Ujagar Singh

ਡਾ.ਭਗਵੰਤ ਸਿੰਘ ਤੇ ਡਾ.ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ ਪੁਸਤਕ - ਉਜਾਗਰ ਸਿੰਘ

ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੌਰ ਦੀ ਸੰਪਾਦਿਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਸੰਕਲਪ ਦੀ ਵਿਆਖਿਆ ਕਰਨ ਅਤੇ ਸੰਗਠਤ ਜਾਣਕਾਰੀ ਦੇਣ ਵਾਲੀ ਪੁਸਤਕ ਹੈ। ਇਸ ਪੁਸਤਕ ਦੀ ਖ਼ੂਬੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਾਰੇ ਪੱਖਾਂ ਦੀ ਉਚ ਕੋਟੀ ਦੇ 14 ਵਿਦਵਾਨ ਇਤਿਹਾਸਕਾਰਾਂ ਵੱਲੋਂ ਆਪਣੇ ਲੇਖਾਂ ਵਿੱਚ ਦਿੱਤੀ ਗਈ ਸਾਰਥਿਕ ਤੱਥਾਂ 'ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਪੁਸਤਕ ਖੋਜੀ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਇੱਕ ਪੁਸਤਕ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੇ ਸਾਰੇ ਪੱਖਾਂ ਦੀ ਜਾਣਕਾਰੀ ਉਪਲਭਧ ਹੈ। ਪ੍ਰੋ.ਤੇਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇਤਿਹਾਸਕ ਪਿਛੋਕੜ ਬਾਰੇ ਲਿਖਦਿਆਂ ਰਾਜ ਦਾ ਆਧਾਰ ਸਿੱਖ ਧਰਮ ਦੀ ਧਰਮ ਨਿਰਪੱਖ ਵਿਚਾਰਧਾਰਾ ਦੱਸਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਵਿਚਾਰਧਾਰਾ 'ਤੇ ਸਿੱਖ ਰਾਜ ਸਥਾਪਤ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਸੰਕਲਪ ਨੂੰ ਅੱਗੇ ਵਧਾਇਆ ਹੈ। 1809 ਤੱਕ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਨੇ ਰਾਜਨੀਤਕ ਸ਼ਕਤੀ ਨੂੰ ਧਾਰਮਿਕ ਸਰਦਾਰੀ ਨਾਲ ਸੰਮਿਲਤ ਕੀਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਮਤੇ ਨੂੰ ਰਾਜਨੀਤਕ ਮਾਮਲਿਆਂ ਦੇ ਸੰਬੰਧ ਵਿੱਚ ਸਮਾਪਤ ਕਰ ਦਿੱਤਾ, ਜਿਸ ਅਨੁਸਾਰ ਸਿੱਖਾਂ ਅਤੇ ਗ਼ੈਰ ਸਿੱਖ ਸਲਾਹਕਾਰਾਂ ਦੀ ਸਲਾਹ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜ਼ਾਤ ਬਰਾਦਰੀ ਨੂੰ ਤਿਲਾਂਜ਼ਲੀ ਦੇ ਕੇ ਰਾਜ ਪ੍ਰਬੰਧ ਚਲਾਇਆ। ਡਾ.ਗੰਡਾ ਸਿੰਘ ਦੇ ਪੁਸਤਕ ਵਿੱਚ ਤਿੰਨ ਲੇਖ ਹਨ। ਉਨ੍ਹਾਂ ਨੇ ਆਪਣੇ ਖੋਜੀ ਲੇਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਪੁਰਖਿਆਂ ਤੋਂ ਸ਼ੁਰੂ ਕਰਕੇ ਅਖ਼ੀਰ ਤੱਕ ਹੋਈਆਂ ਘਟਨਾਵਾਂ ਦਾ ਵਿਸਤਾਰ ਪੂਰਬਕ ਤੱਥਾਂ 'ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਤੇ ਤਲਵਾਰ ਲੈ ਕੇ ਹਰ ਮੁਹਿੰਮ ਦੀ ਬਹਾਦਰੀ ਨਾਲ ਅਗਵਾਈ ਕਰਦੇ ਰਹੇ। ਰਣਜੀਤ ਸਿੰਘ ਦੀ ਪ੍ਰਸ਼ਾਸ਼ਨਿਕ ਅਤੇ ਯੁਧ ਨੀਤੀ ਬਾਰੇ ਜਾਣਕਰੀ ਦਿੱਤੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿਧੀ ਕਰਕੇ 1822 ਵਿੱਚ ਇਟਲੀ ਦੇ ਵੈਨਤੂਰਾ ਅਤੇ ਫਰਾਂਸ ਦੇ ਐਲਾਰਡ ਲਾਹੌਰ ਵੱਲ ਆਕਰਸ਼ਿਤ ਹੋਏ, ਉਨ੍ਹਾਂ ਨੂੰ ਕ੍ਰਮ ਅਨੁਸਾਰ ਪੈਦਲ ਸੈਨਾ ਅਤੇ ਘੋੜ ਸਵਾਰ ਫ਼ੌਜ ਵਿੱਚ 2500 ਰੁਪਏ ਪ੍ਰਤੀ ਮਹੀਨਾ ਭਰਤੀ ਕਰ ਲਿਆ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਪਤਨ ਬਾਰੇ ਵੀ ਤੱਥਾਂ ਨਾਲ ਸਬੂਤ ਦਿੰਦਿਆਂ ਲਿਖਿਆ ਹੈ। ਗੰਡਾ ਸਿੰਘ ਨੇ ਮਹਾਰਾਜਾ ਦੇ ਪਰਿਵਾਰ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਦਾ ਬਿਨਾ ਲਿਹਾਜ ਕੀਤਿਆਂ ਚਿੱਠਾ ਖੋਲ੍ਹ ਕੇ ਰੱਖ ਦਿੱਤਾ। ਸੀਤਾ ਰਾਮ ਕੋਹਲੀ ਨੇ ਆਪਣੇ ਲੇਖ ਵਿੱਚ ਸਿੱਖ ਮਿਸਲਾਂ ਦਾ ਸੰਗਠਨ ਅਤੇ ਖ਼ਾਲਸਾ ਫ਼ੌਜ ਬਾਰੇ ਦੱਸਿਆ ਕਿ ਉਨ੍ਹਾਂ ਦੇ ਰਾਜ ਦੇ ਆਲੇ ਦੁਆਲੇ ਛੋਟੀਆਂ ਛੋਟੀਆਂ ਰਿਆਸਤਾਂ ਅਤੇ 12 ਸਿੱਖ ਮਿਸਲਾਂ ਆਜ਼ਾਦ ਰਾਜ ਕਰਦੀਆਂ ਸਨ ਪ੍ਰੰਤੂ ਇਹ ਅੰਦਰੂਨੀ ਲੜਾਈ ਝਗੜਿਆਂ ਵਿੱਚ ਮਸਤ ਸਨ। ਰਾਜਸੀ ਸੂਝ ਬੂਝ ਨਾਲ ਉਨ੍ਹਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਕੇ ਆਪਣੇ ਅਧੀਨ ਲਿਆਂਦਾ। ਇੱਕ ਠੋਸ ਰਾਜ ਦੀ ਸਥਾਪਨਾ ਮਹਾਰਾਜੇ ਦੀ ਕਾਬਲੀਅਤ ਦਾ ਸਬੂਤ ਸੀ। ਫ਼ੌਜ ਦੇ ਸਾਰੇ ਅੰਗਾਂ ਵਿੱਚ ਇੱਕ ਲੱਖ ਵਿਅਕਤੀਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਉਦਯੋਗਾਂ ਦਾ ਰਾਜ ਦੁਆਰਾ ਲਗਾਏ ਗਏ ਕਾਰਖਾਨਿਆਂ ਵਿੱਚ ਲੜਾਈ ਦਾ ਸਾਮਾਨ ਬਣਨ ਲੱਗ ਪਿਆ। ਫ਼ੌਜੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਜ਼ਾਤਾਂ 'ਤੇ ਅਧਾਰਤ ਨਹੀਂ ਸਗੋਂ ਕਾਬਲੀਅਤ 'ਤੇ ਕੀਤੀਆਂ। ਇਹ ਸੋਚ ਕਾਬਲੇ ਤਾਰੀਫ਼ ਸੀ। ਆਪਣੀ ਹਿਫ਼ਾਜ਼ਤ ਲਈ ਗਰੁਪ ਬਣੇ ਤੇ ਗਰੁਪ ਲੀਡਰਾਂ ਨੂੰ ਨਵਾਬ ਕਪੂਰ ਸਿੰਘ ਨੇ ਇਕੱਠਿਆਂ ਕੀਤਾ ਤੇ ਦਲ ਖਾਲਸਾ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਫ਼ੌਜ ਦੇ ਨਾਲ ਆਧੁਨਿਕ ਤਕਨੀਕਾਂ ਵਰਤਣ ਦੀ ਸਕੀਮ ਬਣਾਈ। ਪੈਦਲ ਤੇ ਤੋਪਖਾਨਾ ਫ਼ੌਜ ਨੂੰ ਸਿਖਲਾਈ ਦਵਾਈ। ਹਰੀ ਰਾਮ ਗੁਪਤਾ ਨੇ ਵਿਸਤਾਰ ਨਾਲ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਨੇ ਪੈਦਲ ਤੇ ਤੋਪਖਾਨਾ ਫ਼ੌਜੀਆਂ ਦੀਆਂ ਤਨਖਾਹਾਂ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ। ਯੂਰਪੀਨ ਅਧਿਕਾਰੀ ਅਤੇ ਤੋਪਚੀ ਫ਼ੌਜੀਆਂ ਨੂੰ ਸਿੱਖਿਅਤ ਕਰਨ ਲਈ ਬੁਲਾਏ ਗਏ। ਤੋਪਖਾਨੇ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਵਰਗੀਕਰਣ ਕੀਤਾ ਗਿਆ। ਤੋਪਾਂ ਦੀ ਢਲਾਈ ਲਈ ਲਾਹੌਰ ਵਿੱਚ ਫ਼ਾਊਂਡਰੀ ਬਣਾਈ ਹੋਈ ਸੀ। ਘੋੜ ਸਵਾਰ ਫ਼ੌਜ ਨੂੰ ਪੱਛਵੀਂ ਲੀਹਾਂ 'ਤੇ ਸਿਖਲਾਈ ਕੋਰਸ ਕਰਵਾਏ ਜਾਂਦੇ ਸਨ। ਅਨੁਸ਼ਾਸਨ ਦੇ ਕਠੋਰ ਨਿਯਮ ਸਨ। ਇਨ੍ਹਾਂ ਦੇ ਵਰਗੀਕਰਣ ਵਿੱਚ ਨਿਯਮਤ ਘੋੜ ਸਵਾਰ, ਘੋੜਚੜ੍ਹਾ ਫ਼ੌਜ ਅਤੇ ਜਾਗੀਰਦਾਰੀ ਫ਼ੌਜ। ਜਿਨ੍ਹਾਂ ਸ਼ਾਸ਼ਕਾਂ ਨੂੰ ਹਰਾਇਆ ਤੇ ਆਪਣੇ ਨਾਲ ਜੋੜਿਆ, ਉਨ੍ਹਾਂ ਦੀ ਵਫ਼ਦਾਰੀ ਜਿੱਤਣ ਲਈ ਬਖ਼ਸ਼ਿਸ਼ਾਂ ਦਿੱਤੀਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁਝ ਭੱਤੇ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਪੁਰਸਕਾਰ ਵਿੱਚ ਖਿਲਅਤ ਦਿੱਤੀ ਜਾਂਦੀ ਸੀ, ਉਸ ਵਿੱਚ ਬਸਤਰ, ਗਹਿਣੇ ਆਦਿ ਅਤੇ ਖਿਤਾਬ ਵੀ ਦਿੱਤੇ ਜਾਂਦੇ ਸਨ। ਪੱਛਵੀਂ ਤਰਜ 'ਤੇ 'ਆਰਡਰ ਆਫ ਮੈਰਿਟ ਜਾਂ ਸਟਾਰ ਆਫ ਦਾ ਪੰਜਾਬ' ਜਿਸ ਵਿੱਚ ਬਹੁਤ ਮਹਿੰਗੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਡਾ.ਜੀ ਐਲ.ਚੋਪੜਾ ਨੇ ਆਪਣੇ ਲੇਖ ਵਿੱਚ ਦੱਸਿਆ ਸਿਵਲ ਪ੍ਰਸ਼ਾਸਨ ਚਲਾਉਣ ਲਈ 15 ਵਿਭਾਗ ਸਥਾਪਤ ਕੀਤੇ ਸਨ। ਇਸ ਤੋਂ ਬਾਅਦ 'ਟਾਲ ਮਟੋਲ ਵਾਲੇ ਮਹਿਕਮੇ' ਸਨ, ਜਿਸ ਤੋਂ ਭਾਵ ਹੈ ਕਿ ਸਾਰਾ ਕੰਮ ਇੱਕ ਨਿਯਮਤ ਢੰਗ ਨਾਲ ਕੀਤਾ ਜਾਂਦਾ ਸੀ। ਮਹਾਰਾਜੇ ਦਾ ਹੁਕਮ ਇੱਕ ਤੋਂ ਬਾਅਦ ਅੱਗੇ ਤੋਂ ਅੱਗੇ ਸਾਰੇ ਮਹਿਕਮਿਆਂ ਨੂੰ ਭੇਜਿਆ ਜਾਂਦਾ ਸੀ। ਕੋਈ ਹੇਰਾਫੇਰੀ ਨਹੀਂ ਹੋ ਸਕਦੀ ਸੀ। 'ਵਿੱਤੀ ਪ੍ਰਸ਼ਾਸਨ' ਵਿੱਚ ਦੱਸਿਆ ਗਿਆ ਕਿ ਖ਼ਰਚੇ ਦਾ ਸਹੀ ਢੰਗ ਨਾਲ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਬਾਕਾਇਦਾ ਨਿਯੁਕਤ ਕੀਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਰਾਹੀਂ ਮਹਾਰਾਜੇ ਦੇ ਹੁਕਮ ਲਾਗੂ ਹੁੰਦੇ ਸੀ। ਇਲਾਕਾਈ ਵੰਡ ਵਿੱਚ ਚਾਰ ਸੂਬੇ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਸਨ। ਲਾਹੌਰ ਵਿੱਚ ਇੱਕ ਵਿਸ਼ੇਸ਼ ਅਦਾਲਤ ਸੀ। ਗ਼ਲਤ ਫ਼ੈਸਲੇ ਨਹੀਂ ਹੁੰਦੇ ਸਨ ਕਿਉਂਕਿ ਮਹਾਰਾਜੇ ਦਾ ਡਰ ਬਰਕਰਾਰ ਰਹਿੰਦਾ ਸੀ। ਅਦਾਲਤੀ ਪ੍ਰਬੰਧ ਵਿੱਚ ਲਿਖਤੀ ਕੋਈ ਪ੍ਰਣਾਲੀ ਨਹੀਂ ਸੀ। ਪਿੰਡ ਪੱਧਰ 'ਤੇ ਪੰਚਾਇਤ , ਸਾਲਸੀ, ਕਾਰਦਾਰਾਂ ਅਤੇ ਮਹੱਤਵਪੂਰਨ ਮਸਲਿਆਂ ਲਈ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ। ਕਤਲ ਦੇ ਕੇਸਾਂ ਵਿੱਚ ਜ਼ੁਰਮਾਨੇ ਹੁੰਦੇ ਸਨ। ਜ਼ਮੀਨਾ ਦੇ ਫ਼ੈਸਲੇ ਰਿਕਾਰਡ ਅਨੁਸਾਰ ਹੁੰਦੇ ਸਨ। ਹਰਦਿੱਤ ਸਿੰਘ ਢਿਲੋਂ ਨੇ ਕਰ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਣਾਲੀ ਬਹੁਤ ਸਰਲ ਸੀ। ਜ਼ਮੀਨ ਤੋਂ ਕਰ ਇਕੱਤਰ ਕਰਨ ਦੀ ਪ੍ਰਣਾਲੀ ਬਿਲਕੁਲ ਵਰਤਮਾਨ ਪੰਜਾਬ ਵਰਗੀ 7 ਪ੍ਰਕਾਰ ਦੀ ਸੀ। ਬਟਾਈ, ਕਨਕੂਤ, ਨਕਦ ਭੁਗਤਾਨ, ਮਿਸ਼੍ਰਿਤ ਪ੍ਰਣਾਲੀ, ਬਿੱਘਾ-ਆਧਾਰ ਪ੍ਰਣਾਲੀ, ਹਲ-ਆਧਾਰ ਪ੍ਰਣਾਲੀ ਅਤੇ ਖੂਹ-ਆਧਾਰ ਪ੍ਰਣਾਲੀ ਸੀ। ਇਹ ਕਰ ਭੂਮੀ ਦੀ ਉਪਜਾਊ ਸ਼ਕਤੀ ਅਨੁਸਾਰ ਨਿਸਚਤ ਕੀਤੇ ਜਾਂਦੇ ਸਨ। ਸਾਲ ਵਿਚ ਦੋ ਵਾਰ ਕਰ ਲਿਆ ਜਾਂਦਾ ਸੀ। ਸੀਮਾ ਕਰ ਤੇ ਆਬਕਾਰੀ ਕਰ ਵੀ ਲਾਗੂ ਸੀ। ਜਾਗੀਰਾਂ, ਇਜਾਰੇਦਾਰੀਆਂ ਨਿਆਇਕ ਸੰਸਥਾਵਾਂ ਦਾ ਕਰ ਅਤੇ ਕਿੱਤਾ ਕਰ ਵੀ ਲਗਾਏ ਹੋਏ ਸਨ। ਹਰਬੰਸ ਸਿੰਘ ਨੇ ਖੇਤੀਬਾੜੀ ਪ੍ਰਬੰਧ ਦੀ ਜਾਣਕਾਰੀ ਦਿੱਤੀ, ਜਿਸ ਅਨੁਸਾਰ ਕਿਸਾਨਾ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਜਿਥੇ ਸਿੰਜਾਈ ਦਾ ਪ੍ਰਬੰਧ ਨਹੀਂ ਸੀ ਉਥੇ ਨਹਿਰ ਪੁੱਟ ਕੇ ਸਿੰਜਾਈ ਦਾ ਪ੍ਰਬੰਧ ਕੀਤਾ ਜਾਂਦਾ ਸੀ। ਬੈਰਾਨੀ ਇਲਾਕਿਆਂ ਵਿੱਚ ਪਸ਼ੂ ਪਾਲਣ 'ਤੇ ਜ਼ੋਰ ਦਿੱਤਾ ਜਾਂਦਾ ਸੀ। ਕਣਕ ਮੁੱਖ ਫਸਲ ਸੀ। ਸਿੰਜਾਈ ਵਿਵਸਥਾ ਬਾਰੇ ਗੁਰਦਿੱਤ ਸਿੰਘ ਨੇ ਲਿਖਿਆ ਕਿ ਮਹਾਰਾਜਾ ਨੇ ਬੰਜਰ ਇਲਾਕੇ ਤੇ ਖਾਸ ਤੌਰ 'ਤੇ ਮੁਲਤਾਨ ਦੇ ਇਲਾਕੇ ਲਈ ਨਹਿਰਾਂ ਖੁਦਵਾ ਕੇ ਨਹਿਰੀ ਸਿੰਜਾਈ ਦਾ ਪ੍ਰਬੰਧ ਕੀਤਾ। 16 ਨਹਿਰਾਂ ਵਿੱਚੋਂ 9 ਸਤਲੁਜ 7 ਝਨਾਅ ਦਰਿਆ 'ਚੋਂ ਕੱਢੀਆਂ ਗਈਆਂ ਸਨ। ਲਗਪਗ 10 ਲੱਖ ਏਕੜ ਨਹਿਰੀ ਸਿੰਜਾਈ ਅਧੀਨ ਲਿਆਂਦਾ। ਆਬਅਿਾਨਾ 12 ਰੁਪਏ ਪ੍ਰਤੀ ਝਲਾਰ ਲਿਆ ਜਾਂਦਾ ਸੀ। ਖੂਹ ਟੈਕਸ ਰੱਬੀ ਫ਼ਸਲ ਲਈ 1 ਰੁਪਿਆ ਤੇ ਖਰੀਫ਼ ਲਈ 2 ਰੁਪਏ ਸੀ। ਪ੍ਰੋ. ਸੱਯਦ ਅਬਦੁਲ ਕਾਦਿਰ ਅੰਗਰੇਜ਼ਾਂ ਨਾਲ ਸੰਬੰਧਾਂ ਬਾਰੇ ਲਿਖਦਾ ਹੈ ਕਿ ਮਹਾਰਾਜਾ ਨੇ ਬਹੁਤ ਹੀ ਸਿਆਣਪ ਨਾਲ ਅੰਗਰੇਜ਼ਾਂ ਨਾਲ ਕੋਈ ਪੰਗਾ ਨਹੀਂ ਲਿਆ, ਸਗੋਂ ਸਦਭਾਵਨਾ ਦਾ ਮਾਹੌਲ ਬਣਾਈ ਰੱਖਿਆ, ਜਿਸ ਦੇ ਸਿੱਟੇ ਵਜੋਂ ਸਤਲੁਜ ਦੇ ਉਰਾਰ ਦੀਆਂ ਰਿਆਸਤਾਂ ਨੂੰ ਆਪਣੀ ਸਿੱਖਾਂ ਦਾ ਰਾਜਾ ਬਣਨ ਦੀ ਇੱਛਾ ਪੂਰੀ ਨਾ ਕਰ ਸਕਿਆ ਪ੍ਰੰਤੂ ਇਸ ਪਾਸਿਉਂ ਉਸ ਨੂੰ ਅੰਗਰੇਜ਼ਾਂ ਤੋਂ ਕੋਈ ਡਰ ਨਾ ਰਿਹਾ। ਜਿਸ ਕਰਕੇ ਮੁਲਤਾਨ, ਝੰਗ, ਕਸ਼ਮੀਰ, ਡੇਰਾ ਇਸਮਾਈਲ ਖ਼ਾਨ, ਡੇਰਾ ਗਾਜ਼ੀ ਖਾਨ, ਪੇਸ਼ਾਵਰ ਅਤੇ ਪੰਜਾਬ ਦੇ ਮੈਦਾਨੀ ਇਲਾਕੇ, ਲਾਹੌਰ ਤੋਂ ਖੈਬਰ ਦੱਰੇ ਤੱਕ ਤੇ ਦੂਜੇ ਪਾਸੇ ਲਾਹੌਰ ਤੋਂ ਸਿੰਧ ਦਰਿਆ ਤੱਕ ਸਾਰਾ ਇਲਾਕਾ ਜਿੱਤ ਲਿਆ। ਇੱਕ ਕਿਸਮ ਨਾਲ ਸਿੱਖਾਂ ਦਾ ਰੱਖਿਅਕ ਵੀ ਅਖਵਾਇਆ। ਸਿੰਧ, ਸ਼ਿਕਾਰਪੁਰ ਤੇ ਫ਼ੀਰੋਜਪੁਰ ਵੀ ਅੰਗਰੇਜ਼ਾਂ ਨੇ ਮਹਾਰਾਜਾ ਨੂੰ ਨਾ ਦਿੱਤੇ। ਤਿਪੱਖੀ ਸੰਧੀ ਵੀ ਮਜ਼ਬੂਰਨ ਕਰਨੀ ਪਈ। ਇਹ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਦੇ ਵਾਅਦਿਆਂ ਤੋਂ ਮੁਕਰਨ ਦੇ ਬਾਵਜੂਦ ਮਹਾਰਾਜਾ ਦੀ ਸਮਝੌਤਾ ਰੁਚੀ ਹੀ ਕੂਟਨੀਤੀ ਦੀ ਆਤਮਾ ਹੈ। ਉਹ ਅੰਗਰੇਜ਼ਾਂ ਨਾਲ ਟਕਰਾਓ ਤੋਂ ਬਚਦਾ ਰਿਹਾ। ਪ੍ਰੋ.ਗੁਲਸ਼ਨ ਰਾਏ ਨੇ ਰਣਜੀਤ ਸਿੰਘ ਅਤੇ ਭਾਰਤ ਦੀ ਉੱਤਰ ਪੱਛਮੀ ਸੀਮਾ ਬਾਰੇ ਲੇਖ ਵਿੱਚ ਲਿਖਿਆ ਕਿ ਅੰਗਰੇਜ਼ਾਂ ਨਾਲ ਸਮਝੌਤੇ, ਉਨ੍ਹਾਂ ਦੀਆਂ ਕੂਟਨੀਤਕ ਚਾਲਾਂ ਕਰਕੇ ਰਣਜੀਤ ਸਿੰਘ ਸਿਰਫ ਪੱਛਮ ਵਲ ਹੀ ਆਪਣਾ ਰਾਜ ਸਥਾਪਤ ਕਰ ਸਕਿਆ। ਪ੍ਰੋ.ਗੁਰਮੁਖ ਨਿਹਾਲ ਸਿੰਘ ਨੇ ਰਣਜੀਤ ਸਿੰਘ ਦੀਆਂ ਮਜ਼ਬੂਰੀਆਂ ਅਤੇ ਚਾਰ ਮੁੱਖ ਸਫਲਤਾਵਾਂ ਅਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਸਦੇ ਸ਼ਾਸ਼ਨ ਦਾ ਰਾਸ਼ਟਰੀ ਸਰੂਪ ਸੀ, ਅਧਿਕਾਰ ਭਾਵੇਂ ਵੰਡੇ ਹੋਏ ਸਨ ਪ੍ਰੰਤੂ ਆਖ਼ਰੀ ਹੁਕਮ ਉਸਦਾ ਹੁੰਦਾ ਸੀ, ਕੁਝ ਬੰਦਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਏ ਸਨ, ਜਿਹੜੇ ਸਿੱਖ ਰਾਜ ਦੇ ਖਾਤਮੇ ਦਾ ਕਾਰਨ ਬਣੇ ਅਤੇ ਚੌਥਾ ਨਿਆਂ ਅਧਿਕਾਰੀਆਂ ਤੇ ਸਰਦਾਰਾਂ ਕੋਲ ਸੀ ਪ੍ਰੰਤੂ ਉਸਦਾ ਫ਼ੈਸਲਾ ਆਖਰੀ ਹੁੰਦਾ ਸੀ ਕਿਉਂਕਿ ਉਹ ਆਪ ਦੌਰੇ ਬਹੁਤ ਕਰਦਾ ਸੀ। ਬਾਵਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ ਕਿ ਮਹਾਰਾਜਾ ਨੇ 40 ਸਾਲ ਰਾਜ ਕੀਤਾ, ਕਿਸੇ ਨੂੰ ਵੀ ਮੌਤ ਦੀ ਸਜਾ ਨਹੀਂ ਦਿੱਤੀ। ਬਚਨ ਦਾ ਪੱਕਾ ਸੀ। ਨਿਆਇਕ ਪ੍ਰਣਾਲੀ ਭਾਵ ਪੂਰਤ ਸੀ। ਸ਼ਾਸ਼ਨ ਧਾਰਮਿਕ ਭੇਦਭਾਵ ਤੋਂ ਰਹਿਤ ਲੋਕ ਸ਼ਾਸ਼ਨ ਸੀ। ਗ਼ਲਤੀ ਸੁਧਾਰਨ ਦੇ ਹੱਕ ਵਿੱਚ ਸੀ। ਸਿੱਖੀ ਦਾ ਪੱਕਾ ਪ੍ਰੰਤੂ ਸਾਰੇ ਧਰਮਾ ਦਾ ਸਤਿਕਾਰ ਕਰਦਾ ਸੀ। ਕੇ.ਸੀ.ਖੰਨਾ ਮਹਾਰਾਜਾ ਦੇ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਕੀਤੇ ਕੰਮਾ ਬਾਰੇ ਲਿਖਦਾ ਹੈ ਕਿ ਉਸ ਨੇ ਧਰਮ ਦੀ ਥਾਂ ਧਰਮ ਨਿਰਪੱਖਤਾ ਨੂੰ ਆਪਣੀ ਸੱਤਾ ਦਾ ਆਧਾਰ ਬਣਾਇਆ ਸੀ। ਰਣਜੀਤ ਸਿੰਘ ਨੇ ਉਚਿਤ ਕੰਮ ਲਈ ਉਚਿਤ ਬੰਦੇ ਚੁਣੇ ਜ਼ਾਤ ਤੇ ਧਰਮ ਦੀ ਥਾਂ ਕੁਸ਼ਲਤਾ ਨੂੰ ਤਰਜੀਹ ਦਿੱਤੀ। ਮਹਾਰਾਜਾ ਨੇ ਸਰਕਾਰ ਚਲਾਉਣ ਲਈ ਸਾਰੀਆਂ ਸੰਪਰਦਾਵਾਂ ਦੀ ਇਕਸਾਰਤਾ ਰੱਖੀ, ਜਿਸ ਕਰਕੇ ਉਸ ਦਾ ਸ਼ਾਸਨ ਰਾਸ਼ਟਰੀ ਪ੍ਰਤੀਤ ਹੁੰਦਾ ਹੈ। ਸਰ ਜੋਗੇਂਦਰਾ ਸਿੰਘ ਨੇ ਆਪਣੇ ਲੇਖ ਵਿੱਚ ਮਹਾਰਾਜਾ ਦੀ ਕੁਸ਼ਲ ਪ੍ਰਬੰਧਕੀ ਕਾਬਲੀਅਤ ਨੂੰ ਸਲਾਮ ਅਤੇ ਹਰਬੰਸ ਸਿੰਘ ਨੇ ਘੋੜਿਆਂ ਦੇ ਪ੍ਰੇਮ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਪਹਿਲੇ ਐਡੀਸ਼ਨ ਬਾਰੇ ਪ੍ਰਤੀਕਰਮ ਦਿੱਤੇ ਗਏ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਣਾਈ ਰੱਖਣਾਂ ਸਿੱਖ ਪੰਥ ਦੀ ਜ਼ਿੰਮੇਵਾਰੀ - ਉਜਾਗਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖ ਜਗਤ ਲਈ ਸਰਵੋਤਮ ਪਵਿਤਰ ਸਥਾਨ ਹੈ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਪੀਰੀ ਤੇ ਮੀਰੀ ਦੇ ਸਥਾਨ ਦੀ ਸਥਾਪਨਾ ਸਿਆਸੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ, ਸਿੱਖ ਵਿਚਾਰਧਾਰਾ  ਦੇ ਪ੍ਰਚਾਰ ਤੇ ਪ੍ਰਸਾਰ, ਅਧਿਆਤਮਿਕ ਅਗਵਾਈ ਤੇ ਰਾਜਨੀਤਕ ਪ੍ਰਭੁਸਤਾ ਹਾਸਲ ਕਰਨ ਲਈ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਪੰਥਕ ਕੇਂਦਰ ਵਜੋਂ ਅਕਾਲ ਬੁੰਗੇ ਦੇ ਰੂਪ ਵਿੱਚ ਹੋਈ ਸੀ। ਪੀਰੀੇ/ਧਰਮ ਅਤੇ ਮੀਰੀੇ/ਸਿਆਸਤ, ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਪੀਰੀੇ/ਧਰਮ ਪਹਿਲਾਂ ਰੱਖਿਆ ਤੇ ਮੀਰੀੇ/ਸਿਆਸਤ ਬਾਦ ਵਿੱਚ। ਬਾਅਦ ਵਿੱਚ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖ ਧਰਮ ਦੇ ਅਨੁਆਈਆਂ ਭਾਵ ਸਿੱਖਾਂ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ। ਜਿਹੜੇ ਸਿੱਖ, ਸਿੱਖ ਧਰਮ ਦੀ ਵਿਚਾਰਧਾਰਾ, ਪਰੰਪਰਾਵਾਂ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਕਰਨ, ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਛੇਕਣਾ ਪ੍ਰੰਤੂ ਜੇਕਰ ਬਹੁਤੀ ਗੰਭੀਰ ਗ਼ਲਤੀ ਨਹੀਂ ਤਾਂ ਧਾਰਮਿਕ ਤਨਖ਼ਾਹ ਲਗਾ ਕੇ ਮੁੜ ਪੰਥ ਵਿੱਚ ਸ਼ਾਮਲ ਕਰਨਾ ਹੁੰਦਾ ਹੈ। ਗੁਨਾਹ ਮੁਆਫ਼ ਨਹੀਂ ਹੋ ਸਕਦਾ। ਕੋਈ ਸੱਚਾ ਸੁੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਵੰਗਾਰ ਨਹੀਂ ਸਕਦਾ ਅਤੇ ਨਾ ਹੀ ਉਸ ਦੇ ਹੁਕਮਨਾਮੇ/ਗੁਰਮਤੇ ਨੂੰ ਅਣਡਿਠ ਕਰ ਸਕਦਾ ਹੈ। ਸਰਵੋਤਮ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਥੇਦਾਰ ਉਸਦਾ ਮੁੱਖੀ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਬਰਕਰਾਰ ਰੱਖਣਾ ਵੀ ਸਿੱਖ ਸੰਗਤ ਦਾ ਫ਼ਰਜ਼ ਬਣਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਭ ਨਾਲੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਕੋਲ ਆਈਆਂ ਸਿੱਖ ਮਰਿਆਦਾ ਦੀ ਉਲੰਘਣਾ ਸੰਬੰਧੀ ਸ਼ਿਕਾਇਤਾਂ ਬਾਰੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਨਿਰਪੱਖ ਫ਼ੈਸਲੇ ਕਰਕੇ ਹੁਕਮਨਾਮੇੇ/ਗੁਰਮਤੇ ਜ਼ਾਰੀ ਕਰਨ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਨੂੰ 1609 ਵਿੱਚ ਨਿਯੁਕਤ ਕੀਤਾ ਸੀ, ਜਿਹੜੇ 1637 ਤੱਕ 28 ਸਾਲ ਇਸ ਪਵਿਤਰ ਅਹੁਦੇ ‘ਤੇ ਰਹੇ। ਦੂਜੇ ਜਥੇਦਾਰ ਭਾਈ ਮਨੀ ਸਿੰਘ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਨਿਯੁਕਤ ਕੀਤਾ ਸੀ, ਜਿਹੜੇ 1737 ਤੱਕ 38 ਸਾਲ ਜਥੇਦਾਰ ਰਹੇ। ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ 4 ਜਥੇਦਾਰ ਦਰਬਾਰਾ ਸਿੰਘ, ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਅਕਾਲੀ ਫੂਲਾ ਸਿੰਘ ਤੱਕ ਸਰਬੱਤ ਖਾਲਸਾ ਨਿਯੁਕਤੀ ਕਰਦੀ ਰਹੀ। ਦੋ ਜਥੇਦਾਰ ਹਨੂਮਾਨ ਸਿੰਘ ਅਤੇ ਪਰਹਲਾਦ ਸਿੰਘ ਬੁੱਢਾ ਦਲ ਨੇ ਨਿਯੁਕਤ ਕੀਤੇ ਸਨ। ਤੇਜਾ ਸਿੰਘ ਭੁੱਚਰ ਨੂੰ ਸਰਬਤ ਖਾਲਸਾ ਨੇ 1920 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਤੇ ਉਹ 1921 ਤੱਕ ਇਸ ਅਹੁਦੇ ‘ਤੇ ਰਹੇ। ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਦੀ ਆ ਰਹੀ ਹੈ। ਸਿੱਖ ਸਿਆਸਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੋਂ 99 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ 1708 ਵਿੱਚ ਆਉਣ ਤੋਂ ਬਾਅਦ ਆਈ। 1980 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਮਤਿ ਦੇ ਧਾਰਨੀ ਧਾਰਮਿਕ ਗੁਰਮੁੱਖ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ, ਜਿਹੜੇ ਮੰਨੇ ਪ੍ਰਮੰਨੇ ਅਧਿਆਤਮਿਕ ਤੌਰ ਤੇ ਪ੍ਰਮਾਣਤ ਸਿੱਖ ਧਰਮ ਦੇ ਗਿਆਤਾ ਹੁੰਦੇ ਸਨ। 1980 ਤੱਕ ਉਚ ਕੋਟੀ ਦੇ ਜਥੇਦਾਰ ਹੋਣ ਕਰਕੇ ਕੋਈ ਵਾਦਵਿਵਾਦ ਨਹੀਂ ਹੋਇਆ। ਇੱਥੋਂ ਤੱਕ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੋ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਵੀ ਸਨ ਅਤੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਸਿੱਖ ਜਗਤ ਦਾ ਹੈ ਨਾ ਕਿ ਕਿਸੇ ਇੱਕ ਪਾਰਟੀ ਦਾ, ਸਿੱਖ ਤਾਂ ਸਾਰੀਆਂ ਪਾਰਟੀਆਂ ਵਿੱਚ ਹਨ। ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮ ਗ੍ਰੰਥੀ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੋਣਾ ਕੋਈ ਗ਼ਲਤ ਗੱਲ ਨਹੀਂ ਪ੍ਰੰਤੂ ਉਸਦਾ ਨਿਰਪੱਖ ਰਹਿਣਾ ਅਸੰਭਵ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਧੀਨ ਕੰਮ ਕਰਨਾ ਪੈਂਦਾ ਹੈ। ਕਮੇਟੀ ਤੋਂ ਨੌਕਰੀ ਦੀ ਤਨਖ਼ਾਹ ਲੈਂਦਾ ਹੈ, ਕੁਦਰਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਰਹੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਿਸੇ ਦੇ ਅਧੀਨ ਨਹੀਂ ਹੋ ਸਕਦਾ। ਇਸ ਪਵਿਤਰ ਸਥਾਨ ਤੇ ਨਿਯੁਕਤ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਧੀਨ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਠੋਕੇ ਬਣਨ ਤੋਂ ਇਨਕਾਰ ਕੀਤਾ, ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਰਿਹਾ। ਇਥੋਂ ਤੱਕ ਕਿ ਕਾਰਜਕਾਰੀ ਭਾਵ ਕੰਮ ਚਲਾਊ ਜਥੇਦਾਰ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਉਹ ਆਪਣੇ ਹੁਕਮਰਾਨਾ ਦੇ ਹੁਕਮਾ ਦੀ ਪਾਲਣਾ ਕਰਦੇ ਰਹਿਣ। 1952 ਵਿੱਚ ਪਹਿਲੀ ਵਾਰ ਪਰਤਾਪ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਟਿੰਗ ਅਰਥਾਤ ਕੰਮ ਚਲਾਊ ਜਥੇਦਾਰ ਲਗਾਇਆ। ਉਸਤੋਂ ਬਾਅਦ 10 ਵਾਰੀ ਹੋਰ ਐਕਟਿੰਗ ਜਥੇਦਾਰ ਨਿਯੁਕਤ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਆਪਣੀ ਮਰਜ਼ੀ ਅਨੁਸਾਰ ਚਲਾਉਣ ਲੱਗਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਦੀ ਲਾਈਨ ਟੋਅ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜਥੇਦਾਰ ਟੌਹੜਾ ਨੂੰ ਹੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਫਿਰ ਤਾਂ ਪ੍ਰਧਾਨਗੀ ਦੀ ਪਰਚੀ ਦੇ ਦੋਸ਼ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਵਿੱਚੋਂ ਨਿਕਲਣ ਦੇ ਲੱਗਣ ਲੱਗ ਪਏ। ਅਕਾਲ ਤਖ਼ਤ ਦੇ ਦੋ ਜਥੇਦਾਰ ਭਾਈ ਮਨਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਵੀ ਸਰਕਾਰੀ ਲਾਈਨ ਟੋਅ ਨਾ ਕਰਨ ਕਰਕੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਜੋ ਫ਼ੈਸਲੇ ਪੰਥਕ ਹਿੱਤਾਂ ਦੇ ਵਿਰੁੱਧ ਕਰਵਾਏ ਗਏ, ਉਨ੍ਹਾਂ ਨੂੰ ਸਿੱਖ ਸੰਗਤ ਜਾਣਦੀ ਹੈ। ਉਨ੍ਹਾਂ ਵਾਦਵਿਵਾਦ ਵਾਲੇ ਫ਼ੈਸਲਿਆਂ ਤੋਂ ਬਾਅਦ ਅਕਾਲੀ ਦਲ ਵੀ ਹਾਸ਼ੀਏ ‘ਤੇ ਚਲਾ ਗਿਆ। ਜਿਸ ਸੋਚ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੀਰੀ ਤੇ ਮੀਰੀ ਦਾ ਸੰਕਲਪ ਦਿੱਤਾ ਸੀ, ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਤਹਿਸ ਨਹਿਸ ਕਰ ਦਿੱਤਾ। ਸੋਚਣ ਵਾਲੀ ਗੱਲ ਤਾਂ ਇਹੋ ਹੈ ਕਿ ਕੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਥੇਦਾਰ ਨਿਰਪੱਖ ਹੋ ਕੇ ਫ਼ੈਸਲੇ ਕਰ ਸਕਦੇ ਹਨ? ਪੁਰਾਤਨ ਪਰੰਪਰਾ ਅਨੁਸਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਰਬੱਤ ਖਾਲਸਾ ਦੁਆਰਾ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਪ੍ਰੰਤੂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯੁਕਤ ਕਰਨੇ ਹਨ ਤਾਂ ਉਨ੍ਹਾਂ ਲਈ ਕੋਈ ਨਿਯਮ ਬਣਾਉਣੇ ਚਾਹੀਦੇ ਹਨ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਮਿਆਦ ਨਿਸਚਤ ਹੋਣੀ ਚਾਹੀਦੀ ਹੈ। ਐਕਟਿੰਗ ਜਥੇਦਾਰ ਨਹੀਂ ਹੋਣੇ ਚਾਹੀਦੇ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਸਹੀ ਨਿਯਮਾ ਅਨੁਸਾਰ ਕਰਦੀ ਤਾਂ ਸਮਾਨਾਂਤਰ ਜਥੇਦਾਰ ਨਿਯੁਕਤ ਨਹੀਂ ਕਰਨੇ ਪੈਣੇ ਸਨ। ਨਿਰਪੱਖ ਫ਼ੈਸਲਿਆਂ ਲਈ ਨਿਰਪੱਖ ਗੁਰਮੁੱਖ ਗੁਰਮਤਿ ਦੇ ਧਾਰਨੀ ਹੋਣੇ ਚਾਹੀਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਜ ਤਖ਼ਤਾਂ ਦੇ ਮੁੱਖ ਗ੍ਰੰਥੀਆਂ/ ਜਥੇਦਾਰਾਂ ਨਾਲ ਮੀਟਿੰਗ ਕਰਕੇ ਫ਼ੈਸਲੇ ਕਰਕੇ ਹੁਕਮਨਾਮੇ /ਗੁਰਮਤੇ ਜ਼ਾਰੀ ਕਰਦੇ ਹਨ ਪ੍ਰੰਤੂ ਬਾਕੀ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੁੰਦੇ ਹਨ। ਸਿੱਖ ਧਰਮ ਦੇ 5 ਤਖ਼ਤ ਹਨ, ਜਿਨ੍ਹਾਂ ਦੇ ਮੁਖੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਵਿੱਚ ਫ਼ੈਸਲੇ ਕਰਕੇ ਹੁਕਮਨਾਮੇ /ਗੁਰਮਤੇ ਜ਼ਾਰੀ ਕਰਦੇ ਹਨ। ਉਨ੍ਹਾਂ ਦੇ ਫ਼ੈਸਲੇ ਕਦੀਂ ਵੀ ਨਿਰਪੱਖ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਨਖ਼ਾਹ ਲੈਂਦੇ ਹਨ। ਸਿੱਖ ਸੰਗਤ ਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਮੁਖੀਆਂ ਨੂੰ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਬੁਲਾਕੇ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਕਿਹਾ ਗਿਆ ਸੀ। ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਤੌਹੀਨ ਹੋਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਬਿਨਾ ਸ੍ਰੀ ਅਕਾਲ ਤਖ਼ਤ ‘ਤੇ ਪੇਸ਼ ਹੋਇਆਂ ਹੀ ਮੁਆਫ਼ੀ ਦੇਣਾ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਣ ਦੇ ਬਰਾਬਰ ਸੀ। ਵੈਸੇ ਰਾਮ ਰਹੀਮ ਤਾਂ ਸਿੱਖ ਹੀ ਨਹੀਂ, ਉਸ ਨੂੰ ਤਖ਼ਤ ‘ਤੇ ਬੁਲਾਇਆ ਹੀ ਨਹੀਂ ਜਾ ਸਕਦਾ, ਮੁਆਫ਼ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਕਮਨਾਮੇ /ਗੁਰਮਤੇ ਵਾਪਸ ਲਏ ਹੀ ਨਹੀਂ ਜਾ ਸਕਦੇ। ਇਥੇ ਹੀ ਬਸ ਨਹੀਂ ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਜਾਇਜ਼ ਸਾਬਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਇਹ ਸਾਬਤ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ‘ਤੇ ਹੋਇਆ ਸੀ। ਜੇਕਰ ਸ੍ਰੀ ਅਕਾਲ ਤਖ਼ਤ ਦਾ ਇਹ ਫ਼ੈਸਲਾ ਸਹੀ ਸੀ ਤਾਂ ਫਿਰ ਸਿੱਖ ਸਿੱਖ ਸੰਗਤਾਂ ਦੇ ਵੱਡੇ ਪੱਧਰ ‘ਤੇ ਕੀਤੇ ਗਏ ਵਿਰੋਧ ਤੋਂ ਬਾਅਦ ਵਾਪਸ ਕਿਉਂ ਲਿਆ ਗਿਆ? ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਦਾ ਭਾਵ ਇਹ ਸੀ ਕਿ ਰਾਜਨੀਤਕ ਤਾਕਤ ਦੀ ਛਤਰਛਾਇਆ ਹੇਠ ਸਿੱਖ ਧਰਮ ਪ੍ਰਫੁਲਤ ਹੋਵੇਗਾ ਪ੍ਰੰਤੂ ਰਾਜਨੀਤਕ ਲੋਕਾਂ ਵੱਲੋਂ ਅਜਿਹੇ ਫ਼ੈਸਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਭਾਵਨਾ ਦੇ ਉਲਟ ਕਰਕੇ ਉਹ ਲੋਕ ਕੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਰਾਜਨੀਤਕ ਲੋਕ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਟਿੱਚ ਸਮਝਦੇ ਹਨ? ਮਾਸਟਰ ਤਾਰਾ ਸਿੰਘ ਦੇ ਸਮੇਂ ਤੱਕ ਸਿਆਸਤਦਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਕੰਮ ਵਿੱਚ ਦਖ਼ਅੰਦਾਜ਼ੀ ਨਹੀਂ ਹੋਈ। ਇੱਕ ਕਿਸਮ ਨਾਲ ਰਾਜਨੀਤਕ ਲੋਕ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸੋਚ ਤੇ ਕਾਰਜਸ਼ੈਲੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਬਰਕਰਾਰ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ ਤੇ ਉਹ ਸਮੁੱਚੀ ਸਿੱਖ ਸੰਗਤ ਨੂੰ ਜਵਾਬਦੇਹ ਹੋਵੇਗਾ ਨਾ ਕਿ ਸਿਆਸਤਦਾਨਾ ਨੂੰ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ - ਉਜਾਗਰ ਸਿੰਘ

ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ ਪਰਿਕਰਮਾ’ ਉਸ ਦਾ ਤੀਜਾ ਕਾਵਿ ਸੰਗ੍ਰਹਿ ਹੈ। ਉਸ ਦੀ ਹਰ ਕਵਿਤਾ ਦਾ ਹਰ ਸ਼ਬਦ ਮੁਹੱਬਤ ਦੀ ਬਾਤ ਪਾਉਂਦਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਨਿੱਕੀਆਂ ਤੇ ਵੱਡੀਆਂ 70 ਕਵਿਤਾਵਾਂ ਹਨ। ਇਹ ਕਾਵਿ ਸ੍ਰੰਗਹਿ ਆਮ ਕਾਵਿ ਸ੍ਰੰਗਹਿਾਂ ਤੋਂ ਨਿਵੇਕਲਾ ਹੈ ਕਿਉਂਕਿ ਇਨ੍ਹਾਂ ਸਾਰੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਦੇ ਅਰਥਾਂ ਨੂੰ ਦਰਸਾਉਂਦੇ ਚਿਤਰ ਬਰਾਬਰ ਦੇ ਪੰਨੇ ‘ਤੇ ਬਣਾਏ ਹੋਏ ਹਨ। ਜਦੋਂ ਤੁਸੀਂ ਕਾਵਿ ਸ੍ਰੰਗਹਿ ਪੜ੍ਹਨ ਲਈ ਖੋਲ੍ਹਦੇ ਹੋ ਤਾਂ ਪਹਿਲਾਂ ਖੱਬੇ ਹੱਥ ਚਿਤਰ ਤੇ ਸੱਜੇ ਹੱਥਲੇ ਪੰਨੇ ‘ਤੇ ਕਵਿਤਾ ਹੁੰਦੀ ਹੈ। ਇਹ ਚਿਤਰ ਹੀ ਕਵਿਤਾ ਦੀ ਭਾਵਨਾ ਪ੍ਰਗਟਾ ਦਿੰਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪਿਆਰ ਮੁਹੱਬਤ ਹੈ ਪ੍ਰੰਤੂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੀ ਕੁਝ ਕਵਿਤਾਵਾਂ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਮੰਤਵੀ ਤੇ ਬਹੁ-ਪਰਤੀ ਹਨ। ਡੂੰਘੇ ਅਰਥਾਂ ਵਾਲੀਆਂ ਹਨ, ਜਿਨ੍ਹਾਂ ਨੂੰ ਸਿੰਬਾਲਿਕ ਵੀ ਕਿਹਾ ਜਾ ਸਕਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਦਵਿੰਦਰ ਬਾਂਸਲ ਦੇ ਅੰਤਰ ਮਨ ਦੀ ਆਵਾਜ਼ ਹਨ। ਇਹ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਲਖ਼ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਦਵਿੰਦਰ ਬਾਂਸਲ ਦੀ ਕਮਾਲ ਹੈ ਕਿ ਉਸ ਨੇ ਇਨ੍ਹਾਂ ਕਵਿਤਾਵਾਂ ਨੂੰ ਲੋਕਾਈ ਦੇ ਦਰਦ ਵਿੱਚ ਬਦਲ ਦਿੱਤਾ ਹੈ। ਇਹ ਹਰ ਇਸਤਰੀ ‘ਤੇ ਢੁਕਦੀਆਂ ਹਨ। ਕਵਿਤਰੀ ਨੇ ਆਪਣਾ ਮਨ ਇਨ੍ਹਾਂ ਕਵਿਤਾਵਾਂ ਰਾਹੀਂ ਦ੍ਰਿਸ਼ਟਾਂਤਿਕ ਰੂਪ ਵਿੱਚ ਪ੍ਰਗਟਾਅ ਦਿੱਤਾ ਹੈ। ਕਵਿਤਰੀ ਔਰਤਾਂ ਨੂੰ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੀ ਪਛਾਣ ਕਰਨ ਲਈ ਜਾਗਰੂਕ ਕਰ ਰਹੀ ਹੈ। ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਸਵੈ ਦੀ ਪਰਿਕਰਮਾ’ ਵਿੱਚ ਔਰਤ ਨੂੰ ਬਹਾਦਰੀ ਨਾਲ ਸਮਾਜਿਕ ਤਾਣੇ ਬਾਣੇ ਦਾ ਡੱਟਕੇ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ। ਸਮਰਪਣ ਕਵਿਤਾ ਵੀ ਔਰਤਾਂ ਨੂੰ ਸਵੈ ਦੀ ਪਹਿਚਾਣ ਕਰਨ ਲਈ ਪ੍ਰੇਰਦੀ ਹੈ। ਹਰ ਇਸਤਰੀ ਇਨ੍ਹਾਂ ਕਵਿਤਾਵਾਂ ਵਿੱਚ ਆਪਣਾ ਅਕਸ ਵੇਖ ਰਹੀ ਹੈ।
    ਦਵਿੰਦਰ ਬਾਂਸਲ ਭਾਵੇਂ ਕੀਨੀਆਂ ਦੀ ਜੰਮੀ ਪਲੀ ਤੇ ਪ੍ਰਵਾਸ ਵਿੱਚ ਹੀ ਪੜ੍ਹੀ ਲਿਖੀ ਹੈ ਪ੍ਰੰਤੂ ਉਸ ਦਾ ਪੰਜਾਬੀ ਵਿਰਾਸਤ ਨਾਲ ਮੋਹ ਤੇ ਇਸਤਰੀਆਂ ਦੀ ਮਨੋਦਿਸ਼ਾ ਦਾ ਡੂੰਘਾ ਅਧਿਐਨ, ਉਸ ਦੀਆਂ ਕਵਿਤਾਵਾਂ ਵਿੱਚੋਂ ਝਲਕਦਾ ਹੈ। ਇਸਤਰੀ ਦੀ ਜ਼ਿੰਦਗੀ ਦੇ ਉਤਰਾਅ ਝੜ੍ਹਾਅ ਕਵਿਤਰੀ ਦੀ ਮਾਨਸਿਕਤਾ ਨੂੰ ਟੁੰਬਦੇ ਰਹਿੰਦੇ ਹਨ। ਕੁਝ ਕਵਿਤਾਵਾਂ ਇਸਤਰੀਆਂ ਨੂੰ ਆਪਣਾ ਭਵਿਖ ਆਪ ਸੁਆਰਨ ਦੀ ਤਾਕੀਦ ਕਰਦੀਆਂ ਹਨ। ਉਹ ਇਸਤਰੀਆਂ ਨੂੰ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਕਹਿੰਦੀ ਹੈ ਪ੍ਰੰਤੂ ਸਮਾਜ ਉਸ ਨੂੰ ਬਣਦਾ ਮਨ ਸਨਮਾਨ ਦੇਣ ਤੋਂ ਕੰਨੀ ਕਤਰਾਉਂਦਾ ਹੈ। ਘਰੇਲੂ ਕਲੇਸ਼ ਤੇ ਹਿੰਸਾ ਔਰਤਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਨ। ਧੋਖੇ, ਦਗ਼ਾ, ਫਰੇਬ ਅਤੇ ਸਮਾਜਿਕ ਕੁਰੀਤੀਆਂ ਔਰਤ ਦੀ ਜ਼ਿੰਦਗੀ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਰਹਿੰਦੇ ਹਨ। ਸੰਗੀਤ ਤੇ ਮੁਹੱਬਤ ਇਨਸਾਨ ਦੀ ਮਾਨਸਿਕਤਾ ਨੂੰ ਟੁੰਬਦਾ ਹੈ ਤੇ ਫਿਰ ਜ਼ਿੰਦਗੀ ਸੌਖਿਆਂ ਬਸਰ ਕੀਤੀ ਜਾ ਸਕਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਮੁਹੱਬਤ ਨੂੰ ਜ਼ਿੰਦਗੀ ਦਾ ਦੂਜਾ ਨਾਮ ਦਿੰਦੀਆਂ ਹਨ। ਮੁਹੱਬਤ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਦਰਦ ਤੇ ਮੁਹੱਬਤ ਇਕ ਦੂਜੇ ਦੇ ਪੂਰਕ ਹਨ। ਮੁਹੱਬਤ ਜ਼ਿੰਦਗੀ ਨੂੰ ਰੰਗੀਨ ਬਣਾਉਂਦੀ ਹੈ, ਜਿਸ ਕਰਕੇ ਰੌਸ਼ਨੀ ਦੀ ਕਿਰਨ ਵਿਖਾਈ ਦੇਣ ਲੱਗਦੀ ਹੈ। ਵਸਲ ਦੀ ਤਾਂਘ ਜੀਣ ਦਾ ਬਹਾਨਾ ਬਣਦੀ ਹੈ। ਮੁਹੱਬਤ, ਵਸਲ ਤੇ ਬ੍ਰਿਹਾ ਦਾ ਆਪਸੀ ਗੂੜ੍ਹਾ ਨਹੁੰ ਮਾਸ ਦਾ ਸੰਬੰਧ ਹੁੰਦਾ ਹੈ। ਪਿਆਰ, ਮਹੱਬਤ ਤੇ ਇਸ਼ਕ ਵਿੱਚ ਇਹ ਤਿੰਨੋ ਅਵਸਥਾਵਾਂ ਹਰ ਹਾਲਤ ਵਿੱਚ ਆਉਂਦੀਆਂ ਹਨ। ਕਵਿਤਰੀ ਨੇ ਤਿੰਨੋ ਅਵਸਥਾਵਾਂ ਦੀਆਂ ਕਵਿਤਾਵਾਂ ਰਚੀਆਂ ਹਨ। ਇਸ਼ਕ ਦੀਆਂ ਚਸਕਾਂ ਦਾ ਦਰਦ ਬ੍ਰਿਹਾ ਦੇ ਰੂਪ ਵਿੱਚ ਵਾਸਤਾ, ਹਿਜਰ, ਜਿੰਦ ਬੀਤ ਚਲੀਏ, ਅਸੀਂ ਤੁਰ ਜਾਣਾ, ਹੱਡੀਂ ਰਚਿਆ ਇਸ਼ਕ, ਉਮੀਦ, ਹੋਂਦ, ਵਸਲ ਦੀ ਚਾਹਤ, ਦੂਰੀ, ਜੋਬਨ ਰੁੱਤੇ, ਬੇਗਾਨਗੀ, ਅਗਨ, ਆਜਾ ਮਾਹੀ ਕਵਿਤਾਵਾਂ ਰਾਹੀਂ ਪ੍ਰਗਟ ਹੁੰਦਾ ਹੈ। ਪਰਵਾਸ ਵਿੱਚ ਔਰਤ ਆ ਕੇ ਆਜ਼ਾਦੀ ਦੇ ਗ਼ਲਤ ਅਰਥ ਕੱਢਦੀ ਹੈ। ਪੈਸਾ ਹੀ ਜ਼ਿੰਦਗੀ ਨਹੀਂ ਹੁੰਦਾ। ਲੜਕੀਆਂ ਨੂੰ ਮਰਦਾਂ ਵੱਲੋਂ ਵਿਖਾਏ ਜਾਂਦੇ ਸਬਜਬਾਗਾਂ ਤੋਂ ਬਚਣਾ ਚਾਹੀਦਾ ਹੈ। ਕੁਝ ਕਵਿਤਾਵਾਂ ਵਿੱਚ ਉਸ ਦਾ ਪੰਜਾਬ ਵਾਪਸ ਆਉਣ ਦਾ ਹੇਰਵਾ ਵੀ ਵਿਖਾਈ ਦਿੰਦਾ ਹੈ। ਉਹ ਆਜ਼ਾਦ ਖਿਆਲਾਂ ਦੀ ਕਵਿਤਰੀ ਹੈ, ਜਿਹੜੀ ਆਪਣੀਆਂ ਕਵਿਤਾਵਾਂ ਰਾਹੀਂ ਹਰ ਇਸਤਰੀ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਬੇਖ਼ੌਫ਼ ਹੋ ਕੇ ਮੁਕਾਬਲਾ ਕਰਨ ਅਤੇ ਇਸਤਰੀ ਹੋਣ ਦੇ ਤੋਹਫ਼ੇ ਦਾ ਆਨੰਦ ਮਾਨਣ ਲਈ ਪ੍ਰੇਰਦੀ ਹੈ। ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਅਨੁਸਾਰ ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਸੱਚੀ-ਸੁੱਚੀ ਮੁਹੱਬਤ ਦੀ ਗਵਾਹੀ ਭਰਦੀ ਹੋਈ, ਸਮਾਜਿਕ ਪ੍ਰਾਣੀਆਂ ਨੂੰ ਮੁਹੱਬਤ ਦੇ ਪਵਿਤਰ ਸੰਕਲਪ ‘ਤੇ ਪਹਿਰਾ ਦੇਣ ਦੀ ਵਕਾਲਤ ਕਰਦੀ ਹੈ। ਉਹ ਵਰਤਮਾਨ ਸਮਾਜ ਵਿੱਚ ਇਸਤਰੀ ਨਾਲ ਹੋ ਰਹੇ ਦੁਰਵਿਵਹਾਰ ਤੋਂ ਬਹੁਤ ਖ਼ਫਾ ਹੈ। ਕਵਿਤਰੀ ਇਸਤਰੀ ਦੇ ਸੰਤਾਪ ਨੂੰ ਖ਼ੁਸ਼ਗਵਾਹ ਮਾਹੌਲ ਵਿੱਚ ਬਦਲਣ ਲਈ ਤਤਪਰ ਹੈ। ਦਵਿੰਦਰ ਬਾਂਸਲ ਦੀਆਂ ਸਮੁੱਚੀਆਂ ਕਵਿਤਾਵਾਂ ਮੁੜ ਘਿੜਕੇ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ, ਉਲਝਣਾਂ ਅਤੇ ਅਨੇਕ ਕਿਸਮ ਦੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਵਕਾਲਤ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਇਸਤਰੀ ਦੀ ਸੁੰਦਰਤਾ ਦੇ ਅਖੌਤੀ ਪੁਜਾਰੀ ਭਾਰੂ ਹੋਏ ਪਏ ਹਨ। ਕਵਿਤਰੀ ਇਸਤਰੀਆਂ ਨੂੰ ਉਨ੍ਹਾਂ ਦੇ ਅਡੰਬਰਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾਂ ਕਰਦੀ ਹੈ। ਔਰਤ ਦੇ ਹਾਰ ਸ਼ਿੰਗਾਰ ਅਪੂਰਨਤਾ ਦੀ ਨਿਸ਼ਾਨੀ ਹਨ। ਔਰਤ ਨੂੰ ਵੀ ਬਾਹਰੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਵਲ ਧਿਆਨ ਦੇਣਾ ਚਾਹੀਦਾ ਹੈ। ਹਰ ਮਰਦ ਭਾਵੇਂ ਪਿਤਾ, ਪਤੀ ਤੇ ਪੁੱਤਰ ਹੋਵੇ ਉਨ੍ਹਾਂ ਦਾ ਔਰਤ ਬਾਰੇ ਨਜ਼ਰੀਆ ਇੱਕੋ ਜਿਹਾ ਹੁੰਦਾ ਹੈ। ਉਹ ਆਪਣੀ ਅਸਫਲਤਾ ਸਮੇਂ ਹਮੇਸ਼ਾ ਔਰਤ ਦੇ ਚਰਿਤਰ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਔਰਤਾਂ ਵਹਿਮਾ-ਭਰਮਾ ਦੇ ਚੁੰਗਲ ਵਿੱਚੋਂ ਬਾਹਰ ਨਿਕਲ ਰਹੀਆਂ ਹਨ। ਸਮਾਜ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਇਸਤਰੀ ਸਿਰਫ਼ ਪਿਆਰ ਮੁਹੱਬਤ ਦੀ ਪ੍ਰਤੀਕ ਹੈ। ਪਿਆਰ ਨੂੰ ਦੁਰਾਚਾਰ ਨਾ ਬਣਾਇਆ ਜਾਵੇ। ਦਵਿੰਦਰ ਬਾਂਸਲ ਇਸਤਰੀ ਨੂੰ ਆਪਣੀ ਹਿਫ਼ਾਜ਼ਤ ਆਪ ਕਰਨ ਦੀ ਨਸੀਅਤ ਦਿੰਦੀ ਹੈ। ਸਮਾਜਿਕ ਬਘਿਆੜ ਰੂਪੀ ਮਨੁੱਖੀ ਕਿਰਦਾਰਾਂ ਤੋਂ ਸੁਚੇਤ ਹੋ ਕੇ ਉਨ੍ਹਾਂ ਦੀ ਬਦਨੀਅਤ ਨੂੰ ਖੇਰੂੰ-ਖੇਰੂੰ ਕਰਨ ਲਈ ਇਸਤਰੀਆਂ ਨੂੰ ਲਾਮਬੰਦ ਹੋਣਾ ਪਵੇਗਾ। ਮਰਦ ਔਰਤਾਂ ਦੇ ਜ਼ਜ਼ਬਿਆਂ ਅਰਥਾਤ ਭਾਵਨਾਵਾਂ ਲਾਲ ਖੇਡਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਔਰਤਾਂ ਭਾਵਕ ਹੋ ਕੇ ਚੁੰਗਲ ਵਿੱਚ ਫਸ ਜਾਂਦੀਆਂ ਹਨ। ਔਰਤਾਂ ਦੇ ਜ਼ਜ਼ਬਿਆਂ ਨਾਲ ਸੰਬੰਧਤ ਇਹ ਨਾ ਸੋਚੀਂ, ‘ਹਾਰ ਚਲੇ’, ‘ਹਾਰ ਗਏ ਹਾਂ’, ‘ਉਮੀਦ’, ‘ਕੀ ਕਰੀਏ’ ਆਦਿ ਹਨ। ‘ਤਿੜਕੀ ਹੋਂਦ’ ਕਵਿਤਾ ਵਿੱਚ ਕਵਿਤਰੀ ਇਨਸਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਗੱਲ ਕਰਦੀ ਹੈ।
  ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾ ‘ਜ਼ਮਾਨਾ’ ਵਿੱਚ ਕਵਿਤਰੀ ਨੇ ਨਸ਼ੇ, ਭਰੂਣ ਹੱਤਿਆ ਤੇ ਵਿਖਾਵਾ ਕਰਨ ਦੀ ਪ੍ਰਵਿਰਤੀ ਤੋਂ ਪ੍ਰਹੇਜ ਕਰਨ ਲਈ ਕਿਹਾ ਹੈ। ‘ਖੈਰ ਮੰਗਾਂ’ ਕਵਿਤਾ ਵਿੱਚ ਬੇਰੋਜ਼ਗਾਰੀ ਕਰਕੇ ਪੰਜਾਬੀ ਪ੍ਰਵਾਸ ਦਾ ਰੁੱਖ ਅਖਤਿਆਰ ਕਰ ਰਹੇ ਹਨ ਪ੍ਰੰਤੂ ਪ੍ਰਵਾਸ ਵਿੱਚ ਸਭ ਕੁਝ ਅੱਛਾ ਨਹੀਂ, ਬੱਚਿਆਂ ਦਾ ਬਚਪਨ ਰੁਲ ਰਿਹਾ ਹੈ। ‘ਮੇਰੇ ਮਹਿਰਮ’ ਕਵਿਤਾ ਵਿੱਚ ਜੰਗ ਦਾ ਵਿਰੋਧ ਕਰਦੀ ਹੈ, ‘ਦੁਮੇਲ’ ਵਿੱਚ ਪ੍ਰਵਾਸ ਵਿੱਚ ਮਾਪਿਆਂ ਦੀ ਦੁਬਿਧਾ ਦਾ ਪ੍ਰਗਟਾਵਾ ਕਰਦੀ ਹੈ, ‘ਵਸੀਅਤ’ ਬੁਢਾਪੇ ਦੀ ਤ੍ਰਾਸਦੀ ਦਾ ਵਾਸਤਾ ਪਾਉਂਦੀ ਹੈ ਤੇ ‘ਘਰ’ ਵਿੱਚ ਮਰਦਾਂ ਦੀ ਗ਼ੁਲਾਮੀ ਕਰਦੀ ਔਰਤ ਤਿੜਕੇ ਰਿਸ਼ਤਿਆਂ ਨੂੰ ਬਚਾਉਂਦੀ ਦਰਸਾਈ ਹੈ। ‘ਜੀਵਨ ਰੁੱਤਾਂ’ ਕਵਿਤਾ ਜੋ ਕੋਲ ਹੈ, ਉਸ ਦਾ ਆਨੰਦ ਮਾਨਣ ਦੀ ਤਾਕੀਦ ਕਰਦੀ ਹੈ, ਹੋਰ ਪ੍ਰਾਪਤ ਕਰਨ ਦੀ ਇੱਛਾ ਤਿਆਗਣ। ‘ਰਾਖੀ’ ਅਤੇ ‘ਯੁੱਧ’ ਕਵਿਤਾਵਾਂ ਇਸਤਰੀਆਂ ਵੱਲੋਂ ਜ਼ੁਰਮਾ ਵਿੱਚ ਸ਼ਾਮਲ ਹੋਣ ਦੀ ਚਿੰਤਾ ਦਾ ਪ੍ਰਗਟਾਵਾ ਹਨ।  ਭਵਿਖ ਵਿੱਚ ਦਵਿੰਦਰ ਬਾਂਸਲ ਤੋਂ ਹੋਰ ਵੀ ਵਧੀਆ ਕਾਵਿ ਸ੍ਰੰਗਹਿ ਦੀ ਕਾਮਨਾ ਕਰਦਾ ਹਾਂ।
  155 ਪੰਨਿਆਂ, 240 ਰੁਪਏ, ਦਿਲਕਸ਼ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
   ujagarsingh48@yahoo.com

ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ - ਉਜਾਗਰ ਸਿੰਘ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ 'ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਤਾਜ਼ਾ ਘਟਨਾਕ੍ਰਮ ਵਿੱਚ ਰਿਪਬਕਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਜੇ ਟਰੰਪ 'ਤੇ ਕਾਤਲਾਨਾ ਹਮਲਾ ਹੈ। ਡੋਨਾਲਡ ਜੇ ਟਰੰਪ ਨੂੰ ਘਾਗ ਅਤੇ ਦਬੰਗ ਸਿਆਸਤਦਾਨ ਕਿਹਾ ਜਾਂਦਾ ਹੈ। ਉਹ 8 ਨਵੰਬਰ 2016 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ। ਨਵੰਬਰ 2020 ਵਿੱਚ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਇਕੱਠ ਕਰਕੇ ਜੋ ਬਾਇਡਨ ਦੀ ਚੋਣ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਥੋਂ ਤੱਕ ਕਿ ਜ਼ਬਰਦਸਤੀ ਦਫ਼ਤਰ ਵਿੱਚ ਵੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਕਾਨੂੰਨ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ, ਜਿਸ ਕਰਕੇ ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੇ 51 ਰਾਜਾਂ ਵਿੱਚੋਂ ਹਰ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆ ਹਨ। ਸੰਸਾਰ ਵਿੱਚ ਜਿਤਨੀਆਂ ਵੀ ਦੇਸ਼ਾਂ ਦੀਆਂ ਆਪਸ ਵਿੱਚ ਖਹਿਾਜ਼ੀ ਕਰਕੇ ਜੰਗਾਂ ਹੁੰਦੀਆਂ ਹਨ ਤਾਂ ਅਮਰੀਕਾ ਇੱਕ ਪਾਸੇ ਖੜ੍ਹ ਜਾਂਦਾ ਹੈ। ਕਈ ਵਾਰ ਤਾਂ ਵੀਟੋ ਵਰਤਕੇ ਆਪਣੀ ਮਨਮਾਨੀ ਕਰਦਾ ਹੈ। ਪ੍ਰੰਤੂ ਆਪਣਾ ਦੇਸ਼ ਸੰਭਾਲ ਨਹੀਂ ਸਕਦਾ। ਇਥੋਂ ਦੇ ਨਾਗਰਿਕਾਂ ਨੂੰ ਦੇਸ਼ ਦੇ ਕਾਨੂੰਨਾ ਦਾ ਪਾਲਣਾ ਕਰਨ ਵਾਲੇ ਕਿਹਾ ਜਾਂਦਾ ਹੈ ਪ੍ਰੰਤੂ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਦਾ ਸੇਕ ਪੰਜਾਬੀਆਂ ਖਾਸ ਤੌਰ 'ਤੇ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ।
ਡੋਨਾਲਡ ਜੇ ਟਰੰਪ ਤੋਂ ਪਹਿਲਾਂ ਅਮਰੀਕਾ ਦੇ 11 ਰਾਸ਼ਟਰਪਤੀਆਂ 'ਤੇ ਕਾਤਲਾਨਾ ਹਮਲੇ ਹੋ ਚੁੱਕੇ ਹਨ। ਡੋਨਾਲਡ ਜੇ ਟਰੰਪ 12ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਕਾਤਲਾਨਾ ਹਮਲਾ ਹੋਇਆ ਹੈ। ਅਮਰੀਕਾ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਬੰਦੂਕ ਖ੍ਰੀਦ ਸਕਦਾ ਹੈ, ਉਸ ਨੂੰ ਕੋਈ ਲਾਈਸੈਂਸ ਬਗੈਰਾ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਉਸ ਦੇ ਚਰਿਤਰ ਦੀ ਪੁਲਿਸ ਵੈਰੀਫੀਕੇਸ਼ਨ ਦੀ ਲੋੜ ਹੁੰਦੀ ਹੈ। ਬੱਚੇ ਵੀ ਬੰਦੂਕ ਖ੍ਰੀਦ ਸਕਦੇ ਹਨ। ਘਰਾਂ ਦੇ ਡਰਾਇੰਗ ਰੂਮਜ਼ ਵਿੱਚ ਬੰਦੂਕਾਂ ਲਟਕਦੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਰਾਜ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਵਾਸ਼ਿੰਗਟਨ ਦੇ ਬਰਮਿੰਗਮ ਸ਼ਹਿਰ ਵਿੱਚ ਜਿਸ ਦਿਨ ਡੋਨਾਲਡ ਜੇ ਟਰੰਪ ਤੇ ਹਮਲਾ ਹੋਇਆ, ਉਸੇ ਦਿਨ ਨਾਈਟ ਕਲੱਬ ਵਿੱਚ 4 ਵਿਅਕਤੀ ਅਤੇ ਇਕ ਹੋਰ ਥਾਂ ਤਿੰਨ ਵਿੱਅਕਤੀ ਕੁਲ 7 ਲੋਕ ਵੱਖ ਵੱਖ ਹਮਲਿਆਂ ਵਿੱਚ ਮਾਰੇ ਗਏ ਹਨ। ਇਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਸਾਥੀਆਂ ਨੂੰ ਸਕੂਲਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ। ਵਿਦਿਆਰਥੀ ਸਕੂਲਾਂ ਵਿੱਚ ਖਿਡੌਣਿਆਂ ਦੀ ਤਰ੍ਹਾਂ ਬੰਦੂਕਾਂ ਆਮ ਲਈ ਫਿਰਦੇ ਹਨ। ਬੱਚਿਆਂ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਬੰਦੂਕਾਂ ਤੋਹਫ਼ੇ ਵਜੋਂ ਦਿੰਦੇ ਹਨ। 2019 ਵਿੱਚ ਜਦੋਂ ਸਕੂਲਾਂ ਵਿੱਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਕਰਕੇ ਗੰਨ ਖ੍ਰੀਦਣ ਦੇ ਕਾਨੂੰਨ ਬਣਾਉਣ ਦੀ ਗੱਲ ਚਲੀ ਸੀ ਤਾਂ ਬੰਦੂਕ ਲਾਬੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਬੰਦੂਕਾਂ ਖ੍ਰੀਦਣ ਦੀ ਸਲਾਹ ਦਿੱਤੀ ਸੀ। ਅਮਰੀਕਾ ਦੀ ਬੰਦੂਕ ਲਾਬੀ ਇਤਨੀ ਭਾਰੂ ਹੈ, ਕੋਈ ਵੀ ਸਿਆਸੀ ਪਾਰਟੀ ਬੰਦੂਕ ਖ੍ਰੀਦਣ ਲਈ ਕਾਨੂੰਨ ਬਣਾਉਣ ਦੀ ਹਿੰਮਤ ਹੀ ਨਹੀਂ ਕਰਦੀ। ਹਾਲਾਂ ਕਿ ਉਨ੍ਹਾਂ ਦੇ ਦੇਸ਼ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਵਧੀ ਜਾ ਰਹੀਆਂ ਹਨ। ਡੋਨਾਲਡ ਜੇ ਟਰੰਪ ਉਪਰ ਕਾਤਲਾਨਾ ਹਮਲਾ ਪੈਨੇਸਲਵਾਕੀਆ ਰਾਜ ਵਿੱਚ ਬਟਲਰ ਕਾਊਂਟੀ ਵਿੱਚ ਹੋਇਆ। ਹਮਲਾ ਕਰਨ ਵਾਲਾ 20 ਸਾਲਾ ਥਾਮਸ ਮੈਥਊ ਕਰੁਕਸ ਰਿਪਬਲਿਕਨ ਪਾਰਟੀ ਦਾ ਮੈਂਬਰ ਸੀ। ਉਸ ਨੇ 300 ਫੁਟ ਉਚੀ ਥਾਂ ਤੋਂ ਬੈਠਕੇ ਏ.ਆਰ.15 ਸੈਮੀ ਆਟੋਮੈਟਿਕ ਅਸਾਲਟ ਰਾਈਫਲ ਨਾਲ ਨਿਸ਼ਾਨਾ ਸਾਧਿਆ ਸੀ, ਜਦੋਂ ਡੋਨਾਲਡ ਜੇ ਟਰੰਪ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਤਾੜ ਤਾੜ ਗੋਲੀਆਂ ਚਲਣ ਨਾਲ ਰੈਲੀ ਵਿੱਚ ਸਨਸਨੀ ਫੈਲ ਗਈ। ਪ੍ਰੰਤੂ ਡੋਨਲਡ ਜੇ ਟਰੰਪ ਦੀ ਖ਼ੁਸ਼ਕਿਸਮਤੀ ਰਹੀ ਕਿ ਉਹ ਵਾਲ ਵਾਲ ਬਚ ਗਏ ਤੇ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਜ਼ਖ਼ਮੀ ਕਰਦੀ ਅੱਗੇ ਲੰਘ ਗਈ। ਇਸ ਨੂੰ ਚਮਤਕਾਰੀ ਬਚਾਅ ਕਿਹਾ ਜਾ ਸਕਦਾ ਹੈ। ਗੋਲੀ ਲੱਗਣ ਤੋਂ ਬਾਅਦ ਜਦੋਂ ਸੁਰੱਖਿਆ ਦਸਤੇ ਡੋਨਾਲਡ ਜੇ ਟਰੰਪ ਨੂੰ ਬਾਹਰ ਲਿਜਾ ਰਹੇ ਸਨ ਤਾਂ ਟਰੰਪ ਉਚੀ ਉਚੀ ਬੜ੍ਹਕਾਂ ਮਾਰ ਰਹੇ ਸਨ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਰੀ ਕੰਪੇਰਟੇਰ ਮਾਰਿਆ ਗਿਆ। ਕਾਤਲ ਦੀ ਕਾਰ ਵਿੱਚੋਂ ਵਿਸਫੋਟਿਕ ਪਦਾਰਥ ਬਰਾਮਦ ਹੋਇਆ ਹੈ। ਹਮਲਾਵਰ ਪੈਨੇਸਿਲਵਾਨੀਆ ਦੇ ਬੈਥਲ ਸ਼ਹਿਰ ਦਾ ਰਹਿਣ ਵਾਲਾ ਸੀ। ਹਮਲਾਵਰ ਥਾਮਸ ਮੈਥਿਊ ਕਰੁਕਸ ਨੇ 2022 ਵਿੱਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਕੌਮੀ ਗਣਿਤ ਤੇ ਸਾਇੰਸ ਦਾ 500 ਡਾਲਰ ਦਾ 'ਇਨੀਸੀਏਟਿਵ ਸਟਾਰ ਅਵਾਰਡ' ਹੋਰ ਵਿਦਿਆਰਥੀਆਂ ਨਾਲ ਪ੍ਰਾਪਤ ਕੀਤਾ ਸੀ। ਕਾਤਲ ਨੂੰ ਪੁਲਿਸ ਦੀ ਸੀਕਰਿਟ ਸਰਵਿਸ ਨੇ ਮੌਕੇ 'ਤੇ ਹੀ ਮਾਰ ਦਿੱਤਾ। ਹਮਲਾ ਕਰਨ ਦੇ ਕਾਰਨਾ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਰਹੀ ਹੈ। 1981 ਵਿੱਚ ਰੋਨਾਲਡ ਰੀਗਨ ਤੇ ਹੋਏ ਹਮਲੇ ਤੋਂ 24 ਸਾਲ ਬਾਅਦ ਵੱਡੀ ਘਟਨਾ ਵਾਪਰੀ ਹੈ।
ਅਮਰੀਕਾ ਵਿੱਚ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਉਮੀਦਵਾਰਾਂ 'ਤੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਇੱਕ ਦਰਜਨ ਦੇ ਕਰੀਬ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਰਾਸ਼ਟਰਪਤੀ ਮਾਰੇ ਵੀ ਗਏ ਸਨ। ਸਭ ਤੋਂ ਪਹਿਲਾ ਹਮਲਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ 'ਤੇ 14 ਅਪ੍ਰੈਲ 1865 ਨੂੰ ਫੋਰਡ ਥੇਟਰ ਵਿੱਚ ਹੋਇਆ ਸੀ। ਇਹ ਹਮਲਾ ਜੌਹਨ ਵਿਲਕੀਸ ਬੂਥ ਨੇ ਅਬਰਾਹਿਮ ਲਿੰਕਨ ਵੱਲੋਂ ਕਾਲੇ ਲੋਕਾਂ ਦੇ ਹੱਕਾਂ ਦੀ ਸਪੋਰਟ ਕਰਨ ਕਰਕੇ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਮਾਰੇ ਗਏ ਸਨ। ਕਾਤਲ ਵੀ 26 ਅਪ੍ਰੈਲ 1865 ਨੂੰ ਮਾਰਿਆ ਗਿਆ ਸੀ। ਜੇਮਜ਼ ਗੇਰਫੀਲਡ ਜੋ 20ਵੇਂ ਰਾਸ਼ਟਰਪਤੀ ਸਨ, ਉਨ੍ਹਾਂ ਉਪਰ 2 ਜੁਲਾਈ 1881 ਨੂੰ ਵਾਸ਼ਿੰਗਟਨ ਟਰੇਨ ਸਟੇਸ਼ਨ ਵਿਖੇ ਚਾਰਲਸ ਗੁਟੇਊ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਦੇ ਜ਼ਖ਼ਮਾਂ ਵਿੱਚ ਇਨਫੈਕਸ਼ਨ ਹੋਣ ਤੋਂ ਬਾਅਦ ਸਤੰਬਰ 1881 ਵਿੱਚ ਸਵਰਗ ਸਿਧਾਰ ਗਏ ਸਨ। 6 ਸਤੰਬਰ 1901 ਨੂੰ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਵਿਲੀਅਮ ਮੈਕਨਿਲੇ ਨਿਊਯਾਰਕ ਦੇ ਬੁਫੈਲੋ ਵਿਖੇ ਲਿਓਨ ਜੋਲਕੋਜ਼ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਚਾਰ ਦਿਨ ਬਾਅਦ ਸਵਰਗ ਸਿਧਾਰ ਗਏ ਸਨ। ਲਿਓਨ ਜੋਲਕੋਜ਼ ਨੂੰ 29 ਅਕਤੂਬਰ 1901 ਨੂੰ ਫ਼ਾਂਸੀ ਦਿੱਤੀ ਗਈ ਸੀ। 32ਵੇਂ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ 'ਤੇ ਫਰਵਰੀ 1933 ਵਿੱਚ ਗੈਸਪ ਜੰਗਾਰਾ ਨੇ ਹਮਲਾ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਜਾਨ ਬਚ ਗਈ ਸੀ ਪ੍ਰੰਤੂ ਮੇਅਰ ਐਨਟਨ ਸੀਮਕ ਮਾਰੇ ਗਏ ਸਨ। ਬਾਅਦ ਵਿੱਚ ਕਾਤਲ ਨੂੰ ਫਾਂਸੀ ਹੋ ਗਈ ਸੀ। ਅਮਰੀਕਾ ਦੇ 33ਵੇਂ ਰਾਸ਼ਟਰਪਤੀ ਹੈਰੀ.ਐਸ.ਟਰੂਮੈਨ ਉਪਰ ਆਸਕਰ ਕਲਾਜ਼ੋ ਨੇ ਕਾਤਲਾਨਾ ਹਮਲਾ ਬਲੇਅਰ ਹਾਊਸ ਵਿਖੇ ਨਵੰਬਰ 1950 ਵਿੱਚ ਕੀਤਾ ਸੀ। ਇਸ ਹਮਲੇ ਵਿੱਚ ਰਾਸ਼ਟਰਪਤੀ ਬਚ ਗਏ ਸਨ। ਜੌਹਨ ਐਫ.ਕੈਨੇਡੀ 35ਵੇਂ ਰਾਸ਼ਟਰਪਤੀ 'ਤੇ 22 ਨਵੰਬਰ 1963 ਨੂੰ ਟੈਕਸਾਸ ਦੇ ਡੱਲਾਸ ਸ਼ਹਿਰ ਵਿੱਚ ਲੀ ਹਾਰਵੇ ਓਸਵਾਲਡ ਨੇ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ ਸਨ। ਦੋ ਦਿਨ ਬਾਅਦ ਕਾਤਲ ਵੀ ਮਰ ਗਿਆ ਸੀ। 38ਵੇਂ ਰਾਸ਼ਟਰਪਤੀ ਗਰਾਲਡ ਫੋਰਡ ਉਪਰ 1975 ਵਿੱਚ ਦੋ ਵਾਰੀ ਹਮਲੇ ਹੋਏ। ਉਹ ਦੋਵੇਂ ਵਾਰੀ ਬਚ ਗਏ। ਇਕ ਵਾਰ ਲੀਨੇਟੇ ਫਰੌਮੀ ਅਤੇ ਦੂਜੀ ਵਾਰ ਸਾਰਾ ਜਾਨੇ ਮੂਰਾ ਨੇ ਹਮਲੇ ਕੀਤੇ ਸਨ। ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਾਲਡ ਰੀਗਨ 'ਤੇ 30 ਮਾਰਚ 1981 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਕਾਤਲਾਨਾ ਹਮਲਾ ਹੋਇਆ ਪ੍ਰੰਤੂ ਉਹ ਵਾਲ ਵਾਲ ਬਚ ਗਏ। 43 ਵੇਂ ਰਾਸ਼ਟਰਪਤੀ ਜੌਰਜ ਡਵਲਯੂ ਬੁਸ਼ 'ਤੇ ਜਾਰਜੀਆ ਦੇ ਟਬੀਲਿਸਟ ਸ਼ਹਿਰ ਵਿਖੇ 2005 ਵਿੱਚ ਗਰਨੇਡ ਸੁਟਿਆ ਗਿਆ, ਜਿਸ ਵਿੱਚ ਉਹ ਬਚ ਗਏ। ਕਾਤਲ ਨੂੰ ਉਮਰ ਕੈਦ ਦੀ ਸਜ਼ਾ ਹੋਈ। ਰਾਸ਼ਟਰਪਤੀ ਦੇ ਉਮੀਦਵਾਰਾਂ ਤੇ ਹੋਏ ਹਮਲਿਆਂ ਵਿੱਚ ਡੋਨਾਲਡ ਟਰੰਪ ਤੀਜਾ ਉਮੀਦਵਾਰ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਦੋ ਉਮੀਦਵਾਰਾਂ ਤੇ ਵੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਥਿਓਡੋਰੇ ਰੂਜ਼ਵੈਲਟ ਉਪਰ 1912 ਵਿੱਚ ਮਿਲਵਾਕੀ ਵਿਖੇ ਹਮਲਾ ਹੋਇਆ ਪ੍ਰੰਤੂ ਉਹ ਬਚ ਗਏ। ਦੂਜੇ ਉਮੀਦਵਾਰ ਰਾਬਰਟ ਐਫ.ਕੈਨੇਡੀ ਉਪਰ 5 ਜੂਨ 1968 ਨੂੰ ਲਾਸ ਏਂਜਲਸ ਵਿਖੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ। 12 ਰਾਸ਼ਟਰਪਤੀਆਂ 'ਤੇ ਹੋਏ ਹਮਲਿਆਂ ਵਿੱਚ 5 ਰਾਸ਼ਟਰਪਤੀ ਮਾਰੇ ਗਏ ਸਨ, 7 ਰਾਸ਼ਟਰਪਤੀ ਹਮਲਿਆਂ ਵਿੱਚ ਬਚ ਗਏ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਹਾ ਜਾਂਦਾ ਹੈ ਅਮਰੀਕਾ ਦੇ ਕਾਨੂੰਨ ਬੜੇ ਸਖ਼ਤ ਹਨ ਪ੍ਰੰਤੂ ਬਹੁਤੇ ਹਮਲਾਵਰਾਂ ਨੂੰ ਸਜ਼ਾ ਨਹੀਂ ਹੋ ਸਕੀ। ਜੇ ਅਮਰੀਕਾ ਦੇ ਉਚ ਅਹੁਦਿਆਂ ਵਾਲੇ ਸਰੱਖਿਅਤ ਨਹੀਂ ਹਨ ਤਾਂ ਆਮ ਸ਼ਹਿਰੀਆਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ।

ਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ ? -  ਉਜਾਗਰ ਸਿੰਘ

ਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ ਹਨ? ਜੇਕਰ ਹੁਣ ਤੱਕ ਦੇ ਭਾਰਤ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪੰਜਾਬੀਆਂ ਨੇ ਹਮੇਸ਼ਾ ਹਰ ਪੱਖ ਵਿੱਚ ਮੋਹਰੀ ਦੀ ਭੂਮਿਕਾ ਨਿਭਾਈ ਹੈ। ਦੇਸ਼ ਦੀ ਆਜ਼ਾਦੀ ਹੋਵੇ, ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣੀ ਹੋਵੇ, ਦੇਸ਼ ਦੀ ਆਨਾਜ ਦੀ ਲੋੜ ਪੂਰੀ ਕਰਨੀ ਹੋਵੇ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਆਪਣੀਆਂ ਜਾਨਾਂ ਵਾਰਨ ਲਈ ਤੱਤਪਰ ਰਹੇ ਹਨ, ਪ੍ਰੰਤੂ ਇਹ ਸਮਝ ਨਹੀਂ ਆਉਂਦੀ ਪੰਜਾਬੀ ਵਾਤਾਵਰਨ ਨੂੰ ਬਚਾਉਣ ਵਿੱਚ ਅਵੇਸਲੇ ਕਿਉਂ ਹਨ? ਵਾਤਾਵਰਨ ਦਾ ਮੁੱਦਾ ਅੱਜ ਕਲ੍ਹ ਬਹੁਤ ਮਹੱਤਵਪੂਰਨ ਬਣਿਆਂ ਹੋਇਆ ਹੈ। ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਹੈ, ਤਪਸ ਵੱਧ ਰਹੀ ਹੈ, ਵਾਰਸ਼ਾਂ ਘਟ ਗਈਆਂ ਹਨ। ਪੜ੍ਹਾਈ ਕਰਕੇ ਲੋਕਾਂ ਵਿੱਚ ਜਾਗ੍ਰਤੀ ਬਥੇਰੀ ਆ ਚੁੱਕੀ ਹੈ। ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ, ਜ਼ਿੰਦਗੀ ਨੂੰ ਬਚਾਉਣ ਲਈ ਵਾਤਾਵਰਨ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਪ੍ਰੰਤੂ ਫਿਰ ਵੀ ਲੋਕ ਵਾਤਾਵਰਨ ਨੂੰ ਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਅੱਧੀ ਸਦੀ ਪਹਿਲਾਂ ਜਦੋਂ ਭਾਰਤ ਦੇ ਲੋਕ ਬਹੁਤੇ ਪੜ੍ਹੇ ਲਿਖੇ ਅਤੇ ਜਾਗ੍ਰਤ ਵੀ ਨਹੀਂ ਸਨ ਪ੍ਰੰਤੂ ਉਦੋਂ ਲੋਕ ਕੁਦਰਤ ਦੇ ਵਸੀਲਿਆਂ ਅਤੇ ਕੁਦਰਤ ਦੀਆਂ ਰਹਿਮਤਾਂ ਦੀ ਸਾਂਭ ਸੰਭਾਲ ਵਿੱਚ ਦਿਲਚਸਪੀ ਲੈਂਦੇ ਸਨ। ਉਨ੍ਹਾਂ ਦਾ ਆਨੰਦ ਵੀ ਮਾਣਦੇ ਸਨ। ਦੁੱਖ ਅਤੇ ਸੰਤਾਪ ਦੀ ਗੱਲ ਹੈ ਕਿ ਪੜ੍ਹਿਆ ਲਿਖਿਆ ਸਮਾਜ ਵੀ ਕੁਦਰਤ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਣ ਲੱਗਿਆਂ ਭੋਰਾ ਵੀ ਸੋਚਦਾ ਨਹੀਂ। ਉਹੀ ਦਰੱਖਤ, ਪਾਣੀ ਅਤੇ ਹਵਾ, ਜਿਹੜੇ ਇਨਸਾਨੀਅਤ ਦੀ ਲਾਈਫ਼ ਲਾਈਨ ਹਨ, ਉਨ੍ਹਾਂ ਦੀ ਬੇਕਿਰਕੀ ਨਾਲ ਦੁਰਵਰਤੋਂ ਕਰ ਰਹੇ ਹਨ। ਹੋਰ ਨਵੇਂ ਰੁੱਖ ਲਗਾ ਨਹੀਂ ਰਹੇ, ਸਗੋਂ ਦਰੱਖਤਾਂ ਨੂੰ ਵੱਢ ਕੇ ਆਧੁਨਿਕ ਢੰਗ ਦਾ ਫਰਨੀਚਰ ਤਿਆਰ ਕਰਕੇ ਸੁਖ ਮਾਨਣ ਦੀ ਗੱਲ ਕਰਦੇ ਹਨ, ਅਸਲ ਵਿੱਚ ਉਹ ਆਪਣਾ ਤੇ ਆਪਣੀਆਂ ਪੀੜ੍ਹੀਆਂ ਦਾ ਭਵਿਖ ਵੱਢ ਰਹੇ ਹਨ। ਸੰਸਾਰ ਵਿੱਚ ਗਲੋਬਲ ਵਾਰਮਿੰਗ ਨਾਲ ਮਨੁੱਖਤਾ ਤ੍ਰਾਹ-ਤ੍ਰਾਹ ਕਰ ਰਹੀ ਹੈ। ਆਧੁਨਿਕਤਾ ਨੇ ਮਾਨਵਤਾ ਨੂੰ ਬੇਸ਼ਕ ਸਹੂਲਤਾਂ ਦਿੱਤੀਆਂ ਹਨ ਪ੍ਰੰਤੂ ਨੁਕਸਾਨ ਵੀ ਬਹੁਤ ਕੀਤਾ ਹੈ। ਪੁਰਾਣੇ ਸਮੇਂ ਵਿੱਚ ਕਿਸਾਨ ਆਪਣੇ ਖੂਹਾਂ ਦੇ ਤੌੜਾਂ ਵਿੱਚ ਰੁੱਖ ਲਗਾਉਂਦੇ ਸਨ। ਖੇਤਾਂ ਦੇ ਆਲੇ ਦੁਆਲੇ ਘੱਟੋ ਘੱਟ ਖੇਤਾਂ ਦੇ ਕੋਨਿਆਂ 'ਤੇ ਨਿਸ਼ਾਨਦੇਹੀ ਲਈ ਦਰੱਖਤ ਲਗਾਉਂਦੇ ਸਨ। ਹੁਣ ਖੂਹ ਤੇ ਖੂਹਾਂ ਦੇ ਤੌੜ ਤਾਂ ਹੈ ਹੀ ਨਹੀਂ। ਪਾਣੀ ਵਾਲੀਆਂ ਮੋਟਰਾਂ/ਇੰਜਣਾਂ ਲਈ ਹੁਣ ਤਾਂ ਕੋਠੇ ਵੀ ਨਹੀਂ ਬਣਾਉਂਦੇ, ਦਰੱਖਤ ਤਾਂ ਕੀ ਲਗਾਉਣੇ ਹਨ। ਇਸ ਤੋਂ ਇਲਾਵਾ ਸਾਂਝੀਆਂ ਥਾਵਾਂ 'ਤੇ ਰੁੱਖ ਲਗਾ ਕੇ ਉਥੇ ਮਹਿਫ਼ਲਾਂ ਲੱਗਦੀਆਂ ਸਨ। ਗਰਮੀ ਦੇ ਮੌਸਮ ਵਿੱਚ ਰੁੱਖਾਂ ਦੀ ਸੰਘਣੀ ਛਾਂ ਦਾ ਆਨੰਦ ਮਾਣਦੇ ਸਨ। ਪਿੰਡਾਂ ਵਿੱਚ ਮੁਟਿਆਰਾਂ ਤੀਆਂ ਦੇ ਦਿਨਾ ਵਿੱਚ ਪੀਂਘਾਂ ਪਾਉਂਦੀਆਂ ਸਨ। ਹੁਣ ਸਾਰਾ ਕੁਝ ਬਨਾਉਣੀ ਬਣ ਗਿਆ ਹੈ। ਪੀਂਘਾਂ ਪਾਉਣ ਲਈ ਦਰੱਖਤ ਹੀ ਨਹੀਂ ਹਨ। ਮੇਰੇ ਪਿੰਡ ਕੱਦੋਂ ਦੇ ਲੋਕ ਰੁੱਖਾਂ ਦੀ ਅਹਿਮੀਅਤ ਸਮਝਣ ਵਾਲੇ ਹਨ ਪ੍ਰੰਤੂ ਪਾਣੀ ਬਚਾਉਣ ਲਈ ਸੁਚੇਤ ਨਹੀਂ ਹਨ। ਰੇਤਲੇ ਟਿਬਿਆਂ ਨੂੰ ਪੱਧਰੇ ਕਰਕੇ ਜੀਰੀ ਲਾ ਦਿੱਤੀ ਹੈ।
ਅੱਜ ਤੋਂ 64-65 ਸਾਲ ਪਹਿਲਾਂ 1960 ਦੀ ਗੱਲ ਹੈ, ਜਦੋਂ ਮੈਂ ਅਜੇ ਪੰਜਵੀਂ-ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਮੈਨੂੰ ਅਜੇ ਕੁਦਰਤੀ ਵਸੀਲਿਆਂ, ਕੁਦਰਤੀ ਨਿਹਮਤਾਂ, ਦੁਨੀਆਂਦਾਰੀ ਅਤੇ ਵਾਤਵਰਨ ਬਾਰੇ ਜਾਣਕਾਰੀ ਨਹੀਂ ਸੀ, ਜਿਵੇਂ ਆਮ ਤੌਰ 'ਤੇ ਬੱਚਿਆਂ ਨੂੰ ਖੇਡਣ ਮੱਲ੍ਹਣ ਦਾ ਸ਼ੌਕ ਹੁੰਦਾ ਹੈ। ਅਸੀਂ ਚਾਰ ਭਰਾ ਸੀ ਤੇ ਮੈਂ ਸਭ ਤੋਂ ਛੋਟਾ ਹੋਣ ਕਰਕੇ ਪਰਿਵਾਰ ਦਾ ਲਾਡਲਾ ਸੀ। ਮੈਂ ਬੱਚਿਆਂ ਨਾਲ ਖੇਡਦਾ ਰਹਿੰਦਾ ਸੀ। ਮੇਰਾ ਵੱਡਾ ਭਰਾ ਮਰਹੂਮ ਸ੍ਰ.ਧਰਮ ਸਿੰਘ ਪਟਿਆਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਵਿੱਚ ਨੌਕਰੀ ਕਰਨ ਲਈ ਆ ਗਿਆ ਸੀ। ਉਨ੍ਹਾਂ ਤੋਂ ਛੋਟੇ ਭਰਾ ਮਰਹੂਮ ਸ੍ਰ.ਚਰਨ ਸਿੰਘ ਅਤੇ ਮਰਹੂਮ ਦਰਸ਼ਨ ਸਿੰਘ ਮੇਰੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਦੇ ਸਨ। ਮੇਰੇ ਦੋਵੇਂ ਭਰਾ ਚਰਨ ਸਿੰਘ ਅਤੇ ਦਰਸ਼ਨ ਸਿੰਘ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਸਨ ਪ੍ਰੰਤੂ ਉਦਮੀ ਅਤੇ ਸਮਝਦਾਰ ਬਹੁਤ ਸੀ। ਵਾਤਾਵਰਨ ਪ੍ਰੇਮੀ ਸੀ। ਸਾਡੇ ਪਿੰਡ ਲਗਪਗ 20 ਏਕੜ ਥਾਂ ਵਿੱਚ ਸੰਘਣੇ ਰੁੱਖਾਂ ਵਾਲੀ ਇੱਕ ਝਿੜੀ ਹੈ, ਉਥੇ ਹੀ ਸ਼ਮਸ਼ਾਨ ਘਾਟ ਹੈ। ਮੇਰੇ ਭਰਾ ਬਰਸਾਤਾਂ ਵਿੱਚ ਮੈਨੂੰ ਖੇਡਣ ਤੋਂ ਹਟਾ ਕੇ ਪਿੰਡ ਦੀ ਸ਼ਮਸ਼ਾਨ ਘਾਟ ਵਾਲੀ ਝਿੜੀ ਵਿੱਚ ਆਪਣੇ ਨਾਲ ਲੈ ਜਾਂਦੇ ਸੀ। ਮੈਨੂੰ ਸ਼ਮਸ਼ਾਨ ਘਾਟ ਤੋਂ ਡਰ ਵੀ ਲਗਦਾ ਸੀ ਪ੍ਰੰਤੂ ਉਹ ਮੈਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਂਦੇ ਸਨ। ਮੈਨੂੰ ਯਾਦ ਹੈ, ਉਨ੍ਹਾਂ ਕੋਲ ਕਹੀਆਂ ਹੁੰਦੀਆਂ ਸਨ ਤੇ ਮੈਨੂੰ ਇੱਕ ਝੋਲਾ ਪਕੜਾ ਦਿੰਦੇ ਸੀ। ਝੋਲੇ ਵਿੱਚ ਕਿਕਰਾਂ ਦੇ ਬੀਜ ਹੁੰਦੇ ਸਨ। ਉਹ ਟੋਆ ਪੁਟਦੇ ਹੁੰਦੇ ਤੇ ਮੈਨੂੰ ਉਸ ਵਿੱਚ ਬੀਜ ਸੁੱਟਣ ਲਈ ਕਹਿੰਦੇ ਸੀ। ਬਰਸਾਤਾਂ ਦੇ ਦਿਨ ਉਹ ਅਕਸਰ ਇੰਜ ਕਰਦੇ ਰਹਿੰਦੇ ਸੀ। ਕਈ ਵਾਰੀ ਜਦੋਂ ਵਿਹਲ ਨਾ ਹੁੰਦੀ ਤਾਂ ਉਹ ਕਿਕਰਾਂ ਦੇ ਬੀਜਾਂ ਦਾ ਛੱਟਾ ਹੀ ਦੇ ਦਿੰਦੇ ਸੀ। ਏਸੇ ਤਰ੍ਹਾਂ ਪਿੰਡ ਦੇ ਕੁਝ ਹੋਰ ਲੋਕ ਵੀ ਝਿੜੀ ਵਿੱਚ ਰੁੱਖ ਲਗਾਉਂਦੇ ਸਨ। ਮੈਨੂੰ ਸਮਝ ਨਹੀਂ ਸੀ ਆਉਂਦੀ, ਉਹ ਇੰਜ ਕਿਉਂ ਕਰਦਾ ਹੈ। ਸ਼ਮਸ਼ਾਨ ਘਾਟ ਦੀ ਝਿੜੀ ਬਹੁਤ ਸੰਘਣੀ ਸੀ। ਉਸ ਝਿੜੀ ਵਿੱਚ ਜਿਤਨੇ ਰੁੱਖ ਸਨ, ਉਨ੍ਹਾਂ ਨੂੰ ਕੋਈ ਵੱਢ ਨਹੀਂ ਸਕਦਾ ਸੀ। ਝਿੜੀ ਵਿੱਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਹਨ। ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਲੱਕੜ ਕੱਟੇਗਾ ਉਸ ਨੂੰ ਸਰਾਪ ਲੱਗੇਗਾ। ਰੁੱਖਾਂ ਨੂੰ ਕੱਟਣ ਤੋਂ ਰੋਕਣ ਲੲਂੀ ਸਿਆਣਿਆਂ ਨੇ ਸਰਾਪ ਦਾ ਡਰਾਬਾ ਦਿੱਤਾ ਹੋਇਆ ਸੀ। ਸਿਰਫ ਮੁਰਦਿਆਂ ਦੇ ਸਸਕਾਰ ਲਈ ਲੱਕੜ ਕੱਟ ਸਕਦੇ ਸਨ। ਇਹ ਪਰੰਪਰਾ ਅੱਜ ਤੱਕ ਵੀ ਲਾਗੂ ਹੈ ਪ੍ਰੰਤੂ ਬ੍ਰਾਹਮਣ ਪਰਿਵਾਰ ਲੱਕੜ ਕੱਟ ਸਕਦੇ ਸਨ। ਵੈਸੇ ਲੱਕੜ ਵੱਢੀ ਨਹੀਂ ਜਾਂਦੀ ਸੀ ਪ੍ਰੰਤੂ ਜਿਹੜੇ ਰੁੱਖ ਬਿਰਧ ਹੋ ਕੇ ਸੁੱਕ ਜਾਂਦੇ ਸਨ, ਉਨ੍ਹਾਂ ਦੀ ਲੱਕੜ ਨਾਲ ਮੁਰਦਿਆਂ ਦੇ ਸਸਕਾਰ ਕੀਤੇ ਜਾਂਦੇ ਸਨ। ਅੱਜ ਕਲ੍ਹ ਵੀ ਇਹ ਪਰੰਪਰਾ ਚਾਲੂ ਹੈ ਪ੍ਰੰਤੂ ਬਹੁਤੇ ਲੋਕ ਮੁਰਦਿਆਂ ਦੇ ਸਸਕਾਰ ਲਈ ਝਿੜੀ ਵਿੱਚੋਂ ਲੱਕੜ ਨਹੀਂ ਵਰਤਦੇ ਸਗੋਂ ਬਾਜ਼ਾਰੋਂ ਮੁੱਲ ਲਿਆਉਂਦੇ ਹਨ। ਝਿੜੀ ਦੇ ਵਿਚਕਾਰ ਦੋ ਟੋਭੇ ਸਨ, ਇੱਕ ਟੋਭਾ ਵੱਡਾ ਸੀ, ਉਨ੍ਹਾਂ ਟੋਭਿਆਂ ਵਿੱਚੋਂ ਪਾਣੀ ਲੈ ਕੇ ਝਿੜੀ ਵਿੱਚ ਲਗਾਏ ਜਾਣ ਵਾਲੇ ਰੁੱਖਾਂ ਨੂੰ ਪਾਣੀ ਦਿੱਤਾ ਜਾਂਦਾ ਸੀ। ਇਹ ਟੋਭੇ ਹੁਣ ਸੁੱਕ ਚੁੱਕੇ ਹਨ ਪ੍ਰੰਤੂ ਪਿੰਡ ਦੇ ਲੋਕ ਹੁਣ ਵੀ ਝਿੜੀ ਵਿੱਚ ਦਰੱਖਤ ਲਗਾਉਂਦੇ ਰਹਿੰਦੇ ਹਨ। ਝਿੜੀ ਵਿੱਚ ਅਨੇਕਾਂ ਕਿਸਮਾ ਦੇ ਦਰੱਖਤ ਸਨ। ਪਿਪਲ, ਬਰੋਟਾ, ਬੇਰੀ, ਕਿਕਰ, ਪਲਾਹ, ਟਾਹਲੀ, ਤੂਤ ਅਤੇ ਕੇਸੂ ਦੇ ਰੁੱਖ ਹਨ। ਕੇਸੂ ਦੇ ਰੁੱਖਾਂ ਨੂੰ ਪੱਤੇ ਨਹੀਂ ਲੱਗਦੇ ਸਗੋਂ ਫੁੱਲ ਹੀ ਲੱਗਦੇ ਹਨ, ਜਿਹੜੇ ਸੁਹਾਵਣਾ ਵਾਤਵਰਨ ਬਣਾਉਂਦੇ ਹਨ। ਜਦੋਂ ਮੈਂ ਆਪਣੇ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਪੁਸਤਕ ਲਿਖ ਰਿਹਾ ਸੀ ਤਾਂ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਬਾਤ ਕਰਨ ਦਾ ਮੌਕਾ ਮਿਲਿਆ। ਮੈਨੂੰ ਦੱਸਿਆ ਗਿਆ ਕਿ ਪਿੰਡ ਦੇ ਦਰਜੀ ਨਾਥ ਸਿੰਘ ਭੱਲਾ ਵਾਤਾਵਰਨ ਪ੍ਰੇਮੀ ਸਨ। ਉਹ ਦੋਰਾਹੇ ਕਪੜੇ ਸਿਉਣ ਦਾ ਕੰਮ ਕਰਦੇ ਸਨ ਪ੍ਰੰਤੂ ਪਿੰਡ ਵਿੱਚ ਖਾਲੀ ਥਾਵਾਂ 'ਤੇ ਦਰੱਖਤ ਲਗਾਉਂਦੇ ਰਹਿੰਦੇ ਸਨ। ਹਰ ਰੋਜ਼ ਸਵੇਰੇ ਜਦੋਂ ਦੋਰਾਹੇ ਨੂੰ ਆਪਣੀ ਕਪੜੇ ਸਿਉਣ ਵਾਲੀ ਮਸ਼ੀਨ ਸਿਰ 'ਤੇ ਰੱਖਕੇ ਲੈ ਕੇ ਜਾਂਦੇ ਤਾਂ ਰਸਤੇ ਵਿੱਚਲੇ ਰੁੱਖਾਂ ਨੂੰ ਪਾਣੀ ਦਿੰਦੇ ਜਾਂਦੇ ਸਨ। ਦੋਰਾਹੇ ਦੇ ਰਾਹ ਵਿੱਚ ਜਿੰਨੇ ਦਰੱਖਤ ਉਨ੍ਹਾਂ ਨੇ ਲਗਾਏ ਸਾਰਿਆਂ ਦੀ ਵੇਖ ਭਾਲ ਵੀ ਖੁਦ ਕਰਦੇ ਸਨ। ਇਸ ਤਰ੍ਹਾਂ ਪਿੰਡ ਦੇ ਫ਼ੈਜ ਮੁਹੰਮਦ ਵੀ ਰੁੱਖਾਂ ਖਾਸ ਤੌਰ 'ਤੇ ਪਿਪਲ ਅਤੇ ਬਰੋਟਿਆਂ ਦੇ ਦਰਖਤ ਲਗਾਉਂਦੇ ਅਤੇ ਉਨ੍ਹਾਂ ਪਾਣੀ ਪਾ ਕੇ ਪਾਲਦੇ ਸਨ। ਆਧੁਨਿਕ ਸਮੇਂ ਦੇ ਪੜ੍ਹੇ ਲਿਖੇ ਤੇ ਜਾਗ੍ਰਤ ਲੋਕਾਂ ਨੂੰ ਆਪਣੇ ਪਿੰਡ ਦੇ ਬਜ਼ੁਰਗਾਂ ਦੀ ਵਿਰਾਸਤ ਤੋਂ ਕੁਝ ਤਾਂ ਸਿੱਖਣਾ ਬਣਦਾ ਹੈ। ਜੇਕਰ ਏਸੇ ਤਰ੍ਹਾਂ ਰੁੱਖਾਂ ਦੀ ਕਟਾਈ ਹੁੰਦੀ ਰਹੀ ਤਾਂ ਅਸੀਂ ਆਪਣਾ ਭਵਿਖ ਆਪ ਖ਼ਰਾਬ ਕਰ ਲਵਾਂਗੇ। ਸਾਡੇ ਪਿੰਡ ਦੀਆਂ ਸਵੈਇੱਛਤ ਸੰਸਥਾਵਾਂ 'ਕੱਦੋਂ ਨਿਸ਼ਕਾਮ ਸੇਵਾ ਸਸਾਇਟੀ' ਨੇ ਰੁੱਖ ਲਗਾਉਣ ਤੋਂ ਇਲਾਵਾ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਸਜਾਵਟੀ ਬੂਟੇ ਲਗਾਏ ਹੋਏ ਹਨ ਤਾਂ ਜੋ ਵਾਤਵਰਨ ਸਾਫ਼ ਸੁਥਰਾ ਰਹੇ ਅਤੇ ਸਾਡੀ ਲਾਈਫ਼ ਲਾਈਨ ਬਰਕਰਾਰ ਰਹੇ। ਸੌਣ ਦੇ ਮਹੀਨੇ ਜੰਗਲਾਤ ਵਿਭਾਗ ਦਰਖਤ ਲਗਾਉਣ ਦੀ ਮੁਹਿੰਮ ਤਾਂ ਚਲਾਉਂਦਾ ਹੈ ਪ੍ਰੰਤੂ ਦਰੱਖਤਾਂ ਦੀ ਵੇਖ ਭਾਲ ਨਹੀਂ ਕੀਤੀ ਜਾਂਦੀ। ਸਵੈਇੱਛਤ ਸੰਸਥਾਵਾਂ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਣ ਲਈ ਰੁੱਖ ਤਾਂ ਲਗਾਉਂਦੀਆਂ ਹਨ ਪ੍ਰੰਤੂ ਮੁੜਕੇ ਉਨ੍ਹਾਂ ਦੀ ਵੇਖ ਭਾਲ ਨਹੀਂ ਕਰਦੇ।
ਜੀਰੀ ਲਗਾਕੇ ਧਰਤੀ ਹੇਠਲਾ ਪਾਣੀ ਵੀ ਬੇਕਿਰਕੀ ਨਾਲ ਕੱਢਕੇ ਪੰਜਾਬੀ ਆਪਣਾ ਅਤੇ ਆਪਣੀ ਨਵੀਂ ਪੀੜ੍ਹੀ ਦਾ ਭਵਿਖ ਦਾਅ 'ਤੇ ਲਗਾ ਰਹੇ ਹਨ। ਪੰਜਾਬੀਆਂ ਨੂੰ ਜੀਰੀ ਲਗਾਉਣ ਵਿੱਚ ਪਹਿਲ ਕਰਕੇ ਬਦਲਵੀਂਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਉਹ ਜਿਵੇਂ ਹਰ ਖੇਤਰ ਵਿੱਚ ਮੋਹਰੀ ਹਨ, ਉਨ੍ਹਾਂ ਨੂੰ ਵਾਤਾਵਰਨ ਬਚਾਉਣ ਲਈ ਵੀ ਮੋਹਰੀ ਬਣਨਾ ਚਾਹੀਦਾ ਹੈ। ਕਰਮਜੀਤ ਸਿੰਘ 'ਜੀਤ ਕੱਦੋਂਵਾਲਾ' ਗੀਤਕਾਰ ਨੇ ਪ੍ਰਵਾਸੀਆਂ ਨੂੰ ਸੁਝਾਅ ਦਿੱਤਾਹੈ ਕਿ ਉਹ ਆਪਣੀਆਂ ਜ਼ਮੀਨਾ ਠੇਕੇ 'ਤੇ ਸਿਰਫ ਉਨ੍ਹਾਂ ਨੂੰ ਹੀ ਦੇਣ ਜਿਹੜੇ ਜੀਰੀ ਨਾ ਬੀਜਣ। ਇੰਜ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਪਰਵਾਸੀਆਂ ਪੰਜਾਬ ਲਈ ਇਹ ਵੱਡਾ ਯੋਗਦਾਨ ਸਾਬਤ ਹੋ ਸਕਦਾ ਹੈ। ਪੰਜਾਬੀਓ ਵਾਤਾਵਰਨ ਲਈ ਸੁਚੇਤ ਹੋ ਜਾਵੋ ਤਾਂ ਜੋ ਭਵਿਖ ਬਚਾਇਆ ਜਾ ਸਕੇ।

ਸਾਹਿਤ, ਸੁਤੰਤਰਤਾ ਸੰਗਰਾਮ ਅਤੇ ਅਧਿਆਤਮ ਦਾ ਸੁਮੇਲ : ਭਾਈ ਸਾਹਿਬ ਰਣਧੀਰ ਸਿੰਘ - ਉਜਾਗਰ ਸਿੰਘ

ਸਿੱਖ ਵਿਰਾਸਤ ਬਹੁਤ ਅਮੀਰ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਅਤੇ ਅਨੇਕ ਸੰਤਾਂ ਭਗਤਾਂ ਨੇ ਬਾਣੀ ਰਚਕੇ ਪੰਜਾਬੀ ਸਭਿਅਚਾਰ ਨੂੰ ਅਮੀਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਿਰਾਸਤ ਦਾ ਨਚੋੜ ਹੈ। ਸਮੁੱਚਾ ਸਿੱਖ ਭਾਈਚਾਰ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਜੀਵਨ ਬਸਰ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਉਸ ਦੀ ਸੁਚੱਜੇ ਢੰਗ ਨਾਲ ਵਿਆਖਿਆ ਕਰਕੇ ਲੋਕਾਈ ਨੂੰ ਵਿਚਾਰਧਾਰਾ ਤੋਂ ਸੇਧ ਲੈਣ ਦੀ ਪ੍ਰੇਰਨਾ ਦੇਣ ਵਾਲੇ ਭਾਈ ਰਣਧੀਰ ਸਿੰਘ ਅਜਿਹੇ ਵਿਦਵਾਨ ਤੇ ਰੌਸ਼ਨ ਦਿਮਾਗ ਇਨਸਾਨ ਸਨ, ਜਿਨ੍ਹਾਂ ਨੇ ਗੁਰਬਾਣੀ ਤੇ ਗੁਰਮਤਿ ਨੂੰ ਸਮਰਪਤ ਹੋ ਕੇ ਜੀਵਨ ਬਸਰ ਕੀਤਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿੱਖ ਕੌਮ ਦੀ ਮਾਇਆਨਾਜ਼ ਹਸਤੀ ਸਨ। ਇੱਕ ਰੱਜੇ-ਪੁੱਜੇ ਘਰਾਣੇ ਦੇ ਲਾਡਲੇ ਦਾ ਗੁਰਸਿੱਖੀ ਮਾਰਗ ਤੇ ਚਲਣਾ ਤੇ ਫਿਰ ਸੰਸਾਰਿਕ ਸੁੱਖਾਂ ਨੂੰ ਤਿਆਗਣਾ ਅਚੰਭਤ ਗੱਲ ਸੀ। ਰਾਜ ਭਾਗ ਦੇ ਹਿੱਸੇਦਾਰ ਹੋਣ ਦੇ ਬਾਵਜੂਦ ਤਲਵਾਰ ਦੀ ਨੋਕ 'ਤੇ ਚਲਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਉਨ੍ਹਾਂ ਦੇ ਪਿਤਾ ਨੱਥਾ ਸਿੰਘ ਨਾਭਾ ਰਿਆਸਤ ਵਿੱਚ ਹਾਈ ਕੋਰਟ ਦੇ ਜੱਜ ਸਨ। ਪਿਤਾ ਵੱਲੋਂ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਰਾਜ ਵਿੱਚ ਤਹਿਸੀਲਦਾਰ ਦੀ ਦਿਵਾਈ ਨੌਕਰੀ ਨੂੰ ਲੱਤ ਮਾਰਕੇ ਗੁਰਮਤਿ ਨੂੰ ਸਮਰਪਤ ਹੋ ਗਏ। ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ੍ਹ ਦੀ ਮੂਰਤ, ਸੁਤੰਤਰਤਾ ਸੰਗਰਾਮ ਦੀ ਗ਼ਦਰ ਲਹਿਰ ਦੇ ਨਾਇਕ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਅਤੇ ਸਿੱਖ ਚਿੰਤਕ ਵਿਦਵਾਨ ਸਨ। ਭਾਈ ਰਣਧੀਰ ਸਿੰਘ ਦਾ ਸਰਕਾਰ ਪ੍ਰਸਤ ਘਰਾਣੇ ਵਿੱਚੋਂ ਫਰੰਗੀ ਵਿਰੋਧੀ ਬਗ਼ਾਵਤ ਦੀ ਮਿਸ਼ਾਲ ਲੈ ਕੇ ਚਲਣਾ ਇੱਕ ਕਰਾਂਤੀਕਾਰੀ ਕਦਮ ਸੀ। ਇੱਕ ਪ੍ਰਕਾਰ ਉਹ ਯੁਗ ਪਲਟਾਊ ਵਿਦਰੋਹ ਦੇ ਨਾਇਕ ਸਨ, ਇਸ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਦੇਸ਼ ਭਗਤ ਕਿਹਾ ਜਾ ਸਕਦਾ ਹੈ । ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਦੇ ਪੋਤਰੇ ਦੇ ਕਹਿਣ 'ਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਤੌਰ ਹੋਸਟਲ ਸੁਪ੍ਰਇਨਟੈਂਟ ਲੱਗ ਗਏ। ਉਹ ਕਰਾਂਤੀਕਾਰੀ ਲਹਿਰ ਦੇ ਉਸਰਈਆਂ ਦੀ ਪਹਿਲੀ ਕਤਾਰ ਵਿੱਚ ਸਨ। ਸਿੰਘ ਸਭਾ ਲਹਿਰ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਪਿਉਂਦ ਦੇ ਕੇ ਗੁਰਦੁਆਰਾ ਲਹਿਰ ਵਿੱਚ ਰੂਹ ਫੂਕੀ ਸੀ।  ਉਨ੍ਹਾਂ ਨੇ ਸਾਰੀ ਉਮਰ ਇੱਕ ਫਕੀਰ ਦਾ ਜੀਵਨ ਜੀਵਿਆ। ਭਾਈ ਰਣਧੀਰ ਸਿੰਘ ਸੰਤ ਸਰੂਪ ਬਹੁਗੁਣੀ ਮਹਾਨ ਮਹਾਂ ਪੁਰਸ਼ ਸਨ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਤੇ ਨਾਮ ਬਾਣੀ ਦੇ ਰਸੀਏ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਤ ਕਰ ਦਿੱਤਾ ਸੀ। ਉਨ੍ਹਾਂ ਦਾ ਸਮੁੱਚਾ ਜੀਵਨ ਇੱਕ 'ਗੁਰਮੁੱਖ ਗੁਰਸਿੱਖ' ਵਾਲਾ ਸੱਚਾ ਸੁੱਚਾ, ਸੱਚ ਨੂੰ ਕਮਾਉਣ ਵਾਲਾ ਪਰਉਪਕਾਰੀ ਸੀ। ਉਹ ਅਧਿਆਤਮਿਕ ਅਨੁਭਵ ਵਾਲੇ ਜਗਿਆਸੂ ਮਹਾਂ ਪਰਖ ਸਨ ਤੇ ਉਨ੍ਹਾਂ ਦਾ ਜੀਵਨ ਅੰਤਰਮੁਖੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਤੇ ਸਿਧਾਂਤ ਗੁਰਬਾਣੀ ਦੀ ਵਿਆਖਿਆ, ਕੀਰਤਨ ਅਤੇ ਚਿੰਤਨ ਸੀ। ਉਨ੍ਹਾਂ ਨੇ ਅਖੰਡ ਕੀਰਤਨ ਜੱਥੇ ਦੀ ਟਕਸਾਲ ਦੀ ਸਥਾਪਨਾ ਕੀਤੀ ਤਾਂ ਜੋ ਸਿੱਖ ਜਗਤ ਗੁਰਬਾਣੀ ਦੇ ਕੀਰਤਨ ਨਾਲ ਲਿਵ ਲਾ ਕੇ ਆਪਣਾ ਜੀਵਨ ਸਫ਼ਲ ਕਰ ਸਕੇ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਉਹ 30 ਸਾਲ ਤੋਂ ਥੋੜ੍ਹਾ ਵੱਧ ਸਮਾਂ  ਇਸ ਸੰਸਾਰ ਵਿੱਚ ਸਰੀਰਕ ਜਾਮੇ ਵਿੱਚ ਰਹੇ। ਸਮੁੱਚੇ ਦੇਸ਼ ਵਿੱਚ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਅਤੇ ਅਖੰਡ ਕੀਰਤਨ ਜਥੇ ਦੀਆਂ ਇਕਾਈਆਂ ਸਥਾਪਤ ਕਰਕੇ ਉਨ੍ਹਾਂ ਰਾਹੀਂ ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ। ਅੱਜ ਵੀ ਅਖੰਡ ਕੀਰਤਨੀ ਜਥੇ ਧਰਮ ਪ੍ਰਚਾਰ ਕਰ ਰਹੇ ਹਨ। ਉਹ ਉਤਮ ਦਰਜੇ ਦੇ ਨਾਮ ਅਭਿਆਸੀ, ਚੋਟੀ ਦੇ ਅਣਥੱਕ ਤੇ ਨਿਸ਼ਕਾਮ ਕੀਰਤਨੀਏ, ਮਹਾਨ ਕਵੀ ਤੇ ਲੇਖਕ, ਨਿਧੜਕ ਜਰਨੈਲ, ਪੂਰਨ ਗ੍ਰਹਿਸਤੀ, ਨਿਮਰਤਾ, ਸ਼ਹਿਨਸੀਲਤਾ, ਧੀਰਜ ਤੇ ਦਇਆ ਦੇ ਪੁੰਜ ਸਨ। ਉਨ੍ਹਾਂ ਨੇ ਲਗਪਗ ਦੋ ਦਰਜਨ ਪੁਸਤਕਾਂ/ਟ੍ਰੈਕਟ/ਪੈਂਫਲਿਟ, ਜਿਨ੍ਹਾਂ ਵਿੱਚ ਜੇਲ੍ਹ ਚਿੱਠੀਆਂ (ਸਵੈ ਜੀਵਨੀ), ਗੁਰਮਤਿ ਨਾਮ ਅਭਿਆਸ ਕਮਾਈ, ਚਰਨ ਕੰਵਲ ਦੀ ਮਉਜ, ਗੁਰਮਤਿ ਸੱਚ ਨਿਰਣੈ, ਗੁਰਮਤਿ ਬਿਬੇਕ, ਗੁਰਮਤਿ ਗੌਰਵਤਾ, ਅਣਡਿਠੀ ਦੁਨੀਆਂ, ਗੁਰਮਤਿ ਅਧਿਆਤਮ ਕਰਮ ਫਿਲਾਸਫੀ, ਅਨਹਦ ਸ਼ਬਦ ਦਸਮ ਦੁਆਰ, ਸਚਖੰਡ ਦਰਸ਼ਨ, ਕਥਾ ਕੀਰਤਨ, ਨਾਮ ਤੇ ਨਾਮ ਦਾ ਦਾਤਾ ਸਤਿਗੁਰ, ਜੋਤਿ ਵਿਗਾਸ (1944), ਦਰਸ਼ਨ ਝਲਕਾਂ (1938), ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, ਜ਼ਾਹਿਰ ਜ਼ਹੂਰ ਗੁਰੂ ਗੋਬਿੰਦ ਸਿੰਘ, ਅੰਮ੍ਰਿਤ ਕੀ ਹੈ?, ਤੱਤ ਗੁਰਮਤਿ ਨਿਰਣਯ, ਬਾਬਾ ਵੈਦ ਰੋਗੀਆਂ ਦਾ, ਸੰਤ ਪਦ ਨਿਰਣੈ। ਗੁਰਮਤਿ ਰਮਜ਼ਾਂ,  ਹਓਮੈ ਨਾਲ ਵਿਰੋਧ, ਸਿੱਖ ਕੌਣ ਹੈ?, ਆਸਤਕ ਤੇ ਨਾਸਤਕ, ਅੰਮ੍ਰਿਤ ਕਲਾ, ਗਗਨ ਉਡਾਰੀ ਆਦਿ ਸ਼ਾਮਲ ਹਨ। ਉਨ੍ਹਾਂ ਵੱਲੋਂ ਰਚਿਆ ਗਿਆ ਸਾਹਿਤ ਪੰਥ ਨੂੰ ਇੱਕ ਮਹਾਨ ਦੇਣ ਹੈ। ਹਰ ਪੁਸਤਕ ਗੁਰਮਤਿ ਦੇ ਕਿਸੇ ਨਾ ਕਿਸੇ ਸਿਧਾਂਤ  ਉਤੇ ਗੁਰਬਾਣੀ ਰਾਹੀਂ ਰੌਸ਼ਨੀ ਪਾ ਕੇ, ਭਰਮ ਭੁਲੇਖੇ ਦੂਰ ਕਰਦੀ ਅਤੇ ਉਸ ਦਾ ਸਿੱਕਾ ਸਾਡੇ ਮਨਾ 'ਤੇ ਬਿਠਾ ਦਿੰਦੀ ਹੈ। ਸਿੱਖ ਇਤਿਹਾਸ ਵਿੱਚ ਕਿਸੇ ਸਿਮਰਨ-ਸਰੂਪ ਹੋਈ ਸ਼ਖ਼ਸੀਅਤ ਨੇ ਏਨਾ ਬਹੁ-ਪੱਖੀ ਧਾਰਮਿਕ ਸਾਹਿਤ ਨਹੀਂ ਰਚਿਆ। ਕਰਤਾਰ ਸਿੰਘ ਸਰਾਭਾ ਦੇ ਨਾਲ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਦੀ ਲੜੀ ਵਿੱਚ ਕੀਤੀਆਂ ਜਾਂਦੀਆਂ ਸਰਗਰਮੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗ਼ਦਰੀਆਂ ਨੇ ਫ਼ੌਜੀ ਛਾਉਣੀਆਂ ਵਿੱਚ ਬਗ਼ਾਬਤ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਭਾਈ ਰਣਧੀਰ ਸਿੰਘ ਦੀ ਡਿਊਟੀ ਫ਼ੀਰੋਜਪੁਰ ਛਾਉਣੀ ਜਾਣ ਦੀ ਲੱਗੀ ਸੀ। ਪੁਲਿਸ ਨੂੰ ਭਿਣਕ ਪੈ ਗਈ। ਬਗ਼ਾਬਤ ਨੂੰ ਰੋਕਣ ਲਈ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਮੁੱਲਾਂਪੁਰ ਤੋਂ ਭਾਈ ਰਣਧੀਰ ਸਿੰਘ ਰੇਲ ਗੱਡੀ ਵਿੱਚ 60 ਵਿਅਕਤੀਆਂ ਦੇ ਜਥੇ ਨਾਲ ਕੀਰਤਨ ਕਰਦੇ ਜਾ ਰਹੇ ਸਨ ਤਾਂ ਜੋ ਪੁਲਿਸ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਕਰਤਾਰ ਸਿੰਘ ਸਰਾਭਾ ਨੇ ਮੌਕੇ 'ਤੇ ਹੀ ਭਾਈ ਸਾਹਿਬ ਦੇ ਜੱਥੇ ਨੂੰ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦੇ ਦਿੱਤੀ, ਇਸ ਕਰਕੇ ਉਦੋਂ ਉਹ ਗ੍ਰਿਫ਼ਤਾਰੀ ਤੋਂ ਬਚ ਗਏ। ਇਸ ਤੋਂ ਪਹਿਲਾਂ ਉਨ੍ਹਾਂ ਛਾਉਣੀਆਂ ਵਿੱਚ ਬਗਾਬਤ ਕਰਵਾਉਣ ਲਈ ਗੁਜਰਵਾਲ ਪਿੰਡ ਵਿਖੇ ਮਾਲਵੇ ਦੇ ਗ਼ਦਰੀਆਂ ਦਾ ਵੱਡਾ ਇਕੱਠ 14 ਫ਼ਰਵਰੀ 1915 ਨੂੰ ਕੀਤਾ ਸੀ, ਜਿਸ ਵਿੱਚ ਵੱਡੇ ਗ਼ਦਰੀ ਬਾਬਿਆਂ ਨੇ ਹਿੱਸਾ ਲਿਆ ਸੀ। ਬਾਅਦ ਵਿੱਚ ਭਾਈ ਰਣਧੀਰ ਸਿੰਘ ਨੂੰ 9 ਮਈ 1915 ਨੂੰ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ  4 ਅਪ੍ਰੈਲ 1916 ਨੂੰ ਮੁਲਤਾਨ ਜੇਲ੍ਹ , ਜੁਲਾੲਂੀ 1917 ਹਜ਼ਾਰੀ ਬਾਗ, ਅਕਤੂਬਰ 1921 ਵਿੱਚ ਰਾਜਮੁੰਦਰੀ ਜੇਲ੍ਹ ਅਤੇ 1 ਦਸੰਬਰ 1922 ਨੂੰ ਨਾਗਪੁਰ ਆਦਿ ਕਈ ਥਾਵਾਂ ਤੇ ਰੱਖਿਆ ਗਿਆ।  ਮੁਲਤਾਨ ਜੇਲ੍ਹ ਦੇ ਸਮੇਂ ਉਨ੍ਹਾਂ ਨੇ ਜੇਲ੍ਹ ਸੁਧਾਰਾਂ ਲਈ ਵੀ ਜਦੋਜਹਿਦ ਕੀਤੀ ਅਤੇ ਸਿੱਖੀ ਸਰੂਪ ਅਨੁਸਾਰ ਜੇਲ੍ਹ ਵਿੱਚ ਰਹਿਣ ਸਮੇਂ ਉਨ੍ਹਾਂ ਨੇ 40 ਦਿਨ ਭੁੱਖ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਸਨ। ਜੇਲ੍ਹ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਹੋਈ ਸੀ। ਇਥੇ ਹੀ ਆ ਕੇ ਉਨ੍ਹਾਂ ਗ਼ਦਰੀ ਕਰਾਂਤੀਕਾਰ ਕਵੀ ਮੁਨਸ਼ਾ ਸਿੰਘ ਦੁਖੀ ਆ ਕੇ ਮਿਲੇ ਸਨ। ਇਨ੍ਹਾਂ 'ਤੇ ਦੂਜਾ ਲਾਹੌਰ ਸਾਜ਼ਸ ਕੇਸ ਅਧੀਨ 29 ਅਕਤੂਬਰ 1929 ਨੂੰ ਮੁਕੱਦਮਾ ਚਲਾਇਆ ਗਿਆ। ਭਾਈ ਰਣਧੀਰ ਸਿੰਘ ਨੂੰ 30 ਮਾਰਚ 1916 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਸਾਰੀ ਪਰਿਵਾਰਿਕ ਜਾਇਦਾਦ ਜਬਤ ਕਰ ਲਈ। ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਸਰਕਾਰ ਤੋਂ ਜਾਇਦਾਦ ਵਾਪਸ ਨਹੀਂ ਮੰਗੀ ਸੀ। 14 ਜਨਵਰੀ 1914 ਨੂੰ ਜਦੋਂ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੀ ਗਈ ਤਾਂ ਉਹ ਇੱਕ ਸ਼ਹੀਦੀ ਜੱਥਾ ਲੈ ਕੇ 3 ਮਈ 1914 ਨੂੰ ਲਾਹੌਰ ਗਏ ਸਨ, ਜਿਥੇ ਰੋਸ ਵਜੋਂ ਸਿੱਖਾਂ ਦਾ ਭਾਰੀ ਸਮਾਗਮ ਹੋ ਰਿਹਾ ਸੀ। ਚੀਫ਼ ਖਾਲਸਾ ਦੀਵਾਨ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਉਸ ਨੇ 1914 ਵਿੱਚ ਸਰਕਾਰ ਦੇ ਕੰਧ ਢਾਹੁਣ ਦੇ ਫ਼ੈਸਲੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ। ਹਰਚੰਦ ਸਿੰਘ ਲਾਇਲਪੁਰ ਅਤੇ ਹਰਬੰਸ ਸਿੰਘ ਅਟਾਰੀ ਮਤੇ ਦੇ ਵਿਰੋਧ ਵਿੱਚ ਮੀਟਿੰਗ ਵਿੱਚੋਂ ਬਾਈਕਾਟ ਕਰਕੇ ਬਾਹਰ ਆ ਗਏ। ਭਾਈ ਰਣਧੀਰ ਸਿੰਘ ਨੇ ਹਰਚੰਦ ਸਿੰਘ ਲਾਇਲਪੁਰ ਨਾਲ ਮਿਲਕੇ ਵਿਰੋਧ ਕਰਨ ਦਾ ਸਾਰਾ ਕੰਮ ਆਪਣੇ ਹੱਥ ਲੈ ਲਿਆ। ਉਨ੍ਹਾਂ ਜ਼ਮਾਨੇ ਦੀ ਵੰਗਾਰ ਸੁਣੀ ਤੇ ਗੁਰਧਾਮਾ ਦੇ ਰਾਹ ਤੁਰ ਪਏ। ਉਹ ਆਧੁਨਿਕ ਯੁਗ ਦੇ ਮਹਾਨ ਤਪੱਸਵੀ, ਰਹੱਸਵਾਦੀ ਸੰਤ, ਕਵੀ ਤੇ ਵਾਰਤਕਕਾਰ ਸਨ। ਛੂਤ ਛਾਤ, ਵਹਿਮ ਭਰਮ ਅਤੇ ਊਚ ਨੀਚ ਦੇ ਸਖ਼ਤ ਵਿਰੋਧੀ ਸਨ। ਖਾਲਸਾ ਪੰਥ ਵੱਲੋਂ ਉਨ੍ਹਾਂ ਨੂੰ ਸਿੱਖ ਧਰਮ ਦੀ ਸੋਨ ਚਿੜੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਭਾਈ ਰਣਧੀਰ ਸਿੰਘ ਨੂੰ 15 ਸਤੰਬਰ 1931 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅਡੋਲ ਦ੍ਰਿੜ੍ਹਤਾ, ਨਿਸ਼ਕਾਮ ਕੁਰਬਾਨੀ ਅਤੇ ਗੁਰੂ ਪੰਥ ਦੀ ਉਘੀ ਸੇਵਾ ਲਈ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਤੋਂ ਵੀ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਸਾਰਾ ਜੀਵਨ ਆਦਰਸ਼ਕ ਸੀ। ਉਹ ਕਹਿਣੀ ਤੇ ਕਰਨੀ ਦੇ ਪੱਕੇ ਸਨ।  ਉਹ ਐਫ.ਸੀ.ਕਾਲਜ ਲਾਹੌਰ ਦੀ ਹਾਕੀ ਟੀਮ ਦੇ ਕਪਤਾਨ ਵੀ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ 7 ਜੁਲਾਈ 1878 ਨੂੰ ਪਿਤਾ ਸ੍ਰ.ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਕੂਲ ਵਿੱਚ 'ਭੁਝੰਗੀ ਸਭਾ' ਬਣਾਈ ਜਿਸ ਦੇ ਉਹ ਪ੍ਰਧਾਨ ਸਨ। ਸਾਰੇ ਵਿਦਿਆਰਥੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਅੰਮ੍ਰਿਤਧਾਰੀ ਬਣਾਇਆ ਗਿਆ। ਫਿਰ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਲਾਹੌਰ ਭੇਜ ਦਿੱਤਾ ਗਿਆ। ਭਾਈ ਰਣਧੀਰ ਸਿੰਘ ਨੇ 1900 ਵਿੱਚ ਬੀ.ਏ., ਐਫ.ਸੀ.ਕਾਲਜ ਲਾਹੌਰ ਤੋਂ ਪਾਸ ਕੀਤੀ। ਉਨ੍ਹਾਂ ਦਾ ਨਾਮ ਬਸੰਤ ਸਿੰਘ ਸੀ ਪ੍ਰੰਤੂ ਅੰਮ੍ਰਿਤ ਛੱਕਣ ਤੋਂ ਬਾਅਦ ਰਣਧੀਰ ਸਿੰਘ ਰੱਖਿਆ ਗਿਆ। ਉਨ੍ਹਾਂ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਬਲਬੀਰ ਸਿੰਘ ਅਤੇ  ਇੱਕ ਲੜਕੀ ਪੰਜਾਬ ਕੌਰ  ਸਨ। ਭਾਈ ਰਣਧੀਰ ਦੀ ਵਿਰਾਸਤ ਨੂੰ ਬਲਬੀਰ ਸਿੰਘ ਦਾ ਦੋਹਤਾ ਜੁਝਾਰ ਸਿੰਘ ਸੰਭਾਲ ਰਿਹਾ ਹੈ। ਭਾਈ ਰਣਧੀਰ ਸਿੰਘ 16 ਅਪ੍ਰੈਲ 1961 ਨੂੰ ਸਵਰਗਵਾਸ ਹੋ ਗਏ

1 ਜੁਲਾਈ 2024 ਨੂੰ 134ਵੇਂ ਜਨਮ ਦਿਵਸ ‘ਤੇ - ਕ੍ਰਾਂਤੀਕਾਰੀ ਗ਼ਦਰੀ ਬਾਗੀ ਸ਼ਾਇਰ : ਮੁਨਸ਼ਾ ਸਿੰਘ ਦੁਖੀ - ਉਜਾਗਰ ਸਿੰਘ

ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿੱਚ ਸਭ ਤੋਂ ਵਧੇਰੇ ਯੋਗਦਾਨ ਪੰਜਾਬੀਆਂ/ਸਿੱਖਾਂ ਨੇ ਪਾਇਆ ਹੈ। ਉਹ ਫ਼ਾਂਸੀਆਂ ਤੇ ਚੜ੍ਹੇ ਅਤੇ ਕਾਲੇ ਪਾਣੀ ਦੀਆਂ ਸਜਾਵਾਂ ਭੁਗਤੀਆਂ ਪ੍ਰੰਤੂ ਉਹ ਆਪਣੇ ਨਿਸ਼ਾਨੇ ਤੋਂ ਪਿੱਛੇ ਨੀਂ ਹਟੇ, ਸਗੋਂ ਹਰ ਜ਼ਿਆਦਤੀ ਤੋਂ ਬਾਅਦ ਅੰਦੋਲਨ ਨੂੰ ਹੋਰ ਗਰਮਜੋਸ਼ੀ ਨਾਲ ਤੇਜ ਕਰ ਦਿੰਦੇ ਸਨ। ਸਮਾਜ ਦੇ ਹਰ ਵਰਗ ਨੇ ਤਨੋ ਮਨੋ ਆਜ਼ਾਦੀ ਦੀ ਜਦੋਜਹਿਦ ਨੂੰ ਸਫ਼ਲ ਬਣਾਉਣ ਦੇ ਉਪਰਾਲੇ ਕੀਤੇ ਹਨ ਪ੍ਰੰਤੂ ਗ਼ਦਰੀ ਕ੍ਰਾਂਤੀਕਾਰੀਆਂ ਦਾ ਯੋਗਦਾਨ ਸਾਰਿਆਂ ਨਾਲੋਂ ਵਧੇਰੇ ਤੇ ਵੱਖਰੀ ਕਿਸਮ ਦਾ ਹੈ। ਉਨ੍ਹਾਂ ਕ੍ਰਾਂਤੀਕਾਰੀ ਗ਼ਦਰੀ ਬਾਬਿਆਂ ਵਿੱਚੋਂ ਜਝਾਰੂ ਇਨਕਲਾਬੀ ਕਵੀ ਮੁਨਸ਼ਾ ਸਿੰਘ ਦੁਖੀ ਦਾ ਯੋਗਦਾਨ ਬਹੁਪੱਖੀ ਤੇ ਬਹੁਪ੍ਰਤੀ ਹੈ। ਉਹ ਨਿਡਰ, ਬੇਪ੍ਰਵਾਹ, ਦ੍ਰਿੜ੍ਹ ਇਰਾਦੇ ਵਾਲਾ ਕ੍ਰਾਂਤੀਕਾਰੀ ਸੀ, ਜਿਸ ਨੇ ਆਪਣੀਆਂ ਬੀਰ ਰਸੀ ਕਵਿਤਾਵਾਂ ਅਤੇ ਜ਼ਜ਼ਬਾਤੀ ਲੇਖਾਂ ਰਾਹੀਂ ਪੰਜਾਬੀਆਂ/ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਬਣਨ ਲਈ ਪ੍ਰੇਰਿਤ ਹੀ ਨਹੀਂ ਕੀਤਾ ਸਗੋਂ ਮਰ ਮਿਟਣ ਲਈ ਤਿਆਰ ਕੀਤਾ। ਉਸ ਦੇ ਜੋਸ਼ੀਲੇ ਭਾਸ਼ਣ ਅਤੇ ਕਵਿਤਾਵਾਂ ਨੌਜਵਾਨਾ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਲਈ ਉਤਸ਼ਾਹਤ ਕਰਦੀਆਂ ਸਨ। ਉਹ 1913 ਵਿੱਚ ਗ਼ਦਰ ਲਹਿਰ ਦੀ ਨੀਂਹ ਰੱਖਣ ਵਾਲੇ ਗ਼ਦਰੀ ਮੋਢੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਕਾਮਾ ਗਾਟਾ ਮਾਰੂ ਜਹਾਜ ਕਾਂਡ ਦੇ ਨਾਇਕ ਵੀ ਕਿਹਾ ਜਾਂਦਾ ਹੈ।  ਉਹ ਹਰਫ਼ਨ ਮੌਲਾ ਸਖ਼ਸ਼ੀਅਤ ਦਾ ਮਾਲਕ ਸੀ। ਮੁਨਸ਼ਾ ਸਿੰਘ ਦੁਖੀ ਨੂੰ ਤੀਜੇ ਲਾਹੌਰ ਸ਼ਾਜ਼ਸ਼ ਕੇਸ ਵਿੱਚ ਉਮਰ ਕੈਦ ਦੀ ਸਜਾ ਹੋਈ ਸੀ। ਉਨ੍ਹਾਂ ਨੂੰ ਬਿਹਾਰ ਦੀ ਹਜ਼ਾਰੀ ਬਾਗ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਅਨੇਕਾਂ ਅਣਮਨੁਖੀ ਤਸੀਹੇ ਦਿੱਤੇ ਗਏ ਸਨ। ਗ਼ਦਰੀ ਬਾਬਿਆਂ ਵਿੱਚੋਂ ਮੁਨਸ਼ਾ ਸਿੰਘ ਦੁਖੀ ਸਭ ਤੋਂ ਵਧੇਰੇ ਵਿਦੇਸ਼ਾਂ ਹਾਂਗਕਾਂਗ, ਚੀਨ, ਜਰਮਨੀ, ਇੰਗਲੈਂਡ, ਕੀਨੀਆ, ਤਨਜਾਨੀਆਂ, ਜਾਪਾਨ, ਕੈਨੇਡਾ ਅਤੇ ਅਮਰੀਕਾ ਵਿੱਚ ਜਾ ਕੇ ਭਾਰਤੀਆਂ/ਪੰਜਾਬੀਆਂ/ਸਿੱਖਾਂ ਵਿੱਚ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਦਾ ਹੋਇਆ ਲਾਮਬੰਦ ਕਰਦਾ ਰਿਹਾ। ਮੁਨਸ਼ਾ ਸਿੰਘ ਦੁਖੀ ਅਲੌਕਿਕ ਪ੍ਰਤਿਭਾ ਦਾ ਮਾਲਕ ਸੀ। ਉਸ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਉਹ ਸਿਰਫ਼ ਪ੍ਰਾਇਮਰੀ ਤੱਕ ਦੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਪੰਜਾਬੀ, ਹਿੰਦੀ, ਬੰਗਾਲੀ, ਚੀਨੀ, ਜਪਾਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਤਾ ਸੀ। ਰੂਹਪੋਸ਼ ਹੋਣ ਸਮੇਂ ਜਿਥੇ ਵੀ ਉਹ ਜਾਂਦਾ ਸੀ, ਸਭ ਤੋਂ ਪਹਿਲਾਂ ਉਥੋਂ ਦੀ ਭਾਸ਼ਾ ਸਿੱਖਦਾ ਸੀ, ਜਿਸ ਕਰਕੇ ਉਸ ਨੂੰ ਆਪਣੀ ਇਲਕਲਾਬੀ ਜਦੋਜਹਿਦ ਵਿੱਚ ਕਦੀਂ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਕਿਸੇ ਵੀ ਦੇਸ਼ ਵਿੱਚ ਸਥਾਨਕ ਬੋਲੀ ਉਸ ਦੀਆਂ ਸਰਗਰਮੀਆਂ ਵਿੱਚ ਰੁਕਾਵਟ ਨਹੀਂ ਪਾ ਸਕੀ। ਉਸ ਨੇ ਕੁਝ ਸਮਾਂ ਵਿਦੇਸ਼ ਵਿੱਚ ਦੋਭਾਸ਼ੀਆ ਦਾ ਕੰਮ ਵੀ ਕੀਤਾ। 15 ਸਾਲ ਦੀ ਉਮਰ ਵਿੱਚ 1905 ਵਿੱਚ ਉਹ ਬਗਾਬਤੀ ਸੁਰਾਂ ਅਲਾਪਣ ਲੱਗ ਗਿਆ ਸੀ। ਹਾਲਾਂ ਕਿ ਉਸ ਦਾ ਪਿਤਾ ਬਰਤਾਨਵੀ ਫ਼ੌਜ ਵਿੱਚ ਸੂਬੇਦਾਰ ਸੀ। ਅੰਗਰੇਜ਼ਾਂ ਦੀ ਪੁਲਿਸ ਤੋਂ ਬਚਣ ਲਈ ਉਹ 5 ਮਈ 1908 ਨੂੰ 18 ਸਾਲ ਦੀ ਅਲ੍ਹੜ੍ਹ ਉਮਰ ਵਿੱਚ ਹੀ ਅਮਰੀਕਾ ਜਾਣ ਲਈ ਕਲਕੱਤੇ ਤੋਂ ਆਪਣੇ ਭਰਾ ਦੇ ਨਾਲ ਜਹਾਜ ਚੜ੍ਹਿਆ ਸੀ ਪ੍ਰੰਤੂ ਰਾਹ ਵਿੱਚ ਹੀ ਪਹਿਲਾਂ ਹਾਂਗਕਾਂਗ ਆਪਣੇ ਭਰਾ ਪਾਲਾ ਸਿੰਘ ਨਾਲ ਤੇ ਫਿਰ ਹੋਨੋਲੁਲੂ ਵਿੱਚ ਠਹਿਰ ਗਿਆ ਕਿਉਂਕਿ ਉਸ ਨੂੰ ਦੱਸਿਆ ਗਿਆ, ਸ਼ਾਇਦ ਅਮਰੀਕਾ ਵੜਨ ਨਾ ਦਿੱਤਾ ਜਾਵੇ। ਉਥੇ ਉਸ ਨੇ ਪਹਿਲਾਂ ਗੰਨਾ ਫਾਰਮ ਵਿੱਚ ਥੋੜ੍ਹੀ ਤਨਖ਼ਾਹ ‘ਤੇ ਅਤਿ ਕਠਨ ਕੰਮ ਕੀਤਾ ਅਤੇ ਫਿਰ ਸੈਟਲ ਹੋਣ ਲਈ ਕਈ ਪਾਪੜ ਵੇਲੇ। ਅਖ਼ੀਰ 1910 ਵਿੱਚ ਅਮਰੀਕਾ ਦੇ ਸਨਫਰਾਂਸਿਸਕੋ ਸ਼ਹਿਰ ਵਿੱਚ ਪਹੁੰਚ ਗਿਆ। ਉਥੇ ਦੋਭਾਸ਼ੀਏ ਦਾ ਕੰਮ ਕਰਦਾ ਰਿਹਾ। ਪਰਵਾਸ ਵਿੱਚ ਉਹ ਆਪਣੀ ਰੋਜੀ ਰੋਟੀ ਕਮਾਉਣ ਦੇ ਨਾਲ ਹੀ ਗਦਰੀ ਲਹਿਰ ਵਿੱਚ ਕੰਮ ਕਰਦਾ ਰਿਹਾ। ਪਰਵਾਸ ਵਿੱਚ ਰਹਿੰਦਿਆਂ ਉਹ ਗੁਰੂ ਘਰਾਂ ਵਿੱਚ ਜੋਸ਼ੀਲੇ ਭਾਸ਼ਣ ਦਿੰਦਾ ਰਿਹਾ।  ਉਹ ਤਿੰਨ ਵਾਰ 1908, 1951 ਅਤੇ 1969 ਵਿੱਚ ਵਿਦੇਸ਼ ਵਿੱਚ ਗਿਆ ਸੀ। ਉਹ ਲਗਪਗ 12 ਸਾਲ ਵਿਦੇਸ਼ ਵਿੱਚ ਰਿਹਾ। ਉਸ ਦਾ ਭਰਾ ਪਾਲਾ ਸਿੰਘ ਕੈਨੇਡਾ ਚਲਾ ਗਿਆ ਤੇ 1912 ਵਿੱਚ ਮੁਨਸ਼ਾ ਸਿੰਘ ਪਾਲਾ ਸਿੰਘ ਕੋਲ ਵੈਨਕੂਵਰ ਪਹੁੰਚ ਗਿਆ। 1914 ਵਿੱਚ ਕਾਮਾਗਾਟਾ ਮਾਰੂ ਜਹਾਜ ਵਿੱਚ ਵਾਪਸ ਭਾਰਤ ਆ ਗਿਆ ਸੀ। ਉਹ ਚੁਸਤ ਚਲਾਕ ਤੇ ਤੇਜ਼ ਤਰਾਰ ਬਹੁਤ ਸੀ, ਇਸ ਕਰਕੇ ਕਿਸੇ ਪੁਲਿਸ ਦੇ ਸੂਹੀਏ ਨੂੰ ਆਪਣੇ ਆਪ ਨੂੰ ਬਰਤਾਨੀਆਂ ਦੀ ਪੁਲਿਸ ਦਾ ਸੂਹੀਆ ਦੱਸਕੇ ਕਾਮਾਗਾਟਾ ਮਾਰੂ ਜਹਾਜ ਵਿੱਚੋਂ ਬਚਕੇ ਨਿਕਲਣ ਵਿੱਚ ਸਫਲ ਹੋ ਗਿਆ ਸੀ। ਪ੍ਰੰਤੂ 1915 ਵਿੱਚ ਉਹ ਗ੍ਰਿਫ਼ਤਾਰ ਹੋ ਗਿਆ ਅਤੇ 1920 ਵਿੱਚ ਰਿਹਾ ਹੋਇਆ।   
       ਸਾਹਿਤਕ ਸਫ਼ਰ: ਅਜ਼ਾਦੀ ਜਦੋਜਹਿਦ ਵਿੱਚ ਉਹ ਦੇਸ਼ ਭਗਤੀ ਦੀਆਂ ਬੀਰ ਰਸੀ ਕਵਿਤਾਵਾਂ ਲਿਖਦਾ ਰਿਹਾ, ਜਿਹੜੀਆਂ ਭਾਰਤੀਆਂ /ਪੰਜਾਬੀਆਂ/ਸਿੱਖਾਂ ਨੂੰ ਦੇਸ਼ ਆਜ਼ਾਦੀ ਦੀ ਚਲ ਰਹੀ ਲਹਿਰ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦੀਆਂ ਸਨ। ਉਸ ਦਾ ਸਾਰਾ ਸਾਹਿਤ ਇਨਕਲਾਬੀ ਸੀ। ਨੌਜਵਾਨਾ ਨੂੰ ਕੁਰੇਦਦਾ ਹੋਇਆ ਲਿਖਦਾ ਹੈ:
ਵਤਨ ਦੀ ਆਪਣੀ ਅਣਖ਼ ਆਨ ਨਾ ਢਾ, ਕਦੀਮੀ ਚਮਕ ਸ਼ਾਨ ‘ਤੇ ਖਾਕ ਨਾ ਪਾ।
ਓ ਭਾਰਤ ਦਿਆ ਕਮਲਿਆ ਨੌਜਵਾਨਾ, ਦੁਖੀ ਦੇਸ਼ ਨੂੰ ਕੌਮ ਨੂੰ ਦਾਗ਼ ਨਾ ਲਾ।
ਦਿਲ ‘ਚ ਇਹੀ ਠਾਣੀ ਵਿਤੋਂ ਵਧ ਵਧ ਕੇ, ਕੌਮ ਲਈ ਕਰਬਾਨੀਆਂ ਕਰਾਂਗਾ ਮੈਂ।
ਦੁਖੀ ਦੇਸ਼ ਵਾਸਤੇ ਜੀਆਂਗਾ ਮੈਂ, ਦੇਸ਼ ਵਾਸਤੇ ਮਰਾਂਗਾ ਮੈਂ।
   ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਸ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਹੋਰ ਵਾਰਤਕ ਦੀਆਂ ਪੁਸਤਕਾਂ ਦੇ ਵਿਸ਼ੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੁਧਾਰਵਾਦੀ ਹੋ ਗਏ ਸਨ। ਉਸ ਸਮੇਂ ਮੁੱਖ ਤੌਰ ‘ਤੇ ਧਾਰਮਿਕ ਵਿਸ਼ਿਆਂ ਉਪਰ ਲਿਖਦਾ ਰਿਹਾ। ਗਦਰ ਅਖ਼ਬਾਰ ਵਿੱਚ ਉਹ ਹਮੇਸ਼ਾ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਕਰਵਾਉਂਦਾ ਰਹਿੰਦਾ ਸੀ। ਗਦਰ ਪਾਰਟੀ ਦਾ ਸਰਗਰਮ ਮੈਂਬਰ ਸੀ। ਸਪਤਾਹਿਕ ਗਦਰ ਅਖ਼ਬਾਰ ਵਿੱਚ ਉਸ ਦੇ ਲੇਖ ਅਤੇ ਕਵਿਤਾਵਾਂ ਛਪਦੀਆਂ ਰਹਿੰਦੀਆਂ ਸਨ। ਉਸ ਦੀਆਂ ਸਾਹਿਤਕ ਚੋਭਾਂ ਆਜ਼ਾਦੀ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਰਹੀਆਂ ਸਨ। ਸਮਾਜਿਕ ਕੁਰੀਤੀਆਂ ਅਤੇ ਵਹਿਮਾਂ ਭਰਮਾ ਦਾ ਉਸ ਦੀਆਂ ਕਵਿਤਾਵਾਂ ਖੰਡਨ ਕਰਦੀਆਂ ਸਨ। ਇੱਕ ਕਵਿਤਾ ਵਿੱਚ ਉਹ ਲਿਖਦਾ ਹੈ:
ਜੇ ਕੁਰੀਤਾਂ ਦਾ ਫਾਹਾ ਗਲ ਪਾਇੰਗਾ, ਵਹਿਮਾ ਭਰਮਾ ਦੀ ਜ਼ਹਿਰ ਜੋ ਖਾਇੰਗਾ।
ਕਿਸੇ ਨਹੀਂ ਸੁਣਨੀ ਤੇਰੀ ਫਰਿਆਦ ਕੂਕ, ਬਸ ‘ਦੁਖੀ’ ਫਿਰ ਰੋਂਦਿਆਂ ਮਰ ਜਾਇੰਗਾ।
   ਮੁਨਸ਼ਾ ਸਿੰਘ ਦੁਖੀ ਨੇ ਆਪਣੇ ਜੀਵਨ ਵਿੱਚ 35 ਛੋਟੀਆਂ ਤੇ ਵੱਡੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚੋਂ 17 ਕਾਵਿ ਸੰਗ੍ਰਹਿ ਪ੍ਰੇਮ ਕਾਂਗਾਂ, ਪ੍ਰੇਮ ਬਾਂਗਾਂ, ਪ੍ਰੇਮ ਚਾਂਗਾਂ, ਦੁੱਖ ਹਰਨ, ਦੁੱਖ ਹਰਨ ਪ੍ਰਕਾਸ਼, ਸਾਕਾ ਆਨੰਦਪੁਰ, ਕਲਗੀਵਾਲਾ, ਬੀਰ ਪ੍ਰਕਾਸ਼, ਕਲਗੀਧਰ ਨੂਰ, ਸੁਭਾਗ ਵੈਸਾਖੀ, ਰੱਬੀ ਨੂਰ, ਵੈਸਾਖੀ, ਜੀਵਨ ਲਹਿਰਾਂ, ਸ਼ਹੀਦ, ਦੋ ਨਾਂ ਰਹਿਤ ਖਰੜੇ ਅਤੇ ਵਾਰਤਕ ਸੰਗ੍ਰਹਿ ਗੋਰੇ ਸ਼ਾਹੀ ਜ਼ੁਲਮ, ਦੁਸ਼ਮਣ ਦੀ ਖੋਜ ਭਾਲ, ਜੀਵਨ ਭਾਈ ਅਮਰ ਸਿੰਘ, ਜੀਵਨ ਭਾਈ ਮੋਹਨ ਸਿੰਘ ਵੈਦ, ਸ਼ਹੀਦੀ ਜੀਵਨ, ਸੱਚੇ ਸਿੱਖ ਬਣੋ, ਜੀਵਨ ਭਾਈ ਸੋਭਾ ਸਿੰਘ, ਜੀਵਨ ਜਾਚ, ਨੌਂ ਰਸ, ਤ੍ਰੰਗਣ, ਜੀਵਨ ਸੱਧਰਾਂ, ਖਾਲਸਾਈ ਸ਼ਾਨ, ਅਨੁਵਾਦਿਤ ਕਹਾਣੀਆਂ, ਦੇਸ਼ ਭਗਤੀ (ਨਾਵਲ), ਪਰਾਧੀਨ ਜੀਵਨ ਅਤੇ ਤੁਰਕੀ ਹੂਰ ਸ਼ਾਮਲ ਹਨ।  ਗ਼ਦਰ ਲਹਿਰ ਦੇ ਇਤਿਹਾਸ ਦਾ ਦੂਜਾ ਭਾਗ ਉਹ ਲਿਖ ਰਹੇ ਸਨ ਪ੍ਰੰਤੂ ਮੁਕੰਮਲ ਨਹੀਂ ਕਰ ਸਕੇ।
  ਉਹ ਸਫਲ ਪੱਤਰਕਾਰ ਵੀ ਸੀ। ਉਸ ਨੇ 7 ਮਾਸਿਕ/ ਸਪਤਾਹਿਕ  ਰਸਾਲਿਆਂ ਦੀ ਸੰਪਾਦਨਾ ਕੀਤੀ, ਜਿਨ੍ਹਾਂ ਵਿੱਚ ‘ਮਾਸਿਕ ਕਵੀ’ ਕਲਕੱਤੇ ਤੋਂ , ‘ਸਪਤਾਹਿਕ ਸਿੰਡੀਕੇਟ’ ਨਵੰਬਰ 1928, ‘ਸਪਤਾਹਿਕ ਸਾਂਝੀਵਾਲ’ ਜੂਨ 1929, ‘ਮਾਸਿਕ ਵਿਹਾਰ ਸੁਧਾਰ’ 1934, ‘ਮਾਸਿਕ ਜੀਵਨ’ ਬੰਬਈ ਤੋਂ ਦਸੰਬਰ 1950, ‘ਮਾਸਿਕ ਕੌਮੀ ਸੰਦੇਸ਼’ 1960 ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਰਸਾਲੇ ‘ਦੇਸ਼ ਭਗਤ ਯਾਦਾਂ’ 1966 ਆਦਿ ਹਨ।
 ਮੁਨਸ਼ਾ ਸਿੰਘ ਦੁਖੀ ਦਾ ਜਨਮ 1 ਜੁਲਾਈ 1890 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਮਾਤਾ ਮਹਿਤਾਬ ਕੌਰ ਪਿਤਾ ਸੂਬੇਦਾਰ ਨਿਹਾਲ ਸਿੰਘ ਦੇ ਘਰ ਹੋਇਆ। ਉਸ ਦੇ ਪਿਤਾ ਦਾ ਜੱਦੀ ਪਿੰਡ ਨਕੋਦਰ ਨੇੜੇ ਪੰਡੋਰੀ ਸੀ ਪ੍ਰੰਤੂ ਪਰਿਵਾਰਿਕ ਕਾਰਨਾ ਕਰਕੇ ਉਸ ਦਾ ਪਿਤਾ ਆਪਣੇ ਨਾਨਕਾ ਪਿੰਡ ਜੰਡਿਆਲਾ ਮੰਜਕੀ ਆ ਕੇ ਵਸ ਗਿਆ ਸੀ। ਉਹ ਪੰਜ ਭਰਾ ਸਨ, ਵੱਡੇ ਬਾਵਾ ਸਿੰਘ ਤੇ ਪਾਲਾ ਸਿੰਘ ਉਸ ਦਾ ਸਾਥ ਨਿਭਾਉਂਦੇ ਰਹੇ ਸਨ। ਮੁੱਢਲੀ ਪੜ੍ਹਾਈ ਉਸ ਨੇ ਪਿੰਡ ਤੋਂ ਪੰਜਵੀਂ ਜਮਾਤ ਤੱਕ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਅਤੇ ਆਪਣੀ ਕਲਾਸ ਦਾ ਮੋਨੀਟਰ ਹੁੰਦਾ ਸੀ। ਉਹ ਚੰਚਲ ਅਤੇ ਸ਼ਰਾਰਤੀ ਸੁਭਾਅ ਦਾ ਸੀ। ਉਰਦੂ ਅਤੇ ਫਾਰਸੀ ਮੌਲਵੀ ਕੋਲੋਂ ਸਿੱਖੀਆਂ। ਗਗੜਾਂ ਦੀ ਧਰਮਸ਼ਾਲਾ ਵਿੱਚ ਭਾਈ ਸੋਭਾ ਸਿੰਘ ਰਹਿੰਦੇ ਸਨ। ਮੁਨਸ਼ਾ ਸਿੰਘ ਨੇ ਉਸ ਕੋਲੋਂ ਬਹੁਤ ਸਾਰੀ ਸਿੱਖਿਆ ਪ੍ਰਾਪਤ ਕੀਤੀ, ਜਿਹੜੀ ਸਾਰੀ ਜ਼ਿੰਦਗੀ ਉਸ ਦੇ ਕੰਮ ਆਈ। ਉਹ ਭਾਈ ਸੋਭਾ ਸਿੰਘ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਸੀ। ਉਸ ਕੋਲੋਂ ਹੀ ਬਹੁਤ ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਮੁਨਸ਼ਾ ਸਿੰਘ ਨੇ ਗੁਰਬਾਣੀ ਤੋਂ ਇਲਾਵਾ, ਤੁਲਸੀ ਰਾਮਾਇਣ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਤੋਂ ਵੀ ਸਿਖਿਆ ਪ੍ਰਾਪਤ ਕੀਤੀ। 30 ਜੂਨ 2024 ਨੂੰ ਮੁਨਸ਼ਾ ਸਿੰਘ ਦੁਖੀ ਦਾ 134ਵਾਂ ਜਨਮ ਦਿਵਸ ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦੁਆਰਾ ਬਰੁਕ ਸਾਈਡ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਡਾ.ਗੁਰਦੇਵ ਸਿੰਘ ਸਿੱਧੂ, ਭਾਈ ਜੈਤੇਗ ਸਿੰਘ ਅਨੰਤ ਅਤੇ ਸੁਰਿੰਦਰ ਸਿੰਘ ਜੱਬਲ ਵਿਚਾਰ ਚਰਚਾ ਕਰਨਗੇ। ਪੰਜਵੀਂ ਤੋਂ ਬਾਅਦ ਉਹ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਉਸ ਦਾ ਵਿਆਹ 1925 ਵਿੱਚ ਰਾਜ ਕੌਰ ਨਾਲ ਉਦੋਂ ਹੋਇਆ ਜਦੋਂ ਉਹ  ਰੂਹਪੋਸ਼ ਹੋ ਕੇ ਕਲਕੱਤੇ ਰਹਿ ਰਿਹਾ ਸੀ। ਉਸ ਦੀਆਂ ਤਿੰਨ ਲੜਕੀਆਂ ਅਤੇ ਦੋ ਲੜਕੇ ਸਨ। 1969 ਵਿੱਚ ਉਹ ਇੰਗਲੈਂਡ ਗਿਆ ਸੀ, ਉਥੇ ਹੀ ਉਸ ਨੂੰ ਅਧਰੰਗ ਦਾ ਦੌਰਾ ਪਿਆ ਸੀ। ਉਸ ਤੋਂ ਬਾਅਦ 26 ਜਨਵਰੀ 1971 ਨੂੰ ਉਹ ਅਧਰੰਗ ਦੀ ਬੀਮਾਰੀ ਤੋਂ ਬਾਅਦ ਲੰਬਾ ਸਮਾਂ ਬਿਮਾਰ ਰਹਿਣ ਕਰਕੇ 80 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਿਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
   ujagarsingh48@yahoo.com

ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਬਤੀ ਸੁਰਾਂ ਤੇ ਸੰਕਟ ਦੀ ਘੜੀ  - ਉਜਾਗਰ ਸਿੰਘ

ਸੁਖਬੀਰ ਸਿੰਘ ਬਾਦਲ ਨੇ ਫ਼ਰਵਰੀ 2024 ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤਾਂ ਜੋ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਇਆ ਜਾ ਸਕੇ। ਪੰਜਾਬ ਬਚਾਓ ਯਾਤਰਾ ਅੱਧ ਵਿਚਕਾਰ ਹੀ ਛੱਡਣੀ ਪਈ ਪ੍ਰੰਤੂ ਹੁਣ ਟਕਸਾਲੀ ਅਕਾਲੀ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਵੰਗਾਰਦਿਆਂ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕਰਨ ਦਾ ਐਲਾਨ ਕੀਤਾ ਹੈ। ਟਕਸਾਲੀ ਅਕਾਲੀ ਨੇਤਾ ਇਸ ਲਹਿਰ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੀ ਗੱਲ ਕਰਦੇ ਹਨ। ਟਕਸਾਲੀ ਸ੍ਰੀ ਅਕਾਲ ਤਖ਼ਤ ਤੋਂ ਇਹ ਲਹਿਰ ਸ਼ੁਰੂ ਕਰਕੇ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਪੰਥਕ ਪਰੰਪਰਾਵਾਂ ਅਨੁਸਾਰ ਚਲਣ ਵਾਲੀ ਹੈ। ਪ੍ਰੰਤੂ ਸੁਖਬੀਰ ਸਿੰਘ ਬਾਦਲ ਪੰਥਕ ਪਾਰਟੀ ਨੂੰ ਲੀਹਾਂ ਤੋਂ ਲਾਹ ਕੇ ਕੰਮ ਕਰ ਰਹੇ ਸਨ। ਅਸਲ ਵਿੱਚ ਟਕਸਾਲੀਆਂ ਦੀ ਭਾਵਨਾ ਸੁਖਬੀਰ ਸਿੰਘ ਬਾਦਲ ਵਿਰੁੱਧ ਅਕਾਲੀ ਵਰਕਰਾਂ ਨੂੰ ਸੰਗਠਤ ਕਰਨ ਦੀ ਯੋਜਨਾ ਲੱਗਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ 103 ਸਾਲ ਪੁਰਾਣੀ ਜੁਝਾਰੂਆਂ ਦੀ ਕੁਰਬਾਨੀਆਂ ਦੇਣ ਵਾਲੀ ਰੀਜਨਲ ਪਾਰਟੀ ਬਿਖਰਨ ਦੇ ਕਿਨਾਰੇ ਪਹੁੰਚ ਗਈ ਹੈ। ਸਮੁੱਚੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਹੈ ਕਿਉਂਕਿ ਦੇਸ਼ ਦੀ ਇਹ ਪਹਿਲੀ ਰੀਜਨਲ ਪਾਰਟੀ ਹੈ, ਜਿਸ ਦਾ ਅਸਤਿਤਵ ਖ਼ਤਰੇ ਵਿੱਚ ਪੈ ਗਿਆ ਹੈ। ਅੱਜ ਕਲ੍ਹ ਕੌਮੀ ਪਾਰਟੀਆਂ ਦੀ ਸਿਆਸੀ ਅਸਥਿਰਤਾ ਕਰਕੇ ਰੀਜਨਲ ਪਾਰਟੀਆਂ ਦੀ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਹੋਂਦ ਬਰਕਰਾਰ ਰਹਿਣਾ ਅਤਿਅੰਤ ਜ਼ਰੂਰੀ ਹੈ। ਅਜਿਹੇ ਨਾਜ਼ਕ ਸਮੇਂ ਜਦੋਂ ਕੇਂਦਰ ਵਿੱਚ ਗਠਜੋੜ ਸਰਕਾਰਾਂ ਦੀ ਪ੍ਰਣਾਲੀ ਚਲ ਰਹੀ ਹੈ ਤਾਂ ਅਕਾਲੀ ਦਲ ਦਾ ਬਿਖ਼ਰਨਾ ਪੰਜਾਬੀਆਂ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਪਿਛਲੇ 7 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੀਨੀਅਰ ਅਕਾਲੀ ਨੇਤਾ ਮਹਿਸੂਸ ਕਰ ਰਹੇ ਹਨ ਕਿ ਅਕਾਲੀ ਦਲ ਕੋਈ ਪਿਤਾ ਪੁਰਖੀ ਪਾਰਟੀ ਨਹੀਂ ਹੈ। ਇਸ ਲਈ ਪਾਰਟੀ ਦੇ ਸੰਵਿਧਾਨ ਅਨੁਸਾਰ ਅੰਦਰੂਨੀ ਪਰਜਾਤੰਤਰਿਕ ਢੰਗ ਨਾਲ ਚੋਣ ਹੋਣੀ ਜ਼ਰੂਰੀ ਹੈ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਸਰਪ੍ਰਸਤੀ ਹੇਠ ਸਾਰੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਕੇ ਸੁਖਬੀਰ ਸਿੰਘ ਬਾਦਲ ਨੂੰ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ 2009 ਵਿੱਚ ਉਪ ਮੁੱਖ ਮੰਤਰੀ ਬਣਾ ਲਿਆ ਸੀ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆਂ ਹੈ ਉਦੋਂ ਤੋਂ ਹੀ ਪਾਰਟੀ ਵਿੱਚ ਘੁਸਰ ਮੁਸਰ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਨਤੀਜੇ ਨਿਰਾਸ਼ਾਜਨਕ ਰਹੇ ਹਨ। 2022 ਵਿੱਚ ਤਾਂ ਪਾਰਟੀ ਸਿਰਫ 3 ਵਿਧਾਨ ਸਭਾ ਸੀਟਾਂ ਜਿੱਤ ਸਕੀ, ਇਥੋਂ ਤੱਕ ਕਿ ਪਰਕਾਸ਼ ਸਿੰਘ ਬਾਦਲ ਵੀ ਲੰਬੀ ਤੋਂ ਚੋਣ ਹਾਰ ਗਏ ਸਨ। 2024 ਦੀਆਂ ਲੋਕ ਸਭਾ ਚੋਣਾ ਵਿੱਚ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ ਇੱਕ ਬਠਿੰਡਾ ਦੀ ਸੀਟ ਜਿੱਤ ਸਕੇ ਤੇ 10 ਸੀਟਾਂ ਤੋਂ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ। ਵਟ ਪ੍ਰਤੀਸ਼ਤ 12 ਫ਼ੀ ਸਦੀ ਰਹਿ ਗਈ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਵੋਟ ਪ੍ਰਤੀਸ਼ਤ 18 ਹੋ ਗਈ। ਜਿਸ ਕਰਕੇ ਟਕਸਾਲੀ ਅਕਾਲੀ ਨੇਤਾਵਾਂ ਵਿੱਚ ਨਿਰਾਸ਼ਾ ਫ਼ੈਲ ਗਈ। ਇਸ ਕਰਕੇ ਉਨ੍ਹਾਂ ਨੇ ਸੀਨੀਅਰ ਅਕਾਲੀ ਨੇਤਾ ਮਰਹੂਮ ਕੁਲਦੀਪ ਸਿੰਘ ਬਡਾਲਾ ਦੇ ਫਾਰਮ ਹਾਊਸ ਵਿੱਚ ਟਕਸਾਲੀ ਨੇਤਾਵਾਂ ਦੀ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸਤੀਫ਼ਾ ਦੇਣ ਲਈ ਮਤਾ ਪਾਸ ਕੀਤਾ ਗਿਆ ਹੈ। ਪਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਹੀ ਸੀਨੀਅਰ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। 2019 ਵਿੱਚ ਮਾਝੇ ਦੇ ਜਰਨੈਲ ਦੇ ਤੌਰ 'ਤੇ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਛੱਡ ਗਏ। ਉਨ੍ਹਾਂ ਨੇ ਆਪਣਾ ਅਕਾਲੀ ਦਲ ਟਕਸਾਲੀ ਬਣਾ ਲਿਆ। ਫਿਰ ਸੁਖਦੇਵ ਸਿੰਘ ਢੀਂਡਸਾ 2020 ਵਿੱਚ ਵੱਖਰੇ ਹੋ ਗਏ ਤੇ ਉਨ੍ਹਾਂ ਸੰਯੁੁਕਤ ਅਕਾਲੀ ਦਲ ਬਣਾ ਲਿਆ। ਇਸ ਪ੍ਰਕਾਰ ਅਕਾਲੀ ਦਲ ਨੂੰ ਖੋਰਾ ਲੱਗਦਾ ਰਿਹਾ। ਪਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਲਈ ਵੱਡੀ ਵੰਗਾਰ ਖੜ੍ਹੀ ਹੋ ਗਈ ਹੈ। ਇਸ ਵਾਰ ਸ੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨਾ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੀਤ ਕੌਰ, ਮੋਹਣ ਸਿੰਘ ਤੁੜ ਦਾ ਜਵਾਈ ਸੁਚਾ ਸਿੰਘ ਛੋਟੇਪੁਰ, ਜਗਦੇਵ ਸਿੰਘ ਤਲਵੰਡੀ ਦੀ ਨੂੰਹ ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਲੜਕਾ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦਾ ਲੜਕਾ ਭਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਹਰਿੰਦਰਪਾਲ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਦਾ ਲੜਕਾ ਗਗਨਦੀਪ ਸਿੰਘ ਬਰਨਾਲਾ, ਸਿਕੰਦਰ ਸਿੰਘ ਮਲੂਕਾ, ਬੀਬੀ ਪਰਮਜੀਤ ਕੌਰ ਲਾਂਡਰਾਂ ਆਦਿ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਆਯੋਜਤ ਮੀਟਿੰਗ ਵਿੱਚ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਿਅਕਤੀ ਇਕ ਪੋਸਟ ਲਈ ਪਰਕਾਸ਼ ਸਿੰਘ ਬਾਦਲ ਨੂੰ ਨਵੰਬਰ 1998 ਵਿੱਚ ਸੁਝਾਅ ਦਿੱਤਾ ਸੀ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ 16 ਮਾਰਚ 1999 ਨੂੰ ਖਾਲਸਾ ਸਾਜਨਾ ਦੇ 300 ਸਾਲਾ ਸਮਾਗਮ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣਾ ਸਰਬ ਹਿੰਦ ਅਕਾਲੀ ਦਲ ਬਣਾ ਲਿਆ ਸੀ। ਉਸ ਤੋਂ ਬਾਅਦ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਭਾਵੇਂ ਟੌਹੜਾ ਦੇ ਸਰਬ ਹਿੰਦ ਅਕਾਲੀ ਦਲ ਦਾ ਇਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਸੀ ਪ੍ਰੰਤੂ ਬਾਦਲ ਦਲ ਨੂੰ ਹਰਾਉਣ ਵਿੱਚ ਯੋਗਦਾਨ ਪਾਇਆ ਸੀ। ਇਸ ਦਾ ਭਾਵ ਇਹ ਹੈ ਕਿ ਬਾਦਲ ਪਰਿਵਾਰ ਹਰ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਆਪਣਾ ਕਬਜ਼ਾ ਰੱਖਣਾ ਚਾਹੁੰਦਾ ਹੈ। ਭਾਵੇਂ ਅਕਾਲੀ ਦਲ ਵਿੱਚ ਪਹਿਲਾਂ ਵੀ ਬਹੁਤ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਪਹਿਲੀਆਂ ਬਗਾਬਤੀ ਸੁਰਾਂ ਸਾਰਥਿਕ ਸਾਬਤ ਨਹੀਂ ਹੋਈਆਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਮਿਕਨਾਤੀਸੀ ਸਿਆਸਤ ਨੇ ਕਿਸੇ ਵਿਰੋਧੀ ਨੂੰ ਉਠਣ ਹੀ ਨਹੀਂ ਦਿੱਤਾ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਵੱਲੋਂ ਸੰਗਠਤ ਢੰਗ ਨਾਲ ਪ੍ਰੋਗਰਾਮ ਉਲੀਕਿਆ ਗਿਆ ਹੈ। ਵੇਖਣ ਵਾਲੀ ਗੱਲ ਹੈ ਕਿ ਵਿਦੇਸ਼ ਦਾ ਪੜ੍ਹਿਆ ਸੁਖਬੀਰ ਸਿੰਘ ਬਾਦਲ ਇਸ ਜਵਾਰਭਾਟੇ ਦੀ ਲਹਿਰ ਦਾ ਮੁਕਾਬਲਾ ਕਰ ਸਕੇਗਾ ਜਾਂ ਫਿਰ ਬਾਦਲ ਪਰਿਵਾਰ ਦਾ ਗਲਬਾ ਢਹਿ ਢੇਰੀ ਹੋ ਜਾਵਗਾ। ਪਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਸ ਨੇ ਆਪਣੀ ਸਿਆਸੀ ਕਾਬਲੀਅਤ ਨਾਲ ਅਕਾਲੀ ਦਲ ਦੇ ਕਿਸੇ ਵੀ ਨੇਤਾ ਨੂੰ ਆਪਣੇ ਬਰਾਬਰ ਉਭਰਨ ਹੀ ਨਹੀਂ ਦਿੱਤਾ। ਭਾਵੇਂ ਇੱਕ ਦਰਜਨ ਤੋਂ ਵੱਧ ਅਕਾਲੀ ਦਲ ਅਜੇ ਵੀ ਪੰਜਾਬ ਵਿੱਚ ਬਣੇ ਹੋਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਮਜ਼ਬੂਤ ਅਕਾਲੀ ਦਲ ਹੈ। ਅਕਾਲੀ ਦਲ ਨੂੰ ਸਿਆਸੀ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ। ਜਿਸ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੁੰਦਾ ਹੈ, ਉਹ ਹੀ ਮੁੱਖ ਧਾਰਾ ਵਾਲਾ ਅਕਾਲੀ ਦਲ ਸਥਾਪਤ ਸਮਝਿਆ ਜਾਂਦਾ ਹੈ, ਕਿਉਂਕਿ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਸ ਅਕਾਲੀ ਦਲ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਰਚਾ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਰਿਹਾ ਹੈ, ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਪਰਿਵਾਰ ਨੇ ਹੋਣ ਨਹੀਂ ਦਿੱਤੀਆਂ, ਕਿਉਂਕਿ ਹੋ ਸਕਦਾ ਬਾਦਲ ਧੜਾ ਕਮੇਟੀ ਦੀਆਂ ਚੋਣਾਂ ਹਾਰ ਨਾ ਜਾਵੇ ਤੇ ਅਕਾਲੀ ਦਲ ਤੋਂ ਵੀ ਕਬਜ਼ਾ ਛੱਡਣਾ ਪੈ ਸਕਦਾ ਹੈ। ਜਦੋਂ ਟਕਸਾਲੀ ਨੇਤਾਵਾਂ ਦੀ ਜਲੰਧਰ ਵਿਖੇ ਮੀਟਿੰਗ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਤਾ ਪਾਸ ਕਰ ਰਹੀ ਸੀ ਤਾਂ ਦੂਜੇ ਪਾਸੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਨਾਲ ਅਗਲੀ ਰਣਨੀਤੀ ਬਣਾਉਣ ਲਈ ਮੀਟਿੰਗ ਕਰ ਰਿਹਾ ਸੀ। ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਗਿਆ ਹੈ। ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੁੰਦੜ ਅਤੇ ਜਨਮੇਜਾ ਸਿੰਘ ਸੇਖ਼ੋਂ ਤੋਂ ਬਿਨਾ ਹੋਰ ਕੋਈ ਬਹੁਤੇ ਸੀਨੀਅਰ ਲੀਡਰ ਹਾਜ਼ਰ ਨਹੀਂ ਸਨ। ਸਿੱਖ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਵਰਗੀ ਰੀਜਨਲ ਪਾਰਟੀ ਦਾ ਅਜਿਹੇ ਸੰਕਟ ਵਿੱਚ ਹੋਣ 'ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਕਦੀਂ ਵੀ ਖ਼ਤਮ ਨਹੀਂ ਹੋਵੇਗਾ, ਅਜਿਹੇ ਜਵਾਰਭਾਟੇ ਵਰਗੀਆਂ ਲਹਿਰਾਂ ਪਹਿਲਾਂ ਵੀ ਆਈਆਂ ਹਨ ਤੇ ਅੱਗੋਂ ਨੂੰ ਵੀ ਆਉਂਦੀਆਂ ਰਹਿਣਗੀਆਂ। ਪੜਚੋਲਕਾਰ ਮਹਿਸੂਸ ਕਰਦੇ ਹਨ, ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਹਿੱਤਾਂ ਲਈ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਗਾਂਧੀ ਪਰਿਵਾਰ 'ਤੇ ਪਰਿਵਾਰਵਾਦ ਦਾ ਇਲਜ਼ਾਮ ਲਗਦਾ ਸੀ ਤਾਂ ਉਨ੍ਹਾਂ ਨੇ ਮਲਿਕ ਅਰਜੁਨ ਖੜਗੇ ਨੂੰ ਪ੍ਰਧਾਨ ਬਣਾਕੇ ਇਹ ਇਲਜ਼ਾਮ ਲਾਹ ਦਿੱਤਾ ਹੈ ਭਾਵੇਂ ਤੂਤੀ ਗਾਂਧੀ ਪਰਿਵਾਰ ਦੀ ਹੀ ਬੋਲਦੀ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਈ ਹੋਰ ਲੀਡਰ ਨੂੰ ਪ੍ਰਧਾਨ ਬਣਾਕੇ ਅਕਾਲੀ ਦਲ ਨੂੰ ਸੰਕਟ ਵਿੱਚੋਂ ਕੱਢਣ ਦੀ ਪਹਿਲ ਕਰਨੀ ਚਾਹੀਦੀ ਹੈ।

ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ : ਚਰਨ ਪੁਆਧੀ - ਉਜਾਗਰ ਸਿੰਘ

ਪਟਿਆਲਾ ਜ਼ਿਲ੍ਹਾ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ। ਇਸ ਜ਼ਿਲ੍ਹੇ ਵਿੱਚ ਲਗਪਗ ਦੋ ਦਰਜਨ ਸਾਹਿਤ ਸਭਾਵਾਂ ਹਨ, ਜਿਨ੍ਹਾਂ ਦੇ ਸਾਹਿਤਕ ਸਮਾਗਮ ਲਗਾਤਾਰ ਹੁੰਦੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਵਿਦਵਾਨ ਹੋਣ ਕਰਕੇ ਸਾਹਿਤਕ ਸਰਗਰਮੀਆਂ ਪੁਸਤਕਾਂ ਦੀ ਘੁੰਡ ਚੁਕਾਈ ਦੇ ਸਮਾਗਮ ਲਗਪਗ ਹਰ ਦੂਜੇ ਦਿਨ ਸਕੂਲਾਂ, ਕਾਲਜਾਂ, ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਹੁੰਦੇ ਰਹਿੰਦੇ ਹਨ। ਵਰਲਡ ਪੰਜਾਬੀ ਸੈਂਟਰ ਵੀ ਸਾਹਿਤਕ ਸਮਾਗਮਾ ਦਾ ਕੇਂਦਰੀ ਬਿੰਦੂ ਹੈ। ਹੈਰਾਨੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਸਮਾਗਮਾ ਵਿੱਚ ਚਰਨ ਪੁਆਧੀ ਹਾਜ਼ਰ ਹੁੰਦਾ ਹੈ। ਗੋਦੜੀ ਦਾ ਲਾਲ ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ ਚਰਨ ਪੁਆਧੀ ਦੀਆਂ ਦਰਸ਼ਕ ਪੁਆਧੀ ਕਵਿਤਾਵਾਂ ਦਾ ਆਨੰਦ ਮਾਣਦੇ ਰਹਿੰਦੇ ਹਨ। ਉਸ ਦਾ ਕਵਿਤਾ ਕਹਿਣ ਦਾ ਢੰਗ ਵੀ ਨਿਰਾਲਾ ਹੈ। ਉਸਦਾ ਵਿਅੰਗ ਤਿੱਖਾ ਹੁੰਦਾ ਹੈ ਪੰਤੂ ਖੁਦ ਸੰਜੀਦਾ ਰਹਿੰਦਾ ਹੈ। ਚਰਨ ਪੁਆਧੀ ਉਰਫ ਚਰਨਜੀਤ ਸਿੰਘ ਹਰਫ਼ਨ ਮੌਲਾ ਬਹੁ-ਭਾਸ਼ੀ ਤੇ ਬਹੁ-ਪੱਖੀ ਸਰਬਾਂਗੀ ਸਾਹਿਤਕਾਰ ਹੈ। ਉਸ ਦੀ ਵਿਦਵਤਾ ਵੀ ਬਹੁ-ਪੱਖੀ ਹੈ। ਉਸ ਦੇ ਕਿਸੇ ਇੱਕ ਪੱਖ ਬਾਰੇ ਜਾਣਕਾਰੀ ਦੇ ਕੇ ਉਸ ਦੇ ਵਿਅਕਤਿਵ ਨਾਲ ਬੇਇਨਸਾਫ਼ੀ ਹੋਵੇਗੀ। ਉਸ ਨੂੰ 'ਵਨ ਇਨ ਟਵੈਲਵ' ਕਿਹਾ ਜਾ ਸਕਦਾ ਹੈ। ਉਹ ਪੰਜਾਬੀ ਤੇ ਹਿੰਦੀ ਦਾ ਕਵੀ, ਕਲਾਕਾਰ, ਅਦਾਕਾਰ, ਗੀਤਕਾਰ, ਨਾਵਲਿਸਟ, ਪੇਂਟਰ, ਚਿਤਰਕਾਰ, ਕਾਰਟੂਨਿਸਟ, ਨਕਸ਼ਾ ਨਵੀਸ, ਮੂਰਤੀਕਾਰ, ਡਾਕ ਟਿਕਟਾਂ, ਮਾਚਸਾਂ, ਸਿੱਕਿਆਂ, ਵਿਜਿਟੰਗ ਕਾਰਡ, ਸੱਦਾ ਪੱਤਰ, ਰੈਪਰ, ਅੰਕੜਿਆਂ ਅਤੇ ਨੋਟਾਂ ਦਾ ਸੰਗਹਿ ਕਰਤਾ, ਲਾਇਬਰੇਰੀਅਨ, ਪੱਤਰਕਾਰ, ਸਿੱਖ ਧਰਮ ਦਾ ਅਧਿਐਨਕਾਰ ਅਤੇ ਕਲਮਕਾਰ ਹੈ। ਉਹ ਬੋਤਲਾਂ ਵਿੱਚ ਚਿਤਰਕਾਰੀ ਕਰਨ ਦਾ ਵੀ ਮਾਹਿਰ ਹੈ। ਚਰਨ ਪੁਆਧੀ ਦੀ ਲਾਇਬਰੇਰੀ ਵਿੱਚ 40 ਬੋਲੀਆਂ ਦੀਆਂ ਇਕ ਸੌ ਤੋਂ ਵੱਧੇਰੇ ਪੁਸਤਕਾਂ ਅਤੇ 250 ਪੰਜਾਬੀ ਅਤੇ 400 ਹਿੰਦੀ ਰਸਾਲੇ ਵੀ ਹਨ। ਉਸ ਦੀਆਂ ਪੰਜਾਬੀ ਤੇ ਹਿੰਦੀ ਵਿੱਚ 32 ਪੁਸਤਕਾਂ ਪਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ 16 ਮੌਲਿਕ ਅਤੇ 10 ਸੰਪਾਦਿਤ ਪੁਸਤਕਾਂ ਹਨ। ਇਨ੍ਹਾਂ ਵਿੱਚ 7 ਕਾਵਿ ਸੰਗਹਿ, 3 ਨਾਵਲ, 8 ਬਾਲ ਪੁਸਤਕਾਂ, 2 ਲੋਕ ਬੋਲੀਆਂ ਸੰਗਹਿ, 2 ਪੁਆਧੀ ਗੀਤ ਸੰਗਹਿ ਅਤੇ 2 ਚੁਟਕਲਾ ਸੰਗਹਿ ਸ਼ਾਮਲ ਹਨ। ਇਸ ਤੋਂ ਇਲਾਵਾ 22 ਸਾਂਝੇ ਕਾਵਿ ਸੰਗਹਿ ਜਿਨ੍ਹਾਂ ਵਿੱਚ 14 ਪੰਜਾਬੀ ਅਤੇ 8 ਹਿੰਦੀ ਵਿੱਚ ਵੀ ਉਸ ਦੀਆਂ ਰਚਨਾਵਾਂ ਪਕਾਸ਼ਤ ਹੋਈਆਂ ਹਨ। ਉਸ ਦੀ ਨਵੀਂ ਪੁਸਤਕ ' ਘੱਗਰ ਕੇ ਢਾਹੇ ਢਾਹੇ' ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਇਲਾਵਾ ਲਗਪਗ 4 ਦਰਜਨਾ ਪੁਸਤਕਾਂ ਦਾ ਮੈਟਰ ਤਿਆਰ ਹੈ, ਜੋ ਆਰਥਿਕ ਤੰਗੀਆਂ ਤਰੁਸ਼ੀਆਂ ਕਰਕੇ ਲਟਕਿਆ ਹੋਇਆ ਹੈ। ਉਹ ਪਟਿਆਲਾ ਵਿਖੇ ਹੋਣ ਵਾਲੇ ਸਾਹਿਤਕ ਸਮਾਗਮਾ ਦਾ ਸ਼ਿੰਗਾਰ ਹੁੰਦਾ ਹੈ। ਸਰੋਤੇ ਉਸ ਦੀ ਪੁਆਧੀ ਬੋਲੀ ਦੀਆਂ ਕਵਿਤਾਵਾਂ ਦਾ ਹਮੇਸ਼ਾ ਆਨੰਦ ਮਾਣਦੇ ਹਨ। ਉਸ ਦਾ ਚਿਹਰਾ ਮੋਹਰਾ ਇਕ ਸਾਊ ਇਨਸਾਨ ਦਾ ਪਗਟਾਵਾ ਕਰਦਾ ਹੈ ਪੰਤੂ ਉਸ ਦੀ ਕਵਿਤਾ ਵਿੱਚ ਸਾਧਾਰਣਤਾ ਨਾਲ ਤਿੱਖਾ ਵਿਅੰਗ ਹੁੰਦਾ, ਜੋ ਹਾਸਿਆਂ ਦੇ ਫੁਹਾਰੇ ਛੱਡਦਾ ਹੈ। ਇਸ ਤੋਂ ਇਲਾਵਾ ਉਹ ਨਾਟਕਾਂ ਅਤੇ ਦਸਤਾਵੇਜ਼ੀ ਪੁਆਧੀ ਫਿਲਮਾ ਵਿੱਚ ਅਦਾਕਾਰੀ ਵੀ ਕਰਦਾ ਹੈ। ਹੁਣ ਤੱਕ ਉਹ ਇਕ ਦਰਜਨ ਪੁਆਧੀ ਫਿਲਮਾ ਵਿੱਚ ਅਦਾਕਾਰੀ ਕਰ ਚੁੱਕਿਆ ਹੈ। ਉਹ ਗੁਜਰਤੀ, ਬੰਗਾਲੀ ਅਤੇ ਉਰਦੂ ਵੀ ਲਿਖ ਤੇ ਪੜ੍ਹ ਸਕਦਾ ਹੈ ਪੰਤੂ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਪੁਆਧੀ ਪੜ੍ਹਨ ਲਿਖਣ ਤੋਂ ਇਲਾਵਾ ਆਮ ਬੋਲ ਚਾਲ ਲਈ ਵੀ ਵਰਤ ਸਕਦਾ ਹੈ। ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਤੋਂ ਬਾਅਦ ਉਸ ਨੇ ਉਰਦੂ ਦਾ ਡਿਪਲੋਮਾ, ਦੋ ਸਾਲਾ ਸਿੱਖ ਅਧਿਐਨ ਕੋਰਸ ਅਤੇ ਪੱਤਰਕਾਰੀ ਦਾ ਕੋਰਸ ਕੀਤਾ। ਕਿੱਤੇ ਦੇ ਤੌਰ 'ਤੇ ਉਹ ਦੁਕਾਨਦਾਰੀ ਕਰਦਾ ਹੈ। ਉਸ ਦਾ ਇਕ ਬੈਹਿਰਾ ਨਾਮ ਦਾ ਪੈਲਸ ਵੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦਾ ਸਾਹਿਤਕ ਮਸ ਉਸ ਨੂੰ ਟਿਕ ਕੇ ਦੁਕਾਨਦਾਰੀ ਵੀ ਨਹੀਂ ਕਰਨ ਦਿੰਦਾ। ਉਸ ਦੇ ਪੈਰਾਂ ਵਿੱਚ ਐਸੀ ਘੁੰਮਣਘੇਰੀ ਹੈ ਕਿ ਉਹ ਹਰ ਰੋਜ਼ ਕਿਸੇ ਨਾ ਕਿਸੇ ਸਾਹਿਤਕ ਰੁਝੇਵੇਂ ਲਈ ਤੁਰਿਆ ਹੀ ਰਹਿੰਦਾ ਹੈ। ਉਸ ਨੂੰ ਪੈਰਾਂ ਦਾ ਵੈਰੀ ਕਿਹਾ ਜਾ ਸਕਦਾ ਹੈ। ਬੱਸਾਂ ਦਾ ਸਫਰ ਵੀ ਉਸ ਨੂੰ ਤਕਲੀਫ਼ ਨਹੀਂ ਦਿੰਦਾ ਪ੍ਰੰਤੂ ਤਕਲੀਫ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਕਵਿਤਾ ਕਹਿਣ ਦਾ ਮੌਕਾ ਨਾ ਮਿਲੇ। ਕਵਿਤਾ ਕਹਿਣ ਲਈ ਉਹ ਮੀਲਾਂ ਦਾ ਸਫਰ ਤਹਿ ਕਰ ਸਕਦਾ ਹੈ। ਉਸ ਦੀ ਰਹਿਣੀ ਬਹਿਣੀ ਬਹੁਤ ਹੀ ਸਾਧਾਰਨ ਹੈ। ਉਹ ਪਹਿਰਾਵੇ ਲਈ ਬਹੁਤਾ ਸ਼ੌਕੀਨ ਨਹੀਂ ਹੈ। ਸਾਧਾਰਣ ਦਿੱਖ ਵਾਲਾ ਚਰਨ ਪੁਆਧੀ ਸਿਆਣਪ ਅਤੇ ਵਿਦਵਤਾ ਦਾ ਮੁਜੱਸਮਾ ਹੈ। ਉਸ ਦਾ ਕਵਿਤਾ ਕਹਿਣ ਦਾ ਢੰਗ ਵੀ ਨਿਰਾਲਾ ਹੀ ਹੈ, ਉਹ ਮਲੂਕ ਜਿਹੇ ਢੰਗ ਨਾਲ ਗੁੱਝਾ ਵਿਅੰਗ ਮਾਰ ਜਾਂਦਾ ਹੈ, ਜਿਸ ਦਾ ਦਰਸ਼ਕ ਆਨੰਦ ਮਾਣਦੇ ਰਹਿੰਦੇ ਹਨ। ਚਰਨ ਪੁਆਧੀ ਦੇ ਸ਼ੌਕ ਵੀ ਵਿਲੱਖਣ ਹਨ। ਕਈ ਗੱਲਾਂ ਵਿੱਚ ਉਹ ਚਮਤਕਾਰੀ ਲੱਗਦਾ ਹੈ। ਉਹ ਪੁੱਠੇ ਹੱਥ ਨਾਲ ਸਿੱਧਾ ਅਤੇ ਸਿੱਧੇ ਹੱਥ ਨਾਲ ਪੁੱਠਾ ਲਿਖ ਸਕਦਾ ਹੈ। ਨਿੰਮ ਦੇ ਪੱਤੇ ਵਿੱਚੋਂ ਦੀ ਪੈਪਸੀ ਦੀ ਵੱਡੀ ਬੋਤਲ ਕੱਢ ਦਿੰਦਾ ਹੈ। ਉਸ ਦੀ ਇੱਕ ਕਵਿਤਾ 'ਵੋਟਾਂ ਆਈਆਂ ਫੇਰ' ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਸਿਆਤਦਾਨਾ ਦੇ ਆਪਣੇ ਵੋਟਰਾਂ ਬਾਰੇ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦੀ ਹੈ:
ਦੇਖੋ ਵੋਟਾਂ ਆਈਆਂ ਫੇਰ, ਗਊਆਂ ਮਾਰ ਰੁਸ਼ਨਾਈਆਂ ਫੇਰ।
ਕੰਧਾਂ ਪਰ ਇਸ਼ਤਿਹਾਰਾਂ ਚਿਪਕਾਈਆਂ, ਵਰਕਰ ਝੰਡੀਆਂ ਵੰਡੀਆਂ ਜਾਵਾਂ।
ਬੈਜ ਗੇਜਾਂ ਪਰ ਟੰਗੀ ਜਾਵਾਂ, ਝੰਡੀਆਂ ਪਕੜਾਈਆਂ ਫੇਰ।
ਦੇਖੋ ਵੋਟਾਂ ਆਈਆਂ ਫੇਰ.. .. .. .. ..।
ਚਿੱਟੇ ਲੀੜੇ ਨੇਤਾ ਆਵਾਂ, ਹਾਲ ਵੇਖਕੇ ਹੰਝੂ ਵਹਾਵਾਂ।
ਘੁੱਟ ਜੱਫੀਆਂ ਪਾਈਆਂ ਫੇਰ, ਦੇਖੋ ਵੋਟਾਂ ਆਈਆਂ ਫੇਰ.. ..।
ਗੈਲ ਬੈਠ ਕੇ ਰੋਟੀਆਂ ਖਾਵਾਂ, ਪਾਣੀ ਪੀਵਾਂ ਚਾਹ ਬਣਵਾਵਾਂ।
ਫੋਟੋ ਗੈਲ ਖਿਚਵਾਈਆਂ ਫੇਰ, ਧੋਖਾ ਖਾ ਕੇ ਪਿਛਲੀ ਵਾਰੀ।
ਤਹਾਂ ਨਹੀਂ ਸੀ ਸਰਕਾਰ ਹਮਾਰੀ, ਦਿਕਤਾਂ ਗਿਣਵਾਈਆਂ ਢੇਰ ਫੇਰ।
ਦੇਖੀਆਂ ਸੜਕਾਂ ਗੋਹਰਾਂ ਲੀਹਾਂ, ਕੱਚੇ ਕੋਠੜੇ ਨਾਲੀਆਂ ਬੀਹਾਂ।
ਸਹੂਲਤਾਂ ਦੇਣੀਆਂ ਗਿਣਵਾਈਆਂ ਫੇਰ.. ..
ਪਿਛਲੀ ਜੋ ਸਰਕਾਰ ਸੀ ਰੱਦੀ, ਉਹ ਬਹਿ ਗਈ ਮੱਲ ਕੇ ਗੱਦੀ।
ਗਾਲਾਂ ਖੂਬ ਛਕਾਈਆਂ ਫੇਰ, ਇਵ ਧੋਖਾ ਨਾ ਖਾਵਾਂਗੇ।
ਭਲੇ ਕਾ ਬਟਨ ਦਬਾਇਓ ਵੀਰ, ਇਵ ਨਾ ਧੋਖਾ ਲਿਓ ਵੀਰ।
ਪੁਆਧੀ ਲਿਸਟਾਂ ਬਣਾਈਆਂ ਫੇਰ.. ..।
ਚਰਨ ਪੁਆਧੀ ਦਾ ਇੱਕ ਹੋਰ ਵੱਡਾ ਗੁਣ ਹੈ ਕਿ ਉਹ ਪੰਜਾਬ ਦੇ ਪਿੰਡਾਂ ਦੇ ਬਲਾਕਾਂ, ਜ਼ਿਲ੍ਹਿਆਂ ਦੀ ਵਿਰਾਸਤ, ਰਹਿਤਲ, ਪਹਿਰਾਵਾ ਅਤੇ ਸਭਿਆਚਾਰ ਬਾਰੇ ਟੱਪੇ ਲਿਖੇ ਹਨ, ਜਿਹੜੇ ਬਹੁਤ ਹੀ ਦਿਲਚਸਪ ਹਨ। ਉਸ ਨੂੰ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ, ਜਿਨ੍ਹਾਂ ਵਿੱਚ ਪਟਿਆਲਾ ਸਥਿਤ ਸਾਹਿਤਕ ਸੰਸਥਾਵਾਂ, ਮਾਨਸਰੋਵਰ ਪੰਜਾਬੀ ਸਾਹਿਤ ਅਕਾਦਮੀ ਰਾਜਸਥਾਨ, ਲਖਵੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਹੈ।
ਚਰਨ ਪੁਆਧੀ ਦਾ ਜਨਮ ਮਾਤਾ ਦਲਬੀਰ ਕੌਰ ਪਿਤਾ ਜੋਗਿੰਦਰ ਸਿੰਘ ਰੈਹਲ ਦੇ ਘਰ 9 ਜਨਵਰੀ 1967 ਨੂੰ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿਖੇ ਹੋਇਆ। ਇਹ ਉਸ ਦਾ ਸਾਹਿਤਕ ਨਾਮ ਹੈ। ਸਰਕਾਰੀ ਰਿਕਾਰਡ ਵਿੱਚ ਉਸ ਦਾ ਨਾਮ ਚਰਨਜੀਤ ਸਿੰਘ ਹੈ। ਉਸ ਦਾ ਬਚਪਨ ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਕਸਬੇ ਵਿੱਚ ਬੀਤਿਆ। ਇਸ ਸਮੇਂ ਉਹ ਆਪਣੀ ਪਤਨੀ ਮਨਜੀਤ ਕੌਰ ਦੋ ਬੱਚੇ ਸੁਖਮਣੀ ਅਤੇ ਇਸ਼ਮੀਤ ਨਾਲ ਹਰਿਆਣਾ ਦੇ ਕੈਥਲ ਨੇੜੇ ਅਰਨੌਲੀ ਭਾਈ ਕੇ ਪਿੰਡ ਵਿੱਚ ਰਹਿ ਰਿਹਾ ਹੈ। ਚਰਨ ਪੁਆਧੀ ਦੀ ਜਦੋਜਹਿਦ ਵਾਲੀ ਜ਼ਿੰਦਗੀ ਨੂੰ ਵੇਖਦਿਆਂ ਦਾਦ ਦੇਣੀ ਬਣਦੀ ਹੈ ਕਿ ਇਤਨੀਆਂ ਤੰਗੀਆਂ ਹੋਣ ਦੇ ਬਾਵਜੂਦ ਉਹ ਗੋਦੜੀ ਦੇ ਲਾਲ ਦੀ ਤਰ੍ਹਾਂ ਰੌਸ਼ਨੀ ਦੇ ਰਿਹਾ ਹੈ। ਉਹ ਪੱਲੇਦਾਰੀ, ਦਿਹਾੜੀ ਦੱਪਾ, ਵੈਲਡਿੰਗ, ਕੰਬਾਈਨਾਂ ਤੇ ਹੈਲਪਰ, ਟਰੱਕ ਕਲੀਨਰੀ, ਜੈਨਰੇਟਰੀ ਅਪ੍ਰੇਟਰੀ ਅਤੇ ਫਿਰ ਪ੍ਰਾਈਵੇਟ ਸਕੂਲ ਦੀ ਨੌਕਰੀ ਕਰਕੇ ਆਪਣਾ ਸਾਹਿਤਕ ਸ਼ੌਕ ਪਾਲਦਾ ਰਿਹਾ। ਇਸ ਤੋਂ ਬਾਅਦ ਫ਼ੋਟੋਗ੍ਰਾਫ਼ੀ, ਪੇਂਟਿੰਗ, ਨਕਸ਼ਾ ਨਵੀਸੀ, ਕੰਧਾਂ ਤੇ ਸਲੋਗਨ ਲਿਖਣੇ, ਦੁਕਾਨਾ ਦੇ ਬੋਰਡ ਫਿਰ 1997 ਵਿੱਚ ਕਿਤਾਬਾਂ ਤੇ ਪੇਂਟਿੰਗ ਦੀ ਦੁਕਾਨ 'ਪਪਰਾਲਾ ਪੁਸਤਕ ਭੰਡਾਰ ਅਰਨੌਲੀ' ਖੋਲ੍ਹ ਲਈ। ਇਹ ਦੁਕਾਨ ਨੇ ਬਹੁਤ ਨਾਮਣਾ ਖੱਟਿਆ। ਪਿੰਡਾਂ ਦੇ ਲੋਕਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ। ਲੋਕਾਂ ਦੇ ਮਨ ਭਾਉਂਦੇ ਸਟਿਕਰ ਬਣਾਕੇ ਵੀ ਵੇਚਦਾ ਰਿਹਾ ਇਤਨੀ ਆਰਥਿਕ ਕਮਜ਼ੋਰੀ ਹੋਣ ਦ ਬਾਵਜੂਦ ਆਪਣੇ ਸਾਹਿਤਕ ਸ਼ੌਕ ਦੀ ਪੂਰਤੀ ਕਰਨ ਤੋਂ ਪਾਸਾ ਨੀਂ ਵੱਟਿਆ। ਇਸ ਸਮੇਂ ਵੀ ਘਰ ਫੂਕ ਕੇ ਤਮਾਸ਼ਾ ਵੇਖ ਰਿਹਾ ਹੈ। ਉਸ ਨੂੰ ਲਿਖਣ ਦੀ ਚੇਟਕ 15 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਈ ਸੀ। ਸ਼ੁਰੂ ਵਿੱਚ ਦੋ ਗਾਣਾ, ਕਵੀਸ਼ਰੀ ਅਤੇ ਅਖ਼ੀਰ ਵਿੱਚ ਸ਼ਾਇਰੀ ਦੇ ਖੇਤਰ ਵਿੱਚ ਪਿੜ ਮੱਲ ਲਿਆ, ਜੋ ਹੋਰ ਕਲਾਵਾਂ ਤੋਂ ਇਲਾਵਾ ਅਜੇ ਤੱਕ ਜ਼ਾਰੀ ਹੈ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ।

ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ - ਉਜਾਗਰ ਸਿੰਘ

ਭਾਰਤ ਦੀ ਪੁਰਾਤਨ ਵਿਗਿਆਨਕ ਅਤੇ ਧਾਰਮਿਕ ਪਰੰਪਰਾ ਬਹੁਤ ਅਮੀਰ ਹੈ। ਇਸ ਪਰੰਪਰਾ ਨੂੰ ਸਥਾਪਤ ਕਰਨ ਵਿੱਚ ਬਹੁਤ ਸਾਰੇ ਧਾਰਮਿਕ ਰਿਸ਼ੀਆਂ, ਮੁਨੀਆਂ, ਗੁਰੂਆਂ ਅਤੇ ਪਾਂਧੇ ਪੰਡਤਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਰਤੀ ਵਿਦਵਾਨ ਉਸ ਪਰੰਪਰਾ ਨੂੰ ਅਣਗੌਲਿਆਂ ਕਰੀ ਬੈਠੇ ਹਨ। ਉਸ ਸਮੇਂ ਦੀ ਵਿਗਿਆਨਕ ਤਰਕ ਸਥਾਪਤ ਨਿਯਮਾਂ ਅਤੇ ਸਿਧਾਂਤਾਂ ‘ਤੇ ਅਧਾਰਤ ਹੈ ਪ੍ਰੰਤੂ ਭਾਰਤੀ ਵਿਦਵਾਨ ਸੰਜੀਦਗੀ ਨਾਲ ਉਸ ਤੋਂ ਲਾਭ ਨਹੀਂ ਉਠਾ ਰਹੇ। ਡਾ.ਬਲਦੇਵ ਸਿੰਘ ਕੰਦੋਲਾ ਬਰਤਾਨੀਆ ਵਿੱਚ ਵਸਿਆ ਹੋਇਆ ਪੰਜਾਬ ਦੀ ਧਰਤੀ ਦਾ ਵਿਗਿਆਨੀ ਪੁੱਤਰ ਹੈ, ਜਿਹੜਾ ਪਰਵਾਸ ਵਿੱਚ ਬੈਠਾ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਲਗਾਤਰ ਕੋਸ਼ਿਸ਼ਾਂ ਕਰ ਰਿਹਾ ਹੈ। ਉਸ ਦੀ ‘ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ ਇਕ ਸਰਵੇਖਣ ਅਤੇ ਅਧਿਐਨ’ ਪੁਸਤਕ ਪੰਜਾਬੀਆਂ ਖਾਸ ਤੌਰ ‘ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾ ਰਹੇ ਪ੍ਰਾ ਅਧਿਆਪਕਾਂ ਲਈ ਗਿਆਨਦਾਇਕ ਸਾਬਤ ਹੋਵੇਗੀ, ਭਾਵੇਂ ਕਥਿਤ ਵਿਦਵਾਨ ਇਸ ਪੁਸਤਕ ਨੂੰ ਆਪਣੇ ਲਈ ਵੰਗਾਰ ਸਮਝਣਗੇ ਕਿਉਂਕਿ ਉਨ੍ਹਾਂ ਪੰਜਾਬੀ ਵਿੱਚ ਸੋਚਣ ਦੀ ਥਾਂ ਅੰਗਰੇਜ਼ੀ ਵਿੱਚ ਸੋਚਕੇ ਪੰਜਾਬੀ ਵਿੱਚ ਲਿਖਿਆ ਹੈ। ਉਹ ਹੁਣ ਤੱਕ ਭਾਰਤ ਦੀ ਭਾਸ਼ਾ ਵਿਗਿਆਨ ਦੀ ਅਮੀਰ ਵਿਰਾਸਤ ‘ਤੇ ਪਹਿਰਾ ਦੇਣ ਦੀ ਥਾਂ ਗਰੀਕ ਦੀ ਦਰਸ਼ਨ ਪਰੰਪਰਾ ਨੂੰ ਹੀ ਪੁਰਾਣੀ ਸਮਝਦੇ ਹਨ। ਖਾਸ ਤੌਰ ‘ਤੇ ਪੰਜਾਬੀ ਭਾਸ਼ਾ ਵਿਗਿਆਨੀਆਂ ਨੂੰ ਆਪਣੀ ਵਿਰਾਸਤ ਤੇ ਮਾਣ ਕਰਨਾ ਚਾਹੀਦਾ ਹੈ। ਬਲਦੇਵ ਸਿੰਘ ਕੰਦੋਲਾ ਨੇ ਭਾਰਤੀ ਦਰਸ਼ਨ ਪਰੰਪਰਾ ਨੂੰ ਗਰੀਕ ਪਰੰਪਰਾ ਜਿਤਨੀ ਹੀ ਪੁਰਾਣੀ ਸਾਬਤ ਕੀਤਾ ਹੈ। ਗੁਰਬਾਣੀ ਦੇ ਦਰਸ਼ਨ (ਫ਼ਲਸਫ਼ੇ) ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੇ ਭਾਰਤੀ ਦਰਸ਼ਨ (ਫ਼ਲਸਫ਼ੇ) ਵਿਚ ਬਹੁਤ ਡੂੰਘੀਆਂ ਹਨ। ਲੇਖਕ ਨੇ ਗੁਰਬਾਣੀ ਅਤੇ ਹੋਰ ਪੁਰਾਤਨ ਧਾਰਮਿਕ ਪੁਸਤਕਾਂ ਦੇ ਹਵਾਲਿਆਂ ਨਾਲ ਸਾਬਤ ਕੀਤਾ ਹੈ, ਭਾਰਤੀ ਦਰਸ਼ਨ ਪਰੰਪਰਾ ਪੁਰਾਣੀ ਹੈ। ਲੇਖਕ ਦੀ ਖੋਜ ਨੂੰ ਸਲਾਮ ਕਰਨੀ ਬਣਦੀ ਹੈ। ਉਸ ਨੇ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਇਤਿਹਾਸ ਅਤੇ ਮਿਥਿਹਾਸ ਦੀਆਂ ਪੁਰਾਤਨ ਪਰੰਪਰਾਵਾਂ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ ਤੱਥਾਂ ‘ਤੇ ਅਧਾਰਤ ਇਹ ਪੁਸਤਕ  ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਨੂੰ ਲੇਖਕ ਨੇ 7 ਕਾਂਡਾਂ ਖਿੱਚ ਵੰਡਿਆ ਹੈ। ਅੱਠਵੇਂ ਕਾਂਡ ਵਿੱਚ ਹਵਾਲੇ ਅਤੇ ਹੋਰ ਸ੍ਰੋਤ ਦਿੱਤੇ ਗਏ ਹਨ। ਇਨ੍ਹਾਂ ਕਾਂਡਾਂ ਵਿੱਚ ਵਿਗਿਆਨਕ ਸਰੋਤ ਦੇ ਵਿਕਾਸ ਦੀ ਤਰਤੀਵ ਦਿੱਤੀ ਗਈ ਹੈ ਕਿਉਂਕਿ ਸਮੇਂ ਦੀ ਤਬਦੀਲੀ ਨਾਲ ਬਹੁਤ ਸਾਰੇ ਬਦਲਾਓ ਆਉਂਦੇ ਰਹਿੰਦੇ ਹਨ। ਵਿਗਿਆਨ ਦੀ ਕੋਈ ਵੀ ਪ੍ਰਮਾਣਿਕ ਖੋਜ  ਸਥਾਈ ਨਹੀਂ ਹੁੰਦੀ, ਉਸ ਤੋਂ ਬਾਅਦ ਵੀ ਖੋਜ ਹੁੰਦੀ ਰਹਿੰਦੀ ਹੈ। ਵਿਗਿਆਨ ਲਗਾਤਾਰਤਾ ਦਾ ਵਿਸ਼ਾ ਹੈ। ਬਦਲਾਓ ਹੀ ਵਿਕਾਸ ਦੀ ਨਿਸ਼ਾਨੀ ਹੁੰਦਾ ਹੈ। ਭਾਰਤੀ ਸਮਾਜ ਵਿੱਚ ਅਨੇਕਾਂ ਊਣਤਾਈਆਂ ਹਨ, ਇਸ ਦਾ ਇਹ ਭਾਵ ਨਹੀਂ ਅਸੀਂ ਆਪਣੀ ਵਿਰਾਸਤ ਅਤੇ ਉਸ ਵਿਚਲੀਆਂ ਚੰਗਿਆਈਆਂ ਨੂੰ ਅਣਡਿਠ ਕਰ ਦੇਈਏ। ਬਲਦੇਵ ਸਿੰਘ ਕੰਦੋਲਾ ਨੇ ਇਸ ਪੁਸਤਕ ਵਿੱਚ ਦੱਸਿਆ ਹੈ ਕਿ ਸਾਡੀ ਵਿਰਾਸਤ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਗਏ। ਅਸੀਂ ਉਸ ਗ਼ਲਤ ਕਾਰਵਾਈਆਂ ਨੂੰ ਦਰੁੱਸਤ ਕਰਨ ਦੀ ਥਾਂ ਉਸ ਗ਼ਲਤ ਨੂੰ ਸੱਚ ਮੰਨੀ ਬੈਠੇ ਹਾਂ। ਕਥਿਤ ਵਿਦਵਾਨ ਆਪਣੀ ਭਾਸ਼ਾ ਅਤੇ ਵਿਰਾਸਤੀ ਵਿਗਿਆਨਕ ਸੋਚ ‘ਤੇ ਪਹਿਰਾ ਨਹੀਂ ਦੇ ਰਹੇ। ਭਾਰਤੀ ਵਿਰਸਾ ਸੰਸਾਰ ਵਿੱਚ ਸਭ ਤੋਂ ਅਮੀਰ ਅਤੇ ਪੁਰਾਣਾ ਹੈ। ਅਧਿਆਪਕਾਂ ਨੂੰ ਆਪਣੀ ਬੋਲੀ ਵਿੱਚ ਵਿਗਿਆਨ ਪੜ੍ਹਾਉਣਾ ਚਾਹੀਦਾ ਹੈ। ਸਾਡੇ ਵਿਗਿਆਨੀਆਂ ਨੂੰ ਪੰਜਾਬੀ ਵਿੱਚ ਸੋਚਣਾ ਚਾਹੀਦਾ ਹੈ। ਸਾਡੇ ਵਿਗਿਆਨੀ ਪੰਜਾਬੀ ਵਿੱਚ ਸੋਚਣਾ ਆਪਣੀ ਹਤਕ ਸਮਝਦੇ ਹਨ। ਉਹ ਆਪਣੇ ਦਿਮਾਗ਼ ਤੋਂ ਕੰਮ ਨਹੀਂ ਲੈ ਰਹੇ। ਭਾਰਤੀ ਵਿਗਿਆਨਕ ਪਰੰਪਰਾ ਸੰਸਕ੍ਰਿਤ, ਪਾਲੀ ਅਤੇ ਉਸ ਸਮੇਂ ਦੀਆਂ ਹੋਰ ਬੋਲੀਆਂ ਵਿੱਚ ਹੈ। ਭਾਰਤੀ ਵਿਦਵਾਨਾ ਖਾਸ ਤੌਰ ‘ਤੇ ਪੰਜਾਬੀ ਦੇ ਵਿਦਵਾਨਾ ਨੂੰ ਕੰਪੈਰੇਟਿਵ ਸਟੱਡੀ ਕਰਕੇ ਉਸ ਸਮੇਂ ਦੀ ਵਿਗਿਆਨਕ ਤਰਕ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਬਾਰੇ ਵਿਗਿਆਨਕ ਜਾਣਕਾਰੀ ਮਿਲੇਗੀ। ਇਸ ਤਰ੍ਹਾਂ ਕਰਨ ਨਾਲ ਪੰਜਾਬੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਹੋਵੇਗਾ। ਵਿਗਿਆਨ ਨੂੰ ਪੰਜਾਬੀ ਵਿੱਚ ਪੜ੍ਹਾਉਣ ਵਿੱਚ ਵੀ ਸੌਖਾ ਹੋ ਜਾਵੇਗਾ, ਜਿਸ ਨਾਲ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਹੋਵੇਗੀ।
    ਸਾਡੇ ਪੂਰਵਜ਼ ਵਹਿਮਾ ਭਰਮਾ ਵਿੱਚ ਗਲਤਾਨ ਸਨ ਪ੍ਰੰਤੂ ਵਿਗਿਆਨ ਦੀ ਰੌਸ਼ਨੀ ਨੇ ਵਹਿਮਾ ਭਰਮਾ ਤੋਂ ਛੁਟਕਾਰਾ ਦਿਵਾਇਆ ਹੈ। ਪਹਿਲੇ ਕਾਂਡ ਵਿੱਚ ਵਿਗਿਆਨ ਅਤੇ ਤਰਕ ਦੀ ਜਾਣਕਾਰੀ ਦਿੱਤੀ ਗਈ ਹੈ। ਸਮੁੱਚੀ ਵਿਗਿਆਨ ਵਿਧੀ ਵਿੱਚ ਨਿਯਮਾ ਅਧੀਨ ਪ੍ਰਯੋਗ ਕੀਤੇ ਜਾਂਦੇ ਹਨ, ਜੋ ਵਿਗਿਆਨਕ ਸਿਧਾਂਤ ਬਣਦੇ ਹਨ। ਇਹ ਵਿਗਿਆਨਕ ਸਿਧਾਂਤ ਤਰਕ ‘ਤੇ ਅਧਾਰਤ ਹੁੰਦੇ ਹਨ। ਵਿਸ਼ਾ ਇਹ ਹੈ ਕਿ ਅਸੀਂ ਕੁਦਰਤ ਨੂੰ ਮਨੁੱਖਤਾ ਦੇ ਲਾਭ ਲਈ ਕਿਵੇਂ ਵਰਤ ਸਕਦੇ ਹਾਂ? ਸਾਡੇ ਪੂਰਵਜ ਦੇਵੀ ਦੇਵਤਿਆਂ ਨੂੰ ਖ਼ੁਸ਼ ਰੱਖਣ ਲਈ ਪੂਜਾ ਪਾਠ ਕਰਦੇ ਸਨ। ਕੁਦਰਤ ਦੀ ਕਰੋਪੀ ਨੂੰ ਦੇਵੀ ਦੇਵਤਿਆਂ ਦਾ ਸਰਾਪ ਮੰਨਦੇ ਸਨ।  ਵਿਗਿਆਨ ਦੀ ਜਾਣਕਾਰੀ ਨਾਲ ਕੁਦਰਤ ਦੀ ਗ਼ੁਲਾਮੀ ਤੋਂ ਖਹਿੜਾ ਛੁੱਟਿਆ। ਦੂਜੇ ‘ਪ੍ਰਾਰੰਭਕ ਭਾਰਤੀ ਤਰਕ’ ਕਾਂਡ ਵਿੱਚ ਦੱਸਿਆ ਗਿਆ ਹੈ, ਤਰਕ ਵਿਧੀ ਦੀ ਸ਼ੁਰੂਆਤ ਚੌਥੀ ਸਦੀ ਈਸਾ ਪੂਰਵ ਵਿੱਚ ਹੋਈ ਤੇ ਅਖ਼ੀਰ ਤਰਕਸ਼ਾਸਤਰ ਬਣੀ। ਸੱਚੇ ਤੇ ਝੂਠੇ ਗਿਆਨ ਦਾ ਅੰਤਰ ਲੱਭਣ ਲਈ ਤਰਕਸ਼ਾਸਤਰ ਦਾ ਨਿਰਮਾਣ ਹੋਇਆ। ਕਿਸੇ ਚੀਜ਼ ਦੀ ਪ੍ਰਮਾਣਿਕਤਾ ਸਥਾਪਿਤ ਹੋਣੀ ਜ਼ਰੂਰੀ ਹੁੰਦੀ ਹੈ। ਗਿਆਨ ਨੂੰ ਸਰਵੋਤਮ ਮੰਨਿਆਂ ਗਿਆ ਹੈ ਪ੍ਰੰਤੂ ਗਿਆਨ ਦੀ ਵਿਉਂਤਬੱਧ ਢੰਗ ਨਾਲ ਪ੍ਰਮਾਣਿਕਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਤੀਜੇ ਕਾਂਡ ‘ਪ੍ਰਾਚੀਨ ਨਿਆਇਸ਼ਾਸਤਰ ਦਾ ਨਿਰਮਾਣ’ ਵਿੱਚ ਨਿਆਇਸ਼ਾਸਤਰ ਦੀ ਸ਼ੁਰੂਆਤ ਅਤੇ ਪ੍ਰਮਾਣਿਕਤਾ  ਸਥਾਪਤ ਕਰਨ ਲਈ ਵਰਤੇ ਗਏ ਸਿਧਾਂਤਾਂ ਬਾਰੇ ਦਰਸਾਇਆ ਗਿਆ ਹੈ। ਨਿਆਇਸ਼ਾਸਤਰ ਦੀ ਪ੍ਰਮੁੱਖ ਰਚਨਾ ‘ਨਿਆਇ-ਸੂਤਰ’ ਗ੍ਰੰਥ ਹੈ। ਨਿਆਇ-ਸੂਤਰ ਦੇ ਲੇਖਕਾਂ ਅਤੇ ਰਚਨਾ ਬਾਰੇ ਭਾਵੇਂ ਵੱਖਰੀਆਂ-ਵੱਖਰੀਆਂ ਰਾਵਾਂ ਹਨ। ਇਹ ਮੰਨਿਆਂ ਗਿਆ ਹੈ, ਗੌਤਮ ਅਤੇ ਅਕਸ਼ਪਦ ਇੱਕ ਹੀ ਰਿਸ਼ੀ ਸਨ ਤੇ ਵਿਦਿਆ ਭੂਸ਼ਣ ‘ਨਿਆਇ-ਸੂਤਰ’ ਦਾ ਰਚਨਾ ਕਾਲ 150 ਈਸਵੀ ਦੇ ਕਰੀਬ ਮੰਨਦੇ ਹਨ। ਲੇਖਕ ਨੇ ਧਾਰਮਿਕ ਗ੍ਰੰਥਾਂ ਖਾਸ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਿਸਤਾਰ ਸਹਿਤ ਤੇ ਅਣਗਿਣਤ ਉਦਾਹਰਣਾ ਦੇ ਕੇ ਚਿਤਰਾਂ ਰਾਹੀਂ ‘ਪ੍ਰਾਚੀਨ  ਨਿਆਇਸ਼ਾਸਤਰ ਦੇ ਨਿਰਮਾਣ’ ਬਾਰੇ ਲਿਖਿਆ ਹੈ। ਚੌਥੇ ਕਾਂਡ ‘ਜੈਨ ਤਰਕਸ਼ਾਸਤਰ ਪਰੰਪਰਾ’ ਵਿੱਚ ਤਰਕਸ਼ਾਸਤਰ ਦੇ ਵਿਕਾਸ ਤੇ ਇਤਿਹਾਸ ਨੂੰ ਤਿੰਨ ਕਾਲਾਂ ਪ੍ਰਾਚੀਨ ਕਾਲ (550 ਈ: ਪੂ:-400 ਈ:), ਮੱਧਵਰਤੀ ਕਾਲ (400 ਈ:-1200 ਈ:) ਅਤੇ ਨਵ ਬ੍ਰਾਹਮਣ ਕਾਲ (900 ਈ:-1900 ਈ:) ਵਿੱਚ ਵੰਡਕੇ ਦੱਸਿਆ ਹੈ। ਮਹਾਂਵੀਰ ਨੂੰ ਜੈਨ ਧਰਮ ਦਾ ਬਾਨੀ ਤੇ ਸਭ ਤੋਂ ਸਰਵੋਤਮ ਤੀਰਥੰਕਰ ਕਿਹਾ ਜਾਂਦਾ ਹੈ। ਜੈਨੀਆਂ ਅਨੁਸਾਰ ਇਕ ਕਾਲ ਵਿੱਚ 24 ਤੀਰਥੰਕਰ ਹੋਏ ਹਨ, ਜਿਸ ਦਾ ਭਾਵ ਦੋ ਕਾਲਾਂ ਵਿੱਚ 48 ਤੀਰਥੰਕਰ ਹੋਏ ਹਨ। ਬਲਦੇਵ ਸਿੰਘ ਕੰਦੋਲਾ ਨੇ ਇਨ੍ਹਾਂ ਸਾਰੇ ਤੀਰਥੰਕਰਾਂ ਦੇ ਯੋਗਦਾਨ ਬਾਰੇ ਲਿਖਿਆ ਹੈ। ਲੇਖਕ ਅਨੁਸਾਰ ਜੈਨ ਮਤ ਦਾ ਸਾਹਿਤ 84 ਧਾਰਮਿਕ ਗ੍ਰੰਥਾਂ ਵਿੱਚ ਹੈ। ਵਿਦਿਆ ਭੂਸ਼ਣ ਅਨੁਸਾਰ ਤਰਕਸ਼ਾਸਤਰ ਦਾ ਵਰਣਨ ਜੈਨਮਤ ਦੇ 45 ਗ੍ਰੰਥਾਂ ਵਿੱਚ ਮਿਲਦਾ ਹੈ। ਜੈਨ ਸਾਹਿਤ ਦਾ ਆਰੰਭ 453 ਈ: ਮੰਨਿਆ ਜਾਂਦਾ ਹੈ। ਪੰਜਵਾਂ ਕਾਂਡ ‘ਬੋਧੀ ਤਰਕਸ਼ਾਸਤਰ ਪਰੰਪਰਾ’ ਦਾ ਹੈ। ਬੋਧੀ ਤਰਕਸ਼ਾਸਤਰ ਪਰੰਪਰਾ 570 ਈ:ਪੂ:-1200 ਈ: ਹੈ। ਗੌਤਮ ਬੁੱਧ ਇਸ ਦਾ ਬਾਨੀ ਹੈ।  ਬੋਧੀਆਂ ਅਨੁਸਾਰ ਚਾਰ ਬੁੱਧ ਹੋਏ ਹਨ ਅਤੇ ਪੰਜਵੇਂ ਨੇ ਅਜੇ ਜਨਮ ਲੈਣਾ ਹੈ। ਇਸ ਕਾਂਡ ਵਿੱਚ ਬੋਧੀ ਤਰਕਸ਼ਾਸਤਰ ਦੀ ਸ਼ੁਰੂਆਤ ਅਤੇ ਬੋਧੀ ਭਿਕਸ਼ੂਆਂ ਦੇ ਤਿੰਨ ਸਮੇਲਨਾ ਵਿੱਚ ਇਕੱਤਰ ਕੀਤੇ ਉਪਦੇਸ਼ ਹੀ ਪਵਿਤਰ ਗ੍ਰੰਥ ਮੰਨੇ ਜਾਂਦੇ ਹਨ। ਇਹ ਮੁੱਖ ਤੌਰ ‘ਤੇ ਪਾਲੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਹਨ। ਭਾਰਤੀ ਤਰਕਸ਼ਾਸਤਰ ਦੇ ਵਿਕਾਸ ਵਿੱਚ ਬੋਧੀ ਭਿਕਸ਼ੂਆਂ ਦਾ ਵੱਡਾ ਯੋਗਦਾਨ ਹੈ, ਉਨ੍ਹਾਂ ਨੇ ਤਰਕਸ਼ਾਸ਼ਤਰ ਨੂੰ ਨਵਾਂ ਮੋੜ ਦੇ ਕੇ ਸ਼ਕਤੀਸ਼ਾਲੀ ਬਣਾਇਆ। ਲੇਖਕ ਨੇ ਬਹੁਤ ਸਾਰੇ ਭਿਕਸ਼ੂਆਂ ਦੇ ਯੋਗਦਾਨ ਬਾਰੇ ਲਿਖਿਆ ਹੈ, ਪ੍ਰੰਤੂ ਇਥੇ ਕੁਝ ਕੁ ਬਾਰੇ ਦੱਸਾਂਗਾ। ਨਾਗਾਰਜੁਨ ਦੀ ‘ਮਾਧਿਆਮਿਕਕਾਰਿਕਾ’ ਮਾਧਿਆਮਿਕ ਦਰਸ਼ਨ ਦੀ ਪਹਿਲੀ ਪੁਸਤਕ ਹੈ,  ਆਰੀਆ ਦੇਵ ਅਤੇ ਮੈਤ੍ਰੇਯ ਨਾਥ ਨੇ ਦਰਸ਼ਨ ‘ਤੇ ਅਨੇਕ ਗ੍ਰੰਥ ਲਿਖੇ,  ਆਰੀਆ ਅਸੰਗ ਨੇ 12 ਗ੍ਰੰਥ ਲਿਖੇ, ਵਸੁਬੰਧੂ ਨੇ ਵੱਡੀ ਗਿਣਤੀ ਵਿੱਚ ਅਨਮੋਲ ਗ੍ਰੰਥ ਤਰਕਸ਼ਾਸਤਰ ਦੇ ਵਿਸ਼ੇ ਤੇ ਲਿਖੇ, ਅਚਾਰੀਆ ਦਿਗਨਾਗ ਮੱਧਕਾਲੀ ਤਰਕਸ਼ਾਸਤਰ ਦਾ ਪਿਤਾਮਾ,  ਪਰਮਾਰਥ ਨੇ ਨਿਆਇ-ਸੂਤਰ ਦਾ ਚੀਨੀ ਵਿੱਚ ਅਨੁਵਾਦ ਕੀਤਾ,  ਰਵੀ ਗੁਪਤ ਨੇ ‘ਪ੍ਰਮਾਣਵਾਰਤਿਕ ਵਿ੍ਰੱਤੀ’ ਪੁਸਤਕ ਅਤੇ 12 ਵਿਦਿਆਲੇ ਸਥਾਪਤ ਕੀਤੇ ਅਤੇ ਹੋਰ ਬਹੁਤ ਸਾਰੇ ਭਿਕਸ਼ੂ ਲੇਖਕਾਂ ਬਾਰੇ ਵੀ ਲਿਖਿਆ ਗਿਆ ਹੈ। ਛੇਵਾਂ ਕਾਂਡ ‘ਨਿਆਇ ਪ੍ਰਕਰਣ-ਨਵ-ਬ੍ਰਾਹਮਣ ਯੁਗ, ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ’ ਹੈ। ਨਵ-ਬ੍ਰਾਹਮਣ ਯੁਗ ਲਗਪਗ 900 ਈ:-1920 ਈ: ਤੱਕ ਦਾ ਹੈ। 12ਵੀਂ ਸਦੀ ਈ: ਤੱਕ ਬੁੱਧਮਤ ਦੇ ਪਤਨ ਤੋਂ ਬਾਅਦ ਇਸਲਾਮ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਹਿੰਦੂ ਸਮਾਜ ਨੇ ਇਕਾਂਤਮਈ ਰਵੱਈਆ ਅਪਣਾਇਆ ਅਤੇ  ਬਹਿਸਬਾਜ਼ੀ ਦੀ ਥਾਂ ਸ਼ੁੱਧ ਤਰਕ ਵਲ ਧਿਆਨ ਦਿੱਤਾ। ਇਸ ਸਮੇਂ ਜਿਹੜੇ ਗ੍ਰੰਥ ਲਿਖੇ ਗਏ ਉਹ ‘ਪ੍ਰਕਰਣ’ ਦੇ ਨਾਮ ਨਾਲ ਜਾਣੇ ਜਾਂਦੇ ਹਨ। ਪ੍ਰਕਰਣਾਂ ਦੀ ਵਿਲੱਖਣਤਾ ਸ਼ੁੱਧੀ ਅਤੇ ਸਪਸ਼ਟਤਾ ਵਿੱਚ ਜ਼ਿਆਦਾ ਹੈ। ਇਨ੍ਹਾਂ ਪ੍ਰਕਰਣਾਂ  ਦਾ ਮੂਲ ਮਕਸਦ ਇਕ ਸੰਪੂਰਣ ਅਤੇ ਸਹੀ ਗਿਆਨ ਦੇ ਸਿਧਾਂਤ ਨੂੰ ਪੇਸ਼ ਕਰਨਾ ਹੈ। ਜਿਹੜੇ ਤਾਰਕਿਕਾਂ ਨੇ ਨਵੇਂ ਗ੍ਰੰਥ ਲਿਖੇ ਉਨ੍ਹਾਂ ਵਿੱਚੋਂ ਕੁਝ ਦੇ ਯੋਗਦਾਨ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ।
 ਭਾਸਰਵੱਗਿਆ (ਲਗਪਗ 950 ਈ:) : ਉਹ ਪਹਿਲੇ ਬ੍ਰਾਹਮਣ ਤਾਰਕਿਕ ਲੇਖਕ ਹਨ, ਜਿਨ੍ਹਾਂ ਨੇ ‘ਨਿਆਇਸਾਰ’ ਗ੍ਰੰਥ ਲਿਖਿਆ। ਇਸ ਗ੍ਰੰਥ ਵਿਚ ਪ੍ਰਮਾਣ ਦੇ ਵਿਸ਼ੇ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ, ਵਰਦਰਾਜ ਦੀ ਮੁੱਖ ਰਚਨਾ ‘ਤਾਰਕਿਕਰਕਸ਼ਾ’, ਵੱਲਭਾਚਾਰੀਆ ਦੀ ਰਚਨਾ ‘ਨਿਆਇਲੀਲਾਵਤੀ’, ਅੰਨਮ ਭੱਟ ਦਾ ਵੈਸ਼ੇਸ਼ਕ ਪ੍ਰਕਰਣ ‘ਤਰਕਸੰਗ੍ਰਹਿ’, ਵਿਸ਼ਵ ਨਿਆਇਪੰਚਾਨਨ ਦੀ ‘ਭਾਸ਼ਾ-ਪਰਿਛੇਦ’, ਜਗਦੀਸ਼ ਤਰਕਲੰਕਾਰ ਦਾ ‘ਤਰਕ ਅੰਮ੍ਰਿਤ’, ਲੌਗਾਕਸ਼ੀ ਭਾਸਕਰ ਦੀ ‘ਤਰਕਕੋਮਦੀ’ ਅਤੇ ਸ਼ਸ਼ਧਰ ਦੀ  ਰਚਨਾ ‘ਨਿਆਇ ਸਿਧਾਂਤ ਦੀਪ’ ਹੈ।
     ਸਤਵਾਂ ਤੇ ਪੁਸਤਕ ਦਾ ਆਖ਼ਰੀ ਕਾਂਡ ‘ਨਵਾਂ ਨਿਆਇ-ਤਤਵਚਿੰਤਾਮਣੀ’ ਹੈ। ਬਾਰਵੀਂ ਸਦੀ ਦਾ ਇਹ ਮਹਾਨ ਗ੍ਰੰਥ ਇਕ ਬ੍ਰਾਹਮਣ ਤਾਰਕਿਕ ਗੰਗੇਸ਼ ਉਪਾਧਿਆਇ ਦੀ ਲਿਖੀ ਅਮਰ ਰਚਨਾ ਹੈ। ਇਸ ਵਿੱਚ ਗੰਗੇਸ਼ ਉਪਾਧਿਆਇ ਨੇ ਪ੍ਰਮਾਣਵਾਦ-ਗਿਆਨ ਦੀ ਵੈਧਤਾ ਜਾਂ ਪ੍ਰਮਾਣਕਤਾ ਬਾਰੇ ਜਾਣਕਾਰੀ ਦਿੱਤੀ ਹੈ। ਗਿਆਨ ਬਾਰੇ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਗਿਆਨ ਦੀ ਲਾਭਦਾਇਕ ਕ੍ਰਿਆ ਦਾ ਹੋਣਾ ਜ਼ਰੂਰੀ ਹੁੰਦਾ ਹੈ। ਉਪਯੋਗਤਾ, ਵਿਗਿਆਨ ਦਾ ਮੁੱਖ ਅਤੇ ਏਕਾਂਤ ਉਦੇਸ਼ ਹੈ। ਪ੍ਰਭਾਕਰ ਮੀਮਾਂਸਵਾਦੀ ਅਨੁਸਾਰ ਸਮੁੱਚਾ ਗਿਆਨ ਸਹੀ ਹੁੰਦਾ ਹੈ ਕਿਉਂਕਿ ਉਹ ਸਾਨੂੰ ਕ੍ਰਿਆ ਲਈ ਪ੍ਰੇਰਦਾ ਹੈ। ਕਿਸੇ ਚੀਜ਼ ਦੇ ਪ੍ਰਤੱਖਣ ਤੋਂ ਗਿਆਨ ਪੈਦਾ ਹੁੰਦਾ ਹੈ। ਇਸ ਨੂੰ ਗਿਆਨ ਲੱਛਣ ਕਿਹਾ ਜਾਂਦਾ ਹੈ। ਗਿਆਨ ਆਪਣੇ ਆਪ ਵਿੱਚ ਉਪਯੋਗੀ ਕਾਰਜ ਨਿਭਾਉਂਦਾ ਹੈ। ਭਾਰਤ ਦੀ ਗਿਆਨਵਾਦ ਪਰੰਪਰਾ ਵਿੱਚ ਸ਼ਬਦ ਨੂੰ ਗਿਆਨ ਦਾ ਸਾਧਨ ਮੰਨਿਆਂ ਜਾਂਦਾ ਹੈ। ਗੰਗੇਸ਼ ਸ਼ਬਦ ਨੂੰ ਪ੍ਰਮਾਣ ਵੀ ਮੰਨਦਾ ਹੈ। ਸ਼ਬਦ ਗਿਆਨ ਦਾ ਪ੍ਰਮੁੱਖ ਕਾਰਣ ਹੈ, ਸ਼ਬਦ ਨਾਲ ਪ੍ਰਾਪਤ ਕੀਤੇ ਗਿਆਨ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਉਦਾਹਰਣ ਉਹ ਸ਼ਬਦ ਹੈ, ਜਿਹੜਾ ਗਿਆਨ ਪੈਦਾ ਕਰਦਾ ਹੈ। ਨਿਰੀਖਣਾਂ ਦੁਆਰਾ ਇਕੱਤਰ ਕੀਤੇ ਤੱਥ ਤੇ ਅੰਕੜੇ ਵਿਗਿਆਨਕ ਗਿਆਨ ਦਾ ਆਧਾਰ ਬਣਦੇ ਹਨ। ਪੇਚੀਦਾ ਦਲੀਲਾਂ ਅਤੇ ਪਰਿਭਾਸ਼ਾਵਾਂ ਉਪਲਭਧ ਸਬੂਤਾਂ ਦੇ ਆਧਾਰ ‘ਤੇ ਨਵੇਂ ਵਿਗਿਆਨਕ ਸਿਧਾਂਤ ਬਣਦੇ ਹਨ। ਭਾਰਤ ਦੀ ਵਿਗਿਆਨਕ ਅਤੇ ਦਾਰਸ਼ਨਿਕ ਪਰੰਪਰਾ ਵਿਚ ਸਮੁੱਚੇ ਗਣਿਤ-ਸ਼ਾਸ਼ਤਰ ਦਾ ਮੁੱਢ ਬੀਜ-ਗਣਿਤ ਨੂੰ ਮੰਨਿਆਂ ਜਾਂਦਾ ਸੀ, ਭਾਵ ਗਣਿਤ ਵਿਗਿਆਨ ਦਾ ‘ਬੀਜ’। ਭਾਰਤੀਆਂ ਤੋਂ ਇਹ ਹੁਨਰ ਪਹਿਲਾਂ ਅਰਬੀਆਂ ਨੇ ਸਿਖਿਆ ਅਤੇ ਯੂਰਪ ਤੱਕ ਪਹੁੰਚਦੇ-ਪਹੁੰਚਦੇ ਇਹ ਅਲਜਬਰਾ ਬਣ ਗਿਆ। ਗੰਗੇਸ਼ ਦੇ ਨਵਾਂ-ਨਿਆਇ ਵਿਚ ਵਾਸਤਵਿਕ ਗੁਣ ਦਾ ਭਾਵ-ਅਧਿਕਰਣ ਖਾਲੀ ਨਹੀਂ ਹੋਣਾ ਚਾਹੀਦਾ। ਇਸ ਸਾਰੀ ਪੜਚੋਲ ਤੋਂ ਸਾਬਤ ਹੁੰਦਾ ਹੈ, ਬਲਦੇਵ ਸਿੰਘ ਕੰਦੋਲਾ ਨੇ ਆਪਣੀ ਪੁਸਤਕ ਵਿੱਚ ਦਲੀਲਾਂ, ਤੱਥਾਂ ਅਤੇ ਉਦਾਹਰਣਾ ਦੇ ਕੇ ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿੱਚ ਵਿਗਿਅਨਕ ਤਰਕ ਭਾਰਤ ਦੇ ਪੂਰਵਜਾਂ ਦੀ ਦੇਣ ਹੈ। ਸਾਡੇ ਅਖੌਤੀ ਵਿਦਵਾਨ ਆਪਣੇ ਇਤਿਹਾਸ ਨੂੰ ਖੰਘਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਵਿਦੇਸ਼ (ਯੂਰਪ) ਦੇ ਵਿਦਵਾਨਾ ਦੀਆਂ ਉਦਾਹਰਣਾਂ ਦੇ ਕੇ ਆਪਣੇ ਆਪ ਨੂੰ ਸੰਸਾਰ ਪੱਧਰ ਦੇ ਵਿਦਵਾਨ ਸਾਬਤ ਕਰਦੇ ਹਨ। ਲੇਖਕ ਵਧਾਈ ਦਾ ਪਾਤਰ ਹੈ।
 379 ਪੰਨਿਆਂ, 850 ਰੁਪਏ ਕੀਮਤ ਵਾਲੀ ਇਹ ਪੁਸਤਕ ‘ਪੰਜਾਬੀ ਵਿਕਾਸ ਮੰਚ ਯੂ ਕੇ ਨੇ ਪ੍ਰਕਾਸ਼ਤ ਕਰਵਾਈ ਹੈ।
                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                                                       ਮੋਬਾਈਲ-94178 13072
                                                         ujagarsingh48@yahoo.com