ਮਾਂ-ਬੋਲੀ - ਬਾਬਾ ਨਜ਼ਮੀ (ਪਾਕਿਸਤਾਨ)
ਵਾਰਸ ਬੁੱਲ੍ਹੇ ਵਰਗੀ ਮੈਨੂੰ ਸ਼ਾਇਰੀ ਦੇ ਦੇ ਥੋਹੜੀ ਜਹੀ।
ਮੇਰੇ ਸਹਿਕਦੇ ਅੱਖਰਾਂ ਨੂੰ ਵੀ ਜ਼ਿੰਦਗੀ ਦੇ ਦੇ ਥੋਹੜੀ ਜਹੀ।
ਹੀਣੇ ਸਮਝ ਕੇ ਜਿਹੜੇ ਅੱਖਰ ‘ਮੀਏਂ ਮੁਹੰਮਦ’ ਵਰਤੇ ਨਈਂ,
ਕੱਠੇ ਕਰਨ ਲਈ ਮੋਤੀ ਮੈਨੂੰ ਛੁੱਟੀ ਦੇ ਦੇ ਥੋਹੜੀ ਜਿਹੀ।
ਨਾਨਕ ਵਰਗਾ ਹੇਜਲਾ ਪੁੱਤਰ ਮਾਂ ਬੋਲੀ ਦਾ ਕੋਈ ਵੀ ਨਹੀਂ,
ਉਹਦੀ ਵਿਚ ਦਵਾਤੋਂ ਗੂੜ੍ਹੀ ਸ਼ਾਹੀ ਦੇ ਦੇ ਥੋਹੜੀ ਜਿਹੀ।
ਜਦ ਤੱਕ ਸਾਹ ਨੇ ਬਾਕੀ ਕਹਿੰਦਾ ‘ਐਨਲਹਕ’ ਫਿਰਾਂ,
ਸ਼ਾਹ ਹੁਸੈਨ ਦੀ ਮਸਤੀ ਵਿਚੋਂ ਮਸਤੀ ਦੇ ਦੇ ਥੋਹੜੀ ਜਿਹੀ।
ਮਿੱਠੇ ਦੇ ਪੱਜ ਦੁਨੀਆਂ ਆਖੇ, ਕੌੜ ਵੀ ਖਾਧੀ ਜਾਂਦੀ ਏ,
ਡਿੱਗੀ ਢੱਠੀ ‘ਬਾਹੂ’ ਵਾਲੀ ਮਿਸ਼ਰੀ ਦੇ ਦੇ ਥੋਹੜੀ ਜਿਹੀ।
ਮੇਰੇ ਵਰਗਾ, ਘੋਗੜ ਕਾਂ ਵੀ ਖੌਰੇ ਸੁਰ ਵਿਚ ਬੋਲ ਪਵੇ,
‘ਪੀਰ ਫਰੀਦਾ’ ਆਪਣੀ ਸੁੱਚੀ ਗੜਵੀ ਦੇ ਦੇ ਥੋਹੜੀ ਜਿਹੀ।
ਖ਼ੈਰ ਖਿਆਲਾਂ ਵਾਲਾ ਮੈਨੂੰ ‘ਖਵਾਜਾ ਫਰੀਦ’ ਤੋਂ ਮੰਗਣ ਦੇ,
‘ਸ਼ਿਵ-ਕੁਮਾਰਾ’ ਆ ਕੇ ਮੇਰੀ ਗਵਾਹੀ ਦੇ ਦੇ ਥੋਹੜੀ ਜਿਹੀ।
ਦਿੱਲੀ ਲਈ ਇੱਕ ਨਜ਼ਮ - ਬਾਬਾ ਨਜਮੀ
ਭਾਰ ਵਧੇਰੇ ਪਾ ਨਾ ਦਿੱਲੀਏ ਸਾਡੇ 'ਤੇ।
ਤਾਕਤ ਨੂੰ ਅਜ਼ਮਾ ਨਾ ਦਿੱਲੀਏ ਸਾਡੇ 'ਤੇ।
ਅਸੀਂ ਪੰਜਾਬੀ ਅੜੀਏ ਅਣਖੀ ਸਦੀਆਂ 'ਤੋਂ,
ਚੌਧਰ ਨਵੇਂ ਜਮਾ ਨਾ ਦਿੱਲੀਏ ਸਾਡੇ 'ਤੇ।
ਇੱਟ ਦਾ ਅਸੀਂ ਜਵਾਬ ਜੇ ਦਈਏ ਪਥਰ ਨਾਲ,
ਕੱਲ ਨੂੰ ਕਰੀਂ ਗਿਲਾ ਨਾ ਦਿੱਲੀਏ ਸਾਡੇ 'ਤੇ।
ਫਸਲਾਂ ਅਸੀਂ ਉਗਾਈਏ ਆਪਣੇ ਮੁੜ੍ਹਕੇ ਨਾਲ,
ਹੁਕਮੀ ਰੰਗ ਚੜ੍ਹਾ ਨਾ ਦਿੱਲੀਏ ਸਾਡੇ 'ਤੇ।
ਤੈਥੋਂ ਸ਼ਾਂਤ ਨਹੀਂ ਹੋਣਾ ਡੁੱਲ੍ਹਿਆ ਸਾਡਾ ਲਹੂ,
ਕਰਨ ਚੜ੍ਹਾਈਆਂ ਆ ਨਾ ਦਿੱਲੀਏ ਸਾਡੇ 'ਤੇ।
ਤੇਰੇ ਨਾਲੋਂ ਥੋੜੇ ਸਹੀ ਪਰ ਬੁਜਦਿਲ ਨਹੀਂ ,
ਦਬੀ ਅੱਗ ਭਖਾ ਨਾ ਦਿੱਲੀਏ ਸਾਡੇ 'ਤੇ।
ਧੌਣ ਝੁਕਾ ਕੇ ਜੀਣਾ ਸਾਨੂੰ ਆਉਂਦਾ ਨਹੀਂ,
ਪੁੱਠੀ ਛੁਰੀ ਚਲਾ ਨਾ ਦਿੱਲੀਏ ਸਾਡੇ 'ਤੇ।
ਤੇਰੀ ਜੂਹ ਵੀ ਕਦੇ ਪੰਜਾਬ ਦਾ ਹਿੱਸਾ ਸੀ ,
ਅਪਣਾ ਬੁੱਤ ਬਣਾ ਨਾ ਦਿੱਲੀਏ ਸਾਡੇ 'ਤੇ।
ਆਜਾ ਦੋਵੇਂ ਮੰਨੀਏ ਬਾਬਾ ਨਜਮੀ ਦੀ,
ਨਫ਼ਰਤ ਹੋਰ ਵਧਾ ਨਾ ਦਿੱਲੀਏ ਸਾਡੇ 'ਤੇ।
ਵੈਰੀ ਹੋ ਨਾ ਜਾਈਏ ਤੇਰੇ ਸਦੀਆਂ ਲਈ ,
ਐਸਾ ਵਕਤ ਲਿਆ ਨਾ ਦਿੱਲੀਏ ਸਾਡੇ 'ਤੇ।