Hardam Maan

12 ਫਰਵਰੀ ਬਰਸੀ ‘ਤੇ ਵਿਸ਼ੇਸ਼ - ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਯਾਦ ਕਰਦਿਆਂ - ਹਰਦਮ ਮਾਨ

ਅੱਜ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਸ਼ਾਇਰ ਆਪਣੀਆਂ ਗ਼ਜ਼ਲਾਂ ਰਾਹੀਂ ਦਿਲਕਸ਼, ਖੂਬਸੂਰਤ ਅਤੇ ਬਾ-ਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਪਰ ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ,  ਅਰਬੀ ‘ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਉਰਦੂ ਵਿਦਵਾਨਾਂ ਅਤੇ ਸ਼ਾਇਰਾਂ ਦੇ ਇਸ ਚੈਲਿੰਜ ਨੂੰ ਕਬੂਲ ਕਰਦਿਆਂ ਕਈ ਪੰਜਾਬੀ ਸ਼ਾਇਰ ਪੰਜਾਬੀ ਵਿਚ ਗ਼ਜ਼ਲ ਦੀ ਰਚਨਾ ਕਰਨ ਲਈ ਸਾਹਿਤਕ ਮੈਦਾਨ ਵਿਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ ਵੀ ਇਕ ਸਨ, ਜਿਨ੍ਹਾਂ ਨੂੰ ਪੰਜਾਬੀ ਦੇ ‘ਬਾਬਾ-ਏ-ਗ਼ਜ਼ਲ’ ਅਖਵਾਉਣ ਦਾ ਫ਼ਖ਼ਰ ਵੀ ਹਾਸਲ ਹੋਇਆ। ਉਸਤਾਦ ਸ਼ਾਇਰ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਸ਼ਾਇਰੀ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਿਤ ਕੀਤੇ।
ਉਨ੍ਹਾਂ ਦਾ ਜਨਮ ਜ਼ਿਲਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਜਾਗੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਬਣੀ। ਬਾਅਦ ਵਿਚ ਉਨ੍ਹਾਂ ਸ਼ਾਇਰੀ ਦੀ ਤਹਿਆਂ ਤੱਕ ਜਾਣ ਲਈ ਅਤੇ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਜਨਾਬ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ। ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿਚ ਉਹ 'ਦੀਪਕ ਜੈਤੋਈ' ਦੇ ਨਾਂ ਨਾਲ ਚਰਚਿਤ ਹੋਏ।
ਜਨਾਬ ਦੀਪਕ ਜੈਤੋਈ ਨੇ ਬਹੁਤ ਹੀ ਲਗਨ,  ਮਿਹਨਤ ਅਤੇ ਦ੍ਰਿੜਤਾ ਨਾਲ ਗ਼ਜ਼ਲ ਨੂੰ ਪੰਜਾਬੀ ਕਵਿਤਾ ਦੀ ਪਟਰਾਣੀ ਬਣਾਉਣ ਲਈ ਕਾਰਜ ਕੀਤਾ। ਨਿਰਸੰਦੇਹ ਉਨ੍ਹਾਂ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਹਮਸਫ਼ਰ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ,  ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ ਤੇ 'ਦੀਪਕ ਗ਼ਜ਼ਲ ਸਕੂਲ' ਦੀ ਸਥਾਪਨਾ ਕੀਤੀ। ਇਸ ਸਕੂਲ ਰਾਹੀਂ ਉਹ ਹਰ ਰੋਜ਼ ਲੰਮਾਂ ਸਮਾਂ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ,  ਰੂਪਕ ਪੱਖ,  ਜ਼ੁਬਾਨ ਦਾ ਸੁਹਜ,  ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਨ੍ਹਾਂ ਦੀ ਇਸ ਤਪੱਸਿਆ ਸਦਕਾ ਹੀ ਅੱਜ ਉਨ੍ਹਾਂ ਦੇ ਅਨੇਕਾਂ ਸ਼ਾਗਿਰਦ ਪੰਜਾਬੀ ਗ਼ਜ਼ਲ ਖੇਤਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਬੇਸ਼ੱਕ ਅੱਜ ਕਵਿਤਾ ਦੇ ਨਾਂ ਤੇ ਅਕਵਿਤਾ ਵੀ ਵੱਡੀ ਗਿਣਤੀ ਵਿਚ ਪਾਠਕ ਮਨਾਂ ਨੂੰ ਉਚਾਟ ਕਰ ਰਹੀ ਹੈ ਪਰ ਦੀਪਕ ਜੈਤੋਈ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ। 'ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ', 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ', 'ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ' ਆਦਿ ਕਈ ਗੀਤ ਤਾਂ ਪੰਜਾਬੀਆਂ ਦੀ ਜ਼ੁਬਾਨ ‘ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਆਪਣੇ ਮਕਬੂਲ ਹੋਏ ਗੀਤ 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ' ਦਾ ਪ੍ਰਸੰਗ ਬਿਆਨਦਿਆਂ ਉਹ ਦਸਦੇ ਹੁੰਦੇ ਸਨ-
“ਇਸ ਗੀਤ ਰਾਹੀਂ ਮੈਂ ਸਿਰਫ ਇਹ ਬਿਆਨ ਕਰਨਾ ਚਾਹੁੰਦਾ ਸੀ ਕਿ ਵੱਡਿਆਂ ਘਰਾਂ ਵਿਚ ਕੰਮ ਕਰਨ ਵਾਲੀਆਂ ਕੰਮੀਆਂ, ਕੁੜੀਆਂ ਦਾ ਅੱਛਾ ਸਤਿਕਾਰ ਨਹੀਂ ਕੀਤਾ ਜਾਂਦਾ। ਬਦਕਿਸਮਤੀ ਇਹ ਕਿ ਇਸ ਗੀਤ ਦੀ ਰਦੀਫ 'ਜ਼ੈਲਦਾਰ' ਆ ਗਈ, ਨੰਬਰਦਾਰਨ ਵੀ ਆ ਸਕਦੀ ਸੀ, ਜਗੀਰਦਾਰ ਵੀ ਆ ਸਕਦੀ ਸੀ। ਸਾਡੀ ਮੰਡੀ ਦੇ ਮਾਲਕ ਜ਼ੈਲਦਾਰ ਸਨ। ਉਨ੍ਹਾਂ ਨੂੰ ਇਹ ਗੱਲ ਚੁਭੀ। ਇਕ ਦਿਨ ਜਦੋਂ ਮੈਂ ਬੱਸ ਅੱਡੇ ਵਿੱਚੋਂ ਲੰਘ ਰਿਹਾ ਸਾਂ ਤਾਂ ਜ਼ੈਲਦਾਰ ਸਾਹਿਬ ਮੈਨੂੰ ਘੇਰ ਕੇ ਖੜ੍ਹ ਗਏ ਤੇ ਕਹਿੰਦੇ, "ਗੱਲ ਸੁਣ ਦੀਪਕਾ।” ਮੈਂ ਕਿਹਾ “ ਹੁਕਮ ਕਰੋ ਹਜ਼ੂਰ।” ਉਹ ਕਹਿਣ ਲੱਗੇ, “ ਤੂੰ ਮੇਰੇ ਖ਼ਿਲਾਫ਼ ਗੀਤ ਲਿਖਿਆ ਹੈ।” ਮੈਂ ਕਿਹਾ “ਜਨਾਬ ਆਪਣੀ ਕੋਈ ਦੁਸ਼ਮਣੀ ਹੈ ਜਾਂ ਆਪਣੇ ਬਜ਼ੁਰਗਾਂ ਦੀ ਕੋਈ ਦੁਸ਼ਮਣੀ ਸੀ? ” ਕਹਿਣ ਲੱਗੇ “ਨਹੀਂ।” ਫਿਰ ਮੈਂ ਤੁਹਾਡੇ ਖ਼ਿਲਾਫ਼ ਗੀਤ ਕਿਉਂ ਲਿਖੂੰਗਾ?” ਕਹਿਣ ਲੱਗੇ "ਤੂੰ ਲਿਖਿਆ ਨਹੀਂ ਕਿ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ...।” ਮੈਂ ਕਿਹਾ “ਜਨਾਬ! ਜ਼ੈਲਦਾਰ ਇਕੱਲੇ ਤੁਸੀਂ ਹੀ ਨਹੀਂ, ਹੋਰ ਵੀ ਅਨੇਕ ਹਨ ਲੇਕਿਨ ਮੇਰੀ ਮੁਰਾਦ ਸੀ ਕਿ ਵੱਡੇ ਘਰਾਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਮਾਣ ਇੱਜ਼ਤ ਨਾਲ ਦੇਖਿਆ ਜਾਵੇ। ਇਹ ਤਾਂ ਇਕ ਸਮਾਜਿਕ ਗੀਤ ਸੀ।” ਉਹ ਕਹਿੰਦੇ “ ਤੂੰ ਇਸ 'ਚ ਜੈਤੋ ਦਾ ਨਾਂ ਪਾਇਆ ਹੈ? ” ਮੈਂ ਕਿਹਾ "ਨਾਂ ਤਾਂ ਮੈਂ ਪਾਉਣਾ ਹੀ ਸੀ ਕਿਉਂਕਿ ਜੈਤੋ ਮੇਰਾ ਪਿੰਡ ਹੈ।” ਉਹ ਗੁੱਸੇ 'ਚ ਬੋਲੇ “ਮੈਂ ਤੈਨੂੰ ਗੋਲੀ ਮਰਵਾਦੂੰ।” ਮੈਂ ਕਿਹਾ "ਜਨਾਬ! ਮਰਵਾਉਣੀ ਕੀਹਦੇ ਕੋਲੋਂ ਐ। ਗੋਲੀ ਥੋਡੇ ਕੋਲੇ ਹੈ ਤੇ ਸੀਨਾ ਮੇਰੇ ਕੋਲੇ ਹੈ।” ਫਿਰ ਉਹ ਠੰਢੇ ਹੋ ਗਏ ਅਤੇ ਆਪ ਹੀ ਚਲੇ ਗਏ।“
ਉਨ੍ਹਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿਚ 'ਸਾਕਾ ਚਾਂਦਨੀ ਚੌਕ' ਅਤੇ 'ਗੁਰੂ ਨਾਨਕ ਦੇਵ ਦੀਆਂ ਸਾਖੀਆਂ’ (ਦੋਵੇਂ ਐਲ.ਪੀ.) ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਇਕ ਰਿਕਾਰਡ ਕਾਇਮ ਕੀਤਾ। ਗੀਤਕਾਰੀ ਖੇਤਰ ਵਿੱਚ ਦੀਪਕ ਜੈਤੋਈ ਦਾ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਅਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ। ਉਹ ਕਹਿੰਦੇ ਸਨ “ਗੀਤਕਾਰ ਇਸ ਹੱਦ ਤੱਕ ਡਿੱਗ ਗਏ ਕਿ ਮਾਂ ਬੋਲੀ ਪੰਜਾਬੀ ਦਾ ਹੀ ਨਹੀਂ ਸਗੋਂ ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਹੋਣ ਲੱਗਿਆ। ਏਸ ਕਰ ਕੇ ਮੈਂ ਗੀਤਕਾਰੀ ਤੋਂ ਕਿਨਾਰਾਕਸ਼ੀ ਕਰ ਲਈ’।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਮੰਚ ਦੇ ਵਧੀਆ ਕਲਾਕਾਰ ਸਨ। ਉਹ ਕਈ ਸਾਲ ਜੈਤੋ ਵਿਖੇ ਰਾਮ ਲੀਲ੍ਹਾ ਵਿਚ ਵੱਖ ਵੱਖ ਕਿਰਦਾਰ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਵਿ-ਨਾਟ, ਮਹਾਂਕਾਵਿ, ਕਹਾਣੀ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ),  ਗ਼ਜ਼ਲ ਦੀ ਖੁਸ਼ਬੂ,  ਗ਼ਜ਼ਲ ਦੀ ਅਦਾ,  ਦੀਪਕ ਦੀ ਲੋਅ,  ਮੇਰੀਆਂ ਚੋਣਵੀਆਂ ਗ਼ਜ਼ਲਾਂ,  ਗ਼ਜ਼ਲ ਦਾ ਬਾਂਕਪਨ,  ਆਹ ਲੈ ਮਾਏ ਸਾਂਭ ਕੁੰਜੀਆਂ,  ਗ਼ਜ਼ਲ ਕੀ ਹੈ,  ਮਾਡਰਨ ਗ਼ਜ਼ਲ ਸੰਗ੍ਰਹਿ,  ਭਰਥਰੀ ਹਰੀ (ਕਾਵਿ ਨਾਟ),  ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ),  ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),  ਸਿਕੰਦ ਗੁਪਤ (ਸੰਸਕਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਲਿ-ਜ਼ਿਕਰ ਹਨ। ਉਨ੍ਹਾਂ ਨੂੰ ਪੰਜਾਬੀ ਵਿਚ ਪਹਿਲਾ ਗ਼ਜ਼ਲ ਦੀਵਾਨ 'ਦੀਵਾਨੇ-ਦੀਪਕ' ਲਿਖਣ ਦਾ ਫ਼ਖਰ ਵੀ ਹਾਸਲ ਹੋਇਆ ਪਰ ਪੰਜਾਬੀ ਗ਼ਜ਼ਲ ਦੀ ਬਦਕਿਸਮਤੀ ਹੈ ਕਿ ਇਹ ਗ਼ਜ਼ਲ ਦੀਵਾਨ ਉਨ੍ਹਾਂ ਦੀ ਰਿਹਾਇਸ਼ੀ ਕੋਠੜੀ ਮੀਂਹ ਦੀ ਭੇਂਟ ਚੜ੍ਹਨ ਕਾਰਨ ਇਹ ਗ਼ਜ਼ਲ ਦੀਵਾਨ ਸਮੇਤ ਉਨ੍ਹਾਂ ਦੀਆਂ ਕਈ ਕਿਤਾਬਾਂ ਦੇ ਖਰੜੇ ਵੀ ਰੁੜ੍ਹ ਗਏ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਗ਼ਜ਼ਲ ਦੇ ਇਸ ਬਾਬਾ ਬੋਹੜ, ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਪੰਜਾਬ ਅਤੇ ਹਰਿਆਣਾ ਦੀ ਲੱਗਭੱਗ ਹਰ ਇਕ ਵੱਡੀ ਸਾਹਿਤਕ ਸੰਸਥਾ ਨੇ ਬਣਦਾ ਮਾਣ ਸਨਮਾਨ ਦੇ ਕੇ ਆਪਣੇ ਫਰਜ਼ ਦੀ ਪੂਰਤੀ ਕੀਤੀ। ਉਨ੍ਹਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ,  ਡਾ. ਸਾਧੂ ਸਿੰਘ ਹਮਦਰਦ ਐਵਾਰਡ,  ਕਰਤਾਰ ਸਿੰਘ ਧਾਲੀਵਾਲ ਐਵਾਰਡ,  ਬਾਬਾ-ਏ-ਗ਼ਜ਼ਲ ਐਵਾਰਡ,  ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ।
ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ,  ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਅਣਖ,  ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਕਈ ਕਵੀ ਦਰਬਾਰਾਂ ਵਿਚ ਉਨ੍ਹਾਂ ਸ੍ਰੀ ਵਾਜਪਾਈ ਨਾਲ ਸ਼ਮੂਲੀਅਤ ਕੀਤੀ ਸੀ ਪਰ ਦੀਪਕ ਜੈਤੋਈ ਨੇ ਆਪਣੇ ਨਾ-ਸਾਜ਼ਗਾਰ ਹਾਲਾਤ ਵਿਚ ਵੀ ਸ੍ਰੀ ਵਾਜਪਾਈ ਤੱਕ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ। ਉਨ੍ਹਾਂ ਦੇ ਇਹ ਸ਼ਿਅਰ ਉਨ੍ਹਾਂ ਦੀ ਜ਼ਿੰਦਗੀ ਦੀ ਤਰਜਮਾਨੀ ਬਾਖੂਬੀ ਕਰਦੇ ਹਨ-
ਜ਼ਖਮ ਹਨ ਦਿਲ ‘ਤੇ ਬਹੁਤ, ਜ਼ਖਮਾਂ 'ਚ ਗਹਿਰਾਈ ਬਹੁਤ
ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ
ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ
ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ
ਅੱਤ ਮੁਸ਼ਕਿਲ ਵਿਚ ਵੀ ਮੇਰਾ ਹੌਂਸਲਾ ਟੁੱਟਿਆ ਨਹੀਂ
ਵਕਤ ਦੇ ਚੱਕਰ ਨੇ ਕੀਤੀ ਜ਼ੋਰ-ਅਜ਼ਮਾਈ ਬਹੁਤ
ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ
ਮੇਰੀ ਇਸ ਦੀਵਨਗੀ ‘ਤੇ ਦੁਨੀਆਂ ਮੁਸਕਾਈ ਬਹੁਤ
ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸ਼ਾਇਰੀ ਦੇ ਇਕ ਫ਼ਖ਼ਰਯੋਗ ਅਤੇ ਸੁਨਹਿਰੀ ਅਧਿਆਇ ਦਾ ਅੰਤ ਹੋ ਗਿਆ ਹੈ ਪਰ ਪੰਜਾਬੀ ਸ਼ਾਇਰੀ ਪ੍ਰਤੀ ਉਨ੍ਹਾਂ ਦੀ ਘਾਲਣਾ ਨੂੰ ਪੰਜਾਬੀ ਪ੍ਰੇਮੀ ਕਦੇ ਵੀ ਭੁਲਾ ਨਹੀਂ ਸਕਣਗੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com

ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ / ਠਾਕੁਰ ਦਲੀਪ ਸਿੰਘ - ਹਰਦਮ ਸਿੰਘ ਮਾਨ

ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਸਾਰੇ ਸੰਸਾਰ ਦੇ ਫਲ਼, ਤੁਹਾਨੂੰ ਆਮ ਤੌਰ ਉੱਤੇ ਸਾਰਾ ਸਾਲ ਹੀ ਮਿਲਦੇ ਰਹਿੰਦੇ ਹਨ। ਜੋ ਫਲ਼ ਤੁਸੀਂ ਵੱਡੇ ਸਟੋਰਾਂ ਤੋਂ ਲਿਆ ਕੇ ਛਕਦੇ ਹੋ, ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ। ਇਹਨਾਂ ਫਲਾਂ ਦਾ ਜੇ ਤੁਸੀਂ ਅਸਲੀ ਸਵਾਦ ਲੈਣਾ ਹੈ, ਤਾਂ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਕਈ ਦਿਨ ਵਾਸਤੇ ਫਰਿਜ ਤੋਂ ਬਾਹਰ ਹੀ ਰੱਖ ਛੱਡੋ; ਘੱਟੋ ਘੱਟ ਚਾਰ ਪੰਜ ਦਿਨ, ਅੱਵਲ ਤਾਂ ਹਫਤਾ-ਦਸ ਦਿਨ ਰੱਖੋ। ਉਸ ਤੋਂ ਉਪਰੰਤ ਇਹਨਾਂ ਫਲਾਂ ਨੂੰ ਛਕੋ। ਆਪ ਜੀ ਨੂੰ ਆਪ ਹੀ ਪਤਾ ਲੱਗੇਗਾ ਕਿ ਇਹ ਫਲ਼, ਜਿਸ ਦਿਨ ਸਟੋਰ ਤੋਂ ਲਿਆਂਦੇ ਸਨ, ਉਸ ਦਿਨ ਨਾਲੋਂ ਕਿਤਨੇ ਵੱਧ ਸਵਾਦਿਸ਼ਟ ਹੋ ਗਏ ਹਨ: “ਸਹਿਜ ਪੱਕੇ, ਸੋ ਮੀਠਾ ਹੋਏ”। ਕਿਉਂਕਿ, ਸਟੋਰ ਤੋਂ ਲਿਆਂਦੇ ਹੋਏ ਫਲ਼ ਤਾਂ ਕੱਚੇ ਹੁੰਦੇ ਹਨ; ਘਰ ਵਿੱਚ ਲਿਆ ਕੇ ਜੇ ਫਰਿਜ ਵਿੱਚ ਰੱਖ ਦੇਈਏ, ਤਾਂ ਵੀ ਇਹ ਪੱਕਦੇ ਨਹੀਂ। ਇਸ ਕਰਕੇ, ਜੇ ਇਹਨਾਂ ਫਲਾਂ ਨੂੰ ਫਰਿੱਜ ਤੋਂ ਬਾਹਰ ਰੱਖਿਆ ਜਾਵੇ, ਤਾਂ ਹੀ ਪੱਕਦੇ ਹਨ। ਪੱਕਣ ਉਪਰੰਤ, ਫਲਾਂ ਨੂੰ ਫਰਿੱਜ ਵਿੱਚ ਰੱਖ ਸਕਦੇ ਹੋ।
ਵੱਖੋ ਵੱਖਰੇ ਪ੍ਰਕਾਰ ਦੇ ਫਲ਼, ਪੱਕਣ ਲਈ ਵੱਖੋ ਵੱਖਰੀ ਹਾਲਤ ਵਿੱਚ, ਵੱਖਰੇ ਵੱਖਰੇ ਤਾਪਮਾਨ ਵਿੱਚ, ਵੱਖਰਾ ਵੱਖਰਾ ਸਮਾਂ ਲਾਉਂਦੇ ਹਨ। ਇਸ ਕਰਕੇ, ਇੱਕ ਅੰਦਾਜ਼ਾ ਆਪ ਜੀ ਨੂੰ ਦੱਸਿਆ ਹੈ ਕਿ ਚਾਰ-ਪੰਜ ਦਿਨ ਤੋਂ ਲੈ ਕੇ 15 ਦਿਨ, ਇਹਨਾਂ ਫਲਾਂ ਨੂੰ ਜੇ ਤੁਸੀਂ ਫਰਿਜ ਤੋਂ ਬਾਹਰ ਰੱਖ ਕੇ ਛਕੋਗੇ, ਤਾਂ ਆਪ ਜੀ ਨੂੰ ਫਲਾਂ ਦਾ ਸਵਾਦ ਅਤੇ ਆਨੰਦ ਬਹੁਤਾ ਆਏਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਹੋਵੇਗਾ। ਪੈਸੇ ਤਾਂ ਤੁਹਾਡੇ ਉਤਨੇ ਹੀ ਲੱਗਣੇ ਹਨ, ਜਿਤਨੇ ਤੁਸੀਂ ਪਹਿਲੋਂ ਕੱਚੇ, ਬੇਸਵਾਦ ਫਲਾਂ ਉੱਪਰ ਲਾ ਰਹੇ ਹੋ। ਪਰ, ਤੁਹਾਨੂੰ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਕੁਝ ਦਿਨ ਰੱਖ ਕੇ ਛਕਣ ਨਾਲ਼, ਉਤਨੇ ਪੈਸਿਆਂ ਵਿੱਚ ਹੀ ਕਈ ਗੁਣਾਂ ਬਹੁਤਾ ਸਵਾਦ ਆਏਗਾ। ਕਿਉਂਕਿ, ਫਲ਼ ਪਏ ਪਏ ਪੱਕ ਜਾਂਦੇ ਹਨ ਅਤੇ ਮਿੱਠੇ ਹੋ ਜਾਂਦੇ ਹਨ। ਪ੍ਰੰਤੂ, ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਹਰ ਕਮਰੇ ਦਾ ਤਾਪਮਾਨ ਵੱਖੋ ਵੱਖ ਹੈ, ਹਰ ਫਲ਼ ਪੱਕਣ ਦੀ ਸਥਿਤੀ ਵੱਖੋ ਵੱਖ ਹੈ। ਫਲ਼ ਗਲ਼ ਨਾ ਜਾਣ, ਉੱਲੀ ਨਾ ਲੱਗ ਜਾਵੇ।  ਜਦੋਂ ਫਲ਼ ਪੱਕ ਜਾਣ, ਉਦੋਂ ਛਕੇ ਜਾਣ ਜਾਂ ਫਰਿੱਜ ਵਿੱਚ ਰੱਖ ਲਏ ਜਾਣ।
ਕੱਚੇ ਫਲ਼ ਸਬਜੀਆਂ ਨਾਲੋਂ, ਪੱਕੇ ਫਲਾਂ ਦਾ ਕੇਵਲ ਸਵਾਦ ਵਿੱਚ ਹੀ ਫਰਕ ਨਹੀਂ ਹੁੰਦਾ: ਪੱਕਣ ਨਾਲ਼ ਉਨ੍ਹਾਂ ਦੇ ਲਾਭਕਾਰੀ ਤੱਤਾਂ ਵਿੱਚ ਵੀ ਬਹੁਤ ਵਾਧਾ ਹੋ ਜਾਂਦਾ ਹੈ। ਮਿਠਾਸ ਤਾਂ ਵਧਦੀ ਹੀ ਹੈ, ਕੈਂਸਰ ਨਿਰੋਧਕ ਤੱਤ ਵਧਦੇ ਹਨ ਅਤੇ ਵਿਟਾਮਿਨ ਆਦਿ ਹੋਰ ਕਈ ਸੂਖ਼ਮ ਤੱਤ ਵੀ ਵਧ ਕੇ ਬਹੁਤਾ ਗੁਣਕਾਰੀ ਹੋ ਜਾਂਦੇ ਹਨ। ਪੱਕੇ ਹੋਏ ਫਲ਼ ਪੋਲੇ ਹੋਣ ਕਰਕੇ ਪਚਦੇ ਵੀ ਸੌਖੇ ਹਨ। ਕੱਚੇ ਫਲਾਂ ਨਾਲੋਂ ਪੱਕੇ ਫਲ਼ ਸਿਹਤ ਲਈ ਲਾਭਦਾਇਕ ਹਨ।
ਮੁੱਖ ਰੂਪ ਵਿੱਚ ਫਲ਼ ਪੱਕਣ ਦੀ ਪ੍ਰਤੱਖ ਨਿਸ਼ਾਨੀ ਹੈ ਕਿ ਉਹ ਡੰਡੀ ਨਾਲੋਂ ਸੌਖਾ ਟੁੱਟਦਾ ਹੈ। ਜਿਸ ਬਾਰੇ ਗੁਰਬਾਣੀ ਵਿੱਚ ਵੀ ਲਿਖਿਆ ਹੈ "ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ"। ਫਲ਼ ਪੱਕਣ ਨਾਲ ਪੋਲਾ ਹੋ ਜਾਂਦਾ ਹੈ, ਡੰਡੀ ਨਾਲੋਂ ਛੇਤੀ ਟੁੱਟਦਾ ਹੈ ਅਤੇ ਉਸ ਦਾ ਰੰਗ ਬਦਲ ਜਾਂਦਾ ਹੈ। ਕਈ ਫਲਾਂ ਵਿੱਚੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਾਸ਼ਨਾ ਵੀ ਪੱਕਣ ਕਰਕੇ ਆਉਣ ਲੱਗ ਪੈਂਦੀ ਹੈ ਅਤੇ ਕਈ ਫਲਾਂ ਦੇ ਬਾਹਰਲੇ ਛਿਲਕੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ। ‘ਅੰਬ’ ਉੱਪਰ ਵੀ ਪੱਕਣ ਨਾਲ ਕਈ ਵਾਰੀ ਝੁਰੜੀਆਂ ਪੈ ਸਕਦੀਆਂ ਹਨ। ‘ਕਿਵੀ’ ਨਾਮ ਦੇ ਫਲ੍ ਦੇ ਪੱਕਣ ਦੀ ਇਹ ਵਿਸ਼ੇਸ਼ ਨਿਸ਼ਾਨੀ ਹੈ ਕਿ ‘ਕਿਵੀ’ ਨੂੰ ਜਦੋਂ ਝੁਰੜੀਆਂ ਪੈ ਜਾਣ, ਉਦੋਂ ਉਹ ਸੱਚਮੁੱਚ ਪੱਕ ਚੁੱਕਾ ਹੁੰਦਾ ਹੈ। ‘ਕਿਵੀ’ ਇੱਕ ਐਸਾ ਫਲ਼ ਹੈ, ਜੋ ਆਮ ਤੌਰ ਉੱਤੇ ਸਟੋਰ ਤੋਂ ਲਿਆਉਣ ਸਮੇਂ ਖੱਟਾ ਹੁੰਦਾ ਹੈ; ਪ੍ਰੰਤੂ ਦਸ-ਕੁ ਦਿਨ ਰੱਖਣ ਉਪਰੰਤ, ਪੱਕ ਕੇ ਬਹੁਤ ਮਿੱਠਾ ਵੀ ਹੋ ਜਾਂਦਾ ਹੈ। ਇਹ ਫਲ਼ ਬੜਾ ਮਹਿੰਗਾ ਹੁੰਦਾ ਹੈ, ਲੋਕ ਇਸ ਨੂੰ ਸਿਹਤ ਲਈ ਬਹੁਤ ਲਾਭਦਾਇਕ ਹੋਣ ਕਰਕੇ: ਬਹੁਤੇ ਪੈਸੇ ਖਰਚ ਕੇ ਵੀ ਖਾਂਦੇ ਹਨ। ਪਰੰਤੂ, ਉਨਾਂ ਨੂੰ ਕਿਵੀ ਖਾਣ ਦਾ ਉਤਨਾ ਲਾਭ ਨਹੀਂ ਪ੍ਰਾਪਤ ਹੁੰਦਾ, ਉਤਨਾ ਸਵਾਦ ਵੀ ਨਹੀਂ ਆਉਂਦਾ, ਜਿਤਨਾ ਕਿ ਆਉਣਾ ਚਾਹੀਦਾ ਹੈ। ਜੇ ਉਸੇ ਕਿਵੀ ਜਾਂ ਕਿਸੇ ਵੀ ਫਲ਼ ਨੂੰ ਕਈ ਦਿਨ ਘਰ ਰੱਖ ਕੇ ਖਾਧਾ ਜਾਵੇ, ਤਾਂ ਉਸ ਫਲ਼ ਦਾ ਉਤਨੇ ਪੈਸਿਆਂ ਵਿੱਚ ਹੀ ਵੱਧ ਸਵਾਦ ਆਵੇਗਾ। ਮੇਰੇ ਇਹਨਾਂ ਸੁਝਾਵਾਂ ਉਤੇ ਅਮਲ ਕਰਕੇ ਵੇਖੋ; ਆਪ ਜੀ ਨੂੰ ਅਵੱਸ਼ ਹੀ ਲਾਭ ਹੋਵੇਗਾ ਅਤੇ ਸਰੀਰ ਨੂੰ ਵੀ ਵੱਧ ਲਾਭ ਮਿਲੇਗਾ।
ਜੋ ਫਲ਼ ਦਰਖਤ ਨਾਲ ਪੱਕ ਕੇ, ਆਪੇ ਟੁੱਟ ਕੇ ਡਿੱਗੇ, ਸਭ ਤੋਂ ਵੱਧ ਲਾਭਦਾਇਕ ਅਤੇ ਸਵਾਦ ਉਹ ਫਲ਼ ਹੀ ਹੁੰਦਾ ਹੈ। ਜਿਸ ਪੱਕੇ ਅੰਬ ਨੂੰ “ਡਾਲ ਦਾ ਪੱਕਿਆ” ਵੀ ਕਹਿੰਦੇ ਸੀ, ਭਾਵ: ਡਾਲੀ/ਟਾਹਣੀ ਦੇ ਨਾਲ਼ ਹੀ ਜਿਹੜਾ ਪੱਕਿਆ ਹੋਵੇ। ਪਰੰਤੂ, ਅਜੋਕੇ ਤੇਜ਼ ਯੁੱਗ ਵਿੱਚ, ਟਾਹਣੀ ਨਾਲ ਫਲਾਂ ਦੇ ਪੱਕਣ ਨੂੰ ਕੋਈ ਉਡੀਕਦਾ ਨਹੀਂ ਅਤੇ ਐਸੇ ਫਲ਼ ਅਸਾਨੂੰ ਮਿਲਣੇ ਸੰਭਵ ਵੀ ਨਹੀਂ। ਜੋ ਮਿਲਦੇ ਹਨ; ਉਹਨਾਂ ਸਬੰਧੀ ਆਪ ਜੀ ਨੂੰ ਦੱਸਿਆ ਹੈ ਕਿ ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ ਅਤੇ ਕੋਲਡ ਸਟੋਰਾਂ ਵਿੱਚ ਰੱਖ ਕੇ, ਦੂਰ ਦੇ ਦੇਸ਼ਾਂ ਵਿੱਚੋਂ, ਮੌਸਮ ਨਾ ਹੁੰਦਿਆਂ ਵੀ; ਆਪ ਜੀ ਤੱਕ ਪਹੁੰਚਾਏ ਗਏ ਹੁੰਦੇ ਹਨ।
ਇਸ ਲਈ, ਜੋ ਤਰੀਕਾ ਇੱਥੇ ਦੱਸਿਆ ਹੈ, ਫਲਾਂ ਨੂੰ ਇਸ ਤਰੀਕੇ ਨਾਲ ਘਰ ਵਿੱਚ ਕਈ ਦਿਨ ਰੱਖ ਕੇ, ਪਕਾ ਕੇ ਛਕੋ। ਜਿਤਨੇ ਪੈਸੇ ਤੁਸੀਂ ਪਹਿਲਾਂ ਖਰਚਦੇ ਸੀ, ਉਤਨੇ ਪੈਸਿਆਂ ਵਿੱਚ ਹੀ, ਆਪ ਜੀ ਨੂੰ ਕਈ ਗੁਣਾਂ ਬਹੁਤਾ ਸਵਾਦ ਆਵੇਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਮਿਲੇਗਾ। ਕਰ ਕੇ ਵੇਖੋ।

ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ: ਜੈਤੋ ਦਾ ਮੋਰਚਾ - ਹਰਦਮ ਸਿੰਘ ਮਾਨ

ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਜੋ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।

ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਸਿੱਖਾਂ ਵੱਲੋਂ ਉਨ੍ਹਾਂ ਦੀ ਬਰਤਰਫੀ ਦਾ ਵਿਰੋਧ ਕੀਤਾ ਜਾਣ ਲੱਗਿਆ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।


ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਵਜੋਂ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।

ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਸਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜੱਥਾ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਸਮਾਗਮ ਵਿਚ ਮਹਾਰਾਜਾ ਨਾਭਾ ਨੂੰ ਗੱਦੀਓ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਇਸ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦੇ ਪਹਿਲੇ ਜੱਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।

ਇਹ ਵਿਸ਼ਾਲ ਜੱਥਾ ਨਾਭਾ, ਪਟਿਆਲਾ, ਫਰੀਦਕੋਟ ਅਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿਚ ਪੜਾਅ ਤੈਅ ਕਰਦਾ ਹੋਇਆ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ 500 ਸਿੰਘਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਸੰਗਤ ਵੀ ਸ਼ਰਧਾਵੱਸ ਜੱਥੇ ਦੇ ਨਾਲ ਚੱਲ ਰਹੀ ਸੀ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ ਜਿਨ੍ਹਾਂ ਵਿਚ ਬੀਬੀਆਂ ਵੀ ਸ਼ਾਮਿਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।

ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ 'ਤੇ ਰੋਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜੱਥਾ ਸਭ ਕੁੱਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ। ਪਹਿਲੇ ਸ਼ਹੀਦੀ ਜਥੇ 'ਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਬਾ-ਦਸਤੂਰ ਕਾਇਮ ਰਹੇ, ਸਗੋਂ ਸਿੱਖਾਂ ਵਿਚ ਰੋਹ ਤੇ ਜੋਸ਼ ਦਾ ਵਾਧਾ ਹੋਇਆ ਦੂਜਾ 500 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਰਵਾਨਾ ਹੋਇਆ। ਤੀਜਾ ਜੱਥਾ 22 ਮਾਰਚ 1924 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 7 ਅਪਰੈਲ, 1924 ਨੂੰ ਜੈਤੋ ਪਹੁੰਚਿਆ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਨ੍ਹਾਂ ਸਿੰਘਾਂ ਨੂੰ ਹੱਥਕੜੀਆਂ ਲਾ ਕੇ ਅਤੇ ਰੱਸਿਆਂ ਨਾਲ ਜਕੜ ਕੇ ਜੈਤੋ ਕਿਲ੍ਹੇ ਅੰਦਰ ਡੱਕ ਦਿਤਾ ਗਿਆ ਅਤੇ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਭੇਜ ਦਿੱਤੇ ਗਏ। ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵੱਲ ਚੱਲ ਪਿਆ। 29 ਜੂਨ, 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਚੱਲ ਕੇ ਸਮੁੰਦਰੀ ਜਹਾਜ਼ ਰਾਹੀਂ 14 ਸਤੰਬਰ ਨੂੰ ਕਲਕੱਤੇ ਪੁੱਜਿਆ ਅਤੇ 28 ਸਤੰਬਰ ਨੂੰ ਅੰਮਿ੍ਤਸਰ ਪਹੁੰਚਿਆ ਅਤੇ 2 ਜਨਵਰੀ, 1925 ਨੂੰ ਜੈਤੋ ਵੱਲ ਚੱਲ ਪਿਆ।      

ਸਿੱਖ ਜਗਤ ਦੇ ਰੋਸ ਅਤੇ ਰੋਹ ਅੱਗੇ ਅੰਤ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ। ਹਕੂਮਤ ਵੱਲੋਂ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ’ਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਵਾਪਸ ਲੈ ਲਈ ਗਈ। ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਭੋਗ ਪਾਏ ਗਏ। ਸ਼ਹੀਦੀ ਜੱਥੇ ਉਪਰ ਜਿਸ ਸਥਾਨ ਤੇ ਗੋਲੀ ਚਲਾਈ ਗਈ ਸੀ ਉਸ ਜਗ੍ਹਾ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਉਸਾਰਿਆ ਗਿਆ ਹੈ ਅਤੇ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਖੰਡ ਪਾਠਾਂ ਦੀ ਇਕੋਤਰੀ ਚਲਾਈ ਜਾਂਦੀ ਹੈ ਅਤੇ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿਚ ਸ਼ਾਮਲ ਹੋ ਕੇ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।       

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਜੈਤੋ ਮੋਰਚੇ ਦੀ ਪਹਿਲੀ ਸ਼ਤਾਬਦੀ 21 ਫਰਵਰੀ ਨੂੰ ਮਨਾਈ ਜਾ ਰਹੀ ਹੈ, ਜਿਸ ਤਹਿਤ 19 ਫ਼ਰਵਰੀ ਨੂੰ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਵਿਖੇ ਅਖੰਡ ਪਾਠ ਆਰੰਭ ਹੋਣਗੇ, ਉਪਰੰਤ ਨਗਰ ਕੀਰਤਨ (ਸ਼ਹੀਦੀ ਮਾਰਚ) ਸਜਾਇਆ ਜਾਵੇਗਾ। 20 ਫ਼ਰਵਰੀ ਨੂੰ ਵੱਖ-ਵੱਖ ਗੁਰਮਤਿ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਨਗੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੈਕਚਰ, ਕਵਿਤਾ ਤੇ ਕਵੀਸ਼ਰੀ, ਵਾਰਾਂ ਰਾਹੀਂ ਇਤਿਹਾਸ ਨੂੰ ਬਿਆਨ ਕੀਤਾ ਜਾਵੇਗਾ। 20 ਫ਼ਰਵਰੀ ਨੂੰ ਜੈਤੋ ਮੋਰਚੇ ਦੇ ਇਤਿਹਾਸ ਬਾਰੇ ਤਿਆਰ ਕੀਤੀ ਗਈ ਦਸਤਾਵੇਜ਼ੀ ਵੀ ਵਿਖਾਈ ਜਾਵੇਗੀ। 21 ਫ਼ਰਵਰੀ ਨੂੰ ਸ਼ਤਾਬਦੀ ਦੇ ਮੁੱਖ ਸਮਾਗਮ ਵਿਚ ਪੰਥ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਸ਼ਾਮਲ ਹੋਣਗੇ। ਸਮਾਗਮ ਵਿਚ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਤੇ ਸਿੱਖ ਆਗੂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।

ਪੁਸਤਕ ਚਰਚਾ : ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ  -ਹਰਦਮ ਸਿੰਘ ਮਾਨ



ਕ੍ਰਿਸ਼ਨ ਭਨੋਟ ਸਾਡੇ ਸਮਿਆਂ ਦਾ ਸਮਰੱਥ, ਪਰਪੱਕ ਅਤੇ ਉਸਤਾਦ ਗ਼ਜ਼ਲਗੋ ਹੈ। ਪੰਜਾਬੀ ਦੇ ਮਾਣਮੱਤੇ ਸ਼ਾਇਰਾਂ ਵਿਚ ਉਸ ਦਾ ਜ਼ਿਕਰ ਹੁੰਦਾ ਹੈ। ਲੰਮੀ ਘਾਲਣਾ ਦੇ ਅਰਸੇ ਦੌਰਾਨ ਉਹ ਇਸ ਤੋਂ ਪਹਿਲਾਂ ਛੇ ਗ਼ਜ਼ਲ ਸੰਗ੍ਰਹਿ, ਇਕ ਵਿਅੰਗ ਗ਼ਜ਼ਲ ਸੰਗ੍ਰਹਿ ਤੋਂ ਇਲਾਵਾ ‘ਗ਼ਜ਼ਲ ਦੀ ਬਣਤਰ ਅਤੇ ਅਰੂਜ਼’ ਬਾਰੇ ਇਕ ਬਹੁਤ ਹੀ ਮੁੱਲਵਾਨ ਪੁਸਤਕ ਪੰਜਾਬੀ ਪਾਠਕਾਂ ਅਤੇ ਗ਼ਜ਼ਲ ਦੇ ਸਿਖਾਂਦਰੂਆਂ ਦੀ ਝੋਲੀ ਪਾ ਚੁੱਕਿਆ ਹੈ। ‘ਗਹਿਰੇ ਪਾਣੀਆਂ ਵਿਚ’ ਉਸ ਦਾ ਸੱਤਵਾਂ ਗ਼ਜ਼ਲ ਸੰਗ੍ਰਿਹ ਹੈ।

ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੀ ਗ਼ਜ਼ਲ ਦੇ ਰੂਪਕ ਪੱਖ ਬਾਰੇ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁਲ ਹੈ। ਉਸਤਾਦੀ ਰੰਗ ਦੀ ਇਸ ਕ੍ਰਿਤ ਬਾਰੇ ਮੈਂ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕੋਸ਼ਿਸ਼ ਕੀਤੀ ਹੈ ਕਿ ਗਹਿਰੇ ਪਾਣੀਆਂ ਵਿਚ ਟੁੱਭੀ ਲਾ ਕੇ ਇਸ ਵਿਚਲੇ ਮਾਣਕ ਮੋਤੀ ਪਾਠਕਾਂ ਦੇ ਸਨਮੁੱਖ ਪੇਸ਼ ਕਰ ਸਕਾਂ।

ਇਹਦੇ ਵਿਚ ਸ਼ੱਕ ਦੀ ਭੋਰਾ ਵੀ ਗੁੰਜਾਇਸ਼ ਨਹੀਂ ਕਿ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਬੇਹੱਦ ਸਰਲ, ਸਾਦਾ, ਸਪੱਸ਼ਟ, ਸਹਿਜ, ਸੁਭਾਵਿਕ, ਅਤੇ ਸੁਹਜ ਨਾਲ ਲਬਰੇਜ਼ ਸ਼ਬਦਾਂ ਦਾ ਗੁਲਦਸਤਾ ਹੈ ਅਤੇ ਸ਼ਾਬਦਿਕ ਜਾਲ ਤੋਂ ਮੁਕਤ ਹੈ। ਇਹ ਉਸ ਦੀ ਸ਼ਾਇਰੀ ਦਾ ਮੀਰੀ ਗੁਣ ਹੈ। ਸ਼ਾਇਰੀ ਉਸ ਲਈ ਸਭ ਕੁਝ ਹੈ। ਉਸ ਲਈ ਰੂਹ ਦੀ ਖੁਰਾਕ ਹੈ ਸ਼ਾਇਰੀ ਜੋ ਉਦਾਸੀਆਂ ਦੇ ਮੰਝਧਾਰ ‘ਚੋਂ ਪਾਰ ਲੰਘਾਉਣ ਦਾ ਜ਼ਰੀਆ ਹੈ। ਇਹ ਸ਼ਾਇਰੀ ਹੀ ਖੁਸ਼ੀਆਂ ਦੇ ਰਾਹਾਂ ‘ਚੋਂ ਗ਼ਮਾਂ ਦੇ ਪਹਾੜਾਂ ਹਟਾਉਂਦੀ ਹੈ ਅਤੇ ਸੀਨੇ ਵਿਚ ਜ਼ਿੰਦਗੀ ਜਿਉਣ ਦੀ ਰੀਝ ਨੂੰ ਪਰਪੱਕ ਕਰਦੀ ਹੈ। ਉਹ ਕਹਿੰਦਾ ਹੈ-

ਇਹ ਮਿਰੀ ਧੜਕਣ 'ਚ ਧੜਕੇ, ਇਹ ਮਿਰੇ ਸਾਹਾਂ 'ਚ ਹੈ

ਸ਼ਾਇਰੀ ਮੇਰੇ ਲਹੂ ਵਿਚ, ਮਹਿਕ ਜਿਉਂ ਫੁੱਲਾਂ 'ਚ ਹੈ

 

ਮਿਰੀ ਮਹਿਬੂਬ ਹੈ, ਮਾਂ ਵੀ ਹੈ, ਧੀ ਵੀ ਹੈ ਤੇ ਰਾਹਬਰ ਵੀ,

ਪਵਾਂ ਕਮਜ਼ੋਰ ਜਦ ਮੈਂ, ਸ਼ਾਇਰੀ ਸੰਭਾਲਦੀ ਮੈਨੂੰ

ਅੱਜ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਸਮਾਜਿਕ ਮਾਹੌਲ ਦਿਨ ਬਦਿਨ ਗੰਧਲਾ ਹੋ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਦਾ ਬੇਹੱਦ ਘਾਣ ਹੋ ਰਿਹਾ ਹੈ। ਹਰ ਇਕ ਸੂਝਵਾਨ ਮਨੁੱਖ ਅੰਦਰੂਨੀ ਪੀੜਾ ਹੰਢਾ ਰਿਹਾ ਹੈ। ਕ੍ਰਿਸ਼ਨ ਭਨੋਟ ਅਜਿਹੇ ਵਰਤਾਰੇ ਤੋਂ ਬੇਹੱਦ ਦੁਖੀ ਹੈ। ਇਸ ਦਰਦ ਵਿਚ ਉਹ ਦਿਨ ਰਾਤ ਤੜਪਦਾ ਹੈ ਅਤੇ ਹਰ ਇਕ ਮਨੁੱਖ ਦੇ ਦਰਦ ਨੂੰ ਆਪਣਾ ਦਰਦ ਹੀ ਸਮਝਦਾ ਹੈ-

ਮੇਰੇ ਜਿਹਾ ਈ ਦਰਦ ਸੀ, ਹਰ ਇਕ ਦੇ ਦਿਲ 'ਚ ਵੀ,

ਮੈਂ ਦਰਦ ਆਪਣਾ ਕਿਹਾ, ਲੋਕਾਂ ਦਾ ਬਣ ਗਿਆ

 

ਇਨ੍ਹਾਂ ਵਿਚ ਫਲਸਫ਼ਾ ਹੋਵੇ ਨ ਹੋਵੇ,

ਇਨ੍ਹਾਂ ਵਿਚ ਵਿਦਵਤਾ ਹੋਵੇ ਨ ਹੋਵੇ,

ਮਨੁੱਖੀ ਦਰਦ ਹੈ ਇਹਨਾਂ 'ਚ ਸ਼ਾਮਿਲ,

ਮਿਰੇ ਸ਼ਿਅਰਾਂ 'ਚ ਸ਼ਾਮਿਲ ਭਾਵਨਾਵਾਂ

ਮਨੁੱਖੀ ਪੀੜ ਦਾ ਦ੍ਰਿਸ਼ ਚਿਤਰਣ ਉਹ ਇਸ ਤਰਾਂ ਕਰਦਾ ਹੈ-

ਜਮਘਟਾ ਪੀੜਾਂ ਦਾ, ਮਨ ਦੇ ਅੰਬਰੀਂ ਚੜ੍ਹਿਆ ਗ਼ੁਬਾਰ,

ਚੜ੍ਹ ਗਈ ਗ਼ਮ ਦੀ ਘਟਾ ਨੈਣਾਂ 'ਚ ਬਰਸਣ ਵਾਸਤੇ

ਇਹ ਮਨੁੱਖੀ ਦਰਦ ਹੀ ਹੈ ਜੋ ਉਸ ਦੀ ਸ਼ਾਇਰੀ ਰਾਹੀਂ ਇਸ ਤਰ੍ਹਾਂ ਉਮੜਦਾ ਹੈ-

ਕਿਸੇ ਮਾਸੂਮ ਦੇ ਹੰਝੂ, ਜੇ ਮੈਥੋਂ ਪੂੰਝ ਨਾ ਹੁੰਦੇ,

ਗੁਨਾਹ ਇਕ ਹੋਰ ਸ਼ਾਮਿਲ ਕਰ ਲਵੋ, ਮੇਰੇ ਗੁਨਾਹਾਂ ਵਿਚ

 

ਸ਼ਾਇਰ ਕ੍ਰਿਸ਼ਨ ਭਨੋਟ ਧਰਮ ਦਾ ਮਖੌਟਾ ਪਹਿਨ ਕੇ ਮਨੁੱਖਤਾ ਨੂੰ ਦੂਈ ਦਵੈਤ, ਨਫਰਤ, ਲਾਲਚ ਦੇ ਗੁੰਮਰਾਹਕੁਨ ਪ੍ਰਚਾਰ ਰਾਹੀਂ ਵਰਗਲਾਉਣ ਵਾਲੇ ਪਖੰਡੀਆਂ ਨੂੰ ਸਮਾਜ ਦੇ ਵੱਡੇ ਦੁਸ਼ਮਣ ਮੰਨਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਉਸ ਦੀ ਸ਼ਾਇਰੀ ਥਾਂ ਪੁਰ ਥਾਂ ਧਾਰਮਿਕ ਦੋਖੀਆਂ ਅਤੇ ਰਾਜਨੀਤੀਵਾਨਾਂ ਦੁਆਰਾ ਮਨੁੱਖੀ ਭਾਵਨਾਵਾਂ ਨੂੰ ਆਪਣੇ ਹਿਤਾਂ ਦਾ ਪੂਰਕ ਬਣਾ ਕੇ ਇਨਸਾਨੀਅਤ ਦੇ ਰਾਹਾਂ ਵਿਚ ਕੰਡੇ, ਕੰਕਰ ਵਿਛਾਉਣ ਦਾ ਪਰਦਾਫਾਸ਼ ਕਰਦੀ ਹੈ-

ਇਕ ਦੂਸਰੇ ਦੀ ਪਿੱਠ 'ਚ ਖੋਭਣ ਦੇ ਵਾਸਤੇ,

ਧਰਮਾਂ ਦੇ ਨਾਮ 'ਤੇ ਅਸੀਂ, ਖੰਜਰ ਖਰੀਦ ਲਏ

 

ਮਿਰਾ ਦਿਲ ਚਾਹ ਰਿਹਾ, ਸੱਚੇ ਗੁਰੂ ਦੇ ਰੂਬਰੂ ਹੋਣਾ,

ਗੁਰੂ ਦੇ ਅੱਗਿਉਂ, ਥੋੜਾ ਕੁ ਚਿਰ ਗੋਲਕ ਉਠਾ ਲੈਂਦੇ

 

ਪੁਜਾਰੀ ਬਣ ਗਈ ਨਾਨਕ ਜੀ, ਸਾਡੀ ਕੌਮ ਤਾਂ,

ਕਿ ਤੇਰੀ ਸੋਚਣੀ, ਅਮਲਾਂ 'ਚ ਢਾਲੀ ਨਾ ਗਈ

ਤੇ ਇਸ ਦੇ ਨਾਲ ਹੀ ਉਹ ਆਮ ਲੋਕਾਈ ਨੂੰ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਦਾ ਹੈ-

ਕਦੋਂ, ਕਿਉਂ, ਕੀ, ਕਿਵੇਂ, ਕਿੱਥੇ, ਸਵਾਲ ਉਪਜਣ ਨ ਮਨ ਦੇ ਵਿਚ,

ਉਹ ਚਾਹੁੰਦੇ ਨੇ ਜੁੜੇ ਰਹੀਏ, ਅਸੀਂ ਬਸ ਆਸਥਾਵਾਂ ਨਾਲ

 

ਸ਼ਾਇਰ ਇਸ ਪੱਖੋਂ ਪੂਰੀ ਤਰਾਂ ਸੁਚੇਤ ਹੈ ਕਿ ਅਜੋਕੇ ਵਿਸ਼ਵ ਵਰਤਾਰੇ ਵਿਚ ਰਾਜਨੀਤਕ, ਧਾਰਮਿਕ ਅਤੇ ਆਰਥਿਕ ਸੱਤਾ ਉੱਪਰ ਕਾਬਜ਼ ਧਿਰਾਂ ਪੈਰ ਪੈਰ ‘ਤੇ ਦਿਲਕਸ਼ ਸੁਨਹਿਰੀ ਪਿੰਜਰਿਆਂ ਦਾ ਜਾਲ ਵਿਛਾ ਕੇ ਮਨੁੱਖ ਰੂਪੀ ਪੰਛੀ ਨੂੰ ਲਲਚਾ ਰਹੀਆਂ ਹਨ ਅਤੇ ਆਪਣੀਆਂ ਕੁਰਸੀਆਂ ਦੇ ਪਾਵਿਆਂ ਨੂੰ ਸਦੀਵੀ ਕਾਇਮ ਰੱਖਣ ਲਈ ਹਰ ਹਰਬਾ ਵਰਤ ਰਹੀਆਂ ਹਨ। ਅਜਿਹੇ ਹਾਲਾਤ ਵਿਚ ਸਿਰਫ ਉਹ ਲੋਕ ਹੀ ਆਪਣੀ ਹੋਂਦ ਬਰਕਰਾਰ ਰੱਖ ਸਕਣਗੇ ਜਿਨ੍ਹਾਂ ਦੀ ਸੀਨਿਆਂ ਵਿਚ ਮੰਜ਼ਿਲਾਂ ਸਰ ਕਰਨ ਦਾ ਲਾਵਾ ਹੈ-

ਜਿਨ੍ਹਾਂ ਦੇ ਮਨ ਦੇ ਵਿੱਚ ਬੇਚੈਨੀਆਂ ਨੇ, ਬਦਲਦੇ ਨੇ ਸਦਾ ਹਾਲਾਤ ਓਹੀ,

ਕਿ ਨੀਂਦਰ ਚੈਨ ਦੀ ਸੌਂਦੇ ਨੇ ਜਿਹੜੇ, ਉਨ੍ਹਾਂ ਨੂੰ ਚੈਨ ਕਰ ਦਿੰਦਾ ਨਕਾਰਾ

 

ਇਨ੍ਹਾਂ ਸਦਕੇ ਹੀ ਮੇਰੀ ਤੋਰ ਨਾ ਮੱਠੀ ਪਵੇ ਪਲ ਭਰ

ਮੈਂ ਕੰਡੇ ਆਪਣੇ ਰਾਹ ਦੇ ਸਦਾ ਫੁੱਲਾਂ ਦੇ ਤੁੱਲ ਜਾਣੇ

 

ਪੁਰਾਣਾ ਜਰਜਰਾ ਹੋਇਆ ਤਾਂ ਉਸਨੂੰ ਤੋੜਨਾ ਪੈਣਾ,

ਬਿਨਾ ਤੋੜੇ ਨ ਹੋ ਸਕਣੀ, ਨਵੇਂ ਨਿਰਮਾਣ ਦੀ ਇੱਛਾ

 

ਸਾਡੇ ਆਸ ਪਾਸ ਬੜਾ ਹੀ ਮਤਲਬੀ ਸੰਸਾਰ ਸਿਰਜਿਆ ਜਾ ਰਿਹਾ ਹੈ ਅਤੇ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਇਸ ਦਾ ਪ੍ਰਭਾਵ ਕਬੂਲਦੇ ਜਾ ਰਹੇ ਹਾਂ। ਸਾਡੇ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਏਸੇ ਕਰਕੇ ਹੀ ਬੇਹੱਦ ਜਰਜਰਾ ਹੋ ਰਿਹਾ ਹੈ। ਸਾਡੀ ਸੋਚ ਤੇ ਕਾਬਜ਼ ਤਾਕਤਾਂ ਨੇ ਪਿਆਰ, ਮੁਹੱਬਤ, ਆਪਸੀ ਸਾਂਝ, ਮੇਲ ਮਿਲਾਪ ਨੂੰ ਵੀ ਇਸ ਸੰਸਾਰ ਵਿਚ ਤੱਕੜੀ ਨਾਲ ਤੋਲਣ ਵਾਲੀ ਵਸਤੂ ਬਣਾ ਦਿੱਤਾ ਹੈ। ਅਜਿਹੇ ਵਰਤਾਰੇ ਵਿਚ ਮਨੁੱਖ ਦੀ ਮਾਨਸਿਕਤਾ ਬਾਰੇ ਕਵੀ ਸੁਭਾਵਿਕ ਹੀ ਕਹਿ ਉੱਠਦਾ ਹੈ-

ਜਿੰਨੀ ਜਿਸ ਦੀ ਲੋੜ ਹੈ, ਓਨਾ ਉਸ ਦਾ ਮੁੱਲ,

ਜਿਸ ਦੇ ਬਿਨ ਸਰਦਾ ਨਹੀਂ, ਹੋ ਜਾਂਦੈ ਉਹ ਖ਼ਾਸ

 

ਮੈਂ ਤੈਨੂੰ ਲੋਈ ਦਵਾਂ, ਤੂੰ ਕਰ ਭੇਂਟ ਪਲੇਕ

ਇਕ ਦੂਜੇ ਦਾ ਰੱਖੀਏ, ਆਪਾਂ ਦੋਵੇਂ ਮਾਣ

ਸ਼ਾਇਰੀ ਨੂੰ ਮੁਹਾਵਰਿਆਂ ਨਾਲ ਸ਼ਿੰਗਾਰਨਾ ਵੀ ਇਕ ਉਸਤਾਦੀ ਕਲਾ ਹੈ ਅਤੇ ਇਸ ਕਲਾ ਦੀ ਕ੍ਰਿਸ਼ਨ ਭਨੋਟ ਨੂੰ ਮੁਹਾਰਤ ਹਾਸਲ ਹੈ। ਉਸ ਦੀ ਇਹ ਫ਼ਨ ਅਨੇਕਾਂ ਸ਼ਿਅਰਾਂ ਵਿਚ ਆਪ ਮੁਹਾਰੇ ਪ੍ਰਗਟ ਹੋਇਆ ਹੈ। ਮੁਹਾਵਰੇ ਵਿਚ ਗੜੁੱਚ ਉਸ ਦੀ ਸ਼ਾਇਰੀ ਦਾ ਰੰਗ ਦੇਖਣਾ ਹੀ ਬਣਦਾ ਹੈ-

 

ਮੱਖਣ ਨ ਹੱਥ ਆਵੇ, ਪਾਣੀ ਵਰੋਲਕੇ ਇਉਂ,

ਸੰਭਵ ਕਦੇ ਨਾ ਹੁੰਦੀ, ਤਲ਼ੀਏਂ ਸਰੋਂ ਜਮਾਉਣੀ

 

ਪੌਣਾਂ ਨੂੰ ਗੰਢ ਦੇਣੀ, ਕੱਖਾਂ 'ਚ ਅੱਗ ਲੁਕਾਉਣੀ

ਮੁਸ਼ਕਲ ਹੈ ਰੀਝ ਦਿਲ ਦੀ, ਦਿਲ ਵਿੱਚ ਹੀ ਦਬਾਉਣੀ

 

ਮਾਡਰਨ ਯੁਗ ਸਾਨੂੰ ਕਿਸ ਦਿਸ਼ਾ ਵੱਲ ਲਿਜਾ ਰਿਹਾ ਹੈ, ਸ਼ਾਇਦ ਅਸੀਂ ਇਸ ਗੱਲ ਤੋਂ ਅਣਜਾਣ ਹਾਂ ਅਤੇ ਇਕ ਦੂਜੇ ਦੀ ਦੇਖਾ-ਦੇਖੀ, ਬਿਨਾਂ ਸਮਝੇ ਸੋਚੇ ਇਸ ਦੀ ਜਕੜ ਵਿਚ ਆ ਰਹੇ ਹਾਂ। ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਖ਼ੁਦ ਹੀ ਆਪਣੀ ਅਗਲੀ ਪੀੜ੍ਹੀ ਨੂੰ ਇਨਸਾਨੀ ਗੁਣਾਂ ਤੋਂ ਵਿਹੂਣਾ ਕਰਨ ਦੀ ਦੌੜ ਦੌੜ ਰਹੇ ਹਾਂ। ਪਰ ਕ੍ਰਿਸ਼ਨ ਭਨੋਟ ਨੂੰ ਇਸ ਦੀ ਸੋਝੀ ਹੈ। ਤਾਂ ਹੀ ਤਾਂ ਉਸ ਦੀ ਸ਼ਾਇਰੀ ਸਾਨੂੰ ਹਲੂਣਦੀ ਹੈ-

ਬਣਾ ਦਿੱਤਾ ਅਸੀਂ ਬੱਚਿਆਂ ਨੂੰ ਇਕ ਪਰੋਡਕਟ ਹੁਣ,

ਤੇ ਕਰਦੇ ਲਾਂਚ ਹਾਂ ਮੰਡੀ 'ਚ ਵੇਚਣ ਵਾਸਤੇ

ਏਸੇ ਮਾਡਰਨ ਯੁਗ ਨੇ ਹੀ ਸਾਨੂੰ ਮਸ਼ੀਨੀ ਪੁਰਜ਼ੇ ਬਣਾ ਕੇ ਘਰ, ਪਰਿਵਾਰ ਤੋਂ ਅਲੱਗ ਥਲੱਗ ਕਰ ਦਿੱਤਾ ਹੈ। ਅਸੀਂ ਤਾਂ ਕੋਲ ਰਹਿ ਕੇ ਵੀ ਇਕ ਦੂਜੇ ਲਈ ਅਜਨਬੀ ਬਣ ਚੁੱਕੇ ਹਾਂ-

 

ਨਦੀ ਦੇ ਦੋ ਕਿਨਾਰੇ ਮਿਲਣ ਦੀ ਖਾਤਰ ਜਿਵੇਂ ਤਰਸਣ,

ਕਿ ਇੱਕੋ ਛੱਤ ਹੇਠਾਂ ਰਹਿੰਦਿਆਂ ਵੀ ਦੂਰੀਆਂ ਰਹੀਆਂ

 

ਉਸਤਾਦ ਕ੍ਰਿਸ਼ਨ ਭਨੋਟ ਨੇ ਜ਼ਿੰਦਗੀ ਦੇ ਹਰ ਪੱਖ ਆਪਣੀ ਸ਼ਾਇਰੀ ਰਾਹੀਂ ਛੋਹਿਆ ਹੈ। ਉਸਤਾਦੀ ਰੰਗ ਵੀ ਕਈ ਥਾਈਂ ਉੱਘੜ ਕੇ ਸਾਹਮਣੇ ਆਇਆ ਹੈ ਅਤੇ ਉਹ ਕਹਿ ਉੱਠਦਾ ਹੈ-

ਚੱਲਿਆ ਸੀ ਤੂੰ ਇਕੱਲਾ, ਕਾਫ਼ਲਾ ਜੁੜਦਾ ਗਿਆ,

ਕ੍ਰਿਸ਼ਨ ਹੁਣ ਤੇਰਾ ਘਰਾਣਾ ਕਿੰਨਿਆਂ ਮੁਲਕਾਂ 'ਚ ਹੈ

 

ਰਾਜ, ਗੌਤਮ, ਜੀਤ, ਬਿੰਦੂ, ਪ੍ਰੀਤ, ਜਸ, ਗੁਰਮੀਤ, ਦੇਵ

ਕ੍ਰਿਸ਼ਨ ਤੇਰਾ ਹੁਣ ਸਰੀ ਵਿਚ ਇਕ ਘਰਾਣਾ ਹੋ ਗਿਆ

 

ਉਨ੍ਹਾਂ ਤੇ ਚੱਲ ਕੇ ਸੈਆਂ ਮੁਸਾਫ਼ਰ ਹੋਰ ਆਉਣੇ ਨੇ

ਮਿਰੇ ਪੈਰਾਂ ਨੇ ਹਾਲੇ ਹੋਰ ਵੀ ਰਸਤੇ ਬਣਾਉਣੇ ਨੇ

 

ਬੜੇ ਗਹਿਰੇ ਪਾਣੀਆਂ ਵਿਚ ਉੱਤਰ ਕੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਬਹੁਤ ਹੀ ਖੂਬਸੂਰਤ ਅਲੰਕਾਰਾਂ, ਬਿੰਬਾਂ, ਤਸ਼ਬੀਹਾਂ, ਰੰਗਾਂ ਅਤੇ ਇਸ਼ਾਰਿਆਂ ਰਾਹੀਂ ਗ਼ਜ਼ਲ ਦੀ ਸੂਖਮਤਾ, ਨਜ਼ਾਕਤ, ਸਾਦਗੀ, ਸੋਖੀ, ਤਕਰਾਰ ਅਤੇ ਹੋਰ ਅਨੇਕਾਂ ਅਦਾਵਾਂ ਦਾ ਬਹੁਪੱਖੀ ਨਜ਼ਾਰਾ ਪੇਸ਼ ਕੀਤਾ ਹੈ ਜਿਸ ਨੂੰ ਮੈਂ ਤਹਿ ਦਿਲੋਂ ਮੁਬਾਰਕਬਾਦ ਕਹਿੰਦਾ ਹਾਂ। ਪਰ ਅਜੇ ਵੀ ਉਸ ਨੇ ਬਹੁਤ ਕੁਝ ਅਣਕਿਹਾ ਛੱਡ ਦਿੱਤਾ ਹੈ ਤੁਹਾਡੇ ਲਈ, ਮੇਰੇ ਲਈ ਅਤੇ ਆਪਣੇ ਸਭਨਾਂ ਲਈ-

 

ਬੜਾ ਕੁਝ ਕਹਿ ਲਿਆ ਹੈ ਕਹਿਣ ਨੂੰ ਭਾਵੇਂ ਮੈਂ ਹੁਣ ਤੀਕਰ,

ਬੜਾ ਕੁਝ ਹੈ ਅਜੇ ਜੋ ਅਣਕਿਹਾ ਹੀ ਦਿਲ 'ਚ ਰਹਿੰਦਾ ਹੈ

ਕਾਮਨਾ ਹੈ ਕਿ ਉਸ ਦੇ ਦਿਲ ਵਿਚ ਅਣਕਿਹਾ ਬਾਕੀ ਹੈ ਉਹ ਜਲਦੀ ਹੀ ਉਸ ਦੇ ਕਲਾਮ ਵਿਚ ਢਲ ਕੇ ਸਾਡੇ ਹਿਰਦਿਆਂ ਨੂੰ ਸਰਸ਼ਾਰ ਕਰੇ।

 

-ਹਰਦਮ ਸਿੰਘ ਮਾਨ

ਬਾਬਾ ਸ਼ੇਖ ਫਰੀਦ - ਹਰਦਮ ਮਾਨ

ਸੰਜਮ, ਸਬਰ, ਸੰਤੋਖ ਸਿਖਾਵੇ ਬਾਬਾ ਸ਼ੇਖ ਫਰੀਦ

ਬੁਰਿਆਂ ਨੂੰ ਵੀ ਗਲੇ ਲਗਾਵੇ ਬਾਬਾ ਸ਼ੇਖ ਫਰੀਦ

 

ਪੰਜਾਬੀ ਦਾ ਮੋਢੀ ਸ਼ਾਇਰ, ਮਾਂ ਬੋਲੀ ਦਾ ਮਾਣ

ਮਾਖਿਓਂ ਮਿੱਠੇ ਬੋਲ ਸੁਣਾਵੇ ਬਾਬਾ ਸ਼ੇਖ ਫਰੀਦ

 

ਮਨ ਨੂੰ ਟੁੰਬਣ ਨਵੇਂ ਨਰੋਏ ਬਿੰਬ ਅਤੇ ਪ੍ਰਤੀਕ

ਐਸੀ ਕਾਵਿ-ਕਲਾ ਰੁਸ਼ਨਾਵੇ ਬਾਬਾ ਸ਼ੇਖ ਫਰੀਦ

 

ਰੱਬੀ ਰਜ਼ਾ ‘ਚ ਸੱਚਾ ਸੁੱਚਾ ਤੇ ਸਾਦਾ ਇਨਸਾਨ

ਦਰਵੇਸ਼ੀ ਦਾ ਰੁਤਬਾ ਪਾਵੇ ਬਾਬਾ ਸ਼ੇਖ ਫਰੀਦ

 

ਮਿੱਟੀ ਜੇਡ ਮਹਾਨ ਨਾ ਕੋਈ, ਸਭ ਮਿੱਟੀ ਦੀ ਖੇਡ

ਬੰਦੇ ਨੂੰ ਸ਼ੀਸ਼ਾ ਦਿਖਲਾਵੇ ਬਾਬਾ ਸ਼ੇਖ ਫਰੀਦ

 

ਨਿਮਰ ਨਿਮਾਣਾ ਉੱਤਮ ਜੀਵਨ, ਉੱਚੀ ਸੁੱਚੀ ਸੋਚ

ਕੂੜ-ਕਿਲ੍ਹੇ ਹੰਕਾਰ ਦੇ ਢਾਹਵੇ ਬਾਬਾ ਸ਼ੇਖ ਫਰੀਦ

 

ਇਸ਼ਕ-ਹਕੀਕੀ ਰੰਗ ‘ਚ ਰੰਗਿਆ, ਪ੍ਰੀਤਮ-ਮੇਲ ਦੀ ਤਾਂਘ

ਹਰ ਪਲ ਬਿਰਹਾ ਵਿਚ ਕੁਰਲਾਵੇ ਬਾਬਾ ਸ਼ੇਖ ਫਰੀਦ

 

ਗੁਰਬਾਣੀ ਦੀ ਸ਼ੋਭਾ ਬਣ’ਗੇ ਉਸ ਦੇ ਸ਼ਬਦ ਸਲੋਕ

ਮਾਨਵਤਾ ਦਾ ਰਾਹ ਦਰਸਾਵੇ ਬਾਬਾ ਸ਼ੇਖ ਫਰੀਦ

 

ਮੜ੍ਹੀਆਂ, ਜੰਗਲ ਸਭ ਦੁਨਿਆਵੀ ਭਟਕਣ ਹੀ ਹੈ ‘ਮਾਨ’

ਮਨ-ਮੰਦਰ ਦਾ ਦਰ ਖੜਕਾਵੇ ਬਾਬਾ ਸ਼ੇਖ ਫਰੀਦ