ਪੰਜਾਬੀ ਗਾਇਕੀ ਦੀ 'ਸੰਦਲੀ ਫ਼ਿਜ਼ਾ ਦਾ ਗਹਿਣਾਂ' ਨੇ ਉਦਾਸ ਗੀਤ ... - ਮਨਜਿੰਦਰ ਸਿੰਘ ਸਰੌਦ
- ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਸਮੇਂ-ਸਮੇਂ ਤੇ ਹਰ ਤਰ੍ਹਾਂ ਦੇ ਰੰਗ ਤੇ ਵੰਨਗੀਆਂ ਆਪੋ ਆਪਣੀ ਕਲਾ ਦਾ ਜੌਹਰ ਜ਼ਰੂਰ ਵਿਖਾਉਂਦੀਆਂ ਰਹਿੰਦੀਆਂ ਹਨ । ਜਿਵੇਂ ਅੱਜਕੱਲ੍ਹ ਸਿੰਗਲ ਟਰੈਕ ਰਾਹੀਂ ਧੂਹ ਘੜੀਸ ਤੇ ਚੱਕਲੋ ਧਰਲੋ ਵਾਲੇ ਗੀਤਾਂ ਨੇ ਹਨੇਰੀ ਲਿਆਂਦੀ ਹੈ । ਕਦੇ ਉਸੇ ਤਰ੍ਹਾਂ ਨੱਬੇ ਵੇਂ ਦਹਾਕੇ ਦੇ ਆਲੇ ਦੁਆਲੇ ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਉਦਾਸ ਗੀਤਾਂ ਦੀਆਂ ਕਲੀਆਂ ਦੇ ਫੁੱਲ ਵੀ ਖਿੜਦੇ ਸਨ । ਇਹ ਵੱਖਰਾ ਵਿਸ਼ਾ ਹੈ ਕਿ ਅੱਜ ਕੱਲ੍ਹ ਦੀ ਗਾਇਕੀ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਦਾ ਵੱਡਾ ਯਤਨ ਯਤਨ ਕੀਤੈ , ਪਰ ਉਦਾਸ ਗੀਤਾਂ ਜ਼ਰੀਏ ਉਸ ਸਮੇਂ ਦੀ ਨੌਜਵਾਨੀ ਆਪਣੇ ਪ੍ਰਤੀਬਿੰਬ ਨੂੰ ਕਿਸੇ ਹੋਰ ਢੰਗ ਨਾਲ ਵੇਖਦੀ ਸੀ ਪਰ ਅੱਜ ਦੀ ਕੱਚ-ਘਰੜ ਗਾਇਕੀ ਤੇ ਉਸ ਸਮੇਂ ਦੀ ਉਦਾਸ ਸੁਰ ਵਾਲੀ ਗਾਇਕੀ ਵਿਚ ਬੜਾ ਵੱਡਾ ਅੰਤਰ ਸਾਫ਼ ਵਿਖਾਈ ਦਿੰਦਾ ਹੈ । ਇਹ ਠੀਕ ਹੈ ਕਿ ਸਮੇਂ ਦੀ ਮਾਰੀ ਪਲਟੀ ਤੇ ਗਲੈਮਰ ਦੀ ਚਕਾਚੌਂਧ ਨੇ ਵੀਡੀਓਜ਼ ਦੇ ਖੇਤਰ ਰਾਹੀਂ ਇਕ ਵੱਡਾ ਪੱਲੇਟਫਾਰਮ ਕਲਾਕਾਰ ਵਰਗ ਨੂੰ ਦਿੱਤਾ ਪਰ ਉਸ ਸਮੇਂ ਜੋ ਸੁਹਜ ਤੇ ਸਵਾਦ ਉਦਾਸ ਗੀਤਾਂ ਨੂੰ ਸੁਣਨ ਵਿੱਚ ਆਉਂਦਾ ਸੀ ਉਹ ਕਿਧਰੇ ਵੀ ਵਿਖਾਈ ਨਹੀਂ ਦਿੰਦਾ । ਇਕ ਸਮਾਂ ਉਹ ਵੀ ਸੀ ਜਦ ਕਾਲਜੀਏਟ ਨੌਜਵਾਨ ਤੇ ਮੁੰਡੇ ਕੁੜੀਆਂ ਉਸ ਸਮੇਂ ਦੇ ਉਦਾਸ ਗੀਤਾਂ ਦੇ ਇਸ ਕਦਰ ਦੀਵਾਨੇ ਸਨ ਕਿ ਉਹ ਉਦਾਸ ਗੀਤ ਗਾਉਣ ਵਾਲੇ ਕਲਾਕਾਰਾਂ ਦੀਆਂ ਤਸਵੀਰਾਂ ਤੱਕ ਨੂੰ ਪਿਆਰ ਕਰਦੇ ਸਨ । ਉਸ ਸਮੇਂ ਦੇ ਦੀਵਾਨਿਆਂ ਕੋਲ ਅੱਜ ਵੀ ਇਹ ਗੀਤ ਕਿਸੇ 'ਸੱਜਣ ਦੇ ਗਹਿਣੇ' ਵਾਂਗਰਾਂ ਸਾਂਭੇ ਪਏ ਹਨ ।
ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਇਤਿਹਾਸ ਅੰਦਰ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਆਪਣੇ ਸਮੇਂ ਦੇ ਬਾਬਾ ਬੋਹੜ ਜਰਨੈਲ ਸਿੰਘ ਘੁਮਾਣ ਦੀ ਕਲਮ ਚੋਂ ਨਿਕਲੇ ਗੀਤਾਂ ਨੂੰ ਦਰਜਨਾਂ ਕਲਾਕਾਰ ਗਾ ਕੇ ਗਾਇਕੀ ਦੇ ਸ਼ਾਹ ਅਸਵਾਰ ਬਣੇ । ਉਦਾਸ ਗੀਤਾਂ ਰਾਹੀਂ ਪੰਜਾਬ ਦੀ ਨੌਜਵਾਨੀ ਦਾ ਵੱਡਾ ਹਿੱਸਾ ਜਰਨੈਲ ਸਿੰਘ ਘੁਮਾਣ ਤੇ ਭਿੰਦਰ ਡੱਬਵਾਲੀ ਨੂੰ ਆਪਣੇ ਗੀਤਾਂ ਦਾ ਹੀਰੋ ਤੇ ਆਦਰਸ਼ ਮੰਨਣ ਤੋਂ ਇਨਕਾਰੀ ਨਹੀਂ ਸੀ । ਜੇ ਵੇਖੀਏ ਭਾਵੇਂ ਅੱਗੇ-ਪਿੱਛੇ ਬਹੁਤ ਸਾਰੇ ਗੀਤ ਮਾਰਕੀਟ ਦੇ ਵਿਚ ਉਦਾਸੀ ਸੁਰ ਵਾਲੇ ਆਏ ਪਰ ਪੰਜਾਬੀ ਗਾਇਕ ਰਣਜੀਤ ਮਣੀ , ਧਰਮਪ੍ਰੀਤ , ਮਨਜੀਤ ਰੂਪੋਵਾਲੀਆ , ਹਰਦੇਵ ਮਾਹੀਨੰਗਲ , ਦਵਿੰਦਰ ਕੋਹੇਨੂਰ , ਕਰਮਜੀਤ ਰੰਧਾਵਾ ਸਮੇਤ ਕਈ ਚੋਟੀ ਦੇ ਕਲਾਕਾਰ ਨੇ ਲੰਬਾ ਸਮਾਂ ਉਦਾਸ ਗੀਤਾਂ ਰਾਹੀਂ ਮਾਰਕੀਟ ਅੰਦਰ ਆਪਣੇ ਸਬਦ ਰਾਹੀਂ ਜਲਵਾ ਬਿਖੇਰਿਆ । ਜ਼ਿਆਦਾਤਰ ਉਦਾਸ ਗੀਤ ਉਸ ਸਮੇਂ ਦੇ ਗੀਤਕਾਰ ਬਚਨ ਬੇਦਿਲ , ਭਿੰਦਰ ਡੱਬਵਾਲੀ , ਕੋਮਲ ਸੁਨਾਮੀ ਦੀਆਂ ਕਲਮਾਂ ਦਾ ਸ਼ਿੰਗਾਰ ਬਣੇ । ਗੀਤਕਾਰ ਜਸਬੀਰ ਗੁਣਾਚੌਰੀਆ ਤੇ ਗੁਰਚਰਨ ਵਿਰਕ ਦੀ ਗਿਣਤੀ ਵੀ ਪਾਏਦਾਰ ਗੀਤਕਾਰਾਂ ਵਿੱਚ ਹੁੰਦੀ ਸੀ । ਹਰਜਿੰਦਰ ਬੱਲ ਦੇ ਲਿਖੇ ਗੀਤ ਵੀ ਨੌਜਵਾਨਾਂ ਦੇ ਮੂੰਹਾਂ ਤੇ ਆਪ ਮੁਹਾਰੇ ਆ ਜਾਂਦੇ ਸਨ । ਲੰਘੇ ਸਮੇਂ ਇਨ੍ਹਾਂ ਵਿੱਚੋਂ ਕਈ ਗੀਤਾਂ ਤੇ ਆਸ਼ਕੀ ਨੂੰ ਬੜ੍ਹਾਵਾ ਦੇਣ ਦੇ ਦੋਸ਼ ਵੀ ਲੱਗੇ ।
ਗਾਇਕ ਰਣਜੀਤ ਮਣੀ ਨੂੰ ਉਸ ਸਮੇਂ 'ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਾੜ੍ਹਾ ਕੱਟਿਓ ਨਾ ਕਾਲਜ ਚੋਂ ਨਾਂ' ਤੇ 'ਤੇਰੇ ਵਿਆਹ ਦੇ ਕਾਰਡ' ਵਾਲੀ ਕੈਸਟ ਨੇ ਹੱਥੋ-ਹੱਥੀ ਸਟਾਰਾਂ ਦੀ ਗਿਣਤੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ । ਇਕ ਤਰ੍ਹਾਂ ਨਾਲ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਧੂਮ ਮਚਾ ਦਿੱਤੀ ਸੀ ਇਨ੍ਹਾਂ ਗੀਤਾਂ ਨੇ । ਸਵ.ਧਰਮਪ੍ਰੀਤ ਦੇ 'ਟੁੱਟੇ ਦਿੱਲ ਨੀ ਜੁਡ਼ਦੇ ਅੜੀਏ ਤੋੜੀ ਨਾਂ' ਗੀਤ ਵਾਲੀ ਕੈਸਟ ਬੱਸਾਂ ਤੋਂ ਲੈ ਕੇ ਟਰੈਕਟਰਾਂ ਤਕ ਰੂਹ ਨਾਲ ਸੁਣੀ ਗਈ । ਸੋਹਣੇ ਸੁਨੱਖੇ ਨੌਜਵਾਨ ਮਨਜੀਤ ਰੂਪੋਵਾਲੀਆ ਦਾ ਆਪਣਾ ਇੱਕ ਵੱਖਰਾ ਸਥਾਨ ਸੀ ਉਸ ਨੇ ਗੀਤ ਭਾਵੇਂ ਘੱਟ ਗਾਏ ਪਰ 'ਜੇ ਕਹਿਤਾ ਜੀਅ ਨ੍ਹੀਂ ਲੱਗਣਾ ਫੇਰ ਕਿਹੜਾ ਵਾਪਸ ਆਜੇਂਗੀ , 'ਇਹ ਕੁੜੀ ਓਹੀ ਹੋਣੀ ਅੈ' ਸਦਾ ਲਈ ਨੌਜਵਾਨ ਸਰੋਤਿਆਂ ਦੇ ਮੂੰਹੋਂ ਚੜ੍ਹ ਗਏ । ਹਰਦੇਵ ਮਾਹੀਨੰਗਲ ਨੇ 'ਰਾਤੀਂ ਘੋਲ ਕੇ ਸ਼ਰਾਬ ਵਿਚ ਪੀ ਗਿਆ' ਤੇ 'ਮਾਹੀ ਚਾਹੁੰਦਾ ਕਿਸੇ ਹੋਰ ਨੂੰ' ਵਰਗੇ ਗੀਤਾਂ ਨੂੰ ਜਦ ਆਪਣੀ ਆਵਾਜ਼ ਰਾਹੀਂ ਕਾਇਨਾਤ ਦੀ ਸੰਦਲੀ ਫ਼ਿਜ਼ਾ ਵਿੱਚ ਬਿਖੇਰਿਆ ਤਾਂ ਉਸ ਨੂੰ ਵੱਡੇ ਮਾਣ ਸਨਮਾਨ ਮਿਲੇ । ਉਸ ਸਮੇਂ ਕਈ ਪੰਜਾਬੀ ਗਾਇਕੀ ਦੇ ਪੰਡਤਾਂ ਵੱਲੋਂ ਉਸ ਗਾਇਕੀ ਨੂੰ ਹਟਕੋਰਿਆਂ ਤੇ ਹਉਕਿਆਂ ਦੀ ਗਾਇਕੀ ਕਹੇ ਜਾਣ ਦੇ ਨਾਲ-ਨਾਲ ਬਹੁਤੇ ਲੋਕ ਟੁੱਟੇ ਦਿਲਾਂ ਤੇ ਵਿਛੋੜੇ ਦੀ ਵੇਦਨਾ ਦਾ ਸ਼ਿਕਾਰ ਨੌਜਵਾਨਾਂ ਲਈ ਇਸ ਗਾਇਕੀ ਨੂੰ ਵੱਡਾ ਢਾਰਸ ਵੀ ਮੰਨਦੇ ਸਨ ।
ਗ਼ਰੀਬ ਘਰ ਚੋਂ ਉੱਠੇ ਦਵਿੰਦਰ ਕੋਹੇਨੂਰ ਤੇ ਕਰਮਜੀਤ ਰੰਧਾਵਾ ਨੇ ਜ਼ਿਆਦਾਤਰ ਬਚਨ ਬੇਦਿਲ ਦੀ ਕਲਮ ਚੋਂ ਨਿਕਲੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਤੇ ਬੇਸ਼ੱਕ ਲੰਮਾ ਸਮਾਂ ਪੰਜਾਬੀ ਗਾਇਕੀ ਅੰਦਰ ਟਿਕ ਨਾ ਸਕੇ ਪਰ ਇੱਕ ਸਥਾਨ ਜ਼ਰੂਰ ਬਣਾ ਗਏ । ਦਵਿੰਦਰ ਨੇ 'ਤੈਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ' ਵਰਗੇ ਗੀਤ ਗਾਏ ਤਾਂ ਨੌਜਵਾਨੀ ਨੇ ਇਕਦਮ ਉਸ ਨੂੰ ਅੱਖਾਂ ਦੀਆਂ ਪਲਕਾਂ ਤੇ ਚੁੱਕ ਲਿਆ । ਰੰਧਾਵਾ ਨੇ ਜ਼ਿਆਦਾਤਰ ਕਿਸਾਨੀ ਨਾਲ ਸਬੰਧਤ ਗੀਤਾਂ ਨੂੰ ਨੂੰ ਆਪਣੀ ਆਵਾਜ਼ ਦਿੱਤੀ । ਪੰਜਾਬੀ ਗਾਇਕੀ ਦੇ ਇਤਿਹਾਸ ਅੰਦਰ ਕਈ ਦਹਾਕੇ ਇਨ੍ਹਾਂ ਕਲਾਕਾਰਾਂ ਨੇ ਆਪਣੇ ਸਰੋਤਿਆਂ ਦੇ ਮਨਾਂ ਤੇ ਰੱਜ ਕੇ ਰਾਜ ਕੀਤਾ ਤੇ ਚੋਖਾ ਨਾਵਾਂ ਵੀ ਕਮਾਇਆ ਪਰ ਇਨ੍ਹਾਂ ਵਿੱਚੋ ਬਹੁਤੇ 'ਗਲੈਮਰ ਦੀਅਾਂ ਫੇਟਾਂ' ਨੂੰ ਝੱਲ ਨਾ ਸਕੇ ਤੇ ਛੇਤੀ ਹੀ ਪਰਦੇ ਤੋਂ ਅਲੋਪ ਹੋ ਗਏ । ਕਈਆਂ ਨੇ ਸਮੇਂ ਦੇ ਨਾਲ ਬਦਲਣ ਦੀ ਡਾਹਢੀ ਕੋਸ਼ਿਸ਼ ਵੀ ਕੀਤੀ ਤੇ ਥੋੜ੍ਹਾ ਬਹੁਤਾ ਸਫਲ ਵੀ ਹੋਏ ਪਰ ਜ਼ਿਆਦਾਤਰ੍ਹ ਨੂੰ ਅਸਫ਼ਲਤਾ ਦਾ ਮੂੰਹ ਹੀ ਵੇਖਣਾ ਪਿਆ । ਪੰਜਾਬੀ ਗਾਇਕੀ ਦੇ ਇਕ ਖੇਤਰ ਦੇ ਇਨ੍ਹਾਂ ਫ਼ਨਕਾਰਾਂ ਵਿੱਚੋਂ ਕੁਝ ਇਕ ਇਸ ਸੰਸਾਰ ਤੋਂ ਕੂਚ ਵੀ ਕਰ ਚੁੱਕੇ ਹਨ ਤੇ ਕਈਆਂ ਨੇ ਆਪਣਾ ਰੈਣ ਬਸੇਰਾ ਵਿਦੇਸ਼ੀ ਧਰਤੀ ਤੇ ਬਣਾ ਲਿਆ ਹੈ ।
ਇਨ੍ਹਾਂ ਉਦਾਸ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਕਲਾਕਾਰਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਭਾਵੇਂ ਟੁੱਟਵੇਂ-ਟੁੱਟਵੇਂ ਗੀਤ ਮਾਰਕੀਟ ਵਿਚ ਆਉਂਦੇ ਰਹੇ ਪਰ ਇਹ ਉਹ ਸਮਾਂ ਸੀ ਜਦ ਜ਼ਿਆਦਾਤਰ ਤੂਤੀ ਇਨ੍ਹਾਂ ਕਲਾਕਾਰਾਂ ਦੇ ਉਦਾਸ ਗੀਤਾਂ ਦੀ ਹੀ ਮਾਰਕੀਟ ਅੰਦਰ ਬੋਲਦੀ ਸੀ । ਉਦਾਸ ਗੀਤ ਭਾਵੇਂ ਰਾਜ ਬਰਾੜ , ਕਰਮਜੀਤ ਅਨਮੋਲ , ਇੰਦਰਜੀਤ ਨਿੱਕੂ , ਰਵਿੰਦਰ ਗਰੇਵਾਲ , ਫਕੀਰ ਚੰਦ ਪਤੰਗਾ ਸਮੇਤ ਹੋਰਨਾਂ ਕਈ ਕਲਾਕਾਰਾਂ ਨੇ ਵੀ ਗਾਏ ਪਰ ਪਰ ਉਪਰਲੇ ਕਲਾਕਾਰਾਂ ਵੱਲੋਂ ਕੇਵਲ ਤੇ ਕੇਵਲ ਲੰਮਾ ਸਮਾਂ ਉਦਾਸ ਗੀਤਾਂ ਜ਼ਰੀਏ ਮਾਰਕੀਟ ਅੰਦਰ ਆਪਣੇ ਨਾਮ ਦਾ ਡੰਕਾ ਵਜਵਾਇਆ ਗਿਆ । ਇਕ ਸਮਾਂ ਸੀ ਜਦ ਨੌਜਵਾਨੀ ਇਨ੍ਹਾਂ ਕਲਾਕਾਰਾਂ ਨੂੰ ਉਦਾਸ ਗੀਤਾਂ ਵਾਲੇ ਕਲਾਕਾਰਾਂ ਦੇ ਨਾਮ ਨਾਲ ਬੁਲਾਉਣ ਲੱਗੀ ਸੀ । ਖ਼ੈਰ ਕੁਝ ਵੀ ਸੀ ਪਰ ਉਸ ਸਮੇਂ ਉਦਾਸ ਗੀਤਾਂ ਜ਼ਰੀਏ ਇਨ੍ਹਾਂ ਕਲਾਕਾਰਾਂ ਵੱਲੋਂ ਕੀਤੀ ਝੰਡੀ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਹਿੱਸਾ ਜ਼ਰੂਰ ਬਣ ਗਈ । ਕਿਤੇ ਨਾ ਕਿਤੇ ਸੱਥਾਂ ਵਿੱਚ ਬੈਠੇ ਲੋਕ ਅੱਜ ਵੀ ਕਹਿ ਦਿੰਦੇ ਨੇ ਕਿ ਅੱਜ ਦੇ ਆਹ 'ਫੁਕਰਾਪੰਥੀ ਕਲਾਕਾਰਾਂ' ਨਾਲੋਂ ਉਨ੍ਹਾਂ ਕਲਾਕਾਰਾਂ ਦੀ ਗਾਇਕੀ ਕਈ ਦਰਜੇ ਜ਼ਿਆਦਾ ਚੰਗੀ ਸੀ । ਇਹ ਗੱਲ ਠੀਕ ਹੈ ਕਿ ਉਸ ਸਮੇਂ ਵੀ ਕਈ ਕਲਾਕਾਰਾਂ ਤੇ ਆਪਣੇ ਗੀਤਾਂ ਜ਼ਰੀਏ ਨੌਜਵਾਨੀ ਨੂੰ ਵਿਗਾੜਨ ਦੇ ਦੋਸ਼ ਲੱਗੇ ਪਰ ਅੱਜ ਦੇ ਮੁਕਾਬਲੇ ਉਸ ਨੂੰ 'ਤੁੱਛ' ਗਿਣਿਆ ਜਾਵੇਗਾ । ਬਿਨਾਂ ਸ਼ੱਕ ਉਦਾਸ ਗੀਤਾਂ ਨੇ ਲੰਬਾ ਸਮਾਂ ਪੰਜਾਬੀ ਗਾਇਕੀ ਦੀ 'ਸੰਦਲੀ ਫ਼ਿਜ਼ਾ' ਅੰਦਰ ਆਪਣੀ 'ਕਲਾ ਦਾ ਜਲਵਾ' ਬਿਖੇਰਿਆ । ਜਿਸ ਨੂੰ ਅੱਜ ਕਈ ਦਹਾਕੇ ਬੀਤ ਜਾਣ ਦੇ ਬਾਅਦ ਵੀ ਉਸ ਸਮੇਂ ਦੇ ਸਮਕਾਲੀ ਲੋਕ 'ਠੰਡੀ ਹਾਅ' ਭਰ ਕੇ ਯਾਦ ਕਰਦੇ ਹਨ ।
ਮਨਜਿੰਦਰ ਸਿੰਘ ਸਰੌਦ
(ਮਾਲੇਰਕੋਟਲਾ )
94634 -63136
ਅੱਖੀਂ ਵੇਖਿਆ ਸਿੱਕਮ - ਮਨਜਿੰਦਰ ਸਿੰਘ ਸਰੌਦ
ਕੁਦਰਤੀ ਸੁਹੱਪਣ ਦਾ ਨਮੂਨਾ ਹੈ ਦੁਨੀਆ ਦੀ ਸਭ ਤੋਂ ਉੱਚੀ ਨੀਲੇ ਪਾਣੀ ਦੀ ਝੀਲ..
ਬੱਦਲ਼ਾਂ ਦੀਆਂ ਹਿੱਕ ਨਾਲ ਖਹਿੰਦੀ ਸਿੱਕਮ ਦੀ ਰਮਣੀਕ ਧਰਤੀ..
- ਭਾਰਤ ਦੇ ਪੂਰਬੀ ਸੂਬੇ ਸਿੱਕਮ ਨੂੰ ਜੇਕਰ ਅਸਮਾਨ ਦੇ ਵਿਚ ਵਸਿਆ ਹੋਇਆ ਕੁਦਰਤੀ ਸੁੰਦਰਤਾ ਨਾਲ ਲਪਾਲਪ ਜੰਨਤ ਵੀ ਆਖ ਦੇਈਏ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਸਮੁੰਦਰੀ ਤਲ ਤੋਂ ਸਿੱਕਮ ਦੇ ਸਭ ਤੋਂ ਸਿਖ਼ਰਲੇ ਕਸਬਿਆਂ ਦੀ ਉਚਾਈ 18 ਹਜ਼ਾਰ ਫੁੱਟ ਦੇ ਲਗਭਗ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਡਾਂਗਮਾਰ ਸਾਹਿਬ ਸਸ਼ੋਭਿਤ ਤੇ ਸਿੱਕਮ ਦੀ ਪੰਜਾਬ ਤੋਂ ਦੂਰੀ 1940 ਕਿਲੋਮੀਟਰ ਹੈ । ਇੱਥੇ ਹੀ ਨੀਲੀ ਝੀਲ ਦਾ ਸ਼ਾਂਤ ਪਾਣੀ ਮਨੁੱਖੀ ਮਨ ਦੇ ਅੰਦਰ 'ਸੁੱਚੀ ਸੋਚ ਦੀ ਲਹਿਰ' ਨੂੰ ਹੁਲਾਰਾ ਦਿੰਦਾ ਹੈ । ਮਈ 16 ਸੰਨ 1975 ਨੂੰ ਸਿੱਕਮ ਨੂੰ ਭਾਰਤੀ ਸੂਬੇ ਵਜੋਂ ਮਾਨਤਾ ਮਿਲੀ । ਅਸੀਂ ਇਸ ਵਰ੍ਹੇ ਆਪਣੀ 8 ਮੈਬਰੀ ਟੀਮ ਸਮੇਤ ਸਿੱਕਮ ਅਤੇ ਮੇਘਾਲਿਆ ਦਾ ਟੂਰ ਪ੍ਰੋਗਰਾਮ ਬਣਾਇਆ । ਸੋਚਿਆ ਤਾਂ ਸੀ ਕਿ ਛੋਟੇ ਵੀਰ ਅਮਨਦੀਪ ਦੇ ਨਾਲ ਦੱਖਣ ਭਾਰਤ ਦੇ ਟੂਰ ਤੋਂ ਬਾਅਦ ਸਿੱਕਮ ਦੀ ਧਰਤੀ ਤੇ ਫੇਰਾ ਪਾਉਣਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਅਮਨਦੀਪ ਪਹਿਲਾਂ ਹੀ ਵਿਛੋੜਾ ਦੇ ਗਿਆ ਖੈਰ ਜੋ ਮਾਲਕ ਨੂੰ ਭਾਵੇ । ਕਿਸੇ ਵੀ ਸੱਜਣ ਵੱਲੋਂ ਹਵਾਈ ਜਹਾਜ਼ ਰਾਹੀਂ ਲਗਭਗ ਢਾਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਬੰਗਾਲ ਦੇ ਬਾਗਡੋਗਰਾ ਵਿਖੇ ਰਹਿਣ ਬਸੇਰਾ ਬਣਾਇਆ ਜਾ ਸਕਦਾ ਹੈ । ਉਸ ਤੋਂ ਬਾਅਦ ਸ਼ਹਿਰ ਸਿੱਲੀਗੁੜੀ ਤੋਂ ਸੜਕੀ ਰਸਤੇ ਰਾਹੀਂ ਅਸਮਾਨ ਵੱਲ ਨੂੰ ਲਗਭਗ 112 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸਿੱਕਮ ਦੀ ਰਾਜਧਾਨੀ ਗੰਗਟੋਕ ਆਉਂਦੀ ਹੈ ।
ਬੇਹੱਦ ਸੋਹਣਾ ਇਹ ਸ਼ਹਿਰ ਵੀ ਸਵਰਗ ਤੋਂ ਘੱਟ ਨਹੀਂ ਜਾਪਦਾ । ਛੋਟੀਆਂ, ਵੱਡੀਆਂ ਪਹਾੜੀਆਂ, ਪਾਣੀ ਦੇ ਝਰਨੇ ਅਤੇ ਹਰਿਆਵਲ ਦੇ ਨਾਲ ਲਪਾਲਪ ਵੱਡੇ ਪਰਬਤ ਅਤੇ ਘਾਹਦਾਰ ਮੈਦਾਨ ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ । ਭਾਵੇਂ ਇਹ ਸ਼ਹਿਰ ਛੋਟਾ ਹੈ ਅਤੇ ਇਸ ਦੀ ਆਬਾਦੀ ਕਾਫੀ ਘੱਟ ਹੈ ਪਰ ਬੱਦਲਾਂ ਨਾਲ ਅਠਖੇਲੀਆਂ ਕਰਦੇ ਬਜ਼ਾਰ ਅਤੇ ਆਲੀਸ਼ਾਨ ਇਮਾਰਤਾਂ ਕਿਸੇ ਬਾਹਰਲੇ ਮੁਲਕ ਦਾ ਪਰ ਭੁਲੇਖਾ ਜਰੂਰ ਪਾਉਂਦੀਆਂ ਹਨ । ਸਫ਼ਾਈ ਪੱਖੋਂ ਸਿੱਕਮ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ । ਸੜਕਾਂ ਤੇ ਰੱਖੇ ਡਸਟਬੀਨ ਆਪਣੇ ਆਪ ਵਿਚ ਸਫ਼ਾਈ ਪੱਖੋਂ ਦਿੱਤੀ ਜਾ ਰਹੀ ਅਹਿਮੀਅਤ ਨੂੰ ਦਰਸਾਉਂਦੇ ਹਨ । ਸਿੱਕਮ ਨੂੰ ਵੱਖ- ਵੱਖ ਭਾਗਾਂ ਵਿੱਚ ਵੰਡ ਕੇ ਇਸ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ । ਸੈਲਾਨੀਆਂ ਵੱਲੋਂ ਉੱਤਰ, ਦੱਖਣ, ਪੂਰਬ, ਪੱਛਮ ਨੂੰ ਹੀ 6 ਜ਼ਿਲ੍ਹੇ ਰੂਪੀ ਭਾਗਾਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੈ । ਸਾਡੀ ਟੂਰ ਟੀਮ ਦੇ ਇੰਚਾਰਜ ਗੁਰਜੀਤ ਸਿੰਘ ਸਿੱਧੂ ਨੂੰ ਸਿੱਕਮ ਪ੍ਰਤੀ ਕਾਫੀ ਜਾਣਕਾਰੀ ਹੋਣ ਕਾਰਨ ਸਾਡਾ ਰਾਹ ਪੱਧਰਾ ਹੁੰਦਾ ਚਲਾ ਗਿਆ ।
ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਬਾਅਦ ਹੋਰ ਉਪਰ ਵੱਲ ਜਾਈਏ ਤਾਂ ਸ਼ਹਿਰ ਚੁੰਗਥਾਂਗ ਆ ਜਾਂਦਾ ਹੈ ਉਥੇ ਵੀ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਪਰ ਇਸ ਸ਼ਹਿਰ ਵਿੱਚ ਪੰਜਾਬੀ ਪਰਿਵਾਰ ਕੋਈ ਵੀ ਨਹੀਂ ਰਹਿੰਦਾ ਹੈ । ਸਿਰਫ ਗੁਰਦੁਆਰਾ ਸਾਹਿਬ ਅੰਦਰ ਹੀ 8 ਦੇ ਕਰੀਬ ਸੇਵਾਦਾਰ ਹਨ । ਉਸ ਤੋਂ ਬਾਅਦ ਫਿਰ ਹੋਰ ਉੱਪਰ ਵੱਲ ਨੂੰ ਸਫ਼ਰ ਕਰੀਏ ਤਾਂ ਲਗਭਗ 14 ਹਜ਼ਾਰ ਫੁੱਟ ਦੀ ਉਚਾਈ ਤੇ ਜਾ ਕੇ ਕਾਲਾ ਪੱਥਰ ਨਾਂ ਦਾ ਇਕ ਪਹਾੜੀ ਸਥਾਨ ਅਤੇ ਮਸ਼ਹੂਰ ਨਥੂਲਾ ਪਾਸ ਆਉਂਦਾ ਹੈ ਜਿੱਥੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ । ਇੱਥੇ ਸਾਰਾ ਸਾਲ ਬਰਫ਼ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ । ਇੱਥੇ ਕਈ-ਕਈ ਫੁੱਟ ਬਰਫ ਆਮ ਪੈਂਦੀ ਹੈ ਇੱਕ ਪਾਸੇ ਚੀਨ ਅਤੇ ਦੂਜੇ ਪਾਸੇ ਭਾਰਤ ਤੇ ਫ਼ੌਜੀ ਜਵਾਨ ਆਪੋ ਆਪਣੇ ਦੇਸ਼ਾਂ ਦੀ ਸੁਰੱਖਿਆ ਦੇ ਲਈ ਹਰ ਸਮੇਂ ਤਾਇਨਾਤ ਰਹਿੰਦੇ ਹਨ । ਸਫ਼ਾਈ ਪੱਖੋਂ ਇਹ ਨਜ਼ਾਰੇ ਭਰਪੂਰ ਸਥਾਨ ਵਿਕਾਸ ਦੇਖਣਯੋਗ ਹਨ ।
ਫਿਰ ਵਾਰੀ ਆਉਂਦੀ ਹੈ ਸਿੱਕਮ ਦੇ ਸਭ ਤੋਂ ਸਿਖ਼ਰਲੇ ਲਗਭਗ 18 ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਅਤੇ ਨੀਲੇ ਪਾਣੀ ਦੀ ਝੀਲ ਤੋਂ ਇਲਾਵਾ ਬਰਫ਼ ਨਾਲ ਭਰੀਆਂ ਪਹਾੜੀਆਂ ਇਕ ਪਾਸੇ ਚੀਨ ਅਤੇ ਦੂਜੇ ਪਾਸੇ ਨੇਪਾਲ, ਬੇਹੱਦ ਖੂਬਸੂਰਤ ਨਜ਼ਾਰਾ ਹੈ ਇਹਨਾਂ ਸਥਾਨਾਂ ਦਾ ਜੋ ਆਪਣੇ ਆਪ ਵਿੱਚ ਵਿਲੱਖਣ ਹਨ । ਭਾਵੇਂ ਇਸ ਜਗ੍ਹਾ ਦੀ ਦੂਰੀ ਸਿਲੀਗੁੜੀ ਤੋਂ ਲੱਗਭਗ 260 ਕਿਲੋਮੀਟਰ ਦੇ ਕਰੀਬ ਹੈ ਪਰ ਪਹਾੜੀ ਏਰੀਆ ਹੋਣ ਕਾਰਨ ਇਹ ਸਫ਼ਰ ਦੁੱਗਣਾ ਹੋ ਕੇ ਨਿੱਬੜਦਾ ਹੈ । ਗੁਰਦੁਆਰਾ ਡਾਂਗ ਮਾਰ ਸਾਹਿਬ ਦਾ ਝਗੜਾ ਪਿਛਲੇ ਸਮੇਂ ਤੋਂ ਚੱਲਣ ਕਾਰਨ ਉਥੋਂ ਦੇ ਪ੍ਰਸ਼ਾਸਨ ਵੱਲੋਂ ਅੱਜਕਲ੍ਹ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਤਿਕਾਰ ਸਹਿਤ ਚੁੰਗਥਾਂਗ ਵਿਖੇ ਪਹੁੰਚਦਾ ਕਰ ਦਿੱਤਾ ਹੈ । ਆਖਿਆ ਜਾਂਦਾ ਹੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੀਜੀ ਉਦਾਸੀ ਮੌਕੇ ਇਥੇ ਆਏ ਸਨ ਜਿਥੇ ਅੱਜਕਲ੍ਹ ਗੁਰਦੁਆਰਾ ਸਾਹਿਬ ਸਥਿਤ ਹੈ ਇਥੇ ਜੋ ਨੀਲੇ ਪਾਣੀ ਦੀ ਝੀਲ ਮੌਜੂਦ ਹੈ ਉਹ ਵੀ ਦੁਨੀਆਂ ਦੀ ਸਭ ਤੋਂ ਉੱਚੀ ਝੀਲ ਮੰਨੀਂ ਜਾਂਦੀ ਹੈ । ਚਾਰੇ ਪਾਸੇ ਉਚੀਆਂ ਪਹਾੜੀਆਂ ਦੇ ਵਿਚਕਾਰ ਨੀਲੇ ਪਾਣੀ ਦੀ ਝੀਲ ਇਕ ਮਹਾਂ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ । ਇਥੇ ਜਾ ਕੇ ਕਿਸੇ ਵੀ ਇਨਸਾਨ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ।
ਨੀਲੀ ਝੀਲ ਦੀ ਨੁੱਕਰੇ ਬਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਵੇਖਣ ਵਾਲਿਆਂ ਲਈ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ । ਧਰਤੀ ਤੋਂ ਬਾਅਦ ਪਹਾੜ ਅਤੇ ਫਿਰ ਪਹਾੜਾਂ ਤੋਂ ਅੱਗੇ ਬੱਦਲਾਂ ਦੇ ਵਿਚ ਦੀ ਜਾ ਕੇ ਕੇ ਇੱਕ ਪੱਧਰ ਰਸਤੇ ਰਾਹੀਂ ਇਸ ਸਥਾਨ ਤੇ ਜਾ ਕੇ ਇਨਸਾਨ ਦੇ ਮਨ ਅੰਦਰ ਜ਼ਿੰਦਗੀ ਦੇ ਨਾਲ ਪਿਆਰ ਦੀ ਗਲਵੱਕੜੀ ਪੀਢੀ ਹੋ ਜਾਂਦੀ ਹੈ । ਸਿੱਕਮ ਨੂੰ ਸਿਆਸੀ ਨਜ਼ਰੀਏ ਤੋਂ ਵਾਚੀਏ ਤਾਂ ਇੱਥੋਂ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕਾਂ ਦੇ ਰੂਪ ਵਿਚ ਨੁਮਾਇੰਦਿਆਂ ਦੀ ਦੀ ਗਿਣਤੀ 32 ਅਤੇ 1 ਮੈਂਬਰ ਪਾਰਲੀਮੈਂਟ ਦੀ ਚੋਣ ਕੀਤੀ ਜਾਂਦੀ ਹੈ । ਇਸ ਸਮੇਂ ਸਿੱਕਮ ਅੰਦਰ ਖੇਤਰੀ ਪਾਰਟੀ ਐਸ.ਕੇ.ਐਫ. (ਸਿੱਕਮ ਕ੍ਰਾਂਤੀਕਾਰੀ ਮੋਰਚਾ) ਦਾ ਰਾਜ ਕਾਲ ਹੈ । ਇੱਥੋਂ ਦੇ ਲੋਕ ਆਪਣੇ ਸੂਬੇ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਉਹਨਾਂ ਦਾ ਮੁਖ ਕਿਤਾ ਚਾਹ ਦੇ ਬਾਗਾਂ ਤੋਂ ਇਲਾਵਾ ਸੈਲਾਨੀਆਂ ਦੀ ਆਮਦ ਤੇ ਨਿਰਭਰ ਹੈ । ਟੈਕਸੀ ਸਰਵਿਸ ਬਹੁਤ ਜ਼ਿਆਦਾ ਮਹਿੰਗੀ ਹੈ । ਕਿਸੇ ਦੂਜੇ ਸੂਬੇ ਦੀਆਂ ਕਾਰਾਂ ਸਿਰਫ ਇਕ ਹੱਦ ਤੱਕ ਹੀ ਸਿੱਕਮ ਦੇ ਵਿੱਚ ਜਾ ਸਕਦੀਆਂ ਹਨ ਉਨ੍ਹਾਂ ਤੇ ਸਖ਼ਤ ਪਾਬੰਦੀ ਹੈ । ਕਿਸੇ ਸੋਹਣੇ ਸੱਜਣ ਦੇ ਗਹਿਣੇ ਵਰਗੇ ਇਸ ਸੂਬੇ ਦੀ ਆਬਾਦੀ ਪੌਣੇ 7 ਲੱਖ ਦੇ ਆਸਪਾਸ ਹੈ
ਸੈਲਾਨੀਆਂ ਨੂੰ ਵੱਖ ਵੱਖ ਸਥਾਨਾਂ ਤੇ ਦੇਖਣ ਸਮੇਂ ਰੁਪਈਆਂ ਦੇ ਰੂਪ ਵਿੱਚ ਲਗਾਇਆ ਜਾਂਦਾ ਜਜੀਆ ਰੂਪੀ ਟੈਕਸ ਸਿੱਕਮ ਦੀ ਸੁਹੱਪਣ ਭਰੀ ਯਾਤਰਾ ਤੇ ਇਕ ਕਾਲੇ ਟਿਕੇ ਦੀ ਤਰਾਂ ਜ਼ਰੂਰ ਅੱਖਰਦਾ ਹੈ । ਪੈਕੇਜ ਦੇਣ ਵਾਲੇ ਸੱਜਣ ਵੀ ਸੈਲਾਨੀਆਂ ਤੇ ਚੰਗਾ ਹੱਥ ਸਾਫ ਕਰਦੇ ਹਨ । ਸਿੱਕਮ ਅੰਦਰ ਪੰਜਾਬੀਆਂ ਦੀ ਗਿਣਤੀ ਨਾਮਾਤਰ ਤਾਂ ਹੈ ਹੀ ਪਰ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਉੱਥੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਕੋਈ ਪੰਜਾਬੀ ਵੇਖਣ ਨੂੰ ਨਹੀਂ ਮਿਲਦਾ । ਇਥੋਂ ਦੇ ਲੋਕ ਆਪਣੀ ਮਾਤ-ਭਾਸ਼ਾ ਪ੍ਰਤੀ ਪੂਰੀ ਤਰਾਂ ਵਫ਼ਾਦਾਰ ਹਨ ਉਨ੍ਹਾਂ ਵੱਲੋਂ ਹਿੰਦੀ ਜਾਂ ਹੋਰ ਭਾਸ਼ਾਵਾਂ ਨੂੰ ਨਕਾਰ ਕੇ ਆਪਣੀ ਮਾਂ-ਬੋਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ । ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਨ ਸਮੇਂ ਅੰਗਰੇਜ਼ੀ ਜਾਂ ਥੋੜਾ ਬਹੁਤ ਹਿੰਦੀ ਨੂੰ ਵਰਤਿਆ ਜਾਂਦਾ ਹੈ । ਕੁੱਲ ਮਿਲਾ ਕੇ ਕੇ ਸਿੱਕਮ ਨੂੰ ਅਸਮਾਨ ਦੇ ਵਿੱਚ ਵਸਿਆ ਕੁਦਰਤੀ ਨਜ਼ਾਰਿਆ ਨਾਲ ਲਬਰੇਜ਼ ਜੰਨਤ ਜ਼ਰੂਰ ਆਖ ਸਕਦੇ ਹਾਂ ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
9463463136
ਇਨਸਾਨੀ ਜ਼ਿੰਦਗੀਆਂ ਨੂੰ ਖਤਮ ਕਰ ਰਿਹੈ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ.. - ਮਨਜਿੰਦਰ ਸਿੰਘ ਸਰੌਦ
ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਜ਼ਾਰਾਂ ਅੰਦਰ ਵਿੱਕ ਰਹੇ ਨਕਲੀ ਦੁੱਧ ਤੋਂ ਬਣੀਆਂ ਮਿਲਾਵਟੀ ਵਸਤੂਆਂ ਨੂੰ ਰੋਕਣ ਦੇ ਲਈ ਰੱਜ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸਿਤਮ ਦੀ ਗੱਲ ਹੈ ਕਿ ਸਰਕਾਰ ਦੇ ਇਸ ਪ੍ਰਚਾਰ ਦਾ ਇਨਸਾਨੀ ਜ਼ਿੰਦਗੀਆਂ ਨੂੰ ਦਾਅ ਤੇ ਲਗਾਉਣ ਵਾਲੇ ਲੋਕਾਂ ਤੇ ਭੋਰਾ ਭਰ ਵੀ ਅਸਰ ਵਿਖਾਈ ਨਹੀਂ ਦੇ ਰਿਹਾ । ਜਿਸ ਦੀ ਬਦੌਲਤ ਪੰਜਾਬ ਦੇ ਪਸ਼ੂ ਪਾਲਕਾਂ ਵੱਲੋਂ ਲੱਖਾਂ ਖਰਚ ਕੇ ਬਣਾਏ ਡੇਅਰੀ ਫਾਰਮ ਤਬਾਹ ਹੋਣ ਕੰਢੇ ਪਹੁੰਚ ਚੁੱਕੇ ਹਨ । ਹੈਰਾਨੀਜਨਕ ਪਹਿਲੂ ਇਹ ਕਿ ਕਿਵੇਂ ਮੁਨਾਫ਼ਾਖੋਰ ਵਰਗ ਚੰਦ ਛਿੱਲੜਾਂ ਦੇ ਮੁਨਾਫ਼ੇ ਖ਼ਾਤਰ ਦੁੱਧ ਚੁੰਘਦੀਆਂ ਮਾਸੂਮ ਜ਼ਿੰਦਗੀਆਂ ਨੂੰ ਵੀ ਦਾਅ ਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ ।
ਅੱਜ ਦੇ ਇਸ ਦੌਰ ਨੂੰ ਵੇਖ-ਸੁਣ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਕਿ ਕਿੰਝ ਇਨ੍ਹਾਂ ਬੇਰਹਿਮ ਲੋਕਾਂ ਵੱਲੋਂ ਦੁੱਧ ਤੋਂ ਬਣੀਆਂ ਵਸਤਾਂ ਦੇ ਮਾਮਲੇ ਵਿੱਚ ਨਵ-ਜਨਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਮਿਲਾਵਟੀ ਵਸਤੂਆਂ ਰਾਹੀਂ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ । ਇਸ ਸਾਰੇ ਵਰਤਾਰੇ ਦੌਰਾਨ ਕੁਝ ਮੁਨਾਫ਼ਾਖੋਰ ਦੁਕਾਨਦਾਰਾਂ ਦੀ ਬਦੌਲਤ ਚੰਗੇ ਦੁਕਾਨਦਾਰਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਾ ਹੈ ਜਦ ਕਿ ਉਹ ਇਸ ਮਾਮਲੇ ਵਿਚ ਚੰਗੀਆਂ ਵਸਤੂਆਂ ਜਨਤਾ ਨੂੰ ਵੇਚ ਰਹੇ ਹਨ । ਉਧਰ ਇੱਕ ਪਾਸੇ ਤਾਂ ਨਕਲੀ ਦੁੱਧ ਦੀ ਬਹੁਤਾਤ ਦੇ ਕਾਰਨ ਪੰਜਾਬ ਦੇ ਪਸ਼ੂ ਪਾਲਕ ਅਪਣੇ ਪਸ਼ੂਆਂ ਨੂੰ ਵੇਚਣ ਲਈ ਮਜ਼ਬੂਰ ਹਨ ਅਤੇ ਉਨ੍ਹਾਂ ਨੂੰ ਦੁੱਧ ਦਾ ਚੰਗਾ ਭਾਅ ਨਹੀਂ ਮਿਲ ਰਿਹਾ ਪਰ ਓਧਰ ਦੂਜੇ ਪਾਸੇ ਨਕਲੀ ਦੁੱਧ ਦੇ ਠੇਕੇਦਾਰ ਚੋਖੀ ਕਮਾਈ ਰਾਹੀਂ ਆਪਣੇ ਖੀਸੇ ਭਰ ਰਹੇ ਹਨ ।
ਹਰ ਵਰ੍ਹੇ ਬਾਜ਼ਾਰਾਂ ਅੰਦਰ ਮਿਲਾਵਟੀ ਵਸਤੂਆਂ ਨੂੰ ਜ਼ਬਤ ਕਰਨ ਦਾ ਪ੍ਰਚਾਰ ਸਰਕਾਰ ਤੇ ਸਬੰਧਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਪਰ ਜ਼ਮੀਨੀ ਪੱਧਰ ਤੇ ਤੱਥ ਕੁਝ ਹੋਰ ਕਹਿੰਦੇ ਹਨ । ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ਲੋਕਾਂ ਨੂੰ ਭਿਆਨਕ ਬੀਮਾਰੀਆਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ । ਇੰਨਾ ਕੁਝ ਹੋਣ ਦੇ ਬਾਵਜੂਦ ਸਬੰਧ ਸਿਹਤ ਵਿਭਾਗ ਸਿਰਫ ਖਾਨਾ ਪੂਰਤੀ ਕਰਦਾ ਦਿਖਾਈ ਦਿੰਦਾ ਹੈ । ਬਾਜ਼ਾਰਾਂ ਅੰਦਰ ਬਹੁਰੰਗੀਆਂ ਮਠਿਆਈਆਂ ਅਤੇ ਪਨੀਰ ਦੇ ਲੱਗੇ ਸਟਾਲਾਂ ਤੇ ਜਾ ਕੇ ਕਿਸੇ ਵੀ ਸਬੰਧਤ ਵਿਭਾਗ ਦੇ ਅਧਿਕਾਰੀ ਨੇ ਕਦੇ ਚੈਕਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜਾਣਬੁੱਝ ਕੇ ਉਸ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ ਇਸ 'ਕੌੜੇ ਸੱਚ' ਨੂੰ ਸਭ ਜਾਣਦੇ ਹਨ । ਮਿਲਾਵਟੀ ਵਸਤੂਆਂ ਰਾਹੀ ਲਾਲਚੀ ਲੋਕਾਂ ਵੱਲੋਂ ਸ਼ਰ੍ਹੇਆਮ ਮਨੁੱਖੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਪਰ ਕਾਰਵਾਈ ਨਾ ਮਾਤਰ ਹੈ । ਇੱਕ ਅਹਿਮ ਤੱਥ ਇਹ ਵੀ ਹੈ ਕਿ ਕਈ ਵਾਰ ਤਾਂ ਮਠਿਆਈ ਜਾਂ ਹੋਰ ਵਸਤੂ ਖਰੀਦਦੇ ਸਮੇਂ ਡੱਬੇ ਵਿੱਚ ਉੱਲੀ ਲੱਗੀ ਹੁੰਦੀ ਹੈ ਅਤੇ ਕਈ ਸਾਤਰ ਕਿਸਮ ਦੇ ਦੁਕਾਨਦਾਰ ਭੋਲੇ-ਭਾਲੇ ਲੋਕਾਂ ਨੂੰ ਡੱਬੇ ਸਮੇਤ ਮਠਿਆਈ ਜਾਂ ਹੋਰ ਵਸਤੂਆਂ ਵੇਚ ਰਹੇ ਹਨ ।
ਆਖਰ ਇਹ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਕਿਸ ਦੀ ਨੱਕ ਹੇਠ ਇਹ ਸਭ ਕੁਝ ਹੋ ਰਿਹਾ ਹੈ । ਇਸ ਸਭ ਕੁਝ ਦੇ ਨਤੀਜੇ ਵਜੋਂ ਹੁਣ ਗਾਹਕ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ । ਪਸ਼ੂ ਪਾਲਕਾਂ ਵੱਲੋਂ ਆਪਣਾ ਦਰਦ ਬੇਹੱਦ ਹੈਰਾਨ ਕਰ ਦੇਣ ਵਾਲਾ ਤੱਥ ਹੈ ਕਿ ਅੱਜ ਦੇ ਸਮੇਂ ਜਦ ਪੰਜਾਬ ਅੰਦਰ ਦੁਧਾਰੂ ਪਸ਼ੂਆਂ ਦੀ ਵੱਡੀ ਘਾਟ ਰੜਕ ਰਹੀ ਹੈ ਤਾਂ ਕਿਸੇ ਵੀ ਖ਼ਾਸ ਦੁਕਾਨਦਾਰ ਤੋਂ ਤਰੰਤ ਜਿੰਨਾ ਮਰਜ਼ੀ ਪਨੀਰ ਖਰੀਦ ਸਕਦੇ ਹੋ ਆਖ਼ਰ ਇਹ ਆਉਂਦਾ ਕਿੱਥੋਂ ਹੈ ਇਹ ਸੁਆਲ ਵੱਡਾ ਹੈ । ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਮੌਕੇ ਸਰਗਰਮ ਹੋਣ ਦੀ ਥਾਂ, ਮੌਜੂਦਾ ਸਮੇਂ ਵੀ ਦਫ਼ਤਰਾਂ ਵਿਚੋਂ ਬਾਹਰ ਆ ਕੇ ਇਨਸਾਨੀ ਜ਼ਿੰਦਗੀਆਂ ਦਾ ਘਾਣ ਕਰ ਰਹੀਆਂ ਮਿਲਾਵਟੀ ਵਸਤੂਆਂ ਦੇ ਵਿਸ਼ੇ ਤੇ ਗੰਭੀਰ ਹੋ ਕੇ ਜਾਂਚ ਕੀਤੀ ਜਾਵੇ । ਚੰਗਾ ਹੋਵੇ ਜੇਕਰ ਸਰਕਾਰ ਵੱਲੋਂ ਪ੍ਰਚਾਰ ਕਰਨ ਦੇ ਨਾਲ-ਨਾਲ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ ਦਾ ਰਾਹ ਪੱਧਰਾ ਕੀਤਾ ਜਾਵੇ ।
ਮਨਜਿੰਦਰ ਸਿੰਘ ਸਰੌਦ
(ਮਾਲੇਰਕੋਟਲਾ)
ਪੰਜਾਬ ਅੰਦਰ ਦਿਨ-ਦਿਹਾੜੇ ਹੋ ਰਹੇ ਕਤਲਾਂ ਨੇ ਸੂਬੇ ਦੀ ਸਮੁੱਚੀ ਫਿਜ਼ਾ ਨੂੰ ਚਾੜ੍ਹਿਆ ਖ਼ੂਨੀ ਰੰਗ - ਮਨਜਿੰਦਰ ਸਿੰਘ ਸਰੌਦ
- ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਤੇ ਮਾਵਾਂ ਦੇ ਢਿੱਡੋਂ ਜੰੰਮਿਆਂ ਦੇ ਖੂਨੋ-ਖੂਨ ਹੋਣ ਦੀ ਦਰਦਨਾਕ ਦਾਸਤਾਨ ਨੂੰ ਵੇਖ ਕਿਸੇ ਵੀ ਭਲੇ ਇਨਸਾਨ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ । ਕਾਨੂੰਨ ਦੇ ਡਰ-ਭੈਅ ਤੋਂ ਬੇ-ਫਿਕਰ ਨਜ਼ਰ ਆ ਰਹੇ ਹਰ ਰੋਜ਼ ਕਿੰਝ ਹੱਸਦੇ ਵੱਸਦੇ ਪਰਿਵਾਰਾਂ ਦੇ 'ਬਲੀ ਪੁੱਤ' ਨਿਜੀ ਲੜਾਈ ਝਗੜਿਆਂ ਅਤੇ ਨਸ਼ੇ ਦੀ ਬਦੌਲਤ ਕਿਸ ਰੰਗਲੇ ਜਹਾਨ ਤੋਂ ਰੁਖ਼ਸਤ ਹੋ ਰਹੇ ਹਨ । ਪਿਛਲੇ ਦਿਨਾਂ ਤੋਂ ਕਈ ਇਨਸਾਨੀ ਜ਼ਿੰਦਗੀਆਂ ਇਸ ਸਾਰੇ ਦਰਦਨਾਕ ਵਰਤਾਰੇ ਦੀ ਭੇਟ ਚੜ੍ਹ ਗਈਆਂ ਤੇ ਉਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਕਈ ਨਾਮੀ ਸ਼ਖਸੀਅਤਾਂ ਇਸ ਨਰਸੰਘਾਰ ਵਿੱਚ ਜਾਨ ਗੁਆ ਚੁੱਕੀਆਂ ਹਨ ।
ਪੰਜਾਬ ਦੇ ਸਾਰੇ ਹੀ ਖਿੱਤਿਆਂ ਅੰਦਰ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਜ਼ਮੀਨ, ਪੈਸਿਆਂ ਦੇ ਲੈਣ-ਦੇਣ, ਨਿੱਜੀ ਰੰਜਿਸ਼ ਬਾਜ਼ੀ, ਵਿਆਹ ਸ਼ਾਦੀਆਂ 'ਚ ਹੋ ਰਹੇ ਕਤਲੇਆਮ ਜਾਂ ਝਗੜਿਆਂ ਨੇ ਲੰਘੇ ਮਾੜੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ । ਇਸ ਤੋਂ ਇਲਾਵਾ ਨਸ਼ੇ ਦਾ ਕਹਿਰ ਵੀ ਪੰਜਾਬ ਦੇ ਪਰਿਵਾਰਾਂ ਤੇ ਬਿਜਲੀ ਬਣਕੇ ਟੁੱਟ ਰਿਹਾ ਹੈ । ਕੜੀਆਂ ਵਰਗੇ ਨੌਜਵਾਨ ਪੁੱਤਰ ਇਸ ਦੀ ਭੇਟ ਚੜ੍ਹ ਰਹੇ ਹਨ । ਬੀਤੇ ਸਮੇਂ ਤੇ ਝਾਤੀ ਮਾਰੀਏ ਤਾਂ ਅਕਸਰ ਪੰਜਾਬ ਅੰਦਰ ਪਾਣੀ ਦੀਆਂ ਵਾਰੀਆਂ ਜਾਂ ਜ਼ਮੀਨਾਂ ਪਿੱਛੇ ਕਤਲ ਆਮ ਗੱਲ ਹੁੰਦੀ ਸੀ ।
ਪਰ ਹੈਰਾਨੀ ਦੀ ਹੱਦ ਉਸ ਵੇਲੇ ਹੁੰਦੀ ਹੈ ਜਦ ਅਸੀਂ ਇੱਕੀ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਵੀ ਮਹਿਜ਼ ਫੋਕੀ ਸ਼ੋਹਰਤ ਜਾਂ ਪੈਸਿਆਂ ਦੀ ਖਾਤਰ ਖ਼ਾਤਰ ਨੌਜਵਾਨ ਜ਼ਿੰਦਗੀਆਂ ਦਾ ਕਤਲ ਕਰਨ ਤੋਂ ਵੀ ਨਹੀਂ ਝਿਜਕਦੇ । ਆਪਣੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਪੰਜਾਬ ਦੀਆਂ ਮਾਵਾਂ ਦੇ ਅੱਖਾਂ ਵਿੱਚੋਂ ਨੀਰ ਮੁੱਕਿਆ ਨਜ਼ਰੀਂ ਪੈਂਦਾ ਹੈ । ਅੱਜ ਜਦ ਕਾਲਜਾਂ ਤੋਂ ਬਾਅਦ ਯੂਨੀਵਰਸਿਟੀਆਂ ਦੇ ਪਡ਼੍ਹੇ ਲਿਖੇ ਨੌਜਵਾਨ ਵਿਦੇਸ਼ਾਂ ਅੰਦਰ ਪ੍ਰਵਾਸ ਕਰ ਰਹੇ ਹਨ ਤਾਂ ਨੌਜਵਾਨ ਖ਼ੂਨ ਦੇ ਪਿਆਸੇ ਹੋ ਕੇ ਇਕ ਦੂਜੇ ਦੀਆਂ ਛਾਤੀਆਂ ਗੋਲੀਆਂ ਨਾਲ ਛਲਣੀ ਕਰਨ ਤੋਂ ਬਾਅਦ ਜੇਲ੍ਹ ਦੀਆਂ ਸੀਖਾਂ ਪਿੱਛੇ ਦਿਨ ਕਟੀ ਕਰ ਰਹੇ ਹਨ । ਜੇਕਰ ਲੰਘੇ ਦਿਨਾਂ ਦੇ ਅੰਕੜਿਆਂ ਤੇ ਝਾਤੀ ਮਾਰੀਏ ਤਾਂ ਪੰਜਾਬ ਜਾਂ ਨਾਲ ਲੱਗਦੇ ਪੰਜਾਬੀ ਇਲਾਕਿਆਂ ਅੰਦਰ ਦਰਜਨਾਂ ਵੱਡੀਆਂ ਤੇ ਬੇਹੱਦ ਮਾੜੀਆਂ ਘਟਨਾਵਾਂ ਨੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆਂ ਵਿੱਚ ਕਲੰਕਤ ਕੀਤਾ ਹੈ ।
ਇਸ ਤੋਂ ਇਲਾਵਾ ਹਰ ਰੋਜ਼ ਹੋ ਰਹੇ ਛੋਟੇ-ਮੋਟੇ ਝਗੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਜੇਕਰ ਇਨ੍ਹਾਂ ਘਟਨਾਵਾਂ ਦੇ ਹੋਣ ਪਿੱਛੇ ਦੇ ਕਾਰਨਾਂ ਨੂੰ ਘੋਖੀਏ ਤਾਂ ਸਿਰਫ਼ ਪੈਸੇ, ਹਉਮੈ ਅਤੇ ਨਿਜੀ ਰੰਜਸ਼ ਬਾਜ਼ੀ ਦੇ ਚਲਦਿਆਂ ਪੰਜਾਬ ਦੀ ਧਰਤੀ 'ਲਹੂ ਰੰਗੀ' ਹੋ ਰਹੀ ਹੈ । ਪੰਜਾਬ ਜਿਸ ਨੂੰ ਕਿਸੇ ਸਮੇਂ 'ਗੁਰਾਂ ਦੇ ਨਾਂ ਤੇ ਵੱਸਣ ਦੀ ਵਡਿਆਈ ਦਿੱਤੀ ਗਈ ਅੱਜ ਚਾਚਾ-ਭਤੀਜਾ , ਪਿਉ-ਪੁੱਤਰਾਂ ਦੇ ਕਾਤਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਵਿਖਾਈ ਦੇ ਰਿਹਾ । ਕਾਫੀ ਸਮਾਂ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਤੇ ਇਕ ਪੁੱਤਰ ਨੇ ਆਪਣੇ ਮਾਂ ਪਿਓ, ਸਕੇ ਚਾਚੇ ਨੇ ਭਤੀਜੇ ਦੀ ਅਤੇ ਸਕੇ ਭਤੀਜੇ ਨੇ ਚਾਚੇ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਕੇ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਮੇਂ ਇਹ ਵਰਤਾਰਾ ਹਰ ਰੋਜ਼ ਕਿਤੇ ਨਾ ਕਿਤੇ ਵਾਪਰ ਰਿਹਾ ਹੈ ।
ਸਮਝ ਵਿੱਚ ਨਹੀਂ ਆਉਂਦਾ ਕਿ ਆਖ਼ਰ 'ਚੰਦ ਟੁਕੜਿਆਂ' ਦੀ ਖਾਤਰ ਇਨਸਾਨ ਵੱਲੋਂ ਇਨਸਾਨ ਦੀ ਬਲੀ ਲੈਣ ਦਾ ਇਹ ਸਿਲਸਿਲਾ ਕਦੋਂ ਰੁਕੇਗਾ, ਕਦੋਂ ਅਸੀਂ ਸਮਝਾਂਗੇ ਕਿ ਇਨਸਾਨ ਮੁੜ੍ਹਕੇ ਵਾਪਸ ਨਹੀਂ ਆਉਂਦਾ ਜਿੰਦਗੀ ਇਕ ਵਾਰ ਹੀ ਕਰਮਾਂ ਨਾਲ ਨਸੀਬ ਹੁੰਦੀ ਹੈ । ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਾ ਹੋਵੇ । ਅਦਾਲਤਾਂ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਚੱਲ ਰਹੇ ਕੇਸ ਇਸ ਦੀ ਮੂੰਹ ਬੋਲਦੀ ਤਸਵੀਰ ਹਨ । ਸਰਕਾਰ ਲੋਕਾਂ ਨੂੰ ਆਪਣੇ ਵਾਅਦੇ ਗਿਣਾਉਣ ਵਿਚ ਮਸ਼ਰੂਫ ਹੈ । ਜਦਕਿ ਸਰਕਾਰ ਨੂੰ ਵੱਡੇ ਫ਼ੈਸਲੇ ਲੈਂਦਿਆਂ ਅਜਾਈਂ ਜਾ ਰਹੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਸਖ਼ਤ ਅਤੇ ਸੰਭਲ ਕੇ ਕਦਮ ਰੱਖਣ ਦੀ ਲੋੜ ਹੈ ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
9463463136
ਪੰਜਾਬੀ ਸਿਨਮੇ ਦਾ ਜੁੱਗ ਪੁਰਸ਼ - ਸਰਦਾਰ ਸੋਹੀ
- ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ 'ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ ਵਾਲੇ ਪੰਜਾਬੀ ਸਿਨਮਾ ਦੇ ਜੁੱਗ ਪੁਰਸ਼ ਦਾ ਲਕਬ ਪਾ ਚੁੱਕੇ ਸਰਦਾਰ ਸੋਹੀ ਦਾ ਨਾਮ ਪੂਰੀ ਦੁਨੀਆਂ ਦੇ ਪੰਜਾਬੀ ਲੋਕਾਂ ਲਈ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ । ਆਪਣੀ ਜ਼ਿੰਦਗੀ ਦੇ ਲਗਪਗ 72 ਵਰ੍ਹੇ ਪੂਰੇ ਕਰ ਚੁੱਕਿਆ ਬਾਪੂ ਸ਼ਿਵਦੇਵ ਸਿੰਘ ਅਤੇ ਮਾਤਾ ਸਰੂਪ ਕੌਰ ਦੀ ਕੁੱਖ ਦਾ ਲਾਡਲਾ ਸਰਦਾਰ ਸੋਹੀ ਅੱਜ ਵੀ ਗਰਜਵੀਂ ਤੇ ਸੋਜ਼ਸ ਭਰਪੂਰ ਆਵਾਜ਼ ਰਾਹੀਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਨੂੰ ਨੂੰ ਕੀਲ ਕੇ ਆਪਣੀ ਕਲਾ ਦਾ ਲੋਹਾ ਮਨਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ । ਸਰਦਾਰ ਸੋਹੀ ਅੱਜ ਵੀ ਆਪਣੇ ਸੰਘਰਸ਼ ਭਰੇ ਦਿਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਕਿ ਕਿੰਝ ਉਸ ਨੇ ਮਿਹਨਤ ਅਤੇ ਸਿਰੜ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣਨ ਨੂੰ ਤਰਜੀਹ ਦਿੰਦਿਆਂ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਜ਼ਿੰਦਗੀ ਅੰਦਰ ਉਹ ਮੁਕਾਮ ਸਰ ਕੀਤਾ ਜੋ ਕਿਸੇ ਵਿਰਲੇ ਇਨਸਾਨ ਨੂੰ ਹਾਸਲ ਹੁੰਦਾ ਹੈ ।
ਜਦ ਪਿੰਡ ਤੋਂ ਕੁੱਝ ਕਰਨ ਦੀ ਤਾਕ ਧਾਰ ਕੇ ਸਰਦਾਰ ਸੋਹੀ ਨੇ ਬੰਬਈ ਦੀ ਧਰਤੀ ਤੇ ਪਹੁੰਚ ਕੇ ਥੀਏਟਰ ਦੀ ਦੁਨੀਆਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੂੰ ਮਹਿਜ਼ ਨੂੰ 250 ਰੁਪਏ ਕੰਮ ਕਰਨ ਦੇ ਦਿੱਤੇ ਜਾਂਦੇ ਸਨ । ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਲਗਪਗ 12 ਵਰ੍ਹੇ ਥੀਏਟਰ ਦੀ ਦੁਨੀਆਂ ਅੰਦਰ ਵਿਚਰ ਕੇ ਜਦੋਂ ਵਾਪਸੀ ਕੀਤੀ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਮਿਹਨਤਾਨੇ ਦੇ ਰੂਪ ਵਿੱਚ ਸਿਰਫ਼ 850 ਰੁਪਏ ਦੇ ਕਰੀਬ ਮਿਲਦੇ ਸਨ । ਜਿਸ ਨੂੰ ਕਿਸੇ ਵੀ ਕਲਾਕਾਰ ਲਈ ਵੱਡਾ ਮਾਣ ਮੰਨਿਆ ਜਾਂਦਾ ਸੀ । ਰੰਗਕਰਮੀਆਂ ਦੇ ਜਨਮਦਾਤਾ ਮੰਨੇ ਜਾਂਦੇ ਹਰਪਾਲ ਸਿੰਘ ਟਿਵਾਣਾ ਦਾ ਚੰਡਿਆ ਸਰਦਾਰ ਸੋਹੀ ਥੀਏਟਰ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਯੁੱਗ ਪੁਰਸ਼ ਕਲਾਕਾਰ ਹੋ ਨਿੱਬੜਿਆ । ਮੌਜੂਦਾ ਸਮੇਂ ਪੰਜਾਬੀ ਫ਼ਿਲਮਾਂ ਦੇ ਅੰਦਰ ਸਰਦਾਰ ਸੋਹੀ ਦੀ ਮੌਜੂਦਗੀ ਤੋਂ ਬਿਨਾਂ ਫਿਲਮ ਨੂੰ ਅਧੂਰੀ ਮੰਨਿਆ ਜਾਂਦਾ ਹੈ ਅਤੇ ਸਿਨਮਿਆਂ ਅੰਦਰ ਦਰਸ਼ਕਾਂ ਵੱਲੋਂ ਜੋ ਪਿਆਰ ਇਸ ਮਹਾਨ ਫ਼ਨਕਾਰ ਨੂੰ ਦਿੱਤਾ ਜਾਂਦੈ ਉਹ ਵੇਖਣ ਯੋਗ ਹੁੰਦਾ ਹੈ । ਉੱਥੇ ਵੱਜ ਰਹੀਆਂ ਦਰਸ਼ਕਾਂ ਦੀਆਂ ਕਿਲਕਾਰੀਆਂ ਸਿੱਧ ਕਰ ਦਿੰਦੀਆਂ ਨੇ ਕੇ ਸਰਦਾਰ ਸੋਹੀ ਵਾਕਿਆ ਹੀ ਯੁੱਗ ਪੁਰਸ਼ ਕਲਾਕਾਰ ਹੈ ।
ਪੰਜਾਬੀ ਸਿਨਮੇ ਅੰਦਰ ਇੱਕ ਚੰਗੇ ਕਲਾਕਾਰ ਵਜੋਂ ਵਿਚਰ ਰਹੇ ਸਰਦਾਰ ਸੋਹੀ ਦੀ ਪਹਿਲੀ ਫ਼ਿਲਮ ਲੌਂਗ ਦਾ ਲਿਸ਼ਕਾਰਾ 1983 ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਉਨ੍ਹਾਂ ਦੀ ਕਸਵੱਟੀ ਤੇ ਖਰੀ ਉਤਰੀ । ਫਿਲਮ ਅੰਦਰ ਸਰਦਾਰ ਸੋਹੀ ਦੇ ਨਾਲ ਰਾਜ ਬੱਬਰ ਅਤੇ ਓਮ ਪੁਰੀ ਦਾ ਰੋਲ ਵੀ ਸਲਾਹੁਣਯੋਗ ਰਿਹਾ । ਉਸ ਤੋਂ ਬਾਅਦ ਬਾਗੀ, ਜੀਹਨੇ ਮੇਰਾ ਦਿਲ ਲੁੱਟਿਆ, ਕੈਰੀ ਔਨ ਜੱਟਾ, ਬੰਬੂਕਾਟ ਅਤੇ ਅਰਦਾਸ ਵਰਗੀਆਂ ਹਿੱਟ ਫ਼ਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਵਿੱਚ ਪਾ ਕੇ ਵਾਹ ਵਾਹ ਖੱਟੀ । ਠੇਠ ਪੰਜਾਬੀ ਬੋਲੀ ਦੇ ਮੁਰੀਦ ਸਰਦਾਰ ਸੋਹੀ ਨੇ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਬੀ ਐਨ ਸ਼ਰਮਾ ਵਰਗੇ ਉੱਚ ਕੋਟੀ ਦੇ ਕਲਾਕਾਰਾਂ ਨਾਲ ਬੇਮਿਸਾਲ ਕੰਮ ਦੀ ਨਵੀਂ ਛਾਪ ਛੱਡਦਿਆਂ ਪੰਜਾਬੀ ਸਿਨਮੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਡਾਹਢਾ ਯੋਗਦਾਨ ਪਾਇਆ । ਬੰਬਈ ਮਹਾਂਨਗਰੀ ਅੰਦਰ ਗਲੈਮਰ ਦੀ ਦੁਨੀਆਂ ਦੀ ਚਕਾਚੌਂਧ ਤੋਂ ਦੂਰ ਰਹਿੰਦਿਆਂ ਸੋਹੀ ਨੇ 5 ਹਿੰਦੀ ਫ਼ਿਲਮਾਂ, ਅਤੇ ਕਈ ਸੀਰੀਅਲਾਂ ਅੰਦਰ ਕਿਸਮਤ ਅਜ਼ਮਾ ਕੇ ਕੁਝ ਵੱਖਰਾ ਕਰਨ ਦਾ ਯਤਨ ਜ਼ਰੂਰ ਕੀਤਾ ਜੋ ਉਨ੍ਹਾਂ ਨੂੰ ਰਾਸ ਨਾ ਆਇਆ ਅਤੇ ਮਾਂ ਬੋਲੀ ਰਾਹੀਂ ਪ੍ਰਵਾਨ ਚੜ੍ਹਨ ਦੀ ਖਾਹਸ਼ ਨੂੰ ਭਾਲ ਕੇ ਅੱਗੇ ਵਧਣ ਦਾ ਯਤਨ ਕੀਤਾ ।
ਸਰਦਾਰ ਸੋਹੀ ਹੋਰਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਦੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਜਿਸ ਸਮੇਂ ਉਹ ਬੰਬਈ ਦੀ ਗਲੈਮਰ ਭਰੀ ਦੁਨੀਆਂ ਦਾ ਹਿੱਸਾ ਬਣਨ ਲਈ ਯਤਨਸ਼ੀਲ ਸਨ । ਉਸ ਸਮੇਂ ਉਨ੍ਹਾਂ ਵੱਲੋਂ ਥੀਏਟਰ ਕਰਨ ਤੋਂ ਬਾਅਦ ਜਿਸ ਢਾਬੇ ਤੇ ਰੋਟੀ ਖਾਣ ਲਈ ਜਾਇਆ ਜਾਂਦਾ ਸੀ ਤਾਂ ਢਾਬੇ ਦੇ ਮਾਲਕ ਵੱਲੋਂ ਉਨ੍ਹਾਂ ਨੂੰ 70 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਰੋਟੀ ਖਵਾ ਕੇ ਕਿਹਾ ਜਾਂਦਾ ਕਿ ਰੋਟੀਆਂ ਦੇ ਪੈਸੇ ਲੱਗਣਗੇ ਜਦਕਿ ਦਾਲ ਜਿੰਨੀ ਮਰਜ਼ੀ ਖਾਓ ਤਾਂ ਸੋਹੀ ਸਾਹਿਬ ਹੁਰਾਂ ਵੱਲੋਂ ਆਖਿਆ ਜਾਂਦਾ ਕਿ ਸਾਡਾ ਤਾਂ ਸਰ ਜਾਊ ਪਰ ਸਾਡੇ ਨਾਲ ਦੇ ਉੱਘੇ ਕੁਮੈਂਟੇਟਰ ਅਤੇ ਥੀਏਟਰ ਦੇ ਕਲਾਕਾਰ ਦਰਸ਼ਨ ਬੜੀ ਹੋਰਾਂ ਨੂੰ ਰਜਾ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਰਦਾਰ ਸਰਦਾਰ ਸੋਹੀ ਹੋਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਤੇ ਉਨ੍ਹਾਂ ਨੇ ਘੋਰ ਗ਼ਰੀਬੀ ਹੰਢਾਈ । ਸਰਦਾਰ ਸੋਹੀ ਦੇ ਪਰਿਵਾਰ ਦਾ ਪਿਛੋਕੜੀ ਪਿੰਡ ਪਲਾਸੌਰ ਨੇੜੇ ਧੂਰੀ ਹੈ ਪਰ ਬਹੁਤ ਲੰਬਾ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਨਕੇ ਪਿੰਡ ਟਿੱਬਾ ਆ ਕੇ ਰੈਣ ਬਸੇਰਾ ਕੀਤਾ । ਜਿਥੇ ਅੱਜ ਕੱਲ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ।
ਸਰਦਾਰ ਸੋਹੀ ਨੂੰ ਚਾਹੁਣ ਵਾਲੇ ਉਨ੍ਹਾਂ ਦੇ ਬੋਲੇ ਡਾਇਲਾਗਾਂ ਨੂੰ ਕਿਸੇ ਸੋਹਣੇ ਸੱਜਣ ਦੇ ਗਹਿਣੇ ਦੀ ਤਰ੍ਹਾਂ ਸਾਂਭ ਕੇ ਯਾਦ ਰੱਖਦੇ ਹਨ । ਲਗਪਗ 60 ਪੰਜਾਬੀ ਫ਼ਿਲਮਾਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਦੀ ਝੋਲੀ ਵਿੱਚ ਪਾ ਕੇ ਕੋਰੋਨਾ ਕਾਲ ਦੌਰਾਨ ਸਰਦਾਰ ਸੋਹੀ ਨੇ ਲੁਧਿਆਣਾ ਸ਼ਹਿਰ ਤੋਂ ਸ਼ੇਰਪੁਰ ਨੇੜਲੇ ਪਿੰਡ ਟਿੱਬਾ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਕਾਇਮ ਕੀਤਾ । ਵਿਆਹ ਕਰਾਉਣ ਦੀ ਗੱਲ ਨੂੰ ਖਾਸ ਨਾ ਸਮਝਦੇ ਹੋਏ ਸਰਦਾਰ ਸੋਹੀ ਨੇ ਆਪਣੇ ਭਰਾਵਾਂ ਅਤੇ ਭਤੀਜਿਆਂ ਦੇ ਨਾਲ ਜ਼ਿੰਦਗੀ ਦਾ ਆਖ਼ਰੀ ਸਮਾਂ ਬਿਤਾਉਣ ਦੀ ਗੱਲ ਨੂੰ ਪ੍ਰਵਾਨ ਚੜ੍ਹਾਉਣ ਦੇ ਲਈ ਸਮੇਂ ਦੀ ਹਿੱਕ ਤੇ ਲੀਕ ਵਾਹ ਦਿੱਤੀ ਹੈ । ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸਰਦਾਰ ਸੋਹੀ ਦਾ ਅਸਲ ਨਾਮ ਪਰਮਜੀਤ ਸਿੰਘ ਸੋਹੀ ਹੈ । ਮਾਲਕ ਮਿਹਰ ਕਰੇ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਫ਼ਨਕਾਰ ਇਸੇ ਤਰ੍ਹਾਂ ਰਹਿੰਦੀ ਉਮਰ ਪੰਜਾਬੀ ਸਿਨਮੇ ਦਾ ਸ਼ਿੰਗਾਰ ਬਣ ਕੇ ਜ਼ਿੰਦਗੀ ਦੀਆਂ ਬਾਕੀ ਬਚੀਆਂ ਸੱਧਰਾਂ ਨੂੰ ਪੂਰੀਆਂ ਕਰਨ ਦੇ ਲਈ ਯਤਨਸ਼ੀਲ ਰਹੇ ਇਹ ਹੀ ਸਾਡੀ ਕਾਮਨਾ ਹੈ ।
ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
9463463136
ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਪੰਨਾ - ਮਨਜਿੰਦਰ ਸਿੰਘ ਸਰੌਦ
ਜ਼ਿੰਦਗੀ ਦੇ ਪਿਛਲੇ ਪੜਾਅ ਤੇ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਕਿਉਂ ਮਜਬੂਰ ਹੋ ਜਾਂਦੇ ਨੇ ਬਹੁਤੇ ਪੰਜਾਬੀ ਗਾਇਕ
ਕਦੇ ਕਾਰਾਂ,ਕੋਠੀਆਂ ਦਾ ਮਾਲਕ ਗਾਇਕ ਮਨਜੀਤ ਰਾਹੀ ਹੁਣ 'ਇੱਕ ਕਮਰੇ' ਦਾ ਹੋ ਕੇ ਰਹਿ ਗਿਆ
- ਲੰਘੇ ਸਮੇਂ ਪੰਜਾਬ ਅੰਦਰ ਅੱਸੀ ਵੇਂ ਦਹਾਕੇ ਤੋਂ ਲੈ ਕੇ ਲਗਪਗ 20 ਸਾਲ ਦਾ ਸੰਗੀਤਕ ਸਮਾਂ ਪੰਜਾਬੀ ਗਾਇਕੀ ਦੀ ਉਸ ਜੋੜੀ ਦੇ ਨਾਮ ਰਿਹਾ ਜਿਸ ਦੀ ਹਾਜ਼ਰੀ ਤੋਂ ਬਿਨਾਂ ਵਿਆਹ ਵੀ ਅਧੂਰੇ ਮੰਨੇ ਜਾਂਦੇ ਸਨ । ਪੰਜਾਬ ਦੀ ਪ੍ਰਸਿੱਧ ਅਤੇ ਮੰਨੀ ਪ੍ਰਮੰਨੀ ਦੋਗਾਣਾ ਜੋੜੀ ਮਨਜੀਤ ਰਾਹੀ ਤੇ ਬੀਬਾ ਦਲਜੀਤ ਕੌਰ ਜਿਸ ਨੇ 2 ਦਹਾਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕੀਤਾ । ਇਸ ਦੋਗਾਣਾ ਜੋੜੀ ਦੀ ਆਵਾਜ਼ 'ਚ ਰਿਕਾਰਡ ਹੋਏ ਗੀਤ 'ਕੈਂਠੇ ਵਾਲਾ ਬਾਈ ਤੇਰਾ ਕੀ ਲੱਗਦਾ' ਨੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਸੀ । ਇਸ ਤੋਂ ਇਲਾਵਾ 'ਜੰਨ ਸੋਫ਼ੀਆਂ ਦੀ ਹੋਵੇ' ਅਤੇ 'ਜੇਠ ਨੂੰ ਵੀਰ ਜੀ ਕਹਿਣਾ' ਤੋਂ ਇਲਾਵਾ 'ਜੇ ਇਸ ਜਨਮ ਵਿੱਚ ਵੀ ਨਾ ਮਿਲਿਆ' ਆਦਿ ਗੀਤ ਸਨ ਜੋ ਇਸ ਜੋਡ਼ੀ ਦੀ ਆਵਾਜ਼ 'ਚ ਰਿਕਾਰਡ ਹੋ ਕੇ ਲੋਕ ਚੇਤਿਆਂ ਦਾ ਸ਼ਿੰਗਾਰ ਬਣੇ ਸਨ । ਇਸ ਜੋੜੀ ਨੇ ਜਿੱਥੇ ਲੰਮਾ ਸਮਾਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਧਾਂਕ ਜਮਾਈ ਰੱਖੀ ਉੱਥੇ ਹੀ ਬਹੁਤੇ ਲੋਕ ਉਨ੍ਹਾਂ ਭਲੇ ਵੇਲਿਆਂ ਵਿੱਚ ਅਜਿਹੇ ਵੀ ਸਨ ਜੋ ਇਸ ਜੋੜੀ ਤੋਂ ਪ੍ਰੋਗਰਾਮ ਦੀ ਤਰੀਕ ਲੈਣ ਤੋਂ ਬਾਅਦ ਆਪਣੇ ਪ੍ਰੋਗਰਾਮ ਉਲੀਕਦੇ ਸਨ । ਇਹ ਸਮਾਂ ਕਿਸੇ ਵੀ ਕਲਾਕਾਰ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦਾ ।
ਮੈਂ ਆਪਣੀ ਜ਼ਿੰਦਗੀ ਦੇ ਬਤੌਰ ਲੇਖਕ ਲਗਪਗ ਬਾਈ ਵਰ੍ਹੇ ਕਲਾਕਾਰਾਂ ਬਾਰੇ ਖੁੱਲ੍ਹ ਕੇ ਲਿਖਿਆ । ਉਸੇ ਦੌਰਾਨ ਮੈਂ ਵੇਖਿਆ ਕਿ ਮਨਜੀਤ ਰਾਹੀ ਅਤੇ ਦਲਜੀਤ ਕੌਰ ਦਾ ਪੰਜਾਬੀ ਗਾਇਕੀ ਦੇ ਖੇਤਰ ਅੰਦਰ ਇੱਕ ਵੱਖਰਾ ਤੇ ਅਹਿਮ ਸਥਾਨ ਸੀ । ਪਰ ਕੁਦਰਤੀ ਤੌਰ ਤੇ ਪਰਿਵਾਰ ਵਿਚ ਆਈਆਂ ਤਰੇੜਾਂ ਸਦਕਾ ਇਹ ਮਸ਼ਹੂਰ ਜੋੜੀ ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਦੂਜੇ ਤੋਂ ਅਲੱਗ ਹੋ ਗਈ । ਖ਼ੈਰ ਇਹ ਉਨ੍ਹਾਂ ਦਾ ਪਰਿਵਾਰਕ ਮਸਲਾ ਸੀ ਪਰ ਪੰਜਾਬੀ ਗਾਇਕੀ ਦਾ ਇਤਿਹਾਸ ਇਹੀ ਰਿਹੈ ਕਿ ਬਹੁਤੇ ਕਲਾਕਾਰ ਆਪਣੀ ਉਮਰ ਦੇ ਪਿਛਲੇ ਪੜਾਅ ਵਿੱਚ ਆ ਕੇ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਿਉਂ ਹੁੰਦੇ ਨੇ । ਅਸੀਂ ਸਤੀਸ਼ ਕੌਲ ਦਾ ਹਾਲ ਵੀ ਵੇਖਿਆ ਅਤੇ ਹਾਕਮ ਸੂਫ਼ੀ ਦੇ ਨਾਲ ਹੀ ਉਸ ਦੇ ਭਰਾ ਨਛੱਤਰ ਸੂਫ਼ੀ ਨੇ ਵੀ ਜ਼ਿੰਦਗੀ ਦੀਆਂ ਸੱਧਰਾਂ ਨੂੰ ਅਧੂਰੀਆਂ ਰੱਖ ਕੇ ਗ਼ਰੀਬੀ ਦਾਅਵੇ ਵਿੱਚ ਦਮ ਤੋੜਿਆ ਸੀ । ਹੁਣ ਮਨਜੀਤ ਰਾਹੀ ਵੀ ਸਮੇਂ ਤੋਂ ਪਹਿਲਾਂ ਬਜ਼ੁਰਗ ਹੋ ਕੇ ਅਮਲੋਹ ਸ਼ਹਿਰ ਲਾਗਲੇ ਪਿੰਡ ਮਾਜਰੀ ਅੰਦਰ ਇਕ ਕਮਰੇ ਵਿਚ ਆਪਣੀ ਜ਼ਿੰਦਗੀ ਦੀ ਦਿਨ-ਕਟੀ ਕਰਦਾ ਵਿਖਾਈ ਦਿੰਦਾ ਹੈ ।
ਗੱਲ ਸਾਇਦ ਅਠਾਈ , ਤੀਹ ਕੁ ਵਰ੍ਹੇ ਪੁਰਾਣੀ ਹੋਵੇਗੀ ਜਦੋਂ ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਨੇ ਮੇਰੇ ਪਿੰਡ ਸਰੌਦ ਵਿਖੇ ਆ ਕੇ ਗੀਤਾਂ ਦਾ ਚੰਗਾ ਰੰਗ ਬੰਨ੍ਹਿਆ ਸੀ ਉਦੋਂ ਇਹ ਜੋੜੀ ਲਾਲ ਰੰਗ ਦੀ ਅਸਟੀਮ ਕਾਰ ਵਿੱਚ ਪਹੁੰਚੀ ਸੀ । ਇਸ ਦੋਗਾਣਾ ਜੋੜੀ ਦੇ ਨਾਲ ਪਿੰਡ ਮੰਨਵੀ ਦੇ ਖੇਡ ਮੇਲੇ ਤੇ ਵਾਪਰੀ ਘਟਨਾ ਅੱਜ ਵੀ ਮੇਰੇ ਜ਼ਿਹਨ ਤੇ ਤੈਰਨ ਲੱਗਦੀ ਹੈ । ਜਦ ਮੈਂ ਆਪ ਖੁਦ ਚਾਚੇ ਦੇ ਲਡ਼ਕੇ ਗੁਰਜੰਟ ਸਿੰਘ ਜੰਟੇ ਅਤੇ ਨਾਰੰਗ ਹੋਰਾਂ ਦੇ ਨਾਲ ਸਾੲੀਕਲ ਤੇ ਜਾ ਕੇ ਇਸ ਦੋਗਾਣਾ ਜੋੜੀ ਦਾ ਪ੍ਰੋਗਰਾਮ ਸੁਣਿਆ ਸੀ । ਖੈਰ ਸਮਾਂ ਕਦੋਂ ਕਿਸੇ ਤੇ ਭਾਰੀ ਪੈ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ । ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਸਮੇਂ ਦੀ ਚਕਾਚੌਂਧ ਨੇ ਅਜਿਹਾ ਲਪੇਟਾ ਮਾਰਿਆ ਕਿ ਉਹ ਮੁੜ ਸੰਭਲ ਨਾ ਸਕੇ । ਬਹੁਤੇ ਲੋਕ ਵਿਆਹ ਸ਼ਾਦੀਆਂ ਜਾਂ ਕਬੱਡੀ ਦੇ ਖੇਡ ਟੂਰਨਾਮੈਂਟਾਂ ਸਮੇਂ ਸਾਈਕਲ ਤੇ ਇਨ੍ਹਾਂ ਕਲਾਕਾਰਾਂ ਦੇ ਅਖਾੜਿਆਂ ਨੂੰ ਸੁਣਨ ਜਾਂਦੇ ਹੁੰਦੇ ਸੀ । ਜੇਕਰ ਮਨਜੀਤ ਰਾਹੀ ਨਾਲ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਪੰਧ ਨਿਬੇੜਨ ਵਾਲੀ ਉਸ ਦੀ ਜੀਵਨ ਸਾਥਣ ਦਲਜੀਤ ਕੌਰ ਦੀ ਗੱਲ ਕਰੀਏ ਤਾਂ ਉਸ ਵੱਲੋਂ ਇਕ ਟੀਵੀ ਇੰਟਰਵਿਊ ਦੌਰਾਨ ਕਹੀਆਂ ਗੱਲਾਂ ਦੇ ਅਰਥ ਬਹੁਤ ਵੱਡੇ ਨੇ ਕਿ ਕਿਵੇਂ ਇਹ ਕਲਾਕਾਰ ਲੋਕ ਸ਼ੋਹਰਤ ਮੌਕੇ ਆਪਣਿਆਂ ਨੂੰ ਭੁੱਲ ਜਾਂਦੇ ਨੇ । ਲੰਘਿਆ ਸਮਾਂ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੇ ਪਰਿਵਾਰ ਤੇ ਕਾਫ਼ੀ ਭਾਰੀ ਰਿਹਾ । ਪਰਿਵਾਰਕ ਗੱਲਾਂ ਬਾਤਾਂ ਤੋਂ ਪਰ੍ਹੇ ਹੋ ਕੇ ਸੋਚੀਏ ਤਾਂ ਇੱਕ ਕਲਾਕਾਰ ਦੇ ਜੀਵਨ ਤੇ ਬੀਤ ਰਹੀ ਇਹ ਭਾਵੀ ਬਹੁਤ ਬੇਹੱਦ ਦੁਖਦਾਇਕ ਹੁੰਦੀ । ਇਹ ਵੀ ਸੱਚ ਹੀ ਹੈ ਕਿ ਇਸ ਦੋਗਾਣਾ ਜੋੜੀ ਦੇ ਗੀਤ ਅਸ਼ਲੀਲਤਾ ਤੋਂ ਦੂਰ ਸਨ ।
ਸਿਆਣੇ ਆਖਦੇ ਨੇ ਕਿ ਹਰ ਇਨਸਾਨ ਨੂੰ ਜਦੋਂ ਉਸ ਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਅਤੇ ਉਸ ਦੀ ਤੂਤੀ ਬੋਲ ਰਹੀ ਹੋਵੇ ਤਾਂ ਆਪਣਿਆਂ ਨੂੰ ਭੁੱਲਣਾ ਨਹੀਂ ਚਾਹੀਦਾ । ਅਸੀਂ ਬਹੁਤ ਸਾਰੇ ਕਲਾਕਾਰਾਂ ਦੀਆਂ ਮੁਲਾਕਾਤਾਂ ਕਰੀਆਂ ਅਤੇ ਉਨ੍ਹਾਂ ਦੇ ਪਿਛਲੇ ਸਮੇਂ ਤੇ ਝਾਤੀ ਮਾਰ ਕੇ ਵੇਖਿਆ ਤਾਂ ਜੋ ਕੁੱਝ ਉਨ੍ਹਾਂ ਫਨਕਾਰਾਂ ਦੇ ਹਿੱਸੇ ਆਇਆ ਉਹ ਇੱਕ ਕਲਾਕਾਰ ਦੇ ਲਈ ਚੰਗਾ ਨਹੀਂ ਆਖਿਆ ਜਾਵੇਗਾ । ਕਿਉਂਕਿ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਜੇਕਰ ਸ਼ੀਸ਼ਾ ਹੀ ਧੁੰਦਲਾ ਪੈ ਜਾਵੇ ਤਾਂ ਉਸ ਨੂੰ ਆਦਰਸ਼ ਮੰਨ ਕੇ ਆਪਣਾ ਚਿਹਰਾ ਵੇਖਣ ਵਾਲੇ ਕਿਸ ਤਰ੍ਹਾਂ ਦੇ ਹੋਣਗੇ ਕਹਿਣ ਦੀ ਲੋੜ ਨਹੀਂ । ਖੈਰ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਸੱਚ ਹੈ । ਇੱਥੇ ਵੱਡੇ-ਵੱਡੇ ਕਲਾਕਾਰਾਂ ਦੇ ਪੈਰ ਸਮੇਂ ਨੇ ਧਰਤੀ ਨਾਲੋਂ ਨਖੇੜ ਦਿੱਤੇ । ਕਹਿੰਦੇ ਨੇ ਕੁਦਰਤ ਜਿਸ ਵੀ ਇਨਸਾਨ ਤੇ ਕਹਿਰਵਾਨ ਹੋ ਕੇ ਬਰਸਦੀ ਹੈ ਤਾਂ ਪਿੱਛੇ ਬਚਦਾ ਵੀ ਕੁਝ ਨਹੀਂ ।
ਕਦੇ ਵੱਡੀਆਂ ਗੱਡੀਆਂ ਅਤੇ ਆਲੀਸ਼ਾਨ ਬੰਗਲਿਆਂ ਦਾ ਮਾਲਕ ਮਨਜੀਤ ਰਾਹੀ ਜਿਸ ਨੇ ਪੂਰੇ ਭਾਰਤ ਤੋਂ ਇਲਾਵਾ ਅਮਰੀਕਾ ਕੈਨੇਡਾ ਵਿੱਚ ਜਾ ਕੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਹੋਵੇ ਉਹ ਅੱਜ ਕਿਸ ਕਦਰ ਇੱਕ ਕਮਰੇ ਨੁਮਾ ਘਰ ਨੂੰ ਆਪਣੀ ਜ਼ਿੰਦਗੀ ਦਾ ਆਖ਼ਰੀ ਪੜਾਅ ਮੰਨ ਕੇ ਵਕਤ ਲੰਘਾ ਰਿਹਾ ਹੈ । ਸੋਚਣਾ ਤਾਂ ਬਣਦੈ ਕਿ ਜਿਸ ਫ਼ਨਕਾਰ ਦੇ ਗੀਤਾਂ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਕਿਸੇ ਸੱਜਣ ਦੇ ਗਹਿਣੇ ਵਾਂਗਰਾਂ ਦਿਲ ਦੇ ਕੋਨੇ ਅੰਦਰ ਸਾਂਭ ਕੇ ਰੱਖਿਆ ਹੋਵੇ , ਉਸ ਫ਼ਨਕਾਰ ਦੇ ਮੰਦੜੇ ਹਾਲ ਤੇ ਚੀਸ ਤਾਂ ਉੱਠਣੀ ਲਾਜ਼ਮੀ ਹੈ । ਮਨਜੀਤ ਰਾਹੀ ਦੇ ਪੁਰਾਣੇ ਸਗਿਰਦ ਅਤੇ ਗਾਇਕ ਬਲਬੀਰ ਰਾਏ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਾਲਕ ਮਿਹਰ ਕਰੇ ਅਸੀਂ ਦੁਆ ਕਰਦੇ ਹਾਂ ਕਿ ਮਨਜੀਤ ਰਾਹੀ ਮੁੜ ਤੋਂ ਸਿਹਤਯਾਬ ਹੋ ਕੇ ਪੰਜਾਬੀ ਸੰਗੀਤ ਇੰਡਸਟਰੀ ਦਾ ਸ਼ਿੰਗਾਰ ਬਣੇ ।
ਮਨਜਿੰਦਰ ਸਿੰਘ ਸਰੌਦ
(ਮਾਲੇਰਕੋਟਲਾ )
9463463136
ਆਖ਼ਰ ਤੁਰ ਗਿਆ 'ਸੁਰਾਂ ਦਾ ਸਿਕੰਦਰ' .. - ਮਨਜਿੰਦਰ ਸਿੰਘ ਸਰੌਦ
ਸੰਗੀਤ ਦੀ ਫ਼ਿਜ਼ਾ ਅੰਦਰ 'ਸੰਦਲੀ ਪੌਣਾਂ' ਬਣ ਕੇ ਰੁਮਕਦੇ ਰਹਿਣਗੇ ਸਰਦੂਲ ਸਿਕੰਦਰ ਦੇ ਗਾਏ ਗੀਤ
- ਲੰਘੇ ਦਿਨੀਂ ਮਲੇਰਕੋਟਲਾ ਨੇੜਲੇ ਇੱਕ ਛੋਟੇ ਜਿਹੇ ਪਿੰਡ ਅੰਦਰ ਸੂਫ਼ੀ ਕਲਾਕਾਰ ਸ਼ੌਕਤ ਅਲੀ ਮਤੋਈ ਦੇ ਵਿਛੋੜੇ ਤੇ ਅਫ਼ਸੋਸ ਕਰਨ ਦੇ ਲਈ ਉਨ੍ਹਾਂ ਦੇ ਪਿੰਡ ਪਹੁੰਚੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਲਾਕਾਰ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ਗਾਇਕੀ ਨੂੰ ਪ੍ਰਣਾਏ ਤੇ ਹੰਢੇ ਹੋਏ ਗਵੱਈਏ ਸਰਦੂਲ ਸਿਕੰਦਰ ਨੂੰ ਵੇਖ ਲੱਗਦਾ ਨਹੀਂ ਸੀ ਕਿ ਉਹ ਇੰਨੀ ਛੇਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਉਸ ਦੁਨੀਆਂ ਦਾ ਹਿੱਸਾ ਜਾ ਬਣਨਗੇ ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਿਆ । ਛੋਟੇ ਹੁੰਦਿਆਂ ਸਰਦੂਲ ਸਿਕੰਦਰ ਨੂੰ ਰੱਜ ਕੇ ਰੂਹ ਨਾਲ ਸੁਣਿਆ ਤੇ ਉਨ੍ਹਾਂ ਦੀ ਗਾਇਕੀ ਨੂੰ ਮਾਣਿਆ । 'ਤੜਕ ਭੜਕ ਤੇ ਚੱਕ ਲੋ ਧਰਲੋ' ਤੋਂ ਦੂਰ ਸਰਦੂਲ ਸਿਕੰਦਰ ਨੇ ਸਦਾ ਹੀ ਮਾਂ ਬੋਲੀ ਨੂੰ ਬਣਦਾ ਮਾਣ ਤੇ ਉੱਚਾ ਰੁਤਬਾ ਦੇਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਗੀਤਾਂ ਜ਼ਰੀਏ ਤੇ 'ਸੰਗੀਤਕ ਸਮਝੌਤਿਆਂ' ਦੀ ਪਗਡੰਡੀ ਤੇ ਤੁਰਨਾ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ ।
ਜਦ ਵੀ ਕਦੇ ਉਨ੍ਹਾਂ ਨਾਲ ਗੱਲ ਹੋਈ ਤਾਂ ਇਸ ਫ਼ਨਕਾਰ ਨੇ ਕਦੇ ਵੀ ਆਪਣੇ ਸ਼ਬਦਾਂ ਤੇ ਫੁਕਰਾਪੰਥੀ ਦਾ ਪਰਛਾਵਾਂ ਨਹੀਂ ਸੀ ਪੈਣ ਦਿੱਤਾ । ਨਹੀਂ ਤਾਂ ਇਸ ਰੁਤਬੇ ਤੇ ਪਹੁੰਚ ਕੇ ਬਹੁਤ ਸਾਰੇ ਕਲਾਕਾਰਾਂ ਦੇ ਪੈਰ ਧਰਤੀ ਨਾਲੋਂ ਗਿੱਠ ਉੱਚੇ ਹੋ ਜਾਂਦੇ ਨੇ । ਕਹਿੰਦੇ ਸਰਦੂਲ ਸਿਕੰਦਰ ਬੀਤੇ ਡੇਢ ਮਹੀਨੇ ਤੋਂ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਸੀ । ਉਨ੍ਹਾਂ ਨੇ ਲੰਬਾ ਸਮਾਂ ਹਸਪਤਾਲ ਅੰਦਰ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੰਗ ਲੜੀ ਤੇ ਆਖ਼ਰ ਹਜ਼ਾਰਾਂ ਚਹੇਤਿਆਂ ਦੇ ਦਿਲਾਂ ਨੂੰ ਜਿੱਤਣ ਵਾਲਾ ਇਹ ਸੱਭਿਆਚਾਰ ਦਾ ਅਸਲੀ ਵਾਰਸ ਜ਼ਿੰਦਗੀ ਦੀ ਜੰਗ ਹਾਰ ਗਿਆ । ਸਰਦੂਲ ਸਿਕੰਦਰ ਦੇ ਬਹੁਤ ਸਾਰੇ ਗਾਏ ਗੀਤ ਲੋਕ ਗੀਤਾਂ ਵਿੱਚ ਤਬਦੀਲ ਹੋ ਗਏ ਉਹ ਬਿਨਾਂ ਸ਼ੱਕ ਪੰਜਾਬੀ ਸੰਗੀਤ ਜਗਤ ਦਾ ਇੱਕ ਯੁੱਗ ਸਨ 'ਫੁੱਲਾਂ ਦੀਏ ਕੱਚੀਏ ਵਪਾਰਨੇ' , ਨਜ਼ਰਾਂ ਤੋਂ ਡਿੱਗਿਆਂ ਨੂੰ , ਤੇਰਾ ਲਿਖਦੂੰ ਸਫੈਦਿਆਂ ਤੇ ਨਾਂ ਸਮੇਤ ਬਹੁਤ ਸਾਰੇ ਗੀਤਾਂ ਨੂੰ ਵਿਸ਼ਵ ਪੱਧਰ ਤੇ ਵੱਡਾ ਮਾਣ ਮਿਲਿਆ l ਉਨ੍ਹਾਂ ਨੇ ਲੰਬਾ ਸਮਾਂ ਆਪਣੀ ਧਰਮ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਦੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ।
ਬਾਪੂ ਮਸਤਾਨਾ ਸਾਗਰ ਤੋਂ ਜ਼ਿੰਦਗੀ ਦੀਆਂ ਬਰੀਕੀਆਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ 6 ਦਹਾਕਿਆਂ ਨੂੰ ਪਾਰ ਕਰ ਚੁੱਕਿਆ ਇਹ ਅਲਬੇਲਾ ਗਵੱਈਆ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਨਾਲ ਸਬੰਧਤ ਸੀ ਅਤੇ ਰੈਣ ਬਸੇਰਾ ਅੱਜਕੱਲ੍ਹ ਖੰਨੇ ਸੀ । ਸਰਦੂਲ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਜਰਨੈਲ ਸਿੰਘ ਘੁਮਾਣ ਨੇ ਭਾਵੁਕ ਹੁੰਦਿਆਂ ਲੰਬਾ ਹਟਕੋਰਾ ਭਰ ਕੇ ਆਖਿਆ ਕਿ ਕਿੱਥੋਂ ਭਾਲਾਂਗੇ ਅਸੀਂ ਹੁਣ ਇਸ ਸੁਰਾਂ ਦੇ ਸਿਕੰਦਰ ਨੂੰ ਅਜਿਹੇ ਇਨਸਾਨ ਵਿਰਲੇ ਹੀ ਪੈਦਾ ਹੁੰਦੇ ਹਨ । ਬਿਨਾਂ ਸ਼ੱਕ ਉਹ ਛੋਟੇ ਅਤੇ ਵੱਡਿਆਂ ਦਾ ਸਾਂਝਾ ਕਲਾਕਾਰ ਸੀ ਜਿਸ ਨੇ ਸਿਵਾਏ ਸਮਾਜਿਕ ਰਿਸ਼ਤਿਆਂ ਤੇ ਸਰੋਕਾਰਾਂ ਨੂੰ ਪ੍ਰਣਾਈ ਗਾਇਕੀ ਤੋਂ ਇਲਾਵਾ ਕਦੇ ਵੀ 'ਸਮਝੌਤਿਆਂ' ਵੱਲ ਕਦਮ ਪੁੱਟ ਕੇ ਨਹੀਂ ਸੀ ਵੇਖਿਆ । ਸਰਦੂਲ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਅੰਦਰ ਸੰਘਰਸ਼ ਕੀਤਾ ਤੇ ਫਿਰ ਉਸ 'ਮਰਤਬੇ' ਨੂੰ ਪਾਇਆ ਜੋ ਵਿਰਲਿਆਂ ਨੂੰ ਹੀ ਹਾਸਲ ਹੁੰਦਾ ਹੈ । ਉਨ੍ਹਾਂ ਨੂੰ ਸਪੁਰਦ - ਏ -ਖ਼ਾਕ ਕੀਤੇ ਜਾਣ ਵੇਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਨੇ ਵੀ ਪਿਆਰ ਦੀ ਨਵੀਂ ਮਿਸਾਲ ਕਾਇਮ ਕਰਦਿਆਂ ਆਪਣੇ ਖੇਤ ਅੰਦਰ ਜਗ੍ਹਾ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ।
ਸਰਦੂਲ ਸਰਦੂਲ ਸਿਕੰਦਰ ਨੇ ਬਹੁਤ ਸਾਰੇ ਅਜਿਹੇ ਗੀਤਕਾਰਾਂ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਨੂੰ ਅਸਮਾਨ ਦੇ ਚਮਕਦੇ ਸਿਤਾਰੇ ਬਣਾਇਆ ਜੋ ਗਰਦਸ਼ ਦੀ ਹਨੇਰ ਭਰੀ ਜ਼ਿੰਦਗੀ ਜਿਉਂ ਰਹੇ ਸਨ ਮੈਂ ਆਪਣੇ ਵਰ੍ਹਿਆਂ ਦੇ ਲਿਖਣ ਦੇ ਸਫ਼ਰ ਦੌਰਾਨ ਬਹੁਤ ਅਜਿਹੇ ਘੱਟ ਫ਼ਨਕਾਰ ਦੇਖੇ ਨੇ ਜਿਨ੍ਹਾਂ ਦੇ ਵਿਛੋੜੇ ਤੇ ਲੋਕਾਂ ਨੇ ਧਾਹਾਂ ਮਾਰੀਆਂ ਹੋਣ , ਸਰਦੂਲ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਬੁੱਕਾਂ ਭਰ ਕੇ ਹੰਝੂ ਡੋਲ੍ਹੇ ਅਤੇ ਕਿੰਨਾ ਚਿਰ ਇਕਾਂਤ ਵਿਚ ਬੈਠ ਉਸ ਨੂੰ ਧੁਰ ਹਿਰਦੇ ਅੰਦਰੋਂ ਯਾਦ ਕੀਤਾ । ਭਾਵੇਂ ਹੁਣ ਉਹ ਸਰੀਰਕ ਤੌਰ ਤੇ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗਾਏ ਹਜ਼ਾਰਾਂ ਗੀਤ ਇਸ ਸੰਗੀਤਕ ਧਰਤ ਦੀ ਸੰਦਲੀ ਫ਼ਿਜ਼ਾ ਅੰਦਰ 'ਪੌਣਾਂ ਬਣ ਕੇ ਰੁਮਕਦੇ' ਰਹਿਣਗੇ ਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਚਾਹੁਣ ਵਾਲੇ ਦਿਲ ਦੇ ਕੋਨੇ ਅੰਦਰ ਕਿਸੇ ਸੋਹਣੇ ਸੱਜਣ ਦੇ ਗਹਿਣੇ ਵਾਂਗਰਾਂ ਸਾਂਭ ਕੇ ਜ਼ਰੂਰ ਰੱਖਣਗੇ । ਅਲਵਿਦਾ ਸੁਰਾਂ ਦੇ ਸਿਕੰਦਰ ।
ਮਨਜਿੰਦਰ ਸਿੰਘ ਸਰੌਦ
9463463136
'ਅੰਨਦਾਤੇ ਦੇ ਦਰਦ' ਦੀਆਂ ਗਵਾਹ ਬਣੀਆਂ ਬਰਫ਼ ਵਰਗੀਆਂ ਕਾਲੀਆਂ ਰਾਤਾਂ - ਮਨਜਿੰਦਰ ਸਿੰਘ ਸਰੌਦ
ਹਰ ਵਰ੍ਹੇ ਅਰਬਾਂ ਰੁਪਏ ਦੀ ਫਸਲ ਚੜ੍ਹ ਜਾਂਦੀ ਹੈ ਅਵਾਰਾ ਪਸ਼ੂਆਂ ਦੀ ਭੇਟ
- ਇਕ ਪਾਸੇ ਜਿੱਥੇ ਪੰਜਾਬ ਦਾ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਆਪਣੇ ਪਰਿਵਾਰਾਂ ਸਮੇਤ ਕਿਸਾਨੀ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਦੇ ਲਈ ਨੰਗੇ ਧੜ ਸੰਘਰਸ਼ ਕਰ ਰਿਹੈ 'ਤੇ ਇਕ-ਇਕ ਕਰ ਕੇ ਅੰਨਦਾਤੇ ਦੀਆਂ ਲਾਸ਼ਾਂ ਆਪਣੀ ਸਰਜ਼ਮੀਨ ਤੇ ਪਹੁੰਚ ਰਹੀਆਂ ਹਨ ਉਥੇ ਹੀ ਕਿਸਾਨਾਂ ਦੇ ਖੇਤਾਂ ਅੰਦਰ ਵਰ੍ਹਿਆਂ ਤੋਂ ਚੱਲੇ ਆ ਰਹੇ ਅਵਾਰਾ ਪਸ਼ੂਆਂ ਤੇ ਚੋਰਾਂ ਦੇ ਸੰਤਾਪ ਦੀ ਦਰਦ ਕਹਾਣੀ ਵੀ ਮੁੱਕਣ ਦਾ ਨਾਮ ਨਹੀਂ ਲੈ ਰਹੀ । ਪੰਜਾਬ ਦਾ ਸ਼ਾਇਦ ਕੋਈ ਵੀ ਪਿੰਡ ਕਿਸਾਨਾਂ ਦੇ ਇਸ ਅਵੱਲੇ ਦਰਦ ਤੋਂ ਵਾਂਝਾ ਹੋਵੇਗਾ ਜਿੱਥੇ ਇਹ ਮਸਲੇ ਦੈਂਤ ਰੂਪੀ ਮੂੰਹ ਨਾ ਅੱਡੀਂ ਖੜ੍ਹੇ ਹੋਣ । ਸਰਕਾਰਾਂ ਹਰ ਪੰਜ ਸਾਲਾਂ ਮਗਰੋਂ ਬਦਲ ਜਾਂਦੀਆਂ ਨੇ ਪਰ ਕਿਸਾਨਾਂ ਦੀ ਕਿਸਮਤ ਨਹੀਂ ਬਦਲ ਰਹੀ । 2 ਲੱਖ ਤੋਂ ਜ਼ਿਆਦਾ ਆਵਾਰਾ ਪਸ਼ੂ ਇਸ ਸਮੇਂ ਪੰਜਾਬ ਦੀਆਂ ਸੜਕਾਂ ਤੇ ਖੁੱਲ੍ਹੇਆਮ ਦਨਦਨਾਉਂਦੇ ਫਿਰ ਰਹੇ ਹਨ ਤੇ ਕਿੰਨੇ ਹੀ ਘਰਾਂ ਦੇ ਇਕਲੌਤੇ ਚਿਰਾਗ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਬੁਝ ਚੁੱਕੇ ਨੇ , ਤੇ ਕਰੋੜਾਂ ਰੁਪਏ ਦੀ ਫਸਲ ਹਰ ਵਰ੍ਹੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀ ਹੈ ।
ਅੱਜ ਜਿਸ ਸਮੇਂ ਕਣਕ ਦੀ ਫ਼ਸਲ ਆਪਣੇ ਭਰ ਜੋਬਨ ਵੱਲ ਨੂੰ ਵਧ ਰਹੀ ਹੈ ਉਸ ਨੂੰ ਅਵਾਰਾ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਖੇਤਾਂ ਦੀਆਂ ਪਹੀਆਂ ਅਤੇ ਸੜਕ ਕਿਨਾਰਿਆਂ ਨੂੰ ਆਪਣਾ ਰੈਣ ਬਸੇਰਾ ਬਣਾਉਂਦਿਆਂ ਵੱਡੀਆਂ ਮਿਹਨਤਾਂ ਮੁਸ਼ੱਕਤਾਂ ਨੂੰ ਘਾਲਿਆ ਜਾ ਰਿਹਾ ਹੈ । ਸੁੰਨੀਆਂ ਤੇ ਬਰਫ਼ ਵਰਗੀਆਂ ਸਰਦ ਰਾਤਾਂ ਵਿੱਚ ਜਦੋਂ ਸਮੁੱਚੀ ਲੋਕਾਈ ਆਪਣੀਆਂ ਰਜਾਈਆਂ ਦਾ ਨਿੱਘ ਮਾਣ ਰਹੀ ਹੁੰਦੀ ਹੈ ਤਾਂ ਕਿਸਾਨ ਅੱਧੀ ਰਾਤ ਨੂੰ ਆਵਾਰਾ ਪਸ਼ੂਆਂ ਨੂੰ ਭਜਾਉਣ ਦੇ ਲਈ ਖੇਤਾਂ ਅੰਦਰ ਧੂਣੀਆਂ ਤਾਪ ਕੇ ਹੋਕਰੇ ਮਾਰ ਰਿਹਾ ਹੁੰਦਾ ਹੈ । ਬਹੁਤ ਵਾਰ ਪਿੰਡਾਂ ਅੰਦਰ ਅਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਦੇ ਵਿਚਕਾਰ ਹੋਏ ਟਕਰਾਅ ਮੌਕੇ ਸਥਿਤੀ ਮਾਰ-ਕੁਟਾਈ ਤਕ ਪਹੁੰਚ ਚੁੱਕੀ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਨੂੰ ਸਹੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ।
ਅਵਾਰਾ ਪਸ਼ੂਆਂ ਤੋਂ ਬਾਅਦ ਕਿਸਾਨਾਂ ਨੂੰ ਟਰਾਂਸਫਾਰਮਰ ਤੇ ਮੋਟਰਾਂ ਦੀਆਂ ਕੇਬਲਾਂ ਦੀਆਂ ਹੋ ਰਹੀਆਂ ਚੋਰੀਆਂ ਨੇ ਖੰਗਲ ਕਰ ਦਿੱਤਾ ਹੈ । ਆਏ ਦਿਨ ਚੋਰਾਂ ਵੱਲੋਂ ਕਿਸੇ ਨਾ ਕਿਸੇ ਪਿੰਡ ਅੰਦਰ ਕਈ-ਕਈ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਤੇ ਹੱਥ ਸਾਫ ਕੀਤਾ ਜਾਂਦਾ ਹੈ । ਕਿਸਾਨਾਂ ਵੱਲੋਂ ਜਦੋਂ ਇਸ ਸੰਬੰਧੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਪਹਿਲਾਂ ਇਸ ਦੀ ਥਾਣੇ ਅੰਦਰ ਜਾ ਕੇ ਰਿਪੋਰਟ ਲਿਖਵਾਉਣ ਲਈ ਆਖਿਆ ਜਾਂਦਾ ਹੈ ਉੱਥੇ ਵੀ ਕਿਸਾਨ ਦੀ ਰੱਜ ਕੇ ਖੱਜਲ-ਖੁਆਰੀ ਹੁੰਦੀ ਹੈ , ਕਾਰਵਾਈ ਦੇ ਨਾਂ ਤੇ ਕਿਸਾਨ ਨੂੰ ਲੀਪਾ- ਪੋਚੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ , ਉਸ ਤੋਂ ਬਾਅਦ ਕਿਸਾਨ ਦੀ ਦਰਜ ਕਰਾਈ ਰਿਪੋਰਟ ਦਾ ਕੀ ਬਣਿਆ ਕਿਸੇ ਨੂੰ ਕੁਝ ਪਤਾ ਨਹੀਂ । ਉਲਟਾ ਕਿਸਾਨਾਂ ਨੂੰ ਕਈ ਵਾਰ ਆਪਣੇ ਪੱਲਿਓਂ ਪੈਸੇ ਦੇ ਕੇ ਸਬੰਧਤ ਮੁਲਾਜ਼ਮਾਂ ਦਾ ਖ਼ਰਚਾ ਪਾਣੀ ਵੀ ਚੁੱਕਿਆ ਜਾਣਾ ਆਮ-ਏ-ਹਾਲਾਤ ਬਣ ਚੁੱਕਿਆ ਹੈ , ਇਸ ਨੂੰ ਸਾਡੇ ਦੇਸ਼ ਦੀ ਤਰਾਸਦੀ ਨਹੀਂ ਆਖਾਂਗੇ ਤਾਂ ਕੀ ਆਖੇਂਗੇ ।
ਬਸ਼ਰਤੇ ਚੋਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚੋਂ ਚੋਰੀ ਕੀਤੇ ਸਾਮਾਨ ਦੀ ਕੀਮਤ ਭਾਵੇਂ ਘੱਟ ਹੁੰਦੀ ਹੈ ਪਰ ਜਦੋਂ ਕਿਸਾਨਾਂ ਨੂੰ ਕੇਬਲਾਂ ਅਤੇ ਟਰਾਂਸਫਾਰਮਰ ਨਵੇਂ ਲਿਆ ਕੇ ਰੱਖਣੇ ਪੈਂਦੇ ਹਨ ਜੋ ਉਸ ਤੇ ਬੀਤਦੀ ਹੈ ਉਸ ਨੂੰ ਸਿਰਫ਼ ਕਿਸਾਨ ਹੀ ਜਾਣ ਸਕਦਾ ਹੈ । ਸਮੇਂ-ਸਮੇਂ ਤੇ ਇਨ੍ਹਾਂ ਵੱਡੇ ਮੁੱਦਿਆਂ ਤੇ ਭਾਵੇਂ ਆਮ ਜਨਤਾ ਵੱਲੋਂ ਮੀਡੀਏ ਰਾਹੀਂ ਆਵਾਜ਼ ਵੀ ਉਠਾਈ ਗਈ ਪਰ ਸਰਕਾਰਾਂ ਜਾਣਬੁੱਝ ਕੇ ਘੇਸਲ ਵੱਟ ਕੇ ਆਪਣਾ ਸਮਾਂ ਲੰਘਾਉਣ ਵਿੱਚ ਹੀ ਭਲਾਈ ਸਮਝ ਰਹੀਆਂ ਹਨ । ਕਿਸਾਨ ਇਸ ਬੇਹੱਦ ਗੰਭੀਰ ਮਸਲੇ ਤੇ ਭਾਵੁਕ ਹੋ ਕੇ ਆਖਦੇ ਨੇ ਕਿ ਇਹ ਵਰਤਾਰਾ ਪੰਜਾਬ ਅੰਦਰ ਵਰ੍ਹਿਆਂ ਤੋਂ ਜਾਰੀ ਹੈ 'ਤੇ ਕਿਸਾਨ ਇਸ ਦਾ ਸੰਤਾਪ ਭੋਗਦੇ-ਭੋਗਦੇ ਥੱਕ ਚੁੱਕੇ ਹਨ ਪਰ ਸਰਕਾਰ ਤੋਂ ਅੱਜ ਤਕ ਇਨ੍ਹਾਂ ਅਲਾਮਤਾਂ ਦਾ ਹੱਲ ਨਹੀਂ ਨਿਕਲ ਸਕਿਆ , ਜੇਕਰ ਸਰਕਾਰ ਚਾਹੇ ਤਾਂ ਇਸ ਵਰਤਾਰੇ ਨੂੰ ਉਚਿਤ ਕਦਮ ਚੁੱਕ ਕੇ ਠੱਲ੍ਹ ਪਾ ਸਕਦੀ ਹੈ ਪਰ ਸ਼ਾਇਦ ਅਜੇ ਸਰਕਾਰ ਲਈ ਉਹ ਸਮਾਂ ਨਹੀਂ ਆਇਆ ਜਿਸ ਨਾਲ ਪੰਜਾਬ ਦੇ ਕਿਸਾਨ ਨੂੰ ਰਾਹਤ ਮਿਲ ਸਕੇ । ਚੰਗਾ ਹੋਵੇ ਸਰਕਾਰਾਂ ਇਸ ਗੰਭੀਰ ਮੁੱਦਿਆਂ ਪ੍ਰਤੀ ਉੱਚੀ ਸੁੱਚੀ ਸੋਚ ਨਾਲ ਸੋਚਣ ਤਾਂ ਕਿ ਪੰਜਾਬ ਦੇ ਕਿਸਾਨ 'ਨੁਕਸਾਨ ਰੂਪੀ ਲੁੱਟ' ਰੁਕ ਸਕੇ ।
ਮਨਜਿੰਦਰ ਸਿੰਘ ਸਰੌਦ
9463463136
ਮਿੰਨੀ ਕਹਾਣੀ : ਜ਼ਿੰਮੇਵਾਰੀਆਂ ਦਾ ਬੋਝ .... - ਮਨਜਿੰਦਰ ਸਿੰਘ ਸਰੌਦ
ਬਾਪੂ ਧਨ ਸਿਓਂ ਨੇ ਦਿੱਲੀ ਮੋਰਚੇ ਤੋਂ ਪਰਤਦਿਆਂ ਸਾਰ ਆਪਣੇ ਲਾਡਲੇ ਪੋਤੇ ਨੂੰ ਆਵਾਜ਼ ਮਾਰੀ , ਓਏ ਸੁੱਖੂਆ , ਆ ਪੁੱਤ ਮੇਰੀਆਂ ਮੇਰੀਆਂ ਲੱਤਾਂ ਘੁੱਟ ਤੇ ਹੁਣ ਤੂੰ ਵੀ ਕੱਲ੍ਹ ਨੂੰ ਟਰਾਲੀ ਨਾਲ ਜਾਣ ਦੀ ਤਿਆਰੀ ਕਰ ਲੈ , ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਤੇਰੀ ਅੈ ਸੇਰਾ , ਜੇ ਤੇਰਾ ਪਿਉ ਜਿਉਂਦਾ ਹੁੰਦਾ ਤਾਂ .. ਅੈਨਾ ਆਖ ਬਾਪੂ ਦਾ ਗੱਚ ਭਰ ਆਇਆ ਤੇ ਕਿੰਨਾ ਚਿਰ ਯਾਦ ਕਰਦਾ ਰਿਹਾ ਉਸ ਕੁਲਹਿਣੀ ਘੜੀ ਨੂੰ , ਜਦ ਉਸ ਦਾ ਜੁਆਨ ਪੁੱਤ ਕਰਜ਼ੇ ਦੀ ਦਲਦਲ ਵਿੱਚ ਧਸ ਕੇ ਹੱਸਦੇ-ਵੱਸਦੇ ਪਰਿਵਾਰ ਨੂੰ ਛੱਡ ਕੇ ਦੁਨੀਆਂ ਤੋਂ ਸਦਾ ਲਈ ਕੂਚ ਕਰ ਗਿਆ ਸੀ ।
ਸੁੱਖੂ ਕਿੰਨਾ ਚਿਰ ਦਾਦੇ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਦਾਦਾ ਜੁਆਨ ਹੋ ਰਹੇ ਪੋਤੇ ਦੀ ਪਿੱਠ ਤੇ ਹੱਥ ਫੇਰ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨਿਹਾਰਦਾ ਹੋਇਆ ਆਉਣ ਵਾਲੇ ਖ਼ਤਰਨਾਕ ਭਵਿੱਖ ਦੀ ਰੂਪ-ਰੇਖਾ ਨੂੰ ਜ਼ਿਹਨ ਤੇ ਲਿਆ ਕੇ ਹਜ਼ਾਰਾਂ ਤੰਗੀਆਂ-ਤੁਰਸ਼ੀਆਂ ਤੋਂ ਬਾਅਦ ਆਪਣੇ ਹਿੱਸੇ ਦੀ ਬਚੀ-ਖੁਚੀ ਜ਼ਮੀਨ ਸੁੱਖੂ ਦੇ ਨਾਅ ਕਰਵਾਉਣ ਦੀਆਂ ਵਿਉਂਤਾਂ ਘੜਦਾ ਹੀ ਨੀਂਦ ਦੇ ਸਮੁੰਦਰਾਂ ਵਿੱਚ ਗੋਤੇ ਖਾਣ ਲੱਗਾ ।
ਸੁੱਖੂ ਨੇ ਸਵੇਰੇ ਸਾਝਰੇ ਹੀ ਦਾਦੀ ਤੇ ਦਾਦੇ ਨਾਲ ਕੰਮ 'ਚ ਹੱਥ ਵਟਾਉਣ ਤੋਂ ਬਾਅਦ ਚਾਈਂ-ਚਾਈਂ ਟਰਾਲੀ 'ਚ ਬੈਠ ਦਿੱਲੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ , ਟਰਾਲੀ ਵਾਲਿਆਂ ਨੇ ਉੱਥੇ ਹਫ਼ਤਾ ਕੁ ਭਰ ਰਹਿਣਾ ਸੀ । ਦਾਦਾ ਦਾਦੀ ਹਰ ਰੋਜ਼ ਸ਼ਾਮ ਨੂੰ ਆਪਣੇ ਦਿਲ ਦੇ ਟੁਕੜੇ ਨਾਲ ਗੱਲਾਂ ਕਰਨ ਤੋਂ ਬਾਅਦ ਬਿਸਤਰੇ 'ਚ ਪੈਰ ਪਾਉਂਦੇ ਸੀ ਤੇ ਸੁੱਖੂ ਨੂੰ ਤਕੀਦਾਂ ਕਰਦੇ ਰਹਿੰਦੇ ਕਿ ਏਧਰ-ਓਧਰ ਨਹੀਂ ਜਾਣਾ , ਸਿਰਫ਼ ਆਪਣੇ ਪਿੰਡੋਂ ਗਏ ਚਾਚਿਆਂ , ਤਾਇਆਂ ਦੇ ਨਾਲ ਹੀ ਰਹਿਣਾ ਹੈ । ਅੰਤ ਪਿੰਡੋਂ ਗਈ ਟਰਾਲੀ ਨੇ ਵਾਪਸ ਪਿੰਡ ਪਰਤਣ ਦੀ ਤਿਆਰੀ ਕਰ ਲਈ , ਦਾਦੇ ਤੇ ਦਾਦੀ ਦਾ ਚਾਅ ਆਪਣੇ ਪੋਤੇ ਨੂੰ ਮਿਲਣ ਦੇ ਲਈ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਛੱਲਾਂ ਮਾਰ ਰਿਹਾ ਸੀ ।
ਇੰਨੇ ਚਿਰ ਨੂੰ ਬਾਪੂ ਧਨ ਸਿਓੰ ਨੂੰ ਪਿੰਡੋਂ ਕਿਸੇ ਨੇ ਆ ਕੇ ਖ਼ਬਰ ਦਿੱਤੀ ਕਿ ਸੁੱਖੂ ਹੋਰਾਂ ਦੀ ਟਰਾਲੀ ਦਾ ਐਕਸੀਡੈਂਟ ਹੋ ਗਿਅੈ ਬਾਕੀ ਤਾਂ ਸਾਰੇ ਠੀਕ ਨੇ ਪਰ ਸੁੱਖੂ ਹਸਪਤਾਲ ਵਿੱਚ ਦਾਖ਼ਲ ਹੈ , ਵਾਹ ਉਇ ਡਾਢਿਆ ਰੱਬਾ ਇੰਨਾ ਆਖ ਬਾਪੂ ਧਨ ਸਿਓਂ ਨੇ ਦੁਹੱਥੜ ਮਾਰੀ ਤੇ ਧਰਤੀ ਤੇ ਬੈਠ ਮੁੜ ਨਾ ਉੱਠਿਆ ..। ਅਗਲੇ ਦਿਨ ਸਿਵਿਆਂ 'ਚ ਬਾਪੂ ਧਨ ਸਿਓਂ ਦੀ ਦੇਹ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਸੁੱਖੂ ਨੇ ਦਾਦੇ ਦੇ ਸਿਰ ਦੀ ਪੱਗ ਨੂੰ ਆਪਣੇ ਜ਼ਖ਼ਮਾਂ ਤੇ ਬੰਨ੍ਹਕੇ ਮੁੜ ਤੋਂ ਮੋਰਚੇ 'ਚ ਜਾਣ ਦੀ ਤਿਆਰੀ ਕਰ ਲਈ ਤਾਂ ਕਿ ਬਾਪੂ ਧਨ ਸਿਓੰ ਦੇ 'ਘਰ ਦੀ ਜ਼ਿੰਮੇਵਾਰੀ' ਸੰਭਾਲਣ ਵਾਲੇ ਬੋਲਾਂ ਨੂੰ ਪੁਗਾਇਆ ਜਾ ਸਕੇ , ਹੁਣ ਫੇਰ ਸੁੱਖੂ ਦਾਦੇ ਦੇ ਕੁੜਤੇ ਪਜਾਮੇ ਨੂੰ ਝੋਲੇ 'ਚ ਪਾ ਸਭ ਤੋਂ ਮੂਹਰੇ ਦਿੱਲੀ ਨੂੰ ਜਾਣ ਵਾਲੀ ਟਰਾਲੀ ਵਿੱਚ ਬੈਠ ਚੁੱਕਿਆ ਸੀ ।
ਮਨਜਿੰਦਰ ਸਿੰਘ ਸਰੌਦ
ਮੋ. 9463463136
ਦਿੱਲੀ ਮੋਰਚੇ ਦੇ ਅੱਖੀਂ ਵੇਖੇ ਕੁੱਝ ਅੰਸ਼ - ਮਨਜਿੰਦਰ ਸਿੰਘ ਸਰੌਦ
ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ ਚਾੜ੍ਹ ਗਏ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿੱਚੋਂ ਡਿੱਗੇ ਹੰਝੂ'
'ਦਿੱਲੀ ਚੱਲੋ' ਦੇ ਨਾਅਰਿਆਂ ਨਾਲ ਗੂੰਜ ਉੱਠੀ ਹੈ ਪੰਜਾਬ ਦੀ ਫਿਜ਼ਾ ..
- ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵਾਪਰੇ ਘਟਨਾਕ੍ਰਮ ਨੇ ਇੱਕ ਵਾਰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸ਼ਾਇਦ ਹੁਣ ਕਿਸਾਨੀ ਸੰਘਰਸ਼ ਦੇ ਪੈਰ ਉਖੜ ਜਾਣ ਕਿਉਂਕਿ ਉਸ ਵਰਤਾਰੇ ਦੀ ਆਡ਼ ਵਿਚ ਪੁਲਿਸ ਵੱਲੋਂ ਨਿਹੱਥੇ ਕਿਸਾਨਾਂ ਤੇ ਢਾਹੇ ਬੇਤਹਾਸ਼ਾ ਜ਼ੁਲਮ ਦੇ ਕਾਰਨ ਕਿਸਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਸੀ ਪਰ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਸਿੰਘ ਟਿਕੈਤ ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ 'ਆਖ਼ਰੀ ਓਵਰ ਵਿੱਚ ਆਖਰੀ ਬਾਲ ਤੇ ਮਾਰੇ ਗਏ ਸਿੱਕੇ' ਨੇ ਪੂਰੇ ਸੰਘਰਸ਼ ਦੀ ਰੂਪ ਰੇਖਾ ਬਦਲ ਕੇ ਰੱਖ ਦਿੱਤੀ । ਦਿੱਲੀ ਪ੍ਰਸ਼ਾਸਨ ਵੱਲੋਂ ਗਾਜ਼ੀਪੁਰ ਬਾਰਡਰ ਤੇ ਬੈਠੇ ਕਿਸਾਨਾਂ ਨੂੰ 27 ਜਨਵਰੀ ਦੀ ਸ਼ਾਮ ਨੂੰ ਇਹ ਆਖਿਆ ਗਿਆ ਕਿ ਉਹ ਬਾਰਡਰ ਖਾਲੀ ਕਰ ਦੇਣ ਉਸ ਸਮੇਂ ਉਥੇ ਕਿਸਾਨਾਂ ਦੀ ਗਿਣਤੀ ਮਹਿਜ਼ ਕੁਝ ਸੌ ਦੇ ਕਰੀਬ ਸੀ ।
ਸਰਕਾਰ ਵੱਲੋਂ ਪੂਰੀ ਵਿਉਂਤਬੰਦੀ ਦੇ ਤਹਿਤ ਇਕ-ਇਕ ਕਰਕੇ ਸਾਰੀਆਂ ਸੜਕਾਂ ਤੇ ਪੁਲਿਸ ਦੀਆਂ ਗੱਡੀਆਂ ਨੂੰ ਖੜ੍ਹਾ ਕੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਜਿਵੇਂ ਜੰਗ ਦਾ ਮੈਦਾਨ ਹੋਵੇ ਵੱਖ-ਵੱਖ ਕਿਸਾਨ ਆਗੂਆਂ ਤੇ ਦਿੱਲੀ ਪੁਲੀਸ ਵੱਲੋਂ ਪਰਚੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਕੀਤੇ ਜਾ ਰਹੇ ਯਤਨਾਂ ਅਤੇ ਫਿਰ ਅਚਾਨਕ ਬਾਰਡਰਾਂ ਨੂੰ ਖਾਲੀ ਕਰਨ ਦੇ ਲਈ ਦਿੱਤੇ ਅਲਟੀਮੇਟਮ ਦੇ ਸੰਦਰਭ ਵਿੱਚ ਜੇਕਰ ਝਾਤੀ ਮਾਰੀਏ ਤਾਂ ਬਿਨਾਂ ਸ਼ੱਕ ਉੱਥੇ ਬੈਠੇ ਹਰ ਵਿਅਕਤੀ ਦੇ ਮਨ ਵਿਚ ਇਕ ਵੱਖਰੀ ਤਰ੍ਹਾਂ ਦਾ ਖੌਫ਼ ਪੈਦਾ ਹੋ ਚੁੱਕਿਆ ਸੀ ਕਿ ਸਰਕਾਰ ਸ਼ਾਇਦ ਹੁਣ ਕਿਸਾਨਾਂ ਤੇ ਕੋਈ 'ਭਾਵੀ' ਬੀਤਣ ਵਾਲੀ ਹੈ , ਬਿਨਾਂ ਸ਼ੱਕ ਕਿਸਾਨਾਂ ਦਾ ਇਹ ਸੰਕਾ ਸਹੀ ਵੀ ਸੀ ਕਿਉਂਕਿ ਉਸ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਿਸਾਨਾਂ ਦੇ ਨਾਲ ਜੋ ਖੇਡ ਖੇਡੀ ਗਈ ਸੀ ਅਤੇ ਜੋ ਜ਼ੁਲਮੋ- ਤਸ਼ੱਦਦ ਕਿਸਾਨਾਂ ਦੇ ਨਾਲ ਦਿੱਲੀ ਦੀਆਂ ਸੜਕਾਂ ਤੇ ਕੀਤਾ ਗਿਆ ਉਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ । ਬਿਨਾਂ ਸ਼ੱਕ ਪ੍ਰਸ਼ਾਸਨ ਦੀ ਤਿਆਰੀ ਤੋਂ ਇਹ ਸਭ ਕੁਝ ਪ੍ਰਤੀਤ ਹੋ ਰਿਹਾ ਸੀ ਕਿ ਉਸ ਦੀ ਮਨਸ਼ਾ ਕੀ ਸੀ ਇਸੇ ਦੌਰਾਨ ਪੁਲਿਸ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਗੱਲ ਆਖੀ ਜਾਂਦੀ ਹੈ ।
ਇਸ ਸਭ ਕੁਝ ਨੂੰ ਵੇਖਦਿਆਂ ਅਚਾਨਕ ਬਾਜ਼ੀ ਹੱਥੋਂ ਜਾਂਦੀ ਵੇਖ ਰਾਕੇਸ਼ ਟਿਕੈਤ ਵੱਲੋਂ ਮਾਰੀ ਦਹਾੜ ਦੇ ਸਦਕਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂ ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ' ਚਾੜ੍ਹ ਗਏ , ਟਿਕੈਤ ਵੱਲੋਂ ਪੂਰੀ ਤਰ੍ਹਾਂ ਜਜ਼ਬੇ ਵਿੱਚ ਗੜੁੱਚ ਹੋ ਕੇ ਆਖਣਾ ਹੈ ਕਿ ਉਹ ਹੁਣ ਪਾਣੀ ਵੀ ਆਪਣੇ ਉਸ ਪਿੰਡ ਦੀਆਂ ਬਰੂਹਾਂ ਦਾ ਪੀਣਗੇ ਜਿੱਥੇ ਉਸ ਨੇ ਜਨਮ ਲਿਆ ਹੈ , ਕਿਉਂਕਿ ਸਰਕਾਰ ਵੱਲੋਂ ਗਾਜ਼ੀਪੁਰ ਬਾਰਡਰ ਦਾ ਬਿਜਲੀ ਅਤੇ ਪਾਣੀ ਤੋਂ ਇਲਾਵਾ ਸੜਕਾਂ ਵੀ ਉਸ ਦਿਨ ਬੰਦ ਕਰ ਦਿੱਤੀਆਂ ਗਈਆਂ ਸਨ । ਅੱਜ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਹਰ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਅਤੇ ਆਪਣੇ ਹੋਰ ਵਾਹਨਾਂ ਰਾਹੀਂ ਦਿੱਲੀ ਮੋਰਚਿਆਂ ਵਿੱਚ ਜਾਣ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੋ ਰਹੇ ਇਕੱਠਾਂ ਨੇ ਆਉਣ ਵਾਲੇ ਭਵਿੱਖ ਦੀ ਰਣਨੀਤੀ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਹੈ । ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਦਿੱਤੇ ਜਾ ਰਹੇ 'ਦਿੱਲੀ ਚਲੋ' ਦੇ ਹੋਕੇ ਕਿਸਾਨੀ ਸੰਘਰਸ਼ ਦੀ ਵਿਆਪਕ ਪੱਧਰ ਤੇ ਹੋ ਰਹੀ ਲਾਮਬੰਦੀ ਦੀ ਜਿਊਂਦੀ ਜਾਗਦੀ ਉਦਾਹਰਣ ਹਨ । ਇਸ ਤੋਂ ਇਲਾਵਾ ਪੰਚਾਇਤਾਂ ਵੱਲੋਂ ਏਕੇ ਦੀ 'ਕਵਾਇਦ' ਨੂੰ ਮੁੱਖ ਰੱਖ ਕੇ ਪਾਏ ਜਾ ਰਹੇ ਮਤਿਆਂ ਦੀ ਮਿਸਾਲ ਵੀ ਇਤਿਹਾਸ ਵਿੱਚ ਸ਼ਾਇਦ ਹੀ ਕਦੇ ਮਿਲਦੀ ਹੋਵੇ ।
ਕਿਸਾਨਾਂ ਤੋਂ ਇਲਾਵਾ ਇਸ ਅੰਦੋਲਨ ਵਿਚ ਵੱਡੇ ਪੱਧਰ ਤੇ ਹੋਰਨਾਂ ਵਰਗਾਂ ਦੀ ਸ਼ਮੂਲੀਅਤ ਵੀ ਕਿਸਾਨੀ ਦੇ ਦਰਦ ਨੂੰ ਭਲੀ-ਭਾਂਤੀ ਜਾਣਦਿਆਂ ਆਪਣੇ ਫਰਜ਼ ਦੀ ਪੂਰਤੀ ਕਰਦੀ ਵਿਖਾਈ ਦੇ ਰਹੀ ਹੈ । ਹਿੰਦੂ ਭਾਈਚਾਰੇ ਦੇ ਨਾਲ-ਨਾਲ ਮੁਸਲਿਮ ਵੀਰਾਂ ਵੱਲੋਂ ਵੀ ਪੂਰੀ ਤਰ੍ਹਾਂ ਨਿੱਠ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਤੋਂ ਬਾਅਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ 'ਅਵੱਲੀ ਜੰਗ' ਨੂੰ ਲਡ਼ਿਆ ਜਾ ਰਿਹਾ ਹੈ । ਡਾਕਟਰਾਂ ਦੀਆਂ ਟੀਮਾਂ ਵੱਲੋਂ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਮੱਲ੍ਹਮ ਪੱਟੀ ਤੋਂ ੲਿਲਾਵਾ ਮੁੱਢਲੀ ਸਹਾਇਤਾ ਦੇ ਕੇ ਇਲਾਜ ਦੀ ਚੁੱਕੀ ਜਾ ਰਹੀ ਜ਼ਿੰਮੇਵਾਰੀ ਵੀ ਅਨੋਖੀ ਮਿਸਾਲ ਆਖੀ ਜਾ ਸਕਦੀ ਹੈ । ਜੋ ਟਰੈਕਟਰ ਤੇ ਟਰਾਲੀਆਂ 26 ਜਨਵਰੀ ਦੀ ਪਰੇਡ 'ਚ ਹਿੱਸਾ ਲੈ ਕੇ ਵਾਪਸ ਪਰਤੀਆਂ ਸਨ , ਉਨ੍ਹਾਂ ਟਰਾਲੀਆਂ ਦਾ 'ਉਨ੍ਹੀਂ ਪੈਰੀਂ' ਵਾਪਸ ਮੁੜਨਾ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀਅਾਂ ਅੱਖਾਂ ਵਿੱਚੋਂ ਡਿੱਗੇ ਹੰਝੂਆਂ ਦਾ ਕਾਰਨਾਮਾ ਹੀ ਆਖਿਆ ਜਾ ਸਕਦਾ ਹੈ ਜਿਸ ਦੀ ਬਦੌਲਤ ਅੱਜ ਪੂਰਾ ਪੰਜਾਬ 'ਦਿੱਲੀ ਚਲੋ' ਦੇ ਨਾਅਰਿਆਂ ਨਾਲ ਗੂੰਜ ਉੱਠਿਆ ਹੈ ।
ਇਸ ਤੋਂ ਇਲਾਵਾ ਪੰਜਾਬ ਦੇ ਕਈ ਨਾਮੀ ਅਤੇ ਵੱਡੇ ਕਲਾਕਾਰ ਵੀ ਦਿੱਲੀ ਮੋਰਚੇ ਅੰਦਰ ਜਾ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਤੋਂ ਲੈ ਕੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਆਮ ਵੇਖੇ ਜਾ ਸਕਦੇ ਹਨ । ਪੰਜਾਬ ਦੇ ਜਿਹੜੇ ਕਈ ਕਲਾਕਾਰਾਂ ਨੂੰ ਇੱਥੋਂ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਤੋਂ ਇਲਾਵਾ ਲੱਚਰ ਸੰਗੀਤਕ ਮਾਹੌਲ ਸਿਰਜਣ ਦੇ ਮੋਢੀ ਮੰਨਿਆ ਜਾਂਦਾ ਸੀ ਉਨ੍ਹਾਂ ਵੱਲੋਂ ਵੀ ਆਪਣਾ ਬਣਦਾ ਯੋਗਦਾਨ ਪਾਇਆ ਗਿਆ । ਕੰਵਰ ਗਰੇਵਾਲ , ਰਾਜ ਕਾਕੜਾ , ਹਰਭਜਨ ਮਾਨ , ਹਰਜੀਤ ਹਰਮਨ , ਸੁਖਵਿੰਦਰ ਸੁੱਖੀ , ਬਲਕਾਰ ਸਿੱਧੂ , ਰਵਿੰਦਰ ਗਰੇਵਾਲ ਤੋਂ ਇਲਾਵਾ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਬਿਨਾਂ ਸ਼ੱਕ ਇਨ੍ਹਾਂ ਕਲਾਕਾਰਾਂ ਦਾ ਨੌਜਵਾਨਾਂ ਅੰਦਰ ਚੰਗਾ ਆਧਾਰ ਹੈ । ਚਾਹੀਦਾ ਹੈ ਕਿ ਇਹ ਇਸੇ ਤਰ੍ਹਾਂ ਉਥੇ ਜਾ ਕੇ ਲੋਕਾਂ ਦਾ ਹੌਸਲਾ ਅਤੇ ਉਤਸ਼ਾਹ ਵਧਾਉਂਦੇ ਰਹਿਣ । ਅਫ਼ਸੋਸਨਾਕ ਹੈ ਜਿਹੜੇ ਮਾਵਾਂ ਦੇ 'ਬਲੀ ਪੁੱਤ' ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰਦੇ ਹੋਏ ਇਸ ਸੰਸਾਰ ਨੂੰ ਛੱਡ ਗਏ । ਮਾਲਕ ਮਿਹਰ ਕਰੇ ਕਿਸੇ ਨੂੰ ਤੱਤੀ ਵਾ ਨਾ ਲੱਗੇ ਸਰਕਾਰ ਦੀ ਨੀਂਦ ਟੁੱਟੇ ਅਤੇ ਕਿਸਾਨ ਤਿੰਨੇ ਖੇਤੀ ਕਨੂੰਨਾਂ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਪਰਤਣ , ਇਹੀ ਸਾਡੀ ਕਾਮਨਾ ਹੈ ।
ਮਨਜਿੰਦਰ ਸਿੰਘ ਸਰੌਦ
( ਮਲੇਰਕੋਟਲਾ )
9463463136