ਵਿਸਰ ਗਈਆਂ ਜੋ ਖਾਧ-ਖੁਰਾਕਾਂ - ਅਵਤਾਰ ਸਿੰਘ ਬਿਲਿੰਗ
ਸਾਡੇ ਬਚਪਨ ਵਿੱਚ ਖਾਧ ਖੁਰਾਕ ਬਹੁਤ ਸਾਦੀ ਸੀ ਅਤੇ ਭਾਰੀ ਵੀ। ਸਾਥੋਂ ਪਹਿਲੀ ਪੀੜ੍ਹੀ ਵਿੱਚ ਬੇਹੱਦ ਪੌਸ਼ਟਿਕ ਸੀ। ਤਾਇਆ ਦੱਸਦਾ ਹੁੰਦਾ, ਉਹ ਚਾਹ ਨੂੰ ਜਾਣਦੇ ਨਹੀਂ ਸੀ। ਸਵੇਰੇ ਚਾਟੀ ਦੀ ਰਿੜਕੀ ਲੱਸੀ, ਅੱਧਰਿੜਕਿਆ ਦਹੀਂ ਜਾਂ ਤਾਜ਼ੀ ਲੱਸੀ ਵਿੱਚ ਤਾਜ਼ਾ ਦੁੱਧ ਮਿਲਾ ਕੇ ਬਣਿਆ ‘ਤਿਓੜ’ ਪੀ ਕੇ ਹਲ਼ ਜੋੜਦੇ। ਹਾਜ਼ਰੀ ਵਕਤ ਤੱਕ ਭੁੱਖ ਚਮਕਦੀ ਤਾਂ ਹਾਜ਼ਰੀ ਵੇਲੇ ਕਣਕ, ਜੌਂ, ਛੋਲਿਆਂ ਦੀ ਮਿੱਸ ਵਾਲੀ ਰੋਟੀ ਮੱਖਣ, ਪਿਆਜ਼ ਤੇ ਮੇਥੇ ਕਲ਼ੌਂਜੀ ਆਦਿ ਪਾ ਕੇ ਬਣਾਏ ਅੰਬ ਦੇ ਆਚਾਰ ਅਤੇ ਲੱਸੀ ਨਾਲ ਆ ਜਾਂਦੀ। ਤਾਇਆ ਆਂਹਦਾ ‘‘ਇੱਕ ਵਾਰੀ ਢਿੱਡ ਢਾਬ ਵਾਂਗ ਭਰਿਆ, ਦੁਪਹਿਰ ਤੱਕ ਖ਼ਾਲੀ ਹੁੰਦਾ, ਉਦੋਂ ਮਾਂਹ ਦੀ ਦਾਲ਼ ਨਾਲ ਘਿਓ ਚੋਂਦੇ ਕਣਕ ਦੇ ਫੁਲਕਿਆਂ ਵਾਲਾ ‘ਦੁਪਹਿਰਾ’ ਲੈ ਕੇ ਸਾਡੀ ਮਾਂ ਜਾ ਪਹੁੰਚਦੀ। ਹਾੜ੍ਹੀ ਵੱਢ ਕੇ ਆਇਆਂ ਨੂੰ ਨਿੱਤ ਆਥਣੇ ਸ਼ੱਕਰ ਘਿਓ ਮਿਲਣਾ। ਜਿਸ ਦਿਨ ਵਾਢੀ ਖ਼ਤਮ ਹੋਣੀ ਤਾਂ ਇੱਕ ਬਰਾਬਰ ਆਟਾ, ਘਿਓ ਤੇ ਮਿੱਠਾ ਪਾ ਕੇ ਤਿਹੌਲੇ ਦਾ ਕੜਾਹ ਬਣਦਾ।’’ ਵੀਹਵੀਂ ਸਦੀ ਦੇ ਆਰੰਭ ਵਿੱਚ ਜਨਮੀ ਉਸ ਪੀੜ੍ਹੀ ਨੇ ਵਿਆਹ ਸ਼ਾਦੀ ਮੌਕੇ ਕਾਂਜੀ ਬਣਦੀ ਤੇ ਵਰਤਦੀ ਦੇਖੀ ਸੀ। ਘਰ ਦੇ ਛੋਲਿਆਂ ਨੂੰ ਚੁਬੱਚੇ ਵਿੱਚ ਪੂਰੀ ਦਿਹਾੜੀ ਭਿੱਜਣ ਲਈ ਰੱਖਦੇ। ਫੇਰ ਦੌੜਿਆਂ ਉੱਪਰ ਕੜਕਦੀ ਧੁੱਪ ਵਿੱਚ ਸੁਕਾਉਂਦੇ। ਹੱਥਾਂ ਨਾਲ ਮਲ਼ ਕੇ ਛਿਲਕਾ ਉਤਾਰਦੇ। ਛਿਲਕੇ ਸਮੇਤ ਘਰ ਦੀ ਚੱਕੀ ਵਿੱਚ ਮੋਟਾ ਪੀਹ ਕੇ ਵੇਸਣ ਬਣਾਉਂਦੇ ਜਿਸ ਨੂੰ ਦੇਸੀ ਸਰ੍ਹੋਂ ਦੇ ਤੇਲ ਵਿੱਚ ਤਲ਼ ਕੇ ਪਕੌੜੇ ਕੱਢੇ ਜਾਂਦੇ। ਵੱਡੇ ਮੱਟਾਂ ਵਿੱਚ ਪਾਣੀ ਭਰਦੇ। ਅਨੁਪਾਤ ਅਨੁਸਾਰ, ਪਕੌੜੇ, ਰਾਈ, ਅਜਵੈਣ, ਕਲੌਂਜੀ ਕਾਲਾ ਨਮਕ ਆਦਿ ਪਾ ਕੇ ਛੱਡ ਦਿੰਦੇ। ਦੂਜੇ ਦਿਨ ਕਾਂਜੀ ਤਿਆਰ ਹੁੰਦੀ। ਵਿਆਹ ਸ਼ਾਦੀ ਵਿੱਚ ਸ਼ਰੀਕੇ ਕਬੀਲੇ ਨੂੰ ਇਸ ਕਾਂਜੀ ਅਤੇ ਮਾਂਹ ਦੀ ਦਾਲ ਪੋਲ਼ੀ (ਰੁਮਾਲੀ ਰੋਟੀ) ਨਾਲ ਰੋਟੀ ਵਰਤਾਈ ਜਾਂਦੀ।
ਲੱਡੂ ਹੀ ਆਮ ਪ੍ਰਚੱਲਤ ਮਠਿਆਈ ਹੁੰਦੀ ਸੀ। ਪਿੰਡ ਦੀ ਪਰਜਾਪਤ ਬਰਾਦਰੀ ਆਈ ਬਰਾਤ ਨੂੰ ਗੜਬਿਆਂ ਨਾਲ ਘਿਓ ਬੂਰਾ ਵਰਤਾਉਣ ਲਈ ਮਸ਼ਹੂਰ ਸੀ। ਜਦੋਂ ਘਿਓ ਦਾ ਗੜਬਾ ਹੱਥ ਵਿੱਚ ਫੜੀ ਵਰਤਾਵਾ ਨੇੜੇ ਪਹੁੰਚਦਾ ਤਾਂ ਥਾਲ ਵਿੱਚ ਖਿਲਾਰੇ ਬੂਰੇ ਵਿੱਚ ਚੌੜਾ ਟੋਆ ਬਣਾਉਂਦਾ, ਘਿਓ ਖਾਣ ਦਾ ਸ਼ੌਕੀਨ ਕੋਈ ਬਰਾਤੀ ਆਪਣਾ ਮੂੰਹ ਦੂਜੀ ਤਰਫ਼ ਘੁਮਾ ਲੈਂਦਾ। ਸੋ ਬੇਰੋਕ ਡੁੱਲ੍ਹੇ ਚੋਖੇ ਘੀ ਵਿੱਚ ਉਂਗਲ ਫੇਰਦਾ, ਉਹ ਥਾਲ਼ ਨੂੰ ਮੂੰਹ ਲਾ ਕੇ ਪੀ ਜਾਂਦਾ। ਇੰਜ ਹੀ ਲੱਡੂਆਂ ਦੇ ਚੌਵੀ ਜੋਟੇ ਖਾ ਕੇ ਹਜ਼ਮ ਕਰਨ ਵਾਲੇ ਜ਼ਬਰਦਸਤ ਬੰਦੇ ਵੀ ਤਾਏ ਨੇ ਦੇਖੇ ਸਨ। ਅੱਧ ਸੇਰ ਪੱਕੇ ਘਿਓ ਦੇ ਕੜਾਹ ਦਾ ਟੀਸੀ ਲੱਗਿਆ ਥਾਲ ਵੀ ਕੋਈ ਵਿਰਲਾ ਆਦਮੀ ਖਾ ਜਾਂਦਾ। ਉਦੋਂ ਖੁਰਾਕ ਖਾਣ ਦੀਆਂ ਸ਼ਰਤਾਂ ਲੱਗਦੀਆਂ। ਤਾਏ ਨੇ ਥੁੜ੍ਹ ਦਾ ਜ਼ਮਾਨਾ ਵੀ ਦੇਖਿਆ ਜਦੋਂ ਕਿਸੇ ਘਰ ਆਟੇ ਦੀ ਕਮੀ ਹੁੰਦੀ, ਫੁਲਕਾ ਬਣਾਉਣ ਜੋਗਾ ਆਟਾ ਨਾ ਹੁੰਦਾ ਤਾਂ ਲੱਪ ਆਟੇ ਦੀ ਪਾਣੀ ਵਿੱਚ ਘੋਲ਼ ਕੇ ਪੀ ਲੈਣੀ ਜਾਂ ਕਿਸੇ ਕਮਾਦ ਦੇ ਵਿਚਕਾਰ ਛੁਪਾ ਕੇ ਬੀਜੇ ‘ਧੌਲੂ’ ਇੱਖ ਦੇ ਪੋਲੇ ਗੰਨੇ ਮਾਲਕ ਤੋਂ ਚੋਰੀ ਚੂਪ ਕੇ ਪੇਟ ਭਰ ਲੈਣਾ। ਮੱਕੀ ਜਾਂ ਛੋਲਿਆਂ ਦੇ ਭੁੱਜੇ ਦਾਣੇ ਚੱਬਣਾ। ਜਵਾਰ ਦੇ ਸਿੱਟੇ ਭੁੰਨ ਕੇ ਚੱਬਣੇ ਆਦਿ।
ਸੱਠਵਿਆਂ ਵਿੱਚ ਸਾਡੇ ਬਚਪਨ ਦੌਰਾਨ ਚਾਹ ਦਾ ਪੂਰਨ ਬੋਲਬਾਲਾ ਹੋ ਚੁੱਕਾ ਸੀ। ਸਵੇਰੇ ਉੱਠਦੇ ਸਾਰ ਭਰੀ ਹੋਈ ਛੋਟੀ ਗੜਬੀ ਚਾਹ ਦੀ ਪੀਣੀ। ਜੇ ਮੱਝ ਤਾਜ਼ੀ ਸੂਈ ਹੁੰਦੀ ਤਾਂ ਉਸ ਦੇ ਦੂਜੇ ਡੰਗ ਤੋਂ ਦੁੱਧ ਨੂੰ ਜਦੋਂ ਉਬਾਲਦੇ ਤਾਂ ਉਹ ਫਟ ਜਾਂਦਾ। ਉਸ ਨੂੰ ‘ਬੌਹਲ਼ੀ’ ਆਖਦੇ। ਸ਼ੱਕਰ ਜਾਂ ਖੰਡ ਮਿਲਾਈ ਬੌਹਲ਼ੀ ਬਹੁਤ ਪੌਸ਼ਟਿਕ ਖੁਰਾਕ ਮੰਨੀ ਜਾਂਦੀ। ਹਾਜ਼ਰੀ ਵਕਤ ਮਿੱਸੀ ਰੋਟੀ ਲੱਸੀ, ਮੱਖਣ ਜਾਂ ਦਹੀਂ ਨਾਲ ਮਿਲਦੀ। ਅੱਧ ਰਿੜਕਿਆ ਦਹੀਂ ਵੀ ਕਦੇ ਕਦਾਈਂ ਪੀਤਾ ਹੈ। ਤਾਜ਼ੀ ਰਿੜਕੀ ਲੱਸੀ ਵਿੱਚ ਤਾਜ਼ੇ ਦੁੱਧ ਦੀਆਂ ਧਾਰਾਂ ਮਾਰਨ ਨਾਲ ਬਣੇ ‘ਤਿਓੜ’ ਦਾ ਸਵਾਦ ਵੀ ਦੇਖਿਆ, ਪਰ ਉਹ ਏਨਾ ਸਵਾਦ ਨਾ ਲੱਗਦਾ। ਜੇ ਦੁੱਧ ਦੀ ਘਾਟ ਹੁੰਦੀ, ਤਾਜ਼ੀ ਲੱਸੀ ਕਿਸੇ ਗਵਾਂਢੀ ਦੇ ਘਰੋਂ ਲੈ ਆਉਂਦੇ। ਮੱਕੀ ਦੀ ਚੋਪੜੀ ਰੋਟੀ ਉੱਪਰ ਲੂਣ ਭੁੱਕ ਕੇ ਘੁੱਟਾਂ ਬਾਟੀ ਲੱਸੀ ਜਾਂ ਚਾਹ ਨਾਲ ਖਾਣ ਦਾ ਆਪਣਾ ਸਵਾਦ ਹੁੰਦਾ। ਕੜਕਦੀ ਗਰਮੀ ਦੀ ਸ਼ਾਮ ਨੂੰ ਪੁਦੀਨੇ, ਪਿਆਜ਼ ਤੇ ਹਰੀ ਮਿਰਚ ਦੀ ਚਟਣੀ ਨਾਲ ਕੋਰੇ ਘੜੇ ਦੇ ਠੰਢੇ ਪਾਣੀ ਵਿੱਚ ਥੋੜ੍ਹਾ ਜਿਹਾ ਕੱਚਾ ਦੁੱਧ, ਲੂਣ ਤੇ ਕਾਲੀ ਮਿਰਚ ਮਿਲਾ ਕੇ ਬਣਾਈ ਕੱਚੀ ਲੱਸੀ ਪੀਣੀ। ਇਹ ਠੰਢੀ ਤਾਸੀਰ ਵਾਲੀ ਖੁਰਾਕ ਸਮਝੀ ਜਾਂਦੀ। ਸਿਆਲ ਵਿੱਚ ਮੱਕੀ ਦੀ ਰੋਟੀ, ਸਾਗ ਤੇ ਮੱਖਣ ਮੁੱਖ ਭੋਜਨ ਸੀ। ਕਹਾਵਤਾਂ ਬਣੀਆਂ ਸਨ :
ਸਾਗ ਬੁੜ੍ਹੇ ਦਾ ਭਾਗ
ਖਿਚੜੀ ਖਾਏ ਬੁੜ੍ਹਾ ਮਰ ਜਾਏ
ਪੋਹ ਮਾਘ ਗੰਦਲ਼ਾਂ ਦਾ ਸਾਗ ਮੇਵਾ
ਸਾਗ ਬਹੁਤ ਸਸਤੀ ਆਮ ਮਿਲਣ ਵਾਲੀ ਪੱਤੇਦਾਰ ਸਬਜ਼ੀ ਹੈ। ਮੱਕੀ ਦੀ ਰੋਟੀ ਤੇ ਮੱਖਣ ਨਾਲ ਇਸ ਦਾ ਮੇਲ ਹੈ। ਹਰੇਕ ਗ਼ਰੀਬ ਤੇ ਅਮੀਰ ਦੀ ਇਸ ਤੱਕ ਪਹੁੰਚ ਸੀ। ਗ਼ਰੀਬ ਲੋਕ ਖਾਲੀ ਪਈ ਸ਼ਾਮਲਾਤ ਜ਼ਮੀਨ ਵਿੱਚੋਂ ਵੀ ਬਾਥੂ, ਚਿਲ਼ਾਈ ਆਦਿ ਵੇਲ ਬੂਟੀਆਂ ਤੋੜ ਕੇ ਸਾਗ ਬਣਾ ਲੈਂਦੇ। ਸਾਗ ਲਈ ਜੇ ਮੇਥੇ, ਮੇਥੀ ਅਤੇ ਪਾਲਕ ਦੇ ਪੱਤੇ ਮਿਲ ਜਾਂਦੇ ਤਾਂ ਇਹ ਹੋਰ ਵੀ ਕਰਾਰਾ ਬਣਦਾ। ਸਰ੍ਹੋਂ ਦਾ ਸਾਗ ਤੋੜਨ ਤੋਂ ਬਹੁਗਿਣਤੀ ਕਿਸਾਨ ਭਾਈਚਾਰਾ ਵੀ ਕਿਸੇ ਨੂੰ ਜਵਾਬ ਨਾ ਦਿੰਦਾ। ਰੇਲੀ ਸਰ੍ਹੋਂ ਦਾ ਬੂਟਾ ਸਾਗ ਤੋੜਨ ਨਾਲ ਆਲੇ ਦੁਆਲੇ ਵੱਲ ਵੱਧ ਫੁੱਟਦਾ ਫੈਲਦਾ। ਇਹ ਵਿਸ਼ਵਾਸ ਸੀ। ਦੇਸੀ ਸਰ੍ਹੋਂ ਦਾ ਵਾਧਾ ਸਾਗ ਤੋੜਨ ਮਗਰੋਂ ਰੁਕ ਜਾਂਦਾ। ਇਸ ਦੀਆਂ ਗੰਦਲਾਂ ਤੋੜਨ ਦੀ ਮਨਾਹੀ ਸੀ। ਸ਼ਾਇਦ ਇਸ ਲਈ ਇਹ ਲੋਕ ਗੀਤ ਬਣਿਆ ਹੋਵੇ:
ਕਿਹੜੀ ਏਂ ਤੂੰ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ।
ਸਿਆਲ ਵਿੱਚ ਸ਼ਲਗਮ, ਮੂਲੀ, ਗਾਜਰ, ਮੂੰਗਰੇ, ਸੀਂਗਰੇ, ਹਾਥੀਚੱਕ, ਜ਼ਿਮੀਂਕੰਦ ਆਦਿ ਸਬਜ਼ੀਆਂ ਦੀ ਬਹੁਤਾਤ ਹੁੰਦੀ ਜੋ ਲਗਪਗ ਹਰ ਇੱਕ ਬੰਦੇ ਦੀ ਪਹੁੰਚ ਵਿੱਚ ਹੁੰਦੀਆਂ। ਗਰਮੀਆਂ ਵਿੱਚ ਘੀਆ, ਅੱਲਾਂ, ਰਾਮ ਤੋਰੀਆਂ, ਤੂੰਬੀਆਂ, ਬੀਨਾਂ ਦੀਆਂ ਵੇਲਾਂ ਸਾਡੇ ਲੋਕ ਘਰਾਂ ਵਿੱਚ ਆਮ ਉਗਾ ਲੈਂਦੇ। ਪਿਆਜ਼, ਬਾੜ ਕਰੇਲੇ, ਕਰੇਲੇ ਅਤੇ ਮਿਰਚ ਵੀ ਗਰਮੀਆਂ ਦੀ ਸਬਜ਼ੀ ਸੀ। ਸਾਡੇ ਬਚਪਨ ਵਿੱਚ ਮੁੱਲ ਖਰੀਦੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਟਮਾਟਰ, ਗੋਭੀ, ਵਤਾਊਂ ਆਦਿ ਦੀ ਵਰਤੋਂ ਘੱਟ ਹੁੰਦੀ। ਮਾਂਹ, ਮੋਠ, ਮਸਰ, ਛੋਲੇ ਆਦਿ ਦਾਲਾਂ ਦੀ ਵਰਤੋਂ ਜ਼ਿਆਦਾ ਹੁੰਦੀ। ਗਾਜਰ-ਮੇਥੇ, ਆਲੂ-ਮੇਥੇ ਭੁਰਜੀ ਬਣਾਈ ਜਾਂਦੀ। ਗਰਮੀ ਦੀ ਰੁੱਤ ਵਿੱਚ ਕੁਝ ਲੋਕ ਗਵਾਰੇ ਦੀਆਂ ਫਲ਼ੀਆਂ ਦੀ ਸਬਜ਼ੀ ਵੀ ਬਣਾਉਂਦੇ।
ਗਰਮੀਆਂ ਵਿੱਚ ਲੂਅ ਤੋਂ ਬਚਣ ਲਈ ਕੱਚੇ ਦੁੱਧ ਦੀ ਲੂਣ ਵਾਲੀ ਲੱਸੀ, ਮਿੱਠੀ ਲੱਸੀ, ਸ਼ੱਕਰ/ਖੰਡ ਦਾ ਮਿੱਠਾ ਪਾਣੀ, ਦਹੀਂ ਰਿੜਕ ਕੇ ਬਣਾਈ ਚਾਟੀ ਦੀ ਲੱਸੀ, ਨਿੰਬੂ ਦੀ ਸਿਕੰਜਵੀ ਦੀ ਵਰਤੋਂ ਆਮ ਹੁੰਦੀ। ਸ਼ਹਿਰ ਵਿੱਚੋਂ ਕੋਈ ਵਿਰਲਾ ਟਾਵਾਂ ਵਿਅਕਤੀ ਕਿਸੇ ਮਰੀਜ਼ ਲਈ ਸੰਦਲ ਦਾ ਸ਼ਰਬਤ, ਆਉਲ਼ੇ ਜਾਂ ਸਿਓ ਦਾ ਮੁਰੱਬਾ ਮੁੱਲ ਲਿਆਉਂਦਾ। ਜੌਂਆਂ ਦੇ ਸੱਤੂ ਪਾਣੀ ਵਿੱਚ ਘੋਲ ਕੇ ਪੀਣ ਦਾ ਰਿਵਾਜ ਉਦੋਂ ਹਟ ਗਿਆ ਸੀ। ਸਿਆਲ ਵਿੱਚ ਚਾਹ, ਕੱਚਾ ਦੁੱਧ, ਉਬਾਲੀ ਦਿੱਤਾ ਦੁੱਧ, ਕਾੜ੍ਹਨੀ ਵਿੱਚੋਂ ਕੱਢਿਆ ਬਦਾਮੀ ਦੁੱਧ ਆਮ ਪੀਣ ਵਾਲੇ ਪਦਾਰਥ ਸਨ। ਅਨਾਜਾਂ ਵਿੱਚੋਂ ਮੱਕੀ ਦੀ ਰੋਟੀ ਅੱਸੂ ਮਹੀਨੇ ਤੋਂ ਸ਼ੁਰੂ ਹੋ ਕੇ ਵਿਸਾਖ ਤੱਕ ਪੱਕਦੀ, ਜਦੋਂ ਤੱਕ ਨਵੀਂ ਕਣਕ ਨਾ ਆ ਜਾਂਦੀ। ਵੈਸੇ ਸਮਰੱਥਾਵਾਨ ਲੋਕ ਪੁਰਾਣੀ ਕਣਕ ਖਾਣ ਨੂੰ ਤਰਜੀਹ ਦਿੰਦੇ। ਨਵੀਂ ਆਈ ਤੇ ਤੁਰੰਤ ਪਿਸਾਈ ਕਣਕ ਦੇ ਆਟੇ ਨਾਲ ਕਈਆਂ ਦੇ ਪੇਟ ਵਿੱਚ ਗੜਬੜ ਹੋ ਜਾਂਦੀ। ਆਏ ਮਹਿਮਾਨ ਲਈ ਕਣਕ ਦੀ ਰੋਟੀ, ਘਿਓ-ਬੂਰਾ ਜਾਂ ਖੰਡ-ਘਿਓ ਪਰੋਸਣਾ ਵੱਡੀ ਖਾਤਰਦਾਰੀ ਮੰਨੀ ਜਾਂਦੀ : ‘ਖਾਈਏ ਕਣਕ ਭਾਵੇਂ ਭੁੱਗੀ ਹੋਵੇ, ਵੱਸੀਏ ਸ਼ਹਿਰ ਭਾਵੇਂ ਝੁੱਗੀ ਹੋਵੇ।’ ਸ਼ਹਿਰ ਲਈ ਤਾਂਘਦੇ ਪੜ੍ਹੇ ਲਿਖੇ ਬੰਦਿਆਂ ਦਾ ਅਖਾਣ ਸੀ। ਦੇਸੀ ਘੀ ਪਾਉਣਾ ਆਮ ਜਿਹੀ ਗੱਲ ਸੀ। ਇਸ ਨੂੰ ਦਾਰੂ ਸਮਝਿਆ ਜਾਂਦਾ। ਕਹਾਵਤ ਸੀ:
ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ
ਸ਼ਰਾਬ ਪਿਲਾਉਣ ਦਾ ਰਿਵਾਜ ਬਹੁਤ ਘੱਟ ਸੀ। ਫੇਰ ਵੀ ਕੁਝ ਲੋਕ ਘਰ ਦੀ ਕੱਢੀ ਸ਼ਰਾਬ ਨਾਲ ਵੀ ਆਏ ਮਹਿਮਾਨ ਦੀ ਸੇਵਾ ਕਰਦੇ। ਭਾਦੋਂ ਦੀ ਨੌਮੀ ਨੂੰ ਘੜੇ ਉਤੇ ਵੱਟੀਆਂ ਸੇਵੀਆਂ ਬਣਾਉਂਦੇ। ਸਾਡੀ ਬੀਬੀ ਚੁੱਲ੍ਹੇ ਵਿੱਚੋਂ ਅੰਗਿਆਰੀ ਕੱਢਦੀ, ਉਸ ਉੱਤੇ ਘੀ ਦਾ ਹਵਨ ਦਿੰਦੀ, ਭੋਰਾ ਭਰ ਸੇਵੀਆਂ ਅੰਗਿਆਰੀ ਉੱਪਰ ਪਾਉਂਦੀ, ਮੱਥਾ ਟੇਕਦੀ ਮੂੰਹ ਵਿੱਚ ਗੁਣਗੁਣਾਉਂਦੀ : ‘ਨ੍ਹੇਰੇ ਸਨ੍ਹੇਰੇ ਲੁਕੇ ਛਿਪੇ ਰਿਹੋ, ਵਿਚਾਰੇ ਧਰਤੀ ਦੇ ਰਾਜਿਓ!’ ਘਰ ਦਾ ਹਰੇਕ ਜੀਅ ਸੇਵੀਂਆਂ ਦੇ ਭਰੇ ਹੋਏ ਛੰਨੇ ਵਿੱਚ ਇੱਕ ਇੱਕ ਕੜਛੀ ਦੇਸੀ ਘਿਓ ਦੀ ਪਵਾ ਕੇ ਖਾਂਦਾ। ਇਹ ਵੀ ਬਹੁਤ ਭਾਰੀ ਖੁਰਾਕ ਸੀ। ਭੁੱਜੀਆਂ ਛੱਲੀਆਂ, ਗੂੜ੍ਹੇ ਸਿਆਲ ਵਿੱਚ ਭੱਠੀ ਤੋਂ ਭੁੰਨਾਈਆਂ ਮੱਕੀ ਦੀਆਂ ਖਿੱਲਾਂ, ਖੜਕਵੇਂ ਦਾਣੇ ‘ਮੁਰਮੁਰੇ’ ਬਹੁਤ ਸਵਾਦ ਲੱਗਦੇ। ਗਰਮੀਆਂ ਵਿੱਚ ਭੁੱਜੇ ਛੋਲੇ, ਹਾੜ੍ਹੀ ਦੌਰਾਨ ਗੱਦਰ ਛੋਲਿਆਂ ਦੀਆਂ ਹੋਲ਼ਾਂ, ਸਿਆਲ ਉਤਰਦੇ ਤਾਜ਼ੀ ਪੁੱਟੀ ਮੂੰਗਫਲੀ ਦੀਆਂ ‘ਹੋਲ਼ਾਂ’ ਦਾ ਆਪਣਾ ਹੀ ਸਵਾਦ ਹੁੰਦਾ। ਮੱਘਰ ਮਹੀਨੇ ਦੀ ਗੰਨੇ ਭੰਨ ਇਕਾਦਸ਼ੀ ਮਗਰੋਂ ਪੱਕੇ ਹੋਏ ਰਸਦਾਰ ਗੰਨੇ ਚੂਪਦੇ ਨਾ ਥੱਕਦੇ, ਗੰਨਾ ਛਿੱਲਦਿਆਂ ਜੀਭ, ਮੂੰਹ, ਜਾਭਾਂ ਬੇਸ਼ੱਕ ਜ਼ਖ਼ਮੀ ਹੋ ਜਾਂਦੀਆਂ। ਖੇਤਾਂ ਵਿੱਚ ਚਿੱਭੜ, ਫੁੱਟਾਂ ਤੇ ਬੇਰ, ਨਸੂਹੜੇ, ਜਾਮਣਾਂ ਅਤੇ ਚਪੇੜ ਡੰਡਾ ਥੋਹਰ ਨੂੰ ਲੱਗਦੇ ਜਾਮਣਾਂ ਵਰਗੇ ਖੱਟੇ ਮਿੱਠੇ ਰਸੀਲੇ ਫ਼ਲ ਪੇਂਡੂ ਮੇਵੇ ਸਨ। ਬਰਸਾਤ ਤੋਂ ਪਹਿਲਾਂ ਖਾਧੇ ਖਰਬੂਜ਼ਿਆਂ ਦੇ ਬੀਜ ਕਈ ਔਰਤਾਂ ਧੋ ਸੁਕਾ ਕੇ ਸੰਭਾਲ ਲੈਂਦੀਆਂ, ਬਾਅਦ ਵਿੱਚ ਮਗਜ਼ ਕੱਢ ਕੇ ਚੱਬਦੀਆਂ। ਬਰਸਾਤ ਵਿੱਚ ਪੱਕੇ ਅੰਬਾਂ ਦੀਆਂ ਗੁਠਲੀਆਂ ਕੁਝ ਸਿਆਣੀਆਂ ਇਸਤਰੀਆਂ ਸੁਕਾ ਕੇ ਰੱਖ ਲੈਂਦੀਆਂ, ਸਿਆਲ ਵਿੱਚ ਭੁੰਨ ਕੇ ਚੱਬਦੀਆਂ।
ਮੌਸਮ ਮੁਤਾਬਿਕ ਮਿੱਠੇ ਪਦਾਰਥ ਵੀ ਬਣਾਏ ਜਾਂਦੇ। ਗਾੜ੍ਹੇ ਦੁੱਧ ਤੋਂ ਬਣੀ ਖੀਰ, ਦੇਸੀ ਘਿਓ ਦਾ ਕੜਾਹ, ਘਿਓ ਭੁੰਨਵਾਂ ਦਲੀਆ ਅਤੇ ਮਿੱਠੇ ਚਾਵਲ ਬੜੇ ਪੌਸ਼ਟਿਕ ਭੋਜਨ ਸਨ। ਜਦੋਂ ਮੱਝ ਸੂੰਦੀ, ਮਹੀਨਾ ਸਵਾ ਮਹੀਨਾ ਦੁੱਧ ਦਾ ਸਰਫ਼ਾ ਕਰ ਕੇ ਮੱਖਣ ਤਿਆਰ ਕੀਤਾ ਜਾਂਦਾ। ਬਿਗਾਨੇ ਗੋਤ ਦੇ, ਇੱਥੋਂ ਤੱਕ ਭੈਣ ਦੇ ਸਹੁਰੇ ਘਰ ਮਿਲਣ ਆਏ ਸਵਾਣੀ ਦੇ ਭਰਾ ਨੂੰ ਵੀ ਇਸ ਦਾ ਦੁੱਧ ਨਾ ਦਿੰਦੇ। ਚੰਦਰਮਾ ਦੀ ਅੱਗੇ ਆਉਂਦੀ ਕਿਸੇ ਚਾਨਣੀ ਦਸਵੀਂ ਨੂੰ ਇਸ ਤਰ੍ਹਾਂ ਕੰਜੂਸੀ ਨਾਲ ਜੋੜੇ ਹੋਏ ਘਿਓ ਦਾ ਕੜਾਹ ਅਤੇ ਦੁੱਧ ਦੀ ਖੀਰ ਬਣਾ ਕੇ ਪਿੰਡ ਵਿੱਚੋਂ ਪੰਜ ਲਿਹਾਜ਼ੀ ਬੰਦਿਆਂ ਨੂੰ ਘਰ ਸੱਦ ਕੇ ਛਕਾਉਂਦੇ। ਪੁੱਠੇ ਕੰਢਿਆਂ ਵਾਲੇ ਥਾਲਾਂ ਵਿੱਚ ਖੁੱਲ੍ਹੀ ਖੀਰ ਦੇ ਵਿਚਕਾਰ ਵੱਡਾ ਬੁੱਕ ਕੜਾਹ ਦਾ ਹਰੇਕ ਲਈ ਪਰੋਸਿਆ ਜਾਂਦਾ। ਜੇ ਰੁਚੀ ਹੁੰਦੀ, ਕਈ ਬੰਦੇ ਹੋਰ ਮੰਗ ਲੈਂਦੇ। ਇਸ ਨੂੰ ‘ਸੁੱਚ ਖੋਲ੍ਹਣਾ’ ਆਖਦੇ। ਮਾਘ ਫੱਗਣ ਦੇ ਮਹੀਨੇ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਦੀਆਂ ਜਿਨ੍ਹਾਂ ਵਿੱਚੋਂ ਖੋਪੇ ਦੀਆਂ ਪਤਲੀਆਂ ਕਾਤਰਾਂ ਤੇ ਕੋਈ ਕੋਈ ਸਾਬਤ ਕਾਲ਼ੀ ਮਿਰਚ ਖਾਣ ਵਾਲੇ ਵੱਲ ਝਾਕਦੀ ਪ੍ਰਤੀਤ ਹੁੰਦੀ। ਇਹ ਪਿੰਨੀਆਂ ਆ ਰਹੀ ਗਰਮੀ ਲਈ ਠੰਢੀ ਤਾਸੀਰ ਵਾਲੀ ਹਲਕੀ ਖੁਰਾਕ ਸਮਝੀ ਜਾਂਦੀ। ਗੂੜ੍ਹੇ ਸਿਆਲ ਵਿੱਚ ਸਿਰਫ਼ ਲੋਹੜੀ ਦੇ ਕੁਝ ਦਿਨਾਂ ਦੌਰਾਨ ਗੁੜ ਅਤੇ ਤਿਲਾਂ ਦੇ ਤਲੂਏਂ (ਲੱਡੂ) ਬਣਾਏ ਜਾਂਦੇ। ਕੋਈ ਕੋਈ ਵਿਅਕਤੀ ਤਿਲਾਂ ਨੂੰ ਕੁੱਟ ਕੇ, ਸ਼ੱਕਰ ਮਿਲਾਉਂਦਾ, ‘ਕੁੱਲਰ’ ਖਾਂਦਾ। ਸਮਰੱਥਾ ਅਨੁਸਾਰ ਲੋਕ ਦੇਸੀ ਘਿਓ ਵਿੱਚ ਕਣਕ ਦਾ ਆਟਾ ਭੁੰਨ ਕੇ ਖੋਆ ਤੇ ਸੁੱਕੇ ਮੇਵੇ ਪਾ ਕੇ ਪੰਜੀਰੀ ਤੇ ਪਿੰਨੀਆਂ ਬਣਾਉਂਦੇ। ਇਹ ਗਿਜ਼ਾ ਜ਼ੋਰਦਾਰ ਮੁਸ਼ੱਕਤ ਕਰਨ ਵਾਲੇ ਹੀ ਪਚਾ ਸਕਦੇ। ਬਹੁਤੀ ਠੰਢ ਵਿੱਚ ਬਲਦਾਂ ਨੂੰ ਵੀ ਗੁੜ ਵਿੱਚ ਭੁੰਨੇ ਵੜੇਵੇਂ ਜਾਂ ਤਾਰੇਮੀਰੇ ਤੇ ਅਲਸੀ ਦਾ ਦਰੜ ਚਾਰਿਆ ਜਾਂਦਾ। ਨਵੇਂ ਵੱਛੇ-ਵੱਛੀਆਂ, ਕੱਟੀਆਂ ਨੂੰ ਮਾਂਹ ਉਬਾਲ ਕੇ ਖਵਾਉਣੇ, ਬੇਹੱਦ ਤਾਕਤ ਵਾਲੀ ਖੁਰਾਕ ਸਮਝੀ ਜਾਂਦੀ।
ਵਿਆਹ ਸ਼ਾਦੀ ਮੌਕੇ ਨੇੜਸਕਿਆਂ ਨੂੰ ਚੁੱਲ੍ਹੇ ਨਿਊਂਦਾ ਤੇ ਆਮ ਘਰਾਂ ਵਿੱਚ ਇੱਕ ਪਰੋਸਾ ਦਿੱਤਾ ਜਾਂਦਾ। ਪਿੰਡ ਦਾ ਰਾਜਾ ਜਿਸ ਘਰ ਜਾ ਕੇ ਚੁੱਲ੍ਹੇ ਨਿਉਂਦੇ ਦਾ ਸੱਦਾ ਦਿੰਦਾ, ਉਸ ਪਰਿਵਾਰ ਨੇ ਵਿਆਹ ਵਾਲੇ ਦਿਨ ਆਪਣਾ ਚੁੱਲ੍ਹਾ ਨਾ ਬਾਲਣਾ ਹੁੰਦਾ। ਉਸ ਟੱਬਰ ਦੇ ਸਾਰੇ ਜੀਅ, ਸਾਂਝੀ ਸੀਰੀ ਵਿਆਹ ਵਾਲੇ ਘਰ ਰੋਟੀ ਖਾਂਦੇ। ਜੋ ਹਾਜ਼ਰ ਨਾ ਹੁੰਦਾ, ਉਸ ਦੀ ਰੋਟੀ ਘਰ ਭੇਜੀ ਜਾਂਦੀ। ਕਈ ਔਰਤਾਂ ਭੋਜਨ ਛਕ ਕੇ ਆਪਣੇ ਘਰ ਰੱਖੇ ਕੁੱਤੇ ਲਈ ਵੀ ਰੋਟੀ ਪਵਾ ਕੇ ਲਿਜਾਣ ਦੀ ਘੌਲ਼ ਨਾ ਕਰਦੀਆਂ। ਦੂਰ ਦੇ ਲਿਹਾਜ਼ੀਆਂ, ਇੱਕ ਪਰੋਸੇ ਵਾਲੇ ਘਰਾਂ ਵਿੱਚ ਨਿਸ਼ਾਨੀ ਵਜੋਂ ਦੋ ਲੱਡੂ, ਦੋ ਜਲੇਬੀਆਂ, ਮਾਂਹ ਦੀ ਦਾਲ਼ ਅਤੇ ਨੌਂ ਜਾਂ ਗਿਆਰਾਂ ਪੋਲ਼ੀਆਂ ਰਾਜਾ ਆਪ ਜਾ ਕੇ ਦੇ ਆਉਂਦਾ। ਸ਼ਰੀਕੇ ਲਈ ਦਾਲ਼ ਪੋਲ਼ੀ ਨਾਲ ਕੇਵਲ ਦੋ ਲੱਡੂ, ਦੋ ਜਲੇਬੀਆਂ ਵਰਤਾਉਣ ਨੂੰ ‘ਨਿਸ਼ਾਨੀ’ ਵਿਖਾਉਣਾ ਸਮਝਦੇ। ਕਈ ਸਮਰੱਥਾਵਾਨ ਖੁੱਲ੍ਹੇ ਲੱਡੂ ਜਲੇਬੀਆਂ ਵਰਤਾਉਂਦੇ, ਜੋ ਜਿੰਨੇ ਮਰਜ਼ੀ ਖਾਵੇ, ਉਸ ਨੂੰ ‘ਸਿੱਟਵੀਂ ਮਠਿਆਈ’ ਆਖਦੇ। ਕੋਈ ਕੋਈ ਪਰਿਵਾਰ ਆਪਣੇ ਗੁਜ਼ਰ ਚੁੱਕੇ ਵਡੇਰੇ ਨੂੰ ‘ਵੱਡਾ ਕਰਨ’ ਲਈ ਸਾਰੇ ਪਿੰਡ ਨੂੰ ਰੋਟੀ ਕਰਦਾ ਜਿਸ ਵਿੱਚ ਹਰ ਘਰ ਨੂੰ ਪ੍ਰਤੀ ਮੈਂਬਰ ਤੋਲ ਕੇ ਅੱਧਾ ਕਿਲੋ ਲੱਡੂ ਦਿੱਤੇ ਜਾਂਦੇ। ਸਾਡੇ ਪਿੰਡ ਵਿੱਚ ਅਗਾਂਹਵਧੂ ਪੰਚਾਇਤੀਆਂ ਨੇ ਇਹ ਰਸਮ ਸਾਡੀ ਸੋਝੀ ਤੋਂ ਪਹਿਲਾਂ ਬੰਦ ਕਰ ਦਿੱਤੀ ਸੀ। ਚੁੱਲ੍ਹੇ ਨਿਊਂਦਾ ਵੀ ਸਿਰਫ਼ ਨੇੜਲੇ ਸਬੰਧੀਆਂ ਨੂੰ ਦਿੱਤਾ ਜਾਂਦਾ। ਪਰੋਸਾ ਫੇਰਨ ਦਾ ਰਿਵਾਜ ਵੀ ਆਪਣੇ ਗੁਆਂਢ ਜਾਂ ਪੱਤੀ ਤੱਕ ਸੀਮਤ ਕਰ ਦਿੱਤਾ ਸੀ। ਸਾਡੇ ਬਚਪਨ ਵਿੱਚ ਆਈ ਬਰਾਤ ਨੂੰ ਕੋਰਿਆਂ ਜਾਂ ਪੱਟੀਆਂ ਉੱਪਰ ਬਿਠਾ ਕੇ ਪਹਿਲਾਂ ਖੋਏ ਦੀ ਬਰਫ਼ੀ, ਪੇੜੇ, ਵੇਸਣ ਦੀ ਬਰਫ਼ੀ ਆਦਿ ਖੁੱਲ੍ਹੀ ਵਰਤਾਈ ਜਾਂਦੀ। ਬਹੁਗਿਣਤੀ ਬਰਾਤੀ ਮਠਿਆਈ ਨਾਲ ਹੀ ਰੱਜਣਾ ਪਸੰਦ ਕਰਦੇ। ਇਸ ਮਗਰੋਂ ਇੱਕ ਅੱਧ ਪੋਲ਼ੀ ਦਾਲ਼ ਸਬਜ਼ੀ ਨਾਲ ਖਾ ਕੇ ਮੂੰਹ ਸਲੂਣਾ ਕਰਦੇ। ਉਦੋਂ ਬਰਾਤ ਨੂੰ ਇੱਕ ਲੱਪ ਬਾਰੀਕ ਪਕੌੜੀ ਬਦਾਣੇ ਨਾਲ ਚਾਹ ਡੇਰੇ ਧਰਮਸ਼ਾਲਾ ਵਿੱਚ ਹੀ ਵਰਤਾਈ ਜਾਂਦੀ। ਪਰ ਸੱਠਵਿਆਂ ਦੇ ਅੱਧ ਵਿੱਚ ‘ਖੜ੍ਹੀ ਚਾਹ’ ਦਾ ਰਿਵਾਜ ਚੱਲਿਆ ਜਿਸ ਵਿੱਚ ਵਿਆਹ ਵਾਲੇ ਘਰ ਸ਼ਾਮਿਆਨੇ ਹੇਠ ਸੈੱਟ ਕੀਤੇ ਟੇਬਲਾਂ ਉੱਪਰ ਮੋਮੀ ਕਾਗਜ਼ ਦੇ ਛੋਟੇ ਛੋਟੇ ਡੂਨਿਆਂ ਵਿੱਚ ਭਾਂਤ ਸੁਭਾਂਤੇ ਨਮੂਨੇ ਬਰਫ਼ੀ, ਗੁਲਾਬ ਜਾਮਣ, ਰਸਗੁੱਲਾ ਆਦਿ ਇੱਕ ਇੱਕ ਕਰ ਕੇ ਸਲੀਕੇ ਨਾਲ ਹਲਵਾਈ ਵੱਲੋਂ ਪਲੇਟਾਂ ਵਿੱਚ ਸਜਾਏ ਹੁੰਦੇ। ਆਂਡਿਆਂ ਦਾ ਆਮਲੇਟ, ਭਾਂਤ ਸੁਭਾਂਤੇ ਪਕੌੜੇ ਮਿੱਠੀ ਚੱਟਣੀ ਆਦਿ ਵੀ ਪਰੋਸੀ ਹੁੰਦੀ। ਸਾਰੀ ਬਰਾਤ ਟੇਬਲਾਂ ਦੁਆਲੇ ਖੜ੍ਹ ਕੇ ਇਹ ਚਾਹ ਪੀਂਦੀ। ਇਸ ਨਵੇਂ ਫੈਸ਼ਨ ਨਾਲ ਪੰਜਾਬ ਦੇ ਪਿੰਡਾਂ ਵਿੱਚ ਮੰਡੀ ਦਾ ਦਖ਼ਲ ਆਰੰਭ ਹੋਇਆ। ਰੋਟੀ ਮੌਕੇ ਬੱਕਰੇ ਜਾਂ ਮੁਰਗੇ ਦਾ ਮੀਟ ਵੀ ਵਰਤਾਇਆ ਜਾਣ ਲੱਗਿਆ। ਮਟਰ ਪਨੀਰ, ਖੁੰਬਾਂ, ਸੁੱਕੇ ਮੇਵੇ ਪਾ ਕੇ ਬਣਾਈ ਗੋਭੀ ਆਦਿ ਮਹਿੰਗੀਆਂ ਸਬਜ਼ੀਆਂ ਨੇ ਮਾਂਹ ਦੀ ਦਾਲ ਨੂੰ ਇੱਕ ਲੇਖੇ ਨਾਲ ਵਿਆਹ ਵਿੱਚੋਂ ਕੱਢ ਦਿੱਤਾ। ਬੁੱਢੇ ਦੇ ਮਰਨੇ ਉੱਪਰ ਵੀ ਅਮੀਰ ਲੋਕ ਅਜਿਹੇ ਚੋਜ ਕਰਦੇ। ਗ਼ਰੀਬ ਲੋਕ ਕੜਾਹ ਜਾਂ ਲੱਡੂ ਜਲੇਬੀ ਨਾਲ ਦਾਲ਼ ਪਰੋਸਦੇ।
ਅੱਜ ਸਾਡੀ ਖਾਧ ਖੁਰਾਕ ਉੱਕੀ ਬਦਲ ਚੁੱਕੀ ਹੈ। ਘਰ ਬਣਾਈਆਂ ਵਸਤੂਆਂ ਦੀ ਥਾਂ ਮੰਡੀ ਦੇ ਬਰਗਰਾਂ, ਪੀਜ਼ਿਆਂ, ਨੂਡਲਜ਼, ਆਈਸ ਕਰੀਮਾਂ, ਚਾਕਲੇਟ, ਸਮੋਸਿਆਂ, ਟਿੱਕੀਆਂ, ਭਾਂਤ ਸੁਭਾਂਤੇ ਠੰਢਿਆਂ, ਮਹਿੰਗੀਆਂ ਸ਼ਰਾਬਾਂ ਆਦਿ ਅਨੇਕ ਪਦਾਰਥਾਂ ਦੀ ਭਰਮਾਰ ਹੈ। ਬੱਚੇ ਇੱਕ ਪਾਸੇ ਰਹੇ, ਸਾਡੀ ਪੀੜ੍ਹੀ ਦੇ ਕਈ ਬੰਦੇ ਮਲ਼ਾਈ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਦੁੱਧ ਤੇ ਸੁੱਕੇ ਮੇਵੇ ਮਾਫ਼ਕ ਨਹੀਂ। ਸ਼ਾਦੀ ਗ਼ਮੀ ਦੇ ਸਾਰੇ ਸਮਾਗਮਾਂ ਉਤੇ ਪੂਰਨ ਰੂਪ ਵਿੱਚ ਮੰਡੀ ਦਾ ਕਬਜ਼ਾ ਹੈ। ਸਮਰੱਥਾਵਾਨ ਲੋਕਾਂ ਦੀ ਬਹੁਗਿਣਤੀ ਬੜੇ ਢੋਲ ਢੁਮੱਕੇ ਨਾਲ, ਸਜਾਵਟੀ ਮੈਰਿਜ ਪੈਲੇਸਾਂ ਵਿੱਚ ਅਜਿਹੇ ਅਨੇਕ ਪ੍ਰਕਾਰ ਦੇ ਭੋਜਨ ਅਤੇ ਪੀਣਯੋਗ ਪਦਾਰਥ ਪਰੋਸ ਕੇ ਸਮਾਗਮ ਰਚਾਉਂਦੀ ਹੈ, ਜਿੱਥੇ ਮਾਡਰਨ ਹਲਵਾਈ, ਬੈਰੇ, ਸ਼ੈੱਫ਼ ਆਦਿ ਦੀਆਂ ਅਤਿ ਮਸ਼ਹੂਰ ਮਹਿੰਗੀਆਂ ਟੀਮਾਂ ਸਾਰਾ ਕਾਰਜ ਨਿਪਟਾਉਂਦੀਆਂ। ਅਜਿਹੇ ਸਮਾਗਮਾਂ ਵਿੱਚੋਂ ਬਕਾਇਆ ਬਚਿਆ ਭੋਜਨ ਅੱਗੇ ਸ਼ਹਿਰ ਦੇ ਭਵਿੱਖੀ ਸਮਾਗਮਾਂ ਤੇ ਪ੍ਰੋਗਰਾਮਾਂ ਵਿੱਚ ਵਰਤਾਉਣ ਲਈ ਸਪਲਾਈ ਹੁੰਦਾ ਹੈ। ਇੰਜ ਅਸੀਂ ਘਰ ਬਣਾਈ ਤਾਜ਼ੀ ਮਠਿਆਈ ਤੇ ਦਾਲ਼ਾਂ ਸਬਜ਼ੀਆਂ ਦੀ ਥਾਂ ਬੇਹਾ ਮਾਲ ਖਾਂਦੇ, ਕੱਛਾਂ ਵਜਾਉਂਦੇ ਘਰਾਂ ਨੂੰ ਆਉਂਦੇ ਹਾਂ। ਵੱਡਿਆਂ ਦੀ ਰੀਸ ਜਾਂ ਮਜਬੂਰੀਵੱਸ ਵਿਤੋਂ ਬਾਹਰੇ ਹੋ ਕੇ ਰਚਾਏ ਅਜਿਹੇ ਸਮਾਗਮਾਂ ਨੇ ਕਿਸਾਨੀ ਅਤੇ ਉਸ ਦੇ ਸਹਾਇਕ ਕਿਰਤੀਆਂ ਨੂੰ ਦੀਵਾਲੀਏ ਹੋਣ ਦੇ ਰਾਹ ਤੋਰ ਦਿੱਤਾ ਹੈ। ਕੋਈ ਵਿਰਲੀ ਟਾਂਵੀਂ ਪੰਚਾਇਤ ਗ਼ਮੀ ਦੇ ਭੋਗਾਂ ਦੌਰਾਨ ਪਿੰਡ ਵਿੱਚ ਸਾਦੇ ਸਮਾਗਮ ਰਚਾਉਣ ਲਈ ਪ੍ਰੇਰਦੀ, ਮਿੱਠੀ ਵਸਤੂ ਵਰਤਾਉਣ ’ਤੇ ਰੋਕ ਲਾਉਂਦੀ, ਕੇਵਲ ਦਾਲ਼ ਸਬਜ਼ੀ ਫੁਲਕੇ ਵਾਲੀ ਰੋਟੀ ਪਰੋਸਣ ਉੱਪਰ ਜ਼ੋਰ ਦਿੰਦੀ ਹੈ।
ਸੰਪਰਕ : 82849-09596
ਪੁਸਤਕ ਚਰਚਾ : ਤਿੰਨ ਦਹਾਕਿਆਂ ਦਾ ਪੰਜਾਬੀ ਸਾਹਿਤ ! - ਅਵਤਾਰ ਸਿੰਘ ਬਿਲਿੰਗ
ਨਾਮਵਰ ਆਲੋਚਕ ਡਾਕਟਰ ਜਸਪਾਲ ਸਿੰਘ ਦੀ ਅੰਗਰੇਜ਼ੀ ਵਿਚ ਪ੍ਰਕਾਸ਼ਤ ‘Readings in Punjabi Literature’ (ਅਭਿਸ਼ੇਕ ਪਬਲੀਕੇਸ਼ਨ, ਚੰਡੀਗੜ੍ਹ) ਇਕ ਵੱਡ-ਆਕਾਰੀ ਪੁਸਤਕ ਹੈ। ਪਿਛਲੇ ਤਿੰਨ ਦਹਾਕਿਆਂ ਦੇ ਪੰਜਾਬੀ ਸਾਹਿਤ ਨਾਲ ਸਾਂਝ ਪੁਆਉਣ ਵਾਲੀ ਇਹ ਵਿਲੱਖਣ ਵਿਸ਼ਵਕੋਸ਼ੀ ਭਾਂਤ ਦੀ ਕਿਤਾਬ ਹੈ ਜਿਹੜੀ ਅੰਗਰੇਜ਼ੀ ਪਾਠਕਾਂ ਲਈ ਪੰਜਾਬੀ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੇ ਨਮੂਨੇ ਰੌਚਿਕ ਢੰਗ ਨਾਲ ਪੇਸ਼ ਕਰਦੀ ਹੈ। ਇਹ ਹਿੰਦੀ ਪੰਜਾਬੀ ਦੇ ਖੇਤਰ ਵਿਚ ਨਵੇਂ ਉੱਭਰ ਰਹੇ ਆਲੋਚਕਾਂ ਨੂੰ ਵੀ ਸੇਧ ਦੇਵੇਗੀ।
ਡਾ. ਜਸਪਾਲ ਸਿੰਘ ਨੇ ਇੰਗਲਿਸ਼ ਨਾਵਲਕਾਰ ਅਰਨੈਸਟ ਹੈਮਿੰਗਵੇ ਉਪਰ ਪੀਐੱਚ.ਡੀ. ਕੀਤੀ। ਲੇਖਕ ਅਨੁਸਾਰ, ‘ਇਹ ਪੁਸਤਕ ਪਿਛਲੇ ਤੀਹ ਵਰਿਆਂ ਦੌਰਾਨ ਲਿਖੇ ਜਾਂਦੇ ਰਹੇ ਪੰਜਾਬੀ ਸਾਹਿਤ ਬਾਰੇ ਅੰਗਰੇਜ਼ੀ ਵਿਚ ਲਗਾਤਾਰ ਚਲਦੀ ਸਮਕਾਲੀ ਰਨਿੰਗ ਕਮੈਂਟਰੀ ਹੈ।’ ਇਸ ਵਿਚ ਸ਼ਾਮਲ 154 ਲੇਖਾਂ ਵਿਚੋਂ ਬਹੁਤੇ ‘ਟ੍ਰਿਬਿਊਨ’ ਵਿਚ ਅਤੇ ਕੁਝ ਗੋਬਿੰਦ ਠੁਕਰਾਲ ਦੇ ਸਾਊਥ ਏਸ਼ੀਆ ਪੋਸਟ ਵਿਚ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਨ੍ਹਾਂ ਵਿੱਚ 115 ਪੰਜਾਬੀ ਲੇਖਕਾਂ ਦੀਆਂ ਪ੍ਰਤੀਨਿਧ, ਵਿਸ਼ੇਸ਼ ਤੌਰ ’ਤੇ ਲੀਕ ਤੋਂ ਹਟਵੀਆਂ ਪੁਸਤਕਾਂ ਦੀ ਸਾਹਿਤਕ ਆਲੋਚਨਾ ਕੀਤੀ ਗਈ ਹੈ। ਰੀਵਿਊ ਲਈ ਆਈ ਹਰੇਕ ਪੁਸਤਕ ਦਾ ਲੇਖਕ ਕਿਹੋ ਜਿਹਾ ਹੈ, ਉਸ ਕਿਤਾਬ ਵਿਚ ਕੀ ਚੰਗਾ ਤੇ ਖ਼ਾਸ ਹੈ, ਸਭਿਆਚਾਰਕ ਪੱਖ ਤੋਂ ਉਹ ਕੀ ਸੁਝਾਉਂਦੀ ਹੈ, ਇਸ ਦੇ ਲੇਖਕ ਵਿਚ ਕੀ ਨਵਾਂ ਤੇ ਵੱਖਰਾ ਹੈ- ਇਨ੍ਹਾਂ ਸਵਾਲਾਂ ਦੇ ਜਵਾਬ ਇਸ ਰਚਨਾ ਵਿਚ ਸ਼ਾਮਲ ਹਰੇਕ ਨਿਬੰਧ ਵਿਚੋਂ ਮਿਲਦੇ ਹਨ। ਇਸ ਨੂੰ ਪੜ੍ਹਦਿਆਂ ਵਿਸ਼ਵ ਪ੍ਰਸਿੱਧ ਆਲੋਚਕਾਂ ਵੱਲੋਂ ਸੁਝਾਏ ਸਿਧਾਂਤਾਂ ਦੀ ਝਲਕ ਪੈਂਦੀ ਹੈ। ਇਸ ਦੇ ਪਿਛੋਕੜ ਵਿਚ ਵਰਤੀ ਮਾਰਕਸਵਾਦੀ ਦਵੰਦਾਤਮਕ ਵਿਧੀ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਪੁਸਤਕ ਵਿਚ ਸੁਰਜੀਤ ਹਾਂਸ, ਅਮਰਜੀਤ ਚੰਦਨ ਤੇ ਗੁਰਬਚਨ ਵਰਗੇ ਲੇਖਕਾਂ ਬਾਰੇ ਕਈ ਲੇਖ ਹਨ। ਕੁਝ ਹੋਰ ਸਾਹਿਤਕਾਰਾਂ ਸਬੰਧੀ ਇਕ ਤੋਂ ਵੱਧ ਲੇਖ ਸ਼ਾਮਲ ਹਨ। ਇਹ ਸੰਗ੍ਰਹਿ ਪੰਜ ਭਾਗਾਂ ਵਿਚ ਵੰਡਿਆ ਹੈ : ਵਡੇਰਿਆਂ ਦੀ ਦ੍ਰਿਸ਼ਟੀ, ਵੱਡਉਮਰੇ ਕਲਾਕਾਰ, ਬਾਹਰਲਿਆਂ ਦੀ ਗੁਫ਼ਤਗੂ, ਅੱਜ ਅਲਾਪਿਆ ਜਾ ਰਿਹਾ ਰਾਗ, ਅਤੇ ਪੰਜਾਬੀ ਸਾਹਿਤ ਦੀਆਂ ਸੋਗਮਈ ਸੁਰਾਂ। ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ, ਡਾਕਟਰ ਹਰਿਭਜਨ ਸਿੰਘ ਤੋਂ ਅੱਗੇ ਚਲਦੀ ਇਹ ਕਿੰਨੇ ਹੋਰ ਸਾਹਿਤਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਵਿਚੋਂ ਬਹੁਗਿਣਤੀ ਬਾਰੇ ਸਾਹਿਤਕ ਸਮੀਖਿਆ ਕਰਦੀ ਹੈ ਜਿਹੜੇ ਅਜੇ ਵੀ ਸਰਗਰਮ ਹਨ। ਪੁਸਤਕ ਦੇ ਮੁੱਢਲੇ ਦੋ ਅਧਿਆਇ - ‘ਪੰਜਾਬੀ ਦਾ ਸਹਿਜ ਪਰ ਸ਼ਾਨਦਾਰ ਵਿਕਾਸ’, ‘ਹੀਰ ਵਾਰਿਸ ਦੇ ਬਾਰਹਮਾਹ ਵਿਚ ਸ਼ਬਦਾਂ ਵਸਤੂਆਂ ਅਤੇ ਧਾਰਨਾਵਾਂ ਦਾ ਜ਼ਿਕਰ’ ਪੰਜਾਬੀ ਭਾਸ਼ਾ ਤੇ ਸਮੁੱਚੇ ਸਾਹਿਤ ਦੇ ਸੰਖੇਪ ਇਤਿਹਾਸ ਅਤੇ ਹੀਰ ਵਾਰਿਸ ਦੀ ਮਹਾਨਤਾ ਨੂੰ ਦਰਸਾਉਂਦੇ ਹਨ। ਇਨ੍ਹਾਂ ਤੋਂ ਅੱਗੇ 115 ਲੇਖਕਾਂ ਦੀਆਂ 154 ਰਚਨਾਵਾਂ ਦਾ ਮੁਲਾਂਕਣ ਸ਼ੁਰੂ ਹੁੰਦਾ ਹੈ। ਇਹ ਇਕੱਲੀ ਨੀਰਸ ਆਲੋਚਨਾ ਨਹੀਂ। ਇਸ ਵਿਚੋਂ ਲੇਖਕ ਦੀਆਂ ਦਿਲਚਸਪ ਟਿੱਪਣੀਆਂ ਦੇ ਨਾਲ ਖ਼ੂਬਸੂਰਤ ਟੈਕਸਟ ਦੇ ਵੀ ਦਰਸ਼ਨ ਹੁੰਦੇ ਹਨ। ਮਿਸਾਲ ਵਜੋਂ, ਪਹਿਲਾ ਨਿਬੰਧ ਅਮਰੀਕ ਸਿੰਘ ਸੰਘਾ ਬਾਰੇ ਹੈ ਜਿਸ ਨੇ ਬੜੀ ਰੌਚਿਕ ਵਾਰਤਕ ਦੀ ਸਿਰਜਣਾ ਕੀਤੀ ਹੈ। ‘ਸੱਠਵਿਆਂ ਤੋਂ ਬਾਅਦ ਸਭ ਤੋਂ ਵੱਧ ਅਣਗੌਲ਼ੀ ਰਹੀ ਵੰਨਗੀ ਪੰਜਾਬੀ ਵਾਰਤਕ ਹੈ। ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਗਰੋਂ ਵਾਰਤਕ ਦੀ ਬੰਜਰ ਹੋਈ ਭੂਮੀ ਵਿਚ ਸੇਵਾਮੁਕਤ ਮੈਥ ਟੀਚਰ ਅਮਰੀਕ ਸਿੰਘ ਸੰਘਾ ਨੇ ਸਾਹਿਤ ਦੀ ਇਸ ਮਰ ਰਹੀ ਵੰਨਗੀ ਨੂੰ ਮੁੜ ਜਿਊਂਦੀ ਕਰਨ ਦਾ ਬੀੜਾ ਚੁੱਕਿਆ ਹੈ।... ਜੋ ਆਪਣੇ ਵਿਲੱਖਣ ਸਟਾਈਲ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਛੋਂਹਦਾ ਹੈ।’ ਨਮੂਨਾ ਦੇਖੋ : ‘‘ਹਲਕੀ ਫੁਲਕੀ ਆਮ ਗੱਲਬਾਤ ਵੀ ਫਜ਼ੂਲ ਨਹੀਂ ਹੁੰਦੀ। ...ਮਾਮੂਲੀ ਘਟਨਾਵਾਂ ਜਾਂ ਬਿਨਾਂ ਸੋਚੇ ਸਮਝੇ ਬੋਲੇ ਕੁਝ ਸ਼ਬਦ ਪਰਿਵਾਰਕ ਜੀਵਨ ਵਿਚ ਕੁੜੱਤਣ ਭਰਦੇ, ਇਥੋਂ ਤੀਕ ਕਿ ਤਲਾਕ ਦਾ ਕਾਰਨ ਵੀ ਬਣ ਸਕਦੇ ਹਨ।’’ ਡਾਕਟਰ ਜਸਪਾਲ ਸਿੰਘ ਦੀ ਟਿੱਪਣੀ ਹੈ : ਪੰਜਾਬ ਵਿਚ ਕਵੀ ਦਰਬਾਰ ਅਤੇ ਕਹਾਣੀ ਦਰਬਾਰ ਆਮ ਹੁੰਦੇ ਹਨ ਐਪਰ ਦੁੱਖ ਹੈ ਕਿ ਇੱਥੇ ਕਦੇ ਕੋਈ ਵਾਰਤਕ ਦਰਬਾਰ ਨਹੀਂ ਕਰਵਾਇਆ ਜਾਂਦਾ ਜਿੱਥੇ ਆਨੰਦਦਾਇਕ ਵਾਰਤਕ ਪਰੋਸੀ ਜਾ ਸਕੇ। ਲੇਖਕ ਸਭਾਵਾਂ ਨੇ ਪੰਜਾਬੀ ਦੀ ਇਸ ਸ਼ਾਨਦਾਰ ਵੰਨਗੀ ਨੂੰ ਉੱਕਾ ਹੀ ਵੱਟੇ ਖਾਤੇ ਪਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਇਕੋ ਵੇਲੇ ਕੋਈ ਕ੍ਰਿਸ਼ਮਾ ਤੇ ਸਾਧਾਰਨ ਵਰਤਾਰਾ ਸੀ। ਉਨ੍ਹਾਂ ਵੇਲਿਆਂ ਦੀ ਕਿਸੇ ਸਾਹਿਤਕ ਇਕੱਤਰਤਾ ਵਿਚ ਇੱਕਾ ਦੁੱਕਾ ਔਰਤ ਦੀ ਹਾਜ਼ਰੀ ਕਿਸੇ ਦੈਵੀ ਵਰਤਾਰੇ ਵਾਂਗ ਸਮਝੀ ਜਾਂਦੀ। ਨਵੇਂ ਉਭਰਦੇ ਲੇਖਕਾਂ ਵਾਸਤੇ ਉਹ ਇਕ ਅਨੋਖਾ ਚਮਤਕਾਰ ਅਤੇ ਬ੍ਰਹਿਮੰਡੀ ਸਾਹਿਤਕ ਗੁਣਵੰਤੀ ਤੇ ‘ਨਾਗਮਣੀ’ ਰਾਹੀਂ ਉਤਸ਼ਾਹ ਦਾ ਸੋਮਾ ਸੀ। ਪਰ ਜਿਹੜੇ ਇਹ ਉਮਰ ਟੱਪ ਚੁੱਕੇ ਹਨ, ਉਨ੍ਹਾਂ ਲਈ ਉਹ ਸਿਰਫ਼ ਮਸ਼ਹੂਰ ਹੋਈ ਇਕ ਸਾਧਾਰਨ ਲੇਖਿਕਾ। ਪੰਜਾਬੀ ਦੇ ਪੰਜ ਵੱਡੇ ਲੇਖਕਾਂ ਦਾ ਦਿੱਲੀ ਸ਼ਹਿਰ ਅਸਲ ਟਿਕਾਣਾ ਸੀ। ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਹਰਿਭਜਨ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਬਲਵੰਤ ਗਾਰਗੀ। ਉਹ ਯੂ ਐੱਨ ਸਕਿਓਰਟੀ ਕਾਊਂਸਲ ਦੇ ਪੰਜ ਸਥਾਈ ਮੈਂਬਰਾਂ ਵਾਂਗ ਸਨ ਜਿਨ੍ਹਾਂ ਵਿਚੋਂ ਹਰੇਕ ਕੋਲ ਵੀਟੋ ਪਾਵਰ ਸੀ। ਭਾਸ਼ਾ ਦੀ ਸਿਰਜਨਾਤਮਿਕ ਵਰਤੋਂ ਵਿਚ ਬਲਵੰਤ ਗਾਰਗੀ ਇਹਨਾਂ ਸਾਰਿਆਂ ਤੋਂ ਚੁਸਤ ਸੀ। ... ਇਕ ਨਾਟਕਕਾਰ ਅਤੇ ਨਾਟ ਕਰਮੀ ਵਜੋਂ ਪੰਜਾਬੀ ਵਿਚ ਉਸ ਦੀ ਸਫਲਤਾ ਦਾ ਕੋਈ ਸਾਨੀ ਨਹੀਂ। ਡਾ. ਮੋਹਨ ਸਿੰਘ ਦੀਵਾਨਾ ਭਾਰਤ ਵਿਚ ਪੰਜਾਬੀ ਅਧਿਐਨ ਦੇ ਮੋਢੀਆਂ ਵਿਚੋਂ ਹੈ ਜੋ ਪੰਜਾਬੀ ਸਾਹਿਤ ਜਗਤ ਵਿਚ ਬੇਹੱਦ ਮਕਬੂਲ ਹੋਇਆ।
ਗਿਆਨੀ ਗੁਰਦਿੱਤ ਸਿੰਘ ਦਾ ‘ਮੇਰਾ ਪਿੰਡ’ ਸ਼ਬਦਾਂ ਨਾਲ ਉਸਾਰਿਆ ਅਸਲੀ ਸਭਿਆਚਾਰਕ ਅਜਾਇਬਘਰ ਹੈ। ਹਰਿਭਜਨ ਸਿੰਘ ਸਾਡਾ ਵੱਡਾ ਕਵੀ ਸੀ- ਗੀਤ ਤੇ ਸ਼ਬਦ ਦਾ ਸ਼ਾਇਰ। ਉਸ ਦਾ ਕਾਵਿ ਗਾਇਨ ਕਿਸੇ ਸਪੇਰੇ ਵਾਂਗ ਸਰੋਤਿਆਂ ਨੂੰ ਕੀਲ ਲੈਂਦਾ। … ਉਹ ਸਾਡਾ ਜੌਹਨ ਡੰਨ ਹੈ- ਇਕ ਅਧਿਆਤਮਵਾਦੀ ਸ਼ਾਇਰ। ਡਾ. ਜਗਤਾਰ ਪੰਜਾਬੀ ਦੇ ਸਭ ਤੋਂ ਵੱਧ ਸਿਆਸੀ ਚੇਤਨਾ ਵਾਲੇ ਸ਼ਾਇਰਾਂ ਵਿਚੋਂ ਇਕ ਸੀ। .... ਉਸ ਦੀ ਸ਼ਾਇਰੀ ਦੁਆਰਾ ਸਿਰਜੇ ਜ਼ਿਆਦਾ ਪ੍ਰਭਾਵ ਮੌਜੂਦਾ ਸਿਸਟਮ ਵਿਚਲੀ ਇਖ਼ਲਾਕੀ ਗਿਰਾਵਟ ਅਤੇ ਨਿਘਾਰ ਦੇ ਸੂਚਕ ਹਨ ਪਰ ਦੂਜੇ ਪ੍ਰਗਤੀਵਾਦੀ ਕਵੀਆਂ ਵਾਂਗ ਉਹ ਵੀ ਇਸ ਘੁੱਪ ਹਨੇਰੇ ਵਿਚ ਚਾਨਣ ਦੀ ਮੱਧਮ ਜਿਹੀ ਉਮੀਦ ਬਰਕਰਾਰ ਰੱਖਦਾ ਹੈ। ਕਵਿਤਾ ਦੇ ਕਈ ਸੰਗ੍ਰਹਿਆਂ ਤੋਂ ਇਲਾਵਾ ਹੁੰਦਲ ਨੇ ‘ਪਿਛਲਾ ਪਿੰਡ’ ਵਿਚ ਕਵਿਤਾ ਵਰਗੀ ਭਾਵੁਕ ਵਾਰਤਕ ਦੀ ਰਚਨਾ ਕੀਤੀ ਜਿਹੜੀ ਪਾਠਕ ਨੂੰ ਸ਼ੁਰੂ ਤੋਂ ਹੀ ਜਕੜ ਲੈਂਦੀ ਹੈ। 40 ਕਿਤਾਬਾਂ ਦਾ ਰਚਨਹਾਰਾ ਜਸਵੰਤ ਸਿੰਘ ਵਿਰਦੀ ਬੜੀ ਸੌਖ ਨਾਲ ਇਸ ਤੋਂ ਘੱਟ ਅਜਿਹੀਆਂ ਪੁਸਤਕਾਂ ਲਿਖ ਸਕਦਾ ਸੀ ਜਿਹੜੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕੋਈ ਮਾਅਰਕਾ ਸਾਬਤ ਹੁੰਦੀਆਂ। ਕਿਰਪਾਲ ਸਿੰਘ ਕਸੇਲ ਨੇ ਪਰਮਿੰਦਰ ਸਿੰਘ ਦੇ ਨਾਲ ਲਿਖੇ ਪੰਜਾਬੀ ਸਾਹਿਤ ਦੇ ਇਤਿਹਾਸ ਤੋਂ ਇਲਾਵਾ ਦੁਰਲੱਭ ਰਚਨਾਵਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਲਾਲ ਸਿੰਘ ਦਿਲ ਇਕ ਅਜਿਹਾ ਮਸ਼ਹੂਰ ਕਵੀ ਸੀ ਜੋ ਸੰਸਾਰ ਦੇ ਅਤਿ ਨੀਚਾਂ ਦੇ ਪ੍ਰਤੀਨਿਧ ਵਜੋਂ ਆਪਣੀ ਕਾਵਿਕ ਲੜਾਈ ਹਾਲੇ ਵੀ ਲੜ ਰਿਹਾ ਸੀ। ਮੋਹਣ ਭੰਡਾਰੀ ਦੀ ‘ਪਛਾਣ’ ਦੀਆਂ ਕਹਾਣੀਆਂ ਸ਼ੈਲੀ ਅਤੇ ਵਿਸ਼ਾ ਵਸਤੂ ਪੱਖੋਂ ਪਾਠਕ ਨੂੰ ਇਕਦਮ ਜਕੜ ਲੈਂਦੀਆਂ।
ਭਾਸ਼ਾ ਵਿਗਿਆਨੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਨੇ ਆਪਣੀ ਵਿਦਵਤਾਪੂਰਣ ਰਚਨਾ ‘ਪੰਜਾਬੀ ਭਾਸ਼ਾ ਦਾ ਸ੍ਰੋਤ ਤੇ ਬਣਤਰ’ ਵਿਚ ਪੰਜਾਬੀ ਭਾਸ਼ਾ ਦੇ ਅੱਜ ਤੱਕ ਦੇ ਇਤਿਹਾਸ ਅਤੇ ਸੰਗਠਨ ਬਾਰੇ ਬੜੀ ਡੂੰਘੀ ਖੋਜ ਕੀਤੀ ਹੈ। ਕਿਸੇ ਭਾਸ਼ਾ ਦੀ ਕਹਾਣੀ ਅਸਲ ਵਿਚ ਉਸ ਨੂੰ ਬੋਲਣ ਵਾਲੇ ਸਮਾਜ ਦੇ ਸਭਿਆਚਾਰ ਦੀ ਕਹਾਣੀ ਵੀ ਹੁੰਦੀ ਹੈ ਕਿਉਂਕਿ ਬੋਲੀ ਅਤੇ ਸਭਿਆਚਾਰ ਦਾ ਆਪਸ ਵਿਚ ਅਨਿੱਖੜਵਾਂ ਸੰਬੰਧ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਵਿਗਿਆਨਕ ਵਿਧੀ ਨਾਲ ਪੰਜਾਬੀ ਦੀ ਬਣਤਰ ਦਾ ਅਧਿਐਨ ਕਰ ਰਿਹਾ ਸੀ। ਮਾਲਵੇ ਦੀ ਤਾਕਤਵਰ ਕਲਮ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਅਤੇ ਨਾਵਲਾਂ ਵਿਚੋਂ ਮਾਲਵਾ ਬੋਲਦਾ, ਗਾਉਂਦਾ ਅਤੇ ਰੋਂਦਾ ਹੈ। ਅਣਖੀ ਕਿਰਸਾਣੀ ਪ੍ਰਧਾਨ, ਜਾਤ ਪਾਤ ਗ੍ਰੱਸੇ ਪਿੰਡ ਦਾ ਲੇਖਕ ਹੈ। ... ਸੰਤੋਖ ਸਿੰਘ ਧੀਰ ਉਨ੍ਹਾਂ ਕੁਝ ਕੁ ਪੰਜਾਬੀ ਲੇਖਕਾਂ ਵਿਚੋਂ ਇਕ ਸੀ ਜਿਨ੍ਹਾਂ ਕੇਵਲ ਕਲਮ ਦੀ ਖੱਟੀ ਖਾਧੀ ਹੈ। ਸੀਮਤ ਸਾਧਨਾਂ ਵਾਲੇ ਇਕ ਜਾਗੀਰਦਾਰ ਪਰਿਵਾਰ ਵਿਚ ਜਨਮੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ‘ਗੋਰੀ ਹਿਰਨੀ’ ਨਾਵਲ ਵਿਚ ਸ਼ਾਇਦ ਪਹਿਲੀ ਵਾਰ, ਉਹ ਵੀ ਇਕ ਵਿਦੇਸ਼ੀ ਧਰਤੀ ਵਿਚੋਂ ਏਨੇ ਗੁੰਝਲਦਾਰ ਵਿਸ਼ੇ ਨੂੰ ਛੋਹਿਆ ਹੈ। ਸੱਠਵਿਆਂ ਵਿਚ ਸੁਰਿੰਦਰ ਗਿੱਲ ਇਕ ਟੁੱਟਦੇ ਹੋਏ ਤਾਰੇ ਵਾਂਗ ਲਿਸ਼ਕਿਆ। ਸਾਹਿਤਕ ਆਲੋਚਨਾ ਵਿਚ ਪੰਜਾਬੀ ਦੇ ਕਿਸੇ ਚਿੰਤਕ ਦੀ ਅਜਿਹੀ ਰਚਨਾ ਘੱਟ ਹੀ ਪ੍ਰਕਾਸ਼ਤ ਹੁੰਦੀ ਜਿਸ ਦਾ ਮੁਕਾਬਲਾ ਸੰਸਾਰ ਪੱਧਰ ਦੀ ਕਿਸੇ ਪੁਸਤਕ ਨਾਲ ਕੀਤਾ ਜਾ ਸਕਦਾ ਹੋਵੇ। ‘ਪੁਨਰ ਸੰਵਾਦ ਤੇ ਪੰਜਾਬੀ ਪ੍ਰਵਚਨ’ ਰਾਹੀਂ ਡਾ ਤੇਜਵੰਤ ਸਿੰਘ ਗਿੱਲ ਨੇ ਅਜਿਹਾ ਕਰ ਵਿਖਾਇਆ ਹੈ ਪਰ ਉਸ ਦੇ ਲਿਖਣ ਢੰਗ ਨੂੰ ਸਮਝਣ ਲਈ ਸਾਧਾਰਨ ਪਾਠਕ ਨੂੰ ਬਹੁਤ ਮੁਸ਼ੱਕਤ ਕਰਨੀ ਪੈਂਦੀ। ਵਾਦ-ਵਿਵਾਦੀ ਵਾਰਤਕ ਰਚਨਾਵਾਂ ਦੀ ਪੰਜਾਬੀ ਵਿਚ ਘਾਟ ਰੜਕਦੀ ਹੈ ਪਰ ਪ੍ਰੀਤਮ ਸਿੰਘ ਆਈ.ਏ.ਐੱਸ. ਦੀ ‘ਵਾਦ ਸੰਵਾਦ’ ਪੁਸਤਕ ਦੀ ਪ੍ਰਕਾਸ਼ਨਾ ਨਾਲ ਵੱਡਾ ਵਾਦ ਵਿਵਾਦ ਸਿਰਜਦੀ ਰਚਨਾ ਵੀ ਸਾਨੂੰ ਪ੍ਰਾਪਤ ਹੋਈ ਹੈ। ਅਮਰਜੀਤ ਚੰਦਨ ਨੇ ਕਿਸੇ ਸਮੇਂ ਚੰਗਿਆੜੇ ਛੱਡਦੀਆਂ ਕਵਿਤਾਵਾਂ ਲਿਖੀਆਂ। ਗਲਪ ਸਿਰਜਨਾ ਦੀਆਂ ਨਵੀਆਂ ਵਿਧੀਆਂ ਤੇ ਤਕਨੀਕਾਂ ਉਤੇ ਹੱਥ ਅਜ਼ਮਾਉਂਦੇ ਅਵਤਾਰ ਸਿੰਘ ਬਿਲਿੰਗ ਨੇ ਪਲੇਠੇ ਨਾਵਲ ‘ਨਰੰਜਣ ਮਸ਼ਾਲਚੀ’ ਰਾਹੀਂ ਪਾਠਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਅਵਤਾਰ ਸਿੰਘ ਧਾਲੀਵਾਲ ਅਤੇ ਸਰਬਜੀਤ ਸਿੰਘ ਬੇਦੀ ਅਧੀਨ ਵਿਦਵਾਨਾਂ ਦੀ ਟੀਮ ਨੇ ਪ੍ਰਾਇਮਰੀ ਸਕੂਲ ਜਾਂਦੇ ਬਾਲਾਂ ਵਾਸਤੇ ਓਰੀਐਂਟ ਲੌਂਗਮੈਨ ਵੱਲੋਂ ਅਜਿਹਾ ਪੰਜਾਬੀ ਕਾਇਦਾ (ਮੌਲਸਰੀ ਪੰਜਾਬੀ ਪਾਠ ਬੋਧ) ਅਤੇ ਕਿਤਾਬਾਂ ਲਿਆਂਦੀਆਂ ਹਨ ਜਿਹੜੀਆਂ ਇਸ ਖੇਤਰ ਵਿਚ ਪ੍ਰਚਲਤ ਹੋਰ ਸਾਰੇ ਬਾਲ ਬੋਧਾਂ ਤੇ ਕਿਤਾਬਾਂ ਤੋਂ ਕਈ ਪੱਖਾਂ ਤੋਂ ਭਿੰਨ ਹਨ। ਪਰਵਾਸੀ ਸਾਹਿਤ ਕਈ ਪੱਖਾਂ ਤੋਂ ਬੜਾ ਅਮੀਰ ਹੈ। ਬਰੈਂਪਟਨ ਵੱਸਦਾ ਜਰਨੈਲ ਸਿੰਘ ਉੱਘੇ ਪਰਵਾਸੀ ਕਹਾਣੀਕਾਰਾਂ ਵਿਚੋਂ ਇਕ ਹੈ। ‘ਪੰਜਾਬ ਆਜ਼ਾਦੀ ਲਹਿਰ ਦਾ ਮੋਢੀ ਕਿਉਂ ਬਣਿਆ’- ਇੰਗਲੈਂਡ ਵੱਸਦਾ ਜੋਗਿੰਦਰ ਸ਼ਮਸ਼ੇਰ ਅਜਿਹਾ ਇਤਿਹਾਸ ਫਰੋਲਦਾ ਹੈ। ਮੇਜਰ ਮਾਂਗਟ ਬਹੁਤ ਜਜ਼ਬਾਤੀ ਤੇ ਬੜੀ ਤਿੱਖੀ ਨੀਝ ਵਾਲਾ ਕਹਾਣੀਕਾਰ ਹੈ। ਰਘਬੀਰ ਸਿੰਘ ਸਿਰਜਣਾ ਨੇ ‘ਗਦਰ ਪਾਰਟੀ ਲਹਿਰ- ਸੰਖੇਪ ਇਤਿਹਾਸ’ ਵਿਚ ਇਸ ਬਹਾਦਰੀ ਵਾਲੇ ਕਾਰਨਾਮੇ ਦਾ ਬੜਾ ਦਲੀਲ ਭਰਪੂਰ ਤੇ ਰੌਚਿਕ ਬਿਰਤਾਂਤ ਸਿਰਜਿਆ ਹੈ। ਸੁਰਜਨ ਜ਼ੀਰਵੀ ਪੰਜਾਬੀ ਦੇ ਸਿਰਕੱਢ ਪੱਤਰਕਾਰਾਂ ਵਿਚੋਂ ਇਕ ਹੈ। ਡਾ. ਨਾਹਰ ਸਿੰਘ ਪੰਜਾਬ ਵਿਚ ਚੋਟੀ ਦਾ ਲੋਕਧਾਰਾ ਲੇਖਕ ਬਣ ਚੁੱਕਾ ਹੈ। ਸਮਾਜਿਕ ਅਤੇ ਮਨੋਵਿਗਿਆਨਕ ਵਿਸ਼ਿਆਂ ਸੰਬੰਧੀ ਸ੍ਰੇਸ਼ਟ ਕਹਾਣੀਆਂ ਬੁਣਨ ਵਿਚ ਵਰਿਆਮ ਸੰਧੂ ਵੱਡੀ ਪ੍ਰਤਿਭਾ ਦਾ ਮਾਲਕ ਹੈ। ਬਲਬੀਰ ਮਾਧੋਪੁਰੀ ਪੰਜਾਬ ਵਿਚਲੇ ਦਲਿਤਾਂ ਦੀ ਦੁਰਦਸ਼ਾ ਦਾ ਸੰਖੇਪ ਇਤਿਹਾਸ ਸਿਰਜਦਾ ਹੈ। ਮੋਗੇ ਵਾਲਾ ਬਲਦੇਵ ਸਿੰਘ ਹੁਣ ਨਾਵਲ ਵਿਚ ਲੋਕ ਲੁਭਾਊ ਵਿਸ਼ਿਆਂ ਨੂੰ ਪੇਸ਼ ਕਰਨ ਵਾਲਾ ਉੱਘਾ ਲੇਖਕ ਬਣ ਚੁੱਕਾ ਹੈ। ਗੁਰਬਚਨ ਦੀਆਂ ਕਿਤਾਬਾਂ -‘ਸਾਹਿਤਨਾਮਾ’ ਅਤੇ ‘ਸਰਚਨਾਵਾਦ ਦੇ ਆਰ ਪਾਰ’- ਪੰਜਾਬੀ ਸਾਹਿਤ ਦੀ ਦੁਨੀਆ ਵਿਚ ਇਕ ਵੱਡੀ ਘਟਨਾ ਹਨ। ... ਉਹ ਆਪਣੀ ਕਲਮ ਨੂੰ ਜ਼ਹਿਰ ਵਿਚ ਡੋਬ ਕੇ ਇਸ ਨੂੰ ਤਲਵਾਰ ਬਣਾਉਂਦਾ ਉਨ੍ਹਾਂ ਲੋਕਾਂ ਉਪਰ ਭਰਵੇਂ ਵਾਰ ਕਰਦਾ ਹੈ ਜਿਹੜੇ ਉਸ ਨੂੰ ਭਾਉਂਦੇ ਨਹੀਂ। ਦਰਸ਼ਨ ਬੁੱਟਰ ਜੀਵਨ ਦੀਆਂ ਨਾਜ਼ੁਕ ਘਟਨਾਵਾਂ ਨੂੰ ਸੰਖੇਪ ਮੁਹਾਵਰਿਆਂ ਤੇ ਵਾਕੰਸ਼ਾਂ ਰਾਹੀਂ ਪੇਸ਼ ਕਰਨ ਵਾਲਾ ਭਾਵੁਕ ਕਵੀ ਹੈ। ਡਾ. ਚਮਨ ਲਾਲ ਦੀ ਪੁਸਤਕ ‘ਪ੍ਰਸੰਗਵੱਸ’ ਦੀ ਪ੍ਰਕਾਸ਼ਨਾ ਉਸ ਦੀਆਂ ਸਭ ਤੋਂ ਵੱਧ ਉੱਚ ਅਭਿਲਾਸ਼ੀ ਰਚਨਾਵਾਂ ਵਿਚੋਂ ਇਕ ਜਾਪਦੀ ਹੈ। ਸੁਖਵਿੰਦਰ ਅੰਮ੍ਰਿਤ ਨੇ ਸ਼ਬਦਾਂ ਦੀ ਵਰਤੋਂ ਵਿਚ ਬੜੀ ਤਿੱਖੀ ਤੇ ਵੱਖਰੀ ਕਾਵਿਕ ਸੰਵੇਦਨਾ ਵਿਖਾਈ ਹੈ। ਪਾਲ ਕੌਰ ਆਪਣੀ ਕਵਿਤਾ ਵਿਚ ਮਨੁੱਖੀ ਭਾਵਨਾਵਾਂ, ਇੱਛਾਵਾਂ ਅਤੇ ਅਕਾਂਖਿਆਂਵਾਂ ਦੀ ਭਾਵੁਕ ਤਸਵੀਰ ਚਿੱਤਰਦੀ ਹੈ। ਅਦਾਲਤ ਦੇ ਅਰਦਲੀ (ਨਿੰਦਰ ਘੁਗਿਆਣਵੀ) ਦਾ ਇਕ ਨਾਮਵਰ ਲੇਖਕ ਵਜੋਂ ਉਭਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜਸਬੀਰ ਭੁੱਲਰ ਇਕੋਇਕ ਪੰਜਾਬੀ ਲੇਖਕ ਹੈ ਜਿਸ ਨੇ ਉਜਾੜ ਵਿਚਲੇ ਫ਼ੌਜੀ ਟਿਕਾਣਿਆਂ ਦੇ ਜੀਵਨ, ਜੰਗ ਵਿਚ ਬਲ਼ਦੇ ਲੜਾਈ ਦੇ ਮੈਦਾਨਾਂ ਅਤੇ ਰੌਣਕਾਂ ਵਾਲੀਆਂ ਫ਼ੌਜੀ ਛਾਉਣੀਆਂ ਬਾਰੇ ਕਿੰਨੀਆਂ ਹੀ ਕਹਾਣੀਆਂ ਰਚੀਆਂ ਹਨ। ਪ੍ਰਗਟ ਸਤੌਜ ਦਾ ਢਾਹਾਂ ਸਾਹਿਤ ਐਵਾਰਡ ਜੇਤੂ ਨਾਵਲ- ‘ਖ਼ਬਰ ਇਕ ਪਿੰਡ ਦੀ’- ਪੰਜਾਬ ਦੇ ਪੇਂਡੂ ਜੀਵਨ ਵਿਚ ਆਈ ਗਿਰਾਵਟ ਤੇ ਲੱਚਰਤਾ ਬਾਰੇ ਹੈ। ਸਵਰਨਜੀਤ ਸਵੀ ਇਕ ਕਾਵਿਕ ਚਿੱਤਰਕਾਰ ਹੈ। ਓਮ ਪ੍ਰਕਾਸ਼ ਵਿਸ਼ਿਸ਼ਟ ਇਕ ਪ੍ਰਸਿੱਧ ਕੋਸ਼ਕਾਰ ਹੈ। ਨਰਿੰਦਰ ਸਿੰਘ ਕਪੂਰ ਬਹੁਤ ਜ਼ਿਆਦਾ ਲਿਖਣ ਵਾਲੇ ਵਾਰਤਕ ਲੇਖਕ ਵਜੋਂ ਉਭਰਿਆ ਹੈ। ਪੰਜਾਬੀ ਨਾਵਲਾਂ ਵਿਚ ਸਵਰਨ ਚੰਦਨ ਦੇ ‘ਕੰਜਕਾਂ’ ਦਾ ਵਿਸ਼ੇਸ਼ ਸ਼ਥਾਨ ਹੈ। ਮਿੱਤਰ ਸੈਨ ਮੀਤ ਦਾ ਨਾਵਲ ‘ਕੌਰਵ ਸਭਾ’ ਨਿਆਂ ਪਾਲਕਾ, ਪੁਲਸ, ਡਾਕਟਰੀ ਸੰਸਥਾਵਾਂ ਅਤੇ ਸਿਆਸਤਦਾਨਾਂ ਦੇ ਟਕਰਾਓ ਕਾਰਨ ਉਪਜੇ ਆਮ ਭਾਰਤੀ ਬੰਦੇ ਦੇ ਦੁੱਖਾਂ ਦੀ ਦਾਸਤਾਨ ਹੈ। ਮਨਮੋਹਨ ਆਪਣੇ ਸਕੂਲੀ ਦਿਨਾਂ ਤੋਂ ਹੀ ਕਵਿਤਾ ਰਚ ਰਿਹਾ ਹੈ। ਉਸ ਨੇ ਸਾਹਿਤਕ ਆਲੋਚਨਾ ਤੇ ਦਰਸ਼ਨ ਰਚਨਾ ਉੱਤੇ ਵੀ ਹੱਥ ਅਜ਼ਮਾਇਆ ਹੈ। ਕਰਨੈਲ ਸਿੰਘ ਸੋਮਲ ਉਨ੍ਹਾਂ ਗਿਣਤੀ ਦੇ ਨਿਬੰਧਕਾਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਵਾਰਤਕ ਰਚਨਾ ਨੂੰ ਗੰਭੀਰਤਾ ਨਾਲ ਅਪਣਾਇਆ ਹੈ। ਜੰਗ ਬਹਾਦੁਰ ਗੋਇਲ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੰਜਾਬੀ ਲੇਖਕਾਂ ਵਿਚੋਂ ਇਕ ਹੈ। ਜਸਵੰਤ ਦੀਦ ਨੇ ਭਾਰਤ ਅਤੇ ਪਰਵਾਸ ਵਿਚ ਹੁੰਦੇ ਨਸਲੀ ਵਿਤਕਰੇ ਨੂੰ ਬੜੀ ਦਿਲਚਸਪ ਤੇ ਮੁਹਾਵਰੇਦਾਰ ਭਾਸ਼ਾ ਵਿਚ ਬੁਣਿਆ ਹੈ। ਸੁਰਜੀਤ ਪਾਤਰ ਬੜਾ ਜਜ਼ਬਾਤੀ ਸ਼ਾਇਰ ਹੈ ਜੋ ਫੁੱਲ ਪੱਤੀਆਂ ਅਤੇ ਫੁੱਟਦੇ ਅੰਕੁਰਾਂ ਉਪਰ ਲਰਜ਼ਦੀ ਕਵਿਤਾ ਨੂੰ ਮਹਿਸੂਸ ਕਰ ਸਕਦਾ ਹੈ। ਮੋਹਨਜੀਤ ਨੇ ਪੰਜਾਬੀ ਕਵਿਤਾ ਨੂੰ ਇਕ ਨਵਾਂ ਮੁਹਾਵਰਾ ਬਖ਼ਸ਼ਿਆ ਹੈ।
ਇਸ ਪੁਸਤਕ ਦੇ ਅਖੀਰਲੇ ਲੇਖਾਂ- ‘ਪੰਜਾਬੀ ਲੇਖਕਾਂ ਦੀ ਸਵੈ-ਸਿਰਜੀ ਜੇਲ੍ਹ’ ਅਤੇ ‘ਪੰਜਾਬੀ ਲੇਖਣੀ ਦੇ ਬਾਸੀ ਪਾਣੀ’ ਵਿਚ ਡਾ. ਜਸਪਾਲ ਸਿੰਘ ਨੂੰ ਗਿਲਾ ਹੈ ਕਿ ਜ਼ਿਆਦਾਤਰ ਪੰਜਾਬੀ ਪ੍ਰਕਾਸ਼ਕ ਸਿਰਫ਼ ਮੁਨਾਫ਼ਾਖੋਰੀ ਨੂੰ ਪਰਨਾਏ ਹੋਏ ਹਨ, ਆਪਣੀਆਂ ਪ੍ਰਕਾਸ਼ਨਾਵਾਂ ਦਾ ਮਿਆਰ ਨਹੀਂ ਦੇਖਦੇ। ਪੰਜਾਬੀ ਲੇਖਕਾਂ ਵਿਚ ਬਾਹਰਲਾ ਸਾਹਿਤ ਪੜ੍ਹਨ ਅਤੇ ਖੋਜ ਬਿਰਤੀ ਦੀ ਘਾਟ ਹੈ। ਦੇਸੀ ਵਿਦੇਸ਼ੀ ਭਾਸ਼ਾ ਅਤੇ ਅਜੋਕੀ ਸਾਹਿਤਕ ਆਲੋਚਨਾ ਦੇ ਗਹਿਨ ਅਧਿਐਨ ਤੇ ਵਰ੍ਹਿਆਂਬੱਧੀ ਕੀਤੀ ਮਿਹਨਤ ਸਦਕਾ ਹੋਂਦ ਵਿਚ ਆਈ ਡਾਕਟਰ ਜਸਪਾਲ ਸਿੰਘ ਦੀ ਇਹ ਮੁੱਲਵਾਨ ਪੁਸਤਕ ਹਰੇਕ ਸੂਝਵਾਨ ਪਾਠਕ, ਲੇਖਕ ਤੇ ਆਲੋਚਕ ਨੂੰ ਪੜ੍ਹਨੀ ਲੋੜੀਂਦੀ ਹੈ।
ਸੰਪਰਕ : +91-82849-09596 (ਵੱਟਸਐਪ)
ਕੀ ਕਿਰਸਾਣੀ ਸੱਚਮੁੱਚ ਫੇਲ੍ਹ ਹੋ ਗਈ? - ਅਵਤਾਰ ਸਿੰਘ ਬਿਲਿੰਗ
ਪਿੰਡ ਵਿਚ ਮੇਰੀ ਸੋਝੀ ਸੰਭਾਲਣ ਵਕਤ, ਅਰਥਾਤ ਸੱਠਵਿਆਂ ਤੇ ਸੱਤਰਵਿਆਂ ਵਿਚ ਸਾਂਝੇ ਪਰਿਵਾਰ ਉੱਤੇ ਆਧਾਰਿਤ ਕਿੰਨੇ ਲਾਣੇ ਆਪਣੀ ਸਖਤ ਮਿਹਨਤ, ਪਰਿਵਾਰਕ ਇਕੱਠ ਅਤੇ ਬਿਹਤਰ ਮਾਇਕ ਹਾਲਤ ਵਜੋਂ ਡਾਂਡੇ ਖਾਂਡੇ ਵਾਲੇ ਲਾਣਿਆਂ ਵਜੋਂ ਮਸ਼ਹੂਰ ਸਨ। ਹਰੇ ਇਨਕਲਾਬ ਤੋਂ ਪਹਿਲਾਂ ਵੀ ਕਿਰਸਾਣੀ ਵੱਡੇ ਲਾਣਿਆਂ ਅਧੀਨ ਬਹੁਤ ਸਫਲ ਅਤੇ ਮਾਇਕ ਪੱਖ ਤੋਂ ਨਿੱਗਰ ਸੀ। ਖੇਤੀ ਜੈਵਿਕ ਸੀ, ਬਿਲਕੁੱਲ ਕੁਦਰਤੀ। ਖਰਚਾ ਨਾਮਾਤਰ। ਚੜਸ ਜਾਂ ਖੂਹ ਵਾਸਤੇ ਇਕ ਵਾਰ ਬਲਦਾਂ, ਗੱਡਿਆਂ, ਘੁਲਾੜੀ ਆਦਿ ਦਾ ਬਣਿਆ ਸਾਮਾ ਲੰਮਾ ਅਰਸਾ ਚਲਦਾ। ਕਈ ਸਦੀਆਂ ਤੋਂ ਇਹ ਬਹੁਤੇ ਹੱਥਾਂ ਦੀ ਖੇਡ ਸੀ। ਸਾਂਝੇ ਪਰਿਵਾਰ ਦਾ ਇਕ ਮੁਖੀਆ ਹੁੰਦਾ, ਤੇ ਸਾਰੇ ਉਸ ਦਾ ਹੁਕਮ ਮੰਨਦੇ। ਕਈ ਵਾਰੀ ਉਹੀ ਇਕ ਵਿਆਹਿਆ ਹੁੰਦਾ। ਕਿਸੇ ਲਾਣੇ ਵਿਚ ਇਕੋ-ਇੱਕ ਛੜੇ ਦੀ ਸਰਦਾਰੀ ਹੁੰਦੀ। ਕਿਸੇ ਮੁਖੀ ਵਿਹੂਣੇ ਲਾਣੇ ਦੀ ਕੋਈ ਮਾਈ ਵੀ ਸਫਲ ਸਰਦਾਰ ਹੁੰਦੀ ਜਿਹੜੀ ਆਪਣੇ ਘਰ ਵਾਲੇ ਦੇ ਅਚਾਨਕ ਤੁਰ ਜਾਣ ਮਗਰੋਂ ਪੁੱਤਰਾਂ ਤੇ ਨੂੰਹਾਂ ਨੂੰ ਕਾਬੂ ਹੇਠ ਰੱਖਦੀ। ਪਿੰਡ ਤੇ ਪਰਿਵਾਰ ਆਤਮ ਨਿਰਭਰ ਸਨ। ਸਾਰਾ ਕੁਝ ਆਟਾ ਦਾਣਾ, ਮਿੱਠਾ, ਥੰਧਾ, ਕਪੜਾ ਘਰ ਵਿਚ ਹੀ ਪੈਦਾ ਹੁੰਦਾ। ਕਪੜਾ ਘਰ ਹੀ ਬਣਿਆ ਤੇ ਸੀਤਾ ਸਿਲਾਇਆ ਜਾਂਦਾ। ਮਕਾਨ ਕੱਚੇ ਪੱਕੇ ਨਹੀਂ ਸੀ ਦੇਖੇ ਜਾਂਦੇ, ਲਾਣੇ ਦੇ ਦਰਾਂ ਤੱਕ ਬੋਰੀਆਂ ਦੀਆਂ ਧਾਕਾਂ ਲੱਗੀਆਂ ਦੇਖੀਆਂ ਜਾਂਦੀਆਂ। ਕੜ੍ਹਾਹੇ ਗੁੜ ਸੱਕਰ ਨਾਲ ਭਰੇ ਦੇਖਦੇ।
ਏਕਤਾ, ਮਿਹਨਤ ਤੇ ਕੰਜੂਸੀ- ਇਹ ਤਿੰਨ ਮੁੱਖ ਲੱਛਣ ਕਿਸੇ ਸੁਲੱਖਣੇ ਲਾਣੇ ਦੀ ਸਫਲਤਾ ਦੇ ਮੰਨੇ ਜਾਂਦੇ। “ਬੱਲਾ ਬੱਲਾ! ਜੱਟ ਦੇ ਦਰਾਂ ਤੱਕ ਬੋਰੀਆਂ ਦੀਆਂ ਧਾਕਾਂ ਲੱਗੀਆਂ ਹੋਈਆਂ।” ਇਹ ਆਮ ਮੁਹਾਵਰਾ ਜਾਂ ਕਹਾਵਤ ਸੀ। ਫੇਰ ਮੱਚੜਾਂ ਦਾ ਲਾਣਾ, ਘੋਰੀਆਂ ਦਾ ਲਾਣਾ, ਕੰਜੂਸਾਂ ਦਾ ਲਾਣਾ, ਭੂਤਾਂ ਦਾ ਲਾਣਾ, ਚੰਗਿਆੜਿਆਂ ਦਾ ਲਾਣਾ ਆਦਿ ਵਿਸ਼ੇਸ਼ਣ ਕਿਸੇ ਟੱਬਰ ਦੀ ਸਰਫ਼ਾ ਕਰਨ, ਸਖਤ ਮਿਹਨਤ ਕਰਨ, ਮਾੜੀ ਮੋਟੀ ਝਿੜਕ ਝੰਬ ਕਰਨ ਨੂੰ ਦਰਸਾਉਂਦੇ ਸਨ। ਉਦੋਂ ਅੱਜ ਦੇ ਜ਼ਮਾਨੇ ਵਾਂਗ ਕਾਰਾਂ, ਕੋਠੀਆਂ ਨਹੀਂ ਸੀ ਪਰਖੀਆਂ ਜਾਂਦੀਆਂ। ਡਾਂਡੇ ਖਾਂਡੇ ਵਾਲਾ, ਅਰਥਾਤ ਏਕੇ ਕਾਰਨ ਮਜ਼ਬੂਤ ਲਾਣਾ ਪਰਖਿਆ ਜਾਂਦਾ। ਖਰਚਾ ਕਰਦੇ ਹੀ ਨਹੀਂ ਸਨ। ਹਰ ਪੱਖ ਤੋਂ ਮੁੱਠੀ ਘੁੱਟ ਕੇ ਰੱਖਣ ਵਿਚ ਵਿਸ਼ਵਾਸ ਕਰਦੇ। ਘਰ ਦੇ ਭੇਤ ਦੀ ਮੁੱਠੀ ਘੁੱਟ ਕੇ, ਖਰਚ ਪੱਖੋਂ ਮੁੱਠੀ ਘੁੱਟ ਕੇ ਰੱਖਣ ਵਿਚ ਹੀ ਸਫਲਤਾ ਸੀ। ਘੁੱਟੀ ਹੋਈ ਮੁੱਠੀ ਪਰਿਵਾਰਕ ਏਕਤਾ ਦਾ ਸਬੂਤ ਹੁੰਦੀ। ਗੈਰਕਾਸ਼ਤਕਾਰ ਲੋਕ ਵੀ ਇਹੀ ਫਾਰਮੂਲਾ ਅਪਣਾਉਂਦੇ ਸਫਲ ਗਿਣੇ ਜਾਂਦੇ। ਸਭ ਤੋਂ ਵੱਡੀ ਗੱਲ, ਬਾਜ਼ਾਰ ਜਾਂ ਮੰਡੀ ਦਾ ਸਫਲ ਕਿਰਸਾਣੀ ਵਿਚ ਦਖ਼ਲ ਨਹੀਂ ਸੀ। ਹੱਟੀ ਭੱਠੀ ਜਾਣ-ਬੈਠਣ ਜਾਂ ਚਾਬਤ ਚਾਟ ਖਾਣ ਨੂੰ ਬੁਰਾ ਸਮਝਿਆ ਜਾਂਦਾ। ਇਹ ਕਿਰਸਾਣੀ ਹਰੇ ਇਨਕਲਾਬ ਤੋਂ ਪਹਿਲਾਂ ਵੀ ਸਫਲ ਸੀ। ਸੱਠਵਿਆਂ ਸੱਤਰਵਿਆਂ ਵਿਚ ਆਏ ਹਰੇ ਇਨਕਲਾਬ ਵੇਲੇ ਹੋਰ ਖੁਸ਼ਹਾਲ ਹੋਈ। ਅੱਸੀਵਿਆਂ ਤੱਕ ਕਾਮਯਾਬ ਰਹੀ।
ਦਲਿੱਦਰੀ, ਅਮਲੀ, ਵੈਲੀ, ਨਸ਼ਈ ਤੇ ਆਲਸੀ ਅਤੇ ਪਰਿਵਾਰਕ ਪੱਖੋਂ ਫੁੱਟ ਦੇ ਸ਼ਿਕਾਰ ਕਾਸ਼ਤਕਾਰ ਤੇ ਗੈਰਕਾਸ਼ਤਕਾਰ ਪਹਿਲਾਂ ਵੀ ਅਸਫਲ ਸਨ। ਕਿਰਸਾਣੀ ਦੇ ਪਤਨ ਦੇ ਕਾਰਨ ਅਸਲ ਵਿਚ ਇਸ ਦੀ ਸਫਲਤਾ ਦੇ ਅੰਦਰ ਹੀ ਛੁਪੇ ਹੋਏ ਹਨ। ਹਰੇ ਇਨਕਲਾਬ ਨੇ ਇਕੱਲੀ ਕਿਰਸਾਣੀ ਨੂੰ ਨਹੀਂ, ਬਿਨਾਂ ਸ਼ੱਕ ਸਮੁੱਚੇ ਪੇਂਡੂ ਸਮਾਜ ਨੂੰ ਖੁਸ਼ਹਾਲ ਬਣਾਇਆ। ਇਸ ਨਾਲ ਪਿੰਡ ਦੀ ਨਵਉਸਾਰੀ ਹੋਣ ਲੱਗੀ। ਸਾਰਾ ਪਿੰਡ ਸਰਗਰਮ ਹੋਇਆ ਕੰਮ ਲੱਗ ਗਿਆ। ਜਦੋਂ ਤੱਕ ਪੂਰੀ ਮਸ਼ੀਨਰੀ ਨਹੀਂ ਸੀ ਆਈ, ਦਸ ਸਾਲ ਤੱਕ ਖੂਹਾਂ ਖੇਤਾਂ, ਕਾਰਖਾਨਿਆਂ, ਕਿਸਾਨਾਂ, ਮਜ਼ਦੂਰਾਂ ਦਸਤਕਾਰਾਂ ਕੋਲ ਵਿਹਲ ਨਹੀਂ ਸੀ। ਹਰ ਖੇਤਰ ਨੂੰ ਹੁਲਾਰਾ ਮਿਲਿਆ ਪਰ ਦੁਖਾਂਤ ਇਹ ਕਿ ਇਹ ਲਿਸ਼ਕਾਰਾ ਥੋੜ੍ਹਚਿਰਾ ਸਾਬਤ ਹੋਇਆ। ਸਾਡੀ ਰਾਜਨੀਤੀ ਇਸ ਨੂੰ ਸੰਭਾਲ ਨਾ ਸਕੀ। ਖੇਤੀ ਦੀ ਅੰਨ੍ਹੀ ਉਪਜ ਆਧਾਰਿਤ ਸਹਿਕਾਰੀ ਜਾਂ ਛੋਟੀਆਂ ਫੈਕਟਰੀਆਂ ਪਿੰਡਾਂ ਵਿਚ ਲੱਗਣੀਆਂ ਚਾਹੀਦੀਆਂ ਸਨ ਜੋ ਨਹੀਂ ਲੱਗੀਆਂ। ਕਿਰਸਾਣੀ ਸਿਰਫ਼ ਖੇਤੀ ਉੱਤੇ ਕੇਂਦਰਿਤ ਹੋ ਗਈ। ਵਧੇ ਹੋਏ ਪਦਾਰਥ ਜਾਂ ਮਾਇਆ ਨੇ ਏਕਤਾ ਨੂੰ ਕਈ ਪੱਖਾਂ ਤੋਂ ਸੱਟ ਮਾਰੀ। ਸਾਡੇ ਲੋਕਾਂ ਨੂੰ ਫਜ਼ੂਲ ਖਰਚੀ ਦੀ ਆਦਤ ਪੈ ਗਈ ਮੰਡੀ ਦਾ ਦਖ਼ਲ ਵਧਣ ਲੱਗਿਆ। ਹਰ ਪੱਖ ਤੋਂ ਜੀਵਨ ਪੱਧਰ ਉੱਚਾ ਚੁੱਕਣ ਲਈ ਮੰਡੀ ਉੱਤੇ ਕਿਰਸਾਣੀ ਨਿਰਭਰ ਹੋਈ, ਫੇਰ ਇਸ ਦੀ ਗੁਲਾਮ ਹੋ ਗਈ। ਇਕ ਵਾਰੀ ਹਰ ਪੱਖ ਤੋਂ ਵੱਧ ਖਰਚਾ ਕਰਨ ਦੀ ਪਈ ਹੋਈ ਵਾਦੀ ਪੱਕਦੀ ਗਈ। ਵਿਆਹਾਂ ਵਿਚ ਮੰਡੀ ਦੇ ਦਖ਼ਲ ਨੇ ਦਾਜ ਦੀ ਲਾਹਨਤ ਨੂੰ ਵਧਾਇਆ, ਦਿਖਾਵੇ ਨੂੰ ਵਧਾਇਆ, ਮੈਰਿਜ ਪੈਲੇਸ ਕਲਚਰ ਨੇ ਆਮ ਕਿਰਸਾਣੀ ਦਾ ਜੀਉਣਾ ਹਰਾਮ ਕਰ ਦਿੱਤਾ। ਸੱਠਵਿਆਂ ਦੇ ਅਖੀਰ ਵਿਚ ਬਰਾਤ ਨੂੰ ਭਾਂਤ ਸੁਭਾਂਤੀਆਂ ਮਠਿਆਈਆਂ ਤੇ ਪਕਵਾਨ ਪਰੋਸਣ ਦਾ ਰਿਵਾਜ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਦੇ ਪੇਂਡੂ ਵਿਆਹ ਬੜੇ ਸਾਦੇ, ਘਰੇਲੂ ਮਠਿਆਈ ਤੱਕ ਸੀਮਤ ਹੁੰਦੇ।
ਕਿਰਸਾਣੀ ਵਿਚ ਫਜ਼ੂਲ ਖਰਚੀ, ਨਸ਼ਿਆਂ ਦੇ ਨਾਲੋ-ਨਾਲ ਮਾੜਾ ਇੰਤਜ਼ਾਮ ਵੀ ਇਸ ਨੂੰ ਗਿਰਾਵਟ ਵੱਲ ਧੱਕ ਕੇ ਲੈ ਗਿਆ। ਮੁੱਠੀ ਘੁੱਟ ਕੇ ਰੱਖਣ ਵਾਲੇ ਪੁਰਾਣੇ ਪਰਿਵਾਰਕ ਮੁਖੀਏ ਖਤਮ ਜਾਂ ਲਾਚਾਰ ਹੋ ਗਏ। ਜ਼ਮੀਨ ਦੀ ਟੁਕੜੇ ਵੰਡ, ਕਿਸੇ ਜੀਅ ਦਾ ਨੌਕਰੀ ਪੇਸ਼ਾ ਨਾ ਹੋਣਾ, ਖੇਤੀ ਨੂੰ ਬਾਹਰੋਂ ਇਮਦਾਦ ਨਾ ਮਿਲਣੀ, ਫਸਲਾਂ ਉੱਤੇ ਆਉਣ ਵਾਲੀ ਲਾਗਤ ਦਾ ਆਮਦਨ ਦੇ ਮੁਕਾਬਲੇ ਵਧਦੀ ਜਾਣਾ, ਨਵੇਂ ਫਾਰਮੀ ਬੀਜਾਂ ਨੂੰ ਰਵਾਇਤੀ ਬੀਜਾਂ ਦੇ ਮੁਕਾਬਲੇ ਵੱਧ ਬਿਮਾਰੀਆਂ ਦਾ ਲੱਗਣਾ, ਰਵਾਇਤੀ ਖੇਤੀ ਦੇ ਮੁਕਾਬਲੇ ਮਸ਼ੀਨਰੀ ਵਾਲੀ ਮੌਜੂਦਾ ਖੇਤੀ ਨੇ ਕਿਸਾਨੀ ਨੂੰ ਕੰਗਾਲ ਕਰ ਦਿੱਤਾ। ਜੱਟ ਹਉਮੈ ਨੇ ਛੋਟੇ ਕਿਸਾਨਾਂ ਨੂੰ ਵੀ ਆਪਣਾ ਟਰੈਕਟਰ, ਆਪਣੀ ਮਸ਼ੀਨਰੀ ਲੈਣ ਲਈ ਮਜਬੂਰ ਕੀਤਾ। ਇਕ ਸਮਾਂ ਅਜਿਹਾ ਆਇਆ, ਕਿਸਾਨ ਖੂਹ ਖੇਤ ਨਾਲੋਂ ਟੁੱਟਦਾ ਗਿਆ। ਸਦਾ ਖੇਤ ਵਿਚ ਹਾਜ਼ਰੀ ਭਰਨ ਵਾਲਾ ਕਿਰਤੀ ਕਾਮਾ ਹੁਣ ਚਿੱਟਕਪੜੀਆ ਬਣ ਮੋਟਰਸਾਈਕਲ ਜਾਂ ਸਕੂਟਰ ਉੱਤੇ ਅੱਡੀ ਮਾਰ ਕੇ ਸਿਰਫ਼ ਮੋਟਰ ਜਾਂ ਬੰਬੀ ਦਾ ਬਟਨ ਦਬਾ ਕੇ ਮੁੜ ਘਰ ਆਉਣ ਲੱਗਿਆ ਜਾਂ ਖੇਤੀ ਖਸਮਾਂ ਸੇਤੀ ਭਈਆਂ ਨੂੰ ਸੰਭਾਲ ਦਿੱਤੀ। ਮੁਕਤਸਰੀ ਕੁੜਤੇ ਪਜਾਮੇ ਪਾ ਕੇ ਸਿਆਸੀ ਲੀਡਰਾਂ ਦੀ ਜੀ ਹਜ਼ੂਰੀ ਕਰਨੀ ਰੁਤਬੇ ਦੀ ਪਛਾਣ (ਸਟੇਟਸ ਸਿੰਬਲ) ਸਮਝਿਆ ਜਾਣ ਲੱਗਿਆ। ਬੈਂਕਾਂ ਵਲੋਂ ਮਿਲਦਾ ਖੁੱਲ੍ਹਾ ਕਰਜ਼ਾ ਚੁੱਕਣਾ ਪਿਆ ਅਤੇ ਜ਼ਮੀਨਾਂ ਵਿਕਣ ਲੱਗੀਆਂ। ਫਜ਼ੂਲ ਖਰਚੀ, ਨਿਰਾਸ਼ਾ ਮਾਨਸਿਕ ਪਰੇਸ਼ਾਨੀ ਅੱਗੇ ਖੁਦਕੁਸ਼ੀਆਂ ਦਾ ਕਾਰਨ ਬਣੀ। ਸਰਕਾਰਾਂ ਦੀ ਬੇਰੁਖੀ ਤੇ ਵਧਦੇ ਖਰਚਿਆਂ ਦੇ ਬਾਵਜੂਦ ਅੱਜ ਵੀ ਨਵੀਨਤਾ ਨੂੰ ਪਰਨਾਏ, ਮੁੱਠੀ ਘੁੱਟ ਕੇ ਰੱਖਣ ਵਾਲੇ, ਆਪ ਖੇਤ ਵਿਚ ਹਾਜ਼ਰੀ ਭਰਨ ਵਾਲੇ, ਡੇਅਰੀ ਆਦਿ ਨੂੰ ਸਮਰਪਿਤ ਕੁਝ ਕਿਸਾਨ ਸਫਲ ਦੇਖੇ ਜਾ ਸਕਦੇ ਹਨ। ਮੇਰੇ ਕੋਲ ਕਈ ਮਿਸਾਲਾਂ ਹਨ। ਜੋ ਪਹਿਲਾਂ ਸਫਲ ਹੋਏ, ਉਹਨਾਂ ਦੇ ਜੀਵਨ ਢੰਗ ਵੀ ਦੇਖੇ ਪਰਖੇ ਸਹਾਈ ਹੋ ਸਕਦੇ। ਮਿਸਾਲ ਵਜੋਂ ਮੇਰੇ ਪਿੰਡ ਦੇ ਬਹੁਗਿਣਤੀ ਲੋਕ ਆਲੂ ਬੀਜਦੇ ਅਤੇ ਕੁਝ ਉਪਰ ਵਿਚਾਰੇ ਕਾਰਨਾਂ ਕਰ ਕੇ ਕਰਜ਼ਾਈ ਹੋ ਗਏ। ਤੀਜਾ ਹਿੱਸਾ ਪਿੰਡ ਵਿਕ ਗਿਆ। ਐਪਰ ਅਜੇ ਵੀ ‘ਕੋਈ ਹਰਿਆ ਬੂਟ ਰਹਿਓ ਰੀ’ ਦੇਖਿਆ ਜਾ ਸਕਦਾ ਹੈ।
ਦੋ ਨੌਜਵਾਨ ਕਿਸਾਨਾਂ ਨੂੰ ਜਾਣਦਾ ਹਾਂ ਜੋ ਹਰ ਵਕਤ ਖੂਹ ਖੇਤ ਹਾਜ਼ਰੀ ਭਰਦੇ। ਨੌਕਰ ਦੇ ਬਰਾਬਰ ਕੰਮ ਕਰਦੇ ਹਰ ਡਿਊਟੀ ਹੱਥੀਂ ਨਿਭਾਉਂਦੇ। ਸਾਡੇ ਆਮ ਲੋਕਾਂ ਨੇ ਵੱਛੀਆਂ ਕੱਟੀਆਂ ਪਾਲਣੀਆਂ ਛੱਡ ਦਿੱਤੀਆਂ। ਉਹ ਦੂਜੇ ਪਸ਼ੂਆਂ ਦੀ ਜੂਠ-ਕਾਠ ਨਾਲ ਹੀ ਹਰ ਸਾਲ ਇਕ ਦੋ ਵਹਿੜੀਆਂ ਝੋਟੀਆਂ ਪਾਲ ਕੇ ਵੇਚਣਯੋਗ ਬਣਾ ਲੈਂਦੇ। ਖੇਤੀ ਦੀ ਆਮਦਨ ਨਾਲ ਅੱਜ ਵੀ ਦੂਜੇ ਚੌਥੇ ਸਾਲ ਜ਼ਮੀਨ ਖਰੀਦ ਰਹੇ। ਆਲੂਆਂ ਦੀ ਫਸਲ ਨੇ ਜਿਥੇ ਬਹੁਗਿਣਤੀ ਨੂੰ ਫੇਲ੍ਹ ਹੋਣ ਵੱਲ ਧੱਕਿਆ, ਉਥੇ ਇਕ ਸਫਲ ਕਿਸਾਨ ਆਪਣੀ ਸਫਲਤਾ ਦਾ ਭੇਤ ਦੱਸਦਾ ਹੈ: “ਅਸੀਂ ਆਲੂਆਂ ਦੀ ਫਸਲ ਦਾ ਹੋਇਆ ਮੁਨਾਫ਼ਾ ਬਚਾ ਕੇ ਰੱਖਦੇ ਹਾਂ। ਸਾਨੂੰ ਪਤਾ ਹੁੰਦਾ। ਅਗਲੇ ਦੋ ਜਾਂ ਤਿੰਨ ਸਾਲ ਮੰਦਾ ਵੀ ਆ ਸਕਦਾ। ਅਸਲ ਵਿਚ ਨਵੀਂ ਜਾਗਰਤੀ, ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਲਾਲਸਾ, ਪੱਛਮ ਦੇ ਦਖ਼ਲ, ਮੰਡੀ ਦੇ ਗਲਬੇ ਨੇ ਸਾਡਾ ਸਾਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਹੈ। ‘ਪੱਤ ਝੜੇ ਪੁਰਾਣੇ ਵੇ/ਰੁੱਤ ਨਵਿਆਂ ਦੀ ਆਈ ਐ’, ਦਾ ਲੋਕ ਗੀਤ ਸਮਾਜ, ਸਭਿਆਚਾਰ ਵਿਚ ਵੀ ਸੱਚ ਸਾਬਤ ਹੋਇਆ ਹੈ। ਅੱਜ ਛੋਟੀ ਮੋਟੀ ਅਹੁਰ ਠਹੁਰ ਹੋਣ ਵੇਲੇ ਅਸੀਂ ਬਜ਼ੁਰਗਾਂ ਵਲੋਂ ਲਈ ਜਾਂਦੀ ਤ੍ਰਿਫਲੇ ਦੀ ਫੱਕੀ ਨਾਲ ਰਾਜ਼ੀ ਨਹੀਂ ਹੁੰਦੇ। ਗੰਭੀਰ ਬਿਮਾਰੀਆਂ ਦੀ ਗੱਲ ਛੱਡੋ। ਛੋਟੀਆਂ ਆਮ ਮਰਜ਼ਾਂ ਲਈ ਵੀ ਦਵਾਈਆਂ ਉੱਤੇ ਵਾਧੂ ਖਰਚਾ ਹੁੰਦਾ ਹੈ। ਹੁਣ ਸਾਡੇ ਜਵਾਕ ਸੱਕਰ ਘਿਓ, ਕੜ੍ਹਾਹ ਪਰਸ਼ਾਦ, ਪੰਜੀਰੀ ਜਾਂ ਮਿੱਠੇ ਚੌਲਾਂ ਨਾਲ ਨਹੀਂ ਵਿਰਦੇ ਵਰਚਦੇ। ਘਰਾਂ ਵਿਚ ਪਕੌੜੀਆਂ, ਲੇਅਜ਼, ਪੀਜ਼ੇ, ਬਰਗਰ ਆਮ ਹੋ ਗਏ ਹਨ। ਦਾਲਾਂ ਸਬਜ਼ੀਆਂ ਦੇ ਖਰਚੇ ਹੀ ਘੱਟ ਨਹੀਂ। ਫੋਨ ਪੈਕ, ਬੱਚਿਆਂ ਦੀਆਂ ਫੀਸਾਂ, ਪੈਟਰੋਲ ਅਤੇ ਬਿਲਾਂ ਦੇ ਖਰਚੇ ਗੈਰਜ਼ਰੂਰੀ ਹੁੰਦੇ ਹੋਏ ਵੀ ਜ਼ਰੂਰੀ ਰੋਜ਼ਮੱਰਾ ਦੇ ਖਰਚਿਆਂ ਵਿਚ ਸ਼ਾਮਲ ਹੋ ਗਏ ਹਨ।”
ਮੇਰੇ ਪਿੰਡ ਦੀ 370 ਏਕੜ ਵਾਹੀ ਯੋਗ ਜ਼ਮੀਨ ਵਿਕ ਚੁੱਕੀ ਹੈ। ਜਿਸ ਵਿਚੋਂ 300 ਏਕੜ ਬਾਹਰਲਿਆਂ ਨੇ ਬਾਕੀ ਪਿੰਡ ਵਿਚਲੇ ਸਮਰੱਥ ਕਿਸਾਨਾਂ ਨੇ ਖਰੀਦੀ ਹੈ। ਇਥੇ ਹੀ ਮਿਹਨਤੀ, ਜੁਗਤ ਨਾਲ ਆਪ ਖੇਤੀ ਕਰਦੇ, ਸਰਫ਼ੇ ਨਾਲ ਜੀਵਨ ਦੀ ਗੁਜ਼ਰ-ਬਸਰ ਕਰਨ ਵਾਲੇ, ਚਾਦਰ ਦੇਖ ਕੇ ਦੂਰਅੰਦੇਸ਼ੀ ਨਾਲ ਚਲਣ ਵਾਲੇ ਕਿਸਾਨ ਹਨ। ਦੂਜੇ ਪਾਸੇ ਬੇਕਾਬੂ ਖਰਚੇ, ਵਿਉਂਤਬੰਦੀ ਤੋਂ ਸੱਖਣੀ ਖੇਤੀ, ਟੱਬਰ ਦੇ ਮੁਖੀ ਦੀ ਲਾਪਰਵਾਹੀ ਅਤੇ ਅਯਾਸ਼ੀ ਵਿਚ ਗ਼ਲਤਾਨ ਰਹਿ ਕੇ ਖੇਤੀ ਨੂੰ ਬਿਗਾਨੇ ਹੱਥੀਂ ਕਰਵਾਉਣ ਵਾਲੀ ਕਿਸਾਨੀ ਹੈ। ਹਾਲਤਾਂ ਉਹੀ ਹਨ। ਪਹਿਲੀ ਕਿਸਮ ਦੇ ਲੋਕ ਜ਼ਮੀਨਾਂ ਖਰੀਦ ਰਹੇ, ਜਦੋਂਕਿ ਦੂਜੇ ਵੇਚ ਕੇ ਵਿਹਲੇ ਹੋ ਗਏ। ਜ਼ਮੀਨਾਂ ਦੀ ਮਾਲਕੀ ਵਾਲਿਆਂ ਦੀ ਗੱਲ ਛੱਡੋ। ਇਥੋਂ ਤੱਕ ਕਿ ਪਿੰਡ ਜਾਂ ਇਲਾਕੇ ਵਿਚੋਂ ਜ਼ਮੀਨ ਮਹਿੰਗੇ ਭਾਅ ਠੇਕੇ ਉੱਤੇ ਲੈ ਕੇ ਖੇਤੀ ਕਰਨ ਵਾਲੇ ਕਈ ਮਿਹਨਤੀ, ਉੱਦਮੀ ਗੈਰਕਾਸ਼ਤਕਾਰ ਪਰਿਵਾਰ ਬੇਜ਼ਮੀਨੇ ਕਾਸ਼ਤਕਾਰ ਬਣੇ ਥੋੜ੍ਹੀ ਜਾਂ ਬਹੁਤੀ ਆਪਣੀ ਵਿਰਾਸਤੀ ਜ਼ਮੀਨ ਦੇ ਆਲਸੀ ਮਾਲਕ ਕਿਸਾਨਾਂ ਵਾਸਤੇ ਜਿਊਂਦੀ ਜਾਗਦੀ ਉੱਤਮ ਮਿਸਾਲ ਪੇਸ਼ ਕਰਦੇ ਹਨ ਅਤੇ ਉਹਨਾਂ ਨੂੰ ਘਰ ਦੀ ਥੋੜ੍ਹੀ ਜਾਂ ਬਹੁਤੀ ਉਸ ਜ਼ਮੀਨ ਵਿਚ ਕੁਝ ਕਰ ਕੇ ਦਿਖਾਉਣ ਲਈ ਤਕੜੀ ਵੰਗਾਰ ਵੀ ਦਿੰਦੇ ਹਨ। ਇਹ ਸਾਰੇ ਕਿਰਤੀ ਭਾਈਚਾਰੇ ਵਿਚੋਂ ਜ਼ਮੀਨ ਜ਼ਬਤੀ ਉੱਤੇ ਲੈ ਕੇ ਆਪਣੀ ਮਿਹਨਤ ਸਦਕਾ ਕਾਮਯਾਬ ਕਿਸਾਨ ਸਾਬਤ ਹੋਏ ਹਨ। ਆਪਣੇ ਹੱਥੀਂ ਆਪਣੀ ਥੋੜ੍ਹੀ ਜ਼ਮੀਨ ਵਿਚ ਸਫਲ ਖੇਤੀ ਕਰ ਕੇ ਕਿਰਤ ਸਹਾਰੇ ਕਾਮਯਾਬ ਹੋਏ ਜ਼ਿਮੀਦਾਰ ਲਾਣੇ ਵੀ ਹਨ। ਕਿਰਤੀਆਂ ਦੀ ਸਫਲਤਾ ਦਾ ਰਾਜ਼ ਹੈ : ਸਮੁੱਚੇ ਪਰਿਵਾਰ ਵਲੋਂ ਖੇਤੀ ਵਿਚ ਆਪ ਜੂਝਣਾ। ਵਿਹਲੇ ਸਮੇਂ ਜੋ ਮਜ਼ਦੂਰੀ ਜਾਂ ਕੰਮ ਮਿਲੇ ਉਹ ਕਰਨੋਂ ਨਾ ਝਿਜਕਣਾ। ਕਿਸੇ ਵਿਉਂਤ ਅਨੁਸਾਰ ਸਰਫ਼ੇ ਵਾਲੀ ਜ਼ਿੰਦਗੀ ਜਿਊਣਾ। ਅਯਾਸ਼ੀ ਤੋਂ ਬਚੇ ਹੋਣਾ।
ਉਪਰੋਕਤ ਗੁਣਾਂ ਕਰ ਕੇ ਹੀ ਪੁਰਾਣੀ ਕਿਸਾਨੀ ਖੁਸ਼ਹਾਲ ਸੀ। ਸੱਠਵਿਆਂ ਸੱਤਰਵਿਆਂ ਵਿਚ ਆਪਣੀ ਸਫਲਤਾ, ਸਕੀਮ ਤੇ ਸਿਰੜ ਜੁਗਤ ਨਾਲ ਸਫਲ ਹੋਏ ਇਕ ਅਨਪੜ੍ਹ ਕਿਸਾਨ ਦੀ ਮਿਸਾਲ ਲੈਂਦੇ ਹਾਂ। ਨਾਉਂ ਦੱਸਣ ਵਿਚ ਵੀ ਸ਼ਾਇਦ ਕਿਸੇ ਨੂੰ ਇਤਰਾਜ਼ ਨਾ ਹੋਵੇ। ਉਹ ਸੀ ਮਰਹੂਮ ਸਿੰਘ ਸਭੀਆ ਮਲਕੀਤ ਸਿੰਘ ਬਿਲਿੰਗ ਜਿਸ ਨੇ ਪੰਜਾਹਵਿਆਂ ਵਿਚ ਘਰੋਂ ਮਿਲੀ ਚਾਰ ਏਕੜ ਜ਼ਮੀਨ ਨਾਲ ਆਪਣਾ ਕਿਸਾਨੀ ਸਫ਼ਰ ਆਰੰਭਿਆ। ਉਸ ਦੇ ਆਪ ਦੱਸਣ ਅਨੁਸਾਰ, ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਲਹਿੰਦੇ ਪੰਜਾਬ ਵਿਚ ਆਪਣੀ ਮਸ਼ੀਨ ਲਿਜਾ ਕੇ ਖੰਡ ਕੱਢਦਾ ਰਿਹਾ। ਬੇਹੱਦ ਮਿਹਨਤ, ਸਿਰੜ, ਸਕੀਮ ਤੇ ਦਿਆਨਤਦਾਰੀ ਨਾਲ ਜ਼ਿਕਰਯੋਗ ਕਾਮਯਾਬੀ ਹਾਸਲ ਕੀਤੀ। ਪਿੰਡ ਵਿਚ ਆਲੂਆਂ ਦੀ ਖੇਤੀ ਦਾ ਮੋਢੀ ਉਹ ਬਹੁਤ ਛੋਟੀ ਕਿਸਾਨੀ ਤੋਂ ਪਿੰਡ ਦਾ ਵੱਡਾ ਕਿਸਾਨ ਬਣਿਆ। ਉਸ ਸ਼ਖ਼ਸੀਅਤ ਦੇ ਕੁਝ ਫਾਰਮੂਲੇ ਜੋ ਮੈਂ ਉਹਨਾਂ ਕੋਲੋਂ ਸੁਣੇ ਸਨ ਇਥੇ ਸਾਂਝੇ ਕਰਦਾ ਹਾਂ :
“ਜਦੋਂ ਮੈਂ ਜ਼ਮੀਨ ਖਰੀਦਣੀ ਹੁੰਦੀ ਤਾਂ ਘਰ ਵਿਚਲਾ ਵੇਚਣਯੋਗ ਸਾਰਾ ਮਾਲ ਧਨ ਲਗਾ ਦਿੰਦਾ। ਚੰਗਾ ਪਸ਼ੂ, ਘਰ ਪਈ ਜਿਣਸ, ਗਹਿਣਾ-ਗੱਟਾ, ਸਭ ਫਰੋਖ਼ਤ ਕਰਨ ਤੇ ਸਹਿਕਾਰੀ ਕਰਜ਼ਾ ਲੈਣ ਦੀ ਘੌਲ਼ ਨਾ ਕਰਦਾ।”
“ਮਿਹਨਤ ਤੇ ਸਕੀਮ ਨਾਲ਼ ਮੈਂ ਜ਼ਮੀਨ ਨੂੰ ਪਹੀਏ ਲਾ ਕੇ ਦਿਖਾ ਦਿੱਤੇ ਜੀ। ਵਿਰਾਸਤੀ ਥੋੜੇ ਸਿਆੜਾਂ ਤੋਂ ਥੋਡੇ ਸਾਹਮਣੇ ਬੇਟ ਵਿਚ ਬਹੁਤੇ ਬਣਾਏ, ਵਾਹੇ ਅਰ ਫੇਰ ਉਥੋਂ ਵੇਚ ਕੇ ਭੁੱਟੇ ਅਤੇ ਉਥੋਂ ਪਿੰਡ ਲੈ ਆਇਆ। ਲੱਗ ਗਏ ਨਾ ਜ਼ਮੀਨ ਨੂੰ ਪਹੀਏ?”
ਸਰਦਾਰ ਮਲਕੀਤ ਸਿੰਘ ਸਦਾ ਖੇਤ ਵਿਚ ਹੀ ਮਿਲਦੇ।
“ਘਰ ਜਾਂ ਖੇਤ ਦੋ ਹੀ ਟਿਕਾਣੇ ਜੱਟ ਨੂੰ ਸੋਂਹਦੇ ਜੀ। ਕਿਰਤੀ ਕਾਮੇ ਵਾਸਤੇ ਸਿਆਸਤ ਨਿਰੀ ਕੰਮਖੋਈ ਐ। ਏਹ ਲੀਡਰਾਂ ਦਾ ਖੇਲ੍ਹ ਐ।”
ਉਹਨਾਂ ਪੇਂਡੂ ਸਿਆਸਤ ਵਿਚ ਕੁੱਦਣ ਤੋਂ ਵੀ ਪਰਹੇਜ਼ ਕੀਤਾ।
“ਜੱਟ ਦੀ ਘਰੇਲੂ ਵਰਤੋਂ ਵਾਲ਼ੀ ਹਰ ਸਬਜ਼ੀ ਜਾਂ ਦਾਲ, ਪਿਆਜ ਲਸਣ ਉਸ ਦੇ ਖੇਤ ‘ਚ ਹੋਵੇ ਤਾਂ ਘੱਟੋ-ਘੱਟ 10 ਹਜ਼ਾਰ ਰੁਪਏ ਦੀ ਬੱਚਤ ਏਥੀ ਹੋ ਜਾਂਦੀ”, ਉਹ ਗੱਜ ਵੱਜ ਕੇ ਆਖਦੇ, ਮੌਸਮੀ ਫਲ ਜਿਵੇਂ ਖਰਬੂਜ਼ੇ ਜਾਂ ਅਮਰੂਦ ਮੁਫ਼ਤ ਵੰਡਦੇ। ਆਪ ਖਰਬੂਜ਼ੇ ਦੇ ਬੀਜ ਵਿਕਰੀ ਲਈ ਸੰਭਾਲਦੇ ਆਦਰਸ਼ ਕਿਸਾਨ ਸਨ। ਆਮ ਫਸਲਾਂ ਦੇ ਨਾਲ ਪਿੰਡ ਨਾਲੋਂ ਵੱਖਰੀ ਫਸਲ ਬੀਜਦੇ। ਆਲੂ ਬੀਜਣ ਦੇ ਨਾਲ ਸਹਾਇਕ ਧੰਦਾ ਡੇਅਰੀ ਅਪਣਾਉਣ ਦਾ ਰਿਵਾਜ ਉਹਨਾਂ ਪਾਇਆ ਸੀ।
ਮੌਜੂਦਾ ਸਮੇਂ ਵਿਚ ਮੇਰੇ ਪਿੰਡ ਦਾ ਇਕ ਹੋਰ ਕਿਸਾਨ ਕਾਮਯਾਬ ਆਖਿਆ ਜਾ ਸਕਦਾ ਹੈ। ਬੇਸ਼ੱਕ ਘੱਟ ਪੜ੍ਹਿਆ ਲਿਖਿਆ ਆਪਣੀ ਮਿਹਨਤ ਨਾਲ ਸਫਲਤਾ ਪ੍ਰਾਪਤ ਕਰਨ ਵਾਲਾ ਕਿਸਾਨ ਹੈ। ਉਸ ਦਾ ਛੋਟਾ ਭਰਾ ਨੌਕਰੀ ਕਰਦਾ ਹੈ। ਉਸ ਦੀ ਮਾਸਿਕ ਆਮਦਨ ਵੀ ਘਰ ਵਿਚ ਆਉਂਦੀ ਹੈ। ਦੋਵੇਂ ਭਰਾ ਇਕੱਠੇ ਸਾਂਝੇ ਪਰਿਵਾਰ ਦੀ ਆਦਰਸ਼ਕ ਮਿਸਾਲ ਹਨ। ਵਿਰਾਸਤੀ ਜ਼ਮੀਨ ਵੀ ਬਹੁਤ ਜ਼ਿਆਦਾ ਨਹੀਂ ਸੀ। ਉਸ ਦੀ ਵੱਡੀ ਖ਼ੂਬੀ ਉਹ ਨਸ਼ਾ ਰਹਿਤ ਹੈ। ਇਕ ਨੌਕਰ ਰੱਖ ਕੇ ਉਸ ਦੇ ਬਰਾਬਰ ਖੇਤ ਵਿਚ ਆਪ ਕੰਮ ਕਰਦਾ ਹੈ। ਖੂਹ ਉੱਤੇ ਸਦਾ ਹਾਜ਼ਰ ਰਹਿੰਦਾ ਹੈ। ਸਿਆਸਤ ਵਿਚ ਸਰਗਰਮ ਹਿੱਸਾ ਨਹੀਂ ਲੈਂਦਾ। ਬੇਸ਼ੱਕ ਰਾਜਨੀਤੀ ਵਿਚ ਦਿਲਚਸਪੀ ਰੱਖਦਾ, ਇਸ ਪੱਖ ਤੋਂ ਪੂਰਾ ਸੁਚੇਤ ਹੈ।
ਸਾਡੇ ਬਹੁ ਗਿਣਤੀ ਕਿਸਾਨਾਂ ਦੇ ਖੂਹਾਂ ਖੇਤਾਂ ਵਿਚ ਉਜਾੜ ਦਿਸਦਾ ਹੈ। ਮੋਟਰ ਜਾਂ ਬੰਬੇ ਨੇੜੇ ਦੀ ਜ਼ਮੀਨ ਵਿਚ ਕੋਈ ਦਰਖਤ ਨਹੀਂ ਮਿਲੇਗਾ। ਸਿਰਫ਼ ਚੁਬੱਚੇ ਜੋਗੀ ਥਾਂ ਮੋਟਰ ਨੇੜੇ ਛੱਡੀ ਹੋਵੇਗੀ ਜਿਥੇ ਘਾਹ ਫੂਸ ਅੱਟਿਆ, ਇਕ ਅੱਧ ਸਿਓਂਕ ਨਾਲ ਭਰਿਆ ਅੱਧ ਸੁੱਕਾ ਬ੍ਰਿਛ ਖੜ੍ਹਾ ਹੋਵੇਗਾ। ਚੁਬੱਚਾ ਸੁੱਕਾ ਮਿਲੇਗਾ। ਐਪਰ ਉਸ ਦੇ ਖੂਹ ਉੱਤੇ ਛਹਿਬਰਾਂ ਲੱਗੀਆਂ ਹਨ। ਉਸ ਦੇ ਡੰਗਰ ਪਸੂ ਵੀ ਉਥੇ ਰੱਖੇ ਹੋਏ। ਡੰਗਰਾਂ ਲਈ ਵੱਡੀ ਮੱਛਰਦਾਨੀ ਲਾਈ ਹੋਈ। ਉਹ ਹਰ ਸਾਲ ਇਕ ਦੋ ਵੱਛੀਆਂ ਕੱਟੀਆਂ ਪਾਲ਼ ਕੇ ਵੇਚਦਾ ਹੈ। ਉਹਨਾਂ ਨੂੰ ਚੰਗੇ ਦੁੱਧ ਨਾਲ ਪਾਲ਼ਦਾ ਹੈ। ਉਸ ਦੇ ਖੂਹ ਉਪਰ ਹਰ ਤਰਾਂ ਦੀ ਮੌਸਮੀ ਸਬਜ਼ੀ ਮਿਲੇਗੀ। ਫਲਦਾਰ ਦਰਖਤ ਹਨ। ਉਹ ਹੋਰ ਜ਼ਮੀਨ ਵੀ ਠੇਕੇ ਉੱਤੇ ਲੈ ਕੇ ਵਾਹੁੰਦਾ ਹੈ। ਹਾਲਾਂਕਿ ਪਿੰਡ ਵਿਚ ਠੇਕੇ ਦਾ ਰੇਟ ਅੱਜ ਕੱਲ੍ਹ 60 ਹਜ਼ਾਰ ਰੁਪਏ ਏਕੜ ਹੈ। ਉਹ ਹਰ ਦੂਜੇ ਚੌਥੇ ਸਾਲ ਥੋੜ੍ਹੀ ਬਹੁਤ ਜ਼ਮੀਨ ਬੈਅ ਖਰੀਦਦਾ ਹੈ। ਸਾਂਝੀ ਕਬੀਲਦਾਰੀ ਬਹੁਤ ਵਧੀਆ ਚਲਦੀ ਹੈ।
ਪਿੰਡ ਦੀ ਇਕ ਮਿਸਾਲ ਹੋਰ ਲਉ। ਅੱਜ ਦੇ ਜ਼ਮਾਨੇ ਦਾ ਮਿਹਨਤ ਤੇ ਸਿਰੜ ਨਾਲ ਬਹੁਤ ਸਫਲ ਹੋਇਆ ਇਕ ਹੋਰ ਕਿਸਾਨ ਹੈ। ਖੇਤੀ ਨੂੰ ਸਮਰਪਿਤ ਇਹ ਪਰਿਵਾਰ ਕਿੰਨੇ ਸਾਲਾਂ ਤੋਂ ਹੋਰ ਰਵਾਇਤੀ ਫਸਲਾਂ ਨਾਲ ਆਲੂ ਲਾਉਂਦਾ ਆ ਰਿਹਾ ਹੈ। ਉਪਰੋਕਤ ਜ਼ਿਕਰ ਮੁਤਾਬਕ, ਮੇਰੇ ਪਿੰਡ ਵਿਚ ਇਸ ਫਸਲ ਵਿਚ ਆਉਂਦੇ ਮੰਦੇ ਨੇ ਕਈ ਜੱਟਾਂ ਨੂੰ ਫੇਲ੍ਹ ਕਰ ਦਿੱਤਾ ਪਰ ਇਸ ਕਿਸਾਨ ਦੀ ਸਫਲਤਾ ਦਾ ਫਾਰਮੂਲਾ ਉਸ ਵਲੋਂ ਦੱਸਿਆ ਗੌਲਣਯੋਗ ਹੈ: “ਅਸੀਂ ਮਹਿੰਗੇ ਭਾਅ ਵੇਚੇ ਆਲੂਆਂ ਦੀ ਬੱਚਤ ਬਚਾ ਕੇ ਰੱਖਦੇ ਹਾਂ। ਸਾਨੂੰ ਪਤਾ ਹੈ ਕਿ ਅੱਗੇ ਦੋ ਸਾਲਾਂ ਲਈ ਆਮ ਮੰਦਾ ਆਉਣਾ ਹੈ। ਤੀਜੇ ਚੌਥੇ ਸਾਲ ਦਾ ਮੁਨਾਫ਼ਾ ਵੀ ਮਾੜੇ ਸਮੇਂ ਵਾਸਤੇ ਸੁਚੇਤ ਰਹਿੰਦਿਆਂ ਸੰਭਾਲ਼ਿਆ ਜਾਂਦੈ। ਬੱਸ। ਇਉਂ ਸਰਕਲ ਚੱਲੀ ਜਾਂਦਾ। ਹੋਰ ਬਹੁਤੇ ਲੋਕ ਹੱਫਲ ਕੇ ਵਾਧੂ ਆਮਦਨ ਨੂੰ ਖਰਚ ਖਿੰਡਾ ਦਿੰਦੇ। ਮੰਦੇ ਦਾ ਸਾਹਮਣਾ ਨਾ ਕਰਦੇ ਫੇਲ੍ਹ ਹੋ ਜਾਂਦੇ।”
ਉਸ ਦਾ ਇਹ ਆਖਣਾ ਆਮ ਕਰ ਕੇ ਦਰੁਸਤ ਹੈ ਪਰ ਖ਼ਾਸ ਹਾਲਤਾਂ ਵਿਚ ਨਹੀਂ। ਜੇ ਖੇਤੀ ਦੇ ਨਾਲ ਕਿਸੇ ਸਰਵਿਸ ਪੇਸ਼ਾ ਜੀਅ ਦੀ ਆਮਦਨ ਦਾ ਸਹਾਰਾ ਹੋਵੇ ਜਿਵੇਂ ਪਹਿਲੇ ਕਿਸਾਨ ਬਾਰੇ ਦੱਸਿਆ ਗਿਆ ਹੈ ਤਾਂ ਸਫਲਤਾ ਸੁਖਾਲੀ ਹੈ। ਇਸ ਕਿਸਾਨ ਦੀ ਇਮਦਾਦ ਲਈ ਉਸ ਦਾ ਵਿਦੇਸ਼ ਵੱਸਦਾ ਭਰਾ ਮਦਦ ਨਾ ਵੀ ਦੇਵੇ, ਸੁਰੱਖਿਆ ਦੀ ਗਾਰੰਟੀ ਉਸ ਨੂੰ ਬੇਫ਼ਿਕਰੀ ਬਖਸ਼ਦੀ। ਨਸ਼ਾ ਰਹਿਤ ਹੋਣਾ ਵੀ ਇਸ ਨੌਜਵਾਨ ਦੀ ਸਫਲਤਾ ਦਾ ਕਾਰਨ ਹੈ। ਉਸ ਨੇ ਸਿਆਸਤ ਦਾ ਸੁਆਦ ਦੇਖ ਕੇ ਇਸ ਪੱਖ ਤੋਂ ਤੋਬਾ ਕੀਤੀ ਹੈ।
ਇਹ ਗੱਲ ਤਾਂ ਸੌ ਫੀਸਦੀ ਸਹੀ ਹੈ। ਸਾਡੀਆਂ ਸਰਕਾਰਾਂ ਨੇ ਖੇਤੀ ਦੀ ਉਸ ਤਰ੍ਹਾਂ ਬਾਂਹ ਨਹੀਂ ਫੜੀ, ਜਿਵੇਂ ਹਰਾ ਇਨਕਲਾਬ ਲਿਆਉਣ ਦੇ ਲਾਲਚਵੱਸ ਆਪਣੀ ਲੋੜ ਅਤੇ ਖੁਦਗਰਜ਼ੀ ਲਈ ਫੜੀ ਸੀ। ਅੰਨਦਾਤਾ ਹੀ ਨਹੀਂ ਸਾਰੀ ਆਮ ਜਨਤਾ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ। ਇਸ ਨੂੰ ਮੰਡੀ ਦੇ ਦਖਲ ਦਾ ਮੁਕਾਬਲਾ ਕਰਨ ਲਈ ਸਹਾਇਤਾ ਤਾਂ ਕੀ ਦੇਣੀ ਸੀ ਸਗੋਂ ਆਪ ਮੰਡੀ ਤੇ ਕਾਬਜ਼ ਅਮੀਰ ਲੋਕਾਂ ਤੇ ਕਾਰਪੋਰੇਟਾਂ ਨੂੰ ਰਹਿੰਦੀ ਖੂੰਹਦੀ ਕਿਰਸਾਣੀ ਉੱਤੇ ਸ਼ਰੇਆਮ ਝਪਟਣ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ। ਬੇਸ਼ੱਕ ਜਵਾਹਰ ਲਾਲ ਨਹਿਰੂ ਵਲੋਂ ਪ੍ਰਚਲਤ ਰਲੇ ਮਿਲੇ ਸਰਕਾਰੀ ਤੇ ਪ੍ਰਾਈਵੇਟ ਸਿਸਟਮ ਵਿਚ ਪ੍ਰਾਈਵੇਟ ਦੇ ਨਾਲੋ-ਨਾਲ ਚਲਦੇ ਸਰਕਾਰੀ ਅਦਾਰੇ ਪਿੱਛੇ ਰਹਿ ਗਏ, ਫੇਰ ਵੀ ਕਿਸੇ ਹੱਦ ਤੱਕ ਸਿਰਫ਼ ਜੀਰੀ ਕਣਕ ਲਈ ਉਕਸਾਈ ਕਿਰਸਾਣੀ ਨੂੰ ਫਸਲਾਂ ਵਿਚ ਕੋਈ ਬਦਲ ਦੇਣਾ, ਜਿਣਸਾਂ ਦੇ ਭਾਅ ਨੂੰ ਮਹਿੰਗਾਈ ਨਾਲ ਜੋੜਨਾ, ਪਿੰਡਾਂ ਵਿਚ ਖੇਤੀ ਆਧਾਰਤ ਫੈਕਟਰੀਆਂ ਲਾਉਣਾ, ਸਰਕਾਰਾਂ ਦੀ ਜਿ਼ੰਮੇਵਾਰੀ ਸੀ। ਆਖ਼ਰ ਸਟੇਟ ਦਾ ਰੋਲ ਕੀ ਹੁੰਦਾ? ਪੈਦਾ ਕਰਨ ਵਾਲੇ ਨੂੰ ਸਹੀ ਭਾਅ ਦੇਣਾ ਅਤੇ ਖਪਤਕਾਰ ਨੂੰ ਸਸਤੇ ਭਾਅ ਉੱਤੇ ਉਹੀ ਚੀਜ਼ ਮੁਹੱਈਆ ਕਰਵਾਉਣੀ। ਸੋ ਸਰਕਾਰਾਂ ਵਲੋਂ ਖੁੱਲ੍ਹੀ ਛੱਡੀ ਮੰਡੀ ਦਾ ਮੁਕਾਬਲਾ ਮੇਰੇ ਦਰਸਾਏ ਸਫਲ ਕਿਸਾਨ ਵੀ ਆਪਣੇ ਆਪ ਜ਼ਿਆਦਾ ਦੇਰ ਨਹੀਂ ਕਰ ਸਕਣਗੇ। ਨਿੱਕੀ ਕਿਰਸਾਣੀ ਤਾਂ ਪਹਿਲਾਂ ਹੀ ਕਾਫ਼ੀ ਹੱਦ ਤੱਕ ਹੜੱਪੀ ਜਾ ਚੁੱਕੀ ਹੈ, ਰਹਿੰਦੀ ਖੂੰਹਦੀ ਸਰਮਾਏਦਾਰੀ ਦੀ ਸਰਾਲ ਦੇ ਤੇਜ਼ ਸੁੜ੍ਹਾਕਿਆਂ ਨਾਲ ਨਿਗਲੀ ਜਾ ਰਹੀ ਹੈ।
ਸੰਪਰਕ (ਵ੍ਹੱਟਸਐਪ) : +91-82849-09596