Raminder Faridkoti

ਮਸਾਂਦ - ਰਮਿੰਦਰ ਫਰੀਦਕੋਟੀ

ਕਿਰਨ ਦੇ ਵਿਆਹ ਦਾ ਦਿਨ ਬੰਨ੍ਹਣ ਵਾਸਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬੁਲਾਵਾ ਭੇਜਿਆ। ਸੇਵਾ ਸਿੰਘ ਜੋ ਕਿ ਸਾਰਿਆਂ ਤੋਂ ਵੱਧ ਪੜ੍ਹਿਆ-ਲਿਖਿਆ ਸੀ, ਦਿਨ ਤਹਿ ਕਰ ਰਿਹਾ ਸੀ। ਚਲੋ ਸਲਾਹ ਮਸ਼ਵਰਾ ਕੀਤਾ ਕਿ ਐਤਵਾਰ ਦਾ ਦਿਨ ਰੱਖ ਦਿੰਦੇ ਹਾਂ। ਸਾਰਿਆਂ ਨੂੰ ਸੌਖਾ ਹੋ ਜਾਵੇਗਾ ਕਿਉਂਕਿ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਹੈ। ਸਾਰੇ ਰਲਕੇ ਚਾਈਂ-ਚਾਈਂ ਵਿਆਹ ਦੇਖ ਲੈਣਗੇ। ਸਾਹਾ ਚਿੱਠੀ ਭੇਜਣ ਦੀ ਤਿਆਰੀ ਹੀ ਸੀ, ਸੇਵਾ ਸਿੰਘ ਇਕਦਮ ਬੋਲਿਆ, 'ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਇਸ ਤਾਂ ਮਸਾਂਦ ਐ ਭਾਈ।' ਮਹੀਨੇ ਦਾ ਆਖ਼ਰੀ ਦਿਨ। ਇਹ ਦਿਨ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ। ਮੇਜਰ ਦਾ ਬੈਠੇ ਬੈਠੇ ਦਾ ਹਾਸਾ ਨਿਕਲ ਗਿਆ। ਸ਼ਾਇਦ ਸੋਚ ਰਿਹਾ ਸੀ ਤੂੰ ਤਾਂ ਪੜ੍ਹ ਲਿਖ ਕੇ ਖੂਹ 'ਚ ਪਾਤੀਆਂ ਸੇਵਾ ਸਿਆਂ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929


29 Jan. 2018

ਨੂਰ - ਰਮਿੰਦਰ ਫਰੀਦਕੋਟੀ

ਨੂਰ ਪਿਤਾ ਜੀ ਕੋਲ ਆਈ ਤੇ ਕਹਿਣ ਲੱਗੀ, 'ਮੇਰਾ ਅੱਜ ਜਨਮ ਦਿਨ ਹੈ' ਪਰ ਮੇਜਰ ਸਿੰਘ ਨੇ ਬੇਟੀ ਦੀ ਗੱਲ ਵੱਲ ਕੋਈ ਧਿਆਨ ਜਿਹਾ ਨਹੀਂ ਦਿੱਤਾ। ਸਮਾਂ ਬੀਤਦਾ ਗਿਆ ਤੇ ਅਗਲੇ ਸਾਲ ਮੇਜਰ ਦੇ ਲਾਡਲੇ ਪੁੱਤਰ ਦਾ ਜਨਮ ਦਿਨ ਸੀ। ਕਹਿਣ ਲੱਗਾ ਪੁੱਤਰ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਵਾਂਗੇ। ਪੈਲੇਸ ਬੁੱਕ ਕੀਤਾ ਤੇ ਸਾਰੇ ਰਿਸ਼ਤੇਦਾਰ ਤੇ ਨਜ਼ਦੀਕੀ ਹੁੰਮ-ਹੁੰਮਾ ਕੇ ਪਹੁੰਚੇ। ਕੇਕ ਕੱਟਣ ਦੀ ਰਸਮ ਹੋ ਰਹੀ ਸੀ ਪਰ ਨੂਰ ਵਿਚਾਰੀ ਇੱਕ ਕੋਨੇ ਵਿੱਚ ਉਦਾਸ ਜਿਹੀ ਖਲੋਤੀ ਸੀ। ਮੇਜਰ ਸਿੰਘ ਨੇ ਪੁੱਛਿਆ ਧੀਏ ਤੂੰ ਏਥੇ ਚੁੱਪ-ਚਾਪ ਕਿਉਂ ਖਲੋਤੀ ਏਂ? ਤੇਰੇ ਵੀਰ ਦਾ ਅੱਜ ਜਨਮ ਦਿਨ ਐ।'' ਬਾਪ ਦੇ ਗਲ ਜਾ ਲੱਗੀ ਤੇ ਹੰਝੂਆਂ ਦੇ ਵਹਿਣੀ ਵਹਿ ਤੁਰੀ ਪਰ ਵਿਚਾਰੀ ਤੋਂ ਮੂੰਹੋਂ ਬੋਲਿਆ ਕੁਝ ਨਹੀਂ ਗਿਆ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929
29 Jan. 2018

ਮੌਤ ਦਾ ਸੌਦਾਗਰ - ਰਮਿੰਦਰ ਫਰੀਦਕੋਟੀ

ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ ਖੇਤ ਜ਼ਮੀਨ ਵਾਹੁਣ ਗਿਆ ਹੈ ਵਿਹਲੜਾ। ਏਨੇ ਨੂੰ ਨੱਥਾ ਨਹਾ ਕੇ ਗੁਸਲਖਾਨੇ ਵਿੱਚੋਂ ਬਾਹਰ ਨਿਕਲਿਆ। ਨੱਥੇ ਨੂੰ ਜਾਣੀ ਚਾਅ ਜਿਹਾ ਚੜ੍ਹ ਗਿਆ ਪੁਰਾਣੇ ਮਿੱਤਰ ਨੂੰ ਦੇਖ ਕੇ। ਬਲਦੇਵ ਨੇ ਹਾਸੇ ਨਾਲ ਕਿਹਾ ਮੈਂ ਤਾਂ ਸੋਚਿਆ ਸੀ ਤੂੰ ਕਿਤੇ ਰੱਬ ਨੂੰ ਪਿਆਰਾ ਹੋ ਗਿਆ ਹੋਵੇਂਗਾ ਹੁਣ ਤੱਕ। ਬਥੇਰੀ ਉਮਰ ਭੋਗ ਲਈ ਹੁਣ ਤਾਂ। ਬਸ ਗੱਲ ਹਾਸੇ ਠੱਠੇ ਵਿੱਚ ਪੈ ਗਈ। ਹੁਣ ਭਰਜਾਈ ਨੇ ਵੀ ਸੇਵਾ ਸ਼ੁਰੂ ਕਰ ਦਿੱਤੀ ਮਖੌਲੀਏ ਦਿਓਰ ਦੀ। ਅਗਲੀ ਸੁਭਾ ਸਵੇਰੇ ਮਨ ਨੂੰ ਝੰਜੋੜਨ ਵਾਲੀ ਖ਼ਬਰ ਸੀ ਬਲਦੇਵ ਦੀ ਮੌਤ ਦੀ। ਨੱਥੇ ਨੇ ਠੰਢਾ ਸਾਹ ਭਰਿਆ ਤੇ ਸੋਚਣ ਲੱਗਾ ਵਾਹ ਓਏ ਜਿਗਰੀ ਯਾਰਾ ਤੂੰ ਤਾਂ ਮੇਰੀ ਵਾਰੀ ਲੈ ਗਿਐਂ ਮੌਤ ਦਿਆ ਸੌਦਾਗਰਾ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

5 Jan 2018

ਸੰਨਾਟਾ - ਰਮਿੰਦਰ ਫਰੀਦਕੋਟੀ

ਹਰਮੀਤ ਵੱਡੇ ਭਰਾ ਦਾ ਲਾਡਲਾ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ, 'ਵੀਰ ਜੀ ਅੱਜ 31 ਦਸੰਬਰ ਹੈ ਤੇ ਨਵਾਂ ਸਾਲ ਚੜ੍ਹਨ ਵਾਲਾ ਹੈ। ਸਾਰੇ ਰਲਕੇ ਪਾਰਟੀ ਦਾ ਪ੍ਰਬੰਧ ਕਰਦੇ ਹਾਂ। ਵੱਡੇ ਭਰਾ ਨੇ ਸੋਚਿਆ ਪਾਰਟੀ ਨਾਲ ਕੁਝ ਸਕੂਨ ਮਿਲ ਜਾਊ ਇਸ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ। ਚਲੋ ਬੁਲਾਵਾ ਦੇ ਦਿੱਤਾ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ। ਸਾਰੇ ਨਵੇਂ ਸਾਲ ਦੀ ਪਾਰਟੀ ਵਿੱਚ ਮਗਨ ਸਨ। ਜਦੋਂ ਸਾਰੇ ਨੱਚ ਟੱਪ ਰਹੇ ਸਨ ਤਾਂ ਹਰਮੀਤ ਦਾ ਧਿਆਨ 80 ਸਾਲਾ ਦਾਦੀ ਜੀ ਤੇ ਪਿਆ। ਦਾਦੀ ਦੀਆਂ ਅੱਖਾਂ ਵਿੱਚ ਉਦਾਸੀ ਦੀ ਝਲਕ ਸੀ। ਝਟਪੱਟ ਦਾਦੀ ਜੀ ਕੋਲ ਉਦਾਸੀ ਦਾ ਕਾਰਨ ਲੱਭਣ ਵਾਸਤੇ ਪਹੁੰਚਿਆ। ਜਦੋਂ ਦਾਦੀ ਨੇ ਅੱਖਾਂ ਉਪਰ ਚੁੱਕੀਆਂ ਤਾਂ ਅੱਖਾਂ ਦੀ ਖਾਮੋਸ਼ੀ ਵਿੱਚੋਂ ਇੱਕ ਸੰਨਾਟਾ ਜਿਹਾ ਉਭਰਿਆ ਜੋ ਜ਼ਿੰਦਗੀ ਦੇ ਘਟੇ ਹੋਏ ਇਕ ਹੋਰ ਸਾਲ ਦੀ ਦੁਹਾਈ ਪਾ ਰਿਹਾ ਸੀ।

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

2 Jan. 2018