ਦੀਵਾਲੀ - ਮਹਿੰਦਰ ਸਿੰਘ ਮਾਨ
ਅੱਜ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ,
ਲੋਕਾਂ ਨੂੰ ਪਟਾਕੇ ਚਲਾਉਣ ਦੀ ਬੜੀ ਕਾਹਲੀ ਹੈ।
ਪਟਾਕੇ ਚਲਾਉਣ ਵਾਲਿਓ ਲੋਕੋ,ਜ਼ਰਾ ਸੰਭਲ ਕੇ,
ਖਾ ਲਿਉ ਤਰਸ ਬੇਵੱਸ ਪੰਛੀਆਂ ਅਤੇ ਜਾਨਵਰਾਂ ਤੇ।
ਪਟਾਕਿਆਂ ਦੇ ਧੂੰਏਂ ਨਾਲ ਹਵਾ ਹੋਰ ਦੂਸ਼ਿਤ ਹੋ ਜਾਣੀ,
ਸਾਹ ਲੈਣ 'ਚ ਸਭ ਨੂੰ ਮੁਸ਼ਕਲ ਹੈ ਪੇਸ਼ ਆਉਣੀ।
ਕਰੋੜਾਂ ਰੁਪਏ ਫੂਕ ਕੇ ਤੁਸੀਂ ਕੀ ਪਾ ਲੈਣਾ,
ਝੁੱਗਾ ਆਪਣਾ ਤੁਸੀਂ ਹੋਰ ਵੀ ਚੌੜ ਕਰਾ ਲੈਣਾ।
ਨਕਲੀ ਮਠਿਆਈਆਂ ਖਾਣ ਤੋਂ ਵੀ ਕਰਿਉ ਪ੍ਰਹੇਜ਼,
ਇਨ੍ਹਾਂ ਨੇ ਤੁਹਾਨੂੰ ਹਸਪਤਾਲਾਂ 'ਚ ਦੇਣਾ ਭੇਜ।
ਫਿਰ ਦੇਣੇ ਪੈਣਗੇ ਤੁਹਾਨੂੰ ਹਜ਼ਾਰਾਂ ਰੁਪਏ ਦੇ ਬਿੱਲ,
ਮਹੀਨਾ ਭਰ ਮੰਜਿਆਂ ਤੋਂ ਤੁਹਾਥੋਂ ਹੋਣਾ ਨ੍ਹੀ ਹਿੱਲ।
ਇਸ ਕਰਕੇ ਜੋ ਕੁਝ ਚਾਹੁੰਦੇ ਹੋ ਤੁਸੀਂ ਖਾਣਾ,
ਉਹ ਆਪਣੇ ਘਰਾਂ 'ਚ ਬੈਠ ਕੇ ਹੀ ਬਣਾਉਣਾ।
ਏਸੇ ਵਿੱਚ ਹੀ ਹੈ ਭਲਾ ਲੋਕੋ,ਤੁਹਾਡਾ ਸਭ ਦਾ,
ਚੱਜ ਨਾਲ ਮਨਾਇਆਂ ਹੀ ਤਿਉਹਾਰ ਚੰਗਾ ਲੱਗਦਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਬਲਵਾਨ - ਮਹਿੰਦਰ ਸਿੰਘ ਮਾਨ
ਬਲਵਾਨ ਉਹ ਨਹੀਂ
ਜੋ ਕਮਜ਼ੋਰਾਂ ਤੇ
ਤਲਵਾਰ ਦੇ ਜ਼ੋਰ ਨਾਲ
ਰਾਜ ਕਰਦੇ ਨੇ ।
ਬਲਵਾਨ ਉਹ ਨਹੀਂ
ਜੋ ਕਮਜ਼ੋਰਾਂ ਦੇ ਹੱਕ
ਅਜ਼ਲਾਂ ਤੋਂ ਮਾਰ ਕੇ ਬੈਠੇ ਨੇ
ਹੱਕ-ਰੋਟੀ, ਪੈਸੇ ਤੇ ਜ਼ਮੀਨ ਦੇ।
ਬਲਵਾਨ ਤਾਂ ਉਹ ਨੇ
ਜੋ ਕਮਜ਼ੋਰਾਂ ਨੂੰ
ਆਪਣੇ ਵਰਗੇ ਸਮਝ ਕੇ
ਉਨ੍ਹਾਂ ਦੀ ਸਹਾਇਤਾ ਕਰਦੇ ਨੇ
ਰੋਟੀ ਨਾਲ,
ਪੈਸੇ ਨਾਲ
ਤੇ ਜ਼ਮੀਨ ਨਾਲ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਗ਼ਜ਼ਲ - ਮਹਿੰਦਰ ਸਿੰਘ ਮਾਨ
ਕੱਲ੍ਹ ਕੋਈ ਮਿਲਿਆ ਹੋਣਾ ਯਾਰਾ ਜ਼ਰੂਰ ਤੈਨੂੰ,
ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ।
ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ,
ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ।
ਮੈਂ ਵੇਖਦਾ ਰਿਹਾ ਚੁੱਪ ਕਰਕੇ ਤੇਰੇ ਕੰਮਾਂ ਨੂੰ,
ਕੀ ਮਿਲਣਾ ਸੀ ਭਲਾ ਮੈਨੂੰ ਐਵੇਂ ਘੂਰ ਤੈਨੂੰ।
ਇਹ ਦਿੰਦੀ ਹੈ ਸਹਾਰਾ ਮਾਰੂਥਲਾਂ 'ਚ ਸਭ ਨੂੰ,
ਨਾ ਲੱਗੇ ਚੰਗੀ, ਜੇ ਨਹੀਂ ਲੱਗਦੀ ਖਜੂਰ ਤੈਨੂੰ।
ਦਿਸਿਆ ਨਾ ਤੂੰ ਕਦੇ ਮੇਰੇ ਦਿਲ ਦੇ ਅਰਸ਼ ਉੱਤੇ,
ਏਸੇ ਲਈ ਸਮਝਦਾਂ ਮੈਂ ਚੰਨ ਬੇਨੂਰ ਤੈਨੂੰ।
ਜਦ ਕੋਲ ਸਾਡੇ ਕੁਝ ਨਾ,ਫਿਰ ਕਿਉਂ ਕਿਸੇ ਤੋਂ ਡਰੀਏ,
ਦੇਵੇਗਾ ਡੋਬ ਪਰ ਮਾਇਆ ਦਾ ਗਰੂਰ ਤੈਨੂੰ।
ਤੇਰੀ ਗਰੀਬੀ ਤੋਂ ਕੀ ਲੋਕਾਂ ਨੇ ਲੈਣਾ 'ਮਾਨਾ',
ਤੇਰੇ ਹੀ ਵਧੀਆ ਸ਼ਿਅਰਾਂ ਕਰਨਾ ਮਸ਼ਹੂਰ ਤੈਨੂੰ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਗ਼ਜ਼ਲ - ਮਹਿੰਦਰ ਸਿੰਘ ਮਾਨ
ਪੀ ਨਾ ਪਾਣੀ ਵਾਂਗ ਸ਼ਰਾਬ ਭਰਾਵਾ,
ਨਾ ਕਰਾ ਬੈਠੀਂ ਸਿਹਤ ਖਰਾਬ ਭਰਾਵਾ।
ਨਾ ਪੀ ਕੇ ਦਾਰੂ ਬੰਦਾ ਬਣਿਆ ਰਹਿ,
ਇਸ ਨੂੰ ਪੀ ਕੇ ਬਣ ਨਾ ਨਵਾਬ ਭਰਾਵਾ।
ਤੂੰ ਜੇ ਬਿਤਾਣਾ ਜੀਵਨ ਚੱਜ ਨਾ',
ਪੜ੍ਹ ਲੈ ਚੰਗੀ ਕੋਈ ਕਿਤਾਬ ਭਰਾਵਾ।
ਜੇ ਨਾ ਹੱਟਿਆ ਤੂੰ ਪੀਣੋਂ ਬਿਨ ਨਾਗਾ,
ਮਿਲ ਜਾਣਾ 'ਸ਼ਰਾਬੀ' ਦਾ ਖਿਤਾਬ ਭਰਾਵਾ।
ਜੀਵਨ ਵਿੱਚ ਤੈਨੂੰ ਸੁੱਖ ਨਹੀਂ ਮਿਲਣਾ,
ਜੇ ਤੂੰ ਮਿੱਧੇ ' ਆਪਣੇ ਗੁਲਾਬ' ਭਰਾਵਾ।
ਜਿਹੜੀ ਪਤਨੀ ਤੇਰੇ ਲੜ ਹੈ ਲੱਗੀ,
ਸੁੱਕਿਆ ਉਸ ਦੇ ਦਿਲ ਦਾ ਤਲਾਬ ਭਰਾਵਾ।
ਸੰਭਲ ਜਾ, ਕਿਤੇ ਛੱਡ ਨਾ ਜਾਵੇ ਪਤਨੀ,
ਤੇਰੇ ਨਾਲ ਮੁਕਾ ਕੇ ਹਿਸਾਬ ਭਰਾਵਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਗ਼ਜ਼ਲ - ਮਹਿੰਦਰ ਸਿੰਘ ਮਾਨ
ਪੀ ਨਾ ਪਾਣੀ ਵਾਂਗ ਸ਼ਰਾਬ ਭਰਾਵਾ,
ਨਾ ਕਰਾ ਬੈਠੀਂ ਸਿਹਤ ਖਰਾਬ ਭਰਾਵਾ।
ਨਾ ਪੀ ਕੇ ਦਾਰੂ ਬੰਦਾ ਬਣਿਆ ਰਹਿ,
ਇਸ ਨੂੰ ਪੀ ਕੇ ਬਣ ਨਾ ਨਵਾਬ ਭਰਾਵਾ।
ਤੂੰ ਜੇ ਬਿਤਾਣਾ ਜੀਵਨ ਚੱਜ ਨਾ',
ਪੜ੍ਹ ਲੈ ਚੰਗੀ ਕੋਈ ਕਿਤਾਬ ਭਰਾਵਾ।
ਜੇ ਨਾ ਹੱਟਿਆ ਤੂੰ ਪੀਣੋਂ ਬਿਨ ਨਾਗਾ,
ਮਿਲ ਜਾਣਾ 'ਸ਼ਰਾਬੀ' ਦਾ ਖਿਤਾਬ ਭਰਾਵਾ।
ਜੀਵਨ ਵਿੱਚ ਤੈਨੂੰ ਸੁੱਖ ਨਹੀਂ ਮਿਲਣਾ,
ਜੇ ਤੂੰ ਮਿੱਧੇ ' ਆਪਣੇ ਗੁਲਾਬ' ਭਰਾਵਾ।
ਜਿਹੜੀ ਪਤਨੀ ਤੇਰੇ ਲੜ ਹੈ ਲੱਗੀ,
ਸੁੱਕਿਆ ਉਸ ਦੇ ਦਿਲ ਦਾ ਤਲਾਬ ਭਰਾਵਾ।
ਸੰਭਲ ਜਾ, ਕਿਤੇ ਛੱਡ ਨਾ ਜਾਵੇ ਪਤਨੀ,
ਤੇਰੇ ਨਾਲ ਮੁਕਾ ਕੇ ਹਿਸਾਬ ਭਰਾਵਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਅਧਿਆਪਕ ਦਿਵਸ - ਮਹਿੰਦਰ ਸਿੰਘ ਮਾਨ
ਬੱਚਿਆਂ ਤੋਂ ਪਹਿਲਾਂ ਅਧਿਆਪਕ ਸਕੂਲਾਂ 'ਚ ਪਹੁੰਚ ਜਾਂਦੇ ਨੇ,
ਡਾਇਰੀਆਂ ਦੇ ਅਨੁਸਾਰ ਉਹ ਸਾਰੇ ਬੱਚਿਆਂ ਨੂੰ ਪੜ੍ਹਾਂਦੇ ਨੇ।
ਨੈਤਿਕ ਸਿੱਖਿਆ ਵੀ ਉਹ ਦਿੰਦੇ ਨੇ, ਕਿਤਾਬੀ ਸਿੱਖਿਆ ਦੇ ਨਾਲ,
ਉਹ ਆਣ ਵਾਲੇ ਸਮੇਂ ਲਈ ਉਨ੍ਹਾਂ ਨੂੰ ਕਰਦੇ ਨੇ ਤਿਆਰ।
ਵਧੀਆ ਸਿੱਖਿਆ ਦੇ ਕੇ ਉਹ ਉਨ੍ਹਾਂ ਨੂੰ ਅਫਸਰ ਬਣਾਂਦੇ ਨੇ।
ਬੱਚੇ ਵੀ ਅਫਸਰ ਬਣ ਕੇ ਉਨ੍ਹਾਂ ਦਾ ਜੱਸ ਗਾਂਦੇ ਨੇ।
ਜਦ ਅਧਿਆਪਕਾਂ ਦੇ ਹੱਥਾਂ ਵਿੱਚ ਹੈ ਦੇਸ਼ ਦਾ ਭਵਿੱਖ,
ਫਿਰ ਆਪਣੇ ਕਿੱਤੇ ਤੋਂ ਉਹ ਖੁਸ਼ ਕਿਉਂ ਰਹੇ ਨ੍ਹੀ ਦਿੱਖ?
ਕੱਚੇ ਹੋਣ ਦਾ ਫਾਹਾ ਉਨ੍ਹਾਂ ਦੇ ਗਲ਼ਾਂ 'ਚ ਪਾਇਆ ਹੋਇਆ,
ਘੱਟ ਤਨਖਾਹਾਂ ਦੇਣ ਦਾ ਹਾਕਮਾਂ ਨੂੰ ਬਹਾਨਾ ਮਿਲਿਆ ਹੋਇਆ।
ਭੁੱਲ ਕੇ ਵੀ ਨਾ ਕਰਿਉ ਉਨ੍ਹਾਂ ਦੀਆਂ ਬਦਲੀਆਂ ਦੂਰ ਦੀਆਂ,
ਉਹ ਕੋਈ ਗੈਰ ਨਹੀਂ, ਉਹ ਤੁਹਾਡੇ ਹੀ ਨੇ ਪੁੱਤ, ਧੀਆਂ।
ਅਧਿਆਪਕ ਦਿਵਸ ਮਨਾ ਕੇ ਦੱਸੋ ਉਨ੍ਹਾਂ ਨੂੰ ਕੀ ਮਿਲ ਜਾਣਾ,
ਮੰਨੋ ਉਨ੍ਹਾਂ ਦੀਆਂ ਜਾਇਜ਼ ਮੰਗਾਂ, ਪਿੱਛੋਂ ਪਏ ਨਾ ਪਛਤਾਣਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਇਹੋ ਜਹੀ ਆਜ਼ਾਦੀ - ਮਹਿੰਦਰ ਸਿੰਘ ਮਾਨ
ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਕਮਜ਼ੋਰ - ਮਹਿੰਦਰ ਸਿੰਘ ਮਾਨ
ਕਮਜ਼ੋਰ ਉਹ ਨਹੀਂ
ਜੋ ਲੜ ਰਹੇ ਨੇ ਚਿਰਾਂ ਤੋਂ
ਆਪਣੇ ਹੱਕਾਂ ਲਈ
ਅਤੇ ਜਿਨ੍ਹਾਂ ਨੂੰ ਹਾਲੇ
ਕੋਈ ਸਫਲਤਾ ਨਹੀਂ ਮਿਲੀ।
ਕਮਜ਼ੋਰ ਉਹ ਨਹੀਂ
ਜੋ ਰਹਿੰਦੇ ਨੇ ਕੱਚੇ ਕੋਠਿਆਂ 'ਚ
ਤੇ ਜਿਨ੍ਹਾਂ ਨੂੰ ਮਿਲਦੀ ਨਹੀਂ
ਢਿੱਡ ਭਰਨ ਲਈ ਦੋ ਵੇਲੇ ਦੀ ਰੋਟੀ
ਤੇ ਤਨ ਢਕਣ ਲਈ ਕਪੜਾ।
ਕਮਜ਼ੋਰ ਤਾਂ ਉਹ ਹਨ
ਜੋ ਇਹ ਕਹਿੰਦੇ ਨੇ
"ਸਾਡੇ ਲੇਖਾਂ 'ਚ ਹੀ ਲਿਖਿਆ ਹੈ
ਕੱਚੇ ਕੋਠਿਆਂ 'ਚ ਰਹਿਣਾ,
ਢਿੱਡੋਂ ਭੁੱਖੇ ਰਹਿਣਾ
ਤੇ ਤਨਾਂ ਤੋਂ ਨੰਗੇ ਰਹਿਣਾ।"
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਧੀਆਂ - ਮਹਿੰਦਰ ਸਿੰਘ ਮਾਨ
ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ,
ਮਾਵਾਂ ਨੂੰ ਦੇਖ ਮੁਸਕਾਵਣ ਧੀਆਂ।
ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ,
ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ।
ਪਿੱਪਲਾਂ ਥੱਲੇ ਰੌਣਕ ਲੱਗ ਜਾਵੇ,
ਜਦ ਪੀਂਘਾਂ ਚੜ੍ਹਾਵਣ ਧੀਆਂ।
ਵੀਰਾਂ ਦੇ ਗੁੱਟਾਂ ਤੇ ਬਿਨਾਂ ਲਾਲਚ ਤੋਂ,
ਸੋਹਣੀਆਂ ਰੱਖੜੀਆਂ ਸਜਾਵਣ ਧੀਆਂ।
ਪੁੱਤਾਂ ਨਾਲੋਂ ਵੱਧ ਪੜ੍ਹ , ਲਿਖ ਕੇ,
ਉਨ੍ਹਾਂ ਨੂੰ ਰਾਹ ਦਰਸਾਵਣ ਧੀਆਂ।
ਚੰਗੇ, ਚੰਗੇ ਅਹੁਦਿਆਂ ਤੇ ਲੱਗ ਕੇ,
ਆਪਣੇ ਫਰਜ਼ ਨਿਭਾਵਣ ਧੀਆਂ।
ਸਜੇ ਹੋਏ ਪੇਕੇ ਘਰ ਨੂੰ ਛੱਡ ਕੇ,
ਸਹੁਰਾ ਘਰ ਸਜਾਵਣ ਧੀਆਂ।
ਪੇਕੇ ਘਰ ਜੇ ਕੋਈ ਦੁਖੀ ਹੋਵੇ,
ਪੇਕੇ ਘਰ ਝੱਟ ਆਵਣ ਧੀਆਂ।
ਪੁੱਤ ਵੰਡਾਵਣ ਖੇਤ ਤੇ ਦੌਲਤ,
ਪਰ ਦੁੱਖਾਂ ਨੂੰ ਵੰਡਾਵਣ ਧੀਆਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਪਾਣੀ ਬਚਾਉ - ਮਹਿੰਦਰ ਸਿੰਘ ਮਾਨ
ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਬੀਜੋ ਕਿਰਸਾਨੋ ਘੱਟ ਪਾਣੀ ਵਾਲੀਆਂ ਫਸਲਾਂ,
ਜੇ ਜੀਵਤ ਰੱਖਣੀਆਂ ਆਣ ਵਾਲੀਆਂ ਨਸਲਾਂ।
ਨਹਾਣ ਤੇ ਕਪੜੇ ਧੋਣ ਲਈ ਘੱਟ ਵਰਤੋ ਪਾਣੀ,
ਗੱਡੀਆਂ ਤੇ ਸਕੂਟਰਾਂ ਉੱਤੇ ਨਾ ਬਹੁਤਾ ਸੁੱਟੋ ਪਾਣੀ।
ਨਦੀਆਂ ਤੇ ਦਰਿਆਵਾਂ ਦਾ ਪਾਣੀ ਰੱਖੋ ਸਾਫ,
ਇਨ੍ਹਾਂ ਵਿੱਚ ਸੁੱਟੋ ਨਾ ਕੂੜਾ ਤੇ ਲਿਫਾਫੇ ਆਪ।
ਸਾਫ ਪਾਣੀ ਫਸਲਾਂ ਤੇ ਪੰਛੀਆਂ ਦੇ ਆਏਗਾ ਕੰਮ,
ਇਸ ਨਾਲ ਖਰਾਬ ਨਹੀਂ ਹੋਵੇਗਾ ਕਿਸੇ ਦਾ ਚੰਮ।
ਇਸ ਤੋਂ ਪਹਿਲਾਂ ਕਿ ਬਹੁਤ ਮਹਿੰਗਾ ਪਾਣੀ ਹੋ ਜਾਵੇ,
ਇਸ ਤੋਂ ਪਹਿਲਾਂ ਕਿ ਇਹ ਪਹੁੰਚ ਤੋਂ ਬਾਹਰ ਹੋ ਜਾਵੇ,
ਪਾਣੀ ਬਚਾਣਾ ਸ਼ੁਰੂ ਕਰ ਦਿਉ ਤੁਸੀਂ ਅੱਜ ਤੋਂ ਹੀ,
ਸਭ ਨੂੰ ਜੀਵਤ ਰੱਖਣ ਲਈ ਸੋਚੋ ਅੱਜ ਤੋਂ ਹੀ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ -9915803554