ਬਿਨਾਂ ਪਾਣੀ ਤੋਂ ਕੀ ਬਣੂਗਾ ਪੰਜਾਬ ਸਿਆਂ ਤੇਰਾ.... - ਮਨਜਿੰਦਰ ਸਿੰਘ ਸਰੌਦ
ਹਰ ਸਾਲ ਕੇਵਲ ਫਲੱਸਾਂ ਰਾਹੀਂ ਛੱਪੜਾਂ ਵਿੱਚ ਜਾ ਰਿਹੈ 65 ਅਰਬ ਲੀਟਰ ਤੋਂ ਵੀ ਵੱਧ ਅਮ੍ਰਿਤ ਰੂਪੀ ਪਾਣੀ
ਲੰਘੇ ਦਿਨੀਂ ਭਾਰਤ ਦੇ ਰੇਤਲੇ ਸੂਬੇ ਰਾਜਸਥਾਨ ਦੇ ਦੂਰ ਦਰਾਜ ਵਾਲੇ ਇੱਕ ਬੇਹੱਦ ਪੱਛੜੇ ਇਲਾਕੇ ਵਿੱਚ ਜਾਣ ਦਾ ਸਬੱਬ ਬਣਿਆ । ਕੁਦਰਤੀ ਉਸ ਦਿਨ ਗਰਮੀ ਵੀ ਆਪਣੀ ਚਰਮ ਸੀਮਾ ਨੂੰ ਪਹੁੰਚ ਇੱਕ ਬੇਹੱਦ ਡਰਾਵਣੇ ਰੂਪ ਵਿੱਚ ਧਰਤੀ ਤੇ ਕਹਿਰ ਢਾਉਂਦੀ ਪ੍ਰਤੀਤ ਹੁੰਦੀ ਸੀ । ਸਾਇਦ ਦੁਪਹਿਰ ਦੇ ਢਾਈ ਕੁ ਵੱਜੇ ਹੋਣਗੇ ਸਾਡਾ ਰਸਤਾ ਉਜਾੜ ਬੀਆਬਾਨ ਅਤੇ ਮਾਰੂਥਲ ਦੇ ਟਿੱਬਿਆਂ ਵਿੱਚੋਂ ਦੀ ਹੋਕੇ ਗੁਜਰਦਾ ਸੀ ਦੂਰ ਦੂਰ ਤੱਕ ਉਡਦੀ ਝੱਖ ਇਨਸਾਨੀ ਚਿਹਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਬੇਪਛਾਣ ਕਰ ਰਹੀ ਸੀ । ਗਰਮੀ ਨਾਲ ਹਾਲੋਂ ਬੇਹਾਲ ਹੁੰਦਿਆਂ ਮੈਂ ਕਾਰ ਵਿੱਚ ਰੱਖੀ ਪਾਣੀ ਦੀ ਬੋਤਲ ਨੂੰ ਟੋਹ ਕੇ ਵੇਖਿਆ ਤਾਂ ਉਸ ਵਿੱਚ ਦੋ ਕੁ ਘੁੱਟਾਂ ਹੀ ਪਾਣੀ ਬਾਕੀ ਬਚਿਆ ਸੀ ਮੇਰੀ ਜੀਭ ਤਾਲੂਏ ਲੱਗ ਕੇ ਬੁੱਲ ਵਾਰ ਵਾਰ ਸੁੱਕ ਰਹੇ ਸਨ ਦੋ ਕੁ ਘੁੱਟਾਂ ਪਾਣੀ ਨਾਲ ਆਪਣੇ ਹਲਕ ਨੂੰ ਗਿੱਲਾ ਕਰਨ ਦਾ ਯਤਨ ਕੀਤਾ ਪਰ ਨਹੀਂ । ਆਲੇ ਦੁਆਲੇ ਮੀਲਾਂ ਬੱਧੀ ਰਸਤੇ ਵਿੱਚ ਕੋਈ ਵੀ ਪਾਣੀ ਦਾ ਸਾਧਨ ਨਹੀਂ ਸੀ ਆਖਰ ਥੱਕ ਹਾਰ ਕੇ ਗੱਡੀ ਦੀ ਸੀਟ ਨਾਲ ਢੋਹ ਲਾਉਂਦਿਆਂ ਅੱਖਾਂ ਬੰਦ ਕਰ ਉਸ ਭਿਆਨਕ ਸਫ਼ਰ ਦੇ ਦ੍ਰਿਸ਼ ਨੂੰ ਆਪਣੇ ਜ਼ਹਿਨ ਤੇ ਲਿਆਉਂਦਿਆਂ ਉਸ ਦੀ ਤੁਲਨਾ ਮੇਰੇ ਰੰਗਲੇ ਪੰਜਾਬ ਦੀ ਜਰਖੇਜ਼ ਧਰਤੀ ਨਾਲ ਕੀਤੀ ਜੋ ਪਲ ਪਲ ਕਰਕੇ ਇੱਕ ਮਾਰੂਥਲ ਵਿੱਚ ਤਬਦੀਲ ਹੋ ਰਹੀ ਹੈ ਜਿਸ ਦੇ ਲਈ ਅਸੀਂ ਸਾਰੇ ਆਪ ਹੀ ਦੋਸ਼ੀ ਹਾਂ।
ਪੰਜਾਬ ਦੇ ਅਧ6 ਬਲਾਕਾਂ ਵਿੱਚੋਂ ਲੱਗਭੱਗ ਬਹੁਤੇ ਡਾਰਕ ਜੋਨ ਦੇ ਵਿੱਚ ਪਹੁੰਚ ਚੁੱਕੇ ਹਨ । ਆਉਂਦੇ ਦਿਨਾਂ ਨੂੰ 12 ਲੱਖ ਟਿਊਬਵੈੱਲ ਧਰਤੀ ਦੀ ਹਿੱਕ ਨੂੰ ਪਾੜ ਕੇ ਅੰਮ੍ਰਿਤ ਵਰਗਾ ਪਾਣੀ ਖੇਤਾਂ ਵਿੱਚ ਸੁਟਣਗੇ । ਹਰੀ ਕ੍ਰਾਂਤੀ ਦੇ ਨਾਂਅ ਤੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪ ਨੂੰ ਮਾਲਾ ਮਾਲ ਕਰਨ ਦੀ ਲਾਲਸਾ ਵਿੱਚ ਆਪਣਾ ਸਭ ਕੁਝ ਗਵਾ ਲਿਆ । ਸਰਕਾਰਾਂ ਨੇ ਪਹਿਲਾਂ ਦੇਸ਼ ਦਾ ਅੰਨ ਭੰਡਾਰ ਭਰਵਾਉਣ ਦੇ ਨਾਂ ਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਫਿਰ ਆਪਣਾ ਹੱਥ ਕਿਸਾਨਾਂ ਦੇ ਸਿਰ ਤੋਂ ਵਾਪਸ ਖਿੱਚਦਿਆਂ ਦੇਰ ਨਾ ਲਾਈ ਬੜੀ ਲੰਬੀ ਦਰਦਨਾਕ ਕਹਾਣੀ ਹੈ ਪੰਜਾਬ ਦੇ ਕਿਸਾਨ ਦੀ । ਫੈਕਟਰੀਆਂ ਵਿੱਚ ਮਣਾਂ ਮੂੰਹ ਪਾਣੀ ਦੀ ਖਪਤ ਨੂੰ ਕਿਸੇ ਨੇ ਅੱਜ ਤੱਕ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਮਹੀਨਾ ਲੈ ਕੇ ਇਸ ਅਮ੍ਰਿਤ ਰੂਪੀ ਪਾਣੀ ਦੇ ਦੁਰਉਪਯੋਗ ਨੂੰ ਹਰੀ ਝੰਡੀ ਦੇ ਦਿੱਤੀ ।
ਹੁਣ ਇੱਕ ਸੰਸਥਾ ਦੇ ਰੂਪ ਵਿੱਚ ਕੰਮ ਕਰਦੇ ਕੁਝ ਸੱਜਣਾਂ ਵੱਲੋਂ ਪਾਣੀ ਦੀ ਦੁਰਵਰਤੋਂ ਸਬੰਧੀ ਕੀਤੇ ਸਰਵੇ ਦੀ ਜੇਕਰ ਰਿਪੋਰਟ ਨੂੰ ਖੰਗਾਲੀ?ੇ ਤਾਂ ਸੱਚਾ ਚਿੰਤਨ ਕਰਨ ਵਾਲੇ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ , ਉਸ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਪ੍ਰਤੀ 300 ਘਰ ਵਾਲੇ ਪਿੰਡਾਂ ਅੰਦਰ ਬਣੀਆਂ ਲੈਟਰੀਨਾ ਰਾਹੀ ਲਗਭਗ 15 000 ਲੀਟਰ ਪਾਣੀ ਗੰਦਗੀ ਦੇ ਰੂਪ ਵਿੱਚ ਬਦਲਕੇ ਹਰ ਰੋਜ਼ ਧਰਤੀ ਵਿੱਚ ਜਜ਼ਬ ਹੋ ਰਿਹਾ ਹੈ । ਇਹ ਇੱਕ ਪਿੰਡ ਦੀ ਕਹਾਣੀ ਹੈ ਜੇਕਰ ਇਸ ਅਲਜਬਰੇ ਨੂੰ ਸਾਰੇ ਪੰਜਾਬ ਤੇ ਲਾਗੂ ਕਰੀਏ ਤਾਂ ਜੋ ਅੰਕੜੇ ਸਾਹਮਣੇ ਆਉਂਦੇ ਨੇ ਉਸ ਨੂੰ ਸੁਣ ਹਰ ਵਿਅਕਤੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ । ਔਸਤਨ 20 ਕਰੋੜ ਲੀਟਰ ਪ੍ਰਤੀ ਦਿਨ ਅਤੇ ਇੱਕ ਸਾਲ ਦੀ ਜੇਕਰ ਰੇਸ਼ੋ ਕੱਢੀਏ ਤਾਂ ਲੱਗਭੱਗ 64 ਅਰਬ ਲੀਟਰ ਸਾਡਾ ਅੰਮ੍ਰਿਤ ਵਰਗਾ ਪਾਣੀ ਫਲੱਸ਼ਾਂ ਦੀਆਂ ਟੈਂਕੀਆਂ ਚੋਂ ਪਿੰਡਾਂ ਦੀਆਂ ਨਾਲੀਆਂ ਵਿੱਚੋਂ ਦੀ ਹੁੰਦਾ ਹੋਇਆ ਛੱਪੜਾਂ ਵਿੱਚ ਪਹੁੰਚਦਾ ਹੈ । ਨਹਾਉਣ , ਕੱਪੜੇ ਅਤੇ ਗੱਡੀਆਂ ਧੋਣ ਵਿੱਚ ਖ਼ਪਤ ਹੋ ਰਹੇ ਪਾਣੀ ਦਾ ਹਿਸਾਬ ਕਿਤਾਬ ਇਸ ਤੋਂ ਵੱਖਰਾ ਹੈ । ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਇੱਕ ਸਾਲ ਵਿੱਚ ਹੀ ਸਾਡਾ ਲੱਖਾਂ ਟਨ ਪਾਣੀ ਸਾਡੇ ਤੋਂ ਤਿਲ ਤਿਲ ਕਰਕੇ ਗੁਆਚ ਰਿਹੈ । ਇਹ ਵੀ ਠੀਕ ਹੈ ਕਿ ਜਿੱਥੇ ਪਾਣੀ ਦੀ ਵਰਤੋਂ ਸਾਡੇ ਲਈ ਅੱਤ ਜ਼ਰੂਰੀ ਹੈ ਅਸੀਂ ਉਸ ਨੂੰ ਰੋਕ ਨਹੀਂ ਸਕਦੇ ਪਰ ਹਾਂ ਉਸ ਦੀ ਦੁਰਵਰਤੋਂ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ।
ਜੇਕਰ ਅਸੀਂ ਪੰਜਾਬ ਅੰਦਰ ਚਾਰੇ ਕੂੰਟਾਂ ਤੇ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਤੇ ਨਿਗ੍ਹਾ ਮਾਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨਾਲ ਇਨਸਾਫ਼ ਕਰ ਰਹੇ ਹੋਵਾਂਗੇ । ਸਾਡੇ ਵਿਗਿਆਨੀ ਅਤੇ ਪਾਣੀ ਨਾਲ ਸਬੰਧਤ ਵਿਭਾਗ ਬਾਰ ਬਾਰ ਮੀਡੀਏ ਦੇ ਵੱਖ ਵੱਖ ਸਾਧਨਾਂ ਰਾਹੀਂ ਸਾਨੂੰ ਜਗਾਉਂਦੇ ਰਹਿੰਦੇ ਨੇ ਪਰ ਸਾਡਾ ਹਾਲ , ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ , ਵਾਲਾ ਹੈ । ਪਤਾ ਨਹੀਂ ਕਿੱਧਰ ਗਏ ਸਾਡੀਆਂ ਸਰਕਾਰਾਂ ਦੇ ਵਾਟਰ ਟਰੀਟਮੈਂਟ ਲੱਗਣ ਵਾਲੇ ਸੁਪਨਮਈ ਪ੍ਰਾਜੈਕਟ ਅਤੇ ਸੰਤ ਸੀਚੇਵਾਲ ਮਾਡਲ ਬਣਾਉਣ ਦੇ ਵੱਡੇ ਵੱਡੇ ਵਾਅਦੇ । ਉਂਝ ਰੀਸਾਂ ਤਾਂ ਅਸੀਂ ਬਾਹਰਲੇ ਮੁਲਖ ਦੀਆਂ ਕਰਨ ਦੀਆਂ ਟਾਹਰਾਂ ਮਾਰਦੇ ਹਾਂ ਪਰ ਉਹ ਲੋਕ ਪਾਣੀ ਨੂੰ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ । ਸੋਚਣਾ ਤਾਂ ਬਣਦੈ ਕਿ ਜੇਕਰ ਇਸੇ ਤਰ੍ਹਾਂ ਹਰ ਸਾਲ ਅਰਬਾਂ ਲੀਟਰ ਪਾਣੀ ਧਰਤੀ ਦੀ ਕੁੱਖ ਵਿੱਚੋਂ ਨਿਕਲ ਕੇ ਗੰਦਗੀ ਵਿੱਚ ਘੁਲ ਖੂਹ ਟੋਭਿਆਂ ਵਿੱਚ ਪੈਂਦਾ ਰਿਹਾ ਤਾਂ ਕਿੰਨਾ ਕੁ ਚਿਰ ਹੋਰ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਵਾਲਾ ਇਹ ਅੰਮ੍ਰਿਤ ਸਾਡੇ ਕੋਲ ਬੱਚ ਸਕੇਗਾ ।
ਰੱਬ ਦਾ ਵਾਸਤਾ ਖੇਤਾਂ ਵਿੱਚ ਲੱਗੇ ਟਿਊਬਵੈੱਲ , ਚੌਕ ਚੌਰਾਹਿਆਂ ਅਤੇ ਘਰਾਂ ਵਿੱਚ ਲੱਗੀਆਂ ਪਾਣੀ ਦੀਆਂ ਟੂਟੀਆਂ , ਫੈਕਟਰੀਆਂ ਦੇ ਵੱਡੇ ਬੋਰ ਅਤੇ ਬਾਥਰੂਮਾਂ ਵਿੱਚੋਂ ਵਿਹੜੇ ਧੋਣ ਨੂੰ ਲਾਏ ਦੋ ਦੋ ਇੰਚੀ ਦੇ ਪਾਈਪਾਂ ਵਿੱਚੋਂ ਨਿਕਲ ਰਹੀ ਇਸ ਅਮੁੱਲੀ ਦਾਤ ਦੀ ਵਰਤੋਂ ਜ਼ਰੂਰ ਕਰੋ ਪਰ ਦੁਰਵਰਤੋਂ ਕਦੇ ਵੀ ਭੁੱਲ ਕੇ ਨਾ ਕਰੋ। ਹੁਣ ਸੋਚਣਾ ਪੰਜਾਬੀਆਂ ਨੇ ਹੈ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਵਿਰਾਸਤ ਵਿੱਚ ਮਾਰੂਥਲ ਰੂਪੀ ਪੰਜਾਬ ਦੇ ਕੇ ਜਾਣਾ ਹੈ ਤਾਂ ਤੁਹਾਡੀ ਮਰਜ਼ੀ , ਜੇ ਅਜੇ ਵੀ ਚਾਹੁੰਦੇ ਹਾਂ ਕਿ ਆਪਣੇ ਬਾਪੂਆਂ ਤੇ ਦਾਦਿਆਂ ਦਾ ਕੁਝ ਬਚਿਆ ਖੁਚਿਆ ਪੰਜਾਬ ਅਸੀਂ ਵਿਰਾਸਤ ਦੇ ਰੂਪ ਵਿੱਚ ਨਵੀਂ ਨਵੀਂ ਪੀੜ੍ਹੀ ਦੇ ਸਪੁਰਦ ਕਰਨਾ ਹੈ ਤਾਂ ਸੰਭਲ ਜਾਵੋ ਸਮਾਂ ਸਾਡੇ ਹੱਥੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
ਆਖਰ ਕਦ ਉਤਰੂ ਫੁਕਰਾਪੰਥੀ ਕਲਾਕਾਰਾਂ ਦੇ ਸਿਰੋਂ ਲੱਚਰ ਗਾਇਕੀ ਦਾ ਭੂਤ - ਮਨਜਿੰਦਰ ਸਿੰਘ ਸਰੌਦ
ਲੰਘੇ ਦਿਨੀ ਇੱਕ ਨਿੱਜੀ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਮੈਨੂੰ ਕਿਸੇ ਸਰੋਤੇ ਵੱਲੋਂ ਇੱਕ ਗੀਤ ਬਾਰੇ ਜੋ ਕਿਸੇ ਫੁਕਰਾਪੰਥੀ ਕਲਾਕਾਰ ਵੱਲੋਂ ਗਾਇਆ ਗਿਆ ਸੀ ਦੇ ਸੰਬੰਧ ਵਿੱਚ ਬੇਹੱਦ ਗੁੱਸੇ ਨਾਲ ਭਰਿਆ ਸਵਾਲ ਕੀਤਾ ਗਿਆ, ਉਸ ਨੌਜਵਾਨ ਦਾ ਗੁੱਸਾ ਵਾਜਬ ਸੀ ਕਿਉਂਕਿ ਫਰੇਜਰ ਨਾਂ ਦੇ ਇੱਕ ਗੀਤ ਵਿੱਚ ਕਿਸੇ ਅਖੌਤੀ ਕਲਾਕਾਰ ਵੱਲੋਂ ਮਾਰੀਆਂ ਜਬਲੀਆਂ ਜਦੋਂ ਇੱਕ ਭਰੇ ਪਰਿਵਾਰ ਵਿੱਚ ਮਾਂ , ਪਿਓ ਅਤੇ ਭੈਣ , ਭਾਈ ਦੇ ਕੰਨੀਂ ਪੈਂਦੀਆਂ ਨੇ ਤਾਂ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦੈ ਕਿ ਮੈਂ ਕਿਸ ਦੁਨੀਆਂ ਦਾ ਵਾਸੀ ਹਾਂ । ਗੀਤ ਵਿੱਚ ਕਲਾਕਾਰ ਲੜਕੀ ਦੀ ਤੁਲਨਾਂ ਬੋਤਲ ਨਾਲ ਕਰਦੈ ਅਤੇ ਗੀਤ ਦੇ ਰੈਪਰ ਉੱਤੇ ਤਸਵੀਰ ਵੀ ਬੋਤਲ ਦੀ ਪੇਸ਼ ਕਰਕੇ ਬੇਹਿਆਈ ਦੇ ਨਾਲ ਨਾਲ ਇਸ ਗੀਤ ਰਾਹੀਂ ਨਸ਼ੇ ਨੂੰ ਪ੍ਰਮੋਟ ਕਰਨ ਦੀ ਕੋਝੀ ਕੋਸ਼ਿਸ਼ ਵੀ ਕੀਤੀ ਗਈ ਹੈ ।
ਬਿਨਾਂ ਸ਼ੱਕ ਇਹ ਵਰਤਾਰਾ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਨੌਜਵਾਨੀ ਲਈ ਬੇਹੱਦ ਘਾਤਕ ਹੋਣ ਦੇ ਨਾਲ ਨਾਲ ਸਾਡੀ ਸੰਸਕ੍ਰਿਤੀ ਅਤੇ ਸਾਡੇ ਸੱਭਿਆਚਾਰ ਦੇ ਉੱਤੇ ਇੱਕ ਵੱਡਾ ਹਮਲਾ ਕਰਨ ਦੀਆਂ ਜੋ ਵਿਉਂਤਾਂ ਕੁਝ ਲੋਕਾਂ ਵੱਲੋਂ ਬੁਣੀਆਂ ਜਾਂਦੀਆਂ ਨੇ ਇੱਕ ਤਰ੍ਹਾਂ ਨਾਲ ਉਨ੍ਹਾਂ ਹੀ ਸਾਜਸ਼ਾਂ ਨੂੰ ਸਿਰੇ ਚਾੜ੍ਹਨ ਦੇ ਲਈ ਇਹੋ ਜਿਹੇ ਗੀਤ ਧੜੱਲੇ ਨਾਲ ਮਾਰਕੀਟ ਦੇ ਵਿੱਚ ਆਉਂਦੇ ਨੇ ਕੁਝ ਇੱਕ ਤੇ ਪੈਸਾ ਵੀ ਉਨ੍ਹਾਂ ਲੋਕਾਂ ਵੱਲੋਂ ਹੀ ਖਰਚਿਆ ਜਾ ਰਿਹਾ ਹੈ ਜਿਨ੍ਹਾਂ ਨੇ ਸਦਾ ਹੀ ਸਾਡੀ ਮਾਂ ਬੋਲੀ , ਪੰਜਾਬ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਲੰਘੇ ਸਮੇਂ ਅੱਡੀ ਚੋਟੀ ਦਾ ਜ਼ੋਰ ਤੱਕ ਲਾਇਆ ਅਤੇ ਆਪਣੇ ਖੀਸਿਆਂ ਵਿੱਚੋਂ ਪੈਸਾ ਕੱਢ ਕੇ ਸਾਡੀ ਨੌਜਵਾਨੀ ਨੂੰ ਵਰਗਲਾਉਣ ਦਾ ਯਤਨ ਕੀਤਾ । ਸਮੇਂ ਸਮੇਂ ਤੇ ਬੇਹੱਦ ਘਟੀਆ ਸ਼ਬਦਾਵਲੀ ਵਾਲੇ ਗੀਤਾਂ ਨੇ ਸਾਨੂੰ ਸ਼ਰਮਸਾਰ ਕਰਨ ਦੇ ਨਾਲ ਨਾਲ ਸੋਚਣ ਲਈ ਮਜਬੂਰ ਕੀਤਾ ਕੇ ਇਸ ਨੂੰ ਗਾਇਕੀ ਆਖੀਏ ਜਾਂ ਗਾਇਕੀ ਦੇ ਨਾਂ ਤੇ ਪਾਇਆ ਜਾ ਰਿਹਾ ਜਾ ਰਿਹਾ ਲੱਚਰਤਾ ਦਾ ਖਿਲਾਰਾ । ਅਸੀਂ ਵੀ ਸਦਾ ਹੀ ਫੁਕਰਾਪੰਥੀ ਕਲਾਕਾਰਾਂ ਨੂੰ ਤਰਜੀਤ ਦਿੱਤੀ ਅਤੇ ਚੰਗਿਆਂ ਤੋਂ ਦੂਰੀ ਬਣਾ ਕੇ ਰੱਖੀ । ਭਾਵੇਂ ਪਿਛਲੇ ਕੁਝ ਕੁ ਸਮੇਂ ਤੋਂ ਸਾਡੀ ਨੌਜਵਾਨੀ ਨੇ ਇਹਨਾਂ ਮਾੜੇ ਗੀਤਾਂ ਤੋਂ ਪਾਸਾ ਵੱਟ ਕੇ ਆਪਣੇ ਆਪ ਨੂੰ ਦੂਰ ਕਰਨ ਦਾ ਯਤਨ ਵੀ ਕੀਤਾ ਪਰ ਨੌਜਵਾਨੀ ਦਾ ਬਹੁਤ ਵੱਡਾ ਹਿੱਸਾ ਅਜੇ ਵੀ ਲੱਚਰ ਗਾਇਕੀ ਦੇ ਦੁਆਲੇ ਹੀ ਘੁੰਮਦਾ ਨਜ਼ਰ ਆਉਂਦਾ ਹੈ ।
ਪਿਛਲੇ ਸਮੇਂ ਲੱਚਰ ਗਾਇਕੀ ਤੋਂ ਉਕਸਾਹਟ ਵਿਚ ਆ ਕੇ ਪੈਲਸਾਂ ਵਿੱਚ ਚੱਲੀਆਂ ਗੋਲੀਆਂ ਨਾਲ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਚੁੱਕੇ ਨੇ ਅਤੇ ਬਹੁਤਿਆਂ ਨੂੰ ਅਣ ਆਈ ਮੌਤ ਮਰਨਾ ਪਿਆ ਹੈ ਇੱਥੋਂ ਤੱਕ ਕਿ ਛੋਟੇ ਬੱਚੇ ਵੀ ਲੱਚਰ ਗੀਤਾਂ ਦੀ ਭੇਟ ਚੜ੍ਹ ਕੇ ਆਪਣੇ ਮਾਪਿਆਂ ਤੋਂ ਦੂਰ ਹੁੰਦੇ ਨੇ । ਬਹੁਤੀ ਵਾਰ ਪੈਲਸਾਂ ਵਿੱਚ ਚੱਲਦੀਆਂ ਗੋਲੀਆਂ ਸਮੇਂ ਬਾਰਾਤੀਆਂ ਨੂੰ ਮੇਜ਼ਾਂ ਹੇਠਾਂ ਲੁਕ ਕੇ ਜਾਨ ਬਚਾਉਣੀ ਪੈਂਦੀ ਹੈ ਉਦੋਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੈਲੇਸ ਪੰਜਾਬ ਦੀ ਜਗ੍ਹਾ ਜੰਮੂ ਕਸ਼ਮੀਰ ਦੇ ਕਿਸੇ ਸ਼ਹਿਰ ਵਿੱਚ ਹੋਵੇ । ਪੰਜਾਬ ਸਰਕਾਰ ਵੱਲੋਂ ਭਾਵੇਂ ਬੀਤੇ ਸਮੇਂ ਅੰਦਰ ਫੁਕਰਾਪੰਥੀ ਕਲਾਕਾਰਾਂ ਨੂੰ ਵਰਜ ਕੇ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਸੀ ਪਰ ਨਾਲ ਦੀ ਨਾਲ ਮਾਣਯੋਗ ਹਾਈ ਕੋਰਟ ਵੱਲੋਂ ਇਹ ਕਹਿ ਕੇ ਕਿ ਅਸੀਂ ਲੱਚਰ ਗਾਇਕੀ ਦੇ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ ਇਹ ਸੁਣਨ ਵਾਲਿਆਂ ਨੇ ਆਪ ਫ਼ੈਸਲਾ ਕਰਨਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਗੀਤ ਪਸੰਦ ਹਨ ਇਸ ਨਾਲ ਵੀ ਲੱਚਰ ਦੇ ਗਾਇਕੀ ਦੇ ਵੱਧ ਰਹੇ ਪ੍ਰਸਾਰ ਨੂੰ ਹੋਰ ਹੱਲਾ ਸ਼ੇਰੀ ਮਿਲੀ । ਅੱਜ ਜੇਕਰ ਇੱਕ ਸਰਵੇ ਨੂੰ ਵਾਚ ਕੇ ਵੇਖੀਏ ਤਾਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤਿੰਨ ਸੌ ਕਰੋੜ ਦੇ ਲੱਗਭਗ ਦਾ ਲੈਣ ਦੇਣ ਸਾਲਾਨਾ ਹੋ ਰਿਹੈ ਪਰ ਨਾਲ ਦੀ ਨਾਲ ਸਿਤਮ ਭਰੀ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜਿਹੜਿਆਂ ਨੇ ਵਧੀਆ ਗਾਇਕੀ ਅਤੇ ਚੰਗੀ ਸੋਚ ਨੂੰ ਲੋਕਾਂ ਤੱਕ ਪੁੱਜਦਾ ਕੀਤਾ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਲੰਗੇ ਡੰਗ ਹੀ ਚੱਲਦਾ ਹੈ ।
ਜਿਹੜਿਆਂ ਨੇ ਮਾਂ ਬੋਲੀ ਦੀ ਦੁਰਦਸ਼ਾ ਕੀਤੀ ਅਤੇ ਮਾੜੀ ਗਾਇਕੀ ਦਾ ਬੋਲਬਾਲਾ ਆਪਣੇ ਗੀਤਾਂ ਵਿੱਚ ਕੀਤਾ ਪੰਜਾਬੀਆਂ ਨੇ ਉਨ੍ਹਾਂ ਨੂੰ ਅੱਖਾਂ ਦੀਆਂ ਪਲਕਾਂ ਤੇ ਬਿਠਾਇਆ ਅਤੇ ਚੰਗਾ ਗਾਉਣ ਵਾਲੇ ਸਮੇਂ ਦੀ ਗਰਦਿਸ਼ ਵਿਚ ਗੁਆਚ ਗਏ । ਆਖਰ ਕਦ ਖਹਿੜਾ ਛੁੱਟੂ ਪੰਜਾਬੀਆਂ ਦਾ ਇਸ ਲੱਚਰ ਗਾਇਕੀ ਦੇ ਦੈਂਤ ਤੋਂ ਅਤੇ ਫੁਕਰਾਪੰਥੀ ਕਲਾਕਾਰ ਤੋਂ ।
ਗੀਤਕਾਰ ਮਿਰਜ਼ਾ ਸੰਗੋਵਾਲੀਆ ਦਾ ਦਰਦਨਾਕ ਵਿਛੋੜਾ , ਪੰਜਾਬੀ ਗੀਤਕਾਰੀ ਦੇ ਵਿੱਚ ਆਪਣੀ ਅਹਿਮ ਅਤੇ ਵਿਲੱਖਣ ਥਾਂ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਿਰਜ਼ਾ ਸੰਗੋਵਾਲੀਆ ਨੂੰ ਲੰਬੇ ਸਮੇਂ ਤੋਂ ਅਧਰੰਗ ਦੀ ਨਾ ਮੁਰਾਦ ਬਿਮਾਰੀ ਨੇ ਘੇਰ ਰੱਖਿਆ ਸੀ , ਗਰੀਬੀ ਨਾਲ ਘੁਲਦਿਆਂ ਸੰਗੋਵਾਲੀਆ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ । ਬਿਮਾਰੀ ਨਾਲ ਦੋ ਹੱਥ ਕਰਦਿਆਂ ਮਿਰਜ਼ਾ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕਿਐ ,ਉਸ ਦੀ ਮੌਤ ਚਪੇੜ ਹੈ ਉਨ੍ਹਾਂ ਲੋਕਾਂ ਦੇ ਮੂੰਹ ਤੇ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਗਾਇਕੀ ਅੱਜ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਹੈ , ਕੀ ਫਾਇਦਾ ਮਗਰੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਵਿੱਚ ਮੇਲੇ ਲਾਉਣ ਦਾ । ਉਹ ਲੁਧਿਆਣਾ ਸ਼ਹਿਰ ਜਿੱਥੇ ਹਰ ਵਰ੍ਹੇ ਇੱਕ ਵੱਡੇ ਸ਼ਾਇਰ ਦੀ ਯਾਦ ਵਿੱਚ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਨੇ , ਉਸੇ ਹੀ ਸ਼ਹਿਰ ਵਿੱਚ ਇੱਕ ਅਲਬੇਲਾ ਗੀਤਕਾਰ ਰੁਲ ਕੇ ਇਸ ਸੰਸਾਰ ਤੋਂ ਕੂਚ ਕਰ ਗਿਆ ਕੀ ਕਰਾਂਗੇ ਲੱਖਾਂ ਦੀ ਗਾਇਕੀ ਨੂੰ ਅਫ਼ਸੋਸ ਮਿਰਜ਼ੇ ਸੰਗੋਵਾਲੀਆ ਨੂੰ ਦਵਾਈ ਵੀ ਨਾ ਜੁੜ ਸਕੀ । ਪਤਾ ਨਹੀਂ ਕਿਉਂ ਪੰਜਾਬੀ ਗਇਕੀ ਦੀ ਧਰੋਹਰ ਨੂੰ ਸਾਂਭਣ ਵਾਲੇ ਲੋਕ ਇੱਕ ਇਕ ਕਰਕੇ ਇਹ ਸੰਸਾਰ ਨੂੰ ਛੱਡ ਰਹੇ ਨੇ । ਜਿਹੜੇ ਇਸ ਗੀਤਕਾਰ ਦੇ ਗੀਤਾਂ ਨੂੰ ਗਾ ਕੇ ਸਟਾਰਾਂ ਦੀ ਦੁਨੀਆਂ ਵਿੱਚ ਜਾ ਖੜ੍ਹੇ ਹੋਏ ਉਨ੍ਹਾਂ ਨੇ ਵੀ ਇਸ ਫ਼ਨਕਾਰ ਦੀ ਸਾਰ ਨਾ ਲਈ, ਉਸ ਦੇ ਗੀਤਾਂ ਤੋਂ ਲੱਖਾਂ ਕਮਾਉਣ ਵਾਲੇ ਉਸ ਨੂੰ ਫੁੱਟੀ ਕੌਡੀ ਵੀ ਨਾ ਦੇ ਸਕੇ, ਸ਼ਾਇਦ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇਹੀ ਕੌੜਾ ਸੱਚ ਹੈ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634 63136
ਬਿਨਾਂ ਪਾਣੀ ਤੋਂ ਕੀ ਬਣੂਗਾ ਪੰਜਾਬ ਸਿਆਂ ਤੇਰਾ.. - ਮਨਜਿੰਦਰ ਸਿੰਘ ਸਰੌਦ
ਹਰ ਸਾਲ ਕੇਵਲ ਫਲੱਸਾਂ ਰਾਹੀਂ ਛੱਪੜਾਂ ਵਿੱਚ ਜਾ ਰਿਹੈ 65 ਅਰਬ ਲੀਟਰ ਤੋਂ ਵੀ ਵੱਧ ਅਮ੍ਰਿਤ ਰੂਪੀ ਪਾਣੀ
ਲੰਘੇ ਦਿਨੀਂ ਭਾਰਤ ਦੇ ਰੇਤਲੇ ਸੂਬੇ ਰਾਜਸਥਾਨ ਦੇ ਦੂਰ ਦਰਾਜ ਵਾਲੇ ਇੱਕ ਬੇਹੱਦ ਪੱਛੜੇ ਇਲਾਕੇ ਵਿੱਚ ਜਾਣ ਦਾ ਸਬੱਬ ਬਣਿਆ । ਕੁਦਰਤੀ ਉਸ ਦਿਨ ਗਰਮੀ ਵੀ ਆਪਣੀ ਚਰਮ ਸੀਮਾ ਨੂੰ ਪਹੁੰਚ ਇੱਕ ਬੇਹੱਦ ਡਰਾਵਣੇ ਰੂਪ ਵਿੱਚ ਧਰਤੀ ਤੇ ਕਹਿਰ ਢਾਉਂਦੀ ਪ੍ਰਤੀਤ ਹੁੰਦੀ ਸੀ । ਸਾਇਦ ਦੁਪਹਿਰ ਦੇ ਢਾਈ ਕੁ ਵੱਜੇ ਹੋਣਗੇ ਸਾਡਾ ਰਸਤਾ ਉਜਾੜ ਬੀਆਬਾਨ ਅਤੇ ਮਾਰੂਥਲ ਦੇ ਟਿੱਬਿਆਂ ਵਿੱਚੋਂ ਦੀ ਹੋਕੇ ਗੁਜਰਦਾ ਸੀ ਦੂਰ ਦੂਰ ਤੱਕ ਉਡਦੀ ਝੱਖ ਇਨਸਾਨੀ ਚਿਹਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਬੇਪਛਾਣ ਕਰ ਰਹੀ ਸੀ । ਗਰਮੀ ਨਾਲ ਹਾਲੋਂ ਬੇਹਾਲ ਹੁੰਦਿਆਂ ਮੈਂ ਕਾਰ ਵਿੱਚ ਰੱਖੀ ਪਾਣੀ ਦੀ ਬੋਤਲ ਨੂੰ ਟੋਹ ਕੇ ਵੇਖਿਆ ਤਾਂ ਉਸ ਵਿੱਚ ਦੋ ਕੁ ਘੁੱਟਾਂ ਹੀ ਪਾਣੀ ਬਾਕੀ ਬਚਿਆ ਸੀ ਮੇਰੀ ਜੀਭ ਤਾਲੂਏ ਲੱਗ ਕੇ ਬੁੱਲ ਵਾਰ ਵਾਰ ਸੁੱਕ ਰਹੇ ਸਨ ਦੋ ਕੁ ਘੁੱਟਾਂ ਪਾਣੀ ਨਾਲ ਆਪਣੇ ਹਲਕ ਨੂੰ ਗਿੱਲਾ ਕਰਨ ਦਾ ਯਤਨ ਕੀਤਾ ਪਰ ਨਹੀਂ । ਆਲੇ ਦੁਆਲੇ ਮੀਲਾਂ ਬੱਧੀ ਰਸਤੇ ਵਿੱਚ ਕੋਈ ਵੀ ਪਾਣੀ ਦਾ ਸਾਧਨ ਨਹੀਂ ਸੀ ਆਖਰ ਥੱਕ ਹਾਰ ਕੇ ਗੱਡੀ ਦੀ ਸੀਟ ਨਾਲ ਢੋਹ ਲਾਉਂਦਿਆਂ ਅੱਖਾਂ ਬੰਦ ਕਰ ਉਸ ਭਿਆਨਕ ਸਫ਼ਰ ਦੇ ਦ੍ਰਿਸ਼ ਨੂੰ ਆਪਣੇ ਜ਼ਹਿਨ ਤੇ ਲਿਆਉਂਦਿਆਂ ਉਸ ਦੀ ਤੁਲਨਾ ਮੇਰੇ ਰੰਗਲੇ ਪੰਜਾਬ ਦੀ ਜਰਖੇਜ਼ ਧਰਤੀ ਨਾਲ ਕੀਤੀ ਜੋ ਪਲ ਪਲ ਕਰਕੇ ਇੱਕ ਮਾਰੂਥਲ ਵਿੱਚ ਤਬਦੀਲ ਹੋ ਰਹੀ ਹੈ ਜਿਸ ਦੇ ਲਈ ਅਸੀਂ ਸਾਰੇ ਆਪ ਹੀ ਦੋਸ਼ੀ ਹਾਂ।
ਪੰਜਾਬ ਦੇ ਅਧ6 ਬਲਾਕਾਂ ਵਿੱਚੋਂ ਲੱਗਭੱਗ ਬਹੁਤੇ ਡਾਰਕ ਜੋਨ ਦੇ ਵਿੱਚ ਪਹੁੰਚ ਚੁੱਕੇ ਹਨ । ਆਉਂਦੇ ਦਿਨਾਂ ਨੂੰ 12 ਲੱਖ ਟਿਊਬਵੈੱਲ ਧਰਤੀ ਦੀ ਹਿੱਕ ਨੂੰ ਪਾੜ ਕੇ ਅੰਮ੍ਰਿਤ ਵਰਗਾ ਪਾਣੀ ਖੇਤਾਂ ਵਿੱਚ ਸੁਟਣਗੇ । ਹਰੀ ਕ੍ਰਾਂਤੀ ਦੇ ਨਾਂਅ ਤੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪ ਨੂੰ ਮਾਲਾ ਮਾਲ ਕਰਨ ਦੀ ਲਾਲਸਾ ਵਿੱਚ ਆਪਣਾ ਸਭ ਕੁਝ ਗਵਾ ਲਿਆ । ਸਰਕਾਰਾਂ ਨੇ ਪਹਿਲਾਂ ਦੇਸ਼ ਦਾ ਅੰਨ ਭੰਡਾਰ ਭਰਵਾਉਣ ਦੇ ਨਾਂ ਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਫਿਰ ਆਪਣਾ ਹੱਥ ਕਿਸਾਨਾਂ ਦੇ ਸਿਰ ਤੋਂ ਵਾਪਸ ਖਿੱਚਦਿਆਂ ਦੇਰ ਨਾ ਲਾਈ ਬੜੀ ਲੰਬੀ ਦਰਦਨਾਕ ਕਹਾਣੀ ਹੈ ਪੰਜਾਬ ਦੇ ਕਿਸਾਨ ਦੀ । ਫੈਕਟਰੀਆਂ ਵਿੱਚ ਮਣਾਂ ਮੂੰਹ ਪਾਣੀ ਦੀ ਖਪਤ ਨੂੰ ਕਿਸੇ ਨੇ ਅੱਜ ਤੱਕ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਮਹੀਨਾ ਲੈ ਕੇ ਇਸ ਅਮ੍ਰਿਤ ਰੂਪੀ ਪਾਣੀ ਦੇ ਦੁਰਉਪਯੋਗ ਨੂੰ ਹਰੀ ਝੰਡੀ ਦੇ ਦਿੱਤੀ ।
ਹੁਣ ਇੱਕ ਸੰਸਥਾ ਦੇ ਰੂਪ ਵਿੱਚ ਕੰਮ ਕਰਦੇ ਕੁਝ ਸੱਜਣਾਂ ਵੱਲੋਂ ਪਾਣੀ ਦੀ ਦੁਰਵਰਤੋਂ ਸਬੰਧੀ ਕੀਤੇ ਸਰਵੇ ਦੀ ਜੇਕਰ ਰਿਪੋਰਟ ਨੂੰ ਖੰਗਾਲੀ?ੇ ਤਾਂ ਸੱਚਾ ਚਿੰਤਨ ਕਰਨ ਵਾਲੇ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ , ਉਸ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਪ੍ਰਤੀ 300 ਘਰ ਵਾਲੇ ਪਿੰਡਾਂ ਅੰਦਰ ਬਣੀਆਂ ਲੈਟਰੀਨਾ ਰਾਹੀ ਲਗਭਗ 15 000 ਲੀਟਰ ਪਾਣੀ ਗੰਦਗੀ ਦੇ ਰੂਪ ਵਿੱਚ ਬਦਲਕੇ ਹਰ ਰੋਜ਼ ਧਰਤੀ ਵਿੱਚ ਜਜ਼ਬ ਹੋ ਰਿਹਾ ਹੈ । ਇਹ ਇੱਕ ਪਿੰਡ ਦੀ ਕਹਾਣੀ ਹੈ ਜੇਕਰ ਇਸ ਅਲਜਬਰੇ ਨੂੰ ਸਾਰੇ ਪੰਜਾਬ ਤੇ ਲਾਗੂ ਕਰੀਏ ਤਾਂ ਜੋ ਅੰਕੜੇ ਸਾਹਮਣੇ ਆਉਂਦੇ ਨੇ ਉਸ ਨੂੰ ਸੁਣ ਹਰ ਵਿਅਕਤੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ । ਔਸਤਨ 20 ਕਰੋੜ ਲੀਟਰ ਪ੍ਰਤੀ ਦਿਨ ਅਤੇ ਇੱਕ ਸਾਲ ਦੀ ਜੇਕਰ ਰੇਸ਼ੋ ਕੱਢੀਏ ਤਾਂ ਲੱਗਭੱਗ 64 ਅਰਬ ਲੀਟਰ ਸਾਡਾ ਅੰਮ੍ਰਿਤ ਵਰਗਾ ਪਾਣੀ ਫਲੱਸ਼ਾਂ ਦੀਆਂ ਟੈਂਕੀਆਂ ਚੋਂ ਪਿੰਡਾਂ ਦੀਆਂ ਨਾਲੀਆਂ ਵਿੱਚੋਂ ਦੀ ਹੁੰਦਾ ਹੋਇਆ ਛੱਪੜਾਂ ਵਿੱਚ ਪਹੁੰਚਦਾ ਹੈ । ਨਹਾਉਣ , ਕੱਪੜੇ ਅਤੇ ਗੱਡੀਆਂ ਧੋਣ ਵਿੱਚ ਖ਼ਪਤ ਹੋ ਰਹੇ ਪਾਣੀ ਦਾ ਹਿਸਾਬ ਕਿਤਾਬ ਇਸ ਤੋਂ ਵੱਖਰਾ ਹੈ । ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਇੱਕ ਸਾਲ ਵਿੱਚ ਹੀ ਸਾਡਾ ਲੱਖਾਂ ਟਨ ਪਾਣੀ ਸਾਡੇ ਤੋਂ ਤਿਲ ਤਿਲ ਕਰਕੇ ਗੁਆਚ ਰਿਹੈ । ਇਹ ਵੀ ਠੀਕ ਹੈ ਕਿ ਜਿੱਥੇ ਪਾਣੀ ਦੀ ਵਰਤੋਂ ਸਾਡੇ ਲਈ ਅੱਤ ਜ਼ਰੂਰੀ ਹੈ ਅਸੀਂ ਉਸ ਨੂੰ ਰੋਕ ਨਹੀਂ ਸਕਦੇ ਪਰ ਹਾਂ ਉਸ ਦੀ ਦੁਰਵਰਤੋਂ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ।
ਜੇਕਰ ਅਸੀਂ ਪੰਜਾਬ ਅੰਦਰ ਚਾਰੇ ਕੂੰਟਾਂ ਤੇ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਤੇ ਨਿਗ੍ਹਾ ਮਾਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨਾਲ ਇਨਸਾਫ਼ ਕਰ ਰਹੇ ਹੋਵਾਂਗੇ । ਸਾਡੇ ਵਿਗਿਆਨੀ ਅਤੇ ਪਾਣੀ ਨਾਲ ਸਬੰਧਤ ਵਿਭਾਗ ਬਾਰ ਬਾਰ ਮੀਡੀਏ ਦੇ ਵੱਖ ਵੱਖ ਸਾਧਨਾਂ ਰਾਹੀਂ ਸਾਨੂੰ ਜਗਾਉਂਦੇ ਰਹਿੰਦੇ ਨੇ ਪਰ ਸਾਡਾ ਹਾਲ , ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ , ਵਾਲਾ ਹੈ । ਪਤਾ ਨਹੀਂ ਕਿੱਧਰ ਗਏ ਸਾਡੀਆਂ ਸਰਕਾਰਾਂ ਦੇ ਵਾਟਰ ਟਰੀਟਮੈਂਟ ਲੱਗਣ ਵਾਲੇ ਸੁਪਨਮਈ ਪ੍ਰਾਜੈਕਟ ਅਤੇ ਸੰਤ ਸੀਚੇਵਾਲ ਮਾਡਲ ਬਣਾਉਣ ਦੇ ਵੱਡੇ ਵੱਡੇ ਵਾਅਦੇ । ਉਂਝ ਰੀਸਾਂ ਤਾਂ ਅਸੀਂ ਬਾਹਰਲੇ ਮੁਲਖ ਦੀਆਂ ਕਰਨ ਦੀਆਂ ਟਾਹਰਾਂ ਮਾਰਦੇ ਹਾਂ ਪਰ ਉਹ ਲੋਕ ਪਾਣੀ ਨੂੰ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ । ਸੋਚਣਾ ਤਾਂ ਬਣਦੈ ਕਿ ਜੇਕਰ ਇਸੇ ਤਰ੍ਹਾਂ ਹਰ ਸਾਲ ਅਰਬਾਂ ਲੀਟਰ ਪਾਣੀ ਧਰਤੀ ਦੀ ਕੁੱਖ ਵਿੱਚੋਂ ਨਿਕਲ ਕੇ ਗੰਦਗੀ ਵਿੱਚ ਘੁਲ ਖੂਹ ਟੋਭਿਆਂ ਵਿੱਚ ਪੈਂਦਾ ਰਿਹਾ ਤਾਂ ਕਿੰਨਾ ਕੁ ਚਿਰ ਹੋਰ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਵਾਲਾ ਇਹ ਅੰਮ੍ਰਿਤ ਸਾਡੇ ਕੋਲ ਬੱਚ ਸਕੇਗਾ ।
ਰੱਬ ਦਾ ਵਾਸਤਾ ਖੇਤਾਂ ਵਿੱਚ ਲੱਗੇ ਟਿਊਬਵੈੱਲ , ਚੌਕ ਚੌਰਾਹਿਆਂ ਅਤੇ ਘਰਾਂ ਵਿੱਚ ਲੱਗੀਆਂ ਪਾਣੀ ਦੀਆਂ ਟੂਟੀਆਂ , ਫੈਕਟਰੀਆਂ ਦੇ ਵੱਡੇ ਬੋਰ ਅਤੇ ਬਾਥਰੂਮਾਂ ਵਿੱਚੋਂ ਵਿਹੜੇ ਧੋਣ ਨੂੰ ਲਾਏ ਦੋ ਦੋ ਇੰਚੀ ਦੇ ਪਾਈਪਾਂ ਵਿੱਚੋਂ ਨਿਕਲ ਰਹੀ ਇਸ ਅਮੁੱਲੀ ਦਾਤ ਦੀ ਵਰਤੋਂ ਜ਼ਰੂਰ ਕਰੋ ਪਰ ਦੁਰਵਰਤੋਂ ਕਦੇ ਵੀ ਭੁੱਲ ਕੇ ਨਾ ਕਰੋ। ਹੁਣ ਸੋਚਣਾ ਪੰਜਾਬੀਆਂ ਨੇ ਹੈ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਵਿਰਾਸਤ ਵਿੱਚ ਮਾਰੂਥਲ ਰੂਪੀ ਪੰਜਾਬ ਦੇ ਕੇ ਜਾਣਾ ਹੈ ਤਾਂ ਤੁਹਾਡੀ ਮਰਜ਼ੀ , ਜੇ ਅਜੇ ਵੀ ਚਾਹੁੰਦੇ ਹਾਂ ਕਿ ਆਪਣੇ ਬਾਪੂਆਂ ਤੇ ਦਾਦਿਆਂ ਦਾ ਕੁਝ ਬਚਿਆ ਖੁਚਿਆ ਪੰਜਾਬ ਅਸੀਂ ਵਿਰਾਸਤ ਦੇ ਰੂਪ ਵਿੱਚ ਨਵੀਂ ਨਵੀਂ ਪੀੜ੍ਹੀ ਦੇ ਸਪੁਰਦ ਕਰਨਾ ਹੈ ਤਾਂ ਸੰਭਲ ਜਾਵੋ ਸਮਾਂ ਸਾਡੇ ਹੱਥੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
...ਤੇ ਅਕਾਲੀ ਦਲ ਫੇਰ ਹਾਰ ਗਿਆ - ਮਨਜਿੰਦਰ ਸਿੰਘ ਸਰੌਦ
ਇਨਕਲਾਬੀ ਆਗੂ ,ਸਿਆਸਤ ਦਾ ਜੋਗਾ ਰੱਲਾ ਵੇਖ, ਹੋਣ ਲੱਗੇ ਇੱਕ ਮੰਚ ਤੇ ਇਕੱਠੇ
ਸਿੱਖਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਜਨਮ ਲਗਪਗ 100 ਵਰ੍ਹੇ ਪਹਿਲਾਂ ਇਸ ਮਕਸਦ ਨਾਲ ਹੋਇਆ ਕਿ ਦੇਸ਼ ਅੰਦਰ ਸਾਡਾ ਇੱਕ ਵੱਖਰਾ ਢਾਂਚਾ ਹੋਵੇ ਅਤੇ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਅਗਵਾਈ ਕਰੀਏ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਆਪਣੇ ਪਿੰਡੇ ਤੇ ਜਰਕੇ ਸਮਾਜ ਵਿੱਚ ਸੋਹਣੇ ਤੇ ਸੁਚੱਜੇ ਸਲੀਕੇ ਨਾਲ ਵਿਚਰਕੇ ਨਾਲ ਹੀ ਆਪਣੇ ਧਰਮ ਨੂੰ ਉੱਚਾ ਚੁੱਕਣ ਦੇ ਲਈ ਤੱਤਪਰ ਰਹਿਣ ਦਾ ਅਹਿਦ ਕਰੀਏ ਅਤੇ ਗੁਰੂ ਸਾਹਿਬ ਵਲੋਂ ਜਬਰ ਤੇ ਜੁਲਮ ਤਸੱਦਦ ਦੇ ਖਿਲਾਫ ਲੜਨ ਦੀ ਬਖਸ਼ੀ ਗੁੜਤੀ ਦਾ ਮੁੱਲ ਮੋੜੇੀਏ । ਸਮਾਂ ਬੀਤਦਾ ਰਿਹਾ ਨਾਲ ਦੀ ਨਾਲ ਪ੍ਰਸਥਿਤੀਆਂ ਵੀ ਬਦਲਦੀਆਂ ਰਹੀਆਂ, ਉਤਰਾਅ ਚੜ੍ਹਾਅ ਆਉਂਦੇ ਰਹੇ ਪਰ ਅਕਾਲੀ ਦਲ ਸਦਾ ਹੀ ਹਰ ਸੰਕਟ ਵਿੱਚੋਂ ਤਕੜਾ ਹੋ ਕੇ ਨਿਕਲਦਾ ਰਿਹਾ । ਭਾਵੇਂ ਇੱਕ ਵਕਤ ਅਜਿਹਾ ਵੀ ਆਇਆ ਜਦ ਸਿੱਖ ਸਿਧਾਂਤਾਂ ਤੇ ਦਿੜ੍ਰਤਾ ਨਾਲ ਪਹਿਰਾ ਦੇਣ ਵਾਲੀ ਇਸ ਪਾਰਟੀ ਨੂੰ ਘਨਘੋਰ ਕਾਲੇ ਬੱਦਲਾਂ ਨੇ ਐਸਾ ਲਪੇਟਾ ਮਾਰਿਆ ਕਿ ਚਾਰੇ ਕੂੰਟਾਂ ਵਿੱਚੋਂ ਇਸ ਦੇ ਖ਼ਾਤਮੇ ਦੀ ਕਨਸੋਅ ਉੱਠਣ ਲੱਗੀ ਪਰ ਸ਼ਾਇਦ ਉਸ ਸਮੇਂ ਪਾਰਟੀ ਲਈ ਲੜਨ ਵਾਲੇ ਜੁਝਾਰੂਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ , ਜਿਹਨੀ ਤੌਰ ਤੇ ਨਹੀਂ ।
ਖਾਸ ਕਰ ਪਿਛਲੇ ਇੱਕ ਦਹਾਕੇ ਤੋਂ ਅਕਾਲੀ ਦਲ ਦੇ ਅੰਦਰੋ ਉੱਠਣ ਵਾਲੀ ਹਰ ਉਸ ਆਵਾਜ਼ ਨੂੰ ਜੋ ਧਰਮ ਕਰਮ ਦੀ ਗੱਲ ਕਰਦੀ ਹੋਵੇ ਸਖ਼ਤੀ ਨਾਲ ਕੁਚਲਣ ਦੇ ਨਾਲ ਨਾਲ ਪਾਰਟੀ ਦੇ ਸਵੈਮਾਣ ਅਤੇ ਹੋਂਦ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਜਿਸ ਨੂੰ ਅੰਜਾਮ ਸਾਡੇ ਆਪਣਿਆਂ ਨੇ ਹੀ ਦਿੱਤਾ । ਲੰਘੇ ਸਮੇਂ ਅਕਾਲੀ ਦਲ ਵੱਲੋਂ ਦਸ ਸਾਲਾਂ ਦੇ ਰਾਜ ਭਾਗ ਦੌਰਾਨ ਸਾਡੀ ਨੌਜਵਾਨੀ ਦੀ ਬੌਧਿਕ ਅਤੇ ਜ਼ਿਹਨੀ ਸੋਚ ਨੂੰ ਖ਼ਤਮ ਕਰਨ ਦੀ ਜੋ ਇਬਾਰਤ ਲਿਖੀ ਗਈ ਉਸ ਦਾ ਖਮਿਆਜ਼ਾ ਅੱਜ ਅਕਾਲੀ ਦਲ ਭੁਗਤਦਾ ਨਜ਼ਰ ਆ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿੱਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਲੰਘੀਆਂ ਵਿਧਾਨ ਸਭਾ ਮੌਕੇ ਅਤੇ ਹੁਣ ਹੋਈਆਂ ਲੋਕ ਸਭਾ ਚੋਣਾਂ ਦੀ ਜੇਕਰ ਕਾਰਗੁਜ਼ਾਰੀ ਨੂੰ ਖੰਗਾਲਿਆ ਜਾਵੇ ਤਾਂ ਅਕਾਲੀ ਦਲ ਸ਼ਾਇਦ ਇਤਿਹਾਸ ਦੀ ਸਭ ਤੋਂ ਮੰਦੀ ਹਾਲਤ ਵਿੱਚੋਂ ਗੁਜ਼ਰਦਾ ਵਿਖਾਈ ਦਿੰਦਾ ਹੈ । ਸਿੱਖਾਂ ਦੀ ਮਾਂ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਅੰਦਰ ਪਹਿਲੀ ਵਾਰ ਵਿਰੋਧੀ ਧਿਰ ਦੇ ਰੁਤਬੇ ਨੂੰ ਵੀ ਗੁਆ ਬੈਠਿਆ ਅਤੇ ਇੱਕ ਦਿੱਲੀ ਤੋਂ ਚੱਲੀ ਪਾਰਟੀ ਤੋਂ ਬੁਰੀ ਤਰ੍ਹਾਂ ਮਾਰ ਖਾਧੀ । ਇਸ ਦੇ ਆਗੂ ਫੇਰ ਵੀ ਨਾ ਸਮਝੇ ਸਮਾਂ ਦਰ ਸਮਾਂ ਗਲਤੀਆਂ ਕਰਦੇ ਰਹੇ , ਇੱਕ ਪਰਿਵਾਰ ਵੱਲੋਂ ਰੱਜ ਕੇ ਚੌਧਰ ਮਾਣਦਿਆਂ ਆਪਣੀ ਹੀ ਪਾਰਟੀ ਅੰਦਰ ਵਧੀਆ ਰਾਇ ਦੇਣ ਵਾਲਿਆਂ ਨੂੰ ਨੁੱਕਰੇ ਲਾਉਣ ਦੀਆਂ ਵਿਉਂਤਾਂ ਘੜੀਆਂ ਜਾਣ ਲੱਗੀਆਂ ,ਮੈਂ ਨਾ ਮਾਨੂੰ ਅਤੇ, ਮੈਂ ਸਹੀ, ਦੇ ਅਲਜਬਰੇ ਨੂੰ ਪੂਰੀ ਤਰ੍ਹਾਂ ਸਿਆਸਤ ਦੀਆਂ ਗੋਟੀਆਂ ਵਿੱਚ ਫਿੱਟ ਕਰਕੇ ਗਿਣੇ ਚੁਣੇ ਆਗੂਆਂ ਨੂੰ ਰਾਜਨੀਤੀ ਦੀ ਬੇਦੀ ਤੇ ਕੁਰਬਾਨ ਕੀਤਾ ਗਿਆ । ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੁਣ ਸੁਖਦੇਵ ਸਿੰਘ ਢੀਂਡਸਾ , ਰਣਜੀਤ ਸਿੰਘ ਬ੍ਰਹਮਪੁਰਾ , ਸੇਵਾ ਸਿੰਘ ਸੇਖਵਾਂ , ਡਾ ਰਤਨ ਸਿੰਘ ਅਜਨਾਲਾ , ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ , ਹਰਸੁਖਿੰਦਰ ਸਿੰਘ ਬੱਬੀ ਬਾਦਲ ਸਮੇਤ ਜਿਸ ਕਿਸੇ ਵੀ ਆਗੂ ਨੇ ਥੋੜ੍ਹੀ ਬਹੁਤ ਜੁਅਰਤ ਇਸ ਪਰਿਵਾਰ ਨੂੰ ਟੋਕਣ ਦੀ ਕੀਤੀ ਤਾਂ ਉਸ ਨੂੰ ਧੱਕ ਕੇ ਹਾਸੀਏ ਤੇ ਕਰਨ ਤੋਂ ਬਾਅਦ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਗਿਆ । ਸਮੇਂ ਦੀ ਸਿਤਮ ਜ਼ਰੀਫ਼ੀ ਦੇਖੋ ਜਿਹੜੇ ਲੋਕ ਸਿਧਾਂਤ ਅਤੇ ਅਕਾਲੀ ਦਲ ਦੇ ਇਤਿਹਾਸ ਤੋਂ ਕੋਰੇ ਨਾਂ ਵਾਕਫ ਸਨ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਗਿਆ ਪੈਸੇ ਅਤੇ ਜੁਗਾੜੂਆਂ ਨੂੰ ਸਿਆਸਤ ਦੀ ਕੁਰਸੀ ਦੇ ਸ਼ਾਹ ਅਸਵਾਰ ਬਣਾ ਕੇ ਪੇਸ਼ ਕਰਨ ਦੇ ਨਾਲ ਨਾਲ ਆਪਣੀ ਕੁਰਸੀ ਸਹੀ ਸਲਾਮਤ ਕਰਨ ਦੀ ਰਣਨੀਤੀ ਵੀ ਘੜੀ ਜਾਂਦੀ ਰਹੀ ।
ਹੁਣੇ ਹੋਈਆਂ ਲੋਕ ਸਭਾ ਵਿੱਚ ਭਾਵੇਂ ਪੂਰੇ ਸ਼੍ਰੋਮਣੀ ਅਕਾਲੀ ਦਲ ਦਾ ਗੂੱਗਾ ਪੂਜਿਆ ਗਿਆ ਪਰ ਇੱਕ ਪਰਿਵਾਰ ਦੇ ਦੋ ਮੈਂਬਰ ਕਿਸੇ ਸਮਝੌਤੇ ਅਤੇ ਪੈਸੇ ਦੇ ਜ਼ੋਰ ਨਾਲ ਫੇਰ ਜਿੱਤ ਗਏ ਅਤੇ ਹੁਣ ਉਹ ਇਹ ਗੱਲ ਜ਼ੋਰ ਸ਼ੋਰ ਨਾਲ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਯਤਨ ਕਰਨਗੇ ਕਿ ਸਾਡਾ ਕੀ ਕਸੂਰ ਸੀ , ਕਸੂਰ ਜਿਹੜਿਆਂ ਦਾ ਸੀ ਉਹ ਤਾਂ ਹਾਰ ਗਏ । ਆਖਰ ਕਿਉਂ ਅਕਾਲੀ ਦਲ ਦੇ ਆਗੂਆਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਕਿ ਦਲ ਦੀ ਸਲਾਮਤੀ ਚਾਹੁਣ ਵਾਲੇ ਲੋਕ ਉਨ੍ਹਾਂ ਦੀਆਂ ਨੀਤੀਆਂ ਤੋਂ ਬੇਹੱਦ ਖਫ਼ਾ ਨੇ । ਪੱਚੀ ਸਾਲ ਰਾਜ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਲੋਕ ਸਭਾ ਦੇ ਅੱਠ ਹਲਕੇ ਹਾਰਨ ਤੋਂ ਬਾਅਦ ਦੋ ਹਲਕਿਆਂ ਵਿੱਚ ਤੀਸਰੀ ਪੁਜੀਸ਼ਨ ਤੇ ਜਾ ਡਿੱਗੇ । ਜੇਕਰ ਕੁੱਲ ਵਿਧਾਨ ਸਭਾ ਹਲਕਿਆਂ ਦਾ ਹਿਸਾਬ ਕਿਤਾਬ ਕਰੀਏ ਤਾਂ ਨੱਬੇ ਹਲਕਿਆਂ ਵਿੱਚੋਂ ਅਕਾਲੀ ਦਲ ਸਿਰਫ ਸਤਾਰਾਂ ਹਲਕੇ ਹੀ ਜਿੱਤ ਸਕਿਆ ਹੈ ,ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਹ ਕਿਹੜੇ ਮੂੰਹ ਨਾਲ ਜਿੱਤੇਗਾ ਸ਼ਾਇਦ ਕਹਿਣ ਦੀ ਲੋੜ ਨਹੀਂ । ਇਨ੍ਹਾਂ ਚੋਣਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਝਾਤੀ ਮਾਰੀਏ ਤਾਂ ਕੋਈ ਬਹੁਤ ਵਧੀਆ ਪ੍ਰਦਰਸ਼ਨ ਉਹ ਵੀ ਨਹੀਂ ਕਰ ਸਕੀਆਂ ਆਪੋ ਆਪਣੀ ਕੁਰਸੀ ਨੂੰ ਸੁਰੱਖਿਅਤ ਰੱਖਣ ਦੇ ਲਈ ਇੱਥੇ ਵੀ ਬਹੁਤਿਆਂ ਵੱਲੋਂ ਸਿਧਾਂਤਾਂ ਦੀ ਬਲੀ ਦਿੱਤੀ ਗਈ ਅਤੇ ਛੇਤੀ ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਆਪਣੇ ਤੋਂ ਥੋੜ੍ਹੇ ਬਹੁਤ ਕਮਜ਼ੋਰ ਸਿਆਸੀ ਲੋਕਾਂ ਨੂੰ ਅਣਗੌਲਿਆ ਕਰਕੇ ਆਪਣਾ ਹੀ ਨੁਕਸਾਨ ਕਰਵਾ ਲਿਆ ਅਤੇ ਜਿਹੜੇ ਲੋਕਾਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਸੀ ਉਹ ਮੁੜ ਤੋਂ ਤਾਕਤਵਰ ਹੋਣ ਦੇ ਲਈ ਆਪਣੇ ਪਰ ਤੋਲਣ ਲੱਗੇ । ਕਈ ਸਿਆਸੀ ਧਿਰਾਂ ਦਾ ਇਨ੍ਹਾਂ ਚੋਣਾਂ ਨੇ ਭੁਲੇਖਾ ਕੱਢ ਦਿੱਤਾ ਕਿ ਉਹ ਕਿੰਨੇ ਕੁ ਪਾਣੀ ਵਿੱਚ ਹਨ ਸ਼ਾਇਦ ਹੁਣ ਆਉਂਦੇ ਸਮੇਂ ਨੂੰ ਉਹ ਇੱਕ ਦੂਸਰੇ ਦੇ ਨਾਲ ਗਲਵੱਕੜੀ ਪਾ ਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਕਵਾਇਦ ਨੂੰ ਅੰਜਾਮ ਹੀ ਦੇ ਦੇਣ , ਕਿੰਨਾ ਚੰਗਾ ਹੋਵੇ ਜੇਕਰ ਸਾਰੀਆਂ ਛੋਟੀਆਂ ਵੱਡੀਆਂ ਸਿਆਸੀ ਧਿਰਾਂ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਇੱਕ ਨਿਸ਼ਾਨ , ਇੱਕ ਵਿਧਾਨ ਨੂੰ ਅਪਣਾ ਕੇ ਧਾਰਮਿਕ ਤੇ ਸਿਆਸੀ ਚੋਣਾਂ ਵਿਚ ਸੱਚੇ ਮਨੋ ਮੈਦਾਨ ਵਿਚ ਆਉਣ ਨਾ ਕਿ ਬਿਨਾਂ ਪਾਣੀ ਤੋਂ ਮੌਜੇ ਖੋਲ੍ਹ ਕੇ ਜੱਗ ਹਸਾਈ ਕਰਵਾਉਣ । ਕਾਂਗਰਸ ਬਿਨਾਂ ਸ਼ੱਕ ਪੰਜਾਬ ਵਿੱਚੋਂ ਅੱਠ ਸੀਟਾਂ ਜਿੱਤ ਕੇ ਇਹ ਦਿਖਾਉੋਣ ਵਿਚ ਕਾਮਯਾਬ ਰਹੀ ਕਿ ਉਨ੍ਹਾਂ ਤੇ ਐਂਟੀ ਕੰਬੈਸੀ ਦਾ ਵੀ ਕੋਈ ਅਸਰ ਨਹੀਂ ਹੈ ।
ਨਵਜੋਤ ਸਿੰਘ ਸਿੱਧੂ ਪਾਰਟੀ ਲਈ ਭਾਵੇਂ ਨਹੀਂ , ਪਰ ਲੋਕਾਂ ਲਈ ਇੱਕ ਬੇਗਰਜ਼ ਅਤੇ ਇਮਾਨਦਾਰ , ਜੁਝਾਰੂ ਅਤੇ ਕੁੱਲ ਆਲਮ ਲਈ ਲੜਨ ਵਾਲੇ ਆਗੂ ਦੇ ਤੌਰ ਤੇ ਸਾਹਮਣੇ ਆਏ ਹਨ , ਉਨ੍ਹਾਂ ਦੀਆਂ ਬਾਗੀ ਸੁਰਾਂ ਨੂੰ ਵੇਖ ਕੇ ਇੰਝ ਲੱਗਦੈ ਜਿਵੇਂ ਉਹ ਵੀ ਹੁਣ ਆਪਣਾ ਵੱਖਰਾ ਸਾਮਰਾਜ ਉਸਾਰਨ ਵਾਲੇ ਰਾਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਖਰੀ ਹੀ ਮੰਜ਼ਿਲ ਦਾ ਰਾਹ ਤਲਾਸ਼ਣਗੇ । ਭਾਵੇਂ ਲੱਖ ਵਿਰੋਧਾਂ ਦੇ ਬਾਵਜੂਦ ਭਗਵੰਤ ਮਾਨ ਜਿੱਤ ਗਿਆ ਪਰ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਪੰਜਾਬ ਵਿੱਚ ਹੋਇਆ ਉਹ ਸ਼ਾਇਦ ਆਪ ਦੇ ਆਗੂਆਂ ਨੇ ਕਦੇ ਕਿਆਸਿਆ ਵੀ ਨਹੀਂ ਹੋਣਾ , ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਅਤੇ ਕਈਆਂ ਨੂੰ ਲੋਕਾਂ ਨੇ ਮੂੰਹ ਪਾਣੀ ਵੀ ਨਹੀਂ ਧਰਿਆ । ਸੁਖਪਾਲ ਸਿੰਘ ਖਹਿਰਾ , ਬੈਂਸ ਬ੍ਰਦਰ , ਅਕਾਲੀ ਦਲ ਟਕਸਾਲੀ ਜਾਂ ਹੋਰ ਹਮਖ਼ਿਆਲੀ ਪਾਰਟੀਆਂ ਮਿਲ ਕੇ ਜੇਕਰ ਕੋਈ ਵੱਖਰਾ ਫਰੰਟ ਕਾਇਮ ਕਰਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਹੋਵੇਗੀ ਕਿ ਬਿਨਾਂ ਸੱਚ ਤੇ ਖੜ੍ਹਨ ਤੋਂ ਇੱਥੇ ਹੋਰ ਕੋਈ ਚਾਰਾ ਵੀ ਨਹੀਂ ਹੈ। ਪਹਿਲਾਂ ਆਪ ਤਿਆਗ ਕਰੋ ਅਤੇ ਫੇਰ ਦੂਜਿਆਂ ਤੇ ਉਂਗਲ ਚੁੱਕੋ । ਗਰਮ ਖਿਆਲੀ ਧਿਰਾਂ ਦੇ ਵਾਜੇ ਵੀ ਲੱਗਭੱਗ ਵੱਜ ਚੁੱਕੇ ਹਨ ਚਾਰ ਚਾਰ ਜਥੇਦਾਰਾਂ ਦੇ ਵੱਖੋ ਵੱਖਰੇ ਸੈਟ ਵੀ ਕਿਸੇ ਦਾ ਕੁਝ ਨਹੀਂ ਵਿਗਾੜ ਸਕੇ ਸਿਵਾਏ ਹੋਸ਼ੀ ਰਾਜਨੀਤੀ ਕਰਨ ਦੇ । ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਅਤੇ ਕੌਮ ਲਈ ਆਪਣੀ ਜਾਨ ਤੱਕ ਦੀ ਅਹੂਤੀ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ , ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਾ ਧਰਮਵੀਰ ਗਾਂਧੀ ਵਰਗੇ ਜਿਨ੍ਹਾਂ ਨੇ ਲੋਕਾਈ ਦੀ ਸੇਵਾ ਨੂੰ ਸਮਰਪਿਤ ਹੋ ਕੇ ਦਿੜ੍ਰਤਾ ਨਾਲ ਪਹਿਰਾ ਦਿੱਤਾ ਸੀ ਉਹ ਵੀ ਇਸ ਪੈਸੇ ਅਤੇ ਗੰਧਲੀ ਹੋ ਚੁੱਕੀ ਰਾਜਨੀਤੀ ਅੱਗੇ ਟਿਕ ਨਾ ਸਕੇ । ਹੁਣ ਸਾਡੀ ਜਨਤਾ ਨੂੰ ਵੀ ਕਿਸੇ ਨੂੰ ਗਾਲਾਂ ਕੱਢਣ ਦਾ ਕੋਈ ਹੱਕ ਬਾਕੀ ਨਹੀਂ ਬਚਦਾ ਵਿਖਾਈ ਦਿੰਦਾ ਕਿਉਂਕਿ ਉਸ ਨੇ ਇਨ੍ਹਾਂ ਚੋਣਾਂ ਵਿਚ ਆਪਣੇ ਫੈਸਲੇ ਆਪ ਕੀਤੇ ਹਨ । ਇਹ ਵੀ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਵੱਲੋਂ ਚੁਣੇ ਹੋਏ ਨਵੇਂ ਆਗੂ ਉਨ੍ਹਾਂ ਦੀਆਂ ਉਮੀਦਾਂ ਤੇ ਕਿੰਨੇ ਕੁ ਖਰੇ ਉੱਤਰਦੇ ਹਨ । ਇਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਾਡੀ ਜਨਤਾ ਤੀਜਾ ਬਦਲ ਜ਼ਰੂਰ ਭਾਲਦੀ ਹੈ ਪਰ ਸਾਡੇ ਆਗੂਆਂ ਦੀ ਨਕਾਰਾਤਮਕ ਪਹੁੰਚ ਦੇ ਕਾਰਨ ਅਤੇ ਕਿਤੇ ਨਾ ਕਿਤੇ ਛੋਟੀਆਂ ਮੋਟੀਆਂ ਗਰਜਾਂ ਕਰਕੇ ਸਹੀ ਫੈਸਲਾ ਲੈਣ ਵਿੱਚ ਧੋਖਾ ਖਾ ਜਾਂਦੀ ਹੈ ।
ਹੁਣ ਸਿਆਸੀ ਪੰਡਤਾਂ ਅਤੇ ਸੱਚੇ ਚਿੰਤਕਾਂ ਦੀ ਨਿਗਾਹ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਤੇ ਅਗਲੇ ਸਮੇਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਟਿਕੀ ਹੈ ਕਿ ਉਨ੍ਹਾਂ ਚੋਣਾਂ ਵਿੱਚ ਸਾਂਝਾ ਫਰੰਟ ਬਣਾਉਣ ਦੀ ਕਵਾਇਦ ਤੇ ਤੁਰੇ ਆਗੂ ਆਪਣਾ ਕਿੰਨਾ ਕੁ ਦਮ ਖਮ ਵਿਖਾਉਣਗੇ ਜਾਂ ਇਸੇ ਤਰ੍ਹਾਂ ਡੰਡਾ ਡੁੱਕ ਖੇਡ ਨੂੰ ਖੇਡਣ ਦੀ ਰੀਤ ਨੂੰ ਹੋਰ ਅੱਗੇ ਤੋਰਨਗੇ ਇਹ ਅਜੇ ਸਮੇਂ ਦੇ ਗਰਭ ਵਿੱਚ ਹੈ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
ਤਾਮਿਲਨਾਡੂ ਦੇ ਰਮੇਸ਼ਵਰਮ ਟਾਪੂ ਨੂੰ ਦੇਸ਼ ਨਾਲ ਜੋੜਨ ਵਾਲਾ ਇੱਕੋ ਇੱਕ (ਪਾਮਬਨ) ਰੇਲਵੇ ਪੁਲ - ਮਨਜਿੰਦਰ ਸਿੰਘ ਸਰੌਦ
ਭਾਰਤ ਦੇ ਸਭ ਤੋਂ ਖਤਰਨਾਕ ਸਮੁੰਦਰੀ ਰੇਲਵੇ ਪੁਲ ਤੇ ਸਫ਼ਰ ਕਰਦਿਆਂ ........
ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਤਕਰੀਬਨ 564 ਕਿਲੋਮੀਟਰ ਦੂਰ ਪੈਂਦੇ ਇੱਕ ਟਾਪੂ ਰਮੇਸ਼ਵਰਮ ਆਈਲੈਂਡ ਨੂੰ ਬਾਕੀ ਦੇਸ਼ ਨਾਲ ਜੋੜਦੇ ਭਾਰਤ ਦੇ ਨੰਬਰ ਇੱਕ ਖ਼ਤਰਨਾਕ ਰੇਲਵੇ ਪੁਲ ਪਾਮਬਨ ਤੇ ਬੀਤੇ ਦਿਨ ਸਫਰ ਕਰਨ ਦਾ ਮੌਕਾ ਮਿਲਿਆ । ਵਿਸ਼ਾਲ ਸਮੁੰਦਰ ਦੇ ਵਿਚਕਾਰ ਬਣੇ ਇਸ ਰੇਲਵੇ ਪੁਲ ਦਾ ਨਜ਼ਾਰਾ ਮਨ ਨੂੰ ਟੁੰਬਣ ਦੇ ਨਾਲ ਨਾਲ ਬੇਹੱਦ ਖਤਰਨਾਕ ਅਤੇ ਡਰਾਵਣਾ ਵੀ ਹੈ । ਬਰਤਾਨਵੀ ਸਾਮਰਾਜ ਵੱਲੋਂ ਭਾਰਤ ਵਿੱਚ ਆਪਣੇ ਵਪਾਰ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਸੰਨ 1870 ਨੂੰ ਇਸ ਮਹਾਂ ਪੁਲ ਨੂੰ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਅਗਸਤ 1911 ਨੂੰ ਇਸ ਤੇ ਅਮਲ ਕਰਦਿਆਂ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਕੇ ਲਗਪਗ ਸਾਢੇ ਤਿੰਨ ਸਾਲ ਬਾਅਦ 24 ਫਰਵਰੀ 1914 ਨੂੰ ਇਹ ਰੇਲਵੇ ਪੁਲ ਤਿਆਰ ਹੋ ਗਿਆ ।
ਇਹ ਭਾਰਤ ਦਾ ਨੰਬਰ ਇੱਕ ਅਤੇ ਵਿਸ਼ਵ ਦਾ ਦੂਜਾ ਲੰਬਾ ਖਤਰਨਾਕ ਸਮੁੰਦਰੀ ਪੁਲ ਹੈ ਇਸ ਤੇ ਸਫਰ ਦੌਰਾਨ ਟਰੇਨ ਦੀ ਸਪੀਡ ਬਹੁਤ ਹੌਲੀ ਹੁੰਦੀ ਹੈ ਤਾਂ ਕਿ ਧਮਕ ਨਾਲ ਇਸ ਦੇ ਥਮਲਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ । ਜ਼ਿਆਦਾਤਰ ਟਰੇਨ ਇਸ ਤੇ ਰਾਤ ਨੂੰ ਹੀ ਗੁਜ਼ਰਦੀ ਹੈ ਕਿਉਂਕਿ ਦਿਨ ਦੇ ਸਮੇਂ ਸਮੁੰਦਰੀ ਲਹਿਰਾਂ ਦਾ ਵੇਗ ਇੰਨਾ ਭਿਆਨਕ ਹੁੰਦਾ ਹੈ ਕਿ ਸਮੁੰਦਰ ਦਾ ਪਾਣੀ ਟਰੇਨ ਨਾਲ ਟਕਰਾ ਕੇ ਕਿਸੇ ਵੀ ਸਮੇਂ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ । 23 ਦਸੰਬਰ 1964 ਨੂੰ ਇੱਕ ਸਮਾਂ ਅਜਿਹਾ ਵੀ ਆਇਆ ਜਦ ਪਾਮਬਨ ਧਨੁੱਸਕੋਟੀ ਪੈਸੰਜਰ ਟਰੇਨ ਇਸ ਪੁਲ ਤੋਂ ਗੁਜ਼ਰ ਰਹੀ ਸੀ ਤਾਂ ਸਮੁੰਦਰ ਵਿੱਚੋਂ ਉੱਠੇ ਸਕਤੀਸ਼ਾਲੀ ਤੂਫਾਨ ਨੇ ਟਰੇਨ ਨੂੰ ਪਲਟਾ ਦਿੱਤਾ ਤੇ ਵੇਖਦੇ ਹੀ ਵੇਖਦੇ ਆਪਣੀਆਂ ਸੱਧਰਾਂ ਤੇ ਅਰਮਾਨਾਂ ਨੂੰ ਸੀਨੇ ਵਿੱਚ ਜਜ਼ਬ ਕਰਕੇ ਸਫ਼ਰ ਕਰਦੇ ਯਾਤਰੀਆਂ ਸਮੇਤ ਟਰੇਨ ਸਮੁੰਦਰ ਵਿੱਚ ਡੁੱਬ ਗਈ ਤੇ 150 ਦੇ ਕਰੀਬ ਅਭਾਗੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ । ਇਸ ਸੁਨਾਮੀ ਨਾਲ ਪੁਲ ਦਾ ਵੱਡਾ ਹਿੱਸਾ ਨੁਕਸਾਨੇ ਜਾਣ ਕਾਰਨ ਇਸ ਤੇ ਆਵਾਜਾਈ ਬੰਦ ਹੋ ਗਈ ਤੇ ਲੰਮਾ ਸਮਾਂ ਮੁਰੰਮਤ ਦਾ ਕੰਮ ਚੱਲਿਆ । ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਮੁੰਦਰੀ ਲਹਿਰਾਂ 25 ਫੁੱਟ ਤੋਂ ਵੀ ਵੱਧ ਉੱਚੀਆਂ ਉੱਠ ਕੇ ਆਲੇ ਦੁਆਲੇ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਸਨ । 105 ਸਾਲ ਪੁਰਾਣੇ ਇਸ ਪੁਲ ਨੂੰ ਦੋ ਹਿੱਸਿਆਂ ਵਿੱਚ ਵੰਡ ਵਿਚਕਾਰ ਦੀ ਇੱਕ ਰਸਤਾ ਬਣਾ ਕੇ ਸਮੁੰਦਰੀ ਜਹਾਜ਼ਾਂ ਨੂੰ ਲਘਾਉੰਦੇ ਸਮੇਂ ਇਹ ਪੁਲ ਉੱਪਰ ਵੱਲ ਨੂੰ ਉੱਠਦਾ ਹੈ ਜੋ ਆਪਣੇ ਆਪ ਵਿਚ ਰੌਚਕ ਤੇ ਵਿਲੱਖਣਤਾ ਭਰਪੂਰ ਦ੍ਰਿਸ਼ ਹੈ ।
ਇੰਜੀਨੀਅਰਾਂ ਨੇ 145 ਵੱਡ ਅਕਾਰੀ ਖੰਭਿਆਂ ਦੇ ਦੁਆਲੇ ਕੰਕਰੀਟ ਦਾ ਵੱਡਾ ਜਾਲ ਵਿਛਾ ਸਮੁੰਦਰ ਦੇ ਇੱਕ ਘੱਟ ਡੂੰਘੇ ਹਿੱਸੇ ਨੂੰ ਇਸਤੇਮਾਲ ਕਰ ਇਸ ਨੂੰ ਨੇਪਰੇ ਚਾੜ੍ਹਿਆ । ਭਾਵੇਂ ਬਾਅਦ ਵਿੱਚ 1988 ਨੂੰ ਇਸ ਰੇਲਵੇ ਪੁਲ ਦੇ ਨਾਲ ਨਾਲ ਇੱਕ ਸੜਕੀ ਪੁਲ ਦਾ ਨਿਰਮਾਣ ਵੀ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਰਮੇਸ਼ਵਰਮ ਨਾਂ ਦੇ ਇਸ ਟਾਪੂ ਨੂੰ ਕੇਵਲ ਇਹ ਰੇਲਵੇ ਪੁਲ ਹੀ ਭਾਰਤ ਨਾਲ ਜੋੜਨ ਦਾ ਇੱਕੋ ਇੱਕ ਸਾਧਨ ਸੀ । ਰਾਮੇਸ਼ਵਰਮ ਤਾਮਿਲਨਾਡੂ ਦੇ ਪੂਰਵ ਵਿੱਚ ਬੇਹੱਦ ਖੂਬਸੂਰਤ ਅਤੇ ਚਾਰੇ ਪਾਸਿਓਂ ਸਮੁੰਦਰ ਵਿੱਚ ਘਿਰਿਆ ਹਰਿਆਵਲ ਭਰਪੂਰ ਛੋਟਾ ਜਿਹਾ ਸ਼ਹਿਰ ਹੈ ਇੱਥੇ ਭਾਰਤ ਦੇ ਸੜਕੀ ਤੇ ਰੇਲ ਮਾਰਗ ਖਤਮ ਹੋ ਜਾਂਦੇ ਹਨ ।
ਇਸ ਟਾਪੂ ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ 1511 ਈਸਵੀ ਨੂੰ ਆਪਣੇ ਪਵਿੱਤਰ ਚਰਨ ਪਾਏ । ਇਤਿਹਾਸ ਨੂੰ ਵਾਚੀਏ ਤਾਂ ਗੁਰੂ ਸਾਹਿਬ ਸ੍ਰੀਲੰਕਾ ਤੋਂ ਵਾਪਸੀ ਸਮੇਂ ਇੱਥੇ ਕਰੀਬ 19 ਦਿਨ ਠਹਿਰੇ ਸਨ ਉਨ੍ਹਾਂ ਦੀ ਯਾਦ ਵਿੱਚ ਰਮੇਸ਼ਵਰਮ ਸ਼ਹਿਰ ਅੰਦਰ ਇੱਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਤ ਹੈ । ਇਸ ਖੂਬਸੂਰਤ ਟਾਪੂ ਦਾ ਜ਼ਿਲ੍ਹਾ ਰਾਮਨਾਡਪੁਰਮ ਤੇ ਇਹ ਆਪਣੇ ਆਪ ਵਿੱਚ ਇੱਕ ਤਹਿਸੀਲ ਹੈ ਇੱਥੋਂ ਸ੍ਰੀਲੰਕਾ 38 ਕਿਲੋਮੀਟਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪਾਂਡੂਚੇਰੀ 378 ਕਿਲੋਮੀਟਰ ਤੇ ਸਥਿੱਤ ਇੱਕ ਮਨਮੋਹਕ ਟਾਪੂ ਹੈ । ਇੱਥੇ ਸਿੱਖ ਭਾਈਚਾਰੇ ਨਾਲ ਸਬੰਧਤ ਕੋਈ ਪਰਿਵਾਰ ਨਹੀਂ ਰਹਿੰਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੇਨਈ ਗੁਰਦੁਆਰਾ ਕਮੇਟੀ ਕੋਲ ਹੈ ।
ਭਾਰਤ ਦੇ ਮਰਹੂਮ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ?ੇ ਪੀ ਜੇ ਅਬਦੁਲ ਕਲਾਮ ਨੇ ਇਸ ਟਾਪੂ ਦੀ ਮਿੱਟੀ ਤੇ ਆਪਣੇ ਬਚਪਨ ਨੂੰ ਮਾਣਿਆ ਤੇ ਉਨ੍ਹਾਂ ਦੀ ਜਨਮ ਭੂਮੀ ਹੋਣ ਦਾ ਮਾਣ ਇਸ ਧਰਤੀ ਨੂੰ ਪ੍ਰਾਪਤ ਹੈ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਭਾਵੇਂ ਸ਼ਾਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਪਰ ਆਪਣੇ ਇਸ ਛੋਟੇ ਜਿਹੇ ਖਿੱਤੇ ਨੂੰ ਵਿਕਾਸ ਦੀ ਐਸੀ ਪੁੱਠ ਚਾੜ੍ਹੀ ਕਿ ਵੇਖਣ ਵਾਲ਼ੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ । ਭਾਵੇਂ ਭਾਰਤ ਦੇ ਤਾਮਿਲਨਾਡੂ ਸੂਬੇ ਦੀ ਨੁੱਕਰੇ ਦੂਰ ਸਮੁੰਦਰ ਵਿੱਚ ਰਮੇਸ਼ਵਰ ਨੂੰ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਬਾਕੀਆਂ ਦੇ ਮੁਕਾਬਲੇ ਕਾਫੀ ਘੱਟ ਹੈ ਪਰ ਇੱਥੇ ਸਥਿਤ ਰੇਲਵੇ ਪੁਲ ਨੂੰ ਵੇਖਣ ਵਾਲੇ ਲੋਕਾਂ ਦਾ ਲੱਗਿਆ ਤਾਂਤਾ ਦੁਨੀਆਂ ਦਾ ਧਿਆਨ ਜ਼ਰੂਰ ਖਿੱਚਦੈ ।
ਇੱਕ ਵਾਰ ਇੱਥੋਂ ਦੀ ਟਰੇਨ ਵਿੱਚ ਸਫਰ ਕਰ ਇਨਸਾਨ ਜ਼ਰੂਰ ਸੋਚਦੈ ਕਿ ਹੁਣ ਤੱਕ ਮੈਂ ਇਸ ਨਜ਼ਾਰੇ ਤੋਂ ਵਾਂਝਾ ਕਿਉਂ ਰਿਹਾ । ਸਰਕਾਰਾਂ ਵੱਲੋਂ ਇਸ ਰੇਲਵੇ ਪੁਲ ਨੂੰ ਕਈ ਵਾਰ ਅਣਸੁਰੱਖਿਅਤ ਐਲਾਨੇ ਜਾਣ ਦੇ ਬਾਵਜੂਦ ਇਸ ਨੂੰ ਵੇਖਣ ਵਾਲੇ ਇੱਕ ਡਰ ਤੇ ਉੱਤੇਜਿੱਤ ਖੁਸ਼ੀ ਦਾ ਲੁਤਫ ਬਿਨ੍ਹਾਂ ਝਿਜਕ ਲੈਂਦੇ ਹਨ । ਬਿਨਾਂ ਸ਼ੱਕ 2 ਕਿਲੋਮੀਟਰ ਲੰਬੇ ਇਸ ਪੁਲ ਤੇ ਸਫ਼ਰ ਕਰਦਿਆਂ ਹਰ ਮਨ ਦੇ ਵਿੱਚ ਖਿਆਲਾਂ ਦਾ ਜਵਾਰ ਭਾਟਾ ਉਡਾਰੀਆਂ ਮਾਰਦਾ ਰਹਿੰਦਾ ਹੈ । ਜਦ ਵੀ ਕਿਤੇ ਤਾਮਿਲਨਾਡੂ ਜਾਣ ਦਾ ਮੌਕਾ ਮਿਲੇ ਤਾਂ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਦੂਜੇ ਇਸ ਖਤਰਨਾਕ ਰੇਲਵੇ ਪੁਲ ਤੇ ਟਰੇਨ ਦੇ ਸਫ਼ਰ ਦਾ ਅਨੰਦ ਜਰੂਰ ਮਾਨਣਾ ਚਾਹੀਦਾ ਹੈ ।
ਮਨਜਿੰਦਰ ਸਿੰਘ ਸਰੌਦ
94634 63136
ਅਜੀਬ ਦਾਸਤਾਨ ਹੈ ਆਪਣੇ ਹੀ ਵਿਹੜੇ ਵਿੱਚ ਬੇਗ਼ਾਨੀ ਹੋਈ ਮਾਂ-ਬੋਲੀ ਪੰਜਾਬੀ ਦੀ ਸਕੂਲਾਂ ਕਾਲਜਾਂ ਵਿੱਚ ਮਾਂ-ਬੋਲੀ ਵਿਸ਼ੇ 'ਤੇ ਸੈਮੀਨਾਰ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਲੋੜ - ਮਨਜਿੰਦਰ ਸਿੰਘ ਸਰੌਦ
ਕਿਸੇ ਵੇਲੇ ਮਹਾ-ਪੰਜਾਬ ਦੇ ਝੰਡੇ ਕਾਬਲ-ਕੰਧਾਰ ਤੋਂ ਲੈ ਕੇ ਤਿੱਬਤ ਦੀਆਂ ਚੋਟੀਆਂ ਤੱਕ ਝੁੱਲਿਆ ਕਰਦੇ ਸਨ। ਅੰਗਰੇਜ਼ੀ ਰਾਜ ਵੇਲੇ ਪੰਜਾਬ ਦੇ 39 ਜ਼ਿਲ੍ਹੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵੀ ਵੰਡਿਆ ਗਿਆ ਤਾਂ ਚੜ੍ਹਦੇ ਪੰਜਾਬ ਦੇ ਹਿੱਸੇ 12 ਅਤੇ ਲਹਿੰਦੇ ਪੰਜਾਬ ਨੂੰ 27 ਜ਼ਿਲ੍ਹੇ ਦੇ ਕੇ ਸਮੇਂ ਦਾ ਹਾਕਮ ਆਪਣੇ ਮਨ ਦੀ ਪੂਰਤੀ ਨੂੰ ਵੰਡ ਵਿੱਚ ਬਦਲ ਕੇ ਚਲਿਆ ਗਿਆ। ਤੇ ਹੌਲੀ-ਹੌਲੀ ਇਸ ਖ਼ਿੱਤੇ ਨੂੰ ਨਿਸਤੋ-ਨਾਬੂਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਾ ਛੱਡੀ। ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ 85 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ, ਉਸ ਹੀ ਖ਼ਿੱਤੇ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਭੁਲਾਉਣ ਲਈ ਜਾਂ ਮਾਂ ਬੋਲੀ ਤੋਂ ਨਿਖੇੜਨ ਦੇ ਲਈ ਸਿਰ ਤੋੜ ਕੋਸ਼ਿਸ਼ਾਂ ਹੋਣ ਲੱਗੀਆਂ, ਜੋ ਅੱਜ ਵੀ ਜਾਰੀ ਨੇ।
ਕਦੇ ਸੋਚਿਐ ਕਿ ਜਿਹੜੀ ਭਾਸ਼ਾ ਦੀ ਗਿਣਤੀ ਦੁਨੀਆਂ ਦੀਆਂ ਮਹਾਨ ਭਾਸ਼ਾਵਾਂ ਵਿੱਚ ਹੁੰਦੀ ਹੋਵੇ। ਜਿਸ ਭਾਸ਼ਾ ਵਿੱਚ ਜੋ ਸੋਚਿਆ ਹੋਵੇ, ਉਹ ਬੋਲਿਆ ਜਾਂਦਾ ਹੋਵੇ ਕਿਉਂਕਿ ਦੁਨੀਆਂ ਭਰ ਵਿੱਚੋਂ ਪੰਜਾਬੀ ਉਨ੍ਹਾਂ ਪੰਜ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਸ ਵਿੱਚ ਇਨਸਾਨ ਜੋ ਸੋਚਦਾ ਹੈ ਉਹ ਬੋਲ ਵੀ ਸਕਦਾ ਹੈ। ਇਸ ਦੇ ਮੁਕਾਬਲੇ ਬਾਕੀ ਭਾਸ਼ਾਵਾਂ ਵਿੱਚ ਕੇਵਲ ਕਈ ਬਾਰ ਸੋਚਿਆ ਤਾਂ ਜਾ ਸਕਦਾ ਹੈ ਪਰ ਬੋਲਿਆ ਨਹੀਂ। ਇਸ ਤੋਂ ਇਲਾਵਾ ਕਈ ਪੱਛਮੀ ਦੇਸ਼ਾਂ ਅੰਦਰ ਵੀ ਪੰਜਾਬੀ ਨੂੰ ਦੂਜੇ ਅਤੇ ਤੀਜੇ ਦਰਜੇ ਦੀ ਭਾਸ਼ਾ ਦਾ ਰੁਤਬਾ ਮਿਲ ਚੁੱਕਿਐ।
ਹੈਰਾਨੀ ਹੁੰਦੀ ਹੈ ਜਦ ਆਪਣੇ ਹੀ ਸੂਬੇ ਵਿੱਚ ਇਸ ਦੇ ਆਪਣੇ ਲੋਕ ਇਸ ਨੂੰ ਵਿਸਾਰਣ ਦੇ ਰਾਹ ਪੈ ਜਾਣ ਤਾਂ ਚਿੰਤਾ ਕਰਨੀ ਵਾਜਿਬ ਹੈ। ਕਿਉਂਕਿ ਅੱਜ ਪੰਜਾਬੀ ਵੀ ਅਸੁਰੱਖਿਅਤ ਜ਼ੋਨ ਦੇ ਪਹਿਲੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਚਿੰਤਾ ਉਸ ਵੇਲੇ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਜਦ ਸੰਸਾਰ ਭਰ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿੱਚੋਂ ਦੋ ਸੌ ਭਾਸ਼ਾਵਾਂ ਅਲੋਪ ਹੋ ਜਾਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਦੋਸ਼ੀ ਕਿਤੇ ਨਾ ਕਿਤੇ ਅਸੀਂ ਸਾਰੇ ਅਤੇ ਸਮੇਂ ਦੀਆਂ ਸਰਕਾਰਾਂ ਹਨ। ਇਨਸਾਨ ਦੇ ਇਸ ਧਰਤੀ 'ਤੇ ਜਨਮ ਲੈਣ ਦੇ ਸਮੇਂ ਤੋਂ ਜੁਆਨ ਹੋਣ ਤੱਕ ਪਰਿਵਾਰ ਅਤੇ ਸੰਗਤ ਦਾ ਰੋਲ ਵੱਡਾ ਹੁੰਦਾ ਹੈ। ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਦੀ ਹੋਈ ਹੈ ਜਾਂ ਉਸ ਨੇ ਕਿਸ ਤਰ੍ਹਾਂ ਦੀ ਸੰਗਤ ਮਾਣੀ ਹੈ। ਸਿਤਮ ਦੀ ਗੱਲ ਹੈ ਕਿ ਅੱਜ ਬਹੁਤੇ ਪਰਿਵਾਰਾਂ ਵਿੱਚ ਬੱਚੇ ਨੂੰ ਆਪਣੀ ਮਾਤਰ ਭਾਸ਼ਾ ਵੱਲੋਂ ਬੇਮੁੱਖ ਕਰਨ ਦੀ ਕਵਾਇਦ ਜ਼ੋਰ ਫੜਦੀ ਜਾ ਰਹੀ ਹੈ।
ਇੱਕ ਵਰਤਾਰਾ ਇਹ ਵੀ ਤੁਰ ਪਿਐ ਕਿ ਪੰਜਾਬੀ ਸਮਾਜ ਵਿੱਚ ਪਲੀ ਅਤੇ ਵੱਡੀ ਹੋਈ ਇੱਕ ਦਾਦੀ ਮਾਂ ਜੋ ਆਪ ਸ਼ਾਇਦ ਪੜ੍ਹੀ ਲਿਖੀ ਘੱਟ ਵੀ ਹੋਵੇ, ਆਪਣੇ ਪੋਤਰੇ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਨਾਂਅ ਪੰਜਾਬੀ ਦੀ ਬਜਾਇ ਅੰਗਰੇਜ਼ੀ ਵਿੱਚ ਸਿਖਾਉਂਦੀ ਹੈ। ਉਸ ਤੋਂ ਬਾਅਦ ਅਗਲਾ ਸਿਲਸਿਲਾ ਸ਼ੁਰੂ ਹੁੰਦਾ ਹੈ - ਸੰਗਤ ਅਤੇ ਸਕੂਲ ਸਮੇਂ ਦਾ।ਹੁਣ ਤਾਂ ਇਹ ਵੀ ਸੇਫ਼ ਨਹੀਂ। ਕਿੰਨੇ ਪਰਿਵਾਰ ਹੋਣਗੇ ਪੰਜਾਬ ਅੰਦਰ ਜੋ ਆਪਣੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੇ ਕਾਰਡ ਪੰਜਾਬੀ ਵਿੱਚ ਛਪਵਾਉਣ ਨੂੰ ਪਹਿਲ ਦਿੰਦੇ ਨੇ। ਇਹ ਗੱਲ ਅਲੱਗ ਹੈ ਕਿ ਭਾਵੇਂ ਖ਼ੁਦ ਉਨ੍ਹਾਂ ਦੇ ਆਪਣੇ ਹੀ ਪਰਿਵਾਰਾਂ ਦੇ ਇੱਕ-ਦੋ ਜੀਆਂ ਤੋਂ ਸਿਵਾਏ ਬਾਕੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਸ਼ਹਿਰਾਂ ਵਿੱਚ ਵੀ ਇਹ ਧਾਰਣਾ ਦਿਨੋਂ-ਦਿਨ ਅਮਰ ਵੇਲ ਦੀ ਤਰ੍ਹਾਂ ਵਧ ਰਹੀ ਹੈ। ਆਮ ਬੋਲਚਾਲ ਸਮੇਂ ਸ਼ਹਿਰੀਏ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਤਰਜ਼ੀਹ ਦੇਣ ਲੱਗੇ ਨੇ। ਗਿਫ਼ਟਾਂ, ਕਾਰਡ, ਗੀਤ-ਸੰਗੀਤ ਸਭ ਵਿੱਚੋਂ ਪੰਜਾਬੀ ਨੂੰ ਮਨਫ਼ੀ ਕਰ ਅੰਗਰੇਜ਼ੀ ਦਾ ਦਬਦਬਾ ਬਣਾਇਆ ਜਾ ਰਿਹੈ। ਸ਼ਾਇਦ ਅੰਗਰੇਜ਼ੀ ਨੂੰ ਸਟੇਟਸ-ਸਿੰਬਲ ਸਮਝ ਕੇ ਆਪਣੀ ਹੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੀ ਘਿਨੌਣੀ ਹਰਕਤ ਅਸੀਂ ਸਹਿਜੇ ਹੀ ਕਰੀਂ ਜਾ ਰਹੇ ਹਾਂ।
ਠੀਕ ਹੈ, ਬਾਕੀ ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਹਨ, ਇਹ ਕੋਈ ਮਾੜੀ ਗੱਲ ਨਹੀਂ। ਪਰ ਪਹਿਲ ਹਮੇਸ਼ਾ ਮਾਂ ਬੋਲੀ ਨੂੰ ਹੀ ਦੇਣੀ ਚਾਹੀਦੀ ਹੈ। ਦਿਨੋਂ-ਦਿਨ ਅੰਗਰੇਜ਼ੀ ਸਾਡੇ ਆਲੇ-ਦੁਆਲੇ ਅਜਗਰ ਦੀ ਤਰ੍ਹਾਂ ਲਪੇਟਾ ਮਾਰ ਸਾਡੀ ਮਾਂ ਬੋਲੀ ਨੂੰ ਸਾਡੇ ਸਾਹਮਣੇ ਹੀ ਨਿਗਲ ਰਹੀ ਹੈ। ਜੇਕਰ ਬਾਕੀ ਬਚਦੇ ਨੇ ਤਾਂ ਸਿਰਫ਼ ਮਾਂ ਬੋਲੀ ਦੇ ਚਿੰਨ੍ਹ। ਸਰਕਾਰਾਂ ਦੀਆਂ ਫਾਈਲਾਂ ਅੰਦਰੋਂ ਪੰਜਾਬੀ ਦਾ ਗਾਇਬ ਹੋਣਾ ਕੋਈ ਆਮ ਗੱਲ ਨਹੀਂ। ਇਹ ਅਲਜ਼ਬਰਾ ਸਾਡੀ ਸਮਝ ਤੋਂ ਬਾਹਰ ਦਾ ਹੈ। ਇੱਕ-ਇੱਕ ਕਰਕੇ ਪੰਜਾਬੀ ਨੂੰ ਹਾਸ਼ੀਏ 'ਤੇ ਧੱਕ ਦਿੱਤੈ।
ਮਾਹੌਲ ਹੀ ਅਜਿਹਾ ਸਿਰਜ ਦਿੱਤਾ ਗਿਐ ਕਿ ਪੰਜਾਬੀਆਂ ਦੀ ਮਜਬੂਰੀ ਬਣ ਗਈ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉੱਚ-ਕੋਟੀ ਦੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿੱਚ ਜਾਣਾ ਹੀ ਪਵੇਗਾ। ਕਾਰਪੋਰੇਟ ਜਗਤ ਦੀ ਚਕਾਚੌਂਧ ਭਰੀ ਜ਼ਿੰਦਗੀ ਨੇ ਵੀ ਹੱਥੀਂ ਕਿਰਤ ਕਰਨ ਵਾਲੇ ਪੰਜਾਬੀਆਂ ਨੂੰ ਮਾਂ ਬੋਲੀ ਅਤੇ ਵਿਰਸੇ ਨਾਲੋਂ ਤੋੜਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਸਰਕਾਰਾਂ ਦੀਆਂ ਨੀਤੀਆਂ ਦੀ ਐਸੀ ਮਾਰ ਵਗੀ ਕਿ ਪੰਜਾਬ ਦੀ ਜੁਆਨੀ ਅੱਜ ਖੰਭ ਲਾ ਕੇ ਵਿਦੇਸ਼ੀਂ ਉੱਡਣਾ ਲੋਚਦੀ ਹੈ। ਉਸ ਦੇ ਲਈ ਨੌਜਵਾਨਾਂ ਦੇ ਮਾਪਿਆਂ ਵੱਲੋਂ ਹਾਈ-ਫਾਈ ਅਤੇ ਵੱਡੀਆਂ ਇਮਾਰਤਾਂ ਵਾਲੇ ਅੰਗਰੇਜ਼ੀ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ।
ਹਰ ਖ਼ੇਤਰ ਵਿੱਚ ਥੋੜ੍ਹਾ ਭਾਵੇਂ ਬਹੁਤਾ, ਪੰਜਾਬੀ ਨੂੰ ਨਜ਼ਰ ਅੰਦਾਜ਼ ਜ਼ਰੂਰ ਕੀਤਾ ਜਾ ਰਿਹੇ। ਸਵਾਲ ਇਹ ਉੱਠਦੈ ਕਿ ਜਦ ਹੋਰਨਾਂ ਮੁਲਕਾਂ ਵਿੱਚ ਸਾਡੀ ਮਾਂ ਬੋਲੀ ਨੂੰ ਵਿਸ਼ੇਸ਼ ਪਹਿਚਾਣ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਆਪਣੇ ਵਿਹੜੇ ਅੰਦਰ ਇਸ ਨੂੰ ਕਿਉਂ ਇਕਹਿਰੀ ਅੱਖ ਨਾਲ ਵੇਖਿਆ ਜਾ ਰਿਹੈ ? ਕਿਉਂ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਦਿਆਂ। ਇਹ ਸਾਡੀ ਜ਼ੁਬਾਨ ਹੈ। ਯਾਦ ਆਉਂਦੀ ਹੈ ਪ੍ਰਸਿੱਧ ਪੱਤਰਕਾਰ ਸਤਿਨਾਮ ਸਿੰਘ ਮਾਣਕ ਹੋਰਾਂ ਦੀ ਇਹ ਟਿੱਪਣੀ ਕਿ ਜੇਕਰ ਇਤਿਹਾਸ ਨੂੰ ਖੰਘਾਲੀਏ ਤਾਂ ਲਾਹੌਰ ਦੇ ਕਿਲੇ ਦੀ ਕੰਧ 'ਤੇ ਚੜ੍ਹ ਜਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹਜਮਾਨ ਨੂੰ ਲਲਕਾਰਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਉਡੀਕ ਰਿਹੈ। ਆ, ਦੋ-ਦੋ ਹੱਥ ਕਰੀਏ।
ਮਾਣ ਨਾਲ ਸਿਰ ਉੱਚਾ ਹੋ ਜਾਂਦੈ ਕਿ ਇੱਕ ਸਿੱਖ ਮਹਾਰਾਜੇ ਵੱਲੋਂ ਜੰਗ ਦੇ ਮੈਦਾਨ ਵਿੱਚ ਇਹ ਜ਼ੋਰਦਾਰ ਬੜ੍ਹਕ ਵੀ ਪੰਜਾਬੀ ਵਿੱਚ ਮਾਰੀ ਗਈ ਸੀ। ਸਮੁੱਚੀ ਮਾਨਵਤਾ ਦੀ ਭਲਾਈ ਦੀ ਗੱਲ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਵਿੱਚ ਨੇ। ਜਿਨ੍ਹਾਂ ਅੱਗੇ ਅਸੀਂ ਸ਼ਾਮ ਸਵੇਰੇ ਨਤਮਸਤਕ ਹੁੰਦੇ ਹਾਂ। ਫਿਰ ਸਾਨੂੰ ਕਿਉਂ ਤਰੇਲੀਆਂ ਆਉਂਦੀਆਂ ਨੇ ਮਾਂ ਬੋਲੀ ਦੀ ਕਦਰ ਕਰਦਿਆਂ ? ਜੋ ਸਾਡਾ ਇਖ਼ਲਾਕੀ ਫ਼ਰਜ਼ ਵੀ ਬਣਦੈ।
ਗੀਤ-ਸੰਗੀਤ ਦੇ ਬਦਲੇ ਦੌਰ ਨੇ ਵੀ ਪੰਜਾਬੀ ਦੀ ਰੂਹ ਨੂੰ ਉਸ ਦੇ ਪੁੱਤਰਾਂ ਨਾਲੋਂ ਤੋੜਨ ਦਾ ਕੰਮ ਕੀਤੈ। ਉੱਥੇ ਵੀ ਵਪਾਰਕ ਪੱਖ ਮਾਤ ਭਾਸ਼ਾ 'ਤੇ ਭਾਰੀ ਪਿਐ। ਪੰਜਾਬ ਦੇ ਤਿੰਨਾਂ ਖੇਤਰਾਂ - ਮਾਲਵਾ, ਦੁਆਬਾ ਅਤੇ ਮਾਝਾ ਅੰਦਰ ਤਕਰੀਬਨ ਮਾਂ ਬੋਲੀ ਵਿਰੋਧੀ ਵਿਕਾਰਾਂ ਨੇ ਆਪਣੇ ਪੈਰ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਨੇ। ਚੰਡੀਗੜ੍ਹ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਤਾਂ ਇਹ ਵਰਤਾਰਾ ਲੰਬੇ ਸਮੇਂ ਤੋਂ ਚੱਲਿਆ ਆ ਰਿਹੈ। ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ। ਬਾਕੀ ਗੱਲ ਤਾਂ ਛੱਡੋ ਪੰਜਾਬ ਵਿੱਚ ਤਾਂ ਇਹ ਸਾਰੇ ਘਟਨਾਕ੍ਰਮ 'ਤੇ ਅਸੀਂ ਆਪ ਹੀ ਕਟਹਿਰੇ ਵਿੱਚ ਖੜ੍ਹੇ ਨਜ਼ਰ ਆਉਂਦੇ ਹਾਂ। ਇੱਥੇ ਕੋਈ ਬਾਹਰੋਂ ਆ ਕੇ ਸਾਨੂੰ ਮਾਂ ਬੋਲੀ ਤੋਂ ਦੂਰ ਕਰ ਰਿਹਾ। ਕਿਤੇ ਨਾ ਕਿਤੇ ਅਸੀਂ ਆਪ ਹੀ ਇਸ ਦੇ ਦੋਸ਼ੀ ਹਾਂ।
ਸੋ ਲੋੜ ਹੈ ਅੱਜ ਵੱਡੇ ਉਪਰਾਲਿਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਲਈ ਅਤੇ ਆਪਣੀ ਜ਼ੁਬਾਨ ਨੂੰ ਬਚਾਉਣ ਦੀ ਖ਼ਾਤਰ, ਜ਼ਿਲ੍ਹੇ, ਤਹਿਸੀਲਾਂ ਅਤੇ ਪਿੰਡ ਪੱਧਰ 'ਤੇ ਅਤੇ ਉਸ ਤੋਂ ਬਾਅਦ ਸਕੂਲਾਂ, ਕਾਲਜਾਂ ਵਿੱਚ 'ਮਾਂ ਬੋਲੀ' ਵਿਸ਼ੇ 'ਤੇ ਸੈਮੀਨਾਰ ਸ਼ੁਰੂ ਕਰਨ ਦੀ। ਫਿਰ ਹੀ ਅਸੀਂ ਮਾਂ ਬੋਲੀ ਦੇ ਸੱਚੇ ਸਪੂਤ ਅਖ਼ਵਾ ਸਕਦੇ ਹਾਂ।
ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਮੰਚ
ਮੋਬਾ. 94634-63136
ਸਿਆਸਤ ਦੇ ਬਦਲਦੇ ਰੰਗ... - ਮਨਜਿੰਦਰ ਸਿੰਘ ਸਰੌਦ
ਪੰਜਾਬ ਅੰਦਰ ਕਾਂਗਰਸ ਮਾਰ ਸਕਦੀ ਹੈ ਬਾਜੀ
ਅਕਾਲੀ ਦਲ ਦੇ ਆਗੂਆਂ ਨੇ ਆਪਣੇ ਹੀ ਪੈਰ੍ਹਾਂ ਹੇਠਲੇ ਟਾਹਣੇ ਨੂੰ ਵੱਢਿਆ
ਥੋੜ੍ਹਾ ਪਿੱਛੇ ਵੱਲ ਪਰਤੀਏ ਜਿਸ ਸਮੇਂ ਅਜੇ ਅਕਾਲੀ ਦਲ ਅੰਦਰ ਬਗਾਵਤ ਦੇ ਬੱਦਲ ਨਹੀਂ ਸਨ ਉੱਠੇ ਅਤੇ ਅਕਾਲੀ ਦਲ ਵੱਲੋਂ ਇੱਕ ਹਲਕੇ ਦੇ ਸਾਬਕਾ ਵਿਧਾਇਕ ਨੂੰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਾਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ । ਬਿਨਾਂ ਸ਼ੱਕ ਉਸ ਸਮੇਂ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਕੇ ਜ਼ਿਲ੍ਹਾ ਸੰਗਰੂਰ ਦੀ ਸਿਆਸੀ ਸਰਦਾਰੀ ਦਾ ਗੁਣੀਆਂ ਕਿਸੇ ਹੋਰ ਤੇ ਪਾਇਆ ਜਾ ਰਿਹਾ ਸੀ ।
ਸਮਾਂ ਬਦਲਦਿਆਂ ਹੀ ਅਕਾਲੀ ਦਲ ਅੰਦਰ ਮੱਚੇ ਘਮਸਾਣ ਤੋਂ ਬਾਅਦ ਬਾਕੀ ਪੰਜਾਬ ਦੀ ਤਰ੍ਹਾਂ ਸੰਗਰੂਰ ਅੰਦਰ ਵੀ ਬਗ਼ਾਵਤ ਦੇ ਐਸੇ ਭਾਂਬੜ ਮੱਚੇ ਕੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼ਿੰਗਾਰੇ ਰਾਜਨੀਤੀ ਦੇ , ਨਵੇਂ ਖਿਡਾਰੀਆਂ , ਦੀਆਂ ਗੋਟੀਆਂ ਵੀ ਪੁਠੀਆਂ ਪੈਣ ਲੱਗੀਆਂ ਅਤੇ ਹਾਲਤ ਇੱਥੋਂ ਤੱਕ ਪਤਲੀ ਹੋ ਗਈ ਕਿ ਪਾਰਟੀ ਨੂੰ ਉਮੀਦਵਾਰ ਲੱਭਣਾ ਮੁਸ਼ਕਿਲ ਹੋ ਗਿਆ , ਕੋਈ ਚਾਰਾ ਨਾ ਚੱਲਦਾ ਵੇਖ ਅਕਾਲੀ ਦਲ ਵੱਲੋਂ ਇੱਕ ਤੀਰ ਨਾਲ ਦੋ ਸ਼ਿਕਾਰ ਦੀ ਰਣਨੀਤੀ ਅਪਣਾਉਂਦਿਆਂ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਲਈ ਸਾਰਾ ਟਿੱਲ ਲਾ ਦਿੱਤਾ ਕਿਉਂਕਿ ਇਸ ਨਾਲ ਇੱਕ ਤਾਂ ਜਨਤਾ ਵਿੱਚ ਇਹ ਸੁਨੇਹਾ ਜਾਵੇਗਾ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਨਾਲ ਹੈ ,,, ਦੂਜਾ ਪਰਮਿੰਦਰ ਦੇ ਚੋਣ ਮੈਦਾਨ ਵਿੱਚ ਆਉਣ ਤੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਕਿਸੇ ਹੋਰ ਧਿਰ ਵੱਲ ਜਾਣ ਦੀਆਂ ਕਿਆਸ - ਅਰਾਈਆਂ ਆਪਣੇ ਆਪ ਬੰਦ ਹੋ ਜਾਣਗੀਆਂ ਅਤੇ ਢੀਂਡਸਾ ਪਰਿਵਾਰ ਇਹ ਚੋਣ ਜਿੱਤਣ ਲਈ ਸਿਰਫ ਆਪਣੇ ਹਲਕੇ ਤੱਕ ਸੀਮਤ ਹੋ ਕੇ ਇੱਥੇ ਹੀ ਘਿਰ ਜਾਵੇਗਾ ।
ਬਾਕੀ ਚੋਣ ਨਤੀਜਿਆਂ ਤੋਂ ਬਾਅਦ ਬਹੁਤ ਕੁਝ ਅਜਿਹਾ ਵੀ ਵਾਪਰੇਗਾ ਜਿਸ ਦੀ ਅਕਾਲੀ ਦਲ ਅੰਦਰ ਇੱਕ ਧਿਰ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਅਤੇ ਦੋਹਾਂ ਹੱਥਾਂ ਵਿੱਚ ਲੱਡੂ ਹੋਣ ਦੀ ਕਵਾਇਦ ਨੂੰ ਅੰਜਾਮ ਦਿੱਤਾ ਜਾ ਰਿਹੈ । ਭਾਵੇਂ ਸ. ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਦੇ ਚੋਣ ਮੈਦਾਨ ਵਿੱਚ ਹੋਣ ਤੇ ਵੀ ਚੋਣ ਪ੍ਰਚਾਰ ਕਰਨ ਤੋਂ ਫਿਲਹਾਲ ਜਵਾਬ ਦੇ ਚੁੱਕੇ ਹਨ । ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨ ਜ਼ਿਲ੍ਹਾ ਸੰਗਰੂਰ ਦੀ ਅਕਾਲੀ ਰਾਜਨੀਤੀ ਨੂੰ ਕਿਸ ਪਾਸੇ ਵੱਲ ਤੋਰਨਗੇ। ਬਾਕੀ ਪੰਜਾਬ ਅੰਦਰ ਵੀ ਅਕਾਲੀ ਦਲ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਜਾਪ ਰਹੀ ਲੁਧਿਆਣਾ, ਬਠਿੰਡਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਹਲਕਿਆਂ ਅੰਦਰ ਵੀ ਅਕਾਲੀ ਦਲ ਦਾ ਖ਼ੁਸਦਾ ਆਧਾਰ ਉਸ ਦੇ ਸਿਆਸੀ ਕਿਲ੍ਹੇ ਨੂੰ ਵੱਡੀ ਸੰਨ ਲਾਉਂਦਾ ਨਜ਼ਰ ਆ ਰਿਹਾ ਹੈ ਭਾਜਪਾ ਨਾਲ ਸਬੰਧਤ ਹਲਕੇ ਵੀ ਬੇਹੱਦ ਕਮਜ਼ੋਰ ਵਿਖਾਈ ਦਿੰਦੇ ਹਨ । ਸਾਂਝੇ ਫਰੰਟ ਵੱਲੋਂ ਤਰਨ ਤਾਰਨ ਹਲਕੇ ਤੋਂ ਸਿੱਖ ਕੌਮ ਦੀ ਵੱਡੀ ਸ਼ਖਸੀਅਤ ਬੀਬੀ ਖਾਲੜਾ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਸਿੱਖ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦੇ ਕੇ ਅਕਾਲੀ ਦਲ ਤੋਂ ਪੰਥਕ ਮੁੱਦੇ ਖੋਹਣ ਦੀ ਇਕ ਵੱਡੀ ਕੋਸ਼ਿਸ਼ ਕੀਤੀ ਹੈ ।
ਕਾਂਗਰਸ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਵੱਡੇ ਆਗੂ ਪਹਿਲਾਂ ਹੀ ਇਸ ਮੁੱਦੇ ਤੇ ਅਕਾਲੀ ਦਲ ਨੂੰ ਘੇਰ ਚੁੱਕੇ ਹਨ ਜੋ ਰੋਲ ਕਿਸੇ ਸਮੇਂ ਅਕਾਲੀ ਦਲ ਸਿੱਖ ਕੌਮ ਲਈ ਕਰਦਾ ਹੁੰਦਾ ਸੀ ਉਹ ਅੱਜ ਕਾਂਗਰਸ ਦੇ ਇਨ੍ਹਾਂ ਵਜ਼ੀਰਾਂ ਵੱਲੋਂ ਕੀਤਾ ਜਾ ਰਿਹਾ ਹੈ। ਸਿਆਸਤ ਵਿੱਚ ਇਸ ਸਮੇਂ ਦੂਜਿਆਂ ਨੂੰ ਠਿੱਬੀ ਲਾਉਣ ਦੀ ਬਜਾਏ ਆਪਣਿਆਂ ਨੂੰ ਸਿਆਸੀ ਤੌਰ ਤੇ ਮਾਰਨ ਦਾ ਸਿਲਸਿਲਾ ਜ਼ੋਰ ਫੜਦਾ ਨਜ਼ਰ ਆਉਂਦਾ ਹੈ । ਹਾਈ ਕਮਾਂਡ ਦੀਆਂ ਆਪ ਹੁਦਰੀਆਂ ਨੀਤੀਆਂ ਦੀ ਬਦੌਲਤ ਅਕਾਲੀ ਦਲ ਦੇ ਭਵਿੱਖ ਤੇ ਹੁਣ ਖ਼ਤਰੇ ਦੇ ਬੱਦਲ ਮੰਡਰਾ ਰਹੇ ਨੇ ਪਰ ਸਾਇਦ ਅਜੇ ਹਾਈ ਕਮਾਂਡ ,ਕਸਰ ਬਾਕੀ ਹੈ, ਦੇ ਫਾਰਮੂਲੇ ਤੇ ਚੱਲ ਰਹੀ ਹੈ ਬਜ਼ੁਰਗ ਅਕਾਲੀ ਲੀਡਰਸ਼ਿਪ ਦੇ ਇੱਕ ਇੱਕ ਕਰਕੇ ਪਾਰਟੀ ਨੂੰ ਛੱਡਣ ਤੋਂ ਬਾਅਦ ਹੁਣ ਨੌਜਵਾਨ ਆਗੂਆਂ ਅਤੇ ਬਾਦਲ ਪਰਿਵਾਰ ਦੇ ਮੈਂਬਰ ਵੀ ਇਨ੍ਹਾਂ ਦੋ ਵੱਡੇ ਪਰਿਵਾਰਾਂ ਤੋਂ ਨਾਖੁਸ਼ੀ ਜ਼ਾਹਰ ਕਰਕੇ ਆਪੋ ਆਪਣਾ ਰਸਤਾ ਅਖ਼ਤਿਆਰ ਕਰਨ ਵਿੱਚ ਹੀ ਆਪਣੀ ਭਲਾਈ ਸਮਝਣ ਤੋਂ ਬਾਅਦ ਅਗਲੀ ਰਣਨੀਤੀ ਤੇ ਵਿਚਾਰ ਕਰ ਸੋਚ ਸਮਝ ਕੇ ਚੱਲਦੇ ਪ੍ਰਤੀਤ ਹੁੰਦੇ ਹਨ ਖੈਰ ਇਨ੍ਹਾਂ ਗੱਲਾਂ ਤੋਂ ਬਾਅਦ ਇੱਕ ਗੱਲ ਸਪੱਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਹੋਵੇ ਭਾਵੇਂ ਕੁਝ ਵੀ ਪਰ ਅਕਾਲੀ ਆਗੂਆਂ ਨੇ ਉਸੇ ਟਾਹਣੇ ਨੂੰ ਕੁਹਾੜਾ ਲੈ ਕੇ ਵੱਢਣਾਂ ਸ਼ੁਰੂ ਕਰ ਦਿੱਤਾ ਜਿਸ ਦੇ ਉੱਤੇ ਉਹ ਬੈਠੇ ਸਨ ।
ਜੋ ਹਾਲਾਤ ਅੱਜ ਅਕਾਲੀ ਦਲ ਦੇ ਬਣੇ ਨੇ ਉਹ ਕਿਸੇ ਨੇ ਨਹੀਂ ਬਣਾਏ ਇਨ੍ਹਾਂ ਦੀਆਂ ਆਪ ਦੀਆਂ ਨੀਤੀਆਂ ਦੀ ਬਦੌਲਤ ਬਣੇ ਹਨ। ਜਦ ਟਕਸਾਲੀ ਅਤੇ ਆਪਾ ਵਾਰਨ ਵਾਲੇ ਕੌਮੀ ਜਜ਼ਬੇ ਨਾਲ ਭਰਪੂਰ ਆਗੂਆਂ ਨੂੰ ਨੁਕਰੇ ਲਾ ਕੇ ਰਾਜ ਕਰਨ ਦੀ ਵਿਉਂਤ ਬਣਾਵਾਂਗੇ ਤਾਂ ਨਤੀਜੇ ਵੀ ਉਸੇ ਹਿਸਾਬ ਨਾਲ ਨਿਕਲਣਗੇ ਸੋ ਸਮਾਂ ਆਪਣਾ ਹਿਸਾਬ ਕਿਤਾਬ ਜ਼ਰੂਰ ਬਰਾਬਰ ਕਰਦਾ ਹੈ । ਗੌਰਤਲਬ ਹੈ ਕਿ ਆਉਣ ਵਾਲ਼ੇ ਦਿਨ ਪੰਜਾਬ ਦੀ ਸਿਆਸਤ ਨੂੰ ਕਾਫ਼ੀ ਪ੍ਰਭਾਵਿਤ ਕਰਨਗੇ ਅਤੇ ਅਕਾਲੀ ਦਲ ਦਾ ਰੋਲ ਵੀ ਵੇਖਣਯੋਗ ਹੋਵੇਗਾ । ਬਿਨ੍ਹਾਂ ਸ਼ੱਕ ਅੱਜ ਦੀ ਘੜੀ ਕਾਂਗਰਸ ਦਾ ਹੱਥ ਉੱਪਰ ਨਜਰ ਆਉਂਦਾ ਹੈ।
ਮਨਜਿੰਦਰ ਸਿੰਘ ਸਰੌਦ
9463463136
07 April 2019
ਭਲਾਂ ਪੁੱਤ, ਆਹ ਗੀਤਾਂ ਵਿਚਲਾ ਜੱਟ ਕਿਹੜੇ ਪਿੰਡ ਵਸਦੈ ? - ਮਨਜਿੰਦਰ ਸਿੰਘ ਸਰੌਦ
ਜਿਵੇਂ ਮੇਰਾ ਕਈ ਵਰ੍ਹਿਆਂ ਮਗਰੋਂ ਪਿੰਡ ਦੀ ਸੱਥ ਦਾ ਗੇੜਾ ਲੱਗਿਆ ਹੋਵੇ। ਬਾਬਾ ਭਾਨਾ ਉਪਰੋ-ਥਲੀ ਕਈ ਸਵਾਲ ਬਾਰੋ-ਬਾਰੀ ਕਰੀਂ ਜਾ ਰਿਹਾ ਸੀ। ਓਏ ਪੁੱਤਰਾ ! ਕਿੱਥੇ ਰਹਿਨੈਂ ਅੱਜਕੱਲ੍ਹ, ਦਿਖਦਾ ਹੀ ਨਈਂ ? ਕੀ ਕਹਿੰਦੇ ਤੇਰਾ ਅਖ਼ਬਾਰ ? ਕੀਹਨੂੰ ਪੜ੍ਹਣੇ ਪਾਈਂ ਜਾਨੇ ਓਂ ? ਪੁੱਤਰਾ ਕੀ ਬਣੂੰ ਕਿਸਾਨੀ ਦਾ ? ਇੰਨਾ ਆਖ ਬਾਬਾ ਭਾਨਾ ਜਿਵੇਂ ਗੰਭੀਰ ਚਿੰਤਾ ਵਿੱਚ ਡੁੱਬ ਗਿਆ। ਹੁਣ ਤਾਂ ਰੋਜ਼ ਈ ਕਿਸਾਨੀ ਦੇ ਸਿਵੇ ਮੱਚੀ ਜਾਂਦੇ ਐ। ਅੱਗ ਲੱਗਣੀ ਮਹਿੰਗਾਈ ਨੇ ਟਿੰਡੀ ਆਲੇ ਚੜ੍ਹਾ ਰੱਖਿਐ। ਜੁਆਕਾਂ ਦੀਆਂ ਫ਼ੀਸਾਂ ਈ ਮਾਨ ਨਈਂ, ਕਿੱਥੋਂ ਭਰਾਂਗੇ ? ਕਿਵੇਂ ਹੋਊ ਘਰ ਦਾ ਗੁਜ਼ਾਰਾ ਹੁਣ ? ਉੱਪਰੋਂ ਚਰਨੋਂ ਦੇ ਹੱਥ ਪੀਲੇ ਕਰਨੇ ਨੇ। ਇਹ ਕਹਿ ਬਾਬੇ ਭਾਨੇ ਦਾ ਗੱਚ ਭਰ ਆਇਆ।
ਅੱਖਾਂ ਰਾਹੀਂ ਵਰ੍ਹਿਆਂ ਦੀ ਕੀਤੀ ਮਿਹਨਤ ਦਾ ਮੁੜਕਾ ਚੋ ਕੇ ਬਾਬੇ ਦੀ ਸਫ਼ੈਦ ਚਿੱਟੀ ਦਾੜ੍ਹੀ ਵਿੱਚ ਸਮਾਉਣ ਲੱਗਿਆ। ਬਾਬੇ ਦੀਆਂ ਗੱਲਾਂ ਇੱਕ ਨੰਗਾ ਅਤੇ ਚਿੱਟਾ ਸੱਚ ਸਨ। ਪਰ ਮੈਨੂੰ ਸਿਵਾਏ ਹਾਂ-ਹੂੰ ਦੇ ਕੁਝ ਕਹਿਣਾ ਸ਼ਾਇਦ ਵਾਜਬ ਨਾ ਲੱਗਿਆ ਕਿਉਂਕਿ ਬਾਬਾ ਭਾਨਾ ਇੱਕ ਪੁਰਾਣਾ ਹਾਡੀ ਤੇ ਸਿਰੇ ਦਾ ਮਿਹਨਤੀ ਕਿਸਾਨ ਸੀ। ਪਰ ਹੁਣ ਉਸ ਦੀ ਉਦਾਸੀ ਮੈਥੋਂ ਝੱਲੀ ਨਹੀਂ ਸੀ ਜਾਂਦੀ। ਕਿਉਂਕਿ ਜਦ ਜ਼ਿੰਦਗੀ ਅੰਦਰ ਕਦੇ ਵੀ ਨਾ ਉਦਾਸ ਹੋਣ ਵਾਲਾ ਸ਼ਖ਼ਸ ਘੋਰ ਉਦਾਸੀ ਵਿੱਚ ਘਿਰਿਆ ਹੋਵੇ ਤਾਂ ਗੱਲ ਕੋਈ ਖ਼ਾਸ ਹੁੰਦੀ ਐ।
ਚੰਗਾ ਪੁੱਤਰਾ ਆਏਂ ਦੱਸ, ਕੁਝ ਸਰਕਾਰਾਂ ਕਿਸਾਨੀ ਲਈ ਸੋਚਣਗੀਆਂ ਵੀ ਕਿ ਨਈਂ ? ਜਾਂ ਫਿਰ ਵੋਟਾਂ ਲਈ ਬੱਸ ਐਂਵੇਂ ਫੋਕੇ ਹੰਝੂ ਵਹਾਉਣਗੀਆਂ। ਬੱਸ ਬਾਬਾ ਜੀ ਸਰਕਾਰਾਂ ਦੀਆਂ ਨੀਤੀਆਂ ਠੀਕ ਨਈਂ, ਇਨ੍ਹਾਂ ਦੇ ਮਨਾਂ ਵਿੱਚ ਫ਼ਰਕ ਐ ਅਤੇ ਨੀਤਾਂ ਵਿੱਚ ਖੋਟ ਐ। ਬਾਬਾ ਜੀ ਚੰਗਾ ਆਖ ਮੈਂ ਅਜੇ ਬਾਬੇ ਭਾਨੇ ਦੇ ਸਵਾਲਾਂ ਦੀ ਬੁਛਾੜ ਤੋਂ ਖਹਿੜਾ ਛੁਡਾ ਤੁਰਨ ਹੀ ਲੱਗਿਆ ਸੀ ਕਿ ਇੰਨੇ ਨੂੰ ਇੱਕ ਟਰੈਕਟਰ ਚੌਂਕ ਵਿੱਚ ਬਿਲਕੁੱਲ ਸਾਡੇ ਕੋਲ ਆ ਕੇ ਰੁਕਿਆ। ਟਰੈਕਟਰ 'ਤੇ ਚੱਲ ਰਹੇ ਗੀਤ ਦੇ ਬੋਲ ਸ਼ਾਮ ਦੀ ਸ਼ਾਂਤੀ ਦਾ ਸੀਨਾ ਛਲਣੀ ਕਰ ਸਾਡੀਆਂ ਹਿੱਕਾਂ ਅੰਦਰ ਚੱਕੀ ਦੇ ਪੁੜਾਂ ਵਾਂਗੂੰ ਵੱਜ ਰਹੇ ਸੀ, ਪਹਿਲੇ ਗੀਤ ਰਾਹੀਂ ਗਾਇਕ ਕਹਿੰਦੈ 'ਜਿੰਨ੍ਹਾਂ ਉੱਤੇ ਸਰਕਾਰੀ ਬੈਨ ਐ, ਜੱਟ ਉਨ੍ਹਾਂ ਕੰਮਾਂ ਦਾ ਹੀ ਫੈਨ ਐ', ਫਿਰ ਅਗਲਾ ਗੀਤ ਵੱਜਦੈ, 'ਜਿਹੜਾ ਪਹਿਲਾਂ ਬੁੱਕਦਾ ਹੁੰਦਾ ਸੀ, ਜੱਟ ਹੁਣ ਬੁੱਕਦਾ ਫਿਰੇ'। ਬਾਬਾ ਭਾਨਾ ਗੀਤਾਂ ਦੇ ਮੁਖੜੇ ਬੜੇ ਗਹੁ ਨਾਲ ਸੁਣਦਾ ਹੋਇਆ ਐਨਕ ਦਾ ਸ਼ੀਸ਼ਾ ਠੀਕ ਕਰਦਾ ਹੋਇਆ ਬੋਲਿਆ, ਚੰਗਾ ਪੁੱਤ ਤੂੰ ਤਾਂ ਵਰ੍ਹਿਆਂ ਤੋਂ ਕਲਾਕਾਰਾਂ ਬਾਰੇ ਲਿਖਦੈਂ, ਐਂ ਦੱਸ ਬਈ ਜਿਹੜੇ ਗੀਤਾਂ ਵਿੱਚ ਜੱਟ ਨੇ, ਇਹ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਵਸਦੇ ਨੇ ਤੇ ਇਨ੍ਹਾਂ ਦਾ ਪਿੰਡ ਕਿਹੜੈ ? ਮੈਂ ਨਿਰ-ਉੱਤਰ ਹੋਇਆ ਬਾਬੇ ਭਾਨੇ ਨੂੰ ਸਿਰਫ਼ ਏਨਾ ਹੀ ਆਖ ਸਕਿਆ ਕਿ ਬਾਬਾ ਜੀ ਇਸ ਗੱਲ ਦਾ ਉੱਤਰ ਤਾਂ ਉਹ ਗੀਤਕਾਰ ਜੋ ਇਨ੍ਹਾਂ ਗੀਤਾਂ ਦਾ ਰਚਣਹਾਰਾ ਹੈ ਜਾਂ ਜਿਸ ਨੇ ਇਹ ਗਾਏ ਨੇ ਉਹ ਕਲਾਕਾਰ ਹੀ ਦੇ ਸਕਦੈ। ਕਿਉਂਕਿ ਮੇਰੇ ਪੰਜਾਬ ਦਾ ਅਸਲ ਕਿਸਾਨ ਤਾਂ ਆਪਣੇ ਹੱਥ ਸਲਫਾਸ ਦੀ ਸ਼ੀਸ਼ੀ ਫੜ ਗਲ ਮੌਤ ਦਾ ਰੱਸਾ ਪਾਈਂ ਝੂਲ ਜਾਣ ਨੂੰ ਤਿਆਰ ਖੜ੍ਹੈ।
ਆਹ ਗੀਤਾਂ ਵਿੱਚ ਜਿਹੜਾ ਜੱਟ ਦਿਖਾਇਆ ਜਾਂਦੈ ਜਿਸ ਨੂੰ ਇਹ ਕਲਾਕਾਰ ਖ਼ੁਸ਼ਹਾਲ ਤੇ ਬਦਮਾਸ਼ ਵੀ ਦੱਸਦੇ ਨੇ, ਉਸ ਦਾ ਅਤਾ ਪਤਾ ਸ਼ਾਇਦ ਕੋਈ ਵੀ ਨਹੀਂ ਹੈ। ਉਹ ਕਿੱਥੇ ਰਹਿੰਦੈ, ਕੁਝ ਪਤਾ ਨਹੀਂ। ਇਹ ਇੱਕ ਸਿਰਫ਼ ਤੇ ਸਿਰਫ਼ ਮਾੜੀ ਸੋਚ ਦੀ ਪੈਦਾਇਸ਼ ਹੈ। ਇਸ ਤੋਂ ਵੱਧ ਸ਼ਾਇਦ ਕੁਝ ਨਹੀਂ। ਬਾਬੇ ਦਾ ਸੁਆਲ ਭਾਵੇਂ ਛੋਟਾ ਸੀ ਪਰ ਉਸ ਵਿੱਚ ਸਮਾਇਆ ਬਹੁਤ ਕੁਝ ਸੀ।
ਮਨਜਿੰਦਰ ਸਿੰਘ ਸਰੌਦ
94634-63136
ਮਾਂ ਬੋਲੀ ਦੇ ਨਾਂ ਤੇ ਲੱਚਰਤਾ ਦਾ ਹੋ ਰਿਹੈ ਵਪਾਰ - ਮਨਜਿੰਦਰ ਸਿੰਘ ਸਰੌਦ
ਸਰਾਰਤੀ ਲੋਕਾਂ ਨੇ ਹੁਣ ਤੱਕ ਦਰਜਨ ਦੇ ਕਰੀਬ ਅਣਭੋਲ ਨੌਜਵਾਨਾਂ ਨੂੰ ਬਣਾਇਆ ਮੋਹਰਾ
ਲੱਚਰ ਗਾਇਕੀ ਤੇ ਹਾਈ ਕੋਰਟ ਵਲੋਂ ਰੋਕ ਲਉਣ ਤੋਂ ਕੀਤੀ ਕੋਰੀ ਨਾਂਹ
ਲੰਘੇ ਹਫ਼ਤੇ ਇੱਕ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਮੈਨੂੰ ਕਿਸੇ ਸਰੋਤੇ ਵੱਲੋਂ ਗਾਇਕ ਗੁਰਵਿੰਦਰ ਬਰਾੜ ਦੇ ਗਾਏ ਇੱਕ ਪੁਰਾਣੇ ਗੀਤ ਪਿਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਹਾਂ ਡਾਢੇ ਤੇ ਸਵਾਲ ਕੀਤਾ ਗਿਆ ਜੋ ਅੱਜ ਦੀ ਰਸਤਿਓਂ ਭਟਕ ਚੁੱਕੀ ਗਾਇਕੀ ਦੇ ਨਾਲ ਸੰਬੰਧਿਤ ਸੀ । ਸ਼ਾਇਦ ਉਸ ਸਮੇਂ ਗੀਤ ਸੰਗੀਤ ਦੀ ਹੋ ਰਹੀ ਧੂ ਘੜੀਸ ਨੂੰ ਵੇਖਦਿਆਂ ਗੁਰਵਿੰਦਰ ਨੇ ਇਸ ਗੀਤ ਨੂੰ ਆਪਣੇ ਬੋਲਾਂ ਜ਼ਰੀਏ ਸੰਗੀਤਕ ਫ਼ਿਜ਼ਾਵਾਂ ਅੰਦਰ ਬਿਖੇਰਨ ਦਾ ਯਤਨ ਕੀਤਾ ਹੋਵੇ ਪਰ ਹੁਣ ਇਹ ਗੱਲਾਂ ਬਾਤਾਂ ਬੀਤੇ ਜ਼ਮਾਨੇ ਦੀਆਂ ਪ੍ਰਤੀਤ ਹੋ ਰਹੀਆਂ ਨੇ ।
ਕਿਉਂਕਿ ਅੱਜ ਪੰਜਾਬੀ ਗਾਇਕੀ ਦੇ ਖੈਰ ਖਵਾਹਾ ਨੇ ਵੱਡਾ ਸਫ਼ਰ ਤੈਅ ਕਰਦਿਆਂ ਉਨ੍ਹਾਂ ਅੱਧੀ ਦਰਜਨ ਲੋਕਾਂ ਨੂੰ ਵੀ ਸਟਾਰਾਂ ਦੀ ਦੁਨੀਆਂ ਵਿੱਚ ਪੁੱਜਦਾ ਕਰ ਦਿੱਤੈ ਜਿਨ੍ਹਾਂ ਨੂੰ ਨਾ ਸੁਰ ਦੀ ਸਮਝ ਹੈ ਨਾ ਤਾਲ ਦੀ । ਨਾ ਇਹ ਲੋਕ ਗਾਇਕੀ ਦੇ ਇਤਿਹਾਸ ਤੋਂ ਵਾਕਫ਼ ਨੇ । ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਤੋਂ ਕੋਰੇ ਲੋਕਾਂ ਨੇ ਹੁਣ ਪੰਜਾਬੀ ਗਾਇਕੀ ਦੀ ਲਗਾਮ ਆਪਣੇ ਹੱਥ ਵਿੱਚ ਲੈ ਕੇ ਪੈਸੇ ਅਤੇ ਸੋਹਰਤ ਦੇ ਘੋੜੇ ਨੂੰ ਸਿਰਪੱਟ ਦੌੜਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਘੋੜਾ ਜਿੱਧਰ ਧਿਆਨ ਗਿਆ ਉਧਰ ਨੂੰ ਭੱਜ ਨਿਕਲਿਆ ਕੋਈ ਸੀਮਾ ਨਹੀਂ ਕੋਈ ਮੰਜ਼ਿਲ ਨਹੀਂ ।
ਸੋਸ਼ਲ ਮੀਡੀਆ ਤੇ ਕਈ ਨਿੱਜੀ ਚੈਨਲ ਇਨ੍ਹਾਂ ਆਪ ਹੁਦਰੇ ਹੁੜਦੰਗ ਮਚਾਉਂਦੇ ਸਿਖਾਂਦਰੂ ਕਲਾਕਾਰਾਂ ਨੂੰ ਪ੍ਰਮੋਟ ਕਰਨ ਤੋਂ ਲੈ ਕੇ ਹੱਲਾ ਸ਼ੇਰੀ ਦੇਣ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੇ ਨਜ਼ਰ ਆਉਂਦੇ ਹਨ । ਭਾਵੇਂ ਕਾਫੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਮੰਦਬੁੱਧੀ ਵੀ ਆਖਦੇ ਨੇ ਪਰ ਸੱਚ ਅਜੇ ਵੀ ਜ਼ਹਿਰੀ ਨਾਗ ਦੀ ਤਰ੍ਹਾਂ ਪਟਾਰੀ ਵਿੱਚ ਹੀ ਫੁਕਾਰੇ ਮਾਰ ਸਮੇਂ ਦੀ ਗਰਦਸ਼ ਵਿੱਚ ਲਿਪਟਿਆ ਨਜ਼ਰੀਂ ਪੈਂਦਾ ਹੈ ।
ਪਿਛਲੇ ਪੰਜ ਕੁ ਸਾਲਾਂ ਤੋਂ ਆਪਣੇ ਆਪ ਨੂੰ ਤੇਜ਼ ਤਰਾਰ, ਸੂਝ ਬੂਝ ਤੇ ਲਿਆਕਤ ਦੇ ਧਨੀ ਮੰਨਦੇ ਕਈ ਭੱਦਰ ਪੁਰਸ਼ਾਂ ਨੇ ਇਸ ਵਰਤਾਰੇ ਰਾਹੀਂ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਹੈ । ਉਨ੍ਹਾਂ ਵੱਲੋਂ ਪ੍ਰਮੋਟ ਕੀਤੇ ਫ਼ਨਕਾਰ ਇੱਕ ਸਮੇਂ ਜ਼ਰੂਰ ਸੁਰਖੀਆਂ ਬਟੋਰਨ ਵਿਚ ਕਾਮਯਾਬ ਹੁੰਦੇ ਨੇ ਪਰ ਫਿਰ ਸਾਉਣ ਦੀ ਬੱਦਲੀ ਵਾਂਗ ਅਲੋਪ ਹੋ ਮੁੜ ਮੂੰਹ ਨਹੀਂ ਵਿਖਾਉਂਦੇ । ਇਨ੍ਹਾਂ ਅਲਬੇਲੇ ਕਲਾਕਾਰਾਂ ਵੱਲੋਂ ਪਾਏ ਖਿਲਾਰੇ ਦੀ ਗਿਣਤੀ ਮਿਣਤੀ ਕਰੀਏ ਤਾਂ ਹੋ ਸਕਦੈ ਕਿ ਇਨ੍ਹਾਂ ਦੇ ਪਾਏ ਪੂਰਨੇ ਕਈ ਸਾਲਾਂ ਤੱਕ ਮਾਂ ਬੋਲੀ ਨੂੰ ਖੂਨ ਦੇ ਅੱਥਰੂ ਕੇਰਨ ਲਈ ਮਜਬੂਰ ਕਰਦੇ ਰਹਿਣ । ਜੇਕਰ ਇਨ੍ਹਾਂ ਖੌਰੂ ਪਾਉਂਦੇ ਫ਼ਨਕਾਰਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਇਨ੍ਹਾਂ ਦੇ ਪਿਛਲਖੁਰੀ ਖੜ੍ਹੇ , ਆਕੇ , ਰੋਹਬ ਨਾਲ ਸੱਚ ਆਖਣ ਵਾਲੇ ਦੀ ਜ਼ੁਬਾਨ ਬੰਦ ਕਰਵਾਉਣ ਦੇ ਲਈ ਆਖਰ ਤੱਕ ਜਾਂਦੇ ਹਨ ।
ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਗਾਉਣਾ ਗਲਤ ਗੱਲ ਹੈ ਜਾਂ ਗਾਉਣ ਦਾ ਕਿਸੇ ਨੂੰ ਹੱਕ ਨਹੀਂ ਪਰ ਜੋ ਸੱਚ ਹੈ ਉਸ ਨੂੰ ਵੀ ਕਬੂਲ ਕਰਨਾ ਚਾਹੀਦਾ ਹੈ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਖੁਦ ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਵਾਰਸ ਉਨ੍ਹਾਂ ਲੋਕਾਂ ਨੂੰ ਬਣਾਵਾਂਗੇ ਜਿਹੜੇ ਸਾਡੇ ਮਾਣਮੱਤੇ ਪਿਛੋਕੜ ਦੇ ਬਾਰੇ ਦੋ ਸਬਦ ਵੀ ਨਹੀਂ ਜਾਣਦੇ ਜਿਨ੍ਹਾਂ ਨੂੰ ਸਿਵਾਏ , ਕਮਲੀ ਸ਼ੋਹਰਤ , ਤੇ ਦੌਲਤ ਤੋਂ ਬਾਅਦ ਕੌਮੀ ਜਜ਼ਬੇ ਦਾ ਭੋਰਾ ਭਰ ਵੀ ਗਿਆਨ ਨਾ ਹੋਵੇ , ਹੋਰ ਤਾਂ ਹੋਰ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੌਰਾਨ ਵੀ ਪੂਰੇ ਨਾ ਉਤਰਦੇ ਹੋਣ ਤੇ ਅਸੀਂ ਉਨ੍ਹਾਂ ਨੂੰ ਸਮਾਜਿਕ ਸ਼ੀਸ਼ੇ ਦੇ ਰੂਪ ਵਿੱਚ ਪੇਸ਼ ਕਰੀਏ ਤਾਂ ਵਿਵਾਦ ਦਾ ਹੋਣਾ ਜ਼ਰੂਰੀ ਹੋ ਜਾਂਦਾ ਹੈ । ਕਲਾਕਾਰ ਬਣੋ ਜੀ ਸਦਕੇ ਕਿਸੇ ਨੂੰ ਕੋਈ ਰੋਕ ਨਹੀਂ ਬਸ਼ਰਤੇ ਅਸੀਂ ਇੱਕ ਕਲਾਕਾਰ ਦੀ ਪਰਿਭਾਸ਼ਾ ਤੋਂ ਜਾਣੂ ਜ਼ਰੂਰ ਹੋਈ?ੇ ਕਿ ਆਖਰ ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਅਤੇ ਫਰਜ਼ ਸਾਡੇ ਸਮਾਜ ਪ੍ਰਤੀ ਕੀ ਹਨ ਇਹ ਨਹੀਂ ਕਿ ਜੋ ਮੂੰਹ ਆਇਆ ਬੋਲੀ ਜਾਉ ਇਹ ਕਲਾਕਾਰੀ ਨਹੀਂ ਹਾਂ ਕਲਾਕਾਰੀ ਦੇ ਨਾਂ ਤੇ ਡਰਾਮਾ ਜ਼ਰੂਰ ਮੰਨ ਸਕਦੇ ਹਾਂ ।
ਮੈਨੂੰ ਇਹ ਵੀ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਲੰਘੇ ਸਮੇਂ ਤੋਂ ਇਨਾਂ ਅੱਧੀ ਦਰਜਨ ਅਟਪਟੇ ਕਲਾਕਾਰਾਂ ਨੂੰ ਗਾਇਕ ਦੇ ਤੌਰ ਤੇ ਬੇਸ਼ੱਕ ਪੇਸ਼ ਕੀਤਾ ਗਿਆ ਪਰ ਇਹਨਾਂ ਨੌਜਵਾਨਾਂ ਨੂੰ ਆਪ ਇਹ ਗੱਲ ਸਮਝ ਅੱਜ ਤੱਕ ਨਹੀਂ ਲੱਗੀ ਕਿ ਇਨ੍ਹਾਂ ਨੂੰ ਕਿਤੇ ਨਾ ਕਿਤੇ ਵਰਤਿਆ ਜਾ ਰਿਹਾ ਹੈ । ਠੀਕ ਹੈ ਕਿ ਸਾਇੰਸ ਦਾ ਯੁੱਗ ਹੈ ਮਸ਼ਹੂਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰੀਦੀ ਜਾ ਸਕਦੀ ਹੈ ਪਰ ਕਦੇ ਇਹ ਵੀ ਸੋਚਿਐ ਕਿ ਇਨ੍ਹਾਂ ਦੀਆਂ ਮਾਰੀਆਂ ਯਭਲੀਆਂ ਦੇ ਅਰਥ ਕੀ ਹਨ ਅਤੇ ਤਰਕ ਕੀ ਹੈ ਫੇਰ ਇਹ ਕਿਸੇ ਦਾ ਕੀ ਸੰਵਾਰਨਗੀਆਂ ।
ਗੀਤ ਸੰਗੀਤ ਸਮੇਂ ਦੇ ਹਾਣ ਦਾ ਜ਼ਰੂਰ ਹੋਣਾ ਚਾਹੀਦਾ ਹੈ ਪਰ ਸਮੇਂ ਨਾਲੋਂ ਅੱਗੇ ਲੰਘ ਕਿ ਮਾਰੀਆਂ ਡੀਂਗਾਂ ਅਕਸਰ ਵਿਨਾਸ਼ ਦਾ ਕਾਰਨ ਬਣ ਜਾਂਦੀਆਂ ਨੇ । ਕਿੱਥੇ ਉਹ ਲੋਕ ਜਿਹੜੇ ਆਪਣੇ ਬੋਲਾਂ ਰਾਹੀਂ ਅਸਮਾਨੀ ਉੱਡਦੇ ਪੰਛੀਆਂ ਨੂੰ ਹੇਠਾਂ ਪਰਤਣ ਲਈ ਮਜਬੂਰ ਕਰਿਆ ਕਰਦੇ ਸਨ ਤੇ ਕਿੱਥੇ ਅੱਜ ਦੇ ਇਹ ਅਖੌਤੀ ਕਲਾਕਾਰ ਗੀਤਾਂ ਵਿੱਚ ਗਾਲਾਂ ਕੱਢ ਕੇ ਸ਼ਰਮ ਹਿਆ ਨੂੰ ਕੀਲੇ ਟੰਗ ਆਪਣਾ ਸੰਘ ਪਾੜਨ ਵਿੱਚ ਹੀ ਕਲਾਕਾਰੀ ਨੂੰ ਲੱਭਣ ਤੁਰੇ ਨੇ ।
ਮਾਵਾਂ ਭੈਣਾਂ ਦੀਆਂ ਗਾਲਾਂ ਨੂੰ ਕਿਸ ਨੇ ਗਾਇਕੀ ਆਖਿਆ ਹੈ ਰੈਪ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਦਾ ਕਲਾਕਾਰੀ ਦੇ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ । ਕੀ ਨੰਗੀਆਂ ਤਸਵੀਰਾਂ , ਖੁੱਲ੍ਹੀਆਂ ਗਾਲਾਂ , ਆਸ਼ਕੀ ਦੇ ਚਿੱਠੇ ਪੜ੍ਹਨ ਨੂੰ ਹੀ ਗਾਇਕੀ ਆਖਿਆ ਜਾਂਦਾ ਹੈ? ਕਿਉਂ ਭੁੱਲ ਚੁੱਕੇ ਹਾਂ ਕਿ ਕਲਾਕਾਰ ਸਮਾਜ ਦੇ ਦੁੱਖ ਤਕਲੀਫਾਂ ਤੇ ਹੋਰ ਮੁੱਦਿਆਂ ਨੂੰ ਰੂਪਮਾਨ ਕਰਕੇ ਸਾਡੇ ਸਾਹਮਣੇ ਰੱਖਣ ਦਾ ਜ਼ਰੀਆ ਵੀ ਹੁੰਦੇ ਹਨ ਤੇ ਨਾਲੋਂ ਨਾਲ ਥੱਕ ਚੁੱਕੇ ਇਨਸਾਨ ਲਈ ਊਰਜਾ ਦਾ ਵੱਡਾ ਸ੍ਰੋਤ ਬਣ ਅਗਲੀ ਜ਼ਿੰਦਗੀ ਲਈ ਪਹੀਏ ਦਾ ਕੰਮ ਵੀ ਕਰਦੇ ਹਨ । ਆਹ ਕੱਚ ਘਰੜ ਗਾਇਕਾਂ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਇਹ ਕਿਹੜੀ ਕੈਟਾਗਰੀ ਦੇ ਕਲਾਕਾਰ ਨੇ ।
ਰੱਬ ਦਾ ਵਾਸਤਾ ਬੱਸ ਕਰੋ ਕਲਾਕਾਰੀ ਦੇ ਨਾਂ ਤੇ ਠੇਕੇਦਾਰੀ ਕਰਨ ਵਾਲਿਓ ਨਹੀਂ ਤਾਂ ਇਸ ਸੱਭਿਅਕ ਖੇਤਰ ਵਿੱਚ ਬਲ ਰਹੀ ਭਿਆਨਕ ਅੱਗ ਦਾ ਸੇਕ ਤੁਹਾਨੂੰ ਵੀ ਲੈ ਮੱਚੇਗਾ । ਹੁਣ ਤਾਂ ਲੰਘੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੁੱਝ ਮਾਂ ਬੋਲੀ ਦੇ ਪੁੱਤਰਾਂ ਵੱਲੋਂ ਦਾਇਰ ਕੀਤੀ ਇਕ ਜਨਤਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਜੱਜ ਸਾਹਿਬਾਨ ਵੱਲੋਂ ਵੀ ਇਹ ਆਖਿਆ ਗਿਆ ਹੈ ਕਿ ਲੱਚਰ ਗਾਇਕੀ ਦੇ ਮੁੱਦੇ ਤੇ ਕੋਰਟਾਂ ਕੁਝ ਨਹੀਂ ਕਰ ਸਕਦੀਆਂ । ਇਸ ਦੇ ਲਈ ਤਾਂ ਜਨਤਾ ਆਪ ਹੀ ਕੋਈ ਫ਼ੈਸਲਾ ਲੈ ਸਕਦੀ ਹੈ ।
ਜੇ ਅਜੇ ਵੀ ਪੰਜਾਬੀ ਨਹੀਂ ਸਮਝ ਸਕਦੇ ਤਾਂ ਰੱਬ ਹੀ ਰਾਖਾ ਹੈ ਇਨ੍ਹਾਂ ਦਾ । ਅੱਜ ਸਮੇਂ ਦੀ ਵੱਡੀ ਮੰਗ ਹੈ ਕਿ ਸਾਡੀ ਨਵੀਂ ਪਨੀਰੀ ਅਤੇ ਸੱਭਿਅਤਾ ਨੂੰ ਤਬਾਹ ਕਰ ਰਹੀ ਇਸ ਗਾਇਕੀ ਦਾ ਜਿੰਨੀ ਛੇਤੀ ਹੋ ਸਕੇ ਫਾਸਤਾ ਵੱਡਣਾ ਚਾਹੀਦਾ ਹੈ ਤਾਂ ਕਿ ਇਸ ਦੀ ਬਦੌਲਤ ਕੁਰਾਹੇ ਪੈ ਕੇ ਅਪਰਾਧ ਜਗਤ ਦੀ ਡੂੰਘੀ ਦਲਦਲ ਵਿੱਚ ਧੱਸ ਰਹੀ ਜਵਾਨੀ ਨੂੰ ਕੁਝ ਸੁੱਖ ਦਾ ਸਾਹ ਮਿਲ ਸਕੇ । ਆਓ ਇੱਕ ਲੰਬੀ ਪਰਵਾਜ਼ ਤੋਂ ਬਾਅਦ ਆਪੋ ਆਪਣੇ ਆਲ੍ਹਣਿਆਂ ਨੂੰ ਵਾਪਸ ਪਰਤ ਆਪਣੇ ਮੂਲ ਨੂੰ ਪਛਾਣੀਏ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
ਚੰਗਾ ਗਾਉਣ ਵਾਲੇ ਕਲਾਕਾਰ ਵੀ ਵਧਾਈ ਦੇ ਹੱਕਦਾਰ - ਮਨਜਿੰਦਰ ਸਿੰਘ ਸਰੌਦ
ਪਿਛਲੇ ਦਿਨਾਂ ਤੋਂ ਇੱਕ ਗੀਤ ਦੇ ਬੋਲ ਬਾਰ-ਬਾਰ ਜ਼ਿਹਨ 'ਤੇ ਆ ਤੈਰਨ ਲੱਗ ਜਾਂਦੇ ਨੇ। ਆਪ ਮੁਹਾਰੇ ਅੱਖਾਂ ਦੇ ਕੋਏ ਗਿੱਲੇ ਹੋ ਦਿਲ ਲੰਬੀ ਸੋਚ ਦੇ ਘੋੜੇ 'ਤੇ ਸਵਾਰ ਹੁੰਦਿਆਂ ਕਾਫ਼ੀ ਕੁਝ ਸੌਚਦੈ ਤੇ ਮੋਹ ਦੀਆਂ ਤੰਦਾਂ ਹੰਝੂਆਂ ਰਾਹੀਂ ਭਿੱਜ ਮਾਂ ਦੀ ਮਮਤਾ ਦਾ ਉਹ ਕਰਜ਼ਾ ਜੋ ਸ਼ਾਇਦ ਕਦੇ ਹੀ ਮੁੜ ਸਕੇ ਚੇਤੇ ਆਉਂਦੈ।
ਕਿਸੇ ਕਲਾਕਾਰ ਨੇ ਕਿਹੈ 'ਇੱਕ ਵਾਰ ਜੇ ਤੁਰਗੀ ਮਾਂ, ਤੂੰ ਮੁੜ ਨਹੀਂ ਆਉਣਾ', ਰੱਬ ਤੇਰੀ ਗਾਇਕੀ ਨੂੰ ਸਦਾ ਸਲਾਮਤ ਰੱਖੇ, ਜਿਹੜੀ ਮਾਂ ਦੇ ਪਿਆਰ ਦਾ ਫ਼ਰਜ਼ ਤਾਂ ਚੇਤੇ ਕਰਵਾਉਂਦੀ ਏ, ਨਹੀਂ ਤਾਂ ਪੰਜਾਬੀ ਗਾਇਕੀ ਦਾ ਮੰਦੜਾ ਹਾਲ ਸਭ ਦੇ ਸਾਹਮਣੇ ਹੈ। ਜਦ ਵੀ ਇਹ ਮਾਂ ਵਾਲਾ ਗੀਤ ਸੁਣਦਾ ਹਾਂ ਤਾਂ ਕਲੇਜਿਓਂ ਧੂਹ ਨਿਕਲਦੀ ਹੈ। ਡੇਢ੍ਹ ਦਹਾਕਾ ਬੀਤ ਚੁੱਕਿਐ ਕਲਾਕਾਰਾਂ ਬਾਰੇ ਲਿਖਦਿਆਂ ਅਤੇ ਮਾੜੀ ਗਾਇਕੀ ਦੇ ਖਿਲਾਫ ਬੜਾ ਲਿਖਿਐ। ਪਰ ਇਸ ਗੀਤ ਨੇ ਉਨ੍ਹਾਂ ਮਾੜਾ ਗਾਉਣ ਵਾਲਿਆਂ ਦੇ ਲਈ ਇੱਕ ਨਸੀਹਤ ਦਾ ਕੰਮ ਜ਼ਰੂਰ ਕੀਤੈ। ਕਿੱਥੇ ਨੇ ਉਹ ਗੀਤ ਜਿਹੜੇ ਕਹਿੰਦੇ ਨੇ, 'ਜੱਟ ਦੇ ਠਿਕਾਣੇ ਬੱਲੀਏ, ਰੱਬ ਵੀ ਨਾ ਜਾਣੇ ਬੱਲੀਏ।' ਇਹੋ ਜਿਹੇ ਗੀਤ ਅੱਜ ਪੰਜਾਬ ਦੀ ਸਮੁੱਚੀ ਫ਼ਿਜ਼ਾ ਨੂੰ ਗੰਧਲੀ ਕਰ ਅਪਰਾਧਾਂ ਨੂੰ ਉਤਸਾਹਿਤ ਕਰੀ ਜਾ ਰਹੇ ਨੇ। ਚੰਗਾ ਭਲਾ ਵਧੀਆ ਗਾਉਂਦੇ ਕਈ ਕਲਾਕਾਰ ਵੀ ਦੇਖੋ-ਦੇਖੀ ਮਾੜੇ ਹੱਥ-ਕੰਡੇ ਅਪਣਾਉਂਦੇ ਨੇ ਤਾਂ ਦਿਲ ਦੁਖੀ ਜ਼ਰੂਰ ਹੁੰਦੈ ਸ਼ਾਇਦ ਆਹ ਨਵੇਂ ਪੋਜ ਵਾਲਿਆਂ ਨੂੰ ਪੜ੍ਹਾਈ ਜਾਂ ਸੰਸਕਾਰਾਂ ਦੀ ਘਾਟ ਹੈ ਪਰ ਕਈ ਪਹਿਲਾਂ ਤੋਂ ਹੀ ਲੱਖਾਂ ਅੰਦਰ ਖੇਡਦੇ ਇਨ੍ਹਾਂ ਮਾੜਿਆਂ ਦੇ ਕਾਲੇ ਕਾਰਨਾਮਿਆਂ 'ਤੇ ਮੋਹਰਾਂ ਕਿਉਂ ਲਾਉਂਦੇ ਨੇ।
ਗਾਇਕ ਗੁਰਵਿੰਦਰ ਬਰਾੜ ਦੇ ਗੀਤਾਂ ਨੂੰ ਮੈਂ ਕਦੇ ਵੀ ਆਪਣੇ ਤੌਰ 'ਤੇ ਵਧੀਆ ਨਹੀਂ ਸੀ ਮੰਨਿਆ, ਸਿਵਾਏ ਕੁਝ ਗੀਤਾਂ ਦੇ। ਪਰ ਜਦ ਅੱਜ ਉਸ ਦੇ ਗੀਤਾਂ ਅਤੇ ਆਹ ਚੱਕ-ਲੋ, ਧਰ-ਲੋ ਵਾਲੇ ਗੀਤਾਂ ਦੀ ਤੁਲਨਾ ਕਰਦਾ ਹਾਂ ਤਾਂ ਆਪ ਮੁਹਾਰੇ ਮੂੰਹੋਂ ਨਿਕਲ ਜਾਂਦੈ ਕਿ ਯਾਰ ਆਹ ਕਮਲ ਚੌਦੇਂ ਨਾਲੋਂ ਤਾਂ ਉਸ ਕਲਾਕਾਰ ਦੇ ਗੀਤ ਕਈ ਦਰਜੇ ਚੰਗੇ ਹਨ। ਪਤਾ ਨਹੀਂ ਗੀਤਕਾਰ ਕੀ ਸੋਚ ਕੁਝ ਬੇਤੁਕੀਆਂ, ਬੇਮਤਲਬੀਆਂ, ਰਚਨਾਵਾਂ ਦੀ ਰਚਨਾ ਕਰ ਇਹੋ ਜਿਹੇ ਗੀਤਾਂ ਨੂੰ ਜਨਮ ਦਿੰਦੇ ਨੇ ਜਿਵੇਂ ਉਨ੍ਹਾਂ ਨੂੰ ਸਿਰਫ਼ ਮਾੜਿਆਂ ਨੇ ਹੀ ਸੁਣਨਾ ਹੁੰਦੈ। ''ਪੱਲੇ ਜੱਟ ਦੇ ਸੱਤ ਕਨਾਲਾਂ'' ਇਹੋ ਜਿਹੇ ਗੀਤਾਂ ਦੀ ਰਚਨਾ ਸਿਰਫ਼ ਆਪਣਾ ਅਤੇ ਆਪਣੀ ਗਾਇਕੀ ਦਾ ਜਲੂਸ ਕਢਵਾਉਣ ਤੱਕ ਹੀ ਸੀਮਿਤ ਹੁੰਦੀ ਹੈ। ਹਰਜੀਤ ਹਰਮਨ ਜਿਸ ਨੇ ਸਦਾ ਵਧੀਆ ਗਾਇਆ, ਉਸ ਤੋਂ ਸੇਧ ਲੈ ਕੇ ਇਹ ਲੋਕ ਕੁਝ ਵਧੀਆ ਗਾਉਣ ਦੀ ਪਿਰਤ ਪਾਉਣ ਤਾਂ ਕਿੰਨਾ ਚੰਗਾ ਹੋਵੇ। ਚੜ੍ਹਦੀ ਉਮਰ ਦੇ ਗਾਇਕ ਸਰਬ ਘੁਮਾਣ ਜਿਸ ਨੇ ਮਾਂ ਦੀ ਸਿਫ਼ਤ ਬੜੇ ਵਧੀਆ ਲਫ਼ਜ਼ਾਂ ਵਿੱਚ ਕੀਤੀ ਹੈ, ਇੱਕ ਯਬਲੀਆਂ ਮਾਰਨ ਵਾਲਾ ਕਲਾਕਾਰ ਤਾਂ ਇੱਥੋਂ ਤੱਕ ਆਖਦੈ ਕਿ ਉਸ ਦੀਆਂ ਕਈ ਸੌ ਲੜਕੀਆਂ ਮਿੱਤਰ ਹਨ। ਇਹੋ ਜਿਹੀਆਂ ਫ਼ੁਕਰਬਾਜ਼ੀਆਂ ਨੂੰ ਜ਼ਹੀਨ ਸੋਚ ਹੀ ਆਖਾਂਗੇ। ਇੱਕ ਕਲਾਕਾਰ ਤਾਂ ਆਸ਼ਕੀ ਵਿੱਚ ਪਏ ਘਾਟੇ ਨੂੰ ਲੜਕੀ ਤੋਂ ਕਲੇਮ ਲੈ ਕੇ ਪੂਰਾ ਕਰਨ ਦਾ ਕਮਲ ਵੀ ਮਾਰਦੈ। ਕਈ ਤਾਂ ਲੜਕੀਆਂ ਨੂੰ ਇਹ ਵੀ ਕਹਿੰਦੇ ਨੇ ਕਿ ਅਸੀਂ ਹੁਣ ਹੋਰ ਲੱਭਲੀ।
ਗਾਇਮ ਪੰਮਾ ਡੂੰਮੇਵਾਲ ਦਾ ਗਾਇਆ ਗੀਤ ''ਮੋੜੀਂ ਬਾਬਾ ਮੋੜੀਂ ਵਿਗੜੀ ਮੁੰਡੀਹਰ ਨੂੰ'' ਲਈ ਇਹ ਕਲਾਕਾਰ ਵਧਾਈ ਦਾ ਪਾਤਰ ਹੈ। ਜਿਸ ਨੇ ਵਪਾਰਕ ਯੁੱਗ ਦੇ ਅੰਦਰ ਕੁਝ ਪੱਲਾ ਖ਼ਰਚ ਕੇ ਵਧੀਆ ਕਰਨ ਦਾ ਯਤਨ ਕੀਤਾ ਹੈ।
ਵਾਹ ਓਏ ਕਲਾਕਾਰੋ ! ਥੋਡੀਆਂ ਇਹ ਝੱਲਬਲੱਲੀਆਂ ਫਾਇਦਾ ਤਾਂ ਕਿਸੇ ਦਾ ਸ਼ਾਇਦ ਹੀ ਕਰਨ ਪਰ ਨੁਕਸਾਨ ਬਹੁਤ ਵੱਡਾ ਕਰੀ ਜਾ ਰਹੀਆਂ ਨੇ। ਸੱਭਿਅਤਾ ਦੀਆਂ ਕੋਮਲ ਸਿਨਫ਼ਾਂ 'ਤੇ ਕਹਿਰ ਢਾਹੁੰਦੇ ਇਹ ਲੋਕ ਆਪਣੇ ਆਪ ਨੂੰ ਗੁਣੀਏ ਵਿੱਚ ਕਰਨ ਲਈ ਪੂਰੇ ਸਮਾਜ ਨਾਲ ਵੱਡਾ ਧੋਖਾ ਕਰ ਰਹੇ ਨੇ। ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕੀ ਅੰਦਰ ਗੀਤਕਾਰ ਵਜੋਂ ਮਸ਼ਹੂਰ ਤੇ ਬਾਅਦ ਵਿੱਚ ਗਾਇਕ ਬਣੇ ਇੱਕ ਬਾਈ ਨੇ ਤਾਂ ਰੱਜ ਕੇ ਝੱਲ ਖਿਲਾਰਿਐ। ਉਹ ਤਾਂ ਇੱਕ ਗੀਤ ਰਾਹੀਂ ਸ਼ਮਸ਼ਾਨਾਂ ਦੇ ਜਿੰਦਰੇ ਖੋਲ੍ਹਣ ਤੱਕ ਵੀ ਪਹੁੰਚ ਗਿਐ ਅਤੇ ਆਪਣੇ ਗੀਤਾਂ ਅੰਦਰ ਰੱਜ ਕੇ ਪਿਸਤੌਲ ਤੇ ਬੰਦੂਕਾਂ ਦਾ ਜ਼ਿਕਰ ਕੀਤੈ ਅਤੇ ਗੁਰੂ ਘਰਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਨ੍ਹਾਂ ਗੀਤਾਂ ਦੇ ਰਚੇਤਾ ਨੂੰ ਬਾਰਡਰ 'ਤੇ ਜਾ ਕੇ ਆਪਣੇ ਕਸੀਦੇ ਪੜ੍ਹਣੇ ਚਾਹੀਦੇ ਨੇ। ਕਿਉਂ ਪੰਜਾਬ ਦੀ ਫ਼ਿਜ਼ਾ ਨੂੰ ਸ਼ਰਮਸਾਰ ਕਰ ਅਕਲੋਂ ਖਾਲੀ ਜਿਹੀਆਂ ਹਰਕਤਾਂ ਕਰਦੇ ਹੋ। ਲੱਗਦੈ ਤੁਸੀਂ ਪੰਜਾਬ ਦੀ ਸਰ-ਜ਼ਮੀਨ ਅਤੇ ਇਸ ਦੇ ਇਤਿਹਾਸ ਤੋਂ ਜਾਣੂ ਹੀ ਨਹੀਂ ਹੋ।
ਲੰਘੇ ਦਿਨੀਂ ਇੱਕ ਗੀਤਕਾਰ ਦਾ ਇੰਟਰਵਿਊ ਟੀ.ਵੀ. 'ਤੇ ਦੇਖਿਆ। ਉਹ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਰਾਹੀਂ ਕਿੰਨਿਆਂ ਹੀ ਗਾਇਕਾਂ ਦੇ ਕੱਢੇ ਹਾੜ੍ਹਿਆਂ ਦੀ ਕਥਾ ਸੁਣਾਈ ਜਾਂਦਾ ਸੀ। ਕਾਸ਼ ! ਮੈਂ ਹੁਣ ਸੋਚਦਾ ਹਾਂ ਕਿ ਜੇ ਉਹ ਗੀਤਕਾਰ ਹਿੱਟ ਹੀ ਨਾ ਹੁੰਦਾ ਤਾਂ ਚੰਗਾ ਸੀ। ਕਿਉਂਕਿ ਜਿਹੜੀ ਮਾਂ ਬੋਲੀ ਦੇ ਘਾਣ ਦੀ ਕਹਾਣੀ ਉਸ ਨੇ ਸਾਡੇ ਵਿਰਸੇ ਦੀ ਹਿੱਕ 'ਤੇ ਲਿਖ ਦਿੱਤੀ, ਉਹ ਕਦੇ ਸ਼ਾਇਦ ਹੀ ਮਿਟ ਸਕੇ। ਉਸ ਤੋਂ ਕੋਈ ਪੁੱਛਣ ਵਾਲਾ ਨਹੀਂ ਕਿ ਭਲਿਆ ਲੋਕਾ, ਹੁਣ ਜੇ ਤੂੰ ਹਿੱਟ ਹੋ ਵੀ ਗਿਐਂ ਤਾਂ ਕੁਝ ਖਿਆਲ ਤਾਂ ਪੰਜਾਬ ਦੀ ਜੁਆਨੀ ਦਾ ਕਰ।
ਵਾਹ ਓਏ ਗਾਇਕੋ ਅਤੇ ਗੀਤਕਾਰੋ ! ਤੁਸੀਂ ਤਾਂ ਪੰਜਾਬ ਦੇ ਮਾੜੇ ਦਿਨਾਂ ਦੀ ਤਸਵੀਰ ਹੀ ਤਾਜ਼ਾ ਕਰਵਾ ਦਿੱਤੀ। ਤੁਸੀਂ ਉਹ ਵੇਲਾ ਵੇਖਿਆ ਨਹੀਂ, ਪੁੱਛ ਕੇ ਵੇਖੋ ਉਨ੍ਹਾਂ ਪੀੜਤਾਂ ਨੂੰ ਜਿਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਮੁੱਕ, ਛਾਤੀਆਂ ਸੁੱਕ ਚੁੱਕੀਆਂ ਨੇ, ਪੱਥਰ ਹੋਈਆਂ ਅੱਖਾਂ ਕਿਸੇ ਆਪਣੇ ਦੀ ਤਲਾਸ਼ ਵਿੱਚ ਅਜੇ ਵੀ ਕੁਝ ਲੱਭਦੀਆਂ ਨੇ। ਪੁੱਛੋ ਉਨ੍ਹਾਂ ਮਾਂਵਾਂ ਨੂੰ ਜਿਨ੍ਹਾਂ ਦੀਆਂ ਕੁੱਖਾਂ ਮਾੜੇ ਸਮੇਂ ਨੇ ਖਾਲੀ ਕਰ ਦਿੱਤੀਆਂ। ਜਾਂ ਉਨ੍ਹਾਂ ਪਿਓਆਂ ਦਾ ਹਾਲ ਜਾਣੋ ਜਿਨ੍ਹਾਂ ਦੀਆਂ ਦਾੜ੍ਹੀਆਂ ਤਾਰ-ਤਾਰ ਹੋ ਚੁੱਕੀਆਂ ਸਨ, ਉਨ੍ਹਾਂ ਭੈਣਾਂ ਦਾ ਦਰਦ ਦੇਖੋ ਜਿਨ੍ਹਾਂ ਨੂੰ ਚੁਰਾਹੇ ਦਿਨ ਚਿੱਟੇ ਦਿਨ ਨੋਚਿਆ ਗਿਆ ਅਤੇ ਉਨ੍ਹਾਂ ਦੇ ਢਿੱਡਾਂ ਅੰਦਰ ਪਲ ਰਹੇ ਬੱਚਿਆਂ ਨੂੰ ਠੁੱਡੇ ਮਾਰੇ ਗਏ, ਪਰ ਤੁਹਾਨੂੰ ਕੁਝ ਵੀ ਯਾਦ ਨਹੀਂ, ਤੁਸੀਂ ਤਾਂ ਆਪਣੇ ਕਰੀਅਰ ਨੂੰ ਗੁਣੀਏ ਵਿੱਚ ਕਰਨ ਦੇ ਲਈ ਕੁਝ ਵੀ ਕਰ ਦੇਵੋ। ਕੀ ਹੋ ਚੁੱਕਿਐ ਤੁਹਾਡੀ ਅਕਲ ਨੂੰ ?
ਰੱਬ ਕਰੇ ਛੇਤੀ ਖਹਿੜਾ ਛੁੱਟੇ ਪੰਜਾਬੀਆਂ ਦਾ ਇਸ ਆਸ਼ਕੀ ਤੇ ਅਸਲੇ ਦੇ ਕਲਚਰ ਤੋਂ। ਚੰਗਾ ਹੋਵੇ ਅਸਲੇ ਦਾ ਹਰ ਸਮੇਂ ਖੌਰੂ ਪਾਉਂਦੇ ਇਹ ਕਲਾਕਾਰ ਸਰਹੱਦ 'ਤੇ ਜਾ ਕੇ ਦੁਸ਼ਮਣਾਂ ਨਾਲ ਦੋ ਹੱਥ ਕਰਨ। ਓਥੇ ਇਨ੍ਹਾਂ ਨੂੰ ਜੰਗ ਦੀ ਪੂਰੀ ਅਜ਼ਾਦੀ ਹੈ, ਚੋਣ ਇਨ੍ਹਾਂ ਦੀ ਆਪਣੀ ਹੈ। ਚਾਹੇ ਕਸ਼ਮੀਰ ਦੀ ਸਿਰ ਮੰਗਦੀ ਧਰਤੀ ਹੋਵੇ ਜਾਂ ਚੀਨ ਦਾ ਬਾਰਡਰ। ਰੱਬ ਦਾ ਵਾਸਤਾ ਪੰਜਾਬ ਨੂੰ ਸ਼ਮਸ਼ਾਨ ਨਾ ਬਣਾਓ, ਇਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਹੀ ਰਹਿਣ ਦਿਓ।
ਰੱਬ ਰਾਖਾ।
ਮਨਜਿੰਦਰ ਸਿੰਘ ਸਰੌਦ
ਫੋਨ 94634-63136