ਜੋਰੂ ਦਾ ਗ਼ੁਲਾਮ! (ਕਹਾਣੀ) - ਡਾ.ਪਰਮਜੀਤ ਸਿੰਘ ਕਲਸੀ
ਵੱਡੀ ਗੱਡੀ 'ਚ ਵਾਪਿਸ ਆਉਂਦੇ ਬਹਿਸ ਬੜੀ ਰੌਚਿਕ ਚੱਲ ਰਹੀ ਸੀ।ਸਾਡੇ ਸੱਤ ਮੈਂਬਰਾਂ 'ਚੋਂ ਤਿੰਨ ਔਰਤਾਂ ਵੀ ਸਨ।ਗੱਲਬਾਤ ਦਾ ਵਿਸ਼ਾ ਪਤੀ-ਪਤਨੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਸੀ।ਸਾਰੇ ਹੀ ਨੌਕਰੀ ਪੇਸ਼ੇ ਵਾਲੇ ਪੜ੍ਹੇ-ਲਿਖੇ ਸਾਥੀ ਸਨ।ਰਵੀ ਆਪਣੀ ਪਤਨੀ ਪ੍ਰਤੀ ਕਾਫੀ ਜ਼ਜ਼ਬਾਤੀ ਲਗ ਰਿਹਾ ਸੀ।ਕੋਈ ਕਹੇ ਮਰਦ ਪ੍ਰਧਾਨ ਸਮਾਜ ਹੈ।ਕੋਈ ਕਹਿੰਦਾ ਹੁਣ ਦੇ ਵਿਗਿਆਨਕ ਯੁੱਗ ਵਿੱਚ ਔਰਤ ਨੂੰ ਆਜ਼ਾਦੀ ਬੜੀ ਮਿਲ ਗਈ।ਕੋਈ ਕਹਿੰਦਾ ਔਰਤ, ਮਰਦ ਦੇ ਬਰਾਬਰ ਹੈ।ਮਜ਼ਾਕੀਆ ਟੋਨ ਵਿੱਚ ਮੈਂ ਵੀ ਕਹਿ ਦਿੱਤਾ, ''ਮੈਨੂੰ ਤਾਂ ਔਰਤ ਪ੍ਰਧਾਨ ਸਮਾਜ ਲਗਦੈ!ਹਰ ਬੰਦੇ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਦਖ਼ਲ ਹੁੰਦੈ''।ਇਹ ਗੱਲ ਕਹਿਣ ਦੀ ਦੇਰ ਸੀ ਕਿ ਰਵੀ ਆਪਣੇ ਵਹਿਣ 'ਚ ਵਹਿ ਤੁਰਿਆ।ਕਹਿੰਦਾ, ''ਬੰਦੇ ਨੂੰ ਘਰ ਦੇ ਕੰਮਾਂ ਤੋਂ ਮੌਤ ਪੈਂਦੀ।ਪਰ,ਮੈਂ ਸਾਰੇ ਘਰ ਦੇ ਕੰਮ ਆਪ ਕਰਦਾਂ।ਰੋਟੀ ਬਣਾਉਂਦਾਂ,ਖਾਣਾ ਪਰੋਸਦਾਂ,ਭਾਂਡੇ ਮਾਂਜਦਾਂ,ਕੱਪੜੇ ਧੋਂਦਾਂ,ਸਫ਼ਾਈਆਂ ਕਰਦਾਂ।ਜੇ ਔਰਤ ਨੌਕਰੀ ਕਰਦੀ ਹੋਈ ਸਭ ਕੁਝ ਕਰਦੀ ਏ,ਤਾਂ ਬੰਦੇ ਨੂੰ ਕਿਹੜੀ ਮੌਤ ਪੈਂਦੀਂ?ਇਹ ਕਿਸ ਸੰਵਿਧਾਨ 'ਚ ਲਿਖਿਆ ਕਿ ਘਰ ਦੇ ਸਾਰੇ ਪੋਚੇ-ਪਾਚੇ ਦਾ ਕੰਮ ਘਰ ਦੀ ਔਰਤ ਨੇ ਈ ਕਰਨੈਂ?''
ਨੇੜੇ ਬੈਠੀ ਪ੍ਰਿਅੰਕਾ ਬੋਲੀ, ''ਮੇਰਾ ਤਾਂ ਬਸ ਡਿਊਟੀ ਤੋਂ ਵਾਪਿਸ ਆ ਕੇ ਪ੍ਰਹੁਣਿਆਂ ਵਾਂਗ ਬਹਿ ਜਾਂਦਾ।ਨੌਕਰੀ ਵੀ ਕਰੋ ਤੇ ਘਰ ਵਾਲੇ ਦੀ ਸੇਵਾ ਵੀ ਕਰੋ।ਜਮਾਂ ਈਂ,ਮਰਦ ਪ੍ਰਧਾਨ ਸਮਾਜ ਆ।''
ਸਿਮਰਤ ਕਹਿੰਦੀ, ''ਪ੍ਰਿਅੰਕਾ,ਇਹ ਤਾਂ ਆਮ ਜਿਹੀ ਗੱਲ ਆ।ਸਾਰੀਆਂ ਨਾਲ ਰੋਜ਼ ਏਹੋ ਕੁਝ ਈ ਹੁੰਦਾ।ਨਿਆਣੇ ਪੜ੍ਹਾਵੇ,ਤਾਂ ਔਰਤ ਪੜ੍ਹਾਵੇ।ਨਿਆਣੇ ਖਿਡਾਵੇ,ਤਾਂ ਔਰਤ!ਘਰ ਵਾਲੇ ਨੂੰ ਕਹਿ ਦੇਵੋ ਨਾ ਕਿ ਬੱਚੇ ਪੜ੍ਹਾ ਲਓ।ਚਾਰ ਚੁਪੇੜਾਂ ਮਾਰ ਕੇ ਬੱਚਿਆਂ ਨੂੰ ਏਹੋ ਜਿਹੀ 'ਪੜ੍ਹਾਈ' ਕਰਾਂਉਦਾ ਕਿ ਬੱਚਾ ਆਪ ਈ ਮੁੜਕੇ ਪਿਓ ਕੋਲ ਪੜ੍ਹਨ ਨਈਂ ਜਾਂਦਾ ।ਵੈਸੇ ਨਵੀਂ ਗੱਲ ਤਾਂ ਰਵੀ ਨੇ ਕੀਤੀ।''
''ਆਹੋ,ਨਵੀਂ ਗੱਲ ਤਾਂ ਹੋਈ ਈ!ਜੋਰੂ ਦੀ ਸੇਵਾ ਜੂ ਬਹੁਤ ਕਰਦੈ ਰਵੀ!ਜੇ ਸਾਰਾ ਕੰਮ ਰਵੀ ਨੇ ਈ ਕਰਨਾਂ,ਤਾਂ ਉਹ ਭਲਾ ਕੀ ਕਰਦੀ?ਗੁੱਸਾ ਨਾ ਕਰੀਂ।ਤੂੰ ਕਾਹਦਾ ਮਰਦ ਹੋਇਆਂ?ਰਿਆ ਤੇ ਜੋਰੂ ਦਾ ਗ਼ੁਲਾਮ ਈ ਨਾ?''
ਰਵੀ ਤਾਂ ਪਾਣੀਓ ਪਾਣੀ ਹੈ ਹੀ ਸੀ,ਪਰ ਸਤਿੰਦਰ ਦੇ ਇਹ ਲਫ਼ਜ਼ ਮੇਰੇ ਹੱਡਾਂ ਨੂੰ ਚੀਰਦੇ ਹੋਏ ਧੁਰ ਅੰਦਰ ਤਕ ਪਰੇਸ਼ਾਨ ਕਰ ਗਏ।
''ਸਤਿੰਦਰ,ਮਰਦ ਘਰ ਦੇ ਕੰਮ ਕਰੇ ਤਾਂ ਕੀ ਉਹ ਜੋਰੂ ਦਾ ਗ਼ੁਲਾਮ ਹੋ ਗਿਆ?ਇਹ ਮਰਦ ਪ੍ਰਧਾਨ ਸੋਚ ਵੀ ਤੁਹਾਡੇ ਵਰਗੀ ਸੋਚ ਰੱਖਣ ਵਾਲੀਆਂ ਔਰਤਾਂ ਦੀ ਦੇਣ ਈ ਆ!ਐਵੇਂ ਸਧਾਰਨ ਜਿਹੇ ਬੰਦੇ ਨੂੰ 'ਮਰਦ ਮਰਦ' ਕਹਿ ਕੇ ਸਿਰੇ ਚੜ੍ਹਾ ਦਿੱਤੈ?'' ਆਪਣੀ ਪਰੇਸ਼ਾਨੀ ਦੀ ਭੜਾਸ ਕੱਢਣ ਲਈ ਮੈਂ ਸਤਿੰਦਰ ਨੂੰ ਕਿਹਾ।ਰਵੀ ਅਜੇ ਵੀ ਭਾਵੇਂ ਡੂੰਘੀਆਂ ਸੋਚਾਂ 'ਚ ਪਿਆ ਗੁੰਮ-ਸੁੰਮ ਹੀ ਸੀ,ਪਰ ਮੇਰੀ ਗੱਲ ਨਾਲ ਥੋੜ੍ਹਾ ਧਰਵਾਸ ਜਿਹਾ ਵੀ ਮਹਿਸੂਸ ਕਰ ਰਿਆ ਸੀ।
ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲ੍ਹਾ ਗੁਰਦਾਸਪੁਰ-143505,
7068900008,kalsi19111@gmail.com
ਪੁੱਤ ਦੀ ਮੜ੍ਹੀ (ਮਿੰਨੀ ਕਹਾਣੀ) - ਡਾ.ਪਰਮਜੀਤ ਸਿੰਘ ਕਲਸੀ
"ਬਸ਼ੀਰਿਆ,ਤੇਰੇ ਵੱਡੇ ਭਰਾ ਨੇ ਬਹੁਤਾ ਸਮਾਂ ਹੁਣ ਨਈਂ ਕੱਢਣਾ।ਮੈਨੂੰ ਅੱਜ ਭਰੋਸਾ ਦੇ ਕਿ ਤੂੰ ਆਪਣਾ ਵਿਆਹ ਨਈਂ ਕਰਵਾਏਂਗਾ।ਏਦੇ ਤੁਰ ਜਾਣ ਤੋਂ ਬਾਅਦ ਤੂੰ ਵੱਡੇ ਦੀ ਵਹੁਟੀ ਨਾਲ ਚਾਦਰ ਪਾਏਂਗਾ"
ਇਹ ਲਫ਼ਜ਼ ਉਸ ਸੇਵਾਮੁਕਤ ਪਟਵਾਰੀ ਬਾਪ ਦੁਲਾਰਾ ਸਿਓਂ ਦੇ ਸਨ,ਜਿਹੜਾ ਇਹ ਜਾਣਦਾ ਸੀ ਕਿ ਉਸਦਾ ਵੱਡਾ ਪੁੱਤਰ ਦਲਬੀਰਾ ਸਾਲ-ਦੋ ਸਾਲਾਂ 'ਚ ਹੀ ਇਸ ਦੁਨੀਆਂ ਤੋਂ ਤੁਰ ਜਾਵੇਗਾ।ਸ਼ਰਾਬ ਨਾਲ ਉਸਦਾ ਜਿਗਰ ਪੂਰੀ ਤਰਾਂ ਖ਼ਰਾਬ ਹੋ ਚੁੱਕਾ ਸੀ।ਪਿਓ ਨੂੰ ਪਤਾ ਸੀ ਕਿ ਉਹ ਆਖ਼ਰੀ ਸਾਹਾਂ 'ਤੇ ਹੈ।
"ਭਾਪਾ,ਆਹ ਪਹਿਲਾ ਬਾਪ ਦੇਖਿਆ ਜੋ ਜਿਊਂਦੇ ਜੀਅ ਈ ਆਪਣੇ ਮੁੰਡੇ ਦੇ ਮਰਨ ਦੀ ਉਡੀਕ ਕਰੀ ਬੈਠਾ!ਮੇਰੇ ਕੋਲੋਂ ਨਈਂ ਸੁਣ ਹੁੰਦਾ ਏਹ ਸਭ!" ਬਸ਼ੀਰਾ ਆਪਣੇ ਬਾਪ ਦੀ ਇਸ ਗੱਲ ਤੋਂ ਪਰੇਸ਼ਾਨ ਹੁੰਦਾ ਹੈ ਅਤੇ ਬਹਾਨੇ ਨਾਲ ਘਰੋਂ ਬਾਹਰ ਚਲਿਆ ਜਾਂਦਾ ਹੈ।
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ।ਦੋ ਕੁ ਸਾਲਾਂ ਬਾਅਦ ਓਹੀ ਹੁੰਦਾ ਹੈ,ਜਿਸਦੀ ਪਿਓ ਦੁਲਾਰਾ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕਾ ਸੀ।ਉਸਦਾ ਵੱਡਾ ਮੁੰਡਾ ਦਲਬੀਰਾ ਸ਼ਰਾਬੀ ਹਾਲਤ ਵਿੱਚ ਹੀ ਮਰ ਜਾਂਦਾ ਹੈ।ਪਤਨੀ,ਬੱਚੇ,ਮਾਂ,ਭੈਣ ਸਭ ਧਾਹਾਂ ਮਾਰ ਮਾਰ ਰੋਂਦੇ ਹਨ,ਪਰ ਬਾਪ ਗੁੰਮ-ਸੁੰਮ ਪੁੱਤ ਦਲਬੀਰੇ ਦੀ ਅਰਥੀ ਨੂੰ ਮੋਢਾ ਦਿੰਦਾ ਹੈ, ਚਿਖਾ ਨੂੰ ਅਗਨੀ ਦੇਣ ਦੇ ਨਾਲ ਨਾਲ ਸਭ ਅੰਤਿਮ ਰਸਮਾਂ ਕਰਦਾ ਹੈ।ਦਸਵੇਂ 'ਤੇ ਭੋਗ ਪੈਂਦਾ ਹੈ।ਬਾਪ ਦੇ ਕਹੇ ਅਨੁਸਾਰ ਛੋਟਾ ਪੁੱਤ ਬਸ਼ੀਰਾ ਆਪਣੇ ਭਾਈਚਾਰੇ ਵਿੱਚ ਵੱਡੇ ਦੀ ਵਿਧਵਾ ਪਤਨੀ ਨਾਲ ਚਾਦਰ ਪਾ ਕੇ ਵਿਆਹ ਪ੍ਰਵਾਨ ਕਰ ਲੈਂਦਾ ਹੈ।
ਦਸਵੇਂ ਦੀ ਸ਼ਾਮ ਨੂੰ ਮੈਂ ਤੇ ਦੁਲਾਰਾ ਸਿਓਂ ਬੈਠਕ ਵਿੱਚ ਇਕੱਠੇ ਬੈਠੇ ਹੁੰਦੇ ਹਾਂ।"ਦੁਲਾਰੇ ਯਾਰ,ਆਪਣੇ ਆਪ ਨੂੰ ਅੰਦਰ ਈ ਅੰਦਰ ਮਾਰ ਲਏਂਗਾ ਹੁਣ?ਜੋ ਹੋਣਾ ਸੀ ਓਹ ਤਾਂ ਹੋ ਈ ਗਿਆ!ਰੋਜ਼ ਦੀ ਸ਼ਰਾਬ ਨੇ ਬੰਦੇ ਨੂੰ ਕਿੰਨਾਂ ਕੁ ਚਿਰ ਜੀਣ ਦੇਣਾ?"
ਮੇਰੀ ਇਹ ਗੱਲ ਸੁਣ ਕੇ ਦੁਲਾਰਾ ਵੀ ਬੈਠਕ 'ਚ ਬੈਠਾ ਭੁੱਬਾਂ ਮਾਰ ਮਾਰ ਰੋਣ ਲਗ ਪਿਆ।ਕਹਿੰਦਾ, "ਆਪਣੇ ਹੱਥੀਂ ਮੜੀ੍ਹ ਪੁੱਟੀ ਮੈਂ ਆਪਣੇ ਪੁੱਤ ਦਲਬੀਰੇ ਦੀ!ਪੰਦਰਾਂ ਸਾਲਾਂ ਦਾ ਸੀ ਜਦੋਂ ਮੈਂ ਆਪਣੇ ਹੱਥੀਂ ਬੋਤਲ ਦੇ ਢੱਕਣ 'ਚ ਸ਼ਰਾਬ ਪਾ ਕੇ ਪੀਣ ਲਈ ਦਿੱਤੀ ਸੀ... ਤੇ ਉਹ ਨਾ ਨਾ ਕਰਦਾ ਪੀ ਗਿਆ ਸੀ ਮੇਰੇ ਨਾਲ ਮੇਰੇ ਈ ਟੇਬਲ 'ਤੇ।ਸ਼ੇਰ ਪੁੱਤ ਕਹਿ ਕੇ ਪੈੱਗ 'ਤੇ ਪੈੱਗ ਸਾਂਝਾ ਕਰਦਾ ਰਿਆਂ।ੳਦੋਂ ਏਦੇ 'ਚੋਂ ਵੀ ਮੈਨੂੰ ਵਿਰਸੇ ਦਾ ਮਾਣ ਨਜ਼ਰ ਆਉਂਦਾ ਸੀ!ਨਈਂ ਸੰਭਸ ਸਕਿਆ ਓਹ।ਦਿਨ-ਬ-ਦਿਨ ਓਹਦੀ ਵਧਦੀ ਗਈ।ਮੇਰੇ ਨਾਲ ਥੋੜ੍ਹੀ ਤੇ ਯਾਰਾਂ ਦੋਸਤਾਂ ਦੀਆਂ ਮਹਿਫ਼ਲਾਂ 'ਚ ਰੱਜ ਰੱਜ ਪੀਣ ਲਗ ਪਿਆ ਓਹ... ਤੇ ਅੱਜ ਆਹ ਭਾਣਾ ਵਾਪਰ ਗਿਆ।...ਕਰਮਿਆਂ,ਉਹਨੂੰ ਸ਼ਰਾਬ ਨੇ ਨਈਂ ,ਮੈਂ ਮਾਰਿਆ ਮੈਂ!ਜੇ ਬਾਪ ਨੇ ਆਪ ਈ ਸ਼ਰਾਬ ਪਰੋਸਣੀ ਸੀ,ਤਾਂ ਪੁੱਤ ਪੀਂਦਾ ਵੀ ਕਿਵੇਂ ਨਾ?...ਲੋਕਾਂ ਲਈ ਇੱਕ ਨਸ਼ੇੜੀ ਮਰਿਆ,ਮੇਰੇ ਲਈ ਮੇਰਾ ਪੁੱਤ ਨਈਂ,ਇੱਕ ਬਾਪ ਅੰਦਰਲਾ ਬਾਪ ਮਰਿਆ!"
ਨੇੜੇ ਬੈਠਾ ਦੁਖੀ ਮਨ ਨਾਲ ਚੁੱਪ ਵੀ ਕਰਾ ਰਿਹਾ ਸਾਂ ਤੇ ਮਨ ਹੀ ਮਨ ਨਾਲ 'ਚ ਇਹ ਸੋਚਕੇ ਸਦਮੇਂ ਵਿੱਚ ਵੀ ਸਾਂ ਕਿ ਉਹ ਬਾਪ ਵੀ ਕਾਹਦਾ ਬਾਪ,ਜਿਹੜਾ ਜਿਊਂਦੇ ਜੀਅ ਆਪਣੇ ਹੀ ਪੁੱਤ ਦੀ ਆਪਣੇ ਹੱਥੀਂ ਸ਼ਰਾਬ ਦਾ ਐਬੀ ਬੀਜ ਬੀਜਦਾ???
ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲਾ੍ਹ ਗੁਰਦਾਸਪੁਰ-143505, 7068900008,kalsi19111@gmail.com
ਸਲੀਕਾ (ਮਿੰਨੀ ਕਹਾਣੀ) - ਡਾ.ਪਰਮਜੀਤ ਸਿੰਘ ਕਲਸੀ
''ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਪਾ ਸਕੇਂ?...ਜਾਤ ਦੀ ਕੋੜ੍ਹ ਕਿਰਲੀ 'ਤੇ ਸ਼ਤੀਰਾਂ ਨੂੰ ਜੱਫ਼ੇ।'' ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ 'ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤੀ੍ਰਮਤ ਆ।ਵਿਆਹੀ ਭਾਵੇਂ ਉਹ ਪਿੰਡ 'ਚ ਈ ਗਈ,ਪਰ ਸ਼ਹਿਰੀ ਤਬਕੇ ਦੀ ਆਕੜ ਨਾਲ-ਨਾਲ ਈ ਰਹਿੰਦੀ।ਘਰ ਵੀ ਕਿਸੇ ਖ਼ੂਬਸੂਰਤ ਮਹਿਲ ਤੋਂ ਘਟ ਨਹੀਂ।ਰੋਹਬ ਝਾੜਨ ਨੂੰ ਫਿਰ ਪੇਂਡੂ ਘਰ ਦੀ ਤੰਗੀ-ਤੁਰਸ਼ੀ 'ਚ ਘਰ ਦਾ ਗੁਜ਼ਾਰਾ ਕਰ ਰਹੀ ਦਰਾਣੀ ਸੁਮਨ ਈ ਬਚੀ ਸੀ।ਉਹ ਵੀ ਕਿੰਨਾ ਕੁ ਜਰਦੀ।ਨੋਕ ਝੋਕ 'ਚ ੳੇਹ ਵੀ ਫਿਰ ਪਿੱਛੇ ਨਾ ਹਟਦੀ।ਨੋਕ ਝੋਕ ਵਿੱਚ ਉੱਚਾ-ਨੀਵਾਂ ਭਾਵੇਂ ਬੋਲ ਪੈਂਦੀ ਸੁਮਨ,ਪਰ ਸਲੀਕਾ ਫਿਰ ਵੀ ਨਾ ਛੱਡਦੀ।
ਅੱਗੋਂ ਸੁਮਨ ਦਾ ਜਵਾਬ ਵੀ ਅਚੰਭੇ ਵਾਲਾ ਈ ਸੀ।ਤਲਖ਼ੀ 'ਚ ਕਹਿੰਦੀ, ''ਮੈਨੂੰ ਪਤਾ ਕਿ ਤੇਰਾ ਬੱਚਾ ਕਿਹੜੇ ਵੱਡੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਪੜ੍ਹਦਾ?ਤੇਰੀ ਔਕਾਤ ਕੋਈ ਬਹੁਤੀ ਟੀਸੀਆਂ ਨੂੰ ਛੂਹਣ ਵਾਲੀ ਨਈਂ,ਉਸੇ ਸਕੂਲ 'ਚ ਪੜ੍ਹਾਉਣ ਵਾਲੀ ਆ,ਜਿੱਥੇ ਪੜ੍ਹਾਉਣ ਵਾਲਿਆਂ ਨੂੰ ਦਸ ਕੁ ਹਜ਼ਾਰ ਤੋਂ ਵੱਧ ਮਹੀਨਾ ਭਰ ਦੀ ਤਨਖ਼ਾਹ ਵੀ ਨਈਂ ਦੇ ਸਕਦੇ!...ਤੇ ਮੇਰੀ ਔਕਾਤ ਉਸ ਸਰਕਾਰੀ ਸਕੂਲ 'ਚ ਪੜ੍ਹਾਉਣ ਵਾਲੀ ਆ,ਜਿੱਥੇ ਸਰਕਾਰ ਸੱਠ ਹਜ਼ਾਰ ਤੋਂ ਵੱਧ ਦੀਆਂ ਤਨਖ਼ਾਹਾਂ ਦੇ ਦੇ ਕੇ ਅਤੇ ਚੁਣ ਚੁਣ ਕੇ ਲਾਉਂਦੀ ਆ ਮਾਸਟਰਾਂ ਨੂੰ!
ਦਰਾਣੀ ਜਠਾਣੀ ਦੀ ਤਲਖ਼ੀ ਭਰੀ ਤਕਰਾਰ 'ਚ ਪਿੰਡ ਦੀ ਧਾਕੜ ਬੁੜ੍ਹੀ ਖੜਪੰਚੋ ਵੀ ਆ ਧਮਕਦੀ ਹੈ।''ਨੀਂ ਤੁਆਡੀ ਰੋਜ਼ ਦੀ ਟੈਂ ਟੈਂ ਬਾਜ਼ੀ ਨਈਂ ਮੁੱਕਦੀ?ਕਦੇ ਤਾਂ ਚੈਨ ਨਾਲ ਰਹਿ ਲਿਆ ਕਰੋ!'' ਦੋਨੋ ਸਾਰੀ ਗੱਲ ਖੜਪੰਚੋ ਨੂੰ ਆਪਣਾ ਆਪਣਾ ਪੱਖ ਰੱਖ ਕੇ ਦੱਸਦੀਆਂ ਹਨ।ਖੜਪੰਚੋ ਅਜੇ ਦੋਨਾਂ ਨੂੰ ਸਮਝਾ ਹੀ ਰਹੀ ਸੀ ਕਿ ਦੋਨਾਂ ਦੇ ਨਿਆਣੇ ਸਕੂਲੋਂ ਪੜ੍ਹਕੇ ਘਰ ਆਣ ਟਪਕੇ।
''ਗੁੱਡ ਆਫ਼ਟਰਨੂਨ,ਮੌਮ!''-ਲਵਲੀਨ ਮਾਂ ਨੂੰ ਚਾਈਂ ਚਾਈਂ ਕਹਿੰਦਾ ਹੈ।
''ਵੈਰੀ ਗੁੱਡ ਆਫ਼ਟਰਨੂਨ ਮਾਈ ਲਵਲੀ ਸਨ''-ਆਪਣੇ ਬੇਟੇ ਨੂੰ ਜਵਾਬ ਦਿੰਦਿਆਂ ਮਾਂ ਕਿਰਨ ਆਪਣੇ ਲਵਲੀਨ ਨੂੰ ਗਲ਼ ਨਾਲ ਲਾ ਲੈਂਦੀ ਹੈ।ਇਸ ਉਪਰੰਤ ਲਵਲੀਨ ਆਪਣੇਂ ਮਹੱਲ ਦੇ ਏ.ਸੀ. ਵਾਲੇ ਕਮਰੇ ਵੱਲ ਚਲਾ ਜਾਂਦਾ ਹੈ।ਨੇੜੇ ਬੈਠੀ ਖੜਪੰਚੋ ਸਭ ਦੇਖੀ ਜਾਂਦੀ ਹੈ।
''ਬੇਬੇ,ਪੈਰੀਂ ਪੈਨਾਂ!''
ਖੜਪੰਚੋ ਦੇ ਪੈਰੀਂ ਹੱਥ ਲਾ ਕੇ ''ਜਿਊਂਦਾ ਰਓ'' ਦੀ ਅਸੀਸ ਲੈ ਕੇ ਬੰਟੀ ਆਪਣੀ ਮਾਂ ਸੁਮਨ ਨਾਲ ਗਲੇ ਲਗਦਾ ਹੈ ਅਤੇ ਪਿਛਲੇ ਕਮਰੇ ਵਿੱਚ ਚਲਾ ਜਾਂਦਾ ਹੈ।
''ਨਾ ਘਰ ਆਇਆਂ ਨੂੰ ਕੋਈ ਪਾਣੀ ਪੂਣੀ ਈ ਪੁੱਛ ਲਿਆ ਕਰੋ!''-ਖੜਪੰਚੋ ਨੇ ਘਰ ਦੀ ਵੱਡੀ ਨੂੰਹ ਨੂੰ ਤਾੜਦਿਆਂ ਕਿਆ।
''ਲਵਲੀਨ ਬੇਟਾ,ਮਾਤਾ ਲਈ ਕਿਚਨ 'ਚੋਂ ਪਾਣੀ ਲੈ ਕੇ ਆਉਣਾ!ਂ''।
ਅੰਦਰੋਂ ਆਵਾਜ਼ ਆਈ, ''ਸੌਰੀ ਮੌਮ,ਮੈਂ ਡਰੈੱਸ ਚੇਂਜ਼ ਕਰ ਰਿਆਂ''।ਲਵਲੀਨ ਨੇ ਆਪਣੀ ਮਾਂ ਦੋ ਹਰਫ਼ੀਂ ਜਵਾਬ ਦਿੱਤਾ।
ਏਨੀ ਦੇਰ ਨੂੰ ਬੰਟੀ ਅੰਦਰ ਪਾਣੀ ਦਾ ਗਿਲਾਸ ਲਿਆ ਕੇ ਬਜ਼ੁਰਗ ਖੜਪੰਚੋ ਨੂੰ ਕਹਿੰਦਾ, ''ਬੇਬੇ,ਸਕੂਲ ਦੀ ਵਰਦੀ ਤਾਂ ਮੈਂ ਵੀ ਬਦਲਣੀਂ ਐ ਅਜੇ,ਪਰ ਮਾਸਟਰ ਜੀ ਕਹਿੰਦੇ ਕੰਮ ਜਿੰਨੇਂ ਮਰਜ਼ੀ ਈ ਕਰੋ,ਪਰ ਵੱਡਿਆਂ ਦਾ ਸਤਿਕਾਰ ਕਦੇ ਨਾ ਛੱਡੋ।ਵਰਦੀ ਤਾਂ ਮੈਂ ਬਾਦ੍ਹ 'ਚ ਵੀ ਬਦਲ ਲਵਾਂਗਾ।
ਇਹ ਸਭ ਦੇਖ ਕੇ ਖੜਪੰਚੋ ਨੇ ਵੀ ਫਿਰ ਨਿਤਾਰਾ ਕਰ ਦਿੱਤਾ ਸਾਰੀ ਗੱਲ ਦਾ।ਕਹਿੰਦੀ , ''ਦੇਖ ਲਓ!ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਹੁੰਦੀ ਆ ਭਲਾ?ਜੇ ਪੜ੍ਹਾਈ ਦੇ ਨਾਲ ਸਲੀਕਾ ਈ ਨਾ ਆਇਆ,ਤਾਂ ਕੀ ਕਰੂ ਮੂੰਹ ਮਰੋੜ ਮਰੋੜ ਕੇ ਅੰਗਰੇਜ਼ੀ ਬੋਲਣੀ ਸਿਖਾਉਣ ਵਾਲਾ ਮਹਿੰਗਾ ਅੰਗਰੇਜ਼ੀ ਸਕੂਲ?ਰੱਟਾ-ਲਟ ਤਾਂ ਤੋਤਾ ਵੀ ਲਾ ਲੈਂਦਾ!''
ਖੜਪੰਚੋ ਦੀ ਇਹ ਗੱਲ ਸੁਣ ਕੇ ਦਰਾਣੀ ਤਾਂ ਮਾਣਮੱਤੀ ਹੋਈ ਫਿਰੇ ਤੇ ਜਠਾਣੀ ਪਾਣੀਓਂ ਪਾਣੀਂ!
ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲ੍ਹਾ ਗੁਰਦਾਸਪੁਰ-143505, 7068900008,kalsi19111@gmail.com