ਕੈਨੇਡਾ ਦੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਮਾਮਲੇ 'ਚ ਦਰਬਾਰੀ ਮੀਡੀਆ ਦੀ ਨਕਾਰਾਤਮਕ ਭੂਮਿਕਾ - ਡਾ ਗੁਰਵਿੰਦਰ ਸਿੰਘ
ਏਜੰਡੇ ਤਹਿਤ ਚਲਦੇ 'ਮੀਡੀਆ ਟਰਾਇਲਾਂ' ਬਾਰੇ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਹਾਲ ਹੀ ਵਿਚ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਹੈ ਕਿ ਅਜੇ ਕਿਸੇ ਮਾਮਲੇ ਵਿੱਚ ਕਾਨੂੰਨ ਨੇ ਤਾਂ ਕੋਈ ਫ਼ੈਸਲਾ ਲੈਣਾ ਹੁੰਦਾ ਹੈ, ਪਰ ਮੀਡੀਆ ਬਹਿਸਾਂ 'ਚ ਪਹਿਲਾਂ ਹੀ ਫ਼ੈਸਲਾ ਸੁਣਾ ਕੇ, ਖ਼ਾਸ ਏਜੰਡੇ ਤਹਿਤ ਬਿਰਤਾਂਤ ਸਿਰਜ ਦਿੱਤਾ ਜਾਂਦਾ ਹੈ। ਦਰਅਸਲ ਸੱਤਾ ਦੀ ਬੋਲੀ ਬੋਲਣ ਵਾਲੇ ਗੋਦੀ ਮੀਡੀਆ ਵੱਲੋਂ ਸਰਕਾਰ ਵਿਰੋਧੀਆਂ ਖਿਲਾਫ਼ ਝੂਠੇ ਇਲਜ਼ਾਮ ਲਾ ਕੇ, ਸਰਕਾਰੀ ਪ੍ਰਾਪੋਗੰਡਾ ਕੀਤਾ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਪੱਤਰਕਾਰਾਂ ਨੂੰ ਦਿੱਤੀਆਂ ਹਦਾਇਤਾਂ ਅਧੀਨ ਕਿਸੇ ਨੂੰ ਦੋਸ਼ੀ ਗਰਦਾਨ ਕੇ, ਮਗਰੋਂ ਸਰਕਾਰੀ ਏਜੰਸੀਆਂ ਕਾਰਵਾਈ ਕਰਦੀਆਂ ਹਨ। ਇਹ ਮੇਲ ਜੋਲ ''ਚੋਰ ਤੇ ਕੁੱਤੀ' ਦੇ ਰਲੇ ਹੋਣ ਵਜੋਂ ਅੱਜ ਜੱਗ ਜ਼ਾਹਰ ਹੋ ਰਿਹਾ ਹੈ। ਇਸ ਦੀ ਪ੍ਰਤੱਖ ਮਿਸਾਲ ਕੈਨੇਡਾ ਵਿਚ ਬੀਤੇ ਦਿਨੀਂ ਕਤਲ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ਵਿੱਚ ਚੱਲ ਰਹੇ 'ਮੀਡੀਆ ਟਰਾਇਲ' ਤੋਂ ਮਿਲਦੀ ਹੈ। ਕੈਨੇਡਾ ਦੀ ਬਹੁ-ਚਰਚਿਤ ਸਿੱਖ ਆਗੂ ਮਲਿਕ ਦੀ ਸਰੀ 'ਚ ਦਿਨ ਦਿਹਾੜੇ 14 ਜੁਲਾਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਵਿੱਚ ਫਿਰੋਜ਼ਪੁਰ ਵਿਖੇ ਸੰਨ 1947 ਵਿਚ ਜਨਮੇ ਮਲਿਕ ਸੰਨ 1972 ਵਿੱਚ ਕੈਨੇਡਾ ਆਏ। ਉਨ੍ਹਾਂ ਕੈਨੇਡਾ ਦੇ ਹੋਰਨਾਂ ਦਾਨੀ ਸਿੱਖਾਂ ਦੇ ਸਹਿਯੋਗ ਸਦਕਾ, ਸੰਨ 1986 ਵਿੱਚ ਖਾਲਸਾ ਕਰੈਡਿਟ ਯੂਨੀਅਨ ਅਤੇ ਉਸ ਤੋਂ ਮਗਰੋਂ ਖਾਲਸਾ ਸਕੂਲ ਖੋਲ੍ਹੇ ਅਤੇ ਵਿੱਦਿਅਕ ਸੰਸਥਾ 'ਸਤਿਨਾਮ ਐਜੂਕੇਸ਼ਨ ਟਰੱਸਟ' ਦੀ ਸਥਾਪਨਾ ਕੀਤੀ।
ਕੈਨੇਡਾ 'ਚ ਸੰਨ 1985 ਵਿੱਚ ਹੋਏ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿਚ ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਸੰਨ 2000 ਵਿਚ ਗ੍ਰਿਫ਼ਤਾਰ ਕੀਤਾ ਗਿਆ, ਪਰ ਸਾਢੇ ਚਾਰ ਸਾਲ ਜੇਲ੍ਹ 'ਚ ਰੱਖਣ ਮਗਰੋਂ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਨੇ ਉਨ੍ਹਾਂ ਨੂੰ ਸੰਨ 2005 ਵਿਚ ਬਰੀ ਕਰ ਦਿੱਤਾ। ਏਅਰ ਇੰਡੀਆ ਬੰਬ ਧਮਾਕੇ ਕਾਰਨ ਭਾਰਤ ਸਰਕਾਰ ਦੀ 'ਬਲੈਕ ਲਿਸਟ' ਵਿਚ ਰਿਪੁਦਮਨ ਸਿੰਘ ਮਲਿਕ ਦਾ ਨਾਂ ਵੀ ਜੁੜਿਆ ਰਿਹਾ। ਸੰਨ 2019 ਵਿਚ ਮਲਿਕ ਨੂੰ ਮੋਦੀ ਸਰਕਾਰ ਵੱਲੋਂ ਵੀਜ਼ਾ ਮਿਲਣ 'ਤੇ, ਉਹ ਦਰਬਾਰ ਸਾਹਿਬ ਗਏ। ਇਸ ਦੌਰਾਨ ਵੀਜ਼ਾ ਮਿਲਣ ਲਈ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਆਗੂਆਂ ਦਾ ਮੀਡੀਆ ਵਿੱਚ ਖੁੱਲ੍ਹੇ ਰੂਪ ਵਿੱਚ ਮਲਿਕ ਦੇ ਭਰਾ ਵੱਲੋਂ ਧੰਨਵਾਦ ਕੀਤਾ ਗਿਆ। ਮੋਦੀ ਸਰਕਾਰ ਦੀ ਮਿਹਰਬਾਨੀ ਲਈ ਸ਼ੁਕਰਾਨਾ ਕਰਦਿਆਂ ਸੰਨ 2022 ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਵਿਚ ਮਲਿਕ ਵੱਲੋਂ ਲਿਖਿਆ ਖ਼ਤ ਵਿਵਾਦਪੂਰਨ ਰਿਹਾ। ਮੋਦੀ ਸਰਕਾਰ ਦੇ ਸੋਹਲੇ ਗਾਉਣ ਵਾਲੇ ਇਸ ਖਤ ਰਾਹੀਂ ਉਨ੍ਹਾਂ ਕੈਨੇਡੀਅਨ ਸਿੱਖਾਂ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਲਈ ਹਮਾਇਤ ਜੁਟਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਭਾਰਤ ਦੀ ਭਾਜਪਾ ਸਰਕਾਰ ਦੀ ਖੁੱਲ੍ਹਮ- ਖੁੱਲ੍ਹੀ ਹਮਾਇਤ ਕਰਨ 'ਤੇ ਮਲਿਕ ਨੂੰ ਕੈਨੇਡਾ ਦੇ ਪੰਥਕ ਹਲਕਿਆਂ ਵਿਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਇਹ ਵਿਰੋਧ ਮਲਿਕ ਦਾ ਨਿੱਜੀ ਵਿਰੋਧ ਨਾ ਹੋ ਕੇ, ਉਹਨਾਂ ਦੀ ਮੋਦੀ ਸਰਕਾਰ ਪ੍ਰਤੀ ਹਮਾਇਤ ਦਾ ਵਿਰੋਧ ਸੀ, ਜਿਸ ਵਿੱਚ ਸੁਹਿਰਦ ਸਿੱਖਾਂ ਤੋਂ ਇਲਾਵਾ ਅਗਾਂਹਵਧੂ ਸੋਚ ਵਾਲੇ ਲੋਕ ਵੀ ਸ਼ਾਮਲ ਸਨ। ਦੂਜੇ ਪਾਸੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਬਰੀ ਹੋਣ ਦੇ ਬਾਵਜੂਦ ਕਈ ਦਹਾਕਿਆਂ ਤਕ ਮਲਿਕ ਦਾ ਵਿਰੋਧ ਕਰਨ ਵਾਲੇ ਭਾਰਤ ਸਰਕਾਰ ਪੱਖੀ ਕੈਨੇਡੀਅਨ ਗਰੁੱਪ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੀ ਹਮਾਇਤ ਵਿਚ ਡਟ ਗਏ ਸਨ। ਅਜਿਹੀ ਧੜੇਬੰਦੀ ਬਕਾਇਦਾ ਏਜੰਸੀਆਂ ਦੀ ਘਾੜਤ ਸੀ, ਜਿਸ ਵਿੱਚ ਮੋਦੀ ਸਰਕਾਰ ਪੱਖੀ ਭਾਰਤੀ ਮੀਡੀਆ ਅਤੇ ਉਸ ਦੇ ਹਮਾਇਤੀ ਕੈਨੇਡਾ ਦੇ ਖਾਸ ਵਰਗ ਨੇ ਪੁਰਜ਼ੋਰ ਸਰਗਰਮੀ ਭੂਮਿਕਾ ਨਿਭਾਈ ਸੀ।
ਇਸ ਦੀ ਪ੍ਰਤੱਖ ਮਿਸਾਲ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਹੀ, ਕੁਝ ਇੰਡੋ ਕਨੇਡੀਅਨ ਨਿਊਜ਼ ਅਦਾਰੇ ਸਰਕਾਰ ਪੱਖੀ ਖਾਸ ਬਿਰਤਾਂਤ ਘੜਨਾ ਸ਼ੁਰੂ ਕਰ ਦਿੰਦੇ ਹਨ ਕਿ ਮਲਿਕ ਦਾ ਕਤਲ ਉਸ ਵੱਲੋਂ ਮੋਦੀ ਦੀ ਹਮਾਇਤ ਵਿਚ ਲਿਖੇ ਪੱਤਰ ਕਾਰਨ ਹੋਇਆ ਹੈ। ਇੱਥੇ ਹੀ ਬਸ ਨਹੀਂ ਭਾਰਤ ਦੀਆਂ ਗੋਦੀ ਨਿਊਜ਼ ਏਜੰਸੀਆਂ ਸਰਕਾਰੀ ਏਜੰਸੀਆਂ ਦੇ ਦਿਸ਼ਾ ਨਿਰਦੇਸ਼ 'ਤੇ ਕੁਝ ਸਿੱਖਾਂ, ਵਿਸ਼ੇਸ਼ ਸਿੱਖ ਸੰਸਥਾਵਾਂ ਅਤੇ ਕੁਝ ਮੀਡੀਆ ਅਦਾਰਿਆਂ ਦਾ ਨਾਮ ਲਿਖ ਕੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੰਦੀਆਂ ਹਨ ਕਿ ਉਨ੍ਹਾਂ ਵੱਲੋਂ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੇ ਤਿੱਖੇ ਵਿਰੋਧ ਕਾਰਨ ਹੀ ਕਤਲ ਦਾ ਮਾਹੌਲ ਸਿਰਜਿਆ ਗਿਆ।
ਚਾਹੇ ਬ੍ਰਿਟਿਸ਼ ਕੋਲੰਬੀਆ ਦੀ ਕਤਲਾਂ ਦੀ ਜਾਂਚ ਕਰਨ ਵਾਲੀ ਪੁਲਿਸ ਏਜੰਸੀ ਵੱਲੋਂ ਮਲਿਕ ਦੀ ਹੱਤਿਆ ਦੇ ਮਾਮਲੇ 'ਚ ਸਾਰਿਆਂ ਨੂੰ, ਕਿਸੇ ਵੀ ਤਰ੍ਹਾਂ ਦੇ ਅੰਦਾਜ਼ੇ ਲਾਉਣ ਅਤੇ ਅਫਵਾਹ ਫੈਲਾਉਣ ਤੋਂ ਵਰਜਿਆ ਗਿਆ ਹੈ, ਪਰ ਇਸ ਦੇ ਬਾਵਜੂਦ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਅਤੇ ਏਜੰਸੀਆਂ ਵੱਲੋਂ ਮਲਿਕ ਦੀ ਮੋਦੀ ਦੀ ਹਮਾਇਤ ਵਿੱਚ ਚਿੱਠੀ ਲਿਖਣ ਨੂੰ ਲੈ ਕੇ, ਹੋਏ ਵਿਰੋਧ ਨੂੰ ਮਲਿਕ ਦੀ ਹੱਤਿਆ ਦੀ ਵਜ੍ਹਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਮੀਡੀਆ ਅਦਾਰਿਆਂ ਅਤੇ ਏਜੰਸੀਆਂ ਵਲੋਂ, 'ਮੀਡੀਆ ਟਰਾਇਲ' ਚਲਾ ਕੇ, ਮਲਿਕ ਵਿਰੋਧੀਆਂ 'ਤੇ ਕਤਲ ਲਈ ਉਂਗਲੀ ਉਠਾਉਂਦਿਆਂ, ਕੈਨੇਡਾ ਦੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਾਹੌਲ ਸਿਰਜਣ ਦੀਆਂ ਸਾਜ਼ਿਸ਼ਾਂ ਜ਼ੋਰਾਂ 'ਤੇ ਹਨ। ਗੁੰਮਰਾਹਕੁਨ ਪ੍ਰਚਾਰ ਅਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ, ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਸੰਸਥਾ 'ਬੀ ਸੀ ਸਿੱਖ ਕੌਂਸਲ' ਵੱਲੋਂ ਕੈਨੇਡਾ ਦੀ ਜਨਤਕ ਸੁਰੱਖਿਆ ਮਹਿਕਮੇ ਦੇ ਮੰਤਰੀ ਨੂੰ ਪੱਤਰ ਵਿੱਚ ਲਿਖਿਆ ਗਿਆ ਕਿ ਰਿਪੁਦਮਨ ਸਿੰਘ ਮਲਿਕ ਦੀ ਹਾਲ ਹੀ ਵਿੱਚ ਹੋਈ ਹੱਤਿਆ ਦੀ ਜਾਂਚ ਕੀਤੀ ਜਾਵੇ। ਬੀਸੀ ਸਿੱਖ ਕੌਂਸਲ ਵਲੋਂ ਲਿਖੇ ਪੱਤਰ ਅਨੁਸਾਰ 40 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖ ਭਾਈਚਾਰੇ ਦੇ ਇੱਕ ਉੱਚ-ਪੱਧਰ ਦੇ ਮੈਂਬਰ ਵਜੋਂ, ਮਲਿਕ ਨੂੰ ਖਾਲਸਾ ਸਕੂਲ (3000 ਤੋਂ ਵੱਧ ਵਿਦਿਆਰਥੀਆਂ ਵਾਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡਾ ਪ੍ਰਾਈਵੇਟ ਸਕੂਲ) ਅਤੇ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਇਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਨੂੰ, ਇੱਕ ਭਾਈਚਾਰਕ ਕੇਂਦਰਿਤ ਬੈਂਕ ਵਜੋਂ ਸਥਾਪਤ ਕਰਨ ਵਿੱਚ, ਮਦਦ ਕਰਨ ਦਾ ਸਿਹਰਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਅੰਦਰ ਅਤੇ ਇਸ ਤੋਂ ਬਾਹਰ ਦੇ ਇਹਨਾਂ ਯਤਨਾਂ ਨੇ, ਮਲਿਕ ਨੂੰ ਕਈ ਸਰਕਲਾਂ ਵਿੱਚ, ਇੱਕ ਜਾਣੇ-ਪਛਾਣੇ ਅਤੇ ਸਤਿਕਾਰਤ ਮੈਂਬਰ ਵਜੋਂ ਸਥਾਪਤ ਕੀਤਾ ਸੀ।
ਮੰਗ ਪੱਤਰ ਵਿਚ ਜ਼ਿਕਰ ਕੀਤਾ ਗਿਆ ਕਿ ਮਲਿਕ ਬਾਰੇ ਅਜਿਹੀ ਜਾਣਕਾਰੀ ਦਾ ਮਕਸਦ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਨਾ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੀ ਜਾਂਚ ਪੂਰੀ ਤਰ੍ਹਾਂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ। ਇਸ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਸੰਭਾਵੀ ਸ਼ਮੂਲੀਅਤ ਦੀ ਜਾਂਚ ਵੀ ਸ਼ਾਮਲ ਹੋਵੇ।
ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਕੀ ਭਾਰਤੀ ਖੁਫੀਆ ਅਧਿਕਾਰੀਆਂ ਨੂੰ, ਅਪਰਾਧ ਬਾਰੇ ਕੋਈ ਪਹਿਲਾਂ ਤੋਂ ਜਾਣਕਾਰੀ ਸੀ ਅਤੇ ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਗੋਲੀਬਾਰੀ ਦੇ ਮੀਡੀਆ ਚਿੱਤਰਣ ਜਾਂ ਬਾਅਦ ਦੇ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ, ਜੋ ਕਿ ਦੇਸ਼ ਭਰ ਵਿੱਚ ਉਭਰ ਰਿਹਾ ਹੈ। ਜਨਤਕ ਖੇਤਰ ਦੇ ਸਰੋਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਰਿਕਾਰਡ ਤੇ ਮਹੱਤਵਪੂਰਨ ਸਬੂਤ ਮੌਜੂਦ ਹਨ, ਜੋ ਇਹ ਸਥਾਪਿਤ ਕਰਦੇ ਹਨ ਕਿ ਭਾਰਤੀ ਅਧਿਕਾਰੀਆਂ ਅਤੇ ਖੁਫੀਆ ਕਾਰਜਕਰਤਾਵਾਂ ਨੇ, ਕਈ ਦਹਾਕਿਆਂ ਤੋਂ ਖਬਰਾਂ ਦੀ ਕਵਰੇਜ ਤਿਆਰ ਕਰਾਉਦਿਆਂ, ਮੀਡੀਆ ਆਊਟਲੇਟਾਂ ਨੂੰ ਆਪਣੀ ਰਿਪੋਰਟਿੰਗ ਨੂੰ ਪ੍ਰਭਾਵਿਤ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ ਅਤੇ ਕਈ ਦਹਾਕਿਆਂ ਤੋਂ ਨਿਸ਼ਾਨਾ ਸਾਧਦਿਆਂ, ਇਸ ਨੂੰ ਹੋਰ ਵਧਾਇਆ ਹੈ। ਇਹ ਭਾਰਤੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੀਮਤ 'ਤੇ ਹੋਇਆ ਹੈ। 1988 ਦੀ ਗਲੋਬ ਐਂਡ ਮੇਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਰਤੀ ਖੁਫੀਆ ਏਜੰਟਾਂ ਨੇ 1980 ਦੇ ਦਹਾਕੇ ਤੋਂ ਹੀ ਇਸ ਮਕਸਦ ਨੂੰ ਅੱਗੇ ਵਧਾਉਣ ਲਈ, ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰਨ ਲਈ ਭੁਗਤਾਨ ਕੀਤੇ ਸਨ ਅਤੇ ਮੁਖਬਰਾਂ ਅਤੇ ਭੜਕਾਊ ਲੋਕਾਂ ਦਾ ਇੱਕ ਨੈਟਵਰਕ ਸਥਾਪਤ ਕੀਤਾ ਸੀ।
ਹਾਲ ਹੀ ਵਿੱਚ, ਕੈਨੇਡੀਅਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਨੇ, ਵਿਦੇਸ਼ੀ ਦਖਲ ਨਾਲ ਸਬੰਧਤ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਭਾਰਤ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖੋਜਾਂ ਦੇ ਸਬੰਧ ਵਿੱਚ ਭਾਰੀ ਸੋਧ ਕੀਤੇ ਜਾਣ ਦੇ ਬਾਵਜੂਦ, ਇੱਕ 2018 ਦੀ ਰਿਪੋਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਸੰਚਾਲਕਾਂ ਨੇ ਇੱਕ ਖਾਸ ਬਿਰਤਾਂਤ ਨੂੰ ਵਧਾਉਣ ਲਈ ਚੱਲ ਰਹੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਕੈਨੇਡਾ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਗਰਦਾਨਦੇ ਹੋਏ ਭਾਰਤੀ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ ਸੀ। ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਡੇਵਿਡ ਜੀਨ, ਨੇ ਵੀ ਰਿਕਾਰਡ ਵਿਚ ਸਪੱਸ਼ਟ ਤੌਰ 'ਤੇ ਦੱਸਿਆ ਕਿ ਭਾਰਤੀ ਖੁਫੀਆ ਆਪਰੇਟਿਵ, ਕੈਨੇਡੀਅਨ ਮੀਡੀਆ ਆਊਟਲੇਟਾਂ ਰਾਹੀਂ ਸਰਗਰਮੀ ਨਾਲ, ਝੂਠੇ ਬਿਰਤਾਂਤ ਘੜ ਰਹੇ ਸਨ ਅਤੇ ਪ੍ਰਚਾਰ ਰਹੇ ਸਨ।
ਏ ਬੀ ਬਨਾਮ ਕੈਨੇਡਾ (ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ), 2020 ਐਫ ਸੀ 461 ਵਿੱਚ ਫੈਡਰਲ ਕੋਰਟ ਆਫ਼ ਕਨੇਡਾ ਦੀਆਂ ਖੋਜਾਂ ਦੁਆਰਾ, ਇਸ ਦੀ ਹੋਰ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਕਿ ਭਾਰਤੀ ਖੁਫੀਆ ਤੰਤਰ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਕੰਮ ਸੌਂਪ ਕੇ, ਕੈਨੇਡੀਅਨ ਚੋਣ ਪ੍ਰਕਿਰਿਆਵਾਂ, ਸਰਕਾਰੀ ਨੀਤੀ ਅਤੇ ਮੀਡੀਆ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਦਾ ਹੈ। ਭਾਰਤ ਸਰਕਾਰ ਦੀ ਤਰਫੋਂ ਕੈਨੇਡੀਅਨ ਸਰਕਾਰ ਦੇ ਨੁਮਾਇੰਦਿਆਂ ਅਤੇ ਏਜੰਸੀਆਂ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕਰਨਾ ਇਸ ਬਿਰਤਾਂਤ ਦਾ ਉਦੇਸ਼ ਹੈ। ਇਹ ਨਾਪਾਕ ਗਤੀਵਿਧੀਆਂ, ਨਾ ਸਿਰਫ਼ ਕੈਨੇਡੀਅਨ ਸੰਸਥਾਵਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਸਰਕਾਰਾਂ ਨੂੰ ਦਬਾਏ ਜਾ ਰਹੇ ਭਾਈਚਾਰਿਆਂ ਨੂੰ ਹੋਰ ਦਬਾਉਣ ਲਈ ਰਾਜ਼ੀ ਕਰਕੇ, ਸਿੱਖਾਂ ਨੂੰ ਨਸਲੀ ਸਮੂਹ ਵਜੋਂ ਪਰਿਭਾਸ਼ਤ ਕਰਦੀਆਂ ਹਨ। ਇਸ ਤੋਂ ਵੀ ਅੱਗੇ ਜਨਤਕ ਮਾਨਤਾ ਦੀ ਘਾਟ, ਭਾਰਤੀ ਅਧਿਕਾਰੀਆਂ ਨੂੰ ਪੰਜਾਬ ਅਤੇ ਵਿਦੇਸ਼ਾਂ ਵਿੱਚ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ। ਗਲੋਬਲ ਭਾਈਚਾਰਕ ਸਰਗਰਮੀ ਵਜੋਂ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਵਿਰੁੱਧ ਚੱਲ ਰਿਹਾ ਅਪਰਾਧੀਕਰਨ, ਭਾਰਤ ਦੇ ਘਰੇਲੂ ਤੌਰ 'ਤੇ ਅਸਹਿਮਤੀ ਵਾਲੇ ਅਪਰਾਧੀਕਰਨ ਦਾ ਅਤੇ ਇਸਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦਾ, ਵਿਸਤਾਰ ਹੈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਪਬਲਿਕ ਸੇਫਟੀ ਮੰਤਰੀ ਹੋਣ ਦੇ ਨਾਤੇ, ਇਹ ਜ਼ਰੂਰੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੇ ਕਤਲ ਅਤੇ ਇਸ ਤੋਂ ਅੱਗੇ ਦੇ ਸਬੰਧ ਵਿੱਚ, ਇਹਨਾਂ ਗਤੀਵਿਧੀਆਂ ਦੀ ਪੂਰੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੋ। ਅਜਿਹੀ ਜਾਂਚ ਦੇ ਨਤੀਜਿਆਂ ਨੂੰ ਅੱਗੇ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਸਾਰੇ ਭਾਈਚਾਰਿਆਂ ਨੂੰ, ਕੈਨੇਡਾ ਦੀਆਂ ਸਿਆਸੀ ਸੰਸਥਾਵਾਂ ਅਤੇ ਪੱਤਰਕਾਰੀ ਦੀ ਆਜ਼ਾਦੀ ਨੂੰ, ਕਮਜ਼ੋਰ ਕਰਨ ਦੀਆਂ ਇਨ੍ਹਾਂ ਗੈਰ-ਕਾਨੂੰਨੀ ਕੋਸ਼ਿਸ਼ਾਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਕਤਲ ਕੈਨੇਡਾ ਵਿਚ ਹੋਇਆ ਤੇ ਮੀਡੀਆ ਟਰਾਇਲ ਭਾਰਤ ਵਿੱਚ ਚੱਲਿਆ, ਉਹ ਵੀ ਮੀਡੀਆ ਦੇ ਇਕ ਖਾਸ ਹਿੱਸੇ ਵੱਲੋਂ, ਜਿਹੜੇ ਸਰਕਾਰ ਦੀ ਹਰ ਨੀਤੀ ਦੇ ਗੁੱਡੇ ਬਣਦੇ ਹੋਣ। ਦੂਜੇ ਪਾਸੇ ਗੋਦੀ ਮੀਡੀਆ ਤੇ ਉਸ ਦੇ ਹਮਾਇਤੀ ਕੈਨੇਡੀਅਨ ਅਦਾਰਿਆਂ ਵੱਲੋਂ ਜਿਨ੍ਹਾਂ ਲੋਕਾਂ 'ਤੇ ਉਂਗਲ ਉਠਾਈ ਜਾ ਰਹੀ ਹੈ, ਉਹ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਹਨ। ਇਹ ਉਹੀ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਐਲਾਨਨਾਮਾ ਜਾਰੀ ਕਰਵਾ ਕੇ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੀ 2015 ਵਿਚ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ,ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਜਿਹੜੇ ਉਸ ਵੇਲੇ ਨਰਿੰਦਰ ਮੋਦੀ ਦਾ ਸਵਾਗਤ ਕਰ ਰਹੇ ਸਨ ਅਤੇ ਉਸ ਨੂੰ ਸ਼ਾਂਤੀ ਦਾ ਮਸੀਹਾ ਕਰਾਰ ਦੇ ਰਹੇ ਸਨ, ਅੱਜ ਉਹੀ ਮਲਿਕ ਹੱਤਿਆ ਮਾਮਲੇ ਵਿੱਚ ਮਗਰਮੱਛ ਦੇ ਹੰਝੂ ਸੁੱਟ ਰਹੇ ਹਨ।
ਰਿਪੁਦਮਨ ਸਿੰਘ ਮਲਿਕ ਦੀ ਸੰਨ 2019 ਵਿਚ ਦਰਬਾਰ ਸਾਹਿਬ ਫੇਰੀ ਮੌਕੇ ਦੀ ਤਸਵੀਰ।
ਰਿਪੁਦਮਨ ਸਿੰਘ ਮਲਿਕ ਦੀ ਪਰਿਵਾਰ ਸਮੇਤ ਯਾਦਗਾਰੀ ਤਸਵੀਰ
"ਕੁਝ ਤੋਂ ਮਜਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫ਼ਾ ਨਹੀਂ ਹੋਤਾ.." - ਡਾ ਗੁਰਵਿੰਦਰ ਸਿੰਘ
ਚੰਡੀਗੜ੍ਹ ਬਾਰੇ ਬੇਵਸੀ ਅਤੇ ਬੇਵਫਾਈ ਭਰਿਆ ਬੇਤੁਕਾ ਬਿਆਨ ਵਾਪਸ ਲੈਣ ਤੋਂ ਬਗੈਰ, ਬੇਚਾਰੇ ਭਗਵੰਤ ਮਾਨ ਜੀ, ਤੁਹਾਡੇ ਕੋਲ ਕੋਈ ਰਾਹ ਨਹੀਂ ਬਚਿਆ। ਮੁੱਖ ਮੰਤਰੀ ਹੁੰਦਿਆਂ ਵੀ ਕਿਹੜੀਆਂ ਮਜਬੂਰੀਆਂ ਕਾਰਨ ਬੇਵੱਸ ਹੋ ਕੇ ਪੰਜਾਬ ਨਾਲ ਬੇਵਫਾਈ ਕਰ ਰਹੇ ਹੋ, ਇਹ ਸਭ ਜਾਣਦੇ ਹਨ। ਤੁਹਾਡੀ ਬੇਵਫ਼ਾਈ ਤੋਂ ਇਉਂ ਲੱਗਣ ਲੱਗਿਆ ਹੈ ਕਿ ਅਮਿਤ ਸ਼ਾਹ ਤੋਂ ਹਰਿਆਣੇ ਲਈ ਚੰਡੀਗਡ਼੍ਹ 'ਚ ਹਾਈ ਕੋਰਟ ਬਣਾਉਣ ਦਾ ਬਿਆਨ ਦੁਆਇਆ ਹੀ ਤੁਹਾਡੇ ਆਗੂ ਕੇਜਰੀਵਾਲ ਨੇ ਹੈ। ਹੁਣ ਰਾਘਵ ਚੱਡੇ ਦੀ ਅਗਵਾਈ 'ਚ ਮੁੱਖ ਮੰਤਰੀ ਉਪਰ 'ਸੁਪਰ ਮੁੱਖ ਮੰਤਰੀ' ਵਾਲੀ ਟੀਮ ਬਣਾਉਣ ਵਾਲਾ ਗੈਰ- ਵਿਧਾਨਕ ਕਦਮ ਵੀ ਤੁਹਾਨੂੰ ਬਰਬਾਦ ਕਰੇਗਾ। ਪਹਿਲਿਆਂ ਸਿਆਸਤਦਾਨਾਂ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਅਤੇ ਹੋਰਨਾਂ ਦੀਆਂ ਬਦਨੀਤੀਆਂ ਕਰਕੇ ਪੰਜਾਬੀਆਂ ਨੇ ਤੁਹਾਨੂੰ ਬਲ ਬਖ਼ਸ਼ਿਆ ਸੀ, ਪਰ ਤੁਹਾਡਾ ਵੀ ਬਿਲਕੁਲ ਬੇੜਾ ਬਹਿ ਗਿਆ ਲੱਗਦਾ ਹੈ। ਤੁਸੀਂ ਪੰਜਾਬ ਯੂਨੀਵਰਸਿਟੀ ਕੇਂਦਰ ਤੋਂ ਤਾਂ ਕੀ ਬਚਾਉਣੀ ਹੈ, ਤੁਸੀਂ ਤਾਂ ਬਚਿਆ-ਖੁਚਿਆ ਵੀ ਭਿਖਾਰੀਆਂ ਵਾਂਗ ਕੇਂਦਰ ਤੋਂ ਮੰਗ ਰਹੇ ਹੋ। ਬਲਕਿ ਆਪਣੇ ਹੱਥੀਂ ਲੁਟਾ ਰਹੇ ਹੋ, ਇਹ ਕਹਿ ਕੇ ਕਿ 'ਸਾਡੇ ਸਾਰੇ ਘਰ 'ਚੋਂ ਸਾਨੂੰ ਹਿੱਸਾ ਦੇ ਦਿਓ'। ਵਾਹ ਭਗਵੰਤ ਸਿਹਾਂ! ਕੀਹਨੂੰ ਪੁੱਛ ਕੇ ਇਹ ਬਿਆਨ ਦਿੱਤਾ ਤੁਸੀਂ? ਕੀ ਹੱਕ ਹੈ ਤੁਹਾਨੂੰ ਚੰਡੀਗਡ਼੍ਹ ਦੇ ਨਾਂ 'ਤੇ ਕੇਂਦਰ ਨਾਲ ਸਮਝੌਤਾ ਕਰਨ ਦਾ ? ਤੁਸੀਂ ਹਰਿਆਣੇ 'ਚ ਜਾਂ ਹੋਰ ਸੂਬੇ ਵਿਚ ਚੋਣਾਂ ਤਾਂ ਕੀ ਜਿੱਤਣੀਆਂ ਹਨ, ਪੰਜਾਬ ਵਿੱਚ ਵੀ ਆਪਣੀ ਹਸਤੀ ਖ਼ਤਮ ਕਰ ਲਵੋਗੇ ਅਤੇ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ! ਤੁਹਾਡੀ ਬੇਵਫ਼ਾਈ 'ਤੇ ਬਸ਼ੀਰ ਬਦਰ ਸਾਹਿਬ ਦਾ ਇਹ ਸ਼ੇਅਰ ਬਿਲਕੁਲ ਢੁਕਦਾ ਹੈ ਅਤੇ ਇਸ ਦਾ ਜਵਾਬ ਵੀ ਤੁਸੀਂ ਹੀ ਦੇ ਸਕਦੇ ਹੋ :
"ਕੁਛ ਤੋਂ ਮਜਬੂਰੀਆਂ ਰਹੀ ਹੋਂਗੀ
ਯੂੰ ਕੋਈ ਬੇਵਫ਼ਾ ਨਹੀਂ ਹੋਤਾ।"
ਹੁਣ ਵੇਖਣਾ ਇਹ ਹੈ ਕਿ ਤੁਹਾਡੇ ਸੋਹਲੇ ਗਾਉਣ ਵਾਲੇ ਲੇਖਕ, ਕਵੀ, ਕਲਾਕਾਰ ਆਦਿ ਤੁਹਾਡੇ ਬਦ-ਦਿਮਾਗੀ ਅਤੇ ਬੇਵਫਾਈ ਭਰੇ ਬਿਆਨ 'ਤੇ ਤੁਹਾਨੂੰ ਲਾਹਨਤਾਂ ਪਾਉਂਦੇ ਹਨ ਜਾਂ ਮੂੰਹ ਰੱਖ ਕੇ 'ਮੂਰਖ' ਹੀ ਸਾਬਤ ਹੁੰਦੇ ਹਨ। ਸੁਹਿਰਦ ਸੱਜਣ ਉਹ ਹੁੰਦਾ ਹੈ, ਜੋ ਤਬਾਹ ਹੋਣ ਤੋਂ ਪਹਿਲਾਂ ਸਾਵਧਾਨ ਕਰਦਿਆਂ ਆਖੇ ਕਿ ਬਚ ਜਾਓ ਜੇਕਰ ਬਚ ਸਕਦੇ ਹੋ। ਆਪਣੇ ਆਲੇ -ਦੁਆਲੇ ਤੋਂ ਬਚਣ ਦੀ ਵਧੇਰੇ ਲੋੜ ਹੈ। ਕਿਸੇ ਸ਼ਾਇਰ ਦੇ ਕਥਨ ਸੱਚ ਹਨ.. "ਰਾਸਤਾ ਕਾਟਤੀ ਬਿੱਲੀ ਕਾ ਸਬੱਬ ਮੱਤ ਪੂਛੋ, ਸਾਥ ਚਲਤੇ ਹੂਏ ਲੋਗੋਂ ਸੇ ਖਬਰਦਾਰ ਰਹੋ.."
ਆਖ਼ਰੀ ਮੌਕਾ ਹੈ! ਕੇਂਦਰ ਅੱਗੇ ਲੇਲ੍ਹੜੀਆਂ ਕੱਢਣ ਦੀ ਥਾਂ, ਸਿੱਧੇ ਹੋ ਕੇ ਟੱਕਰੋ ਤੇ ਇਹ ਕਹੋ ਕਿ ਚੰਡੀਗਡ਼੍ਹ ਵਿਚ ਹਰਿਆਣੇ ਲਈ ਵਿਧਾਨ ਸਭਾ ਦੀ ਥਾਂ ਦੇਣਾ ਬਿਲਕੁਲ ਗਲਤ ਹੈ। ਇਸ ਦੇ ਖ਼ਿਲਾਫ਼ ਆਵਾਜ਼ ਉਠਾਓ। ਆਪਣੇ ਹੀ ਘਰ ਦੇ ਦਰ ਮੂਹਰੇ, ਠੂਠਾ ਫੜ ਕੇ ਭੀਖ ਮੰਗਦੇ ਚੰਗੇ ਨਹੀਂ ਲੱਗਦੇ। ਚੰਡੀਗਡ਼੍ਹ ਪੰਜਾਬ ਦਾ ਸੀ, ਹੈ ਤੇ ਰਹੇਗਾ। ਚੰਡੀਗੜ੍ਹ ਬਾਰੇ ਤਾਂ ਸਾਡੇ ਲੋਕ ਅਖਾਣ ਵੀ ਬਣ ਚੁੱਕੇ ਹਨ, ਜੋ ਸ਼ਾਇਦ ਤੁਹਾਡੇ ਕੰਨਾਂ 'ਚ ਗੂੰਜਣ ਅਤੇ ਗ਼ਾਫਿਲ ਦੀ ਨੀਂਦ ਸੁੱਤਿਆਂ ਨੂੰ ਜਗਾ ਦੇਣ ...
"ਖਿੜਿਆ ਫੁੱਲ ਗੁਲਾਬ ਦਾ
ਚੰਡੀਗੜ੍ਹ ਪੰਜਾਬ ਦਾ.. "
ਡਾ ਗੁਰਵਿੰਦਰ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਖ਼ਾਲਸਾ ਰਾਜ - ਡਾ. ਗੁਰਵਿੰਦਰ ਸਿੰਘ
ਖਾਲਸਾ ਰਾਜ ਦੇ ਸੰਘਰਸ਼ ਦਾ ਮੁੱਢ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਨਾਲ ਬੱਝਦਾ ਹੈ, ਜਿਹਨਾਂ ਜਗੀਰਦਾਰੀ, ਰਜਵਾੜਾਸ਼ਾਹੀ ਦਾ ਬਰਜੂਆ ਢਾਂਚਾ ਤਬਾਹ ਕਰਕੇ, ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਇਤਿਹਾਸਕ ਤੱਥ ਹੈ ਕਿ ਫਰਾਂਸ ਦੇ ਇਨਕਲਾਬ ਤੋਂ ਸੱਤ ਦਹਾਕੇ ਪਹਿਲਾਂ ਅਤੇ ਰੂਸ ਦੀ ਕ੍ਰਾਂਤੀ ਤੋਂ ਕਰੀਬ ਦੋ ਸਦੀਆਂ ਪਹਿਲਾਂ, ਖਾਲਸਾ ਰਾਜ ਦੀ ਕਾਇਮੀ ਨਿਤਾਣਿਆਂ ਅਤੇ ਨਿਆਸਰਿਆਂ ਲਈ ਮਾਣ-ਤਾਣ ਅਤੇ ਓਟ-ਆਸਰਾ ਬਣੀ। ਵਿਸ਼ਵ ਦੇ ਇਤਿਹਾਸ ਵਿੱਚ ਖਾਲਸਾ ਰਾਜ ਪਹਿਲਾ ਚਾਨਣ-ਮੁਨਾਰਾ ਹੈ, ਜਿਸ ਨੇ ਕਿਰਤੀਆਂ- ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਬਖਸ਼ ਕੇ, ਗੁਲਾਮੀ ਦੀ ਜੜ੍ਹ ਪੁੱਟੀ ਅਤੇ ਵਰਣ- ਆਸ਼ਰਮ ਅਤੇ ਜਾਤੀ ਵਿਵਸਥਾ ਖਤਮ ਕਰਕੇ ਸਾਂਝੀਵਾਲਤਾ ਦਾ ਸਮਾਜ ਗੁਰੂ ਸਿਧਾਂਤ ਅਨੁਸਾਰ ਸਿਰਜਿਆ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਿਰਜੇ ਰਾਜ ਦਾ ਮੁਖ ਆਧਾਰ ਸੱਚੀ ਪਾਤਸ਼ਾਹੀ ਹੈ, ਜਿਸ ਨੂੰ 'ਬੇਗਮਪੁਰਾ ਤੇ ਹਲੇਮੀ ਰਾਜ' ਦਾ ਸਰੂਪ ਕਿਹਾ ਜਾ ਸਕਦਾ ਹੈ। ਪ੍ਰੋ. ਬਲਵਿੰਦਰ ਪਾਲ ਸਿੰਘ ਨੇ 'ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ' ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਿਹਾਸਕਾਰਾਂ ਵਲੋਂ ਪਾਏ ਭੁਲੇਖਿਆਂ ਨੂੰ ਖਤਮ ਕਰਨ ਦਾ, ਇਤਿਹਾਸਕ ਤੱਥਾਂ ਰਾਹੀਂ ਸ਼ਲਾਘਾਯੋਗ ਕਾਰਜ ਕੀਤਾ ਹੈ।
ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਕਰਨ ਵਿਚ ਨਾ ਤਾਂ ਮੁਗਲੀਆ ਕਾਲ ਦੇ ਲੇਖਕਾਂ, ਨਾ ਅੰਗਰੇਜ਼ ਇਤਿਹਾਸਕਾਰਾਂ, ਨਾ ਹਿੰਦੂਤਵੀ ਸੋਚ ਦੇ ਧਾਰਨੀ ਲੇਖਕਾਂ ਅਤੇ ਨਾ ਹੀ ਕੁਝ ਸਿੱਖ ਲਿਖਾਰੀਆਂ ਨੇ ਕੋਈ ਕਸਰ ਬਾਕੀ ਛੱਡੀ ਹੈ। ਮਨੂੰਵਾਦੀ ਸੋਚ ਦੇ ਧਾਰਨੀ ਲੇਖਕ ਪਰਮਾਨੰਦ ਨੇ ਹਿੰਦੀ ਲਿਖਤ ‘ਬੀਰ ਵੈਰਾਗੀ’ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਵੈਰਾਗੀ ਕਰਾਰ ਦੇ ਕੇ, ਖਾਲਸਈ ਸਿਧਾਂਤਾਂ ਦੇ ਮੂਲ ਨਾਲੋਂ ਹੀ ਤੋੜਨ ਦੀ ਗਹਿਰੀ ਸਾਜ਼ਿਸ਼ ਰਚੀ। ਅੱਜ ਵੀ ਮਨੂੰਵਾਦੀਆਂ ਦਾ ਜ਼ੋਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਵੈਰਾਗੀ ਬਣਾਉਣ ਉੱਤੇ ਲੱਗਿਆ ਹੋਇਆ ਹੈ, ਜਦ ਕਿ ਅਸਲੀਅਤ ਵਿੱਚ ਉਹ ਮੀਰੀ ਤੇ ਪੀਰੀ ਦੇ ਸੁਮੇਲ ਵਿਚੋਂ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜਿਆ ਗਿਆ ਮੁਕੰਮਲ ਬੰਦਾ ਸੀ, ਜਿਸ ਨੂੰ ਖਾਲਸਾ ਰਾਜ ਦੇ ਉਸਰੱਈਏ ਦਾ ਰੁਤਬਾ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਖਾਲਸਾ ਰਾਜ ਦੇ ਦੋਖੀਆਂ ਵਿੱਚ ਮੁਗਲ ਸਾਮਰਾਜ ਦਾ ਸਾਥ ਦੇ ਕੇ ਖੈਰਾਤਾਂ ਲੈਣ ਵਾਲੇ ਗੁਲਾਮਾਂ ਵਿੱਚ ਮਨੂੰਵਾਦੀ ਰਾਜਿਆਂ ਦੀ ਕਤਾਰ ਵੀ ਬਹੁਤ ਲੰਮੀ ਹੈ।
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪੂਤ ਰਾਜਿਆਂ ਨੂੰ ਮੁਗਲ ਹਕੂਮਤ ਖਿਲਾਫ਼ ਗੱਠਜੋੜ ਲਈ ਸੱਦਾ ਦਿੱਤਾ ਸੀ, ਪਰ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੱਦਾਰੀ ਕਰਕੇ ਅਤੇ ਮੁਗਲ ਸਾਮਰਾਜ ਦਾ ਸਾਥ ਦੇ ਕੇ ਉਹੀ ਇਤਿਹਾਸ ਦੁਹਰਾਇਆ, ਜੋ ਗੁਰੂ ਗੋਬਿੰਦ ਸਿੰਘ ਜੀ ਸਮੇਂ ਪਹਾੜੀ ਰਾਜਿਆਂ ਨੇ ਮੱਕਾਰੀ ਤੇ ਗੱਦਾਰੀ ਕਰਦਿਆਂ, ਮੁਗਲਾਂ ਨਾਲ ਮਿਲ ਕੇ, ਗੁਰੂ ਸਾਹਿਬ ਖਿਲਾਫ਼ ਜੰਗਾਂ ਲੜੀਆਂ ਸਨ। ਅੱਜ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਮੁਗਲਾਂ ਖਿਲਾਫ਼ 14 ਜੰਗਾਂ ਲੜੀਆਂ, ਇਹ ਤੱਥਹੀਣ ਅਤੇ ਬੇਬੁਨਿਆਦ ਹੈ। ਅਸਲੀਅਤ ਵਿੱਚ ਦਸਵੇਂ ਪਾਤਸ਼ਾਹ ਦੀਆਂ ਵਧੇਰੇ ਜੰਗਾਂ ਪਹਾੜੀ ਰਾਜਿਆਂ ਖਿਲਾਫ਼ ਸਨ, ਜਦ ਕਿ ਆਖਰੀ ਵੱਡੀ ਜੰਗ ਵਿੱਚ ਵੀ ਮੁਗਲਾਂ ਨਾਲ ਪਹਾੜੀ ਰਾਜੇ ਸ਼ਾਮਿਲ ਸਨ। ਬਾਬਾ ਬੰਦਾ ਸਿੰਘ ਬਹਾਦਰ ਖਿਲਾਫ਼ ਦਿੱਲੀ ਤਖ਼ਤ ਨਾਲ ਮਿਲ ਕੇ ਸਾਜ਼ਿਸਾਂ ਗੁੰਦਣ ਵਾਲਿਆਂ ਵਿੱਚ ਜੈਪੁਰ ਦਾ ਰਾਜਾ ਅਜੀਤ ਸਿਹੁੰ, ਜੋਧਪੁਰ ਦਾ ਰਾਜਾ ਜੈ ਸਿਹੁੰ, ਗੜ੍ਹਵਾਲ ਦਾ ਰਾਜਾ ਫਤਹਿ ਸਿਹੁੰ, ਉਦੈਪੁਰ ਦਾ ਰਾਜਾ ਅਮਰ ਸਿਹੁੰ, ਜੰਮੂ ਦਾ ਜਗੀਰਦਾਰ ਧਰੁਵ ਦੇਵ, ਕਮਾਉਂ ਦਾ ਰਾਜਾ ਬਾਜ ਬਹਾਦਰ ਚੰਦ, ਛਤਰਵਾਲ ਦਾ ਰਾਜਾ ਉਦਿਤ ਸਿਹੁੰ ਬੁਦੇਲਾ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਤੋਂ ਵੱਧ ਸਿਤਮਜ਼ਰੀਫੀ ਕੀ ਹੋਵੇਗੀ ਕਿ ਮੁਗਲ ਬਾਦਸ਼ਾਹ ਫਰੁਖਸ਼ੀਅਰ ਤੋਂ ਖਿੱਲਤਾਂ ਤੇ ਜਗੀਰਾਂ ਲੈਣ ਲਈ ਕਮਾਉਂ ਦੇ ਹਿੰਦੂ ਰਾਜੇ ਬਾਜ ਬਹਾਦਰ ਚੰਦ ਨੇ ਸੈਂਕੜੇ ਸਿੰਘਾਂ ਦੇ ਸਿਰ ਕਤਲ ਕਰਕੇ, ਦਿੱਲੀ ਦਰਬਾਰ ਵਿੱਚ ਭੇਂਟ ਕੀਤੇ। ਰਾਜੇ ਉਦਿਤ ਸਿਹੁੰ ਬੁੰਦੇਲਾ ਨੇ ਸਿੰਘਾਂ ਦੇ ਸਿਰ ਕੱਟ ਕੇ ਤੋਹਫ਼ੇ ਵਜੋਂ ਮੁਗਲ ਬਾਦਸ਼ਾਹ ਨੂੰ ਦਿੱਤੇ। ਰਾਜੇ ਧਰੁਵ ਦੇਵ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਯੁੱਧ ਇਸਲਾਮ ਖਿਲਾਫ਼ ਨਹੀਂ ਸੀ, ਸਗੋਂ ਦਿੱਲੀ ਤਖ਼ਤ ਅਤੇ ਰਜਵਾੜਿਆਂ-ਜਗੀਰਦਾਰਾਂ ਖਿਲਾਫ਼ ਸੀ। ਇਹ ਸੱਚ ਹੈ ਕਿ ਮੁਗਲ ਵਜ਼ੀਰ ਖਾਨ, ਜੋ ਕਿ ਸਰਹਿੰਦ ਦਾ ਸੂਬੇਦਾਰ ਸੀ, ਨੂੰ ਸਜ਼ਾ ਦੇ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਦਾ ਮਕਸਦ ਕੇਵਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਨਹੀਂ ਸੀ, ਸਗੋਂ ਜ਼ਾਲਮ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਲੋਕ-ਪੱਖੀ ਬਾਦਸ਼ਾਹਤ ਕਾਇਮ ਕਰਨਾ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਖ਼ਾਲਸਾ ਰਾਜ ਵਿੱਚ ਭਰਤੀ ਹੋਏ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜ਼ੁਲਮ ਦੇ ਟਾਕਰੇ ਦੀ ਅਦੁੱਤੀ ਮਿਸਾਲ ਹੈ, ਜਿੱਥੇ ਉਹਨਾਂ ਹਜ਼ਾਰਾਂ ਜੁਝਾਰੂ ਸਿੱਖਾਂ, ਸਪੁਤਨੀ ਤੇ ਬਾਲ -ਸਪੁੱਤਰ ਸਮੇਤ, ਖਿੜੇ-ਮੱਥੇ ਸ਼ਹੀਦੀ ਪਾਈ। ਸਿੱਖ ਇਤਿਹਾਸ ਦੇ ਪੰਨਿਆਂ 'ਤੇ ਹਜ਼ਾਰਾਂ ਸਿੰਘ-ਸਿੰਘਣੀਆਂ ਦੇ ਸ਼ਹੀਦੀ ਜਲੂਸ ਦੀ ਇਹ ਸ਼ਾਨਾਮਤੀ ਮਿਸਾਲ ਸ਼ਹੀਦੀ ਘੱਲੂਘਾਰਾ ਹੀ ਤਾਂ ਹੈ, ਜਿੱਥੇ ਹਜ਼ਾਰਾਂ ਸਿੱਖਾਂ ਦੇ ਸਿਰਾਂ ਨਾਲ ਲੱਦੇ ਸੈਂਕੜੇ ਗੱਡੇ, ਦਿੱਲੀ ਦੇ ਬਜ਼ਾਰਾਂ ਵਿੱਚੋਂ ਗੁਜ਼ਰ ਰਹੇ ਸਨ ਅਤੇ ਪਿੱਛੇ ਬੇੜੀਆਂ ਜਕੜੇ ਸੈਂਕੜੇ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦਾ ਪਰਿਵਾਰ ਲਿਜਾਇਆ ਜਾ ਰਿਹਾ ਸੀ। ਇਹ ਮਹਾਨ ਸਮੂਹਿਕ ਸ਼ਹਾਦਤ, ਸਿੱਖ ਤਵਾਰੀਖ਼ ਦਾ ਗੌਰਵਮਈ ਵਿਰਸਾ ਹੈ। ਦੁਖਦਾਈ ਗੱਲ ਇਹ ਹੈ ਕਿ ਕੁਝ ਪੁਰਾਤਨ ਸਿੱਖ ਲਿਖਾਰੀਆਂ ਦੀ ਗਲਤ-ਬਿਆਨੀ ਤੋਂ ਗ਼ਲਤ ਸੇਧ ਲੈਂਦਿਆਂ, ਵਰਤਮਾਨ ਸਮੇਂ ਦੇ ਕਈ ਇਤਿਹਾਸਕਾਰਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਛੁਟਿਆਉਣ ਦੀ ਇਤਿਹਾਸਕ ਗਲਤੀ ਕੀਤੀ ਹੈ। ਅਜਿਹੇ ਲੇਖਕਾਂ ਦੇ ਬੇਬੁਨਿਆਦ ਦਾਅਵਿਆਂ ਨੂੰ ਪ੍ਰਮਾਣਾਂ ਤੇ ਹਵਾਲਿਆਂ ਨਾਲ ਰੱਦ ਕਰਕੇ ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨਾਲ ਇਨਸਾਫ਼ ਕਰਕੇ, ਆਪਣਾ ਨਾਂ ਪੰਥ-ਦਰਦੀ ਖੋਜਕਾਰਾਂ ਵਿੱਚ ਸ਼ਾਮਿਲ ਕਰ ਲਿਆ ਹੈ।
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ ਅਜਿਹਾ ਹਲੇਮੀ ਰਾਜ ਹੈ, ਜਿਸਦੀ ਲੋੜ ਅੱਜ ਦੁਨੀਆਂ ਦੇ ਹਰ ਖਿੱਤੇ ਵਿੱਚ ਭਾਸਦੀ ਹੈ। ਖਾਲਸਾ ਰਾਜ ਦੀਆਂ ਬਰਕਤਾਂ ਦਾ ਸੱਚਾ-ਸੁੱਚਾ ਇਤਿਹਾਸ ਜਿਉਂ-ਜਿਉਂ ਸਹੀ ਸਰੂਪ ਵਿੱਚ ਸੰਸਾਰ ਸਾਹਮਣੇ ਉਜਾਗਰ ਹੋਵੇਗਾ, ਤਿਉਂ ਤਿਉਂ ਦੁਨੀਆਂ ਨੂੰ ਗਿਆਨ ਤੇ ਸੇਧ ਮਿਲੇਗੀ ਕਿ ਰੰਗ, ਨਸਲ, ਲਿੰਗ, ਫ਼ਿਰਕੇ, ਵਰਣ-ਵੰਡ ਅਤੇ ਅਮੀਰ-ਗਰੀਬ ਦੇ ਪਾੜੇ ਤੋਂ ਮੁਕਤ, ਬੇਗਮਪੁਰੇ ਦੇ ਵਾਸੀ ਬਣਨ ਲਈ ਹਰ ਥਾਂ ਖ਼ਾਲਸਾ ਰਾਜ ਦੀ ਜ਼ਰੂਰਤ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ ਪੁਸਤਕ ਰਿਲੀਜ਼ ਸਮਾਰੋਹ
12 ਜੂਨ ਦਿਨ ਐਤਵਾਰ ਨੂੰ ਸਰੀ 'ਚ
-------------------------------
ਸਰੀ: ਖ਼ਾਲਸਾ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਗਿਆਨੀ ਦਿਤ ਸਿੰਘ ਸਭਾ ਕੈਨੇਡਾ ਵਲੋਂ, ਸਰੀ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਪ੍ਰੋ ਬਲਵਿੰਦਰਪਾਲ ਸਿੰਘ ਦੁਆਰਾ ਰਚਿਤ ਪੁਸਤਕ 'ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ', 12 ਜੂਨ ਨੂੰ ਦਿਨ ਸਮਾਂ ਸਵੇਰੇ 11ਵਜੇ ਐਤਵਾਰ ਨੂੰ ਲੋਕ ਅਰਪਿਤ ਕੀਤੀ ਜਾਏਗੀ। ਇਸ ਮੌਕੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਪੁਸਤਕ ਬਾਰੇ ਵਿਦਵਾਨ ਚਰਚਾ ਵੀ ਕਰਨਗੇ। ਪੁਸਤਕ ਇਥੋਂ ਹੀ ਪ੍ਰਾਪਤ ਹੋ ਸਕਦੀ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 778 -998-5733, 604 825 1550 ਜਾਂ 604 594 2574 'ਤੇ ਸੰਪਰਕ ਕੀਤਾ ਜਾ ਸਕਦਾ ਹੈ
4 ਜੂਨ: ਭਗਤ ਜੀ ਦੇ ਜਨਮ ਦਿਨ ਅਤੇ ਦਰਬਾਰ ਸਾਹਿਬ ਦੇ ਸ਼ਹੀਦੀ ਘੱਲੂਘਾਰੇ ''ਤੇ ਵਿਸ਼ੇਸ਼: ਡਾ. ਗੁਰਵਿੰਦਰ ਸਿੰਘ
ਦਰਬਾਰ ਸਾਹਿਬ 'ਤੇ ਹਮਲੇ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਵੱਲੋਂ 'ਪਦਮਸ਼੍ਰੀ' ਦੀ ਵਾਪਸੀ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਖ਼ਤ
ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦਾ ਜਨਮ ਦਿੱਤਾ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਵਿਖੇ, ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਭਾਈ ਛਿੱਬੂ ਮੱਲ ਦੇ ਘਰ ਹੋਇਆ। ਸਿੱਖੀ ਸੇਵਾ ਨੂੰ ਪ੍ਰੇਰਿਤ ਮਾਤਾ ਜੀ ਦੀ ਸੇਵਾ ਭਾਵਨਾ ਅਤੇ ਗੁਰਬਾਣੀ ਪ੍ਰੇਮ ਨੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ ਅਤੇ ਰਾਮ ਜੀ ਦਾਸ ਅੰਮ੍ਰਿਤ ਛਕ ਕੇ 'ਪੂਰਨ ਸਿੰਘ' ਬਣੇ। ਆਪ ਜੀ ਨੇ ਗੁਰਦੁਆਰਾ ਡੇਹਰਾ ਲਾਹੌਰ ਅਣਥੱਕ ਸੇਵਾ ਕੀਤੀ। ਦੇਸ਼ ਦੀ ਵੰਡ ਸਮੇਂ ਰੰਗ ਨਸਲ ਧਰਮ ਜਾਤ ਤੋਂ ਉੱਪਰ ਉੱਠ ਕੇ, ਪੀੜਤਾਂ ਦਾ ਆਸਰਾ ਬਣੇ। ਆਪ ਪੰਜਾਬੀ ਤੇ ਅੰਗਰੇਜ਼ੀ ਸਮੇਤ ਵੱਖ- ਵੱਖ ਭਾਸ਼ਾਵਾਂ ਦੇ ਮਾਹਰ ਸਨ ਅਤੇ ਕੁਦਰਤ ਦੀ ਸੇਵਾ ਸੰਭਾਲ, ਪ੍ਰਦੂਸ਼ਣ ਦੇ ਖਾਤਮੇ, ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਵਰਗੇ ਗੰਭੀਰ ਮਸਲਿਆਂ 'ਤੇ ਲਗਾਤਾਰ ਲਿਖਦੇ ਰਹਿੰਦੇ ਸਨ। ਆਪਣੇ ਜੀਵਨ ਦੇ ਆਖਰੀ ਪਲ ਤੱਕ ਸਰਬੱਤ ਦੀ ਸੇਵਾ ਨੂੰ ਹੀ ਪ੍ਰਚਾਰਿਆ।
ਭਗਤ ਜੀ ਨੇ ਪਿੰਗਲਵਾੜਾ ਸੰਸਥਾ ਸੰਨ 1958 ਵਿੱਚ ਆਰੰਭ ਕੀਤੀ ਸੀ ਤੇ ਅੱਜਕਲ ਡਾਕਟਰ ਇੰਦਰਜੀਤ ਕੌਰ ਇਸ ਦੀ ਅਗਵਾਈ ਕਰ ਰਹੇ ਹਨ। ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਪਿੰਗਲਵਾੜਾ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਗੋਇੰਦਵਾਲ, ਪਲਸੌਰਾ, ਸੰਗਰੂਰ ਜਲੰਧਰ ਅਤੇ ਵੱਖ- ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਸ ਬੱਚਿਆਂ, ਔਰਤਾਂ- ਮਰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਭਗਤ ਪੂਰਨ ਸਿੰਘ ਦੀ ਦੇਣ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਦਰ ਟਰੇਸਾ ਤੋਂ ਵੀ ਵਧੇਰੇ ਰਹੀ ਹੈ। ਉਨ੍ਹਾਂ ਯਤੀਮ ਬੱਚਿਆਂ ਨੂੰ ਉਨ੍ਹਾਂ ਦੇ ਹੀ ਧਰਮ ਅਤੇ ਅਕੀਦੇ ਅਨੁਸਾਰ ਪਾਲਿਆ- ਪਲੋਸਿਆ। ਭਗਤ ਜੀ ਅਕਸਰ ਕਿਹਾ ਜਾ ਕਰਦੇ ਸਨ ਕਿ ਦਰਬਾਰ ਸਾਹਿਬ ਵਿੱਚ ਸੰਗਤਾਂ ਦੀ ਚਰਨ-ਧੂੜ ਉਨ੍ਹਾਂ ਨੂੰ ਅਨੇਕਾਂ ਨੋਬਲ ਪੁਰਸਕਾਰਾਂ ਤੋਂ ਉੱਤਮ ਜਾਪਦੀ ਹੈ। ਮਨੁੱਖੀ ਸੇਵਾ ਸਰਬੱਤ ਦੇ ਭਲੇ ਅਤੇ ਪ੍ਰਕਿਰਤੀ ਦੀ ਸੰਭਾਲ ਨੂੰ ਸਮਰਪਿਤ ਹੁੰਦੇ ਹੋਏ 5 ਅਗਸਤ 1992 ਨੂੰ ਆਪ ਸਦੀਵੀ ਵਿਛੋੜਾ ਦੇ ਗਏ।
ਸੰਨ 1981 ਵਿੱਚ ਭਾਰਤ ਸਰਕਾਰ ਵੱਲੋਂ ਆਪ ਨੂੰ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਪਰ ਇਹ ਪੁਰਸਕਾਰ ਉਨ੍ਹਾਂ ਜੋ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ ਵਾਪਸ ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ, ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਸਨ। ਅਜਿਹਾ ਕਰਨ 'ਚ ਉਨ੍ਹਾਂ ਕੋਈ ਜਲਦਬਾਜ਼ੀ ਨਹੀਂ ਸੀ ਕੀਤੀ ਅਤੇ ਜੂਨ 1984 ਤੋਂ ਲੈ ਕੇ ਸਤੰਬਰ 1984 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫ਼ਵਾਹਾਂ ਅਤੇ ਸਾਰੇ ਤੱਥਾਂ 'ਤੇ ਖ਼ੁਦ ਖੋਜ ਕਰਕੇ ਮਨ ਬਣਾਇਆ ਸੀ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ, ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ ਅਤੇ ਉੱਥੇ ਹੋਏ ਫ਼ੌਜੀ ਹਮਲੇ ਦੇ ਬਾਰੇ ਦਰਦ ਕਹਾਣੀਆਂ ਸੁਣ ਕੇ ਪਸੀਜੇ ਜਾਇਆ ਕਰਦੇ ਸਨ। ਜੂਨ 1984 ਦੇ ਸ਼ਹੀਦੀ ਘੱਲੂਘਾਰੇ ਵੇਲੇ ਭਾਰਤ ਸਰਕਾਰ ਦੇ ਜ਼ੁਲਮ- ਸਿਤਮ ਬਾਰੇ ਜੋ ਖਤ ਆਪ ਨੇ ਰਾਸ਼ਟਰਪਤੀ ਨੂੰ ਲਿਖਿਆ ਉਹ ਇਤਿਹਾਸਕ ਦਸਤਾਵੇਜ਼ ਹੈ। ਹੇਠਾਂ ਅੰਗਰੇਜ਼ੀ ਤੇ ਪੰਜਾਬੀ 'ਚ ਚਿੱਠੀ ਪੜ੍ਹੀ ਜਾ ਸਕਦੀ ਹੈ।
‘ਪਦਮ ਸ਼੍ਰੀ’ ਦੀ ਵਾਪਸੀ
ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।
ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:
1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।
4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।
5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।
6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।
7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।
ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।
ਪੂਰਨ ਸਿੰਘ, ਭਗਤ।
ਜਨਮ ਸ਼ਤਾਬਦੀ 'ਤੇ ਵਿਸ਼ੇਸ਼ : ਵੀਹਵੀਂ ਸਦੀ ਦੇ ਮਨੁੱਖੀ ਹੱਕਾਂ ਦੇ ਨਾਇਕ : ਜਸਟਿਸ ਅਜੀਤ ਸਿੰਘ ਬੈਂਸ (1922-2022) - ਡਾ ਗੁਰਵਿੰਦਰ ਸਿੰਘ
ਪੰਜਾਬ ਦੀ ਧਰਤੀ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾ-ਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ 'ਲੋਕ ਨਾਇਕ' ਕਹੇ ਜਾ ਸਕਦੇ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਸਟਿਸ ਅਜੀਤ ਸਿੰਘ ਜੀ ਦੀ ਦੇਣ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਬੈਂਸ ਸਾਹਿਬ ਨੇ ਮਨੁੱਖੀ ਹੱਕਾਂ ਲਈ ਸੌ ਸਾਲਾ ਜ਼ਿੰਦਗੀ ਸਮਰਪਿਤ ਕਰ ਦਿੱਤੀ, ਜੱਜ ਹੋਣ ਦੇ ਬਾਵਜੂਦ ਸਜ਼ਾਵਾਂ ਕੱਟੀਆਂ, ਉੱਜੜੇ ਪੰਜਾਬ ਨੂੰ ਵਸਾਉਣ ਲਈ 'ਸਰਕਾਰ ਨੂੰ ਦਹਿਸ਼ਤਗਰਦ' ਆਖਿਆ ਅਤੇ ਹਕੂਮਤ ਨਾਲ ਲੋਹਾ ਲਿਆ। ਸੌ ਸਾਲ ਦੀ ਲੰਮੀ ਉਮਰ, ਚੜ੍ਹਦੀ ਕਲਾ ਵਿੱਚ ਗੁਜ਼ਾਰਨ ਵਾਲੇ ਜਸਟਿਸ ਬੈਂਸ ਸਾਹਿਬ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਡੂੰਘਾ ਵਿਚਾਰ ਚਿੰਤਨ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਜਸਟਿਸ ਸਾਹਿਬ ਦੇ ਸੰਘਰਸ਼ ਨੂੰ 'ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਇਕ ਪੀੜ੍ਹੀ ਦਾ ਸਫ਼ਰ' ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਜਸਟਿਸ ਬੈਂਸ ਸਾਹਿਬ ਦੇ ਜੀਵਨ ਸਫ਼ਰ 'ਤੇ ਪੰਛੀ ਝਾਤ ਮਾਰਦਿਆਂ, ਕੁਝ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਜਸਟਿਸ ਅਜੀਤ ਸਿੰਘ ਦਾ ਜਨਮ 14 ਮਈ 1922 ਨੂੰ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਗੁਰਾਇਆ ਦੇ ਪਿੰਡ 'ਬੜਾ ਪਿੰਡ' ਵਿਖੇ, ਨਾਨਕਾ ਪਰਿਵਾਰ ਵਿੱਚ ਹੋਇਆ। ਉਂਜ ਆਪ ਦਾ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਆਪ ਜੀ ਦੀ ਮਾਤਾ ਜੀ ਬੀਬੀ ਅੰਮ੍ਰਿਤ ਕੌਰ ਅਤੇ ਪਿਤਾ ਜੀ ਬਾਬੂ ਗੁਰਬਖਸ਼ ਸਿੰਘ ਬੈਂਸ ਸਨ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ, ਪਿਤਾ ਜੀ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ ਅਤੇ ਅਤਿਅੰਤ ਕਸ਼ਟ ਸਹਾਰੇ। ਆਪ ਜੀ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਚਾਰ ਭਰਾਵਾਂ ਅਤੇ ਤਿੰਨ ਭੈਣਾਂ ਦੇ ਵੱਡੇ ਪਰਿਵਾਰ ਵਿੱਚ ਅਜੀਤ ਸਿੰਘ ਬੈਂਸ ਹੁਰਾਂ ਨੇ ਅਣਥੱਕ ਸੇਵਾ ਕੀਤੀ, ਜਿਸ ਲਈ ਸਾਰੇ ਭੈਣ- ਭਰਾ ਸਦਾ ਆਪ ਦੇ ਸ਼ੁਕਰਗੁਜ਼ਾਰ ਰਹੇ। ਆਪ ਨੇ ਮੁੱਢਲੀ ਵਿੱਦਿਆ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਸਲ ਕੀਤੀ। ਆਪਣੇ ਜੱਦੀ ਪਿੰਡ ਵਿੱਦਿਆ ਦੇ ਪਸਾਰ ਲਈ ਆਪ ਜੀ ਦੀ ਸੇਵਾ ਭਾਵਨਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਲੰਮਾ ਸਮਾਂ ਮਗਰੋਂ ਆਪ ਨੇ ਮਾਹਿਲਪੁਰ ਕਾਲਜ ਲਈ ਆਪਣੀ ਜ਼ਮੀਨ ਦਾਨ ਕਰ ਦਿੱਤੀ ਸੀ। ਉੱਚ- ਵਿੱਦਿਆ ਲਈ ਅਜੀਤ ਸਿੰਘ ਬੈਂਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਤਾ ਜੀ ਆਜ਼ਾਦੀ ਘੁਲਾਟੀਏ ਹੋਣ ਕਾਰਨ ਵਾਰ -ਵਾਰ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਆਉਂਦੀ। ਇੱਕ ਵਾਰ ਤਾਂ ਬਾਲਕ ਅਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਨ ਦੇ ਹਾਲਾਤ ਬਣ ਗਏ, ਜਿਸ ਨੂੰ ਧਿਆਨ ਵਿੱਚ ਰੱਖਦਿਆਂ, ਫੌਜ ਵਿੱਚ ਨੌਕਰੀ ਕਰਦੇ ਚਾਚਾ ਜੀ ਆਪ ਨੂੰ ਲਖਨਊ ਲੈ ਗਏ, ਜਿੱਥੇ ਜਾ ਕੇ ਆਪ ਨੇ ਉੱਚ ਵਿੱਦਿਆ ਹਾਸਲ ਕੀਤੀ। ਆਪ ਨੇ ਲਖਨਊ ਤੋਂ ਬੀ.ਏ. ਐਲ.ਐਲ.ਬੀ. ਅਤੇ ਅਰਥ ਸ਼ਾਸਤਰ ਦੀ ਐਮ.ਏ. ਦੀ ਪੜ੍ਹਾਈ ਕੀਤੀ। ਜਸਟਿਸ ਅਜੀਤ ਸਿੰਘ ਬੈਂਸ ਦਾ ਆਨੰਦ ਕਾਰਜ ਬੀਬੀ ਮਨਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਗ੍ਰਹਿ ਵਿਖੇ ਸਪੁੱਤਰੀਆਂ ਬੀਬੀ ਸੁਜੀਤ ਕੌਰ ਅਤੇ ਬੀਬੀ ਹਰਿੰਦਰ ਕੌਰ ਅਤੇ ਸਪੁੱਤਰ ਰਾਜਵਿੰਦਰ ਸਿੰਘ ਬੈਂਸ ਨੇ ਜਨਮ ਲਿਆ। ਸੰਨ 1959 ਵਿੱਚ ਬੀਬੀ ਮਨਜੀਤ ਕੌਰ ਜੀ ਦਾ ਦੇਹਾਂਤ ਹੋ ਗਿਆ। ਮਗਰੋਂ ਬੀਬੀ ਮਨਜੀਤ ਕੌਰ ਦੀ ਭੈਣ ਰਛਪਾਲ ਕੌਰ ਨਾਲ ਆਨੰਦ ਕਾਰਜ ਹੋਇਆ, ਜਿਸ ਤੋਂ ਸਪੁੱਤਰ ਮਨਜਿੰਦਰ ਸਿੰਘ ਦਾ ਜਨਮ ਹੋਇਆ। ਆਪ ਦੇ ਪਰਿਵਾਰ ਵਿੱਚ ਚਾਰ ਪੋਤਰੀਆਂ, ਦੋ ਪੋਤਰੇ ਅਤੇ ਦੋਹਤੇ -ਦੋਹਤੀਆਂ ਸ਼ਾਮਿਲ ਹਨ। ਆਪ ਜੀ ਦਾ ਪੋਤਰਾ ਉਤਸਵ ਸਿੰਘ ਬੈਂਸ ਸੁਪਰੀਮ ਕੋਰਟ ਦਾ ਵਕੀਲ ਹੈ, ਜੋ ਕਿ ਪੰਜਾਬ ਅਤੇ ਹਰਿਆਣਾ ਕੋਰਟ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਸਪੁੱਤਰ ਹੈ।
ਸੰਨ 1950 ਵਿੱਚ ਆਪ ਅਧਿਆਪਨ ਖੇਤਰ ਵਿਚ ਦਾਖ਼ਲ ਹੋਏ ਅਤੇ ਲਾਇਲਪੁਰ ਖਾਲਸਾ ਜਲੰਧਰ ਤੋਂ ਅਧਿਆਪਨ ਸੇਵਾਵਾਂ ਦਾ ਸਫ਼ਰ ਸ਼ੁਰੂ ਕੀਤਾ। ਆਪ ਨੇ ਤਿੰਨ ਸਾਲ ਅਰਥ ਸ਼ਾਸਤਰ ਦੇ ਲੈਕਚਰਾਰ ਦੀ ਸੇਵਾ ਨਿਭਾਈ। ਇਸ ਦੌਰਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪ੍ਰਬੰਧਕਾਂ ਖ਼ਿਲਾਫ਼ ਹੜਤਾਲ ਕਰ ਦਿੱਤੀ, ਜਿਸ ਦਾ ਅਜੀਤ ਸਿੰਘ ਬੈਂਸ ਸਮੇਤ ਤਿੰਨ ਪ੍ਰੋਫੈਸਰਾਂ ਨੇ ਸਾਥ ਦਿੱਤਾ। ਇਸ ਤੋਂ ਦੁਖੀ ਹੋ ਕੇ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਨੇ ਆਪ ਤਿੰਨਾਂ ਪ੍ਰੋਫੈਸਰਾਂ ਨੂੰ ਕਾਲਜ ਵਿਚੋਂ ਬਰਤਰਫ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਲੰਮਾ ਸਮਾਂ ਮਗਰੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਨਵੋਕੇਸ਼ਨ ਮੌਕੇ 'ਮੁੱਖ ਮਹਿਮਾਨ' ਵਜੋਂ ਸੱਦਾ ਦਿੱਤਾ ਗਿਆ। ਉਸ ਮੌਕੇ ਆਪ ਨੇ ਕਿਹਾ ਕਿ ਉਚੇਚੇ ਤੌਰ 'ਤੇ ਉਹ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਦੇ ਧੰਨਵਾਦੀ ਹਨ, ਕਿਉਂਕਿ ਇਸ ਕਾਲਜ ਤੋਂ ਹੀ ਕਿਸੇ ਵੇਲੇ ਉਨ੍ਹਾਂ ਨੂੰ ਹਟਾਇਆ ਗਿਆ ਸੀ, ਜਿਸ ਕਾਰਨ ਉਹ ਵਕਾਲਤ ਦੇ ਖੇਤਰ ਵਿੱਚ ਆਏ। ਜੇਕਰ ਉਨ੍ਹਾਂ ਨੂੰ ਬਰਤਰਫ਼ ਨਾ ਕੀਤਾ ਜਾਂਦਾ, ਤਾਂ ਅੱਜ ਇਸ ਅਹੁਦੇ ਤੇ ਨਾ ਪਹੁੰਚਦੇ। ਇਹ ਦਾਸਤਾਨ ਸੁਣਦਿਆਂ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਲੈਕਚਰਾਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਆਪ ਨੇ ਫ਼ੈਸਲਾ ਕੀਤਾ ਕਿ ਨੌਕਰੀ ਕਰਨ ਦੀ ਥਾਂ, ਵਕਾਲਤ ਹੀ ਹੀ ਕਰਨੀ ਹੈ। ਅਜੀਤ ਸਿੰਘ ਬੈਂਸ ਨੇ ਸੰਨ 1954 ਵਿਚ ਵਕਾਲਤ ਦਾ ਸਫ਼ਰ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ।1960 ਵਿੱਚ ਜਦੋਂ ਪੰਜਾਬ ਹਾਈ ਕੋਰਟ ਚੰਡੀਗੜ੍ਹ ਸਥਾਪਤ ਹੋਈ, ਤਾਂ ਆਪ ਨੇ ਚੰਡੀਗੜ੍ਹ ਵਿਖੇ ਲਾਅ ਪ੍ਰੈਕਟਿਸ ਆਰੰਭ ਕਰ ਦਿੱਤੀ। ਸੰਨ 1964 ਵਿੱਚ ਆਪ ਪੰਜਾਬ ਹਾਈ ਕੋਰਟ ਵਿੱਚ ਐਡਵੋਕੇਟ ਵਜੋਂ ਸੇਵਾਵਾਂ ਦੇਣ ਲੱਗ ਪਏ ਅਤੇ ਉਸ ਸਾਲ ਹੀ ਪੰਜਾਬ ਬਾਰ ਕੌਂਸਲ ਲਈ ਚੁਣੇ ਗਏ। ਪੰਜਾਬ ਸਰਕਾਰ ਨੇ ਆਪ ਨੂੰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ। ਸੰਨ 1972 ਵਿਚ ਸ. ਅਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਵਾਂ : ਸੰਨ 1974 ਵਿੱਚ ਸ. ਅਜੀਤ ਸਿੰਘ ਬੈਂਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ ਅਤੇ ਇਹ ਸੇਵਾਵਾਂ ਆਪ ਨੇ 14 ਮਈ 1984 ਤੱਕ ਨਿਭਾਈਆਂ। ਆਪ ਨੇ ਨਿਆਂਕਾਰ ਵਜੋਂ ਕਈ ਇਤਿਹਾਸਕ ਫ਼ੈਸਲੇ ਕੀਤੇ, ਜਿਨ੍ਹਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਵਿਚੋਂ ਇਕ ਹਿੰਦੂ ਸ਼ਬਦ ਦੇ ਕੋਸ਼ੀ ਅਰਥਾਂ ਬਾਰੇ ਮਹੱਤਵਪੂਰਨ ਫ਼ੈਸਲਾ ਸੀ। ਇਸ ਤੋਂ ਇਲਾਵਾ ਆਪ ਨੇ ਪੰਜਾਬੀ ਸਮਾਜ ਵਿਚ ਸ਼ਰੀਕੇਬਾਜ਼ੀ ਸਬੰਧੀ ਆਏ ਮਾਮਲਿਆਂ ਬਾਰੇ ਵੀ ਇਤਿਹਾਸਕ ਫ਼ੈਸਲੇ ਸੁਣਾਏ। ਜਸਟਿਸ ਅਜੀਤ ਸਿੰਘ ਬੈਂਸ ਨੇ ਸੈਸ਼ਨ ਕੋਰਟ ਦੇ ਗ਼ਲਤ ਫ਼ੈਸਲੇ ਨੂੰ ਦਰੁਸਤ ਕੀਤਾ, ਜਿਸ ਵਿਚ ਜਿਊਂਦੇ ਆਦਮੀ ਦੇ ਕਤਲ ਦੇ ਮਾਮਲੇ ਵਿਚ ਕਿਸੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਪ ਰਿਟਾਇਰਮੈਂਟ ਤਕ ਤੇਜ਼- ਤਰਾਰ ਨਿਆਂਕਾਰ ਵਜੋਂ ਆਪਣੀ ਗਹਿਰੀ ਛਾਪ ਛੱਡਣ ਵਿੱਚ ਕਾਮਯਾਬ ਹੋ ਗਏ।
ਜਸਟਿਸ ਅਜੀਤ ਸਿੰਘ ਬੈਂਸ ਦੀ ਰਿਟਾਇਰਮੈਂਟ ਤੋਂ ਕੁਝ ਸਮੇਂ ਮਗਰੋਂ ਹੀ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕੀਤੇ ਫੌਜੀ ਹਮਲੇ ਨੇ ਆਪ ਨੂੰ ਝੰਜੋੜ ਦਿੱਤਾ। ਭਾਰਤ ਸਰਕਾਰ ਦੀ ਘੱਟ ਗਿਣਤੀਆਂ ਅਤੇ ਖਾਸਕਰ ਸਿੱਖਾਂ ਖ਼ਿਲਾਫ਼ ਵਰਤੀ ਫੌਜੀ ਸ਼ਕਤੀ ਦੇ ਦੁਖਾਂਤ ਨੂੰ ਜਸਟਿਸ ਸਾਹਿਬ ਨੇ ਦੁਨੀਆਂ ਭਰ ਵਿੱਚ ਬਿਆਨਿਆ ਅਤੇ ਸੰਸਾਰ ਨੂੰ ਅਖੌਤੀ ਲੋਕਰਾਜ ਦੀ ਸਚਾਈ ਤੋਂ ਜਾਣੂ ਕਰਾਇਆ। ਲਿਖਤ 'ਸਿੱਖਾਂ ਦੀ ਘੇਰਾਬੰਦੀ' ਅਨੁਸਾਰ ਜਸਟਿਸ ਬੈਂਸ ਨੇ ਕੌਮਾਂਤਰੀ ਪੱਧਰ 'ਤੇ ਜਿੱਥੇ ਲੈਕਚਰ ਦਿੱਤੇ ਜਾਂ ਸੰਬੋਧਨ ਕੀਤਾ, ਉਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਵਿਖੇ ਜਨੇਵਾ 'ਚ ਇੰਟਰਨੈਸ਼ਨਲ ਕਮਿਸ਼ਨ ਫਾਰ ਜੁਰਿਸਟਸ (ਜੱਜਾਂ ਦਾ ਅੰਤਰਰਾਸ਼ਟਰੀ ਕਮਿਸ਼ਨ), ਯੂਨੀਵਰਸਿਟੀ ਆਫ਼ ਹਾਰਵਰਡ ਲਾਅ ਸਕੂਲ (ਮਨੁੱਖੀ ਅਧਿਕਾਰ ਸਮਾਗਮ), ਲੰਡਨ ਸਕੂਲ ਆਫ ਇਕਨੌਮਿਕਸ, ਬਰਲਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਲਾਸ ਏਂਜਲਸ, ਕੈਲੇਫੋਰਨੀਆ ਯੂਨੀਵਰਸਿਟੀ, ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ, ਐਨ ਆਰਬਰ ਵਿੱਚ ਮਿਸ਼ੀਗਨ ਯੂਨੀਵਰਸਿਟੀ, ਮਾਂਟਰੀਅਲ ਵਿਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ, ਕਾਰਡਿਫ ਯੂਨੀਵਰਸਿਟੀ, ਯੂਨੀਵਰਸਿਟੀ ਆਫ ਨਿਊ ਕੈਸਲ, ਵੀਅਨ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਗੁਏਲਫ ਅਤੇ ਮੈਸਾਚੂਸੈੱਟਸ ਇੰਸਟੀਚਿਊਟ ਆਫ ਟੈਕਨਾਲੋਜੀ ਆਦਿ ਸ਼ਾਮਲ ਹਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰ ਜੱਜ ਦੇ ਤੌਰ 'ਤੇ ਆਪ ਜੀ ਨੂੰ ਸੰਨ 1985 ਵਿਚ ਪੰਜਾਬ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ। ਜਸਟਿਸ ਅਜੀਤ ਸਿੰਘ ਬੈਂਸ ਕਮਿਸ਼ਨ ਅਧੀਨ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਵਜੋਂ ਆਪ ਨੇ ਇਹ ਜ਼ਿੰਮੇਵਾਰੀ ਕੁਝ ਮਹੀਨਿਆਂ ਵਿੱਚ ਹੀ ਮੁਕੰਮਲ ਕਰਦਿਆਂ, ਸੱਚਾਈ ਬਾਹਰ ਲਿਆਂਦੀ ਅਤੇ ਅੱਠ ਹਜ਼ਾਰ ਸਿੱਖ ਨੌਜਵਾਨਾਂ ਨੂੰ ਬੇਕਸੂਰ ਕਰਾਰ ਦਿੰਦਿਆਂ ਰਿਹਾਈ ਦੇ ਫ਼ੈਸਲੇ ਸੁਣਾਏ। ਸਰਕਾਰ ਨੂੰ ਮਜਬੂਰਨ ਤਿੰਨ ਹਜ਼ਾਰ ਸਿੱਖ ਨੌਜਵਾਨ ਤੁਰੰਤ ਛੱਡਣੇ ਪਏ। ਜਦੋਂ ਆਪ ਤੋਂ ਇਹ ਪੁੱਛਿਆ ਗਿਆ ਕਿ ਇੰਨੀ ਜਲਦੀ ਇੰਨੇ ਨੌਜਵਾਨਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬੇਕਸੂਰ ਕਿਵੇਂ ਕਰਾਰ ਦੇ ਦਿੱਤਾ, ਤਾਂ ਜਸਟਿਸ ਬੈਂਸ ਦਾ ਕਹਿਣਾ ਸੀ ਜਿਵੇਂ ਇਨ੍ਹਾਂ ਨੂੰ ਧੱਕੇ ਨਾਲ ਝੂਠੇ ਮਾਮਲਿਆਂ ਵਿਚ ਜੇਲ੍ਹੀਂ ਡੱਕਿਆ ਗਿਆ ਸੀ, ਉਸੇ ਤਰ੍ਹਾਂ ਹੀ ਮੈਂ ਜਾਂਚ ਕਰਦਿਆਂ ਇੱਕੋ ਪਲ ਵਿੱਚ ਇਨ੍ਹਾਂ ਨੂੰ ਰਿਹਾਈ ਦੇ ਹੁਕਮ ਸੁਣਾਏ ਹਨ। ਜਸਟਿਸ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹ ਸੁਧਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਪਰ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਉੱਪਰ ਨੀਮ-ਫੌਜੀ ਦਲਾਂ ਦੇ ਦਾਖ਼ਲੇ ਵਿਰੁੱਧ ਰੋਸ ਵਜੋਂ, ਆਪ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਪੰਜਾਬ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੀ ਖੋਜ ਪੜਤਾਲ ਅਤੇ ਸੱਚਾਈ ਸਾਹਮਣੇ ਲਿਆਉਣ ਲਈ, ਮਨੁੱਖੀ ਅਧਿਕਾਰ ਸੰਗਠਨ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ' ਦੀ ਸਥਾਪਨਾ ਕੀਤੀ ਗਈ, ਜਿਸਦੇ ਜਸਟਿਸ ਬੈਂਸ ਚੇਅਰਮੈਨ ਸਨ। ਇਸ ਦੇ ਹੋਰਨਾਂ ਮੈਂਬਰਾਂ ਵਿੱਚ ਵਾਈਸ ਚੇਅਰਮੈਨ ਜਨਰਲ ਨਰਿੰਦਰ ਸਿੰਘ, ਸ. ਇੰਦਰਜੀਤ ਸਿੰਘ ਜੇਜੀ, ਸ ਗੁਰਤੇਜ ਸਿੰਘ, ਬੀਬੀ ਬਲਜੀਤ ਕੌਰ, ਬਹੁਤ ਸਾਰੇ ਵਕੀਲ ਬੁੱਧੀਜੀਵੀ ਅਤੇ ਐਕਟੀਵਿਸਟ ਸ਼ਾਮਿਲ ਸਨ। ਇਸ ਮਨੁੱਖੀ ਅਧਿਕਾਰ ਸੰਗਠਨ ਨੇ ਹੈਬੀਅਸ ਕਾਰਪਸ ਲਾ ਕੇ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਸ ਮਾਮਲਿਆਂ ਅਤੇ ਕਾਰਨ ਗੈਰ-ਕਾਨੂੰਨੀ ਹਿਰਾਸਤ 'ਚੋਂ ਛੁਡਾਇਆ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਪ੍ਰਕਾਸ਼ਤ ਇਤਿਹਾਸਕ ਦਸਤਾਵੇਜ਼ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਦਾਸਤਾਨ ਬਿਆਨ ਕਰਦੇ ਹਨ। ਇਸ ਸੰਗਠਨ ਦੇ ਚੇਅਰਮੈਨ ਵਜੋਂ ਆਪ ਸੰਨ 1987 -1988 ਦੌਰਾਨ ਯੂਰਪ ਅਤੇ ਉੱਤਰੀ ਅਮਰੀਕਾ ਦੇ ਵੱਖ- ਵੱਖ ਦੇਸ਼ਾਂ ਵਿੱਚ ਗਏ, ਜਿੱਥੇ ਆਪ ਵਿਧਾਇਕਾਂ, ਕਾਨੂੰਨਦਾਨਾਂ, ਕੌਮਾਂਤਰੀ ਕਮਿਸ਼ਨ ਮੈਬਰਾਂ ਅਤੇ ਪੱਤਰਕਾਰਾਂ ਨੂੰ ਮਿਲੇ ਅਤੇ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੁੰਦੇ ਤਸ਼ੱਦਦ ਤੋਂ ਜਾਣੂ ਕਰਵਾਇਆ। ਆਪ ਬੇਬਾਕੀ ਨਾਲ ਕਿਹਾ ਕਰਦੇ ਸਨ ਕਿ ਭਾਰਤ ਵਿੱਚ ਦਹਿਸ਼ਤਗਰਦ ਸਿੱਖ ਨਹੀਂ, ਬਲਕਿ ਸਰਕਾਰ ਹੈ, ਜਿਸ ਨੇ ਸਿੱਖ ਨਸਲਕੁਸ਼ੀ 1984 ਤੋਂ ਲੈ ਕੇ ਲੰਮਾ ਸਮਾਂ ਪੰਜਾਬ ਅੰਦਰ ਅੰਨ੍ਹੇਵਾਹ ਤਸ਼ੱਦਦ ਕਰਦਿਆਂ, ਸਿੱਖਾਂ ਅੰਦਰ ਬੇਗਾਨਗੀ ਦਾ ਭਾਵ ਪੈਦਾ ਕੀਤਾ ਹੈ ਅਤੇ ਸਿੱਖਾਂ ਦੀ ਘੇਰਾਬੰਦੀ ਕੀਤੀ ਹੈ।
ਜਸਟਿਸ ਬੈਂਸ ਨੂੰ ਸਰਕਾਰ ਵੱਲੋਂ 'ਅਗਵਾ' ਕਰ ਕੇ ਤਸ਼ੱਦਦ ਕਰਨ ਅਤੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ : ਦੇਸ਼ ਦੀ ਵੰਡ ਮਗਰੋਂ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਇੱਕ ਸਾਬਕਾ ਜਸਟਿਸ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ, ਤਸ਼ੱਦਦ ਢਾਹਿਆ ਗਿਆ ਹੋਵੇ। 3 ਅਪਰੈਲ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੂੰ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਪੰਥਕ ਇਕੱਤਰਤਾ ਵਿੱਚ, 'ਦੇਸ਼- ਵਿਰੋਧੀ ਭਾਸ਼ਣ ਦੇਣ ਦਾ ਝੂਠਾ ਮਾਮਲਾ' ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਪੰਜਾਬ ਦੇ ਜ਼ਕਰੀਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਕਮ 'ਤੇ ਪੰਜਾਬ ਪੁਲਿਸ ਦੇ ਬੁੱਚੜ ਮੁਖੀ ਕੇਪੀਐੱਸ ਗਿੱਲ ਦੁਆਰਾ, ਅਤਿ-ਜ਼ੁਲਮੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ ਕੀਤੀ ਗਈ ਅਤੇ ਸਾਬਕਾ ਨਿਆਂਕਾਰ ਨੂੰ ਹੱਥਕੜੀਆਂ ਲਾ ਕੇ ਜੇਲ੍ਹ ਲਿਜਾਇਆ ਗਿਆ। ਜਸਟਿਸ ਬੈਂਸ ਆਪਣੀ ਟਿੱਪਣੀ ਵਿੱਚ ਲਿਖਦੇ ਹਨ ਕਿ ਉਨ੍ਹਾਂ ਨੂੰ 'ਗ੍ਰਿਫ਼ਤਾਰ ਨਹੀਂ, ਅਗਵਾ' ਕੀਤਾ ਗਿਆ ਸੀ। ਉਨ੍ਹਾਂ ਨੂੰ ਮੂੰਹ ਬੰਦ ਕਰ ਕੇ, ਚੁੱਕ ਕੇ ਥਾਣੇ ਵਿੱਚ ਲਿਜਾਇਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਇਹ 'ਅਗਵਾ ਕਰਨ ਦਾ' ਇੱਕ ਸਪਸ਼ਟ ਕੇਸ ਸੀ ਅਤੇ ਅਗਵਾਕਾਰ ਭਾਰਤੀ ਪੁਲਿਸ ਸੀ। ਜਸਟਿਸ ਸਾਹਿਬ ਦੀ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਟਿੱਪਣੀ ਅਨੁਸਾਰ ਉਨ੍ਹਾਂ ਦੇ ਘਰ ਤਲਾਸ਼ੀ ਲੈ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ, ਜੋ ਡਾਕੇ ਤੋਂ ਘੱਟ ਨਹੀਂ ਸੀ, ਪਰ 'ਇਹ ਡਾਕੂ ਪੁਲਿਸ' ਗਏ ਸਨ। ਉਨ੍ਹਾਂ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਹ ਮੁਜਰਮਾਨਾ ਡਰਾਵਾ ਦੇਣ ਵਾਲੇ ਬੰਦਿਆਂ ਨੇ 'ਰਾਜ ਦੀਆਂ ਵਰਦੀਆਂ' ਪਹਿਨੀਆਂ ਹੋਈਆਂ ਸਨ। ਜਸਟਿਸ ਅਜੀਤ ਸਿੰਘ ਦੇ ਕਥਨ ਵਿਚ ਉਹ ਇਸ ਨੂੰ 'ਰਾਜ ਦੀ ਦਹਿਸ਼ਤਗਰਦੀ' ਕਹਿੰਦੇ ਹਨ ਅਤੇ ਰਾਜ ਨੂੰ 'ਦਹਿਸ਼ਤਗਰਦੀ ਦੀ ਜੜ੍ਹ' ਕਹਿੰਦੇ ਹਨ। ਮਈ 1992 ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ, ਜਸਟਿਸ ਅਜੀਤ ਸਿੰਘ ਬੈਂਸ ਦੇ ਲਿਖੇ ਇਹ ਸ਼ਬਦ ਦਿਲ ਝੰਜੋੜਨ ਵਾਲੇ ਹਨ। ਚਾਰ ਮਹੀਨੇ ਗ਼ੈਰ-ਕਾਨੂੰਨੀ ਢੰਗ ਨਾਲ ਜੇਲ੍ਹ ਵਿੱਚ ਰੱਖਣ ਮਗਰੋਂ ਆਪ ਨੂੰ ਜ਼ਮਾਨਤ ਮਿਲੀ। ਜਸਟਿਸ ਬੈਂਸ 'ਤੇ ਪਾਏ ਝੂਠੇ ਮਾਮਲੇ ਦੇ ਸਬੰਧ ਵਿੱਚ ਉੱਘੀਆਂ ਸ਼ਖ਼ਸੀਅਤਾਂ ਨਿਰਮਲ ਕੁਮਾਰ ਮੁਖਰਜੀ ਸਾਬਕਾ ਗਵਰਨਰ ਪੰਜਾਬ, ਆਰ ਐਸ ਨਰੂਲਾ ਸਾਬਕਾ ਚੀਫ਼ ਜਸਟਿਸ ਪੰਜਾਬ ਹਾਈਕੋਰਟ, ਰਜਨੀ ਕੋਠਾਰੀ, ਇੰਦਰਮੋਹਨ ਅਤੇ ਪਤਵੰਤ ਸਿੰਘ ਸਮੇਤ ਅਹਿਮ ਸ਼ਹਿਰੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ, ਪਰ ਡੇਢ ਵਰ੍ਹਾ ਲੰਘ ਜਾਣ ਦੇ ਬਾਵਜੂਦ ਵੀ ਸੁਣਵਾਈ ਦੀ ਤਾਰੀਖ ਨਿਸ਼ਚਤ ਨਾ ਹੋਈ। ਆਖਰਕਾਰ ਸੰਨ 1996 ਵਿੱਚ ਜਸਟਿਸ ਅਜੀਤ ਸਿੰਘ ਬੈਂਸ ਨੂੰ ਝੂਠੇ ਮਾਮਲਿਆਂ 'ਚ ਬਰੀ ਕੀਤਾ ਗਿਆ, ਪਰ ਭਾਰਤ ਸਰਕਾਰ ਦੇ ਮੱਥੇ ਤੋਂ ਇੱਕ ਸਾਬਕਾ ਜਸਟਿਸ ਨੂੰ ਝੂਠੇ ਮਾਮਲੇ 'ਚ ਜੇਲ੍ਹ ਚ ਸੁੱਟਣ ਦਾ ਕਲੰਕ ਕਦੇ ਨਹੀਂ ਮਿਟੇਗਾ।
ਜਸਟਿਸ ਅਜੀਤ ਸਿੰਘ ਬੈਂਸ ਦੀ ਕੈਨੇਡਾ ਨਾਲ ਸਾਂਝ : ਜਸਟਿਸ ਬੈਂਸ ਸਾਹਿਬ ਦੀ ਕੈਨੇਡਾ ਨਾਲ ਡੂੰਘੀ ਸਾਂਝ ਦੀ ਕੜੀ, ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਬੈਂਸ, ਛੋਟੀ ਭੈਣ ਬੀਬੀ ਰਣਜੀਤ ਕੌਰ ਹੁੰਦਲ ਸਮੇਤ ਸਮੂਹ ਨਜ਼ਦੀਕੀ ਪਰਿਵਾਰ, ਸਿੱਖ ਪੰਥ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਬੈਂਸ ਸਾਹਿਬ ਵਾਰ-ਵਾਰ ਮਿਲਦੇ ਰਹੇ। ਸੰਨ 1975 ਵਿੱਚ ਜਦੋਂ ਭਾਰਤ ਅੰਦਰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਈ ਗਈ ਸੀ, ਉਸ ਸਮੇਂ ਜਸਟਿਸ ਬੈਂਸ ਕੈਨੇਡਾ ਵਿਚ ਸਨ ਅਤੇ ਇੱਕ ਵਾਰ ਉਨ੍ਹਾਂ ਮਨ ਵੀ ਬਣਾਇਆ ਕਿ ਉਹ ਵਾਪਸ ਪਰਤਣ ਦੀ ਥਾਂ, ਇੱਥੋਂ ਹੀ ਮਨੁੱਖੀ ਅਧਿਕਾਰਾਂ ਦਾ ਸੰਘਰਸ਼ ਕਰਨਗੇ, ਜਿੱਥੇ ਉਨ੍ਹਾਂ ਦੇ ਭਰਾ ਅਤੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਦੇ ਆਗੂ ਹਰਦਿਆਲ ਬੈਂਸ ਸਰਕਾਰ ਵਿਰੁੱਧ, ਮਨੁੱਖੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਮਗਰੋਂ ਪਰਿਵਾਰਕ ਸੂਤਰਾਂ ਦੇ ਜ਼ੋਰ ਪਾਉਣ 'ਤੇ ਆਪ ਵਾਪਸ ਪਰਤੇ। ਦੂਸਰੇ ਪਾਸੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹਰਦਿਆਲ ਬੈਂਸ ਨੂੰ ਭਾਰਤ ਸਰਕਾਰ ਵੱਲੋਂ 1975 'ਚ 'ਬਲੈਕ ਲਿਸਟ' ਕਰ ਦਿੱਤਾ ਗਿਆ ਸੀ। ਸੰਨ 1988 ਵਿੱਚ ਜਦੋਂ ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੈਨੇਡਾ ਵਿੱਚ ਵੈਨਕੂਵਰ ਦੇ ਦੌਰੇ 'ਤੇ ਸੀ, ਉਸ ਵੇਲੇ ਵੀ ਵੈਨਕੂਵਰ ਵਿੱਚ ਹੀ ਹੋ ਰਹੀ ਮਨੁੱਖੀ ਅਧਿਕਾਰਾਂ ਸਬੰਧੀ ਕਾਨਫ਼ਰੰਸ ਵਿੱਚ ਜਸਟਿਸ ਸਾਹਿਬ ਸੰਬੋਧਨ ਕਰਦੇ ਰਹੇ ਅਤੇ ਭਾਰਤ ਵਿੱਚ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਸੰਸਾਰ ਸਾਹਮਣੇ ਰੱਖਦੇ ਰਹੇ। ਸੰਨ 1995 ਵਿੱਚ ਮਨੁੱਖੀ ਅਧਿਕਾਰਾਂ ਦੇ ਜਾਂਬਾਜ਼ ਯੋਧੇ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਜਸਟਿਸ ਅਜੀਤ ਸਿੰਘ ਬੈਂਸ ਇਕੱਠੇ, ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਵਿਖੇ, ਮਨੁੱਖੀ ਅਧਿਕਾਰਾਂ ਦੀ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਦੋਹਾਂ ਨੇ ਭਾਰਤ ਦੀਆਂ ਫਾਸ਼ੀਵਾਦੀ ਨੀਤੀਆਂ ਦੀ ਸੱਚਾਈ ਸੰਸਾਰ ਸਾਹਮਣੇ ਰੱਖੀ। ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਪੱਚੀ ਹਜ਼ਾਰ ਲਾਵਾਰਸ ਲਾਸ਼ਾਂ ਦੀ ਦਾਸਤਾਨ ਬਿਆਨ ਕੀਤੀ, ਉਥੇ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਸਰਕਾਰ ਵੱਲੋਂ ਸ਼ਹੀਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪੰਜਾਬ ਵਿੱਚ ਅਸਲ ਵਿੱਚ 'ਕਬਰਾਂ ਦੀ ਸ਼ਾਂਤੀ' ਦੇ ਮਾਹੌਲ ਦੱਸਦਿਆਂ, ਅੰਤਰਰਾਸ਼ਟਰੀ ਭਾਈਚਾਰੇ ਤੋਂ ਮੰਗ ਕੀਤੀ ਕਿ ਟਾਡਾ ਅਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ ਲਈ, ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾਏ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਾਪਸੀ ਮਗਰੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ, ਪੰਜਾਬ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।
ਜਸਟਿਸ ਅਜੀਤ ਸਿੰਘ ਬੈਂਸ ਨੇ ਜੀਵਨ ਭਰ ਮਨੁੱਖੀ ਅਧਿਕਾਰਾਂ ਦਾ ਘੋਲ ਕਰਦਿਆਂ, ਸਿੱਖ ਸੰਘਰਸ਼ ਦੇ ਨੌਜਵਾਨਾਂ ਲਈ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਦੀਆਂ ਵੈਦਿਆ ਕਤਲ ਕੇਸ ਵਿੱਚ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨਾਲ ਪੂਨਾ ਜੇਲ੍ਹ 'ਚ ਮੁਲਾਕਾਤਾਂ, ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਸ਼ਾਮਲ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਨਾਲ ਬੁੜੈਲ ਜੇਲ੍ਹ ਚ ਮੁਲਾਕਾਤਾਂ ਸਮੇਤ ਅਨੇਕਾਂ ਹੋਰ ਖਾੜਕੂਆਂ ਨਾਲ ਮੁਲਾਕਾਤਾਂ ਅਤੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਸ਼ਮੂਲੀਅਤ ਇਤਿਹਾਸਿਕ ਵੇਰਵੇ ਹਨ। ਆਪ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਦੇ ਵਿਰੁੱਧ ਲੰਮਾ ਸੰਘਰਸ਼ ਕਰਦਿਆਂ, ਜਰਮਨ ਸਰਕਾਰ ਦੇ ਚਾਂਸਲਰ ਤੱਕ ਪਹੁੰਚ ਕੀਤੀ। ਦੂਸਰੇ ਪਾਸੇ 'ਗੋਲ਼ੀ ਬਦਲੇ ਗੋਲ਼ੀ' ਦੀ ਘਿਨਾਉਣੀ ਸੋਚ ਧਾਰਨੀ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਜੂਲੀਓ ਐਫ ਰਿਬੀਰੋ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ।
ਪੰਜਾਬ ਪੀਪਲਜ਼ ਕਮਿਸ਼ਨ ਅਤੇ 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਸੇਵਾਵਾਂ : ਸੰਨ 1997 ਵਿਚ ਜਸਟਿਸ ਕੁਲਦੀਪ ਸਿੰਘ ਨਾਲ ਮਿਲ ਕੇ ਪੰਜਾਬ ਪੀਪਲਜ਼ ਕਮਿਸ਼ਨ ਕਾਇਮ ਕਰਦਿਆਂ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਪਰ ਸਰਕਾਰੀ ਤਸ਼ੱਦਦ, ਵਿਕਾਊ ਪ੍ਰੈੱਸ- ਮੀਡੀਆ, ਅਖੌਤੀ ਖੱਬੇ ਪੱਖੀਆਂ ਅਤੇ ਜਾਅਲੀ ਕਾਮਰੇਡਾਂ ਦੀਆਂ ਜ਼ਾਲਮ ਸਰਕਾਰ -ਪੱਖੀ ਸਾਜਿਸ਼ਾਂ ਕਾਰਨ, ਇਹ ਕਮਿਸ਼ਨ ਰੱਦ ਕਰ ਦਿੱਤਾ ਗਿਆ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੀਪਲਜ਼ ਕਮਿਸ਼ਨ ਤੇ ਪਾਬੰਦੀ ਲਗਾ ਦਿੱਤੀ। ਆਪ ਨੇ ਉੱਘੇ ਕਾਨੂੰਨ ਮਾਹਰ ਰਾਮ ਨਰਾਇਣ ਨਾਲ ਮਿਲ ਕੇ, 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਵੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ।
ਵਡਮੁੱਲੀਆਂ ਲਿਖਤਾਂ ਅਤੇ ਰਿਪੋਰਟਾਂ : ਜਸਟਿਸ ਅਜੀਤ ਸਿੰਘ ਬੈਂਸ ਦੀਆਂ ਬਤੌਰ ਜੱਜ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵਜੋਂ ਲਿਖੀਆਂ ਕਿਤਾਬਾਂ ਇਤਿਹਾਸਕ ਦਸਤਾਵੇਜ਼ ਹਨ। ਆਪ ਦੀ ਲਿਖਤ 'ਸਿੱਖਾਂ ਦੀ ਘੇਰਾਬੰਦੀ' ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਤ ਹੈ, ਜਿਸ ਵਿੱਚ ਆਪ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੱਥ ਵਿਸਥਾਰ ਸਹਿਤ ਪੇਸ਼ ਕਰਕੇ, ਸੰਸਾਰ ਦੇ ਅੱਗੇ ਸਾਹਮਣੇ ਰੱਖੇ ਹਨ। ਜਸਟਿਸ ਸਾਹਿਬ ਦੇ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਹਕੂਮਤੀ ਦਹਿਸ਼ਤਗਰਦੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਵਿੱਚ ਭਾਰਤ ਦੀ ਹਾਲਤ ਬਿਆਨ ਕੀਤੀ ਗਈ ਹੈ। ਇਸ ਕਿਤਾਬ ਰਾਹੀਂ ਉਨ੍ਹਾਂ ਭਰ ਦੀਆਂ ਸਮੂਹ ਘੱਟ ਗਿਣਤੀਆਂ, ਅਗਾਂਹਵਧੂ ਤਾਕਤਾਂ ਐਕਟੀਵਿਸਟ ਅਤੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ, ਸਰਕਾਰੀ ਦਹਿਸ਼ਤਵਾਦ ਖ਼ਿਲਾਫ਼ ਡਟਣ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਸਬੰਧੀ ਬਹੁਤ ਸਾਰੇ ਅਹਿਮ ਦਸਤਾਵੇਜ਼ ਅਤੇ ਰਿਪੋਰਟਾਂ ਵੀ ਜ਼ਿਕਰਯੋਗ ਹਨ। ਆਪ ਜੀ ਬਾਰੇ ਕਈ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 'ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ' (ਲੇਖਕ ਖੋਜੀ ਕਾਫ਼ਰ) ਅਤੇ ਮਲਿਕਾ ਸਿੰਘ ਦੀ ਅੰਗਰੇਜ਼ੀ ਵਿਚ ਕਿਤਾਬ ਆਦਿ ਸ਼ਾਮਿਲ ਹਨ।
ਜਸਟਿਸ ਅਜੀਤ ਸਿੰਘ ਬੈਂਸ ਆਖ਼ਰੀ ਸਮੇਂ ਤੱਕ ਸੰਘਰਸ਼ ਕਰਦੇ ਰਹੇ। ਇਕ ਜਾਣਕਾਰੀ ਅਨੁਸਾਰ ਜਨਵਰੀ 1922 ਵਿਚ ਵੀ ਇੱਕ ਕੇਸ ਲਈ ਜਸਟਿਸ ਸਾਹਿਬ ਆਪਣੀ ਸਟੇਟਮੈਂਟ ਦਰਜ ਕਰਵਾ ਕੇ ਗਏ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬੈਂਸ ਸਾਹਿਬ ਦੇ 100 ਵਰ੍ਹੇ ਦੀ ਆਰੰਭਤਾ ਮੌਕੇ, ਚੰਡੀਗੜ੍ਹ ਪੁਲੀਸ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਹੀ ਕਿਸੇ ਸਮੇਂ ਬੈਂਸ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ। 11 ਫਰਵਰੀ 2022 ਨੂੰ ਜਸਟਿਸ ਅਜੀਤ ਸਿੰਘ ਬੈਂਸ, ਕਰੀਬ 100 ਸਾਲ ਦੀ ਲੰਮੀ ਉਮਰ ਭੋਗਦਿਆਂ, ਚੜ੍ਹਦੀ ਕਲਾ ਵਿੱਚ, ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਨੁੱਖੀ ਹੱਕਾਂ ਦੇ ਮਹਾਨ ਯੋਧੇ ਜਸਟਿਸ ਅਜੀਤ ਸਿੰਘ ਬੈਂਸ ਦਾ ਸੌ ਸਾਲਾ ਸੰਘਰਸ਼ਮਈ ਸਫਰ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਕੁੱਲ ਮਨੁੱਖੀ ਸੰਘਰਸ਼ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ : ਮਨੁੱਖੀ ਹੱਕਾਂ ਦੇ ਮਹਾਨ ਯੋਧੇ ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ, ਸਰੀ ਦੀ ਸਟਰਾਅਬੈਰੀ ਹਿੱਲ ਲਾਇਬ੍ਰੇਰੀ (7399 122 ਸਟਰੀਟ) ਵਿਖੇ 22 ਮਈ ਦਿਨ ਐਤਵਾਰ ਨੂੰ, ਬਾਅਦ ਦੁਪਹਿਰ 1.30-4.30 ਦੌਰਾਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਦੀ ਜੀਵਨ ਸੰਘਰਸ਼ ਅਤੇ ਜੇਲ੍ਹ ਯਾਤਰਾ ਬਾਰੇ ਵੀ ਵਿਚਾਰਾਂ ਹੋਣਗੀਆਂ। ਇਸ ਮੌਕੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। 'ਮਨੁੱਖੀ ਅਧਿਕਾਰਾਂ ਦੇ ਯੋਧੇ' ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਨ ਲਈ 22 ਮਈ ਨੂੰ ਹੋ ਰਹੇ ਸੈਮੀਨਾਰ ਵਿਚ, ਸਾਰੀਆਂ ਜਥੇਬੰਦੀਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ ਹਨ : ਭੁਪਿੰਦਰ ਸਿੰਘ ਮੱਲ੍ਹੀ -604 765 3063 ਅਤੇ ਡਾ ਗੁਰਵਿੰਦਰ ਸਿੰਘ -604 825
ਜਨਮ ਦਿਨ 'ਤੇ ਵਿਸ਼ੇਸ਼ : ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ - (ਡਾ ਗੁਰਵਿੰਦਰ ਸਿੰਘ)
ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ ਦੇ ਸਮੇਂ ਨੂੰ, ਆਪਣੀਆਂ ਕਵਿਤਾਵਾਂ 'ਚ ਬਿਆਨ ਕੀਤਾ। ਦੇਸ਼ ਦੀ ਵੰਡ ਮਗਰੋਂ ਸਰਕਾਰ ਨੇ ਇਨਕਲਾਬੀ ਲੋਕਾਂ ਨਾਲ ਜੋ ਧੱਕੇਸ਼ਾਹੀ ਕੀਤੀ, ਉਦਾਸੀ ਦੀ ਕਵਿਤਾ ਉਸ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਚੁਰਾਸੀ ਦੇ ਦੌਰ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ, ਉਨ੍ਹਾਂ ਲੋਕ ਪੱਖੀ ਮੁਹਾਵਰੇ ਵਿੱਚ ਉਭਾਰਿਆ। ਜੁਝਾਰੂ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਹੇਕ ਲਾ ਕੇ ਗਾਏ ਇਨਕਲਾਬੀ ਗੀਤ, ਅੱਜ ਵੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ। ਉਦਾਸੀ ਦੀਆਂ ਰਚਨਾਵਾਂ 'ਕੰਮੀਆਂ ਦਾ ਵਿਹੜਾ', 'ਲਹੂ ਭਿੱਜੇ ਬੋਲ', 'ਸੈਨਤਾਂ', 'ਚੋੌ-ਨੁਕਰੀਆਂ ਸੀਖਾਂ' ਅਤੇ ਬਹੁਤ ਸਾਰੀਆਂ ਅਣਛਪੀਆਂ ਰਚਨਾਵਾਂ ਨੂੰ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰਕੇ, ਸਿਮਰਤੀ ਗ੍ਰੰਥ 'ਸੰਤ ਰਾਮ ਉਦਾਸੀ ਜੀਵਨ ਅਤੇ ਸਮੁੱਚੀ ਰਚਨਾ' ਤੋਂ ਇਲਾਵਾ 'ਕੰਮੀਆਂ ਦੇ ਵਿਹੜੇ ਦਾ ਸੂਰਜ ਲੋਕ ਕਵੀ ਸੰਤ ਰਾਮ ਉਦਾਸੀ' ਪੁਸਤਕਾਂ ਵਿੱਚ ਪ੍ਰਕਾਸ਼ਤ ਕੀਤਾ ਹੈ। ਅੱਜ ਅਜਿਹੇ ਮਹਾਨ ਸ਼ਾਇਰ ਨੂੰ ਯਾਦ ਕਰਦਿਆਂ, ਸਥਾਪਤੀ ਖ਼ਿਲਾਫ਼ ਮੂੰਹ ਨਾ ਖੁੱਲ੍ਹਣ ਵਾਲੀ ਸਰਕਾਰ -ਪੱਖੀ ਅਸਾਹਿਤਕ ਜਮਾਤ ਨੂੰ, ਸਾਹਿਤਕ ਫ਼ਰਜ਼ਾਂ ਦੀ ਕੋਤਾਹੀ ਦਾ ਅਹਿਸਾਸ ਦਬਾਉਣ ਦੀ ਲੋੜ ਹੈ। ਅੱਜ ਦਾ ਦੌਰ ਉਦਾਸੀ ਦੇ ਦੌਰ ਤੋਂ ਵੀ ਭਿਅੰਕਰ ਹੋ ਰਿਹਾ ਹੈ, ਇਸ ਕਾਰਨ ਉਨ੍ਹਾਂ ਦੀ ਕਵਿਤਾ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਸੋਚ ਵਾਲੇ ਸਾਹਿਤਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ 'ਸ਼ਹਿਰੀ ਨਕਸਲੀ' ਕਰਾਰ ਦੇ ਕੇ, ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਸੋਚ ਅਨੁਸਾਰ ਅਜਿਹੇ ਫਾਸ਼ੀਵਾਦੀ ਸਟੇਟ ਨੂੰ ਵਤਨ ਕਹਿਣਾ ਨਾਮੁਮਕਿਨ ਹੈ।ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕੁਝ ਰਚਨਾਵਾਂ ਯਾਦਗਾਰੀ ਦਿਨ 'ਤੇ ਸਾਂਝੀਆਂ ਕਰ ਰਹੇ ਹਾਂ।
*ਕਿਸ ਨੂੰ ਵਤਨ ਕਹਾਂ
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਜਜ਼ਬੇ ਸਾਂਭ ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
*ਵਸੀਅਤ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।
ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ ।
ਵਲਗਣ 'ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
* ਸੂਰਜ ਕਦੇ ਮਰਿਆ ਨਹੀਂ
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।
ਵਿੱਛੜੀਆਂ ਕੁਝ ਮਜਲਸਾਂ 'ਤੇ ਉੱਠ ਗਏ ਕੁਝ ਗਾਉਣ ਹੋ,
ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ,
ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ 'ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ 'ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ,
ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਬਹੀ ਪ੍ਰੀਤ ਹੋ,
ਰਾਤ ਚੰਨ ਦੀ ਮੌਤ ਜਰ ਜੇ, ਸੂਰਜ ਤਾਂ ਜਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
*ਵਾਰਸਾਂ ਦੇ ਨਾਂ
ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ,
ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ ।
ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ,
ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ ।
ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ,
ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ ।
ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂਂ,
ਹਾੜੇ ਬਣਿਉਂ ਨਾ ਕਿਤੇ ਪੰਜਾਬ ਮਾਤਾ ।
ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ,
ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ ।
ਤਿੱਪ ਤਿੱਪ ਜਵਾਨੀ ਦੀ ਡੋਲ੍ਹ ਕੇ ਵੀ,
ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ ।
ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ,
ਐਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ ।
ਸਾਡਾ ਕਾਤਿਲ ਹੀ ਕੱਚਾ ਨਿਸ਼ਾਨਚੀ ਸੀ,
ਅਸੀਂ ਗੋਲੀ ਤੋਂ ਕੰਡ ਭੰਵਾਈ ਤਾਂ ਨਹੀਂ ।
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ ।
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।
*ਇੱਕ ਤਾਅਨਾ
(ਆਜ਼ਾਦੀ ਦੇ ਨਾਂ)
ਝੁਰੜੇ ਚਿਹਰਿਆਂ 'ਤੇ ਨਿੱਤ ਕਲੀ ਕਰਕੇ
ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ ।
ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ
ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ ।
ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ
ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ ।
ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ,
ਬਿਨਾਂ ਰੋਟੀ ਦੇ ਪਹੀਏ ਨਾ ਚੱਲ ਸਕਦੀ ।
ਛੋਟੇ ਕਿਰਤੀ, ਮੁਲਾਜ਼ਮ, ਕਿਸਾਨ ਤਾਈਂ,
ਹੱਥ ਪਾੜਦੇ ਨੇ ਬੰਦੇ ਕੱਬਿਆਂ ਦੇ ।
ਜਿਵੇਂ ਬਿਨਾਂ ਸਿਫ਼ਾਰਸ਼ੋਂ ਕੋਈ ਅਰਜ਼ੀ
ਰੱਦੀ ਕਾਗਜ਼ ਜਿਉਂ ਵੋਟਾਂ ਦੇ ਡੱਬਿਆਂ ਦੇ ।
ਹਾਏ ਨੀ ! ਹੀਰ ਅਜ਼ਾਦੀਏ ਬਹਿਲ, ਰੰਨੇ,
ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ ।
ਜੇ ਤੂੰ ਖੇੜੇ ਸਰਦਾਰ ਦੀ ਸੇਜ ਸੌਣਾ
ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ ।
ਪੰਜਾਬ ਦੀ ਚੋਣ ਨਤੀਜੇ ਮੌਕਾਪ੍ਰਸਤ ਸਿਆਸਤਦਾਨਾਂ ਲਈ ਸਬਕ! - ਡਾ ਗੁਰਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਸ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ, ਭਾਰਤੀ ਰਾਜਨੀਤੀ ਤੋਂ ਵੱਖਰਾ ਰੁਖ ਅਖਤਿਆਰ ਕਰਦੇ ਹੋਏ, ਸਥਾਪਤੀ ਨੂੰ ਜੜ੍ਹੋਂ ਪੁੱਟਣ ਦਾ ਤਹਿਈਆ ਕਰਦੇ ਹਨ। ਮੌਜੂਦਾ ਕਾਂਗਰਸ ਸਰਕਾਰ ਅਤੇ ਬੀਤੇ ਸਮੇਂ ਦੀ ਅਕਾਲੀ- ਬੀਜੇਪੀ ਹਕੂਮਤ ਦੀਆਂ ਧੱਕੇਸ਼ਾਹੀਆਂ ਤੋਂ ਖ਼ਫ਼ਾ, ਪੰਜਾਬੀਆਂ ਨੇ ਤੀਜੇ ਬਦਲ ਲਈ ਮੌਕਾ ਦਿੱਤਾ ਹੈ।ਇਸ ਬਦਲ ਤੋਂ ਉਨ੍ਹਾਂ ਨੂੰ ਬੇਹੱਦ ਆਸਾਂ ਹਨ। ਇਹ ਵੀ ਸੱਚ ਹੈ ਕਿ ਜੇਕਰ ਉਹ ਆਸਾਂ 'ਤੇ ਜੇਤੂ ਸਿਆਸਤਦਾਨ ਖਰੇ ਨਾ ਉੱਤਰੇ, ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬੀ ਜਿਸ ਸਨਮਾਨ ਨਾਲ ਸਿਰ 'ਤੇ ਚੁੱਕਦੇ ਹਨ, ਉਸ ਹੀ ਤਰ੍ਹਾਂ ਹੇਠਾਂ ਵੀ ਸੁੱਟਦੇ ਹਨ।
ਇਨ੍ਹਾਂ ਚੋਣਾਂ ਨੇ ਨਵਾਂ ਇਤਿਹਾਸ ਰਚਿਆ ਹੈ। ਪੰਜਾਬ 'ਤੇ ਰਜਵਾੜਾਸ਼ਾਹੀ ਰਾਹੀਂ ਸੱਤਾ ਕਾਇਮ ਕਰਨ ਵਾਲੇ ਅਮਰਿੰਦਰ ਸਿੰਘ, ਪਰਿਵਾਰਵਾਦ ਦੀ ਰਾਜਨੀਤੀ ਕਰਨ ਵਾਲੇ ਅਕਾਲੀ ਦਲ 'ਤੇ ਕਾਬਜ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ,ਬਾਦਲ ਪਰਿਵਾਰ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਭਤੀਜੇ ਮਨਪ੍ਰੀਤ ਬਾਦਲ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ, ਸਾਰੀਆਂ ਤੋਪਾਂ ਨੂੰ ਮੂਧੇ ਮੂੰਹ ਸੁੱਟਿਆ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਦਰਵੇਸ਼ ਸਿਆਸਤਦਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ, ਪੰਜ ਵਾਰੀ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ, ਆਪਣੇ ਮਹਾਨ ਪਿਤਾ ਦੀ ਵਿਰਾਸਤ 'ਤੇ ਮੋਹਰ ਲਾਈ ਹੈ। ਇਕ ਸਾਧਾਰਨ ਵਿਅਕਤੀ ਤਾਕਤਵਰ ਨੂੰ ਕਿਵੇਂ ਹਰਾ ਸਕਦਾ ਹੈ, ਇਹ ਉਸ ਦੀ ਮਿਸਾਲ ਹੈ! ਇਉਂ ਹੀ ਪਟਿਆਲੇ ਤੋਂ ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ, ਗੁਟਕੇ ਦੀਆਂ ਝੂਠੀਆਂ ਸਹੁੰਆਂ ਖਾਣ ਵਾਲੇ ਅਮਰਿੰਦਰ ਸਿੰਘ ਨੂੰ ਮੂਧੇ ਮੂੰਹ ਸੁੱਟਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਨਵੇਂ ਚਿਹਰੇ ਨੌਜਵਾਨ ਲਾਭ ਸਿੰਘ ਉਬੋਕੇ ਨੇ ਬੁਰੀ ਤਰ੍ਹਾਂ ਹਰਾਇਆ ਹੈ। ਜਲਾਲਾਬਾਦ ਤੋਂ ਜਗਦੀਪ ਕੰਬੋਜ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਿਕਸਤ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ। ਅੰਮ੍ਰਿਤਸਰ ਪੂਰਬੀ ਤੋਂ ਬੀਬੀ ਜੀਵਨਜੋਤ ਕੌਰ ਨੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ, ਦੋਹਾਂ ਨੂੰ ਹਾਰ ਦਾ ਰਾਹ ਵਿਖਾ ਕੇ ਨਵੀਂ ਆਸ ਦੀ ਕਿਰਨ ਖਿਲਾਰੀ ਹੈ।
ਸਾਰਿਆਂ ਤੋਂ ਅਹਿਮ ਗੱਲ ਹੈ ਕਿ ਹੋਂਦ ਚਿੱਲੜ<1984 ਦੇ ਸਿੱਖ ਦੁਖਾਂਤ ਨੂੰ ਉਜਾਗਰ ਕਰਨ ਵਾਲੇ ਮਹਾਨ ਵਿਅਕਤੀ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ, ਸ਼ਾਨਦਾਰ ਜਿੱਤ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਥਾਪਤੀ ਖ਼ਿਲਾਫ਼ ਡੱਟ ਕੇ ਅਤੇ ਸਿੱਖ ਨਸਲਕੁਸ਼ੀ ਖ਼ਿਲਾਫ਼ ਆਵਾਜ਼ ਉਠਾ ਕੇ, ਉਹ ਇਨਸਾਫ ਦੀ ਲੜਾਈ ਜਾਰੀ ਰੱਖਣਗੇ।
ਇਨ੍ਹਾਂ ਸਭਨਾ ਵਿੱਚ ਇਕ ਹੋਰ ਨਾਮ ਹੈ "ਕੁੰਵਰ ਵਿਜੈ ਪ੍ਰਤਾਪ ਸਿੰਘ", ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਦੀ ਅਗਵਾਈ ਕੀਤੀ ਸੀ, ਪਹਿਲਾਂ ਅਕਾਲੀ ਦਲ ਅਤੇ ਫਿਰ ਕਾਂਗਰਸ ਨੇ, ਉਸ ਨੂੰ ਲਾਂਭੇ ਕੀਤਾ, ਪਰ ਉਹ ਅਡੋਲ ਰਿਹਾ। ਅੰਤ ਨੂੰ ਅੱਜ ਪੰਜਾਬ ਦੀ ਰਾਜਨੀਤੀ ਵਿਚ ਇਕ ਜੇਤੂ ਬਣ ਕੇ ਉੱਭਰਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿੱਤ ਨਵੇਂ ਇਤਿਹਾਸ ਨੂੰ ਸਿਰਜਣ ਦੇ ਸਮਰੱਥ ਹੈ। ਸੁਖਪਾਲ ਸਿੰਘ ਖਹਿਰਾ ਦੇ ਅਜੇਤੂ ਹੋਣ ਨਾਲ ਆਸ ਦੀ ਬਣੀ ਹੈ ਕਿ ਵਿਰੋਧੀ ਧਿਰ ਵਿੱਚੋਂ ਵੀ ਹੱਕ ਸੱਚ ਤੇ ਇਨਸਾਫ਼ ਲਈ ਆਵਾਜ਼ ਬੁਲੰਦ ਹੋਵੇਗੀ। ਕਈ ਹੋਰ ਅਜਿਹੇ ਨਾਮ ਹਨ, ਜਿਹੜੇ ਬਿਲਕੁਲ ਸਾਧਾਰਨ ਵਿਅਕਤੀ ਹਨ, ਪਰ ਪੰਜਾਬੀਆਂ ਨੇ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਭਨਾਂ ਨੂੰ ਸ਼ੁਭਕਾਮਨਾਵਾਂ।
ਬੇਸ਼ੱਕ ਭਾਰਤ ਦੇ ਬਾਕੀ ਸੂਬਿਆਂ ਵਿੱਚ ਭਾਜਪਾ ਦੇ ਮੁੜ ਸੱਤਾ ਵਿੱਚ ਆਉਣ ਨਾਲ ਪਾਲਾਬੰਦੀ ਦੀ ਸਿਆਸਤ ਹੋਰ ਮਜ਼ਬੂਤ ਹੋਈ ਹੈ, ਪਰ ਪੰਜਾਬ ਨੇ ਕੇਂਦਰ ਦੇ ਉਲਟ ਫਤਵਾ ਦੇ ਕੇ, ਆਪਣਾ ਰੋਹ ਪ੍ਰਗਟਾਇਆ ਹੈ। ਆਸ ਕਰਦੇ ਹਾਂ ਕਿ ਪੰਜਾਬੀਆਂ ਦੀਆਂ ਆਸਾਂ ਤੇ ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ।
ਉਂਜ ਇਸ ਸਮਾਂ ਦੱਸੇਗਾ ਕਿ ਪੰਜਾਬ ਦੀ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਹੈ, ਪਰ ਸਥਾਨਕ ਪਾਰਟੀ ਅਕਾਲੀ ਦਲ ਦੀ ਹੋਂਦ ਖ਼ਤਰੇ ਵਿੱਚ ਪੈਣਾਂ, ਪੰਜਾਬ ਲਈ ਬੜਾ ਅਸ਼ੁੱਭ ਹੈ। ਇਸ ਲਈ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਬਾਹਰ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਸਲ ਸਪ੍ਰਿਟ ਵਾਲੇ ਲੀਡਰਾਂ ਨੂੰ ਅੱਗੇ ਆਉਣ ਦੀ ਲੋਡ਼ ਹੈ, ਤਾਂ ਕਿ "ਪੰਜਾਬ ਦੀ ਆਪਣੀ ਪੰਥਕ ਪਾਰਟੀ" ਦੀ ਹੋਂਦ ਬਚੀ ਰਹੇ ਅਤੇ ਪੰਜਾਬ ਦੀ ਹੋਣੀ ਅਤੇ ਸੰਤਾਪ ਖ਼ਿਲਾਫ਼ ਲੜਨ ਦੀ ਤਾਕਤ ਕਾਇਮ ਰਹੇ।
(ਡਾ ਗੁਰਵਿੰਦਰ ਸਿੰਘ)
ਸਿੱਖ ਇਨਕਲਾਬੀ ਦੇ ਮੋਢੀ : ਗੁਰੂ ਨਾਨਕ ਸਾਹਿਬ - ਡਾ. ਗੁਰਵਿੰਦਰ ਸਿੰਘ
ਮੁਰਸ਼ਦ -ਏ- ਆਲਮ ਗੁਰੂ ਨਾਨਕ ਸਾਹਿਬ ਅਜਿਹੇ ਪਹਿਲੇ ਕੌਮਾਂਤਰੀ ਆਗੂ ਹਨ, ਜਿਨ੍ਹਾਂ ਦਾ ਮਿਸ਼ਨ 'ਸਮੁੱਚੀ ਮਾਨਵਤਾ' ਦੀ 'ਚੜ੍ਹਦੀ ਕਲਾ' ਤੇ 'ਸਰਬੱਤ ਦੇ ਭਲੇ' ਤੋਂ ਆਰੰਭ ਹੁੰਦਾ ਹੈ। ਉਨ੍ਹਾਂ ਮਾਨਵ ਹਿਤਕਾਰੀ ਤੇ ਵਿਸ਼ਵ -ਵਿਆਪੀ ਜੀਵਨ ਦਰਸ਼ਨ ਦਾ ਸੰਕਪਲ ਦਿੱਤਾ, ਜੋ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਮਜ਼ਬੂਤ ਨੀਂਹ 'ਤੇ ਸਥਾਪਿਤ ਹੈ। ਉਹਨਾਂ ਦੁਆਰਾ ਪ੍ਰਸਤੁਤ ੴ ਦਾ ਸਿਧਾਂਤ ਰੰਗ-ਨਸਲ, ਵਰਗ-ਵੰਡ, ਜਾਤ-ਪਾਤ, ਬੇਦ -ਕਤੇਬ, ਦੇਹੁਰਾ-ਮਸੀਤ, ਪੂਜਾ-ਨਿਵਾਜ ਤੇ ਦੇਸ਼ -ਕੌਮ ਦੀਆਂ ਹੱਦਾਂ ਅਤੇ ਵਲਗਣਾਂ ਤੋਂ ਪਾਰ, ਸਰਬ- ਵਿਆਪਕਤਾ ਤੇ ਸਰਬ-ਸਾਂਝੀਵਾਲਤਾ ਦਾ ਸੰਕਲਪ ਹੈ। ਯੁੱਗ -ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ,ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਸੂਫ਼ੀ ਤੇ ਬ੍ਰਾਹਮਣ, ਅਫ਼ਗਾਨ ਤੇ ਬਲੋਚ, ਰਾਜੇ ਤੇ ਰੰਕ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾ ਦੀ ਤਰਜ਼ੇ - ਜਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ, ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ ਹੈ। ਜ਼ਾਹਰ -ਪੀਰ ਤੇ ਜਗਤ- ਤਾਰਕ ਬਾਬਾ ਨਾਨਕ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖਤਮ ਕਰ ਦਿੱਤਾ। ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ।
ਗੁਰੂ ਸਾਹਿਬ ਦਾ ਸਮਕਾਲੀ ਮਾਨਵ- ਜੀਵਨ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫੇਰੇ ਰਬੀ ਨਾਮ ਦੀ ਥਾਂ ਕਰਮਾਂ-ਕਾਂਡਾਂ, ਵਹਿਮਾਂ-ਭਰਮਾਂ ਦਾ ਰਾਮ -ਰੌਲਾ ਵਾਯੂ-ਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ -ਪੁਸ਼ਾਕ ਪਹਿਨ ਕੇ ਧਰਮ ਦਾ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ 'ਬੇਇਲਮਾ ਅਮਲ' ਤੇ 'ਬੇਅਮਲਾ ਇਲਮ' ਬੇ-ਅਰਥ ਹੋ ਚੁੱਕਿਆ ਸੀ। ਮੰਨੂ- ਸਮ੍ਰਿਤੀ ਦੀ ਵਰਗ -ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ, ਲੰਗੜੇ ਜਰਨੈਲ ਤੇ ਆਜੜੀ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ:-
"ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥"
(ਗੁਰੂ ਗਰੰਥ ਸਾਹਿਬ, 1288)
ਮਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਮਰਦਿ -ਕਾਮਿਲ ਗੁਰੂ ਨਾਨਕ ਸਾਹਿਬ ਹਨ। ਇਹ ਦਲੇਰਾਨਾ ਪਹਿਲ -ਕਦਮੀ ਸਿੱਖ ਕੌਮ ਨੂੰ ਦੁਨੀਆ ਦੀ ਬਹਾਦਰ ਤੇ ਸੁਰਬੀਰ ਕੌਮ' ਵਜੋਂ ਉਜਾਗਰ ਕਰਨ ਲਈ ਮਾਰਗ ਦਰਸ਼ਕ ਬਣੀ। ਜੋ ਖਾਲਸਾ ਰੂਪੀ ਬ੍ਰਿਛ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਉਤਰਾ- ਅਧਿਕਾਰੀ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਫੜਾਈ ਗਈ ਸੀ, ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ।
ਇਉਂ ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰਾ ਤੱਕ ਦੀ ਯਾਤਰਾ ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਤੱਕ ਦੀ ਗੂੰਜ ਗਿਆਨ ਅਤੇ ਕਿਰਪਾਨ ਨਾਲ ਹਲੂਣਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ।
ਧਰਮ ਦੇ ਸੰਕਲਪ ਨੂੰ ਗੁਰੂ ਨਾਨਕ ਸਾਹਿਬ ਨੇ ਨਿਜੀ ਸੁਆਰਥ, ਰਾਜਨੀਤਿਕ ਚੌਧਰ ਤੇ ਜਾਤੀਵਾਦ ਦੇ ਸੰਕੀਰਨ ਤੇ ਸੰਕੁਚਿਤ ਦਾਇਰਿਆਂ 'ਚੋ ਬਾਹਰ ਕੱਢ ਕੇ, ਅਸਲੋਂ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਦੇ ਹੋਏ, ਇਸ ਨੂੰ ਸੁਭ- ਕਰਮ ,ਸਵੈ-ਵਿਸ਼ਵਾਸ ਤੇ ਸਦਭਾਵਨਾ ਦਾ ਕੇਂਦਰ -ਬਿੰਦੂ ਬਣਾ ਦਿੱਤਾ। ਆਪਣਾ ਮੂਲ ਪਛਾਣਦੇ ਹੋਏ ਸਭ ਨੂੰ ਆਪਣੇ ਧਰਮ ਵਿੱਚ ਦ੍ਰਿੜ ਅਤੇ ਪਰਪੱਕ ਹੋਣ 'ਤੇ ਜ਼ੋਰ ਦਿੱਤਾ। ਸੱਚਾ ਮੁਸਲਮਾਨ ਉਹ ਹੈ, ਜੋ ਮਿਹਰ ਦੀ ਮਸਜਿਦ ਵਿੱਚ ਸਿਦਕ ਦਾ ਮੁਸੱਲਾ ਵਿਛਾ ਕੇ ਸਚਾਈ, ਇਮਾਨਦਾਰੀ, ਬੰਦਗੀ, ਸਾਫ- ਦਿਲੀ ਤੇ ਸਿਫ਼ਤ ਦੀਆਂ ਪੰਜ ਨਿਮਾਜ਼ਾਂ ਪੜ੍ਹਦਾ ਹੈ ਤੇ ਬ੍ਰਾਹਮਣ ਉਹ ਹੈ ਜੋ ਸਤਿ. ਸੰਤੋਖ, ਦਇਆ ਤੇ ਜਤ- ਪਤ ਦਾ ਧਾਰਨੀ ਹੈ। ਜੋਗੀ ਉਹ ਹੈ, ਜਿਸ ਦੇ ਕੰਨਾਂ 'ਚ ਸੰਤੋਖ ਦੀਆਂ ਮੁੰਦਰਾਂ, ਉਦਮ ਦੀ ਝੋਲੀ , ਧਿਆਨ ਦੀ ਬਿਭੂਤੀ ਅਤੇ ਹੱਥ ਵਿੱਚ ਜੁਗਤੀ ਦਾ ਡੰਡਾ ਫੜਿਆ ਹੋਇਆ ਹੈ। ਕਾਜੀ ਉਹ ਹੈ. ਜੋ ਸਚਾਈ 'ਤੇ ਪਹਿਰਾ ਦਿੰਦਾ ਹੋਇਆ ਪੂਰਨ ਨਿਆਂ ਕਰੇ। ਗੁਰੂ ਸਾਹਿਬ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਬੇਹੱਦ ਢੁਕਵੀਂਆਂ ਦਲੀਲਾਂ ਦੁਆਰਾ, ਦਮ ਤੋੜ ਚੁੱਕੇ ਮਨੁੱਖੀ ਸਮਾਜ ਨੂੰ ਪੁਨਰ - ਜੀਵਨ ਦਾਨ ਬਖ਼ਸ਼ਣ ਲਈ ਕੀਤੇ ਗਏ ਮਹਾਨ ਉਪਕਾਰਾਂ ਵਾਸਤੇ ਸਮੁੱਚੇ ਮਾਨਵਤਾ ਉਹਨਾਂ ਦੀ ਕਰਜ਼ਦਾਰ ਹੈ। ਸਮਾਜ ਦੀ ਪੁਨਰ - ਸਥਾਪਨਾ ਦੇ ਪ੍ਰਸੰਗ ਵਿੱਚ ਉਹਨਾਂ ਦੁਆਰਾ ਪੇਸ਼ ਵਿਵੇਕ- ਭਰਪੂਰ ਪਰਿਭਾਸ਼ਾਵਾਂ ਦ੍ਰਿਸ਼ਟੀ-ਗੋਚਰ ਹਨ:-
"ਸੋ ਜੋਗੀ ਜੋ ਜੁਗਤਿ ਪਛਾਣੈ॥
ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥
ਗੁਰ ਪਰਸਾਦੀ ਜੀਵਤੁ ਮਰੈ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੇ॥
ਦਾਨਸ ਬੰਦੂ ਸੋਈ ਦਿਲੁ ਧੋਵੈ॥
ਮੁਸਲਮਾਣੁ ਸੋਈ ਮਲੁ ਖੋਵੈ॥"
(ਗੁਰੂ ਗਰੰਥ ਸਾਹਿਬ, 622)
ਗੁਰੂ ਨਾਨਕ ਦਰਸ਼ਨ ਆਤਮਾ-ਪਰਮਾਤਮਾ, ਧਰਮ, ਅਚਾਰਨੀਤੀ, ਨੈਤਿਕਤਾ ਵਰਗੇ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਤੇ ਸਮਾਜਿਕ ਵਿਸ਼ਿਆਂ ਨੂੰ ਅਸਲੋਂ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਬਾਣੀ ਵਿੱਚ ਪਾਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ , ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਲੋਕ- ਧਰਮ ਅਤੇ ਲੋਕ ਗਾਥਾਵਾਂ ਦਾ ਵਰਣਨ 'ਖੰਡਨਾਤਮਿਕ' ਤੇ 'ਮੰਡਨਾਤਮਿਕ' ਦੋਹਾਂ ਵਿਧੀਆਂ ਰਾਹੀਂ ਕੀਤੀ ਹੈ । ਜਿੱਥੇ ਉਨ੍ਹਾਂ ਲੋਕ ਧਰਮ ਦੇ ਕਈ ਸਿਰਜਨਾਤਮਕ ਅਤੇ ਲੋਕ- ਹਿਤਕਾਰੀ ਸੰਕਲਪਾਂ ਨੂੰ ਸਵੀਕਾਰ ਕੀਤਾ ਹੈ, ਉੱਥੇ ਚਾਰ - ਵਰਨ, ਚਾਰ -ਆਸ਼ਰਮ, ਹੌਮ -ਯਗ , ਤੀਰਥ - ਗਮਾਨ, ਸੂਤਕ- ਪਾਤਕ ਆਦਿ ਕਰਮ ਕਾਂਡਾਂ ਪ੍ਰਤੀ ਖੰਡਨਾਤਮਿਕ ਆਲੋਚਨਾ ਦੀ ਦ੍ਰਿਸ਼ਟੀ ਅਪਣਾਈ ਹੈ ।
ਭਾਰਤ ਦੇ ਇਤਿਹਾਸ ਵਿੱਚ ਅਪਮਾਨਿਤ ਅਤੇ ਨਫ਼ਰਤ ਦੀ ਪਾਤਰ ਵਜੋਂ ਪੇਸ਼ ਕੀਤੀ ਗਈ ਇਸਤਰੀ ਜਾਤੀ ਨੂੰ, ਗੁਰੂ ਨਾਨਕ ਸਾਹਿਬ ਨੇ ਅਤਿ ਸਤਿਕਾਰਯੋਗ ਸਥਾਨ ਦੁਆ ਕੇ, ਜਿੱਥੇ ਸਦੀਆਂ ਤੋਂ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਨੂੰ ਸਾਫ਼ ਕੀਤਾ ਹੈ ,ਉੱਥੇ ਸੰਗਤ ਅਤੇ ਪੰਗਤ ਦੀ ਨਿਵੇਕਲੀ ਮਰਿਆਦਾ ਸ਼ੁਰੂ ਕਰਕੇ ਸਮਾਜਿਕ- ਰੋਅਬ ਤੇ ਜਾਤ- ਅਭਿਮਾਨ ਨੂੰ ਖਤਮ ਕਰਦਿਆਂ, ਸ਼ਖਸੀ -ਸਮਾਨਤਾ ਦੀ ਸੋਚ ਨੂੰ ਅਮਲੀ ਜਾਮਾਂ ਪਹਿਨਾਉਣ ਵਿੱਚ ਵੀ ਪਹਿਲਕਦਮੀ ਕੀਤੀ ਹੈ । ਪਰ-ਅਧਿਕਾਰ ਉੱਪਰ ਕਬਜ਼ੇ ਦੀ ਭਾਵਨਾ ਨੂੰ ਧਿਕਾਰਦੇ ਹੋਏ ਜਿੱਥੇ ਗੁਰੂ ਸਾਹਿਬ ਨੇ ਪਰਾਏ -ਹੱਕ ਨੂੰ ਗਊ ਤੇ ਸੂਰ ਦਾ ਮਾਸ ਖਾਣ ਤੇ ਤੁਲ ਦਰਸਾਇਆ ਹੈ, ਉੱਥੇ ਹੱਕ- ਹਲਾਲ ਦੀ ਕਮਾਈ ਤੇ ਦਸਾਂ ਨੂੰਹਾਂ ਦੀ ਕਿਰਤ ਦੀ ਸ੍ਰੇਸ਼ਟਤਾ ਉਜਾਗਰ ਕਰਨ ਲਈ ਜੀਵਨ ਕਾਲ ਦੇ ਅੰਤਿਮ 18 ਵਰ੍ਹੇ ਰਾਵੀ ਕਿਨਾਰੇ ਵਸਾਏ ਪ੍ਰਭੂ-ਨਗਰ ਕਰਤਾਰਪੁਰ ਸਾਹਿਬ ਵਿਖੇ ਕਿਰਸਾਣੀ ਕਰਦੇ ਹੋਏ, ਹਲ ਚਲਾਉਂਦਿਆਂ ਕਿਰਤੀ ਤੇ ਮਿਹਨਤਕਸ਼ਾਂ ਦੀ ਢਾਣੀ ਦੇ ਮੋਢੀ ਬਣੇ । ਅੱਜ ਕਿਸਾਨੀ ਹੱਕਾਂ ਲਈ ਜੂਝਣ ਵਾਲੇ ਬਹਾਦਰ ਲੋਕ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਹਨ, ਜਦਕਿ ਕਿਰਸਾਨ ਵਿਰੋਧੀ ਕਾਨੂੰਨਾਂ ਦੇ ਘਾੜੇ ਗੁਰ ਨਾਨਕ ਸਿਧਾਂਤ ਦੇ ਵਿਰੋਧੀ ਹਨ। ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਹ ਪਵਿੱਤਰ ਅਸਥਾਨ ਹੀ ਅੱਜ ਸਿਆਸੀ ਹਉਮੈ ਦੇ ਸ਼ਿਕਾਰ ਅਤੇ ਹੱਦਾਂ ਸਰਹੱਦਾਂ ਵਿੱਚ ਤਕਸੀਮ ਹੋਏ ਮੁਲਕਾਂ ਅੰਦਰ ਪ੍ਰੇਮ ਅਤੇ ਸਦਭਾਵਨਾ ਦੀ ਸਾਂਝ ਕਾਇਮ ਕਰਨ ਦਾ ਆਧਾਰ ਬਣਿਆ ਹੈ।
ਗੁਰਮਿਤ ਦਾ ਮਾਰਗ ਪ੍ਰਵਿਰਤੀ ਮੂਲਕ ਨਿਵਿਰਤੀ ਅਤੇ ਪ੍ਰੇਮ ਭਗਤੀ ਦਾ ਸਹਿਜ ਅਤੇ ਸੁਖੈਨ ਮਾਰਗ ਹੈ । ਨਾਥਾਂ- ਸਿੱਧਾਂ ਦੇ ਯੋਗੀਆਂ ਦੇ ਹੱਠ ਅਤੇ ਤਿਆਗ ਮਾਰਗ ਦੀ ਵਿਆਖਿਆ ਕਰਦੇ ਹੋਏ 'ਪੰਤਜਲੀ ਦਰਸ਼ਨ' ਵਿੱਚ ਕਿਹਾ ਗਿਆ ਹੈ : '' ਅਥ ਜੋਗਾਨੁਸ਼ਾਸਨਮ ॥ ਯੋਗਸ਼ਚਿਤ ਵ੍ਰਤਿਨਿਰੋਧਹ ॥ ਤਥਾ ਦ੍ਰਿਸ਼ਟ ਸਵਰੂਪੇ ਅਵਸਥਾਨਮ॥ '' ਅਜਿਹੀ ਕਠਿਨ ਤਪੱਸਿਆ ਅਤੇ ਘਰ-ਬਾਰ ਦੇ ਤਿਆਗ ਦੀ ਥਾਂ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਂਵਦਿਆਂ ਵਿੱਚੈ ਹੋਵੈੇ ਮੁਕਤਿ ਦਾ ਮਹਾਨ ਸਿਧਾਂਤ ਪੇਸ਼ ਕੀਤਾ ਗਿਆ ਹੈ । ਗ੍ਰਹਿਸਤ ਮਾਰਗ ਨੂੰ ਪਹਿਲ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਨਾਲ ਵਿਆਹ ਕਰਵਾਇਆ । ਆਪ ਨੇ ਗ੍ਰਹਿ ਵਿਖੇ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ ।
ਮੱਧ ਕਾਲ ਵਿੱਚ ਸੰਸਾਰ ਤੇ ਪਰਿਵਾਰ ਦਾ ਤਿਆਗ ਕਰਨ ਵਾਲੇ ਅਖੌਤੀ ਧਾਰਮਿਕ- ਮਤ ਦੇ ਖੰਡਰਾਂ 'ਤੇ ਖੜ੍ਹੀ ਨਾਥਾਂ -ਜੋਗੀਆਂ ਦੀ ਜਮਾਤ, ਸੰਸਾਰ ਤੋਂ ਭਗੌੜੀ ਹੋ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪੀ ਬੈਠੀ ਸੀ ਅਤੇ ਲੁਕਾਈ ਯਤੀਮ ਹੋ ਚੁੱਕੀ ਸੀ । ਅਜਿਹੀਆਂ ਸੰਕਟਮਈ ਪਰਸਥਿਤੀਆਂ ਵਿੱਚ ਗੁਰੂ ਸਾਹਿਬ ਨੇ ਆਪਣੇ ਮਾਨਵਵਾਦੀ ਸੰਦੇਸ਼ ਨੂੰ ਦੇਸ-ਕਾਲ ਦੀਆਂ ਸੀਮਾਵਾਂ ਤੋਂ ਪਾਰ, ਪੂਰੇ ਵਿਸ਼ਵ ਤੱਕ ਪਹੁੰਚਾਉਣ ਲਈ ਪੈਦਲ ਯਾਤਰਾ ਅਾਰੰਭ ਕੀਤੀ । ਬੇਸ਼ੱਕ ਮਾਨਵ ਕਲਿਆਣ ਵਾਸਤੇ ਇਸਾਈ ਧਰਮ ਪ੍ਰਮੁੱਖ ਯਿਸੂ ਮਸੀਹ ਨੇ ਬੈਥਲਮ ਤੋਂ ਯੋਰੋਸ਼ਲਮ ਤੱਕ, ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨੇ ਤੱਕ ਤੇ ਬੁੱਧ ਮੱਤ ਦੇ ਮੋਢੀ ਮਹਾਤਮਾ ਗੌਤਮ ਬੁੱਧ ਨੇ ਨੇਪਾਲ ਤੋਂ ਗਯਾ ਤੱਕ ਦੀ ਯਾਤਰਾ ਕੀਤੀ, ਪਰ ਗੁਰੂ ਨਾਨਕ ਜੀ ਨੇ 1499 ਈਸਵੀ ਤੋਂ ਲੈ ਕੇ 1521 ਤਕ ਤਕਰੀਬਨ 22 ਵਰ੍ਹੇ ਨੌਂ ਖੰਡ ਪ੍ਰਿਥਵੀ ਦਾ 24 ਹਜ਼ਾਰ ਮੀਲ ਤੋਂ ਵਧੇਰੇ ਪੈਂਡਾ ਪੈਦਲ ਤੈਅ ਕੀਤਾ, ਜਿਸ ਦੇ ਬਰਾਬਰ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਸੈਦਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੁਲਤਾਨ ਕੁਰਕਸ਼ੇਤਰ, ਦਿੱਲੀ, ਹਰਿਦੁਆਰ , ਗੋਰਖਮਤਾ, ਬਨਾਰਸ, ਗਯਾ, ਧੁਬਰੀ , ਕਾਮਰੂਪ, ਜਗਨਨਾਥ ਪੁਰੀ, ਲੰਕਾ, ਪਾਕ ਪਟਨ, ਕੈਲਾਸ਼ ਪਰਬਤ, ਲੱਦਾਖ,ਕਸ਼ਮੀਰ ਕਾਂਗੜਾ, ਕੁੱਲੂ,ਬੈਜਨਾ, ਜਵਾਲਾਮੁਖੀ ,ਸਿਆਲਕੋਟ ,ਮੱਕਾ ,ਮਦੀਨਾ, ਬਗਦਾਦ, ਕਾਬਲ, ਕੰਧਾਰ, ਪਿਸ਼ਾਵਰ ਹੁੰਦਾ ਹੋਇਆ 1521 ਈ. ਨੂੰ ਸੈਦਪੁਰ ਹੀ ਖਤਮ ਹੋਇਆ।
ਗੁਰੂ ਜੀ ਨੇ ਵਰਤਮਾਨ ਦੇਸ਼ਾਂ ਚੀਨ, ਮੰਗੋਲੀਆ, ਤਿੱਬਤ, ਨੇਪਾਲ, ਭੂਟਾਨ, ਲੰਕਾ, ਬ੍ਰਹਮਾ, ਥਾਈਲੈਂਡ, ਈਰਾਨ, ਇਰਾਕ, ਕੁਵੈਤ ਤੇ ਅਫਗਾਨਿਸਤਾਨ ਆਦਿ ਜਾ ਕੇ ਪ੍ਰੇਮ ਅਤੇ ਮਾਨਵਤਾ ਦਾ ਉਪਦੇਸ਼ ਦਿੱਤਾ। ਆਪ ਮਾਤਾ ਤ੍ਰਿਪਤਾ ਲਈ ਨਾਨਕ ਸੁਤ, ਮੁਸਲਮਾਨਾਂ ਲਈ ਨਾਨਕ ਸ਼ਾਹ ਪੀਰ, ਹਿੰਦੂਆਂ ਲਈ ਨਾਨਕ ਦੇਵ, ਜੋਗੀਆਂ ਲਈ ਨਾਨਕ ਨਾਥ ਅਤੇ ਸਮੂਹ ਸਿੱਖ ਜਗਤ ਲਈ 'ਗੁਰੂ ਨਾਨਕ ਸਾਹਿਬ' ਬਣੇ। ਭਾਈ ਗੁਰਦਾਸ ਜੀ (1551-1629 ਈ.) ਦਾ ਕਥਨ ਆਪ ਦੀ ਮੁਰਸ਼ਦ-ਏ-ਆਲਮ ਦੇ ਰੂਪ ਵਿੱਚ ਸਿਫ਼ਤ ਲਈ ਸਾਰਥਕ ਜਾਪਦਾ ਹੈ:
"ਗੁਰੂ ਨਾਨਕ ਸਭ ਕੇ ਸਿਰਤਾਜਾ॥
ਜਿਸ ਕੋ ਸਿਮਰ ਸਰੇ ਸਭ ਕਾਜਾ॥"
(ਭਾਈ ਗੁਰਦਾਸ ਵਾਰਾਂ)
ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦੀ ਭਾਵਨਾ ਨੂੰ ਦ੍ਰਿਸ਼ਟੀ-ਗੋਚਰ ਕਰਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮੂਲ ਉਪਦੇਸ਼ ਮਾਨਵ ਕਲਿਆਣ ਹੈ। ਗੁਰੂ ਨਾਨਕ ਨੇ 206 ਸ਼ਬਦ 121 ਅਸ਼ਟਪਦੀਆਂ, 25 ਛੰਦ, 3 ਵਾਰਾਂ ਅਤੇ 256 ਸਲੋਕਾਂ ਦੀ ਸਿਰਜਨਾ ਕੀਤੀ । ਆਪ ਜੀ ਦੇ ਵਿਸ਼ਾਲ ਰਚਨਾ ਖੇਤਰ ਵਿੱਚ ਜਪਜੀ, ਸਿੱਧ ਗੋਸ਼ਟਿ, ਆਸਾ ਦੀ ਵਾਰ, ਬਾਰਾਂਮਾਹ, ਅਲਾਹੁਣੀਆਂ ਅਤੇ ਪੱਟੀ ਸਮੇਤ, ਸਾਰੀਆਂ ਹੀ ਮਹਾਨ ਬਾਣੀਆਂ ਹਨ । ਆਪ ਦੀ ਬਾਣੀ ਰਾਗਾਂ ਵਿੱਚ ਰੱਖੀ ਹੋਈ ਹੈ, ਜਿਨ੍ਹਾਂ ਦੀ ਸੰਗੀਤਕਤਾ ਲੋਕ ਮਨ ਵਿੱਚ ਇਕਸੁਰਤਾ ਅਤੇ ਇਕਾਗਰਤਾ ਪੈਦਾ ਕਰਦੀ ਹੈ, ਪਰ ਇੱਥੇ ਰਾਗਾਂ ਦਾ ਉਪਦੇਸ਼ ਸੰਗੀਤ ਸ਼ਾਸਤਰੀਅਤਾ ਜਾਂ ਵਸ਼ਿਸ਼ਟਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ ਅਤੇ ਸੁਭਾਵਿਕ ਕੀਰਤਨ ਰਾਹੀਂ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਰਬੀ ਨਾਮ- ਭਰਪੂਰ ਸ਼ਖ਼ਸੀਅਤ ਦੀ ਸਥਾਪਨਾ ਕਰਨਾ ਹੈ । ਅਕਾਲ ਰੂਪ ਬਾਬੇ ਨਾਨਕ ਨਾਲ ਰਬਾਬੀ ਮਰਦਾਨੇ ਦੀ ਸੰਗਤ, ਸਾਧਨਾ ਅਤੇ ਸੰਗੀਤ ਦਾ ਖ਼ੂਬਸੂਰਤ ਸੰਗਮ ਹੈ ।
ਪ੍ਰਸਿੱਧ ਵਿਦਵਾਨ ਸਾਦਿਕ ਅਲੀ ਖਾਨ ਆਪਣੀ ਪੁਸਤਕ 'ਸਰਮਾਇਆ ਇਸ਼ਰਤ' ਵਿੱਚ ਲਿਖਦਾ ਹੈ, ਜਿੱਥੇ ਹੋਰ ਬੇਅੰਤ ਗੁਣ ਗੁਰੂ ਨਾਨਕ ਸਾਹਿਬ ਵਿੱਚ ਸਨ, ਉੱਥੇ ਉਹ ਇੱਕ ਮਹਾਨ ਸੰਗੀਤਕਾਰ ਵੀ ਸਨ। ਛੇ ਤਾਰਾਂ ਵਾਲਾ ਰਬਾਬ ਉਨ੍ਹਾਂ ਦੀ ਹੀ ਕਾਢ ਹੈ । ਗੁਰੂ ਨਾਨਕ ਸਾਹਿਬ ਦੇ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਰਾਗ, ਮਾਝ ,ਗਾਉੜੀ, ਆਸਾ, ਗੁਜਰੀ, ਵਡਹੰਸ, ਸੋਰਠ,ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਸਮੇਤ 19 ਰਾਗਾਂ ਵਿੱਚ ਮਿਲਦੇ ਹਨ । ਰਾਗ ਬਿਹਾਗੜਾ ਵਿੱਚ ਆਪ ਨੇ ਸਿਰਫ ਸਲੋਕ ਹੀ ਰਚੇ ਹਨ। ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ । ਇਸ ਵਿੱਚਲੀ ਭਾਸ਼ਾ, ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ ।
ਗੁਰੂ ਨਾਨਕ ਬਾਣੀ ਪੰਜਾਬੀ, ਸੰਸਕ੍ਰਿਤ, ਪ੍ਰਾਕ੍ਰਿਤਕ ਅਤੇ ਫਰਸੀ ਭਾਸ਼ਾ ਵਿੱਚ ਮਿਲਦੀ ਹੈ।ਜਿੱਥੇ ਆਪ ਨੇ ਬੇਹੱਦ ਮਿੱਠੀ ਬੋਲੀ ਰਾਹੀਂ ਰੂਹਾਨੀ ਫ਼ਲਸਫ਼ੇ ਨੂੰ ਬਿਆਨਿਆ ਹੈ, ਉੱਥੇ ਸਿੰਘ ਗਰਜ ਵਾਲੀ ਕਰੜੀ ਭਾਸ਼ਾ ਰਾਹੀਂ ਅੱਤਿਆਚਾਰੀ ਸ਼ਾਸਕ ਨੂੰ ਤਾੜਨਾ ਵੀ ਕੀਤੀ ਹੈ । ਆਪ ਦੀ ਰਚਨਾ ਰੰਗ- ਬਿਰੰਗੀ ਭਾਸ਼ਾ ਦੇ ਗੁਲਦਸਤੇ ਦੇ ਰੂਪ ਵਿੱਚ ਸੁਸ਼ੋਭਿਤ ਹੈ, ਜੋ ਆਪ ਨੂੰ ਵਿਸ਼ਵ ਦੇ ਮਹਾਨ ਭਾਸ਼ਾ ਵਿਗਿਆਨੀ ਵਜੋਂ ਦਰਸਾਉਂਦੀ ਹੈ । ਆਪ ਦੀ ਬੋਲੀ ਦਾ ਜੁੱਸਾ ਤੇ ਮੁਹਾਵਰਾ ਠੇਠ ਪੰਜਾਬੀ ਹੈ, ਜਿਸ ਨੇ ਨਿੱਗਰ- ਨਰੋਈ ਅਤੇ ਉਸਾਰੂ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਦੁਨੀਆਂ ਦੇ ਸਰਵੋਤਮ ਸਾਹਿਤ ਦੇ ਰੂਪ ਵਿੱਚ ਵਿਖਿਆਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ਦੇ ਸ਼ਬਦ ਭੰਡਾਰਾਂ ਵਿੱਚ ਚਿੰਨ੍ਹ, ਪ੍ਰਤੀਕ, ਅਲੰਕਾਰ, ਰਸ, ਸ਼ਬਦ- ਚਿੱਤਰ, ਬੋਲ -ਚਿੱਤਰ ਆਦਿ ਰਹੱਸਮਈ ਭਾਸ਼ਾ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ । ਜਿਵੇਂ ਧਰਤੀ- ਆਕਾਸ਼, ਬਾਰਕ- ਮਾਤਾ, ਸਹੁਰਾ- ਪੇਕਾ, ਸੁਹਾਗਣ -ਦੁਹਾਗਣ, ਬੇੜੀ-ਤੁਲਹਾ, ਮੋਹਿਤ-ਸਾਗਰ, ਦੀਵ- ਬੱਤੀ ਮਿਰਗ-ਕਸਤੂਰੀ ਆਦਿ ਸਮੇਤ ਸਮੁੱਚੀ ਸ੍ਰਿਸ਼ਟੀ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ। ਗੁਰੂ ਸਾਹਿਬ ਧੁਰ ਕੀ ਅਤੇ ਖਸਮ ਕੀ ਬਾਣੀ ਦੀ, ਆਵੇਸ਼ ਵਿੱਚ ਸਰੋਦੀ ਹੂਕ ਦੇ ਹਿਰਦੇ ਵਿੱਚ ਉੱਠਣ 'ਤੇ ਰਚਨਾ ਕਰਦੇ ਹਨ ।
ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ 'ਮਰਦੇ-ਕਾਮਿਲ' ਆਖਦਾ ਹੈ, ਉੱਥੇ 'ਐਨ ਇਨਸਾਈਕਲੋਪੀਡੀਆ ਆਫ ਇਸਲਾਮ' ਦੀ ਚੌਥੀ ਜਿਲਦ ਵਿੱਚ ਆਪ ਦਾ ਸਾਰੀ ਸਿੱਖਿਆ ਦਾ ਉਪਦੇਸ਼ ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖਾਤਮਾ ਦੱਸਿਆ ਗਿਆ ਹੈ।
"ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ।
(ਡਾ.ਅੱਲਾਮਾ ਇਕਬਾਲ)
ਗੁਰੂ ਨਾਨਕ ਧਾਰਾ ਵਿਚ ਬੀਬੀ ਨਾਨਕੀ ਦਾ ਪ੍ਰੇਮ, ਰਾਏ ਬੁਲਾਰ ਦੀ ਸ਼ਰਧਾ, ਭਾਈ ਲਾਲੋ ਦੀ ਕਿਰਤ, ਮਰਦਾਨੇ ਦੀ ਰਬਾਬ, ਬਾਬਾ ਬੁੱਢਾ ਜੀ ਦੀ ਦੂਰ-ਦ੍ਰਿਸ਼ਟੀ ਅਤੇ ਭਾਈ ਲਹਿਣਾ ਜੀ ਦੀ ਆਨੰਦ ਪ੍ਰੇਮ-ਭਗਤੀ ਸਤਰੰਗੀ ਪੀਂਘ ਬਣ ਕੇ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਦਾ ਅਲੌਕਿਕ ਸੰਗਮ ਪੇਸ਼ ਕਰਦੇ ਹਨ। ਇੱਥੇ ਦੁਨੀਆਂ ਦੀ ਤਾਰੀਖ਼ ਵਿੱਚ ਚੇਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ, ਗੁਰੂ-ਚੇਲੇ ਦੀ ਵਚਿੱਤਰ ਪਰੰਪਰਾ ਦਾ ਆਗਾਜ਼ ਹੁੰਦਾ ਹੈ ।
ਸਮੁੱਚੇ ਰੂਪ ਵਿੱਚ ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ , ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੌਸ਼ਨੀ ਤੇ ਨਿੱਘ ਰਹਿੰਦੀ ਦੁਨੀਆਂ ਤੱਕ ਮਨੁੱਖੀ ਸਭਿਅਤਾ ਲਈ 'ਚਾਨਣ ਦੇ ਵਣਜਾਰੇ' ਬਣੇ ਰਹਿਣਗੇ ਅਤੇ 'ਨਾਨਕ' ਸ਼ਬਦ ਹਰ ਰਸਨਾ ਉਪਰ ਲੋਕ-ਮੁਹਾਵਰਾ ਬਣ ਕੇ ਗੂੰਜਦਾ ਰਹੇਗਾ :
"ਸਿੱਧ ਬੋਲਨਿ ਸ਼ੁਭ ਬਚਨ,
ਧੰਨ ਨਾਨਕ ਤੇਰੀ ਵਡੀ ਕਮਾਈ॥"
(ਵਾਰਾਂ ਭਾਈ ਗੁਰਦਾਸ)
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
singhnewscanada@gmail.com
604-825-1550
21 ਅਕਤੂਬਰ 1914 : ਕੈਨੇਡਾ ਦੇ ਇਤਿਹਾਸ ਵਿਚ ਚਿੱਟੇ ਨਸਲਵਾਦ ਦੇ ਖਾਤਮੇ ਦੀ ਗੌਰਵਮਈ ਗਾਥਾ - ਡਾ. ਗੁਰਵਿੰਦਰ ਸਿੰਘ
21 ਅਕਤੂਬਰ 1914 ਦੇ ਦਿਨ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਨੂੰ ''ਚਿੱਟੀ ਚਮੜੀ ਵਾਲਿਆਂ ਦਾ ਦੇਸ਼' ਸਾਬਤ ਕਰਨ ਦੀ ਕੋਸ਼ਿਸ਼ 'ਚ ਲੱਗੇ ਵਿਲੀਅਮ ਚਾਰਲਸ ਹੌਪਕਿਨਸਿਨ ਨੂੰ ਸੋਧਿਆ ਸੀ। ਭਾਈ ਮੇਵਾ ਸਿੰਘ ਜੀ ਦੇ 21 ਅਕਤੂਬਰ ਨੂੰ ਚੁੱਕੇ ਇਨਕਲਾਬੀ ਕਦਮ ਤੋਂ ਬਾਅਦ, ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਦਾ ਮੁੱਢ ਬੱਝਿਆ। ਇਸ ਦਿਨ ਦਾ ਇਤਿਹਾਸ ਵਿਚਾਰਨਾ ਜ਼ਰੂਰੀ ਹੈ ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਦਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਚ ਜ਼ਿਕਰ ਨਾਮਾਤਰ ਹੀ ਮਿਲਦਾ ਹੈ। ਭਾਈ ਮੇਵਾ ਸਿੰਘ ਕੈਨੇਡਾ 'ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਨੂੰ ਫਾਂਸੀ ਕਿਉਂ ਦਿੱਤੀ ਗਈ, ਇਹ ਇਤਿਹਾਸ ਜਾਨਣਾ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਇਹ ਕੁਰਬਾਨੀ ਹੀ ਅੱਗਿਓ ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ।
21 ਅਕਤੂਬਰ 1914 ਈ. ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆਂ ਪ੍ਰੋਵਿੰਸ਼ਿਅਲ ਕੋਰਟ ਵਿੱਚ, ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਬਦਨਾਮ ਤੇ ਗ਼ੱਦਾਰ, ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਸੋਧਿਆ ਸੀ ਤੇ ਮਗਰੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵਲੋਂ ਲੰਡਨ 'ਚ ਪੰਜਾਬ ਦੇ ਸਾਬਕਾ ਗਵਰਨਰ, ਮਾਈਕਲ ਉਡਵਾਇਰ ਨੂੰ ਸੰਨ 1940 ਵਿੱਚ ਮਾਰਨ ਨਾਲ ਕਾਫੀ ਮਿਲਦੀ ਹੈ, ਫਰਕ ਸਿਰਫ਼ ਏਨਾ ਹੈ ਕਿ ਸ਼ਹੀਦ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ, ਜਿਹੜਾ ਇਤਿਹਾਸ ਦੀਆਂ ਕਿਤਾਬਾਂ ਦੇ ਅਣਗੌਲੇ ਪੰਨਿਆਂ ਦੀ ਧੂੜ 'ਚ ਹੀ ਗੁਆਚ ਗਿਆ। ਕਿੰਨਾ ਚੰਗਾ ਹੋਵੇ ਘੱਟੋ-ਘੱਟ ਪੰਜਾਬ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਲਈ ਜਾਵੇ। ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ 'ਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਵੋੀ ਸੁਨਹਿਰੀ ਭਵਿੱਖ ਸਿਰਜਨ ਲਈ 1906 ਈਂ ਵਿੱਚ ਵੈਨਕੂਵਰ ਆ ਵਸੇ।
ਉਹਨੀਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ, 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ 'ਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ -ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ। ਜੋ ਲੇਖਕ ਇਹ ਸਾਬਤ ਕਰ ਦੀ ਕੋਸ਼ਿਸ਼ ਕਰਦੇ ਹਨ ਕਿ ਗਦਰੀ ਯੋਧਿਆਂ ਅੰਦਰ ਜਾਗ੍ਰਿਤੀ ਕੇਵਲ ਬਾਹਰਲੇ ਮੁਲਕਾਂ ਜਾਂ ਬਾਹਰੀ ਫਲਸਫਿਆਂ ਕਰਕੇ ਆਈ ਸੀ, ਉਹ ਭੁਲੇਖੇ ਪੈਦਾ ਕਰਦੇ ਹਨ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇਥੇ ਹੀ 21 ਜੂਨ 1908 ਨੂੰ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ 'ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ ਸੱਚ ਅਤੇ ਇਨਸਾਫ਼ ਲਈ ਮਰ-ਮਿੱਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਵਿਆਹ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜੁਆਨੀ 'ਚ ਸ਼ਹੀਦੀ ਪਾ ਗਏ।
ਭਾਈ ਮੇਵਾ ਸਿੰਘ ਦੇ ਜੀਵਨ 'ਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ) ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਜਿਸਨੂੰ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗਦਰੀ ਬਾਬਿਆਂ ਨੇ ਫੈਸਲਾ ਕੀਤਾ ਕਿ ਕਾਮਾਗਾਟਾਮਾਰੂ ਦੇ ਵਾਪਿਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਵਾਪਿਸ ਪਰਤੇ। ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਮੇਵਾ ਸਿੰਘ ਵੀ ਬਾਕੀ ਗਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।
ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇੰਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ, ਭਾਈ ਮੇਵਾ ਸਿੰਘ ਲੋਪੋਕੇ ਨੂੰ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰੰਤੂ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਹੀ 23 ਜੁਲਾਈ ਨੂੰ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ 'ਤੇ ਸੀ।
ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਇੱਕ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ।
ਭਾਈ ਮੇਵਾ ਸਿੰਘ ਲੋਪੋਕੇ ਦੀ ਨਜ਼ਰ 'ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ, ਜਿਵੇਂ ਕੁਝ ਵਰ੍ਹਿਆਂ ਬਾਅਦ ਸੰਨ 1919 'ਚ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ 'ਚ ਸ਼ਾਂਤਮਈ ਇਕੱਠ ਤੇ ਗੋਲ਼ੀਆਂ ਚਲਦਿਆਂ ਬੇਕਸੂਰ ਸੈਂਕੜੇ ਲੋਕਾਂ ਦੀ ਸ਼ਹੀਦੀ ਮਗਰੋਂ ਊਧਮ ਸਿੰਘ ਦਾ ਖ਼ੂਨ ਖੌਲ ਉਠਿਆ ਸੀ ਤੇ ਉਸਨੇ ਖੂਨੀ ਸਾਕੇ ਲਈ ਜਨਰਲ ਡਾਇਰ ਤੇ ਮਾਈਕਲ ਉਡਵਾਇਰ ਨੂੰ ਦੋਸ਼ੀ ਮੰਨਦਿਆਂ ਸੋਧਣ ਦੀ ਸਹੁੰ ਖਾਈ ਸੀ। ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ 'ਚ ਵਾਰੀ -ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ।
ਹਿੰਦ ਸਰਕਾਰ ਦਾ ਸੂਹੀਆ ਵਿਲੀਅਮ ਚਾਰਲਸ ਹਾਪਕਿਨਸਨ ਮੌਕੇ 'ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿੰਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ: ''ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ।
"ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ...।'' ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ 'ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ।
ਆਪਣੇ ਸ਼ਬਦਾਂ 'ਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ 'ਚ ਫੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ''ਹਰਿ ਜਗੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ'' ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ 'ਚ 'ਸ਼ਹੀਦ ਮੇਵਾ ਸਿੰਘ ਅਮਰ ਰਹੇ' ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ।
ਕੈਨੇਡਾ ਦੇ ਇਤਿਹਾਸ ਵਿੱਚ ਚਿੱਟੇ ਨਸਲਵਾਦ ਦੇ ਖ਼ਾਤਮੇ ਦੀ ਇਹ ਗੌਰਵਮਈ ਗਾਥਾ ਸਾਡਾ ਸ਼ਾਨਾਮੱਤਾ ਇਤਿਹਾਸ ਹੈ। ਇਸ ਦਿਨ ਨੂੰ ਕੈਨੇਡਾ ਦੇ ਬਹੁ -ਸਭਿਆਚਾਰਕ ਢਾਂਚੇ ਦੇ ਮੁੱਢ ਬੱਝਣ ਬੰਨ੍ਹਣ ਵਜੋਂ ਚੇਤੇ ਕਰਨਾ ਚਾਹੀਦਾ ਹੈ। ਨਿਊ ਵੈਸਟਮਿਨਸਟਰ ਸ਼ਹਿਰ ਦੇ ਸਿਟੀ ਕੌਂਸਲਰ ਚੱਕ ਪਿੱਕਮਾਇਰ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਵਿਚਾਰਨ ਮਗਰੋਂ, ਸਿਟੀ ਕੌਂਸਲ ਵਿਚ 2020 ਨੂੰ ਮਤਾ ਲਿਆਂਦਾ ਸੀ ਅਤੇ 'ਸ਼ਹੀਦ ਮੇਵਾ ਸਿੰਘ ਲੋਪੋਕੇ ਦਿਹਾਡ਼ੇ' ਵਜੋਂ ਪ੍ਰੋਕਲੇਮੇਸ਼ਨ ਜਾਰੀ ਕਰਵਾਇਆ ਸੀ। ਇਸ ਸ਼ਹਿਰ ਵਿਚ ਹੀ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ।
ਹੁਣ ਸਾਡੇ ਸੂਬਾਈ ਅਤੇ ਫੈਡਰਲ ਪੱਧਰ ਦੇ ਦੇਸੀ ਸਿਆਸਤਦਾਨਾਂ ਦਾ ਫ਼ਰਜ਼ ਬਣਦਾ ਹੈ ਕਿ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੇ ਸਹੀ ਅਰਥਾਂ ਨੂੰ ਵਿਚਾਰਨ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਵਿਚ ਮਲਟੀ-ਕਲਚਰਲਿਜ਼ਮ ਸਥਾਪਤ ਕਰਨ ਵਾਲੀ ਸ਼ਖ਼ਸੀਅਤ ਵਜੋਂ ਸਨਮਾਨ ਦਿੱਤਾ ਜਾਏ। 21 ਅਕਤੂਬਰ ਦੇ ਇਤਿਹਾਸ ਨੂੰ ਗੰਭੀਰਤਾ ਨਾਲ ਵਿਚਾਰ ਕੇ, ਇਸ ਦਿਨ 'ਤੇ ਫ਼ਖ਼ਰ ਮਹਿਸੂਸ ਕਰੀਏ ਕਿ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਸਿਆਸੀ ਉਦੇਸ਼ ਹਿਤ, ਕੈਨੇਡਾ ਵਿੱਚੋਂ ਚਿੱਟੇ ਨਸਲਵਾਦ ਦਾ ਅੰਤ ਕਰਨ ਲਈ ਵਿਲੀਅਮ ਹਾਪਕਿਨਸਨ ਨੂੰ ਸੋਧ ਕੇ, ਕੈਨੇਡੀਅਨ ਬਹੁ-ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ।
ਤਸਵੀਰਾਂ : ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਚਿੱਤਰ ਅਤੇ ਹਾਪਕਿਨਸਨ ਤੇ ਉਸ ਦੀ ਜੁੰਡਲੀ ਦੀ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਤੇ ਤਸਵੀਰ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
singhnewscanada@gmail.com
604-825-1550
ਕੈਨੇਡਾ ਦੇ ਗ਼ਦਰੀ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ' - ਡਾ. ਗੁਰਵਿੰਦਰ ਸਿੰਘ
ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਅੰਕਤ ਹੈ। ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੌਲਤਪੁਰ ਦੇ ਸਕੂਲੋਂ ਕੀਤੀ ਅਤੇ ਸੰਨ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ, ਪਰ ਫੌਜ 'ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਆਪ ਨੇ ਨੌਕਰੀ ਛੱਡ ਦਿੱਤੀ। ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ।
ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ ਦੌਲਤਪੁਰ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ'ਚ ਆਪ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।
ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਵੀ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ।
ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ। ਕੈਨੇਡਾ 'ਚ ਆ ਵਸੇ ਸਾਬਕਾ ਫੌਜੀਆਂ ਨੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ'ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ,ਇਨਸਿਗਨੀਏ ਅਤੇ ਸਰਟੀਫਿਕੇਟ ਅੱਗ 'ਚ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਅਪਣਾ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਇਹਨਾਂ ਗ਼ਦਰੀ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ।
ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਆਪ ਲਗਾਤਾਰ ਸਰਗਰਮ ਰਹੇ। ਆਪ ਜਿਥੇ ਗ਼ਦਰ ਪਾਰਟੀ ਦੇ ਸਿਰਕੱਢ ਮੈਂਬਰ ਸਨ, ਉੱਥੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹਿੰਦੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬੱਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੌਮਾਗਾਟਾਮਾਰੂ ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ।
ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ। ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਦੀ, ਆਪ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਬਹੁਤ ਕੀਮਤ ਸੀ। ਆਪ ਨੇ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਇਸ ਮਹਾਨ ਯੋਧੇ ਨੇ ਬੋਲ ਪੁਗਾਏ ਤੇ ਪੰਜਾਬ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ ਆਪ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ।
ਭਾਈ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਨਾ ਕਿਧਰੇ ਜ਼ਿਕਰ ਮਿਲਦਾ ਹੈ ਅਤੇ ਨਾ ਕੋਈ ਤਸਵੀਰ ਤੱਕ ਹੀ ਲਗਾਈ ਗਈ ਹੈ। ਇਹ ਅੱਜ ਦੀ ਪੀੜ੍ਹੀ ਨੂੰ ਅਧੂਰਾ ਅਤੇ ਗਲਤ ਇਤਹਾਸ ਸਿਖਾਉਣ ਤੇ ਪੜ੍ਹਾਉਣ ਦੇ ਸਾਮਾਨ 'ਇਤਿਹਾਸਕ ਗਲਤੀ' ਕਹੀ ਜਾ ਸਕਦੀ ਹੈ। ਇਹ ਗ਼ਲਤੀ ਵੀ ਉਸ ਥਾਂ 'ਤੇ ਹੋ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਗਲਤੀ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ।
ਕੈਨੇਡਾ ਤੋਂ ਦੇਸ਼ ਪਰਤਦਿਆਂ ਹੀ ਆਪ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਗ੍ਰਹਿਣ ਕਰ ਲਿਆ।
ਇੱਕ ਪਾਸੇ ਅਖੌਤੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਸ਼ਣ ਨਰੈਣੂ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸ਼ੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ।
ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ। ਦੂਜੇ ਪਾਸੇ 'ਗ਼ਦਰ' ਲਹਿਰ ਦੀ ਤਰਜ਼ 'ਤੇ ਭਾਈ ਕਰਮ ਸਿੰਘ ਹੁਰਾਂ 22 ਅਗਸਤ 1922 ਨੂੰ 'ਬੱਬਰ ਅਕਾਲੀ ਦੁਆਬਾ' ਇਨਕਲਾਬੀ ਪਰਚਾ ਕੱਢਿਆ, ਜਿਸ ਦੇ ਆਪ ਐਡੀਟਰ ਸਨ ਅਤੇ ਇਸ ਨੂੰ 'ਉਡਾਰੂ ਪ੍ਰੈੱਸ' ਦੇ ਨਾਂ ਨਾਲ ਜਾਣਿਆਂ ਜਾਂਦਾ ਸੀ । ਇਸ ਅਖ਼ਬਾਰ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। ਅਜਿਹੇ ਸਮੇਂ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ 'ਬੱਬਰ ਅਕਾਲੀ ਦੋਆਬਾ' ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਨ੍ਹਾਂ ਭਾਈ ਕਰਮ ਸਿੰਘ ਉਨ੍ਹਾਂ ਨਾਲ ਮਿਲਣੀ ਕੀਤੀ।
ਦੋਹਾਂ ਇਨਕਲਾਬੀ ਜਥੇਬੰਦੀਆਂ ਨੇ ਸਮੂਹ ਸਾਥੀਆਂ ਨਾਲ ਮਿਲ ਕੇ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਅਤੇ ਨਵੀਂ ਜਥੇਬੰਦੀ ਦਾ ਨਾਂ 'ਬੱਬਰ ਅਕਾਲੀ ਜਥਾ' ਘੋਸ਼ਿਤ ਕੀਤਾ। ਸਰਬਸੰਮਤੀ ਨਾਲ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬੱਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬੱਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਇਥੋਂ ਹੀ ਬੱਬਰ ਅਕਾਲੀ ਲਹਿਰ ਦਾ ਮੁੱਢ ਬੱਝਿਆ, ਜਿਸਦੀ ਪਹਿਲੀ ਸ਼ਤਾਬਦੀ 2022 ਵਿੱਚ ਹੈ। ਇਉਂ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਨੂੰ 'ਬੱਬਰ ਅਕਾਲੀ' ਜਥੇ ਦਾ ਨਾਮ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ' ਦੇ ਸਿਰ ਬੱਝਦਾ ਹੈ।
ਭਾਈ ਕਰਮ ਸਿੰਘ ਬੱਬਰ ਅਕਾਲੀ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਪੱਤਰਕਾਰ ਅਤੇ ਜੁਝਾਰੂ ਕਵੀ ਵੀ ਸਨ। 'ਬੱਬਰ ਅਕਾਲੀ ਦੁਆਬਾ' ਪਰਚੇ ਵਿੱਚ ਆਪ ਦੇ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬੱਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ" ਵਰਗੇ ਅਨੇਕਾਂ ਕਾਵਿ-ਬੰਦ ਆਪ ਦੀ ਜੁਝਾਰੂ ਸੋਚ ਪ੍ਰਗਟਾਉਂਦੇ ਸਨ।
ਭਾਈ ਕਰਮ ਸਿੰਘ ਬੱਬਰ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, ਆਪ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਭਾਰਤ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ।
ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਇੰਡੀਅਨ ਸਟੇਟ ਖਿਲਾਫ਼ ਕਿਧਰੇ ਕਿਸਾਨ ਸੰਘਰਸ਼ ਕਰ ਰਹੇ ਹਨ, ਕਿਧਰੇ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ 'ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਕਿਸਾਨਾਂ ਅਤੇ ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਭਾਰਤ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬੱਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੱਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।