ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਗੁਰੂ ਰਵਿਦਾਸ ਜੀ - ਡਾ. ਬਲਵੀਰ ਮੰਨਣ
ਅਚਾਰੀਆ ਰਜਨੀਸ਼, ਜਿਹੜੇ ਓਸ਼ੋ ਦੇ ਨਾਂਅ ਨਾਲ ਜਗਤ-ਵਿਖਿਆਤ ਹਨ, ਗੁਰੂ ਰਵਿਦਾਸ ਜੀ ਨੂੰ ਭਾਰਤ ਦੇ ਭਗਤੀ-ਰੂਪੀ ਆਕਾਸ਼ ਦਾ 'ਧਰੁਵ ਤਾਰਾ' ਆਖਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਮਾਘ ਸੁਦੀ ਪੰਦਰਾਂ, ਬਿਕਰਮੀ ਸੰਮਤ 1433 (25 ਜਨਵਰੀ, ਸੰਨ ਈਸਵੀ 1377) ਨੂੰ ਐਤਵਾਰ ਦੇ ਦਿਨ ਮਾਤਾ ਕਲਸਾਂ ਜੀ ਦੀ ਕੁੱਖੋਂ ਪਿਤਾ ਸਤਿਕਾਰਯੋਗ ਸੰਤੋਖ ਦਾਸ ਜੀ ਦੇ ਘਰ ਸੀਰ ਗੋਵਰਧਨਪੁਰ, ਬਨਾਰਸ ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਦਾ ਝੁਕਾਅ ਪ੍ਰਭੂ-ਭਗਤੀ ਵਲ ਸੀ। ਘਰੋਂ ਜੋ ਵੀ ਮਿਲਦਾ, ਸਾਥੀਆਂ ਨਾਲ ਮਿਲ ਕੇ ਖਾਂਦੇ ਜਾਂ ਕਿਸੇ ਲੋੜਵੰਦ ਨੂੰ ਦੇ ਦਿੰਦੇ।
ਜਵਾਨ ਹੋਏ ਤਾਂ ਆਪ ਜੀ ਨੂੰ ਆਪਣੇ ਮਾਰਗ ਤੋਂ ਹਟਦਾ ਨਾ ਦੇਖ ਆਪ ਦੇ ਪਿਤਾ ਨੇ ਆਪ ਦੀ ਸ਼ਾਦੀ ਲੋਨਾ ਦੇਵੀ ਨਾਲ ਕਰ ਦਿੱਤੀ ਅਤੇ ਆਪਣੇ ਮਕਾਨ ਦੇ ਪਿਛਵਾੜੇ ਆਪ ਨੂੰ ਇੱਕ ਛੰਨ ਬਣਵਾ ਦਿੱਤੀ। ਆਪ ਦੇ ਪਤਨੀ ਵੀ ਪੂਰਨ ਭਗਤੀ-ਭਾਵ ਵਾਲੇ ਗੁਣਵਾਨ ਇਸਤਰੀ ਸਨ। ਹੁਣ ਦੋਵੇਂ ਪਤੀ-ਪਤਨੀ ਹੱਥੀਂ ਕਿਰਤ ਕਰਦਿਆਂ ਪ੍ਰਭੂ-ਭਗਤੀ ਵਿੱਚ ਲੀਨ ਰਹਿੰਦੇ। ਪਿਤਾ ਦੇ ਆਪਣੇ ਪ੍ਰਤੀ ਵਿਵਹਾਰ ਨੂੰ ਨਾ ਚਿਤਵਦਿਆਂ ਆਪ ਹਮੇਸ਼ਾ ਉਨ੍ਹਾਂ ਪ੍ਰਤੀ ਸੇਵਾ-ਭਾਵ ਮਨ ਵਿੱਚ ਰੱਖਦੇ ਸਨ। ਮਗਰੋਂ ਵੀ ਆਪ ਨੇ ਇੱਕ ਸੁਹਿਰਦ ਸਪੁੱਤਰ ਵਜੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ।
ਆਪ ਜੀ ਦੇ ਘਰ ਵਿਜੈ ਦਾਸ ਨਾਮੀ ਪੁੱਤਰ ਦਾ ਜਨਮ ਹੋਇਆ। ਗੁਰੂ ਰਵਿਦਾਸ ਜੀ ਨੇ ਗ੍ਰਿਹਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਭੂ-ਭਗਤੀ ਕੀਤੀ। ਆਪ ਦਾ ਜੀਵਨ ਮਨੁੱਖ ਨੂੰ ਸਾਰੀਆਂ ਸੰਸਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਦਿਆਂ ਪ੍ਰਭੂ-ਭਗਤੀ ਦੇ ਮਾਰਗ 'ਤੇ ਤੁਰੇ ਜਾਣ ਹਿਤ ਆਦਰਸ਼ ਪ੍ਰੇਰਨਾ-ਸਰੋਤ ਹੈ।
ਪ੍ਰਭੂ-ਭਗਤੀ ਦੇ ਪਰਤਾਪ ਸਦਕਾ ਆਪ ਜੀ ਚਹੁੰ ਦਿਸ਼ਾਵਾਂ ਵਿੱਚ ਉੱਘੇ ਹੋਏ ਅਤੇ ਤਤਕਾਲੀ ਰਾਜੇ-ਰਾਣੀਆਂ ਅਤੇ ਚਹੁੰਆਂ ਵਰਨਾਂ (ਸਭ ਲੋਕਾਂ ਨੇ) ਆਪ ਜੀ ਪਾਸੋਂ ਉਪਦੇਸ਼ ਗ੍ਰਹਿਣ ਕੀਤਾ। ਆਪ ਜੀ ਦੀ ਸੰਗਤ ਵਿੱਚ ਸਭ ਵਰਗਾਂ ਦੇ ਲੋਕ ਜੁੜ ਬੈਠਦੇ ਸਨ। ਆਪ ਨੇ ਦੂਈ-ਦਵੈਤ ਮਿਟਾ ਕੇ ਲੋਕਾਈ ਨੂੰ ਏਕਤਾ, ਸਮਾਨਤਾ ਅਤੇ ਭਾਈਚਾਰੇ ਦਾ ਸਬਕ ਪੜ੍ਹਾਇਆ। ਰਾਜੇ-ਰਾਣਿਆਂ ਅਤੇ ਸਮਕਾਲੀ ਤੇ ਉੱਤਰਵਰਤੀ ਮਹਾਂਪੁਰਸ਼ਾਂ ਵਿੱਚ ਆਪ ਜੀ ਦਾ ਪੂਰਾ ਸਤਿਕਾਰ ਬਣਿਆ ਰਿਹਾ ਹੈ। ਵੱਖ-ਵੱਖ ਸਮਕਾਲੀ ਅਤੇ ਉੱਤਰਵਰਤੀ ਸੰਤਾਂ ਨੇ ਆਪਣੀ ਬਾਣੀ ਵਿੱਚ ਆਪ ਜੀ ਦੀ ਬੇਜੋੜ ਉਪਮਾ ਕੀਤੀ ਹੈ।
ਭਾਈ ਜੋਧ ਸਿੰਘ ਅਨੁਸਾਰ ਲੰਗਰ ਅਤੇ ਪੰਗਤ ਦੀ ਵਿਵਸਥਾ ਆਪ ਜੀ ਤੋਂ ਪ੍ਰਚੱਲਤ ਹੋਈ। ਆਪ ਜੀ ਦੇ ਲੰਗਰ ਵਿੱਚ ਅਮੀਰ-ਗ਼ਰੀਬ, ਰਾਜਾ-ਰੰਕ ਸਭ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਛਕਦੇ ਸਨ। ਆਪ ਜੀ ਦੀ ਆਮਦ 'ਤੇ ਰਾਜ ਘਰਾਣਿਆਂ (ਜੋ ਕਿ ਆਪ ਜੀ ਦੇ ਸ਼ਿਸ਼ ਸਨ) ਵਲੋਂ ਵਿਸ਼ਾਲ ਭੰਡਾਰੇ ਕੀਤੇ ਜਾਂਦੇ ਸਨ। ਐਸੇ ਹੀ ਇੱਕ ਭੰਡਾਰੇ ਵਿੱਚ ਚਿਤੌੜ ਵਿਖੇ ਆਪ ਨੇ ਲੋਕਾਈ ਨੂੰ ਬਰਾਬਰੀ ਅਤੇ ਮਿਲਵਰਤਨ ਦਾ ਉਪਦੇਸ਼ ਦਿੱਤਾ ਸੀ।
ਆਪ ਜੀ ਦਾ ਚਿਤਵਿਆ "ਬੇਗਮਪੁਰਾ" ਸਮੁੱਚੇ ਵਿਸ਼ਵ ਲਈ ਇੱਕ ਅਜਿਹੇ ਸੁਖਾਵੇਂ ਮਾਹੌਲ ਦੀ ਸਿਰਜਣਾ ਦਾ ਪ੍ਰਤੀਕ ਹੈ, ਜਿੱਥੇ ਵਰਗ-ਵੰਡ ਅਤੇ ਸ਼੍ਰੇਣੀ-ਵੰਡ ਲਈ ਕੋਈ ਥਾਂ ਨਹੀਂ। ਵਿਦਵਾਨ ਇਸ ਨੂੰ 'ਵਿਸ਼ਵ ਧਰਮ' ਦੀ ਸੰਗਿਆ ਦਿੰਦੇ ਹਨ। ਏਥੇ ਸਭ ਦੇ ਸੁੱਖ ਹਿਤ ਕਾਮਨਾ ਹੈ। ਏਥੇ ਅਮੀਰ-ਗ਼ਰੀਬ ਦੇ ਅੰਤਰ, ਰੰਗ-ਨਸਲ ਅਧਾਰਤ ਭੇਦ-ਭਾਵ ਅਤੇ ਜਾਤ-ਪਾਤ ਲਈ ਕੋਈ ਥਾਂ ਨਹੀਂ। ਏਥੇ ਮਨੁੱਖ ਸਿਰਫ਼ ਮਨੁੱਖ ਹੈ। ਅੱਜ ਤੋਂ 600 ਸਾਲ ਪਹਿਲਾਂ ਦਿੱਤਾ ਹੋਇਆ ਗੁਰੂ ਜੀ ਦਾ ਇਹ ਸੰਦੇਸ਼ ਅੱਜ ਵੀ ਓਨਾ ਹੀ ਸਾਰਥਕ ਹੈ।
ਤਤਕਾਲੀ ਦੌਰ ਵਿੱਚ ਸ਼ੂਦਰਾਂ ਉੱਪਰ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਸਨ। ਬਾਵਜੂਦ ਇਸਦੇ ਗੁਰੂ ਜੀ ਨੇ ਸਾਰੀ ਜ਼ਿੰਦਗੀ ਆਪਣਾ ਮਾਰਗ ਨਾ ਬਦਲਿਆ, ਭਾਵੇਂ ਉਨ੍ਹਾਂ ਨੂੰ ਜੀਵਨ ਵਿੱਚ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਭਾਰੀ ਵਿਰੋਧ ਦਾ ਸਾਹਮਣਾ ਵੀ ਆਪ ਜੀ ਨੂੰ ਆਪਣੇ ਮਾਰਗ ਉੱਪਰ ਚਲਦਿਆਂ ਕਰਨਾ ਪਿਆ। ਫੇਰ ਵੀ ਆਪ ਨਿਤ ਅੱਗੇ ਵਧਦੇ ਰਹੇ। ਅਖ਼ੀਰ ਵਿਰੋਧੀਆਂ ਨੂੰ ਆਪਣੀ ਕੀਤੀ 'ਤੇ ਪਛਤਾਵਾ ਹੋਇਆ। ਉਨ੍ਹਾਂ ਗੁਰੂ ਜੀ ਪਾਸ ਆਪਣੀ ਭੁੱਲ ਬਖ਼ਸ਼ਾਈ ਅਤੇ ਗੁਰੂ ਜੀ ਦੇ ਜੀਵਨ-ਉਦੇਸ਼ ਦੀ ਪੂਰਤੀ ਹਿਤ ਉਨ੍ਹਾਂ ਦੇ ਨਾਲ ਹੋ ਤੁਰੇ। ਗੁਰੂ ਜੀ ਨੇ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ ਉੱਪਰ ਕਦੇ ਹੰਕਾਰ ਨਾ ਕੀਤਾ ਸਗੋਂ ਖ਼ੁਦ ਨੂੰ ਸਦਾ ਪ੍ਰਭੂ ਦਾ ਨਿਮਾਣਾ ਸੇਵਕ ਜਾਣਿਆ। ਆਪ ਪ੍ਰਭੂ-ਪ੍ਰੇਮ ਦੀ ਸਾਕਾਰ ਮੂਰਤ ਸਨ। ਗੁਰੂ ਜੀ ਦਾ ਜੀਵਨ ਮਨੁੱਖਤਾ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਨੇਕ ਮੁਸ਼ਕਿਲਾਂ ਦੇ ਬਾਵਜੂਦ ਸਾਨੂੰ ਸੱਚ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ।
ਆਪ ਜੀ ਦੀ ਬਾਣੀ ਵਿੱਚ ਅਨੇਕ ਭਾਸ਼ਾਵਾਂ ਦੇ ਸ਼ਬਦ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਹੜੇ ਆਪ ਜੀ ਦੇ ਵਿਸ਼ਾਲ ਗਿਆਨ ਅਤੇ ਵਿਆਪਕ ਜੀਵਨ ਅਨੁਭਵ ਦੇ ਲਖਾਇਕ ਹਨ। ਇਸ ਤੱਥ ਦੀ ਗਵਾਹੀ ਵੀ ਇਹ ਆਪਣੇ-ਆਪ ਵਿੱਚ ਹਨ ਕਿ ਆਪ ਨੇ ਆਪਣੇ ਜੀਵਨ-ਉਦੇਸ਼ ਦੇ ਪਰਚਾਰ ਹਿਤ ਦੂਰ-ਦੁਰਾਡੇ ਦੇ ਅਨੇਕ ਇਲਾਕਿਆਂ ਦੀਆਂ ਯਾਤਰਾਵਾਂ ਕੀਤੀਆਂ। ਇਹੀ ਕਾਰਨ ਹੈ ਕਿ ਵੱਖ-ਵੱਖ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਆਪ ਜੀ ਦਾ ਨਾਮ ਉਨ੍ਹਾਂ ਵੇਲ਼ਿਆਂ ਵਿੱਚ ਵੀ ਵਿਖਿਆਤ ਸੀ। ਵੱਖ-ਵੱਖ ਥਾਵਾਂ 'ਤੇ ਆਪ ਜੀ ਦੇ ਨਾਮ ਉੱਪਰ ਇਤਿਹਾਸਕ ਸਥਾਨਾਂ ਦਾ ਹੋਣਾ ਵੀ ਆਪ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਦੀ ਗਵਾਹੀ ਭਰਦਾ ਹੈ।
ਗੁਰੂ ਜੀ ਦੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਆਪ ਜੀ ਨੇ ਆਪਣੀ ਗੱਲ ਪੂਰੇ ਤਰਕ ਦੇ ਆਧਾਰ 'ਤੇ ਕਹੀ ਅਤੇ ਆਪਣੀ ਉਸ ਗੱਲ ਨੂੰ ਕਹਿਣ ਲੱਗੇ ਪੂਰੇ ਨਿਰਭੈਅ ਰਹੇ। ਤਰਕ, ਆਪ ਜੀ ਦੀ ਨਿਡਰਤਾ ਦਾ ਮੂਲ ਆਧਾਰ ਰਿਹਾ।
ਭਾਵੇਂ ਅਨੇਕ ਰਾਜੇ-ਰਾਣੀਆਂ ਆਪ ਜੀ ਦੇ ਸੇਵਕ ਸਨ ਪਰ ਆਪ ਜੀ ਆਪਣੇ ਜੀਵਨ-ਕਾਲ ਵਿੱਚ ਹੱਥੀਂ ਕਿਰਤ ਕਰਦੇ ਰਹੇ ਅਤੇ ਉਸ ਵਿੱਚੋਂ ਵੀ ਕਾਫ਼ੀ ਹਿੱਸਾ ਲੋਕ-ਅਰਥ ਲਗਾਉਂਦੇ ਰਹੇ। ਇਸ ਪਰਕਾਰ ਆਪ ਜੀ ਨੇ ਹੱਥੀਂ ਕਿਰਤ ਕਰਨ ਦਾ ਮਾਣ ਵਧਾਇਆ ਅਤੇ ਸੰਸਾਰ ਨੂੰ ਜੀਵੰਤ ਸੰਦੇਸ਼ ਦਿੱਤਾ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਰਨ ਵਾਲਾ ਹੀ ਛੋਟਾ ਜਾਂ ਵੱਡਾ ਹੁੰਦਾ ਹੈ। ਕਿਰਤ ਸਦਾ ਮਾਣ ਦੀ ਪਾਤਰ ਹੈ। ਕਿਰਤੀ ਵੀ ਏਸੇ ਤਰ੍ਹਾਂ ਸਤਿਕਾਰ ਦਾ ਪਾਤਰ ਹੈ।
ਆਪ ਜੀ ਦੀ ਰਚੀ ਹੋਈ ਬਾਣੀ ਪਿਛਲੀਆਂ ਛੇ ਸਦੀਆਂ ਤੋਂ ਮਨੁੱਖਤਾ ਦਾ ਰਾਹ ਰੁਸ਼ਨਾ ਰਹੀ ਹੈ। ਇਸ ਬਾਣੀ ਦੀ ਤਾਸੀਰ ਐਸੀ ਹੈ ਕਿ ਇਹ ਹਮੇਸ਼ਾ ਨਵੀਂ ਅਤੇ ਸੱਜਰੀ ਹੈ। ਆਉਣ ਵਾਲੀਆਂ ਨਸਲਾਂ ਇਸ ਬਾਣੀ ਤੋਂ ਜੀਵਨ-ਸੇਧ ਪ੍ਰਾਪਤ ਕਰਦੀਆਂ ਰਹਿਣਗੀਆਂ।
ਗੁਰੂ ਜੀ ਦੇ ਮਹਾਨ ਜੀਵਨ ਦੀਆਂ ਅਜਿਹੀਆਂ ਬੇਜੋੜ ਪ੍ਰਾਪਤੀਆਂ ਨੂੰ ਤੱਕਦਿਆਂ ਉੱਘੇ ਸਿੱਖ ਚਿੰਤਕ ਡਾ. ਰਤਨ ਸਿੰਘ ਜੱਗੀ (ਡੀ. ਲਿਟ) ਗੁਰੂ ਰਵਿਦਾਸ ਜੀ ਨੂੰ 'ਯੁਗ ਪ੍ਰਵਰਤਕ' ਰਹਿਬਰ ਆਖਦੇ ਹਨ।
(ਡਾ. ਬਲਵੀਰ ਮੰਨਣ)
ਪੀ-ਐੱਚ. ਡੀ.
ਮੋਬ. 94173-45485
ਮਿੰਨੀ ਕਹਾਣੀ - ਨਾਵਾਂ ਦਾ ਝਗੜਾ - ਡਾ. ਬਲਵੀਰ ਮੰਨਣ
ਘਰ ਦੇ ਸੁਖਾਵੇਂ ਮਾਹੌਲ ਵਿੱਚ ਬੈਠੇ ਤਿੰਨੇ ਭੈਣ-ਭਰਾ ਖੇਡ ਰਹੇ ਸਨ। ਖੇਡਦੇ ਹੋਏ ਗੱਲਾਂ ਕਰਦੇ-ਕਰਦੇ ਸਭ ਤੋਂ ਛੋਟੇ ਪੁੱਤਰ ਨੇ ਕਿਹਾ, ''ਮੈਂ ਪਾਪਾ ਨੂੰ ਹੁਣ 'ਡੈਡੀ' ਕਿਹਾ ਕਰਨਾ।'' ''ਮੈਂ ਪਾਪਾ ਨੂੰ ਹੁਣ 'ਪਾਪੀ' ਕਿਹਾ ਕਰਨਾ।'' ਛੋਟੇ ਮੁੰਡੇ ਤੋਂ ਵੱਡੀ, ਸਾਢੇ ਕੁ ਚਾਰ ਸਾਲ ਦੀ ਧੀ ਨੇ ਹਾਸੇ ਵਾਲਾ ਮੂੰਹ ਬਣਾਇਆ। ਸਭ ਤੋਂ ਵੱਡੀ ਧੀ, ਜੋ ਸੱਤ ਕੁ ਵਰ੍ਹਿਆਂ ਦੀ ਸੀ, ਕਹਿਣ ਲੱਗੀ, ''ਫਿਰ ਮੈਂ ਪਾਪਾ ਨੂੰ ਕੀ ਕਿਹਾ ਕਰੂੰਗੀ?'' ''ਤੂੰ 'ਬਾਪੂ' ਕਹਿ ਲਿਆ ਕਰੀਂ।'' ਕੋਲ਼ ਲੰਮੇ ਪਏ ਪਿਤਾ ਨੇ ਹੱਸਦੇ ਹੋਏ ਸਲਾਹ ਜਹੀ ਦਿੱਤੀ। ''ਮੈਂ ਨਹੀਂਓ, ਮੈਂ ਤਾਂ 'ਪਾਪਾ' ਈ ਕਿਹਾ ਕਰਨਾ।'' ਉਹ ਬੋਲੀ।
''ਨਹੀਂਓ, ਸਾਰਿਆਂ ਨੇ 'ਡੈਡੀ' ਕਿਹਾ ਕਰਨਾ।'' ਛੋਟਾ ਜ਼ਿਦ ਕਰਨ ਲੱਗਾ।
''ਨਹੀਂਓ ਸਾਰਿਆਂ ਨੇ 'ਪਾਪੀ' ਈ ਕਿਹਾ ਕਰਨਾ।'' ਉਸ ਤੋਂ ਵੱਡੀ ਆਪਣੀ ਗੱਲ 'ਤੇ ਅੜ ਗਈ।
''ਪਾਪੀ ਨਹੀਂ, ਨਾ ਡੈਡੀ, 'ਪਾਪਾ' ਈ ਕਿਹਾ ਕਰਨਾ ਸਾਰਿਆਂ ਨੇ।'' ਵੱਡੀ ਧੀ ਨੇ ਆਪਣਾ ਅਧਿਕਾਰ ਜਾਣਿਆ।
''ਮੈਂ ਨਹੀਂਓ ਡੈਡੀ।'' ''ਮੈਂ ਨਹੀਂਓ ਪਾਪੀ।'' ''ਮੈਂ ਨਹੀਂਓ ਪਾਪਾ।'' । ਹੁਣ ਤਿੰਨਾਂ ਨੇ ਰੌਲ਼ਾ ਪਾ ਲਿਆ।
ਪਿਤਾ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਔਲਾਦ ਉਸਦੇ ਵਜੂਦ ਦੀ ਖਿੱਚਾ-ਧੂਈ ਕਰ ਰਹੀ ਹੋਵੇ। ਉਸਨੇ ਉਨ੍ਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕਰ ਰਿਹਾ ਸਾਂ ਪਰ ਆਪੋ-ਆਪਣੀ ਜ਼ਿਦ 'ਤੇ ਅੜੇ ਹੋਏ ਸਾਰੇ ਭੈਣ-ਭਰਾ ਖਿਝ ਗਏ। ਸਾਧਾਰਨ ਗੱਲ-ਬਾਤ ਝਗੜੇ ਵਿੱਚ ਤਬਦੀਲ ਹੋ ਗਈ; ਬੱਚੇ ਹੱਥੋ-ਪਾਈ 'ਤੇ ਆ ਪਏ।
ਪਿਤਾ ਦੇ ਨਾਵਾਂ ਪਿੱਛੇ ਝਗੜ ਰਹਿਆਂ ਨੂੰ ਪਿਤਾ ਹੀ ਸਮਝਾ ਰਿਹਾ ਸੀ ਪਰ ਉਸ ਨੂੰ ਕੋਈ ਨਹੀਂ ਸੀ ਸੁਣ ਰਿਹਾ।
(ਡਾ. ਬਲਵੀਰ ਮੰਨਣ)
94173-45485
ਬਾਲ ਗੀਤ : ਭਾਈ ਆਇਆ - ਡਾ. ਬਲਵੀਰ ਮੰਨਣ
ਭਾਈ ਆਇਆ, ਭਾਈ ਆਇਆ
ਦੇਖੋ ਤਾਂ ਬਈ ਕੀ ਕੁਝ ਲਿਆਇਆ।
ਉਸ ਦੇ ਕੋਲ ਮਰੂੰਡਾ ਹੈ ਬਈ
ਖਾਣ ਵਾਲੀਆਂ ਚੀਜ਼ਾਂ ਹੋਰ ਕਈ।
ਗਿਰੀ ਪਕੌੜਾ ਸੁਆਦੀ-ਸੁਆਦੀ
ਮੰਮੀ ਜੀ ਨੇ ਖਾਣ ਦੇ ਆਦੀ।
ਪਿੰਨੀਆਂ ਸੀਲ ਦੀਆਂ ਵੀ ਕਈ ਨੇ
ਮਿੱਠੀਆਂ ਬੜੀਆਂ ਮਿੱਠੀਆਂ ਬਈ ਨੇ।
ਲਵੋ ਕੁਰਕੁਰੇ ਵੇਚ ਕੇ ਰੱਦੀ
ਪਰ ਬਹੁਤੇ ਨਹੀਂ ਖਾਓ ਕਦੀ-ਕਦੀ।
ਆਲੂ, ਚਿਪਸ, ਪਾਪੜੀ-ਭੁਜੀਆ
ਖਾਓ ਘੱਟ ਭਾਵੇਂ ਹੋਵੇ ਵਧੀਆ।
ਗੁੜ ਦੀ ਗੱਚਕ ਜੋ ਗਿਰੀਆਂ ਵਾਲੀ
ਖਾਣੀ ਚਾਹਵਾਂ ਭਰ ਕੇ ਥਾਲੀ।
ਭੁੱਜੇ ਹੋਏ ਛੋਲੇ ਵੀ ਚੱਬੋ
ਹੱਸੋ, ਖੇਡੋ, ਗਾਓ, ਨੱਚੋ।
ਗਲੀ ਚੋਂ ਜਦ ਵੀ ਪਾਂ-ਪਾਂ ਸੁਣਦਾਂ
ਗੇਟ ਖੋਲ੍ਹ ਮੈਂ ਬਾਹਰ ਨੂੰ ਭੱਜਦਾਂ।
(ਡਾ. ਬਲਵੀਰ ਮੰਨਣ)
94173-45485
ਸਤਿਗੁਰ ਜੀ - ਡਾ. ਬਲਵੀਰ ਮੰਨਣ
ਮੇਰੇ ਸਤਿਗੁਰ ਪਿਆਰ ਦੀ ਮੂਰਤ ਨੇ
ਉਹ ਰੱਬ ਦੀ ਸੋਹਣੀ ਸੂਰਤ ਨੇ
ਜੀਵਨ ਦੀ ਖ਼ਾਸ ਜ਼ਰੂਰਤ ਨੇ।
ਉਹ ਜੱਗ ਦੇ ਭਲੇ ਲਈ ਆਏ ਨੇ
ਉਹ ਖੁਸ਼ੀਆਂ ਨਾਲ ਲਿਆਏ ਨੇ
ਉਨ੍ਹਾਂ ਦੁਖੀ ਕਾਲ਼ਜੇ ਲਾਏ ਨੇ।
ਇੱਕ ਅੰਮ੍ਰਿਤ ਹੈ ਭਰਪੂਰ ਜਿਹਾ
ਨੈਣਾਂ ਦੇ ਵਿੱਚ ਸਰੂਰ ਜਿਹਾ
ਦੁੱਖਾਂ ਨੂੰ ਕਰਦਾ ਦੂਰ ਜਿਹਾ।
ਰੱਬ ਦੀ ਸੌਗ਼ਾਤ ਹੈ ਦੁਨੀਆ ਨੂੰ
ਇਹ ਉੱਚੀ ਦਾਤ ਹੈ ਦੁਨੀਆ ਨੂੰ
ਕਰਦੀ ਪਰਭਾਤ ਹੈ ਦੁਨੀਆਂ ਨੂੰ।
ਚਰਨਾਂ ਵਿੱਚ ਮਾਣਕ ਮੋਤੀ ਨੇ
ਇਹ ਚਰਨ ਜੋ ਜੀਵਨ-ਜੋਤੀ ਨੇ
ਮਹਿਕਾਂ ਦੀ ਲੜੀ ਪਰੋਤੀ ਨੇ।
ਇਹ ਛਮ-ਛਮ ਜੀਵਨ ਸੋਮੇ ਦੀ
ਏਥੇ ਕੋਈ ਥਾਂ ਨਹੀਂ ਹਉਮੈ ਦੀ
ਬਸ ਗੱਲ ਹੈ ਮੈਂ-ਤੂੰ, ਤੂੰ-ਮੈਂ ਦੀ।
ਇਹ ਚਿਰੀਂ ਵਿਛੁੰਨੇ ਮੇਲੇ ਨੇ
ਇਹ ਮੁੜ ਨਾ ਲੱਭਣੇ ਵੇਲੇ ਨੇ
ਫਿਰ ਬਸ ਝਮੇਲ-ਝਮੇਲੇ ਨੇ।
ਹੁਣ ਤੱਕ ਵੀ ਕਈ ਤਿਹਾਏ ਨੇ
'ਉਹ' ਸਾਡੇ ਲਈ ਹੀ ਆਏ ਨੇ
ਫਿਰ ਕਿਉਂ ਨਹੀਂ ਲਾਭ ਉਠਾਏ ਨੇ।
ਉਹ ਦੱਸਦੇ ਭੇਤ ਜਿਊਣੇ ਦਾ
ਦਿਲ ਹਰਿ-ਚਰਨਾਂ ਸੰਗ ਸਿਊਣੇ ਦਾ
ਜੀਵਨ ਚਾਅ ਚੜ੍ਹਦਾ ਦੂਣੇ ਦਾ।
(ਡਾ. ਬਲਵੀਰ ਮੰਨਣ)
94173-45485
ਸਤਿਗੁਰ ਪਿਆਰੇ - ਡਾ. ਬਲਵੀਰ ਮੰਨਣ
ਗੁਰੂ ਚਰਨ ਪਿਆਰੇ ਨੇ,
ਦੁਨੀਆ ਦੇ ਧੱਕਿਆਂ ਨੂੰ, ਏਥੇ ਮਿਲਦੇ ਸਹਾਰੇ ਨੇ।
ਗੁਰੂ ਦਰਸ ਦਿਖਾ ਜਾਵੋ,
ਬਾਹੋਂ ਫੜ ਡੁੱਬਿਆਂ ਨੂੰ, ਤੁਸਾਂ ਪਾਰ ਲਗਾ ਜਾਵੋ।
ਤੇਰੇ ਚਰਨਾਂ 'ਚ ਥਾਂ ਮਿਲ ਜੇ,
ਮੋਈ ਹੋਈ ਜਿੰਦੜੀ ਦਾ, ਫੁੱਲ ਮੁੜ ਕੇ ਦੁਬਾਰਾ ਖਿਲ ਜੇ।
ਏਥੇ ਬਖ਼ਸ਼ੇ ਗ਼ੁਨਾਹ ਜਾਂਦੇ,
ਆਉਂਦੇ ਝੋਲ਼ੀ ਲੈ ਜੋ ਸੱਖਣੀ, ਉਹ ਤਾਂ ਭਰ-ਭਰ ਲੈ ਜਾਂਦੇ।
ਦਾਤਾ ਸਭਨਾਂ ਦਾਤਾਂ ਦਾ,
ਲਿਖਣੇ ਤੋਂ ਗੱਲ ਬਾਹਰ ਦੀ, ਕੀ ਕਹਿਣਾ ਬਾਤਾਂ ਦਾ!
ਉਹਦੇ ਬਚਨ ਅਮੋਲਕ ਨੇ,
ਹਿਰਦੇ 'ਚ ਸਾਂਭ ਰੱਖ ਲਓ, ਇਹ ਤਾਂ ਸੁੱਖਾਂ ਵਾਲੀ ਗੋਲਕ ਨੇ।
ਉਹ ਤਾਂ ਦਾਤਾ ਸੱਚਖੰਡ ਦਾ,
ਦਰ ਮਨਾਂ ਬਹਿ ਜਾ ਮੱਲ ਕੇ, ਸੁੱਟ ਭਾਰ ਪਰ੍ਹਾਂ ਕੂੜੀ ਪੰਡ ਦਾ।
(ਡਾ. ਬਲਵੀਰ ਮੰਨਣ)
94173-45485
ਸਤਰੰਗੀਆ ਚੋਲ਼ਾ - ਡਾ. ਬਲਵੀਰ ਮੰਨਣ
ਚੋਲ਼ਾ ਮੇਰਾ ਸਤਰੰਗੀਆ, ਸਤਰੰਗੀਆ, ਵਿੱਚ ਵੰਨ-ਸੁਵੰਨੀਆਂ ਡੋਰਾਂ
ਕਾਲ਼ਖਾਂ 'ਚ ਆਣ ਡਿਗਿਆ, ਆਣ ਡਿਗਿਆ, ਇਹਨੂੰ ਲੱਗੀਆਂ ਕਾਲ਼ਖੀ ਲੋਰਾਂ।
ਰੰਗ ਮੈਨੂੰ ਚੇਤੇ ਆਂਵਦੇ, ਚੇਤੇ ਆਂਵਦੇ, ਜਦ ਜਦ ਮੈਂ ਇਕੱਲੜੀ ਹੋਵਾਂ
ਦਿਲੇ ਨੂੰ ਤਾਂ ਧੂਹ ਪਾਂਵਦੇ, ਧੂਹ ਪਾਂਵਦੇ, ਫਿਰ ਰੰਗਾਂ ਦੀ ਯਾਦ ਵਿੱਚ ਰੋਵਾਂ।
ਕਿੱਧਰੋਂ ਨਾ ਰੰਗ ਲੱਭਦੇ, ਰੰਗ ਲੱਭਦੇ, ਮੈਂ ਤਾਂ ਢੂੰਢਿਆ ਸਭੋ ਜ਼ਮਾਨਾ
ਹੋਰ ਸਗੋਂ ਦੇਣ ਕਾਲ਼ਖਾਂ, ਦੇਣ ਕਾਲ਼ਖਾਂ, ਮੈਂ ਤਾਂ ਜਿਸ ਦਰਵਾਜ਼ੇ ਜਾਵਾਂ।
ਚੋਲ਼ਾ ਐਸਾ ਤੱਕ ਤੱਕ ਕੇ, ਤੱਕ ਤੱਕ ਕੇ, ਮੈਂ ਤਾਂ ਅੱਖੀਆਂ 'ਚੋਂ ਨੀਰ ਵਗਾਵਾਂ
ਕਿੱਧਰੇ ਨਾ ਢੋਈ ਮਿਲ਼ਦੀ, ਢੋਈ ਮਿਲਦੀ, ਜੀ ਮੈਂ ਕਿਸ ਥੀਂ ਰੰਗ ਲਿਆਵਾਂ।
ਰੋਂਦਿਆਂ ਦੀ ਕੂਕ ਸੁਣ ਲਈ, ਕੂਕ ਸੁਣ ਲਈ, ਮੇਰੇ ਸਤਿਗੁਰ ਪ੍ਰੀਤਮ ਪਿਆਰੇ
ਚਰਨਾਂ ਦਾ ਦਿੱਤਾ ਆਸਰਾ, ਦਿੱਤਾ ਆਸਰਾ, ਦਿੱਤੇ ਟੁੱਟੇ ਹੋਏ ਦਿਲਾਂ ਨੂੰ ਸਹਾਰੇ।
ਹੌਲ਼ੀ ਹੌਲ਼ੀ ਰੰਗ ਲੱਗ ਗਏ, ਰੰਗ ਲੱਗ ਗਏ, ਰਹੀ ਕਾਲ਼ਖ ਮੂਲ ਨਾ ਬਾਕੀ
ਰੰਗਾਂ ਵਿੱਚ ਚੋਲ਼ਾ ਰੰਗਿਆ, ਚੋਲ਼ਾ ਰੰਗਿਆ, ਐਸੀ ਖੁੱਲ੍ਹ ਗਈ ਰੰਗਾਂ ਦੀ ਤਾਕੀ।
ਯੁੱਗੋ ਯੁੱਗ ਜੀਵੇ ਸਤਿਗੁਰ, ਜੀਵੇ ਸਤਿਗੁਰ, ਜਿਹੜਾ ਮੈਲ਼ਿਆਂ ਨੂੰ ਉੱਜਲੇ ਕਰਦਾ
ਗੁਰਾਂ ਬਿਨਾ ਮੇਰੇ ਪਿਆਰਿਓ, ਮੇਰੇ ਪਿਆਰਿਓ, ਚੋਲ਼ਾ ਕਾਲ਼ਖਾਂ ਦੇ ਵਿੱਚ ਹੀ ਸੜਦਾ।
(ਡਾ. ਬਲਵੀਰ ਮੰਨਣ)
94173-45485
ਠੰਢੀ ਠੰਢੀ ਹਵਾ ਵਗਦੀ - ਡਾ. ਬਲਵੀਰ ਮੰਨਣ
ਠੰਢੀ ਠੰਢੀ ਹਵਾ ਵਗਦੀ, ਏਸ ਹਵਾ ਵਿੱਚ ਵਗ ਰਿਹਾ ਕੌਣ!
ਸਈਓ! ਮੈਂ ਤਾਂ ਸੱਚ ਆਖਦੀ, ਵਿੱਚ ਵਗਦਾ ਹਵਾਵਾਂ ਦਾ ਜੋ ਸ਼ਾਹ।
ਮਿੱਠੀ ਮਿੱਠੀ ਹਵਾ ਚਲਦੀ, ਏਸ ਹਵਾ ਵਿੱਚ ਚਲ ਰਿਹਾ ਕੌਣ!
ਸਈਓ! ਮੈਂ ਤਾਂ ਸੱਚ ਆਖਦੀ, ਵਿੱਚ ਚਲਦਾ ਨੂਰਾਨੀ ਪਾਤਸ਼ਾਹ।
ਮਿੱਠੇ ਮਿੱਠੇ ਬੋਲ ਬੋਲਦਾ ਜਦੋਂ ਰੁੱਖਾਂ ਦੇ ਖੜਕਦੇ ਨੇ ਪੱਤੇ
'ਵਾਜਾਂ ਜੋ ਪਖੇਰੂਆਂ ਦੀਆਂ ਨਿੱਤ ਤੱਕਿਆ ਬਸੰਤ ਵਾਲੀ ਰੁੱਤੇ
ਸਾਰੀਆਂ ਭਾਸ਼ਾਵਾਂ ਉਹਦੀਆਂ ਸਾਰੇ ਤੁਰਦੇ ਨੇ ਉਹਦੇ ਵੱਲ ਰਾਹ।
ਸਈਓ! ਮੈਂ ਤਾਂ ਸੱਚ ਆਖਦੀ ।
ਚਾਨਣੀ ਦਾ ਰੰਗ ਓਸਦਾ ਅਤੇ ਧੁੱਪਾਂ 'ਚ ਚਮਕ ਰਿਹਾ ਉਹ
ਰੰਗ ਫੁੱਲ-ਪੱਤਿਆਂ ਦੇ ਉਹਦੇ ਦੱਸਣ ਲਿਬਾਸਾਂ ਵਾਲ਼ੀ ਛੁਹ
ਮਿੱਟੀਆਂ 'ਚ ਮਹਿਕ ਓਸਦੀ ਜਿਹੜਾ ਸੁਣਿਆ ਸੀ ਅਗਮ ਅਥਾਹ।
ਸਈਓ! ਮੈਂ ਤਾਂ ਸੱਚ ਆਖਦੀ, ਵਿੱਚ ਵਗਦਾ ਹਵਾਵਾਂ ਦਾ ਜੋ ਸ਼ਾਹ।
(ਡਾ. ਬਲਵੀਰ ਮੰਨਣ)
94173-45485
ਚਿੱਠੀ, ਆਪਣੀ ਰੀਨਾ ਦੇ ਨਾਂਅ! - ਡਾ. ਬਲਵੀਰ ਮੰਨਣ
ਮੇਰੀ ਪਿਆਰੀ! ਤੇਰੇ ਸੋਹਣੇ ਚਿਹਰੇ ਦਾ ਤੇਜ, ਇਨ੍ਹਾਂ ਵਿਆਹ ਤੋਂ ਮਗਰੋਂ ਬੀਤੇ ਸਾਲਾਂ ਵਿੱਚ, ਇਸ ਸਾਡੇ ਨਵੇਂ ਬਣੇ ਘਰ ਦੀ ਚਮਕ ਵਿੱਚ ਵਟ ਗਿਆ ਹੈ। ਇਸ ਘਰ ਦੀ ਇਮਾਰਤ ਦੀ ਮਜ਼ਬੂਤੀ ਤੇਰੀ ਦੇਹ ਦੀ ਜੀਵਨ-ਸੱਤਾ ਹੈ। ਇਹ ਇਮਾਰਤ ਮਜ਼ਬੂਤ ਬਣ ਬੈਠੀ ਹੈ ਤੇ ਤੇਰੀ ਰੇਸ਼ਮੀ ਦੇਹ 'ਤੇ ਵੱਟ ਪੈ ਗਏ ਨੇ। ਤੇਰੀ ਦੇਹ ਦੀ ਚੰਚਲਤਾ, ਇਸਦੀ ਲਚਕਤਾ ਇਸ ਘਰ ਦੀ ਜੀਵੰਤਤਾ ਤੋਂ ਕੁਰਬਾਨ ਹੋ ਗਈ ਹੈ। ਤੇਰੇ ਸੋਹਣੇ-ਸੰਘਣੇ ਵਾਲਾਂ ਦਾ ਸ਼ਾਹ ਕਾਲ਼ਾ ਰੰਗ ਇਸ ਘਰ ਦੀਆਂ ਦੀਵਾਰਾਂ ਤੇ ਛੱਤਾਂ 'ਤੇ ਕਈ ਰੰਗਾਂ ਵਿੱਚ ਬਿਖਰ ਕੇ ਪਸਰ ਗਿਆ ਹੈ। ਕਹਿੰਦੇ ਨੇ ਕਿ ਕਾਲ਼ੇ ਰੰਗ ਵਿੱਚ ਸਾਰੇ ਰੰਗ ਸਮੋਏ ਹੋਏ ਹੁੰਦੇ ਨੇ; ਇਹ ਸਾਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ। ਤੇ ਇਹ ਮਿਸ਼ਰਨ -ਤੇਰੀ ਲਗਨ, ਤੇਰੇ ਸਮਰਪਣ ਸਾਹਵੇਂ ਝੁਕਦਾ ਹੋਇਆ ਆਪਣੇ ਉਪ-ਭਾਗਾਂ ਵਿੱਚ ਨਿੱਖੜ ਕੇ ਘਰ ਦੀਆਂ ਕੰਧਾਂ ਅਤੇ ਛੱਤਾਂ 'ਤੇ ਸੋਹਣਾ-ਸੋਹਣਾ ਜਾ ਬਿਸਤਰਿਆ ਹੈ।
ਪਿਆਰੀ! ਤੇਰੇ ਸਫ਼ੈਦ ਹੋ ਰਹੇ ਵਾਲਾਂ ਦੀ ਦਿੱਖ ਬੜੀਆਂ ਬਾਤਾਂ ਪਾਉਂਦੀ ਹੈ। ਹਾਂ, ਇਹ ਬਾਤਾਂ ਤੂੰ ਆਪਣੇ ਮੂੰਹੋਂ ਕਦੇ ਵੀ ਨਹੀਂ ਪਾਈਆਂ ਪਰ ਦਿਲ ਹੁਣ ਮੇਰਾ ਵੀ ਇਨ੍ਹਾਂ ਅਣ-ਪਾਈਆਂ ਬਾਤਾਂ ਨੂੰ ਬੁੱਝਣ ਲੱਗ ਪਿਆ ਹੈ। ਤੇਰੇ ਚਿੱਟੇ ਹੁੰਦੇ ਵਾਲਾਂ ਵਾਂਗ, ਮੈਨੂੰ ਜਾਪਦੈ, ਮੇਰਾ ਦਿਲ ਵੀ ਕੁਝ-ਕੁਝ ਚਿੱਟਾ ਹੋਣ ਲੱਗ ਪਿਐ। ਨਹੀਂ ਤਾਂ ਪਹਿਲਾਂ ਇਹ, ਤੇਰੇ ਵਿਆਹੀ ਆਈ ਦੇ ਸ਼ਾਹ ਕਾਲ਼ੇ ਵਾਲਾਂ ਨਾਲੋਂ ਵੀ, ਬੜਾ ਕਾਲ਼ਾ ਸੀ। ਹੁਣ ਮੈਨੂੰ ਵੀ ਕੁਝ-ਕੁਝ ਤੇਰੇ ਸਮਰਪਣ ਦੀ, ਤੇਰੀ ਸੁੱਚੀ ਲਗਨ ਦੀ ਸਮਝ ਪੈਣ ਲੱਗੀ ਹੈ ਤੇ ਮੇਰੇ ਦਿਲ ਦੀ ਇਹ ਚਿਟੱਤਣ, ਇਸ ਦਿਲ ਵਿੱਚ ਤੇਰਾ ਸੁੱਚਾ ਅਕਸ ਵਸਣ ਤੋਂ ਹੀ ਹੋਈ ਹੈ। ਵਰਨਾ ਐਸਾ ਮੈਂ ਪਹਿਲੇ ਕਦੇ ਨਹੀਂ ਸਾਂ।
ਉਹ ਪ੍ਰਿਯ! ਇਸ ਘਰ ਵਿਚਲੀ ਹਰਕਤ; ਬੱਚਿਆਂ ਦਾ ਹੱਸਣਾ, ਉਨ੍ਹਾਂ ਦਾ ਖੇਡਣਾ ਸਿਰਫ਼ ਤੇਰੀ ਹੋਂਦ ਦਾ ਮੁਥਾਜ ਹੈ। ਵਰਨਾ ਜਦੋਂ ਤੂੰ ਕਦੇ ਘਰ ਨਾ ਹੋਵੇਂ ਤਾਂ ਇਹ ਘਰ, ਜਿਵੇਂ ਘਰ ਨਹੀਂ ਹੁੰਦਾ। ਕੋਈ ਰੁਮਕਣ ਨਹੀਂ, ਬੱਚਿਆਂ ਦਾ ਕੋਈ ਹਾਸਾ ਨਹੀਂ। ਬੱਚਿਆਂ ਵਾਂਗ ਹੀ ਘਰ ਦਾ ਕਨੋਾ-ਕਨੋਾ ਚੁੱਪ। ਹਾਂ, ਮੇਰੇ ਆਖਿਆਂ ਜੇ ਬੱਚੇ ਖੇਡਣ ਲੱਗ ਵੀ ਪੈਣ ਤਾਂ ਉਨ੍ਹਾਂ ਦੀ ਖੇਡ ਵਿੱਚ ਉਹ ਖ਼ੁਸ਼ੀ, ਉਹ ਚਾਅ ਨਹੀਂ ਹੁੰਦਾ ਜੋ ਤੇਰੇ, ਘਰ ਵਿੱਚ ਹੁੰਦਿਆਂ -ਉਨ੍ਹਾਂ ਦੇ ਖੇਡਣ ਵਿੱਚ ਹੁੰਦਾ ਹੈ। ਉਨ੍ਹਾਂ ਦੇ ਚਾਅ, ਉਨ੍ਹਾਂ ਦੀ ਖ਼ੁਸ਼ੀ, ਉਨ੍ਹਾਂ ਦੀ ਖੇਡ ਦਾ ਕਾਰਨ ਸਿਰਫ਼ ਤੂੰ ਹੈਂ। ਮੈਂ ਤਾਂ ਆਪਣੇ-ਆਪ ਨੂੰ ਅਕਸਰ ਘਰ ਦਾ ਵਾਧੂ ਜਿਹਾ ਸੰਚਾਲਕ ਮੰਨਦਾ ਹਾਂ; ਅਸਲ ਚਾਲਕ ਤੂੰ ਹੈਂ। ਮੇਰੇ ਨਾ ਹੁੰਦਿਆਂ ਸ਼ਾਇਦ ਇਹ ਘਰ ਹੋਰ ਚੰਗਾ ਚੱਲੇ, ਕਿਉਂਜੋ ਟੀਕਾ-ਟਿੱਪਣੀ ਨਾ ਰਹੇ, ਵਾਧੂ ਦੀ ਦਖ਼ਲ-ਅੰਦਾਜ਼ੀ ਨਾ ਰਹੇ; ਮੈਨੂੰ ਇੰਞ ਜਾਪਦਾ ਹੈ। ਪਰ ਮੈਂ ਇਹ ਵੀ ਜਾਣਦਾ ਹਾਂ ਕਿ, ਕਿਤੇ ਨਾ ਕਿਤੇ, ਤੇਰੀ ਖ਼ੁਸ਼ੀ ਵੀ ਮੇਰੇ ਨਾਲ ਜੁੜੀ ਹੋਈ ਹੈ। ਸੋ, ਮੈਂ ਆਪਣੀ ਹੋਂਦ ਪ੍ਰਤਿ ਸੰਤੁਸ਼ਟ ਹਾਂ।
ਸੋਚਦਾ ਹਾਂ, ਸੁਆਣੀ ਤੋਂ ਬਿਨਾ ਘਰ ਨਿਰਜਿੰਦ ਹੋ ਜਾਂਦੇ ਹਨ ਤੇ ਸੁਆਣੀ ਦੇ ਹੁੰਦਿਆਂ ਵੀਰਾਨੇ ਘਰਾਂ ਵਿੱਚ ਵੀ ਬਹਾਰਾਂ ਆਣ ਆਲ੍ਹਣੇ ਪਾਂਦੀਆਂ ਹਨ। ਵਿਆਹ ਮੌਕੇ ਮੇਰੇ ਕੋਲ ਬਸ ਇੱਕ ਕਮਰਾ ਸੀ ਪਰ ਤੇਰੀ ਲਗਨ, ਤੇਰੀ ਮਿਹਨਤ, ਤੇਰੇ ਤਿਆਗ ਨੇ ਅੱਜ ਸਭ ਮੇਰੀ ਝੋਲੀ ਪਾ ਦਿੱਤਾ ਹੈ। ਪਰ ਮੈਨੂੰ ਪਤਾ ਹੈ, ਮੇਰੀ ਇਸ ਭਰੀ ਹੋਈ ਝੋਲੀ ਵਿਚਲਾ ਸਭ ਤੋਂ ਕੀਮਤੀ ਲਾਲ 'ਤੂੰ' ਹੈਂ।
(ਡਾ. ਬਲਵੀਰ ਮੰਨਣ)
ਮੋਬ. 94173-45485