'ਮੇਰਾ ਦੇਸ਼ ਮਹਾਨ'- ਮੇਜਰ ਸਿੰਘ 'ਬੁਢਲਾਡਾ'
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ 'ਭਾਰਤ' ਦੇਸ਼ ਮਹਾਨ।
ਜਿਥੇ 'ਸੱਚ' ਬੋਲਣ ਉੱਤੇ,
ਹੱਥਕੜੀਆਂ ਵੀ ਲੱਗ ਜਾਣ।
ਕਈਆਂ ਤੋਂ ਸੱਚ ਬੋਲ ਨੀਂ ਹੁੰਦਾ,
ਕਈਆਂ ਤੋਂ ਸੱਚ ਜ਼ਰ ਨੀਂ ਹੁੰਦਾ।
ਕਈ ਹਿੱਕ ਤਾਣ ਖੜ ਜਾਂਦੇ,
ਕੁਝ ਤੋਂ ਇਥੇ ਖੜ੍ਹ ਨੀਂ ਹੁੰਦਾ।
ਅਜ਼ਾਦ ਦੇਸ਼ ਦੇ ਅੰਦਰ,
ਤੁਸੀਂ ਵੇਖੋ ਨਾਲ ਧਿਆਨ।
ਮਾਲਕ ਦੀ ਮਰਜ਼ੀ ਮੁਤਾਬਿਕ
'ਮੇਜਰ' ਚਲਦਾ ਹੈ 'ਸੰਵਿਧਾਨ'।
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ 'ਭਾਰਤ' ਦੇਸ਼ ਮਹਾਨ।
ਮੇਜਰ ਸਿੰਘ 'ਬੁਢਲਾਡਾ'
94176 42327
'ਵਰਣ ਵੰਡ' ਦਾ ਨਵਾਂ ਵਰਜਨ' - ਮੇਜਰ ਸਿੰਘ 'ਬੁਢਲਾਡਾ'
'ਵਰਣ ਵੰਡ' ਦਾ ਹੈ ਨਵਾਂ ਵਰਜਨ,
'ਜਨਰਲ, ਬੀਸੀ, ਐੱਸਸੀ, ਐੱਸਟੀ'।
ਉਹਨਾਂ 'ਰਿਜ਼ਰਵੇਸ਼ਨ' ਦਾ ਪਾਕੇ ਚੋਗਾ,
ਪੱਕੀ ਲਾ ਦਿੱਤੀ 'ਜ਼ਾਤ' ਦੀ ਫੀਤੀ।
ਕੋਟੇ ਵਾਲੀ ਗੋਲੀ ਨੇ,
ਕੁਝ ਨੂੰ ਸਵਾਦ ਚਖਾਇਆ।
ਐਪਰ ਇਸ ਗੋਲੀ ਨੇ ਮਿੱਤਰੋ!
ਸਭ ਨੂੰ "ਜ਼ਾਤ ਕਰਕੇ" ਹੈ ਸਤਾਇਆ।
ਹੁਣ ਜ਼ਾਤ ਮਿਟਾਉਣ ਲਈ ਸੰਘਰਸ਼ ਕਰੋ,
ਦਲਿਤੋ! ਸੰਵਿਧਾਨ ਵਿੱਚ ਸੋਧ ਕਰਵਾਓ।
ਸਾਰੇ ਜ਼ਾਤ ਵਿਰੋਧੀਆਂ ਨੂੰ ਨਾਲ ਲੈਕੇ,
'ਮੇਜਰ' ਊਚ ਨੀਚ ਦਾ ਫ਼ਰਕ ਮਿਟਵਾਉ।
ਮੇਜਰ ਸਿੰਘ 'ਬੁਢਲਾਡਾ'
94176 42327
' ਤੱਕੜੀ ਨੂੰ ਨਿਕਾਰਤਾ ' - ਮੇਜਰ ਸਿੰਘ ਬੁਢਲਾਡਾ
ਜੋ ਚੋਣ ਨਿਸ਼ਾਨ ਤੱਕੜੀ ਨੂੰ, 'ਬਾਬੇ' ਦੀ ਤੱਕੜੀ ਤੋਂ ਉਤੇ ਦਸਦੇ ਸੀ,
ਅੱਜ ਉਸੇ 'ਤੱਕੜੀ' ਨੂੰ ਉਹਨਾਂ 'ਬਾਦਲਾਂ' ਨੇ ਨਿਕਾਰਤਾ।
ਸੈਂਕੜੇ ਸਾਲ ਪੁਰਾਣੀ ਪਾਰਟੀ ਤੇ ਕਾਬਜ਼ ਲੀਡਰਾਂ ਨੇ,
ਇਤਿਹਾਸ ਵਿੱਚ ਨਿਵੇਕਲਾ ਨਵਾਂ ਹੀ ਚੰਦ ਚਾੜਤਾ।
ਇਕ ਕੁਰਸੀ ਦੇ ਲਈ ਇਹਨਾਂ ਲੀਡਰਾਂ ਨੇ,
ਸਿੱਖੀ ਸਿਧਾਂਤਾਂ ਤਾਈਂ ਸੀ ਸੂਲੀ ਉੱਤੇ ਚਾੜਤਾ।
ਮੇਜਰ 'ਪੰਥ' ਲਈ ਅਨੇਕਾਂ ਜਿੰਦ ਜਾਨ ਵਾਰ ਗਏ,
ਹੁਣ ਦੇ ਲੀਡਰਾਂ ਨੇ 'ਪੰਥ' ਨਿੱਜੀ ਹਿੱਤਾਂ ਤੋਂ ਵਾਰਤਾ।
83 ਵੀਂ ਬਰਸੀ ਤੇ ਸ਼ਰਧਾਂਜਲੀ - ਮੇਜਰ ਸਿੰਘ ਬੁਢਲਾਡਾ
'ਆਇਨਕਾਲੀ'
'ਆਇਨਕਾਲੀ 'ਪਲਿਆਰ' ਵਿੱਚ ਕੇਰਲਾ ਦੇ,
ਯੋਧਾ ਹੋਇਆ ਬੜਾ ਮਹਾਨ ਲੋਕੋ।
ਛੈਲ ਗੱਭਰੂ ਦੇ ਗੁੰਦਵੇਂ ਸਰੀਰ ਅੰਦਰ,
ਹੱਦੋਂ ਵੱਧ ਸੀ ਕਹਿੰਦੇ ਜਾਨ ਲੋਕੋ।
ਜਿਸਨੇ ਜ਼ੁਲਮ ਸਹਿ ਰਹੇ ਸਮਾਜ ਖ਼ਾਤਰ,
ਪਾਇਆ ਦੁਸ਼ਮਣਾਂ ਵਿੱਚ ਘਮਸਾਨ ਲੋਕੋ।
ਜੋ ਮੇਨ ਰਾਹਾਂ ਤੋਂ ਲੰਘਣੋਂ ਰੋਕਦੇ ਸੀ,
ਨਾ ਚੰਗਾ ਦਿੰਦੇ ਸੀ ਪਹਿਨਣ ਖਾਣ ਲੋਕੋ।
ਔਰਤਾਂ ਨੂੰ ਛਾਤੀਆਂ ਢਕਣ ਖ਼ਾਤਰ,
ਟੈਕਸ ਦੇਣ ਦਾ ਸੀ ਫੁਰਮਾਨ ਲੋਕੋ।
ਚੰਗੀ ਵਸਤ, ਪਸ਼ੂ ਨਾ ਰੱਖਣ ਦਿੰਦੇ,
ਅਪਮਾਨ ਸਮਝਕੇ ਕਰਦੇ ਨੁਕਸਾਨ ਲੋਕੋ।
'ਆਇਨਕਾਲੀ' ਨੇ ਲੈ ਬਲਦ ਗੱਡਾ,
ਵਰਜਿਤ ਰਾਹਾਂ ਤੇ ਪਿਆ ਚੱਲ ਲੋਕੋ।
ਖਪਰਾ ਧਰ ਲਿਆ ਵੱਡਾ ਮੋਢੇ ਉਤੇ,
ਪਾਉਣ ਲਈ ਜ਼ੁਲਮ ਨੂੰ ਠੱਲ੍ਹ ਲੋਕੋ।
ਹੰਕਾਰੀ ਲੋਕ ਰਹਿ ਗਏ ਦੰਦ ਪੀਂਹਦੇ,
ਵਧਿਆ ਕੋਈ ਨਾ ਇਹਦੇ ਵੱਲ ਲੋਕੋ।
ਸਮਾਜ ਦੇ ਨੌਜਵਾਨ ਨਿਕਲ ਬਾਹਰ ਆਏ,
ਜੋ ਧਸੇ ਗੁਲਾਮੀ ਦੀ ਵਿੱਚ ਦਲ਼ ਦਲ਼ ਲੋਕੋ।
ਖ਼ਾਤਰ ਹੱਕਾਂ ਦੀ ਚੁੱਕੇ ਹਥਿਆਰ ਇਹਨਾਂ,
ਮਰਨ ਮਾਰਨ ਦਾ ਸਿੱਖਕੇ ਵਲ਼ ਲੋਕੋ।
ਮੋਛੇ ਪਾ ਦਿੱਤੇ ਜ਼ਾਤ ਅਭਿਮਾਨੀਆਂ ਦੇ।
ਜੋ ਧੱਕੇ ਨਾਲ ਮਨਾਉਂਦੇ ਸੀ ਹਰ ਗੱਲ ਲੋਕੋ।
ਆਖਿਰ ਜਿੱਤ ਦਾ ਝੰਡਾ ਝੁਲਾ ਦਿੱਤਾ,
ਸਿਰੇ ਲਾਕੇ ਆਪਣੀ ਗੱਲ ਲੋਕੋ।
ਮੇਜਰ ਸਿੰਘ 'ਬੁਢਲਾਡਾ'
94176 42327
'ਡਾ.ਅੰਬੇਡਕਰ ਬਨਾਮ ਮਾ. ਤਾਰਾ ਸਿੰਘ' - ਮੇਜਰ ਸਿੰਘ ਬੁਢਲਾਡਾ
ਸਿਰਦਾਰ ਕਪੂਰ ਸਿੰਘ ਜੀ ਦੀ ਲਿਖਤ 'ਸਾਚੀ ਸਾਖੀ' ਅੰਦਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸੱਤ ਕਰੋੜ ਅਛੂਤ ਲੋਕਾਂ ਨੂੰ ਸਿੱਖ ਬਣਾਉਣ ਲਈ ਕੀਤੇ ਯਤਨ ਕਾਮਯਾਬ ਨਾ ਹੋਣ ਦੇ ਮੁੱਖ ਕਾਰਨ ਲਈ ਮਾ. ਤਾਰਾ ਸਿੰਘ ਜੀ ਨੂੰ ਦੋਸ਼ੀ ਮੰਨਿਆ ਗਿਆ ਹੈ, ਜਿਸਦੀ ਬਦੌਲਤ ਕਰੋੜਾਂ ਅਛੂਤ ਲੋਕ 'ਸਿੱਖ ਧਰਮ' ਨਹੀਂ ਅਪਣਾ ਸਕੇ।
ਮਾ. ਤਾਰਾ ਸਿੰਘ ਦੇ ਲੱਗੇ ਦੋਸ਼ਾਂ ਨੂੰ ਧੋਣ ਲਈ ਬੜੇ ਲੰਮੇ ਸਮੇਂ ਬਾਅਦ ਸ੍ਰ. ਮੱਲ ਸਿੰਘ ਜੀ ਨੇ ਦੋ ਕਿਤਾਬਾਂ 'ਡਾ.ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ' ਅਤੇ ਸਿੱਖ ਮਿਸ਼ਨ ਤੇ ਡਾ.ਅੰਬੇਡਕਰ' ਰਾਹੀਂ ਮਾ. ਤਾਰਾ ਸਿੰਘ ਨੂੰ ਦੋਸ਼ ਮੁਕਤ ਕਰਨ ਦਾ ਭਰਪੂਰ ਯਤਨ ਕੀਤਾ ਗਿਆ ਹੈ।
ਇਸੇ ਕਰਕੇ ਹਿੰਦੂ ਲੀਡਰਾਂ ਵੱਲੋਂ ਅਤੇ ਡਾ. ਅੰਬੇਡਕਰ ਜੀ ਦੇ ਅਛੂਤ ਹਮਾਇਤੀ ਲੀਡਰਾਂ ਵੱਲੋਂ ਡਾ. ਅੰਬੇਡਕਰ ਜੀ ਦਾ ਸਾਥ ਛੱਡ ਜਾਣ ਵਾਲੀਆਂ ਲਿਖਤਾਂ ਨੂੰ ਵਾਰ ਵਾਰ ਪਾਠਕਾਂ ਦੇ ਪੜ੍ਹਨ ਲਈ ਇਹਨਾਂ ਕਿਤਾਬਾਂ ਵਿੱਚ ਅਗੇ ਲਿਆਂਦਾ ਗਿਆ ਅਤੇ ਆਪਣੀਆਂ ਦਲੀਲਾਂ ਸਬੂਤਾਂ ਨਾਲ ਸਿਰਦਾਰ ਕਪੂਰ ਸਿੰਘ ਵੱਲੋਂ (ਮਾ. ਤਾਰਾ ਸਿੰਘ ਤੇ ਲਾਏ ਦੋਸ਼ਾਂ ਦੀ) ਗੱਲ ਝੁਠਲਾਉਣ ਦੀ ਭਰਭੂਰ ਕੋਸ਼ਿਸ਼ ਕੀਤੀ ਗਈ ਹੈ।
ਮੇਰਾ ਮੰਨਣਾ ਹੈ ਕਿ ਜਾਣਕਾਰ ਲੋਕਾਂ ਨੂੰ ਹਰ ਝੂਠ ਨੂੰ ਨੰਗਾ ਕਰਨਾ ਵੀ ਚਾਹੀਦਾ ਹੈ ਤਾਂ ਜੋ ਕਿਸੇ ਨਾਲ ਬੇਇਨਸਾਫ਼ੀ ਨਾ ਹੋ ਸਕੇ।
ਸ੍ਰ. ਮੱਲ ਸਿੰਘ ਜੀ ਨੇ ਕਈ ਥਾਵਾਂ ਤੇ ਜ਼ਿਕਰ ਕੀਤਾ ਹੈ , "ਅਛੂਤ ਲੋਕਾਂ ਵੱਲੋਂ ਕਈ ਥਾਵਾਂ ਤੇ ਕਾਨਫਰੰਸਾਂ ਕਰਕੇ ਡਾ. ਅੰਬੇਡਕਰ ਜੀ ਦੇ ਨਾਲ 'ਸਿੱਖ ਧਰਮ' ਅਪਣਾਉਣ ਦੀ ਸਹਿਮਤੀ ਦਿੱਤੀ ਗਈ।'ਅੰਬੇਡਕਰ ਸਿੱਖ ਕਿਉਂ ਨਹੀਂ ਬਣ ਸਕਿਆ- ਦੋਸ਼ੀ ਕੌਣ' ਵਿੱਚ ਲਿਖਦੇ ਹਨ ਕਿ "ਕਾਂਗਰਸੀ ਸ਼ਰਾਰਤੀ ਹਿੰਦੂਆਂ ਵੱਲੋਂ ਡਾਕਟਰ ਅੰਬੇਡਕਰ ਜੀ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਇਕ ਸਿੰਧੀ ਹਿੰਦੂ ਡਾਕਟਰ ਨੇ ਖ਼ੂਨ ਨਾਲ ਪੱਤਰ ਲਿਖਕੇ "ਜੇ ਹਿੰਦੂ ਧਰਮ ਤਿਆਗਿਆ ਤਾਂ ਡਾ.ਅੰਬੇਡਕਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ "ਹਿੰਦੂ ਰਜਵਾੜਿਆਂ ਨੇ ਪੰਜਾਬ ਤੋਂ ਬਾਹਰ ਸਿੱਖਾਂ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ। ਮੁਸਲਿਮ/ਪੁਲਿਸ ਅਧਿਕਾਰੀਆਂ ਨੇ ਵੀ ਐਸਾ ਹੀ ਰਾਹ ਫੜ ਲਿਆ ਸੀ।"
"ਹਿੰਦੂਆਂ ਦੀ ਸਹਿਮਤੀ ਤੋਂ ਵਗੈਰ ਅਛੂਤਾਂ ਦੁਆਰਾ ਸਿੱਖ ਧਰਮ ਅਪਣਾ ਲੈਣ ਦੀ ਹਾਲਤ ਵਿੱਚ ਦੇਸ਼ ਅੰਦਰ ਅਛੂਤਾਂ ਉੱਪਰ ਜ਼ੁਲਮ ਤਸ਼ੱਦਦ ਕਰਨ, ਘਰਾਂ ਝੋਪੜੀਆਂ ਨੂੰ ਅੱਗਾਂ ਲਾਉਣੀਆਂ ਧੀਆਂ ਭੈਣਾਂ ਔਰਤਾਂ ਨੂੰ ਬੇਪੱਤ ਕਰਕੇ ਅਛੂਤਾਂ ਉੱਪਰ ਅਤਿਆਚਾਰ ਢਾਅ ਸਕਦੇ ਹਨ ਅਤੇ ਅਛੂਤਾਂ ਨੂੰ ਡਰਾ ਧਮਕਾ ਕੇ ਅਤੇ ਲਾਲਚ ਆਦਿ ਦੇਕੇ ਸਿੱਖ ਧਰਮ ਅਪਣਾਉਣ ਦੀ ਲਹਿਰ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ ਗਿਆ।"
ਸ੍ਰ. ਮੱਲ ਸਿੰਘ ਦੀ ਲਿਖਤ ਹੀ ਸਪਸ਼ਟ ਕਰਦੀ ਹੈ,
ਜਦ ਡਾ. ਅੰਬੇਡਕਰ ਜੀ ਵੱਲੋਂ ਆਪਣੇ ਕਰੋੜਾਂ ਲੋਕਾਂ ਨੂੰ 'ਸਿੱਖ ਧਰਮ' ਅਪਣਾਉਣ ਲਈ ਜ਼ੋਰਦਾਰ ਯਤਨ ਕਰ ਰਹੇ ਸਨ, ਦਲਿਤ ਲੋਕ ਕਾਨਫਰੰਸਾਂ ਕਰਕੇ ਡਾ. ਅੰਬੇਡਕਰ ਜੀ ਨਾਲ ਸਹਿਮਤੀ ਜਿਤਾ ਰਹੇ ਸਨ, ਉਸ ਟਾਇਮ ਹਿੰਦੂ ਧਰਮ ਦੇ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਧਰਮ ਅਪਣਾਉਣ ਦੇ ਬਦਲੇ ਅਛੂਤ ਲੋਕਾਂ ਨੂੰ ਭਾਰੀ ਨੁਕਸਾਨ ਅਤੇ ਇਜ਼ਤਾਂ ਰੋਲਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਤਾਂ ਕਿ ਉਹ ਸਿੱਖ ਧਰਮ ਨਾ ਅਪਣਾਉਣ।
ਦੂਜੇ ਪਾਸੇ ਸ੍ਰ.ਮੱਲ ਸਿੰਘ ਨੇ ਆਪਣੀ ਲਿਖਤ ਵਿੱਚ ਕਿਤੇ ਵੀ ਇਹ ਸਪਸ਼ਟ ਨਹੀਂ ਕੀਤਾ ਮਾ. ਤਾਰਾ ਸਿੰਘ ਅਤੇ ਹੋਰ ਇਹਦੇ ਸਾਥੀਆਂ ਨੇ ਇਕੱਲੇ ਰਹਿ ਗਏ ਡਾ.ਅੰਬੇਡਕਰ ਜੀ ਅਤੇ ਕਰੋੜਾਂ ਦਲਿਤਾਂ ਦੇ ਹੱਕ ਵਿੱਚ ਖੜ੍ਹੇ ਹੋਣ ਅਤੇ ਕਿਸੇ ਕਾਂਗਰਸ ਅਤੇ ਸ਼ਰਾਰਤੀ ਹਿੰਦੂਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੋਵੇ। ਜਦੋਂ ਕਿ ਸਿੱਖ ਇਤਿਹਾਸ ਕੂਕਦਾ ਪਿਆ ਹੈ ਗੁਰੂਆਂ ਦੇ ਸਿੱਖਾਂ ਨੇ ਹਮੇਸ਼ਾ ਨਿਮਾਣਿਆਂ ਨਿਤਾਣਿਆ ਮਜ਼ਲੂਮਾਂ ਦੀ ਆਪਣੀਆਂ ਜਾਨਾਂ ਦਾਅ ਤੇ ਲਾਕੇ ਹਮੇਸ਼ਾ ਰੱਖਿਆ ਕੀਤੀ, ਜਾਬਰਾਂ ਦੀਆਂ ਫੌਜਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਦੂਜੇ ਧਰਮ ਦੀਆਂ ਧੀਆਂ ਭੈਣਾਂ ਨੂੰ ਵੀ ਜਿਸਮਾ ਦੇ ਲੁਟੇਰਿਆਂ ਕੋਲੋਂ ਛੁਡਵਾਕੇ ਲਿਆਉਂਦੇ ਰਹੇ ਅਤੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਵਿੱਚ ਵੇਚੀਆਂ ਜਾ ਰਹੀਆਂ ਔਰਤਾਂ ਨੂੰ ਛੁਡਵਾਕੇ ਉਹਨਾਂ ਦੇ ਘਰੇ ਭੇਜਦੇ ਰਹੇ, ਜੋ ਹੈ ਵੀ ਸੱਚ। ਪਰ ਜਦ ਸਿੱਖੀ ਵਿੱਚ ਬਹੁਤ ਵੱਡਾ ਵਾਧਾ ਹੋਣ ਜਾ ਰਿਹਾ ਸੀ ਤਾਂ ਸਿੱਖ ਆਗੂ, ਸਿੱਖ ਕੌਮ ਦੇ ਮਰਜੀਵੜੇ ਜਝਾਰੂ ਪਤਾ ਨਹੀਂ ਕਿਹੜੀ ਗੱਲੋਂ ਤਮਾਸ਼ਾ ਵੇਖਦੇ ਰਹੇ, ਕਿਸੇ ਨੇ ਵੀ ਇਕੱਲੇ ਰਹਿ ਗਏ ਡਾ. ਭੀਮ ਰਾਓ ਅੰਬੇਡਕਰ ਅਤੇ ਹਰ ਪੱਖ ਤੋਂ ਸਤਾਏ ਦੁਖੀ ਸਮਾਜ ਦੀ ਬਾਂਹ ਨਹੀਂ ਫੜੀ। ਸਿੱਖ ਕੌਮ ਦੇ ਆਗੂ ਜਥੇਦਾਰ ਤਾਰਾ ਸਿੰਘ ਨੇ ਕਿਤੇ ਅਜਿਹਾ ਬਿਆਨ ਦੇਣ ਦਾ ਹੌਸਲਾ ਤੱਕ ਨਹੀਂ ਕੀਤਾ, ਜੇਕਰ ਦਲਿਤ ਲੋਕਾਂ ਨੂੰ ਸਿੱਖੀ ਧਾਰਨ ਕਰਕੇ ਕੋਈ ਨੁਕਸਾਨ ਪਹੁੰਚਾਇਆ ਗਿਆ ਤਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਜਿਸ ਕਰਕੇ ਆਖਿਰ ਉਹੀ ਹੋਇਆ ਜੋ ਸਿੱਖ ਧਰਮ ਅਤੇ ਅਛੂਤ ਲੋਕਾਂ ਦੇ ਵਿਰੋਧੀ ਚਾਹੁੰਦੇ ਸਨ। ਜੇ ਕਿਤੇ ਮਾ. ਤਾਰਾ ਸਿੰਘ ਨੇ ਸਿੱਖ ਕੌਮ ਦੀ ਤਰਫੋਂ ਡਾ. ਅੰਬੇਡਕਰ ਜੀ ਦਾ ਸਾਥ ਦਿੱਤਾ ਹੁੰਦਾ ਤਾਂ ਦਲਿਤਾਂ ਦੀ ਛੇ ਸੱਤ ਕਰੋੜ ਦੀ ਸਾਰੀ ਆਬਾਦੀ ਨਾ ਸਹੀ, ਅਬਾਦੀ ਦਾ ਅੱਧਾ ਜਾ ਚੌਥਾ ਹਿੱਸਾ 'ਸਿੱਖ ਧਰਮ' ਅਪਣਾ ਲੈਂਦਾ, ਫਿਰ ਵੀ ਬਹੁਤ ਵੱਡੀ ਗੱਲ ਹੋਣੀ ਸੀ।
ਮਾ. ਤਾਰਾ ਸਿੰਘ ਜੀ, ਡਾ. ਅੰਬੇਡਕਰ ਜੀ ਹੱਕ ਵਿੱਚ ਕਿਉਂ ਨਹੀਂ ਆਏ ? ਕਿਉਂਕਿ ਮਾ. ਤਾਰਾ ਸਿੰਘ ਵੀ ਉਤੋਂ ਉਤੋਂ ਅਛੂਤਾਂ ਦੇ ਪੱਖ ਵਿੱਚ ਸਨ, ਦਿਲੋਂ ਅਛੂਤਾਂ ਦਾ ਸਿੱਖੀ ਵਿੱਚ ਪਰਿਵਰਤਨ ਨਹੀਂ ਚਾਹੁੰਦਾ ਸੀ ।
ਮਾ. ਤਾਰਾ ਸਿੰਘ ਭਲੇ ਹੀ ਸਿੱਖੀ ਵਿੱਚ ਆਕੇ ਸਿੱਖ ਕੌਮ ਦਾ ਜਥੇਦਾਰ ਆਗੂ ਬਣਨ ਵਿੱਚ ਕਾਮਯਾਬ ਹੋ ਗਿਆ ਪਰ ਉਹ ਅੰਦਰੋਂ ਪੱਕਾ ਹਿੰਦੂ ਹੀ ਰਿਹਾ। ਇਸ ਗੱਲ ਦੀ ਪੁਸ਼ਟੀ 'ਜਨ ਸਤਾ' ਦੀ ਰਿਪੋਰਟ ਇਸ ਤਰਾਂ ਕਰਦੀ ਹੈ -
"1964 में जब विश्व हिंदू परिषद की स्थापना का निर्णय लिया गया तब संदीपनी आश्रम में विचार-विमर्श में भाग लेते हुए तारा सिंह ने घोषणा की कि "धर्म की रक्षा ही हमारा धर्म है। खालसा पंथ का जन्म इसी उद्देश्य से हुआ था। मैंने कभी भी हिंदू धर्म नहीं छोड़ा। गुरु गोबिंद सिंह ने वेदों, पुराणों आदि पर आधारित बहुत सारे गुरुमुखी साहित्यों की रचना की थी।"
उन्होंने आगे कहा, "वास्तव में हिंदू और सिख दो अलग-अलग समुदाय नहीं हैं। वे एक हैं।"
ਇਹ ਹੈ ਸਿੱਖ ਕੌਮ ਦੇ ਪਹਿਲੇ ਪੰਥ ਰਤਨ ਮਾ. ਤਾਰਾ ਸਿੰਘ ਦੀ ਅਸਲੀਅਤ।
ਹੋਰ ਵੇਖੋ 'ਖਾਲਸਾ ਸਮਾਚਾਰ' ਦੇ ਹਵਾਲੇ ਨਾਲ ਅਛੂਤਾਂ ਦੇ ਅੰਮ੍ਰਿਤ ਛਕਣ ਸਬੰਧੀ ਸ੍ਰ. ਮੱਲ ਸਿੰਘ ਜੀ ਜਾਣਕਾਰੀ ਦੇ ਰਹੇ ਹਨ ਕਿ " ਸ੍ਰ.ਹਰਨਾਮ ਸਿੰਘ ਐਡਵੋਕੇਟ ਮਾ. ਤਾਰਾ ਸਿੰਘ ਤੇ ਅਕਾਲੀ ਪਾਰਟੀ ਦੇ ਹੋਰ ਆਗੂਆਂ ਨੇ ਇਕੱਠ ਵਿੱਚ ਜਿਹੜੀਆਂ ਤਕਰੀਰਾਂ ਕੀਤੀਆਂ ਉਹਨਾਂ ਤੋਂ ਇਉਂ ਪ੍ਰਗਟ ਹੁੰਦਾ ਸੀ,ਉਹ ਇਲਾਕਾ ਗੁਰਸਿੱਖੀ ਵੱਲ ਐਨਾ ਝੁਕਿਆ ਹੈ ਕਿ ਉਥੇ ਪੁੱਜਣ ਦੀ ਦੇਰ ਹੈ ਬਸ ਸੈਂਕੜੇ ਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਆਦਮੀ ਦਿਨਾਂ ਵਿੱਚ ਹੀ ਸਿੰਘ ਸਜ ਜਾਣਗੇ...... । ਗੁਰਦੁਆਰਾ ਚੋਣਾਂ ਕਰਕੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਤਿੰਨ ਮਹੀਨਿਆਂ 'ਚ ਤਿਆਰੀ ਕਰਕੇ ਵਿਸਾਖ ਤੋਂ ਪਿਛੋਂ ਉਸ ਇਲਾਕੇ ਵਿੱਚ ਪ੍ਰਚਾਰ ਦਾ ਹੜ੍ਹ ਵਗਾ ਦਿੱਤਾ ਜਾਵੇਗਾ। ...... ਸਾਲਾਂ ਦਾ ਕੰਮ ਦਿਨਾਂ ਵਿੱਚ ਹੋ ਜਾਵੇਗਾ।"
....... "ਇਕ ਪਾਸੇ ਤਾਂ ਲੱਖਾਂ ਆਦਮੀ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਇਕ ਇਕ ਦਿਨ ਲੰਘਣਾ ਮੁਸ਼ਕਲ ਸਮਝ ਰਹੇ ਸਨ ਤੇ ਦੂਜੇ ਪਾਸੇ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਲੇ ਜਿਹਨਾਂ ਇਸ ਕੰਮ ਦਾ ਬੀੜਾ ਚੁੱਕ ਕੇ ਪੰਥ ਦੀ ਸਮੁੱਚੀ ਤਾਕਤ ਹੱਥ ਵਿੱਚ ਲਈ ਹੈ ਕਮੇਟੀਆਂ ਦੀਆਂ ਚੋਣਾਂ ਖਾਤਰ ਇਸ ਪਾਸੇ ਧਿਆਨ ਨਹੀਂ ਦੇ ਸਕਦੇ।"
('ਸਿੱਖ ਮਿਸ਼ਨ ਤੇ ਡਾ. ਅੰਬੇਡਕਰ' ਪੰਨਾ ਨੰ: 141-142 ) ਮੁੜ ਉਹਨਾਂ ਲੱਖਾਂ ਲੋਕਾਂ ਨੂੰ ਸਿੱਖੀ ਵਿੱਚ ਲਿਆਉਣ ਲਈ ਕੀ ਕੀਤਾ? ਕੋਈ ਜਾਣਕਾਰੀ ਨਹੀਂ ਹੈ।
ਕੀ ਉਪਰੋਕਤ ਦੋ ਸਬੂਤ ਮਾ. ਤਾਰਾ ਸਿੰਘ ਵਾਰੇ ਕਾਫੀ ਨਹੀਂ ਹਨ ? ਜਿਹਨਾਂ ਤੋਂ ਸਾਫ਼ ਪਤਾ ਲਗਦਾ ਹੈ ਮਾ.ਤਾਰਾ ਸਿੰਘ ਦੀ ਅਛੂਤਾਂ ਨੂੰ ਸਿੱਖੀ ਵਿੱਚ ਲਿਆਉਣ ਦੀ ਕੋਈ ਦਿਲਚਸਪੀ ਨਹੀਂ ਸੀ।
ਜਿਸ ਕਰਕੇ ਮਾ. ਤਾਰਾ ਸਿੰਘ ਤੇ 'ਸਾਚੀ ਸਾਖੀ' ਵਾਲੇ ਦੋਸ਼ ਸੁੱਟ ਪਾਉਣ ਵਾਲੇ ਨਹੀਂ ਹਨ।
ਸੁਣੀਆਂ ਸੁਣਾਈਆਂ ਸਾਰੀਆਂ ਗੱਲਾਂ ਸਹੀ ਵੀ ਨਹੀਂ ਹੁੰਦੀਆਂ ਅਤੇ ਸਾਰੀਆਂ ਗ਼ਲਤ ਵੀ ਨਹੀਂ ਹੁੰਦੀਆਂ।
ਕਿਉਂਕਿ ਇਤਿਹਾਸ ਦੀਆਂ ਹੋਰ ਵੀ ਬਹੁਤ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਵਿਦਵਾਨ ਲੋਕ ਸਵਿਕਾਰ ਕਰਦੇ ਆ ਰਹੇ ਹਨ।
ਅਗਲੀ ਗੱਲ, ਜੇਕਰ ਡਾ.ਅੰਬੇਡਕਰ ਜੀ ਦੀ ਕਰੀਏ ਤਾਂ
ਡਾ. ਅੰਬੇਡਕਰ ਦਾ ਪਰਿਵਾਰ, ਨਾਨਕੇ ਅਤੇ ਸਹੁਰਾ ਪਰਿਵਾਰ ਸੰਤ 'ਕਬੀਰ' ਜੀ ਨੂੰ ਮੰਨਣ ਵਾਲੇ ਲੋਕ ਸਨ ਅਤੇ ਅੰਬੇਡਕਰ ਜੀ ਮਹਾਤਮਾ ਬੁੱਧ, ਕਬੀਰ ਜੀ ਅਤੇ ਜੋਤੀਬਾ ਫੂਲੇ ਸਮੇਤ ਆਪਣੇ ਤਿੰਨ ਗੁਰੂ ਮੰਨਦੇ ਸਨ। ਛੋਟੇ ਹੁੰਦਿਆਂ ਹੀ ਬੁੱਧ ਧਰਮ ਨਾਲ ਜੁੜੇ ਹੋਣ ਦੇ ਬਾਵਜੂਦ ਹਿੰਦੂ ਧਰਮ ਛੱਡਣ ਤੋਂ ਬਾਅਦ ਡਾ.ਅੰਬੇਡਕਰ ਜੀ ਦੀ ਪਹਿਲੀ ਪਸੰਦ 'ਸਿੱਖ ਧਰਮ' ਅਪਣਾਉਣ ਦੀ ਸੀ, ਇਸ ਐਲਾਨ ਤੋਂ ਬਾਅਦ 1937 ਤੱਕ ਬੁੱਧ ਧਰਮ ਅਪਨਾਉਣ ਦਾ ਜ਼ਿਕਰ ਕਿਤੇ ਪੜ੍ਹਨ ਨੂੰ ਨਹੀਂ ਮਿਲਿਆ।
'ਸਿੱਖ ਧਰਮ' ਅਪਣਾਉਣ ਦੇ ਚਾਹਵਾਨ ਡਾ. ਅੰਬੇਡਕਰ ਜੀ ਨੇ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਬਣਾਉਣ ਹਿਤ 15 ਨੌਜਵਾਨਾਂ ਨੂੰ 1936 'ਚ ਅੰਮ੍ਰਿਤਸਰ ਵਿਖੇ ਵਿਸਾਖੀ ਦੇ ਵਿਸ਼ੇਸ਼ ਪ੍ਰੋਗਰਾਮ ਉਪਰ ਨਾਲ ਲੈਕੇ ਆਏ ਇਥੇ ਸਿੱਖ ਮਿਸ਼ਨਰੀ ਕਾਲਜ ਦੇ ਵਜ਼ੀਫਿਆਂ ਤੇ ਭਰਤੀ ਕਰਵਾਇਆ ਅਤੇ ਇਹਨਾਂ ਦੇ ਭਤੀਜੇ ਨੇ 'ਅੰਮ੍ਰਿਤ' ਵੀ ਛਕਿਆ। ਸਿੱਖ ਆਗੂਆਂ ਨੇ ਡਾ. ਅੰਬੇਡਕਰ ਦੇ ਕਹਿਣ ਤੇ ਹੀ ਬੰਬਈ ਵਿੱਚ ਖਾਲਸਾ ਕਾਲਜ ਬਣਵਾਇਆ ਤੇ ਪ੍ਰਚਾਰ ਪ੍ਰਸਾਰ ਲਈ ਪ੍ਰੈੱਸ ਲਗਵਾਈ। (ਇਹਨਾਂ ਦੀ ਸ਼ੁਰੂਆਤ ਕਰਨ ਵੇਲੇ ਮਾ. ਤਾਰਾ ਸਿੰਘ ਪ੍ਰਧਾਨ ਨਹੀਂ ਸੀ ਨਹੀਂ ਤਾਂ ਸ਼ਾਇਦ ...।)
ਪਰ ਕਰੋੜਾਂ ਲੋਕਾਂ ਦੀ ਬਦਕਿਸਮਤੀ ਦੂਜੇ ਪਾਸੇ ਸ਼ਾਤਿਰ ਦਿਮਾਗ ਕਰਮਚੰਦ ਗਾਂਧੀ ਨੂੰ ਧਰਮ ਬਦਲੀ ਦੇ ਇਸ ਫੈਸਲੇ ਨੇ ਫਿਰ ਕੰਬਣੀ ਛੇੜ ਦਿੱਤੀ,ਕਿਉਂਕਿ 'ਗਾਂਧੀ' ਨਹੀਂ ਚਾਹੁੰਦਾ ਸੀ ਕਿ ਉਹਨਾਂ ਵਲੋਂ ਬੁਣੇ ਜਾ ਰਹੇ 'ਹਿੰਦੂ ਰਾਸ਼ਟਰ' ਦੇ ਜਾਲ ਵਿਚੋਂ ਕੋਈ ਵਚਕੇ ਨਿਕਲ ਜਾਵੇ,
'ਗਾਂਧੀ' ਜੀ ਇਹ ਭਲੀ ਭਾਂਤ ਜਾਣਦਾ ਸੀ, ਡਾ. ਅੰਬੇਡਕਰ ਨੇ ਆਉਣ ਵਾਲੇ ਸਮੇਂ ਅੰਦਰ ਭਾਰਤ ਦੀ ਪ੍ਰਭੂਸੱਤਾ ਦਾ ਤੀਜਾ ਵਾਰਸ ਬਣਕੇ ਮਜਬੂਤ ਸਥਿਤੀ ਵਿੱਚ ਸਾਹਮਣੇ ਆ ਜਾਣਾ ਹੈ, ਫਿਰ ਵਾਇਸਰਾਇ ਦੀ ਕੌਂਸਲ ਵਿੱਚ ਇਸ ਦੀ ਮਹਾਨਤਾ ਹੋਰ ਵੀ ਵਧ ਜਾਣੀ ਹੈ। ਡਾ. ਅੰਬੇਡਕਰ ਨੇ ਆਪਣੀ ਸਿੱਖ ਕੌਮ ਲਈ ਅੰਗਰੇਜ਼ ਹਕੂਮਤ ਪਾਸੋ ਜੋ ਅਧਿਕਾਰ ਪ੍ਰਾਪਤ ਕਰ ਲੈਣੇ ਹਨ, ਉਸ ਨਾਲ 'ਹਿੰਦੂ ਧਰਮ' ਦੀ ਸਰਦਾਰੀ ਖਤਰੇ ਵਿੱਚ ਪੈ ਸਕਦੀ ਹੈ। ਇਸ ਲਈ ਪਹਿਲਾਂ ਕਮਿਊਨਲ ਅਵਾਰਡ ਦਾ ਵਿਰੋਧ ਕਰਕੇ ਡਾ. ਅੰਬੇਡਕਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕੀਤਾ, ਹੁਣ ਫਿਰ 'ਗਾਂਧੀ' ਆਪਣੀ ਜ਼ਿੱਦ ਪੁਗਾਉਣ ਵਿੱਚ ਸਫ਼ਲ ਹੋ ਗਿਆ ਅਤੇ ਦਲਿਤਾਂ ਲਈ ਇਨਕਲਾਬ ਆਉਂਦਾ ਆਉਂਦਾ ਰਹਿ ਗਿਆ। ਜਿਸ ਵਿੱਚ ਗੈਰਾਂ ਤੋਂ ਇਲਾਵਾ ਦਲਿਤ (ਰਾਓ ਬਹਾਦਰ ਐੱਮ ਸੀ ਰਾਜਾ, ਬਾਬੂ ਜਗਜੀਵਨ ਰਾਮ ਆਦਿ)
ਲੀਡਰਾਂ ਨੇ ਵੀ ਵੱਡਾ ਯੋਗਦਾਨ ਪਾਇਆ। ਇਹ ਇੰਨਕਲਾਬ ਲਈ ਹਰ ਕੁਰਬਾਨੀ ਹੋਣੀ ਚਾਹੀਦੀ ਸੀ, ਜੋ ਨਹੀਂ ਹੋਈ। ਇਤਿਹਾਸ ਦਸਦਾ ਹੈ ਇੰਨਕਲਾਬ ਸੌਖਿਆਂ ਨਹੀਂ ਆਉਂਦਾ,ਇਸ ਲਈ ਤਾਂ ਖੂਨ ਡੋਲਣਾ ਪੈਂਦਾ ਹੈ। ਫਿਰ ਜਿਹਨਾਂ ਵਿਰੁੱਧ ਬਗ਼ਾਵਤ ਕਰਨੀ ਹੋਵੇ, ਉਹਨਾਂ ਨਾਲ ਸਲਾਹ ਕਰਕੇ ਕਦੇ ਬਗ਼ਾਵਤ ਨਾ ਹੋਈ ਹੈ ਨਾ ਹੋ ਸਕਦੀ ਹੈ।
ਭਾਰਤ ਅੰਦਰ ਅਖੌਤੀ ਨੀਵੀਆਂ ਜਾਤੀਆਂ ਨੂੰ ਜ਼ਾਤ ਪਾਤ ਵਿਰੁੱਧ ਬਗ਼ਾਵਤ ਕਰਕੇ ਇਸ ਨੂੰ ਖ਼ਤਮ ਕਰਨ ਦੀ ਸਭ ਤੋਂ ਵੱਡੀ ਲੋੜ ਸੀ ਅਤੇ ਹੈ। ਇਸ ਲਈ ਇਸ ਦਾ ਫੌਰੀ ਹੱਲ
ਇਕ ਸਿੱਖ ਵਿਚਾਰਧਾਰਾ ਹੀ ਹੈ, ਜਿਸ ਨਾਲ ਜ਼ਾਤ ਪਾਤ ਦੇ ਸ਼ਿਕਾਰ ਲੋਕਾਂ ਨੂੰ ਮਜ਼ਬੂਤ ਕਰਕੇ ਜ਼ਾਤ ਪਾਤ ਦੇ ਰਾਖਸ਼ੀ ਜ਼ੁਲਮ ਦਾ ਟਾਕਰਾ (ਸਿੱਖ ਵਿਚਾਰਧਾਰਾ ਅਤੇ ਕਾਨੂੰਨੀ ਤੌਰ ਤੇ ਹਰ ਵੇਲੇ ਆਪਣੇ ਨਾਲ ਰੱਖੇ ਹਥਿਆਰਾਂ ਨਾਲ) ਕੀਤਾ ਜਾ ਸਕਦਾ ਸੀ/ਹੈ, ਨਾ ਕਿ ਬੇਦਰਦ ਦੁਸ਼ਮਣ ਅੱਗੇ ਹੱਥ ਜੋੜਨ ਨਾਲ।
ਡਾ. ਅੰਬੇਡਕਰ ਜੀ ਖੁਦ੍ਹ ਇਕ ਥਾਂ ਲਿਖਦੇ ਹਨ “ मनुष्य का आजादी प्राप्त करने के लिए अंतिम साधन हथियार उठाने का अधिकार है। ब्राह्मणों ने शूद्रों और अछूतों को शस्त्र के अधिकार से वंचित कर दिया था।" ਫਿਰ ਵੀ ਡਾ. ਅੰਬੇਡਕਰ ਜੀ ਨੇ ਸਿੱਖ ਧਰਮ ਛੱਡਕੇ 'ਬੁਧ ਧਰਮ' ਅਪਣਾ ਲਿਆ ਜੋ ਹੈਰਾਨੀਜਨਕ ਗੱਲ ਹੈ। ਮੈਂ ਕੋਈ 'ਬੁੱਧ ਧਰਮ' ਦਾ ਵਿਰੋਧੀ ਨਹੀਂ ਹਾਂ, ਗੱਲ ਤਾਂ ਇਹ ਹੈ ਕਿ 'ਬੁੱਧ ਧਰਮ’ ਅਤੇ ‘ਸਿੱਖ ਧਰਮ’ ਵਿਚ ਜਿਹੜਾ ਵਿਸ਼ੇਸ਼ ਵੱਡਾ ਅੰਤਰ ਹੈ, ਉਹ ਹੈ ਕਿ 'ਬੁੱਧ ਧਰਮ' ਭਿਖਸ਼ੂ ਬਣਨ ਤੇ ਜੋਰ ਦਿੰਦਿਆਂ, ਭਿਖਸ਼ੂ ਨੂੰ ਦਰ-ਦਰ ਤੇ ਅਲਖ ਜਗਾਉਣ ਭਿੱਖਿਆ ਮੰਗਣ ਦੇ ਨਾਲ-ਨਾਲ ਅਹਿੰਸਾ ਦੀ ਸਿੱਖਿਆਂ ਦਿੰਦਾ ਹੈ ਅਤੇ ‘ਸਿੱਖ ਧਰਮ’ ਜ਼ੁਲਮ ਰੋਕਣ ਲਈ ਹਥਿਆਰ ਚੁੱਕਣ ਦੀ ਮਾਨਤਾ ਦਿੰਦਾ ਹੋਇਆ ਕਿਰਤ ਕਰਕੇ ਖਾਣ ਦੀ ‘ਤੇ ਵੰਡ ਛਕਣ ਦੀ ਅਤੇ ਨਾਮ ਜਪਣ ਦੀ ਗੱਲ ਕਰਦਾ ਹੈ।
ਕਾਸ਼! ਜੇਕਰ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਲਈ ਵੱਡਾ ਸੰਘਰਸ਼ ਵਾਲੇ ਡਾ. ਅੰਬੇਡਕਰ ਜੀ ਨੇ ਆਪਣੀ ਇੱਛਾ ਮੁਤਾਬਿਕ 'ਸਿੱਖ ਧਰਮ' ਅਪਣਾਇਆ ਹੁੰਦਾ, ਅੱਜ ਤੱਕ ਪੂਰੇ ਦੇਸ਼ ਅੰਦਰ ਪਤਾ ਨਹੀਂ ਕਿੰਨੇ ਕੁ ਕਰੋੜਾਂ ਦਲਿਤਾਂ ਨੇ 'ਸਿੱਖ ਧਰਮ' ਅਪਣਾਕੇ ਜ਼ਾਤ ਕਰਕੇ ਹੋ ਰਹੇ ਜ਼ੁਲਮ ਤੋਂ ਵਡੀ ਰਾਹਤ ਪਾ ਲਈ ਹੁੰਦੀ ਅਤੇ ਦੇਸ਼ ਅੰਦਰ ਸਾਡੇ ਰਹਿਬਰਾਂ ਦੀ ਵਿਚਾਰਧਾਰਾ ਕਰਕੇ ਮਜ਼ਲੂਮ ਲੋਕਾਂ ਨੇ ਚੜ੍ਹਦੀ ਕਲਾ ਵਿਚ ਹੋਣਾ ਸੀ। ਇਹ ਵੱਡਾ ਘਾਟਾ ਕਦੋਂ ਪੂਰਾ ਹੋਵੇਗਾ ? ਹੁਣ ਕੋਈ ਪਤਾ ਨਹੀਂ। ਕਿਉਂਕਿ ਨਾ ਤਾਂ ਹੁਣ ਜ਼ਾਤ ਪਾਤ ਦੇ ਸਤਾਏ ਲੋਕ ਅਤੇ ਨਾ ਹੀ ਇਹਨਾਂ ਦੇ ਲੀਡਰ ਇਧਰ ਧਿਆਨ ਦਿੰਦੇ ਹਨ ਅਤੇ ਨਾ ਹੀ ਸਿੱਖ ਧਰਮ ਦੇ ਜਥੇਦਾਰ ਆਗੂ।
ਮੇਜਰ ਸਿੰਘ ਬੁਢਲਾਡਾ
94176 42327
'ਦਿਨੋਂ ਦਿਨ ਵਧ ਰਹੀ ਬੇਈਮਾਨੀ' - ਮੇਜਰ ਸਿੰਘ ਬੁਢਲਾਡਾ
ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਰਹਿੰਦੇ ਹਾਂ,
ਜਿਥੇ ਰਹਿਬਰਾਂ ਬੋਲਿਆ ਬੜਾ ਸੱਚ ਯਾਰੋ।
ਬੇਅੰਤ ਕਿਤਾਬਾਂ, ਗ੍ਰੰਥ ਚੰਗੇ ਸੰਤ ਬਾਬੇ,
ਨਿੱਤ ਦਿੰਦੇ ਰਹਿੰਦੇ ਲੋਕਾਂ ਨੂੰ ਮੱਤ ਯਾਰੋ।
ਦਿਨ ਰਾਤ ਆਪੋ ਆਪਣੇ ਸਾਧਨਾਂ ਤੋਂ,
ਸਾਰੇ ਪ੍ਰਚਾਰ ਦੇ ਕੱਢ ਰਹੇ ਵੱਟ ਯਾਰੋ।
ਫਿਰ ਵੀ ਵਧ ਰਹੀ ਹੈ ਬੇਈਮਾਨੀ,
ਨਾ ਅਪਰਾਧ ਹੋ ਰਹੇ ਨੇ ਘੱਟ ਯਾਰੋ।
ਬਹੁਤੇ ਵਹਿਮਾਂ ਭਰਮਾਂ ਫ਼ਸੇ ਪਖੰਡੀਆਂ 'ਚ,
ਲੋਕ ਪੜ੍ਹ ਲਿਖ ਗਏ ਬੇਸ਼ੱਕ ਯਾਰੋ।
ਪਤਾ ਨਈਂ ਲੋਕਾਂ ਨੂੰ ਚੰਗੀ ਸੋਚ,
ਕਿਉਂ ਨਹੀਂ ਰਹੀ ਹੈ ਪਚ ਯਾਰੋ?
ਮੇਜਰ ਸਿੰਘ ਬੁਢਲਾਡਾ
94176 42327
'ਸਾਇੰਸਦਾਨਾਂ ਨੂੰ ਮੁਬਾਰਕਾਂ' - ਮੇਜਰ ਸਿੰਘ ਬੁਢਲਾਡਾ
ਸਾਇੰਸਦਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ,
ਜੋ ਆਪਣੇ ਮਿਸ਼ਨ ਵਿੱਚ ਹੋਏ ਪਾਸ ਲੋਕੋ।
ਜਾਕੇ ਚੰਨ ਤੇ ਝੰਡਾ ਗੱਡ ਦਿੱਤਾ,
ਕੀਤੀ ਮਿਹਨਤ ਆ ਗਈ ਰਾਸ ਲੋਕੋ।
ਚੰਦ ਤੇ ਰੂਸ,ਅਮਰੀਕਾ ਗਏ ਚੀਨ ਪਹਿਲਾਂ,
ਹੁਣ ਚੌਥਾ ਭਾਰਤ ਬਣ ਗਿਆ ਖ਼ਾਸ ਲੋਕੋ।
ਭਵਿੱਖ ਵਿੱਚ ਹੋਰ ਉੱਚੀਆਂ ਉਡਾਰੀਆਂ ਲਾਉਣਗੇ,
ਸਾਡੇ ਵਿਗਿਆਨੀਆਂ ਤੋਂ ਪੂਰੀ ਹੈ ਆਸ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
' ਚੰਦ ਤੇ ਝੰਡਾ ਗੱਡ ਦਿੱਤਾ ' - ਮੇਜਰ ਸਿੰਘ ਬੁਢਲਾਡਾ
ਸਾਡੇ ਕਰੋੜਾਂ ਲੋਕ ਭੁੱਖਮਰੀ ਨਾਲ ਜੂਝਣ,
ਬੇਰੁਜ਼ਗਾਰਾਂ ਦੀ ਵਧੀ ਜਾਂਦੀ ਕਤਾਰ ਇਥੇ।
ਨਸ਼ੇ, ਕਰਾਇਮ ਕਾਂਡ ਨਿੱਤ ਵਧੀ ਜਾਂਦੇ,
ਮੱਚੀ ਪਈ ਲੋਕਾਂ ਵਿੱਚ ਹਾਹਾਕਾਰ ਇਥੇ।
ਇਥੇ ਰੱਜਿਆ ਨੂੰ ਹੋਰ ਰਜਾਈ ਜਾਂਦੀ,
ਆਮ ਲੋਕਾਂ ਦੀ ਨਾ ਸੁਣੇ ਸਰਕਾਰ ਇਥੇ।.
ਅੱਗੇ ਪਾ ਲੈਂਦੇ ਕੰਮ 'ਚੰਦ' ਤੇ ਜਾਣ ਵਾਲਾ,
ਕਰ ਲੈਂਦੇ ਲੋਕਾਂ ਦਾ ਇਹ ਸੁਧਾਰ ਇਥੇ।
ਫਿਰ ਵੀ ਸਾਇੰਸਦਾਨਾਂ ਨੂੰ ਮੁਬਾਰਕਾਂ ਜੀ,
ਜੋ ਆਪਣੇ ਮਿਸ਼ਨ ਵਿੱਚ ਹੋਏ ਪਾਸ ਲੋਕੋ।
ਜਾਕੇ ਚੰਦ ਤੇ ਝੰਡਾ ਗੱਡ ਦਿੱਤਾ,
ਕੀਤੀ ਮਿਹਨਤ ਆ ਗਈ ਰਾਸ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
'ਮਾੜਾ ਬਿਆਨ' - ਮੇਜਰ ਸਿੰਘ ਬੁਢਲਾਡਾ
'ਮੋਦੀ' ਦੇ ਵੱਡੇ ਆਰਥਿਕ ਸਲਾਹਕਾਰ ਨੇ,
ਇੱਕ ਦਿੱਤਾ ਹੈ ਮਾੜਾ ਬਿਆਨ ਭਾਈ।
ਕਹਿੰਦਾ "ਸੰਤਾਲੀ ਤੋਂ ਪਹਿਲਾਂ ਪਹਿਲਾਂ,
ਮੌਜੂਦਾ ਰੱਦ ਕਰ ਲਿਖੋ ਸੰਵਿਧਾਨ ਭਾਈ।"
ਬੜੇ ਔਖੇ ਨੇ ਇਹ 'ਸੰਵਿਧਾਨ' ਕੋਲੋਂ,
ਤਾਹੀਂ ਦਿੰਦੇ ਨੇ ਐਸੇ ਬਿਆਨ ਭਾਈ।
ਜੇ ਸੰਵਿਧਾਨ ਇਹਨਾਂ ਨੇ ਬਦਲ ਦਿੱਤਾ,
ਮੱਚ ਸਕਦਾ ਵੱਡਾ ਘਮਸਾਨ ਭਾਈ।
ਸਾਂਭ ਹੋਣਾ ਨਾ ਫਿਰ ਕਿਸੇ ਕੋਲੋਂ,
ਹੋ ਸਕਦਾ ਵੱਡਾ ਨੁਕਸਾਨ ਭਾਈ।
'ਮੇਜਰ' ਦੇਸ਼ ਦੀ ਸੁੱਖ ਸ਼ਾਂਤੀ ਲਈ,
ਤੁਸੀਂ ਰੱਖਿਓ ਸਦਾ ਧਿਆਨ ਭਾਈ।
ਪਤਾ ਨਹੀਂ ਇਸ ਸੰਵਿਧਾਨ ਤੋਂ,
ਇਹਨਾਂ ਨੂੰ ਲੱਗਦਾ ਕਿਉਂ ਡਰ ਭਾਈ।
ਬਣਾਉਣਾ ਹੋਰ ਜੇ ਚੰਗਾ ਸੰਵਿਧਾਨ ਨੂੰ,
ਸੋਧਾਂ ਹੋਰ ਲੈਣ ਇਹ ਕਰ ਭਾਈ।
ਮੇਜਰ ਸਿੰਘ ਬੁਢਲਾਡਾ
94176 42327
'ਨਾ ਪੁਲਿਸ ਨਾ ਕੋਈ ਜੇਲ੍ਹ' - ਮੇਜਰ ਸਿੰਘ 'ਬੁਢਲਾਡਾ '
ਨੀਦਰਲੈਂਡ, ਆਇਰਲੈਂਡ, ਆਈਸਲੈਂਡ, ਡੈਨਮਾਰਕ ਆਦਿ ਦੇਸ਼ਾਂ ਵਿੱਚ,
ਕਹਿੰਦੇ ਨਾ ਪੁਲਿਸ, ਨਾ ਕੋਈ ਜੇਲ੍ਹ ਲੋਕੋ।
'ਹੰਕਾਰ' ਨਾਮ ਦੇ ਦੁਸ਼ਮਣ ਨੂੰ ਖ਼ਤਮ ਕਰਕੇ,
ਲੋਕ ਰਖਦੇ ਨੇ ਆਪਸ ਵਿੱਚ ਮੇਲ ਲੋਕੋ।
ਹੋ ਜਾਵੇ ਜੇ ਕਿਸੇ ਤੋਂ ਕੋਈ ਗ਼ਲਤੀ,
'ਸੌਰੀ' ਬੋਲਕੇ ਖ਼ਤਮ ਕਰਨ ਇਹ ਖੇਲ ਲੋਕੋ।
ਲੜਾਈਆਂ ਤੋਂ ਬਚਕੇ ਬਚਾਓ ਜ਼ਿੰਦਗੀਆਂ ਨੂੰ,
ਤੁਸੀਂ ਹਾਉਮੈ ਹੰਕਾਰ ਨੂੰ ਪਾਕੇ ਨਕੇਲ ਲੋਕੋ।
ਮੇਜਰ ਸਿੰਘ 'ਬੁਢਲਾਡਾ '
94176 42327