Baljinder Sangha

ਕਿਤਾਬ ਸਮੀਖਿਆ- ਨਾਰੀਵਾਦ ਵਿਚ ਔਰਤ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਹੋਰ ਰਾਹ ਪੈਦਾ ਕਰਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਕੰਧਾਂ ਦੇ ਓਹਲੇ’ - ਬਲਜਿੰਦਰ ਸੰਘਾ

ਕਿਤਾਬ ਦਾ ਨਾਮ:  ‘ਕੰਧਾਂ ਦੇ ਓਹਲੇ’
ਲੇਖਿਕਾ : ਸੰਦੀਪ ਕੌਰ ‘ਰੂਹਵ’
ਪ੍ਰਕਾਸ਼ਕ : ਅਸੰਖ ਪਬਲੀਕੇਸ਼ਨ
ਚਰਚਾ ਕਰਤਾ: ਬਲਜਿੰਦਰ ਸੰਘਾ           
ਇਸ ਕਿਤਾਬ ਦੀ ਚਰਚਾ ਲਈ ਲਿਖੇ ਇਸ ਲੇਖ ਦਾ ਇਹ ਵੀ ਟਾਈਟਲ ਰੱਖਿਆ ਜਾ ਸਕਦਾ ਸੀ ਕਿ ‘ਮਨ ਵਿਚੋਂ ਕਾਗਜਾਂ ਤੇ ਆਏ ਜਜ਼ਬਾਤਾਂ ਦੀਆਂ ਹੂਕ ਵੰਨੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ’ ‘ਤੇ ਸ਼ਾਇਦ ਕਿਸੇ ਹੋਰ ਪਾਠਕ ਨੂੰ ਪੂਰੀ ਕਿਤਾਬ ਪੜ੍ਹਨ ਤੋਂ ਬਾਅਦ ਇਹ ਜਿ਼ਆਦਾ ਢੁੱਕਦਾ ਲੱਗੇ। ਪਰ ਜਦੋਂ ਮੈਂ ਇਸ ਕਿਤਾਬ ਦੇ 8 ਭਾਗਾਂ ਦੀਆਂ ਕਵਿਤਾਵਾਂ ਵਿਚੋਂ ਤਿੰਨ ਭਾਗ ‘ਝੱਲੀਆਂ ਜਿਹੀਆਂ ਕੁੜੀਆਂ’ ‘ਮਸਲੇ’ ‘ਤਾਣਾ-ਬਾਣਾ’ ਪੜੇ ਤਾਂ ਉਪਰੋਤਕ ਟਾਈਟਲ ਜਿ਼ਆਦਾ ਢੁਕਵਾਂ ਲੱਗਿਆ ਤੇ ਮੇਰੀ ਇਸ ਕਿਆਬ ਬਾਰੇ ਬਹੁਤੀ ਚਰਚਾ ਦਾ ਵਿਸ਼ਾ ਇਹੀ ਤਿੰਨ ਭਾਗ ਹਨ। ਦੂਸਰਾ ਇਹ ਚਰਚਾ ਪਹਿਲਾ ਹੀ ਹੈਲਨ ਸਿਕਸੂ (ਫਰੈਂਚ ਲੇਖਿਕਾ) ਦੁਆਰਾ ਕਹੇ ਜਾ ਚੁੱਕੇ ਇਹਨਾਂ ਸ਼ਬਦਾਂ ਦੇ ਅਧਾਰਿਤ ਹੈ ਕਿ ‘ਔਰਤ ਨੂੰ ਮਰਦਾਂ ਦੁਆਰਾ ਬਣਾਈ ਗਈ ਦੁਨੀਆਂ ਦੇ ਘੇਰੇ ਤੋਂ ਬਾਹਰ ਆਕੇ ਆਪਣੇ ਵਿਚਾਰ ਪੇਸ਼ ਕਰਨੇ ਅਤੇ ਲਿਖਣਾ ਚਾਹੀਦਾ ਹੈ’ ਤੀਸਰਾ ਕਾਰਨ ਇਹ ਹੈ ਕਿ ਕਵਿਤਾਵਾਂ ਪੜਕੇ ਇਹ ਮਹਿਸੂਸ ਹੋਇਆ ਕਿ ਇਹਨਾਂ ਵਿਚ ਕਵਿੱਤਰੀ ਦਾ ਕੋਈ ਵਿਚਾਰਧਾਰਕ ਰਲੇਵਾ ਨਾ ਹੋਣ ਕਰਕੇ ਇਹ ਨਾਰੀਵਾਦ ਨੂੰ ਸਮਝਣ ਲਈ ਹੋਰ ਰਾਹ ਵੀ ਪੈਦਾ ਕਰਦੀਆਂ ਹਨ।  
                                              
                              ਕਾਵਿ ਸੰਗ੍ਰਹਿ ‘ਕੰਧਾਂ ਦੇ ਓਹਲੇ’ਦੀਆਂ ਸਾਰੀਆਂ ਕਵਿਤਾਵਾਂ ਹੀ ਕੰਧਾਂ ਦੇ Eਹਲੇ ਜਾਂ ਆਖ ਲਈਏ ਸਾਡੇ ਸਮਾਜ ਦੀਆਂ ਪ੍ਰਪਰਾਵਾਂ ਦੇ ਬਣਾਏ ਅਦਿੱਖ ਪਰ ਕਿਲੇ ਦੀਆਂ ਕੰਧਾਂ ਨਾਲੋਂ ਵੀ ਮਜਬੂਤ ਅਦਿਸਦੇ ਪਰਦਿਆਂ ਦੇ ਪਿੱਛੋਂ ਹਿੰਮਤ ਕਰਕੇ ਕਾਗਜਾਂ ਦੀ ਹਿੱਕ ਤੇ ਵਾਹੇ ਔਰਤ ਦੇ ਉਹ ਮਸਲੇ ਹਨ ਜੋ ਆਰਥਿਕ,ਰਾਜਨੀਤਕ ਤੇ ਕਾਨੂੰਨੀ ਬਰਾਬਰਤਾ ਦੇ ਮਸਲੇ ਜੇਕਰ ਇਹ ਮੰਨ ਲਈਏ ਕਿ ਸੌ ਪ੍ਰਤੀਸ਼ਤ ਹੱਲ ਹੋ ਗਏ ਹਨ ਤਾਂ ਵੀ ਇਸ ਕਾਵਿ ਸੰਗ੍ਰਹਿ ਨੂੰ ਪੜਦਿਆਂ, ਮਹਿਸੂਸ ਕਰਦਿਆਂ ਤੇ ਸਮਝਦਿਆਂ ਲੱਗਦਾ ਹੈ ਕਿ ਔਰਤ ਦੀਆਂ ਸਮਾਜਿਕ ਖੁੱਲਾਂ ਦੇ ਮਸਲੇ ਅਜੇ ਵੀ ਉਵੇਂ ਹੀ ਬਰਕਰਾਰ ਹਨ ਅਤੇ ਉਹ ਰਵਾਇਤਾਂ ਵਿਚ ਘਿਰੀ ਹੋਈ ਹੈ।  ਕਵਿਤਾਵਾਂ ਪੜਕੇ ਮਹਿਸੂਸ ਹੁੰਦਾ ਹੈ ਨਾਰੀਵਾਦ ਔਰਤ ਦੇ ਮਸਲਿਆਂ ਦਾ ਜੋ ਮੁਲ੍ਹਾਕਣ ਹੁਣ ਤੱਕ ਕਰ ਚੁੱਕਾ ਹੈ ਇਹ ਕਾਵਿ-ਸੰਗ੍ਰਿਹ ਦੀਆਂ ਲਿਖਤਾਂ ਇੱਕ ਖਿੱਤੇ ਦੇ ਸਰੋਕਾਰ ਸਮਝਣ ਵਿਚ ਸਹਾਈ ਹੋਰ ਸਹਾਈ ਹੋ ਸਕਦੀਆਂ ਹਨ। ਕਿਉਂਕਿ ਇਸ ਕਿਤਾਬ ਦੀਆਂ ਲਿਖ਼ਤਾਂ ਵਿਚ ਉਹ ਅੰਸ਼ ਮੌਜੂਦ ਹੈ ਜਦੋਂ ਔਰਤ ਸਮਾਜ ਦੇ ਜਾਂ ਮਰਦ ਪ੍ਰਧਾਨ ਸਮਾਜ ਦੇ ਬਣਾਏ ਲਿਖਣ ਦਾਇਰੇ ਦੇ ਰਿੰਗ ਵਿਚੋਂ ਬਾਹਰ ਆਕੇ ਕਲਮ ਚੁੱਕਦੀ ਹੈ।
                            ਸਾਡੇ ਮਰਦ ਪ੍ਰਧਾਨ ਸਮਾਜ ਨੇ ਕੁੜੀਆਂ ਨੂੰ ਹੀ ਬਾਬਲ ਦੀ ਪੱਗ ਤੇ ਘਰ ਦੀ ਇੱਜ਼ਤ ਦਾ ਸਾਰਾ ਭਾਰ ਚੁਕਾਇਆ ਹੋਇਆ ਹੈ। ਉਹਨਾਂ ਦੇ ਬਹੁਤੇ ਚਾਅ-ਮਲਾਰ ਇਸ ਭਾਰ ਥੱਲੇ ਹੀ ਦੱਬਕੇ ਮਰ ਜਾਂਦੇ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਾਤਵਾਂ ਰਾਹੀਂ ਸਮਝੀਏ ਤਾਂ ਕਵਿਤਾ ‘ਮੋਹੱਬਤ ਦੇ ਸਬੂਤ’ ਵਿਚ ਕਵਿੱਤਰੀ ਦੇ ਬੋਲ-
                          ਤੂੰ ਮਰਦ ਸੀ
                         ਮੋਹੱਬਤ ਸਾਬਿਤ ਕਰਨ ਲਈ
                         ਤੂੰ ਰਾਂਝਾ ਬਣਿਆ
                         ਫ਼ਕੀਰ ਹੋਇਆ   
                         ਕਿਉਂਕਿ ਤੰ ਦੁਨੀਆਂ ਦੇ
                         ਬੰਧਨਾਂ, ਰਿਵਾਜ਼ਾਂ ਤੋਂ ਬਾਹਰ ਸੀ
                        ਮੈਂ ਕੁੜੀ ਸੀ
                        ਮੋਹੱਬਤ ਸਾਬਿਤ ਕਰਨ ਲਈ
                        ਚਾਹ ਕੇ ਵੀ ਮੈਂ
                        ਘਰ ਨਹੀਂ ਛੱਡ ਸਕੀ
                        ਕਿਉਂਕਿ ਮੇਰੇ ਮੋਢਿਆਂ ‘ਤੇ
                        ਘਰ ਦੀ ਇੱਜ਼ਤ ਦਾ ਭਾਰ ਸੀ…
                   ਬਹੁਤ ਕੁਝ ਬਦਲਗਿਆ ਹੈ ਅਤੇ ਬਦਲ ਰਿਹਾ ਹੈ। ਪਰ ਸਾਡਾ ਸਮਾਜ ਅਜੇ ਵੀ ਔਰਤ ਦਾ ਚਰਿੱਤਰ ਉਹਦੇ ਪਹਿਾਰਵੇ ਨਾਲ ਜੋੜਕੇ ਹੀ ਦੇਖਦਾ ਹੈ। ਕਵਿਤਾ ‘ਪਹਿਰਾਵਾ’ ਵਿਚ ਸਦੀਆਂ ਦੇ ਔਰਤ ਦੇ ਦਰਦ ਦੀ ਚੀਸ ਹੈ ਮਾਂ ਤੋਂ ਧੀ ਤੇ ਉਸ ਤੋਂ ਅੱਗੇ ਉਹਦੀ ਧੀ। ਚਾਹੇ ਦੇਸ਼ ਤੋਂ ਵਿਦੇਸ਼ ਤੱਕ ਦਾ ਸਫ਼ਰ ਤਹਿ ਹੋ ਚੁੱਕਾ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਵੀ ਮੋਕਲਾ ਹੋਇਆ ਹੈ ਪਰ ਸਾਡੇ ਪੰਜਾਬੀ ਸਮਾਜ ਦਾ ਬਹੁਤਾ ਵਰਗ ਅਜਿਹਾ ਹੈ ਜਿਸ ਵਿਚ ਔਰਤ ਨੂੰ ਅਜੇ ਵੀ ਨਾਰੀਵਾਦ ਦੇ ਪਹਿਲੇ ਦੌਰ ਦੀਆਂ ਸਮੱਸਿਆਵਾਂ ਅਤੇ ਪਰੰਪਰਾਵਾਂ ਨਾਲ ਜੂਝਣਾ ਪੈ ਰਿਹਾ ਹੈ ਜੋ ਅਠਾਰਵੀਂ ਸਦੀ ਤੋਂ ਵੀਹਵੀਂ ਸਦੀ ਤੱਕ ਅੱਪੜਦਿਆਂ ਕਨੇਡਾ-ਅਮਰੀਕਾ ਵਰਗੇ ਦੇਸ਼ਾਂ ਦੇ ਸਥਾਨਿਕ ਲੋਕਾਂ ਵਿਚ ਤਾਂ ਵੇਲਾ-ਵਿਆਹ ਚੁੱਕੀਆ ਹਨ ਪਰ ਇਹਨਾਂ ਦੇਸ਼ਾਂ ਵਿਚ ਵੱਸਦੇ ਅਸੀਂ ਅਜੇ ਵੀ ਇਹਨਾਂ ਵਿਚ ਬੱਝੇ ਹਾਂ। ‘ਪਹਿਰਾਵਾ’ ਕਵਿਤਾ ਦੀਆਂ ਕੁਝ ਲਾਇਨਾਂ-
              ਯੁੱਗ ਪਲਟਦੇ ਨੇ। ਸਦੀਆਂ ਅਗ੍ਹਾਂ ਹੀ ਨੂੰ ਤੁਰਦੀਆਂ ਨੇ
             …………
              ਵਰ੍ਹਿਆਂ ਦੇ ਵਰ੍ਹੇ ਬੀਤਣ ਤੇ ਵੀ ਸਾਡੀਆਂ ਸੋਚਾਂ ਇਕੋ ਥਾਂ ਜੰਮ ਕੇ ਖੜੀਆਂ ਨੇ
              ਹਰ ਸਦੀ’ਚ ਕੁਝੀਆਂ ਦੇ ਪਹਿਰਾਵੇ ਤੋਂ ਉਹਨਾਂ ਦੇ ਚਰਿੱਤਰ ਦੇ ਲੱਖਣ ਲੱਗਦੇ ਸੀ
              ਅਜੇ ਵੀ ਉਂਗਲਾਂ ੳੱਠਦੀਆਂ ਨੇ,
              ਤੇ ਹਮੇਸ਼ਾਂ ਦੀ ਤਰਾਂ ! ਕੁੜੀਆਂ ਦੇ ਲੀੜੇ ਪਾਉਣ-ਹੰਢਾਉਣ ਦੇ ਚਾਅ
             ਸੰਦੂਖਾਂ,ਪੇਟੀਆਂ। ਅਲਮਾਰੀਆਂ ‘ਚ ਇE ਹੀ ਦਫ਼ਨ ਹੁੰਦੇ ਰਹਿਣਗੇ…
                    ਕਵਿਤਾਵਾਂ ਵਿਚ ਜਿੱਥੇ ਸਮਾਜ ਦੇ ਔਰਤ ਨੂੰ ਰੂੜ੍ਹੀਵਾਦੀ ਪਰੰਪਰਾਵਾਂ ਰਾਹੀਂ ਦਿੱਤੇ ਮਾਨਸਿਕ ਤਨਾਓ ਅਤੇ ਖ਼ਹਾਇਸ਼ਾ ਦੇ ਘਾਣ ਦਾ ਦਰਦ ਹੈ ਉੱਥੇ ਹੀ ਰੂੜ੍ਹੀਵਾਦੀ ਪਰੰਪਰਾਵਾਂ ਦੇ ਜਲਦੀ ਹੀ ਟੁੱਟਣ ਦੇ ਸਬੰਧ ਵਿਚ ਆਸ਼ਾਵਾਦੀ ਸੋਚ ਵੀ ਹੈ। ਇਹ ਸੋਚ ਘਰ ਤੋਂ ਸ਼ੁਰੂ ਹੁੰਦੀ ਹੈ ਅਤੇ ਕੁੜੀਆਂ ਦੇ ਹੌਸਲੇ ਅਤੇ ਆਤਮ-ਵਿਸ਼ਵਾਸ਼ ਨੂੰ ਮਜ਼ਬੂਤ ਕਰਦੀ ਹੈ। ਜਿਵੇਂ ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ਵਿਚ ਬਾਪ, ਰਿਸ਼ਤੇਦਾਰ, ਅਵਾਰਾ ਆਸ਼ਕ ਕਿਸਮ ਦੇ ਮਰਦ, ਆਂਢਣਾ-ਗੁਆਂਢਣਾਂ ਰੂੜ੍ਹੀਵਾਦੀ ਪਰੰਪਰਾਵਾਂ ਦੇ ਚਿੰਨ੍ਹ ਹਨ ਜੋ ਕਿਸੇ ਨਾ ਕਿਸੇ ਘੂਰ, ਤੌਹਮਤ ਜਾਂ ਮੱਤ ਰਾਹੀਂ ਇਹ ਕਹਿੰਦੇ ਹਨ ਕਿ ਚੰਗੀਆਂ ਕੁੜੀਆਂ ਉਹ ਹੁੰਦੀਆਂ ਹਨ, ਜੋ ਸਮਾਜ ਦੇ ਬਣਾਏ ਘੇਰੇ ਦੇ ਵਿਚ ਰਹਿਕੇ ਜੀਵਨ ਪੂਰਾ ਕਰਦੀਆਂ ਹਨ। ਉਹਨਾਂ ਦੀ ਆਪਣੀ ਮਰਜ਼ੀ, ਖਹਿਸ਼ ਜਾਂ ਮੌਜ ਤਾਂ ਹੀ ਪਰਵਾਨ ਹੁੰਦੀ ਹੈ ਜੇ ਉਹ ਇਸ ਘੇਰੇ ਵਿਚ ਫਿੱਟ ਬੈਠਦੀ ਹੈ। ਪਰ ਕਵਿੱਤਰੀ ਇਹ ਕਹਿੰਦੀ ਹੈ ਕਿ ਇਹ ਰੂੜ੍ਹੀਵਾਦੀ ਪਰੰਪਰਾਵਾਂ ਦੇ ਘੇਰੇ ਜਲਦੀ ਟੁੱਟ ਸਕਦੇ ਹਨ, ਜਦੋਂ ਇੱਕ ਧੀ ਦਾ ਮਾਂ ਸਾਥ ਦਿੰਦੀ ਹੈ ਅਤੇ ਭਰਾ ਨਾਲ ਖੜ੍ਹਦਾ ਹੈ। ਕਵਿਤੱਰੀ ਅਨੁਸਾਰ ਪਰਿਵਾਰਕ ਰਿਸ਼ਤਿਆਂ ਦੇ ਸਹਾਰੇ ਵੀ ਰੂੜ੍ਹੀਵਾਦੀ ਪਰੰਪਰਾਵਾਂ ਟੁੱਟ ਸਕਦੀਆਂ ਹਨ। ਇਸ ਵੱਲ ਇਸਾ਼ਰਾ ਹੈ। ਇੱਥੇ ਦੋ ਤਰ੍ਹਾਂ ਦੀ ਸੋਚ ਇਸ ਕਵਿਤਾ ਬਾਰੇ ਪੈਦਾ ਹੁੰਦੀ ਹੈ ਕਿ ਔਰਤ ਦੀ ਫਿਰ ਆਵਦੀ ਕੀ ਹਸਤੀ ਹੋਈ ਜੇ ਉਹ ਭਰਾ ਦੇ ਨਾਲ ਖੜ੍ਹਨ ਨਾਲ ਜਾਂ ਮਾਂ ਦੇ ਕਹਿਣ ਤੇ ਹੀ ਅੱਗੇ ਵੱਲ ਕਦਮ ਰੱਖ ਸਕਦੀ ਹੈ। ਕੀ ਕਦੇ ਕਿਸੇ ਭਰਾ ਨੇ ਕੋਈ ਕੰਮ ਕਰਨ ਲੱਗਿਆ ਇਹ ਆਸਰਾ ਤੱਕਿਆ ਹੈ?
                         ਇਸ ਕਵਿਤਾ ਵਿਚ ਦੂਸਰੀ ਸੋਚ ਇਹ ਹੈ ਕਿ ਇਹ ਆਸਰਾ ਇਕ ਪਗਡੰਡੀ ਤਾਂ ਪੈਦਾ ਕਰਦਾ ਹੈ ਜੋ ਰਾਹ ਬਣ ਸਕਦੀ ਹੈ ਚਾਹੇ ਹੌਲੀ ਹੀ ਸਹੀ। ਇਸ ਤਰਾਂ ਇਸ ਅਧਾਰ ਤੇ ਨਾਰੀਵਾਦ ਨੂੰ ਹੋਰ ਡੂੰਘੇਰਾ ਸਮਝਣ ਲਈ ਇਸ ਕਵਿਤਾ ਦੇ ਅਧਾਰ ਤੇ ਪੈਦਾ ਹੋਏ ਰਹਿਮਵਾਦੀ ਨਾਰੀਵਾਦ ਰਾਹੀ ਔਰਤ ਦੇ ਮਸਲੇ ਸਮਝਣ ਦੀ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ‘ਘਰ ਦੀ ਇੱਜ਼ਤ’ ‘ਆਮ ਜਿਹੀ ਕੁੜੀ’ ‘ਰੱਬ ਨੂੰ ਸਿ਼ਕਾਇਤਾਂ’ ਵਰਗੀਆਂ ਕਵਿਤਾਵਾਂ ਮਰਦ ਪ੍ਰਧਾਨ ਸਮਾਜ ਵਿਚ ਰੂੜ੍ਹੀਵਾਦੀ ਪਰੰਪਰਾਵਾਂ ਦਾ ਸਹਾਰਾ ਲੈ ਕੇ ਪਿੱਤਰਸੱਤਾ ਰਾਹੀਂ ਔਰਤ ਦੇ ਚਾਅ ਕੁਚਲਣ ਨੂੰ ਸਮਝਣ ਅਤੇ ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ਰਾਹੀਂ ਇਸਦਾ ਹੱਲ ਸ਼ੁਰੂ ਕੀਤਾ ਜਾ ਸਕਦਾ ਹੈ।       
                         ਕਵਿਤਾ ‘ਰੁੱਖੇ ਤੇ ਖੁਰਦਰੇ ਜਿਹੇ ਮਰਦ’ ਵਿਚ ਜੋ ਮਰਦ ਅਤੇ ਸਮਾਜ ਦਾ ਵਿਖਿਆਨ ਕਰਦਿਆਂ ਸਿੱਟਾ ਕੱਢਿਆ ਹੈ ਉਹ ਇਹ ਹੈ ਕਿ ਔਰਤ ਦਾ ਭਲਾ ਪਰਿਵਾਰ ਵਿਚ ਰਹਿੰਦਿਆਂ ਆਪਣੀਆਂ ਚਾਹਤਾਂ ਨੂੰ ਸਿਮਟ ਕੇ ਪਰ ਮਾਨਣ ਦਾ ਮੌਕਾ ਮਿਲਣ ਤੇ ਬੰਧਨਾਂ ਵਿਚ ਬੱਧਿਆ ਮਾਨਣ ਵਿਚ ਹੈ ਤੇ ਮੈਂਨੂੰ ਲੱਗਦਾ ਹੈ ਇਹ ਵੀ ਸਮਝੌਤਾਵਾਦੀ ਨਾਰੀਵਾਦ ਸਿਧਾਂਤ ਘੜਦੀ ਕਵਿਤਾ ਹੈ, ਜਾਂ ਇਸ ਵਿਚ ਪਰਿਵਾਰਕ ਸਮਝੌਤਾਵਾਦੀ ਨਾਰੀਵਾਦ ਨਾਮ ਦਾ ਇਕ ਨਵਾਂ ਭਾਗ ਬਣਾਕੇ ਵੀ ਨਾਰੀਵਾਦ ਹੋਰ ਡੂੰਘਾ ਵਿਸ਼ਲੇਸ਼ਣ ਕਰ ਸਕਦਾ ਹੈ।
                  ਦੂਸਰੇ ਪੱਖ ਤੋਂ ਸੋਚੀਏ ਤਾ ਚਾਹੇ ਇਹ ਮਰਦ ਪ੍ਰਧਾਨ ਸਮਾਜਕ ਵਿਵਸਥਾ ਵਿਚ ਬੱਿਝਆ ਹੈ ਪਰ ਜਿਸ ਦੇਸ਼ ਜਾਂ ਸਥਾਨ ਤੇ ਅਜੇ ਨਾਰੀਵਾਦ ਦਾ ਪਹਿਲਾ ਦੌਰ ਹੀ ਚੱਲ ਰਿਹਾ ਹੋਵੇ ਇਸ ਵਿਚ ਅੱਗੇ ਔਰਤ ਦੇ ਦੂਸਰੇ ਜਾਂ ਤੀਸਰੇ ਦੌਰ ਵਿਚ ਸਾ਼ਮਿਲ ਹੋਣ ਦੇ ਮੌਕੇ ਪੈਦਾ ਕਰਦਾ ਹੈ। ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ‘ਮਾਵਾਂ ਤੇ ਧੀਆਂ’ ਕਵਿਤਾਵਾਂ ਨੂੰ ਇਸ ਕੈਟਾਗਿਰੀ ਵਿਚ ਰੱਖਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਜੋ ਪਹਿਲੀ ਨਹੀ ਤਾਂ ਔਰਤ ਦੀ ਦੂਸਰੀ ਪੀੜੀ ਤੱਕ ਜਾਕੇ ਤਾਂ ਔਰਤ ਦੀ ਹਾਲਤ ਸੰਭਾਲ ਸਕਦੀਆਂ ਹਨ। ਪਰ ‘ਪਹਿਰਾਵਾ’ ਕਵਿਤਾ ਵਿਚ ਇਸ ਅਧਾਰ ਤੇ ਆਸ ਦੀ ਕਿਰਨ ਔਰਤ ਵੱਲੋਂ ਤਾਂ ਬਿਕਲੁਲ ਨਹੀਂ ਹੈ ਪਰ ਸਥਾਨ ਬਦਲਣ ਨਾਲ ਸੰਭਵ ਹੈ।  
         ਇਸ ਕਾਵਿ ਸੰਗ੍ਰਹਿ ਦੀ ਰੈਡੀਕਲ ਨਾਰੀਵਾਦ ਦੀ ਕਵਿਤਾ ‘ਬਾਗੀ’ ਹੈ ਜੋ ਅਮਰੀਕਨ ਲੇਖਿਕਾ ਬੈਟੀ ਫਰੀਡਮ ਦੀ 1963 ਵਿਚ ਪ੍ਰਕਾਸਿ਼ਤ ਕਿਤਾਬ ‘ਫੈਨੀਨਿਨ ਮਿਸਟਿਕ’ਦੀ ਇਸ ਵਿਚਾਧਾਰਾ ਦੀ ਵੀ ਪਰੋੜਤਾ ਕਰਦੀ ਹੈ ਕਿ ਔਰਤ ਨੂੰ ਜਿ਼ੰਦਗੀ ਦਾ ਅਨੰਦ ਮਾਨਣ ਲਈ ਰਵਾਇਤੀ ਔਰਤਾਂ ਅਤੇ ਸਮਾਜ ਦੇ ਰਵਿਾਈਤੀ ਰੰਗਾਂ-ਢੰਗਾਂ ਤੋਂ ਬਚਕੇ ਨਿਕਲਣਾ ਹੋਵੇਗਾ। ਇੱਥੇ ਬਚਕੇ ਨਿਕਲਣ ਦਾ ਅਰਥ ਇਹ ਨਹੀਂ ਕਿ ਡਰ ਜਾਣਾ ਅਤੇ ਪਾਸਾ ਵੱਟ ਲੈਣਾ ਬਲਕਿ ਉਨਾਂ ਦੀਆਂ ਰਵਿਾੲਤਾਂ ਨੂੰ ਨਿਕਾਰਨਾ ਜਾਂ ਪਰਵਾਹ ਨਾ ਕਰਨੀ ਹੈ। ਬਾਗੀ ਕਵਿਤਾ ਵਿਚ ਇਹੀ ਵਿਚਾਰ ਹਨ ਜਿਵੇ :
                    ਚੁੱਲ੍ਹਾ-ਚੌਂਕਾ ਸਾਂਭਣ ਵਾਲੀ ਨੇ
                    ਜਦੋਂ ਕਲਮਾਂ ਨੂੰ ਹੱਥ ਪਾਇਆ
                    ਸਮਾਜ ਨੇ ਇਹਨਾਂ ਕੁੜੀਆਂ ਨੂੰ
                    ਸਮਾਜ ਤੋਂ ਬਾਗੀ ਠਹਿਰਾਇਆ
                    …………………
                   ਜਦੋਂ ਕੁੜੀਆਂ ਦੇ ਹੌਂਕਿਆ-ਹਾਵਾ ਦਾ
                   ਸ਼ੋਰ ਕਿਸੇ ਨੇ ਨਾ ਸੁਣਿਆ
                   ਓਦੋਂ ਹੀ ਫਿਰ ਕੁੜੀਆਂ ਨੇ
                   ਬਗਾਵਤ ਦਾ ਰਾਹ ਚੁਣਿਆ   
                 ਇਸ ਲੰਬੀ ਕਵਿਤਾ ਵਿਚ ਇਹ ਪੇਸ਼ ਕੀਤਾ ਗਿਆ ਹੈ ਕਿ ਕੁੜੀਆਂ ਨੇ ਬਾਗੀ ਹੋਣ ਦਾ ਰਾਹ ਕਦੋ ਅਤੇ ਕਿਉਂ ਅਪਣਾਇਆ? ‘ਕਲਮਾਂ ਦੀ ਜ਼ੁਬਾਨ’ ਕਵਿਤਾ ਵੀ ਇਸੇ ਕੈਟਾਗਿਰੀ ਦੀ ਉਤਸ਼ਾਹਿਤ ਕਰਨ ਵਾਲੀ ਕਵਿਤਾ ਹੈ।   
                                ‘ਕਲਯੁਗੀ’ ਕਵਿਤਾ ਪੰਜਾਬ ਵਿਚਲੀਆਂ ਪਰੰਪਰਾਵਾਂ ਜਾਂ ਖੇਤੀ ਪ੍ਰਧਾਨ ਸੂਬਾ ਹੋਣ ਅਤੇ ਪੀੜ੍ਹੀ-ਦਰ-ਪੀੜ੍ਹੀ ਜੱਦੀ ਜਾਇਦਾਦ ਦੇ ਘੇਰੇ ਵਿਚ ਰਹਿਕੇ ਸੋਚੀਏ ਤਾਂ ਭਾਵੁਕ ਕਰ ਸਕਦੀ ਹੈ ਪਰ ਸੰਸਾਰਰਿਕ ਪੱਧਰ ਮਾਰਕਸਵਾਦ ਦੀ ਧਾਰਾ ਅਨੁਸਾਰ ਬੱਚੇ ਮਾਂ-ਬਾਪ ਦੀ ਜਾਇਦਾਦ ਨਹੀਂ ਹਨ ਅਤੇ ਨਾਂ ਹੀ ਬੱਚਿਆਂ ਲਈ ਜਰੂਰੀ ਹੈ ਕਿ ਉਹ ਆਪਣਾ ਕੰਮ ਛੱਡਕੇ ਅਤੇ ਭਵਿੱਖ ਬਣਾਉਣ ਦਾ ਸਮਾਂ ਬੁੱਢੇ ਮਾਪਿਆਂ ਦੀ ਸਾਂਭ-ਸੰਭਾਲ ਵਿਚ ਲਗਾ ਦੇਣ। ਸਹੀ ਵੀ ਲੱਗਦਾ ਹੈ ਕਿ ਜੇਕਰ ਸਾਰੀ ਨੌਜਵਾਨ ਪੀੜੀ ਸਰਬਣ ਪੁੱਤ ਬਣਕੇ ਬੁੱਢਿਆਂ ਦੀਆਂ ਵਹਿਗੀਆਂ ਚੱਕਕੇ ਤੀਰਥਾਂ ਤੇ ਤੁਰੀ ਫਿਰੇ ਤਾਂ ਦੇਸ਼ ਵਿਚ ਕਾਮਾ ਕਿਹੜਾ ਹੋਵੇਗਾ। ਮਾਂ-ਬਾਪ ਨੂੰ ਬੁਢਾਪੇ ਵਿਚ ਨਾ ਸਾਂਭਣ ਵਾਲੇ ਬੱਚੇ ਇਸ ਕਵਿਤਾ ਅਨੁਸਾਰ‘ਕਲਯੁਗੀ’ਹਨ ਜੋ ਕਿ ਇਕ ਗਾਹਲ ਦੇ ਤੌਰ ਤੇ ਸਾਡੇ ਸੱਭਿਅਕ ਸਮਾਜ ਵਿਚ ਵਰਤਿਆ ਜਾਂਦਾ ਸ਼ਬਦ ਹੈ। ਪਰ ਮਾਰਕਸਵਾਦ ਕਹਿੰਦਾ ਹੈ ਕਿ ਬੱਚੇ ਦੇਸ਼ ਦਾ ਧਨ ਹਨ ਉਹਨਾਂ ਨੂੰ ਸਹੀ ਇਨਸਾਨ ਅਤੇ ਕਾਮੇ ਬਣਾਉਣਾ ਸਰਕਾਰਾਂ ਦਾ ਕੰਮ ਹੈ। ਜਵਾਨ ਤਬਕਾ ਕੰਮ ਕਰੇ ਅਤੇ ਬੁਢਾਪੇ ਵਿਚ ਆਰਥਿਕ ਲੋੜਾਂ ਲਈ ਪੈਨਸ਼ਨ, ਸਾਂਭ-ਸੰਭਾਲ ਲਈ ਬਿਰਧ ਘਰ ਅਤੇ ਸਿਹਤ-ਸਹੂਲਤਾਂ ਸਰਕਾਰਾਂ ਦਾ ਕੰਮ ਹੈ। ਸਾਰੇ ਬਜ਼ਰੁਗ ਆਪਣੇ ਹਮ ਉਮਰਾਂ ਵਿਚ ਰਹਿਣ ਅਤੇ ਵਧੀਆਂ ਅਰਾਮਦਿਕ ਬੁਢਾਪਾ ਗੁਜ਼ਾਰਨ।
                                ਪਰ ਦੂਸਰੇ ਪਾਸੇ ਪੂੰਜੀਵਾਦ ਵਿਚ ਇਹੀ ਧਾਰਨਾਂ ਹੈ ਪਰ ਮੁਨਾਫ਼ੇ ਦੇ ਅਧਾਰਤ ਹੈ। ਪਰ ਮੁਨਾਫ਼ੇ ਦੇ ਅਧਾਰਤਿ ਹੋਣ ਦੇ ਬਾਵਜੂਦ ਵੀ ਵਿਕਸਤ ਦੇਸ਼ਾਂ ਦੇ ਬਜੁ਼ਰਗ ਇਹਨਾਂ ਵਿਚ ਰਹਿਣਾ ਪਸੰਦ ਕਰਦੇ ਹਨ ਕਿਉਂਕਿਂ ਇਕ ਪੂਰਾ ਸਹੀ ਸਿਸਟਮ, ਸਹੂਲਤਾਂ ਹਨ।
                       ਇਸਦੇ ਕਾਨੂੰਨੀ ਪੱਖ ਜਿਸ ਬਾਰੇ ਉੱਪਰ ਲਿਖਿਆ ਹੈ ਕਿ ਸਾਡੇ ਦੇਸ਼ ਦੇ ਕਾਨੂੰਨ ਅਨੁਸਰ ਮਾਂ-ਬਾਪ ਦੀ ਜਾਇਦਾਦ ਉਹਨਾਂ ਦੇ ਮਰਨ ਉਪਰੰਤ ਬੱਚਿਆਂ ਦੀ ਹੋ ਜਾਂਦੀ ਹੈ ਅਤੇ ਜਾਇਦਾਦ ਦੇ ਨਾਲ ਹੀ ਇਕ ਨੈਤਿਕ ਜਿੰ਼ਮੇਵਾਰੀ ਜਨਮ ਲੈਂਦੀ ਹੈ ਕਿ ਬੁਢਾਪੇ ਵਿਚ ਮਾਪਿਆਂ ਦੀ ਸੇਵਾ ਅਤੇ ਸਾਂਭ-ਸੰਭਾਲ ਬੱਚੇ ਕਰਨੀ। ਪਰ ਕਈ ਵਾਰ ਮਾਪੇ ਉਨੇ੍ ਦੀ ਤਾਂ ਜਾਇਦਾਦ ਨਹੀ ਛੱਡਕੇ ਜਾਂਦੇ ਜਿੰਨਾ ਖਰਚਾ ਬੱਚੇ ਉਹਨਾਂ ਦੀ ਬਿਮਾਰੀ ਅਤੇ ਸੰਭਾਲ ਤੇ ਲਗਾ ਦਿੰਦੇ ਹਨ। ਭਾਰਤ ਵਿਚ ਇਹ ਨਿੱਤ ਦਿਨ ਦੀਆਂ ਸ਼ੋਸਲ ਮੀਡੀਏ ਤੇ ਸੈਂਕੜੇ ਖਬਰਾਂ ਹਨ ਕਿ  ਕਲਯੁਗੀ ਬੇਟਾ ਆਪਣੇ ਬਿਰਧ ਮਾਂ ਜਾਂ ਬਾਪ ਨੂੰ ਕਿਸੇ ਆਸ਼ਰਮ ਜਾਂ ਸੜਕ ਕੰਢੇ ਲਵਾਰਿਸ ਛੱਡ ਗਿਆ।ਪਰ ਵਿਕਸਤ ਦੇਸ਼ਾਂ ਵਿਚ ਮਾਂ-ਬਾਪ ਦੀ ਜਾਇਦਾਦ ਉਹਨਾਂ ਦੀ ਆਪਣੀ ਹੈ ਅਤੇ ਉਹ ਆਪਣੇ ਬੁਢਾਪੇ ਲਈ ਅਡਵਾਂਸ ਵਿਚ ਦਵਾਈਆਂ ਦੀਆਂ, ਕੇਅਰਵਿਸਟ ਹੋਮ ਦੇ ਖ਼ਰਚੇ ਦੀਆਂ, ਬਲਕਿ ਮਰਨ ਉਪਰੰਤ ਆਖ਼ਰੀ ਕਿਰਿਆ-ਕਰਮ ਦੇ ਖ਼ਰਚੇ ਤੱਕ ਦੀਆਂ ਇਨਸ਼ੋਰੈਸ ਪਾਲਸੀਆਂ ਹੱਡ ਪੈਰ ਚੱਲਦੇ ਹੀ ਲੈਕੇ ਫ਼ਰੀ ਕਰ ਲੈਂਦੇ ਹਨ। ਇਕ ਵਧੀਆ ਵਸੀਹਤ ਬਣਾਕੇ ਵਾਧੂ ਦੀ ਜਾਇਦਾਦ ਜੇਕਰ ਚਾਹੁੰਣ ਤਾਂ ਬੱਚਿਆਂ ਨਹੀਂ ਤਾਂ ਕਿਸੇ ਚਰਚ ਜਾਂ ਹਸਪਤਾਲ ਨੂੰ ਦਾਨ ਕਰ ਜਾਂਦੇ ਹਨ। ਕੋਈ ਬੱਚਾ ਡਾਂਗਾਂ ਚੁੱਕ-ਚੁੱਕ ਨਹੀਂ ਲੜਦਾ ਕਿ ਸਾਨੂੰ ਹਿੱਸਾ ਘੱਟ ਮਿਲਿਆ, ਬਲਕਿ ਆਪਣੇ ਦਮ ਤੇ ਬਹੁਤੇ ਆਪਣਾ ਘਰ ਬਣਾਉਂਦੇ ਹਨ ਇਸ ਕਰਕੇ ਇਹਨਾਂ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਗਾਣੇ ਨਹੀਂ ਹਨ ਕਿ ਬਾਪੂ ਤੇਰੇ ਜਾਂ ਬੇਬੇ ਤੇਰੇ ਕਰਕੇ। ਪਰ ਨੇੜੇ ਤੋਂ ਦੇਖੀਏ ਤਾਂ ਬਜ਼ੁਰਗਾਂ ਪ੍ਰਤੀ ਇਹਨਾਂ ਦਾ ਪਿਆਰ ਬਿਨਾਂ ਕਿਸੇ ਗਰਜ਼ ਤੋਂ ਹੈ ਨਾਂ ਕਿ ਸਾਡੇ ਵਾਂਗ ਬਨਵਾਟੀ। ਸਾਡੇ ਤਾਂ ਸਾਰੀ ਉਮਰ ਪਸ਼ੂਆਂ ਵਾਂਗ ਔਲਾਦ ਲਈ ਕੰਮ ਕਰਨ ਵਾਲੇ ਮਾਪੇ ਜੇਕਰ ਬੁਢਾਪੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੀ ਜਾਇਦਾਦ ਬੱਚਿਆਂ ਦੇ ਨਾਮ ਕਰਕੇ ਇਕ ਨਿੱਕਾ ਜਿਹਾ ਸੀਨੀਅਰ ਲੋੜਾਂ ਪੂਰੀਆਂ ਕਰਨ ਵਾਲਾ ਬਾਥਰੂਮ ਵੀ ਬਣਾਉਣ ਲਈ ਤਰਲੇ ਕਰਨ ਤਾਂ ਕੋਈ ਨਹੀਂ ਸੁਣਦਾ। ਜੇਕਰ ਬਾਪੂ ਪੈਨਸ਼ਨ ਜਾਂ ਜਾਇਦਾਦ ਦਾ ਹਿੱਸਾ ਦੇ ਦੇਵੇ ਤਾਂ ਦੇਵਤਾ,ਜੇਕਰ ਨਾਂਹ-ਨੁੱਕਰ ਕਰੇ ਤਾਂ ਕੰਜਰ ਬੁੜਾ।ਸਾਡਾ ਪਰਿਵਾਰਕ ਅਤੇ ਭਾਈਚਾਰੇ ਦਾ ਪਿਆਰ ਉੱਪਰੋਂ ਵੱਡੇ ਮਹਿਲ ਵਾਂਗ ਦਿਸਦਾ ਹੈ ਪਰ ਅੰਦਰੋਂ ਪਾਥੀਆਂ ਕੱਢੇ ਗਹੀਰੇ ਵਾਂਗ ਖੋਖਲਾ ਹੈ।
                                ਪਹਿਲੇ 5 ਭਾਗਾਂ ਦੀਆਂ ਕਵਿਤਾਵਾਂ ਵਿਚ ਜਜ਼ਬਾਤ, ਹੇਰਵਾ ਅਤੇ ਖਿਆਲੀ ਉਡਾਰੀ ਭਾਰੂ ਹੈ,ਜੋ ਆਪਣੇ ਘਰ,ਪਰਿਵਾਰ,ਪਿੰਡ ਅਤੇ ਮਹੁੱਬਤ ਲਈ ਹੈ। ਇਕ ਔਰਤ ਦੇ ਪੱਖ ਤੋਂ ਇਹ ਹੇਰਵੇਂ ਦੀਆਂ ਕਵਿਤਵਾਂ ਦੇ ਆਵਦੇ ਅਰਥ ਹਨ, ਕਿਉਂਕਿ ਇਹਨਾਂ ਵਿਚ ਬਹੁਤ ਸੂਖਮਤਾਂ, ਸੰਜਦੀਗੀ ਅਤੇ ਜਜ਼ਬਾਤਾਂ ਦੀ ਗਹਿਰਾਈ ਹੈ। ਪਰ ਜਵਾਨ ਉਮਰ ਦਾ ਪਿਆਰ ਜਦੋਂ ਸਿਰੇ ਚੜ੍ਹ ਜਾਵੇ ਅਤੇ ਕਬੀਲਦਾਰੀ ਦੀਆਂ ਤਲਖ-ਹਕੀਕਤਾਂ ਨੂੰ ਜਿ਼ੰਦਗੀ ਸਾਮਣੇ ਤੋਂ ਟੱਕਰੇ ਤਾਂ ਇਸ ਵਿਚੋਂ ਬਹੁਤ ਕੁਝ ਉੱਡ-ਪੁੱਡ ਜਾਂਦਾ ਹੈ। ਉਹੀ ਪਿਆਰ ਦੇ ਕਿੱਸੇ ਵਧੀਆ ਲੱਗਦੇ ਹਨ ਜੋ ਪਰਵਾਨ ਨਹੀਂ ਚੜੇ। ਕਿਹਾ ਜਾਂਦਾ ਹੈ ਕਿ ਜੇਕਰ ਹੀਰ-ਰਾਂਝੇ ਦਾ ਪਿਆਰ ਪਰਵਾਨ ਚੜਦਾ ਤਾਂ ਲਾਡਲੀ ਪਲੀ ਹੀਰ ਤੋਂ ਚੁੱਲ੍ਹੇ ਤੇ ਰੋਟੀ ਸੜ ਜਾਣੀ ਸੀ ਤੇ ਵਿਆਹ ਦੇ ਚਾਅ ਲਹਿਣ ਤੋਂ ਪਿੱਛੋ ਨੱਕੋ-ਨੱਕ ਘਰ ਦੀ ਕਬੀਲਦਾਰੀ ਵਿਚ ਡੁੱਬੇ ਰਾਂਝੇ ਨੇ ਚੌਂਤਰੇ ਤੇ ਬੈਠੀ ਹੀਰ ਦੇ ਦੋ-ਤਿੰਨ ਜੜ੍ਹ ਦੇਣੀਆਂ ਸਨ,ਉਸਨੇ ਰੁੱਸਕੇ ਅਜਿਹਾ ਆਵਦੇ ਬਾਪ ਦੇ ਘਰ ਜਾਣਾ ਸੀ ਕਿ ਕੈਦੋ ਚਾਚਾ ਵੀ ਸਮਝੋਤਾ ਨਾ ਕਰਾ ਸਕਦਾ ਅਤੇ ਇਹ ਕਿੱਸਾ ਵੀ ਨਾ ਬਣਦਾ। ਬਾਕੀ ਸਾਨੂੰ ਐਵੇ ਵਾਧੂ ਦੇ ਪੁਰਣੇ ਘਰਾਂ, ਥਾਵਾਂ, ਪਿੰਡਾਂ, ਧਾਰਮਿਕ ਸਥਾਨਾਂ ਦੇ ਹੇਰਵੇ ਨਹੀਂ ਕਰਨੇ ਚਾਹੀਦੇ। ਅਰਬਾਂ-ਖਰਬਾਂ ਦੀ ਗਿਣਤੀ ਵਿਚ ਮਾਂ-ਬਾਪ ਬਣ-ਬਣ ਲੋਕ ਉਮਰ ਭੋਗ ਕੇ ਚਲੇ ਹਨ, ਅਸੀਂ ਵੀ ਚਲੇ ਜਾਣਾ ਹੈ। ਜੋ ਵੱਡਿਆਂ ਲਈ ਵਧੀਆ ਕਰ ਸਕਦੇ ਹਾਂ ਉਹਨਾਂ ਦੇ ਜੀਂਦੇ-ਜੀਅ ਕਰੀਏ ਤਾਂ ਕਿ ਉਹਨਾਂ ਦੇ ਉਮਰ ਭੋਗ ਕੇ ਚਲੇ ਜਾਣ ਤੇ ਸਬਰ ਕਾਇਮ ਰਹੇ ਅਤੇ ਹੇਰਵਾ ਨਾ-ਮਾਤਰ ਹੋਵੇ। ਬਾਹਲੇ ਰੋਣੇ ਅਤੇ ਹੇਰਵੇ ਉਹ ਹੀ ਕਰਦੇ ਹਨ ਜੋ ਜਿਉਂਦੇ ਜੀਅ ਉਹਨਾਂ ਰਿਸ਼ਤਿਆਂ ਤੋ ਅਵੇਸਲੇ ਰਹਿੰਦੇ ਹਨ।
                                 ‘ਕਰਮਾਂ ਵਾਲੀਆਂ ਕੁੜੀਆਂ’ ਕਵਿਤਾ ਵੀ ਸਾਡੇ ਸਮਾਜ ਦੀ ਬਣਤਰ ਦੇ ਅੰਦਰ ਵਿਆਹ ਕਰਵਾਕੇ ਔਰਤ ਦੇ ਸੁਖੀ ਵਸਣ ਅਤੇ ਵਧੀਆ ਜੀਵਨ ਬਤੀਤ ਕਰਨ ਦੀ ਕਵਿਤਾ ਹੈ। ਇਕ ਕੁੜੀ ਦੀ ਸੋਚ ਹੈ ਕਿ ਜੇਕਰ ਉਸ ਦਾ ਹਮਸਫ਼ਰ ਉਸ ਨਾਲ ਘਰਦਾ ਕੰਮ ਕਰਵਾਵੇ, ਮਾਂ ਦੇ ਪਿੱਛੇ ਲੱਗਕੇ ਉਸ ਨਾਲ ਨਾ ਲੜੇ,ਉਸਨੂੰ ਰਾਣੀਆਂ ਵਾਂਗ ਰੱਖੇ, ਮਹਿਬੂਬਾ ਵਾਂਗ ਚਾਹੇ। ਪਰ ਅਸਲ ਵਿਚ ਅਜਿਹਾ ਸੰਭਵ ਨਹੀਂ, ਕਿਉਂਕਿ ਰਾਣੀਆਂ ਦੇ ਜੀਵਨ ਬਾਰੇ ਵੀ ਸਾਡੀ ਬਣੀ-ਬਣਾਈ ਧਾਰਨਾ ਹੈ,ਪਰ ਅਸਲੀਅਤ ਇਹ ਹੈ ਕਿ ਰਾਜਿਆਂ ਦੇ ਜੀਵਨ ਵਿਚ ਰਾਣੀਆਂ ਦੀ ਕੋਈ ਅਹਿਮੀਅਤ ਨਹੀਂ ਸੀ, ਕਿਉਂਕਿ ਇਤਿਹਾਸ ਗਵਾਹ ਹੈ ਕਿ ਇਕ-ਇਕ ਰਾਜਾ ਸੈਂਕੜੇ ਰਾਣੀਆਂ ਰੱਖਦਾ ਸੀ। ਉਹ ਖੁਦ ਉਹਨਾਂ ਦੇ ਨਾਮ ਨਹੀਂ ਜਾਣਦੇ ਸਨ ਬਲਕਿ ਨੰਬਰਾਂ ਵਿਚ ਗਿਣਤੀ ਹੁੰਦੀ ਸੀ। ਕੁੜੀ ਹੋਣ ਤੇ ਰਾਤੋ-ਰਾਤ ਰਾਣੀ ਅਤੇ ਨਵਜੰਮ ਬੱਚੀ ਨੂੰ ਅਫ਼ੀਮ ਦੀ ਡੋਜ ਦੇ ਕੇ ਰਾਣੀਆਂ ਵਾਲੇ ਮਹਿਲ ਦੇ ਪਿੱਛੇ ਲਗਾਤਾਰ ਬਲਦੀ ਅੱਗ ਵਿਚ ਸਿੱਟ ਕੇ ਖ਼ਤਮ ਕਰ ਦਿੱਤਾ ਜਾਂਦਾ ਸੀ ਤੇ ਹੋਰ ਵੀ ਢੰਗ ਸਨ। ਉਸ ਮਹਿਲ ਦੇ ਕਮਰੇ ਵਿਚ ਉਸੇ ਨੰਬਰ ਦੀ ਕੋਈ ਹੋਣ ਰਾਣੀ ਆ ਜਾਂਦੀ ਸੀ। ਬਹੁਤੀਆਂ ਰਾਣੀ ਦਾ ਪੂਰੇ ਜੀਵਨ ਵਿਚ ਇਕ ਵਾਰ ਹੀ ਰਾਜੇ ਨਾਲ ਮੇਲ ਹੁੰਦੇ ਸਨ ਅਤੇ ਬਾਕੀ ਦੀ ਉਮਰ ਉਸ ਦੀ ਉਡੀਕ ਵਿਚ ਕੱਢਦੀਆਂ ਪਾਗਲ ਹੋ ਕੇ ਮਹਿਲ ਤੋਂ ਛਾਲ ਮਾਰਕੇ ਜਾਂ ਜਹਿਰ ਖਾਕੇ ਜਾਂ ਵੱਧ ਅਫ਼ੀਮ ਖਾਕੇ ਆਪਣਾ ਅੰਤ ਕਰ ਲੈਂਦੀਆਂ ਸਨ। ਜੇਕਰ ਇਕ ਖਿੱਤੇ ਦੀ ਔਰਤ ਵਿਆਹ ਦੇ ਬੱਧਨ ਵਿਚ ਇਸ ਕਵਿਤਵਾਂ ਵਿਚ ਪੇਸ਼ ਕੀਤੀਆਂ ਇਛਾਵਾਂ ਦੇ ਪੂਰਾ ਹੋਣ ਤੇ ਖ਼ਸ ਹੈ ਤਾਂ ਇਹ ਵੀ ਨਾਰੀਵਾਦ ਦੀ ਹੋਰ ਖੋਜ ਦੀ ਵਿਸ਼ਾ ਹੈ। ਕਿਉਂਕਿ ਮਾਰਕਸਵਾਦੀ ਨਾਰੀਵਾਦ ਸਿਧਾਂਤ ਤਾਂ ਕਹਿੰਦਾ ਹੈ ਕਿ ਔਰਤ ਦੀ ਖੁਸ਼ੀ ਅਤੇ ਬਰਾਬਰਤਾ ਵਿਚ ਆਰਥਿਕ ਬਰਾਬਰੀ ਵੱਡਾ ਰੋਲ ਅਦਾ ਕਰ ਸਕਦੀ ਹੈ ਅਤੇ ਦੂਸਰਾ ਉਪਰੋਤਕ ਕਵਿਤਾ ਵਿਚਲੀ ਵਿਆਹ ਦੀ ਸੰਸਥਾ ਵਿਚ ਬਦਲ ਦੀ ਗੱਲ ਕਰਦਾ ਹੈ ਕਿ ਅਜੇ ਵੀ ਔਰਤ ਵਿਆਹ ਕਰਾਉਣ, ਬੱਚੇ ਪੈਦਾ ਕਰਨ ਅਤੇ ਉਹਨਾਂ ਦੀ ਸਾਂਭ-ਸੰਭਾਲ ਵਿਚ ਹੀ ਜਿ਼ੰਦਗੀ ਲੰਘਾ ਰਹੀ ਹੈ। ਮਾਕਸਵਾਦ ਵਿਚ ਬੱਚਿਆਂ ਦੀ ਪੜਾਈ ਅਤੇ ਉਹਨਾਂ ਨੂੰ ਸਹੀ ਮਨੁੱਖ ਬਣਾਉਣ ਵਿਚ ਸਾਂਝੇ ਸਮਾਜ ਅਤੇ ਸਕਰਾਰ ਦਾ ਰੋਲ ਜਿ਼ਆਦਾ ਹੈ ਤਾਂ ਕਿ ਔਰਤ ਇਹਨਾਂ ਬੋਝਾ ਥੱਲੇ ਹੀ ਨਾ ਨੱਪੀ ਰਹੇ। ਇਸ ਕਵਿਤਾ ਵਿਚ ਵੀ ਪਰਿਵਾਰਕ ਸਮਝੌਤਾਵਾਦੀ ਨਾਰੀਵਾਦ ਦੇ ਸਬੰਧ ਵਿਚ ਸੋਚ-ਵਿਚਾਰ ਦੀ ਧਾਰਣਾ ਪੈਦਾ ਹੁੰਦੀ ਹੈ।
                               ਆਸ ਹੈ ਕਿ ਕਵਿੱਤਰੀ ਸੰਦੀਪ ਕੌਰ ‘ਰੂਹਵ’ ਦੀ ਕਲਮ ਆਉਣ ਵਾਲੇ ਸਮੇਂ ਵਿਚ ਰੋਕਾਂ-ਟੋਕਾਂ, ਜਾਤਾਂ, ਗਲਤ ਧਾਰਮਿਕ ਪਖੰਡਾਂ ਨੂੰ ਨੰਗੇ ਕਰਨ ਅਤੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਗਲਤ ਕਹਿੰਦਿਆਂ ਮਾਰਕਸਵਾਦੀ ਵਿਚਾਰਾਂ ਰਾਹੀਂ ਸਮਾਜ ਨੂੰ ਸਭ ਦੇ ਰਹਿਣ ਲਈ ਬਰਾਬਰ ਦਾ ਬਣਾਉਣ ਉੱਪਰ ਕੰਮ ਕਰੇਗੀ। ਉਹਨਾਂ ਦੇ ਇਸ ਸੂਖ਼ਮ ਅਤੇ ਸੰਜੀਦਾ ਕਵਿਤਾਵਾਂ ਵਾਲੇ ਕਾਵਿ-ਸੰਗ੍ਰਹਿ ‘ਕੰਧਾਂ ਦੇ ਓਹਲੇ’ ਨੂੰ ਸਾਹਿਤਕ ਜਗਤ ਵਿਚ ਜੀ ਆਇਆ।  
ਬਲਜਿੰਦਰ ਸੰਘਾ
403-680-3212

ਰਿਐਲਟਰ ਦੀ ਕਲਮ ਤੋਂ- ਕਨੇਡਾ ਦੀ ਰੀਅਲ ਇਸਟੇਟ ਇੰਡਸਟਰੀ ਵਿਚ ਫਰਾਡ ਦੀ ਇਹ ਵੀ ਅਜੀਬ ਕਿਸਮ ਹੈ? - ਬਲਜਿੰਦਰ ਸੰਘਾ

ਦੁਨੀਆਂ ਵਿਚ ਇਮਦਾਨਦਾਰ ਇਨਸਾਨਾਂ ਦੀ ਕਮੀ ਨਹੀਂ ਹੈ ਨਾਲ ਹੀ ਦੁਨੀਆਂ ਬੇਈਮਾਨਾਂ ਨਾਲ ਵੀ ਭਰੀ ਪਈ ਹੈ। ਹਰ ਰੋਜ਼ ਧੋਖੇ ਤੇ ਠੱਗੀਆਂ ਹੋਣ ਦੀਆਂ ਖਬਰਾਂ ਆਪਾ ਸਭ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ। ਪਰ ਕਨੇਡਾ ਦੇ ਰੀਅਲ ਇਸਟੇਟ ਖੇਤਰ ਵਿਚ ਇਕ ਵੱਖਰੀ ਕਿਸਮ ਦਾ ਧੋਖਾ ਵੀ ਹੈ। ਵੱਖਰੀ ਕਿਸਮ ਦਾ ਇਸ ਕਰਕੇ ਕਿ ਲੁੱਟਿਆ ਜਾਣ ਵਾਲਾ ਵਿਆਕਤੀ ਇਸਤੇ ਮਾਣ ਮਹਿਸੂਸ ਕਰਦਾ ਹੈ ਤੇ ਕਈ ਵਾਰ ਦਹਾਕੇ ਤੱਕ ਲੁੱਟ ਵੀ ਹੋਈ ਜਾਂਦਾ ਹੈ ਧੋਖਾ ਕਰਨ ਵਾਲਿਆਂ ਨਾਲ ਸਗੋਂ ਹੋਰ ਚੰਗਾ ਮੋਹ-ਮਿਲਾਪ ਕਰਨ ਲੱਗ ਜਾਂਦਾ ਹੈ। ਭਾਵ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਬੇਈਮਾਨੀ ਵਿਚ ਭਰਗੀਦਾਰ ਬਣਾ ਲਿਆ ਗਿਆ ਹੈ। ਮੈਂ ਇਸ ਧੋਖੇ ਬਾਰੇ ਥੋੜਾ ਵਿਸਥਾਰ ਨਾਲ ਲਿਖਣ ਦਾ ਮਨ ਤਾਂ ਬਣਾਇਆ ਕਿਉਂਕਿ ਮੈਂ ਫੇਸਬੁੱਕ ਤੇ ਇਕ ਨਿੱਕੀ ਪੋਸਟ ਵਿਚ ਲਿਖਿਆ ਸੀ ਕਿ ਕਨੇਡਾ ਵਿਚ ਵੀ ਅਹਿਜੇ ਪੰਜਾਬੀ ਲੋਕ ਹਨ ਜੋ ਤੁਹਾਨੂੰ ਬੇੲਮਾਨੀ ਵਿਚ ਭਾਗੀਦਾਰ ਬਣਾ ਲੈਂਦੇ ਹਨ ‘ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਪੋਸਟ ਦੀ ਇਸ ਲਾਈਨ ਬਾਰੇ ਕਈ ਦੋਸਤਾਂ ਨੇ ਪੁੱਛਿਆ ਕਿ ਇਹ ਕਿਸ ਤਰਾਂ ਹੁੰਦਾ ਹੈ ਤਾਂ ਮੈਂ ਇਸਨੂੰ ਵਿਸਥਾਰ ਵਿਚ ਲਿਖਣ ਬਾਰੇ ਸੋਚਿਆ।

                       ਰੀਅਲ ਇਸਟੇਟ ਇੰਡਸਟਰੀ ਵਿਚ ਇਹ ਇਕ ਅਜਿਹਾ ਅਜੀਬ ਕਿਸਮ ਦਾ ਧੋਖਾ (ਫਰਾਡ) ਹੈ ਜੋ ਤੁਹਾਡੇ ਬਹੁਤ ਨੇੜੇ ਦੇ ਭਰੋਸੇ ਯੋਗ ਰਿਐਲਟ ਵੱਲੋਂ ਆਪਣੀ ਗੁਰਗਾ ਟੀਮ ਨਾਲ ਮਿਲਕੇ ਕੀਤਾ ਜਾਂਦਾ ਹੈ। ਕਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ ਇਹ ਧੋਖਾ 2002-2009 ਵਿਚ ਬਹੁਤ ਜੋਰਾਂ ਤੇ ਰਿਹਾ। ਇਸ ਵਿਚ ਰਿਐਲਟਰ, ਵਕੀਲ, ਮੌਰਟਗੇਜ਼ ਸਪੈਸਲਿਸ਼ਟ ਕਈ ਵਾਰ ਇਕੱਲੇ ਰਿਐਲਟਰ ਸ਼ਾਮਿਲ ਹੁੰਦੇ ਹਨ। ਇਸ ਵਿਚ ਕੀ ਹੁੰਦਾ ਹੈ ਕਿ ਪ੍ਰਪਾਰਟੀ ਰਿਐਲਟਰ ਆਪ ਲੈ ਲੈ਼ਦੇ ਹਨ ਜਾਂ ਨਾਲ ਗਾਹਕ ਬਣਾਕੇ ਰਲਾਏ ਆਪਣੇ ਗੁਰਗੇ ਦੇ ਨਾਮ ਤੇ ਲੈਂਦੇ ਹਨ ਤੇ ਆਪਣੇ ਹੀ ਕਿਸੇ ਰਿਸ਼ਤੇਦਾਰ, ਨੇੜੇ ਦੇ ਦੋਸਤ ਜਾਂ ਫਿਰ ਉਹਨਾਂ ਦੇ ਗੁਰਗੇ ਜੋ ਫੈਕਟਰੀਆਂ ਵਿਚ ਕੰਮ ਕਰਦੇ ਹਨ ਉਹ ਆਪਣੇ ਕਿਸੇ ਨਾਲ ਦੇ ਵਰਕਰ ਨੂੰ ਇਹ ਕਹਿੰਦੇ ਕਿ ਇਕ ਘਰ ਹੈ ਮੇਰੇ ਦੋਸਤ ਰਿਐਲਟਰ ਕੋਲ ਹੈ ਵਿਚ ਮੇਰਾ ਵੀ ਹਿੱਸਾ ਹੈ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਥੋੜਾ ਕੰਮ-ਕਾਜ ਦਾ ਮੰਦਾ ਕਰਕੇ ਆਪਣੇ ਨਾਮ ਤੇ ਉਸਦੀ ਮੌਰਟਗੇਜ ਰੀਨਿਉ ਨਹੀਂ ਕਰਵਾ ਸਕਦੇ, ਅਸੀਂ ਨਹੀਂ ਚਾਹੁੰਦੇ ਕਿ ਮਿਹਨਤ ਨਾਲ ਬਣਾਈ ਲੱਖਾਂ ਡਾਲਰਾਂ ਦੀ ਪ੍ਰਪਾਰਟੀ ਭੰਗ ਦੇ ਭਾਣੇ ਚਲੀ ਜਾਵੇ।

                                ਇਸ ਤੋਂ ਬਾਅਦ ਅਗਲੇ ਨੂੰ ਹੋਰ ਪਿਆਰ ਦੇ ਦਾਣੇ ਪਾਉਂਦਿਆ ਕਿਹਾ ਜਾਂਦਾ ਹੈ ਕਿ ਡਾਲਰਾਂ ਦਾ ਮਸਲਾ ਹੈ ਸੋ ਬਾਈ ਜੀ- ਵੀਰੇ - ਭਾਜੀ ਅਸੀਂ ਹਰ ਕਿਸੇ ਤੇ ਵਿਸ਼ਵਾਸ਼ ਵੀ ਨਹੀ ਕਰ ਸਕਦੇ, ਤੂੰ ਕਿੰਨਾ ਇਮਾਨਦਾਰ ਹੈ ਲੋਕਾਂ ਵਿਚ ਤੇਰੀ ਕਿੰਨੀ ਇੱਜ਼ਤ ਹੈ, ਤੁਹਾਡਾ ਤਾਂ ਸਾਰਾ ਖਾਨਦਾਨ ਹੀ ਬਹੁਤ ਇਮਾਨਦਾਰ ਹੈ। ਬਾਕੀ ਤੇਰੇ ਨਾਮ ਤੇ ਮੋਰਟਗੇਜ਼ ਵੀ ਹੋ ਜਾਣੀ ਹੈ ਇਹ ਸਾਰਾ ਕੰਮ ਤੇ ਪੇਪਰ ਵਰਕ ਅਸੀਂ ਕਰਵਾ ਦੇਣਾ ਤੇਰਾ ਭੋਰਾ ਵੀ ਸਮਾਂ ਬਰਬਾਦ ਨਹੀ ਕਰਨਾ, ਨਾ ਅਸੀਂ ਕਹਿਣਾ ਹੈ ਕਿ ਕੰਮ ਤੋਂ ਛੁੱਟੀ ਕਰਕੇ ਸਾਡੇ ਨਾਲ ਚੱਲ, ਨਾ ਮਾਰਟਗੇਜ ਦੇ ਸਾਈਨ ਕਰਨ ਜਾਣ ਦੇਣਾ, ਨਾ ਤੈਂਨੂੰ ਵਕੀਲ ਦੇ ਦਫਤਰ ਜਾਣ ਦੀ ਲੋੜ ਹੈ, ਬੱਸ ਅਸੀਂ ਘਰ ਆਕੇ ਹੀ ਸਾਈਨ ਕਰਵਾ ਲੈਣੇ ਹਨ, ਹਾਂ ਜੇ ਕਿਤੇ ਜਾਣਾ ਪੈ ਗਿਆ ਤਾਂ ਆਪਾ ਆਏ ਕਰਦੇ ਕਿਉਂ ਤੂੰ ਸਾਡੀ ਇੰਨੀ ਮਦਦ ਕਰ ਰਿਹਾ ਅਸੀਂ ਤੈਂਨੂੰ ਤਿੰਨ ਹਜ਼ਾਰ ਡਾਲਰ ਵੀ ਦੇ ਦਿੰਨੇ ਆ, ਹਾਂ ਸੱਚ ਫਿਰ ਘਰ ਅਸੀਂ ਕਿਰਾਏ ਤੇ ਦੇ ਦੇਣਾ ਤੇ ਜਿੰਨਾ ਚਿਰ ਤੇਰੇ ਨਾਮ ਤੇ ਰਹੇਗਾ ਅਸੀਂ ਤੈਂਨੂੰ ਕਿਰਾਏ ਵਿਚ ਵੀ ਸੋ ਡਾਲਰ ਮਹੀਨੇ ਦਾ ਕੈਸ ਦੇ ਦਿਆਂ ਕਰਾਗੇ ਜਾਂ ਆਏ ਕਰਦੇ ਹਾਂ ਕਿ ਕਿਉਂਕਿ ਘਰ ਤੇਰੇ ਨਾਮ ਹੈ ਤੇ ਤੇਰੇ ਬੈਕ ਅਕਾਉਂਟ ਤੋਂ ਕਿਸ਼ਤ ਜਾਣੀ ਹੈ ਕਿਸ਼ਤ ਤਾਂ ਦੋ ਹਜ਼ਾਰ ਮਹੀਨਾ ਹੈ ਪਰ ਅਸੀਂ ਹਰ ਮਹੀਨੇ ਇੱਕੀ ਸੋ ਡਾਲਰ ਦੇ ਦਿਆ ਕਰਾਗੇ।

                                   ਹੁਣ ਉਹ ਬੰਦਾ ਸੋਚਦਾ ਹੈ ਬਈ ਕਿੰਨਾ ਵਿਸ਼ਵਾਸ਼ ਹੈ ਇਹਨਾਂ ਨੂੰ ਮੇਰੇ ਤੇ,  ਨਾਲੇ ਤਾਂ ਆਪਣੇ ਘਰ ਦਾ ਟਾਈਟਲ ਮੇਰੇ ਨਾਮ ਕਰਕੇ ਆਪਣੇ ਹੱਥ ਵਢਾ ਰਹੇ ਹਨ ਤੇ ਨਾਲੇ ਮੈਂਨੂੰ ਡਾਲਰ ਵੀ ਦੇ ਰਹੇ ਹਨ, ਚਲੋ ਕਨੇਡਾ ਵਿਚ ਆਕੇ ਤਾਂ ਸਾਡੇ ਖਾਨਦਾਨ ਦੀ ਇਮਾਨਾਦਰੀ ਦਾ ਮੁੱਲ ਪੈ ਹੀ ਗਿਆ, ਇਹਨਾਂ ਨੇ ਕੀਤੀ ਹੈ ਮੇਰੇ ਵਰਗੇ ਹੀਰੇ ਦੀ ਅਸਲੀ ਪਛਾਣ। ਘਰ ਆਪਣੇ ਨਾਮ ਕਰਵਾਉਣ ਵਾਲਾ ਬੰਦਾ ਸੋਚਦਾ ਹੈ ਕਿ ਹੁਣ ‘ਰਾਜੇ ਦੀ ਜਾਨ ਤੋਤੇ ਵਿਚ’ ਵਾਲੀ ਕਹਾਣੀ ਵਾਂਗ ਇਹਨਾਂ ਦੀ ਜਾਨ ਮੇਰੇ ਹੱਥ ਹੈ, ਮੈਂ ਇਹਨਾਂ ਦਾ ਘਰ ਜਿਉਂ ਆਪਣੇ ਨਾਮ ਕਰਾਈ ਬੈਠਾ ਹੈ।

                                                         ਉਹ ਸੋਚਦਾ ਹੈ ਕਿ ਇਹੋ ਜਿਹੇ ਰਿਐਲਟਰ ਤਾਂ ਰੱਬ ਦਾ ਰੂਪ ਹਨ। ਇੱਥੋਂ ਤੱਕ ਇਹ ਹੈ ਕਿ ਧੋਖਾ ਤਾਂ ਹੋ ਗਿਆ ਪਰ ਪਤਾ ਨਹੀਂ ਲੱਗਾ। ਘਰ ਉਸਦੇ ਨਾਮ ਕਰਨ ਲੱਗਿਆ ਜੇਕਰ ਉਹ ਇੱਕ ਵਾਰ ਪਹਿਲਾ ਫਲਿੱਪ ਕਰਕੇ ਮਾਰਕੀਟ ਮੁੱਲ ਤੋਂ ਤੀਹ ਤੋਂ ਪੰਜਾਹ ਹਜ਼ਾਰ ਡਾਲਰ ਤੱਕ ਵੱਧ ਦਾ ਹੈ ਤਾਂ ਉਸਦੇ ਨਾਮ ਸੇਲ ਕਰਨ ਲੱਗਿਆ ਇੰਨਾ ਕੁ ਹੋਰ ਵਧਾ ਦਿੱਤਾ ਜਾਂਦਾ ਹੈ। ਇੱਕ-ਦੋ ਸਾਲ ਤੱਕ ਰੈਂਟ ਤੇ ਦੇਕੇ ਥੋੜੀ ਤੋਂ ਥੋੜੀ ਕਿਸ਼ਤ ਬਣਾਕੇ ਕੁਝ ਕੁ ਹਜ਼ਾਰ ਮੌਰਟਗੇਜ ਉਤਾਰੀ ਜਾਂਦੀ ਹੈ, ਫਿਰ ਜੋ ਮਹੀਨਾ ਵਾਰ ਡਾਲਰ ਜਿਵੇਂ ਕਿ ਉੱਪਰ ਇੱਕੀ ਸੋ ਲਿਖਿਆ ਸੀ ਉਹ ਉਸਨੂੰ ਦੇਣੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਦੇ ਨਾਮ ਘਰ ਦਾ ਟਾਈਟਲ ਕੀਤਾ ਗਿਆ ਸੀ। ਹੁਣ ਉਹੀ ਜੋ ਘਰ ਨਾਮ ਕਰਵਾੳਣ ਵਾਲਾ ਇਹ ਸੋਚਦਾ ਸੀ ਕਿ ਮੇਰੇ ਨਾਮ ਘਰ ਹੈ ਤੇ ਉਹਨਾਂ ਦੀ ਨਬਜ਼ ਮੇਰੇ ਹੱਥ ਹੈ ਹੁਣ ਕੰਮ ਉਲਟਾ ਹੋ ਜਾਂਦਾ ਹੈ ਉਹ ਫੋਨ ਕਰ ਕਰ ਕਹਿੰਦਾ ਰਹਿੰਦਾ ਹੈ ਕਿ ਮੇਰੇ ਅਕਾਉਟ ਵਿਚੋਂ ਤੁਹਾਡੇ ਘਰ ਦੀ ਕਿਸ਼ਤ ਜਾਈ ਜਾਂਦੀ ਹੈ ਤੇ ਜੇ ਮੈਂ ਕਿਸ਼ਤ ਦੇਣੀ ਬੰਦ ਕਰਾਉਣਾ ਤਾਂ ਮੇਰਾ ਰਿਕਾਰਡ ਖਰਾਬ ਹੁੰਦਾ ਹੈ, ਤੁਸੀਂ ਆਪਣੇ ਘਰ ਦੀ ਕਿਸ਼ਤ ਕਿੳਂ ਨਹੀ ਭੇਜਦੇ ਮੈਂਨੂੰ। ਅਖੀਰ ਨੂੰ ਖੱਜਲ-ਖੁਆਰ ਹੋਕੇ ਉਹ ਇਸ ਸਿੱਟੇ ਤੇ ਪਹੁੰਦਾ ਹੈ ਕਿ ਘਰ ਤਾਂ ਮੇਰੇ ਹੀ ਨਾਮ ਹੈ ਕਿਸ਼ਤ ਤਾਂ ਮੈਂਨੂੰ ਹੀ ਦੇਣੀ ਪੈਣੀ ਹੈ। ਘਰ ਦਾ ਮੁੱਲ ਤਾਂ ਮਾਰਕੀਟ ਅਨੁਸਾਰ ਚਾਰ ਲੱਖ ਹੀ ਹੈ ਪਰ ਮੇਰੇ ਨਾਮ ਤਾਂ ਚਾਰ ਲੱਖ ਸੱਠ ਹਜ਼ਾਰ ਦਾ ਹੋਇਆ ਹੈ ਤੇ ਕਿਸ਼ਤਾ ਅਜੇ ਚਾਰ ਲੱਖ ਚਾਲੀ ਹਜ਼ਾਰ ਦੀਆਂ ਰਹਿੰਦੀਆਂ ਨੇ, ਤਾਂ ਇਥੇ ਆਕੇ ਉਸਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ, ਪਰ ਹੁਣ ਹੋ ਕੁਝ ਨਹੀਂ ਸਕਦਾ, ਕਾਰਨ ਇਹ ਕਿ ਕਾਨੂੰਨੀ ਤੌਰ ਤੇ ਇਹ ਆਈਡੀ ਫਰਾਡ ਵੀ ਨਹੀਂ ਬਣਦਾ ਹੈ ਤੇ ਕਿਸੇ ਹੋਰ ਘੇਰੇ ਵਿਚ ਵੀ ਨਹੀਂ ਆਉਂਦਾ।

                                             ਇਸ ਵਿਚ ਅੱਗੇ ਹੋਰ ਵੀ ਬਹੁਤ ਕੁਝ ਹੈ ਤੇ ਜੰਗਲ ਵਾਂਗ ਹੈ, ਕਈ ਵਾਰ ਇਹ ਸਿਲਸਿਲਾ ਅੱਗੇ ਤੱਕ ਚੱਲਦਾ ਹੈ ਤੇ ਇਹੀ ਘਰ ਫਿਰ ਹੋਰ ਨੂੰ ਵੇਚਣ ਜਾਂ ਉਸ ਉੱਤੇ ਹੋਰ ਕਈ ਤਰਾਂ ਦੇ ਕਰਜ਼ੇ ਚੱਕ ਲਏ ਜਾਂਦੇ ਹਨ ਤੇ ਘਰ ਨਾਮ ਕਰਵਾਉਣ ਵਾਲੇ ਤੋਂ ਘਰ ਨਾਮ ਕਰਨ ਸਮੇਂ ਜਾਂ ਕਿੳਂਕਿ ਉਹ ਪੂਰੇ ਵਿਸ਼ਵਾਸ਼ ਵਿਚ ਹੋਣ ਕਰਕੇ ਇਸ ਸੋਚ ਵਿਚ ਹੁੰਦਾ ਕਿ ਘਰ ਤਾਂ ਇਹਨਾਂ ਦਾ ਹੀ ਹੈ ਤੇ ਉਹਦੇ ਸਾਈਨ ਕਰਵਾਕੇ ਘਰ ਤੇ ਸੈਕਿੰਡ ਮਾਰਟਗੇਜ ਜਾਂ ਹੋਮ ਕਰੈਡਿੰਟ ਲਾਇਨ ਜਾਂ ਪਰਾਈਵੇਟ ਕਰਜੇ਼ ਲੈ ਲਏ ਜਾਂਦੇ ਹਨ। ਇਹੋ ਜਿਹੇ ਇਕ ਘਰ ਵਿਚੋਂ ਨਿੱਟ ਪੰਜਾਹ ਹਜ਼ਾਰ ਡਾਲਰ ਤੋਂ ਇਕ ਲੱਖ ਤੱਕ ਲਾਭ ਕਮਾਕੇ ਰਿਐਲਟਰ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ। ਸੋਚੋ ਜੇ ਇਹੋ ਜਿਹੇ ਦਸ ਮੁਰਗੇ ਵੀ ਫਸਾਏ ਤਾਂ ਇਕ ਮਿਲੀਅਨ ਡਾਲਰ ਤਾਂ ਕਾਗਜਾਂ ਦੇ ਹੇਰ-ਫੇਰ ਨਾਲ ਹੀ ਕਮਾ ਲਿਆ ਤੇ ਜਿਸ ਤੋਂ ਕਮਾਏ ਉਹ ਜਾਣਦਾ ਹੀ ਨਹੀਂ ਤੇ ਜਾਣ ਵੀ ਗਿਆ ਤਾਂ ਖੁਦ ਕੀਤੇ ਸਾਈਨ, ਆਵਦੇ ਹੀ ਖਾਤੇ ਵਿਚੋਂ ਜਾਦੀ ਕਿਸ਼ਤ ਨੂੰ ਆਪਣੇ ਨਾਲ ਹੋਇਆ ਧੋਖਾ (ਫਰਾਡ) ਕਿਵੇਂ ਸਿੱਧ ਕਰੇ।

                                                   ਫਿਰ ਇਹੋ ਬੰਦੇ ਆਪਣੇ ਪਿੰਡਾ ਵਿਚ ਜਾਕੇ ਵੱਡੇ-ਵੱਡੇ ਕਬੱਡੀ ਕੱਪ ਕਰਾਉਂਦੇ ਹਨ ਤੇ ਦਸ=ਦਸ ਮੋਟਰ ਸਾਈਕਲ, ਜੀਪਾਂ, ਪੰਜ-ਪੰਜ ਲੱਖ ਰੁਪਏ ਪਹਿਲਾ ਇਨਾਮ ਰੱਖਦੇ ਹਨ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਟੂਰਨਾਮੈਂਟ ਜਾਂ ਹੋਰ ਮੇਲੇ ਇਹੋ ਲੋਕ ਕਰਵਾਉਂਦੇ ਹਨ, ਬਹੁਤ ਸਾਰੇ ਇਮਾਨਦਾਰੀ ਨਾਲ ਕਮਾਈ ਕਰਨ ਵਾਲੇ ਦਾਨੀਆਂ ਦੀ ਵੀ ਘਾਟ ਨਹੀਂ ਹੈ। ਪਰ ਇਹਨਾਂ ਦੇ ਪਿੰਡੋਂ, ਸ਼ਹਿਰੋਂ ਜਾਂ ਨਾਲ ਦੇ ਕਸਬੇ ਵਿਚੋਂ ਕਨੇਡਾ ਆਏ ਆਪਣੇ ਲੜਕੇ ਨੂੰ ਮਾਪੇ ਜਾਂ ਪਿੰਡ ਦੇ ਲੋਕ ਜਰੂਰ ਤਾਹਨੇ ਮਾਰਦੇ ਰਹਿੰਦੇ ਹਨ ਕਿ ਫਾਲਣੇ ਦਾ ਮੁੰਡਾ ਤਾਂ ਲੱਖਾ ਰੁਪਏ ਏਧਰ ਟੂਰਨਾਮੈਟਾਂ ਤੇ ਹੀ ਲਾਈ ਜਾਂਦਾ ਤੂੰ ਕਨੇਡਾ ਜਾਕੇ ਵੀ ਰੋਈ ਜਾਨਾ ਕਿ ਬਣਦਾ ਕੁਝ ਨਹੀਂ ਤੇ ਪੰਜੀ-ਪੰਜੀ ਸਾਲੀ ਘਰ ਲਾਏ ਗੇੜੇ ਤੇ ਵੀ ਰੋਈ ਜਾਨਾਂ ਕਿ ਟਿਕਟ ਬਹੁਤ ਮਹਿੰਗੀ ਆ ਤੇ ਮਹਿੰਗਾਈ ਵੀ ਬਹੁਤ ਆ।

                                                                   ਸੋ ਧੋਖੇ ਤਾਂ ਇੰਨੇ ਤਰ੍ਹਾਂ ਦੇ ਹਨ ਕਿ ਸਮਾਂ ਮਿਲਿਆ ਤਾਂ ਲਿਖਦਾ ਰਹਾਂਗਾ, ਕਿਉਂ ਕਿ ਜੋ ਅਨਭੋਲ ਲੁੱਟੇ ਜਾਂਦੇ ਹਨ ਉਹਨਾਂ ਦੀ ਕਨੇਡਾ ਵਿਚ ਲੱਗ-ਭੱਗ ਅੱਧੀ ਕਮਾਈ ਇਹਨਾਂ ਧੋਖੇਬਾਜਾਂ ਦੇ ਲੇਖੇ ਲੱਗ ਜਾਂਦੀ ਹੈ। ਪਰ ਬਣਦਾ ਕੁਝ ਨਹੀਂ ਕਿੳਂਕਿ ਇਹ ਧੋਖਾ ਸਭ ਤੋਂ ਵੱਡਾ ਧੋਖਾ ਹੋਕੇ ਵੀ ਕਾਨੂੰਨ ਦੀ ਨਜ਼ਰ ਵਿਚ ਧੋਖਾ ਨਹੀਂ ਹੈ।

                                                        ਬੇਨਤੀ ਹੈ ਕਿ ਆਪਣੇ ਨੇੜੇ-ਤੇੜੇ ਨਵੇਂ ਆਏ ਵਿਦਿਆਰਥੀ ਬੱਚਿਆਂ ਤੇ ਇੰਮੀੰਗਰਾਂਟਸ ਨੂੰ ਦੱਸਦੇ ਰਹੋ ਕਿ ਕਿਸੇ ਨਾਲ ਵੀ ਪ੍ਰਪਰਾਟੀ ਡੀਲ ਕਰਨ ਤੋਂ ਪਹਿਲਾ ਉਸ ਰਿਐਲਟਰ, ਜਾਂ ਕਿਸੇ ਵੀ ਹੋਰ ਦਾ ਰਿਕਾਰਡ ਜਰੂਰ ਫੋਲਾ-ਫਾਲੀ ਕਰ ਲਿਆ ਕਰੋ। ਹੁਣ ਤਾਂ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਖਾਸ ਕਰਕੇ ਕਿ ਉਸ ਬੰਦੇ ਦੀ ਆਪਣੇ ਲੋਕਾਂ ਵਿਚ ਕੀ ਦਿੱਖ ਹੈ। ਬਾਕੀ ਸਰਕਾਰਾਂ ਤੇ ਹਰ ਅਦਾਰੇ ਦੇ ਨਿਯਮ ਵੀ ਸਮੇਂ-ਸਮੇਂ ਜਦੋਂ ਅਜਿਹੇ ਧੋਖੇ ਹੁੰਦੇ ਹਨ ਸਖਤ ਹੋ ਜਾਂਦੇ ਤੇ ਇਸ ਧੋਖੇ ਕਰਕੇ ਹੀ ਹੁਣ ਬੈਕ ਪਰੈਕਟੀਕਲ ਅਪਰੇਜ਼ਲ ਜਰੂਰ ਕਰਵਾਉਦੇ ਹਨ, ਕਰਜਾਂ ਲੈਣ ਦੇ ਕਾਨੂੰਨ ਸਖ਼ਤ ਹਨ, ਪਰ ਸ਼ੈਤਾਨ ਲੋਕ ਹੋਰ ਰਾਹ ਲੱਭ ਲੈਂਦੇ ਹਨ।

                           ਬੇਸ਼ਕ ਬੇਈਮਾਨੀ ਨਾਲ ਕਮਾਏ ਤੇ ਕਿਸੇ ਦੀਆਂ ਉਮਰ ਭਰ ਬਦ-ਦੁਆਵਾਂ ਲੈਣ ਨਾਲ ਬਣਾਈ ਜਾਇਦਾਦ ਜਿਵੇਂ ਆਉਂਦੀ ਹੈ ਪਹਿਲੀ ਨਹੀਂ ਤਾਂ ਦੂਸਰੀ ਪੀੜ੍ਹੀ, ਬਾਹਲਾ ਨਹੀਂ ਤਾਂ ਤੀਸਰੀ ਪੀੜ੍ਹੀ ਆਉਣ ਤੱਕ ਉਵੇਂ ਹੀ ਚਲੀ ਹੀ ਜਾਂਦੀ ਹੈ। ਚਾਹੇ ਕੋਈ ਰੱਬ ਨੂੰ ਮੰਨਣ ਵਾਲਾ ਹੈ ਜਾਂ ਨਹੀਂ ਪਰ ਬਦ-ਦੁਆ ਤਾਂ ਹਮੇਸ਼ਾਂ ਅਸਰ ਕਰਦੀ ਹੈ ਇਸਦਾ ਆਸਤਿਕ ਜਾਂ ਨਾਸਤਿਕ ਹੋਣ ਨਾਲ ਕੋਈ ਸਬੰਧ ਨਹੀਂ। ਸੋ ਆਪਣੇ ਤੇ ਪੂਰੀ ਕਮਿਉਨਟੀ ਦੇ ਨਰੋਏ ਹੋਣ ਨਾਲ ਹੀ ਸਮਾਜ ਨਰੋਆ ਹੁੰਦਾ ਹੈ ਤੇ ਸਾਨੂੰ ਬੇਈਮਾਨੀ ਦੇ ਇਕ ਲੱਖ ਨਾਲੋ ਇਮਾਨਦਾਰੀ ਦੇ ਇੱਕ ਰੁਪਏ ਤੇ ਵੱਧ ਯਕੀਨ ਕਰਨਾ ਚਾਹੀਦਾ ਹੈ। ਪਰ ਕਮਿਉਨਟੀ ਦੇ ਗੰਦੇ ਕੀੜੇ ਤਾਂ ਗੰਦੇ ਹੀ ਰਹਿੰਦੇ ਹਨ। ਆਪਣੀ ਤੇ ਆਪਣਿਆਂ ਦੀ ਮਿਹਨਤ ਦੀ ਕਮਾਈ ਅਜਾਈ ਨਾ ਜਾਵੇ ਇਸ ਕਰਕੇ ਇਸ ਲੇਖ ਨੂੰ ਸਭ ਤੱਕ ਜਰੂਰ ਭੇਜੋ ਜੀ, ਕਿਉਂਕਿ ਧੋਖੇ ਕਰਨ ਵਾਲੇ ਸ਼ੈਤਾਨ ਹਰ ਦੇਸ਼ ਹਰ ਸਾ਼ਹਿਰ ਹਨ। ਇਸ ਲੇਖ ਦਾ ਉਦੇਸ਼ ਸਮਾਜ ਨੂੰ ਹੋਰ ਜਾਗਰੂਕ ਕਰਨਾ ਹੈ। ਧੰਨਵਾਦ

ਬਲਜਿੰਦਰ ਸੰਘਾ
ਫੋਨ : 403-680-3212

ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼ - ਬਲਜਿੰਦਰ ਸੰਘਾ

ਦੀਪ ਸਿੱਧੂ ਨੂੰ ਸਮਾਜਿਕ ਸਰੋਕਾਰਾਂ ਤੇ ਇਸਦੇ ਦੂਰਪ੍ਰਭਾਵੀ ਨਤੀਜਿਆਂ ਬਾਰੇ ਡੂੰਘੀ ਸਮਝ ਨਹੀਂ ਹੈ। ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਉਸਨੇ ਸਮਾਜਿਕ ਜਿ਼ੰਦਗੀ ਵਿਚ ਹੁਣੇ-ਹੁਣੇ ਪੈਰ ਰੱਖਿਆ ਹੈ ਤੇ ਸੰਨੀ ਦਿਉਲ ਦੀ ਰਾਜਨੀਤੀ ਵਿਚ ਨਾਟਕੀ ਇੰਟਰੀ ਦਾ ਪ੍ਰਭਾਵ ਕਬੂਲ ਚੁੱਕਾ ਹੈ। ਇਸੇ ਪ੍ਰਭਾਵ ਅਧੀਨ ਉਹ ਵੀ ਸ਼ਾਰਟਕੱਟ ਰਸਤੇ ਰਾਹੀਂ ਪੰਜਾਬ ਦੀ ਰਾਜਨੀਤੀ ਵਿਚ ਛਾਅ ਜਾਣ ਦੀ ਅੰਨ੍ਹੀ ਚਾਹਤ ਰੱਖਦਾ ਮਹਿਸੂਸ ਹੋ ਰਿਹਾ ਹੈ। ਪੰਜਾਬ ਦੀ ਰਾਜਨੀਤੀ ਵਿਚ ਇਹ ਅੰਨ੍ਹੀ ਚਾਹਤ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਸਿੱਖ ਸਮਾਜ ਪ੍ਰਤੀ ਹਮਦਰਦੀ ਦਾ ਨਾਟਕ ਕਰਨ ਦਾ ਤਰੀਕਾ ਹੋਵੇ। ਦੂਸਰਾ ਜੇਕਰ ਕੋਈ ਅਨਪੜ੍ਹ ਵੀ ਗੱਲ ਗੱਲ ਤੇ ਗੁਰਬਾਣੀ ਦੀਆਂ ਤੁਕਾਂ ਤੇ ਸਿੱਖ ਸ਼ਹੀਦੀਆਂ ਦੀ ਬਾਤ ਪਾਉਣ ਬਾਰੇ ਇਕ ਦੋ ਪੰਨੇ ਸਿੱਖ ਹਿਸਟਰੀ ਦੇ ਰਟ ਲਏ। ਹਰ ਮੁੱਦੇ ਨੂੰ ਸਿੱਖਾਂ ਦੀ ਹੋਂਦ ਦੇ ਮੁੱਦੇ ਨਾਲ ਜੋੜਨ ਦੀ ਲੱਛੇਦਾਰ ਗੱਲਬਾਤ ਸਿੱਖ ਲਵੇ ਤਾਂ ਅਸੀਂ ਭਾਵੁਕ ਹੋਕੇ ਉਸਨੂੰ ਆਪਣਾ ਸਭ ਕੁਝ ਮੰਨ ਲੈਂਦੇ ਹਾਂ। ਬਿਨਾਂ ਆਪਣੇ ਸਿਰ ਵਰਤਿਆਂ ਉਸਦੇ ਆਖੇ ਲੜਨ-ਮਰਨ ਨੂੰ ਤਿਆਰ ਹੋ ਜਾਂਦੇ ਹਾਂ। ਬਾਅਦ ਵਿਚ ਵਿਸ਼ਲੇਸ਼ਣ ਵੀ ਨਹੀਂ ਕਰਦੇ ਕਿ ਨੁਕਸਾਨ ਤਾਂ ਆਪਣੀ ਕੌਮ ਦਾ ਹੀ ਜਿ਼ਆਦਾ ਕਰਵਾ ਲਿਆ। ਦੀਪ ਸਿੱਧੂ ਨੂੰ ਵੀ ਇਸੇ ਢੰਗ ਤੇ ਰਾਹ ਰਾਹੀਂ ਸੰਸਦ ਵਿਚ ਡਿੱਠੀ ਆਪਣੀ ਕੁਰਸੀ ਦਿਖ ਰਹੀ ਹੈ। ਕਿਉਂਕਿ  ਇਸ ਰਾਹ ਪਹਿਲਾ ਵੀ ਕਈਆਂ ਨੇ ਅਪਣਾਇਆ ਹੈ ਤੇ ਸਫ਼ਲ ਵੀ ਹੋਏ ਹਨ।
                                        ਦੀਪ ਸਿੱਧੂ ਨੇ ਵੀ ਆਪਣੀ ਪੈਤੜੇ ਬਾਜ਼ੀ ਇਸੇ ਅਧਾਰ ਤੇ ਬਣਾਉਣੀ ਸ਼ੁਰੂ ਕੀਤੀ। ਉਸਨੇ ਕਿਸਾਨਾਂ ਦੇ ਤਿੰਨ ਬਿੱਲਾਂ ਦੇ ਸੰਘਰਸ਼ ਵਿਚ ਸਿੱਖਾਂ ਦੀ ਹੋਂਦ ਦਾ ਮਸਲਾ ਜੋੜ ਕੇ ਅਸਲ ਮੁੱਦੇ ਦੀ ਗੱਲ ਧੁੰਦਲੀ ਕਰਨ ਦੀ ਹਰ ਕੋਸਿ਼ਸ਼ ਕੀਤੀ। ਜਦੋਂਕਿ ਅਜੋਕੇ ਨਹੀਂ ਬਲਕਿ ਜਦੋਂ ਤੋਂ ਮਨੁੱਖ ਨੇ ਸਮਾਜਿਕ ਜਿ਼ੰਦਗੀ ਵਿਚ ਪੈਰ ਰੱਖਿਆ, ਉਹੀ ਕਬੀਲੇ ਜਾਂ ਕੌਮ ਹੀ ਅੱਗੇ ਰਹੀ ਜਿਸਨੇ ਵੱਧ ਆਰਥਿਕ ਵਸੀਲੇ ਕਬਜ਼ੇ ਵਿਚ ਲਏ। ਪਰ ਇੱਥੇ ਦੀਪ ਸਿੱਧੂ ਗੱਲ ਘੁਮਾਕੇ ਸਿੱਖ ਹੋਂਦ ਦੀ ਗੱਲ ਧਰਮ ਰਾਹੀਂ ਕਰਦਾ ਹੈ। ਚਾਹੇ ਸੱਚ ਇਹ ਹੈ ਕਿ ਅਜੋਕੇ ਡੈਮੋਕਰੈਸੀ ਦੇ ਯੁੱਗ ਵਿਚ ਜਦੋਂ ਕਾਰਪੋਰੇਟ ਦਾ ਭੁੱਖਾ ਸ਼ੇਰ ਸਭ ਕੁਝ ਨਿਗਲਣ ਲਈ ਸ਼ਹਿ ਲਾਈ ਤਿਆਰ ਬੈਠਾ ਹੈ ਤਾਂ ਜ਼ਮੀਨਾਂ ਵਾਲਿਆਂ ਨੇ ਜ਼ਮੀਨਾਂ ਬਚਾ ਲਈਆਂ ਤੇ ਦੁਕਾਨਦਾਰਾਂ ਨੇ ਦੁਕਾਨਾਂ ਤਾਂ ਉਹਨਾਂ ਦੀ ਹੋਂਦ ਆਪੇ ਬਚ ਜਾਵੇਗੀ। ਪਰ ਦੀਪ ਸਿੱਧੂ ਇਸ ਸਿੱਧੀ ਗੱਲ ਨੂੰ ਜੋ ਕਿਸਾਨ ਮਜ਼ਦੂਰ ਏਕਤਾ ਮੋਰਚੇ ਦੇ ਆਗੂ ਕਹਿ ਰਹੇ ਹਨ ਧੁੰਦਲੀ ਕਰਕੇ ਆਪਣੀ ਪੀਪਣੀ ਵਜਾਉਂਦਾ ਹੈ।     
                               ਚਾਹੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲ ਸਿੱਖ, ਹਿੰਦੂ ਜਾਂ ਮੁਸਲਮਾਨ ਦਾ ਮਸਲਾ ਨਹੀਂ ਇਹ ਪੂੰਜੀਵਾਦ  ਦੁਆਰਾ ਆਮ ਆਦਮੀ ਦੀ ਸੰਘੀ ਨੱਪਕੇ ਭਾਰਤ ਵਿਚ ਖਾਣ-ਪੀਣ ਦੀਆਂ ਵਸਤੂਆਂ ਦੇ ਸਭ ਰਾਹ ਕਾਰਪੋਰੇਟਸੈਕਟਰ ਰਾਹੀਂ ਸਾਡੇ ਤੱਕ ਲਿਆਉਣਾ ਹੈ। ਜਿਸ ਨਾਲ ਉਹ ਮਨਮਰਜ਼ੀ ਦੇ ਭਾਅ ਤਹਿ ਕਰ ਸਕਣ। ਇਸ ਕਰਕੇ ਕਿਸੇ ਵੀ ਕੌਮ ਜਾਂ ਮਨੁੱਖ ਦੀ ਹੋਂਦ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਆਰਥਿਕ ਤੌਰ ਤੇ ਕਿੰਨਾ ਮਜ਼ਬੂਤ ਹੈ। ਦੀਪ ਸਿੱਧੂ ਇਹ ਵੀ ਕਹਿ ਸਕਦਾ ਹੈ ਕਿ ਸਾਡੀ ਹੋਂਦ ਦਾ ਮਸਲਾ ਸਾਡੀ ਆਰਥਿਕਤਾ ਨਾਲ ਜੁੜਿਆ ਹੈ। ਪਰ ਉਹ ਜੈ ਕਿਸਾਨ ਜਾਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਸਿੱਧੀ ਨਾ ਕਰਕੇ ਹਰ ਗੱਲ ਵਿਚ ਸਿੱਖੀ ਜਾਂ ਖਾਲਿਸਤਾਨ ਦੇ ਮਸਲੇ ਨੂੰ ਅਸਿੱਧੇ ਢੰਗ ਨਾਲ ਵਾੜਕੇ ਆਪਣੇ ਨਾਲ ਵੱਧ ਹਜ਼ੂਮ ਜੋੜਨ ਦੇ ਚੱਕਰ ਵਿਚ ਰਿਹਾ ਹੈ।
                                ਉਹ ਕਿਸਾਨੀ ਸੰਘਰਸ਼ ਦੇ ਲੀਡਰਾਂ ਦੀ ਗੱਲ ਵਿਚ ਆਪਣੇ ਵਿਚਾਰ ਮਿਲਾਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਆਮ ਬੰਦਾ ਗੁੰਮਰਾਹ  ਹੋ ਜਾਂਦਾ ਹੈ। ਜਿਵੇਂ ਜਦੋਂ ਕਿਸਾਨੀ ਲੀਡਰ ਹਰ ਗੱਲ ਜ਼ਾਬਤੇ ਰਾਹੀਂ ਕਰਨ ਤੇ ਜ਼ਾਬਤੇ ਵਿਚ ਰਹਿਣ ਦੀ ਅਪੀਲ ਕਰਦੇ ਹਨ ਤਾਂ ਉਹ ਤੇ ਇਕ (ਗੈਗੰਸਟਰ ਲਾਈਫ਼ ਵਿਚੋਂ ਪੱਥਰ ਚੱਟਕੇ ਮੁੜੀ ਮੱਛੀ) ਇਹ ਕਹਿਕੇ ਅਸਿੱਧੇ ਢੰਗ ਨਾਲ ਕਾਬਜ਼ ਹੋਣ ਦੀ ਗੱਲ ਕਰਦੇ ਹਨ ਕਿ ਨੌਜਵਾਨੀ ਦੀਆਂ ਭਾਵਨਾਵਾਂ ਕੁਝ ਹੋਰ ਹਨ। ਭਾਵ ਉਹ ਲੰਬਾ ਸਮਾਂ ਮੋਰਚੇ ਵਿਚ ਸ਼ਾਤ ਨਹੀ ਬੈਠਣਾ ਚਾਹੁੰਦੇ। ਜਦੋਂ ਕਿ ਜੇਕਰ ਉਹ ਕਿਸਾਨ ਆਗੂਆਂ ਦੇ ਸੱਚੀ ਹੀ ਮਗਰ ਹਨ ਤਾਂ ਆਖ ਸਕਦੇ ਹਨ ਕਿ ਨੌਜਵਾਨੋਂ ਆਪਣੇ ਆਗੂਆਂ ਦਾ ਹੁਕਮ ਮੰਨੋ। ਸਬਰ,ਸ਼ਾਤੀ ਬਣਾਈ ਰੱਖੋ। ਸਿੱਖੀ ਵਿਚ ਸਭ ਤੋਂ ਵੱਧ ਸਬਰ ਹੈ। ਯਾਦ ਕਰੋ ਉਹਨਾਂ ਮਾਵਾਂ ਨੂੰ ਜੋ ਬੱਚਿਆਂ ਦੇ ਟੁਕੜੇ ਝੋਲੀ ਪਵਾਕੇ ਵੀ ਸਬਰ ਵਿਚ ਚੱਕੀਆਂ ਪੀਸਦੀਆਂ ਰਹੀਆਂ। ਡੈਮੋਕਰਰਸੀ ਵਿਚ ਯੁੱਧ ਹਥਿਆਰਾਂ ਤੋਂ ਪਹਿਲਾ ਸ਼ਾਂਤੀ ਨਾਲ ਲੜਕੇ ਸੰਸਾਰ ਦਾ ਵੱਧ ਧਿਆਨ ਖਿੱਚਿਆ ਜਾ ਸਕਦਾ ਹੈ। ਇਹੋ ਜਿਹੇ ਯੁੱਧ ਸਭ ਨੂੰ ਨਾਲ ਲੈ ਕੇ ਲੜੇ ਜਾਂਦੇ ਹਨ ਤੇ ਕਈ ਸਟੇਜਾਂ ਵਿਚੋਂ ਨਿਕਲਦੇ ਹਨ। ਜੇਕਰ ਕੁਰਬਾਨੀਆਂ ਦੇਣ ਜਾਂ ਹਥਿਆਰ ਚੁੱਕਣ ਦੀ ਨੌਬਤ ਆਈ ਤਾਂ ਤਿੰਨ-ਤਿੰਨ ਦਹਾਕੇ ਤੋਂ ਘੋਲਾਂ ਵਿਚ ਲੱਗੇ ਇਹ ਬਾਬੇ ਆਗੂ ਆਪ ਦੱਸਣਗੇ। ਦੀਪ ਸਿੱਧੂ ਦੀ ਸਿੱਖੀ ਪੈਤੜਾ ਵਰਤਕੇ ਕਿਸਾਨੀ ਸੰਘਰਸ਼ ਦੀ ਥਾਂ ਆਪਣੇ ਨਾਲ ਭਾਵੁਕ ਸਿੱਖ ਨੌਜਵਾਨੀ ਨੂੰ ਜੋੜਨ ਦੀ ਅੰਦਰੂਨੀ ਖਹਿਸ਼ ਸਿੱਧੀ ਤੇ ਥੋੜੀ ਮਿਹਨਤ ਨਾਲ ਤੇ ਜਾਗਰੁਕਤਾ ਨਾਲ ਫੜ੍ਹੀ ਜਾ ਸਕਦੀ ਹੈ, ਪਰ ਗੈਗੰਸਟਰ ਮੱਛੀ ਸਮੇਂ-ਸਮੇਂ ਪੈਂਡੂਲਮ ਵਾਲ ਲਟਕ ਜਾਂਦੀ ਹੈ ਤੇ ਭਾਰਾ ਪੱਲੜਾ ਦੇਖਣ ਦੀ ਤਾਕ ਵਿਚ ਰਹਿੰਦੀ ਹੈ। ਪਰ ਉਦੇਸ਼ ਦੋਹਾਂ ਦਾ ਇਕੋ ਹੀ ਹੈ। ਆਪਣੇ ਨਾਲ ਭਾਵੁਕ ਲੋਕਾਂ ਨੂੰ ਜੋੜਨਾ।   
                                               ਅਖੀਰ ਵਿਚ ਸਾਨੂੰ ਸਿੱਖਾਂ ਨੂੰ ਭਾਵੁਕਤਾ ਦੀਆਂ ਗੱਲਾਂ ਕਰਕੇ ਸਾਡੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਬਹੁਤ-ਬਹੁਤ ਲੋੜ ਹੈ। ਸਮਝਣ ਦੀ ਲੋੜ ਹੈ ਕਿ ਕਿਸਾਨ ਆਗੂ ਚਾਹੇ ਆਸਤਿਕ ਹਨ ਜਾਂ ਨਾਸਤਿਕ। ਪਰ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਹੀ ਨਹੀਂ ਬਲਕਿ ਇਹਨਾਂ ਤਿੰਨਾਂ ਬਿੱਲਾਂ ਦੇ ਦੂਰਪ੍ਰਭਾਵੀ ਨਤੀਜੇ ਸਮਝਣ ਵਾਲੇ ਹਨ। ਹਰ ਮਨੁੱਖ ਨੂੰ ਸੰਘਰਸ਼ ਨਾਲ ਜੋੜਕੇ ਜੇਕਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦੀ ਹੋਂਦ ਦੀ ਵੀ ਜਿੱਤ ਹੈ। ਜੇਕਰ ਅਸੀਂ ਗੁਰਬਾਣੀ ਦੀ ਸਰਬ-ਸਾਂਝੀਵਾਲਤਾ ਦੇ ਅਰਥ ਸਮਝਦੇ ਹਾਂ ਤਾਂ ਸਾਨੂੰ ਸਿੱਖੀ ਭੇਸ ਵਿਚ ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਦੂਰ ਰਹਿਣ ਦੀ ਲੋੜ ਹੈ ਜੋ ਆਖਦੇ ਹਨ ਇਹ ਸੰਘਰਸ਼ ਸਾਡਾ ਸਿੱਖਾਂ ਦਾ ਜਿ਼ਆਦਾ ਹੈ,ਕਿਉਂਕਿ ਹਰ ਪਾਸੇ ਦਸਤਾਰਾਂ ਵਾਲੇ ਜਿ਼ਆਦਾ ਹਨ, ਜਿ਼ਆਦਾ ਦਾਨ ਅਸੀਂ ਕਰ ਰਹੇ, ਅਸੀਂ ਮੂਹਰੇ ਹਾਂ, ਅਸੀਂ ਪਹਿਲ ਕੀਤੀ ਹੈ ਵਗੈਰਾ ਵਗੈਰਾ। ਕਿਉਂਕਿ ਸਿੱਖੀ ਸਿਧਾਂਤਾਂ ਵਿਚ ਇੱਕ ਲੱਖ ਰੁਪਏ ਦਾਨ ਕਰਨ ਵਾਲਾ ਵੀ ਦਾਨੀ ਹੈ ਤੇ ਇਕ ਪੈਸਾ ਪਾਉਣ ਵਾਲਾ ਵੀ ਦਾਨੀ ਹੈ। ਵੱਡੇ-ਨਿੱਕੇ, ਉਚ-ਨੀਚ, ਵੱਧ-ਘੱਟ ਦਾ ਮਸਲਾ ਹੀ ਨਹੀਂ। ਜੇਕਰ ਅਸੀਂ ਸੱਚੀ ਸਿੱਖੀ ਦੀ ਸਮਝ ਰੱਖਦੇ ਹਾਂ ਤਾਂ ਇਹ ਗੱਲਾਂ ਖੁਦ ਨਾ ਕਰਕੇ ਦੂਸਰਿਆਂ ਨੂੰ ਕਰਨ ਦਾ ਮੌਕਾ ਦੇਈਏ ਤੇ ਉਹ ਕਰ ਵੀ ਰਹੇ।ਹਰਿਆਣੀਏ, ਰਾਜਸਥਾਨੀ ਤੇ ਹੋਰ ਸਟੇਟਾਂ ਦੇ ਲੋਕ ਬਾਰ ਸਿੱਖਾਂ ਨੂੰ ਵੱਡਾ ਭਾਈ,ਪੰਜਾਬ ਸਾਡਾ ਵੱਡਾ ਭਾਈ ਆਦਿ ਨਾਲ ਨਿਵਾਜ ਰਹੇ ਹਨ। ਸਾਡਾ ਸੱਚੇ ਦਿਲੋਂ ਕੀਤਾ ਵੱਧ ਕੰਮ,ਵੱਧ ਕੁਰਬਾਨੀਆਂ,ਵੱਧ ਜ਼ਜਬਾ, ਵੱਧ ਦਾਨ ਇਹਨਾਂ ਸਭ ਦੀ ਥਾਂ ਤੇ ਇਕ ਸ਼ਬਦ ਵੱਧ ਯੋਗਦਾਨ ਨਾ ਤਾਂ ਅਜਾਈ ਗਿਆ ਹੈ ਤੇ ਨਾ ਜਾਵੇਗਾ।
                                                 ਦੂਸਰੇ ਪਾਸੇ ਕੁਝ ਹਿੰਦੂ ਤੇ ਸਿੱਖ ਵੀਰ ਮੀਡੀਆ ਵਿਚ ਜਾਂ ਸੋਸ਼ਲ ਮੀਡੀਆ ਤੇ ਖਾਲਿਸਤਾਨ ਜਾਂ ਆਰ. ਐਸ. ਐਸ. ਦੇ ਪ੍ਰਭਾਵ ਹੇਠ ਇਕ ਦੂਸਰੇ ਨੂੰ ਵੱਧ ਘੱਟ ਬੋਲ ਜਾਂਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਜ਼ੁਬਾਨ ਤੇ ਕਾਬੂ ਰੱਖਣ। ਕਿਉਂਕਿ ਕਿਸੇ ਪ੍ਰਤੀ ਬੋਲੇ ਗਲਤ ਸ਼ਬਦ ਵਾਪਸ ਮੂੰਹ ਵਿਚ ਨਹੀਂ ਪੈਂਦੇ। ਆਵੋ  ਆਪਾ ਆਪਣੇ ਵਿਸ਼ਵਾਸ਼, ਆਪਣੇ ਧਰਮ, ਆਪਣੇ ਲਿਬਾਸ,ਆਪਣੀ ਵਿਭਿੰਨਤਾ ਵਿਚ ਰਹਿਕੇ ਵੀ ਇਕ ਰਹੀਏ ਤੇ ਇਹਨਾਂ ਤਿੰਨਾਂ ਬਿੱਲਾਂ ਨੂੰ ਵਾਪਸ ਲੈਣ ਲਈ ਸਰਕਾਰ ਤੇ ਦਬਾ ਬਣਾਈ ਰੱਖੀਏ।
                                      ਬਿੱਲਾਂ ਦੇ ਲਾਗੂ ਰਹਿਣ ਨਾਲ ਜੋ ਮੰਹਿਗਾਈ ਦੇ ਪ੍ਰਭਾਵ ਪੈਣੇ ਹਨ। ਵੱਡੇ ਸਟੋਰਾਂ ਨੇ ਨਿੱਕੇ ਵਪਾਰ ਖਾਣੇ ਹਨ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਵਪਾਰ ਕਿਸ ਧਰਮ ਦੇ ਬੰਦੇ ਦਾ ਹੈ। ਜੇਕਰ ਦੁਕਾਨਦਾਰ ਅੱਜ ਇਹ ਸੋਚਦੇ ਹਨ ਕਿ ਬਿੱਲਾਂ ਦਾ ਪ੍ਰਭਾਵ ਸਿਰਫ਼ ਕਿਸਾਨਾਂ ਤੇ ਹੈ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਪ੍ਰਭਾਵ ਫੂਡ ਪਰੋਸੈਸਿਗ ਅਧੀਨ ਨਿੱਕੀ ਦੁਕਾਨਦਾਰੀ ਤੇ ਪੈਣਾ ਹੈ। ਕਾਰਪੋਰੇਟਸੈਕਟਰ ਦਾ ਵਾਲਮਾਰਟ ਵਰਗਾ ਇਕ ਵੱਡਾ ਸਟੋਰ ਖੁੱਲਣ ਦੇ ਇਕ ਹਫ਼ਤੇ ਵਿਚ ਹੀ ਇਕ ਹਜ਼ਾਰ ਪਰਚੂਨ ਦੀ ਦੁਕਾਨ ਖਾ ਜਾਂਦਾ ਹੈ। ਉਹਨਾਂ ਦੁਕਾਨਦਾਰਾਂ ਵਿਚ ਪੰਜ ਪ੍ਰਤੀਸ਼ਤ ਨੂੰ ਹੀ ਉਸ ਵਿਚ ਨੌਕਰੀ ਮਿਲਦੀ ਹੈ ਤੇ ਉਹ ਆਪਣੇ ਵਪਾਰ ਦੀ ਥਾਂ ਨੌਕਰ ਬਣ ਜਾਂਦੇ ਹਨ ਤੇ ਬਾਕੀ ਬੇਰੁਜ਼ਗਾਰ।         
                ਆਵੋ ਸਮਝੀਏ ਕਿ ਦੁਨੀਆਂ ਵਿਚ ਅਸਲ ਵਿਚ ਦੋ ਤਰ੍ਹਾਂ ਦੇ ਹੀ ਲੋਕ ਹਨ ਇਕ ਲੁੱਟਣ ਵਾਲੇ ਤੇ ਦੂਸਰੇ ਲੁੱਟੇ ਜਾਣ ਵਾਲੇ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਸੀ ਕਿ ‘ਦੋ ਧੜਿਆ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ’। ਦੀਪ ਸਿੱਧੂ ਤੇ ਇਸ ਵਰਗੇ ਹੋਰ ਬਹੁਤ ਹਿੰਦੂ, ਸਿੱਖ ਮੁਸਲਮਾਨ ਵੰਡੀਆ ਰਾਹੀਂ ਅਸਲ ਵਿਚ ਆਪਣੇ ਲਈ ਪਲੇਟਫਾਰਮ ਲੱਭ ਰਹੇ ਹਨ। ਅਗਲੀਆਂ ਚੋਣਾਂ ਤੱਕ ਅਜਿਹੀਆਂ ਬਹੁਤ ਸਾਰੀਆਂ ਬਿੱਲੀਆਂ ਥੈਲੇ ਚੋ ਬਾਹਰ ਆਉਣਗੀਆਂ। ਭਾਰਤ ਦੇਸ਼ ਭਾਰਤ ਵਾਸੀਆ ਦਾ ਸਾਝਾਂ ਹੈ। ਇਸਨੂੰ ਵੰਡਣ ਵਾਲੇ,ਤੋੜਨ ਵਾਲੇ, ਲੁੱਟਣ ਵਾਲੇ ਮੁਗਲਾਂ ਤੋਂ ਲੈ ਕੇ ਕਈ ਆਏ ਤੇ ਕਈ ਗਏ। ਅਜੋਕੇ ਲੋਕਤੰਤਰੀ ਢਾਂਚੇ ਵਿਚ ਸਰਕਾਰਾਂ ਤਾਂ ਹਮੇਸ਼ਾਂ ਅਸਥਾਈ ਹੁੰਦੀਆਂ ਹਨ। ਨਾ ਭਾਰਤ ਮੋਦੀ ਦਾ ਹੈ ਨਾ ਅਮਿਤਸ਼ਾਹ ਦਾ। ਆਵੋ ਇਕੱਠੇ ਹੋਕੇ ਇਹਨੂੰ ਇਹਨਾਂ ਦੀਆਂ ਲੋਕਮਾਰੂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦੀਆਂ ਨੀਤੀ ਤੋਂ ਬਚਾਈਏ। ਭਾਰਤ ਜਿ਼ੰਦਾਬਾਦ, ਜੈ ਕਿਸਾਨ, ਜੈ ਜਵਾਨ, ਜੈ ਕਿਰਤੀ।  
                                                                                            ਬਲਜਿੰਦਰ ਸੰਘਾ 403-680-3212

ਤੇਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ। ਯਾਦ,ਜਸ਼ਨ ਤੇ ਸੋਚ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ - ਬਲਜਿੰਦਰ ਸੰਘਾ

ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ। ਇਹ ਕਿਸੇ ਦੇ ਆਖਿਆ ਰੁਕਦਾ ਨਹੀਂ 'ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲ ਵਿਚ ਕੋਈ ਅੰਤਰ ਆਉਂਦਾ ਹੈ। ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ। ਇਹ ਆਪਣੀ ਬੁੱਕਲ ਵਿਚ ਅਨੇਕਾਂ ਤਰ੍ਹਾਂ ਦੀਆ ਮਿੱਠੀਆਂ-ਕੌੜੀਆਂ ਯਾਦਾਂ ਛੁਪਾ ਲੈਂਦਾ ਹੈ, ਜੋ ਹੌਲੀ-ਹੌਲੀ ਇਸ ਦੀ ਗਰਦ ਹੇਠ ਦੱਬੀਆ ਜਾਂਦੀਆ ਨੇ। ਪਰ ਕੁਝ ਲੋਕ ਸਿਰਫ਼ ਆਪਣੇ ਪਰਿਵਾਰ ਲਈ ਨਹੀਂਂ ਬਲਕਿ ਸਾਰੇ ਸਮਾਜ ਲਈ ਜਿਉਂਦੇ ਹਨ।ਇਸੇ ਕਰਕੇ ਉਹ ਅਮਰ ਹੋ ਜਾਂਦੇ ਹਨ 'ਤੇ ਸਮਾਜ ਦੀਆਂ ਯਾਦਾਂ ਦੀ ਲੜ੍ਹੀ ਵਿਚ ਪੀੜ੍ਹੀ-ਦਰ-ਪੀੜ੍ਹੀ ਤਾਰੇ ਵਾਂਗ ਚਮਕਦੇ ਰਹਿੰਦੇ ਹਨ।
                      ਇਹੋ ਜਿਹੀ ਹੀ ਇਕ ਵਿਲੱਖਣ ਸਖਸ਼ੀਅਤ ਦੇ ਮਾਲਕ ਸਨ ਇਕਬਾਲ ਅਰਪਨ| ਪੇਪਰਾਂ ਅਨੁਸਾਰ ਉਨ੍ਹਾਂ ਦਾ ਜਨਮ 15 ਜੂਨ 1938 ਨੂੰ ਪਿੰਡ ਛੱਜਾਵਾਲ (ਜਿਲਾ-ਲੁਧਿਆਣਾ) ਵਿਚ ਹੋਇਆ। ਪਰ ਅਸਲ ਵਿਚ ਉਨ੍ਹਾਂ ਦੇ ਕਹਿਣ ਮੁਤਾਬਿਕ ਉਹ ਜੈਪੁਰ ਵਿਚ ਜਨਮੇ 'ਤੇ ਬਾਅਦ ਵਿਚ ਆਪਣੇ ਪਿੰਡ ਵਿਚ ਆਏ ਸਨ| ਉਨ੍ਹਾਂ ਨੇ ਆਪਣੇ ਜੀਵਨ ਵਿਚ 33 ਵਰ੍ਹੇ ਪੜ੍ਹਾਇਆ, 9 ਸਾਲ ਭਾਰਤ, 3 ਸਾਲ ਤਨਜਾਨੀਆ, 9 ਸਾਲ ਜ਼ਾਂਬੀਆ, 5 ਸਾਲ ਜ਼ਿੰਮਬਾਵੇ ਤੇ ਸੱਤ ਸਾਲ ਸਾਮੋਆ ਵਿਚ| ਇਸ ਤੋਂ ਬਾਅਦ 1995 ਵਿਚ ਉਹ ਕੈਲਗਰੀ (ਕੈਨੇਡਾ) ਆ ਗਏ| ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਅੱਠ ਕਿਤਾਬਾਂ ਸਾਹਿਤ ਦੀ ਝੋਲੀ ਪਾਈਆ,ਜਿਹਨਾਂ ਵਿਚ ਸਨੁੱਖਾ ਦਰਦ (ਕਾਵਿ-ਸੰਗ੍ਰਹਿ), ਕਬਰ ਦਾ ਫੁੱਲ (ਕਾਵਿ-ਸੰਗ੍ਰਹਿ) , ਗੁਆਚੇ ਰਾਹ, ਮੌਤ ਦਾ ਸੁਪਨਾ, ਆਫਰੇ ਲੋਕ, ਚਾਨਣ ਦੇ ਵਣਜਾਰੇ (ਚਾਰ ਕਾਹਣੀ ਸੰਗ੍ਰਹਿ), ਪਰਾਈ ਧਰਤੀ (ਨਾਵਲ), ਪੁਸਤਕ ਚਰਚਾ (ਅਲੋਚਨਾ) ਅਤੇ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਦੀ ਕਿਤਾਬ 'ਲਾਲਾਂ ਦੀ ਜੋੜੀ' ਉਹਨਾਂ ਦੇ ਇਸ ਜਹਾਨ ਵਿਚ ਜਾਣ ਤੋਂ ਸਿਰਫ਼ ਥੋੜੇ ਦਿਨ ਬਾਅਦ ਆਈ, ਇਸ ਤੋ ਇਲਾਵਾ ਅਜੇ ਤਿੰਨ ਹੋਰ ਕਿਤਾਬਾਂ ਦੇ ਖਰੜ੍ਹੇ ਛਪਣ ਲਈ ਤਿਆਰ ਸਨ 'ਤੇ ਉਹ ਸਾਮੋਆ ਦੇਸ ਦੇ ਲੋਕਾਂ ਬਾਰੇ ਇਕ ਨਾਵਲ ਵੀ ਲਿਖ ਰਹੇ ਸਨ। ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ 'ਤੇ ਉਹ ਆਪਣੇ ਜਨਮ ਦਿਨ ਵਾਲੇ ਦਿਨ ਹੀ 15 ਜੂਨ 2006 ਨੂੰ ਸੰਸਾਰ ਵਿੱਚੋਂ ਸਰੀਰਕ ਤੌਰ ਤੇ ਅਚਾਨਕ ਆਏ ਹਾਰਟ ਅਟੈਕ ਨਾਲ ਹਮੇਸ਼ਾ ਲਈ ਚਲੇ ਗਏ |
                        ਅਖ਼ਬਾਰਾਂ ਵਿਚੋ ਮੇਰੀਆਂ ਰਚਨਾਵਾਂ ਪੜ੍ਹਕੇ ਉਹਨਾਂ ਮੈਨੂੰ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਦੀਆਂ ਮਹੀਨਵਾਰ ਸਾਹਿਤਕ ਇਕੱਤਰਤਾਵਾਂ ਵਿਚ ਆਉਣ ਲਈ ਕਿਹਾ ਤੇ ਮੇਰਾ ਸਾਲ 2001 ਵਿਚ ਉਹਨਾਂ ਨਾਲ ਵਾਹ-ਵਾਸਤਾ ਸ਼ੁਰੂ ਹੋਇਆ। ਬੇਸ਼ਕ ਜਿਹਨਾਂ ਕੁ ਮੈਂ ਉਹਨਾਂ ਨੂੰ ਨੇੜੇ ਤੋਂ ਦੇਖਿਆ ਉਸ ਬਾਰੇ ਦੋ ਕੁ ਪੇਜ ਦੇ ਲੇਖ ਵਿਚ ਸ਼ਾਇਦ ਮੇਰੇ ਲਈ ਲਿਖਣਾ ਅਸੰਭਵ ਹੈ। ਕਿਉਂਕਿ ਉਹਨਾਂ ਦੀ ਸ਼ਖ਼ਸ਼ੀਅਤ ਨੂੰ ਭਾਗਾਂ ਵਿਚ ਵੰਡ ਕੇ ਪਰਖਣਾ ਹੋਵੇ ਤਾਂ ਹਰ ਇਕ ਪਹਿਲੂ ਬਾਰੇ ਕਈ ਸਫ਼ੇ ਲਿਖੇ ਜਾ ਸਕਦੇ ਹਨ। ਉਹ ਉਚ ਕੋਟੀ ਦੇ ਹਰ ਵਿਧਾ ਵਿਚ ਲਿਖਣ ਵਾਲੇ ਸਾਹਿਤਕਾਰ ਹੋਣ ਦੇ ਨਾਲ-ਨਾਲ ਇਕ ਜਗਿਆਸੂ, ਤਰਕਸ਼ੀਲ, ਸੁਚੇਤ ਅਤੇ ਪੂਰੀ ਦੁਨੀਆਂ ਵਿਚ ਵਰਤਦੇ ਵਰਤਾਰੇ ਬਾਰੇ ਅਤੇ ਬਦਲਦੀਆਂ ਕਰਵਟਾਂ ਤੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਧਰ ਤੇ ਗਿਆਨਵਾਨ ਸਨ। ਉਹਨਾਂ ਨੂੰ ਕਮਿਊਨਿਸਟ ਵਿਚਾਰਧਾਰਾ ਦੀ ਪੂਰੀ ਸਮਝ ਸੀ। ਸਾਮਰਾਜਵਾਦ ਤੋਂ ਸਮਾਜਵਾਦ ਤੇ ਇਸ ਤੋਂ ਅੱਗੇ ਕਮਿਊਨਿਜ਼ਮ।
                                    ਹਰ ਵਿਸ਼ੇ ਤੇ ਬੋਲਣ ਲਈ ਇਕਬਾਲ ਅਰਪਨ ਜੀ ਕੋਲ ਬਹੁਤ ਕੁਝ ਸੀ, ਹਰ ਪਰਿਵਾਰਕ, ਸੰਸਥਾਵਾਂ ਆਦਿ ਵਿਚ ਹੁੰਦੇ ਨਿੱਕੇ ਮੋਟੇ ਜਾਂ ਗੰਭੀਰ ਝਗੜੇ ਹੱਲ ਕਰਨ ਦੇ ਗੁਣ ਸਨ, ਇਸੇ ਕਰਕੇ ਹਰ ਸਮੇਂ ਉਹਨਾਂ ਦੇ ਘਰ ਦੀ ਡੋਰ ਬਿੱਲ, ਫੋਨ ਦੀ ਘੰਟੀ ਮੈਂ ਸਾਲ 2001ਤੋਂ 2006 ਤੱਕ ਜਦੋਂ ਕਦੇ ਵੀ ਉਹਨਾਂ ਦੇ ਘਰ ਬੈਠੇ ਹੋਣਾ ਵੱਜਦੀ ਹੀ ਸੁਣੀ। ਉਹ ਇਸ ਸੋਚ ਦੇ ਹਾਮੀ ਸਨ ਕਿ ਪਰਿਵਾਰਕ ਝਗੜੇ, ਦੋ ਧਿਰਾਂ ਵਿਚ ਤਣਾਅ, ਵਖਰੇਵੇਂ ਆਪਸੀ ਸਿਆਣਪ ਨਾਲ, ਉਸਾਰੂ ਗੱਲਬਾਤ ਰਾਹੀਂ ਨਜਿੱਠਣੇ ਜ਼ਿਆਦਾ ਅਰਥਵਾਨ ਨਤੀਜੇ ਦਿੰਦੇ ਹਨ। ਇਸੇ ਕਰਕੇ ਬਹੁਤੇ ਤਿੜਕਦੇ ਪਰਿਵਾਰਕ ਰਿਸ਼ਤਿਆਂ ਵਿਚ ਉਹ ਰਾਹ ਜਾਂਦੇ ਵੀ ਪੁਲ ਬਣ ਜਾਂਦੇ ਸਨ। ਕਈ ਵਾਰ ਉਹਨਾਂ ਕਹਿਣਾ ਕਿ ਸਾਡੇ ਮੱਧਵਰਗੀ ਲੋਕ ਕੈਨੇਡਾ ਵਿਚ ਆਕੇ ਆਪਸੀ ਨਿੱਕੇ-ਮੋਟੇ ਝਗੜੇ ਦਾ ਹੱਲ ਵੀ 911 (ਪੁਲਸ ਦਾ ਨੰਬਰ) ਹੀ ਸਮਝ ਲੈਂਦੇ ਹਨ, ਜਦੋਂ ਕਿ ਕਾਨੂੰਨ, ਪੁਲਿਸ ਇਕ ਜ਼ਾਬਤੇ ਵਿਚ ਰਹਿਕੇ ਬੇਸ਼ਕ ਵਧੀਆ ਕੰਮ ਕਰਦੇ ਹਨ, ਪਰ ਉਹਨਾਂ ਦਾ ਤੁਹਾਡੇ ਪਰਿਵਾਰ ਦੇ ਬੱਝਣ ਜਾਂ ਟੁੱਟਣ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ। ਕਿਉਂਕਿ ਕਾਨੂੰਨ ਨੇ ਕਾਨੂੰਨ ਅਨੁਸਾਰ ਕੰਮ ਕਰਨਾ ਹੈ ਨਾ ਕਿ ਤੁਹਾਡੀਆਂ ਭਾਵਨਾਵਾਂ ਅਨੁਸਾਰ।
                                                   ਬਹੁਤੇ ਅੰਗਰੇਜ਼ੀ ਵੱਲੋਂ ਹੱਥ ਤੰਗ ਪਤੀ-ਪਤਨੀ ਜਦੋਂ ਆਪਸੀ ਕਾਨੂੰਨੀ ਲੜਾਈਆਂ ਲੜਦੇ ਤੇ ਬੱਚੇ ਸਰਕਾਰ ਦੀ ਸੁਰੱਖਿਆ ਵਿਚ ਚਲੇ ਜਾਂਦੇ ਤਾਂ ਵਕੀਲਾਂ ਦੀਆਂ ਫੀਸਾਂ ਭਰਦੇ, ਕੰਮਾਂ ਤੋਂ ਛੁੱਟੀਆਂ ਲੈ ਕੇ ਅਦਾਲਤਾਂਂ ਭੁਗਤਾਉਂਦੇ ਤਾਂ ਪਤਾ ਲਗਦਾ ਕਿ ਜ਼ਿੰਦਗੀ ਤਾਂ ਕੋਈ ਹੋਰ ਹੀ ਯੂ-ਟਰਨ ਮਾਰ ਗਈ ਹੈ। ਅਜਿਹੇ ਜੋੜੇ ਬਹੁਤੀ ਵਾਰ ਉਹਨਾਂ ਕੋਲ ਆਕੇ ਮੁਫ਼ਤ ਸਲਾਹਾ ਲੈਂਦੇ ਤੇ ਫ਼ਿਰ ਸਹਿਜਮਈ ਪਰਿਵਾਰਕ ਚਾਲ ਫੜ੍ਹਦੇ। ਮੈਂਨੂੰ ਇੰਜ ਮਹਿਸੂਸ ਹੁੰਦਾ ਕਿ ਇਸ ਭੱਜਦੀ ਕੈਨੇਡੀਅਨ ਜ਼ਿੰਦਗੀ ਵਿਚ ਜਿੱਥੇ ਆਪਣੇ ਕੰਮ ਅਤੇ ਟੈਨਸ਼ਨਾਂ ਹੀ ਬੰਦੇ ਦੀ ਭੰਬੀਰੀ ਘੁੰਮਾਈ ਰੱਖਦੀਆਂ ਹਨ ਉਹ ਇਕੱਲੇ ਹੀ ਇਕ ਪਿੰਡ ਦੀ ਸਿਆਣੀ ਪੰਚਾਇਤ ਜਿਨ੍ਹਾਂ ਕੰਮ ਵਾਧੂ ਵਿਚ ਕਿਵੇਂ ਕਰੀ ਜਾਂਦੇ ਹਨ। ਹਰ ਤਰ੍ਹਾਂ ਦੇ ਪਖੰਡਾਂ ਤੋ ਉਹ ਕੋਹਾਂ ਦੂਰ ਸਨ। ਜਾਤ-ਪਾਤ ਦਾ ਉਨ੍ਹਾਂ ਦੇ ਗਿਆਨ ਦੀ ਡਿਕਸ਼ਨਰੀ ਵਿਚ ਕੋਈ ਅਰਥ ਨਹੀ ਸੀ। ਅੱਜਕੱਲ੍ਹ ਦੇ ਬਹੁਤੇ ਅਖੌਤੀ ਧਾਰਿਮਕ ਆਗੂਆਂ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਸੀ। ਉਹ ਧਰਮਾਂ ਦੇ ਅਸਲ ਅਰਥ ਸਮਝਣ ਅਤੇ ਮਨੁੱਖਤਾ ਦਾ ਹੋਕਾ ਹਮੇਸ਼ਾ ਦਿੰਦੇ| ਉਨ੍ਹਾਂ ਨੂੰ ਪੰਜਾਬੀ ਸਮਾਜ ਦੇ ਆਚਰਣਕ ਪੱਧਰ ਵਿਚ ਦਿਨੋ-ਦਿਨ ਆ ਰਹੀ ਗਿਰਾਵਟ, ਵੱਧ ਰਹੀ ਦਿਖਾਵਾ-ਪ੍ਰਸਤੀ, ਮੀਡੀਆ ਦੀ ਆਪਣੀ ਜ਼ਿੰਮੇਵਾਰੀ ਤੋ ਅਣਗਹਿਲੀ, ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿੰਦੇ ਪੰਜਾਬੀਆ ਦਾ ਡਾਲਰਾਂ ਨਾਲ ਹੱਦੋ ਵੱਧ ਪਿਆਰ, ਕਿਤਾਬ ਸੱਭਿਆਚਾਰ ਤੋ ਪੰਜਾਬੀ ਲੋਕਾਂ ਦੀ ਦੂਰੀ ਤੇ ਨਸ਼ਿਆਂ ਵਿਚ ਗਰਕ ਰਹੀ ਜਵਾਨੀ ਦਾ ਬਹੁਤ ਹੀ ਫ਼ਿਕਰ ਸੀ। ਇਸ ਫ਼ਿਕਰ ਕਰਕੇ ਹੀ ਉਹ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਤੇ 'ਬ੍ਰਿਜ ਫਾਊਂਡੇਸ਼ਨ' ਦੇ ਵਿਚਾਕਰ ਇਕ ਬ੍ਰਿਜ ਬਣਕੇ ਦੋਹਾਂ ਦੀ ਮਦਦ ਨਾਲ ਵੱਖ-ਵੱਖ ਵਿਸ਼ਿਆ ਤੇ ਸੈਮੀਨਾਰ  ਕਰਵਾਉਣ ਵਿਚ ਮੁੱਖ ਭੂਮਿਕਾ ਅਦਾ ਕਰਦੇ।
                   ਉਨ੍ਹਾਂ ਦੀ ਸਾਦਗੀ, ਸੰਜੀਦਗੀ, ਨਿਮਰਤਾ ਅਤੇ ਵਿਦਵਤਾ ਹਰ ਇਕ ਨੂੰ ਪ੍ਰਭਾਵਿਤ ਕਰਦੀ ਸੀ| ਗਲਤ ਕੰਮ ਨੂੰ ਸਹੀ ਢੰਗ ਨਾਲ ਗਲਤ ਕਹਿਣ ਦਾ ਗੁਣ ਉਨ੍ਹਾਂ ਕੋਲ ਸੀ| ਅਨੇਕਾਂ ਕਿਤਾਬਾਂ ਦੀ ਉਨ੍ਹਾਂ ਨੇ ਉਸਾਰੂ ਅਲੋਚਨਾ ਕੀਤੀ ਤੇ ਰੀਵਿਊ ਵੀ ਲਿਖੇ| ਉਨ੍ਹਾਂ ਦੇ ਇਸ ਗੁਣ ਕਰਕੇ ਹੀ ਡਾæਸਵਰਾਜ ਸਿੰਘ ਆਖਦੇ ਹਨ ਕਿ 'ਉਨ੍ਹਾਂ ਦੇ ਰੀਵਿਊ ਦਾ ਸਾਹਿਤਕ ਪੱਧਰ ਏਨਾ ਉੱਚਾ ਸੀ ਕਿ ਮੇਰੀ ਅੰਗਰੇਜ਼ੀ ਦੀ ਪੁਸਤਕ 'ਕਰਾਈਸਿਸ ਇਨ ਸਿਵਲੀਜ਼ੇਸ਼ਨ ਦੇ ਸਿੱਖ ਪ੍ਰਸਪੈਕਟਿਵ' ਦੇ ਪਬਲਿਸ਼ਰ ਨੇ ਉਨ੍ਹਾਂ ਦੇ ਰੀਵਿਊ ਨੂੰ ਇੰਟਰਨੈੱਟ ਤੇ ਪਾ ਦਿੱਤਾ ਤੇ ਇਸ ਤੋ ਇਲਾਵਾ ਮੇਰੀ ਪਹਿਲੀ ਕਿਤਾਬ 'ਆ ਸਿੱਖ ਪੰਜਾਬ ਤੂੰ ਘਰ ਆ' ਬਾਰੇ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਵਿਚ ਲਿਖੇ ਰੀਵਿਊ ਨੂੰ ਪੜ੍ਹ ਕੇ ਮੈਂ ਉਨ੍ਹਾਂ ਦੀ ਵਿਦਵਤਾ ਅਤੇ ਸੰਤੁਲਿਤ ਆਲੋਚਨਾ ਦਾ ਕਾਇਲ ਹੋ ਗਿਆ'                                  
                                ਇਕਬਾਲ ਅਰਪਨ ਜੀ ਦੀ ਸਖ਼ਸ਼ੀਅਤ ਹੀ ਐਸੀ ਸੀ ਕਿ ਇਕ ਵਾਰ ਜੋ ਵਿਆਕਤੀ ਉਹਨਾਂ ਦੇ ਘੇਰੇ ਵਿਚ ਆ ਗਿਆ ਉਹ ਫਿਰ ਬਾਹਰ ਨਹੀ ਨਿਕਲ ਸਕਿਆ| ਜਦੋਂ ਉਹ ਬੋਲਦੇ ਤਾਂ ਉਹਨਾਂ ਦੇ ਬੋਲਾਂ ਵਿਚੋ ਸਹਿਜ,ਸਲੀਕਾ ਤੇ ਠਰੰਮਾ ਆਪ-ਮੁਹਾਰੇ ਵਹਿ ਤੁਰਦਾ, ਉਹਨਾ ਦੀ ਸੋਚ ਇੰਨੀ ਤੰਦਰੁਸਤ ਸੀ ਕਿ ਉਹਨਾਂ ਵੱਲੋ ਦਿੱਤਾ ਹਰ ਇਕ ਸੁਝਾ ਲੋਕ ਰਾਇ ਬਣ ਜਾਂਦਾ। 'ਪੰਜਾਬੀ ਲਿਖਾਰੀ ਸਭਾ ਕੈਲਗਰੀ' ਦੇ ਬਾਨੀ ਹੁੰਦਿਆ ਹੋਇਆ ਵੀ ਉਹ ਆਪਣੇ-ਆਪ ਨੂੰ ਹਮੇਸ਼ਾ ਪਿੱਛੇ ਰੱਖਦੇ ਤੇ ਹੋਰਾਂ ਨੂੰ ਅੱਗੇ ਵੱਧਣ ਦੇ ਮੌਕੇ ਦਿੰਦੇ, ਲੇਖਕਾਂ ਦੇ ਬਗੀਚੇ ਵਿਚ ਪਲ ਰਹੇ ਨਵੇਂ ਬੂਟਿਆਂ ਨੂੰ ਗੋਡੀ ਕਰਨ ਲਈ ਉਹ ਹਮੇਸ਼ਾ ਪੱਬਾ ਭਾਰ ਰਹਿੰਦੇ|  ਉਹ ਰਿਟਾਇਮੈਂਟ ਤੋਂ ਬਾਅਦ ਸੋਸ਼ਲ ਕੰਮਾਂ ਵਿਚ ਐਕਟਿਵ ਹੋਣ ਨੂੰ ਚੰਗਾ ਤਾਂ ਗਿਣਦੇ ਸਨ ਪਰ ਪ੍ਰਭਾਵਸ਼ਾਲੀ ਨਹੀਂ। ਕਿਉਂਕਿ ਕਾਰਨ ਇਹ ਦੱਸਦੇ ਸਨ ਕਿ ਇਸ ਵਿਚ ਤੁਹਾਡਾ ਨਿੱਜ ਛੁਪਿਆ ਹੁੰਦਾ ਹੈ ਤੁਸੀਂਂ ਆਪਣਾ ਵੇਹਲ ਦਾ ਖਲਾਅ ਭਰਨ ਲਈ ਕੰਮ ਕਰਦੇ ਹੋ।
                                                 ਇਸੇ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਲੇਖਕਾਂ ਬਾਰੇ ਸਨ ਕਿ ਸਿਰਫ਼ ਰਿਟਾਇਮੈਂਟ ਤੋਂ ਬਾਅਦ ਲਿਖਣ ਵਿਚ ਸਰਗਰਮ ਹੋਏ ਬਹੁਤੇ ਲੇਖਕ ਫਿਰ ਥੋਕ ਵਿਚ ਕੱਚ-ਘਰੜ ਲਿਖੀ ਜਾਂਦੇ ਹਨ ਤੇ ਫਿਰ ਆਪਣੀਆਂ ਕਿਤਾਬਾਂ ਲੇਖਕ ਸਭਾਵਾਂ ਦੀ ਥਾਂ ਮੰਤਰੀਆਂ ਦੇ ਇਕੱਠਾਂ ਵਿਚ ਲੋਕ ਅਰਪਣ ਕਰਕੇ ਲੇਖਕ ਸਮਾਜ ਨੂੰ ਗੰਧਲਾ ਕਰਦੇ ਹਨ। ਕਿਉਂਕਿ ਇਹੋ ਜਿਹੇ ਸਮਾਗਮਾਂ ਵਿਚ ਲੇਖਕ ਦੀ ਕਲਮ ਅਤੇ ਕਿਤਾਬ ਬਾਰੇ ਤਾਂ ਚਰਚਾ ਹੁੰਦੀ ਹੀ ਨਹੀਂ। ਬਹੁਤੇ ਵਧਾਈਆਂ ਦੇਣ ਵਾਲੇ ਹੀ ਹੁੰਦੇ ਹਨ। ਲੇਖਕ ਅਤੇ ਕਲਮ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਪਰ ਜੇਕਰ ਉਤਸ਼ਾਹ ਸਿਰਫ਼ ਰਿਟਾਇਟਮੈਂਟ ਤੋਂ ਬਾਅਦ ਵਧਿਆ ਹੈ ਜਾਂ ਪੈਦਾ ਹੋਇਆ ਤਾਂ ਇਹ ਵੀ ਉਹਨਾਂ ਲੇਖਕਾਂ ਦੀ ਕਾਰਗੁਜ਼ਾਰੀ ਨੂੰ ਨੁਕਸਾਨ ਕਰਦਾ ਹੈ ਹੋ ਜ਼ਿੰਦਗੀ ਦੀ ਹਰ ਦੁਸ਼ਵਾਰੀ ਵਿਚ ਹਰ ਚੈਲਿਜ਼ ਸਮੇਂ ਵਿਚ ਲਿਖਦੇ ਰਹੇ ਅਤੇ ਜਾਗਰੁਕਤਾ ਦਾ ਹੋਕਾ ਦਿੰਦੇ ਰਹੇ। ਵਿਦੇਸ਼ਾਂ ਵਿਚ ਤਾਂ ਅਜਿਹੇ ਸਾਰੀ ਉਮਰ ਬਿਨਾਂ ਸਾਹਿਤ ਪੜੇਂ ਜਾਂ ਲਿਖੇ ਸਾਹਿਤਕ ਸਭਾਵਾਂ ਵੀ ਬਣਾ ਲੈਂਦੇ ਹਨ। ਜਿਹਨਾਂ ਦੀਆਂ ਮੀਟਿੰਗਾਂ ਵਿਚ ਉਹ ਹੀ ਸਾਹਿਤ ਹੁੰਦਾ ਹੈ ਜੋ ਸਮਾਜ ਜਾਂ ਲੋਕਾਂ ਦਾ ਸਾਹਿਤ ਨਹੀਂ, ਜੋ ਅਗਾਂਹਵਧੂ ਨਹੀਂ ਜੋ ਸਮਾਜ ਤੇ ਬੌਣੇਪਣ ਤੇ ਚੋਟ ਨਹੀਂ ਕਰਦਾ, ਜੋ ਸਥਾਪਤੀ ਦੇ ਗਲਤ ਤੱਤਾਂ ਵਿਰੁੱਧ ਨਹੀਂ ਲੜਦਾ। ਉਹਨਾਂ ਦਾ ਇਹੀ ਕਹਿਣਾ ਸੀ ਕਿ ਵਿਹਲੇ ਸਮੇਂ ਦੀ ਭਰਾਈ ਲਈ ਸਮਾਜਿਕ ਕੰਮ ਕਰਨੇ ਤਾਂ ਜ਼ਾਇਜ਼ ਹੋ ਸਕਦੇ ਹਨ ਪਰ ਲੇਖਕ ਸਭਾਵਾਂ ਬਣਾਉਣੀਆਂ ਠੀਕ ਨਹੀਂ ਤੇ ਅਜਿਹੇ ਲੋਕ ਹੀ ਆਪਣੀਆਂ ਕਿਤਾਬਾਂ ਲੇਖਕ ਸਭਾਵਾਂ ਦੀ ਬਜਾਇ ਮੰਤਰੀਆਂ ਦੇ ਇਕੱਠਾ ਵਿਚ ਲੋਕ ਅਰਪਣ ਕਰਦੇ ਹਨ। ਕਿਉਂਕਿ ਲੇਖਕ ਦੇ ਫ਼ਰਜ਼, ਲਿਖ਼ਣ ਦੀ ਡੂੰਘੀ ਸਮਝ, ਸਮਾਜ ਸੁਧਾਰ ਦੀ ਚਿਣਗ ਦੀ ਥਾਂ ਆਪਣੀ ਵਾਹ-ਵਾਹ ਉਹਨਾਂ ਦੇ ਵਿਆਕਤੀਤਵ ਤੇ ਭਾਰੂ ਹੁੰਦੀ ਹੈ। ਉਹ ਰਾਜਨੀਤਕ ਲੋਕਾਂ ਦੇ ਵਿਰੁੱਧ ਨਹੀਂ ਸਨ ਬਲਕਿ ਸੋਚ ਇਹ ਸੀ ਉਹਨਾਂ ਨੂੰ ਆਪਣੇ ਕੰਮਾਂ ਲਈ ਸਮਾਂ ਦੇਣਾ ਚਾਹੀਦਾ ਹੈ।  ਉਹ ਸਮਾਜ ਲਈ ਚੰਗੀਆਂ ਯੋਜਨਾਵਾਂ ਬਣਾ ਸਕਣ ਅਤੇ ਲੇਖਕਾਂ ਨੂੰ ਆਪਣੇ ਰਾਹ ਤੇ ਸਮਾਜ ਲਈ ਉਸਾਰੂ ਰੋਲ ਅਦਾ ਕਰਦੇ ਰਹਿਣਾ ਚਾਹੀਦਾ ਅਤੇ ਸਿਰਫ਼ ਵਿਹਲ ਦਾ ਖਲਾਅ ਭਰਨ ਲਈ ਲਿਖ਼ਣਾ ਜਾਂ ਸ਼ੋਕ ਲਈ ਲਿਖ਼ਣਾ ਬੰਦ ਹੋਣਾ ਚਾਹੀਦਾ ਹੈ। ਸ਼ੋਕ ਲਈ ਹੋਰ ਬਹੁਤ ਕੰਮ ਕੀਤੇ ਜਾ ਸਕਦੇ ਹਨ। ਜੋ ਮੈਂ ਮਹਿਸੂਸ ਕੀਤਾ ਕਿ ਇਹਨਾਂ ਕਾਰਨਾਂ ਅਤੇ ਸੋਚ ਕਰਕੇ ਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਜਨਮ ਹੋਇਆ।                      
                            ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਅਤੇ ਉਹਨਾਂ ਨਾਲ ਦੇਸ਼-ਵਿਦੇਸ਼ ਤੋ ਜੁੜੇ ਹਰ ਵਿਆਕਤੀ ਅਤੇ ਸੰਸਥਾਂ ਨੂੰ ਅਸਿਹ ਸਦਮਾ ਲੱਗਾ, ਕਿਉਂਕਿ ਅਜੇ ਤਾਂ ਉਹ ਇਹੀ ਕਹਿੰਦੇ ਸਨ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਗੋਰਿਆਂ ਵਾਲਾ ਗੋਲਡਨ (ਜ਼ਿੰਦਗੀ ਦਾ ਸੁਨਿਹਰੀ ਸਮਾਂ ਜਿਸ ਵਿਚ ਤਜ਼ਰਬਾ ਵੀ ਹੈ ਅਤੇ ਸਮਾਂ ਵੀ) ਸਮਾਂ ਸੁਰੂ ਹੋਇਆ ਹੈ ਅਤੇ ਉਹ ਸਮਾਜਿਕ ਕੰਮਾਂ ਲਈ ਵੱਧ ਸਮਾਂ ਲਾਉਣਗੇ ਅਤੇ ਉਹਨਾਂ ਇਹ ਸ਼ੁਰੂ ਵੀ ਕਰ ਦਿੱਤਾ ਸੀ। ਜੁਲਾਈ 9,2006 ਨੂੰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਪ੍ਰਸਿੱਧ ਕੈਨੇਡੀਅਨ ਲੇਖਕ ਸਾਧੂ ਬਿਨਿੰਗ ਦੁਆਰਾ ਇਹ ਸ਼ਬਦ ਆਖੇ ਗਏ ਕਿ 'ਇਕਬਾਲ ਅਰਪਨ ਲਈ ਸਹੀ ਸ਼ਰਧਾਂਜਲੀ ਉਹਦੇ ਵੱਲੋ ਅਧੂਰੇ ਰਹਿ ਗਏ ਕੰਮਾਂ ਨੂੰ ਕਰਦੇ ਰਹਿਣ ਵਿਚ ਹੈ, ਜਿੱਥੇ ਸਾਨੂੰ ਉਸ ਦੇ ਸਦੀਵੀ ਵਿਛੋੜੇ ਦਾ ਸੋਗ ਮੰਨਾਉਣਾ ਚਾਹੀਦਾ ਹੈ ਉੱਥੇ ਜੀਵਨ ਦੌਰਾਨ ਉਸ ਵੱਲੋਂ ਕੀਤੇ ਕੰਮਾਂ ਦਾ ਜਸ਼ਨ ਵੀ ਮੰਨਾਉਣਾ ਚਾਹੀਦਾ ਹੈ'| ਇਸ ਸ਼ਰਧਾਂਜਲੀ ਸਮਾਗਮ ਵਿਚ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਉਹਨਾਂ ਬਾਰੇ ਵਿਚਾਰ ਪੇਸ਼ ਕੀਤੇ ਜਿਹਨਾਂ ਤੋਂ ਉਹਨਾਂ ਦੀ ਸ਼ਖ਼ਸ਼ੀਅਤ ਦੇ ਹੋਰ ਪੱਖ ਉੱਘੜਦੇ ਗਏ। ਜਿਸ ਬਾਰੇ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦੇ ਅਲੱਗ ਵਿਚ ਕਦੇ ਫੇਰ ਲਿਖਾਂਗਾ।
                         ਉਹਨਾਂ ਦੀ ਹਮੇਸ਼ਾ ਦਿਲੀ ਤਮੰਨਾ ਰਹੀ ਕਿ ਪਰਵਾਸੀ ਪੰਜਾਬੀ ਲੋਕ ਸਾਹਿਤਕ ਸਮਾਜ ਨਾਲ ਨੇੜੇ ਤੋਂ ਅਤੇ ਗੰਭੀਰ ਰੂਪ ਵਿਚ ਜੁੜਨ, ਪੰਜਾਬੀ ਵਿਚ ਹੋਰ ਗੰਭੀਰ ਸੰਵਾਦ ਹੋਣ, ਹਰ ਸ਼ਹਿਰ ਕਸਬੇ ਵਿਚ ਸਾਹਿਤਕ ਸੰਭਾਵਾਂ ਹੋਣ, ਖ਼ਾਸ ਕਰਕੇ ਪੰਜਾਬੀ ਵਿਦੇਸ਼ਾਂ ਵਿਚ ਆਪਣੀ ਬੋਲੀ ਅਤੇ ਸੱਭਿਆਚਾਰ ਦੇ ਨਿੱਗਰ ਰੰਗ ਜਿਉਂਦੇ ਰੱਖਣ ਲਈ ਸਾਹਿਤਕ ਇਕੱਠ ਕਰਨ। ਪੰਜਾਬੀ ਦੇ ਨਿੱਗਰ ਖ਼ਿਆਲੀ ਲੇਖਕਾਂ ਅਤੇ ਹੋਰ ਖੇਤਰਾਂ ਵਿਚ ਸ਼ੋਸਲ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਨ। ਇਸੇ ਕਰਕੇ ਉਹਨਾਂ ਸਾਲ 2000 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਇੱਕ ਲੇਖ਼ਕ ਦਾ ਸਨਮਾਨ ਕਰਨ ਦਾ ਕਾਰਜ ਅਰੰਭ ਕੀਤਾ ਅਤੇ ਲਗਾਤਾਰ ਚਲਾਉਣ ਲਈ ਹਮੇਸ਼ਾ ਆਖ਼ਦੇ। ਸਾਲ 2019 ਆ ਗਿਆ ਹੈ ਅਤੇ ਇਹ ਸਭਾ ਉਹਨਾਂ ਦੀ ਲਗਾਤਾਰਤਾ ਅਤੇ ਪਿਰਤ ਨੂੰ ਚਾਲੂ ਰੱਖਦਿਆਂ 20ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਸੇ ਤਰ੍ਹਾਂ ਹਰੇਕ ਸਾਲ ਇਕ ਲੇਖਕ ਦਾ ਸਨਮਾਨ ਕਰ ਰਹੀ ਹੈ।
                       ਪਰ ਉਹਨਾਂ ਦੀ ਆਪਣੀ ਸੋਚ ਇਹ ਸੀ ਕਿ ਉਹ ਖ਼ੁਦ ਇਨਾਮਾਂ ਪਿੱਛੇ ਸਾਰੀ ਉਮਰ ਨਹੀਂ ਭੱਜੇ। ਬੇਸ਼ਕ ਉਹਨਾਂ ਨੂੰ ਕਈ ਸਨਮਾਨ ਮਿਲੇ ਪਰ ਜੇਕਰ ਜਗਾੜੂ ਲੇਖਕ ਹੁੰਦੇ ਤਾਂ ਸਾਹਿਤਕਾਰਾਂ ਨੂੰ ਮਿਲਦੇ ਵੱਡੇ ਸਨਮਾਨ ਉਹਨਾਂ ਦੀ ਮੌਤ ਤੋਂ ਬਹੁਤ ਪਹਿਲਾਂ ਉਹਨਾਂ ਦੀ ਝੋਲੀ ਵਿਚ ਹੁੰਦੇ। ਉਹਨਾਂ ਦੀ ਹਰ ਲਿਖ਼ਤ ਸਨਮਾਨ ਯੋਗ ਹੈ। ਜਿਵੇਂ ਜਾਤ-ਪਾਤ ਤੇ ਲਿਖੀ ਕਹਾਣੀ 'ਜਿਵੇਂ-ਤਿਵੇਂ' ਇਕੱਲੀ ਹੀ ਕਈ ਸਨਮਾਨ ਜਿੱਤਣ ਦੇ ਕਾਬਿਲ ਸੀ। ਉਹਨਾਂ ਦਾ ਅਸਲੀ ਸਨਮਾਨ ਅਤੇ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅੱਜ ਵੀ ਪੰਜਾਬੀ ਮਾਂ-ਬੋਲੀ ਦੇ ਉਸ ਸਰੀਰਕ ਤੌਰ ਤੇ ਵਿੱਛੜੇ ਗਿਆਨ ਦੇ ਸਮੁੰਦਰ ਦੇ ਨਾਮ ਉੱਪਰ ਹੋਰ ਸੰਸਥਾਵਾਂ ਵੀ ਲੇਖਕਾਂ ਦਾ ਸਨਮਾਨ ਕਰ ਰਹੀਆਂ ਹਨ ਅਤੇ ਅੱਜ ਵੀ ਉਹਨਾਂ ਨਾਲ ਜੁੜੇ ਲੋਕ ਹਰ ਮਹਿਫ਼ਲ ਵਿਚ ਉਹਨਾਂ ਨੂੰ ਯਾਦ ਕਰਦੇ ਹਨ। ਉਹਨਾਂ ਦਾ ਲਿਖਿਆ ਬਹੁਤ ਸਾਰਾ ਸਾਹਿਤ ਅਤੇ ਸ਼ੁਰੂ ਕੀਤੀ 'ਪੰਜਾਬੀ ਲਿਖ਼ਾਰੀ ਸਭਾ ਕੈਲਗਰੀ' ਸਾਡੇ ਕੋਲ ਹੈ। ਜੋ ਲਗਾਤਾਰ ਚੱਲਦੀ ਇਸ ਸਾਲ ਆਪਣੇ 20ਵੇਂ ਸਲਾਨਾ ਸਮਾਗਮ ਤੱਕ ਪਹੁੰਚ ਗਈ ਹੈ ਅਤੇ ਉਹਨਾਂ ਦੀ ਨਵੀਂ ਪਰਵਾਸੀ ਪੀੜ੍ਹੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਇੱਛਾ ਅਨੁਸਾਰ ਹੁਣ ਇਕ ਹੋਰ ਸਿਰਫ਼ ਬੱਚਿਆਂ ਦਾ 'ਪੰਜਾਬੀ ਬੋਲਣ ਦੀ ਮੁਹਾਰਤ' ਦਾ ਪ੍ਰੋਗਰਾਮ ਸਾਲ 2012 ਤੋਂ ਸਲਾਨਾ ਕਰਦੀ ਹੈ। ਬੇਸ਼ਕ ਉਹਨਾਂ ਨੂੰ ਇਸ 2019 ਵਿਚ ਇਸ ਜ਼ਹਾਨੋਂ ਗਿਆ 13 ਸਾਲ ਦਾ ਸਮਾਂ ਹੋ ਗਿਆ ਹੈ ਪਰ ਅਹਿਜੇ ਇਨਸਾਨ ਲੋਕ ਚੇਤਿਆਂ ਵਿਚ ਹਮੇਸ਼ਾਂ ਜਿਉਂਦੇ ਰਹਿੰਦੇ ਹਨ। ਮੈਂਨੂੰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਸਾਲ 2018-2019 ਦੀ ਕਮੇਟੀ ਦਾ ਇੱਕ ਜ਼ਿੰਮੇਵਾਰ ਕਾਰਜਕਾਰੀ ਮੈਂਬਰ ਹੋਣ ਕਰਕੇ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਤੱਕ ਸਭਾ ਉਹਨਾਂ ਦੀ ਸੋਚ ਤੇ ਖ਼ਰੀ ਉੱਤਰੀ ਹੈ। ਸਾਲ 2019 ਵਿਚ ਉਹਨਾਂ ਦੀ ਸੋਚ ਦਾ ਜ਼ਸਨ ਮਨਾਉਂਦਿਆਂ ਪਰਮਿੰਦਰ ਕੌਰ ਸਵੈਚ ਨਿਵਾਸੀ ਸਰੀ (ਬੀ ਸੀ) ਨੂੰ 20ਵੇਂ 'ਪੰਜਾਬੀ ਲਿਖਾਰੀ ਸਭਾ ਕੈਲਗਰੀ' ਪੁਰਸਕਾਰ ਨਾਲ ਸਤੰਬਰ 7,2019 ਨੂੰ ਕੈਲਗਰੀ ਦੇ ਵਾਈਟਹੌਰਨ ਕਮਿਊਨਟੀ ਹਾਲ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ।                                                                                              

ਬਲਜਿੰਦਰ ਸੰਘਾ
ਫੋਨ (403)680-3212