Jasveer Sharma Dadahoor

ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ) - ਜਸਵੀਰ ਸ਼ਰਮਾਂ ਦੱਦਾਹੂਰ

ਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਤੋਂ ਅਗਲੇ ਦਿਨ ਚੜ੍ਹਨ ਵਾਲੇ  ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਪਵਿੱਤਰ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ।ਇਹ ਇਤਿਹਾਸਕ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਲੋਂ ਤੋੜ ਵਿਛੋੜਾ ਕਰਕੇ ਆਏ ਓਹਨਾਂ ਚਾਲੀ ਸਿੰਘਾਂ ਦੀ ਦਾਸਤਾਨ ਦੀ ਯਾਦ ਦਿਵਾਉਂਦਾ ਹੈ  ਤੇ ਓਹਨਾਂ ਮਹਾਨ ਸੂਰਮਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਹੀ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਭੁੱਲ ਬਖਸ਼ਾ ਕੇ ਇਥੇ ਖਿਦਰਾਣੇ ਦੀ ਢਾਬ ਤੇ ਹੋਈ ਆਖਰੀ ਫੈਸਲਾ ਕੁੰਨ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਤੇ ਜੋ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਓਹ ਬੇਦਾਵਾ ਪੜਵਾ ਕੇ ਆਪਣੀ ਟੁੱਟੀ ਗੰਢੀ ਸੀ।
      ਬੇਸ਼ੱਕ ਲੋਹੜੀ ਦੇ ਤਿਉਹਾਰ ਦਾ ਵੀ ਆਪਣਾ ਮਹੱਤਵ ਹੈ ਨਵੇਂ ਜਨਮੇਂ ਪੁੱਤਰਾਂ ਦੀ ਤੇ ਨਵੇਂ ਵਿਹਾਏ ਜੋੜਿਆਂ ਦੀ ਲੋਹੜੀ ਵੰਡਣੀ ਖੁਸ਼ੀਆਂ ਵਿੱਚ ਅਥਾਹ ਵਾਧਾ ਕਰਦੀ ਹੈ,ਪਰ ਇਸ ਤੋਂ ਅਗਲੇ ਦਿਨ ਓਨਾਂ ਚਾਲੀ ਯੋਧਿਆਂ ਦੀ ਯਾਦ ਨੂੰ ਸਮਰਪਿਤ ਇਹ ਸ਼ਹੀਦੀ ਜੋੜ ਮੇਲਾ ਭਾਵੇਂ ਪੰਦਰਾਂ ਦਿਨ ਪੂਰੇ ਜਾਹੋ ਜਲਾਲ ਤੇ ਰਹਿੰਦਾ ਹੈ,ਪਰ ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੇ ਗੁਰਦੁਆਰਾ  ਟੁੱਟੀ ਗੰਢੀ ਸਾਹਿਬ ਵਿਖੇ ਨਹਾਉਣ ਦਾ ਜੋ ਮਹੱਤਵ ਹੈ ਓਹ ਓਹਨਾਂ ਸੂਰਮਿਆਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ।ਇਸ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਤੇ ਓਨਾਂ ਸੂਰਮਿਆਂ ਨੂੰ ਨਤਮਸਤਕ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
      ਜਿਥੇ ਇਸ ਦਿਨ ਇਸ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੀ ਮਹਾਂਨਤਾ ਹੈ ਓਥੇ ਹੋਰ ਵੀ ਛੇ ਗੁਰਦੁਆਰਾ ਸਾਹਿਬ ਹਨ ਇਸ ਦਿਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਓਨਾਂ ਦੇ ਦਰਸ਼ਨ ਦੀਦਾਰੇ ਵੀ ਜ਼ਰੂਰ ਕਰਦੀਆਂ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਮਾਤਾ ਭਾਗ ਕੌਰ, ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਨ ਸਰ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਟਿੱਬੀ ਸਾਹਿਬ ਇਤਹਾਸਕ ਗੁਰਦੁਆਰਾ ਸਾਹਿਬਾਨ ਹਨ। ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਹੈ।
      ਨਹਿੰਗ ਸਿੰਘਾਂ ਦਾ ਹੋਲਾ ਮਹੱਲਾ ਵੀ ਵਿਸ਼ੇਸ਼ ਖਿੱਚ ਦਾ ਕਾਰਨ ਰਹਿਦਾ ਹੈ। ਵੈਸੇ ਤਾਂ ਇਹ ਇਤਿਹਾਸਕ ਜੋੜ ਮੇਲਾ ਨਹਾਉਣ ਤੋਂ ਬਾਅਦ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਤੇ ਹੋਲਾ ਮਹੱਲਾ ਤੋਂ ਬਾਅਦ ਹੀ ਸਮਾਪਨ ਹੋ ਜਾਂਦਾ ਹੈ,ਪਰ ਉਸ ਤੋਂ ਬਾਅਦ ਵੀ ਇਹ ਪੰਦਰਾਂ ਦਿਨ ਪੂਰੇ ਜਾਹੋ ਜਲਾਲ ਤੇ ਰਹਿੰਦਾ ਹੈ ਕਿਉਂਕਿ ਇਥੇ ਝੂਲੇ ਸਰਕਸ ਤੇ ਹੋਰ ਵੀ ਮਨੋਰੰਜਨ ਦੇ ਬਹੁਤ ਸਾਧਨ ਆਉਂਦੇ ਹਨ ਤੇ ਘੱਟੋ ਘੱਟ ਪੰਦਰਾਂ ਦਿਨ ਪਹਿਲਾਂ ਹੀ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਣ ਲੱਗ ਪੈਂਦੇ ਹਨ। ਅਤੇ ਓਹਨਾ ਨੂ ਇਹ ਜਗਾ ਕਿਰਾਏ ਤੇ ਮਿਲਦੀ ਹੈ। ਇਸੇ ਤਰ੍ਹਾਂ ਮੇਲੇ ਦਾ ਠੇਕਾ ਵੀ ਹਰ ਵਾਰ ਬਹੁਤ ਮਹਿੰਗਾ ਚੜ੍ਹਦਾ ਹੈ ਪ੍ਰਸ਼ਾਸਨ ਇਸ ਤੋਂ ਕਾਫੀ ਮੋਟੀ ਕਮਾਈ ਕਰਦਾ ਹੈ।ਜੋ ਕਿ ਬਹੁਤ ਹੀ ਮਾੜਾ ਵਤੀਰਾ ਹੈ।ਇਸ ਵਾਰ ਇਹ ਮੇਲੇ ਦਾ ਠੇਕਾ ਇਕਾਹਠ ਲੱਖ ਵਿੱਚ ਚੜ੍ਹਿਆ ਹੈ।ਇਹ ਸਾਰਾ ਭਾਰ ਭੋਲੀ ਭਾਲੀ ਜਨਤਾ ਉੱਤੇ ਹੀ ਪੈਣਾ ਹੈ ਜੋ ਪਹਿਲਾਂ ਹੀ ਕਰੋਨਾ ਦੀ ਮਾਰ ਕਰੀਬ ਪਿਛਲੇ ਨੌਂ ਮਹੀਨੇ ਤੋਂ ਝੱਲ ਰਹੀ ਹੈ।ਇਸ ਮਾਘੀ ਦੇ ਮੇਲੇ ਤੇ ਹਰ ਵਾਰ ਹੀ ਸਿਆਸੀ ਪਾਰਟੀਆਂ ਵੀ ਆਪੋ-ਆਪਣੀਆਂ ਕਾਨਫਰੰਸਾਂ ਕਰਦੀਆਂ ਹਨ,ਪਰ ਇਸ ਵਾਰ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਾਨਫਰੰਸਾਂ ਨਹੀਂ ਹੋਣਗੀਆਂ।
        ਕਿਸਾਨੀ ਸੰਘਰਸ਼ ਦੇ ਕਾਰਣ ਇਸ ਵਾਰ ਇਸ ਮੇਲੇ ਤੇ ਕੋਈ ਜ਼ਿਆਦਾ ਰੌਣਕ ਨਾ ਹੋਣ ਦੀ ਹੀ ਆਸ ਲਾਈ ਜਾ ਰਹੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਬਾਰਡਰਾਂ ਤੇ ਸਾਡੇ ਸੰਘਰਸ਼ੀ ਯੋਧਿਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਪੱਕੇ ਡੇਰੇ ਲਾਏ ਹੋਏ ਹਨ।ਇਹ ਸਤਰਾਂ ਲਿਖਣ ਤੱਕ ਸਰਕਾਰ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ ਤੇ ਨਾ ਹੀ ਯੋਧਿਆਂ ਨੇ ਪਿੱਛੇ ਹਟਣਾ ਹੈ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਹ ਸੰਘਰਸ਼ ਜਲਦੀ ਖਤਮ ਹੋਵੇ ਤੇ ਅੰਤਾਂ ਦੀ ਠੰਢ ਤੋਂ ਸਾਡੇ ਵੀਰ ਘਰੀਂ ਪਰਤਣ।
       ਲੱਖਾਂ ਸ਼ਰਧਾਲੂ ਆਉਂਣ ਕਰਕੇ ਹਰ ਸਾਲ ਮਾਘੀ ਮੇਲੇ ਦੇ ਇਸ ਪਵਿੱਤਰ ਤਿਉਹਾਰ ਤੇ ਹਜ਼ਾਰਾਂ ਦੇ ਹਿਸਾਬ ਨਾਲ ਭਾਂਤ ਭਾਂਤ ਤਰਾਂ ਦੇ ਪਕਵਾਨਾਂ ਦੇ ਲੰਗਰ ਲੱਗਦੇ ਹਨ।ਪਰ ਲੱਗਦੇ ਸਿਰਫ਼ ਦੋ ਜਾਂ ਤਿੰਨ ਦਿਨ ਹੀ ਹਨ ਕਿੰਨਾ ਚੰਗਾ ਹੋਵੇ ਜੇਕਰ ਇਹ ਲੰਗਰ ਪੰਦਰਾਂ ਵੀਹ ਦਿਨ ਹੀ ਲੱਗਣ ਕਿਉਂਕਿ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਹਰ ਰੋਜ਼ ਹੀ ਪਿੰਡਾਂ ਚੋਂ ਆਉਂਦੇ ਰਹਿੰਦੇ ਹਨ ਅਤੇ ਇੱਕ ਦਿਨ ਸਿਰਫ਼ ਔਰਤਾਂ ਦਾ ਮੇਲਾ ਵੀ ਲੱਗਦਾ ਹੈ।ਸਰਕਸ ਝੂਲੇ ਅਤੇ ਹੋਰ ਵੀ ਮਨੋਰੰਜਨ ਦੇ ਮਨ ਨੂੰ ਲੁਭਾਉਣ ਵਾਲੇ ਕਰਤਵ ਵਿਖਾਏ ਜਾਂਦੇ ਹਨ।
      ਬੇਸ਼ੱਕ ਇਸ ਮੇਲੇ ਤੇ ਹਰ ਵਾਰ ਪ੍ਰਸ਼ਾਸਨ ਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀ ਬੇਨਤੀ ਤੇ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾਂਦੀਆਂ ਹਨ ਪਰ ਇਸ ਵਾਰ ਕਿਉਂਕਿ ਕਿਸਾਨੀ ਸੰਘਰਸ਼ ਕਰਕੇ ਇਹ ਗੱਲ ਸਮੇਂ ਦੇ ਗਰਭ ਵਿੱਚ ਹੀ ਹੈ।ਉਂਝ ਠੇਕੇਦਾਰਾਂ ਵੱਲੋਂ ਲੋਕਾਂ ਨੂੰ ਲੁੱਟਣ ਦੀ ਹਰ ਵਾਰ ਹੀ ਚਰਚਾ ਹੁੰਦੀ ਹੈ ਤੇ ਇਸ ਵਾਰ ਵੀ ਇਹ ਸਿਲਸਲਾ ਜਿਉਂ ਦਾ ਤਿਉਂ ਹੀ ਹੋਵੇਗਾ ਕਿਉਂਕਿ ਓਨਾਂ ਨੇ ਠੇਕਾ ਭਰਿਆ ਹੈ ਤੇ ਇਸ ਤੋਂ ਵੱਧ ਹੀ ਚਾਰ ਛਿੱਲੜ ਬਣਾਉਣਗੇ।ਹਰ ਸਾਲ ਇਸ ਪਵਿੱਤਰ ਦਿਹਾੜੇ ਤੇ ਮੀਂਹ ਵੀ ਜ਼ਰੂਰੀ ਪੈਂਦਾ ਹੈ ਇਹ ਧਾਰਨਾ ਪਿਛਲੇ ਕਾਫੀ ਸਾਲਾਂ ਤੋਂ ਦਾਸ ਵੀ ਵੇਖ ਰਿਹਾ ਹੈ ਪਰ ਇਸ ਵਾਰ ਤਾਂ ਪਹਿਲਾਂ ਹੀ ਵਾਹਿਗੁਰੂ ਨੇ ਮੀਂਹ ਦਾ ਜਲਵਾ ਵਿਖਾ ਦਿੱਤਾ ਹੈ। ਬਾਹਰੋਂ ਆਉਣ ਵਾਲੇ ਦੁਕਾਨਦਾਰਾਂ ਲੲੀ ਇਹ ਠੰਢ ਦੇ ਦਿਨਾਂ ਵਿੱਚ ਬਹੁਤ ਔਖਾ ਹੋ ਜਾਂਦਾ ਹੈ।
      ਸ੍ਰੀ ਮੁਕਤਸਰ ਸਾਹਿਬ ਵਿਖੇ ਆਵਾਰਾ ਪਸ਼ੂਆਂ ਦੇ ਕਾਰਨ ਵੀ ਕੲੀ ਵਾਰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਬੇਸ਼ੱਕ ਪ੍ਰਸ਼ਾਸਨ ਮੇਲੇ ਦੇ ਸੁਖਾਵੇਂ ਪ੍ਰਬੰਧਾਂ ਲਈ ਬਹੁਤ ਦੇਰ ਪਹਿਲਾਂ ਤੋਂ ਹੀ ਅੱਡੀ ਚੋਟੀ ਦਾ ਜ਼ੋਰ ਲਗਾਉਣ ਲੱਗ ਜਾਂਦਾ ਹੈ ਟੁੱਟੀਆਂ ਸੜਕਾਂ ਤੇ ਪੱਚ ਵੀ ਲਾਏ ਜਾਂਦੇ ਹਨ,ਆਰਜੀ ਬੱਸ ਸਟੈਂਡ,ਆਰਜੀ ਲੈਟਰੀਨਾ ਵੀ ਬਣਾਈਆਂ ਜਾਂਦੀਆਂ ਹਨ ਕਿ ਇਸ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਇਸ ਮੌਕੇ ਜਿਥੇ ਪ੍ਰਸ਼ਾਸਨ ਇਸ ਸਮੇਂ ਤੇ ਆਪਣੇ ਵੱਲੋਂ ਪੂਰਾ ਤਾਣ ਲਾਉਂਦਾ ਹੈ ਓਥੇ ਅਨੇਕਾਂ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਹ ਸਾਰੇ ਪ੍ਰਬੰਧ ਇਕੱਠ ਅੱਗ਼ੇ ਹਰ ਵਾਰ ਘੱਟ ਹੀ ਰਹਿ ਜਾਂਦੇ ਹਨ।ਕਰੀਬ ਸਾਰੇ ਹੀ ਪੰਜਾਬ ਚੋਂ ਉਚੇਚੇ ਤੌਰ ਤੇ ਪੁਲਿਸ ਬੁਲਾਈ ਜਾਂਦੀ ਹੈ ਕਿ ਮਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।ਇਹ ਸ਼ਹੀਦੀ ਜੋੜ ਮੇਲਾ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ।ਓਸ ਅਕਾਲਪੁਰਖ ਅੱਗੇ ਇਹੀ ਅਰਦਾਸ ਬੇਨਤੀ ਜੋਦੜੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸ਼ਹੀਦੀ ਜੋੜ ਮੇਲਾ ਬਿਨਾਂ ਕਿਸੇ ਲੜਾਈ ਝਗੜੇ ਦੇ ਸਮਾਪਤ ਹੋ ਜਾਵੇ ਅਤੇ ਸਾਡੇ ਅਣਖੀ ਯੋਧੇ ਜੋ ਅੰਤਾਂ ਦੀ ਠੰਢ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਬੈਠੇ ਹਨ ਓਹ ਜੇਤੂ ਹੋ ਕੇ ਵਾਪਸ ਆਪਣੇ ਘਰੀਂ ਪਰਤਣ।


ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

(ਕਿਸਾਨੀ ਅੰਦੋਲਨ ਅਤੇ ਰਾਜਨੀਤਕ ਪਾਰਟੀਆਂ) 4 - ਜਸਵੀਰ ਸ਼ਰਮਾਂ ਦੱਦਾਹੂਰ

  ਜਿਸ ਤਰ੍ਹਾਂ ਕਿ ਕਿਸਾਨੀ ਅੰਦੋਲਨ ਨੂੰ ਸੌ ਦਿਨ ਦੇ ਕਰੀਬ ਹੋ ਚੁੱਕੇ ਹਨ ਅਤੇ ਦਿੱਲੀ ਵਿਖੇ ਲਗਾਏ ਗਏ ਮੋਰਚੇ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਹ ਕਿਸਾਨੀ ਅੰਦੋਲਨ ਇਸ ਵਕਤ ਪੰਜਾਬ ਦੇ ਵਜੂਦ ਦੀ ਲੜਾਈ ਲੜ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨ ਅਤੇ ਬਜ਼ੁਰਗਾਂ ਵੱਲੋਂ ਇਸ ਮੋਰਚੇ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਰੋਜਾਨਾ ਕੋਈ ਨਾ ਕੋਈ ਕਿਸਾਨ ਸ਼ਹਾਦਤ ਦੇ ਰਿਹਾ ਹੈ। ਹੁਣ ਤੱਕ 50 ਤੋਂ ਵੱਧ ਕਿਸਾਨ ਇਸ ਅੰਦੋਲਨ ਦੀ ਬਲੀ ਚੜ੍ਹ ਚੁੱਕੇ ਹਨ। ਜਿਥੇ ਆਮ ਪੰਜਾਬੀ ਇਸ ਅੰਦੋਲਨ ਚ ਪੂਰੇ ਜੋਸ਼ ਨਾਲ ਭਾਗ ਲੈ ਰਹੇ ਹਨ ਉੱਥੇ ਹੀ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਅੰਦੋਲਨ ਦੇ ਵਿਚ ਖੁੱਲ ਕੇ ਕੁੱਦਣ ਦੀ ਬਜਾਏ ਸਿਰਫ ਆਪਣੀਆਂ ਗੋਟੀਆਂ ਹੀ ਫਿੱਟ ਕੀਤੀਆਂ ਜਾ ਰਹੀਆਂ ਹਨ।  ਅਕਾਲੀ ਦਲ ਬਾਦਲ ਇਸ ਅੰਦੋਲਨ ਦੇ ਵਿੱਚ ਸਿਰਫ਼ ਅਖਬਾਰੀ ਬਿਆਨਬਾਜ਼ੀ ਹੀ ਕਰ ਰਿਹਾ ਹੈ ਪ੍ਰੰਤੂ ਅਜੇ ਤੱਕ ਇਸ ਅੰਦੋਲਨ ਵਿੱਚ ਇਸ ਰਾਜਨੀਤਕ ਦਲ ਵਲੋਂ ਕੋਈ ਵੀ ਵੱਡਾ ਯੋਗਦਾਨ ਨਹੀਂ ਪਾਇਆ ਗਿਆ। ਖੇਤੀ ਬਿੱਲਾਂ ਦੇ ਆਉਣ ਵੇਲੇ ਸ਼ੁਰੂ ਵਿਚ ਤਾਂ ਅਕਾਲੀ ਦਲ ਬਾਦਲ ਵੱਲੋਂ ਟਰੈਕਟਰ ਰੈਲੀ ਕੀਤੀ ਗਈ। ਮੋਦੀ ਸਰਕਾਰ ਚ ਮੰਤਰੀ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਵਜੀਰੀ ਤੋਂ ਅਸਤੀਫਾ ਵੀ ਦਿੱਤਾ ਗਿਆ ਓਰ ਅਜੇ ਵੀ ਉਹ ਮੋਦੀ ਸਰਕਾਰ ਦੇ ਕਈ ਆਯੋਗ ਅਤੇ ਕਮੇਟੀਆਂ ਵਿਚ ਭਾਗੀਦਾਰ ਬਣੇ ਹੋਏ ਹਨ।  ਇਸ ਪਾਰਟੀ ਵਲੋਂ ਸਿਰਫ ਵੱਖ ਵੱਖ ਰਾਜਨੀਤਕ ਸਟੇਜਾਂ ਦੇ ਉੱਪਰ ਰਾਜਨੀਤਿਕ ਬਿਆਨਬਾਜ਼ੀ ਕਰਕੇ ਕਿਸਾਨੀ ਅੰਦੋਲਨ ਵਾਰੇ ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਜ਼ਮੀਨੀ ਤੌਰ ਤੇ ਇਸ ਅੰਦੋਲਨ ਦੇ ਵਿਚ ਅਜੇ ਤੱਕ ਅਕਾਲੀ ਦਲ ਵੱਲੋਂ ਖੁੱਲ੍ਹ ਕੇ ਆਪਣਾ ਯੋਗਦਾਨ ਨਹੀਂ ਪਾਇਆ ਗਿਆ ਅਤੇ ਨਾ ਹੀ ਆਪਣੇ ਵਰਕਰਾਂ ਨੂੰ ਇਸ ਅੰਦੋਲਨ ਵਿਚ ਸਾਥ ਦੇਣ ਦੇ ਲਈ ਸੱਦਾ ਦਿੱਤਾ ਗਿਆ ਹੈ। ਅਕਾਲੀ ਦਲ ਹੁਣ ਤਕ ਭਾਜਪਾ ਦੀ ਸੱਤਾ ਵਿੱਚ ਭਾਈਵਾਲ ਪਾਰਟੀ ਰਹੀ ਹੈ ਅਤੇ ਦਿਖਾਵੇ ਦੇ ਤੌਰ ਤੇ ਇਨ੍ਹਾਂ ਵੱਲੋਂ  ਕੇਂਦਰ ਸਰਕਾਰ ਦੇ ਨਾਲੋਂ ਆਪਣੀ ਭਾਈਵਾਲੀ ਤੋੜ ਦਿੱਤੀ ਗਈ ਹੈ ਪ੍ਰੰਤੂ ਅੰਦਰਖਾਤੇ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੇਂਦਰ ਸਰਕਾਰ ਦੇ ਨਾਲ  ਭਰਾ-ਭਰਾ ਵਾਲਾ ਰਿਸ਼ਤਾ ਨਿਭਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ ਵੱਲੋਂ ਨਾ ਤਾਂ ਪਾਰਲੀਮਾਨੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਅਤੇ ਨਾ ਹੀ ਖੁੱਲ੍ਹ ਕੇ ਇਹਨਾਂ ਮੇਂਬਰ ਪਾਰਲੀਮੈਂਟ ਵਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਬੀਤੇ ਦਿਨੀਂ ਸ਼ਹੀਦੀ ਜੋੜ ਮੇਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਨ੍ਹਾਂ ਵੱਲੋਂ ਲਗਾਈ ਸਟੇਜ ਉੱਪਰ ਸਿਰਫ਼ ਮੋਦੀ ਸਰਕਾਰ ਦੀ ਆਲੋਚਨਾ ਹੀ ਕੀਤੀ ਗਈ ਹੈ। ਇਨ੍ਹਾਂ ਵੱਲੋਂ ਆਪਣੇ ਲੱਖਾਂ ਹੀ ਵਰਕਰਾਂ ਨੂੰ ਅਜੇ ਤੱਕ ਦਿੱਲੀ ਕੂਚ ਕਰਨ ਲਈ ਹੁਕਮ ਨਹੀਂ ਦਿੱਤਾ ਗਿਆ। ਜਿਸ ਦੇ ਚਲਦੇ ਪੰਜਾਬ ਦੇ ਪਿੰਡਾਂ ਦੇ ਵਿਚ ਲੱਖਾਂ ਸ਼੍ਰੋਮਣੀ ਅਕਾਲੀ ਦਲ ਵਰਕਰ ਦਿੱਲੀ ਅੰਦੋਲਨ ਵਿੱਚ ਭਾਗ ਨਹੀਂ ਲੈ ਰਹੇ ਕਿਉਂਕਿ ਅਜੇ ਤੱਕ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤਕ ਪਾਰਟੀ ਵੱਲੋਂ ਦਿੱਲੀ ਅੰਦੋਲਨ ਵਿੱਚ ਕੂਚ ਕਰਨ ਦਾ ਹੁਕਮ ਨਹੀਂ ਹੋਇਆ ਹੈ।
  ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਪਣਾ ਵਜੂਦ ਤਲਾਸ਼ ਰਹੀ ਆਮ ਆਦਮੀ ਪਾਰਟੀ ਵੱਲੋਂ ਵੀ ਸਿਰਫ਼ ਅਖਬਾਰੀ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ। ਹਕੀਕੀ  ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਆਪਣੀ ਸ਼ਮੂਲੀਅਤ ਦੀ ਘਾਟ ਰੜਕ ਰਹੀ ਹੈ। ਆਮ ਆਦਮੀ ਪਾਰਟੀ ਲੀਡਰ ਪ੍ਰੈਸ ਕਾਨਫਰੰਸਾ ਕਰਕੇ ਕਦੇ ਮੋਦੀ ਸਰਕਾਰ ਅਤੇ ਕਦੇ ਪੰਜਾਬ ਸਰਕਾਰ ਨੂੰ ਭੰਡ ਰਹੀ ਹੈ ਪਰ ਖੁਦ ਇਸ ਅੰਦੋਲਨ ਤੋਂ ਦੂਰ ਹੈ।
   ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਹੁਣ ਤਕ ਸਿਰਫ਼ ਆਮ ਲੋਕ ਅਤੇ ਆਪ ਮੁਹਾਰੇ ਹੀ ਸ਼ਾਮਲ ਹੋ ਰਹੇ ਹਨ। ਦਿੱਲੀ ਅੰਦੋਲਨ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਰਹੇ ਲੋਕ ਕਿਸੇ ਵੀ ਰਾਜਨੀਤਕ ਪਾਰਟੀ ਤੋਂ ਅਲੱਗ ਹੋ ਕੇ ਸਿਰਫ਼ ਪੰਜਾਬ ਦੇ ਵਜੂਦ ਅਤੇ ਕਿਸਾਨੀ ਭਾਈਚਾਰੇ ਦੇ ਹੱਕਾਂ ਦੇ ਲਈ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਹਨ।  ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਨ ਵਾਲੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਬਿਆਨਬਾਜ਼ੀ ਤਾਂ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ ਤੇ  ‍ਇਨ੍ਹਾਂ ਰਾਜਨੀਤਕ ਪਾਰਟੀਆਂ ਵੱਲੋਂ ਅਜੇ ਵੀ ਇਸ ਕਿਸਾਨੀ ਅੰਦੋਲਨ ਤੋਂ ਦੂਰੀ ਬਣਾਈ ਗਈ ਹੈ।
       ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਇਸ ਸੰਘਰਸ਼ੀ ਯੋਧਿਆਂ ਨੂੰ ਆਪਣੀ ਪੂਰਨ ਸਹਿਮਤੀ ਪ੍ਰਗਟ ਕਰਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ।ਇਹ ਅੰਦੋਲਨ ਜਿਥੇ ਇਕ ਇਤਿਹਾਸਕ ਹੋਵੇਗਾ ਓਥੇ ਜਿੱਤ ਦੇ ਝੰਡੇ ਗੱਡ ਕੇ ਨਵਾਂ ਕੀਰਤੀਮਾਨ ਵੀ ਸਥਾਪਿਤ ਕਰਨ ਜਾ ਰਿਹਾ ਹੈ।ਇਸ ਵਿੱਚ ਹੁਣ ਤੱਕ ਜਿੰਨੇ ਵੀ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਓਹਨਾਂ ਵਿਚੋਂ ਚਾਰ ਕਿਸਾਨਾਂ ਨੇ ਤਾਂ ਸਿੱਧਾ ਹੀ ਸਮੇਂ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਖੁਦਕੁਸ਼ੀ ਨੋਟ ਵੀ ਲਿਖਿਆ ਹੈ।ਇਸ ਸਮੇਂ ਸਾਰੀ ਦੁਨੀਆਂ ਵਿੱਚ ਮੋਦੀ ਸਰਕਾਰ ਦੀ ਨਿਖੇਦੀ ਕੀਤੀ ਜਾ ਰਹੀ ਹੈ।
     ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਖੁਲ ਕੇ ਓਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਸਦਨ ਵਿੱਚ ਪੇਸ਼ ਕਰਨੀ ਚਾਹੀਦੀ ਹੈ। ਹੁਣ ਤਾਂ ਵਿਦੇਸ਼ ਵਿਚੋਂ ਵੀ ਇਸ ਸੰਘਰਸ਼ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਤੇ ਬਾਹਰਲੇ ਦੇਸ਼ਾਂ ਵਿੱਚ ਇਨ੍ਹਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਵੀ ਹੋ ਰਹੇ ਹਨ।ਇਸ ਸਮੇਂ ਸਾਰੀ ਦੁਨੀਆਂ ਵਿੱਚ ਭਾਰਤ ਦੇਸ਼ ਦੀ ਮੌਜੂਦਾ ਸਰਕਾਰ ਦੀ ਨਿਖੇਧੀ ਵੀ ਹੋ ਰਹੀ ਹੈ।ਸੋ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸਮੇਂ ਦੀ ਨਬਜ਼ ਪਛਾਣਨ ਦੀ ਅਤਿਅੰਤ ਲੋੜ ਹੈ।ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਓਥੋਂ ਦੀ ਖੇਤੀਬਾੜੀ ਅਤੇ ਕਿਸਾਨੀ ਤੇ ਹੀ ਨਿਰਭਰ ਕਰਦੀ ਹੈ। ਚਾਰ ਜਨਵਰੀ ਦੀ ਹੋਣ ਵਾਲੀ ਮੀਟਿੰਗ ਤੇ ਸਾਰੇ ਦੇਸ਼ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਹਨ।ਸੋ ਓਸ ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਹੈ ਸਮੇਂ ਦੀ ਸਰਕਾਰ ਹਲੀਮੀ ਨਾਲ ਇਨ੍ਹਾਂ ਮੁੱਦਿਆਂ ਦਾ ਹੱਲ ਕਰਕੇ ਖੁਸ਼ੀ ਖੁਸ਼ੀ ਕਿਸਾਨ ਜਥੇਬੰਦੀਆਂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਜੋ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਓਥੇ ਡਟੀਆਂ ਹੋਈਆਂ ਹਨ ਓਨਾ ਨੂੰ ਘਰੀਂ ਵਾਪਸ ਭੇਜਣ ਇਸ ਨਾਲ ਕਿਸੇ ਵੀ ਧਿਰ ਦੀ ਬੇਇਜਤੀ ਨਹੀਂ ਸਗੋਂ ਇਜ਼ਤ ਵਧੇਗੀ।


ਜਸਵੀਰ ਸ਼ਰਮਾਂ ਦੱਦਾਹੂਰ
ਗੁਰਵਿੰਦਰ ਸ਼ਰਮਾਂ ਬਠਿੰਡਾ

ਹਕੀਕੀ ਕਹਾਣੀ...  ਇਉਂ ਬਦਲੀ ਕਿਸਮਤ - ਜਸਵੀਰ ਸ਼ਰਮਾਂ ਦੱਦਾਹੂਰ


ਮੰਨਾ ਮਾਪਿਆਂ ਦਾ ਲਾਡਲਾ ਤੇ ਭੈਣ ਦਾ ਇੱਕੋ ਇੱਕ ਭਰਾ ਸੀ। ਚੰਗਾ ਖਾਨਦਾਨੀ ਪਰਿਵਾਰ ਜ਼ਮੀਨ ਜਾਇਦਾਦ ਭਾਵੇਂ ਘੱਟ ਸੀ ਪਰ ਫਿਰ ਵੀ ਗੁਜ਼ਾਰਾ ਠੀਕ ਠਾਕ ਚੱਲ ਰਿਹਾ ਸੀ।ਪੜ੍ਹਾਈ ਵਿਚੋਂ ਕਮਜ਼ੋਰ ਮੰਨੇ ਨੂੰ ਯਾਰਾਂ ਦੋਸਤਾਂ ਦੀ ਸੰਗਤ ਵਿਚੋਂ ਪਤਾ ਹੀ ਨਾ ਲੱਗਾ ਕਿ ਕਦੋਂ ਭੈੜੇ ਨਸ਼ਿਆਂ ਨੇ ਆਪਣੀ ਗ੍ਰਿਫ਼ਤ ਵਿੱਚ ਜਕੜ ਲਿਆ ਸੀ। ਜਿਸਦਾ ਬੁੱਢੇ ਮਾਪਿਆਂ ਨੂੰ ਸਦਾ ਹੀ ਝੋਰਾ ਵੱਢ ਵੱਢ ਕੇ ਖਾਂਦਾ ਰਹਿੰਦਾ ਸੀ। ਪੜ੍ਹਾਈ ਦੇ ਵਿਚੋਂ ਹੱਥ ਤੰਗ ਕਰਕੇ ਬਾਪ ਨੇ ਮੰਨੇ ਨੂੰ ਕਿਸੇ ਪ੍ਰਾਈਵੇਟ ਕੰਮ ਤੇ ਲਾਉਣ ਦੀ ਬਾਬਤ ਸੋਚਿਆ।ਜਦ ਮੰਨੇ ਤੋਂ ਪੁੱਛਿਆ ਕਿ ਦੱਸ ਕਿਹੜੇ ਕੰਮ ਨੂੰ ਦਿਲ ਕਰਦਾ ਹੈ ਤਾਂ ਮੰਨੇ ਨੇ ਡਰਾਇਵਰੀ ਦੀ ਜਿਦ ਕੀਤੀ।ਤੇ ਨਾਲ ਹੀ ਉਜਾਗਰ ਸਿੰਘ (ਮੰਨੇ ਦੇ ਬਾਪ) ਨੇ ਉਸ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਵੀ ਬਹੁਤ ਵਰਜਿਆ।ਪਰ ਮੰਨੇ ਨੇ ਤਾਂ ਡਰਾਈਵਰੀ ਦਾ ਕਿੱਤਾ ਹੀ ਇਸ ਕਰਕੇ ਚੁਣਿਆਂ ਸੀ ਕਿ ਇਸ ਵਿਚ ਹੀ ਨਸ਼ਿਆਂ ਦੀ ਆਦਤ ਪੂਰੀ ਹੋ ਸਕਦੀ ਹੈ।ਸੋ ਉਜਾਗਰ ਸਿੰਘ ਨੇ ਮੰਨੇ ਨੂੰ ਆਪਣੇ ਕਿਸੇ ਵਾਕਿਫ਼ ਕੋਲ ਟਰੱਕ ਦੀ ਕਲੀਨਰੀ ਤੇ ਛੱਡ ਦਿੱਤਾ ਤੇ ਉਸ ਦੇ ਨਸ਼ਿਆਂ ਨੂੰ ਵੀ ਛਡਾਉਣ ਦੀ ਗੱਲ ਕਹੀ ਕਿਉਂਕਿ ਟਰੱਕ ਡਰਾਈਵਰ ਦਰਸ਼ਨ ਸਿੰਘ ਖੁਦ ਗੁਣੀ ਗਿਆਨੀ ਆਦਮੀ ਸੀ।
ਸੋ ਸਮਾਂ ਬੀਤਦਾ ਗਿਆ ਤੇ ਮੰਨੇ ਨੂੰ ਟਰੱਕ ਦੀ ਕਲੀਨਰੀ ਕਰਦੇ ਨੂੰ ਕਰੀਬ ਪੰਜ ਸਾਲ ਤੋਂ ਵੀ ਓੱਤੇ ਸਮਾਂ ਹੋ ਗਿਆ ਸੀ।ਤੇ ਹੌਲੀ-ਹੌਲੀ ਦਰਸ਼ਨ ਸਿੰਘ ਉਸ ਨੂੰ ਕਦੇ ਕਦਾਈਂ ਟਰੱਕ ਵੀ ਫੜਾਉਣ ਲੱਗ ਪਿਆ ਤਾਂ ਕਿ ਓਹ ਡਰਾਈਵਰ ਬਣ ਸਕੇ ਪਰ ਮੰਨੇ ਦੀ ਨਸ਼ਿਆਂ ਦੀ ਆਦਤ ਨਹੀਂ ਛੁੱਟੀ ਸੀ ਮੰਨਾ ਬਹੁਤ ਮਿਹਨਤੀ ਤੇ ਪੂਰਾ ਬਣਦਾ ਤਣਦਾ ਗਭਰੂ ਸੀ ਪਰ ਨਸ਼ੇ ਸਰੀਰ ਨੂੰ ਗਾਲ ਰਹੇ ਸਨ।ਜਦ ਕਦੇ ਨਸ਼ਿਆਂ ਦੀ ਮੰਨੇ ਨੂੰ ਤੋਟ ਲੱਗਦੀ ਤਾਂ ਦਰਸ਼ਨ ਸਿੰਘ ਕਿਸੇ ਕੋਲੋਂ ਲੈ ਵੀ ਦਿੰਦਾ।ਇਸੇ ਤਰ੍ਹਾਂ ਹੀ ਸਮਾਂ ਬੀਤ ਰਿਹਾ ਸੀ।ਪਰ ਮੰਨੇ ਨੋ ਘਰ ਦਿਆਂ ਵੱਲੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਸੀ ਬਲਕਿ ਭੁੱਲ ਹੀ ਚੁੱਕਾ ਸੀ,ਤੇ ਘਰਦੇ ਵੀ ਇਸ ਕਰਕੇ ਜ਼ਿਆਦਾ ਤਾਂਘ ਉਸ ਨੂੰ ਮਿਲਣ ਦੀ ਨਹੀਂ ਕਰਦੇ ਸੀ ਕਿ,ਜੇ ਓਹ ਘਰ ਆ ਗਿਆ ਤਾਂ ਘਰਦੇ ਭਾਂਡੇ ਟੀਂਡੇ ਹੀ ਨਾ ਵੇਚ ਦੇਵੇ।
ਇੱਕ ਵਾਰ ਦਰਸ਼ਨ ਸਿੰਘ ਹੋਰਾਂ ਨੂੰ ਐਮ ਪੀ ਸਟੇਟ ਦੇ ਭੁਪਾਲ ਸ਼ਹਿਰ ਦਾ ਗੇੜਾ ਮਿਲਿਆ ਟਰੱਕ ਲੱਦ ਕੇ ਉਨ੍ਹਾਂ ਨੇ ਭੁਪਾਲ ਨੂੰ ਚਾਲੇ ਪਾ ਦਿੱਤੇ ਪੰਦਰਾਂ ਸੋਲਾਂ ਦਿਨਾਂ ਦੇ ਸਫ਼ੳਮਪ;ਰ ਤੋਂ ਬਾਅਦ ਓਹ ਆਪਣੀ ਮੰਜ਼ਿਲ ਤੇ ਪਹੁੰਚ ਗਏ।ਇਸ ਦੌਰਾਨ ਮੰਨੇ ਨੇ ਬਹੁਤ ਹੀ ਮਿਹਨਤ ਨਾਲ ਕੰਮ ਸਾਂਭਿਆ ਹੋਇਆ ਸੀ ਬੇਸ਼ੱਕ ਓਹ ਆਪਣੇ ਨਸ਼ਿਆਂ ਦੀ ਆਦਤ ਤੋਂ ਤਾਂ ਪੂਰੀ ਤਰਾਂ ਸੁਰਖ਼ਰੂ ਨਹੀਂ ਸੀ ਹੋਇਆ ਪਰ ਉਸਤਾਦ ਦੀ ਇਜਤ ਪੂਰੀ ਤਰ੍ਹਾਂ ਕਰਦਾ ਤੇ ਆਪਣੇ ਕੰਮ ਪ੍ਰਤੀ ਪੂਰਾ ਜਵਾਬ ਦੇਹ ਹੁੰਦਾ ਸੀ।ਰੱਬ ਦੀ ਕਰਨੀ ਐਮ ਪੀ ਜਾਕੇ ਟਰੱਕ ਦੇ ਇੰਜਣ ਵਿਚ ਕੋਈ ਵੱਡਾ ਨੁਕਸ ਪੈਣ ਕਰਕੇ ਇੰਜਣ ਸੀਜ਼ ਹੋ ਗਿਆ ਜਿਸ ਕਰਕੇ ਪੂਰਾ ਇੰਜਣ ਕੱਢਕੇ ਦਰਸ਼ਨ ਸਿੰਘ ਨੂੰ ਆਪਣੀ ਪਹਿਚਾਣ ਦੇ ਕਿਸੇ ਮਿਸਤਰੀ ਕੋਲ ਮੋਗੇ ਲੈ ਕੇ ਆਉਣਾ ਪਿਆ।ਇਸ ਦੌਰਾਨ ਮੰਨੇ ਨੂੰ ਟਰੱਕ ਕੋਲ ਹੀ ਰਹਿਣ ਦੀ ਡਿਊਟੀ ਦੇਣੀ ਪੲਈ।ਇਸ ਅਚਨਚੇਤ ਆਈ ਆਫਤ ਤੇ ਪੂਰਾ ਇੱਕ ਹਫ਼ੳਮਪ;ਤਾ ਲੱਗ ਗਿਆ।
ਐਮ ਪੀ ਦੇ ਭੁਪਾਲ ਸ਼ਹਿਰ ਜਿਥੇ ਟਰੱਕ ਖੜ੍ਹਾ ਸੀ ਉਸ ਦੇ ਬਿਲਕੁਲ ਨੇੜੇ ਹੀ ਓਥੋਂ ਦੇ ਇੱਕ ਬਹੁਤ ਹੀ ਰਹੀਸ ਠਾਕੁਰ ਦਾ ਬਹੁਤ ਵੱਡਾ ਆਲੀਸ਼ਾਨ ਬੰਗਲਾ ਸੀ।ਉਸ ਠਾਕੁਰ ਦੀ ਇੱਕੋ-ਇੱਕ ਸੰਤਾਨ ਵੀਹ ਬਾਈ ਸਾਲ ਦੀ ਬਹੁਤ ਹੀ ਸੁੰਦਰ ਭਰ ਜਵਾਨ ਲੜਕੀ ਰਾਣੀ ਸੀ ਜੋ ਕਿ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਠੀਕ ਨਹੀਂ ਸੀ। ਜਿਸ ਦੇ ਵਿਆਹ ਦੀ ਠਾਕੁਰ ਸਾਹਿਬ ਨੂੰ ਸਦਾ ਚਿੰਤਾ ਰਹਿੰਦੀ ਸੀ ।ਜਦੋਂ ਵੀ ਉਹ ਬਾਹਰ ਨਿਕਲਦੀ ਤਾਂ ਕਿਸੇ ਦੀ ਵੀ ਜੁਰਅਤ ਨਹੀਂ ਸੀ ਕਿ ਉਸ ਵੱਲ ਕੋਈ ਅੱਖ ਵੀ ਚੱਕ ਸਕੇ।ਇਹ ਸਭ ਕੁਝ ਮੰਨਾ ਕਈ ਦਿਨਾਂ ਤੋਂ ਹਰ ਰੋਜ ਹੀ ਵੇਖ ਰਿਹਾ ਸੀ।ਭਰ ਜਵਾਨ ਗੱਭਰੂ ਮੰਨਾ ਤੇ ਭਰ ਜਵਾਨ ਮੁਟਿਆਰ ਰਾਣੀ ਤੇ.. ਇੱਕ ਦਿਨ ਕੁਝ ਕੁਵੇਲੇ ਜਿਹੇ ਰਾਣੀ ਜਦ ਬੰਗਲੇ ਚੋਂ ਨਿਕਲੀ ਤਾਂ ਮੰਨੇ ਨੇ ਅੱਗਾ ਪਿੱਛਾ ਵੇਖਕੇ ਝੱਟ ਰਾਣੀ ਨੂੰ ਟਰੱਕ ਦੇ ਕੈਬਿਨ ਵਿਚ ਸੁੱਟ ਕੇ ਓਹ ਕਰ ਦਿੱਤਾ ਜਿਸ ਨੂੰ ਦੋ ਭਰ ਜਵਾਨੀਆਂ ਨੂੰ ਸਦਾ ਤਾਂਘ ਹੁੰਦੀ ਹੈ,ਪਰ ਮਾੜੀ ਕਿਸਮਤ ਨੂੰ ਇਹ ਸੱਭ ਕੁਝ ਠਾਕੁਰ ਸਾਹਿਬ ਦੇ ਕਿਸੇ ਗਵਾਂਢੀ ਨੇ ਵੇਖ ਲਿਆ ਸੀ ਤੇ ਗੱਲ ਠਾਕੁਰ ਸਾਹਿਬ ਕੋਲ ਪਹੁੰਚ ਚੁੱਕੀ ਸੀ। ਠਾਕੁਰ ਸਾਹਿਬ ਨੇ ਮੰਨੇ ਦੀ ਲਾਹ ਪਾਹ ਕੀਤੀ ਤੇ ਨਾਲ ਹੀ ਕੈਦ ਕਰਕੇ ਆਪਣੇ ਬੰਗਲੇ ਵਿਚ ਤਾੜ ਦਿੱਤਾ ਤੇ ਉਸ ਦੇ ਡਰਾਈਵਰ ਦਰਸ਼ਨ ਸਿੰਘ ਦੀ ਉਡੀਕ ਤੱਕ ਉਸ ਨੂੰ ਕੈਦ ਕਰ ਲਿਆ। ਆਖਿਰ ਤੀਸਰੇ ਦਿਨ ਦਰਸ਼ਨ ਸਿੰਘ ਵੀ ਪਹੁੰਚ ਗਿਆ ਤੇ ਜਿਉਂ ਹੀ ਉਸਨੂੰ ਮੰਨੇ ਦੀ ਬਾਬਤ ਜਾਣਕਾਰੀ ਮਿਲੀ ਤਾਂ ਓਹ ਠਾਕੁਰ ਸਾਹਿਬ ਦੇ ਬੰਗਲੇ ਪਹੁੰਚਿਆ। ਠਾਕੁਰ ਸਾਹਿਬ ਨੇ ਦਰਸ਼ਨ ਸਿੰਘ ਤੇ ਮੰਨੇ ਦੀ ਪੂਰੀ ਬੇਇਜ਼ਤੀ ਕੀਤੀ। ਬਹੁਤ ਹੀ ਮਿਨਤਾਂ ਤਰਲੇ ਕਰਨ ਦਾ ਵੀ ਠਾਕੁਰ ਸਾਹਿਬ ਤੇ ਕੋਈ ਅਸਰ ਨਾ ਹੋਇਆ।
ਅਖੀਰ ਠਾਕੁਰ ਸਾਹਿਬ ਨੇ ਆਪਣਾ ਸ਼ਾਹੀ ਫੁਰਮਾਨ ਸੁਣਾਇਆ ਕਿ ਜਾਂ ਤਾਂ ਮੰਨੇ ਨੂੰ ਮੇਰੀ ਇਸ ਸਿੱਧੀ ਸਾਦੀ ਬੇਟੀ ਰਾਣੀ ਨਾਲ ਵਿਆਹ ਕਰਵਾਉਣਾ ਪਵੇਗਾ ਜਾਂ ਫਿਰ ਮੈਂ ਤੇਰੇ (ਦਰਸ਼ਨ ਸਿੰਘ) ਦੇ ਸਾਹਮਣੇ ਮੰਨੇ ਨੂੰ ਗੋਲੀਆਂ ਨਾਲ ਭੁੰਨ ਦੇਵਾਂਗਾ।
ਅਖੀਰ ਸਾਦੀਆਂ ਰਸਮਾਂ ਰੀਤਾਂ ਨਾਲ ਮੰਨੇ ਦਾ ਵਿਆਹ ਰਾਣੀ ਨਾਲ ਕੀਤਾ ਗਿਆ, ਪਰ ਮੰਨੇ ਨੇ ਦਰਸ਼ਨ ਸਿੰਘ ਨੂੰ ਵਾਸਤਾ ਪਾਇਆ ਕਿ ਇਹ ਗੱਲ ਮੇਰੇ ਘਰਦਿਆਂ ਨੂੰ ਪਤਾ ਨਾ ਲੱਗੇ। ਘਰਦੇ ਤਾਂ ਪਹਿਲਾਂ ਈ ਮੰਨੇ ਨੂੰ ਮਰਿਆ ਸਮਝ ਚੁੱਕੇ ਸਨ ਕਿਉਂਕਿ ਐਨਾ ਨਸ਼ਾ ਪੱਤਾ ਕਰਨ ਆਲਾ ਇਨਸਾਨ ਥੋੜ੍ਹਾ ਸਮਾਂ ਹੀ ਕੱਢਦਾ ਹੈ।ਤੇ ਮੰਨੇ ਨੂੰ ਵੀ ਘਰੋਂ ਆਏ ਨੂੰ ਪੰਜ ਛੇ ਸਾਲ ਬੀਤ ਚੁੱਕੇ ਸਨ। ਸੋ ਮੰਨੇ ਨੂੰ ਠਾਕੁਰ ਸਾਹਿਬ ਨੇ ਘਰ ਜਵਾਈ ਰੱਖ ਲਿਆ ਤੇ ਅਲੱਗ ਬੰਗਲਾ ਬਣਾ ਕੇ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ ਤੇ ਨਾਲ ਹੀ ਆਪਣੇ ਤਿੰਨ ਸੌ ਕਿਲਿਆਂ ਵਿਚੋਂ ਸੌ ਕਿਲਾ ਮੰਨੇ ਦੇ ਨਾਮ ਲਵਾ ਦਿੱਤਾ ਤਾਂ ਕਿ ਕਿਤੇ ਮੰਨਾ ਰਾਣੀ ਨੂੰ ਛੱਡ ਕੇ ਨਾ ਚਲਾ ਜਾਵੇ।ਜੇ ਇਹ ਗੱਲ ਹੋ ਗਈ ਤਾਂ ਠਾਕੁਰ ਸਾਹਿਬ ਦਾ ਮਰਨ ਹੋ ਜਾਣਾ ਸੀ।
ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਤਿੰਨ ਚਾਰ ਸਾਲਾਂ ਦੇ ਵਕਫੇ ਵਿੱਚ ਰਾਣੀ ਦੇ ਪੇਟੋਂ ਦੋ ਲੜਕਿਆਂ ਨੇ ਜਨਮ ਲਿਆ। ਉਨ੍ਹਾਂ ਨੂੰ ਠਾਕੁਰ ਸਾਹਿਬ ਨੇ ਚੰਗੀ ਤਾਲੀਮ ਦਿਵਾ ਕੇ ਬਾਹਰਲੇ ਮੁਲਕ ਭਾਵ ਕਨੇਡਾ ਵਿਖੇ ਸੈਟ ਕਰਵਾ ਦਿੱਤਾ।ਵੀਹ ਪੱਚੀ ਸਾਲ ਦਾ ਸਮਾਂ ਬੀਤਦੇ ਦਾ ਪਤਾ ਈ ਨਾਂ ਲੱਗਾ। ਕਦੇ ਕਦੇ ਮੰਨੇ ਨੂੰ ਮਾ ਬਾਪ ਦੀ ਯਾਦ ਵੀ ਆ ਜਾਂਦੀ। ਪਰ
ਇਧਰ ਠਾਕੁਰ ਸਾਹਿਬ ਨੂੰ ਨਾਲ ਜਵਾਈ ਰੱਖਣ ਦੀ ਆਦਤ ਜਿਹੀ ਪੈ ਗਈ ਸੀ, ਕਿਉਂਕਿ ਮੰਨੇ ਨੇ ਜਦ ਧੂਵਾਂ ਚਾਦਰਾ ਬੰਨ ਕੇ ਨੋਕਾਂ ਵਾਲੀ ਜੁੱਤੀ ਨਾਲ ਟੌਰੇ ਵਾਲੀ ਪੱਗ ਬੰਨਣੀ ਤਾਂ ਠਾਕੁਰ ਸਾਹਿਬ ਦੀ ਵੀ ਪੂਰੀ ਚੜਤ ਹੁੰਦੀ ਸੀ। ਠਾਕੁਰ ਸਾਹਿਬ ਦੇ ਨਾਲ ਹੀ ਮੰਨੇ ਨੂੰ ਵੀ ਸਲਾਮਾਂ ਹੁੰਦੀਆਂ ਸਨ।
ਦੋਸਤੋ ਸਮਾਂ ਬੜਾ ਬਲਵਾਨ ਹੁੰਦਾ ਹੈ, ਇੱਕ ਦਿਨ ਮੰਨੇ ਨੇ ਠਾਕੁਰ ਸਾਹਿਬ ਨਾਲ ਪੱਕੀ ਜਿਦ ਹੀ ਕਰ ਲਈ ਕਿ ਮੈਂ ਤਾਂ ਇੱਕ ਵਾਰ ਜਰੂਰ ਆਪਣੇ ਸ਼ਹਿਰ ਜਾਣਾ ਹੈ, ਸੋ ਘੱਟੋ-ਘੱਟ ਵੀਹ ਬਾਈ ਸਾਲ ਦੇ ਲੰਬੇ ਵਕਫੇ ਦੇ ਮਗਰੋਂ ਠਾਕੁਰ ਸਾਹਿਬ ਨੇ ਵੀ ਸੋਚਿਆ ਕਿ ਇੱਕ ਵਾਰ ਬਿਲਕੁਲ ਮਾਤਾ ਪਿਤਾ ਦਾ ਆਸ਼ੀਰਵਾਦ ਲੈਣਾ ਬਣਦਾ ਹੈ। ਸੋ ਠਾਕੁਰ ਸਾਹਿਬ ਨੇ ਏ ਸੀ ਕਾਰ ਸਮੇਤ ਡਰਾਈਵਰ ਤੇ ਰਾਣੀ ਨੂੰ ਮੰਨੇ ਦੇ ਨਾਲ ਬੜੇ ਹੀ ਚਾਅ ਨਾਲ ਭੇਜਿਆ।ਦੋ ਦਿਨ ਦੇ ਸਫ਼ੳਮਪ;ਰ ਤੋਂ ਬਾਅਦ ਮੰਨਾ ਰਾਣੀ ਨੂੰ ਨਾਲ ਲੈਕੇ ਜਿਉਂ ਹੀ ਆਪਣੇ ਘਰ ਪੁੱਜਾ ਤਾਂ ਬੁੱਢੇ ਹੋ ਚੁੱਕੇ ਮਾ ਬਾਪ ਨੇ ਬਿਲਕੁਲ ਵੀ ਨਾ ਪਛਾਣਿਆਂ। ਪਰ ਚਾਚੇ ਤਾਇਆਂ ਜਿਨ੍ਹਾਂ ਨੂੰ ਬਹੁਤ ਹੀ ਭੈੜਾ ਲੱਗਦਾ ਹੁੰਦਾ ਸੀ ਕਿਸੇ ਸਮੇਂ ਮੰਨਾ ਓਹ ਜੱਫੀ ਵਿਚ ਲੈ ਕੇ ਉਸ ਨੂੰ ਪਿਆਰ ਦੇ ਰਹੇ ਸਨ ਤੇ ਉਸ ਦੇ ਮਾ ਬਾਪ ਨੂੰ ਦੱਸ ਰਹੇ ਸਨ ਕਿ ਆਪਣਾ ਮੰਨਾ ਆਇਆ ਹੈ। ਸਭਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਜੋ ਕਿਸੇ ਸਮੇਂ ਨਸ਼ਿਆਂ ਨੇ ਖਾਧਾ ਸੀ ਇਹ ਓਹੋ ਹੀ ਮੰਨਾ ਹੈ?
ਸੋ ਦੋਸਤੋ ਓਸ ਅਕਾਲਪੁਰਖ ਨੇ ਕਦੋਂ ਤੇ ਕਿਵੇਂ ਕਿਸੇ ਦੀ ਕਿਸਮਤ ਬਦਲ ਦੇਣੀ ਇਹ ਓਹ ਖੁਦ ਹੀ ਜਾਣਦਾ ਹੈ। ਓਹ ਹੀ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਵਾਲਾ ਹੈ।ਪਰ ਆਪਾਂ ਕਲਯੁਗੀ ਜੀਵਾਂ ਨੂੰ ਇਸ ਦਾ ਕੋਈ ਇਲਮ ਨਹੀਂ ਹੁੰਦਾ।
(ਸਤਿਕਾਰਿਤ ਦੋਸਤੋ ਇਹ ਬਿਲਕੁਲ ਹਕੀਕੀ ਕਹਾਣੀ ਹੈ)

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

ਇਉਂ ਮਿਲਦੀ ਹੁੰਦੀ ਸੀ ਸਜਾ ਸਾਨੂੰ... -ਜਸਵੀਰ ਸ਼ਰਮਾਂ ਦੱਦਾਹੂਰ

ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ ਵੀ ਬਹੁਤ ਘੱਟ ਸੀ। ਤੱਪੜਾਂ ਜਾਂ ਪੱਲੀਆਂ ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ।ਕਲਮ ਦਵਾਤ ਜਾ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ ਜਾਂਦਾ ਰਿਹਾ ਹੈ।ਦਵਾਤ ਵਿੱਚ ਲੋੜ ਅਨੁਸਾਰ ਕਾਲੀ ਸਿਆਹੀ ਜਾ ਨੀਲੀ ਸਿਆਹੀ ਪਾ ਲੈਣੀ ਤੇ ਓਹ ਪੰਜ ਜਾਂ ਦਸੀ ਭਾਵ ਦਸ ਪੈਸਿਆਂ ਦੀ ਕਾਗਜ਼ ਦੀ ਪੁੜੀ ਵਿੱਚ ਹੀ ਹੁੰਦੀ ਸੀ।ਅੱਧੀ ਛੁੱਟੀ ਵੇਲੇ ਧੜਮੱਚੜ ਮਨਾਉਂਦੇ ਅਸੀਂ ਘਰੀਂ ਆ ਜਾਇਆ ਕਰਦੇ ਸਾਂ ਤੇ ਕਦੇ ਕਦੇ ਅੱਧੀ ਛੁੱਟੀ ਤੋਂ ਬਾਅਦ ਸਕੂਲੇ ਜਾਂਦੇ ਵੀ ਘੱਟ ਹੀ ਸੀ। ਅਗਲੇ ਦਿਨ ਫਿਰ ਕਦੇ ਕਦੇ ਸ਼ਾਮਤ ਆ ਜਾਣੀ ਭਾਵ ਸਜਾ ਮਿਲਣੀ ਤੇ ਓਹ ਸਜਾ ਵੀ ਫੋਟੋ ਵਾਂਗ ਲੱਤਾਂ ਵਿੱਚ ਦੀ ਬਾਹਾਂ ਪਾ ਕੇ ਕੰਨ ਫੜਾ ਦੇਣੇ ਮਾਸਟਰ ਜੀ ਹੋਰਾਂ ਨੇ ਤੇ ਪਿਛਲੇ ਦਿਨ ਜੋ ਅੱਧੀ ਛੁੱਟੀ ਤੋਂ ਬਾਅਦ ਦਾ ਕੰਮ ਹੁੰਦਾ ਸੀ ਜਿਸ ਸਮੇਂ ਅਸੀਂ ਸਕੂਲ ਚੋਂ ਭਗੌੜੇ ਹੁੰਦੇ ਸਾਂ ਓਹ ਸਾਰਾ ਕੰਮ ਕੰਨ ਫੜ੍ਹੇ ਫੜਾਏ ਭਾਵ ਮੁਰਗੇ ਬਣੇ ਬਣਾਇਆਂ ਹੀ ਅੱਗੇ ਕਿਤਾਬਾਂ ਜਾਂ ਕਾਪੀਆਂ ਰੱਖ ਕੇ ਯਾਦ ਕਰਨਾ ਤੇ ਓਨਾਂ ਚਿਰ ਖਹਿੜਾ ਨਹੀਂ ਛੁਟਦਾ ਸੀ ਜਿਨ੍ਹਾਂ ਚਿਰ ਓਹ ਅਧੂਰਾ ਕੰਮ ਪੂਰਾ ਕਰਕੇ ਮਾਸਟਰ ਜੀ ਨੂੰ ਸੁਣਾ ਨਾ ਦੇਣਾ। ਬਹੁਤ ਔਖੀ ਸਜਾ ਹੋਇਆ ਕਰਦੀ ਸੀ।ਇਸ ਤੋਂ ਵੀ ਔਖਾ ਤੇ ਬਹੁਤ ਜ਼ਿਆਦਾ ਬੇਇਜ਼ਤੀ ਵਾਲਾ ਕੰਮ ਹੁੰਦਾ ਸੀ ਕਿ ਕਲਾਸ ਦੇ ਵਿਚੋਂ ਹੀ ਕਿਸੇ ਹੋਰ ਹੁਸ਼ਿਆਰ ਪਿੰਡ ਦੇ ਮੁੰਡੇ ਜਾ ਹੁਸ਼ਿਆਰ ਲੜਕੀ ਨੇ ਸਜਾ ਦੇਣੀ ਮਤਲਬ ਖ਼ੜ੍ਹੇ ਕਰਕੇ ਹੱਥਾਂ ਤੇ ਡੰਡੇ ਵੱਜਿਆ ਕਰਦੇ ਸਨ।
ਪਰ ਦੋਸਤੋ ਸਮੇਂ ਬਹੁਤ ਚੰਗੇ ਸਨ ਕੋਈ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ ਕੋਈ ਕਿਸੇ ਨੂੰ ਹੂਟ ਭਾਵ ਮਖੌਲ ਨਹੀਂ ਕੀਤਾ ਜਾਂਦਾ ਸੀ। ਮੈਨੂੰ ਚੰਗੀ ਤਰ੍ਹਾ ਯਾਦ ਹੈ ਕਿ ਸਾਡੇ ਸਕੂਲ ਵਿਖੇ ਇੱਕ ਮਾਸਟਰ ਜੀ ਡਰੰਕ ਵਿਚ ਅਲੱਗ-ਅਲੱਗ ਕਿਸਮ ਦੀ ਨਿੱਬ੍ਹ ਪਾਕੇ ਹਿੰਦੀ ਪੰਜਾਬੀ ਦੀਆਂ ਕਾਪੀਆਂ ਦਾ ਕੰਮ ਚੈਕ ਕਰਦੇ ਸਨ ਤੇ ਜੇਕਰ ਕਿਤੇ ਕੋਈ ਗਲਤੀ ਹੋਣੀ ਤਾਂ ਢਿੱਡ ਵਿੱਚ ਡਰੰਕ ਦੀ ਡੰਡੀ ਹੀ ਚੁਭੋ ਦਿਆ ਕਰਦੇ ਸਨ।ਪਰ ਦੋਸਤੋ ਓਦੋਂ ਸਮੇਂ ਬਹੁਤ ਹੀ ਚੰਗੇ ਹੋਇਆ ਕਰਦੇ ਸਨ ਕੋਈ ਵੀ ਪਰਿਵਾਰਕ ਮੈਂਬਰ ਕਦੇ ਵੀ ਸਕੂਲ ਵਿੱਚ ਆ ਕੇ ਉਲਾਂਭਾ ਨਹੀਂ ਦਿਆ ਕਰਦੇ ਸਨ ਸਗੋਂ ਇਹ ਕਹਿਣਾ ਕਿ ਮਾਸਟਰ ਜੀ ਇਹਦੀ ਚਮੜੀ ਉਧੇੜ ਦਿਓ ਪਰ ਇਹਨੂੰ ਬੰਦਾ ਬਣਾ ਦੇਣਾ। ਘਰ ਦੇ ਵਿੱਚੋਂ ਦਸੀ ਚੁਆਨੀ ਅਠਾਨੀ ਖ਼ਰਚਣ ਲਈ ਮਿਲਦੀ ਸੀ ਉਨ੍ਹਾਂ ਸਮਿਆਂ ਵਿੱਚ ਇਹ ਚੁਆਨੀ ਅਠਿਆਨੀ ਹੀ ਬਹੁਤ ਹੋਇਆ ਕਰਦੀ ਸੀ। ਕਾਗਜ਼ ਦਾ ਇਕ ਰੁਪੱਈਆਂ ਤਾਂ ਕਿਸੇ ਤਕੜੇ ਘਰ ਭਾਵ ਚੰਗੀ ਜ਼ਮੀਨ ਜਾਇਦਾਦ ਵਾਲੇ ਘਰਾਂ ਦੇ ਬੱਚਿਆਂ ਨੂੰ ਮਿਲਦਾ ਸੀ। ਤੇ ਆਮ ਬੱਚੇ ਉਸ ਅਮੀਰ ਪਰਿਵਾਰ ਦੇ ਬੱਚੇ ਵੱਲ ਨੀਝ ਨਾਲ ਵੇਖਿਆ ਕਰਦੇ ਸਨ ਕਿ ਇਹਦੇ ਮਾਪੇ ਘਰੋਂ ਅਮੀਰ ਹਨ ਇਸੇ ਲਈ ਹੀ ਇਸ ਨੂੰ ਖਰਚਣ ਲਈ ਇਕ ਰੁਪੱਈਆਂ ਮਿਲਿਆ ਹੈ।ਪਰ ਕੋਈ ਈਰਖਾ ਜਾਂ ਸਾੜਾ ਨਹੀਂ ਕਰਦਾ ਸੀ। ਕਦੇ ਕਦੇ ਮਾਸਟਰ ਜੀ ਹੋਰਾਂ ਨੇ ਖੇਤਾਂ ਵਿਚੋਂ ਸਾਗ ਮੂਲੀਆਂ ਪਾਲਕ ਵੀ ਲੈਣ ਭੇਜ ਦੇਣਾ। ਸਕੂਲਾਂ ਵਿੱਚ ਚਪੜਾਸੀ ਦੀ ਪੋਸਟ ਵੀ ਘੱਟ ਈ ਹੁੰਦੀ ਸੀ ਮਾਸਟਰਾਂ ਤੇ ਮੈਡਮਾਂ ਭਾਵ ਭੈਣ ਜੀਆਂ ਨੂੰ ਪਾਣੀ ਤੇ ਚਾਹ ਦੀ ਸੇਵਾ ਵੀ ਬੱਚੇ ਹੀ ਕਰਦੇ ਸਨ। ਸਕੂਲਾਂ ਦੇ ਵਿੱਚ ਚਾਹ ਘੱਟ ਹੀ ਬਣਿਆਂ ਕਰਦੀ ਸੀ ਭਾਵ ਸਰਪੰਚ ਦੇ ਘਰੋਂ ਜਾਂ ਫਿਰ ਜੋ ਵੀ ਕੋਈ ਸਰਦਾ ਪੁਜਦਾ ਘਰ ਸਕੂਲ ਦੇ ਨੇੜੇ ਹੁੰਦਾ ਸੀ ਓਸੇ ਘਰੋਂ ਹੀ ਬੱਚੇ ਹੀ ਜਾ ਕੇ ਲੈ ਆਉਂਦੇ ਸਨ।ઠ
ਦੋਸਤੋ ਸਮੇਂ ਸਮੇਂ ਦੀ ਗੱਲ ਹੈ ਹੁਣ ਬਦਲੇ ਹਾਲਾਤਾਂ ਵਿੱਚ ਨਾ ਤਾਂ ਕੋਈ ਮਾਸਟਰ ਕਿਸੇ ਬੱਚੇ ਤੋਂ ਪਾਣੀ ਚਾਹ ਮੰਗਦਾ ਹੀ ਹੈ ਤੇ ਨਾ ਹੀ ਕੋਈ ਬੱਚਾ ਪਿਆਉਂਦਾ ਹੀ ਹੈ। ਕਿਸੇ ਬੱਚੇ ਨੂੰ ਝਿੜਕਨਾ ਆਪਣੇ ਆਪ ਆਫਤ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਕੋਈ ਮਾਸਟਰ ਗਲਤੀ ਨਾਲ ਕਿਸੇ ਬੱਚੇ ਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਬਦਲੀ ਦੀ ਤਿਆਰੀ ਜਾਂ ਫਿਰ ਮਾਸਟਰ ਜੀ ਨੂੰ ਰਾਹੇ ਬਗਾਹੇ ਕੁੱਟ ਦਿੱਤਾ ਜਾਂਦਾ ਹੈ।ਇਸ ਕਰਕੇ ਮਾਸਟਰ ਵੀ ਬਹੁਤ ਸਿਆਣੇ ਹੋ ਗਏ ਹਨ ਕੋਈ ਪਾਸ ਹੋਏ ਜਾਂ ਫੇਲ ਉਨ੍ਹਾਂ ਦਾ ਕੋਈ ਮਤਲਬ ਨਹੀਂ। ਕੋਈ ਕੋਈ ਵਿਰਲਾ ਬੱਚਾ ਹੀ ਮਾਸਟਰਾਂ ਜਾਂ ਮੈਡਮਾਂ ਦੀ ਇਜਤ ਮਾਨ ਕਰਦਾ ਹੈ। ਓਹ ਗੱਲ ਅਲਹਿਦਾ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਘੱਟ ਐਸੇ ਬੱਚੇ ਹਨ ਜੋ ਅੱਜ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਪਹਿਲੇ ਸਮਿਆਂ ਵਿੱਚ ਬਹੁਤ ਹੀ ਇਜਤ ਮਾਨ ਸਤਿਕਾਰ ਮਿਲਿਆ ਕਰਦਾ ਸੀ ਅਧਿਆਪਕਾਂ ਨੂੰ ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ।ਆਮ ਕਹਾਵਤ ਵੀ ਹੈ ਕਿ ਓਹਨਾਂ ਸਮਿਆਂ ਦੀਆਂ ਦਸ ਜਮਾਤਾਂ ਤੇ ਅਜੋਕੀ ਬੀ ਏ ਇੱਕ ਬਰਾਬਰ ਹੀ ਹਨ। ਬੇਸ਼ੱਕ ਪੈਸੇ ਦਾ ਪਸਾਰਾ ਘੱਟ ਸੀ ਪਰ ਪੜ੍ਹਾਈ ਪੱਖੋਂ ਖਰਚੇ ਪੱਖੋਂ ਇਜਤ ਮਾਨ ਸਤਿਕਾਰ ਪੱਖੋਂ ਓਹ ਵੇਲ਼ੇ ਹੁਣ ਵਾਲਿਆਂ ਸਮਿਆਂ ਨਾਲੋਂ ਕਈ ਗੁਣਾਂ ਚੰਗੇ ਸਨ। ਤਰੱਕੀ ਹੋਣੀ ਸਮੇਂ ਮੁਤਾਬਿਕ ਢਲਣਾ ਇਹ ਆਪਣੀ ਫਿਤਰਤ ਹੈ ਇਹ ਢਲਣਾ ਹੀ ਪੈਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਹੋ ਵੀ ਰਹੇ ਹਾਂ।ਪਰ ਓਹ ਬੀਤੇ ਸਮੇਂ ਕਦੇ ਕਦੇ ਜਿਹਨ ਦੇ ਵਿੱਚ ਆ ਜ਼ਾਂਦੇ ਨੇ ਇਸੇ ਲਈ ਹੀ ਇਹ ਗੱਲਾਂ ਪਾਠਕਾਂ ਦੇਸਤਾਂ ਮਿੱਤਰਾਂ ਨਾਲ ਕਰਨ ਨੂੰ ਦਿਲ ਕਰ ਆਉਂਦਾ ਹੈ।

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

ਇਨਸਾਨੀਅਤ ਪ੍ਰਤੀ ਦੋਹੇ - ਜਸਵੀਰ ਸ਼ਰਮਾਂ ਦੱਦਾਹੂਰ

ਬੰਦੇ ਨੂੰ ਹੀ ਸਮਝ ਲੈ ਬੰਦਾ, ਓਹ ਭੋਲੇ ਇਨਸਾਨ।
ਲੁਕਾਈ ਕਰੂ ਯਾਦ ਹਮੇਸ਼ਾਂ,ਜੇ ਬਣ ਜਾਏਂ ਪੁਰਸ਼ ਮਹਾਨ।।


ਬਾਣੀ ਦੇ ਵਿੱਚ ਹੈ ਲਿਖਿਆ, ਖੋਲ੍ਹ ਇਹਦਾ ਵਿਸਥਾਰ।
ਪੜ੍ਹਕੇ ਮਨ ਦੇ ਨਾਲ ਜੇ,ਦਿਲ ਵਿੱਚ ਕਰੇਂ ਵਿਚਾਰ।।


ਵਿੱਚ ਬਾਣੀ ਦੇ ਤਾਕਤ ਐਨੀ, ਸ਼ੈਤਾਨ ਨੂੰ ਪਾਵੇ ਰਾਹ।
ਖੁੰਝੇ ਹੋਏ ਇਨਸਾਨ ਨੂੰ, ਮੰਜ਼ਿਲ ਦੇਵੇ ਵਿਖਾ।।


ਗਣਕਾ ਸਦਨਾ ਕੌਡੇ ਸੱਜਣ,ਕਬੂਲੀ ਜਦ ਗੁਰਬਾਣੀ।
ਬਾਕੀ ਰਹਿੰਦੀ ਜ਼ਿੰਦਗੀ ਉਨ੍ਹਾਂ, ਨਾਲ ਖ਼ੁਸ਼ੀ ਦੇ ਮਾਣੀ।।


ਹੈਵਾਨ ਸ਼ੈਤਾਨੋਂ ਪਾਰਸ ਬਣਗੇ, ਹੋਰ ਵੀ ਕਈ ਸੀ ਬੰਦੇ।
ਬਾਣੀ ਦਾ ਲਿਆ ਓਟ ਆਸਰਾ, ਛੱਡ ਦੁਨਿਆਵੀ ਧੰਦੇ।।


ਚਾਨਣ ਮੁਨਾਰਾ ਮਾਨਵਤਾ ਲਈ, ਹੈ ਗੁਰੂਆਂ ਦੀ ਬਾਣੀ।
ਇਕੱਲੀ ਪੜ੍ਹਕੇ ਨਹੀਓਂ ਸਰਨਾ,ਮਨ ਵਿੱਚ ਪਊ ਵਸਾਣੀ।।


ਲੜ ਲੱਗੋ ਗੁਰਬਾਣੀ ਦੇ,ਸੰਤ ਮਹਾਤਮਾ ਕਹਿੰਦੇ।
ਲੋਹਿਓਂ ਪਾਰਸ ਬਣ ਜਾਂਦੇ,ਜੋ ਕਰ ਇਤਬਾਰ ਨੇ ਲੈਂਦੇ।।


ਮੁਨਾਖਿਆਂ ਨੂੰ ਵਿਖਾ ਦਿੰਦੀ,ਇਹ ਗੁਰਬਾਣੀ ਰਾਹ।
ਗੁੰਗਿਆਂ ਕੋਲੋਂ ਗੁਰੂਆਂ ਦੀ ਬਾਣੀ, ਸਲੋਕ ਹੈ ਦਿੰਦੀ ਪੜ੍ਹਾ।।


ਸੱਚੇ ਦਿਲੋਂ ਜੋ ਸਜਦਾ ਕਰਦੇ, ਲੈਣ ਸਦੀਵੀ ਸੁੱਖ।
ਖੁਸ਼ੀਆਂ ਦੇ ਵਿੱਚ ਬੀਤੇ ਜ਼ਿੰਦਗੀ, ਕਦੇ ਨਾ ਆਵੇ ਦੁੱਖ।।


ਦੱਦਾਹੂਰੀਆ ਜੇ ਲੜ ਲੱਗਜੇਂ,ਘਾਟ ਨਾ ਰਹਿਣੀ ਕੋਈ।
ਨਿੱਤਨੇਮੋਂ ਜੇ ਕਦੇ ਨਾ ਖੁੰਝੇਂ, ਦਰਗਾਹ ਮਿਲੂਗੀ ਢੋਈ।।


ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556

ਆਪ ਮੁਹਾਰਾ ਜੱਗ - ਜਸਵੀਰ ਸ਼ਰਮਾਂ ਦੱਦਾਹੂਰ

ਹੁੰਦੇ ਦਾਤੀ ਦੇ ਦੰਦੇ ਇੱਕ ਪਾਸੇ,
ਪਰ ਦੁਨੀਆਂ ਦੇ ਪਾਸੇ ਦੋ ਸੱਜਣਾਂ।
ਇਥੇ ਹੱਸਦਾ ਕੋਈ ਕੋਈ ਹੈ,
ਬਾਕੀ ਸਾਰੇ ਰਹੇ ਨੇ ਰੋ ਸੱਜਣਾਂ।
ਨਿੰਦਿਆ ਇੱਕ ਦੂਜੇ ਦੀ ਕਰ ਕਰ ਕੇ,
ਸੱਭ ਮੈਲ ਰਹੇ ਨੇ ਧੋ ਸੱਜਣਾਂ।
ਇਥੇ ਹੱਕ ਦੀ ਖਾਂਦਾ ਕੋਈ ਕੋਈ,
ਜ਼ਿਆਦਾ ਦੂਜਿਆਂ ਤੋਂ ਰਹੇ ਖੋਹ ਸੱਜਣਾਂ।
ਮਾਇਆ ਦੇ ਲਈ ਜਿਉਣ ਸਾਰੇ,
ਨਾ ਰੱਖੇ ਕੋਈ ਵੀ ਕਿਸੇ ਨਾ ਮੋਹ ਸੱਜਣਾਂ।
ਚੰਨ ਸੂਰਜ ਨੂੰ ਤੁੱਛ ਸਮਝਦੇ ਨੇ,
ਤੇ ਆਪਣੀ ਵੰਡਦੇ ਲੋਅ ਸੱਜਣਾਂ।
ਵੇਖ ਆਪਣਿਆਂ ਨੂੰ ਕੋਈ ਰਾਜੀ ਨਾ,
ਧਤੂਰਾ ਜੜ੍ਹਾਂ ਦੇ ਵਿੱਚ ਰਹੇ ਚੋਅ ਸੱਜਣਾ।
ਉਜਾਗਰ ਕਰਨ ਬੁਰਾਈ ਦੂਜੇ ਦੀ,
ਤੇ ਆਪਣੀ ਰਹੇ ਲਕੋ ਸੱਜਣਾ।
ਗੱਲ ਕਿਸੇ ਦੀ ਕੋਈ ਵੀ ਮੰਨਦਾ ਨਾ,
ਕਹਿੰਦੇ ਜਾਹ ਤੂੰ ਪਾਸੇ ਹੋ ਸੱਜਣਾਂ।
ਸਮਝੀ ਬੈਠੀ ਖ਼ਲਕਤ ਸਾਰੀ ਹੀ,
ਇਉਂ ਮਿਲਜੂ ਦਰਗਾਹ ਢੋਹ ਸੱਜਣਾਂ।
ਦੱਦਹੂਰੀਆ ਰੱਬ ਨੂੰ ਅਰਜ ਕਰੇ,
ਆ ਤੂੰ ਹੀ ਸਭਨਾਂ ਵਿੱਚ ਖਲੋ ਸੱਜਣਾਂ।


ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046

ਸਾਡਾ ਵਿਰਸਾ... ਪੁਰਾਤਨ ਪੰਜਾਬ ਨਾਲ ਹੀ ਮੀਨਾਕਾਰੀ ਯੁੱਗ ਦਾ ਵੀ ਹੋਇਆ ਅੰਤ - ਜਸਵੀਰ ਸ਼ਰਮਾਂ ਦੱਦਾਹੂਰ

ਬੇਸ਼ੱਕ ਅੱਜ ਅਸੀਂ ਬਹੁਤ ਅਗਾਂਹ ਵਧੂ ਭਾਵ ਇੱਕੀਵੀਂ ਸਦੀ ਵਿਚ ਪੈਰ ਧਰ ਲਿਆ ਹੈ ਤੇ ਬਹੁਤ ਜ਼ਿਆਦਾ ਤਰੱਕੀ ਦੀਆਂ ਪੌੜੀਆਂ ਚੜ੍ਹ ਗਏ ਹਾਂ ਤੇ ਅੱਗੋਂ ਵੀ ਇਹ ਰੁਝਾਨ ਦਿਨੋ-ਦਿਨ ਵਧਦਾ ਹੀ ਜਾਂਦਾ ਹੈ, ਪਰ ਜੇਕਰ  ਆਪਾਂ ਪੁਰਾਤਨ ਪੰਜਾਬ ਭਾਵ ਤਿੰਨ ਕੁ ਦਹਾਕੇ ਹੀ ਪਿੱਛੇ ਝਾਤੀ ਮਾਰੀਏ ਤਾਂ ਉਨ੍ਹਾਂ ਸਮਿਆਂ ਨੂੰ ਜ਼ੇਕਰ ਮੀਨਾਕਾਰੀ ਦਾ ਯੁੱਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ!
ਬੇਬੇ ਦੇ ਸੰਦੂਕ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਸ਼ੀਸ਼ਿਆਂ ਜੜਿਆ ਬੇਬੇ ਦੇ ਸੰਦੂਕ ਤੇ ਐਸੀ ਮੀਨਾਕਾਰੀ ਕੀਤੀ ਹੁੰਦੀ ਸੀ ਕਿ ਵੇਖਣ ਵਾਲੇ ਦੀਆ ਅੱਖਾਂ ਟੱਡੀਆ ਰਹਿ ਜਾਂਦੀਆਂ ਸਨ, ਛੋਟੇ ਛੋਟੇ ਸ਼ੀਸ਼ੇ ਪਿੱਤਲ ਦੀ ਝਾਲ ਵਾਲੀਆਂ ਸੁਨਿਹਰੀ ਭਾਅ ਮਾਰਦੀਆਂ ਤੇ ਸੁਨਿਹਿਰੇ ਹੀ ਕੋਕੇ ਜੜੇ ਹੁੰਦੇ ਸਨ ਜਿਸਨੂੰ ਵੇਖਕੇ ਵੇਖਣ ਵਾਲਾ ਓਸ ਕਾਰੀਗਰ ਨੂੰ ਦਾਦ ਦੇਣੋ ਨਹੀਂ ਸੀ ਰਹਿੰਦਾ! ਇਸੇ ਸੰਦੂਕ ਦੇ ਵਿੱਚ ਬੇਬੇ ਦਾ ਆਪਦਾ ਸਮਾਨ ਭਾਵ ਬਿਸਤਰੇ ਚਤੱਈਆਂ ਖੇਸ ਹੱਥੀਂ ਝੱਲਣ ਵਾਲੀਆ ਪੱਖੀਆਂ ਪੱਖੇ ਤੇ ਇਥੋਂ ਤੱਕ ਕਿ ਇਹੀ ਸੰਦੂਕ ਹੀ ਉਨ੍ਹਾਂ ਸਮਿਆਂ ਵਿਚ ਗੌਦਰੇਜ ਦੀ ਅਲਮਾਰੀ ਦੇ ਕੰਮ ਵੀਦਿੰਦੇ ਸੀ ਭਾਵ ਘਰ ਦੀ ਸਾਰੀ ਨਕਦੀ ਟੂੰਮਾਂ ਗਹਿਣੇ ਆਦਿ ਸਾਰੀਆਂ ਚੀਜ਼ਾਂ ਨੂੰ ਹੀ ਇਹ ਸੰਦੂਕ ਸੰਭਾਲਿਆ ਕਰਦੇ ਸਨ ਤੇ ਇਸੇ ਤਰ੍ਹਾਂ ਅੱਗੇ ਘਰ ਦੀਆਂ ਧੀਆਂ ਭੈਣਾਂ ਲਈ ਵੀ ਇਹੇ ਸੰਦੂਕ ਕੰਮ ਦਿੰਦੇ ਰਹੇ ਹਨ, ਸਮੇਂ ਦੇ ਬਦਲਾਅ ਨਾਲ ਜਿਸਤੀ ਪੇਟੀਆਂ ਗੌਦਰੇਜ ਤੇ ਹੁਣ ਪਤਾ ਨੀ ਕੀ-ਕੀ ਚੱਲ ਪਿਆ ਹੈ!
ਪੁਰਾਤਨ ਹਵੇਲੀਆਂ ਨੂੰ ਲੱਗੇ ਲੱਕੜ ਦੇ ਬਹੁਤ ਭਾਰੇ ਗੇਟਾਂ ਤੇ ਵੀ ਬਹੁਤ ਹੀ ਸੁੰਦਰ ਕਿਸਮ ਦੇ ਡਿਜ਼ਾਇਨ ਪਾਕੇ ਆਕਰਸ਼ਿਤ ਮੀਨਾਕਾਰੀ ਕੀਤੀ ਹੁੰਦੀ ਸੀ,ਜੋ ਹੁਣ ਅਲੋਪ ਹੀ ਹੋ ਰਹੀ ਹੈ, ਹਾਂ ਕਿਸੇ ਕਿਸੇ ਪੁਰਾਣੇ ਬਜ਼ੁਰਗਾਂ ਨੇ ਆਪਣੀਆਂ ਵੇਸ਼ ਕੀਮਤੀ ਵਿਰਸੇ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਹਾਲੇ ਵੀ ਆਪਣੇ ਜਿਉਂਦੇ ਜੀਅ ਸੰਭਾਲ ਕੇ ਰੱਖਿਆ ਹੋਇਆ ਹੈ, ਕਿਸੇ ਕਿਸੇ ਵਿਰਲੇ ਪਿੰਡ ਚ ਇਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ! ਇਹ ਉੱਪਰੋਕਤ ਗੱਲਾਂ ਤਾਂ ਉਨ੍ਹਾਂ ਸਮਿਆਂ ਦੇ ਬਹੁਤ ਹੀ ਮਿਹਨਤੀ ਕਾਰੀਗਰਾਂ ਦੀਆਂ ਮਿਹਨਤੀ ਨਿਸ਼ਾਨੀਆਂ ਸਨ ਜੋ ਉਨ੍ਹਾਂ ਦੀ ਕੀਤੀ ਹੋਈ ਮਿਹਨਤ ਦੀ ਹਾਮ੍ਹੀ ਭਰਦੀਆਂ ਹਨ! ਇਸ ਤੋਂ ਇਲਾਵਾ ਉਨ੍ਹਾਂ ਸਮਿਆਂ ਵਿੱਚ ਸਾਡੀਆਂ ਮਾਵਾਂ ਦਾਦੀਆਂ ਜਾਂ ਕਹਿ ਲਈਏ ਕਿ ਧੀਆਂ ਭੈਣਾਂ ਵੀ ਕਿਸੇ ਕਹਿੰਦੇ ਕਹਾਉਂਦੇ ਕਾਰੀਗਰ ਤੋਂ ਘੱਟ ਨਹੀਂ ਸਨ, ਕਿਉਂਕਿ ਘਰੇਲੂ ਚੁੱਲ੍ਹੇ ਚੌਂਕੇ, ਹਾਰਿਆਂ, ਭਾਂਡਿਆਂ ਵਾਲੀਆਂ ਪੜਛੱਤੀਆਂ ਨੂੰ ਐਸੀ ਮੀਨਾਕਾਰੀ ਕਰਦੀਆਂ ਸਨ, ਤੇ ਵਿਹੜੇ ਵਿੱਚ ਵੀ ਗੋਹਾ ਮਿੱਟੀ ਫੇਰਦੀਆਂ ਸਨ ਕਿ ਹੱਦੋਂ ਵੱਧ ਸਫ਼ਾਈ ਹੋਇਆ ਕਰਦੀ ਸੀ, ਉਨ੍ਹਾਂ ਸਮਿਆਂ ਵਿਚ ਅਕਸਰ ਹੀ ਕਿਹਾ ਜਾਂਦਾ ਸੀ ਕਿ ਭਾਵੇਂ ਭੁੰਜੇ ਰੱਖਕੇ ਖਾ ਲਈਏ  ਭਾਵ ਸਿਰਫ ਸਫ਼ਾਈ ਤੋਂ ਹੀ ਸੀ ਕਿ ਬਹੁਤ ਹੀ ਸਚਿਆਰਾ ਕੰਮ ਕੀਤਾ ਜਾਂਦਾ ਰਿਹਾ ਹੈ! ਪਰ ਹੁਣ ਇਹ ਸੱਭ ਗੱਲਾਂ ਬੀਤੇ ਦੀਆਂ ਯਾਦਾਂ ਤੇ ਬਾਤਾਂ ਹੋ ਕੇ ਰਹਿ  ਗਈਆਂ ਹਨ, ਅਜੋਕੇ ਬਦਲੇ ਸਮੀਕਰਣਾਂ ਮੁਤਾਬਕ ਹੁਣ ਇਨ੍ਹਾਂ ਗੱਲਾਂ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਬਹੁਤ ਅਗਾਂਹ ਵਧੂ ਤੇ ਅਮੀਰੀ ਦੀ ਝਲਕ ਵਾਲੇ ਹੋ ਗਏ ਹਾਂ, ਪਰ ਸਾਡਾ ਅਸਲੀ ਵਿਰਸਾ ਤਾਂ ਇਹੀ ਸੀ! ਹੁਣ ਤਾਂ ਹੋਰ ਹੀ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਗ?ੇ ਹਨ! ਜੇਕਰ ਕਹਿ ਲਈਏ ਕਿ ਹੁਣ ਪੁਰਾਤਨ ਮੀਨਾਕਾਰੀ ਯੁੱਗ ਦਾ ਅੰਤ ਹੋ ਗਿਆ ਹੈ ਤਾਂ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ!

ਜਸਵੀਰ ਸ਼ਰਮਾਂ ਦੱਦਾਹੂਰ 94176 22046
ਸ਼੍ਰੀ ਮੁਕਤਸਰ ਸਾਹਿਬ

23 March 2019

23 ਤੋਂ 30 ਦਸੰਬਰ ਸ਼ਹੀਦੀ ਹਫਤੇ ਤੇ - ਜਸਵੀਰ ਸ਼ਰਮਾ ਦੱਦਾਹੂਰ

ਵਾਰਿਆ ਪਰਿਵਾਰ ਦਾਤਿਆ,
ਇਕ ਹਫਤੇ ਵਿਚਕਾਰ ਦਾਤਿਆ,
ਸ਼ਾਹ ਹੈਂ ਅਸਵਾਰ ਦਾਤਿਆ,
ਤੂੰ ਹੀ ਸਿੱਖ ਕੌਮ ਦਾ!
ਭੁੱਲ ਗਏ ਹਾਂ ਵਾਅਦਾ ਅਸੀਂ ਤਾਂ,ਬੋਲ ਪੁਗਾਉਣ ਦਾ,,,ਭੁੱਲ, ,,


ਲਾਲ ਦੋ ਨੀਹੀਂ ਚਿਣਾਏ,
ਦੋ ਤੁਸੀਂ ਸਰਹੰਦ ਭਿਜਵਾਏ,
ਬਾਪੂ ਜੀ ਦਿੱਲੀ ਘਲਾਏ,
ਦਿਲ ਨਾ ਡੁਲਾਇਆ ਤੁਸੀਂ--
ਕੌਮ ਰਹੇ ਚੜ੍ਹਦੀ ਕਲਾ ਵਿਚ,
ਫਰਜ਼ ਨਿਭਾਇਆ ਤੁਸੀਂ,,,,,ਕੌਮ,,


ਪਾਪੀਆਂ ਕਹਿਰ ਕਮਾਇਆ,
ਮਾਂ ਨੂੰ ਠੰਡੇ ਬੁਰਜ ਚ ਪਾਇਆ,
ਪਰ ਉਨਾਂ ਬੋਲ ਪੁਗਾਇਆ,
ਸਿਦਕ ਤੋਂ ਡੋਲੇ ਨਹੀਂ----
ਜਾਮ ਸ਼ਹੀਦੀ ਪੀਤਾ,
ਮੂੰਹੋਂ ਕੁਝ ਬੋਲੇ ਨਹੀਂ,,,,ਜਾਮ,,,


ਸਰਬੰਸ ਵਾਰ ਕਰੀ ਕਮਾਲ,
ਮਿਲਦੀ ਨਹੀਂ ਕੋਈ ਮਿਸਾਲ,
ਭਾਵੇਂ ਲੱਖ ਕਰੀਏ ਭਾਲ,
ਐਸੀ ਵਿਚ ਜਹਾਨ ਦੇ---
ਭੁੱਲ ਗਏ ਕੁਰਬਾਨੀ ਤੁਹਾਡੀ,
ਮੌਜਾਂ ਹਾਂ ਮਾਣਦੇ,,,,ਭੁੱਲ,,,


ਦਿਲ ਦੀ ਗੱਲ ਦਿਲ ਵਿਚ ਰਹਿਗੀ,
ਕੌਮ ਪੁੱਠੇ ਵਹਿਣੀ ਵਹਿ ਗਈ,
ਸੱਚੀ ਗੱਲ ਲਿਖਣੀ ਪੈ ਗਈ,
ਸਵਾਰਥੀ ਹੋ ਗਏ ਹਾਂ----
ਭੁੱਲ ਗਏ ਉਪਕਾਰ ਤੁਹਾਡੇ,
ਆਪੇ ਵਿਚ ਖੋਹ ਗਏ ਹਾਂ,,,ਭੁੱਲ,,,


ਸਿੱਧੇ ਰਾਹ ਕੌਮ ਪਈ ਨਾ,
ਅਪਣਾਈ ਤੁਹਾਡੀ ਸੋਚ ਗਈ ਨਾ,
ਸਿੱਖਾਂ ਕੋਈ ਸੇਧ ਲਈ ਨਾ,
ਸੱਚੀ ਗੱਲ ਕਹੀਏ ਜੀ----
ਕਹਿੰਦਾ ਹੈ ਦੱਦਹੂਰੀਆ,
ਤਾਹੀਏਂ ਦੁਖੀ ਰਹੀਏ ਜੀ,,,ਕਹਿੰਦਾ,,,,


ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

23 Dec. 2018

ਇਕ ਮਸ਼ਵਰਾ - ਜਸਵੀਰ ਸ਼ਰਮਾਂ ਦੱਦਾਹੂਰ

ਸਿਰ ਤੇ ਆਈਆਂ ਪੰਚਾਇਤੀ ਚੋਣਾਂ!
ਇਹਨਾਂ ਈਂ ਪੇਂਡੂ ਵਿਕਾਸ ਕਰਾਉਣਾਂ!
ਪਾਰਟੀਬਾਜੀ  ਚੋਂ   ਨਿਕਲੋ  ਦੋਸਤੋ,
ਆਪਸ ਵਿਚ ਹੈ ਪਿਆਰ ਵਧਾਉਣਾਂ!
ਸਰਬਸੰਮਤੀਆਂ   ਹੋਣ ਜਰੂਰੀ,
ਸੱਭ ਨੇ ਦਿਲੋਂ ਇਹ ਫਰਜ਼ ਨਿਭਾਉਣਾਂ!
ਨਸ਼ਿਆਂ  ਦਾ  ਜੋ  ਕਰੇ   ਖਾਤਮਾ,
ਐਸਾ ਕੋਈ ਸਰਪੰਚ ਬਣਾਉਣਾਂ!
ਪੰਜ ਸਾਲ ਬਾਅਦ ਸਮਾਂ ਥਿਆਇਆ,
ਜਲਦੀ ਇਹ ਫਿਰ ਹੱਥ ਨੀ ਆਉਣਾਂ!
ਭਾਈਚਾਰਾ ਵੀ ਕਾਇਮ ਹੈ ਰੱਖਣਾਂ,
ਅਜਾਈਂ ਨੀ ਇਹ ਵਕਤ ਗਵਾਉਣਾਂ!
ਵਿਤਕਰਾ ਕਿਸੇ ਦੇ ਨਾਲ ਨੀ ਕਰਨਾ,
ਬੁਲੰਦੀਆਂ ਉੱਤੇ ਪਿੰਡ ਪਚਾਉਣਾਂ!
ਸ਼ਹਿਰੀ ਸਹੂਲਤਾਂ ਪਿੰਡਾਂ ਚ ਹੋਵਣ,
ਇਸਤੇ  ਪੂਰਾ  ਜੋਰ   ਲਗਾਉਣਾਂ!
ਬੱਚਾ ਨਾ ਕੋਈ ਅਨਪੜ੍ਹ ਰਹਿਜੇ,
ਗੌਰ ਇਸ ਗੱਲ ਤੇ ਫਰਮਾਉਣਾਂ!
ਕੋਈ ਮਾੜਾ ਕਹਿਜੇ ਸੌ ਵਾਰ ਭਾਵੇਂ,
ਕਦੇ ਵੀ ਬਿਲਕੁਲ ਨਹੀਂ ਘਬਰਾਉਣਾਂ!
ਆਪਦਾ ਬਿਲਕੁਲ ਛੱਡਣਾ ਨਾਹੀਂ,
ਹੱਕ ਕਿਸੇ ਦਾ ਨਹੀਂ ਹਥਿਆਉਣਾਂ!
ਕਹੇ ਦੱਦਾਹੂਰੀਆ ਗੌਰ ਇਹ ਕਰਲੋ,
ਨਹੀਂ ਦੂਜੀ ਵਾਰ ਕਿਸੇ ਸਮਝਾਉਣਾਂ!


ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046

16 Dec. 2018

ਪਿਆਰ ਵਧਾਈਏ - ਜਸਵੀਰ ਸ਼ਰਮਾ ਦੱਦਾਹੂਰ

ਆਓ  ਦੋਸਤੋ ਪਿਆਰ ਵਧਾਈਏ!
ਗਿਲੇ ਤੇ ਸ਼ਿਕਵੇ ਸੱਭ ਭੁੱਲ ਜਾਈਏ!
ਕੀ   ਲੈਣੈ   ਮੂੰਹ   ਮੋਟੇ  ਕਰ   ਕਰ,
ਇਕ   ਦੂਜੇ ਨੂੰ   ਗਲੇ   ਲਗਾਈਏ!
ਖਾਣੈ  ਸੱਭ  ਨੇ   ਆਪੋ   ਆਪਣਾ,
ਮਨਾਂ  ਚ  ਕਾਹਤੋਂ  ਦੂਰੀਆਂ ਪਾਈਏ!
ਜ਼ਿੰਦਗੀ  ਮਿਲੀ  ਹੈ ਬਹੁਤ ਕੀਮਤੀ,
ਭੰਗ  ਦੇ  ਭਾੜੇ  ਨਾ   ਗਵਾਈਏ!
ਭਲਾ  ਜੇ  ਕਿਸੇ  ਦਾ  ਕਰ ਨੀ ਸਕਦੇ,
ਕਦੇ  ਨਾ  ਕਿਸੇ  ਦਾ  ਬੁਰਾ ਤਕਾਈਏ!
ਡਿਗਦੈ  ਜੇ  ਕੋਈ  ਖੂਹ  ਖਾਤੇ ਵਿਚ,
ਆਓ  ਬਾਹੋਂ   ਫੜ੍ਹ   ਬਚਾਈਏ!
ਕਿਸੇ  ਨੇ  ਇਥੋਂ  ਕੀ   ਲੈ   ਜਾਣੈ?
ਕਾਹਤੋਂ   ਐਵੇਂ    ਵੰਡੀਆਂ ਪਾਈਏ?
ਆਪੋ  ਆਪਣੇ  ਕਰਮ  ਭੁਗਤੀਏ,
ਕਿਸੇ  ਨੂੰ  ਦੱਸੋ  ਕਿਉਂ  ਸਤਾਈਏ?
ਗਵਾਂਢੀ  ਦੇ  ਘਰ  ਗਮ ਜੇ ਕੋਈ,
ਆਓ  ਰਲਮਿਲ  ਦੁੱਖ  ਵੰਡਾਈਏ!
ਦੁੱਖ  ਵੰਡਾਇਆਂ  ਘਟ  ਹੈ  ਜਾਣਾ,
ਫਰਜ਼  ਸਮਝ  ਕੇ ਦੁੱਖ ਘਟਾਈਏ!
ਜੇ  ਖੁਸ਼ੀ  ਨੂੰ  ਦੂਣਾ  ਚੌਣਾ  ਕਰਨੈ,
ਭੰਗੜੇ ਪਾਈਏ  ਖੁਸ਼ੀ ਮਨਾਈਏ!
ਜਾਤਾਂ ਪਾਤਾਂ  ਵਿਚ  ਕੀ  ਰੱਖਿਐ?
ਮਨੁੱਖਤਾ ਵਾਲਾ ਫਰਜ਼ ਨਿਭਾਈਏ!
ਜੇ ਬੀਮਾਰੀ ਕਿਸੇ ਤੇ ਪੈ ਜਾਏ ਭਾਰੀ,
ਆਓ  ਉਸਨੂੰ    ਗਲੇ  ਲਗਾਈਏ!
ਹਨੇਰੇ  ਪਿੱਛੋਂ   ਚਾਨਣ   ਆਉਂਦਾ,
ਕਦੇ  ਨਾ  ਇਹੇ  ਗੱਲ  ਭੁਲਾਈਏ!
ਦੱਦਾਹੂਰੀਆ ਜ਼ਿੰਦਗੀ  ਦੇ  ਵਿੱਚ,
ਗੱਲਾਂ  ਸਾਰੇ   ਇਹ ਅਪਣਾਈਏ!

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046

26 Oct. 2018