ਪ੍ਰੇਰਨਾਦਾਇਕ ਲੇਖ : ਕਰਮ ਅਤੇ ਕਿਸਮਤ - ਗੁਰਸ਼ਰਨ ਸਿੰਘ ਕੁਮਾਰ
ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿ ਜਦ ਕੋਈ ਜੀਵ ਇਸ ਧਰਤੀ 'ਤੇ ਜਨਮ ਲੈਂਦਾ ਹੈ ਤਾਂ ਉਹ ਪ੍ਰਮਾਤਮਾ ਕੋਲੋਂ ਆਪਣੀ ਕਿਸਮਤ ਵੀ ਲਿਖਵਾ ਕੇ ਆਉਂਦਾ ਹੈ। ਉਸ ਹਿਸਾਬ ਹੀ ਉਸ ਨੂੰ ਜ਼ਿੰਦਗੀ ਵਿਚ ਸੁੱਖ ਜਾਂ ਦੁੱਖ ਮਿਲਦੇ ਹਨ। ਇੱਥੇ ਹੀ ਬਸ ਨਹੀਂ ਉਹ ਜ਼ਿੰਦਗੀ ਵਿਚ ਜਿੰਨੇ ਵੀ ਸੰਪਰਕ ਬਣਾਉਂਦਾ ਹੈ ਅਤੇ ਸਫ਼ਲਤਾ ਜਾਂ ਅਸਫ਼ਲਤਾ ਹਾਸਿਲ ਕਰਦਾ ਹੈ, ਉਸਦੀ ਕਿਸਮਤ ਵਿਚ ਉਹ ਸਭ ਕੁਝ ਪਹਿਲਾਂ ਹੀ ਲਿਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਸਭ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਬੰਦੇ ਦੀ ਕਿਸਮਤ ਅਨੁਸਾਰ ਹੀ ਹੁੰਦਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲ ਸਕਦਾ। ਕੋਈ ਮਨੁੱਖ ਉਤਨੇ ਹੀ ਸਾਹ ਲੈਂਦਾ ਹੈ, ਜਿਤਨੇ ਪ੍ਰਮਾਤਮਾ ਨੇ ਉਸ ਦੀ ਕਿਸਮਤ ਵਿਚ ਲਿਖੇ ਹੁੰਦੇ ਹਨ।
ਪੰਡਿਤ ਲੋਕ ਇਹ ਵੀ ਕਹਿੰਦੇ ਹਨ ਕਿ ਬੰਦੇ ਦੇ ਭਾਗ ਉਸ ਦੇ ਹੱਥਾਂ ਦੀਆਂ ਲਕੀਰਾਂ ਦੁਆਰਾ ਲਿਖੇ ਹੁੰਦੇ ਹਨ, ਜਿੰਨਾ ਨੂੰ ਕੇਵਲ ਪੰਡਿਤ ਹੀ ਪੜ੍ਹ ਸਕਦੇ ਹਨ। ਇੱਥੇ ਸੁਆਲ ਇਹ ਉੱਠਦਾ ਹੈ ਕਿ ਜੇ ਭਾਗ ਬੰਦੇ ਦੇ ਹੱਥਾਂ ਤੇ ਹੀ ਲਿਖੇ ਹੋਣ ਤਾਂ ਬਿਨਾਂ ਹੱਥਾਂ ਵਾਲੇ ਬੰਦੇ ਦੇ ਤਾਂ ਭਾਗ ਹੋਣੇ ਹੀ ਨਹੀਂ ਚਾਹੀਦੇ ਪਰ ਭਾਗ ਤਾਂ ਉਸ ਬੰਦੇ ਦੇ ਵੀ ਹੁੰਦੇ ਹੀ ਹਨ। ਉਹ ਵੀ ਜ਼ਿੰਦਗੀ ਭੋਗਦਿਆਂ ਦੁੱਖ ਸੁੱਖ ਹੰਢਾਉਂਦਾ ਹੀ ਹੈ। ਇਸ ਲਈ ਪੰਡਿਤਾਂ ਦੀ ਇਹ ਧਾਰਨਾ ਵਿਸ਼ਵਾਸ ਤੇ ਪੂਰੀ ਨਹੀਂ ਉਤਰਦੀ।
ਸਾਡੇ ਪੰਡਿਤਾਂ ਅਤੇ ਕੁਝ ਧਾਰਮਿਕ ਆਗੂਆਂ ਦੇ ਹਿਸਾਬ ਸਿਰ ਤਾਂ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਸਭ ਕੁਝ ਪ੍ਰਮਾਤਮਾ ਨੇ ਆਪਣੇ ਹੱਥ ਹੀ ਰੱਖਿਆ ਹੈ। ਬੰਦਾ ਕੇਵਲ ਪ੍ਰਮਾਤਮਾ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਹੀ ਹੈ। ਜਿਵੇਂ ਉਹ ਨਚਾਏ ਬੰਦਾ ਨੱਚਦਾ ਹੈ। ਇਸ ਹਿਸਾਬ ਸਿਰ ਕੋਈ ਦੂਜਾ ਕਿਸੇ ਨੂੰ ਮਾਰ ਨਹੀਂ ਸਕਦਾ। ਡੇਰਿਆਂ ਵਾਲੇ ਸਾਧ ਸੰਤ ਇਹ ਦੱਸਣ ਕਿ ਫਿਰ ਇਨ੍ਹਾਂ ਨੇ ਆਪਣੇ ਨਾਲ ਇਤਨੇ ਬੰਦੂਕਾਂ ਵਾਲੇ ਅੰਗ-ਰੱਖਿਅਕ ਕਿਉਂ ਰੱਖੇ ਹੁੰਦੇ ਹਨ? ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਹੈ? ਫਿਰ ਜਦ ਪ੍ਰਮਾਤਮਾ ਦਾ ਹੁਕਮ ਹੋ ਗਿਆ ਤਾਂ ਇਹ ਅੰਗ-ਰੱਖਿਅਕ ਇਨ੍ਹਾਂ ਨੂੰ ਮੌਤ ਤੋਂ ਕਿਵੇਂ ਬਚਾ ਲੈਣਗੇ? ਦੂਸਰੀ ਗੱਲ ਇਹ ਕਿ ਜੇ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੀ ਹੈ ਅਤੇ ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਤਾਂ ਵਿਚਾਰੇ ਬੰਦੇ ਨੂੰ ਉਸ ਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਵਿਚ ਕਿਉਂ ਸੁੱਟਿਆ ਜਾਂਦਾ ਹੈ? ਕਿਉਂਕਿ ਸਭ ਕੁਝ ਕਰਨ ਵਾਲਾ ਤਾਂ ਪ੍ਰਮਾਤਮਾ ਆਪ ਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਜੇ ਬੰਦਾ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਸ ਦੇ ਹੱਥ ਵਿਚ ਵੀ ਕੁਝ ਹੁੰਦਾ ਹੈ। ਉਹ ਆਜ਼ਾਦ ਹੋ ਕੇ ਹੀ ਆਪਣੇ ਹਿਸਾਬ ਸਿਰ ਹੀ ਜ਼ਿੰਦਗੀ ਜਿਉਂਦਾ ਹੈ ਅਤੇ ਉਸ ਹਿਸਾਬ ਸਿਰ ਹੀ ਦੁੱਖ ਸੁੱਖ ਪਾਉਂਦਾ ਹੈ। ਨਰਕ ਸਵਰਗ ਬਾਰੇ ਤਾਂ ਕਿਸੇ ਨੂੰ ਕੁਝ ਪੱਕਾ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਉਹ ਆਪਣੇ ਕੰਮਾਂ ਅਨੁਸਾਰ ਹੀ ਨਤੀਜੇ ਭੁਗਤਦਾ ਹੈ। ਉਹ ਜੋ ਬੀਜਦਾ ਹੈ ਉਸ ਨੂੰ ਖ਼ੁਦ ਹੀ ਵੱਢਣਾ ਪੈਂਦਾ ਹੈ। ਇੱਥੇ ਕਰਮਾਂ ਤੇ ਹੀ ਨਿਬੇੜੇ ਹੁੰਦੇ ਹਨ।
ਪੰਡਿਤਾਂ ਨੇ ਤਾਂ ਮਨੁੱਖ ਨੂੰ ਚਾਰ ਵਰਨ-ਬ੍ਰਹਾਮਣ, ਖੱਤਰੀ, ਵੈਸ਼ ਅਤੇ ਸ਼ੂਦਰ-ਵਿਚ ਵੰਡ ਦਿੱਤਾ ਹੈ। ਬ੍ਰਹਾਮਣ ਸਭ ਤੋਂ ਉੱਚੀ ਜਾਤ ਦੇ ਹਨ ਅਤੇ ਸ਼ੂਦਰ ਸਭ ਤੋਂ ਨੀਵੀਂ ਜਾਤ ਦੇ ਹਨ। ਪੰਡਿਤਾ ਦੇ ਹਿਸਾਬ ਸਿਰ ਤਾਂ ਮਾੜੇ ਕੰਮ ਕਰਨ ਵਾਲਿਆਂ ਨੂੰ ਨੀਵੀਂ ਜਾਤ ਵਿਚ ਜਨਮ ਮਿਲਦਾ ਹੈ ਅਤੇ ਚੰਗੇ ਕੰਮ ਕਰਨ ਵਾਲੇ ਉੱਚੀ ਜਾਤ ਵਿਚ ਜਨਮ ਲੈਂਦੇ ਹਨ। ਦੇਖਿਆ ਜਾਏ ਤਾਂ ਇਹ ਜ਼ਰੂਰੀ ਨਹੀਂ ਕਿ ਉੱਚੀ ਜਾਤ ਵਾਲਿਆਂ ਨੂੰ ਹਮੇਸ਼ਾਂ ਸੁੱਖ ਹੀ ਮਿਲਣ। ਇਹ ਜਾਤਾਂ ਤਾਂ ਪਖੰਡੀ ਲੋਕਾਂ ਨੇ ਆਪਣੇ ਸੁਆਰਥ ਲਈ ਹੀ ਬਣਾਈਆਂ ਹਨ। ਸ੍ਰੀ ਗੁਰੂੂੂੂੂੂੂੂੂੂੂੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ -''ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ''- ਅਨੁਸਾਰ ਪ੍ਰਮਾਤਮਾ ਨੇ ਤਾਂ ਸਭ ਨੂੰ ਇਕੋ ਮਨੁੱਖੀ ਜਾਤਿ ਵਿਚ ਹੀ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ।
ਕਿਸਮਤ ਨੂੰ ਜ਼ਿੰਦਗੀ ਵਿਚੋਂ ਬਿਲਕੁਲ ਹੀ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕੋਈ ਰਾਜੇ ਜਾਂ ਕਿਸੇ ਲੱਖਪਤੀ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਲੱਖਾਂ ਕਰੋੜਾਂ ਦਾ ਮਾਲਕ ਬਣਦਾ ਹੈ। ਨੌਕਰ ਚਾਕਰ ਉਸ ਦੀ ਸੇਵਾ ਵਿਚ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਦੂਜੇ ਪਾਸੇ ਕੋਈ ਬੱਚਾ ਉਸੇ ਸਮੇਂ ਕਿਸੇ ਗ਼ਰੀਬ ਮਜ਼ਦੂਰ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਕਰਜ਼ੇ ਦੀ ਪੰਡ ਸਿਰ ਤੇ ਲੈ ਕੇ ਪੈਦਾ ਹੁੰਦਾ ਹੈ। ਜ਼ਿੰਮੇਵਾਰੀਆਂ ਕਾਰਨ ਬਚਪਨ ਵਿਚ ਹੀ ਉਸ ਤੇ ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਐਸਾ ਕਿਉਂ? ਇੱਥੇ ਜ਼ਰੂਰ ਹੀ ਕਿਸਮਤ ਕੰਮ ਕਰ ਰਹੀ ਹੋਵੇਗੀ। ਪੰਡਿਤ ਇਸ ਨੂੰ ਉਸ ਦੇ ਪਿਛਲੇ ਜਨਮਾਂ ਦੇ ਫ਼ਲ ਨਾਲ ਜੋੜ ਕੇ ਦੱਸਦੇ ਹਨ ਪਰ ਉਹ ਇਸ ਜਨਮ ਵਿਚ ਕਰਮ ਦੇ ਸਿਧਾਂਤ ਨੂੰ ਨਹੀਂ ਮੰਨਦੇ। ਉਹ ਕੇਵਲ ਅਤੇ ਕੇਵਲ ਹਰ ਕੰਮ ਵਿਚ ਕਿਸਮਤ ਨੂੰ ਹੀ ਮੰਨਦੇ ਹਨ। ਖ਼ੈਰ ਪਿਛਲੇ ਜਨਮਾਂ ਬਾਰੇ ਤਾਂ ਕੋਈ ਇਕ ਰਾਏ ਤੇ ਸਭ ਦੀ ਸਹਿਮਤੀ ਨਹੀਂ ਬਣ ਸਕਦੀ ਕਿਉਂਕਿ ਵਿਗਿਆਨ ਹਾਲੀ ਤੱਕ ਪਿਛਲੇ ਜਨਮ ਨੂੰ ਸਾਬਤ ਨਹੀਂ ਕਰ ਸੱਕਿਆ। ਇਹ ਗੁੱਝੇ ਭੇਦ ਕੁਦਰਤ ਨੇ ਆਪਣੇ ਕੋਲ ਹੀ ਰੱਖੇ ਹਨ। ਉਪਰੋਕਤ ਵਿਚਾਰ ਤੋਂ ਇਹ ਨਤੀਜਾ ਜ਼ਰੂਰ ਨਿਕਲਦਾ ਹੈ ਕਿ ਮਨੁੱਖ ਨੂੰ ਜਨਮ ਸਮੇਂ ਜੋ ਧਨ-ਦੌਲਤ, ਮਾਂ-ਪਿਓ, ਭੈਣ-ਭਰਾ, ਹੋਰ ਸਾਕ ਸਬੰਧੀ ਤੋਂ ਸੁੱਖ ਸਹੂਲਤਾਂ ਅਤੇ ਸਾਧਨ ਮਿਲਦੇ ਹਨ ਉਹ ਉਸ ਦੀ ਕਿਸਮਤ ਕਾਰਨ ਹੀ ਹੁੰਦੇ ਹਨ। ਇਸ ਤੋਂ ਬਾਅਦ ਉਹ ਆਪਣੀ ਮਿਹਨਤ, ਸੂਝ ਬੂਝ ਅਤੇ ਕਰਮਾਂ ਦੁਆਰਾ ਆਪਣੀ ਕਿਸਮਤ ਆਪ ਸਿਰਜਦਾ ਹੈ ਅਤੇ ਦੁੱਖ ਸੁੱਖ ਪਾਉਂਦਾ ਹੈ॥ ਜੇ ਕਿਸੇ ਧਨਾਢ ਦੇ ਬੱਚੇ ਦੀਆਂ ਆਦਤਾਂ ਚੰਗੀਆਂ ਨਾ ਹੋਣ ਤਾਂ ਉਹ ਭੈੜੀ ਸੰਗਤ ਵਿਚ ਪੈ ਕੇ ਕਰੋੜਪਤੀ ਤੋਂ ਰੋਡਪਤੀ (ਗ਼ਰੀਬ ਬੇਰੁਜਗਾਰ) ਵੀ ਬਣ ਸਕਦਾ ਹੈ। ਸਾਰਾ ਧਨ ਜੂਏ ਅਤੇ ਨਸ਼ਿਆਂ ਵਿਚ ਉਜਾੜ ਕੇ ਭਿਖਾਰੀ ਵੀ ਬਣ ਸਕਦਾ ਹੈ। ਦੂਜੇ ਪਾਸੇ ਕਿਸੇ ਗ਼ਰੀਬ ਦਾ ਲਾਇਕ ਬੱਚਾ ਚੰਗੀ ਵਿਦਿਆ ਹਾਸਿਲ ਕਰ ਕੇ ਆਪਣੀ ਮਿਹਨਤ ਅਤੇ ਸਿਆਣਪ ਦੁਆਰਾ ਲੱਖਪਤੀ ਵੀ ਬਣ ਸਕਦਾ ਹੈ ਅਤੇ ਆਪਣੀ ਗ਼ਰੀਬੀ ਦੀ ਲਾਹਨਤ ਨੂੰ ਮੱਥੇ ਤੋਂ ਲਾਹ ਕੇ ਕਰਮਾਂ ਦਾ ਬਲੀ ਹੋ ਸਕਦਾ ਹੈ। ਇਸੇ ਨੂੰ ਕਰਮ ਦਾ ਸਿਧਾਂਤ ਕਹਿੰਦੇ ਹਨ ਜਿਸ ਨੂੰ ਸਾਡੀ ਵਿਗਿਆਨ ਵੀ ਮੰਨਦੀ ਹੈ।
ਮਨੁੱਖ ਆਪਣੀ ਮਿਹਨਤ ਨਾਲ ਹੀ ਜ਼ਿੰਦਗੀ ਵਿਚ ਸਫ਼ਲ ਹੋ ਸਕਦਾ ਹੈ। ਜੇ ਇਸ ਸਫ਼ਲਤਾ ਦਾ ਸਿਹਰਾ ਮਿਹਨਤ ਦੀ ਜਗ੍ਹਾਂ ਕਿਸਮਤ ਨੂੰ ਪਾ ਦਿੱਤਾ ਜਾਏ ਤਾਂ ਲੋਕ ਮਿਹਨਤ ਕਰਨੀ ਛੱਡ ਜਾਣਗੇ। ਕਿਸਾਨ ਫ਼ਸਲ ਨਹੀਂ ਬੀਜਣਗੇ। ਬੱਚੇ ਵਿਦਿਆ ਗ੍ਰਹਿਣ ਕਰਨੀ ਛੱਡ ਦੇਣਗੇ। ਕੋਈ ਵੀ ਬੰਦਾ ਕੰਮ ਨਹੀਂ ਕਰੇਗਾ। ਹਰ ਕੋਈ ਕਿਸਮਤ ਦੇ ਇੰਤਜ਼ਾਰ ਵਿਚ ਵਿਹਲਾ ਬੈਠਾ ਰਹੇਗਾ। ਮਲਾਹ ਆਪਣੀ ਕਿਸ਼ਤੀ ਨੂੰ ਲਹਿਰਾਂ ਦੇ ਸਹਾਰੇ ਛੱਡ ਕੇ ਚੱਪੂ ਤੋੜ ਲੈਣਗੇ। ਫਿਰ ਸੋਚੋ ਇਸ ਧਰਤੀ ਦਾ ਨਜ਼ਾਰਾ ਕੀ ਹੋਵੇਗਾ? ਫੁੱਲ ਵੀ ਨਹੀਂ ਖਿੜਣਗੇ ਅਤੇ ਬਨਸਪਤੀ ਨਹੀ ਉੱਗੇਗੀ ਤਾਂ ਪੰਛੀ ਕਿਵੇਂ ਚਹਿਕਣਗੇ? ਸਭ ਜੀਵ ਜੰਤੂ ਖ਼ਤਮ ਹੋ ਜਾਣਗੇ। ਇੱਥੇ ਕੁਦਰਤ ਸਿਫ਼ਰ ਬਣ ਕੇ ਰਹਿ ਜਾਏਗੀ। ਇਹ ਧਰਤੀ ਬੰਜਰ ਬਣ ਕੇ ਇਕ ਵੱਡੇ ਪੱਥਰ ਦਾ ਰੂਪ ਧਾਰ ਲਏਗੀ। ਪਰ ਘਬਰਾਉਣ ਦੀ ਲੋੜ ਨਹੀਂ ਐਸਾ ਹੋਵੇਗਾ ਨਹੀਂ। ਮਨੁੱਖ ਨੂੰ ਰੱਬ ਨੇ ਬੁੱਧੀ ਦਿੱਤੀ ਹੈ। ਉਹ ਆਪਣੇ ਕਰਮ ਦੇ ਸਹਾਰੇ ਹੀ ਜਿੰਦਾ ਹੈ। ਮਿਹਨਤ ਕਰੋ ਅਤੇ ਫ਼ਲ ਪਾਓ ਵਿਚ ਉਸ ਦਾ ਪੱਕਾ ਵਿਸ਼ਵਾਸ ਹੈ।
ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ। ਜੇ ਤੁਹਾਡੀ ਜ਼ਿੰਦਗੀ ਸਰਬ ਕਲਾ ਸੰਪੂਰਨ ਹੋਏ ਤਾਂ ਤੁਸੀਂ ਅੱਗੋਂ ਕੁਝ ਵੀ ਨਹੀਂ ਸਿੱਖ ਸਕੋਗੇ। ਤੁਹਾਡਾ ਵਿਕਾਸ ਰੁਕ ਜਾਏਗਾ। ਆਪਣੀ ਉਮਰ ਨੂੰ ਆਪਣੇ ਵਿਕਾਸ ਵਿਚ ਕਦੀ ਰੁਕਾਵਟ ਨਾ ਸਮਝੋ। ਹਮੇਸ਼ਾਂ ਕੁਝ ਨਵਾਂ ਸਿੱਖਣ ਦੀ ਸਟੇਜ਼ ਤੇ ਰਹੋ। ਤੁਸੀਂ ਬੱਚਿਆਂ ਤੋਂ ਵੀ ਕੁਝ ਨਵਾਂ ਸਿੱਖ ਸਕਦੇ ਹੋ। ਜਿਸ ਵੀ ਕੰਮ ਨੂੰ ਹੱਥ ਪਾਵੋ ਉਸ ਨੂੰ ਪੂਰਾ ਕਰ ਕੇ ਹੀ ਦਮ ਲਓ। ਕਿਸੇ ਵੀ ਕੰਮ ਨੂੰ ਅਧਵਾਟੇ ਛੱਡਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਉਸ ਨੂੰ ਸ਼ੁਰੂ ਹੀ ਕਿਉਂ ਕੀਤਾ ਸੀ। ਕਹਿੰਦੇ ਹਨ ਕਿ ਮਨੁੱਖ ਦੀ ਮੌਤ ਦਾ ਸਮਾਂ ਪ੍ਰਮਾਤਮਾ ਉਸ ਦੇ ਜਨਮ ਸਮੇਂ ਹੀ ਲਿਖ ਦਿੰਦਾ ਹੈ। ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਪਰ ਉੱਦਮੀ ਬੰਦੇ ਮੌਤ ਨੂੰ ਵੀ ਮਾਤ ਦੇ ਜਾਂਦੇ ਹਨ। ਅਸੰਭਵ ਕੰਮ ਵੀ ਉਨ੍ਹਾਂ ਲਈ ਆਪਣੇ ਆਪ ਹੀ ਸੰਭਵ ਹੋ ਜਾਂਦੇ ਹਨ। ਉਹ ਅਣਹੋਣੀਆਂ ਕਰਨੀਆਂ ਜਾਣਦੇ ਹਨ। ਉਨ੍ਹਾਂ ਦਾ ਅਸੂਲ ਹੁੰਦਾ ਹੈ ਕਿ ਆਪਣਾ ਕੰਮ ਪੂਰਾ ਕਰਨ ਤੋਂ ਪਹਿਲਾਂ ਨਾ ਮਰੋ। ਇਸ ਲਈ ਉਹ ਭੈੜੀਆਂ ਆਦਤਾਂ ਅਤੇ ਨਸ਼ਿਆਂ ਤੋਂ ਬਚ ਕੇ, ਸ਼ਾਂਤ ਚਿਤ ਅਤੇ ਤੰਦਰੁਸਤ ਰਹਿ ਕੇ ਸਵੈ ਵਿਸ਼ਵਾਸ ਨਾਲ ਕਿਸੇ ਉੱਚੇ ਉਦੇਸ਼ ਲਈ ਜ਼ਿੰਦਗੀ ਜਿਉਂਦੇ ਹਨ। ਉਹ ਮਨ ਦੀ ਦ੍ਰਿੜਤਾ 'ਤੇ ਵਿਸ਼ਵਾਸ ਰੱਖਦੇ ਹਨ ਇਸ ਲਈ ਬਿਮਾਰੀ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ।
ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਦੁਖੀ ਹੋਣ ਲਈ ਨਹੀਂ ਜਨਮ ਦਿੱਤਾ। ਪ੍ਰਮਾਤਮਾ ਨੇ ਮਨੁੱਖ ਨੂੰ ਸੁਖੀ ਹੋਣ ਲਈ ਅਤੇ ਆਨੰਦ ਮਾਣਨ ਲਈ ਨਰੋਏ ਅੰਗ, ਅਥਾਹ ਬਲ, ਬੁੱਧੀ ਅਤੇ ਬੇਸ਼ੁਮਾਰ ਦੌਲਤਾਂ ਦਿੱਤੀਆਂ ਹਨ ਪਰ ਸ਼ਰਤ ਇਹ ਹੈ ਕਿ ਇਹ ਦੌਲਤਾਂ ਹਾਸਿਲ ਕਰਨ ਲਈ ਉਸ ਨੂੰ ਮਿਹਨਤ ਵੀ ਕਰਨੀ ਪਵੇਗੀ। ਆਪਣਾ ਖ਼ੂਨ ਪਸੀਨਾ ਡੋਲ੍ਹਣਾ ਪਵੇਗਾ ਤਾਂ ਹੀ ਇਹ ਦੌਲਤਾਂ ਉਸਨੂੰ ਹਾਸਿਲ ਹੋ ਸੱਕਣਗੀਆਂ। ਉਹ ਖ਼ੁਸ਼ਹਾਲ ਹੋ ਕੇ ਜ਼ਿੰਦਗੀ ਦਾ ਆਨੰਦ ਮਾਣ ਸਕੇਗਾ। ਇਹ ਧਰਤੀ ਬਹੁਤ ਜਰਖ਼ੇਜ਼ ਹੈ। ਕਿਸਾਨ ਮਿਹਨਤ ਕਰ ਕੇ ਇੱਥੇ ਫ਼ਸਲ ਬੀਜਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਪਹਾੜਾਂ ਵਿਚ ਬਹੁਤ ਸਾਰੇ ਖ਼ਨਿਜ ਪਦਾਰਥ ਛੁਪੇ ਹੋਏ ਹਨ ਅਤੇ ਸਮੁੰਦਰ ਹੀਰੇ ਮੋਤੀਆਂ ਅਤੇ ਅਨਮੋਲ ਖ਼ਜ਼ਾਨਿਆਂ ਨਾਲ ਭਰੇ ਪਏ ਹਨ। ਇਹ ਸਭ ਵਸਤੁਆਂ ਮਨੁੱਖ ਨੂੰ ਸਖਤ ਮਿਨਤ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਇਸੇ ਲਈ ਕਹਿੰਦੇ ਹਨ-''ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪਉਣ''- ਕੁਝ ਹਾਸਿਲ ਕਰਨ ਲਈ ਸੁੱਖ ਦਾ ਤਿਆਗ ਕਰਨਾ ਹੀ ਪੈਂਦਾ ਹੈ। ਕੰਮ ਵਾਲੇ ਬੰਦੇ ਹੀ ਕੌਮ ਨੂੰ ਬਣਾਉਂਦੇ ਹਨ। ਜੇ ਮਨੁੱਖ ਕਰਮ ਨੂੰ ਛੱਡ ਕੇ ਕਿਸਮਤ ਦੇ ਸਹਾਰੇ ਬੈਠਾ ਰਹੇ ਤਾਂ ਉਹ ਕੁਝ ਵੀ ਨਹੀਂ ਹਾਸਿਲ ਕਰ ਸਕੇਗਾ। ਇਕ ਦਿਨ ਉਸ ਦੇ ਭੁੱਖਾ ਮਰਨ ਦੀ ਨੌਬਤ ਆ ਜਾਵੇਗੀ। ਵਿਹਲਿਆਂ ਦੀ ਕੋਈ ਸ਼ਾਨ ਨਹੀਂ ਹੁੰਦੀ । ਵਿਹਲੇ ਢਿਡ ਤੇ ਚਰਬੀ ਚੜ੍ਹਦੀ ਹੈ। ਵਿਹਲੇ ਬੰਦੇ ਤੇ ਕਰਜ਼ਾ ਵੀ ਚੜ੍ਹਦਾ ਹੈ। ਰੱਬ ਤੇ ਭਰੋਸਾ ਜ਼ਰੂਰ ਰੱਖੋ ਪਰ ਮਿਹਨਤ ਦਾ ਪੱਲਾ ਨਾ ਛੱਡੋ। ਤੁਹਾਡੇ ਕਰਮ ਹੀ ਤੁਹਾਡੀ ਪਛਾਣ ਹਨ, ਨਹੀਂ ਤੇ ਇਕ ਨਾਮ ਦੇ ਤਾਂ ਹਜ਼ਾਰਾਂ ਮਨੁੱਖ ਹੁੰਦੇ ਹਨ। ਤੁਹਾਡੇ ਕਰਮਾਂ ਨਾਲ ਤੁਹਾਡੀਆਂ ਪ੍ਰਾਪਤੀਆਂ ਤੁਹਾਡੀ ਦੂਜ਼ਿਆਂ ਤੋਂ ਵਿਲੱਖਣ ਪਛਾਣ ਬਣਾਉਂਣਦੀਆਂ ਹਨ। ਆਪਣੀ ਮੰਜ਼ਿਲ ਤੇ ਬੰਦਾ ਅਤਪਣੀ ਮਿਹਨਤ ਨਾਲ ਹੀ ਪਹੁੰਚ ਸਕਦਾ ਹੈ। ਜੇ ਤੁਸੀਂ ਆਪਣੀ ਕਿਸਮਤ ਤੋਂ ਕੁਝ ਜ਼ਿਆਦਾ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਦਿਨ ਜਲਦੀ ਸ਼ੁਰੂ ਕਰੋ। ਚਲੋ ਉੱਠੋ ਯਾਰੋ, ਭੱਜੋ ਦੌੜੌ, ਮਰਨ ਤੋਂ ਪਹਿਲਾਂ ਮੈਦਾਨ ਨਾ ਛੋੜੋ।
ਕਈ ਲੋਕ ਆਪਣੇ ਬਲ ਅਤੇ ਬੁੱਧੀ ਦਾ ਗ਼ਲਤ ਉਪਯੋਗ ਕਰਦੇ ਹਨ। ਉਨ੍ਹਾਂ ਨੂੰ ਆਪਣੀ ਤਾਕਤ ਅਤੇ ਸਿਆਣਪ ਦਾ ਬਹੁਤ ਘੁਮੰਡ ਹੁੰਦਾ ਹੈ।ਇਸ ਲਈ ਉਹ ਆਪਣੇ ਬਲ ਅਤੇ ਬੁੱਧੀ ਨੂੰ ਵਿਨਾਸ਼ ਵਾਲੇ ਪਾਸੇ ਲਾਉਂਦੇ ਹਨ। ਉਹ ਚੋਰੀ ਚਕਾਰੀ ਅਤੇ ਕਤਲੋਗ਼ਾਰਤ ਅਤੇ ਲੁੱਟ ਮਾਰ ਨਾਲ ਇਕ ਦਮ ਅਮੀਰ ਹੋਣਾ ਚਾਹੁੰਦੇ ਹਨ। ਅਜਿਹੇ ਲੋਕ ਮਨੁੱਖਤਾ ਲਈ ਖ਼ਤਰਾ ਅਤੇ ਕਲੰਕ ਹਨ। ਇਨ੍ਹਾਂ ਦਾ ਅੰਤ ਵੀ ਬਹੁਤ ਮਾੜਾ ਹੁੰਦਾ ਹੈ। ਇਨ੍ਹਾਂ ਦੀ ਸੰਗਤ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ।
ਕਈ ਵਾਰੀ ਕਿਸੇ ਬੰਦੇ ਨੂੰ ਅਚਾਨਕ ਕੋਈ ਵੱਡੀ ਖ਼ੁਸ਼ੀ ਮਿਲ ਜਾਂਦੀ ਹੈ ਭਾਵ ਕੋਈ ਦੱਬਿਆ ਹੋਅਿਾ ਧਨ ਮਿਲ ਜਾਂਦਾ ਹੈ ਜਾਂ ਕੋਈ ਲਾਟਰੀ ਲੱਗ ਜਾਂਦੀ ਹੈ ਜਾਂ ਕਿਸੇ ਵਾਕਫ ਮਿੱਤਰ ਜਾਂ ਰਿਸ਼ਤੇਦਾਰ ਤੋਂ ਕੋਈ ਧਨ ਜਾਂ ਕੋਈ ਵੱਡੀ ਮੱਦਦ ਮਿਲ ਜਾਂਦੀ ਹੈ। ਅਸੀਂ ਇਸ ਨੂੰ ਕਹਿੰਦੇ ਹਾਂ ਕਿ ਬੰਦੇ ਦੇ ਭਾਗ ਖੁਲ੍ਹ ਗਏ ਭਾਵ ਉਸ ਦੀ ਕਿਸਮਤ ਵਿਚ ਇਹ ਧਨ ਮਿਲਣਾ ਲਿਖਿਆ ਹੋਇਆ ਸੀ। ਇਹ ਕਦੀ ਕਦੀ ਕਿਸੇ ਕਿਸੇ ਨਾਲ ਮੋਕਾ ਬਣ ਹੀ ਜਾਂਦਾ ਹੈ। ਅਜਿਹੀ ਕਿਸਮਤ ਦੀ ਉਡੀਕ ਵਿਚ ਆਪਣੇ ਕਰਮ ਨੂੰ ਛੱਡ ਕੇ ਨਿਠੱਲਾ ਨਹੀਂ ਬੈਠਿਆ ਜਾ ਸਕਦਾ। ਕਿਉਂਕਿ ਮੂੰੰਹ ਅੱਢਿਆਂ ਤਾਂ ਮੱਖੀਆਂ ਵੀ ਮੂੰਹ ਵਿਚ ਨਹੀਂ ਪੈਂਦੀਆਂ। ਇਸ ਦੇ ਉਲਟ ਕਈ ਵਾਰੀ ਜ਼ਿੰਦਗੀ ਆਪਣੀ ਚਾਲੇ ਸੋਹਣੀ ਚਲ ਰਹੀ ਹੁੰਦੀ ਹੈ ਪਰ ਅਚਾਨਕ ਕੋਈ ਮੁਸੀਬਤ ਆ ਪੈਂਦੀ ਹੈ ਜਿਸ ਨਾਲ ਜ਼ਿੰਦਗੀ ਦੀ ਚਾਲ ਰੁਕ ਗਈ ਜਾਪਦੀ ਹੈ। ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਅਸੀਂ ਤਾਂ ਐਸਾ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਫਿਰ ਸਾਡੇ ਤੇ ਕਿਉਂ ਐਸੀ ਮੁਸੀਬਤ ਆ ਪਈ? ਕਈ ਵਾਰੀ ਕੋਈ ਪਿਆਰਾ ਕਰੀਬੀ ਸਾਥ ਛੱਡ ਜਾਂਦਾ ਹੈ। ਕਈ ਵਾਰੀ ਕਿਸੇ ਦੁਰਘਨਾ ਕਾਰਨ ਕੋਈ ਗਹਿਰੀ ਸੱਟ ਲੱਗ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਹੈ। ਸਾਡੇ 'ਤੇ ਮੁਸੀਬਤਾਂ ਦੇ ਪਹਾੜ ਡਿੱਗ ਪੈਂਦੇ ਹਨ ਜਿਨ੍ਹਾਂ ਦਾ ਸਾਨੂੰ ਉਸ ਸਮੇਂ ਆਪਣੇ ਕਰਮ ਨਾਲ ਕੋਈ ਸਬੰਧ ਨਹੀਂ ਜਾਪਦਾ। ਅਜਿਹੀ ਮੁਸੀਬਤ ਨੂੰ ਹੌਸਲੇ ਨਾਲ ਹੀ ਕੱਟਿਆ ਜਾ ਸਕਦਾ ਹੈ। ਅਜਿਹੇ ਦੁੱਖ ਸਦੀਵੀਂ ਨਹੀਂ ਹੁੰਦੇ। ਦੁੱਖਾਂ ਬਾਅਦ ਸੁੱਖ ਆਉਣੇ ਜ਼ਰੂਰੀ ਹਨ। ਜਿੱਥੇ ਕੱਲ੍ਹ ਸੱਥਰ ਵਿਛੇ ਹੁੰਦੇ ਸਨ ਉੱਥੇ ਕੁਝ ਸਮੇਂ ਬਾਅਦ ਕਿਲਕਾਰੀਆਂ ਗੂੰਜਦੀਆਂ ਸੁਣਾਈ ਦਿੰਦੀਆਂ ਹਨ। ਅਜਿਹੇ ਦੁੱਖ ਸੁੱਖ ਕੁਦਰਤ ਦੇ ਗੁੱਝੇ ਭੇਦ ਹਨ ਜੋ ਹਾਲੀ ਇਨਸਾਨ ਦੀ ਸਮਝ ਵਿਚ ਨਹੀਂ ਆ ਸਕਦੇ। ਬੰਦੇ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੌਕੇ ਤੇ ਨਾ ਜ਼ਿਆਦਾ ਖ਼ੁਸ਼ ਹੋਵੇ ਅਤੇ ਨਾ ਹੀ ਦੁੱਖਾਂ ਨੂੰ ਜ਼ਿਆਦਾ ਮਨ 'ਤੇ ਲਾਏ। ਚੰਗੇ ਸਮੇਂ ਦੀ ਉਡੀਕ ਕਰੇ ਅਤੇ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਆਪਣਾ ਕਰਮ ਕਰਦਾ ਜਾਏ।
ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜੋ ਸਾਡੇ ਨਾਲ ਵਾਪਰ ਰਿਹਾ ਹੈ ਉਹ ਸਾਡੀ ਉਮੀਦ ਜਾਂ ਕਰਮਾਂ ਅਨੁਸਾਰ ਨਹੀਂ। ਉਸ ਸਮੇਂ ਅਸੀਂ ਬੇਸਬਰੇ ਹੋ ਜਾਂਦੇ ਹਾਂ ਜਾਂ ਸਾਡੇ ਅੰਦਰ ਕੁਝ ਨਿਰਾਸ਼ਾ ਆ ਜਾਂਦੀ ਹੈ। ਇਸ ਸਮੇਂ ਸਾਨੂੰ ਪ੍ਰਮਾਤਮਾ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂਕਿ ਸਾਡੀ ਦ੍ਰਿਸ਼ਟੀ ਐਨੀ ਦੂਰ ਤੱਕ ਨਹੀਂ। ਜਿਹੜੇ ਕੰਮ ਸਾਡੀ ਆਪਣੀ ਮਰਜ਼ੀ ਨਾਲ ਨਹੀਂ ਹੁੰਦੇ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦੇ ਹਨ। ਪ੍ਰਮਾਤਮਾ ਦੂਰ ਦੀ ਸੋਚ ਕੇ ਸਾਡੀ ਭਲਾਈ ਹੀ ਕਰਦਾ ਹੈ। ਉਸ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਅਸੀਂ ਆਪਣੇ ਬੁਰੇ ਵਕਤ ਨੂੰ ਆਪਣੇ ਸਬਰ ਅਤੇ ਮਿਹਨਤ ਨਾਲ ਚੰਗੇ ਵਕਤ ਵਿਚ ਬਦਲ ਸਕਦੇ ਹਾਂ। ਕਈ ਵਾਰੀ ਅਚਾਨਕ ਸਾਨੂੰ ਕੋਈ ਚੀਜ਼ ਆਪਣੇ ਆਪ ਮਿਲ ਜਾਂਦੀ ਹੈ। ਇਸ ਨੂੰ ਕਿਸਮਤ ਕਹਿੰਦੇ ਹਨ ਪਰ ਹਮੇਸ਼ਾਂ ਕਿਸਮਤ ਦੇ ਸਹਾਰੇ ਨਹੀਂ ਰਿਹਾ ਜਾ ਸਕਦਾ। ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਹੀ ਨਹੀਂ, ਜ਼ਿੰਦਗੀਆਂ ਬਦਲ ਜਾਂਦੀਆਂ ਹਨ। ਜ਼ਿੰਦਗੀ ਦੀ ਗੱਡੀ ਤਾਂ ਕਰਮ ਅਤੇ ਕਿਸਮਤ ਦੇ ਸੰਤੁਲਨ ਨਾਲ ਹੀ ਚੱਲਦੀ ਹੈ।
ਅਸੀਂ ਰੋਜ਼ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਦੇ ਹਾਂ। ਕਦੀ ਕਦੀ ਦਿਲ ਦੇ ਸ਼ੀਸ਼ੇ ਵਿਚ ਝਾਤੀ ਮਾਰ ਕੇ ਆਪਣਾ ਕਿਰਦਾਰ ਵੀ ਦੇਖਣਾ ਚਾਹੀਦਾ ਹੈ। ਫਿਰ ਪਤਾ ਲੱਗੇਗਾ ਕਿ ਅਸੀਂ ਕਿੰਨੇ ਕੁ ਧਰਮੀ ਅਤੇ ਰਹਿਮ ਦਿਲ ਹਾਂ ਜਾਂ ਕਿੰਨੇ ਕੁ ਬੇਈਮਾਨ ਅਤੇ ਪਖੰਡੀ ਹਾਂ ਅਸੀਂ ਆਪਣੇ ਚਿਹਰੇ ਤੇ ਮੁਖੋਟਾ ਪਾ ਕੇ ਦੁਨੀਆਂ ਵਿਚ ਵਿਚਰ ਰਹੇ ਹਾਂ। ਜੇ ਹੱਥ ਜੋੜਨ ਨਾਲ ਹੀ ਸਭ ਕੁਝ ਮਿਲ ਜਾਏ ਤਾਂ ਦਸਾਂ ਨਹੁੰਆਂ ਦੀ ਕਮਾਈ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਸਮਤ ਦੇ ਸਹਾਰੇ ਕੇਵਲ ਨਿਠੱਲੇ ਲੋਕ ਹੀ ਬੈਠੇ ਰਹਿੰਦੇ ਹਨ ਅਤੇ ਗ਼ਰੀਬੀ ਭੋਗਦੇ ਹਨ। ਮਨੁੱਖ ਆਪਣੇ ਕਰਮ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਚੰਗੇ ਕੰਮਾਂ ਨਾਲ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਨੂੰ ਅਮੀਰੀ ਵਿਚ ਬਦਲ ਸਕਦਾ ਹੈ।ਇਸ ਤਰ੍ਹਾਂ ਕਮਾਏ ਹੋਏ ਧਨ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੋਹਣੀ ਤਰ੍ਹਾਂ ਪਾਲਣਾ ਕਰ ਸਕਦਾ ਹੈ। ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਬੱਚਿਆਂ ਨੂੰ ਚੰਗੀ ਵਿਦਿਆ, ਪੋਸ਼ਟਿਕ ਖ਼ੁਰਾਕ ਅਤੇ ਚੰਗੇ ਬਸਤਰ ਦੇ ਸਕਦਾ ਹੈ। ਉਹ ਆਪਣੇ ਉੱਚੇ ਸੁਪਨੇ ਪੂਰੇ ਕਰ ਸਕਦਾ ਹੈ। ਉਹ ਆਪਣੇ ਆਲੇ ਦੁਆਲੇ ਇਕ ਸੋਹਣਾ, ਸੁੰਦਰ ਅਤੇ ਖ਼ੁਸ਼ਹਾਲ ਮਾਹੋਲ ਸਿਰਜ ਸਕਦਾ ਹੈ ਅਤੇ ਸਮਾਜ ਵਿਚ ਵੀ ਸਨਮਾਨਿਤ ਸਥਾਨ ਹਾਸਿਲ ਕਰ ਸਕਦਾ ਹੈ। ਜਿੱਥੇ ਕਿਰਤ (ਕਰਮ) ਬਲਵਾਨ ਹੋਵੇ , ਉੱਥੇ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ। ਤੁਹਾਡਾ ਆਉਣ ਵਾਲਾ ਕੱਲ ਇਸ ਗਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰਦੇ ਹੋ। ਦ੍ਰਿੜ ਸੰਕਲਪ ਵਾਲੇ ਲੋਕ ਆਪਣੇ ਫ਼ੈਸਲੇ ਨਾਲ ਦੁਨੀਆਂ ਬਦਲ ਦਿੰਦੇ ਹਨ ਪਰ ਡਰਪੋਕ ਲੋਕ ਦੁਨੀਆਂ ਤੋਂ ਡਰ ਕੇ ਆਪਣੇ ਫ਼ੈਸਲੇ ਬਦਲ ਦਿੰਦੇ ਹਨ। ਭਰੋਸਾ ਕੰਮ ਵਿਚ ਰੱਖੋ, ਕਿਸਮਤ ਵਿਚ ਨਹੀਂ। ਤੁਹਾਡੀ ਕਿਸਮਤ ਭਾਵੇਂ ਤੁਹਾਡਾ ਸਾਥ ਨਾ ਦਏ ਪਰ ਤੁਹਾਡੀ ਕਾਬਲੀਅਤ ਹਰ ਥਾਂ ਤੁਹਾਡਾ ਸਾਥ ਦੇਵੇਗੀ। ਆਓ ਅਸੀਂ ਉੱਦਮੀ ਬਣੀਏ ਅਤੇ ਸਫ਼ਲ ਮਨੁੱਖ ਹੋਣ ਦਾ ਸਬੂਤ ਦਈਏ। ਅਸੀਂ ਵੀ ਆਪਣੇ ਹੱਥਾਂ ਦੀ ਮਿਹਨਤ ਨਾਲ ਆਪਣੇ ਭਵਿੱਖ ਦੀ ਖ਼ੁਸ਼ਹਾਲੀ ਦੇ ਬੰਦ ਦਰਵਾਜ਼ੇ ਖੋਲ੍ਹੀਏ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਈਏ ਅਤੇ ਉੱਜਲੀ ਸਵੇਰ ਦਾ ਆਨੰਦ ਮਾਣੀਏ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਦਿੱਲੀ ਦੀ ਦਹਿਲੀਜ਼ 'ਤੇ - ਗੁਰਸ਼ਰਨ ਸਿੰਘ ਕੁਮਾਰ
ਇਸ ਸਮੇਂ ਕਿਸਾਨ ਅੰਦੋਲਨ ਆਪਣੇ ਸਿਖ਼ਰ'ਤੇ ਹੈ। ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਇਸ ਅੰਦੋਲਨ 'ਤੇ ਲੱਗੀਆਂ ਹੋਈਆਂ ਹਨ। ਦੁਨੀਆਂ ਭਰ ਦੀਆਂ ਸਰਕਾਰਾਂ ਵੀ ਇਸ ਸਮੇਂ ਇਸ ਅੰਦੋਲਨ ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਹ ਅੰਦੋਲਨ ਭਾਰਤ ਸਰਕਾਰ ਦੁਆਰਾ ਤਿੰਨ ਨਵੇਂ ਖੇਤੀ ਕਾਨੂੰਨ ਪਾਸ ਕਰਨ ਦੇ ਵਿਰੋਧ ਵਿਚ ਉਭਰਿਆ ਕਿਉਂਕਿ ਇਹ ਕਾਨੂੰਨ ਕੇਵਲ ਅੰਬਾਨੀ ਅਤੇ ਅਡਾਨੀ ਦੇ ਕਾਰਪੋਰੇਟ ਘਰਾਨਿਆਂਨੂੰ ਲਾਭ ਪਹੁੰਚਾਉਣ ਵਾਲੇ ਹਨ ਤਾਂ ਕਿ ਧਨ ਮਾਲ ਅਤੇ ਬਾਕੀ ਸਾਧਨਾ ਨਾਲ ਇਨਾ੍ਹਂ ਨੇਤਾਵਾਂ ਨੂੰ ਕੁਰਸੀ ਤੇ ਬੈਠੀ ਰੱਖਣ ਵਿਚ ਸਹਾਈ ਹੋਣ। ਇਹ ਕਾਨੂੰਨਾਂ ਨਾਲ ਕਿਸਾਨਾਂ ਦਾ ਭਵਿਖ ਧੁੰਦਲਾ ਹੋ ਜਾਵੇਗਾ। ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਇਕ ਵੱਡੀ ਸਾਜ਼ਿਸ਼ ਹੈ। ਇਨ੍ਹਾਂ ਨਾਲ ਕਿਸਾਨ ਅੰਬਾਨੀ ਅਡਾਨੀ ਦੇ ਬੰਧਕ ਮਜ਼ਦੂਰ ਬਣ ਕੇ ਰਹਿ ਜਾਣਗੇ। ਇਨ੍ਹਾਂ ਕਾਨੂੰਨਾਂ ਨਾਲ ਕੇਵਲ ਕਿਸਾਨਾਂ ਨੂੰ ਹੀ ਨੁਕਸਾਨ ਨਹੀਂ ਪਹੁੰਚੇਗਾ ਸਗੋਂ ਆਮ ਉਪਭੋਗਤਾ ਦੀ ਜ਼ੇਬ ਤੇ ਵੀ ਡਾਕਾ ਪਵੇਗਾ। ਕਾਰਪੋਰੇਟ ਘਰਾਣੇ ਕਿਸਾਨਾਂ ਕੋਲੋਂ ਉਨ੍ਹਾਂ ਦੀ ਉੱਪਜ ਨੂੰ ਸਸਤੇ ਭਾਅ ਖਰੀਦ ਕੇ ਨਜਾਇਜ਼ ਭੰਡਾਰ ਕਰ ਲੈਣਗੇ। ਦੇਸ਼ ਵਿਚ ਅਕਾਲ ਦੀ ਸਥਿਤੀ ਪੈਦਾ ਹੋ ਜਾਵੇਗੀ। ਫਿਰ ਉਹ ਉਹ ਬਲੈਕ ਮਾਰਕੀਟ ਵਿਚ ਮਨਮਰਜ਼ੀ ਦੇ ਮਹਿੰਗੇ ਭਾਅ ਤੇ ਅਨਾਜ ਵੇਚਣਗੇ। ਇਸ ਨਾਲ ਹਰ ਨਾਗਰਿਕ ਪ੍ਰਭਾਵਿਤ ਹੋਵੇਗਾ।
ਕਿਸਾਨ ਅੰਦੋਲਨ ਦੀ ਚਿੰਗਾਰੀ ਸਭ ਤੋਂ ਪਹਿਲਾਂ ਪੰਜਾਬ ਵਿਚ ਉੱਠੀ। ਫਿਰ ਹੌਲੀ ਹੌਲੀ ਇਸ ਨੇ ਸਾਰੇ ਭਾਰਤ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਪੰਜਾਬ ਦੇ ਕਿਸਾਨ ਦੋ ਮਹੀਨੇ ਤੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਪੰਜਾਬ ਵਿਚ ਬੈਠ ਕੇ ਸੰਘਰਸ਼ ਕਰਦੇ ਰਹੇ ਪਰ ਕੇਂਦਰ ਸਰਕਾਰ ਨੇ ਇਸ ਨੂੰ ਅਣਗੋਲਿਆਂ ਕਰੀ ਰੱਖਿਆ। ਹਾਰ ਕੇ ਉਨ੍ਹਾਂ ਨੂੰ ਆਪਣਾ ਰੁਖ ਦਿੱਲੀ ਵੱਲ ਨੂੰ ਮੋੜਣਾ ਪਿਆ। ਹਰਿਆਣਾ ਸਰਕਾਰ ਨੇ ਪੰਜਾਬੀ ਕਿਸਾਨਾਂ ਦਾ ਰਸਤਾ ਰੋਕਣ ਲਈ ਕੰਕਰੀਟ ਦੇ ਬੈਰੀਕੇਟ ਖੜੇ ਕਰ ਦਿੱਤੇ, ਮਿੱਟੀ ਦੇ ਪਹਾੜ ਉਸਾਰ ਦਿੱਤੇ, ਕੰਡਿਆਲੀਆਂ ਤਾਰਾਂ ਦੇ ਜਾਲ ਵਿਛਾ ਦਿੱੇਤੇ, ਸੜਕਾਂ ਤੇ ਡੂੰਘੀਆਂ ਖਾਈਆਂ ਪੁੱਟ ਦਿਤੀਆਂ। ਇਥੇ ਹੀ ਬੱਸ ਨਹੀਂ ਕਿਸਾਨਾਂ 'ਤੇ ਜਲ ਤੋਪਾਂ ਨਾਲ ਹਮਲੇ ਕੀਤੇ ਅਤੇ ਅਥਰੂ ਗੈਸ ਦੇ ਗੋਲੇ ਵਰਸਾਏ ਪਰ ਕਿਸਾਨ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਭ ਰੁਕਾਵਟਾਂ ਤੋੜਦੇ ਹੋਏ ਦਿੱਲੀ ਦੀਆਂ ਦਹਿਲੀਜ਼ਾਂ ਤੇ ਜਾ ਮੋਰਚੇ ਗੱਡੇ। ਹਰਿਆਣਾ ਦੇ ਕਿਸਾਨਾਂ ਨੇ ਵੀ ਬਹੁਤ ਸਾਥ ਦਿੱਤਾ। ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਕਿ ਸ਼ਾਂਤਮਈ ਅੰਦੋਲਨ ਕਰਨ ਦਾ ਕਿਸਾਨਾਂ ਨੂੰ ਪੂਰਾ ਹੱਕ ਹੈ ਪਰ ਖੱਟੜ ਸਰਕਾਰ ਨੇ ਹਰਿਆਣਾ ਵਿਚ ਇੰਜ ਕੀਤਾ ਹੈ ਜਿਵੇਂ ਕਿਸੇ ਦੁਸ਼ਮਣ ਦੇਸ਼ ਨਾਲ ਯੁੱਧ ਹੋ ਰਿਹਾ ਹੋਵੇ।
ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਦਿਖਾਵੇ ਦੀਆਂ ਮੀਟਿੰਗਾਂ ਕਰਕੇ ਅਤੇ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾ ਕਰ ਕੇ ਕਿਸਾਨਾਂ ਦੇ ਅੰਦੋਲਨ ਨੂੰ ਢਾਅ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੰਦੋਲਨ ਦਿਨ ਬਦਿਨ ਹੋਰ ਭਖਦਾ ਹੀ ਗਿਆ। ਹੁਣ ਤੱਕ ਕਰੀਬ 50 ਤੋਂ ਉਪਰ ਕਿਸਾਨ ਇਸ ਸੰਘਰਸ਼ ਵਿਚ ਸ਼ਹੀਦ ਹੋ ਚੁੱਕੇ ਹਨ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਨਾਂ ਦਾ ਅਟੱਲ ਨਿਸਚਾ ਹੈ ਕਿ ਹਰ ਹਾਲਾਤ ਵਿਚ ਇਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾ ਕਿ ਹੀ ਘਰਾਂ ਨੂੰ ਵਾਪਸ ਜਾਣਾ ਹੈ। ਅੱਜ ਕਿਸਾਨਾਂ ਨੇ ਦਿੱਲੀ ਦੇ ਸਾਰੇ ਬਾਰਡਰਾਂ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ।ਇਸ ਤੋਂ ਇਲਾਵਾ ਕਿਸਾਨ ਟੋਲਪਲਾਜਿਆਂ, ਭਾਜਪਾ ਆਗੂਆਂ ਦੇ ਘਰਾਂ ਅਤੇ ਅੰਬਾਨੀ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਤੇ ਵੀ ਧਰਨੇ ਦੇ ਰਹੇ ਹਨ। ਜਿਸ ਤੋਂ ਉਨ੍ਹਾਂ ਦੇ ਇਨ੍ਹਾਂ ਕਾਨੂੰਨਾਂ ਖਿਲਾਫ ਰੋਹ ਦਾ ਪਤਾ ਲੱਗਦਾ ਹੈ।
ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਮਹਾਂਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾ ਖੰਡ ਅਤੇ ਹੋਰ ਸਭ ਸੂਬਿਆਂ ਦੇ ਸਭ ਕਿਸਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ। ਲੱਖਾਂ ਲੋਕ ਰੋਜ਼ਾਨਾਂ ਇਨ੍ਹਾਂ ਮੋਰਚਿਆਂ ਤੇ ਆ ਕਿ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। ਕਿਸਾਨ ਕਹਿਰ ਦੀ ਠੰਢ ਵਿਚ ਵੀ ਪੱਕੇ ਇਰਾਦੇ ਨਾਲ ਮੋਰਚੇ ਤੇ ਡਟੇ ਹੋਏ ਹਨ। ਇਹ ਪਹਿਲੀ ਵਾਰੀ ਦੇਖਣ ਵਿਚ ਆਇਆ ਹੈ ਕਿ ਲੱਖਾਂ ਲੋਕਾਂ ਦਾ ਇਕੱਠ ਹੋਵੇ ਅਤੇ ਐਨਾਂ ਸਬਰ ਹੋਵੇ। ਅੰਦੋਲਨਕਾਰੀਆਂ ਨੇ ਕਿਸੇ ਸਰਕਾਰੀ ਜਾਂ ਗ਼ੈਰਸਰਕਾਰੀ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਸਭ ਸਮਾਜਸੇਵੀ ਸੰਸਥਾਵਾਂ, ਜਾਗਦੀਆਂ ਜ਼ਮੀਰਾਂ ਵਾਲੇ ਮਜ਼ਦੂਰ, ਵਪਾਰੀ, ਕਰਮਚਾਰੀ, ਵਕੀਲ, ਲੇਖਕ ਅਤੇ ਕਲਾਕਾਰ ਕਿਸਾਨਾਂ ਦਾ ਸਾਥ ਦੇ ਰਹੇ ਹਨ।ਸਰਕਾਰ ਅੰਦੋਲਨ ਨੂੰ ਲਟਕਾਉਣ ਦੇ ਮੂਡ ਵਿਚੇ ਤਾਂ ਕਿ ਕਿਸਾਨ ਆਪੇ ਹੀ ਅੱਕ ਕੇ ਅਤੇ ਥੱਕ ਕੇ ਘਰਾਂ ਨੂੰ ਵਾਪਸ ਚਲੇ ਜਾਣ।
ਸਰਕਾਰ ਕਹਿੰਦੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹੈ ਪਰ ਕਿਸਾਨਾਂ ਨੂੰ ਇਨ੍ਹਾਂ ਵਿਚ ਆਪਣੀ ਬਰਬਾਦੀ ਨਜ਼ਰ ਆਉਂਦੀ ਹੈ। ਇਸ ਲਈ ਉਹ ਕਹਿੰਦੇ ਹਨ ਕਿ ਜਦ ਅਸੀ ਸਰਕਾਰ ਤੋਂ ਇਹ ਕਾਨੂੰਨ ਮੰਗੇ ਹੀ ਨਹੀਂ ਤਾਂ ਫਿਰ ਇਹ ਸਾਡੇ ਤੇ ਜਬਰਦਸਤੀ ਕਿਉਂ ਠੋਸੇ ਜਾ ਰਹੇ ਹਨ?
ਸਰਕਾਰ ਇਹ ਤਾਂ ਮੰਨਦੀ ਹੈ ਕਿ ਇਨ੍ਹਾਂ ਬਹੁਤ ਊਨਤਾਈਆਂ ਰਹਿ ਗਈਆਂ ਹਨ ਅਤੇ ਉਹ ਇਨ੍ਹਾਂ ਨੂੰ ਦੂਰ ਕਰਨ ਲਈ ਵੀ ਤਿਆਰ ਹੈ ਪਰ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ। ਉੱਧਰ ਕਿਸਾਨਾਂ ਦੇ ਇਰਾਦੇ ਵੀ ਚੱਟਾਨ ਦੀ ਤਰ੍ਹਾਂ ਮਜ਼ਬੂਤ ਹਨ। ਉਹ ਜਿੱਤ ਦਾ ਨਿਸ਼ਾਨਾ ਲੈ ਕੇ ਹੀ ਘਰੋਂ ਨਿਕਲੇ ਹਨ। ਦੋਵੇਂ ਧਿਰਾਂ ਆਪਣੇ ਆਪਣੇ ਸਟੈਂਡ ਤੇ ਅੜੀਆਂ ਹੋਈਆਂ ਹਨ ਫਿਰ ਹੱਲ ਕਿਵੇਂ ਨਿਕਲੇ? ਕਿਸਾਨਾਂ ਲਈ ਤਾਂ ਇਹ ਜ਼ਿੰਦਗੀ ਮੌਤ ਦਾ ਸੁਆਲ ਹੈ। ਉਹ ਕੋਈ ਵਪਾਰੀ ਨਹੀਂ। ਜ਼ਮੀਨ ਉਨ੍ਹਾਂ ਨੂੰ ਪੁਰਖਿਆਂ ਤੋਂ ਵਿਰਸੇ ਵਿਚ ਮਿਲੀ ਹੈ।ਇਸ ਤੋਂ ਹੀ ਉਨ੍ਹਾਂ ਦੇ ਟੱਬਰ ਪਲਦੇ ਹਨ। ਜ਼ਮੀਨ ਕਿਸਾਨ ਦੀ ਮਾਂ ਹੈ। ਫਿਰ ਕਿਸਾਨ ਇਸ ਨੂੰ ਆਪਣੇ ਜਿਉਂਦੇ ਜੀਅ ਕਿਸੇ ਦੇ ਹਵਾਲੇ ਕਿਵੇਂ ਕਰ ਦੇਣ? ਅੱਜ ਦਾ ਕਿਸਾਨ ਪੜ੍ਹਿਆ ਲਿਖਿਆ, ਜਾਗਰੂਕ ਅਤੇ ਜੱਥੇ-ਬੰਧਕ ਹੈ। ਉਹ ਸਰਕਾਰ ਦੀਆਂ ਕੁਟਿਲ ਚਾਲਾਂ ਨੂੰ ਭਲੀਭਾਂਤ ਸਮਜਦਾ ਹੈ। ਇੱਥੇ ਸਰਕਾਰ ਦੀ ਸਮੱਸਿਆ ਇਹ ਨਹੀਂ ਕਿ ਕਿਸਾਨ ਨੂੰ ਇਨਾ੍ਹਂ ਬਿਲਾਂ ਦੀ ਸਮਝ ਨਹੀਂ ਆਈ ਸਗੋਂ ਸਮੱਸਿਆ ਇਹ ਹੈ ਕਿ ਕਿਸਾਨ ਨੂੰ ਇਨ੍ਹਾਂ ਬਿਲਾਂ ਦੀ ਸਮਝ ਆ ਕਿਵੇਂ ਗਈ?
ਕਿਸਾਨ ਹੱਕ ਸੱਚ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਦਾ ਇਹ ਅੰਦੋਲਨ ਗ਼ੈਰ ਰਾਜਨੀਤਕ ਹੈ। ਇਸ ਲਈ ਉਨ੍ਹਾਂ ਨੇ ਆਪਣੀ ਸਟੇਜ਼ ਤੋਂ ਕਿਸੇ ਰਾਜਨੀਤਕ ਦਲ ਨੂੰ ਨੇੜੇ ਨਹੀਂ ਢੁਕਣ ਦਿੱਤਾ।ਸਭ ਰਾਜਨੀਤਕ ਦਲ ਵੀ ਕਿਸਾਨਾਂ ਦੀ ਹਮਾਇਤ ਤੇ ਖੜੇ ਹਨ ਕਿਉਂਕਿ ਉਨਾਂ ਨੂੰ ਚਾਨਣ ਹੈ ਕਿ ਜੇ ਇਸ ਸਮੇਂ ਕਿਸਾਨਾਂ ਦੇ ਨਾਲ ਨਾ ਖੜੇ ਤਾਂ ਉਨ੍ਹਾਂ ਦਾ ਭਵਿਖ ਧੁੰਦਲਾ ਹੈ।
ਇਸ ਅੰਦੋਲਨ ਦੀ ਵਾਗਡੋਰ ਪੰਜਾਬੀਆਂ ਨੇ ਸੰਭਾਲੀ ਹੈ। ਉਨ੍ਹਾਂ ਦੀ ਸੁਚੱਜੀ ਅਗਵਾਈ ਅਤੇ ਸਿਆਣਪ ਸਦਕਾ ਹੁਣ ਇਹ ਅੰਦੋਲਨ ਕੇਵਲ ਸਾਰੇ ਮੁਲਕ ਵਿਚ ਹੀ ਨਹੀਂ ਫੈਲ ਗਿਆ ਸਗੋਂ ਦੁਨੀਆਂ ਭਰ ਦੇ ਲੋਕ ਇਸ ਦੀ ਹਮਾਇਤ ਕਰ ਰਹੇ ਹਨ। ਇਖਲਾਕੀ ਤੋਰ ਤੇ ਕਿਸਾਨ ਇਸ ਸੰਘਰਸ਼ ਵਿਚ ਕਾਮਯਾਬ ਹੋ ਚੁੱਕੇ ਹਨ। ਸਰਕਾਰ ਨੂੰ ਨਮੋਸ਼ੀ ਵਿਚ ਮੂੰਹ ਛੁਪਾਉਣ ਲਈ ਜਗ੍ਹਾ ਨਹੀਂ ਮਿਲ ਰਹੀ।
ਕਿਸਾਨ ਅੰਦੋਲਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵਿਚ ਲੋਕਤੰਤਰ ਕੇਵਲ ਰਸਮ ਬਣ ਕੇ ਹੀ ਰਹਿ ਗਿਆ ਹੈ। ਹੁਣ ਲੋਕਾਂ ਨੂੰ ਭੇਡਾਂ ਦੀ ਤਰ੍ਹਾਂ ਕਾਨੂੰਨ ਦੇ ਡੰਡੇ ਨਾਲ ਨਹੀਂ ਡਰਾਇਆ ਜਾ ਸਕਦਾ। ਚੋਣਾਂ ਜਿੱਤ ਲੈਣ ਦਾ ਅਰਥ ਇਹ ਨਹੀਂ ਕਿ ਸਰਕਾਰ ਨੂੰ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਣ ਦੀ ਖੁੱਲ੍ਹ ਮਿਲ ਗਈ। ਜੇ ਸਰਕਾਰ ਦੇ ਕੰਮ ਲੋਕ ਰਾਇ ਜਾਂ ਲੋਕ ਹਿੱਤ ਵਿਚ ਨਾ ਹੋਣ ਤਾਂ ਲੋਕ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਲਈ ਮਜ਼ਬੂਰ ਵੀ ਕਰ ਸਕਦੇ ਹਨ। ਸਰਕਾਰ ਪੁਲਿਸ ਅਤੇ ਫੌਜ ਦੇ ਬਲ ਤੇ ਲੋਕ ਰਾਇ ਨੂੰ ਸਦਾ ਲਈ ਦਬਾ ਨਹੀਂ ਸਕਦੀ।
ਕਿਸਾਨ ਮੋਰਚੇ ਦਾ ਨਤੀਜਾ ਅੰਤ ਵਿਚ ਕੀ ਨਿਕਲੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਤਾਂ ਸਪਸ਼ਟ ਹੈ ਕਿ ਇਸ ਨਵੇਂ ਦਿਸਹੱਦਿਆਂ ਨੂੰ ਛੁਹਿਆ ਹੈ। ਇਸ ਸ਼ਾਂਤਮਈ ਅੰਦੋਲਨ ਦਾ ਦੁਨੀਆਂ ਵਿਚ ਇਕ ਬੇਮਿਸਾਲ ਨਜ਼ਾਰਾ ਹੈ। ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਹੈ। ਇਸ ਅੰਦੋਲਨ ਨੇ ਧਰਮ, ਜਾਤਪਾਤ, ਰੰਗ ਭੇਦ, ਲਿੰਗ ਭੇਦ, ਸਟੇਟ ਹੁੱਡ, ਅਮੀਰ ਗ਼ਰੀਬ ਅਤੇ ਉਮਰਾਂ ਦੇ ਫਾਸਲੇ ਨੂੰ ਮਿਟਾ ਕੇ ਇਕ ਕਰ ਦਿੱਤਾ ਹੈ ਅਤੇ ਸਭ ਵਿਚ ਪ੍ਰੇਮ ਭਾਵ, ਸੇਵਾ ਭਾਵ ਅਤੇ ਇਤਫਾਕ ਪੈਦਾ ਕੀਤਾ ਹੈ।ਇਸ ਨੇ ਨਿਰਬਲ ਨੂੰ ਬਲ ਬਖਸ਼ਿਆ ਹੈ। ਕਿਸਾਨ ਅੰਦੋਲਨ ਇਕ ਨਵਾਂ ਇਤਿਹਾਸ ਸਿਰਜ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਲਈ ਨਵੀਂਆਂ ਪੈੜਾਂ ਪਾ ਰਿਹਾ ਹੈ।
ਜੇ ਕੋਈ ਗ਼ਲਤੀ ਹੋ ਜਾਵੇ ਤਾਂ ਉਸ ਨੂੰ ਸੁਧਾਰਨ ਵਿਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਸਮੇਂ ਜਨਤਾ ਵਿਚ ਇਨ੍ਹਾਂ ਤਿੰਨ ਖੇਤੀ ਬਿਲਾਂ ਦੇ ਖਿਲਾਫ ਅਸੰਤੋਸ਼ ਵਧ ਰਿਹਾ ਹੈ। ਦੇਸ਼ ਦੀ ਸਾਖ ਅੰਤਰ-ਰਾਸ਼ਟਰੀ ਪੱਧਰ ਤੇ ਗਿਰ ਰਹੀ ਹੈ। ਸਰਕਾਰ ਆਪਣੀ ਹਠ-ਧਰਮੀ ਛੱਡੇ ਅਤੇ ਸਿਆਣਪ ਤੋਂ ਕੰਮ ਲਏ। ਲੋਕਾਂ ਦੇ ਸਬਰ ਨੂੰ ਹੋਰ ਨਾ ਅਜ਼ਮਾਇਆ ਜਾਵੇ ਅਤੇ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਲੋਕਾਂ ਵਿਚ ਆਪਣਾ ਭਰੋਸਾ ਮੁੜ ਤੋਂ ਕਾਇਮ ਕੀਤਾ ਜਾਏ ਅਤੇ ਦੇਸ਼ ਵਿਚ ਸ਼ਾਂਤੀ ਕਾਇਮ ਕੀਤੀ ਜਾਏ।
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਕਾਰ-ਵਿਉਹਾਰ ਅਤੇ ਸੇਵਾ - ਗੁਰਸ਼ਰਨ ਸਿੰਘ ਕੁਮਾਰ
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਮਨੁੱਖ ਇਸ ਦੁਨੀਆਂ 'ਤੇ ਇਕੱਲਾ ਹੀ ਆਉਂਦਾ ਹੈ ਅਤੇ ਇਕੱਲਾ ਹੀ ਇੱਥੋਂ ਰੁਖ਼ਸਤ ਹੁੰਦਾ ਹੈ। ਪਰ ਉਸਨੇ ਇੱਥੇ ਰਹਿਣਾ ਇਕੱਲੇ ਨਹੀਂ ਕਿਉਂਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਉਹ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਅਸੀਂ ਸਾਰਿਆਂ ਨੇ ਇੱਥੇ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਹੈ। ਅਸੀਂ ਇਕ ਦੂਸਰੇ ਨੂੰ ਖ਼ੁਸ਼ੀਆਂ ਵੰਡਣੀਆਂ ਹਨ ਤਾਂ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਸੁਹਾਣਾ ਹੋ ਸੱਕੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਿਸ਼ਤੇ ਕੇਵਲ ਬਰਾਬਰ ਦੇ ਧਰਾਤਲ 'ਤੇ ਹੀ ਸੋਹਣੇ ਨਿਭਦੇ ਹਨ ਪਰ ਅਜਿਹੇ ਰਿਸ਼ਤੇ ਨਿਭਾਉਂਦੇ ਸਮੇਂ ਮਨ ਵਿਚ ਇਕ ਦੂਜੇ ਲਈ ਪਿਆਰ ਅਤੇ ਸਤਿਕਾਰ ਰੱਖਦੇ ਹੋਏ ਤਿਆਗ ਦੀ ਭਾਵਨਾ ਜ਼ਰੂਰ ਮਨ ਵਿਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਸਮਾਜਿਕ ਰਿਸ਼ਤਿਆਂ ਦਾ ਨਿੱਘ ਕਾਇਮ ਰਹਿੰਦਾ ਹੈ। ਦੂਜੇ ਨੂੰ ਇੱਜ਼ਤ ਦੇਣ ਨਾਲ ਹੀ ਸਾਨੂੰ ਆਪ ਨੂੰ ਇੱਜ਼ਤ ਮਿਲਦੀ ਹੈ। ਪਿਆਰ ਬਦਲੇ ਹੀ ਪਿਆਰ ਮਿਲਦਾ ਹੈ। ਇਹ ਕਦੀ ਨਹੀਂ ਹੋ ਸੱਕਦਾ ਕਿ ਅਸੀਂ ਦੂਸਰੇ ਨੂੰ ਨਫ਼ਰਤ ਕਰੀਏ ਅਤੇ ਉਹ ਸਾਨੂੰ ਬਦਲੇ ਵਿਚ ਪਿਆਰ ਦੇਵੇ। ਦੁਨੀਆਂ ਖੂਹ ਦੀ ਆਵਾਜ਼ ਹੈ। ਜੈਸੀ ਆਵਾਜ਼ ਅਸੀਂ ਆਪਣੇ ਮੂੰਹ ਵਿਚੋਂ ਕੱਢਾਂਗੇ ਵੈਸੀ ਆਵਾਜ਼ ਹੀ ਪਰਤ ਕੇ ਸਾਡੇ ਕੋਲ ਆਵੇਗੀ। ਇਸੇ ਲਈ ਕਹਿੰਦੇ ਹਨ ਕਿ ਹਰ ਕੰਮ ਦਾ ਨਤੀਜਾ ਉਸ ਦੇ ਬਰਾਬਰ ਵਾਪਸ ਮਿਲਦਾ ਹੈ (To every action, there is always an equal and opposite reaction) ਭਾਵ ਜੈਸਾ ਅਸੀਂ ਬੀਜਾਂਗੇ ਵੈਸਾ ਹੀ ਵੱਢਾਂਗੇ। ਜੇ ਕਿਸੇ ਨਾਲ ਬਰਾਬਰ ਦਾ ਹਿਸਾਬ ਨਾ ਰੱਖਿਆ ਜਾਏ ਤਾਂ ਮਨ ਕਟੋਚਦਾ ਰਹਿੰਦਾ ਹੈ। ਜੇ ਕਿਸੇ ਕੋਲੋਂ ਕੁਝ ਲੈਂਦੇ ਹੀ ਜਾਈਏ ਅਤੇ ਇਵਜ਼ਾਨੇ ਵਿਚ ਉਸ ਨੂੰ ਨਾ ਕੁਝ ਮੋੜੀਏ ਅਤੇ ਨਾ ਹੀ ਉਸ ਦਾ ਕੁਝ ਸਵਾਰੀਏ ਤਾਂ ਉਸ ਦਾ ਸਾਡੇ ਸਿਰ ਇਕ ਕਿਸਮ ਦਾ ਕਰਜ਼ਾ ਹੀ ਹੁੰਦਾ ਹੈ। ਕਰਜ਼ਈ ਬੰਦਾ ਕਦੀ ਵੀ ਸਿਰ ਉਠਾ ਕੇ ਅਣਖ ਨਾਲ ਨਹੀਂ ਜੀਅ ਸੱਕਦਾ। ਇਸ ਲਈ ਸਦਾ ਆਪਣੀ ਹੱਦ ਵਿਚ ਹੀ ਰਹਿਣਾ ਚਾਹੀਦਾ ਹੈ। ਆਪਣੀ ਔਕਾਤ ਕਦੀ ਨਹੀਂ ਭੁੱਲਣੀ ਚਾਹੀਦੀ।
ਜੇ ਤੁਸੀਂ ਕਿਸੇ ਕੋਲੋਂ ਕਿਸੇ ਕਿਸਮ ਦੀ ਕੋਈ ਮਦਦ ਵੀ ਲੈਂਦੇ ਹੋ ਤਾਂ ਤੁਹਾਨੂੰ ਉਸ ਦਾ ਮੁੱਲ (ਪੈਸਾ ਨਾ ਸਹੀ) ਕਿਸੇ ਨਾ ਕਿਸੇ ਰੂਪ ਵਿਚ ਚੁਕਾਉਣਾ ਹੀ ਪੈਂਦਾ ਹੈ। ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਕੁਝ ਗੁਵਾਉਣਾ ਹੀ ਪੈਂਦਾ ਹੈ। ਅਸੀਂ ਹਮੇਸ਼ਾਂ ਚਾਹੁੰਦੇ ਹਾਂ ਕਿ ਅਸੀਂ ਉਸ ਨਾਲ ਵਰਤੀਏ ਜਿਸ ਵਿਚ ਕੋਈ ਕਮੀ ਨਾ ਹੋਵੇ ਪਰ ਸਾਡੇ ਖ਼ੁਦ ਵਿਚ ਕਈ ਕਮੀਆਂ ਹੋਣਗੀਆਂ ਜਿੰਨਾਂ ਨੂੰ ਦੂਜੇ ਲੋਕ ਬਰਦਾਸ਼ਤ ਕਰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਬਰਦਾਸ਼ਤ ਕਰਨਾ ਪਵੇਗਾ ਤਾਂ ਹੀ ਰਿਸ਼ਤੇ ਸੋਹਣੇ ਨਿਭਣਗੇ।
ਜ਼ਿੰਦਗੀ ਵਿਚ ਹਰ ਚੀਜ਼ ਮੁੱਲ ਮਿਲਦੀ ਹੈ। ਇਕ ਹੱਥ ਲੈ ਅਤੇ ਦੂਜੇ ਹੱਥ ਦੇ। ਇੱਥੇ ਪਾਸਕੂ ਬਿਲਕੁਲ ਵੀ ਨਹੀਂ ਚੱਲਦਾ। ਚੰਗੇ ਦਿਨ ਲਿਆਉਣ ਲਈ ਪਹਿਲਾਂ ਮਾੜੇ ਦਿਨਾਂ ਨਾਲ ਲੜ੍ਹਨਾ ਪੈਂਦਾ ਹੈ। ਕਰਮ ਨਾਲ ਹੀ ਕਿਸਮਤ ਬਣਦੀ ਹੈ।ਇਕ ਸਖ਼ਤ ਕਿਰਿਆ ਵਿਚੋਂ ਗੁਜ਼ਰਨ ਤੋਂ ਬਾਅਦ ਹੀ ਕਿਸੇ ਚੀਜ਼ ਦਾ ਮੁੱਲ ਪੈਂਦਾ ਹੈ। ਹੀਰਾ ਤਰਾਸ਼ੇ ਜਾਣ ਦੀ ਪਰਕਿਰਿਆ 'ਚੋਂ ਨਿਕਲਣ ਤੋਂ ਬਾਅਦ ਹੀ ਚਮਕਦਾ ਹੈ। ਤਾਂ ਹੀ ਉਹ ਕਿਸੇ ਰਾਜੇ ਦੇ ਮੁਕਟ ਵਿਚ ਮੜ੍ਹਿਆ ਜਾਂਦਾ ਹੈ ਜਾਂ ਕਿਸੇ ਹਸੀਨਾ ਦੇ ਗਲੇ ਦੇ ਹਾਰ ਦਾ ਸ਼ਿੰਗਾਰ ਬਣਦਾ ਹੈ। ਜ਼ਿੰਦਗੀ ਦੋ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਹਿਸਾਬ ਕਿਤਾਬ ਬਿਲਕੁਲ ਬਰਾਬਰ ਰੱਖਣਾ ਪੈਂਦਾ ਹੈ। ਇਹ ਗੱਲ ਸਾਨੂੰ ਜ਼ਿੰਦਗੀ ਦੀਆਂ ਨਿੱਤ ਵਾਪਰਨ ਵਾਲੀਆਂ ਗੱਲਾਂ ਤੋਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਮਿਹਨਤ ਤੋਂ ਬਿਨਾਂ ਤਾਂ ਕਿਸੇ ਜੀਵ ਨੂੰ ਭੋਜਨ ਵੀ ਪ੍ਰਾਪਤ ਨਹੀਂ ਹੁੰਦਾ। ਹਰ ਜੀਵ ਨੂੰ ਸਖ਼ਤ ਮਿਹਨਤ ਕਰਨ ਤੋਂ ਬਾਅਦ ਹੀ ਭੋਜਨ ਪ੍ਰਾਪਤ ਹੁੰਦਾ ਹੈ।
ਪੰਛੀ ਬੜੀ ਮੁਸ਼ਕਲ ਨਾਲ ਤਿਨਕਾ ਤਿਨਕਾ ਚੁਣ ਕੇ ਇਕ ਸ਼ਿਲਪਕਾਰ ਦੀ ਤਰ੍ਹਾਂ ਆਪਣਾ ਆਲ੍ਹਣਾ ਬਣਾਉਂਦੇ ਹਨ ਤਾਂ ਹੀ ਉਨ੍ਹਾਂ ਨੂੰ ਦੂਜੇ ਤਕੜੇ ਪੰਛੀਆਂ ਅਤੇ ਹਨੇਰੀ ਤੁਫ਼ਾਨ ਤੋਂ ਬਚਣ ਲਈ ਇਕ ਸੁਰੱਖਿਅਤ ਘਰ ਮਿਲਦਾ ਹੈ। ਜਿੱਥੇ ਉਹ ਆਂਡੇ ਦਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਪਾਲਦੇ ਹਨ। ਇਕ ਕਿਸਾਨ ਵੀ ਫਸਲ ਉਗਾਉਣ ਲਈ ਸਖ਼ਤ ਮਿਹਨਤ ਕਰਦਾ ਹੈ। ਉਹ ਪਹਿਲਾਂ ਜ਼ਮੀਨ ਵਿਚ ਹੱਲ ਵਾਹੁੰਦਾ ਹੈ, ਫਿਰ ਬੀਜ ਬੀਜਦਾ ਹੈ, ਫਿਰ ਪਾਣੀ ਅਤੇ ਖਾਦ ਪਾਉਂਦਾ ਹੈ। ਫਿਰ ਲੰਮੇ ਸਮੇਂ ਲਈ ਆਪਣੀ ਫਸਲ ਦੀ ਰਾਖੀ ਕਰਦਾ ਹੈ ਤਾਂ ਜਾਕੇ ਉਸ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਇਸੇ ਤਰ੍ਹਾਂ ਇਕ ਮਜ਼ਦੂਰ ਨੂੰ ਸਾਰੀ ਦਿਹਾੜੀ ਮੁਸ਼ੱਕਤ ਕਰਨ ਤੋਂ ਬਾਅਦ ਹੀ ਦਿਹਾੜੀ ਮਿਲਦੀ ਹੈ। ਤਾਂ ਹੀ ਉਸ ਦਾ ਚੁਲ੍ਹਾ ਬਲਦਾ ਹੈ ਅਤੇ ਟੱਬਰ ਪਲਦਾ ਹੈ। ਕਿਸੇ ਮੁਲਾਜ਼ਮ ਨੂੰ ਸਾਰਾ ਮਹੀਨਾ ਕੰਮ ਕਰਨ ਤੋਂ ਬਾਅਦ ਹੀ ਤਨਖਾਹ ਮਿਲਦੀ ਹੈ। ਇਕ ਦੁਕਾਨਦਾਰ ਵੀ ਪਹਿਲਾਂ ਆਪਣੇ ਪੱਲਿਉਂ ਪੂੰਜੀ ਲਾਉਂਦਾ ਹੈ। ਮਾਲ ਖ਼ਰੀਦਦਾ ਹੈ ਫਿਰ ਦੁਕਾਨ ਦਾ ਕਿਰਾਇਆ, ਢੋਆ ਢੁਆਈ ਦਾ ਖ਼ਰਚਾ, ਨੌਕਰਾਂ ਦੀ ਤਨਖਾਹ, ਆਪਣੀ ਮਿਹਨਤ ਅਤੇ ਸਰਕਾਰੀ ਟੈਕਸਾਂ ਦੇ ਭੁਗਤਾਨ ਤੋਂ ਬਾਅਦ ਹੀ ਉਸ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਗੱਡੀ ਅੱਗੇ ਤੁਰਦੀ ਹੈ।
ਉਪਰਲੀਆਂ ਉਦਾਹਰਣਾ ਤੋਂ ਸਪਸ਼ਟ ਹੈ ਕਿ ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਕੁਝ ਗੁਵਾਉਣਾ ਵੀ ਪੈਂਦਾ ਹੈ। ਕੁਝ ਕੁਰਬਾਨੀ ਵੀ ਕਰਨੀ ਪੈਂਦੀ ਹੈ। ਜ਼ਿੰਦਗੀ ਵਿਚ ਨਾਮ ਕਮਾਉਣ ਤੋਂ ਪਹਿਲਾਂ ਵੀ ਬਹੁਤ ਸਖ਼ਤ ਘਾਲਣਾ ਘਾਲਨੀ ਪੈਂਦੀ ਹੈ। ਮਨੁੱਖ ਨੂੰ ਮਿਹਨਤ ਤੋਂ ਬਾਅਦ ਹੀ ਸਫ਼ਲਤਾ ਮਿਲਦੀ ਹੈ। ਅੱਜ ਕੱਲ ਵਿਦਿਆ ਤੋਂ ਬਿਨਾ ਬੰਦਾ ਅਧੂਰਾ ਹੀ ਹੈ। ਕੋਈ ਵਿਦਿਆਰਥੀ ਸਾਰਾ ਸਾਲ ਸਖ਼ਤ ਮਿਹਨਤ ਤੋਂ ਬਾਅਦ ਹੀ ਇਮਤਿਹਾਨ ਵਿਚੋਂ ਪਾਸ ਹੁੰਦਾ ਹੈ। ਕੋਈ ਖਿਡਾਰੀ ਲੰਮੇ ਅਭਿਆਸ ਤੋਂ ਬਾਅਦ ਹੀ ਹੀਰੋ ਬਣ ਕੇ ਉਭਰਦਾ ਹੈ।
ਕਿਸੇ ਅੰਦਰ ਜੋ ਗੁਣ ਹੈ ਉਸ ਨੂੰ ਵੀ ਬਾਹਰ ਕੱਢ ਕੇ ਨਿਖਾਰਨ ਲਈ ਸਖ਼ਤ ਮਿਹਨਤ ਅਤੇ ਅਭਿਆਸ ਦੀ ਲੋੜ ਹੈ। ਬੁੱਤ ਤਰਾਸ਼, ਚਿੱਤਰਕਾਰ ਅਤੇ ਸਾਹਿਤਕਾਰ ਵੀ ਜਦ ਲਗਾਤਾਰ ਆਪਣੀ ਕਲਾ ਵਿਚ ਖੂਭੇ ਰਹਿੰਦੇ ਹਨ ਤਾਂ ਹੀ ਉਹ ਆਪਣਾ ਸ਼ਾਹਕਾਰ ਬਣਾ ਪਾਉਂਦੇ ਹਨ। ਸਾਇੰਸਦਾਨ ਸਾਰੀ ਉਮਰ ਤਜਰਬੇ ਕਰਦੇ ਰਹਿੰਦੇ ਹਨ । ਉਨ੍ਹਾਂ ਨੂੰ ਦਿਨ ਰਾਤ ਦੀ ਜਾਂ ਖਾਣ ਪੀਣ ਦੀ ਸੁੱਧ ਬੁੱਧ ਨਹੀਂ ਰਹਿੰਦੀ ਤਾਂ ਹੀ ਕਿਧਰੇ ਉਹ ਕੋਈ ਨਵੀਂ ਕਾਢ ਕੱਢ ਪਾਉਂਦੇ ਹਨ ਅਤੇ ਦੁਨੀਆਂ ਵਿਚ ਉਨ੍ਹਾਂ ਦਾ ਨਾਮ ਹੁੰਦਾ ਹੈ। ਇਕ ਦਾਣਾ ਵੀ ਪਹਿਲਾਂ ਮਿੱਟੀ ਵਿਚ ਫ਼ਨਾਹ ਹੁੰਦਾ ਹੈ ਤਾਂ ਹੀ ਉਹ ਇਕ ਨਵੇਂ ਪੌਧੇ ਦੇ ਰੂਪ ਵਿਚ ਨਵਾਂ ਜਨਮ ਲੈਂਦਾ ਹੈ ਅਤੇ ਉਸ ਨੂੰ ਫੁੱਲ ਪੈਂਦੇ ਹਨ। ਜ਼ਾਹਿਰ ਹੈ ਕਿ ਜ਼ਿੰਦਗੀ ਵਿਚ ਕੁਝ ਲੈਣ ਤੋਂ ਪਹਿਲਾਂ ਕੁਝ ਦੇਣਾ ਵੀ ਪੈਂਦਾ ਹੈ। ਕੁਝ ਹਾਸਿਲ ਕਰਨ ਤੋਂ ਪਹਿਲਾਂ ਕੁਝ ਗੁਵਾਉਣਾ ਵੀ ਪੈਂਦਾ ਹੈ।
ਆਪਣੇ ਬੱਚਿਆਂ ਨੂੰ ਅਮੀਰ ਹੋਣਾ ਨਾ ਸਿਖਾਓ। ਉਨ੍ਹਾਂ ਨੂੰ ਖ਼ੁਸ਼ ਰਹਿਣਾ ਸਿਖਾਓ ਤਾਂ ਕਿ ਜਦ ਉਹ ਵੱਡੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਵਸਤੂ ਦੇ ਉਪਯੋਗ ਦਾ ਪਤਾ ਲੱਗੇ ਨਾ ਕਿ ਉਸ ਦੀ ਕੀਮਤ ਦਾ। ਸਫ਼ਲ ਲੋਕ ਆਪਣੇ ਕਿੱਤੇ ਦੇ ਸਭ ਤੋਂ ਵੱਡੇ ਮਾਹਿਰ ਹੁੰਦੇ ਹਨ। ਆਪਣੇ ਬੱਚਿਆਂ ਨੂੰ ਬੈਂਕਰ, ਵਕੀਲ, ਸਾਇੰਸਦਾਨ ਅਤੇ ਆਰਟਿਸਟ ਬਣਾਓ। ਉਨ੍ਹਾਂ ਨੂੰ ਚੰਗੀ ਸੋਚ ਸ਼ਕਤੀ ਦਾ ਮਾਲਕ ਬਣਨ ਦਿਓ। ਇਸ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪਏਗੀ।
ਜਦ ਮਨੁੱਖ ਪੱਥਰ ਯੁੱਗ ਤੋਂ ਕੁਝ ਉਨਤੀ ਕਰ ਕੇ ਖੇਤੀ ਬਾੜੀ ਦੇ ਲੜ ਲੱਗਾ ਤਾਂ ਉਸ ਨੂੰ ਆਪਸ ਵਿਚ ਵਸਤੂ ਦੇ ਵਟਾਂਦਰੇ ਦੀ ਜ਼ਰੂਰਤ ਪਈ। ਜਿਹੜੀ ਵਸਤੂ ਉਸ ਕੋਲ ਫ਼ਾਲਤੂ ਹੁੰਦੀ ਸੀ ਉਹ ਦੂਜੇ ਨੂੰ ਦੇ ਕੇ ਆਪਣੀ ਜ਼ਰੂਰਤ ਦੀ ਵਸਤੂ ਉਸ ਕੋਲੋਂ ਲੈ ਲੈਂਦਾ ਸੀ। ਇਸ ਵਿਚ ਵੀ ਕਾਫ਼ੀ ਕਠਿਨਾਈ ਆਉਂਦੀ ਸੀ। ਬਹੁਤੀ ਵਾਰੀ ਦੂਜੇ ਕੋਲ ਉਹ ਵਸਤੂ ਨਹੀਂ ਹੁੰਦੀ ਸੀ ਜੋ ਉਸ ਨੂੰ ਚਾਹੀਦੀ ਹੁੰਦੀ ਸੀ। ਦੂਜੇ ਕੋਲ ਉਹ ਵਸਤੂ ਹੁੰਦੀ ਸੀ ਜਿਸ ਦੀ ਪਹਿਲੇ ਬੰਦੇ ਨੂੰ ਕੋਈ ਜ਼ਰੂਰਤ ਹੀ ਨਹੀਂ ਸੀ ਹੁੰਦੀ॥ ਇਸ ਲਈ ਲੈਣ ਦੇਣ ਵਿਚ ਕਾਫ਼ੀ ਕਠਿਨਾਈ ਹੁੰਦੀ ਸੀ। ਜ਼ਰੂਰਤ ਅਵਿਸ਼ਕਾਰ ਦੀ ਜਨਨੀ ਹੈ। ਪ੍ਰਸ਼ਾਸਨ ਦੀ ਹੋਂਦ ਦੇ ਨਾਲ ਨਾਲ ਹੀ ਸਿੱਕਿਆਂ ਦਾ ਚਲਨ ਹੋਂਦ ਵਿਚ ਆਇਆ। ਇਸ ਨੇ ਲੈਣ ਦੇਣ ਦੇ ਕੰਮ ਨੂੰ ਸੌਖਾ ਕਰ ਦਿੱਤਾ। ਇਸ ਤੋਂ ਬਾਅਦ ਕਾਗਜ਼ ਦੀ ਕਰੰਸੀ ਹੋਂਦ ਵਿਚ ਆਈ। ਹੋਲੀ ਹੋਲੀ ਇਸ ਲੈਣ ਦੇਣ ਲਈ ਦੁਕਾਨਾਂ ਖੁਲ੍ਹ ਗਈਆਂ ਅਤੇ ਵਪਾਰ ਨੇ ਇਕ ਵੱਖਰਾ ਅਤੇ ਨਵੇਕਲਾ ਰੂਪ ਧਾਰਨ ਕਰ ਲਿਆ। ਇਸ ਸਭ ਪਿੱਛੇ ਵੀ ਇਕ ਹੱਥ ਲੈ ਅਤੇ ਦੂਜੇ ਹੱਥ ਦੇ ਦਾ ਸਿਧਾਂਤ ਹੀ ਕੰਮ ਕਰਦਾ ਹੈ।
ਕਈ ਲੋਕ ਚਲਾਕੀਆਂ ਅਤੇ ਹੇਰਾਫੇਰੀਆਂ ਨਾਲ ਦੂਸਰੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਬਿਨਾ ਹੁਨਰ ਤੋਂ ਮਿਲੀ ਸਫ਼ਲਤਾ ਅਤੇ ਪੁੱਠੇ ਤਰੀਕਿਆਂ ਨਾਲ ਕਮਾਇਆ ਧਨ ਜ਼ਿਆਦਾ ਦੇਰ ਸਾਥ ਨਹੀਂ ਦਿੰਦਾ। ਇਹ ਦੁਨੀਆਂ ਨਾਲ ਅਤੇ ਆਪਣੇ ਨਾਲ ਇਕ ਛਲਾਵਾ ਹੀ ਹੁੰਦਾ ਹੈ। ਜੋ ਜਲਦੀ ਹੀ ਉੜਨ ਛੂਹ ਹੋ ਜਾਂਦਾ ਹੈ। ਕਹਿੰਦੇ ਹਨ ਚੋਰ ਨੂੰ ਐਸ਼ ਕਰਦੇ ਨਾ ਦੇਖੋ, ਚੋਰ ਨੂੰ ਕੁੱਟ ਪੈਂਦੇ ਦੇਖੋ। ਫੜੇ ਜਾਣ ਤੇ ਚੋਰ ਅਤੇ ਬੇਈਮਾਨ ਦਾ ਉਸ ਦੇ ਘਰ ਵਾਲੇ ਵੀ ਸਾਥ ਨਹੀਂ ਦਿੰਦੇ। ਚਲਾਕੀਆਂ ਨਾਲ ਜ਼ਿੰਦਗੀ ਜ਼ਿਆਦਾ ਦੇਰ ਨਹੀਂ ਜੀਵੀ ਜਾ ਸੱਕਦੀ।ਇਸੇ ਲਈ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਇਕੋ ਵਾਰੀ ਹੀ ਚੜ੍ਹਦੀ ਹੈ। ਕਾਮਯਾਬ ਹੋਣ ਲਈ ਮਨੁੱਖ ਅੰਦਰ ਕੋਈ ਗੁਣ ਹੋਣਾ ਜ਼ਰੂਰੀ ਹੈ। ਮਨੁੱਖ ਦੇ ਅੰਦਰਲਾ ਹੁਨਰ ਖ਼ਰਾ ਸੋਨਾ ਹੁੰਦਾ ਹੈ। ਉਸ ਦੀ ਹਰ ਥਾਂ ਕਦਰ ਪੈਂਦੀ ਹੈ। ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ, ਤੁਹਾਡੇ ਅੰਦਰਲਾ ਹੁਨਰ ਤੁਹਾਨੂੰ ਕਦੀ ਧੋਖਾ ਨਹੀਂ ਦੇਵੇਗਾ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜ਼ਿੰਦਗੀ ਵਿਚ ਕੁਝ ਘੱਟ ਮਿਲਿਆ ਹੈ ਜਾਂ ਤੁਹਾਨੂੰ ਕੁਝ ਹੋਰ ਜ਼ਿਆਦਾ ਮਿਲਨਾ ਚਾਹੀਦਾ ਹੈ ਤਾਂ ਮਿਹਨਤ ਕਰੋ। ਆਪਣੇ ਅੰਦਰ ਹੋਰ ਪ੍ਰਾਪਤੀ ਲਈ ਗੁਣ ਪੈਦਾ ਕਰੋ। ਤੁਸੀਂ ਅੱਗੇ ਵਧੋਗੇ। ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜ਼ਿਮੀ ਤੋ ਕਹੀਂ ਆਸਮਾਂ ਨਹੀਂ ਮਿਲਤਾ।' ਇਹ ਪ੍ਰਮਾਤਮਾ ਜਾਣਦਾ ਹੈ ਕਿ ਤੁਹਾਡੇ ਲਈ ਕੀ ਠੀਕ ਹੈ। ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਕਰੋ ਕਿਉਂਕਿ ਲਾਲਚੀ ਬੰਦੇ ਨੂੰ ਕੇਵਲ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤੁਸੀਂ ਜਿਹੋ ਜਹੀ ਜ਼ਿੰਦਗੀ ਬਸਰ ਕਰ ਰਹੇ ਹੋ ਕਈ ਲੋਕ ਐਸੀ ਜ਼ਿੰਦਗੀ ਨੂੰ ਤਰਸ ਰਹੇ ਹੋਣਗੇ। ਇੱਥੇ ਆ ਕੇ ਸਬਰ ਕਰੋ। ਸਬਰ ਇਕ ਐਸੀ ਸਵਾਰੀ ਹੈ ਜੋ ਕਦੀ ਆਪਣੇ ਸਵਾਰ ਨੂੰ ਕਿਸੇ ਦੇ ਪੈਰਾਂ ਵਿਚ ਜਾਂ ਕਿਸੇ ਦੀਆਂ ਨਜ਼ਰਾਂ ਵਿਚ ਡਿੱਗਣ ਨਹੀਂ ਦਿੰਦੀ। ਸਬਰ ਵਾਲੇ ਬੰਦੇ ਸਧਾਰਨ ਬਿਸਤਰੇ 'ਤੇ ਵੀ ਸੋਹਣੀ ਨੀਂਦ ਲੈਂਦੇ ਹਨ ਅਤੇ ਮਾਮੂਲੀ ਸਾਈਕਲ ਦੀ ਸਵਾਰੀ ਦਾ ਵੀ ਆਨੰਦ ਮਾਣ ਲੈਂਦੇ ਹਨ, ਜਦ ਕਿ ਬੇਸਬਰਿਆਂ ਨੂੰ ਮਖ਼ਮਲ ਦੇ ਗਦੇਲਿਆਂ 'ਤੇ ਵੀ ਨੀਂਦ ਨਹੀਂ ਆਉਂਦੀ ਅਤੇ ਕਾਰਾਂ ਵਿਚ ਬੈਠ ਕੇ ਵੀ ਉਨ੍ਹਾਂ ਨੂੰ ਆਨੰਦ ਨਹੀਂ ਮਿਲਦਾ।
ਉਪਰੋਕਤ ਸਾਰੀ ਵੀਚਾਰ 'ਤੋਂ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਸਾਰਾ ਵਰਤੋਂ ਵਿਉਹਾਰ ਇਕ ਵਪਾਰ ਦੀ ਤਰ੍ਹਾਂ ਹੀ ਚੱਲਦਾ ਹੈ ਭਾਵ ਇਕ ਹੱਥ ਦੇ ਅਤੇ ਦੂਜੇ ਹੱਥ ਲੈ। ਪਰ ਇਨਸਾਨੀ ਤੋਰ ਤੇ ਸਾਡਾ ਇਕ ਵਰਤਾਰਾ ਇਸ ਸਾਰੇ ਵਪਾਰ ਤੋਂ ਉੱਪਰ ਹੈ। ਉਹ ਵਪਾਰ ਖ਼ਰਾ ਸੋਨਾ ਹੈ। ਜੋ ਅਮੁਲ ਹੈ। ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਇਸ ਨੂੰ ਸੱਚਾ ਸੌਦਾ ਵੀ ਕਿਹਾ ਜਾ ਸਕਦਾ ਹੈ। ਜੋ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਤੋਂ ਕਰੀਬ 550 ਸਾਲ ਪਹਿਲਾਂ, ਭੁੱਖੇ ਸਾਧੂਆਂ ਨੂੰ ਆਪਣੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਏ ਨਾਲ ਭੋਜਨ ਕਰਾ ਕੇ, ਸਾਨੂੰ ਅਜਿਹਾ ਸੱਚਾ ਸੌਦਾ ਕਰਨਾ ਸਿਖਾ ਗਏ ਸਨ। ਇਹ ਹੈ ਮਨੁੱਖੀ ਸੇਵਾ। ਇਹ ਸੇਵਾ ਪੂਰੀ ਤਰ੍ਹਾਂ ਸਮਰਣ ਦੀ ਭਾਵਨਾ ਨਾਲ ਕੀਤੀ ਜਾਂਦੀ ਹੈ। ਇੱਥੇ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਸੇਵਾ ਨਾਲ ਮੇਰਾ ਨਾਮ ਹੋਵੇਗਾ ਜਾਂ ਮੈਨੰ ਕੋਈ ਫ਼ਲ ਜਾਂ ਸਵਰਗ ਮਿਲੇਗਾ। ਇਹ ਹੀ ਸੇਵਾ ਸਭ ਤੋਂ ਸਫ਼ਲ ਹੈ।
ਜੇ ਅਸੀਂ ਕਿਸੇ ਮਜ਼ਬੂਰ, ਲਾਚਾਰ ਜਾਂ ਕਿਸੇ ਗ਼ਰੀਬ ਦੀ ਮਦਦ, ਸੇਵਾ ਸਮਝ ਕੇ ਕਰਦੇ ਹਾਂ ਅਤੇ ਬਦਲੇ ਵਿਚ ਦੂਸਰੇ ਤੋਂ ਕਿਸੇ ਵਾਪਸੀ ਦੀ ਉਮੀਦ ਨਹੀਂ ਕਰਦੇ ਤਾਂ ਅਜਿਹੀ ਸੇਵਾ ਸਫ਼ਲ ਹੁੰਦੀ ਹੈ। ਅਸੀਂ ਉਸ ਦੇ ਮੁੱਲ ਦੀ ਵਾਪਸੀ ਦੀ ਭਾਵਨਾ ਨਹੀਂ ਰੱਖਦੇ।ਇੱਥੇ ਜੇ ਕੋਈ ਦੂਸਰੇ ਦੀ ਸੇਵਾ ਆਪਣਾ ਸਮਾਂ ਦੇ ਕੇ ਕਰਦਾ ਹੈ ਉਸ ਕਰਜ਼ੇ ਨੂੰ ਕਦੀ ਵੀ ਨਹੀਂ ਮੋੜਿਆ ਜਾ ਸੱਕਦਾ। ਸੇਵਾ ਆਪਣੀ ਮਰਜ਼ੀ ਨਾਲ ਵਿਸ਼ਾਲ ਹਿਰਦੇ ਨਾਲ ਇਨਸਾਨੀਅਤ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ। ਇਸ ਲਈ ਇਹ ਲੈਣ ਦੇਣ ਦੀਆਂ ਸਾਰੀਆਂ ਉਦਾਹਰਨਾ ਨਾਲੋਂ ਅਲੱਗ ਹੈ। ਸੇਵਾ ਦਾ ਕੋਈ ਮੁੱਲ ਨਹੀਂ। ਦੂਸਰੇ ਦੀ ਸੇਵਾ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਦੁਨੀਆਂ ਵਿਚ ਕੇਵਲ ਇਹ ਹੀ ਇਕ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਕਦੀ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਨਾਲ ਮੇਰਾ ਕੀ ਰਿਸ਼ਤਾ ਹੈ ਜਾਂ ਇਸ ਨੇ ਮੇਰਾ ਕੀ ਸਵਾਰਨਾ ਹੈ। ਇੱਥੇ ਇਹੋ ਜਿਹਾ ਕੋਈ ਹਿਸਾਬ ਨਹੀਂ ਰੱਖਿਆ ਜਾਂਦਾ। ਇਹ ਇਕ ਰੱਬੀ ਗੁਣ ਹੈ। ਇੱਥੇ ਕੇਵਲ ਦਇਆ ਭਾਵ ਸਾਹਮਣੇ ਰੱਖਿਆ ਜਾਂਦਾ ਹੈ ਜੋ ਇਨਸਾਨੀਅਤ ਦਾ ਸਭ 'ਤੋਂ ਵੱਡਾ ਗੁਣ ਹੈ। ਇਸ ਦੁਨੀਆਂ 'ਤੋਂ ਰੁਖ਼ਸਤ ਹੋਣ ਲੱਗਿਆਂ ਬੰਦਾ ਇਥੋਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸੱਕਦਾ। ਕੇਵਲ ਉਸ ਦੇ ਚੰਗੇ ਕਰਮ ਹੀ ਨਾਲ ਜਾਂਦੇ ਹਨ। ਇਸ ਲਈ ਗੁਰੁ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਲਿਖਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਕਿਸੇ ਤੋਂ ਸੇਵਾ ਕਰਾਉਨ ਨਾਲੋਂ ਦੀਨ ਦੁਖੀ ਦੀ ਸੇਵਾ ਕਰਨ ਵਿਚ ਜ਼ਿਆਦਾ ਅਨੰਦ ਆਉਂਦਾ ਹੈ। ਸੇਵਾ ਕਰਨ ਨਾਲ ਬੰਦੇ ਦਾ ਹੰਕਾਰ ਘਟਦਾ ਹੈ ਅਤੇ ਮਨ ਵਿਚ ਨਿਮਰਤਾ ਆਉਂਦੀ ਹੈ। ਕਿਸੇ ਕੋਲੋਂ ਕੁਝ ਮੰਗਣ ਨਾਲੋਂ ਦੂਸਰੇ ਨੂੰ ਕੁਝ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੰਗਣ ਨਾਲ ਬੰਦੇ ਨੂੰ ਨੀਵਾਂ ਹੋਣਾ ਪੈਂਦਾ ਹੈ। ਕਿਸੇ ਨੂੰ ਕੁਝ ਦੇਣ ਨਾਲ ਹਿਰਦਾ ਵਿਸ਼ਾਲ ਹੁੰਦਾ ਹੈ ਅਤੇ ਮਨ ਵਿਚ ਇਨਸਾਨੀਅਤ ਜਾਗਦੀ ਹੈ। ਇਸ ਲਈ ਸਦਾ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਡੇ ਹੱਥ ਕਿਸੇ ਕੋਲੋਂ ਕੁਝ ਮੰਗਣ ਲਈ ਅੱਡੇ ਨਾ ਹੋਣ, ਸਗੋਂ ਦੂਸਰੇ ਨੂੰ ਕੁਝ ਦੇਣ ਲਈ ਸਦਾ ਝੁਕੇ ਹੋਣੇ ਚਾਹੀਦੇ ਹਨ।
ਦੁਨੀਆਂ ਵਿਚ ਹਰ ਮਨੁੱਖ ਆਪਣੇ ਸੁੱਖ ਪਿੱਛੇ ਹੀ ਭੱਜਾ ਫਿਰਦਾ ਹੈ। ਉਸ ਨੂੰ ਆਪਣਾ ਛੋਟਾ ਜਿਹਾ ਦੁੱਖ ਵੀ ਬਹੁਤ ਵੱਡਾ ਜਾਪਦਾ ਹੈ। ਕਿਸੇ ਨੂੰ ਦੂਸਰੇ ਦੇ ਦੁੱਖ ਦੀ ਕੋਈ ਪਰਵਾਹ ਨਹੀਂ ਹੁੰਦੀ। ਜੇ ਤੁਸੀਂ ਕੋਮਲ ਦਿਲ ਰੱਖਦੇ ਹੋ ਤਾਂ ਸਮੁੰਦਰ ਜਿਹਾ ਵਿਸ਼ਾਲ ਹਿਰਦਾ ਰੱਖੋ, ਨਦੀਆਂ ਆਪੇ ਮਿਲਨ ਆ ਜਾਣਗੀਆਂ। ਤੁਸੀਂ ਕਿਸੇ ਦੀ ਮਦਦ ਤਾਂ ਹੀ ਕਰਦੇ ਹੋ ਜੇ ਤੁਹਾਡੇ ਅੰਦਰ ਇਕ ਨਾਜ਼ੁਕ ਦਿਲ ਧੜਕ ਰਿਹਾ ਹੈ। ਤੁਸੀਂ ਕਿਸੇ ਨੂੰ ਲਾਚਾਰ ਅਤੇ ਦੁਖੀ ਨਹੀਂ ਦੇਖ ਸਕਦੇ। ਇਸ ਲਈ ਉਸ ਦੀ ਸਹਾਇਤਾ ਲਈ ਆਪਣਾ ਧਨ ਅਤੇ ਸੁੱਖ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹੋ। ਦੋਸਤੋ ਧਰਤੀ ਧਰਮ ਦੇ ਸਹਾਰੇ ਹੀ ਖੜੀ ਹੈ। ਆਓ ਅਸੀਂ ਵੀ ਅਣਖ ਨਾਲ ਜਿਉਣਾ ਸਿੱਖੀਏ। ਕਿਸੇ ਦਾ ਅਹਿਸਾਨ ਜਾਂ ਕਰਜ਼ਾ ਸਿਰ 'ਤੇ ਨਾ ਰੱਖੀਏ। ਕਿਸੇ ਦੀ ਦਇਆ ਦੇ ਪਾਤਰ ਨਾ ਬਣੀਏ ਸਗੋਂ ਕਿਸੇ ਦੁਖੀ ਅਤੇ ਲਾਚਾਰ 'ਤੇ ਦਇਆ ਕਰ ਕੇ ਇਨਸਾਨੀਅਤ ਦੇ ਨਾਤੇ ਉਸ ਦੀ ਮਦਦ ਕਰੀਏ। ਦੁਨੀਆਂ ਵਿਚ ਅਮਰ ਕੋਈ ਨਹੀਂ। ਇਕ ਦਿਨ ਇਥੋਂ ਸਭ ਨੇ ਰੁਖ਼ਸਤ ਹੋਣਾ ਹੀ ਹੈ। ਇੱਥੇ ਜੋ ਧਨ ਜੋੜਿਆ ਹੈ ਉਹ ਨਾਲ ਨਹੀਂ ਜਾਣਾ। ਨਾਲ ਕੇਵਲ ਚਗੇ ਕੰਮ ਹੀ ਜਾਣੇ ਹਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
ਧਰਮ, ਸਿਆਸਤ ਅਤੇ ਸਰਮਾਏਦਾਰੀ - ਗੁਰਸ਼ਰਨ ਸਿੰਘ ਕੁਮਾਰ
ਦੁਨੀਆਂ ਭਰ ਵਿਚ ਧਰਮ, ਸਿਆਸਤ ਅਤੇ ਸਰਮਾਏਦਾਰੀ ਗ਼ਰੀਬਾਂ ਦੀ ਮਿਹਨਤ ਤੇ ਫਲਦੇ ਫੁੱਲਦੇ ਹਨ। ਗ਼ਰੀਬਾਂ ਦੀ ਮੰਦਹਾਲੀ ਇਨ੍ਹਾਂ ਦੀ ਸੋਚੀ ਸਮਝੀ ਇਕ ਗ਼ਹਿਰੀ ਚਾਲ ਹੈ।ਮਿਹਨਤਕਸ਼ ਸੋਚਦਾ ਕਿ ਜੇ 'ਏਕ ਨੂਰ ਤੇ ਸਭ ਜੱਗ ਉਪਜਿਆ' ਹੈ ਤਾਂ ਕੁਦਰਤ ਦੀਆਂ ਬੇਅੰਤ ਦੌਲਤਾਂ ਤੇ ਉਸ ਨੂੰ ਉਸ ਦਾ ਹੱਕ ਕਿਉਂ ਨਹੀਂ ਮਿਲਦਾ? ਉਸ ਦੀ ਖ਼ੂਨ ਪਸੀਨੇ ਦੀ ਮਿਹਨਤ ਦੇ ਬਾਵਜ਼ੂਦ ਉਸ ਦੀ ਕੁਲੀ, ਗੁੱਲੀ ਅਤੇ ਜੁੱਲੀ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ? ਉਸ ਦੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ?
ਗ਼ੈਰ ਸਰਕਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆਂ ਵਿਚੋਂ 5000 ਹਜ਼ਾਰ ਦੇ ਕਰੀਬ ਕਰੌੜਪਤੀ ਖਤਮ ਹੋ ਗਏ ਹਨ ਪਰ ਜੇ ਦੁਨੀਆਂ ਦੇ ਸਾਰੇ ਕਰੌੜਪਤੀ ਵੀ ਖਤਮ ਹੋ ਜਾਣ ਤਾਂ ਵੀ ਕੀ ਫਰਕ ਪੈਂਦਾ ਹੈ? ਦੁਨੀਆਂ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਹਾਂ ਦੁਨੀਆਂ ਤੋਂ ਰੋਡਪਤੀ ਖਤਮ ਹੋ ਗਏ ਤਾਂ ਜ਼ਰੂਰ ਫਰਕ ਪਵੇਗਾ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਰੋਡਪਤੀ ਕੌਣ ਹਨ? ਇਹ ਰੋਡਪਤੀ ਉਹ ਮਿਹਨਤਕਸ਼ ਹਨ ਜੋ ਜੀਅ ਤੋੜ ਕੇ ਮਿਹਨਤ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਰੋਟੀ ਪੂਰੀ ਨਹੀਂ ਹੁੰਦੀ। ਇਹ ਰੋਡਪਤੀ ਹਨ ਮਜ਼ਦੂਰ ਜੋ ਸੜਕਾਂ ਬਣਾਉਂਦੇ ਹਨ ਅਤੇ ਸੜਕਾਂ ਤੇ ਹੀ ਮਰ ਜਾਂਦੇ ਹਨ। ਇਹ ਰੋਡਪਤੀ ਹਨ ਜੋ ਗਗਨ ਚੁੰਬੀ ਇਮਾਰਤਾਂ ਤਾਂ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੁੰਦੀ। ਉਹ ਕਿਸਾਨ ਜੋ ਅੰਨ ਉਗਾਉਂਦੇ ਹਨ ਪਰ ਉਨ੍ਹਾਂ ਨੂੰ ਆਪ ਨੂੰ ਫਾਕੇ ਕੱਟਣੇ ਪੈਂਦੇ ਹਨ। ਸਭ ਤਰ੍ਹਾਂ ਦੇ ਮਿਹਨਤਕਸ਼ ਜਿਵੇਂ ਰ੍ਹੇੜੀ ਫੜੀ ਵਾਲ,ੇ ਧੋਬੀ, ਦਰਜੀ, ਨਾਈ, ਤਰਖਾਣ, ਲੁਹਾਰ ਆਦਿ ਸਾਰੇ ਮਿਹਨਤਕਸ਼ ਕੁਝ ਹੱਦ ਤੱਕ ਇਸੇ ਸ਼੍ਰੇਣੀ ਵਿਚ ਹੀ ਆਉਂਦੇ ਹਨ। ਜੇ ਇਹ ਸਭ ਕੰਮ ਕਰਨਾ ਬੰਦ ਕਰ ਦੇਣ ਤਾਂ ਯਕੀਨਨ ਦੁਨੀਆਂ ਨੂੰ ਫਰਕ ਪਵੇਗਾ। ਦੁਨੀਆਂ ਦੀ ਚਾਲ ਰੁਕ ਜਾਵੇਗੀ। ਵਿਕਾਸ ਦਾ ਪਹੀਆ ਜਾਮ ਹੋ ਜਾਵਾਗਾ। ਕੋਈ ਪੈਦਾਵਾਰ ਨਹੀਂ ਹੋਵੇਗੀ। ਸਭ ਦੀਆਂ ਸੁੱਖ ਸਹੂਲਤਾਂ ਬੰਦ ਹੋ ਜਾਣਗੀਆਂ ੳਤੇ ਲੋਕ ਭੁੱਖੇ ਮਰਨ ਲੱਗ ਪੈਣਗੇ। ਇਹ ਮਿਹਨਤਕਸ਼ ਸਭ ਜ਼ਿਆਦਤੀਆਂ ਸਹਾਰ ਕੇ ਤੰਗੀਆਂ ਤੁਰਸ਼ੀਆਂ ਵਿਚ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਇਨ੍ਹਾਂ ਦੀ ਕਮਾਈ ਲਗਾਤਾਰ ਲੁੱਟੀ ਜਾ ਰਹੀ ਹੈ। ਕੌਣ ਹਨ ਉਹ ਲੋਕ ਜੋ ਇਨ੍ਹਾਂ ਦੀ ਕਮਾਈ ਲੁੱਟ ਕੇ ਖਾ ਰਹੇ ਹਨ?
ਇਤਿਹਾਸ ਗੁਵਾਹ ਹੈ ਕਿ ਯੁੱਧਾਂ ਨੇ ਏਨਾ ਨਰਸੰਘਾਰ ਨਹੀਂ ਕੀਤਾ ਜਿੰਨਾ ਧਰਮਾਂ ਨੇ ਕੀਤਾ ਹੈ। ਨਰ ਬਲੀ, ਸਤੀ ਪ੍ਰਥਾ, ਦੇਵ ਦਾਸੀਆਂ ਦੀ ਪ੍ਰਥਾ, ਜਾਤੀ ਪ੍ਰਥਾ ਅਤੇ ਊਚ ਨੀਚ ਸਭ ਇਨ੍ਹਾਂ ਧਰਮਾਂ ਦੀ ਹੀ ਦੇਣ ਹੈ। ਕਦੀ ਫਤਵਾ ਲਾ ਕੇ ਨਿਰਦੋਸ਼ ਬੱਚਿਆਂ ਨੂੰ ਕਤਲ ਕਰਾ ਦਿੱਤਾ ਜਾਂਦਾ ਅਤੇ ਕਦੀ ਸਿਗਰਟ, ਗਊ ਮਾਸ ਜਾਂ ਸੂਰ ਦੇ ਮਾਸ ਕਾਰਨ ਦੰਗੇ ਕਰਾ ਦਿੱਤੇ ਜਾਂਦੇ ਹਨ।ਸਭ ਤੋਂ ਜ਼ਿਆਦਾ ਮਿਹਨਤੀ ਬੰਦਿਆਂ ਨੂੰ ਸ਼ੂਦਰ ਗਰਦਾਨਿਆਂ ਗਿਆ। ਗ਼ਰੀਬਾਂ ਦੇ ਮਨ ਵਿਚ ਇਹ ਗੱਲ ਪੱਕੀ ਕਰ ਦਿੱਤੀ ਗਈ ਕਿ ਉਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਪੁਰਬਲੇ ਜਨਮਾ ਦੇ ਕਰਮਾ ਕਾਰਨ ਹੀ ਹੈ। ਉਨ੍ਹਾਂ ਨੂੰ ਗ਼ਰੀਬੀ ਵਿਚ ਹੀ ਸਬਰ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਹਿਮਾ ਭਰਮਾ ਵਿਚ ਪਾ ਕੇ ਲੁੱਟਿਆ ਗਿਆ। ਉਨ੍ਹਾਂ ਨੂੰ ਨਰਕਾਂ ਦੇ ਡਰਾਵੇ ਦਿੱਤੇ ਗਏ ਅਤੇ ਉਨ੍ਹਾਂ ਕੋਲੌਂ ਦਾਨ ਲੈਣ ਲਈ ਸਵਰਗਾਂ ਦੇ ਲਾਲਚ ਵੀ ਦਿੱਤੇ ਗਏ। ਇਸ ਤਰ੍ਹਾਂ ਇਹ ਧਰਮ ਦੇ ਠੇਕੇਦਾਰ ਗ਼ਰੀਬਾਂ ਦਾ ਰੱਜ ਕੇ ਸੋਸ਼ਨ ਕਰ ਰਹੇ ਹਨ।
ਇਸ ਤੋਂ ਬਾਅਦ ਸਿਆਸਤਦਾਨ ਗ਼ਰੀਬਾਂ ਦੀਆਂ ਵੋਟਾਂ ਲੈ ਕੇ ਦੇਸ਼ ਦੇ ਹਾਕਮ ਬਣ ਬੈਠਦੇ ਹਨ। ਉਹ ਵੀ ਗ਼ਰੀਬਾਂ ਨੂੰ ਚੰਗੇ ਦਿਨਾ ਦੇ ਆਉਣ ਦੇ ਲਾਰੇ ਲਾ ਕੇ ਰੱਖਦੇ ਹਨ। ਫੌਕਿਆਂ ਲਾਰਿਆ ਨਾਲ ਗ਼ਰੀਬਾਂ ਦੀ ਕਿਸਮਤ ਨਹੀਂ ਬਦਲਦੀ। ਇਹ ਗ਼ਰੀਬ ਮੁਲਕ ਦੇ ਅਮੀਰ ਹਾਕਮ ਅਪਣੀ ਐਸ਼ ਪਰਸਤੀ ਲਈ ਭਾਰੀ ਟੈਕਸ ਲਾਉਂਦੇ ਹਨ ਅਤੇ ਗ਼ਰੀਬਾਂ ਨੂੰ ਹੋਰ ਨਿਚੋੜਦੇ ਹਨ। ਜੇ ਕੋਈ ਬੋਲੇ ਤਾਂ ਉਸ ਨੂੰ ਕਾਨੂੰਨ ਦੇ ਡੰਡੇੇ ਨਾਲ ਕੁਚਲ ਦਿੱਤਾ ਜਾਂਦਾ ਹੈ। ਸਿਆਸਤਦਾਨ ਬਹੁਤ ਸ਼ਾਤਰ ਦਿਮਾਗ਼ ਦੇ ਹੁੰਦੇ ਹਨ। ਉਹ ਗ਼ਰੀਬਾਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੇ ਪਰਿਵਾਰ ਦੇ ਕਿੰਨੇ ਬੰਦੇ ਹਨ ਸਗੋਂ ਉਹ ਪੁੱਛਦੇ ਹਨ ਕਿ ਤੁਹਾਡੇ ਕਿੰਨੇ ਵੋਟ ਹਨ। ਉਹ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ ਪਰ ਆਪਣੇ ਵੋਟਾਂ ਲਈ ਲੋਕਾਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ ਅਤੇ ਦੰਗੇ ਫਸਾਦ ਕਰਾਉਂਦੇ ਰਹਿੰਦੇ ਹਨ। ਉਨ੍ਹਾਂ ਲਈ ਭਾਵੇਂ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਬਸ ਉਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ।
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਰਮਾਏਦਾਰਾਂ ਦਾ। ਲੱਖਾਂ ਲੋਕਾਂ ਨੂੰ ਕੰਗਾਲ ਕਰ ਕੇ ਹੀ ਇਕ ਸਰਮਾਏਦਾਰ (ਕਰੌੜਪਤੀ) ਬਣਦਾ ਹੈ। ਪੂੰਜੀਪਤੀ ਹੋਣ ਕਾਰਨ ਇਹ ਪੈਸੇ ਦੇ ਜੋਰ ਨਾਲ ਪੈਦਾਵਰ ਅਤੇ ਉਤਪਾਦਨ ਦੇ ਸਾਰੇ ਸਾਧਨਾ ਤੇ ਆਪਣਾ ਕਬਜ਼ਾ ਕਰੀ ਬੈਠੇ ਹਨ। ਇਹ ਲੋਕ ਮਿਹਨਤਕਸ਼ਾਂ ਕੋਲੋਂ ਆਪਣੇ ਕਾਰਖਾਨਿਆਂ ਅਤੇ ਭੱਠਿਆਂ ਤੇ ਕੰਮ ਲੈਂਦੇ ਹਨ।ਇਹ ਦਾਅਵਾ ਕਰਦੇ ਹਨ ਕਿ ਦੇਸ਼ ਉਨ੍ਹਾਂ ਦੇ ਸਿਰ ਤੇ ਚੱਲ ਰਿਹਾ ਹੈ ਕਿਉਂਕਿ ਸਾਰਾ ਵਿਕਾਸ ਉਹ ਕਰਦੇ ਹਨ।ਪਰ ਅਸਲ ਵਿਚ ਸਾਰਾ ਉਤਪਾਦਨ ਤਾਂ ਮਿਹਨਤਕਸ਼ ਕਰ ਰਹੇ ਹੁੰਦੇ ਹਨ। ਜੇ ਉਹ ਇਕ ਦਿਨ ਵੀ ਕੰਮ ਕਰਨਾ ਬੰਦ ਕਰ ਦੇਣ ਤਾਂ ਉਤਪਾਦਨ ਵੀ ਬੰਦ ਹੋ ਜਾਵੇਗਾ। ਫਿਰ ਵਿਕਾਸ ਕਿੱਥੋਂ ਹੋਵੇਗਾ? ਕੰਮ ਮਿਹਨਤੀ ਲੋਕ ਕਰਦੇ ਹਨ ਪਰ ਰੱਜਵੀਂ ਕਮਾਈ ਸਰਮਾਏਦਾਰਾਂ ਦੀ ਹੁੰਦੀ ਹੈ। ਗ਼ਰੀਬ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਸਰਮਾਏਦਾਰ ਪੈਸੇ ਦੇ ਬਲ ਨਾਲ ਸਰਕਾਰ ਅਤੇ ਧਰਮ ਗੁਰੂਆਂ ਨੂੰ ਵੀ ਆਪਣੀ ਮੁੱਠੀ ਵਿਚ ਰੱਖਦੇ ਹਨ।
ਇਸ ਪ੍ਰਕਾਰ ਧਰਮ ਦੇ ਠੇਕੇਦਾਰ, ਰਾਜਨੇਤਾ ਅਤੇ ਸਰਮਾਏਦਾਰ ਮਿਹਨਤਕਸ਼ਾਂ ਦਾ ਸੋਸ਼ਨ ਕਰਦੇ ਹਨ। ਉਹ ਆਪਸ ਵਿਚ ਰਲੇ ਹੋਏ ਹਨ ਅਤੇ ਮਿਲ ਕੇ ਗ਼ਰੀਬਾਂ ਦੀ ਕਮਾਈ ਦੀ ਲੁੱਟ ਕਰਦੇ ਹਨ। ਤਿੰਨੇ ਗ਼ਰੀਬਾਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਨ। ਇਨ੍ਹਾਂ ਤਿੰਨਾ ਨੇ ਮਿਹਨਤਕਸ਼ਾਂ ਨੂੰ ਤਰਸ ਦੇ ਪਾਤਰ ਬਣਾ ਰੱਖ ਦਿੱਤਾ ਹੈ ਜੋ ਇਨ੍ਹਾਂ ਦੀ ਦਇਆ, ਖੈਰਾਤ ਅਤੇ ਸਰਪਰਸਤੀ ਵਿਚ ਹੀ ਆਪਣਾ ਜੀਵਨ ਬਸਰ ਕਰਦੇ ਹਨ। ਗ਼ਰੀਬ ਆਦਮੀ ਸੋਚਦਾ ਹੈ ਕਿ ਮੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ? ਮੈਂ ਗ਼ਰੀਬ ਕਿਉਂ ਹਾਂ? ਧਰਮ ਦਾ ਡਰਾਵਾ, ਕਾਨੂੰਨ ਦੇ ਸ਼ਿਕੰਜੇ ਅਤੇ ਸਰਮਾਏਦਾਰਾਂ ਦੇ ਪੈਸੇ ਦੀ ਤਾਕਤ ਉਸ ਨੂੰ ਇਸ ਗ਼ਰੀਬੀ 'ਚੋਂ ਬਾਹਰ ਨਹੀਂ ਆਉਣ ਦਿੰਦੀ। ਉਹ ਮਿਹਨਤ ਕਰਕੇ ਦਿਨੇ ਰਾਤੀ ਆਪਣਾ ਖ਼ੂਨ ਜਲਾਉਂਦਾ ਹੈ। ਫਿਰ ਵੀ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਨਹੀਂ ਹੁੰਦੀ। ਉਹ ਕੋਹਲੂ ਦੇ ਬੈਲ ਦੀ ਤਰ੍ਹਾਂ ਲਗਾਤਾਰ ਤੁਰੀ ਜਾ ਰਿਹਾ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ। ਅਸਲ ਵਿਚ ਗ਼ਰੀਬੀ ਲਈ ਮਿਹਨਤਕਸ਼ ਦਾ ਕਸੂਰ ਨਹੀਂ। ਸਾਰਾ ਕਸੂਰ ਨਿਜ਼ਾਮ ਦਾ ਹੈ। ਇਸ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਗ਼ਰੀਬੀ ਸਰਕਾਰ ਲਈ ਇਕ ਲਾਹਨਤ ਹੈ। ਧਰਮਗੁਰੂਆਂ, ਸਿਆਸਤਦਾਨਾ ਅਤੇ ਸਰਮਾਏਦਾਰਾਂ ਦੇ ਲਾਰਿਆਂ ਨਾਲ ਗ਼ਰੀਬ ਦੀ ਕਿਸ਼ਤੀ ਭੰਵਰ ਵਿਚ ਫਸੀ ਪਈ ਹੈ। ਉਸ ਦੀ ਕਿਸਮਤ ਉਸ ਦੀਆਂ ਦਹਿਲੀਜ਼ਾਂ 'ਤੋਂ ਆ ਕੇ ਮੁੜ ਜਾਂਦੀ ਹੈ। ਇਨ੍ਹਾਂ ਲੋਟੂਆਂ ਨੂੰ ਇਹ ਵੀ ਪਤਾ ਹੈ ਕਿ ਜੇ ਮਿਹਨਤਕਸ਼ ਰੱਜ ਕੇ ਰੋਟੀ ਖਾਣ ਲੱਗ ਪਿਆ ਤਾਂ ਉਸ ਨੇ ਇਨ੍ਹਾਂ ਦੇ ਮੱਕੜਜਾਲ ਵਿਚੋਂ ਨਿਕਲ ਜਾਣਾ ਹੈ ਅਤੇ ਉਸ ਨੇ ਇਨ੍ਹਾਂ ਤਿੰਨਾ ਨੂੰ ਨਕਾਰ ਦੇਣਾ ਹੈ। ਮਿਹਨਤਕਸ਼ ਨੂੰ ਇਕ ਦਿਨ ਸਮਝਣਾ ਪਵੇਗਾ ਕਿ ਗ਼ਰੀਬੀ ਉਸ ਦੀ ਕਿਸਮਤ ਨਹੀਂ, ਉਸ ਦਾ ਸੋਸ਼ਨ ਹੈ। ਕਿਸਮਤ ਦੇ ਭਰੋਸੇ ਬੈਠੇ ਰਹਿਣ ਨਾਲ ਕਦੀ ਨਸੀਬ ਨਹੀਂ ਬਦਲਦੇ।
ਪ੍ਰੇਰਨਾਦਾਇਕ ਲੇਖ : ਨਜ਼ਰ ਅਤੇ ਨਜ਼ਰੀਆ - ਗੁਰਸ਼ਰਨ ਸਿੰਘ ਕੁਮਾਰ
ਮਨੁੱਖ ਦੀ ਨਜ਼ਰ ਅਤੇ ਨਜ਼ਰੀਏ ਵਿਚ ਇਕ ਖ਼ਾਸ ਅੰਤਰ ਹੁੰਦਾ ਹੈ ਜਿਸ ਵਲ ਸਾਧਾਰਨ ਲੋਕ ਧਿਆਨ ਨਹੀਂ ਦਿੰਦੇ। ਇਸ ਲਈ ਉਸ ਨੂੰ ਅਣਗੌਲਿਆਂ ਕਰ ਦਿੰਦੇ ਹਨ ਪਰ ਇਸ ਦੇ ਸਿੱਟੇ ਬੁਰੇ ਹੂੰਦੇ ਹਨ। ਨਜ਼ਰ ਦਾ ਅਰਥ ਹੈ ਜੋ ਵਸਤੂ ਜਾਂ ਦ੍ਰਿਸ਼ ਜਿਸ ਤਰ੍ਹਾਂ ਵੀ ਸਾਡੇ ਸਾਹਮਣੇ ਹੈ ਉਸ ਨੂੰ ਅਸੀਂ ਉਸੇ ਤਰ੍ਹਾਂ ਹੀ ਦੇਖ ਰਹੇ ਹਾਂ। ਨਜ਼ਰੀਏ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਅੱਖਾਂ ਨਾਲ ਜੋ ਦੇਖਦੇ ਹਾਂ ਉਸ ਨੂੰ ਅਸੀਂ ਕਿਸ ਪ੍ਰਭਾਵ ਨਾਲ ਲੈਂਦੇ ਹਾਂ। ਸਾਡੇ ਨਜ਼ਰੀਏ ਨਾਲ ਹੀ ਉਸ ਵਸਤੂ ਜਾਂ ਦ੍ਰਿਸ਼ 'ਤੇ ਸਾਡਾ ਪ੍ਰਤੀਕਰਮ ਹੁੰਦਾ ਹੈ। ਨਜ਼ਰੀਏ ਨੂੰ ਹੋਰ ਸਪਸ਼ਟ ਤੌਰ ਤੇ ਸਮਝਣ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਅਸੀਂ ਕਿਸ ਧਰਾਤਲ ਤੇ ਵਿਚਰ ਕੇ ਉਸ ਵਸਤੂ ਜਾਂ ਦ੍ਰਿਸ਼ ਨੂੰ ਦੇਖ ਰਹੇ ਹਾਂ। ਇਸ ਨਾਲ ਸਾਡੀ ਨਜ਼ਰ ਬਦਲ ਜਾਂਦੀ ਹੈ ਜੋ ਸਾਡੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਨਜ਼ਰੀਏ ਦੇ ਬਦਲਣ ਨਾਲ ਸਾਡੇ ਪ੍ਰਤੀਕਰਮ ਵੀ ਬਦਲ ਜਾਂਦੇ ਹਨ। ਉੱਚਾਈ 'ਤੇ ਖੜੇ ਹੋ ਕੇ ਹੇਠਲੀਆਂ ਚੀਜ਼ਾਂ ਹਮੇਸ਼ਾਂ ਛੋਟੀਆਂ ਹੀ ਨਜ਼ਰ ਆਉਂਦੀਆਂ ਹਨ। ਇਹ ਹੀ ਅਸੂਲ ਸਾਡੇ ਸੰਸਕਾਰ, ਮਰਿਆਦਾ, ਮਾਨਤਾਵਾਂ, ਆਲੇ ਦੁਆਲੇ, ਉਮਰ ਅਤੇ ਬੁੱਧੀ 'ਤੇ ਵੀ ਲਾਗੂ ਹੁੰਦਾ ਹੈ ਜੋ ਸਾਡੇ ਨਜ਼ਰੀਏ ਅਤੇ ਪ੍ਰਤੀ ਕਰਮ 'ਤੇ ਸਿੱਧਾ ਅਸਰ ਪਾਉਂਦਾ ਹੈ। ਅਸੀਂ ਉਸ ਤਰ੍ਹਾਂ ਦੇ ਹੀ ਬਣ ਜਾਂਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਨਜ਼ਰੀਆ ਹੁੰਦਾ ਹੈ ਅਤੇ ਸਾਡਾ ਵਤੀਰਾ ਵੀ ਪੱਖਵਾਦੀ ਜਾਂ ਵੱਖਵਾਦੀ ਬਣ ਜਾਂਦਾ ਹੈ। ਆਪਣੇ ਨਜ਼ਰੀਏ ਨੂੰ ਹਮੇਸ਼ਾਂ ਸਾਰਥਿਕ ਰੱਖੋ। ਜੇ ਜ਼ਿੰਦਗੀ ਵਿਚ ਕੋਈ ਦਿਨ ਮਾੜਾ ਆ ਜਾਏ ਤਾਂ ਇਹ ਹੀ ਸਮਝੋ ਕਿ ਉਹ ਦਿਨ ਮਾੜਾ ਹੈ ਨਾ ਕਿ ਸਾਰੀ ਜ਼ਿੰਦਗੀ ਹੀ ਮਾੜੀ ਹੈ। ਡਾਕਟਰ ਕੇਵਲ ਕਮਜ਼ੋਰ ਨਜ਼ਰ ਦਾ ਇਲਾਜ਼ ਕਰ ਸਕਦਾ ਹੈ, ਨਗ਼ਰੀਏ ਦਾ ਨਹੀਂ।
ਉਦਾਹਰਨ ਦੇ ਤੌਰ ਤੇ ਜੇ ਕੋਈ ਵਸਤੂ ਅਸੀਂ ਖ਼ੁਦ ਪੈਸੇ ਦੇ ਕੇ ਖ਼ਰੀਦੀ ਹੋਵੇ ਤਾਂ ਅਸੀਂ ਉਸ ਦੀ ਬਹੁਤ ਸੰਭਾਲ ਕੇ ਵਰਤੋਂ ਕਰਦੇ ਹਾਂ ਪਰ ਜੇ ਉਹ ਹੀ ਵਸਤੂ ਕਿਸੇ ਨੂੰ ਮੁਫ਼ਤ ਮਿਲ ਜਾਏ ਤਾਂ ਉਹ ਉਸ ਦੀ ਬੇਕਦਰੀ ਕਰਦਾ ਹੈ। ਉਸ ਦੀ ਵਰਤੋਂ ਵੀ ਬੜੀ ਬੇਦਰਦੀ ਨਾਲ ਹੁੰਦੀ ਹੈ। ਦੇਖਿਆ ਗਿਆ ਕਿ ਜਦ ਲੋਕਾਂ ਨੂੰ ਖ਼ੁਦ ਬਿਜਲੀ ਦਾ ਬਿਲ ਭਰਨਾ ਪੈਂਦਾ ਹੈ ਤਾਂ ਉਹ ਬਿਜਲੀ ਦੀ ਵਰਤੋਂ ਬੜੇ ਸੰਜਮ ਨਾਲ ਕਰਦੇ ਹਨ ਪਰ ਜਿਸ ਬਿਜਲੀ ਦਾ ਬਿਲ ਆਪ ਨੂੰ ਨਹੀਂ ਭਰਨਾ ਪੈਂਦਾ ਜਿਵੇਂ ਸਰਕਾਰੀ ਦਫ਼ਤਰ, ਸਾਂਝੀਆਂ ਥਾਵਾਂ ਅਤੇ ਬੇਗਾਨੇ ਘਰ ਆਦਿ, ਉੱਥੇ ਬਿਜਲੀ ਫ਼ਾਲਤੂ ਹੀ ਖ਼ਰਚ ਹੁੰਦੀ ਰਹਿੰਦੀ ਹੈ। ਉੱਥੇ ਬਿਨਾ ਲੋੜ ਤੋਂ ਹੀ ਪੱਖੇ ਚੱਲਦੇ ਰਹਿੰਦੇ ਹਨ ਅਤੇ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਇੱਥੇ ਸਾਡੇ ਨਜ਼ਰੀਏ ਅਤੇ ਉਸ ਦੇ ਪ੍ਰਤੀਕਰਮ ਦਾ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।
ਜਿੰਨ੍ਹਾਂ ਕੰਮਾਂ ਦੀ ਸਾਡੀ ਇੱਛਾ ਮੁਤਾਬਿਕ ਕਦਰ ਪੈਂਦੀ ਹੈ ਜਾਂ ਮੁਆਵਜ਼ੇ ਜਾਂ ਧਨ ਦੇ ਰੂਪ ਮੁੱਲ ਪੈਂਦਾ ਹੈ ਉਹ ਸਾਨੂੰ ਖ਼ੁਸ਼ੀ ਦਿੰਦੇ ਹਨ। ਉਨ੍ਹਾਂ ਨੂੰ ਕਰ ਕੇ ਸਾਨੂੰ ਸਕੂਨ ਮਿਲਦਾ ਹੈ ਪਰ ਵਗਾਰੀ ਕੰਮ ਸਾਨੂੰ ਮੁਸ਼ਕਿਲ ਲੱਗਦੇ ਹਨ। ਜਿਹੜੇ ਕੰਮ ਆਪਣੀ ਮਰਜ਼ੀ ਨਾਲ ਕੀਤੇ ਜਾਂਦੇ ਹਨ ਉਹ ਆਸਾਨ ਲੱਗਦੇ ਹਨ। ਉਨ੍ਹਾਂ ਨੂੰ ਕਰਨ ਨਾਲ ਖ਼ੁਸ਼ੀ ਵੀ ਮਿਲਦੀ ਹੈ। ਉਹ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ ਅਤੇ ਮਨ ਨੂੰ ਸ਼ਾਂਤੀ ਦਿੰਦੇ ਹਨ। ਜਿਹੜੇ ਕੰਮ ਕਿਸੇ ਦੇ ਦਬਾਅ ਵਿਚ ਜਾਂ ਆਪਣੀ ਮਰਜ਼ੀ ਤੋਂ ਬਿਨਾ ਕਰਨੇ ਪੈਣ ਉਹ ਮੁਸ਼ਕਲ, ਅਕਾਉ ਅਤੇ ਥਕਾਉ ਲੱਗਦੇ ਹਨ। ਉਨ੍ਹਾਂ ਦੇ ਨਤੀਜੇ ਵੀ ਤਸੱਲੀ ਬਖਸ਼ ਨਹੀਂ ਨਿਕਲਦੇ।
ਅਸੀਂ ਆਪਣੇ ਬਜ਼ੁਰਗਾਂ ਤੋਂ ਇਕ ਅਖਾਣ ਸੁਣਦੇ ਆਏ ਹਾਂ ਕਿ-''ਪੈਸੇ ਦਾ ਘੋੜਾ ਮਹਿੰਗਾ ਅਤੇ ਲੱਖ ਰੁਪਏ ਦਾ ਘੋੜਾ ਸੱਸਤਾ''। ਇਸ ਗੱਲ ਨੂੰ ਇਸ ਕਹਾਣੀ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ-''ਇਕ ਵਾਰੀ ਇਕ ਗ਼ਰੀਬ ਬੰਦਾ ਆਪਣੇ ਚਾਰ ਸਾਲ ਦੇ ਛੋਟੇ ਬੱਚੇ ਨੂੰ ਮੇਲੇ ਲੈ ਗਿਆ। ਉੱਥੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਬੱਚੇ ਨੇ ਇਕ ਮਿੱਟੀ ਦਾ ਘੋੜਾ ਖਰੀਦਣ ਦੀ ਜ਼ਿਦ ਕੀਤੀ। ਪਿਓ ਨੇ ਭਾਅ ਪੁੱਛਿਆ ਤਾਂ ਭਾਈ ਨੇ ਕਿਹਾ ਕਿ ਇਕ ਪੈਸੇ ਦਾ ਇਕ ਘੋੜਾ ਹੈ। ਪਿਓ ਨੇ ਕਿਹਾ-ਪੁੱਤਰ ਇਕ ਪੈਸੇ ਦਾ ਇਕ ਘੋੜਾ ਤਾਂ ਬਹੁਤ ਮਹਿੰਗਾ ਹੈ। ਅਸੀਂ ਨਹੀਂ ਖ਼ਰੀਦ ਸਕਦੇ। ਕੁਝ ਸਮਾਂ ਬੀਤਿਆ। ਉਨ੍ਹਾਂ ਦੇ ਦਿਨ ਫਿਰ ਗਏ। ਗ਼ਰੀਬੀ ਕੱਟੀ ਗਈ। ਬੱਚਾ ਵੀ ਹੁਣ ਜੁਆਨ ਹੋ ਗਿਆ। ਉਸ ਨੇ ਅਮੀਰਾਂ ਵਾਲੇ ਸ਼ੌਂਕ ਪਾਲ ਲਏ। ਉਸ ਦੇ ਮਨ ਵਿਚ ਰੇਸ ਦੇ ਘੋੜੇ ਪਾਲਣ ਦਾ ਸ਼ੌਂਕ ਪੈਦਾ ਹੋ ਗਿਆ। ਇਕ ਦਿਨ ਦੋਵੇਂ ਪਿਓ ਪੁੱਤਰ ਘੋੜਿਆਂ ਦੀ ਮੰਡੀ ਗਏ। ਮੁੰਡੇ ਨੂੰ ਪੰਜ ਲੱਖ ਦਾ ਘੋੜਾ ਪਸੰਦ ਆ ਗਿਆ। ਪਿਓ ਨੂੰ ਪੁੱਛਿਆ। ਪਿਓ ਕਹਿੰਦਾ-ਲੈ ਲੈ ਬੇਟਾ ਲੈ ਲੈ, ਪੰਜ ਲੱਖ ਦਾ ਘੋੜਾ ਤਾਂ ਬਹੁਤ ਹੀ ਸੱਸਤਾ ਹੈ।'' ਸਮਾਂ ਤੇ ਹਾਲਾਤ ਬਦਲਣ ਨਾਲ ਉਸੇ ਪਿਓ ਦਾ ਨਜ਼ਰੀਆ ਅਤੇ ਪ੍ਰਤੀਕਰਮ ਵੀ ਬਦਲ ਗਿਆ।
ਸਾਡੀ ਆਸਥਾ ਅਤੇ ਸੇਵਾ ਭਾਵ ਨਾਲ ਸਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ। ਜੇ ਕਿਸੇ ਬੰਦੇ ਨੂੰ ਅੱਧਾ ਘੰਟਾ ਪਾਠ ਕਰਨ ਜਾਂ ਸੁਣਨ ਨੂੰ ਕਿਹਾ ਜਾਏ ਤਾਂ ਉਹ ਕਹੇਗਾ ਮੇਰਾ ਮਨ ਨਹੀਂ ਟਿਕਦਾ ਪਰ ਤਿੰਨ ਘੰਟੇ ਦੀ ਫਿਲਮ ਦੇਖਣ ਜਾਣ ਲੱਗੇ ਬੜਾ ਸੋਹਣਾ ਮਨ ਟਿਕ ਜਾਂਦਾ ਹੈ। ਕਈ ਔਰਤਾਂ ਬੀਮਾਰ ਘਰ ਵਾਲਿਆਂ ਦੀ ਸੇਵਾ ਕਰਨ ਲੱਗੇ ਨੱਕ ਮੂੰਹ ਵੱਟਦੀਆਂ ਹਨ ਪਰ ਉਹ ਡੇਰਿਆਂ 'ਤੇ ਜਾ ਕੇ ਬਾਬਿਆਂ ਦੀਆਂ ਲੱਤਾਂ ਘੁੱਟਦੀਆਂ ਹਨ। ਉਨ੍ਹਾਂ ਦੇ ਪੈਰਾਂ ਨੂੰ ਧੋ ਧੋ ਕੇ ਗੰਦਾ ਪਾਣੀ ਚਰਨਾਮਤ ਕਰਕੇ ਖ਼ੁਸ਼ੀ ਖ਼ੁਸ਼ੀ ਪੀਂਦੀਆਂ ਹਨ। ਇਸੇ ਤਰ੍ਹਾਂ ਘਰ ਵਿਚ ਜੇ ਕੋਈ ਬਜ਼ੁਰਗ ਚਾਹ ਜਾਂ ਰੋਟੀ ਮੰਗ ਲਏ ਤਾਂ ਕਹਿਣਗੀਆਂ ਆਪੇ ਬਣਾ ਲਉ। ਮੈਨੂੰ ਗੁਰਦਵਾਰੇ ਦੇਰ ਹੋ ਰਹੀ ਹੈ। ਮੈਂ ਉੱਥੇ ਜਾ ਕੇ ਲੰਗਰ ਦੀ ਸੇਵਾ ਕਰਨੀ ਹੈ। ਕਈ ਲੋਕ ਚੰਗੀ ਸਿਹਤ ਲਈ ਲੰਮੀ ਸੈਰ ਕਰਦੇ ਹਨ। ਉਹ ਜਿਮ ਜਾ ਕੇ ਪੈਸੇ ਦੇ ਕੇ ਕਸਰਤ ਵੀ ਕਰਦੇ ਹਨ। ਜੇ ਉਨ੍ਹਾਂ ਨੂੰ ਘਰ ਦਾ ਕੋਈ ਕੰਮ ਕਰਨਾ ਪੈ ਜਾਏ ਤਾਂ ਭਾਰਾ ਲੱਗਦਾ ਹੈ। ਘਰ ਦਾ ਰਾਸ਼ਨ ਪਾਣੀ ਖਰੀਦਣ ਲਈ ਉਹ ਸਕੂਟਰ ਜਾਂ ਕਾਰ ਤੋਂ ਬਿਨਾ ਬਾਹਰ ਪੈਰ ਨਹੀਂ ਕੱਢਦੇ। ਇਸੇ ਤਰ੍ਹਾਂ ਸਾਡੇ ਨੋਜੁਆਨ ਖੇਡਾਂ ਲਈ ਜਾਨ ਹੂਲ ਕੇ ਸਾਰੀ ਸ਼ਕਤੀ ਲਾ ਦੇਣਗੇ ਕਿਉਂਕਿ ਇਸ ਨਾਲ ਸਰੀਰ ਦੀ ਵਰਜਿਸ਼ ਹੁੰਦੀ ਹੈ ਪਰ ਜੇ ਉਨ੍ਹਾਂ ਨੂੰ ਕਿਸੇ ਖ਼ਰਾਬ ਬੱਸ ਨੂੰ ਦੋ ਮਿੰਟ ਲਈ ਧੱਕਾ ਲਾਣ ਲਈ ਕਿਹਾ ਜਾਏ ਤਾਂ ਉਨ੍ਹਾਂ ਦੀ ਸ਼ਾਨ ਵਿਚ ਫ਼ਰਕ ਪੈਂਦਾ ਹੈ। ਉਹ ਝੱਟ ਕਹਿਣਗੇ ਕਿਸੇ ਮਜ਼ਦੂਰ ਨੂੰ ਬੁਲਾ ਲਉ। ਇਹ ਹੈ ਨਜ਼ਰੀਏ ਦਾ ਫ਼ਰਕ। ਹੁਣ ਉਨ੍ਹਾਂ ਦੀ ਵਰਜਿਸ਼ ਨਹੀਂ ਹੁੰਦੀ?
ਕਿਸੇ ਕਿਸਾਨ ਕੋਲ ਵਾਹੀ ਲਈ ਜਿੰਨੀ ਵੀ ਜ਼ਮੀਨ ਹੋਵੇ ਉਸ ਨੂੰ ਉਹ ਥੋੜ੍ਹੀ ਹੀ ਲੱਗਦੀ ਹੈ। ਜ਼ਮੀਨ ਵਿਚੋਂ ਹੀ ਉਸ ਦੀ ਫ਼ਸਲ ਪੈਦਾ ਹੁੰਦੀ ਹੈ ਅਤੇ ਉਸ ਦੀ ਖ਼ੁਸ਼ਹਾਲੀ ਵਧਦੀ ਹੈ। ਉਸ ਵਿਚ ਹੋਰ ਜ਼ਮੀਨ ਹਾਸਿਲ ਕਰਨ ਦੀ ਲਾਲਸਾ ਪੈਦਾ ਹੁੰਦੀ ਹੈ। ਉਹ ਧਰਤੀ ਨੂੰ ਆਪਣੀ ਮਾਂ ਦੇ ਬਰਾਬਰ ਗਿਣਦਾ ਹੈ। ਧਰਤੀ ਹੀ ਉਸ ਦੀ ਪਾਲਣਹਾਰ ਹੈ ਪਰ ਜੇ ਕਿਸੇ ਕਿਸਾਨ ਨੂੰ ਕਿਸੇ ਬਿਲਕੁਲ ਉਜਾੜ ਟਾਪੂ ਤੇ ਕਾਫ਼ੀ ਸਾਰੀ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਏ ਅਤੇ ਕਿਹਾ ਜਾਏ ਲੈ ਭਈ ਹੁਣ ਤੂੰ ਜਿੰਨੀ ਮਰਜ਼ੀ ਜ਼ਮੀਨ ਵਾਹੀ ਜਾ ਅਤੇ ਖ਼ੁਸ਼ੀਆਂ ਮਾਣੀ ਜਾ। ਉੱਥੇ ਉਸ ਕਿਸਾਨ ਦਾ ਜ਼ਮੀਨ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ। ਉਸ ਦੀ ਫ਼ਸਲ ਨੂੰ ਖਰੀਦਣ ਵਾਲਾ ਹੀ ਕੋਈ ਨਹੀਂ ਹੋਵੇਗਾ। ਖੇਤੀ ਉਸ ਨੂੰ ਫ਼ਾਲਤੂ ਜਿਹਾ ਕੰਮ ਲੱਗੇਗਾ। ਜ਼ਮੀਨ ਉਸ ਲਈ ਬੇਲੋੜੀ ਚੀਜ਼ ਬਣ ਕੇ ਰਹਿ ਜਾਵੇਗੀ।
ਸਾਡੀ ਮਮਤਾ ਅਤੇ ਅਪਣੱਤ ਕਾਰਨ ਵੀ ਸਾਡਾ ਨਜ਼ਰੀਆ ਬਦਲਦਾ ਹੈ। ਹਰ ਮਾਂ ਪਿਓ ਨੂੰ ਆਪਣਾ ਬੱਚਾ ਦੁਨੀਆਂ ਦਾ ਸਭ ਤੋਂ ਸੋਹਣਾ ਬੱਚਾ ਹੀ ਨਜ਼ਰ ਆਉਂਦਾ ਹੈ। ਉਸ ਲਈ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ। ਇਸ ਲਈ ਉਹ ਆਪਣੇ ਬੱਚੇ ਲਈ ਆਪਣਾ ਸਭ ਕੁਝ ਹੀ ਵਾਰਨ ਲਈ ਤੱਤਪਰ ਰਹਿੰਦੇ ਹਨ। ਦੂਸਰੇ ਬੱਚਿਆਂ ਲਈ ਇਹ ਨਜ਼ਰੀਆ ਬਦਲ ਜਾਂਦਾ ਹੈ। ਮਤਰੇਈਆਂ ਮਾਵਾਂ ਦੇ ਪਰਾਏ ਬੱਚਿਆਂ ਲਈ ਦਵੈਸ਼ ਭਰੇ ਸਲੂਕ ਤਾਂ ਸਭ ਤੋਂ ਬਦਨਾਮ ਹਨ।ਇਕੋ ਚੀਜ਼ ਲਈ ਵੱਖ ਵੱਖ ਲੋਕਾਂ ਦਾ ਨਜ਼ਰੀਆ ਵੱਖ ਵੱਖ ਹੋ ਸਕਦਾ ਹੈ। ਕਿਸੇ ਵਸਤੂ ਜਾਂ ਘਟਨਾ ਲਈ ਸਾਡਾ ਨਜ਼ਰੀਆਂ ਉਸ ਨਾਲ ਸਾਡਾ ਰਿਸ਼ਤਾ ਜਾਂ ਲਗਾਵ ਕਾਰਨ ਵੀ ਬਦਲ ਜਾਂਦਾ ਹੈ। ਇਕ ਜਨਾਨੀ ਲੋਕਲ ਅੱਡੇ ਤੇ ਬੱਸ ਲੈ ਕੇ ਕਿਧਰੇ ਜਾਣ ਲਈ ਤਿਆਰ ਖੜੀ ਸੀ ਕਿ ਦੂਸਰੀ ਜਨਾਨੀ ਨੇ ਉਸ ਨੂੰ ਆ ਕਿ ਖ਼ਬਰ ਦਿੱਤੀ ਕਿ ਹੁਣੇ ਹੁਣੇ ਤੇਰਾ ਮੁੰਡਾ ਬੱਸ ਹੇਠ ਆ ਕੇ ਮਰ ਗਿਆ ਹੈ, ਤਾਂ ਉਹ ਜਨਾਨੀ ਉੱਚੀ ਉੱਚੀ ਰੋਣ ਲੱਗੀ। ਇਨੇ ਵਿਚ ਉਸ ਉਸ ਦੀ ਗੁਆਂਢਣ ਆ ਗਈ । ਜਦ ਉਸ ਨੂੰ ਸਾਰੀ ਗਲ ਦਾ ਪਤਾ ਲੱਗਾ ਤਾਂ ਉਸ ਨੇ ਕਿਹਾ, ਭੈਣੇ ਐਂਵੇ ਨਾ ਦੁਖੀ ਹੋ। ਉਹ ਤਾਂ ਦੂਸਰੇ ਮੁਹੱਲੇ ਦਾ ਬੱਚਾ ਸੀ। ਤੇਰਾ ਮੁੰਡਾ ਤਾਂ ਠੀਕ ਠਾਕ ਹੈ ਤੇ ਮੇਰੇ ਮੁੰਡੇ ਨਾਲ ਖੇਡ ਰਿਹਾ ਹੈ। ਪਹਿਲੇ ਵਾਲੀ ਜਨਾਨੀ ਉਸੇ ਸਮੇਂ ਨੋਰਮਲ ਹੋ ਗਈ ਤੇ ਬੱਸ ਫੜ ਕੇ ਸ਼ੋਪਿੰਗ ਕਰਨ ਚਲੇ ਗਈ। ਇਸ ਤਰ੍ਹਾਂ ਉਸ ਦੁਰਘਟਨਾ ਪ੍ਰਤੀ ਉਸ ਦਾ ਨਜ਼ਰੀਆ ਇਕ ਦਮ ਬਦਲ ਗਿਆ।
ਦੁਸ਼ਮਣ ਦੇ ਘਰ ਅੱਗ ਲੱਗੀ ਹੋਵੇ ਤਾਂ ਆਤਿਸ਼ਬਜੀ ਜਾਂ ਬਸੰਤਰ ਦੇਵਤਾ ਕਹਿ ਕੇ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਜੇ ਇਹ ਹੀ ਅੱਗ ਆਪਣੇ ਘਰ ਨੂੰ ਕਲਾਵੇ ਵਿਚ ਲੈ ਲਏ ਤਾਂ ਗਸ਼ੀਆਂ ਪੈਣ ਲੱਗ ਜਾਂਦੀਆਂ ਹਨ। ਭਾਰਤ ਵਿਚ 1984 ਵਿਚ ਸਿੱਖਾਂ ਨੂੰ ਗਲੇ ਵਿਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ ਗਿਆ ਤੇ ਉਪਰੋਂ ਕਿਹਾ ਗਿਆ ਕਿ ਕਿੱਡਾ ਸੋਹਣਾ ਡਿਸਕੋ ਕਰ ਰਹੇ ਹਨ। ਇਹ ਹੀ ਹੈ ਸਾਡੀ ਇਨਸਾਨੀਅਤ ਦੇ ਨਜ਼ਰੀਏ ਦਾ ਫਰਕ?
ਸਾਡੀਆਂ ਪ੍ਰੇਮ ਕਥਾਵਾਂ ਵਿਚ ਇਕ ਪ੍ਰੇਮ ਕਥਾ ਲੈਲਾ ਮਜਨੂੰ ਦੀ ਆਉਂਦੀ ਹੈ। ਕਹਿੰਦੇ ਹਨ ਕਿ ਲੈਲਾ ਬਹੁਤ ਕਾਲੀ ਸੀ ਪਰ ਮਜਨੂੰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਕਿਸੇ ਨੇ ਮਜਨੂੰ ਨੂੰ ਤਾਅਨਾ ਮਾਰਿਆ ਕਿ ਲੈਲਾ ਤਾਂ ਬਹੁਤ ਕਾਲੀ ਹੈ। ਤੂੰ ਉਸ ਦੇ ਚੱਕਰ ਵਿਚ ਐਵੇਂ ਪਿਆ ਹੋਇਆ ਹੈਂ। ਮਜਨੂੰ ਨੇ ਹੱਸ ਕੇ ਉੱਤਰ ਦਿੱਤਾ-'ਤੂੰ ਲੈਲਾ ਨੂੰ ਮਜਨੂੰ ਦੀਆਂ ਅੱਖਾਂ ਨਾਲ ਦੇਖ, ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਲੈਲਾ ਕੀ ਹੈ'। ਇਹ ਹੈ ਪਿਆਰ ਕਰਨ ਵਾਲੇ ਦਾ ਵੱਖਰਾ ਨਜ਼ਰੀਆ।
ਅਮੀਰ ਦੇ ਬਨੇਰੇ ਤੇ ਬੈਠਾ ਕਾਂ ਵੀ ਸਭ ਨੂੰ ਮੋਰ ਹੀ ਦਿਸਦਾ ਹੈ। ਗ਼ਰੀਬ ਦਾ ਬੱਚਾ ਸਭ ਨੂੰ ਚੋਰ ਹੀ ਦਿਸਦਾ ਹੈ। ਅਮੀਰ ਔਰਤ ਨੇ ਨਕਲੀ ਗਹਿਣੇ ਵੀ ਪਾਏ ਹੋਣ ਤਾਂ ਸਭ ਨੂੰ ਅਸਲ਼ੀ ਅਤੇ ਬਹੁਤ ਕੀਮਤੀ ਲੱਗਦੇ ਹਨ ਪਰ ਦੂਜੇ ਪਾਸੇ ਜੇ ਕੋਈ ਗ਼ਰੀਬ ਔਰਤ ਕਿਸੇ ਤਰ੍ਹਾਂ ਅਸਲੀ ਗਹਿਣੇ ਵੀ ਪਾ ਕੇ ਆ ਜਾਏ ਤਾਂ ਸਭ ਨੂੰ ਨਕਲੀ ਹੀ ਲੱਗਦੇ ਹਨ।
ਕਈ ਵਾਰੀ ਵੱਡੇ ਹੋਣ ਤੇ ਬੱਚਿਆਂ ਦਾ ਰਵਈਆ ਵੀ ਆਪਣੇ ਬਜ਼ੁਰਗ ਮਾਂ ਪਿਓ ਲਈ ਬਦਲ ਜਾਂਦਾ ਹੈ। ਜਿੰਨਾਂ ਬੱਚਿਆਂ ਨੂੰ ਮਾਂ ਪਿਓ ਨੂੰ ਬੜੇ ਲਾਡ ਲਡਾ ਕੇ ਪਾਲਿਆ ਹੁੰਦਾ ਹੈ ਉਹ ਹੀ ਵੱਡੇ ਹੋ ਕੇ ਮਾਂ ਪਿਓ ਨੂੰ ਭਾਰੂ ਸਮਝਣ ਲੱਗ ਪੈਂਦੇ ਹਨ। ਇਕ ਨਸ਼ੇੜੀ ਪੁੱਤਰ ਨੂੰ ਆਪਣੇ ਬੁੱਢੇ ਪਿਓ ਨੂੰ ਰੋਟੀ ਦੇਣੀ ਭਾਰੂ ਲੱਗਦੀ ਸੀ। ਉਹ ਸੋਚਦਾ ਹੈ ਕਿ ਇਹ ਕੋਈ ਕੰਮ ਨਹੀਂ ਕਰਦਾ ਅਤੇ ਵਿਹਲਾ ਬੈਠ ਕੇ ਰੋਟੀਆਂ ਤੋੜਦਾ ਰਹਿੰਦਾ ਹੈ। ਉਸ ਨੇ ਆਪਣੇ ਪਿਓ ਨੂੰ ਪੰਚਾਇਤ ਵਿਚ ਬੁਲਾ ਲਿਆ ਅਤੇ ਕਿਹਾ-''ਬਾਪੂ ਤੂੰ ਸਾਰੀ ਉਮਰ ਕਰਦਾ ਹੀ ਕੀ ਰਿਹਾ ਹੈਂ? ਪਿਓ ਨੇ ਉੱਤਰ ਦਿੱਤਾ ਕਿ ਮੈਂ ਉਹ ਜ਼ਮੀਨਾਂ ਬਣਾਉਂਦਾ ਰਿਹਾ ਹਾਂ ਜਿੰਨਾ ਨੂੰ ਵੇਚ ਵੇਚ ਕੇ ਤੂੰ ਹੁਣ ਖਾ ਰਿਹਾ ਹੈਂ।'' ਜਿਸ ਪਿਓ ਨੇ ਪਰਿਵਾਰ ਲਈ ਜਾਇਦਾਦਾਂ ਬਣਾਈਆਂ ਉਹ ਹੀ ਹੁਣ ਪੁੱਤਰ ਦਾ ਮੁਥਾਜ ਬਣ ਕੇ ਰਹਿ ਗਿਆ।
ਕਈ ਧਾਰਮਿਕ ਲੋਕਾਂ ਦੇ ਪੈਰਾਂ ਹੇਠ ਕੀੜੀ ਵੀ ਆ ਕੇ ਮਰ ਜਾਏ ਤਾਂ ਉਨ੍ਹਾਂ ਨੂੰ ਸਾਰਾ ਦਿਨ ਦੁੱਖ ਲੱਗਦਾ ਰਹਿੰਦਾ ਹੈ ਕਿ ਮੇਰੇ ਕੋਲੋਂ ਇਕ ਬੇਦੋਸ਼ੇ ਜੀਵ ਦੀ ਹੱਤਿਆ ਹੋ ਗਈ। ਇਸੇ ਦੁੱਖ ਕਾਰਨ ਉਨ੍ਹਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਪਰ ਜਦ ਇਹ ਹੀ ਲੋਕ ਕੱਟੜ ਧਰਮੀ ਬਣ ਜਾਣ ਤਾਂ ਬੰਦਿਆਂ ਦਾ ਖ਼ੂਨ ਪੀਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹ ਮਾਸੂਮ ਬੱਚਿਆਂ ਨੂੰ ਵੀ ਕੋਹ ਕੋਹ ਕੇ ਮਾਰਦੇ ਹਨ। 1947 ਅਤੇ 1984 ਦੇ ਕਤਲੇਆਮ ਦੇ ਜ਼ਖ਼ਮ ਮਨੁੱਖਤਾ ਤੇ ਹਾਲੇ ਵੀ ਤਾਜ਼ੇ ਹਨ।
ਅੱਜ ਅਸੀਂ 2020 ਦੇ ਸਾਲ ਵਿਚ ਕਦਮ ਰੱਖ ਲਿਆ ਹੈ। ਇਸ ਸਮੇਂ ਸਾਰੀ ਦੁਨੀਆਂ ਨਵੀਂਆਂ ਬੁਲੰਦੀਆਂ ਨੂੰ ਸਰ ਕਰ ਰਹੀ ਹੈ ਅਤੇ ਵਿਗਿਆਨ ਦੀਆਂ ਨਵੀਂਆਂ ਖੌਜਾਂ ਕਰ ਕੇ ਮਨੁੱਖਤਾ ਦੇ ਭਲੇ ਲਈ ਨਵੇਂ ਦਿਸਹੱਦਿਆਂ ਨੂੰ ਛੂਹ ਰਹੀ ਹੈ। ਠੀਕ ਇਸ ਸਮੇਂ ਸਾਡਾ ਦੇਸ਼ ਇਕ ਬੜੇ ਭਿਆਨਕ ਦੌਰ ਵਿਚੋਂ ਲੰਘ ਰਿਹਾ ਹੈ। ਹਾਕਮ ਧਿਰ ਤੇ ਹਕੂਮਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਅੰਦਰ ਮਨੁੱਖਤਾ ਪ੍ਰਤੀ ਹਮਦਰਦੀ ਵਾਲਾ ਨਜ਼ਰੀਆ ਰਿਹਾ ਹੀ ਨਹੀਂ। ਜਿਵੇਂ ਔਰੰਗਜ਼ੇਬ ਸਾਰੇ ਭਾਰਤ ਵਾਸੀਆਂ 'ਤੇ ਜ਼ੁਲਮ ਕਰ ਕੇ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਵੇਂ ਹੀ ਅੱਜ ਦੇ ਹਾਕਮ ਸਭ ਧਰਮਾਂ ਅਤੇ ਫ਼ਿਰਕਿਆਂ ਨੂੰ ਖ਼ਤਮ ਕਰ ਕੇ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਲੋਕਾਂ ਨੂੰ ਡਰਾਉਣ ਅਤੇ ਦਬਾਉਣ ਲਈ ਨਿੱਤ ਨਵੇਂ ਨਵੇਂ ਅਤੇ ਨਾਵਾਜਿਬ ਕਾਨੂੰਨ ਬਣਾਏ ਜਾ ਰਹੇ ਹਨ। ਇਹ ਇਕ ਬੜੀ ਖ਼ਤਰਨਾਕ ਖੇਡ ਹੈ। ਇਨਾਂ ਕਾਨੂੰਨਾਂ ਅਨੁਸਾਰ ਹਾਕਮ ਜਮਾਤ ਦੇ ਬੰਦੇ ਜੇ ਮੁਲਕ ਵਿਚ ਤਬਾਹੀ ਮਚਾਉਣ ਤਾਂ ਰਾਸ਼ਟਰ ਸੇਵਾ। ਜੇ ਉਹ ਅਲੱਗ ਅਲੱਗ ਧਰਮਾਂ ਨੂੰ ਖ਼ਤਮ ਕਰ ਕੇ ਹਿੰਦੂ ਰਾਸ਼ਟਰ ਦਾ ਨਾਹਰਾ ਲਗਾਉਣ ਤਾਂ ਦੇਸ਼ ਭਗਤੀ ਪਰ ਜੇ ਦੂਜੇ ਪਾਸੇ ਕੋਈ ਵਿਅਕਤੀ ਵੱਖਰੇ ਖਿੱਤੇ ਦਾ ਨਾਮ ਵੀ ਲਏ ਤਾਂ ਉਸ ਤੇ ਅੱਤਵਾਦੀ, ਵੱਖਵਾਦੀ ਜਾਂ ਦੇਸ਼ ਦੇ ਗ਼ੱਦਾਰ ਦੇ ਨਾਮ ਦਾ ਠੱਪਾ ਲਾਇਆ ਜਾਂਦਾ ਹੈ। ਹੁਣ ਤਾਂ ਹਾਕਮ ਜਮਾਤ ਵਲੋਂ ਦਲਿਤਾਂ, ਬੋਧੀਆਂ, ਜੈਨੀਆਂ, ਮੁਸਲਮਾਨਾਂ, ਕ੍ਰਿਸਚੀਅਨਾਂ ਅਤੇ ਸਿੱਖਾਂ ਨੂੰ ਵੀ ਆਪਣੀ ਅਲੱਗ ਅਲੱਗ ਹਸਤੀ ਮਿਟਾ ਕੇ ਹਿੰਦੂ ਧਰਮ ਵਿਚ ਜਜ਼ਬ ਹੋ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਨੀਤੀ ਨੂੰ ਸੁਹਿਰਦ ਹਿੰਦੂ ਵੀ ਗ਼ਲਤ ਮੰਨਦੇ ਹਨ ਪਰ ਉਨ੍ਹਾਂ ਦੀ ਅਵਾਜ਼ ਵੀ ਦਬਾ ਦਿੱਤੀ ਜਾਂਦੀ ਹੈ।ਇਹ ਹੈ ਹਕੂਮਤ ਦਾ ਨਜ਼ਰੀਆ। ਇਹ ਹਾਕਮ ਨਹੀਂ ਸਮਝਦੇ ਕਿ ਇਨ੍ਹਾਂ ਅਲੱਗ ਅਲੱਗ ਧਰਮਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਹਰ ਇਨਸਾਨ ਦੀ ਅਲੱਗ ਅਲੱਗ ਮਾਨਤਾ, ਸੰਸਕਾਰ ਅਤੇ ਵਿਰਸਾ ਹਨ। ਜਦ ਦੇਸ਼ 'ਤੇ ਕੋਈ ਭੀੜ ਪਏ ਤਾਂ ਇਹ ਸਾਰੇ ਲੋਕ ਆਪਣੇ ਆਪਣੇ ਧਰਮਾਂ ਅਤੇ ਮਾਨਤਾਵਾਂ ਤੋਂ ਉੱਪਰ ੳੱਠ ਕੇ ਦੇਸ਼ ਦੀ ਰੱਖਿਆ ਲਈ ਇਕ ਹੋ ਜਾਂਦੇ ਹਨ। ਕੀ ਇਨਾਂ ਸਾਰਿਆਂ ਨੇ ਮਿਲ ਕੇ ਅਜ਼ਾਦੀ ਦੀ ਲੜਾਈ ਨਹੀਂ ਲੜ੍ਹੀ? ਜਦ ਸਾਰੇ ਹਿੰਦੁਸਤਾਨੀ ਇਕੱਠੇ ਹੋ ਗਏ, ਤਾਂ ਹੀ ਦੇਸ਼ ਦੀ ਗ਼ੁਲਾਮੀ ਦੀਆਂ ਜੰਜੀਰਾਂ ਕੱਟੀਆਂ ਗਈਆਂ। ਹੁਣ ਹਕੂਮਤ ਨੂੰ ਖ਼ਤਰਾ ਹੈ ਕਿ ਜੇ ਇਹ ਸਾਰੇ ਲੋਕ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਮ 'ਤੇ ਇਕੱਠੇ ਹੋ ਗਏ ਤਾਂ ਕਿਧਰੇ ਸਾਨੂੰ ਹੀ ਕੁਰਸੀ ਤੋਂ ਲਾਹ ਕੇ ਥੱਲੇ ਨਾ ਸੁੱਟ ਦੇਣ। ਫਿਰ ਅਸੀਂ ਹਕੂਮਤ ਕਿਸ ਤੇ ਕਰਾਂਗੇ। ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਖਰੇਵਿਆਂ ਕਾਰਨ ਹੀ ਭਾਰਤ ਇਕ ਖਿੜ੍ਹੇ ਹੋਏ ਗੁਲਜ਼ਾਰ ਦੀ ਤਰ੍ਹਾਂ ਹੀ ਸਾਰੀ ਦੁਨੀਆਂ 'ਤੇ ਮਹਿਕਾਂ ਖਲੇਰ ਰਿਹਾ ਹੈ। ਇਸ ਦੀ ਸੁੰਦਰਤਾ ਸਾਰੀ ਦੁਨੀਆਂ ਨੂੰ ਲੁਭਾ ਰਹੀ ਹੈ। ਜੇ ਇਨ੍ਹਾਂ ਧਰਮਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਸ਼ ਦੀ ਅਲੱਗ ਅਤੇ ਨਿਆਰੀ ਹੱਸਤੀ ਵੀ ਕਾਇਮ ਨਹੀਂ ਰਹੇਗੀ। ਬਿਖਰੇ ਹੋਏ ਪਰਿਵਾਰ ਨੂੰ ਕੁਚਲਣ ਅਤੇ ਹੜੱਪਣ ਲਈ ਦੁਸ਼ਮਣ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ।
ਦੋਸਤੋ ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ ਇਕ ਚੰਗਾ ਅਤੇ ਦੂਜਾ ਮਾੜਾ। ਸਾਨੂੰ ਆਪਣੀ ਤੀਸਰੀ ਅੱਖ ਨਾਲ ਨਿਰਪੱਖ ਹੋ ਕੇ ਦੋਵੇਂ ਪਹਿਲੂਆਂ ਤੋਂ ਦੇਖਣਾ ਚਾਹੀਦਾ ਹੈ ਅਤੇ ਚੰਗਾ ਮਾੜਾ ਵਿਚਾਰ ਕੇ ਹੀ ਆਪਣੇ ਠੀਕ ਨਜ਼ਰੀਏ ਨੂੰ ਕਾਇਮ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਸੋਚ ਨੂੰ ਸਕਾਰਤਮਕ ਰੱਖਣ ਦੀ ਜ਼ਰੂਰਤ ਹੈ। ਸਾਡੀ ਸੋਚ ਹੀ ਸਾਡੇ ਚੰਗੇ ਮਾੜੇ ਨਜ਼ਰੀਏ ਨੂੰ ਕਾਇਮ ਕਰਦੀ ਹੈ। ਜੇ ਅਸੀਂ ਇਨਸਾਨੀਅਤ ਦੇ ਧਰਾਤਲ ਤੇ ਵਿਚਰ ਕੇ ਆਪਣੇ ਨਜ਼ਰੀਏ ਨੂੰ ਠੀਕ ਰੱਖੀਏ ਤਾਂ ਦੁਨੀਆਂ ਵਿਚੋਂ ਦੰਗੇ ਫਸਾਦ ਅਤੇ ਹਾਦਸੇ ਹਟ ਸਕਦੇ ਹਨ। ਮਨੁੱਖਤਾ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਪ੍ਰੇਰਨਾਦਾਇਕ ਲੇਖ : ਸਫ਼ਲ ਜੀਵਨ - ਗੁਰਸ਼ਰਨ ਸਿੰਘ ਕੁਮਾਰ
ਹਰ ਮਨੁੱਖ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਸ ਦਾ ਜੀਵਨ ਸਫ਼ਲ ਹੋਵੇ। ਉਹ ਚਾਹੁੰਦਾ ਹੈ ਕਿ ਉਹ ਦੂਸਰੇ ਨੂੰ ਸੋਹਣਾ ਲੱਗੇ। ਇਸ ਲਈ ਉਹ ਆਪਣੀ ਫ਼ੱਬਤ ਨੂੰ ਸੁਹਣਾ ਸੁਨੱਖਾ ਬਣਾ ਕੇ ਰੱਖਦਾ ਹੈ। ਉਹ ਘਰੋਂ ਬਾਹਰ ਜਾਣ ਲੱਗਿਆਂ ਸੋਹਣੇ ਪ੍ਰੈਸ ਕੀਤੇ ਹੋਏ ਕੱਪੜੇ ਪਾ ਕੇ ਅਤੇ ਚਿਹਰੇ ਨੂੰ ਚਮਕਾ ਕੇ ਰੱਖਦਾ ਹੈ। ਇਸੇ ਆਸ਼ੇ ਨੂੰ ਲੈ ਕੇ ਅੱਜ ਕੱਲ ਔਰਤਾਂ ਬਿਉਟੀ ਪਾਰਲਰ ਦਾ ਵੀ ਸਹਾਰਾ ਲੈਂਦੀਆਂ ਹਨ ਤਾਂ ਕਿ ਉਨ੍ਹਾਂ ਦੇ ਚਿਹਰੇ ਦੀ ਚਮਕ ਬਣੀ ਰਹੇ। ਪਾਉਡਰ, ਕਰੀਮਾਂ ਅਤੇ ਬਿਉਟੀ ਪਾਰਲਰ ਦਾ ਧੰਦਾ ਅੱਜ ਕੱਲ ਬਹੁਤ ਪ੍ਰਫੁਲਤ ਹੋ ਰਿਹਾ ਹੈ। ਥਾਂ ਥਾਂ ਬਿਉਟੀ ਪਾਰਲਰ ਖੁੱਲ ਰਹੇ ਹਨ। ਇਨ੍ਹਾਂ ਕਰੀਮਾਂ ਅਤੇ ਪਾਉਡਰ ਦੀ ਚਮਕ ਥੋੜ੍ਹ ਚਿਰੀ ਹੀ ਹੁੰਦੀ ਹੈ। ਜਦ ਮੂੰਹ ਧੋ ਲਉ, ਚਮਕ ਗਾਇਬ। ਚਿਹਰੇ ਦੀ ਅਜਿਹੀ ਚਮਕ ਬੰਦੇ ਦੇ ਮੂੰਹ ਤੇ ਅਸਲੀ ਚਮਕ ਨਹੀਂ ਲਿਆ ਸਕਦੀ। ਅਸਲੀ ਖ਼ੂਬਸੂਰਤੀ ਤਾਂ ਬੰਦੇ ਦੇ ਗੁਣਾਂ ਕਾਰਨ ਹੀ ਆਉੰਦੀ ਹੈ। ਅਜਿਹੇ ਬੰਦੇ ਦੇ ਚਿਹਰੇ ਦੀ ਚਮਕ ਦੂਜੇ ਦੀਆਂ ਅੱਖਾਂ ਚੁੰਧਿਆ ਦਿੰਦੀ ਹੈ। ਫਿਰ ਭਾਵੇਂ ਬੰਦਾ ਕਿੰਨਾ ਵੀ ਕਾਲਾ ਕਿਉਂ ਨਾ ਹੋਵੇ, ਸਭ ਨੂੰ ਮਨ ਭਾਉਂਦਾ ਹੈ ਅਤੇ ਹਰਮਨ ਪਿਆਰਾ ਲੱਗਦਾ ਹੈ। ਭਾਰਤ ਦੇ ਮਹਾਤਮਾਂ ਗਾਂਧੀ ਅਤੇ ਅਬਦੁਲ ਕਲਾਮ, ਅਮਰੀਕਾ ਦੇ ਅਬਰਾਹਿਮ ਲਿੰਕਨ ਅਤੇ ਬਰਾਕ ਉਬਾਮਾ ਅਤੇ ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਸਧਾਰਨ ਦਿੱਖ ਵਾਲੇ ਬੰਦੇ ਸਨ। ਉਹ ਕਦੀ ਪਾਉਡਰ ਅਤੇ ਕਰੀਮਾਂ ਨਹੀਂ ਸਨ ਲਾਉਂਦੇ ਪਰ ਫਿਰ ਵੀ ਆਪਣੇ ਗੁਣਾਂ ਕਰ ਕੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਮਹਾਤਮਾਂ ਗਾਂਧੀ ਨੂੰ ਦੇਸ਼ ਦੇ ਰਾਸ਼ਟਰ ਪਿਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਅਤੇ ਬਾਕੀ ਸਾਰੇ ਬੰਦੇ ਆਪਣੇ ਆਪਣੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਤੋਂ ਸਾਬਤ ਹੁੰਦਾ ਹੈ ਕਿ ਮਨੁੱਖ ਨੂੰ ਜੀਵਨ ਵਿਚ ਸਫ਼ਲ ਹੋਣ ਲਈ ਕਈ ਹੋਰ ਪੱਖਾਂ ਤੋਂ ਵੀ ਉੱਚਾ ਉੱਠਣ ਦੀ ਲੋੜ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਸਨ, ਜੁਆਨੀ ਅਤੇ ਦੌਲਤ ਦੀ ਆਪਣੀ ਵਿਸ਼ੇਸ਼ ਖਿੱਚ ਹੈ। ਇਸ ਵਿਸ਼ੇਸ਼ਤਾ ਦਾ ਪ੍ਰਭਾਵ ਦੂਜੇ 'ਤੇ ਸਭ ਤੋਂ ਪਹਿਲਾਂ ਪੈਂਦਾ ਹੈ। ਇਹ ਗੁਣ ਦੂਜੇ ਨੂੰ ਸੰਮੋਹਿਤ ਕਰਦੇ ਹਨ। ਸਫ਼ਲ ਜੀਵਨ ਲਈ ਕੇਵਲ ਇਨਾਂ ਚੀਜ਼ਾਂ ਦਾ ਹੋਣਾ ਹੀ ਕਾਫ਼ੀ ਨਹੀਂ। ਨਹੀਂ ਤੇ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਿਸ ਮਨੁੱਖ ਕੋਲ ਇਹ ਗੁਣ ਨਹੀਂ ਉਨ੍ਹਾਂ ਦਾ ਜੀਵਨ ਸਫ਼ਲ ਹੋ ਹੀ ਨਹੀਂ ਸਕਦਾ। ਇਹ ਧਾਰਨਾ ਬਿਲਕੁਲ ਗ਼ਲਤ ਹੈ। ਇਨ੍ਹਾਂ ਗੁਣਾ ਤੋਂ ਬਿਨਾ ਜ਼ਿੰਦਗੀ ਦੇ ਹੋਰ ਵੀ ਕਈ ਜ਼ਰੂਰੀ ਪੱਖ ਹਨ ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਮਨੁੱਖ ਆਪਣਾ ਜੀਵਨ ਸਫ਼ਲ ਬਣਾ ਸਕਦਾ ਹੈ। ਸਫ਼ਲ ਜੀਵਨ ਲਈ ਕਿਹੜੇ ਹੋਰ ਗੁਣ ਜ਼ਰੂਰੀ ਹਨ ਇਸ ਲਈ ਡੂੰਗੀ ਵਿਚਾਰ ਦੀ ਲੋੜ ਹੈ। ਮਨੁੱਖ ਨੂੰ ਸੋਹਣੇ ਦਿਸੱਣ ਦੇ ਨਾਲ ਨਾਲ ਚੰਗਾ ਇਨਸਾਨ ਬਣਨ ਦੀ ਵੀ ਲੋੜ ਹੈ। ਸਫ਼ਲ ਜੀਵਨ ਲਈ ਬੰਦੇ ਨੂੰ ਸਾਵੀਂ ਪੱਧਰੀ (ਸੰਤੁਲਿਤ) ਜ਼ਿੰਦਗੀ ਜਿਉਣ ਦੀ ਲੋੜ ਹੈ।
ਸਫ਼ਲ ਜੀਵਨ ਲਈ ਸਭ ਤੋਂ ਜ਼ਰੂਰੀ ਹੈ ਕਿ ਬੰਦੇ ਦੀ ਸਿਹਤ ਠੀਕ ਹੋਵੇ। ਸਿਹਤ ਹੈ ਤਾਂ ਉਸ ਕੋਲ ਬਹੁਤ ਕੁਝ ਹੈ। ਜਿਸ ਬੰਦੇ ਦੀ ਸਿਹਤ ਠੀਕ ਨਹੀਂ, ਉਸ ਕੋਲ ਭਾਵੇਂ ਜਿੰਨਾ ਮਰਜ਼ੀ ਧਨ, ਦੌਲਤ ਅਤੇ ਸੁੱਖਾਂ ਦੇ ਸਾਧਨ ਹੋਣ, ਉਹ ਕਦੀ ਖ਼ੁਸ਼ ਨਹੀਂ ਰਹਿ ਸਕਦਾ। ਖ਼ੁਸ਼ੀ ਹੀ ਕਿਸੇ ਮਨੁੱਖ ਦੀ ਸਫ਼ਲ ਜ਼ਿੰਦਗੀ ਦਾ ਰਾਜ਼ ਹੈ। ਮਨੁੱਖ ਦਾ ਸਰੀਰ ਉਮਰ ਮੁਤਾਬਿਕ ਤਕੜਾ ਅਤੇ ਤੰਦਰੁਸਤ ਹੋਣਾ ਚਾਹੀਦਾ ਹੈ। ਉਸ ਦੇ ਸਾਰੇ ਅੰਗ ਨਰੋਏ ਅਤੇ ਠੀਕ ਤਰ੍ਹਾਂ ਕੰਮ ਕਰਦੇ ਹੋਣੇ ਚਾਹੀਦੇ ਹਨ। ਉਸ ਦੇ ਚਿਹਰੇ ਤੋਂ ਆਤਮ ਵਿਸ਼ਵਾਸ ਅਤੇ ਸਰੀਰਕ ਮਜ਼ਬੂਤੀ ਝਲਕਣੀ ਚਾਹੀਦੀ ਹੈ।ਜ਼ਿਆਦਾਤਰ ਲੋਕ ਆਪਣੇ ਬਚਪਨ ਅਤੇ ਜੁਆਨੀ ਵਿਚ ਆਪਣੀ ਸਿਹਤ ਵਲ ਪੂਰਾ ਧਿਆਨ ਨਹੀਂ ਦਿੰਦੇ। ਜਦ ਵੇਲਾ ਹੱਥੋਂ ਨਿਕਲ ਜਾਂਦਾ ਹੈ ਤਾਂ ਪਛਤਾਉਂਦੇ ਹਨ। ਪੈਸਾ ਜ਼ਿੰਦਗੀ ਦਾ ਗੁਜ਼ਰਾਨ ਹੈ। ਪੈਸੇ ਤੋਂ ਬਿਨਾ ਵੀ ਜ਼ਿੰਦਗੀ ਸਫ਼ਲ ਨਹੀਂ ਹੁੰਦੀ। ਪਰਿਵਾਰਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸੇ ਦੀ ਬਹੁਤ ਲੋੜ ਹੈ। ਇਸ ਤੋਂ ਬਿਨਾ ਜ਼ਿੰਦਗੀ ਇਕ ਸਰਾਪ ਬਣ ਕੇ ਰਹਿ ਜਾਂਦੀ ਹੈ ਪਰ ਬੇਈਮਾਨੀ ਜਾਂ ਜ਼ਿਆਦਾ ਲਾਲਚ ਕਰ ਕੇ ਕਮਾਇਆ ਧਨ ਵੀ ਦੁਖੀ ਹੀ ਕਰਦਾ ਹੈ। ਲਾਲਚ ਵੱਸ ਕਈ ਵਾਰੀ ਬੰਦਾ ਆਪਣੀ ਜ਼ਿੰਦਗੀ ਵਿਚ ਏਨੇ ਕੰਡੇ ਬੀਜ ਲੈਂਦਾ ਹੈ ਕਿ ਜ਼ਿੰਦਗੀ ਦਾ ਚੱਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਪੈਸੇ ਨੇ ਭਰਾ ਭਰਾ ਵਿਚ ਦੁਸ਼ਮਣੀਆਂ ਪਾ ਕੇ ਪਵਿੱਤਰ ਰਿਸ਼ਤਿਆਂ ਦਾ ਘਾਨ ਕਰ ਦਿੱਤਾ ਹੈ। ਕਈ ਵਾਰੀ ਮਨੁੱਖ ਪੈਸਾ ਕਮਾਉਣ ਲਈ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ। ਫਿਰ ਸਿਹਤ ਠੀਕ ਕਰਨ ਲਈ ਸਾਰਾ ਪੈਸਾ ਦੁਵਾਈਆਂ ਅਤੇ ਡਾਕਟਰਾਂ ਕੋਲ ਗੁਵਾ ਬੈਠਦਾ ਹੈ। ਫਿਰ ਮਾਇਆ ਮਿਲੀ ਨਾ ਰਾਮ ਵਾਲਾ ਹਿਸਾਬ ਹੁੰਦਾ ਹੈ। ਇਸ ਲਈ ਬੰਦੇ ਨੂੰ ਧਨ ਦਾ ਅਤੇ ਆਪਣੀਆਂ ਜ਼ਰੂਰਤਾਂ ਦਾ ਤਵਾਜੁਨ ਬਣਾ ਕੇ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।
ਤੰਦਰੁਸਤ ਰਹਿਣ ਲਈ ਬੰਦੇ ਨੂੰ ਆਪਣੀ ਸਿਹਤ ਦਾ ਖ਼ੁਦ ਧਿਆਨ ਰੱਖਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੰਦੇ ਦੀ ਖ਼ੁਰਾਕ ਠੀਕ ਅਤੇ ਪੋਸ਼ਟਿਕ ਹੋਵੇ ਤਾਂ ਕਿ ਸਰੀਰ ਨੂੰ ਪੂਰੀ ਊਰਜ਼ਾ ਮਿਲ ਸੱਕੇ ਅਤੇ ਉਹ ਬਿਮਾਰੀਆਂ ਤੋਂ ਬਚਿਆ ਰਹੇ। ਬੰਦਾ ਸਮੇਂ ਸਿਰ ਪੂਰਾ ਭੋਜਨ ਕਰੇ। ਨਸ਼ਿਆਂ ਦੇ ਸੇਵਨ ਤੋਂ ਬਚੇ। ਦਿਨ ਭਰ ਦੀ ਮੁਸ਼ੱਕਤ ਦਾ ਕੰਮ ਭੋਜਨ ਨੂੰ ਹਜ਼ਮ ਕਰਦਾ ਹੈ। ਸੈਰ ਅਤੇ ਕਸਰਤ ਵੀ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਈ ਹੁੰਦੀ ਹੈ॥ ਸਾਰਾ ਦਿਨ ਕੰਮ ਵਿਚ ਰੁੱਝੇ ਰਹਿਣ ਦੇ ਨਾਲ ਨਾਲ ਬੰਦੇ ਨੂੰ ਆਪਣੇ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ, ਜਿਸ ਵਿਚ ਉਹ ਆਪਣੇ ਹਿਸਾਬ ਸਿਰ ਮਨੋਰੰਜਨ ਕਰ ਸੱਕੇ ਅਤੇ ਉਸ ਦੇ ਸਰੀਰ ਦੇ ਸਾਰੇ ਸੈਲ ਅਗਲੇ ਦਿਨ ਦੇ ਕੰਮ ਕਰਨ ਲਈ ਫਿਰ ਤੋਂ ਚਾਰਜ ਹੋ ਸੱਕਣ। ਇਸ ਤਰ੍ਹਾਂ ਉਸ ਦਾ ਸਰੀਰ ਤਕੜਾ, ਤੰਦਰੁਸਤ ਅਤੇ ਮਜ਼ਬੂਤ ਰਹੇਗਾ। ਉਸ ਦੇ ਸਰੀਰ ਦੇ ਸਾਰੇ ਅੰਗ ਨਰੋਏ ਰਹਿਣਗੇ। ਉਸ ਦੇ ਚਿਹਰੇ ਤੇ ਅਸਲੀ ਚਮਕ ਆਵੇਗੀ ਅਤੇ ਉਸ ਦੇ ਦਿਮਾਗ਼ ਨੂੰ ਵੀ ਅਰਾਮ ਮਿਲੇਗਾ। ਉਹ ਸਹਿਜ ਵਿਚ ਰਹੇਗਾ ਤਾਂ ਹੀ ਉਹ ਜ਼ਿੰਦਗੀ ਦੀਆਂ ਔਕੜਾਂ ਨਾਲ ਦਸਤਪੰਜਾ ਲੈ ਸੱਕੇਗਾ। ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੋਹਣੀ ਪਰਵਰਿਸ਼ ਕਰ ਸੱਕੇਗਾ। ਸੋਹਣੀ ਫ਼ੱਬਤ ਅਤੇ ਮਜ਼ਬੂਤ ਸਰੀਰ ਸਫ਼ਲ ਜੀਵਨ ਦੀ ਪਹਿਲੀ ਪੋੜ੍ਹੀ ਹੈ।
ਸਫ਼ਲ ਜੀਵਨ ਲਈ ਅਗਲਾ ਵਿਸ਼ੇਸ਼ ਗੁਣ ਹੈ ਵਿਦਿਆ ਅਤੇ ਲਿਆਕਤ। ਬੰਦਾ ਜਿੰਨਾ ਮਰਜ਼ੀ ਸਰੀਰਕ ਤੋਰ ਤੇ ਤੰਦਰੁਸਤ ਅਤੇ ਤਕੜਾ ਹੋਵੇ, ਜੇ ਉਸ ਦਾ ਦਿਮਾਗ਼ ਹੀ ਨਹੀਂ ਚੱਲਦਾ ਤਾਂ ਕੋਈ ਫਾਇਦਾ ਨਹੀਂ। ਫਿਰ ਤਾਂ ਉਸ ਦਾ ਇਹ ਹਿਸਾਬ ਹੈ ਕਿ ਅਕਲ ਵੱਡੀ ਕਿ ਭੈਂਸ? ਹਰ ਮਨੁੱਖ ਲਈ ਵਿਦਿਆ ਬਹੁਤ ਜ਼ਰੂਰੀ ਹੈ। ਵਿਦਿਆ ਨਾਲ ਬੰਦੇ ਦਾ ਗਿਆਨ ਵਧਦਾ ਹੈ। ਉਸ ਦੇ ਅੰਦਰਲੇ ਨੇਤਰ ਖੁਲ੍ਹਦੇ ਹਨ। ਉਸ ਨੂੰ ਵਸਤੂ ਨੂੰ ਪਰਖਣ ਦੀ ਸਮਝ ਪੈਂਦੀ ਹੈ। ਉਹ ਕਿਸੇ ਮਨੁੱਖ, ਵਸਤੂ, ਘਟਨਾ ਜਾ ਸਮੱਸਿਆ ਬਾਰੇ ਆਪਣਾ ਨਜ਼ਰੀਆ ਕਾਇਮ ਕਰ ਸਕਦਾ ਹੈ ਅਤੇ ਅੱਗੋਂ ਉਸ ਮੁਤਾਬਿਕ ਅਮਲ ਕਰਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆਂ 73 ਸਾਲ (2020 ਵਿਚ) ਹੋ ਗਏ ਹਨ ਪਰ ਏਨੇ ਸਾਲਾਂ ਵਿਚ ਸਾਡੀਆਂ ਸਰਕਾਰਾਂ ਵਿਦਿਆ ਦੀ ਕੋਈ ਠੋਸ ਨੀਤੀ ਨਹੀਂ ਬਣਾ ਸੱਕੀਆਂ। ਸਕੂਲਾਂ ਕਾਲਜਾਂ ਵਿਚ ਜੋ ਪੜਾਇਆ ਜਾਂਦਾ ਹੈ ਉਹ ਗਿਆਨ ਮਨੁੱਖ ਦੀ ਜ਼ਿੰਦਗੀ ਵਿਚ ਕੋਈ ਖਾਸ ਕੰਮ ਨਹੀਂ ਆਉਂਦਾ। ਕਾਲਜ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨੌਜੁਆਨ ਡਿਗਰੀੌਆਂ ਲੈ ਕੇ ਰੁਜ਼ਗਾਰ ਦੀ ਭਾਲ ਵਿਚ ਅੰਨ੍ਹਿਆਂ ਦੀ ਤਰ੍ਹਾਂ ਬੰਦ ਕਮਰਿਆਂ ਵਿਚ ਭਟਕਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ। ਉਨ੍ਹਾਂ ਦੀ ਬਦਨਸੀਬੀ ਹੈ ਕਿ 20/25 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਦੇ ਖੜ੍ਹੇ ਨਹੀਂ ਹੋ ਸਕਦੇ। ਉਹ ਤਣਾਅ ਵਿਚ ਆ ਕੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਰਜ਼ੇ ਚੁੱਕ ਕੇ ਰੋਟੀ ਰੋਜ਼ੀ ਦੀ ਤਲਾਸ਼ ਵਿਚ ਪਰਦੇਸਾਂ ਵਿਚ ਪਰਵਾਸ ਕਰਦੇ ਹਨ। ਅੱਜ ਕੱਲ ਦੀ ਪੜਾਈ ਰੱਟਾ ਸਿਸਟਮ ਤੇ ਜ਼ੋਰ ਦਿੰਦੀ ਹੈ। 99% ਨੰਬਰਲੈਣ ਵਾਲੇ ਬੱਚੇ ਰੱਟਾ ਲਾ ਕੇ ਪੇਪਰਾਂ ਵਿਚ ਜਾ ਕੇ ਉਲਟੀ ਕਰ ਦਿੰਦੇ ਹਨ। ਉਹ ਅੰਦਰੋਂ ਖਾਲੀ ਦੇ ਖਾਲੀ ਹੀ ਰਹਿੰਦੇ ਹਨ। ਉਨ੍ਹਾਂ ਕੋਲ ਕੋਈ ਠੋਸ ਤਕਨੀਕੀ ਹੁਨਰ ਨਹੀਂ ਹੁੰਦਾ। ਜਦ ਉਨ੍ਹਾਂ ਦਾ ਜ਼ਿੰਦਗੀ ਦੀ ਤਲਖ ਹਕੀਕਤ ਨਾਲ ਵਾਸਤਾ ਪੈਂਦਾ ਹੈ ਤਾਂ ਉਹ ਫੇਲ੍ਹ ਹੋ ਜਾਂਦੇ ਹਨ।
ਚਲੋ ਜੇ ਤੁਸੀਂ ਪੜਾਈ ਕਰ ਵੀ ਲਈ ਤਾਂ ਕੇਵਲ ਬੀ ਏ ਜਾਂ ਐਮ ਏ ਕਰਨ ਨਾਲ ਕੋਈ ਬੰਦਾ ਲਾਇਕ ਨਹੀਂ ਬਣ ਜਾਂਦਾ। ਜਿਸ ਬੰਦੇ ਵਿਚ ਸਲੀਕਾ ਜਾਂ ਨਿਮਰਤਾ ਨਹੀਂ ਉਸ ਦੀ ਅਜਿਹੀ ਪੜਾਈ ਦਾ ਕੀ ਫਾਇਦਾ? ਇਸੇ ਲਈ ਕਹਿੰਦੇ ਹਨ ਕਿ ਅਕਲਾਂ ਬਾਝੋਂ ਖੂਹ ਖਾਲੀ। ਇਹ ਅਕਲ ਅਤੇ ਸਲੀਕਾ ਸਾਨੂੰ ਸਕੂਲਾਂ ਜਾਂ ਕਾਲਜਾਂ ਵਿਚ ਨਹੀਂ ਸਿਖਾਇਆ ਜਾਂਦਾ। ਸਲੀਕਾ ਸਾਨੂੰ ਸਾਡਾ ਪਰਿਵਰ ਅਤੇ ਸਮਾਜ ਸਿਖਾਉਂਦਾ ਹੈ। ਲਿਆਕਤ ਅਤੇ ਸਮਝਦਾਰੀ ਬੰਦੇ ਦੇ ਗਿਆਨ ਨੂੰ ਤਿੱਖਾ ਕਰਦੀ ਹੈ ਅਤੇ ਉਹ ਕਾਮਯਾਬ ਹੋ ਕੇ ਸਮਾਜ ਵਿਚ ਵਿਚਰਦਾ ਹੈ। ਮੁਸੀਬਤ ਸਮੇਂ ਕਦੀ ਦਿਲ ਨਾਂ ਛੱਡੋ। ਹਮੇਸ਼ਾਂ ਹਾਂ ਪੱਖੀ ਨਜ਼ਰੀਆ ਰੱਖੋ। ਹਰ ਸਮੇਂ ਕੁਝ ਨਵਾਂ ਸਿੱਖਣ ਦੀ ਸਟੇਜ਼ ਤੇ ਰਹੋ। ਤੁਸੀਂ ਛੋਟੇ ਜਿਹੇ ਬੱਚੇ ਤੋਂ ਵੀ ਕੁਝ ਸਿੱਖ ਸਕਦੇ ਹੋ। ਸਦਾ ਚੜ੍ਹਦੀ ਕਲਾ ਵਿਚ ਰਹੋ ਅਤੇ ਹੌਸਲੇ ਬੁਲੰਦ ਰੱਖੋ। ਤੁਹਾਡੇ ਵਿਚਾਰ ਪਿਛਾਂਹ ਖਿੱਚੂ ਅਤੇ ਢਾਹੂ ਨਹੀਂ ਹੋਣੇ ਚਾਹੀਦੇ।
ਤੁਸੀ ਕਿਸੇ ਵਸਤੂ ਜਾਂ ਘਟਨਾ ਨੂੰ ਕਿਸ ਢੰਗ ਨਾਲ ਲੈਂਦੇ ਹੋ? ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ? ਇਹ ਵਿਚਾਰਨ ਦੀ ਲੋੜ ਹੈ। ਤੁਹਾਡਾ ਨਜ਼ਰੀਆ ਹੀ ਤੁਹਾਡੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਵਿਚ ਸਹਾਈ ਹੁੰਦਾ ਹੈ। ਸਰੀਰਕ ਬਲ, ਤੇਜ਼ ਦਿਮਾਗ਼, ਹੌਸਲੇ ਅਤੇ ਮਿਹਨਤ ਨਾਲ ਹੀ ਬੰਦਾ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਸਫ਼ਲ ਹੁੰਦਾ ਹੈ ਅਤੇ ਅੱਗੇ ਵੱਧਦਾ ਹੈ। ਉਹ ਬੁਲੰਦੀਆਂ ਨੂੰ ਛੂਹੰਦਾ ਹੈ। ਇਹ ਕਾਮਯਾਬੀਆਂ ਜਾਂ ਪ੍ਰਾਪਤੀਆਂ ਵੀ ਬੰਦੇ ਦੀ ਅੰਤਿਮ ਮੰਜ਼ਿਲ ਨਹੀਂ। ਮਨੁੱਖ ਨੂੰ ਸਫ਼ਲ ਜ਼ਿੰਦਗੀ ਲਈ ਹੋਰ ਕਈ ਪਹਿਲੂਆਂ ਤੇ ਵੀ ਪੂਰਾ ਉਤਰਣ ਦੀ ਲੋੜ ਹੈ। ਬੰਦੇ ਦਾ ਜ਼ਿੰਦਗੀ ਪ੍ਰਤੀ ਰਵਈਆ ਕਿੰਨਾ ਕੁ ਸਾਰਥਿਕ ਹੈ? ਬੰਦਾ ਜ਼ਿੰਦਗੀ ਵਿਚ ਕਿੰਨਾ ਕੁ ਸਹਿਜ ਹੈ? ਉਸ ਵਿਚ ਕਿੰਨੀ ਕੁ ਸਹਿਣ ਸ਼ਕਤੀ ਹੈ। ਉਸ ਵਿਚ ਕਿੰਨਾ ਕੁ ਸਬਰ ਹੈ? ਉਹ ਛੋਟੀ ਛੋਟੀ ਗੱਲ ਨੂੰ ਭਾਵਕ ਹੋ ਕੇ ਬਾਤ ਦਾ ਬਤੰਗੜ ਤਾਂ ਨਹੀਂ ਬਣਾਉਂਦਾ? ਪਰਿਵਾਰ ਅਤੇ ਸਮਾਜ ਪ੍ਰਤੀ ਉਸ ਦਾ ਕੀ ਵਰਤਾਰਾ ਹੈ? ਸਫ਼ਲ ਜ਼ਿੰਦਗੀ ਲਈ ਇਨਾਂ ਪੱਖਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਦੀ ਦੂਸਰੇ ਨਾਲ ਆਪਣਾ ਮੁਕਾਬਲਾ ਕਰ ਕੇ ਦੁਖੀ ਨਹੀਂ ਹੋਣਾ ਚਾਹੀਦਾ। ਦੂਸਰੇ ਦੀ ਉਨਤੀ ਅਤੇ ਧਨ ਦੇਖ ਕੇ ਮਨ ਵਿਚ ਕਲੇਸ਼ ਨਹੀਂ ਰੱਖਣਾ ਚਾਹੀਦਾ। ਉਸ ਦੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਜੇ ਅਸੀਂ ਅੋਗੁਣਾਂ ਨੂੰ ਪਰਖਣ ਤੇ ਜਾਵਾਂਗੇ ਤਾਂ ਸੋਨੇ ਵਿਚ ਵੀ ਕਈ ਅੋਗੁਣ ਨਜ਼ਰ ਆਉਣਗੇ। ਜੇ ਅਸੀਂ ਗੁਣਾਂ ਨੂੰ ਦੇਖੀਏ ਤਾਂ ਮਿੱਟੀ ਵਿਚ ਵੀ ਕਈ ਗੁਣ ਹਨ। ਰੱਬ ਨੇ ਸਭ ਦਾ ਸੁਭਾਅ ਅਲੱਗ ਅਲੱਗ ਬਣਾਇਆ ਹੈ। ਧੀਰਜ਼ ਰੱਖੋ। ਹਰ ਸਮੇਂ ਹਾਇ ਤੌਬਾ ਨਾ ਕਰਦੇ ਰਹੋ। ਕੁਝ ਗੱਲਾਂ ਅਣਗੋਲੀਆਂ ਕਰਨੀਆਂ ਸਿੱਖੋ ਅਤੇ ਕੁਝ ਗੱਲਾਂ ਸਹਿਣ ਕਰਨੀਆਂ ਵੀ ਸਿੱਖੋ। ਮਨ ਵਿਚੋਂ ਈਰਖਾ ਦਵੈਸ਼ ਕੱਢੋ। ਮੁਸ਼ਕਲਾਂ ਦੇਖ ਕੇ ਘਬਰਾਓ ਨਾ। ਸਮਾਂ ਪੈਣ ਤੇ ਕੁਦਰਤ ਕੁਝ ਸਮੱਸਿਆਵਾਂ ਆਪੇ ਹੱਲ ਕਰ ਦਿੰਦੀ ਹੈ॥ ਆਸ਼ਾਵਾਦੀ ਲੋਕ ਤਾਂ ਉਲਝੇ ਰਾਹਾਂ ਵਿਚੋਂ ਵੀ ਆਪਣਾ ਰਸਤਾ ਤਲਾਸ਼ ਕਰ ਲੈਂਦੇ ਹਨ।
ਬੰਦੇ ਦੀ ਸਹਿਣ ਸ਼ਕਤੀ ਦੀ ਘਾਟ ਕਾਰਨ ਅੱਜ ਕੱਲ ਪਰਿਵਾਰ ਬਿਖਰ ਰਹੇ ਹਨ। ਪਰਿਵਾਰ ਸੰਗਠਿਤ ਹੋਵੇ ਤਾਂ ਬੰਦਾ ਵੱਡੀ ਤੋਂ ਵੱਡੀ ਪ੍ਰੇਸ਼ਾਨੀ ਵੀ ਅਸਾਨੀ ਨਾਲ ਝੱਲ ਲੈਂਦਾ ਹੈ। ਆਪਣੇ ਪਰਿਵਾਰ ਅਤੇ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰੋ। ਉਨ੍ਹਾਂ ਨੂੰ ਵੀ ਰੋਜ਼ਾਨਾ ਕੁਝ ਸਮਾਂ ਦਿਓ। ਉਨ੍ਹਾਂ ਨਾਲ ਮਿੱਠੀਆਂ ਮਿੱਠੀਆਂ ਅਤੇ ਪਿਆਰੀਆਂ ਗੱਲਾਂ ਕਰੋ। ਉਨ੍ਹਾਂ ਦੇ ਦਿਲ ਵਿਚ ਵੱਸੋ। ਉਨ੍ਹਾਂ ਨਾਲ ਹੱਸੋ ਖੇਡੋ ਅਤੇ ਘੁਲ ਮਿਲ ਕੇ ਰਹੋ। ਕੋਈ ਮਨੁੱਖ ਭਾਵੇਂ ਜਿੰਨਾਂ ਮਰਜ਼ੀ ਸਿਆਣਾ, ਧਨਵਾਨ ਅਤੇ ਤੰਦਰੁਸਤ ਹੋਵੇ, ਜੇ ਉਸ ਦੀ ਪਰਿਵਾਰਿਕ ਜ਼ਿੰਦਗੀ ਸੁਖੀ ਨਹੀਂ, ਤਾਂ ਉਹ ਜ਼ਿੰਦਗੀ ਭਰ ਪਿਆਰ ਲਈ ਤਰਸਦਾ ਹੋਇਆ, ਦੁਖੀ ਹੀ ਰਹੇਗਾ। ਉਸ ਦੀਆਂ ਸਾਰੀਆਂ ਸਿਆਣਪਾਂ ਧਰੀਆਂ ਹੀ ਰਹਿ ਜਾਣਗੀਆ। ਇਹ ਕਮੀ ਉਸ ਦੀ ਦੁਖਦੀ ਰਗ ਬਣ ਕੇ ਰਹਿ ਜਾਵੇਗੀ।
ਇਸ ਤੋਂ ਅਗਲਾ ਪੱਖ ਹੈ ਕਿ ਤੁਸੀਂ ਕਿੰਨੇ ਕੁ ਮਨੁੱਖਵਾਦੀ ਹੋ? ਤੁਹਾਡੇ ਵਿਚ ਕਿੰਨੀ ਕੁ ਦਇਆ ਭਾਵਨਾ ਹੈ? ਦੁਸਰੇ ਦਾ ਦੁੱਖ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਉਸ ਦਾ ਦੁੱਖ ਦੂਰ ਕਰਨ ਲਈ ਬਹੁੜਦੇ ਹੋ ਜਾਂ ਨਹੀਂ? ਤੁਸੀਂ ਬੇਸ਼ੱਕ ਜਿਹੜੇ ਮਰਜ਼ੀ ਧਰਮ ਨੂੰ ਮੰਨੋ ਜਾਂ ਬਿਲਕੁਲ ਨਾਸਤਿਕ ਹੋਵੋ ਪਰ ਤੁਹਾਡੇ ਅੰਦਰ ਮਨੁੱਖਤਾ ਲਈ ਪਿਆਰ ਅਤੇ ਹਮਦਰਦੀ ਜ਼ਰੂਰ ਹੋਣੀ ਚਾਹੀਦੀ ਹੈ। ਦੂਸਰੇ ਦੇ ਦਰਦ ਨੂੰ ਸਮਝੋ। ਦੁਖੀਆਂ ਦੇ ਅੱਥਰੂ ਪੂੰਝੋ। ਉਨ੍ਹਾਂ ਦੇ ਜ਼ਖ਼ਮਾਂ ਤੇ ਮਲਮ ਲਾਓ। ਇਹ ਹੀ ਅਸਲੀ ਇਨਸਾਨੀਅਤ ਹੈ। ਬੰਦਾ ਬੇਸ਼ੱਕ ਜ਼ਿੰਦਗੀ ਵਿਚ ਬੇਫ਼ਿਕਰ ਹੋਵੇ ਪਰ ਉਹ ਆਪਣੇ ਫ਼ਰਜ਼ ਤੋਂ ਲਾਪਰਵਾਹ ਨਹੀਂ ਹੋਣਾ ਚਾਹੀਦਾ। ਉਸ ਨੂੰ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਫ਼ਰਜ਼ ਦਾ ਪਾਲਣ ਕਰਨਾ ਹੀ ਚਾਹੀਦਾ ਹੈ। ਮਰਿਆਦਾ ਅਤੇ ਕਾਨੂਨ ਵਿਚ ਰਹਿ ਕੇ ਸਾਰੇ ਕੰਮ ਕਰਨੇ ਚਾਹੀਦੇ ਹਨ। ਫ਼ਸਲ ਹਮੇਸ਼ਾਂ ਬਾਰਿਸ਼ ਵਿਚ ਹੀ ਹੁੰਦੀ ਹੈ, ਹੜ੍ਹ ਵਿਚ ਨਹੀਂ। ਤਾਕਤ ਤੁਹਾਡੀ ਆਵਾਜ਼ ਵਿਚ ਨਹੀਂ, ਤੁਹਾਡੇ ਵਿਚਾਰਾਂ ਅਤੇ ਕੰਮਾਂ ਵਿਚ ਹੋਣੀ ਚਾਹੀਦੀ ਹੈ। ਦੂਜੇ ਤੇ ਬੋਝ ਬਣਨ ਦੀ ਥਾਂ ਉਸ ਦੇ ਬੋਝ ਨੂੰ ਵੰਡਾਓ।
ਜੇ ਕੋਈ ਸੋਚੇ ਕਿ ਮੈਂ ਹੇਰਾਫੇਰੀ ਕਰ ਕੇ ਅਤੇ ਡਾਕੇ ਮਾਰ ਕੇ ਬੇਸ਼ੁਮਾਰ ਦੌਲਤ ਇਕੱਠੀ ਕਰ ਲਈ ਹੈ। ਹੁਣ ਮੇਰੀ ਜ਼ਿੰਦਗੀ ਸੌਖੀ ਬਸਰ ਹੋ ਰਹੀ ਹੈ। ਇਸ ਹਿਸਾਬ ਸਿਰ ਮੈਂ ਇਕ ਇਕ ਕਾਮਯਾਬ ਜ਼ਿੰਦਗੀ ਜੀਅ ਰਿਹਾ ਹਾਂ ਤਾਂ ਇਹ ਗੱਲ ਠੀਕ ਨਹੀਂ। ਉਸ ਨੂੰ ਹਮੇਸ਼ਾਂ ਸਮਾਜ ਅਤੇ ਕਾਨੂੰਨ ਦਾ ਡਰ ਬਣਿਆ ਰਹੇਗਾ। ਇਹ ਡਰ ਹਮੇਸ਼ਾਂ ਉਸ ਨੂੰ ਚਿੰਤਾ ਵਿਚ ਰੱਖੇਗਾ। ਧਨ ਦੌਲਤ ਦਾ ਸੁੱਖ ਤਾਂ ਹੀ ਹੈ ਜੇ ਤੁਸੀਂ ਉਸ ਨੂੰ ਆਪਣੇ ਖੂਨ ਪਸੀਨੇ ਦੀ ਮਿਹਨਤ ਨਾਲ ਅਤੇ ਜਾਇਜ਼ ਢੰਗ ਨਾਲ ਕਮਾਇਆ ਹੋਵੇ।
ਸਭ ਤੋਂ ਅੰਤਿਮ ਪੜਾਅ ਬੁਢਾਪੇ ਦਾ ਹੁੰਦਾ ਹੈ। ਬੁਢਾਪੇ ਵਿਚ ਵਿਚਾਰੇ ਜਿਹੇ ਬਣ ਕੇ ਬਿਮਾਰਾਂ ਅਤੇ ਬੇਸਹਾਰਿਆਂ ਦੀ ਤਰ੍ਹਾਂ ਹਰ ਸਮੇਂ ਮੰਜੇ 'ਤੇ ਹੀ ਨਾ ਪਏ ਰਹੋ। ਇਸ ਉਮਰ ਵਿਚ ਵੀ ਤੁਸੀਂ ਸਮਾਜ ਅਤੇ ਪਰਿਵਾਰ ਦੀ ਉਨਤੀ ਵਿਚ ਆਪਣਾ ਭਰਪੂਰ ਯੋਗਦਾਨ ਪਾ ਸਕਦੇ ਹੋ। ਤੁਹਾਡੇ ਅੰਦਰ ਜ਼ਿੰਦਗੀ ਦੀ ਚੰਗਿਆੜੀ ਭਖਦੀ ਹੋਣੀ ਚਾਹੀਦੀ ਹੈ। ਇਕ ਦਿਨ ਮਰਨਾ ਤਾਂ ਸਭ ਨੇ ਹੀ ਹੈ। ਤੁਸੀਂ ਇਹ ਸਾਬਤ ਕਰੋ ਕਿ ਮੌਤ ਤੋਂ ਪਹਿਲਾਂ ਤੁਸੀਂ ਜ਼ਿੰਦਾ ਹੋ। ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਗਿਲੇ ਸ਼ਿਕਵਿਆ ਵਿਚ ਹੋਰ ਛੋਟੀ ਨਾ ਕਰੋ। ਬੁਢਾਪੇ ਵਿਚ ਬੰਦੇ ਨੂੰ ਆਰਥਿਕ ਤੋਰ ਤੇ, ਸਿਹਤ ਬਾਰੇ ਅਤੇ ਬੱਚਿਆਂ ਦੀ ਅਣਗਹਿਲੀ ਬਾਰੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਜ ਲੱਗਦਾ ਹੈ ਜਿਵੇਂ ਬੰਦੇ ਦਾ ਸਿੰਗਾਸਨ ਡੋਲ ਗਿਆ ਹੋਵੇ। ਉਹ ਸਿੱਧਾ ਆਸਮਾਨ ਤੋਂ ਧਰਤੀ 'ਤੇ ਡਿੱਗ ਪਿਆ ਹੋਵੇ। ਜਿਹੜੇ ਲੋਕ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹਨ, ਉਹ ਪਹਿਲਾਂ ਹੀ ਆਉਣ ਵਾਲੀ ਸਥਿਤੀ ਦਾ ਉਪਾਅ ਕਰ ਲੈਂਦੇ ਹਨ। ਉਨ੍ਹਾਂ ਦਾ ਬੁਢਾਪਾ ਸੌਖਾ ਲੰਘ ਜਾਂਦਾ ਹੈ। ਉਹ ਪਿਆਰ ਅਤੇ ਅਸੀਸਾਂ ਵੰਡਦੇ ਹਨ ਅਤੇ ਬੱਚਿਆਂ ਤੋਂ ਆਪਣਾ ਬਣਦਾ ਮਾਣ ਸਤਿਕਾਰ ਹਾਸਿਲ ਕਰਦੇ ਹਨ।
ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਵੀਂ ਪੱਧਰੀ ਜ਼ਿੰਦਗੀ ਜੀਓ। ਸਾਰੇ ਪੱਖਾਂ ਨੂੰ ਸੰਤੁਲਿਤ ਰੱਕ ਕੇ ਹੀ ਜ਼ਿੰਦਗੀ ਬਸਰ ਕਰੋ। ਜੇ ਤੁਸੀਂ ਜ਼ਿੰਦਗੀ ਪ੍ਰਤੀ ਹਾਂ ਪੱਖੀ ਨਜ਼ਰੀਆ ਰੱਖੋਗੇ ਅਤੇ ਚੰਗੇ ਅਮਲ ਕਰੋਗੇ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕੋਗੇ ਅਤੇ ਤੁਹਾਡੀ ਜ਼ਿੰਦਗੀ ਸਫ਼ਲ ਕਹੀ ਜਾਵੇਗੀ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
gursharan1183@yahoo.in
ਕੀ ਬੋਲੀਏ ਅਤੇ ਕੀ ਨਾ ਬੋਲੀਏ? - ਗੁਰਸ਼ਰਨ ਸਿੰਘ ਕੁਮਾਰ
ਮਨੁੱਖ ਆਪਣੀ ਬੋਲੀ ਕਰ ਕੇ ਹੀ ਸਭ ਜੀਵਾਂ 'ਤੋਂ ਬਿਹਤਰ ਹੈ। ਇਸੇ ਲਈ ਉਸ ਦੀ ਸਭ ਉੱਪਰ ਸਰਦਾਰੀ ਹੈ। ਪ੍ਰਮਾਤਮਾ ਨੇ ਕੇਵਲ ਮਨੁੱਖ ਨੂੰ ਹੀ ਬੋਲੀ ਦੀ ਦਾਤ ਬਖਸ਼ੀ ਹੈ। ਇਹ ਠੀਕ ਹੈ ਕਿ ਬਾਕੀ ਜਾਨਵਰ ਅਤੇ ਪੰਛੀ ਵੀ ਮੁੰਹ 'ਚੋਂ ਕੁਝ ਆਵਾਜ਼ਾਂ ਕੱਢਦੇ ਹਨ ਪਰ ਉਨ੍ਹਾਂ ਦੀ ਆਵਾਜ਼ ਬੋਲੀ ਨਹੀਂ ਬਣਦੀ। ਮਨੁੱਖ ਆਪਣੀ ਬੋਲੀ ਨੂੰ ਲਿਖ ਕੇ ਵੀ ਆਪਣੇ ਵੀਚਾਰ ਦੂਸਰੇ ਤੱਕ ਪਹੁੰਚਾ ਸਕਦਾ ਹੈ। ਬੋਲੀ ਨੂੰ ਤਰਾਸ਼ਣ ਲਈ ਬੰਦੇ ਨੂੰ ਵਿਦਿਆ ਦੀ ਲੋੜ੍ਹ ਹੈ। ਵਿਦਿਆ ਨਾਲ ਬੰਦੇ ਦਾ ਤੀਸਰਾ ਨੇਤਰ ਖੁੱਲ੍ਹਦਾ ਹੈ। ਉਸ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਵਿਦਿਆ ਕਾਰਨ ਹੀ ਸਾਨੂੰ ਸ਼ਬਦ ਮਿਲਦੇ ਹਨ ਜਿਨ੍ਹਾਂ ਨੂੰ ਅਸੀਂ ਬੋਲੀ ਦੇ ਰੂਪ ਵਿਚ ਬੋਲਦੇ ਅਤੇ ਲਿਖਦੇ ਹਾਂ। ਵਿਦਿਆ ਸਾਰੀ ਮਨੁੱਖ ਜਾਤੀ ਦੇ ਭਲੇ ਲਈ ਹੈ। ਇਸੇ ਲਈ ਕਹਿੰਦੇ ਹਨ-'ਵਿਦਿਆ ਵੀਚਾਰੀ ਤਾਂ ਪਰਉਪਕਾਰੀ।' ਵਿਦਿਆ ਕਾਰਨ ਹੀ ਅਸੀਂ ਇਕ ਦੂਜੇ ਨੂੰ ਸਮਝ ਸਕਦੇ ਹਾਂ। ਇਕ ਦੂਜੇ ਨਾਲ ਤਾਲਮੇਲ ਰੱਖ ਕੇ ਹੀ ਦੂਸਰੇ ਦੇ ਦਿਲ ਤੱਕ ਪਹੁੰਚ ਸਕਦੇ ਹਾਂ। ਅਸੀਂ ਇਕ ਦੂਜੇ ਦੇ ਦਿਲ ਤੱਕ ਤਾਂ ਹੀ ਪਹੁੰਚ ਸਕਦੇ ਹਾਂ ਜੇ ਅਸੀਂ ਮਿੱਠਾ ਬੋਲੀਏ। ਦੂਜੇ ਨਾਲ ਸਾਡੇ ਰਿਸ਼ਤੇ ਸਾਡੀ ਮਿੱਠੀ ਜੁਬਾਨ ਕਾਰਨ ਹੀ ਸੁਖਾਵੇਂ ਰਹਿੰਦੇ ਹਨ। ਮਿੱਠਾ ਬੋਲਣ ਲਈ ਬੰਦੇ ਨੂੰ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਕਈ ਬੰਦਿਆ ਨੂੰ ਸਾਰੀ ਉਮਰ ਹੀ ਸਮਝ ਨਹੀਂ ਪੈਂਦੀ ਕਿ ਕੀ ਬੋਲਣਾ ਹੈ ਅਤੇ ਕਿਸ ਮੌਕੇ ਤੇ ਬੋਲਣਾ ਹੈ। ਉਹ ਬੋਲਣ ਤੋਂ ਬਾਅਦ ਆਪਣੇ ਮਨ ਵਿਚ ਪਛਤਾਉਂਦੇ ਹੀ ਰਹਿੰਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਬੋਲਿਆ। ਇਸੇ ਲਈ ਕਹਿੰਦੇ ਹਨ ਕਿ ਪਹਿਲਾਂ ਤੋਲੋ ਫਿਰ ਬੋਲੋ। ਦੁਨੀਆਂ ਖੂਹ ਦੀ ਆਵਾਜ਼ ਹੈ। ਜੋ ਸ਼ਬਦ ਤੁਸੀਂ ਬੋਲਦੇ ਹੋ ਉਹ ਹੀ ਗੂੰਜ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ। ਇਸ ਲਈ ਬੋਲਣ ਲੱਗਿਆਂ ਸ਼ਬਦਾਂ ਦੀ ਚੌਣ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ। ਕਈ ਵਾਰੀ ਕੌੜਾ ਬੋਲ ਕੇ ਸਾਰੀ ਉਮਰ ਉਸ ਦੇ ਨਤੀਜੇ ਭੁਗਤਣੇ ਪੈਂਦੇ ਹਨ। ਗੱਲ ਤਾਂ ਕਹਿੰਦੀ ਹੈ-'ਤੂੰ ਮੈਨੂੰ ਮੁੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ।' ਅਜਿਹਾ ਬੋਲੋ ਕਿ ਜੇ ਤੁਹਾਡੇ ਸ਼ਬਦ ਤੁਹਾਡੇ ਕੋਲ ਵਾਪਸ ਵੀ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਬਰਦਾਸ਼ਤ ਕਰ ਸੱਕੋ। ਜੇ ਤੁਸੀਂ ਕਿਸੇ ਨੂੰ ਕੌੜਾ ਬੋਲਦੇ ਹੋ ਤਾਂ ਉਹ ਕਦੀ ਨਾ ਕਦੀ ਕਿਸੇ ਨਾ ਕਿਸੇ ਮੌਕੇ ਤੇ ਵਿਆਜ ਸਮੇਤ ਤੁਹਾਡੇ ਸ਼ਬਦ ਤੁਹਾਨੂੰ ਜ਼ਰੂਰ ਮੋੜੇਗਾ।
ਕਿਸੇ ਨਾਲ ਗੱਲ ਬਾਤ ਕਰਨਾ ਵੀ ਇਕ ਜੀਵਨ ਜਾਚ ਹੀ ਹੈ। ਇਸ ਨੂੰ ਵੀ ਸਿੱਖਣਾ ਪੈਂਦਾ ਹੈ। ਜਿਹੜਾ ਕਿਸੇ ਨਾਲ ਸੋਹਣੀ ਤਰ੍ਹਾਂ ਗੱਲ ਬਾਤ ਕਰਨੀ ਸਿੱਖ ਗਿਆ, ਸਮਝੋ ਉਸ ਦੀ ਜ਼ਿੰਦਗੀ ਸਫ਼ਲ ਹੋ ਗਈ। ਕਈ ਲੋਕਾਂ ਨੂੰ ਉੱਚੀ ਪੜਾਈ ਕਰ ਕੇ ਵੀ ਗੱਲ ਬਾਤ ਕਰਨ ਦਾ ਸਲੀਕਾ ਨਹੀਂ ਆਉਂਦਾ। ਉਨ੍ਹਾਂ ਦੀ ਅਜਿਹੀ ਪੜਾਈ ਬੇਕਾਰ ਹੀ ਹੈ। ਉਨ੍ਹਾਂ ਲਈ ਇਹ ਗੱਲ ਢੁਕਦੀ ਹੈ 'ਮੁਰਦਾ ਬੋਲੇ, ਖੱਫ਼ਣ ਪਾੜੇ।'
ਦੁਨੀਆਂ ਦੇ ਹਰ ਕੰਮ ਦੀ ਕਾਮਯਾਬੀ ਲਈ ਮਿੱਠੀ ਜੁਬਾਨ ਦਾ ਹੋਣਾ ਪਹਿਲੀ ਜ਼ਰੂਰਤ ਹੈ। ਅੱਜ ਕੱਲ੍ਹ ਵਪਾਰੀਕਰਨ ਦਾ ਜ਼ਮਾਨਾ ਹੈ। ਇਸੇ ਲਈ ਵਪਾਰੀ ਲੋਕ ਆਪਣੇ ਵਪਾਰ ਦੀ ਕਾਮਯਾਬੀ ਲਈ ਖ਼ੂਬਸੂਰਤ ਮਿੱਠੀ ਜੁਬਾਨ ਵਾਲੀਆਂ ਲੜ੍ਹਕੀਆਂ ਨੂੰ ਪਹਿਲ ਦਿੰਦੇ ਹਨ। ਜੇ ਤੁਸੀਂ ਖੁਦ ਵਪਾਰੀ ਹੋ ਤਾਂ ਤੁਹਾਨੂੰ ਗਾਹਕ ਨਾਲ ਗੱਲ ਕਰਨ ਦਾ ਢੰਗ ਆਉਣਾ ਚਾਹੀਦਾ ਹੈ। ਉਹ ਹੀ ਸ਼ਬਦ ਬੋਲੋ ਜੋ ਗਾਹਕ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਹੈ। ਗਾਹਕ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਉਸ ਨੂੰ ਕੋਈ ਵਸਤੂ ਖਰੀਦ ਕੇ ਦੁਕਾਨਦਾਰ ਨੂੰ ਕੋਈ ਫਾਇਦਾ ਹੋਵੇਗਾ ਜਾਂ ਨਹੀਂ। ਇਸ ਲਈ ਤੁਸੀਂ ਉਸ ਨੂੰ ਕਦੀ ਇਹ ਨਹੀਂ ਕਹਿ ਸਕਦੇ-ਤੁਸੀਂ ਇਹ ਚੀਜ਼ ਖਰੀਦੋ ਇਸ ਨਾਲ ਮੈਨੂੰ ਬਹੁਤ ਲਾਭ ਹੋਵੇਗਾ। ਗਾਹਕ ਤਾਂ ਇਹ ਚਾਹੁੰਦਾ ਹੈ ਕਿ ਉਹ ਜੋ ਵੀ ਖਰੀਦੇ, ਉਹ ਸਸਤਾ, ਸੁੰਦਰ ਅਤੇ ਟਿਕਾਉ ਹੋਵੇ। ਇਸ ਲਈ ਜੇ ਕੋਈ ਕੱਪੜੇ ਦਾ ਵਪਾਰੀ ਹੈ ਤਾਂ ਉਹ ਕਹੇਗਾ-'ਭੈਣ ਜੀ, ਤੁਸੀ ਇਹ ਸੂਟ ਲਉ। ਇਹ ਤੁਹਾਡੇ 'ਤੇ ਬਹੁਤ ਜਚੇਗਾ। ਇਹ ਹੰਢਣ ਵਾਲਾ ਵੀ ਬਹੁਤ ਹੈ। ਮੈਂ ਇਸ ਵਿਚੋਂ ਕੁਝ ਵੀ ਨਹੀਂ ਕਮਾਉਣਾ। ਬੱਸ ਤੁਹਾਨੂੰ ਭਾਅ ਦੇ ਭਾਅ ਹੀ ਦੇ ਦੇਵਾਂਗਾ । ਕਮਾਈ ਦਾ ਕੀ ਹੈ? ਕਿਸੇ ਹੋਰ ਤੋਂ ਕਮਾ ਲਵਾਂਗੇ। ਤੁਸੀਂ ਆਪਣੇ ਬੰਦੇ ਹੋ, ਤੁਹਾਡੇ ਤੋਂ ਕੀ ਕਮਾਉਣਾ? ਅਜਿਹੇ ਮਿੱਠੇ ਤੇ ਲੱਛੇਦਾਰ ਸ਼ਬਦ ਸੁਣ ਕੇ ਗਾਹਕ ਉਹ ਸੂਟ ਖਰੀਦਣ ਲਈ ਜ਼ਰੂਰ ਲਲਚਾ ਜਾਵੇਗਾ। ਜੇ ਕਿਸੇ ਗਾਹਕ ਨੂੰ ਤੁਸੀਂ ਇੱਜ਼ਤ ਨਾਲ ਬੁਲਾਵੋਗੇ ਤਾਂ ਤੁਸੀਂ ਅੱਧੇ ਤਾਂ ਉਸੇ ਸਮੇਂ ਕਾਮਯਾਬ ਹੋ ਜਾਵੋਗੇ। ਹਰ ਇਕ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ। ਉਸ ਨੂੰ ਹਮੇਸ਼ਾਂ ਅਪਣਾ ਨਾਮ, ਆਪਣੀ ਪਸੰਦ ਅਤੇ ਆਪਣੀਆਂ ਪ੍ਰਾਪਤੀਆਂ ਚੰਗੀਆਂ ਲੱਗਦੀਆਂ ਹਨ। ਖ਼ਰਵੀ ਜੁਬਾਨ ਵਾਲੇ ਦੁਕਾਨਦਾਰ ਕੋਲ ਕੋਈ ਗਾਹਕ ਜਾਣਾ ਪਸੰਦ ਨਹੀਂ ਕਰਦਾ। ਕੜਵੀ ਜੁਬਾਨ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ। ਮਿੱਠੀ ਜੁਬਾਨ ਵਾਲਾ ਦੁਕਾਨਦਾਰ ਗੰਜੇ ਨੂੰ ਕੰਘੀ ਵੀ ਵੇਚ ਜਾਂਦਾ ਹੈ।
ਤੁਹਾਡੇ ਬੋਲੇ ਗਏ ਸ਼ਬਦਾਂ ਦੇ ਬਹੁਤ ਦੂਰ ਰਸ ਸਿੱਟੇ ਹੁੰਦੇ ਹਨ। ਤੁਹਾਡੇ ਬੋਲੇ ਹੋਏ ਚੰਗੇ ਮਾੜੇ ਸ਼ਬਦ ਦੂਸਰੇ 'ਤੇ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਪਾਉਂਦੇ ਹਨ। ਕਿਸੇ ਨਾਲ ਮੰਦੇ ਸ਼ਬਦ ਬੋਲ ਕੇ ਤੁਸੀਂ ਦੂਸਰੇ 'ਤੇ ਕਦੀ ਆਪਣੇ ਬਾਰੇ ਚੰਗਾ ਪ੍ਰਭਾਵ ਨਹੀਂ ਪਾ ਸਕਦੇ। ਕਿਸੇ ਤੋਂ ਵਿਛੱੜਣ ਸਮੇਂ ਹਮੇਸ਼ਾਂ ਇਹ ਸੋਚੋ ਕਿ ਇਹ ਤੁਹਾਡੀ ਆਖਰੀ ਮਿਲਣੀ ਹੈ। ਇਸ ਲਈ ਉਸ ਦਾ ਦਿਲ ਦੁਖਾਉਣ ਵਾਲੀ ਕੋਈ ਗੱਲ ਨਾ ਕਰੋ। ਕੁਝ ਸਹਿਨਸ਼ੀਲਤਾ ਵੀ ਰੱਖੋ। ਕਿਸੇ ਨਾਲ ਝਗੜਾ ਨਾ ਕਰੋ। ਨਾ ਹੀ ਦੂਸਰੇ ਨੂੰ ਕੋਈ ਤਾਅਣੇ ਮਿਹਨੇ ਦਿਉ। ਕਿਸੇ ਕੋਲੋਂ ਕੁਝ ਲੈਣ ਦੀ ਕੋਈ ਇੱਛਾ ਵੀ ਨਾ ਰੱਖੋ। ਇਹ ਦੇਖੋ ਕਿ ਉਸ ਨੂੰ ਤੁਹਾਡੀ ਕਿਹੜੀ ਮਦਦ ਦੀ ਲੋੜ ਹੈ। ਨਿਰਸੁਆਰਥ ਹੋ ਕੇ ਉਸ ਦੀ ਮਦਦ ਕਰੋ। ਵਿਛੱੜਣ ਲੱਗਿਆਂ ਉਸ ਨੂੰ ਸ਼ੁੱਭ ਇੱਛਾਵਾਂ ਲਈ ਪਿਆਰ ਦੇ ਕੁਝ ਮਿੱਠੜੇ ਸ਼ਬਦ ਜ਼ਰੂਰ ਕਹੋ। ਤੁਹਾਡਾ ਇਹ ਪ੍ਰਭਾਵ ਉਸ 'ਤੇ ਸਦਾ ਲਈ ਬਣਿਆ ਰਹੇਗਾ।
ਕਿਸੇ ਨਾਲ ਜ਼ਿਆਦਾ ਉੱਚੀ ਬੋਲ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਉਸ ਤੇ ਹੁਕਮ ਚਲਾ ਰਹੇ ਹੋ ਜਾਂ ਤੁਸੀਂ ਉਸ ਤੋਂ ਬਹੁਤ ਜ਼ਿਆਦਾ ਤਾਕਤਵਰ ਅਤੇ ਸਿਆਣੇ ਹੋ। ਸਹਿਜ ਵਿਚ ਰਹੋ। ਹੋ ਸਕਦਾ ਹੈ ਤੁਹਾਡਾ ਕੋਈ ਮਤਾਹਿਤ ਤੁਹਾਡੀ ਉੱਚੀ ਆਵਾਜ਼ ਤੋਂ ਕੁਝ ਸਮੇਂ ਲਈ ਪ੍ਰਭਾਵਿਤ ਵੀ ਹੋ ਜਾਏ। ਤੁਹਾਡੇ ਸ਼ਬਦਾਂ ਵਿਚ ਜੋਰ ਨਹੀਂ ਹੋਣਾ ਚਾਹੀਦਾ ਸਗੋਂ ਤੁਹਾਡੇ ਕੰਮ ਬੋਲਣੇ ਚਾਹੀਦੇ ਹਨ॥ ਜਦ ਕੰਮ ਬੋਲਦੇ ਹਨ ਤਾਂ ਉਮਰ ਭਰ ਲਈ ਆਪਣਾ ਅਸਰ ਛੱਡਦੇ ਹਨ।
ਕਾਹਲੀ ਨਾਲ ਨਾ ਬੋਲੋ। ਕਾਹਲੀ ਵਿਚ ਬੋਲੇ ਸ਼ਬਦਾਂ ਦਾ ਉਚਾਰਨ ਠੀਕ ਨਹੀਂ ਰਹਿੰਦਾ। ਬੋਲਣ ਵਾਲੇ ਨੂੰ ਵੀ ਬਾਅਦ ਵਿਚ ਹੀ ਪਤਾ ਲੱਗਦਾ ਹੈ ਕਿ ਮੈਂ ਕੁਝ ਗ਼ਲਤ ਬੋਲ ਗਿਆ ਹਾਂ। ਸੁਣਨ ਵਾਲੇ ਦੇ ਅੰਦਰ ਤਾਂ ਅਜਿਹੀ ਗੱਲ ਜਾਂਦੀ ਹੀ ਨਹੀਂ। ਉਸ ਦੇ ਕੰਨਾਂ ਦੇ ਉੱਪਰੋਂ ਹੀ ਲੰਘ ਜਾਂਦੀ ਹੈ। ਫਿਰ ਤੁਹਾਡੇ ਅਜਿਹੇ ਸ਼ਬਦਾਂ ਦਾ ਦੂਜੇ 'ਤੇ ਕੀ ਪ੍ਰਭਾਵ ਹੋ ਸਕਦਾ ਹੈ?ੇ ਕਿਸੇ ਨੇਤਾ ਦੇ ਮੁੰਹੋਂ ਅਜਿਹੀ ਗ਼ਲਤ ਗੱਲ ਨਿਕਲੀ ਹੋਈ ਫੜੀ ਜਾਂਦੀ ਹੈ ਅਤੇ ਉਸ ਦੀ ਬੜੀ ਖਿਚਾਈ ਹੁੰਦੀ ਹੈ।
ਕਈ ਲੋਕ ਸ਼ਬਦਾਂ ਦੇ ਜਾਦੂਗਰ ਹੁੰਦੇ ਹਨ। ਇੰਜ ਲੱਗਦਾ ਹੈ ਜਿਵੇਂ ਸੋਹਣੇ ਸ਼ਬਦ ਉਨ੍ਹਾਂ ਕੋਲ ਕਤਾਰ ਲਾ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੋਣ। ਰਾਜਨੇਤਾਵਾਂ ਅਤੇ ਧਾਰਮਿਕ ਰਹਿਨੁਮਾਵਾਂ ਵਿਚ ਇਹ ਗੁਣ ਬਹੁਤ ਹੁੰਦਾ ਹੈ। ਕਾਮਯਾਬ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਇਹ ਦੇਖੋ ਕਿ ਉਨ੍ਹਾਂ ਦੀ ਕਾਮਯਾਬ ਜ਼ਿੰਦਗੀ ਦੇ ਕੀ ਰਾਜ਼ ਹਨ। ਉਨ੍ਹਾਂ ਵਿਚ ਵੀ ਸਭ ਤੋਂ ਪਹਿਲੀ ਗੱਲ ਉਨ੍ਹਾਂ ਦੀ ਮਿੱਠੀ ਜੁਬਾਨ ਹੀ ਮਿਲੇਗੀ। ਜੇ ਤੁਸੀਂ ਚੰਗੇ ਬੁਲਾਰੇ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਅਭਿਆਸ ਕਰ ਲਉ। ਇਸ ਨਾਲ ਕੋਈ ਜ਼ਰੂਰੀ ਗੱਲ ਨਹੀਂ ਛੁੱਟੇਗੀ ਨਹੀਂ ਅਤੇ ਨਾ ਹੀ ਕੋਈ ਗ਼ੈਰ ਜ਼ਰੂਰੀ ਗੱਲ ਮੁੰਹੋਂ ਨਿਕਲਣ ਦਾ ਡਰ ਰਹੇਗਾ।
ਕਈ ਲੋਕ ਆਪਣੀ ਬੋਲੀ ਦਾ ਗ਼ਲਤ ਉਪਯੋਗ ਵੀ ਕਰਦੇ ਹਨ। ਉਹ ਚਾਪਲੂਸ, ਮਤਬਲੀ ਅਤੇ ਬਹੁਤ ਹੀ ਮਿੱਠੇ ਹੁੰਦੇ ਹਨ। ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਡੇਰਿਆਂ ਦੇ ਬਾਬੇ ਅਤੇ ਰਾਜਨੇਤਾ ਆਪਣੇ ਭਾਸ਼ਨਾ ਵਿਚ ਲੱਛੇਦਾਰ ਗੱਲਾਂ ਕਰਦੇ ਹਨ ਇਨ੍ਹਾਂ ਪਿੱਛੇ ਉਨ੍ਹਾਂ ਦੇ ਛੁਪੇ ਹੋਏ ਸੁਆਰਥ ਹੁੰਦੇ ਹਨ। ਬਾਬੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਉਨ੍ਹਾਂ ਦਾ ਧਨ 'ਤੇ ਇੱਜ਼ਤ ਲੁੱਟਦੇ ਹਨ। ਰਾਜਨੇਤਾ ਲੋਕਾਂ ਨੂੰ ਇਕ ਦੂਸਰੇ ਦੇ ਖਿਲਾਫ਼ ਭੜਕਾ ਕੇ ਆਪਣਾ ਵੋਟ ਬੈਂਕ ਕਾਇਮ ਕਰਦੇ ਹਨ। ਅਜਿਹੇ ਲੋਕਾਂ ਤੋਂ ਵੀ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਰਾਜਨੇਤਾਵਾਂ ਅਤੇ ਧਾਰਮਿਕ ਆਗੂਆਂ ਦੇ ਮੁੰਹੋਂ ਨਿਕਲੇ ਹੋਏ ਠੀਕ ਸ਼ਬਦ ਲੋਕਾਂ ਦੀ ਜ਼ਿੰਦਗੀ ਬਣਾ ਦਿੰਦੇ ਹਨ ਪਰ ਉਨ੍ਹਾਂ ਦੇ ਮੁੰਹੋਂ ਨਿਕਲੇ ਹੋਏ ਗ਼ਲਤ ਸ਼ਬਦ ਲੋਕਾਂ ਦੀ ਜ਼ਿੰਦਗੀ ਸਦਾ ਲਈ ਬਰਬਾਦ ਵੀ ਕਰ ਦਿੰਦੇ ਹਨ ਅਤੇ ਬੋਲਣ ਵਾਲੇ ਦਾ ਭਵਿੱਖ ਵੀ ਸਦਾ ਲਈ ਹਨੇਰਾ ਹੋ ਜਾਂਦਾ ਹੈ। ਕਿਸੇ ਦੀ ਕੜਵੀ ਗੱਲ ਦਾ ਜੇ ਤੁਸੀਂ ਜੁਵਾਬ ਨਹੀਂ ਦਿੰਦੇ ਤਾਂ ਸਮਾਂ ਉਸ ਦਾ ਜੁਵਾਬ ਦਿੰਦਾ ਹੈ। ਇਸੇ ਲਈ ਕਹਿੰਦੇ ਹਨ ਕਿ-ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਹੈ ਪਰ ਜਦ ਵੱਜਦੀ ਹੈ ਤਾਂ ਹੀ ਉਸ ਦਾ ਪਤਾ ਲੱਗਦਾ ਹੈ।
ਸ਼ਬਦਾਂ ਵਿਚ ਬਹੁਤ ਤਾਕਤ ਹੁੰਦੀ ਹੈ। ਇਸ ਲਈ ਸੋਚ ਸਮਝ ਕੇ ਹੀ ਸ਼ਬਦ ਮੁੰਹੋਂ ਕੱਢਣੇ ਚਾਹੀਦੇ ਹਨ। ਤੁਹਾਡੇ ਬੋਲੇ ਹੋਏ ਸ਼ਬਦ ਤੁਹਾਨੂੰ ਰਾਜ ਵੀ ਕਰਾ ਸਕਦੇ ਹਨ ਅਤੇ ਭੀਖ ਵੀ ਮੰਗਵਾ ਸਕਦੇ ਹਨ। ਸ਼ਬਦ ਕੋਈ ਤੀਰ, ਤਲਵਾਰ ਜਾਂ ਪਿਸਤੋਲ ਆਦਿ ਹੱਥਿਆਰ ਨਹੀਂ ਹੁੰਦੇ ਪਰ ਇਨ੍ਹਾਂ ਨਾਲ ਕਈ ਵਾਰੀ ਸਿੰਘਾਸਣ ਡੋਲ ਜਾਂਦੇ ਹਨ।
ਤੁਹਾਡੇ ਸ਼ਬਦਾਂ ਤੋਂ ਜ਼ੋਰਦਾਰ ਇਕ ਹੋਰ ਭਾਸ਼ਾ ਵੀ ਹੁੰਦੀ ਹੈ। ਇਸ ਵਿਚ ਸ਼ਬਦਾਂ ਦੀ ਕੋਈ ਲੋੜ ਨਹੀਂ ਹੁੰਦੀ। ਉਹ ਹੈ ਪਿਆਰ ਦੀ ਭਾਸ਼ਾ। ਇਸ ਭਾਸ਼ਾ ਨੂੰ ਪਸ਼ੂ, ਪੰਛੀ ਵੀ ਭਲੀ ਭਾਂਤੀ ਸਮਝ ਜਾਂਦੇ ਹਨ। ਬਿਨਾ ਕੁਝ ਬੋਲਿਆਂ ਹੀ ਉਹ ਤੁਹਾਡੇ ਪਿਆਰ ਦੀ ਭਾਸ਼ਾ ਨੂੰ ਸਮਝ ਕੇ ਤੁਹਾਡੇ ਵੱਲ ਖਿੱਚੇ ਚਲੇ ਆਉਂਦੇ ਹਨ ਅਤੇ ਆਪਣੀ ਵਫਾਦਾਰੀ ਵੀ ਪ੍ਰਗਟਾਉਂਦੇ ਹਨ। ਪਿਆਰ ਨਾਲ ਤੁਸੀਂ ਸ਼ੇਰ ਜਿਹੇ ਖੁੰਖਾਰ ਜੰਗਲੀ ਜਾਨਵਰ ਨੂੰ ਵੀ ਕਾਬੂ ਕਰ ਸਕਦੇ ਹੋ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ ਜੋ ਇਸ ਪ੍ਰਕਾਰ ਹੈ-ਇਕ ਦੇਸ਼ ਵਿਚ ਇਕ ਬਹੁਤ ਗੁੱਸੇ-ਖੋਰ ਰਾਜਾ ਰਾਜ ਕਰਦਾ ਸੀ। ਉਹ ਜਦ ਵੀ ਕਿਸੇ ਨਾਲ ਨਰਾਜ਼ ਹੁੰਦਾ ਤਾਂ ਉਸ ਨੂੰ ਉਹ ਖੁੰਖਾਰ ਕੁੱਤਿਆਂ ਅੱਗੇ ਪਾ ਦਿੰਦਾ ਸੀ। ਕੁੱਤੇ ਉਸ ਦਾ ਮਾਸ ਨੋਚ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ। ਇਕ ਵਾਰੀ ਉਹ ਰਾਜਾ ਆਪਣੇ ਵਜੀਰ ਦੀ ਕਿਸੇ ਗੱਲ 'ਤੇ ਨਰਾਜ਼ ਹੋ ਗਿਆ ਅਤੇ ਉਸ ਨੂੰ ਮੌਤ ਦੀ ਸਜਾ ਸੁਣਾ ਦਿੱਤੀ। ਵਜੀਰ ਕੋਲੋਂ ਉਸ ਦੀ ਆਖਰੀ ਇੱਛਾ ਪੁੱਛੀ ਗਈ। ਵਜੀਰ ਨੇ ਕਿਹਾ ਕਿ ਮੈਨੂੰ ਖੁੰਖਾਰ ਕੁੱਤਿਆਂ ਅੱਗੇ ਪਾਣ ਤੋਂ ਪਹਿਲਾਂ 30 ਦਿਨ ਦਾ ਸਮਾਂ ਦਿੱਤਾ ਜਾਵੇ। ਰਾਜੇ ਨੇ ਕਿਹਾ ਠੀਕ ਹੈ ਤੈਨੂੰ 30 ਦਿਨਾਂ ਬਾਅਦ ਕੁੱਤਿਆਂ ਅੱਗੇ ਸੁੱਟ ਕੇ ਮਾਰ ਦਿੱਤਾ ਜਾਵੇਗਾ। 30 ਦਿਨ ਬਾਅਦ ਵਜੀਰ ਨੂੰ ਖੁੱਲ੍ਹੇ ਮੈਦਾਨ ਵਿਚ ਖੜ੍ਹਾ ਕੀਤਾ ਗਿਆ। ਲੋਕਾਂ ਦੀ ਭੀੜ ਇਹ ਨਜ਼ਾਰਾ ਦੇਖਣ ਲਈ ਇਕੱਠੀ ਹੋ ਗਈ। ਖੁੰਖਾਰ ਕੁੱਤਿਆਂ ਦੇ ਪਿੰਜਰੇ ਖੋਲ੍ਹ ਦਿੱਤੇ ਗਏ ਕੁੱਤੇ ਦਹਾੜਦੇ ਹੋਏ ਆਪਣੇ ਆਪਣੇ ਪਿੰਜਰਿਆਂ ਵਿਚੋਂ ਬਾਹਰ ਨਿਕਲੇ। ਪਰ ਇਹ ਕੀ? ਉਨ੍ਹਾਂ ਨੇ ਵਜੀਰ ਨੂੰ ਬਿਲਕੁਲ ਵੱਢਿਆ ਨਹੀਂ। ਸਗੋਂ ਉਹ ਪੂਛ ਹਿਲਾਉਂਦੇ ਰਹੇ ਅਤੇ ਉਸ ਦੇ ਪੈਰ ਚੱਟਦੇ ਰਹੇ। ਸਾਰੇ ਇਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ। ਰਾਜੇ ਨੇ ਵਜੀਰ ਨੂੰ ਇਸ ਦਾ ਕਾਰਨ ਪੁੱਛਿਆ। ਤਾਂ ਵਜੀਰ ਨੇ ਹੱਸ ਕੇ ਉੱਤਰ ਦਿੱਤਾ-'ਮਹਾਰਾਜ ਮੈਂ ਇਨ੍ਹਾਂ 30 ਦਿਨਾ ਵਿਚ ਰੋਜ ਪਿਆਰ ਨਾਲ ਇਨ੍ਹਾਂ ਕੁੱਤਿਆਂ ਨੂੰ ਰੋਟੀ ਖੂਆਉਂਦਾ ਰਿਹਾ ਹਾਂ। ਇਹ ਮੇਰੇ ਪਿਆਰ ਨੂੰ 30 ਦਿਨਾਂ ਵਿਚ ਹੀ ਸਮਝਣ ਲੱਗ ਪਏ ਹਨ। ਇਸ ਲਈ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਪਰ ਤੁਸੀਂ ਮੇਰੀ 30 ਸਾਲ ਦੀ ਵਫਾਦਾਰੀ ਦੀ ਵੀ ਕੋਈ ਕਦਰ ਨਹੀਂ ਪਾਈ। ਰਾਜਾ ਇਹ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ ਅਤੇ ਵਜੀਰ ਦੀ ਸਜਾ ਮੁਆਫ ਕਰ ਕੇ ਉਸ ਨੂੰ ਅਹੁਦੇ ਤੇ ਬਹਾਲ ਕਰ ਦਿੱਤਾ।
ਪਿਆਰ ਦੀ ਭਾਸ਼ਾ ਤੋਂ ਇਲਾਵਾ ਇਕ ਹੋਰ ਵੀ ਭਾਸ਼ਾ ਹੈ ਜਿਸ ਨੂੰ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਪਰ ਹੈ ਉਹ ਬਹੁਤ ਤਾਕਤਵਰ। ਉਹ ਹੈ ਚੁੱਪ ਦੇ ਬੋਲ। ਸਿਆਣੇ ਬੰਦੇ ਦੱਸਦੇ ਹਨ ਕਿ ਫ਼ਾਲਤੂ ਬੋਲਣ ਨਾਲੋਂ ਖਾਮੋਸ਼ੀ ਹੀ ਚੰਗੀ ਹੈ। ਇਸ ਦਾ ਅਸਰ ਆਪਣੇ ਆਪ ਹੀ ਹੁੰਦਾ ਹੈ। ਬੋਲਣ ਨਾਲ ਤਾਂ ਲੋਕ ਰੁੱਸਦੇ ਹੀ ਬਹੁਤ ਹਨ। ਚੁੱਪ ਰਿਹਾਂ ਵੀ ਦੂਜੇ 'ਤੇ ਤੁਹਾਡਾ ਚਾਹਿਆ ਹੋਇਆ ਪ੍ਰਭਾਵ ਪੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ ਤੁਸੀਂ ਉਸ ਨਾਲ ਮਨੋ ਨਰਾਜ਼ ਹੋ ਜਾਂ ਤੁਸੀਂ ਉਸ ਦੀ ਕਿਸੇ ਗੱਲ ਨੂੰ ਪਸੰਦ ਨਹੀਂ ਕਰਦੇ। ਪੁਰਾਣੇ ਜ਼ਮਾਨੇ ਵਿਚ ਮਨ ਦੀ ਸ਼ਾਂਤੀ ਲਈ ਲੋਕ ਚੁੱਪ ਰਹਿ ਕੇ ਕਈ ਕਈ ਦਿਨ ਸਮਾਧੀ ਲਾ ਕੇ ਬੈਠ ਜਾਂਦੇ ਸਨ। ਰਿਸ਼ੀ ਮੁਨੀ ਵੀ ਪ੍ਰਮਾਤਮਾ ਦਾ ਧਿਆਨ ਰੱਖਦੇ ਸਨ ਤਾਂ ਮੋਨ ਵਰਤ ਰੱਖਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਰੱਬ ਨੂੰ ਪਾਉਣ ਲਈ ਅਸੀਂ ਐਂਵੇ ਹੀ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ। ਉਹ ਤਾਂ ਸਾਡੇ ਅੰਦਰ ਵੱਸਦਾ ਹੈ।ਰੱਬ ਕੋਈ ਬੋਲਾ ਨਹੀਂ। ਉਸ ਨੂੰ ਐਡੇ ਉੱਚੇ ਉੱਚੇ ਲਾਉਡ ਸਪੀਕਰ ਅਤੇ ਟੱਲ ਵਜਾ ਕੇ ਸੁਨਾਉਣ ਦੀ ਲੋੜ ਨਹੀਂ। ਰੱਬ ਨੂੰ ਤਾਂ ਚੁੱਪ ਕਰ ਕੇ, ਅੰਤਰ ਧਿਆਨ ਹੋ ਕੇ ਹੀ ਪਾਇਆ ਜਾ ਸਕਦਾ ਹੈ। ਮਨ ਦੀ ਸ਼ੁੱਧੀ ਲਈ ਜਿੰਨਾ ਹੀ ਚੁੱਪ ਰਹੋਗੇ ਉਨਾ ਹੀ ਚੰਗਾ ਹੈ। ਦਿਮਾਗ਼ ਦੀ ਉਥੱਲ ਪੁਥੱਲ ਅਤੇ ਭਟਕਣਾ ਸਮਾਧੀ ਨਾਲ ਹੀ ਸ਼ਾਂਤ ਹੁੰਦੀ ਹੈ। ਅਸੀਂ ਵਰਤ ਅਤੇ ਰੋਜ਼ੇ ਰੱਖਦੇ ਹਾਂ ਪੇਟ ਦੀ ਸ਼ੁੱਧੀ ਲਈ ਅਤੇ ਮੋਨ ਵਰਤ ਰੱਖਦੇ ਹਾਂ ਮਨ ਦੀ ਸ਼ੁੱਧੀ ਲਈ।
ਕਿਸੇ ਦੇ ਕੌੜੇ ਬੋਲਾਂ ਨੂੰ ਸੁਣ ਕੇ ਵੀ ਜੇ ਤੁਸੀਂ ਉਸਨੂੰ ਕੋਈ ਉੱਤਰ ਦੇਣ ਦੀ ਬਜ਼ਾਏ ਚੁੱਪ ਕਰ ਜਾਂਦੇ ਹੋ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਜ਼ਿਆਦਾ ਠੀਕ ਹੈ ਅਤੇ ਤੁਸੀਂ ਗ਼ਲਤ ਹੋ। ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਆਪਣੇ ਗੁੱਸੇ ਤੇ ਕਾਬੂ ਹੈ ਅਤੇ ਤੁਸੀਂ ਰਿਸ਼ਤਿਆਂ ਦੀ ਕਦਰ ਕਰਦੇ ਹੋ। ਚੁੱਪ ਰਹਿ ਕੇ ਤੁਸੀਂ ਆਉਣ ਵਾਲਿਆਂ ਕਈ ਝਗੜਿਆਂ ਨੂੰ ਟਾਲ ਸਕਦੇ ਹੋ। ਚੁੱਪ ਰਹਿਣ ਨਾਲ ਸੱਪ ਵੀ ਮਰ ਜਾਂਦਾ ਹੈ ਅਤੇ ਲਾਠੀ ਵੀ ਨਹੀਂ ਟੁੱਟਦੀ। ਜੇ ਤੁਸੀਂ ਲੋਕਾਂ ਦੇ ਮੁੰਹ ਬੰਦ ਨਹੀਂ ਕਰ ਸਕਦੇ ਤਾਂ ਆਪਣੇ ਕੰਨ ਤਾਂ ਬੰਦ ਕਰ ਹੀ ਸਕਦੇ ਹੋ। ਕਿਸੇ ਨੇ ਠੀਕ ਹੀ ਕਿਹਾ ਹੈ-'ਇਕ ਚੁੱਪ ਸੋ ਸੁੱਖ'। ਬੁੱਢਾਪੇ ਵਿਚ ਵੀ ਬੰਦੇ ਨੂੰ ਬਹੁਤ ਸਹਿਜ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸਮੇਂ ਦੇ ਬਦਲਣ ਨਾਲ ਘਰ ਵਿਚ ਬੱਚਿਆਂ ਦਾ ਰਾਜ ਹੋ ਜਾਂਦਾ ਹੈ। ਬਜ਼ੁਰਗਾਂ ਲਈ ਤਾਂ ਇਕ ਯੁੱਗ ਹੀ ਬਦਲ ਜਾਂਦਾ ਹੈ। ਇਕ ਪੀੜ੍ਹੀ ਦਾ ਫਾਸਲਾ ਪੈ ਜਾਂਦਾ ਹੈ।ਬੱਚਿਆਂ ਨੂੰ ਉਨ੍ਹਾਂ ਦੀ ਕੋਈ ਗੱਲ ਪਸੰਦ ਨਹੀਂ ਆਉਂਦੀ। ਬਜ਼ੁਰਗ ਦੇਖਦੇ ਸਭ ਕੁਝ ਹਨ ਪਰ ਬੋਲਦੇ ਘੱਟ ਹਨ ਤਾਂ ਕਿ ਘਰ ਵਿਚ ਸ਼ਾਂਤੀ ਬਣੀ ਰਹੇ।
ਜੇ ਤੁਸੀਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਦੂਜੇ ਨਾਲ ਸਦਭਾਵਨਾ ਰੱਖੋ ਅਤੇ ਸਦਗੁਣਾਂ ਨੂੰ ਅਪਣਾਓ। ਆਪਣੇ ਕ੍ਰੋਧ 'ਤੇ ਕਾਬੂ ਰੱਖੋ ਅਤੇ ਨਿਮਰਤਾ ਨਾਲ ਰਹੋ। ਸਦਾ ਮਿੱਠਾ ਬੋਲੋ। ਇਸ ਲਈ ਲੰਬੇ ਅਭਿਆਸ ਦੀ ਲੋੜ ਹੈ। ਮਿੱਠਾ ਬੋਲਣਾ ਦੂਸਰੇ ਦੇ ਮਨ ਨੂੰ ਠਾਰਦਾ ਹੈ ਅਤੇ ਆਪਣਾ ਹਿਰਦਾ ਵੀ ਸ਼ੁੱਧ ਕਰਦਾ ਹੈ। ਇਸ ਦੁਨੀਆਂ ਵਿਚ ਸਭ ਨਾਲ ਮਿਲ ਜੁਲ ਕੇ ਅਤੇ ਪਿਆਰ ਨਾਲ ਰਹੋ। ਜੇ ਤੁਸੀਂ ਕਿਸੇ ਨਾਲ ਪਿਆਰ ਦਾ ਵਰਤਾਉ ਕਰੋਗੇ ਉਹ ਵੀ ਤੁਹਾਨੂੰ ਪਿਆਰ ਨਾਲ ਹੀ ਉੱਤਰ ਦੇਵੇਗਾ। ਬੋਲੋ ਘੱਟ ਅਤੇ ਸੁਣੋ ਜ਼ਿਆਦਾ। ਜੇ ਤੁਸੀ ਕਿਸੇ ਨੂੰ ਕੁਝ ਬੋਲ ਕੇ ਦੱਸਦੇ ਹੋ ਤਾਂ ਤੁਹਾਨੂੰ ਕੇਵਲ ਉਨ੍ਹਾਂ ਗੱਲਾਂ ਦਾ ਹੀ ਪਤਾ ਲੱਗਦਾ ਹੈ ਜਿਨ੍ਹਾ ਦਾ ਗਿਆਨ ਤੁਹਾਨੂੰ ਪਹਿਲਾਂ ਹੀ ਹੁੰਦਾ ਹੈ। ਜੇ ਤੁਸੀਂ ਕਿਸੇ ਨੂੰ ਸੁਣਦੇ ਹੋ ਤਾਂ ਤੁਹਾਨੂੰ ਕਈ ਨਵੀਆਂ ਗੱਲਾਂ ਦਾ ਪਤਾ ਚੱਲਦਾ ਹੈ, ਜਿੰਨ੍ਹਾਂ ਦਾ ਤੁਹਾਨੂੰ ਪਹਿਲਾਂ ਕੋਈ ਗਿਆਨ ਨਹੀਂ ਹੁੰਦਾ। ਇਸ ਲਈ ਘੱਟ ਬੋਲੋ। ਆਪਣੇ ਮੁੰਹ ਵਿਚੋਂ ਕੋਈ ਸ਼ਬਦ ਤਾਂ ਹੀ ਕੱਢੋ ਜਦ ਤੁਹਾਨੂੰ ਯਕੀਨ ਹੋਵੇ ਕਿ ਉਨ੍ਹਾਂ ਦਾ ਅਸਰ ਤੁਹਾਡੀ ਚੁੱਪ ਤੋਂ ਜ਼ਿਆਦਾ ਹੈ।
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:- 9463189432
email:gursharan1183@yahoo.in
ਆਪਣੇ ਹੁਨਰ ਨੂੰ ਤਰਾਸ਼ੋ - ਗੁਰਸ਼ਰਨ ਸਿੰਘ ਕੁਮਾਰ
ਮਿਟਾ ਦੇ ਆਪਣੀ ਹਸਤੀ ਕੋ
ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇਂ ਮਿਲ ਕਰ
ਗੁਲ-ਓ-ਗੁਲਜ਼ਾਰ ਹੋਤਾ ਹੈ। ਇਕਬਾਲ
ਪ੍ਰਮਾਤਮਾ ਨੇ ਹਰ ਮਨੁੱਖ ਨੂੰ ਕੋਈ ਨਾ ਕੋਈ ਐਸਾ ਹੁਨਰ ਦਿੱਤਾ ਹੈ ਜਿਸ ਨੂੰ ਉਭਾਰ ਕੇ ਉਹ ਆਪਣੀ ਵੱਖਰੀ ਸ਼ਖਸੀਅਤ ਬਣਾ ਸਕਦਾ ਹੈ ਅਤੇ ਜ਼ਿੰਦਗੀ ਵਿਚ ਉਹ ਇਕ ਕਾਮਯਾਬ ਮਨੁੱਖ ਬਣ ਸਕਦਾ ਹੈ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਔਗੁਣ ਹੀ ਔਗੁਣ ਹੋਣ ਅਤੇ ਗੁਣ ਕੋਈ ਵੀ ਨਾ ਹੋਵੇ ਜਾਂ ਜਿਸ ਵਿਚ ਗੁਣ ਹੀ ਗੁਣ ਹੋਣ ਅਤੇ ਔਗੁਣ ਕੋਈ ਵੀ ਨਾ ਹੋਵੇ। ਪ੍ਰਮਾਤਮਾ ਸਭ ਨੂੰ ਆਪਣੀਆਂ ਦਾਤਾਂ ਆਪਣੇ ਹਿਸਾਬ ਵਿਚ ਵੰਡ ਕੇ ਦਿੰਦਾ ਹੈ। ਜਿਵੇਂ ਇਕ ਮਾਂ ਨੂੰ ਆਪਣੇ ਸਾਰੇ ਬੱਚੇ ਚੰਗੇ ਲੱਗਦੇ ਹਨ। ਉਸ ਨੂੰ ਆਪਣੇ ਝੱਲ ਬ ਲੱਲੇ ਬੱਚੇ ਵੀ ਪਿਆਰੇ ਲੱਗਦੇ ਹਨ। ਉਹ ਆਪ ਭਾਵੇਂ ਆਪਣੇ ਬੱਚੇ ਨੂੰ ਜਿੰਨਾ ਮਰਜ਼ੀ ਕੁੱਟ ਲਏ ਜਾਂ ਡਾਂਟ ਲਏ ਪਰ ਮਜ਼ਾਲ ਹੈ ਕਿ ਉਹ ਕਿਸੇ ਦੂਜੇ ਬੰਦੇ ਨੂੰ ਆਪਣੇ ਬੱਚੇ ਬਾਰੇ ਕੋਈ ਮਾੜਾ ਸ਼ਬਦ ਵੀ ਬੋਲਣ ਦਏ। ਉਹ ਹਮੇਸ਼ਾਂ ਦੂਜੇ ਸਾਹਮਣੇ ਆਣੇ ਬੱਚੇ ਦੀਆਂ ਭੈੜੀਆਂ ਆਦਤਾਂ ਨੂੰ ਅੱਖੋਂ ਉਹਲੇ ਕਰੇਗੀ। ਇਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਸਾਰੇ ਮਨੁੱਖਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ ਹੈ। ਕੋਈ ਮਨੁੱਖ ਜੇ ਪ੍ਰਮਾਤਮਾ ਨੂੰ ਗਾਹਲਾਂ ਵੀ ਕੱਢੇ ਤਾਂ ਵੀ ਉਹ ਉਸ ਨੂੰ ਰੋਟੀ ਅਤੇ ਆਪਣੀਆਂ ਦਾਤਾਂ ਦਿੰਦਾ ਹੈ। ਉਹ ਕਦਮ ਕਦਮ ਤੇ ਹਰ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਬੰਦੇ ਨੂੰ ਆਪਣੀ ਵਿਲੱਖਣ ਸ਼ਖਸੀਅਤ ਬਣਾਉਣ ਲਈ ਆਪਣੇ ਹੁਨਰ ਨੂੰ ਤਰਾਸ਼ਣਾ ਚਾਹੀਦਾ ਹੈ। ਮਨੁੱਖ ਦਾ ਹੁਨਰ ਆਪਣੇ ਆਪ ਹੀ ਅੰਦਰੋਂ ਫੁੱਟਦਾ ਹੈ ਅਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਤੁਹਾਨੂੰ ਵੀ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਹੈ। ਉਸ ਨੂੰ ਉਭਾਰੋ। ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਓ। ਦੇਖੋ ਤੁਹਾਡੀ ਕਿਸ ਕੰਮ ਵਿਚ ਜ਼ਿਆਦਾ ਦਿਲਚੱਸਪੀ ਹੈ। ਉਸ ਕੰਮ ਵਿਚ ਪ੍ਰਵੀਨਤਾ ਹਾਸਿਲ ਕਰੋ। ਉਸ ਗੁਣ ਦੀ ਬਦੋਲਤ ਤੁਸੀਂ ਦੁਨੀਆਂ ਦੇ ਆਸਮਾਨ ਤੇ ਧਰੂ ਤਾਰੇ ਦੀ ਤਰ੍ਹਾਂ ਚਮਕੋ। ਐਵੇਂ ਆਤਿਸ਼ਬਾਜ਼ੀ ਦੀ ਤਰ੍ਹਾਂ ਫੁੱਸ ਹੋ ਕੇ ਹੀ ਨਾ ਰਹਿ ਜਾਵੋ। ਹੀਰਾ ਤਰਾਸ਼ੇ ਜਾਣ ਦੀ ਕ੍ਰਿਆ ਵਿਚੋਂ ਗੁਜ਼ਰ ਕੇ ਹੀ ਆਪਣਾ ਮੁਲ ਪੁਵਾਉਂਦਾ ਹੈ। ਸੋਨੇ ਨੂੰ ਕੁਠਾਲੀ ਵਿਚ ਢਾਲਿਆ ਜਾਂਦਾ ਹੈ ਤਾਂ ਹੀ ਉਸ ਵਿਚ ਚਮਕ ਆਉਂਦੀ ਹੈ ਅਤੇ ਲੋੜ ਅਨੁਸਾਰ ਗਹਿਣੇ ਬਣਦੇ ਹਨ, ਜੋ ਖ੍ਰੀਦਦਾਰ ਦੀਆਂ ਅੱਖਾਂ ਨੂੰ ਚੂੰਧਿਆਉਂਦੇ ਹਨ। ਔਜ਼ਾਰਾਂ ਅਤੇ ਹੱਥਿਆਰਾਂ ਨੂੰ ਜੇ ਕੁਝ ਸਮੇਂ ਤੱਕ ਨਾ ਵਰਤਿਆ ਜਾਏ ਤਾਂ ਉਨ੍ਹਾਂ ਨੂੰ ਜੰਗ ਲੱਗ ਜਾਂਦਾ ਹੈ। ਫਿਰ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਇਸ ਲਈ ਸਮੇਂ ਸਮੇਂ ਚਾਕੂ, ਛੁਰੀ ਅਤੇ ਕਿਰਪਾਨ ਨੂੰ ਧਾਰ ਲਾਣੀ ਪੈਂਦੀ ਹੈ ਅਤੇ ਰੰਬੇ ਅਤੇ ਕਹੀ ਨੂੰ ਚੰਡਣਾ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਗੁਣਾ ਨੂੰ ਜੇ ਕੁਝ ਸਮੇਂ ਤੱਕ ਨਾ ਵਰਤਿਆ ਜਾਏ ਤਾਂ ਉਨ੍ਹਾਂ ਦੇ ਨਤੀਜੇ ਘਟ ਜਾਂਦੇ ਹਨ। ਇਸ ਲਈ ਮਨੁੱਖ ਨੂੰ ਆਪਣੇ ਗੁਣਾਂ ਦਾ ਲਗਾਤਾਰ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਅੱਜ ਤੱਕ ਦੁਨੀਆਂ ਵਿਚ ਕਾਮਯਾਬ ਹੋਏ ਹਨ ਉਹ ਆਪਣੇ ਹੁਨਰ ਦੀ ਬਦੋਲਤ ਹੀ ਹੋਏ ਹਨ। ਉਨ੍ਹਾਂ ਨੂੰ ਇਸ ਟੀਸੀ ਤੇ ਪਹੁੰਚਣ ਲਈ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕਰਨੀ ਪਈ। ਜਿਵੇਂ ਇਕ ਬੁੱਤਸਾਜ ਬੜੀ ਮਿਹਨਤ ਨਾਲ ਇਕ ਪੱਥਰ ਨੂੰ ਤਰਾਸ਼ਦਾ ਹੈ ਤਾਂ ਹੀ ਉਹ ਪੱਥਰ ਇਕ ਸੁੰਦਰ ਮੂਰਤੀ ਵਿਚ ਪ੍ਰਗਟ ਹੁੰਦਾ ਹੈ। ਸੰਗੀਤਕਾਰ ਬੜੀ ਮਿਹਨਤ ਨਾਲ ਸੁਰਾਂ ਨੂੰ ਤਰਤੀਬ ਦਿੰਦਾ ਹੈ ਤਾਂ ਹੀ ਇਕ ਮਧੁਰ ਸੰਗੀਤ ਪੈਦਾ ਹੁੰਦਾ ਹੈ, ਨਹੀਂ ਤੇ ਇਹ ਆਪਣੇ ਆਪ ਵਿਚ ਇਕ ਬੇਸੁਰਾ ਸ਼ੋਰ ਹੀ ਹੁੰਦੀਆਂ ਹਨ। ਇਸ ਤਰ੍ਹਾਂ ਹਰ ਸ਼ਾਹਕਾਰ ਪਿਛੇ ਕਿਸੇ ਹੁਨਰਮੰਦ ਦੀ ਅਥਾਹ ਮਿਹਨਤ ਲੱਗੀ ਹੁੰਦੀ ਹੈ।
ਹਰ ਕਾਮਯਾਬ ਮਨੁੱਖ ਪਿੱਛੇ ਉਸ ਦੇ ਉੇਸਤਾਦ ਦੀ ਸੁਚੱਜੀ ਅਗੁਵਾਈ ਦਾ ਵਿਸ਼ੇਸ਼ ਹੱਥ ਹੁੰਦਾ ਹੈ। ਉਸਤਾਦ, ਅਧਿਆਪਕ, ਗੁਰੁ ਜਾਂ ਮੁਰਸ਼ਦ ਅਦਿ ਸਭ ਦਾ ਮਤਲਬ ਲੱਗ ਭੱਗ ਇਕੋ ਜਿਹਾ ਹੀ ਹੈ। ਅਧਿਆਪਕ ਹੀ ਆਪਣੇ ਸ਼ਗਿਰਦ ਦੇ ਗੁਣਾਂ ਨੂੰ ਤਰਾਸ਼ਦਾ ਹੈ। ਉਸ ਦੀ ਜ਼ਿੰਦਗੀ ਸੁਆਰਦਾ ਹੈ। ਇਸ ਲਈ ਕਾਮਯਾਬੀ ਸਮੇਂ ਕਦੀ ਆਪਣੇ ਉਸਤਾਦ ਨੂੰ ਨਹੀਂ ਭੁੱਲਣਾ ਚਾਹੀਦਾ। ਕਹਿੰਦੇ ਹਨ ਕਿ ਗੁਰੁ ਬਿਨ ਗਿਆਨ ਨਾ ਹੋਇ। ਕੋਈ ਹੁਨਰ ਸਿਖੱਣ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਗੁਰੂੂੂੂੂ ਧਾਰਨ ਕਰਨਾ ਹੀ ਪੈਂਦਾ ਹੈ। ਗੁਰੂੂੂੂੂੂ ਕਿਸੇ ਕਾਬਲ ਉਸਤਾਦ ਨੂੰ ਹੀ ਧਾਰਨਾ ਚਾਹੀਦਾ ਹੈ ਜਿਸ ਨੂੰ ਤਹਾਡੀ ਮੰਜ਼ਿਲ ਅਤੇ
ਰਸਤੇ ਦਾ ਪੂਰਾ ਗਿਆਨ ਹੋਵੇ। ਉਹ ਤੁਹਾਡੇ ਗੁਣਾਂ ਨੂੰ ਸੋਹਣੀ ਤਰ੍ਹਾਂ ਤਰਾਸ਼ ਕੇ ਤੁਹਾਨੂੰ ਸਹੀ ਸਲਾਮਤ ਤੁਹਾਡੀ ਮੰਜ਼ਿਲ ਤੇ ਪਹੁੰਚਾਏਗਾ। ਕਈ ਵਾਰੀ ਸੱਚੇ ਗੁਰੁ ਦੀ ਤਲਾਸ਼ ਵਿਚ ਬਹੁਤੱ ਭਟਕਣਾ ਪੈਂਦਾ ਹੈ॥ ਕਾਬਲ ਗੁਰੂੂੂੂੂੂੂੂ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਤੁਹਾਡੀ ਗਤੀ ਤੁਹਾਡੇ ਗੁਰੂੂੂ ਜਾਂ ਉਸਤਾਦ ਨੇ ਹੀ ਕਰਨੀ ਹੁੰਦੀ ਹੈ। ਗੁਰੁੂੂੂੂੂੂੂੂੂੂੂੂੂੂੂੂ ਆਪਣੇ ਹੁਨਰ ਵਿਚ ਪ੍ਰਵੀਨ ਹੋਣਾ ਚਾਹੀਦਾ ਹੈ। ਉਹ ਦਿਲ ਦਾ ਸਾਫ ਅਤੇ ਸ਼ਗਿਰਦ ਲਈ ਸਮਰਪਿਤ ਹੋਣਾ ਚਾਹੀਦਾ ਹੈ। ਉਸ ਵਿਚ ਸਦਗੁਣ ਹੋਣੇ ਚਾਹੀਦੇ ਹਨ। ਉਹ ਮਤਲਬੀ ਨਹੀਂ ਹੋਣਾ ਚਾਹੀਦਾ। ਉਸ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਔਗੁਣ ਨਹੀਂ ਹੋਣੇ ਚਾਹੀਦੇ। ਉਸ ਵਿਚ ਈਰਖਾ ਅਤੇ ਦਵੈਸ਼ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਇਸ ਲਈ ਮੁਰਸ਼ਦ ਦੀ ਉਸਤਤ ਵਿਚ ਬਹੁਤ ਕੁਝ ਲਿਖਿਆ ਗਿਆ ਹੈ। ਅਧਿਆਪਕ ਆਪਣੇ ਸ਼ਗਿਰਦ ਵਿਚ ਗੁਣ ਅਤੇ ਆਤਮਵਿਸ਼ਵਾਸ ਭਰਦੇ ਹਨ ਅਤੇ ਉਸ ਵਿਚਲੇ ਗੁਣਾਂ ਨੂੰ ਤਰਾਸ਼ਦੇ ਹਨ। ਉਨ੍ਹਾਂ ਦਾ ਦਿੱਤਾ ਹੋਇਆ ਗਿਆਨ ਵਿਦਿਆਰਥੀ ਦੇ ਸਾਰੀ ਉਮਰ ਕੰਮ ਆਉਂਦਾ ਹੈ। ਕਾਮਯਾਬ ਲੋਕਾਂ ਦੀ ਜ਼ਿੰਦਗੀ ਵਿਚ ਜੇ ਕਾਬਲ ਅਧਿਆਪਕ ਨਾ ਆਏ ਹੁੰਦੇ ਤਾਂ ਸਾਰੀ ਉਮਰ ਉਹ ਇਨ੍ਹਾਂ ਬੁਲੰਦੀਆਂ ਤੇ ਵੀ ਨਾ ਪਹੁੰਚੇ ਹੁੰਦੇ। ਅਧਿਆਪਕ ਪੱਥ ਪ੍ਰਦਰਸ਼ਕ ਹੁੰਦਾ ਹੈ। ਉਹ ਆਪਣੇ ਵਿਦਿਆਰਥੀ ਦੀਆਂ ਗ਼ਲਤੀਆਂ ਨੂੰ ਸੁਧਾਰ ਕੇ ਉਸ ਨੂੰ ਸਿੱਧੇ ਰਾਹ ਪਾਉਂਦਾ ਹੈ। ਉਸਤਾਦ ਆਪਣੇ ਸ਼ਗਿਰਦ ਨੂੰ ਨਵੇਂ ਸਬਕ ਸਿਖਾਉਂਦਾ ਹੈ। ਜਦ ਸ਼ਗਿਰਦ ਉਨ੍ਹਾਂ ਤੇ ਠੀਕ ਤਰ੍ਹਾਂ ਚੱਲਦਾ ਹੈ ਤਾਂ ਉਹ ਉਸ ਨੂੰ ਸ਼ਾਬਾਸ਼ ਦੇ ਕੇ ਉਸ ਦਾ ਹੌਸਲਾ ਵਧਾਉਂਦਾ ਹੈ। ਜੇ ਸ਼ਗਿਰਦ ਅਧਿਆਪਕ ਦੀ ਸਿੱਖਿਆ ਤੇ ਠੀਕ ਤਰ੍ਹਾਂ ਨਾ ਚੱਲੇ ਤਾਂ ਉਹ ਨਰਾਜ਼ ਹੋ ਕੇ ਉਸ ਨੂੰ ਦੁਬਾਰਾ ਅਭਿਆਸ ਕਰਨ ਲਈ ਕਹਿੰਦਾ ਹੈ । ਇਸ ਤਰ੍ਹਾਂ ਅਧਿਆਪਕ ਦੀ ਸੁਚੱਜੀ ਅਗੁਵਾਈ ਵਿਚ ਬੰਦਾ ਤੀਰ ਦੀ ਤਰ੍ਹਾਂ ਸਿੱਧਾ ਹੋ ਜਾਂਦਾ ਹੈ ਅਤੇ ਜਾ ਕੇ ਸਿੱਧਾ ਆਪਣੇ ਨਿਸ਼ਾਨੇ ਨੂੰ ਫੁੰਡਦਾ ਹੈ। ਉਸ ਦੇ ਗੁਣਾਂ ਨੂੰ ਤਰਾਸ਼ਿਆ ਜਾਂਦਾ ਹੈ ਅਤੇ ਉਸ ਦੀ ਸਿੱਖਿਆ ਪੂਰੀ ਹੁੰਦੀ ਹੈ।
ਅਪਣੇ ਆਪ ਨੂੰ ਹਮੇਸ਼ਾਂ ਸਿੱਖਣ ਦੇ ਨੁਕਤੇ ਤੇ ਰੱਖੋ। ਤੁਸੀਂ ਇਕ ਛੋਟੇ ਜਿਹੇ ਬੱਚੇ ਤੋਂ ਵੀ ਕੁਝ ਸਿੱਖ ਸਕਦੇ ਹੋ। ਕਿਸੇ ਕੋਲੋਂ ਕੋਈ ਗੁਣ ਹਾਸਿਲ ਕਰਨ ਲਈ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਆਪਣਾ ਸਾਰਾ ਤਨ ਅਤੇ ਮਨ ਵਿਦਿਆ ਹਾਸਿਲ ਕਰਨ ਵਿਚ ਲਾਣਾ ਪੈਂਦਾ ਹੈ ਅਤੇ ਕਈ ਕਈ ਸਾਲ ਅਭਿਆਸ ਕਰਨਾ ਪੈਂਦਾ ਹੈ।ਇਸ ਕਠਿਨ ਪ੍ਰਿਖਿਆ ਵਿਚੋਂ ਲੰਘ ਕੇ ਹੀ ਕੋਈ ਮਨੁੱਖ ਦੂਜੇ ਕੋਲੋਂ ਕੋਈ ਗੁਣ ਹਾਸਿਲ ਕਰ ਸਕਦਾ ਹੈ। ਵਿਦਿਆ ਗ੍ਰਹਿਣ ਕਰਨਾ ਇਕ ਤਰ੍ਹਾਂ ਦੀ ਤਪੱਸਿਆ ਹੀ ਹੈ। ਗੁਰੂੂੂੂ ਦਾ ਹੁਕਮ ਮੰਨਣਾ ਪੈਂਦਾ ਹੈ। ਉਸ ਦੀ ਇੱਜ਼ਤ ਕਰਨੀ ਪੈਂਦੀ ਹੈ ਅਤੇ ਉਸ ਦੇ ਪੈਰਾਂ ਦੀ ਧੂੜ ਵੀ ਮੱਥੇ ਤੇ ਲਾਣੀ ਪੈਂਦੀ ਹੈ। ਕਬੀਰ ਜੀ ਨੇ ਬੜੀ ਮਿਹਨਤ ਅਤੇ ਨਿਮਰਤਾ ਨਾਲ ਰਾਮਾ ਨੰਦ ਜੀ ਨੂੰ ਆਪਣਾ ਗੁਰੂੂੂੂੂੂ ਬਣਾਇਆ ਅਤੇ ਭਗਤ ਦੀ ਪਦਵੀਂ ਹਾਸਿਲ ਕੀਤੀ।
ਜੇ ਕੋਈ ਵਿਦਿਆਰਥੀ ਆਪਣੇ ਹੁਨਰ ਵਿਚ ਅੱਵਲ ਆਉਂਦਾ ਹੈ ਤਾਂ ਉਸ ਦੀ ਸਭ ਤੋਂ ਜ਼ਿਆਦਾ ਖ਼ੁਸ਼ੀ ਉਸ ਦੇ ਗੁਰੂੂੂੂੂੂੂੂ ਨੂੰ ਹੀ ਹੁੰਦੀ ਹੈ। ਉਸ ਨੂੰ ਤਸੱਲੀ ਹੁੰਦੀ ਹੈ ਕਿ ਅੱਜ ਮੇਰੀ ਮਿਹਨਤ ਸਫ਼ਲ ਹੋਈ ਹੈ। ਇਸ ਲਈ ਕਦੀ ਆਪਣੇ ਆਪ ਨੂੰ ਆਪਣੇ ਗੁਰੁੂੂੂੂੂ ਤੋਂ ਵੱਡਾ ਨਹੀਂ ਸਮਝਣਾ ਚਾਹੀਦਾ। ਜੇ ਤੁਸੀਂ ਕੋਈ ਵੱਡੇ ਅਫ਼ਸਰ ਬਣ ਜਾਵੋ ਜਾਂ ਕਾਮਯਾਬੀ ਦੀ ਚੋਟੀ ਤੇ ਪਹੁੰਚ ਜਾਵੋ ਤਾਂ ਇਸ ਦਾ ਸਿਹਰਾ ਤੁਹਾਡੇ ਗੁਰੂੂੂੂੂੂ ਜਾਂ ਅਧਿਆਪਕ ਨੂੰ ਹੀ ਜਾਂਦਾ ਹੈ।
ਬਿਲ ਕਲਿੰਟਨ-ਅਮ੍ਰੀਕਾ ਦਾ 42ਵਾਂ ਰਾਸ਼ਟਰਪਤੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਸਕੂਲ ਅਧਿਆਪਕ 'ਵਰਜਿਲ ਸਪਰਲਿਨ (Virgil Spurlin) ਨੂੰ ਦਿੰਦੇ ਹਨ। ਉਹ ਕਹਿੰਦੇ ਹਨ-'ਮੈਂ ਅੱਜ ਜੋ ਕੁਝ ਵੀ ਹਾਂ, ਉਸ ਦੀ ਸੁਚੱਜੀ ਅਗੁਵਾਈ ਸਦਕਾ ਹੀ ਹਾਂ।' ਬੋਲੀਵੁੱਡ ਦੀ ਪ੍ਰਸਿਧ ਅਭਿਨੇਤਰੀ 'ਬਿਪਾਸਾ ਬਾਸੂ' ਵੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੀਆਂ ਅਧਿਆਪਕਾਵਾਂ ਨੂੰ ਹੀ ਦਿੰਦੀ ਹੈ, ਜਿਨ੍ਹਾਂ ਨੇ ਉਸ ਦੇ ਸ਼ਰਮੀਲੇਪਣ ਨੂੰ ਖਤਮ ਕੀਤਾ ਅਤੇ ਉਹ ਸਭ ਦੇ ਸਾਹਮਣੇ ਸਟੇਜ਼ ਤੇ ਆਪਣਾ ਹੁਨਰ ਪੇਸ਼ ਕਰਨ ਵਿਚ ਸਫ਼ਲ ਹੋ ਸੱਕੀ। ਇਸੇ ਤਰ੍ਹਾਂ 'ਬਿਲ ਗੇਟਸ' ਦੁਨੀਆਂ ਦਾ ਪ੍ਰਸਿਧ ਅਰਬਪਤੀ ਅਤੇ ਮਾਈਕਰੋਸੋਫ਼ਟ ਦਾ ਨਿਰਮਾਤਾ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕ ਨੂੰ ਹੀ ਦਿੰਦਾ ਹੈ। ਇਸੇ ਲਈ ਉਹ ਹਰ ਸਾਲ ਵਿਦਿਆ ਦੇ ਪ੍ਰਸਾਰ ਲਈ ਕਰੌੜਾਂ ਰੁਪਏ ਦਾ ਯੋਗਦਾਨ ਦਿੰਦਾ ਹੈ। ਜ਼ਿੰਦਗੀ ਵਿਚ ਕੁਝ ਹਾਸਿਲ ਕਰਨ ਲਈ ਕੁਝ ਗੁਵਾਉਣਾ ਵੀ ਪੈਂਦਾ ਹੈ। ਸਖਤ ਮਿਹਨਤ ਕਰਨੀ ਪੈਂਦਾੀ ਹੈ। ਕਿਨਾਰਿਆਂ ਤੇ ਬੈਠ ਕੇ ਕੋਈ ਚੰਗਾ ਤੈਰਾਕ ਨਹੀਂ ਬਣ ਸਕਦਾ। ਤੈਰਾਕ ਬਣਨ ਲਈ ਪਾਣੀਆਂ ਵਿਚ ਉਤਰਨਾ ਹੀ ਪੈਂਦਾ ਹੈ। ਅੱਜ ਕੱਲ੍ਹ ਪੜ੍ਹਾਈ ਵਿਚ ਹਸ਼ਿਆਰ ਵਿਦਿਆਰਥੀ ਵੀ ਟਿਉਸ਼ਨ ਰੱਖਦੇ ਹਨ ਤਾਂ ਕੇ ਉਹ ਉੱਚ ਪੱਧਰੀ ਮੁਕਾਬਲੇ ਦੇ ਇਮਤਿਹਾਨ ਪਾਸ ਕਰ ਕੇ ਕਿਸੇ ਉੱਚੇ ਅਹੁਦੇ ਤੇ ਬਿਰਾਜਮਾਨ ਹੋ ਸੱਕਣ।
ਮਾਂ ਕਿਸੇ ਮਨੁੱਖ ਦਾ ਸਭ ਤੋਂ ਪਹਿਲਾ ਅਧਿਆਪਕ ਹੁੰਦੀ ਹੈ। ਮਹਾਨ ਵਿਗਿਆਨੀ ਐਡੀਸਨ ਨੂੰ ਬਚਪਨ ਵਿਚ ਪੜ੍ਹਾਈ ਵਿਚ ਕਮਜ਼ੋਰ ਹੋਣ ਕਰ ਕੇ ਸਕੂਲ ਵਿਚੋਂ ਕੱਢ ਦਿੱਤਾ ਗਿਆ। ਉਸ ਦੀ ਮਾਂ ਨੇ ਇਹ ਗੱਲ ਐਡੀਸਨ ਨੂੰ ਪਤਾ ਨਾ ਲੱਗਣ ਦਿੱਤੀ(। ਉਸ ਦੀ ਅਗਲੀ ਪੜ੍ਹਾਈ ਆਪ ਘਰ ਵਿਚ ਹੀ ਕਰਵਾਈ ਅਤੇ ਉਸ ਨੇ ਐਡੀਸਨ ਦੇ ਗਣਾਂ ਨੂੰ ਚੰਗੀ ਤਰ੍ਹਾਂ ਨਿਖਾਰਿਆ। ਇਸ ਸਦਕਾ ਐਡੀਸਨ ਵੱਡਾ ਹੋ ਕੇ ਇਕ ਮਹਾਨ ਵਿਗਿਆਨੀ ਬਣਿਆ ਅਤੇ ਬਿਜਲੀ ਦੇ ਬਲਬ ਦੀ ਖੋਜ ਕੀਤੀ। ਉਸ ਨੇ ਸਾਰੀ ਦੁਨੀਆਂ ਦੇ ਰਾਤ ਦੇ ਹਨੇਰੇ ਨੂੰ ਚਾਨਣ ਦਾ ਉੱਜਾਲਾ ਦਿੱਤਾ, ਜਿਸ ਦਾ ਲਾਭ ਅੱਜ ਅਸੀਂ ਸਾਰੇ ਉਠਾ ਰਹੇ ਹਾਂ।
ਪਹਿਲਾਂ ਰਾਜੇ ਮਹਾਰਾਜਿਆਂ ਦੇ ਬੱਚਿਆਂ ਨੂੰ ਕਿਸੇ ਰਿਸ਼ੀ ਮੁਨੀ ਕੋਲ ਸ਼ਸਤਰਾਂ ਅਤੇ ਸ਼ਾਸਤਰਾਂ ਦੀ ਵਿਦਿਆ ਦੇ ਗਿਆਨ ਲਈ ਭੇਜਿਆ ਜਾਂਦਾ ਸੀ ਤਾਂ ਕਿ ਵੱਡੇ ਹੋ ਕੇ ਉਹ ਮਹਾਨ ਯੋਧਾ ਅਤੇ ਗੁਣੀ ਗਿਆਨੀ ਬਣ ਸੱਕਣ। ਅਜਿਹੇ ਰਿਸ਼ੀਆਂ
ਦਾ ਛੋਟੀ ਜਾਤੀ ਦੇ ਲੋਕਾਂ ਨੂੰ ਵਿਦਿਆ ਦੇਣਾ ਮਨਾ ਸੀ ਤਾਂ ਕਿ ਉਹ ਵੱਡੇ ਹੋ ਕੇ ਰਾਜਕੁਮਾਰਾਂ ਦੀ ਬਰਾਬਰੀ ਨਾ ਕਰ ਸੱਕਣ। ਰਮਾਇਣ ਦੇ ਅਨੁਸਾਰ ਰਾਮਚੰਦਰ ਅਤੇ ਉਸ ਦੇ ਭਰਾਵਾਂ ਨੂੰ ਵਸ਼ਿਸ਼ਟ ਰਿਸ਼ੀ ਕੋਲ ਸ਼ਸਤਰ ਅਤੇ ਸ਼ਾਸਤਰ ਵਿਦਿਆ ਲਈ ਭੇਜਿਆ ਗਿਆ। ਉਨ੍ਹਾਂ ਨੂੰ ਅਗਲੀ ਵਿਦਿਆ ਵਿਸ਼ਵਾਮਿਤੱਰ ਰਿਸ਼ੀ ਨੇ ਦਿੱਤੀ ਤਾਂ ਕਿ ਉਹ ਮਹਾਨ ਯੋਧਾ ਅਤੇ ਗਿਆਨੀ ਬਣ ਸੱਕਣ। ਇਸੇ ਤਰਾਂ ਮਹਾਂਭਾਰਤ ਅਨੁਸਾਰ ਕੌਰੂ ਅਤੇ ਪਾਂਡੂ ਰਾਜਕੁਮਾਰਾਂ ਨੂੰ ਵੀ ਬਚਪਨ ਵਿਚ ਦਰੋਣਾਚਾਰੀਆ ਰਿਸ਼ੀ ਕੋਲ, ਸ਼ਸਤਰਾਂ ਅਤੇ ਸ਼ਾਸਤਰਾਂ ਦੀ ਵਿਦਿਆ ਲਈ ਭੇਜਿਆ ਗਿਆ। ਦਰੋਣਾਚਾਰੀਆ ਨੇ ਏਕਲਵਯ ਨਾਮ ਦੇ ਬਾਲਕ ਨੂੰ ਵਿਦਿਆ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ਼ੂਦਰ ਸੀ। ਏਕਲਵਯ ਨੇ ਦਿਲ ਨਾ ਛੱਡਿਆ ਅਤੇ ਦਰੋਣਾਚਾਰੀਆ ਨੂੰ ਆਪਣੇ ਮਨ ਹੀ ਮਨ ਵਿਚ ਗੁਰੁ ਧਾਰ ਕੇ ਉਸ ਦੀ ਮੂਰਤੀ ਬਣਾ ਕੇ ਆਪ ਹੀ ਤੀਰਨਦਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਕ ਦਿਨ ਉਹ ਮਹਾਨ ਤੀਰਨਦਾਜ਼ ਬਣ ਗਿਆ। ਜਦ ਦਰੋਣਾਚਾਰਿਆ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਮਨ ਵਿਚ ਛੱਲ ਕਪਟ ਰੱਖਦੇ ਹੋਏ ਏਕਲਵਯ ਕੋਲੋਂ ਉਸ ਦੇ ਸੱਜੇ ਹੱਥ ਦਾ ਅੰਗੂਠਾ ਹੀ ਗੁਰੁ ਦੱਛਣਾ ਦੇ ਤੋਰ ਤੇ ਭੇਟਾ ਵਿਚ ਮੰਗ ਲਿਆ ਅਤੇ ਉਸ ਨੂੰ ਸਾਰੀ ਉਮਰ ਲਈ ਅਪੰਗ ਬਣਾ ਕੇ ਰੱਖ ਦਿੱਤਾ ਤਾਂ ਕਿ ਉਹ ਤੀਰੰਦਾਜ਼ੀ ਵਿਚ ਅਰਜੁਨ ਦਾ ਮੁਕਾਬਲਾ ਨਾ ਕਰ ਸੱਕੇ ਅਤੇ ਅਰਜੁਨ ਦੁਨੀਆਂ ਦਾ ਸਰਵਸ੍ਰੇਸ਼ਟ ਤੀਰਨਦਾਜ਼ ਬਣਿਆ ਰਹੇ। ਕੀ ਇਹ ਨੀਚਤਾ ਦੀ ਹੱਦ ਨਹੀਂ? ਏਕਲਵਯ ਨੂੰ ਸ਼ਸਤਰ ਵਿਦਿਆ ਦਿੱਤੀ ਹੀ ਨਹੀਂ, ਫਿਰ ਵੀ ਉਸ ਕੋਲੋਂ ਦੱਛਣਾ ਵਿਚ ਉਸ ਦਾ ਅੰਗੁਠਾ ਹੀ ਮੰਗ ਲਿਆ। ਏਕਲਵਯ ਦੀ ਗੁਰੂੂੂੂੂੂੂੂੂੂੂੂ ਬਾਰੇ ਸ਼ਰਧਾ ਦੀ ਸੂਚਕ ਹੈ ਕਿ ਉਸ ਨੇ ਆਪਣਾ ਅੰਗੁਠਾ ਵੱਢ ਕੇ ਉਸੇ ਸਮੇਂ ਦਰੋਣਾਚਾਰਿਆ ਦੇ ਚਰਨਾ ਵਿਚ ਰੱਖ ਦਿੱਤਾ। ਇਸ ਤਰਾਂ ਉਹ ਸਾਰੀ ਉਮਰ ਲਈ ਆਪਣੇ ਹੁਨਰ ਲਈ ਅਪੰਗ ਹੋ ਕੇ ਰਹਿ ਗਿਆ ਅਤੇ ਦੁਨੀਆਂ ਦੇ ਹਨੇਰਿਆਂ ਵਿਚ ਸਦਾ ਲਈ ਗੁਮ ਗਿਆ। ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸੇ ਦਰੋਣਾਚਾਰਿਆ ਨੇ ਇਹ ਦੱਛਣਾ ਅਰਜੁਨ ਕੋਲੋਂ ਕਿਉਂ ਨਹੀਂ ਮੰਗੀ? ਜੇ ਉਹ ਅਜਿਹੀ ਦੱਛਣਾ ਅਰਜੁਨ ਕੋਲੋਂ ਮੰਗਦਾ ਤਾਂ ਕੀ ਅਰਜੁਨ ਅਜਿਹੀ ਦੱਛਣਾ ਦੇਣ ਲਈ ਤਿਆਰ ਹੋ ਜਾਂਦਾ?
ਸਾਡੇ ਵਿਚੋਂ ਬਹੁਤੇ ਲੋਕਾਂ ਦੀ ਬਦਨਸੀਬੀ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਗੋਲ ਸੁਰਾਖ ਵਿਚ ਵੀ ਚੋਰਸ ਗੁੱਲੇ ਹੀ ਠੋਕਦੇ ਰਹਿੰਦੇ ਹਨ। ਰੱਬ ਨੇ ਗੁਣ ਤਾਂ ਸਭ ਨੂੰ ਹੀ ਦਿੱਤੇ ਹਨ ਪਰ ਕਈ ਲੋਕਾਂ ਨੂੰ ਆਪਣੇ ਇਸ ਗੁਣ ਦਾ ਸਾਰੀ ਉਮਰ ਹੀ ਪਤਾ ਹੀ ਨਹੀਂ ਲੱਗਦਾ। ਇਸ ਲਈ ਇਹ ਗੁਣ ਬੰਦੇ ਦੇ ਅੰਦਰ ਹੀ ਦਮ ਤੋੜ ਦਿੰਦੇ ਹਨ। ਸਾਡਾ ਦੇਸ਼ ਗ਼ਰੀਬ ਮੁਲਕ ਹੈ ਇਸ ਲਈ ਲੋਕਾਂ ਦੀਆਂ ਰੋਟੀ ਰੋਜ਼ੀ ਅਤੇ ਪਰਿਵਾਰ ਦੀਆਂ ਮਜ਼ਬੂਰੀਆਂ ਵੀ ਗੁਣਾਂ ਨੂੰ ਉਭਰਣ ਨਹੀਂ ਦਿੰਦੀਆਂ। ਗੁਣਾਂ ਨੂੰ ਇਕ ਸ਼ੋਂਕ ਦੀ ਤਰ੍ਹਾਂ ਪਾਲਣਾ ਪੈਂਦਾ ਹੈ। ਇਨ੍ਹਾਂ ਦੇ ਪ੍ਰਗਟਾਵੇ ਲਈ ਜ਼ਰੂਰੀ ਹੈ ਕਿ ਪਹਿਲਾਂ ਬੰਦੇ ਦਾ ਢਿੱਡ ਭਰਿਆ ਹੋਵੇ। ਰੱਜਿਆ ਹੋਇਆ ਬੰਦਾ ਹੀ ਆਪਣੇ ਸ਼ੋਂਕ ਨੂੰ ਪਾਲ ਕੇ ਵਿਕਸਤ ਕਰ ਸਕਦਾ ਹੈ।ਕਿਸੇ ਨੇ ਠੀਕ ਹੀ ਕਿਹਾ ਹੈ ਕਿ,''ਅੱਖਾਂ ਵਿਚ ਸੁਰਮਾ ਤਾਂ ਸਾਰੇ ਹੀ ਪਾ ਲੈਂਦੇ ਹਨ ਪਰ ਮਟਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ।''
ਹੁਨਰ ਕਿਸੇ ਬੰਦੇ ਦਾ ਸ਼ੌਂਕ ਹੁੰਦਾ ਹੈ। ਪਹਿਲਾਂ ਪਹਿਲ ਇਸ ਦਾ ਪ੍ਰਗਟਾਵਾ ਪੈਸੇ ਲਈ ਨਹੀਂ ਕੀਤਾ ਜਾਂਦਾ ਪਰ ਜਦ ਤਰਾਸ਼ੇ ਜਾਣ ਤੋਂ ਬਾਅਦ ਜਦ ਇਹ ਹੁਨਰ ਪ੍ਰਵਾਨ ਚੜ੍ਹਦਾ ਹੈ ਤਾਂ ਕਈ ਵਾਰੀ ਇਹ ਹੁਨਰ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਹੈ। ਫਿਰ ਪੈਸੇ ਅਤੇ ਸ਼ੋਹਰਤ ਦਾ ਵੀ ਕੋਈ ਘਾਟਾ ਨਹੀਂ ਰਹਿੰਦਾ। ਬੰਦਾ ਸ਼ੋਹਰਤ ਦੀ ਟੀਸੀ ਤੇ ਪਹੁੰਚਦਾ ਹੈ ਅਤੇ ਕਈ ਮੱਲਾਂ ਮਾਰਦਾ ਹੈ।
ਅਪਣੀ ਜ਼ਿੰਦਗੀ ਖੁਲ੍ਹ ਕੇ ਜੀਓ । ਇਹ ਸੋਚਣਾ ਬੰਦ ਕਰੋ ਕਿ ਲੋਕ ਕੀ ਕਹਿਣਗੇ। ਜੀਵਨ ਅਤੇ ਮੌਤ ਸਾਡੇ ਹੱਥ ਵਿਚ ਨਹੀਂ ਪਰ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਇਹ ਤਾਂ ਸਾਡੇ ਹੱਥ ਵਿਚ ਹੈ। ਇਸ ਲਈ ਹਰ ਪਲ ਨੂੰ ਪਿਆਰ ਕਰੋ। ਜੇ ਤੁਸੀਂ ਜ਼ਿੰਦਗੀ ਵਿਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਅਸਫ਼ਲ ਹੋਣ ਤੋਂ ਨਾ ਡਰੋ। ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ। ਦੁਨੀਆਂ ਵਿਚ ਜਿੰਨੇ ਵੀ ਕਾਮਯਾਬ ਲੋਕ ਹੋਏ ਹਨ ਉਹ ਸਾਰੇ ਅਸਫ਼ਲਤਾ ਦੇ ਦਰਵਜ਼ੇ ਵਿਚੋਂ ਲੰਘ ਕੇ ਹੀ ਹੋਏ ਹਨ। ਕੋਈ ਇਕ ਦਮ ਸਫ਼ਲਤਾ ਦੀ ਚੌਟੀ ਤੇ ਨਹੀਂ ਪਹੁੰਚ ਜਾਂਦਾ। ਸਾਰੇ ਅਧਿਆਪਕ ਪਹਿਲਾਂ ਵਿਦਿਆਰਥੀ ਹੀ ਹੁੰਦੇ ਹਨ। ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹੋ, ਫਿਰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਕਿੰਨੀ ਸਖਤ ਮਿਹਨਤ ਕਰਨੀ ਪਈ ਅਤੇ ਕਿਹੜੀਆਂ ਕਿਹੜੀਆਂ ਦੁਸ਼ਵਾਰੀਆਂ ਦਾ ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਉਰਦੂ ਦੇ ਮਹਾਨ ਕਵੀ ਇਕਬਾਲ ਨੇ ਠੀਕ ਹੀ ਲਿਖਿਆ ਹੈ:
ਮਿਟਾ ਦੇ ਆਪਣੀ ਹਸਤੀ ਕੋ
ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇਂ ਮਿਲ ਕਰ
ਗੁਲ-ਓ-ਗੁਲਜ਼ਾਰ ਹੋਤਾ ਹੈ।
ਭਾਵ ਇਹ ਕਿ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਵਿਚ ਕੋਈ ਉੱਚੀ ਪੱਦਵੀ, ਉੱਚਾ ਅਹੁਦਾ ਜਾ ਕੋਈ ਲਾਜਵਾਬ ਪੁਜ਼ੀਸ਼ਨ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਹੈਸੀਅਤ ਮਿਟਾ ਦੇਣੀ ਪੈਂਦੀ ਹੈ ਜਿਵੇਂ ਇਕ ਬੀਜ਼ ਮਿੱਟੀ ਵਿਚ ਆਪਣੀ
ਹਸਤੀ ਮਿਟਾ ਕੇ ਹੀ ਬਗੀਚੇ ਵਿਚ ਫੁੱਲ ਬਣ ਕੇ ਖਿੜ੍ਹਦਾ ਹੈ ਅਤੇ ਸਭ ਦਾ ਮਨ ਮੋਹ ਲੈਂਦਾ ਹੈ। ਇਸੇ ਤਰ੍ਹਾਂ ਪਾਣੀ ਦੀ ਇਕ ਬੂੰਦ ਵੀ ਆਪਣੀ ਵੱਖਰੀ ਹਸਤੀ ਮਿਟਾ ਕੇ ਸਮੁੰਦਰ ਵਿਚ ਮਿਲ ਕੇ ਸਮੁੰਦਰ ਹੀ ਬਣ ਜਾਂਦੀ ਹੈ।
ਬੰਦੇ ਨੂੰ ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਸਾਰੇ ਉਸ ਦੇ ਹਾਰਨ ਦੀ ਉਮੀਦ ਰੱਖਣ। ਸਭ ਤੋਂ ਭੈੜੇ ਹਾਲਾਤ ਵਿਚੋਂ ਗੁਜ਼ਰਨ ਤੋਂ ਬਿਨਾ ਕੋਈ ਮਨੁੱਖ ਆਪਣੇ ਹੁਨਰ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਇਸ ਲਈ ਮਨੁੱਖ ਨੂੰ ਹਰ ਤਰ੍ਹਾਂ ਦੇ ਮਾੜੇ ਹਾਲਾਤ ਨਾਲ ਨਿਬਟਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਤੁਹਾਡਾ ਉਸਤਾਦ ਹੀ ਸਿਖਾ ਸਕਦਾ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
ਕਾਰ-ਵਿਉਹਾਰ ਅਤੇ ਸੇਵਾ - ਗੁਰਸ਼ਰਨ ਸਿੰਘ ਕੁਮਾਰ
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਮਨੁੱਖ ਇਸ ਦੁਨੀਆਂ 'ਤੇ ਇਕੱਲਾ ਹੀ ਆਉਂਦਾ ਹੈ ਅਤੇ ਇਕੱਲਾ ਹੀ ਇੱਥੋਂ ਰੁਖ਼ਸਤ ਹੁੰਦਾ ਹੈ। ਪਰ ਉਸਨੇ ਇੱਥੇ ਰਹਿਣਾ ਇਕੱਲੇ ਨਹੀਂ ਕਿਉਂਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਉਹ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਅਸੀਂ ਸਾਰਿਆਂ ਨੇ ਇੱਥੇ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਹੈ। ਅਸੀਂ ਇਕ ਦੂਸਰੇ ਨੂੰ ਖ਼ੁਸ਼ੀਆਂ ਵੰਡਣੀਆਂ ਹਨ ਤਾਂ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਸੁਹਾਣਾ ਹੋ ਸੱਕੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਿਸ਼ਤੇ ਕੇਵਲ ਬਰਾਬਰ ਦੇ ਧਰਾਤਲ 'ਤੇ ਹੀ ਸੋਹਣੇ ਨਿਭਦੇ ਹਨ ਪਰ ਅਜਿਹੇ ਰਿਸ਼ਤੇ ਨਿਭਾਉਂਦੇ ਸਮੇਂ ਮਨ ਵਿਚ ਇਕ ਦੂਜੇ ਲਈ ਪਿਆਰ ਅਤੇ ਸਤਿਕਾਰ ਰੱਖਦੇ ਹੋਏ ਤਿਆਗ ਦੀ ਭਾਵਨਾ ਜ਼ਰੂਰ ਮਨ ਵਿਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਸਮਾਜਿਕ ਰਿਸ਼ਤਿਆਂ ਦਾ ਨਿੱਘ ਕਾਇਮ ਰਹਿੰਦਾ ਹੈ। ਦੂਜੇ ਨੂੰ ਇੱਜ਼ਤ ਦੇਣ ਨਾਲ ਹੀ ਸਾਨੂੰ ਆਪ ਨੂੰ ਇੱਜ਼ਤ ਮਿਲਦੀ ਹੈ। ਪਿਆਰ ਬਦਲੇ ਹੀ ਪਿਆਰ ਮਿਲਦਾ ਹੈ। ਇਹ ਕਦੀ ਨਹੀਂ ਹੋ ਸੱਕਦਾ ਕਿ ਅਸੀਂ ਦੂਸਰੇ ਨੂੰ ਨਫ਼ਰਤ ਕਰੀਏ ਅਤੇ ਉਹ ਸਾਨੂੰ ਬਦਲੇ ਵਿਚ ਪਿਆਰ ਦੇਵੇ। ਦੁਨੀਆਂ ਖੂਹ ਦੀ ਆਵਾਜ਼ ਹੈ। ਜੈਸੀ ਆਵਾਜ਼ ਅਸੀਂ ਆਪਣੇ ਮੂੰਹ ਵਿਚੋਂ ਕੱਢਾਂਗੇ ਵੈਸੀ ਆਵਾਜ਼ ਹੀ ਪਰਤ ਕੇ ਸਾਡੇ ਕੋਲ ਆਵੇਗੀ। ਇਸੇ ਲਈ ਕਹਿੰਦੇ ਹਨ ਕਿ ਹਰ ਕੰਮ ਦਾ ਨਤੀਜਾ ਉਸ ਦੇ ਬਰਾਬਰ ਵਾਪਸ ਮਿਲਦਾ ਹੈ (To every action, there is always an equal and opposite reaction) ਭਾਵ ਜੈਸਾ ਅਸੀਂ ਬੀਜਾਂਗੇ ਵੈਸਾ ਹੀ ਵੱਢਾਂਗੇ। ਜੇ ਕਿਸੇ ਨਾਲ ਬਰਾਬਰ ਦਾ ਹਿਸਾਬ ਨਾ ਰੱਖਿਆ ਜਾਏ ਤਾਂ ਮਨ ਕਟੋਚਦਾ ਰਹਿੰਦਾ ਹੈ। ਜੇ ਕਿਸੇ ਕੋਲੋਂ ਕੁਝ ਲੈਂਦੇ ਹੀ ਜਾਈਏ ਅਤੇ ਇਵਜ਼ਾਨੇ ਵਿਚ ਉਸ ਨੂੰ ਨਾ ਕੁਝ ਮੋੜੀਏ ਅਤੇ ਨਾ ਹੀ ਉਸ ਦਾ ਕੁਝ ਸਵਾਰੀਏ ਤਾਂ ਉਸ ਦਾ ਸਾਡੇ ਸਿਰ ਇਕ ਕਿਸਮ ਦਾ ਕਰਜ਼ਾ ਹੀ ਹੁੰਦਾ ਹੈ। ਕਰਜ਼ਈ ਬੰਦਾ ਕਦੀ ਵੀ ਸਿਰ ਉਠਾ ਕੇ ਅਣਖ ਨਾਲ ਨਹੀਂ ਜੀਅ ਸੱਕਦਾ। ਇਸ ਲਈ ਸਦਾ ਆਪਣੀ ਹੱਦ ਵਿਚ ਹੀ ਰਹਿਣਾ ਚਾਹੀਦਾ ਹੈ। ਆਪਣੀ ਔਕਾਤ ਕਦੀ ਨਹੀਂ ਭੁੱਲਣੀ ਚਾਹੀਦੀ।
ਜੇ ਤੁਸੀਂ ਕਿਸੇ ਕੋਲੋਂ ਕਿਸੇ ਕਿਸਮ ਦੀ ਕੋਈ ਮਦਦ ਵੀ ਲੈਂਦੇ ਹੋ ਤਾਂ ਤੁਹਾਨੂੰ ਉਸ ਦਾ ਮੁੱਲ (ਪੈਸਾ ਨਾ ਸਹੀ) ਕਿਸੇ ਨਾ ਕਿਸੇ ਰੂਪ ਵਿਚ ਚੁਕਾਉਣਾ ਹੀ ਪੈਂਦਾ ਹੈ। ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਕੁਝ ਗੁਵਾਉਣਾ ਹੀ ਪੈਂਦਾ ਹੈ। ਅਸੀਂ ਹਮੇਸ਼ਾਂ ਚਾਹੁੰਦੇ ਹਾਂ ਕਿ ਅਸੀਂ ਉਸ ਨਾਲ ਵਰਤੀਏ ਜਿਸ ਵਿਚ ਕੋਈ ਕਮੀ ਨਾ ਹੋਵੇ ਪਰ ਸਾਡੇ ਖ਼ੁਦ ਵਿਚ ਕਈ ਕਮੀਆਂ ਹੋਣਗੀਆਂ ਜਿੰਨਾਂ ਨੂੰ ਦੂਜੇ ਲੋਕ ਬਰਦਾਸ਼ਤ ਕਰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਬਰਦਾਸ਼ਤ ਕਰਨਾ ਪਵੇਗਾ ਤਾਂ ਹੀ ਰਿਸ਼ਤੇ ਸੋਹਣੇ ਨਿਭਣਗੇ।
ਜ਼ਿੰਦਗੀ ਵਿਚ ਹਰ ਚੀਜ਼ ਮੁੱਲ ਮਿਲਦੀ ਹੈ। ਇਕ ਹੱਥ ਲੈ ਅਤੇ ਦੂਜੇ ਹੱਥ ਦੇ। ਇੱਥੇ ਪਾਸਕੂ ਬਿਲਕੁਲ ਵੀ ਨਹੀਂ ਚੱਲਦਾ। ਚੰਗੇ ਦਿਨ ਲਿਆਉਣ ਲਈ ਪਹਿਲਾਂ ਮਾੜੇ ਦਿਨਾਂ ਨਾਲ ਲੜ੍ਹਨਾ ਪੈਂਦਾ ਹੈ। ਕਰਮ ਨਾਲ ਹੀ ਕਿਸਮਤ ਬਣਦੀ ਹੈ।ਇਕ ਸਖ਼ਤ ਕਿਰਿਆ ਵਿਚੋਂ ਗੁਜ਼ਰਨ ਤੋਂ ਬਾਅਦ ਹੀ ਕਿਸੇ ਚੀਜ਼ ਦਾ ਮੁੱਲ ਪੈਂਦਾ ਹੈ। ਹੀਰਾ ਤਰਾਸ਼ੇ ਜਾਣ ਦੀ ਪਰਕਿਰਿਆ 'ਚੋਂ ਨਿਕਲਣ ਤੋਂ ਬਾਅਦ ਹੀ ਚਮਕਦਾ ਹੈ। ਤਾਂ ਹੀ ਉਹ ਕਿਸੇ ਰਾਜੇ ਦੇ ਮੁਕਟ ਵਿਚ ਮੜ੍ਹਿਆ ਜਾਂਦਾ ਹੈ ਜਾਂ ਕਿਸੇ ਹਸੀਨਾ ਦੇ ਗਲੇ ਦੇ ਹਾਰ ਦਾ ਸ਼ਿੰਗਾਰ ਬਣਦਾ ਹੈ। ਜ਼ਿੰਦਗੀ ਦੋ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਹਿਸਾਬ ਕਿਤਾਬ ਬਿਲਕੁਲ ਬਰਾਬਰ ਰੱਖਣਾ ਪੈਂਦਾ ਹੈ। ਇਹ ਗੱਲ ਸਾਨੂੰ ਜ਼ਿੰਦਗੀ ਦੀਆਂ ਨਿੱਤ ਵਾਪਰਨ ਵਾਲੀਆਂ ਗੱਲਾਂ ਤੋਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਮਿਹਨਤ ਤੋਂ ਬਿਨਾਂ ਤਾਂ ਕਿਸੇ ਜੀਵ ਨੂੰ ਭੋਜਨ ਵੀ ਪ੍ਰਾਪਤ ਨਹੀਂ ਹੁੰਦਾ। ਹਰ ਜੀਵ ਨੂੰ ਸਖ਼ਤ ਮਿਹਨਤ ਕਰਨ ਤੋਂ ਬਾਅਦ ਹੀ ਭੋਜਨ ਪ੍ਰਾਪਤ ਹੁੰਦਾ ਹੈ।
ਪੰਛੀ ਬੜੀ ਮੁਸ਼ਕਲ ਨਾਲ ਤਿਨਕਾ ਤਿਨਕਾ ਚੁਣ ਕੇ ਇਕ ਸ਼ਿਲਪਕਾਰ ਦੀ ਤਰ੍ਹਾਂ ਆਪਣਾ ਆਲ੍ਹਣਾ ਬਣਾਉਂਦੇ ਹਨ ਤਾਂ ਹੀ ਉਨ੍ਹਾਂ ਨੂੰ ਦੂਜੇ ਤਕੜੇ ਪੰਛੀਆਂ ਅਤੇ ਹਨੇਰੀ ਤੁਫ਼ਾਨ ਤੋਂ ਬਚਣ ਲਈ ਇਕ ਸੁਰੱਖਿਅਤ ਘਰ ਮਿਲਦਾ ਹੈ। ਜਿੱਥੇ ਉਹ ਆਂਡੇ ਦਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਪਾਲਦੇ ਹਨ। ਇਕ ਕਿਸਾਨ ਵੀ ਫਸਲ ਉਗਾਉਣ ਲਈ ਸਖ਼ਤ ਮਿਹਨਤ ਕਰਦਾ ਹੈ। ਉਹ ਪਹਿਲਾਂ ਜ਼ਮੀਨ ਵਿਚ ਹੱਲ ਵਾਹੁੰਦਾ ਹੈ, ਫਿਰ ਬੀਜ ਬੀਜਦਾ ਹੈ, ਫਿਰ ਪਾਣੀ ਅਤੇ ਖਾਦ ਪਾਉਂਦਾ ਹੈ। ਫਿਰ ਲੰਮੇ ਸਮੇਂ ਲਈ ਆਪਣੀ ਫਸਲ ਦੀ ਰਾਖੀ ਕਰਦਾ ਹੈ ਤਾਂ ਜਾਕੇ ਉਸ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਇਸੇ ਤਰ੍ਹਾਂ ਇਕ ਮਜ਼ਦੂਰ ਨੂੰ ਸਾਰੀ ਦਿਹਾੜੀ ਮੁਸ਼ੱਕਤ ਕਰਨ ਤੋਂ ਬਾਅਦ ਹੀ ਦਿਹਾੜੀ ਮਿਲਦੀ ਹੈ। ਤਾਂ ਹੀ ਉਸ ਦਾ ਚੁਲ੍ਹਾ ਬਲਦਾ ਹੈ ਅਤੇ ਟੱਬਰ ਪਲਦਾ ਹੈ। ਕਿਸੇ ਮੁਲਾਜ਼ਮ ਨੂੰ ਸਾਰਾ ਮਹੀਨਾ ਕੰਮ ਕਰਨ ਤੋਂ ਬਾਅਦ ਹੀ ਤਨਖਾਹ ਮਿਲਦੀ ਹੈ। ਇਕ ਦੁਕਾਨਦਾਰ ਵੀ ਪਹਿਲਾਂ ਆਪਣੇ ਪੱਲਿਉਂ ਪੂੰਜੀ ਲਾਉਂਦਾ ਹੈ। ਮਾਲ ਖ਼ਰੀਦਦਾ ਹੈ ਫਿਰ ਦੁਕਾਨ ਦਾ ਕਿਰਾਇਆ, ਢੋਆ ਢੁਆਈ ਦਾ ਖ਼ਰਚਾ, ਨੌਕਰਾਂ ਦੀ ਤਨਖਾਹ, ਆਪਣੀ ਮਿਹਨਤ ਅਤੇ ਸਰਕਾਰੀ ਟੈਕਸਾਂ ਦੇ ਭੁਗਤਾਨ ਤੋਂ ਬਾਅਦ ਹੀ ਉਸ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਗੱਡੀ ਅੱਗੇ ਤੁਰਦੀ ਹੈ।
ਉਪਰਲੀਆਂ ਉਦਾਹਰਣਾ ਤੋਂ ਸਪਸ਼ਟ ਹੈ ਕਿ ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਕੁਝ ਗੁਵਾਉਣਾ ਵੀ ਪੈਂਦਾ ਹੈ। ਕੁਝ ਕੁਰਬਾਨੀ ਵੀ ਕਰਨੀ ਪੈਂਦੀ ਹੈ। ਜ਼ਿੰਦਗੀ ਵਿਚ ਨਾਮ ਕਮਾਉਣ ਤੋਂ ਪਹਿਲਾਂ ਵੀ ਬਹੁਤ ਸਖ਼ਤ ਘਾਲਣਾ ਘਾਲਨੀ ਪੈਂਦੀ ਹੈ। ਮਨੁੱਖ ਨੂੰ ਮਿਹਨਤ ਤੋਂ ਬਾਅਦ ਹੀ ਸਫ਼ਲਤਾ ਮਿਲਦੀ ਹੈ। ਅੱਜ ਕੱਲ ਵਿਦਿਆ ਤੋਂ ਬਿਨਾ ਬੰਦਾ ਅਧੂਰਾ ਹੀ ਹੈ। ਕੋਈ ਵਿਦਿਆਰਥੀ ਸਾਰਾ ਸਾਲ ਸਖ਼ਤ ਮਿਹਨਤ ਤੋਂ ਬਾਅਦ ਹੀ ਇਮਤਿਹਾਨ ਵਿਚੋਂ ਪਾਸ ਹੁੰਦਾ ਹੈ। ਕੋਈ ਖਿਡਾਰੀ ਲੰਮੇ ਅਭਿਆਸ ਤੋਂ ਬਾਅਦ ਹੀ ਹੀਰੋ ਬਣ ਕੇ ਉਭਰਦਾ ਹੈ।
ਕਿਸੇ ਅੰਦਰ ਜੋ ਗੁਣ ਹੈ ਉਸ ਨੂੰ ਵੀ ਬਾਹਰ ਕੱਢ ਕੇ ਨਿਖਾਰਨ ਲਈ ਸਖ਼ਤ ਮਿਹਨਤ ਅਤੇ ਅਭਿਆਸ ਦੀ ਲੋੜ ਹੈ। ਬੁੱਤ ਤਰਾਸ਼, ਚਿੱਤਰਕਾਰ ਅਤੇ ਸਾਹਿਤਕਾਰ ਵੀ ਜਦ ਲਗਾਤਾਰ ਆਪਣੀ ਕਲਾ ਵਿਚ ਖੂਭੇ ਰਹਿੰਦੇ ਹਨ ਤਾਂ ਹੀ ਉਹ ਆਪਣਾ ਸ਼ਾਹਕਾਰ ਬਣਾ ਪਾਉਂਦੇ ਹਨ। ਸਾਇੰਸਦਾਨ ਸਾਰੀ ਉਮਰ ਤਜਰਬੇ ਕਰਦੇ ਰਹਿੰਦੇ ਹਨ । ਉਨ੍ਹਾਂ ਨੂੰ ਦਿਨ ਰਾਤ ਦੀ ਜਾਂ ਖਾਣ ਪੀਣ ਦੀ ਸੁੱਧ ਬੁੱਧ ਨਹੀਂ ਰਹਿੰਦੀ ਤਾਂ ਹੀ ਕਿਧਰੇ ਉਹ ਕੋਈ ਨਵੀਂ ਕਾਢ ਕੱਢ ਪਾਉਂਦੇ ਹਨ ਅਤੇ ਦੁਨੀਆਂ ਵਿਚ ਉਨ੍ਹਾਂ ਦਾ ਨਾਮ ਹੁੰਦਾ ਹੈ। ਇਕ ਦਾਣਾ ਵੀ ਪਹਿਲਾਂ ਮਿੱਟੀ ਵਿਚ ਫ਼ਨਾਹ ਹੁੰਦਾ ਹੈ ਤਾਂ ਹੀ ਉਹ ਇਕ ਨਵੇਂ ਪੌਧੇ ਦੇ ਰੂਪ ਵਿਚ ਨਵਾਂ ਜਨਮ ਲੈਂਦਾ ਹੈ ਅਤੇ ਉਸ ਨੂੰ ਫੁੱਲ ਪੈਂਦੇ ਹਨ। ਜ਼ਾਹਿਰ ਹੈ ਕਿ ਜ਼ਿੰਦਗੀ ਵਿਚ ਕੁਝ ਲੈਣ ਤੋਂ ਪਹਿਲਾਂ ਕੁਝ ਦੇਣਾ ਵੀ ਪੈਂਦਾ ਹੈ। ਕੁਝ ਹਾਸਿਲ ਕਰਨ ਤੋਂ ਪਹਿਲਾਂ ਕੁਝ ਗੁਵਾਉਣਾ ਵੀ ਪੈਂਦਾ ਹੈ।
ਆਪਣੇ ਬੱਚਿਆਂ ਨੂੰ ਅਮੀਰ ਹੋਣਾ ਨਾ ਸਿਖਾਓ। ਉਨ੍ਹਾਂ ਨੂੰ ਖ਼ੁਸ਼ ਰਹਿਣਾ ਸਿਖਾਓ ਤਾਂ ਕਿ ਜਦ ਉਹ ਵੱਡੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਵਸਤੂ ਦੇ ਉਪਯੋਗ ਦਾ ਪਤਾ ਲੱਗੇ ਨਾ ਕਿ ਉਸ ਦੀ ਕੀਮਤ ਦਾ। ਸਫ਼ਲ ਲੋਕ ਆਪਣੇ ਕਿੱਤੇ ਦੇ ਸਭ ਤੋਂ ਵੱਡੇ ਮਾਹਿਰ ਹੁੰਦੇ ਹਨ। ਆਪਣੇ ਬੱਚਿਆਂ ਨੂੰ ਬੈਂਕਰ, ਵਕੀਲ, ਸਾਇੰਸਦਾਨ ਅਤੇ ਆਰਟਿਸਟ ਬਣਾਓ। ਉਨ੍ਹਾਂ ਨੂੰ ਚੰਗੀ ਸੋਚ ਸ਼ਕਤੀ ਦਾ ਮਾਲਕ ਬਣਨ ਦਿਓ। ਇਸ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪਏਗੀ।
ਜਦ ਮਨੁੱਖ ਪੱਥਰ ਯੁੱਗ ਤੋਂ ਕੁਝ ਉਨਤੀ ਕਰ ਕੇ ਖੇਤੀ ਬਾੜੀ ਦੇ ਲੜ ਲੱਗਾ ਤਾਂ ਉਸ ਨੂੰ ਆਪਸ ਵਿਚ ਵਸਤੂ ਦੇ ਵਟਾਂਦਰੇ ਦੀ ਜ਼ਰੂਰਤ ਪਈ। ਜਿਹੜੀ ਵਸਤੂ ਉਸ ਕੋਲ ਫ਼ਾਲਤੂ ਹੁੰਦੀ ਸੀ ਉਹ ਦੂਜੇ ਨੂੰ ਦੇ ਕੇ ਆਪਣੀ ਜ਼ਰੂਰਤ ਦੀ ਵਸਤੂ ਉਸ ਕੋਲੋਂ ਲੈ ਲੈਂਦਾ ਸੀ। ਇਸ ਵਿਚ ਵੀ ਕਾਫ਼ੀ ਕਠਿਨਾਈ ਆਉਂਦੀ ਸੀ। ਬਹੁਤੀ ਵਾਰੀ ਦੂਜੇ ਕੋਲ ਉਹ ਵਸਤੂ ਨਹੀਂ ਹੁੰਦੀ ਸੀ ਜੋ ਉਸ ਨੂੰ ਚਾਹੀਦੀ ਹੁੰਦੀ ਸੀ। ਦੂਜੇ ਕੋਲ ਉਹ ਵਸਤੂ ਹੁੰਦੀ ਸੀ ਜਿਸ ਦੀ ਪਹਿਲੇ ਬੰਦੇ ਨੂੰ ਕੋਈ ਜ਼ਰੂਰਤ ਹੀ ਨਹੀਂ ਸੀ ਹੁੰਦੀ॥ ਇਸ ਲਈ ਲੈਣ ਦੇਣ ਵਿਚ ਕਾਫ਼ੀ ਕਠਿਨਾਈ ਹੁੰਦੀ ਸੀ। ਜ਼ਰੂਰਤ ਅਵਿਸ਼ਕਾਰ ਦੀ ਜਨਨੀ ਹੈ। ਪ੍ਰਸ਼ਾਸਨ ਦੀ ਹੋਂਦ ਦੇ ਨਾਲ ਨਾਲ ਹੀ ਸਿੱਕਿਆਂ ਦਾ ਚਲਨ ਹੋਂਦ ਵਿਚ ਆਇਆ। ਇਸ ਨੇ ਲੈਣ ਦੇਣ ਦੇ ਕੰਮ ਨੂੰ ਸੌਖਾ ਕਰ ਦਿੱਤਾ। ਇਸ ਤੋਂ ਬਾਅਦ ਕਾਗਜ਼ ਦੀ ਕਰੰਸੀ ਹੋਂਦ ਵਿਚ ਆਈ। ਹੋਲੀ ਹੋਲੀ ਇਸ ਲੈਣ ਦੇਣ ਲਈ ਦੁਕਾਨਾਂ ਖੁਲ੍ਹ ਗਈਆਂ ਅਤੇ ਵਪਾਰ ਨੇ ਇਕ ਵੱਖਰਾ ਅਤੇ ਨਵੇਕਲਾ ਰੂਪ ਧਾਰਨ ਕਰ ਲਿਆ। ਇਸ ਸਭ ਪਿੱਛੇ ਵੀ ਇਕ ਹੱਥ ਲੈ ਅਤੇ ਦੂਜੇ ਹੱਥ ਦੇ ਦਾ ਸਿਧਾਂਤ ਹੀ ਕੰਮ ਕਰਦਾ ਹੈ।
ਕਈ ਲੋਕ ਚਲਾਕੀਆਂ ਅਤੇ ਹੇਰਾਫੇਰੀਆਂ ਨਾਲ ਦੂਸਰੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਬਿਨਾ ਹੁਨਰ ਤੋਂ ਮਿਲੀ ਸਫ਼ਲਤਾ ਅਤੇ ਪੁੱਠੇ ਤਰੀਕਿਆਂ ਨਾਲ ਕਮਾਇਆ ਧਨ ਜ਼ਿਆਦਾ ਦੇਰ ਸਾਥ ਨਹੀਂ ਦਿੰਦਾ। ਇਹ ਦੁਨੀਆਂ ਨਾਲ ਅਤੇ ਆਪਣੇ ਨਾਲ ਇਕ ਛਲਾਵਾ ਹੀ ਹੁੰਦਾ ਹੈ। ਜੋ ਜਲਦੀ ਹੀ ਉੜਨ ਛੂਹ ਹੋ ਜਾਂਦਾ ਹੈ। ਕਹਿੰਦੇ ਹਨ ਚੋਰ ਨੂੰ ਐਸ਼ ਕਰਦੇ ਨਾ ਦੇਖੋ, ਚੋਰ ਨੂੰ ਕੁੱਟ ਪੈਂਦੇ ਦੇਖੋ। ਫੜੇ ਜਾਣ ਤੇ ਚੋਰ ਅਤੇ ਬੇਈਮਾਨ ਦਾ ਉਸ ਦੇ ਘਰ ਵਾਲੇ ਵੀ ਸਾਥ ਨਹੀਂ ਦਿੰਦੇ। ਚਲਾਕੀਆਂ ਨਾਲ ਜ਼ਿੰਦਗੀ ਜ਼ਿਆਦਾ ਦੇਰ ਨਹੀਂ ਜੀਵੀ ਜਾ ਸੱਕਦੀ।ਇਸੇ ਲਈ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਇਕੋ ਵਾਰੀ ਹੀ ਚੜ੍ਹਦੀ ਹੈ। ਕਾਮਯਾਬ ਹੋਣ ਲਈ ਮਨੁੱਖ ਅੰਦਰ ਕੋਈ ਗੁਣ ਹੋਣਾ ਜ਼ਰੂਰੀ ਹੈ। ਮਨੁੱਖ ਦੇ ਅੰਦਰਲਾ ਹੁਨਰ ਖ਼ਰਾ ਸੋਨਾ ਹੁੰਦਾ ਹੈ। ਉਸ ਦੀ ਹਰ ਥਾਂ ਕਦਰ ਪੈਂਦੀ ਹੈ। ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ, ਤੁਹਾਡੇ ਅੰਦਰਲਾ ਹੁਨਰ ਤੁਹਾਨੂੰ ਕਦੀ ਧੋਖਾ ਨਹੀਂ ਦੇਵੇਗਾ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜ਼ਿੰਦਗੀ ਵਿਚ ਕੁਝ ਘੱਟ ਮਿਲਿਆ ਹੈ ਜਾਂ ਤੁਹਾਨੂੰ ਕੁਝ ਹੋਰ ਜ਼ਿਆਦਾ ਮਿਲਨਾ ਚਾਹੀਦਾ ਹੈ ਤਾਂ ਮਿਹਨਤ ਕਰੋ। ਆਪਣੇ ਅੰਦਰ ਹੋਰ ਪ੍ਰਾਪਤੀ ਲਈ ਗੁਣ ਪੈਦਾ ਕਰੋ। ਤੁਸੀਂ ਅੱਗੇ ਵਧੋਗੇ। ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜ਼ਿਮੀ ਤੋ ਕਹੀਂ ਆਸਮਾਂ ਨਹੀਂ ਮਿਲਤਾ।' ਇਹ ਪ੍ਰਮਾਤਮਾ ਜਾਣਦਾ ਹੈ ਕਿ ਤੁਹਾਡੇ ਲਈ ਕੀ ਠੀਕ ਹੈ। ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਕਰੋ ਕਿਉਂਕਿ ਲਾਲਚੀ ਬੰਦੇ ਨੂੰ ਕੇਵਲ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤੁਸੀਂ ਜਿਹੋ ਜਹੀ ਜ਼ਿੰਦਗੀ ਬਸਰ ਕਰ ਰਹੇ ਹੋ ਕਈ ਲੋਕ ਐਸੀ ਜ਼ਿੰਦਗੀ ਨੂੰ ਤਰਸ ਰਹੇ ਹੋਣਗੇ। ਇੱਥੇ ਆ ਕੇ ਸਬਰ ਕਰੋ। ਸਬਰ ਇਕ ਐਸੀ ਸਵਾਰੀ ਹੈ ਜੋ ਕਦੀ ਆਪਣੇ ਸਵਾਰ ਨੂੰ ਕਿਸੇ ਦੇ ਪੈਰਾਂ ਵਿਚ ਜਾਂ ਕਿਸੇ ਦੀਆਂ ਨਜ਼ਰਾਂ ਵਿਚ ਡਿੱਗਣ ਨਹੀਂ ਦਿੰਦੀ। ਸਬਰ ਵਾਲੇ ਬੰਦੇ ਸਧਾਰਨ ਬਿਸਤਰੇ 'ਤੇ ਵੀ ਸੋਹਣੀ ਨੀਂਦ ਲੈਂਦੇ ਹਨ ਅਤੇ ਮਾਮੂਲੀ ਸਾਈਕਲ ਦੀ ਸਵਾਰੀ ਦਾ ਵੀ ਆਨੰਦ ਮਾਣ ਲੈਂਦੇ ਹਨ, ਜਦ ਕਿ ਬੇਸਬਰਿਆਂ ਨੂੰ ਮਖ਼ਮਲ ਦੇ ਗਦੇਲਿਆਂ 'ਤੇ ਵੀ ਨੀਂਦ ਨਹੀਂ ਆਉਂਦੀ ਅਤੇ ਕਾਰਾਂ ਵਿਚ ਬੈਠ ਕੇ ਵੀ ਉਨ੍ਹਾਂ ਨੂੰ ਆਨੰਦ ਨਹੀਂ ਮਿਲਦਾ।
ਉਪਰੋਕਤ ਸਾਰੀ ਵੀਚਾਰ 'ਤੋਂ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਸਾਰਾ ਵਰਤੋਂ ਵਿਉਹਾਰ ਇਕ ਵਪਾਰ ਦੀ ਤਰ੍ਹਾਂ ਹੀ ਚੱਲਦਾ ਹੈ ਭਾਵ ਇਕ ਹੱਥ ਦੇ ਅਤੇ ਦੂਜੇ ਹੱਥ ਲੈ। ਪਰ ਇਨਸਾਨੀ ਤੋਰ ਤੇ ਸਾਡਾ ਇਕ ਵਰਤਾਰਾ ਇਸ ਸਾਰੇ ਵਪਾਰ ਤੋਂ ਉੱਪਰ ਹੈ। ਉਹ ਵਪਾਰ ਖ਼ਰਾ ਸੋਨਾ ਹੈ। ਜੋ ਅਮੁਲ ਹੈ। ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਇਸ ਨੂੰ ਸੱਚਾ ਸੌਦਾ ਵੀ ਕਿਹਾ ਜਾ ਸਕਦਾ ਹੈ। ਜੋ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਤੋਂ ਕਰੀਬ 550 ਸਾਲ ਪਹਿਲਾਂ, ਭੁੱਖੇ ਸਾਧੂਆਂ ਨੂੰ ਆਪਣੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਏ ਨਾਲ ਭੋਜਨ ਕਰਾ ਕੇ, ਸਾਨੂੰ ਅਜਿਹਾ ਸੱਚਾ ਸੌਦਾ ਕਰਨਾ ਸਿਖਾ ਗਏ ਸਨ। ਇਹ ਹੈ ਮਨੁੱਖੀ ਸੇਵਾ। ਇਹ ਸੇਵਾ ਪੂਰੀ ਤਰ੍ਹਾਂ ਸਮਰਣ ਦੀ ਭਾਵਨਾ ਨਾਲ ਕੀਤੀ ਜਾਂਦੀ ਹੈ। ਇੱਥੇ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਸੇਵਾ ਨਾਲ ਮੇਰਾ ਨਾਮ ਹੋਵੇਗਾ ਜਾਂ ਮੈਨੰ ਕੋਈ ਫ਼ਲ ਜਾਂ ਸਵਰਗ ਮਿਲੇਗਾ। ਇਹ ਹੀ ਸੇਵਾ ਸਭ ਤੋਂ ਸਫ਼ਲ ਹੈ।
ਜੇ ਅਸੀਂ ਕਿਸੇ ਮਜ਼ਬੂਰ, ਲਾਚਾਰ ਜਾਂ ਕਿਸੇ ਗ਼ਰੀਬ ਦੀ ਮਦਦ, ਸੇਵਾ ਸਮਝ ਕੇ ਕਰਦੇ ਹਾਂ ਅਤੇ ਬਦਲੇ ਵਿਚ ਦੂਸਰੇ ਤੋਂ ਕਿਸੇ ਵਾਪਸੀ ਦੀ ਉਮੀਦ ਨਹੀਂ ਕਰਦੇ ਤਾਂ ਅਜਿਹੀ ਸੇਵਾ ਸਫ਼ਲ ਹੁੰਦੀ ਹੈ। ਅਸੀਂ ਉਸ ਦੇ ਮੁੱਲ ਦੀ ਵਾਪਸੀ ਦੀ ਭਾਵਨਾ ਨਹੀਂ ਰੱਖਦੇ।ਇੱਥੇ ਜੇ ਕੋਈ ਦੂਸਰੇ ਦੀ ਸੇਵਾ ਆਪਣਾ ਸਮਾਂ ਦੇ ਕੇ ਕਰਦਾ ਹੈ ਉਸ ਕਰਜ਼ੇ ਨੂੰ ਕਦੀ ਵੀ ਨਹੀਂ ਮੋੜਿਆ ਜਾ ਸੱਕਦਾ। ਸੇਵਾ ਆਪਣੀ ਮਰਜ਼ੀ ਨਾਲ ਵਿਸ਼ਾਲ ਹਿਰਦੇ ਨਾਲ ਇਨਸਾਨੀਅਤ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ। ਇਸ ਲਈ ਇਹ ਲੈਣ ਦੇਣ ਦੀਆਂ ਸਾਰੀਆਂ ਉਦਾਹਰਨਾ ਨਾਲੋਂ ਅਲੱਗ ਹੈ। ਸੇਵਾ ਦਾ ਕੋਈ ਮੁੱਲ ਨਹੀਂ। ਦੂਸਰੇ ਦੀ ਸੇਵਾ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਦੁਨੀਆਂ ਵਿਚ ਕੇਵਲ ਇਹ ਹੀ ਇਕ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਕਦੀ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਨਾਲ ਮੇਰਾ ਕੀ ਰਿਸ਼ਤਾ ਹੈ ਜਾਂ ਇਸ ਨੇ ਮੇਰਾ ਕੀ ਸਵਾਰਨਾ ਹੈ। ਇੱਥੇ ਇਹੋ ਜਿਹਾ ਕੋਈ ਹਿਸਾਬ ਨਹੀਂ ਰੱਖਿਆ ਜਾਂਦਾ। ਇਹ ਇਕ ਰੱਬੀ ਗੁਣ ਹੈ। ਇੱਥੇ ਕੇਵਲ ਦਇਆ ਭਾਵ ਸਾਹਮਣੇ ਰੱਖਿਆ ਜਾਂਦਾ ਹੈ ਜੋ ਇਨਸਾਨੀਅਤ ਦਾ ਸਭ 'ਤੋਂ ਵੱਡਾ ਗੁਣ ਹੈ। ਇਸ ਦੁਨੀਆਂ 'ਤੋਂ ਰੁਖ਼ਸਤ ਹੋਣ ਲੱਗਿਆਂ ਬੰਦਾ ਇਥੋਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸੱਕਦਾ। ਕੇਵਲ ਉਸ ਦੇ ਚੰਗੇ ਕਰਮ ਹੀ ਨਾਲ ਜਾਂਦੇ ਹਨ। ਇਸ ਲਈ ਗੁਰੁ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਲਿਖਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਕਿਸੇ ਤੋਂ ਸੇਵਾ ਕਰਾਉਨ ਨਾਲੋਂ ਦੀਨ ਦੁਖੀ ਦੀ ਸੇਵਾ ਕਰਨ ਵਿਚ ਜ਼ਿਆਦਾ ਅਨੰਦ ਆਉਂਦਾ ਹੈ। ਸੇਵਾ ਕਰਨ ਨਾਲ ਬੰਦੇ ਦਾ ਹੰਕਾਰ ਘਟਦਾ ਹੈ ਅਤੇ ਮਨ ਵਿਚ ਨਿਮਰਤਾ ਆਉਂਦੀ ਹੈ। ਕਿਸੇ ਕੋਲੋਂ ਕੁਝ ਮੰਗਣ ਨਾਲੋਂ ਦੂਸਰੇ ਨੂੰ ਕੁਝ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੰਗਣ ਨਾਲ ਬੰਦੇ ਨੂੰ ਨੀਵਾਂ ਹੋਣਾ ਪੈਂਦਾ ਹੈ। ਕਿਸੇ ਨੂੰ ਕੁਝ ਦੇਣ ਨਾਲ ਹਿਰਦਾ ਵਿਸ਼ਾਲ ਹੁੰਦਾ ਹੈ ਅਤੇ ਮਨ ਵਿਚ ਇਨਸਾਨੀਅਤ ਜਾਗਦੀ ਹੈ। ਇਸ ਲਈ ਸਦਾ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਡੇ ਹੱਥ ਕਿਸੇ ਕੋਲੋਂ ਕੁਝ ਮੰਗਣ ਲਈ ਅੱਡੇ ਨਾ ਹੋਣ, ਸਗੋਂ ਦੂਸਰੇ ਨੂੰ ਕੁਝ ਦੇਣ ਲਈ ਸਦਾ ਝੁਕੇ ਹੋਣੇ ਚਾਹੀਦੇ ਹਨ।
ਦੁਨੀਆਂ ਵਿਚ ਹਰ ਮਨੁੱਖ ਆਪਣੇ ਸੁੱਖ ਪਿੱਛੇ ਹੀ ਭੱਜਾ ਫਿਰਦਾ ਹੈ। ਉਸ ਨੂੰ ਆਪਣਾ ਛੋਟਾ ਜਿਹਾ ਦੁੱਖ ਵੀ ਬਹੁਤ ਵੱਡਾ ਜਾਪਦਾ ਹੈ। ਕਿਸੇ ਨੂੰ ਦੂਸਰੇ ਦੇ ਦੁੱਖ ਦੀ ਕੋਈ ਪਰਵਾਹ ਨਹੀਂ ਹੁੰਦੀ। ਜੇ ਤੁਸੀਂ ਕੋਮਲ ਦਿਲ ਰੱਖਦੇ ਹੋ ਤਾਂ ਸਮੁੰਦਰ ਜਿਹਾ ਵਿਸ਼ਾਲ ਹਿਰਦਾ ਰੱਖੋ, ਨਦੀਆਂ ਆਪੇ ਮਿਲਨ ਆ ਜਾਣਗੀਆਂ। ਤੁਸੀਂ ਕਿਸੇ ਦੀ ਮਦਦ ਤਾਂ ਹੀ ਕਰਦੇ ਹੋ ਜੇ ਤੁਹਾਡੇ ਅੰਦਰ ਇਕ ਨਾਜ਼ੁਕ ਦਿਲ ਧੜਕ ਰਿਹਾ ਹੈ। ਤੁਸੀਂ ਕਿਸੇ ਨੂੰ ਲਾਚਾਰ ਅਤੇ ਦੁਖੀ ਨਹੀਂ ਦੇਖ ਸਕਦੇ। ਇਸ ਲਈ ਉਸ ਦੀ ਸਹਾਇਤਾ ਲਈ ਆਪਣਾ ਧਨ ਅਤੇ ਸੁੱਖ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹੋ। ਦੋਸਤੋ ਧਰਤੀ ਧਰਮ ਦੇ ਸਹਾਰੇ ਹੀ ਖੜੀ ਹੈ। ਆਓ ਅਸੀਂ ਵੀ ਅਣਖ ਨਾਲ ਜਿਉਣਾ ਸਿੱਖੀਏ। ਕਿਸੇ ਦਾ ਅਹਿਸਾਨ ਜਾਂ ਕਰਜ਼ਾ ਸਿਰ 'ਤੇ ਨਾ ਰੱਖੀਏ। ਕਿਸੇ ਦੀ ਦਇਆ ਦੇ ਪਾਤਰ ਨਾ ਬਣੀਏ ਸਗੋਂ ਕਿਸੇ ਦੁਖੀ ਅਤੇ ਲਾਚਾਰ 'ਤੇ ਦਇਆ ਕਰ ਕੇ ਇਨਸਾਨੀਅਤ ਦੇ ਨਾਤੇ ਉਸ ਦੀ ਮਦਦ ਕਰੀਏ। ਦੁਨੀਆਂ ਵਿਚ ਅਮਰ ਕੋਈ ਨਹੀਂ। ਇਕ ਦਿਨ ਇਥੋਂ ਸਭ ਨੇ ਰੁਖ਼ਸਤ ਹੋਣਾ ਹੀ ਹੈ। ਇੱਥੇ ਜੋ ਧਨ ਜੋੜਿਆ ਹੈ ਉਹ ਨਾਲ ਨਹੀਂ ਜਾਣਾ। ਨਾਲ ਕੇਵਲ ਚਗੇ ਕੰਮ ਹੀ ਜਾਣੇ ਹਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
ਕਹਾਣੀ : ਕਰਮ ਫ਼ਲ - ਗੁਰਸ਼ਰਨ ਸਿੰਘ ਕੁਮਾਰ
ਅੱਜ ਬਹੁਤ ਭਾਗਾਂ ਵਾਲਾ ਦਿਨ ਸੀ। ਸ੍ਰ. ਬਲਦੇਵ ਸਿੰਘ ਬੀਕਾਨੇਰ ਸ਼ਹਿਰ ਦਾ ਇਕ ਕਾਰੋਬਾਰੀ , ਸ਼ਹਿਰ ਤੋਂ 22 ਕੁ ਕਿਲੋ ਮੀਟਰ ਦੂਰ ਇਕ ਛੋਟੇ ਜਿਹੇ ਪਿੰਡ ਦੇ ਗੁਰਦਵਾਰੇ ਆਪਣੀ ਪਤਨੀ ਅਤੇ ਜੁਆਨ ਬੇਟੀ ਸੁਰਜੀਤ ਨਾਲ ਮੱਥਾ ਟੇਕ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਸੀ ਕਿ ਉਸ ਦੀ ਬੇਟੀ ਸੁਰਜੀਤ ਲਈ ਐਡਾ ਚੰਗਾ ਵਰ ਮਿਲਿਆ ਸੀ ਜੋ ਉਸ ਨੂੰ ਉਮਰ ਭਰ ਸੁਖੀ ਰੱਖੇਗਾ। ਅੱਜ ਉਸ ਦੀ ਬੇਟੀ ਦਾ ਵਿਆਹ ਸੀ। ਰਾਗੀ ਕੀਰਤਨ ਕਰ ਰਹੇ ਸਨ ਪਰ ਬਲਦੇਵ ਸਿੰਘ ਦੇ ਵੀਚਾਰਾਂ ਦੀ ਲੜ੍ਹੀ ਉਸ ਅੰਦਰ ਇਕ ਫਿਲਮ ਦੀ ਤਰ੍ਹਾਂ ਚੱਲ ਰਹੀ ਸੀ। ਵਿਜੈ ਸਿੰਘ ਇਕ ਸੋਹਣਾ ਸੁਨੱਖਾ ਨੌਜੁਆਨ, ਬੇਹੱਦ ਸ਼ਰੀਫ ਅਤੇ ਮਿੱਠੀ ਜੁਬਾਨ ਦਾ ਮਾਲਕ ਸੀ। ਉਹ ਸੰਤ ਰਾਮ ਸਿੰਘ ਦੇ ਡੇਰੇ ਵਿਚ ਮੈਨੇਜ਼ਰ ਲੱਗਾ ਹੋਇਆ ਸੀ। ਬਲਦੇਵ ਸਿੰਘ ਵਿਜੈ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦੀ ਆਪਣੀ ਲੜਕੀ ਸੁਰਜੀਤ ਜੁਆਨ ਸੀ। ਇਸ ਲਈ ਉਹ ਉਸ ਦੀ ਸ਼ਾਦੀ ਵਿਜੈ ਸਿੰਘ ਨਾਲ ਕਰਨਾ ਚਾਹੁੰਦੇ ਸਨ। ਉਨ੍ਹਾਂ ਵਿਜੈ ਸਿੰਘ ਤੋਂ ਹੋਰ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਉਸ ਦੇ ਛੋਟੇ ਹੁੰਦਿਆਂ ਹੀ ਮਰ ਗਏ ਸਨ ਅਤੇ ਉਹ ਅਨਾਥ ਆਸ਼ਰਮ ਵਿਚ ਪਲਿਆ ਸੀ। ਉੱਥੇ ਹੀ ਉਸ ਨੇ ਬੀ.ਏ. ਤੱਕ ਪੜਾਈ ਕੀਤੀ ਸੀ। ਉਸ ਨੇ ਇਹ ਵੀ ਭੇਤ ਖੋਲ੍ਹਿਆ ਕਿ ਉਸ ਦਾ ਪਹਿਲਾਂ ਵੀ ਇਕ ਵਿਆਹ ਹੋ ਚੁੱਕਿਆ ਸੀ ਅਤੇ ਇਕ ਬੇਟੀ ਵੀ ਪੈਦਾ ਹੋਈ ਸੀ ਪਰ ਗ਼ਰੀਬੀ ਤੋਂ ਤੰਗ ਆ ਕੇ ਉਸ ਦੀ ਪਤਨੀ ਨੇ ਆਪਣੀ ਦੋ ਸਾਲ ਦੀ ਬੇਟੀ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਉਹ ਐਡੀ ਵੱਡੀ ਦੁਨੀਆਂ ਵਿਚ ਇਕੱਲਾ ਹੀ ਰਹਿ ਗਿਆ ਸੀ। ਦੋ ਕੁ ਸਾਲ ਪਹਿਲਾਂ ਸੰਤਾਂ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਨੇ ਵਿਜੈ ਸਿੰਘ ਤੇ ਤਰਸ ਕਰ ਕੇ ਇਸ ਨੂੰ ਆਪਣੇ ਡੇਰੇ ਤੇ ਲੈ ਆਉਂਦਾ। ਇੱਥੇ ਆ ਕੇ ਵਿਜੈ ਸਿੰਘ ਦੀ ਜ਼ਿੰਦਗੀ ਹੀ ਬਦਲ ਗਈ। ਹੁਣ ਉਹ ਆਪਣਾ ਸਾਰਾ ਸਮਾਂ ਸੇਵਾ ਅਤੇ ਸਿਮਰਨ ਵਿਚ ਹੀ ਬਿਤਾਉਂਦਾ ਸੀ।
ਬਲਦੇਵ ਸਿੰਘ ਨੂੰ ਵਿਜੈ ਸਿੰਘ ਦੇ ਪਹਿਲੇ ਵਿਆਹ ਦਾ ਸੁਣ ਕੇ ਇਕ ਝੱਟਕਾ ਜਿਹਾ ਲੱਗਿਆ ਪਰ ਉਨ੍ਹਾਂ ਨੇ ਆਪਣੇ ਦਿਲ ਨੂੰ ਇਹ ਕਹਿ ਕੇ ਤਸੱਲੀ ਦੇ ਲਈ ਕਿ ਜ਼ਿੰਦਗੀ ਵਿਚ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਵਿਚ ਮੁੰਡੇ ਦਾ ਕੀ ਕਸੂਰ ਹੈ। ਉਸ ਨੇ ਤਾਂ ਆਪਣੇ ਬਾਰੇ ਬਿਕੁਲ ਸੱਚੋ ਸੱਚ ਦੱਸ ਹੀ ਦਿੱਤਾ ਹੈ। ਫਿਰ ਅਸੀਂ ਉਸ ਦੀ ਪਿਛਲੀ ਜ਼ਿੰਦਗੀ 'ਤੋਂ ਕੀ ਲੈਣਾ ਹੈ? ਸਾਡੀ ਤਾਂ ਇਕੋ ਇਕ ਹੀ ਬੇਟੀ ਹੈ ਜੋ ਜ਼ਿੰਦਗੀ ਭਰ ਸੁਖੀ ਰਹੇਗੀ। ਸਾਨੂੰ ਹੋਰ ਕੀ ਚਾਹੀਦਾ ਹੈ। ਫਿਰ ਕੱਲ੍ਹ ਨੂੰ ਇਹ ਮੇਰੇ ਕਾਰੋਬਾਰ ਨੂੰ ਸੰਭਾਲਣ ਯੋਗ ਹੋ ਜਾਵੇਗਾ। ਸਾਡੀ ਪੁੱਤਰ ਦੀ ਕਮੀ ਵੀ ਪੂਰੀ ਹੋ ਜਾਵੇਗੀ। ਜਦ ਬਲਦੇਵ ਸਿੰਘ ਨੇ ਸੰਤਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਭਾਈ ਮੁੰਡਾ ਤਾਂ ਹੀਰਾ ਹੈ। ਪਿਛਲੇ ਦੋ ਸਾਲ ਤੋਂ ਇਹ ਮੇਰੀ ਨਿਗਰਾਨੀ ਵਿਚ ਹੈ। ਇਸ ਤੋਂ ਪਹਿਲਾਂ ਬਾਰੇ ਮੈਂ ਕੁਝ ਨਹੀਂ ਜਾਣਦਾ। ਤੁਸੀ ਆਪਣੇ ਤੋਰ ਤੇ ਪੜਤਾਲ ਕਰਨੀ ਹੈ ਤਾਂ ਕਰ ਲਉ। ਵੈਸੇ ਜੇ ਇਸ ਦੇ ਕੋਈ ਮਾੜੇ ਕੰਮ ਹੋਣਗੇ ਤਾਂ ਆਪਣੇ ਆਪ ਸਾਹਮਣੇ ਆ ਜਾਣਗੇ। ਇਸ ਨਾਲ ਬਲਦੇਵ ਸਿੰਘ ਦੀ ਤਸੱਲੀ ਹੋ ਗਈ ਅਤੇ ਉਸ ਨੇ ਵਿਜੈ ਅਤੇ ਆਪਣੀ ਬੇਟੀ ਸੁਰਜੀਤ ਨੂੰ ਸਮਝਾ ਕੇ ਦੋਹਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ।
ਪਿੰਡ ਦੇ ਗੁਰਦਵਾਰੇ ਵਿਚ ਵਿਜੈ ਸਿੰਘ ਅਤੇ ਸੁਰਜੀਤ ਦੀ ਸ਼ਾਦੀ ਬੜੇ ਸਧਾਰਨ ਢੰਗ ਨਾਲ ਗੁਰੂੂੂ ਮਰਿਆਦਾ ਅਨੁਸਾਰ ਹੋ ਰਹੀ ਸੀ। ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਵਿਜੈ ਸਿੰਘ ਮੱਥਾ ਟੇਕ ਕੇ ਗੁਰੂੂੂੂੂੂੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਗਿਆ। ਸੁਰਜੀਤ ਦੀ ਮਾਤਾ ਨੇ ਵੀ ਉਸ ਨੂੰ ਸਹਾਰਾ ਦੇ ਕੇ ਵਿਜੈ ਸਿੰਘ ਦੇ ਖੱਬੇ ਪਾਸੇ ਲਿਆ ਕੇ ਬਿਠਾ ਦਿੱਤਾ। ਭਾਈ ਸਾਹਿਬ ਲਾਵਾਂ ਸ਼ੁਰੂ ਕਰਨ ਹੀ ਲੱਗੇ ਸਨ ਕਿ ਇਕ ਸਿੱਖ ਨੌਜੁਆਨ ਨੇ ਆ ਕੇ ਬਲਦੇਵ ਸਿੰਘ ਦੇ ਕੰਨ ਵਿਚ ਹੌਲੀ ਜਿਹੀ ਕਿਹਾ-''ਬਾਹਰ ਪੁਲਿਸ ਆਈ ਹੈ ਅਤੇ ਤੁਹਾਨੂੰ ਅਤੇ ਵਿਜੈ ਸਿੰਘ ਨੂੰ ਹੁਣੇ ਦਫ਼ਤਰ ਵਿਚ ਬੁਲਾਇਆ ਹੈ।''
ਬਲਦੇਵ ਸਿੰਘ ਹੈਰਾਨ ਹੋ ਗਿਆ ਅਤੇ ਆਪਣੇ ਆਪ ਤੇ ਕੰਟਰੋਲ ਰੱਖਦੇ ਹੋਏ ਉਸ ਨੇ ਕਿਹਾ-''ਕੋਈ ਗੱਲ ਨਹੀਂ, ਲਾਵਾਂ ਹੋ ਲੈਣ ਦਿਉ। ਲਾਵਾਂ ਤੋਂ ਬਾਅਦ ਅਸੀਂ ਆਉਂਦੇ ਹਾਂ।''
''ਨਹੀਂ ਉਨ੍ਹਾਂ ਨੇ ਤੁਹਾਨੂੰ ਹੁਣੇ ਹੀ ਬੁਲਾਇਆ ਹੈ।''
''ਤੈਨੂੰ ਸੁਣਦਾ ਨਹੀਂ, ਮੈਂ ਕਿਹਾ ਹੈ ਕਿ ਲਾਵਾਂ ਤੋਂ ਬਾਅਦ ਆਉਂਦੇ ਹਾਂ।''
''ਨਹੀਂ ਫੇਰ ਬਹੁਤ ਦੇਰ ਹੋ ਜਾਵੇਗੀ। ਤੁਸੀਂ ਹੁਣੇ ਹੀ ਚੱਲੋ।''
''ਤੈਨੂੰ ਪਤਾ ਨਹੀਂ, ਮੈਂ ਕੌਣ ਹਾਂ? ਮੇਰਾ ਨਾਮ ਬਲਦੇਵ ਸਿੰਘ ਹੈ। ਇੱਥੋਂ ਦੇ ਸਾਰੇ ਪੁਲਿਸ ਅਫ਼ਸਰ ਮੈਨੂੰ ਜਾਣਦੇ ਹਨ।''
''ਜੀ ਉਨ੍ਹਾਂ ਨਾਲ ਪੰਜਾਬ ਪੁਲਿਸ ਵੀ ਹੈ।''{
''ਲੈ ਫਿਰ ਦੇਖਦੇ ਹਾਂ ਕਿ ਕਿਹੜੇ ਪੁਲਿਸ ਅਫ਼ਸਰ ਵਿਚ ਐਨੀ ਹਿੰਮਤ ਹੈ ਕਿ ਬਲਦੇਵ ਸਿੰਘ ਦੀ ਧੀ ਦੀਆਂ ਲਾਵਾਂ ਰੋਕ ਸੱਕੇ।'' ਫਿਰ ਭਾਈ ਸਾਹਿਬ ਨੂੰ ਕਿਹਾ-''ਭਾਈ ਸਾਹਿਬ ਜ਼ਰਾ ਰੁਕੋ, ਅਸੀਂ ਹੁਣੇ ਆਉਂਦੇ ਹਾਂ।'' ਇਹ ਕਹਿ ਕੇ ਉਹ ਵਿਜੈ ਸਿੰਘ ਦੀ ਬਾਂਹ ਫ਼ੜ ਕੇ ਬਾਹਰ ਦਫ਼ਤਰ ਦੇ ਕਮਰੇ ਵੱਲ ਚੱਲ ਪਿਆ।
ਦਫ਼ਤਰ ਵਿਚ ਦੋ ਰਾਜਸਥਾਨ ਅਤੇ ਦੋ ਪੰਜਾਬ ਪੁਲਿਸ ਦੇ ਬੰਦੇ ਬੈਠੇ ਸਨ। ਨਾਲ ਦੋ ਜਨਾਨੀਆਂ ਅਤੇ ਦੋ ਬੰਦੇ ਹੋਰ ਸਨ। ਸਭ ਨੂੰ ਦੇਖ ਕੇ ਵਿਜੈ ਸਿੰਘ ਦਾ ਰੰਗ ਉੱਡ ਗਿਆ। ਉਹ ਬਾਹਰ ਦੇ ਗੇਟ ਵੱਲ ਭੱਜਿਆ। ਉੱਥੇ ਗੇਟ ਬੰਦ ਕਰ ਕੇ ਦੋ ਪੰਜਾਬ ਪੁਲਿਸ ਦੇ ਸਿਪਾਹੀ ਬੰਦੂਕਾਂ ਲੈ ਕੇ ਖੜ੍ਹੇ ਸਨ। ਕੋਈ ਪੇਸ਼ ਨਾ ਜਾਂਦੀ ਦੇਖ ਕੇ ਵਿਜੈ ਸਿੰਘ ਦੁਬਾਰਾ ਦਫ਼ਤਰ ਵੱਲ ਆਇਆ।
''ਹੁਣ ਭੱਜਣਾ ਫ਼ਜੂਲ ਹੈ ਰਾਜੇਸ਼। ਸੌ ਦਿਨ ਚੌਰ ਦੇ ਅਤੇ ਇਕ ਦਿਨ ਸਾਧ ਦਾ। ਤੇਰਾ ਭਾਂਡਾ ਫੁੱਟ ਚੁੱਕਿਆ ਹੈ।'' ਪੁਲਿਸ ਅਫ਼ਸਰ ਬੋਲਿਆ। ਨਾਲ ਹੀ ਉਸ ਨੇ ਵਿਜੈ ਸਿੰਘ ਦੇ ਹੱਥਾਂ ਤੇ ਹੱਥਕੜੀ ਲਾ ਦਿੱਤੀ। ਬਲਦੇਵ ਸਿੰਘ ਦੇ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਉਹ ਘਬਰਾ ਕੇ ਉੱਚੀ ਸਾਰੀ ਬੋਲਿਆ-''ਕੁਝ ਮੈਨੂੰ ਵੀ ਤਾਂ ਦੱਸੋ, ਤੁਸੀਂ ਕੌਣ ਹੋ? ਤੁਸੀਂ ਮੇਰੀ ਧੀ ਦੇ ਵਿਆਹ ਵਿਚ ਵਿਘਨ ਕਿਉਂ ਪਾ ਰਹੇ ਹੋ? ਮੇਰੇ ਜਵਾਈ ਨੂੰ ਇਸ ਤਰ੍ਹਾਂ ਹੱਥ-ਕੜੀ ਲਾਉਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ।''
'' ਧੀਰਜ ਰੱਖੌ ਸ੍ਰ. ਭਲਦੇਵ ਸਿੰਘ ਜੀ। ਮੈਨੂੰ ਅਫਸੋਸ ਹੈ ਕਿ ਤੁਹਾਡੀ ਬੇਟੀ ਦੇ ਵਿਆਹ ਵਿਚ ਵਿਘਨ ਪਿਆ ਹੈ। ਮੈਂ ਇੰਦਰਜੀਤ ਸਿੰਘ ਐਸ ਐਸ ਪੀ ਪੰਜਾਬ ਪੁਲਿਸ ਹਾਂ। ਜੇ ਅਸੀਂ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤਾਂ ਅਨਰਥ ਹੋ ਜਾਣਾ ਸੀ। ਜਿਸ ਨਾਲ ਤੁਸੀਂ ਆਪਣੀ ਧੀ ਦੀਆਂ ਲਾਵਾਂ ਕਰਾਉਣ ਜਾ ਰਹੇ ਸੀ ਇਹ ਇਕ ਬਹੁਰੂਪੀਆ ਹੈ। ਇਹ ਵਿਜੈ ਸਿੰਘ ਨਹੀਂ। ਇਹ ਆਪਣਾ ਨਾਮ ਅਤੇ ਭੇਸ ਬਦਲ ਕੇ ਇੱਥੇ ਸਭ ਨੂੰ ਮੂਰਖ ਬਣਾ ਰਿਹਾ। ਜਿਵੇਂ ਸਭ ਤੋਂ ਸ਼ਰੀਫ਼ ਅਤੇ ਧਾਰਮਿਕ ਬੰਦਾ ਇਹ ਹੀ ਹੈ। ਅਸਲ ਵਿਚ ਇਹ ਰਾਜੇਸ਼ ਹੈ........ਇਕ ਕਾਤਲ ਅਤੇ ਪੁਲਿਸ ਦਾ ਫਰਾਰ ਮੁਜ਼ਰਿਮ।'' ਇਹ ਮੇਰੇ ਨਾਲ ਰਾਜਸਥਾਨ ਪੁਲਿਸ ਦੇ ਬੰਦੇ ਹਨ ਅਤੇ ਦੋ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਬਾਹਰ ਦੋ ਪੰਜਾਬ ਪੁਲਿਸ ਦੇ ਸਿਪਾਹੀ ਹਨ।'' ਬਾਕੀ ਗੱਲ ਤੁਹਾਨੂੰ ਇਹ ਮੁਜ਼ਰਿਮ ਆਪਣੇ ਮੂੰਹੋਂ ਆਪ ਹੀ ਦੱਸੇਗਾ। ਵਿਜੈ ਸਿੰਘ ਚੁੱਪ ਚਾਪ ਨੀਵੀਂ ਪਾ ਕੇ ਖੜ੍ਹਾ ਰਿਹਾ। ਇੰਦਰਜੀਤ ਉੱਚੀ ਸਾਰੀ ਕੱੜਕਿਆ-''ਬੋਲ ਤੂੰ ਰਾਜੇਸ਼ ਹੈਂ ਕਿ ਨਹੀਂ? ਤੇਰੇ ਮਾਤਾ ਪਿਤਾ ਫਿਰੋਜ਼ਪੁਰ ਕੋਲ ਘੱਲ ਖੁਰਦ ਰਹਿੰਦੇ ਹਨ ਕਿ ਨਹੀਂ?'' ਵਿਜੈ ਸਿੰਘ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
''ਅੱਗੇ ਦੱਸ ਤੂੰ ਆਪਣੀ ਦੋ ਸਾਲ ਦੀ ਬੇਟੀ ਪਿੰਕੀ ਦਾ ਕਾਤਲ ਹੈਂ ਕਿ ਨਹੀਂ?'' ਰਾਜੇਸ਼ ਕੁਝ ਨਾ ਬੋਲਿਆ।
ਇਨੇ ਵਿਚ ਜੁਆਨ ਲੜਕੀ ਜਿਹੜੀ ਹਾਲੀ ਚੁੱਪ ਚਾਪ ਖੜ੍ਹੀ ਸੀ, ਉਹ ਬੋਲੀ-''ਇਹ ਹੁਣ ਕੀ ਬੋਲੇਗਾ।? ਮੈਂ ਦੱਸਦੀ ਹਾਂ ਸਾਰੀ ਸੱਚਾਈ। ਮੇਰਾ ਨਾਮ ਰਜਨੀਂ ਹੈ। ਮੈਂ ਇਸ ਦੀ ਪਤਨੀ ਹਾਂ। ਅੱਜ ਤੋਂ ਪੰਜ ਸਾਲ ਪਹਿਲਾਂ ਮੇਰਾ ਇਸ ਨਾਲ ਵਿਆਹ ਹੋਇਆ ਸੀ। ਮੇਰੇ ਮਾਂ ਪਿਉ ਨੇ ਆਪਣੀ ਹੈਸੀਅਤ ਮੁਤਾਬਿਕ ਵਿਆਹ ਵਿਚ ਦਾਜ਼ ਦਿੱਤਾ। ਇਹ ਬਹੁਤ ਲਾਲਚੀ ਸਨ। ਇਹ ਮੈਨੂੰ ਹੋਰ ਦਾਜ਼ ਲਿਆਉਣ ਲਈ ਤੰਗ ਕਰਦੇ ਰਹੇ। ਮੇਰੇ ਮਾਂ ਪਿਉ ਫਿਰ ਵੀ ਹਰ ਚੱਕਰ ਮੈਨੂੰ ਕੁਝ ਨਾ ਕੁਝ ਦੇ ਕੇ ਤੋਰਦੇ ਰਹੇ। ਫਿਰ ਸਾਡੇ ਘਰ ਪਿਆਰੀ ਜਿਹੀ ਬੇਟੀ ਪਿੰਕੀ ਨੇ ਜਨਮ ਲਿਆ। ਲੜਕੀ ਹੋਣ ਕਾਰਨ ਇਨ੍ਹਾਂ ਦਾ ਮੇਰੇ ਤੇ ਅੱਤਿਆਚਾਰ ਹੋਰ ਵੀ ਵਧ ਗਿਆ।ਮੈਨੂੰ ਤੰਗ ਕਰਨ ਲਈ ਇਨ੍ਹਾਂ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਨਸ਼ੇ ਇਸ ਦੀ ਤਨਖਾਹ ਵਿਚੋਂ ਪੂਰੇ ਨਾ ਹੁੰਦੇ। ਇਹ ਕਰਜ਼ਾ ਲੈ ਕੇ ਆਪਣਾ ਝੱਸ ਪੂਰਾ ਕਰਨ ਲੱਗਾ। ਆਖਿਰ ਲੋਕਾਂ ਨੇ ਕਰਜ਼ਾ ਦੇਣਾ ਬੰਦ ਕਰ ਦਿੱਤਾ। ਮੰਡੀ ਵਿਚ ਇਸ ਦਾ ਇਕ ਆੜਤੀ ਵਾਕਫ ਸੀ, ਸਤੀਸ਼, ਉਸ ਦਾ 50000/-ਰੁਪਏ ਦਾ ਕਰਜ਼ਾ ਸਿਰ ਚੜ੍ਹ ਗਿਆ। ਉਸ ਨੇ ਤਕਾਜੇ ਕਰਨੇ ਸ਼ੁਰੂ ਕਰ ਦਿੱਤੇ। ਇਸ ਕੋਲ ਪੈਸੇ ਹੁੰਦੇ ਤਾਂ ਮੋੜਦਾ। ਪਿੰਕੀ ਹੁਣ ਦੋ ਸਾਲ ਦੀ ਹੋ ਗਈ ਸੀ। ਇਨ੍ਹਾਂ ਪਿਉ ਪੁੱਤਰਾਂ ਨੇ ਇਕ ਹੋਰ ਸਕੀਮ ਲੜਾਈ। ਸਭ ਦਾ ਰਵਈਆ ਮੇਰੇ ਪ੍ਰਤੀ ਨਰਮ ਹੋ ਗਿਆ। ਸਤੀਸ਼ ਆਪਣੇ ਪੈਸਿਆਂ ਦੀ ਵਸੂਲੀ ਲਈ ਜ਼ੋਰ ਪਾਉਣ ਲੱਗ ਗਿਆ। ਇਕ ਦਿਨ ਇਸ ਨੇ ਮੈਨੂੰ ਆ ਕਿ ਕਿਹਾ ਕਿ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਮੈਂ ਇਸ ਨੂੰ ਸਮਝਾਇਆ ਕਿ ਬੰਦੇ ਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਹੀ ਰਹਿੰਦੇ ਹਨ। ਕਦੀ ਸਾਡੇ ਵੀ ਦਿਨ ਫਿਰਨਗੇ। ਪਰ ਇਹ ਨਾ ਮੰਨਿਆ। ਰੋਜ਼ ਮੇਰੇ ਕੋਲ ਆ ਕਿ ਕਹਿੰਦਾ ਕਿ ਮੈਂ ਤਾਂ ਖ਼ੁਦਕੁਸ਼ੀ ਕਰ ਲੈਣੀ ਹੈ।ਮੈਂ ਪੁੱਛਿਆ ਕਿ ਪਿੱਛੋਂ ਮੇਰਾ ਤੇ ਪਿੰਕੀ ਦਾ ਕੀ ਬਣੇਗਾ? ਇਸ ਨੇ ਉੱਤਰ ਦਿੱਤਾ-'ਤੂੰ ਇਕ ਵਿਧਵਾ ਦੀ ਜ਼ਿੰਦਗੀ ਹੰਢਾਏਂਗੀ ਅਤੇ ਤੇਰੀ ਧੀ ਅਨਾਥਾਂ ਦੀ ਤਰ੍ਹਾਂ ਰੁਲ ਖੁਲ ਕੇ ਪਲੇਗੀ।' ਮੈਂ ਇਹ ਸੁਣ ਕੇ ਕੰਬ ਉੱਠੀ। ਫਿਰ ਇਹ ਬੋਲਿਆ-'ਜੇ ਤੂੰ ਅਜਿਹੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੀ ਤਾਂ ਮੇਰਾ ਸਾਥ ਦੇ। ਅਸੀਂ ਤਿੰਨੇ ਇਕੱਠੇ ਖ਼ੁਦਕੁਸ਼ੀ ਕਰ ਲੈਂਦੇ ਹਾਂ। ਸਾਡੇ ਸਾਰੇ ਦੁੱਖਾਂ ਦਾ ਅੰਤ ਹੋ ਜਾਵੇਗਾ। ਮਜ਼ਬੂਰੀ ਵਿਚ ਮੈਨੂੰ ਹਾਂ ਕਰਨੀ ਹੀ ਪਈ। ਉਸੇ ਸਮੇਂ ਇਸ ਨੇ ਆਪਣੀ ਜੇਬ ਵਿਚੋਂ ਇਕ ਚਿੱਠੀ ਕੱਢੀ ਜੋ ਇਸ ਪ੍ਰਕਾਰ ਸੀ:
ਮੈਂ ਰਾਜੇਸ਼ ਅਤੇ ਮੇਰੀ ਪਤਨੀ ਰਜਨੀ ਆਪਣੀ ਗ਼ਰੀਬੀ ਦੀ ਜ਼ਿੰਦਗੀ ਤੋਂ ਤੰਗ ਆ ਗਏ ਹਾਂ। ਮੈਂ ਸਤੀਸ਼ ਦੇ 50000/- ਰੁਪਏ ਦੇਣੇ ਹਨ। ਉਹ ਆਪਣੇ ਪੈਸੇ ਲੈਣ ਲਈ ਬਹੁਤ ਤੰਗ ਕਰ ਰਿਹਾ ਹੈ। ਉਸ ਨੇ ਸਾਡਾ ਜਿਉਣਾ ਦੂਭਰ ਕਰ ਰੱਖਿਆ ਹੈ। ਅਸੀ ਰੋਜ਼ ਰੋਜ਼ ਆਪਣੀ ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਜਿਲੱਤ ਭਰੀ ਜ਼ਿੰਦਗੀ ਵੀ ਨਹੀਂ ਜੀਵੀ ਜਾਂਦੀ। ਇਸ ਲਈ ਮੈਂ ਰਾਜੇਸ਼ ਅਤੇ ਮੇਰੀ ਪਤਨੀ ਰਜਨੀ ਆਪਣੀ ਬੱਚੀ ਪਿੰਕੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਹੇ ਹਾਂ। ਸਾਡੀ ਮੌਤ ਦਾ ਜਿੰਮੇਵਾਰ ਸਤੀਸ਼ ਕੁਮਾਰ ਹੈ।
ਦਸਤਖਤ
ਰਾਜੇਸ਼
ਰਜਨੀ
ਇਸ ਨੇ ਮੈਨੂੰ ਚਿੱਠੀ ਤੇ ਦਸਤਖਤ ਕਰਨ ਲਿਈ ਕਿਹਾ। ਮੇਰਾ ਮਨ ਤਾਂ ਨਹੀਂ ਸੀ ਮੰਨਦਾ ਪਰ ਇਸ ਨੇ ਮੈਨੂੰ ਮਜ਼ਬੂਰ ਕਰ ਕੇ ਜਬਰਦਸਤੀ ਚਿੱਠੀ ਤੇ ਦਸਤਖਤ ਕਰਾ ਲਏ। ਉਸ ਰਾਤ ਅਸੀਂ ਸਭ ਨੇ ਮਿਲ ਕੇ ਰੋਟੀ ਖਾਧੀ ਅਤੇ ਸਮਾਂ ਬੀਤਣ ਦਾ ਇੰਤਜ਼ਾਰ ਕਰਨ ਲੱਗੇ। ਬਾਹਰ ਕਾਲੀ ਬੋਲੀ ਭਿਆਨਕ ਰਾਤ ਸੀ ਅਤੇ ਮਾੜੀਆਂ ਮਾੜੀਆਂ ਕਣੀਆਂ ਵੀ ਪੈ ਰਹੀਆਂ ਸਨ। ਕਰੀਬ ਬਾਰਾਂ ਵਜੇ ਅਸੀਂ ਪੋਲੇ ਪੈਰੀਂ ਪਿੰਕੀ ਨੂੰ ਕੁੱਛੜ ਚੁੱਕ ਕੇ ਬਾਹਰ ਨਿਕਲੇ ਅਤੇ ਮੋਟਰਸਾਇਕਲ ਤੇ ਬੈਠ ਕੇ ਆਪਣੀ ਜ਼ਿੰਦਗੀ ਦੇ ਆਖਰੀ ਸਫ਼ਰ ਲਈ ਚੱਲ ਪਏ। ਨਹਿਰੋਂ ਨਹਿਰ ਕੋਈ ਦੋ ਕੁ ਕਿਲੋ ਮੀਟਰ ਜਾ ਕੇ ਇਸ ਨੇ ਮੋਟਰਸਾਇਕਲ ਰੋਕਿਆ। ਕਿਨਾਰੇ ਤੇ ਅਸੀਂ ਆਪਣੀਆਂ ਜੁੱਤੀਆਂ, ਮੇਰੀ ਚੁੰਨੀ ਅਤੇ ਇਸ ਦਾ ਹੈਲਮੇਟ ਰੱਖ ਦਿੱਤੇ। ਇਸ ਨੇ ਰੁਮਾਲ ਤੇ ਪਰਸ ਵੀ ਰੱਖ ਦਿੱਤਾ। ਪਰਸ ਵਿਚ ਸਾਡੀ ਖ਼ੁਦਕੁਸ਼ੀ ਦੀ ਹੱਥ ਲਿਖਤ ਚਿੱਠੀ ਸੀ। ਫਿਰ ਅਸੀਂ ਸਰਕ ਕੇ ਨਹਿਰ ਦੇ ਕੰਢੇ ਵੱਲ ਹੋਏ। ਇਸ ਨੇ ਕਿਹਾ ਲਿਆ ਕੁੜੀ ਮੈਨੂੰ ਦੇ। ਮੇਰੇ ਕੁੱਛੜੋਂ ਕੁੜੀ ਖਿੱਚ ਕੇ ਨਹਿਰ ਵਿਚ ਵਗਾਹ ਮਾਰੀ। ਹੈਰਾਨੀ ਨਾਲ ਮੇਰੀ ਚੀਕ ਨਿਕਲ ਗਈ। ਇਸ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਵੀ ਹੁਣ ਨਹੀਂ ਰਹਿਣਾ। ਲਿਆ ਆਪਣਾ ਹੱਥ ਦੇ ਅਸੀਂ ਇਕੱਠੇ ਹੀ ਛਾਲ ਮਾਰਦੇ ਹਾਂ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਇਸ ਨੇ ਮੇਰੀ ਬਾਂਹ ਫੜੀ ਅਤੇ ਜੋਰ ਦੀ ਧੱਕਾ ਮਾਰ ਕੇ ਮੈਨੂੰ ਨਹਿਰ ਵਿਚ ਸੁੱਟ ਦਿੱਤਾ। ਮੈਂ ਪਾਣੀ ਵਿਚ ਗੋਤੇ ਖਾਣ ਲੱਗੀ। ਰੁੜਦੇ ਰੁੜਦੇ ਮੈਂ ਦੇਖਿਆ ਕਿ ਕੁਝ ਦੂਰੀ ਤੇ ਦੂਜਾ ਮੋਟਰਸਾਇਕਲ ਆਇਆ, ਜਿਸ ਦੇ ਪਿੱਛੇ ਬੈਠ ਕੇ ਇਹ ਦੋਵੇਂ ਵਾਪਿਸ ਚਲੇ ਗਏ।
ਮੈਂ ਰੁੜਦੀ ਰੁੜਦੀ ਜਦ ਅਗਲੇ ਪੁੱਲ ਪਹੁੰਚੀ ਉਸ ਪੁੱਲ ਥੱਲੇ ਕਿਸੇ ਦਰਖ਼ਤ ਦਾ ਇਕ ਟਾਹਣਾ ਫਸਿਆ ਪਿਆ ਸੀ। ਮੈਨੂੰ ਉਸ ਦਾ ਸਹਾਰਾ ਮਿਲ ਗਿਆ। ਕਿਸੇ ਤਰ੍ਹਾਂ ਬੜੀ ਮੁਸ਼ਕਿਲ ਨਾਲ ਮੈਂ ਬਾਹਰ ਨਿਕਲੀ ਅਤੇ ਛੁਪਦੀ ਛੁਪਾਉਂਦੀ ਆਪਣੇ ਮਾਂ ਪਿਉ ਦੇ ਘਰ ਪਹੁੰਚੀ। ਉਹ ਮੇਰੀ ਹਾਲਾਤ ਦੇਖ ਕੇ ਹੈਰਾਨ ਰਹਿ ਗਏ। ਮੈਨੂੰ ਗਰਮ ਗਰਮਜ ਚਾਹ ਪਿਲਾਈ ਤਾਂ ਮੈਂ ਕੁਝ ਕਾਇਮ ਹੋਈ ਅਤੇ ਉਨ੍ਹਾਂ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਦੱਸੀ। ਉਨ੍ਹਾਂ ਨੂੰ ਇਸ ਤੇ ਬੜਾ ਗੁੱਸਾ ਆਇਆ ਪਰ ਜਲਦੀ ਹੀ ਮੇਰੇ ਪਿਤਾ ਨੇ ਆਪਣੇ ਗੁੱਸੇ ਤੇ ਕਾਬੂ ਪਾ ਲਿਆ ਅਤੇ ਮੈਨੂੰ ਕਿਹਾ ਕਿ ਹੁਣ ਜੋ ਕੁਝ ਕਰਨਾ ਹੈ ਮੈਂ ਹੀ ਕਰਾਂਗਾ। ਤੂੰ ਬਸ ਕਿਸੇ ਨੂੰ ਕੁਝ ਨਹੀਂ ਦੱਸਣਾ। ਸਾਰਾ ਦਿਨ ਉਨ੍ਹਾਂ ਨੇ ਮੈਨੂੰ ਪਿਛਲੇ ਕਮਰੇ ਵਿਚ ਲੁਕਾ ਕੇ ਬੰਦ ਕਰ ਕੇ ਰੱਖਿਆ। ਅਗਲੀ ਰਾਤ ਉਹ ਮੈਨੂੰ ਡੇਹਰਾਦੂਨ ਮੇਰੀ ਮਾਸੀ ਕੋਲ ਛੱਡ ਆਏ ਅਤੇ ਉਸ ਨੂੰ ਸਾਰੀ ਗੱਲ ਸਮਝਾ ਦਿੱਤੀੇ। ਉਸ ਤੋਂ ਅਗਲੇ ਦਿਨ ਸਾਰੀਆਂ ਅਖ਼ਬਾਰਾਂ ਵਿਚ ਸਾਡੇ ਤਿੰਨਾਂ ਦੀ ਨਹਿਰ ਵਿਚ ਡੁੱਬ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਛਪ ਗਈ ਨਾਲ ਹੀ ਸਾਡੀਆਂ ਤਿੰਨਾ ਦੀਆਂ ਫੋਟੋ ਅਤੇ ਖ਼ੁਦਕੁਸ਼ੀ ਦੀ ਚਿੱਠੀ ਵੀ ਛਪ ਗਈ।ਪੁਲਿਸ ਇਸ ਦੇ ਪਿਤਾ ਦਾ ਬਿਆਨ ਦਰਜ ਕਰ ਕੇ ਸਤੀਸ਼ ਦੇ ਮਗਰ ਪੈ ਗਈ ਅਖੇ ਤੂੰ ਇਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ। ਸ਼ਾਮ ਨੂੰ ਪਿੰਕੀ ਦੀ ਲਾਸ਼ ਨਹਿਰ ਵਿਚ ਤੈਰਦੀ ਹੋਈ ਮਿਲ ਗਈ। ਸਾਡੀਆਂ ਦੋਹਾਂ ਦੀਆਂ ਲਾਸ਼ਾਂ ਨਾ ਮਿਲਣ ਕਾਰਨ ਪੁਲਿਸ ਬਹੁਤ ਪ੍ਰੇਸ਼ਾਨ ਸੀ ਪਰ ਪੁਲਿਸ ਨੇ ਖ਼ੁਦਕੁਸ਼ੀ ਦਾ ਕੇਸ ਦਰਜ ਕਰ ਕੇ ਆਪਣਾ ਪਿੱਛਾ ਛੁਡਾ ਲਿਆ।
ਮੇਰੇ ਪਿਤਾ ਜੀ ਦਾ ਇਕ ਦੋਸਤ ਡੀ.ਆਈ. ਜੀ ਦਾ ਰਿਸ਼ਤੇਦਾਰ ਹੈ। ਉਨ੍ਹਾਂ ਨੇ ਮੈਨੂੰ ਡੀ.ਆਈ. ਜੀ. ਕੋਲ ਪੇਸ਼ ਕਰ ਕੇ ਸਾਰੀ ਗੱਲ ਦੱਸ ਦਿੱਤੀ। ਡੀ.ਆਈ.ਜੀ. ਨੇ ਅੱਗੋਂ ਇਹ ਕੇਸ ਤੁਹਾਨੂੰ ਸੋੰਪ ਦਿੱਤਾ। ਵੀਰ ਜੀ ਉਸ ਤੋਂ ਬਾਅਦ ਤੁਹਾਨੂੰ ਸਭ ਪਤਾ ਹੀ ਹੈ।''
ਇੰਦਰਜੀਤ ਬੋਲਿਆ-''ਹਾਂ ਉਸ ਤੋਂ ਬਾਅਦ ਦੀ ਕਹਾਣੀ ਮੈਂ ਦੱਸਦਾ ਹਾਂ। ਰਾਜੇਸ਼ ਦੇ ਪਿਉ ਨੇ ਸਭ ਨੂੰ ਰੋ ਰੋ ਕੇ ਇਹ ਸਾਬਤ ਕਰ ਦਿੱਤਾ ਕਿ ਉਸ ਦੇ ਪੁੱਤਰ ਅਤੇ ਨੂੰਹ ਨੇ ਆਪਣੀ ਬੇਟੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਰਾਤੋਂ ਰਾਤ ਇਸ ਨੂੰ ਮਦਰਾਸ ਆਪਣੇ ਕਿਸੇ ਦੋਸਤ ਕੋਲ ਭੇਜ ਦਿੱਤਾ। ਇੰਜ ਇਕ ਵਾਰੀ ਤਾਂ ਇਨ੍ਹਾਂ ਦਾ ਸਾਰਾ ਡਰਾਮਾ ਕਾਮਯਾਬ ਹੋ ਗਿਆ। ਜਦ ਕੇਸ ਡੀ.ਆਈ. ਜੀ ਕੋਲ ਆਇਆ ਤਾਂ ਉਨ੍ਹਾ ਨੂੰ ਕੇਸ ਦੀ ਕਮਜ਼ੋਰ ਕੜੀ ਇਹ ਨਜ਼ਰ ਆਈ ਕਿ ਰਾਜੇਸ਼ ਅਤੇ ਰਜਨੀ ਦੀਆਂ ਲਾਸ਼ਾਂ ਨਹੀਂ ਸਨ ਮਿਲੀਆਂ। ਇਸ ਲਈ ਰਜਨੀ ਦਾ ਬਿਆਨ ਸੱਚਾ ਜਾਪਿਆ ਕਿ ਰਾਜੇਸ਼ ਇਨ੍ਹਾਂ ਨੂੰ ਨਹਿਰ ਵਿਚ ਧੱਕਾ ਦੇ ਕੇ ਖ਼ੁਦ ਗਾਇਬ ਹੋ ਗਿਆ ਸੀ। ਇਸ ਤਰ੍ਹਾਂ ਇਸ ਦਾ ਕਰਜੇ ਤੋਂ ਵੀ ਪਿੱਛਾ ਛੁੱਟ ਗਿਆ ਅਤੇ ਰਜਨੀ ਅਤੇ ਬੇਟੀ ਤੋਂ ਵੀ। ਹੁਣ ਇਹ ਆਪ ਆਜ਼ਾਦ ਹੋ ਕਿ ਜ਼ਿੰਦਗੀ ਬਸਰ ਕਰ ਰਿਹਾ ਹੈ। ਡੀ ਆਈ ਜੀ ਸਾਹਿਬ ਨੇ ਇਹ ਕੇਸ ਮੈਨੂੰ ਸੋਂਪ ਦਿੱਤਾ। ਮੇਰੇ ਬੰਦਿਆਂ ਨੇ ਇਸ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ। ਜਦ ਇਸ ਬਾਰੇ ਜਰਾ ਵੀ ਭਿਨਕ ਮਿਲਦੀ ਤਾਂ ਮੇਰੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਉੱਥੋਂ ਖਿਸਕ ਜਾਂਦਾ। ਫਿਰ ਸਾਡੀਆਂ ਨਜ਼ਰਾਂ ਤੋਂ ਇਹ ਦੋ ਕੁ ਸਾਲ ਗਾਇਬ ਰਿਹਾ ਅਤੇ ਸੰਤ ਰਾਮ ਸਿੰਘ ਜੀ ਦੇ ਡੇਰੇ ਤੇ ਆ ਕੇ ਟਿਕ ਗਿਆ। ਇਹ ਡੇਰਾ ਇਸ ਲਈ ਬਿਲਕੁਲ ਸੁਰੱਖਿਅਤ ਸੀ। ਪੰਜਾਬ ਤੋਂ ਦੂਰ ਇਸ ਛੋਟੇ ਜਿਹੇ ਪਿੰਡ ਵਿਚ ਪੁਲਿਸ ਦੀ ਨਜ਼ਰ ਵਿਚ ਪੈਣ ਦੀ ਘੱਟ ਹੀ ਸੰਭਾਵਨਾ ਸੀ। ਇਹ ਤਾਂ ਪਿਛਲੇ ਹਫਤੇ ਸੰਤਾਂ ਦੇ ਪ੍ਰਵਚਨ ਸੁਣਦਿਆਂ ਸੰਗਤ ਵਿਚ ਬੈਠਿਆਂ ਇਸ ਦੀ ਫੋਟੋ ਅਖ਼ਬਾਰ ਵਿਚ ਛਪ ਗਈ। ਸਾਡੀ ਤੇਜ਼ ਅੱਖ ਨੇ ਇਸ ਨੂੰ ਪਛਾਣ ਲਿਆ। ਮੈਂ ਆਪਣਾ ਇਕ ਇੰਸਪੈਕਟਰ ਇਸ ਦੇ ਪਿੱਛੇ ਲਾ ਦਿੱਤਾ ਤੇ ਸਾਰਾ ਸੱਚ ਜਾਹਿਰ ਹੋ ਗਿਆ। ਬੰਦੇ ਨੂੰ ਆਪਣਾ ਕਰਮ ਫ਼ਲ ਤਾਂ ਭੋਗਣਾ ਹੀ ਪੈਂਦਾ ਹੈ। ਇਸ ਨੂੰ ਅਸੀਂ ਆਪਣੀ ਦੋ ਸਾਲ ਦੀ ਧੀ ਪਿੰਕੀ ਦੇ ਕਤਲ ਅਤੇ ਆਪਣੀ ਪਤਨੀ ਰਜਨੀ ਦੀ ਜਾਨ ਲੈਣ ਦੀ ਕੋਸ਼ਿਸ਼ ਵਿਚ ਗ੍ਰਿਫ਼ਤਾਰ ਕਰ ਰਹੇ ਹਾਂ।'' ਫਿਰ ਰਾਜੇਸ਼ ਵੱਲ ਦੇਖ ਕੇ ਪੁੱਛਿਆ, ''ਕੀ ਇਹ ਸਭ ਸੱਚ ਹੈ ਜਾਂ ਝੂਠ?''
''ਜੀ ਸਭ ਸੱਚ ਹੈ।''
''ਚਲੋ ਫੇਰ ਚੱਲੀਏ।'' ਸਾਰੇ ਆਪੋ ਆਪਣੀਆਂ ਗੱਡੀਆਂ ਵਿਚ ਬੈਠ ਗਏ ਅਤੇ ਉਹ ਗਏ......ਉਹ ਗਏ।
ਬਲਦੇਵ ਸਿੰਘ ਡੋਰ ਭੋਰ ਹੋਇਆ ਜਿਵੇਂ ਨੀਦ ਵਿਚ ਕੋਈ ਬੁਰਾ ਸੁਪਨਾ ਦੇਖ ਕੇ ਜਾਗਿਆ ਹੋਵੇ। ਹੁਣ ਉਹ ਆਪਣੀ ਪਤਨੀ ਅਤੇ ਬੇਟੀ ਸੁਰਜੀਤ ਨਾਲ ਗੁਰਦਵਾਰੇ ਮੱਥਾ ਟੇਕ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਸੀ ਜਿਸ ਨੇ ਉਸ ਦੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਈ ਸੀ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in