Ujagar Singh

 ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਤੁਰ ਗਿਆ - ਉਜਾਗਰ ਸਿੰਘ

ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ ਕਿੱਤੇ ਨੂੰ ਆਪਣੇ ਅਸਰ ਰਸੂਖ ਨਾਲ ਪ੍ਰਭਾਵਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਨਿਰਪੱਖਤਾ ਪੱਤਰਕਾਰੀ ਦਾ ਧੁਰਾ ਹੈ। ਜਿਹੜਾ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਵਿਚ ਸਫਲ ਹੋ ਗਿਆ, ਉਹ ਜ਼ਿੰਦਗੀ ਭਰ ਜਦੋਜਹਿਦ ਤਾਂ ਕਰਦਾ ਹੀ ਰਹੇਗਾ ਪ੍ਰੰਤੂ ਸਮਾਜ ਵਿਚ ਉਸਦਾ ਮਾਨ ਸਨਮਾਨ ਬਣਿਆਂ ਰਹੇਗਾ।
      ਸ਼ੰਗਾਰਾ ਸਿੰਘ ਭੁਲਰ ਅਜਿਹਾ ਪੱਤਰਕਾਰ ਤੇ ਸੰਪਾਦਕ ਸੀ ਜਿਸਨੇ ਲਿਖਿਆ ਵੀ ਨਿਰਪੱਖ ਹੋ ਕੇ ਅਤੇ ਦੋਸਤੀਆਂ ਬਣਾਈਆਂ ਤੇ ਨਿਭਾਈਆਂ ਵੀ। ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਗੁਣਾਂ ਕਰਕੇ ਉਹ ਸਮਾਜ ਵਿਚ ਸਤਿਕਾਰਿਆ ਜਾਂਦਾ ਸੀ। ਉਹ ਇਕੋ ਇਕ ਅਜਿਹਾ ਪੱਤਰਕਾਰ ਹੈ, ਜਿਹੜਾ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਇਕ ਨਿਊਜ ਏਜੰਸੀ ਦਾ ਸੰਪਾਦਕ ਰਿਹਾ ਹੈ। ਸ਼ੰਗਾਰਾ ਸਿੰਘ ਭੁਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਹੀ ਨੌਜਵਾਨੀ ਵਿਚ 'ਨਵਾਂ ਜ਼ਮਾਨਾ' ਅਖ਼ਬਾਰ ਵਿਚ ਉਪ ਸੰਪਾਦਕ ਦੇ ਤੌਰ ਤੇ ਆਪਣਾ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਅਖ਼ਬਾਰ ਦੀ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਨਿਰਪੱਖ ਪੱਤਰਕਾਰੀ ਦੀ ਗੁੜ੍ਹਤੀ ਨੇ ਸ਼ੰਗਾਰਾ ਸਿੰਘ ਭੁਲਰ ਨੂੰ ਜ਼ਿੰਦਗੀ ਭਰ ਡੋਲਣ ਨਹੀਂ ਦਿੱਤਾ ਅਤੇ ਪੱਤਰਕਾਰੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿਸ ਕਰਕੇ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ ਟਾਈਮਜ਼, ਰੋਜ਼ਾਨਾ ਸਪੋਕਸਮੈਨ ਅਤੇ ਇਕ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਸੰਪਾਦਕ ਬਣਕੇ ਪੱਤਰਕਾਰੀ ਵਿਚ ਆਪਣਾ ਨਾਮ ਕਮਾਇਆ। ਪੰਜਾਬੀ ਪੱਤਰਕਾਰੀ ਦਾ ਥੰਮ੍ਹ ਅਤੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਸ਼ੰਗਾਰਾ ਸਿੰਘ ਭੁਲਰ 74 ਸਾਲ ਦੀ ਉਮਰ ਭੋਗ ਕੇ ਆਪਣੇ ਪਿਛੇ ਪਤਨੀ ਅਮਰਜੀਤ ਕੌਰ ਭੁਲਰ, ਸਪੁੱਤਰ ਚੇਤਨਪਾਲ ਸਿੰਘ, ਰਮਨੀਕ ਸਿੰਘ ਅਤੇ ਸਪੁੱਤਰੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਿਮਰਤਾ, ਸਲੀਕੇ ਅਤੇ ਤਹਿਜ਼ੀਬ ਨਾਲ ਪੱਤਰਕਾਰੀ ਕਰਨ ਵਾਲਾ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਵੈਟਰਨ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਪੱਤਰਕਾਰੀ ਦੇ ਇਤਿਹਾਸ ਵਿਚ ਸੁਚਾਰੂ ਅਤੇ ਸਾਕਾਰਤਮਕ ਯੋਗਦਾਨ ਪਾਉਣ ਕਰਕੇ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਉਸ ਦੀਆਂ ਸੰਪਾਦਕੀਆਂ ਅਤੇ ਕਾਲਮ ਨਵੀਸ ਦੇ ਤੌਰ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਲਿਖੇ ਲੇਖਾਂ ਵਿਚਲੀਆਂ ਗੁਝੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ ਜੋ ਪ੍ਰਭਾਵਤ ਵਿਅਕਤੀਆਂ ਨੂੰ ਨਾ ਰੋਣ ਅਤੇ ਨਾ ਹੱਸਣ ਜੋਗਾ ਛੱਡਦੀਆਂ ਸਨ।
         9 ਜਨਵਰੀ 1946 ਨੂੰ ਆਪਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਭੁਲਰ ਪਿੰਡ ਵਿਚ ਇਕ ਆਮ ਸਾਧਾਰਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿਚ ਕਰਨ ਤੋਂ ਬਾਅਦ ਬੀ ਏ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਜਿੰਦਰ ਸਿੰਘ ਹਮਦਰਦ ਆਪ ਦਾ ਜਮਾਤੀ ਸੀ। ਅਸਲ ਵਿਚ ਸ਼ੰਗਾਰਾ ਸਿੰਘ ਭੁਲਰ ਦੋਸਤਾਂ ਦਾ ਦੋਸਤ ਸੀ। ਉਸਨੂੰ ਦੋਸਤੀ ਬਣਾਉਣੀ ਅਤੇ ਨਿਭਾਉਣੀ ਆਉਂਦੀ ਸੀ। ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੈ। ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਅਤੇ ਸਾਹਿਤਕਾਰਾਂ ਦੇ ਮੁਦੱਈ ਮਹਿੰਦਰ ਸਿੰਘ ਰੰਧਾਵਾ ਨਾਲ ਉਸਦੇ ਨਿਕਟਵਰਤੀ ਸੰਬੰਧ ਸਨ। ਨਵਾਂ ਜ਼ਮਨਾ ਅਖ਼ਬਾਰ ਦੀ ਉਪ ਸੰਪਾਦਕੀ ਤੋਂ ਬਾਅਦ ਉਨ੍ਹਾਂ ਆਪਣੀ ਕਰਮਭੂਮੀ ਦਿੱਲੀ ਨੂੰ ਬਣਾਇਆ, ਜਿਥੇ ਉਨ੍ਹਾਂ ਨੇ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਦੇ ਰੋਜ਼ਾਨਾ ਜਥੇਦਾਰ ਅਖ਼ਬਾਰ ਵਿਚ ਕੰਮ ਕਰਦਿਆਂ ਆਪਣਾ ਸਥਾਨ ਬਣਾਇਆ। ਦਿੱਲੀ ਤੋਂ ਬਾਅਦ ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਆ ਗਏ। ਇਥੇ ਤਰੱਕੀ ਕਰਦਿਆਂ ਪਹਿਲਾਂ ਡਿਪਟੀ ਐਡੀਟਰ ਅਤੇ ਬਾਅਦ ਵਿਚ ਸੰਪਾਦਕ ਬਣੇ। ਉਨ੍ਹਾਂ 28 ਸਾਲ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਕੀਤੀ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਆਪਨੇ ਤਤਕਾਲ ਮੁੱਦਿਆਂ ਤੇ ਲਿਖਣ ਲਈ ਨੌਵਾਂ ਕਾਲਮ ਸੰਪਾਦਕੀ ਪੰਨੇ ਤੇ ਸ਼ੁਰੂ ਕੀਤਾ, ਜਿਹੜਾ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ। 2006 ਵਿਚ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣੇ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬੀ ਦੀ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ। ਜਦੋਂ ਪੰਜਾਬੀ ਜਾਗਰਣ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਤਾਂ ਇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣਕੇ ਅਖ਼ਬਾਰ ਨੂੰ ਸਥਾਪਤ ਕੀਤਾ। ਪੰਜਾਬੀ ਜਾਗਰਣ ਅਖ਼ਬਾਰ ਵਿਚ ਸਾਹਿਤਕ ਪੰਨਾ ਸ਼ੁਰੂ ਕਰਨ ਦਾ ਮਾਣ ਵੀ ਸ਼ੰਗਾਰਾ ਸਿੰਘ ਭੁਲਰ ਨੂੰ ਜਾਂਦਾ ਹੈ, ਜਿਸ ਕਰਕੇ ਬਹੁਤ ਸਾਰੇ ਸਾਹਿਤਕਾਰ ਪੰਜਾਬੀ ਜਾਗਰਣ ਨਾਲ ਜੁੜ ਗਏ। ਇਸ ਸਮੇਂ ਆਪ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲਿਖਦੇ ਸਨ। ਉਹ ਆਖ਼ਰ ਸਮੇਂ ਤੱਕ ਸਰਗਰਮ ਪੱਤਰਕਾਰੀ ਕਰਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। 1993 ਵਿਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੀ ਸੰਸਥਾ ਜਿਸਦੇ ਗਿਆਨੀ ਹਰੀ ਸਿੰਘ ਪ੍ਰਧਾਨ ਅਤੇ ਸ਼ੰਗਾਰਾ ਸਿੰਘ ਭੁਲਰ ਜਨਰਲ ਸਕੱਤਰ ਸਨ ਤਾਂ ਪੱਤਰਕਾਰਾਂ ਦੀ ਇਕ ਅੰਤਰਾਸ਼ਟਰੀ ਕਾਨਫਰੰਸ ਕਰਵਾਈ ਸੀ। ਉਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਾਗਮਾ ਵਿਚ ਸ਼ਿਰਕਤ ਕਰਦੇ ਰਹਿੰਦੇ ਸਨ।
         ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੂੰ ਥਾਪੀ ਦੇ ਕੇ ਪੱਤਰਕਾਰਤਾ ਵਿਚ ਸਥਾਪਤ ਕੀਤਾ। ਲੱਗਪਗ ਅੱਧੀ ਸਦੀ ਉਹ ਪੰਜਾਬੀ ਪੱਤਰਕਾਰਤਾ ਵਿਚ ਆਪਣੀਆਂ ਲੇਖਣੀਆਂ ਕਰਕੇ ਛਾਏ ਰਹੇ। ਜਦੋਂ ਉਹ ਅਖ਼ਬਾਰਾਂ ਦੇ ਸੰਪਾਦਕ ਸਨ ਤਾਂ ਕੋਈ ਵੀ ਛੋਟੇ ਤੋਂ ਛੋਟਾ ਪੱਤਰਕਾਰ ਉਨ੍ਹਾਂ ਦੇ ਕਮਰੇ ਵਿਚ ਨਿਝੱਕ ਜਾ ਕੇ ਅਗਵਾਈ ਲੈ ਸਕਦਾ ਸੀ। ਇਨਸਾਨੀਅਤ ਉਨ੍ਹਾਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਦੀ ਨਿਗਾਹ ਵਿਚ ਕੋਈ ਵੱਡੇ ਛੋਟੇ ਵਿਅਕਤੀ ਦਾ ਫਰਕ ਨਹੀਂ ਸੀ। ਮੇਰਾ ਵੀ ਸ਼ੰਗਾਰਾ ਸਿੰਘ ਭੁਲਰ ਨਾਲ ਪਿਛਲੇ 40 ਸਾਲਾਂ ਤੋਂ ਵਾਹ ਵਾਸਤਾ ਸੀ। ਉਨ੍ਹਾਂ ਦੀ ਖ਼ੂਬੀ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇਕ ਵਾਰ ਮਿਲ ਗਿਆ ਉਸਨੂੰ ਹਮੇਸ਼ਾ ਲਈ ਆਪਣੀ ਬੁਕਲ ਵਿਚ ਲੈ ਕੇ ਆਪਣਾ ਬਣਾ ਲੈਂਦੇ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚੋਂ ਜਦੋਂ 2007 ਵਿਚ ਸੇਵਾ ਮੁਕਤ ਹੋਇਆ ਤਾਂ ਉਹ ਉਸ ਸਮੇਂ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਟਾਈਮਜ ਅਖ਼ਬਾਰ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਵਿਸ਼ੇਸ ਤੌਰ ਤੇ ਫੋਨ ਕਰਕੇ ਅਖ਼ਬਾਰ ਲਈ ਲੇਖ ਲਿਖਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤਾਂ ਨੌਕਰੀ ਸਮੇਂ ਸਰਕਾਰੀ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਤਿਆਰ ਕਰਦਾ ਰਿਹਾ ਹਾਂ ਮੇਰੀ ਤਾਂ ਲੇਖਣੀ ਵਿਚ ਸਰਕਾਰੀਪੁਣਾ ਹੋਵੇਗਾ ਪ੍ਰੰਤੂ ਉਨ੍ਹਾਂ ਕਿਹਾ ਕਿ ਤੁਹਾਡਾ ਤਜ਼ਰਬਾ ਕੰਮ ਆਵੇਗਾ, ਤੁਸੀਂ ਜ਼ਰੂਰ ਲੇਖ ਭੇਜਿਆ ਕਰੋ। ਮੈਨੂੰ ਸਥਾਪਤ ਕਰਨ ਵਿਚ ਵੀ ਭੁਲਰ ਸਾਹਿਬ ਦਾ ਵੱਡਾ ਯੋਗਦਾਨ ਹੈ , ਜਿਸ ਲਈ ਮੈਂ ਸਦਾ ਉਨਾਂ ਦਾ ਰਿਣੀ ਰਹਾਂਗਾ। ਉਨ੍ਹਾਂ ਦੇ ਸੁਭਾਅ ਦੀ ਇਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ਗੁੱਸਾ ਕਦੀਂ ਆਉਂਦਾ ਹੀ ਨਹੀਂ ਸੀ। ਉਹ ਹਮੇਸ਼ਾ ਹਰ ਵਿਅਕਤੀ, ਪੱਤਰਕਾਰ ਲਈ ਉਸਾਰੂ ਯੋਗਦਾਨ ਪਾਉਣ ਵਿਚ ਵਿਸ਼ਵਾਸ ਰੱਖਦੇ ਸਨ। ਪੰਜਾਬੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਅਣਹੋਂਦ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਕਿਉਂਕਿ ਪੰਜਾਬੀ ਪੱਤਰਕਾਰੀ ਨੂੰ ਜਿਹੜਾ ਘਾਟਾ ਉਨ੍ਹਾਂ ਦੇ ਜਾਣ ਨਾਲ ਪਿਆ ਹੈ, ਉਹ ਕਦੀਂ ਵੀ ਪੂਰਾ ਨਹੀਂ ਹੋ ਸਕਣਾ। ਮੈਂ 22 ਨਵੰਬਰ ਨੂੰ ਅਮਰੀਕਾ ਆਉਣਾ ਸੀ ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ 18 ਨਵੰਬਰ ਨੂੰ ਮੋਹਾਲੀ ਉਨ੍ਹਾਂ ਦੇ ਘਰ ਗਿਆ ਸੀ। ਭਾਵੇਂ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਸੀ ਪ੍ਰੰਤੂ ਉਹ ਚੜ੍ਹਦੀ ਕਲਾ ਵਿਚ ਸਨ। ਮੇਰੇ ਨਾਲ ਉਨ੍ਹਾਂ ਪੱਤਰਕਾਰੀ ਅਤੇ ਹੋਰ ਮਹਿੰਗਾਈ ਵਰਗੇ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਵੀ ਸਮਾਜਿਕ ਮੁੱਦਿਆਂ ਬਾਰੇ ਕਿਤਨੇ ਸੰਜੀਦਾ ਸਨ।

ਮੋਬਾਈਲ - 94178 13072
ਈ ਮੇਲ : ujagarsingh48@yahoo.com

ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ -  ਉਜਾਗਰ ਸਿੰਘ

ਬਲਾਤਕਾਰਾਂ ਦੇ ਕੇਸਾਂ ਵਿਚ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਦੇਰੀ ਕਿਉਂ ਹੁੰਦੀ ਹੈ ਅਤੇ ਸਜਾਵਾਂ ਕਿਉਂ ਨਹੀਂ ਹੁੰਦੀਆਂ, ਇਸ ਮੁੱਦੇ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਇਹ ਬੇਇਨਸਾਫੀ ਕਿਸੇ ਇਕ ਕਾਰਨ ਕਰਕੇ ਨਹੀਂ ਸਗੋਂ ਇਸਦੇ ਬਹੁਪਰਤੀ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੇ ਕੇਸਾਂ ਵਿਚ ਸਿਆਸਤਦਾਨ ਅਤੇ ਪ੍ਰਭਾਵਸ਼ਾਲੀ ਲੋਕ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ। ਵੱਡੇ ਲੋਕ ਜਿਨ੍ਹਾਂ ਵਿਚ ਐਮ ਪੀ, ਵਿਧਾਨਕਾਰ ਅਤੇ ਹੋਰ ਉਚ ਅਹੁਦਿਆਂ ਤੇ ਤਾਇਨਾਤ ਅਧਿਕਾਰੀ ਸ਼ਾਮਲ ਹਨ, ਉਨ੍ਹਾਂ ਦੇ ਕੇਸਾਂ ਦੇ ਜਾਂ ਤਾਂ ਫੈਸਲੇ ਲਮਕਾਏ ਜਾ ਰਹੇ ਹਨ ਜਾਂ ਪੁਲਿਸ ਸਰਕਾਰੀ ਸ਼ਹਿ ਹੋਣ ਕਰਕੇ ਨੇਪਰੇ ਨਹੀਂ ਚੜ੍ਹਨ ਦਿੰਦੀ। ਏ ਆਈ ਪੀ ਡਵਲਯੂ ਏ ਦੀ ਪ੍ਰਧਾਨ ਰਤੀ ਰਾਓ ਅਤੇ ਜਨਰਲ ਸਕੱਤਰ ਮੀਨਾ ਤਿਵਾੜੀ ਅਨੁਸਾਰ ਲਗਪਗ ਦੋ ਦਰਜਨ ਪਤਵੰਤਿਆਂ ਵਲੋਂ ਕੀਤੇ ਗਏ ਬਲਾਤਕਾਰਾਂ ਦੇ ਕੇਸ ਠੰਡੇ ਬਸਤਿਆਂ ਵਿਚ ਰੱਖੇ ਹੋਏ ਹਨ। ਦੂਜੇ ਨੰਬਰ ਤੇ ਪੁਲਿਸ ਪ੍ਰਸ਼ਾਸਨ ਲਾਲਚ ਵਸ ਕੇਸਾਂ ਨੂੰ ਲਮਕਾ ਦਿੰਦਾ ਹੈ।  ਇਸ ਤੋਂ ਬਾਅਦ ਗਵਾਹਾਂ ਨੂੰ ਲਾਲਚ ਦੇ ਕੇ ਮੁਕਰਾ ਦਿੱਤਾ ਜਾਂਦਾ ਹੈ। ਕਈ ਵਾਰ ਪੁਲਿਸ ਦੇ ਮੁਲਾਜ਼ਮ ਹੀ ਕੇਸ ਨੂੰ ਕਮਜ਼ੋਰ ਬਣਾਉਂਦੇ ਹਨ ਅਤੇ ਜਦੋਂ ਉਨ੍ਹਾਂ ਦੀ ਗਵਾਹੀ ਦਾ ਸਮਾਂ ਆਉਂਦਾ ਹੈ, ਉਹ ਹੀ ਮੁਕਰ ਜਾਂਦੇ ਹਨ। ਪੁਲਿਸ ਨੂੰ ਜਵਾਬਦੇਹ ਬਣਾਉਣਾ ਅਤਿਅੰਤ ਜ਼ਰੂਰੀ ਹੈ। ਕਾਨੂੰਨੀ ਪ੍ਰਕ੍ਰਿਆ ਵਿਚ ਪ੍ਰਭਾਵਤ ਲੜਕੀ ਤੋਂ ਅਜ਼ੀਬ ਕਿਸਮ ਦੇ ਸਵਾਲ ਪੁਛੇ ਜਾਂਦੇ ਹਨ, ਜਿਹੜੇ ਲੜਕੀਆਂ ਨੂੰ ਡੀਮਾਰਲਾਈਜ ਕਰਦੇ ਹਨ। ਪ੍ਰਭਾਵਸ਼ਾਲੀ ਲੋਕ ਪੁਲਿਸ ਵਾਲਿਆਂ ਦੀ ਮਦਦ ਨਾਲ ਪ੍ਰਭਾਵਤ ਲੜਕੀਆਂ ਤੇ ਸਮਝੌਤਾ ਕਰਨ ਜਾਂ ਕੇਸ ਵਾਪਸ ਲੈਣ ਦਾ ਦਬਾਓ ਪਾਇਆ ਜਾਂਦਾ ਹੈ। ਜੇ ਉਹ ਸਮਝੌਤਾ ਨਹੀਂ ਕਰਦੇ ਤਾਂ ਲੜਕੀਆਂ ਦੇ ਵਾਰਸਾਂ ਤੇ ਪੁਲਿਸ ਝੂਠੇ ਕੇਸ ਬਣਾ ਦਿੰਦੀ ਹੈ। ਦੋਸ਼ੀ ਜ਼ਮਾਨਤ ਤੇ ਆ ਕੇ ਇਨਸਾਫ ਦੇ ਰਾਹ ਵਿਚ ਰੋੜਾ ਬਣਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਸਾਡੇ ਦੇਸ ਵਾਸੀਆਂ ਦਾ ਅਜੇ ਤੱਕ ਕੌਮੀ ਕਰੈਕਟਰ ਹੀ ਨਹੀਂ ਬਣਿਆਂ। ਜਿਤਨੀ ਦੇਰ ਕੌਮੀ ਕਰੈਕਟਰ ਨਹੀਂ ਬਣਦਾ, ਉਤਨੀ ਦੇਰ ਪ੍ਰਭਾਵਤ ਲੜਕੀਆਂ ਨੂੰ ਇਨਸਾਫ ਮਿਲਣਾ ਤਾਂ ਇਕ ਪਾਸੇ ਰਿਹਾ ਦੋਸ਼ੀਆਂ ਨੂੰ ਸਜਾਵਾਂ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋਕਤੰਤਰ ਦੇ ਤਿੰਨ ਥੰਮ ਲੈਜਿਸਲੇਚਰ, ਕਾਰਜਕਾਰੀ ਅਤੇ ਨਿਆਇਕ ਪ੍ਰਣਾਲੀ ਆਪਣੇ ਫਰਜ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਭਾਰਤ ਦੀ ਨਿਆਇਕ ਪ੍ਰਣਾਲੀ ਵੀ ਗੁੰਝਲਦਾਰ ਅਤੇ ਇਨਸਾਫ ਨੂੰ ਲਮਕਾਉਣ ਵਾਲੀ ਹੈ। ਵਾਰ ਵਾਰ ਤਕਨੀਕੀ ਢੰਗ ਅਪਣਾ ਕੇ ਤਰੀਕਾਂ ਲੈ ਕੇ ਕੇਸ ਲਮਕਾਏ ਜਾਂਦੇ ਹਨ। ਜੇਕਰ ਹੇਠਲੀ ਕੋਰਟ ਵੱਲੋਂ ਸਜਾ ਹੋ ਜਾਂਦੀ ਹੈ ਤਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਅਪੀਲ ਹੋ ਜਾਂਦੀ ਹੈ, ਕਈ ਵਾਰ ਸਜਾ ਕਨਫਰਮ ਕਰਨ ਵਿਚ ਦੇਰੀ ਕਰ ਦਿੱਤੀ  ਜਾਂਦੀ ਹੈ। ਅਖ਼ੀਰ ਵਿਚ ਰਾਸ਼ਟਰਪਤੀ ਕੋਲ ਅਪੀਲ ਆ ਜਾਂਦੀ ਹੈ। ਜਿਹੜੀ ਕਈ ਸਾਲਾਂ ਤੱਕ ਲਮਕਦੀ ਰਹਿੰਦੀ ਹੈ। ਦਿੱਲੀ ਵਿਖੇ ਸਭ ਤੋਂ ਚਰਚਿਤ ਅਤੇ ਦਰਿੰਦਗੀ ਵਾਲੇ ਨਿਰਭੈ ਬਲਾਤਕਾਰ ਕੇਸ ਵਿਚ 7 ਸਾਲਾਂ ਬਾਅਦ ਵੀ ਅਜੇ ਤੱਕ ਫਾਂਸੀ ਦੀ ਸਜਾ ਨਹੀਂ ਸਿਰੇ ਚੜ੍ਹੀ। ਦੇਸ਼ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਸਭਿਅਕ ਸਮਾਜ ਵਿਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹਨ। ਅਸਿਫਾਬਾਦ ਵਿਚ ਪ੍ਰਿਅੰਕਾ ਰੈਡੀ ਦੇ ਬਲਾਤਕਾਰ ਦੇ ਕੇਸ ਦੇ ਰਿਪੋਰਟ ਹੋਣ ਤੋਂ ਤਿੰਨ ਦਿਨ ਪਹਿਲਾਂ ਤੀਹ ਸਾਲਾ ਦਲਿਤ ਇਸਤਰੀ ਨਾਲ ਬਲਾਤਕਾਰ ਕਰਕੇ ਮਾਰ ਦਿੱਤੀ ਗਈ। ਪ੍ਰਸ਼ਸਾਨ ਦੇ ਕੰਨ ਤੇ ਜੂੰ ਨਹੀਂ ਸਰਕੀ। ਤਿਲੰਗਨਾ ਰਾਜ ਵਿਚ ਸਾਦਨਗਰ ਵਿਖੇ ਤਾਜ਼ਾ ਘਟਨਾ 24 ਸਾਲਾ ਪਸ਼ੂਆਂ ਦੀ ਡਾਕਟਰ ਪ੍ਰਿਅੰਕਾ ਰੈਡੀ ਨਾਲ ਸਮੂਹਿਕ ਬਲਾਤਕਾਰ ਕਰਕੇ ਸਬੂਤ ਖ਼ਤਮ ਕਰਨ ਲਈ ਸਾੜ ਕੇ ਮਾਰਨ ਦੀ ਖ਼ਬਰ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੇ ਸਮਾਜਿਕ ਤਾਣੇ ਬਾਣੇ ਵਿਚ ਫੈਲੀ ਅਸਥਿਰਤਾ ਦਾ ਪ੍ਰਗਟਾਵਾ ਕਰਦੀਆਂ ਹਨ। ਆਮ ਤੌਰ ਤੇ ਅਮੀਰ ਘਰਾਂ ਦੇ ਕਾਕੇ ਅਤੇ ਸਿਆਸੀ ਸ਼ਹਿ ਪ੍ਰਾਪਤ ਅਸਰ ਰਸੂਖ ਵਾਲੇ ਲੋਕ ਅਜਿਹੀਆਂ ਘਟਨਾਵਾਂ ਵਿਚ  ਸ਼ਾਮਲ ਹੁੰਦੇ ਸਨ ਪ੍ਰੰਤੂ ਪ੍ਰਿਅੰਕਾ ਰੈਡੀ ਦੇ ਸਮੂਹਿਕ ਬਲਾਤਕਾਰ ਵਿਚ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦਾ ਸ਼ਾਮਲ ਹੋਣਾ ਮਨੁੱਖਤਾ ਦੀ ਖੋਖਲੀ ਮਾਨਸਿਕਤਾ ਦਾ ਪ੍ਰਤੀਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਥਿਤ 4 ਬਲਾਤਕਾਰੀ ਦਰਿੰਦਿਆਂ ਦੀ ਦਲੇਰੀ ਵੇਖਣ ਵਾਲੀ ਹੈ ਕਿ ਬੇਖੌਫ ਹੋ ਕੇ ਬਲਾਤਕਾਰ ਕਰਨ ਤੋਂ ਬਾਅਦ ਨੌਜਵਾਨ ਲੜਕੀ ਪ੍ਰਿਅੰਕਾ ਰੈਡੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਘਟਨਾ ਸਥਾਨ ਤੋਂ ਚਾਲੀ ਕਿਲੋਮੀਟਰ ਦੂਰ ਟਰੱਕ ਵਿਚ ਲਾਸ਼ ਰੱਖ ਕੇ ਚਟਨਪਲੀ ਦੇ ਸਥਾਨ ਤੇ ਇਕ ਹਾਈਵੇ ਦੇ ਪੁਲ ਦੇ ਹੇਠਾਂ ਤੇਲ ਪਾ ਕੇ ਅੱਗ ਲਗਾਕੇ ਸਾੜ ਦਿੱਤਾ। ਘਟਨਾ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਜਿਵੇਂ ਕੋਈ ਉਨ੍ਹਾਂ ਨੂੰ ਪੁਲਿਸ ਦਾ ਡਰ ਭੈ ਹੀ ਨਹੀਂ ਸੀ। ਪ੍ਰਿਅੰਕਾ ਰੈਡੀ ਦੀ ਭੈਣ ਐਫ ਆਈ ਆਰ ਦਰਜ ਕਰਵਾਉਣ ਲਈ ਖਜਲਖੁਆਰ ਹੁੰਦੀ ਰਹੀ ਪੁਲਿਸ ਰਿਪੋਰਟ ਦਰਜ ਕਰਨ ਤੋਂ ਕੰਨੀ ਕਤਰਾਉਂਦੀ ਰਹੀ। ਦੂਜੇ ਪਾਸੇ ਵੱਡੀ ਗੈਰਕਾਨੂੰਨੀ ਗੱਲ ਇਹ ਹੈ ਕਿ ਪੁਲਿਸ ਨੇ ਰਾਤ ਨੂੰ ਹੀ ਦੋਸ਼ੀ ਪਕੜ ਲਏ ਅਤੇ ਉਸੇ ਰਾਤ ਘਟਨਾ ਸਥਾਨ ਤੇ ਲਿਜਾਕੇ ਇਨਕਾਊਂਟਰ ਕਰਕੇ ਚਾਰੇ ਕਥਿਤ ਦੋਸ਼ੀ ਮਾਰ ਦਿੱਤੇ। ਹੋ ਸਕਦਾ ਇਨ੍ਹਾਂ ਨੂੰ ਮਾਰਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦਾ ਢੰਗ ਵਰਤਿਆ ਗਿਆ ਹੋਵੇ ਕਿਉਂਕਿ ਛਤੀਸਗੜ੍ਹ ਵਿਚ ਪੁਲਿਸ ਨੇ ਇਕ ਲੜਕੀ ਮੀਨਾ ਖਲੋਖੋ ਦਾ ਇਨਕਾਊਂਟਰ ਕਰਕੇ ਮਾਰ ਦਿੱਤੀ ਸੀ ਤੇ ਕਿਹਾ ਗਿਆ ਸੀ ਕਿ ਉਹ ਖੂੰਖਾਰ ਮਾਓਵਾਦੀ ਅਤਵਾਦੀ ਸੀ। ਅਸਲ ਵਿਚ ਉਸਦਾ ਸਮੂਹਿਕ ਬਲਾਤਕਾਰ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਕੀਤਾ ਸੀ,  ਜਿਸ ਦਾ ਪਤਾ ਸੀ ਬੀ ਆਈ ਪੜਤਾਲ ਤੋਂ ਲੱਗਿਅ ਸੀ। ਭਾਵੇਂ ਪੁਲਿਸ ਕਹਿ ਰਹੀ ਹੈ ਕਿ ਬਲਾਤਕਾਰ ਦੇ ਚਾਰ ਦੋਸ਼ੀਆਂ ਨੇ ਘਟਨਾ ਸਥਾਨ ਤੋਂ ਪੁਲਿਸ ਦੀਆਂ ਬੰਦੂਕਾਂ ਖੋਹ ਕੇ ਭੱਜਣ ਦੀ ਕੋਸਿਸ਼ ਕੀਤੀ ਸੀ, ਇਸ ਕਰਕੇ ਉਨ੍ਹਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਦੀ ਇਹ ਥਿਊਰੀ ਆਮ ਲੋਕਾਂ ਦੇ ਗਲੇ ਉਤਰ ਨਹੀਂ ਰਹੀ ਕਿਉਂਕਿ 2008 ਵਿਚ ਵੀ ਹੈਦਰਾਬਾਦ ਪੁਲਿਸ ਨੇ ਏਸਿਡ ਅਟੈਕ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਝੂਠਾ ਇਨਕਾਊਂਟਰ ਕਰਕੇ ਮਾਰ ਦਿੱਤਾ ਸੀ। ਲੋਕ ਸਭ ਜਾਣਦੇ ਹਨ ਕਿ ਇਹ ਇਨਕਾਊਂਟਰ ਝੂਠਾ ਹੈ ਕਿਉਂਕਿ ਨਿਹੱਥੇ ਵਿਅਕਤੀ ਪੁਲਿਸ ਕੋਲੋਂ ਭੱਜਣ ਦੀ ਹਿੰਮਤ ਨਹੀਂ ਕਰ ਸਕਦੇ। ਪ੍ਰੰਤੂ ਆਮ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰ ਰਹੇ ਹਨ। ਦੋਸ਼ੀਆਂ ਨੇ ਘਿਨਾਉਣੀ ਹਰਕਤ ਕੀਤੀ, ਜਿਸ ਕਰਕੇ ਦੇਸ ਦੇ ਲੋਕਾਂ ਵਿਚ ਗੁੱਸਾ ਹੈ। ਇਸ ਕਰਕੇ ਹੀ ਲੋਕ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ। ਪੁਲਿਸ ਦੀ ਇਹ ਕਾਰਵਾਈ ਕਾਨੂੰਨ ਅਨੁਸਾਰ ਸਰਾਸਰ ਗ਼ਲਤ ਹੈ। ਪੁਲਿਸ ਨੂੰ ਕਾਨੂੰਨ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਸੀ। ਪੁਲਿਸ ਵੀ ਕੀ ਕਰੇ ਉਹ ਵੀ ਮਜ਼ਬੂਰ ਹੈ ਕਿਉਂਕਿ ਦੇਸ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ ਪ੍ਰੰਤੂ ਕਾਨੂੰਨ ਉਹ ਪੁਰਾਣੇ ਘਸੇ ਪਿਟੇ ਹਨ, ਜਿਨ੍ਹਾਂ ਦੇ ਚਲਦਿਆਂ ਦੋਸ਼ੀਆਂ ਨੂੰ ਸਜਾ ਦਿਵਾਉਣੀ ਪੁਲਿਸ ਦੇ ਵਸ ਦੀ ਗੱਲ ਨਹੀਂ ਕਿਉਂਕਿ ਸਾਡੀ ਨਿਆਇਕ ਪ੍ਰਣਾਲੀ  ਅਨੁਸਾਰ ਮੌਕੇ ਦਾ ਗਵਾਹ ਹੋਣਾ ਜ਼ਰੂਰੀ ਹੈ। ਅਜਿਹੀ ਘਟਨਾ ਵਿਚ ਮੌਕੇ ਦਾ ਗਵਾਹ ਪੁਲਿਸ ਕਿਥੋਂ ਲਿਆਏਗੀ। ਜੇਕਰ ਝੂਠਾ ਗਵਾਹ ਖੜ੍ਹਾ ਕੀਤਾ ਜਾਵੇਗਾ ਤਾਂ ਵਕੀਲ ਗਵਾਹ ਨੂੰ ਉਲਝਾ ਲੈਂਦੇ ਹਨ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਮਨੁੱਖੀ ਹੱਕਾਂ ਦੇ ਰਖਵਾਲੇ ਦੋਸ਼ੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆ ਜਾਂਦੇ ਹਨ ਕਿਉਂਕਿ ਸਜਾ ਦੇਣ ਦਾ ਹੱਕ ਪੁਲਿਸ ਨੂੰ ਨਹੀਂ ਸਗੋਂ ਨਿਆਇਕ ਪ੍ਰਣਾਲੀ ਨੂੰ ਹੈ। ਪ੍ਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਮਨੁੱਖੀ ਹੱਕਾਂ ਦੇ ਰਖਵਾਲੇ ਜ਼ੁਰਮ ਕਰਨ ਵਾਲਿਆਂ ਦੇ ਹੱਕ ਵਿਚ ਤਾਂ ਆ ਜਾਂਦੇ ਹਨ ਪ੍ਰੰਤੂ ਜਦੋਂ ਮਜ਼ਲੂਮਾਂ ਉਪਰ ਜ਼ੁਲਮ ਹੁੰਦਾ ਹੈ, ਉਦੋਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਥੇ ਹੁੰਦੇ ਹਨ ਉਦੋਂ ਉਹ ਮੂੰਹ ਵਿਚ ਘੁੰਗਣੀਆਂ ਪਾ ਲੈਂਦੇ ਹਨ। ਮਨੁੱਖੀ ਹੱਕ ਤਾਂ ਸਾਰਿਆਂ ਦੇ ਬਰਾਬਰ ਹੁੰਦੇ ਹਨ। ਜਦੋਂ ਇਹ ਦਰਿੰਦੇ ਲੜਕੀਆਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ ਤਾਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਉਂ ਨਹੀਂ ਅੱਗੇ ਆਉਂਦੇ। ਇਹ ਵੇਖਣ ਵਿਚ ਆਇਆ ਹੈ ਕਿ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀਆਂ ਸੰਸਥਾਵਾਂ ਮੁਜ਼ਰਮ ਦਾ ਪੱਖ ਪੂਰਦੀਆਂ ਹਨ। ਪੁਲਿਸ ਨੇ ਵੀ ਇਹ ਇਨਕਾਊਂਟਰ ਗ਼ਰੀਬ ਦੋਸ਼ੀਆਂ ਦਾ ਕੀਤਾ ਹੈ। ਜੇਕਰ ਅਸਰ ਰਸੂਖ਼ ਵਾਲਿਆਂ ਦਾ ਕਰਦੀ ਫਿਰ ਤਾਂ ਪਤਾ ਲੱਗਦਾ ਕਿ ਪੁਲਿਸ ਵਿਚ ਕਿਤਨੀ ਜ਼ੁਅਰਤ ਹੈ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜਾ ਮਿਲਣ ਦੀ ਦਰ 1973 ਵਿਚ 44 ਫ਼ੀ ਸਦੀ, 1987 ਵਿਚ 37 ਫੀ ਸਦੀ, 2009 ਵਿਚ 26 ਫ਼ੀ ਸਦੀ, 2010 ਵਿਚ 24 ਫ਼ੀ ਸਦੀ ਅਤੇ 2012 ਵਿਚ 27 ਫ਼ੀ ਸਦੀ ਰਹੀ ਹੈ। 2013 ਦੀ ਰਿਪੋਰਟ ਅਨੁਸਾਰ 2012 ਵਿਚ 24923 ਬਲਾਤਕਾਰ ਦੇ ਕੇਸ ਹੋਏ, ਜਿਨ੍ਹਾਂ ਵਿਚੋਂ 24470 ਕੇਸਾਂ ਵਿਚ ਸਬੂਤ ਨਾ ਹੋਣ ਕਰਕੇ ਸਜਾ ਨਹੀਂ ਹੋ ਸਕੀ ਭਾਵ 98 ਫ਼ੀ ਸਦੀ ਕੇਸ ਫੇਲ੍ਹ ਹੋ ਗਏ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਰਾਜਸਥਾਨ ਦਾ ਜੋਧਪੁਰ ਅਤੇ ਦਿੱਲੀ ਸ਼ਹਿਰਾਂ ਵਿਚ 2015 ਵਿਚ ਸਭ ਤੋਂ ਜ਼ਿਆਦਾ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ ਸਨ। ਏ ਡੀ ਆਰ ਦੀ ਇਕ ਰਿਪੋਰਟ ਅਨੁਸਾਰ ਪ੍ਰਭਾਵਸ਼ਾਲੀ ਦੋਸ਼ੀਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਜ਼ਿਆਦ ਲੋਕ ਸ਼ਾਮਲ ਹਨ। ਉਨ੍ਹਾਂ ਦੇ ਕੁਝ ਚਰਚਿਤ ਕੇਸ ਅਜੇ ਵੀ ਕਚਹਿਰੀਆਂ ਵਿਚ ਲਟਕਦੇ ਹਨ,  ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ, ਉਨ੍ਹਾਂ ਵਿਚ 2009 ਵਿਚ ਇਕ ਰੂਸ ਦੀ ਲੜਕੀ ਦਾ ਬਲਾਤਕਾਰ,  16 ਦਸੰਬਰ 2012 ਨੂੰ ਦਿੱਲੀ ਵਿਖੇ ਨਿਰਭੈ ਬਲਾਤਕਾਰ, ਮਾਰਚ 2013 ਵਿਚ ਸਵਿਟਜ਼ਰੈਂਡ ਦੀ ਵਿਆਹੁਤਾ ਇਸਤਰੀ ਦਾ ਉਸਦੇ ਪਤੀ ਦੇ ਸਾਹਮਣੇ ਸਮੂਹਕ ਬਲਾਤਕਾਰ ਕੀਤਾ ਗਿਆ, ਅਗਸਤ 2013 ਵਿਚ 22 ਸਾਲਾ ਫੋਟੋ ਜਰਨਲਿਸਟ ਦਾ ਬੰਬਈ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ, 14 ਮਾਰਚ 2015 ਨੂੰ ਪੱਛਵੀਂ ਬੰਗਾਲ ਵਿਚ 71 ਸਾਲਾ ਨਨ ਨਾਲ ਸਮੂਹਿਕ ਬਲਾਤਕਾਰ, 29 ਮਾਰਚ 2016 ਨੂੰ  ਰਾਜਸਥਾਨ ਦੇ ਕਾਲਜ ਦੇ ਹੋਸਟਲ ਵਿਚ 17 ਸਾਲਾ ਦਲਿਤ ਲੜਕੀ ਨਾਲ ਪ੍ਰਿੰਸੀਪਲ, ਹੋਸਟਲ ਵਾਰਡਨ ਅਤੇ ਇਕ ਅਧਿਆਪਕ ਨੇ ਬਲਾਤਕਾਰ ਕਰਕੇ ਮਾਰ ਕੇ ਹੋਸਟਲ ਦੀ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤਾ, 2017 ਵਿਚ ਉਤਰ ਪ੍ਰਦੇਸ ਦੇ ਉਨਾਓ ਕਸਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਕੁਲਦੀਪ ਸਿੰਘ ਸੰਗਰ ਨੇ 17 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ, ਪਹਿਲਾਂ ਪੁਲਿਸ ਨੇ ਉਸ ਉਪਰ ਕੇਸ ਦਰਜ ਨਾ ਕੀਤਾ, ਜਦੋਂ ਲੋਕਾਂ ਦੇ ਦਬਾਓ ਤੋਂ ਬਾਅਦ ਕੇਸ ਦਰਜ ਕਰ ਲਿਆ ਤਾਂ ਸਮਝੌਤਾ ਕਰਨ ਲਈ ਜ਼ੋਰ ਪਾਇਆ ਗਿਆ। ਜਦੋਂ ਉਨ੍ਹਾਂ ਸਮਝੌਤਾ ਨਾ ਕੀਤਾ ਤਾਂ ਲੜਕੀ ਦੇ ਪਿਤਾ ਨੂੰ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਜੇਲ੍ਹ ਵਿਚ ਹੀ ਕੁੱਟ ਕੁੱਟ ਕੇ ਮਾਰ ਦਿੱਤਾ। ਇਕ ਗਵਾਹ ਯੂਨਸ ਨੂੰ ਵੀ ਮਰਵਾ ਦਿੱਤਾ। ਫਿਰ ਲੜਕੀ ਦੇ ਚਾਚੇ ਨੂੰ ਜੇਲ੍ਹ ਵਿਚ ਡੱਕ ਦਿੱਤਾ, ਜਿਹੜਾ ਉਸਦੇ ਕੇਸ ਦੀ ਪੈਰਵਾਈ ਕਰ ਰਿਹਾ ਸੀ। ਇਥੇ ਹੀ ਬਸ ਨਹੀਂ ਜਦੋਂ ਲੜਕੀ ਤਾਰੀਕ ਤੇ ਆਪਣੀਆਂ ਰਿਸ਼ਤੇਦਾਰ ਔਰਤਾਂ ਨਾਲ ਜਾ ਰਹੀ ਸੀ ਤਾਂ ਕਾਰ ਉਪਰ ਟਰੱਕ ਚੜ੍ਹਾ ਦਿੱਤਾ,  ਜਿਸ ਵਿਚ 2 ਔਰਤਾਂ ਮਾਰੀਆਂ ਗਈਆਂ ਅਤੇ ਲੜਕੀ ਅਤੇ ਉਸਦਾ ਵਕੀਲ ਗੰਭੀਰ ਜ਼ਖਮੀ ਹੋ ਗਈ। ਕੁਲਦੀਪ ਸਿੰਘ ਸੰਗਰ ਜੇਲ੍ਹ ਵਿਚੋਂ ਹੀ ਸਾਰੀਆਂ ਕਾਰਵਾਈਆਂ ਕਰ ਰਿਹਾ ਹੈ। ਉਨਾਵ ਉਤਰ ਪ੍ਰਦੇਸ ਦਾ ਇਕ ਹੋਰ  ਕੇਸ 12 ਦਸੰਬਰ 2018 ਨੂੰ  25 ਸਾਲਾ ਲੜਕੀ ਨਾਲ ਦੋ ਲੜਕਿਆਂ ਨੇ ਬਲਾਤਕਾਰ ਕੀਤਾ, ਜਿਸਦਾ ਕੇਸ ਚਲ ਰਿਹਾ ਸੀ ਪ੍ਰੰਤੂ ਕੇਸ ਵਾਪਸ ਲੈਣ ਲਈ ਦਬਾਓ ਪਾਇਆ ਜਾ ਰਿਹਾ ਸੀ। ਲੜਕੀ ਨੇ ਜਵਾਬ ਦੇ ਦਿੱਤਾ ਤਾਂ ਜ਼ਮਾਨਤ ਤੇ ਆਏ ਦੋਸ਼ੀਆਂ ਨੇ ਲੜਕੀ ਉਪਰ ਤੇਲ ਪਾ ਕੇ ਸਾੜ ਦਿੱਤਾ, ਜਿਸਦੀ 7 ਦਸੰਬਰ 2019 ਨੂੰ ਸਫਦਰਜੰਗ ਹਸਪਤਾਲ ਦਿੱਲੀ ਵਿਚ ਮੌਤ ਹੋ ਗਈ। 17 ਜਨਵਰੀ 2018 ਨੂੰ ਜੰਮੂ ਕਸ਼ਮੀਰ ਦੇ ਕਥੂਆ ਦੇ ਨੇੜੇ ਰਾਸਨਾ ਪਿੰਡ ਵਿਚ 8 ਸਾਲਾ ਲੜਕੀ ਆਸਫਾ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਜਦੋਂ ਪੁਲਿਸ ਨੇ ਦੋਸ਼ੀਆਂ ਵਿਰੁਧ ਕੇਸ ਦਰਜ ਕਰ ਲਿਆ ਤਾਂ ਜੰਮੂ ਕਸ਼ਮੀਰ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਕੇਸ ਦਰਜ ਕਰਨ ਵਿਰੁੱਧ ਦਿੱਤੇ ਧਰਨੇ ਵਿਚ ਬੈਠ ਗਏ। ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ। ਸਕੂਲ ਪੱਧਰ ਤੋਂ ਬੱਚਿਆਂ ਨੂੰ ਨੈਤਿਕਤਾ ਅਤੇ ਸੈਕਸ ਦੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤਾਂ ਜੋ ਉਹ ਵੱਡੇ ਹੋ ਕੇ ਚੰਗੇ ਸ਼ਹਿਰੀ ਬਣ ਸਕਣ। ਝੂਠੇ ਮੁਕਾਬਲਿਆਂ ਵਿਚ ਕਥਿਤ ਦੋਸ਼ੀਆਂ ਨੂੰ ਮਾਰਨ ਦੀ ਥਾਂ ਸਹੀ ਪੜਤਾਲ ਕਰਕੇ ਸਜਾਵਾਂ ਦਿਵਾਉਣਾ ਪੁਲਿਸ ਦਾ ਕੰਮ ਹੈ। ਸਜਾਵਾਂ ਦੇਣੀਆਂ ਕਚਹਿਰੀਆਂ ਦਾ ਕੰਮ ਹੈ। ਸਮਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੜਕਿਆਂ ਨੂੰ ਨੈਤਿਕਤਾ ਦੀ ਸਿਖਿਆ ਦੇਣ ਤਾਂ ਜੋ ਅਜਿਹੀਆਂ ਬਲਾਤਕਾਰਾਂ ਦੀਆਂ ਘਿਨਾਉਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ - ਉਜਾਗਰ ਸਿੰਘ

ਰੌਸ਼ਨੀ ਦੀਆਂ ਕਿਰਚਾਂ ਜਸਦੇਵ ਜੱਸ ਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਇਸ 104 ਪੰਨਿਆਂ, 200 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਅਤੇ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਪੁਸਤਕ ਵਿਚ 13 ਕਹਾਣੀਆਂ ਹਨ, ਜਿਹੜੀਆਂ ਦਿਹਾਤੀ ਜੀਵਨ ਸ਼ੈਲੀ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਬ੍ਰਿਤਾਂਤਿਕ ਢੰਗ ਨਾਲ ਜਾਣਕਾਰੀ ਦਿੰਦੀਆਂ ਹਨ। ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਪਿੰਡਾਂ ਦੇ ਜੀਵਨ ਵਿਚ ਵਿਚਰ ਰਹੇ ਲੋਕਾਂ ਦੇ ਸਮਾਜਿਕ ਸਰੋਕਾਰਾਂ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਦੇ ਤਾਣੇ ਬਾਣੇ ਨਾਲ ਸੰਬੰਧਤ ਹਨ। ਇਸ ਪੁਸਤਕ ਦੀ ਸ਼ਬਦਾਵਲੀ ਦਿਹਾਤੀ, ਸਰਲ, ਸ਼ਪਸ਼ਟ, ਗਲਬਾਤੀ ਅਤੇ ਨਿਵੇਕਲੀ ਹੈ। ਕੁਝ ਕਹਾਣੀਆਂ ਨੂੰ ਛੱਡਕੇ ਬਾਕੀ ਕਹਾਣੀਆਂ ਵਿਚ ਅੱਗੇ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ। ਲਗਪਗ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਮਿਲਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਸਨੇ ਕਹਾਣੀਆਂ ਦੀ ਰੌਚਿਕਤਾ ਬਣਾਉਣ ਲਈ ਇਸ਼ਕ ਮੁਸ਼ਕ ਦੀਆਂ ਬਾਤਾਂ ਵੀ ਪਾਈਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਸਮਾਜਿਕਤਾ ਦੀ ਝਲਕ ਵੀ ਆਉਂਦੀ ਹੈ। ਇਸਤਰੀ ਅਤੇ ਮਰਦ ਵਿਚ ਆਪਸੀ ਮਿਲਣ ਦੀ ਖਿੱਚ ਕੁਦਰਤੀ ਹੁੰਦੀ ਹੈ, ਜਿਸ ਬਾਰੇ ਕਈ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਇਹ ਕਹਾਣੀਆਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ, ਉਨ੍ਹਾਂ ਨੂੰ ਵੀ ਦ੍ਰਿਸ਼ਟਾਂਤਿਕ ਢੰਗ ਨਾਲ ਪੇਸ਼ ਕਰਦੀਆਂ ਹਨ। ਦਿਹਾਤੀ ਪਰਿਵਾਰਾਂ ਵਿਚ ਬੰਦਸ਼ਾਂ ਅਧੀਨ ਜੀਵਨ ਬਸਰ ਕਰ ਰਹੀਆਂ ਲੜਕੀਆਂ ਅਤੇ ਉਨ੍ਹਾਂ ਦੇ ਰੁਮਾਂਸ ਕਰਨ ਦੇ ਢੰਗ ਦੀ ਪ੍ਰਵਿਰਤੀ ਵੀ ਦੱਸੀ ਗਈ ਹੈ। ਆਮ ਤੌਰ ਤੇ ਪੇਂਡੂ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੇ ਆਪਣੀ ਮਾਨਸਿਕ ਤ੍ਰਿਪਤੀ ਲਈ ਲੁਕ ਛਿਪ ਕੇ ਜਿਹੜੇ ਢੰਗ ਤਰੀਕੇ ਵਰਤਕੇ ਪੂਰਤੀ ਕਰਦੇ ਹਨ, ਉਸਦਾ ਪ੍ਰਗਟਾਵਾ ਵੀ ਇਸ ਪੁਸਤਕ ਦੀਆਂ ਕਹਾਣੀਆਂ ਕਰਦੀਆਂ ਹਨ। 'ਉਸ ਨੂੰ ਕਹੀਂ' ਸਿਰਲੇਖ ਵਾਲੀ ਕਹਾਣੀ ਵਿਚ ਦੀਪਾਂ ਅਤੇ ਉਸਦੀ ਸਹੇਲੀ ਅੰਜੂ ਦੋਵੇਂ ਇਕ ਦੂਜੀ ਤੋਂ ਚੋਰੀ ਇਕ ਲੜਕੇ ਨੂੰ ਪਿਆਰ ਕਰਦੀਆਂ ਹਨ। ਇਕ ਦੂਜੀ ਨਾਲ ਮਿਤਰਤਾ ਦੇ ਢੌਂਗ ਵਿਚ ਖ਼ਾਰ ਵੀ ਖਾਂਦੀਆਂ ਹਨ, ਜਿਸ ਨਾਲ ਲੜਕੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਸ ਲੜਕੇ ਦੀ ਪ੍ਰਾਪਤੀ ਲਈ ਦੋਵੇਂ ਇਕੋ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਉਸਨੂੰ ਆਪੋ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਦਿਹਾਤੀ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੀਆਂ ਦੇ ਮਿਲਣ ਨੂੰ ਵਰਜਿਤ ਵਿਖਾਇਆ ਗਿਆ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਰੌਸ਼ਨੀ ਦੀਆਂ ਕਿਰਚਾਂ' ਵਿਚ ਇਸਤਰੀ ਅਤੇ ਮਰਦ ਦੀ ਵਿਆਹੁਤਾ ਜੀਵਨ ਦਾ ਆਨੰਦ ਮਾਨਣ ਦੀ ਲਾਲਸਾ ਵਿਖਾਈ ਗਈ ਹੈ। ਇਸ ਰੌਸ਼ਨੀ ਦੀ ਪ੍ਰਾਪਤੀ ਲਈ ਕਿਸ ਪ੍ਰਕਾਰ ਦੋਵੇਂ ਤਰਲੋਮੱਛੀ ਹੁੰਦੇ ਰਹਿੰਦੇ ਹਨ। ਜੇਕਰ ਉਨ੍ਹਾਂ ਦੀ ਇਹ ਇੱਛਾ ਦੀ ਪ੍ਰਾਪਤੀ ਨਾ ਹੋਵੇ ਤਾਂ ਭਾਗੂ ਅਤੇ ਚੰਨੋਂ ਦੀ ਤਰ੍ਹਾਂ ਉਸਲਵੱਟੇ ਲੈਂਦੇ ਰਹਿੰਦੇ ਹਨ ਪ੍ਰੰਤੂ ਸਮਾਜਿਕ ਨੈਤਿਕਤਾ ਦਾ ਪੱਲਾ ਵੀ ਨਹੀਂ ਛੱਡਦੇ। ਦੁਨੀਆਂਦਾਰੀ ਵਿਚ ਵਿਚਰਦਿਆਂ ਲੁਕਣ ਮੀਟੀ ਖੇਡਦੇ ਹਨ। ਢਲਾਣ 'ਤੇ ਰੁਕੇ ਕਦਮ ਕਹਾਣੀ ਵਿਚ ਦਸਾਂ ਨਹੁਾੰਂ ਦੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਜਿਸ ਵਿਚ ਪ੍ਰੀਤਮ ਸਿੰਘ ਦੀ ਵਿਹਲਾ ਰਹਿਣ ਤੇ ਸੰਤੁਸ਼ਟੀ ਨਹੀਂ ਹੁੰਦੀ ਪ੍ਰੰਤੂ ਉਸਦੇ ਬੱਚੇ ਅਮੀਰ ਹੋਣ ਤੇ ਜਲਦੀ ਹੀ ਪੈਰ ਛੱਡ ਜਾਂਦੇ ਹਨ, ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਅਤੇ ਨਾਲ ਹੀ ਆਪਣੀ ਅਣਗਹਿਣੀ ਕਰਕੇ ਪਛਤਾਉਂਦੇ ਹਨ। 'ਬੁਝੇ ਹੋਏ' ਕਹਾਣੀ ਵਿਚ ਮਰਦ ਅਤੇ ਔਰਤ ਦੀਆਂ ਅਸੰਤੁਲਤ ਭਾਵਨਾਵਾਂ ਪਦਮਾ ਅਤੇ ਦੇਵ ਦੇ ਪਾਤਰਾਂ ਰਾਹੀਂ ਦ੍ਰਿਸ਼ਟਾਂਤ ਕੀਤਾ ਗਿਆ ਹੈ। ਪਦਮਾ ਨੂੰ ਇਕ ਬੁਝਾਰਤ ਤੇ ਗੁੰਝਲਦਾਰ ਇਸਤਰੀ ਦੇ ਕਿਰਦਾਰ ਪੇਸ਼ ਕੀਤਾ ਗਿਆ ਹੈ, ਜਿਸਦੀ ਮਾਨਸਿਕਤਾ ਨੂੰ ਦੇਵ ਸਮਝ ਹੀ ਨਹੀਂ ਸਕਿਆ। ਔਰਤ ਨੂੰ ਸਮਝਣਾ ਬੜਾ ਕਠਿਨ ਕੰਮ ਹੈ। ਇਸਤਰੀ ਭਾਵੇਂ ਪਤਨੀ ਜਾਂ ਪ੍ਰੇਮਿਕਾ ਦੇ ਰੂਪ ਵਿਚ ਹੋਵੇ ਤਾਂ ਉਹ ਮਰਦ ਤੇ ਬੰਦਸ਼ਾਂ ਦਾ ਟੋਕਰਾ ਟਿਕਾ ਦਿੰਦੀ ਹੈ। ਅਰਥਾਤ ਆਪਣੀ ਮਰਜੀ ਅਨੁਸਾਰ ਮਰਦ ਨੂੰ ਉਂਗਲਾਂ ਤੇ ਨਚਾਉਣਾ ਚਾਹੁੰਦੀ ਹੈ। ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲਦੀ ਹੈ। ਜਾਦੂ ਕਹਾਣੀ ਵਿਚ ਮੋਹੀ ਇਸਤਰੀ ਪਾਤਰ ਆਪਣੀ ਤ੍ਰਿਪਤੀ ਲਈ ਇਕ ਅੱਲ੍ਹੜ੍ਹ ਉਮਰ ਦੇ ਅਣਭੋਲ ਬੱਚੇ ਸ਼ਿੰਦੇ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਇਹ ਵੀ ਔਰਤ ਦੀ ਅਤ੍ਰਿਪਤੀ ਦੀ ਮੂੰਹ ਬੋਲਦੀ ਤਸਵੀਰ ਹੈ। ਰੁੱਸੇ ਹੋਏ ਕਹਾਣੀ ਵਿਚ ਦਾਰਾ ਅਤੇ ਉਸਦੀ ਪਤਨੀ ਪਾਰੋ ਦੇ ਦਾਰੇ ਦੇ ਸ਼ਰਾਬ ਪੀਣ ਕਰਕੇ ਕਾਟੋ ਕਲੇਸ਼ ਬਾਰੇ ਜਾਣਕਾਰੀ ਦਿੰਦੀ ਹੈ, ਜਿਹੜੀ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦੀ ਹੈ। ਇਸੇ ਤਰ੍ਹਾਂ ਤਿਲਕਣ ਸਿਰਲੇਖ ਵਾਲੀ ਕਹਾਣੀ ਵੀ ਫ਼ੌਜੀ ਪਤੀ ਦੇ ਘਰੋਂ ਬਾਹਰ ਰਹਿਣ ਦੀ ਤ੍ਰਾਸਦੀ ਦੀ ਵਿਵਰਣ ਦਿੰਦੀ ਹੋਈ ਇਹ ਦਰਸਾਉਂਦੀ ਹੈ ਕਿ ਪੀਤੋ ਆਪਣੇ ਪਤੀ ਦੇ ਵਿਛੋੜੇ ਵਿਚ ਤਿਲਮਲਾਉਂਦੀ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਉਹ ਕਦੀਂ ਸਾਈਂ ਬਾਬੇ ਅਤੇ ਕਦੀਂ ਦੀਪੇ ਨੂੰ ਆਪਣੀਆਂ ਭਾਵਨਾਵਾਂ ਦੀ ਪੂਰਤੀ ਲਈ ਸਾਧਨ ਬਣਾਉਣ ਦੇ ਉਪਰਾਲੇ ਕਰਦੀ ਹੈ ਪ੍ਰੰਤੂ ਸਮਾਜਿਕ ਨੈਤਿਕਤਾ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। 'ਪਿੰਡ ਵਾਲੀ' ਕਹਾਣੀ ਇਕ ਘਰਾਂ ਨੂੰ ਰੰਗ ਰੋਗਨ ਕਰਨ ਵਾਲੇ ਨੌਜਵਾਨ ਦੇ ਇਕਤਰਫਾ ਪਿਆਰ ਦੀ ਕਹਾਣੀ ਹੈ, ਜਿਸ ਵਿਚ ਉਹ ਜਦੋਂ ਇਕ ਪਿੰਡ ਵਿਚ ਆਪਣਾ ਕੰਮ ਕਰਨ ਲਈ ਜਾਂਦਾ ਹੈ ਤਾਂ ਇਕ ਸਾਹਮਣੇ ਘਰ ਵਿਚ ਰਹਿਣ ਵਾਲੀ ਲੜਕੀ ਦੇ ਮੁਸਕੜੀਂ ਹੱਸਣ ਨੂੰ ਗ਼ਲਤ ਸਮਝਣ ਤੇ ਇਕਤਰਫੇ ਪਿਆਰ ਵਿਚ ਅਜਿਹਾ ਫਸ ਜਾਂਦਾ ਹੈ ਕਿ ਉਸਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅਜਿਹੀਆਂ ਗ਼ਲਤ ਫਹਿਮੀਆਂਵਿਚ ਪੈ ਕੇ ਆਪਣੀ ਚੈਨ ਨਹੀਂ ਗੁਆਉਣੀ ਚਹੀਦੀ। 'ਤੂੰ ਕੌਣ ਤੇ ਮੈਂ ਕੌਣ' ਕਹਾਣੀ ਜ਼ਾਤ ਪਾਤ ਦੀ ਪ੍ਰਵਿਰਤੀ ਵਿਚ ਫਸੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਰਮਜੀਤ ਜੋ ਕਿ ਟਰੱਕ ਡਰਾਇਵਰ ਹੈ ਆਪਣੇ ਦੋਸਤ ਦੀ ਜ਼ਾਤ ਤੋਂ ਅਣਜਾਣ ਹੋਣ ਕਕੇ ਉਸ ਨਾਲ ਘੁਲ ਮਿਲ ਜਾਂਦਾ ਹੈ ਅਤੇ ਇਕੱਠਿਆਂ ਖਾਣਾ ਖਾਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਉਸਦੀ ਜ਼ਾਤ ਦਾ ਪਤਾ ਲਗਦਾ ਹੈ ਤਾਂ ਕਰੋਧਿਤ ਹੋ ਕੇ ਦੁੱਖੀ ਹੁੰਦਾ ਹੈ। ਮੌਤ ਦਾ ਚਿਹਰਾ ਇਸ ਪੁਸਤਕ ਦੀ ਆਖ਼ਰੀ ਕਹਾਣੀ ਹੈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਬਹਾਦਰ ਬਿਮਾਰ ਹੋ ਜਾਂਦਾ ਹੈ ਤਾਂ ਦੁੱਖ ਦੇ ਔਖੇ ਸਮੇਂ ਵਿਚ ਸਭ ਦੋਸਤ ਮਿਤਰ ਅਤੇ ਰਿਸ਼ਤੇਦਾਰ ਸਾਥ ਛੱਡ ਦਿੰਦੇ ਹਨ। ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤੇ ਵੀ ਬਾਤ ਨਹੀਂ ਪੁਛਦੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com

ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਵਿਸਾਰਿਆ ਬੇਗਾਨਿਆਂ ਦੁਲਾਰਿਆ - ਉਜਾਗਰ ਸਿੰਘ

ਭਾਰਤ ਸਰਕਾਰ ਨੇ ਕਾਫੀ ਜਕੋ-ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦੇ ਸਮਾਗਮ ਵਿਚ ਬੋਲਦਿਆਂ ਉਸਨੇ ਪਾਕਿਸਤਾਨ ਸਰਕਾਰ ਤੋਂ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਰੱਖ ਦਿੱਤੀ। ਲਾਂਘਾ ਖੁਲ੍ਹਣ ਨਾਲ ਨਵਜੋਤ ਸਿੰਘ ਸਿੱਧੂ ਦੀ ਚੜ੍ਹ ਮੱਚ ਗਈ। ਭਾਵੇਂ ਲਾਂਘਾ ਖੋਲ੍ਹਣ ਦਾ ਪ੍ਰਾਸੈਸ ਦੋਹਾਂ ਸਰਕਾਰਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਨੇ ਇਸਨੂੰ ਸੰਪੂਰਨ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ ਕਿਉਂਕਿ ਪਹਿਲ ਪਾਕਿਸਤਾਨ ਨੇ ਕੀਤੀ ਸੀ।   
ਰਾਜਨੀਤਕ ਪਾਰਟੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਸਮਾਗਮਾ ਤੋਂ ਦੂਰ ਰੱਖਕੇ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਸਦਾ ਇਸ ਲਾਂਘੇ ਦੇ ਖੁਲ੍ਹਣ ਵਿਚ ਕੋਈ ਯੋਗਦਾਨ ਨਹੀਂ ਪ੍ਰੰਤੂ ਸਰਕਾਰਾਂ ਸਿੱਖ ਸੰਗਤਾਂ ਦੇ ਦਿਲਾਂ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਨਹੀਂ ਸਕਦੀਆਂ। ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਕੁਝ ਸਿਆਸੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਇਹ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਉਤਾਰਕੇ ਆਪਣੇ ਸਿਰ ਬੰਨ੍ਹਣ ਵਿਚ ਲੱਗੀਆਂ ਹੋਈਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਣ ਹਨ, ਸਿੱਖ ਸੰਗਤ ਵੀ ਭਲੀ ਭਾਂਤ ਜਾਣਦੀ ਹੈ। ਕਰਤਾਰਪੁਰ ਲਾਂਘੇ ਦੇ ਸਮਾਗਮਾ ਵਿਚ ਭਾਰਤ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਣਡਿਠ ਕਰਨ ਤੋਂ ਇਉਂ ਜਾਪਦਾ ਹੈ ਕਿ "ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਨੇ ਵਿਸਾਰਿਆ ਪ੍ਰੰਤੂ ਬੇਗਾਨਿਆਂ ਨੇ ਦੁਲਾਰਿਆ ਹੋਵੇ'' ਕਿਉਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਉਸਨੂੰ ਸੱਦਾ ਪੱਤਰ ਦੇ ਕੇ ਨਿਵਾਜਿਆ ਹੈ। 72 ਸਾਲਾਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੋਲ੍ਹਣ ਦਾ ਸਿੱਖ ਸੰਗਤ ਦਾ ਸੁਪਨਾ ਸਾਕਾਰ ਹੋ ਗਿਆ ਹੈ। 72 ਸਾਲਾਂ ਤੋਂ ਸਿੱਖ ਸੰਸਾਰ ਦੇ ਸਾਰੇ ਗੁਰੂ ਘਰਾਂ ਵਿਚ ਦਰਸ਼ਨਾ ਤੋਂ ਵਾਂਝੀ ਸੰਗਤ ਨੂੰ ਦਰਸ਼ਨੇ ਦੀਦਾਰ ਕਰਨ ਦੀ ਅਰਦਾਸ ਕਰਦੀ ਆ ਰਹੀ ਸੀ। ਜੇਕਰ ਸਹੀ ਅਰਥਾਂ ਵਿਚ ਸਿੱਖ ਸੰਗਤ ਦੀ ਬਾਂਹ ਫੜੀ ਹੈ ਤਾਂ ਉਹ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ, ਜਿਨ੍ਹਾਂ ਇਹ ਜ਼ਿੰਮੇਵਾਰੀ ਆਪਣੀ ਅਪਾਰ ਕਿਰਪਾ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਲਗਾਈ, ਉਨ੍ਹਾਂ ਦੇ ਉਦਮ ਸਦਕਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਦਾ ਮੌਕਾ ਸਿੱਖ ਸੰਗਤ ਨੂੰ ਮਿਲਿਆ ਹੈ। ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਦੇ ਯੋਗਦਾਨ ਨੂੰ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਸੀ। ਜਦੋਂ ਨਵਜੋਤ ਸਿੰਘ ਸਿੱਧੂ 18 ਅਗਸਤ 2018 ਨੂੰ ਆਪਣੇ ਕਰਿਕਟਰ ਦੋਸਤ ਜਨਾਬ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ ਲਈ ਗਏ ਤਾਂ ਉਥੇ ਉਨ੍ਹਾਂ ਦੇ ਕੰਨ ਵਿਚ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵੇਂ ਪ੍ਰਧਾਨ ਮੰਤਰੀ ਦੀ ਇਹ ਇੱਛਾ ਦੱਸੀ ਕਿ ਉਹ ਸਿੱਖ ਜਗਤ ਦੀ ਚਿਰਾਂ ਤੋਂ ਲਟਕਦੀ ਆ ਰਹੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਦੀਦਾਰ ਦੀ ਮੰਗ ਪੂਰੀ ਕਰਨਾ ਚਾਹੁੰਦੇ ਹਨ ਤਾਂ ਖ਼ੁਸ਼ੀ ਵਿਚ ਨਵਜੋਤ ਸਿੰਘ ਸਿੱਧੂ ਨੇ ਉਸਨੂੰ ਕਲਾਵੇ ਵਿਚ ਲੈ ਲਿਆ। ਇਹ ਇਕ ਕੁਦਰਤੀ ਗੱਲ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਖ਼ਬਰ ਸੁਣਕੇ ਭਾਵਨਾਵਾਂ ਵਿਚ ਬਹਿ ਗਿਆ ਅਤੇ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋ ਗਿਆ।
ਭਾਰਤ ਅਤੇ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਪਾਉਣ ਵਾਲੀ ਤਸਵੀਰ ਪ੍ਰਕਾਸ਼ਤ ਕੀਤੀ ਕਿਉਂਕ ਇਹ ਖ਼ਬਰ ਹੀ ਬਹੁਤ ਵੱਡੀ ਸੀ। ਸੰਸਾਰ ਵਿਚ ਬੈਠੇ ਸਾਰੇ ਸਿੱਖ ਜਗਤ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ, ਜਿਸ ਕਰਕੇ ਉਨ੍ਹਾਂ ਨੇ ਇਸ ਖ਼ਬਰ ਦੀ ਅਥਾਹ ਪ੍ਰਸੰਸਾ ਕੀਤੀ। ਸਿੱਖ ਜਗਤ ਇਕ ਕਿਸਮ ਨਾਲ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦਾ ਰਿਣੀ ਹੋ ਗਿਆ। ਹੈਰਾਨੀ ਉਦੋਂ ਹੋਈ ਜਦੋਂ ਸਿੱਖ ਜਗਤ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨਾਲ ਜੱਫੀ ਪਾਉਣ ਦੀ ਘੋਰ ਨਿੰਦਿਆ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਗਰਦਾਨ ਦਿੱਤਾ। ਲਾਂਘਾ ਖੁਲ੍ਹਣ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦੀ ਪ੍ਰਸੰਸਾ ਕਰਨ ਤੇ ਨਿੰਦਿਆ ਕੀਤੀ ਹੈ। ਉਨ੍ਹਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਸੰਸਾ ਬਰਦਾਸ਼ਤ ਨਹੀਂ ਹੋ ਰਹੀ ਸੀ। ਪਾਕਿਸਤਾਨ ਸਰਕਾਰ ਦੇ ਲਾਂਘਾ ਖੋਲ੍ਹਣ ਦੇ ਫ਼ੈਸਲੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦਾ ਸਿਆਸੀ ਕੱਦ ਬੁੱਤ ਉਚੇਰਾ ਹੋ ਗਿਆ ਜੋ ਕਿ ਸਿਆਸਤਦਾਨਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
ਲਾਂਘਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਸਭ ਤੋਂ ਵੱਡਾ ਯੋਗਦਾਨ ਜਨਰਲ ਕਮਰ ਜਾਵੇਦ ਬਾਜਵਾ ਦਾ ਹੈ, ਜਿਸਨੇ ਨਿੱਜੀ ਦਿਲਚਸਪੀ ਲੈ ਕੇ ਇਹ ਪ੍ਰਾਜੈਕਟ 11 ਮਹੀਨੇ ਵਿਚ ਮੁੁਕੰਮਲ ਕਰਵਾਇਆ ਜਦੋਂ ਕਿ ਸਾਰੀਆਂ ਕਨਸਟਰਕਸ਼ਨ ਕੰਪਨੀਆਂ ਨੇ ਇਤਨਾ ਵੱਡਾ ਪ੍ਰਾਜੈਕਟ ਮੁਕੰਮਲ ਕਰਨ ਲਈ 5 ਸਾਲ ਦਾ ਸਮਾਂ ਮੰਗਿਆ ਸੀ। ਜਨਰਲ ਬਾਜਵਾ ਨੇ ਇਹ ਸਾਰਾ ਕੰਮ ਆਪਣੇ ਹੱਥ ਲੈ ਲਿਆ ਅਤੇ ਇਸਦਾ ਠੇਕਾ ਸੇਵਾ ਮੁਕਤ ਫ਼ੌਜੀਆਂ ਦੀ "ਫਰੰਟੀਅਰ ਵਰਕਸ ਆਰਗੇਨਾਈਜੇਸ਼ਨ'' ਨੂੰ ਦੇ ਦਿੱਤਾ ਜੋ ਪਾਕਿਸਤਾਨ ਦੀ ਫ਼ੌਜ ਦੇ ਅਧੀਨ ਕੰਮ ਕਰਦੀ ਹੈ। ਇਸ ਪ੍ਰਾਜੈਕਟ ਉਪਰ 20 ਅਰਬ ਰੁਪਿਆ ਖ਼ਰਚ ਆਇਆ, ਉਹ ਸਾਰਾ ਖ਼ਰਚਾ ਫ਼ੌਜ ਨੇ ਦਿੱਤਾ ਹੈ। ਫ਼ੌਜ ਮੁਖੀ ਨਾਲ ਸਿੱਧੂ ਦੀ ਜੱਫੀ ਦਾ ਕੁਝ ਸਿਆਸਤਦਾਨਾ ਨੂੰ ਦੁੱਖ ਹੋਇਆ ਉਸੇ ਜਨਰਲ ਨੇ ਇਹ ਕੰਮ ਮੁਕੰਮਲ ਕਰਵਾਇਆ। ਨਵਜੋਤ ਸਿੰਘ ਸਿੱਧੂ ਨੂੰ ਵੀ ਗ਼ੈਰ ਜ਼ਰੂਰੀ ਵਾਦਵਿਵਾਦ ਵਾਲੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਮਰਾਨ ਖ਼ਾਨ ਨੂੰ ਵੀ ਗੁਰੂ ਘਰ ਦੇ ਸਮਾਗਮ ਵਿਚ ਧਾਰਾ 370 ਵਾਲਾ ਬਿਆਨ ਨਹੀਂ ਦੇਣਾ ਚਾਹੀਦਾ ਸੀ।
ਭਾਰਤ ਸਰਕਾਰ ਲਈ ਪਾਕਿਸਤਾਨ ਦੇ ਫ਼ੈਸਲੇ ਤੋਂ ਬਾਅਦ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣ ਗਈ ਸੀ, ਜੇਕਰ ਉਹ ਹਾਂ ਪੱਖੀ ਫ਼ੈਸਲਾ ਨਹੀਂ ਕਰਦੇ ਤਾਂ ਸਿੱਖ ਜਗਤ ਵਿਚ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਵਿਦਰੋਹ ਹੋਣ ਦੀ ਆਸ ਹੋ ਗਈ ਸੀ। ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰਖਦਿਆਂ ਭਾਰਤ ਸਰਕਾਰ ਨੇ ਤੁਰੰਤ ਰਾਤੋ ਰਾਤ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਾਂਘਾ ਖੋਲ੍ਹਣ ਦਾ ਫ਼ੈਸਲਾ ਕਰ ਦਿੱਤਾ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 26 ਨਵੰਬਰ 2018 ਨੂੰ ਨੀਂਹ ਪੱਥਰ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਤੋਂ ਰਖਵਾਇਆ। ਹੈਰਾਨੀ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਵਿਚ ਬੁਲਾਇਆ ਹੀ ਨਹੀਂ ਗਿਆ। ਅਕਾਲੀ ਦਲ ਜਿਸਦੇ ਨੇਤਾਵਾਂ ਦੀ ਸਮਾਗਮ ਵਿਚ ਸਟੇਜ ਤੇ ਬੈਠਣ ਦੀ ਕੋਈ ਪ੍ਰੋਟੋਕੋਲ ਹੀ ਨਹੀਂ ਸੀ, ਉਸਦੇ ਪ੍ਰਧਾਨ ਨੂੰ ਸਟੇਜ ਤੇ ਬਿਠਾਇਆ ਗਿਆ ਜਦੋਂ ਕਿ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸਦਾ ਵਿਰੋਧ ਕੀਤਾ ਸੀ। ਇਹ ਸੀ ਸਿਆਸੀ ਲਾਹਾ ਲੈਣ ਦੀ ਕਵਾਇਦ ਜਿਹੜੀ ਕੇਂਦਰ ਸਰਕਾਰ ਨੇ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਹੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਭਾਰਤ ਸਰਕਾਰ ਵੱਲੋਂ ਨੀਂਹ ਪੱਥਰ ਅਤੇ ਉਦਘਾਟਨੀ ਸਮਾਗਮਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਅਣਹੋਂਦ ਰੜਕਦੀ ਰਹੀ। ਪਾਕਿਸਤਾਨ ਸਰਕਾਰ ਨੇ 28 ਨਵੰਬਰ 2018 ਨੂੰ ਲਾਂਘੇ ਦਾ ਪਾਕਿਸਤਾਨ ਵਿਚ ਨੀਂਹ ਪੱਥਰ ਰੱਖਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਉਹੀ ਭਾਰਤੀ ਜਨਤਾ ਪਾਰਟੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਕਰਨ ਲਈ ਦੇਸ਼ ਦਾ ਗ਼ਦਾਰ ਕਹਿੰਦੇ ਸੀ, ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਅੱਡੀਆਂ ਚੁੱਕ ਕੇ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੀ ਦੋਗਲੀ ਨੀਤੀ ਦਾ ਉਦੋਂ ਪਰਦਾ ਫਾਸ਼ ਹੋ ਗਿਆ ਜਦੋਂ ਉਨ੍ਹਾਂ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਸਰਕਾਰ ਦੇ ਸੋਹਲੇ ਗਾਏ। ਸਿਆਸਤਦਾਨਾ ਦੀ ਲਾਂਘਾ ਖੁਲ੍ਹਣ ਦਾ ਸਿਹਰਾ ਆਪੋ ਆਪਣੇ ਸਿਰ ਬੰਨ੍ਹਣ ਦੀ ਭੁੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਤੇ ਆਯੋਜਤ ਕਰਨ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੀ ਸਾਂਝੀਵਾਲਤਾ ਦਾ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਸਾਂਝੀਵਾਲਤਾ ਦੀ ਥਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਆਸਤ ਕਰਨ ਲੱਗ ਗਈਆਂ ਅਤੇ ਇਸ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਲਾਹਕੇ ਆਪੋ ਆਪਣੇ ਸਿਰ ਬੰਨ੍ਹਣਾ ਚਾਹੁੰਦੀਆਂ ਹਨ। ਨਵਜੋਤ ਸਿੱਧੂ ਦੇ ਇਤਿਹਾਸਕ ਯੋਗਦਾਨ ਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਰੋਕ ਨਹੀਂ ਸਕਣਗੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਇਕ ਮੰਚ ਤੋਂ ਇਹ ਪੁਰਬ ਮਨਾਉਣ ਦੀ ਤਾਕੀਦ ਕੀਤੀ ਸੀ। ਇਸ ਤੋਂ ਪਹਿਲਾਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ, ਉਹ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਤੇ ਆਈਆਂ ਸਨ। ਉਨ੍ਹਾਂ ਦੇ ਸਾਰੇ ਪ੍ਰਬੰਧ ਜਿਸ ਵਿਚ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਜਾਂ ਹੋਰ ਸੀਨੀਅਰ ਮੰਤਰੀ ਸ਼ਾਮਲ ਹੋਏ ਸਨ, ਪੰਜਾਬ ਸਰਕਾਰ ਨੇ ਕੀਤੇ ਸਨ। ਇਹ ਪ੍ਰੋਟੋਕੋਲ ਵੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਪ੍ਰਬੰਧ ਪੰਜਾਬ ਸਰਕਾਰ ਕਰੇ। ਹੁਣ ਤੱਕ ਸਰਕਾਰ ਕਰਦੀ ਆਈ ਹੈ।
ਸਿਆਸੀ ਪਾਰਟੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਦੇ ਉਨ੍ਹਾਂ ਨੂੰ ਸਾਰੀ ਉਮਰ ਇਹ ਮੌਕੇ ਮਿਲਦੇ ਰਹਿਣਗੇ ਪ੍ਰੰਤੂ ਉਨ੍ਹਾਂ ਦੇ ਜੀਵਨ ਵਿਚ 550ਵਾਂ ਪ੍ਰਕਾਸ਼ ਪੁਰਬ ਮੁੜਕੇ ਨਹੀਂ ਆਉਣਾ। ਇਕ ਹੋਰ ਗੱਲ ਸੋਚਣ ਵਾਲੀ ਹੈ ਕਿ ਇਸ ਲਾਂਘੇ ਦੇ ਖੁਲ੍ਹਣ ਨਾਲ ਭਾਰਤ ਦੇ ਪਾਕਿਸਤਾਨ ਦੇ ਸੰਬੰਧਾਂ ਦੇ ਸੁਧਰਨ ਦੀ ਆਸ ਬੱਝੇਗੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਲਾਂਘਾ ਖੋਲ੍ਹਣ ਵਿਚ ਮੇਹਰ ਹੋ ਸਕਦੀ ਹੈ ਤਾਂ ਸੰਬੰਧਾਂ ਦੇ ਸੁਧਰਨ ਵਿਚ ਵੀ ਮੇਹਰ ਜ਼ਰੂਰ ਹੋਵੇਗੀ। ਜੇ ਸੰਬੰਧ ਸੁਧਰਨਗੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ।
          ਪਾਕਿਸਤਾਨ ਸਰਕਾਰ ਨੇ ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਉਦਘਾਟਨ ਤੇ ਬੁਲਾਕੇ ਮਾਨ ਸਨਮਾਨ ਕੀਤਾ ਹੈ। ਭਾਰਤ ਸਰਕਾਰ ਨੇ ਅਜਿਹੀ ਨੀਤੀ ਅਪਣਾਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸਹਿਯੋਗ ਅਤੇ ਸਾਂਝੀਵਾਲਤਾ ਦੇ ਸੰਦੇਸ਼ ਦੀ ਉਲੰਘਣਾ ਕੀਤੀ ਹੈ। ਸਿੱਖ ਜਗਤ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦੇ ਯੋਗਦਾਨ ਦੀ ਹਮੇਸ਼ਾ ਰਿਣੀ ਰਹੇਗੀ ਕਿਉਂਕਿ ਉਨ੍ਹਾਂ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਸੁਧਰਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ।

ਮੋਬਾਈਲ - 94178 13072
ujagarsingh48@yahoo.com

ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ "ਪਾਰਲੇ ਪੁਲ'' - ਉਜਾਗਰ ਸਿੰਘ

ਸੁਰਜੀਤ ਪੰਜਾਬੀ ਦੀ ਸੰਜੀਦਾ, ਚਿੰਤਕ, ਸੁਘੜ ਅਤੇ ਸਮਤੁਲ ਸਾਹਿਤਕਾਰ ਹੈ। ਉਹ ਕਵਿਤਾ ਅਤੇ ਕਹਾਣੀ ਲਿਖਦੀ ਹੀ ਨਹੀਂ ਸਗੋਂ ਆਪ ਕਵਿਤਾ ਅਤੇ ਕਹਾਣੀ ਬਣਕੇ ਜ਼ਿੰਦਗੀ ਵਿਚ ਵਿਚਰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਇਕੋ ਜਹੀ ਹੈ। ਕਹਿਣੀ ਤੇ ਕਰਨੀ ਦੀ ਪ੍ਰਤੀਕ ਹੈ। ਉਸਨੇ ਹੁਣ ਤੱਕ 3 ਕਾਵਿ ਸੰਗ੍ਰਹਿ ਸ਼ਿਕਸਤ ਰੰਗ, ਹੇ ਸਖੀ ਅਤੇ ਵਿਸਮਾਦ ਪ੍ਰਕਾਸ਼ਤ ਕੀਤੇ ਹਨ। ਸ਼ਿਕਸਤ ਰੰਗ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਤ ਹੋਇਆ ਹੈ। ਇਕ ਕਾਵਿ ਸੰਗ੍ਰਹਿ ਕੂੰਜਾਂ ਦੀ ਸਹਿ ਸੰਪਾਦਨਾ ਕੀਤੀ ਹੈ। ਮੁੱਢਲੇ ਤੌਰ ਤੇ ਉਹ ਕਵਿਤਰੀ ਹੈ ਪ੍ਰੰਤੂ ਪਾਰਲੇ ਪੁਲ ਉਸਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਕਵਿਤਰੀ ਹੋਣ ਕਰਕੇ ਉਸਦੀਆਂ ਕਹਾਣੀਆਂ ਦੀ ਸ਼ੈਲੀ ਵੀ ਕਾਵਿਕ ਹੀ ਹੈ, ਜਿਸ ਕਰਕੇ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਭਾਵੇਂ ਉਸਨੇ ਸਕੂਲ ਸਮੇਂ ਵਿਚ ਹੀ ਕਵਿਤਾਵਾਂ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ ਇਨ੍ਹਾਂ ਨੂੰ ਪੁਸਤਕ ਦੇ ਰੂਪ ਵਿਚ 2005 ਵਿਚ ਲਿਆਂਦਾ ਸੀ। ਉਸਦੀਆਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਪਰਵਾਸ ਵਿਚ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਜ਼ਮੀਨੀ ਹਕੀਕਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪਰਵਾਸ ਵਿਚ ਵੀ ਉਸਨੇ ਕਈ ਦੇਸ਼ਾਂ ਵਿਚ ਰਹਿੰਦਿਆਂ ਜਦੋਜਹਿਦ ਵਾਲਾ ਜੀਵਨ ਬਸਰ ਕੀਤਾ ਹੈ। ਜ਼ਿੰਦਗੀ ਦੇ ਇਸ ਸਫਰ ਵਿਚ ਅਨੇਕਾਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਅਤੇ ਪਰਵਾਸ ਵਿਚ ਵਿਚਰਦਿਆਂ ਜਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਕੀਤੇ, ਉਸੇ ਤਜਰਬੇ ਦੇ ਆਧਾਰ ਤੇ ਉਨ੍ਹਾਂ ਨੂੰ ਆਪਣੀ ਇਸ ਪੁਸਤਕ ਵਿਚ ਕਹਾਣੀਆਂ ਦੇ ਰੂਪ ਵਿਚ ਪੇਸ਼ ਕੀਤਾ ਹੈ। 128 ਪੰਨਿਆਂ, 200 ਰੁਪਏ ਕੀਮਤ, 10 ਕਹਾਣੀਆਂ ਵਾਲੀ ਇਹ ਪੁਸਤਕ ਪਰਵਾਜ਼ ਪਬਲੀਕੇਸ਼ਨ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੀਆਂ ਦੋ ਕਹਾਣੀਆਂ ਜਗਦੀਆਂ ਅੱਖਾਂ ਦਾ ਤਲਿੱਸਮ ਅਤੇ ਲੋਹ-ਪੁਰਸ਼ ਦੋ ਵਿਅਕਤੀਆਂ ਦੀ ਜ਼ਿੰਦਗੀ ਪ੍ਰਤੀ ਬਚਨਬੱਧਤਾ ਦਾ ਸਬੂਤ ਹਨ ਪ੍ਰੰਤੂ ਸੁਰਜੀਤ ਨੇ ਉਨ੍ਹਾਂ ਨੂੰ ਅਜਿਹੀ ਸ਼ਬਦਾਬਲੀ ਦਿੱਤੀ ਹੈ ਕਿ ਪਾਠਕ ਵਿਚ ਉਨ੍ਹਾਂ ਨੂੰ ਪੜ੍ਹਦਿਆਂ ਰੌਚਿਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ?
ਇਸ ਪੁਸਤਕ ਦੇ ਨਾਂ ਵਾਲੀ ਪਹਿਲੀ ਕਹਾਣੀ ਪਾਰਲੇ ਪੁਲ ਹੈ, ਜਿਸ ਵਿਚ ਲੇਖਕਾ ਨੇ ਅਮਰੀਕਾ ਵਿਚ ਰਹਿੰਦਿਆਂ ਸਮਾਜਿਕ ਤਾਣੇ ਬਾਣੇ ਬਾਰੇ ਜੋ ਮਹਿਸੂਸ ਕੀਤਾ ਹੈ, ਉਸਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਹੈ। ਮੁੱਢਲੇ ਤੌਰ ਤੇ ਅਮਰੀਕਾ ਦੀ ਦੋਗਲੀ ਨੀਤੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਪ੍ਰਬੰਧ ਸੰਸਾਰ ਦੇ ਹੋਰ ਦੇਸ਼ਾਂ ਵਿਚ ਹੋ ਰਹੀਆਂ ਹਿੰਸਕ ਕਾਰਵਾਈਆਂ ਨੂੰ ਸੰਜੀਦਗੀ ਨਾਲ ਨਹੀਂ ਲੈਂਦੀ ਪ੍ਰੰਤੂ ਜਦੋਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਵਰਲਡ ਟਰੇਡ ਸੈਂਟਰ ਉਤੇ ਹਮਲਾ ਹੁੰਦਾ ਹੈ ਤਾਂ ਉਸਨੂੰ ਸੰਸਾਰ ਵਿਚ ਸਭ ਤੋਂ ਵੱਡੀ ਹਿੰਸਕ ਕਾਰਵਾਈ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਲੇਖਕਾ ਦਾ ਭਾਵ ਹੈ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਵਿਚ ਡੁਲ੍ਹਣ ਵਾਲਾ ਖ਼ੂਨ ਸਾਰੇ ਸੰਸਾਰ ਦੇ ਲੋਕਾਂ ਦਾ ਇਕੋ ਜਿਹਾ ਹੁੰਦਾ ਹੈ। ਇਹ ਲੇਖਕਾ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਦਾ ਪ੍ਰਗਟਾਵਾ ਕਰਦਾ ਹੈ। ਸੁਰਜੀਤ ਦੀ ਇਸ ਕਹਾਣੀ ਦੀ ਕਮਾਲ ਇਹ ਹੈ ਕਿ ਇਸ ਵਿਚ ਬਹੁਤ ਮਹੱਤਵਪੁੂਰਨ ਵਿਸ਼ਿਆਂ ਨੂੰ ਲਿਆ ਗਿਆ ਹੈ। ਇਹ ਕਹਾਣੀ ਕਿਸੇ ਇਕ ਵਿਸ਼ੇ ਦੇ ਆਲੇ ਦੁਆਲੇ ਨਹੀਂ ਘੁੰਮਦੀ। ਇਸ ਵਿਚ ਨਸਲੀ ਵਿਤਕਰੇ, ਪਰਵਾਸੀਆਂ ਦੀ ਰੋਜ਼ੀ ਰੋਟੀ ਲਈ ਜਦੋਜਹਿਦ, ਮਾਂ ਬਾਪ ਦੀ ਬੱਚਿਆਂ ਵੱਲੋਂ ਅਣਗਹਿਲੀ ਕਰਕੇ ਇਕੱਲਤਾ, ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਅਤੇ ਉਨ੍ਹਾਂ ਦੇ ਕਿਰਿਆ ਕਰਮਾ ਦਾ ਪਾਖੰਡ ਨੂੰ ਵਿਸ਼ੇ ਬਣਾਇਆ ਗਿਆ ਹੈ। ਪਰਵਾਸੀ ਬਹੁਤ ਜਲਦੀ ਆਪਣੀ ਵਿਰਾਸਤ ਨੂੰ ਭੁੱਲਕੇ ਪੈਰ ਛੱਡਕੇ ਗੋਰਿਆਂ ਦੀ ਨਕਲ ਕਰਨ ਵਰਗੇ ਪਾਖੰਡ ਕਰਨ ਲੱਗ ਜਾਂਦੇ ਹਨ। ਇਨਸਾਨਾ ਨਾਲੋਂ ਜਾਨਵਰਾਂ ਦੇ ਜੀਵਨ ਨੂੰ ਬਿਹਤਰ ਸਮਝਿਆ ਜਾਂਦਾ ਹੈ ਕਿਉਂਕਿ ਗੋਰੇ ਲੋਕ ਸਮਾਜਿਕ ਰਿਸ਼ਤਿਆਂ ਦੇ ਨਿੱਘ ਦਾ ਆਨੰਦ ਮਾਨਣ ਤੇ ਰਿਸ਼ਤਿਆਂ ਦੇ ਬੰਧਨ ਵਿਚ ਬੱਝਕੇ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾਂਉਂਦੇ ਹਨ।

ਆਇਲਨ ਤੇ ਐਵਨ ਕਹਾਣੀ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਕਹਾਣੀ ਹੈ। ਇਕ ਪਾਸੇ ਦੇਸ਼ਾਂ ਦੇ ਘਰੇਲੂ ਯੁਧਾਂ ਕਰਕੇ ਆਇਲਨ ਅਤੇ ਉਸਦੇ ਪਰਿਵਾਰ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਆਇਲਨ ਦੀ ਸਮੁੰਦਰ ਦੇ ਕੰਢੇ ਪਈ ਲਾਸ਼ ਨੂੰ ਵੇਖਕ ਲੋਕ ਤ੍ਰਾਹ ਤ੍ਰਾਹ ਕਰਦੇ ਹਨ ਪ੍ਰੰਤੂ ਉਥੋਂ ਦੇ ਲੋਕ ਉਸਨੂੰ ਬਚਾ ਨਾ ਸਕੇ। ਦੂਜੇ ਪਾਸੇ ਐਵਨ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗਣ ਤੇ ਉਸਦੀ ਜ਼ਿੰਦਗੀ ਵਿਚ ਰੰਗ ਭਰਨ ਲਈ ਉਸਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤਾਂ ਜੋ ਉਸ ਨੂੰ ਖ਼ੁਸ਼ ਰੱਖਣ ਲਈ ਉਸਦੇ ਮਰਨ ਤੋਂ ਪਹਿਲਾਂ ਹੀ ਕ੍ਰਿਸਮਸ ਦਾ ਤਿਓਹਾਰ ਮਨਾਕੇ ਇਕਮੁਠਤਾ ਦਾ ਸਬੂਤ ਦਿੱਤਾ। ਦੋਵੇਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਹਨ। ਪਰਵਾਸ ਵਿਚ ਵਾਪਰ ਰਹੀਆਂ ਹਿੰਸਕ ਤੇ ਨਸਲੀ ਘਟਨਾਵਾਂ ਵੀ ਇਸ ਕਹਾਣੀ ਵਿਚ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਐਮਰਜੈਂਸੀ ਰੂਮ ਕਹਾਣੀ ਵਿਚ ਸੁਰਜੀਤ ਨੇ ਇਹ ਦੱਸਿਆ ਹੈ ਕਿ ਕੈਨੇਡਾ ਦੀਆਂ ਸਿਹਤ ਸਹੂਲਤਾਂ ਭਾਵੇਂ ਬਿਹਤਰੀਨ ਹਨ ਪ੍ਰੰਤੂ ਐਮਰਜੈਂਸੀ ਵਿਚ ਵੀ ਆਪੋ ਆਪਣੀ ਵਾਰੀ ਅਨੁਸਾਰ ਹੀ ਮਰੀਜ ਵੇਖੇ ਜਾਂਦੇ ਹਨ। ਵਾਰੀ ਤੋੜਕੇ ਕਿਸੇ ਮਰੀਜ ਨੂੰ ਅਟੈਂਡ ਨਹੀਂ ਕੀਤਾ ਜਾਂਦਾ ਭਾਵੇਂ ਉਹ ਕਿਤਨਾ ਵੀ ਮਰਨ ਕਿਨਾਰੇ ਹੋਵੇ। ਇਥੋਂ ਤੱਕ ਕਿ ਕਈ ਮਰੀਜ਼ ਵਾਰੀ ਦੀ ਉਡੀਕ ਕਰਦੇ ਹੀ ਸਵਰਗ ਸਿਧਾਰ ਜਾਂਦੇ ਹਨ। ਇਸ ਕਹਾਣੀ ਵਿਚ ਪੰਜਾਬੀਆਂ ਵੱਲੋਂ ਪਰਵਾਸ ਵਿਚ ਵਸਣ ਲਈ ਵਰਤੇ ਜਾ ਰਹੇ ਗ਼ਲਤ ਹੱਥਕੰਡਿਆਂ ਬਾਰੇ ਵੀ ਦਰਸਾਇਆ ਗਿਆ ਹੈ। ਪੰਜਾਬੀ ਨਸ਼ੇ ਆਦਿ ਦੇ ਚਕਰਾਂ ਵਿਚ ਪੈ ਕੇ ਬਦਨਾਮੀ ਖੱਟ ਰਹੇ ਹਨ, ਜਿਸ ਕਰਕੇ ਪੰਜਾਬੀਆਂ ਦਾ ਅਕਸ ਸੰਸਾਰ ਵਿਚ ਖਰਾਬ ਹੋ ਰਿਹਾ ਹੈ। ਇਸਦੇ ਨਾਲ ਹੀ ਕੈਨੇਡਾ ਦੇ ਬਹੁਪਰਤੀ ਸਭਿਆਚਾਰ ਦੀ ਪ੍ਰਸੰਸਾ ਕੀਤੀ ਗਈ ਹੈ।
ਸੁਰਖ਼ ਸਵੇਰ ਕਹਾਣੀ ਵਿਚ ਭਾਰਤੀ ਪਰਿਵਾਰ ਜਦੋਂ ਕੈਨੇਡਾ ਜਾਂਦੇ ਹਨ ਤਾਂ ਉਹ ਬਾਗੋ ਬਾਗ ਹੋ ਜਾਂਦੇ ਹਨ ਪ੍ਰੰਤੂ ਉਥੇ ਜਾ ਕੇ ਸੈਟਲ ਹੋਣ ਲਈ ਅਨੇਕਾਂ ਵੇਲਣ ਵੇਲਦੇ ਹਨ। ਕੈਨੇਡਾ ਵਸਣ ਤੋਂ ਬਾਅਦ ਕੁਝ ਭਾਰਤੀ ਆਪਣੇ ਸਭਿਆਚਾਰ ਤੋਂ ਮੁਨਕਰ ਹੋ ਜਾਂਦੇ ਹਨ। ਰਿਸ਼ਤਿਆਂ ਵਿਚ ਗਿਰਾਵਟ ਆ ਜਾਂਦੀ ਹੈ। ਕੈਨੇਡਾ ਦੇ ਰੰਗ ਵਿਚ ਰੰਗਕੇ ਆਪਣੀ ਵਿਰਾਸਤ ਨੂੰ ਵੀ ਅਣਡਿਠ ਕਰ ਜਾਂਦੇ ਹਨ। ਸਿਮਰਨ ਕੌਰ ਵਿਰਦੀ ਸਿਮੋਨ ਬਣ ਜਾਂਦੀ ਹੈ। ਪਤੀ ਦੀ ਮੌਤ ਤੋਂ ਬਾਅਦ ਇਕੱਲੇਪਣ ਦੀ ਰੋਗੀ ਹੋ ਜਾਂਦੀ ਹੈ। ਉਸਦਾ ਸਪੁੱਤਰ ਕਰਨ ਅਤੇ ਨੂੰਹ ਜੈਸਮਿਨ ਸਿਮੋਨ ਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਸਾਰਾ ਸਾਮਾਨ ਅਰਥਾਤ ਸਿਮੋਨ ਲਈ ਪਤੀ ਦੀਆਂ ਨਿਸ਼ਾਨੀਆਂ ਨੂੰ ਦਾਨ ਵਿਚ ਦੇ ਕੇ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਸੁਰਜੀਤ ਇਸ ਕਹਾਣੀ ਵਿਚ ਮਾਪਿਆਂ ਨੂੰ ਆਤਮ ਵਿਸ਼ਵਾਸ ਵਿਚ ਸਮਰੱਥ ਹੋਣ ਲਈ ਪ੍ਰੇਰਦੀ ਹੈ ਕਿਉਂਕਿ ਪਰਵਾਸ ਦਾ ਸਭਿਆਚਾਰ ਹੀ ਅਜਿਹਾ ਹੈ ਕਿ ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ। ਵੈਲਨਟਾਈਨਜ਼ ਡੇਅ ਕਹਾਣੀ ਵੀ ਬੜੀ ਸੰਵੇਦਨਸ਼ੀਲ ਹੈ, ਜਿਸ ਵਿਚ ਭਾਰਤੀ ਪਰਿਵਾਰ ਦੀ ਜ਼ਿੰਦਗੀ ਅਤੇ ਪਰਵਾਸੀ ਪਰਿਵਾਰ ਦੀ ਜ਼ਿੰਦਗੀ ਦੀ ਤੁਲਨਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਕੰਮ ਕਾਰ ਦਾ ਬਹੁਤ ਜ਼ਿਆਦਾ ਵਖਰੇਵਾਂ ਹੈ। ਅਜਿਹੇ ਹਾਲਾਤ ਵਿਚ ਰੋਜ਼ੀ ਦਾ ਰਹਿਣਾ ਜੋਖ਼ਮ ਭਰਿਆ ਹੋ ਜਾਂਦਾ ਹੈ। ਉਸਦੇ ਦਿਮਾਗ ਦੋਹਾਂ ਦੇਸ਼ਾਂ ਦੇ ਸਭਿਆਚਾਰ ਦਰਮਿਆਨ ਕਸ਼ਮਕਸ਼ ਕਰਦੇ ਰਹਿੰਦੇ ਹਨ ਪ੍ਰੰਤੂ ਉਹ ਦੋਹਾਂ ਵਿਚ ਸਮਤੁਲ ਰੱਖਕੇ ਆਪਣਾ ਪਰਿਵਾਰਿਕ ਜੀਵਨ ਇਕੱਲਤਾ ਵਿਚ ਰਹਿੰਦੀ ਹੋਈ ਬਸਰ ਕਰਦੀ ਹੈ। ਇਸ ਕਹਾਣੀ ਵਿਚ ਵੀ ਰਿਸ਼ਤਿਆਂ ਦੀ ਗਿਰਾਵਟ ਵਿਖਾਈ ਦਿੰਦੀ ਹੈ। ਬਿਅੰਤ ਦਾ ਆਪਣਾ ਵਿਓਪਾਰ ਚੌਪਟ ਹੋਣ ਦਾ ਕਾਰਨ ਉਸਦੀਆਂ ਆਦਤਾਂ ਹਨ, ਜਿਨ੍ਹਾਂ ਕਰਕੇ ਉਸਦਾ ਵਿਓਪਾਰ ਚੌਪਟ ਹੋ ਜਾਂਦਾ ਹੈ। ਦੱਸਣ ਦਾ ਭਾਵ ਹੈ ਕਿ ਜਿਹੜੀਆਂ ਇਨਸਾਨ ਵਿਚ ਕੁਰੀਤੀਆਂ ਭਾਰਤ ਵਿਚ ਹਨ, ਉਹ ਪਰਵਾਸ ਵਿਚ ਵੀ ਬਰਕਰਾਰ ਰਹਿੰਦੀਆਂ ਹਨ, ਸਗੋਂ ਉਥੇ ਜਾ ਕੇ ਡਾਲਰਾਂ ਦੀ ਚਕਾਚੌਂਧ ਵਿਚ ਫ਼ਜ਼ੂਲ ਖ਼ਰਚੀ ਕਰਦੇ ਹਨ।
ਜਗਦੀਆਂ ਅੱਖਾਂ ਦਾ ਤਲਿੱਸਮ ਇਕ ਵੱਖਰੀ ਕਿਸਮ ਦੀ ਬੜੀ ਦਿਲਚਸਪ ਕਹਾਣੀ ਹੈ। ਇਹ ਕਹਾਣੀ ਇਕ ਨੌਜਵਾਨ ਲੜਕੀ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਬਾਤ ਪਾਉਂਦੀ ਹੈ, ਉਸਨੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰਿਆ ਹੋਇਆ ਹੈ, ਜਿਸ ਨਾਲ ਬਿਮਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਉਹ ਲੜਕੀ ਹੈ ਲਵੀਨ? ਜਿਸਨੇ ਬਿਮਾਰ ਲੋਕਾਂ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਿਆਂ ਇਸ "ਅਮਰ ਕਰਮਾ ਔਰਗਨ ਡੋਨੇਸ਼ਨ ਸੋਸਾਇਟੀ'' ਦੇ ਕਾਰਜ਼ ਨੂੰ ਸ਼ੁਰੂ ਕੀਤਾ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਇਨਸਾਨ ਦੀ ਬਿਹਤਰੀ ਲਈ ਸ਼ੁਭ ਕਾਰਜ ਕਰਨ ਲਈ ਵੱਡੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਇਨਸਾਨ ਦੇ ਮਨ ਵਿਚ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਇਕ ਨੌਜਵਾਨ ਲੜਕੀ ਲਵੀਨ ਬਜ਼ਰੁਗਾਂ ਦੀ ਸਹਾਇਤਾ ਨਾਲ ਇਸ ਸੰਸਥਾ ਦੀ ਅਗਵਾਈ ਕਰ ਰਹੀ ਹੈ। ਇਕ ਸੋਸਾਇਟੀ ਦੇ ਕਾਰਜਖੇਤਰ ਨੂੰ ਕਹਾਣੀ ਦਾ ਰੂਪ ਦੇਣ ਦੀ ਸਮਰੱਥਾ ਲਈ ਸਮਰੱਥਾਵਾਨ ਕਹਾਣੀਕਾਰ ਹੋਣਾ ਚਾਹੀਦਾ ਹੈ। ਲੇਖਕਾ ਆਪਣੀ ਇਹ ਕਹਾਣੀ ਲਿਖਕੇ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੀ ਹੈ। ਸੁਰਜੀਤ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਇਸ ਕਹਾਣੀ ਤੋਂ ਸਾਫ ਵਿਖਾਈ ਦਿੰਦੀ ਹੈ।
ਜੁਗਨੂੰ ਕਹਾਣੀ ਵੀ ਬਹੁ ਪਰਤੀ ਹੈ। ਇਹ ਕਹਾਣੀ ਪਰਵਾਸ ਵਿਚ ਵਸਣ ਦੀ ਲਾਲਸਾ, ਉਥੇ ਕਠਨਾਈਆਂ ਅਤੇ ਪੰਜਾਬ ਦਾ ਹੇਜ ਦਾ ਪ੍ਰਗਟਾਵਾ ਕਰਦੀ ਹੈ। ਫੇਸ ਬੁੱਕ ਦੀ ਅਡਿਕਸ਼ਨ ਪੰਜਾਬ ਦੀ ਤਰ੍ਹਾਂ ਅਮਰੀਕਾ ਵਿਚ ਵੀ ਪੰਜਾਬੀਆਂ ਵਿਚ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ਤੇ ਸਾਹਿਤਕ ਗਰੁਪ ਬਣਾਕੇ ਸ਼ਾਹਵਾ ਵਾਹਵਾ ਖੱਟਣ ਦੀ ਪ੍ਰਵਿਰਤੀ ਭਾਰੂ ਹੈ ਜਦੋਂ ਕਿ ਬਹੁਤੇ ਅਕਾਊਂਟ ਫ਼ਰਜੀ ਹੁੰਦੇ ਹਨ। ਫ਼ਰਜੀ ਅਕਾਊਂਟ ਵਾਲੇ ਭਾਵਨਾਤਮਕ ਤੌਰ ਤੇ ਬਲੈਮੇਲਿੰਗ ਕਰਦੇ ਹਨ। ਅਜੋਕੇ ਯੁਗ ਦੇ ਫੇਸ ਬੁੱਕੀ ਵਰਤਾਰੇ ਦਾ ਪਾਜ ਖੋਲ੍ਹਿਆ ਗਿਆ ਹੈ, ਜਿਸ ਵਿਚ ਸਮੁੱਚੇ ਪਰਿਵਾਰ ਵਿਚ ਫੇਸ ਬੁੱਕ ਲਈ ਲਲਕ ਲੱਗੀ ਰਹਿੰਦੀ ਹੈ। ਲੋਹ-ਪੁਰਸ਼ ਕਹਾਣੀ ਭਾਵੇਂ ਉਸਨੇ ਆਪਣੇ ਪਿਤਾ ਦੇ ਜੀਵਨ ਬਾਰੇ ਲਿਖੀ ਹੈ ਪ੍ਰੰਤੂ ਇਸ ਵਿਚ ਜਿਹੜੇ ਮੁੱਦੇ ਉਠਾਏ ਗਏ ਹਨ ਉਹ ਅਤਿ ਸੰਵੇਦਨਸ਼ੀਲ ਹਨ। ਪੰਜਾਬੀਆਂ ਨੇ ਪੰਜਾਬ ਦੇ ਕਾਲੇ ਦੌਰ ਵਿਚ ਜਿਹੜਾ ਸੰਤਾਪ ਹੰਢਾਇਆ ਹੈ, ਉਸਨੂੰ ਸੁਰਜੀਤ ਨੇ ਬਹੁਤ ਹੀ ਭਾਵਨਾਤਮਕ ਢੰਗ ਨਲ ਪੇਸ਼ ਕੀਤਾ ਹੈ ਕਿ ਕਿਵੇਂ ਹਸਦੇ ਵਸਦੇ ਬੇਕਸੂਰ ਪਰਿਵਾਰ ਬਿਨਾ ਵਜਾਹ ਕਾਲੇ ਦਿਨਾ ਦੀ ਲਪੇਟ ਵਿਚ ਆਉਂਦੇ ਰਹੇ ਹਨ। ਨਿੱਜੀ ਦਰਦਨਾਕ ਘਟਨਾ ਨੂੰ ਲੋਕਾਂ ਦੀ ਸਮੱਸਿਆ ਬਣਾਕੇ ਪੇਸ਼ ਕਰ ਦਿੱਤਾ ਹੈ।
'ਤੂੰ ਭਰੀਂ ਹੁੰਗਾਰਾ' ਪਰਵਾਸ ਵਿਚ ਰਹਿ ਰਹੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ, ਜਿਸ ਵਿਚ ਭਾਵੇਂ ਪਰਿਵਾਰ ਦੀ ਮੁੱਖੀ ਇਸਤਰੀ ਅਮਰੀਕਾ ਵਿਚ ਰਹਿ ਰਹੀ ਹੈ ਪ੍ਰੰਤੂ ਪੰਜਾਬ ਦੀ ਮਿੱਟੀ ਨਾਲ ਬਾਖ਼ੂਬੀ ਜੁੜੀ ਹੋਈ ਹੈ। ਰਬੜ ਦੇ ਪਲਾਂਟ ਨੂੰ ਸਾਧਨ ਬਣਾਕੇ ਉਹ ਕੁਦਰਤ ਦੇ ਗੁਣ ਗਾ ਰਹੀ ਹੈ। ਕੁਦਰਤ, ਦਰਖਤਾਂ, ਜ਼ਮੀਨ ਦੋਜ਼ ਪਾਣੀ ਦੀ ਦੁਰਵਰਤੋਂ ਬਾਰੇ ਪ੍ਰੇਰਿਤ ਕਰਦੀ ਹੈ ਪ੍ਰੰਤੂ ਉਨ੍ਹਾਂ ਦੀਆਂ ਲੜਕੀਆਂ ਆਪੋ ਆਪਣੇ ਮੋਬਾਈਲਾਂ ਤੇ ਰੁਝੀਆਂ ਹੋਈਆਂ ਹਨ, ਉਨ੍ਹਾਂ ਉਪਰ ਪਰਵਾਸ ਦਾ ਰੰਗ ਚੜ੍ਹ ਗਿਆ ਹੈ। ਪੰਜਾਬ ਦੇ ਸਭਿਆਚਾਰ ਨਾਲ ਵੀ ਬਾਵਾਸਤਾ ਹੈ, ਪੀਂਘਾਂ ਝੂਟਣ ਅਤੇ ਬੋਲੀਆਂ ਪਾ ਕੇ ਮਨਪ੍ਰਚਾਵਾ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਇਸਤੋਂ ਸ਼ਪਸ਼ਟ ਹੁੰਦਾ ਹੈ ਕਿ ਭਾਵੇਂ ਪੰਜਾਬੀ ਸੰਸਾਰ ਦੇ ਕਿਸੇ ਵੀ ਦੇਸ਼ ਵਿਚ ਚਲੇ ਜਾਣ ਪ੍ਰੰਤੂ ਪੰਜਾਬ ਦਾ ਹੇਜ ਉਨ੍ਹਾਂ ਵਿਚ ਬਰਕਰਾਰ ਰਹਿੰਦਾ ਹੈ। ਡਿਸਏਬਲ ਕਹਾਣੀ ਵੀ ਪਰਵਾਸ ਵਿਚ ਜਾਣ ਅਤੇ ਉਥੇ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਹੈ। ਪਹਿਲਾਂ ਮੀਰਾ ਬੜੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਕੇ ਸੈਟਲ ਹੁੰਦੀ ਹੈ। ਉਹ ਆਪਣੇ ਜਮਾਤੀ ਮਾਨਵ ਨਾਲ ਵਿਆਹ ਕਰਵਾ ਲੈਂਦੀ ਹੈ। ਉਸਨੂੰ ਸਪੌਂਸਰ ਕਰਕੇ ਅਮਰੀਕਾ ਬੁਲਾ ਲੈਂਦੀ ਹੈ। ਜਿਵੇਂ ਆਮ ਹੋ ਰਿਹਾ ਹੈ ਮਾਨਵ ਆਨੀ ਬਹਾਨੀ ਮੀਰਾ ਤੋਂ ਵੱਖ ਹੋ ਜਾਂਦਾ ਹੈ। ਵੱਖ ਹੋਣ ਤੋਂ ਪਹਿਲਾਂ ਇਕ ਦੂਜੇ ਦੇ ਚਰਿਤਰ ਤੇ ਚਿਕੜ ਛੁਟਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਵੀ ਸੁਰਜੀਤ ਨੇ ਬਾਖ਼ੂਬੀ ਨਾਲ ਚਿਤਰਿਆ ਹੈ ਕਿ ਹਸਪਤਾਲ, ਡਾਕਟਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਮਾਫੀਆ ਕੰਮ ਕਰ ਰਿਹਾ ਹੈ ਪ੍ਰੰਤੂ ਇਸ ਮਾਫੀਏ ਨੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਹਨ। ਬੀਮਾ ਕੰਪਨੀਆਂ ਵੀ ਖਪਤਕਾਰਾਂ ਦਾ ਨਜ਼ਾਇਜ਼ ਲਾਭ ਉਠਾ ਰਹੀਆਂ ਹਨ ਅਤੇ ਮਰੀਜ਼ ਵੀ ਗ਼ਲਤ ਸੂਚਨਾਵਾਂ ਦੇ ਕੇ ਬੀਮਾ ਕੰਪਨੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਜਿਵੇਂ ਸੁਰਜੀਤ ਨੇ ਕਵਿਤਰੀ ਦੇ ਤੌਰ ਲੋਕਾਂ ਦੇ ਮਨਾਂ ਨੂੰ ਝੰਜੋੜਕੇ ਸੁਜੱਗ ਕੀਤਾ ਹੈ, ਉਸੇ ਤਰ੍ਹਾਂ ਕਹਾਣੀਕਾਰ ਦੇ ਤੌਰ ਤੇ ਵੀ ਪਾਠਕ ਦੀ ਝੋਲੀ ਭਰੇਗੀ।
ਮੋਬਾਈਲ-94178 13072

ਗੁਰੂ ਨਾਨਕ ਵਿਚਾਰਧਾਰਾ ਦੀ ਪਰਕਰਮਾ ਕਰਨ ਵਾਲਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ - ਉਜਾਗਰ ਸਿੰਘ

ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਸਿੱਖ ਵਿਦਿਅਕ ਸੰਸਥਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੀ ਬਣਦੀ ਹੈ। ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਭਾਰੂ ਹੋ ਗਈ ਹੈ ਤਾਂ ਇਹ ਸੰਸਥਾਵਾਂ ਆਪਣੀ ਪ੍ਰੁਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟਕੇ ਸਿਆਸਤ ਦੇ ਰਾਹ ਪੈ ਗਈਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਚੌਧਰ ਦੀ ਲੜਾਈ ਹੀ ਖ਼ਤਮ ਨਹੀਂ ਹੁੰਦੀ। ਇਨ੍ਹਾਂ ਨੇ ਗੁਰੂ ਘਰਾਂ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਜਿਹੇ ਹਾਲਾਤ ਵਿਚ ਇਕ ਮਰਦੇ ਮੁਜਾਹਦ ਨਰਪਾਲ ਸਿੰਘ ਸ਼ੇਰਗਿਲ ਬਿਨਾ ਕਿਸੇ ਲਾਲਚ ਸਿੱਖ ਧਰਮ ਦਾ ਸਹੀ ਅਰਥਾਂ ਵਿਚ ਪ੍ਰਚਾਰਕ ਬਣਕੇ ਨਿਤਰਿਆ। ਉਸਦੀ ਲਗਨ, ਦ੍ਰਿੜ੍ਹਤਾ ਅਤੇ ਸਿਖ ਧਰਮ ਬਾਰੇ ਪ੍ਰਤੀਬੱਧਤਾ ਨੇ ਉਸਨੂੰ ਗਲੋਬਲ ਪ੍ਰਚਾਰਕ ਦੇ ਤੌਰ ਸਥਾਪਤ ਕਰ ਦਿੱਤਾ। ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਅਗਾਂਵਧੂ ਇਲਾਕੇ ਦੇ ਵਾਸੀ ਹੀ ਪੜ੍ਹ ਲਿਖਕੇ ਮੱਲਾਂ ਮਾਰ ਸਕਦੇ ਹਨ ਪ੍ਰੰਤੂ ਨਰਪਾਲ ਸਿੰਘ ਸ਼ੇਰਗਿਲ ਨੇ ਇਹ ਮਿਥ ਵੀ ਤੋੜ ਦਿੱਤੀ। ਪੰਜਾਬ ਦੇ ਸਭ ਤੋਂ ਪਛੜੇ ਇਲਾਕੇ ਪਟਿਆਲਾ ਜਿਲ੍ਹੇ ਦੇ ਪਿੰਡ ਮਜਾਲ ਖ਼ੁਰਦ ਦਾ ਜੰਮਪਲ ਨਰਪਾਲ ਸਿੰਘ ਸ਼ੇਰਗਿਲ ਆਪਣੀ ਕਾਬਲੀਅਤ ਨਾਲ ਸੰਸਾਰ ਵਿਚ ਨਾਮਣਾ ਖੱਟਕੇ ਨਵੇਂ ਮੀਲ ਪੱਧਰ ਸਥਾਪਤ ਕਰ ਰਿਹਾ ਹੈ। ਇਸ ਇਲਾਕੇ ਨੂੰ ਪਛੜਿਆ ਹੋਇਆ ਅਤੇ ਜੰਗਲੀ ਕਿਹਾ ਜਾਂਦਾ ਸੀ। ਇਕ ਛੋਟੇ ਜਹੇ ਪਿੰਡ ਵਿਚੋਂ ਉਠਕੇ ਸੰਸਾਰ ਦੇ ਲਗਪਗ 50 ਦੇਸ਼ਾਂ ਦੀ ਅਜਿਹੀ ਯਾਤਰਾ ਕੀਤੀ, ਜਿਸਦਾ ਉਸਨੂੰ ਕੋਈ ਨਿੱਜੀ ਲਾਭ ਨਹੀਂ ਸਗੋਂ ਸਮੁਚੇ ਸਿੱਖ ਜਗਤ ਦਾ ਗਾਡੀ ਰਾਹ ਬਣਕੇ ਉਨ੍ਹਾਂ ਦੇ ਹਿੱਤਾਂ ਤੇ ਪਹਿਰਾ ਦਿੱਤਾ। ਉਸਦੀ ਦੂਰ ਅੰਦੇਸ਼ੀ ਦੀ ਵਿਦਵਤਾ ਦੀ ਦਾਤ ਦੇਣੀ ਬਣਦੀ ਹੈ ਕਿ ਸਿੱਖ ਜਗਤ ਦੇ ਰਾਹ ਵਿਚ ਆਉਣ ਵਾਲੀ ਹਰ ਸਮੱਸਿਆ ਦੀ ਜਾਣਕਾਰੀ ਪਾਿਲਾਂ ਹੀ ਤਸੱਵਰ ਕਰ ਲੈਂਦਾ ਹੈ। ਉਹ ਪਿਛਲੇ 53 ਸਾਲਾਂ ਤੋਂ ਸਿੱਖ ਜਗਤ ਦੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ  ਰਿਹਾ ਹੈ ਜੋ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੇਗਾ। ਜੇਕਰ ਨਰਪਾਲ ਸਿੰਘ ਸ਼ੇਰਗਿਲ ਬਾਰੇ ਇਹ ਕਹਿ ਲਿਆ ਜਾਵੇ ਕਿ ਉਹ ਹਰ ਵਿਲੱਖਣ ਕਾਰਜ ਵਿਚ ਹਮੇਸ਼ਾ ਪਹਿਲ ਕਦਮੀ ਕਰਦਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਪਹਿਲ ਕਦਮੀ ਵੀ ਕੋਈ ਇਕ ਨਹੀਂ ਸਗੋਂ ਉਸਨੇ ਹੁਣ ਤੱਕ ਅਨੇਕ ਪਹਿਲ ਕਦਮੀਆਂ ਅਜਿਹੀਆਂ ਕੀਤੀਆਂ ਹਨ, ਜਿਹੜੀਆਂ ਸਿੱਖ ਸੰਸਥਾਵਾਂ ਦੇ ਕਾਰਜ ਖੇਤਰ ਵਿਚ ਆਉਂਦੀਆਂ ਸਨ। ਹੈਰਾਨੀ ਤੇ ਸੰਤੁਸ਼ਟੀ ਇਸ ਗਲ ਦੀ ਹੈ ਕਿ ਉਸਨੇ ਇਨ੍ਹਾਂ ਪਹਿਲ ਕਦਮੀਆਂ ਲਈ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਕਿਸਮ ਦੀ ਕੋਈ ਆਰਥਿਕ ਮਦਦ ਨਹੀਂ ਲਈ ਸਗੋਂ ਆਪਣੀ ਜੇਬ ਵਿਚੋਂ ਖ਼ਰਚਕੇ ਸਿੱਖ ਜਗਤ ਨੂੰ ਅਗਾਉਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖਾਂ ਦੀਆਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ ਨਰਪਾਲ ਸਿੰਘ ਸ਼ੇਰਗਿਲ ਨੇ ਉਨ੍ਹਾਂ ਸਾਰੀਆਂ ਦੇ ਮੌਕੇ ਤੇ ਆਪਣੀ 21 ਸਾਲ ਤੋਂ ਹਰ ਸਾਲ ਪ੍ਰਕਾਸ਼ਤ ਹੋਣ ਵਾਲੀ ਪੁਸਤਕ ਆਪਣੇ ਰੋਜ਼ਗਾਰ ਦੇ ਨਾਲ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ'' ਦਾ ਅਜਿਹਾ ਵਿਲੱਖਣ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ, ਜਿਸ ਵਿਚ ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਪ੍ਰੇਰਨਾ ਦੇਣ ਵਾਲੇ ਪ੍ਰਸਿੱਧ ਵਿਦਵਾਨਾ ਦੇ ਲੇਖ ਪ੍ਰਕਾਸ਼ਤ ਕਰਕੇ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਦੇ ਕੀਤੇ। ਇਥੇ ਹੀ ਬਸ ਨਹੀਂ ਇਨ੍ਹਾਂ ਵਿਸ਼ੇਸ਼ ਅੰਕਾਂ ਨੂੰ ਮਹੱਤਵਪੂਰਨ ਥਾਵਾਂ ਜਿਵੇਂ ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਆਦਿ ਵਿਚ ਜਾਰੀ ਕਰਵਾਇਆ। ਸਿੱਖ ਧਰਮ ਬਾਰੇ ਨਰਪਾਲ ਸਿੰਘ ਸ਼ੇਰਗਿਲ ਦੀ ਬਚਨਬੱਧਤਾ ਦੀ ਦਾਦ ਦੇਣ ਨੂੰ ਦਿਲ ਕਰਦਾ ਹੈ। ਸਿੱਖ ਭਾਈਚਾਰਾ ਅਰਥਾਤ ਗੁਰੂ ਨਾਨਕ ਨਾਮ ਲੇਵਾ ਸੰਸਾਰ ਦੇ ਹਰ ਕੋਨੇ ਵਿਚ ਪਹੁੰਚੇ ਹੋਏ ਹਨ। ਇਥੇ ਹੀ ਬਸ ਨਹੀਂ ਉਹ ਆਪੋ ਆਪਣੇ ਖੇਤਰਾਂ ਵਿਚ ਮਾਅਰਕੇ ਮਾਰ ਰਹੇ ਹਨ। ਇਹ ਨਰਪਾਲ ਸਿੰਘ ਸ਼ੇਰਗਿਲ ਹੀ ਹੈ ਜਿਸਨੇ ਰਾਜਨੀਤੀ, ਵਿਓਪਾਰ, ਖੇਡਾਂ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਜਿਹੜੇ ਅਜਿਹੇ ਸਿੱਖਾਂ ਨੇ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਦੀ ਆਪਣੀ ਪੁਸਤਕ ਵਿਚ ਸੂਚੀ ਪ੍ਰਕਾਸ਼ਤ ਕਰਕੇ ਸੰਸਾਰ ਨੂੰ ਸਿੱਖਾਂ ਦੀ ਪਛਾਣ ਕਰਵਾਉਣ ਵਿਚ ਵਧੀਆ ਉਦਮ ਕੀਤਾ ਹੈ। ਸਿੱਖਾਂ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਪਤਵੰਤਿਆਂ ਤੋਂ ਪ੍ਰਰਨਾ ਲੈ ਕੇ ਹੰਭਲਾ ਮਾਰਕੇ ਸਿੱਖਾਂ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰੇਗੀ। ਗੁਰੂ ਘਰ ਜਿਹੜੇ ਸਿੱਖ ਜਗਤ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ, ਉਨ੍ਹਾਂ ਦੀ ਜਾਣਕਾਰੀ ਦੇਣ ਲਈ ਸੰਸਾਰ ਦੇ ਜਿਤਨੇ ਗੁਰੂ ਘਰ ਹਨ, ਉਨ੍ਹਾਂ ਦੀ ਸੂਚੀ, ਐਡਰੈਸ, ਈ ਮੇਲ ਅਤੇ ਟੈਲੀਫ਼ੋਨ ਸਮੇਤ ਦਿੱਤੇ ਗਏ ਹਨ ਤਾਂ ਜੋ ਜਿਹੜਾ ਸਿੱਖ ਦੁਨੀਆਂ ਵਿਚ ਕਿਸੇ ਵੀ ਸ਼ਹਿਰ ਜਾਵੇ ਤਾਂ ਉਹ ਉਥੇ ਦਰਸ਼ਨਾ ਲਈ ਜਾ ਸਕਦਾ ਹੈ। ਇਸੇ ਤਰ੍ਹਾਂ ਸੰਸਾਰ ਵਿਚ ਭਾਰਤ ਦੇ ਦੂਤ ਘਰਾਂ ਦੇ ਵੀ ਪਤੇ, ਈ ਮੇਲ ਤੇ ਟੈਲੀਫ਼ੋਨ ਨੰਬਰ ਦਰਜ ਕੀਤੇ ਗਏ ਹਨ ਤਾਂ ਜੋ ਭਾਰਤੀਆਂ ਨੂੰ ਆਪੋ ਆਪਣੇ ਕੰਮਾ ਲਈ ਖੱਜਲ ਖ਼ੁਆਰ ਨਾ ਹੋਣਾ ਪਵੇ। ਇਸ ਸਮੇਂ ਸੰਸਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ੇਰਗਿਲ ਨੇ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ-2019'' ਦਾ ਸਚਿਤਰ ਰੰਗਦਾਰ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਸੰਸਾਰ ਦੇ 550 ਪਤਵੰਤੇ ਸਿੱਖਾਂ/ ਇਸਤਰੀਆਂ ਦੀ ਸੂਚੀ ਦਰਜ ਕੀਤੀ ਹੈ, ਜਿਹੜੇ ਆਪੋ ਆਪਣੇ ਖੇਤਰਾਂ ਦੇ ਜਾਣੇ ਪਛਾਣੇ ਹਸਤਾਖ਼ਰ ਹਨ। ਨਰਪਾਲ ਸਿੰਘ ਸ਼ੇਰਗਿਲ 1966 ਤੋਂ ਇੰਗਲੈਂਡ ਵਿਚ ਲਗਾਤਾਰ ਆ ਜਾ ਰਿਹਾ ਹੈ। ਮਹੀਨੇ ਵਿਚ 15 ਦਿਨ ਆਪਣੀ ਮਾਤਭੂਮੀ ਪੰਜਾਬ ਅਤੇ 15 ਦਿਨ ਸੰਸਾਰ ਦੇ ਦੇਸ਼ਾਂ ਦੀ ਯਾਤਰਾ ਕਰਕੇ ਸਿੱਖ ਪਛਾਣ ਬਣਾਉਣ ਵਿਚ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਉਸਨੇ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਕਿ ਸਿੱਖਾਂ ਦੀ ਦਸਤਾਰ ਦਾ ਮਸਲਾ ਕਿਸੇ ਵਕਤ ਵੀ ਵਿਕਰਾਲ ਰੂਪ ਧਾਰ ਸਕਦਾ ਹੈ। ਇਸ ਲਈ ਉਸਨੇ ਪਹਿਲ ਕਰਕੇ 2005 ਵਿਚ ਦਸਤਾਰ ਦੀ ਪਛਾਣ ਨੂੰ ਸੰਸਾਰ ਵਿਚ ਪ੍ਰਚਾਰਨ ਲਈ ਇਕ ਸੋਵੀਨਾਰ  ਪ੍ਰਕਾਸ਼ਤ ਕੀਤਾ। ਜੋ ਕਿ ਬਾਦ ਵਿਚ ਇਕ ਲਹਿਰ ਬਣ ਗਈ। 2005 ਵਿਚ ਹੀ ਮਾਤਾ ਗੁਜਰੀ ਅਤੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦੇ 350ਵਾਂ ਸਥਾਪਨਾ ਦਿਵਸ ਦੇ ਮੌਕੇ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸੋਵੀਨਾਰ ਪ੍ਰਕਾਸ਼ਤ ਕੀਤਾ। 2011 ਵਿਚ ਵਿਸਾਖੀ ਸੋਵੀਨਾਰ ਜ਼ਾਰੀ ਕੀਤਾ। 2017 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਪੈਕਟ'' ਦਾ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ। ਨਸਲੀ ਵਿਤਕਰਿਆਂ ਬਾਰੇ ਵੀ ਉਨ੍ਹਾਂ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕੀਤੀ। ਨਰਪਾਲ ਸਿੰਘ ਸ਼ੇਰਗਿਲ ਦੀ ਸਿੱਖ ਜਗਤ ਬਾਰੇ ਕੀਤੇ ਉਦਮਾ ਦੀ ਕਦਰ ਪਾਉਂਦਿਆਂ ਮੁੱਖ ਮੰਤਰੀ ਪੰਜਾਬ, ਲੰਦਨ ਦੇ ਮੇਅਰ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ, ਧਾਰਮਿਕ, ਸਵੈਇਛਤ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਤ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਸਭ ਤੋਂ ਵੱਡਾ ਮਾਣ ਸਨਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1995 ਵਿਚ ਵਿਸ਼ਵ ਸਿੱਖ ਸਮੇਲਨ ਦੇ ਮੌਕੇ ਉਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਮਰੀਕਾ ਦੇ ਸਿੰਘ ਸਾਹਿਬ ਹਰਭਜਨ ਸਿੰਘ ਜੋਗੀ ਦੀ ਹਾਜ਼ਰੀ ਵਿਚ ਦੇ ਕੇ ਅਸੀਸ ਦਿੱਤੀ। ਉਮੀਦ ਕਰਦਾ ਹਾਂ ਕਿ ਨੌਜਵਾਨ ਸਿੱਖ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕ ਦਿਲੀ ਅਤੇ ਦ੍ਰਿੜ੍ਹਤਾ ਤੋਂ ਪ੍ਰੇਰਨਾ ਲੈ ਕੇ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾਉਣਗੇ। ਵਾਹਿਗੁਰੂ ਨਰਪਾਲ ਸਿੰਘ ਸ਼ੇਰਗਿਲ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ੇ ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਧਰਮ ਦੀ ਪ੍ਰਫੁਲਤਾ ਲਈ ਹੋਰ ਅਕੀਦਤ ਦੇ ਫੁਲ ਭੇਂਟ ਕਰ ਸਕੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

'ਕੋਏ ਸਿੱਲ੍ਹੇ ਪੱਥਰਾਂ ਦੇ' ਕਾਵਿ ਸੰਗ੍ਰਹਿ - ਬਿਰਹੋਂ ਦੀ ਦਾਸਤਾਂ - ਉਜਾਗਰ ਸਿੰਘ

ਕਰਨ ਅਜਾਇਬ ਸਿੰਘ ਦੇ ਕਾਵਿ ਸੰਗ੍ਰਹਿ 'ਕੋਏ ਸਿੱਲ੍ਹੇ ਪੱਥਰਾਂ ਦੇ' ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਬਿਰਹੋਂ ਦਾ ਸੰਕਲਪ ਹੀ ਬਦਲਕੇ ਰੱਖ ਦਿੱਤਾ। ਆਮ ਤੌਰ ਤੇ ਬਿਰਹੋਂ ਦੇ ਗੀਤ ਪਿਆਰ ਵਿਗੁਚੇ ਪ੍ਰੇਮੀਆਂ ਦੇ ਮਿਲਾਪ ਲਈ ਤੜਪ ਦੀ ਅਰਜੋਈ ਹੁੰਦੀ ਹੈ ਪ੍ਰੰਤੂ ਇਸ ਕਾਵਿ ਸੰਗ੍ਰਹਿ ਵਿਚ ਇੱਕ ਪਿਤਾ ਵੱਲੋਂ ਆਪਣੇ ਵਿਛੜੇ ਸਪੁੱਤਰ ਦੇ ਮਿਲਾਪ ਲਈ ਗੀਤਾਂ ਅਤੇ ਕਵਿਤਾਵਾਂ ਰਾਹੀਂ ਪਾਏ ਕੀਰਨੇ ਹਨ, ਜਿਨ੍ਹਾਂ ਨੂੰ ਪੜ੍ਹਕੇ ਹਰ ਸੁਹਿਰਦ ਇਨਸਾਨ ਦਾ ਦਿਲ ਵਲੂੰਧਰਿਆ ਜਾਂਦਾ ਹੈ। 'ਕੋਏ ਸਿੱਲ੍ਹੇ ਪੱਥਰਾਂ ਦੇ' ਨਾਂ ਹੀ ਪ੍ਰਤੀਕਾਤਮਿਕ ਹੈ ਜਿਸਤੋਂ ਸਾਫ਼ ਜ਼ਾਹਰ ਹੁੰਦਾ ਹੈ ਇਹ ਕਾਵਿ ਸੰਗ੍ਰਹਿ ਵਿਚ ਵਿਛੋੜੇ ਦੇ ਦਰਦ ਨਾਲ ਪੱਥਰ ਹੋਈਆਂ ਅੱਖਾਂ ਹੰਝੂਆਂ ਨਾਲ ਸਿੱਲ੍ਹੀਆਂ ਹੋਈਆਂ ਹਨ। 'ਕੋਏ ਸਿਲ੍ਹੇ ਪੱਥਰਾਂ ਦੇ' ਨਾਨਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ। ਕਰਨ ਅਜਾਇਬ ਸਿੰਘ ਦਾ ਸਪੁੱਤਰ ਕਰਨਜੀਤ ਸਿੰਘ ਸੰਘਾ ਅਚਾਨਕ ਭਰ ਜਵਾਨੀ ਵਿਚ ਸਵਰਗ ਸਿਧਾਰ ਗਿਆ ਸੀ, ਜਿਸਦੇ ਵਿਛੋੜੇ ਵਿਚ ਅਜਾਇਬ ਸਿੰਘ ਨੇ ਇਹ ਕਵਿਤਾਵਾਂ ਅਤੇ ਗੀਤ ਲਿਖੇ ਹਨ। ਉਸਦਾ ਲੜਕਾ ਕਰਨਵੀਰ ਸਿੰਘ ਆਪਣੇ ਪਿਤਾ ਦੀਆਂ ਕਵਿਤਾਵਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਉਣਾ ਚਾਹੁੰਦਾ ਸੀ ਪ੍ਰੰਤੂ ਅਚਾਨਕ ਉਸਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਇਕ ਕਿਸਮ ਨਾਲ ਇਹ ਪੁਸਤਕ ਵਿਛੜੇ ਪੁੱਤਰ ਨੂੰ ਪਿਤਾ ਵੱਲੋਂ ਸੋਗਮਈ ਕਵਿਤਾਵਾਂ ਅਤੇ ਗੀਤਾਂ ਦੇ ਰੂਪ ਵਿਚ ਸ਼ਰਧਾਂਜ਼ਲੀ ਹੀ ਹੈ। ਉਸਨੇ ਆਪਣੇ ਨਾਮ ਦੇ ਨਾਲ ਆਪਣੇ ਸਪੁੱਤਰ ਦਾ ਕਰਨ ਨਾਂ ਜੋੜ ਲਿਆ ਹੈ ਤਾਂ ਜੋ ਸਪੁੱਤਰ ਦੀ ਯਾਦ ਹਮੇਸ਼ਾ ਤਾਜਾ ਰਹੇ। ਇਸ ਕਾਵਿ ਸੰਗ੍ਰਹਿ ਦੇ ਗੀਤ ਅਤੇ ਕਵਿਤਾਵਾਂ ਪੜ੍ਹਕੇ ਹਰ ਪਾਠਕ ਦਾ ਦਿਲ ਪਸੀਜ ਜਾਂਦਾ ਹੈ ਅਤੇ ਕਰਨ ਅਜਾਇਬ ਸਿੰਘ ਦਾ ਦਰਦ ਆਪਣਾ ਲੱਗਣ ਲੱਗ ਜਾਂਦਾ ਹੈ। ਉਸਦਾ ਸਭ ਤੋਂ ਪਹਿਲਾ ਹੀ ਗੀਤ ਹੈ-

ਹੋ ਕੇ ਹੋਣੀ ਦਾ ਹਾਣ, ਤੂੰ ਹਿਸਾਬ ਮੁਕਾਅ ਦਿੱਤੇ,
ਸੌਂ ਕੇ ਮੌਤ ਤੋਂ ਪਹਿਲਾਂ, ਅੰਬਰੀਂ ਤਾਰੇ ਜਗਾਅ ਦਿੱਤੇ।
ਓ ਯਾਰਾ, ਰੁੱਸਣ ਦਾ ਇਹ ਕੀ ਢੰਗ ਹੋਇਆ,
ਅਸੀਂ ਵਿਲਕਦੇ ਰਹੇ, ਤੂੰ ਅੱਥਰੂ ਸੁਕਾਅ ਦਿੱਤੇ।

ਕਰਨ ਅਜਾਇਬ ਸਿੰਘ ਨੇ ਆਪਣੇ ਦਰਦ ਦਾ ਇਜ਼ਹਾਰ ਇਨ੍ਹਾਂ ਕਵਿਤਾਵਾਂ ਵਿਚ ਅਜਿਹੇ ਢੰਗ ਨਾਲ ਕੀਤਾ ਹੈ ਕਿ ਇਹ ਦਰਦ ਲੋਕਾਈ ਦਾ ਦਰਦ ਬਣਾ ਦਿੱਤਾ ਹੈ। ਬਾਕਾਇਦਾ ਉਸ ਦੀਆਂ ਕਵਿਤਾਵਾਂ ਲੈ ਬੱਧ ਅਤੇ ਸਰੋਦੀ ਹਨ। ਆਪਣੇ ਵਿਛੜੇ ਸਪੁੱਤਰ ਨਾਲ ਬਿਤਾਏ ਹਰ ਪਲ ਨੂੰ ਬਾਖ਼ੂਬੀ ਚਿਤਰਿਆ ਹੈ। ਕਵਿਤਾਵਾਂ ਵਿਚ ਪ੍ਰਤੀਕ ਬੜੀ ਸਰਲ ਭਾਸ਼ਾ ਵਿਚ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿਚੋਂ ਲਏ ਹਨ। ਉਸਦੀ ਸਾਰੀ ਕਵਿਤਾ ਹੀ ਦ੍ਰਿਸ਼ਟਾਂਤਿਕ ਹੈ। ਕਵਿਤਾ ਪੜ੍ਹਕੇ ਸੀਨ ਅੱਖਾਂ ਸਾਹਮਣੇ ਆ ਜਾਂਦਾ ਹੈ। ਉਸਦੀ ਇਕ ਕਵਿਤਾ ਇਹ ਦਰਸਾਉਂਦੀ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਚੀਜ਼ ਸਥਾਈ ਨਹੀਂ ਹੁੰਦੀ, ਇਨਸਾਨ ਐਵੇਂ ਖਿਆਲੀ ਪਲਾਅ ਬਣਾਈ ਜਾਂਦਾ ਹੈ। ਇਸ ਜ਼ਿੰਦਗੀ ਦੀਆਂ ਰਹਿਮਤਾਂ ਤੇ ਬਹੁਤਾ ਮਾਣ ਨਹੀਂ ਕਰੀਦਾ। ਅਖ਼ੀਰ ਉਸ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਪੈਂਦਾ ਹੈ। ਉਸਦੀ ਕਵਿਤਾ ਹੈ-

ਪੌਣ ਦੀ ਪੌੜੀ ਲਾ, ਪਹਾੜ ਨਹੀਂ ਚੜ੍ਹੀਦੇ, ਹੱਥੋਂ ਗੁਆ ਕੇ ਹੀਰਾ, ਪੱਥਰ ਨਹੀਂ ਫੜੀਦੇ।
ਬੱਦਲਾਂ ਦੀ ਛਾਂ ਉਤੇ, ਮਾਣ ਨਹੀਂ ਕਰੀਦਾ, ਅਸਾਂ ਤਾਂ ਯਾਰ ਤੇਰੇ ਰੋਮ ਰੋਮ ਵੱਸੀਦਾ।

ਕਵੀ ਬਿਰਹਾ ਦੇ ਵਿਚ ਗ੍ਰਸਿਆ ਹੋਇਆ ਆਪਣੇ ਸਪੁੱਤਰ ਨੂੰ ਯਾਦ ਕਰਕੇ ਲਿਖਦਾ ਹੈ ਕਿ ਤੇਰੇ ਤੋਂ ਬਿਨਾ ਇਹ ਜੀਵਨ ਨਿਰਾਰਥਕ ਹੈ। ਹੁਣ ਸਾਡੇ ਪੱਲੇ ਪਰਮਾਤਮਾ ਨੇ ਕੁਝ ਵੀ ਨਹੀਂ ਛੱਡਿਆ ਅਤੇ ਅਸੀਂਟੁੱਟੇ ਮਨ ਨਾਲ ਬੇਰਸ ਜ਼ਿੰਦਗੀ ਜੀਅ ਰਹੇ ਹਾਂ। ਕਵਿਤਾ ਦੇ ਬੰਦ ਹਨ -

ਡੰਗ ਤੇਰੇ ਨੇ ਪਿੰਜਣੀ ਪਿੰਜਿਆ, ਕੀਤਾ ਤੂੰਬਾ ਤੂੰਬਾ,
ਪੱਲੇ ਸਾਡੇ ਕੁਝ ਨਹੀਂ ਛੱਡਿਆ ਦੇ ਕੇ ਲੈ ਗਿਓਂ ਹੂੰਝਾ।
ਲੋਕਾਂ ਭਾਣੇ ਰਾਤ ਚਾਨਣੀ ਲਈ ਸਾਡੇ ਕਾਲਾ ਨਾਗ,
ਦੇਹ ਵਿਗੋਚਾ ਟੁਰ ਗਿਓਂ ਨਾ ਪੁੱਛਿਆ ਸਾਡਾ ਹਾਲ।
ਲੋਕਾਂ ਭਾਣੇ ਚਰਖਾ ਕੱਤਾਂ ਮੈਂ ਕੱਤਾਂ ਹਿਜ਼ਰ ਦੀਆਂ ਪੂਣੀਆਂ,
ਸਾਧਾਂ ਆਪਣੇ ਡੇਰੇ ਛੱਡੇ, ਧੁਖ਼ਦੀਆਂ ਰਹਿ ਗਈਆਂ ਧੂਣੀਆਂ।
ਲੋਕਾਂ ਸਾਡਾ ਤਾਣਾ ਬਾਣਾ ਇਕੋ ਰੰਗ ਰੰਗਾਇਆ,
ਗ਼ਮ ਦੀ ਚਾਦਰ ਡੱਬ-ਖੜੱਬੀ ਤੰਦ ਵੱਖਰਾ ਤੈਂ ਪਾਇਆ।
 ਯਾਦਾਂ ਦਾ ਮੁੱਲ ਕੋਈ ਨਾ ਜਾਣੇ, ਸਾਡੇ ਨੈਣਾ ਨੇ ਮੁੱਲ ਪਾਏ,
ਜਿਨ੍ਹੀਂ ਰਾਹੀਂ ਤੂੰ ਲੰਘਿਆ ਸੈਂ, ਉਥੇ ਹੰਝੂਆਂ ਦੇ ਹੜ੍ਹ ਆਏ।

ਕਵੀ ਆਪਣੀ ਹਰ ਕਵਿਤਾ ਵਿਚ ਆਪਣੇ ਸਪੁੱਤਰ ਨੂੰ ਯਾਦ ਕਰਦਾ ਹੈ। ਆਮ ਤੌਰ ਤੇ ਅਜਿਹੇ ਵਿਛੋੜਿਆਂ ਵਿਚ ਇਕ ਦੋ ਕਵਿਤਾਵਾਂ ਲਿਖਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ ਪ੍ਰੰਤੂ ਕਰਨ ਅਜਾਇਬ ਸਿੰਘ ਨੇ ਹਰ ਕਵਿਤਾ ਅਤੇ ਗੀਤ ਨੂੰ ਬਿਰਹਾ ਦੇ ਨਾਲ ਜੋੜ ਦਿੱਤਾ ਹੈ। ਕਦੀ ਆਪਣੇ ਆਪ ਨੂੰ ਵਣਜਾਰੇ, ਅੱਖਾਂ, ਯਾਦਾਂ ਦੇ ਧਾਗੇ, ਨਦੀ ਆਦਿ ਕਹਿੰਦਾ ਹੋਇਆ ਲਿਖਦਾ ਹੈ-

ਕਿਵੇਂ ਸਮਝਾਈਏ ਦਿਲ ਝੱਲੇ ਨੂੰ, ਬਣ ਵਣਜਾਰੇ ਅਸੀਂ ਹਾਰਾਂ ਦੇ।
ਲੁੱਟਿਆ ਕਰਨ ਮੰਜ਼ਲ ਤੋਂ ਪਹਿਲਾਂ, ਕਿਵੇਂ ਤਾਰੀਏ ਮੁੱਲ ਉਪਕਾਰਾਂ ਦੇ।
ਅੱਖਾਂ ਦੇ ਵਿਚ ਇਸ਼ਕ ਇਲਾਹੀ, ਅੱਖਾਂ ਦੇ ਵਿਚ ਡੋਰੇ,
ਅੱਖਾਂ ਕੋਮਲ ਕਲੀਆਂ ਬਣੀਆਂ, ਬਣੇ ਦਿਲ ਉਡਾਰੂ ਭੌਰੇ।
ਅਸੀਂ ਤਾਂ ਦਾਸ ਅੱਖਾਂ ਦੇ ਹੋਏ, ਕਰਨ ਨੂੰ ਭਾਲਣ ਅੱਖਾਂ।
ਅੱਵਾਂ ਅੱਖਾਂ ਨੀ ਅੱਖਾਂ, ਤੁਹਾਨੂੰ ਰੱਬ ਦੀਆਂ ਰੱਖਾਂ।

ਭਾਵੇਂ ਇਹ ਕਾਵਿ ਸੰਗ੍ਰਹਿ ਮੁੱਖ ਤੌਰ ਤੇ ਕਵੀ ਨੇ ਆਪਣੇ ਸਪੁੱਤਰ ਦੀ ਯਾਦ ਵਿਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਪ੍ਰੰਤੂ ਇਸ ਵਿਚ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਅਤੇ ਰੋਮਾਂਸਵਾਦ ਨਾਲ ਸੰਬੰਧਤ ਵੀ ਹਨ। ਕਵੀ ਉਹੀ ਸਾਰਥਿਕ ਗਿਣਿਆਂ ਜਾਂਦਾ ਹੈ ਜਿਹੜਾ ਸਮਾਜਿਕ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਵੇ। ਰੋਮਾਂਟਿਕ ਕਵਿਤਾਵਾਂ ਵਿਚ ਵੀ ਲੋਕ ਭਲਾਈ ਦੇ ਮੁੱਿਦਆਂ ਨੂੰ ਵਿਸ਼ੇ ਬਣਾਵੇ। ਕਰਨ ਅਜਾਇਬ ਸਿੰਘ ਆਪਣੀਆਂ ਕਵਿਤਾਵਾਂ ਵਿਚ ਗ਼ਰੀਬੀ, ਭੁੱਖ ਮਰੀ, ਲਾਲਚ, ਫਰੇਬ, ਭਰਿਸ਼ਟਾਚਾਰ, ਪਰਵਾਸ, ਧਾਰਮਿਕ ਕੱਟੜਤਾ, ਸਿਆਸਤਦਾਨਾ ਦੇ ਲਾਰਿਆਂ ਬਾਰੇ ਭਾਰਤ ਮਾਂ ਕਵਿਤਾ ਵਿਚ ਕਵੀ ਲਿਖਦਾ ਹੈ-

ਕਿਵੇਂ ਆਖਾਂ ਤੇਰੇ ਮਗਰੂਰ ਰਹਿਬਰਾਂ ਨੂੰ, ਝੂਠੇ ਲਾਰਿਆਂ ਨਾਲ ਨਾ ਦੇਣ ਧੋਖਾ ਤੇਰੇ ਸਬਰਾਂ ਨੂੰ।
ਕੀ ਲਿਖਾਂ ਲਿਖਾਰੀਆਂ ਨੂੰ, ਅਫ਼ਸਰਾਂ ਤੇ ਅਧਿਕਾਰੀਆਂ ਨੂੰ, ਲੋਭੀ ਬਣੇ ਕਰਮਚਾਰੀਆਂ ਨੂੰ।
ਬਣੀਆਂ ਲਾ-ਇਲਾਜ ਬਿਮਾਰੀਆਂ ਨੂੰ, ਰਿਸ਼ਵਤ ਖ਼ੋਰੀ ਜਮ੍ਹਾ ਖ਼ੋਰੀ, ਲੁੱਟ ਮਾਰ ਟੈਕਸ ਚੋਰੀ।
ਜ਼ਬਰ ਜਨਾਹ ਭੁੱਖ ਮਰੀ, ਹਰ ਕਿਸੇ ਦੀ ਜ਼ਮੀਰ ਮਰੀ, ਕਿਧਰੇ ਰੇਸ਼ਮ ਕਿਧਰੇ ਤਨ ਲੀਰਾਂ।
ਘਰ ਘਰ ਰੋਣ ਤੇਰੀਆਂ ਹੀਰਾਂ, ਪੜ੍ਹੇ ਲਿਖੇ ਸਾਊ ਸੋਹਣੇ, ਵਿਦੇਸ਼ੀਂ ਜਾਣ ਘੱਤ ਵਹੀਰਾਂ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਰਨ ਅਜਾਇਬ ਸਿੰਘ ਦਾ ਪਲੇਠਾ ਕਦਮ ਸ਼ਲਾਘਾਯੋਗ ਹੈ, ਭਵਿਖ ਵਿਚ ਉਸ ਕੋਲੋਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਮੋਬਾਈਲ - 94178 13072

ਸਿੱਖ ਕੌਮ ਦੀ ਪਛਾਣ ਦਾ ਪ੍ਰਤੀਕ : ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ - ਉਜਾਗਰ ਸਿੰਘ

ਸੰਸਾਰ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅਸੰਭਵ ਹੋਵੇ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਅਤ ਸਾਫ, ਲਗਨ, ਦ੍ਰਿੜ੍ਹਤਾ ਅਤੇ ਇਰਾਦਾ ਮਜ਼ਬੂਤ ਹੋਵੇ। ਆਪਣੇ ਜੀਵਨ ਵਿਚ ਸਫਲ ਉਹ ਹੀ ਵਿਅਕਤੀ ਹੁੰਦਾ ਹੈ, ਜਿਹੜਾ ਉਸਰੂ ਰੁਚੀ ਦਾ ਮਾਲਕ ਹੋਵੇ ਅਤੇ ਨਿਸ਼ਾਨਾ ਮਿਥਿਆ ਹੋਵੇ। ਅਜਿਹਾ ਹੀ ਇਕ ਵਿਅਕਤੀ ਸੀ ਸੰਦੀਪ ਸਿੰਘ ਧਾਲੀਵਾਲ, ਜਿਸਨੇ ਆਪਣੇ ਮਨ ਵਿਚ ਠਾਣ ਲਿਆ ਸੀ ਕਿ ਉਹ ਸਿੱਖਾਂ ਦੀ ਪਛਾਣ ਬਣਾਉਣ ਲਈ ਸਾਬਤ ਸਰੂਪ ਸਿੱਖ ਹੁੰਦਾ ਹੋਇਆ ਅਮਰੀਕਾ ਦੀ ਪੁਲਿਸ ਵਿਚ ਨੌਕਰੀ ਕਰੇਗਾ। ਉਸਨੂੰ ਇਕ ਸਿੱਖ ਪਰਿਵਾਰ ਦੇ ਘਰ ਵਿਚ ਹੋਈ ਚੋਰੀ ਦੀ ਘਟਨਾ ਨੇ ਪੇ੍ਰਰਤ ਕੀਤਾ। ਪੁਲਿਸ ਨੇ ਘਰ ਦੇ ਮਾਲਕ ਜੋ ਕਿ ਅੰਮ੍ਰਿਤਧਾਰੀ ਸਿੱਖ ਸੀ, ਉਲਟਾ ਉਸ ਉਪਰ ਕੇਸ ਦਰਜ ਕਰ ਦਿੱਤਾ ਕਿਉਂਕਿ ਪੁਲਿਸ ਨੂੰ ਜਾਣਕਾਰੀ ਨਹੀਂ ਸੀ ਕਿ ਗਾਤਰਾ ਧਾਰਮਿਕ ਚਿੰਨ੍ਹ ਹੈ। ਫਿਰ ਪੁਲਿਸ ਗੁਰਦੁਆਰਾ ਸਾਹਿਬ ਵਿਚ ਆਈ ਅਤੇ ਸਿੱਖ ਨੌਜਵਾਨਾ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਕਿਹਾ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਕੋਈ ਗ਼ਲਤੀ ਨਾ ਹੋਵੇ। ਸੰਦੀਪ ਸਿੰਘ ਧਾਲੀਵਾਲ ਉਦੋਂ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੀ। ਉਦੋਂ ਹੀ ਉਸਨੇ ਪੁਲਿਸ ਵਿਚ ਭਰਤੀ ਹੋਣ ਦੀ ਠਾਣ ਲਈ। ਉਸ ਸਮੇਂ ਉਹ ਆਪਣੇ ਪਿਤਾ ਨਾਲ ਪੀਜੇ ਦੀ ਦੁਕਾਨ ਕਰਦਾ ਸੀ। ਉਹ ਸਭਿਆਚਾਰਕ ਸਰਗਰਮੀਆਂ ਵਿਚ ਵੀ ਹਿੱਸਾ ਲੈਂਦਾ ਅਤੇ ਭੰਗੜਾ ਬਹੁਤ ਵਧੀਆ ਪਾਉਂਦਾ ਸੀ। ਉਸਨੂੰ ਇਸ ਨਿਸ਼ਾਨੇ ਦੀ ਪੂਰਤੀ ਲਈ ਕਾਫੀ ਜਦੋਜਹਿਦ ਕਰਨੀ ਪਈ। ਉਸਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਪੁਲਿਸ ਵਿਭਾਗ ਨੇ 6 ਸਾਲ ਉਸਨੂੰ ਇਹ ਦਸਤਾਰ ਪਹਿਨਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਕਰਨ ਦੀ ਇਜਾਜ਼ਤ ਨਾ ਦਿੱਤੀ ਅਤੇ ਇਹ ਵੀ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਉਹ ਪਾਰਟ ਟਾਈਮ ਨੌਕਰੀ ਕਰ ਲਵੇ ਜੇਕਰ ਸਾਬਤ ਸਰੂਪ ਸਿੱਖ ਰਹਿੰਦਿਆਂ ਪੁਲਿਸ ਦੀ ਨੌਕਰੀ ਕਰਨੀ ਹੈ। ਪ੍ਰੰਤੂ ਉਸਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸਨੇ ਰੈਗੂਲਰ ਨੌਕਰੀ ਕਰਨੀ ਹੈ। ਕਈ ਤਰ੍ਹਾਂ ਦੇ ਇਤਰਾਜ਼ ਲਗਦੇ ਰਹੇ ਅਤੇ ਇਹ ਵੀ ਕਿਹਾ ਗਿਆ ਕਿ ਜਦੋਂ ਉਸਨੂੰ ਦੋਸ਼ੀਆਂ ਦੇ ਮਗਰ ਭੱਜਣਾ ਪਵੇਗਾ ਤਾਂ ਦਸਤਾਰ ਡਿਗ ਸਕਦੀ ਹੈ। ਮੂੰਹ ਤੇ ਮਾਸਕ ਪਾਉਣਾ ਵਿਚ ਦਾੜ੍ਹਾ ਰੋੜਾ ਬਣੇਗੀ। ਇਸ ਲਈ ਨੌਕਰੀ ਵਿਚ ਰੁਕਾਵਟ ਆਵੇਗੀ ਪ੍ਰੰਤੂ ਅਖੀਰ ਵਿਚ ਉਸ ਦੀਆਂ ਦਲੀਲਾਂ ਅਤੇ ਧਾਰਮਿਕ ਅਕੀਦੇ ਅੱਗੇ ਪੁਲਿਸ ਵਿਭਾਗ ਨੂੰ ਮੰਨਣਾ ਪਿਆ। ਪੁਲਿਸ ਵਿਭਾਗ ਨੇ ਮਹਿਸੂਸ ਕੀਤਾ ਕਿ ਇਕ ਸ਼ਹਿਰੀ ਨੂੰ ਆਪਣਾ ਸਰਵਿਸ ਕੈਰੀਅਰ ਜਾਂ ਧਾਰਮਿਕ ਵਿਸ਼ਵਾਸ ਰੱਖਣ ਵਿਚੋਂ ਇਕ ਨੂੰ ਚੁਣਨ ਲਈ ਕਹਿਣਾ ਜਾਇਜ਼ ਨਹੀਂ। ਜਿਸ ਕਰਕੇ ਉਸਨੂੰ ਦੋਵੇਂ ਬਾਕਾਇਦਾ ਰੱਖਣ ਦੀ ਇਜਾਜ਼ਤ ਦਿੱਤੀ ਗਈ। ਅਮਰੀਕਾ ਵਿੱਚ ਸਿੱਖਾਂ ਉਪਰ ਹੋਣ ਵਾਲੇ ਨਫ਼ਰਤੀ ਹਮਲਿਆਂ ਦੀ ਭੇਂਟ ਅਮਰੀਕਾ ਦੀ ਪੁਲਿਸ ਵਿਚ ਟੈਕਸਾਸ ਸਟੇਟ ਦੇ ਹੂਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ਵਿਚ ਸੇਵਾ ਨਿਭਾ ਰਿਹਾ ਉਹੀ ਵਿਅਕਤੀ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਬਣਿਆਂ ਜਿਹੜਾ ਪੂਰਨ ਸਾਬਤ ਸੂਰਤ ਸਿੱਖ ਰਹਿਕੇ ਸਿੱਖਾਂ ਦੀ ਪਛਾਣ ਬਣਾਉਣਾ ਚਾਹੁੰਦਾ ਸੀ। ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿਚ ਪਹਿਲਾ ਦਸਤਾਰ ਧਾਰੀ ਸਿੱਖ ਪੁਲਿਸ ਅਧਿਕਾਰੀ ਬਣਿਆਂ ਸੀ, ਜਿਸ ਕਰਕੇ ਸਿੱਖਾਂ ਦੀ ਪਛਾਣ ਦਾ ਉਹ ਪ੍ਰਤੀਕ ਬਣ ਗਿਆ ਸੀ। ਅਮਰੀਕਾ ਵਿਚ ਦਹਿਸ਼ਤਗਰਦਾਂ ਵੱਲੋਂ ਟਰੇਡ ਸੈਂਟਰ ਤੇ ਹਮਲਾ ਕਰਨ ਤੋਂ ਬਾਅਦ ਸਿੱਖਾਂ ਉਪਰ ਹੋਣ ਵਾਲੇ ਨਸਲੀ ਹਮਲਿਆਂ ਵਿਚ ਵਾਧਾ ਹੋ ਗਿਆ ਸੀ ਕਿਉਂਕਿ ਸਿੱਖਾਂ ਦੀ ਵੇਸਭੂਸਾ ਮੁਸਲਮਾਨਾ ਨਾਲ ਮਿਲਦੀ ਜੁਲਦੀ ਹੈ। ਸੰਦੀਪ ਸਿੰਘ ਧਾਲੀਵਾਲ ਪਿਛਲੇ 10 ਸਾਲਾਂ ਤੋਂ ਹੈਰਿਸ ਕਾਊਂਟੀ ਵਿਚ ਇਮਾਨਦਾਰੀ, ਲਗਨ, ਦ੍ਰਿੜ੍ਹਤਾ ਅਤੇ ਤਨਦੇਹੀ ਨਾਲ ਨੌਕਰੀ ਕਰ ਰਿਹਾ ਸੀ। ਉਸਦੀ ਵਿਲੱਖਣਤਾ ਇਹ ਸੀ ਕਿ ਉਹ ਅਮਰੀਕਾ ਵਿਚ ਪਹਿਲਾ ਦਸਤਾਰਧਾਰੀ ਅਤੇ ਦਾੜ੍ਹੀ ਵਾਲਾ ਸਿੱਖ ਰਹਿਤ ਮਰਿਆਦਾ ਅਨੁਸਾਰ ਜਾਬਤੇ ਵਿਚ ਰਹਿੰਦਿਆਂ ਪੁਲਿਸ ਵਿਚ ਨੌਕਰੀ ਕਰਨ ਵਾਲਾ ਪੁਲਿਸ ਅਧਿਕਾਰੀ ਸੀ। ਦੁੱਖ ਇਸ ਗੱਲ ਦਾ ਹੈ ਕਿ ਅਮਨ-ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦਾ ਅਨੁਆਈ ਅਧਿਕਾਰੀ ਹਿੰਸਾ ਦਾ ਸ਼ਿਕਾਰ ਹੋ ਗਿਆ।
2008 ਵਿਚ ਉਸਨੇ ਆਪਣੀ ਪੀਜਾ ਦੀ ਦੁਕਾਨ ਵੇਚ ਦਿੱਤੀ ਅਤੇ ਉਹ ਹੈਰਿਸ ਕਾਊਂਟੀ ਸ਼ੈਰਿਫ਼ ਦਫ਼ਤਰ ਵਿਚ ਡਿਟੈਨਸ਼ਨ ਅਧਿਕਾਰੀ ਨਿਯੁਕਤ ਹੋਇਆ ਸੀ। 2015 ਵਿਚ ਉਸਦੀ ਡਿਪਟੀ ਸ਼ੈਰਿਫ਼ ਦੇ ਤੌਰ ਤੇ ਤਰੱਕੀ ਹੋਈ ਸੀ।  ਉਸਨੇ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਹੀ ਤਾਂ ਕੀਤੀ ਸੀ ਤਾਂ ਜੋ ਸਿੱਖ ਦੀ ਪਛਾਣ ਬਣ ਸਕੇ। ਜਦੋਂ 2015 ਵਿਚ ਉਸਨੂੰ ਸਾਬਤ ਸੂਰਤ ਸਿੱਖ ਦੇ ਤੌਰ ਤੇ ਨੌਕਰੀ ਕਰਨ ਦੀ ਇਜਾਜ਼ਤ ਮਿਲੀ ਸੀ, ਉਦੋਂ ਵੀ ਉਹ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਇਆ ਸੀ। ਉਹ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਸਿੱਖਾਂ ਦੀ ਪਛਾਣ ਸਦੀਵੀ ਬਣਾ ਗਿਆ। ਦੁਰਘਟਨਾ ਵਾਲੇ ਦਿਨ ਵੀ ਉਸਨੇ ਸਾਈਪ੍ਰਸ ਇਲਾਕੇ ਵਿਲੈਂਸੀ ਕੋਰਟ 'ਚ ਇਕ ਚੌਰਾਹੇ ਵਿਚ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਸੀ। ਉਸਦੇ ਕਾਗਜ਼ ਚੈਕ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਰ ਵਲ ਆ ਰਿਹਾ ਸੀ ਤਾਂ  ਰੌਬਰਟ ਸਾਲਿਸ ਨਾਮ ਦੇ ਵਿਅਕਤੀ ਨੇ ਪਿਛਿਉਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। (47) ਸਾਲਾ ਨਾਮੀ ਮੁਜ਼ਰਮ ਰੌਬਰਟ ਸਾਲਿਸ 2017 ਵਿਚ ਪੈਰੋਲ ਤੇ ਆਇਆ ਸੀ, ਮੁੜਕੇ ਜੇਲ੍ਹ ਵਿਚ ਨਹੀਂ ਗਿਆ ਸੀ, ਜਿਸ ਕਰਕੇ ਉਹ ਪੁਲਿਸ ਦਾ ਭਗੌੜਾ ਸੀ। ਸੰਦੀਪ ਸਿੰਘ ਧਾਲੀਵਾਲ ਨੂੰ ਡਾਕਟਰੀ ਸਹਾਇਤਾ ਦੇਣ ਲਈ ਤੁਰੰਤ ਹੈਲੀਕਾਪਟਰ ਤੇ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸਨੂੰ ਬਚਾਇਆ ਨਾ ਸਕਿਆ। ਸੰਦੀਪ ਸਿੰਘ ਧਲੀਵਾਲ ਬਹੁਤ ਹੀ ਨਿਡਰ, ਬਹਾਦਰ, ਨਿਧੜਕ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਗੋਰੇ ਵੀ ਉਸਦਾ ਬਹੁਤ ਸਤਿਕਾਰ ਕਰਦੇ ਸਨ, ਖਾਸ ਤੌਰ ਤੇ ਗੋਰੇ ਬੱਚਿਆਂ ਵਿਚ ਉਹ ਬਹੁਤ ਹਰਮਨ ਪਿਆਰਾ ਸੀ। ਇਸ ਗੱਲ ਦੀ ਗਵਾਹੀ ਗੋਰਿਆਂ ਵੱਲੋਂ ਆਪਣੇ ਬੱਚਿਆਂ ਨਾਲ ਪਿਆਰ ਕਰਦਿਆਂ ਸੰਦੀਪ ਸਿੰਘ ਧਾਲੀਵਾਲ ਦੀਆਂ ਸ਼ੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਤਸਵੀਰਾਂ ਹਨ। ਉਹ ਹਰ ਰੋਜ਼ ਆਪਣੀ ਨੌਕਰੀ ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਜਾਂਦਾ ਸੀ। ਉਸਦੀ ਮੌਤ ਤੋਂ ਬਾਅਦ ਟੈਕਸਾਸ ਸਟੇਟ ਦਾ ਕੋਈ ਅਜਿਹਾ ਭਾਰਤੀ ਅਤੇ ਉਥੋਂ ਦੀ ਪੁਲਿਸ ਦਾ ਕਰਮਚਾਰੀ ਨਹੀਂ, ਜਿਸ ਦੀ ਅੱਖ ਵਿਚੋਂ ਅਥਰੂ ਨਾ ਕਿਰੇ ਹੋਣ। ਅਮਰੀਕਾ ਵਿਚ ਸਰਕਾਰੀ ਨੌਕਰੀ ਕਰ ਰਹੇ ਸਿੱਖ ਦੀ ਇਹ ਪਹਿਲੀ ਹੱਤਿਆ ਦੀ ਘਟਨਾ ਹੈ, ਜਿਸਨੇ ਅਮਰੀਕਾ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੀ ਵੰਨ ਸਵੰਨਤਾ ਦੀ ਨੀਤੀ ਦਾ ਪ੍ਰਤੀਕ ਸੀ। ਉਸਦੀ ਯਾਦ ਵਿਚ ਪੁਲਿਸ ਵਿਭਾਗ ਨੇ ਸਾਈਪ੍ਰਸ ਸ਼ਹਿਰ ਦੇ ਬੇਰੀ ਸੈਂਟਰ ਵਿਚ ਸੋਗ ਸਭਾ ਆਯੋਜਤ ਕੀਤੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ। ਖਾਲਸਾ ਏਡ ਇੰਗਲੈਂਡ ਤੋਂ ਰਵੀ ਸਿੰਘ ਸਮੇਤ ਸੰਸਾਰ ਦੇ ਲਗਪਗ ਸਾਰੇ ਦੇਸ਼ਾਂ ਵਿਚੋਂ ਪੁਲਿਸ ਅਤੇ ਫ਼ੌਜ ਦੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਸਕਾਰ ਦੇ ਮੌਕੇ ਤੇ ਪਹੁੰਚੇ ਹੋਏ ਸਨ। ਇਕ ਕਿਸਮ ਨਾਲ ਸਾਰੇ ਸੰਸਾਰ ਵਿਚ ਸੋਗ ਦੀ ਲਹਿਰ ਦੌੜ ਗਈ ਸੀ। ਉਹ ਸਿੱਖਾਂ ਦੀ ਪਛਾਣ ਦਾ ਸੰਸਾਰ ਵਿਚ ਪ੍ਰਤੀਕ ਬਣ ਗਿਆ ਹੈ। ਸ਼ਾਇਦ ਸੰਦੀਪ ਸਿੰਘ ਧਾਲੀਵਾਲ ਪਹਿਲਾ ਅਜਿਹਾ ਵਿਅਕਤੀ ਹੈ, ਜਿਸਦੀ ਹਿਰਦੇਵੇਦਿਕ ਮੌਤ ਤੋਂ ਬਾਅਦ ਅਮਰੀਕਾ ਦੇ ਗੋਰੇ ਵੀ ਧਾਹੀਂ ਰੋਏ ਹਨ। ਜਦੋਂ ਉਸਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਵਲ ਲਿਜਾਇਆ ਜਾ ਰਿਹਾ ਸੀ ਤਾਂ ਅਮਰੀਕਾ ਦੀ  ਘੋੜ ਸਵਾਰ ਅਤੇ ਮੋਟਰ ਸਾਈਕਲਾਂ ਤੇ ਪੁਲਸ ਦੇ ਸੈਂਕੜੇ ਕਰਮਚਾਰੀ ਤੇ ਅਧਿਕਾਰੀ ਅਗਵਾਈ ਕਰ ਰਹੇ ਸਨ। ਹਵਾਈ ਜਹਾਜਾਂ ਰਾਹੀਂ ਫੁਲਾਂ ਦੀ ਵਰਖਾ ਕੀਤੀ ਗਈ। ਮਜਲ ਦੇ ਪਿਛੇ ਸੈਂਕੜੇ ਕਾਰਾਂ ਵਿਚ ਪੁਲਿਸ ਅਧਿਕਾਰੀ ਅਤੇ ਸਿਵਲੀਅਨ ਜਾ ਰਹੇ ਸਨ। ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸੜਕ ਦੇ ਦੋਹੇ ਪਾਸੀਂ ਗੋਰੇ ਅਮਰੀਕਾ ਦਾ ਝੰਡਾ ਲੈ ਕੇ ਨਮ ਅੱਖਾਂ ਨਾਲ ਸੋਗ ਵਿਚ ਡੁੱਬੇ ਹੋਏ ਸੰਦੀਪ ਸਿੰਘ ਧਾਲੀਵਾਲ ਅਮਰ ਰਹੇ ਦੇ ਨਆਰੇ ਲਾ ਰਹੇ ਸਨ। ਉਸਦਾ ਪੂਰੇ ਸਰਕਾਰੀ ਸਨਮਾਨਾ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਸਸਕਾਰ ਕੀਤਾ ਗਿਆ। ਉਸਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਹੂਸਟਨ ਸਟੇਟ ਵਿਚ 2015 ਤੋਂ 49 ਪੁਲਿਸਮੈਨ ਨੌਕਰੀ ਦੌਰਾਨ ਮਾਰੇ ਗਏ ਸਨ ਪ੍ਰੰਤੂ ਇਤਨਾ ਮਾਣ ਸਨਮਾਨ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਮਿਲਿਆ। ਲੈਫ਼ਟੀਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਸੰਸਕਾਰ ਦੇ ਮੌਕੇ ਭਾਸ਼ਣ ਦੇਣ ਦੀ ਰਵਾਇਤ ਨਹੀਂ ਪ੍ਰੰਤੂ ਉਹ ਇਕ ਸੱਚੇ ਸੁੱਚੇ ਬਹਾਦਰ ਜਰਨੈਲ ਨੂੰ ਸ਼ਰਧਾਂਜਲੀ ਦੇਣ ਤੋਂ ਰਹਿ ਨਹੀਂ ਸਕਦਾ। ਹੂਸਟਨ ਸਟੇਟ ਨੇ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਤਾਜ਼ਾ ਰੱਖਣ ਲਈ ਹਰ ਸਾਲ 2 ਅਕਤੂਬਰ ਨੂੰ ਸੰਦੀਪ ਸਿੰਘ ਧਾਲੀਵਾਲ ਡੇਅ ਮਨਾਉਣ ਦਾ ਐਲਾਨ ਕੀਤਾ ਹੈ।
1995 ਵਿਚ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਸੰਦੀਪ ਸਿੰਘ ਧਾਲੀਵਾਲ ਆਪਣੇ ਪਿਤਾ ਕੋਲ ਆਪਣੀ ਮਾਂ ਅਤੇ ਦੋ ਭੈਣਾਂ ਦੇ ਨਾਲ ਅਮਰੀਕਾ ਆਇਆ ਸੀ। ਉਸਦਾ ਪਿਤਾ ਪਹਿਲਾਂ ਹੀ ਅਮਰੀਕਾ ਵਿਚ ਰਹਿੰਦਾ ਸੀ। ਉਸਦਾ ਜਨਮ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਸ੍ਰ.ਪਿਆਰਾ ਸਿੰਘ ਦੇ ਘਰ ਕਪੂਰਥਲਾ ਜਿਲ੍ਹੇ ਦੇ ਧਾਲੀਵਾਲ ਬੇਟ ਪਿੰਡ ਵਿਚ ਹੋਇਆ ਸੀ। ਆਪਦੀ ਮਾਤਾ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ। ਉਹ ਪਿਛਲੇ ਸਾਲ ਆਪਣੀ ਮਾਤਾ ਦੀਆਂ ਅਸਥੀਆਂ ਪਾਉਣ ਲਈ ਭਾਰਤ ਆਇਆ ਸੀ। ਇਸ ਸਾਲ 13 ਅਕਤੂਬਰ ਨੂੰ ਵੀ ਉਸਨੇ ਆਪਣੇ ਪਿੰਡ ਦੀਵਾਲੀ ਮਨਾਉਣ ਲਈ ਆਉਣਾ ਸੀ, ਜਿਸ ਲਈ ਟਿਕਟਾਂ ਬੁਕ ਕਰਵਾ ਲਈਆਂ ਸਨ ਪ੍ਰੰਤੂ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੰਦੀਪ ਸਿੰਘ ਧਾਲੀਵਾਲ ਜਿਥੇ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ ਲਈ ਜਾਣਿਆਂ ਜਾਂਦਾ ਹੈ, ਉਥੇ ਉਹ ਸਮਾਜ ਸੇਵਕ ਵੀ ਸੀ। ਉਹ ਅਮਰੀਕਾ ਵਿਚ ਹਰ ਕੁਦਰਤੀ ਆਫ਼ਤ ਦੇ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਦੋਸਤਾਂ ਮਿਤਰਾਂ ਨਾਲ ਬਹੁੜਦਾ ਸੀ। ਜਦੋਂ 2017 ਵਿਚ ਹਿਊਸਟਨ ਵਿਚ ਹੜ੍ਹ ਆਏ ਸਨ ਤਾਂ ਸਿਆਟਲ ਤੋਂ ਯੂਨਾਈਟਡ ਸਿੱਖਸ ਸੰਸਥਾ ਦੇ ਨੁਮਾਇਦੇ ਪੀੜਤਾਂ ਦੀ ਮਦਦ ਲਈ ਆਏ ਸਨ ਤਾਂ ਉਦੋਂ ਹੀ ਉਹ ਇਸ ਸੰਸਥਾ ਨਾਲ ਜੁੜ ਗਿਆ ਸੀ। ਹੜ੍ਹ ਪੀੜਤਾਂ ਦੀ ਮਦਦ ਲਈ ਉਹ ਖੁਦ ਟਰੱਕਾਂ ਵਿਚ ਸਾਮਾਨ ਲੱਦਕੇ ਪੀੜਤਾਂ ਦੀ ਮਦਦ ਕਰਦਾ ਰਿਹਾ। ਉਸਦੀ ਅਜਿਹੀ ਨਿਸ਼ਕਾਮ ਸੇਵਾ ਨੇ ਉਦੋਂ ਅਮਰੀਕਾ ਦੇ ਨੈਸ਼ਨਲ ਟੈਲੀਵਿਜ਼ਨਜ਼ ਵਿਚ ਉਸਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਸਨ। ਪਿਛੇ ਜਹੇ ਵੀ ਯੂਨਾਈਟਡ ਸਿੱਖਸ ਸੰਸਥਾ ਦੇ ਕਾਰਕੁਨਾ ਨਾਲ ਪੈਟਰਿਕ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰੀ ਨੌਕਰੀ ਤੋਂ ਛੁਟੀਆਂ ਲੈ ਕੇ ਗਿਆ ਸੀ। ਉਹ ਆਪਣੇ ਪਿੰਡ ਦੀਆਂ ਦੋ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਰਿਹਾ ਸੀ। ਉਹ ਆਪਣੇ ਪਿਛੇ ਪਿਤਾ ਪਿਆਰਾ ਸਿੰਘ, ਪਤਨੀ ਹਰਵਿੰਦਰ ਕੌਰ ਅਤੇ ਇਕ ਪੰਜ ਸਾਲ ਦਾ ਲੜਕਾ ਤੇ ਦੋ ਲੜਕੀਆਂ ਛੱਡ ਗਿਆ ਹੈ। ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਤੋਂ ਬਾਅਦ ਜਿਤਨਾ ਮਾਨ ਸਨਮਾਨ ਉਸਨੂੰ ਅਮਰੀਕੀਆਂ ਅਤੇ ਭਾਰਤੀਆਂ ਨੇ ਦਿੱਤਾ ਹੈ, ਉਹ ਆਪਣੀ ਮਿਸਾਲ ਆਪ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com 

 ਹਿੰਦੂ, ਹਿੰਦੀ ਅਤੇ ਹਿੰਦੋਸਤਾਨ ਦਾ ਨਾਅਰਾ:ਰਾਜਾਂ ਦੀਆਂ ਮਾਤ ਭਾਸ਼ਾਵਾਂ ਲਈ ਖ਼ਤਰਨਾਕ - ਉਜਾਗਰ ਸਿੰਘ

ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ। ਹਰ ਭਾਸ਼ਾ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਮਹੱਤਤਾ ਹੁੰਦੀ ਹੈ ਪ੍ਰੰਤੂ ਮਾਤ ਭਾਸ਼ਾ ਸਭ ਤੋਂ ਪਹਿਲਾਂ ਹੁੰਦੀ ਹੈ। ਪੰਜਾਬੀ ਹਿੰਦੀ ਨਾਲੋਂ ਬਹੁਤ ਪੁਰਾਣੀ ਭਾਸ਼ਾ ਹੈ। ਹਿੰਦੀ ਨੇ ਪੰਜਾਬੀ ਅਤੇ ਸੰਸਕ੍ਰਿਤ ਤੋਂ ਬਹੁਤ ਸਾਰੇ ਅੱਖਰ ਲੈ ਕੇ ਅਪਣਾਏ ਹਨ। ਹਿੰਦੀ 18ਵੀਂ ਸਦੀ ਤੱਕ ਆਪਣੇ ਆਪ ਵਿਚ ਕੋਈ ਬੋਲੀ ਨਹੀਂ ਸੀ ਪ੍ਰੰਤੂ ਜਦੋਂ ਦੇਵਨਾਗਰੀ ਲਿਪੀ ਬਣੀ ਤਾਂ, ਬ੍ਰਜ ਭਾਸ਼ਾ, ਖਾੜੀ, ਪਾਲੀ, ਗੁਜਰਾਤੀ ਹਿੰਦੁਸਤਾਨੀ, ਸੰਸਕ੍ਰਿਤ, ਰਾਜਸਥਾਨੀ, ਭੋਜਪੁਰੀ, ਪੰਜਾਬੀ ਅਤੇ ਹੋਰ ਬੋਲੀਆਂ ਵਿਚੋਂ ਸ਼ਬਦ ਲੈ ਕੇ ਹਿੰਦੀ ਬਣ ਗਈ। ਭਾਰਤ ਦੇ ਸਾਰੇ ਰਾਜਾਂ ਵਿਚ ਆਪੋ ਆਪਣੀਆਂ ਰਾਜ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਿੰਦੀ ਥੋੜ੍ਹੇ ਰਾਜਾਂ ਵਿਚ ਬੋਲੀ ਜਾਂਦੀ ਹੈ। ਪੰਜਬੀ ਬਾਬਾ ਫਰੀਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬੋਲੀ ਜਾਂਦੀ ਹੈ। ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ  ਜੀ ਨੇ ਪੰਜਾਬੀ ਨੂੰ ਨਿਖ਼ਾਰਿਆ ਅਤੇ ਗੁਰਮੁਖੀ ਲਿਪੀ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਪੰਜਾਬੀ ਬਾਰੇ ਕਿਹਾ ਸੀ-
                 ਘਰ ਘਰ ਮੀਆਂ, ਸਭਨਾ ਜੀਆਂ, ਬੋਲੀ ਅਵੁਰ ਤੁਮਾਰੀ।
     ਪੰਜਾਬੀ ਭਾਸ਼ਾ ਅਮੀਰ ਹੈ। ਇਹ ਗੱਲ ਵੱਖਰੀ ਹੈ ਕਿ ਇਸਦਾ ਹਾਜਮਾ ਵੀ ਬਹੁਤ ਮਜ਼ਬੂਤ ਹੈ ਕਿਉਂਕਿ ਇਸਨੇ ਹੋਰ ਭਾਸ਼ਾਵਾਂ ਨੂੰ ਸ਼ਬਦ ਦਿੱਤੇ ਅਤੇ ਲਏ ਵੀ ਹਨ। ਪੂਰਬੀ ਪੰਜਾਬ, ਪੱਛਵੀਂ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਪੰਜਾਬੀ ਆਮ ਬੋਲੀ ਜਾਂਦੀ ਹੈ। ਪੰਜਾਬੀ ਸੰਸਾਰ ਦੇ ਲਗਪਗ 150 ਦੇਸ਼ਾਂ ਵਿਚ ਬੋਲੀ ਜਾਂਦੀ ਹੈ। ਇਸ ਬੋਲੀ ਨੂੰ ਗੁਰੂਆਂ, ਪੀਰਾਂ ਅਤੇ ਮਹਾਂ ਪੁਰਸ਼ਾਂ ਨੇ ਇਸ ਵਿਚ ਸ਼ਰਬਤ ਵਰਗੇ ਸ਼ਬਦਾਂ ਦੀ ਮਿਠਾਸ ਘੋਲ ਕੇ ਸੰਗੀਤਮਈ ਬਣਾ  ਦਿੱਤਾ ਹੈ। ਜਦੋਂ ਕੁਝ ਲੋਕ ਇਸ ਬੋਲੀ ਦੀ ਦੁਰਵਰਤੋਂ ਕਰਕੇ ਕਰੂਰਤਾ ਵਾਲੀ ਸ਼ਬਦਾਵਲੀ ਬੋਲਦੇ ਹਨ ਤਾਂ ਇਹ ਬੋਲੀ ਦਾ ਕਸੂਰ ਨਹੀਂ ਸਗੋਂ ਬੋਲਣ ਅਤੇ ਲਿਖਣ ਵਾਲੇ ਦੀ ਨੀਯਤ ਵਿਚ ਖੋਟ ਹੁੰਦੀ ਹੈ। ਪੰਜਾਬੀਆਂ ਵਿਚ ਵੀ ਬਹੁਤ ਸਾਰੇ ਗੁਣ ਅਤੇ ਔਗੁਣ ਹਨ। ਉਨ੍ਹਾਂ ਵਿਚੋਂ ਵੀ ਕੁਝ ਭੱਦਰ ਪੁਰਸ਼ ਪੰਜਾਬੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਪੰਜਾਬੀ ਲੋਕ ਭਾਵਨਾਤਮਿਕ ਹੋਣ ਕਰਕੇ ਅਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ, ਉਸ ਸਮੇਂ ਭਾਵਨਾਵਾਂ ਵਿਚ ਬੈਠਕੇ ਉਹ ਵੀ ਕਈ ਵਾਰ ਗ਼ਲਤ ਅਪਸ਼ਬਦ ਬੋਲ ਜਾਂਦੇ ਹਨ। ਜਿਵੇਂ ਗੁਰਦਾਸ ਮਾਨ ਬਾਰੇ ਹੋਇਆ ਅਤੇ ਗੁਰਦਾਸ ਮਾਨ ਨੇ ਕੀਤਾ ਹੈ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਪਰਜਾਤੰਤਰਿਕ ਪ੍ਰਣਾਲੀ ਵਾਲਾ ਦੇਸ਼ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਨੇਕਤਾ ਵਿਚ ਏਕਤਾ ਹੈ। ਵੱਖ-ਵੱਖ ਧਰਮਾ, ਜ਼ਾਤਾਂ, ਬੋਲੀਆਂ, ਰੀਤੀ ਰਿਵਾਜਾਂ ਅਤੇ ਵਿਚਾਰਧਾਰਾਵਾਂ ਵਾਲੇ ਲੋਕ ਰਹਿੰਦੇ ਹਨ। ਵਿਭਿੰਨਤਾ ਹੋਣ ਦੇ ਬਾਵਜੂਦ ਸਾਰੇ ਇਕ ਦੇਸ਼ ਵਿਚ ਫੁੱਲਾਂ ਦੇ ਗੁਲਦਸਤੇ ਦੀ ਤਰ੍ਹਾਂ ਹਨ, ਜਿਨ੍ਹਾਂ ਦੀ ਵੱਖੋ ਵੱਖਰੀ ਖ਼ੁਸ਼ਬੂ ਮਹਿਕਾਂ ਖਿਲਾਰਦੀ ਹੈ। ਇਹੋ ਭਾਰਤ ਦੀ ਖ਼ੂਬਸੂਰਤੀ ਹੈ। ਅਚਾਨਕ ਹਿੰਦੀ ਦਿਵਸ ਦੇ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ.ਅਮਿਤ ਸ਼ਾਹ ਵੱਲੋਂ ਇੱਕ ਧਰਮ, ਇੱਕ ਦੇਸ਼ ਅਤੇ ਇਕ ਰਾਸ਼ਟਰ ਭਾਸ਼ਾ ਦੀ ਵਕਾਲਤ ਕਰਨਾ ਦੇਸ਼ ਦੇ ਰਾਜਾਂ ਦੀਆਂ ਮਾਤ ਭਾਸ਼ਾਵਾਂ ਲਈ ਖ਼ਤਰੇ ਦੀ ਘੰਟੀ ਹੈ। ਭਾਵੇਂ ਬਾਅਦ ਵਿਚ ਉਨ੍ਹਾਂ ਆਪਣਾ ਸ਼ਪਸ਼ਟੀਕਰਨ ਵੀ ਦੇ ਦਿੱਤਾ। 1950 ਵਿਚ ਜਦੋਂ ਭਾਰਤ ਦੇ ਸੰਵਿਧਾਨ ਘਾੜਿਆਂ ਨੇ ਦੇਸ਼ ਦਾ ਆਪਣਾ ਸੰਵਿਧਾਨ ਤਿਆਰ ਕਰਕੇ ਲਾਗੂ ਕੀਤਾ ਸੀ ਤਾਂ ਉਨ੍ਹਾਂ ਰਾਸ਼ਟਰ ਦੀ ਕੋਈ ਇਕ ਭਾਸ਼ਾ ਨਿਸਚਤ ਨਹੀਂ ਕੀਤੀ ਸੀ। ਉਸ ਮੀਟਿੰਗ ਵਿਚ ਸ਼ਿਆਮਾ ਪ੍ਰਸਾਦਿ ਮੁਕਰਜੀ ਜੋ ਬਾਅਦ ਵਿਚ ਜਾ ਕੇ ਜਨ ਸੰਘ ਦੇ ਪ੍ਰਧਾਨ ਬਣੇ ਸਨ, ਉਹ ਵੀ ਮੌਜੂਦ ਸਨ। ਉਸ ਸਮੇਂ ਉਨ੍ਹਾਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਨੂੰ ਥੋੜ੍ਹੇ ਸਮੇਂ ਲਈ ਸੰਪਰਕ ਭਾਸ਼ਾਵਾਂ ਦੇ ਤੌਰ ਤੇ ਮਾਣਤਾ ਦਿੱਤੀ ਸੀ ਕਿਉਂਕਿ ਭਾਰਤ ਦੇ ਸਾਰੇ ਸੂਬਿਆਂ ਦੀਆਂ ਆਪੋ ਆਪਣੀਆਂ ਮਾਤ ਭਾਸ਼ਾਵਾਂ, ਸਭਿਆਚਾਰ, ਧਰਮ, ਜ਼ਾਤਾਂ, ਜੀਵਨ ਵਿਚਾਰਧਾਰਾਵਾਂ, ਸਮਾਜਿਕ, ਆਰਥਿਕ, ਰਸਮੋ ਰਿਵਾਜ, ਪਹਿਰਾਵੇ ਅਤੇ ਭੂਗੋਲਿਕ ਖਿਤਿਆਂ ਅਨੁਸਾਰ ਵਿਭਿੰਨਤਾਵਾਂ ਸਨ। ਅਰਥਾਤ ਭਾਰਤ ਬਹੁ-ਭਾਸ਼ੀ, ਬਹੁ-ਕੌਮੀ, ਬਹੁ-ਸਭਿਆਚਾਰ ਅਤੇ ਬਹੁ-ਧਰਮੀ ਦੇਸ਼ ਹੈ। ਜੇਕਰ ਲੋੜ ਹੁੰਦੀ ਤਾਂ ਉਹ ਕਿਸੇ ਇਕ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾ ਸਕਦੇ ਸਨ। ਇਸ ਲਈ ਸੰਵਿਧਾਨ ਦੇ ਘਾੜਿਆਂ ਨੇ ਹਿੰਦੀ ਦੇ ਨਾਲ ਅੰਗਰੇਜ਼ੀ ਨੂੰ ਸੰਪਰਕ ਭਾਸ਼ਾ ਬਣਾ ਦਿੱਤਾ ਸੀ। ਕੇਂਦਰੀ ਅਤੇ ਰਾਜਾਂ ਦੀਆਂ ਸਰਕਾਰੀ ਚਿੱਠੀ ਪੱਤਰ ਅੰਗਰੇਜ਼ੀ ਜਾਂ ਹਿੰਦੀ ਵਿੱਚ ਕਰ ਸਕਦੀਆਂ ਹਨ। ਪਿਛਲੇ 60 ਸਾਲਾਂ ਤੋਂ ਦੇਸ ਵਿਚ ਹਿੰਦੀ ਅਤੇ ਅੰਗਰੇਜੀ ਨੂੰ ਸੰਪਰਕ ਭਾਸ਼ਾਵਾਂ ਦੇ ਤੌਰ ਤੇ ਮੰਨਿਆਂ ਜਾ ਰਿਹਾ ਹੈ ਪ੍ਰੰਤੂ ਹੁਣ ਕੇਂਦਰ ਸਰਕਾਰ ਨੂੰ ਭਾਰਤੀਆਂ ਤੇ ਇਕ ਭਾਸ਼ਾ ਤੇ ਇੱਕ ਧਰਮ ਠੋਸਣ ਦੀ ਕੀ ਲੋੜ ਪੈਦਾ ਹੋ ਗਈ? ਇਹ ਗੱਲ ਪੰਜਾਬੀਆਂ ਨੂੰ ਰੜਕਦੀ ਹੈ। ਭਾਰਤ ਵਿਚ 22 ਰਾਜਾਂ ਦੀਆਂ ਭਾਸ਼ਾਵਾਂ ਸੰਵਿਧਾਨ ਵਿਚ ਪ੍ਰਮਾਣਤ ਕੀਤੀਆਂ ਗਈਆਂ ਹਨ, ਪੰਜਾਬੀ ਤੇ ਹਿੰਦੀ ਉਨ੍ਹਾਂ ਵਿਚ ਸ਼ਾਮਲ ਹਨ। ਇਹ 22 ਭਾਸ਼ਾਵਾਂ ਹੀ ਰਾਸ਼ਟਰੀ ਭਾਸ਼ਾਵਾਂ ਹਨ। ਸੰਸਾਰ ਵਿਚ 7000 ਦੇ ਲਗਪਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੰਜਾਬੀ ਦਾ ਸਥਾਨ ਸੰਸਾਰ ਵਿਚ 10ਵੇਂ ਨੰਬਰ ਤੇ ਹੈ। ਕੈਨੇਡਾ, ਆਸਟਰੇਲੀਆ ਦੇ ਕਈ ਸੂਬਿਆਂ ਵਿਚ ਵੀ ਪੰਜਾਬੀ ਦੂਜੀ ਭਾਸ਼ਾ ਦੇ ਤੌਰ ਤੇ ਮੰਨੀ ਜਾਂਦੀ ਹੈ। ਪਿਛੇ ਜਹੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਕ ਬਿਆਨ ਵਿਚ ਇੱਕ ਧਰਮ, ਇੱਕ ਦੇਸ਼ ਅਤੇ ਇੱਕ ਭਾਸ਼ਾ ਦਾ ਬਿਆਨ ਦਾਗ਼ ਦਿੱਤਾ, ਜਿਸਨੇ ਪੰਜਾਬੀਆਂ ਦੇ ਮਨਾਂ ਵਿਚ ਖਦਸ਼ਾ ਪੈਦਾ ਕਰ ਦਿੱਤਾ। ਅਜਿਹੇ ਪਹਿਲਾਂ ਵੀ ਕਈ ਉਪਰਾਲੇ ਹੋਏ ਹਨ ਪ੍ਰੰਤੂ ਪੰਜਾਬੀਆਂ ਦੇ ਵਿਰੋਧ ਕਰਕੇ ਸਫਲਤਾ ਨਹੀਂ ਮਿਲੀ। ਪੰਜਾਬ ਵਿਚ ਮਰਦਮ ਸ਼ੁਮਾਰੀ ਮੌਕੇ ਰਾਸ਼ਟਰੀ ਸਵਾਇਮ ਸੇਵਕ ਸੰਘ ਦੇ ਪ੍ਰਤੀਨਿਧਾਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਲਿਖਵਾਕੇ ਹਿੰਦੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਜਾਬੀ ਤਾਂ ਅਜੇ ਸੰਜਮ ਵਰਤ ਰਹੇ ਸਨ ਪ੍ਰੰਤੂ ਪੰਜਾਬੀ ਦੇ ਸਰਵੋਤਮ ਮੰਨੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਹਰਜਿੰਦਰ ਸਿੰਘ ਥਿੰਦ ਨਾਲ ਇਕ ਰੇਡੀਓ ਇੰਟਰਵਿਊ ਵਿਚ ਇਕ ਸਵਾਲ ਦੇ ਜਵਾਬ ਵਿਚ ਕਹਿ ਦਿੱਤਾ ਕਿ ਇਸ ਵਿਚ ਕੋਈ ਮਾੜੀ ਗੱਲ ਨਹੀਂ, ਜੇਕਰ ਹਿੰਦੀ ਨੂੰ ਦੂਜੇ ਰਾਜਾਂ ਦੇ ਲੋਕਾਂ ਨਾਲ ਗਲਬਾਤ ਕਰਨ ਲਈ ਵਰਤਿਆ ਜਾਵੇ। ਉਸਨੇ ਉਦਾਹਰਣ ਦਿੱਤੀ ਕਿ ਜੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਇਤਨਾ ਸਤਿਕਾਰ ਦਿੰਦੇ ਹਾਂ ਤਾਂ ਮਾਸੀ ਅਰਥਾਤ ਹਿੰਦੀ ਨੂੰ ਕਿਉਂ ਇਤਨੀ ਮਾਣਤਾ ਨਹੀਂ ਦਿੰਦੇ? ਇਸਦੇ ਨਾਲ ਹੀ ਉਹ ਇਹ ਵੀ ਕਹਿ ਗਿਆ ਕਿ ਇਕ ਦੇਸ਼ ਵਿਚ ਇਕ ਭਾਸ਼ਾ ਹੋਣੀ ਚਾਹੀਦੀ ਹੈ। ਉਸਨੂੰ ਇਹ ਵੀ ਪਤਾ ਨਹੀਂ ਕਿ ਹਿੰਦੀ ਤਾਂ ਪਹਿਲਾਂ ਹੀ ਸੰਪਰਕ ਭਾਸ਼ਾ ਹੈ। ਉਸਨੂੰ ਇਸ ਬਿਆਨ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਕਿਉਂਕਿ ਉਹ ਕਿਹੜਾ ਭਾਸ਼ਾ ਵਿਗਿਆਨੀ ਹੈ। ਉਸਨੂੰ ਜਦੋਂ ਜਾਣਕਾਰੀ ਨਹੀਂ ਸੀ ਤਾਂ ਅਜਿਹਾ ਵਾਦਵਿਵਾਦ ਵਾਲਾ ਬਿਆਨ ਦੇਣਾ ਨਹੀਂ ਚਾਹੀਦਾ ਸੀ। ਉਸਦਾ ਬਿਆਨ ਸੁਣਨ ਪੜ੍ਹਨ ਵਾਲੇ ਪੰਜਾਬੀ ਪ੍ਰੇਮੀਆਂ ਅਤੇ ਵਿਦਵਾਨਾ ਨੇ ਇਹ ਸਮਝ ਲਿਆ ਕਿ ਉਸਦਾ ਬਿਆਨ ਗ੍ਰਹਿ ਮੰਤਰੀ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਾ ਹੈ। ਐਵੇਂ ਬਾਤ ਦਾ ਬਤੰਗੜ੍ਹ ਬਣ ਗਿਆ। ਸ਼ਪਸ਼ਟੀਕਰਨ ਦੇਣ ਲੱਗਿਆਂ ਪੰਜਾਬੀ ਨੂੰ ਮਾਂ ਬੋਲੀ ਪੜ੍ਹਨ ਤੇ ਬੋਲਣ ਦੀ ਵਕਾਲਤ ਕਰ ਗਿਆ ਪ੍ਰੰਤੂ ਹਿੰਦੀ ਨੂੰ ਫਿਰ ਦੇਸ਼ ਦੀ ਭਾਸ਼ਾ ਬਣਾਉਣ ਦੀ ਗੱਲ ਕਰ ਗਿਆ। ਇਸ ਬਿਆਨ ਤੇ ਵਾਦਵਿਵਾਦ ਅਜੇ ਠੰਡਾ ਨਹੀਂ ਸੀ ਹੋਇਆ ਕਿ ਕੈਨੇਡਾ ਵਿਚ ਉਹ ਇੱਕ ਆਪਣੇ ਪ੍ਰੋਗਰਾਮ ਵਿਚ ਪੰਜਾਬੀਆਂ ਵੱਲੋਂ ਕੀਤੇ ਵਿਰੋਧ ਕਰਕੇ ਭੜਕ ਪਿਆ ਅਤੇ ਮੁਜ਼ਾਹਰਾ ਕਰਨ ਵਾਲੇ ਪੰਜਾਬੀ ਦੇ ਨਾਵਲਕਾਰ ਗੁਰਚਰਨ ਸਿੰਘ ਸੁਜੋ ਨੂੰ ਸ਼ਰੇਆਮ ਸਟੇਜ ਤੋਂ ਅਪਸ਼ਬਦ ਬੋਲ ਬੈਠਿਆ, ਜਿਸਦੀ ਉਸ ਕੋਲੋਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ। ਉਸਦੇ ਅਪਸ਼ਬਦਾਂ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਜਿਸ ਕਰਕੇ ਪੰਜਾਬ ਦੇ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਉਸ ਵਿਰੁਧ ਇਕ ਲਹਿਰ ਬਣ ਗਈ। ਇਤਨੇ ਵੱਡੇ ਕਲਾਕਾਰ ਦਾ ਭੜਕ ਕੇ ਅਪਸ਼ਬਦ ਬੋਲਣਾ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਗੁਰਦਾਸ ਮਾਨ ਪੰਜਾਬੀ ਦਾ ਸਰਵੋਤਮ ਗਾਇਕ ਹੈ। ਉਸਨੇ ਪੰਜਾਬੀ ਨੂੰ ਅੰਤਰਾਸ਼ਟਰੀ ਪੱਧਰ ਤੇ ਮਾਣਤਾ ਦਿਵਾਈ ਹੈ। ਇਉਂ ਲਗਦਾ ਕਿ ਉਸਦੀ ਜ਼ੁਬਾਨ ਗੋਤਾ ਖਾ ਗਈ।  ਆਮ ਤੌਰ ਤੇ ਸੈਲੀਵਰਿਟੀ ਭਾਵੇਂ ਕਿਸੇ ਖੇਤਰ ਦੇ ਹੋਣ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਇਕ ਸਭਿਅਕ ਵਿਅਕਤੀ ਨੇ ਅਸਭਿਅਕ ਵਾਦਵਿਵਾਦ ਖੜ੍ਹਾ ਕਰ ਦਿੱਤਾ। ਖਾਮਖਾਹ ਉਨ੍ਹਾਂ ਪੰਜਾਬੀਆਂ ਨਾਲ ਪੰਗਾ ਸਹੇੜ ਲਿਆ  ਜਿਨ੍ਹਾਂ ਨੇ ਉਸਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਧਨ ਦੌਲਤ, ਸ਼ੋਹਰਤ ਅਤੇ ਪ੍ਰਸੰਸਾ ਇਨਸਾਨ ਦੀ ਮਾਨਸਿਕਤਾ ਗੰਧਲੀ ਕਰ ਦਿੰਦੀ ਹੈ। ਸ਼ੋਹਰਤ ਨੂੰ ਬਰਕਰਾਰ ਰੱਖਣਾ ਸੰਤੁਲਤ ਵਿਅਕਤੀ ਦਾ ਕੰਮ ਹੁੰਦਾ ਹੈ। ਇਉਂ ਲੱਗਦਾ ਹੈ ਕਿ ਉਹ ਆਪਣੀ ਸ਼ੋਹਰਤ ਨੂੰ ਪਚਾ ਨਹੀਂ ਸਕਿਆ। ਪਤਾ ਨਹੀਂ ਉਸਨੂੰ ਅਜਿਹਾ ਬਿਆਨ ਦਾਗ਼ਣ ਦੀ ਕੀ ਮਜ਼ਬੂਰੀ ਸੀ? ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਵੀ ਸੰਜੀਦਗੀ ਤੋਂ ਕੰਮ ਲੈਣ ਖਾਮਖਾਹ ਸ਼ੋਸ਼ਲ ਮੀਡੀਆ 'ਤੇ ਗ਼ਲਤ ਸ਼ਬਦਾਵਲੀ ਵਰਤਕੇ ਗੁਰਦਾਸ ਮਾਨ ਦੇ ਹੁਣ ਤੱਕ ਪਾਏ ਯੋਗਦਾਨ ਨੂੰ ਅਣਡਿਠ ਨਾ ਕਰਨ। ਆਪਣੀਆਂ ਪ੍ਰਤੀਕਿਰਿਆਵਾਂ ਦੇਣ ਸਮੇਂ ਸਖਤ ਸ਼ਬਦਾਵਲੀ ਵਰਤਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਨਾ ਕਰਨ। ਸ਼ਾਸ਼ਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਹਨ। ਪਾਕਿਸਤਾਨ ਵਿਚ ਵਸਣ ਵਾਲੇ ਸ਼ਾਇਰ ਉਸਤਾਦ ਦਾਮਨ ਨੂੰ ਜਦੋਂ ਉਥੋਂ ਦੇ ਸ਼ਾਸ਼ਕਾਂ ਨੇ ਪੰਜਾਬੀ ਦੀ ਥਾਂ ਉਰਦੂ ਬੋਲਣ ਤੇ ਲਿਖਣ ਲਈ ਕਿਹਾ ਤਾਂ ਉਸਨੇ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਲਿਖਿਆ ਸੀ-
       ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
       ਗੋਦੀ ਜਿਦ੍ਹੀ ਵਿਚ ਪਲਕੇ ਜਵਾਨ ਹੋਇਓਂ, ਉਹ ਮਾਂ ਛੱਡਦੇ ਗਰਾਂ ਛੱਡਦੇ।
       ਜੇ ਪੰਜਾਬੀ, ਪੰਜਾਬੀ ਈ ਕੂਕਣਾ ਏ, ਜਿਥੇ ਖਲਾ ਖਲੋਤਾ ਏਂ ਥਾਂ ਛੱਡਦੇ।
       ਮੈਨੂੰ ਇੰਝ ਲੱਗਦਾ, ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।
       ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿਚ ਕਿਤਾਬਾਂ ਦੇ ਤਣਦੀ ਰਹੇਗੀ।
       ਇਹਦਾ ਪੁੱਤ ਹਾਂ, ਇਹਦੇ ਤੋਂ ਦੁੱਧ ਮੰਗਣਾ, ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
       ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ, ਦਿਨ ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
       ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
           ਪੰਜਾਬੀਆਂ ਨੂੰ ਉਸਤਾਦ ਦਾਮਨ ਤੋਂ ਹੀ ਸਬਕ ਸਿੱਖਣਾ ਚਾਹੀਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਪੰਜਾਬ ਦੇ ਪਾਣੀਆਂ ਤੇ ਡਾਕਾ:ਸਤਲੁਜ ਜਮਨਾ ਨਹਿਰ ਬਨਾਮ : ਸ਼ਾਰਦਾ ਜਮਨਾ ਨਹਿਰ - ਉਜਾਗਰ ਸਿੰਘ

ਕੇਂਦਰ ਵਿਚ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਹੋਵੇ ਉਹ ਹਮੇਸ਼ਾ ਹੀ ਨਹਿਰੀ ਪਾਣੀ ਦੀ ਵੰਡ ਕਰਦਿਆਂ ਪੰਜਾਬ ਨਾਲ ਘੋਰ ਵਿਤਕਰਾ ਕਰਦੀ ਰਹਿੰਦੀ ਹੈ। ਹਰਿਆਣਾ ਭਾਵੇਂ ਪੰਜਾਬ ਵਿਚੋਂ ਨਿਕਲਿਆ ਹੈ ਪ੍ਰੰਤੂ ਇਸਨੂੰ ਦਰਿਆਈ ਪਾਣੀਆਂ ਦਾ ਹਿੱਸਾ ਕਿਸੇ ਤਰ੍ਹਾਂ ਵੀ ਮਿਲ ਨਹੀਂ ਸਕਦਾ ਕਿਉਂਕਿ ਇਸ ਵਿਚੋਂ ਕੋਈ ਵੀ ਦਰਿਆ ਨਹੀਂ ਲੰਘਦਾ। ਇਸੇ ਤਰ੍ਹਾਂ ਰਾਜਸਥਾਨ ਅਤੇ ਦਿੱਲੀ ਵੀ ਰਿਪੇਰੀਅਨ ਰਾਜ ਨਹੀਂ ਹਨ। ਕੇਂਦਰ ਸਰਕਾਰ ਨੇ ਫਿਰ ਵੀ  ਹਰਿਆਣਾ ਨੂੰ ਸਤਲੁਜ ਜਮਨਾ ਨਹਿਰ ਕੱਢਕੇ ਪਾਣੀ ਦੇਣ ਦਾ ਅਫਲਾਤੂਨ ਫ਼ੈਸਲਾ ਕਰ ਦਿੱਤਾ ਸੀ, ਜਿਸਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਚੈਲੰਜ ਕਰ ਦਿੱਤਾ ਸੀ। ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇਂ ਨਹਿਰ ਦੀ ਉਸਾਰੀ ਲਈ 100 ਕਰੋੜ ਦੀ ਪਹਿਲੀ ਕਿਸ਼ਤ ਹਰਿਆਣਾ ਤੋਂ ਲੈ ਲਈ। 29 ਜਨਵਰੀ 1955 ਦੇ ਸਮਝੌਤੇ ਅਧੀਨ ਪੰਜਾਬ ਨੂੰ 5.9 ਐਮ.ਏ.ਐਫ, ਪੈਪਸੂ ਨੂੰ 1.3, ਰਾਜਸਥਾਨ ਨੂੰ 8 ਅਤੇ ਕਸ਼ਮੀਰ ਨੂੰ 065 ਐਮ.ਏ.ਐਫ ਦੀ ਵੰਡ ਕਰ ਦਿੱਤੀ। 1956 ਵਿਚ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤੇ ਪੰਜਾਬ ਦਾ ਪਾਣੀ 7.2 ਐਮ.ਏ.ਐਫ ਹੋ ਗਿਆ। 1966 ਵਿਚ ਪੰਜਾਬ ਵਿਚੋਂ ਹਰਿਆਣਾ ਬਣ ਗਿਆ। ਹਰਿਆਣਾ ਨੇ ਪੰਜਾਬ ਤੋਂ 4.8 ਪਾਣੀ ਦੀ ਮੰਗ ਕਰ ਦਿੱਤੀ। ਪੰਜਾਬ ਨੇ ਇਹ ਕਹਿਕੇ ਹਰਿਆਣਾ ਦੀ ਮੰਗ ਰੱਦ ਕਰ ਦਿੱਤੀ ਕਿ ਉਹ ਰਿਪੇਰੀਅਨ ਰਾਜ ਨਹੀਂ ਹੈ। ਇਹ ਰੇੜਕਾ 10 ਸਾਲ ਚਲਦਾ ਰਿਹਾ। 1976 ਵਿਚ ਐਮਰਜੈਂਸੀ ਦੌਰਾਨ ਕੇਂਦਰ ਸਰਕਾਰ ਨੇ ਐਗਜੈਕਟਿਵ ਆਰਡਰ ਕਰਕੇ ਪੰਜਾਬ ਨੂੰ 4.8, ਹਰਿਆਣਾ ਨੂੰ 3.5, ਰਾਜਸਥਾਨ ਨੂੰ 8 ਅਤੇ ਦਿੱਲੀ ਨੂੰ 0.2 ਐਮ.ਏ.ਐਫ ਪਾਣੀ ਦੀ ਵੰਡ ਕਰ ਦਿੱਤੀ। 1977 ਵਿਚ ਅਕਾਲੀ ਦਲ ਦੀ ਸਰਕਾਰ ਆ ਗਈ ਤੇ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਾਣੀ ਦੀ ਵੰਡ ਨੂੰ ਚੈਲੰਜ ਕਰ ਦਿੱਤਾ ਅਤੇ ਨਾਲ ਹੀ ਚੌਧਰੀ ਦੇਵੀ ਲਾਲ ਮੁੱਖ ਮੰਤਰੀ ਹਰਿਆਣਾ ਦੀ ਪਰਕਾਸ਼ ਸਿੰਘ ਬਾਦਲ ਨਾਲ ਦੋਸਤੀ ਕਰਕੇ ਪੰਜਾਬ ਸਰਕਾਰ ਨੇ 100 ਕਰੋੜ ਰੁਪਿਆ ਹਰਿਆਣੇ ਦਾ ਨਹਿਰ ਦੀ ਪੁਟਾਈ ਲਈ ਸਵੀਕਾਰ ਕਰ ਲਿਆ ਅਤੇ ਜ਼ਮੀਨ ਅਕੁਆਇਰ ਕਰ ਲਈ।  ਹਰਿਆਣਾ ਨੇ 1980 ਤੱਕ ਹਰਿਆਣਾ ਵਿਚ ਨਹਿਰ ਮੁਕੰਮਲ ਕਰ ਲਈ। ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੇ 1980 ਵਿਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਜ਼ੋਰ ਪਾ ਕੇ ਸਾਲਸੀ ਕਰਨ ਲਈ ਸੁਪਰੀਮ ਕੋਰਟ ਵਿਚੋਂ ਪੰਜਾਬ ਤੋਂ ਕੇਸ ਵਾਪਸ ਕਰਵਾ ਲਿਆ ਅਤੇ ਪੰਜਾਬ ਦਾ ਹਿੱਸਾ ਮਾਮੂਲੀ ਵਧਾਕੇ 4.22 ਐਮ.ਏ.ਐਫ ਕਰ ਦਿੱਤਾ। ਸ੍ਰ.ਦਰਬਾਰਾ ਸਿੰਘ ਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਬੇੜੀ ਵਿਚ ਵੱਟੇ ਪਾਏ। ਜੇ ਉਹ ਕੇਸ ਵਾਪਸ ਨਾ ਲੈਂਦਾ ਤਾਂ ਪੰਜਾਬ ਦੀ ਜਿੱਤ ਯਕੀਨੀ ਸੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਪਟਿਆਲਾ ਜਿਲ੍ਹੇ ਦੇ ਕਪੂਰੀ ਪਿੰਡ ਵਿਚ ਇਸ ਨਹਿਰ ਦੀ ਪੁਟਾਈ ਦਾ ਨੀਂਹ ਪੱਥਰ 8 ਅਪ੍ਰੈਲ 1982 ਨੂੰ ਰੱਖ ਦਿੱਤਾ। ਉਸ ਦਿਨ ਤੋਂ ਹੀ ਅਕਾਲੀ ਦਲ ਨੇ ਵਿਰੋਧ ਦਾ ਝੰਡਾ ਗੱਡ ਦਿੱਤਾ ਸੀ। ਅਕਾਲੀ ਦਲ ਦਾ ਇਹ ਵਿਰੋਧ ਧਰਮ ਯੁੱਧ ਮੋਰਚੇ ਵਿਚ ਬਦਲ ਗਿਆ, ਜਿਸਨੇ ਪੰਜਾਬ ਨੂੰ ਅੱਤਵਾਦ ਦੀ ਹਨ੍ਹੇਰੀ ਵਿਚ ਝੋਕ ਦਿੱਤਾ। 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣ ਗਈ ਉਨ੍ਹਾਂ ਨਹਿਰ ਦੀ ਪੁਟਾਈ ਸ਼ੁਰੂ ਕਰਵਾ ਦਿੱਤੀ। 24 ਜੁਲਾਈ 1985 ਨੂੰ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਸਮਝੌਤਾ ਹੋ ਗਿਆ। ਸਮਝੌਤੇ ਤੋਂ 20 ਦਿਨ ਬਾਅਦ ਹਰਚੰਤ ਸਿੰਘ ਲੌਂਗੋਵਾਲ ਦਾ ਕਤਲ ਹੋ ਗਿਆ। 2 ਅਪ੍ਰੈਲ 1986 ਨੂੰ ਬਾਲਾਕਰਿਸ਼ਨ ਇਰਾਦੀ ਟਰਬਿਊਨਲ ਬਣਾ ਦਿੱਤਾ, ਜਿਸਨੇ ਹਰਿਆਣਾ ਅਤੇ ਰਾਜਸਥਾਨ ਦੇ ਕਲੇਮ ਦਾ ਫ਼ੈਸਲਾ ਕਰਨਾ ਸੀ। 30 ਜਨਵਰੀ 1987 ਨੂੰ ਇਰਾਦੀ ਟਰਬਿਊਨਲ ਦੀ ਰਿਪੋਰਟ ਆ ਗਈ ਜਿਸਨੇ ਪੰਜਾਬ ਨੂੰ 5 ਅਤੇ ਹਰਿਆਣਾ ਨੂੰ 3.5 ਐਮ.ਏ.ਐਫ ਪਾਣੀ ਦੇ ਦਿੱਤਾ। ਅਤਵਾਦ ਦੀ ਹਨ੍ਹੇਰੀ ਨੇ ਭਾਖੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬੀ.ਐਨ.ਕੁਮਾਰ, ਇੱਕ ਮੁੱਖ ਇੰਜਿਨੀਅਰ ਅਤੇ ਬਲਵੰਤ ਸਿੰਘ ਸਾਬਕਾ ਅਕਾਲੀ ਮੰਤਰੀ ਸਮੇਤ ਅਨੇਕਾਂ ਬੇਗੁਨਾਹਾਂ ਦੀਆਂ ਕੁਰਬਾਨੀਆਂ ਲਈਆਂ। ਕੇਂਦਰ ਸਰਕਾਰ ਨੂੰ ਸਾਰੇ ਹਾਲਾਤ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕਿ ਜੇ ਪੰਜਾਬ ਵਿਚ ਨਹਿਰ ਦੀ ਉਸਾਰੀ ਹੋਈ ਤਾਂ ਫਿਰ ਖ਼ੂਨ ਦੀਆਂ ਨਦੀਆਂ ਵਹਿਣ ਦਾ ਖ਼ਦਸ਼ਾ ਬਣਿਆਂ ਰਹੇਗਾ, ਫਿਰ ਵੀ ਉਹ ਇਸ ਨਹਿਰ ਨੂੰ ਬਣਾਉਣ ਲਈ ਬਜਿਦ ਰਹੀ। 1999 ਵਿਚ ਹਰਿਆਣਾ ਨੇ ਨਹਿਰ ਮੁਕੰਮਲ ਕਰਨ ਲਈ ਸੁਪਰੀਮ ਕੋਰਟ ਵਿਚ ਕੇਸ ਕਰ ਦਿੱਤਾ ਜਿਸਦੀ ਤਲਵਾਰ ਅਜੇ ਵੀ ਪੰਜਾਬ ਤੇ ਲਟਕਦੀ ਹੈ। 12 ਜੁਲਾਈ 2004 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿਚ ''ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ 2004'' ਪਾਸ ਕਰਕੇ ਸਾਰੇ ਸਮਝੱਤੇ ਰੱਦ ਕਰ ਦਿੱਤੇ। ਪ੍ਰੰਤੂ ਫਿਰ ਵੀ ਕੇਂਦਰ ਸਰਕਾਰ ਹਰਿਆਣੇ ਨੂੰ ਨਹਿਰੀ ਪਾਣੀ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਭਾਵੇਂ ਸਤਲੁਜ ਜਮਨਾ ਲਿੰਕ ਨਹਿਰ ਰਾਹੀਂ 'ਤੇ ਭਾਵੇਂ ਸ਼ਾਰਦਾ ਜਮਨਾ ਲਿੰਕ ਨਹਿਰ ਰਾਹੀਂ ਹੋਵੇ। ਅੱਜ ਕਲ੍ਹ ਯੂ ਟਿਊਬ ਤੇ ਇਕ ਵੀਡੀਓ ਚਲ ਰਹੀ ਹੈ, ਜਿਸ ਵਿਚ ਇਕ ਕਾਲਮ ਨਵੀਸ ਗੁਰਪ੍ਰੀਤ ਸਿੰਘ ਮੰਡਿਆਣੀ ਇਹ ਦੱਸ ਰਹੇ ਹਨ ਕਿ ਬਾਦਲ ਸਰਕਾਰ ਨੇ 2015 ਵਿਚ ਹਰਿਆਣੇ ਨੂੰ ਬਦਲਵੇਂ ਢੰਗ ਰਾਹੀਂ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਦੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 2015 ਵਿਚ ਹਰਿਆਣਾ ਨੂੰ ਅਸਿਧੇ ਢੰਗ ਨਾਲ ਗੁਪਤ ਸਮਝੌਤਾ ਕਰਕੇ ਭਾਖੜਾ ਦੀ ਨਰਵਾਣਾ ਬਰਾਂਚ ਵਿਚੋਂ ਪੰਜਾਬ ਤੇ ਹਰਿਆਣਾ ਦੀ ਸਰਹੱਦ ਤੇ ਸਰਾਲਾ ਪਿੰਡ ਤੋਂ ਅੱਗੇ ਹਰਿਆਣਾ ਦੇ ਇਸਮਾਈਲਾਬਾਦ ਪਿੰਡ ਕੋਲੋਂ ਨਰਵਾਣਾ ਬਰਾਂਚ ਵਿਚੋਂ ਪਾਣੀ ਡਾਈਵਰਟ ਕਰਕੇ ਹਰਿਆਣਾ ਵਿਚ ਬਣੀ ਐਸ.ਵਾਈ.ਐਲ ਨਹਿਰ ਵਿਚ ਪਾ ਦਿੱਤਾ ਹੈ। ਦੂਜੇ ਪਾਸੇ ਖਨੌਰੀ ਕੋਲੋਂ ਹਰਿਆਣਾ ਵਿਚ ਜਾਂਦੀ ਭਾਖੜਾ ਮੇਨ ਲਾਈਨ ਨਹਿਰ ਵਿਚੋਂ ਖਨੌਰੀ ਤੋਂ 30 ਕਿਲੋਮੀਟਰ ਦੂਰ ਘੋੜਸ਼ਾਮ ਪਿੰਡ ਕੋਲੋਂ ਹਰਿਆਣਾ ਨੂੰ ਪਾਣੀ ਡਾਈਵਰਟ ਕਰ ਦਿੱਤਾ। ਭਾਖੜਾ ਮੇਨ ਲਾਈਨ ਵਿਚ ਪਾਣੀ ਪਹਿਲਾਂ ਹੀ ਜ਼ਿਆਦਾ ਸੀ, ਇਸ ਲਈ ਹੋਰ ਪਾਣੀ ਛੱਡਣ ਲਈ ਉਸਦੇ ਕੰਢੇ ਡੇਢ ਫੁੱਟ ਉਚੇ ਕਰਨ ਦਾ ਕੰਮ ਬਾਦਲ ਸਰਕਾਰ ਨੇ ਹਰਿਆਣਾ ਤੋਂ ਪੈਸੇ ਲੈ ਕੇ 2015 ਵਿਚ ਸ਼ੁਰੂ ਕਰ ਦਿੱਤਾ ਸੀ। ਇਹ ਸਾਰਾ ਕੰਮ ਗੁਪਤ ਰੱਖਿਆ ਗਿਆ। ਪਤਾ ਉਦੋਂ ਲੱਗਾ ਜਦੋਂ ਹਰਿਆਣਾ ਦੇ ਸਾਬਕਾ ਵਿਤ ਮੰਤਰੀ ਪ੍ਰੋਫ਼ੈਸਰ ਸੰਪਤ ਸਿੰਘ ਨੇ ਆਰ.ਟੀ.ਆਈ.ਰਾਹੀਂ ਹਰਿਆਣਾ ਸਰਕਾਰ ਤੋਂ ਜਾਣਕਾਰੀ ਮੰਗੀ ਕਿ ਹਰਿਆਣਾ ਵਿਚ ਜਿਹੜੀਆਂ ਨਹਿਰਾਂ ਬਣਨੀਆਂ ਸਨ, ਉਨ੍ਹਾਂ ਦੀ ਕੀ ਪੋਜੀਸ਼ਨ ਹੈ? ਹਰਿਆਣਾ ਸਰਕਾਰ ਨੇ ਉਸਦੀ ਆਰ.ਟੀ.ਆਈ.ਦੇ ਜਵਾਬ ਵਿਚ ਦੱਸਿਆ ਕਿ ਇਹ ਕੰਮ ਚਲ ਰਿਹਾ ਹੈ। ਹਰਿਆਣਾ ਨੂੰ ਪਹਿਲਾਂ ਹੀ ਭਾਖੜਾ ਮੈਨੇਜਮੈਂਟ ਬੋਰਡ ਨਰਵਾਣਾ ਬਰਾਂਚ ਅਤੇ ਭਾਖੜਾ ਮੇਨ ਲਾਈਨ ਰਾਹੀਂ ਪਾਣੀ ਮਿਲ ਰਿਹਾ ਹੈ। ਕੰਢੇ ਉਚੇ ਕਰਨ ਲਈ ਹਰਿਆਣਾ ਨੇ ਪੰਜਾਬ ਸਰਕਾਰ ਨੂੰ ਪੈਸੇ ਦੇ ਦਿੱਤੇ ਹਨ। ਇਸ ਸਾਰੇ ਪ੍ਰਾਜੈਕਟ ਦੀ ਪ੍ਰਵਾਨਗੀ ਕੇਂਦਰੀ ਵਾਟਰ ਕਮਿਸ਼ਨ ਤੋਂ ਮਿਲ ਚੁੱਕੀ ਹੈ। ਜਦੋਂ ਇਸ ਗੱਲ ਦੀ ਸੂਹ ਪੰਜਾਬ ਦੇ ਸਿਆਸਤਦਾਨਾ ਨੂੰ ਲੱਗੀ ਤਾਂ ਪੰਜਾਬ ਵਿਧਾਨ ਸਭਾ ਵਿਚ ਰੌਲਾ ਪਿਆ ਤਾਂ ਉਦੋਂ ਦੇ ਪੰਜਾਬ ਸਰਕਾਰ ਦੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਕੰਢੇ ਇਸ ਲਈ ਉਚੇ ਚੁੱਕੇ ਜਾ ਰਹੇ ਹਨ ਕਿਉਂਕਿ ਨਹਿਰ ਵਿਚ ਗਾਦ ਪੈ ਗਈ ਹੈ, ਉਹ ਕੱਢਣੀ ਹੈ। ਉਨ੍ਹਾਂ ਇਹ ਵੀ ਕਿਹਾ ਬਠਿੰਡਾ ਜਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਵਿਚ ਪਾਣੀ ਦੇਣਾ ਹੈ। ਇਸਦੀ ਪੜਤਾਲ ਕਰਵਾਉਣ ਲਈ ਇੱਕ ਮੁੱਖ ਇੰਜਿਨੀਅਰ ਦੀ ਅਗਵਾਈ ਵਿਚ ਤਿੰਨ ਮੈਂਬਰੀ ਪੜਤਾਲ ਕਮੇਟੀ ਕਾਹਨ ਸਿੰਘ ਪੰਨੂੰ ਉਦੋਂ ਸਕੱਤਰ ਸਿੰਜਾਈ ਨੇ ਬਣਾਈ ਸੀ। ਉਸ ਕਮੇਟੀ ਦੀ ਰਿਪੋਰਟ ਦੀ ਕੋਈ ਉਘ ਸੁਘ ਨਹੀਂ। ਉਦੋਂ ਪੰਜਾਬ ਦੇ ਮੁੱਖ ਸਕੱਤਰ ਨੇ ਕਿਹਾ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੇ ਅਧੀਨ ਨਹੀਂ ਹੈ। ਉਹ ਖਨੌਰੀ ਅਤੇ ਸਰਾਲਾ ਹੈਡ ਵਰਕਸ ਤੋਂ ਆਪਣੀ ਮਰਜੀ ਨਾਲ ਪਾਣੀ ਛੱਡ ਰਿਹਾ ਹੈ। ਇਸ ਤੋਂ ਸ਼ਪਸ਼ਟ ਹੈ ਕਿ ਕੇਂਦਰ ਸਰਕਾਰ ਹਰਿਆਣਾ ਦੇ ਹਿੱਤ ਪੂਰ ਰਹੀ ਹੈ। ਪੰਜਾਬ ਦੇ ਲੋਕ ਸਮਝ ਰਹੇ ਹਨ ਕਿ ਉਨ੍ਹਾਂ ਦਾ ਪਾਣੀ ਹਰਿਆਣੇ ਨੂੰ ਐਸ.ਵਾਈ.ਐਲ ਰਾਹੀਂ ਦਿੱਤਾ ਨਹੀਂ ਜਾ ਰਿਹਾ ਅਤੇ ਨਾ ਹੀ ਦਿੱਤਾ ਜਾਵੇਗਾ ਪ੍ਰੰਤੂ ਅਸਲੀਅਤ ਕੁਝ ਹੋਰ ਹੀ ਹੈ। ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਪੱਬਾਂ ਭਾਰ ਹੋਈ ਪਈ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਜੋ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਹੈ, ਸਿਆਸੀ ਤਾਕਤ ਵਿਚ ਰਹਿਣ ਲਈ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਨੂੰ ਦਰਕਿਨਾਰ ਕਰਕੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਦਾ ਗੁਪਤ ਸਮਝੌਤਾ ਕਰ ਬੈਠਾ ਹੈ।
     ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਨੂੰ ਨਹਿਰੀ ਪਾਣੀ ਦੇਣ ਲਈ 35 ਹਜ਼ਾਰ ਕਰੋੜ ਰੁਪਏ ਦੀ ਉਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੋਂ ਸ਼ਾਰਦਾ ਦਰਿਆ ਵਿਚੋਂ ਟਨਕਪੁਰ ਕੋਲੋਂ ਬੰਨ੍ਹ ਮਾਰਕੇ ਇਕ ਨਹਿਰ ਕੱਢਣ ਦਾ ਪ੍ਰਾਜੈਕਟ ਕੇਂਦਰ ਸਰਕਾਰ ਨੇ ਤਿਆਰ ਕੀਤਾ ਹੈ। ਇਹ ਨਹਿਰ ਉਤਰਾਖੰਡ ਤੇ ਉਤਰ ਪ੍ਰਦੇਸ਼ ਦੇ ਮੁਜੱਫਰਨਗਰ ਕੋਲੋਂ ਹੁੰਦੀ ਹੋਈ ਹਰਿਆਣਾ ਦੇ ਕਰਨਾਲ ਕੋਲ ਜਮਨਾ ਦਰਿਆ ਵਿਚ ਪੈਣੀ ਹੈ। ਉਥੋਂ ਹਰਿਆਣਾ, ਰਾਜਸਥਾਨ ਵਿਚੋਂ ਹੁੰਦੀ ਹੋਈ ਗੁਜਰਾਤ ਵਿਚ ਜਾ ਕੇ ਖ਼ਤਮ ਹੋਣੀ ਹੈ। ਇਸ ਨਹਿਰ ਦੀ ਲੰਬਾਈ 480 ਕਿਲੋਮੀਟਰ, ਚੌੜਾਈ ਸ਼ਰੂ ਵਿਚ 55 ਮੀਟਰ ਅਤੇ ਅਖ਼ੀਰ ਵਿਚ 44 ਮੀਟਰ ਰਹਿ ਜਾਣੀ ਹੈ। ਇਸ ਨਹਿਰ ਦੀ ਡੂੰਘਾਈ 7.8 ਮੀਟਰ ਹੋਵੇਗੀ। ਸ਼ਾਰਦਾ ਨਹਿਰ ਜਮਨਾ ਦਰਿਆ ਵਿਚ ਕਰਨਾਲ ਕੋਲ 9.84 ਐਮ.ਏ.ਐਫ਼. ਪਾਣੀ ਪਾਵੇਗੀ। ਸ਼ੁਰੂ ਵਿਚ ਇਸਦੀ ਸਮਰੱਥਾ 24845 ਕਿਊਸਕ ਪਾਣੀ ਅਤੇ ਅਖ਼ੀਰ ਵਿਚ 20 ਹਜ਼ਾਰ ਕਿਊਸਕ ਹੋਵੇਗੀ। ਪੰਜਾਬ ਵਾਲੀ ਸਤਲੁਜ ਜਮਨਾ ਲਿੰਕ ਨਹਿਰ ਦੀ ਸਮਰੱਥਾ ਸਿਰਫ਼ 5000 ਕਿਊਸਕ ਹੈ। ਭਾਵ ਸ਼ਾਰਦਾ ਨਹਿਰ ਵਿਚੋਂ ਪੰਜਾਬ ਦੀ ਸਤਲੁਜ ਜਮਨਾ ਨਹਿਰ ਵਰਗੀਆਂ 4 ਨਹਿਰਾਂ ਨਿਕਲ ਸਕਦੀਆਂ ਹਨ। ਕੇਂਦਰ ਸਰਕਾਰ ਦੇ ਸਰਕਾਰੀ ਰਿਕਾਰਡ ਅਨੁਸਾਰ ਇਸ ਨਹਿਰ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਹੈ। ਸ਼ਾਰਦਾ ਦਰਿਆ ਵਿਚੋਂ ਟਨਕਪੁਰ ਤੋਂ ਕਰਨਾਲ ਤੱਕ ਬਣਨ ਵਾਲੀ ਨਹਿਰ ਦਾ ਨਾਮ ਸ਼ਾਰਦਾ ਜਮੁਨਾ ਨਹਿਰ ਰੱਖਿਆ ਹੈ। ਕਰਨਾਲ ਤੋਂ ਰਾਜਸਥਾਨ ਦੇ ਅੱਧ ਤੱਕ ਦੇ ਹਿੱਸੇ ਦਾ ਨਾਮ ਜਮੁਨਾ ਰਾਜਸਥਾਨ ਲਿੰਕ ਨਹਿਰ ਰੱਖਿਆ ਗਿਆ ਹੈ। ਤੀਜਾ ਹਿੱਸਾ ਜਿਹੜਾ ਰਾਜਸਥਾਨ ਤੋਂ ਗੁਜਰਾਤ ਤੱਕ ਹੈ, ਉਸਦਾ ਨਾਮ ਸਾਬਰਮਤੀ ਲਿੰਕ ਨਹਿਰ ਰੱਖਿਆ ਗਿਆ ਹੈ। ਐਨ.ਡਬਲਿਊ.ਡੀ.ਏ.ਦੇ ਨਾਮ ਥੱਲੇ ਇਕ ਨਕਸ਼ਾ ਪ੍ਰਕਾਸ਼ਤ ਹੋਇਆ ਮਿਲਦਾ ਹੈ ਜੋ ਕੇਂਦਰ ਸਰਕਾਰ ਦੀ ''ਨੈਸ਼ਨਲ ਵਾਟਰ ਡਿਵੈਲਪਮੈਂਟ ਅਥਾਰਟੀ'' ਦਾ ਹੋ ਸਕਦਾ ਹੈ। ਨਕਸ਼ਾ ਇਹ ਵੀ ਸਾਫ ਕਰ ਦਿੰਦਾ ਹੈ ਕਿ ਉਸ ਨਹਿਰ ਨੇ ਕਿਹੜੇ ਇਲਾਕੇ ਵਿਚੋਂ ਲੰਘਣਾ ਹੈ ਤੇ ਉਥੋਂ ਪਾਣੀ ਦੇ ਰਜਵਾਹੇ ਕਿਥੋਂ ਕੱਢਣੇ ਹਨ। ਜਦੋਂ ਨਹਿਰ ਨੇ ਹਰਿਆਣਾ ਵਿਚੋਂ ਲੰਘਣਾ ਹੈ ਤਾਂ ਉਸਨੂੰ ਪਾਣੀ ਕਿਉਂ ਨਹੀਂ ਦਿੱਤਾ ਜਾਵੇਗਾ? ਵੈਸੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇਗਾ, ਇਸਦਾ ਸਬੂਤ 21 ਜੁਲਾਈ 2016 ਨੂੰ ਇਕ ਸਵਾਲ ਨੰਬਰ-77 ਜੋ ਹਰਿਆਣਾ ਤੋਂ ਲੋਕ ਸਭਾ ਦੇ ਮੈਂਬਰ ਧਰਮਵੀਰ ਅਤੇ ਮਹਾਰਾਸ਼ਟਰ ਦੇ ਮਾਲੇਗਾਓਂ ਲੋਕ ਸਭਾ ਹਲਕੇ ਦੇ ਮੈਂਬਰ ਹਰੀਸ਼ ਚੰਦਰ ਨੇ ਲੋਕ ਸਭਾ ਵਿਚ ਕੀਤਾ ਸੀ, ਉਸਦੇ ਜਵਾਬ ਵਿਚ ਉਦੋਂ ਦੀ ਕੇਂਦਰੀ ਸਿੰਜਾਈ ਮੰਤਰੀ ਓਮਾ ਭਾਰਤੀ ਨੇ ਇਕ ਲੰਮਾ ਚੌੜਾ ਲਿਖਤੀ ਜਵਾਬ ਦਿੱਤਾ ਜੋ ਸਾਰੇ ਦੇਸ਼ ਦੇ ਦਰਿਆਵਾਂ ਦੇ ਇੰਟਰਲਿੰਕਿੰਗ ਦੇ ਸੰਬੰਧ ਵਿਚ ਸੀ ਦੇ ਵਿਚ ਦੱਸਿਆ ਗਿਆ ਸੀ ਕਿ ਹਰਿਆਣਾ ਤੇ ਰਾਜਸਥਾਨ ਨੂੰ ਜਮੁਨਾ-ਰਾਜਸਥਾਨ ਨਹਿਰ ਦਾ ਲਾਭ ਹੋਵੇਗਾ। ਸਾਬਰਮਤੀ ਲਿੰਕ ਨਹਿਰ ਦਾ ਲਾਭ ਰਾਜਸਥਾਨ ਤੇ ਗੁਜਰਾਤ ਨੂੰ ਹੋਵੇਗਾ। ਉਹ ਸਾਰਾ ਰਿਕਾਰਡ ਲੋਕ ਸਭਾ ਵਿਚ ਮੌਜੂਦ ਹੈ।


ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com