ਸਾਂਝੀਵਾਲਤਾ ਦੇ ਦੀਪ - ਸਵਰਾਜਬੀਰ
ਯੂਨਾਨੀ ਆਪਣੇ ਪੁਰਾਤਨ ਸਾਹਿਤ ਅਤੇ ਲਿਖਤ ਇਤਿਹਾਸ ਦੇ ਆਧਾਰ 'ਤੇ ਪੁਰਾਤਨ ਯੂਨਾਨ ਦੀ ਕਲਪਨਾ ਕਰ ਸਕਦੇ ਹਨ। ਪੁਰਾਤਨ ਪੰਜਾਬ ਦੀ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ। ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਹੜੱਪਾ ਸੱਭਿਅਤਾ ਦੀਆਂ ਪੈੜਾਂ ਮਿਲਦੀਆਂ ਹਨ ਅਤੇ ਇਹ ਤੱਥ ਉਜਾਗਰ ਹੁੰਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਪੰਜਾਬ ਵਿਚ ਰਹਿਣ ਵਾਲਿਆਂ ਨੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਵੀ ਵਸਾਏ। ਪਿੰਡਾਂ ਤੇ ਸ਼ਹਿਰਾਂ ਵਿਚ ਬਣਾਈ ਜਾਂਦੀ ਵੱਖਰਤਾ ਬੜੀ ਦਿਲਚਸਪ ਹੈ। ਪੁਰਾਣੀਆਂ ਖੁਦਾਈਆਂ ਵਿਚ ਮਿਲੇ ਵੱਡੇ ਸ਼ਹਿਰਾਂ ਨੂੰ ਸੱਭਿਅਤਾ ਅਤੇ ਵਿਕਾਸ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ। ਸ਼ਹਿਰਾਂ ਦੀ ਹੋਂਦ ਨੂੰ ਸੱਭਿਅਤਾ ਅਤੇ ਵਿਕਾਸ ਨਾਲ ਇਸ ਲਈ ਜੋੜਿਆ ਜਾਂਦਾ ਹੈ ਕਿ ਉੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਰਹਿੰਦੇ ਸਨ ਤੇ ਉੱਥੇ ਵਪਾਰ, ਕਲਾ, ਇਮਾਰਤਸਾਜ਼ੀ ਤੇ ਵੱਖ ਵੱਖ ਤਰ੍ਹਾਂ ਦੀਆਂ ਸਨਅਤਾਂ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਪ੍ਰਬੰਧ ਪ੍ਰਫੁੱਲਿਤ ਹੋਏ। ਹੜੱਪਾ ਵਿਚ ਮਿਲੀਆਂ ਸਿਲਾਂ 'ਤੇ ਹੋਈਆਂ ਲਿਖਤਾਂ ਅਜੇ ਤਕ ਪੜ੍ਹੀਆਂ ਨਹੀਂ ਜਾ ਸਕੀਆਂ। ਉਸ ਦੌਰ ਦੇ ਲੋਕਾਂ ਦੇ ਚਿੰਨ੍ਹ ਅੱਜ ਦੇ ਪੰਜਾਬ ਦੇ ਜੀਵਨ ਵਿਚੋਂ ਲੱਭਣੇ ਬਹੁਤ ਮੁਸ਼ਕਲ ਹਨ।
ਆਰੀਆ ਲੋਕਾਂ ਨਾਲ ਸਬੰਧਿਤ ਦੌਰ ਵਿਚ ਰਿਗਵੇਦ ਵਿਚ ਪੰਜਾਬ ਦੇ ਦਰਿਆਵਾਂ ਤੇ ਭੋਇੰ ਦੇ ਵਰਣਨ ਮਿਲਦੇ ਹਨ। ਰਿਗਵੇਦ ਵਿਚਲੀਆਂ ਕਈਆਂ ਕਹਾਣੀਆਂ (ਜਿਵੇਂ ਉਰਵਸ਼ੀ ਤੇ ਰਾਜਾ ਪੂਰਰਵਾ ਦੀ ਕਹਾਣੀ) ਲੋਕ-ਕਹਾਣੀਆਂ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਹ ਕਿਰਦਾਰ ਲੋਕ-ਕਹਾਣੀਆਂ ਤੋਂ ਸੰਸਕ੍ਰਿਤ ਭਾਸ਼ਾ ਵਿਚ ਗਏ ਅਤੇ ਵੇਦਾਂ ਤੇ ਉਨ੍ਹਾਂ ਨਾਲ ਸਬੰਧਿਤ ਹੋਰ ਗ੍ਰੰਥਾਂ ਦੇ ਹਿੱਸੇ ਬਣ ਗਏ। ਰਿਗਵੇਦ ਦੇ ਦੇਵਤਿਆਂ ਦੇ ਨਾਂ ਅੱਜ ਵੀ ਪੰਜਾਬੀਆਂ ਦੀ ਜੀਵਨ-ਜਾਚ ਵਿਚ ਵਰਤੇ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਰਿਗਵੇਦ ਦੇ ਮੁੱਖ ਦੇਵਤਾ ਇੰਦਰ ਤੇ ਇਸ ਨਾਲ ਜੁੜੇ ਹੋਰ ਕਈ ਸ਼ਬਦ ਸਾਡੇ ਨਾਮ ਰੱਖਣ ਦੀ ਪਰੰਪਰਾ ਵਿਚ ਸੁਤੇ-ਸਿਧ ਸ਼ਾਮਲ ਹਨ। ਉੱਤਰ ਵੈਦਿਕ ਸਮਿਆਂ ਵਿਚ ਰਚੇ ਗਏ ਗ੍ਰੰਥਾਂ ਰਮਾਇਣ, ਮਹਾਭਾਰਤ, ਤੇ ਪੁਰਾਣਾਂ ਵਿਚ ਪੰਜਾਬ ਵੱਖ ਵੱਖ ਤਰ੍ਹਾਂ ਨਾਲ ਮੌਜੂਦ ਹੈ। ਪੰਜਾਬ ਵਿਚ ਰਮਾਇਣ ਨਾਲ ਸਬੰਧਿਤ ਤੀਰਥ ਮਿਲਦੇ ਹਨ, ਘੜਾਮ (ਜ਼ਿਲ੍ਹਾ ਪਟਿਆਲਾ) ਵਿਚ ਭਗਵਾਨ ਰਾਮ ਦੇ ਨਾਨਕੇ ਦੱਸੇ ਜਾਂਦੇ ਹਨ, ਰਿਸ਼ੀ ਵਾਲਮੀਕ ਦਾ ਆਸ਼ਰਮ ਅੰਮ੍ਰਿਤਸਰ 'ਚ ਹੈ, ਲਾਹੌਰ ਦਾ ਸਬੰਧ ਰਾਮ ਦੇ ਪੁੱਤਰ ਲਵ ਤੇ ਕਸੂਰ ਦਾ ਦੂਸਰੇ ਪੁੱਤਰ ਕੁਸ਼ ਨਾਲ ਜੋੜਿਆ ਜਾਂਦਾ ਹੈ।
ਮਹਾਭਾਰਤ ਤੇ ਪੁਰਾਣਾਂ ਵਿਚਲਾ ਭਗਵਾਨ ਕ੍ਰਿਸ਼ਨ ਪੰਜਾਬ ਦੇ ਲੋਕ-ਗੀਤਾਂ ਵਿਚ ਸਮਾ ਜਾਂਦਾ ਹੈ। ਬਾਬਲ ਧੀ ਨੂੰ ਪੁੱਛਦਾ ਹੈ, ''ਬੇਟੀ ਕਿਹਾ ਵਰ ਲੋੜੀਏ?'' ਤਾਂ ਧੀ ਜਵਾਬ ਦਿੰਦੀ ਹੈ, ''ਬਾਬਲ ਜਿਉਂ ਤਾਰਿਆਂ ਵਿਚੋਂ ਚੰਨ, ਚੰਨਾਂ ਵਿਚੋਂ ਕਾਹਨ ਕਨ੍ਹਈਆ ਵਰ ਲੋੜੀਏ।'' ਕ੍ਰਿਸ਼ਨ ਦੀ ਰਾਣੀ ਰੁਕਮਣੀ ਵੀ ਲੋਕ-ਗੀਤਾਂ ਵਿਚ ਹਾਜ਼ਰ ਹੈ, ''ਰਾਣੀ ਰੁਕਮਣ ਦੇ ਜਾਇਆ ਵੀਰਾ, ਤੈਨੂੰ ਸਦਾ ਵੇ ਸੁਹਾਗ ਸੁਹਾਵੇ।'' ਮਹਾਭਾਰਤ ਵਿਚ ਪੰਜਾਬ ਅਤੇ ਇੱਥੇ ਵਸਦੇ ਲੋਕਾਂ ਦੀਆਂ ਕੌਰਵਾਂ-ਪਾਂਡਵਾਂ ਨਾਲ ਲੜਾਈਆਂ ਅਤੇ ਉਨ੍ਹਾਂ ਵਿਚ ਹੋਏ ਮੇਲ-ਮਿਲਾਪ ਦੇ ਕਿੱਸੇ ਹਨ। ਪਾਂਡਵਾਂ ਦੇ ਇੱਥੇ ਵਸਦੇ ਲੋਕ, ਜਿਨ੍ਹਾਂ ਨੂੰ ਨਾਗ ਕਿਹਾ ਜਾਂਦਾ ਸੀ, ਨਾਲ ਵੱਡੇ ਯੁੱਧ ਹੋਏ। ਨਾਗ ਲੋਕਾਂ ਦੇ ਆਗੂ, ਜਿਨ੍ਹਾਂ ਦੇ ਨਾਂ ਵਾਸੁਕੀ, ਤਕਸ਼ਕ, ਸ਼ੇਸ਼ਨਾਗ ਆਦਿ ਸਨ, ਮਹਾਭਾਰਤ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਜਾ ਬਿਰਾਜਦੇ ਹਨ ਅਤੇ ਲੋਕ-ਗਾਥਾਵਾਂ ਵਿਚ ਵੀ ਹਾਜ਼ਰ ਰਹਿੰਦੇ ਹਨ। ਮਹਾਭਾਰਤ ਵਿਚ ਪਾਂਡਵ ਸਮਰਾਟ ਜਨਮੇਜਯ ਦੀ ਅਗਵਾਈ ਵਿਚ ਜਨਮੇਜੇ ਨਾਗ (ਸੱਪ) ਲੋਕਾਂ ਨਾਲ ਹੋਏ ਯੁੱਧ ਨੂੰ ਪ੍ਰਤੀਕਾਤਮਕ ਤੌਰ 'ਤੇ ਸਪੱਸਤਰ ਯੱਗ (ਸੱਪਾਂ ਨੂੰ ਸਾੜ੍ਹਨ ਵਾਲਾ ਯੱਗ) ਦੇ ਤੌਰ 'ਤੇ ਚਿਤਵਿਆ ਜਾਂਦਾ ਹੈ ਜਦੋਂਕਿ ਸਦੀਆਂ ਬਾਅਦ ਲੋਕਾਂ ਵਿਚ ਚਲੀ ਆਉਂਦੀ ਕਹਾਣੀ ਨੂੰ ਅੰਬਾਲੇ ਦੇ ਲਾਗਲੇ ਪਿੰਡ ਬਿਬਯਾਲ ਦੇ ਦੋ ਮਜ਼੍ਹਬੀ ਸਿੱਖ ਅੰਗਰੇਜ਼ ਹਾਕਮ ਆਰ.ਸੀ. ਟੈਂਪਲ ਨੂੰ ਵੱਖਰੀ ਤਰ੍ਹਾਂ ਸੁਣਾਉਂਦੇ ਹਨ। ਪੰਜਾਬੀਆਂ ਦੇ ਨਾਮ ਮਹਾਭਾਰਤ ਅਤੇ ਰਮਾਇਣ ਦੇ ਕਿਰਦਾਰਾਂ 'ਤੇ ਵੀ ਹਨ।
ਪੰਜਾਬ ਦੇ ਲੋਕ-ਜੀਵਨ ਤੇ ਲੋਕ-ਗਾਥਾਵਾਂ ਦੇ ਸੰਸਕ੍ਰਿਤ ਵਿਚ ਪ੍ਰਵੇਸ਼ ਦੀਆਂ ਉਲਟੀਆਂ ਪੈੜਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਇਹ ਮੁਸ਼ਕਲ ਬੁੱਧ ਅਤੇ ਜੈਨ ਧਰਮਾਂ ਨਾਲ ਸਬੰਧਿਤ ਸਾਹਿਤ ਵਿਚ ਵੀ ਪੇਸ਼ ਆਉਂਦੀ ਹੈ। ਕਿਸੇ ਵੇਲੇ ਪੰਜਾਬ ਬੁੱਧ ਧਰਮ ਦਾ ਵੱਡਾ ਕੇਂਦਰ ਬਣਿਆ। ਬੁੱਧ ਧਰਮ ਦੀ ਮੁੱਖ ਵਿੱਦਿਅਕ ਸੰਸਥਾ ਤਕਸ਼ਿਲਾ ਸੀ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਪੰਚਤੰਤਰ, ਹਿਤੋਪੁਦੇਸ਼, ਬੈਤਾਲ ਪਚੀਸੀ, ਬ੍ਰਿਹਤ ਕਥਾ ਅਤੇ ਕਥਾ ਸਾਰਿਤ ਸਾਗਰ ਦੇ ਮੁੱਖ ਸੋਮੇ ਲੋਕ-ਕਥਾਵਾਂ ਸਨ। ਕਈਆਂ ਕਥਾਵਾਂ ਦੀ ਰਚਨਾ ਸਥਾਨਕ ਬੋਲੀਆਂ/ਭਾਸ਼ਾਵਾਂ, ਜਿਨ੍ਹਾਂ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ, ਵਿਚ ਹੋਈ ਅਤੇ ਬਾਅਦ ਵਿਚ ਇਹ ਸੰਸਕ੍ਰਿਤ ਸਾਹਿਤ ਵਿਚ ਰਚ-ਮਿਚ ਗਈਆਂ। ਸਿਕੰਦਰ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਪੱਛਮ ਵੱਲ ਦੇ ਇਲਾਕਿਆਂ ਨਾਲ ਸਬੰਧ ਹੋਰ ਮਜ਼ਬੂਤ ਹੋਏ।
ਪੰਜਾਬ ਨਾਥ ਪਰੰਪਰਾ ਦਾ ਵੱਡਾ ਕੇਂਦਰ ਬਣਿਆ। ਗੋਰਖ ਨਾਥ, ਚੌਰੰਗੀ ਨਾਥ (ਭਗਤ ਪੂਰਨ), ਬਾਲ ਨਾਥ ਅਤੇ ਹੋਰ ਸਿੱਧ ਯੋਗੀਆਂ ਨੇ ਇੱਥੋਂ ਦੇ ਲੋਕ-ਜੀਵਨ 'ਤੇ ਵੱਡਾ ਪ੍ਰਭਾਵ ਪਾਇਆ। ਜੋਗੀ ਬਗ਼ਾਵਤ ਦਾ ਪ੍ਰਤੀਕ ਬਣ ਕੇ ਪੰਜਾਬੀ ਮੁਟਿਆਰਾਂ ਦੇ ਮਨ ਵਿਚ ਵਸ ਗਿਆ ਤੇ ਸਦੀਆਂ ਦੀਆਂ ਸਦੀਆਂ ਪੰਜਾਬ ਦੀਆਂ ਮੁਟਿਆਰਾਂ ਜੋਗੀ ਦਾ ਉਹਲਾ ਸਿਰਜ ਕੇ ਆਪਣੇ ਮਨ ਦੀਆਂ ਬਾਤਾਂ ਪਾਉਂਦੀਆਂ ਰਹੀਆਂ, ''ਅੰਬਾਂ ਤੇ ਤੂਤਾਂ ਦੀ ਠੰਢੀ ਛਾਂ, ਕੋਈ ਪਰਦੇਸੀ ਜੋਗੀ ਆ ਲੱਥੇ ਨੀ/ ਚੱਲ ਮੇਰੀ ਭਾਬੋ ਪਾਣੀ ਨੂੰ ਚੱਲ, ਪਾਣੀ ਦੇ ਪੱਜ ਜੋਗੀ ਵੇਖੀਏ'', ''ਅਸਾਂ ਉੱਠ ਜਾਣਾ ਮਾਏ ਨੀਂ, ਜੋਗੀਆਂ ਦੇ ਸਾਥ ਨੀਂ'', ''ਰੰਗਲੇ ਜੋਗੀ, ਸੱਚ ਦੀ ਬੀਨ ਵਜਾ ਗਏ।'' ਪੰਜਾਬ ਵਿਚ ਸ਼ਿਵਾਲੇ ਵੀ ਬਣਦੇ ਹਨ ਅਤੇ ਦੇਵੀ ਪੂਜਾ ਵੀ ਹੁੰਦੀ ਹੈ। ਨਾਗ ਪੂਜਾ ਦੇ ਨਕਸ਼ ਵੀ ਵਿਖਾਈ ਦਿੰਦੇ ਹਨ।
ਪੰਜਾਬ ਵਿਚ ਸ਼ੇਖ਼ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂ-ਗੀਤ ਗੂੰਜੇ। ਫ਼ਰੀਦ ਬਾਣੀ ਵਿਚ ਸ਼ੁਰੂ ਕੀਤੇ ਗਏ ਵਿਸ਼ਿਆਂ ਦੀ ਧੁਨੀ ਗੁਰੂ ਨਾਨਕ ਦੇਵ ਤੇ ਗੁਰੂ ਅਰਜਨ ਦੇਵ ਦੀ ਬਾਣੀ ਵਿਚ ਸੁਣਾਈ ਦਿੰਦੀ ਹੈ। ਨਾਨਕਬਾਣੀ ਨੇ ਪੰਜਾਬ ਦੀ ਰੂਹ ਨੂੰ ਨਵੀਂ ਊਰਜਾ ਬਖ਼ਸ਼ੀ ਤੇ ਬਾਬਾ ਜੀ ਨੇ ਵੇਲ਼ੇ ਦੇ ਹਾਕਮਾਂ, ਅਹਿਲਕਾਰਾਂ, ਜਾਬਰਾਂ, ਜਰਵਾਣਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂ ਨਾਨਕ ਨੇ 'ਏਕ ਮਹਿ ਸਰਬ ਸਰਬ ਮਹਿ ਏਕਾ' ਅਤੇ 'ਆਈ ਪੰਥੀ ਸਗਲ ਜਮਾਤੀ' ਜਿਹੇ ਗੁਰੂ-ਵਾਕਾਂ ਰਾਹੀਂ ਵਰਣ-ਆਸ਼ਰਮ ਅਤੇ ਜਾਤ-ਪਾਤ ਕਾਰਨ ਬਣੀ ਸਮਾਜਿਕ ਨਾਬਰਾਬਰੀ ਤੇ ਵੰਡੀਆਂ ਦਾ ਵਿਰੋਧ ਕੀਤਾ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ। ਅਖੌਤੀ ਧਾਰਮਿਕ ਆਗੂਆਂ ਦਾ ਵਿਰੋਧ ਕਰਦਿਆਂ ਬੁਲੰਦ ਆਵਾਜ਼ ਵਿਚ ਕਿਹਾ, ''ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੋ ਕੋ ਪੁਛੈ ਤਾ ਪੜਿ ਸੁਣਾਏ॥'' ਗੁਰੂ ਨਾਨਕ ਅਤੇ ਸਿੱਖ ਗੁਰੂਆਂ ਦੀ ਬਾਣੀ ਅਤੇ ਅਗਵਾਈ ਨੇ ਪੰਜਾਬ ਦੇ ਜੀਵਨ ਨੂੰ ਨਵਾਂ ਮੁਹਾਂਦਰਾ ਤੇ ਨਵੀਂ ਤਰਤੀਬ ਦਿੱਤੀ।
ਨਾਨਕਬਾਣੀ ਦੀਆਂ ਧੁਨੀਆਂ ਦੂਰ ਦੂਰ ਤਕ ਗੂੰਜੀਆਂ, ਪੰਜਾਬੀ ਸੂਫ਼ੀ-ਕਾਵਿ ਵਿਚ ਵੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ''ਜੋ ਮੈ ਬੇਦਨ ਸਾ ਕਿਸੁ ਆਖਾ ਮਾਈ॥'' ਭਾਵ ਜੋ ਮੈਨੂੰ ਵੇਦਨਾ (ਦੁੱਖ) ਹੈ, ਮੇਰੀ ਮਾਏ, ਉਹ ਮੈਂ ਕਿਸ ਨੂੰ ਆਖ ਸੁਣਾਵਾਂ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਦਿਲ ਦੀ ਵੇਦਨ ਕੋਈ ਨ ਜਾਣੇ ਅੰਦਰਿ ਦੇਸ ਬੇਗਾਨੇ।'' ਤੇ ਫਿਰ ਇਕ ਹੋਰ ਕਾਫ਼ੀ ਵਿਚ ਕੂਕਦਾ ਹੈ, ''ਤੁਸੀਂ ਕਰੋ ਅਸਾਡੀ ਕਾਰੀ, ਕੇਹੀ ਹੋ ਗਈ ਵੇਦਨ ਭਾਰੀ।'' ਦਮੋਦਰ ਪੰਜਾਬੀਆਂ ਨੂੰ ਹੀਰ ਦੀ ਕਥਾ ਸੁਣਾਉਂਦਾ ਹੈ ਅਤੇ ਵਾਰਿਸ ਸ਼ਾਹ ਤੇ ਹੋਰ ਕਿੱਸਾਕਾਰ ਹੀਰ ਨੂੰ ਬਗ਼ਾਵਤ ਦੇ ਚਿੰਨ੍ਹ ਅਤੇ ਪੰਜਾਬ ਦੇ ਸੱਭਿਆਚਾਰਕ ਜੀਵਨ ਦੀ ਧੁਰੀ ਬਣਾ ਦਿੰਦੇ ਹਨ। ਉਨ੍ਹਾਂ ਦੀ ਹੀਰ ਕਾਜ਼ੀਆਂ ਨਾਲ ਆਢਾ ਲਾਉਂਦੀ ਹੈ। ਵਾਰਿਸ ਸ਼ਾਹ ਦਾ ਰਾਂਝਾ ਅੱਧੀ ਰਾਤ ਮਸੀਤ ਵਿਚ ਵੰਝਲੀ ਵਜਾਉਂਦਾ ਹੈ, ਮੁਸਲਮਾਨ ਪੀਰਾਂ ਨੂੰ ਬਿਸ਼ਨਪਦੇ (ਕ੍ਰਿਸ਼ਨ ਦੀ ਉਸਤਤ ਦੇ ਗੀਤ) ਸੁਣਾ ਕੇ ਰਿਝਾਉਂਦਾ ਹੈ, ਬਾਲ ਨਾਥ ਤੋਂ ਜੋਗ ਲੈਂਦਾ ਹੈ। ਇਸ ਤਰ੍ਹਾਂ ਕਿੱਸਾਕਾਰ ਪੰਜਾਬ ਦੇ ਲੋਕ-ਨਾਇਕਾਂ ਨੂੰ ਅਜਿਹੇ ਕਿਰਦਾਰ ਬਣਾ ਦਿੰਦੇ ਹਨ ਜਿਹੜੇ ਰਵਾਇਤੀ ਧਰਮਾਂ ਦੀ ਸੰਕੀਰਨਤਾ ਤੋਂ ਆਜ਼ਾਦ ਹਨ। ਇਹ ਨਾਇਕ ਮਨੁੱਖੀ ਆਜ਼ਾਦੀ ਦੇ ਪ੍ਰਤੀਕ ਬਣ ਜਾਂਦੇ ਹਨ। ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸ਼ਾਹ ਸ਼ਰਫ਼ ਅਤੇ ਹੋਰ ਸੂਫ਼ੀਆਂ ਵਿਚ ਕ੍ਰਿਸ਼ਨ, ਰਾਂਝਾ ਤੇ ਰੱਬ ਇਕਮਿਕ ਹੋ ਗਏ ਹਨ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਦਾ ਸਾਂਝਾ/ ਤੇਰੀਆਂ ਮੌਜਾਂ ਸਾਡਾ ਮਾਜਾਂ/ ਸਾਡੀ ਸੁਰਤੀ ਆਪ ਮਿਲਾਈ/ ਬੰਸੀ ਕਾਹਨ ਅਚਰਜ ਬਜਾਈ।''
ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਅਤੇ ਹੋਰ ਸੂਫ਼ੀ ਕਵੀ ਮਨਸੂਰ ਅਤੇ ਸਰਮਦ ਦੀ ਬਾਗ਼ੀਆਨਾ ਰਵਾਇਤ ਨੂੰ ਪੰਜਾਬੀ ਸ਼ਾਇਰੀ ਦਾ ਹਿੱਸਾ ਬਣਾਉਂਦੇ ਹਨ। ਸਿੰਘ ਸੂਰਮੇ, ਦੁੱਲਾ ਭੱਟੀ ਅਤੇ ਹੋਰ ਨਾਇਕ ਉੱਭਰਦੇ ਹਨ। ਸਿੱਖ ਮਿਸਲਾਂ ਮੁਗ਼ਲਾਂ ਅਤੇ ਬਾਹਰ ਤੋਂ ਆਉਂਦੇ ਹਮਲਾਵਰਾਂ ਨਾਲ ਲੋਹਾ ਲੈਂਦੀਆਂ ਹਨ ਤੇ ਰਣਜੀਤ ਸਿੰਘ ਦੇ ਰਾਜ ਵਿਚ ਸਾਂਝੀ ਪੰਜਾਬੀਅਤ ਦੇ ਨਕਸ਼ ਗੂੜ੍ਹੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਵਿਚ ਮਿਲਦਾ ਹੈ।
ਅੰਗਰੇਜ਼ ਹਕੂਮਤ ਦੇ ਦੌਰਾਨ ਵੀ ਪੰਜਾਬੀਆਂ ਦਾ ਜਬਰ ਦਾ ਟਾਕਰਾ ਕਰਨ ਦਾ ਸਫ਼ਰ ਜਾਰੀ ਰਹਿੰਦਾ ਹੈ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਤੇ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਆਜ਼ਾਦੀ ਸੰਘਰਸ਼ ਦੇ ਸੁਨਹਿਰੀ ਪੰਨੇ ਬਣਦੇ ਹਨ। ਪੰਜਾਬ ਦੇ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਹੋ ਕੇ ਬਸਤੀਵਾਦੀਆਂ ਵਿਰੁੱਧ ਸੰਘਰਸ਼ ਕਰਦੇ ਹਨ। ਬਾਅਦ ਵਿਚ ਇਸ ਇਤਿਹਾਸ ਵਿਚ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਸ਼ਹੀਦੀ ਅਤੇ ਊਧਮ ਸਿੰਘ ਦੇ ਬਲੀਦਾਨ ਦੇ ਵਰਕੇ ਜੁੜਦੇ ਹਨ। ਇਨ੍ਹਾਂ ਸਮਿਆਂ ਵਿਚ ਹੀ ਪੂਰਨ ਸਿੰਘ ਪੰਜਾਬ ਦੀ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ। ਪੰਜਾਬ ਦੀ 1947 ਦੀ ਵੰਡ ਦੇ ਦੁੱਖ ਨੂੰ ਉਸਤਾਦ ਦਾਮਨ ''ਲਾਲੀ ਅੱਖੀਆਂ ਦੀ ਪਈ ਦੱਸਦੀ ਏ/ ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ'' ਦੇ ਸ਼ਬਦਾਂ ਨਾਲ ਕਲਮਬੰਦ ਕਰਦਾ ਹੈ। ਅੱਜ ਦਾ ਪੰਜਾਬ, ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਭਾਰਤ ਦੇ ਹੋਰ ਪ੍ਰਾਂਤਾਂ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਵਿਚ ਵੱਸਦਾ ਹੈ।
ਆਓ, ਅੱਜ ਦੇ ਦਿਨ ਪੰਜਾਬੀਆਂ ਦੀ ਸਾਂਝ ਤੇ ਵੰਨ-ਸੁਵੰਨਤਾ ਅਤੇ ਜਬਰ ਵਿਰੁੱਧ ਖਲੋਣ ਦੇ ਇਤਿਹਾਸ ਨੂੰ ਯਾਦ ਕਰਦਿਆਂ ਸਾਂਝੀਵਾਲਤਾ ਅਤੇ ਪੰਜਾਬੀਅਤ ਦੇ ਨਾਂ 'ਤੇ ਵੀ ਦੀਪ ਜਗਾਈਏ।
ਪੰਜਾਬ ਦੀ ਤਸਵੀਰ - ਸਵਰਾਜਬੀਰ
ਤਿੰਨ ਸੌ ਗਿਆਰਾਂ ਭਾਰਤ ਵਾਸੀਆਂ, ਜਿਹੜੇ ਗ਼ੈਰਕਾਨੂੰਨੀ ਤਰੀਕਿਆਂ ਨਾਲ ਮੈਕਸੀਕੋ ਪਹੁੰਚੇ ਸਨ, ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਉਨ੍ਹਾਂ ਦੀ ਕਹਾਣੀ ਦੱਸਦੀਆਂ ਹਨ; ਉੱਥੇ ਉਦਾਸੀ ਤੇ ਬੇਵਸੀ ਹੈ, ਸੁਪਨਿਆਂ ਦੇ ਚੂਰ-ਚੂਰ ਹੋਣ ਤੇ ਜ਼ਿੰਦਗੀ ਦੇ ਜੰਗ ਹਾਰ ਜਾਣ ਦੀ ਘੋਰ ਮਾਯੂਸੀ। ਉਨ੍ਹਾਂ ਦੀਆਂ ਅੱਖਾਂ ਵਿਚ ਉਹ ਲੋਅ ਨਹੀਂ ਦਿਸਦੀ ਜੋ ਪੰਜਾਬੀ ਸ਼ਾਇਰ ਪਾਸ਼ ਅਨੁਸਾਰ ਹਾਰਨ ਤੋਂ ਬਾਅਦ ਕਿਸੇ ਅਣਖੀ ਦੀਆਂ ਆਪਣੇ ਵੈਰੀ ਵੱਲ ਤੱਕਦੀਆਂ ਅੱਖਾਂ ਵਿਚ ਹੁੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਸਰੀਰਿਕ ਭਾਸ਼ਾ ਵਿਚ ਅੱਜ ਦੇ ਪੰਜਾਬ ਵਿਚ ਵਾਪਸ ਆਉਣ ਦਾ ਆਤੰਕ ਸਾਫ਼ ਦਿਖਾਈ ਦਿੰਦਾ ਹੈ। ਉਹ ਤਾਂ ਇਹ ਸੋਚ ਕੇ ਗਏ ਸਨ ਕਿ ਉਨ੍ਹਾਂ ਕਈ ਵਰ੍ਹੇ 'ਸਵਰਗ' ਵਿਚ ਰਹਿਣਾ ਹੈ, ਆਪਣੀ ਭੋਇੰ 'ਤੇ ਵਾਪਸ ਨਹੀਂ ਆਉਣਾ। ਉਸ 'ਸਵਰਗ' ਤਕ ਪਹੁੰਚਣ ਲਈ ਉਨ੍ਹਾਂ ਨੇ ਗ਼ੈਰਕਾਨੂੰਨੀ ਏਜੰਟਾਂ ਨੂੰ 15 ਤੋਂ 25 ਲੱਖ ਰੁਪਏ ਤਕ ਦਿੱਤੇ। ਇਨ੍ਹਾਂ ਮੁੰਡਿਆਂ ਨੂੰ ਪਹਿਲਾਂ ਦੱਖਣੀ ਅਮਰੀਕਾ ਦੇ ਦੇਸ਼ਾਂ ਬਰਾਜ਼ੀਲ, ਪੇਰੂ, ਪਨਾਮਾ, ਇਕੁਆਡੋਰ, ਕੋਸਟਾ ਰੀਕਾ, ਨਿਕਾਰੂਗੁਆ, ਹਾਂਡਰੂਸ, ਗੁਆਟੇਮਾਲਾ ਆਦਿ ਪਹੁੰਚਾਇਆ ਗਿਆ ਅਤੇ ਅਖ਼ੀਰ ਵਿਚ ਮੈਕਸੀਕੋ। ਵੱਖ ਵੱਖ ਦੇਸ਼ਾਂ ਵਿਚ ਸਸਤੇ ਹੋਟਲਾਂ ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਉਨ੍ਹਾਂ ਨੂੰ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘਣਾ ਪਿਆ। ਉਨ੍ਹਾਂ ਨੂੰ ਤਿੰਨ ਦਿਨ ਤਕ ਪਾਣੀ ਨਸੀਬ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣੇ ਕੱਪੜਿਆਂ 'ਚੋਂ ਮੁੜ੍ਹਕਾ ਨਿਚੋੜ ਕੇ ਪੀਤਾ। ਇਨ੍ਹਾਂ ਸਫ਼ਰਾਂ ਵਿਚ ਕਈ ਮੌਤਾਂ ਵੀ ਹੋਈਆਂ। ਮੈਕਸੀਕੋ ਪਹੁੰਚਣ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਜੰਟ ਇਹ ਦਿਲਾਸਾ ਦਿਵਾਉਂਦੇ ਰਹੇ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ 'ਪਾਸ' ਮਿਲਣਗੇ ਅਤੇ ਫਿਰ ਉਨ੍ਹਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਇਆ ਜਾਏਗਾ। ਮੈਕਸੀਕੋ ਨੇ ਇਹ ਕਾਰਵਾਈ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਓ ਵਿਚ ਆ ਕੇ ਕੀਤੀ ਹੈ ਕਿਉਂਕਿ ਉਹਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਗ਼ੈਰਕਾਨੂੰਨੀ ਤੌਰ 'ਤੇ ਪਰਵਾਸ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਮੈਕਸੀਕੋ ਦੀ ਸਮੁੱਚੀ ਦਰਾਮਦ 'ਤੇ ਵੱਡੇ ਟੈਕਸ ਲਾਏ ਜਾਣਗੇ।
ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਅੱਜ ਦੇ ਬੇਵਸ ਪੰਜਾਬ ਦੀਆਂ ਤਸਵੀਰਾਂ ਹਨ। ਇਤਿਹਾਸਕਾਰ ਭਗਵਾਨ ਜੋਸ਼ ਅਨੁਸਾਰ, ''ਤਸਵੀਰ ਤਕਦੀਰ ਦੇ ਕਦਮ ਵਾਂਗ ਹੁੰਦੀ ਹੈ। ਉਹਨੂੰ ਫੇਰ ਮਿਟਾਇਆ ਨਹੀਂ ਜਾ ਸਕਦਾ। ਉਹ ਸਮੇਂ ਦੀ ਪੱਕੀ ਚਸ਼ਮਦੀਦ ਗਵਾਹ ਬਣ ਕੇ ਉਂਝ ਦੀ ਉਂਝ ਖੜ੍ਹੀ ਰਹਿੰਦੀ ਹੈ।'' ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਪੰਜਾਬ ਦੇ ਨੌਜਵਾਨਾਂ ਦੀ ਲਾਚਾਰੀ ਦੀਆਂ ਚਸ਼ਮਦੀਦ ਗਵਾਹ ਹਨ। ਇਨ੍ਹਾਂ ਤਸਵੀਰਾਂ 'ਚੋਂ ਨੌਜਵਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ, ਦਾਦਕਿਆਂ, ਨਾਨਕਿਆਂ, ਭੈਣਾਂ-ਭਰਾਵਾਂ, ਸਭ ਦੀ ਬੇਵਸੀ ਝਲਕਦੀ ਹੈ।
1980ਵਿਆਂ ਵਿਚ ਪੰਜਾਬ ਨੇ ਵੱਡਾ ਸੰਤਾਪ ਹੰਢਾਇਆ। ਇਸ ਸੰਤਾਪ ਵਿਚ ਬਹੁਤ ਸਾਰੇ ਨੌਜਵਾਨਾਂ ਨੇ ਉਸ ਉਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਸਰਕਾਰੀ ਤਸ਼ੱਦਦ ਝੱਲਿਆ ਜਿਸ ਰਾਹੀਂ ਉਹ ਪੰਜਾਬ ਦੀ ਹੋਂਦ ਦਾ ਨਵਾਂ ਸੁਪਨਾ ਘੜਨਾ ਚਾਹੁੰਦੇ ਸਨ। ਮੌਕਾਪ੍ਰਸਤਾਂ ਨੇ ਦੁੱਖ ਦੇ ਉਨ੍ਹਾਂ ਸਮਿਆਂ ਨੂੰ ਵੀ ਵਿਦੇਸ਼ਾਂ ਵੱਲ ਭੱਜਣ, ਜਾਇਦਾਦਾਂ ਬਣਾਉਣ, ਨਾਜਾਇਜ਼ ਕਬਜ਼ੇ ਕਰਨ ਤੇ ਸੱਤਾ ਦੇ ਗਲਿਆਰਿਆਂ ਵਿਚ ਮਜ਼ਬੂਤ ਹੋਣ ਲਈ ਵਰਤਿਆ। ਇਸ ਸਾਰੇ ਵਰਤਾਰੇ ਵਿਚ ਪੰਜਾਬੀ ਬੰਦੇ ਦੀ ਪੰਜਾਬੀ ਹੋਂਦ ਖੱਖੜੀ-ਖੱਖੜੀ ਹੋ ਗਈ। ਉਹਦੀ ਆਪਣੇ ਆਪੇ, ਭੋਇੰ ਅਤੇ ਰਹਿਤਲ ਦੇ ਜ਼ਰਖੇਜ਼ ਹੋਣ ਦੀ ਆਸ ਖ਼ਤਮ ਹੋ ਗਈ। ਪੰਜਾਬੀ ਸਾਂਝੀਵਾਲਤਾ ਨੂੰ 1940ਵਿਆਂ ਅਤੇ ਬਾਅਦ ਵਿਚ 1980ਵਿਆਂ ਨੇ ਖੇਰੂੰ-ਖੇਰੂੰ ਕਰ ਦਿੱਤਾ। ਪੰਜਾਬੀ ਬੰਦਾ ਸਾਂਝੀਵਾਲਤਾ ਦੀ ਥਾਂ ਧਰਮ ਆਧਾਰਿਤ ਪਛਾਣਾਂ 'ਤੇ ਨਿਰਭਰ ਹੋ ਕੇ ਰਹਿ ਗਿਆ।
ਪੰਜਾਬੀਆਂ ਨੂੰ ਏਨੇ ਦੁੱਖਾਂ ਵਿਚ ਪਾਉਣ ਦੇ ਬਾਵਜੂਦ ਸਿਆਸੀ ਜਮਾਤ ਦੀ ਤਾਕਤ ਅਤੇ ਪੈਸੇ ਲਈ ਲੋਚਾ ਬਰਕਰਾਰ ਹੀ ਨਹੀਂ ਰਹੀ ਸਗੋਂ ਵਧੀ। 1990ਵਿਆਂ ਵਿਚ ਰਿਸ਼ਵਤਖੋਰੀ ਤੇ ਨਸ਼ਿਆਂ ਦੇ ਫੈਲਾਓ ਸਿਖਰਾਂ 'ਤੇ ਪਹੁੰਚੇ, ਪਹੁੰਚੇ ਹੀ ਨਹੀਂ, ਸਗੋਂ ਵੇਲ਼ੇ ਦੀ ਸਿਆਸੀ ਜਮਾਤ ਨੇ ਪਹੁੰਚਾਏ। ਅਫ਼ਸਰਸ਼ਾਹੀ ਤੇ ਪੁਲੀਸ ਇਸ ਵਿਚ ਵੱਡੇ ਭਿਆਲ ਬਣੀਆਂ। ਸਾਡੀ ਸਮੂਹਿਕ ਚੁੱਪ ਅਤੇ ਵਿਰੋਧ ਨਾ ਕਰਨ ਦੀ ਵਧ ਰਹੀ ਆਦਤ ਨੇ ਅਜਿਹੀਆਂ ਤਾਕਤਾਂ ਨੂੰ ਹੋਰ ਸ਼ਕਤੀ ਦਿੱਤੀ। ਪੰਜਾਬੀ ਬੰਦਾ ਮਧੋਲਿਆ ਗਿਆ। ਨਵੀਂ ਸਦੀ ਵਿਚ ਅਜਿਹੀ ਸਿਆਸਤ ਹੋਰ ਮਜ਼ਬੂਤ ਹੋਈ। ਅਰਥਚਾਰਾ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਸਿਮਟ ਗਿਆ। ਵਿੱਦਿਆ ਦਾ ਰੂਪ ਨਾ ਤੇ ਕਾਰਪੋਰੇਟ ਜਗਤ ਵਾਲਾ ਬਣਿਆ ਅਤੇ ਨਾ ਹੀ ਸਮਝ-ਸਿਆਣਪ ਵਾਲੇ ਵਿਦਿਆਰਥੀ ਪੈਦਾ ਕਰਨ ਵਾਲਾ ਸਗੋਂ ਅਜਿਹਾ, ਜਿਸ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨਾ ਤਾਂ ਕਾਰਪੋਰੇਟ ਜਗਤ ਦੀਆਂ ਨੌਕਰੀਆਂ ਲੈਣ ਦੇ ਸਮਰੱਥ ਸੀ, ਨਾ ਹੀ ਸਰਕਾਰੀ ਕੰਪੀਟੀਸ਼ਨਾਂ ਵਿਚ ਸਫ਼ਲ ਹੋਣ ਦੇ। ਉਨ੍ਹਾਂ ਦਾ ਕਿਰਤ ਕਰਨ ਵਿਚ ਵੀ ਵਿਸ਼ਵਾਸ ਨਹੀਂ ਸੀ। ਰਿਸ਼ਵਤਖੋਰੀ, ਸਰਕਾਰੀ ਦਫ਼ਤਰਾਂ ਵਿਚ ਆਮ ਆਦਮੀ ਦੀ ਦੁਰਗਤੀ, ਪੁਲੀਸ ਦਾ ਧੌਂਸ ਭਰਿਆ ਵਤੀਰਾ ਤੇ ਨਸ਼ਿਆਂ ਦਾ ਫੈਲਾਓ ਵਧਦੇ ਗਏ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਅਰਾਜਕਤਾ ਭਰੇ ਮਾਹੌਲ ਵਿਚੋਂ ਬਚਾਉਣ ਲਈ ਵਿਦੇਸ਼ਾਂ ਵੱਲ ਵੇਖਣ ਤੋਂ ਸਿਵਾਏ ਹੋਰ ਰਾਹ ਨਾ ਰਿਹਾ। ਨਸ਼ਿਆਂ ਦਾ ਫੈਲਾਓ ਗਵਾਂਢੀ ਦੇਸ਼ ਦੀ ਸਾਜ਼ਿਸ਼ ਨਹੀਂ। ਸਾਰੇ ਜਾਣਦੇ ਹਨ ਕਿ ਇਹ ਵਰਤਾਰਾ ਕਿਨ੍ਹਾਂ ਸਿਆਸੀ ਆਗੂਆਂ ਦੀ ਸਰਪ੍ਰਸਤੀ ਵਿਚ ਵਧਿਆ-ਫੁੱਲਿਆ। ਇਸ ਮਾਹੌਲ ਵਿਚ ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨਾਂ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿਚ ਜਾਬਰਾਂ ਨਾਲ ਲੋਹਾ ਲਿਆ ਸੀ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪਿਆ। ਨੌਜਵਾਨਾਂ ਦਾ ਨਸ਼ਿਆਂ ਵੱਲ ਜਾਣਾ ਵੀ ਖ਼ੁਦਕੁਸ਼ੀ ਵਾਲੇ ਰਸਤੇ ਉੱਤੇ ਹੀ ਪੈਰ ਧਰਨਾ ਸੀ। ਜੋ ਬਚ ਗਏ, ਉਹ ਵਿਦੇਸ਼ਾਂ ਨੂੰ ਤੁਰ ਪਏ। ਪੰਜਾਬ ਸੱਭਿਆਚਾਰਕ ਤੇ ਬੌਧਿਕ ਖ਼ੁਦਕੁਸ਼ੀ ਦੀ ਰਾਹ 'ਤੇ ਪੈ ਗਿਆ।
ਕੀ ਮੁੰਡਿਆਂ ਨੂੰ ਧੋਖਾ ਦੇਣ ਵਾਲੇ ਏਜੰਟ ਧੋਖੇਬਾਜ਼ ਹਨ? ਧੋਖੇਬਾਜ਼ ਤਾਂ ਉਹ ਹੈਣ ਈ ਪਰ ਨਾਲ ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਨ੍ਹਾਂ ਏਜੰਟਾਂ ਨੇ ਹਜ਼ਾਰਾਂ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਪਹੁੰਚਾਇਆ ਹੈ, ਪਹਿਲਾਂ ਉਨ੍ਹਾਂ ਨੂੰ ਗ਼ੈਰਕਾਨੂੰਨੀ ਬਾਸ਼ਿੰਦਿਆਂ ਵਜੋਂ ਮਾਨਤਾ ਦਿਵਾਈ ਤੇ ਫਿਰ ਵਕੀਲਾਂ ਤੇ ਦਲਾਲਾਂ ਤੋਂ ਖੱਜਲ ਹੋਣ ਬਾਅਦ ਉਨ੍ਹਾਂ ਨੇ ਵਿਦੇਸ਼ਾਂ ਵਿਚ ਸ਼ਹਿਰੀ ਹੋਣ ਦੇ ਹੱਕ ਹਾਸਲ ਕੀਤੇ। ਇਨ੍ਹਾਂ ਧੋਖੇਬਾਜ਼ਾਂ ਦੇ ਕਾਰਨ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਪਰ ਨਾਲ ਹੀ ਹਜ਼ਾਰਾਂ ਪਰਿਵਾਰਾਂ ਨੂੰ ਉਹ ਜ਼ਿੰਦਗੀ ਜਿਊਣ ਲਈ ਮਿਲੀ ਜਿਸ ਨੂੰ ਉਹ ਸਵੈਮਾਣ ਤੇ ਆਰਥਿਕ ਸੁਰੱਖਿਆ ਵਾਲੀ ਸਮਝਦੇ ਹਨ। ਇਨ੍ਹਾਂ ਧੋਖੇਬਾਜ਼ਾਂ ਨੇ ਉਹ ਕੰਮ ਕੀਤਾ ਜਿਸ ਨੂੰ ਏਥੋਂ ਦੀ ਸਰਕਾਰ, ਸਿਆਸੀ ਜਮਾਤ ਤੇ ਅਰਥਚਾਰਾ ਕਰਨ ਵਿਚ ਨਾਕਾਮ ਰਹੇ। ਇਸ ਤਰ੍ਹਾਂ ਇਨ੍ਹਾਂ ਏਜੰਟਾਂ ਦੀ ਭੂਮਿਕਾ ਬੜੀ ਜਟਿਲ ਹੋ ਨਿਬੜਦੀ ਹੈ। ਇਕ ਪਾਸੇ ਇਹ ਅਮਰੀਕਾ ਤੇ ਪੱਛਮ ਦੀਆਂ ਸਰਕਾਰਾਂ ਦੁਆਰਾ ਉਸਾਰੇ ਗਏ 'ਸਵਰਗਾਂ' ਵਿਚ ਸੰਨ੍ਹ ਲਾਉਣ ਦੇ ਹਥਿਆਰ ਹਨ, ਮੁੰਡਿਆਂ ਨੂੰ ਉਨ੍ਹਾਂ 'ਸਵਰਗਾਂ' ਵਿਚ ਪਹੁੰਚਾਉਣ ਵਿਚ ਮਦਦ ਕਰਦੇ ਹਨ ਅਤੇ ਦੂਸਰੇ ਪਾਸੇ ਉਸ ਮਦਦ ਦੇ ਇਵਜ਼ ਵਿਚ ਲੋਕਾਂ ਨੂੰ ਲੁੱਟਦੇ ਹਨ। ਵੱਡਾ ਸਵਾਲ ਇਹ ਹੈ ਕਿ ਜਿਸ ਨਿਜ਼ਾਮ ਵਿਚ 'ਧੋਖੇਬਾਜ਼' ਲੋਕਾਂ ਦੇ 'ਮਸੀਹੇ' ਬਣ ਕੇ ਉੱਭਰ ਰਹੇ ਹੋਣ, ਉਸ ਨਿਜ਼ਾਮ ਨੂੰ ਕੀ ਕਿਹਾ ਜਾਵੇ?
ਇਕ ਹੋਰ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਇਹ ਮੁੰਡੇ ਤੇ ਉਨ੍ਹਾਂ ਦੇ ਮਾਪੇ ਇਨ੍ਹਾਂ ਏਜੰਟਾਂ ਦੀ ਸਹਾਇਤਾ ਨਾਲ ਅਮਰੀਕਾ, ਕੈਨੇਡਾ ਅਤੇ ਪੱਛਮੀ ਯੂਰੋਪ ਦੇ ਦੇਸ਼ਾਂ ਅਤੇ ਸਾਡੇ ਆਪਣੇ ਨਿਜ਼ਾਮ ਵੱਲੋਂ ਲੋਕਾਂ ਦੇ ਧਰਤ ਦੇ ਕਿਸੇ ਵੀ ਕੋਨੇ 'ਤੇ ਵੱਸਣ ਦੇ ਬੁਨਿਆਦੀ ਹੱਕ ਦੀ ਲੜਾਈ ਲੜ ਰਹੇ ਹਨ ਜਿਸ ਨੂੰ ਅਜੋਕੇ ਕਾਨੂੰਨ ਦੀ ਭਾਸ਼ਾ ਵਿਚ ਗ਼ੈਰਕਾਨੂੰਨੀ ਕਿਹਾ ਜਾਂਦਾ ਹੈ। ਇਕ ਹੋਰ ਪੱਧਰ 'ਤੇ ਇਨ੍ਹਾਂ ਮੁੰਡਿਆਂ ਦੀ ਇਹ ਲੜਾਈ ਸਰਕਾਰਾਂ ਦੀ ਲੋਹਮਈ ਸ਼ਕਤੀ ਵਿਰੁੱਧ ਆਪਾਮਾਰੂ ਜੰਗ ਹੈ।
ਇਹ ਮੁੰਡੇ ਘਰਾਂ ਤੋਂ 'ਜ਼ਿੰਦਗੀ ਦਾ ਯੁੱਧ' ਕਰਨ ਨਿਕਲੇ ਸਨ ਪਰ ਇਨ੍ਹਾਂ ਨੂੰ ਅੱਧ-ਵਿਚਾਲਿਓਂ ਹੀ ਪਰਤਾ ਦਿੱਤਾ ਗਿਆ। ਪਰਤ ਕੇ ਆਉਣ ਵਾਲੇ ਬੰਦੇ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਰੂਹ ਵਿਚ ਅਧੂਰੇ ਸਫ਼ਰ ਦੀ ਚੁਭਣ ਉਸ ਨੂੰ ਜਿਊਣ ਨਹੀਂ ਦਿੰਦੀ। ਅਜਿਹੀਆਂ ਯਾਦਾਂ ਕਿ ਸਫ਼ਰ ਦੇ ਕਿਸੇ ਮਰਹੱਲੇ ਵਿਚ 'ਜੇ ਏਦਾਂ ਹੋ ਜਾਂਦਾ', 'ਉਸ ਨੂੰ ਸਫ਼ਲਤਾ ਮਿਲ ਜਾਂਦੀ' ਜਾਂ 'ਸ਼ਾਇਦ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ' ਉਹਦੇ ਮਨ ਵਿਚ ਅਜਿਹੇ ਜ਼ਖ਼ਮ ਬਣ ਕੇ ਹਾਜ਼ਰ ਰਹਿੰਦੀਆਂ ਹਨ ਜਿਹੜੇ ਕਦੀ ਨਹੀਂ ਭਰਦੇ। ਬੰਦੇ ਨੂੰ ਚਿਤਵਿਆ ਹੋਇਆ ਰਿਜ਼ਕ ਪ੍ਰਾਪਤ ਨਾ ਹੋਣ ਦਾ ਝੋਰਾ ਡੂੰਘਾ ਹੁੰਦਾ ਚਲਾ ਜਾਂਦਾ ਹੈ। ਇਨ੍ਹਾਂ ਮੁੰਡਿਆਂ ਦੀ ਬਾਂਹ ਫੜਨ ਲਈ ਉਸ ਮਜ਼ਬੂਤ ਭਾਈਚਾਰਕ ਸਾਂਝ ਦੀ ਜ਼ਰੂਰਤ ਹੈ ਜਿਹੜੀ ਅੱਜ ਦੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗ਼ੈਰਹਾਜ਼ਰ ਦਿਸਦੀ ਹੈ।
ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਖੁਸ਼ੀਆਂ ਮਨਾਉਣ ਦੇ ਨਾਲ ਨਾਲ ਇਹ ਸਵਾਲ ਵੀ ਪੁੱਛਣੇ ਬਣਦੇ ਹਨ ਕਿ ਨਾਨਕ ਦੀ ਭੋਇੰ ਤੇ ਨਾਨਕਪ੍ਰਸਤਾਂ ਦਾ ਵਸਣਾ ਦੁੱਭਰ ਕਿਉਂ ਹੋਇਆ ਪਿਆ ਹੈ? ਕਿਉਂ ਪੰਜਾਬੀ ਬੰਦਾ ਬਾਬਾ ਜੀ ਦੇ ਕਿਰਤ ਦੇ ਸੰਦੇਸ਼ ਤੋਂ ਬੇਗ਼ਾਨਾ ਹੋ ਕੇ ਮੰਡੀ ਤੇ ਪਦਾਰਥਕਤਾ ਦੀ ਜਿੱਲ੍ਹਣ ਵਿਚ ਫਸਦਾ ਜਾ ਰਿਹਾ ਹੈ? ਨੌਜਵਾਨਾਂ ਨੂੰ ਨਸ਼ਿਆਂ ਤੇ ਪਰਦੇਸਾਂ ਵੱਲ ਧੱਕਣ ਲਈ ਜ਼ਿੰਮੇਵਾਰ ਕੌਣ ਹੈ? ਰਿਸ਼ਵਤਖੋਰਾਂ, ਜਿਨ੍ਹਾਂ ਨੂੰ ਬਾਬਾ ਨਾਨਕ ਨੇ ਲਹੂ-ਪੀਣੇ ਤੇ ਮੁਰਦਾਰ ਖਾਣ ਵਾਲੇ ਕਿਹਾ ਸੀ, ਨੂੰ ਸਹਾਰਾ ਤੇ ਓਟ ਕੌਣ ਦੇ ਰਿਹਾ ਹੈ? ਪਰਿਵਾਰਵਾਦ ਕਿਉਂ ਪੰਜਾਬ ਦੇ ਹਿੱਤਾਂ ਤੋਂ ਵੀ ਜ਼ਿਆਦਾ ਪਿਆਰਾ ਹੋ ਗਿਆ ਹੈ? ਵਿਦਿਆਰਥੀਆਂ ਨੂੰ ਸੇਧ ਦੇਣ ਵਾਲੇ ਅਧਿਆਪਕ ਤੇ ਬੁੱਧੀਜੀਵੀ ਕਿੱਥੇ ਹਨ, ਉਹ ਕਿਉਂ ਪੰਜਾਬ ਨੂੰ ਹੁਨਰਵਾਨ, ਪ੍ਰਸ਼ਨ ਪੁੱਛਣ ਵਾਲੇ ਤੇ ਆਪਣੇ ਆਪ ਵਿਚ ਵਿਸ਼ਵਾਸ ਕਰਨ ਵਾਲੇ ਵਿਦਿਆਰਥੀ ਨਹੀਂ ਦੇ ਸਕਦੇ? ਪੰਜਾਬ ਦੀ ਧਰਤੀ ਦੇ ਨਾਲ ਨਾਲ ਏਥੋਂ ਦੀ ਬੌਧਿਕ ਜ਼ਮੀਨ ਕਿਉਂ ਬੰਜਰ ਹੁੰਦੀ ਜਾ ਰਹੀ ਹੈ, ਕੀ ਅਸੀਂ ਸਾਰੇ ਸਮੂਹਿਕ ਰੂਪ ਵਿਚ ਜ਼ਿੰਮੇਵਾਰ ਤੇ ਗੁਨਾਹਗਾਰ ਹਾਂ, ਜੇ ਗੁਨਾਹਗਾਰ ਹਾਂ ਤਾਂ ਅਸੀਂ ਗੁਨਾਹਾਂ ਦਾ ਪਛਤਾਵਾ ਕਿਵੇਂ ਕਰਨਾ ਹੈ? ੳਸੀਂ ਕਿਉਂ ਉਨ੍ਹਾਂ ਸਿਆਸੀ ਆਗੂਆਂ ਦੀ ਫ਼ਸਲ ਉਗਾ ਰਹੇ ਹਾਂ ਜਿਨ੍ਹਾਂ ਕੋਲ ਮੌਕਾਪ੍ਰਸਤੀ, ਕੁਨਬਾ-ਪਰਵਰੀ ਅਤੇ ਪੈਸਾ ਇਕੱਠਾ ਕਰਨ ਤੋਂ ਸਿਵਾਏ ਕੋਈ ਏਜੰਡਾ ਨਹੀਂ? ਅੱਜ ਦੇ ਪੰਜਾਬ ਦੀ ਤਸਵੀਰ ਏਨੀ ਉਦਾਸ ਕਰਨ ਵਾਲੀ ਕਿਉਂ ਹੈ?
ਧੀਆਂ ਦੀ ਵੇਦਨ - ਸਵਰਾਜਬੀਰ
ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਛਪੀ ਕਿ ਇਕ ਨਾਨੀ ਨੇ ਆਪਣੀਆਂ ਨਵਜੰਮੀਆਂ ਜੌੜੀਆਂ ਦੋਹਤੀਆਂ ਨੂੰ ਜਿਊਂਦੇ-ਜੀਅ ਨਹਿਰ ਵਿਚ ਸੁੱਟ ਦਿੱਤਾ। ਇਸ ਜੁਰਮ ਵਿਚ ਕੁੜੀਆਂ ਦਾ ਮਾਮਾ ਵੀ ਸ਼ਾਮਲ ਸੀ। ਪੰਜਾਬੀਆਂ ਨੂੰ ਆਪਣੇ ਇਤਿਹਾਸ 'ਤੇ ਬੜਾ ਮਾਣ ਹੈ। ਇਹ ਇਤਿਹਾਸ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲੈਣ ਦਾ ਇਤਿਹਾਸ ਹੈ। ਪੰਜਾਬੀਆਂ ਨੂੰ ਆਪਣੇ ਆਪ 'ਤੇ ਵੀ ਬੜਾ ਮਾਣ ਹੈ, ਮਾਣ ਵੀ ਤੇ ਅਭਿਮਾਨ ਵੀ। ਇਸ ਮਾਣ-ਅਭਿਮਾਨ ਨੂੰ ਸਿਰਜਣ ਵਿਚ ਵੱਡਾ ਹਿੱਸਾ ਪੰਜਾਬੀ ਮਰਦ ਦਾ ਹੈ, ਔਰਤ ਦਾ ਵੀ ਹੈ, ਪਰ ਘੱਟ ਅਤੇ ਗੌਣ। ਇਹ ਤਾਣੀਆਂ ਬੁਣਦਿਆਂ-ਬੁਣਦਿਆਂ ਪੰਜਾਬ ਦੇ ਮਰਦ-ਪ੍ਰਧਾਨ ਸਮਾਜ ਨੇ ਘੁੱਪ ਹਨੇਰਾ ਵੀ ਸਿਰਜਿਆ ਹੈ, ਬੁਣਿਆ ਹੈ: ਇਸ ਵਿਸ਼ਵਾਸ ਨੂੰ ਸੱਚ ਵਰਗਾ ਬਣਾਉਣ ਦਾ ਹਨੇਰਾ ਕਿ ਔਰਤ ਤਾਂ ਹੀ ਸਮਾਜਿਕ ਸਨਮਾਨ ਦੀ ਅਧਿਕਾਰੀ ਹੈ, ਜੇ ਉਹ ਪੁੱਤਰ ਜਣੇ। ਉਹ ਤਾਂ ਹੀ ਪੂਰਨ ਔਰਤ ਹੈ, ਜੇ ਪੁੱਤ ਜੰਮੇ।
ਲੋਕ ਗੀਤਾਂ ਵਿਚ ਪੁੱਤਰ ਤੇ ਵੀਰ ਮੰਗਣ ਵਾਲੇ ਗੀਤਾਂ ਦੀ ਭਰਮਾਰ ਹੈ। ਪੁੱਤਰ ਜੰਮਣ ਵਾਲੀਆਂ ਮਾਵਾਂ ਦੇ ਸੋਹਲੇ ਗਾਏ ਜਾਂਦੇ ਨੇ ਤੇ ਗਾਉਂਦੀਆਂ ਵੀ ਔਰਤਾਂ ਹਨ, 'ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ', 'ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ ਭਾਵੇਂ ਲੱਖ ਦੌਲਤਾਂ ਭਰੀਆਂ ਹੋਣ', 'ਉਸਰੀ ਏ ਕੋਠੀ ਚੂਨੇਦਾਰ ਪੁੱਤਰਾਂ ਬਾਝੋਂ ਨਹੀਂ ਸਜਦੀ', 'ਇਕ ਲੱਖ ਦੇਵਾਂ, ਦੇਵਾਂ ਲੱਖ ਚਾਰ, ਪੁੱਤਰ ਲਿਆ ਕਿ ਕਿਸੇ ਹੱਟ ਤੋਂ, ਗੋਰੀਏ ਇਕ ਲੱਖ ਦੇ, ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ', 'ਦੁੱਧ ਪੁੱਤ ਤੇ ਖਸਮ ਘਰ ਤੇਰੇ, ਤੂੰ ਰੱਬ ਕੋਲੋਂ ਕੀ ਮੰਗਦੀ' ਤੇ 'ਇਕ ਵੀਰ ਦੇਈਂ ਵੇ ਰੱਬਾ', 'ਭੈਣਾਂ ਰੋਂਦੀਆਂ ਪਛੋਕੜ ਖੜ੍ਹ ਕੇ ਜਿਨ੍ਹਾਂ ਦੇ ਘਰ ਵੀਰ ਨਹੀਂ', 'ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ, ਮੈਂ ਵੇ ਕਿਸੇ ਦੀ ਕੀ ਲੱਗਦੀ?' ਤੇ ਹੋਰ ਬਹੁਤ ਸਾਰੇ। ਸਾਰੀਆਂ ਲੋਰੀਆਂ ਪੁੱਤਾਂ ਤੇ ਵੀਰਾਂ ਲਈ ਹਨ - 'ਲੋਰੀ ਮਲੋਰੀ, ਦੁੱਧ ਦੀ ਕਟੋਰੀ, ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ', 'ਸੌਂ ਜਾ ਰਾਜਾ, ਸੌਂ ਜਾ ਵੇ', 'ਲੋਰੀ ਲਾਲ ਨੂੰ ਦੇਵਾਂ', 'ਕਾਕੜਾ ਖਿਡਾਨੀ ਆਂ, ਚਾਰ ਬੂਟੇ ਪਾਨੀ ਆਂ', 'ਉੱਡ ਨੀ ਚਿੜੀਏ ਉੱਡ ਵੇ ਕਾਵਾਂ, ਮੇਰੀ ਬੱਚੀ ਖੇਡੇ ਨਾਲ ਭਰਾਵਾਂ', 'ਵੀਰੇ ਦੇ ਘਰ ਹੋਇਆ ਪੁੱਤਰ...' ਹਜ਼ਾਰਾਂ ਲੋਰੀਆਂ ਨੇ। ਧੀ ਦੇ ਨਾਂ ਸ਼ਾਇਦ ਕੋਈ ਇਕ-ਅੱਧੀ ਹੀ ਆਉਂਦੀ ਹੈ (ਸੁਣ ਨੀ ਬੱਚੀ ਲੋਰੀ, ਤੈਨੂੰ ਦਿਆਂ ਗੰਨੇ ਦੀ ਪੋਰੀ)। ਪੂਰਾ ਸੰਸਾਰ ਪੁੱਤਰ ਨਾਲ ਬਣਦਾ ਹੈ 'ਅੱਲ੍ਹੜ ਬੱਲੜ੍ਹ ਬਾਵੇ ਦਾ ਬਾਵਾ ਕਣਕ ਲਿਆਵੇਗਾ, ਬਾਵੀ ਮੰਨ ਪਕਾਏਗੀ ਬਾਵਾ ਬੈਠਾ ਖਾਏਗਾ'। ਇਨ੍ਹਾਂ ਦਾ ਕੋਈ ਅੰਤ ਨਹੀਂ। 'ਛਾਤੀ ਤੇਰੀ ਪੁੱਤ ਮੰਗਦੀ, ਤੇਰੇ ਪੱਟ ਮੰਗਣ ਮੁਕਲਾਵਾ' ਵਰਗਾ ਲੋਕ ਬੋਲ ਔਰਤ ਦੀ ਇੰਦਰਆਈ ਤਾਂਘ ਨੂੰ ਏਨੀ ਮਾਰਮਿਕਤਾ ਨਾਲ ਕਹਿੰਦਾ ਹੋਇਆ ਵੀ ਉਹਦੀ ਪੂਰਨਤਾ ਪੁੱਤਾਂ ਨਾਲ ਹੀ ਕਰਦਾ ਏ। ਹੋ ਸਕਦਾ ਹੈ ਜੰਗਾਂ ਨਾਲ ਜੂਝਦੇ ਪੰਜਾਬ ਵਿਚ ਪੁੱਤਰਾਂ ਦੀ ਲੋੜ ਰਹੀ ਵੀ ਜ਼ਿਆਦਾ ਹੋਵੇ ਤੇ ਮਹਿਸੂਸ ਵੀ ਜ਼ਿਆਦਾ ਤੀਬਰਤਾ ਨਾਲ ਕੀਤੀ ਗਈ ਹੋਵੇ। ਇਸ ਸਭ ਕੁਝ ਦਾ ਨਤੀਜਾ ਪੁੱਤਰ ਮਹਿਮਾ ਵਿਚ ਨਿਕਲਦਾ ਹੈ।
ਇਹ ਸਮਾਜਿਕ ਅਤੇ ਸੱਭਿਆਚਾਰਕ ਦਬਾਓ ਹੈ ਜਿਸ ਨੇ ਇਸ ਸੋਚ, ਕਿ ਪੁੱਤਰ ਬਿਨਾ ਔਰਤ ਅਧੂਰੀ ਹੈ, ਨੂੰ ਪੰਜਾਬੀ ਔਰਤ ਦੀਆਂ ਤੜਫ਼ਦੀਆਂ ਆਂਦਰਾਂ 'ਚੋਂ ਉੱਠਦੀ ਆਵਾਜ਼ ਬਣਾ ਦਿੱਤਾ ਹੈ। ਇਹ ਸੋਚ ਉਹਦੀ ਹੋਂਦ ਦਾ ਹਿੱਸਾ ਬਣ ਗਈ ਹੈ। ਕਈ ਵਿਦਵਾਨਾਂ ਅਨੁਸਾਰ ਪੰਜਾਬੀ ਔਰਤਾਂ ਦੇ ਮਨ ਵਿਚ ਮਰਦ ਬੱਚਾ ਜਨਮ ਦੀ ਖਾਹਿਸ਼ ਤੱਤਮੂਲਕ (Elemental) ਹੈ ਜਾਂ ਤੱਤਮੂਲਕ ਬਣ ਗਈ ਹੈ, ਇਹ ਧਾਰਨਾ ਗ਼ਲਤ ਹੈ। ਇਸ ਨੂੰ ਤੱਤਮੂਲਕ ਬਣਾ ਕੇ ਪੇਸ਼ ਕਰਨ ਦਾ ਸਿਹਰਾ ਸਾਡੇ ਸਮਾਜ ਵਿਚ ਸਦੀਆਂ ਤੋਂ ਪ੍ਰਚਲਿਤ ਮਰਦ-ਪ੍ਰਧਾਨ ਸਮਾਜ ਅਤੇ ਮਰਦ-ਪ੍ਰਧਾਨ ਸੋਚ ਨੂੰ ਜਾਂਦਾ ਹੈ।
ਮਿਥਿਹਾਸ ਵਿਚ ਪੁੱਤ ਨਾਮ ਦੇ ਇਕ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਬੇਔਲਾਦ ਮਨੁੱਖਾਂ ਨੂੰ ਮਰਨ ਪਿੱਛੋਂ ਤਸੀਹੇ ਦਿੱਤੇ ਜਾਂਦੇ ਹਨ। ਪੁੱਤਰ ਨਰਕ ਰੱਖਿਅਕ ਹੈ। ਪੁੱਤਰ ਦੇ ਜਨਮ ਨਾਲ ਮਾਂ-ਪਿਓ ਦਾ ਉਧਾਰ ਹੁੰਦਾ ਹੈ। ਪਿਤਰੀ (ਮਰਦ-ਪ੍ਰਧਾਨ) ਸਮਾਜ ਵਿਚ ਸਭ ਕੁਝ ਮਰਦ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਅਜਿਹੇ ਸਮਾਜ ਵਿਚ ਧੀ ਪ੍ਰਤੀ ਘ੍ਰਿਣਾ ਵੀ ਜਨਮ ਲੈਂਦੀ ਹੈ। ਧੀ ਦਾ ਜੰਮਣਾ ਅਸ਼ੁਭ ਸਮਝਿਆ ਜਾਣ ਲੱਗਦਾ ਹੈ। ਕੁੜੀਮਾਰ ਘਰਾਣੇ ਹੋਂਦ ਵਿਚ ਆਉਂਦੇ ਹਨ। ਕੁਝ ਦੋਸ਼ ਬਾਹਰ ਤੋਂ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਧੀਆਂ, ਭੈਣਾਂ ਅਤੇ ਘਰਵਾਲੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਧੀ ਭੈਣ ਅਣਖ ਦੀ ਪ੍ਰਤੀਕ ਬਣਦੀ ਹੈ। ਉਸ ਦੀ ਰੱਖਿਆ ਲਈ ਪੁੱਤਰ ਦੀ ਜ਼ਰੂਰਤ ਹੈ। ਵੰਸ਼ ਦਾ ਨਾਂ ਚੱਲਦਾ ਰੱਖਣ ਲਈ ਪੁੱਤਰ ਦੀ ਜ਼ਰੂਰਤ ਹੈ। ਜ਼ਮੀਨ ਜਾਇਦਾਦ ਆਪਣੇ ਘਰ ਵਿਚ ਰਹੇ, ਉਸ ਲਈ ਪੁੱਤਰਾਂ ਦੀ ਜ਼ਰੂਰਤ ਹੈ।
ਵਿਦਵਾਨਾਂ ਦਾ ਮੱਤ ਹੈ ਕਿ ਸੰਸਾਰ ਵਿਚ ਪਹਿਲੇ ਸਮਾਜ ਮਾਤਾ-ਪ੍ਰਧਾਨ ਸਨ। ਇਹ ਕਿਆਸ ਕੀਤਾ ਜਾਂਦਾ ਹੈ ਕਿ ਸਾਡੇ ਸਮਾਜ ਵੀ ਸ਼ਾਇਦ ਪਹਿਲਾਂ ਪਹਿਲਾਂ ਮਾਤਾ-ਪ੍ਰਧਾਨ ਸਮਾਜ ਹੀ ਸਨ। ਦਲੀਲ ਦਿੱਤੀ ਜਾਂਦੀ ਹੈ ਜਦ ਪਿਤਾ-ਪ੍ਰਧਾਨ ਜਾਂ ਪਿਤਰੀ ਸਮਾਜ ਮਾਤਾ-ਪ੍ਰਧਾਨ ਸਮਾਜਾਂ ਤੋਂ ਵਿਕਸਿਤ ਹੁੰਦਾ ਹੈ ਤਾਂ ਇਸ ਵਿਕਾਸ ਵਿਚ ਔਰਤ ਨੂੰ ਦਬਾਇਆ ਜਾਂਦਾ ਹੈ, ਜਦ ਪਿਤਰੀ (ਮਰਦ-ਪ੍ਰਧਾਨ) ਸਮਾਜ ਮਾਤਾ-ਪ੍ਰਧਾਨ ਸਮਾਜ ਨੂੰ ਪਲਟਦੇ ਨੇ ਤਾਂ ਬੜੀ ਕਰੂਰਤਾ ਨਾਲ ਪਲਟਦੇ ਨੇ। ਔਰਤ ਘ੍ਰਿਣਾ ਦਾ ਪਾਤਰ ਬਣਦੀ ਹੈ, ਸਾਰੇ ਦੋਸ਼ ਉਸ ਵਿਚ ਹਨ। ਮਰਦ ਗੁਣਾਂ ਦੀ ਗੁਥਲੀ 'ਬਣ' ਜਾਂਦਾ ਹੈ।
ਨਤੀਜਾ ਇਹ ਨਿਕਲਦਾ ਹੈ ਕਿ ਪੁੱਤਰ ਦਾ ਜੰਮਣਾ ਸ਼ੁਭ ਹੋ ਜਾਂਦਾ ਹੈ, ਧੀ ਦਾ ਜੰਮਣਾ ਅਸ਼ੁਭ। ਧੀ ਨੂੰ ਪੱਥਰ ਕਿਹਾ ਜਾਂਦਾ ਹੈ। ਜੋ ਔਰਤ ਪੁੱਤਰ ਨਹੀਂ ਜੰਮਦੀ, ਉਸ ਨੂੰ ਅਸ਼ੁਭ ਸਮਝਿਆ ਜਾਂਦਾ ਹੈ। ਸਾਰੀ ਲੋਕ ਸਮਝ, ਲੋਕ ਗੀਤ ਤੇ ਸਮਾਜਿਕਤਾ ਏਸੇ ਅਨੁਸਾਰ ਉਸਰਦੇ ਹਨ। ਪੁੱਤਰ ਦੇ ਜੰਮਣ 'ਤੇ ਢੋਲ ਵੱਜਦੇ ਤੇ ਭੰਗੜੇ ਪੈਂਦੇ ਹਨ, ਦਾਦੀ-ਦਾਦੇ ਦੀ ਖ਼ੁਸ਼ੀ ਸੰਭਾਲਿਆਂ ਨਹੀਂ ਸੰਭਲਦੀ। ਧੀ ਦੇ ਜੰਮਣ 'ਤੇ ਮਾਂ-ਪਿਓ, ਦਾਦੀ-ਦਾਦਾ ਸਿਰ ਫੜ ਲੈਂਦੇ ਹਨ।
ਇਸ ਦਾ ਵਰਤਾਰਾ ਜ਼ਿਆਦਾ ਕਰਕੇ ਅਵਚੇਤਨ ਦੀ ਪੱਧਰ 'ਤੇ ਵਾਪਰਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬੀ ਸਮਾਜ ਵਿਚ ਪ੍ਰਚਲਿਤ ਸਮਾਜਿਕ ਸੂਝ-ਸਮਝ ਅਨੁਸਾਰ ਆਮ ਬੰਦੇ ਦੇ ਵਿਚਾਰ ਇਸ ਤਰ੍ਹਾਂ ਦੇ ਬਣਦੇ ਹਨ : ਇਹ ਦੁਨੀਆ ਭਰਮ ਛਲਾਵਾ ਹੈ, ਮਾਇਆ ਹੈ, ਸਰੀਰ ਮਰ ਜਾਂਦਾ ਹੈ, ਆਤਮਾ ਨਹੀਂ, ਇਸ ਦੁਨੀਆ ਦਾ ਭਵਸਾਗਰ ਪਾਰ ਕਰਨ ਲਈ ਪੁੱਤਰ ਦੀ ਜ਼ਰੂਰਤ ਹੈ, ਪੁੱਤਰ ਬਿਨਾਂ ਸਮਾਜ ਵਿਚ ਕੋਈ ਇੱਜ਼ਤ ਨਹੀਂ, ਪੁੱਤਰ ਨਾਲ ਹੀ ਕੁਲ ਤੁਰਦੀ ਤੇ ਬੰਦੇ ਦੀ ਦੁਨੀਆ ਵਿਚ ਜੜ੍ਹ ਲੱਗਦੀ ਹੈ, ਪੁੱਤਰ ਬਿਨਾਂ ਨਾ ਮਾਂ ਦੀ ਕੋਈ ਹੋਂਦ ਹੈ ਨਾ ਪਿਉ ਦੀ। ਅਸੀਂ ਅਵੇਸਲੇ ਰਹਿ ਜਾਂਦੇ ਹਾਂ ਕਿ ਇਹ ਵਿਚਾਰਧਾਰਾ ਉਸ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ ਦਾ ਹਿੱਸਾ ਹੈ ਜੋ ਸਾਨੂੰ ਦਮਨਕਾਰੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਰਿਸ਼ਤਿਆਂ ਵਿਚ ਦਬਾ ਕੇ ਰੱਖਦੀ ਹੈ। ਅਸੀਂ ਇਸ ਵਿਚਾਰਧਾਰਾ ਨੂੰ ਸੁੱਤੇ-ਸਿੱਧ ਸਵੀਕਾਰ ਕਰ ਲੈਂਦੇ ਹਾਂ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸੱਚ ਸਮਝਣ ਲੱਗਦੇ ਹਾਂ। ਸਮਾਜਿਕ ਦਬਾਓ ਏਨਾ ਹੈ ਕਿ ਕਈ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਇਹ ਸੋਚ ਠੀਕ ਨਹੀਂ, ਪਰ ਇਸ ਵਿਸ਼ਵਾਸ ਦੀਆਂ ਜੜ੍ਹਾਂ ਮਨ ਵਿਚ ਏਨੀਆਂ ਡੂੰਘੀਆਂ ਲੱਗ ਚੁੱਕੀਆਂ ਹੁੰਦੀਆਂ ਹਨ ਕਿ ਅਸੀਂ ਲੱਖ ਯਤਨ ਕਰਕੇ ਵੀ ਇਸ ਨੂੰ ਆਪਣੇ ਮਨ 'ਚੋਂ ਕੱਢ ਨਹੀਂ ਸਕਦੇ। ਸਮਾਜ ਉੱਤੇ ਗਾਲਬ ਸੋਚ (ਵਿਚਾਰਧਾਰਾ) ਦੁਆਰਾ ਸਿਰਜਿਆ ਸੱਚ ਸਾਡੀ ਜ਼ਿੰਦਗੀ ਦਾ ਸੱਚ ਬਣ ਜਾਂਦਾ ਹੈ।
ਅਲਤਿਊਸਰ ਅਨੁਸਾਰ ਵਿਚਾਰ ਕੀਤਾ ਜਾਵੇ ਤਾਂ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ, ਵਿਚਾਰਧਾਰਕ ਸੱਤਾ ਸੰਸਥਾਵਾਂ-ਪਰਿਵਾਰਾਂ, ਧਾਰਮਿਕ ਅਸਥਾਨਾਂ, ਵਿਦਿਅਕ ਅਦਾਰਿਆਂ, ਮੀਡੀਆ ਆਦਿ ਰਾਹੀਂ ਕਾਇਮ ਰੱਖੀ ਜਾਂਦੀ ਹੈ। ਇਸ ਵਿਚ ਮੁੱਖ ਹਿੱਸਾ ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਦਾ ਹੈ। ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਵਿਚਾਰਧਾਰਾ/ਸਮਾਜਿਕ ਸੂਝ-ਬੂਝ ਦਾ ਉਹ ਮੱਕੜਜਾਲ ਬੁਣਦੀਆਂ ਹਨ ਜਿਨ੍ਹਾਂ ਵਿਚ ਜਕੜੇ ਹੋਏ ਮਰਦ ਤੇ ਔਰਤ ਦੋਵੇਂ ਇਹ ਵਿਚਾਰ ਆਤਮਸਾਤ ਕਰ ਲੈਂਦੇ ਹਨ ਕਿ ਪੁੱਤਰ ਬਿਨਾਂ ਗਤੀ ਨਹੀਂ ਹੋਣੀ। ਇਹ ਵਿਚਾਰ ਉਨ੍ਹਾਂ ਦੇ ਮਨਾਂ ਵਿਚ ਏਨਾ ਡੂੰਘਾ ਧਸ ਜਾਂਦਾ ਹੈ ਕਿ ਲਗਭਗ ਤੱਤਮੂਲਕ (Elemental) ਲੱਗਣ ਲੱਗ ਪੈਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਵਿਚਾਰ ਇਕ ਖ਼ਾਸ ਤਰ੍ਹਾਂ ਦੀ ਸਮਾਜਿਕ ਅਤੇ ਭੌਤਿਕ ਬਿਸਾਤ (ਲੜਾਈਆਂ ਵਿਚ ਮਰਦਾਂ ਦੀ ਭੂਮਿਕਾ, ਪਰਿਵਾਰ ਦੀ ਰੱਖਿਆ, ਮਰਦਾਂ ਦੀ ਜ਼ਿੰਮੇਵਾਰੀ ਹੋਣਾ, ਬਾਅਦ ਵਿਚ ਖੇਤੀ ਪ੍ਰਧਾਨ ਸਮਾਜ ਵਿਚ ਮਰਦਾਂ ਦੀ ਭੂਮਿਕਾ) 'ਤੇ ਉਸਰਿਆ ਹੋਇਆ ਹੈ। ਬਾਅਦ ਵਿਚ ਇਹ ਵਿਚਾਰ ਉਸ ਬਿਸਾਤ ਤੋਂ ਵੱਖਰਾ ਹੋ ਕੇ ਸਾਡੇ ਮਨਾਂ 'ਤੇ ਏਦਾਂ ਪ੍ਰਭਾਵ ਪਾਉਂਦਾ ਹੈ ਕਿ ਇਹ ਇਕ ਆਜ਼ਾਦ ਹੋਂਦ ਵਾਲਾ ਵਿਚਾਰ ਹੈ, ਸਦੀਵੀ ਸੱਚ ਹੈ।
ਪ੍ਰਸ਼ਨ ਇਹ ਹੈ ਕਿ ਜੇ ਇਹ ਵਿਚਾਰ ਸੁੱਤੇ-ਸਿੱਧ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਇਸ ਦੇ ਵਿਰੁੱਧ ਸੰਘਰਸ਼ ਕਿਵੇਂ ਹੋ ਸਕਦਾ ਹੈ? ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਵਿਚਾਰਧਾਰਾ (ਸਮਾਜਿਕ ਸੂਝ-ਬੂਝ) ਦਾ ਵਿਕਾਸ ਤੇ ਉਸ ਨੂੰ ਕਾਇਮ ਰੱਖੇ ਜਾਣ ਦਾ ਅਮਲ ਵਿਚਾਰਧਾਰਕ ਸੱਤਾ ਸੰਸਥਾਵਾਂ (ਪਰਿਵਾਰ, ਧਾਰਮਿਕ ਅਸਥਾਨ, ਮੀਡੀਆ, ਵਿੱਦਿਅਕ ਅਦਾਰੇ) ਵਿਚ ਹੁੰਦਾ ਹੈ ਤਾਂ ਉਸ ਵਿਰੁੱਧ ਸੰਘਰਸ਼ ਵੀ ਇਨ੍ਹਾਂ ਸੰਸਥਾਵਾਂ ਵਿਚ ਹੀ ਹੁੰਦਾ ਹੈ। ਇਹ ਸੋਚ ਸਿਰਫ਼ ਆਧੁਨਿਕ ਕਹੀ ਜਾਂਦੀ ਵਿੱਦਿਆ ਦੇ ਪਸਾਰ ਰਾਹੀਂ ਆਪਣੇ ਆਪ ਖ਼ਤਮ ਨਹੀਂ ਹੋਣੀ। ਪੰਜਾਬ ਦੇ ਮਰਦਾਂ ਤੇ ਔਰਤਾਂ ਨੂੰ ਇਸ ਦਮਨਕਾਰੀ ਸੋਚ ਵਿਰੁੱਧ ਸੁਚੇਤ ਜੱਦੋਜਹਿਦ ਕਰਨੀ ਪੈਣੀ ਹੈ। ਔਰਤਾਂ ਦੀ ਬਰਾਬਰੀ ਦੇ ਸੰਕਲਪ ਪ੍ਰਤੀ ਚੇਤਨਾ ਪੈਦਾ ਕਰਨੀ ਇਕ ਵੱਡੀ ਚੁਣੌਤੀ ਹੈ। ਇਹ ਤਾਂ ਹੀ ਸੰਭਵ ਹੈ ਜੇ ਪੰਜਾਬ ਦੀਆਂ ਔਰਤਾਂ ਤੇ ਮਰਦਾਂ ਦੇ ਮਨ ਇਸ ਬਾਰੇ ਚਿੰਤਤ ਹੋਣ ਅਤੇ ਇਸ ਵਰਤਾਰੇ ਦੇ ਅਮਾਨਵੀ ਪਹਿਲੂਆਂ ਨੂੰ ਪਛਾਣ ਕੇ ਇਸ ਸੋਚ ਨੂੰ ਆਪਣੇ ਮਨਾਂ ਵਿਚੋਂ ਉਖਾੜ ਕੇ ਸੁੱਟਣ ਲਈ ਜੱਦੋਜਹਿਦ ਕਰਨ। ਪੰਜਾਬ ਦੀਆਂ ਧੀਆਂ ਨੂੰ ਇਸ ਲੜਾਈ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਣੀ ਹੈ। ਜੇ ਪੰਜਾਬੀ ਸਮਾਜ ਨੇ ਸੱਚਮੁੱਚ ਗੁਰਾਂ ਦੇ ਨਾਂ 'ਤੇ ਜਿਊਂਦਾ ਪੰਜਾਬ ਬਣਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਵਿਚ ਹਿੱਸਾ ਪਾਉਣਾ ਪਵੇਗਾ। ਇਹ ਸੰਘਰਸ਼ ਸਾਡੇ ਘਰਾਂ, ਸਕੂਲਾਂ, ਕਾਲਜਾਂ, ਧਾਰਮਿਕ ਅਸਥਾਨਾਂ ਅਤੇ ਹੋਰ ਅਦਾਰਿਆਂ ਵਿਚ ਹੋਵੇਗਾ।
ਕਿਸ ਤਰ੍ਹਾਂ ਦੀ ਮਾਨਸਿਕਤਾ ! - ਸਵਰਾਜਬੀਰ
ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿਚ ਭਾਸ਼ਨ ਦਿੰਦਿਆਂ ਕਸ਼ਮੀਰ ਦੇ ਮਸਲੇ ਨੂੰ ਛੋਂਹਦਿਆਂ ਧਮਕੀ ਦਿੱਤੀ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਗੁਆਂਢੀਆਂ ਵਿਚਕਾਰ ਯੁੱਧ ਸੰਸਾਰ ਲਈ ਤਬਾਹਕੁਨ ਹੋ ਸਕਦਾ ਹੈ। ਇਮਰਾਨ ਖਾਨ ਦਾ ਬਿਆਨ ਬਹੁਤ ਗ਼ੈਰ-ਜ਼ਿੰਮੇਵਾਰਾਨਾ ਸੀ। ਭਾਰਤ ਵੱਲੋਂ ਇਸ ਦਾ ਜਵਾਬ ਵਿਦਿਸ਼ਾ ਮੈਤਰਾ, ਜੋ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪ੍ਰਥਮ ਸਕੱਤਰ (ਫਸਟ ਸੈਕਟਰੀ) ਹੈ, ਨੇ ਦਿੱਤਾ। ਵਿਦਿਸ਼ਾ ਦੇ ਜਵਾਬ ਦੀ ਸਾਰਿਆਂ ਨੇ ਸਿਫ਼ਤ ਕੀਤੀ ਅਤੇ ਸਾਡੇ ਦੇਸ਼ ਦੀਆਂ ਅਖ਼ਬਾਰਾਂ ਵਿਚ ਕਿਹਾ ਗਿਆ ਕਿ ਵਿਦਿਸ਼ਾ ਨੇ ਪਾਕਿਸਤਾਨ ਨੂੰ 'ਮੂੰਹ ਤੋੜ ਜਵਾਬ ਦਿੱਤਾ', 'ਧੋ ਕੇ ਰੱਖ ਦਿੱਤਾ', 'ਚਾਰੇ ਖਾਨੇ ਚਿੱਤ ਕਰ ਦਿੱਤਾ' ਆਦਿ।
ਵਿਦਿਸ਼ਾ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅੱਜ ਦੇ ਸੰਸਾਰ ਨੂੰ ਬਿਆਨ ਕਰਨ ਦਾ ਢੰਗ ਬਹੁਤ ਹੀ ਕਠੋਰ ਅਤੇ ਪੱਥਰਦਿਲੀ ਵਾਲਾ ਸੀ ਜਿਸ ਵਿਚ ਇਹੋ ਜਿਹੇ ਵਿਰੋਧੀ ਜੁੱਟਾਂ 'ਸਾਡੇ ਵਿਰੁੱਧ ਉਹ/ਦੂਸਰੇ', 'ਅਮੀਰਾਂ ਵਿਰੁੱਧ ਗ਼ਰੀਬ', 'ਉੱਤਰੀ ਸੰਸਾਰ ਵਿਰੁੱਧ ਦੱਖਣੀ ਸੰਸਾਰ', 'ਵਿਕਸਿਤ ਦੇਸ਼ਾਂ ਦੇ ਵਿਰੁੱਧ ਵਿਕਾਸਸ਼ੀਲ ਦੇਸ਼', 'ਮੁਸਲਮਾਨਾਂ ਦੇ ਵਿਰੁੱਧ ਦੂਸਰੇ' ਦੀ ਵਰਤੋਂ ਕੀਤੀ ਗਈ। ਮੈਤਰਾ ਨੇ ਕਿਹਾ ਕਿ ਭਾਸ਼ਨ ਵਿਚ ਵਰਤੇ ਗਏ ਸ਼ਬਦ 'ਤਬਾਹੀ', 'ਖੂਨ ਖ਼ਰਾਬਾ', 'ਨਸਲੀ ਸ੍ਰੇਸ਼ਟਤਾ', 'ਬੰਦੂਕ ਉਠਾਉਣਾ', 'ਅੰਤ ਤਕ ਲੜਨਾ' ਮੱਧਕਾਲੀਨ ਸਮਿਆਂ ਦੀ ਮਾਨਸਿਕਤਾ ਦਰਸਾਉਂਦੇ ਹਨ ਨਾ ਕਿ ਇੱਕੀਵੀਂ ਸਦੀ ਵਿਚ ਲੋੜੀਂਦੀ ਦੂਰ-ਦ੍ਰਿਸ਼ਟੀ। ਜੇ ਸੰਸਾਰ ਨੂੰ ਵਿਰੋਧੀ ਜੁੱਟਾਂ ਜਿਵੇਂ 'ਸਾਡੇ ਵਿਰੁੱਧ ਉਹ/ਦੂਸਰੇ' ਦੇ ਸ਼ੀਸ਼ਿਆਂ ਥਾਣੀਂ ਵੇਖਣਾ ਮੱਧਕਾਲੀਨ ਮਾਨਸਿਕਤਾ ਹੈ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਡੇ ਆਗੂ ਆਪਣੇ ਦੇਸ਼ ਵਿਚ ਕੀ ਕਰ ਰਹੇ ਹਨ?
ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ ਦਾ ਆਧਾਰ ਹੀ 'ਸਾਡੇ ਵਿਰੁੱਧ ਉਹ/ਦੂਸਰੇ/ਬਾਹਰਲੇ/ਪਰਾਏ' ਹੈ, ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਨੂੰ 'ਸਾਡਿਆਂ' ਵਿਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਮੁਸਲਮਾਨ ਤੇ ਇਸਾਈਆਂ ਨੂੰ 'ਉਹ/ਬਾਹਰਲੇ/ਦੂਸਰੇ/ਪਰਾਏ' ਗਰਦਾਨਿਆ ਜਾਂਦਾ ਹੈ। ਸੰਘ ਦੀ ਵਿਚਾਰਧਾਰਾ ਅਨੁਸਾਰ ਇਸ ਭੂਗੋਲਿਕ ਖ਼ਿੱਤੇ ਵਿਚ ਆਰੀਆ ਲੋਕਾਂ ਨੇ ਸੰਸਕ੍ਰਿਤ ਜਿਹੀ ਵਿਕਸਿਤ ਭਾਸ਼ਾ ਵਿਚ ਮਹਾਨ ਗ੍ਰੰਥਾਂ ਦੀ ਰਚਨਾ ਕਰਦਿਆਂ ਮਹਾਨ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਨਿਰਮਾਣ ਕੀਤਾ ਜਿਸ ਵਿਚ ਬਾਅਦ ਵਿਚ ਆਉਣ ਵਾਲਿਆਂ ਭਾਵ ਮੁਸਲਮਾਨਾਂ ਅਤੇ ਇਸਾਈਆਂ ਨੇ ਵੱਖ ਵੱਖ ਤਰ੍ਹਾਂ ਦੇ ਵਿਗਾੜ ਪੈਦਾ ਕੀਤੇ।
ਆਰਐੱਸਐੱਸ ਦਾ ਦੂਸਰਾ ਸਰਸੰਘਚਾਲਕ ਐੱਮਐੱਸ ਗੋਲਵਲਕਰ ਆਪਣੀ ਕਿਤਾਬ 'ਬੰਚ ਆਫ਼ ਥਾਟਸ' ਵਿਚ ਲਿਖਦਾ ਹੈ, ''ਸਾਰੇ ਸਾਮੀ ਧਰਮਾਂ ਯਹੂਦੀ, ਇਸਾਈ ਤੇ ਇਸਲਾਮ, ਵਿਚ ਪੂਜਾ ਕਰਨ ਦਾ ਤਰੀਕਾ ਸਿਰਫ਼ ਇਕ ਹੈ, ਇਨ੍ਹਾਂ ਧਰਮਾਂ ਕੋਲ ਸਿਰਫ਼ ਇਕ ਇਕ ਪੈਗੰਬਰ ਹੈ, ਇਕ ਗ੍ਰੰਥ ਤੇ ਇਕ ਪਰਮਾਤਮਾ, ਉਸ ਪਰਮਾਤਮਾ ਕੋਲ ਜਾਣ ਤੋਂ ਬਿਨਾ ਮਨੁੱਖੀ ਆਤਮਾ ਦੀ ਮੁਕਤੀ ਦਾ ਕੋਈ ਮਾਰਗ ਨਹੀਂ। ਇਹ ਸਮਝਣ ਲਈ ਕੋਈ ਜ਼ਿਆਦਾ ਅਕਲ ਦੀ ਜ਼ਰੂਰਤ ਨਹੀਂ ਕਿ ਇਹ ਤਰਕ ਕਿੰਨਾ ਬੇਤੁਕਾ/ਬੇਹੂਦਾ ਹੈ। ਸਾਮੀ ਵਿਚਾਰਧਾਰਾਵਾਂ ਅਨੁਸਾਰ ਬਣੇ ਧਰਮ ਦੇ ਸੰਕਲਪ ਨੇ ਅਸਹਿਣਸ਼ੀਲਤਾ ਵਧਾਈ ਅਤੇ ਲੋਕਾਂ ਨੂੰ ਵੰਡ ਦਿੱਤਾ ਹੈ।''
ਇਸੇ ਕਿਤਾਬ ਵਿਚ ਗੋਲਵਲਕਰ ਲਿਖਦਾ ਹੈ, ''ਅਸੀਂ ਵੇਖਿਆ ਹੈ ਕਿ ਸਿਰਫ਼ ਹਿੰਦੂਆਂ ਦੀ ਸਾਂਝੀਵਾਲਤਾ ਵਾਲੀ ਸੋਚ ਹੀ ਮਨੁੱਖੀ ਸਾਂਝੀਵਾਲਤਾ ਦਾ ਆਧਾਰ ਹੋ ਸਕਦੀ ਹੈ। ਇਹ ਗਿਆਨ ਸਿਰਫ਼ ਹਿੰਦੂਆਂ ਦੀ ਸਪੁਰਦਗੀ ਵਿਚ ਰਿਹਾ ਹੈ। ਇਹ ਦੈਵੀ ਦੇਣ ਹੈ, ਅਸੀਂ ਕਹਿ ਸਕਦੇ ਹਾਂ ਕਿ ਤਕਦੀਰ ਨੇ ਇਹ ਜ਼ਿੰਮੇਵਾਰੀ ਹਿੰਦੂਆਂ ਨੂੰ ਸੌਂਪੀ ਇਤਿਹਾਸ ਗਵਾਹ ਹੈ ਕਿ ਸਿਰਫ਼ ਤੇ ਸਿਰਫ਼ ਇਹੀ ਧਰਤੀ (ਭਾਵ ਭਾਰਤ) ਹੈ ਜਿੱਥੇ ਪੁਰਾਤਨ ਸਮਿਆਂ ਤੋਂ ਚਿੰਤਕਾਂ ਅਤੇ ਫ਼ਿਲਾਸਫ਼ਰਾਂ ਤੇ ਸਾਧੂਆਂ-ਸੰਤਾਂ ਨੇ ਮਨੁੱਖੀ ਸੁਭਾਓ ਦੇ ਡੂੰਘੇ ਰਹੱਸ ਨੂੰ ਜਾਣਨ ਲਈ ਆਤਮਾ ਦੇ ਸੰਸਾਰ ਵਿਚ ਡੂੰਘੀਆਂ ਤਾਰੀਆਂ ਲਾਈਆਂ ਅਤੇ ਮਹਾਨ ਸਾਂਝੀਵਾਲਤਾ ਦੇ ਸਿਧਾਂਤ ਦੀ ਖੋਜ ਕੀਤੀ, ਉਸ ਨੂੰ ਸੰਪੂਰਨਤਾ ਬਖ਼ਸ਼ੀ ਪੱਛਮੀ ਲੋਕ ਆਤਮਾ ਦੇ ਸੰਸਾਰ ਦੇ ਗਿਆਨ ਅਤੇ ਅਨੁਭਵ ਤੋਂ ਅਣਜਾਣ ਰਹੇ ਹਨ।'' ਸਿਰਫ਼ ਇਕ ਹੀ ਧਰਮ ਨੂੰ ਸਾਰੀ ਰੂਹਾਨੀ ਉੱਤਮਤਾ ਦਾ ਮਾਲਕ ਦੱਸਣਾ ਅਤੇ ਲਿਖਤ ਵਿਚ ਇਸ 'ਤੇ ਜ਼ੋਰ ਦੇਣਾ ਕਿਸ ਤਰ੍ਹਾਂ ਦੀ ਅਤੇ ਕਿਨ੍ਹਾਂ ਸਮਿਆਂ ਦੀ ਸੋਚ ਹੈ? ਕੀ ਦੂਸਰੇ ਧਰਮਾਂ ਨੂੰ ਹੀਣੇ ਦਰਸਾ ਕੇ ਸਮਾਜਿਕ ਏਕਤਾ ਕਾਇਮ ਕਰਨੀ ਸੰਭਵ ਹੈ?
ਇਸ ਤਰ੍ਹਾਂ ਦੀ ਮਾਨਸਿਕਤਾ ਸਿਰਫ਼ ਸ਼ਬਦਾਂ ਰਾਹੀਂ ਹੀ ਪੇਸ਼ ਨਹੀਂ ਕੀਤੀ ਗਈ ਸਗੋਂ ਇਸ ਨੂੰ ਅਮਲੀਜਾਮਾ ਵੀ ਪਹਿਨਾਇਆ ਗਿਆ। 1947 ਤੋਂ ਪਹਿਲਾਂ ਕੀਤੇ ਗਏ ਇਸ ਤਰ੍ਹਾਂ ਦੇ ਪ੍ਰਚਾਰ ਨੇ ਫ਼ਿਰਕੂ ਪਾੜੇ ਨੂੰ ਵਧਾਇਆ ਅਤੇ ਇਹ ਅਮਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਿਹਾ। ਪਿਛਲੇ ਕੁਝ ਵਰ੍ਹਿਆਂ ਤੋਂ ਹਜੂਮੀ ਹਿੰਸਾ ਰਾਹੀਂ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮਾਰ-ਕੁਟਾਈ ਵਿਚ ਕਈ ਲੋਕਾਂ ਦੀ ਮੌਤ ਹੋ ਗਈ, ਕਈਆਂ ਤੋਂ ਜ਼ਬਰਦਸਤੀ 'ਜੈ ਸ਼੍ਰੀ ਰਾਮ' ਅਤੇ ਅਜਿਹੇ ਹੋਰ ਨਾਅਰੇ ਲਗਵਾਏ ਗਏ ਅਤੇ ਕਈਆਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਗਿਆ। ਕੀ ਕੋਈ ਦੱਸੇਗਾ ਕਿ ਇਹ ਕਿਹੜੇ ਯੁੱਗ ਦੀ ਮਾਨਸਿਕਤਾ ਹੈ?
ਘੱਟਗਿਣਤੀ ਫ਼ਿਰਕੇ ਦੇ ਨਾਲ ਨਾਲ ਦਲਿਤਾਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 'ਲਵ ਜੇਹਾਦ' ਦੇ ਪ੍ਰਚਾਰ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟਗਿਣਤੀ ਫ਼ਿਰਕੇ ਦੇ ਨੌਜਵਾਨ ਜਾਣ-ਬੁੱਝ ਕੇ ਬਹੁਗਿਣਤੀ ਫ਼ਿਰਕੇ ਦੀਆਂ ਲੜਕੀਆਂ ਨੂੰ ਭਰਮਾਉਂਦੇ, ਆਪਣੇ ਜਾਲ ਵਿਚ ਫਸਾਉਂਦੇ ਅਤੇ ਧਰਮ ਬਦਲ ਕੇ ਨਿਕਾਹ ਕਰਨ ਲਈ ਮਜਬੂਰ ਕਰਦੇ ਹਨ। ਇਸੇ ਤਰ੍ਹਾਂ ਭਾਜਪਾ ਅਤੇ ਸੰਘ ਪਰਿਵਾਰ ਨਾਲ ਜੁੜੇ ਆਗੂਆਂ ਨੇ ਵੱਖ ਵੱਖ ਸਮਿਆਂ 'ਤੇ ਕੁੜੀਆਂ ਤੇ ਔਰਤਾਂ ਦੇ ਪਹਿਰਾਵੇ ਅਤੇ ਹੋਰ ਵਿਹਾਰ ਉੱਤੇ ਜ਼ਾਬਤੇ ਲਾਗੂ ਕਰਨ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਵਿਚ ਪਿਤਰੀ ਸੱਤਾ ਨੂੰ ਪ੍ਰਵਾਨ ਕਰਦੀ ਮਰਦ-ਪ੍ਰਧਾਨ ਸੋਚ ਸਪਸ਼ਟ ਦਿਖਾਈ ਦਿੰਦੀ ਹੈ। ਕੀ ਇਹ ਇੱਕੀਵੀਂ ਸਦੀ ਵਾਲੀ ਆਧੁਨਿਕ ਦੂਰ-ਦ੍ਰਿਸ਼ਟੀ ਹੈ?
ਦੇਸ਼ ਵਾਸੀ ਅਜੇ ਭੁੱਲੇ ਨਹੀਂ ਹੋਣਗੇ ਕਿ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਸ਼ਨ ਦਿੰਦਿਆਂ ਕਿਹਾ ਸੀ ਕਿ ਉਹ ਅਜਿਹੇ ਆਗੂ ਹਨ, ਜੋ ਦੁਸ਼ਮਣ ਨੂੰ ਘਰ ਵਿਚ ਜਾ ਕੇ ਮਾਰਨ ਵਿਚ ਵਿਸ਼ਵਾਸ ਰੱਖਦੇ ਹਨ। ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹਦੀ ਪਾਰਟੀ 'ਸਾਰੇ ਘੁਸਪੈਠੀਆਂ ਨੂੰ ਬਾਹਰ ਸੁੱਟ ਦੇਵੇਗੀ' ਪਰ ਨਾਲ ਹੀ ਦੱਸਿਆ ਕਿ ਕਿਸੇ ਹਿੰਦੂ, ਸਿੱਖ, ਜੈਨੀ ਜਾਂ ਬੋਧੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਰਕਾਰ ਇਕ ਨਵੇਂ ਬਿਲ ਰਾਹੀਂ ਉਨ੍ਹਾਂ ਨੂੰ ਨਾਗਰਿਕਤਾ ਦੇ ਦੇਵੇਗੀ। ਅਸੀਂ ਵੇਖ ਸਕਦੇ ਹਾਂ ਬਾਕੀ ਕੌਣ ਬਚਦੇ ਹਨ? ਸਪੱਸ਼ਟ ਹੈ ਮੁਸਲਮਾਨ। ਕੀ ਇਸ ਤਰ੍ਹਾਂ ਦੀ ਸੋਚ ਸਾਂਝੀਵਾਲਤਾ ਵਧਾਉਣ ਵਾਲੀ ਹੈ?
ਮੱਧਕਾਲੀਨ ਸਮਿਆਂ ਵਿਚ ਹਾਵੀ ਸੋਚ ਬਾਦਸ਼ਾਹੀ ਤੇ ਜਾਗੀਰਦਾਰੀ ਨਿਜ਼ਾਮ ਦੀ ਹਾਮੀ ਭਰਦੀ ਸੀ। ਹਾਕਮ ਧਿਰਾਂ ਪ੍ਰਚਲਿਤ ਧਾਰਮਿਕ ਸੋਚ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਵਿਚ ਸਫ਼ਲ ਹੋ ਜਾਂਦੀਆਂ ਸਨ। ਬਹੁਤ ਵਾਰ ਮੱਧਕਾਲੀਨ ਸਮਿਆਂ ਦੀ ਸੋਚ ਨੂੰ ਜਾਗੀਰਦਾਰੀ ਸੋਚ ਨਾਲ ਸਮਰੂਪ ਕਰਕੇ ਵੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਕਰਨਾ ਕਿਸੇ ਵੀ ਸਮੇਂ ਦੀ ਜਟਿਲ ਸੋਚ ਦਾ ਸਾਧਾਰਨੀਕਰਨ ਅਤੇ ਉਸ ਦੀ ਗੁੰਝਲਤਾ ਤੋਂ ਪਿੱਛਾ ਛੁਡਾਉਣ ਦੇ ਬਰਾਬਰ ਹੈ। ਵੱਖੋ-ਵੱਖਰੇ ਸਮਿਆਂ ਵਿਚ ਮਨੁੱਖਤਾ ਦੇ ਸਾਹਮਣੇ ਵੱਖ ਵੱਖ ਸਵਾਲ ਪੇਸ਼ ਹੁੰਦੇ ਹਨ ਅਤੇ ਮਨੁੱਖਤਾ ਉਨ੍ਹਾਂ ਦੇ ਜਵਾਬ ਲੱਭਦੀ ਹੈ। ਜਿਨ੍ਹਾਂ ਸਮਿਆਂ ਨੂੰ ਮੱਧਕਾਲੀਨ ਸਮੇਂ ਕਿਹਾ ਜਾਂਦਾ ਹੈ, ਉਨ੍ਹਾਂ ਦੌਰਾਨ ਸਾਡੇ ਦੇਸ਼ ਵਿਚ ਭਗਤੀ ਲਹਿਰ ਦੇ ਮਹਾਨ ਸੰਤ ਤੇ ਚਿੰਤਕ ਕਬੀਰ, ਨਾਮਦੇਵ, ਰਵਿਦਾਸ, ਪੀਪਾ, ਹੋਰ ਭਗਤ, ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂ ਪੈਦਾ ਹੋਏ ਜਿਨ੍ਹਾਂ ਦੀ ਸੋਚ ਲੋਕ-ਪੱਖੀ ਤੇ ਇਨਕਲਾਬੀ ਸੀ। ਇਸ ਤਰ੍ਹਾਂ ਮੱਧਕਾਲੀਨ ਸਮਿਆਂ ਦੀ ਸੋਚ ਇਕੋ ਰੰਗਤ ਵਾਲੀ ਨਹੀਂ ਸੀ ਅਤੇ ਸੋਚਣ ਦੇ ਕਿਸੇ ਤਰੀਕੇ ਨੂੰ ਕਿਸੇ ਕਾਲ ਨਾਲ ਜੋੜਣਾ ਬਹੁਤਾ ਜਾਇਜ਼ ਜਾਂ ਠੀਕ ਨਹੀਂ ਹੋਵੇਗਾ। ਇਸ ਨਾਲੋਂ ਇਹ ਪਰਖਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀ ਸੋਚ ਲੋਕ-ਪੱਖੀ ਹੈ ਜਾਂ ਲੋਕ-ਵਿਰੋਧੀ; ਸਾਂਝੀਵਾਲਤਾ ਨੂੰ ਵਧਾਉਂਦੀ ਹੈ ਜਾਂ ਫ਼ਿਰਕੂ ਨਫ਼ਰਤ ਪੈਦਾ ਕਰਦੀ ਹੈ, ਅਮਨ-ਚੈਨ ਦਾ ਸੁਨੇਹਾ ਦਿੰਦੀ ਹੈ ਜਾਂ ਤਰਕਹੀਣ ਜੰਗਾਂ ਦਾ।
ਪਾਕਿਸਤਾਨ ਇਸ ਕਰਕੇ ਕੁੜਿੱਕੀ ਵਿਚ ਫਸਿਆ ਹੋਇਆ ਹੈ ਕਿਉਂਕਿ ਉਸ ਦੇਸ਼ ਦੀ ਬੁਨਿਆਦ ਹੀ ਧਰਮ ਦੇ ਆਧਾਰ 'ਤੇ ਰੱਖੀ ਗਈ। ਧਰਮ ਦੇ ਆਧਾਰ 'ਤੇ ਬਣੇ ਇਸ ਦੇਸ਼ ਵਿਚ ਨਾ ਤਾਂ ਸੰਵਿਧਾਨ ਜਲਦੀ ਬਣਿਆ ਅਤੇ ਨਾ ਹੀ ਸਿਆਸੀ ਸਰਕਾਰ ਜ਼ਿਆਦਾ ਦੇਰ ਤਕ ਚੱਲੀ। ਫ਼ੌਜ ਨੇ ਰਾਜ-ਪ੍ਰਬੰਧ 'ਤੇ ਕਬਜ਼ਾ ਕਰ ਲਿਆ ਅਤੇ ਧਰਮ ਦੇਸ਼ ਦੀ ਏਕਤਾ ਨੂੰ ਕਾਇਮ ਨਾ ਰੱਖ ਸਕਿਆ। 1971 ਵਿਚ ਪਾਕਿਸਤਾਨ ਦੇ ਦੋ ਹਿੱਸਿਆਂ ਵਿਚ ਵੰਡੇ ਜਾਣ ਦੇ ਬਾਵਜੂਦ ਉੱਥੇ ਧਾਰਮਿਕ ਕੱਟੜਤਾ ਦਾ ਰੁਝਾਨ ਜਾਰੀ ਰਿਹਾ ਜਿਸ ਵਿਚ ਹਿੰਦੂਆਂ, ਸਿੱਖਾਂ, ਅਹਿਮਦੀਆ ਤੇ ਸ਼ੀਆ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਲਈ ਨਫ਼ਰਤ ਦੀ ਮਾਨਸਿਕਤਾ ਤੇ ਭਾਸ਼ਾ ਅਨੁਸਾਰ ਬੋਲਣਾ ਪਾਕਿਸਤਾਨੀ ਆਗੂਆਂ ਦੀ ਮਜਬੂਰੀ ਤਾਂ ਹੋ ਸਕਦੀ ਹੈ, ਪਰ ਆਪਣੇ ਆਪ ਨੂੰ ਆਧੁਨਿਕ ਅਖਵਾਉਣ ਵਾਲੇ ਸਾਡੇ ਆਗੂ ਕਿਹੜੇ ਸਮਿਆਂ ਦੀ ਮਾਨਸਿਕਤਾ ਵਿਚ ਜਿਊਂ ਰਹੇ ਹਨ?
ਦੂਸਰਿਆਂ ਦੀ ਆਲੋਚਨਾ ਕਰਨੀ ਬਹੁਤ ਸੌਖੀ ਹੁੰਦੀ ਹੈ। ਪਾਕਿਸਤਾਨ ਦੀ ਸਰਕਾਰ, ਫ਼ੌਜ ਅਤੇ ਉੱਥੋਂ ਦੇ ਦਹਿਸ਼ਤਗਰਦ ਲੰਮੇ ਸਮੇਂ ਤੋਂ ਅਜਿਹੀ ਭਾਸ਼ਾ ਵਰਤ ਰਹੇ ਹਨ ਜਿਹੜੀ ਨਫ਼ਰਤ ਫੈਲਾਉਂਦੀ ਅਤੇ ਸਮਾਜ ਨੂੰ ਵੰਡਦੀ ਹੈ। ਇਹੋ ਜਿਹੀ ਭਾਸ਼ਾ ਅਤੇ ਸੋਚ ਦਾ ਜਿੰਨਾ ਵੀ ਵਿਰੋਧ ਕੀਤਾ ਜਾਏ, ਘੱਟ ਹੈ। ਗੱਲ ਸਿਰਫ਼ ਵਿਰੋਧੀਆਂ ਦੀ ਆਲੋਚਨਾ ਕਰਨ ਨਾਲ ਹੀ ਖ਼ਤਮ ਨਹੀਂ ਹੋਣੀ, ਸਾਨੂੰ ਇਹ ਵੀ ਸੋਚਣਾ ਪੈਣਾ ਹੈ ਕਿ ਸੰਘ ਪਰਿਵਾਰ ਅਤੇ ਇਸ ਨਾਲ ਜੁੜੇ ਸੰਗਠਨ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਕਿਹੋ ਜਿਹੀ ਭਾਸ਼ਾ ਵਰਤ ਰਹੇ ਹਨ ਅਤੇ ਕਿਸ ਤਰ੍ਹਾਂ ਦੀ ਸੋਚ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਅਜਿਹੀ ਭਾਸ਼ਾ ਤੇ ਸੋਚ ਨਾਲ ਦੇਸ਼ ਵਿਚ ਫ਼ਿਰਕੂ ਪਾੜੇ ਵਧ ਰਹੇ ਹਨ ਤੇ ਹਜੂਮੀ ਹਿੰਸਾ ਜਿਹੇ ਵਰਤਾਰਿਆਂ ਨੂੰ ਬਲ ਮਿਲ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਸੰਘ ਪਰਿਵਾਰ ਤੇ ਭਾਜਪਾ ਵੱਲੋਂ ਵਰਤੀ ਅਤੇ ਪ੍ਰਚਾਰੀ ਜਾ ਰਹੀ ਭਾਸ਼ਾ ਤੇ ਸੋਚ ਦਾ ਡਟ ਕੇ ਵਿਰੋਧ ਕੀਤਾ ਜਾਏ।
ਆਸਥਾ ਤੇ ਸੱਤਾ ਦੀ ਸਾਂਝ - ਸਵਰਾਜਬੀਰ
ਉਹ ਤਿੰਨ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤਿਆ ਅਤੇ ਦੇਸ਼ ਦਾ ਗ੍ਰਹਿ ਰਾਜ ਮੰਤਰੀ (ਯੂਨੀਅਨ ਮਿਨਿਸਟਰ ਆਫ਼ ਸਟੇਟ ਫਾਰ ਹੋਮ) ਬਣਿਆ। ਉਸ ਦਾ ਟਰੱਸਟ ਕਈ ਸਕੂਲ, ਕਾਲਜ ਅਤੇ ਆਸ਼ਰਮ ਚਲਾਉਂਦਾ ਹੈ ਜਿਨ੍ਹਾਂ ਵਿਚ ਹਜ਼ਾਰਾਂ ਬੱਚੇ ਪੜ੍ਹਦੇ ਤੇ ਰਹਿੰਦੇ ਹਨ। ਉਸ ਨੇ ਰਾਮ ਮੰਦਰ ਬਣਾਉਣ ਵਾਲੇ ਅੰਦੋਲਨ ਵਿਚ ਹਿੱਸਾ ਲਿਆ ਅਤੇ 1986 ਵਿਚ ਉਹ ਰਾਮ ਜਨਮ ਭੂਮੀ ਅੰਦੋਲਨ ਸੰਘਰਸ਼ ਸਮਿਤੀ ਦਾ ਜਨਰਲ ਸਕੱਤਰ ਬਣਿਆ। ਇਸ ਵੇਲ਼ੇ ਉਹ ਉੱਤਰ ਪ੍ਰਦੇਸ਼ ਵਿਚ ਮਮੁਕਸ਼ੂ ਆਸ਼ਰਮ ਸ਼ਾਹਜਹਾਂਪੁਰ ਦਾ ਮੁਖੀ ਹੈ ਅਤੇ ਹਰਿਦੁਆਰ ਤੇ ਰਿਸ਼ੀਕੇਸ਼ ਦੇ ਕਈ ਆਸ਼ਰਮ ਵੀ ਇਸ ਆਸ਼ਰਮ ਦੀ ਦੇਖ-ਰੇਖ ਵਿਚ ਆਉਂਦੇ ਹਨ। ਜਦ ਮਮੁਕਸ਼ੂ ਆਸ਼ਰਮ ਨੇ ਯੁਵਾ ਮਹਾਂਉਤਸਵ ਮਨਾਇਆ ਤਾਂ ਸੂਬੇ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਸ ਸਮਾਗਮ ਵਿਚ ਹਾਜ਼ਰ ਹੋਇਆ। ਉਸ ਸਮੇਂ ਇਕ ਵੀਡਿਓ ਵੀ ਵਾਇਰਲ ਹੋਈ ਜਿਸ ਵਿਚ ਜ਼ਿਲ੍ਹੇ ਦੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਇਸ ਵਿਅਕਤੀ ਦੀ ਆਰਤੀ ਉਤਾਰ ਰਹੇ ਸਨ। ਇਸ ਵਿਅਕਤੀ ਦਾ ਪੁਰਾਣਾ ਨਾਂ ਕ੍ਰਿਸ਼ਨ ਪਾਲ ਸਿੰਘ ਅਤੇ ਹੁਣ ਵਾਲਾ ਸਵਾਮੀ ਚਿਨਮਯਾਨੰਦ ਹੈ।
ਕੁਝ ਸਮਾਂ ਪਹਿਲਾਂ ਇਸੇ ਸਵਾਮੀ ਦੁਆਰਾ ਚਲਾਏ ਜਾਂਦੇ ਕਾਨੂੰਨ ਦੇ ਕਾਲਜ ਵਿਚ ਪੜ੍ਹਦੀ 23 ਵਰ੍ਹਿਆਂ ਦੀ ਵਿਦਿਆਰਥਣ ਨੇ ਸਵਾਮੀ 'ਤੇ ਜਬਰ-ਜਨਾਹ ਕਰਨ ਦੇ ਦੋਸ਼ ਲਾਏ। ਉਸ 'ਤੇ ਇਹੋ ਜਿਹੇ ਦੋਸ਼ ਲਗਭਗ 8 ਸਾਲ ਪਹਿਲਾਂ ਇਕ ਸਾਧਵੀ ਨੇ ਵੀ ਲਗਾਏ ਸਨ। ਪਿਛਲੇ ਸਾਲ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਸਵਾਮੀ ਵਿਰੁੱਧ ਚਲਾਏ ਜਾ ਰਹੇ ਮਾਮਲੇ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਅਦਾਲਤ ਨੇ ਸਿਫ਼ਾਰਸ਼ ਸਵੀਕਾਰ ਨਹੀਂ ਕੀਤੀ। ਹੁਣ ਵਾਲੇ ਮਾਮਲੇ ਵਿਚ ਇਕ ਪਾਸੇ 23 ਵਰ੍ਹਿਆਂ ਦੀ ਵਿਦਿਆਰਥਣ ਹੈ ਅਤੇ ਦੂਸਰੇ ਪਾਸੇ ਆਸ਼ਰਮਾਂ, ਕਾਲਜਾਂ ਤੇ ਸਕੂਲਾਂ ਦਾ ਮੁਖੀ ਉਹ ਵਿਅਕਤੀ, ਜਿਸ ਦੇ ਸੱਤਾਧਾਰੀ ਪਾਰਟੀ ਨਾਲ ਗੂੜ੍ਹੇ ਸਬੰਧ ਹਨ। ਇਸ ਮੁਕੱਦਮੇ ਦੇ ਦੋਹਾਂ ਪੱਖਾਂ ਵੱਲ ਵੇਖਿਆ ਜਾਏ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਕਿਹੜਾ ਪੱਖ ਤਾਕਤਵਰ ਤੇ ਸੱਤਾ ਨਾਲ ਜੁੜਿਆ ਹੈ ਅਤੇ ਕਿਹੜਾ ਪੱਖ ਸੱਤਾਹੀਣ ਅਤੇ ਤਾਕਤ ਤੋਂ ਮਹਿਰੂਮ ਹੈ। ਜਦ ਇਸ ਵਿਦਿਆਰਥਣ ਦੇ ਗਾਇਬ ਹੋ ਜਾਣ ਅਤੇ ਬਾਅਦ ਵਿਚ ਸਵਾਮੀ ਚਿਨਮਯਾਨੰਦ 'ਤੇ ਜਬਰ-ਜਨਾਹ ਦੇ ਦੋਸ਼ ਲਾਉਣ ਬਾਰੇ ਵੀਡਿਓਜ਼ ਵਾਇਰਲ ਹੋਈਆਂ ਤਾਂ ਸਵਾਮੀ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਨਾ ਤਾਂ ਪੁਲੀਸ ਨੇ ਉਸ ਦੀ ਪੁਲੀਸ ਹਿਰਾਸਤ ਲੈਣ ਲਈ ਕੋਈ ਯਤਨ ਕੀਤਾ ਅਤੇ ਨਾ ਹੀ ਉਸ ਉੱਤੇ ਹੁਣ ਜਬਰ-ਜਨਾਹ ਨਾਲ ਸਬੰਧਿਤ ਪੂਰੀਆਂ ਧਾਰਾਵਾਂ ਵਾਲਾ ਮੁਕੱਦਮਾ ਦਰਜ ਕੀਤਾ ਗਿਆ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ-ਸਿੱਟ) ਅਨੁਸਾਰ ਉਸ ਨੂੰ ਇਹੋ ਜਿਹੇ ਸਬੂਤ ਮਿਲੇ ਹਨ ਕਿ ਪੀੜਤ ਵਿਦਿਆਰਥਣ ਸਵਾਮੀ ਤੋਂ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਕਾਨੂੰਨੀ ਮਾਹਿਰ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਇਕ 23 ਸਾਲਾ ਵਿਦਿਆਰਥਣ ਇਸ ਤਰ੍ਹਾਂ ਦੇ ਤਾਕਤਵਰ ਵਿਅਕਤੀ ਕੋਲੋਂ ਫ਼ਿਰੌਤੀ ਮੰਗ ਸਕਦੀ ਹੈ ਅਤੇ ਕੀ ਸੱਤਾ ਨਾਲ ਏਨੇ ਗੂੜ੍ਹੇ ਸਬੰਧ ਰੱਖਣ ਵਾਲਾ ਵਿਅਕਤੀ ਅੱਲ੍ਹੜ ਉਮਰ ਦੀ ਕੁੜੀ ਦੀਆਂ ਧਮਕੀਆਂ ਸੁਣ ਕੇ ਉਸ ਨੂੰ ਫ਼ਿਰੌਤੀ ਦੀ ਰਕਮ ਦੇ ਦੇਵੇਗਾ? ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪੀੜਤਾ 'ਤੇ ਦਬਾਓ ਪਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਵਾਮੀ ਦੇ ਵਿਰੁੱਧ ਦਰਜ ਕਰਾਇਆ ਗਿਆ ਕੇਸ ਵਾਪਸ ਲੈ ਲਵੇ। ਪੀੜਤਾ ਦੇ ਪਿਤਾ ਨੇ ਵੀ ਅਜਿਹੇ ਹੀ ਦੋਸ਼ ਲਗਾਏ ਹਨ।
ਬਾਪੂ ਆਸਾ ਰਾਮ, ਗੁਰਮੀਤ ਰਾਮ ਰਹੀਮ ਸਿੰਘ ਅਤੇ ਹੋਰ ਅਜਿਹੇ ਲੋਕਾਂ, ਜਿਹੜੇ ਆਪਣੇ ਆਪ ਨੂੰ ਧਾਰਮਿਕ ਆਗੂ, ਸਾਧ, ਸੰਤ, ਫ਼ਕੀਰ ਆਦਿ ਅਖਵਾਉਂਦੇ ਹਨ ਪਰ ਅੱਜ ਜਬਰ-ਜਨਾਹ ਤੇ ਕਤਲ ਦੇ ਮੁਕੱਦਮਿਆਂ ਵਿਚ ਜੇਲ੍ਹ ਭੁਗਤ ਰਹੇ ਹਨ, ਦੀ ਫਹਿਰਿਸਤ ਬਹੁਤ ਲੰਮੀ ਹੈ। ਆਸਾ ਰਾਮ ਦੇ ਦੇਸ਼-ਵਿਦੇਸ਼ ਵਿਚ 400 ਆਸ਼ਰਮ ਹਨ ਅਤੇ ਚਾਰ ਕਰੋੜ ਲੋਕ ਉਸ ਨੂੰ ਰੂਹਾਨੀ ਆਗੂ ਮੰਨਦੇ ਸਨ/ਹਨ। ਚੋਟੀ ਦੇ ਸਿਆਸੀ ਆਗੂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਉਸ ਦੇ ਪ੍ਰਵਚਨ ਸੁਣਨ ਜਾਂਦੇ ਰਹੇ। ਜਦ ਉਸ ਨੇ ਗੁਜਰਾਤ ਵਿਚ ਸਾਬਰਮਤੀ ਦਰਿਆ ਦੇ ਕੰਢੇ 'ਤੇ ਪਹਿਲਾ ਆਸ਼ਰਮ ਬਣਾਇਆ ਤਾਂ ਪਹਿਲਾਂ ਉਸ ਨੂੰ ਕਾਂਗਰਸ ਸਰਕਾਰ ਨੇ ਜ਼ਮੀਨ ਦਿੱਤੀ, ਬਾਅਦ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ। 2013 ਵਿਚ ਇਕ 16 ਸਾਲ ਦੀ ਕੁੜੀ ਨੇ ਉਸ ਉੱਤੇ ਜੋਧਪੁਰ ਦੇ ਆਸ਼ਰਮ ਵਿਚ ਜਬਰ-ਜਨਾਹ ਦੇ ਇਲਜ਼ਾਮ ਲਾਏ ਅਤੇ ਇਸ ਕੇਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਸ ਦੇ ਸ਼ਰਧਾਲੂ ਅਜਿਹੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਕੁੜੀ ਨਾਲ ਜਬਰ-ਜਨਾਹ ਨਹੀਂ ਕੀਤਾ ਗਿਆ, ਕੁੜੀ ਨੇ 'ਸਮਰਪਣ' ਕੀਤਾ ਸੀ। ਗੁਰਮੀਤ ਰਾਮ ਰਹੀਮ ਸਿੰਘ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਉਹ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਜਬਰ-ਜਨਾਹ ਦੇ ਕੇਸਾਂ ਵਿਚ ਸਜ਼ਾ ਭੁਗਤ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀ ਸਿਆਸਤ 'ਤੇ ਉਸ ਦਾ ਅਸਰ ਡੂੰਘਾ ਰਿਹਾ ਹੈ।
ਸਾਡੇ ਦੇਸ਼ ਵਿਚ ਲੱਖਾਂ ਆਸ਼ਰਮ, ਡੇਰੇ ਅਤੇ ਅਜਿਹੇ ਹੋਰ ਧਾਰਮਿਕ ਸਥਾਨ ਹਨ। ਅਸੀਂ ਡੇਰਾਵਾਦ ਨੂੰ ਖੁਰਾਫਾਤੀ ਲੋਕਾਂ ਦੁਆਰਾ ਆਮ ਲੋਕਾਂ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਰੱਖਣ ਦੇ ਵਰਤਾਰੇ ਵਜੋਂ ਨਹੀਂ ਨਕਾਰ ਸਕਦੇ। ਇਨ੍ਹਾਂ ਵਿਚੋਂ ਬਹੁਤ ਸਾਰੇ ਸਥਾਨ ਅਜਿਹੇ ਹੋਣਗੇ ਜਿੱਥੇ ਜਾ ਕੇ ਲੋਕਾਂ ਨੂੰ ਕੁਝ ਅਜਿਹਾ ਮਿਲਦਾ ਹੋਵੇਗਾ ਜਿਹੜਾ ਰਵਾਇਤੀ ਅਤੇ ਸੰਸਥਾਤਮਕ ਧਾਰਮਿਕ ਸਥਾਨਾਂ 'ਤੇ ਨਹੀਂ ਮਿਲਦਾ, ਇਹ ਸ਼ਾਇਦ ਕਿਸੇ 'ਧਾਰਮਿਕ ਗੁਰੂ' ਦੇ ਮਿਲਣ 'ਤੇ ਕਿਸੇ ਅਜਿਹੀ ਧਾਰਮਿਕ 'ਪ੍ਰਾਪਤੀ' ਦੀ 'ਭਾਵਨਾ' ਹੋ ਸਕਦੀ ਹੈ ਜੋ ਸ਼ਰਧਾਲੂ ਨੂੰ ਪ੍ਰਾਪਤ ਹੋਈ ਹੈ ਤੇ ਸ਼ਰਧਾਲੂਆਂ ਦੀ ਸਮਝ ਅਨੁਸਾਰ ਉਨ੍ਹਾਂ ਨੂੰ ਨਹੀਂ ਮਿਲਦੀ, ਜੋ ਸ਼ਰਧਾਲੂ ਨਹੀਂ ਹੁੰਦੇ, ਵੱਖਰੇ ਤੇ ਅਨੋਖੇ ਹੋਣ ਦੀ ਭਾਵਨਾ ਜਾਂ ਇਕ ਨਵੀਂ ਰੂਹਾਨੀ ਧਾਰਮਿਕ ਬਿਰਾਦਰੀ/ਭਾਈਚਾਰੇ ਦਾ ਹਿੱਸਾ/ਭਾਈਵਾਲ ਹੋਣ ਦੀ ਭਾਵਨਾ। ਲੱਖਾਂ ਡੇਰਿਆਂ ਦਾ ਹੋਣਾ ਇਹ ਦੱਸਦਾ ਹੈ ਕਿ ਡੇਰਾਵਾਦ ਵਿਆਪਕ ਵਰਤਾਰਾ ਹੈ। ਇਸ ਦੇ ਸਮਾਜਿਕ ਆਧਾਰ ਤੇ ਭੌਤਿਕ ਬਿਸਾਤ ਨੂੰ ਪਛਾਣਨ ਦੀ ਜ਼ਰੂਰਤ ਹੈ।
ਇਹ ਦਲੀਲ ਦਿੱਤੀ ਜਾਂਦੀ ਹੈ ਕਿ ਬਹੁਤ ਸਾਰੇ ਰਵਾਇਤੀ ਧਾਰਮਿਕ ਅਸਥਾਨ ਜਾਤੀ, ਜਮਾਤੀ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਅਤੇ ਦਰਜਾਬੰਦੀ ਤੋਂ ਮੁਕਤ ਨਹੀਂ ਹੋ ਸਕੇ। ਉਦਾਹਰਨ ਦੇ ਤੌਰ 'ਤੇ ਕਿਸੇ ਵੀ ਪਿੰਡ ਦੇ ਸਥਾਨਕ ਧਾਰਮਿਕ ਅਸਥਾਨ ਬਾਰੇ ਲੋਕ ਜਾਣਦੇ ਹਨ ਕਿ ਪਿੰਡ ਦਾ ਸਰਪੰਚ ਅਤੇ ਸਰਦਾਰ ਮੂਹਰਲੀਆਂ ਸਫ਼ਾਂ ਵਿਚ ਬੈਠਣਗੇ ਅਤੇ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹਿਣ ਲਈ ਕਿਤੇ ਪਿੱਛੇ ਥਾਂ ਤਲਾਸ਼ ਕਰਨੀ ਪਵੇਗੀ; ਤਥਾ-ਕਥਿਤ ਉੱਚੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬੈਠਣਗੀਆਂ ਤੇ ਤਥਾ-ਕਥਿਤ ਨੀਵੀਆਂ ਦੱਸੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬਹਿਣਗੀਆਂ। ਰਵਾਇਤੀ ਧਾਰਮਿਕ ਅਸਥਾਨਾਂ 'ਤੇ ਹੁੰਦਾ ਅਜਿਹਾ ਵਿਤਕਰਾ ਅਤੇ ਬੇਗ਼ਾਨਗੀ ਦਾ ਅਹਿਸਾਸ ਲੋਕਾਂ ਨੂੰ ਡੇਰਿਆਂ ਤੇ ਆਸ਼ਰਮਾਂ ਵੱਲ ਧੱਕਦਾ ਹੈ। ਲੋਕਾਂ ਨੂੰ ਧਾਰਮਿਕ ਅਸਥਾਨਾਂ ਤੋਂ ਬਾਹਰ ਵੀ ਸਮਾਜਿਕ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰੀ ਦਫ਼ਤਰਾਂ, ਅਦਾਰਿਆਂ, ਪੁਲੀਸ ਸਟੇਸ਼ਨਾਂ, ਹਸਪਤਾਲਾਂ, ਸਕੂਲਾਂ, ਕਾਲਜਾਂ ਵਿਚ ਉਨ੍ਹਾਂ ਨੂੰ ਹੀਣਤਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਉਨ੍ਹਾਂ ਨੂੰ ਝੰਬਦੀ ਹੈ, ਜ਼ਿੰਦਗੀ ਤੋਂ ਖਿਝੇ ਤੇ ਹੰਭੇ ਹੋਏ ਲੋਕ ਰਾਹਤ ਦੀ ਤਲਾਸ਼ ਕਰਦੇ ਹਨ। ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਆਗੂ ਲੋਕਾਂ ਦੀ ਖਿਝ ਤੇ ਪ੍ਰੇਸ਼ਾਨੀ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਅਸਥਾਈ ਰਾਹਤ ਤਾਂ ਦਿੰਦੇ ਹਨ, ਪਰ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਸੋਚਣ ਸਮਝਣ ਦੇ ਅਮਲ 'ਤੇ ਵੀ ਕਾਬਜ਼ ਹੋ ਜਾਂਦੇ ਹਨ।
ਜਦ ਕਿਸੇ ਆਸ਼ਰਮ ਜਾਂ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਹੈ ਤਾਂ ਸਿਆਸੀ ਆਗੂ ਇਨ੍ਹਾਂ 'ਬਾਬਿਆਂ' ਜਾਂ 'ਸੰਤਾਂ' ਦੇ ਸ਼ਰਧਾਲੂਆਂ ਨੂੰ ਆਪਣੀ ਸਿਆਸੀ ਤਾਕਤ ਵਧਾਉਣ ਤੇ ਚੋਣਾਂ ਜਿੱਤਣ ਲਈ ਵਰਤਣਾ ਚਾਹੁੰਦੇ ਹਨ। ਇਸ ਤਰ੍ਹਾਂ ਇਨ੍ਹਾਂ ਸਵਾਮੀਆਂ ਅਤੇ ਸਿਆਸੀ ਆਗੂਆਂ ਵਿਚਕਾਰ ਆਪਸੀ ਲੈਣ-ਦੇਣ ਦਾ ਰਿਸ਼ਤਾ ਸ਼ੁਰੂ ਹੋ ਜਾਂਦਾ ਹੈ। ਜਦ ਸਿਆਸੀ ਆਗੂ ਕਿਸੇ ਡੇਰੇ 'ਤੇ ਜਾ ਕੇ ਸਿਰ ਝੁਕਾਉਂਦੇ ਹਨ ਤਾਂ ਡੇਰੇ ਦੀ ਇੱਜ਼ਤ ਤੇ ਪ੍ਰਭਾਵ ਵਧਦੇ ਹਨ ਅਤੇ ਸਿਆਸੀ ਆਗੂ ਦਾ ਪ੍ਰਭਾਵ ਵੀ ਵਧਦਾ ਹੈ। ਇਹ ਮੇਲ-ਜੋਲ ਤਾਕਤ, ਹਉਮੈਂ ਤੇ ਪੈਸੇ ਦਾ ਅਜਿਹਾ ਜ਼ਹਿਰੀਲਾ ਸ਼ਰਬਤ/ਕਾਕਟੇਲ ਤਿਆਰ ਕਰਦਾ ਹੈ ਜੋ ਡੇਰੇ ਤੇ ਡੇਰੇ ਨਾਲ ਜੁੜੇ ਲੋਕਾਂ ਨੂੰ ਅਜਿਹੀ ਅੰਨ੍ਹੀ ਗਲੀ ਵਿਚ ਧੱਕ ਦਿੰਦਾ ਹੈ ਜਿਸ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ। ਜਦ ਤਕ ਸਤਾਏ ਹੋਏ ਲੋਕ ਆਵਾਜ਼ ਉਠਾਉਂਦੇ ਹਨ, ਤਦ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬਹੁਤ ਵਾਰ ਅਜਿਹੇ ਸਵਾਮੀ ਆਪਣੀ ਤਾਕਤ ਅਤੇ ਆਪਣੇ ਸਿਆਸੀ ਪ੍ਰਭੂਆਂ ਤੇ ਸਾਂਝੀਦਾਰਾਂ ਦੀ ਸਹਾਇਤਾ ਨਾਲ ਕਾਨੂੰਨ ਦੀ ਜ਼ੱਦ ਵਿਚ ਆਉਣ ਤੋਂ ਬਚ ਜਾਂਦੇ ਹਨ।
ਸਮਾਜ ਵਿਚ ਤਰਕਸ਼ੀਲ ਵਿਚਾਰਾਂ ਅਤੇ ਭਰਮ-ਭੁਲੇਖਿਆਂ ਵਿਚ ਪਾਉਣ ਵਾਲੀ ਸੋਚ ਵਿਚਕਾਰ ਘੋਲ਼ ਹੁੰਦਾ ਰਹਿੰਦਾ ਹੈ। ਜਦ ਤਕ ਅਸਾਵੇਂ ਸਮਾਜਿਕ ਅਤੇ ਆਰਥਿਕ ਰਿਸ਼ਤੇ ਕਾਇਮ ਰਹਿਣਗੇ, ਉਦੋਂ ਤਕ ਲੋਕ-ਭਰਮਾਊ ਸੋਚ ਦਾ ਵੀ ਬੋਲਬਾਲਾ ਰਹੇਗਾ। ਅਜਿਹੀ ਸੋਚ ਸਮਾਜਿਕ ਨਾਬਰਾਬਰੀ, ਜਾਤ-ਪਾਤ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਨੂੰ ਸਮਾਜ ਦੁਆਰਾ ਸਵੀਕਾਰ ਕੀਤੇ ਜਾਣ ਕਾਰਨ ਜਿਊਂਦੀ ਹੈ। ਭਗਤ ਸਿੰਘ ਨੇ ਸਿਆਸੀ ਇਨਕਲਾਬ ਤੋਂ ਪਹਿਲਾਂ ਸਮਾਜਿਕ ਇਨਕਲਾਬ ਲਿਆਉਣ ਦੇ ਮਹੱਤਵ ਨੂੰ ਪਛਾਣਿਆ ਸੀ। ਅਜਿਹੇ ਸਮਾਜਿਕ ਇਨਕਲਾਬ ਲਈ ਜਮਹੂਰੀ ਤਾਕਤਾਂ ਨੂੰ ਲੰਮੀ ਲੜਾਈ ਲੜਨੀ ਪਵੇਗੀ; ਜਾਤ-ਪਾਤ ਤੇ ਔਰਤ-ਮਰਦ ਵਿਚਲੇ ਵਖਰੇਵਿਆਂ ਵਿਰੁੱਧ, ਭੁਲੇਖਿਆਂ ਵਿਚ ਪਾਉਣ ਵਾਲੀ ਧਾਰਮਿਕ ਦਿਖਾਈ ਦਿੰਦੀ ਸੋਚ ਵਿਰੁੱਧ, ਅਸਾਵੇਂ ਆਰਥਿਕ ਰਿਸ਼ਤਿਆਂ ਵਿਰੁੱਧ। ਇਹ ਸਾਰੀਆਂ ਲੜਾਈਆਂ ਅੰਤਰ-ਸਬੰਧਿਤ ਹਨ।
ਸਵਾਮੀ ਚਿਨਮਯਾਨੰਦ ਵੀ ਧਾਰਮਿਕ ਰਾਹ-ਰਸਤੇ ਅਖ਼ਤਿਆਰ ਕਰਕੇ ਸੱਤਾ ਦੇ ਗਲਿਆਰਿਆਂ ਤਕ ਪਹੁੰਚਣ ਵਾਲਾ ਵਿਅਕਤੀ ਹੈ। ਉਸ ਕੋਲ ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਮਿਲਦੇ ਮਾਣ-ਸਨਮਾਨ ਦੇ ਨਾਲ ਨਾਲ ਆਪਣੇ ਆਪ ਨੂੰ ਬਚਾਉਣ ਦੇ ਹੋਰ ਹਜ਼ਾਰਾਂ ਵਸੀਲੇ ਹਨ। ਸਾਰੀਆਂ ਸਿਆਸੀ ਪਾਰਟੀਆਂ, ਜਮਹੂਰੀ ਤਾਕਤਾਂ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਨੂੰਨਦਾਨਾਂ ਨੂੰ ਇਸ ਵਿਦਿਆਰਥਣ ਦੀ ਹਮਾਇਤ ਵਿਚ ਅੱਗੇ ਆਉਣਾ ਚਾਹੀਦਾ ਹੈ ਜਿਸ ਨੇ ਇਹੋ ਜਿਹੇ ਸ਼ਕਤੀਸ਼ਾਲੀ ਵਿਅਕਤੀ ਵਿਰੁੱਧ ਆਵਾਜ਼ ਉਠਾਉਣ ਦੀ ਦਲੇਰੀ ਵਿਖਾਈ ਹੈ।
ਮਾਂ-ਬੋਲੀ ਪੰਜਾਬੀ - ਸਵਰਾਜਬੀਰ
ਕਿਸੇ ਬੋਲੀ ਦਾ ਦੂਸਰੀ ਬੋਲੀ ਨਾਲ ਕੋਈ ਝਗੜਾ ਨਹੀਂ ਹੁੰਦਾ। ਪੁਰਾਣੇ ਸਮਿਆਂ ਤੋਂ ਮੱਧ ਏਸ਼ੀਆ, ਯੂਨਾਨ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਅਤੇ ਹੋਰ ਖ਼ਿੱਤਿਆਂ ਤੋਂ ਲੋਕ ਪੰਜਾਬ ਵਿਚ ਆ ਕੇ ਵੱਸਦੇ ਰਹੇ। ਅਜੋਕੇ ਸਮਿਆਂ ਵਿਚ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਪ੍ਰਾਂਤਾਂ ਦੇ ਲੋਕ ਪੰਜਾਬ ਵਿਚ ਆ ਵੱਸੇ। ਇਨ੍ਹਾਂ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ। ਪੰਜਾਬੀ ਅਸਾਮ, ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਾਹਰਲੇ ਦੇਸ਼ਾਂ ਵਿਚ ਜਾ ਵੱਸੇ ਤੇ ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ਤੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਲਈਆਂ। ਇਸ ਤਰ੍ਹਾਂ ਲੋਕਾਂ ਦਾ ਇਕ ਥਾਂ ਤੋਂ ਦੂਸਰੀ ਥਾਂ 'ਤੇ ਜਾ ਵੱਸਣਾ ਅਤੇ ਉਸ ਖ਼ਿੱਤੇ ਦੀ ਭਾਸ਼ਾ ਸਿੱਖ ਲੈਣਾ ਇਤਿਹਾਸਕ ਵਰਤਾਰਾ ਹੈ ਅਤੇ ਇਸ ਸਬੰਧ ਵਿਚ ਕਦੇ ਵੀ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਗਈ।
ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ 'ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ। ਪੰਜਾਬੀ ਬੋਲੀ ਵੀ ਏਦਾਂ ਹੀ ਹੋਂਦ ਵਿਚ ਆਈ ਹੈ।
ਮੱਧਕਾਲੀਨ ਸਮਿਆਂ ਦੇ ਉੱਘੇ ਵਿਦਵਾਨ, ਹਿਸਾਬਦਾਨ ਤੇ ਤਾਰਾ ਵਿਗਿਆਨੀ ਅਲਬਰੂਨੀ ਨੇ 11ਵੀਂ ਸਦੀ ਵਿਚ ਆਪਣੀ ਯਾਤਰਾ ਦੌਰਾਨ ਪੰਜਾਬ ਵਿਚ ਬੋਲੀਆਂ ਜਾ ਰਹੀਆਂ ਭਾਸ਼ਾਵਾਂ ਨੂੰ ਮੁੱਖ ਸ਼ਹਿਰਾਂ ਦੇ ਨਾਂ ਉੱਤੇ ਲਾਹੌਰੀ ਤੇ ਮੁਲਤਾਨੀ ਆਖਿਆ ਤੇ ਤਿੰਨ ਲਿਪੀਆਂ- ਅਰਧ-ਨਾਗਰੀ, ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕੀਤਾ। ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਗੋਬਿੰਦ ਸਿੰਘ ਲਾਂਬਾ ਅਨੁਸਾਰ ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਗੁਰਮਖੀ ਤੋਂ ਪਹਿਲਾਂ ਦੀਆਂ ਲਿਪੀਆਂ ਹਨ ਅਤੇ ਵਿਦਵਾਨਾਂ ਅਨੁਸਾਰ ਸਿੱਧਮ ਜਾਂ ਸਿੱਧ ਮਾਤ੍ਰਕਾ ਗੁਰਮੁਖੀ ਦਾ ਪੁਰਾਣਾ ਨਾਂ ਹੈ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਸੋਧ ਕੇ ਵਰਤੋਂ ਵਿਚ ਲਿਆਂਦਾ। ਪੁਰਾਣੇ ਸਮਿਆਂ ਵਿਚ ਬੋਲਚਾਲ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ ਅਤੇ ਜਦ ਆਮ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਵਿਚ ਸਾਹਿਤ ਦੀ ਰਚਨਾ ਹੋਣ ਲੱਗੀ ਤਾਂ ਉਸ ਵੇਲੇ ਵੱਖ ਵੱਖ ਤਰ੍ਹਾਂ ਦੀਆਂ ਅਪਭ੍ਰੰਸ਼ਾਂ (ਸ਼ੌਰਸੇਨੀ, ਕੈਕਈ, ਪਿਸ਼ਾਚੀ ਅਤੇ ਵ੍ਰਾਚਡ ਆਦਿ) ਦਾ ਜ਼ਿਕਰ ਮਿਲਦਾ ਹੈ। ਸ਼ੇਖ ਫ਼ਰੀਦ ਟਕਸਾਲੀ ਪੰਜਾਬੀ ਵਿਚ ਸਲੋਕ ਕਹਿਣ ਵਾਲੇ ਪਹਿਲੇ ਸ਼ਾਇਰ ਮੰਨੇ ਜਾਂਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਮਸੂਦ, ਮੁੱਲਾ ਦਾਊਦ, ਅਦਹਮਾਨ, ਗੋਰਖ ਨਾਥ, ਚਰਪਟ ਨਾਥ, ਚੋਰੰਗੀ ਨਾਥ ਤੇ ਹੋਰ ਨਾਥ-ਜੋਗੀਆਂ ਦਾ ਜ਼ਿਕਰ ਆਉਂਦਾ ਹੈ।
ਪੁਰਾਣੇ ਸਮਿਆਂ ਵਿਚ ਪੰਜਾਬ ਨੂੰ 'ਸਪਤ ਸਿੰਧੂ' ਤੇ 'ਪੰਚ ਨਦ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੇ ਵੱਖ ਵੱਖ ਇਲਾਕੇ ਸਿੰਧੂ, ਸੌਵੀਰ, ਮਦਰ ਦੇਸ, ਕੈਕਈ ਪ੍ਰਦੇਸ਼, ਉਸ਼ੀਨਰ, ਤ੍ਰਿਗਰਤ ਆਦਿ ਵਜੋਂ ਮਸ਼ਹੂਰ ਹੋਏ। ਲਿਖਤ ਸਾਹਿਤ ਵਿਚ 'ਪੰਜਾਬ' ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਅਤੇ ਬਾਅਦ ਵਿਚ ਭਾਈ ਗੁਰਦਾਸ ਨੇ। ਪਹਿਲਾਂ ਸਾਡੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਹਾਫ਼ਿਜ਼ ਬਰਖੁਰਦਾਰ ਪਹਿਲਾ ਕਿੱਸਾਕਾਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ, ਸ਼ਾਹ ਹੁਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਦਮੋਦਰ ਆਦਿ ਨੇ ਬੋਲੀ ਦੇ ਨੈਣ-ਲਕਸ਼ ਘੜੇ ਅਤੇ ਇਸ ਨੂੰ ਉੱਚ ਦਰਜੇ ਦੀ ਸਾਹਿਤਕ ਬੋਲੀ ਬਣਾ ਦਿੱਤਾ।
ਇਤਿਹਾਸਕ ਤੌਰ 'ਤੇ ਪੰਜਾਬ ਬਹੁ-ਭਾਸ਼ੀ ਖ਼ਿੱਤਾ ਰਿਹਾ ਹੈ। ਇੱਥੋਂ ਦੇ ਲੇਖਕ ਤੇ ਚਿੰਤਕ ਸੰਸਕ੍ਰਿਤ, ਬ੍ਰਿਜ, ਫ਼ਾਰਸੀ, ਖੜ੍ਹੀ ਬੋਲੀ, ਉਰਦੂ ਤੇ ਪੰਜਾਬੀ ਵਿਚ ਲਿਖਦੇ ਰਹੇ। ਸ਼ੇਖ ਫ਼ਰੀਦ ਨੇ ਫ਼ਾਰਸੀ ਤੇ ਪੰਜਾਬੀ ਵਿਚ ਕਲਾਮ ਕਿਹਾ। ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਦੇ ਨਾਲ ਸਾਧ ਭਾਸ਼ਾ, ਫ਼ਾਰਸੀ, ਅਰਬੀ, ਬ੍ਰਿਜ ਤੇ ਖੜ੍ਹੀ ਬੋਲੀ ਦੀ ਵਰਤੋਂ ਕੀਤੀ। ਗੁਰੂ ਗੋਬਿੰਦ ਸਿੰਘ ਨੇ ਪੰਜਾਬੀ, ਬ੍ਰਿਜ ਤੇ ਫ਼ਾਰਸੀ ਵਿਚ ਰਚਨਾ ਕੀਤੀ। ਸੁਲਤਾਨ ਬਾਹੂ, ਸ਼ਾਹ ਹੁਸੈਨ, ਹਾਫ਼ਿਜ਼ ਬਰਖੁਰਦਾਰ ਅਤੇ ਹੋਰ ਸ਼ਾਇਰ ਪੰਜਾਬੀ ਦੇ ਨਾਲ ਫ਼ਾਰਸੀ ਤੇ ਅਰਬੀ ਭਾਸ਼ਾ ਦੇ ਵਿਦਵਾਨ ਵੀ ਸਨ। ਪੰਜਾਬ ਵਿਚ ਬ੍ਰਿਜ ਵਿਚ ਕਵਿਤਾ ਤੇ ਗ਼ਲਪ ਲਿਖਣ ਦੀ ਪਰੰਪਰਾ ਲੰਮੀ ਦੇਰ ਤਕ ਰਹੀ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿਚੋਂ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਫੀਰੋਜ਼ਦੀਨ ਸ਼ਰਫ਼, ਧਨੀ ਰਾਮ ਚਾਤ੍ਰਿਕ, ਸੰਤ ਸਿੰਘ ਸੇਖੋਂ, ਗੁਰਬਖਸ਼ ਸਿੰਘ ਅਤੇ ਹੋਰ ਲੇਖਕ ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਦੇ ਵਿਦਵਾਨ ਵੀ ਸਨ।
ਪਿਛਲੇ ਦਿਨਾਂ ਵਿਚ ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦਾ ਆਪਸੀ ਟਕਰਾਓ ਚਰਚਾ ਦਾ ਵਿਸ਼ਾ ਰਿਹਾ ਹੈ। ਅੱਜ ਹਿੰਦੀ ਨੂੰ ਸੱਤਾ ਦੀ ਹਮਾਇਤ ਹਾਸਲ ਹੈ ਅਤੇ ਇਸ ਨੂੰ ਰਾਸ਼ਟਰ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਸੰਵਿਧਾਨਕ ਤੌਰ 'ਤੇ ਗ਼ਲਤ ਹੈ। ਸੰਵਿਧਾਨ ਵਿਚ ਰਾਸ਼ਟਰ ਭਾਸ਼ਾ ਦਾ ਕੋਈ ਸੰਕਲਪ ਨਹੀਂ। ਸੰਵਿਧਾਨ ਦੇ ਅੱਠਵੇਂ ਅਧਿਆਏ (ਸ਼ਡਿਊਲ) ਵਿਚ ਹੁਣ 22 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸਰਕਾਰੀ ਭਾਸ਼ਾਵਾਂ ਕਿਹਾ ਗਿਆ ਹੈ। ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਪੰਜਾਬੀ ਦੇ ਮੁਕਾਬਲੇ ਹਿੰਦੀ ਨੂੰ ਉੱਚਾ ਵਿਖਾਉਣ ਵਾਲੇ ਵਿਦਵਾਨਾਂ ਦੀ ਮਾਨਸਿਕਤਾ ਉਸ ਫ਼ਿਰਕਾਪ੍ਰਸਤੀ ਨੂੰ ਪੇਸ਼ ਕਰਦੀ ਹੈ ਜਿਸ ਦੇ ਬੀਜ ਅੰਗਰੇਜ਼ ਬਸਤੀਵਾਦੀਆਂ ਨੇ ਸਾਡੇ ਮਨਾਂ ਵਿਚ ਬੀਜੇ। ਉਨ੍ਹਾਂ ਦੀ ਯਾਦਦਾਸ਼ਤ ਨੂੰ ਤਰੋ-ਤਾਜ਼ਾ ਕਰਨ ਲਈ ਕੁਝ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।
ਮਸ਼ਹੂਰ ਭਾਸ਼ਾ ਵਿਗਿਆਨੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਪੰਜਾਬੀ ਭਾਸ਼ਾ ਦੀ ਪੁਰਾਤਨਤਾ ਬਾਰੇ ਲਿਖਦਿਆਂ ਕਿਹਾ ਹੈ, ''ਕੁਝ ਗੱਲਾਂ ਵਿਚ ਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਹੈ ਇਸ (ਉਚਾਰਣ ਦੇ) ਪੱਖ ਤੋਂ ਪੰਜਾਬੀ ਦੀ ਅਗਵਾਈ ਤੇ ਸ੍ਰੇਸ਼ਟਤਾ ਸੁੱਤੇ-ਸਿੱਧ ਹੀ ਮੰਨੀ ਜਾਂਦੀ ਰਹੀ ਹੈ, ਇਸੇ ਲਈ ਹੀ ਪੰਜਾਬੀ ਢੰਗ ਦਾ ਉਚਾਰਣ ਸ਼ੋਭਨੀਕ ਸਮਝਿਆ ਜਾਂਦਾ ਰਿਹਾ ਹੈ।'' ਡਾਕਟਰ ਵਿਦਿਆ ਭਾਸਕਰ ਅਨੁਸਾਰ, ''ਹਿੰਦੀ ਦਾ ਅਜੋਕਾ ਰੂਪ ਬਣਾਉਣ ਵਿਚ ਪੰਜਾਬੀ ਦਾ ਹੱਥ ਪ੍ਰਤੱਖ ਦਿਸਦਾ ਹੈ। ਹਿੰਦੀ ਦੇ ਆਮ ਵਰਤੋਂ ਦੇ ਅਨੇਕਾਂ ਸ਼ਬਦ ਸਬ, ਕਲ, ਸਚ, ਲਗਨਾ, ਲੰਬਾ, ਬਿੱਛੂ, ਬਿਜਲੀ, ਪੱਕਾ, ਅੱਛਾ ਆਦਿ ਜਾਂ ਤਾਂ ਪੰਜਾਬੀ ਦੇ ਪ੍ਰਭਾਵ ਥੱਲੇ ਬਣੇ ਹਨ, ਜਾਂ ਪੰਜਾਬੀ ਰੂਪ ਹੀ ਹਿੰਦੀ ਉੱਤੇ ਥੱਪੇ ਗਏ ਹਨ। ਮੁੱਕਦੀ ਗੱਲ ਹਿੰਦੀ ਨੇ ਕਈ ਵਿਸ਼ੇਸ਼ਤਾਵਾਂ ਪੰਜਾਬੀ ਤੋਂ ਹੀ ਲਈਆਂ ਹਨ।'' ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਉੱਘੇ ਵਿਦਵਾਨ ਡਾਕਟਰ ਏਸੀ ਵੁਲਨਰ ਅਨੁਸਾਰ, ''ਪੰਜਾਬੀ ਕਵਿਤਾ ਦੀ ਆਪਣੀ ਛਬ ਤੇ ਸੁੰਦਰਤਾ ਹੈ। ਇਸ ਦੀ ਭਾਸ਼ਾ ਹਿੰਦੀ ਤੇ ਉਰਦੂ ਨਾਲੋਂ ਵਧੇਰੇ ਪੁਰਾਤਨ ਹੈ।''
ਪ੍ਰਸਿੱਧ ਹਿੰਦੀ ਵਿਦਵਾਨ ਤੇ ਭਾਸ਼ਾ ਵਿਗਿਆਨੀ ਬਾਬੂ ਸ਼ਿਆਮ ਸੁੰਦਰ ਦਾਸ ਨੇ ਲਿਖਿਆ ਹੈ, ''ਮੱਧ ਦੇਸ਼ ਨਾਲ ਸਬੰਧਿਤ ਭਾਸ਼ਾਵਾਂ ਵਿਚੋਂ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਵਿਚ ਸੰਸਕ੍ਰਿਤ ਤੇ ਫ਼ਾਰਸੀ ਸ਼ਬਦਾਂ ਦੀ ਭਰਤੀ ਨਹੀਂ। ਇਸ ਭਾਸ਼ਾ ਵਿਚ ਵੈਦਿਕ-ਸੰਸਕ੍ਰਿਤ ਵਾਲਾ ਰਸ ਭਰਿਆ ਹੋਇਆ ਹੈ। ਪੰਜਾਬੀ ਵਿਚ ਇਸ ਭਾਸ਼ਾ ਦੇ ਬੋਲਣ ਵਾਲੇ ਬਲਵਾਨ ਤੇ ਕਰੜੇ ਕਿਰਸਾਨਾਂ ਦੀ ਕਠੋਰਤਾ ਤੇ ਸਾਦਗੀ ਭਰੀ ਹੋਈ ਹੈ।'' ਉਰਦੂ ਦੇ ਮਸ਼ਹੂਰ ਲੇਖਕ ਖਵਾਜਾ ਅਹਿਮਦ ਅੱਬਾਸ ਨੇ ਕਿਹਾ ਸੀ, ''ਹਿੰਦੀ ਆਪਣੀ ਹੁਣ ਵਾਲੀ ਸ਼ਕਲ ਵਿਚ ਪੰਜ ਸੌ ਸਾਲ ਤੋਂ ਪੁਰਾਣੀ ਨਹਂਂ ਪਰ ਪੰਜਾਬੀ ਨਿਸ਼ਚੇ ਹੀ ਇਸ ਤੋਂ ਬਹੁਤ ਪੁਰਾਣੀ ਹੈ।''
ਪ੍ਰੋਫ਼ੈਸਰ ਓਮ ਪ੍ਰਕਾਸ਼ ਕਹੋਲ ਅਨੁਸਾਰ, ''ਪੰਜਾਬੀ ਪ੍ਰਾਚੀਨ ਭਾਰਤ-ਯੋਰਪੀ ਭਾਸ਼ਾ ਦੀ ਬੜੀ ਵਫ਼ਾਦਾਰ ਪ੍ਰਤੀਨਿਧੀ ਹੈ ਤੇ ਜੇ ਸੰਸਕ੍ਰਿਤ ਨੂੰ ਇਸ ਕਲਪਿਤ ਬੋਲੀ ਦੀ ਨਿਕਟਤਮ ਭਾਸ਼ਾ ਮੰਨ ਲਿਆ ਜਾਵੇ ਤਾਂ ਪੰਜਾਬੀ ਤੇ ਸੰਸਕ੍ਰਿਤ ਦੇ ਤੁਲਨਾਤਮਕ ਅਧਿਐਨ ਨਾਲ ਸਿੱਧ ਹੁੰਦਾ ਹੈ ਕਿ ਪੰਜਾਬੀ ਨੇ ਪੁਰਾਣੀ ਪੀੜ੍ਹੀ ਦੀਆਂ ਭਾਸ਼ਾਵਾਂ ਦੀਆਂ ਕਈ ਅਨੂਠੀਆਂ ਵਿਸ਼ੇਸ਼ਤਾਵਾਂ ਨੂੰ ਕਿੰਞ ਸੰਭਾਲ ਕੇ ਰੱਖਿਆ ਹੋਇਆ ਹੈ, ਜਦੋਂਕਿ ਏਸੇ ਬਰਾਦਰੀ ਦੀਆਂ ਵਧੇਰੇ ਭਾਸ਼ਾਵਾਂ, ਵਿਕਾਸ ਦੇ ਪੜਾਵਾਂ ਵਿਚੋਂ ਲੰਘਦੀਆਂ, ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਗੁਆ ਚੁੱਕੀਆਂ ਹਨ।'' ਡਾਕਟਰ ਫ਼ਕੀਰ ਅਹਿਮਦ ਫ਼ਕੀਰ ਅਨੁਸਾਰ ''ਪੰਜਾਬੀ ਹੀ ਅਸਲ ਵਿਚ ਉਰਦੂ ਦੀ ਮਾਂ ਏ ਤੇ ਇਹਨੇ (ਉਰਦੂ ਨੇ) ਆਪਣਾ ਬਹੁਤਾ ਵਰਤਾਰਾ ਤੇ ਆਪਣੀ ਬਣਾਵਟ ਦੀਆਂ ਤਰਕੀਬਾਂ ਪੰਜਾਬੀ ਕੋਲੋਂ ਈ ਲੈ ਕੇ ਆਪਣੇ ਆਪ ਨੂੰ ਬਣਾਇਆ ਸੰਵਾਰਿਆ ਏ।'' ਪ੍ਰੋਫ਼ੈਸਰ ਹਾਫ਼ਿਜ਼ ਮਹਿਮੂਦ ਸ਼ੀਰਾਨੀ ਦਾ ਵੀ ਇਹੋ ਮੱਤ ਹੈ।
ਉਪਰਲੀਆਂ ਟੂਕਾਂ ਦਾ ਅਰਥ ਹਿੰਦੀ ਅਤੇ ਉਰਦੂ ਦੇ ਮੁਕਾਬਲੇ ਪੰਜਾਬੀ ਨੂੰ ਉਚਿਆਉਣਾ ਨਹੀਂ, ਸਿਰਫ਼ ਇਹ ਦੱਸਣਾ ਹੈ ਕਿ ਪੰਜਾਬੀ ਸੈਂਕੜੇ ਵਰ੍ਹੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ-ਫੁੱਲੀ ਤੇ ਪ੍ਰਫੁੱਲਿਤ ਹੋਈ ਲੋਕਾਂ ਦੀ ਜ਼ਬਾਨ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਬੋਲੀ ਰਾਹੀਂ ਰਾਜਿਆਂ ਤੇ ਮੁਕੱਦਮਾਂ ਦਾ ਵਿਰੋਧ ਕੀਤਾ, ਜਾਤ-ਪਾਤ ਅਤੇ ਵਰਣ-ਆਸ਼ਰਮ ਵਿਰੁੱਧ ਆਵਾਜ਼ ਉਠਾਈ, ਕੁਦਰਤ ਦਾ ਅਦਭੁੱਤ ਵਰਣਨ ਕੀਤਾ। ਬੁੱਲ੍ਹੇ ਸ਼ਾਹ ਦਾ ਧਾਰਮਿਕ ਅਤੇ ਸਮਾਜਿਕ ਕੱਟੜਤਾ ਵਿਰੁੱਧ ਵਿਦਰੋਹ ਇਸ ਬੋਲੀ ਵਿਚ ਗੂੰਜਿਆ। ਬਸਤੀਵਾਦ ਵਿਰੁੱਧ ਉੱਠੀ ਗ਼ਦਰ ਲਹਿਰ ਅਤੇ ਜੱਲ੍ਹਿਆਂਵਾਲੇ ਬਾਗ ਅਤੇ ਹੋਰ ਸਾਕਿਆਂ ਦੀ ਬਗ਼ਾਵਤ ਤੇ ਰੋਹ ਇਸੇ ਬੋਲੀ ਵਿਚ ਪ੍ਰਗਟ ਹੋਏ। ਇਸ ਤਰ੍ਹਾਂ ਪੰਜਾਬੀ ਵਿਚ ਸਦੀਆਂ ਤੋਂ ਚੱਲਦੀ ਉਹ ਪਰੰਪਰਾ ਮੌਜੂਦ ਹੈ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਦਰਬਾਰੀਆਂ, ਚਾਪਲੂਸਾਂ, ਸਾਜ਼ਿਸ਼ਕਾਰਾਂ, ਹਾਕਮਾਂ ਤੇ ਅਹਿਲਕਾਰਾਂ ਵਿਰੁੱਧ ਬੋਲਣ ਲਈ ਸ਼ਬਦ ਤੇ ਹੌਸਲਾ ਬਖ਼ਸ਼ਦੀ ਹੈ। ਅੱਜ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਕਿਸੇ ਸਰਕਾਰ ਜਾਂ ਸੰਸਥਾ ਸਾਹਮਣੇ ਝੋਲੀ ਫੈਲਾਉਣ ਦੀ ਜ਼ਰੂਰਤ ਨਹੀਂ, ਪੰਜਾਬੀ ਆਪਣੇ ਬੋਲਣ ਵਾਲਿਆਂ ਦੇ ਮਨਾਂ ਵਿਚਲੀ ਜੀਰਾਂਦ, ਪੰਜਾਬੀ ਸੁਭਾਅ ਦੇ ਸਿਰੜ ਤੇ ਕਿਰਤੀਆਂ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦੀ ਆਪਣੀ ਸਮਰੱਥਾ ਸਦਕਾ ਜਿਊਂਦੀ ਆਈ ਹੈ, ਜਿਊਂਦੀ ਹੈ ਅਤੇ ਜਿਊਂਦੀ ਰਹੇਗੀ।
ਭੈਅ ਦੀ ਮਾਨਸਿਕਤਾ - ਸਵਰਾਜਬੀਰ
ਦਿੱਲੀ ਵਿਚ ਦਾਰਾ ਸ਼ਿਕੋਹ ਬਾਰੇ ਹੋਏ ਇਕ ਸੈਮੀਨਾਰ ਵਿਚ ਬੋਲਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਨੇ ਸਵਾਲ ਪੁੱਛਿਆ ਕਿ ਇਸ ਧਾਰਨਾ ਕਿ ਮੁਸਲਮਾਨ ਸਾਡੇ ਦੇਸ਼ ਵਿਚ ਭੈਅ ਵਿਚ ਰਹਿ ਰਹੇ ਹਨ, ਨੂੰ ਸਮਝਣਾ ਮੁਸ਼ਕਲ ਹੈ। ਕ੍ਰਿਸ਼ਨ ਗੋਪਾਲ ਅਨੁਸਾਰ ਇਸ ਫ਼ਿਰਕੇ ਦੀ ਗਿਣਤੀ 15-16 ਕਰੋੜ ਹੋਣ ਦੇ ਬਾਵਜੂਦ ਉਹ ਡਰ ਕਿਉਂ ਮਹਿਸੂਸ ਕਰਦੇ ਹਨ ਜਦੋਂਕਿ 40-50 ਲੱਖ ਦੀ ਗਿਣਤੀ ਵਾਲੇ ਜੈਨੀਆਂ, 50 ਹਜ਼ਾਰ ਦੀ ਸੰਖਿਆ ਵਾਲੇ ਪਾਰਸੀਆਂ ਅਤੇ 50 ਲੱਖ ਬੋਧੀਆਂ ਨੇ ਕਦੀ ਵੀ ਅਜਿਹੀ ਭਾਵਨਾ ਪ੍ਰਗਟ ਨਹੀਂ ਕੀਤੀ।
ਅਜਿਹੇ ਬਿਆਨ ਰਾਸ਼ਟਰੀ ਸਵੈਮਸੇਵਕ ਸੰਘ ਦੀ ਉਸ ਸੋਚ-ਸਮਝ ਦਾ ਹਿੱਸਾ ਹਨ ਜਿਸ ਨੂੰ ਉਹ ਬਹੁਗਿਣਤੀ ਫ਼ਿਰਕੇ ਦੀ ਸਮਾਜਿਕ ਸਮਝ ਬਣਾਉਣਾ ਚਾਹੁੰਦਾ ਹੈ ਅਤੇ ਉਹ ਇਸ ਵਿਚ ਬਹੁਤ ਹੱਦ ਤਕ ਕਾਮਯਾਬ ਵੀ ਹੋਇਆ ਹੈ। ਆਪਣੇ ਭਾਸ਼ਣਾਂ ਵਿਚ ਕ੍ਰਿਸ਼ਨ ਗੋਪਾਲ ਨੇ ਪੁਰਾਤਨ ਹਿੰਦੂ ਸਮਾਜ ਦੇ ਗੌਰਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦਾ ਪਤਨ ਉਦੋਂ ਹੋਇਆ ਜਦੋਂ ਉੱਥੇ ਬਾਹਰਲਿਆਂ ਨੇ ਆ ਕੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਸੰਘ ਦੀ ਵਿਚਾਰਧਾਰਾ ਅਨੁਸਾਰ ਮੁਸਲਮਾਨਾਂ ਤੇ ਇਸਾਈਆਂ ਨੂੰ ਬਾਹਰਲੇ ਗਿਣਦਿਆਂ ਉਨ੍ਹਾਂ ਨੂੰ ਸਮਾਜ ਵਿਚ ਆਏ ਵਿਗਾੜਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਇਸ ਲਈ ਭੈਅ ਵਿਚ ਰਹਿ ਰਹੇ ਹਨ ਕਿਉਂਂਕਿ ਉਨ੍ਹਾਂ ਨੂੰ ਕਈ ਵਰ੍ਹਿਆਂ ਤੋਂ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਕਦੇ ਗਊ-ਮਾਸ ਦੇ ਨਾਂ ਉੱਤੇ ਅਤੇ ਕਦੇ ਕਿਸੇ ਹੋਰ ਸ਼ੱਕ ਦੀ ਬਿਨਾਅ 'ਤੇ ਲੋਕਾਂ ਨੂੰ ਕੁੱਟਿਆ-ਮਾਰਿਆ ਗਿਆ ਹੈ ਤੇ ਉਨ੍ਹਾਂ ਤੋਂ ਜ਼ਬਰਦਸਤੀ ਧਾਰਮਿਕ ਨਾਅਰੇ ਲਗਵਾਏ ਗਏ ਹਨ। ਇਹੀ ਨਹੀਂ, ਮੀਡੀਆ ਚੈਨਲਾਂ ਅਤੇ ਸੰਚਾਰ ਦੇ ਹੋਰ ਮਾਧਿਅਮਾਂ ਵਿਚ ਵੀ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀ ਸੋਚ ਅਤੇ ਜੀਵਨ-ਜਾਚ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਦੇਸ਼ ਭਗਤੀ 'ਤੇ ਸਵਾਲ ਉਠਾਏ ਜਾਂਦੇ ਹਨ। ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਜਾਂਦਾ ਹੈ। ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਦਾ ਜਨਤਕ ਤੌਰ 'ਤੇ ਸਨਮਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਵਰਤਾਓ ਜੈਨੀਆਂ, ਬੋਧੀਆਂ ਜਾਂ ਪਾਰਸੀਆਂ ਨਾਲ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਖ਼ਾਸ ਤਰ੍ਹਾਂ ਦਾ ਭੈਅ ਮਹਿਸੂਸ ਕਰਦੇ ਹਨ।
ਪੰਜਾਬ ਦੇ ਲੋਕਾਂ ਨੇ ਵੀ ਪਿਛਲੀ ਸਦੀ ਦੇ ਅੰਤਲੇ ਦੋ ਦਹਾਕਿਆਂ ਵਿਚ ਇਹੋ ਜਿਹਾ ਸੰਤਾਪ ਹੰਢਾਇਆ। 1982 ਵਿਚ ਏਸ਼ੀਅਨ ਖੇਡਾਂ ਦੇ ਸਮੇਂ ਪੰਜਾਬ ਤੋਂ ਆ-ਜਾ ਰਹੇ ਸਿੱਖ ਯਾਤਰੀਆਂ ਨਾਲ ਕੀਤਾ ਗਿਆ ਵਿਵਹਾਰ ਉਸ ਲੰਮੇ ਸੰਤਾਪ ਦੀਆਂ ਪਹਿਲੀਆਂ ਕੜੀਆਂ ਵਿਚੋਂ ਸੀ ਜਿਸ ਦੌਰਾਨ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਰਹਿੰਦੇ ਸਿੱਖ ਵੀ ਅਜਿਹੀ ਸਥਿਤੀ ਵਿਚੋਂ ਗੁਜ਼ਰੇ ਜਿਸ ਨੂੰ ਲਗਾਤਾਰ ਡਰ ਤੇ ਸਹਿਮ ਦੀ ਸਥਿਤੀ ਕਿਹਾ ਜਾ ਸਕਦਾ ਹੈ। 1984 ਵਿਚ ਹੋਏ ਸਾਕਾ ਨੀਲਾ ਤਾਰਾ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਨੇ ਇਸ ਡਰ, ਸਹਿਮ ਅਤੇ ਰੋਹ ਨੂੰ ਵਧਾਇਆ। ਹਜ਼ਾਰਾਂ ਸਿੱਖ ਪਰਿਵਾਰ ਹਿਜਰਤ ਕਰਕੇ ਵਾਪਸ ਪੰਜਾਬ ਵਿਚ ਆ ਵਸੇ।
ਇਸ ਤਰ੍ਹਾਂ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਘੱਟਗਿਣਤੀਆਂ ਨਾਲ ਸਬੰਧਤ ਲੋਕ ਭੈਅ ਤੇ ਸਹਿਮ ਦੀ ਸਥਿਤੀ ਵਿਚੋਂ ਗੁਜ਼ਰਦੇ ਰਹੇ ਹਨ। ਕਿਸੇ ਭਾਈਚਾਰੇ ਵਿਚ ਭੈਅ ਲੰਮੇ ਸਮੇਂ ਤਕ ਵਿਤਕਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੈਦਾ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਵੱਖ ਵੱਖ ਸ਼ਹਿਰਾਂ 'ਚ ਹੋਏ ਹਿੰਦੂ-ਮੁਸਲਮਾਨ ਦੰਗੇ ਅਤੇ ਉਨ੍ਹਾਂ ਵਿਚ ਸਰਕਾਰ ਤੇ ਪੁਲੀਸ ਦੁਆਰਾ ਘੱਟਗਿਣਤੀ ਦੇ ਲੋਕਾਂ ਨਾਲ ਕੀਤਾ ਗਿਆ ਵਰਤਾਓ ਇਸ ਡਰ ਤੇ ਸਹਿਮ ਦਾ ਕਾਰਨ ਹੈ। ਦੇਸ਼ ਦੀ ਰਾਜਨੀਤੀ ਵਿਚ ਵੱਡਾ ਮੋੜ 2002 ਵਿਚ ਆਇਆ ਜਦ ਬਹੁਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਨੂੰ ਸਬਕ ਸਿਖਾਉਣ ਦਾ ਵੇਲ਼ਾ ਆ ਗਿਆ ਹੈ। 2002 ਵਿਚ ਹੋਏ ਦੰਗਿਆਂ ਨੇ ਡਰ ਤੇ ਸਹਿਮ ਦੇ ਇਸ ਮਾਹੌਲ ਨੂੰ ਸਾਰੇ ਦੇਸ਼ ਵਿਚ ਫੈਲਾਇਆ ਅਤੇ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਨੇ ਇਸ ਭਾਵਨਾ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ। ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਬਹੁਗਿਣਤੀ ਫ਼ਿਰਕੇ ਦੇ ਆਗੂਆਂ ਤੇ ਲੋਕਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੁੰਦੀ ਹੈ ਪਰ ਸੰਘ ਪਰਿਵਾਰ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆਗੂਆਂ ਨੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਤ੍ਰਿਸਕਾਰ ਕੀਤਾ ਹੈ। ਕਸ਼ਮੀਰ ਵਾਲੇ ਮਸਲੇ ਦੇ ਸਬੰਧ ਵਿਚ ਵੀ ਇਹ ਧਾਰਨਾ ਹੈ ਕਿ ਸੂਬੇ ਦੇ ਟੋਟੇ-ਟੋਟੇ ਇਸ ਲਈ ਕੀਤੇ ਗਏ ਕਿਉਂਕਿ ਇਸ ਵਿਚ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਜ਼ਿਆਦਾ ਸੀ।
ਫ਼ਿਰਕਾਪ੍ਰਸਤ ਤਾਕਤਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਆਪਣੇ ਆਪ ਨੂੰ ਆਜ਼ਾਦ ਤੇ ਬਰਾਬਰ ਦੇ ਸ਼ਹਿਰੀ ਮਹਿਸੂਸ ਕਰਨ। ਮੁਸਲਮਾਨਾਂ ਨੂੰ ਇਸ ਦੇਸ਼ ਵਿਚ ਰਹਿੰਦਿਆਂ ਹਜ਼ਾਰ ਵਰ੍ਹੇ ਤੋਂ ਉੱਪਰ ਹੋ ਗਏ ਹਨ ਅਤੇ ਇਸ ਫ਼ਿਰਕੇ ਨਾਲ ਸਬੰਧਤ ਬਾਦਸ਼ਾਹਾਂ ਅਤੇ ਹੋਰ ਰਾਜਿਆਂ-ਰਜਵਾੜਿਆਂ ਨੇ ਸੈਂਕੜੇ ਵਰ੍ਹੇ ਦੇਸ਼ 'ਤੇ ਹਕੂਮਤ ਕੀਤੀ ਹੈ। ਉਨ੍ਹਾਂ ਵਿਚੋਂ ਅਕਬਰ ਵਰਗੇ ਸਹਿਣਸ਼ੀਲ ਬਾਦਸ਼ਾਹ ਵੀ ਹੋਏ ਤੇ ਔਰੰਗਜ਼ੇਬ ਵਰਗੇ ਕੱਟੜਪੰਥੀ ਵੀ ਪਰ ਉਹ ਜ਼ਮਾਨਾ ਰਜਵਾੜਾਸ਼ਾਹੀ ਦਾ ਸੀ। ਹੁਣ ਦੇਸ਼ ਵਿਚ ਜਮਹੂਰੀਅਤ ਹੈ ਅਤੇ ਸੰਵਿਧਾਨ ਅਨੁਸਾਰ ਸਭ ਫ਼ਿਰਕਿਆਂ ਦੇ ਲੋਕ ਬਰਾਬਰ ਹਨ। ਇਸ ਦੇ ਬਾਵਜੂਦ ਆਰਐੱਸਐੱਸ ਤੇ ਭਾਜਪਾ ਧਰਮ ਦੇ ਨਾਂ 'ਤੇ ਸਿਆਸਤ ਕਰਕੇ ਤਾਕਤ ਉੱਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਇਸ ਤਰ੍ਹਾਂ ਆਰਐੱਸਐੱਸ ਦੇ ਆਗੂਆਂ ਦਾ ਇਹ ਸਵਾਲ ਪੁੱਛਣਾ ਬੇਮਾਅਨਾ ਹੈ ਕਿਉਂਕਿ ਘੱਟਗਿਣਤੀ ਫ਼ਿਰਕਿਆਂ ਵਿਚ ਡਰ ਅਤੇ ਸਹਿਮ ਪੈਦਾ ਕਰਨ ਦੀ ਫ਼ਸਲ ਉਨ੍ਹਾਂ ਦੇ ਆਪਣੇ ਵਿਚਾਰਾਂ ਵਿਚੋਂ ਹੀ ਉਗਮੀ ਹੈ।
ਰਾਸ਼ਟਰੀ ਸਵੈਮਸੇਵਕ ਸੰਘ ਦੁਆਰਾ ਬਣਾਈ ਗਈ ਸਮਾਜਿਕ ਸਮਝ ਦਾ ਟਾਕਰਾ ਕਿਵੇਂ ਕੀਤਾ ਜਾਏ? 1947 ਵਿਚ ਮੁਲਕ ਧਰਮ ਦੇ ਆਧਾਰ 'ਤੇ ਵੰਡਿਆ ਗਿਆ ਸੀ, ਧਰਮ ਸਿਆਸਤ ਦਾ ਹਿੱਸਾ ਬਣ ਗਿਆ ਅਤੇ ਸਮੇਂ ਦੇ ਬੀਤਣ ਨਾਲ ਇਸ ਦੀ ਭੂਮਿਕਾ ਵਧਦੀ ਗਈ। ਦੇਸ਼ ਵਿਚ ਅੰਧ-ਰਾਸ਼ਟਰਵਾਦ ਅਤੇ ਧਾਰਮਿਕ ਭਾਵਨਾਵਾਂ ਨੂੰ ਮਿਲਾ ਕੇ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨ ਵਿਚ ਇਹ ਵਿਸ਼ਵਾਸ ਦ੍ਰਿੜ੍ਹ ਕਰਾ ਦਿੱਤਾ ਗਿਆ ਹੈ ਕਿ ਸਦੀਆਂ ਦੇ ਜ਼ੁਲਮ ਬਾਅਦ ਉਨ੍ਹਾਂ ਦਾ ਰਾਜ ਆਇਆ ਹੈ। ਇਸ ਤਰ੍ਹਾਂ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਤਿਹਾਸਕ ਤੌਰ 'ਤੇ ਪੀੜਤ ਹੋਣ ਤੇ ਵਰਤਮਾਨ ਵਿਚ ਤਾਕਤਵਰ ਹੋਣ ਦਾ ਇਕ ਅਜਿਹਾ ਦੁਜੈਲਾ ਵਿਚਾਰਧਾਰਕ ਜੁੱਟ ਸਿਰਜਿਆ ਗਿਆ ਹੈ ਜਿਹੜਾ ਇਕੋ ਵੇਲੇ ਉਨ੍ਹਾਂ ਨੂੰ ਪੀੜਤ ਤੇ ਸ਼ਕਤੀਸ਼ਾਲੀ ਹੋਣ ਦੀ ਭਾਵਨਾ ਦਿੰਦਾ ਹੈ। ਇਸ ਭਾਵਨਾ ਸਦਕਾ ਬਹੁਗਿਣਤੀ ਫ਼ਿਰਕੇ ਦੇ ਲੋਕ ਇਕ ਖ਼ਾਸ ਤਰ੍ਹਾਂ ਦੀ ਏਕਤਾ, ਸਮੂਹਿਕਤਾ ਤੇ ਸਾਂਝਾਪਣ ਮਹਿਸੂਸ ਕਰਦੇ ਹਨ। ਇਸ ਵਰਤਾਰੇ ਨੂੰ ਸਿਆਸੀ ਮਾਹਿਰ ਹਿੰਦੂ ਸਮੂਹਿਕਤਾ (Hindu consolidation) ਦਾ ਨਾਂ ਦਿੰਦੇ ਹਨ।
ਜਦੋਂ ਮਾਨਸਿਕ ਇਤਿਹਾਦ ਦਾ ਅਜਿਹਾ ਜਟਿਲ ਬਿੰਬ ਲੋਕਾਂ ਦੇ ਵਿਚਾਰਾਂ ਦਾ ਹਿੱਸਾ ਬਣ ਜਾਏ ਤਾਂ ਉਸ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਹਾਲਾਤ ਏਦਾਂ ਦੇ ਹਨ ਕਿ ਵਿਰੋਧੀ ਧਿਰਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਵਿਰੋਧ ਇਸ ਵਿਚਾਰਧਾਰਕ ਜੁੱਟ/ਬਿੰਬ ਨੂੰ ਹੋਰ ਮਜ਼ਬੂਤ ਕਰਦਾ ਹੈ, ਉਦਾਹਰਨ ਦੇ ਤੌਰ 'ਤੇ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਤੇ ਸੂਬੇ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਵਿਰੁੱਧ ਕੀਤਾ ਗਿਆ ਵਿਰੋਧ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਜਗਾਉਂਦਾ ਹੈ ਕਿ ਇਹ ਲੋਕ ਦੇਸ਼ ਦੀ ਅਖੰਡਤਾ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਤਰ੍ਹਾਂ ਹਿੰਦੂ ਸਮੂਹਿਕਤਾ ਦੀ ਭਾਵਨਾ (Hindu consolidation) ਹੋਰ ਮਜ਼ਬੂਤ ਹੁੰਦੀ ਹੈ। ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਟੁਕੜੇ ਟੁਕੜੇ ਗੈਂਗ ਅਤੇ ਸ਼ਹਿਰੀ ਨਕਸਲੀ (ਅਰਬਨ ਨਕਸਲਾਈਟ) ਜਿਹੇ ਲਕਬ ਦਿੱਤੇ ਗਏ ਹਨ, ਅਜਿਹੇ ਲੋਕਾਂ ਦੇ ਕੁਝ ਕਹਿਣ 'ਤੇ ਮੀਡੀਆ ਪ੍ਰਚਾਰ ਰਾਹੀਂ ਇਹ ਪ੍ਰਭਾਵ ਬਣਾਇਆ ਜਾਂਦਾ ਹੈ ਕਿ ਇਹ ਲੋਕ ਦੇਸ਼ ਦੇ ਟੁਕੜੇ ਟੁਕੜੇ ਕਰਨ ਦੇ ਹਮਾਇਤੀ ਹਨ। ਇਸ ਤਰ੍ਹਾਂ ਅਜਿਹੇ ਲੋਕਾਂ ਦੇ ਬਿਆਨਾਂ ਨਾਲ ਵੀ ਹਿੰਦੂ ਸਮੂਹਿਕਤਾ ਦੀ ਭਾਵਨਾ ਨੂੰ ਹੋਰ ਪਕਿਆਈ ਮਿਲਦੀ ਹੈ। ਤਾਮਿਲ, ਕੰਨੜ ਅਤੇ ਹੋਰ ਸੂਬਿਆਂ ਦੇ ਲੋਕਾਂ ਵੱਲੋਂ ਕੀਤਾ ਗਿਆ ਹਿੰਦੀ ਥੋਪਣ ਦਾ ਵਿਰੋਧ ਵੀ ਇਸ ਭਾਵਨਾ ਨੂੰ ਪਰਪੱਕ ਕਰਦਾ ਹੈ।
ਸੰਘ ਦੀ ਵਿਚਾਰਧਾਰਾ ਵਿਰੁੱਧ ਲੜਾਈ ਦਾ ਪੈਂਡਾ ਬਹੁਤ ਲੰਮਾ ਹੋਵੇਗਾ। ਇਸ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਇਹ ਦੱਸਣ ਲਈ ਵੱਡੀ ਕੋਸ਼ਿਸ਼ ਕਰਨੀ ਪਵੇਗੀ ਕਿ ਅੰਧ-ਰਾਸ਼ਟਰਵਾਦ ਦੇਸ਼ ਅਤੇ ਲੋਕਾਂ ਲਈ ਕਿਵੇਂ ਖ਼ਤਰਨਾਕ ਹੈ, ਕਿਵੇਂ ਗਵਾਂਢੀ ਦੇਸ਼ਾਂ ਨੂੰ ਨੁੱਕਰੇ ਲਾਉਣ ਦੀ ਮਾਨਸਿਕਤਾ ਦੀ ਥਾਂ ਗਵਾਂਢੀ ਦੇਸ਼ਾਂ ਨਾਲ ਵਪਾਰ ਅਤੇ ਸੱਭਿਆਚਾਰਕ ਰਿਸ਼ਤੇ ਕਾਇਮ ਕਰਨਾ ਸਾਡੇ ਤੇ ਗਵਾਂਢੀ ਦੇਸ਼ਾਂ ਦੇ ਲੋਕਾਂ ਦੇ ਹੱਕ ਵਿਚ ਜਾਂਦਾ ਹੈ, ਕਿਵੇਂ ਅਜਿਹਾ ਪ੍ਰਚਾਰ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਨਹੀਂ ਜਾਣ ਦਿੰਦਾ, ਕਿਵੇਂ ਹਜੂਮੀ ਹਿੰਸਾ ਕਾਰਨ ਸਮਾਜ ਦੀ ਊਰਜਾ ਡੀਕ ਲਈ ਜਾਂਦੀ ਹੈ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਵਿਚ ਅਜਿਹੇ ਵਿਸ਼ਵਾਸ ਪੈਦਾ ਕਰਨ ਵਿਚ ਵੱਡੀ ਭੂਮਿਕਾ ਉਸੇ ਫ਼ਿਰਕੇ ਦੇ ਲੋਕਾਂ ਦੀ ਹੋਣੀ ਹੈ। ਇਹ ਵਿਸ਼ਵਾਸ ਸਾਧਾਰਨ ਤੌਰ 'ਤੇ ਸੰਘ ਦੀ ਵਿਚਾਰਧਾਰਾ ਵਿਰੁੱਧ ਲਾਏ ਜਾਂਦੇ ਨਾਅਰਿਆਂ ਅਤੇ ਉਨ੍ਹਾਂ ਨੂੰ ਫਾਸ਼ੀ ਕਹਿ ਕੇ ਮਾਰੀਆਂ ਜਾਂਦੀਆਂ ਕੂਕਾਂ ਨਾਲ ਪੈਦਾ ਨਹੀਂ ਕੀਤੇ ਜਾ ਸਕਦੇ।
ਇਸ ਲਈ ਲੰਮੀ ਸਿਧਾਂਤਕ ਲੜਾਈ ਲੜਨੀ ਪਵੇਗੀ। ਲੋਕਾਂ ਦੀਆਂ ਹਕੀਕੀ ਮੰਗਾਂ ਨੂੰ ਕੇਂਦਰ ਬਣਾ ਕੇ ਸੰਘਰਸ਼ ਕਰਨੇ ਪੈਣਗੇ। ਆਪਣੇ ਸੱਭਿਆਚਾਰ ਵਿਚੋਂ ਹਾਂ-ਪੱਖੀ ਰਵਾਇਤਾਂ ਨੂੰ ਲੱਭਣਾ ਤੇ ਉਭਾਰਨਾ ਪਵੇਗਾ, ਆਪਣੀ ਸਥਾਨਿਕਤਾ ਤੇ ਸੱਭਿਆਚਾਰ ਦੀ ਪਿੱਠਭੂਮੀ 'ਚੋਂ ਨਵੀਂ ਪੀੜ੍ਹੀ ਨੂੰ ਸਮਝ ਆਉਣ ਵਾਲੀ ਊਰਜਾਮਈ ਭਾਸ਼ਾ ਤਲਾਸ਼ ਕਰਨੀ ਪਵੇਗੀ, ਸਮਾਜ ਵਿਚ ਪਸਰੇ ਹੋਏ ਜਾਤੀਵਾਦ ਅਤੇ ਮਰਦ-ਪ੍ਰਧਾਨ ਸੋਚ ਦਾ ਖੰਡਨ ਅਤੇ ਅਮਲੀ ਤੌਰ 'ਤੇ ਵਿਰੋਧ ਕਰਨਾ ਪਵੇਗਾ। ਇਸ ਸਭ ਲਈ ਵੱਡੇ ਜਮਹੂਰੀ ਏਕੇ ਦੀ ਜ਼ਰੂਰਤ ਹੈ ਜਿਸ ਦੀਆਂ ਆਵਾਜ਼ਾਂ ਅੱਜ ਖੰਡਿਤ ਰੂਪ ਵਿਚ ਸੁਣਾਈ ਦੇ ਰਹੀਆਂ ਹਨ।
ਮਹਾਤਮਾ ਗਾਂਧੀ ਤੇ ਤਾਰਕ ਨਾਥ ਜਵਾਬ ਦੇਣ... - ਸਵਰਾਜਬੀਰ
ਇਸ ਲੇਖ ਦਾ ਪਹਿਲਾ ਸਿਰਲੇਖ ਸੀ 'ਇਹ ਕੌਣ ਹੈ, ਉਹ ਕੌਣ ਸੀ?' ਲੋਕ ਆਪਸ ਵਿਚ ਜੁੜੇ ਹੁੰਦੇ ਹਨ। ਜੌਹਨ ਗੁਆਰੇ ਆਪਣੇ ਨਾਟਕ 'ਸਿਕਸ ਡਿਗਰੀਜ਼ ਆਫ਼ ਸੈਪੇਰੇਸ਼ਨ' ਵਿਚ ਇਹ ਕਹਿਣ ਦਾ ਯਤਨ ਕਰਦਾ ਹੈ ਕਿ ਕੋਈ ਵੀ ਦੋ ਮਨੁੱਖ ਆਪਣੇ ਆਪ ਨਾਲ ਛੇ ਜਾਂ ਇਸ ਤੋਂ ਘੱਟ ਕੜੀਆਂ ਰਾਹੀਂ ਜੁੜੇ ਹੁੰਦੇ ਹਨ (ਇਹ ਐੱਫ਼। ਕਾਰਿੰਥੀ ਦਾ ਵਿਚਾਰ ਸੀ)। ਦੇਸ਼ ਦੀਆਂ ਅਖ਼ਬਾਰਾਂ ਵਿਚ ਇਕ ਰੂਸੀ ਨਾਵਲਕਾਰ ਚਰਚਾ ਦਾ ਵਿਸ਼ਾ ਬਣਿਆ ਹੈ। ਉਹ ਕੌਣ ਸੀ ਤੇ ਸਾਡੇ ਨਾਲ ਕਿਵੇਂ ਜੁੜਿਆ ਹੋਇਆ ਹੈ?
111 ਸਾਲ ਪਹਿਲਾਂ ਭਾਵ 1908 ਦੀ ਗੱਲ ਹੈ। ਉਦੋਂ ਤਕ ਉਹ ਆਪਣੇ ਸਾਰੇ ਵੱਡੇ ਨਾਵਲ ਲਿਖ ਚੁੱਕਾ ਸੀ। ਅੱਠ ਵਰ੍ਹੇ ਪਹਿਲਾਂ (1901 ਵਿਚ) ਰੂਸ ਦੇ ਆਰਥੋਡੋਕਸ ਚਰਚ ਨੇ ਉਸ ਨੂੰ ਚਰਚ ਵਿਚੋਂ ਕੱਢ/ਛੇਕ ਦਿੱਤਾ ਸੀ, ਬਹੁਤ ਸਾਰੇ ਲੇਖਕ ਤੇ ਵਿਦਵਾਨ ਟਿੱਲ ਲਾ ਹਟੇ ਸਨ (1902 ਤੋਂ 1906 ਦੇ ਵਿਚਕਾਰ) ਕਿ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਜਾਵੇ ਪਰ ਇਨਾਮ ਦੇਣ ਵਾਲੀ ਕਮੇਟੀ ਨਹੀਂ ਮੰਨੀ ਸੀ, ਉਦੋਂ ਤਕ ਉਸ ਨੂੰ ਆਪਣੇ ਸਮਕਾਲੀਆਂ ਵਿਚ ਸਭ ਤੋਂ ਮਹਾਨ ਲੇਖਕ ਵਜੋਂ ਸਵੀਕਾਰ ਕੀਤਾ ਜਾ ਚੁੱਕਾ ਸੀ; 1908 ਵਿਚ ਅੰਗਰੇਜ਼ਾਂ ਦੀ ਗ਼ੁਲਾਮੀ ਸਹਿ ਰਹੇ ਦੇਸ਼ ਹਿੰਦੋਸਤਾਨ ਦੇ ਇਕ ਬਾਸ਼ਿੰਦੇ ਤਾਰਕ ਨਾਥ ਦਾਸ ਨੇ ਉਸ ਨੂੰ ਦੋ ਖ਼ਤ ਲਿਖੇ ਸਨ। ਇਹ ਬੰਦਾ ਕੌਣ ਸੀ? ਇਹ ਦੁਨੀਆਂ ਦਾ ਪ੍ਰਸਿੱਧ ਲੇਖਕ ਲਿਉ ਟਾਲਸਟਾਏ ਸੀ ਜਿਸ ਨੇ 'ਜੰਗ ਤੇ ਅਮਨ' (ਵਾਰ ਐਂਡ ਪੀਸ), 'ਅੰਨਾ ਕੈਰੀਨੀਨਾ', 'ਇਵਾਨ ਇਲੀਚ ਦੀ ਮੌਤ' (ਡੈੱਥ ਆਫ਼ ਇਵਾਨ ਇਲੀਚ), 'ਮੋਇਆਂ ਦੀ ਜਾਗ' (ਦਿ ਰਿਸਰਰੈਕਸ਼ਨ) ਜਿਹੇ ਮਹਾਨ ਨਾਵਲ, ਕੁਰਜ਼ਰ ਸੋਨਾਟਾ ਅਤੇ ਫਾਦਰ ਸਰਜ਼ੀਅਸ ਜਿਹੀਆਂ ਕਈ ਮਹਾਨ ਕਹਾਣੀਆਂ, ਸਵੈ-ਜੀਵਨੀ, ਨਾਟਕ ਤੇ ਬਹੁਤ ਉੱਚ-ਪੱਧਰ ਦੀ ਵਾਰਤਕ ਲਿਖੀ। ਉਸ ਨੂੰ ਵੇਲ਼ੇ ਦਾ ਮਹਾਨ ਚਿੰਤਕ ਮੰਨਿਆ ਜਾਂਦਾ ਸੀ। ਤੇ ਉਸ ਨੇ ਤਾਰਕ ਨਾਥ ਦਾਸ ਦੇ ਖ਼ਤਾਂ ਦਾ ਜਵਾਬ ਦਿੱਤਾ ਜਿਹੜਾ ਅੰਗਰੇਜ਼ੀ ਵਿਚ 'ਏ ਲੈਟਰ ਟੂ ਏ ਹਿੰਦੂ' (ਇਕ ਹਿੰਦੂ ਨੂੰ ਖ਼ਤ) ਵਜੋਂ ਜਾਣਿਆ ਜਾਂਦਾ ਹੈ।
ਕਈ ਲੋਕ ਪੁੱਛ ਸਕਦੇ ਹਨ ਕਿ ''ਟਾਲਸਟਾਏ ਨੂੰ ਕਿਉਂ ਯਾਦ ਕੀਤਾ ਜਾਏ? ਟਾਲਸਟਾਏ ਵਰਗੇ ਹੋਰ ਕਈ ਲੇਖਕ ਹੋਏ ਹਨ।'' ਕਈ ਕਹਿ ਸਕਦੇ ਹਨ ''ਨਹੀਂ, ਉਹੋ ਜਿਹੇ ਲੇਖਕ ਬਹੁਤ ਘੱਟ ਹੋਏ ਹਨ, ਉਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ।'' ਪਰ ਇਸ ਵੇਲ਼ੇ ਯਾਦ ਕਰਨ ਦਾ ਮੌਕਾ ਬੰਬੇ ਹਾਈ ਕੋਰਟ ਦੇ ਇਕ ਜੱਜ ਸਾਹਿਬ ਨੇ ਦਿੱਤਾ ਹੈ ਜਿਨ੍ਹਾਂ ਨੇ 29 ਅਗਸਤ ਨੂੰ ਵਰਨੋਨ ਗੋਂਸਾਲਵਜ਼ ਦੀ ਜ਼ਮਾਨਤ ਦੀ ਅਰਜ਼ੀ ਸੁਣਦੇ ਹੋਏ ਟਾਲਸਟਾਏ ਦੇ ਨਾਵਲ 'ਵਾਰ ਐਂਡ ਪੀਸ' ਕਿਤਾਬ ਬਾਰੇ ਜ਼ਿਕਰ ਕੀਤਾ ਅਤੇ ਗੋਂਸਾਲਵਜ਼ ਨੂੰ ਇਹ ਪੁੱਛਿਆ ਕਿ ''ਉਸ ਨੇ ਇਹ ਕਿਤਾਬ, ਜਿਸ ਵਿਚ ਇਕ ਹੋਰ ਦੇਸ਼ ਦੀ ਜੰਗ ਦੇ ਵਿਵਰਣ ਹਨ, ਨੂੰ ਘਰ ਵਿਚ ਕਿਉਂ ਰੱਖਿਆ ਸੀ?'' ਸਵਾਲ ਵਾਜਬ ਹੈ। ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਵਰਨੋਨ ਗੋਂਸਾਲਵਜ਼ ਕੌਣ ਹੈ ਤੇ ਉਹ ਜੇਲ੍ਹ ਵਿਚ ਕਿਉਂ ਹੈ?
ਅੰਗਰੇਜ਼ਾਂ ਤੇ ਮਹਾਰਾਸ਼ਟਰ ਦੇ ਪੇਸ਼ਵਿਆਂ ਵਿਚਕਾਰ ਹੋਏ ਤੀਸਰੇ ਐਂਗਲੋ-ਮਰਾਠਾ ਯੁੱਧ ਵਿਚ ਇਕ ਲੜਾਈ 1 ਜਨਵਰੀ, 1818 ਨੂੰ ਕੋਰੇਗਾਉਂ ਦੇ ਪਿੰਡ ਵਿਚ ਹੋਈ। ਇਸ ਪਿੰਡ ਦੇ ਲਾਗੇ ਭੀਮਾ ਨਾਂ ਦੀ ਨਦੀ ਵਹਿੰਦੀ ਹੈ ਤੇ ਇਸ ਲਈ ਇਸ ਨੂੰ ਕੋਰੇਗਾਉਂ ਭੀਮਾ ਦੀ ਲੜਾਈ ਵੀ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਅੰਗਰੇਜ਼ ਫ਼ੌਜ ਦੀ ਇਕ ਛੋਟੀ ਜਿਹੀ ਟੁਕੜੀ (ਲਗਭਗ 834 ਬੰਦਿਆਂ ਦੀ), ਜਿਸ ਵਿਚ ਮਹਾਰ (ਮਹਾਰਾਸ਼ਟਰ ਦੀ ਇਕ ਦਲਿਤ ਜਾਤੀ) ਬਹੁਗਿਣਤੀ ਵਿਚ ਸਨ, ਨੇ ਪੇਸ਼ਵਾ ਫ਼ੌਜ ਦੀ ਇਕ ਵੱਡੀ ਟੁਕੜੀ (ਲਗਭਗ 2000 ਬੰਦਿਆਂ ਦੀ), ਜਿਸ ਵਿਚ ਬਹੁਤੇ ਸੈਨਿਕ ਮਰਹੱਟੇ, ਗੋਸਾਈਂ ਤੇ ਅਰਬ ਸਨ, ਨੂੰ ਹਰਾਇਆ। ਇਸ ਲਈ ਮਹਾਰਾਸ਼ਟਰ ਦੇ ਦਲਿਤ ਇਸ ਜਿੱਤ ਨੂੰ ਦਲਿਤਾਂ ਦੀ ਪੇਸ਼ਵਾ ਰਾਜਿਆਂ (ਜਿਹੜੇ ਬ੍ਰਾਹਮਣ ਸਨ) 'ਤੇ ਜਿੱਤ ਦਾ ਪ੍ਰਤੀਕ ਮੰਨਦੇ ਹਨ ਅਤੇ ਇਸ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।
2018 ਵਿਚ ਜਦ ਦਲਿਤ ਕਾਰਕੁਨ ਅਤੇ ਹੋਰ ਲੋਕ ਇਸ ਜਿੱਤ ਦੀ 200ਵੀਂ ਵਰ੍ਹੇਗੰਢ ਮਨਾ ਰਹੇ ਸਨ ਤਾਂ ਉਨ੍ਹਾਂ 'ਤੇ ਪਥਰਾਉ ਕੀਤਾ ਗਿਆ, ਆਪਸ ਵਿਚ ਹੋਈ ਮੁੱਠਭੇੜ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਈ, ਖ਼ਾਸ ਕਰਕੇ ਮਹਾਰਾਸ਼ਟਰ ਵਿਚ, 3 ਜਨਵਰੀ ਨੂੰ ਮਹਾਰਾਸ਼ਟਰ ਬੰਦ ਹੋਇਆ। ਬਾਅਦ ਵਿਚ ਹੋਈ ਤਫ਼ਤੀਸ਼ ਦੌਰਾਨ ਅਗਸਤ 2018 ਵਿਚ ਆਂਧਰਾ ਪ੍ਰਦੇਸ਼/ਤਿਲੰਗਾਨਾ ਦੇ ਮਸ਼ਹੂਰ ਕਵੀ ਵਰਵਰਾ ਰਾਓ, ਸਮਾਜਿਕ ਕਾਰਕੁਨ ਅਰੁਣ ਫਰੇਰਾ, ਇਕਨੌਮਿਕ ਐਂਡ ਪੁਲਿਟੀਕਲ ਵੀਕਲੀ ਦੇ ਸਹਿਯੋਗੀ (ਸਲਾਹਕਾਰੀ) ਸੰਪਾਦਕ ਗੌਤਮ ਨਵਲੱਖਾ, ਮਸ਼ਹੂਰ ਅਰਥਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ (ਜੋ ਮਜ਼ਦੂਰਾਂ ਤੇ ਜਮਹੂਰੀ ਅਧਿਕਾਰਾਂ ਲਈ ਲੜਨ ਵਾਲੀ ਕਾਰਕੁਨ ਹੈ) ਅਤੇ ਵਰਨੋਨ ਗੋਂਸਾਲਵਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਲੇਖਕਾਂ ਅਤੇ ਕਾਰਕੁਨਾਂ 'ਤੇ ਭੀਮਾ ਕੋਰੇਗਾਉਂ ਵਿਚ ਹੋਈ ਹਿੰਸਾ ਭੜਕਾਉਣ ਦੇ ਦੋਸ਼ ਲਾਏ ਗਏ ਅਤੇ ਇਹ ਵੀ ਦੋਸ਼ ਲਗਾਇਆ ਕਿ ਉਹ ਦੇਸ਼ ਦੇ ਇਕ ਵੱਡੇ ਨੇਤਾ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੂੰ 'ਅਰਬਨ ਨਕਸਲਾਈਟਸ' ਦਾ ਨਾਮ ਦਿੱਤਾ ਗਿਆ ਹੈ। ਇਸ ਸਬੰਧ ਵਿਚ ਰੋਸਾ ਵਿਲਸਨ ਤੇ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਕਈਆਂ ਦੇ ਘਰਾਂ 'ਤੇ ਛਾਪੇ ਮਾਰੇ ਗਏ।
ਵਰਨੋਨ ਗੋਂਸਾਲਵਜ਼ ਖ਼ੁਦ ਕੌਣ ਹੈ? ਉਹ ਮੁੰਬਈ ਦੇ ਕਈ ਮਸ਼ਹੂਰ ਕਾਲਜਾਂ ਵਿਚ ਪੜ੍ਹਾਉਂਦਾ ਰਿਹਾ ਹੈ। ਉਸ ਨੂੰ 2007 ਵਿਚ ਨਕਸਲਾਈਟਾਂ ਦਾ ਸਹਿਯੋਗੀ ਹੋਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਵੀਹ ਮੁਕੱਦਮੇ ਦਾਇਰ ਕੀਤੇ ਗਏ। ਉਹ 2013 ਵਿਚ ਰਿਹਾਅ ਹੋਇਆ।
ਜੀ ਹਾਂ! ਇਸ ਵਰਨੋਨ ਗੋਂਸਾਲਵਜ਼ ਤੋਂ ਜੱਜ ਸਾਹਿਬ ਨੇ ਪੁੱਛਿਆ ਹੈ ਕਿ ਉਸ ਦੇ ਘਰ ਵਿਚ ਟਾਲਸਟਾਏ ਦੀ ਕਿਤਾਬ 'ਵਾਰ ਐਂਡ ਪੀਸ' ਕੀ ਕਰ ਰਹੀ ਸੀ? ਉਹ ਟਾਲਸਟਾਏ, ਜਿਸ ਨੇ 111 ਵਰ੍ਹੇ ਪਹਿਲਾਂ ਇਕ ਹਿੰਦੂ ਤਾਰਕ ਨਾਥ ਦਾਸ ਨੂੰ ਖ਼ਤ ਲਿਖਿਆ ਸੀ।
ਇਹ ਤਾਰਕ ਨਾਥ ਦਾਸ ਕੌਣ ਸੀ? ਭਾਈ ਜਾਨ, ਤਾਰਕ ਨਾਥ 1884 ਵਿਚ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਵਿਚ ਜੰਮਿਆ ਬੰਗਾਲੀ ਸੀ, ਜਿਹੜਾ ਕਲਕੱਤੇ ਵਿਚ ਪੜ੍ਹਿਆ ਅਤੇ ਜਿਹਨੂੰ ਬੰਗਾਲੀਆਂ ਦੇ ਇਕ ਗਰੁੱਪ (ਜਿਨ੍ਹਾਂ ਵਿਚ ਜਤਿੰਦਰ ਨਾਥ ਮੁਖਰਜੀ ਉਰਫ਼ ਬਾਘਾ ਜਤਿਨ, ਜੋ ਬਾਅਦ ਵਿਚ ਸ਼ਹੀਦ ਭਗਤ ਸਿੰਘ ਦਾ ਸਾਥੀ ਬਣਿਆ ਤੇ ਜਿਸ ਨੇ ਭਗਤ ਸਿੰਘ ਹੋਰਾਂ ਨਾਲ ਜੇਲ੍ਹ ਵਿਚ ਕੀਤੀ ਲੰਬੀ ਭੁੱਖ ਹੜਤਾਲ ਦੌਰਾਨ ਸ਼ਹਾਦਤ ਪਾਈ) ਨੇ ਅਮਰੀਕਾ ਪੜ੍ਹਨ ਭੇਜਿਆ। ਉਸ ਨੇ ਪਾਂਡੂਰੰਗਾ ਖਾਨਾਖੋਜੇ (ਬਾਲ ਗੰਗਾਧਰ ਤਿਲਕ ਦਾ ਸਾਥੀ) ਨਾਲ ਮਿਲ ਕੇ ਇੰਡੀਅਨ ਇੰਡੀਪੀਡੈਂਸ ਲੀਗ ਦੀ ਨੀਂਹ ਰੱਖੀ ਅਤੇ ਕੈਨੇਡਾ 'ਚੋਂ 'ਫਰੀ ਹਿੰਦੋਸਤਾਨ' ਨਾਂ ਦਾ ਅਖ਼ਬਾਰ ਕੱਢਿਆ ਜਿਸ ਦੇ ਗੁਰਮੁਖੀ ਰੂਪ ਦਾ ਨਾਮ 'ਸਵਦੇਸ਼ ਸੇਵਕ' (ਗੁਰਾਂ ਦਿੱਤਾ ਸਿੰਘ ਜਾਂ ਗੁੱਰਾਂ ਦਿੱਤਾ ਕੁਮਾਰ ਦੇ ਨਾਲ) ਸੀ। ਉਹ ਗ਼ਦਰ ਪਾਰਟੀ ਨਾਲ ਵੀ ਜੁੜਿਆ ਰਿਹਾ ਅਤੇ ਸਾਨ ਫਰਾਂਸਿਸਕੋ ਸਾਜ਼ਿਸ਼ ਕੇਸ ਵਿਚ ਦੋ ਸਾਲ ਦੀ ਜੇਲ੍ਹ ਕੱਟੀ।
ਹਾਂ ਜੀ ... ਇਸ ਤਾਰਕ ਨਾਥ ਦਾਸ ਨੇ ਲਿਉ ਟਾਲਸਟਾਏ ਨੂੰ ਦੋ ਚਿੱਠੀਆਂ ਲਿਖੀਆਂ ਜਿਸ ਦਾ ਜਵਾਬ ਟਾਲਸਟਾਏ ਨੇ ਲੰਬਾ ਖ਼ਤ, ਜਿਸ ਨੂੰ 'ਏ ਲੈਟਰ ਟੂ ਏ ਹਿੰਦੂ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਲਿਖ ਕੇ ਦਿੱਤਾ। ਇਹ ਖ਼ਤ 'ਫਰੀ ਹਿੰਦੋਸਤਾਨ' ਵਿਚ ਛਪਿਆ। ਉਸ ਸਮੇਂ ਤਕ ਟਾਲਸਟਾਏ ਦਾ ਇਹ ਵਿਚਾਰ ਪ੍ਰਪੱਕ ਹੋ ਚੁੱਕਾ ਸੀ ਕਿ ਜਬਰ ਦਾ ਸਾਹਮਣਾ ਕਰਨ ਲਈ ਅਹਿੰਸਾ ਦਾ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ। ਇਸ ਖ਼ਤ ਵਿਚ ਟਾਲਸਟਾਏ ਨੇ ਸਵਾਮੀ ਵਿਵੇਕਾਨੰਦ ਅਤੇ ਤਾਮਿਲ ਸਾਹਿਤ ਦੇ ਪੁਰਾਤਨ ਗ੍ਰੰਥ 'ਤ੍ਰਿਰੂਕੁਰਲ' ਦਾ ਜ਼ਿਕਰ ਕੀਤਾ ਹੈ (ਪਤਾ ਨਹੀਂ ਇਹ ਟਾਲਸਟਾਏ ਕੀ ਕੁਝ ਪੜ੍ਹਦਾ ਰਹਿੰਦਾ ਸੀ)।
ਪਰ ਅਜੇ ਕਹਾਣੀ ਖ਼ਤਮ ਨਹੀਂ ਹੋਈ। ਇਹ ਖ਼ਤ ਮਹਾਤਮਾ ਗਾਂਧੀ ਨੇ ਪੜ੍ਹਿਆ। ਉਸ ਵੇਲ਼ੇ ਉਹ ਦੱਖਣੀ ਅਫ਼ਰੀਕਾ ਵਿਚ ਰਹਿ ਰਿਹਾ ਸੀ। ਉਹ ਉਸ ਵੇਲ਼ੇ ਤਕ ਟਰਾਂਸਵਾਲ (ਦੱਖਣੀ ਅਫ਼ਰੀਕਾ ਦਾ ਇਕ ਸੂਬਾ) ਸਰਕਾਰ ਦੇ ਹਿੰਦੋਸਤਾਨੀਆਂ ਤੇ ਚੀਨੀਆਂ ਨੂੰ ਦਬਾਉਣ ਦੇ ਆਦੇਸ਼ ਵਿਰੁੱਧ ਸੱਤਿਆਗ੍ਰਹਿ ਕਰ ਚੁੱਕਾ ਸੀ। ਉਹ ਇਸ ਖ਼ਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਟਾਲਸਟਾਏ ਨੂੰ ਚਿੱਠੀ ਲਿਖ ਕੇ 'ਇਕ ਹਿੰਦੂ ਨੂੰ ਖ਼ਤ' ਨੂੰ ਦੱਖਣੀ ਅਫ਼ਰੀਕਾ ਤੋਂ ਚਲਾਏ ਜਾ ਰਹੇ ਆਪਣੇ ਅਖ਼ਬਾਰ 'ਇੰਡੀਅਨ ਓਪੀਨੀਅਨ' (Inidan Oipinon) ਵਿਚ ਛਾਪਣ ਦੀ ਇਜਾਜ਼ਤ ਮੰਗੀ। ਗਾਂਧੀ ਨੇ ਲੇਖ ਦਾ ਤਰਜਮਾ ਗੁਜਰਾਤੀ ਵਿਚ ਕਰਕੇ ਹਿੰਦੋਸਤਾਨ ਭੇਜਿਆ। ਗਾਂਧੀ ਤੇ ਟਾਲਸਟਾਏ ਵਿਚ ਖ਼ਤੋ-ਖ਼ਿਤਾਬਤ ਹੁੰਦੀ ਰਹੀ। 1 ਅਕਤੂਬਰ 1909 ਦੀ ਆਪਣੀ ਚਿੱਠੀ ਮਹਾਤਮਾ ਗਾਂਧੀ ਇਸ ਤਰ੍ਹਾਂ ਸ਼ੁਰੂ ਕਰਦਾ ਹੈ, ''ਸ੍ਰੀਮਾਨ ਜੀ (ਸਰ), ਮੈਂ ਤੁਹਾਡਾ ਧਿਆਨ ਉਨ੍ਹਾਂ ਘਟਨਾਵਾਂ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਹੜੀਆਂ ਟਰਾਂਸਵਾਲ ਵਿਚ ਤਿੰਨ ਵਰ੍ਹਿਆਂ ਤੋਂ ਹੋ ਰਹੀਆਂ ਹਨ...।'' ਟਾਲਸਟਾਏ ਆਪਣਾ ਇਕ ਖ਼ਤ ਏਥੋਂ ਸ਼ੁਰੂ ਕਰਦਾ ਹੈ, ''ਮੈਨੂੰ ਤੁਹਾਡਾ ਬਹੁਤ ਦਿਲਚਸਪ ਖ਼ਤ ਹੁਣੇ ਹੁਣੇ ਮਿਲਿਆ ਅਤੇ ਮੈਨੂੰ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ। ਰੱਬ ਟਰਾਂਸਵਾਲ ਵਿਚਲੇ ਸਾਡੇ ਭਰਾਵਾਂ ਤੇ ਸਾਥੀਆਂ ਦਾ ਭਲਾ ਕਰੇ! ... ਮਾਸਕੋ ਵਾਲੇ ਤੁਹਾਨੂੰ ਕ੍ਰਿਸ਼ਨ (ਭਗਵਾਨ) ਸਬੰਧੀ ਕਿਤਾਬ ਬਾਰੇ ਹੋਰ ਜਾਣਕਾਰੀ ਦੇਣਗੇ।''
ਗਾਂਧੀ ਟਾਲਸਟਾਏ ਦੀਆਂ ਲਿਖਤਾਂ ਤੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ 1893 ਤੋਂ ਹੀ ਟਾਲਸਟਾਏ ਦੀਆਂ ਲਿਖਤਾਂ ਪੜ੍ਹ ਅਤੇ ਉਨ੍ਹਾਂ ਬਾਰੇ ਲਿਖ ਰਿਹਾ ਸੀ। ਉਸ ਦੇ ਅਹਿੰਸਾ ਤੇ ਸੱਤਿਆਗ੍ਰਹਿ ਦੇ ਸਿਧਾਂਤਾਂ ਦੀ ਸਿਰਜਣਾ ਟਾਲਸਟਾਏ ਦੇ ਸਿਧਾਂਤਾਂ ਦੀ ਜ਼ਮੀਨ 'ਤੇ ਹੀ ਕੀਤੀ ਗਈ ਸੀ। ਗਾਂਧੀ ਦੇ ਇਕ ਲੇਖ ਦਾ ਨਾਂ 'ਟਾਲਸਟਾਏ ਦਾ ਸੱਤਿਆਗ੍ਰਹਿ' (ਟਾਲਸਟਾਏ'ਜ਼ ਸੱਤਿਆਗ੍ਰਹਿ) ਹੈ। ਉਸ ਨੇ ਟਾਲਸਟਾਏ ਬਾਰੇ ਕਾਫ਼ੀ ਕੁਝ ਲਿਖਿਆ ਅਤੇ ਉਸ ਦੀਆਂ ਲਿਖਤਾਂ ਨੂੰ ਉਲਥਾਇਆ ਤੇ ਛਾਪਿਆ। ਗਾਂਧੀ ਨੇ ਟਰਾਂਸਵਾਲ ਵਿਚ ਇਕ ਸੰਸਥਾ/ਕਮਿਊਨ ਸ਼ੁਰੂ ਕੀਤੀ ਜਿਸ ਦਾ ਨਾਂ ਉਸ ਨੇ 'ਟਾਲਸਟਾਏ ਫਾਰਮ' ਰੱਖਿਆ।
ਹਾਂ ਜੀ... ਗਾਂਧੀ ਨੇ ਉਸ ਟਾਲਸਟਾਏ ਨੂੰ ਖ਼ਤ ਲਿਖੇ ਅਤੇ ਟਾਲਸਟਾਏ ਦੇ ਸਿਧਾਂਤਾਂ 'ਤੇ ਅਮਲ ਕਰਕੇ ਅੰਗਰੇਜ਼ਾਂ ਵਿਰੁੱਧ ਤੇ ਆਜ਼ਾਦੀ ਲਈ ਅੰਦੋਲਨ ਚਲਾਏ... ਹਾਂ ਜੀ, ਉਸ ਟਾਲਸਟਾਏ ਦੀ ਕਿਤਾਬ ਬਾਰੇ ਜੱਜ ਸਾਹਿਬ ਵਰਨੋਨ ਗੋਂਸਾਲਵਜ਼ ਤੋਂ ਪੁੱਛ ਰਹੇ ਹਨ ਕਿ ਉਹਦੀ ਕਿਤਾਬ ਗੋਂਸਾਲਵਜ਼ ਦੇ ਘਰ ਵਿਚ ਕਿਉਂ ਪਾਈ ਗਈ। ਸ਼ਾਇਦ ਇਸ ਦਾ ਸਭ ਤੋਂ ਠੀਕ ਜਵਾਬ ਮਹਾਤਮਾ ਗਾਂਧੀ ਤੇ ਤਾਰਕ ਨਾਥ ਦਾਸ, ਜੇ ਉਹ ਜਿਉਂਦੇ ਹੁੰਦੇ, ਹੀ ਦੇ ਸਕਦੇ ਸਨ। ਉਹ ਹੀ ਜੱਜ ਸਾਹਿਬ ਨੂੰ ਦੱਸ ਸਕਦੇ ਸਨ ਕਿ ਟਾਲਸਟਾਏ ਕੌਣ ਸੀ ਤੇ ਕਿਤਾਬ 'ਵਾਰ ਐਂਡ ਪੀਸ' ਕਿਉਂ ਮਹੱਤਵਪੂਰਨ ਹੈ। ਹੋ ਸਕਦਾ ਹੈ, ਗਾਂਧੀ ਤੇ ਤਾਰਕ ਨਾਥ ਦਾਸ ਨੂੰ ਪੁੱਛਿਆ ਜਾਂਦਾ ਕਿ ਉਨ੍ਹਾਂ ਨੇ ਇਕ ਵਿਦੇਸ਼ੀ ਭਾਵ ਟਾਲਸਟਾਏ ਨੂੰ ਖ਼ਤ ਕਿਉਂ ਲਿਖੇ ਸਨ? ਰੱਬ ਖ਼ੈਰ ਕਰੇ!
ਆਜ਼ਾਦੀ ਦੇ 73ਵੇਂ ਵਰ੍ਹੇ ਵਿਚ - ਸਵਰਾਜਬੀਰ
ਆਜ਼ਾਦੀ ਬਹੁਤ ਕੀਮਤੀ ਸ਼ੈਅ ਹੈ। ਇਹ ਜ਼ਿੰਦਗੀ ਦੀ ਉਹ ਮੁੱਢਲੀ ਸ਼ਰਤ ਹੈ ਜੋ ਪੂਰੀ ਹੁੰਦੀ ਹੋਵੇ ਤਾਂ ਹੀ ਮਨੁੱਖ, ਮਨੁੱਖ ਵਜੋਂ ਜਿਊਂ ਸਕਦਾ ਹੈ। ਜੇ ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕ ਕਿਸੇ ਹੋਰ ਦੇਸ਼ ਜਾਂ ਨਸਲ ਦੀ ਗ਼ੁਲਾਮੀ ਭੋਗ ਰਹੇ ਹੋਣ ਤਾਂ ਉਨ੍ਹਾਂ ਦੇ ਜੀਵਨ ਵਿਚੋਂ ਮਨੁੱਖਤਾ ਵੱਡੀ ਪੱਧਰ 'ਤੇ ਮਨਫ਼ੀ ਹੋ ਜਾਂਦੀ ਹੈ। ਇਸੇ ਲਈ ਜਦੋਂ ਵੀ ਵੱਖ ਵੱਖ ਦੇਸ਼ਾਂ ਜਾਂ ਕੌਮਾਂ ਨੂੰ ਗ਼ੁਲਾਮ ਬਣਾਇਆ ਗਿਆ ਤਾਂ ਲੋਕਾਂ ਨੇ ਸੰਘਰਸ਼ ਕੀਤਾ। ਉਨ੍ਹਾਂ ਨੇ ਗ਼ੁਲਾਮੀ ਦਾ ਜੀਵਨ ਜਿਊਣ ਦੀ ਬਜਾਇ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ।
17ਵੀਂ-18ਵੀਂ ਸਦੀ ਵਿਚ ਯੂਰੋਪ ਦੇ ਕਈ ਦੇਸ਼ ਬਸਤੀਵਾਦੀ ਤਾਕਤਾਂ ਬਣ ਕੇ ਉੱਭਰੇ। ਉਨ੍ਹਾਂ ਨੇ ਏਸ਼ੀਆ ਤੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਗ਼ੁਲਾਮ ਬਣਾ ਲਿਆ। ਵੱਖ ਵੱਖ ਦੇਸ਼ ਹਾਲੈਂਡ, ਸਪੇਨ, ਪੁਰਤਗਾਲ, ਜਰਮਨੀ, ਫ਼ਰਾਂਸ ਜਾਂ ਇੰਗਲੈਂਡ ਦੀਆਂ ਬਸਤੀਆਂ ਬਣ ਗਏ। ਅੰਗਰੇਜ਼ ਸਾਮਰਾਜ ਏਨਾ ਫੈਲ ਗਿਆ ਕਿ ਕਹਾਵਤ ਸੀ ਕਿ ਉਸ ਸਾਮਰਾਜ ਵਿਚ ਸੂਰਜ ਕਦੇ ਵੀ ਨਹੀਂ ਡੁੱਬਦਾ। ਅੰਗਰੇਜ਼ ਹਿੰਦੋਸਤਾਨ ਵਿਚ ਵਪਾਰੀ ਬਣ ਕੇ ਆਏ ਅਤੇ ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਨੂੰ ਗ਼ੁਲਾਮ ਬਣਾ ਲਿਆ। ਇਸ ਪਿੱਛੇ ਮੁੱਖ ਕਾਰਨ ਇਹ ਸੀ ਕਿ ਇਸ ਭੂਗੋਲਿਕ ਖ਼ਿੱਤੇ ਵਿਚ ਰਾਜ ਕਰਦੇ ਰਾਜੇ ਤੇ ਰਜਵਾੜੇ ਕਦੇ ਵੀ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਵਿਰੁੱਧ ਨਾ ਲੜੇ। ਹੈਦਰ ਅਲੀ ਦੇ ਵਾਰਸ ਟੀਪੂ ਸੁਲਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਪਰ ਇਹ ਲੜਾਈਆਂ ਵੀ ਉਨ੍ਹਾਂ ਨੇ ਇਕੱਲਿਆਂ ਰਹਿ ਕੇ ਲੜੀਆਂ। ਬਹੁਤ ਸਾਰੇ ਰਜਵਾੜਿਆਂ ਨੇ ਬਿਨਾਂ ਕਿਸੇ ਲੜਾਈ ਤੋਂ ਅੰਗਰੇਜ਼ਾਂ ਦੀ ਈਨ ਮੰਨ ਲਈ।
ਬਸਤੀਵਾਦ ਵਿਰੁੱਧ 1857 ਵਿਚ ਆਜ਼ਾਦੀ ਦਾ ਪਹਿਲਾ ਸੰਘਰਸ਼ ਹੋਇਆ ਜਿਸ ਨੂੰ ਗ਼ਦਰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਪੰਜਾਬੀਆਂ ਨੇ ਅਹਿਮਦ ਖ਼ਾਨ ਖਰਲ ਦੀ ਅਗਵਾਈ ਹੇਠ ਬਾਰ ਵਿਚ ਅਤੇ ਮੇਹਰ ਸਿੰਘ ਦੀ ਅਗਵਾਈ ਹੇਠ ਰੋਪੜ ਵਿਚ ਬਗ਼ਾਵਤ ਕੀਤੀ। ਬਾਅਦ ਦੇ ਹੋਏ ਆਜ਼ਾਦੀ ਦੇ ਸੰਘਰਸ਼ ਵਿਚ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ, ਗੁਰਦੁਆਰਿਆਂ ਦੀ ਆਜ਼ਾਦੀ ਲਈ ਚੱਲੀ ਅਕਾਲੀ ਪਾਰਟੀ ਦੀ ਤਹਿਰੀਕ, ਭਗਤ ਸਿੰਘ ਦੀ ਅਗਵਾਈ ਵਿਚ ਬਣੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ, ਬੱਬਰ ਅਕਾਲੀ ਲਹਿਰ ਆਦਿ ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਵੱਡੇ ਯੋਗਦਾਨ ਵਾਲੀਆਂ ਤਹਿਰੀਕਾਂ ਸਨ। ਪੰਜਾਬੀਆਂ ਨੇ ਕਾਂਗਰਸ ਦੀ ਅਗਵਾਈ ਵਿਚ ਚੱਲ ਰਹੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਵੱਡਾ ਹਿੱਸਾ ਪਾਇਆ ਅਤੇ ਕਿਰਤੀ ਤੇ ਕਮਿਊਨਿਸਟ ਪਾਰਟੀਆਂ ਦੁਆਰਾ ਵਿੱਢੇ ਗਏ ਜਨ-ਅੰਦੋਲਨਾਂ ਵਿਚ ਵੀ ਹਿੱਸਾ ਲਿਆ। ਆਜ਼ਾਦ ਹਿੰਦ ਫ਼ੌਜ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਸਨ। 1919 ਵਿਚ ਰੌਲਟ ਐਕਟ ਦੇ ਵਿਰੁੱਧ ਚੱਲੀ ਤਹਿਰੀਕ ਵਿਚ ਪੰਜਾਬ ਨੂੰ ਵੱਡੇ ਅਜ਼ਾਬ ਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ।
ਦੇਸ਼ ਦੀ ਆਜ਼ਾਦੀ ਦੇ ਨਾਲ ਨਾਲ ਪੰਜਾਬ ਵਿਚ ਵੱਡਾ ਦੁਖਾਂਤ ਵਾਪਰਿਆ ਤੇ ਪੰਜਾਬ ਵੰਡਿਆ ਗਿਆ। ਇਸ ਵੰਡ ਵੇਲ਼ੇ ਪੰਜਾਬੀਆਂ ਨੂੰ ਬਿਲਕੁਲ ਵੀ ਨਹੀਂ ਪੁੱਛਿਆ ਗਿਆ ਕਿ ਉਹ ਕੀ ਚਾਹੁੰਦੇ ਹਨ। ਲਗਭਗ ਦਸ ਲੱਖ ਪੰਜਾਬੀਆਂ ਦੀਆਂ ਜਾਨਾਂ ਗਈਆਂ ਤੇ ਲੱਖਾਂ ਲੋਕ ਬੇਘਰ ਹੋਏ। ਸਦੀਆਂ ਤੋਂ ਆਪਣੇ ਵਸੇਬਿਆਂ ਵਿਚ ਰਹਿੰਦੇ ਪੰਜਾਬੀ, ਹਿੰਦੂ, ਸਿੱਖ ਤੇ ਮੁਸਲਮਾਨ ਆਪਣੀ ਰਹਿਤਲ ਤੋਂ ਟੁੱਟੇ ਤੇ ਨਵੀਆਂ ਥਾਵਾਂ 'ਤੇ ਜਾ ਆਬਾਦ ਹੋਏ। ਇਸ ਵੰਡ ਨਾਲ ਉਹ ਪੰਜਾਬੀਅਤ, ਜਿਸ ਦਾ ਮੁੱਢ ਬਾਬਾ ਫ਼ਰੀਦ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਨੇ ਬੰਨ੍ਹਿਆ ਸੀ, ਖੇਰੂੰ-ਖੇਰੂੰ ਹੋ ਗਈ। ਵੰਡ ਵੇਲ਼ੇ ਖ਼ੁਆਰ ਹੋਏ ਪੰਜਾਬੀਆਂ ਨੇ 1980ਵਿਆਂ ਤੇ 1990ਵਿਆਂ ਦੇ ਦੌਰਾਨ ਅਤਿਵਾਦ ਤੇ ਸਰਕਾਰੀ ਤਸ਼ੱਦਦ ਦਾ ਸੇਕ ਆਪਣੇ ਪਿੰਡੇ 'ਤੇ ਹੰਢਾਇਆ। ਇਨ੍ਹਾਂ ਦੁੱਖਾਂ-ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਦੇਸ਼ ਦੇ ਵਿਕਾਸ ਵਿਚ ਵੱਡਾ ਹਿੱਸਾ ਪਾਇਆ ਹੈ।
ਬਹੁਤ ਸਾਰੇ ਪੱਛਮੀ ਰਾਜਸੀ ਮਾਹਿਰਾਂ ਦਾ ਖ਼ਿਆਲ ਸੀ ਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿਚ ਵੱਖ ਵੱਖ ਵੱਖਵਾਦੀ ਰੁਝਾਨ ਜ਼ੋਰ ਫੜਨਗੇ ਅਤੇ ਦੇਸ਼ ਟੋਟੇ-ਟੋਟੇ ਹੋ ਜਾਵੇਗਾ। ਇਹੋ ਜਿਹੇ ਵਿਚਾਰ ਕਈ ਕਿਤਾਬਾਂ ਤੇ ਮੁੱਖ ਤੌਰ 'ਤੇ ਸੈਲਿਗ ਐੱਸ. ਹੈਰੀਸਨ ਦੀ ਕਿਤਾਬ 'ਇੰਡੀਆ : ਦਿ ਮੋਸਟ ਡੇਂਜਰਸ ਡੀਕੇਡਸ' (India : The Most Dangerous Decades) ਵਿਚ ਦੇਖਣ ਨੂੰ ਮਿਲਦੇ ਹਨ। ਗੁਨਾਰ ਮਿਰਡਲ (Gunnar Myrdal) ਨੇ ਆਪਣੀ ਮਸ਼ਹੂਰ ਕਿਤਾਬ 'ਏਸ਼ੀਅਨ ਡਰਾਮਾ' (Asian Drama) ਵਿਚ ਇਹ ਖ਼ਦਸ਼ਾ ਪ੍ਰਗਟ ਕੀਤਾ ਕਿ ਜੇ ਸਮਾਜ ਨੂੰ ਤੋੜਨ, ਭੰਨਣ ਵਾਲੀਆਂ ਅਤੇ ਵੱਖ ਵੱਖ ਵੱਖਵਾਦੀ ਪ੍ਰਵਿਰਤੀਆਂ ਨੂੰ ਕਾਬੂ ਵਿਚ ਨਾ ਰੱਖਿਆ ਗਿਆ ਤਾਂ ਵਿਕਾਸ ਦੇ ਇਸ ਡਰਾਮੇ (Drama of Development) ਦਾ ਅੰਤ ਦੁਖਾਂਤ ਵਿਚ ਹੋਵੇਗਾ। ਦੇਸ਼ ਦੀ ਜਮਹੂਰੀਅਤ 'ਤੇ ਗੰਭੀਰ ਸੰਕਟ ਆਏ ਪਰ ਲੋਕਾਂ ਨੇ ਵਾਰ ਵਾਰ ਜਮਹੂਰੀਅਤ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਲੋਕ ਡੂੰਘੇ ਪੱਧਰ 'ਤੇ ਇਹ ਵੀ ਜਾਣਦੇ ਹਨ ਕਿ ਧਰਮ, ਨਸਲ ਜਾਂ ਹੋਰ ਕਿਸੇ ਆਧਾਰ 'ਤੇ ਛੋਟੀਆਂ ਛੋਟੀਆਂ ਇਕਾਈਆਂ ਦੀ ਮੰਗ ਕਰਨਾ ਲੋਕਾਂ ਦੇ ਆਪਣੇ ਹਿਤ ਵਿਚ ਨਹੀਂ ਹੁੰਦਾ ਕਿਉਂਕਿ ਇਹੋ ਜਿਹੀਆਂ ਇਕਾਈਆਂ ਹਮੇਸ਼ਾ ਗ਼ਰੀਬ ਲੋਕਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਦਮਿਤਾਂ ਤੇ ਔਰਤਾਂ ਦੇ ਹੱਕਾਂ ਦੇ ਵਿਰੁੱਧ ਜਾਂਦੀਆਂ ਹਨ।
ਸਿਆਸੀ ਆਜ਼ਾਦੀ ਦੇ ਨਾਲ ਨਾਲ ਸਮਾਜਿਕ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਦੀ ਵੱਖਰੀ ਅਹਿਮੀਅਤ ਹੁੰਦੀ ਹੈ। ਕੋਈ ਵੀ ਆਜ਼ਾਦੀ ਆਪਣੇ ਵਿਚ ਸੰਪੂਰਨ (Absolute) ਨਹੀਂ ਹੁੰਦੀ। ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਖਾਂ ਤੋਂ ਮਨੁੱਖ ਇਕ-ਦੂਸਰੇ 'ਤੇ ਨਿਰਭਰ ਹਨ ਅਤੇ ਇਸ ਤਰ੍ਹਾਂ ਸਮਾਜ, ਸੱਭਿਆਚਾਰ, ਰਵਾਇਤਾਂ ਤੇ ਅਰਥਚਾਰਾ ਮਨੁੱਖ 'ਤੇ ਵੱਖ ਵੱਖ ਤਰ੍ਹਾਂ ਦੀਆਂ ਬੰਦਸ਼ਾਂ ਲਾਉਂਦੇ ਹਨ। ਪਰ ਆਜ਼ਾਦੀ ਦੇ ਅਰਥ ਸ਼ਾਇਦ ਇਹ ਹੁੰਦੇ ਹਨ ਕਿ ਉਹ ਬੰਦਸ਼ਾਂ ਘੱਟ ਤੋਂ ਘੱਟ ਹੋਣ ਤੇ ਜਿਹੜੀਆਂ ਹੋਣ, ਉਨ੍ਹਾਂ ਦੀ ਤਾਸੀਰ ਇਹੋ ਜਿਹੀ ਹੋਵੇ ਕਿ ਉਨ੍ਹਾਂ ਕਾਰਨ ਦੂਸਰਿਆਂ ਨੂੰ ਆਜ਼ਾਦੀ ਨਾਲ ਜਿਊਣ ਅਤੇ ਸਮਾਜਿਕ ਬਰਾਬਰੀ ਦੇ ਹੱਕ ਮਿਲਣ। ਕਈ ਰਾਜਸੀ ਮਾਹਿਰਾਂ, ਸਮਾਜ ਸ਼ਾਸਤਰੀਆਂ ਅਤੇ ਚਿੰਤਕਾਂ ਅਨੁਸਾਰ ਆਰਥਿਕ ਤਬਦੀਲੀਆਂ ਆਉਣ ਨਾਲ ਸਮਾਜਿਕ ਢਾਂਚੇ ਵਿਚ ਆਪਣੇ ਆਪ ਤਬਦੀਲੀਆਂ ਆਉਂਦੀਆਂ ਹਨ ਅਤੇ ਮਨੁੱਖ ਆਰਥਿਕ ਵਿਕਾਸ ਨਾਲ ਸਮਾਜਿਕ ਆਜ਼ਾਦੀ ਵੱਲ ਵਧਣ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੁਨਿਆਦੀ ਆਰਥਿਕ ਤਬਦੀਲੀਆਂ ਸਮਾਜਿਕ ਰਿਸ਼ਤਿਆਂ 'ਤੇ ਡੂੰਘੇ ਅਸਰ ਪਾਉਂਦੀਆਂ ਹਨ ਤੇ ਮਨੁੱਖਾਂ ਵਿਚਲੇ ਬੁਨਿਆਦੀ ਰਿਸ਼ਤੇ ਬਦਲਦੇ ਵੀ ਹਨ ਪਰ ਬਹੁਤ ਸਾਰੇ ਰਿਸ਼ਤਿਆਂ, ਜਿਨ੍ਹਾਂ ਦਾ ਸਬੰਧ ਪਿਤਰੀ ਸੱਤਾ (ਮਰਦ ਪ੍ਰਧਾਨ ਸੋਚ) ਅਤੇ ਹਿੰਦੋਸਤਾਨ ਦੇ ਸੰਦਰਭ ਵਿਚ ਜਾਤੀਵਾਦੀ ਸਮਾਜ ਨਾਲ ਹੈ, ਨੂੰ ਬਦਲਣ ਵਿਚ ਬਹੁਤ ਸਮਾਂ ਲੱਗਦਾ ਹੈ। ਉਦਾਹਰਨ ਦੇ ਤੌਰ 'ਤੇ ਸੋਵੀਅਤ ਯੂਨੀਅਨ ਵਿਚ ਲੰਮਾ ਚਿਰ ਸਮਾਜਵਾਦ ਰਹਿਣ ਨਾਲ ਔਰਤਾਂ ਨੂੰ ਬਹੁਤ ਹੱਦ ਤਕ ਆਜ਼ਾਦੀ ਤਾਂ ਮਿਲੀ ਪਰ ਮਰਦਾਂ ਦੀ ਔਰਤਾਂ ਪ੍ਰਤੀ ਪਹੁੰਚ ਰਵਾਇਤੀ ਤੇ ਔਰਤ ਨੂੰ ਅਧੀਨ ਸਮਝਣ ਵਾਲੀ ਰਹੀ। ਹਿੰਦੋਸਤਾਨ ਵਿਚ ਵੀ ਔਰਤ ਕਈ ਪੱਧਰਾਂ 'ਤੇ ਮਰਦ ਦੀ ਗ਼ੁਲਾਮੀ ਭੋਗਦੀ ਹੈ।
ਸਿਆਸੀ ਆਜ਼ਾਦੀ ਤੇ ਆਰਥਿਕ ਵਿਕਾਸ ਨੇ ਜਾਤੀਵਾਦ ਦੀ ਸਮੱਸਿਆ ਨੂੰ ਵੀ ਹੱਲ ਨਹੀਂ ਕੀਤਾ। ਸ਼ਾਇਦ ਇਸੇ ਲਈ ਭਗਤ ਸਿੰਘ ਨੇ ਦਲਿਤਾਂ ਬਾਰੇ ਲਿਖਦਿਆਂ ਉਨ੍ਹਾਂ ਨੂੰ ਪਹਿਲਾਂ ਸਮਾਜਿਕ ਇਨਕਲਾਬ ਤੇ ਫਿਰ ਸਿਆਸੀ ਇਨਕਲਾਬ ਲਈ ਜੂਝਣ ਲਈ ਕਿਹਾ ਸੀ। ਇਸ ਤਰ੍ਹਾਂ ਦੇਸ਼ ਵਿਚ ਔਰਤਾਂ ਤੇ ਦਲਿਤਾਂ ਦੀ ਆਜ਼ਾਦੀ ਵਾਸਤੇ ਲੜੀਆਂ ਜਾਣ ਵਾਲੀਆਂ ਲੜਾਈਆਂ ਦਾ ਆਪਣਾ ਮਹੱਤਵ ਹੈ ਜਿਸ ਨੂੰ ਕੋਈ ਜਮਹੂਰੀ ਧਿਰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਅੱਜ ਸਿਆਸੀ ਆਜ਼ਾਦੀ 'ਤੇ ਲੱਗ ਰਹੀਆਂ ਬੰਦਸ਼ਾਂ ਸਮਾਜਿਕ ਤੇ ਆਰਥਿਕ ਆਜ਼ਾਦੀ ਦੇ ਵੱਖ ਵੱਖ ਪਹਿਲੂਆਂ ਨੂੰ ਚੋਭਾਂ ਲਾ ਰਹੀਆਂ ਹਨ। ਇਨ੍ਹਾਂ ਦਾ ਪ੍ਰਗਟਾਓ ਹਜੂਮੀ ਹਿੰਸਾ, ਘੱਟਗਿਣਤੀਆਂ ਤੇ ਦਲਿਤਾਂ ਨਾਲ ਵਿਤਕਰੇ ਭਰੇ ਵਰਤਾਰੇ, ਔਰਤਾਂ 'ਤੇ ਲਗਾਈਆਂ ਜਾਣ ਵਾਲੀਆਂ ਬੰਦਸ਼ਾਂ ਤੇ ਉਨ੍ਹਾਂ ਪ੍ਰਤੀ ਦਾਬੂ ਰਵੱਈਏ ਵਿਚ ਹੋ ਰਿਹਾ ਹੈ। ਸਿਆਸੀ ਪੱਧਰ 'ਤੇ ਕਸ਼ਮੀਰ ਵਿਚ ਹੋਈਆਂ ਘਟਨਾਵਾਂ ਉਸ ਖ਼ਿੱਤੇ ਦੀ ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਬਣਤਰ ਦਾ ਘਾਣ ਕਰ ਦੇਣ ਵਾਲੀਆਂ ਹਨ।
72 ਸਾਲਾਂ ਵਿਚ ਬਹੁਤ ਕੁਝ ਏਦਾਂ ਦਾ ਹੋਇਆ ਜਿਸ 'ਤੇ ਲੋਕ ਮਾਣ ਕਰ ਸਕਦੇ ਹਨ ਪਰ ਕਿਸੇ ਵੀ ਖ਼ਿੱਤੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਸਭ ਕੁਝ ਸਿੱਧ-ਪੱਧਰਾ ਅਤੇ ਜਸ਼ਨਮਈ ਨਹੀਂ ਹੁੰਦਾ। ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸਾਵੇਂ ਆਰਥਿਕ ਵਿਕਾਸ ਅਤੇ ਕਾਰਪੋਰੇਟ ਮਾਡਲ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਾ ਵੱਲ ਧੱਕਿਆ ਹੈ। ਦੇਸ਼ ਆਜ਼ਾਦੀ ਦੇ 73ਵੇਂ ਸਾਲ ਵਿਚ ਦਾਖ਼ਲ ਹੋ ਚੁੱਕਾ ਹੈ ਪਰ ਨਾਲ ਹੀ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਵੱਧ ਹੈ। ਆਰਥਿਕ ਮੰਦਵਾੜਾ ਸਭ ਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ। ਨਿਰਾਸ਼ ਤੇ ਬੇਰੁਜ਼ਗਾਰ ਨੌਜਵਾਨਾਂ ਤੋਂ ਅੰਧ-ਰਾਸ਼ਟਰਵਾਦ ਦੀ ਰੰਗਤ ਵਾਲੇ ਦੇਸ਼ ਪ੍ਰੇਮ ਦੀ ਮੰਗ ਕੀਤੀ ਜਾ ਰਹੀ ਹੈ। ਨਿਰਾਸ਼ਾ 'ਤੇ ਧਾਰਮਿਕ ਅਤੇ ਅੰਧ-ਰਾਸ਼ਟਰਵਾਦੀ ਮੁਲੰਮਾ ਚੜ੍ਹਾ ਕੇ ਉਨ੍ਹਾਂ ਨੂੰ ਹਿੰਸਾ ਕਰਨ ਵਾਲੀਆਂ ਭੀੜਾਂ/ਹਜੂਮਾਂ ਵਿਚ ਬਦਲਿਆ ਜਾ ਰਿਹਾ ਹੈ। ਇਸ ਦੇਸ਼ ਵਿਚ ਰਹਿਣ ਵਾਲੇ ਸਾਰੇ ਲੋਕ ਦੇਸ਼ ਨਾਲ ਪ੍ਰੇਮ ਕਰਦੇ ਹਨ। ਉਨ੍ਹਾਂ ਨੇ ਇਸ ਧਰਤੀ ਵਾਸਤੇ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਤੋਂ ਇਸ ਤਰ੍ਹਾਂ ਦੀ ਮੰਗ ਕਰਨਾ ਦੇਸ਼ ਭਗਤੀ ਦੇ ਕਿਸੇ ਮਿਆਰ 'ਤੇ ਪੂਰਾ ਨਹੀਂ ਉਤਰਦਾ। ਦੇਸ਼ ਭਗਤੀ ਦਾ ਅਸਲੀ ਤੱਤ ਲੋਕਾਂ ਦੇ ਨਾਲ ਪਿਆਰ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨਜਿੱਠਣ ਵਿਚ ਹੈ। ਪਰ ਅੱਜ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਧਾਰਮਿਕ, ਅੰਧ-ਰਾਸ਼ਟਰਵਾਦੀ ਤੇ ਦੇਸ਼ ਪ੍ਰੇਮ ਦੇ ਨਾਅਰਿਆਂ ਰਾਹੀਂ ਜਜ਼ਬਾਤੀ ਬਣਾਇਆ ਜਾ ਰਿਹਾ ਹੈ। ਅਸਹਿਮਤੀ ਦੀਆਂ ਆਵਾਜ਼ਾਂ ਨੂੰ ਕੁਚਲਿਆ ਜਾ ਰਿਹਾ ਹੈ। ਇਕ ਸਿਆਸੀ ਮਾਹਿਰ ਅਨੁਸਾਰ ਡਰ ਅਤੇ ਮੌਕਾਪ੍ਰਸਤੀ ਨੇ ਉਦਾਰਵਾਦੀ ਹਿੰਦੋਸਤਾਨੀਆਂ ਦੇ ਬੁੱਲ੍ਹਾਂ 'ਤੇ ਤਾਲੇ ਜੜ ਦਿੱਤੇ ਹਨ। ਅਸਹਿਮਤੀ, ਆਜ਼ਾਦੀ ਤੇ ਜਮਹੂਰੀਅਤ ਦਾ ਡੂੰਘਾ ਸਬੰਧ ਹੈ। ਇਨ੍ਹਾਂ ਵਿਚੋਂ ਕਿਸੇ ਇਕ ਉੱਤੇ ਲੱਗੀ ਚੋਟ ਜਾਂ ਜ਼ਖ਼ਮ ਦੂਸਰੇ ਦੋਵਾਂ ਵਰਤਾਰਿਆਂ ਨੂੰ ਵੀ ਜ਼ਖ਼ਮੀ ਕਰਦੀ ਹੈ। ਇਹ ਬੜੇ ਮੁਸ਼ਕਲ ਵੇਲ਼ੇ ਹਨ ਅਤੇ ਇਨ੍ਹਾਂ ਵੇਲ਼ਿਆਂ ਵਿਚ ਆਪਣੇ ਵਡੇਰਿਆਂ ਦੀਆਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਕੇ ਸੰਘਰਸ਼ ਕਰਦਿਆਂ ਹੀ ਆਜ਼ਾਦੀ ਤੇ ਜਮਹੂਰੀਅਤ ਦੀ ਰੱਖਿਆ ਕੀਤੀ ਜਾ ਸਕਦੀ ਹੈ।
2019-08-19
ਔਰਤਾਂ ਪ੍ਰਤੀ ਮੰਦਭਾਗੀ ਸੋਚ - ਸਵਰਾਜਬੀਰ
ਸਾਡੇ ਦੇਸ਼ ਵਿਚ ਗ਼ੈਰ-ਜ਼ਿੰਮੇਵਾਰ ਸਿਆਸਤਦਾਨਾਂ ਦੀ ਕਮੀ ਨਹੀਂ ਹੈ। ਜੰਮੂ-ਕਸ਼ਮੀਰ ਵਿਚ ਹਾਲਾਤ ਬਹੁਤ ਨਾਜ਼ੁਕ ਹਨ। ਇਸ ਦੇ ਨਾਲ ਨਾਲ ਕੁਝ ਸਿਆਸੀ ਆਗੂਆਂ ਅਤੇ ਹੋਰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਇਹ ਟਿੱਪਣੀਆਂ ਕਰਨ ਵਾਲੇ ਇਹ ਨਹੀਂ ਸਮਝਦੇ ਕਿ ਇਸ ਤਰ੍ਹਾਂ ਦਾ ਵਿਵਹਾਰ ਸਮੁੱਚੀ ਔਰਤ ਜਾਤ ਦਾ ਅਪਮਾਨ ਹੈ। ਇਸ ਰੁਝਾਨ ਦਾ ਵਿਰੋਧ ਹੋਇਆ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਸ਼ਮੀਰ ਦੀਆਂ ਔਰਤਾਂ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਗੌਰਵ ਤੇ ਸਨਮਾਨ ਦੀ ਰੱਖਿਆ ਕਰਨੀ ਸਾਡਾ ਧਰਮ ਤੇ ਫ਼ਰਜ਼ ਹੈ। ਸਾਰੀਆਂ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਇਸ ਆਵਾਜ਼ ਵਿਚ ਆਵਾਜ਼ ਮਿਲਾਉਣੀ ਚਾਹੀਦੀ ਹੈ।
ਸਦੀਆਂ ਤੋਂ ਹੁੰਦੀਆਂ ਜੰਗਾਂ ਅਤੇ ਲੜਾਈਆਂ ਵਿਚ ਔਰਤ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਵੱਖ ਵੱਖ ਮਰਦ ਪ੍ਰਧਾਨ ਸਮਾਜਾਂ ਵਿਚ ਔਰਤ ਨੂੰ ਦਬਾਉਣ ਲਈ ਕਈ ਤਰੀਕੇ ਵਰਤੇ ਗਏ ਅਤੇ ਵਰਤੇ ਜਾਂਦੇ ਹਨ। ਹਿੰਦੋਸਤਾਨੀ ਬਰੇ-ਸਗੀਰ ਦੇ ਜ਼ਿਆਦਾਤਰ ਸਮਾਜਾਂ ਵਿਚ ਔਰਤ ਸਬੰਧੀ ਸਮਝ ਗੰਭੀਰ ਦੁਫਾੜ ਦਾ ਸ਼ਿਕਾਰ ਰਹੀ ਹੈ। ਇਕ ਪਾਸੇ ਉਸ ਨੂੰ ਦੇਵੀ ਕਹਿ ਕੇ ਸਨਮਾਨਿਆ ਜਾਂਦਾ ਹੈ ਅਤੇ ਦੂਸਰੇ ਪਾਸੇ ਉਸ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਦੁਫਾੜ ਸਮਾਜ ਦੀ ਔਰਤ ਬਾਰੇ ਸੋਚ ਵਿਚਲੇ ਗੰਭੀਰ ਸੰਕਟ ਦੀ ਨਿਸ਼ਾਨਦੇਹੀ ਕਰਦੀ ਹੈ। ਅਸਲੀ ਮਸਲਾ ਔਰਤ ਅਤੇ ਉਸ ਦੀਆਂ ਖਾਹਿਸ਼ਾਂ ਦਾ ਦਮਨ ਕਰਨ ਦਾ ਹੈ। ਉਸ ਨੂੰ ਦੇਵੀ ਦਾ ਦਰਜਾ ਦੇਣ ਪਿੱਛੇ ਵੀ ਮਨਸ਼ਾ ਉਸ ਦੇ ਪੂਰੇ ਤ੍ਰੀਮਤਪਣ ਨੂੰ ਨਕਾਰਨ ਦੀ ਹੈ। ਇਸ ਦਾ ਵਿਕਾਸ ਬਹੁਤ ਜਟਿਲ ਢੰਗ-ਤਰੀਕਿਆਂ ਰਾਹੀਂ ਹੁੰਦਾ ਹੈ। ਔਰਤਾਂ ਦੀਆਂ ਖਾਹਿਸ਼ਾਂ ਤੇ ਉਸ ਦੀ ਸਰੀਰਕਤਾ ਦਾ ਦਮਨ ਹੋਣ ਦੇ ਨਾਲ ਨਾਲ ਨੌਜਵਾਨ ਔਰਤ ਲਈ ਕੁਆਰਾਪਣ ਨਿੱਜੀ ਤੇ ਸਮਾਜਿਕ ਗੁਣ ਬਣ ਜਾਂਦਾ ਹੈ। ਔਰਤ ਦੇ ਕੁਆਰੇਪਣ ਦਾ ਕਿਸੇ ਵੀ ਤਰੀਕੇ ਨਾਲ ਗੁਆਚਣਾ ਉਸ ਦਾ ਨਿੱਜੀ ਦੋਸ਼ ਤੇ ਬੇਇੱਜ਼ਤੀ ਦਾ ਕਾਰਨ ਬਣਦਾ ਹੈ। ਇਸ ਕਾਰਨ ਵੱਖ ਵੱਖ ਸਮਾਜਾਂ ਦੀ ਸਮੂਹਿਕ ਸੋਚ ਵਿਚ ਮਰਦ ਸਮਾਜ ਦੀਆਂ ਔਰਤਾਂ ਦੀ ਇੱਜ਼ਤ ਤੇ ਅਣਖ ਦੇ ਰਖਵਾਲੇ ਬਣ ਕੇ ਉੱਭਰਦੇ ਹਨ।
ਵੱਖ ਵੱਖ ਰਿਆਸਤਾਂ ਦੀਆਂ ਜੰਗਾਂ ਵਿਚ ਇਕ ਪਾਸੇ ਤਾਕਤ ਦਾ ਪ੍ਰਗਟਾਓ ਫ਼ੌਜੀ ਸ਼ਕਤੀ ਰਾਹੀਂ ਹੁੰਦਾ ਹੈ ਤੇ ਦੂਸਰੇ ਪਾਸੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ। ਸਦੀਆਂ ਤੋਂ ਜੇਤੂ ਹਾਕਮਾਂ, ਧਾੜਵੀਆਂ ਤੇ ਲੁਟੇਰਿਆਂ ਨੇ ਉਨ੍ਹਾਂ ਥਾਵਾਂ, ਜਿੱਥੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ, ਦੀਆਂ ਔਰਤਾਂ ਨੂੰ ਗ਼ੁਲਾਮ ਬਣਾਇਆ, ਉਨ੍ਹਾਂ ਨਾਲ ਜਬਰ-ਜਨਾਹ ਕੀਤੇ ਅਤੇ ਲੁੱਟ ਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਵਿਚ ਲੈ ਗਏ। ਇਸ ਤਰ੍ਹਾਂ ਹਰ ਸਮਾਜ, ਫ਼ਿਰਕੇ, ਧਰਮ ਜਾਂ ਕੌਮ ਦੇ ਧਾੜਵੀ ਬਿਰਤੀ ਦੇ ਮਰਦ ਉਨ੍ਹਾਂ ਸਮਾਜਾਂ, ਫ਼ਿਰਕਿਆਂ, ਧਰਮਾਂ ਜਾਂ ਕੌਮਾਂ ਦੀਆਂ ਔਰਤਾਂ ਨੂੰ ਜਬਰ-ਜਨਾਹ ਜਾਂ ਮਖ਼ੌਲ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਦੁਸ਼ਮਣ ਜਾਂ ਵਿਰੋਧੀ ਸਮਝਦੇ ਹਨ। ਔਰਤਾਂ ਦੇ ਸਤ ਤੇ ਇੱਜ਼ਤ ਦੀ ਰਾਖੀ ਸਮਾਜ ਲਈ ਸਮੂਹਿਕ ਵੰਗਾਰ ਬਣ ਜਾਂਦੀ ਹੈ ਕਿਉਂਕਿ ਜੇਤੂ ਹਾਰੇ ਹੋਏ ਸਮਾਜ ਦੀਆਂ ਔਰਤਾਂ ਨੂੰ ਆਪਣੀ ਜਾਇਦਾਦ ਸਮਝਦੇ ਹਨ। ਇਹ ਨਹੀਂ ਕਿ ਮਰਦਾਂ 'ਤੇ ਜ਼ੁਲਮ ਨਹੀਂ ਹੁੰਦਾ ਤੇ ਜ਼ੁਲਮ ਦਾ ਸ਼ਿਕਾਰ ਹੋਏ ਮਰਦ ਜ਼ਾਲਮਾਂ ਦਾ ਸਾਹਮਣਾ ਨਹੀਂ ਕਰਦੇ ਪਰ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਕਹਾਣੀ ਇਸ ਲਈ ਜ਼ਿਆਦਾ ਦਰਦਨਾਕ ਹੈ ਕਿ ਉਸ ਦੀ ਦੇਹ ਦੀ ਬੇਪਤੀ ਕਰਨ ਨੂੰ ਜਾਬਰ ਆਪਣੀ ਮਰਦਾਨਗੀ ਤੇ ਅੰਤਿਮ ਜਿੱਤ ਦੀ ਨਿਸ਼ਾਨੀ ਸਮਝਦੇ ਹਨ। ਇਹੋ ਜਿਹੇ ਸਮੂਹਿਕ ਦਰਦ ਨੂੰ ਬਿਆਨ ਕਰਦਿਆਂ ਕਵਿੱਤਰੀ ਐਡਰੀਨ ਰਿਚ ਨੇ ਲਿਖਿਆ ਸੀ, ''ਮੈਂ ਯੂਰਪ ਦੀ ਇਕ ਨਦੀ ਹਾਂ ਮੁਰਦਾ ਸਰੀਰਾਂ ਨਾਲ ਭਰੀ ਹੋਈ/ ਮੈਂ ਇਕ ਕਬਰ ਹਾਂ, ਜਿਸ ਵਿਚ ਸੈਅ, ਹਜ਼ਾਰਾਂ ਲਾਸ਼ਾਂ ਨੂੰ ਇਕੱਠਿਆਂ ਦਫ਼ਨਾਇਆ ਗਿਆ/ ਮੈਂ ਉਸ ਲਾਈਨ ਵਿਚ ਖਲੋਤੀ ਹੋਈ ਹਾਂ, ਜਿੱਥੇ ਗੈਸ ਮਾਸਕ ਵੰਡੇ ਜਾ ਰਹੇ ਹਨ/ ਮੈਂ ਇਕ ਔਰਤ ਹਾਂ ਤੇਰੀ ਕਵਿਤਾ ਵਿਚ ਖਲੋਤੀ ਹੋਈ।''
ਹਰ ਸਮਾਜ ਵਿਚ ਔਰਤ ਕਈ ਪੱਧਰਾਂ 'ਤੇ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ। ਅਮਰੀਕਨ ਸਿਆਹਫਾਮ ਨਾਟਕਕਾਰ ਲੋਰੇਨ ਹੈਂਸਬੈਰੀ ਆਪਣੇ ਨਿੱਜੀ ਦੁੱਖਾਂ ਦੀ ਕਹਾਣੀ ਇਉਂ ਦੱਸਦੀ ਹੈ, ''ਮੈਂ ਇਕ ਔਰਤ ਅਤੇ ਇਕ ਸਿਆਹਫਾਮ ਮਨੁੱਖ ਵਜੋਂ ਜਨਮ ਲਿਆ ਮੈਂ ਖ਼ੁਦ ਉਸ ਜ਼ੁਲਮ ਦਾ ਸ਼ਿਕਾਰ ਹੋਈ ਹਾਂ ਜਿਹੜਾ ਨਸਲੀ ਤੇ ਸਿਆਸੀ ਪਾਗਲਪਣ ਤੋਂ ਉਪਜਿਆ ਸੀ ਤੁਹਾਡੇ ਸਾਰਿਆਂ ਵਾਂਗ ਮੈਂ ਹਜ਼ਾਰਾਂ ਵਾਰ ਲੋਕਾਂ ਨੂੰ ਦੂਸਰੇ ਲੋਕਾਂ ਨਾਲ ਅਣਮਨੁੱਖੀ ਵਿਉਹਾਰ ਕਰਦੇ ਦੇਖਿਆ ਅਤੇ ਇਸ ਗੱਲ ਦੀ ਸਮਝ ਪਈ ਕਿ ਇਸ ਵਰਤਾਰੇ ਦੇ ਕਈ ਕਾਰਨ ਹਨ : ਲਾਲਚ, ਘਿਰਣਾ, ਦੁੱਖ ਪ੍ਰਤੀ ਉਦਾਸੀਨਤਾ, ਰਿਸ਼ਵਤ, ਕਰੂਰਤਾ ਅਤੇ ਸਭ ਤੋਂ ਵੱਡਾ ਕਾਰਨ ਹੈ ਅਗਿਆਨ ਤੇ ਜਹਾਲਤ, ਜੋ ਮੁੱਢ-ਕਦੀਮ ਤੋਂ ਮਨੁੱਖਤਾ ਦੇ ਦੁਸ਼ਮਣ ਰਹੇ ਹਨ। ਇਸ ਤਰ੍ਹਾਂ ਔਰਤਾਂ ਨਾਲ ਹੁੰਦਾ ਕਰੂਰ ਵਰਤਾਰਾ ਅਗਿਆਨ ਤੇ ਜਹਾਲਤ ਤੋਂ ਜਨਮ ਲੈਂਦਾ ਹੈ।
ਔਰਤ ਆਪਣੇ ਸਮਾਜ ਵਿਚ ਵੀ ਵਿਤਕਰੇ ਦਾ ਸ਼ਿਕਾਰ ਹੁੰਦੀ ਹੈ ਅਤੇ ਦੂਸਰੇ ਸਮਾਜ ਦੇ ਮਰਦ ਵੀ ਉਸੇ ਨੂੰ ਨਿਸ਼ਾਨਾ ਬਣਾਉਂਦੇ ਹਨ। ਪੰਜਾਬ ਦੀ ਵੰਡ ਵਿਚ ਕੀਤੀ ਗਈ ਔਰਤਾਂ ਦੀ ਬੇਪਤੀ ਇਸ ਗੱਲ ਦੀ ਗਵਾਹ ਹੈ ਕਿ ਸਮੂਹਿਕ ਹਿੰਸਾ ਦੀਆਂ ਘਟਨਾਵਾਂ ਦੌਰਾਨ ਔਰਤਾਂ ਨੂੰ ਉਹ ਦੁੱਖ ਕਈ ਪੱਧਰਾਂ 'ਤੇ ਝੱਲਣਾ ਪੈਂਦਾ ਹੈ। ਵੰਡ ਦੇ ਸਮੇਂ ਵਿਚ ਹਜ਼ਾਰਾਂ ਔਰਤਾਂ ਨਾਲ ਜਬਰ-ਜਨਾਹ ਹੋਇਆ ਅਤੇ ਉਧਾਲੇ ਕਰਕੇ ਸੀਨਾ-ਜ਼ੋਰੀ ਨਾਲ ਸ਼ਾਦੀਆਂ ਕੀਤੀਆਂ ਗਈਆਂ। ਇਹੀ ਨਹੀਂ, ਜਦੋਂ ਏਦਾਂ ਦਾ ਵਰਤਾਰਾ ਵਾਪਰਦਾ ਹੈ ਤਾਂ ਮਰਦ ਔਰਤ ਨੂੰ ਆਪਣਾ ਧਰਮ ਤਬਦੀਲ ਕਰਨ ਲਈ ਵੀ ਕਹਿੰਦਾ ਤੇ ਮਜਬੂਰ ਕਰਦਾ ਹੈ। ਇਸ ਤਰ੍ਹਾਂ ਔਰਤ ਨੂੰ ਨਾ ਸਿਰਫ਼ ਉਸ ਦੇ ਘਰ-ਪਰਿਵਾਰ ਤੋਂ ਜ਼ਬਰਦਸਤੀ ਅਲੱਗ ਕੀਤਾ ਜਾਂਦਾ ਹੈ ਸਗੋਂ ਉਸ ਦੀ ਇਨਸਾਨੀਅਤ ਅਤੇ ਧਰਮ ਤੋਂ ਵੀ ਮਹਿਰੂਮ ਕਰ ਦਿੱਤਾ ਜਾਂਦਾ ਹੈ। ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਬਰੀ ਧਰਮ ਤਬਦੀਲ ਕਰਨ ਲਈ ਮਨਾਉਣਾ ਇਕ ਤਰ੍ਹਾਂ ਦਾ ਮਾਨਸਿਕ ਕਤਲ ਹੈ ਜਿਸ ਨਾਲ ਉਹ ਬੰਦਾ ਜਾਂ ਔਰਤ, ਜਿਸ ਨੂੰ ਏਦਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਆਪਣਾ ਮਾਣ-ਸਨਮਾਨ ਖੋ ਬੈਠਦਾ ਹੈ। ਇਸ ਤਰ੍ਹਾਂ ਮਰਦਾਂ ਦਾ ਇਹ ਹਉਮੈਂ ਭਰਿਆ ਵਤੀਰਾ ਇਕ ਵੱਡੇ ਵਰਤਾਰੇ ਦਾ ਹਿੱਸਾ ਹੈ ਜਿਸ ਦੀਆਂ ਜੜ੍ਹਾਂ ਸਾਡੇ ਇਤਿਹਾਸ, ਸੱਭਿਆਚਾਰ ਤੇ ਧਾਰਮਿਕ ਅਕੀਦਿਆਂ ਵਿਚ ਪਈਆਂ ਹਨ।
ਕਸ਼ਮੀਰੀ ਔਰਤਾਂ ਪ੍ਰਤੀ ਕੀਤੀਆਂ ਜਾ ਰਹੀਆਂ ਅਪਮਾਨਜਨਕ ਟਿੱਪਣੀਆਂ ਬਿਮਾਰ ਮਾਨਸਿਕਤਾ ਦੀ ਗਵਾਹੀ ਦਿੰਦੀਆਂ ਹਨ। ਜ਼ਰੂਰਤ ਤਾਂ ਇਹ ਸੀ ਕਿ ਇਸ ਮੌਕੇ ਜ਼ਿਆਦਾ ਸੰਵੇਦਨਸ਼ੀਲਤਾ ਦਿਖਾਈ ਜਾਂਦੀ ਅਤੇ ਕਸ਼ਮੀਰ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਬਾਕੀ ਦੇਸ਼ ਦੇ ਲੋਕ ਉਨ੍ਹਾਂ ਦੇ ਨਾਲ ਹਨ ਪਰ ਇਹ ਟਿੱਪਣੀਆਂ ਇਹ ਪ੍ਰਗਟ ਕਰਦੀਆਂ ਹਨ ਕਿ ਰਾਸ਼ਟਰਵਾਦੀ, ਧਾਰਮਿਕ ਤੇ ਖੇਤਰੀ ਜਨੂਨ ਕਿੰਨੀ ਖ਼ਤਰਨਾਕ ਸ਼ਕਲ ਅਖ਼ਤਿਆਰ ਕਰ ਸਕਦਾ ਹੈ। ਇਹੀ ਨਹੀਂ, ਇਹ ਮਾਨਸਿਕਤਾ ਏਨੀ ਵਿਸ਼ੈਲੀ ਹੋ ਗਈ ਹੈ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਹਰ ਕਿਸਮ ਦਾ ਅਤਿਵਾਦ ਇਹੋ ਜਿਹੀ ਮਾਨਸਿਕਤਾ ਨੂੰ ਹਵਾ ਦਿੰਦਿਆਂ ਧਰਮ, ਫ਼ਿਰਕੇ, ਕੌਮ ਜਾਂ ਰਾਸ਼ਟਰ ਦੀ ਵਿਚਾਰਧਾਰਾ ਦਾ ਸਹਾਰਾ ਲੈਂਦਾ ਹੈ ਜਿਸ ਵਿਚ ਧਾੜਵੀ ਬਿਰਤੀ ਦੇ ਮਰਦ ਆਪਣੀ 'ਮਰਦਾਨਗੀ' ਦਾ ਵਿਖਾਵਾ ਕਰਦੇ ਹਨ। ਕੋਈ ਅਜਿਹੇ 'ਬਹਾਦਰਾਂ' ਨੂੰ ਇਹ ਨਹੀਂ ਪੁੱਛਦਾ ਕਿ ਔਰਤਾਂ ਪ੍ਰਤੀ ਉਨ੍ਹਾਂ ਦੇ ਇਹੋ ਜਿਹੇ ਵਿਚਾਰ ਕਿਸ ਸੱਭਿਅਤਾ ਤੇ ਸੱਭਿਆਚਾਰ ਦੇ ਪ੍ਰਤੀਕ ਹਨ। ਕਿਸੇ ਵੇਲ਼ੇ ਬਹਾਦਰੀ ਦੀ ਨਿਸ਼ਾਨੀ ਇਸ ਗੱਲ ਨੂੰ ਮੰਨਿਆ ਜਾਂਦਾ ਸੀ ਕਿ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਮਰਦਾਂ ਦੀ ਆਪਸੀ ਲੜਾਈ ਦਾ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਭਾਵੇਂ ਇਸ ਸੋਚ ਵਿਚ ਵੀ ਔਰਤ ਦੇ ਕਮਜ਼ੋਰ ਹੋਣ ਦੀ ਸੋਚ ਨਿਹਿਤ ਹੈ ਪਰ ਫਿਰ ਵੀ ਇਸ ਸੋਚ ਵਿਚ ਘੱਟੋ ਘੱਟ ਇਹ ਸਮਝ ਤਾਂ ਜ਼ਰੂਰ ਸੀ ਕਿ ਸੱਤਾ ਦੀ ਲੜਾਈ ਵਿਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦਾ ਘਾਣ ਨਾ ਹੋਵੇ। ਪਰ ਇਹ ਸੋਚ ਅਮਲ ਵਿਚ ਘੱਟ ਲਿਆਂਦੀ ਜਾਂਦੀ ਹੈ। ਔਰਤ 'ਤੇ ਨਿਸ਼ਾਨਾ ਪਹਿਲਾਂ ਸਾਧਿਆ ਜਾਂਦਾ ਹੈ। ਅਜੋਕੇ ਸਮਿਆਂ ਵਿਚ ਸੋਸ਼ਲ ਮੀਡੀਆ ਨੂੰ ਘਿਰਣਾ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਸੋਸ਼ਲ ਮੀਡੀਆ 'ਤੇ ਜੇ ਕੋਈ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਮੂਹਿਕ ਤੌਰ 'ਤੇ ਤੰਗ (ਟਰੋਲ) ਕੀਤਾ ਜਾਂਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਸਰਕਾਰੀ ਜਾਂ ਹਜੂਮੀ ਗੁੱਸੇ ਦਾ ਸ਼ਿਕਾਰ ਹੋ ਜਾਵੇ ਪਰ ਘਿਰਣਾ ਫੈਲਾਉਣ ਅਤੇ ਔਰਤਾਂ, ਦਲਿਤਾਂ, ਘੱਟਗਿਣਤੀ ਦੇ ਲੋਕਾਂ ਦੀ ਬੇਇੱਜ਼ਤੀ ਕਰਨ ਵਾਲਿਆਂ ਨੂੰ ਵੱਡੀ ਖੁੱਲ੍ਹ ਮਿਲੀ ਹੋਈ ਹੈ। ਇਹ ਬੇਹੱਦ ਨਾਜ਼ੁਕ ਸਮੇਂ ਹਨ ਅਤੇ ਇਨ੍ਹਾਂ ਸਮਿਆਂ ਵਿਚ ਸਾਡਾ ਫ਼ਰਜ਼ ਬਣਦਾ ਹੈ ਕਿ ਦਬਾਏ ਤੇ ਕੁਚਲੇ ਜਾ ਰਹੇ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਈਏ।
ਔਰਤਾਂ ਨੇ ਇਹੋ ਜਿਹੀ ਮਨੋਬਿਰਤੀ ਵਾਲੇ ਮਰਦਾਂ ਵਿਰੁੱਧ ਯੁੱਧ ਕਈ ਪੱਧਰਾਂ 'ਤੇ ਖ਼ੁਦ ਵੀ ਲੜਿਆ ਹੈ, ਉਹ ਭਾਵੇਂ ਔਰਤਾਂ ਦੇ ਆਪਣੇ ਸਮਾਜ, ਫ਼ਿਰਕੇ, ਧਰਮ, ਨਸਲ ਜਾਂ ਜਾਤ ਦੇ ਹੋਣ ਜਾਂ ਕਿਸੇ ਹੋਰ ਫ਼ਿਰਕੇ, ਧਰਮ, ਨਸਲ ਜਾਂ ਜਾਤ ਦੇ। ਇਸ ਦੁਰਭਾਵਨਾ ਵਿਰੁੱਧ ਲਗਾਤਾਰ ਲੜਾਈ ਹੀ ਔਰਤਾਂ ਨੂੰ ਸਮਰੱਥ ਤੇ ਸ਼ਕਤੀਸ਼ਾਲੀ ਬਣਾ ਸਕਦੀ ਹੈ। ਇਸ ਪੰਧ ਉੱਤੇ ਔਰਤਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ, ਉਨ੍ਹਾਂ ਨੇ ਅਮਲੀ ਤੇ ਵਿਚਾਰਧਾਰਕ ਧਰਾਤਲਾਂ 'ਤੇ ਆਪਣੇ ਉੱਤੇ ਹੁੰਦੇ ਦਮਨ ਦਾ ਵਿਰੋਧ ਕੀਤਾ ਹੈ ਅਤੇ ਮਰਦ ਦੀ ਧੌਂਸ ਵਾਲੀ ਬਿਰਤੀ ਤੇ ਸੋਚ ਨੂੰ ਵੰਗਾਰਿਆ ਹੈ ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪਰ ਇਹ ਸੋਚ ਸਮਾਜ ਦੀ ਨਸ ਨਸ ਵਿਚ ਸਮਾਈ ਹੋਈ ਹੈ, ਇਹ ਘਰ-ਪਰਿਵਾਰ, ਧਰਮ, ਰਵਾਇਤ ਤੇ ਤਥਾ-ਕਥਿਤ ਮਰਿਆਦਾ ਰਾਹੀਂ ਪ੍ਰਵਾਨਿਤ ਹੁੰਦੀ ਹੈ। ਇਸ ਤਰ੍ਹਾਂ ਇਸ ਲੜਾਈ ਦੀਆਂ ਵਾਟਾਂ ਬਹੁਤ ਲੰਮੀਆਂ ਹਨ ਪਰ ਇਹ ਲੜਾਈ ਲੋਕਾਂ ਨੂੰ ਸਮੂਹਿਕ ਤੌਰ 'ਤੇ ਲੜਨੀ ਪੈਣੀ ਹੈ ਅਤੇ ਔਰਤਾਂ ਦੀ ਭੂਮਿਕਾ ਇਸ ਵਿਚ ਮੋਹਰੀ ਵਾਲੀ ਹੋਣੀ ਹੈ।