Major Singh Budhlada

'ਸ਼੍ਰੋਮਣੀ ਕਮੇਟੀ 'ਤੇ ਸਿੱਖ' - ਮੇਜਰ ਸਿੰਘ 'ਬੁਢਲਾਡਾ'

ਸਿੱਖ਼ੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਲਈ,
'ਸ਼੍ਰੋਮਣੀ ਕਮੇਟੀ' ਬਣਾਈ ਸੀ ਜੁੰਮੇਵਾਰ ਬਾਬਾ!
ਹਰ ਥਾਂ ਹੋਵੇ ਸਿੱਖੀ ਦਾ ਬੋਲ ਬਾਲਾ,
ਲੋਕ ਸਿੱਖੀ ਨੂੰ ਚਾਹੁਣ ਵਿੱਚ ਸੰਸਾਰ ਬਾਬਾ!
'ਅਕਾਲ ਤਖ਼ਤ' ਤੋਂ ਹੁਕਮਨਾਮਿਆਂ ਲਈ,
ਇਹਨਾਂ ਥਾਪੇ ਨੇ ਜੋ 'ਜਥੇਦਾਰ' ਬਾਬਾ!
ਜੋ ਹੁਕਮ ਪ੍ਰਧਾਨ ਦਾ ਮੰਨ ਡੋਬਣ ਆਪਣਿਆਂ ਨੂੰ,
ਗ਼ੈਰਾਂ ਨੂੰ ਬਿਨ ਮੁਆਫ਼ੀ ਦਿੰਦੇ ਤਾਰ ਬਾਬਾ!
ਜਿਸ ਦਿਨ ਤੋਂ ਸਿਆਸਦਾਨਾਂ ਕਰਿਆ ਕਬਜ਼ਾ,
ਇਹਦੇ 'ਚ ਆ ਗਿਆ ਵੱਡਾ ਨਿਘਾਰ ਬਾਬਾ!
ਬੇੜੀ ਸਿੱਖੀ ਦੀ ਇਹਨਾਂ 'ਹੁਕਮਰਾਨਾਂ' ,
ਡੋਬ ਦਿੱਤੀ ਹੈ ਮਝਧਾਰ ਬਾਬਾ!
ਡੇਰੇ, ਸੰਪਰਦਾਵਾਂ, ਆਪਣੇ ਰਾਗ ਅਲਾਪਦੇ ਨੇ,
ਆਪੇ ਬਣਾਈਆਂ ਮਰਿਯਾਦਾ ਅਨੁਸਾਰ ਬਾਬਾ!
ਇਸ ਤੋਂ 'ਸੋਧ' ਕਰਕੇ 'ਰਹਿਤ ਮਰਯਾਦਾ' ਵੀ,
ਅੱਜ ਤੱਕ ਬਣਾਈ ਨਾ ਗਈ ਇਕਸਾਰ ਬਾਬਾ!
'ਸੋ ਸਾਲ' ਤੋਂ ਟੱਪ ਚੁੱਕੀ ਇਸ ਸੰਸਥਾ ਨੇ,
ਕੰਮ ਕੀਤੇ ਨਾ ਜੋ ਇਸਦੇ ਸੀ ਕਰਨਹਾਰ ਬਾਬਾ!
ਨਾ ਇਹਨੇ ਪ੍ਰਚਾਰ ਲਈ ਕੋਈ ਬਣਾਇਆ 'ਚੈਨਲ'
ਨਾ ਕੋਈ ਚਲਾਇਆ ਮਜ਼ਬੂਤ ਅਖ਼ਬਾਰ ਬਾਬਾ!
ਇਤਿਹਾਸ ਮਿਥਿਹਾਸ ਨੂੰ ਵੱਖ ਕਰਨ ਲਈ,
ਇਹਦਾ ਨਿਰਾਸ਼ਾਜਨਕ ਹੈ ਕਿਰਦਾਰ ਬਾਬਾ!
ਗੁਰੂਆਂ ਦੇ ਜਨਮ ਦਿਹਾੜੇ ਸਹੀ ਮਨਾਉਣ ਲਈ,
ਨਾ ਇਤਿਹਾਸ ਮਿਥਿਹਾਸ ਦੀ ਕੀਤੀ ਚੀਰ ਫਾੜ ਬਾਬਾ!
ਸੱਚ ਝੂਠ ਦਾ ਨਿਤਾਰਾ ਕਰ ਲੋਕਾਂ ਵਿੱਚ
ਨਹੀਂ ਕਰਦੇ ਦਿਸਦੇ ਕਿਤੇ ਪ੍ਰਚਾਰ ਬਾਬਾ!
ਇਸਨੇ ਐਸੀਆਂ ਕਿਤਾਬਾਂ ਵੀ ਛਾਪ ਦਿੱਤੀਆਂ,
ਜੋ ਤੁਹਾਡਾ ਘਟਾਉਦੀਆਂ ਨੇ ਸਤਿਕਾਰ ਬਾਬਾ!
ਤੁਸਾਂ ਦੀ ਗੋਲਕ ਨੂੰ ਵੱਡੀ ਸੰਨ ਲਾਉਂਦੇ,
ਕਰਕੇ ਦੁਰ‌-ਉਪਯੋਗ ਤੇ ਝੂਠਾ ਵਪਾਰ ਬਾਬਾ!
ਜਿਹਨਾਂ ਕੰਮਾਂ ਤੋਂ ਤੁਸੀਂ ਰੋਕਿਆ ਸੀ,
ਉਹ ਕੰਮ ਕਰਨ ਇਹ ਸ਼ਰੇ ਬਾਜ਼ਾਰ ਬਾਬਾ!
'ਤੁਹਾਡੀ' ਹਜ਼ੂਰੀ ਵਿੱਚ ਕ‌ਈ ਥਾਂ ਫ਼ਰਕ ਰਖਦੇ,
ਇਹ ਅਖੌਤੀ ਉੱਚੇ-ਨੀਵਿਆਂ ਦੇ ਵਿਚਕਾਰ ਬਾਬਾ!
ਸਾਰੇ 'ਜਥੇਦਾਰਾਂ' ਨੂੰ ਸਭ ਕੁਝ ਪਤਾ ਹੁੰਦੇ ਹੋਏ,
ਪਾਵੇ ਕੋਈ ਨਾ ਇਹਨਾਂ ਨੂੰ ਫਿਟਕਾਰ ਬਾਬਾ!
ਗੁਰਮਤਿ ਦੇ ਧਾਰਨੀ ਰਹੇ ਨਾ ਸਿੱਖ ਬਹੁਤੇ,
ਇਹ ਮਨਮੱਤ ਦੇ ਹੋ ਗਏ ਸ਼ਿਕਾਰ ਬਾਬਾ!
'ਬ੍ਰਾਹਮਣਵਾਦ' ਇਹਦੇ ਤੇ ਜ਼ਿਆਦਾ ਹੋਇਆ ਭਾਰੂ,
ਇਹਨਾਂ ਤੁਹਾਡੀ ਸੋਚ ਨੂੰ ਦਿੱਤਾ ਵਿਸਾਰ ਬਾਬਾ!
ਨਾ ਮਾਤਰ ਰਹਿ ਗ‌ਏ ਹੁਣ ਸਿੱਖ ਤੇਰੇ,
ਜੋ ਸੱਚ ਦਾ ਕਰਨ ਵਪਾਰ ਬਾਬਾ!
'ਮੇਜਰ' ਚਾਹੁੰਦਾ ਹਰ ਕੋਈ ਗੁਰਮਤਿ ਅਨੁਸਾਰ ਚੱਲੇ,
ਹੋਵੇ ਸਿਖੀ ਵਿੱਚ ਵੱਡਾ ਸੁਧਾਰ ਬਾਬਾ!
ਮੇਜਰ ਸਿੰਘ 'ਬੁਢਲਾਡਾ'
94176 42327

'ਜਥੇਦਾਰਾਂ ਨੇ ਦੇਣੀ ਹੈ ਸਜ਼ਾ' - ਮੇਜਰ ਸਿੰਘ ਬੁਢਲਾਡਾ

ਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕਣ ਲਈ,
ਜਿਹੜੇ 'ਜਥੇਦਾਰ' ਬਹੁਤਾ ਨਾ ਸੋਚ ਵਿਚਾਰਦੇ ਸੀ।
ਨਾ ਪੰਥਕ ਜਥੇਬੰਦੀਆਂ ਨਾਲ ਸਲਾਹ ਕਰਦੇ,
ਨਾ ਵਿਦਵਾਨਾਂ ਨਾਲ ਮਸਲਾ ਵਿਚਾਰਦੇ ਸੀ਼।
ਹੁਣ ਜਦ ਇਹਨਾਂ ਦੇ 'ਆਕਾ' ਤੇ ਆ ਬਣੀ,
ਜਿਸਦਾ ਹਰ ਹੁਕਮ ਇਹ ਸਵਿਕਾਰਦੇ ਸੀ।
ਜਿਹਦੇ ਕਹਿਣ ਤੇ ਬਿਨ ਮੰਗਿਆਂ ਮੁਆਫ਼ੀ ਦਿੰਦੇ,
ਨਾ ਕੋਈ ਹਸਤਾਖਰਾਂ ਤੇ ਨਿਗਾਹ ਮਾਰਦੇ ਸੀ।
ਜਥੇਦਾਰ ਡਰਦਾ ਕੋਈ ਨਾ ਸੀ ਸਾਂਹ ਭਰਦਾ,
ਕਿਉਂਕਿ ਇਹ ਤਖ਼ਤੋਂ ਬੁਰੀ ਤਰਾਂ ਉਤਾਰਦੇ ਸੀ।
ਹੁਣ ਮਨਮਾਨੀਆਂ ਕਰਨ ਵਾਲੇ ਮਾਲਕ ਨੂੰ,
'ਜਥੇਦਾਰਾਂ' ਨੇ ਦੇਣੀ ਹੈ ਸਜ਼ਾ ਯਾਰੋ ।
ਲੰਮੇ ਸਮੇਂ ਤੋਂ ਲਭ ਰਹੇ ਨੇ ਢੰਗ ਐਸਾ,
ਕਿਵੇਂ ਸਾਡੇ ਦੋਵਾਂ ਦਾ ਹੋਵੇ ਬਚਾਅ ਯਾਰੋ ?
ਮੇਜਰ ਸਿੰਘ ਬੁਢਲਾਡਾ
94176 42327

ਨਾਮ ਸਿਮਰਨ - ਮੇਜਰ ਸਿੰਘ ਬੁਢਲਾਡਾ

ਪਿਛਲੇ ਦਿਨੀਂ ਮੇਰੇ ਸਾਹਮਣੇ ਇਕ ਵੀਡੀਓ ਆਈ, ਜਿਸ ਵਿੱਚ ਇੱਕ ਬੀਬੀ ਆਪਣੇ ਬਾਬੇ ਨੂੰ  ਵਾਸਤਾ ਪਾਕੇ ਆਖ ਰਹੀ ਹੈ- "ਬਾਬਾ ਜੀ ਅੰਦਰ ਤੜਫ ਬਹੁਤ ਹੈ,ਪਰ ਸਿਮਰਨ ਨਹੀਂ ਹੁੰਦਾ।"
ਬਾਬਾ- ਬੇਟਾ,ਫਿਰ ਤੜਫ਼ ਕਾਹਦੀ ਹੋਈ? ਇਹ ਤਾਂ ਉਹੀ ਗੱਲ ਹੋਈ, ਮੈਂ ਮਾਂ ਪਿਓ ਨੂੰ ਪਿਆਰ ਤਾਂ ਬਹੁਤ ਕਰਦਾ ਪਰ ਕਹਿਣਾ ਨੀ ਮੰਨਦਾ।
ਬੀਬੀ - ..... ਦਸ ਕੁ ਮਿੰਟ ਤਾਂ ਬਹਿੰਦੇ ਹਾਂ, ਤੁਸੀਂ ਇਥੇ ਆਜਿਆ ਕਰੋ , ਫਿਰ ਅਸੀਂ ਘੰਟਿਆਂ ਦੇ ਘੰਟੇ ਬੈਠੇ ਰਹਿਣਾ।
ਬਾਬਾ- ਬੇਟਾ ਜ਼ਿੰਦਗੀ 'ਚ ਤੁਸੀਂ ਉਸ ਘਰ ਜਾਵੋਂਗੇ, ਜਿਥੇ ਸੋਡੀ ਕਦਰ ਨਾ ਹੋਵੇ?
ਬੀਬੀ- ਕਦਰ ਤਾਂ... ਹੈਗੀ
ਬਾਬਾ- ਕਾਹਦੀ ਕਦਰ ਆ? ਫਿਰ ਆਪਦੀ ਲੋੜ ਨੂੰ ਬੈਠਦੇ...
ਬੀਬੀ -ਨਹੀਂ ਬਾਬਾ ਜੀ ਬੈਠਦੇ ਤਾਂ ਹਾਂ... ਪਰ ਲੰਮਾ ਸਮਾਂ ਨੀ ਬੈਠਿਆਂ ਜਾਂਦਾ ...ਦਸ ਪੰਦਰਾਂ ਮਿੰਟ ਬੈਠਕੇ...
ਬਾਬਾ-ਕੋਈ ਨੌਕਰੀ ਕਰਦਾ ਹੋਵੇ, ਦਸ ਮਿੰਟ ਹਾਜ਼ਰੀ ਲਾਕੇ ਆਜੇ, ਉਹਨੂੰ ਕੋਈ ਤਨਖਾਹ ਦੇਵੇਗਾ ਪੂਰੀ ? ਆਦਿ ਆਦਿ,...........?
ਬੀਬੀ - ਪਰ ਬਾਬਾ ਜੀ ਤੁਸੀਂ ਅੰਦਰੋਂ ਇਕ ਵਾਰੀ ਨਜ਼ਾਰਾ ਜਾ ਵਿਖਾ ਦੋ ...
ਬਾਬਾ - ਜਣੀ ਕਮੀ ਮੇਰੀ ਆ,ਤੁਹਾਡੀ ਕੋਈ ਕਮੀ ਨਹੀਂ?ਮੈ ਨੀ ਨਜ਼ਾਰਾ ਦਿੰਦਾ,ਮੈਂ ਨੀ ਆਂਦਾ, ਤੁਸੀਂ ਸਾਰਾ ਕੁਝ ਕਰਦੇ ਓਂ
ਬੀਬੀ- ਪਰ ਬਾਬਾ ਜੀ,ਇਕ ਵਾਰੀ ਤਾਂ "ਨਜ਼ਾਰਾ" ਦਿਖਾਓ, ਦੇਖੀਏ ਕਿੱਦਾਂ ਦਾ ...
ਬਾਬਾ - ਓ ਪਹਿਲਾਂ ਕਦਰ ਤਾਂ ਕਰੋ।
ਬੀਬੀ - ਨਹੀਂ, ... ਕਦਰ ਤਾਂ ਹੈਗੀ ਬਾਬਾ ਜੀ।
ਬਾਬਾ-ਕਾਹਦੀ ਕਦਰ ਆ? ਜਦ ਬੈਠਦੇ ਨਹੀਂ ਹੋ।"
ਇਸ ਵਾਰਤਾਲਾਪ ਵਿੱਚ ਇਹ ਬਾਬਾ (ਮੇਰੇ 'ਚ ਕਮੀ ਹੈ, ਮੈਂ ਨੀ ਆਂਦਾ, ਮੈਂ ਨੀ ਨਜ਼ਾਰੇ ਦਿੰਦਾ) ਆਪਣੇ ਆਪ ਨੂੰ ਪ੍ਰਮਾਤਮਾ/ਰੱਬ ਹੋਣ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇਸ ਗੱਲ ਤੇ ਜ਼ੋਰ ਦੇ ਰਿਹਾ,ਕਿ ਤੁਸੀਂ ਲੰਮਾਂ ਸਮਾਂ ਬੈਠਕੇ ਨਾਮ ਸਿਮਰਨ ਕਰੋ। ਇਹਦਾ ਮਤਲਬ ਹੈ, ਫਿਰ ਮੇਰੀ ਇੱਜ਼ਤ ਹੋਵੇਗੀ, ਫਿਰ ਮੈਂ ਆਵਾਂਗਾ; ਕਹਿੰਦਾ ਨਜ਼ਰ ਆ ਰਿਹਾ ਹੈ।
ਗੁਰਬਾਣੀ ਅੰਦਰ ਬਹੁਤ ਥਾਂ ਫੁਰਮਾਨ ਕੀਤਾ ਹੋਇਆ ਹੈ,
ਪ੍ਰਮਾਤਮਾ ਦੇ ਹੁਕਮ ਬਿਨਾਂ ਇਹ ਜੀਵ ਕੁਝ ਵੀ ਨਹੀਂ ਕਰ ਸਕਦਾ। ਪਰ ਇਸ ਬਾਬੇ ਨੇ ਉਸ ਪ੍ਰਮਾਤਮਾ ਨੂੰ ਇਕ ਆਕੜਖੋਰ ਆਮ ਇਨਸਾਨ ਵਰਗਾ ਜਿਹਾ ਬਣਾ ਦਿੱਤਾ, ਜਿਹੜਾ ਵੈਰ ਭਾਵਨਾ ਰੱਖਦਾ ਹੋਇਆ ਦੂਜੇ ਦੇ ਘਰ ਬਿਨਾਂ ਬੁਲਾਇਆ ਨਹੀਂ ਜਾਂਦਾ ਜਦੋਂ ਕਿ ਪ੍ਰਮਾਤਮਾ ਨੂੰ ਗੁਰਬਾਣੀ ਅੰਦਰ 'ਨਿਰਵੈਰ' ਦੱਸਿਆ ਗਿਆ ਹੈ।
  ਮੈਂ ਕ‌ਈ ਸਾਲਾਂ ਤੋਂ ਅਨੇਕਾਂ ਸਿੱਖ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਅਖ਼ਬਾਰਾਂ ਰਸਾਲਿਆਂ ਅਤੇ ਨੈੱਟ ਤੇ ਪੜ੍ਹਿਆ ਹੈ, ਨੈੱਟ ਤੇ ਵੀ ਸਰਚ ਕੀਤਾ, ਮੈਨੂੰ ਕਿਤੋਂ ਇਹ ਜਾਣਕਾਰੀ ਨਹੀਂ ਮਿਲੀ, ਕਿ ਇਨਸਾਨ ਨੂੰ  ਕਿਸੇ ਵਿਸ਼ੇਸ਼ ਥਾਂ ਜਾਂ ਇਕਾਂਤ ਵਿੱਚ ਬੈਠਕੇ ਵੱਧ ਤੋਂ ਵੱਧ ਸਮੇਂ ਲਈ ਨਾਮ ਸਿਮਰਨ ਕਰਨ ਨੂੰ ਆਖਿਆ ਗਿਆ ਹੋਵੇ।
ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲਾਚਰਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਪਹਿਲਾ ਫੁਰਮਾਨ ਹੀ ਇਹੋ ਹੈ
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥4।।
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ (ਪੰਨਾ 5)
ਅਕਾਲ ਪੁਰਖ ਤਾਂ ਵੱਡੀਆਂ ਦਾਤਾਂ ਦੇਣ ਵਾਲਾ ਹੈ, । ਉਸ ਨੂੰ ਕਿਸੇ ਕਿਸਮ ਦਾ ਤਿਲ ਭਰ ਭੀ ਲਾਲਚ ਨਹੀਂ ਹੈ।
ਜਦ ਪ੍ਰਮਾਤਮਾ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਹੈ।
ਫਿਰ ਉਸ ਨੂੰ ਆਪਣਾ ਸਿਮਰਨ ਕਰਾਉਣ ਦਾ ਲਾਲਚ ਕਿਵੇਂ ਹੋ ਗਿਆ?
ਚਲੋ ਇਕ ਮਿੰਟ ਲਈ ਇਹਨਾਂ ਬਾਬਿਆਂ ਮੁਤਾਬਿਕ ਮੰਨ ਲਵੋ, ਪ੍ਰਮਾਤਮਾ ਨੂੰ ਨਾਮ ਜਪਾਉਣ ਦਾ ਲਾਲਚ ਜਾਗ ਪਿਆ। ਫਿਰ ਪ੍ਰਮਾਤਮਾ ਆਪਣਾ ਲਾਲਚ ਪੂਰਾ ਕਰਨ ਲਈ, ਕਰੋੜਾਂ ਲੋਕਾਂ ਨੂੰ ਚੌਵੀ ਘੰਟੇ ਬਿਠਾਕੇ ਆਪਣਾ ਲਾਲਚ ਪੂਰਾ ਕਰ ਸਕਦਾ ਸੀ ਤੇ ਕਰ ਸਕਦਾ ਹੈ, ਉਸਨੂੰ ਕੀ ਦਿੱਕਤ ਹੈ?
ਦੂਜੀ ਗੱਲ, ਕਰੋੜਾਂ ਲੋਕ, ਉਹ (ਪ੍ਰਮਾਤਮਾ) ਦੀ ਹੋਂਦ ਤੋਂ ਇਨਕਾਰੀ ਨੇ, ਬਹੁਤ ਸਾਰੇ ਗਾਲ਼ਾਂ ਦੇਣ ਵਾਲੇ ਵੀ ਹਨ।  ਉਹ ਵੀ ਤਾਂ ਇਸੇ ਦੇ ਸਾਜੇ ਹੋਏ ਹਨ।ਜੇ ਪ੍ਰਮਾਤਮਾ ਨੂੰ ਆਪਣਾ ਨਾਮ ਜਪਾਉਣ ਦਾ ਲਾਲਚ ਹੁੰਦਾ ਉਹਨਾਂ ਨੂੰ ਪੈਂਦਾ ਹੀ ਕਿਉਂ ਕਰਦਾ ਜਾ ਉਹਨਾਂ ਤੋਂ ਵੀ ਨਾਮ ਸਿਮਰਨ ਕਰਵਾ ਸਕਦਾ ਸੀ।
ਕਿਉਂਕਿ ਉਹ ਦੁਨੀਆਵੀ ਵਿਗਿਆਨੀ ਥੋੜਾ ? ਜਿਸ ਨੂੰ ਬਹੁਤ ਸਾਰੇ ਰੋਬੋਟ ਤਿਆਰ ਕਰਨ ਲਈ ਕਿਸੇ ਕਿਸਮ ਦੀ ਕਮੀਂ ਹੋ ਸਕਦੀ ਹੈ। ਪਰ ਉਹ ਤੇ ਬੇਅੰਤ ਖ਼ਜ਼ਾਨੇ ਦਾ ਮਾਲਕ ਪ੍ਰਮਾਤਮਾ, ਉਹ ਵਿਗਿਆਨੀ ਹੈ, ਜਿਸ ਨੇ ਅਣਗਿਣਤ ਰੋਬੋਟ ਰੂਪੀ ਇਨਸਾਨ ਦੇ ਅੰਦਰ ਜਿਹੋ ਜਿਹੇ ਫੰਕਸ਼ਨ (ਗੁਣ) ਪਾ ਦਿਤੇ, ਇਹ ਰੋਬੋਟ ਰੂਪੀ ਇਨਸਾਨ ਉਸੇ ਤਰਾਂ ਵਿਚਰ ਰਹੇ ਹਨ,ਕੰਮ ਕਰ ਰਹੇ ਹਨ,ਜਿਸ ਤਰਾਂ ਦੇ ਉਸ ਅੰਦਰ ਫੰਕਸ਼ਨ ਪਾਏ ਦਿੱਤੇ ਹਨ। ਜਦ ਕਿਸੇ ਅੰਦਰ ਸਿਮਰਨ ਵਾਲਾ ਫੰਕਸ਼ਨ (ਗੁਣ) ਪਾਇਆ ਹੀ ਨਹੀਂ, ਉਹ ਸਿਮਰਨ ਕਿਵੇਂ ਕਰੇਗਾ ਵੀ ਕਿਵੇਂ ?
"ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥ (ਪੰਨਾ 475)
"ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥" (ਪੰਨਾ 55)
ਇਸ ਤਰਾਂ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ ਪ੍ਰਮਾਤਮਾ ਦੀ ਪ੍ਰਾਪਤੀ,ਉਸਦਾ ਸਿਮਰਨ ਉਸਦੀ ਬਖਸ਼ਿਸ਼ ਬਿਨਾਂ ਨਹੀਂ ਹੁੰਦਾ।
ਇਕ ਹੋਰ ਅਸਚਰਜ ਗੱਲ ਵੇਖੋ, ਇਧਰ ਇਹ ਬਾਬਾ ਇਕ ਜੀਭ ਦੇ ਸਿਮਰਨ ਦੀ ਗੱਲ ਕਰਦਾ ਤੇ ਸਾਡਾ ਵੱਡਾ ਬਾਬਾ ਨਾਨਕ ਜੀ ਕਹਿੰਦੇ ਹਨ-
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ (ਪੰਨਾ 7)
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ (ਝੂਠੇ) ਮਨੁੱਖ ਦੀ ਇਹ ਕੂੜੀ ਹੀ ਠੀਸ (ਦਾਅਵਾ)ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ।ਪ੍ਰੋ: ਸ.ਸ.)
'ਨਾਮ ਸਿਮਰਨ' ਨੂੰ ਹੋਰ ਸੌਖੇ ਢੰਗ ਨਾਲ ਸਮਝਣ ਲਈ ਤੁਸੀਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਤੇ ਧਿਆਨ ਦਿਓ। ਨਾਮਦੇਵ ਜੀ ਭਗਤ 'ਤ੍ਰਿਲੋਚਨ' ਜੀ ਨੂੰ ਕਹਿੰਦੇ ਹਨ -
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ(ਪਤੰਗ)ਕੱਟਦਾ (ਬਣਾਉਂਦਾ)ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
(ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ  ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਚਾਹੇ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥(ਪੰਨਾ 972)
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।।
ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਦੀ ਕੁਝ ਚਰਚਾ ਕਬੀਰ ਸਾਹਿਬ ਜੀ ਨੇ ਆਪਣੇ ਦੋ ਸਲੋਕਾਂ ਵਿੱਚ ਕੀਤੀ ਹੈ।
"ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥ ੨੧੨॥
ਤ੍ਰਿਲੋਚਨ ਜੀ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ ਚਰਨਾਂ ਨਾਲ ਚਿੱਤ ਕਿਉਂ ਨਹੀਂ ਜੋੜਦਾ?
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ (ਪੰਨਾ 1375)
ਅੱਗੋਂ ਨਾਮਦੇਵ ਕਹਿੰਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ।( ਪ੍ਰੋ: ਸਾਹਿਬ ਸਿੰਘ)
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ (ਪੰਨਾ 972)
ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ ਭਾਈ ਜਾਗਦੇ ਹੀ ਲੁੱਟੇ ਜਾ ਰਹੇ ਹੋ।
ਨਾਮ ਦਾ ਅਰਥ ਪ੍ਰਮਾਤਮਾ ਵੀ ਹੈ ਅਤੇ ਸਿਮਰਨ ਦਾ ਮਤਲਬ ਯਾਦ ਕਰਨਾ, ਚੇਤੇ ਰੱਖਣਾ ਵੀ ਹੁੰਦਾ ਹੈ।
ਇਸ ਲਈ ਪ੍ਰਮਾਤਮਾ ਨੂੰ ਚੇਤੇ ਰੱਖਦੇ ਹੋਏ, ਸੱਚੀ ਸੁੱਚੀ ਕਿਰਤ ਕਰਨਾ, ਹਰ ਕੰਮ ਇਮਾਨਦਾਰੀ ਨਾਲ ਕਰਨਾ, ਕਿਸੇ ਦਾ ਹੱਕ ਨਾ ਮਾਰਨਾ, ਕਿਸੇ ਦਾ ਦਿਲ ਨਾ ਦਿਖਾਉਣਾ, ਕਿਸੇ ਦਾ ਭਲਾ ਕਰਨਾ ਵੀ ਨਾਮ ਸਿਮਰਨ ਕਰਨਾ ਹੀ ਹੁੰਦਾ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (ਪੰਨਾ 1245)
ਨਾ ਕਿ ਸਿਰਫ਼ ਇਕਾਂਤ ਵਿੱਚ ਬਹਿਕੇ ਕਿਸੇ ਸ਼ਬਦ ਨੂੰ ਵਾਰ ਵਾਰ ਦੁਹਰਾਉਣਾ।
ਮੇਜਰ ਸਿੰਘ ਬੁਢਲਾਡਾ
94176 42327

 'ਲਹਿਰ ਨਾ ਖੜ੍ਹੀ ਕਰਦੇ'  - ਮੇਜਰ ਸਿੰਘ 'ਬੁਢਲਾਡਾ'

ਹਜ਼ਾਰਾਂ ਲੱਖਾਂ ਸੰਗਠਨ ਨੇ 'ਜ਼ਾਤ' ਪੀੜਤਾਂ ਦੇ,
ਜ਼ਾਤ ਖ਼ਤਮ ਕਰਨ ਲਈ ਲਹਿਰ ਨਾ ਖੜ੍ਹੀ ਕਰਦੇ।

ਅਖੌਤੀ ਨੀਵੀਂ 'ਜ਼ਾਤ' ਨੇ ਬੜੇ ਲੋਕ ਡੰਗੇ,
ਹੰਕਾਰੀ ਲੋਕ ਨਾ ਇਹਨਾਂ ਨੂੰ ਵੇਖ ਜਰਦੇ।

ਉਹ ਰਾਸ਼ਟਰਪਤੀ ਤੱਕ ਵੀ ਬਖਸ਼ਦੇ ਨਾ,
'ਸੰਵਿਧਾਨ' ਨੂੰ ਜਾਣਦੇ ਨੇ ਟਿੱਚ ਕਰਕੇ।

ਸਦੀਆਂ ਬੀਤ ਗਈਆਂ ਅਪਮਾਨ ਸੰਹਦਿਆਂ ਨੂੰ,
ਪਤਾ ਨੀਂ ਹੋਰ ਕਿੰਨਾ ਚਿਰ ਰਹਿਣਾ ਜਰਦੇ ?

ਮਾਮੂਲੀ ਰਿਹ ਗਈ ਰਿਜ਼ਰਵੇਸ਼ਨ ਨਾ ਖੁੱਸ ਜਾਵੇ,
'ਮੇਜਰ' ਸ਼ਾਇਦ ਇਸੇ ਗੱਲ ਤੋਂ ਰਹਿਣ ਡਰਦੇ।

'ਰੱਬ ਦਾ ਫ਼ਕੀਰ' - ਮੇਜਰ ਸਿੰਘ 'ਬੁਢਲਾਡਾ'

ਓਹੀ ਹੁੰਦਾ ਸੱਜਣਾਂ ਓਏ! ਰੱਬ ਦਾ ਫ਼ਕੀਰ।
ਜੋ ਭਾਣੇ ਵਿੱਚ ਰਹੇ, ਨਾ ਹੋਵੇ ਦਲਗੀਰ।
ਓਹੀ ਹੁੰਦਾ ਸੱਜਣੋਂ ਓਏ...
ਜਿਹਨੂੰ ਹੋਵੇ ਨਾ ਸਕਾਇਤ,ਕਦੇ ਕਿਸੇ ਨਾਲ।
ਹੁੰਦਾ ਇਹਨਾਂ ਨੂੰ ਕਬੂਲ, ਭਾਵੇਂ ਕੈਸਾ ਹੋਵੇ ਹਾਲ ।
ਸਮਾਨ ਦੁੱਖ ਸੁੱਖ ਸਮਝੇ, ਨਾ ਕੋਸੇ ਤਕਦੀਰ।
ਓਹੀ ਹੁੰਦਾ ਸੱਜਣਾਂ ਓਏ...
ਕੋਈ ਬੋਲੇ ਚੰਗਾ ਮਾੜਾ, ਇਹ ਰੱਖਦੇ ਨਾ ਸਾੜਾ।
ਰਹਿੰਦਾ ਰੱਬ ਦੀ ਰਜ਼ਾ 'ਚ, ਹਰ ਭਗਤ ਵਿਚਾਰਾ।
ਵੈਰੀ ਮੰਨਕੇ ਕਿਸੇ ਨੂੰ, ਜੋ ਖਿੱਚੇ ਨਾ ਲਕੀਰ।
ਓਹੀ ਹੁੰਦਾ ਸੱਜਣਾਂ ਓਏ...
ਕਿਸੇ ਦੇ ਸਤਾਉਣ ਤੇ ਇਹ, ਦਿੰਦੇ ਨਾ ਸਰਾਪ।
ਦਿਲ ਕਿਸੇ ਦਾ ਦੁਖਾਉਣਾ,ਇਹ ਸਮਝਣ ਪਾਪ।
ਜੋ ਦੁੱਖੀ ਹੋਕੇ ‌ਕੇਰਦਾ ਨਾ ਅੱਖੀਆਂ 'ਚੋਂ ਨੀਰ।
ਓਹੀ ਹੁੰਦਾ ਸੱਜਣਾਂ ਓਏ...
ਫ਼ਕੀਰਾਂ ਵਾਲੇ ਚੋਲੇ ਪਾਈ ਫਿਰਦੇ ਅਨੇਕ।
ਇਹ ਮਿਲਦੇ ਸਬੱਬੀਂ, ਸਾਧੂ ਹੁੰਦਾ ਨਾ ਹਰੇਕ।
ਇਹਨਾਂ ਦੀ ਨਾ ਹੁੰਦੀ ਕਦੇ ਵੀ ਵਹੀਰ।
ਓਹੀ ਹੁੰਦਾ ਸੱਜਣਾਂ ਓਏ...
ਜਿਹਨੇ ਜਾਣ ਲਿਆ ਸੱਚ, ਬਣ ਜਾਂਦਾ ਇਨਸਾਨ।
'ਮੇਜਰ' ਜਾਣਦਾ ਏ ਸਾਰਿਆਂ ਨੂੰ ਇਕ ਹੀ ਸਮਾਨ।
ਚਾਹੇ ਸਭ ਦਾ ਭਲਾ, ਕਦੇ ਮਾਰੇ ਨਾ ਜ਼ਮੀਰ।
ਓਹੀ ਹੁੰਦਾ ਸੱਜਣਾਂ ਓਏ..
ਮੇਜਰ ਸਿੰਘ 'ਬੁਢਲਾਡਾ'
94176 42327

'ਕੁਦਰਤ ਕਿਸੇ ਨਾਲ ਨਾ ਫ਼ਰਕ ਰਖੇ' - ਮੇਜਰ ਸਿੰਘ ਬੁਢਲਾਡਾ

ਕ‌ਈਆ ਦਾ 'ਜ਼ਾਤ' ਕਰਕੇ 'ਸਨਮਾਨ' ਹੁੰਦਾ।
ਕ‌ਈਆ ਦਾ 'ਜ਼ਾਤ' ਕਰਕੇ 'ਅਪਮਾਨ' ਹੁੰਦਾ।
ਜਦ ਪੈਦਾ ਹੋਣ ਦਾ ਸਭਦਾ ਢੰਗ ਇਕੋ,
ਫਿਰ ਨੀਚ-ਊਚ ਕਿਵੇਂ ਇਨਸਾਨ ਹੁੰਦਾ?
ਨੀਵੇਂ ਹੋਣ ਦਾ ਨਾ ਫਿਰ ਕੋਈ 'ਗਮ' ਰਹਿੰਦਾ
ਜੇ ਉੱਚਾ ਹੋਣ ਦਾ ਨਾ ਕਿਸੇ ਨੂੰ ਗੁਮਾਨ ਹੁੰਦਾ।
ਹਰ ਪਲ਼ ਮਾੜੀ ਸੋਚ ਰੱਖਣ ਵਾਲਾ,
ਹੋਵੇ ਕੋਈ ਵੀ ਵੱਡਾ ਬੇਈਮਾਨ ਹੁੰਦਾ ।
ਉਹ ਮਾੜੀ ਸੋਚ ਤੋਂ ਮੁੱਖ ਮੋੜ ਲੈਂਦਾ,
ਜਿਸ ਦੇ ਅੰਦਰ ਚੰਗਾ ਗਿਆਨ ਹੁੰਦਾ।
ਜੋ ਇਨਸਾਨ ਗਿਆਨਵਾਨ ਹੁੰਦਾ
ਉਸ ਲਈ ਇਨਸਾਨ ਬਸ ਇਨਸਾਨ ਹੁੰਦਾ।
ਕੁਦਰਤ ਕਿਸੇ ਨਾਲ ਨਾ ਫ਼ਰਕ ਰਖੇ,
ਸਮਝੇ ਸਾਰਿਆਂ ਨੂੰ ਇਕਸਾਰ ਯਾਰੋ।
'ਮੇਜਰ' ਫ਼ਰਕ ਇਥੇ ਉਹੀ ਰੱਖਦਾ,
ਜੋ ਲੱਖਾਂ ਜੂਨਾਂ ਦਾ ਸਰਦਾਰ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

'ਰਾਵਣ' - ਮੇਜਰ ਸਿੰਘ ਬੁਢਲਾਡਾ
ਜੇ 'ਰਾਵਣ' ਵਾਲੇ ਕਿੱਸੇ ਦੀ ਗੱਲ ਕਰੀਏ,
ਕਹਿੰਦੇ ਨੇ "ਰਾਵਣ' ਸੀ ਬੜਾ ਮਹਾਨ ਯਾਰੋ।
ਇਹਨੇ ਸੀ 'ਕਾਲ਼' ਨੂੰ ਵੱਸ ਕੀਤਾ,
ਇਹ ਯੋਧਾ ਸੀ ਬੜਾ ਬਲਵਾਨ ਯਾਰੋ।
'ਸੋਨੇ' ਦੀ 'ਲੰਕਾ' 'ਚ ਸੁਖੀ ਸੀ ਲੋਕ ਸਾਰੇ,
ਬਹੁਤ ਵੱਡਾ ਸੀ ਇਹਨੂੰ ਗਿਆਨ ਯਾਰੋ।
ਚਾਹੇ ਲੈ ਗਿਆ 'ਸੀਤਾ' ਨੂੰ ਗ਼ੁੱਸੇ ਵਿੱਚ ਆਕੇ,
ਉਹਦਾ ਰੱਖਿਆ ਵਿਸ਼ੇਸ਼ ਧਿਆਨ ਯਾਰੋ।
ਮਾੜਾ ਵਰਤਾਓ ਨਾ 'ਸੀਤਾ' ਦੇ ਨਾਲ ਕੀਤਾ ,
ਕਾਇਮ ਰੱਖਿਆ ਮਾਨ-ਸਨਮਾਨ ਯਾਰੋ।
ਸਾਬਤ ਕੀਤਾ 'ਸੀਤਾ' ਨੇ ਪ੍ਰਿਖਿਆ ਪਾਸ ਕਰਕੇ,
ਜਦ ਲਿਆ ਗਿਆ ਇਮਤਿਹਾਨ ਯਾਰੋ।
ਵੇਖੋ ਸੋਚਕੇ ਜੇ 'ਰਾਵਣ' ਹੁੰਦਾ 'ਰਾਖਸ਼'?
'ਸੀਤਾ' ਦੇ ਸਵੰਬਰ ਵਿਚ ਕੋਈ ਬੁਲਾਂਵਦਾ ਨਾ।
'ਸੀਤਾ' ਨੂੰ ਸਤਿਕਾਰ ਨਾਲ ਨਾ ਕਦੇ ਰੱਖਦਾ,
ਇਸ ਤੇ ਤਰਸ ਭੋਰਾ ਵੀ ਖਾਂਵਦਾ ਨਾ।
'ਰਾਵਣ' ਦੇ ਆਖਰੀ ਸਮੇਂ ਗਿਆਨ ਦੇ ਲਈ ,
'ਰਾਮ', 'ਲਛਮਣ' ਨੂੰ ਪੈਰੀ ਖੜਾਂਵਦਾ ਨਾ।
'ਰਾਵਣ' ਨੂੰ ਕੋਈ ਨਹੀਂ ਸੀ ਮਾਰ ਸਕਦਾ,
'ਮੇਜਰ' ਜੇ ਭਾਈ ਦਗ਼ਾ ਕਮਾਵਦਾ ਨਾ।
ਮੇਜਰ ਸਿੰਘ ਬੁਢਲਾਡਾ
94176 42327

'ਸ੍ਰੇਸ਼ਟ ਜੂਨ ਇਨਸਾਨ ਦੀ' - ਮੇਜਰ ਸਿੰਘ ਬੁਢਲਾਡਾ

ਜੂਨਾਂ ਵਿੱਚੋਂ ਸ੍ਰੇਸ਼ਟ ਜੂਨ ਇਨਸਾਨ ਦੀ,
ਮੰਨੀ ਗਈ ਹੈ ਵਿੱਚ ਸੰਸਾਰ ਯਾਰੋ।
ਉਹਨਾਂ ਸਮਾਜਿਕ ਕੁਰੀਤੀਆਂ ਨੂੰ ਜਨਮ ਦਿੱਤਾ,
ਜੋ ਇਸ ਜੂਨ 'ਚ ਸੀ ਲੋਕ 'ਮਕਾਰ' ਯਾਰੋ।
ਇਹਨਾਂ ਹਰ ਮਾੜਾ ਢੰਗ ਵੀ ਵਰਤਿਆ,
ਆਪ ਬਣਨ ਲਈ ਸਰਦਾਰ ਯਾਰੋ।
ਇਹ ਕਰਨ ਐਨੀਆਂ ਮਾੜੀਆਂ ਹਰਕਤਾਂ,
ਜੋ ਕਰਦੀਆਂ ਨੇ ਸ਼ਰਮਸਾਰ ਯਾਰੋ।
ਹੱਦ ਬੰਨੇ ਸਾਰੇ ਲੰਘ ਇਹਨਾਂ,
ਅਨੇਕਾਂ ਮਾਸੂਮ ਬਣਾਏ ਸ਼ਿਕਾਰ ਯਾਰੋ।
ਇਹਨਾਂ ਨੇ ਕਲੰਕਿਤ ਕੀਤੇ ਰਿਸ਼ਤੇ,
ਇਜ਼ਤਾਂ ਕੀਤੀਆਂ ਤਾਰ ਤਾਰ ਯਾਰੋ।
'ਮੇਜਰ' ਮਾੜੇ ਲੋਕਾਂ ਨੂੰ ਰਹਿਣ ਭੰਡਦੇ,
ਸਦਾ ਚੰਗੇ ਲੋਕ ਸ਼ਰੇ ਬਾਜ਼ਾਰ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327

 'ਸੱਚ ਦੇ ਰੂਬਰੂ' - ਮੇਜਰ ਸਿੰਘ ਬੁਢਲਾਡਾ

'ਏਕਲਵਿਆ ਬਨਾਮ ਦਰੋਣਾਚਾਰੀਆ'
'ਏਕਲਵਿਆ' ਅਤੇ 'ਦਰੋਣਾਚਾਰੀਆ' ਦੀ ਕਹਾਣੀ ਨੂੰ ਭਾਵੇਂ ਕਿ ਕਾਫ਼ੀ ਲੋਕ ਜਾਣਦੇ ਹਨ। ਫਿਰ ਵੀ ਇਕ ਵਾਰ ਇਸ ਪ੍ਰਚਲਤ ਕਹਾਣੀ ਤੇ ਸੰਖੇਪ ਜਿਹੀ ਝਾਤ ਮਾਰ ਲ‌ਈਏ।
ਕਿਹਾ ਜਾਂਦਾ ਹੈ ਕਿ "ਏਕਲਵਿਆ' ਤੀਰ ਅੰਦਾਜ਼ੀ ਸਿੱਖਣ ਲਈ 'ਕਾਰਵਾਂ ਪਾਂਡਵਾਂ' ਦੇ ਗੁਰੂ 'ਦਰੋਣਾਚਾਰੀਆ' ਜੀ ਦੇ ਪਾਸ ਗਿਆ, ਜਦੋਂ  ਕੌਰਵਾਂ ਪਾਂਡਵਾਂ ਦੇ ਗੁਰੂ ਦਰੋਣਾਚਾਰੀਆ ਨੇ ਏਕਲਵਿਆ ਨੂੰ ਅਛੂਤ ਜ਼ਾਤੀ ਨਾਲ ਸਬੰਧਿਤ ਹੋਣ ਕਰਕੇ ਆਪਣੇ ਨੇੜੇ ਢੁੱਕਣ ਨਾ ਦਿੱਤਾ।"
ਫਿਰ ਕਹਿੰਦੇ "ਏਕਲਵਿਆ ਨੇ ਜੰਗਲ ਵਿੱਚ ਆਕੇ ਦਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾਕੇ ਉਸਨੂੰ ਗੁਰੂ ਮੰਨਕੇ ਨਿੱਤ ਨਮਸਕਾਰ ਕਰਕੇ ਤੀਰ ਅੰਦਾਜ਼ੀ ਦਾ ਅਭਿਆਸ ਕਰਨ ਲੱਗ ਪਿਆ ਅਤੇ ਅਖੀਰ ਸਫ਼ਲ ਹੋ ਗਿਆ। ਇਕ ਵਾਰ ਦਰੋਣਾਚਾਰੀਆ ਜੀ ਆਪਣੇ ਸ਼ਿਸ਼ 'ਅਰਜਨ' ਜੀ ਨਾਲ ਜੰਗਲਾਂ ਵਿੱਚੋਂ ਲੰਘ ਰਹੇ ਸੀ, ਜਿਹਨਾਂ ਨੂੰ ਵੇਖਕੇ ਇਕ ਕੁੱਤਾ ਉੱਚੀ ਉੱਚੀ ਭੌਂਕਣ ਲੱਗ ਪਿਆ।ਜਦ ਏਕਲਵਿਆ ਨੂੰ ਪਤਾ ਲੱਗਾ ਇਹ ਕੁੱਤਾ ਤਾਂ ਮੇਰੇ ਗੁਰੂ ਨੂੰ ਭੌਂਕ ਰਿਹਾ ਹੈ, ਤਾਂ ਉਸਨੇ ਦੂਰੋਂ ਬਹੁਤ ਸਾਰੇ ਤੀਰ ਛੱਡੇ, ਜਿਸ ਨਾਲ ਕੁੱਤੇ ਦਾ ਮੂੰਹ ਤੀਰਾਂ ਨਾਲ ਭਰ ਗਿਆ। ਕੁੱਤਾ ਇਕ ਦਮ ਚੁੱਪ ਹੋ ਗਿਆ। ਇਕ ਦਮ ਕੁੱਤੇ ਦੇ ਚੁੱਪ ਹੋਣ ਤੇ ਦਰੋਣਾਚਾਰੀਆ ਜੀ ਅਤੇ ਅਰਜਨ ਹੈਰਾਨ ਹੋ ਗਏ,ਜਦ ਉਹਨਾਂ ਅੱਗੇ ਜਾਕੇ ਕੁੱਤੇ ਦੇ ਮੂੰਹ ਵਿੱਚ ਵੱਜੇ ਤੀਰ ਵੇਖੇ ਤਾਂ ਦਰੋਣਾਚਾਰੀਆ ਜੀ ਹੈਰਾਨ ਰਹਿ ਗਏ, ਇਸ ਤਰਾਂ ਦਾ ਤੀਰ ਅੰਦਾਜ਼ੀ ਕੌਣ ਹੋ ਸਕਦਾ? ਕੁਝ ਕੁ ਸਮੇਂ ਬਾਅਦ ਏਕਲਵਿਆ ਵੀ ਗੁਰੂ ਦੇ ਸਾਹਮਣੇ ਆ ਖੜ੍ਹਾ ਹੋਇਆ, ਆਪਣੀ ਜਾਣ ਪਛਾਣ ਕਰਵਾਈ, ਇਹ ਸੁਣਕੇ ਦਰੋਣਾਚਾਰੀਆ ਜੀ ਬੇਹੱਦ ਹੈਰਾਨ ਪ੍ਰੇਸ਼ਾਨ!
ਫਿਰ ਏਕਲਵਿਆ ਨੇ ਗੁਰੂ ਦਰੋਣਾਚਾਰੀਆ ਨੂੰ ਗੁਰੂ ਦਖਸ਼ਣਾ ਲੈਣ ਲਈ ਤਰਲਾ ਕੀਤਾ, ਤਾਂ ਦਰੋਣਾਚਾਰੀਆ ਨੇ  ਇਹ ਸੋਚਕੇ ਕਿ ਮੇਰੇ ਸਿਖਾਏ ਸ਼ਿਸ਼ਾਂ ਤੋਂ ਕੋਈ ਉੱਪਰ ਨਾ ਹੋਵੇ, ਧੱਕੇ ਨਾਲ ਬਣੇ ਚੇਲੇ ਦਾ ਅੰਗੂਠਾ ਦਖਸ਼ਣਾ ਵਿੱਚ ਲੈ ਲਿਆ।"
ਇਸ ਤਰਾਂ ਦੀ ਇਹ ਕਹਾਣੀ ਮਹਾਂਭਾਰਤ ਵਿੱਚੋਂ ਆਈ ਹੈ। ਇਸ ਤਰਾਂ ਇਤਿਹਾਸ ਮਿਥਿਹਾਸ ਦੀਆਂ ਅਨੇਕਾਂ ਕਹਾਣੀਆਂ ਭਾਰਤ ਦੇ ਲੋਕਾਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ , ਜਿਹਨਾਂ ਨੂੰ ਆਮ ਲੋਕਾਂ ਤੋਂ ਇਲਾਵਾ ਚੰਗੇ ਪੜ੍ਹੇ ਲਿਖੇ ਲੋਕ ਵੀ (ਬਿਨਾਂ ਸੋਚੇ ਵਿਚਾਰੇ) ਮੰਨ ਰਹੇ ਹਨ, ਜਿਹਨਾਂ ਵਿੱਚ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਸ਼ਾਮਲ ਹਨ।
ਆਓ ਅੱਜ ਇਸ ਕਹਾਣੀ ਨੂੰ ਡੁੰਘਾਈ ਤੱਕ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਦੀ ਸਚਾਈ ਕੀ ਹੈ।
ਕਾਫ਼ੀ ਲੋਕਾਂ ਨੂੰ ਪਤਾ ਹੈ, ਕਿ ਏਕਲਵਿਆ 'ਭੀਲ' ਜਾਤੀ ਨਾਲ ਸਬੰਧਤ ਸੀ, ਜਿਹੜੀ ਕਿ ਅਖੌਤੀ ਅਛੂਤ ਜਾਤੀਆਂ ਵਿੱਚ ਆਉਂਦੀ ਹੈ। 'ਭੀਲ' ਭਾਰਤ ਦੀ ਇੱਕ ਪ੍ਰਾਚੀਨ ਜਾਤੀ ਹੈ, ਜੋ ਮੁੱਖ ਤੌਰ 'ਤੇ ਆਦਿਵਾਸੀ ਸਮੂਹਾਂ ਵਿੱਚ ਆਉਂਦੀ ਹੈ। ਭੀਲ ਭਾਰਤ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ ਵਿੱਚ ਵਸਦੇ ਹਨ, ਜਿਸ ਵਿੱਚ ਮੁੱਖ ਰੂਪ ਵਿੱਚ ਮੱਧ ਪ੍ਰਦੇਸ਼, ਗੁਜਰਾਤ, ਮਹਾਂ ਰਾਸ਼ਟਰ, ਛੱਤੀਸਗੜ੍ਹ ਅਤੇ ਰਾਜਸਥਾਨ ਆਦਿ ਸ਼ਾਮਲ ਹਨ।
'ਭੀਲ'  ਧਨੁਸ਼ ਵਿਦਿਆ ਦੇ ਕੁਸ਼ਲਤਾਪੂਰਵਕ ਮਾਹਰ ਮੰਨੇ ਜਾਂਦੇ ਹਨ ਅਤੇ ਇਤਿਹਾਸਕ ਤੌਰ 'ਤੇ ਸ਼ਿਕਾਰ ਕਰਨਾ ਅਤੇ ਕੁਦਰਤੀ ਸਰੋਤਾਂ ਤੇ ਨਿਰਭਰ ਰਹਿਣਾ ਉਹਨਾਂ ਦੇ ਜੀਵਨ ਦਾ ਹਿੱਸਾ ਰਿਹਾ ਹੈ।
ਜਿਸ ਕਰਕੇ ਏਕਲਵਿਆ ਦਾ ਖ਼ਾਨਦਾਨ ਧਨੁਸ਼ ਵਿਦਿਆ ਦੇ ਖ਼ਾਨਦਾਨੀ ਮਾਹਰ ਸਨ, ਇਸ ਲਈ ਉਸਨੂੰ ਆਪਣੇ ਪੁਰਖਿਆਂ ਨੂੰ ਛੱਡਕੇ ਕਿਸੇ ਕੋਲੋਂ ਇਸ ਕਲਾ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਸੀ।
ਮੰਨ ਲਵੋ ਉਸ ਵਕਤ ਦਰੋਣਾਚਾਰੀਆ ਜੀ ਦੀ ਜ਼ਿਆਦਾ ਹੀ ਮਾਨਤਾ ਹੋਵੇ, ਇਸ ਕਰਕੇ ਏਕਲਵਿਆ ਨੇ ਉਸਨੂੰ ਗੁਰੂ ਧਾਰਨ ਦੀ ਮਨ ਵਿਚ ਧਾਰ ਲਈ ਹੋਵੇ। ਪਰ ਉਸਨੂੰ ਇਹ ਵੀ ਪਤਾ ਹੋਵੇਗਾ ਹੀ, ਉਸ ਟਾਇਮ ਉਹ ਕੌਰਵਾਂ ਪਾਂਡਵਾਂ ਦਾ ਗੁਰੂ, ਦਰੋਣਾਚਾਰੀਆ ਜੀ ਉੱਚ ਕੋਟੀ ਦਾ ਬ੍ਰਾਹਮਣ ਹੈ। (ਜਿਸ ਦੇ ਅੱਗੋ ਦੀ ਅਛੂਤ ਜਾਤੀ ਦੇ ਲੋਕ ਲੰਘ ਵੀ ਨਹੀਂ ਸਕਦੇ ਸੀ। ਗੱਲ ਕਰਨੀ ਤਾਂ ਦੂਰ ਗੱਲ ਹੈ।)
ਉਸ ਨੂੰ ਕਿਵੇਂ ਸਵੀਕਾਰ ਕਰੇਗਾ ?
ਅਗਲੀ ਗੱਲ, ਰਾਜ ਦਰਬਾਰ ਵਿੱਚ ਰਹਿਣ ਵਾਲਾ ਦਰੋਣਾਚਾਰੀਆ ਕੋਈ ਆਮ ਤਾਂ ਤੁਰਿਆ ਫਿਰਦਾ ਨਹੀਂ ਹੋਣਾ, ਜਿਥੇ ਜੀ ਕਰਿਆ ਅੱਗੇ ਹੋਕੇ ਮਿਲ ਪਿਆ, ਦਰੋਣਾਚਾਰੀਆ ਕੋਲ ਰਾਜ ਦਰਬਾਰ ਵਿੱਚ ਉੱਚਾ ਰੁਤਬਾ ਸੀ,ਜਿਸ ਦੇ ਨਾਲ ਸੈਨਾ ਦੇ ਸਿਪਾਹੀ ਚਲਦੇ ਸੀ, ਅਛੂਤ ਤਾਂ ਕੀ, ਕੋਈ ਹੋਰ ਵੀ ਛੇਤੀ ਕਿਤੇ ਉਸ ਨੂੰ ਮਿਲ ਨਹੀਂ ਸਕਦਾ ਸੀ। ਵੱਡੀ ਪੁੱਛ ਪੜਤਾਲ ਵੀ ਹੁੰਦੀ ਸੀ। ਫਿਰ ਅਜਿਹੇ ਹਾਲਾਤ ਵਿੱਚ ਇਕ ਅਛੂਤ ਵਿਆਕਤੀ ਨੂੰ ਰਾਜ ਦਰਬਾਰ ਵਿੱਚ ਦਰੋਣਾਚਾਰੀਆ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।‌ ਇਸ ਲਈ ਇਸ ਕਹਾਣੀ ਵਿੱਚ ਤਰਕ ਦੇ ਆਧਾਰ ਤੇ ਕਿਤੇ ਸਚਾਈ ਦਿਸਦੀ ਨਹੀਂ ਹੈ।
ਭਾਰਤ ਦੇ ਇਤਿਹਾਸ ਵਿੱਚ ਮਿਥਿਹਾਸ ਭਾਰੂ ਹੈ, ਹਰ ਇਕ ਨੂੰ ਸੋਚ ਵਿਚਾਰ ਕੇ ਮੰਨਣਾ ਚਾਹੀਦਾ ਹੈ।
ਇਹ ਕਹਾਣੀ ਉਸੇ ਤਰਾਂ ਦੀ ਹੈ, ਜਿਵੇਂ ਰਵਿਦਾਸ ਜੀ ਨੂੰ ਪਿਛਲੇ ਜਨਮ ਵਿੱਚ ਬ੍ਰਾਹਮਣ ਦੇ ਘਰ ਪੈਦਾ ਕੀਤਾ, ਕਬੀਰ ਜੀ ਨੂੰ ਬ੍ਰਾਹਮਣੀ ਦੇ ਪੇਟੋਂ ਪੈਦਾ ਕਰਿਆ ਅਤੇ ਹੋਰ ਨਾਮਦੇਵ ਜੀ ਆਦਿ ਭਗਤਾਂ ਦਾ ਗੁਰੂ ਰਾਮਾਨੰਦ ਜੀ ਨੂੰ ਬਣਾਇਆ ਹੈ।
ਇਸ ਲਈ ਕਿਹਾ ਜਾ ਸਕਦਾ ਹੈ ਕਿ:-
ਜੰਗਲਾਂ 'ਚ ਰਹਿਣ ਵਾਲੇ ਆਦਿ ਵਾਸੀ 'ਭੀਲ਼'
ਹੁੰਦੇ ਖ਼ਾਨਦਾਨੀ ਤੀਰ-ਅੰਦਾਜ਼ ਮੇਰੇ ਦੋਸਤੋ।
ਥੋੜੀ ਉਮਰੇ ਇਹਨਾਂ ਦੇ ਬੱਚੇ ਸਿੱਖ ਜਾਂਦੇ,
ਤੀਰ-ਅੰਦਾਜੀ ਵਾਲੇ ਸਾਰੇ 'ਰਾਜ਼' ਮੇਰੇ ਦੋਸਤੋ।
'ਏਕਲੱਵਯਾ' ਵੀ ਸੀ ਇਹਨਾਂ ਦਾ ਹੀ ਮੁੰਡਾ,
ਜੀਹਦੀ ਤੀਰ-ਅੰਦਾਜੀ ਤੇ ਸੀ ਨਾਜ਼ ਮੇਰੇ ਦੋਸਤੋ।
'ਏਕਲੱਵਯਾ' ਦਰੋਣਾਚਾਰੀਆ ਨੂੰ ਕਿਉਂ ਦਿਉ ਅਗੂੰਠਾ,
ਕਿਉਂ ਉਹਦੇ ਅੱਗੇ ਕਰੂ ਫਰਿਆਦ ਮੇਰੇ ਦੋਸਤੋ?
ਜੋ ਸ਼ੂਦਰਾਂ ਦੇ ਪਰਛਾਵਿਆਂ ਤੋਂ ਭਿੱਟੇ ਜਾਂਦੇ,
'ਏਕਲੱਵਯਾ' ਦੇ ਨਾਲ ਕੀ ਸੀ ਲਿਹਾਜ਼ ਮੇਰੇ ਦੋਸਤੋ?
'ਦੱਕਸਣਾਂ' 'ਚ 'ਅਗੂੰਠੇ' ਵਾਲੀ ਲੱਗੇ ਝੂਠ ਕਹਾਣੀ,
ਵੇਖਿਆ ਜਾਵੇ ਤਰਕ ਦੇ ਲਿਹਾਜ਼ ਮੇਰੇ ਦੋਸਤੋ।
ਮੇਜਰ ਸਿੰਘ ਬੁਢਲਾਡਾ
94176 42327

'ਚੋਣਾਂ ਲੜਨ ਜੋਗੇ ਨਾ ਛੱਡੇ'- ਮੇਜਰ ਸਿੰਘ ਬੁਢਲਾਡਾ

ਪ੍ਰਕਾਸ਼ ਸਿੰਘ ਬਾਦਲ ਨੇ ਨਾਲ ਭਾਜਪਾ ਦੇ,
ਰਿਸ਼ਤਾ ਪਤੀ ਪਤਨੀ ਵਾਲਾ ਬਣਾਇਆ ਸੀ।
ਕੌਣ ਪਤਨੀ ਸੀ, ਕੌਣ ਸੀ ਪਤੀ ਇਹਦਾ,
ਇਹ ਕਦੇ ਨਾ ਚਾਨਣਾ ਪਾਇਆ ਸੀ।
ਦੋਵੇਂ ਰਲ਼ ਮਿਲਕੇ ਮਾਣਦੇ ਰਹੇ ਮੌਜਾਂ,
ਚੇਤਾ ਕੌਮ ਦਾ ਮਨੋਂ ਭੁਲਾਇਆ ਸੀ।
ਰਲ਼ਕੇ ਪੰਜਾਬ ਤੇ ਸੈਂਟਰ ਵਿੱਚ ਰਾਜ ਕਰਿਆ,
ਪਰ ਮਸਲਾ ਕੋਈ ਨਾ ਹੱਲ ਕਰਾਇਆ ਸੀ।
ਨਾ ਕੋਈ ਪੰਜਾਬ ਦਾ ਇਹਨਾਂ ਕਰਿਆ ਫਾਇਦਾ,
ਨਾ ਕੋਈ 'ਬੰਦੀ' ਸਿੰਘ ਛੁਡਾਇਆ ਸੀ।
ਅੱਜ 'ਅਕਾਲੀ ਦਲ' ਜਿਸ ਨੂੰ ਦੱਸੇ ਦੁਸ਼ਮਣ,
ਉਹਨੂੰ ਸਿਰ ਤੇ ਆਪ ਬਿਠਾਇਆ ਸੀ।

'ਮੇਜਰ' ਛੱਡਕੇ ਆਪਣੇ ਗੁਰੂਆਂ ਨੂੰ,
ਜਿਹੜੇ ਲੜ ਸਾਧਾਂ ਦੇ ਜਾ ਲੱਗੇ ਜੀ।
ਜਿਹਨਾਂ ਲੋਕਾਂ ਨੂੰ ਇਹਨਾਂ ਟਿੱਚ ਜਾਣਿਆ,
ਉਹਨਾਂ ਚੋਣਾਂ ਲੜਨ ਜੋਗੇ ਨਾ ਛੱਡੇ ਜੀ।

ਮੇਜਰ ਸਿੰਘ ਬੁਢਲਾਡਾ
94176 42327

'ਇੱਕ ਸੁਖਬੀਰ ਬਾਝੋਂ' - ਮੇਜਰ ਸਿੰਘ ਬੁਢਲਾਡਾ

'ਅਕਾਲੀ ਦਲ' ਵਿੱਚ ਇੱਕ 'ਸੁਖਬੀਰ' ਬਾਝੋਂ,
ਕੋਈ ਦੂਜਾ  ਲੀਡਰ ਨਹੀਂ 'ਦਮਦਾਰ' ਯਾਰੋ।

ਜੋ ਆਪਣੇ 'ਜਰਨੈਲ' ਦੀ ਗੈਰ ਹਾਜ਼ਰੀ ਵਿੱਚ,
ਪਾਰਟੀ ਦਾ ਚੁੱਕ ਲਵੇ ਮੋਢਿਆਂ ਤੇ ਭਾਰ ਯਾਰੋ।

ਚਾਹੀਦੀ ਸੀ 'ਸੋ ਸਾਲ' ਪੁਰਾਣੀ ਪਾਰਟੀ ਵਿੱਚ,
ਬੇਹੱਦ ਮਜ਼ਬੂਤ ਲੀਡਰਾ ਦੀ ਭਰਮਾਰ ਯਾਰੋ।

ਆਗੂਆਂ ਦੀ ਬੇਈਮਾਨੀ ਲੈ ਬੈਠੀ ਪਾਰਟੀ ਨੂੰ,
ਤਾਹੀਂ ਝੱਲਣੀ ਪੈ ਗਈ ਮਾਰ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327