ਮਨ ਕੀ ਬਾਤ - ਸ਼ਿਵਨਾਥ ਦਰਦੀ
ਤੂੰ ਬਾਹਰ ਕੀ ਲੱਭਦਾ ਫਿਰਦਾ ਏ ,
ਕਦੇ ਅੰਦਰ ਮਾਰ ਤੂੰ ਝਾਤ ,
ਫਿਰ ਉਚੇ ਨੀਵੇਂ ਦੀ ਸਮਝੇਗਾ ,
ਸੱਜਣਾ ਮਨ ਕੀ ਤੂੰ ਬਾਤ ।
ਹੀਰੇ ਸੁੱਟ ਕੇ , ਕੱਚ ਨੂੰ ਚੁੱਕਦਾ ,
ਵਿਚ ਚੁਰਾਹੇ ਜਾ ਕੇ ਤੂੰ ਰੁੱਕਦਾ ,
ਓਹ ਤੇਰੀ ਮੰਜ਼ਿਲ ਨਹੀਂ ਸੱਜਣਾ ,
ਜਿਥੇ ਕੱਟਦਾ ਜਾ ਕੇ ਰਾਤ ।
ਤੂੰ ਬਾਹਰ ......................
ਪਸ਼ੂਆਂ ਦੇ ਕੰਮ ਆਉਂਦੇ ਹੱਡ ,
ਹਵਸ , ਨਸ਼ਾ ਹੈ , ਮੌਤ ਦੀ ਖੱਡ ,
ਤੇਰੇ ਕੰਮਾਂ ਨੂੰ ਯਾਦ ਕਰਨਗੇ ,
ਨਾ ਪੁੱਛਣੀ , ਕਿਸੇ ਨੇ ਤੇਰੀ ਜਾਤ ।
ਤੂੰ ਬਾਹਰ .......................
ਇਹ ਰਸਤਾ ਹੈ , ਛੋਟਾ ਸੱਜਣਾ ,
ਜਿਉਂ ਨੌਂਹ ਦਾ ਹੋਵੇ , ਪੋਟਾ ਸੱਜਣਾ ,
ਜਿਸ ਦੇਹ ਦਾ ਤੂੰ , ਮਾਣ ਕਰੇਂਦਾ ,
ਓਹ ਮੁੱਠੀ ਬਣ ਜਾਣਾ ਮਾਸ ।
ਤੂੰ ਬਾਹਰ .....................
ਝੂਠ ਦੀ ਲਾਹਦੇ , ਹੁਣ ਤੂੰ ਵਰਦੀ ,
ਸੱਚ ਸੰਗ ਮੈਂ , ਰਹਿੰਦੀ 'ਦਰਦੀ',
ਚੰਗੇ ਕੰਮ ਕਰਨ ਲਈ ਦੋ ਦੋ ਦਿੱਤੇ ,
ਦੋ ਪੈਰ ਤੇ ਦੋ ਸੋਹਣੇ ਹਾਥ ।
ਤੂੰ ਬਾਹਰ .........................
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਚੰਨ ਬਣ ਗਿਆ - ਸ਼ਿਵਨਾਥ ਦਰਦੀ
ਕੀਹਦੀ ਯਾਦ ਚ ਰੋਵੇਂ ਅੜੀਏ ,
ਕੀਹਦੇ ਖ਼ਤ ਫਰੋਲ ਰਹੀ ,
ਓਹ ਤਾਂ , ਅੜੀਏ ਚੰਨ ਬਣ ਗਿਆ ,
ਕਿਓਂ ਤੂੰ , ਜ਼ਿੰਦਗੀ ਰੋਲ ਰਹੀ ।
ਓਹ ਤਾਂ , ਬੁੱਤ ਹੈ , ਲੀਰਾਂ ਦਾ ,
ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ ,
ਆਪਣੇ ਆਪ ਨੂੰ ਸਾਂਭ ,
ਕਿਓਂ ਬਿਰਹੋਂ ਦੀ ਤੱਕੜੀ ਤੋਲ ਰਹੀ ।
ਓਹ ਤਾਂ ,ਅੜੀਏ ..................
ਏਥੇ ਪਲ ਭਰ ਵਿਚ ਤੋੜ ਦਿੰਦੇ ,
ਏਥੇ ਅੱਧ ਰਾਹਾਂ ਵਿਚ ਛੋੜ ਦਿੰਦੇ ,
ਸਭ ਝੂਠੇ ਵਾਅਦੇ ਕਸਮਾਂ ਨੇ ,
ਤੂੰ ਪਾਕ ਪਵਿੱਤਰ ਬੋਲ ਰਹੀ ।
ਓਹ ਤਾਂ ਅੜੀਏ ........................
ਸੌਦੇ ਹੁੰਦੇ , ਏਥੇ ਰਾਤਾਂ ਨੂੰ ,
ਸਭ ਭੁੱਲ ਜਾਂਦੇ ਪ੍ਰਭਾਤਾ ਨੂੰ ,
ਰੋਜ ਮੰਡੀ ਲੱਗਦੀ ਜਿਸਮਾਂ ਦੀ ,
'ਦਰਦੀ' ਕੋਲ ਭੇਦ ਖੋਲ ਰਹੀ ।
ਓਹ ਤਾਂ ਅੜੀਏ .......................
ਸ਼ਿਵਨਾਥ ਦਰਦੀ
ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ
ਅੱਖਾਂ ਭਰ ਭਰ - ਸ਼ਿਵਨਾਥ ਦਰਦੀ
ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,
ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।
ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,
ਇਸ਼ਕ ਦੀ ਸ਼ੂਲੀ , ਆਪਣੇ ਆਪ ਨੂੰ ਚਾੜਾ ਨੀਂ ,
ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।
ਅੱਖਾਂ ਭਰ ਭਰ ....................................
ਭੁਲਦੇ ਨਾ ਭੁਲਾਇਆ , ਲੱਖ ਓਹ ਥਾਂ ਨੀ ,
ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,
ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।
ਅੱਖਾਂ ਭਰ ਭਰ.....................................
ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,
ਦਰਦੀ ਦੀ ਕਲਮ ਚੋਂ , ਖੂਨ ਪਿਆ ਰਿਸਦਾ ,
ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।
ਅੱਖਾਂ ਭਰ ਭਰ .............................
ਸ਼ਿਵਨਾਥ ਦਰਦੀ
ਸੰਪਰਕ 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਛੇਤੀ ਆਜਾ ਵਤਨਾਂ ਨੂੰ - ਸ਼ਿਵਨਾਥ ਦਰਦੀ
ਲੰਘ ਗਈਆਂ ਬਾਰਸ਼ਾਂ ਵੇ , ਲੰਘ ਗਈਆਂ ਹਨੇਰੀਆਂ ,
ਛੇਤੀ ਆਜਾ ਵਤਨਾਂ ਨੂੰ , ਵੇ ਕਾਤੋ ਲਾਈਆਂ ਦੇਰੀਆਂ ।
ਕੋਈ ਬੋਲੇ ਅੱਲ੍ਹਾ ਅੱਲ੍ਹਾ , ਕੋਈ ਬੋਲੇ ਰਾਮ ਜੀ ,
ਦਿਨ ਮੇਰਾ ਲੰਘ ਜਾਂਦਾ , ਨਾ ਲੰਘਦੀ ਸ਼ਾਮ ਜੀ ,
ਦਿਲ ਮੇਰਾ ਰੋਵੇਂ , ਰਹਿਣ ਅੱਖਾਂ ਮੂਹਰੇ ਸੂਰਤਾ ਵੇ ਤੇਰੀਆਂ ।
ਛੇਤੀ ਆਜਾ ਵਤਨਾਂ ਨੂੰ ..............................
ਰਾਹ ਮੈਨੂੰ ਘੂਰਦੇ ਵੇ , ਗਲੀ ਮੈਨੂੰ ਘੂਰਦੀ ,
ਖੱਡੇ ਪੱਟੇ ਬਿਰਹੋਂ ਦੇ , ਮੈਂ ਤਾਂ ਫਿਰਾਂ ਪੂਰਦੀ ,
ਜਿਥੇ ਰਲ ਬਹਿੰਦੇ ਸੀ , ਵੇ ਸੁਕ ਗਈਆਂ ਓਹ ਬੇਰੀਆਂ ।
ਛੇਤੀ ਆਜਾ ਵਤਨਾਂ ਨੂੰ .................................
ਮੰਜ਼ਿਲ ਹੈ ਬੜੀ ਦੂਰ , ਪੈਰ ਮੇਰੇ ਥੱਕ ਗਏ ,
ਨਾਂ ਤੇਰਾ ਲੈ ਲੈ 'ਦਰਦੀ' , ਦੇਖ ਬੁੱਲ ਮੇਰੇ ਅੱਕ ਗਏ ,
ਚਾਵਾਂ ਵਾਲੇ ਮਹਿਲ ਵੇ , ਹੋ ਗਏ ਨੇ ਢਹਿ ਢੇਰੀਆਂ ।
ਛੇਤੀ ਆਜਾ ਵਤਨਾਂ ਨੂੰ .................................
ਸ਼ਿਵਨਾਥ ਦਰਦੀ
ਸੰਪਰਕ :-98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਦੱਸ ਤਾਂ - ਸ਼ਿਵਨਾਥ ਦਰਦੀ
ਮੈਨੂੰ , ਉਸ ਰਾਤ ਨੇ ਦੱਸ ਤਾਂ ,
ਤੇਰੇ ਨੈਣਾਂ ਦੀ , ਗੱਲ ਬਾਤ ਨੇ ਦੱਸ ਤਾਂ ।
ਤੇਰੀ ਮੁਹੱਬਤ , ਤਾਂ ਫਰਜ਼ੀ ਸੀ ,
ਤੇਰੇ ਸਹਿਕਦੇ , ਜਜ਼ਬਾਤ ਨੇ ਦੱਸ ਤਾਂ ।
ਮੌਸਮ ਨਾਲ , ਤੂੰ ਹੈਂ ਬਦਲੀ ,
ਰੰਗ ਢੰਗ , ਕਾਇਨਾਤ ਨੇ ਦੱਸ ਤਾਂ ।
ਤੇਰੇ ਲਫ਼ਜ਼ਾਂ ਚ , ਹੁਣ ਵਫ਼ਾ ਨਹੀਂ ,
ਬੇਵਫਾ , ਸਿਆਹੀ ਦਵਾਤ ਨੇ ਦੱਸ ਤਾਂ ।
'ਦਰਦੀ', ਝੂਠੇ ਸ਼ੇਅਰ ਨਾ ਲਿਖਿਆ ਕਰ ,
ਹਰ ਸ਼ੇਅਰ ਦੀ , ਮਾਤ ਨੇ ਦੱਸ ਤਾਂ ।
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਮੇਰੇ ਬਿਨਾ - ਸ਼ਿਵਨਾਥ ਦਰਦੀ
ਮੇਰੇ ਬਿਨਾ , ਓਸ ਨੂੰ ,
ਯਾਰ ਰਹਿਣਾ ਆ ਗਿਆ ,
ਬਿਰਹੋ ਦਾ , ਹਰ ਦਰਦ ,
ਦਿਲ ਤੇ , ਸਹਿਣਾ ਆ ਗਿਆ ।
ਮੈਂ ਸੋਚਦਾ ਸੀ ,
ਪੱਥਰ ਹੋ ਜਾਣਗੇ , ਓਹ
ਰੇਤਾ ਵਿਚ ਗੁਆਚੀ ,
ਅੱਥਰ ਹੋ ਜਾਣਗੇ, ਓਹ
ਓਹਨਾਂ ਨੂੰ ਤਾਂ , ਬਣ ਕੇ
ਆਪੇ ਢਹਿਣਾ ਆ ਗਿਆ ।
ਮੇਰੇ ਬਿਨਾ...................
ਦਿਲ ਤੇ ਸ਼ੀਸ਼ਾ , ਜਦੋਂ
ਦੋਵੇਂ , ਟੁੱਟ ਜਾਂਦੇ ਨੇ ,
ਜੁੜੇ ਜੋੜਿਆ , ਨਾ ਜਾਵਣ
ਇਹ ਲੁੱਟ ਜਾਂਦੇ ਨੇ ,
ਗਲ ਵਿਚ ਪਾਉਣਾ ਲਾਉਣਾ ,
ਓਨਾਂ ਨੂੰ ਗਹਿਣਾ ਆ ਗਿਆ ।
ਮੇਰੇ ਬਿਨਾ ..................
ਯਾਦ ਨੂੰ , ਦਿਲ ਵਿਚ ਰੱਖ ,
ਤੁਰਦੀ ਫਿਰਦੀ ਲਾਸ਼ ਬਣੇ ਹਾਂ ,
ਹੁਣ ਆਪਣਿਆ ਲਈ , ਯਾਰਾਂ
ਅਸੀਂ ਕਾਸ਼ ਬਣੇ ਹਾਂ ,
ਦਰਦਾਂ ਦੀ ਬੁੱਕਲ ਚ ,
'ਦਰਦੀ' ਨੂੰ , ਪੈਣਾ ਆ ਗਿਆ ।
ਮੇਰੇ ਬਿਨਾ .................
ਸ਼ਿਵਨਾਥ ਦਰਦੀ
ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।
ਨਾਵਲ :- ਮਮਤਾ - ਸ਼ਿਵਨਾਥ ਦਰਦੀ
ਨਾਵਲ :- ਮਮਤਾ
ਲੇਖ਼ਕ :- ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਨ :- ਨੈਸ਼ਨਲ ਬੁੱਕ ਸ਼ਾਪ ,ਪਲੱਈਅਰ ਗਾਰਡਨ
ਚਾਂਦਨੀ ਚੌਕ , ਦਿੱਲੀ
ਮੁੱਲ :- 350/- ਰੁਪਏ ਸਫ਼ੇ :- 160
'ਮਮਤਾ' ਨਾਵਲ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਜੀ ਦਾ ਤੀਸਰਾ ਹੱਥ ਲਿਖਤ ਨਾਵਲ ਹੈ । ਨਾਵਲ ਦਾ ਨਾਂ ਪੜ੍ਹ ਝੱਟ , ਔਰਤ ਦੀ ਮਮਤਾ , ਸਾਡੀ , ਉਸਦੀ ਛੋਟੇ ਬੱਚੇ ਨਾਲ ਮੋਹ ਮੁਹੱਬਤ ਵੱਲ ਨਿਗਾਹ ਵੱਜਦੀ ਹੈ । ਪ੍ਰਿੰ:- ਕਾਲੜਾ ਜੀ , ਔਰਤ ਦੀ ਵੇਦਨਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ । ਪਹਿਲੇ ਦੋ ਨਾਵਲ ਵੀ ਔਰਤ ਤੇ ਅਧਾਰਿਤ ਸੀ । ਪ੍ਰਿੰ :- ਕਾਲੜਾ ਜੀ ਨੇ , ਆਪਣੇ ਨਾਵਲ ਚ , ਔਰਤ ਦੇ ਕਈ ਰੂਪ ਦਰਸਾਏ । ਬੱਬਲੀ ਉਰਫ਼ ਕਾਮਨੀ , ਸਵਿਤਰੀ , ਕਰੁਣਾ , ਕਮਲੇਸ਼ ਤੇ ਸਰੋਜ਼ ਦੇ ਅਲੱਗ ਅਲੱਗ ਪਾਤਰ ਬਣਾ ਪੇਸ਼ ਕੀਤੇ । ਕਿਸੇ ਪਾਤਰ ਚ , ਆਗਿਆਕਾਰੀ ਬੇਟੀ , ਕਿਸੇ ਪਾਤਰ ਚ, ਆਗਿਆਕਾਰੀ ਤੇ ਸੰਸਕਾਰੀ ਨੂੰਹ , ਕਿਸੇ ਪਾਤਰ ਚ , ਮਿਹਨਤੀ ਤੇ ਪਰਿਵਾਰ ਲਈ , ਇੱਛਾਵਾਂ ਨੂੰ ਮਾਰ ਕੁਰਬਾਨੀ ਦੇਣ ਵਾਲੀ ਔਰਤ ।
ਪ੍ਰਿੰ :- ਕਾਲੜਾ ਜੀ ਨੇ , ਇਸ ਨਾਵਲ ਚ, ਪੈਸੇ ਦੇ ਲਾਲਚੀ ਵਿਚੋਲਿਆਂ ਦਾ ਪਰਦਾਫਾਸ਼ ਕੀਤਾ । ਜਿਹੜੇ ਪੈਸਿਆਂ ਖਾਤਰ , ਲੜਕੀਆਂ ਦੇ ਵਿਆਹ , ਝੂਠ ਬੋਲ , ਨਸ਼ਾ ਪੱਤਾ ਕਰਨ ਵਾਲੇ ਮੁੰਡਿਆਂ ਨਾਲ ਕਰਵਾਉਂਦੇ ਹਨ । ਨਸ਼ੇ ਕਰ , ਨੌਜਵਾਨ , ਕਿਵੇਂ ਲੁੱਟਾਂ-ਖੋਹਾਂ ਕਰਦੇ , ਲੋਕਾਂ ਨੂੰ , ਕਈ ਵਾਰ ਜਾਨੋਂ ਵੀ ਮਾਰ ਦਿੰਦੇ । ਕੁਝ ਰਾਜਨੀਤਕ ਲੀਡਰ , ਨੌਜਵਾਨਾਂ ਨੂੰ ਵੋਟਾਂ ਸਮੇਂ , ਕਿਵੇਂ ਨਸ਼ੇ ਆਦੀ ਬਣਾਉਂਦੇ ਤੇ ਆਪਣੇ , ਨਜਾਇਜ਼ ਕੰਮ ਕਰਵਾਉਂਦੇ , ਦੁਕਾਨਦਾਰਾਂ ਦੇ ਦੁੱਖ ਤੇ ਛੋਟੇ ਬੱਚਿਆਂ ਦੀ ਕਰੈੱਚ ਚ, ਹਾਲਤ ਬਿਆਨ ਕੀਤੀ ਹੈ ।
ਪ੍ਰਿੰ :- ਕਾਲੜਾ ਜੀ ਨੇ , ਨਾਵਲ ਚ , ਪੁਰਾਣੇ ਸਮੇਂ ਦੀ ਗੱਲਾਂਬਾਤਾਂ ਤੇ ਰੀਤੀ ਰਿਵਾਜਾਂ ਦਾ ਵੀ ਜ਼ਿਕਰ ਕੀਤਾ । ਪਾਣੀ ਚ ਮਧਾਣੀ ਪਾਉਣਾ , ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ , ਰੰਡੀ ਤਾਂ ਰੰਡੇਪਾ ਕੱਟ ਲਵੇ ਆਦਿ , ਅਜਿਹੇ ਮੁਹਾਵਰੇ , ਕਹਾਵਤਾਂ ਨਾਵਲ ਚ , ਕਈ ਥਾਵਾਂ ਤੇ ਵਰਤੇ । ਜ਼ੋ ਨਾਵਲ ਨੂੰ ਚਾਰ ਚੰਨ ਲਾਉਂਦੇ ਹਨ । ਨਾਵਲ ਦੀ ਸ਼ਬਦਾਵਲੀ ਪਾਤਰਾਂ ਮੁਤਾਬਕ ਵਰਤੀ ਗਈ ਹੈ । ਜ਼ੋ ਸਿੱਧੇ ਤੌਰ ਤੇ ਪਾਠਕ ਦੀ ਸਮਝ ਪੈਂਦੀ ਹੈ । ਪ੍ਰਿੰ:- ਕਾਲੜਾ ਜੀ , ਨਾਵਲ ਦੀਆਂ ਬਰੀਕੀਆਂ ਤੋਂ ਜਾਣੂ ਹਨ ਤੇ ਪਾਠਕਾਂ ਦੀ ਪਸੰਦ ਨੂੰ ਸਮਝਦੇ ਹਨ । ਜਿਸ ਤਰ੍ਹਾਂ ਪਾਠਕਾਂ ਨੇ , "ਮੁਕਤੀ" ਤੇ "ਧੁਖਦੀ ਚਾਂਦਨੀ" ਨੂੰ ਮਣਾਂ ਮੂੰਹੀਂ ਪਿਆਰ ਦਿੱਤਾ । ਉਸੇ ਤਰ੍ਹਾਂ , ਇਸ ਨਾਵਲ ਨੂੰ ਦੇਣਗੇ । ਪ੍ਰਿੰ :- ਕਾਲੜਾ ਜੀ ਦੇ ਲਈ ਦੁਆਵਾਂ । ਓਨਾਂ ਦੀ ਕਲਮ ਨਿਰੰਤਰ ਚਲਦੀ ਰਹੇ ।
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।
ਕੁਝ ਬੰਦੇ ਆਦਮਖੋਰ - ਸ਼ਿਵਨਾਥ ਦਰਦੀ
ਕੁਝ ਬੰਦੇ ਆਦਮਖੋਰ ,
ਕੁਝ ਧੰਦੇ ਆਦਮਖੋਰ ।
ਏਥੇ ਰਿਸ਼ਤੇ ਯਾਰੋ , ਜਿਸਮਾਂ ਦੇ
ਰੋਜ਼ ਬਦਲ ਦੀਆਂ , ਕਿਸਮਾਂ ਦੇ
ਹਵਸਾਂ ਲਈ ਜੋ , ਲੋਕਾਂ ਤੋਰੇ
ਉਹ ਧੰਦੇ ਆਦਮਖੋਰ ।
ਕੁਝ ਬੰਦੇ .....................
ਕੀ ਕੀ ਕਰੀ ਜਾਂਦੀਆਂ , ਨਵੀਆਂ ਨਸਲਾਂ
ਬਿਮਾਰੀ ਦਾ ਘਰ ਨਿਰਾ, ਨਵੀਆਂ ਫ਼ਸਲਾਂ
ਫ਼ਸਲਾਂ ਨੂੰ ਕੱਟਦੇ ਯਾਰੋ ,
ਓਹ ਰੰਦੇ ਆਦਮਖੋਰ ।
ਕੁਝ ਬੰਦੇ .......................
ਦੁਨੀਆਂ , ਉੱਚੀ ਯਾਰ ਹਵੇਲੀ ,
ਇਹ ਨਾ, ਕਿਸੇ ਦੀ ਬੇਲੀ ,
ਏਨੂੰ ਯਾਰ ਬਨਾਵਣ ਵਾਲੇ ਦੇ ,
ਹਾਲ ਮੰਦੇ ਆਦਮਖੋਰ ।
ਕੁਝ ਬੰਦੇ .......................
ਕੁਝ ਮਾਰੇ , ਲੱਚਰ ਸੱਭਿਆਚਾਰਾਂ ਨੇ ,
ਕੁਝ ਬਦਲ ਦੀਆਂ ਸਰਕਾਰਾਂ ਨੇ ,
ਦਰਦੀ , ਚੁੱਕ ਬੰਦੇ ਨੂੰ ਲਿਜਾਂਦੇ ,
ਓਹ ਕੰਧੇ ਆਦਮਖੋਰ ।
ਕੁਝ ਬੰਦੇ ..........................
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਮੋਬਾਇਲਾਂ ਦਾ ਖਹਿੜਾ - ਸ਼ਿਵਨਾਥ ਦਰਦੀ
ਛੱਡ ਮੋਬਾਇਲਾਂ ਦਾ ਖਹਿੜਾ ,
ਗੱਲ ਕਰ ਕੋਈ , ਪਰਿਵਾਰਾਂ ਦੀ ,
ਝੂਠੇ ਕਮੈਂਟ , ਐਵੇਂ ਪਾਈ ਜਾਂਦੇ ,
ਗੱਲ ਛੱਡ , ਓਨਾਂ ਯਾਰਾਂ ਦੀ ।
ਫੇਸਬੁੱਕ ਤੇ ਵਟਸਐਪ ਵਾਲੇ ,
ਕਦੇ ਨਾਲ , ਕਿਸੇ ਦੇ ਨਾ ਖੜਦੇ ,
ਜਿਸ ਬੰਦੇ ਦੀ , ਔਕਾਤ ਨਾ ਕੋਈ ,
ਓਹੀ ਕਹਿੰਦਾ , ਮੇਰੇ ਤੋਂ ਸੜਦੇ ,
ਜਿੰਦਗੀ ਦੇ , ਦੋ ਅੱਖਰ ਨਹੀਂ ਪੜੇ ,
ਗੱਲਾਂ ਕਰਦੇ, ਉੱਚੀਆਂ ਮਾਰਾਂ ਦੀ ।
ਛੱਡ ਮੋਬਾਇਲਾਂ ਦਾ ................
ਸਾਇੰਸਦਾਨਾਂ ਨੇ , ਸਾਡੇ ਲਈ ,
ਚੰਗਾ ਬਣਾਇਆ , ਇਹ ਸੰਚਾਰ ,
ਬਣਾਓ , ਸਭ ਨਾਲ ਭਾਈਚਾਰਾ ,
ਵੰਡੋ , ਸਭ ਨਾਲ ਪਿਆਰ ,
ਈਰਖੇ ਸਾੜੇ ਵਾਲੀ , ਗੱਲ ਨਾ ਕਰੋ ,
ਨਾ ਗੱਲ ਕਰੋ , ਹਥਿਆਰਾਂ ਦੀ ।
ਛੱਡ ਮੋਬਾਇਲਾਂ ਦਾ.............
ਰੱਖ ਮੋਬਾਇਲ , ਬਾਹਰ ਤੂੰ ਦੇਖ ,
ਕੀ ਲੋਕਾਂ ਦਾ , ਹੈ ਹਾਲ ਹੋਇਆ ,
ਕਿਸਾਨ , ਮਜ਼ਦੂਰ ਤੇ ਦੁਕਾਨਦਾਰ ,
ਹਰ ਬੰਦਾ ਏਥੇ , ਕੰਗਾਲ ਹੋਇਆ ,
ਆਪਣੇ ਦੇਸ਼ ਚ , ਮੰਗਤੇ ਬਣਾਤਾ ,
ਗੱਲ ਰਹੀ ਨਾ ਹੁਣ , ਸਰਦਾਰਾਂ ਦੀ ।
ਛੱਡ ਮੋਬਾਇਲਾਂ ਦਾ..................
ਜਿਨੂੰ ਕਹਿੰਦੇ ਸੀ ਓਏ , ਅੰਨਦਾਤਾ
ਅੱਜ ਸੜਕਾਂ ਉੱਤੇ , ਰੋਲ ਦਿੱਤਾ ,
ਅੱਜ ਦਾਤੇ ਨੂੰ , ਦੇਖ ਲੈ ਦਰਦੀ ,
ਕਿਹੜੀ ਤੱਕੜੀ ਚ, ਤੋਲ ਦਿੱਤਾ,
ਹਰ ਚੀਜ਼ ਨੂੰ ਵੇਚ , ਖਾ ਰਹੀ ,
ਨਵੀਂ ਚਾਲ ਬਣੀ , ਸਰਕਾਰਾਂ ਦੀ ।
ਛੱਡ ਮੋਬਾਇਲਾਂ ਦਾ ................
ਸ਼ਿਵਨਾਥ ਦਰਦੀ
ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।
ਘੁਮੰਡ - ਸ਼ਿਵਨਾਥ ਦਰਦੀ
ਰੱਬ ਦਾ ਨਾਂ , ਜੇ ਲੈਣਾ ਬੰਦੇ ,
ਫਿਰ ਪਿਆਰ ਮੁਹੱਬਤ ਵੰਡ ,
ਅੰਦਰੋਂ ਜ਼ਹਿਰ ਤੂੰ , ਘੋਲੀ ਜਾਵੇ ,
ਕਿਓ ਬਾਹਰੋਂ , ਬਣੇ ਤੂੰ ਖੰਡ ।
ਦੇਹ ਤੇਰੀ , ਮੁੱਠੀ ਰਾਖ਼ ਦੀ ,
ਕਿਹੜੀ ਗੱਲੋਂ ਕਰੇਂ , ਘੁਮੰਡ ।
ਨਾਸ਼ਵਾਨ , ਹਰ ਇੱਕ ਵਸਤੂ ,
ਜੀਵ ਜੰਤੂ , ਤਾਰੇ ਵਿੱਚ ਬ੍ਰਹਿਮੰਡ ।
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ,
ਕੱਟੀ ਨਾ ਤੂੰ , ਪਿੱਪਲ , ਬੋਹੜ , ਜੰਡ ।
ਆਓ ਬਣਾ ਰੱਖੀਏ , ਰਿਸ਼ਤੇ ਨਾਤੇ ,
'ਦਰਦੀ' ਦੇ ਕੇ ਇੱਜ਼ਤ , ਨਾ ਭੰਡ ।
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।