ਸਮੱਸਿਆਵਾਂ ਦੇ ਰੂ-ਬ-ਰੂ ਪੰਜਾਬ - ਡਾ. ਅਮਨਦੀਪ ਕੌਰ
ਖਤਮ ਹੋ ਚੁੱਕੀਆਂ ਸੱਭਿਆਤਾਵਾਂ ਦੇ ਵਿਨਾਸ਼ ਦੇ ਕਾਰਨਾਂ ਦਾ ਅਧਿਐਨ ਕਰਨ ਉਪਰੰਤ ਮਹਿਸੂਸ ਹੁੰਦਾ ਹੈ ਕਿ ਸਮਕਾਲੀਨ ਪੰਜਾਬ ਅਜਿਹੇ ਧਰਾਤਲ ਵੱਲ ਧਕੇਲ ਦਿੱਤਾ ਗਿਆ ਹੈ ਜਿੱਥੇ ਚੁਣੌਤੀਆਂ ਗੰਭੀਰ ਹਨ। ਨਵ-ਉਦਾਰਵਾਦ ਦੇ ਦੌਰ ਵਿਚ ਰਾਜਨੀਤਿਕ ਅਰਥ ਵਿਵਸਥਾ ਹਮੇਸ਼ਾਂ ਸਮਾਜ ਦੇ ਬੌਧਿਕ, ਨੈਤਿਕ ਅਤੇ ਸਮਾਜਿਕ ਪ੍ਰਬੰਧ ਵਿਚ ਨਵੇਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਰਹੀ ਹੈ। 1947 ਦੀ ਵੰਡ, ਹਰੀ ਕ੍ਰਾਂਤੀ ਦੇ ਚੰਗੇ-ਮਾੜੇ ਨਤੀਜੇ, ਖਾੜਕੂਵਾਦ ਦੇ ਦੌਰ ਅਤੇ ਉੱਤਰ ਆਧੁਨਿਕਤਾ ਦੇ ਪ੍ਰਭਾਵਾਂ ਵਿਚੋਂ ਉਪਜੇ ਬਹੁਪੱਖੀ ਸੰਕਟਾਂ ਵਿਚੋਂ ਪੰਜਾਬ ਨੂੰ ਕੱਢਣ ਲਈ ਬੁੱਧੀਜੀਵੀ ਵਰਗ ਅਤੇ ਸਾਧਾਰਨ ਲੋਕਾਂ ਨੂੰ ਇਕਜੁੱਟ ਹੋ ਕੇ ਨਵਾਂ ਸੰਵਾਦ ਰਚਾਉਣ ਦੀ ਲੋੜ ਹੈ। ਪੰਜਾਬ ਸਦਾ ਗ਼ੈਰ ਜਮਹੂਰੀਅਤ ਅਤੇ ਸਮਾਜਿਕ ਨਾ-ਬਰਾਬਰੀ ਦੀ ਸਥਾਪਨਾ ਦਾ ਵਿਰੋਧੀ ਰਿਹਾ ਹੈ। ਇਸੇ ਲਈ ਪੰਜਾਬੀਆਂ ਨੇ ਕਾਰਜਸ਼ੈਲੀ ਅਤੇ ਵਿਚਾਰਧਾਰਾ ਦਾ ਲੋਕ ਪੱਖੀ ਪ੍ਰਭਾਵ ਸਿਰਜਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੀ ਪੀੜਾ ਸਮਝਣ ਅਤੇ ਉਸ ਨੂੰ ਸੁਲਝਾਉਣ ਦੇ ਯਤਨ ਅਤੇ ਸਾਰਥਕ ਉਪਰਾਲੇ ਮੌਜੂਦਾ ਸਰਕਾਰ ਲਈ ਇਕ ਵੱਡੀ ਚੁਣੌਤੀ ਹਨ। ਸਿਹਤ, ਸਿੱਖਿਆ, ਪੇਟ, ਪਰਵਾਸ, ਨਸ਼ੇ ਅਤੇ ਗੈਂਗਸਟਰ ਕਲਚਰ ਦੇ ਨਾਲ ਨਾਲ ਪੰਜਾਬ ਦੀ ਬੁਨਿਆਦ ਨੂੰ ਜੜੋਂ ਹਲਾਉਣ ਲਈ ਨਵੇਂ ਬੁਣੇ ਜਾ ਰਹੇ ਬਿਰਤਾਂਤ ਨਾਲ ਜੁੜੇ ਅਹਿਮ, ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਪੰਜਾਬੀ ਸਮਾਜ ਲਈ ਚਿਰੰਜੀਵ ਵਿਕਾਸ ਮਾਡਲ ਦੀ ਮੰਗ ਕਰਦੇ ਹਨ।
ਪੰਜਾਬ ਦੀ ਸਰਵਪੱਖੀ ਸਮੀਖਿਆ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦੇ ਹਨ ਕਿ ਹੁਣ ਤੱਕ ਦੀ ਸ਼ਾਸਨ ਵਿਵਸਥਾ ਵੱਲੋਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਸਾਰਥਕ ਹੱਲ ਦੇਣ ਦੀ ਬਜਾਇ ਨਵੀਆਂ ਬੇਲੋੜੀਆਂ ਸਮੱਸਿਆਵਾਂ ਨੂੰ ਹੀ ਧਰਾਤਲ ਪ੍ਰਦਾਨ ਕੀਤਾ ਗਿਆ ਹੈ ਜਾਂ ਸਮੱਸਿਆ ਨੂੰ ਨਾਸੂਰ ਬਣਾ ਦੇਣ ਲਈ ਬੇਲੋੜੀ ਦੇਰ ਕੀਤੀ ਗਈ ਹੈ। ਬਾਜ਼ਾਰ ਅਰਥਵਿਵਸਥਾ ਦੇ ਪ੍ਰਭਾਵ ਅਧੀਨ ਸਿਰਜੇ ਜਾ ਚੁੱਕੇ ‘ਬਾਜ਼ਾਰ ਸਮਾਜ’ ਦੇ ਦੋਗਲੇ ਮਾਪਦੰਡਾਂ ਨੇ ਅਸੱਭਿਆ, ਅਧਰਮ ਅਤੇ ਅਗਿਆਨਤਾ ਦਾ ਪਾਸਾਰ ਵਧਾ ਕੇ ਕੌਮ ਨੂੰ ਹਾਸ਼ੀਏ ਵੱਲ ਧੱਕ ਕੇ ਰੂਹਾਨੀ ਉਜਾੜਾ ਹੀ ਪੰਜਾਬ ਦੀ ਝੋਲੀ ਪਾਇਆ ਹੈ। ਵਰਤਮਾਨ ਹਕੂਮਤ ਵੱਲੋਂ ਇਮਾਨਦਾਰੀ ਅਤੇ ਸਟੇਟ ਦੀ ਤਰੱਕੀ ਲਈ ਆਪਣੀ ਵਚਨਬੱਧਤਾ ਦੇ ਨਜ਼ਰੀਏ ਦੇ ਪੱਖ ਤੋਂ ਰੋਜ਼ ਨਵੇਂ ਐਲਾਨ, ਭ੍ਰਿਸ਼ਟਾਚਾਰ ਰਹਿਤ ਸਮਾਜ ਅਤੇ ਅਮਨ ਕਾਨੂੰਨ ਵਿਵਸਥਾ ਦੀ ਬਹਾਲੀ ਦਾ ਪੱਖ ਰੱਖਿਆ ਜਾ ਰਿਹਾ ਹੈ, ਪਰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਕੁਝ ਵੱਖਰੀਆਂ ਹਨ। ਜਦੋਂ ਤੱਕ ਸਰਕਾਰ ਗੰਭੀਰਤਾ ਨਾਲ ਪੰਜਾਬੀ ਸਮਾਜ ਦੀਆਂ ਭਾਵਨਾਵਾਂ ਨਾਲ ਜੁੜੇ ਬੁਨਿਆਦੀ ਅਤੇ ਸੰਵੇਦਨਸ਼ੀਲ ਮਸਲਿਆਂ ਦੇ ਸਦੀਵੀ ਹੱਲ ਕੱਢਣ ਲਈ ਪੰਜਾਬ ਅਨੁਕੂਲ ਵਿਵਸਥਾ ਮਾਡਲ ਨਹੀਂ ਅਪਣਾਉਦੀ ਤਾਂ ਬਿਨਾਂ ਸ਼ੱਕ ਸਮਾਜ ਵਿਚ ਅਸਮਾਜਿਕਤਾ ਫੈਲਣਾ ਸੁਭਾਵਿਕ ਹੈ। ਧਾਰਮਿਕ ਦਾਰਸ਼ਨਿਕਾਂ ਦੇ ਨਾਮ ’ਤੇ ਵਸਦਾ ਪੰਜਾਬ ਇਸ ਕਦਰ ਘਿਣਾਉਣੀ ਸਿਆਸਤ ਦੇ ਚੱਕਰਵਿਊ ਵਿਚ ਫਸਦਾ ਜਾ ਰਿਹਾ ਹੈ ਕਿ ਇਸ ਦੀ ਹੋਂਦ ਉੱਪਰ ਲੱਗਿਆ ਪ੍ਰਸ਼ਨ ਚਿੰਨ੍ਹ ਜਿੱਥੇ ਅਨੇਕਾਂ ਉੱਤਰ ਰਹਿਤ ਪ੍ਰਸ਼ਨਾਂ ਵੱਲ ਸੰਕੇਤ ਕਰਦਾ ਹੈ ਉੱਥੇ ਨਾਲ ਹੀ ਆਪਣੀ ਪਹਿਲੀ ਪਾਰੀ ਖੇਡ ਰਹੀ ਮੌਜੂਦਾ ਸਰਕਾਰ ਲਈ ਵੀ ਮੁਸ਼ਕਲਾਂ ਅਤੇ ਚੁਣੌਤੀਆਂ ਵਧਾ ਰਿਹਾ ਹੈ। ਹਰ ਰੋਜ਼ ਨਵੀਆਂ ਉੱਭਰ ਰਹੀਆਂ ਸਮਾਜਿਕ ਸਮੱਸਿਆਵਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੁਨਿਆਦ ਨੂੰ ਅਜਿਹਾ ਖੋਰਾ ਲਾਇਆ ਹੈ ਕਿ ਇਸ ਦੀ ਅਜ਼ਾਦ ਹਸਤੀ ਡਗਮਗਾਉਣ ਲੱਗ ਪਈ ਹੈ। ਬਸਤੀਵਾਦ ਤੋਂ ਛੁਟਕਾਰੇ ਉਪਰੰਤ 75 ਸਾਲਾਂ ਵਿਚ ਪੰਜਾਬ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਖਲਾਅ ਵਿਚ ਰਿਹਾ ਹੈ।
ਪੰਜਾਬ ਇਕ ਭੂਗੋਲਿਕ ਆਕ੍ਰਿਤੀ ਹੀ ਨਹੀਂ ਹੈ ਸਗੋਂ ਇਕ ਵਿਸਥਾਰ ਹੈ ਜੋ ਸਮਾਜ ਸਿਰਜਨਾ ਲਈ ਅੰਦੋਲਨਾਂ ਦੀ ਤਵਾਰੀਖ ਉੱਪਰ ਖੜ੍ਹਾ ਹੈ। ਪੰਜਾਬ ਨੇ ਦੁਨੀਆ ਨੂੰ ਸਿਖਾਇਆ ਕਿ ਨਾਇਕਤਵ ਕੀ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਦੁਨੀਆ ਅੱਗੇ ਸਮਾਨਤਾ ਉੱਪਰ ਆਧਾਰਿਤ ‘ਬੇਗਮਪੁਰਾ ਸਮਾਜ’ ਦਾ ਸੰਕਲਪ ਪੇਸ਼ ਕੀਤਾ। ਵਕਤ ਦੀ ਸਿਤਮ ਜ਼ਰੀਫੀ ਹੈ ਕਿ ਰਾਜਸੀ ਧੱਕਿਆਂ ਅਤੇ ਅੰਤਰ ਰਾਸ਼ਟਰੀ ਭੂ-ਰਾਜਨੀਤੀ ਉੱਪਰ ਰਚੀਆਂ ਜਾ ਰਹੀਆਂ ਘਿਣਾਉਣੀਆਂ ਸਿਆਸਤੀ ਨੀਤੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਗ਼ੈਰ-ਇਖਲਾਕੀ ਅਤੇ ਗ਼ੈਰ-ਸੰਜੀਦਾ ਤੱਤਾਂ ਨੇ ਸਾਡੇ ਦਰਪੇਸ਼ ਡੂੰਘਾ ਸਮਾਜਿਕ ਸੰਕਟ ਖੜ੍ਹਾ ਕਰ ਦਿੱਤਾ ਹੈ। ਹਰ ਸਮਾਜ ਵਿਚ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਨੌਜਵਾਨ ਬਹੁਤ ਅਹਿਮ ਰੋਲ ਅਦਾ ਕਰਦਾ ਹੈ, ਪਰ ਸਮੇਂ ਅਤੇ ਸਥਿਤੀ ਦੀ ਵਿਡੰਬਨਾ ਹੈ ਕਿ ਪੰਜਾਬੀ ਨੌਜਵਾਨ ਆਪਣੀ ਚੇਤਨਾ ਅਤੇ ਸਮਰੱਥਾ ਦੇ ਉਲਟ ਨਿਰਆਧਾਰ ਭੀੜਤੰਤਰ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਰੁਝਾਨ ਵਿਅਕਤੀਗਤ ਸੋਚ ਅਤੇ ਆਪਸੀ ਸੰਵਾਦ ਰਚਾਉਣ ਦੀ ਸਮਰੱਥਾ ਉੱਪਰ ਕਾਫ਼ੀ ਹੱਦ ਤੱਕ ਰੋਕ ਲਾਉਂਦਾ ਹੈ। ਜੋ ਪੰਜਾਬ ਨੂੰ ਅਸਹਿ ਪੀੜ, ਖੰਡਿਤ ਅਸਤਿਤਵ ਅਤੇ ਦੁਸ਼ਵਾਰੀਆਂ ਦੇ ਦੁਖਦ ਅਹਿਸਾਸਾਂ ਦੀ ਦਲਦਲ ਵਿਚ ਗਲਤਾਨ ਕਰ ਰਿਹਾ ਹੈ। ਪੰਜਾਬੀ ਸਮਾਜ ਜਿਸ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਉਸ ਤੋਂ ਉਪਰਾਮ ਨੌਜਵਾਨ ਅਨੈਤਿਕਤਾ, ਨਸ਼ੇ ਅਤੇ ਪਲਾਇਨਵਾਦ ਦੀ ਬਿਰਤੀ ਵਿਚ ਗ੍ਰਸੇ ਜਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਦਿਸ਼ਾਬੱਧ ਕਰਕੇ ਉਨ੍ਹਾਂ ਨੂੰ ਹੱਕਾਂ ਪ੍ਰਤੀ ਜਾਗੂਰਕ ਕੀਤਾ, ਪਰ ਕਿਸਾਨੀ ਜਥੇਬੰਦੀਆਂ ਦੀ ਧੜੇਬੰਦੀ ਤੋਂ ਬਾਅਦ ਫਿਰ ਪੰਜਾਬ ਦਾ ਹਰਿਆਲਾ ਦਸਤਾ ਇਕ ਖਲਾਅ ਵਿਚ ਹੈ। ਇਸ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਇਸ ਸਮੇਂ ਯੋਗ ਅਗਵਾਈ, ਦਿਸ਼ਾ ਅਤੇ ਵਿਚਾਰਧਾਰਾ ਦੀ ਲੋੜ ਹੈ। ਦੁਬਿਧਾ ਦੇ ਹਨੇਰੇ ਵਿਚ ਉਲਝੀ ਜਵਾਨੀ ਨੂੰ ਉਨ੍ਹਾਂ ਦੇ ਦਿਮਾਗ ਵਿਚ ਫੈਲੀ ਨਕਾਰਾਤਮਕ ਸੋਚ, ਅਸ਼ਾਂਤੀ ਅਤੇ ਦਿਸ਼ਾਹੀਣਤਾ ਵਿਚੋਂ ਕੱਢਣ ਲਈ ਲਾਜ਼ਮੀ ਹੈ ਕਿ ਮੌਜੂਦਾ ਸਰਕਾਰ ਉਨ੍ਹਾਂ ਨੂੰ ਵਿਸ਼ਵਾਸ ਦੀ ਕਿਰਨ ਦਿਖਾਏ ਜਿਸ ਨਾਲ ਨੌਜਵਾਨਾਂ ਨੂੰ ਮਾਨਸਿਕ ਸਪੇਸ ਮਿਲਣ ਦੇ ਨਾਲ ਨਾਲ ਪੰਜਾਬ ਦੀਆਂ ਵੀ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ।
ਰਾਸ਼ਟਰੀ ਪੱਧਰ ਉੱਪਰ ਦੱਖਣ ਪੰਥੀ ਰਾਜਨੀਤੀ ਦੁਆਰਾ ਸਿਰਜੇ ਧਰਮ ਅਤੇ ਰਾਸ਼ਟਰੀਅਤਾ ਆਧਾਰਿਤ ਸਿਆਸਤ ਦੇ ਨਮੂਨੇ ਨੇ ਪੰਜਾਬੀਆਂ ਵਿਚ ਭਰਮ ਅਤੇ ਖਲਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਦੂਜੇ ਹੱਥ ਰਾਸ਼ਟਰੀ ਖੱਬੀ ਪੱਖੀ ਸੋਚ ਪਹਿਲਾਂ ਹੀ ਆਪਣਾ ਵਿਸ਼ਵਾਸ ਗੁਆ ਬੈਠੀ ਹੈ। ਇਨ੍ਹਾਂ ਦੋਹਾਂ ਵਿਚਾਰਧਰਾਵਾਂ ਦੇ ਨਿਹਤ ਸਵਾਰਥਾਂ ਵੱਲੋਂ ਪੰਜਾਬ ਨੂੰ ਮਹਿਜ਼ ਪ੍ਰਯੋਗਸ਼ਾਲਾ ਸਮਝਣ ਦੀ ਭੁੱਲ ਅਕਸਰ ਕੀਤੀ ਜਾਂਦੀ ਹੈ। ਹਕੀਕਤ ਇਹ ਹੈ ਕਿ ਪੰਜਾਬ ਦੀ ਪ੍ਰਗਤੀ ਦਿਖਾਉਣ ਵਾਲੇ ਮਾਪਦੰਡ ਲਗਾਤਰ ਹੇਠਾਂ ਡਿੱਗ ਰਹੇ ਹਨ। ਆਮ ਲੋਕ ਸਹੀ ਅਤੇ ਗਲਤ ਵਿਚ ਫਰਕ ਸਪਾਂਸਰ ਖ਼ਬਰਾਂ ਅਤੇ ਵਟਸਐਪ ਸਿਰਜਤ ਹਾਈਬ੍ਰਿਡ ਗਿਆਨ ਉੱਪਰ ਕਰਨ ਲਈ ਮਜਬੂਰ ਹਨ ਜੋ ਨਿਰਪੱਖ ਹਸਤੀ ਲਈ ਨੁਕਸਾਨਦਾਇਕ ਹੈ। ਸਮਕਾਲ ਵਿਚ ਪੰਜਾਬ ਭਾਵੇਂ ਧਾਰਮਿਕ ਸਹਿਣਸ਼ੀਲਤਾ ਦੇ ਸੰਕਟ ਨਾਲ ਜੂਝਦਾ ਜਾਪਦਾ ਹੈ, ਪਰ ਅਸਲੀਅਤ ਵਿਚ ਇਹ ਪੰਜਾਬ ਦੀ ਬੁਨਿਆਦ ਹਿਲਾਉਣ ਲਈ ਡੂੰਘੀ ਸਿਆਸੀ ਖੇਡ ਜਾਪਦੀ ਹੈ। ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੋਹਰਾ ਬਣਾ ਕੇ ਖੇਡੀ ਜਾ ਰਹੀ ਰਾਜਨੀਤੀ ਡੂੰਘੇ ਸੰਕਟਾਂ ਦਾ ਸੰਕੇਤ ਦਿੰਦੀ ਹੈ। ਪੰਜਾਬ ਵਿਚੋਂ ਇਕ ਹੋਰ ਪੰਜਾਬ ਕੱਢਣ ਦੀ ਹਾਮੀ ਭਰਨ ਵਾਲਾ ਵਿਦੇਸ਼ੀ ਤਬਕਾ ਸ਼ਾਇਦ ਸੰਤਾਲੀ ਅਤੇ ਚੁਰਾਸੀ ਨੂੰ ਭੁੱਲ ਬੈਠਾ ਹੈ। ਚੁਰਾਸੀ ਦੇ ਉੱਜੜਿਆਂ ਨੂੰ ਤਾਂ ਹਕੂਮਤਾਂ ਅਜੇ ਤੱਕ ਵਸਾ ਨਹੀਂ ਸਕੀਆਂ। ਪੰਜਾਬ ਨੂੰ ਨੇਸਤੋ-ਨਾਬੂਦ ਕਰਕੇ ਨਵੇਂ ਪ੍ਰਬੰਧ ਦੀ ਸਥਾਪਤੀ ਦਾ ਦੂਸ਼ਿਤ ਪ੍ਰਸੰਗ ਸਿਰਜ ਕੇ ਲੋਕਾਂ ਨੂੰ ਖਲਾਅ ਵੱਲ ਧੱਕ ਕੇ ਮਨੁੱਖਤਾ ਵਿਰੋਧੀ ਕੁਝ ਅਨਸਰ ਦੇਸ਼ ਅਤੇ ਵਿਦੇਸ਼ਾਂ ਵਿਚ ਅਨੈਤਿਕਤਾ ਫੈਲਾ ਕੇ ਪੰਜਾਬੀਆਂ ਦੀ ਗਲਤ ਤਸਵੀਰ ਪੇਸ਼ ਕਰਕੇ ਅਦਬੀ ਤਵਾਰੀਖ ਨੂੰ ਲੀਰੋ ਲੀਰ ਕਰ ਰਹੇ ਹਨ। ਦੰਭ ਅਤੇ ਪਾਖੰਡ ਦਾ ਗ਼ਲਤ ਰੁਝਾਨ ਪੈਦਾ ਕਰਨ ਵਾਲੇ ਅਜਿਹੇ ਚਰਿੱਤਰ ਸਮਾਜ ਅਤੇ ਸਟੇਟ ਲਈ ਘਾਤਕ ਹਨ।
ਆਧੁਨਿਕ ਲੀਹਾਂ ’ਤੇ ਸਮੁੱਚੀ ਮਾਨਵਤਾ ਦੀ ਰਹਿਨੁਮਾਈ ਕਰਦੇ ਸਿੱਖ ਧਰਮ ਨੇ ਸਾਂਝੀਵਾਲਤਾ ਉੱੱਪਰ ਆਧਾਰਿਤ ਇਕ ਵਿਵਹਾਰਕ ਜੀਵਨ ਫਲਸਫੇ ਦਾ ਸਿਧਾਂਤ ਦਿੱਤਾ। ਸਾਡੇ ਗੁਰੂਆਂ ਨੇ ਦਸ ਮਨੁੱਖੀ ਜਾਮਿਆਂ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਹਰ ਪੱਖ ਤੋਂ ਸੰਵਾਰਦੇ, ਤਰਾਸ਼ਦੇ, ਘੜਦੇ ਹੋਏ ਇਕ ਸੰਪੂਰਨ ਅਤੇ ਸੰਤੁਲਿਤ ਜੀਵਨ-ਜਾਚ ਪ੍ਰਦਾਨ ਕੀਤੀ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਸਮਾਜ ਵਿਚਲੇ ਲੋਕਾਂ ਅੰਦਰ ਸਕਾਰਾਤਮਕ ਤੱਤਾਂ ਦੀ ਬਜਾਇ ਨਕਾਰਾਤਮਕ ਤੱਤ ਪ੍ਰਬਲ ਨਾ ਹੋ ਜਾਣ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਗੂੜ੍ਹੀ ਨੀਂਦ ਤੋਂ ਜਾਗ ਕੇ ਇਹ ਮੰਥਨ ਕਰਨ ਦੀ ਲੋੜ ਹੈ ਕਿ ਪੰਜਾਬ ਸੰਤਾਪ ਵੱਲ ਨਾ ਜਾਵੇ। ਜੇ ਰਾਜਨੀਤਿਕ ਪਾਰਟੀਆਂ ਲੋਕ ਹਿਤੈਸ਼ੀ ਹਨ ਅਤੇ ਪੰਜਾਬ ਦਾ ਦਰਦ ਸਮਝਦੀਆਂ ਹਨ ਤਾਂ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਇਸ ਡੂੰਘੇ ਸੰਕਟ ਅਤੇ ਬਹੁਪੱਖੀ ਕੰਗਾਲੀ ਵਿਚੋਂ ਕੱਢਣ ਲਈ ਲਈ ਨਿੱਜੀ ਮੁਫਾਦਾਂ ਨੂੰ ਲਾਂਭੇ ਕਰਕੇ ਸੰਜੀਦਗੀ ਨਾਲ ਹੰਭਲਾ ਮਾਰਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਲੀਡਰਸ਼ਿਪ ਰਾਜ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰੇਗੀ। ਪੰਜਾਬ ਦਾ ਕੋਈ ਆਗੂ ਕਲਮ ਅਤੇ ਬੌਧਿਕਤਾ ਦੀ ਤਾਕਤ ਨਾਲ ਵਿਸ਼ਵ ਵਿਚ ਸਥਾਪਿਤ ਹੋਣ ਦੀ ਭਾਲ ਕਿਉਂ ਨਹੀਂ ਕਰਦਾ। ਉੱਤਰ ਸਪੱਸ਼ਟ ਹੈ ਕਿ ਪੰਜਾਬ ਵਿਚ ਕਿਤਾਬ, ਕਲਾ ਅਤੇ ਹੁਨਰ ਦੀ ਕਦਰ ਘਟ ਗਈ ਹੈ। ਪੰਜਾਬ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਕੱਢਣ ਲਈ ਸਰਕਾਰ ਅਤੇ ਬੁੱਧੀਜੀਵੀ ਵਰਗ ਨੂੰ ਪੰਜਾਬ ਦੇ ਧਰਾਤਲ ਨਾਲ ਜੁੜਨਾ ਪਵੇਗਾ ਅਤੇ ਪੰਜਾਬ ਦੀਆਂ ਨਵੀਆਂ ਚੁਣੌਤੀਆਂ ਨੂੰ ਸਮਝਣਾ ਪਵੇਗਾ। ਰਾਜ ਸਰਕਾਰ ਨੂੰ ਆਪਣੇ ਇਖਲਾਕੀ ਫਰਜ਼ਾਂ ਨੂੰ ਪਛਾਣਦੇ ਹੋਏ ਮੌਲਿਕ, ਸੁਤੰਤਰ ਅਤੇ ਵਿਲੱਖਣ ਨੁਹਾਰ ਵਾਲੇ ਪੰਜਾਬ ਦੇ ਧਰਾਤਲ ਦੇ ਅਨੁਕੂਲ ਵਿਕਾਸ ਮਾਡਲ ਸਿਰਜਣ ਦੀ ਲੋੜ ਹੈ।
ਸੰਪਰਕ : 86995-60020
ਬੋਲਣ ਦੀ ਆਜ਼ਾਦੀ ਦੀ ਅਹਿਮੀਅਤ - ਡਾ. ਅਮਨਦੀਪ ਕੌਰ
ਸਭਿਆਚਾਰਕ ਤੌਰ 'ਤੇ ਪ੍ਰੋੜ੍ਹ ਸੱਭਿਅਕ ਕੌਮਾਂ ਸਿਰਫ਼ ਬੋਲਣ ਲਈ ਨਹੀਂ ਬੋਲਦੀਆਂ। ਗੁਫ਼ਤਾਰ, ਦਸਤਾਰ ਅਤੇ ਰਫ਼ਤਾਰ ਪੰਜਾਬੀ ਸਭਿਆਚਾਰ ਦੇ ਅੰਗ-ਪਹਿਲੂ ਹਨ ਜੋ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਅਕਤਿਤਵ ਨੂੰ ਸਮਾਜ ਵਿਚ ਸਥਾਨ ਅਤੇ ਸਥਾਪਤੀ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ। ਮਨੁੱਖ ਦੀ ਸੋਚ ਅਤੇ ਵਿਚਾਰ ਜੀਵਨ ਸ਼ੈਲੀ ਵਿਚੋਂ ਜਨਮ ਲੈਂਦੇ ਹਨ। ਭਾਰਤ ਦੇ ਪ੍ਰਾਚੀਨਤਮ ਧਰਮਾਂ ਵਿਚੋਂ ਬੁੱਧ ਧਰਮ ਸੁਣਨ, ਮਨਨ ਅਤੇ ਵਿਚਾਰ ਕਰਨ ਦੀ ਹਾਮੀ ਭਰਦਾ ਹੈ। ਆਧੁਨਿਕ ਅਤੇ ਵਿਗਿਆਨਕ ਲੀਹਾਂ 'ਤੇ ਸਮੁੱਚੀ ਮਾਨਵਤਾ ਦੀ ਰਹਿਨੁਮਾਈ ਕਰਦੇ ਸਿੱਖ ਧਰਮ ਵਿਚ ਗੋਸ਼ਟਿ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ 'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ'। ਸਾਰ ਤੱਤ ਇਹ ਹੈ ਕਿ ਸਾਰੇ ਧਰਮ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਨੂੰ ਸਨਮਾਨ ਦਿੰਦੇ ਹਨ।
ਬੋਲਣ ਦੀ ਆਜ਼ਾਦੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਹ ਹੱਕ ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ 19(1)(ਏ) ਜਾਤ-ਪਾਤ, ਰੰਗ, ਨਸਲ, ਧਰਮ ਅਤੇ ਲਿੰਗ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਭ ਨੂੰ ਬਰਾਬਰ ਪ੍ਰਦਾਨ ਕਰਦੀ ਹੈ। ਪਰ ਅਜੋਕੇ ਅਤਿ-ਆਧੁਨਿਕ ਯੁੱਗ ਵਿਚ ਨਵ-ਪੂੰਜੀਵਾਦ ਦੇ ਪਸਾਰ ਅਤੇ ਤੇਜ਼ੀ ਨਾਲ ਵਧ ਰਹੀ ਬਾਜ਼ਾਰੀਕਰਨ ਦੀ ਪ੍ਰਕਿਰਿਆ ਨੇ ਮਾਨਵੀ ਸਰੋਕਾਰਾਂ ਨੂੰ ਮੁੱਢੋਂ ਹੀ ਬਦਲ ਦਿੱਤਾ ਹੈ। ਮਨੁੱਖ ਦਾ ਮਨੁੱਖ ਨਾਲੋਂ ਰਿਸ਼ਤਾ ਖ਼ਤਮ ਹੋ ਰਿਹਾ ਹੈ। ਪਣਪ ਰਹੇ ਨਵੇਂ ਰਿਸ਼ਤਿਆਂ ਦਾ ਆਧਾਰ ਸਿਰਫ਼ ਪੈਸਾ, ਸੁਆਰਥ ਅਤੇ ਥੋੜ੍ਹੇ ਸਮੇਂ ਵਿਚ ਜ਼ਿਆਦਾ ਕਾਮਯਾਬੀ ਪ੍ਰਾਪਤ ਕਰਨ ਲਈ ਇਕ ਦੂਜੇ ਨੂੰ ਵਰਤਣਾ ਹੈ। ਜਦੋਂ ਸਮਾਜ ਵਿਚ ਹਰ ਪਾਸੇ ਪੈਸਾ ਪ੍ਰਧਾਨ ਹੈ ਅਤੇ ਜ਼ਿਆਦਾਤਰ ਲੋਕ ਪੂੰਜੀ ਦੀ ਗ੍ਰਿਫ਼ਤ ਵਿਚ ਹਨ ਤਾਂ ਸਮਾਜ ਵਿਚ ਗ਼ੈਰ-ਸਮਾਜੀ ਵਰਤਾਰਾ ਫੈਲਣਾ ਸੁਭਾਵਿਕ ਹੈ। ਸਿੱਟੇ ਵਜੋਂ ਸਮਾਜ ਵਿਚ ਸਾਡੇ ਸਾਹਮਣੇ ਵਾਪਰਦੀਆਂ ਦੁਖਦਾਈ ਘਟਨਾਵਾਂ ਨਾਲ ਅਸੀਂ ਕੋਈ ਸਰੋਕਾਰ ਰੱਖਣਾ ਪਸੰਦ ਨਹੀਂ ਕਰਦੇ।
ਜਦੋਂ ਕਿਸੇ ਕੌਮ ਦੇ ਸੰਘਰਸ਼, ਸ਼ਾਨਾਮੱਤੇ ਕਾਰਨਾਮੇ ਅਤੇ ਪ੍ਰਾਪਤੀਆਂ ਪ੍ਰਤੀ ਉਸ ਕੌਮ ਦੇ ਲੋਕ ਸੰਵੇਦਨਸ਼ੀਲ ਨਾ ਰਹਿਣ ਤਾਂ ਇਹ ਵਤੀਰਾ ਸਮਾਜ ਲਈ ਅਤਿ ਘਾਤਕ ਹੁੰਦਾ ਹੈ। ਸਮਾਜ ਵਿਚ ਜੋ ਗ਼ਲਤ ਵਾਪਰ ਰਿਹਾ ਹੁੰਦਾ ਹੈ, ਅਸੀਂ ਉਸ ਨੂੰ ਵੇਖਦੇ ਅਤੇ ਗ਼ਲਤ ਸਮਝਦੇ ਹੋਏ ਵੀ ਉਸ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ। ਧਨਾਢ ਲੋਕ ਪੈਸੇ ਦੇ ਸਿਰ 'ਤੇ ਕਾਨੂੰਨ ਤੋਂ ਬੇਪ੍ਰਵਾਹ ਹੋ ਕੇ ਸਮਾਜ ਨੂੰ ਜਿਵੇਂ ਚਾਹੇ ਵਰਤਣ ਅਤੇ ਚਲਾਉਣ, ਪਰ ਅਸੀਂ ਚੁੱਪ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਦਾਚਾਰਕ ਕੀਮਤਾਂ, ਪਿਆਰ, ਪਵਿੱਤਰਤਾ, ਸੱਚ, ਵਫ਼ਾਦਾਰੀ, ਸਹਿਜ ਅਤੇ ਹਮਦਰਦੀ ਆਦਿ ਦਾ ਘਾਣ ਹੁੰਦਾ ਵੇਖਦੇ ਹਾਂ, ਪਰ ਮੂੰਹ ਬੰਦ ਰੱਖ ਕੇ ਸਮਾਜ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਮੂੰਹ ਫੇਰ ਲੈਂਦੇ ਹਾਂ ਜੋ ਇਕ ਚੇਤੰਨ ਅਤੇ ਜਾਗੂਰਕ ਨਾਗਰਿਕ ਲਈ ਸ਼ਰਮਨਾਕ ਹੈ।
ਅਪਰਾਧ, ਅਨਿਆਂ ਅਤੇ ਜ਼ੁਲਮ ਜਦੋਂ ਸਾਫ਼-ਸੁਥਰੇ ਸਮਾਜ ਨੂੰ ਗੰਧਾਲਣ ਦਾ ਯਤਨ ਕਰਨ ਤਾਂ ਹਰ ਵਿਅਕਤੀ ਨੂੰ ਆਵਾਜ਼ ਉਠਾਉਣ ਦਾ ਅਧਿਕਾਰ ਹੈ। ਜੇਕਰ ਸਮਾਜ ਦੀ ਬਿਹਤਰੀ ਲਈ ਇਸ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਇਹ ਸਭ ਗ਼ੁਲਾਮੀ ਲਈ ਧਰਾਤਲ ਤਿਆਰ ਕਰਦਾ ਹੈ। ਕਾਬਿਲੇ-ਗੌਰ ਹੈ ਕਿ ਰਗਾਂ ਵਿਚ ਲਹੂ ਹਰ ਜੀਵ ਦੇ ਦੌੜਦਾ ਹੈ, ਪਰ ਮਹਾਨ ਸਿਰਫ਼ ਉਹੀ ਲਹੂ ਹੁੰਦਾ ਹੈ ਜੋ ਹੱਕ, ਸੱਚ ਅਤੇ ਇਨਸਾਨੀਅਤ ਦਾ ਇਕਬਾਲ ਬੁਲੰਦ ਕਰਨ ਲਈ ਰੋਹ ਭਰੀਆਂ ਅੱਖਾਂ ਵਿਚੋਂ ਛਲਕਦਾ ਹੈ। ਜੇਕਰ ਸਾਡਾ ਧਰਮ ਅਤੇ ਸੰਵਿਧਾਨ ਸਾਨੂੰ ਬੋਲਣ ਦੀ ਆਜ਼ਾਦੀ ਦਿੰਦੇ ਹਨ ਅਤੇ ਇਸ ਦੇ ਬਾਵਜੂਦ ਅਸੀਂ ਅਸੁਖਾਵੇਂ ਸਮਾਜਿਕ ਸਰੋਕਾਰਾਂ ਖ਼ਿਲਾਫ਼ ਬੋਲਣ ਦਾ ਹੀਆ ਨਹੀਂ ਕਰਦੇ ਤਾਂ ਇਹ ਸਾਡੀ ਆਜ਼ਾਦ ਜ਼ਹਿਨੀਅਤ ਦੇ ਮੂੰਹ 'ਤੇ ਜ਼ਬਰਦਸਤ ਚਪੇੜ ਹੋਣ ਦੇ ਨਾਲ ਨਾਲ ਸਮਾਜਿਕ ਨਿਘਾਰ ਦੀ ਪਹਿਲੀ ਪੌੜੀ ਹੈ।
ਸਾਡਾ ਦੇਸ਼ ਜਮਹੂਰੀ ਮੁਲਕ ਹੈ ਜਿਸ ਵਿਚ ਸਾਰੇ ਰਾਜਸੀ, ਆਰਥਿਕ ਅਤੇ ਸਮਾਜਿਕ ਤਾਣੇ-ਬਾਣੇ ਦਾ ਕੇਂਦਰ ਮਨੁੱਖ ਹੈ। ਲੇਕਿਨ ਬਸਤੀਵਾਦ ਦੇ ਪੁਨਰ ਜਨਮ ਨੇ ਮਨੁੱਖ ਨੂੰ ਮੰਡੀ ਦੀ ਵਸਤੂ ਬਣਾ ਕੇ ਬਿਮਾਰ ਮਾਨਸਿਕਤਾ ਅਤੇ ਛਲ-ਕਪਟ ਦੀ ਅਲਾਮਤ ਉਸ ਦੀ ਝੋਲੀ ਵਿਚ ਪਾ ਦਿੱਤੀ ਹੈ। ਮਾਨਵੀ ਬਿਰਤੀ ਬਦਲਣ ਨਾਲ ਮਨੁੱਖ ਦੇ ਸਮਾਜ ਪ੍ਰਤੀ ਅਹਿਸਾਸ ਅਤੇ ਜ਼ਿੰਮੇਵਾਰੀਆਂ ਵੀ ਬਦਲ ਗਈਆਂ। ਨਤੀਜੇ ਵਜੋਂ ਸਮਾਜ ਭ੍ਰਿਸ਼ਟਾਚਾਰ, ਚੋਰ-ਬਾਜ਼ਾਰੀ ਅਤੇ ਹੋਰ ਸਮਾਜਿਕ ਦੁਸ਼ਵਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਇਹ ਸਮਾਜਿਕ ਗਿਰਾਵਟ ਸਾਹਮਣੇ ਦੇਖ ਕੇ ਵੀ ਅਸੀਂ ਬੋਲਣ ਤੋਂ ਘਬਰਾ ਜਾਂਦੇ ਹਾਂ। ਜਮਹੂਰੀ ਢੰਗ ਨਾਲ ਸਰਕਾਰ ਬਣਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ। ਜਮਹੂਰੀਅਤ ਦੀ ਰੱਖਿਆ ਲਈ ਹਮੇਸ਼ਾਂ ਹਰੇਕ ਵਿਅਕਤੀ ਵਿਸ਼ੇਸ਼ ਦਾ ਯੋਗਦਾਨ ਲੋੜੀਂਦਾ ਹੈ।
ਅਜੋਕੀ ਮਕਾਨਕੀ ਜ਼ਿੰਦਗੀ ਵਿਚ ਖ਼ੁਦ ਨੂੰ ਸਥਾਪਿਤ ਕਰਨ ਦੇ ਫ਼ਿਕਰ ਅਤੇ ਸਰੋਕਾਰ ਜਾਇਜ਼ ਹਨ। ਆਪਣੇ ਵਰਤਮਾਨ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਦੇ ਹੋਏ ਭਵਿੱਖ ਬਾਰੇ ਸਜੱਗ ਅਤੇ ਚੇਤੰਨ ਹੋਣਾ ਗ਼ਲਤ ਨਹੀਂ, ਪਰ ਨਾਲ ਹੀ ਸਮਾਜ ਵਿਚ ਵਾਪਰ ਰਹੇ ਗ਼ਲਤ ਵਰਤਾਰਿਆਂ ਨੂੰ ਦੇਖ ਕੇ ਅਣਡਿੱਠ ਕਰਨਾ ਆਪਣੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਕੁਤਾਹੀ ਹੈ। ਜੇਕਰ ਸਮਾਜਿਕ ਵਰਤਾਰੇ ਵਿਚ ਹੋ ਰਹੇ ਦੁਰਾਚਾਰ ਨੂੰ ਗ਼ਲਤ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ ਤਾਂ ਪ੍ਰਦੂਸ਼ਿਤ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਨਹੀਂ ਹੋ ਸਕਦੀ। ਲੋਕ ਸਿਆਣਪਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸੱਚ ਬੋਲਣ ਅਤੇ ਸੱਚ ਨਾਲ ਖੜ੍ਹਨ ਤੋਂ ਵੱਡੀ ਕੋਈ ਸਾਕਾਰਾਤਮਕ ਸੋਚ ਨਹੀਂ ਹੋ ਸਕਦੀ। ਪਰ ਸਮਕਾਲ ਵਿਚ ਸਥਿਤੀ ਦੀ ਸਮੀਖਿਆ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਬਹੁਗਿਣਤੀ ਲੋਕਾਂ ਦਾ ਰਿਜ਼ਕ ਹੀ ਅੱਧੇ ਸੱਚ ਦੇ ਸਹਾਰੇ ਚਲਦਾ ਹੈ। ਕਾਬਿਲੇ-ਗੌਰ ਹੈ ਕਿ ਅੱਧਾ ਸੱਚ ਪੂਰੇ ਝੂਠ ਨਾਲੋਂ ਵੱਧ ਖ਼ਤਰਨਾਕ ਹੁੰਦਾ ਹੈ। ਇਸ ਸਭ ਕੁਝ ਨੇ ਮਨੁੱਖੀ ਚਰਿੱਤਰ ਵਿਚ ਅਜਿਹੀ ਗਿਰਾਵਟ ਲਿਆਂਦੀ ਹੈ ਕਿ ਉਸ ਲਈ ਰਿਸ਼ਤਿਆਂ ਦੇ ਸਮੀਕਰਣ ਹੀ ਬਦਲ ਗਏ ਹਨ। ਹਰ ਰਿਸ਼ਤੇ ਨੂੰ ਅਸੀਂ ਮੌਕਾਪ੍ਰਸਤੀ ਅਤੇ ਮਤਲਬ ਦੇ ਤਰਾਜ਼ੂ ਵਿਚ ਤੋਲਣ ਲੱਗ ਪਏ ਹਾਂ।
ਬਾਜ਼ਾਰੀਕਰਨ ਦੇ ਮੱਕੜਜਾਲ ਵਿਚ ਉਲਝੀ ਮਾਨਸਿਕਤਾ ਨੇ ਸਿਰਫ਼ ਖੌਫ਼ ਦਾ ਅਹਿਸਾਸ ਹੀ ਦਿੱਤਾ ਹੈ। ਇਹੀ ਖੌਫ਼ ਬੋਲਣ ਦੀ ਆਜ਼ਾਦੀ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਮੰਡੀ ਦਾ ਮੁੱਖ ਮਨੋਰਥ ਹੀ ਮਨੁੱਖ ਨੂੰ ਸ਼ਬਦਹੀਣ ਜਾਂ ਸ਼ਬਦਾਂ ਤੋਂ ਦੂਰ ਕਰਨਾ ਹੈ। ਡਰ ਦੇ ਅਹਿਸਾਸ ਵਿਚ ਅਸੀਂ ਕਸ਼ਟ ਸਹਿ ਲੈਂਦੇ ਹਾਂ, ਪਰ ਚੁੱਪ ਰਹਿੰਦੇ ਹਾਂ। ਇਹੀ ਚੁੱਪ ਮਨੁੱਖ ਅੰਦਰੋਂ ਉਸ ਦੀ ਹਸਤੀ ਖਾਰਿਜ ਕਰ ਰਹੀ ਹੈ। ਅਸੀਂ ਜ਼ਿੰਦਗੀ ਵਿਚ ਥੋੜ੍ਹ-ਚਿਰੇ ਰਸਾਂ ਨੂੰ ਮਾਣਨ ਲਈ ਆਪਣਾ ਮਾਨ-ਸਨਮਾਨ ਅਤੇ ਬੁਨਿਆਦੀ ਹੱਕ ਦਾਅ 'ਤੇ ਲਾ ਦਿੰਦੇ ਹਾਂ, ਪਰ ਆਪਣੇ ਨਿੱਜੀ ਅਤੇ ਹੀਣੇ ਸੁਆਰਥਾਂ ਨਾਲ ਸਮਝੌਤਾ ਨਾ ਕਰਦੇ ਹੋਏ ਇਨ੍ਹਾਂ ਦਾ ਪੱਲਾ ਨਹੀਂ ਛੱਡਦੇ। ਅਣਜਾਣੇ ਵਿਚ ਹੀ ਸਹਿਜ ਆਨੰਦ ਤੋਂ ਦੂਰ ਹੋ ਕੇ ਅਸੀਂ ਅਜਿਹੀ ਪ੍ਰਵਿਰਤੀ ਦਾ ਪਾਲਣ ਕਰ ਰਹੇ ਹਾਂ ਜੋ ਇਨਸਾਨੀਅਤ ਨੂੰ ਹੈਵਾਨੀਅਤ ਅਤੇ ਦਹਿਸ਼ਤ ਵੱਲ ਲਿਜਾ ਰਹੀ ਹੈ। ਅਸੀਂ ਕਿਸੇ ਲਈ ਤਾਂ ਕੀ, ਖ਼ੁਦ ਨਾਲ ਹੁੰਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਵੀ ਕੰਨੀ ਕਤਰਾਉਂਦੇ ਹਾਂ।
ਜੇਕਰ ਵਧੇਰੇ ਲੋਕ ਅੱਜ-ਕੱਲ੍ਹ ਆਪਣੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਇਸ ਵਿਚ ਸਾਡੀ ਸਿੱਖਿਆ ਪ੍ਰਣਾਲੀ ਦਾ ਦੋਸ਼ ਵੀ ਹੈ। ਸਕੂਲ ਭਾਸ਼ਾ ਦੀ ਜਾਣਕਾਰੀ ਅਤੇ ਬੋਲਚਾਲ ਸਿਖਾਉਂਦੇ ਹਨ ਅਤੇ ਕਾਲਜ ਤੇ ਯੂਨੀਵਰਸਿਟੀਆਂ ਸੰਵਾਦ ਨੂੰ ਪਰਪੱਕ ਕਰਦੀਆਂ ਹਨ, ਪਰ ਮੌਜੂਦਾ ਸਿੱਖਿਆ ਪ੍ਰਬੰਧ ਵਿਚ ਸੰਵਾਦ ਨਾਲੋਂ ਸਿਲੇਬਸ ਭਾਰੂ ਹੈ। ਪੜ੍ਹਣ-ਪੜ੍ਹਾਉਣ ਦੇ ਚੱਕਰ ਵਿਚ ਵਧੇਰੇ ਵਿਦਿਆਰਥੀ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਨੈਨੋਟੈਕਨੋਲੋਜੀ ਦੇ ਯੁੱਗ ਵਿਚ ਭਾਸ਼ਾ ਦਾ ਸਰੂਪ ਬਦਲ ਰਿਹਾ ਹੈ। ਸੰਵਾਦ ਲਈ ਸਿਆਣਪ, ਸੁਣਨ ਅਤੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਸਭ ਪ੍ਰਦਾਨ ਕਰਨ ਦਾ ਸਭ ਤੋਂ ਉੱਤਮ ਮਾਧਿਅਮ ਸਿੱਖਿਆ ਹੀ ਹੈ। ਇਸ ਲਈ ਸੰਵਾਦ ਦੇ ਮੱਦੇਨਜ਼ਰ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਬਦਲਾਅ ਕਰਨੇ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।
ਸ਼ਬਦ ਮਨੁੱਖ ਅੰਦਰ ਮਨੁੱਖਤਾ ਜਗਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਇਨਕਲਾਬੀ ਵਿਚਾਰਧਾਰਾ ਨਾਲ ਨਾ ਸਿਰਫ਼ ਜ਼ੁਲਮ ਦੇ ਤਾਂਡਵ ਨੂੰ ਠੱਲ੍ਹ ਪਾਈ ਸਗੋਂ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਸਿੱਧੇ ਰਾਹ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਗਾ ਕੇ ਸ਼ਬਦ ਸ਼ਕਤੀ ਦੀ ਅਹਿਮੀਅਤ ਨੂੰ ਹੋਰ ਪ੍ਰਚੰਡਤਾ ਅਤੇ ਪਾਕੀਜ਼ਗੀ ਬਖ਼ਸ਼ੀ। ਆਵਾਜ਼ ਮਨੁੱਖਤਾ ਦਾ ਸਾਂਝਾ ਹੁੰਗਾਰਾ ਹੈ। ਆਪਣੀ ਸਰਬਸਾਂਝੀ ਹੋਂਦ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਰੱਖਣ ਲਈ ਲਬ ਖੋਲ੍ਹਣੇ ਪੈਣਗੇ ਅਤੇ ਚੁੱਪ ਤੋੜਣੀ ਪਵੇਗੀ। ਖ਼ੌਫ਼ ਅਤੇ ਦਬਾਅ ਥੱਲੇ ਪਲਣ ਵਾਲੀ ਮਾਨਸਿਕਤਾ ਬਿਮਾਰ, ਬੌਣੀ ਅਤੇ ਅਵਿਕਸਿਤ ਸ਼ਖ਼ਸੀਅਤ ਨੂੰ ਜਨਮ ਦਿੰਦੀ ਹੈ। ਤੰਦਰੁਸਤ, ਸਿਰਜਣਾਤਮਿਕ, ਸ਼ਕਤੀਸ਼ਾਲੀ ਤੇ ਇਨਕਲਾਬੀ ਸ਼ਖ਼ਸੀਅਤ ਦੀ ਉਸਾਰੀ ਅਤੇ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਲਈ ਸਹੀ ਗ਼ਲਤ ਦੀ ਪਛਾਣ ਕਰਕੇ ਆਵਾਜ਼ ਉਠਾਉਣੀ ਸਮੇਂ ਦੀ ਲੋੜ ਹੈ।
ਸਮਾਜਿਕ ਜੀਵ ਹੋਣ ਨਾਤੇ ਸਾਡਾ ਮੁੱਢਲਾ ਫ਼ਰਜ਼ ਹੈ ਕਿ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਸੰਵੇਦਨਾ ਭਰਪੂਰ ਅਤੇ ਗੰਭੀਰ ਹੋ ਕੇ ਵਿਚਾਰ ਮੰਥਨ ਕਰੀਏ। ਜਮਹੂਰੀਅਤ ਦੀ ਖ਼ੂਬਸੂਰਤੀ ਹੀ ਸੰਵਾਦ ਵਿਚ ਹੈ। ਜਮਹੂਰੀਅਤ ਦੀ ਰੱਖਿਆ ਲਈ ਜਮਹੂਰੀ ਢੰਗ ਨਾਲ ਵਿਚਾਰ ਵਿਟਾਂਦਰਾ ਹੀ ਸਭ ਵਰਗਾਂ ਦੀ ਆਵਾਜ਼ ਬੁਲੰਦ ਕਰਨ ਦਾ ਇਕੋ ਇਕ ਮਾਧਿਅਮ ਹੈ। ਮਨੁੱਖੀ ਹੋਂਦ ਅਤੇ ਗੌਰਵ ਲਈ ਆਵਾਜ਼ ਉਠਾਉਣੀ ਕਿਰਿਆਸ਼ੀਲ ਸਮਾਜਿਕ ਸੰਵੇਦਨਾ ਹੈ। ਸੋਚ ਤੇ ਸੱਚ ਨਿਧੜਕ ਤੇ ਨਿਰਪੱਖ ਜ਼ਿੰਦਗੀ ਵਿਚੋਂ ਹੀ ਪਨਪਦੇ ਹਨ। ਸੱਚ ਮਨੁੱਖ ਨੂੰ ਹਉਮੈਂ ਅਤੇ ਦੁਸ਼ਵਾਰੀਆਂ ਤੋਂ ਕੋਹਾਂ ਦੂਰ ਲੈ ਜਾਂਦਾ ਹੈ। ਇਹ ਮਨ ਵਿਚ ਪਣਪਦੀਆਂ ਅਹਿਸਾਸਾਂ ਦੀਆਂ ਸੂਖ਼ਮ ਤਰੰਗਾਂ ਨੂੰ ਅਪ੍ਰੋਖ ਹੀ ਸਾਡੀ ਵਿਵਸਥਾ ਦੀ ਤਰਜਮਾਨੀ ਕਰਦੇ ਗ਼ਲਤ ਸਿਧਾਂਤਾਂ ਖ਼ਿਲਾਫ਼ ਸੁਲਗ਼ਦੀ ਚੰਗਿਆੜੀ ਬਣਾ ਕੇ ਸਮਾਜ ਨੂੰ ਡੂੰਘੇ ਅਤੇ ਜਟਿਲ ਸੰਕਟਾਂ ਤੋਂ ਬਚਾਉਂਦਾ ਹੈ।
ਮਨੁੱਖ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਹੈ। ਜੇਕਰ ਅਸੀਂ ਮਾਨਵੀ ਚੇਤਨਾ ਦਾ ਨਾਅਰਾ ਬੁਲੰਦ ਕਰਨ ਲਈ ਬੋਲਦੇ ਹਾਂ ਤਾਂ ਜ਼ਿੰਦਗੀ ਦਾ ਸੁਹੱਪਣ ਕਾਇਮ ਰੱਖ ਸਕਦੇ ਹਾਂ। ਵਾਦ-ਵਿਵਾਦ ਵਿਚ ਤਰਕ ਦੇ ਨਾਲ ਨਾਲ ਜ਼ੁਬਾਨ ਦੀ ਮਿਠਾਸ ਅਤੇ ਬੋਲਣ ਦਾ ਸਲੀਕਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਕਿਸੇ ਵੀ ਜੰਗ ਦਾ ਅੰਤ ਆਪਸੀ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਸਹੀ ਸਮੇਂ ਸਹੀ ਢੰਗ ਨਾਲ ਕੀਤੀ ਗੱਲਬਾਤ ਨਾਲ ਬਹੁਤ ਸਾਰੇ ਕਲੇਸ਼ਾਂ ਤੋਂ ਮੁਕਤੀ ਮਿਲਦੀ ਹੈ। ਸਾਡਾ ਸ਼ਕਤੀਸ਼ਾਲੀ ਅਤੇ ਪ੍ਰਪੱਕ ਪ੍ਰਵਚਨ ਹੀ ਸਮਾਜ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰ ਸਕਦਾ ਹੈ।
ਸਮਾਜ ਵਿਚ ਸਹਿਜੇ ਹੀ ਆ ਰਹੀਆਂ ਦੁਸ਼ਵਾਰੀਆਂ ਅਤੇ ਕਦਰਾਂ-ਕੀਮਤਾਂ ਦੇ ਨਿਘਾਰ ਵਿਰੁੱਧ ਆਵਾਜ਼ ਉਠਾ ਕੇ ਅਸੀਂ ਖ਼ੁਦ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਵੀ ਖੇੜਾ ਅਤੇ ਵਿਸਮਾਦ ਬਖ਼ਸ਼ ਸਕਦੇ ਹਾਂ। ਆਪਣੀ ਹੋਂਦ ਦੀ ਮੌਲਿਕ, ਸੁਤੰਤਰ ਅਤੇ ਵਿਲੱਖਣ ਨੁਹਾਰ ਨੂੰ ਕਾਇਮ ਰੱਖਣ ਲਈ ਵਿਚਾਰਧਾਰਕ ਅਮਲ ਲਾਜ਼ਮੀ ਹਨ। ਇਹ ਅਮਲ ਲੋਕ-ਹਿੱਤ ਦੀ ਦਿਸ਼ਾ ਵਿਚ ਹੋਣੇ ਚਾਹੀਦੇ ਹਨ। ਸਦੀਵੀ ਸਮਾਜਿਕ ਖੁਸ਼ਹਾਲੀ ਲਈ ਸਾਨੂੰ ਗੁਰੂਆਂ-ਪੀਰਾਂ ਦੀ ਵਿਚਾਰਧਾਰਾ ਤੋਂ ਸੇਧ ਲੈਣੀ ਚਾਹੀਦੀ ਹੈ। ਆਪਣੀ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ। ਮਹਿਜ਼ ਬੋਲਣ ਲਈ ਨਹੀਂ ਬੋਲਣਾ ਚਾਹੀਦਾ ਸਗੋਂ ਉਨ੍ਹਾਂ ਸਾਰੇ ਸੂਖ਼ਮ ਅਹਿਸਾਸਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ ਜੋ ਲਫ਼ਜ਼ਾਂ ਦੀ ਉਡੀਕ ਵਿਚ ਦਮ ਤੋੜ ਰਹੇ ਹਨ।
ਸੰਪਰਕ : 88724-34512