਸ਼ਹਿਰ ਵਿਚ ਗੁਰਦੁਆਰਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਇਨਸਾਨ ਭੁੱਖਾ ਨਾਂ ਰਹਿ ਸਕੇ। ਸੰਸਾਰ ਦੇ ਵੱਖ ਵੱਖ ਦੇਸਾਂ ਵਿਚ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਗਏ ਹੋਏ ਹਨ, ਉਹ ਘਰਾਂ ਵਿਚ ਹੀ ਬੰਦ ਹਨ। ਉਨ੍ਹਾਂ ਕੋਲ ਖ਼ਰਚੇ ਵੀ ਨਹੀਂ ਹਨ, ਸਿੱਖ ਗੁਰਦੁਆਰਿਆਂ ਵਿਚ ਲੰਗਰ ਤਿਆਰ ਕਰਕੇ ਅਤੇ ਕਈ ਸਿੱਖ ਨਿੱਜੀ ਤੌਰ ਤੇ ਉਨ੍ਹਾਂ ਨੂੰ ਘਰੋ ਘਰੀ ਹਰ ਰੋਜ ਖਾਣਾ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਹੋਰ ਜਿਹੜੇ ਉਥੋਂ ਦੇ ਵਸਨੀਕ ਵੀ ਲੋੜਮੰਦ ਹਨ, ਉਨ੍ਹਾਂ ਨੂੰ ਵੀ  ਖਾਣਾ ਦਿੱਤਾ ਜਾ ਰਿਹਾ ਹੈ। ਕੈਨੇਡਾ ਵਿਚ ਤਾਂ ਜਸਟਿਨ ਟਰੂਡੋ ਕਈ ਵਾਰ ਸਿੱਖ ਧਰਮ ਦੀ ਪ੍ਰਸੰਸਾ ਕਰ ਚੁੱਕਾ ਹੈ। ਅਮਰੀਕਾ ਵਿਚ ਲੰਗਰ ਤਕਸੀਮ ਕਰਨ ਕਰਕੇ ਕੈਲੇਫੋਰਨੀਆਂ ਵਿਚ ਰਿਵਰਸਾਈਡ ਗੁਰਦੁਆਰਾ ਸਾਹਿਬ ਨੂੰ ਉਥੋਂ ਦੀ ਪੁਲਿਸ ਨੇ ਸਲਾਮੀ ਦਿੱਤੀ ਹੈ, ਜਿਸਦੀ ਸੰਸਾਰ ਵਿਚ ਚਰਚਾ ਹੋ ਰਹੀ ਹੈ। ਮੈਸਾਚੂਸੈਸ ਸਟੇਟ ਦੇ ਹੈਲੀਓਕ ਸ਼ਹਿਰ ਵਿਚ ਵਿਸਾਖੀ ਵਾਲੇ ਦਿਨ ਅਮਰੀਕਾ ਦੇ ਝੰਡੇ ਨਾਲ ਸਿੱਖ ਪੰਥ ਦਾ ਖਾਲਸਾ ਨਿਸ਼ਨ ਵਾਲਾ ਕੇਸਰੀ ਝੰਡਾ ਝੁਲਾਇਆ ਗਿਆ, ਜਿਹੜਾ ਇਕ ਮਹੀਨਾ ਝੁਲਦਾ ਰਹੇਗਾ। ਵਾਸ਼ਿੰਗਟਨ ਸਟੇਟ ਵਿਚ ਮਿਡਲ ਸਕੂਲ ਦੀਆਂ ਪੁਸਤਕਾਂ ਵਿਚ ਸਿੱਖ ਧਰਮ ਦੀ ਜਾਣਕਾਰੀ ਪਾਉਣ ਲਈ ਕਾਨੂੰਨ ਪਾਸ ਕੀਤਾ ਗਿਆ ਹੈ। ਕੈਨੇਡਾ ਦੇ ਐਲਬਰਟਾ ਰਾਜ ਸਿੱਖ ਯੂਥ ਐਡਮਿੰਟਨ ਲਗਾਤਾਰ ਵੱਖ ਵੱਖ ਦਾਨੀਆਂ ਵੱਲੋਂ ਤਿਆਰ ਕੀਤਾ ਲੰਗਰ ਐਡਮਿੰਟਨ ਵਿਚ ਵੰਡ ਰਹੇ ਹਨ। ਇਹ ਜਾਣਕਾਰੀ ਗੁਲਜ਼ਾਰ ਸਿੰਘ ਨਿਰਮਾਣ ਨੇ ਫੇਸ ਬੁੱਕ ਤੇ ਦਿੰਦਿਆਂ ਦੱਸਿਆ ਕਿ ਗੁਰੂ ਘਰਾਂ ਵਿਚੋਂ ਲੰਗਰ ਤਿਆਰ ਕਰਕੇ ਵੀ ਲੋੜਮੰਦਾਂ ਨੂੰ ਵੰਡਿਆ ਜਾ ਰਿਹਾ ਹੈ। ਐਲਬਰਟਾ ਦੀ ਸਮਾਜ ਭਲਾਈ ਮੰਤਰੀ ਰਾਜਨ ਸਾਹਨੀ ਨੇ ਸਿੱਖ ਯੂਥ ਐਡਮਿੰਟਨ ਨੂੰ ਸਨਮਾਨਤ ਕੀਤਾ।
           ਭਾਰਤ ਵਿਚ ਵੀ ਸਿੱਖ ਲਗਪਗ ਹਰ ਸ਼ਹਿਰ ਵਿਚ ਲੰਗਰ ਲਗਾਕੇ ਖਾਣਾ ਦੇ ਰਹੇ ਹਨ। ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਤਾਂ ਹਰ ਰੋਜ ਇੱਕ-ਇੱਕ ਲੱਖ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੀ ਹਰ ਰੋਜ ਲੱਖਾਂ ਲੋਕਾਂ ਨੂੰ ਆਪਣੇ ਸਾਰੇ ਗੁਰਦੁਅਰਿਆਂ ਰਾਹੀਂ ਲੰਗਰ ਪਹੁੰਚਾ ਰਹੀ ਹੈ। ਦਿੱਲੀ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੀ ਹਰ ਰੋਜ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਖਾਣਾ ਖੁਆ ਰਹੀ ਹੈ। ਇਸ ਲਈ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਆਪਣੀਆਂ ਗੱਡੀਆਂ ਵਿਚ ਆ ਕੇ ਪਰਕਰਮਾ ਕੀਤੀ ਅਤੇ ਸਲਾਮੀ ਦਿੱਤੀ। ਇੰਜ ਉਨ੍ਹਾਂ ਅਮਰੀਕਾ ਤੋਂ ਸਲਾਮੀ ਦੇਣ ਤੋਂ ਬਾਅਦ ਕੀਤਾ ਹੈ।  ਇਹ ਉਹੀ ਦਿੱਲੀ ਪੁਲਿਸ ਹੈ ਜਿਸਨੇ 1984 ਵਿਚ ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਵਿਚ ਕੋਈ ਕਾਰਵਾਈ ਨਹੀਂ ਕੀਤੀ ਸੀ, ਸਗੋਂ ਬਾਅਦ ਵਿਚ ਵੀ ਕਿਸੇ ਕੇਸ ਦੀ ਪੈਰਵਾਈ ਨਹੀਂ ਕੀਤੀ। ਹਾਲਾਂ ਕਿ ਸਿੱਖਾਂ ਦਾ ਅਕਸ ਪਹਿਲਾਂ ਵੀ ਇਕ ਮਨੁਖੀ ਅਧਿਕਾਰਾਂ ਦੇ ਰਖਵਾਲੇ ਅਤੇ ਰੱਖਿਅਕ ਦੇ ਤੌਰ ਜਾਣਿਆਂ ਜਾਂਦਾ ਸੀ। ਯੂ ਐਨ ਓ ਨੇ ਵੀ ਵਿਸਾਖੀ ਤੇ ਪਹਿਲੀ ਵਾਰ ਖਾਲਸੇ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪਹਿਲੀ ਵਾਰ ਸਿੱਖਾਂ ਵੱਲੋਂ ਔਖੇ ਸਮੇਂ ਲਾਕ ਡਾਊਨ ਦਰਮਿਆਨ ਲੰਗਰ ਵਰਤਾਉਣ ਦੀ ਪ੍ਰਸੰਸਾ ਕੀਤੀ। ਨਾਗਪੁਰ ਦੇ ਇੱਕ ਹੋਟਲ ਦੇ ਮਾਲਕ ਜਸਬੀਰ ਸਿੰਘ ਨੇ ਕਰੋਨਾ ਦੇ ਇਲਾਜ ਵਿਚ ਜੁਟੇ ਹੋਏ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੇਵਾ ਵਿਚ ਆਪਣਾ 150 ਕਮਰਿਆਂ ਵਾਲਾ ਏਅਰ ਕੰਡੀਸ਼ਨ ਹੋਟਲ ਮੁਫਤ ਬਹਿਣ ਲਈ ਦੇ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਖਾਣਾ ਵੀ ਦਿੱਤਾ ਜਾਵੇਗਾ ਅਤੇ ਹਸਪਤਾਲਾਂ ਵਿੱਚ ਛੱਡਣ ਅਤੇ ਲੈ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਸੇਵਾ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਸਗੋਂ ਮੀਡੀਆ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰ ਰਿਹਾ ਹੈ। ਸਿਆਸੀ ਲੋਕ ਅਜਿਹੇ ਦੁੱਖਦਾਈ ਸਮੇਂ ਵੀ ਸਿਆਸਤ ਕਰਨ ਲੱਗੇ ਹੋਏ ਹਨ। ਪਾਲ ਸਿੰਘ ਕੈਲੇਫੋਰਨੀਆਂ ਨੇ ਕਿਹਾ ਹੈ ਕਿ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਵਾਪਸ ਪੰਜਾਬ ਆਏ ਹਨ, ਉਨ੍ਹਾਂ ਦੇ ਏਕਾਂਤਵਾਸ ਅਤੇ ਇਲਾਜ ਦਾ ਸਾਰਾ ਖ਼ਰਚਾ ਉਹ ਕਰੇਗਾ, ਭਾਵੇਂ ਉਨ੍ਹਾਂ ਨੂੰ ਹੋਟਲਾਂ ਵਿਚ ਰੱਖਿਆ ਜਾਵੇ, ਉਨ੍ਹਾਂ ਦਾ ਕਿਰਾਇਆ ਵੀ ਉਹ ਦੇਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਪਰੰਪਰਾ ਤੇ ਪਹਿਰਾ ਦਿੰਦੇ ਹੋਏ ਸਿੱਖ ਦਸਵੰਦ ਕਢਕੇ ਸੇਵਾ ਕਰਨ ਨੂੰ ਬਰਕਰਾਰ ਰੱਖ ਰਹੇ ਹਨ। ਭਾਈ ਬਲਦੇਵ ਸਿੰਘ ਪਠਲਾਵਾਂ ਨੂੰ ਹੋਲਾ ਮਹੱਲਾ ਵਿਚ ਕਰੋਨਾ ਫੈਲਾਉਣ ਲਈ ਬਦਨਾਮ ਕੀਤਾ ਗਿਆ। ਨਿਜਾਮੂਦੀਨ ਵਿਖੇ ਤਬਲੀਗੀ ਜਮਾਤ ਵੱਲੋਂ ਕੀਤੇ ਗਏ ਧਾਰਮਿਕ ਸਮਾਗਮ ਨੂੰ ਵੀ ਧਰਮ ਨਾਲ ਜੋੜਕੇ ਬਦਨਾਮ ਕੀਤਾ ਜਾ ਰਿਹਾ ਹੈ।  ਕੁਝ ਮੀਡੀਆ ਗਰੁਪ ਅਤੇ ਸਰਕਾਰਾਂ ਘੱਟ ਗਿਣਤੀਆਂ ਨੂੰ ਬਦਨਾਮ ਕਰ ਰਹੇ ਹਨ। ਪੰਜਾਬ ਦੇ ਮਾੜੇ ਦਿਨਾ ਵਿਚ ਸਿੱਖਾਂ ਨੂੰ ਅਤਵਾਦੀ ਕਿਹਾ ਗਿਆ। ਜਿਨ੍ਹਾਂ ਸਿੱਖਾਂ ਦੀ ਪ੍ਰਸੰਸਾ ਵੀ ਕੀਤੀ ਹੈ ਉਹ ਵਕਤੀ ਹੀ ਹੈ। ਉਨ੍ਹਾਂ ਸਿੱਖਾਂ ਦੇ ਯੋਗਦਾਨ ਨੂੰ ਫਿਰ ਭੁੱਲ ਜਾਣਾ ਹੈ। ਭਾਵੇਂ ਕੋਈ ਕਿਤਨੀ ਵੀ ਨੁਕਤਾਚੀਨੀ ਕਰੀ ਜਾਵੇ ਪ੍ਰੰਤੂ ਸਿੱਖ  ਜਗਤ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੋਂ ਬੇਮੁੱਖ ਨਹੀਂ ਹੋਵੇਗਾ। ਭੁੱਖਿਆਂ ਅਤੇ ਲੋੜਮੰਦਾਂ ਦੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com