ਘਾਲਿ ਖਾਇ ਕਿਛੁ ਹਥਹੁ ਦੇਇ - ਸੁਖਪਾਲ ਸਿੰਘ ਗਿੱਲ
ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਨਾਲ ਧੰਨ ਪੈਦਾ ਹੰਦਾ ਹੈ।ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।
ਮਜਦੂਰਾਂ ਦੀ ਸਾਰ ਲੈਣ ਲਈ ਸਰਕਾਰ ਵਿਸ਼ੇਸ਼ ਤਵੱਜੋ ਦੇਵੇ। ਅਖ਼ਬਾਰੀ ਇਸ਼ਤਿਹਾਰ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਇਸ ਵਿੱਚ ਮਜਦੂਰ ਵਰਗ ਦੇ ਬੇਵੱਸੀ ਅਤੇ ਸਰਕਾਰੀ ਧਿਰ ਦੀ ਖਾਨਾਪੂਰਤੀ ਹੋ ਜਾਂਦੀ ਹੈ। ਲੋਟੂ ਜਮਾਤ ਜੋ ਮਜਦੂਰ ਦਾ ਖੂਨ ਪੀਂਦੀ ਹੈ ਉਹ ਨਾਨਕ ਸਿੰਘ ਦੇ ਕਥਨ “ਲੋਕ ਪਾਣੀ ਪੁਣ ਕੇ ਪੀਂਦੇ ਹਨ ਪਰ ਲੁਕਾਈ ਦਾ ਖੂਨ ਅਣਪੁਣਿਆਂ ਹੀ ਪੀ ਜਾਂਦੇ ਹਨ” ਦੇ ਕਥਨ ਅੱਜ ਵੀ ਢੁੱਕਵੇਂ ਹਨ। ਲੋਕਾਂ ਅਤੇ ਜੋਕਾਂ ਦਾ ਫ਼ਲਸਫ਼ਾ ਸ਼ੁਰੂ ਤੋਂ ਹੀ ਭਾਰੀ ਰਿਹਾ ਜਦੋਂ ਇਸ ਫ਼ਲਸਫ਼ੇ ਅਤੇ ਪਾੜੇ ਵਿਰੁੱਧ ਕੁੱਝ ਜਗਿਆਸਾ ਆਈ ਤਾਂ ਮਜਦੂਰ ਵਰਗ ਸੁਲਗਿਆ ਪਰ ਕਾਰਪੋਰੇਟ ਜਗਤ ਨੂੰ ਇਹ ਗੱਲ ਪਚੀ ਨਹੀਂ। ਇਸ ਲਈ ਹੰਊਮੈ ਵਿੱਚੋਂ ਮਜਦੂਰਾਂ ਦਾ ਘਾਣ ਕੀਤਾ ਜਾਂਦਾ ਹੈ। ਇਸ ਵਰਤਾਰੇ ਪਿੱਛੇ ਕਾਰਪੋਰੇਟ ਦਾ ਹੰਕਾਰ ਝਲਕਦਾ ਹੈ। ਆਲਮੀ ਪੱਧਰ ਤੋਂ ਬਾਅਦ ਭਾਰਤ ਵਿੱਚ ਵੀ ਮਜਦੂਰਾਂ ਪ੍ਰਤੀ ਜਗਿਆਸਾ ਵਧੀ। ਇਸ ਲਈ ਭਾਰਤ ਵਿੱਚ ਮਜਦੂਰ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਿਆ। ਹਾਂ ਇੱਕ ਗੱਲ ਜਰੂਰ ਹੈ 1991 ਤੋਂ ਭਾਰਤ ਮਾਤਾ ਅੰਦਰ ਕਿਰਤ ਸੁਧਾਰਾਂ ਦੀ ਕੋਸ਼ਿਸ ਸ਼ੁਰੂ ਹੈ। ਇਸ ਦੀ ਸ਼ੁਰੂਆਤ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ। ਅੱਜ ਸੰਸਾਰ ਦੇ 80 ਦੇ ਲੱਗਭਗ ਦੇਸ਼ ਮਜਦੂਰ ਦੇ ਹਿੱਤਾਂ ਲਈ ਜਾਗਰੂਕ ਹਨ। ਇਹਨਾਂ ਸਭ ਕਾਸੇ ਪਿੱਛੇ 1886 ਦਾ ਸਾਕਾ ਹੀ ਕੰਮ ਕਰਦਾ ਹੈ। ਮਜਦੂਰ ਨੂੰ ਆਪਣੀ ਹੋਂਦ ਅਤੇ ਕਿਰਤ ਸ਼ਕਤੀ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇਸ ਨਾਲ ਮਜਦੂਰ ਜਾਗਰੂਕ ਹੋਕੇ ਸੁਰੱਖਿਆ ਮਹਿਸੂਸ ਕਰੇਗਾ । ਸਿੱਟਾ ਇਹ ਨਿਕਲਦਾ ਹੈ ਕਿ ਰਾਜਨੀਤਿਕ ਵਰਗ ਵੀ ਜਵਾਬਦੇਹ ਬਣਦਾ ਹੈ।
ਮਜਦੂਰ, ਕਿਰਤ ਅਤੇ ਕਿਰਤ ਸ਼ਕਤੀ ਦੀ ਦਿਸ਼ਾ ਅਤੇ ਦਸ਼ਾ ਪਹਿਲੀ ਪਾਤਸ਼ਾਹੀ ਨੇ ਦੁਨਿਆਵੀ ਅਤੇ ਰੂਹਾਨੀ ਤੌਰ ਤੇ 1452 ਵਿੱਚ ਸੈਦਪੁਰ ਏਮਨਾਬਾਦ ਪਾਕਿਸਤਾਨ ਵਿੱਚ ਉਜਾਗਰ ਕੀਤੀ ਸੀ। “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦਾ ਸੁਨਹਿਰੀ ਸੁਨੇਹਾ ਵੀ ਇੱਥੋਂ ਹੀ ਮਿਲਦਾ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਅਤੇ ਭਾਈ ਲਾਲੋ ਦਾ ਨਿਖੇੜ ਅਤੇ ਨਿਬੇੜ ਕਰਕੇ ਕਿਰਤ ਨੂੰ ਪ੍ਰਧਾਨ ਬਣਾਇਆ। ਅੱਜ ਭਾਵੇਂ ਸਮੇਂ ਦੇ ਹਾਣ ਅਨੁਸਾਰ ਮਲਕ ਭਾਗੋ ਨਵੇਂ ਜਾਮੇ ਵਿੱਚ ਆ ਜਾਂਦੇ ਹਨ ਪਰ ਫੈਸਲਾ ਉਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ। ਕਰਤਾਰਪੁਰ ਵਿੱਚ ਖੁਦ ਖੇਤੀ ਦੀ ਹੱਥੀ ਕਿਰਤ ਕਰਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। “ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇ” ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘੱਟ ਲੋਕ ਪੱਲੇ ਬੰਨਦੇ ਹਨ।ਬਹੁਤੇ ਲੋਕ ਕਲਯੁੱਗ ਦੇ ਘੇਰੇ ਵਿੱਚ ਹੀ ਹਨ। ਮਜਦੂਰ ਵਰਗ ਲਈ ਅੱਜ ਵੀ ਇਹ ਗੱਲ ਤਰੋਤਾਜ਼ਾ ਰਹਿੰਦੀ ਹੈ ਕਿ ਇਸ ਨੂੰ ਘੱਟ ਪੈਸੇ ਦਿੱਤੇ ਜਾਣ। ਮਜਦੂਰ ਲੋਕ ਹੱਥੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਨ। ਬਚਪਨ ਵਿੱਚ ਜਦੋਂ ਅਸੀਂ ਸੋਝੀ ਸੰਭਲੀ ਤਾਂ ਸਾਡੇ ਬਜੁਰਗ ਖੇਤਾਂ ਦੇ ਕੰਮ ਲਈ ਮਜਦੂਰ ਦਿਹਾੜੀ ਉੱਤੇ ਲਾਉਂਦੇ ਸਨ ਇਸ ਦੇ ਨਾਲ ਉਹਨਾਂ ਨੂੰ ਤਨਖਾਹ ਦੇ ਨਾਲ ਰੋਟੀ, ਚਾਹ ਅਤੇ ਪਾਣੀ ਵੀ ਦਿੰਦੇ ਸਨ। ਮਜਦੂਰ ਦਾ ਹੱਕ ਮਾਰਨ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਇਸੇ ਲਈ ਪਿੰਡਾਂ ਵਿੱਚ ਸੱਚੀਂ ਮੁੱਚੀਂ ਰੱਬ ਵੱਸਦਾ ਸੀ। ਮਜਦੂਰ ਦਾ ਹੱਕ ਅਤੇ ਪੈਸਾ ਮਾਰਨਾ ਆਪਣੀ ਸ਼ਾਨ ਅਤੇ ਹੱਕ ਸਮਝਣ ਵਾਲੇ ਲੋਕਾਂ ਨੂੰ ਗੁਰਬਾਣੀ ਦਾ ਇਹ ਹੁਕਮ ਮੰਨਣਾ ਪਵੇਗਾ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
ਅੱਜ ਮਜਦੂਰ ਦਾ ਘਾਣ, ਸ਼ੋਸਣ ਅਤੇ ਹੱਕ ਮਾਰਨ ਦਾ ਤਰੀਕਾ ਨਵੇਂ ਯੁੱਗ ਅਨੁਸਾਰ ਬਿਰਾਜਮਾਨ ਹੈ। ਭੱਠਾ ਮਜਦੂਰ, ਖੇਤੀ ਖੇਤਰ, ਉਦਯੋਗਿਕ ਖੇਤਰ ਅਤੇ ਮਜਦੂਰ ਵਰਗ ਦੇ ਹੋਰ ਖੇਤਰ ਆਪਣੀ ਕਿਰਤ ਰਾਹੀਂ ਕਿਰਤ ਵੇਚਕੇ ਗੁਜਾਰਾ ਕਰਦੇ ਹਨ। ਕਿਰਤੀ ਵਰਗ ਅੱਜ ਵੀ ਸੁਰੱਖਿਅਤ ਨਹੀਂ ਹੈ। ਛੁੱਟੀ ਲਈ ਤਰਸਦਾ ਰਹਿੰਦਾ ਹੈ ਮਿਹਨਤ ਦੀ ਕੀਮਤ ਘੱਟ ਮਿਲਦੀ ਹੈ। ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਖੋਂ ਵੀ ਵਿਹੂਣਾ ਹੈ। ਮਜਦੂਰ ਅਤੇ ਧਨਾਢ ਦਾ ਪਾੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ। ਮਜਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਉਮਰ ਦਾ ਪੜਾਅ ਠੀਕ ਹੁੰਦਾ ਹੈ ਤਾਂ ਮਿਹਨਤ ਕਰਕੇ ਜੀਵਨ ਗੁਜਾਰ ਲੈਂਦਾ ਹੈ ਪਰ ਜਦੋਂ ਬੁਢਾਪੇ ਵਿੱਚ ਜਾਂਦਾ ਹੈ ਤਾਂ ਇਹਨਾਂ ਦਾ ਬੁਢਾਪਾ ਸਰਾਪਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਸਿਹਤ ਦੀ ਰੱਖਿਆ ਲਈ ਮਜਦੂਰ ਵਰਗ ਦੀ ਕੋਈ ਗਰੰਟੀ ਨਹੀਂ ਹੈ। ਕਰੋਨਾ ਕਾਲ ਵਿੱਚ ਮਜਦੂਰ ਦੀ ਦਸ਼ਾ ਨੇ ਨਵੇਂ ਅਧਿਆਏ ਲਿਖੇ। ਜਦੋਂ ਕਿਰਤੀ ਨੂੰ ਕਿਰਤ ਦਾ ਮੁੱਲ ਠੀਕ ਨਹੀਂ ਲੱਗਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਜੇ ਇਹਨਾਂ ਬਾਹਰ ਨੂੰ ਭੱਜਣ ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਇਹਨਾਂ ਦਾ ਸਰਬ ਪ੍ਰਵਾਨਿਤ ਜਵਾਬ ਹੁੰਦਾ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਵਿੱਚ ਕਿਰਤ ਦਾ ਅਸਲੀ ਅਤੇ ਸਹੀ ਮੁੱਲ ਮਿਲਦਾ ਹੈ। ਜਦੋਂ ਕਿਰਤ ਸ਼ਕਤੀ ਦੂਜੇ ਦੇਸ਼ਾਂ ਵੱਲ ਜਾਂਦੀ ਹੈ ਤਾਂ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਆਉਂਦੀ ਹੈ ਜਿਸ ਨਾਲ ਵਿਕਾਸ ਰੁਕਦਾ ਹੈ। ਸਾਡੇ ਆਪਣੇ ਮੁਲਕ ਵਿੱਚ ਸਰਕਾਰ ਨੂੰ ਹੋਰ ਵੀ ਮਜਦੂਰ ਵਰਗ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਕਾਇਦੇ ਕਾਇਮ ਕਰਨੇ ਚਾਹੀਦੇ ਹਨ। ਇਸ ਨਾਲ ਮਜਦੂਰ ਵਰਗ ਲਈ ਬਾਹਰਲੇ ਮੁਲਕਾਂ ਦੇ ਬਰਾਬਰ ਢੁੱਕਵੇਂ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 2022 ਵਿੱਚ ਮਜਦੂਰ ਲਈ ਸੁਨੇਹਾ ਦਿੱਤਾ ਸੀ “ਮਜਦੂਰ ਦਿਵਸ ਤੇ ਮੈਂ ਸਾਡੇ ਮਜਦੂਰਾਂ ਦੇ ਯਤਨਾਂ ਅਤੇ ਅਣਥੱਕ ਜ਼ਜਬੇ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੇ ਹੁਨਰ ਅਤੇ ਜਨੂੰਨ ਨੇ ਰਾਸ਼ਟਰ ਨਿਰਮਾਣ ਲਈ ਵਿਕਾਸ ਦੀਆਂ ਨਵੀਆਂ ਰਾਹਾਂ ਉੱਕਰੀਆਂ” ਸਾਡੇ ਦੇਸ਼ ਦੀ ਬਹੁ-ਗਿਣਤੀ ਦਸਾਂ ਨਹੁੰਆਂ ਦੀ ਕਿਰਤ ਕਰਦੀ ਹੈ ਪਰ ਉਜਰਤ ਘੱਟ ਮਿਲਦੀ ਹੈ। ਇਸ ਲਈ ਉਹਨਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੱਟਾ ਇਹ ਨਿਕਲਦਾ ਹੈ ਕਿ ਮਜਦੂਰ ਦੇ ਸਿਰ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ।
ਮਜਦੂਰ ਆਪਣੀ ਕਿਰਤ ਸ਼ਕਤੀ ਨੂੰ ਪੇਟ ਭਰਨ ਤੱਕ ਸੀਮਤ ਰਹਿੰਦਾ ਹੈ। ਸਿਆਣੇ ਲੋਕ ਮਜਦੂਰ ਦੀ ਮਜਦੂਰੀ ਦਾ ਖਿਆਲ ਰੱਖਦੇ ਹਨ। ਸਮਾਜ ਵਿੱਚ ਮਜਦੂਰੀ ਮਾਰਨ ਵਾਲੇ ਵੀ ਹੁੰਦੇ ਹਨ ਅਜਿਹੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਹੁੰਦੇ ਹਨ। ਪਿੰਡਾਂ ਦੇ ਲੋਕ ਰਸੋਈ ਆਪਣੇ ਅਤੇ ਮਜਦੂਰ ਲਈ ਇਕੋ ਤਰ੍ਹਾਂ ਦੀ ਰੱਖਦੇ ਹਨ। ਖਾਣੇ ਵਿੱਚ ਵਿਤਕਰਾ ਨਹੀਂ ਕਰਦੇ। ਅੱਜ ਸਭ ਤੋਂ ਮਾੜੀ ਹਾਲਤ ਬਾਲ ਮਜਦੂਰੀ ਕਰਕੇ ਵੀ ਹੁੰਦੀ ਹੈ। ਬਚਪਨ, ਚਾਅ ਮਲਾਰ ਅਤੇ ਖੇਲ ਖਿਲਾਰ ਛੱਡਕੇ ਜਦੋਂ ਬਾਲ ਮਜਦੂਰੀ ਲਈ ਮਜਬੂਰ ਹੋਣਾ ਪੈਦਾ ਹੈ ਤਾਂ ਬਾਲਪਣ ਦੇ ਅਰਮਾਨ ਮਰ ਜਾਂਦੇ ਹਨ। ਇਹ ਸਮਾਜ ਦੀ ਵੱਡੀ ਬੁਰਾਈ ਹੈ। ਦੇਸ਼ ਦੀ ਤਰੱਕੀ, ਸੱਭਿਅਤਾ ਅਤੇ ਆਲਮੀ ਮੁਹਾਂਦਰੇ ਲਈ ਮਜਦੂਰ ਦੀ ਤਰਾਸਦੀ ਸਭ ਤੋਂ ਖਤਰਨਾਕ ਅਤੇ ਪਿਛਾਂਹ ਖਿੱਚੂ ਸਮਝੀ ਜਾਂਦੀ ਹੈ। ਇਸ ਪਿੱਛੇ ਜਗੀਰੂ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਵਾਰ ਮਜਦੂਰ ਵਿੱਚੋਂ ਮਜਬੂਰ ਦੀ ਝੱਲਕ ਪੈਂਦੀ ਹੈ। ਮਜ਼ਦੂਰਾਂ ਦਿਨ ਦਿਹਾੜੇ ਹੋਰ ਹੀ ਮਨਾਈ ਜਾਂਦੇ ਹਨ ਜਦੋਂ ਕਿ ਮਜਦੂਰ ਤਾਂ ਵਿਚਾਰਾ ਆਪਣੀ ਮਜਦੂਰੀ ਅਤੇ ਢਿੱਡ ਭਰਨ ਲਈ ਮਿਹਨਤ ਵਿੱਚ ਖੁੱਭਿਆ ਰਹਿੰਦਾ ਹੈ। ਵਿਦਿਆ, ਸਿਹਤ, ਭੁੱਖ ਅਤੇ ਸਮਾਜਿਕ ਤਰਾਸਦੀ ਨਾਲ ਜੂਝਦਾ ਰਹਿੰਦਾ ਹੈ। ਇਸ ਸਾਰੇ ਵਰਤਾਰੇ ਨੂੰ ਸੰਤ ਰਾਮ ਉਦਾਸੀ ਨੇ ਇਉਂ ਵਰਨਣ ਕੀਤਾ ਸੀ:-
“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿਥੇ ਤੰਗ ਨਾਲ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨੀਆਂ ਨੂੰ ਤੇ ਦੰਦ ਕਰੇੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਅੱਜ ਮਜਦੂਰ ਦੇ ਹਾਲਾਤ ਅਤੇ ਤਰਾਸਦੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਲੋੜ ਹੈ। ਮਜਦੂਰ ਨੂੰ ਲੁੱਟਣ ਵਾਲਾ ਆਰਥਿਕ ਨਿਜ਼ਾਮ ਨੰਗਾ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਅਤੇ ਅਮੀਰ ਵਰਗ ਦੇ ਪੱਖ ਤੋਂ ਵੀ ਘੋਖਣਾ ਚਾਹੀਦਾ ਹੈ। ਧਨਾਢ ਵਰਗ ਲਾਲਚ, ਦੌਲਤ, ਸ਼ਾਹੀ ਠਾਠਬਾਠ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਮਜਦੂਰ ਵਰਗ ਅੱਜ ਵੀ ਦੋ ਡੰਗ ਦੀ ਰੋਟੀ ਲਈ ਤਰਸਦਾ ਹੈ।
“ਤੁਹਾਨੂੰ ਤਾਂ ਬਸ ਵੇਹਲ ਨਹੀਂ ਆਪਣੀ ਆਯਾਸ਼ੀ ਤੋਂ,
ਤਾਹੀਉ ਤਾਂ ਅੱਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ,
ਮੈਂ ਤਾਂ ਹਮੇਸ਼ਾ ਦਬਿਆ ਰਹਾਂਗਾ,
ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ,
ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ”
ਮਜਦੂਰ ਵਰਗ ਦਾ ਉਦੇਸ਼ ਮਜਦੂਰਾਂ ਨੂੰ ਜਾਗਰੂਕ ਕਰਕੇ ਹਰ ਪੱਖ ਦੀ ਸੁਰੱਖਿਆ ਪ੍ਰਦਾਨ ਕਰਨਾ ਹੈ। ਪਰ ਇਸ ਦੇ ਉਦੇਸ਼ ਜਿੱਥੋਂ ਚੱਲੇ ਸਨ ਉੱਥੇ ਹੀ ਦਬੇ ਪਏ ਹਨ। ਸਰਕਾਰਾਂ ਦੀਆਂ ਕੋਸ਼ਿਸਾਂ ਤਾਂ ਹੋਈਆਂ ਕੁੱਝ ਮਜਦੂਰ ਭਲਾਈ ਲਈ ਵੀ ਸਰਕਾਰਾਂ ਨੇ ਕੰਮ ਕੀਤੇ ਪਰ ਤਰਾਸਦੀ ਜਾਰੀ ਹੈ। ਕਿਸੇ ਵੀ ਸਮਾਜ ਦੇ ਵਿਕਾਸ ਲਈ ਮਜਦੂਰ ਹੱਥੀ ਕਿਰਤ, ਇਲਮ ਅਤੇ ਤਨਦੇਹੀ ਨਾਲ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਦਾ ਹੈ। ਇਸ ਨੂੰ ਤਰੋ ਤਾਜ਼ਾ ਰੱਖਣ ਲਈ ਸਰਮਾਏਦਾਰੀ ਬਨਾਮ ਕਿਰਤੀ ਸਵਰਾਜ ਵਿੱਚੋਂ ਮਜਦੂਰ ਜਮਾਤ ਨੂੰ ਇਨਕਲਾਬੀ ਰਾਹਾਂ ਦਾ ਪਾਂਧੀ ਬਨਣਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ
ਅਅਬਿਆਣਾ ਕਲਾਂ
ਮੋ: 98781-11445
ਆਸਾੜੁ ਤਪੰਦਾ ਤਿਸੁ ਲਗੈ - ਸੁਖਪਾਲ ਸਿੰਘ ਗਿੱਲ
ਦੇਸ਼ੀ ਮਹੀਨੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿੱਚ ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਇਸ ਬਾਰ ਗਰਮੀ ਭਰਪੂਰ ਪੈ ਰਹੀ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹਿੰਦਾ ਹੀ ਹੈ। ਸ਼ਾਇਦ ਕੁਦਰਤ ਨੇ ਹੀ ਇਸ ਨੂੰ ਵਰ ਦਿੱਤਾ ਹੈ ਕਿ ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਨੂੰ ਸਿਦਕ ਦੀ ਕਸਵੱਟੀ ਤੇ ਲਾਉਂਦਾ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਗੁਰਭਜਨ ਗਿੱਲ ਜੀ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
ਇਸ ਬਾਰ ਹੱਦਾਂ ਟੱਪੀ ਜੇਠ ਮਹੀਨੇ ਦੀ ਗਰਮੀ ਦੱਸਦੀ ਹੈ ਕਿ ਹਾੜ੍ਹ ਮਹੀਨਾ ਹੋਰ ਤਪਾਏਗਾ। ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਅੱਜ ਵੀ ਇਸ ਮਹੀਨੇ ਦੇ ਆਖੀਰ ਵਿੱਚ ਮੀਂਹ ਪੈਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
“ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”
ਕਿਸਾਨ ਦਾ ਪੁੱਤ ਇਸ ਮਹੀਨੇ ਖੇਤੀ ਦੇ ਕੰਮਾਂ ਵਿੱਚ ਸਿਰੜ ਪੁਗਾਉਂਣ ਨਾਲ ਹੀ ਪਰਖਿਆਂ ਜਾਂਦਾ ਹੈ। ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”
ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੁੱਧ ਦਾ ਛੱਪੜ ਵੀ ਇਸੇ ਰੁੱਤ ਵਿੱਚੋਂ ਉਪਜੀ ਸੀ। ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ। ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਇਸ ਤੋਂ ਇਲਾਵਾ ਪਤੀ ਪਤਨੀ ਦੇ ਵਾਰਤਾਲਾਪ ਵਿੱਚ ਹਾੜ੍ਹ ਮਹੀਨੇ ਦੀ ਵੰਨਗੀ ਵੀ ਮਿਲਦੀ ਹੈ “ਜੇਠ ਨਾ ਜਾਈ ਚੰਗੀਆਂ ਫਸਲਾਂ ਪੱਕੀਆਂ, ਹਾੜ੍ਹ ਨਾ ਜਾਈਂ ਧੁੱਪਾਂ ਡਾਹਢੀਆਂ”। ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ। ਕਿਸਾਨ ਅੰਦੋਲਨ ਵਿੱਚ ਹਾੜ੍ਹ ਮਹੀਨੇ ਨੂੰ ਇਉਂ ਦਰਸਾਇਆ ਗਿਆ ਸੀ “ਦਰਿਆਵਾਂ ਨੂੰ ਨੱਕੇ ਲਾਉਂਣ ਵਾਲੇ ਡਰਦੇ ਨਹੀਂ ਪਾਣੀ ਦੀਆਂ ਬੁਛਾਰਾਂ ਤੋਂ, ਹਾੜ੍ਹ ਦੀ ਗਰਮੀ ਚ ਝੌਨਾ ਪਾਲਣ ਵਾਲੇ ਦਬਦੇ ਨਹੀਂ ਕਦੇ ਜ਼ਲਮ ਸਰਕਾਰਾਂ ਤੋਂ ”। ਇਸ ਦੇਸੀ ਮਹੀਨੇ ਵਿੱਚ ਮਜਦੂਰ ਨੂੰ ਮੁਸ਼ੱਕਤ ਕਰਕੇ ਰੋਟੀ ਕਮਾਉਂਣ ਦੀ ਚਿੰਤਾ ਰਹਿੰਦੀ ਹੈ। ਮਜਦੂਰ ਵਰਗ ਹਾੜ੍ਹ ਮਹੀਨੇ ਮਜਬੂਰ ਹੁੰਦਾ ਹੈ। ਦੇਸੀ ਰੁੱਤਾਂ ਦੇ ਚੱਕਰ ਵਿੱਚ ਹਾੜ੍ਹ ਮਹੀਨਾ ਆਪਣੀਆਂ ਵੰਨਗੀਆਂ ਦੇ ਪਰਛਾਵੇਂ ਅਤੀਤ ਤੋਂ ਵਰਤਮਾਨ ਤੱਕ ਇਕੋ ਰਫਤਾਰ ਨਾਲ ਪਾ ਰਿਹਾ ਹੈ। ਭੱਵਿਖ ਵਿੱਚ ਵੀ ਹਾੜ੍ਹ ਮਹੀਨਾ ਧਾਰਮਿਕ ਸੱਭਿਆਚਾਰਕ ਅਤੇ ਰੁੱਤਾਂ ਤਿੱਥਾਂ ਅਨੁਸਾਰ ਤਪਸ਼ ਭਰਿਆ ਹੀ ਰਹੇਗਾ।
ਸੁਖਪਾਲ ਸਿੰਘ ਗਿੱਲ
ਅਅਬਿਆਣਾ ਕਲਾਂ
998781-11445
ਸਮਾਜਿਕ ਕੋਹੜ ਹੈ- ਇਕੱਲਾਪਣ - ਸੁਖਪਾਲ ਸਿੰਘ ਗਿੱਲ
ਜਦੋਂ ਕੋਈ ਵੀ ਵਿਸ਼ਾ ਜਾਂ ਚੀਜ਼ ਆਪਣੇ ਨਾ-ਪੱਖੀ ਪ੍ਰਭਾਵ ਦਿਖਾਉਂਦੇ ਹਨ ਉਦੋਂ ਅਸੀਂ ਜਾਗਦੇ ਹਾਂ। ਉਸ ਤੋਂ ਬਾਅਦ ਉਸ ਦੇ ਪਿੱਛੇ ਕਾਰਨਾਂ ਦੀ ਪਰਖ ਪੜਚੋਲ ਕਰਕੇ ਹੱਲ ਕਰਨ ਦੀ ਦੁਹਾਈ ਮਚਾਉਂਦੇ ਹਾਂ। ਅਜਿਹਾ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਕਰਕੇ ਹੁੰਦਾ ਹੈ। ਅੱਜ ਇਸੇ ਲੜੀ ਤਹਿਤ ਇਕੱਲਾਪਣ ਜਾਂ ਇਕੱਲਾ ਰਹਿਣਾ ਭਖਦਾ ਅਤੇ ਖਾਸ ਮਸਲਾ ਹੈ। ਇਸ ਨੇ ਮਨੁਖਤਾ ਅਤੇ ਖਾਸ ਤੌਰ ਤੇ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਅੱਜ ਦੀ ਜੀਵਨਸ਼ੈਲੀ ਦੀ ਇਹ ਮੁੱਖ ਸਮੱਸਿਆ ਹੈ। ਰੱਦੀ ਸਿਰਫ ਅਖਬਾਰਾਂ, ਕਾਪੀਆਂ ਅਤੇ ਕਾਗਜਾਂ ਦੀ ਨਹੀਂ ਹੁੰਦੀ ਬਹੁਤੀ ਵਾਰ ਬੇਕਦਰਿਆਂ ਦੀ ਨਾ-ਸਨਾਸ਼ੀ ਵੀ ਮਹਿੰਗਾ ਮਾਲ ਸਵੱਲੇ ਭਾਅ ਵੇਚ ਦਿੰਦੀ ਹੈ। ਕੋਹੜ ਦਾ ਰੂਪ ਧਾਰਨ ਕਰ ਚੁੱਕਿਆ ਇਕੱਲਾਪਣ ਸ਼ੁਰੂ ਹੋਣ ਦੇ ਵੱਖ-ਵੱਖ ਕਾਰਨ ਹਨ। ਅਜੌਕੇ ਸਮੇਂ ਧਾਰਮਿਕ, ਸਮਾਜਿਕ ਅਤੇ ਸ੍ਰਿਸ਼ਟਾਚਾਰ ਨੂੰ ਕੀਲੀ ਟੰਗਕੇ ਇਕੱਲਾਪਣ ਖੁਦ ਠੋਸਿਆ ਅਤੇ ਖੁਦ ਸਹੇੜਿਆ ਜਾਂਦਾ ਹੈ। ਹਾਂ ਇਕ ਗੱਲ ਹੋਰ ਵੀ ਹੈ ਕਿ ਨਵੀਂ ਪੁਰਾਣੀ ਪੀੜੀ ਦਾ ਪਾੜਾ ਵੱਧਣ ਕਰਕੇ ਜਦੋਂ ਖਿਆਲਾਤ ਨਹੀਂ ਮਿਲਦੇ ਤਾਂ ਵੀ ਵੱਖਰੀ ਸੋਚ ਕਰਕੇ ਨਵੀਂ ਪੀੜੀ ਹਾਣਦਿਆਂ ਨਾਲ ਖੁਸ਼ੀਆਂ ਮਨਾਉਂਦੀ ਹੈ ਪਰ ਬਜੁਰਗ ਨਵੀਂ ਪੀੜੀ ਨੂੰ ਪਿਆਰ ਕਰਨ ਦੇ ਬਾਵਜੂਦ ਵੀ ਸੰਤਾਪ ਹੰਢਾਉਂਦੇ ਹਨ। ਇਸ ਨਾਲ ਸਮਾਜ ਵੀ ਅੰਦਰੂਨੀ ਨਬਜ਼ ਤੇਜ਼ ਚੱਲਕੇ ਕਈ ਸਮਾਜਿਕ ਰੋਗ ਸਹੇੜਦੀ ਹੈ। ਇਕੱਲੇਪਣ ਦਾ ਉਦੈ, ਉਦੋਂ ਹੁੰਦਾ ਹੈ ਜਦੋਂ ਮਨੁੱਖਤਾ ਸਾਰੇ ਪ੍ਰਬੰਧਾਂ, ਵਿਵਸਥਾਵਾਂ ਅਤੇ ਆਦਰਸ਼ਾਂ ਵਿੱਚੋਂ ਵਿਸ਼ਵਾਸ ਗਵਾ ਲੈਂਦੀ ਹੈ। ਜੀਵਨਸ਼ੈਲੀ ਦੀ ਇਕੱਲਾਪਣ ਮੁੱਖ ਸਮੱਸਿਆ ਹੈ ਇਹ ਸਿਗਰਟ ਨੋਸ਼ੀ ਜਿੰਨਾ ਹੀ ਖਤਰਨਾਕ ਮੰਨਿਆ ਗਿਆ ਹੈ।
ਇਕੱਲਾਪਣ, ਇਕੱਲਤਾ ਅਤੇ ਇਕੱਲਾ ਜੀਵਨ ਬਤੀਤ ਕਰਨਾ ਤੰਦਰੁਸਤੀ ਦਾ ਵੱਡਾ ਦੁਸ਼ਮਣ ਹੈ। ਇਕੱਲਾਪਣ ਮਾਨਸਿਕ ਕਮਜ਼ੋਰੀ ਪੈਦਾ ਕਰਕੇ ਸੰਤੁਲਨ ਵਿਗਾੜਦਾ ਹੈ। ਮਾਹਿਰਾਂ ਨੇ ਤਾਂ ਇਕੱਲੇਪਣ ਨੂੰ ਨਤੀਜੇ ਉੱਤੇ ਪਹੁੰਚਾਉਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ ਪਰ ਪੀੜੀ ਦਾ ਪਾੜਾ ਅਤੇ ਬਦਲਦੇ ਹਾਲਾਤ ਪੈਰ ਨਹੀਂ ਲੱਗਣ ਦਿੰਦੇ। ਇੰਗਲੈਡ ਨੇ ਤਾਂ ਇਕੱਲੇਪਣ ਦੀ ਸਮੱਸਿਆ ਨਾਲ ਜੂਝਣ ਲਈ 2018 ਵਿੱਚ ਇਕੱਲੇਪਣ ਲਈ ਮੰਤਰਲਾ ਸ਼ੁਰੂ ਕੀਤਾ, ਅਜਿਹਾ ਹੀ ਮੰਤਰਾਲਾ 2021 ਵਿੱਚ ਜਪਾਨ ਨੇ ਵੀ ਸ਼ੁਰੂ ਕੀਤਾ ਇਸ ਤੋਂ ਸਪੱਸ਼ਟ ਹੈ ਕਿ ਇਕੱਲੇਪਣ ਦਾ ਘੁਣ ਆਲਮੀ ਪੱਧਰ ਤੇ ਲੱਗਿਆ ਹੋਇਆ ਹੈ। ਖੋਜ ਕਰਤਾ ਬਦਲ ਰਹੇ ਸਮਾਜਿਕ ਸਬੰਧ ਅਤੇ ਸੋਚ ਵਿੱਚ ਵੱਡੇ ਖੱਪੇ ਨੂੰ ਹੀ ਇਕੱਲਤਾ ਦੀ ਨੀਂਹ ਦੱਸਦੇ ਹਨ। ਇਕੱਲੇਪਣ ਦੀ ਦਵਾਈ ਨਹੀਂ ਹੁੰਦੀ ਸਿਰਫ ਜੀਵਨ ਵਿੱਚ ਬਦਲਾਓ ਹੀ ਇਸ ਦਾ ਨੁਸਖਾ ਹੈ। ਭਾਵਨਾਵਾਂ ਨੂੰ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਮਾਜਿਕ ਤਰਾਸਦੀ ਇਹ ਹੁੰਦੀ ਹੈ ਕਿ ਜੋ ਕਿਸੇ ਨੂੰ ਇਸ ਇਕੱਲੇਪਣ ਚੋਂ ਕੱਢਣ ਦੀ ਸੋਚਦੇ ਹਨ ਹੋਲੀ-ਹੋਲੀ ਉਹ ਵੀ ਇਸੇ ਬੀਮਾਰੀ ਵਿੱਚ ਜਾ ਵੜਦੇ ਹਨ ਕਿਉਂਕਿ ਉਹਨਾਂ ਨੂੰ ਨਕਾਰਨ ਵਾਲੇ ਸਮਝਣ ਵਾਲਿਆਂ ਉੱਤੇ ਭਾਰੂ ਪੈਂ ਜਾਂਦੇ ਹਨ। ਇਸ ਸਮੱਸਿਆ ਨੇ ‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ’ ਦੇ ਵਿਸ਼ੇ ਨੂੰ ਉੱਲਟਾ ਕਰਨ ਦਾ ਯਤਨ ਵੀ ਕੀਤਾ।
ਪੁਰਾਤਨ ਸਾਂਝੇ ਪਰਿਵਾਰਾਂ ਵਿੱਚ ਇਕੱਲੇਪਣ ਦਾ ਵਰਕਾ ਹੀ ਨਹੀਂ ਹੁੰਦਾ ਸੀ। ਜਿਵੇਂ ਜਿਵੇਂ ਛੋਟੇ ਪਰਿਵਾਰ ਹੁੰਦੇ ਗਏ ਉਵੇਂ-ਉਵੇਂ ਹੀ ਇਕੱਲਾਪਣ ਜੀਵਨ ਵਿੱਚ ਪਰਵੇਸ਼ ਕਰਦਾ ਗਿਆ। ਦਰਕਿਨਾਰ ਹੋਇਆ ਕਠੇਬਾ ਲੀਰੋ-ਲੀਰ ਹੋਕੇ ਆਪਣੀ ਹੋਣੀ ਨੂੰ ਝੂਰ ਰਿਹਾ ਹੈ। ਆਰਜ਼ੀ ਤੌਰ ਤੇ ਇਕਾਂਤ ਅਤੇ ਇਕੱਲੇਪਣ ਨੂੰ ਅਲੱਗ-ਅਲੱਗ ਕਰਦੇ ਹੋਏ ਸਰੀਰਿਕ ਅਤੇ ਸਿੱਖਿਆ ਦੇ ਤੌਰ ਤੇ ਠੀਕ ਵੀ ਸਮਝਿਆ ਜਾ ਸਕਦਾ ਹੈ। ਪਰ ਪੱਕੇ ਤੌਰ ਤੇ ਇਹ ਮਾਰੂ ਹੈ। ਇਕ ਇਕੱਲਾ ਰਹਿਣਾ ਪਸੰਦ ਕਰਦੇ ਹਨ ਦੂਜਿਆਂ ਦੀ ਇਕੱਲਾ ਰਹਿਣਾ ਮਜਬੂਰੀ ਬਣ ਜਾਂਦਾ ਹੈ। ਦੋਵੇਂ ਹੀ ਨਕਾਰਾ ਕਰਨ ਦਾ ਸੁਭਾਅ ਰੱਖਦੇ ਹਨ। ਜਿਹੜੇ ਆਦਤ ਦੇ ਤੌਰ ਤੇ ਇਕੱਲਾਪਣ ਸਹੀ ਸਮਝਦੇ ਹਨ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਜੋ ਇਕੱਲਾਪਣ ਹੰਢਾਉਂਦੇ ਹਨ ਉਹ ਕਿਸੇ ਦੂਜੇ ਨੂੰ ਆਪਣੇ ਨੇੜੇ ਢੁੱਕਣ ਤੇ ਚਿੜ-ਚਿੱੜੇ ਫੁੰਕਾਰੇ ਮਾਰਦੇ ਹਨ। ਸਮੱਸਿਆ ਤੋਂ ਡਰਕੇ ਮੈਦਾਨ ਵੀ ਛੱਡ ਦਿੰਦੇ ਹਨ। ਆਸ਼ਾਵਾਦੀ ਹੋਣ ਦੀ ਬਜਾਏ ਨਿਰਾਸ਼ਾਬਾਦ ਨੂੰ ਮੰਨ ਵਿੱਚ ਵਸਾ ਲੈਂਦੇ ਹਨ। ਇਹ ਸਥਿਤੀ ਇਕੱਲੇਪਣ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਿਕ ਮੌਤ ਵੱਲ ਧੱਕਦੀ ਹੈ। ਇਕੱਲਾਪਣ ਨਸ਼ੇ ਵੱਲ ਅਤੇ ਨਸ਼ਾ ਇਕੱਲੇਪਣ ਦਾ ਰਾਹ ਦਿਖਾਉਂਦਾ ਹੈ। ਸਵੈ ਮਾਣ ਕਾਰਨ ਜੋ ਦੂਜਿਆਂ ਦੇ ਮੁਕਾਬਲੇ ਨਹੀਂ ਕਰ ਸਕਦੇ ਉਹ ਵੀ ਉਦਾਸੀ ਅਤੇ ਇਕੱਲਤਾ ਦੇ ਖਾਤੇ ਪੈ ਜਾਂਦੇ ਹਨ। ਅੱਜ ਕੱਲ ਇਕੱਲਾਪਣ ਇੱਕ ਬਿਜਨਸ ਵੀ ਬਣ ਗਿਆ ਹੈ। ਇਕੱਲੇਪਣ ਚੋਂ ਉਪਜੀ ਉਦਾਸੀ ਅਤੇ ਤਨਾਅ ਦਵਾਈਆਂ ਦੀ ਦਲਦਲ ਵਿੱਚ ਫਸਾਕੇ ਪੈਸਾ ਬਰਬਾਦ ਕਰਵਾਉਂਦਾ ਹੈ।
ਇਹ ਵਿਸ਼ਾ ਇਕ ਅਜਿਹੀ ਦਰਦਨਾਕ ਸਥਿਤੀ ਹੈ ਕਿ ਇਕੱਲੇਪਣ ਦੇ ਅਸੀਂ ਖੁੱਦ ਹੀ ਰਾਹੀ ਹੁੰਦੇ ਹਾਂ। ਰਸਤਾ ਵੀ ਅਸੀਂ ਹੀ ਹਾਂ, ਮੰਜਿਲ ਤੇ ਵੀ ਅਸੀਂ ਪੁੱਜਦੇ ਹਾਂ। ਮੰਜਿਲ ਜਿਹੋ ਜਿਹੀ ਹੋਵੇ ਜਿਆਦਾਤਰ ਇਕੱਲੇਪਣ ਦੀ ਮੰਜਿਲ ਤਬਾਹੀ ਹੁੰਦੀ ਹੈ। ਜਿਹੜੇ ਵਕਤ ਦੇ ਮਾਰੇ ਹੋਏ ਕਰੋਪੀ ਦੇ ਸ਼ਿਕਾਰ ਇਕੱਲਾਪਣ ਝੱਲਦੇ ਹਨ ਉਹਨਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਿਕ ਤੌਰ ਤੇ ਤੀਹਰੀ ਮਾਰ ਝੱਲਣੀ ਪੈਂਦੀ ਹੈ। ਇਕੱਲੇਪਣ ਕਾਰਨ ਉਹਨਾਂ ਦੀ ਔਲਾਦ ਸਮੇਂ ਦੇ ਅਨੁਸਾਰ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੀ ਹੈ। ਅਜੋਕੀ ਪੀੜੀ ਨੂੰ ਸੱਭਿਅਤ ਅਤੇ ਸੰਸ੍ਰਕਿਤੀ ਦੇ ਤੌਰ ਤੇ ਆਦਰ, ਸਤਿਕਾਰ ਰਹਿਤ ਪੀੜਾ ਦੇਣ ਵਾਲੀ ਸਾਡੀ ਪਹਿਲੀ ਪੀੜੀ ਹੈ। ਹੁਣ ਤਾਂ ਅਜਿਹੇ ਵਤੀਰਿਆਂ ਨੂੰ ਸਮਾਜਿਕ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਮਿਸਾਲ ਪੰਜਾਬ ਵਰਗੇ ਸੰਪੂਰਨ ਸੂਬੇ ਵਿੱਚ ਬਿਰਧ ਆਸ਼ਰਮ ਖੁਲੱਣਾ ਵੀ ਹੈ। ਦਾਰਸ਼ਨਿਕ ਦੱਸਦੇ ਹਨ ਕਿ ਜਦੋਂ ਸਮਾਜਿਕ ਕਠਨਾਈ ਆਉਂਦੀ ਹੈ ਤਾਂ ਕੁਦਰਤ ਬਲ ਬੁੱਧੀ ਬਖਸ਼ ਦਿੰਦੀ ਹੈ। ਪਰ ਇੱਥੇ ਇਕੱਲਾਪਣ ਪੀੜੀ ਦੀ ਪਾੜੇ ਦੀ ਮਾਰ ਹੇਠ ਆਉਂਦਾ ਹੈ। ਇਸ ਨਾਲ ਬਲ ਅਤੇ ਬੁੱਧੀ ਨੂੰ ਜੰਦਰੇ ਲੱਗ ਜਾਂਦੇ ਹਨ ਮਨੁੱਖਤਾ ਲਾਚਾਰ ਹੋ ਜਾਂਦੀ ਹੈ। ਭੁੱਖ, ਪਿਆਸ ਅਤੇ ਖੁਸ਼ੀ ਨੂੰ ਇਕੱਲਾਪਣ ਖਾ ਜਾਂਦਾ ਹੈ। ਕਈ ਜੰਮਾਦਰੂ ਦੀ ਇਕੱਲੇਪਣ ਦੇ ਆਦਿ ਹੁੰਦੇ ਹਨ ਖੁੱਦ ਹੀ ਸਮਾਜਿਕ ਲਾਹਨਤਾਂ ਸੱਦ ਕੇ ਮੰਨੋਰੋਗੀ ਬਣ ਜਾਂਦੇ ਹਨ। ਇਕੱਲਾਪਣ ਇੱਕ ਜੀਵਨ ਦੀ ਮਾੜੀ ਘਟਨਾ ਹੋ ਨਿਬੜਦੀ ਹੈ। ਇਹ ਅਲਾਮਤ ਖੁੱਦ ਇੱਕਲੀ ਜਾਨ ਹੀ ਸਮਾਜ ਨਾਲੋਂ ਅਤੇ ਘਰ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਦੀ ਹੈ। ਇਕੱਲਤਾ ਜਿਥੇ ਮਾਨਸਿਕ ਰੋਗਾਂ ਦੀ ਮਾਂ ਹੈ ਉਥੇ ਸਮਾਜਿਕ ਖੁਸ਼ੀਆਂ ਦਾ ਵੈਰੀ ਵੀ ਹੈ। ਇਕੱਲਤਾ ਰਹਿਤ ਭਾਵ ਇਕੱਠ ਦਾ ਸਮੂਹ ਮਾਨਸਿਕਤਾ ਤਰੋ-ਤਾਜ਼ਾ ਰੱਖਦੀ ਹੈ। ਇੱਕਲੇਪਣ ਵਿਚ ਇੰਦਰੀਆਂ ਬਾਹਰਮੁੱਖੀ ਹੋਕੇ ਸਮਾਜ ਵਿਚੋਂ ਸੁਖ ਭਾਲਦੀਆਂ ਹਨ। ਉਹਨਾਂ ਨੂੰ ਫਿਰ ਵੀ ਸੁਖ ਨਹੀਂ ਮਿਲਦਾ ਉਹ ਇਕੱਲੇ ਪੈ ਜਾਂਦੇ ਹਨ। ਸਾਥ ਬਿਨ੍ਹਾਂ ਜੱਗ ਸੁੰਨਾ ਦੇ ਸਿਧਾਂਤ ਅਨੁਸਾਰ ਇਕੱਲੇਪਣ ਵਿੱਚ ਇਕ ਹੱਦ ਤੋਂ ਬਾਅਦ ਬੰਦੇ ਦਾ ਅੰਦਰ ਧੁੱਖ ਜਾਂਦਾ ਹੈ ਬੰਦਾ ਸਭ ਕੁੱਝ ਛੱਡ ਦਿੰਦਾ ਹੈ। ਸ਼ੋਸਲ ਮੀਡੀਆ ਤੇ ਇਕੱਲਾਪਣ ਦੂਰ ਕਰਨ ਲਈ ਸੁਨੇਹੇ ਭੇਜੇ ਜਾਂ ਸਕਦੇ ਸਨ ਪਰ ਵਿਅਕਤੀਗਤ ਮਿਲਣੀ ਨਹੀਂ ਹੁੰਦੀ। ਸਮਾਜ ਦੀ ਕੋਹੜ ਅਤੇ ਨਾਸੂਰ ਰੂਪੀ ਇਕੱਲਤਾ, ਇਕੱਲੇਪਣ ਦੀ ਤਰਾਸਦੀ ਨੂੰ ਸਾਂਭਣ ਲਈ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਅੱਗੇ ਆਉਣ ਇਸ ਨਾਲ ਮਨੁੱਖ ਇਕੱਲੇਪਣ ਤੋਂ ਬਾਹਰ ਨਿਕਲ ਸਕੇਗਾ ਅਤੇ ਸਮਾਜ ਵਿੱਚ ਇਕੱਲਪੁਣਾ ਹੰਢਾ ਰਹੇ ਮਨੁੱਖ ਦੀ ਕੀਮਤ ਵਧੇਗੀ। ਇਸ ਨਾਲ ਇਸ ਤਰਾਸਦੀ ਵਾਲਾ ਬੰਦਾ ਸਮਾਜ ਵਿੱਚ ਮਜਾਕ ਦਾ ਪਾਤਰ ਨਹੀਂ ਬਣੇਗਾ ਅਤੇ ਸਮਾਜ ਵਿੱਚ ਬੋਝ ਬਣਨ ਤੋਂ ਛੁਟਕਾਰਾਂ ਪਾਵੇਗਾ।
ਸੁਖਪਾਲ ਸਿੰਘ ਗਿੱਲ
ਮੋ: 98781-11445
ਪਿੰਡ ਦੀ ਜੂਹ - ਸੁਖਪਾਲ ਸਿੰਘ ਗਿੱਲ
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਆਥਣ ਸਵੇਰੇ ਲੱਗੇ ਮਿੱਠੀ-ਮਿੱਠੀ ਲੋਅ,
ਚੰਨ ਅਤੇ ਤਾਰੇ ਲੱਗੇ ਚੁੰਨੀ ਦੇ ਸਿਤਾਰੇ,
ਮੰਦਰਾਂ ਚੋਂ ਹੋਕਾ ਵੱਜੇ ਰਾਮ ਨਾਮ ਦਾ,
ਬਾਣੀ ਦਾ ਸ਼ਬਦ ਕੰਨੀ ਰੱਸ ਘੋਲਦਾ,
ਪਹਿਲੇ ਪਹਿਰੇ ਬੇਬੇ ਦੁੱਧ ਟੁੱਕ ਸਾਂਭਦੀ,
ਬਾਪੂ ਨੂੰ ਕਬੀਲਦਾਰੀ ਪੰਡ ਮਾਰਦੀ,
ਵੱਟ ਬੰਨੇ ਖੇਤ ਤੇ ਕਿਆਰੀ ਲੱਗੇ ਰੂਹ ਵਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਤਿੱਖੀ-ਤਿੱਖੀ ਧੁੱਪ ਵਿੱਚ ਸੁੰਨੀਆਂ ਨੇ ਸੱਥਾਂ,
ਬਾਬਿਆਂ ਦੀ ਢਾਣੀ ਲੱਭੇ ਹਾਣੀਆਂ ਨੂੰ ਹਾਣੀ,
ਬਾਜੀ ਸੀਪ ਦੀ ਪਿਆਰੀ ਲੱਗੇ ਹਾਣੀ ਨੂੰ ਪਿਆਰੀ,
ਹੱਲ ਪੰਜਾਲੀ ਤੇ ਸੁਹਾਗੇ ਦਾ ਸਿਆੜ ਮਿਟਿਆ,
ਸਾਗ ਗੁੜ ਸਰੋਂ ਨੂੰ ਸੱਭਿਆਚਾਰ ਤੇ ਰਸੋਈ ਦਾ ਪਿਆਰ ਮਿਲਿਆ,
ਪੋਣ ਪਿੰਡ ਦੀ ਲੱਗਦੀ ਸੰਗੀਤ ਵਰਗੀ,
ਪੈਰੀਂ ਝਾਂਜਰਾਂ ਅਤੇ ਖੂਹਾਂ ਵਾਲਾ ਰਾਗ ਮੁੱਕਿਆ,
ਰੀਤੀ ਆਖਦੀ ਰਿਵਾਜ ਨੂੰ ਕਹਿੰਦੀ ਸਾਡੀ ਪਰਵਾਜ਼ ਮਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਧੀ ਸਾਂਝੀ, ਸਾਂਝੇ ਮਾਂਝੀ, ਸਾਂਝੀਆਂ ਸਨ ਦੁਆਵਾਂ,
ਬੂਹੇ ਬਾਰੀਆਂ ਵਿਚੋਂ ਦਿਖਦਾ, ਸੀ ਇੱਜਤਾਂ ਦਾ ਸਿਰਨਾਵਾਂ,
ਪੱਗ ਚੂੰਨੀ ਸਲਵਾਰ ਨੇ ਸੋਂਹਦੇ, ਗੱਭਰੂ ਤੇ ਮੁਟਿਆਰਾਂ,
ਡੋਲੀ ਤੁਰਦੀ ਪਿੰਡ ਦੇ ਵਿੱਚੋਂ ਹੰਝੂ ਕਿਰਨ ਹਜਾਰਾਂ,
ਰੂਹ ਤੇ ਜੂਹ ਅੱਜ ਧੁੰਦਲੀ ਜਾਪੇ ਨਾਲੇ ਸਾਕ ਨੇ ਸੰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਪਿੰਡ ਅਬਿਆਣਾ ਖਿੱਤਾ ਹੈ ਪੁਆਧ ਦਾ,
ਇੱਕ ਪਾਸੇ ਖਾਲਸਾ ਨਗਾਰੇ ਮਾਰਦਾ,
ਦੂਜੇ ਪਾਸੇ ਝੰਡਾ ਰਣਜੀਤ ਰਾਜ ਦਾ,
ਲੱਜਪਾਲ ਗਿੱਲ ਨੂੰ ਅਵਾਜ਼ਾਂ ਮਾਰਦਾ,
ਦੇਖੀ ਕਿਤੇ ਭੁੱਲੀ ਨਾ ਸਲੀਕਾ ਪਿਆਰ ਦਾ,
ਜ਼ਮੀਨ ਅਤੇ ਜ਼ਮੀਰ ਦਾ ਸਬੰਧ ਜਾਣਦਾ,
ਰਹੀ ਪੁੱਤ ਗੋਦ ਦਾ ਆਨੰਦ ਮਾਣਦਾ,
ਫਸਲਾਂ ਤੇ ਨਸਲਾਂ ਨੂੰ ਸਾਂਭੋ ਹਰ ਪਲ ਮਾਣੋ ਸਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਸਿੱਖੀ ਸਿਦਕ - ਸੁਖਪਾਲ ਸਿੰਘ ਗਿੱਲ
ਬੇਇਨਸਾਫ਼ੀ ਖਿਲਾਫ ਅਵਾਜ਼ ਉਠਾਉਣ ਦੇ ਨਾਲ ਸਰਬੱਤ ਦਾ ਭਲਾ ਮੰਗਣਾ ਸਿੱਖੀ ਦਾ ਮਾਣਮੱਤਾ ਫ਼ਲਸਫ਼ਾ ਹੈ।ਤੀਜੇ ਨਾਨਕ,ਨਾਨਾ ਸ੍ਰੀ ਗੁਰੂ ਅਮਰਦਾਸ ਦਾਸ ਜੀ ਦੀ ਗੋਦ ਵਿੱਚ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋਏ ਤਾਂ ਇਲਾਹੀ ਜੋਤ ਨੇ ਇਲਾਹੀ ਜੋਤ ਦੀ ਪਹਿਚਾਣ ਕਰਕੇ ਕਿਹਾ,"ਦੋਹਤਾ ਕਾਹਲ ਨਾ ਕਰ ਵੇਲਾ ਆਉਣ ਦੇ"ਪੰਚਮ ਪਾਤਸ਼ਾਹ ਬਣ ਕੇ ਫ਼ਲਸਫ਼ੇ ਅਨੁਸਾਰ ਹਕੂਮਤ ਖਿਲਾਫ ਅਵਾਜ਼ ਉਠਾਈ ਤਾਂ ਕਾਫ਼ਿਰਾਂ ਨੂੰ ਮੁਆਫਿਕ ਨਹੀਂ ਆਈ। ਆਪਣਿਆਂ ਨੇ ਹਕੂਮਤ ਦੀ ਚਾਪਲੂਸੀ ਤੇ ਸ਼ਹਿ ਨਾਲ ਗੁਰੂ ਸਾਹਿਬ ਨੂੰ ਡੁਲਾਉਣਾ ਚਾਹਿਆ ਪਰ ਸਿਦਕੀ ਪ੍ਰਵਾਨਿਆਂ ਨੂੰ ਭਲਾ ਕੌਣ ਡੁਲਾ ਸਕਦਾ ਹੈ? ਆਖਿਰ ਜ਼ਾਲਿਮਾਂ ਨੇ ਸਿਦਕ ਪਰਖਣ ਲਈ ਤੱਤੀ ਤਵੀ ਦੀ ਕਸਵੱਟੀ ਲਾ ਦਿੱਤੀ। ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਲੈ ਕਿ ਪੰਚਮ ਪਾਤਸ਼ਾਹ ਗੁਲਾਮ ਭਾਰਤ ਦੇ ਪਹਿਲੇ ਸ਼ਹੀਦ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਕੌਮ ਨੂੰ ਵੱਡਮੁੱਲਾ ਸਰਮਾਇਆ ਦੇ ਗਏ। ਅਡੋਲ,ਸਿਰੜ ਅਤੇ ਸਿਦਕ ਦੇ ਮੁਜੱਸਮੇ ਪਾਤਸ਼ਾਹ ਨੇ ਤੱਤੀ ਤਵੀ ਨੂੰ ਸਿੱਖੀ ਦੇ ਸਿਦਕ ਦੀ ਕਸਵੱਟੀ ਤੇ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪਣੀ ਜੋਤ ਛੇਵੇਂ ਪਾਤਸ਼ਾਹ ਵਿੱਚ ਬਿਰਾਜਮਾਨ ਕਰਕੇ "ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ"ਦਾ ਉਚਾਰਨ ਕਰਕੇ ਸਿੱਖੀ ਨੂੰ ਮੀਰੀ ਪੀਰੀ ਦੇ ਲੜ ਲਾ ਕੇ ਭਾਣਾ ਮੰਨਣ ਦਾ ਸੁਨੇਹਾ ਦੇ ਗਏ। ਧੰਨ ਧੰਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445
ਥੱਪੜ - ਸੁਖਪਾਲ ਸਿੰਘ ਗਿੱਲ
ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ - ਸੁਖਪਾਲ ਸਿੰਘ ਗਿੱਲ
ਦਾਨਿਸ਼ਵੰਦਾ ਦਾ ਕਥਨ ਹੈ ਕਿ ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ। ਜਦੋਂ ਡਾਲੀ ਨਾਲੋਂ ਟੁੱਟਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ ਦੁੱਖਾਂ ਨੇ ਪੰਜਾਬ ਨੂੰ ਘੇਰ ਕੇ ਮੁਰਝਾਉਣ ਦੀ ਕੋਸ਼ਿਸ ਕੀਤੀ ਹੈ। ਸਾਰੇ ਮੁੱਦਿਆਂ ਤੋਂ ਅੱਜ ਪੰਜਾਬ ਦੀ ਨਸਲ, ਬਾਂਝਪਣ, ਨਾਮਰਦੀ ਅਤੇ ਟੈਸਟ ਟਿਊਬ ਸੈਂਟਰਾਂ ਦਾ ਮੁੱਦਾ ਸਭ ਤੋਂ ਉਪਰ ਹੋ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿਕ ਰਚਨਾ ਰਾਹੀ ਨਕਸ਼ਾ ਪੇਸ਼ ਕੀਤਾ ਸੀ “ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦੀ”। “ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਨੀ ਸਈਓ”। ਇਸੇ ਤਰਜ਼ ਤੇ ਦੇਖਿਆ ਜਾਵੇ ਤਾਂ ਪੰਜਾਬ ਸਿਰ ਦੁੱਖਾਂ ਦਾ ਕਾਰਵਾਂ ਵੱਧਦਾ ਗਿਆ। ਸਪਤ ਸਿੰਧੂ ਤੋਂ ਅੱਜ ਤੱਕ ਇਤਿਹਾਸਿਕ ਝਰੋਖੇ ਵਿੱਚੋਂ ਪੰਜਾਬ ਨੂੰ ਦੇਖਿਆ ਜਾਵੇ ਤਾਂ ਤਰ੍ਹਾਂ-ਤਰ੍ਹਾਂ ਦੇ ਦੁੱਖ ਹੰਢਾ ਕੇ ਫਿਰ ਵੀ ਖੁਸ਼ਹਾਲ ਰਿਹਾ। ਸਾਜ਼ਿਸੀ ਅਤੇ ਬਦਕਿਸਮਤੀ ਵਾਲਾ ਵਰਤਾਰਾ ਨਾਲ ਦੀ ਨਾਲ ਚੱਲਦਾ ਰਿਹਾ ਪਰ ਆਪਣੇ ਸੁਭਾਅ ਅਤੇ ਆਦਤ ਸਦਕੇ ਦੁੱਖਾਂ ਦਾ ਪਹਾੜ ਢਾਉਂਦਾ ਰਿਹਾ। ਸੰਸਾਰ, ਸੰਤਾਨ, ਉੱਤਪਤੀ ਅਨੁਸਾਰ ਪੀੜ੍ਹੀ ਦਰ ਪੀੜ੍ਹੀ ਦੇ ਪਾੜੇ ਦਾ ਨਿਰੰਤਰ ਵਰਤਾਰਾ ਚੱਲਦਾ ਰਿਹਾ। ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ ਇਹ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ। ਜੀਵ ਵਿਗਿਆਨਿਕ ਤੌਰ ਤੇ ਚਾਰਲਸ ਡਾਰਵਿਨ ਦਾ ਸਿਧਾਂਤ ਵੀ ਉੱਤਪਤੀ ਤੇ ਅਧਾਰਿਤ ਹੈ। ਪੰਜਾਬ ਅਤੇ ਮੁੱਦਿਆਂ ਅਤੇ ਚੁਣੋਤੀਆਂ ਦੀ ਹਾਲਤ ਇਹ ਬਣੀ ਹੈ ਕਿ ਕੋਈ ਮਾਂਵਾਂ ਨੂੰ ਰੋ ਰਿਹਾ ਕੋਈ ਮਾਸੀਆਂ ਨੂੰ ਰੋ ਰਿਹਾ ਹੈ। ਬੇਰੁਜਗਾਰੀ, ਨਸ਼ਾ, ਬੇਇਨਸਾਫੀ, ਖੇਤੀ ਸੰਕਟ ਅਤੇ ਪਰਵਾਸ ਤੋਂ ਇਲਾਵਾ ਅੱਜ ਭੱਖਦਾ ਮਸਲਾ ਬੇਗਾਨਾ ਵੀਰਜ ਅਤੇ ਬੇਗਾਨੀ ਕੁੱਖ ਨੇ ਪੰਜਾਬ ਦੀ ਸੱਭਿਅਤਾ ਨੂੰ ਨਿਗਲਣ ਦੀ ਕੋਸ਼ਿਸ ਕੀਤੀ ਹੋਈ ਹੈ। ਮਨੁੱਖੀ ਵਿਕਾਸ ਲਈ ਅੱਜ ਸੈਕਸੂਅਲ ਸਿਹਤ ਦੀ ਜਾਣ-ਪਹਿਚਾਣ ਦੀ ਸਖਤ ਜਰੂਰਤ ਹੈ। ਜਦੋਂ ਕਦੇ ਸੈਕਸੂਅਲ ਸਿਹਤ ਵਿਗੜਦੀ ਹੈ ਤਾਂ ਸਭ ਪਾਸੇ ਰੁਕਾਵਟਾਂ, ਚਿੰਤਾ, ਬੇਚੈਨੀ ਅਤੇ ਅਸੁਰੱਖਿਆ ਵੱਧ ਜਾਂਦੀ ਹੈ। ਸਮਾਜਿਕ ਹਿੰਸਾ ਅਤੇ ਸ਼ੰਕਾ ਸ਼ੁਰੂ ਹੋ ਜਾਂਦੀ ਹੈ। ਸਵੈਮਾਣ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਪੰਜਾਬ ਅੱਜ ਨਸਲਾਂ ਅਤੇ ਫਸਲਾਂ ਨੂੰ ਉਜਾੜਨ ਵਾਲੇ ਵਿਰੁੱਧ ਲੜਾਈ ਲੜ ਰਿਹਾ ਹੈ ਨਾਲ ਦੀ ਨਾਲ ਸੁਚੇਤ ਹੋਕੇ ਵੀ ਚੱਲ ਰਿਹਾ ਹੈ। ਇਸ ਪ੍ਰਤੀ ਹਰ ਪੰਜਾਬੀ ਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦੇ ਜੰਮੇ ਨਿੱਤ ਨਵੀਆਂ ਮੁਹਿੰਮਾਂ ਵਿੱਚ ਖੜ੍ਹਦੇ ਸਨ। ਸਰੀਰਿਕ, ਮਰਦਾਨਗੀ ਅਤੇ ਸਮਾਜਿਕ ਪੱਖੋਂ ਤਕੜੇ ਮੁਜੱਸਮੇ ਵਾਲੇ ਹੁੰਦੇ ਸਨ। ਪੰਜਾਬੀ ਮਾਵਾਂ ਦੀ ਕੁੱਖ ਵਿੱਚੋਂ ਦਾਤੇ, ਭਗਤ ਅਤੇ ਸੂਰਮੇ ਜੰਮਦੇ ਸਨ। ਅੰਗਰੇਜ਼ੀ ਕਾਲ ਦੌਰਾਨ ਸਿੱਖ, ਪੰਜਾਬ ਅਤੇ ਜੱਟ ਰਜਮੈਂਟਾ ਦੀ ਚੜ੍ਹਤ ਅੱਜ ਵੀ ਲੁਕੀ ਛਿਪੀ ਨਹੀਂ ਹੈ। ਅੱਜ ਪੈਦਾ ਹੋ ਰਹੀ ਪੀੜ੍ਹੀ ਬਾਰੇ ਪੜ੍ਹਿਆ ਸੁਣਿਆ ਅਤੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਤਾਣਾ-ਬਾਣਾ ਬੁਣਿਆ ਗਿਆ ਹੈ। ਪਹਿਲੇ ਪੰਜਾਬ ਵਿੱਚ ਹਰ ਜੋੜੇ ਦੇ ਪੰਜ-ਸੱਤ ਬੱਚੇ ਹੁੰਦੇ ਸਨ ਫੇਰ ਭੇਡ ਚਾਲ ਨਾਲ ਦੋ ਤੱਕ ਸੀਮਿਤ ਹੋਏ। ਖੁੱਦ ਸਹੇੜੀਆਂ ਅਲਾਮਤਾਂ, ਖਾਂਦਾ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਨਸ਼ਾ ਅਤੇ ਜੀਵਨ ਜੀਊਣ ਦੀ ਜਾਂਚ ਨੇ ਗਰਭ ਅਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਅੱਠ ਜੋੜਿਆ ਪਿੱਛੇ ਇੱਕ ਜੋੜੇ ਨੂੰ ਗਰਭ ਧਾਰਨ ਦੀ ਸਮੱਸਿਆ ਆ ਰਹੀ ਹੈ। ਇਛੁੱਕ ਜੋੜੇ ਇੱਕ ਸਾਲ ਤੱਕ ਔਲਾਦ ਪੈਦਾ ਨਾ ਕਰਨ ਤਾਂ ਉਹਨਾਂ ਨੂੰ ਬੇ-ਔਲਾਦਪਣ ਵੱਲ ਦੇਖਿਆ ਜਾਂਦਾ ਹੈ। ਬੇ-ਔਲਾਦਪਣ ਸਿਰਫ ਔਰਤਾਂ ਦੀ ਸਮੱਸਿਆ ਨਹੀਂ ਮਰਦਾਂ ਦੀ ਸਮੱਸਿਆ ਵੀ ਹੈ। ਦੋਵੇਂ ਲਿੰਗ 35-35 ਫੀਸਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਮਾਜਿਕ ਸਬੰਧ ਅਣ-ਸੁਖਾਵੇਂ ਬਣ ਰਹੇ ਹਨ। ਕੁਦਰਤੀ ਤੌਰ ਤੇ ਤੰਦਰੁਸਤ ਜੋੜਿਆ ਨੂੰ ਗਰਭ ਧਾਰਨ ਅਤੇ ਬੱਚੇ ਪੈਦਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਇਸ ਲਈ ਜਵਾਨੀ ਨੂੰ ਇਸ ਬਾਰੇ ਖਾਸ ਸੂਝ ਹੋਣੀ ਚਾਹੀਦੀ ਹੈ। ਔਰਤ ਵਿੱਚ ਅੰਡਾ ਨਾ ਬਣਨਾ, ਵਾਰ-ਵਾਰ ਗਰਭ ਗਿਰਨਾ, ਟਿਊਬਾਂ ਵਿੱਚ ਨੁਕਸ, ਬੱਚੇ ਦਾਨੀ ਵਿੱਚ ਸੋਜ ਆਦਿ ਨੁਕਸ ਹੁੰਦੇ ਹਨ ਜਦੋਂ ਕਿ ਮਰਦਾਂ ਵਿੱਚ ਸੁਕਰਾਣੂਆਂ ਦੀ ਕਮੀ, ਜਣਨ ਹਾਰਮੋਨ ਦੀ ਕਮੀ ਅਤੇ ਜਣਨ ਕਿਰਿਆ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਹੈ। ਇਸ ਸਭ ਵਰਤਾਰੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਠਦੀਆਂ ਹਨ ਕਿ ਪੰਜਾਬੀਆਂ ਦੀ ਨਸਲ ਖਰਾਬ ਕਰਨ ਦੀ ਸਾਜ਼ਿਸ ਹੈ। ਇਸ ਪਿੱਛੇ ਆਪ ਸਹੇੜੀਆਂ ਕਰਤੂਤਾਂ ਤੋਂ ਅਸੀਂ ਪੱਲਾ ਝਾੜਕੇ ਗੇਂਦ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੇ ਹਾਂ।
ਪਿੱਛੇ ਜਿਹੇ ਸਾਡੀ ਸਰੋਮਣੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸਲਾਂ ਅਤੇ ਫਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਆਵਾਜ਼ ਮਾਰੀ ਇਕ ਵਾਰ ਤਾਂ ਤਹਿਲਕਾ ਮਚ ਗਿਆ ਸੀ ਪਰ ਹੋਲੀ-ਹੋਲੀ ਮੱਧਮ ਪੈ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ ਦੁਨਿਆਵੀ ਫੁਰਮਾਣਾਂ ਤੋਂ ਉੱਚਾ ਹੈ ਇਸ ਲਈ ਇਸ ਸੰਦੇਸ਼ ਤੇ ਸਦਾ ਬਹਾਰ ਪਹਿਰਾ ਦੇ ਕੇ ਨਸਲ ਬਚਾਈ ਜਾ ਸਕਦੀ ਹੈ। ਸਿੰਘ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਅਣਡਿੱਠਾ ਜ਼ੁਲਮ ਸਾਨੂੰ ਆਪਣੀ ਧਰਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ। ਉਹਨਾਂ ਆਕੜਾਂ ਦਿੱਤਾ ਸੀ ਕਿ ਪੰਜਾਬ ਵਿੱਚ 625 ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਹਨ। ਉਹਨਾਂ ਵੱਲੋਂ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਟਿਊਬ ਸੈਂਟਰਾਂ ਵਿੱਚ ਵੀਰਜ ਗੈਰਾਂ ਦਾ ਹੁੰਦਾ ਹੈ ਜਦੋਂ ਕਿ ਲੜਕੀ ਦੀ ਕੁੱਖ ਪੰਜਾਬੀ ਦੀ ਹੁੰਦੀ ਹੈ। ਸਿੰਘ ਸਾਹਿਬ ਦਾ ਇਹ ਫੁਰਮਾਣ ਇੱਕ ਲੋਕ ਲਹਿਰ ਵਾਂਗ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਸਿਰ ਜੋੜਕੇ ਨਸਲ ਖਰਾਬੀ ਦੀ ਬੁਰਾਈ ਦਾ ਮੁਕਾਬਲਾ ਕਰ ਸਕੇ। ਪੰਜਾਬੀਆਂ ਨੂੰ ਇਸ ਚਿੰਤਾ ਦਾ ਨਤੀਜਾ ਅਤੇ ਮੁਕਬਲਾ ਦੇਣਾ ਚਾਹੀਦਾ ਹੈ। ਸਭ ਤੋਂ ਦੁਨਿਆਵੀ ਬੁਰਾਈ ਟੈਸਟ ਟਿਊਬ ਬੇਬੀ ਦੀ ਇਹ ਹੈ ਕਿ ਪੰਜਾਬੀਆਂ ਦੇ ਸਮਾਜਿਕ ਅਤੇ ਸੱਭਿਆਚਾਰ ਨਾਲ ਇਹ ਵਿਸ਼ਾ ਮੇਲ ਨਹੀਂ ਖਾਂਦਾ। ਪਰ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਤਕਨੀਕਾ ਨਾਲ ਵਿਆਹ ਵਾਲੇ ਜੋੜਿਆ ਦੇ ਸੰਭੋਗ ਤੋਂ ਬਿਨ੍ਹਾਂ ਲੈਬੋਰਟੀ ਦੀ ਮਦਦ ਨਾਲ ਮਾਨਵੀ ਸਪਰਮਾਂ ਅਦਾਨ-ਪ੍ਰਦਾਨ ਕਰਕੇ ਮੁੱਢਲੀ ਪ੍ਰਜਨਣ ਕਿਰਿਆ ਪੂਰੀ ਕੀਤੀ ਜਾਂਦੀ ਹੈ। ਪੰਜਾਬੀਆਂ ਦੇ ਮਨ ਵਿੱਚ ਇਸ ਕਿਰਿਆ ਪ੍ਰਤੀ ਤਰ੍ਹਾਂ-ਤਰ੍ਹਾਂ ਸ਼ੰਕੇ ਅਤੇ ਮਾਨਸਿਕ ਬੋਝ ਰਹਿੰਦਾ ਹੈ। ਵਿਗਿਆਨਿਕ ਸੋਝੀ ਵੀ ਮਾਨਸਿਕਤਾ ਨੂੰ ਮੋੜਾ ਨਹੀਂ ਦੇ ਰਹੀ। ਮੈਡੀਕਲ ਰਿਪੋਰਟ ਅਨੁਸਾਰ ਭਾਰਤ ਚ ਬਾਂਝਪਣ ਨਾਲ ਜੁੜੇ ਮਾਹਰ ਇਸਤਰੀ ਰੋਗਾਂ ਦੇ ਹੀ ਮਾਹਰ ਹੁੰਦੇ ਹਨ। ਇਸ ਨਾਲ ਸੂਝ ਤੋਂ ਬਿਨਾਂ ਮਸਲਾ ਹੋਰ ਗੁੰਝਲਦਾਰ ਬਣ ਜਾਂਦਾ ਹੈ। ਜਿਸ ਪਿੱਛੇ ਖਦਸ਼ਾ ਲੱਗਦਾ ਹੈ ਕਿਰਾਏ ਦੀ ਕੁੱਖ ਦਾ ਕੌੜਾ ਸੱਚ ਵੀ ਮੈਡੀਕਲ ਮਾਹਰ ਅਤੇ ਜਨਤਾ ਜਾਣਦੀ ਹੈ। ਜਨਣ ਅੰਗਾਂ ਉੱਤੇ ਜਹਿਰਾਂ ਦਾ ਇੰਨਾ ਪ੍ਰਭਾਵ ਹੈ ਕਿ ਬਾਲਗ ਅਤੇ ਨਬਾਲਿਗ ਇਸ ਦੀ ਜਕੜ ਵਿੱਚ ਆ ਚੁੱਕੇ ਹਨ। ਪੰਜਾਬੀਆਂ ਦੀ ਸੰਤਾਨ ਉੱਤਪਤੀ ਜੰਮਦੀ ਸਾਰ ਹੀ ਦਵਾਈਆਂ ਨਾਲ ਲੜਨ ਲੱਗ ਪੈਦੀ ਹੈ ਜਦੋਂ ਕਿ ਪਹਿਲਾ ਖਾਧ ਖੁਰਾਕਾਂ ਨਾਲ ਲੜਕੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੀ ਸੀ। ਇੱਕ ਮੋਟੇ ਅੰਦਾਜੇ ਅਨੁਸਾਰ 5 ਤੋਂ 20 ਜੋੜੇ ਬੇ-ਔਲਾਦੇ ਪਾਏ ਜਾਂਦੇ ਹਨ। ਔਰਤਾਂ 20 ਤੋਂ 25 ਫੀਸਦੀ ਤੱਕ ਗਰਭ ਗਿਰਨ ਅਤੇ ਗਰਭ ਠਹਿਰਣ ਤੋਂ ਪੀੜਤ ਹਨ। ਡਾਕਟਰ ਤੋਂ ਹਾਰਮੋਨ ਦੇ ਟੀਕੇ ਲਗਵਾ ਕੇ ਸੈਕਸ ਲਾਈਫ ਕਮਜੋਰ ਹੋ ਜਾਂਦੀ ਹੈ। ਪੰਜਾਬ ਵਿੱਚ ਆਮ ਧਾਰਨਾ ਕੰਮ ਕਰਦੀ ਹੈ ਕਿ ਪੋਤੇ ਦੇ ਵੀਰਜ ਸ਼ੁਕਰਾਣੂ ਦਾਦੇ ਨਾਲੋਂ ਅੱਜ ਘੱਟ ਹੁੰਦੇ ਹਨ। ਮਨੁੱਖੀ ਜੀਨਜ਼ ਨਾਲ ਖਿਲਵਾੜ ਅਤੇ ਬਿਗਾੜ ਪੈਦਾ ਹੋ ਚੁੱਕਿਆ ਹੈ। ਪੰਜਾਬ ਦੀ ਅਣਖ ਨੂੰ ਖੋਰਾ ਵੀ ਲੱਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬੀਆਂ ਦੇ ਜੀਨਸ਼ ਵੱਡੀ ਪੱਧਰ ਤੇ ਖਰਾਬ ਹੋ ਰਹੇ ਹਨ। ਇਹ ਵੀ ਭੱਵਿਖੀ ਖਤਰੇ ਦੀ ਘੰਟੀ ਹੈ। ਖਿਲਵਾੜ ਹੋਣ ਤੋਂ ਬਾਅਦ ਆਯੂਰਵੈਦਿਕ ਅਤੇ ਤੰਤਰਿਕਾਂ ਦੇ ਜਾਲ ਵਿੱਚ ਫਸਕੇ ਪੰਜਾਬੀ ਹੋਰ ਵੀ ਨੀਵੇਂਪਣ ਵੱਲ ਜਾ ਰਹੇ ਹਨ। ਟੈਸਟ ਟਿਊਬ ਸੈਂਟਰ ਅਤੇ ਤਕਨੀਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਲਈ ਸਹੂਲਤਾਂ ਵੀ ਮਿਲਦੀਆਂ ਹਨ। ਪਰ ਜਿਹੜੇ ਸ਼ੰਕਾਵਾਂ ਅਤੇ ਹਨੇਰੇ ਵਿੱਚ ਰੱਖਕੇ ਗੁੰਮਰਾਹ ਕਰਦੇ ਹਨ ਉਹ ਪੰਜਾਬੀਆਂ ਦੀ ਨਸਲ ਨੂੰ ਖਰਾਬ ਕਰਨ ਦੇ ਮੁੱਖ ਜਿੰਮੇਵਾਰ ਹਨ। ਪੰਜਾਬ ਦੀ ਪ੍ਰਜਣਨ ਦਰ 1.6 ਹੈ। ਪੰਜਾਬੀ ਮਰਦ ਨੂੰ ਮਰਦਾਨਗੀ ਅਤੇ ਔਰਤ ਨੂੰ ਜਨਣ ਸਮਰੱਥਾ ਕਾਇਮ ਰੱਖਣੀ ਸ਼ੋਕ ਅਤੇ ਆਦਤ ਬਣਨੀ ਚਾਹੀਦੀ ਹੈ। ਇਸ ਨਾਲ ਮਿਲਗੋਭਾ ਜਿਨਸ਼ ਪੈਦਾ ਹੋਣ ਦੀ ਬਜਾਏ ਆਪਣੀ ਆਬਰੂ ਪੈਦਾ ਹੋਵੇਗੀ। ਟੈਸਟ ਟਿਊਬ ਬੇਬੀ ਦਾ ਸੱਚ ਅਤੇ ਹੋਂਦ ਸਬੱਬੀ ਨਹੀਂ ਹੁੰਦੀ ਇਹ ਸਾਡੇ ਕਿਰਦਾਰ ਅਤੇ ਸੱਭਿਅਤਾ ਦੀ ਗਵਾਹੀ ਹੁੰਦੀ ਹੈ। ਕਿਸਮਤ ਵਾਲੇ ਹੈ ਉਹ ਜੋੜੇ ਜੋ ਕੁਦਰਤੀ ਤਰੀਕੇ ਨਾਲ ਆਪਣੀ ਸੰਤਾਨ ਪੈਦਾ ਕਰਦੇ ਹਨ ਮਾਨਸਿਕ ਬੋਝ ਤੋਂ ਮੁਕਤ ਰਹਿੰਦੇ ਹਨ। ਅੱਜ ਮੁੰਡੇ ਕੁੱੜੀਆਂ ਵਿਆਹ ਤੋਂ ਪਹਿਲਾ ਹੀ ਸੈਕਸ ਸਬੰਧ ਬਣਾ ਲੈਦੇ ਹਨ ਫਿਰ ਗਰਭਪਾਤ ਕਰਵਾਉਂਦੇ ਹਨ ਆਖਿਰ ਇਹਨਾਂ ਸੈਟਰਾਂ ਦੀ ਝੋਲੀ ਗਿਰ ਕੇ ਜੀਵਨ ਖਰਾਬ ਕਰਦੇ ਹਨ। 1978 ਵਿੱਚ ਪਹਿਲਾ ਟੈਸਟ ਟਿਊਬ ਬੱਚਾ ਹੋਇਆ ਸੀ ਉਦੋਂ ਮਿਸਰ ਦੀ ਅਲਅੱਜਹਰ ਯੂਨੀਵਰਸਿਟੀ ਨੇ ਪਤੀ ਪਤਨੀ ਦੇ ਅੰਡੇ ਹੋਣ ਨੂੰ ਜਾਇਜ਼ ਕਿਹਾ ਸੀ। ਪਤੀ ਪਤਨੀ ਦੇ ਅੰਡੇ ਤੋਂ ਬਿਨਾਂ ਜਾਇਜ਼ ਨਹੀਂ ਸੀ। ਪਾਕਿਸਤਾਨ ਵਿੱਚ 1989 ਵਿੱਚ ਟੈਸਟ ਟਿਊਬ ਬੇਬੀ ਪੈਦਾ ਹੋਈ ਸੀ ਮੌਲਵੀਆਂ ਨੇ ਇਸ ਨੂੰ ਹਰਾਮ ਅਤੇ ਅਮਰੀਕਾ ਦੀ ਸਾਜਿਸ ਦੱਸਿਆ ਸੀ। ਬਾਂਝਪਣ ਰੋਕਣ ਲਈ ਟੈਸਟ ਟਿਊਬ ਸੈਂਟਰ ਵਿਗਿਆਨਿਕ ਅਤੇ ਮੈਡੀਕਲੀ ਤਰੱਕੀ ਤਾਂ ਹੈ ਇਸ ਦਾ ਲਾਭ ਲੋੜਵੰਦ ਅਤੇ ਜਾਣਕਾਰ ਲੈ ਰਹੇ ਹਨ ਜੋ ਉਹਨਾਂ ਲਈ ਠੀਕ ਵੀ ਹੈ ਪਰ ਜਦੋਂ ਵੀ ਕਿਸੇ ਤਰੱਕੀ ਵਿੱਚ ਸ਼ੰਕਾ ਜਾ ਪ੍ਰਤੱਖ ਪ੍ਰਮਾਣ ਹੋ ਜਾਂਦੇ ਹਨ ਤਾਂ ਸਭ ਕਾਸੀ ਕੇ ਪੋਚਾ ਫਿਰ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਜੋ ਇਸ ਵਿਸ਼ੇ ਤੇ ਸ਼ੰਕੇ ਹਨ ਉਹ ਵਿਗਿਆਨਿਕ ਅਤੇ ਮੈਡੀਕਲ ਸੋਝੀ ਨਾਲ ਨਵਿਰਤ ਹੋਣੇ ਚਾਹੀਦੇ ਹਨ ਇਹ ਦੱਸਣਾ ਵੀ ਸਭ ਤੋਂ ਪਹਿਲਾ ਹੋਣਾ ਚਾਹੀਦਾ ਹੈ ਜੇ ਬੰਦੇ ਵਿੱਚ ਬਿਲਕੁੱਲ ਨੁਕਸ ਹੈ ਤਾਂ ਵੀਰਜ਼ ਕਿੱਥੋਂ ਆਵੇਗਾ? ਪਤੀ ਦੇ ਵੀਰਜ਼ ਅਤੇ ਪਤਨੀ ਦੀ ਕੁੱਖ ਤੋਂ ਬਿਨਾਂ ਅਗਰ ਕੋਈ ਹੋਰ ਮੈਡੀਕਲ ਤੌਰ ਤਰੀਕਾ ਅਪਣਾਇਆ ਜਾਂਦਾ ਹੈ ਫਿਰ ਇਹ ਪੰਜਾਬ ਨੂੰ ਮੁਆਫਿਕ ਆਉਂਣਾ ਜ਼ਰੂਰੀ ਨਹੀ ਹੈ। ਇਸ ਨਾਲ ਲੋਕ ਮੁਰਝਾ ਜਾਣਗੇ ਉਹਨਾਂ ਦੀਆਂ ਨਜ਼ਰਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਇਹਨਾਂ ਸੈਂਟਰਾਂ ਲਈ ਪੰਜਾਬ ਦੇ ਸਮਾਜਿਕ ਅਤੇ ਮਾਨਸਿਕ ਪੱਖ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਪੰਜਾਬ ਵਿੱਚ ਨਪੁੰਸ਼ਕਤਾ ਦੀ ਦਰ ਵੀ 50 ਪ੍ਰਤੀਸ਼ਤ ਹੈ ਨਵੇਂ ਜੋੜੇ ਵੀ ਇਸ ਦੇ ਸ਼ਿਕਾਰ ਹਨ। ਪਤੀ ਪਤਨੀ ਕੁਦਰਤੀ ਔਲਾਦ ਪੈਦਾ ਕਰਨ ਤੋਂ ਬਿਨਾਂ ਅਧੂਰਾ ਲੱਗਦੇ ਹਨ। ਸਭ ਤੋਂ ਖਤਰਨਾਕ ਕੁਦਰਤੀ ਖਿਲਵਾੜ ਇਹ ਹੋ ਚੁੱਕਿਆ ਹੈ ਕਿ ਸੈਕਸ ਤੋਂ ਬਿਨਾਂ ਹੀ ਗਰਭ ਧਾਰਨ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਲਾਬ ਰੂਪੀ ਪੰਜਾਬ ਤਰ੍ਹਾਂ – ਤਰ੍ਹਾਂ ਦੇ ਦੁੱਖ ਹੰਢਾ ਰਿਹਾ ਹੈ। ਸਾਹਮਣਾ ਕਰਕੇ ਜੇਤੂ ਵੀ ਹੋ ਰਿਹਾ ਹੈ। ਪੰਜਾਬੀਆਂ ਦੀ ਨਸ਼ਲਕੁਸੀ ਅਤੇ ਮਿਲਗੋਭਾ ਪੈਦਾਇਸ਼ ਬਾਰੇ ਸਭ ਕਿਸਮ ਦੇ ਸ਼ੰਕੇ ਅਤੇ ਚਿੰਤਾਵਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬੀਆਂ ਦੀ ਨਸਲ ਬਚਾਉਣ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਨੂੰ ਸਰਕਾਰ, ਸਮਾਜ ਅਤੇ ਧਾਰਮਿਕ ਖੇਤਰ ਅੰਦਰ ਲੰਬਿਤ ਛੱਡਣ ਦੀ ਬਜਾਏ ਤੁਰੰਤ ਹੱਲ ਕਰਕੇ ਖੁਸ਼ ਗਵਾਰ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਇਸ ਤੋਂ ਬਿਨਾਂ ਦੁੱਖਾਂ ਦੀ ਦਾਸਤਾਨ ਲੰਬੀ ਹੁੰਦੀ ਹੋਈ ਗੁਰਦਾਸ ਮਾਨ ਦੀ ਬੋਲੀ ਨੂੰ ਤਾਜਾ ਰੱਖਦੀ ਰਹੇਗੀ “ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ”।
ਆਉ ਅਕਾਲ ਤਖਤ ਦੇ ਹੁਕਮ ਅਨੁਸਾਰ ਅੱਜ ਤੋਂ ਪੰਜਾਬੀਆਂ ਦੀ ਨਸਲ ਬਾਰੇ ਇਕ ਲੋਕ ਲਹਿਰ ਅਰੰਭੀਏ ਇਸ ਨਾਲ ਹੀ ਪੰਜਾਬ ਭਾਰਤ ਮਾਤਾ ਦੀ ਮੁੰਦਰੀ ਦਾ ਨਗ ਬਣਿਆ ਰਹੇਗਾ।
ਹਾੜ੍ਹ ਮਹੀਨਾ ਸਿਖ਼ਰ ਦੁਪਿਹਰਾ ਤੇਜ਼ ਹਵਾ - ਸੁਖਪਾਲ ਸਿੰਘ ਗਿੱਲ
ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹੇਗਾ ਹੀ। ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਦੇ ਸਿਰੜ ਦਾ ਪ੍ਰਤੀਕ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਸ਼੍ਰੀ ਗੁਰਭਜਨ ਗਿੱਲ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
“ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”
ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”
ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ। ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ।
ਸੁਖਪਾਲ ਸਿੰਘ ਗਿੱਲਅਬਿਆਣਾ ਕਲਾਂ
82649-61445
ਕੋਹਾਂ ਤੀਕਰ ਬੰਜਰ ਸੀ - ਸੁਖਪਾਲ ਸਿੰਘ ਗਿੱਲ
ਕਵੀ ਫੁੱਲਾਂ ਦੇ ਗੁਲਦਸਤੇ ਵਾਂਗ ਹੁੰਦਾ ਹੈ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਆਪਣੇ ਸੁਨੇਹੇ ਦਿੰਦੇ ਹਨ। ਗੁਲਦਸਤੇ ਵਾਂਗ ਜਿਸ ਕਵੀ ਕੋਲ ਕਵਿਤਾ ਤੋਂ ਇਲਾਵਾ ਦਾਰਸ਼ਨਿਕਤਾ, ਫਿਲਾਸਪੀ ਅਤੇ ਹੋਰ ਵੰਨਗੀਆਂ ਦੇ ਰੰਗ ਵੀ ਹੋਣ ਉਹ ਆਪਣੀ ਕਵਿਤਾ ਨੂੰ ਭਰਪੂਰ ਸੰਦੇਸ਼ਵਾਹਕ ਸਾਬਤ ਕਰ ਦਿੰਦਾ ਹੈ। ਸੁਰਜੀਤ ਪਾਤਰ ਲਫ਼ਜਾ ਦਾ ਅਜਿਹਾ ਰਚਨਹਾਰਾਂ ਸੀ ਜਿਸ ਵਿੱਚ ਕਾਵਿ ਅਤੇ ਦਾਰਸ਼ਨਿਕਤਾ ਬਰਾਬਰ ਚੱਲਦੀ ਸੀ। ਕਵੀ ਦੀ ਆਤਮਾ ਵਿੱਚ ਕਲਾ, ਬੁੱਧੀ ਅਤੇ ਆਲੇ-ਦੁਆਲੇ ਦੇ ਹਾਲਾਤਾਂ ਦੀ ਅੰਦਰ ਤਰੰਗ ਹੁੰਦੀ ਹੈ। ਜੋ ਲਗਾਤਾਰ ਕੰਪਨ ਛੇੜੀ ਰੱਖਦੀ ਹੈ। ਕਵਿਤਾ ਅੰਦਰਲੀ ਲੋਅ ਨੂੰ ਬਾਹਰ ਕੱਢਕੇ ਪ੍ਰਕਾਸ਼ਮਾਨ ਕਰਦੀ ਹੈ। ਕਵਿਤਾ ਸਾਹਿਤ ਦਾ ਰੂਪ ਹੁੰਦੀ ਹੈ ਜਿਸ ਵਿੱਚ ਖਾਸ ਕਲਾਤਮਿਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਿਕ ਅਤੇ ਲੈਆਤਮਿਕ ਗੁਣ ਹੁੰਦੇ ਹਨ। ਮਨੁੱਖੀ ਹਿਰਦਿਆਂ ਦੇ ਵਲਵਲਿਆਂ ਦੀ ਸੁਹਜਮਈ ਤਰਜ਼ਮਾਨੀ ਕਰਦੀ ਹੈ। ਕਵਿਤਾ ਵਿੱਚ ਕਵੀ ਜਜਬਿਆਂ ਅਤੇ ਆਲੇ-ਦੁਆਲੇ ਦੇ ਬਹੁਮੁੱਲੇ ਅਤੇ ਸੋਹਣੇ ਸ਼ਬਦਾਂ ਦਾ ਪਹਰਾਵਾ ਪਹਿਨਾ ਕੇ ਸੁਰਤਾਲ ਵਿੱਚ ਸਰਲਤਾ ਨਾਲ ਆਤਮਿਕ ਅਤੇ ਬੌਧਿਕ ਰਸ ਪੈਦਾ ਕਰਦਾ ਹੈ। ਕਵੀ ਜੋ ਭਵਿੱਖ ਦੀ ਚੇਤੰਨਤਾ ਪੈਦਾ ਕਰਕੇ ਉਸ ਨੂੰ ਸ਼ਬਦਾਂ ਰਾਹੀ ਭਵਿੱਖੀ ਚਿੰਤਾ ਅਤੇ ਨਾਂਹ-ਪੱਖੀ ਪ੍ਰਭਾਵਾ ਨੂੰ ਰੋਕਣ ਦਾ ਯਤਨ ਕਰਦਾ ਹੈ। ਉਸ ਕਵੀ ਨੂੰ ਦਾਰਸ਼ਨਿਕਤਾ ਦੀ ਮਿਸਾਲ ਵੀ ਸਮੱਝਿਆ ਜਾਂਦਾ ਹੈ। ਇਹ ਗੁਣ ਡਾਕਟਰ ਸੁਰਜੀਤ ਪਾਤਰ ਵਿੱਚ ਪਾਏ ਜਾਂਦੇ ਸਨ। ਉਹਨਾਂ ਦੀ ਕਵਿਤਾ ਖੋਜ ਅਤੇ ਸਾਰਥਿਕ ਪਹੁੰਚ ਵਾਲੀ ਹੈ। ਇਸੇ ਲਈ ਉਹਨਾਂ ਵਿੱਚ ਸਦਾਬਹਾਰੀ ਸਾਹਿਤਕ ਲੋਅ ਸੀ। ਜਦੋਂ ਪਾਤਰ ਸਾਹਿਬ ਅੰਦਰੂਨੀ ਆਤਮਾ ਦੇ ਰਸ, ਹਿਰਦੇ ਚੋਂ ਉੱਪਜੀ ਤਰੰਗ ਅਤੇ ਆਤਮਿਕ ਆਵਾਜ਼ ਨਾਲ ਲਿਖਦੇ ਸਨ ਤਾਂ ਉਹ ਇੱਕ ਤਰ੍ਹਾਂ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਨਾਂ, ਮਨ, ਬੋਲੀ ਅਤੇ ਭਾਸ਼ਾ ਦਾ ਧਨੰਤਰ ਹੁੰਦੇ ਸਨ।
ਵਿਅਕਤੀਗਤ ਤੌਰ ਤੇ ਉਹਨਾਂ ਦੀ ਸਖਸ਼ੀਅਤ ਫੁੱਲ ਵਰਗੀ ਸੀ ਜਿਵੇਂ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੁੰਦੀ ਹੈ। ਠੀਕ ਉਸੇ ਤਰ੍ਹਾਂ ਪਾਤਰ ਸਾਹਿਬ ਦੀ ਕੀਮਤ ਉਹਨਾਂ ਦੀ ਕਲਮ ਕਰਕੇ ਸੀ। ਮਿਲਾਪੜਾ, ਸਾਊ, ਇੰਨਸਾਫ ਪਸੰਦ ਅਤੇ ਹੱਕਾਂ ਦੀ ਪਹਿਰੇਦਾਰੀ ਉਹਨੇ ਦੇ ਰਗ-ਰਗ ਵਿੱਚ ਵਸੀ ਆਦਤ ਸੀ। ਸਕੂਲੀ, ਕਾਲਜੀ ਪੜ੍ਹਾਈ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਜਿਸ ਦਾ ਵਿਸ਼ਾ ਸੀ “ਲੋਕਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ”। ਆਪਣੇ ਗੁਰੂ ਅਧਿਆਪਕ ਸੁਰਜੀਤ ਸੇਠੀ ਦੀ ਸਲਾਹ ਤੇ ਆਪਣਾ ਤਖੱਲਸ ‘ਪਾਤਰ’ ਰੱਖਿਆ। ਬਸ ਫੇਰ ਪਾਤਰ-ਪਾਤਰ ਅਤੇ ਸੁਰਜੀਤ ਪਾਤਰ ਹੁੰਦੀ ਗਈ। ਸਾਹਿਤ ਅਕਾਦਮੀ, ਪੰਜਾਬ ਕਲਾ ਪ੍ਰੀਸ਼ਦ ਅਤੇ ਹੋਰ ਸਾਹਿਤਕ, ਸਮਾਜਿਕ ਤਾਣੇ-ਬਾਣੇ ਦੀ ਨੁਮਾਇੰਦਗੀ ਨਿਭਾਉਂਦੇ ਰਹੇ। ਸਮਾਜਿਕ ਭਾਵਨਾਵਾਂ ਦੀ ਤਰਜ਼ਮਾਨੀ ਕਰਕੇ ਜਟਿਲ ਸਮੱਸਿਆਵਾਂ ਹੱਲ ਕਰਨਾ ਉਹਨਾਂ ਦੇ ਸੁਭਾਅ ਦਾ ਪਹਿਲੂ ਸੀ। ਉਹਨਾਂ ਦੀ ਸ਼ਬਦਾਵਲੀ ਦੀ ਤਪਸ ਅਤੇ ਗਹਿਰਾਈ ਮਨੁੱਖਤਾ ਭਾਵਨਾਤਮਿਕ ਤੌਰ ਤੇ ਸਾਂਭਦੀ ਹੈ। ਲਿਖਤਾਂ ਨੂੰ ਯਥਾਰਥ ਅਤੇ ਪ੍ਰਮਾਣਿਕ ਅਨੁਭਵਾਂ ਦੇ ਸਹਾਰੇ ਮੰਤਰ ਮੁਗਧ ਹੋ ਕੇ ਤੋਰੀ ਰੱਖਿਆ। ਕਲਮ ਆਪਣੇ ਆਪ ਫਰਾਟੇ ਮਾਰਦੀ ਹੋਈ ਸ਼ਬਦ ਪਰੋਂਦੀ ਰਹਿੰਦੀ ਅਤੇ ਲੋਕਾਈ ਨੂੰ ਗੂੜ੍ਹੇ, ਸੋਹਣੇ ਅਤੇ ਤਾਕਤਵਰ ਸੁਨੇਹੇ ਦਿੰਦੀ ਰਹੀ। ਸਰੀਰਿਕ ਵਿਛੋੜਾ ਉਹਨਾਂ ਦੀਆਂ ਰਚਨਾਵਾਂ ਨੂੰ ਭਾਵਨਾਤਮਿਕ ਤੌਰ ਤੇ ਗੂੜ੍ਹੀ ਰੰਗਤ ਦੇ ਗਿਆ ਹਰ ਪਾਸੇ ਰਚਨਾਵਾਂ ਦੀ ਝੱਲਕ, ਆਵਾਜ਼ ਅਤੇ ਪਰਛਾਵੇਂ ਦਿਖਦੇ ਹਨ।
ਅਜੌਕੇ ਯੁੱਗ ਵਿੱਚ ਯੁੱਗ ਪੁਰਸ਼ ਬਣਕੇ ਸਾਹਿਤ ਨੂੰ ਨਵੀਂ ਸੋਚ ਅਤੇ ਰੂਹ ਦਿੱਤੀ। ਇਸੇ ਦੌਰਾਨ ਉਹਨਾਂ ਨੇ ਬਹੁਤ ਗੂੜ੍ਹੀ ਅਤੇ ਨਾਮੀ ਰਚਨਾ ਲਿਖੀ “ਕੋਈ ਡਾਲੀਆਂ ਚੋਂ ਲੰਘਿਆਂ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ”। ਸਿਆਸੀ ਗਲਿਆਰਿਆਂ, ਝੰਜਟਾਂ ਅਤੇ ਸਮੇਂ ਦੀ ਖਿੱਚੋਤਾਣ ਵਿੱਚੋਂ ਸਾਥ ਬੇਦਾਗ ਹੋ ਕੇ ਜੀਵਨ ਗੁਜਾਰਿਆਂ। ਚੇਤੰਨਤਾ ਦਾ ਸਰੋਤ ਬਣਕੇ ਨਵੀਂਆਂ ਪੈੜਾਂ ਪਾਈਆਂ ਅਤੇ ਰਾਹਾਂ ਤੇ ਤੁਰਨ ਦੀ ਬਜਾਏ ਆਪ ਰਾਹ ਪਾਏ। ਭ੍ਰਿਸ਼ਟਾਚਾਰ ਬਾਰੇ ਸਿਆਸੀ ਜਮਾਤ ਤੇ ਉਹਨਾਂ ਦੀ ਮਾਰੀ ਚੋਟ ਅੱਜ ਵੀ ਝੰਜੋੜਦੀ ਹੈ “ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਨੇ, ਦੋਵਾਂ ਨੂੰ ਹੀ ਰੱਖਿਆ ਵੱਡੀ ਸਰਕਾਰ ਨੇ”। ਭਾਸ਼ਾ ਦਾ ਮਾਂ-ਬੋਲੀ ਪੰਜਾਬੀ ਦਾ ਦੀਵਾਨਾ ਪਾਤਰ ਭਾਸ਼ਾ ਦੀ ਚਿੰਤਾ ਕਰਦਾ ਹੋਇਆ ਇਸ ਨੂੰ ਬਚਾਉਂਣ ਲਈ ਵਾਸਤੇ ਪਾਉਂਦਾ ਹੈ “ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ-ਸ਼ਬਦ, ਵਾਕ-ਵਾਕ”। ਇਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਸੀ “ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸਦੀ ਪਹਿਚਾਣ ਹੋਵੇਗੀ, ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸ਼ਮਾਂ ਦਾ ਪਹਿਰਾਵਾ ਬਣ ਗਈ ਹੈ”। ਇਸ ਤੋਂ ਇਲਾਵਾ ਬੋਲੀ ਬਾਰੇ ਇਕ ਹੋਰ ਗਹਿਰੀ ਰਮਜ਼ ਸਾਂਝੀ ਕਰਦੇ ਹਨ “ਮਾਂਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਮਾਂ ਨੂੰ ਕਿਸੇ ਨਾਲ ਬਟਾ ਨਹੀਂ ਸਕਦੇ”। ਅੱਗੇ ਚੱਲਕੇ ਕਹਿੰਦੇ ਹਨ ਇਹ ਸਿਰਫ ਬੋਲੀ ਦੇ ਮਰਨ ਦੀ ਗੱਲ ਨਹੀਂ ਬੰਦੇ ਦੇ ਮਰਨ ਦੀ ਗੱਲ ਹੈ। ਉਹਨਾਂ ਦੀਆਂ ਰਚਨਾਵਾਂ ਦਾ ਖਜ਼ਾਨਾ ਇਸ ਤਰ੍ਹਾਂ ਹੈ “ਹਵਾ ਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾ ਦੀ ਦਰਗਾਹ, ਪੱਤਝੜ ਦੀ ਪੰਜੇਬ, ਸਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ, ਸੂਰਜ ਮੰਦਿਰ ਦੀਆਂ ਪੌੜੀਆਂ, ਸ਼ਹਿਰ ਮਰੇ ਦੀ ਪਾਗਲ ਔਰਤ, ਇੱਛਾਧਾਰੀ”। ਇਸ ਤੋਂ ਇਲਾਵਾ ਮਣਾਂ ਦੇ ਹਿਸਾਬ ਨਾਲ ਹੋਰ ਸਾਹਿਤ ਵੀ ਉਹਨਾਂ ਵੱਲੋਂ ਰਚਿਆ ਗਿਆ।
ਹੀਰਾ ਸੀ ਸੁਰਜੀਤ ਪਾਤਰ, ਇਹ ਹੀਰਾ ਕਈ ਸ਼ੀਸ਼ਿਆਂ ਨੂੰ ਕੱਟ ਸਕਦਾ ਸੀ। ਦਰਵੇਸ ਸੁਭਾਅ ਕਰਕੇ ਕਦੇ ਚੱਕ-ਰੱਖ ਵਿੱਚ ਨਹੀਂ ਪਿਆ। ਆਵਾਜ਼, ਖੋਜ ਅਤੇ ਲਿਖਤ ਨਾਲ ਤਰਾਸਦੀਆਂ ਦਾ ਮੁਕਾਬਲਾ ਕਰਕੇ ਜੇਤੂ ਨਿਕਲਣਾ ਵੀ ਪਾਤਰ ਸਾਹਿਬ ਦੇ ਹਿੱਸੇ ਸੀ। 79 ਸਾਲ ਦੇ ਯੁੱਗ ਪੁਰਸ਼ ਨੇ ਇਕ ਯੁੱਗ ਬਣਾਕੇ ਵਿਰਾਸਤ ਵਿੱਚ ਮਣਾਂ ਦੇ ਹਿਸਾਬ ਨਾਲ ਸਾਹਿਤਕ ਖਜ਼ਾਨਾ ਸਾਨੂੰ ਸੰਭਾਲ ਦਿੱਤਾ। ਉਹਨਾਂ ਦੀ ਸੋਚ ਹੱਦਾਂ ਪਾਰ ਕਰਕੇ ਉੱਥੇ ਤੱਕ ਉਡਾਰੀ ਭਰਦੀ ਸੀ ਜਿੱਥੇ ਹਨੇਰੇ ਵਿੱਚ ਜੀਵਨ ਖਤਮ ਹੁੰਦਾ ਹੈ। ਸ਼ੰਕਾ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ। ਸੱਭਿਅਤਾ, ਅਦਬ, ਸੂਖਮਤਾ ਅਤੇ ਸੱਭਿਆਚਾਰ ਦਾ ਮੁਜੱਸਮਾਂ ਉਹਨਾਂ ਦੀ ਕਲਮ ਵਿੱਚੋਂ ਕਿਰਦਾ ਸੀ। ਉਹ ਹਮੇਸ਼ਾ ਗੂੜ੍ਹੇ ਸਿਆਸੀ ਸਮਾਰੋਹਾਂ ਦਾ ਪ੍ਰੋਹਣਾ ਬਣਨ ਤੋਂ ਗੁਰੇਜ਼ ਕਰਦੇ ਸਨ। ਆਪਣੇ ਕਿਰਦਾਰ ਦੇ ਅਨੁਕੂਲ ਸ਼ਬਦ ਬੋਲਣੇ ਉਹਨਾਂ ਦੀ ਸਖਸੀਅਤ ਨੂੰ ਹੋਰ ਵੀ ਨਿਖਾਰਦੇ ਸਨ। ਅੱਜ ਦੀ ਮੁੱਖ ਤਰਾਸਦੀ ਪਰਵਾਸ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਪਹੁੰਚ ਅਪਣਾਈ ਗਈ। ਸ਼ਬਦਾ ਦੇ ਬਾਣ ਨਾਲ ਪਰਵਾਸ ਨੂੰ ਰੋਕਣ ਲਈ ਉਹਨਾਂ ਸੰਜੀਦਗੀ ਦਿਖਾਈ ਅਤੇ ਗਾਗਰ ਵਿੱਚ ਸਾਗਰ ਭਰਨ ਵਰਗਾ ਸੁਨੇਹਾ ਦਿੱਤਾ “ਏਥੋਂ ਕੁੱਲ ਪਰਿੰਦੇ ਹੀ ਉੱਡ ਗਏ, ਏਥੋਂ ਮੇਘ ਆਉਂਦੇ ਵੀ ਮੁੜ ਗਏ, ਏਥੋਂ ਕਰਨ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ”। ਸਤਰਾਂ ਮੂੰਹੋਂ ਬੋਲਦੀਆਂ ਹਨ ਕਿ ਤੜਫ ਅਤੇ ਚਿੰਤਾ ਪੰਜਾਬ ਲਈ ਖੂਨ ਵਿੱਚ ਹੀ ਵਸੀ ਹੋਈ ਸੀ। ਆਪਣੀ ਜ਼ਮੀਰ ਅਤੇ ਦਿਲ ਦਾ ਹੁਕਮ ਕਬੂਲਕੇ ਹਮੇਸ਼ਾ ਬੇ-ਇਨਸਾਫੀ ਦੇ ਵਿਰੁੱਧ ਖੜ੍ਹੇ। ਇਹੀਂ ਕਾਰਨ ਹੈ ਕਿ ਉਹਨਾਂ ਦੀ ਮਕਬੂਲੀਅਤ ਗੂੰਝ ਦੀ ਰਹੀ। ਕਦੇ ਵੀ ਜ਼ਜਬਾਤੀ ਹੋ ਕੇ ਸਮਾਜ ਅਤੇ ਸੱਭਿਅਤਾ ਦੇ ਬੂਹੇ ਨਹੀਂ ਛੱਡੇ। ਉਹਨਾਂ ਦੇ ਜ਼ਜਬਿਆਂ ਵਿੱਚੋਂ ਪਾਤਰ ਅਤੇ ਪਾਤਰ ਵਿੱਚੋਂ ਹਮੇਸ਼ਾ ਜ਼ਜਬੇ ਦਿਖਾਈ ਦਿੱਤੇ।
1960 ਵਿਆਂ ਤੋਂ ਕਾਵਿ ਸਿਰਜਣਾ ਦਾ ਵਰਤਾਰਾ ਨਿਰੰਤਰ ਚੱਲਦਾ ਰਿਹਾ। ਸਮਾਜ ਵਿੱਚ ਰਾਜਨੀਤਿਕ ਚੇਤਨਾ ਅਤੇ ਜਬਰ ਦੇ ਵਿਰੁੱਧ ਉਹਨਾਂ ਦੀ ਕਵਿਤਾ ਇਨਕਲਾਬੀ ਸੁਰ ਵਿੱਚ ਤੁਰੰਤ ਆਪ ਮੁਹਾਰੇ ਬੋਲ ਪੈਦੀ ਸੀ। ਪ੍ਰਸਿੱਧ ਹੋਣ ਨਾਲੋਂ ਇਮਾਨਦਾਰ ਹੋਣਾ ਉਹਨਾਂ ਨੂੰ ਠੀਕ ਲੱਗਿਆ। ਰਸਨਾ, ਜੀਭ ਅਤੇ ਅੰਦਰ ਹਮੇਸ਼ਾ ਪੰਜਾਬ ਦੀਆਂ ਭਾਵਨਾਵਾਂ ਗੂੰਜਦੀਆਂ ਰਹੀਆਂ। ਲਫ਼ਜ, ਸੂਰਤ, ਚਾਲ-ਢਾਲ, ਵਹਿੰਦੀਧਾਰਾ ਵਾਂਗ ਜੁਝਾਰਵਾਦੀ ਕਵਿਤਾ ਰਾਹੀ ਕਦੇ ਵੀ ਵਕਾਰ ਅਤੇ ਅੰਦਾਜ਼ ਨੂੰ ਇਮਾਨਦਾਰੀ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ। ਨਵੀਂ ਪ੍ਰਗਤੀਵਾਦੀ ਵਿਚਾਰਾਂ ਨੂੰ ਸਮੇਟਦੀ ਪਾਤਰ ਦੀ ਕਵਿਤਾ ਲੋਕ ਵਿਸ਼ਵਾਸ ਨੂੰ ਜਿੱਤ ਲੈਂਦੀ ਹੈ। ਦੰਭਾਂ, ਪਾਖੰਡਾਂ ਅਤੇ ਨਕਲੀਪਣ ਦਾ ਪਰਦਾਫ਼ਾਸ਼ ਕਰਕੇ ਹਮੇਸ਼ਾ ਪੰਜਾਬ ਦੀ ਨਜ਼ਰ ਉਤਾਰਨ ਦੀ ਗੰਭੀਰਤਾ ਦਿਖਾਈ। ਮਾਨਵਵਾਦੀ ਦੀ ਸੋਚ ਦੀ ਪਹਿਚਾਣ ਕਰਕੇ ਰਿਸ਼ਤਿਆਂ ਨੂੰ ਭਾਵਨਾਤਮਿਕ ਤੌਰ ਤੇ ਮਾਨਵ ਬਿਰਤੀ ਵਿੱਚ ਵਸਾਇਆਂ। ਪਦਮਸ਼੍ਰੀ ਮਿਲਣ ਤੋਂ ਬਾਅਦ ਮਾਂ ਨੂੰ ਮਿਲਕੇ ਉਸ ਦੇ ਸ਼ਬਦ ਨਿੱਜੀ ਸੱਚ ਦੇ ਪਹਿਰੇਦਾਰ ਬਣਦੇ ਹਨ “ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਗਾ, ਪਦਮਸ਼੍ਰੀ ਹੋਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ”। ਭਾਸ਼ਾ ਅਤੇ ਰਿਜ਼ਕ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਬਣਾਉਂਣ ਨੂੰ ਪ੍ਰਮਾਣਿਤ ਕੀਤਾ। ਕਵਿਤਾ ‘ਪਿੱਛੇ-ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ’ ਵਿੱਚ ਬਾਹਰਲੇ ਰਾਜ ਦੀ ਕੁੜੀ ਨੂੰ ਭਾਸ਼ਾ ਨਾਲ ਰਿਜ਼ਕ ਨੂੰ ਸੁਖਾਲਾ ਬਣਾਉਂਣ ਲਈ ਗਿਆਨ ਵਿੱਚ ਵਾਧਾ ਕੀਤਾ। ਕਵਿਤਾ ਦੇ ਬੋਲ ਹਨ “ਊੜਾ ਐੜਾ ਲਿੱਖ ਰਹੀ ਬੇਟੀ ਨੰਦ ਕਿਸ਼ੋਰ ਦੀ, ਕਿੰਨਾਂ ਗੂੜਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ”
ਪੰਜਾਬ ਦੀ ਚਿੰਤਾ ਇੰਨੀ ਜਿਆਦਾ ਹੈ ਕਿ ਪਰਿਵਾਰ ਸਮਝ ਕੇ ਇਸ ਦੀ ਫਿਕਰਵੰਦੀ ਕਰਦਾ ਹੈ। ਕਿਸਾਨੀ ਅੰਦੋਲਨ ਸਮੇਂ ਪਾਤਰ ਦੀਆਂ ਸਾਹਿਤਕ ਲਾਹਣਤਾਂ ਇਕ ਟੈਲੀਸਕੋਪਿਕ ਹੱਥਿਆਰ ਵਾਂਗ ਟਿਕਾਣੇ ਵੱਜੀਆਂ। ਕਵਿਤਾ ਅਤੇ ਦਾਰਸ਼ਨਿਕਤਾ ਵਿਚਲਾ ਸੁਮੇਲ ਅਤੇ ਸੁਭਾਅ ਵਿੱਚੋਂ “ਇਹ ਮੇਲਾ ਹੈ” ਕਵਿਤਾ ਰਾਹੀਂ ਅਜਿਹਾ ਬਾਣ ਸਾਬਤ ਹੋਇਆ ਜਿਸ ਦਾ ਅੱਖਰ-ਅੱਖਰ ਸੱਚ ਸੀ। ਇਸ ਕਵਿਤਾ ਦੀ ਸਭ ਤੋਂ ਉੱਚੀ ਸੁੱਚੀ ਗੱਲ ਇਹ ਸੀ ਕਿ ਅੰਦੋਲਨ ਚੱਲਦੇ ਸਮੇਂ ਜੋ ਨਕਸ਼ਾ ਪਾਤਰ ਸਾਹਿਬ ਨੇ ਸਿਰਜਿਆ ਸੀ ਉਹ ਅੱਖਰ-ਅੱਖਰ ਸੱਚ ਹੋਇਆ। ਕਵਿਤਾ ਵਿੱਚੋਂ ਉੱਗਦੀ ਦਾਰਸ਼ਨਿਕਤਾ ਜ਼ਰੀਏ ਪਾਤਰ ਸਾਹਿਬ ਨੇ ਕਿਸਾਨ ਅੰਦੋਲਨ ਵਿੱਚ ਬੋਲੀ ਅਤੇ ਪੰਜਾਬ ਦਾ ਸੱਚਾ ਸਪੂਤ ਸਾਬਤ ਕੀਤਾ। ਜਦੋਂ ਸਰਕਾਰ ਵੱਲੋਂ ਪਾਣੀ ਅਤੇ ਬਿਜਲੀ ਕੱਟ ਕੇ ਅਤੇ ਹੋਰ ਜ਼ਲਾਲਤ ਦੇਕੇ ਅੰਦੋਲਨਕਾਰੀਆਂ ਨੂੰ ਦੁੱਖੀ ਕੀਤਾ ਤਾਂ ਰਕੇਸ਼ ਟਕੈਤ ਦੇ ਅੱਖਾਂ ਵਿੱਚ ਹੰਝੂ ਅਤੇ ਗੱਲੇ ਦਾ ਗੱਚ ਭਰ ਆਇਆ। ਇਸ ਮਾਹੌਲ ਨੂੰ ਭਾਵਨਾਵਾਂ ਨਾਲ ਜੁੜਨ ਦਾ ਹੁਲਾਰਾ ਅਤੇ ਹੁੰਗਾਰਾ ਮਿਲਿਆ। ਇਹਨਾਂ ਹੁੰਝੂਆਂ ਨੂੰ ਪਾਤਰ ਸਾਹਿਬ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਕਿ ਨਵੀਂ ਜ਼ਜਬਾਤੀ ਅਤੇ ਇਨਕਲਾਬੀ ਲਹਿਰ ਪੈਦਾ ਕਰ ਦਿੱਤੀ:-
“ਪਲਕਾਂ ਤੇ ਇੱਕ ਬੂੰਦ ਹੀ ਆਈ, ਦਿਲ ਵਿੱਚ ਕੋਈ ਸਮੁੰਦਰ ਸੀ,
ਦੇਖਣ ਨੂੰ ਇੱਕ ਕਤਰਾ ਪਾਣੀ, ਕੀ ਕੁੱਝ ਉਸਦੇ ਅੰਦਰ ਸੀ,
ਸੀਨੇ ਖੁੱਭਕੇ ਨੈਣੋਂ ਸਿੰਮਿਆ, ਕਿਹੋ ਜਿਹਾ ਇਹ ਖਜ਼ਰ ਸੀ,
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ, ਪੁੱਤ ਦੇ ਰੋਣ ਦਾ ਮੰਜ਼ਰ ਸੀ,
ਤਾਜ ਮੁੱਕਟ ਸਭ ਕਾਲੇ ਪੈ ਗਏ, ਖੁਰਿਆਂ ਕੂੜ ਅਡੰਬਰ ਸੀ,
ਝੂਠੇ ਤਖਤ ਮੁਨਾਰੇ ਡੁੱਬ ਗਏ, ਅੱਥਰੂ ਨਹੀਂ ਸਮੁੰਦਰ ਸੀ,
ਉਹ ਤੀਰਥ ਇਸ਼ਨਾਨ ਸੀ ਅੱਥਰੂ, ਅੱਖ ਪ੍ਰਭੂ ਦਾ ਮੰਦਰ ਸੀ,
ਧੂੜ ਧੁਲ ਗਈ ਰੁੱਖਾਂ ਉੱਤੋਂ, ਦੋ ਪਲਕਾਂ ਦੀ ਛਹਿਬਰ ਸੀ,
ਇੱਕ ਅੱਥਰੂ ਸਿਰਲੇਖ ਸੀ ਉਸਦਾ, ਕਵਿਤਾ ਵਿੱਚ ਸਮੁੰਦਰ ਸੀ”
ਸਾਹਿਤ ਦੀ ਦੂਰ-ਦੂਰ ਤੱਕ ਬੰਜਰ ਪਈ ਜ਼ਮੀਨ ਨੂੰ ਜ਼ਰਖੇਜ਼ ਬਣਾਕੇ ਸੁਰਜੀਤ ਪਾਤਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਜਿਹੇ ਸੁਨਹਿਰੀ ਹਰਫ਼ ਅਤੇ ਪੰਨੇ ਦਿੱਤੇ ਜਿਸ ਵਿੱਚ ਹਰ ਮੁਸੀਬਤ ਦਾ ਮੁਕਾਬਲਾ ਕਰਨ ਦਾ ਰੰਗ ਢੰਗ ਹੈ। ਸਾਹਿਤ ਨੂੰ ਸਮੇਂ ਦਾ ਹਾਣੀ ਅਤੇ ਪੰਜਾਬੀਆਂ ਦੀ ਰੂਹ ਅਨੁਸਾਰ ਤਰਾਸ਼ਿਆ। ਜਿਸ ਦੀ ਖੁਸ਼ਬੂ ਹਮੇਸ਼ਾ ਉਤਸ਼ਾਹਜਨਕ ਰਹਿੰਦੀ ਹੈ। ਪਾਤਰ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਕੇ ਜੀਤ, ਗੀਤ, ਸੰਗੀਤ ਅਤੇ ਸੁਰਜੀਤ ਬਣਕੇ ਨਿਖਰਿਆ।
ਸੁਖਪਾਲ ਸਿੰਘ ਗਿੱਲ
ਅਬਿਆਣਾਂ ਕਲਾਂ
ਮੋ: 98781-11445
ਮੈਂ ਧਰਤ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ - ਸੁਖਪਾਲ ਸਿੰਘ ਗਿੱਲ
ਸਪਤ ਸਿੰਧੂ ਤੋਂ ਅੱਜ ਤੱਕ ਦੇ ਪੰਜਾਬ ਦੀ ਸਭਿਅਤਾ ਦਾ ਨਕਸ਼ਾ ਸਾਜਿਸ਼ੀ ਅਤੇ ਬਦਕਿਸਮਤੀ ਨਾਲ ਵਿਗੜਦਾ ਰਿਹਾ। ਪਹਿਰਾਵਾ, ਸਿਹਤ, ਸਿੱਖਿਆ, ਬੋਲੀ, ਲੋਕ ਗੀਤਾਂ ਅਤੇ ਮਿਸ਼ਰੀ ਵਰਗੀ ਬੋਲੀ ਕਰਕੇ ਪੰਜਾਬ ਦੀ ਨਕੋਰ ਨੁਹਾਰ ਰਹੀ। ਚੁੰਨੀ, ਸਿਰ ਦਾ ਛਾਇਆ ਅਤੇ ਪੱਗ ਸਿਰ ਦਾ ਤਾਜ ਰਹੀ। ਹੋਲੀ- ਹੋਲੀ ਇਹ ਸਭ ਕੁੱਝ ਇਸ ਸੁਨਹਿਰੀ ਪੰਜਾਬ ਲਈ ਧੁੰਦਲਾ ਹੁੰਦਾ ਗਿਆ। ਇਸ ਦੇ ਹਰ ਪੱਖ ਨੂੰ ਗ੍ਰਹਿਣ ਲੱਗਦੇ ਗਏ। ਨਸ਼ਾ ਦੁਨੀਆਂ ਦਾ ਮੁੱਦਾ ਹੈ ਪਰ ਪੰਜਾਬ ਦੀ ਸੱਭਿਅਤਾ ਨਾਲ ਇਸ ਦਾ ਕੋਈ ਮੇਲ-ਜੋਲ ਨਹੀਂ ਹੈ। ਸਰਕਾਰ ਦੇ ਹੰਭਲਿਆਂ ਦੇ ਬਾਵਜੂਦ ਵੀ ਅੱਜ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਖੁੱਦ ਨਸ਼ਈ ਹੋਕੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ। ਇੱਕ ਬਾਰ ਫੇਰ ਬਾਂਕੇ ਦਿਆਲ ਦਾ ਨਾਅਰਾ “ਪੱਗੜੀ ਸੰਭਾਲ ਓ ਜੱਟਾ ਪੱਗੜੀ” ਨਸ਼ੇ ਵਿਰੁੱਧ ਵਰਤਣਾ ਚਾਹੀਦਾ ਹੈ। ਨਸ਼ਾ ਖਾਤਮੇ ਲਈ ਸਰਕਾਰੀ ਇੱਛਾ ਜ਼ੋਰਾਂ ਤੇ ਹੈ ਪਰ ਨਸ਼ੇ ਦਾ ਜੰਜਾਲ ਪੇਸ਼ ਨਹੀਂ ਜਾਣ ਦੇ ਰਿਹਾ। ਪੰਜਾਬ ਹਮੇਸ਼ਾ ਭਾਰਤ ਦੇ ਸਿਰ ਦਾ ਤਾਜ ਰਿਹਾ। ਆਜ਼ਾਦੀ ਲਈ ਵੈਰਿਆਂ ਦੇ ਮੂੰਹ ਮੋੜਦਾ ਰਿਹਾ। ਪਰ ਪੰਜਾਬ ਬਾਰੇ ਚਾਲਾ ਵੀ ਚੱਲਦੀਆਂ ਰਹੀਆਂ। ਮਹਿਕਦਾ ਅਤੇ ਰੰਗਲਾ ਪੰਜਾਬ ਨਸ਼ੇ ਨੇ ਇੱਕ ਵਾਰ ਬਦਸੂਰਤ ਕਰ ਦਿੱਤਾ ਹੈ। ਪ੍ਰਵਾਸ ਦੀ ਆਸ ਵਿੱਚ ਗਵਾਚਿਆ ਪੰਜਾਬ ਹਰ ਸਾਲ ਪੈਸਾ ਅਤੇ ਜਵਾਨੀ ਵਿਦੇਸ਼ਾਂ ਵਿੱਚ ਭੇਜ ਰਿਹਾ ਹੈ। ਕਨੇਡਾ ਦੀ ਵਸੋਂ ਦਾ 1.3 ਫੀਸਦੀ ਪੰਜਾਬੀ ਹਨ। ਪੰਜਾਬ ਦੀ 25 ਲੱਖ ਤੋਂ ਉਪਰ ਆਬਾਦੀ ਵਿਦੇਸ਼ਾਂ ਵਿੱਚ ਵਸੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਸਲਰ ਸ. ਜੋਗਿੰਦਰ ਸਿੰਘ ਪੁਆਰ ਨੇ ਵਿਦੇਸ਼ੀ ਰੁਝਾਣ ਰੋਕਣ ਲਈ ਰੁਜਗਾਰ ਗਰੰਟੀ ਯੋਜਨਾਂ ਘੜਣ ਦੀ ਨਸੀਅਤ ਦਿੱਤੀ ਸੀ। ਪੰਜਾਬ ਦੀ ਬੇਰੁਜਗਾਰੀ ਦੀ ਦਰ 2019 ਵਿੱਚ 8.2 ਸੀ ਜਿਸ ਵਿੱਚ ਸੁਧਾਰ ਨੂੰ ਬੂਰ ਨਹੀਂ ਪਿਆ। ਇਸ ਸਾਰੇ ਆਲਮ ਤੋਂ ਬਾਅਦ ਪੰਜਾਬੀਆਂ ਵਿੱਚ ਖੁਦਕੁਸੀਆਂ ਦਾ ਰੁਝਾਨ ਵੀ ਚਿੰਤਾ ਜਨਕ ਵਿਸ਼ਾ ਬਣਿਆ ਹੋਇਆ ਹੈ। ਨਸ਼ਾ ਸਭ ਉਜਾੜੇ ਅਤੇ ਬੁਰਾਈਆਂ ਮਾਂ ਹੈ। ਸਭ ਤੋਂ ਪਹਿਲਾ ਪੰਜਾਬ ਨੂੰ ਨਸ਼ੇ ਵਿਰੁੱਧ ਜੰਗ ਜਿੱਤਣੀ ਪਵੇਗੀ। ਜੰਗਲ ਬੇਲਿਆ, ਹਰੇ ਭਰੇ ਮੈਦਾਨ ਪਹਾੜ, ਪਹਿਰਾਵਾ, ਲੋਕ ਗੀਤ, ਭੰਗੜੇ-ਗਿੱਧੇ ਮੇਲਿਆਂ ਖੇਡਾਂ ਅਤੇ ਵਗਦੇ ਪਾਣੀਆਂ ਦੇ ਪੰਜਾਬ ਦੀ ਧਰਤੀ ਅੱਜ ਕੁਰਲਾਉਂਦੀ ਹੋਈ ਆਪ ਮੁਹਾਰੇ ਬੋਲਣ ਲਈ ਮਜਬੂਰ ਹੈ “ਮੈਂ ਧਰਤ ਪੰਜਾਬ ਦੀ, ਲੋਕੋ ਵੱਸਦੀ ਉਜੜ ਗਈ ।” ਪਰ ਗੁਰੂਆਂ ਪੀਰਾਂ ਦਾ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਹੀ ਰਹੇਗਾ। ਇਹੀ ਆਸ ਹੈ। ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮਨ ਨੂੰ ਸ਼ਾਂਤੀ ਵੀ ਦਿੰਦੀਆਂ ਹਨ:-
“ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ,
ਇਹ ਇੱਕ ਗੀਤ, ਇਕ ਰੀਤ ਅਤੇ ਇਤਿਹਾਸ ਵੀ ਹੈ,
ਗੁਰੂਆਂ, ਰਿਸ਼ੀਆਂ ਅਤੇ ਸੂਫੀਆਂ ਸਿਰਜਿਆਂ ਹੈ,
ਇਹ ਇਕ ਫਲਸਫਾਂ ਸੋਚ ਅਤੇ ਇਤਿਹਾਸ ਵੀ ਹੈ,
ਕਿੰਨੇ ਝੱਖੜ ਤੂਫਾਨਾਂ ਵਿਚੋਂ ਲੰਘਿਆ ਏ,
ਇਹਦਾ ਮੁਖੜਾ ਕੁੱਝ-ਕੁੱਝ ਉਦਾਸ ਵੀ ਹੈ ”
ਅੱਜ ਪੰਜਾਬ ਦੀ ਨਵੀਂ ਨੁਹਾਰ ਲਈ ਨਸ਼ਾ ਮੁਕਤੀ ਤਰਜੀਹੀ ਮੁੱਦਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਾਬ ਨੇ ਵੱਡੀਆਂ ਵੱਡੀਆਂ ਆਫਤਾਂ ਦਾ ਮੂੰਹ ਮੋੜ ਦਿੱਤਾ ਨਸ਼ਾ ਤਾਂ ਛੋਟੀ ਗੱਲ ਹੈ। ਸਿਰਫ ਮਾਨਸਿਕਤਾ, ਇੱਛਾ ਸ਼ਕਤੀ ਅਤੇ ਲੋਕ ਲਹਿਰ ਉਭਾਰਨ ਦੀ ਲੋੜ ਹੈ। ਪੰਜਾਬ ਨਾ-ਬਰਾਬਰੀ ਝੱਲਣ ਅਤੇ ਮੁੜ ਸੁਰਜੀਤ ਹੋਣ ਦਾ ਬਲ ਰੱਖਦਾ ਹੈ। ਸਾਰਾ ਵਰਤਾਰਾ ਇਹਨਾਂ ਸਤਰਾਂ ਦੀ ਛਾਇਆ ਹੇਠ ਹੀ ਹੈ। ਨਸ਼ਾ ਕਈ ਕਿਸਮਾਂ ਦਾ ਹੁੰਦਾ ਹੈ ਜਿਵੇਂ ਕਿ ਕੁਦਰਤੀ ਨਸ਼ਾ, ਅਰਧ ਰਸਾਇਣਿਕ ਨਸ਼ਾ ਅਤੇ ਰਸਾਇਣਿਕ ਨਸ਼ਾ ਇਹ ਸਾਰੇ ਨਸ਼ੇ ਪੰਜਾਬ ਵਿੱਚ ਭਾਰੂ ਹਨ। ਪੰਜਾਬ ਦੀ ਨਸ਼ਾ ਪੀੜਾ ਨੂੰ ਗੱਲੀਬਾਤੀ ਦਫਨ ਵੀ ਨਹੀਂ ਕੀਤਾ ਜਾ ਸਕਦਾ। ਇਸ ਪ੍ਰਤੀ ਲੋਕਾਂ ਅਤੇ ਸਰਕਾਰ ਦੀ ਦ੍ਰਿੜਤਾ ਦੀ ਲੋੜ ਹੈ। ਸਾਡੇ ਕੁੱਝ ਗਾਇਕਾ ਨੇ ਵੀ ਨਸ਼ੇ ਨੂੰ ਹੁਲਾਰਾ ਦਿੱਤਾ ਹੈ। ਨਸ਼ੇ ਦਾ ਸੇਵਨ ਮਾਨਵੀ ਸਦਾਚਾਰਕ ਜੀਵਨ ਨੂੰ ਨਕਾਰਾ ਕਰ ਦਿੰਦਾ ਹੈ। ਇਸ ਨਾਲ ਸਮਾਜ ਦਾ ਤਾਣਾ-ਬਾਣਾ ਨਸ਼ਟ ਹੋ ਕੇ ਹਿੰਸਾ ਫੈਲਦੀ ਹੈ। ਗੁਰਬਾਣੀ ਦੇ ਮਾਨਵਤਾ ਬਾਰੇ ਨਸ਼ੇ ਵਿਰੁੱਧ ਸੰਦੇਸ਼ ਨੂੰ ਜਾਗਰੂਕਤਾ ਫੈਲਾਉਣ ਲਈ ਵੱਡਾ ਸਮਝਿਆ ਗਿਆ ਹੈ, ਜੋ ਸੱਚ ਦੀ ਛਾਨਣੀ ਵਿਚੋਂ ਝੂਠ ਛਾਨਣ ਵਾਲਾ ਹੈ। ਪਰ ਫਿਰ ਵੀ ਧਰਮ ਪ੍ਰਚਾਰਕ ਆਪਣਾ ਬਹੁਤ ਯੋਗਦਾਨ ਨਹੀਂ ਪਾ ਸਕੇ। ਗੁਰਬਾਣੀ ਵਿੱਚ ਅੰਕਿਤ ਹੈ:-
“ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਇ,
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ”
ਮਿੱਤਰਚਾਰਾ, ਨਿਰਾਸ਼ਾ, ਜਿੰਦਗੀ ਦੇ ਮਕਸਦ ਦੀ ਕਮੀ, ਆਰਥਿਕ ਅਤੇ ਬੇਰੁਜਗਾਰੀ ਸਮੱਸਿਆ ਪੰਜਾਬ ਵਿੱਚ ਨਸ਼ੇ ਦੇ ਕਾਰਨ ਦਾ ਸਰੂਪ ਹਨ। ਸਭ ਤੋਂ ਭੈੜੀ ਗੱਲ ਇਹ ਹੈ ਕਿ ਨਸ਼ਾ ਮਿਲਾਵਟੀ ਮਿਲ ਰਿਹਾ ਹੈ। ਜਿਸ ਨਾਲ ਨਸ਼ੇ ਦੇ ਦੁਰ ਪ੍ਰਭਾਵ ਵੱਧ ਜਾਂਦੇ ਹਨ। ਪੰਜਾਬੀ ਹੋਰ ਬਿਮਾਰੀਆਂ ਤੋਂ ਵੀ ਪੀੜਤ ਹੋ ਰਹੇ ਹਨ। ਨਸ਼ਿਆਂ ਦਾ ਪਸਾਰਾ ਇੰਨਾ ਵੱਧ ਗਿਆ ਹੈ ਕਿ ਪਛਾਣ ਕਰਨੀ ਵੀ ਔਖੀ ਹੋਈ ਪਈ ਹੈ। ਪੰਜਾਬ ਨਸ਼ੇ ਬਾਰੇ ਜਵਾਨੀ, ਕਾਨੂੰਨੀ ਅਤੇ ਵਰਦੀ ਘੇਰੇ ਵਿੱਚ ਰਹਿੰਦੇ ਹਨ। ਸਭ ਤੋਂ ਪਹਿਲਾ ਖਾਂਸੀ ਦੀ ਦਵਾਈ ਨੇ ਜਵਾਨੀ ਨੂੰ ਨਸ਼ੇ ਵਿੱਚ ਜਕੜਿਆਂ, ਇਸ ਤੋਂ ਬਾਅਦ “ਮਰਜ ਬੜਤੀ ਗਈ ਜੂੰ-ਜੂੰ ਦਵਾ ਕੀ”। ਪੰਜਾਬ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਦਾ ਰੋਲਾ-ਰੱਪਾ ਰਹਿੰਦਾ ਹੈ। ਪਿਛੇ ਜਿਹੇ ਗੁਜਰਾਤ ਦੀ ਮੁਦਰਾ ਬੰਦਰਗਾਹ ਤੇ 4269 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਸਨ। ਇਸ ਦੇ ਤਾਰ ਵੀ ਪੰਜਾਬ ਨਾਲ ਜੁੜੇ ਸਨ। ਇਹ ਪੰਜਾਬ ਲਈ ਅਲਾਰਮ ਸੀ। ਪਰ ਦੇਸ਼ ਵਾਸੀਆਂ ਨੂੰ ਇਸ ਦਾ ਨਤੀਜਾ ਨਹੀਂ ਮਿਲਿਆ। ਭੋਲੀ-ਭਾਲੀ ਜਨਤਾ ਸ਼ੱਕੀ ਹੋ ਜਾਂਦੀ ਹੈ ਕਿ ਪਰਦੇ ਪਿਛਲਾ ਸੱਚ ਕੀ ਹੈ? ਇਹਨਾਂ ਖਬਰਾਂ ਨੂੰ ਉਘਾੜਿਆਂ ਗਿਆ ਅਤੇ ਸਰਕਾਰ ਹਰਕਤ ਵਿੱਚ ਵੀ ਆਈ ਸੀ। ਨਸ਼ੇ ਬਾਰੇ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਤੇ ਗਲਤ ਖਬਰਾਂ ਵੀ ਚੱਲਦੀਆਂ ਹਨ। ਪਰ ਕਈ ਵਾਰੀ ਇਹੋ ਜਿਹੇ ਮਹੋਲ ਨੂੰ ਜਿਮੀ ਗੇਮਜ ਦੇ ਇਹਨਾਂ ਸਬਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਜਦੋਂ ਫਰਜੀ ਖਬਰਾਂ ਨੂੰ ਦੁਹਰਾਇਆ ਜਾਵੇ ਤਾਂ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲੀਅਤ ਕੀ ਹੈ? ਪੰਜਾਬ ਵਿੱਚ ਨਸ਼ੇ ਤੇ ਪਰਦਾ ਨਹੀਂ ਪਾਇਆ ਜਾ ਸਕਦਾ ਪਰ ਝੂਠੀਆਂ ਅਤੇ ਮਨਘੜਤ ਤੱਥਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਨਸ਼ਿਆਂ ਨਾਲ ਨਜਿੱਠਣ ਲਈ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਸੋਝੀ ਜਰੂਰੀ ਹੈ। ਪੰਜਾਬ ਵਿੱਚ ਮੰਨੋਰਜਨ ਦੇ ਸਾਧਨ ਲਈ ਨਸ਼ਾ ਖਤਰਨਾਕ ਰੁਝਾਨ ਪੈਦਾ ਕਰਦਾ ਹੈ। ਇਸ ਕਾਰਨ ਸਰਕਾਰੀ ਵੀ ਨਸ਼ਾ ਮੁਕਤੀ ਲਈ ਉਪਰਾਲਿਆਂ ਵਿੱਚ ਰੁੱਝੀ ਹੋਈ ਹੈ।
ਪੰਜਾਬ ਨਸ਼ੇ ਲਈ ਆਲਮੀ ਪੱਧਰ ਤੇ ਨਕਸ਼ੇ ਉੱਤੇ ਹੈ। ਮੌਜੂਦਾ ਪੰਜਾਬ ਸਰਕਾਰ ਇਸ ਵਿਸ਼ੇ ਤੇ ਸੁਹਿਰਦ ਅਤੇ ਚਿੰਤਕ ਵੀ ਹੈ। ਦੁੱਖ ਹੋਰ ਵੀ ਜਿਆਦਾ ਹੁੰਦਾ ਹੈ, ਜਦੋਂ ਰੰਗੀਲਾ ਪੰਜਾਬ ਨਸ਼ੀਲਾ ਪੰਜਾਬ ਕਹਿਲਾਉਣ ਲੱਗ ਜਾਂਦਾ ਹੈ। ਸਿਆਸੀ ਸੰਗੂਫੇ ਭਾਰੂ ਹੋ ਜਾਂਦੇ ਹਨ। ਨਸ਼ੇ ਬਾਰੇ ਕਾਨੂੰਨੀ ਕਾਇਦਿਆਂ ਅਤੇ ਦਾਇਰਿਆਂ ਦੀ ਵਿਆਖਿਆ ਤਾਂ ਹੁੰਦੀ ਹੈ ਪਰ ਜਦੋਂ ਨਸ਼ੇ ਦੀ ਫੜੋ-ਫੜਾਈ ਦੀਆਂ ਰੋਜ਼ਾਨਾ ਖਬਰਾਂ ਆਉਂਦੀਆਂ ਹਨ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਨਸ਼ਾ ਗੱਠ-ਜੋੜ ਦੀਆਂ ਸੁਰਖੀਆਂ ਵੀ ਭਾਰੂ ਰਹੀਆਂ। ਜਿਸ ਤਰ੍ਹਾਂ ਰਫਤਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਨਸ਼ੇ ਨੂੰ ਮੋੜਾ ਕੱਟਣ ਲਈ ਅਜੇ ਸਮਾਂ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ 1994 ਜੋ ਪਿੰਡਾਂ ਦੀ ਰੂਹ ਦੀ ਤਰਜਮਾਨੀ ਕਰਦਾ ਹੈ ਉਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਚਾਇਤਾਂ ਪ੍ਰਕਿਰਿਆ ਅਧੀਨ ਮਤੇ ਰਾਹੀ ਆਪਣੇ ਪਿੰਡ ਵਿਚੋਂ ਨਸ਼ਾ ਮੁਕਤੀ ਲਈ ਠੇਕਾ ਸ਼ਰਾਬ ਚੁਕਵਾ ਸਕਦੀਆਂ ਹਨ। ਪਰ ਇਹ ਸਭ ਕੁੱਝ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਸਰਕਾਰੀ ਮਾਲੀਏ ਦੀ ਆੜ ਕਰਕੇ ਆਪਣੀ ਮੌਤੇ ਮਰ ਜਾਂਦਾ ਹੈ। ਸ਼ਰਾਬ ਦੇ ਠੇਕੇ ਚੁਕਾਉਣ ਲਈ ਤੀਵੀਂਆਂ ਸ਼ਰਾਬ ਦੇ ਖੋਖੇ ਭੰਨਦੀਆਂ ਰਹਿੰਦੀਆਂ ਹਨ। ਇਸੇ ਕਰਕੇ ਪੰਜਾਬ ਵਿੱਚ ਇਹ ਵੀ ਚਰਚਾ ਰਹਿੰਦੀ ਹੈ ਕਿ ਸਿੰਥੈਟਿਕ ਨਸ਼ੇ ਦੀ ਬਜਾਏ ਅਫੀਮ ਵਰਗੇ ਨਸ਼ੇ ਵਰਤਣ ਲਈ ਮਾਪਦੰਡ ਬਣਾਏ ਜਾਣ। ਅਫੀਮ ਖੇਤੀ ਨਾਲ ਵੀ ਜੁੜੀ ਹੋਈ ਹੈ। ਚਲੋ ਖੈਰ ਇਹ ਮਸਲਾ ਤਾਂ ਸਿਹਤ ਮਾਹਿਰਾਂ ਅਤੇ ਸਰਕਾਰੀ ਦੀ ਕਚਹਿਰੀ ਵਿੱਚ ਪਿਆ ਹੈ। ਨਸ਼ਾ, ਨਸ਼ਾ ਹੀ ਹੁੰਦਾ ਹੈ।
ਨਸ਼ੇ ਬਾਰੇ ਰਿਪੋਰਟਾਂ ਮੁਤਾਬਿਕ 10 ਲੱਖ ਤੋਂ ਵੱਧ ਪੰਜਾਬੀ ਨਸ਼ਾ ਕਰਦੇ ਹਨ। ਇਸੇ ਕਰਕੇ ਅੱਜ ਪੰਜਾਬ ਵਿੱਚ ਚੌਥਾ ਦਰਿਆ ਨਸ਼ਿਆਂ ਦਾ ਵੱਗਦਾ ਹੈ। 2.65 ਲੱਖ ਨਸ਼ਈ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਾ ਰਹੇ ਹਨ। ਸੂਬੇ ਵਿੱਚ 36 ਨਸ਼ਾ ਛੁਡਾਓ ਸਰਕਾਰੀ ਅਤੇ 185 ਪ੍ਰਾਈਵੇਟ ਕੇਂਦਰ ਹਨ। ਪੰਜਾਬ ਦੀ ਆਬਾਦੀ 3.17 ਕਰੋੜ ਹੈ। ਇਸ ਆਬਾਦੀ ਦਾ 3 ਪ੍ਰਤੀਸ਼ਤ ਨਸ਼ੇ ਵਿੱਚ ਨਾਮ ਹੈ। ਨਸ਼ੇ ਦੀ ਓਵਰਡੋਜ ਨਾਲ ਪੰਜਾਬੀ ਮਰ ਰਹੇ ਹਨ। ਹਰ ਦੂਜੇ ਦਿਨ ਨਸ਼ੇ ਕਾਰਨ ਮੌਤ ਹੁੰਦੀ ਹੈ। ਆਮ ਤੌਰ ਤੇ ਸਮਾਜਿਕ ਖੇਮੇ ਵਿੱਚ ਨਸ਼ੇ ਦੀ ਗੱਲ ਕਰੀਏ ਕਿ ਜੋ ਨਸ਼ਾ ਨਹੀਂ ਕਰਦੇ ਉਹਨਾਂ ਦੇ ਹਾਵ-ਭਾਵ ਇਸ ਤਰ੍ਹਾਂ ਹੁੰਦੇ ਹਨ ਕਿ ਕਿਸੇ ਹੋਰ ਦੁਨੀਆਂ ਵਿੱਚ ਰਹਿੰਦੇ ਹਨ। ਉਹਨਾਂ ਨੂੰ ਨਸ਼ੇ ਦੇ ਨੁਕਸਾਨਾਂ, ਨਸ਼ੇ ਦੀ ਵਿਕਰੀ ਅਤੇ ਨਸ਼ੇ ਦੇ ਪ੍ਰਭਾਵਾਂ ਬਾਰੇ ਕੋਈ ਵਾ-ਵਾਸਤਾ ਨਹੀਂ ਹੁੰਦਾ। ਜੋ ਲੋਕ ਨਸ਼ਾ ਕਰਦੇ ਹਨ ਉਹਨਾਂ ਦੇ ਨਸ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਵੱਧ ਪ੍ਰਭਾਵ ਹੁੰਦਾ ਹੈ। ਮੋਨੋਵਿਗਿਆਨ ਦੱਸਦਾ ਕਿ ਨਸ਼ੇ ਦੇ ਨਾਲ ਨਫਰਤ ਕਰਨ ਵਾਲਾ ਵੀ ਨਸ਼ਾ ਕਰਦੇ ਹਨ। ਇਸ ਪਿੱਛੇ ਮਾੜੀ ਮਾਨਸਿਕਤਾ ਹੈ। ਨਸ਼ੇ ਤੋਂ ਲੜ ਛੁਡਾਉਣਾ ਚਾਹੁਣ ਵਾਲੇ ਵੀ ਮਾਨਸਿਕ ਕਮਜੋਰੀ ਕਰਕੇ ਇਸ ਵਿੱਚੋਂ ਨਿਕਲ ਨਹੀਂ ਸਕਦੇ, ਆਖਿਰ ਦਿਖਦੀ ਮੌਤ ਮੁਹਰੇ ਗੋਡੇ ਟੇਕ ਦਿੰਦੇ ਹਨ। ਅੱਜ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਵਿੱਚ ਪੂਜਾ ਰੂਮ ਵਾਂਗ ਬੀਅਰ ਬਾਰ ਵੀ ਮਿਲ ਜਾਂਦਾ ਹੈ। ਇਸ ਤੋਂ ਭਵਿੱਖੀ ਬਦਨਸੀਬੀ ਦੇ ਸੰਕੇਤ ਮਿਲਦੇ ਹਨ। ਕੇਰਲਾ ਵਾਂਗ ਸਾਡੇ ਘਰਾਂ ਦਾ ਸ਼ਿੰਗਾਰ ਕਿਤਾਬਾਂ ਹੁੰਦੀਆਂ ਤਾਂ ਨਕਸ਼ਾ ਹੋਰ ਹੋਣਾ ਸੀ।
ਅੱਜ ਪੰਜਾਬ ਨੂੰ ਨਵੀਂ ਨਕੋਰ ਨੁਹਾਰ ਦੇਣ ਲਈ ਨਸ਼ੇ ਵਿਰੁੱਧ ਲੋਕ ਲਹਿਰ ਪੈਦਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੰਕਟ ਦੇ ਸਮੇਂ ਅੱਖਾਂ ਮੀਚਣੀਆਂ ਤਬਾਹੀ ਦਾ ਕਾਰਨ ਬਣਦਾ ਹੈ। ਜਿਵੇਂ ਦ੍ਰਿੜ ਇਰਾਦੇ ਨਾਲ ਅੰਗਰੇਜ਼ ਭਜਾਏ, ਦੇਸ਼ ਦੀ ਰਾਖੀ ਕੀਤੀ ਅਤੇ ਕਿਸਾਨ ਅੰਦੋਲਨ ਜਿੱਤਿਆ ਇਸੇ ਤਰਜ ਤੇ ਨਸ਼ੇ ਦੀ ਜੰਗ ਜਿੱਤਣਾ ਔਖੀ ਨਹੀਂ। ਜੇ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਨਸ਼ੇ ਵਿਰੁੱਧ ਲਾਮਬੰਦ ਹੁੰਦੇ ਹਨ ਤਾਂ ਸਰਕਾਰੀ ਉਪਰਾਲਿਆਂ ਦਾ ਰੰਗ ਵੀ ਗੂੜਾ ਹੋ ਜਾਵੇਗਾ। ਕਈ ਵਾਰ ਅਜਿਹਾ ਵੀ ਲੱਗਦਾ ਹੈ ਕਿ ਨਸ਼ਾ ਹੁਣ ਧੁੰਦਲਾ ਮੁਦਾ ਹੈ ਕਿਉਂਕਿ ਇਸ ਦੀ ਰਟ-ਰਟਾਈ ਬਹੁਤ ਹੋ ਚੁੱਕੀ ਹੈ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਲਈ ਹਰ ਨਾਗਰਿਕ ਦਾ ਫਰਜ ਹੈ। ਅੱਜ ਪੰਜਾਬ ਜਿਸ ਆਲਮ ਵਿਚੋਂ ਗੁਜਰ ਰਿਹਾ ਹੈ ਇਉਂ ਪ੍ਰਤੀਤ ਹੁੰਦਾ ਹੈ:-
“ਫੁੱਲ ਉਗੇਂਦੀ ਧਰਤੀ ਤੇ, ਕਿਤੇ ਉੱਗ ਪੈਣ ਨਾ ਥੋਰਾਂ,
ਵਤਨ ਪੰਜਾਬ ਦੀਆਂ, ਡਾਹਢੇ ਦੇ ਹੱਥ ਡੋਰਾਂ ”
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445