'ਚਿੱਟਾ ਕੋਟ' - ਮੇਜਰ ਸਿੰਘ 'ਬੁਢਲਾਡਾ
'ਡਾਕਟਰ' ਸਹਿਬਾਨਾਂ ਦਾ ਚਿੱਟਾ ਕੋਟ,
ਸਚਾਈ ਤੇ ਸਫ਼ਾਈ ਦਾ ਪ੍ਰਤੀਕ ਹੈ।
ਇਸ ਤੇ ਧੱਬੇ ਲੱਗਣ ਨਾ ਦਿੰਦੇ,
ਜਿਸਦੀ ਸੱਚ ਨਾਲ ਪ੍ਰੀਤ ਹੈ।
ਉਂਝ ਤਾਂ ਚਿੱਟਾ ਹੁੰਦਾ ਸਭ ਨੇ ਪਾਇਆ।
ਕਿਸੇ ਇਮਾਨ ਰੱਖਿਆ,ਕਿਸੇ ਵਪਾਰ ਬਣਾਇਆ।
ਕਿਸੇ ਨੇ ਇਸ ਨੂੰ ਹੈ ਚਮਕਾਇਆ।
ਕਿਸੇ ਨੇ ਮਰੀਜ਼ ਦੇ ਖ਼ੂਨ 'ਚ ਰੰਗਾਇਆ।
ਮੇਜਰ ਸਿੰਘ 'ਬੁਢਲਾਡਾ'
94176 42327
'ਗ੍ਰੰਥ' ਤੇ 'ਪੰਥ' ਨੂੰ ਰੋਲ਼ ਦਿੱਤਾ' - ਮੇਜਰ ਸਿੰਘ ਬੁਢਲਾਡਾ
ਸਿੱਖੀ ਭੇਸ ਵਿੱਚ ਸਿੱਖੀ ਵਿਰੋਧੀਆਂ ਨੇ,
ਕੀਤਾ ਸਿੱਖੀ ਦਾ ਬਹੁਤ ਨੁਕਸਾਨ ਯਾਰੋ!
ਗੁਰਮਤਿ ਤੋਂ ਕੋਰੇ ਸਿੱਖ ਸਾਧ ਬਾਬਿਆਂ ਨੇ,
ਐਸੇ ਜਾਲ਼ ਫਸਾਏ ਸਿੱਖ ਅਣਜਾਣ ਯਾਰੋ!
ਇਤਿਹਾਸ ਮਿਥਿਹਾਸ ਦੀ ਸਮਝ ਖੋ ਬੈਠੇ,
ਗੁਰਬਾਣੀ ਤੇ ਦਿੰਦੇ ਨਹੀਂ ਧਿਆਨ ਯਾਰੋ!
ਬਹੁਤੇ ਫਸ ਗਏ ਵਿੱਚ ਪਖੰਡੀਆਂ ਦੇ,
ਕੋਈ ਪਤਾ ਨਹੀਂ ਕੀ ਗੁਰੂ ਫੁਰਮਾਨ ਯਾਰੋ!
ਕੱਚੇ ਪਿੱਲੇ ਪੂਜਦੇ ਫਿਰਨ ਮਟੀਆਂ,
ਪਾਕੇ ਗਾਤਰੇ ਨਾਲ ਸ਼ਾਨ ਯਾਰੋ।
ਰਹਿੰਦੀ ਕਸਰ ਕੁਰਸੀ ਲਈ ਲੀਡਰਾਂ ਨੇ,
ਮੇਜਰ 'ਗ੍ਰੰਥ' ਤੇ 'ਪੰਥ' ਨੂੰ ਰੋਲ਼ ਦਿੱਤਾ।
ਸੋਸ਼ਲ ਮੀਡੀਏ ਤੇ ਅਖੌਤੀ ਆਗੂਆਂ ਦਾ,
ਸੱਚ - ਝੂਠ ਕੱਲ੍ਹਾ ਕੱਲ੍ਹਾ ਫਰੋਲ ਦਿੱਤਾ।
ਮੇਜਰ ਸਿੰਘ ਬੁਢਲਾਡਾ
94176 42327
'ਅਕਾਲ ਤਖ਼ਤ' ਮਹਾਨ ਹੈ ਕਿ...? - ਮੇਜਰ ਸਿੰਘ 'ਬੁਢਲਾਡਾ
'ਅਕਾਲ ਤਖ਼ਤ' ਮਹਾਨ ਹੈ,ਕਿ 'ਬਾਦਲ ਦਲ਼' ?
ਹੁਣ ਪਤਾ ਲੱਗ ਜਾਉ ਸ਼ਰੇ ਬਜ਼ਾਰ ਸਿੱਖੋ।
ਕੌਣ ਅਕਾਲ ਤਖ਼ਤ ਨਾਲ ਖੜ੍ਹਦਾ,ਕੌਣ ਬਾਦਲਾਂ ਨਾਲ?
ਹੁਣ ਹੋ ਜਾਵੇਗਾ ਜੱਗ ਜ਼ਾਹਰ ਸਿੱਖੋ।
ਕੌਣ ਤਖ਼ਤੋਂ ਆਏ ਹੁਕਮਨਾਮਿਆਂ ਨੂੰ ਮੰਨਦਾ ਹੈ,
ਕੌਣ ਹੁਕਮਨਾਮਿਆਂ ਤੋਂ ਹੁੰਦਾ ਬਾਹਰ ਸਿੱਖੋ।
ਅਕਾਲੀ ਦਲ ਦੀ ਭਰਤੀ ਹੋਣ ਲੱਗ ਪਈ,
ਇਹਨੇ ਦੇਣਾ ਦੁੱਧੋ ਪਾਣੀ ਨਿਤਾਰ ਸਿੱਖੋ।
ਇਹ ਹੁਣ ਸਿੱਖ ਪੰਥ ਨੇ ਦੇਖਣਾ ਹੈ,
ਦੋਹਾਂ ਵਿੱਚੋਂ ਹੈ ਕੌਣ ਮਹਾਨ ਸਿੱਖੋ?
ਆਕਾਲ ਤਖ਼ਤ ਦੀ ਜਾ ਬਾਦਲ ਦਲ਼ ਦੀ,
ਤੁਸੀਂ ਕਿਸਦੀ ਰੱਖਣੀ ਉੱਚੀ ਸ਼ਾਨ ਸਿੱਖੋ!
ਮੇਜਰ ਸਿੰਘ 'ਬੁਢਲਾਡਾ'
94186 42327
'ਰੋਲਕੇ ਰੱਖਤੀ ਸ਼ਾਨ' - ਮੇਜਰ ਸਿੰਘ ਬੁਢਲਾਡਾ
ਜਿਹੜਾ ਦੁਨੀਆਂ ਭਰ ਦੇ ਸਿੱਖਾਂ ਲਈ,
'ਅਕਾਲ ਤਖ਼ਤ' ਹੈ ਬੜਾ ਮਹਾਨ ਯਾਰੋ।
ਸਿਰਫ਼ ਕੁਰਸੀ ਖਾਤਿਰ 'ਬਾਦਲਕਿਆਂ ਨੇ,
ਇਸਦੀ ਰੋਲਕੇ ਰੱਖਤੀ ਸ਼ਾਨ ਯਾਰੋ।
ਸਿੱਖੀ ਦਾ ਦੁਸ਼ਮਣ ਨਹੀਂ ਕਰ ਸਕਿਆ,
ਜਿਨ੍ਹਾਂ ਕੀਤਾ ਇਹਨਾਂ ਨੁਕਸਾਨ ਯਾਰੋ।
ਲੋਕੋ ਖਹਿੜਾ ਛੱਡ ਗੁਰੂ ਦੋਖੀਆਂ ਦਾ,
ਮੁੜ ਸਿੱਖੀ ਨੂੰ ਕਰੋ ਬਲਵਾਨ ਯਾਰੋ।
94176 42327
ਸ਼ਹੀਦੀ ਦਿਵਸ਼ ਤੇ ਵਿਸ਼ੇਸ਼ - ਜੈ ਸਿੰਘ ਖਲ਼ਖਟ' -ਮੇਜਰ ਸਿੰਘ ਬੁਢਲਾਡਾ
'ਮੁਗਲ ਮਾਜਰਾ' ਨਿਵਾਸੀ ਬਾਬਾ ਜੈ ਸਿੰਘ ਖਲ਼ਖਟ,
ਜਿਸਨੇ 'ਸਿੱਖੀ' ਖਾਤਰ ਸ਼ਹੀਦੀ ਜ਼ਾਮ ਪੀਤਾ।
ਦੁਨੀਆਂ ਦਾ ਚੌਥਾ ਸੂਰਵੀਰ ਮਹਾਨ ਯੋਧਾ,
ਜਿਸਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ।
ਪਤਨੀ ਧੰਨ ਕੌਰ ਸਮੇਤ ਦੋਵੇਂ ਬੱਚਿਆਂ ਨੂੰ,
ਮੇਜਰ ਜ਼ਾਲਮਾਂ ਕੋਹਲੂ ਦੇ ਵਿੱਚ ਪੀੜ ਦਿੱਤਾ।
ਪਿਛੋਂ ਪਤਾ ਲੱਗਣ ਤੇ ਸਿੱਖ ਯੋਧਿਆਂ ਨੇ,
'ਮੁਗਲ ਮਾਜਰੇ' ਦਾ ਦਿੱਤਾ ਨਾਮੋ ਨਿਸ਼ਾਨ ਮਿਟਾ।
ਇਸ ਮਗਰੋਂ ਪੰਥ ਦੇ ਠੇਕੇਦਾਰਾਂ ਨੇ,
ਨਾ ਬਣਦਾ ਮਾਨ ਸਤਿਕਾਰ ਦਿੱਤਾ।
ਇਸ ਮਹਾਨ ਯੋਧੇ ਦੀ ਕੁਰਬਾਨੀ ਨੂੰ,
ਮੇਜਰ ਬੇਕਦਰਾਂ ਨੇ ਵਿਸਾਰ ਦਿੱਤਾ।
ਮੇਜਰ ਸਿੰਘ ਬੁਢਲਾਡਾ
94176 42327
ਮਹਿਲਾ ਦਿਵਸ ਤੇ ਵਿਸ਼ੇਸ਼
ਬਣੋ ਫੁੱਲਾਂ ਤੋਂ ਤੁਸੀਂ ਖਾਰ ਨੀ ਕੁੜੀਓ!
ਰੋਕਣ ਲਈ ਛੇੜ-ਛਾੜ ਨੀ ਕੁੜੀਓ!
ਹੁਣ ਰਹੋ ਨਾ ਬਣਕੇ ਚਿੜੀਆਂ ਤੁਸੀਂ,
ਦਿਓ ਬਾਜਾਂ ਨੂੰ ਲਲਕਾਰ ਨੀ ਕੁੜੀਓ!
ਵਿਗੜੇ-ਤਿਗੜੇ ਪਾ ਨੀਵੀਆਂ ਲੰਘਣ,
ਐਸਾ ਕਰੋ ਵਿਵਹਾਰ ਨੀ ਕੁੜੀਓ!
ਜਿੰਦਗੀ ਮਾਣੋ ਹੱਕ ਹੈ ਪੂਰਾ,
ਹਮੇਸ਼ਾ ਰਹੋ ਹਸ਼ਿਆਰ ਨੀ ਕੁੜੀਓ!
ਐਸਾ ਕਦਮ ਨਾ ਚੁੱਕੋ ਕੋਈ,
ਹੋਣਾ ਪੈ ਜੇ ਸ਼ਰਮਸ਼ਾਰ ਨੀ ਕੁੜੀਓ!
ਕੋਈ ਨਾ ਚਾਹੁੰਦਾ ਉਹਨਾਂ ਤਾਂਈ,
ਜੋ ਹੋ ਜੇ ਬਦਕਾਰ ਨੀ ਕੁੜੀਓ!
ਲ਼ੋਕ ਉਹਨਾਂ ਤੇ ਮਾਣ ਨੇ ਕਰਦੇ,
ਜੀਹਦਾ ਸੁੱਚਾ ਕਿਰਦਾਰ ਨੀ ਕੁੜੀਓ!
ਮੇਜਰ ਖੁਸ਼ ਰਹੋ ਸਦਾ ਮੌਜਾਂ ਮਾਣੋ,
ਹਰ ਚਾਹੁੰਦਾ ਸਮਝਦਾਰ ਨੀ ਕੁੜੀਓ!
ਮੇਜਰ ਸਿੰਘ ਬੁਢਲਾਡਾ
94176 42327
'ਗੁਰੂ ਰਵਿਦਾਸ ਜੀ ਦੀ ਪੱਗ ਵਾਲੀ ਤਸਵੀਰ ਦਾ ਮਸਲਾ' - ਮੇਜਰ ਸਿੰਘ ‘ਬੁਢਲਾਡਾ’
ਵੇਖਣ ਵਿੱਚ ਆ ਰਿਹਾ ਹੈ, ਰਵਿਦਾਸੀਆ ਸਮਾਜ ਦੇ ਕੁਝ ਕੁ ਲੋਕ ਗੁਰੂ ਰਵਿਦਾਸ ਜੀ ਦੀ ਪੱਗ ਵਾਲੀ ਫੋਟੋ ਤੇ ਇਤਰਾਜ਼ ਕਰਦੇ ਹਨ। ਜਦੋਂ ਕਿ ਸਿਆਣੇ ਲੋਕ ਇਹ ਜਾਣਦੇ ਹਨ ਕਿ, ਕਿਸੇ ਦੇ ਸਿਰ ਤੋਂ ਦਸਤਾਰ ਲਾਹੁਣੀ/ਲਹਾਉਣੀ ਉਸ ਦਾ ਅਪਮਾਨ ਕਰਨਾ ਹੁੰਦਾ ਅਤੇ ਕਿਸੇ ਦੇ ਸਿਰ ਤੇ ਦਸਤਾਰ ਸਜਾਉਣੀ ‘ਸਨਮਾਨ’ ਕਰਨਾ ਹੁੰਦਾ ਹੈ।
ਪੱਗ ਬੰਨਣ ਦਾ ਰਿਵਾਜ਼ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਹੈ, ਇਸੇ ਕਰਕੇ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਪੱਗ ਦਾ ਜ਼ਿਕਰ ਕੀਤਾ ਹੈ।
'ਬੰਕੇ ਬਾਲ ਪਾਗ ਸਿਰਿ ਡੇਰੀ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥659॥
ਇਹ ਜ਼ਿਕਰ ਤਦ ਹੀ ਹੋਇਆ ਜੇ ਉਸ ਸਮੇਂ ਲੋਕ ਪੱਗ ਬੰਨਦੇ ਹੁੰਦੇ ਸੀ।
ਸਿੱਖ ਧਰਮ ਅੰਦਰ ਹਰ ਇਕ ਸਿੱਖ ਲਈ ਪੱਗ ਬੰਨਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਗੈਰ ਸਿੱਖਾਂ ਨੂੰ ਵੱਖ ਵੱਖ ਪ੍ਰੋਗਰਾਮਾਂ ਤੇ ਪੱਗ (ਦਸਤਾਰ) ਨਾਲ ਸਨਮਾਨ ਕੀਤਾ ਆਮ ਵੇਖਿਆ ਜਾ ਸਕਦਾ ਹੈ।ਇਸ ਤੋਂ ਅਗਲੀ ਗੱਲ, ਗੁਰੂ ਰਵਿਦਾਸ ਜੀ ਦੀਆਂ ਤਿੰਨ ਕੁ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ, ਜਿਸ ਵਿੱਚ ਇੱਕ ਨੰਗੇ ਸਿਰ ਕੇਸਾਂ ਵਾਲੀ , ਦੂਜੀ ਗਿੱਚੀ ਤੇ ਜੂੜੇ ਵਾਲੀ,ਤੀਜੀ ਪੱਗ ਵਾਲੀ। ਇਹਨਾਂ ਵਿਚੋਂ ਅਸਲੀ ਕੋਈ ਵੀ ਨਹੀਂ ਹੈ ਅਤੇ ਨਾ ਹੀ ਉਸ ਵਕਤ ਦੇ ਹੋਰ ਮਹਾਂਪੁਰਖਾਂ ਦੀਆਂ ਫੋਟੋਆਂ ਅਸਲ ਹਨ। ਫਿਰ ਵੀ ਅਣਜਾਣੇ ਵਿੱਚ ਕੁਝ ਲੋਕ ਪੱਗ ਵਾਲੀ ਫੋਟੋ ਦਾ ਬਿਨਾਂ ਵਜ੍ਹਾ ਵਿਰੋਧ ਕਰਦੇ ਵੇਖੇ ਜਾ ਸਕਦੇ ਹਨ, ਜ਼ੋ ਕਿ ਹੋਣਾ ਨਹੀਂ ਚਾਹੀਦਾ। ਵਿਰੋਧ ਤਾਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਹੋ ਰਹੇ ਕਰਮਕਾਂਡਾਂ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਬਹੁਤੇ ਥਾਈਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਗੁਰਦੁਆਰਿਆਂ,ਮੰਦਰਾਂ ‘ਤੇ ਡੇਰਿਆ ਵਿਚ ਹੋ ਰਹੇ ਹਨ।
ਵਿਰੋਧ ਤਾਂ ਛੱਡੋ, ਜਥੇਬੰਦੀਆਂ ਬੇਨਤੀ ਕਰਨ ਵੀ ਨਹੀਂ ਜਾਂਦੀਆਂ ਕਿ ਗੁਰੂ ਜੀ ਦੇ ਅਸਥਾਨਾਂ ਤੇ ਗੁਰੂ ਜੀ ਦੀ ਸੋਚ ਮੁਤਾਬਿਕ ਹੀ ਕਾਰਜ ਹੋਣੇ ਚਾਹੀਦੇ ਹਨ। ਇਥੋ ਤੱਕ ਗੁਰੁ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਕੀਤੀ ਗਈ, ਜਿਸਦਾ ਕਿਸੇ ਜਥੇਬੰਦੀ ਨੇ ਵਿਰੋਧ ਨਹੀਂ ਕੀਤਾ ਅਤੇ ਨਾ ਕੋਈ ਚਾਰਾਜੋਈ ਕੀਤੀ ਗਈ ਲਗਦੀ "ਕਿ ਬਾਬਾ ਜੀ ਇੰਝ ਨਾ ਕਰੋ।" ਜਿਸ ਦਾ ਜ਼ਿਕਰ ਮੈਂ ਆਪਣੇ ਲੇਖ ਵਿਚ ਪਹਿਲਾਂ ਕਰ ਚੁੱਕਾਂ ਹਾਂ।
ਅਗਲੀ ਗੱਲ, ਗੁਰੂ ਰਵਿਦਾਸ ਜੀ ਇਕੱਲੇ ਚਮਾਰਾਂ ਦਾ ਗੁਰੂ ਨਹੀਂ ਹਨ, ਇਸ ਮਹਾਂਪੁਰਸ਼ ਨੇ ਇਕੱਲੇ ਚਮਾਰਾਂ ਲਈ ਸੰਘਰਸ਼ ਨਹੀਂ ਕੀਤਾ, ਬਲਕਿ ਸਾਰੇ ਮਜ਼ਲੂਮ ਲੋਕਾਂ ਦੇ ਲਈ ਹੱਕ ਸੱਚ ਦੀ ਅਵਾਜ਼ ਬੁਲੰਦ ਕੀਤੀ ਸੀ। ਜਿਸ ਕਰਕੇ ਚਮਾਰਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਅਣਗਿਣਤ ਲੋਕ ਵੀ ਗੁਰੂ ਰਵਿਦਾਸ ਜੀ ਦਾ ਸਤਿਕਾਰ ਕਰਦੇ ਹਨ ਅਤੇ ਇਸਨੂੰ ਮੰਨਦੇ ਹਨ।
ਇਸ ਤੋਂ ਅਗਲੀ ਗੱਲ 20ਵੀਂ ਸਦੀ ਦੇ ਸਾਡੇ ਗੈਰ ਸਿੱਖ ਰਹਿਬਰਾਂ ਨੇ ਵੀ ਦਸਤਾਰਾਂ ਸਜਾਈਆਂ ਹਨ। ਜਿਵੇਂ ਕਿ ਜੋਤੀ ਰਾਓ ਫੂਲੇ ਜੀ, ਡਾ.ਭੀਮ ਰਾਓ ਅੰਬੇਡਕਰ ਜੀ,ਅਤੇ ਬਾਬੂ ਕਾਂਸ਼ੀ ਰਾਮ ਜੀ ਨੂੰ ਤਾਂ ਕਈ ਵਾਰ ਦਸਤਾਰ ਸਜਾਈ ਗਈ ਅਤੇ ਕਿਰਪਾਨ ਭੇਟ ਕੀਤੀ ਗਈ। ਡਾ.ਭੀਮ ਰਾਓ ‘ਅੰਬੇਡਕਰ’ ਜੀ ਤਾਂ ਖੁਦ੍ਹ “ਵਿਸਾਖੀ ਵਾਲੇ ਦਿਨ 1936 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ ਵਿਚ, ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਸੀ । ਇਸ ਤੋਂ ਇਲਾਵਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਚੱਲ ਰਹੇ ਲਗਭਗ ਪੰਜਾਬ ਦੇ ਸਾਰੇ ਡੇਰਿਆਂ ਦੇ ਮੁਖੀ ਸੰਤ ਦਸਤਾਰਾਂ ਬੰਨਦੇ ਹਨ। ਪੰਜਾਬ ਵਿੱਚ ਵੱਡੀ ਤਦਾਦ ਵਿੱਚ ਰਵਿਦਾਸੀਆ ਭਾਈਚਾਰੇ ਦੇ ਲੋਕ ਸਿੱਖ ਧਰਮ ਨਾਲ ਵੀ ਜੁੜੇ ਹੋਏ ਹਨ, ਜ਼ੋ ਕਿ ਸਾਰੇ ਦਸਤਾਰਾਂ ਬੰਨਦੇ ਹਨ। ਸਾਡੇ ਦਿਮਾਗ ਵਿੱਚ ਗੁਰੂ ਜੀ ਦੀ ਕਾਲਪਨਿਕ ਫੋਟੋ ਨਹੀਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਹੋਣੀ ਤੇ ਦਿਸਣੀ ਚਾਹੀਦੀ ਹੈ। ਫਿਰ ਹੀ ਗੁਰੂ ਦੇ ਵਾਰਸ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ।
ਮੇਜਰ ਸਿੰਘ ‘ਬੁਢਲਾਡਾ’
94176-42327
'ਪਹਿਲਾ ਮਹਾਨ ਯੋਧਾ' - ਮੇਜਰ ਸਿੰਘ ਬੁਢਲਾਡਾ
'ਚਮਾਰ' ਕੌਮ ਦਾ ਪਹਿਲਾ ਮਹਾਨ ਯੋਧਾ,
ਜਿਸਨੇ ਕਾਂਸ਼ੀ ਵਿੱਚ ਜਨਮ ਧਾਰਿਆ ਸੀ।
ਜਿਸਦਾ 'ਰਵਿ' ਜਿਹਾ ਮੁੱਖ ਵੇਖ ਮਾਪਿਆਂ ਨੇ,
ਨਾਮ ਰਵਿਦਾਸ ਰੱਖ ਪੁਕਾਰਿਆ ਸੀ।
ਜਿਸ ਸਿਸਟਮ ਨੇ ਬਹੁਗਿਣਤੀ ਕਿਰਤੀਆਂ ਨੂੰ,
ਪੈਰਾਂ ਹੇਠ ਬੁਰੀ ਤਰਾਂ ਲਿਤਾੜਿਆ ਸੀ।
ਨਹੀਂ ਦਿੱਕਤ ਸੀ ਕੁੱਤਿਆਂ ਬਿੱਲਿਆਂ ਤੋਂ,
ਇਨਸਾਨਾਂ ਨੂੰ ਨੀਚ ਕਹਿਕੇ ਦੁਰਕਾਰਿਆ ਸੀ।
ਉਸ ਅਨਿਆਂ ਵਿਰੁੱਧ ਡਟਕੇ ਸੰਘਰਸ਼ ਕਰਿਆ,
ਦੁੱਖ ਮਜ਼ਲੂਮਾਂ ਦਾ ਨਾ ਗਿਆ ਸਹਾਰਿਆ ਸੀ।
ਮੇਜਰ 'ਮਨੂੰਵਾਦ' ਦੇ ਵੱਡੇ ਗੜ੍ਹ ਅੰਦਰ ,
ਮਨੂੰਵਾਦੀ ਸਿਸਟਮ ਨੂੰ ਲਲਕਾਰਿਆ ਸੀ।
ਮੇਜਰ ਸਿੰਘ ਬੁਢਲਾਡਾ
94176 42327
'ਸ਼ੇਰਨੀ ਦਾ ਦੁੱਧ' - ਮੇਜਰ ਸਿੰਘ ਬੁਢਲਾਡਾ
"ਸਿੱਖਿਆ ਸ਼ੇਰਨੀ ਦਾ ਦੁੱਧ ਹੈ,
ਜੋ ਪੀਵੇਗਾ ਉਹ ਦਹਾੜੇਗਾ।"
'ਜਿਸਦਾ ਮਤਲਬ ਜਿਸ ਕੋਲ ਸਿਖਿਆ,
ਉਹ 'ਅਨਿਆਂ' ਨੂੰ ਲਲਕਾਰੇ ਗਾ।
ਐਪਰ ਵੇਖਣ ਦੇ ਵਿੱਚ ਆ ਰਿਹਾ,
ਜਿਹਨਾਂ ਇਹ ਦੁੱਧ ਰੱਜਕੇ ਪੀਤਾ ਹੈ।
ਉਹ ਆਪਣੇ ਨਿੱਜੀ ਹਿੱਤਾਂ ਲਈ,
ਬੈਠਾ ਹਾਕਮ ਅੱਗੇ ਚੁੱਪ ਚਪੀਤਾ ਹੈ।
ਇਹ ਸ਼ੇਰਨੀ ਦਾ ਦੁੱਧ ਪੀਕੇ ,
ਫਿਰ ਵੀ ਰਹਿੰਦਾ ਡਰਦਾ ਹੈ।
ਇਸਨੂੰ ਹਾਕਮ ਜੋ ਕਹਿੰਦਾ ਹੈ,
ਬਿਨ ਦਹਾੜੇ ਓਹੀ ਕਰਦਾ ਹੈ।
ਸ਼ੇਰਨੀ ਦਾ ਦੁੱਧ ਪੀਣ ਵਾਲਿਆਂ ਦੀ,
ਹੈ ਗਿਣਤੀ ਬੇਅੰਤ ਲੱਖਾਂ ਹੀ।
ਤੁਸੀਂ ਲੰਮੀ ਨਿਗਾਹ ਮਾਰ ਲਵੋ,
ਦਹਾੜਨ ਵਾਲੇ ਥੋੜ੍ਹੇ ਜਿਹੇ ਮਸਾਂ ਹੀ।
ਇਹ ਕਥਨ ਗ਼ਲਤ ਸਾਬਤ ਕਰ ਦਿੱਤਾ,
'ਮੇਜਰ' ਵੇਖ ਲਓ ਬਹੁਤੇ ਲੋਕਾਂ ਨੇ,
'ਸ਼ੇਰਨੀ ਦਾ ਦੁੱਧ' ਪੀ ਜਿਹਨਾਂ ਦਹਾੜਨਾ ਸੀ।
ਉਹ ਫਿਰਦੇ ਮਾਰਦੇ ਮੋਕਾਂ ਨੇ।
ਮੇਜਰ ਸਿੰਘ ਬੁਢਲਾਡਾ
94176 42327
'ਗਾਥਾ' - ਮੇਜਰ ਸਿੰਘ ਬੁਢਲਾਡਾ
'ਨਿਹੰਗ ਖਾਨ ਅਤੇ ਬੀਬੀ ਮੁਮਤਾਜ'
ਜਦ 'ਬਚਿੱਤਰ ਸਿੰਘ' ਜ਼ਖ਼ਮੀ ਹੋ ਗਿਆ,
ਦਿੱਤਾ 'ਨਿਹੰਗ ਖਾਨ' ਦੇ 'ਕਿਲੇ' ਪਹੁੰਚਾ।
ਜੋ ਮੁਰੀਦ ਸੀ 'ਗੁਰੂ ਗੋਬਿੰਦ ਸਿੰਘ' ਦਾ,
ਜਿਸਦਾ 'ਗੁਰੂ' ਨਾਲ ਸੀ ਪ੍ਰੇਮ ਅਥਾਹ।
ਕੀਤੀ ਕਿਸੇ ਸੂਹੀਏ ਨੇ ਮੁਖ਼ਬਰੀ,
ਲਿਆ 'ਕਿਲੇ' ਨੂੰ ਘੇਰਾ ਪਾ।
'ਨਿਹੰਗ ਖਾਨ' ਨੇ ਧੀ 'ਮੁਮਤਾਜ' ਨੂੰ
'ਸਿੰਘ' ਦੀ ਸੇਵਾ ਦੇ ਵਿੱਚ ਲਾ।
ਇਕ ਕਮਰੇ ਅੰਦਰ ਬਿਠਾਕੇ
ਦਿੱਤਾ ਅੰਦਰੋਂ ਕੁੰਡਾ ਲਵਾ।
ਪੁਲਿਸ ਨੇ ਸਾਰਾ 'ਕਿਲ੍ਹਾ' ਫਰੋਲਤਾ,
ਕਿਤੋਂ ਕੁਝ ਵੀ ਨਾ ਮਿਲ਼ਿਆ।
ਇਕ ਬੰਦ ਕਮਰੇ ਨੂੰ ਵੇਖਕੇ,
'ਨਿਹੰਗ ਖਾਨ' ਨੂੰ ਪੁੱਛਿਆ ਬੁਲਾਅ।
ਫਿਰ 'ਨਿਹੰਗ ਖਾਨ' ਨੇ ਦੱਸਿਆ,
ਤੁਸੀਂ ਵੇਖ ਲਓ ਭਾਵੇਂ ਜਾ।
ਇਥੇ ਮੇਰੀ 'ਧੀ' ਅਤੇ 'ਦਾਮਾਦ' ਹੈ,
ਉਹ ਰਹੇ ਨੇ ਆਰਾਮ ਫ਼ਰਮਾ।
ਕਰ ਯਕੀਨ 'ਨਿਹੰਗ ਖਾਨ' ਤੇ,
ਫਿਰ ਹੋਈ ਪੁਲਿਸ ਵਿਦਾ।
'ਮੁਮਤਾਜ' ਦੇ ਬੋਲ ਕੰਨਾਂ ਵਿਚ ਪੈ ਗਏ,
ਉਹਨੇ ਮਨ ਵਿਚ ਧਾਰ ਲਿਆ।
ਮੰਨ ਲਿਆ 'ਪਤੀ' ਬੱਚਿਤਰ ਸਿੰਘ ਨੂੰ,
ਕਹਿੰਦੀ "ਨਹੀਂ ਕਰਾਉਣਾ ਹੋਰ ਨਿਕਾਹ।"
ਕੁੱਝ ਦਿਨਾਂ ਬਾਅਦ ਬੱਚਿਤਰ ਸਿੰਘ ਜੀ,
ਇਹ ਦੁਨੀਆਂ ਤੋਂ ਤੁਰ ਗਿਆ।
ਇਕ ਦਿਨ ਘਰੇ 'ਨਿਹੰਗ ਖਾਨ' ਨੇ,
ਮੁਮਤਾਜ ਦੇ ਵਿਆਹ ਦੀ ਕਰੀ ਸਲਾਹ।
'ਮੁਮਤਾਜ' ਨੇ ਝੱਟ 'ਪਿਤਾ' ਨੂੰ ਆਖਿਆ,
"ਨਹੀਂ ਕਰਾਉਣਾ ਦੂਜਾ ਵਿਆਹ।
ਤੁਸੀਂ ਭੁੱਲ ਗਏ ਉਦੇਂ ਕੀ ਸੀ ਆਖਿਆ?"
ਦਿੱਤਾ ਪਿਤਾ ਨੂੰ ਯਾਦ ਕਰਾ।
"ਹੁਣ ਮੈਂ ਏਦਾਂ ਹੀ ਉਮਰ ਗੁਜਾਰਨੀ,
ਇਹ ਜਿੰਦਗੀ ਉਸਦੇ ਦਿੱਤੀ ਲੇਖੇ ਲਾ।"
'ਮੁਮਤਾਜ' ਪੱਕੀ ਰਹੀ ਸਿਦਕ ਦੀ,
ਜੋ ਗਈ ਆਪਣੇ ਬੋਲ ਪੁਗਾ।
ਲੋਕੀ ਉਸਦੀ ਯਾਦਗਾਰ 'ਤੇ ਜਾਕੇ,
ਮੇਜਰ ਰਹੇ ਨੇ ਸੀਸ ਨਿਵਾਅ
ਲੋਕ ਰਹੇ ਨੇ ਸੀਸ ਨਿਵਾਅ...।
ਮੇਜਰ ਸਿੰਘ ਬੁਢਲਾਡਾ
94176 42327
ਸ਼ਹੀਦ ਬੀਬੀ ਸ਼ਰਨ ਕੌਰ' - ਮੇਜਰ ਸਿੰਘ 'ਬੁਢਲਾਡਾ'
ਪਿੰਡ 'ਰਾਏਪੁਰ ਰਾਣੀ' ਤੋਂ ਬੀਬੀ 'ਸ਼ਰਨ ਕੌਰ'
ਸੀ ਬੜੀ ਦਲੇਰ 'ਤੇ ਤੇਜ਼ ਤਰਾਰ ਲੋਕੋ।
ਚਮਕੌਰ ਗੜ੍ਹੀ 'ਚ ਪਏ ਲਾਵਾਰਿਸ ਸ਼ਹੀਦਾਂ ਦਾ,
ਜਿਸਨੇ ਕੀਤਾ ਸੀ ਆਪ ਦੇਹ ਸਸਕਾਰ ਲੋਕੋ।
ਪਹੁੰਚ ਮੈਦਾਨੇ ਸ਼ਹੀਦ ਇੱਕ ਥਾਂ ਕਰ ਇਕੱਠੇ,
ਸਭਨਾਂ ਨੂੰ ਅਗਨੀ ਦਿੱਤੀ ਨਾਲ ਸਤਿਕਾਰ ਲੋਕੋ।
ਹੱਕੀ ਬੱਕੀ ਰਹਿ ਗਈ ਮੁਗ਼ਲ ਫੌਜ ਸਾਰੀ,
ਨਿੱਕਲੇ ਭਾਂਬੜਾਂ ਤੋਂ ਮੱਚ ਗਈ ਹਾਹਾਕਾਰ ਲੋਕੋ।
ਮੁਗ਼ਲ ਫੌਜਾਂ ਨੇ ਆਣਕੇ ਪਾ ਲਿਆ ਘੇਰਾ,
ਜਿਉਂਦੀ ਨੂੰ ਬੰਨ ਸੁੱਟਿਆ ਅੱਗ ਵਿਚਕਾਰ ਲੋਕੋ।
ਇੰਝ ਬੀਬੀ 'ਸ਼ਰਨ ਕੌਰ' ਵੀ ਸ਼ਹੀਦ ਹੋ ਗਈ,
'ਮੇਜਰ' ਸ਼ਹੀਦਾਂ ਨੂੰ ਸਿੱਜਦਾ ਕਰੇ ਵਾਰ ਵਾਰ ਲੋਕੋ।
ਮੇਜਰ ਸਿੰਘ 'ਬੁਢਲਾਡਾ'
9417642327