Maninder Singh Mani

ਪੰਜਾਬ ਕੌਣ ਵੇਖੇ - ਮਨਿੰਦਰ ਸਿੰਘ "ਮਨੀ"

ਨਸ਼ਿਆਂ ਚ ਅੱਜ ਖੁਰਦਾ ਪੰਜਾਬ ਕੌਣ ਵੇਖੇ।
ਮਾਵਾਂ ਦੀਆਂ ਅੱਖਾਂ ਵਿੱਚ ਸੈਲਾਬ ਕੌਣ ਵੇਖੇ॥
ਭੁੱਖਮਰੀ, ਤੰਗ ਹਾਲੀ ਚ ਜੀ ਰਿਹਾ ਬਸ਼ਰ।
ਕਿਨ੍ਹੇ, ਕਿੰਜ ਕੀ ਲੁੱਟਿਆ ਹਿਸਾਬ ਕੌਣ ਵੇਖੇ॥

ਪੁਰਾਣਾ ਚਲਨ ਬਲਾਤਕਾਰੀ ਨੂੰ ਪੂਜਣਾ।
ਵਾਸਨਾ ਦੀ ਅੱਗ ਅੱਗੇ ਹਿਜਾਬ ਕੌਣ ਵੇਖੇ॥
ਮਜ਼੍ਹਬ ਭੁੱਲ ਜਾਂਦੇ ਨੇ ਲੋਕੀਂ ਮੈਖ਼ਾਨੇ ਅੰਦਰ।
ਫੇਰ ਗੁਰੂਆਂ, ਫ਼ਕੀਰਾਂ ਦਾ ਤਾਬ ਕੌਣ ਵੇਖੇ॥

ਮੁੜ ਆਉਣ ਬੱਚੇ, ਬੁੱਢੇ ਮਾਪੇ ਤਰਲੇ ਲੈਂਦੇ।
ਬੇਗਾਨੇ ਮੁਲਕੋਂ ਜਾਣ ਦਾ ਖ਼ਾਬ ਕੌਣ ਵੇਖੇ॥
ਲੋਕੀ ਕਰ ਚੋਰੀ ਵਿਆਹ ਪਰਦੇਸੀ ਹੋ ਜਾਂਦੇ |
ਪਿੱਛੇ ਰੋਂਦੇ ਧੀਆਂ ਪੁੱਤਾ ਦੇ ਅਜ਼ਾਬ ਕੌਣ ਵੇਖੇ ||

ਹੱਥੀਂ ਬੰਦੂਕਾਂ, ਚਾਕੂ, ਛੁਰੀਆਂ ਚੁੱਕੀ ਫਿਰਦੇ ਨੇ।
ਸ਼ੈਤਾਨ ਤੋਂ ਬੰਦਾ ਬਣਾਉਂਦੀ ਕਿਤਾਬ ਕੌਣ ਵੇਖੇ॥
ਚਿਹਰੇ ਉੱਤੇ ਚਿਹਰੇ ਲਗਾ ਘੁੰਮੇ ਦੁਨੀਆਂ |
ਡਰੇ ਸਾਰੇ, ਦੂਜੇ ਦਾ ਹਟਾ ਨਕਾਬ ਕੌਣ ਵੇਖੇ |

ਲਿਖਣ ਵਾਲੇ ਲਿਖ ਲਿਖ ਵਰਕੇ ਭਰਦੇ ਨੇ |
ਸੱਚ ਲਿਖਿਆ ਜਾਂ ਨਹੀਂ ਕਿਤਾਬ ਕੌਣ ਵੇਖੇ ||
ਲਹਿੰਦੇ ਚੜ ਦੇ ਪਾਸੇ ਵੈਰੀ ਹੋਏ ਫਿਰਦੇ ਨੇ।
ਸਮੇਂ ਦੀ ਮਾਰ ਦਾ ਮਾਰਾ ਪੰਜਾਬ ਕੌਣ ਵੇਖੇ॥

ਮਨਿੰਦਰ ਸਿੰਘ "ਮਨੀ"
ਮੌਲਿਕ ਰਚਨਾ
9216210601

"ਪੱਗ" - ਮਨਿੰਦਰ ਸਿੰਘ "ਮਨੀ"

ਪੱਗ ਲੱਥੀ ਅੱਜ, ਵਿੱਚ ਗੁਰੁਦੁਵਾਰੇ |
ਸਿੱਖ ਸਿੱਖ ਨੂੰ ਹੀ, ਗੁਰੂ ਘਰ ਚ ਮਾਰੇ ||
ਮਾਵਾਂ-ਭੈਣਾਂ ਦੀਆਂ ,ਅੱਜ ਤਾਂ ਦੇਣ ਗਾਲ੍ਹਾਂ |
ਸਿਆਸੀ ਹੋ ਬਾਬੇ, ਚਲਦੇ ਪਏ ਚਾਲਾਂ ||

ਕਿਰਪਾਨਾਂ, ਬੰਦੂਕਾਂ, ਲਹਿਰਾਉਂਦੇ ਨੇ |
ਆਪਣਾ ਜ਼ੋਰ ਬਾਬੇ, ਵੀ ਵਿਖਾਉਂਦੇ ਨੇ ||
ਦਿਲਾਂ ਅੰਦਰ ਬਾਬੇ, ਮੈਲ ਭਰੀ ਬੈਠੇ |
ਮਾਇਆ ਦਾ ਧਿਆਨ, ਸਭ ਕਰੀ ਬੈਠੇ ||

ਬੰਨ੍ਹ ਬੱਕਰੇ ਨੂੰ, ਵੇਖ ਝਟਕਾਉਂਦੇ |
ਖਲੋ ਭੀੜ ਵਿੱਚ, ਸ਼ੇਰ ਅਖਵਾਉਂਦੇ ||
ਝੂਠੀ ਸੱਚੀ ਗੱਲ, ਚ ਭਟਕਾਉਂਦੇ ਨੇ |
ਵਹਿਮਾਂ ਭਰਮਾਂ, ਵਿੱਚ ਫਸਾਉਂਦੇ ਨੇ ||

ਡੇਰੇ ਆਪਣੇ ਹੀ, ਬਣਾ ਬਾਬੇ ਬੈਠੇ ਨੇ |
ਰਿਵਾਜ਼ ਆਪਣੇ, ਚਲਾ ਬਾਬੇ ਬੈਠੇ ਨੇ ||
ਵਿਦੇਸ਼ੀ ਧਰਤ, ਆਉਂਦੇ ਜਾਉਂਦੇ ਨੇ |
ਕਬੂਤਰਬਾਜ਼ੀ, ਵੀ ਆਜਮਾਉਂਦੇ ਨੇ ||

ਦੀਵਾਨ ਸਾਰੇ ਹੀ, ਵੱਡੇ ਸਜਾਉਂਦੇ ਨੇ |
ਵੱਡੀ ਗੱਡੀਆਂ ਚ, ਬੈਠ ਕੇ ਆਉਂਦੇ ਨੇ ||
ਨਾਨਕ ਦੀਆਂ ਗੱਲਾਂ, ਵਿਸਾਰ ਬੈਠੇ ਨੇ |
ਪਾਖੰਡ ਦਿਲਾਂ ਵਿੱਚ, ਉਤਾਰ ਬੈਠੇ ਨੇ ||

ਵੇਖ ਜ਼ੁਲਮ ਨੂੰ, ਚੁੱਪ ਹੀ ਰਹਿੰਦੇ ਨੇ |
ਭੋਰਿਆਂ ਚ ਸਭ, ਲੁਕ ਕੇ ਬਹਿੰਦੇ ਨੇ ||
ਦਿੰਦੇ ਦਾਤ ਪੁੱਤਾ ਦੀ, ਰਾਖ ਝੋਲੀ ਪਾ |
ਮਿਲਦੇ ਵੀਜ਼ੇ ਅੱਜ, ਨਾਖ ਝੋਲੀ ਪਾ ||

ਵੋਟ ਬੈਂਕ ਬਣੇ, ਨੇ ਸਿਆਸਤ ਲਈ |
ਸ਼ਸਤਰ ਧਾਰੇ, ਨੇ ਸ਼ਰਾਰਤ ਲਈ ||
ਮਰੇ ਬਿਨਾਂ ਗਤ, ਮਿਲੇ ਨਾ ਮੇਰੇ ਵੀਰੋ |
ਠੱਗੀ ਉਸ ਅੱਗੇ, ਚੱਲੇ ਨਾ ਮੇਰੇ ਵੀਰੋ ||

ਅਰਦਾਸ ਨਾਲ, ਕਿਰਤ ਕਰੋ ਭਾਈ |
ਵਾਹਿਗੁਰੂ ਦਾ ਹੀ, ਧਿਆਨ ਧਰੋ ਭਾਈ ||

ਮਨਿੰਦਰ ਸਿੰਘ "ਮਨੀ"
ਮੌਲਿਕ ਰਚਨਾ, ਲੁਧਿਆਣਾ, ਪੰਜਾਬ
9216210601